ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਬਾਲ ਸੰਸਾਰ

ਗਲੋਬਲ ਵਾਰਮਿੰਗ ਦੀ ਏ.ਬੀ.ਸੀ.

ਪਿਆਰੇ ਬੱਚਿਓ! 'ਗਲੋਬਲ ਵਾਰਮਿੰਗ' ਜਾਂ 'ਆਲਮੀ ਤਪਸ਼' ਸ਼ਬਦ ਨਾਲ ਤੁਹਾਡੀ ਵਾਕਫੀਅਤ ਲੰਬੇ ਸਮੇਂ ਤੋਂ ਹੈ ਪਰ ਅੱਜ ਵੀ ਇਹ ਸ਼ਬਦ ਭਾਰੀ, ਕਠਿਨ ਜਾਂ ਉਕਤਾਊ ਲਗਦਾ ਹੋਵੇਗਾ | ਸਰਦ ਰੁੱਤ ਆਉਣ 'ਚ ਦੇਰੀ ਦਾ ਕਾਰਨ ਕਿਤੇ ਨਾ ਕਿਤੇ ਗਲੋਬਲ ਵਾਰਮਿੰਗ ਹੀ ਹੈ |
• ਕੀ ਹੈ ਗਲੋਬਲ ਵਾਰਮਿੰਗ : ਗਲੋਬਲ ਵਾਰਮਿੰਗ ਦਾ ਸਰਲ ਜਿਹਾ ਮਤਲਬ ਧਰਤੀ ਦਾ ਲੋੜੋਂ ਵੱਧ ਗਰਮ ਹੁੰਦੇ ਜਾਣਾ ਹੈ | ਜੇ ਵਿਗਿਆਨੀ ਇਹ ਕਹਿੰਦੇ ਹਨ ਕਿ ਬੀਤੇ 140 ਸਾਲਾਂ 'ਚ ਧਰਤੀ ਦਾ ਤਾਪਮਾਨ ਇਕ ਡਿਗਰੀ ਫਾਰਨਹੀਟ ਵਧ ਚੁੱਕਿਆ ਹੈ ਤਾਂ ਇਹ ਧਰਤੀ ਦੀ ਸਿਹਤ ਖਰਾਬ ਹੋਣ ਵਾਂਗ ਹੈ |
• ਕਾਰਨ : ਗਲੋਬਲ ਵਾਰਮਿੰਗ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ 'ਗਰੀਨ ਹਾਊਸ ਪ੍ਰਭਾਵ' | ਜਦੋਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਹਨ ਤਾਂ ਇਸ ਦਾ ਕੁਝ ਹਿੱਸਾ ਧਰਤੀ ਦੇ ਵਾਤਾਵਰਨ ਅੰਦਰ ਹੀ ਰਹਿ ਜਾਂਦਾ ਹੈ, ਜਿਸ ਨਾਲ ਕਾਰਬਨ-ਡਾਈਆਕਸਾਈਡ, ਮੀਥੇਨ, ਜਲਵਾਸ਼ਪ ਆਦਿ ਗੈਸਾਂ ਧਰਤੀ ਉੱਪਰ ਇਕ ਪਰਤ ਬਣਾ ਲੈਂਦੀਆਂ ਹਨ ਅਤੇ ਧਰਤੀ ਨੂੰ ਹਾਨੀਕਾਰਕ ਸੂਰਜੀ ਕਿਰਨਾਂ ਤੋਂ ਬਚਾਅ ਕੇ ਇਕ ਸੁਰੱਖਿਆ ਕਵਚ ਦਾ ਕੰਮ ਕਰਦੀਆਂ ਹਨ | ਪਰ ਹੁਣ ਵਧਦੀ ਜਨਸੰਖਿਆ, ਵਧਦੇ ਉਦਯੋਗੀਕਰਨ ਅਤੇ ਵਾਹਨ ਅਤੇ ਈ-ਵੇਸਟੇਜ ਕਾਰਨ ਇਹ ਪਰਤ ਮੋਟੀ ਹੁੰਦੀ ਜਾ ਰਹੀ ਹੈ ਅਤੇ ਧਰਤੀ ਦਾ ਤਾਪਮਾਨ ਨਿਰੰਤਰ ਵਧ ਰਿਹਾ ਹੈ |
• ਨਤੀਜਾ : ਜੇ ਇਹ ਵਾਧਾ ਜਾਰੀ ਰਹਿੰਦਾ ਹੈ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ | ਫੁੱਲ-ਬੂਟਿਆਂ, ਜੀਵ-ਜੰਤੂਆਂ, ਪੰਛੀਆਂ ਦੀਆਂ ਪ੍ਰਜਾਤੀਆਂ, ਕੋਰਲ, ਰੀਫ਼ਜ਼ ਆਦਿ ਦਾ ਅਲੋਪ ਹੋਣਾ, ਗਲੇਸ਼ੀਅਰਾਂ ਦੇ ਪਿਘਲਣ ਨਾਲ ਸਮੰੁਦਰਾਂ 'ਚ ਜਲ ਪੱਧਰ ਵਿਚ ਵਾਧਾ ਹੋਣਾ, ਹੜ੍ਹਾਂ ਨਾਲ ਮੰਡਰਾਉਂਦੇ ਖ਼ਤਰੇ, ਜਲਗਾਹਾਂ ਦਾ ਨਸ਼ਟ ਹੋਣਾ ਅਤੇ ਕੁਦਰਤੀ ਇਕਸੁਰਤਾ 'ਚ ਵਿਘਨ ਪੈਣ ਦੇ ਪਰਿਣਾਮ ਕਿਸੇ ਵੱਡੀ ਤਬਾਹੀ ਵੱਲ ਇਸ਼ਾਰਾ ਕਰਦੇ ਹਨ |
• ਅਸੀਂ ਕੀ ਕਰੀਏ : • ਜੇ ਤੁਹਾਡਾ ਸਕੂਲ ਨੇੜੇ ਹੈ ਤਾਂ ਕਾਰ/ਵੈਨ ਦੀ ਥਾਂ 'ਤੇ ਪੈਦਲ ਜਾਓ |
• ਕੇਵਲ ਸੀ.ਐਫ.ਐਲ. ਜਾਂ ਐਲ.ਈ.ਡੀ. ਲਾਈਟਾਂ ਹੀ ਵਰਤੋ |
• ਕਮਰੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਲੈਪਟਾਪ, ਟੀ.ਵੀ. ਅਤੇ ਲਾਈਟ ਜ਼ਰੂਰ ਬੰਦ ਕਰੋ |
• ਰਾਤ ਨੂੰ ਸੌਣ ਤੋਂ ਪਹਿਲਾਂ ਹਰ ਬਿਜਲਈ ਉਪਕਰਨ ਦੇ ਪਲੱਗ ਬਾਹਰ ਕੱਢੋ, ਕਿਉਂਕਿ ਬੰਦ ਹਾਲਤ 'ਚ ਵੀ ਉਪਕਰਨ ਸਟੈਂਡ ਬਾਈ ਊਰਜਾ ਖਪਤ ਕਰਦਾ ਰਹਿੰਦਾ ਹੈ |
• ਕਾਰਬਨ ਪਦਚਿਨ੍ਹ ਘਟਾਉਣ ਲਈ ਰਿਡਿਊਸ-ਰੀਯੂਜ਼, ਰੀਸਾਈਕਲ ਦਾ ਸਿਧਾਂਤ ਚੇਤੇ ਰੱਖੋ |
• ਤਾਜ਼ਾ ਖ਼ਬਰ : ਨਾਸਾ ਨੇ ਹਾਲ ਹੀ ਜੁਲਾਈ 'ਚ ਕੈਲੀਫੋਰਨੀਆ ਦੇ ਵੈਂਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਆਰਬਿਟਿੰਗ ਕਾਰਬਨ ਆਬਜ਼ਰਵੇਟਰੀ-2 (O3O-2) ਨੂੰ ਲਾਂਚ ਕੀਤਾ ਹੈ | ਧਰਤੀ ਦੀ ਜਲਵਾਯੂ ਪਰਿਵਰਤਨ ਲਿਆਉਣ ਵਾਲੀ ਵਾਤਾਵਰਨਿਕ ਕਾਰਬਨ-ਡਾਈਆਕਸਾਈਡ ਦੇ ਪੱਧਰ ਦਾ ਪਤਾ ਲਗਾਉਣ ਲਈ ਸ਼ੁਰੂ ਕੀਤਾ ਗਿਆ ਇਹ ਨਾਸਾ ਦਾ ਪਹਿਲਾ ਮਿਸ਼ਨ ਹੈ |
-maninderkaurcareers0gmail.com


ਖ਼ਬਰ ਸ਼ੇਅਰ ਕਰੋ

ਕਹਾਵਤਾਂ ਦੀਆਂ ਕਹਾਣੀਆਂ

ਇਕ ਅਨਾਰ, ਸੌ ਬਿਮਾਰ


ਅਰਥ : ਚੀਜ਼ ਇਕ ਹੋਵੇ ਤੇ ਉਹਦੀ ਲੋੜ ਵਧੇਰੇ ਲੋਕਾਂ ਨੂੰ ਹੋਵੇ, ਇਸੇ ਲਈ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਇਕ ਹੀ ਵਸਤ ਦੇ ਬਹੁਤ ਸਾਰੇ ਭਾਗੀਦਾਰ ਤੇ ਹੱਕਦਾਰ ਬਣ ਜਾਣ |
ਕਹਾਣੀ : ਕਿਸੇ ਪਿੰਡ 'ਚ ਇਕ ਬਹੁਤ ਪ੍ਰਸਿੱਧ ਹਕੀਮ ਸਾਹਿਬ ਰਹਿੰਦੇ ਸਨ | ਪਿੰਡ ਤੇ ਆਲੇ-ਦੁਆਲੇ ਦੇ ਸਾਰੇ ਲੋਕ ਉਨ੍ਹਾਂ ਕੋਲੋਂ ਆਪਣਾ ਇਲਾਜ ਕਰਵਾਉਣ ਆਉਂਦੇ ਸਨ | ਇਕ ਵਾਰ ਪਿੰਡ 'ਚ ਅਜਿਹੀ ਬਿਮਾਰੀ ਫੈਲੀ ਕਿ ਉਹਦੇ ਇਲਾਜ ਲਈ ਅਨਾਰ ਦੇ ਦਾਣੇ ਬਹੁਤ ਜ਼ਰੂਰੀ ਸਨ |
ਉਨ੍ਹਾਂ ਦਿਨਾਂ ਵਿਚ ਅਨਾਰ ਦਾ ਮੌਸਮ ਨਹੀਂ ਸੀ | ਹਕੀਮ ਸਾਹਿਬ ਨੂੰ ਬੜੀ ਔਖਿਆਈ ਨਾਲ ਕਿਧਰੋਂ ਇਕ ਅਨਾਰ ਮਿਲ ਗਿਆ | ਉਸ ਨਾਲ ਕੁਝ ਲੋਕਾਂ ਲਈ ਦਵਾਈ ਬਣਾ ਦਿੱਤੀ ਪਰ ਬਿਮਾਰੀ ਫੈਲਦੀ ਗਈ | ਹਰ ਬੰਦਾ ਅਨਾਰ ਦੇ ਦਾਣਿਆਂ ਵਾਲੀ ਦਵਾਈ ਮੰਗਦਾ | ਹਕੀਮ ਸਾਹਿਬ ਤੰਗ ਆ ਕੇ ਬੋਲੇ, 'ਬਈ, ਮੈਂ ਕੀ ਕਰ ਸਕਦਾ ਹਾਂ? ਇਕ ਅਨਾਰ ਏ ਤੇ ਸੌ ਬਿਮਾਰ ਨੇ | ਮੈਂ ਕਿਸ-ਕਿਸ ਨੂੰ ਦੇਵਾਂ?'
ਇਹ ਕਹਾਵਤ ਉਸ ਵੇਲੇ ਹੀ ਕਹੀ ਜਾਂਦੀ ਹੈ, ਜਦੋਂ ਵਸਤੂ ਥੋੜ੍ਹੀ ਹੋਵੇ ਤੇ ਮੰਗਣ ਵਾਲੇ ਬਹੁਤ ਸਾਰੇ ਹੋਣ |
-ਸੁਰਜੀਤ
ਸੀ-35, ਸੁਦਰਸ਼ਨ ਪਾਰਕ, ਨਵੀਂ ਦਿੱਲੀ-110015.
ਮੋਬਾਈਲ : 093121-24829.

ਰੌਚਿਕ ਜਾਣਕਾਰੀ

• ਮਨੁੱਖ ਨੇ ਸਭ ਤੋਂ ਪਹਿਲਾਂ ਤਾਂਬਾ ਧਾਤ ਪ੍ਰਯੋਗ ਕੀਤੀ ਸੀ |
• ਰੱਜ ਕੇ ਖਾਣਾ ਖਾਣ ਤੋਂ ਬਾਅਦ ਪਾਚਣ ਪ੍ਰਣਾਲੀ ਨੂੰ ਲਹੂ ਦੀ ਸਪਲਾਈ ਬਹੁਤ ਵਧ ਜਾਂਦੀ ਹੈ ਤੇ ਦਿਮਾਗ ਨੂੰ ਇਹ ਸਪਲਾਈ ਘਟ ਜਾਂਦੀ ਹੈ, ਜਿਸ ਕਾਰਨ ਸਾਨੂੰ ਨੀਂਦ ਆਉਂਦੀ ਹੈ |
• ਸਫੈਦੇ ਦਾ ਦਰੱਖਤ ਇਕ ਸਾਲ ਵਿਚ 10 ਮੀਟਰ ਤੱਕ ਵਧ ਸਕਦਾ ਹੈ |
• ਚੈਕੋਸਲੋਵਾਕੀਆ ਵਿਚ ਆਮ ਵਰਤੋਂ ਲਈ ਪਰਦੇ ਤੇ ਕੰਬਲ ਇਸ ਤਰ੍ਹਾਂ ਦੇ ਤਿਆਰ ਕੀਤੇ ਗਏ ਹਨ, ਜਿਹੜੇ ਗਰਮੀਆਂ ਵਿਚ ਠੰਢੇ ਅਤੇ ਸਰਦੀਆਂ ਵਿਚ ਗਰਮ ਹੋਣਗੇ |
• ਇਕ ਸ਼ਹਿਦ ਦੇ ਛੱਤੇ ਵਿਚ ਤਕਰੀਬਨ 20 ਤੋਂ 60 ਹਜ਼ਾਰ ਮਧੂ-ਮੱਖੀਆਂ ਹੁੰਦੀਆਂ ਹਨ |
• ਰਾਣੀ ਮੱਖੀ ਇਕ ਦਿਨ ਵਿਚ 1500 ਅੰਡੇ ਦਿੰਦੀ ਹੈ ਅਤੇ ਇਸ ਦਾ ਜੀਵਨ ਕਾਲ ਦੋ ਸਾਲ ਦਾ ਹੁੰਦਾ ਹੈ |
-ਅਵਤਾਰ ਸਿੰਘ ਕਰੀਰ,
ਮੋਗਾ |

ਬਾਲ ਕਹਾਣੀ -ਪਛਤਾਵਾ

ਸੰਦੀਪ ਤੇ ਸੋਨੂੰ ਦੋਵੇਂ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ ਅਤੇ ਦੋਵੇਂ ਪੱਕੇ ਮਿੱਤਰ ਸਨ | ਸੰਦੀਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਉਹ ਸਕੂਲ ਦਾ ਸਾਰਾ ਕੰਮ ਵਧੀਆ ਢੰਗ ਨਾਲ ਪੂਰਾ ਕਰਕੇ ਸਮੇਂ-ਸਮੇਂ 'ਤੇ ਅਧਿਆਪਕਾਂ ਤੋਂ ਇਨਾਮ ਪ੍ਰਾਪਤ ਕਰਦਾ ਰਹਿੰਦਾ ਪਰ ਸੋਨੂੰ ਪੜ੍ਹਾਈ ਵਿਚ ਜ਼ਿਆਦਾ ਦਿਲਚਸਪੀ ਨਾ ਲੈਂਦਾ | ਉਹ ਅਧਿਆਪਕਾਂ ਅਤੇ ਆਪਣੇ ਮਾਪਿਆਂ ਤੋਂ ਕੰਮ ਨਾ ਪੂਰਾ ਕਰਨ ਕਰਕੇ ਹਮੇਸ਼ਾ ਝਿੜਕਾਂ ਖਾਂਦਾ ਰਹਿੰਦਾ | ਉਹ ਸੱਤਵੀਂ ਜਮਾਤ ਵਿਚੋਂ ਵੀ ਸਭ ਤੋਂ ਘੱਟ ਨੰਬਰ ਪ੍ਰਾਪਤ ਕਰਕੇ ਮਸਾਂ ਪਾਸ ਹੋਇਆ ਸੀ | ਉਸ ਦਾ ਪੱਕਾ ਮਿੱਤਰ ਸੰਦੀਪ ਵੀ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਲਈ ਬਹੁਤ ਸਮਝਾਉਂਦਾ ਪਰ ਸੋਨੂੰ ਕੋਈ ਖ਼ਾਸ ਅਮਲ ਨਾ ਕਰਦਾ |
ਸੋਨੂੰ ਸਕੂਲ ਵਿਚ ਹੋਰ ਵਿਸ਼ਿਆਂ ਦਾ ਕੰਮ ਕਰੇ ਜਾਂ ਨਾ ਕਰੇ, ਪਰ ਜਦੋਂ ਕੰਪਿਊਟਰ ਦਾ ਪੀਰੀਅਡ ਆਉਂਦਾ ਤਾਂ ਬਹੁਤ ਖ਼ੁਸ਼ ਹੁੰਦਾ | ਉਸ ਨੂੰ ਕੰਪਿਊਟਰ 'ਤੇ ਕੰਮ ਕਰਨਾ ਬਹੁਤ ਚੰਗਾ ਲਗਦਾ ਸੀ, ਪਰ ਸਕੂਲ ਵਿਚ ਜਿੰਨਾ ਸਮਾਂ ਉਸ ਨੂੰ ਕੰਪਿਊਟਰ 'ਤੇ ਕੰਮ ਕਰਨ ਲਈ ਮਿਲਦਾ, ਉਸ ਨਾਲ ਉਸ ਦਾ ਮਨ ਨਾ ਭਰਦਾ | ਇਸ ਲਈ ਉਹ ਹਮੇਸ਼ਾ ਸੋਚਦਾ ਕਿ ਕੰਪਿਊਟਰ ਲਾਜ਼ਮੀ ਘਰ ਵਿਚ ਵੀ ਹੋਣਾ ਚਾਹੀਦਾ ਹੈ | ਇਸ ਲਈ ਉਹ ਕੰਪਿਊਟਰ ਲੈ ਕੇ ਦੇਣ ਲਈ ਕਈ ਵਾਰ ਘਰੇ ਜ਼ਿਦ ਵੀ ਕਰਦਾ, ਪਰ ਉਸ ਦੇ ਘਰ ਦੇ ਆਰਥਿਕ ਪੱਖੋਂ ਗਰੀਬ ਹੋਣ ਕਰਕੇ ਉਸ ਨੂੰ ਕੰਪਿਊਟਰ ਨਹੀਂ ਸਨ ਲੈ ਕੇ ਦੇ ਸਕਦੇ |
ਇਕ ਦਿਨ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮਾਰੋਹ ਵਿਚ ਬੱਚਿਆਂ ਦੇ ਮਾਪੇ, ਪੰਚਾਇਤ ਅਤੇ ਹੋਰ ਕਲੱਬਾਂ ਦੇ ਮੈਂਬਰ ਵੀ ਹਾਜ਼ਰ ਸਨ | ਮੁੱਖ ਮਹਿਮਾਨ ਜੀ ਸਕੂਲ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਤੋਂ ਬਹੁਤ ਖ਼ੁਸ਼ ਹੋਏ | ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸਾਰੇ ਹੀ ਹੋਣਹਾਰ ਅਤੇ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੰਪਿਊਟਰ ਦੇਣ ਦਾ ਐਲਾਨ ਕਰ ਦਿੱਤਾ, ਜਿਸ ਵਿਚ ਸੋਨੂੰ ਤੋਂ ਇਲਾਵਾ ਬਾਕੀ ਸਾਰੀ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਮਿਲਿਆ | ਇਹ ਇਨਾਮ ਪ੍ਰਾਪਤ ਕਰਨ ਵਾਲਿਆਂ ਵਿਚ ਸੰਦੀਪ ਦਾ ਨਾਂਅ ਪਹਿਲੇ ਨੰਬਰ 'ਤੇ ਸੀ | ਹੁਣ ਸੋਨੂੰ ਸੋਚ ਰਿਹਾ ਸੀ ਕਿ ਜੇ ਉਸ ਨੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਆਪਣੇ ਮਿੱਤਰ ਦਾ ਕਹਿਣਾ ਮੰਨ ਕੇ ਵਧੀਆ ਪੜਿ੍ਹਆ ਹੁੰਦਾ ਤਾਂ ਅੱਜ ਉਸ ਨੂੰ ਵੀ ਕੰਪਿਊਟਰ ਮਿਲ ਜਾਣਾ ਸੀ | ਜਿੱਥੇ ਹੁਣ ਉਹ ਸਾਰਿਆਂ ਦੀ ਨਜ਼ਰ ਵਿਚ ਨਲਾਇਕ ਹੋਣ ਲਈ ਸ਼ਰਮਿੰਦਾ ਸੀ, ਉੱਥੇ ਉਹ ਨਾ ਪੜ੍ਹਨ ਤੇ ਲੰਘੇ ਸਮੇਂ 'ਤੇ ਵੀ ਪਛਤਾਅ ਰਿਹਾ ਸੀ |
-ਮਾਸਟਰ ਮੁਹੰਮਦ ਅਕਬਰ
ਗੁਲਬਰਗ ਕਾਲੋਨੀ, ਭੂਮਸੀ ਰੋਡ, ਮਾਲੇਰਕੋਟਲਾ |
ਮੋਬਾ: 98784-78654

ਚੁਟਕਲੇ

• ਜੇ ਮੈਂ ਥੋੜ੍ਹੀ ਮੋਟੀ ਹੋ ਜਾਵਾਂ ਤਾਂ ਤਦ ਵੀ ਤੁਸੀਂ ਮੈਨੂੰ ਇਸ ਤਰ੍ਹਾਂ ਪਿਆਰ ਕਰਦੇ ਰਹੋਗੇ?
ਪਤੀ-ਬਿਲਕੁਲ ਨਹੀਂ, ਮੈਂ ਬੁਰੇ ਦਿਨਾਂ ਵਿਚ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਮੋਟੇ-ਪਤਲੇ ਦੀ ਕੋਈ ਗੱਲ ਨਹੀਂ ਹੋਈ ਸੀ |
• ਭੁਲੱਕੜ ਕਰਮਚਾਰੀ ਲੰਚ ਤੋਂ ਬਾਅਦ ਬੌਸ ਦੇ ਕਮਰੇ ਵਿਚ ਗਿਆ ਤਾਂ ਬੌਸ ਉਸ ਨੂੰ ਦੇਖਦੇ ਹੀ ਚੀਕਿਆ, 'ਇਹ ਕੰਨ ਉੱਤੇ ਕੇਲਾ ਲਗਾ ਕੇ ਕਿਉਂ ਘੰੁਮ ਰਹੇ ਹੋ?'
'ਓਹ, ਇਸ ਦਾ ਮਤਲਬ ਹੈ ਕਿ ਮੈਂ ਲੰਚ ਵਿਚ ਪੈਨਸਿਲ ਖਾ ਗਿਆ |'
• ਅਮਨ (ਦੁਕਾਨਦਾਰ ਨੂੰ )-ਮੈਂ ਇਸ ਬੰਸੁਰੀ ਨੂੰ ਵਾਪਸ ਕਰਨਾ ਚਾਹੁੰਦਾ ਹਾਂ |
ਦੁਕਾਨਦਾਰ-ਪਰ ਇਸ ਵਿਚ ਕੀ ਖਰਾਬੀ ਹੈ?
ਅਮਨ-ਤੈਨੂੰ ਨਜ਼ਰ ਨਹੀਂ ਆਉਂਦਾ, ਇਸ ਵਿਚ ਕਿੰਨੇ ਛੇਕ ਹਨ |
-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |

ਬੁਝਾਰਤਾਂ

1. ਇਕ ਰੁੱਖ ਦੇ ਪੱਤੇ,
ਇਕ ਪਾਸੇ ਕਾਲੇ, ਦੂਜੇ ਪਾਸੇ ਚਿੱਟੇ |
2. ਅਜਬ ਡਿੱਠੀ ਇਕ ਕੁੜੀ,
ਰਾਜੇ ਨਾਲ ਖਾਣਾ ਖਾਵੇ |
3. ਬਿਨ ਪੱਤੇ ਬਿਰਛ ਦੀ ਛਾਂ,
ਦੱਸੋ ਉਹਦਾ ਨਾਂਅ |
4. ਅੰਨ ਖਾਂਦੀ ਪਾਣੀ ਨਾ ਪੀਂਦੀ |
5. ਨਿੱਕਾ ਜਿਹਾ ਸਿਪਾਹੀ,
ਉਹਦੀ ਖਿੱਚ ਕੇ ਵਰਦੀ ਲਾਹੀ |
6. ਏਡੀ ਮੇਰੀ ਲੱਕੜੀ,
ਅਸਮਾਨੇ ਜਾ ਕੇ ਟੱਕਰੀ |
ਉੱਤਰ : (1) ਰਾਤ-ਦਿਨ, (2) ਮੱਖੀ, (3) ਅਮਰਵੇਲ, (4) ਸੁਸਰੀ, (5) ਕੇਲਾ, (6) ਧੰੂਆਂ |
-ਇਕਬਾਲ ਪਾਲੀ,
ਪਿੰਡ ਫਲੌ ਾਡ ਕਲਾਂ (ਮਾਲੇਰਕੋਟਲਾ)-148023.
ਮੋਬਾ: 94786-55572

ਵਿਦਵਾਨਾਂ ਦੀ ਨਜ਼ਰ ਵਿਚ ਗਿਆਨ

• ਅਮਲ ਦੇ ਬਗੈਰ ਗਿਆਨ ਭਾਰ ਹੈ | -ਉਪਨਿਸ਼ਦ
• ਮਸਤੀ ਗਿਆਨ ਦਾ ਨਾਸ਼ ਕਰਦੀ ਹੈ ਪਰ ਬੁੱਧੀ ਨਹੀਂ | -ਐਮਰਸਨ
• ਗਿਆਨ ਹੋਣ 'ਤੇ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ, ਨਹੀਂ ਤਾਂ ਅਗਿਆਨਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ |-ਕਨਫਿਊਸ਼ੀਅਸ
• ਆਪਣੀ ਅਗਿਆਨਤਾ ਤੋਂ ਜਾਣੂ ਹੋਣਾ ਗਿਆਨ ਵੱਲ ਇਕ ਵੱਡਾ ਕਦਮ ਹੈ | -ਡਿਜ਼ਰਾਇਲ
• ਗਿਆਨ ਸ਼ਕਤੀ ਹੈ | -ਫਰਾਂਸਿਸ ਬੇਕਨ
• ਗਿਆਨ ਉਹ ਖੰਭ ਹੈ, ਜਿਸ ਰਾਹੀਂ ਅਸੀਂ ਸਵਰਗ ਵੱਲ ਉਡ ਸਕਦੇ ਹਾਂ |
-ਸ਼ੈਕਸਪੀਅਰ
• ਸੰਗਠਿਤ ਗਿਆਨ ਦਾ ਨਾਂਅ ਵਿਗਿਆਨ ਹੈ | -ਸਪੈਂਸਰ
• ਦੁੱਖ ਅਤੇ ਨੁਕਸਾਨ ਸਹਿਣ ਪਿੱਛੋਂ ਮਨੁੱਖ ਗਿਆਨੀ ਅਤੇ ਨਿਮਰਤਾ ਵਾਲਾ ਬਣ ਜਾਂਦਾ ਹੈ | -ਫਰੈਂਕਲਿਨ
• ਗਿਆਨ ਵੀ ਜਦੋਂ ਹੱਦ ਤੋਂ ਬਾਹਰ ਹੋ ਜਾਂਦਾ ਹੈ ਤਾਂ ਨਾਸਤਿਕਤਾ ਵੱਲ ਮੁੜ ਜਾਂਦਾ ਹੈ |
-ਮੁਨਸ਼ੀ ਪ੍ਰੇਮ ਚੰਦ
• ਨਿਆਂ ਦੇ ਖਤਮ ਹੋਣ ਨਾਲ ਗਿਆਨ ਵੀ ਖਤਮ ਹੋ ਜਾਂਦਾ ਹੈ |
-ਸ਼ੈਕਸਪੀਅਰ
• ਗਿਆਨ ਦੀ ਇਕੋ-ਇਕ ਨਿਸ਼ਾਨੀ ਹੈ ਕਿ ਇਹ ਸਾਧਾਰਨ ਵਿਚੋਂ ਅਸਾਧਾਰਨ ਦੇ ਦਰਸ਼ਨ ਕਰਦਾ ਹੈ | -ਐਮਰਸਨ
• ਗਿਆਨੀ ਉਹ ਹੈ ਜਿਹੜਾ ਵਰਤਮਾਨ ਨੂੰ ਠੀਕ ਤਰ੍ਹਾਂ ਸਮਝ ਸਕੇ ਤੇ ਮੌਕੇ ਮੁਤਾਬਿਕ ਵਿਹਾਰ ਕਰੇ | -ਹੋਮਰ
-ਪ੍ਰੋ: ਪਰਮਜੀਤ ਸਿੰਘ ਨਿੱਕੇ ਘੰੁਮਣ,
410, ਚੰਦਰ ਨਗਰ, ਬਟਾਲਾ |
ਮੋਬਾ: 97816-46008

ਆਜ਼ਾਦ ਭਾਰਤ ਦੇ ਰਾਸ਼ਟਰਪਤੀਆਂ ਦੇ ਨਾਂਅ

1. ਡਾ: ਰਾਜਿੰਦਰ ਪ੍ਰਸ਼ਾਦ ਪੁੱਤਰ ਸ੍ਰੀ ਮਹਾਂਦੇਵ ਸਹਾਏ ਅਤੇ ਮਾਤਾ ਕਮਲੇਸ਼ਵਰੀ ਦੇਵੀ (26 ਜਨਵਰੀ 1950 ਤੋਂ 13 ਮਈ 1962)
2. ਡਾ: ਸਰਵਪਲੀ ਰਾਧਾ ਕ੍ਰਿਸ਼ਨਨ ਪੁੱਤਰ ਸ੍ਰੀ ਐਸ. ਵੀਰਾ ਸਵਾਮੀ, ਮਾਤਾ ਸੀਤਾਮਾ (13 ਮਈ 1962 ਤੋਂ 13 ਮਈ 1967)
3. ਡਾ: ਜ਼ਾਕਿਰ ਹੁਸੈਨ ਪੁੱਤਰ ਸ੍ਰੀ ਫਿਦਾ ਹੁਸੈਨ ਮਾਤਾ ਨਾਜ਼ਨੀਨ ਬੇਗਮ (13 ਮਈ 1967 ਤੋਂ 3 ਮਈ 1969)
4. ਸ੍ਰੀ ਵਰਾਹਗਿਰੀ ਵੈਂਕਟਾਗਿਰੀ (ਐਕਟਿੰਗ) ਪੁੱਤਰ ਸ੍ਰੀ ਵੀ. ਵੀ. ਜੋਗੀਹਾ ਪੰਤੂਲੂ ਮਾਤਾ ਸੁੱਭਦਰਾ ਮਾਂ (3 ਮਈ 1969 ਤੋਂ 20 ਜੁਲਾਈ 1969) (24 ਅਗਸਤ 1969 ਤੋਂ 24 ਅਗਸਤ 1974)
5. ਜਸਟਿਸ ਮੁਹੰਮਦ ਹਿਦਾਇਤਉਲਾ (ਐਕਟਿੰਗ) ਪੁੱਤਰ ਸ੍ਰੀ ਖਾਨ ਬਹਾਦਰ ਹਾਫੀਜ਼ ਮੁਹੰਮਦ ਵਲਾਇਤ ਉਲਾਹ ਮਾਤਾ ਮੋਹਮਦੀ ਬੇਗਮ (20 ਜੁਲਾਈ 1969 ਤੋਂ 24 ਅਗਸਤ 1969)
6. ਫ਼ਖਰੂਦੀਨ ਅਲੀ ਅਹਿਮਦ ਪੁੱਤਰ ਕਰਨਲ ਜ਼ਾਲਕੂਰ ਅਲੀ ਅਹਿਮਦ ਮਾਤਾ ਰਾਕਈਆ ਸੁਲਤਾਨ (24 ਅਗਸਤ 1974 ਤੋਂ 11 ਫਰਵਰੀ 1977)
7. ਸ੍ਰੀ ਬਾਸੱਪਾ ਦਾਨੱਪਾ ਜੱਤੀ (ਐਕਟਿੰਗ) ਪੁੱਤਰ ਦਾਨਪਾ ਮਾਤਾ ਭਾਗਵਾ (11 ਫਰਵਰੀ 1977 ਤੋਂ 25 ਜੁਲਾਈ 1977)
8. ਸ੍ਰੀ ਨੀਲਮ ਸੰਜੀਵਾ ਰੈਡੀ ਪੁੱਤਰ ਨੀਲਮ ਚਿਨੱਪਾ ਰੈਡੀ (25 ਜੁਲਾਈ 1977 ਤੋਂ 25 ਜੁਲਾਈ 1982)
9. ਗਿਆਨੀ ਜ਼ੈਲ ਸਿੰਘ ਪੁੱਤਰ ਭਾਈ ਕਿਸ਼ਨ ਸਿੰਘ ਮਾਤਾ ਇੰਦ ਕੌਰ (25 ਜੁਲਾਈ 1982 ਤੋਂ 25 ਜੁਲਾਈ 1987)
10. ਸ੍ਰੀ ਰਾਮਾਸਵਾਮੀ ਵੈਂਕਟਾਰਮਨ ਪੁੱਤਰ ਰਾਮਾ ਸਵਾਮੀ ਆਈਅਰ (25 ਜੁਲਾਈ 1987 ਤੋਂ 25 ਜੁਲਾਈ 1992)
11. ਡਾ: ਸ਼ੰਕਰ ਦਿਆਲ ਸ਼ਰਮਾ ਪੁੱਤਰ ਖੁਸ਼ੀ ਲਾਲ ਸ਼ਰਮਾ ਮਾਤਾ ਸਬੂਦਰਾ (25 ਜੁਲਾਈ 1992 ਤੋਂ 25 ਮਈ 1997)
12. ਸ੍ਰੀ ਕੋਚੀਰਿਲ ਰਮਨ ਨਾਰਾਇਨ ਪੁੱਤਰ ਕੋਚੀਰਿਲ ਰਮਨ ਵੈਦਿਆਹ ਮਾਤਾ ਪੁਨਰਥ ਓਰਾਵੀਟਿਲ ਪਾਪੀਆਮਾ (25 ਜੁਲਾਈ 1997 ਤੋਂ 25 ਜੁਲਾਈ 2002)
13. ਅਵੁਲ ਪਾਕਿਰ ਜੈਨੁਲਾਬਦੀਨ ਅਬੁਲ ਕਲਾਮ ਪਿਤਾ ਜੈਨੁਲਾਬਦੀਨ, ਮਾਤਾ ਆਸ਼ੀਅਮਾ (25 ਜੁਲਾਈ 2002 ਤੋਂ 2 ਜੁਲਾਈ 2007)
14. ਪ੍ਰਤਿਭਾ ਪਾਟਿਲ ਪਤਨੀ ਸ੍ਰੀ ਭੈਰੋ ਸਿੰਘ ਸ਼ੇਖਾਵਤ (25 ਜੁਲਾਈ 2007 ਤੋਂ 25 ਜੁਲਾਈ 2012)
15. ਪ੍ਰਣਾਬ ਮੁਖਰਜੀ ਪੁੱਤਰ ਕਾਮਡਾ ਕਿੰਕਰ ਮੁਖਰਜੀ ਮਾਤਾ ਰਾਜ ਲਕਸ਼ਮੀ ਮੁਖਰਜੀ (25 ਜੁਲਾਈ 2012 ਤੋਂ....)
-ਅਮਰਜੀਤ ਸਿੰਘ ਗਿੱਲ
ਮੋਬਾਈਲ : 94650-94715.

ਬਾਲ ਗੀਤ

ਰੁੱਤ ਪੜ੍ਹਨ ਦੀ ਆਈ
ਰੁੱਤ ਪੜ੍ਹਨ ਦੀ ਆਈ ਬੇਲੀਓ,
ਰੁੱਤ ਪੜ੍ਹਨ ਦੀ ਆਈ |
ਪੜ੍ਹਨ ਦਾ ਸਭ ਨੂੰ ਫਿਕਰ ਪੈ ਗਿਆ,
ਚਿੰਤਾ ਇਸ ਨੇ ਲਾਈ |
ਆਇਆ ਮੌਸਮ ਪੜ੍ਹਨ ਦਾ ਢੁਕਵਾਂ,
ਲੰਮੀਆਂ ਹੋਈਆਂ ਰਾਤਾਂ,
ਤਪੱਸਿਆ ਵਾਂਗੰੂ ਪੜ੍ਹਨਾ ਪੈਣਾ,
ਹੋਰ ਭੁੱਲ ਕੇ ਬਾਤਾਂ |
ਜੀਵਨ ਦੇ ਵਿਚ ਸਭ ਦੇ ਬੱਚਿਓ,
ਆਉਣੀ ਕੰਮ ਪੜ੍ਹਾਈ,
ਰੁੱਤ ਪੜ੍ਹਨ ਦੀ ਆਈ ਬੇਲੀਓ.... |
ਕਿਤਾਬਾਂ-ਕਾਪੀਆਂ ਪੜ੍ਹਨ ਵਾਸਤੇ,
ਇਕ ਥਾਂ ਸਭ ਟਿਕਾਓ,
ਰੁਚੀ, ਲਗਨ, ਧਿਆਨ ਵੀ ਸਾਰਾ,
ਪੜ੍ਹਾਈ ਦੇ ਵਿਚ ਲਗਾਓ |
ਨਾਲ ਸ਼ੌਕ ਦੇ ਮਿਹਨਤ ਕਰ ਲਓ,
ਪਾਉਣੀ ਜੇ ਵਡਿਆਈ,
ਰੁੱਤ ਪੜ੍ਹਨ ਦੀ ਆਈ ਬੇਲੀਓ..... |
ਰੁਚੀ, ਲਗਨ ਜੇ ਦਿਲ ਵਿਚ ਹੋਵੇ,
ਦਿਮਾਗ ਵੀ ਸੋਚ ਲੜਾਊ,
ਪੜ੍ਹਨ ਨੂੰ ਜੀਅ ਕਰੇਗਾ ਆਪੇ,
ਖਆਲ ਵੀ ਚੰਗਾ ਆਊ |
ਆਤਮਾ ਸਿੰਘ ਚਿੱਟੀ ਨੇ ਇਹੇ,
ਕਵਿਤਾ ਲਿਖ ਸੁਣਾਈ,
ਰੁੱਤ ਪੜ੍ਹਨ ਦੀ ਆਈ ਬੇਲੀਓ...... |
-ਆਤਮਾ ਸਿੰਘ ਚਿੱਟੀ
ਫੋਨ : 0181-2796427

ਬਾਲ ਗੀਤ-- ਤਰੱਕੀ


ਛੱਡ ਕੇ ਲੜਾਈ ਜਿਹੜੇ ਕਰਦੇ ਪੜ੍ਹਾਈ,
ਜ਼ਿੰਦਗੀ 'ਚ ਉਨ੍ਹਾਂ ਨੇ ਤਰੱਕੀ ਬਹੁਤ ਪਾਈ |
ਮਾਪਿਆਂ ਤੋਂ ਲੈਂਦੇ ਪੂਰਾ ਰੱਜ ਕੇ ਪਿਆਰ,
ਦਿੰਦੇ ਅਧਿਆਪਕਾਂ ਨੂੰ ਵੀ ਉਹ ਸਤਿਕਾਰ |
ਕਰਦੇ ਨਾ ਕਦੇ ਵੀ ਜੋ ਕਿਸੇ ਦੀ ਬੁਰਾਈ,
ਜ਼ਿੰਦਗੀ 'ਚ ਉਨ੍ਹਾਂ ਨੇ ਤਰੱਕੀ ਬਹੁਤ ਪਾਈ |
ਮਿਹਨਤ ਦੇ ਨਾਲ ਮਿਲੇ ਦੁਨੀਆ 'ਚ ਮਾਣ,
ਵੱਖਰੀ ਬਣਾਉਂਦੇ ਬੱਚੇ ਆਪਣੀ ਪਛਾਣ |
ਨਹੀਂ ਘਬਰਾਉਂਦੇ ਕੋਈ ਔਕੜ ਜੇ ਆਈ,
ਜ਼ਿੰਦਗੀ 'ਚ ਉਨ੍ਹਾਂ ਨੇ ਤਰੱਕੀ ਬਹੁਤ ਪਾਈ |
ਇਕ-ਇਕ ਪਲ ਦਾ ਉਹ ਜਾਣਦੇ ਨੇ ਮੁੱਲ,
ਵਕਤ ਗਵਾਉਣ ਦੀ ਨਾ ਕੀਤੀ ਕਦੇ ਭੁੱਲ |
ਦੂਜਿਆਂ ਦੀ ਸੋਚਦੇ ਹਮੇਸ਼ਾ ਜੋ ਭਲਾਈ,
ਜ਼ਿੰਦਗੀ 'ਚ ਉਨ੍ਹਾਂ ਨੇ ਤਰੱਕੀ ਬਹੁਤ ਪਾਈ |
-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ |
ਮੋਬਾਈਲ : 98728-68913.

ਮਧੂ-ਮੱਖੀ ਛੱਤਾ ਕਿਵੇਂ ਬਣਾਉਂਦੀ ਹੈ?

ਬੱਚਿਓ, ਮਧੂ-ਮੱਖੀ ਇਕ ਕੀਟ ਹੈ | ਇਹ ਵੱਡੇ ਇਕੱਠ ਜਾਂ ਕਾਲੋਨੀ ਵਿਚ ਰਹਿੰਦੀਆਂ ਹਨ | ਕਾਲੋਨੀ ਦੇ ਮੈਂਬਰਾਂ ਵਿਚ ਵਰਕਰ ਜਾਂ ਕਾਮੇ ਮਾਦਾ ਮੱਖੀਆਂ, ਡਰੋਨਜ਼, ਨਰ ਮੱਖੀਆਂ ਅਤੇ ਰਾਣੀ ਮੱਖੀ ਹੁੰਦੇ ਹਨ | ਇਨ੍ਹਾਂ ਦੀਆਂ 7 ਜਾਤੀਆਂ ਅਤੇ 14 ਉਪ-ਜਾਤੀਆਂ ਹਨ |
ਵਰਕਰ ਛੱਤਾ ਬਣਾਉਂਦੇ ਹਨ | ਉਹ ਸ਼ਹਿਦ ਇਕੱਠਾ ਕਰਨ ਲਈ ਵੱਖ-ਵੱਖ ਫੁੱਲਾਂ ਤੱਕ ਜਾਂਦੇ ਹਨ | ਉਹ ਸ਼ਹਿਦ ਨੂੰ ਛੱਤੇ ਵਿਚ ਇਕੱਠਾ ਕਰਦੇ ਹਨ | ਸਰਦੀਆਂ ਵਿਚ ਇਸ ਸ਼ਹਿਦ ਦੀ ਵਰਤੋਂ ਮੱਖੀਆਂ ਅਤੇ ਲਾਰਵਾ ਕਰਦੇ ਹਨ |
ਕਾਮੇ (ਵਰਕਰ) ਮਧੂ-ਮੱਖੀ ਦੇ ਪੇਟ ਵਿਚ ਮੋਮ ਪੈਦਾ ਕਰਨ ਵਾਲੀ ਗ੍ਰੰਥੀ ਹੁੰਦੀ ਹੈ | ਇਹ ਗ੍ਰੰਥੀ ਸ਼ੂਗਰ ਨੂੰ ਮੋਮ ਵਿਚ ਬਦਲ ਦਿੰਦੀ ਹੈ | ਇਹ ਮੋਮ ਛੇਕਾਂ ਰਾਹੀਂ ਬਹੁਤ ਛੋਟੇ ਟੁਕੜਿਆਂ ਵਿਚ ਪੇਟ 'ਤੇ ਰਿਸਦਾ ਹੈ | ਕਾਮੇ ਮਧੂ-ਮੱਖੀਆਂ ਇਸ ਮੋਮ ਨੂੰ ਆਪਣੇ ਮੰੂਹ ਵਿਚ ਚਬਾਉਂਦੀ ਹੈ | ਜਦੋਂ ਇਹ ਮੋਮ ਬਹੁਤ ਨਰਮ ਹੋ ਜਾਂਦਾ ਹੈ ਤਾਂ ਇਸ ਨਰਮ ਮੋਮ ਨੂੰ ਟਿਊਬ ਜਾਂ ਚੈਂਬਰ ਬਣਾਉਣ ਲਈ ਵਰਤਦੀਆਂ ਹਨ | ਇਸ ਚੈਂਬਰ ਨੂੰ ਸੈੱਲ ਕਹਿੰਦੇ ਹਨ | ਇਹ ਟਿਊਬਾਂ ਛੇ-ਭੁਜੀ ਹੁੰਦੀਆਂ ਹਨ | ਇਨ੍ਹਾਂ ਟਿਊਬਾਂ ਨੂੰ ਮਜ਼ਬੂਤੀ ਨਾਲ ਅੰਦਰੋਂ ਅਤੇ ਬਾਹਰਲੇ ਪਾਸੇ ਤੋਂ ਆਪਸ ਵਿਚ ਜੋੜਨ ਲਈ ਚਿਪਚਿਪਾ ਪਦਾਰਥ ਜਿਸ ਨੂੰ ਪਰੋਪੋਲਿਸ ਕਹਿੰਦੇ ਹਨ, ਰੁੱਖਾਂ ਤੋਂ ਇਕੱਠਾ ਕਰਦੀਆਂ ਹਨ | ਬਹੁਤ ਸਾਰੇ ਚੈਂਬਰਾਂ ਤੋਂ ਬਣੀ ਬਣਤਰ ਨੂੰ ਛੱਤਾ ਕਹਿੰਦੇ ਹਨ | ਇਸ ਛੱਤੇ ਦੇ ਚੈਂਬਰ ਮੋਮ ਦੇ ਬਣੇ ਹੁੰਦੇ ਹਨ, ਜਦੋਂ ਕਿ ਉਪਰਲਾ ਹਿੱਸਾ ਅਤੇ ਪਾਸੇ ਪਰੋਪੋਲਿਸ ਦਾ ਬਣਿਆ ਹੁੰਦਾ ਹੈ | ਰਾਣੀ ਮੱਖੀ ਇਨ੍ਹਾਂ ਟਿਊਬਾਂ ਵਿਚ ਅੰਡੇ ਦਿੰਦੀ ਹੈ | ਇਸ ਛੱਤੇ ਨੂੰ ਬਣਾਉਣ ਲਈ ਤਕਰੀਬਨ 154 ਘੰਟੇ ਜਾਂ ਇਕ ਹਫਤਾ ਲਗਦਾ ਹੈ |
-ਕਰਨੈਲ ਸਿੰਘ ਰਾਮਗੜ੍ਹ,
ਸਾਇੰਸ ਮਾਸਟਰ, ਖਾਲਸਾ ਸਕੂਲ, ਖੰਨਾ | ਮੋਬਾ: 81948-43195

ਬੁਝਾਰਤਾਂ

1. ਵੀਹ ਸੀਸ ਫੜ ਧੜੋਂ ਉਤਾਰੇ, ਕੀਤਾ ਖੂਨ ਨਾ ਜਾਨੋਂ ਮਾਰੇ |
2. ਰਾਜੇ ਦੇ ਰਾਜ 'ਚ ਨਹੀਂ, ਮਾਲੀ ਦੇ ਬਾਗ 'ਚ ਨਹੀਂ |
ਉਹ ਚੀਜ਼ ਖਾਣੀ ਜੀਹਦੇ ਫੋਲਕ ਨਹੀਂ |
3. ਸੜਕ-ਸੜਕ ਰੰੂ ਰੁੜ੍ਹੀ ਜਾਂਦੀ |
4. ਨਿੱਕੀ ਜਿਹੀ ਛੋਕਰੀ, ਉਹਦੇ ਸਿਰ ਗੋਹੇ ਦੀ ਟੋਕਰੀ |
5. ਚੌਰਸ ਪਿੰਜਰ ਆਂਦਰਾਂ ਅਨੇਕ |
6. ਜਲ ਵਿਚ ਹੋਇਆ, ਜਲ ਵਿਚ ਮੋਇਆ,
ਜਲ ਵਿਚ ਉਹਦੇ ਸਾਸ, ਨਾ ਹੱਡੀ ਨਾ ਮਾਸ |
7. ਇਤਨੀ ਕੁ ਡੱਬੀ, ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ |
ਉੱਤਰ : (1) ਨਹੁੰ, (2) ਗੜੇ, (3) ਖਰਗੋਸ਼, (4) ਹੁੱਕੀ, (5) ਮੰਜਾ, (6) ਪਾਣੀ ਦਾ ਬੁਲਬੁਲਾ, (7) ਜਾਨ |
-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) | ਮੋਬਾ: 98763-22677

ਰੌਚਿਕ ਜਾਣਕਾਰੀ

• ਬ੍ਰਹਿਮੰਡ ਵਿਚ ਜੇਕਰ 15 ਸੈਕਿੰਡ ਲਈ ਵੀ ਸਾਹ ਰੁਕ ਜਾਵੇ ਤਾਂ ਮੌਤ ਹੋ ਸਕਦੀ ਹੈ |
• ਤਿਤਲੀ ਆਪਣੇ ਆਂਡਿਆਂ ਨੂੰ ਬਚਾਉਣ ਲਈ ਆਂਡੇ ਅਜਿਹੇ ਫੁੱਲਾਂ ਉੱਪਰ ਦਿੰਦੀ ਹੈ, ਜਿਨ੍ਹਾਂ ਵਿਚ ਕਾਰਡੋਨੋਲਾਇਡ ਨਾਂਅ ਦਾ ਸਟਿਓਡਾਇਡ ਜ਼ਿਆਦਾ ਹੁੰਦਾ ਹੈ | ਇਹ ਪਦਾਰਥ ਆਂਡੇ ਖਾਣ ਵਾਲੇ ਪਰਜੀਵੀਆਂ ਲਈ ਜ਼ਹਿਰੀਲਾ ਹੁੰਦਾ ਹੈ |
• ਕਾਕਰੋਚ ਦੋ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦਾ ਹੈ |
• 'ਰਾਕੇਟ ਫਾਇਰ' ਕਰਨ ਲਈ ਲੋਕਾਂ ਨੂੰ ਤਕਰੀਬਨ ਅੱਧਾ ਮੀਲ ਦੂਰ ਰੱਖਿਆ ਜਾਂਦਾ ਹੈ, ਤਾਂ ਕਿ ਉਨ੍ਹਾਂ ਦੇ ਕੰਨਾਂ ਦੇ ਪਰਦੇ ਨਾ ਫਟ ਜਾਣ, ਕਿਉਂਕਿ ਇਸ ਫਾਇਰ ਨਾਲ 165-170 ਡੈਸੀਬਲ ਆਵਾਜ਼ ਪੈਦਾ ਹੁੰਦੀ ਹੈ |
• ਇਲੈਕਟ੍ਰਾਨਿਕ ਉਤਪਾਦ ਕਰਨ ਵਾਲੀ ਐੱਲ. ਜੀ. ਕੰਪਨੀ ਨੇ ਦੋ ਅਜਿਹੀਆਂ ਸਕਰੀਨਾਂ ਤਿਆਰ ਕੀਤੀਆਂ ਹਨ, ਜੋ ਕਾਗਜ਼ ਦੀ ਤਰ੍ਹਾਂ ਮੁੜ ਸਕਦੀਆਂ ਹਨ |
-ਅਵਤਾਰ ਸਿੰਘ ਕਰੀਰ,
ਸ: ਸੀ: ਸੈ: ਸਕੂਲ (ਕੰਨਿਆ), ਮੋਗਾ |

ਚੁਟਕਲੇ

• ਇਕ ਦਿਨ ਤਾਈ ਨਿਹਾਲੀ ਦੀ ਪੋਤਰੀ ਸਕੂਲ ਪੜ੍ਹਨ ਨਹੀਂ ਸੀ ਗਈ ਤਾਂ ਤਾਈ ਨੇ ਜਦੋਂ ਉਸ ਨੂੰ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਪੋਤਰੀ ਕਹਿਣ ਲੱਗੀ, 'ਦਾਦੀ ਮਾਂ, ਕੱਲ੍ਹ ਸਾਡਾ ਅੰਗਰੇਜ਼ੀ ਦਾ ਇਗਜ਼ਾਮ ਐ, ਇਸ ਕਰਕੇ ਅੱਜ ਛੁੱਟੀ ਐ |' ਅੱਗੇ ਨਿਹਾਲੀ ਕਹਿਣ ਲੱਗੀ, 'ਕੁੜੇ ਹੁਣ ਜ਼ੁਕਾਮ ਵੀ ਅੰਗਰੇਜ਼ੀ 'ਚ ਹੋਣ ਲੱਗ ਪਿਐ... ਪੁੱਤ ਪੜ੍ਹਾਈ ਦੇ ਦਿਨ ਨੇ, ਚੱਲ ਚੰਗਾ ਮੈਂ ਫਿਰ ਰੋਟੀ ਖਾਣ ਤੋਂ ਬਾਅਦ ਤੈਨੂੰ ਸ਼ਰਮੇ ਡਾਕਟਰ ਕੋਲੋਂ ਚੰਗੀ ਜਿਹੀ ਦਵਾਈ ਲਿਆ ਕੇ ਦਿੰਨੀ ਐਾ... |
• ਇਕ ਦਿਨ ਤਾਈ ਨਿਹਾਲੀ ਤੇ ਉਸ ਦਾ ਦੀਪੂ ਪੋਤਰਾ ਬੱਸ ਵਿਚ ਬੈਠ ਕੇ ਬਾਜ਼ਾਰੋਂ ਆ ਰਹੇ ਸਨ | ਪਿਛਲੀ ਸੀਟ 'ਤੇ ਦੀਪੂ ਦੇ ਸਕੂਲ ਵਾਲੀ ਡੀ. ਪੀ. ਮੈਡਮ ਬੈਠੀ ਸੀ | ਮੈਡਮ ਨੂੰ ਦੇਖਣ ਉਪਰੰਤ ਦੀਪੂ ਨੇ ਆਪਣੀ ਦਾਦੀ ਮਾਂ ਨੂੰ ਦੱਸਿਆ ਕਿ ਜਿਹੜੇ ਆਪਣੇ ਪਿੱਛੇ ਬੈਠੇ ਨੇ, ਉਹ ਸਾਡੇ ਡੀ. ਪੀ. ਮੈਡਮ ਨੇ, ਸਾਨੂੰ ਖੋ-ਖੋ ਸਿਖਾਉਂਦੇ ਹੁੰਦੇ ਨੇ |
ਦੀਪੂ ਦੀ ਗੱਲ ਸੁਣ ਕੇ ਨਿਹਾਲੀ ਪਿਛਾਂਹ ਨੂੰ ਮੰੂਹ ਭਮਾਉਂਦਿਆਂ ਮੈਡਮ 'ਤੇ ਨਜ਼ਲਾ ਝਾੜਦਿਆਂ ਉਸ ਨੂੰ ਕਹਿਣ ਲੱਗੀ, ਕੁੜੇ ਕੁੜੀਏ ਤੰੂ ਸਕੂਲ ਵਿਚ ਕੋਈ ਚੱਜ ਦੀ ਗੱਲ ਵੀ ਸਿਖਾ ਦਿਆ ਕਰ... ਜਵਾਕਾਂ ਨੂੰ ਐਵੇਂ ਲੁੱਟ-ਖੋਹ ਵਾਲੀਆਂ ਹੀ ਗੱਲਾਂ ਸਿਖਾਈ ਜਾਨੀ ਐਾ... ਆਹ ਦੀਪੂ ਪਰਸੋਂ ਮੇਰੀ ਕੁੜਤੀ ਦੇ ਖੀਸੇ 'ਚੋਂ ਦੋ ਰੁਪਏ ਕੱਢ ਕੇ ਲੈ ਗਿਆ... ਨਾਲੇ ਪਹਿਲਾਂ ਵੀ ਇਹਨੇ ਦੋ-ਚਾਰ ਵਾਰ ਅਜਿਹੀਆਂ ਹਰਕਤਾਂ ਕੀਤੀਆਂ ਨੇ... |
• ਇਕ ਵਾਰ ਤਾਈ ਨਿਹਾਲੀ ਦਾ ਪੋਤਰਾ ਰਾਹੁਲ ਤਾਈ ਨੂੰ ਕਹਿਣ ਲੱਗਾ, 'ਬੇਬੇ, ਮੈਂ ਕੱਲ੍ਹ ਨੂੰ ਸਕੂਲ 'ਚ ਦਾਦੀ ਮਾਂ 'ਤੇ ਲੇਖ ਲਿਖਾ ਕੇ ਲਿਜਾਣਾ ਹੈ, ਤੰੂ ਮੈਨੂੰ ਥੋੜ੍ਹਾ ਜਿਹਾ ਚਾਨਣਾ ਪਾ ਦੇ |'
ਦਾਦੀ-ਵੇ ਪੁੱਤ, ਤੰੂ ਇਉਂ ਕਰੀਂ ਕਿ ਲੇਖ ਤਾਂ ਭਾਵੇਂ ਦਾਦੀ ਮਾਂ 'ਤੇ ਸੌ ਵਾਰ ਲਿਖ ਲੈ, ਪਰ ਜਾਹ ਅੰਦਰ ਮੰਜੀ ਤੋਂ ਮੇਰੀ ਪੁਰਾਣੀ ਜਿਹੀ ਚਿੱਟੇ ਰੰਗ ਵਾਲੀ ਮਲਮਲ ਦੀ ਕੁੜਤੀ ਪਈ ਐ, ਉਹ ਚੁੱਕ ਲਿਆ, ਮੈਨੂੰ ਪਾ ਲੈਣ ਦੇ, ਫੇਰ ਤੰੂ ਢੂਈ ਵਾਲੇ ਪਾਸੇ ਲਿਖ ਲਈਾ, ਪਰ ਮੈਂ ਤੇਰੇ ਨਾਲ ਸਕੂਲ ਨਹੀਂ ਜਾਣਾ, 'ਕੱਲੀ ਕੁੜਤੀ ਹੀ ਲੈ ਜਾਵੀਂ |
-ਡਾ: ਸਾਧੂ ਰਾਮ ਲੰਗੇਆਣਾ (ਨੰਬਰਦਾਰ),
ਪਿੰਡ ਲੰਗੇਆਣਾ ਕਲਾਂ (ਮੋਗਾ) |
ਮੋਬਾ: 98781-17285

ਬਾਲ ਕਹਾਣੀ --ਲਾਲਚ ਦਾ ਢਿੱਡ

ਇਕ ਵਾਰ ਪਿੰਡ ਵਿਚ ਇਕ ਸਾਧੂ ਆਇਆ | ਉਸ ਨੇ ਪਿੰਡੋਂ ਬਾਹਰ ਰਹਿਣ ਲਈ ਇਕ ਝੁੱਗੀ ਬਣਾ ਲਈ | ਉਹ ਹਰ ਰੋਜ਼ ਪਿੰਡ ਵਿਚ ਤੂੰਬੇ ਨੂੰ ਵਜਾਉਂਦਾ, ਗੀਤ ਗਾਉਂਦਾ ਅਤੇ ਸਾਰੇ ਪਿੰਡ ਦਾ ਚੱਕਰ ਲਗਾਉਂਦਾ ਸੀ | ਉਸ ਨੂੰ ਪਿੰਡ ਵਿਚੋਂ ਜੋ ਮਿਲਦਾ, ਉਹ ਲੈ ਕੇ ਵਾਪਸ ਝੁੱਗੀ ਵਿਚ ਆ ਜਾਂਦਾ | ਬੱਚਿਆਂ ਨੂੰ ਉਸ ਦੇ ਤੂੰਬੇ ਦੀ ਆਵਾਜ਼ ਬਹੁਤ ਪਿਆਰੀ ਲਗਦੀ ਸੀ, ਜਿਸ ਨੂੰ ਸੁਣਨ ਲਈ ਬੱਚੇ ਉਸ ਦੇ ਪਿੱਛੇ-ਪਿੱਛੇ ਹੱਸਦੇ-ਖੇਡਦੇ ਸਾਰੇ ਪਿੰਡ ਦਾ ਚੱਕਰ ਲਗਾ ਲੈਂਦੇ ਸੀ | ਸਾਧੂ ਦੇ ਤੂੰਬੇ ਦੀ ਆਵਾਜ਼ ਅਤੇ ਉਸ ਦੇ ਗੀਤਾਂ ਨਾਲ ਕੀਲੇ ਬੱਚੇ ਉਸ ਦੇ ਨਾਲ ਹੀ ਉਸ ਦੀ ਝੁੱਗੀ ਵਿਚ ਆ ਕੇ ਬੈਠ ਜਾਂਦੇ ਸਨ | ਸਾਧੂ ਨਾਲ ਆਏ ਸਾਰੇ ਬੱਚਿਆਂ ਨੂੰ ਪਾਣੀ ਪਿਲਾਉਂਦਾ ਅਤੇ ਪਿੰਡੋਂ ਮਿਲੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਸਭ ਬੱਚਿਆਂ ਵਿਚ ਬਰਾਬਰ ਵੰਡ ਦਿੰਦਾ ਸੀ ਅਤੇ ਫਿਰ ਉਨ੍ਹਾਂ ਬੱਚਿਆਂ ਨੂੰ ਗਿਆਨ ਅਤੇ ਹਾਸੇ ਨਾਲ ਭਰੀਆ ਕਹਾਣੀਆਂ ਸੁਣਾਉਂਦਾ | ਬੱਚੇ ਬਹੁਤ ਖੁਸ਼ ਹੁੰਦੇ ਅਤੇ ਹੱਸਦੇ-ਖੇਡਦੇ ਘਰਾਂ ਨੂੰ ਵਾਪਸ ਚਲੇ ਜਾਂਦੇ | ਹਰ ਰੋਜ਼ ਇਸੇ ਤਰ੍ਹਾਂ ਬੱਚੇ ਸਾਧੂ ਨਾਲ ਹੱਸਦੇ-ਖੇਡਦੇ |
ਇਕ ਦਿਨ ਪਿੰਡ ਦੀ ਫੇਰੀ ਲਗਾਉਣ ਤੋਂ ਬਾਅਦ ਜਦੋਂ ਸਾਰੇ ਬੱਚੇ ਸਾਧੂ ਦੇ ਆਲੇ-ਦੁਆਲੇ ਇਕੱਠੇ ਹੋ ਕੇ ਬੈਠ ਗਏ ਤਾਂ ਅਨੁਰਾਜ ਬੋਲਿਆ, 'ਬਾਬਾ ਜੀ ਜਦੋਂ ਤੁਸੀਂ ਹੱਸਦੇ ਹੋ ਤਾਂ ਤੁਹਾਡਾ ਵੱਡਾ ਸਾਰਾ ਢਿੱਡ ਬਹੁਤ ਹਿੱਲਦਾ ਹੈ, ਜਿਸ ਨੂੰ ਦੇਖ ਕੇ ਮੇਰਾ ਹਾਸਾ ਬੰਦ ਹੀ ਨਹੀਂ ਹੁੰਦਾ | ਬਾਬਾ ਜੀ ਤੁਹਾਡੇ ਵੱਡੇ ਢਿੱਡ ਦਾ ਕੀ ਭੇਦ ਹੈ? ਇਹ ਐਡਾ ਵੱਡਾ ਕਿਵੇਂ ਹੋਇਆ?' ਇਹ ਸੁਣ ਕੇ ਸਾਧੂ ਬੋਲਿਆ, 'ਬੱਚਿਓ ਇਹ ਮੇਰਾ ਲਾਲਚ ਦਾ ਢਿੱਡ ਹੈ, ਜਿਸ ਨੇ ਮੈਨੂੰ ਸਾਧੂ ਹੋਣ ਲਈ ਮਜਬੂਰ ਕਰ ਦਿੱਤਾ |'
'ਲਾਲਚ ਦਾ ਢਿੱਡ!' ਸਾਰੇ ਬੱਚੇ ਹੈਰਾਨ ਹੋ ਕੇ ਬੋਲੇ |
'ਹਾਂ ਲਾਲਚ ਦਾ ਢਿੱਡ', ਸਾਧੂ ਬੋਲਿਆ, 'ਬੱਚਿਓ ਇਹ ਲਾਲਚ ਦਾ ਢਿੱਡ ਪਤਾ ਕਿਵੇਂ ਬਣਦਾ? ਜਦੋਂ ਆਪਾਂ ਆਪਣੀ ਜੀਭ ਦੇ ਸਵਾਦ 'ਤੇ ਕਾਬੂ ਨਹੀਂ ਪਾਉਂਦੇ ਤਾਂ ਇਹ ਲਾਲਚ ਦਾ ਢਿੱਡ ਨਿਕਲ ਆਉਂਦਾ ਹੈ | ਮੈਂ ਵੀ ਜਦੋਂ ਛੋਟਾ ਸੀ ਤਾਂ ਜੀਭ ਦੇ ਸਵਾਦ ਕਰਕੇ ਲਾਲਚ ਵਿਚ ਮੈਂ ਆਪਣੇ ਨਾਲ ਦੇ ਬੱਚਿਆਂ ਦੀਆਂ ਚੀਜ਼ਾਂ ਕੱਢ ਕੇ ਖਾ ਜਾਂਦਾ ਸੀ | ਹੌਲੀ-ਹੌਲੀ ਮੈਨੂੰ ਕਈ ਬਿਮਾਰੀਆਂ ਲੱਗ ਗਈਆਂ | ਮੈਨੂੰ ਉੱਠਣ, ਬੈਠਣ ਵਿਚ ਬਹੁਤ ਮੁਸ਼ਕਿਲ ਆ ਗਈ | ਇਸ ਲਈ ਮੈਂ ਆਪਣੇ ਕੰਮ-ਧੰਦੇ ਛੱਡ ਕੇ ਸਾਧੂ ਬਣ ਗਿਆ ਅਤੇ ਪਿੰਡਾਂ ਵਿਚ ਚੱਕਰ ਲਗਾਉਣ ਲੱਗਿਆ | ਪਿੰਡ ਦੀ ਫੇਰੀ ਤੋਂ ਜੋ ਮਿਲਦਾ, ਉਹ ਥੋੜ੍ਹਾ-ਬਹੁਤਾ ਖਾ ਲੈਂਦਾ ਹਾਂ ਅਤੇ ਬਾਕੀ ਪੰਛੀਆਂ ਨੂੰ ਖਵਾ ਦਿੰਦਾ ਹਾਂ | ਪਿੰਡ ਦਾ ਪੈਦਲ ਚੱਕਰ ਲਗਾਉਣ ਨਾਲ ਮੇਰਾ ਢਿੱਡ ਅਤੇ ਸਰੀਰ ਅੱਗੇ ਨਾਲੋਂ ਬਹੁਤ ਘਟ ਗਏ ਹਨ | ਇਸ ਲਈ ਬੱਚਿਓ, ਆਪਣੇ ਹਿੱਸੇ ਦੀ ਚੀਜ਼ ਜਾਂ ਖਾਣਾ ਖਾਣ ਤੋਂ ਬਾਅਦ ਲਾਲਚ ਵਿਚ ਦੂਜੇ ਦਾ ਹਿੱਸਾ ਸਾਨੂੰ ਕਦੇ ਨਹੀਂ ਖਾਣਾ ਚਾਹੀਦਾ | ਜੀਭ ਦੇ ਸਵਾਦ 'ਤੇ ਕਾਬੂ ਰੱਖਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਇਸ ਲਾਲਚ ਦੇ ਢਿੱਡ ਤੋਂ ਬਚ ਸਕਦੇ ਹੋ | ਗਿਆਨ ਦੀਆਂ ਗੱਲਾਂ ਸੁਣ ਕੇ ਸਭ ਬੱਚਿਆਂ ਨੇ ਤਾੜੀਆਂ ਵਜਾਈਆਂ ਅਤੇ ਆਪੋ-ਆਪਣੇ ਘਰਾਂ ਨੂੰ ਵਾਪਸ ਚਲੇ ਗਏ |
-ਰਾਜਮਿੰਦਰਪਾਲ ਸਿੰਘ ਪਰਮਾਰ,
ਸ: ਐ: ਸਕੂਲ, ਬੁਰਜ ਹਰੀ ਸਿੰਘ, ਬਲਾਕ ਰਾਏਕੋਟ, ਲੁਧਿਆਣਾ |
ਮੋਬਾ: 88728-21900

ਆਓ! ਗਣਤੰਤਰ ਦਿਵਸ ਮੌਕੇ ਤਿਰੰਗੇ ਪ੍ਰਤੀ ਵਫ਼ਾਦਾਰ ਰਹਿਣ ਦਾ ਪ੍ਰਣ ਕਰੀਏ

ਪਿਆਰੇ ਬੱਚਿਓ! ਭਾਰਤ ਦੇਸ਼ ਅੰਦਰ ਵੈਸੇ ਸਾਰਾ ਸਾਲ ਹੀ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ | ਇਨ੍ਹਾਂ ਵਿਚ ਰਾਸ਼ਟਰੀ ਤਿਉਹਾਰ 26 ਜਨਵਰੀ ਗਣਤੰਤਰ ਦਿਵਸ ਅਤੇ 15 ਅਗਸਤ ਆਜ਼ਾਦੀ ਦਿਵਸ ਬਹੁਤ ਹੀ ਮਹੱਤਵਪੂਰਨ ਹਨ | ਗਣਤੰਤਰ ਦਿਵਸ (26 ਜਨਵਰੀ ਨੂੰ ) ਹਰ ਪਿੰਡ, ਹਰ ਸ਼ਹਿਰ ਵਿਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪੰਜਾਬੀ, ਬੰਗਾਲੀ, ਮਦਰਾਸੀ, ਹਰਿਆਣਵੀ, ਹਰ ਪ੍ਰਾਂਤ ਦੇ ਵਾਸੀ ਇਸ ਦਿਨ ਤਿਰੰਗਾ ਲਹਿਰਾਉਂਦੇ ਹਨ | 26 ਜਨਵਰੀ, 1950 ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ | ਇਸੇ ਸੰਦਰਭ ਵਿਚ ਦੇਸ਼ ਵਾਸੀ ਤਿਰੰਗੇ ਦੇ ਗੀਤ, ਏਕਤਾ ਦੇ ਗੀਤ, ਦੇਸ਼ ਭਗਤੀ ਦੇ ਗੀਤ, ਬੋਲੀਆਂ, ਕੌਮੀ ਏਕਤਾ ਦੀਆਂ ਝਾਕੀਆਂ, ਗਿੱਧਾ, ਭੰਗੜਾ ਆਦਿ ਪਾ ਕੇ ਗਣਤੰਤਰ ਦਿਵਸ ਮਨਾਉਂਦੇ ਹਨ | ਇਸ ਮੌਕੇ ਦਿੱਲੀ ਵਿਖੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਰਾਸ਼ਟਰੀ ਗਾਨ ਗਾਇਆ ਜਾਂਦਾ ਹੈ | ਭਾਰਤ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸਾਰੇ ਉੱਚ-ਅਧਿਕਾਰੀ ਇਸ ਮੌਕੇ ਸ਼ਾਮਿਲ ਹੁੰਦੇ ਹਨ | ਸਮਾਗਮ ਵਿਚ ਮੁੱਖ ਮਹਿਮਾਨ ਪਰੇਡ ਤੋਂ ਸਲਾਮੀ ਲੈਂਦਾ ਹੈ ਅਤੇ ਪਰੇਡ ਦਾ ਮੁਆਇਨਾ ਕਰਦਾ ਹੈ | ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀ ਸਲਾਮੀ ਦਿੰਦੇ ਹਨ | ਤਿੰਨੋਂ ਸੈਨਾਵਾਂ ਵੱਲੋਂ ਬਹਾਦਰੀ ਦੇ ਵੱਖ-ਵੱਖ ਕਰਤੱਵ ਦਿਖਾਏ ਜਾਂਦੇ ਹਨ | ਵੱਖ-ਵੱਖ ਪ੍ਰਾਂਤਾਂ ਵੱਲੋਂ ਕੌਮੀ ਏਕਤਾ ਨੂੰ ਦਰਸਾਉਂਦੀਆਂ ਬਹੁਤ ਹੀ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ | ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਨਾਚ, ਗਿੱਧੇ ਤੇ ਭੰਗੜੇ ਪੇਸ਼ ਕੀਤੇ ਜਾਂਦੇ ਹਨ | ਸਮਾਗਮ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਸਭ ਧਰਮਾਂ, ਜਾਤਾਂ ਅਤੇ ਵਰਗਾਂ ਦੇ ਲੋਕ ਸ਼ਾਮਿਲ ਹੁੰਦੇ ਹਨ |
ਪਿਆਰੇ ਬੱਚਿਓ! ਹੁਣ ਸਕੂਲਾਂ ਵਿਚ ਤੁਸੀਂ ਵੀ ਤਿਰੰਗਾ 26 ਜਨਵਰੀ ਨੂੰ ਲਹਿਰਾਉਣਾ ਹੈ | ਆਓ ਇਸ ਬਾਰੇ ਵੀ ਗੱਲਬਾਤ ਕਰ ਲਈਏ | ਸਾਰੇ ਵਿਦਿਆਰਥੀ ਤਿੰਨ ਬਾਹੀਆਂ ਵਿਚ ਖੜ੍ਹੇ ਹੋਣਗੇ ਅਤੇ ਚੌਥੀ ਬਾਹੀ ਵਿਚ ਤਿਰੰਗਾ ਹੋਵੇਗਾ | ਤਿਰੰਗਾ ਲਹਿਰਾਉਣ ਵਾਲਾ ਵਿਅਕਤੀ ਤਿਰੰਗੇ ਵਾਲੇ ਸਥਾਨ ਤੋਂ 3 ਕਦਮ ਪਿੱਛੇ ਖੜ੍ਹਾ ਹੋਵੇਗਾ | ਹਰ ਜਮਾਤ ਦਾ ਹੁਸ਼ਿਆਰ ਵਿਦਿਆਰਥੀ ਆਪਣੀ ਜਮਾਤ ਦੇ ਸੱਜੇ ਹੱਥ ਖੜ੍ਹਾ ਹੋਵੇਗਾ | ਝੰਡਾ ਲਹਿਰਾਉਣ ਤੋਂ ਪਹਿਲਾਂ ਹੁਸ਼ਿਆਰ ਬੱਚਾ (ਮਨੀਟਰ) ਪਰੇਡ ਨੂੰ ਸਾਵਧਾਨ ਕਰਵਾਏਗਾ | ਮੁੱਖ ਮਹਿਮਾਨ ਤਿਰੰਗਾ ਲਹਿਰਾਏਗਾ | ਪਰੇਡ ਸਲਾਮੀ ਦੇਵੇਗੀ ਅਤੇ ਹੁਕਮ ਮਿਲਣ 'ਤੇ ਸਾਵਧਾਨ ਹੋ ਜਾਵੇਗੀ | ਰਾਸ਼ਟਰੀ ਝੰਡੇ ਦੀ ਸਲਾਮੀ ਪਿੱਛੋਂ ਰਾਸ਼ਟਰੀ ਗੀਤ ਪੇਸ਼ ਕੀਤਾ ਜਾਵੇਗਾ | ਇਸ ਤਰ੍ਹਾਂ ਸਕੂਲਾਂ ਵਿਚ ਵੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਸਕਦੀ ਹੈ | ਆਜ਼ਾਦੀ ਦੀ ਪ੍ਰਾਪਤੀ ਲਈ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਬਹੁਤ ਸਾਰੇ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵੀ ਦੇਸ਼ ਤੋਂ ਵਾਰ ਦਿੱਤੀਆਂ | ਇਸ ਲਈ ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਗਣਤੰਤਰ ਤੇ ਆਜ਼ਾਦੀ ਦਿਵਸ ਵਰਗੇ ਸਮਾਗਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਰਾਸ਼ਟਰੀ ਝੰਡੇ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣ ਦਾ ਪ੍ਰਣ ਕਰਨਾ ਚਾਹੀਦਾ ਹੈ |
-ਪਿੰਡ ਤੇ ਡਾਕ: ਥੇਂਦਾ ਚਿੱਪੜਾ (ਹੁਸ਼ਿਆਰਪੁਰ) |

ਬਾਲ ਗੀਤ ਛੱਬੀ ਜਨਵਰੀ

ਛੱਬੀ ਜਨਵਰੀ ਦਾ ਦਿਨ,
ਸਾਡੇ ਦੇਸ਼ ਦੇ ਲਈ ਮਹਾਨ,
ਇਸ ਦਿਨ ਲਾਗੂ ਹੋਇਆ,
ਸਾਡੇ ਭਾਰਤ ਦਾ ਸੰਵਿਧਾਨ |
ਜਾਨਾਂ ਵਾਰ ਕੇ ਲਈ ਆਜ਼ਾਦੀ
ਦੇਸ਼ ਦਿਆਂ ਸੂਰਬੀਰਾਂ,
ਖੂਨ ਡੋਲ੍ਹ ਕੇ ਬਦਲ ਦਿੱਤੀਆਂ, ਦੇਸ਼ ਦੀਆਂ ਤਕਦੀਰਾਂ |
ਵਤਨ ਦੀ ਖਾਤਰ ਹੱਸ-ਹੱਸ ਕੇ, ਹੋ ਗਏ ਉਹ ਕੁਰਬਾਨ |
ਛੱਬੀ ਜਨਵਰੀ ਦਾ ਦਿਨ,
ਸਾਡੇ ਦੇਸ਼ ਦੇ ਲਈ ਮਹਾਨ |
ਰਾਜਗੁਰੂ, ਸੁਖਦੇਵ, ਭਗਤ ਸਿੰਘ
ਫਾਂਸੀਆਂ ਉੱਤੇ ਚੜ੍ਹ ਗਏ,
ਤੋੜ ਗ਼ੁਲਾਮੀ ਦੀਆਂ ਜ਼ੰਜੀਰਾਂ
ਦੇਸ਼ ਆਜ਼ਾਦ ਉਹ ਕਰ ਗਏ |
ਊਧਮ, ਬੋਸ, ਸਰਾਭੇ,
ਲਾਜਪਤ ਵਾਰ ਦਿੱਤੀ ਸੀ ਜਾਨ,
ਛੱਬੀ ਜਨਵਰੀ ਦਾ ਦਿਨ,
ਸਾਡੇ ਦੇਸ਼ ਲਈ ਮਹਾਨ |
ਆਓ! ਸਾਰੇ ਇਕਮੁੱਠ ਹੋ ਕੇ ਰੱਖੀਏ ਕਾਇਮ ਆਜ਼ਾਦੀ,
ਧਰਮ ਦੇ ਨਾਂਅ 'ਤੇ ਵੰਡੀਆਂ ਪਾ ਕੇ, ਕਰੀਏ ਨਾ ਬਰਬਾਦੀ |
'ਡਾਲਵੀ' ਉਨ੍ਹਾਂ ਸ਼ਹੀਦਾਂ ਤਾਈਾ ਲੱਖ ਵਾਰੀ ਪ੍ਰਣਾਮ,
ਛੱਬੀ ਜਨਵਰੀ ਦਾ ਦਿਨ, ਸਾਡੇ ਦੇਸ਼ ਲਈ ਮਹਾਨ |
-ਬਹਾਦਰ ਡਾਲਵੀ,
ਮੋਬਾ: 94172-35502

ਬਾਲ ਗੀਤ ਪੜ੍ਹਾਈ

ਦਿਲ ਲਾ ਕੇ ਕਰ ਲਓ ਪੜ੍ਹਾਈ ਬੱਚਿਓ,
ਜ਼ਿੰਦਗੀ 'ਚ ਕੰਮ ਥੋਡੇ ਆਊ ਬੱਚਿਓ |
ਕਰਦੇ ਜੋ ਮਿਹਨਤਾਂ ਦੇ ਨਾਲ ਪੜ੍ਹਾਈ,
ਕਰਦੇ ਉਹ ਤਰੱਕੀਆਂ ਜ਼ਿੰਦਗੀ 'ਚ ਸਦਾਈ |
ਮੰਨਦੇ ਜੋ ਵੱਡਿਆਂ ਦਾ ਕਹਿਣਾ ਬੱਚਿਓ,
ਬਣਦੇ ਉਹ ਮਾਪਿਆਂ ਦਾ ਗਹਿਣਾ ਬੱਚਿਓ |
ਸਾਡੇ ਸੋਹਣੇ ਸੰਸਾਰ ਦੇ ਤੁਸੀਂ ਤਾਰੇ ਹੋ,
ਵੱਡੇ ਹੋ ਬਣਨਾ ਤੁਸੀਂ ਨਿਆਰੇ ਹੋ |
ਕਰਦੇ ਜੋ ਸਮੇਂ ਦੀ ਕਦਰ ਬੱਚਿਓ,
ਹੋਣ ਉਹੀ ਜ਼ਿੰਦਗੀ 'ਚ ਸਫਲ ਬੱਚਿਓ |
'ਅਮਨ ਫਰੀਦਕੋਟ' ਦਾ ਕਹਿਣਾ ਬੱਚਿਓ,
ਜ਼ਿੰਦਗੀ 'ਚ ਸਦਾ ਅੱਗੇ ਰਹਿਣਾ ਬੱਚਿਓ |
-ਅਮਨਦੀਪ ਕੌਰ,
ਸ: ਪ੍ਰਾ: ਸਕੂਲ, ਖੋਸਾ ਪਾਂਡੋ, ਫਰੀਦਕੋਟ |

ਬਾਲ ਗੀਤ ਸੋਹਣਿਆ ਤਿਰੰਗਿਆ

ਦੇਸ਼ ਦਿਆ ਝੰਡਿਆ ਵੇ,
ਸੋਹਣਿਆ ਤਿਰੰਗਿਆ ਵੇ,
ਤੰੂ ਹੀ ਸਾਡੇ ਦੇਸ਼ ਦੀ ਏਾ ਸ਼ਾਨ |
ਅਸੀਂ ਤਾਂ ਜਿਊਾਦੇ ਬੱਸ,
ਤੰੂ ਹੀ ਸਾਡੀ ਜ਼ਿੰਦਗੀ |
ਕਰਦੇ ਹਾਂ ਪੂਜਾ ਤੇਰੀ,
ਤੰੂ ਹੀ ਸਾਡੀ ਬੰਦਗੀ |
ਤੰੂ ਹੀ ਸਾਡੇ ਸਾਹਾਂ ਵਿਚ,
ਤੰੂ ਹੀ ਸਾਡੇ ਰਾਹਾਂ ਵਿਚ |
ਤੰੂ ਹੀ ਸਾਡੀ ਜਿੰਦ ਤੇ ਪ੍ਰਾਣ,
ਦੇਸ਼ ਦਿਆ ਝੰਡਿਆ.... |
ਹਰਾ ਰੰਗ ਤੇਰਾ,
ਹਰਿਆਲੀ ਕੋਲੋਂ ਮੰਗਿਆ |
ਰੰਗ ਕੇਸਰੀ ਵੀ,
ਕੁਰਬਾਨੀ ਕੋਲੋਂ ਮੰਗਿਆ |
ਲੈ ਲਿਆ ਸਫੈਦ ਰੰਗ,
ਅਮਨ ਤੇ ਸ਼ਾਂਤੀ ਦਾ |
ਜਾਣੇ ਜਿਹਨੂੰ,
ਸਾਰਾ ਹੀ ਜਹਾਨ |
ਦੇਸ਼ ਦਿਆ ਝੰਡਿਆ.... |

ਚੱਕਰ ਅਸ਼ੋਕ ਦਾ ਵੀ,
ਇਹੋ ਸਾਨੂੰ ਦੱਸਦਾ |
ਰੁਕਦਾ ਕਦੇ ਨ੍ਹੀਂ ਸਮਾਂ,
ਰਹੇ ਸਦਾ ਨੱਸਦਾ |
ਚੱਲਣਾ ਪਵੇਗਾ ਸਾਨੂੰ,
ਸਮੇਂ ਵਾਲੀ ਚਾਲ |
ਤਾਹੀਓਾ ਬਣੂ ਸਾਡਾ,
ਭਾਰਤ ਮਹਾਨ |
ਦੇਸ਼ ਦਿਆ ਝੰਡਿਆ ਵੇ,
ਸੋਹਣਿਆ ਤਿਰੰਗਿਆ ਵੇ,
ਤੰੂ ਹੀ ਸਾਡੇ ਦੇਸ਼ ਦੀ ਏਾ ਸ਼ਾਨ |
-ਮੇਘਦਾਸ ਜਾਵੰਦਾ,
ਸ: ਮਿ: ਸਕੂਲ, ਭਰਥਲਾ, ਸਮਰਾਲਾ (ਲੁਧਿਆਣਾ) | ਮੋਬਾ: 84275-00911


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX