ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  39 minutes ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  about 4 hours ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  about 4 hours ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  about 4 hours ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  about 5 hours ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  about 5 hours ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  about 5 hours ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  about 6 hours ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  about 6 hours ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  about 6 hours ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਦਫ਼ਤਰ ਵਿਚ ਕਿਹੋ ਜਿਹਾ ਹੋਵੇ ਤੁਹਾਡਾ ਵਿਹਾਰ


• ਦਫ਼ਤਰ ਵਿਚ ਟੈਲੀਫੋਨ ਦੀ ਦੁਰਵਰਤੋਂ ਨਾ ਕਰੋ |
• ਦਫ਼ਤਰ ਵਿਚ ਆਪਣੇ ਸਾਥੀਆਂ ਨਾਲ ਸ਼ਿਸ਼ਟਾਚਾਰ ਨਾਲ ਗੱਲ ਕਰੋ |
• ਆਪਣਾ ਕੰਮ ਕਦੇ ਦੂਜਿਆਂ 'ਤੇ ਨਾ ਛੱਡੋ |
• ਜਦੋਂ ਦੂਜੇ ਸਾਥੀ ਕੰਮ ਕਰ ਰਹੇ ਹੋਣ ਤਾਂ ਜ਼ੋਰ-ਜ਼ੋਰ ਨਾਲ ਠਹਾਕੇ ਲਗਾ ਕੇ ਗੱਲਾਂ ਨਾ ਕਰੋ |
• ਦਫ਼ਤਰ ਵਿਚ ਦੇਰ ਨਾਲ ਆਉਣ ਦੀ ਆਦਤ ਤੋਂ ਬਚੋ |
• ਆਪਣੇ ਬੌਸ ਦੀ ਬੇਵਜ੍ਹਾ ਚਾਪਲੂਸੀ ਨਾ ਕਰੋ |
• ਔਰਤਾਂ ਗੂੜ੍ਹਾ ਮੇਕਅਪ ਕਰਨ ਦੀ ਬਜਾਏ ਹਲਕਾ ਮੇਕਅਪ ਕਰਕੇ ਦਫ਼ਤਰ ਆਉਣ |
• ਦਫ਼ਤਰ ਵਿਚ ਤੇਜ਼ ਖੁਸ਼ਬੂ ਵਾਲਾ ਪਰਫਿਊਮ ਲਗਾ ਕੇ ਨਾ ਜਾਓ | ਬਿਹਤਰ ਹੋਵੇਗਾ ਕਿ ਤੁਸੀਂ ਕੋਈ ਹਲਕਾ 'ਡਿਓ' ਜਾਂ ਪਰਫਿਊਮ ਇਸਤੇਮਾਲ ਕਰੋ, ਨਹੀਂ ਤਾਂ ਬੇਵਜ੍ਹਾ ਲੋਕਾਂ ਦਾ ਧਿਆਨ ਤੁਹਾਡੇ ਵੱਲ ਆਕਰਸ਼ਤ ਹੋਵੇਗਾ |
• ਕੁਝ ਲੋਕਾਂ ਦੀ ਆਦਤ ਹੁੰਦੀ ਹੈ ਦਫ਼ਤਰ ਵਿਚ ਕੰਮ ਕਰਦੇ ਸਮੇਂ ਵਾਰ-ਵਾਰ ਵਾਲਾਂ ਨੂੰ ਸੰਵਾਰਦੇ ਰਹਿਣ ਦੀ | ਇਸ ਤਰ੍ਹਾਂ ਦੀਆਂ ਆਦਤਾਂ ਤਾਂ ਬਚੋ | • ਔਰਤਾਂ ਸੁਵਿਧਾਜਨਕ ਕੱਪੜੇ ਪਾਉਣ | ਜ਼ਿਆਦਾ ਤੰਗ ਅਤੇ ਪਾਰਦਰਸ਼ੀ ਕੱਪੜਿਆਂ ਨੂੰ ਪਾ ਕੇ ਦਫ਼ਤਰ ਨਾ ਜਾਓ ਨਹੀਂ ਤਾਂ ਲੋਕ ਤੁਹਾਡੇ 'ਤੇ ਵਿਅੰਗ ਕੱਸਣਗੇ | (ਉਰਵਸ਼ੀ)
-ਕ੍ਰਿਸ਼ਨਾ ਕੁਮਾਰੀ


ਖ਼ਬਰ ਸ਼ੇਅਰ ਕਰੋ

ਚੰਗੀ ਨਹੀਂ ਕੰਮ ਟਾਲਣ ਦੀ ਆਦਤ

ਸਿਆਣਿਆਂ ਦਾ ਕਥਨ ਹੈ ਕਿ 'ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ | ਪਲ ਮੇਂ ਪਰਲੋ ਹੋਏਗੀ, ਫਿਰ ਕਰੋਗੇ ਕਬ |' ਕੰਮ ਕਰਨਾ ਹਰ ਵਿਅਕਤੀ ਨੂੰ ਆਪਣੇ ਸੁਭਾਅ ਅਤੇ ਆਦਤ ਮੁਤਾਬਿਕ ਚੰਗਾ ਜਾਂ ਮੰਦਾ ਲੱਗ ਸਕਦਾ ਹੈ | ਕੰਮ ਟਾਲਣ ਦੀ, ਖਾਸ ਕਰਕੇ ਕੋਈ ਅਜਿਹਾ ਕੰਮ, ਜੋ ਸਾਡੇ ਸੁਭਾਅ ਅਨੁਸਾਰ ਨਹੀਂ ਜਾਂ ਸਾਨੂੰ ਪਸੰਦ ਨਹੀਂ ਹੈ, ਉਸ ਨੂੰ ਟਾਲਣ ਦੀ ਅਦਤ ਅਕਸਰ ਹਰ ਮਨੁੱਖ ਨੂੰ ਹੁੰਦੀ ਹੈ | ਔਖਾ ਜਾਂ ਪਸੰਦ ਨਾ ਆਉਣ ਵਾਲਾ ਕੰਮ ਕੱਲ੍ਹ ਕਰਾਂਗੇ ਜਾਂ ਬਾਅਦ ਵਿਚ ਦੇਖਿਆ ਜਾਵੇਗਾ ਕਹਿ ਕੇ ਅਸੀਂ ਛੱਡਣ ਦੀ ਕੋਸ਼ਿਸ਼ ਕਰਦੇ ਹਾਂ | ਕੰਮ ਟਾਲਣ ਦੀ ਆਦਤ ਨੂੰ ਆਮ ਜਿਹਾ ਮੰਨ ਕੇ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਪਰ ਜਦੋਂ ਇਸ ਆਦਤ ਦੇ ਕਾਰਨ ਸਾਡੇ ਜ਼ਰੂਰੀ ਕੰਮ ਰਹਿ ਜਾਂਦੇ ਹਨ ਤਾਂ ਸਾਨੂੰ ਨੁਕਸਾਨ ਉਠਾਉਣਾ ਪੈਂਦਾ ਹੈ ਤਾਂ ਸਿਵਾਏ ਪਛਤਾਉਣ ਦੇ ਹੋਰ ਕੁਝ ਹੱਥ ਨਹੀਂ ਆਉਂਦਾ | ਸਾਡੇ ਦੇਖਦਿਆਂ-ਦੇਖਦਿਆਂ ਹੀ ਸਾਡੇ ਕਈ ਸਾਥੀ ਸਾਡੇ ਤੋਂ ਅੱਗੇ ਨਿਕਲ ਜਾਂਦੇ ਹਨ ਤੇ ਅਸੀਂ ਅਗਲੇ ਬਿਹਤਰ ਮੌਕੇ ਦੀ ਤਲਾਸ਼ ਵਿਚ ਖੜ੍ਹੇ ਹੀ ਰਹਿ ਜਾਂਦੇ ਹਾਂ | ਕੰਮ ਟਾਲਣ ਦੀ ਆਦਤ ਬੜੀ ਗੰਭੀਰ ਸਮੱਸਿਆ ਹੈ | ਇਹ ਇਕ ਵਾਰ ਸਾਡੇ ਹੱਡਾਂ ਵਿਚ ਰਚ ਜਾਵੇ ਤਾਂ ਥੋੜ੍ਹੀ ਕੀਤਿਆਂ ਪਿੱਛਾ ਨਹੀਂ ਛੱਡਦੀ |
ਕੰਮ ਟਾਲਣ ਵਾਲੇ ਲੋਕਾਂ ਦਾ ਸੁਭਾਅ ਆਤਮ-ਵਿਰੋਧੀ ਅਤੇ ਹੀਣ-ਭਾਵਨਾ ਨਾਲ ਭਰ ਜਾਂਦਾ ਹੈ | ਉਨ੍ਹਾਂ ਵਿਚ ਆਤਮਵਿਸ਼ਵਾਸ ਦੀ ਕਮੀ ਅਤੇ ਅਯੋਗਤਾ ਦੀ ਭਾਵਨਾ ਘਰ ਕਰ ਜਾਂਦੀ ਹੈ |
ਮਨੁੱਖੀ ਸੁਭਾਅ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਜੀਵਨ ਵਿਚ ਸਭ ਸੁਖ ਸਹੂਲਤਾਂ ਵੀ ਪਾਉਣਾ ਚਾਹੁੰਦੇ ਹਾਂ ਪਰ ਪ੍ਰਤੱਖ ਤੌਰ 'ਤੇ ਕੰਮ ਵੀ ਟਾਲਣਾ ਚਾਹੁੰਦੇ ਹਾਂ | ਕੰਮ ਟਾਲਣ ਲਈ ਅਸੀਂ ਹਰ ਤਰ੍ਹਾਂ ਦੇ ਵਾਜਬ ਜਾਂ ਗ਼ੈਰ-ਵਾਜਬ ਬਹਾਨੇ ਲੱਭਦੇ ਰਹਿੰਦੇ ਹਾਂ ਅਤੇ ਇਸੇ ਕਾਰਨ ਸਫਲਤਾ ਨਾ ਮਿਲਣ 'ਤੇ ਅਸੀਂ ਮੌਕੇ ਦੇ ਹੱਥੋਂ ਨਿਕਲਣ ਜਾਂ ਪ੍ਰਸਥਿਤੀਆਂ ਦੇ ਵਿਰੋਧੀ ਹੋਣ ਬਾਰੇ ਸੋਚ ਕੇ ਖੁਦ ਨੂੰ ਭੁਲੇਖਿਆਂ ਵਿਚ ਪਾਈ ਰੱਖਦੇ ਹਾਂ | ਕੰਮ ਟਾਲਣ ਦੀ ਆਦਤ ਤੋਂ ਬਚਣ ਲਈ ਇਹ ਨੁਕਤੇ ਵਿਚਾਰੇ ਜਾ ਸਕਦੇ ਹਨ-
• ਆਪਣੀ ਸਮਰੱਥਾ ਅਤੇ ਤਾਕਤ ਦੇ ਅਨੁਸਾਰ ਆਪਣੇ ਉਦੇਸ਼ ਨੂੰ ਆਪਣੇ ਸਮੇਂ ਅਨੁਸਾਰ ਤੈਅ ਕਰਨਾ ਅਤੇ ਉਸ ਬਾਰੇ ਸਾਰੇ ਪੱਖਾਂ ਤੋਂ ਵਿਚਾਰ ਕਰਨਾ ਜ਼ਰੂਰੀ ਹੈ |
• ਮੁਸ਼ਕਿਲ ਲੱਗਣ ਵਾਲੇ ਕੰਮ ਨੂੰ ਕੁਝ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ | ਅਕਾਊ ਕੰਮ ਕਰਨ ਵੇਲੇ ਕੰਮ ਦੇ ਵਿਚ ਆਰਾਮ ਜਾਂ ਥੋੜ੍ਹਾ ਸਮਾਂ ਮਨਪਸੰਦ ਕੰਮ ਨੂੰ ਦਿੱਤਾ ਜਾ ਸਕਦਾ ਹੈ | ਇਸ ਨਾਲ ਸੰਤੁਲਨ ਬਣਿਆ ਰਹੇਗਾ ਅਤੇ ਮੁਸ਼ਕਿਲ ਕੰਮ ਵੀ ਸੌਖਾ ਹੋ ਜਾਵੇਗਾ |
• ਅਸਫਲਤਾ ਵੀ ਸਫਲਤਾ ਦੀ ਤਰ੍ਹਾਂ ਕਿਸੇ ਕੰਮ ਦਾ ਹੀ ਸਿੱਟਾ ਹੁੰਦੀ ਹੈ | ਇਸ ਡਰ ਤੋਂ ਕਿ ਕਿਧਰੇ ਅਸਫਲ ਨਾ ਹੋ ਜਾਈਏ, ਕੋਈ ਕੰਮ ਹੱਥ ਵਿਚ ਨਾ ਲੈਣਾ ਠੀਕ ਨਹੀਂ ਹੈ | ਆਪਣੀ ਤਰਫੋਂ ਹਰ ਸੰਭਵ ਕੋਸ਼ਿਸ਼ ਕਰਕੇ ਸਾਕਾਰਾਤਮਿਕ ਰਵੱਈਆ ਗ੍ਰਹਿਣ ਕਰਕੇ ਕੋਈ ਕਸਰ ਨਹੀਂ ਰਹਿਣ ਦੇਣੀ ਚਾਹੀਦੀ |
• ਕੱਲ੍ਹ ਕਿਸ ਨੇ ਦੇਖਿਆ ਹੈ, ਇਸ ਗੱਲ ਨੂੰ ਜੀਵਨ ਦਾ ਆਧਾਰ ਬਣਾ ਕੇ ਛੋਟੇ-ਵੱਡੇ ਜ਼ਿੰਮੇ ਲੱਗੇ ਕੰਮ ਅੱਜ ਤੇ ਹੁਣੇ ਦੇ ਆਧਾਰ ਉੱਪਰ ਨਿਪਟਾਉਣ ਦੀ ਆਦਤ ਪਾ ਲੈਣੀ ਚਾਹੀਦੀ ਹੈ |
ਵਿਦਿਆਰਥੀਆਂ ਨੇ ਜੇ ਕੁਝ ਯਾਦ ਕਰਨਾ ਹੈ, ਸਵਾਣੀਆਂ ਨੇ ਜੇ ਕੋਈ ਨਵੀਂ ਰੈਸਪੀ ਜਾਂ ਕੋਈ ਨਵਾਂ ਅਨੁਭਵ ਕਰਨਾ ਹੈ ਤਾਂ ਟਾਲੋ ਨਾ | ਚੰਗੀ ਗੱਲ ਤਾਂ ਇਹ ਹੈ ਕਿ ਸਾਨੂੰ ਕੰਮ ਟਾਲਣ ਦੀ ਆਦਤ ਨੂੰ ਹੀ ਟਾਲ ਲੈਣਾ ਚਾਹੀਦਾ ਹੈ | ਸਮਾਂ ਤੇਜ਼ ਦੌੜ ਰਿਹਾ ਹੈ, ਸਾਨੂੰ ਇਕ-ਇਕ ਪਲ ਦਾ ਸਾਕਾਰਾਤਮਿਕ ਪ੍ਰਯੋਗ ਕਰਨਾ ਚਾਹੀਦਾ ਹੈ | ਆਓ! ਫਿਰ ਕੰਮ ਟਾਲਣ ਦੀ ਆਦਤ ਦਾ ਤਿਆਗ ਕਰਕੇ ਆਪਣੇ ਜ਼ਿੰਮੇ ਲੱਗੇ ਜ਼ਰੂਰੀ ਕੰਮ ਕਰੀਏ | -ਐੱਚ. ਐੱਮ. ਵੀ., ਜਲੰਧਰ |

ਬਨਾਵਟੀ ਸੁੰਦਰਤਾ ਉਮਰ ਤੋਂ ਪਹਿਲਾਂ ਹੋ ਸਕਦੀ ਹੈ ਖ਼ਤਰਨਾਕ

ਬਚਪਨ ਦੀਆਂ ਦਹਿਲੀਜ਼ਾਂ ਪਾਰ ਕਰਨ ਉਪਰੰਤ ਕਰੀਬ 14ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ਵਾਲੀ ਹਰ ਬੱਚੀ ਅੰਦਰ ਸੁੰਦਰ ਦਿਸਣ ਦੀ ਚਾਹਤ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਕੁਦਰਤੀ ਸਿਧਾਂਤ ਦਾ ਹਿੱਸਾ ਹੈ | ਬਹੁਗਿਣਤੀ ਮਾਪੇ ਵੀ ਬੱਚੀ ਦੇ ਇਸ ਅਹਿਸਾਸ ਨੂੰ ਹੌਸਲਾ ਦਿੰਦੇ ਹਨ | ਬੱਚਿਆਂ ਨੂੰ ਸੁੰਦਰ ਬਣਾ ਕੇ ਰੱਖਣਾ ਤੇ ਉਤਸ਼ਾਹਿਤ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਛੋਟੀਆਂ ਲੜਕੀਆਂ ਜਦੋਂ ਚਿਹਰੇ ਦੀ ਸੁੰਦਰਤਾ ਲਈ ਬਨਾਵਟੀ ਢੰਗ-ਤਰੀਕਿਆਂ ਦਾ ਸਹਾਰਾ ਲੈਂਦੀਆਂ ਹਨ ਤਾਂ ਮਾਪਿਆਂ ਨੂੰ ਇਸ ਪਾਸੇ ਸੰਜੀਦਾ ਹੋ ਕੇ ਸੋਚਣਾ ਚਾਹੀਦਾ ਹੈ ਕਿ ਸੁੰਦਰਤਾ ਪ੍ਰਾਪਤੀ ਦੀ ਦੌੜ 'ਚ ਕਿਤੇ ਉਨ੍ਹਾਂ ਦੀਆਂ ਲਾਡਲੀਆਂ ਦੇ ਚਿਹਰਿਆਂ ਨੂੰ ਕਰੂਪ ਹੋਣ ਦੇ ਭਵਿੱਖ ਦੀ ਚੁਣੌਤੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ?
14-15 ਸਾਲ ਦੀ ਉਮਰ ਵਿਚ ਹਰ ਬੱਚੀ ਦੇ ਚਿਹਰੇ 'ਤੇ ਕੁਦਰਤੀ ਨੂਰ ਦੀ ਆਮਦ ਸ਼ੁਰੂ ਹੁੰਦੀ ਹੈ ਪਰ ਸੁੰਦਰ ਦਿਸਣ ਦੀ ਹੋੜ ਕਾਰਨ ਜਦੋਂ ਬਿਊਟੀ ਪਾਰਲਰਾਂ ਉੱਪਰ ਬੱਚੀਆਂ ਦੇ ਚਿਹਰੇ 'ਤੇ ਧਾਗੇ, ਕਰੀਮਾਂ ਆਦਿ ਸ਼ੁਰੂ ਕੀਤੀਆਂ ਜਾਂਦੀਆਂ ਹਨ ਤਾਂ ਚਿਹਰੇ ਦਾ ਵਿਗੜਨਾ ਉਸੇ ਵਕਤ ਸ਼ੁਰੂ ਹੋ ਜਾਂਦਾ ਹੈ | ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਹੀ ਪੜ੍ਹਾਈ ਸਮੇਤ ਹੋਰ ਕੁਝ ਸਿੱਖਣ ਵਾਲਾ ਲੜਕੀਆਂ ਦਾ ਕੀਮਤੀ ਸਮਾਂ ਚਿਹਰੇ 'ਤੇ ਵਾਰ-ਵਾਰ ਆਉਣ ਵਾਲੇ ਵਿਗਾੜ ਨੂੰ ਦੂਰ ਕਰਨ ਵਿਚ ਲੱਗਾ ਰਹਿੰਦਾ ਹੈ | ਅਜਿਹਾ ਹੀ ਨਹੀਂ, ਸੈਂਕੜੇ ਕਿਸਮ ਦੇ ਕੈਮੀਕਲ ਭਰਪੂਰ ਉਤਪਾਦ, ਕਰੀਮ, ਵੈਕਸਾਂ, ਪਾਊਡਰ ਅਤੇ ਬਲੀਚ ਲਈ ਵਰਤੇ ਜਾਂਦੇ ਸਾਧਨਾਂ ਕਾਰਨ ਲੜਕੀਆਂ ਦੇ ਚਿਹਰਿਆਂ 'ਤੇ ਵਾਰ-ਵਾਰ ਤੇਜ਼ਾਬੀ ਹਮਲੇ ਹੁੰਦੇ ਹਨ |
ਹਾਲੇ ਕਾਲਜ ਦੀ ਪੜ੍ਹਾਈ ਅੱਪੜੀਆਂ ਹੀ ਨਹੀਂ ਹੁੰਦੀਆਂ ਕਿ ਬਹੁਗਿਣਤੀ ਬੱਚੀਆਂ ਦੇ ਚਿਹਰਿਆਂ ਨੂੰ ਝੁਰੜੀਆਂ ਤੇ ਅਣਚਾਹੇ ਵਾਲਾਂ ਦੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੱਖਾਂ ਹੀ ਅਜਿਹੇ ਮਾਮਲਿਆਂ ਵਿਚ ਨੌਜਵਾਨ ਲੜਕੀਆਂ ਮਹਿੰਗੇ ਉਤਪਾਦ, ਡਾਕਟਰੀ ਇਲਾਜ ਅਤੇ ਹੋਰ ਘਰੇਲੂ ਨੁਕਤਿਆਂ ਦੇ ਝਮੇਲੇ ਵਿਚ ਫਸ ਜਾਂਦੀਆਂ ਹਨ, ਜਿਸ ਤੋਂ ਬਚਿਆ ਜਾ ਸਕਦਾ ਹੈ | ਬੱਚੀ ਨੂੰ ਚੰਗੇ ਪਾਸੇ ਮੋੜਨ ਲਈ ਹਰ ਮਾਤਾ-ਪਿਤਾ ਆਪਣੀ ਬੱਚੀ ਅੰਦਰ ਇਹ ਅਹਿਸਾਸ ਕੁੱਟ-ਕੁੱਟ ਕੇ ਭਰੇ ਕਿ ਬਨਾਵਟੀ ਸੁੰਦਰਤਾ ਦਾ ਸਹਾਰਾ ਲੈਣ ਦੀ ਜ਼ਰੂਰਤ ਉਦੋਂ ਹੁੰਦੀ ਹੈ ਜਦੋਂ ਸੁੰਦਰਤਾ ਦਾ ਕੁਦਰਤੀ ਸਮਾਂ 15 ਤੋਂ 30 ਸਾਲ ਤੱਕ ਖਤਮ ਹੋ ਜਾਵੇ | ਉਂਜ ਵੀ ਨੌਜਵਾਨ ਹੋਣ ਜਾ ਰਹੀਆਂ ਲੜਕੀਆਂ ਸੁੰਦਰਤਾ ਦੇ ਇਸ ਸਿਧਾਂਤ ਨੂੰ ਜ਼ਰੂਰ ਸਮਝਣ ਕਿ ਸੁੰਦਰਤਾ ਚਿਹਰੇ ਦੀ ਬਜਾਏ ਦਿਲ ਅਤੇ ਦਿਮਾਗ ਤੋਂ ਪਨਪਣੀ ਚਾਹੀਦੀ ਹੈ ਤੇ ਲੜਕੀਆਂ ਲਈ ਅਜਿਹੀ ਸੁੰਦਰਤਾ ਜ਼ਰੂਰੀ ਹੈ ਜੋ ਉਨ੍ਹਾਂ ਨੂੰ ਚੰਗੇ ਜੀਵਨ ਦੀ ਲਟਕ ਲਾਵੇ, ਚੰਗੇ ਬਣਨ ਦਾ ਰਾਹ ਪੱਧਰਾ ਕਰੇ | ਪੜ੍ਹ-ਲਿਖ ਕੇ ਉੱਚ ਮੁਕਾਮ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਸਮੇਂ ਤੋਂ ਪਹਿਲਾਂ ਬਨਾਵਟੀ ਸੁੰਦਰਤਾ ਦਾ ਸਹਾਰਾ ਛੱਡ ਕੇ ਦਿਮਾਗੀ ਸੁੰਦਰਤਾ ਦੇ ਰਾਹ ਪੈਣ | ਜਦੋਂ ਤੱਕ ਦਿਮਾਗ ਵਿਚ ਸੁੰਦਰਤਾ ਨਹੀਂ ਆਉਂਦੀ, ਬਨਾਵਟੀ ਸੁੰਦਰਤਾ ਦੇ ਆਰਜ਼ੀ ਰਾਹਾਂ ਦੀ ਕਾਲਖ ਅੱਲ੍ਹੜਾਂ ਦੇ ਮੱਥੇ ਨੂੰ ਕਾਲਾ ਕਰਦੀ ਰਹੇਗੀ | ਜਿਹੜੀਆਂ ਲੜਕੀਆਂ ਭੜਕੀਲੀ ਖੂਬਸੂਰਤੀ ਦੀ ਥਾਂ ਆਪਣੇ ਉੱਚ ਆਦਰਸ਼ਾਂ, ਪਸੰਦਗੀਆਂ ਤੇ ਪੱਧਰਾਂ ਨੂੰ ਉਚਿਆਉਣ ਵਾਲੀ ਖੂਬਸੂਰਤੀ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੋਣਗੀਆਂ, ਸਮਾਂ ਉਨ੍ਹਾਂ ਦਾ ਹੀ ਹੋਵੇਗਾ |
-ਪਿੰਡ ਬਰਮਾਲੀਪੁਰ (ਲੁਧਿਆਣਾ) |
ਮੋਬਾ: 99154-89554

ਬੱਚਿਆਂ ਨੂੰ ਸਿਖਾਓ ਭੋਜਨ ਕਰਨ ਦਾ ਸਹੀ ਤਰੀਕਾ

• ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣ | ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਕੁਰਲੀ ਕਰ ਲੈਣੀ ਚਾਹੀਦੀ ਹੈ |
• ਭੋਜਨ ਚਿੱਥ-ਚਿੱਥ ਕੇ ਆਰਾਮ ਨਾਲ ਖਾਣਾ ਚਾਹੀਦਾ ਹੈ |
• ਜ਼ਿਆਦਾ ਤੇਜ਼ ਭੁੱਖ ਲੱਗਣ 'ਤੇ ਵੀ ਭੋਜਨ ਦੀਆਂ ਬੁਰਕੀਆਂ ਨੂੰ ਕਦੇ ਨਿਗਲਣਾ ਨਹੀਂ ਚਾਹੀਦਾ | ਭੋਜਨ ਨਿਗਲਣ ਵਾਲੇ ਬੱਚਿਆਂ ਦੀ ਪਾਚਣ ਕਿਰਿਆ ਠੀਕ ਨਹੀਂ ਰਹਿੰਦੀ | ਯਾਦ ਰੱਖੋ ਕਿ ਭੋਜਨ ਦੇ ਪਚਣ ਦੀ ਕਿਰਿਆ ਪਹਿਲਾਂ ਮੰੂਹ ਤੋਂ ਸ਼ੁਰੂ ਹੁੰਦੀ ਹੈ, ਫਿਰ ਪੇਟ ਤੋਂ |
• ਬੱਚਿਆਂ ਨੂੰ ਜ਼ਿਆਦਾ ਚਾਕਲੇਟ, ਵੈਫਰਸ, ਬਿਸਕੁਟ, ਮਿਠਾਈ ਅਤੇ ਟੌਫੀਆਂ ਨਹੀਂ ਖਾਣੀਆਂ ਚਾਹੀਦੀਆਂ, ਜਿਸ ਦਾ ਸਿੱਧਾ ਪ੍ਰਭਾਵ ਦੰਦਾਂ 'ਤੇ ਪੈਂਦਾ ਹੈ |
• ਠੰਢੇ ਪੇਯ, ਟਿਨ ਜੂਸ ਆਦਿ ਦਾ ਸੇਵਨ ਕਦੇ-ਕਦੇ ਖਾਸ ਮੌਕਿਆਂ 'ਤੇ ਕਰਨਾ ਚੰਗਾ ਲਗਦਾ ਹੈ | ਨਿਯਮਿਤ ਸੇਵਨ ਕਰਨ ਨਾਲ ਇਹੀ ਚੀਜ਼ਾਂ ਮਜ਼ਾ ਵੀ ਨਹੀਂ ਦਿੰਦੀਆਂ ਅਤੇ ਸਿਹਤ 'ਤੇ ਵੀ ਬੁਰਾ ਪ੍ਰਭਾਵ ਪਾਉਂਦੀਆਂ ਹਨ |
• ਪੇਟ ਨੂੰ ਕੁਝ ਸਮੇਂ ਲਈ ਆਰਾਮ ਜ਼ਰੂਰ ਦਿਓ | ਖਾਣੇ ਦੇ ਬਾਅਦ ਕੁਝ ਘੰਟੇ ਬਿਨਾਂ ਖਾਧੇ-ਪੀਤੇ ਆਪਣੇ-ਆਪ 'ਤੇ ਕਾਬੂ ਰੱਖਣ |
• ਘੱਟ ਮਸਾਲੇ ਅਤੇ ਘੱਟ ਤੇਲ ਵਾਲਾ ਭੋਜਨ ਸਿਹਤ ਲਈ ਵੀ ਚੰਗਾ ਹੁੰਦਾ ਹੈ ਅਤੇ ਤੁਸੀਂ ਕਟੋਰੀ ਭਰ ਉਸ ਨੂੰ ਰੁੱਖਾ ਵੀ ਖਾ ਸਕਦੇ ਹੋ |
• ਪੇਟ ਨੂੰ ਓਵਰਲੋਡ ਨਾ ਕਰੋ | ਜਦੋਂ ਵੀ ਪੇਟ ਵਿਚ ਕਦੀ ਦਰਦ ਹੋਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ |
• ਟੀ. ਵੀ. ਦੇਖਦੇ ਸਮੇਂ ਭੋਜਨ ਨਹੀਂ ਖਾਣਾ ਚਾਹੀਦਾ, ਕਿਉਂਕਿ ਮਸਤੀ ਵਿਚ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ |
• ਭੋਜਨ ਖਾਂਦੇ ਸਮੇਂ ਖੁਸ਼ ਮੁਦਰਾ ਵਿਚ ਰਹਿਣਾ ਚਾਹੀਦਾ ਹੈ | ਤਣਾਅਗ੍ਰਸਤ ਹੋ ਕੇ ਭੋਜਨ ਨਾ ਖਾਓ |
• ਘਰ ਦੇ ਬਣੇ ਮਿੱਠੇ ਪਕਵਾਨ ਤੁਸੀਂ ਦਿਨ ਵਿਚ ਇਕ ਵਾਰ ਛੋਟੀ ਕਟੋਰੀ ਖਾ ਸਕਦੇ ਹੋ |
• ਨਮਕੀਨ ਵਿਚ ਤੁਸੀਂ ਮੁਰਮੁਰੇ, ਭੁੰਨੇ ਛੋਲੇ, ਭੁੱਜੀ ਮੰੂਗਫਲੀ, ਭੁੰਨਾ ਚਿਵੜਾ ਮਿਲਾ ਕੇ ਖਾ ਸਕਦੇ ਹੋ |

ਮਜ਼ੇਦਾਰ ਵਿਅੰਜਨ

ਚਿੱਲੀ ਪੋਟੈਟੋ
ਸਮੱਗਰੀ : 500 ਗ੍ਰਾਮ ਆਲੂ, 2 ਬਾਰੀਕ ਕੱਟੇ ਹੋਏ ਪਿਆਜ਼, 1 ਚਮਚ ਲਸਣ ਤੇ ਅਦਰਕ ਦਾ ਪੇਸਟ, 2 ਚਮਚ ਸੋਇਆ ਸਾਸ, 1 ਚਮਚ ਚੀਨੀ, 2 ਚਮਚ ਕਾਰਨਫਲੋਰ, 2 ਚਮਚ ਸਿਰਕਾ, 2 ਟਮਾਟਰ ਮੈਸ਼ ਕੀਤੇ ਹੋਏ | ਤਲਣ ਲਈ ਤੇਲ, 1 ਚਮਚ ਲਾਲ ਮਿਰਚ ਪਾਊਡਰ, ਨਮਕ ਤੇ ਕਾਲੀ ਮਿਰਚ ਸਵਾਦ ਅਨੁਸਾਰ, ਬਾਰੀਕ ਕੱਟਿਆ ਹੋਇਆ ਧਨੀਆ (ਇਕ ਚਮਚ) |
ਵਿਧੀ : ਆਲੂਆਂ ਨੂੰ ਛਿੱਲ ਕੇ ਪਾਣੀ ਨਾਲ ਧੋ ਲਓ | ਫਿਰ ਇਨ੍ਹਾਂ ਦੇ ਫਿੰਗਰ ਆਕਾਰ ਦੇ ਟੁਕੜੇ ਕੱਟ ਲਓ | ਹੁਣ ਇਨ੍ਹਾਂ ਟੁਕੜਿਆਂ ਨੂੰ ਕਿਸੇ ਭਾਂਡੇ ਵਿਚ ਰੱਖ ਕੇ ਨਮਕ, ਕਾਲੀ ਮਿਰਚ ਤੇ ਕਾਰਨਫਲੋਰ ਨਾਲ ਮਿਕਸ ਕਰ ਲਓ | ਹੁਣ ਕੜਾਹੀ ਜਾਂ ਫਰਾਇੰਗ ਪੈਨ ਲਓ ਅਤੇ ਅੱਗ 'ਤੇ ਤੇਲ ਗਰਮ ਕਰੋ | ਤੇਲ ਵਿਚ ਆਲੂ ਦੇ ਟੁਕੜਿਆਂ ਨੂੰ ਡੀਪ ਫਰਾਈ ਕਰ ਲਓ | ਹਲਕੇ ਭੂਰੇ ਹੋ ਜਾਣ 'ਤੇ ਕੱਢ ਲਓ | ਹੁਣ ਇਕ ਅਲੱਗ ਫਰਾਇੰਗ ਪੈਨ ਵਿਚ 2 ਚਮਚ ਤੇਲ ਪਾਓ | ਇਸ ਵਿਚ ਬਾਰੀਕ ਕੱਟੇ ਪਿਆਜ਼ ਤੇ ਅਦਰਕ-ਲਸਣ ਦਾ ਪੇਸਟ ਪਾਓ | ਟਮਾਟਰ ਦੇ ਪੇਸਟ ਦੀ ਥਾਂ ਹੁਣ ਟੋਮੈਟੋ ਕੈਚਅਪ ਦੀ ਵੀ ਵਰਤੋਂ ਕਰ ਸਕਦੇ ਹੋ | 15 ਮਿੰਟ ਬਾਅਦ ਸਿਰਕਾ, ਲਾਲ ਮਿਰਚ, ਨਮਕ ਸੋਇਆ ਸਾਸ ਤੇ ਸਿਰਕਾ ਪਾਓ | ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ | ਫਿਰ ਇਸ ਵਿਚ ਤਲੇ ਹੋਏ ਆਲੂ ਪਾਓ | ਚੰਗੀ ਤਰ੍ਹਾਂ ਮਿਲਾਓ | 10-15 ਮਿੰਟ ਬਾਅਦ ਅੱਗ ਤੋਂ ਉਤਾਰ ਕੇ ਸਰਵਿੰਗ ਡਿਸ਼ ਵਿਚ ਗਰਮ-ਗਰਮ ਹੀ ਪਰੋਸੋ | ਇਸ ਦੇ ਉੱਪਰ ਬਾਰੀਕ ਕੱਟਿਆ ਧਨੀਆ ਪਾ ਕੇ ਸਜਾਓ |
-ਸੋਨੀ ਮਲਹੋਤਰਾ

ਸਰਦੀਆਂ ਵਿਚ ਪੈਰਾਂ ਨੂੰ ਨਾ ਕਰੋ ਨਜ਼ਰਅੰਦਾਜ਼

ਕੀ ਕਰੀਏ :
• ਸੌਣ ਤੋਂ ਪਹਿਲਾਂ ਪੈਰਾਂ ਨੂੰ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ | ਸਰਦੀਆਂ ਵਿਚ ਪੈਰਾਂ 'ਤੇ ਵੈਸਲੀਨ ਜਾਂ ਕੋਲਡ ਕਰੀਮ ਲਗਾਓ |
• ਅੱਡੀਆਂ ਫਟਣ 'ਤੇ ਕੋਸੇ ਪਾਣੀ ਨਾਲ ਧੋ ਕੇ ਸਾਫ਼ ਕਰਕੇ ਪੈਰਾਫਿਨ ਮੋਮ ਲਗਾਓ |
• ਪੈਰਾਂ ਦੀਆਂ ਉਂਗਲੀਆਂ ਦੇ ਨਹੁੰਆਂ ਦੀ ਸਮੇਂ-ਸਮੇਂ 'ਤੇ ਸ਼ੇਪ ਬਣਾਉਂਦੇ ਰਹੋ ਅਤੇ ਹਫ਼ਤੇ ਵਿਚ ਇਕ ਵਾਰ ਉਨ੍ਹਾਂ ਨੂੰ ਕੱਟੋ | ਜੇ ਨੇਲ ਪਾਲਿਸ਼ ਖਰਾਬ ਹੋ ਰਹੀ ਹੈ ਤਾਂ ਉਸ ਨੂੰ ਸਾਫ਼ ਕਰਕੇ ਦੁਬਾਰਾ ਲਗਾਓ |
• ਸਮੇਂ-ਸਮੇਂ 'ਤੇ ਪੈਰਾਂ ਦੀ ਮਾਲਿਸ਼ ਕਰਦੇ ਰਹੋ | ਮਾਲਿਸ਼ ਲਈ ਜੈਤੂਨ ਜਾਂ ਨਾਰੀਅਲ ਦਾ ਤੇਲ ਜਾਂ ਕ੍ਰੀਮ ਦੀ ਵਰਤੋਂ ਕਰੋ | ਮਾਲਿਸ਼ ਨਾਲ ਪੈਰਾਂ ਦੀ ਚਮੜੀ 'ਤੇ ਚਮਕ ਆਉਂਦੀ ਹੈ |
• ਮਾਲਿਸ਼ ਕਰਨ ਤੋਂ ਪਹਿਲਾਂ ਪੈਰਾਂ ਦੀ ਗੰਦਗੀ ਤੇ ਮਰੀ ਹੋਈ ਚਮੜੀ ਨੂੰ ਫੁੱਟ ਸਕਰੱਬ ਨਾਲ ਸਾਫ਼ ਕਰ ਲਓ |
• ਲੱਤਾਂ ਅਤੇ ਪੈਰਾਂ ਵਿਚ ਥਕਾਵਟ ਹੋਣ 'ਤੇ ਫੁੱਟ ਬਾਥ ਲਓ | ਬਾਲਟੀ ਵਿਚ ਕੋਸਾ ਪਾਣੀ ਪਾ ਕੇ ਉਸ ਵਿਚ ਨਮਕ ਮਿਲਾ ਲਓ | ਥੋੜ੍ਹੀ ਦੇਰ ਲਈ ਗੋਡਿਆਂ ਦੇ ਹੇਠਲੇ ਹਿੱਸੇ ਨੂੰ ਉਸ ਪਾਣੀ ਵਿਚ ਪਾ ਕੇ ਰੱਖੋ | ਇਸ ਨਾਲ ਪੈਰਾਂ ਦੀ ਥਕਾਵਟ ਦੂਰ ਹੋ ਜਾਏਗੀ |
• ਪੈਰਾਂ ਵਿਚ ਦਰਦ ਹੋਣ 'ਤੇ ਦੋ ਬਾਲਟੀਆਂ ਵਿਚ ਪਾਣੀ ਲਓ | ਇਕ ਵਿਚ ਕੋਸਾ ਅਤੇ ਇਕ ਵਿਚ ਤਾਜ਼ਾ | ਵਾਰੀ-ਵਾਰੀ ਆਪਣੇ ਪੈਰ ਉਸ ਪਾਣੀ ਵਿਚ 2-1 ਮਿੰਟ ਦੇ ਅਨੁਪਾਤ ਨਾਲ ਰੱਖੋ | ਪੈਰਾਂ ਦੇ ਹਰ ਪ੍ਰਕਾਰ ਦੇ ਦਰਦ ਵਿਚ ਰਾਹਤ ਮਿਲੇਗੀ |
• ਮਹੀਨੇ ਵਿਚ ਇਕ ਵਾਰ ਪੇਡੀਕਿਓਰ ਜ਼ਰੂਰ ਕਰਵਾਓ |
ਕੀ ਨਾ ਕਰੀਏ :
• ਨੰਗੇ ਪੈਰ ਫਰਸ਼ 'ਤੇ ਜ਼ਿਆਦਾ ਦੇਰ ਨਾ ਚੱਲੋ |
• ਰਾਤ ਨੂੰ ਬਿਨਾਂ ਪੈਰ ਸਾਫ਼ ਕੀਤੇ ਨਾ ਸੌਵੋਂ |
• ਚੱਪਲ ਕੱਸੀ ਹੋਈ ਨਾ ਪਾਓ |
• ਪੈਰਾਂ ਨੂੰ ਗੰਦਾ ਨਾ ਰੱਖੋ |
• ਉੱਚੀ ਹੀਲ ਦੀਆਂ ਜੁੱਤੀਆਂ ਲੰਮੇ ਸਮੇਂ ਤੱਕ ਨਾ ਪਾਓ |
• ਨਹੁੰਆਂ ਦੀ ਲੰਬਾਈ ਜ਼ਿਆਦਾ ਦੇਰ ਤੱਕ ਨਾ ਵਧਣ ਦਿਓ |
• ਸਰਦੀਆਂ ਅਤੇ ਬਾਰਿਸ਼ਾਂ ਵਿਚ ਪੈਰਾਂ ਪ੍ਰਤੀ ਲਾਪਰਵਾਹੀ ਨਾ ਵਰਤੋ | ਸਰਦੀਆਂ ਅਤੇ ਬਾਰਿਸ਼ ਰੁੱਤ ਵਿਚ ਆਪਣੀ ਅਤੇ ਪੈਰਾਂ ਦੀ ਚਮੜੀ 'ਤੇ ਵਧੇਰੇ ਧਿਆਨ ਦਿਓ |
• ਜ਼ਿਆਦਾ ਸਮੇਂ ਤੱਕ ਪੈਰ ਗਿੱਲੇ ਨਾ ਰੱਖੋ | ਗਿੱਲੀ ਜੁੱਤੀ ਵੀ ਜ਼ਿਆਦਾ ਸਮੇਂ ਤੱਕ ਨਾ ਪਾਓ | ਇਸ ਨਾਲ ਪੈਰਾਂ ਦੀ ਚਮੜੀ ਗਲ ਸਕਦੀ ਹੈ |
••

ਮਾਣਮੱਤੀਆਂ ਪੰਜਾਬਣਾਂ-18
ਰੋਪ-ਸਕੀਪਿੰਗ ਵਿਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਹੀ-ਹਰਲੀਨ ਕੌਰ ਵੇਹਗਲ

ਜਦੋਂ ਬੱਚਿਆਂ ਦੇ ਖੇਡਣ ਦੇ ਦਿਨ ਹੁੰਦੇ ਨੇ,ਉਸ ਸਮੇਂ ਜੇ ਕੋਈ ਬੱਚਾ ਖੇਡਾਂ ਵਿਚ ਮਿਹਨਤ ਕਰਕੇ ਵੱਡੀਆਂ ਮੱਲਾਂ ਮਾਰ ਰਿਹਾ ਹੋਵੇ ਤਾਂ ਮਾਪਿਆਂ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੁੰਦੀ | ਸਭ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ | ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੀ ਵਸਨੀਕ 14 ਸਾਲ ਦੀ ਹਰਲੀਨ ਕੌਰ ਵੇਹਗਲ ਨੇ ਰੋਪ-ਸਕੀਪਿੰਗ ਦੀ ਖੇਡ ਵਿਚ ਅਜਿਹੀ ਮਿਹਨਤ ਕੀਤੀ ਕਿ ਇਸ ਕਾਰਨ ਉਸ ਨੂੰ ਸਕੂਲਾਂ ਦੀਆਂ ਕੌਮੀ ਖੇਡਾਂ ਵਿਚ ਜਾਣ ਦਾ ਮੌਕਾ ਮਿਲ ਗਿਆ, ਜਿਥੋਂ ਉਸ ਨੇ ਆਪਣੀ ਹਿੰਮਤ ਵਿਖਾਉਂਦਿਆਂ ਸੋਨੇ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ | ਡਾ: ਦੌਲਤ ਰਾਮ ਭੱਲਾ ਡੀ. ਏ. ਵੀ. ਸੈਂਚਰੀ ਪਬਲਿਕ ਸਕੂਲ ਬਟਾਲਾ 'ਚ 7ਵੀਂ ਕਲਾਸ ਵਿਚ ਪੜ੍ਹ ਰਹੀ ਹਰਲੀਨ ਕੌਰ ਦੇ ਪਿਤਾ ਕੰਵਲਜੀਤ ਸਿੰਘ ਵੇਹਗਲ ਤੇ ਮਾਤਾ ਨਿਰਮਲ ਕੌਰ ਨੇ ਆਪਣੀ ਇਸ ਬੱਚੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਲੀਨ ਨੂੰ 6ਵੀਂ ਜਮਾਤ ਵਿਚ ਪੜ੍ਹਦਿਆਂ ਰੋਪ-ਸਕੀਪਿੰਗ ਖੇਡ ਦਾ ਸ਼ੌਕ ਪੈਦਾ ਹੋ ਗਿਆ ਸੀ, ਜਿਸ ਲਈ ਉਸ ਨੇ ਸਕੂਲ ਦੀ ਡੀ. ਪੀ. ਮੈਡਮ ਰਜਵੰਤ ਕੌਰ ਚਾਹਲ ਦੀ ਅਗਵਾਈ ਹੇਠ ਸਿਖਲਾਈ ਹਾਸਲ ਕੀਤੀ | ਇਸ ਬੱਚੀ ਦੀ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਪਿ੍ੰਸੀਪਲ ਅਨੀਤਾ ਮਹਿਰਾ ਨੇ ਇਸ ਨੂੰ 2013 ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਜ਼ਿਲ੍ਹਾ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਮੌਕਾ ਦਿਵਾਇਆ |
ਇਥੇ ਹਰਲੀਨ ਨੇ ਰੋਪ-ਸਕੀਪਿੰਗ ਵਿਚ ਚੰਗਾ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਸਾਲ ਹੀ ਪੰਜਾਬ ਪੱਧਰੀ ਚੈਂਪੀਅਨਸ਼ਿਪ ਅਟਾਰੀ ਵਿਖੇ ਹੋਈ, ਜਿਥੇ ਹਰਲੀਨ ਨੇ ਸੋਨ ਤਗਮਾ ਪ੍ਰਾਪਤ ਕੀਤਾ | 2013 ਵਿਚ ਹੀ ਹਰਲੀਨ ਨੂੰ ਜੈਪੁਰ ਵਿਖੇ 14ਵੀਂ ਨੈਸ਼ਨਲ ਜੂਨੀਅਰ ਰੋਪ ਸਕੀਪਿੰਗ ਚੈਂਪੀਅਨਸ਼ਿਪ 'ਚ ਜਾਣ ਦਾ ਮੌਕਾ ਮਿਲਿਆ | 2013-14 'ਚ ਗੁਰਦਾਸਪੁਰ ਵਿਚ ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਦੀਆਂ ਖੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਅੰਮਿ੍ਤਸਰ ਵਿਖੇ ਹੋਈ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਵਿਚ ਹਰਲੀਨ ਨੇ ਆਪਣੀ ਚੰਗੀ ਕਾਰਗੁਜ਼ਾਰੀ ਦਿਖਾ ਕੇ ਦੋ ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤਿਆ | 2014-15 'ਚ ਹੋਈਆਂ ਨੈਸ਼ਨਲ ਸਕੂਲ ਖੇਡਾਂ 'ਚ ਹਰਲੀਨ ਨੇ ਇਕ ਸੋਨ ਅਤੇ ਇਕ ਕਾਂਸੀ ਦਾ ਤਗਮਾ ਹਾਸਲ ਕਰਕੇ ਪੰਜਾਬ ਦੀ ਝੋਲੀ 'ਚ ਪਾਏ | ਦਿੱਲੀ ਵਿਖੇ ਇੰਟਰਨੈਸ਼ਨਲ ਰੋਪ ਸਕੀਪਿੰਗ ਫੈਡਰੇਸ਼ਨ ਵੱਲੋਂ ਡਬਲ-ਟੱਚ ਕੋਨਟੈਸਟ ਵਿਚ ਹਰਲੀਨ ਨੂੰ ਖੇਡਣ ਦਾ ਮੌੌਕਾ ਮਿਲਿਆ, ਜਿੱਥੇ ਉਸ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ | ਅੰਤਰਰਾਸ਼ਟਰੀ ਫੈਡਰੇਸ਼ਨ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਹਿੱਸਾ ਲੈਣ 'ਤੇ ਹਰਲੀਨ ਦੇ ਮਾਪਿਆਂ, ਉਸ ਦੇ ਦਾਦਾ ਹਜ਼ਾਰਾ ਸਿੰਘ, ਦਾਦੀ ਸਵਰਨ ਕੌਰ ਤੇ ਛੋਟੇ ਭਰਾ ਪਰਮਪਾਲ ਸਿੰਘ ਨੂੰ ਉਸ ਤੋਂ ਬਹੁਤ ਆਸਾਂ ਹਨ | ਉਹ ਚਾਹੁੰਦੇ ਹਨ ਕਿ ਹਰਲੀਨ ਕੌਮੀ ਪੱਧਰ ਦੀ ਰੋਪ ਸਕੀਪਿੰਗ ਖੇਡ 'ਚ ਕਾਮਯਾਬ ਹੋ ਕੇ ਆਪਣੇ ਪੰਜਾਬ ਦਾ ਨਾਂਅ ਰੌਸ਼ਨ ਕਰੇ |
-ਜੱਸਾ ਅਨਜਾਣ,
ਚੱਬਾ, ਅੰਮਿ੍ਤਸਰ | ਮੋਬਾ:- 84278-86534
jassaanjan0gmail.com

ਧੀ ਵਿਹੜੇ ਦੀ ਰੌਣਕ

ਧੀ ਕਹਿਣ ਨੂੰ ਤਾਂ ਇਕ ਛੋਟਾ ਜਿਹਾ ਸ਼ਬਦ ਹੈ ਪਰ ਰਿਸ਼ਤੇ ਵਿਚ ਬਹੁਤ ਵੱਡਾ ਨਾਂਅ ਹੈ, ਜਿਸ ਨੂੰ ਕੋਈ ਵਿਹੜੇ ਦੀ ਰੌਣਕ ਕਹਿੰਦਾ ਹੈ, ਕੋਈ ਨੰਨ੍ਹੀ ਛਾਂ ਤੇ ਕੋਈ ਚਿੜੀਆਂ ਦੀ ਡਾਰ, ਕੋਈ ਦੇਵੀ ਬਣਾ ਕੇ ਮੰਦਿਰਾਂ ਵਿਚ ਪੂਜਦਾ ਹੈ ਤੇ ਕੋਈ ਸੰਸਾਰ ਦੀ ਜਨਣੀ ਕਹਿੰਦਾ ਹੈ | ਪਰ ਅਸਲ ਵਿਚ ਧੀ ਕੌਣ ਹੈ, ਕੋਈ ਸਮਝ ਨਹੀਂ ਸਕਿਆ | ਕਿਉਂਕਿ ਇਸ ਸਵਾਰਥੀ ਯੁੱਗ ਵਿਚ ਇਨਸਾਨ ਇਕ ਕਠਪੁਤਲੀ ਵਾਂਗ ਧੀ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ ਹਨ | ਪਰ ਵਕਤ ਆ ਗਿਆ ਹੈ ਲੋਕਾਂ ਨੂੰ ਇਹ ਦੱਸਣ ਦਾ ਕਿ ਧੀ ਅਸਲ ਵਿਚ ਮਰਦ ਵਾਂਗ ਹੀ ਹੈ, ਇਕ ਆਮ ਇਨਸਾਨ ਹੈ | ਉਸ ਦੇ ਵਿਚ ਵੀ ਇਕ ਦਿਲ ਹੈ | ਉਸ ਨੂੰ ਵੀ ਦਰਦ ਮਹਿਸੂਸ ਹੁੰਦਾ ਹੈ |
ਧੀ ਜਿਸ ਦੇ ਰਿਸ਼ਤੇ ਵਿਚ ਏਨੀ ਜ਼ਿਆਦਾ ਮਿਠਾਸ ਘੁਲੀ ਹੁੰਦੀ ਹੈ ਕਿ ਨਾਂਅ ਤੋਂ ਹੀ ਜੀਅ ਭਰ ਜਾਂਦਾ ਹੈ | ਧੀ ਜੋ ਆਪਣੇ ਬਾਬਲ ਦਾ ਮਾਣ, ਅੰਮੜੀ ਦੇ ਵਿਹੜੇ ਦੀ ਰੌਣਕ ਅਤੇ ਭਰਾ ਦੀ ਇੱਜ਼ਤ ਹੁੰਦੀ ਹੈ | ਧੀ ਸਾਰੀ ਉਮਰ ਆਪਣੇ ਰਿਸ਼ਤਿਆਂ ਨੂੰ ਇਕ ਧਾਗੇ ਵਿਚ ਪਰੋ ਕੇ ਆਪਣੀ ਅੰਮੜੀ, ਬਾਬੁਲ ਦੀ ਖੈਰ, ਵੀਰ ਦੇ ਵਸਦੇ ਵਿਹੜੇ ਦੀ ਕਾਮਨਾ ਅਤੇ ਪਤੀ ਅਤੇ ਪੁੱਤਰ ਦੀ ਲੰਮੀ ਉਮਰ ਦੀ ਦੁਆ ਮੰਗਦੀ ਰਹਿੰਦੀ ਹੈ ਪਰ ਇਹੀ ਰਿਸ਼ਤੇ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਧੀ ਉਨ੍ਹਾਂ ਦੇ ਘਰ ਜਨਮ ਲਵੇ | ਕਿਤਾਬਾਂ ਅਤੇ ਮੰਦਿਰਾਂ ਵਿਚ ਧੀ ਨੂੰ ਪੂਜਣ ਵਾਲੇ ਲੋਕ ਸ਼ਰੇਆਮ ਉਸ ਦੇ ਰਿਸ਼ਤਿਆਂ ਦਾ ਅਪਮਾਨ ਕਰ ਰਹੇ ਹਨ | ਕੁਝ ਕੇਸਾਂ ਵਿਚ ਧੀ ਪੇਕੇ ਘਰ ਤਾਂ ਖੁਸ਼ ਹੁੰਦੀ ਹੈ ਪਰ ਸਹੁਰੇ ਜਾ ਕੇ ਨਾ ਤਾਂ ਪਤੀ ਵੱਲੋਂ ਹੀ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਨਾ ਹੀ ਪੁੱਤਰਾਂ ਵੱਲੋਂ ਉਹ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ ਜੋ ਕਿ ਇਕ ਮਾਂ ਨੂੰ ਦੇਣਾ ਹੁੰਦਾ ਹੈ | ਸਾਰੀ ਉਮਰ ਇਨ੍ਹਾਂ ਰਿਸ਼ਤਿਆਂ ਦਾ ਭਾਰ ਢੋਂਦੀ ਜਿਊਾਦੀ ਹੈ |
ਕੀ ਔਰਤ ਦੀ ਇਹੀ ਜ਼ਿੰਦਗੀ ਹੈ? ਕੀ ਉਸ ਦੀ ਜ਼ਿੰਦਗੀ ਇਨ੍ਹਾਂ ਰਿਸ਼ਤਿਆਂ ਤੱਕ ਹੀ ਸੀਮਤ ਹੈ? ਜੇ ਇਹ ਸਮਾਜ ਉਸ ਨੂੰ ਬੋਝ ਸਮਝਦਾ ਹੈ ਤਾਂ ਔਰਤ ਕਿਉਂ ਚੁੱਕੇ ਸਮਾਜ ਦਾ ਬੋਝ? ਕਿਉਂ ਚਲਾਵੇ ਸਮਾਜ ਦੀ ਡੋਰ ਨੂੰ ? ਪਰ ਨਹੀਂ | ਔਰਤ ਅਜਿਹਾ ਨਹੀਂ ਕਰੇਗੀ, ਕਿਉਂਕਿ ਉਹ ਜਾਣਦੀ ਹੈ ਕਿ ਇਹ ਦਾਤ ਪਰਮਾਤਮਾ ਨੇ ਉਸ ਨੂੰ ਬਖਸ਼ੀ ਹੈ ਅਤੇ ਉਹ ਇਸ ਦਾ ਮਹੱਤਵ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਹ ਪੁਰਸ਼ ਵਾਂਗ ਇਸ ਦਾ ਗ਼ਲਤ ਇਸਤੇਮਾਲ ਨਹੀਂ ਕਰੇਗੀ |
ਇਸ ਲਈ ਐ ਸਮਾਜ ਦੇ ਲੋਕੋ, ਕਦੇ ਧੀਆਂ ਨੂੰ ਪਿਆਰ ਕਰਕੇ ਤਾਂ ਦੇਖੋ, ਇਹ ਤਾਂ ਸਿਰਫ ਵਿਸ਼ਵਾਸ ਅਤੇ ਪਿਆਰ ਦੀਆਂ ਮੁਹਤਾਜ ਹੁੰਦੀਆਂ ਹਨ | ਇਨ੍ਹਾਂ ਦੀ ਦੌਲਤ ਇਹ ਰਿਸ਼ਤੇ ਹੀ ਹਨ | ਇਸ ਲਈ ਇਕ ਵਾਰ ਇਨ੍ਹਾਂ ਨੂੰ ਇਹ ਦੌਲਤ ਦੇ ਕੇ ਤਾਂ ਦੇਖੋ | ਫਿਰ ਤੁਸੀਂ ਜਾਣੋਗੇ ਕਿ ਇਸ ਧੀ ਵਰਗੀ ਦੌਲਤ ਦੇ ਅੱਗੇ ਤਾਂ ਦੁਨੀਆ ਦੀ ਹਰ ਕੀਮਤੀ ਚੀਜ਼ ਦੀ ਚਮਕ ਫਿੱਕੀ ਹੈ | ਇਹ ਨਾ ਸਮਝੋ ਕਿ ਔਰਤ ਗੰੂਗੀ ਹੈ | ਹਾਂ, ਥੋੜ੍ਹੀ ਦੇਰ ਲਈ ਸ਼ਾਂਤ ਜ਼ਰੂਰ ਹੈ, ਪਰ ਜਿਸ ਦਿਨ ਉਸ ਦਾ ਇਹ ਸੰਤੋਖ ਟੁੱਟ ਗਿਆ, ਉਸ ਦਿਨ ਇਹ ਸਮਾਜ ਵੀ ਸਾਹਮਣੇ ਝੁਕ ਜਾਵੇਗਾ | ਇਸ ਲਈ ਹਕੀਕਤ ਵਿਚ ਧੀ ਨੂੰ ਵਿਹੜੇ ਦੀ ਰੌਣਕ ਬਣਾਓ |
-ਸ: ਸੀ: ਸੈ: ਸਕੂਲ, ਚੀਮਾ ਮੰਡੀ |
ਮੋਬਾ: 94173-47326

ਮੇਕਅੱਪ ਸਬੰਧੀ ਖ਼ਾਸ ਗੱਲਾਂ

ਧਿਆਨ ਦਿਓ ਕੁਝ ਟਿਪਸ 'ਤੇ :
• ਚਿਹਰੇ ਨੂੰ ਤਾਜ਼ਾ ਦਿਖਾਉਣ ਲਈ ਮੈਟ ਫਿਨਿਸ਼ਿੰਗ ਦੇ ਪ੍ਰੋਡਕਟ ਦਾ ਪ੍ਰਯੋਗ ਕਰੋ |
• ਚਿਹਰੇ 'ਤੇ ਆਈਸ-ਪੈਕ ਲਗਾਓ | ਚਿਹਰੇ 'ਤੇ ਕਸਾਵਟ ਆ ਜਾਵੇਗੀ |
• ਸਨਸਕਰੀਨ ਮਿਕਸ ਮਾਇਸਚਰਾਈਜਰ ਦੀ ਵਰਤੋਂ ਕਰੋ | ਤੇਲੀ ਚਮੜੀ ਦੇ ਲਈ ਤੇਲ ਮੁਕਤ ਸਨਸਕਰੀਨ ਦੀ ਮਾਇਸਚਰਾਇਜਰ ਦੀ ਵਰਤੋਂ ਕਰੋ |
• ਚਿਹਰੇ 'ਤੇ ਮਿੰਟਾਂ ਵਿਚ ਚਮਕ ਲਿਆਉਣ ਲਈ ਚਮੜੀ ਵਾਈਟ ਲਾਈਜਰ ਨੂੰ ਮਾਇਸਚਰਾਈਜਰ ਵਿਚ ਮਿਲਾ ਕੇ ਲਗਾਓ | ਜੇਕਰ ਚਮੜੀ ਤੇਲੀ ਹੈ ਤਾਂ ਤੇਲ-ਮੁਕਤ ਮਾਇਸਚਰਾਈਜਰ ਨੂੰ ਮਿਲਾਓ |
• ਗੱਲ੍ਹਾਂ ਭਰੀਆਂ-ਭਰੀਆਂ ਅਤੇ ਚਿਹਰਾ ਬੜਾ ਵੱਡਾ ਹੈ ਤਾਂ ਬਰੋਨਜ਼ ਮੇਕਅੱਪ ਦੀ ਵਰਤੋਂ ਕਰੋ, ਚਿਹਰੇ ਦੀ ਬਨਾਵਟ ਉੱਭਰ ਕੇ ਸਾਹਮਣੇ ਆਵੇਗੀ |
• ਉਮਰ ਦੇ ਨਾਲ ਪਲਕਾਂ ਦੇ ਉੱਪਰ ਦੀ ਸੋਜ਼ ਨੂੰ ਗੂੜ੍ਹੇ ਰੰਗ ਦਾ ਆਈ-ਸ਼ੈਡੋ ਲਗਾ ਕੇ ਛੁਪਾਓ, ਤਾਂ ਕਿ ਸੋਜ਼ ਮਹਿਸੂਸ ਨਾ ਹੋ ਸਕੇ |
• ਕਾਜਲ ਪੈਨਸਿਲ ਨਾਲ ਅੱਖਾਂ ਦੀ ਸ਼ੇਪ ਨੂੰ ਸੁਧਾਰੋ ਅਤੇ ਚਾਹੋ ਤਾਂ ਆਈ ਲੇਸ਼ਜ਼ 'ਤੇ ਵੀ 2-3 ਕੋਟ ਅੰਦਰੋਂ ਕਾਜਲ ਪੈਨਸਿਲ ਦੇ ਲਗਾਓ | ਅੱਖਾਂ ਖੂਬਸੂਰਤ ਲੱਗਣਗੀਆਂ |
• ਵਾਲਾਂ ਨੂੰ ਸੰਘਣਾ ਦਿਖਾਉਣ ਲਈ ਕੰਘੀ 'ਤੇ ਵੋਲਿਊਮਾਈਜਰ ਸਪਰੇਅ ਕਰੋ ਅਤੇ ਵਾਲਾਂ ਦੀਆਂ ਜੜ੍ਹਾਂ ਵੱਲੋਂ ਬਰੱਸ਼ ਕਰੋ | • ਜੇਕਰ ਦੇਰ ਤੱਕ ਪਾਰਟੀ ਵਿਚ ਰਹਿਣਾ ਹੋਵੇ ਤਾਂ ਵਾਲਾਂ 'ਤੇ ਬੈਕ ਕੁੰਬਿੰਗ ਕਰਕੇ ਉੱਚੀ ਪੋਨੀ ਬਣਾਓ |
• ਵਾਲਾਂ ਨੂੰ ਮੁਲਾਇਮ ਦਿਖਾਉਣ ਲਈ ਹੇਅਰ ਸੀਰਮ ਦਾ ਪ੍ਰਯੋਗ ਕਰੋ |
• ਵਾਲਾਂ ਨੂੰ ਸਿਮਟਿਆ ਹੋਇਆ ਰੱਖਣ ਲਈ ਵਾਲਾਂ 'ਤੇ ਹੇਅਰ ਸਪਰੇਅ ਕਰਕੇ ਕੰਘੀ ਕਰੋ | • ਵਾਲਾਂ ਨੂੰ ਸ਼ੈਂਪੂ ਕਰਨ ਦਾ ਸਮਾਂ ਨਾ ਹੋਵੇ ਤਾਂ ਵਾਲਾਂ ਦੀਆਂ ਜੜ੍ਹਾਂ 'ਤੇ ਪਾਊਡਰ ਭੁੱਕੋ | ਕੰਘੀ ਦੇ ਦੰਦਿਆਂ ਵਿਚ ਰੰੂ ਫਸਾ ਕੇ ਹੇਅਰ ਸਪਰੇਅ ਛਿੜਕੋ ਅਤੇ ਕੰਘੀ ਕਰੋ | ਤੇਲੀ ਵਾਲ ਖਿੜੇ-ਖਿੜੇ ਰਹਿਣਗੇ |
• ਬੁੱਲ੍ਹਾਂ 'ਤੇ ਲਿਪਸਟਿਕ ਲਗਾਉਣ ਤੋਂ ਪਹਿਲਾਂ ਕਨਸੀਲਰ ਨਾਲ ਆਊਟ-ਲਾਈਨਿੰਗ ਬਣਾਓ ਜਾਂ ਨਿਊਡ ਰੰਗ ਦੀ ਲਿਪ ਪੈਨਸਿਲ ਦਾ ਕੋਟ ਲਗਾਓ | ਫਿਰ ਲਿਪਸਟਿਕ ਲਗਾਓ, ਬੁੱਲ੍ਹ ਭਰੇ-ਭਰੇ ਲੱਗਣਗੇ |
• ਲਿਪਸਟਿਕ ਦੀ ਛੇਡ ਆਪਣੀ ਡਰੈੱਸ ਅਨੁਸਾਰ ਲਗਾਓ |
••

ਬਹੁਤ ਜ਼ਰੂਰੀ ਹੈ ਗੁਆਂਢੀਆਂ ਨਾਲ ਮਿਲਜੁਲ ਕੇ ਰਹਿਣਾ

ਔਖੇ-ਸੌਖੇ ਵੇਲੇ ਤਾਂ ਦੂਰ ਰਹਿੰਦਾ ਰਿਸ਼ਤੇਦਾਰ ਬਹੁਤ ਦੇਰ ਨਾਲ ਸਾਡੇ ਕੋਲ ਪੁੱਜੇਗਾ, ਪਰ ਗੁਆਂਢੀ ਤਾਂ ਪਹਿਲੀ ਆਵਾਜ਼ ਦਿੱਤਿਆਂ ਹੀ ਪਹੁੰਚ ਜਾਵੇਗਾ | ਪਰ ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਿਲਦੇ ਹਨ, ਜੋ ਮਾਮੂਲੀ ਜਿਹੀ ਗੱਲ ਤੋਂ ਨਾਰਾਜ਼ ਹੋ ਜਾਂਦੇ ਹਨ ਅਤੇ ਲੰਮੇ ਸਮੇਂ ਤੱਕ ਬੋਲਚਾਲ ਬੰਦ ਹੋ ਜਾਂਦੀ ਹੈ | ਜ਼ਰੂਰਤ ਪੈਣ ਸਮੇਂ ਅਸੀਂ ਗੁਆਂਢੀ ਨਾਲ ਮਨ-ਮੁਟਾਵ ਕਾਰਨ ਗੱਲ ਵੀ ਨਹੀਂ ਕਰਨੀ ਚਾਹੁੰਦੇ ਅਤੇ ਦੂਰ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਪਸੰਦ ਕਰਦੇ ਹਾਂ | ਇਸ ਤਰ੍ਹਾਂ ਦੇ ਵਤੀਰੇ ਨਾਲ ਦੋਵਾਂ ਧਿਰਾਂ ਦਾ ਹੀ ਨੁਕਸਾਨ ਹੁੰਦਾ ਹੈ | ਇਸ ਗੱਲ ਦਾ ਸਮਾਜ ਅਤੇ ਲੋਕਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ | ਮਿਸਾਲ ਦੇ ਤੌਰ 'ਤੇ ਤੁਹਾਨੂੰ ਕੋਈ ਜ਼ਰੂਰੀ ਕੰਮ ਪੈ ਜਾਂਦਾ ਹੈ ਅਤੇ ਤੁਸੀਂ ਘਰ ਜਿੰਦਾ ਲਗਾ ਕੇ ਚਲੇ ਜਾਂਦੇ ਹੋ | ਮਗਰੋਂ ਬੱਚੇ ਸਕੂਲ ਤੋਂ ਘਰ ਆਉਂਦੇ ਹਨ ਅਤੇ ਘਰ ਨੂੰ ਬੰਦ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ | ਜੇਕਰ ਤੁਹਾਡੀ ਗੁਆਂਢੀਆਂ ਨਾਲ ਬਣੀ ਹੋਈ ਹੈ ਤਾਂ ਉਹ ਬੱਚੇ ਨੂੰ ਤੁਹਾਡੀ ਗ਼ੈਰ-ਹਾਜ਼ਰੀ ਬਾਰੇ ਦੱਸਣ ਦੇ ਨਾਲ-ਨਾਲ ਉਨ੍ਹਾਂ ਨੂੰ ਰੋਟੀ-ਪਾਣੀ ਵੀ ਦੇਣਗੇ ਅਤੇ ਬੈਠਣ ਲਈ ਜਗ੍ਹਾ ਵੀ ਦੇਣਗੇ | ਇਸੇ ਤਰ੍ਹਾਂ ਕਦੇ ਗੁਆਂਢੀਆਂ ਨੂੰ ਵੀ ਤੁਹਾਡੀ ਜ਼ਰੂਰਤ ਪੈ ਸਕਦੀ ਹੈ | ਜਿਵੇਂ ਮਰੀਜ਼ ਨੂੰ ਹਸਪਤਾਲ ਲੈ ਜਾਣ ਲਈ ਗੁਆਂਢੀਆਂ ਦੀ ਗੱਡੀ ਵਰਤੀ ਜਾ ਸਕਦੀ ਹੈ | ਇਸੇ ਤਰ੍ਹਾਂ ਜੇਕਰ ਅਸੀਂ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹਿੰਦੇ ਹਾਂ ਤਾਂ ਇਹ ਚੇਨ ਸਿਸਟਮ ਬਣ ਜਾਂਦਾ ਹੈ ਅਤੇ ਸਮਾਜ ਦੀ ਤਸਵੀਰ ਹੀ ਖੂਬਸੂਰਤ ਬਣ ਜਾਂਦੀ ਹੈ | ਸਾਰਾ ਮੁਹੱਲਾ ਜਾਂ ਪਿੰਡ ਇਕ-ਦੂਜੇ ਨੂੰ ਸਹਿਯੋਗ ਦੇ ਕੇ ਅਸੀਂ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਮਿਲ ਕੇ ਹੰਭਲਾ ਮਾਰ ਸਕਦੇ ਹਾਂ |
ਇਸ ਲਈ ਗੁਆਂਢੀ ਨਾਲ ਵਿਗਾੜ ਪਾਉਣਾ ਤਾਂ ਬਹੁਤ ਵੱਡੀ ਗ਼ਲਤੀ ਹੈ, ਕਿਉਂਕਿ ਇਸ ਨਾਲ ਸਾਡੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ | ਉਹ ਸੋਚਦੇ ਹਨ ਕਿ ਜਿਨ੍ਹਾਂ ਦੀ ਗੁਆਂਢੀਆਂ ਨਾਲ ਨਹੀਂ ਬਣੀ, ਉਹ ਸਾਡਾ ਕੀ ਸਾਥ ਦੇਣਗੇ? ਗੁਆਂਢੀਆਂ ਦੀ ਆਪਸੀ ਨਾਰਾਜ਼ਗੀ ਕਾਰਨ ਕਈ ਵਾਰ ਤੀਜੀ ਧਿਰ ਫਾਇਦਾ ਉਠਾ ਜਾਂਦੀ ਹੈ | ਇਕ ਘਰ ਵਿਚ ਦਿਨ-ਦਿਹਾੜੇ ਚੋਰੀ ਹੋ ਗਈ, ਗੁਆਂਢੀਆਂ ਨੂੰ ਪਤਾ ਵੀ ਲੱਗ ਗਿਆ ਪਰ ਉਹ ਚੁੱਪ-ਚਾਪ ਬੈਠੇ ਰਹੇ, ਕਿਉਂਕਿ ਆਪਸ ਵਿਚ ਬੋਲ-ਚਾਲ ਬੰਦ ਸੀ | ਇਸ ਤੋਂ ਸਾਫ਼ ਜ਼ਾਹਰ ਹੈ ਕਿ ਗੁਆਂਢੀਆਂ ਨਾਲ ਵਿਗਾੜ ਸਦਾ ਹੀ ਘਾਟੇ ਵਾਲਾ ਸੌਦਾ ਹੈ | ਜੇਕਰ ਬਣੀ ਹੋਵੇ ਤਾਂ ਤੁਸੀਂ ਆਪਣਾ ਵਿਹਲਾ ਸਮਾਂ ਮਿਲ ਬੈਠ ਕੇ ਗੁਜ਼ਾਰ ਸਕਦੇ ਹੋ ਅਤੇ ਆਪਣੇ ਘਰ ਦਾ ਧਿਆਨ ਵੀ ਰੱਖ ਸਕਦੇ ਹੋ | ਦੁੱਖ-ਸੁਖ ਵੇਲੇ ਇਕ-ਦੂਜੇ ਦੇ ਕੰਮ ਵੀ ਆ ਸਕਦੇ ਹੋ | ਹਾਂ, ਜੇਕਰ ਕਿਸੇ ਕਾਰਨ ਗੁਆਂਢੀ ਨਾਰਾਜ਼ ਵੀ ਹੋ ਜਾਂਦਾ ਹੈ ਤਾਂ ਇਹ ਨਾਰਾਜ਼ਗੀ ਲੰਮਾ ਸਮਾਂ ਨਾ ਚੱਲਣ ਦਿਓ ਅਤੇ ਜਲਦੀ ਹੀ ਗਿਲੇ-ਸ਼ਿਕਵੇ ਦੂਰ ਕਰ ਲੈਣੇ ਚਾਹੀਦੇ ਹਨ | ਅਗਰ ਉਸ ਦੀ ਗਲਤੀ ਹੈ ਤਾਂ ਉਸ ਨੂੰ ਉਸ ਦਾ ਠੀਕ ਢੰਗ ਨਾਲ ਅਹਿਸਾਸ ਕਰਵਾ ਦਿਓ | ਇਸ ਕੰਮ ਵਿਚ ਅਗਰ ਤੁਸੀਂ ਪਹਿਲ ਕਰਦੇ ਹੋ ਤਾਂ ਇਹ ਫਰਾਖਦਿਲੀ ਵਾਲੀ ਗੱਲ ਹੋਵੇਗੀ |
ਅਮਰੀਕਾ ਦੀ ਇਕ ਸੰਸਥਾ ਨੇ ਹੁਣੇ-ਹੁਣੇ ਇਕ ਸਰਵੇਖਣ ਕਰਵਾਇਆ ਹੈ, ਜਿਸ ਅਨੁਸਾਰ ਦਿਲ ਦੇ ਮਰੀਜ਼ਾਂ ਦੀ ਜੇਕਰ ਆਪਣੇ ਗੁਆਂਢੀਆਂ ਨਾਲ ਨਹੀਂ ਬਣਦੀ ਤਾਂ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ, ਕਿਉਂਕਿ ਗੁਆਂਢੀ ਹਰ ਸਮੇਂ ਮੱਥੇ ਲਗਦਾ ਰਹਿੰਦਾ ਹੈ ਅਤੇ ਮਰੀਜ਼ ਦੀ ਟੈਨਸ਼ਨ ਵਧਦੀ ਹੈ, ਜੋ ਕਿ ਦਿਲ ਦੇ ਰੋਗੀ ਲਈ ਖਤਰਨਾਕ ਹੈ | ਇਸ ਲਈ ਸਭ ਨੂੰ ਮਿਲੋ ਅਤੇ ਖੁਸ਼ ਰਹੋ |
-ਪਿੰਡ ਮਸੀਤਾਂ (ਕਪੂਰਥਲਾ) | ਮੋਬਾ: 99157-31345

ਸੁਖਾਵੇਂ ਗਰਭ ਕਾਲ ਲਈ 10 ਟਿਪਸ

ਗਰਭਕਾਲ ਦੌਰਾਨ ਤਰਜੀਹਾਂ
ਦੇਖੋ ਕਿ ਤੁਹਾਨੂੰ ਆਪਣੇ ਪਲ ਰਹੇ ਬੇਬੀ ਅਤੇ ਆਪਣੀ ਮਦਦ ਲਈ ਕੀ ਕਰਨ ਦੀ ਜ਼ਰੂਰਤ ਹੈ | ਉਹੀ ਕਰੋ, ਜਿਸ ਦੀ ਤੁਹਾਨੂੰ ਜ਼ਰੂਰਤ ਹੈ | ਇਸ ਤੋਂ ਇਲਾਵਾ ਹੋਰ ਕੀ ਕਰ ਸਕਦੇ ਹੋ, ਇਸ ਬਾਰੇ ਫੈਸਲਾ ਕਰੋ ਅਤੇ ਬਾਕੀ ਚੱਲਣ ਦਿਓ |
ਗਰਭਕਾਲ ਦੌਰਾਨ ਦੂਜਿਆਂ ਨੂੰ ਆਪਣੇ ਨਾਲ ਸ਼ਾਮਿਲ ਕਰੋ
ਜਦੋਂ ਤੁਸੀਂ ਆਪਣੇ ਸਾਥੀ, ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਦੋਸਤਾਂ ਨੂੰ ਗਰਭਕਾਲ ਦੌਰਾਨ ਆਪਣੇ ਨਾਲ ਸ਼ਾਮਿਲ ਕਰਦੇ ਹੋ, ਇਸ ਨਾਲ ਉਨ੍ਹਾਂ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਤੁਹਾਡੀ ਚੰਗੀ ਤਰ੍ਹਾਂ ਮਦਦ ਕਰਨ ਵਿਚ ਸਹਾਈ ਹੋ ਸਕਦੇ ਹਨ |
ਦੂਜਿਆਂ ਨਾਲ ਆਦਰ ਅਤੇ ਪਿਆਰ ਨਾਲ ਵਿਵਹਾਰ ਕਰੋ
ਤੁਹਾਨੂੰ ਮੁਸ਼ਕਿਲ ਹੋ ਜਾਂਦੀ ਹੈ, ਖਾਸ ਕਰਕੇ ਤੁਹਾਡੇ ਗਰਭਕਾਲ ਦੇ ਮੁਢਲੇ ਦਿਨਾਂ ਵਿਚ | ਤੁਸੀਂ ਸਵੇਰ ਵੇਲੇ ਆਪਣੇ-ਆਪ ਨੂੰ ਵਧੇਰੇ ਬਿਮਾਰ ਸਮਝ ਸਕਦੇ ਹੋ | ਤੁਸੀਂ ਇਕ ਮਾਂ ਬਣਨ ਦੀਆਂ ਮੁਸ਼ਕਿਲਾਂ ਲਈ ਆਪਣੇ-ਆਪ ਨੂੰ ਅਡਜਸਟ ਕਰ ਰਹੇ ਹੋਵੋਗੇ | ਲੋਕ ਤਾਂ ਹੀ ਤੁਹਾਨੂੰ ਸਮਝ ਸਕਣਗੇ, ਜੇਕਰ ਤੁਸੀਂ ਉਨ੍ਹਾਂ ਨੂੰ ਸਮਝਣ ਤੇ ਜਾਨਣ ਲਈ ਮੌਕਾ ਦਿਓਗੇ | ਉਨ੍ਹਾਂ ਦੀ ਚਿੰਤਾ ਵਿਚ ਆਦਰ ਅਤੇ ਪਿਆਰ ਦਿਖਾਓ | ਉਨ੍ਹਾਂ ਨਾਲ ਨਰਮੀ ਅਤੇ ਪਿਆਰ ਨਾਲ ਪੇਸ਼ ਆਓ ਅਤੇ ਉਹ ਇਸ ਦੇ ਬਦਲੇ ਵਿਚ ਹੁੰਗਾਰਾ ਭਰਨਗੇ |
ਯਾਦਾਂ ਪੈਦਾ ਕਰੋ
ਇਸ ਲਈ ਯੋਜਨਾਬੰਦੀ ਦੀ ਲੋੜ ਹੈ, ਪਰ ਇਸ ਦਾ ਮਹੱਤਵ ਬੜਾ ਹੁੰਦਾ ਹੈ | ਤੁਹਾਡੀ ਜ਼ਿੰਦਗੀ ਵਿਚ ਹੁਣ ਤੋਂ ਹੀ ਹੋਣ ਵਾਲੀਆਂ ਬਹੁਤ ਸਾਰੀਆਂ ਤਬਦੀਲੀਆਂ ਲਈ ਸਮੱਗਰੀ ਬਣਾਉਣ ਲਈ ਕਦਮ ਉਠਾਓ | ਇਸ ਸਭ ਵਿਚ ਆਪਣੇ ਪਾਰਟਨਰ ਨੂੰ ਵੀ ਸ਼ਾਮਿਲ ਕਰੋ | ਉਸ ਨੂੰ ਆਪਣੇ ਪ੍ਰਭਾਵ ਲਿਖਣ ਦਿਓ | ਉਸ ਦੀ ਜਾਂ ਆਪਣੀ ਤਸਵੀਰ ਵੀ ਖਿੱਚੋ | ਇਸ ਤਰ੍ਹਾਂ ਤੁਸੀਂ ਇਸ ਸਮੇਂ ਸਬੰਧੀ ਆਪਣੀ ਜ਼ਿੰਦਗੀ ਵਿਚ ਆਉਣ ਵਾਲੇ ਸਾਲਾਂ ਲਈ ਊਚ-ਨੀਚ ਤਜਰਬੇ ਨੂੰ ਸਾਂਝਾ ਕਰ ਸਕਦੇ ਹੋ | ਤੁਸੀਂ ਅਤੇ ਤੁਹਾਡੇ ਬੱਚੇ ਇਹ ਜਾਣ ਕੇ ਖੁਸ਼ ਹੋਣਗੇ |
ਜਦੋਂ ਤੁਸੀਂ ਆਰਾਮ ਕਰ ਸਕਦੇ ਹੋ, ਕਰੋ
ਆਪਣੀ ਜ਼ਿੰਦਗੀ ਵਿਚੋਂ ਤਣਾਅ ਨੂੰ ਦੂਰ ਕਰਨਾ ਹੁਣ ਤੁਹਾਡੇ ਲਈ ਬੜਾ ਜ਼ਰੂਰੀ ਹੈ | ਉਹ ਗੱਲਾਂ ਕਰੋ ਜੋ ਤੁਹਾਨੂੰ ਆਰਾਮ ਪਹੁੰਚਾਉਣ ਅਤੇ ਉਨ੍ਹਾਂ ਵੱਲ ਧਿਆਨ ਦਿਓ, ਜੋ ਤੁਹਾਡੇ ਲਈ ਜ਼ਰੂਰੀ ਹਨ |
ਹੋਰ ਵਧੇਰੇ
• ਗਰਭਕਾਲ ਸਮੇਂ ਕਿਵੇਂ ਕਸਰਤ ਕਰਨੀ ਹੈ ਅਤੇ ਤਣਾਅ ਨੂੰ ਘੱਟ ਕਰਨਾ ਹੈ |
• ਗਰਭਕਾਲ ਦੀ ਚਿੰਤਾ ਨੂੰ ਕਿਵੇਂ ਲੈਣਾ ਹੈ |
• ਗਰਭਕਾਲ ਦੌਰਾਨ ਤਣਾਅ ਨਾਲ ਨਿਪਟਣ ਲਈ ਸਭ ਤੋਂ ਵਧੀਆ ਟਿਪਸ |
ਇਸ ਤਿਆਰੀ ਦੇ ਸਮੇਂ ਨੂੰ ਮਾਣੋ
ਗਰਭਕਾਲ ਤੋਂ ਤੁਰੰਤ ਬਾਅਦ ਤੁਸੀਂ ਇਕ ਨਵੀਂ ਮਾਂ ਬਣਨ ਜਾ ਰਹੇ ਹੋ, ਜਿਸ ਵਿਚ ਇਕ ਮਾਂ ਅਤੇ ਸਾਥੀ ਦੀਆਂ ਸਭ ਜ਼ਿੰਮੇਵਾਰੀਆਂ ਹੋਣਗੀਆਂ | ਤੁਹਾਡੀਆਂ ਹੋਰ ਵੀ ਜ਼ਿੰਮੇਵਾਰੀਆਂ ਹੋ ਸਕਦੀਆਂ ਹਨ | ਤੁਹਾਡੀ ਕੰਮਕਾਜੀ ਜਾਂ ਨਿੱਜੀ ਜ਼ਿੰਦਗੀ ਵਿਚ ਇਹ ਸਮਾਂ ਵਧੇਰੇ ਧਿਆਨ ਦੇਣ ਦਾ ਹੈ, ਕਿਉਂਕਿ ਨੇੜ ਭਵਿੱਖ ਵਿਚ ਤੁਸੀਂ ਆਪਸੀ ਸਬੰਧ ਅਤੇ ਬਹੁਤ ਸਾਰੀਆਂ ਤਬਦੀਲੀਆਂ 'ਚੋਂ ਗੁਜ਼ਰਨਾ ਹੈ |

ਆਓ! ਸੁਆਦ ਲਈਏ ਗੁਜਰਾਤੀ ਪਕਵਾਨ ਦਾ

ਮੁਥੀਆ ਬਣਾਉਣ ਲਈ ਵਿਧੀ
ਇਕ ਬਾਊਲ ਵਿਚ ਥੋੜ੍ਹੀ ਸੂਜੀ, ਨਮਕ, ਇਕ ਚੁਟਕੀ ਮਿੱਠਾ ਸੋਢਾ, ਤੇਲ, ਹਲਦੀ ਪਾਊਡਰ, ਧਨੀਆ (3/4 ਚਮਚ) ਅਤੇ ਜ਼ੀਰਾ ਪਾਊਡਰ (3/4 ਚਮਚ), ਲਾਲ ਮਿਰਚ ਪਾਊਡਰ (ਡੇਢ ਚਮਚ), ਲਸਣ (25 ਗ੍ਰਾਮ) ਅਤੇ ਮੇਥੀ ਕੱਟੀ ਹੋਈ |
ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਮਿਕਸਚਰ ਵਿਚ ਪਾਣੀ ਮਿਲਾ ਕੇ ਗੁੰਨ੍ਹ ਲਓ | ਹੁਣ ਇਸ ਨੂੰ ਕਬਾਬ ਦੀ ਸ਼ਕਲ ਵਿਚ ਬਣਾ ਕੇ ਡੀਪ ਫਰਾਈ ਕਰੋ |
ਮਸਾਲੇ ਦੀ ਵਿਧੀ
ਇਕ ਪਲੇਟ ਵਿਚ ਲਸਣ ਕੱਟੋ, ਕੱਦੂਕਸ਼ ਕੀਤਾ ਨਾਰੀਅਲ, ਧਨੀਆ ਪੱਤੇ, ਨਮਕ, ਚੀਨੀ, ਹਰੀ ਮਿਰਚ ਪੇਸਟ, ਸੋਢੇ ਦੀ ਚੁਟਕੀ, ਤੇਲ ਹਲਦੀ ਅਤੇ ਬਾਕੀ ਧਨੀਆ, ਜ਼ੀਰਾ ਪਾਊਡਰ ਚੰਗੀ ਤਰ੍ਹਾਂ ਮਿਲਾਓ | ਇਸ ਮਸਾਲੇ ਨੂੰ ਕੇਲੇ ਅਤੇ ਬੈਂਗਣ ਵਿਚ ਭਰੋ ਅਤੇ ਕੇਲਾ ਇਕ ਪਾਸੇ ਰੱਖੋ (ਕਿਉਂਕਿ ਇਹ ਛੇਤੀ ਬਣ ਜਾਂਦਾ ਹੈ) |
ਇਸ ਮਸਾਲੇ ਦੀ ਮਿਕਸਚਰ ਵਿਚ ਬੈਂਗਣ ਸਮੇਤ ਬਾਕੀ ਸਬਜ਼ੀਆਂ ਨੂੰ ਸ਼ਾਮਿਲ ਕਰੋ |
ਪਕਾਉਣ ਲਈ ਵਿਧੀ
ਇਕ ਭਾਂਡੇ ਵਿਚ ਤੇਲ ਪਾਓ ਅਤੇ ਕੇਲਾ ਅਤੇ ਮੁਥੀਆ ਤੋਂ ਇਲਾਵਾ ਸਾਰੀਆਂ ਸਬਜ਼ੀਆਂ ਪਾਓ ਅਤੇ ਹੌਲੀ-ਹੌਲੀ ਹਿਲਾਉਂਦੇ ਜਾਓ | ਇਸ ਨੂੰ 15-20 ਮਿੰਟ ਤੱਕ ਢਕ ਕੇ ਰੱਖੋ |
ਹੁਣ ਇਸ ਵਿਚ ਮੁਥੀਆ ਪਾ ਕੇ ਅਗਲੇ 15 ਮਿੰਟ ਤੱਕ ਪਕਾਓ | ਹੁਣ ਕੇਲੇ ਦੇ ਸਟੱਫ ਨੂੰ ਪਾ ਕੇ 5 ਕੁ ਮਿੰਟ ਤੱਕ ਪਕਾਓ | ਗਰਮਾ-ਗਰਮ ਪਰੋਸੋ |
ਮੁੱਖ ਸਮੱਗਰੀ : ਬੈਂਗਣ, ਪਿਆਜ਼, ਆਲੂ, ਕੇਲਾ, ਮੇਥੀ ਪੱਤੇ, ਸੂਜੀ, ਹਰੀਆਂ ਮਿਰਚਾਂ, ਧਨੀਆ ਪੱਤੇ, ਨਾਰੀਅਲ ਬੂਰਾ, ਨਮਕ, ਤੇਲ, ਹਲਦੀ, ਧਨੀਆ ਪਾਊਡਰ, ਜ਼ੀਰਾ, ਚੀਨੀ, ਮਿੱਠਾ ਸੋਢਾ ਅਤੇ ਲਾਲ ਮਿਰਚ |

ਸੁਖੀ ਜੀਵਨ ਲਈ

• ਹਮੇਸ਼ਾ ਸਾਦਗੀ ਰੱਖੋ |
• ਝੂਠ ਤੋਂ ਦੂਰ ਰਹੋ |
• ਖਰਚ ਸੀਮਤ ਰੱਖੋ |
• ਇਕ-ਦੂਜੇ ਦੀ ਇੱਜ਼ਤ ਕਰੋ |
• ਕਿਸੇ ਦੀ ਬੁਰਾਈ ਕਰਨ ਤੋਂ ਪ੍ਰਹੇਜ਼ ਕਰੋ |
• ਕਿਸੇ ਦੂਜੇ ਦੀਆਂ ਗੱਲਾਂ ਵਿਚ ਨਾ ਆਵੋ |
• ਘਰ ਵਿਚ ਚੀਜ਼ਾਂ ਰੱਖਣ ਦਾ ਸਥਾਨ ਰੱਖੋ |
• ਗੱਲਾਂ ਸਭ ਦੀਆਂ ਸੁਣੋ, ਕਰੋ ਆਪਣੇ ਮਨ ਦੀ |
• ਬੱਚਿਆਂ ਨੂੰ ਸਹੀ-ਗ਼ਲਤ ਦੀ ਪਹਿਚਾਣ ਕਰਾਓ |
• ਮੌਸਮ ਅਨੁਸਾਰ ਫਲ ਅਤੇ ਸਬਜ਼ੀਆਂ ਖਾਓ |
• ਵੱਡਿਆਂ ਦੀ ਸੇਵਾ ਅਤੇ ਛੋਟਿਆਂ ਨਾਲ ਪਿਆਰ ਕਰੋ |
• ਉੱਚੀ ਆਵਾਜ਼ ਵਿਚ ਨਾ ਬੋਲੋ |
• ਆਪਣੇ ਹੱਕ ਅਤੇ ਫਰਜ਼ ਨੂੰ ਸਮਝੋ |
• ਬੁਢਾਪੇ ਲਈ ਕੁਝ ਬਚਾਅ ਕੇ ਰੱਖੋ |
• ਮੰੂਹ 'ਤੇ ਖੁਸ਼ੀ ਰੱਖੋ |
• ਬੋਲਣ ਨਾਲੋਂ ਸੁਣਨਾ ਜ਼ਿਆਦਾ ਚੰਗਾ ਹੈ |
• ਜ਼ਿਆਦਾ ਵਧਾ-ਚੜ੍ਹਾ ਕੇ ਗੱਲ ਨਾ ਕਰੋ |
• ਨਿਯਮਤ ਕਸਰਤ ਕਰੋ |
• ਦਾਨ ਦੇਣਾ ਚੰਗੀ ਆਦਤ ਹੈ |
• ਗਰੀਬਾਂ ਦੀ ਮਦਦ ਕਰੋ |
• ਅੱਜ ਨੂੰ ਸੁਖੀ ਬਣਾਓ, ਕੱਲ੍ਹ ਤੁਹਾਡੇ ਹੱਥ ਨਹੀਂ ਹੈ |
• ਹਮੇਸ਼ਾ ਚੰਗੇ ਕਰਮ ਕਰੋ |
• ਬਿਮਾਰੀ ਵਿਚ ਹੌਸਲਾ ਰੱਖੋ |
• ਬੁਰੀਆਂ ਆਦਤਾਂ ਤੋਂ ਦੂਰ ਰਹੋ |
• ਤਣਾਅ ਵਾਲੀਆਂ ਗੱਲਾਂ ਤੋਂ ਦੂਰ ਰਹੋ |
• ਗੁਆਂਢੀਆਂ ਨਾਲ ਤਾਲਮੇਲ ਰੱਖੋ |
• ਮਨ ਸ਼ਾਂਤ ਰੱਖੋ |
• ਘਰ ਵਿਚ ਸ਼ਾਂਤੀ ਬਣਾ ਕੇ ਰੱਖੋ |
• ਕਿਸੇ ਦੀ ਗੱਲ ਧਿਆਨ ਨਾਲ ਸੁਣੋ |
• ਖਾਓ ਮਨ ਭਾਉਂਦਾ, ਪਹਿਨੋ ਜੱਗ ਭਾਉਂਦਾ |
• ਪਰਮਾਤਮਾ 'ਤੇ ਵਿਸ਼ਵਾਸ ਰੱਖੋ |
• ਪਰਮਾਤਮਾ ਦਾ ਹਮੇਸ਼ਾ ਧੰਨਵਾਦ ਕਰੋ |
• ਦਿਖਾਵਾ ਬਿਲਕੁਲ ਵੀ ਨਾ ਕਰੋ |
• ਘਰ ਨੂੰ ਸਵਰਗ ਬਣਾਓ |
• ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ |
-ਬਸੀ ਬਾਜੀਦ, ਹੁਸ਼ਿਆਰਪੁਰ |
ਮੋਬਾ: 97793-68243


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX