ਤਾਜਾ ਖ਼ਬਰਾਂ


ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  35 minutes ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  52 minutes ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  about 1 hour ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  about 1 hour ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  about 2 hours ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  about 2 hours ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 3 hours ago
ਚੰਡੀਗੜ੍ਹ, 22 ਅਪ੍ਰੈਲ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਰਸਾਤ ਦੇ ਚੱਲਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਇਕ ਆਈਨਸਟਾਈਨ ਹੋਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਮਿਲੇਵਾ ਨੂੰ ਜਿਹੜੇ ਉਸ ਨੇ ਜਜ਼ਬਾਤੀ ਖਤ ਲਿਖੇ, ਮੌਜੂਦ ਹਨ | ਹੁਣ ਐਲਸਾ ਨਾਲ ਪੱਤਰ-ਵਿਹਾਰ ਸ਼ੁਰੂ ਹੋ ਗਿਆ, ਇਕ ਪੋਸਟ ਕਾਰਡ ਤੇ ਲਿਖਿਆ- ਪਿਆਰੀ ਐਲਸਾ, ਮਿਲੇਵਾ ਮੇਰੇ ਘਰ ਅਜਿਹੀ ਮੁਲਾਜ਼ਮ ਹੈ ਜਿਸ ਨੂੰ ਮੈਂ ਨੌਕਰੀ ਤੋਂ ਜਵਾਬ ਨਹੀਂ ਦੇ ਸਕਦਾ |
ਬਰਲਿਨ ਸ਼ਹਿਰ ਵਿਚ ਚੰਗੀ ਨੌਕਰੀ ਮਿਲ ਗਈ, ਐਲਸਾ ਕਰਕੇ ਉਹ ਇਥੇ ਰਹਿਣ ਦਾ ਇਛੁੱਕ ਵੀ ਸੀ | ਇਸ ਵੇਲੇ ਉਸ ਦੀ ਉਮਰ 35 ਸਾਲ ਸੀ | ਬਤੌਰ ਵਿਗਿਆਨੀ ਮਿਲੇਵਾ ਕਿਸੇ ਤਰ੍ਹਾਂ ਆਈਨਸਟਾਈਨ ਤੋਂ ਘੱਟ ਨਹੀਂ ਸੀ ਪਰ ਘਰ-ਗ੍ਰਹਿਸਥੀ ਕਾਰਨ ਉਹ ਸੀਮਤ ਹੋ ਗਈ ਸੀ | ਪਤੀ ਦਾ ਵਰਤਾਰਾ ਕਠੋਰ, ਕਰੂਰ ਹੁੰਦਾ ਗਿਆ | ਉਸ ਨੇ ਪਤਨੀ 'ਤੇ ਸ਼ਰਤ ਠੋਸੀ- ਮੈਂ ਤੇਰੇ ਨਾਲ ਉਸ ਸੂਰਤ ਵਿਚ ਰਹਿ ਸਕਦਾ ਹਾਂ ਜੇ ਨੰ.1- ਇਹ ਯਕੀਨੀ ਹੋਵੇ ਕਿ ਤਿੰਨ ਵਾਰ ਦਾ ਖਾਣਾ ਸਹੀ ਸਮੇਂ ਮੇਰੇ ਕਮਰੇ ਵਿਚ ਪੁੱਜੇ, ਨੰ.2 ਜਦੋਂ ਮੈਂ ਕੁਝ ਪੁੱਛਾਂ, ਉਸੇ ਵੇਲੇ ਜਵਾਬ ਦਏਾ, ਨੰ.3 ਮੇਰੇ ਨਾਲ ਖਾਹਮਖਾਹ ਦੀ ਜਜ਼ਬਾਤੀ ਨੇੜਤਾ ਨਾ ਜਤਾਈਾ ਤੇ ਮੈਂ ਜੋ ਚਾਹਾਂਗਾ ਕਰਾਂਗਾ, ਵਿਘਨ ਨਾ ਪਵੇ |
ਅਜੇ ਤਲਾਕ ਨਹੀਂ ਹੋਇਆ, ਦੋਵੇਂ ਬੇਟਿਆਂ ਸਣੇ ਮਿਲੇਵਾ ਬਰਲਿਨ ਛੱਡ ਕੇ 29 ਜੁਲਾਈ 1914 ਨੂੰ ਜ਼ਿਊਰਿਖ ਆ ਗਈ | ਬਾਅਦ ਵਿਚ ਜੁਆਨ ਹੋ ਕੇ ਹਾਂਸ ਨੇ ਦੱਸਿਆ- ਸਾਡੇ ਵਾਸਤੇ ਇਹੋ ਜਿਹੇ ਬੁਰੇ ਦਿਨ ਝੱਲਣੇ ਔਖੇ ਸਨ | ਸਾਲ ਦੇ ਅਖੀਰ ਵਿਚ ਪਿਤਾ ਨੇ ਲਿਖਿਆ- ਤਲਾਕ ਵਾਸਤੇ ਤਾਂ ਨਹੀਂ ਕਹਿੰਦਾ, ਹਰ ਦੋ ਹਫਤਿਆਂ ਬਾਅਦ ਬੱਚਿਆਂ ਦਾ ਹਾਲ ਲਿਖ ਦਿਆ ਕਰ | ਮਿਲੇਵਾ ਗਣਿਤ, ਫਿਜ਼ਿਕਸ ਅਤੇ ਪਿਆਨੋ ਦੀਆਂ ਟਿਊਸ਼ਨਾਂ ਕਰਕੇ ਗੁਜ਼ਾਰਾ ਕਰਦੀ |
ਫਰਵਰੀ, 1915 ਵਿਚ ਆਪਣੇ ਮਿੱਤਰ ਨੂੰ ਖਤ ਵਿਚ ਲਿਖਿਆ- ਇਥੇ ਐਲਸਾ ਨਾਲ ਚੰਗੇ ਦਿਨ ਲੰਘ ਰਹੇ ਹਨ, ਜੇ ਵਿਆਹ ਨਾ ਹੋਵੇ ਤਾਂ ਚੰਗੇ ਦਿਨ ਲੰਘੀ ਜਾਣਗੇ |
ਹਾਂਸ ਕਦੀ-ਕਦਾਈਾ ਪਿਤਾ ਨੂੰ ਖ਼ਤ ਲਿਖਦਾ- ਰਾਤੀਂ ਛੋਟੇ ਭਰਾ ਨੂੰ ਸੁਪਨਾ ਆਇਆ ਸੀ ਜਿਵੇਂ ਤੁਸੀਂ ਸਾਡੇ ਕੋਲ ਹੋਵੋ | ਪਿਤਾ ਨੇ ਜਵਾਬ ਦਿੱਤਾ- ਸਾਲ ਵਿਚ ਮਹੀਨਾ ਕੁ ਮੇਰੇ ਕੋਲ ਆ ਜਾਇਆ ਕਰੋ, ਤੁਹਾਨੂੰ ਅਹਿਸਾਸ ਰਹੇ ਤੁਹਾਡਾ ਕੋਈ ਪਿਤਾ ਵੀ ਹੈ | ਮਿਲੇਵਾ ਨੂੰ ਲਿਖਿਆ- ਮੈਨੂੰ ਖੁਸ਼ੀ ਹੈ ਤੂੰ ਪਿਤਾ ਅਤੇ ਬੇਟਿਆਂ ਵਿਚਕਾਰ ਨਫਰਤ ਪੈਦਾ ਨਹੀਂ ਕਰਦੀ | ਦਿਲ ਕਰਦੈ ਮਿਲ ਜਾਵਾਂ ਪਰ ਢਾਈ ਘੰਟਿਆਂ ਦਾ ਫਾਲਤੂ ਸਫਰ ਕਿਸ ਲਈ ਜਦ ਖੁਸ਼ੀ ਨਹੀਂ ਹੋਣੀ?
ਆਈਨਸਟਾਈਨ ਨੂੰ ਨੋਬਲ ਐਵਾਰਡ ਮਿਲ ਗਿਆ | ਸਾਰੇ ਸੰਸਾਰ ਨੇ ਵਧਾਈ ਦਿੱਤੀ | ਮਿਲੇਵਾ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ | ਇਕ ਸਾਲ ਸੈਨੇਟੋਰੀਅਮ ਵਿਚ ਦਾਖਲ ਰਹੀ | ਪਿਤਾ ਨੇ ਹਾਂਸ ਨੂੰ ਲਿਖਿਆ- ਤਿੰਨ ਖ਼ਤ ਪਾ ਚੁੱਕਾ ਹਾਂ, ਅਫਸੋਸ ਤੈਨੂੰ ਜਵਾਬ ਦੇਣ ਦੀ ਪ੍ਰਵਾਹ ਨਹੀਂ | ਇਹ ਇਨ੍ਹਾਂ ਦਿਨਾ ਦੀ ਗੱਲ ਹੈ ਜਦੋਂ ਮਿਲੇਵਾ ਅਤੇ ਦੋਵੇਂ ਪੁੱਤਰ ਹਸਪਤਾਲ ਜ਼ੇਰੇ ਇਲਾਜ ਸਨ, ਤਿੰਨੇ ਮਰੀਜ਼ | ਸੰਭਾਲ ਵਾਸਤੇ ਮਾਸੀ ਜ਼ੋਰਕਾ ਆ ਗਈ, ਖੁਦ ਮਨੋਰੋਗਣ ਹੋ ਕੇ ਜ਼ੋਰਕਾ ਦੋ ਸਾਲ ਹਸਪਤਾਲ ਪਈ ਰਹੀ | ਜ਼ੋਰਕਾ ਤੇ ਮਿਲੇਵਾ ਦਾ ਭਰਾ ਫੌਜ ਵਿਚ ਡਾਕਟਰ ਸੀ, ਪਹਿਲੋਂ ਗੁਮਸ਼ੁਦਗੀ ਦੀ ਖਬਰ ਮਿਲੀ, ਫਿਰ ਮੌਤ ਦੀ | ਇਨ੍ਹਾਂ ਸਦਮਿਆਂ ਤੋਂ ਬੇਪ੍ਰਵਾਹ ਆਈਨਸਟਾਈਨ ਨੇ ਕੈਸਰ ਵਿਲਹਮ ਭੌਤਿਕ ਵਿਦਿਆਲੇ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ |
ਅਸਲ ਧਮਾਕਾ ਮਈ, 1918 ਵਿਚ ਹੋਇਆ | ਆਈਨਸਟਾਈਨ ਨੇ ਐਲਸਾ ਅਤੇ ਉਸ ਦੀ ਵੱਡੀ ਧੀ ਇਲਸੇ ਨੂੰ ਕਹਿ ਦਿੱਤਾ- ਵਿਆਹ ਮੈਂ ਹਰ ਹਾਲਤ ਵਿਚ ਕਰੌਣਾ ਹੈ, ਦੋਹਾਂ ਵਿਚੋੋਂ ਕਿਹੜੀ ਤਿਆਰ ਹੈ, ਤੁਸੀਂ ਦੋਵੇਂ ਜਾਣੋ | ਧੀ ਨੇ ਆਪਣੀ ਇਕ ਸਹੇਲੀ ਨੂੰ ਲਿਖਿਆ- ਕੱਲ੍ਹ ਆਈਨਸਟਾਈਨ ਨੇ ਕਹਿ ਦਿੱਤਾ ਕਿ ਉਹ ਮੇਰੇ ਨਾਲ ਵਿਆਹ ਕਰਾਏਗਾ | ਮੈਨੂੰ ਪਤੈ ਉਹ ਮੈਨੂੰ ਬਹੁਤ ਪਿਆਰ ਕਰਦੈ, ਹੋਰ ਕੋਈ ਇੰਨਾ ਕਦੀ ਨਾ ਕਰੇ | ਪਰ ਮੈਂ ਫੈਸਲਾ ਕੀਤਾ ਕਿ ਮੰਮੀ ਦੇ ਰਸਤੇ ਵਿਚੋਂ ਹਟ ਹੀ ਜਾਵਾਂ |
ਇਹ ਖਤੋ-ਖਿਤਾਬਤ 80 ਸਾਲ ਤਕ ਛੁਪਾ ਕੇ ਰੱਖੀ ਗਈ | ਆਈਨਸਟਾਈਨ ਨੇ ਪਹਿਲੀ ਪਤਨੀ ਮਿਲੇਵਾ ਨੂੰ ਲਿਖ ਦਿੱਤਾ- ਮੈਂ ਕਿਹਾ ਸੀ ਛੁੱਟੀਆਂ ਵਿਚ ਮਿਲਣ ਆਵਾਂਗਾ | ਨਹੀਂ ਆ ਸਕਦਾ | ਐਲਸਾ ਅਤੇ ਉਸ ਦੀਆਂ ਧੀਆਂ ਨਾਲ ਬਾਲਟਿਕ ਸਾਗਰ ਬੀਚ 'ਤੇ ਛੁੱਟੀਆਂ ਮਨਾਵਾਂਗਾ |
12 ਜੂਨ, 1918 ਨੂੰ ਉਸ ਨੇ ਤਲਾਕ ਦਾ ਨੋਟਿਸ ਮਿਲੇਵਾ ਦੇ ਸਿਰਨਾਵੇਂ 'ਤੇ ਭੇਜ ਦਿੱਤਾ | ਮਿਲੇਵਾ ਦੇ ਵਕੀਲ ਨੂੰ ਪੱਤਰ ਲਿਖਿਆ-ਮੇਰੇ ਆਪਣੀ ਮਮੇਰੀ ਭੈਣ ਐਲਸਾ ਨਾਲ ਨਾਜਾਇਜ਼ ਸਬੰਧ ਬਣ ਗਏ ਹਨ | ਇਸ ਪੱਤਰ ਨੂੰ ਸਬੂਤ ਵਜੋਂ ਨੱਥੀ ਕਰਕੇ ਤਲਾਕ ਦਾ ਫੈਸਲਾ ਜਲਦੀ ਹੋ ਗਿਆ; ਮਨੋਰਥ ਵੀ ਇਹੀ ਸੀ | ਜ਼ਿਉਰਿਖ ਅਦਾਲਤ ਵਿਚ ਉਸ ਦਾ ਬਿਆਨ ਹੈ- ਸੱਚ ਹੈ ਮੈਂ ਦੁਰਾਚਾਰ ਕੀਤਾ | ਮੇਰੇ ਆਪਣੀ ਕਜ਼ਿਨ ਨਾਲ ਨਾਜਾਇਜ਼ ਸਬੰਧ ਸਾਢੇ ਚਾਰ ਸਾਲ, 1914 ਤੋਂ ਹਨ, ਪਤਨੀ ਨੂੰ ਦੱਸ ਦਿੱਤਾ ਸੀ | 19 ਅਪ੍ਰੈਲ, 1919 ਨੂੰ ਆਈਨਸਟਾਈਨ ਨੂੰ ਤਲਾਕ ਦੀ ਡਿਗਰੀ ਮਿਲੀ ਜਿਸ ਵਿਚ ਦਰਜ ਸੀ ਕਿ ਪਤੀ ਨੇ ਬੇਵਫਾਈ ਦੇ ਨਾਲ-ਨਾਲ ਪਤਨੀ ਮਿਲੇਵਾ ਉਪਰ ਹਿੰਸਾ ਵੀ ਕੀਤੀ | ਆਈਨਸਟਾਈਨ ਨੇ ਇਹ ਬਿਆਨ ਵੀ ਦਿੱਤਾ- ਹਾਲੇ ਮੈਨੂੰ ਨੋਬਲ ਇਨਾਮ ਦੀ ਰਕਮ ਨਹੀਂ ਮਿਲੀ | ਜਦੋਂ ਮਿਲ ਗਈ, ਇਹ ਪੈਸਾ ਬੈਂਕ ਵਿਚ ਜਮ੍ਹਾ ਕਰਵਾ ਦਿਆਂਗਾ | ਇਸਦਾ ਵਿਆਜ ਮਿਲੇਵਾ ਅਤੇ ਬੇਟੇ ਪ੍ਰਾਪਤ ਕਰਨਗੇ | ਜਦੋਂ ਰਕਮ ਮਿਲ ਗਈ, ਆਈਨਸਟਾਈਨ ਵਾਅਦੇ ਤੋਂ ਮੁਕਰ ਗਿਆ |
12 ਮਾਰਚ ਨੂੰ ਮਿਲੇਵਾ ਨੂੰ ਲਿਖਿਆ- ਐਲਸਾ ਦੀਆਂ ਦੋ ਜੁਆਨ ਧੀਆਂ ਹਨ ਜੋ ਇਸ ਅਫਵਾਹ ਕਰਕੇ ਬਦਨਾਮ ਹੋ ਰਹੀਆਂ ਹਨ ਕਿ ਮੇਰਾ ਉਨ੍ਹਾਂ ਦੀ ਮਾਂ ਨਾਲ ਰੁਮਾਂਸ ਚਲ ਰਿਹੈ | ਉਨ੍ਹਾਂ ਨੂੰ ਬਦਨਾਮੀ ਵਿਚੋਂ ਕੱਢਣ ਦਾ ਰਸਤਾ ਇਹੋ ਹੈ ਕਿ ਐਲਸਾ ਨਾਲ ਵਿਆਹ ਕਰਵਾਲਾਂ | ਤਲਾਕ ਨੂੰ ਅਜੇ ਚਾਰ ਮਹੀਨੇ ਨਹੀਂ ਹੋਏ ਸਨ, 2 ਜੂਨ 1919 ਨੂੰ ਵਿਆਹ ਹੋ ਗਿਆ | ਪਤਨੀ ਦੇ ਫਰਜ਼ਾਂ ਤੋਂ ਇਲਾਵਾ ਐਲਸਾ ਉਸ ਦੀ ਸਕੱਤਰ, ਸਟੈਨੋ, ਗੇਟਕੀਪਰ ਆਦਿਕ ਡਿਊਟੀਆਂ ਤਾਂ ਕਰਦੀ ਹੀ, ਦੁਆਲੇ ਮੰਡਰਾਂਉਦੀਆਂ ਟੂਣੇਹਾਰਨਾ ਨੂੰ ਵੀ ਪਰੇ੍ਹ ਧਕਦੀ | ਨਵੇਂ ਵਿਆਹ ਵਿਚੋਂ ਔਲਾਦ ਨਹੀਂ ਹੋਈ ਪਰ ਕੁੜੀਆਂ ਮਤਰਏ ਪਿਉ ਦੀਆਂ ਸਕੱਤਰਾਂ ਵਜੋਂ ਕੰਮ ਕਰਕੇ ਖੁਸ਼ ਰਹਿੰਦੀਆਂ | ਕਦੀ ਬੇਟੇ ਹਾਂਸ ਦੀਆਂ ਗੱਲਾਂ ਕਰਨ ਲਗਦਾ ਤਾਂ ਨਵੇਂ ਪਰਿਵਾਰ ਵਿਚ ਤਣਾਉ ਪੈਦਾ ਹੁੰਦਾ | ਉਸ ਨੇ ਚਾਹਿਆ ਕਿ ਹਾਂਸ ਮੇਰੇ ਕੋਲ ਆ ਕੇ ਬਰਲਿਨ ਵਿਚ ਪੜ੍ਹੇ | ਹਾਂਸ ਨੇ ਕਿਹਾ- ਮੇਰੀ ਚੰਗੀ ਭਲੀ ਪੜ੍ਹਾਈ ਵਿਚ ਵਿਘਨ ਨਾ ਪਾਉ |
ਨੋਬਲ ਇਨਾਮ ਦੀ ਰਕਮ ਤੋਂ ਮੁਕਰ ਗਿਆ ਤਾਂ ਮਿਲੇਵਾ ਨੇ ਬੱਚਿਆਂ ਨੂੰ ਕਿਹਾ- ਆਪਣੇ ਨਾਲ ਹਮੇਸ਼ਾ ਠੱਗੀ ਹੋਈ | ਹਾਂਸ ਨੇ ਪਿਤਾ ਨੂੰ ਗੁਸੈਲਾ ਖ਼ਤ ਲਿਖਿਆ ਜਿਸ ਵਿਚ ਉਸ ਦੀ ਪੂਰੀ ਬੇਇੱਜ਼ਤੀ ਕੀਤੀ | ਮਿਲੇਵਾ ਨੇ 1925 ਵਿਚ ਆਈਨਸਟਾਈਨ ਤੋਂ ਉਸ ਦੀ ਜੀਵਨੀ ਲਿਖਣ ਦੀ ਆਗਿਆ ਮੰਗੀ, ਜਵਾਬ ਵਿਚ ਵਿਗਿਆਨੀ ਨੇ 24.10.1925 ਨੂੰ ਲਿਖਿਆ- ਦਰਅਸਲ ਇਹ ਤੂੰ ਮੈਥੋਂ ਆਗਿਆ ਨਹੀਂ ਮੰਗੀ, ਧਮਕੀ ਦਿੱਤੀ ਹੈ | ਮੈਨੂੰ ਪਤੈ ਜੋ ਤੂੰ ਲਿਖੇਂਗੀ | ਜੇ ਮੈਨੂੰ ਪ੍ਰਸਿੱਧੀ ਨਾ ਮਿਲੀ ਹੁੰਦੀ, ਕੋਈ ਬਿੱਲੀ ਵੀ ਮੇਰੇ ਵੱਲ ਦੇਖ ਕੇ ਨਿੱਛ ਨਾ ਮਾਰਦੀ | ਮੇਰੇ ਰਸਤੇ ਜੇ ਕੁੜਿੱਕੀ ਨਾ ਲਾਏਾ ਤਾਂ ਠੀਕ ਰਹੇ | ਮੈਂ ਤਾਂ ਸਲਾਹ ਦੇ ਸਕਦਾਂ ਬਸ | ਮਿਲੇਵਾ ਚੁੱਪ ਕਰ ਗਈ | ਸਹੇਲੀ ਨੂੰ ਇਕ ਖ਼ਤ ਲਿਖਣ ਤੋਂ ਸਿਵਾ ਕੁਝ ਨਾ ਕੀਤਾ; ਖ਼ਤ ਦਾ ਵਾਕ- ਮੇਰੀ ਖੁਸ਼ੀ, ਮੇਰਾ ਵਿਗਿਆਨਕ ਕਾਰਜ ਅਤੇ ਬੁਢਾਪੇ ਦਾ ਸਹਾਰਾ, ਪੈਸਾ-ਟਕਾ, ਸਭ ਆਈਨਸਟਾਈਨ ਨੇ ਠੱਗ ਲਏ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 94642-51454.


ਖ਼ਬਰ ਸ਼ੇਅਰ ਕਰੋ

ਫੁੱਲਾਂ ਸੰਗ ਦੋਸਤੀ

ਬਸੰਤ ਰੁੱਤ ਭਰ ਜੋਬਨ 'ਤੇ ਸੀ | ਮੈਂ ਸਵੇਰੇ-ਸਵੇਰੇ ਸੈਰ ਕਰਨ ਲਈ ਨਿਕਲਿਆ | ਠੰਢੀ-ਠੰਢੀ ਹਵਾ ਚੱਲ ਰਹੀ ਸੀ | ਪਾਰਕ ਵਿਚ ਪੂਰੀ ਰੌਣਕ ਸੀ | ਕਿਧਰੇ ਕੋਈ ਸੈਰ ਕਰ ਰਿਹਾ ਸੀ, ਕਿਧਰੇ ਕੋਈ ਵਰਜਿਸ਼ | ਕਿਧਰੇ ਬੱਚੇ ਛੂਹਣ-ਛੁਹਾਈ ਖੇਡ ਰਹੇ ਸਨ, ਕਿਧਰੇ ਬਜ਼ੁਰਗ ਬੈਂਚਾਂ 'ਤੇ ਬੈਠੇ ਹੋਏ ਸੱਜਰੀ-ਤਾਜ਼ੀ ਹਵਾ ਦਾ ਅਨੰਦ ਮਾਣ ਰਹੇ ਸਨ | ਸਾਡੇ ਮੁਹੱਲੇ ਵਿਚ ਇਸ ਤਰ੍ਹਾਂ ਦੇ ਕਈ ਪਾਰਕ ਹਨ | ਹੈ ਵੀ ਖੁੱਲ੍ਹੇ-ਡੁੱਲ੍ਹੇ | ਫੁੱਲਾਂ ਨਾਲ ਲੱਦੇ ਹੋਏ | ਮਹਿਕਦੇ ਹੋਏ | ਭਾਂਤ-ਭਾਂਤ ਦੀਆਂ ਸੁਗੰਧੀਆਂ ਬਿਖੇਰਦੇ ਹੋਏ | ਪਰ, ਜਿਸ ਪਾਰਕ ਵਿਚ ਮੈਂ ਸੈਰ ਕਰ ਰਿਹਾ ਸਾਂ, ਸਾਡੇ ਘਰ ਦੇ ਬਿਲਕੁਲ ਨਜ਼ਦੀਕ ਹੀ ਸੀ | ਰੰਗਲੇ ਪੰਛੀ ਅਠਖੇਲੀਆਂ ਕਰ ਰਹੇ ਸਨ, ਮਿੱਠੇ-ਮਿੱਠੇ ਗੀਤ ਅਲਾਪ ਰਹੇ ਸਨ | ਬੱਦਲਵਾਈ ਹੋਈ ਪਈ ਸੀ | ਮੌਸਮ ਖੁਸ਼ਮਿਜ਼ਾਜ ਸੀ |
ਫੁੱਲਾਂ ਨੇ ਆਪਣੀ ਮਹਿਫ਼ਲ ਲਾਈ ਹੋਈ ਸੀ | ਕੁਝ ਭਰ ਜਬਾਨੀ ਵਿਚ ਸਨ ਤੇ ਕੁਝ ਖਿੜਨ ਲਈ ਤਿਆਰ | ਹਵਾ ਵਿਚ ਹੁਲਾਰੇ ਖਾ ਰਹੇ ਸਨ, ਇਕ-ਦੂਜੇ 'ਤੇ ਲੋਟ-ਪੋਟ ਹੋ ਰਹੇ ਸਨ ਅਤੇ ਸਭ ਦਾ ਹੀ ਦਿਲ ਪਰਚਾਅ ਰਹੇ ਸਨ | ਆਪਣੀ ਮਿੱਠੀ-ਮਿੱਠੀ ਤਾਜ਼ੀ-ਤਾਜ਼ੀ ਮਹਿਕ ਨਾਲ ਸਭ ਨੂੰ ਅੰਦਰੋਂ-ਬਾਹਰੋਂ ਤਰੋ-ਤਾਜ਼ਾ ਕਰ ਰਹੇ ਸਨ |
ਹਾਲੇ ਤੀਕਰ ਮੈਂ ਦੋ-ਤਿੰਨ ਚੱਕਰ ਹੀ ਲਾਏ ਸਨ ਕਿ ਲਾਲ ਸੂਹੇ ਗੁਲਾਬ ਦੇ ਫੁੱਲਾਂ ਨੇ ਮੈਨੂੰ ਸੈਨਤ ਮਾਰੀ | ਮੈਂ ਰੁਕ ਗਿਆ, ਆਲਾ-ਦੁਆਲਾ ਦੇਖਿਆ, ਹੋਰ ਤਾਂ ਕੋਈ ਨਹੀਂ ਸੀ | ਯੱਕੋ-ਤੱਕੋ ਕਰਕੇ ਜਿਉਂ ਹੀ ਮੈਂ ਫੁੱਲਾਂ ਵੱਲ ਵਧਿਆ, ਉਨ੍ਹਾਂ ਨੇ ਭਰੀ ਮੁਸਕਾਨ ਵਿਚ ਕਿਹਾ, ਦੋਸਤ, ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਆਂ, ਤੁਸੀਂ ਉਦਾਸ-ਉਦਾਸ ਰਹਿੰਦੇ ਹੋ; ਕੀ ਗੱਲ ਏ?
ਮੈਂ ਸਰਸਰੀ ਕਿਹਾ, ਐਸੀ ਤਾਂ ਕੋੋਈ ਗੱਲ ਨਹੀਂ |
ਜੈਸੀ ਵੀ ਗੱਲ ਹੈਗੀ ਏ, ਸਾਨੂੰ ਦੱਸੋ ਨਾ ਦੋਸਤ | ਸੁਣਿਆ ਹੈ ਕਿ ਦੁੱਖ ਵੰਡਿਆ ਘਟਦਾ ਏ; ਖੁਸ਼ੀ ਵੰਡਿਆ ਵਧਦੀ ਐ | ਸਾਨੂੰ ਇਹ ਤਾਂ ਦੱਸੋ ਤੁਹਾਨੂੰ ਦੁੱਖ ਕੀ ਏ? ਕਾਹਤੋਂ ਏਨੇ ਉਦਾਸ-ਉਦਾਸ ਰਹਿੰਦੇ ਹੋ | ਸਾਡੇ ਲਾਲ-ਸੂਹੇ, ਸੱਜਰੇਪਨ ਨੂੰ ਦੇਖ ਕੇ, ਨਿਹਾਰ ਕੇ ਹਰ ਕੋਈ ਗਦਗਦ ਹੋ ਉਠਦਾ ਏ | ਇੱਥੋਂ ਤੀਕਰ ਕਿ ਬੀਮਾਰ ਵੀ ਠੀਕ ਹੋ ਜਾਂਦੇ ਨੇ | ਪਰ, ਇਕ ਤੁਸੀਂ ਹੋ, ਜੋ ਗ਼ਮਾਂ ਦੇ ਸਾਗਰ ਵਿਚ ਡੁਬਕੀਆਂ ਲਾ ਰਹੇ ਹੋ | ਕੋੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਏ, ਜੋ ਤੁਹਾਡਾ ਖਹਿੜਾ ਨਹੀਂ ਛੱਡਦੀ, ਪ੍ਰੇਸ਼ਾਨ ਕਰਦੀ ਰਹਿੰਦੀ ਏ | ਫੁੱਲਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਦੋਸਤ! ਇੰਜ ਜਾਪਦਾ ਏ ਜਿਵੇਂਾ ਨਾਜ਼ੁਕ ਦਿਲ 'ਤੇ ਡੂੰਘੀ, ਗਹਿਰੀ ਸੱਟ ਵੱਜੀ ਹੋਵੇ |
ਦੱਬੇ ਮੁਰਦੇ ਦੱਬੇ ਹੀ ਰਹਿਣ ਦਿਓ ਤਾਂ ਚੰਗੀ ਗੱਲ ਏ | ਇਸ ਗੱਲ ਤੋਂ ਤੁਸੀਂ ਵੀ ਭਲੀਭਾਂਤ ਜਾਣੂੰ ਹੋ ਕਿ ਦੁਖੀ ਦਿਲ ਚੋਂ ਦੁੱਖਾਂ ਦੀ ਬਰਸਾਤ ਹੁੰਦੀ ਏ, ਨਾ ਕਿ ਹਾਸਿਆਂ ਦੀ | ਫਿਰ ਤੁਸੀਂ ਕਹੋਗੇ ਕਿ ਚੰਗਾ ਦੋਸਤ ਮਿਲਿਆ ਏ, ਸਾਨੂੰ ਵੀ ਦੁਖੀ ਕਰ ਗਿਆ | ਇਹ ਕਹਿੰਦਿਆਂ ਹੋਇਆ ਮੈਂ ਆਪਣੀ ਗੱਲ ਖ਼ਤਮ ਕੀਤੀ | ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੋਸਤ | ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਸਭ ਨੂੰ ਖੁਸ਼ ਰੱਖੀਏ, ਖੁਸਮਿਜ਼ਾਜ ਬਣਾਈਏ | ਤੁਸੀਂ ਆਪਣੇ ਦਿਲ ਦੀਆਂ ਪਰਤਾਂ ਖੋਲ੍ਹ ਦਿਓ, ਸਾਨੂੰ ਚੰਗਾ-ਚੰਗਾ ਲੱਗੇਗਾ, ਫੁੱਲਾਂ ਨੇ ਕਿਹਾ |
ਅੱਜਕਲ੍ਹ ਦਾ ਪਿਆਰ ਤਾਂ ਪਦਾਰਥਵਾਦ, ਸਵਾਰਥਵਾਦ ਦੀ ਝੋਲੀ ਵਿਚ ਜਾ ਡਿੱਗਾ ਏ | ਪਰ, ਸਾਡੀ ਦੋਸਤੀ ਇਸ ਤਰ੍ਹਾਂ ਦੀ ਨਹੀਂ ਏ |
ਥੋਡੀ ਗੱਲ ਸੌ ਫ਼ੀਸਦੀ ਸੱਚ ਏ ਦੋਸਤ | ਕਾਦਰ ਦੀ ਕੁਦਰਤ ਹੈ ਹੀ ਬਹੁਤ ਸੋਹਣੀ-ਮਨਮੋਹਣੀ ਏ, ਇਕਦਮ ਸੱਚੀ-ਸੁੱਚੀ ਏ | ਇਹ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰਦੀ | ਮੇਰੇ ਏਨੀ ਗੱਲ ਕਹਿਣ ਦੀ ਦੇਰ ਸੀ ਕਿ ਫੁੱਲਾਂ ਨੇ ਧਾਹ ਗਲਵਕੜੀ ਪਾਈ | ਚੰਨ ਜਿਹੇ ਮੁਖੜੇ 'ਤੇ ਮੁਸਕਾਨਾਂ ਦੀ ਫੁਹਾਰ ਛੁੱਟ ਗਈ |
# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983.

ਕੱਲ੍ਹ ਵਿਸ਼ਵ ਜਲਗਾਹ ਦਿਵਸ 'ਤੇ ਵਿਸ਼ੇਸ਼

ਧਰਤੀ ਦੇ ਗੁਰਦੇ ਹਨ ਜਲਗਾਹਾਂ

ਜਿਨ੍ਹਾਂ ਥਾਵਾਂ ਨੂੰ ਚਿਰੋਕਣੇ ਲੂਣੇ, ਖਾਰੇ ਜਾਂ ਤਾਜ਼ੇ ਪਾਣੀ ਨੇ ਢਕਿਆ ਹੋਵੇ, ਜਿਥੇ ਬਨਸਪਤੀਆਂ ਮੌਲਣ, ਜਲ-ਜੀਵਾਂ ਦੀਆਂ ਰਹਿਣਗਾਹਾਂ ਹੋਣ, ਜਿਸ ਦਾ ਆਪਣਾ ਵਿਲੱਖਣ ਵਾਤਾਵਰਣਿਕ ਪ੍ਰਬੰਧ (5co System) ਹੋਵੇ, ਉਹ ਥਾਵਾਂ ਜਲਗਾਹਾਂ ਹੁੰਦੀਆਂ ਹਨ | ਦਲਦਲ, ਖੋਭੇ, ਛੱਪੜ-ਟੋਭੇ, ਝੀਲਾਂ, ਦਰਿਆਵਾਂ ਦੇ ਕੰਢੇ, ਕੰਢਿਆਂ 'ਤੇ ਬਣੇ ਤਿਕੋਣੇ ਖਿੱਤੇ, ਜਲਗਾਹਾਂ ਦੇ ਹੀ ਰੂਪ ਹਨ |
ਸਾਡੀ ਧਰਤੀ ਇਕ ਉਤਪਾਦਕ ਰਹਿਣਗਾਹ ਹੈ, ਜੋ ਕੁਦਰਤ ਨੇ ਸਾਨੂੰ ਬਖ਼ਸ਼ੀ ਹੈ | ਇਥੇ ਪ੍ਰਾਣੀ, ਜੀਅ-ਜੰਤੂ, ਬਨਸਪਤੀਆਂ ਬਰਾਬਰ ਵਧਦੀਆਂ ਫੁਲਦੀਆਂ ਹਨ | ਜਲਗਾਹਾਂ ਅਣਗਿਣਤ ਜਲਜੀਵਾਂ, ਥਣਧਾਰੀਆਂ, ਜਨੌਰਾਂ, ਮੱਛੀਆਂ, ਰੀੜ੍ਹ ਰਹਿਤ ਜੀਵਾਂ ਦਾ ਜ਼ਖੀਰਾ ਹੁੰਦੀਆਂ ਹਨ | ਮਨੁੱਖ ਲਈ ਹਿਤਕਾਰੀ ਆਬੋ ਹਵਾ ਤਿਆਰ ਕਰਦੀਆਂ, ਗੰਧਲੇ ਪਾਣੀਆਂ ਨੂੰ ਪੁਣਦੀਆਂ-ਛਾਣਦੀਆਂ, ਹੜ੍ਹਾਂ ਨੂੰ ਥੰਮਦੀਆਂ, ਝੱਖੜਾਂ ਦੀ ਤੀਬਰਤਾ ਨੂੰ ਘਟਾਉਂਦੀਆਂ ਹਨ | ਭਲਾ ਸੋਚੋ ਜੇ ਪ੍ਰਦੂਸ਼ਿਤ ਪਾਣੀ ਸਾਨੂੰ ਸ਼ੁੱਧ ਕਰਨੇ ਪੈ ਜਾਣ, ਹੜ੍ਹਾਂ ਨੂੰ ਬੰਨ੍ਹ ਮਾਰਨਾ ਪੈ ਜਾਵੇ, ਕਿੰਨਾ ਧਨ-ਦੌਲਤ ਖਰਚ ਹੋ ਜਾਵੇਗਾ | ਜਲਗਾਹਾਂ ਨਾ ਹੋਣ ਤਾਂ ਝੱਖੜ ਤੁਰਦੀ ਜ਼ਿੰਦਗੀ ਨੂੰ ਰੋਕ ਦੇਣ | ਜੀਵ-ਜੰਤੂ ਘਰਾਂ ਦੇ ਰਾਹਾਂ ਤੋਂ ਭਟਕ ਜਾਣ, ਤੇ ਜੇ ਹਨੇਰੀਆਂ ਉਨ੍ਹਾਂ ਨੂੰ ਮੌਤ ਦੇ ਮੰੂਹ 'ਚ ਸੁੱਟ ਆਉਣ |
ਜਲਗਾਹਾਂ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ | ਇਕ ਤਾਂ ਸਮੰੁਦਰੀ ਤਟਵਰਤੀ ਜਲਗਾਹਾਂ, ਜੋ ਸਮੰੁਦਰੀ ਕੰਢਿਆਂ ਲਾਗੇ ਹੁੰਦੀਆਂ ਹਨ | ਦੂਜੀਆਂ ਜੋ ਜਲਗਾਹਾਂ ਸਮੰੁਦਰ ਦੇ ਕੰਢਿਆਂ ਤੋਂ ਦੂਰਦਰਾਜ਼ ਅੰਦਰੋਂ-ਅੰਦਰ ਦੀ ਭੋਇੰ 'ਤੇ ਹੁੰਦੀਆਂ ਹਨ | ਤੀਜੀਆਂ ਜੋ ਮਨੁੱਖ ਨੇ ਖੁਦ ਤਿਆਰ ਕੀਤੀਆਂ ਹੁੰਦੀਆਂ ਹਨ, ਜਿਵੇਂ ਛੱਪੜ, ਟੋਭੇ, ਝੀਲਾਂ, ਡੈਮ, ਥਰਾਜ, ਮੌਸਮੀ ਹੜ੍ਹਾਂ ਦੇ ਨੀਵਾਣਾਂ 'ਚ ਖਲੋਤੇ ਪਾਣੀ | ਜਲਗਾਹਾਂ ਦੀ ਮਿੱਟੀ 'ਚ ਕਾਰਬਨ ਦੀ ਮੌਜੂਦਗੀ ਹੁੰਦੀ ਹੈ | ਇਸ ਦੇ ਨਾਲ ਹੀ ਗੰਧਕ, ਫਾਸਫੋਰਸ, ਨਾਈਟ੍ਰੋਜਨ ਵੀ ਇਸ ਮਿੱਟੀ ਵਿਚ ਮਿਲਦੇ ਹਨ | ਫਾਸਫੋਰਸ ਪਾਣੀਆਂ 'ਚ ਰਸਾਇਣਕ ਤਬਦੀਲੀਆਂ ਲਿਆਉਂਦਾ ਹੈ | ਕਾਰਬਨ, ਨਾਈਟ੍ਰੋਜਨ ਤੇ ਹਾਈਡ੍ਰੋਜਨ ਦਾ ਪੌਸ਼ਟਿਕਤਾ ਚੱਕਰ ਜਲਚਰਾਂ ਦੀ ਸਾਹ ਕਿਰਿਆ ਨਾਲ ਪ੍ਰਭਾਵਿਤ ਹੁੰਦਾ ਹੈ |
ਪੌਦੇ ਅਤੇ ਜੀਵ-ਜੰਤੂ
ਜਲਗਾਹਾਂ ਅੰਦਰ ਜੀਵ-ਜੰਤੂਆਂ 'ਚ ਊਦ ਬਿਲਾਉ ਡੱਕੇ ਮਰੋੜ ਕੇ ਚਿੱਕੜ 'ਚ ਘਰ ਬਣਾਉਂਦਾ ਹੈ | ਪੱਤੇ ਖਾਂਦਾ ਹੈ | ਰੀਂਗਣ ਵਾਲੇ ਰੈਪਟਾਈਲਜ਼, ਭੁੰਜੰਗਮ ਸੱਪ, ਲੰਬੀਆਂ ਪੂਛਾਂ ਵਾਲੇ ਕਿਰਲੇ, ਨਿੱਕੇ ਕੀੜੇ ਖਾਂਦੇ, ਬੱਤਖਾਂ, ਡੱਡੂ, ਮੱਛੀਆਂ, ਟੈਡਪੋਲ, ਬਿੱਛੂ, ਠੰੂਹੇਂ, ਜਲਗਾਹਾਂ 'ਚ ਵਸੇਬਾ ਕਰਦੇ ਹਨ | ਤਾਜ਼ੇ ਪਾਣੀਆਂ 'ਚ ਘੜਿਆਲ ਤੇ ਲੂਣੇ ਪਾਣੀਆਂ 'ਚ ਮਗਰਮੱਛ ਹੁੰਦੇ ਹਨ ਪਰ ਫਲੋਰੀਡਾ 'ਚ ਐਵਰ ਗਲੇਡਜ਼ ਥਾਂ ਦੇ ਪਾਣੀਆਂ ਅੰਦਰ ਮਗਰਮੱਛ ਵੀ ਹਨ ਤੇ ਘੜਿਆਲ ਵੀ | ਜਲਗਾਹਾਂ ਅੰਦਰ ਜਲ- ਜੀਵਾਂ ਦੀਆਂ ਇਕ ਲੱਖ ਤੋਂ ਵੱਧ ਉਪਜਾਤੀਆਂ ਦੀ ਮੌਜੂਦਗੀ ਦੇਖੀ ਗਈ ਹੈ | ਦਲਦਲ ਕੰਢੇ ਪੌਦਿਆਂ 'ਚ ਡੱਕ ਵੀਡ ਮੱਛੀਆਂ ਚਾਅ ਨਾਲ ਖਾਂਦੀਆਂ ਹਨ | ਐਰੋ ਘਾਹ ਦੇ ਤਣੇ ਤੇ ਬੀਜ ਲਗਦੇ, ਬਾਲਟਿਕ ਰਸ਼ ਪੌਦਿਆਂ ਨੂੰ ਪਸ਼ੂ ਚਰਦੇ, ਪਰਾਗਣ 'ਚ ਮਦਦ ਕਰਦੇ ਨੇ |
ਮੀਂਹਾਂ ਦੇ ਪਾਣੀ
ਜਲਗਾਹਾਂ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਕਿਹੜੀ ਜਲਗਾਹ ਕਿਹੜੇ ਜਲਵਾਯੂ ਖੇਤਰ ਵਿਚ ਹੈ | ਜਿਥੇ ਗਰਮੀ ਅਧਿਕ ਪੈਂਦੀ ਹੈ, ਉਥੋਂ ਦੀਆਂ ਜਲਗਾਹਾਂ ਕੋਸੀਆਂ ਤੇ ਠੰਢੇ ਥਾਵਾਂ ਦੀਆਂ ਜਲਗਾਹਾਂ ਠੰਢੀਆਂ ਹੁੰਦੀਆਂ ਹਨ | ਪਰ ਤਾਪਮਾਨ ਕਦੀ ਵੀ ਚਰਮ ਸੀਮਾ ਨਹੀਂ ਟੱਪਦਾ |
ਵੇਲ੍ਹ ਅਤੇ ਸਕਾਟਲੈਂਡ 'ਚ ਜਲਗਾਹਾਂ 1500 ਮਿਲੀਮੀਟਰ ਤੱਕ ਦੀ ਵਰਖਾ ਤੋਂ ਪਾਣੀ ਲੈਂਦੀਆਂ ਹਨ | ਦੱਖਣੀ-ਪੂਰਬੀ ਏਸ਼ੀਆ 'ਚ ਮੀਂਹ ਵਧ ਪੈਂਦੇ ਹਨ, ਉਥੇ ਜਲਗਾਹਾਂ 10,000 ਮਿਲੀਮੀਟਰ ਤੱਕ ਦੀ ਵਰਖਾ ਸਮੇਟ ਲੈਂਦੀਆਂ ਹਨ |
ਸਮਝੌਤਾ
ਜਲਗਾਹਾਂ ਦੇ ਸੰਦਰਭ 'ਚ ਵਿਸ਼ਵ ਵਿਆਪੀ ਤਵੱਜੋਂ ਦੇਣ ਲਈ, ਇਨ੍ਹਾਂ ਦੇ ਵਿਘਟਨ ਅਤੇ ਨੁਕਸਾਨ ਦੀ ਨਜ਼ਰਸਾਨੀ ਕਰਨ ਲਈ ਰਾਮਸਾਰ ਅੰਤਰਰਾਸ਼ਟਰੀ ਸੰਧੀ ਕੀਤੀ ਗਈ ਹੈ | ਇਸ ਦਾ ਮੁਢਲਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਇਸ ਪ੍ਰਚਲਤ ਧਾਰਨਾ ਤੋਂ ਕਿਨਾਰਾ ਕਰ ਲੈਣ ਕਿ ਜਲਗਾਹਾਂ ਕੂੜਾ ਸੁੱਟਣ ਵਾਲੀਆਂ ਵਾਧੂ ਥਾਵਾਂ ਨਹੀਂ ਹੁੰਦੀਆਂ | ਰਾਮਸਾਰ ਇਕਰਾਰਨਾਮੇ ਦਾ ਸਾਥ, ਪੰਜ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਬਰਡ ਲਾਈਫ਼ ਇੰਟਰਨੈਸ਼ਨਲ, ਆਈ. ਯੂ. ਸੀ. ਐਨ., ਇੰਟਰਨੈਸ਼ਨਲ ਵਾਟਰ ਮੈਨੇਜਮੈਂਟ ਸੰਸਥਾ, ਵੈੱਟਲੈਂਡ ਇੰਟਰਨੈਸ਼ਨਲ, ਵਰਲਡ ਵਾਈਡ ਫੰਡ ਫਾਰ ਨੇਚਰ ਦੇ ਰਹੀਆਂ ਹਨ | ਖੋਜ ਅਧਿਐਨ, ਸੈਮੀਨਾਰ, ਮੀਟਿੰਗਾਂ ਤੇ ਪੁਨਰ ਪੜਚੋਲ ਚਲਦੀ ਰਹਿੰਦੀ ਹੈ, ਇਸ ਸਮਝੌਤੇ ਦੇ ਅੰਤਰਗਤ 476000 ਏਕੜ ਰਕਬੇ 'ਤੇ ਫੈਲੀਆਂ ਜਲਗਾਹਾਂ ਨੂੰ ਸਾਂਭਿਆ ਗਿਆ ਹੈ ਤਾਂ ਕਿ ਇਨ੍ਹਾਂ ਦਾ ਲੁਤਫ਼ ਆਉਣ ਵਾਲੀਆਂ ਪੀੜ੍ਹੀਆਂ ਵੀ ਲੈ ਸਕਣ |
ਜਲਗਾਹਾਂ ਦੇ ਮੱਲੇ ਖੇਤਰ
ਸਾਡੇ ਮੁਲਕ ਅੰਦਰ ਤਕਰੀਬਨ 58.2 ਮਿਲੀਅਨ ਹੈਕਟੇਅਰ ਇਲਾਕਾ ਜਲਗਾਹਾਂ ਨੇ ਘੇਰਿਆ ਹੋਇਆ ਹੈ | ਪੰਜਾਬ ਤੇ ਚੰਡੀਗੜ੍ਹ ਅੰਦਰ ਕੇਵਲ 71872 ਹੈਕਟੇਅਰ ਰਕਬੇ 'ਤੇ ਜਲਗਾਹਾਂ ਹਨ | ਪੰਜਾਬ ਅੰਦਰ ਤਿੰਨ ਪ੍ਰਮੁੱਖ ਜਲਗਾਹਾਂ ਹਨ, ਹਰੀਕੇ, ਕਾਂਜਲੀ ਤੇ ਰੋਪੜ, ਜਿਨ੍ਹਾਂ ਨੂੰ ਅੰਤਰਰਾਸ਼ਟਰ ਪੱਧਰ 'ਤੇ ਰਾਮਸਾਰ ਸੂਚੀ 'ਚ ਦਰਜ ਹੋਣ ਦਾ ਰੁਤਬਾ ਹਾਸਲ ਹੈ | ਹਰੀਕੇ ਜਲਗਾਹ ਦਾ ਰਕਬਾ 4100 ਹੈਕਟੇਅਰ, ਰੋਪੜ ਜਲਗਾਹ ਦਾ ਰਕਬਾ 1365 ਹੈਕਟੇਅਰ ਅਤੇ ਕਾਂਜਲੀ ਜਲਗਾਹ ਦਾ ਖੇਤਰ 183 ਹੈਕਟੇਅਰ ਹੈ | ਹਰੀਕੇ ਨੂੰ ਸਤਲੁਜ ਤੇ ਬਿਆਸ ਦਰਿਆ ਲਗਦੇ ਹਨ ਜੋ ਉੱਤਰੀ ਭਾਰਤ ਦੀ ਪੰਛੀਆਂ ਦੀ ਮਹੱਤਵ ਭਰੀ ਪਨਾਹਗਾਹ ਹੈ | ਕਪੂਰਥਲੇ ਲਾਗਲੇ ਕਾਂਜਲੀ ਜਲਗਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਨਾਲ ਜੁੜੀ ਕਾਲੀ ਵੇੲੀਂ ਲਾਗੇ ਸਥਿਤ ਹੈ | ਸ਼ਿਵਾਲਿਕ ਪਹਾੜੀਆਂ ਦੀ ਗੋਦੀ 'ਚ ਬੈਠੀ, ਸਤਲੁਜ ਦੇ ਕੰਢਿਆਂ 'ਤੇ ਰੋਪੜ ਜਲਗਾਹ ਪੰਜਾਬ ਅੰਦਰ ਸਰਹਿੰਦ ਨਹਿਰੀ ਪ੍ਰਬੰਧ ਜ਼ਰੀਏ ਪਾਣੀ ਦੀਆਂ ਲੋੜਾਂ ਪੂਰੀਆਂ ਕਰਦੀ ਹੈ |
ਸਾਂਭ-ਸੰਭਾਲ
ਪੰਜਾਬ ਦੀਆਂ ਮੁੱਖ ਜਲਗਾਹਾਂ ਦੇ ਕੀਤੇ ਸਰਵੇਖਣ ਉਪਰੰਤ ਹਰੀਕੇ ਵਿਖੇ ਰੁੱਖ ਲਗਾਏ ਗਏ ਹਨ, ਨਿਰੀਖਕ ਬੰਨ੍ਹ ਉਸਾਰੇ ਗਏ ਹਨ, ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਪੰਜਾਬ ਸਰਕਾਰ ਦੀ ਯੋਜਨਾ ਵੀ ਇਸੇ ਲੜੀ ਦਾ ਹਿੱਸਾ ਹੈ | ਰੋਪੜ ਜਲਗਾਹ 'ਚੋਂ ਰੇਤ ਬੱਜਰੀ ਦੀ ਗਾਰ ਕੱਢੀ ਗਈ | ਖਵਾਸ਼ਪੁਰ ਨੇੜੇ ਦੇ ਤੀਹ ਹੈਕਟੇਅਰ ਇਲਾਕੇ 'ਚ ਰੁੱਖ ਲਗਾਏ ਗਏ ਹਨ | ਇਸ ਦੇ ਪਾਣੀਆਂ ਅੰਦਰ ਜਿਸਤ, ਕੋ੍ਰਮੀਅਮ ਨਿਕਲ, ਕੀਟਨਾਸ਼ਕਾਂ ਦਾ ਪਤਾ ਲੱਗਾ ਹੈ | ਵੱਡੇ ਸ਼ਹਿਰਾਂ ਦਾ ਸੀਵਰੇਜ ਅਤੇ ਖੇਤਾਂ ਦਾ ਪਾਣੀ ਇਸ ਜਲਗਾਹ 'ਚ ਪ੍ਰਵੇਸ਼ ਕਰਦਾ ਹੈ | ਕਾਂਜਲੀ ਜਲਗਾਹ ਲਾਗੇ 34 ਹੈਕਟੇਅਰ ਰਕਬੇ 'ਤੇ ਕੱਚੇ ਬੰਨ੍ਹ ਨਾਲ-ਨਾਲ ਰੁੱਖ ਲਗਾਏ ਹਨ | ਇਸ ਦੇ ਪਾਣੀ ਦੀ ਗੁਣਵੱਤਾ ਸੋਧਣ ਦੇ ਯਤਨ ਹੋਏ ਹਨ | ਇਸੇ ਤਰ੍ਹਾਂ ਵਿਸ਼ਵ ਵਿਆਪੀ ਅਤੇ ਕੌਮੀ ਜਲਗਾਹਾਂ ਨੂੰ ਸੁਧਾਰਨ ਦੇ ਯਤਨ ਜਾਰੀ ਹਨ |
ਜਲਗਾਹਾਂ ਧਰਤੀ ਦੇ ਗੁਰਦੇ ਹੁੰਦੀਆਂ ਨੇ | ਕੁਦਰਤ ਦਾ ਸੰਤੁਲਨ ਬਣਾਈ ਰੱਖਦੀਆਂ ਹਨ | ਪਰ ਅੱਜ ਇਨ੍ਹਾਂ ਦੀ ਦੁਰਗਤੀ ਹੋ ਰਹੀ ਹੈ | ਲੋਕਾਂ ਨੇ ਇਨ੍ਹਾਂ ਨੂੰ ਕੂੜਾ-ਘਰ ਬਣਾਉਣ ਦੀ ਕਸਰ ਨਹੀਂ ਛੱਡੀ | ਰੁੱਖਾਂ 'ਤੇ ਵਪਾਰੀਆਂ ਦੇ ਆਰੇ ਚਲ ਗਏ, ਮਿੱਟੀ ਗਾਰ ਜਲਗਾਹਾਂ 'ਚ ਜਮ੍ਹਾ ਹੋਣ ਲੱਗੀ | ਇਨ੍ਹਾਂ ਦੀਆਂ ਡੰੂਘਾਣਾਂ ਘਟ ਗਈਆਂ | ਪ੍ਰਦੂਸ਼ਤ ਵਾਤਾਵਰਨ, ਬਦਲੇ ਤਾਪਮਾਨ ਦਾ ਤਸੀਹਾ ਜਲਗਾਹਾਂ ਵੀ ਕੱਟ ਰਹੀਆਂ ਹਨ | ਲੋਕਾਂ ਟੋਭੇ ਤੇ ਛੱਪੜ ਆਦਿ ਭਰ ਦਿੱਤੇ | ਜਲਗਾਹਾਂ 'ਚ ਮਿੱਟੀ ਭਰ ਕੇ ਫਸਲਾਂ ਬੀਜ ਲਈਆਂ | ਉਦਯੋਗਾਂ ਨੇ ਇਨ੍ਹਾਂ ਨੂੰ ਕੂੜਾ ਸੁੱਟਣ ਦੇ ਲਈ ਵਰਤ ਲਿਆ | ਹਰੀ ਕ੍ਰਾਂਤੀ ਨੇ ਜਲਗਾਹਾਂ ਦੇ ਪਾਣੀਆਂ 'ਚ ਜ਼ਹਿਰਾਂ ਘੋਲ ਦਿੱਤੀਆਂ | ਸੈਰ-ਸਪਾਟੇ 'ਤੇ ਨਿਕਲੇ ਲੋਕ ਇਨ੍ਹਾਂ ਜਲਗਾਹਾਂ 'ਚ ਪਲਾਸਟਿਕ ਦੀਆਂ ਬੋਤਲਾਂ ਤੇ ਕੂੜਾ ਸੁੱਟ ਰਹੇ ਹਨ | ਇਹ ਜਲਗਾਹਾਂ ਸੁੰਗੜ ਰਹੀਆਂ ਹਨ, ਕੁਝ ਇਕ ਅਲੋਪ ਹੋ ਗਈਆਂ ਹਨ | ਥੋੜ੍ਹੀਆਂ ਸਿਰੜ ਨਾਲ ਅੜੀਆਂ ਖੜ੍ਹੀਆਂ ਹਨ | ਕਿਤੇ ਇਹ ਵੀ ਨਾ ਦਮ ਤੋੜ ਜਾਣ |
ਕੀ ਕੀਤਾ ਜਾਵੇ
ਵਿਸ਼ਵ ਜਲਗਾਹ ਦਿਵਸ ਦੇ ਮੌਕੇ ਜਲਗਾਹਾਂ ਪ੍ਰਤੀ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੇ ਯਤਨ ਕੀਤੇ ਜਾਣ | ਸੈਮੀਨਾਰ ਹੋਣ, ਰੈਲੀਆਂ ਕੱਢੀਆਂ ਜਾਣ, ਪੋਸਟਰ ਵੰਡੇ ਜਾਣ | ਚਰਚਾ ਛੇੜੀ ਜਾਵੇ ਕਿ ਜਲਗਾਹਾਂ ਕਿਉਂ ਖਤਮ ਹੋ ਰਹੀਆਂ ਹਨ? ਇਨਸਾਨ ਇਨ੍ਹਾਂ ਦੇ ਖਾਤਮੇ ਲਈ ਕਿੰਨਾ ਕੁ ਜ਼ਿੰਮੇਵਾਰ ਹੈ? ਇਸ ਦਿਨ ਸਕੂਲਾਂ ਦੇ ਵਿਦਿਆਰਥੀ ਨੇੜੇ ਦੀਆਂ ਜਲਗਾਹਾਂ ਦਾ ਟੂਰ ਪ੍ਰੋਗਰਾਮ ਬਣਾਉਣ | ਜਲਗਾਹਾਂ 'ਤੇ ਆਉਂਦੇ ਉੱਡਣੇ ਮਹਿਮਾਨ ਪੰਛੀਆਂ ਬਾਰੇ ਅਧਿਆਪਕ ਬੱਚਿਆਂ ਨੂੰ ਜਾਣਕਾਰੀ ਦੇਣ | ਇਸ ਦਿਨ ਰੁੱਖ ਲਗਾਏ ਜਾਣ | ਬਾਗਾਂ, ਰੱਖਾਂ, ਬੀੜਾਂ 'ਚ ਜਨੌਰਾਂ ਦੇ ਆਲ੍ਹਣੇ ਬਣਾ ਕੇ ਟੰਗੇ ਜਾਣ |
ਚਿਤਾਵਨੀ
ਜੇ ਜਲਗਾਹਾਂ ਏਦਾਂ ਪਲੀਤ ਹੋਈ ਗਈਆਂ, ਇਨ੍ਹਾਂ ਅੰਦਰ ਰਹਿੰਦੇ ਜਲਜੀਵਾਂ ਦਾ ਸਾਹ ਘੁਟਣ ਲੱਗਾ, ਬਨਸਪਤੀਆਂ ਸੁੱਕਣ ਲੱਗੀਆਂ, ਰੁੱਖਾਂ ਦੇ ਚਿਹਰਿਆਂ 'ਚੋਂ ਮੁਰਦੇਹਾਣੀ ਝਾਕਣ ਲੱਗੀ ਤਾਂ ਲੋਕੋ! ਇਹ ਦੂਰ ਧਰਤੀਆਂ ਤੋਂ ਉੱਡ ਕੇ, ਥੋਡੀਆਂ ਜਲਗਾਹਾਂ 'ਤੇ ਵੰਨ-ਸੁਵੰਨੇ ਪੰਛੀ ਨਹੀਂ ਆਉਣੇ | ਕਲ੍ਹ ਨੂੰ ਵਿਸ਼ਵ ਜਲਗਾਹ ਦਿਵਸ 'ਤੇ ਜਲਗਾਹਾਂ ਨੂੰ ਬਚਾਉਣ ਹਿਤ ਲੋਕ ਲਹਿਰ ਉਸਾਰਨ ਲਈ ਉਪਰਾਲੇ ਕੀਤੇ ਜਾਣੇ ਬੜੇ ਹੀ ਜ਼ਰੂਰੀ ਹਨ |
-398-ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ |
ਮੋਬਾਈਲ : 097806-67686

ਗੁਰ-ਇਤਿਹਾਸ ਦੀਆਂ ਨਵੀਆਂ ਨਿਸ਼ਾਨੀਆਂ

ਦਸਮ ਪਾਤਸ਼ਾਹ ਦੇ ਰੱਥ ਦੀ ਮੰਜੀ ਸਾਹਿਬਦਸੰਬਰ ਦਾ ਮਹੀਨਾ ਸੀ ਤੇ ਹਰ ਰੋਜ਼ ਝੜ ਤੇ ਧੁੰਦ | ਸੂਰਜ ਤਾਂ ਜਿਵੇਂ ਧਰਤੀ ਨਾਲ ਰੁਸ ਗਿਆ ਸੀ | ਸਰਦੀ ਪੂਰੇ ਜੋਬਨ 'ਤੇ ਸੀ | ਇਕ ਦਿਨ ਮੋਗੇ ਤੋਂ ਫੋਨ ਆਇਆ | ਸ: ਨਛੱਤਰ ਸਿੰਘ ਬੋਲ ਰਹੇ ਸਨ | ਕਹਿੰਦੇ ਮੈਂ ਤੁਹਾਨੂੰ ਇਕ ਦਿਨ ਦੀਨੇ ਕਾਂਗੜ ਲੈ ਕੇ ਚਲਣਾ | ਮੈਂ ਕਿਹਾ-ਇਥੇ ਤਾਂ ਮੈਂ ਕਈ ਵਾਰ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਚ ਗਿਆਂ, ਹੋਰ ਉਥੇ ਕੀ ਖਾਸ ਗੱਲ ਹੈ? ਨਛੱਤਰ ਸਿੰਘ ਕਹਿੰਦੇ ਉਥੇ ਇਕ ਪਰਿਵਾਰ ਕੋਲ ਉਸ ਬੈਲ ਗੱਡੀ ਦੀ ਮੰਜੀ (ਸੀਟ) ਹੈ, ਜਿਸ ਉਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਤਖਤੂਪੁਰੇ ਤੋਂ ਦੀਨੇ ਕਾਂਗੜ ਆਏ ਸਨ | ਸੁਣ ਕੇ ਬੜੀ ਹੈਰਾਨੀ ਹੋਈ ਕਿ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਚ ਮੈਨੂੰ ਇਹ ਗੱਲ ਕਿਸੇ ਨੇ ਦੱਸੀ ਹੀ ਨਹੀਂ ਸੀ | ਮੈਂ ਠੰਢ ਤੇ ਝੜ ਦੀ ਪ੍ਰਵਾਹ ਕੀਤੇ ਬਿਨਾਂ 4 ਜਨਵਰੀ, 2015 ਨੂੰ ਦੀਨੇ ਜਾਣ ਦਾ ਪ੍ਰੋਗਰਾਮ ਬਣਾ ਲਿਆ | ਜਲੰਧਰੋਂ ਮੋਗੇ ਤੱਕ ਬੱਸ ਵਿਚ ਅਤੇ ਅੱਗੇ ਸ: ਨਛੱਤਰ ਸਿੰਘ ਦੀ ਕਾਰ ਵਿਚ ਅਸੀਂ ਦੀਨੇ ਪਹੁੰਚ ਗਏ | ਪਿੰਡ ਦੀਨੇ ਦੇ ਸ਼ੁਰੂ ਵਿਚ ਹੀ ਸੜਕ ਦੇ ਖੱਬੇ ਪਾਸੇ ਇਕ ਗਲੀ ਵਿਚ ਸ: ਮੁਕੰਦ ਸਿੰਘ ਜ਼ਫ਼ਰਨਾਮਾ ਦਾ ਘਰ ਸੀ | ਗੁਰੂ ਫ਼ਤਹਿ ਬੁਲਾ ਕੇ ਅਸੀਂ ਬੈਠਕ ਵਿਚ ਜਾ ਬੈਠੇ ਤੇ ਗੱਲਾਂ-ਬਾਤਾਂ ਸ਼ੁਰੂ ਹੋ ਗਈਆਂ | ਮੈਂ ਪੁੱਛਿਆ, 'ਸਰਦਾਰ ਸਾਹਿਬ, ਬੈਲ ਗੱਡੀ ਦੀ ਇਹ ਮੰਜੀ (ਸੀਟ) ਤੁਹਾਡੇ ਪਾਸ ਕਿਥੋਂ ਆਈ?' ਸ: ਮੁਕੰਦ ਸਿੰਘ ਨੇ ਦੱਸਿਆ, 'ਬੈਲ ਗੱਡੀ ਦੀ ਇਹ ਮੰਜੀ ਸਾਹਿਬ ਸਾਡੀ ਖਾਨਦਾਨੀ ਵਿਰਾਸਤ ਹੈ | ਸਾਡੇ ਬਜ਼ੁਰਗ ਭਾਈ ਦੇਸੂ ਜੀ ਅਤੇ ਭਾਈ ਕਰਮੂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਮ ਸ਼ਰਧਾਲੂ ਸਨ | ਉਹ ਕਈ ਵਾਰ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਪਣੀ ਬੈਲ ਗੱਡੀ ਵਿਚ ਸ੍ਰੀ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ | ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਅਨੰਦਪੁਰ ਛੱਡ ਕੇ ਤਖਤੂਪੁਰੇ ਆ ਗਏ ਹਨ ਤਾਂ ਉਹ ਆਪਣੀ ਬੈਲ ਗੱਡੀ ਵਿਚ ਗੁਰੂ ਜੀ ਨੂੰ ਤਖਤੂਪੁਰੇ ਤੋਂ ਦੀਨੇ ਲੈ ਕੇ ਆਏ ਸਨ | ਉਦੋਂ ਤੋਂ ਹੀ ਉਹ ਬੈਲ ਗੱਡੀ ਸਾਡੇ ਪਰਿਵਾਰ ਵਿਚ ਪੀੜ੍ਹੀ-ਦਰ-ਪੀੜ੍ਹੀ ਅੱਗੇ ਆਉਂਦੀ ਰਹੀ | ਸਮੇਂ ਦੇ ਬੀਤਣ ਨਾਲ ਰੱਥ ਤਾਂ ਟੁੱਟ-ਫੁੱਟ ਗਿਆ | ਹੁਣ ਇਹ ਮੰਜੀ ਸਾਹਿਬ ਹੀ ਸਾਡੇ ਪਾਸ ਸੁਰੱਖਿਅਤ ਹੈ |' ਸ: ਮੁਕੰਦ ਸਿੰਘ ਨੇ ਅੱਗੇ ਦੱਸਿਆ ਕਿ ਦਸਮ ਪਾਤਸ਼ਾਹ ਭਾਈ ਦੇਸੂ ਜੀ (ਜਾਂ ਭਾਈ ਦੇਸਾ ਸਿੰਘ) ਦੇ ਚੁਬਾਰੇ ਵਿਚ 3 ਮਹੀਨੇ 13 ਦਿਨ ਰਹੇ ਅਤੇ ਇਥੇ ਹੀ ਉਨ੍ਹਾਂ ਨੇ ਆਪਣਾ ਮਸ਼ਹੂਰ ਪੱਤਰ 'ਜ਼ਫ਼ਰਨਾਮਾ' ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਅਤੇ ਭੇਜਿਆ | ਇਸੇ ਲਈ ਮੈਂ ਆਪਣੇ ਨਾਂਅ ਨਾਲ ਤੁਖੱਲਸ 'ਜ਼ਫ਼ਰਨਾਮਾ' ਜੋੜ ਲਿਆ ਹੈ |
ਗੁਰੂ ਗੋਬਿੰਦ ਸਿੰਘ ਜੀ ਨੇ ਭੱਟ ਵਹੀਆਂ ਦੀ ਸੂਚਨਾ ਅਨੁਸਾਰ 5 ਦਸੰਬਰ, 1705 ਈ. ਨੂੰ ਅਨੰਦਗੜ੍ਹ ਦਾ ਕਿਲਾ ਛੱਡਿਆ | 7 ਦਸੰਬਰ, 1705 ਈ: ਨੂੰ ਚਮਕੌਰ ਦੀ ਜੰਗ ਹੋਈ | 8 ਦਸੰਬਰ ਨੂੰ ਗੁੁਰੂ ਜੀ ਮਾਛੀਵਾੜੇ ਪਹੁੰਚੇ | ਆਲਮਗੀਰ ਤੇ ਰਾਏਕੋਟ ਵਿਚੀਂ ਹੁੰਦੇ ਹੋਏ ਗੁਰੂ ਜੀ, ਤਿੰਨ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ ਛੁਹ ਪ੍ਰਾਪਤ ਧਰਤੀ ਤਖਤੂਪੁਰੇ ਪਹੁੰਚੇ | ਤਖਤੂਪੁਰਾ ਅੱਜਕਲ੍ਹ ਜ਼ਿਲ੍ਹਾ ਮੋਗਾ ਵਿਚ ਹੈ | ਮਾਛੀਵਾੜੇ ਤੋਂ ਗੁਰੂ ਜੀ ਤਖਤੂਪੁਰੇ ਤੱਕ ਉੱਚ ਦੇ ਪੀਰ ਦੇ ਭੇਸ ਵਿਚ ਪਲੰਘ ਉਤੇ ਬਿਰਾਜਮਾਨ ਹੋ ਕੇ ਹੀ ਆਏ ਸਨ | ਭਾਈ ਸਵਰੂਪ ਸਿੰਘ ਕੌਸ਼ਿਕ ਰਚਿਤ 'ਗੁਰੂ ਕੀਆਂ ਸਾਖੀਆਂ' (1790 ਈ:) ਅਨੁਸਾਰ ਗੁਰੂ ਜੀ ਨੇ 'ਤਖਤੂਪੁਰੇ ਗਾਮ ਮੇਂ ਪਹੁੰਚ ਏਕ ਢਾਬ ਕੇ ਕਿਨਾਰੇ ਜਾਇ ਡੇਰਾ ਕੀਆ | ਅਗਲੇ ਦਿਵਸ ਸਵਾ ਪਹਿਰ ਦਿਹੁੰ ਚਢੇ ਭਾਈ ਦਯਾ ਸਿੰਘ ਪਰੋਹਤ ਦੀਨਾ ਗਾਉਂ ਕੇ ਵਾਸੀ ਭਾਈ ਦੇਸਾ ਸਿੰਘ ਤੇ ਇਸ ਕੇ ਲਘੂ ਭਾਈ ਹਰਿਦਿਤ ਸਿੰਘ ਤਖਣੇਟੇ ਸਿੱਖ ਕੋ ਗੈਲ ਲੈ ਤਖਤੂਪੁਰੇ ਆਇਆ | ਤੀਨੋਂ ਸਿੰਘ ਰੱਥ ਬਹਿਲੀ ਸੇ ਨੀਚੇ ਉਤਰ ਗੁਰੂ ਜੀ ਸੇ ਆਇ ਮਾਥਾ ਟੇਕਾ | ਸਤਿਗੁਰਾਂ ਦਿਹੁੰ ਢਲੇ ਆਗੇ ਜਾਨੇ ਕੀ ਤਿਆਰੀ ਕੀ |' (ਸਾਖੀ 85ਵੀਂ)
ਇਸ ਤੋਂ ਅੱਗੇ ਸ: ਮੁਕੰਦ ਸਿੰਘ ਜ਼ਫ਼ਰਨਾਮਾ ਦਾ ਬਿਰਤਾਂਤ ਸ਼ੁਰੂ ਹੁੰਦਾ ਹੈ | ਸਰਦਾਰ ਜੀ ਦੇ ਦੱਸਣ ਅਨੁਸਾਰ ਭਾਈ ਦੇਸਾ ਸਿੰਘ ਉਨ੍ਹਾਂ ਦੇ ਬਜ਼ੁਰਗ ਸਨ | ਮੈਂ ਪੁੱਛਿਆ, 'ਤੁਹਾਡੇ ਪਾਸ ਭਾਈ ਦੇਸਾ ਸਿੰਘ ਦੀ ਬੰਸਾਵਲੀ ਹੈ? ਕਹਿਣ ਲੱਗੇ 'ਭਾਈ ਦੇਸਾ ਸਿੰਘ ਦੀ ਸ਼ਾਦੀ ਨਹੀਂ ਸੀ ਹੋਈ | ਅਸੀਂ ਉਨ੍ਹਾਂ ਦੇ ਛੋਟੇ ਭਰਾ, ਭਾਈ ਕਰਮੂ ਜੀ ਦੀ ਬੰਸ ਵਿਚੋਂ ਹਾਂ | ਅੰਮਿ੍ਤ ਛਕ ਕੇ ਭਾਈ ਕਰਮੂ ਜੀ ਦਾ ਨਾਂਅ ਭਾਈ ਹਰਦਿਤ ਸਿੰਘ ਹੋ ਗਿਆ ਸੀ | ਸਾਡਾ ਗੋਤ ਸੂਤਧਾਰ ਹੈ | ਬੰਸਾਵਲੀ ਇਸ ਤਰ੍ਹਾਂ ਹੈ : ਭਾਈ ਕਰਮੂ ਜੀ (ਹਰਦਿੱਤ ਸਿੰਘ) ਦੇ ਦੋ ਪੁੱਤਰ ਸਨ, ਅਨੋਖ ਸਿੰਘ ਤੇ ਬੂਟਾ ਸਿੰਘ | ਅਨੋਖ ਸਿੰਘ ਦਾ ਪੁੱਤਰ ਨਗੀਨਾ ਸਿੰਘ ਸੀ | ਨਗੀਨਾ ਸਿੰਘ ਦੇ ਦੋ ਬੇਟੇ ਹੋਏ : ਅਤਰ ਸਿੰਘ ਤੇ ਹਰੀ ਸਿੰਘ | ਅਤਰ ਸਿੰਘ ਦਾ ਪੁੱਤਰ ਗੁਰਦਿਆਲ ਸਿੰਘ ਸੀ | ਗੁਰਦਿਆਲ ਸਿੰਘ ਦੇ ਅੱਗੋਂ ਤਿੰਨ ਪੁੱਤਰ ਹੋਏ : ਚਮਕੌਰ ਸਿੰਘ, ਮੁਕੰਦ ਸਿੰਘ ਤੇ ਸੁੰਦਰ ਸਿੰਘ |' ਇਹ ਬੰਸਾਵਲੀ ਸ: ਮੁਕੰਦ ਸਿੰਘ ਦੇ ਪਿਤਾ ਸ: ਗੁਰਦਿਆਲ ਸਿੰਘ ਹਰਿਦੁਆਰ ਤੋਂ ਲਿਆਏ ਸਨ |
ਸ: ਮੁਕੰਦ ਸਿੰਘ ਦੇ ਦੱਸਣ ਮੁਤਾਬਿਕ ਭਾਈ ਦੇਸਾ ਸਿੰਘ ਤੇ ਭਾਈ ਹਰਦਿੱਤ ਸਿੰਘ ਦਾ ਘਰ, ਗੁਰਦੁਆਰਾ ਲੋਹਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਹੁੰਦਾ ਸੀ | ਗੁਰੂ ਜੀ ਦੀ ਛੁਹ ਨਾਲ ਪਵਿੱਤਰ ਹੋਏ ਅਸਥਾਨ ਦੀ ਪੂਜਾ ਅਤੇ ਧੂਫ਼-ਬੱਤੀ ਵੀ ਉਹੀ ਕਰਦੇ ਸਨ | ਅਸਥਾਨ ਦੇ ਦਰਸ਼ਨ ਕਰਨ ਆਈ ਸੰਗਤ ਕੁਝ ਭੇਟਾ ਚੜ੍ਹਾ ਜਾਂਦੀ ਸੀ | ਪਰ ਪੂਜਾ ਦਾ ਇਹ ਧਾਨ ਪਰਿਵਾਰ ਨੂੰ ਫਲਿਆ ਨਹੀਂ | ਭਾਈ ਅਨੋਖ ਸਿੰਘ ਦੇ ਘਰ 8 ਪੁੱਤਰ ਹੋਏ | ਸਾਰੇ ਮਰ ਗਏ | ਬਜ਼ੁਰਗਾਂ ਨੇ ਲੋਹਗੜ੍ਹ ਤੋਂ ਉੱਠ ਕੇ ਪਿੰਡ ਵਿਚ ਕਿਲੇ ਦੇ ਨੇੜੇ ਨਿਵਾਸ ਕਰ ਲਿਆ | ਫਿਰ 9ਵੇਂ ਬੱਚੇ ਨਗੀਨਾ ਸਿੰਘ ਦਾ ਜਨਮ ਹੋਇਆ ਤੇ ਬੰਸ ਅੱਗੇ ਵਧੀ | ਕੁਝ ਸਮੇਂ ਬਾਅਦ ਬਜ਼ੁਰਗਾਂ ਨੇ ਕਿਲੇ ਦੇ ਨੇੜੇ ਵਾਲਾ ਨਿਵਾਸ ਵੀ ਛੱਡ ਦਿੱਤਾ ਅਤੇ ਪਿੰਡ ਤੋਂ ਬਾਹਰ ਖੇਤਾਂ ਵਿਚ ਰਕਬਾ ਮੋਰਾਂਵਾਲੀ ਵਿਚ ਮਕਾਨ ਪਾ ਲਿਆ | ਸੰਨ 2007 ਵਿਚ ਸਾਡਾ ਪਰਿਵਾਰ ਖੇਤਾਂ ਵਿਚੋਂ ਉੱਠ ਕੇ ਪਿੰਡ ਦੀ ਨਿਆੲੀਂ ਵਿਚ ਆ ਗਿਆ | ਇਥੇ ਸਾਡੀ ਜੱਦੀ ਪੈਲੀ ਸੀ |
ਸ: ਮੁਕੰਦ ਸਿੰਘ ਦੇ ਦੱਸਣ ਅਨੁਸਾਰ ਗੁਰੂ ਜੀ ਤਖਤੂਪੁਰੇ ਤੋਂ ਸਵੇਰ ਵੇਲੇ ਤੁਰੇ ਸਨ | ਤਕਰੀਬਨ ਦਸ ਮੀਲ ਦੇ ਫਾਸਲੇ 'ਤੇ ਪਿੰਡ ਮਧੇਕੇ ਆਇਆ | ਗੁਰੂ ਜੀ ਦੇ ਸੱਜੇ ਹੱਥ ਦਾ ਅੰਗੂਠਾ ਪੱਕਾ ਹੋਇਆ ਸੀ | ਅੰਗੂਠੇ ਉਤੇ ਕੀਤੀ ਪੱਟੀ ਜੁੜ ਕੇ ਸਖ਼ਤ ਹੋ ਗਈ ਸੀ | ਮਧੇਕੇ ਦੇ ਉਮਰੇ ਲੁਹਾਰ ਨੇ ਮੰੂਹ ਦੀ ਭਾਫ਼ ਦੇ-ਦੇ ਕੇ ਪੱਟੀ ਖੋਲ੍ਹੀ ਅਤੇ ਨਵੀਂ ਪੱਟੀ ਕੀਤੀ | ਇਸ ਅਸਥਾਨ 'ਤੇ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ | ਦੀਨੇ ਤੋਂ ਕੁਝ ਫ਼ਾਸਲਾ ਉਰੇ ਪਿੰਡ ਸੈਦੋਕੇ ਦੀ ਜੂਹ ਵਿਚ ਕਿਸੇ ਪ੍ਰੇਮੀ ਨੇ ਗੁਰੂ ਜੀ ਨੂੰ ਲੱਸੀ ਛਕਾਈ | ਇਸ ਥਾਂ ਨੂੰ ਛਾਹਵਾਲੀ ਕਹਿੰਦੇ ਹਨ | ਛਾਹਵਾਲੀ ਕੋਈ ਪਿੰਡ ਨਹੀਂ ਹੈ | ਕੇਵਲ ਲੱਸੀ ਛਕਾਉਣ ਵਾਲੇ ਅਸਥਾਨ ਦਾ ਹੀ ਨਾਂਅ ਹੈ | ਇਥੇ ਸਰਕਾਰੀ ਹਾਈ ਸਕੂਲ ਛਾਹਵਾਲੀ ਚਲ ਰਿਹਾ ਹੈ | ਦੀਨੇ ਆ ਕੇ ਗੁਰੂ ਜੀ ਭਾਈ ਦੇਸਾ ਸਿੰਘ ਦੇ ਚੁਬਾਰੇ ਵਿਚ ਰਹੇ | ਸਵੇਰੇ ਉਠ ਕੇ ਜਿਸ ਢਾਬ 'ਤੇ ਗੁਰੂ ਸਾਹਿਬ ਦਾਤਨ-ਕੁਰਲਾ ਕਰਦੇ ਸਨ, ਉਸ ਢਾਬ ਦਾ ਪਾਣੀ ਦੂਧੀਆ ਹੋ ਜਾਂਦਾ ਸੀ | ਇਸ ਅਸਥਾਨ 'ਤੇ ਕੁਝ ਸਾਲ ਪਹਿਲਾਂ ਰਾਗੀ ਭਾਈ ਬਚਿੰਤ ਸਿੰਘ ਦੇ ਸਪੁੱਤਰ ਭਾਈ ਸੁਖਚੈਨ ਸਿੰਘ ਨੇ ਇਕ ਕਮਰਾ ਬਣਵਾ ਦਿੱਤਾ ਹੈ | ਨਿਸ਼ਾਨ ਸਾਹਿਬ ਲੱਗਾ ਹੋਇਆ ਹੈ | ਇਥੇ ਹਰ ਸਾਲ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ |
ਗੁਰੂ ਗੋਬਿੰਦ ਸਿੰਘ ਜੀ ਜਦੋਂ ਦੀਨੇ (ਕਾਂਗੜ) ਤੋਂ ਜਾਣ ਲੱਗੇ ਤਾਂ ਇਸ ਇਲਾਕੇ ਦੇ ਜਗੀਰਦਾਰ ਚੌਧਰੀ ਸ਼ਮੀਰ, ਲਖਮੀਰ ਤੇ ਤਖ਼ਤ ਮੱਲ ਨੇ ਕਿਹਾ, 'ਗੁਰੂ ਜੀ ਅਸੀਂ ਵੀ ਤੁਹਾਡੇ ਨਾਲ ਚਲਦੇ ਹਾਂ |' ਗੁਰੂ ਜੀ ਨੇ ਮਨ੍ਹਾ ਕਰ ਦਿੱਤਾ | ਫਰਮਾਇਆ, 'ਤੁਸੀਂ ਆਪਣੀਆਂ ਜਗੀਰਾਂ 'ਤੇ ਹੀ ਵੱਸਦੇ-ਰਸਦੇ ਰਹੋ | ਤੁਹਾਡੇ ਪਿੰਡ ਦੇ ਆਲੇ-ਦੁਆਲੇ ਬਾਰਾਂ-ਬਾਰਾਂ ਕੋਹ ਤੱਕ ਲੋਹੇ ਦਾ ਕੋਟ ਉਸਰ ਗਿਆ ਹੈ | ਕੋਈ ਧਾੜਵੀ ਤੁਹਾਡਾ ਨੁਕਸਾਨ ਨਹੀਂ ਕਰ ਸਕੇਗਾ | ਚੜ੍ਹੀ ਆਊ ਤੇ ਲੱਥੀ ਜਾਊ | ਬੇਝਿਜਕ ਹੋ ਕੇ ਵਸੋ |' ਸ: ਮੁਕੰਦ ਸਿੰਘ ਨੇ ਦੱਸਿਆ, 'ਗੁਰੂ ਜੀ ਦੀ ਕਿਰਪਾ ਨਾਲ ਸਾਡੇ ਪਿੰਡ ਵਿਚ ਕਦੇ ਕੋਈ ਭਿਆਨਕ ਘਟਨਾ ਨਹੀਂ ਵਾਪਰੀ | ਖਾੜਕੂਵਾਦ ਦੇ ਸਮੇਂ ਵੀ ਕੋਈ ਦੁਖਾਂਤ ਨਹੀਂ ਵਾਪਰਿਆ | ਸਾਡੇ ਪਿੰਡ ਕਦੀ ਮੋਟੇ ਗੜਿਆਂ ਨਾਲ ਫਸਲਾਂ ਦਾ ਨੁਕਸਾਨ ਨਹੀਂ ਹੋਇਆ | ਬਰੀਕ-ਬਰੀਕ ਗੜੇ ਪੈਂਦੇ ਹਨ |' ਭਾਈ ਲਖਮੀਰ, ਸ਼ਮੀਰ ਅਤੇ ਤਖ਼ਤ ਮੱਲ ਦੇ ਪਰਿਵਾਰ ਨੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਸਿੱਖੀ ਧਾਰਨ ਕਰ ਲਈ ਸੀ |
ਹੁਣ ਆਈ ਇਤਿਹਾਸਕ ਵਸਤਾਂ ਦੇ ਦਰਸ਼ਨ ਕਰਨ ਦੀ ਵਾਰੀ | ਸ: ਮੁਕੰਦ ਸਿੰਘ ਜ਼ਫ਼ਰਨਾਮਾ ਨੇ ਇਤਿਹਾਸਕ ਵਸਤਾਂ ਇਕ ਕਮਰੇ ਵਿਚ ਬਹੁਤ ਹੀ ਸਤਿਕਾਰ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਹਨ | ਜੋੜੇ ਉਤਾਰ ਕੇ ਅਸੀਂ ਕਮਰੇ ਵਿਚ ਦਾਖਲ ਹੋਏ ਤੇ ਪਵਿੱਤਰ ਗੁਰੂ ਨਿਸ਼ਾਨੀਆਂ ਨੂੰ ਨਮਸਕਾਰ ਕੀਤੀ | ਕਮਰੇ ਦੀ ਛੱਤ ਨਾਲ ਲੋਹੇ ਦਾ ਇਕ ਵੱਡਾ ਚੌਰਸ ਫਰੇਮ ਲਟਕ ਰਿਹਾ ਹੈ, ਜਿਸ ਉਤੇ ਸੁੰਦਰ ਚਾਦਰਾਂ ਤੇ ਰਮਾਲੇ ਵਿਛਾ ਕੇ ਉਸ ਬੈਲ ਗੱਡੀ ਦੀ ਮੰਜੀ ਸਾਹਿਬ ਬੜੇ ਸਤਿਕਾਰ ਨਾਲ ਟਿਕਾ ਕੇ ਰੱਖੀ ਹੋਈ ਸੀ, ਜਿਸ ਬੈਲ ਗੱਡੀ ਵਿਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਤਖਤੂਪੁਰੇ ਤੋਂ ਦੀਨੇ ਆਏ ਸਨ | ਇਹ ਮੰਜੀ ਸਾਹਿਬ ਸਣ ਦੇ ਬਰੀਕ ਵਾਣ ਨਾਲ ਸੰਘਣੀ ਬੁਣੀ ਹੋਈ ਹੈ | ਵਾਣ ਦੀ ਕੋਈ ਰੱਸੀ ਟੁੱਟੀ ਹੋਈ ਜਾਂ ਢਿੱਲੀ ਨਹੀਂ | ਮੰਜੀ ਸਾਹਿਬ ਨੂੰ ਦੌਣ ਪਾ ਕੇ ਕੱਸਿਆ ਹੋਇਆ ਹੈ | ਮੰਜੀ ਸਾਹਿਬ ਦੀ ਲੰਬਾਈ-ਚੌੜਾਈ ਤਿੰਨ-ਤਿੰਨ ਫੁੱਟ ਹੈ | ਮੰਜੀ ਸਾਹਿਬ ਦੇ ਸਰਹਾਣੇ ਵਾਲੇ ਪਾਸੇ ਡੇਢ ਫੁੱਟ ਉੱਚੀ ਢੋਅ ਬਣੀ ਹੋਈ ਹੈ | ਢੋਅ ਦੇ ਫਰੇਮ ਵਿਚਾਲੇ 9 ਡੰਡੀਆਂ ਲੱਗੀਆਂ ਹੋਈਆਂ ਹਨ | ਖੱਬੇ ਪਾਸੇ ਦੀ ਇਕ ਡੰਡੀ ਟੁੱਟੀ ਹੋਈ ਹੈ | ਮੰਜੀ ਦੇ ਸੱਜੇ-ਖੱਬੇ ਬੈਲ ਗੱਡੀ ਦੀਆਂ ਦੋ ਪਿੰਜਣੀਆਂ ਸਜਾਈਆਂ ਹੋਈਆਂ ਹਨ | ਦੋਵੇਂ ਪਿੰਜਣੀਆਂ ਚਾਰ-ਚਾਰ ਫੁੱਟ ਲੰਮੀਆਂ ਹਨ | ਪਿੰਜਣੀਆਂ ਉਤੇ ਮਜ਼ਬੂਤੀ ਲਈ ਲੋਹੇ ਦੇ ਲੰਮੇ ਪੱਤਰੇ ਲਾ ਕੇ ਉਤੇ ਸਜਾਵਟ ਕੀਤੀ ਹੋਈ ਹੈ | ਮੰਜੀ ਸਾਹਿਬ ਦੇ ਸਾਹਮਣੇ ਸਾਢੇ ਪੰਜ ਫੁੱਟ ਲੰਮਾ ਪੰਜਾਲੀ ਦਾ ਜੂਲਾ ਪਿਆ ਹੈ | ਜੂਲੇ ਦੇ ਦੋਵਾਂ ਸਿਰਿਆਂ ਉਤੇ ਸਜਾਵਟ ਲਈ ਪਿੱਤਲ ਦੀਆਂ ਮੋਰਨੀਆਂ ਬਣੀਆਂ ਹੋਈਆਂ ਹਨ | ਜੂਲੇ ਦੀਆਂ ਕਿੱਲੀਆਂ ਉਤੇ ਲੋਹੇ ਦੇ ਸੰਮ ਚੜ੍ਹੇ ਹੋਏ ਹਨ |
ਇਸ ਪਰਿਵਾਰ ਕੋਲ ਦੂਜੀ ਇਤਿਹਾਸਕ ਵਸਤ ਹੱਥ-ਲਿਖਤ 'ਜਨਮ ਸਾਖੀ ਭਾਈ ਬਾਲਾ' ਹੈ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 098155-40968.

ਕਿਵੇਂ ਕਰੀਏ ਇੰਟਰਵਿਊ ਦੀ ਤਿਆਰੀ

ਆਮ ਤੌਰ 'ਤੇ ਹਰ ਇਕ ਨੌਕਰੀ ਵਾਲੇ ਇਮਤਿਹਾਨ ਤੋਂ ਬਾਅਦ ਵਿਚ ਇੰਟਰਵਿਊ ਰੱਖੀ ਜਾਂਦੀ ਹੈ ਤੇ ਇਸ ਇੰਟਰਵਿਊ ਦੀ ਚੰਗੀ ਤਰ੍ਹਾਂ ਤਿਆਰੀ ਹੀ ਕਿਸੇ ਵਿਅਕਤੀ ਨੂੰ ਉਸ ਦੇ ਮੁਕਾਮ 'ਤੇ ਪਹੁੰਚਾ ਸਕਦੀ ਹੈ | ਜੇਕਰ ਇੰਟਰਵਿਊ ਦੀ ਤਿਆਰੀ ਵਿਚ ਢਿਲ-ਮੱਠ ਰਹਿ ਜਾਵੇ ਤਾਂ ਇਹ ਕਰੇ-ਕਰਾਏ ਖੂਨ-ਪਸੀਨੇ ਦੀ ਮਿਹਨਤ ਦਾ ਭੱਠਾ ਬਿਠਾ ਕੇ ਰੱਖ ਦਿੰਦੀ ਹੈ | ਇਸ ਵਾਸਤੇ ਇੰਟਰਵਿਊ ਦੀ ਤਿਆਰੀ ਕਰਨੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਇਮਤਿਹਾਨ ਦੀ ਤਿਆਰੀ | ਉਸ ਨੌਕਰੀ ਮੁਤਾਬਿਕ ਇੰਟਰਵਿਊ ਤਿਆਰ ਕਰੋ | ਪੂਰੀ ਲਗਨ ਤੇ ਵਿਸ਼ਵਾਸ ਨਾਲ ਤਿਆਰੀ ਕਰੋ | ਤੁਸੀਂ ਸਭ ਕੁਝ ਕਰ ਸਕਦੇ ਹੋ, ਜੇਕਰ ਤੁਹਾਡੇ ਅੰਦਰ ਵਿਸ਼ਵਾਸ ਹੈ | ਇਹ ਸਿੱਖਣਾ ਬਿਲਕੁਲ ਨਾ ਭੁੱਲੋ |
ਆਈ.ਏ.ਐਸ. ਤੇ ਪੀ.ਸੀ.ਐਸ. ਦੀ ਇੰਟਰਵਿਊ ਤਿਆਰ ਕਰਨ ਵਾਸਤੇ ਕਦੀ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ | ਬਸ ਸ਼ੁਰੂਆਤ ਹੁੰਦੀ ਹੈ ਆਪਣੇ-ਆਪ ਵਿਚ ਵਿਸ਼ਵਾਸ ਪੈਦਾ ਕਰਨ 'ਤੇ | ਇਹ ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਕਈ ਮਿਹਨਤੀ ਵਿਅਕਤੀ ਇਮਤਿਹਾਨ ਤਾਂ ਪਾਸ ਕਰ ਜਾਂਦੇ ਹਨ ਪਰ ਇੰਟਰਵਿਊ ਵਿਚ ਠੁੱਸ ਹੋ ਜਾਂਦੇ ਹਨ | ਆਮ ਲੋਕਾਂ ਦੀ ਧਾਰਨਾ ਇਹ ਰਹਿੰਦੀ ਹੈ ਕਿ ਉਹ ਇੰਟਰਵਿਊ ਨੂੰ ਇਕ ਬਹੁਤ ਹੀ ਵੱਡਾ ਹਊਆ ਸਮਝਦੇ ਹਨ | ਇਸ ਹਊਏ ਦੇ ਡਰ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਇੰਟਰਵਿਊ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੰਦੇ ਹਨ | ਆਪਣੇ-ਆਪ ਨੂੰ ਹਾਰਿਆ ਸਮਝ ਲੈਂਦੇ ਹਨ ਤੇ ਇੰਟਰਵਿਊ ਵਿਚ ਲਿਦ ਹੀ ਕਰ ਦਿੰਦੇ ਹਨ | ਇਹ ਭਾਵਨਾ ਕਿਉਂ ਪੈਦਾ ਹੁੰਦੀ ਹੈ? ਤੇ ਇਸ ਦੇ ਇਲਾਜ ਕੀ ਹਨ? ਇਹ ਹੁਣ ਬਿਲਕੁਲ ਨਾ ਭੁੱਲੋ |
ਇਹ ਗੱਲ ਪੱਲ੍ਹੇ ਬੰਨ੍ਹ ਲਵੋ ਕਿ ਇੰਟਰਵਿਊ ਦੇਣ ਵਾਲੇ ਲੋਕ ਤੁਹਾਨੂੰ ਹਰਾਉਣ ਵਾਸਤੇ ਨਹੀਂ ਆਉਂਦੇ | ਉਹ ਤੁਹਾਡੇ ਅੰਦਰ ਦੇ ਗੁਣਾਂ ਦੀ ਤਲਾਸ਼ ਕਰਨੀ ਚਾਹੁੰਦੇ ਹਨ | ਬਸ ਫਿਰ ਕੀ? ਆਪਣੇ-ਆਪ ਨੂੰ ਇੰਟਰਵਿਊ ਵਾਸਤੇ ਇੰਜ ਮਹਿਸੂਸ ਕਰੋ ਜਿਵੇਂ ਤੁਸੀਂ ਕਿਸੇ ਘਰ ਦੇ ਵਿਅਕਤੀ ਨਾਲ ਗੱਲਾਂ ਕਰ ਰਹੇ ਹੋਵੋ | ਜੇਕਰ ਤੁਹਾਡੀ ਤਿਆਰੀ ਪਹਿਲਾਂ ਤੋਂ ਹੀ ਪੂਰੇ ਇਮਤਿਹਾਨ ਵਾਸਤੇ ਕੀਤੀ ਗਈ ਹੈ ਤਾਂ ਇੰਟਰਵਿਊ ਵਿਚ ਉਸ ਨਾਲ ਮਿਲਦੇ-ਜੁਲਦੇ ਸਵਾਲ ਹੀ ਹੁੰਦੇ ਹਨ | ਜਦੋਂ ਤੁਸੀਂ ਵਧੀਆ ਪੁਸ਼ਾਕ ਪਹਿਨ ਕੇ ਆਉਂਦੇ ਹੋ, ਚੰਗਾ ਸੂਟ-ਬੂਟ ਤੁਹਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦੇਣਗੇ | ਚੰਗੇ ਸੂਟ-ਬੂਟ ਤੇ ਲੱਗੀ ਨੈਕਟਾਈ ਤੁਹਾਡੀ ਸ਼ਖ਼ਸੀਅਤ ਨੂੰ ਸੰਵਾਰ ਦੇਵੇਗੀ | ਤੁਹਾਡੇ ਵਿਚ ਵਿਸ਼ਵਾਸ ਪੈਦਾ ਹੋ ਜਾਵੇਗਾ ਤੇ ਇੰਟਰਵਿਊ ਚੰਗੀ ਹੋਵੇਗੀ |
ਜਦੋਂ ਇੰਟਰਵਿਊ ਦੇਣ ਵਾਸਤੇ ਕਮਰੇ ਵਿਚ ਪ੍ਰਵੇਸ਼ ਕਰੋ ਤਾਂ ਆਗਿਆ ਮੰਗ ਕੇ ਅੰਦਰ ਜਾਵੋ | ਅੰਦਰ ਜਾ ਕੇ ਦੁਆ-ਸਲਾਮ ਕਰੋ | ਕਹਿਣ 'ਤੇ ਹੀ ਕੁਰਸੀ 'ਤੇ ਬੈਠੋ | ਬੈਠਣ ਸਾਰ ਚਾਰ-ਪੰਜ ਲੰਮੇ ਸਾਹ ਲਵੋ ਪਰ ਇੰਟਰਵਿਊ ਵਾਲਿਆਂ ਨੂੰ ਮਹਿਸੂਸ ਨਾ ਹੋਣ ਦੇਵੋ | ਪਹਿਲਾਂ ਉਹ ਤੁਹਾਡੀ ਜਾਣ-ਪਹਿਚਾਣ ਦੀਆਂ ਗੱਲਾਂ ਤੋਂ ਸ਼ੁਰੂ ਕਰਨਗੇ | ਇਹ ਸਿਰਫ਼ ਤੁਹਾਡੀ ਸੰਗ ਲਾਹੁਣ ਵਾਸਤੇ ਕੀਤਾ ਜਾਂਦਾ ਹੈ | ਫਿਰ ਤੁਹਾਡੀ ਇੰਟਰਵਿਊ ਸ਼ੁਰੂ ਹੁੰਦੀ ਹੈ | ਪੂਰਾ ਵਿਸ਼ਵਾਸ ਰੱਖੋ ਕਿ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਠੀਕ ਦੇਵੋਗੇ | ਕਦੀ ਵੀ ਗੋਲ-ਮੋਲ ਕਰਨ ਦੀ ਕੋਸ਼ਿਸ਼ ਨਾ ਕਰੋ | ਉਹ ਸਭ ਸਮਝ ਜਾਂਦੇ ਹਨ ਤੇ ਪ੍ਰਭਾਵ ਬੁਰਾ ਪੈ ਸਕਦਾ ਹੈ | ਇਸ ਵਾਸਤੇ ਸਹੀ-ਸਹੀ ਤੇ ਸੱਚ-ਸੱਚ ਹੀ ਬੋਲੋ |
ਇੰਟਰਵਿਊ ਲਈ ਤਿਆਰੀ ਕਰਨ ਵਾਸਤੇ ਰੋਜ਼ਾਨਾ ਅਖ਼ਬਾਰ ਪੜ੍ਹੋ | ਪਹਿਲੇ ਸਫੇ ਦੀਆਂ ਸੁਰਖੀਆਂ ਪੜ੍ਹਨੀਆਂ ਇੰਟਰਵਿਊ ਵਾਲੇ ਦਿਨ ਕਦੀ ਨਾ ਭੁੱਲੋ | ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਉਪਰਲੀ ਮੰਜ਼ਿਲ 'ਤੇ ਕਿੰਨੀਆਂ ਸੀੜੀਆਂ ਚੜ੍ਹ ਕੇ ਆਏ ਹੋ | ਇਹ ਸਿਰਫ਼ ਇਸ ਵਾਸਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਧਰ-ਉਧਰ ਕਿੰਨਾ ਕੁ ਧਿਆਨ ਰੱਖਦੇ ਹੋ | ਕਹਿਣ ਦਾ ਮਤਲਬ ਹੈ ਕਿ ਤੁਹਾਡੀ ਆਲੇ-ਦੁਆਲੇ ਬਾਰੇ ਕਿੰਨੀ ਕੁ ਨਜ਼ਰ ਕੰਮ ਕਰਦੀ ਹੈ | ਕਿਉਂਕਿ ਤੁਸੀਂ ਅਫਸਰ ਬਣਨ ਜਾ ਰਹੇ ਹੋ, ਅਜਿਹੀਆਂ ਗੱਲਾਂ ਬਾਰੇ ਤੁਹਾਡਾ ਗਿਆਨ ਹੋਣਾ ਜ਼ਰੂਰੀ ਹੈ | ਸੋ, ਆਪਣੀ ਨਜ਼ਰ ਦਿ੍ਸ਼ਟੀ ਨੂੰ ਤੇਜ਼ ਤੇ ਚੁਸਤ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੋ |
ਇੰਟਰਵਿਊ ਦੀ ਤਿਆਰੀ ਸਿਰਫ਼ ਇਕ ਦਿਨ ਵਿਚ ਨਹੀਂ ਹੁੰਦੀ | ਇਹ ਤਿਆਰੀ ਤਾਂ ਤੁਹਾਨੂੰ ਇਮਤਿਹਾਨ ਦੀ ਤਿਆਰੀ ਤੋਂ ਵੀ ਪਹਿਲਾਂ ਤਿਆਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ | ਅਸਲ ਵਿਚ ਇਹ ਤਿਆਰੀ ਨਹੀਂ ਹੁੰਦੀ | ਇਹ ਤਾਂ ਇਕ ਅਭਿਆਸ ਹੁੰਦਾ ਹੈ ਜੋ ਕਿ ਰੋਜ਼ਾਨਾ ਹੀ ਚਲਦਾ ਰਹਿਣਾ ਚਾਹੀਦਾ ਹੈ | ਆਮ ਗਿਆਨ ਦੀਆਂ ਪੁਸਤਕਾਂ, ਰਸਾਲੇ ਤੇ ਅਖ਼ਬਾਰ ਪੜ੍ਹਨੇ ਕਦੀ ਵੀ ਨਾ ਭੁੱਲੋ | ਇਨ੍ਹਾਂ ਨੂੰ ਜੀਵਨ ਦਾ ਅੰਗ ਬਣਾ ਲਵੋ | ਤੁਹਾਡੇ ਵਿਚ ਉਹ ਗਿਆਨ ਹੋਣਾ ਸ਼ੁਰੂ ਹੋ ਜਾਵੇਗਾ ਜੋ ਕੇ ਕਿਸੇ ਹੋਰ ਤਰੀਕੇ ਨਾਲ ਨਹੀਂ ਹੋ ਸਕਦਾ |
ਇੰਟਰਵਿਊ ਲੈਣ ਤੇ ਇੰਟਰਵਿਊ ਦੇਣ ਦਾ ਮਾਹੌਲ ਤਾਂ ਘਰ ਤੋਂ ਸ਼ੁਰੂ ਹੁੰਦਾ ਹੈ | ਚੰਗੇ ਮਾਪੇ ਉਹ ਹੁੰਦੇ ਹਨ ਜੋ ਕਿ ਆਪਣੇ ਬੱਚਿਆਂ ਦਾ ਝਾਕਾ ਖੋਲ੍ਹ ਦਿੰਦੇ ਹਨ ਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੰਦੇ ਹਨ | ਉਹ ਮਾਪੇ ਜਿਹੜੇ ਕਿ ਬੱਚੇ ਨੂੰ ਪਲ-ਪਲ ਟੋਕ ਦਿੰਦੇ ਹਨ ਜਾਂ ਨੋਕ-ਝੋਕ ਕਰਦੇ ਰਹਿੰਦੇ ਹਨ, ਉਹ ਬੱਚੇ ਕਦੀ ਵੀ ਇੰਟਰਵਿਊ ਚੰਗੀ ਤਰ੍ਹਾਂ ਨਹੀਂ ਦੇ ਸਕਦੇ | ਸੋ, ਆਪਣੇ ਘਰ ਵਿਚ ਖੁੱਲ੍ਹ ਕੇ ਬੋਲਣਾ ਸਿੱਖੋ | ਟੋਕਣਾ ਇਕ ਬੁਰੀ ਆਦਤ ਹੈ | ਬੱਚਾ ਗ਼ਲਤੀ ਵੀ ਕਰੇ ਤਾਂ ਪਿਆਰ ਨਾਲ ਸਮਝਾ ਦੇਣਾ ਇਕ ਕਲਾ ਹੈ ਤੇ ਇਹੀ ਕਲਾ ਚੰਗੀ ਇੰਟਰਵਿਊ ਦਾ ਮੂਲ ਮੰਤਰ ਹੈ |
ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦਾ ਇੰਟਰਵਿਊ ਦਾ ਮਸਾਲਾ ਆਉਂਦਾ ਹੈ | ਪਰ ਉਸ ਨੂੰ ਪਰਖ ਕੇ ਹੀ ਖਰੀਦੋ | ਜਿਹੜੀ ਕਿਤਾਬ ਤੁਹਾਨੂੰ ਟੋਕੇ ਤੇ ਤੁਹਾਡੇ ਨੁਕਸ ਕੱਢੇ, ਉਸ ਨੂੰ ਉਥੇ ਹੀ ਪਈ ਰਹਿਣ ਦੇਵੋ | ਜਿਹੜੀ ਕਿਤਾਬ ਤੁਹਾਡੇ ਹੌਸਲੇ ਨੂੰ ਵਧਾਵੇ, ਉਸ ਨੂੰ ਜ਼ਰੂਰ ਪੜ੍ਹਨ ਦਾ ਮਨ ਬਣਾਓ | ਇੰਟਰਵਿਊ ਕੋਈ ਹਊਆ ਨਹੀਂ, ਇਹ ਤਾਂ ਇਕ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਹੈ | ਆਪਣੀ ਇੰਟਰਵਿਊ-ਕਲਾ ਨੂੰ ਰੋਜ਼ਾਨਾ ਨਿਖਾਰੋ ਤੇ ਉਸ ਦੀ ਲਿਸ਼ਕ-ਪੁਸ਼ਕ ਤੇ ਚਮਕ ਇੰਟਰਵਿਊ ਲੈਣ ਵਾਲਿਆਂ ਨੂੰ ਵਿਖਾਓ | ਤੁਸੀਂ ਕਿਸੇ ਤੋਂ ਘੱਟ ਨਹੀਂ ਹੋ | ਤੁਸੀਂ ਇਕ ਕਾਬਲ ਤੇ ਉੱਚ-ਕੋਟੀ ਦੇ ਅਫਸਰ ਬਣ ਸਕਦੇ ਹੋ | ਇਸ ਸਭ ਕੁਝ ਤੁਹਾਡੇ ਆਪਣੇ ਵਸ ਵਿਚ ਹੈ | ਇੰਟਰਵਿਊ ਦੀ ਤਿਆਰੀ ਕਰਨ ਵਾਸਤੇ ਰੋਜ਼ਾਨਾ ਅਖ਼ਬਾਰ ਪੜ੍ਹੋ | ਇੰਟਰਵਿਊ ਵਾਲੇ ਦਿਨ ਅਖ਼ਬਾਰ ਪੜ੍ਹਨਾ ਕਦੀ ਨਾ ਭੁੱਲੋ |
-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking930gmail.com

ਦਾਸਤਾਨ ਪੰਜਾਬ ਦੇ ਦਰਿਆਵਾਂ ਦੀ-22

ਹਾਜੀਵਾਹ ਨਹਿਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਨਹਿਰ ਵੀ ਲੋਅਰ ਸਤਲੁਜ ਨਹਿਰਾਂ ਵਿਚ ਸ਼ੰਮਲਿਤ ਸੀ | ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਨਿੱਜੀ ਹੱਥਾਂ ਵੱਲੋਂ ਬਣੀ ਸੀ ਪਰ 1888 ਈ: ਵਿਚ ਨਹਿਰ ਦਾ ਬੰਦੋਬਸਤ ਠੀਕ ਨਾ ਹੋਣ ਕਾਰਨ ਸਰਕਾਰੀ ਇੰਤਜ਼ਾਮ ਥੱਲੇ ਆ ਗਈ | ਕੈਨਾਲ ਦੀ ਥੱਲਿਉਂ ਚੌੜਾਈ 30 ਫੁੱਟ, ਡਿਸਚਾਰਜ 500 ਕਿਊਸਿਕਸ ਅਤੇ ਲੰਬਾਈ 62 ਕਿਲੋਮੀਟਰ ਸੀ ਅਤੇ ਇਸ ਨਾਲ 53 ਵਰਗਮੀਲ ਖ਼ੇਤਰ ਸਿੰਚਤ ਹੁੰਦਾ ਸੀ |
ਇਨ੍ਹਾਂ ਸਾਰੀਆਂ ਨਹਿਰਾਂ ਨੂੰ ਸੁਲੇਮਾਨ ਕੀ ਅਤੇ ਇਸਲਾਮ ਤੋਂ ਨਿਕਲਣ ਵਾਲੀਆਂ ਨਹਿਰਾਂ ਨਾਲ ਸਾਰਾ ਸਾਲ ਚੱਲਣ ਵਾਲੀਆਂ ਨਹਿਰਾਂ ਵਿਚ ਤਬਦੀਲ ਕਰ ਦਿੱਤਾ ਗਿਆ |
ਹਾਂਸਲੀ ਨਹਿਰ
ਇਹ ਨਹਿਰ ਜਹਾਂਗੀਰ ਬਾਦਸ਼ਾਹ ਨੇ ਦਰਿਆ ਰਾਵੀ ਤੋਂ ਸੱਜੇ ਪਾਸੇ ਤੋਂ ਕਢਵਾਈ ਸੀ, ਜਿਸ ਦੀ ਲੰਬਾਈ 80 ਕਿਲੋਮੀਟਰ ਸੀ ਅਤੇ ਜਹਾਂਗੀਰ ਦੇ ਸ਼ੇਖੂਪੁਰ ਕਿਲ੍ਹੇ ਤੇ ਸ਼ਿਕਾਰਗਾਹ ਅਤੇ ਹਿਰਨ ਮੀਨਾਰ ਵਿਚ ਇਕ ਤਲਾਬ ਅਤੇ ਬਾਗ਼ ਨੂੰ ਪਾਣੀ ਦਿੰਦੀ ਸੀ | ਹੁਣ ਇਸ ਦੇ ਖੰਡਰ ਵੇਖੇ ਜਾ ਸਕਦੇ ਹਨ | 1633 ਈ: ਦੇ ਲਾਗੇ ਸ਼ਾਹਜਹਾਂ ਬਾਦਸ਼ਾਹ ਦੇ ਪ੍ਰਸਿੱਧ ਇੰਜੀਨੀਅਰ ਅਲੀ ਮਰਦਾਨ ਨੇ ਇਕ ਹੰਸਲੀ ਨਾਂਅ ਦੀ ਨਹਿਰ ਰਾਵੀ ਦੇ ਖੱਬੇ ਕੰਢੇ ਤੋਂ ਕੱਢੀ ਜਿਹੜੀ ਲਾਹੌਰ ਸ਼ਾਲਾਮਾਰ ਬਾਗ਼ ਨੂੰ ਪਾਣੀ ਦਿੰਦੀ ਸੀ, ਜਿਹੜੀ ਲਗਭਗ 30 ਫੁੱਟ ਚੌੜੀ, ਜਿਸ ਦੀ 500 ਕਿਊਸਿਕਸ ਦੀ ਸਮਰੱਥਾ ਸੀ, ਬਣਵਾਈ | ਸਿੱਖ ਰਾਜ ਸਮੇਂ (1763-1849) ਇਸ ਨਹਿਰ ਦੀ ਇਕ ਸ਼ਾਖ਼ ਸ੍ਰੀ ਹਰਮਿੰਦਰ ਸਾਹਿਬ ਅੰਮਿ੍ਤਸਰ ਦੇ ਸਰੋਵਰ ਨੂੰ ਪਾਣੀ ਦੇਣ ਲਈ ਬਣੀ ਸੀ | ਇਹ 12500 ਹੈਕਟੇਅਰ ਖ਼ੇਤਰ ਨੂੰ ਪਾਣੀ ਦਿੰਦੀ ਸੀ ਅਤੇ 85 ਹਜ਼ਾਰ ਰੁਪਏ ਦਾ ਮਾਲੀਆ ਕਮਾਉਂਦੀ ਸੀ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 98140-74901.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-21

ਸੰਘਰਸ਼ ਦਾ ਪ੍ਰਤੀਕ ਸ਼ਖ਼ਸੀਅਤ : ਸੁਨੀਲ ਦੱਤ

ਸੰਜੇ ਦੱਤ ਇਕ ਲੋਕਪਿ੍ਆ ਨਾਇਕ ਵੀ ਬਣ ਗਿਆ ਪਰ ਵਿਵਾਦਾਂ ਨੇ ਉਸ ਦਾ ਫਿਰ ਵੀ ਸਾਥ ਨਹੀਂ ਛੱਡਿਆ | ਇਸ ਸਬੰਧ 'ਚ ਉਹ ਇਕ ਅਜਿਹੇ ਮੁਕੱਦਮੇ 'ਚ ਫਸ ਗਿਆ, ਜਿਸ ਦੀ ਲੰਬੀ ਸਜ਼ਾ ਉਹ ਅਜੇ ਵੀ ਭੁਗਤ ਰਿਹਾ ਹੈ | ਬੰਬਈ ਦੀ ਪੁਲਿਸ ਨੇ ਉਸ ਕੋਲੋਂ ਏ.ਕੇ.-56 ਰਾਈਫਲ, ਇਕ ਪਿਸਤੌਲ ਅਤੇ ਕੁਝ ਹੱਥ ਗੋਲੇ ਬਰਾਮਦ ਕੀਤੇ | ਬੰਬਈ ਪੁਲਿਸ ਦਾ ਕਥਨ ਸੀ ਕਿ ਸੰਜੇ ਦੱਤ ਦੇ ਆਤੰਕਵਾਦੀਆਂ ਨਾਲ ਸਬੰਧ ਸਨ ਅਤੇ ਇਹ ਹਥਿਆਰ ਉਸ ਨੇ ਗ਼ੈਰ-ਕਾਨੂੰਨੀ ਤੌਰ 'ਤੇ ਉਨ੍ਹਾਂ ਕੋਲੋਂ ਹਾਸਲ ਕੀਤੇ ਸਨ | ਦੂਜੇ ਪਾਸੇ ਸੰਜੇ ਦੱਤ ਦਾ ਕਹਿਣਾ ਸੀ ਕਿ ਇਹ ਹਥਿਆਰ ਉਸ ਨੇ ਆਪਣੇ ਘਰ ਵਾਲਿਆਂ ਦੀ ਸੁਰੱਖਿਆ ਲਈ ਲਏ ਸਨ |
ਜਦੋਂ ਸੰਜੇ ਦੱਤ 'ਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਵੇਲੇ ਸੁਨੀਲ ਕਾਂਗਰਸ ਪਾਰਟੀ ਵੱਲੋਂ ਮੰੁਬਈ (ਪੱਛਮ) ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਚੁੱਕਿਆ ਸੀ | ਪਰ ਇਸ ਮੁਕੱਦਮੇ ਦੇ ਦਾਅ-ਪੇਚ ਇੰਨੇ ਜ਼ਿਆਦਾ ਸਨ ਕਿ ਬਤੌਰ ਸੁਨੀਲ ਦੱਤ 'ਮੈਂ ਸਾਰੀ-ਸਾਰੀ ਰਾਤ ਆਪਣੇ ਘਰ ਦੇ ਟੈਰੇਸ' 'ਤੇ ਟਹਿਲਦਾ ਰਹਿੰਦਾ ਹਾਂ | ਮੈਂ ਏਨਾ ਇਕੱਲਾ ਕਦੇ ਮਹਿਸੂਸ ਨਹੀਂ ਕੀਤਾ, ਜਿੰਨਾ ਕਿ ਮੈਂ ਹੁਣ ਖ਼ੁਦ ਨੂੰ ਮਹਿਸੂਸ ਕਰ ਰਿਹਾ ਹਾਂ |'
ਬਾਵਜੂਦ ਇਸ ਮਾਨਸਿਕ ਤ੍ਰਾਸਦੀ ਦੇ, ਸੁਨੀਲ ਦੱਤ ਨੇ ਸਮਾਜ ਅਤੇ ਦੇਸ਼ ਲਈ ਆਪਣਾ ਯੋਗਦਾਨ ਦੇਣਾ ਜਾਰੀ ਰੱਖਿਆ | ਉਸ ਨੂੰ ਮਨਮੋਹਨ ਸਿੰਘ ਦੀ ਸਰਕਾਰ 'ਚ ਖੇਡ ਅਤੇ ਯੁਵਕ ਸੇਵਾਵਾਂ (2004-05) ਦਾ ਮੰਤਰੀ ਬਣਾਇਆ ਗਿਆ | ਕੈਂਸਰ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਮਦਦ ਲਈ ਉਸ ਨੇ 'ਨਰਗਿਸ ਦੱਤ' ਸੰਸਥਾ ਦੀ ਸਥਾਪਨਾ ਕੀਤੀ | ਆਪਣੇ ਇਲਾਕੇ ਦੇ ਲੋਕਾਂ ਲਈ ਉਸ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਹੀ ਖੁੱਲ੍ਹੇ ਰਹਿੰਦੇ ਸਨ |
ਭਾਵੇਂ ਆਪਣੇ ਜੀਵਨ ਦੇ ਆਖਰੀ ਸਾਲਾਂ ਵਿਚ ਸੁਨੀਲ ਦੱਤ ਨੇ ਅਭਿਨੈ ਦੀ ਥਾਂ 'ਤੇ ਸਮਾਜਿਕ ਭਲਾਈ ਵੱਲ ਵਧੇਰੇ ਧਿਆਨ ਦਿੱਤਾ ਪਰ ਫਿਰ ਵੀ ਜਦੋਂ ਵੀ ਕਦੇ ਉਸ ਨੂੰ ਮੌਕਾ ਮਿਲਿਆ, ਉਸ ਨੇ ਆਪਣੇ ਮੌਲਿਕ ਅਭਿਨੈ ਨਾਲ ਦਰਸ਼ਕਾਂ ਦਾ ਮਨ ਮੋਹਿਆ | ਇਥੋਂ ਤੱਕ ਕਿ ਪੰਜਾਬੀ ਦੀਆਂ ਫ਼ਿਲਮਾਂ ('ਮਨ ਜੀਤੇ ਜਗ ਜੀਤ', 'ਦੁਖ ਭੰਜਨ ਤੇਰਾ ਨਾਮ', 'ਸਤਿ ਸ੍ਰੀ ਅਕਾਲ') ਵਿਚ ਵੀ ਉਸ ਨੇ ਦਮਦਾਰ ਸ਼ੈਲੀ ਦੀ ਅਦਾਕਾਰੀ ਦੀ ਮਿਸਾਲ ਕਾਇਮ ਕੀਤੀ |
ਪਰ ਸੁਨੀਲ ਦੱਤ ਆਪਣੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ | ਉਸ ਦੀ ਆਪਣੀ ਹੀ ਪਾਰਟੀ (ਕਾਂਗਰਸ) ਉਸ ਦੀ ਪੂਰੀ ਤਰ੍ਹਾਂ ਮਦਦ ਨਹੀਂ ਕਰ ਰਹੀ ਸੀ | ਦੂਜੇ ਪਾਸੇ ਸੰਜੇ ਦੱਤ ਉਤੇ ਕਾਨੂੰਨੀ ਸ਼ਿਕੰਜਾ ਜਕੜਿਆ ਜਾ ਰਿਹਾ ਸੀ | ਇਸ ਮਾਨਸਿਕ ਤ੍ਰਾਸਦੀ ਨੂੰ ਭੋਗਦਿਆਂ ਹੀ ਇਕ ਰਾਤ (2 ਮਈ, 2005) ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ |
ਉਂਜ ਕਹਿਣ ਨੂੰ ਤਾਂ ਸੁਨੀਲ ਦੱਤ ਨੇ ਪਦਮਸ੍ਰੀ ਸਨਮਾਨ ਤੋਂ ਇਲਾਵਾ ਹੋਰ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੁਰਸਕਾਰ ਹਾਸਲ ਕੀਤੇ ਪਰ ਉਸ ਦੀ ਸਮੁੱਚੀ ਦੇਣ 'ਤੇ ਨਜ਼ਰ ਮਾਰਨ ਤੋਂ ਬਾਅਦ ਪਤਾ ਲਗਦਾ ਹੈ ਕਿ ਇਸ ਬਹੁਪੱਖੀ ਸ਼ਖ਼ਸੀਅਤ ਨਾਲ ਪੂਰਾ ਇਨਸਾਫ਼ ਕਦੇ ਵੀ ਨਹੀਂ ਹੋਇਆ ਸੀ |
ਬਾਵਜੂਦ ਇਸ ਦੇ, ਉਸ ਦਾ ਜੀਵਨ ਇਕ ਅਜਿਹੇ ਸੰਘਰਸ਼ ਦਾ ਪ੍ਰਤੀਕ ਹੈ, ਜਿਹੜਾ ਕਿ ਵਿਪਰੀਤ ਪ੍ਰਸਥਿਤੀਆਂ 'ਚ ਵੀ ਸਾਰਥਿਕ ਜ਼ਿੰਦਗੀ ਬਤੀਤ ਕਰਨ ਦਾ ਸੰਦੇਸ਼ ਦਿੰਦਾ ਹੈ | ਇਸ ਮਹਾਨ ਅਦਾਕਾਰ ਦੀ ਆਤਮ-ਕਥਾ ਇਹ ਕਹਿੰਦੀ ਪ੍ਰਤੀਤ ਹੁੰਦੀ ਹੈ:
ਬਾਤ ਇਤਨੀ ਸੀ ਹੈ, ਕਹਿ ਦੋ ਕੋਈ ਦੀਵਾਨੋਂ ਸੇ,
ਆਦਮੀ ਵੋਹ ਹੈ ਜੋ ਖੇਲਾ ਕਰੇ ਤੂਫ਼ਾਨੋਂ ਸੇ | (ਬੇਟੀ ਬੇਟੇ)
ਕਿਤਾਬਾਂ
2ollywood Legend Sunil 4utt : 2.2.3. News Service
Tribute to Son of Soil : The 8indu 26 May, 2005
3urrant Lok Sabha Members 2iographical 3retches
ਜੀਨਾ ਇਸੀ ਕਾ ਨਾਮ ਹੈ : N4TV (ਧੰਨਵਾਦ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਗੁਲ-ਗੁਲਸ਼ਨ-ਗੁਲਫਾਮ

ਬਗੀਚੀ ਵਿਚ ਰੌਸ਼ਨੀ ਦੀ ਵਿਉਂਤਬੰਦੀਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਰੌਸ਼ਨੀ ਦੀ ਬਹੁਤ ਅਹਿਮੀਅਤ ਹੈ | ਸੂਰਜ ਦੀ ਟਿੱਕੀ ਡੁੱਬਣ ਨਾਲ ਹੀ ਸਾਨੂੰ ਰੌਸ਼ਨੀ ਦੇ ਕਿਸੇ ਨਾ ਕਿਸੇ ਸਰੋਤ ਦੀ ਲੋੜ ਮਹਿਸੂਸ ਹੁੰਦੀ ਹੈ | ਸਾਡੀਆਂ ਬਗੀਚੀਆਂ ਵੀ ਰੌਸ਼ਨੀ ਬਿਨਾਂ ਅਧੂਰੀਆਂ ਸਮਝੀਆਂ ਜਾਂਦੀਆਂ ਹਨ | ਬਗੀਚੀ ਵਿਚ ਰੌਸ਼ਨੀ/ਲਾਈਟਾਂ ਦੀ ਵਿਉਂਤਬੰਦੀ ਕਰਨਾ ਬਿਲਕੁਲ ਕਿਸੇ ਦੁਲਹਨ ਨੂੰ ਸਜਾਉਣ ਦੀ ਤਰ੍ਹਾਂ ਅਹਿਮ ਹੁੰਦਾ ਹੈ | ਹਾਲਾਂਕਿ ਬਗੀਚੀ ਵਿਚ ਲਾਈਟਾਂ ਲਾਉਣ ਦਾ ਮਕਸਦ ਸਿਰਫ਼ ਸੁੰਦਰਤਾ ਵਿਚ ਵਾਧਾ ਕਰਨਾ ਹੀ ਨਹੀਂ ਹੁੰਦਾ ਬਲਕਿ ਰੌਸ਼ਨੀ ਦੇ ਵੱਖ-ਵੱਖ ਸਰੋਤ ਸਾਡੇ ਲਈ ਹਿਫਾਜ਼ਤ, ਰੱਖਿਆ, ਮਨੋਰੰਜਕ ਅਤੇ ਸਮਾਜਿਕ ਸਮਾਗਮ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ | ਸਦੀਆਂ ਪਹਿਲਾਂ ਬਗੀਚੀਆਂ ਵਿਚ ਰੌਸ਼ਨੀ ਦੀ ਪ੍ਰਾਪਤੀ ਲਈ ਲੱਕੜ, ਮੋਮਬੱਤੀਆਂ, ਤੇਲ, ਲਾਲਟੈਣ ਅਤੇ ਮਸ਼ਾਲਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਪੰ੍ਰਤੂ ਸਮੇਂ ਦੇ ਚਲਦਿਆਂ ਅੱਜ ਰੌਸ਼ਨੀ ਦੇ ਸਰੋਤ ਵੀ ਬਹੁਤੇ ਸੁਨੱਖੇ ਤੇ ਹੁਸੀਨ ਅਤੇ ਬੇਸ਼ੁਮਾਰ ਉਪਲਬਧ ਹੋ ਗਏ ਹਨ |
ਬਗੀਚੀਆਂ ਦੀ ਲੈਂਡਸਕੇਪਿੰਗ ਕਰਦੇ ਸਮੇਂ ਲਾਈਟਾਂ ਲਾਉਣ ਤੋਂ ਭਾਵ ਸਿਰਫ਼ ਚਾਨਣ ਕਰਨ ਤੱਕ ਸੀਮਤ ਨਹੀਂ ਹੁੰਦਾ ਹੈ | ਜ਼ਿਆਦਾਤਰ ਲੋਕ ਲਾਈਟ ਬਗੀਚੀ ਬਣਾਉਣ ਤੋਂ ਬਾਅਦ ਧੱਕੇ ਨਾਲ ਹੀ ਫਿੱਟ ਕਰਦੇ ਹਨ ਪੰ੍ਰਤੂ ਇਹ ਇਕ ਤਕਨੀਕੀ ਕੰਮ ਹੈ ਅਤੇ ਇਸ ਦੀ ਵਿਉਂਤਬੰਦੀ ਕਰਨੀ ਬਹੁਤ ਲਾਜ਼ਮੀ ਹੁੰਦੀ ਹੈ | ਸਭ ਤੋਂ ਮੁਢਲਾ ਕੰਮ ਤਾਂ ਇਹ ਹੁੰਦਾ ਹੈ ਕਿ ਰੌਸ਼ਨੀ ਕਰਨ ਖ਼ਾਤਰ ਅਸੀਂ ਜੋ ਪਾਵਰ ਵਰਤਣੀ ਹੈ, ਉਸ ਦਾ ਸਰੋਤ ਕੀ ਹੈ? ਕਹਿਣ ਤੋਂ ਭਾਵ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਗ, ਤੇਲ ਜਾਂ ਫਿਰ ਬਿਜਲੀ, ਸੋਲਰ ਪਾਵਰ ਜਾਂ ਫਿਰ ਰੀਚਾਰੇਜ ਬੈਟਰੀ ਆਦਿ | ਸਾਡੀਆਂ ਵਾਤਾਵਰਨ ਹਾਲਤਾਂ ਵਿਚ ਜ਼ਿਆਦਾਤਰ ਬਿਜਲੀ ਦੀ ਵਰਤੋਂ ਜਾਂ ਫਿਰ ਸੋਲਰ ਲਾਈਟਾਂ ਵਰਤੀਆਂ ਜਾਂਦੀਆਂ ਹਨ | ਬਿਜਲੀ ਦੀ ਵਰਤੋਂ ਕਰਨ ਲਈ ਸਾਨੂੰ ਪਹਿਲਾਂ ਪੂਰੀ ਬਗੀਚੀ ਵਿਚ ਲੱਗਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਲਾਈਟਾਂ ਦੀ ਵਿਉਂਤਬੰਦੀ ਕਰਕੇ ਲੋਡ ਦਾ ਹਿਸਾਬ ਲਾਉਣਾ ਚਾਹੀਦਾ ਹੈ | ਇਕ ਨਕਸ਼ਾ ਤਿਆਰ ਕੀਤਾ ਜਾਂਦਾ ਹੈ, ਜਿਸ ਵਿਚ ਅੰਦਾਜ਼ਨ ਲਾਈਟਾਂ ਦੇ ਪੁਆਇੰਟ ਮਾਰਕ ਕਰ ਲਏ ਜਾਂਦੇ ਹਨ ਅਤੇ ਉਸ ਉਪਰੰਤ ਵਾਇਰਿੰਗ ਯਾਨੀ ਤਾਰ ਪਾਈ ਜਾਂਦੀ ਹੈ | ਕਿਉਂਕਿ ਜ਼ਮੀਨ ਨੇ ਜ਼ਿਆਦਾ ਸਮਾਂ ਗਿੱਲਾ ਰਹਿਣਾ ਹੁੰਦਾ ਹੈ ਅਤੇ ਮਾਲੀਆਂ ਨੇ ਪੌਦਿਆਂ ਅਤੇ ਘਾਹ ਦੀ ਸਾਂਭ-ਸੰਭਾਲ ਕਰਨੀ ਹੁੰਦੀ ਹੈ | ਸੋ, ਤਾਰ ਦੀ ਮੋਟਾਈ ਤੇ ਡੰੂਘਾਈ ਬਹੁਤ ਅਹਿਮ ਪੱਖ ਹੁੰਦਾ ਹੈ |
ਅੱਜਕਲ੍ਹ ਪੰਜਾਬੀ ਲੋਕ ਵੀ ਰਾਤ ਦੀਆਂ ਪਾਰਟੀਆਂ ਦੇ ਸ਼ੌਕੀਨ ਕਾਫ਼ੀ ਹੋ ਚੁੱਕੇ ਹਨ | ਬਗੀਚੀ ਦੀ ਲਾਈਟਿੰਗ ਐਨੀ ਜ਼ਿਆਦਾ ਤਕਨੀਕੀ ਰੂਪ ਵਿਚ ਨਿਪੰੁਨ ਹੋਣੀ ਚਾਹੀਦੀ ਹੈ ਕਿ ਆਉਣ ਵਾਲਾ ਮਹਿਮਾਨ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਘੰੁਮਦਾ ਤੇ ਨਜ਼ਾਰੇ ਲੈਂਦਾ ਨਜ਼ਰ ਆਵੇ | ਲਾਈਟਾਂ ਬਗੀਚੀ ਦੇ ਦੁਆਰ ਤੋਂ ਸ਼ੁਰੂ ਹੋ ਕੇ ਰਸਤਾ, ਹੱਟ, ਫਰਨੀਚਰ, ਰੁੱਖ, ਝਾੜੀਆਂ, ਪੂਲ, ਫੁਹਾਰੇ, ਝਰਨਾ, ਪੌਦੇ ਕੱਟ ਕੇ ਤਿਆਰ ਕੀਤੀਆਂ ਟਪੋਰੀਜ਼ ਆਦਿ ਅਨੇਕਾਂ ਸਥਾਨਾਂ ਉੱਪਰ ਲਾਈਆਂ ਜਾਂਦੀਆਂ ਹਨ | ਹਰ ਸਥਾਨ 'ਤੇ ਲੱਗਣ ਵਾਲੀਆਂ ਲਾਈਟਾਂ ਦਾ ਆਕਾਰ, ਦਿੱਖ ਤੇ ਅਹਿਮੀਅਤ ਵੱਖ-ਵੱਖ ਹੁੰਦੀ ਹੈ | ਇਨ੍ਹਾਂ ਵੱਖ-ਵੱਖ ਰੰਗਾਂ ਤੇ ਆਕਾਰਾਂ ਵਾਲੀਆਂ ਲਾਈਟਾਂ ਦਾ ਸੁਮੇਲ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਬਗੀਚੀ ਵਿਚ ਟਹਿਲ ਰਹੇ ਇਨਸਾਨ ਨੂੰ ਚਾਨਣ, ਤਪਸ਼ ਆਦਿ ਮਹਿਸੂਸ ਹੋਣ ਦੀ ਬਜਾਏ ਸਹਿਜਪੁਣੇ ਦਾ ਅਹਿਸਾਸ ਹੋਵੇ | ਲੋੜ ਤੋਂ ਜ਼ਿਆਦਾ ਭੜਕੀਲੇ ਤੇ ਸ਼ੋਖ ਰੰਗਾਂ ਵਾਲੀਆਂ ਲਾਈਟਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਬਗੀਚੀ ਵਿਚ ਲਾਈਟਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੋਣੀ ਚਾਹੀਦੀ | ਇਹ ਨਾ ਹੋਵੇ ਕਿ ਤੁਹਾਡੀ ਬਗੀਚੀ ਵਿਚ ਰੌਸ਼ਨੀ ਐਨੀ ਜ਼ਿਆਦਾ ਹੋ ਜਾਵੇ ਕਿ ਅੱਖਾਂ ਹੀ ਚੁੰਧਿਆ ਜਾਣ ਅਤੇ ਤੁਹਾਡਾ ਬਿਜਲੀ ਦਾ ਬਿੱਲ ਤੁਹਾਡੀ ਜੇਬ ਦਾ ਸੰਤੁਲਨ ਹੀ ਵਿਗਾੜ ਦੇਵੇ | ਪੰ੍ਰਤੂ ਐਨੀਆਂ ਵੀ ਘੱਟ ਨਾ ਲਾਓ ਕਿ ਬਗੀਚੀ ਹਨੇਰੀ ਤੇ ਸੁੰਨੀ-ਸੁੰਨੀ ਜਾਪੇ |
ਪਾਣੀ ਅੰਦਰ ਜਿਵੇਂ ਕਿ ਪੂਲ ਜਾਂ ਫੁਹਾਰੇ ਆਦਿ ਸਥਾਨਾਂ ਵਾਲੀਆਂ ਲਾਈਟਾਂ ਤੇ ਤਾਰਾਂ ਬਹੁਤ ਨਿਪੁੰਨਤਾ ਨਾਲ ਲਵਾਉਣੀਆਂ ਚਾਹੀਦੀਆਂ ਹਨ | ਵਗਦੇ ਪਾਣੀ ਉੱਪਰ ਪੈਂਦੀਆਂ ਲਾਈਟਾਂ ਪਾਣੀ ਦੇ ਦਿ੍ਸ਼ ਨੂੰ ਹੋਰ ਵੀ ਹੁਸੀਨ ਬਣਾਉਂਦੀਆਂ ਹਨ | ਲਾਈਟਾਂ ਵੱਖ-ਵੱਖ ਤਰੀਕਿਆਂ ਨਾਲ ਬਗੀਚੀਆਂ ਨੂੰ ਰੁਸ਼ਨਾਉਂਦੀਆਂ ਹਨ, ਕੁਝ ਲਾਈਟਾਂ ਉੱਪਰੋਂ ਹੇਠਾਂ ਵੱਲ, ਕੁਝ ਹੇਠਾਂ ਤੋਂ ਉੱਪਰ ਵੱਲ, ਕੁਝ ਸਿਰਫ਼ ਵੱਡੇ ਦਰੱਖਤਾਂ ਨੂੰ ਵਿਖਾਉਣ ਖਾਤਰ ਲਾਈਆਂ ਜਾਂਦੀਆਂ ਹਨ | ਵਿਦੇਸ਼ਾਂ ਜਾਂ ਵੱਡੇ ਸ਼ਹਿਰਾਂ ਵਿਚ ਤਾਂ ਪੋਰਟੇਬਲ/ਢੁਕਵੀਆਂ ਲਾਈਟਾਂ ਵੀ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੋੜ ਮੁਤਾਬਿਕ ਰੱਖ ਲਿਆ ਜਾਂਦਾ ਹੈ | ਪੱਥਰ ਦੀਆਂ ਅਜਿਹੀਆਂ ਲੱਗੀਆਂ ਲਾਈਟਾਂ ਵੀ ਬਗੀਚੀ ਨੂੰ ਚਾਰ ਚੰਨ ਲਾਉਂਦੀਆਂ ਹਨ | ਐਲ. ਈ. ਡੀ. ਕਿਸਮ ਦੀਆਂ ਲਾਈਟਾਂ ਅੱਜਕਲ੍ਹ ਜ਼ਿਆਦਾ ਵਰਤੋਂ ਵਿਚ ਆਉਣੀਆਂ ਸ਼ੁਰੂ ਹੋ ਗਈਆਂ ਹਨ |
ਮੋਟੇ ਤੌਰ 'ਤੇ ਵੇਖਿਆ ਜਾਵੇ ਤਾਂ ਬਗੀਚੀ ਵਿਚ ਲੈਂਡਸਕੇਪਿੰਗ ਕਰਦੇ ਸਮੇਂ ਲਾਈਟਾਂ ਲਾਉਣਾ ਇਕ ਤਕਨੀਕੀ ਕੰਮ ਹੈ ਅਤੇ ਇਸ ਦੀ ਵਿਉਂਤਬੰਦੀ ਵੀ ਤਕਨੀਕੀ ਰੂਪ ਵਿਚ ਕਰਨੀ ਚਾਹੀਦੀ ਹੈ | ਬੇਸ਼ੁਮਾਰ ਰੰਗਾਂ, ਕਿਸਮਾਂ ਵਿਚ ਮਿਲਣ ਵਾਲੀਆਂ ਲਾਈਟਾਂ ਨੂੰ ਆਪਣੀ ਬਗੀਚੀ ਵਿਚ ਲਾਉਣ ਲੱਗਿਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ ਤੇ ਤਕਨੀਕੀ ਰੂਪ ਵਿਚ ਕੀਤੀ ਗਈ ਲਾਈਟਿੰਗ ਤੁਹਾਡੀ ਬਗੀਚੀ ਨੂੰ ਵਾਕਿਆ ਹੀ ਚਾਰ ਚੰਨ ਲਾਉਂਦੀ ਹੈ |
-ਮੋਬਾਈਲ : 98142-39041.
landscapingpeople0rediffmail.com

ਯੂ-ਟਿਊਬ ਰਾਹੀਂ ਸਾਂਝੀਆਂ ਕਰੋ ਵੀਡੀਓ

ਯੂ-ਟਿਊਬ ਇਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ | ਇਸ 'ਤੇ ਵੀਡੀਓ ਵੇਖਣ ਦੇ ਨਾਲ-ਨਾਲ ਆਪਣੀਆਂ ਵੀਡੀਓ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ | ਫ਼ਰਵਰੀ 2005 ਵਿਚ 'ਪੇਅ-ਪਾਲ' ਨਾਂਅ ਦੀ ਕੰਪਨੀ ਨੇ ਯੂ-ਟਿਊਬ ਦੀ ਖੋਜ ਸ਼ੁਰੂ ਕੀਤੀ | 'ਪੇਅ-ਪਾਲ' ਦੇ ਹਰਲੀ ਯਾਦਵ ਕਰੀਮ ਅਤੇ ਸਵੀਟ ਚੈਨ ਆਦਿ ਮੁਲਾਜ਼ਮਾਂ ਨੇ ਕੈਲੇਫੋਰਨੀਆ (ਸੈਨਬਰੂਨੋ) ਵਿਚ ਯੂ-ਟਿਊਬ ਦੀ ਸ਼ੁਰੂਆਤ ਕੀਤੀ | ਬਾਅਦ ਵਿਚ ਹਰਲੀ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ ਗੂਗਲ ਨੇ 800 ਕਰੋੜ ਰੁਪਏ ਵਿਚ ਖ਼ਰੀਦ ਲਿਆ | ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਵੀਡੀਓ ਨੂੰ ਸਿੱਧਾ (ਲਾਈਵ) ਦੇਖਣ ਦੀ ਸੁਵਿਧਾ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ | ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿਚ ਸਥਿਤ ਹੈ |
ਗੂਗਲ ਦੀ ਇਸ ਬਿਹਤਰੀਨ ਸੇਵਾ ਨਾਲ ਕੋਈ ਵਿਅਕਤੀ ਖ਼ੁਦ ਹੀ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਪ੍ਰੋਡਿਊਸਰ ਅਤੇ ਦਰਸ਼ਕ ਵਾਲਾ ਕਿਰਦਾਰ ਨਿਭਾਅ ਸਕਦਾ ਹੈ | ਆਪਣੀਆਂ ਵੀਡੀਓਜ਼ ਰਾਹੀਂ ਤੁਸੀਂ ਦੁਨੀਆ ਦੇ ਲੱਖਾਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੇ ਹੋ | ਯੂ-ਟਿਊਬ ਨੇ ਚੰਗੇ ਗਾਇਕਾਂ ਨੂੰ ਸਟਾਰ ਬਣਾਉਣ 'ਚ ਮਦਦ ਕੀਤੀ ਹੈ |
ਯੂ-ਟਿਊਬ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਭੂਗੋਲਿਕ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ | ਹੁਣ ਕੋਈ ਵਿਅਕਤੀ ਜਾਤ-ਪਾਤ, ਨਸਲ, ਧਰਮ, ਰਾਜਨੀਤੀ ਦੇ ਭੇਦ-ਭਾਵ ਤੋਂ ਉੱਪਰ ਉਠ ਕੇ ਯੂ-ਟਿਊਬ ਰਾਹੀਂ ਕਿਸੇ ਪ੍ਰਕਾਰ ਦਾ ਵੀਡੀਓ ਪ੍ਰਸਾਰਣ ਵੇਖ ਸਕਦਾ ਹੈ |
ਕਿਸੇ ਭਾਸ਼ਾ ਦਾ ਲਹਿਜ਼ਾ ਜਾਣਨਾ ਹੋਵੇ, ਆਪਣੇ ਪਿੰਡ ਦੀਆਂ ਗਲੀਆਂ ਤੱਕਣੀਆਂ ਹੋਣ, ਕਿਸੇ ਵਿਸ਼ੇ ਨਾਲ ਸੰਬੰਧਿਤ ਕੋਈ ਭਾਸ਼ਣ ਸੁਣਨਾ ਹੋਵੇ, ਗੀਤ-ਸੰਗੀਤ ਦੀ ਦੁਨੀਆ ਦਾ ਅਨੰਦ ਮਾਣਨਾ ਹੋਵੇ ਤਾਂ ਸਿੱਧਾ ਯੂ-ਟਿਊਬ 'ਤੇ ਜਾਓ ਤੇ ਟਾਈਪ ਕਰੋ ਆਪਣੀ ਪਸੰਦ ਦਾ ਵਿਸ਼ਾ | ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸੰਬੰਧਿਤ ਵੀਡੀਓ ਉਪਲਬਧ ਹਨ |
ਯੂ-ਟਿਊਬ ਖੇਤਰੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇਕ ਜਾਦੂ ਦੀ ਛੜੀ ਹੈ | ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿਤ, ਸਭਿਆਚਾਰ ਅਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਵੀਡੀਓ ਦਰਸ਼ਕਾਂ ਦੀਆਂ ਬਰੂਹਾਂ 'ਤੇ ਦਸਤਕ ਦੇ ਚੁੱਕੀਆਂ ਹਨ | ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ ਮਾਤ-ਭਾਸ਼ਾ ਵਿਚ ਜਾਣਕਾਰੀ ਉਪਲਬਧ ਹੋ ਰਹੀ ਹੈ | ਯੂ-ਟਿਊਬ 'ਤੇ ਨੌਜਵਾਨਾਂ ਨੂੰ ਅਸ਼ਲੀਲਤਾ ਪਰੋਸਣ, ਦੇਸ਼ ਦੀ ਸੁਰੱਖਿਆ ਨੂੰ ਸੇਧ ਲਗਾਉਣ, ਸਿਆਸੀ, ਰਾਜਨੀਤਕ ਤੇ ਜਾਤੀ ਟਿੱਪਣੀਆਂ ਵਾਲੀਆਂ ਵੀਡੀਓ ਵੀ ਵੇਖਣ ਨੂੰ ਮਿਲ ਜਾਂਦੀਆਂ ਹਨ | ਕੌਮੀ ਏਕਤਾ ਦੀ ਭਾਵਨਾ ਨੂੰ ਤਾਰ-ਤਾਰ ਕਰਨ ਲਈ ਯੂ-ਟਿਊਬ ਦੀ ਦੁਰਵਰਤੋਂ ਦਾ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ |
ਯੂ-ਟਿਊਬ 'ਤੇ ਸਿੱਖਿਆ, ਰਾਜਨੀਤੀ, ਵਿਗਿਆਨ, ਤਕਨਾਲੋਜੀ, ਸੰਗੀਤ ਆਦਿ ਵਿਸ਼ਿਆਂ ਨਾਲ ਸੰਬੰਧਿਤ ਹਜ਼ਾਰਾਂ ਵੀਡੀਓ ਉਪਲਬਧ ਹਨ | ਨੇਤਾਵਾਂ ਦੀਆਂ ਨੀਤੀਆਂ 'ਤੇ ਸਵਾਲ ਉਠਾਉਣ ਦੀ ਗੱਲ ਹੋਵੇ ਜਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਪੈਦਾ ਹੋਏ ਰੋਸ ਦੀ ਗੱਲ ਹੋਵੇ ਸਭਨਾਂ ਲਈ ਯੂ-ਟਿਊਬ 'ਤੇ ਬੇਸ਼ੁਮਾਰ ਵੀਡੀਓ ਉਪਲਬਧ ਹਨ |
ਕੋਈ ਦਰਸ਼ਕ ਯੂ-ਟਿਊਬ ਦੀਆਂ ਵੀਡੀਓਜ਼ ਨੂੰ ਸਿੱਧਾ ਹੀ ਵੇਖ ਸਕਦਾ ਹੈ ਪਰ ਵੀਡੀਓ ਅਪਲੋਡ ਕਰਨ ਲਈ ਇਸ 'ਤੇ ਪਹਿਲਾਂ ਰਜਿਸਟਰਡ ਹੋਣਾ ਜ਼ਰੂਰੀ ਹੈ |
ਸਮਾਰਟ ਫ਼ੋਨ 'ਚ ਯੂ-ਟਿਊਬ ਪ੍ਰੋਗਰਾਮ ਇੰਸਟਾਲ ਕਰਨ ਨਾਲ ਯੂ-ਟਿਊਬ ਦੀਆਂ ਵੀਡੀਓ ਫਾਈਲਾਂ ਨੂੰ ਖੋਲਿ੍ਹਆ ਜਾ ਸਕਦਾ ਹੈ | ਪ੍ਰੋਗਰਾਮ ਵਿਚ ਸ਼ਕਤੀਸ਼ਾਲੀ ਵੀਡੀਓ ਪਲੇਅਰ ਹੁੰਦਾ ਹੈ | ਯੂ-ਟਿਊਬ ਪਲੇਅਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ:
• ਵੀਡੀਓ ਫਾਈਲਾਂ ਦੀ ਅਦਲਾ-ਬਦਲੀ (Shuffling) ਕਰਨੀ, ਵੀਡੀਓ ਦੁਹਰਾਉਣਾ ਜਾਂ ਪਲੇਅ ਲਿਸਟ ਦੁਹਰਾਉਣਾ |
• ਵੀਡੀਓ ਨੂੰ ਪਿਛੋਕੜ 'ਚ ਚਾਲੂ ਰੱਖਣਾ |
• ਵੀਡੀਓ ਦੇ ਨਿਰਧਾਰਿਤ ਕੀਤੇ ਕਿਸੇ ਖ਼ਾਸ ਹਿੱਸੇ ਨੂੰ ਦੁਹਰਾਉਣਾ |
• ਕਿਸੇ ਵੀਡੀਓ ਸਥਿਤੀ 'ਤੇ ਬੁਕਮਾਰਕ ਨਿਰਧਾਰਿਤ ਕਰਨਾ |
• ਵੀਡੀਓ ਨੂੰ ਲੰਬਾਈ ਜਾਂ ਚੌੜਾਈ ਵਾਲੀ ਦਿਸ਼ਾ ਵਿਚ ਦੇਖਣ ਦੀ ਸੁਵਿਧਾ |
• ਵੀਡੀਓ ਗੁਣਵੱਤਾ ਨਿਯੰਤਰਣ ਕਰਨ (ਰੈਜ਼ੋਲਿਊਸ਼ਨ ਬਦਲਣ) ਦੀ ਸਹੂਲਤ |
-0-

ਇਕ ਆਈਨਸਟਾਈਨ ਹੋਰ

ਆਈਨਸਟਾਈਨ ਨੂੰ ਵੀਹਵੀਂ ਸਦੀ ਦੇ ਵਿਗਿਆਨ ਦਾ 'ਪਿਤਾਮਾ' ਕਹਿ ਕੇ ਸਤਿਕਾਰਿਆ ਜਾਂਦਾ ਹੈ | ਨਿਊਟਨ ਦੀ ਫਿਜ਼ਿਕਸ ਪੱਧਰ ਤਲਾਂ, ਸਰਲ ਰੇਖਾਵਾਂ ਵਾਲੀ ਮਕੈਨੀਕਲ ਵਿਗਿਆਨ ਸੀ ਜਿਸ ਨੂੰ ਆਈਨਸਟਾਈਨ ਨੇ ਇਲੈਕਟ੍ਰਾਨਿਕ ਸ਼ਾਸਤਰ ਵਿਚ ਤਬਦੀਲ ਕਰਕੇ 'ਸਾਪੇਖਤਾ ਸਿਧਾਂਤ' ਰਾਹੀਂ ਅਨੰਤ ਦੂਰੀਆਂ ਦੀ ਸਹੀ ਮਿਣਤੀ ਕੀਤੀ | ਉਸ ਨੇ ਜਦੋਂ ਦੱਸਿਆ ਕਿ ਊਰਜਾ ਜਮ ਜਾਵੇ ਤਾਂ ਠੋਸ ਬਣ ਜਾਂਦੀ ਹੈ ਤਾਂ ਉਸੇ ਵਕਤ ਸੰਭਾਵਨਾ ਪ੍ਰਗਟ ਹੋਈ ਕਿ ਠੋਸ ਮਾਦੇ ਦੇ ਐਟਮ ਤੋੜ ਦਿੱਤੇ ਜਾਣ ਤਾਂ ਬੇਸ਼ੁਮਾਰ ਮਾਤਰਾ ਵਿਚ ਸ਼ਕਤੀ ਪ੍ਰਗਟ ਹੋਏਗੀ | ਪ੍ਰਮਾਣੂ ਦੀ ਨਾਭੀ ਉਪਰ ਨਿਊਟਰਾਨ ਦਾ ਫਾਇਰ ਦਾਗਿਆ ਗਿਆ ਜਿਸ ਨੇ ਨਿਊਟਰਾਨ ਫੁੰਡ ਕੇ ਅਸੀਮ ਊਰਜਾ ਪੈਦਾ ਕੀਤੀ | ਜਰਮਨੀ ਦੇ ਮੂਲ ਵਸਨੀਕ ਇਸ ਵਿਗਿਆਨੀ ਨੇ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਲਈ ਤੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ-ਜੇ ਅਸੀਂ ਪ੍ਰਮਾਣੂ ਬੰਬ ਪਹਿਲਾਂ ਨਾ ਬਣਾਇਆ ਤਾਂ ਜਰਮਨੀ ਬਣਾ ਲਏਗਾ ਕਿਉਂਕਿ ਉਥੇ ਵਿਗਿਆਨੀ ਇਸ ਪ੍ਰਾਜੈਕਟ ਉੱਪਰ ਕੰਮ ਕਰਨ ਲੱਗ ਗਏ ਹਨ | ਉਹ ਯਹੂਦੀ ਸੀ ਤੇ ਉਸ ਨੂੰ ਖ਼ਬਰ ਹੋ ਗਈ ਸੀ ਕਿ ਹਿਟਲਰ ਹੱਥੋਂ ਲੱਖਾਂ ਯਹੂਦੀਆ ਦਾ ਨਰ ਸੰਘਾਰ ਹੋਵੇਗਾ | ਉਕਤ ਗੱਲਾਂ ਪਾਠਕ ਜਾਣਦੇ ਹਨ, ਇਸ ਵਿਰਾਟ ਵਿਗਿਆਨੀ ਦੀ ਨਿੱਜੀ ਜ਼ਿੰਦਗੀ ਦੇ ਕੁਝ ਪੱਖ ਅਜਿਹੇ ਹਨ ਜਿਨ੍ਹਾਂ ਬਾਰੇ ਪਾਠਕਾਂ ਨੂੰ ਪਤਾ ਨਹੀਂ | ਨਵਾਂ ਤਵਾ ਲਾਈਏ |
ਆਈਨਸਟਾਈਨ ਦੇ ਸਕੂਲ ਵਿਚ 'ਮਿਲੇਵਾ' ਨਾਂਅ ਕੀ ਕੁੜੀ ਪੜ੍ਹਦੀ ਸੀ ਜਿਸ ਨੇ 1894 ਵਿਚ 12ਵੀਂ ਕਲਾਸ ਪਾਸ ਕੀਤੀ, ਗਣਿਤ ਅਤੇ ਫਿਜ਼ਿਕਸ ਵਿਚੋਂ ਫਸਟ ਆਈ | ਜਦੋਂ ਆਈਨਸਟਾਈਨ ਲਾਤੀਨੀ ਅਤੇ ਯੂਨਾਨੀ ਵਿਚੋਂ ਮਸਾਂ ਪਾਸ ਹੁੰਦਾ, ਇਹ ਕੁੜੀ ਇਨ੍ਹਾਂ ਕਲਾਸੀਕਲ ਜ਼ਬਾਨਾਂ ਵਿਚੋਂ ਸ਼ਾਨਦਾਰ ਨੰਬਰ ਲੈਂਦੀ | ਜਰਮਨੀ ਵਿਚ ਕੁੜੀਆਂ ਲਈ ਉੱਚ-ਵਿੱਦਿਆ ਦੀ ਸੁਵਿਧਾ ਨਾ ਹੋਣ ਕਰਕੇ ਸਵਿਟਜ਼ਰਲੈਂਡ ਚਲੀ ਗਈ ਤੇ 1896 ਵਿਚ ਮੈਡੀਸਨ ਦੇ ਇਮਤਿਹਾਨ ਪਾਸ ਕੀਤੇ, ਫਿਰ ਜ਼ਿਊਰਿਖ ਦੇ ਪਾਲੀਟੈਕਨਿਕ ਵਿਚ ਦਾਖਲਾ ਲੈ ਲਿਆ | ਇਥੇ ਉਸ ਨੇ ਗਣਿਤ ਨਾਲ ਗ੍ਰੈਜੂਏਸ਼ਨ ਕੀਤੀ | ਇਸ ਸਾਲ ਵਿਦਿਆਲੇ ਵਿਚ ਉਹ ਇਕੱਲੀ ਕੁੜੀ ਸੀ ਤੇ ਵਿਦਿਆਲੇ ਦੇ ਪੂਰੇ ਇਤਿਹਾਸ ਵਿਚ ਪੰਜਵੀਂ ਵਿਦਿਆਰਥਣ | ਉਸ ਦਾ ਅਧਿਆਪਕ 'ਫਿਲਿਪ ਲੇਨਾਤ' ਨੋਬਲ ਇਨਾਮ ਯਾਫਤਾ ਭੌਤਿਕ ਸ਼ਾਸਤਰੀ ਸੀ | ਸਾਲ 1897 ਵਿਚ ਇਥੇ ਹੀ ਆਈਨਸਟਾਈਨ ਵਿਦਿਆਰਥੀ ਸੀ, ਦੋਵੇਂ ਇਕ-ਦੂਜੇ ਵਲ ਖਿੱਚੇ ਗਏ | ਆਈਨਸਟਾਈਨ ਇਹ ਜਾਣ ਕੇ ਦੰਗ ਰਹਿ ਗਿਆ ਕਿ ਮਿਲੇਵਾ ਨੂੰ ਮਨੋਵਿਗਿਆਨ ਵਿਚ ਏਨੀ ਰੁਚੀ ਸੀ ਕਿ ਅਤਿ ਆਧੁਨਿਕ ਖੋਜਾਂ ਨਾਲ ਵਾਸਤਾ! 'ਮਿਲਾਨ' ਨਾਂਅ ਦੀ ਕੁੜੀ ਨੇ ਆਪਣੀ ਇਸ ਸਹੇਲੀ ਬਾਰੇ ਮਾਂ ਨੂੰ ਲਿਖਿਆ-ਮਿਲੇਵਾ ਚੰਗੀ ਕੁੜੀ ਹੈ, ਗੰਭੀਰ, ਖ਼ਾਮੋਸ਼, ਕਿੰਨੀ ਡੂੰਘੀ, ਕੋਈ ਨੀ ਜਾਣਦਾ |
ਆਈਨਸਟਾਈਨ ਅਤੇ ਮਿਲੇਵਾ ਦੀਆਂ ਮੁਲਾਕਾਤਾਂ ਵਧਦੀਆਂ ਗਈਆਂ | ਇਕ ਦਿਨ ਮਿਲੇਵਾ ਨੇ ਦੱਸਿਆ-ਗਰਭਵਤੀ ਹਾਂ | ਦੋਵੇਂ ਬੇਰੁਜ਼ਗਾਰ ਸਨ | ਹੁਣ ਕੀ ਕਰੀਏ? ਮਿਲੇਵਾ ਦੇ ਮਾਪੇ ਭਲੇ, ਧੀ ਦੇ ਸ਼ੁੱਭ-ਚਿੰਤਕ ਸਨ ਜਿਨ੍ਹਾਂ ਨੇ ਆਉਣ ਵਾਲੇ ਬੱਚੇ ਦੀ ਪਰਿਵਰਸ਼ ਵਾਸਤੇ ਉਦੋਂ ਤਕ ਜ਼ਿੰਮੇਵਾਰੀ ਉਠਾਉਣ ਦਾ ਫ਼ੈਸਲਾ ਕੀਤਾ ਜਦੋਂ ਤੱਕ ਧੀ ਦਾ ਵਿਆਹ ਨਹੀਂ ਹੁੰਦਾ | ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਈਨਸਟਾਈਨ ਦੇ ਮੁਕਾਬਲੇ ਮਿਲੇਵਾ ਦੇ ਮਾਪੇ ਚੰਗੇ ਰੱਜੇ-ਪੁੱਜੇ ਧਨਾਡ ਸਨ | ਆਈਨਸਟਾਈਨ ਦੇ ਪਿਤਾ ਦਾ ਕਾਰੋਬਾਰ ਵਿਚ ਦਿਵਾਲਾ ਨਿਕਲ ਗਿਆ ਸੀ, ਇਸੇ ਸਦਮੇ ਕਾਰਨ ਉਹ ਜਲਦੀ ਚੱਲ ਵਸਿਆ |
1902 ਵਿਚ ਆਈਨਸਟਾਈਨ ਨੇ ਪੀ.ਐਚ.ਡੀ. ਦਾ ਥੀਸਿਸ ਮੁਲਾਂਕਣ ਵਾਸਤੇ ਜਮ੍ਹਾਂ ਕਰਾ ਦਿੱਤਾ | ਉਸ ਦੇ ਅਧਿਆਪਕ ਨੇ ਕਿਹਾ-ਫੇਲ ਹੋ ਜਾਏਾਗਾ, ਵਾਪਸ ਲੈ ਲੈ, ਫੀਸ ਤਾਂ ਬਚੀ ਰਹੂ | 1 ਫਰਵਰੀ, 1902 ਨੂੰ ਥੀਸਿਸ ਵਾਪਸ ਲੈ ਕੇ ਫੀਸ ਬਚਾਈ | ਸੋਧ-ਸਾਧ ਕੇ ਫਿਰ ਜਮ੍ਹਾਂ ਕਰਵਾ ਦਿੱਤਾ ਤਾਂ ਰੱਦ ਹੋ ਗਿਆ |
6 ਜਨਵਰੀ, 1903 ਨੂੰ ਵਿਆਹ ਹੋਇਆ, ਦੋਵਾਂ ਦੇ ਮਾਪੇ ਖ਼ੁਸ਼ ਨਹੀਂ ਸਨ | ਮਿਲੇਵਾ ਵਾਲੇ ਪਾਸਿਓਾ ਆਰਥਿਕ ਨਾ ਬਰਾਬਰੀ ਕਰਕੇ ਤੇ ਆਈਨਸਟਾਈਨ ਵਾਲੇ ਪਾਸਿਓਾ ਇਸ ਕਰਕੇ ਕਿ ਮੁੰਡਾ ਯਹੂਦੀ ਹੈ ਤੇ ਕੁੜੀ ਈਸਾਈ, ਹਾਮੀ ਨਹੀਂ ਭਰੀ ਗਈ | ਮਾਪੇ ਸ਼ਾਮਿਲ ਨਹੀਂ ਹੋਏ | ਨਹੀਂ ਮੰਨੇ ਨਾ ਸਹੀ, ਦੋਵੇਂ ਇਕ-ਦੂਜੇ ਲਈ ਸਨ ਫਿਰ ਪ੍ਰਵਾਹ ਕਿਸ ਦੀ? ਕੋਰਟ ਮੈਰਿਜ ਹੋਈ | ਆਈਨਸਟਾਈਨ ਵਾਇਲਨ ਵਜਾਉਣ ਦਾ ਸ਼ੌਕੀਨ ਸੀ ਤੇ ਮਿਲੇਵਾ ਪਿਆਨੋ ਵਜਾਉਣ ਦੀ | ਫੁਰਸਤ ਦੇ ਪਲਾਂ ਵਿਚ ਦੋਵੇਂ ਆਪੋ-ਆਪਣੇ ਸਾਜ਼ ਲੈ ਕੇ ਸੁਰ ਨਾਲ ਸੁਰ ਮਿਲਾਉਂਦੇ, ਦੋਸਤਾਂ ਤੋਂ ਭਰਪੂਰ ਦਾਦ ਮਿਲਦੀ, ਪਾਰਟੀਆਂ ਵਿਚ ਰੰਗ ਬੱਝ ਜਾਂਦਾ | ਵਿਆਹ ਪਿੱਛੋਂ ਛੇਤੀ ਉਸ ਨੂੰ ਪੇਟੈਂਟ ਦਫ਼ਤਰ ਵਿਚ ਨੌਕਰੀ ਮਿਲ ਗਈ ਜੋ ਵਧੀਆ ਤਾਂ ਨਹੀਂ, ਆਈ-ਚਲਾਈ ਵਾਸਤੇ ਠੀਕ ਸੀ | 14 ਮਈ, 1904 ਨੂੰ ਬੇਟੇ 'ਹਾਂਸ' ਦਾ ਜਨਮ ਹੋਇਆ |
ਬਾਰ-ਬਾਰ ਦਰੁਸਤ ਕਰਨ ਬਾਅਦ ਆਖਰ 15 ਜਨਵਰੀ, 1906 ਨੂੰ ਉਸ ਨੂੰ ਡਾਕਟਰੇਟ ਦੀ ਡਿਗਰੀ ਮਿਲ ਗਈ | ਇਸ ਪਿੱਛੋਂ ਲਿਖੇ ਗਏ ਖੋਜ-ਪੱਤਰਾਂ ਕਾਰਨ ਉਸ ਦੀ ਸ਼ੁਹਰਤ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਜਿਸ ਬਾਰੇ ਮਿਲੇਵਾ ਨੇ ਹੈਲਨ ਨੂੰ ਪੱਤਰ ਵਿਚ ਲਿਖਿਆ-ਆਸ ਰੱਖੀਏ ਕਿ ਪ੍ਰਸਿੱਧੀ ਉਸ ਦੇ ਇਖ਼ਲਾਕ ਵਾਸਤੇ ਨੁਕਸਾਨਦਾਇਕ ਨਾ ਹੋਵੇ | ਤੰਗੀ ਦੇਖਦਿਆਂ ਮਿਲੇਵਾ, ਅਕਾਦਮੀ ਵਿਚ ਵਿਗਿਆਨ ਦੀ ਟਿਊਸ਼ਨ ਪੜ੍ਹਾਉਣ ਲੱਗ ਗਈ, ਘਰ ਵਿਚ ਖਾਣ-ਪੀਣ, ਸੀਣ-ਪਰੋਣ ਦਾ ਸਾਰਾ ਕੰਮ ਕਰਦੀ | ਦੂਜਾ ਬੇਟਾ 'ਐਡੁਆਰਡ' 18 ਜੁਲਾਈ 1910 ਨੂੰ ਪੈਦਾ ਹੋਇਆ | ਆਈਨਸਟਾਈਨ ਦੀ ਵਿਆਹ ਤੋਂ ਪਹਿਲਾਂ ਜੰਮੀ ਧੀ ਬਾਰੇ ਰਹੱਸ ਅਜੇ ਤੱਕ ਬਰਕਰਾਰ ਹੈ | ਦੱਸਿਆ ਗਿਆ ਕਿ ਬੁਖਾਰ ਸਦਕਾ ਬਚਪਨ ਵਿਚ ਉਸ ਦੀ ਮੌਤ ਹੋ ਗਈ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਗੋਦ ਲੈਣ ਵਾਸਤੇ ਇਸ ਸ਼ਰਤ 'ਤੇ ਦਿੱਤੀ ਗਈ ਸੀ ਕਿ ਇਸ ਦੀ ਸ਼ਨਾਖਤ ਕਦੀ ਜ਼ਾਹਰ ਨਹੀਂ ਕਰਨੀ, ਉਸ ਨੇ ਪੂਰੀ ਉਮਰ ਭੋਗੀ ਪਰ ਬਤੌਰ ਆਈਨਸਟਾਈਨ ਦੀ ਧੀ ਨਹੀਂ | ਇਹ ਭੇਦ ਖੁੱਲਿ੍ਹਆ ਨਹੀਂ |
ਇਮਰੋਜ਼ ਨੇ ਅੰਮਿ੍ਤਾ ਦੇ ਕਈ ਨਾਂਅ ਰੱਖੇ, ਇਕ ਨਾਂਅ 'ਮਾਜਾ' ਵੀ ਸੀ | ਆਈਨਸਟਾਈਨ ਦੀ ਜੀਵਨੀ ਪੜ੍ਹਦਿਆਂ ਜਾਣਿਆ ਕਿ ਉਸ ਦੀ ਛੋਟੀ ਭੈਣ ਦਾ ਨਾਂਅ 'ਮਾਜਾ' ਸੀ ਪਰ ਇਮਰੋਜ਼ ਦੱਸਿਆ ਕਰਦਾ ਕਿ 'ਮਾਜਾ' ਕਿਸੇ ਰੂਸੀ ਨਾਵਲ ਵਿਚਲੀ ਕੁੜੀ ਦਾ ਨਾਂਅ ਹੈ |
ਛੋਟਾ ਐਡੁਆਰਡ ਮਾਨਸਿਕ ਤੌਰ ਤੇ ਅਪਾਹਜ ਸੀ, ਸਾਰੀ ਉਮਰ ਠੀਕ ਨਾ ਹੋਇਆ | ਸਾਰੀ ਉਮਰ ਹਾਂਸ ਦੀ ਆਪਣੇ ਪਿਤਾ ਨਾਲ ਸੁਰ ਨਹੀਂ ਰਲੀ | ਜਿਸ ਤਰ੍ਹਾਂ ਦਾ ਪਿਤਾ ਆਈਨਸਟਾਈਨ ਸਾਬਤ ਹੋਇਆ, ਕਿਸੇ ਵੀ ਹੋਸ਼ਵੰਦ ਬੱਚੇ ਨੇ ਉਹੋ ਕਰਨਾ ਸੀ ਜੋ ਹਾਂਸ ਨੇ ਕੀਤਾ | ਇਸ ਲਿਖਤ ਦੀ ਜੜ੍ਹ ਇਹੋ ਮਸਲਾ ਹੈ | ਬਹਰਹਾਲ, ਪਹਿਲੋਂ ਦੱਸ ਦਈਏ ਉਚ-ਕੋਟੀ ਦਾ ਇੰਜੀਨੀਅਰ ਹਾਂਸ, ਬਰਕਲੇ ਯੂਨੀਵਰਸਿਟੀ ਕੈਲੇਫੋਰਨੀਆ ਵਿਚ ਵਿਗਿਆਨ ਦਾ ਪ੍ਰੋਫੈਸਰ ਰਿਹਾ |
ਅਪ੍ਰੈਲ 1911, ਯੂਨੀਵਰਸਿਟੀ ਆਫ ਪਰਾਗ ਵਿਚ ਆਈਨਸਟਾਈਨ ਫੁੱਲ ਪ੍ਰੋਫੈਸਰ ਲੱਗਾ ਤੇ ਪਰਿਵਾਰ ਸਣੇ ਇਥੇ ਫਲੈਟ ਵਿਚ ਵਸਣ ਲੱਗਾ | ਇਸ ਸਮੇਂ ਕਾਫਕਾ, ਮਿਲੇਨਾ ਅਤੇ ਦੋਰਾ, ਆਪਣੀ ਕਿਸਮ ਦੇ ਜੀਨੀਅਸ ਵੀ ਪਰਾਗ ਵਾਸੀ ਸਨ ਪਰ ਇਨ੍ਹਾਂ ਦਾ ਆਈਨਸਟਾਈਨ ਨਾਲ ਮੇਲ ਨਹੀਂ ਹੋਇਆ | ਕਾਫਕਾ ਦੇ ਦੋਸਤ, ਉਸ ਦੇ ਪ੍ਰਥਮ ਜੀਵਨੀਕਾਰ ਅਤੇ ਨਾਵਲਕਾਰ ਮੈਕਸ ਬਰੋਦ ਨਾਲ ਕਈ ਮੁਲਾਕਾਤਾਂ ਹੋਈਆਂ | ਇਥੇ ਰਹਿੰਦਿਆਂ ਮਿਲੇਵਾ ਨੇ ਹੈਲਨ ਨੂੰ ਲਿਖਿਆ-ਪੀਣ ਵਾਸਤੇ ਸਾਫ਼ ਪਾਣੀ ਨਹੀਂ, ਦੁੱਧ ਮਿਲਾਵਟੀ, ਹਵਾ ਧੂਏਾ ਨਾਲ ਭਰੀ ਹੋਈ | ਛੋਟਾ ਐਡੁਆਰਡ ਠੀਕ ਵਧ-ਫੁਲ ਰਿਹਾ ਸੀ, ਅਚਾਨਕ ਖਾਣਾ, ਸੌਣਾ ਛੱਡ ਦਿੱਤਾ ਹੈ, ਹੱਡੀਆਂ ਕਮਜ਼ੋਰ ਪੈਣ ਲੱਗੀਆਂ ਹਨ | ਮੇਰੀ ਹਾਲਤ ਵੀ ਬਦਤਰ ਹੈ | ਇਹ ਉਹ ਸਮਾਂ ਹੈ ਜਦੋਂ ਆਈਨਸਟਾਈਨ ਦੀ ਸ਼ੁਹਰਤ ਅਸਮਾਨ ਛੁਹਣ ਲੱਗੀ | ਥਾਂ-ਥਾਂ ਤੋਂ ਵਿਗਿਆਨੀ ਵਜੋਂ ਨੌਕਰੀ ਦੀਆਂ ਪੇਸਕਸ਼ਾਂ ਆਉਣ ਲੱਗੀਆਂ | ਅਪ੍ਰੈਲ, 1912 ਵਿਚ ਉਹ ਬਰਲਿਨ ਚਲਾ ਗਿਆ | ਇਥੇ ਆਪਣੇ ਰਿਸ਼ਤੇਦਾਰ ਦੇ ਘਰ ਰਿਹਾ ਜਿਥੇ ਕਜ਼ਿਨ ਐਲਸਾ ਨਾਲ ਮੇਲ ਹੋਇਆ | ਕੱਪੜਾ ਵਪਾਰੀ ਨਾਲ ਐਲਸਾ ਦਾ ਵਿਆਹ ਹੋਇਆ ਸੀ ਦੋ ਧੀਆਂ ਅਤੇ ਇਕ ਬੇਟਾ ਸੀ, ਤਲਾਕ ਹੋ ਗਿਆ | ਬੇਟੇ ਦੀ ਮੌਤ ਹੋ ਗਈ ਸੀ | ਵੱਡੀ ਧੀ 18 ਅਤੇ ਛੋਟੀ 16 ਸਾਲ ਦੀ ਸੀ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 94642-51454.

ਮੈਡੀਕਲ ਖ਼ੇਤਰ ਵਿਚ ਸੰਗੀਤ ਦਾ ਕਮਾਲ

ਹਜ਼ਾਰਾਂ ਸਾਲ ਪਹਿਲਾਂ ਦੇ ਕੁਝ ਸਬੂਤ ਮਿਲਦੇ ਹਨ ਕਿ ਯੂਨਾਨੀ ਚਿੰਤਕ ਇਹ ਮੰਨ ਚੁੱਕੇ ਸਨ ਕਿ ਸੰਗੀਤ ਸਰੀਰ ਦੇ ਨਾਲ-ਨਾਲ ਰੂਹ ਨੂੰ ਵੀ ਨਰੋਆ ਰੱਖਣ ਵਿਚ ਮਦਦ ਕਰਦਾ ਹੈ | ਇਸੇ ਲਈ ਕਿਸੇ ਵੀ ਗੰਭੀਰ ਬਿਮਾਰੀ ਦੌਰਾਨ ਪੁਰਾਣੇ ਸਮਿਆਂ ਵਿਚ ਅਮਰੀਕਨ ਵੀ ਉਸੇ ਸੋਚ ਤਹਿਤ ਮਰੀਜ਼ ਨੇੜੇ ਹਲਕਾ ਸੰਗੀਤ ਵਜਾਉਂਦੇ ਰਹਿੰਦੇ ਸਨ | ਹੋਰ ਤਾਂ ਹੋਰ, ਦੂਜੀ ਵਿਸ਼ਵ ਜੰਗ ਵੇਲੇ ਅਮਰੀਕਨ ਹਸਪਤਾਲਾਂ ਵਿਚ ਬੰਬ ਨਾਲ ਗੰਭੀਰ ਜ਼ਖ਼ਮੀ (ਲੱਤ ਜਾਂ ਬਾਂਹ ਕੱਟੀ ਗਈ ਹੋਵੇ) ਮਰੀਜ਼ਾਂ ਨੂੰ ਮਾਨਸਿਕ ਪੱਖੋਂ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਦੋ ਘੰਟੇ ਰੋਜ਼ ਸੰਗੀਤ ਸੁਣਾਉਂਦੇ ਹੁੰਦੇ ਸਨ | ਉਸ ਦੇ ਵਧੀਆ ਸਿੱਟੇ ਨਿਕਲਦੇ ਵੇਖ ਸੰਨ 1944 ਵਿਚ ਮਿਸ਼ੀਗਨ ਯੂਨੀਵਰਸਿਟੀ ਵਿਚ ਪਹਿਲੀ ਵਾਰ ਸੰਗੀਤ ਨੂੰ ਇਲਾਜ ਦੇ ਤੌਰ 'ਤੇ ਵਰਤਿਆ ਗਿਆ ਅਤੇ ਇੰਜ ਦੁਨੀਆ ਦਾ ਪਹਿਲਾ ਮਿਊਜ਼ਿਕ ਥੈਰਪੀ ਪ੍ਰੋਗਰਾਮ ਸ਼ੁਰੂ ਹੋ ਗਿਆ | ਮੌਜੂਦਾ ਸਮੇਂ ਵਿਚ ਲਗਭਗ ਸੱਤਰ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਅਮਰੀਕਨ ਮਿਊਜ਼ਿਕ ਥੈਰਪੀ ਐਸੋਸੀਏਸ਼ਨ ਵੱਲੋਂ ਡਿਗਰੀ ਕੋਰਸ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ 1200 ਘੰਟੇ ਦੀ ਟੇ੍ਰਨਿੰਗ ਤੇ ਦੋ ਇਨਟਰਨਸ਼ਿਪ ਕਰਨ ਦੇ ਬਾਅਦ ਬੈਚਲਰ ਡਿਗਰੀ ਦਿੱਤੀ ਜਾਂਦੀ ਹੈ | ਇਸ ਵੇਲੇ ਅਮਰੀਕਾ ਵਿਚ ਹਜ਼ਾਰਾਂ ਵਿਦਿਆਰਥੀ ਮਿਊਜ਼ਿਕ ਥੈਰਪੀ ਦੀ ਡਿਗਰੀ ਹਾਸਲ ਕਰ ਕੇ ਮਰੀਜ਼ਾਂ ਦਾ ਇਲਾਜ ਕਰਨ ਵਿਚ ਜੁਟੇ ਹੋਏ ਹਨ ਅਤੇ ਵਧੀਆ ਕਮਾਈ ਕਰ ਰਹੇ ਹਨ | ਕਈ ਤਾਂ ਚੋਟੀ ਦੇ ਕੈਂਸਰ ਹਸਪਤਾਲਾਂ ਵਿਚ ਸੀਰੀਅਸ ਮਰੀਜ਼ਾਂ ਦੇ ਇਲਾਜ ਵਿਚ ਜੁਟੇ ਹੋਏ ਹਨ | ਅਲੱਗ-ਅਲੱਗ ਤਰ੍ਹਾਂ ਦੇ ਸੰਗੀਤ ਨਾਲ ਕਿਸੇ ਦੀ ਦਰਦ ਨੂੰ ਆਰਾਮ ਪਹੁੰਚਾਇਆ ਜਾ ਰਿਹਾ ਹੈ ਤੇ ਕਈਆਂ ਨੂੰ ਮਾਨਸਿਕ ਪੱਖੋਂ ਢਹਿੰਦੀ ਕਲਾ ਵਿਚੋਂ ਬਾਹਰ ਕੱਢਣ ਲਈ ਸੰਗੀਤ ਦੀ ਵਰਤੋਂ ਹੋ ਰਹੀ ਹੈ | ਇਹ ਇਲਾਜ ਕਰਨ ਦਾ ਢੰਗ ਏਨਾ ਅਸਰਦਾਰ ਸਾਬਤ ਹੋ ਚੁੱਕਿਆ ਹੈ ਕਿ ਹੁਣ ਅਮਰੀਕਨ ਹੈਲਥ ਇੰਸ਼ੋਰੈਂਸ ਵਿਚ ਵੀ ਮਿਊਜ਼ਿਕ ਥੈਰਪੀ ਸ਼ਾਮਿਲ ਕਰ ਲਈ ਗਈ ਹੈ |
ਆਓ, ਬੱਚਿਆਂ ਤੇ ਵੱਡਿਆਂ ਵਿਚ ਹੋਈਆਂ ਖੋਜਾਂ ਦਾ ਜ਼ਿਕਰ ਕਰੀਏ |
ਬਹੁਤ ਵਧੇ ਹੋਏ ਕੈਂਸਰ ਦੇ ਮਰੀਜ਼ਾਂ ਨੂੰ ਜਦੋਂ ਤੇਜ਼ ਕਿਰਨਾਂ ਨਾਲ ਇਲਾਜ ਕਰੀਏ ਤਾਂ ਉਲਟੀ ਆਉਣੀ ਤੇ ਦਿਲ ਕੱਚਾ ਹੁੰਦੇ ਰਹਿਣਾ ਆਮ ਹੀ ਵੇਖਣ ਵਿਚ ਆਉਂਦਾ ਹੈ | ਪਰ, ਜਦੋਂ ਅਜਿਹੇ ਮਰੀਜ਼ਾਂ ਨੂੰ ਸੰਗੀਤ ਥੈਰਪੀ ਦਿੱਤੀ ਗਈ ਤਾਂ ਉਲਟੀ ਤੇ ਦਿਲ ਕੱਚਾ ਹੋਣਾ ਘੱਟ ਹੋ ਗਿਆ |
ਹੁਣੇ ਜਿਹੇ ਹੋਈਆਂ ਖੋਜਾਂ ਵਿਚ ਜਦੋਂ ਸ਼ੁਰੂਆਤੀ ਕੈਂਸਰ ਦਾ ਪਤਾ ਲੱਗਣ ਉੱਤੇ ਮਰੀਜ਼ ਢਹਿੰਦੀ ਕਲਾ ਵਿਚ ਗਏ ਤਾਂ ਉਨ੍ਹਾਂ ਉੱਤੇ ਵੀ ਸੰਗੀਤ ਥੈਰਪੀ ਅਜ਼ਮਾਈ ਗਈ | ਬਹੁਗਿਣਤੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ, ਵਧੀ ਹੋਈ ਧੜਕਨ ਵੀ ਨਾਰਮਲ ਹੋ ਗਈ, ਸਾਹ ਦਾ ਤੇਜ਼ਾ ਹੋਣਾ ਵੀ ਠੀਕ ਹੋ ਗਿਆ, ਨੀਂਦਰ ਵੀ ਕੁਝ ਹੱਦ ਤੱਕ ਠੀਕ ਆਉਣ ਲੱਗ ਪਈ, ਤਣਾਓ ਵੀ ਘਟਿਆ ਹੋਇਆ ਲੱਭਿਆ ਤੇ ਢਹਿੰਦੀ ਕਲਾ ਵਿਚੋਂ ਵੀ ਉਹ ਛੇਤੀ ਬਾਹਰ ਨਿਕਲੇ |
ਅਜਿਹੀ ਲਗਾਤਾਰ ਕੀਤੀ ਖੋਜ ਦੇ ਸਿੱਟੇ ਅਖ਼ੀਰ ਇਹ ਨਿਕਲੇ ਕਿ ਸੰਗੀਤ ਦੀਆਂ ਮਧੁਰ ਧੁਨਾਂ ਦਿਮਾਗ਼ ਵਿਚਲੀਆਂ ਤਰੰਗਾਂ ਨਾਲ ਛੇੜਛਾੜ ਕਰਦੀਆਂ ਹਨ, ਦਿਮਾਗ਼ ਅੰਦਰ ਨਸਾਂ ਵਿਚ ਚਲਦੇ ਲਹੂ ਨੂੰ ਰਵਾਂ ਕਰਦੀਆਂ ਹਨ ਅਤੇ ਤਣਾਓ ਪੈਦਾ ਕਰਨ ਵਾਲੇ ਹਾਰਮੋਨਾਂ ਦੀ ਮਾਤਰਾ ਘਟਾ ਦਿੰਦੀਆਂ ਹਨ | ਇਹ ਅਸਰ ਸੰਗੀਤ ਥੈਰਪੀ ਤੋਂ ਤੁਰੰਤ ਬਾਅਦ ਵੇਖਣ ਵਿਚ ਆਉਂਦੇ ਹਨ | ਪਰ, ਅਫਸੋਸ ਇਹ ਅਸਰ ਥੋੜ੍ਹ-ਚਿਰੀ ਹੁੰਦੇ ਹਨ | ਜਦੋਂ ਹੀ ਸੰਗੀਤ ਦੀਆਂ ਤਰੰਗਾਂ ਬੰਦ ਹੋਈਆਂ, ਘੰਟੇ ਕੁ ਬਾਅਦ ਹੀ ਪੀੜ, ਥਕਾਵਟ ਤੇ ਢਹਿੰਦੀ ਕਲਾ ਸਰੀਰ ਨੂੰ ਫਿਰ ਜਕੜ ਲੈਂਦੇ ਹਨ |
ਵਿਦਿਆਰਥੀਆਂ ਵਿਚ ਵੀ ਸੰਗੀਤ ਦਾ ਅਸਰ ਵੇਖਣ ਲਈ ਕਈ ਖੋਜਾਂ ਕੀਤੀਆਂ ਗਈਆਂ | ਜਿਹੜੇ ਵਿਦਿਆਰਥੀ ਰੋਜ਼ ਇਕ ਘੰਟਾ ਹਲਕਾ ਮਧੁਰ ਸੰਗੀਤ ਖੁੱਭ ਕੇ ਸੁਣਦੇ ਰਹੇ, ਉਨ੍ਹਾਂ ਵਿਦਿਆਰਥੀਆਂ ਦੀ ਯਾਦ-ਸ਼ਕਤੀ ਵਧ ਗਈ, ਆਈ-ਕਿਊ ਵੀ ਵਧਿਆ ਅਤੇ ਕੰਮਕਾਰ ਕਰਨ ਦੀ ਸਮਰਥਾ ਵੀ ਵਧ ਗਈ |
ਕੁਝ ਖੋਜਾਂ ਵਿਚ ਸੰਗੀਤ ਦਾ ਬਹੁਤਾ ਅਸਰ ਨਹੀਂ ਦਿਸਿਆ | ਇਸ ਵਿਚ ਆਪਰੇਸ਼ਨ ਦੌਰਾਨ ਜਾਂ ਇਕਦਮ ਬਾਅਦ ਮਰੀਜ਼ਾਂ ਨੂੰ ਸ਼ੋਰਗੁਲ ਵਾਲੇ ਸੰਗੀਤ ਦੀਆਂ ਧੁਨਾਂ ਸੁਣਾਈਆਂ ਗਈਆਂ | ਇਨ੍ਹਾਂ ਮਰੀਜ਼ਾਂ ਦੀ ਘਬਰਾਹਟ ਵਿਚ ਉੱਕਾ ਹੀ ਕਮੀ ਨਹੀਂ ਲੱਭੀ ਗਈ |
ਸੰਗੀਤ ਥੈਰਪੀ ਤਹਿਤ ਮਰੀਜ਼ਾਂ ਦੀ ਲੋੜ ਅਨੁਸਾਰ ਤੇ ਉਨ੍ਹਾਂ ਦੀ ਪਸੰਦ ਦਾ ਸੰਗੀਤ ਘੜਿਆ ਵੀ ਜਾਂਦਾ ਹੈ | ਕਈ ਮਰੀਜ਼ ਸਿਰਫ਼ ਸੰਗੀਤ ਸੁਣਨਾ ਹੀ ਨਹੀਂ ਬਲਕਿ ਨਾਲੋ-ਨਾਲ ਗੁਣਗੁਣਾਉਣਾ ਵੀ ਪਸੰਦ ਕਰਦੇ ਹਨ | ਕੋਈ ਲੰਮੀ ਹੇਕ ਵਾਲਾ, ਕੋਈ ਹੌਲੀ-ਹੌਲੀ ਟੁਣਕਦਾ ਸੰਗੀਤ, ਕੋਈ ਦਰਦਨਾਕ ਗੀਤ ਸੁਣਨਾ ਚਾਹੁੰਦਾ ਹੈ ਤੇ ਕੋਈ ਆਪਣੇ ਲਿਖੇ ਗੀਤ ਦੀਆਂ ਨਵੀਆਂ ਧੁਨਾਂ ਸੁਣਨਾ ਪਸੰਦ ਕਰਦਾ ਹੈ |
ਆਮ ਤੌਰ 'ਤੇ ਸੰਗੀਤ ਥੈਰਾਪਿਸਟ ਆਪਰੇਸ਼ਨ ਕਰਨ ਵਾਲੇ ਹਸਪਤਾਲਾਂ ਵਿਚ, ਕੈਂਸਰ ਹਸਪਤਾਲਾਂ ਵਿਚ, ਹੌਸਪਿਸ ਸੈਂਟਰ ਵਿਚ ਆਖ਼ਰੀ ਸਾਹ ਗਿਣਦੇ ਮਰੀਜ਼ਾਂ ਕੋਲ ਉਨ੍ਹਾਂ ਦੇ ਘਰਾਂ ਵਿਚ ਇਲਾਜ ਕਰਦੇ ਹਨ ਜਿੱਥੇ ਮਰੀਜ਼ ਮੰਜੇ ਉੱਤੇ ਪੈ ਚੁੱਕਿਆ ਹੋਵੇ | ਇਕ ਹੋਰ ਕਿਸਮ¸'ਮਿਊਜ਼ਿਕ ਥੈਨਾਟੋਲੋਜੀ' ਵਿਚ ਸੰਗੀਤ ਦੀ ਵਰਤੋਂ ਮਰੀਜ਼ ਦੇ ਆਖ਼ਰੀ ਸਾਹ ਛੱਡਣ ਸਮੇਂ ਦੀ ਤਕਲੀਫ਼ ਘਟਾਉਣ ਲਈ ਕੀਤੀ ਜਾਂਦੀ ਹੈ | ਮਰੀਜ਼ ਭਾਵੇਂ ਘਰ ਹੋਵੇ ਜਾਂ ਹੌਸਪਿਸ ਕੇਅਰ ਸੈਂਟਰ ਵਿਚ, ਉਸ ਦਾ ਮਨਪਸੰਦ ਭਜਨ, ਸ਼ਬਦ ਜਾਂ ਕੋਈ ਵੀ ਮੱਧਮ ਧੁਨ ਉਸ ਦਾ ਆਖ਼ਰੀ ਸਾਹ ਛੱਡਣ ਸਮੇਂ ਜੇ ਚਲਦਾ ਹੋਵੇ ਤਾਂ ਉਸ ਦੀ ਤਕਲੀਫ਼ ਘਟ ਜਾਂਦੀ ਹੈ |
ਸੰਗੀਤ ਥੈਰਪੀ ਸਿਰਫ਼ ਪੂਰੀ ਟੇ੍ਰਨਿੰਗ ਲਏ ਬੰਦੇ ਵੱਲੋਂ ਹੀ ਕਰਨੀ ਚਾਹੀਦੀ ਹੈ ਵਰਨਾ ਗ਼ਲਤ ਸੰਗੀਤ ਦੀ ਚੋਣ ਅਤੇ ਬੇਸੁਰੇ ਸਾਜ਼ ਸਗੋਂ ਮਰੀਜ਼ ਦੀ ਤਕਲੀਫ਼ ਕਈ ਗੁਣਾ ਵਧਾ ਦਿੰਦੇ ਹਨ | ਓਟਿਜ਼ਮ ਦੇ ਮਰੀਜ਼ਾਂ ਵਿਚ ਟਿਕ ਕੇ ਨਾ ਬਹਿ ਸਕਣ ਅਤੇ ਪੂਰਾ ਧਿਆਨ ਨਾ ਲਾ ਸਕਣ ਵਿਚ ਵੀ ਸੰਗੀਤ ਥੈਰਪੀ ਬਾਅਦ ਫ਼ਾਇਦਾ ਹੋਇਆ ਵੇਖਿਆ ਗਿਆ ਤੇ ਅਜਿਹੇ ਬੱਚਿਆਂ ਦੇ ਸੁਭਾਅ ਵਿਚ ਵੀ ਓਨੀ ਦੇਰ ਫ਼ਰਕ ਪਿਆ ਰਿਹਾ |
ਅਮਰੀਕਨ ਨਸ਼ਾ ਛਡਾਊ ਕੇਂਦਰਾਂ ਵਿਚ ਵੀ ਸੰਗੀਤ ਥੈਰਪੀ ਕਾਫੀ ਅਸਰ ਵਿਖਾ ਰਹੀ ਹੈ ਤੇ ਨਸ਼ਾ ਛੱਡਣ ਵਾਲਿਆਂ ਨੂੰ ਰੋਜ਼ ਇਕ ਘੰਟਾ ਸੰਗੀਤ ਦੀਆਂ ਕਲਾਸਾਂ ਵਿਚ ਬਿਠਾਇਆ ਜਾਂਦਾ ਹੈ |
ਇਜ਼ਰਾਈਲ ਦੇ ਮੈਡੀਕਲ ਸੈਂਟਰ ਵਿਚ ਨਵਜੰਮੇ ਬੱਚਿਆਂ ਦੀ ਹਸਪਤਾਲ ਵਿਚਲੀ ਨਰਸਰੀ ਵਿਚ ਸੂਈਆਂ ਨਾਲ ਵਿੰਨ੍ਹੇ ਪਏ ਅਤੇ ਆਕਸੀਜਨ ਦੀਆਂ ਪਾਈਪਾਂ ਜਾਂ ਵੈਂਟੀਲੇਟਰ ਨਾਲ ਜਕੜੇ ਵਕਤ ਤੋਂ ਪਹਿਲਾਂ ਜੰਮੇ ਬੱਚਿਆਂ ਉੱਤੇ ਵੀ ਨਰਸਰੀ ਅੰਦਰਲੀ ਖਟਰ ਪਟਰ ਦੇ ਵਿਚ ਹਲਕਾ ਮਧੁਰ ਸੰਗੀਤ ਵਜਾ ਕੇ ਉਸ ਦਾ ਅਸਰ ਘੋਖਿਆ ਗਿਆ | ਪਿਆਰੀ ਪੁਚਕਾਰ ਅਤੇ ਥਪਥਪਾ ਕੇ ਸੁਆਉਣ ਵਾਲੀ ਧੁਨ ਜਦੋਂ ਰੋਜ਼ ਅੱਧੇ ਘੰਟੇ ਲਈ ਅਜਿਹੇ ਬੱਚਿਆਂ ਕੋਲ ਵਜਾਈ ਗਈ ਤਾਂ ਲਗਭਗ ਸਾਰੇ ਹੀ ਬੱਚਿਆਂ ਨੂੰ ਨੀਂਦਰ ਠੀਕ ਆਉਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੇ ਦੁੱਧ ਵੀ ਛੇਤੀ ਹਜ਼ਮ ਕਰਨਾ ਸ਼ੁਰੂ ਕਰ ਦਿੱਤਾ |
ਖੋਜ ਦੇ ਸਿੱਟੇ ਏਨੇ ਕਮਾਲ ਦੇ ਸਨ ਕਿ ਦੁਨੀਆ ਦੇ ਚੋਟੀ ਦੇ ਬੱਚਿਆਂ ਦੇ ਮੈਡੀਕਲ ਜਰਨਲ 'ਪੀਡੀਐਟਰਿਕਸ' ਵਿਚ ਇਹ ਖੋਜ ਛਪੀ ਕਿ ਸੰਗੀਤ ਨਾਲ ਬੱਚਿਆਂ ਦਾ ਭਾਰ ਛੇਤੀ ਵਧਿਆ, ਉਨ੍ਹਾਂ ਦੇ ਦਿਮਾਗ਼ ਦੀਆਂ ਤਰੰਗਾਂ ਛੇਤੀ ਨਾਰਮਲ ਹੋਈਆਂ, ਦੁੱਧ ਛੇਤੀ ਚੁੰੰਘਣ ਲੱਗ ਪਏ, ਬਿਮਾਰੀ ਨਾਲ ਲੜਨ ਦੀ ਤਾਕਤ ਵੀ ਵਧੀ ਤੇ ਮਾਪਿਆਂ ਦਾ ਤਣਾਓ ਵੀ ਘਟ ਗਿਆ |
ਸੋ, ਇਹ ਸਪੱਸ਼ਟ ਹੋ ਗਿਆ ਕਿ ਸੰਗੀਤ ਦੀ ਸਹੀ ਚੋਣ ਨਾਲ ਸਰੀਰ ਦੇ ਵਧੀਆ ਹਾਰਮੋਨ ਵਧ ਜਾਂਦੇ ਹਨ ਅਤੇ ਸਰੀਰ ਦੇ ਨਾਲ ਦਿਮਾਗ਼ ਵੀ ਚੁਸਤ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਥਕਾਵਟ ਘਟ ਜਾਂਦੀ ਹੈ |
ਐਲਬਰਟਾ ਦੀ ਯੂਨੀਵਰਸਿਟੀ ਵਿਚ ਵੀ ਹੋਈ ਖੋਜ ਦੇ ਸਿੱਟੇ ਇਕਦਮ ਪਹਿਲਾਂ ਦੀ ਕੀਤੀ ਖੋਜ ਨਾਲ ਮੇਚਦੇ ਹੋਏ ਤੇ ਸਿੰਗਾਪੁਰ ਵਿਚ ਵੀ ਸੰਗੀਤ ਥੈਰਪੀ ਉੱਤੇ ਹੋਈ ਖੋਜ ਦੇ ਵਧੀਆ ਸਿੱਟੇ ਸਾਹਮਣੇ ਆਏ |
ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ 'ਲੀ ਬਾਰਟੇਲ' ਨੇ ਸੰਗੀਤ ਥੈਰਪੀ ਉੱਤੇ ਡੂੰਘੀ ਖੋਜ ਕਰਕੇ 'ਵਾਈਬਰੋ ਅਕਾਊਸਟਿਕ ਥੈਰਪੀ ਅਰੰਭੀ ਜਿਸ ਵਿਚ ਸੰਗੀਤ ਦੀਆਂ ਧੁਨਾਂ ਨਾਲ ਉਤਪੰਨ ਹੋਈਆਂ ਤਰੰਗਾਂ ਦਾ ਪਾਰਕਿਨਸਨ ਰੋਗੀਆਂ, ਫਾਈਬਰੋਮਾਇਐਲਜੀਆ ਦੇ ਮਰੀਜ਼ਾਂ ਅਤੇ ਢਹਿੰਦੀ ਕਲਾ ਵਾਲੇ ਮਰੀਜ਼ਾਂ ਉੱਤੇ ਅਸਰ ਘੋਖਿਆ | ਓਾਟਾਰੀਓ ਵਿਚਲੇ ਵਾਟਰਲੂ ਦੀ ਯੂਨੀਵਰਸਿਟੀ ਵਿਚ ਵੀ ਇਹੀ ਖੋਜ ਇਕੋ ਸਮੇਂ ਅਰੰਭ ਕੀਤੀ ਗਈ | ਦੋਵਾਂ ਖੋਜਾਂ ਦਾ ਨਤੀਜਾ ਕਮਾਲ ਦਾ ਸੀ | ਦਸ ਮਿੰਟ ਦੀਆਂ ਮਧੁਰ ਸੰਗੀਤ ਦੀਆਂ ਧੁਨਾਂ ਨੇ ਪਾਰਕਿਨਸਨ ਰੋਗੀਆਂ ਦੇ ਸਰੀਰ ਦੀ ਅਕੜਨ ਕਾਫੀ ਚਿਰ ਲਈ ਘਟਾ ਦਿੱਤੀ ਅਤੇ ਉਨ੍ਹਾਂ ਦੀ ਚਾਲ ਕਾਫ਼ੀ ਚਿਰ ਲਈ ਠੀਕ ਹੋ ਗਈ | ਕਿਆਸ ਲਾਇਆ ਗਿਆ ਕਿ ਦਿਮਾਗ਼ ਦੇ ਥੈਲਾਮਸ ਹਿੱਸੇ ਵਿਚੋਂ ਨਿਕਲਦੀਆਂ ਤਰੰਗਾਂ ਦੀ ਛੇੜ-ਛਾੜ ਸਦਕਾ ਹੀ ਇਹ ਸੰਭਵ ਹੋ ਸਕਿਆ |
ਹੁਣ ਨਾਰਥ ਕੈਰੋਲੀਨਾ ਚਿਲਡਰਨ ਹਸਪਤਾਲ ਵਿਚ ਹਰ ਹਫ਼ਤੇ 20 ਘੰਟੇ ਗਿਟਾਰ ਤੇ ਪਿਆਨੋ ਵਜਾਇਆ ਜਾਂਦਾ ਹੈ, ਜਿਥੇ ਬੱਚੇ ਤੇ ਮਾਪੇ ਜਾਣਾ ਪਸੰਦ ਕਰਦੇ ਹਨ ਅਤੇ ਮਰੀਜ਼ ਬਾਕੀ ਹਸਪਤਾਲਾਂ ਨਾਲੋਂ ਛੇਤੀ ਠੀਕ ਹੋ ਕੇ ਘਰ ਮੁੜ ਰਹੇ ਹਨ | ਇਨ੍ਹਾਂ ਸਾਰੀਆਂ ਖੋਜਾਂ ਵਿਚੋਂ ਦੋ ਗੱਲਾਂ ਬੜੀਆਂ ਸਪੱਸ਼ਟ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ |
ਪਹਿਲੀ : ਸੰਗੀਤ ਬਿਮਾਰੀ ਵਿਚ ਕਮਾਲ ਦਾ ਅਸਰ ਵਿਖਾਉਂਦਾ ਹੈ |
ਦੂਜੀ : ਸਿਰਫ ਮਧੁਰ ਸੰਗੀਤ ਦਾ ਹੀ ਵਧੀਆ ਅਸਰ ਵੇਖਿਆ ਗਿਆ ਹੈ | ਤਿੱਖਾ, ਸ਼ੋਰ ਪਾਉਣ ਵਾਲਾ ਜਾਂ ਭੜਕਾਊ ਸੰਗੀਤ ਦਾ ਸਰੀਰ ਅਤੇ ਦਿਮਾਗ਼ ਉੱਤੇ ਮਾੜਾ ਅਸਰ ਤਾਂ ਪੈਂਦਾ ਹੀ ਹੈ ਪਰ ਦਿਲ ਦੇ ਦੌਰੇ ਨਾਲ ਮੌਤ ਤੱਕ ਵੀ ਹੋ ਸਕਦੀ ਹੈ |
-ਬੱਚਿਆਂ ਦੀ ਮਾਹਿਰ
28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ |
ਫੋਨ ਨੰ: 0175-2216783.

ਐਵੇਂ ਨੀ 'ਜੀਊਲ ਬੱਗ' ਕਹਿੰਦੇ ਇਸ ਭੰੂਡੀ ਦੀ ਜਾਤ ਨੂੰ

ਇਹ ਤਸਵੀਰ 'ਬੱਗ' ਨਾਂਅ ਦੇ ਕੀਟ ਪ੍ਰਾਣੀ ਦੀ ਹੈ | ਆਪਣੀ ਭਾਸ਼ਾ ਵਿਚ ਜਿਸ ਨੂੰ ਭੰੂਡੀ ਕਿਹਾ ਜਾਂਦਾ ਹੈ | ਕੱਦ-ਕਾਠ ਵਿਚ ਇਹ ਕਣਕ ਦੇ ਦਾਣੇ ਤੋਂ ਜ਼ਰਾ ਵੱਡੀ ਅਤੇ ਮੱਕੀ ਦੇ ਦਾਣੇ ਤੋਂ ਛੋਟੀ ਹੁੰਦੀ ਹੈ | ਤੁਰ ਵੀ ਸਕਦੀ ਹੈ, ਦੌੜ ਵੀ ਸਕਦੀ ਹੈ ਅਤੇ ਉੱਡ ਵੀ ਸਕਦੀ ਹੈ | ਘਰ ਦੇ ਕਿਚਨ ਗਾਰਡਨ ਵਿਚ, ਫੁੱਲਾਂ ਦੀਆਂ ਕਿਆਰੀਆਂ ਵਿਚ, ਸਬਜ਼ੀਆਂ ਦੇ ਹਰੇ ਪੱਤਿਆਂ ਵਿਚ, ਦਰੱਖਤਾਂ ਤੋਂ ਡਿੱਗੇ ਹੋਏ ਗਲੇ-ਸੜੇ ਫਲਾਂ ਦੇ ਮਲਬੇ ਵਿਚ ਇਹ ਕੀੜਾ ਬੜੀ ਆਸਾਨੀ ਨਾਲ ਦਿਸ ਜਾਣ ਵਾਲਾ ਪ੍ਰਾਣੀ ਹੈ, ਪੰ੍ਰਤੂ ਜਿਸ ਮੌਕੇ ਇਹ ਤਸਵੀਰ ਖਿੱਚੀ ਗਈ ਹੈ, ਉਹ ਮੌਕਾ ਆਪਣੇ-ਆਪ ਵਿਚ ਬਿਲਕੁਲ ਗਰਮ ਲੋਹੇ 'ਤੇ ਚੋਟ ਮਾਰਨ ਵਾਲਾ ਮੌਕਾ ਸੀ, ਜਿਸ ਬਾਰੇ ਮੈਂ ਬਾਸੁਰਖੀ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਫੋਟੋ ਬਿਲਕੁਲ ਉਸ ਮੌਕੇ ਦੀ ਹੈ, ਜਦ ਸਾਰੇ ਬੱਚੇ ਅੰਡਿਆਂ ਵਿਚੋਂ ਬਾਹਰ ਆਉਣ ਲਈ ਤਿਆਰ-ਬਰ-ਤਿਆਰ ਅਤੇ ਬਾਹਰ ਉਨ੍ਹਾਂ ਦੇ ਵਾਰਿਸ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਵਿਚ ਪਹਿਰੇਦਾਰ ਬਣ ਕੇ ਖੜ੍ਹੇ ਸਨ | ਬਾਅਦ ਵਿਚ ਜਦ ਇਹ ਫੋਟੋ ਮੈਂ ਆਪਣੇ ਸਿਸਟਮ ਵਿਚ ਪਾ ਕੇ ਦੇਖੀ ਤਾਂ ਮੈਨੂੰ ਇਕ ਮਿਆਰੀ ਪ੍ਰਾਪਤੀ ਵਾਲਾ ਅਹਿਸਾਸ ਹੋਇਆ ਅਤੇ ਇਸੇ ਅਹਿਸਾਸ ਨਾਲ ਇਹ ਫੋਟੋ ਲੈ ਕੇ ਉਸੇ ਦਿਨ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੀਟ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾਕਟਰ ਗੁਰਦੇਵ ਸਿੰਘ ਸੰਧੂ ਨੂੰ ਜਾ ਕੇ ਵਿਖਾਈ | ਕੀਟ-ਵਿਗਿਆਨ ਦੇ ਬਾਬਾ ਬੋਹੜ ਅਤੇ ਆਪ ਖ਼ੁਦ ਇਕ ਮੰਨੇ-ਪ੍ਰਮੰਨੇ ਕੀਟ ਫੋਟੋਗ੍ਰਾਫ਼ਰ ਡਾਕਟਰ ਸੰਧੂ ਨੇ ਮੈਨੂੰ ਦੱਸਿਆ ਕਿ ਇਸ ਵਿਸ਼ੇ 'ਤੇ ਇਸ ਫੋਟੋ ਨਾਲ ਰਲਦੀ-ਮਿਲਦੀ ਇਕ ਫੋਟੋ ਇਕ ਵਾਰ ਇਕ ਮੁਕਾਬਲੇ ਵਿਚ ਉਨ੍ਹਾਂ ਅੱਗੇ ਪਰਖ ਕਰਨ ਲਈ ਪੇਸ਼ ਹੋਈ ਸੀ, ਫਿਰ ਆਪ-ਮੁਹਾਰੇ ਕਹਿ ਉੱਠੇ ਕਿ ਉਹ ਫੋਟੋ ਸ਼ਾਇਦ ਬੀਰ ਵਹੁਟੀਆਂ ਦੀ ਸੀ | ਬੀਰ ਵਹੁਟੀ, ਕਈ ਲੋਕ ਇਸ ਨੂੰ ਚੀਜ ਵਹੁਟੀ ਅਤੇ ਅੰਗਰੇਜ਼ੀ ਵਿਚ ਇਸ ਨੂੰ 'ਰੈੱਡ ਵੈਲਵੈਟ' (Red Velvet) ਜਾਂ 'ਰੈਨ ਬੱਗ' (Rain 2ug) ਕਹਿੰਦੇ ਹਨ ਪਰ ਇਹ ਇਕ ਵੱਖਰੀ ਪ੍ਰਜਾਤੀ ਦਾ ਕੀਟ ਹੈ, ਜੋ ਬਰਸਾਤ ਦੇ ਮਹੀਨਿਆਂ ਵਿਚ ਪਸ਼ੂਆਂ ਦੀਆਂ ਚਰਾਂਦਾਂ ਵਿਚ ਪਸ਼ੂਆਂ ਦੇ ਖੁਰਾਂ ਨਾਲ ਮਿੱਧੇ ਹੋਏ ਗੋਹੇ ਵਿਚ ਪੈਦਾ ਹੁੰਦਾ ਹੈ | ਪੰਜਾਬ ਵਿਚ ਤਾਂ ਹੁਣ ਇਹ ਕੀਟ ਅਤੀਤ ਦਾ ਸੁਪਨਾ ਬਣ ਚੁੱਕਾ ਹੈ |
ਆਓ, ਇਸ ਫੋਟੋ ਨੂੰ ਬਾਰੀਕੀ ਨਾਲ ਦੇਖੀਏ | ਇਹ ਫੋਟੋ ਗੁਲਦਾਊਦੀ ਦੇ ਹਰੇ ਪੱਤੇ ਦੇ ਹੇਠਲੇ ਪਾਸੇ ਤੋਂ ਖਿੱਚੀ ਗਈ ਹੈ, ਪੱਤਾ ਕੱਟ ਕੇ ਜ਼ਮੀਨ 'ਤੇ ਮੂਧੇ-ਮੰੂਹ ਰੱਖ ਕੇ | ਇਸ ਫੋਟੋ ਦੀ ਹਰੀ ਪਿਛਵਾੜੀ ਹਰੇ ਪੱਤੇ ਦਾ ਹੇਠਲਾ ਮੁੱਖ ਹੈ, ਜੋ ਕਾਰਪਿਟ ਵਰਗਾ ਨਜ਼ਰ ਆਉਂਦਾ ਹੈ | ਫੋਟੋ ਵਿਚ ਛੇ ਭੰੂਡੀਆਂ ਹਨ, ਜੋ ਉਸ ਮੌਕੇ ਲਾਲ-ਪੀਲੇ ਤੇ ਕਾਲੇ ਰੰਗਾਂ ਨਾਲ ਸਜੀਆਂ ਹੋਈਆਂ ਸਨ, ਕਿਉਂ ਜੋ ਇਨ੍ਹਾਂ ਕੀਟਾਂ ਦੇ ਰੰਗ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ | ਭੰੂਡੀਆਂ ਦੇ ਅੱਗੇ ਬਾਰ੍ਹਾਂ ਆਂਡੇ ਪਏ ਹਨ | ਹਰ ਇਕ ਆਂਡੇ ਵਿਚ ਇਕ-ਇਕ ਕਾਲੇ ਰੰਗ ਦਾ ਲਾਰਵਾ ਹੈ, ਜੋ ਆਂਡੇ ਵਿਚ ਭਰੇ ਹੋਏ ਚਿੱਟੇ ਚੀਕਣੇ ਤਰਲ ਵਿਚ ਤਰਦਾ ਫਿਰਦਾ ਨਜ਼ਰ ਆਉਂਦਾ ਹੈ ਅਤੇ ਉਸ ਦੇ ਖੰਭ ਉੱਡਦੇ ਪੰਛੀ ਵਾਂਗ ਤੇਜ਼ੀ ਨਾਲ ਹਿਲਦੇ ਨਜ਼ਰ ਆਉਂਦੇ ਹਨ | ਉਸ ਦਿਨ ਬਹੁਤ ਬੱਦਲਵਾਈ ਸੀ ਅਤੇ ਅਸਮਾਨ ਦੀ ਰੌਸ਼ਨੀ ਆਮ ਨਾਲੋਂ ਘੱਟ ਸੀ, ਜੋ ਸਧਾਰਨ ਫੋਟੋਗ੍ਰਾਫ਼ੀ ਲਈ ਨਾਕਾਫ਼ੀ ਸੀ | ਕੁੱਲ ਮਿਲਾ ਕੇ ਇਹ ਸਾਰਾ ਦਿ੍ਸ਼ ਮਸੀਂ ਮਨੁੱਖ ਦੇ ਇਕ ਅੰਗੂਠੇ ਦੇ ਨਿਸ਼ਾਨ ਜਿੰਨੇ ਥਾਂ ਵਿਚ ਸੀਮਤ ਸੀ ਅਤੇ ਚਿੱਟੇ ਆਂਡੇ ਤਰੇਲ ਦੀ ਝੱਗ ਵਰਗੇ ਨਜ਼ਰ ਆਉਂਦੇ ਸੀ | ਇਸ ਤਰ੍ਹਾਂ ਦੀ ਸਥਿਤੀ ਵਿਚ ਕੈਮਰੇ ਨੂੰ ਇਕ ਖ਼ਾਸ ਫਲੈਸ਼ ਦੀ ਲੋੜ ਪੈਂਦੀ ਹੈ, ਜੋ ਉਸ ਦਿਨ ਸਾਡੇ ਕੋਲ ਨਹੀਂ ਸੀ | ਇਸ ਲਈ ਇਸ ਫੋਟੋ ਵਿਚ ਸਾਨੂੰ ਘਰੇਲੂ ਟਾਰਚ ਲਾਈਟ ਵਰਤਣੀ ਪਈ | ਦੇਖਦੇ-ਦੇਖਦੇ ਇਕ ਆਂਡੇ ਦਾ ਮੰੂਹ ਖੁੱਲ੍ਹ ਗਿਆ ਤੇ ਉਸ ਵਿਚੋਂ ਇਕ ਬੱਚਾ ਆਪਣੀ ਕੋਸ਼ਿਸ਼ ਨਾਲ ਹੀ ਬਾਹਰ ਆ ਡਿੱਗਾ | ਆਂਡੇ ਦੇਖ ਕੇ ਕੁਦਰਤ ਦੇ ਇਸ ਕ੍ਰਿਸ਼ਮੇ 'ਤੇ ਹੈਰਾਨੀ ਹੋ ਰਹੀ ਸੀ, ਖ਼ਾਸ ਕਰਕੇ ਆਂਡੇ ਦੇ ਢੱਕਣ ਅਤੇ ਮੰੂਹ ਦੀ ਕਟਾਈ 'ਤੇ, ਸਾਰਾ ਕੁਝ ਜਿਵੇਂ ਕੰਪਿਊਟਰ ਵਿਧੀ ਨਾਲ ਬਣਾਇਆ ਗਿਆ ਹੋਵੇ | ਚਿੱਟੇ ਅਤੇ ਚਮਕੀਲੇ ਆਂਡੇ ਜਿਵੇਂ ਸਿਆਲੇ ਦੀ ਧੁੱਪ ਵਿਚ ਮੋਤੀ ਪਏ ਹੋਣ | ਇਸੇ ਲਈ ਇਸ ਪ੍ਰਜਾਤੀ ਨੂੰ ਕਈ ਮੁਲਕਾਂ ਵਿਚ ਜੀਊਲ ਬੱਗ ਵੀ ਕਿਹਾ ਜਾਂਦਾ ਹੈ |
-ਵਾਸੀ ਪਿੰਡ ਥੰਮਣਵਾਲ |
ਮੋਬਾਈਲ : 98722-56005.

ਦੁਨੀਆ ਦਾ ਸਭ ਤੋਂ ਵੱਡਾ ਸਰਹੱਦ ਮੁਕਤ ਭਾਈਚਾਰਾ-3

ਸ਼ੈਨੇਗਨ ਦੇਸ਼ ਸਮੂਹ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਫਰਾਂਸੀਸੀ ਨਾਗਰਿਕਾਂ ਨੇ ਦੇਸ਼ ਦੀ ਸ਼ਾਂਤੀ ਭੰਗ ਹੋਣ ਸਬੰਧੀ ਇਤਰਾਜ਼ ਪ੍ਰਗਟ ਕੀਤਾ ਅਤੇ ਖੁੱਲੇ੍ਹਆਮ ਦੇਸ਼ ਅੰਦਰ ਆਉਣ ਦੀ ਸਹੂਲਤ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ | ਲੋਕਾਂ ਦੇ ਇਸ ਗੁੱਸੇ ਦੇ ਪ੍ਰਤੀਕਰਮ ਵਜੋਂ ਫਰਾਂਸ ਦੇ ਵਿਦੇਸ਼ ਮੰਤਰੀ ਨੇ ਬੜਾ ਹੀ ਸਿਆਣਾ ਉੱਤਰ ਦਿੱਤਾ | ਉਸ ਕਿਹਾ, 'ਇਹ ਪਛੜ ਚੁੱਕੇ ਦੇਸ਼ਾਂ ਦੀ ਪਹਿਲੀ ਪੀੜ੍ਹੀ ਹੈ | ਜੇਕਰ ਅਸੀਂ ਇਨ੍ਹਾਂ ਨੂੰ ਜੀਵਨ ਪੱਧਰ ਉੱਚਾ ਚੁੱਕਣ ਦਾ ਮੌਕਾ ਦੇਵਾਂਗੇ ਤਾਂ ਇਨ੍ਹਾਂ ਦੀ ਦੂਸਰੀ ਪੀੜ੍ਹੀ ਦੇ ਲੋਕ ਚੰਗੇ ਅਤੇ ਸੁਲਝੇ ਸ਼ਹਿਰੀ ਬਣਨਗੇ | ਸੋ, ਆਉ! ਅਸੀਂ ਇਨ੍ਹਾਂ ਦੀ ਮਦਦ ਕਰੀਏ | ਪੂਰੀ ਦੁਨੀਆ ਤੋਂ ਲੋਕ ਪੱਛਮੀ ਯੂਰਪ ਵਿਚ ਆ ਕੇ ਪੈਸਾ ਕਮਾਉਂਦੇ ਹਨ, ਚੰਗਾ ਜੀਵਨ ਜਿਊਾਦੇ ਹਨ, ਹੁਣ ਤੁਸੀਂ ਇਨ੍ਹਾਂ ਪਛੜ ਚੁੱਕੇ ਭਰਾਵਾਂ ਦੀ ਵੀ ਮਦਦ ਕਰੋ |' ਸੱਚਮੁੱਚ ਇਹ ਬਹੁਤ ਹੀ ਭਾਵਪੂਰਤ ਅਤੇ ਦੂਰਅੰਦੇਸ਼ੀ ਭਰਿਆ ਉੱਤਰ ਸੀ, ਅਤੇ ਤਾਰੀਖ ਗਵਾਹ ਹੈ ਕਿ ਪੂਰਬੀ ਯੂਰਪ ਦੇ ਲੋਕਾਂ ਨੇ ਇਸ ਮਦਦ ਨਾਲ ਪਿਛਲੇ ਦਸ ਸਾਲਾਂ ਵਿਚ ਬਹੁਤ ਰਫ਼ਤਾਰ ਨਾਲ ਤਰੱਕੀ ਕੀਤੀ ਹੈ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ ਹੈ | ਪਿਛਲੇ ਕੁਝ ਸਮੇਂ ਵਿਚ ਹੀ ਇਨ੍ਹਾਂ ਦੇਸ਼ਾਂ ਵਿਚ ਵੀ ਪੱਛਮੀ ਯੂਰਪ ਦੇ ਪੱਧਰ ਦੀਆਂ ਹਾਈਵੇਜ਼ ਬਣੀਆਂ ਹਨ, ਉਸਾਰੀਆਂ ਹੋਈਆਂ ਹਨ ਅਤੇ ਇਨ੍ਹਾਂ ਦੀਆਂ ਰਾਜਧਾਨੀਆਂ ਵੀ ਹੁਣ ਵਿਸ਼ਵ ਦੇ ਨਕਸ਼ੇ ਉੱਪਰ ਪਛਾਣ ਰੱਖਣ ਲੱਗ ਪਈਆਂ ਹਨ | ਦੂਸਰੇ ਪਾਸੇ 'ਟਰਕੀ' ਨੇ ਕਈ ਵਾਰੀ ਇਸ ਗੱਲ ਦਾ ਵਿਰੋਧ ਜਤਾਇਆ ਹੈ ਕਿ ਇਕ ਅਮੀਰ ਅਤੇ ਆਤਮਨਿਰਭਰ ਗੁਆਂਢੀ ਦੇਸ਼ ਹੋਣ ਤੋਂ ਬਾਅਦ ਵੀ ਉਸ ਨੂੰ ਇਸ ਸਮਝੌਤੇ ਵਿਚ ਸ਼ਾਮਿਲ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਨਾਰਾਜ਼ਗੀ ਕਈ ਵਾਰੀ ਅੰਤਰਰਾਸ਼ਟਰੀ ਖਬਰਾਂ ਦਾ ਹਿੱਸਾ ਬਣ ਚੁੱਕੀ ਹੈ | ਖ਼ੈਰ, ਯੂਰਪੀ ਯੂਨੀਅਨ ਟਰਕੀ ਨੂੰ ਇਸ ਸਮਝੌਤੇ ਵਿਚ ਸ਼ਾਮਿਲ ਕਿਉਂ ਨਹੀਂ ਕਰ ਰਹੀ ਜਾਂ ਇਸ ਦੇ ਲੁਕਵੇਂ ਕਾਰਨ ਕੀ ਹਨ, ਇਹ ਇਕ ਲੰਮਾ ਅਤੇ ਬਿਲਕੁਲ ਵੱਖਰਾ ਵਿਸ਼ਾ ਹੈ |
ਕਦੇ-ਕਦੇ ਇਹ ਪ੍ਰਸ਼ਨ ਵੀ ਚਰਚਾ ਦਾ ਵਿਸ਼ਾ ਬਣਦਾ ਹੈ ਕਿ 'ਯੂਰਪ ਯੂਨੀਅਨ' ਅਤੇ 'ਸ਼ੈਨੇਗਨ ਸਮਝੌਤੇ' ਵਿਚ ਕੀ ਅੰਤਰ ਹੈ? 'ਯੂਰਪ ਯੂਨੀਅਨ' ਯੂਰਪੀ ਦੇਸ਼ਾਂ ਦਾ ਸਾਂਝਾ ਸੰਗਠਨ ਹੈ ਅਤੇ 'ਸ਼ੈਨੇਗਨ ਸਮਝੌਤਾ' ਯੂਰਪ ਯੂਨੀਅਨ ਦਾ ਹੀ ਇਕ ਸਾਂਝਾ ਸਮਝੌਤਾ ਹੈ ਪਰ ਯੂਨੀਅਨ ਦਾ ਹਰ ਦੇਸ਼ ਇਸ ਨੂੰ ਪ੍ਰਵਾਨ ਜਾਂ ਅਪ੍ਰਵਾਨ ਕਰਨ ਦਾ ਹੱਕ ਰੱਖਦਾ ਹੈ | ਜਿਵੇਂ ਇੰਗਲੈਂਡ ਅਤੇ ਆਇਰਲੈਂਡ ਨੇ ਯੂਰਪ ਯੂਨੀਅਨ ਦੇ ਦੇਸ਼ ਹੁੰਦਿਆਂ ਵੀ ਇਸ 'ਤੇ ਦਸਤਖ਼ਤ ਨਹੀਂ ਕੀਤੇ | ਇਨ੍ਹਾਂ ਦੋਵਾਂ ਦੇਸ਼ਾਂ ਵਿਚ ਜਾਣ ਲਈ ਭਾਵੇਂ ਯੂਨੀਅਨ ਦੇ ਨਾਗਰਿਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੈ ਪਰ ਬਾਰਡਰ ਉੱਪਰ ਇਮੀਗ੍ਰੇਸ਼ਨ ਪੜਤਾਲ ਹੋਣ ਤੋਂ ਬਾਅਦ ਹੀ ਦਾਖਲੇ ਦੀ ਇਜਾਜ਼ਤ ਹੈ | ਇਧਰ ਆਈਸਲੈਂਡ, ਨਾਰਵੇ, ਸਵਿਸ ਅਤੇ ਲਾਈਖਟੈਨਸਟਿਨ ਯੂਰਪ ਯੂਨੀਅਨ ਦੇ ਮੈਂਬਰ ਨਹੀਂ ਹਨ ਪਰ ਸ਼ੈਨੇਗਨ ਖਿੱਤੇ ਵਿਚ ਸ਼ਾਮਿਲ ਹਨ ਅਤੇ ਇਨ੍ਹਾਂ ਦੇ ਬਾਰਡਰ ਖੁੱਲ੍ਹ ਚੁੱਕੇ ਹਨ | ਇਸ ਲਈ ਇਹ ਸਮਝੌਤਾ ਨਿੱਜੀ ਖ਼ਾਸੀਅਤ ਵੀ ਰੱਖਦਾ ਹੈ |
ਚਾਲੂ ਸਾਲ ਤੱਕ ਇਸ ਸਮਝੌਤੇ ਨੂੰ 30 ਸਾਲ ਬੀਤ ਚੁੱਕੇ ਹਨ ਅਤੇ ਹੁਣ ਤੱਕ ਇਹ ਸਫਲਤਾਪੂਰਵਕ ਨਿਭਦਾ ਹੋਇਆ ਅੱਗੇ ਵਧ ਰਿਹਾ ਹੈ | ਇਸ ਦੌਰਾਨ ਕਈ ਦੇਸ਼ਾਂ ਵਿਚ ਲੋਕਲ ਪੱਧਰ ਉੱਪਰ ਕਿਤੇ-ਕਿਤੇ ਇਸ ਸਬੰਧੀ ਚਰਚਾ ਜਾਂ ਵਿਰੋਧ ਵੀ ਹੁੰਦਾ ਰਿਹਾ ਹੈ ਕਿ ਇਸ ਸਮਝੌਤੇ ਨਾਲ ਸਾਰਾ ਭਾਰ ਪੱਛਮੀ ਯੂਰਪ ਉੱਪਰ ਹੀ ਪਿਆ ਹੈ ਪਰ ਉੱਚ ਪੱਧਰੀ ਸਰਕਾਰੀ ਨੀਤੀਆਂ ਇਸ ਤਰ੍ਹਾਂ ਦੇ ਛੋਟੇ-ਮੋਟੇ ਵਿਰੋਧ ਕਾਰਨ ਕਦੇ ਵੀ ਪ੍ਰਭਾਵਿਤ ਨਹੀਂ ਹੋਈਆਂ | ਪਿਛਲੇ ਸਮੇਂਾ ਦੌਰਾਨ ਸਮੁੱਚੇ ਵਿਸ਼ਵ ਵਿਚ ਆਏ ਕਾਰੋਬਾਰੀ ਸੰਕਟ ਦੇ ਬੱਦਲ ਇਸ ਖਿੱਤੇ 'ਤੇ ਵੀ ਮੰਡਰਾਏ | ਖ਼ਾਸ ਕਰਕੇ ਗਰੀਸ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋਈ ਪਰ ਪੂਰੇ ਸ਼ੈਨੇਗਨ ਵਿਚ ਬਿਨਾਂ ਰੁਕਾਵਟ ਆਉਣ-ਜਾਣ, ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਕਾਰਨ ਗਰੀਕ ਲੋਕ ਆਪਣੇ ਜੀਵਨ ਦੀ ਸਥਿਰਤਾ ਨੂੰ ਕਾਇਮ ਰੱਖਣ ਵਿਚ ਸਫਲ ਰਹੇ |
ਬਿਨਾ ਸ਼ੱਕ, ਸ਼ੈਨੇਗਨ ਦੇਸ਼ ਸਮੂਹ ਮਨੁੱਖੀ ਆਜ਼ਾਦੀ ਦਾ ਇਕ ਸੁੰਦਰ ਨਮੂਨਾ ਹੈ ਅਤੇ ਆਪਸ ਵਿਚ ਲੜ-ਮਰ ਰਹੇ ਦੁਨੀਆ ਦੇ ਹੋਰ ਦੇਸ਼ਾਂ ਲਈ ਇਕ ਉਦਾਹਰਨ ਹੈ ਕਿ ਇਕ ਦੂਜੇ ਦੀ ਕਦਰ ਕਿਵੇਂ ਕੀਤੀ ਜਾਣੀ ਚਾਹੀਦੀ ਹੈ | ਰੱਬ ਕਰੇ, ਕਿ ਇਕ ਦਿਨ ਸਾਰੀ ਦੁਨੀਆ ਇਸੇ ਤਰ੍ਹਾਂ ਸਰਹੱਦ-ਮੁਕਤ ਹੋ ਜਾਵੇ ਅਤੇ ਅਸੀਂ ਸਾਰੇ ਇਨ੍ਹਾਂ ਸੌੜੀਆਂ ਹੱਦਾਂ ਨੂੰ ਤਿਆਗ ਕੇ ਇਸ ਵਿਸ਼ਾਲ ਅਤੇ ਖੂਬਸੂਰਤ ਧਰਤੀ ਦੇ ਨਾਗਰਿਕ ਬਣ ਜਾਈਏ | (ਸਮਾਪਤ)
-ਵਾਰਸਾ, ਪੋਲੈਂਡ | ਫੋਨ : 0048-516732105
yadsatkoha0yahoo.com

ਬੁਲੰਦ ਇਰਾਦਾ ਹੈ ਤਾਂ ਕੈਰੀਅਰ ਹੈ ਸਹੀ ਲੀਹ 'ਤੇ

ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਕਈ ਵਿਦਿਆਰਥੀ ਕਹਿੰਦੇ ਤਾਂ ਇਹ ਹਨ ਕਿ ਉਨ੍ਹਾਂ ਦਾ ਇਰਾਦਾ ਬੁਲੰਦ ਹੈ ਪਰ ਅਸਲ ਵਿਚ ਉਨ੍ਹਾਂ ਦਾ ਚਿੱਤ ਡੋਲ ਹੀ ਰਿਹਾ ਹੁੰਦਾ ਹੈ | ਚੰਗੇ ਕੈਰੀਅਰ ਵਾਸਤੇ ਇਕ ਦਿ੍ੜ੍ਹ ਇਰਾਦੇ ਦੀ ਸਖਤ ਜ਼ਰੂਰਤ ਹੁੰਦੀ ਹੈ ਤੇ ਫਿਰ ਪੌਾ ਬਾਰਾਂ ਹੋ ਜਾਂਦੀਆਂ ਹਨ | ਪਰ ਪੱਕਾ ਤੇ ਦਿ੍ੜ੍ਹ ਇਰਾਦਾ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ, ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਸਾਡਾ ਕੈਰੀਅਰ ਡਿਕੋ-ਡੋਲੇ ਨਾ ਖਾਂਦਾ ਰਵੇ, ਸਗੋਂ ਸਹੀ ਲੀਹ 'ਤੇ ਚੱਲੇ ਤੇ ਸਾਰਥਿਕ ਦਿਸ਼ਾ ਵਿਚ ਚਲ ਕੇ ਸਾਡਾ ਕੈਰੀਅਰ ਵੀ ਸਾਰਥਿਕ ਬਣ ਜਾਵੇ |
ਬੁਲੰਦ ਇਰਾਦਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣਾ ਗੋਲ ਨਿਰਧਾਰਤ ਕਰੀਏ | ਗੋਲ ਨਿਰਧਾਰਤ ਕਰਨ ਵਾਸਤੇ ਸਾਨੂੰ ਇਹ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਕਿ ਅਸਲ ਵਿਚ ਅਸੀਂ ਕਰਨਾ ਕੀ ਚਾਹੁੰਦੇ ਹਾਂ | ਮੇਰੇ ਕੋਲ ਰੋਜ਼ਾਨਾ ਹੀ ਬਹੁਤ ਗਿਣਤੀ ਵਿਚ ਕੈਰੀਅਰ ਵਾਸਤੇ ਪੁੱਛਗਿੱਛ ਕਰਨ ਵਾਸਤੇ ਆਉਂਦੇ ਹਨ ਪਰ ਘੋਖਣ ਤੋਂ ਪਤਾ ਚਲਦਾ ਹੈ ਕਿ ਜ਼ਿਆਦਾਤਰ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੁੰਦਾ | ਇਹੀ ਕਾਰਨ ਹੈ ਕਿ ਬਹੁਤ ਸਾਰੇ ਵਿਦਿਆਰਥੀ ਮਿਹਨਤ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਮਿਹਨਤ ਸਹੀ ਦਿਸ਼ਾ ਵਿਚ ਨਹੀਂ ਚਲ ਰਹੀ ਹੁੰਦੀ | ਇੰਜ ਜ਼ਿਆਦਾ ਲੋਕਾਂ ਦਾ ਪੈਸਾ, ਸਮਾਂ ਤੇ ਊਰਜਾ ਐਵੇਂ ਹੀ ਬਰਬਾਦ ਚਲੇ ਜਾਂਦੇ ਹਨ |
ਪੱਕਾ ਇਰਾਦਾ ਤਾਂ ਹੀ ਬਣ ਸਕਦਾ ਹੈ ਜੇਕਰ ਸਾਡਾ ਗੋਲ ਨਿਰਧਾਰਤ ਹੋਵੇ | ਜਿਵੇਂ ਕੇ ਕਈ ਬੱਚੇ ਆਈ.ਏ.ਐਸ., ਆਈ.ਪੀ.ਐਸ. ਜਾਂ ਪੀ.ਸੀ.ਐਸ. ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਖਿਆਲ ਹੀ ਖਿਆਲ ਹੁੰਦੇ ਹਨ ਪਰ ਪੱਕਾ ਇਰਾਦਾ ਨਹੀਂ ਹੁੰਦਾ | ਪੱਕਾ ਇਰਾਦਾ ਤਾਂ ਹੀ ਬਣਦਾ ਹੈ ਜੇਕਰ ਸਾਡੇ ਵਿਚ ਕੁਝ ਕਰ ਗੁਜ਼ਰਨ ਦੀ, ਜਾਂ ਮਰ ਮਿਟਣ ਦੀ ਧਾਰਨਾ ਤੇ ਜਜ਼ਬਾ ਹੋਵੇ | ਜਦੋਂ ਅਜਿਹੀ ਧਾਰਨਾ ਸਾਡੇ ਦਿਲ ਤੇ ਦਿਮਾਗ ਵਿਚ ਸਵਾਰ ਹੋ ਜਾਂਦੀ ਹੈ ਤਾਂ ਫਿਰ ਹੋਰ ਕੁਝ ਵੀ ਨਹੀਂ ਸੁਝਦਾ ਸਗੋਂ ਇਸੇ ਦੀ ਹੀ ਰਟ ਲੱਗੀ ਰਹਿੰਦੀ ਹੈ | ਮੀਰਾਂ ਦੀ ਜਦੋਂ ਭਗਵਾਨ ਕ੍ਰਿਸ਼ਨ ਨਾਲ ਲਗਨ ਲੱਗ ਗਈ ਤਾਂ ਉਹ ਹਰੀ ਗੁਣ ਹਰੀ ਗੁਣ ਹੀ ਗਾਉਣ ਲੱਗ ਪਈ ਸੀ | ਇਸ ਨੂੰ ਕਹਿੰਦੇ ਹਨ ਲਗਨ | ਧੰਨੇ ਭਗਤ ਨੇ ਪੱਥਰ ਵਿਚੋਂ ਭਗਵਾਨ ਢੰੂਡ ਹੀ ਲਿਆ ਸੀ | ਇਸ ਨੂੰ ਕਹਿੰਦੇ ਨੇ ਸਹੀ ਲਗਨ | ਚੰਗਾ ਕੈਰੀਅਰ ਬਣਾਉਣ ਵਾਸਤੇ ਅਜਿਹੀ ਹੀ ਲਗਨ ਦੀ ਜ਼ਰੂਰਤ ਹੁੰਦੀ ਹੈ | ਜ਼ਰਾ ਕਰਕੇ ਤਾਂ ਵੇਖੋ | ਵਾਰੇ ਨਿਆਰੇ ਹੋ ਜਾਣਗੇ |
ਸਾਡੀ ਹੁਣ ਦੀ ਪੀੜ੍ਹੀ ਨੂੰ ਅਜਿਹੀ ਸੂਝ-ਬੂਝ ਰੱਖਣ ਦੀ ਸਖਤ ਜ਼ਰੂਰਤ ਹੈ | ਹੁਣ ਵੀ ਕੰਪਿਊਟਰ ਯੁੱਗ ਵਿਚ ਬੱਚੇ ਇਸ ਦਾ ਉਪਯੋਗ ਕਰਨ ਦੀ ਬਜਾਏ ਫੇਸ ਬੁੱਕ 'ਤੇ ਊਟ-ਪਟਾਂਗ ਹਰਕਤਾਂ ਕਰਦੇ ਰਹਿੰਦੇ ਹਨ ਤੇ ਆਪਣਾ ਸਮਾਂ ਤੇ ਊਰਜਾ ਬੇਵਜ੍ਹਾ ਬਰਬਾਦ ਕਰਦੇ ਰਹਿੰਦੇ ਹਨ | ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਹੋਸ਼ ਉਦੋਂ ਆਉਂਦੀ ਹੈ ਜਦੋਂ ਸਹੀ ਮੌਕਾ ਹੱਥੋਂ ਨਿਕਲ ਜਾਂਦਾ ਹੈ | ਚੰਗਾ ਕੈਰੀਅਰ ਇਹ ਮੰਗ ਕਰਦਾ ਹੈ ਸਹੀ ਮੌਕੇ ਨੂੰ ਕਦੀ ਵੀ ਹੱਥੋਂ ਨਿਕਲਣ ਨਾ ਦੇਵੋ | ਸਿਆਣੇ ਠੀਕ ਹੀ ਤਾਂ ਆਖਦੇ ਹਨ ਕੇ ਸਮਾਂ ਇਕ ਵਾਰੀ ਹੱਥੋਂ ਨਿਕਲ ਜਾਵੇ ਤਾਂ ਮੁੜ ਕੇ ਹੱਥ ਨਹੀਂ ਆਉਂਦਾ | ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖੋ |
ਪਰਮ ਪਿਤਾ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਚੰਗੇ ਤੋਂ ਚੰਗਾ ਗੁਣ ਦੇ ਕੇ ਭੇਜਿਆ ਹੈ | ਲੋੜ ਹੈ ਸਿਰਫ਼ ਉਸ ਗੁਣ ਨੂੰ ਪਹਿਚਾਨਣ ਦੀ | ਉਹੀ ਗੁਣ ਦਾ ਵਿਕਾਸ ਕਰਨਾ ਹੀ ਸਾਡੇ ਕੈਰੀਅਰ ਨੂੰ ਚਾਰ ਚੰਦ ਲਾ ਸਕਦਾ ਹੈ | ਦੂਜਿਆਂ ਨੂੰ ਵੇਖ ਕੇ ਤੇ ਉਨ੍ਹਾਂ ਦੀ ਰੀਸ ਕਰਕੇ ਕਦੀ ਵੀ ਸਫ਼ਲ ਸਾਡੇ ਕੈਰੀਅਰ ਨੂੰ ਨਹੀਂ ਬਣਾਉਂਦੇ | ਲੋੜ ਹੈ ਆਪਣੇ ਹੀ ਅੰਦਰ ਦੇ ਗੁਣ ਨੂੰ ਪਹਿਚਾਨਣ ਦੀ ਤੇ ਉਸ ਦੇ ਵਿਕਾਸ ਨੂੰ ਸਹੀ ਦਿਸ਼ਾ ਵਿਚ ਲਿਜਾਣ ਦੀ | ਚੰਗਾ ਕੈਰੀਅਰ ਉਸੇ ਤਰੀਕੇ ਨੂੰ ਹੀ ਆਖਦੇ ਹਨ, ਜਿਹੜੇ ਸਾਡੇ ਅੰਦਰ ਦੇ ਗੁਣਾਂ ਦਾ ਵਿਕਾਸ ਕਰੇ ਤੇ ਸਾਡੀ ਜ਼ਿੰਦਗੀ ਨੂੰ ਚਾਰ ਚੰਦ ਲਾ ਕੇ ਰੱਖ ਦੇਵੇ | ਅਸੀਂ ਇਹ ਸਭ ਕੁਝ ਕਰਨ ਦੇ ਸਮਰੱਥ ਹਾਂ | ਲੋੜ ਹੈ ਸਹੀ ਦਿਸ਼ਾ ਦੀ, ਤੇ ਸਹੀ ਦਿਸ਼ਾ ਵਿਚ ਹਮਲਾ ਮਾਰਨ ਦੀ | ਤੇ ਫਿਰ ਦਹਿਲ ਕਿਸ ਚੀਜ਼ ਦੀ ਹੈ? ਅੱਗੇ ਵਧੋ ਤੇ ਕੁਝ ਕਰਕੇ ਕੇ ਦਿਖਾਓ ਨਾ | ਚੰਗਾ ਕੈਰੀਅਰ, ਇੱਜ਼ਤ, ਮਾਣ ਤੇ ਸਨਮਾਨ ਤੁਹਾਡੀ ਉਡੀਕ ਕਰ ਰਿਹਾ ਹੈ | ਮੇਰੀ ਗੱਲ 'ਤੇ ਵਿਸ਼ਵਾਸ ਕਰਕੇ ਦੇਖੋ | ਤੁਹਾਨੂੰ ਕਦੀ ਵੀ ਪਛਤਾਉਣਾ ਨਹੀਂ ਪਵੇਗਾ |
-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking930gmail.co

ਦਾਸਤਾਨ ਪੰਜਾਬ ਦੇ ਦਰਿਆਵਾਂ ਦੀ-21

ਲੋਅਰ ਸਤਲੁਜ ਬਰਸਾਤੀ ਨਹਿਰਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਨ੍ਹਾਂ ਬਰਸਾਤੀ ਨਹਿਰਾਂ ਨੂੰ ਇੰਪੀਰੀਅਲ ਕੈਨਾਲ ਸਿਸਟਮ ਕਿਹਾ ਜਾਂਦਾ ਸੀ, ਜਿਹੜੀਆਂ ਸਤਲੁਜ ਦਰਿਆ ਦੇ ਖੱਬੇ ਪਾਸਿਉਂ ਨਿਕਲ ਕੇ ਮੁਲਤਾਨ ਜ਼ਿਲ੍ਹੇ ਦੇ ਕੁਝ ਭਾਗਾਂ ਨੂੰ ਸਿੰਚਤ ਕਰਦੀਆਂ ਸਨ | ਇਨ੍ਹਾਂ ਵਿਚ ਬਹੁਤ ਸਾਰੀਆਂ ਨਹਿਰਾਂ 18ਵੀਂ ਸਦੀ ਦੇ ਅੱਧ ਵਿਚ ਦਾਊਦਪੁਤਰਾ (ਬਾਹਵਲਪੁਰ ਰਿਆਸਤ ਦੇ ਸ਼ਾਸਕ ਵੰਸ਼ ਦੇ ਲੋਕ) ਸ਼ਕਤੀਸ਼ਾਲੀ ਕਬੀਲੇ ਵੱਲੋਂ ਬਣਾਈਆਂ ਗਈਆਂ ਸਨ, ਜਿਨ੍ਹਾਂ ਪਾਸ ਮੁਗਲਾਂ ਦੇ ਪਤਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀ ਫੜਨ ਤੱਕ ਇਸ ਖ਼ੇਤਰ ਦਾ ਬਹੁਤ ਸਾਰਾ ਇਲਾਕਾ ਕਬਜ਼ੇ ਵਿਚ ਸੀ | ਮਹਾਰਾਜਾ ਰਣਜੀਤ ਸਿੰਘ ਦੇ ਗਵਰਨਰ ਦੀਵਾਨ ਸਾਵਨ ਮੱਲ ਨੇ ਇਨ੍ਹਾਂ ਨਹਿਰਾਂ ਨੂੰ ਅਤੇ ਹੋਰ ਨਹਿਰਾਂ ਨੂੰ ਵਸਾਇਆ ਤੇ ਸੁਧਾਰਿਆ | ਇਨ੍ਹਾਂ ਵਿਚੋਂ ਕੁਝ ਨਹਿਰਾਂ ਸਨ:
(ੳ) ਗੋਲਨ ਮੁਹੰਮਦ ਨਹਿਰ, (ਅ) ਦੀਵਾਨ ਵਾਹ ਨਹਿਰ, (ੲ) ਜਾਮਵਾਹ ਖੁਰਦ ਨਹਿਰ, ਜਿਹੜੀ ਪਿੰਡ ਮੈਲਸੀ ਅਤੇ ਖਾਨਪੁਰ ਪਾਸੋਂ ਨਿਕਲਦੀ ਸੀ, (ਸ) ਜਾਮਵਾਹ ਕਲਾਂ ਨਹਿਰ, ਜਿਹੜੀ ਪਿੰਡ ਖਾਨਪੁਰ ਪਾਸੋਂ ਨਿਕਲਦੀ ਸੀ, ਉਸ ਦੇ ਛੇ ਰਜਵਾਹੇ ਸਨ (ਹ) ਬਹਾਵਲਵਾਹ ਨਹਿਰ ਜਿਹੜੀ ਪਿੰਡ ਜਲਾ ਪਾਸੋਂ ਨਿਕਲਦੀ ਸੀ, ਜਿਸ ਦੀ ਸੁਲਤਾਨਵਾਹ ਸ਼ਾਖ ਸੀ ਜਿਸ ਦੀਆਂ ਜਮਰਾਹੀਵਾਹ ਅਤੇ ਅਬਨਵਾਹ ਡਿਸਟ੍ਰੀਬਿਊਟਰੀਆਂ ਸਨ, (ਕ) ਮੁਹੰਮਦ ਵਾਹ ਨਹਿਰ ਸ਼ਾਹਪੁਰ ਪਿੰਡ ਕੋਲੋਂ ਨਿਕਲਦੀ ਸੀ ਜਿਹੜੀ ਬਸੰਤਪੁਰ ਦੇ ਆਲੇ-ਦੁਆਲੇ ਨੂੰ ਸਿੰਚਤ ਕਰਦੀ ਸੀ, (ਖ) ਸਦਰਵਾਹ ਨਹਿਰ ਜਿਸ ਦੀ ਛਜੂਵਾਹ ਡਿਸਟ੍ਰੀਬਿਊਟਰੀ ਸੀ, (ਗ) ਬਾਸਲਵਾਹ ਨਹਿਰ ਸਤਲੁਜ ਦੇ ਸੱਜੇ ਪਾਸੋਂ ਨਿਕਲਕੇ ਲੋਧਰਾਂ ਦੇ ਖੇਤਰ ਨੂੰ ਪਾਣੀ ਦਿੰਦੀ ਸੀ | ਇਸ ਦੀਆਂ ਸ਼ੇਖ਼ ਲਾਰਲੀਵਾਹ ਮੁਬਾਰਕਵਾਹ, ਖਾਨਵਾਹ ਅਤੇ ਹਾਫਿਜ਼ਵਾਹ ਡਿਸਟ੍ਰੀਬਿਊਟਰੀਆਂ ਸਨ | ਇਹੋ ਜਿਹੀਆਂ 1850 ਈ: ਵਿਚ 19 ਨਹਿਰਾਂ ਸਨ, ਜਿਹੜੀਆਂ ਪਿੱਛੋਂ ਇਕ-ਦੂਜੀ ਵਿਚ ਸ਼ਾਮਿਲ ਕੀਤੀਆਂ ਗਈਆਂ ਸਨ ਅਤੇ 1903 ਵਿਚ ਕੇਵਲ ਤਿੰਨ ਮੈਲਸੀ, ਮੁਹੰਮਦਵਾਹ, ਬਹਾਵਲਵਾਹ, ਲੋਧਰਾਂ ਨਹਿਰਾਂ ਰਹਿ ਗਈਆਂ ਸਨ, ਜਿਹੜੀ 424 ਵਰਗਮੀਲ ਖ਼ੇਤਰ ਦੀ ਸਿੰਚਾਈ ਕਰਦੀਆਂ ਸਨ | ਇਹ ਅਪ੍ਰੈਲ ਤੋਂ ਅਕਤੂਬਰ ਤੱਕ ਚਲਦੀਆਂ ਸਨ ਪਰ ਰੋਪੜ ਤੋਂ ਸਰਹਿੰਦ ਨਹਿਰ ਨਿਕਲਣ ਕਾਰਨ, ਸਤਲੁਜ ਵਿਚ ਪਾਣੀ ਬਹੁਤ ਘਟ ਗਿਆ ਅਤੇ ਸਾਲ 1903-04 ਵਿਚ ਇਨ੍ਹਾਂ ਨਾਲ ਕੇਵਲ 263 ਵਰਗਮੀਲ ਖ਼ੇਤਰ ਦੀ ਸਿੰਚਾਈ ਹੁੰਦੀ ਸੀ | ਸਾਉਣੀ ਦੀ ਫ਼ਸਲ ਦੀ ਬਿਜਾਈ ਨਹਿਰੀ ਪਾਣੀ ਨਾਲ ਹੁੰਦੀ ਸੀ ਅਤੇ ਹਾੜ੍ਹੀ ਦੀ ਫ਼ਸਲ ਖੂਹਾਂ ਦੇ ਪਾਣੀ ਨਾਲ | ਵੱਧ ਤੋਂ ਵੱਧ ਡਿਸਚਾਰਜ ਇਨ੍ਹਾਂ ਨਹਿਰਾਂ ਦਾ 5000 ਕਿਊਸਿਕਸ ਸੀ | ਵੱਡੀਆਂ ਨਹਿਰਾਂ ਦੀ ਲੰਬਾਈ 394 ਮੀਲ ਅਤੇ ਡਿਸਟ੍ਰੀਬਿਊਟਰੀਆਂ ਦੀ 328 ਮੀਲ ਸੀ | (ਬਾਕੀ ਅਗਲੇ ਐਤਵਾਰ)
-ਮੋਬਾਈਲ : 98140-74901.

ਅੱਖੀਂ ਡਿੱਠੇ 'ਆਲਮੀ' ਬਗੀਚੇ ਕਿਉ ਗਾਰਡਨ ਲੰਦਨ

ਹੁਣ ਤੱਕ ਦੁਨੀਆ ਭਰ ਦੇ ਕਈ 'ਨਾਮੀ ਬਾਗ਼-ਬਗੀਚੇ' ਵੇਖੇ ਹਨ, ਘੋਖ ਕੀਤੀ ਹੈ, ਜਿਨ੍ਹਾਂ 'ਚੋਂ ਕੁਝ ਬਾਰੇ ਆਪ ਜੀ ਨਾਲ ਵੀ ਚਰਚਾ ਕੀਤੀ ਹੋਵੇਗੀ, ਮੈਂ ਹੁਣ ਇਕ ਲੜੀ ਦੇ ਰੂਪ ਵਿਚ ਇਨ੍ਹਾਂ ਦਾ ਵਿਸਥਾਰ ਪੇਸ਼ ਕਰਾਂਗਾ, ਆਪਦਾ 'ਹਾਂ-ਪੱਖੀ ਹੁੰਗਾਰਾ' ਮਿਲੇਗਾ, ਐਸਾ ਮੇਰਾ ਵਿਸ਼ਵਾਸ ਹੈ |
ਵਲੈਤ ਦਾ 'ਕਿਉ ਗਾਰਡਨ' ਦੋ ਵਾਰੀ ਵਕਫ਼ੇ ਨਾਲ ਵੇਖਣ ਦਾ ਮੌਕਾ ਮਿਲਿਆ, ਅੱਜ ਇਸ ਉੱਪਰ ਗੱਲਬਾਤ ਹੋਵੇਗੀ |
ਘੁੱਗ ਵਸਦੇ ਲੰਦਨ ਸ਼ਹਿਰ ਦੇ ਵਿਚਕਾਰ ਸਥਿਤ, ਕੋਈ 300 ਏਕੜ ਰਕਬੇ ਉਤੇ ਫੈਲਿਆ, ਜਿਸ 'ਚ ਸ਼ਾਇਦ ਦੁਨੀਆ ਦੀਆਂ ਸਭ ਤੋਂ ਵੱਧ ਵੰਨਗੀਆਂ (30,000 ਤੋਂ ਵੀ ਵੱਧ) ਲੱਗੀਆਂ ਹਨ, ਪ੍ਰਵਾਨ ਚੜ੍ਹ ਗਈਆਂ ਹਨ | ਕਿਉਂ ਜੋ ਇਨ੍ਹਾਂ ਦਾ ਪਿਛੋਕੜ ਗਰਮ-ਸਰਦ ਸਭੇ ਤਰ੍ਹਾਂ ਦੇ ਜਲਵਾਯੂ ਨਾਲ ਹੈ, ਸੰਚਾਲਕਾਂ ਨੇ ਉਨ੍ਹਾਂ ਲਈ ਉਨ੍ਹਾਂ ਦਾ ਲੋੜੀਂਦਾ ਜਲਵਾਯੂ ਪ੍ਰਦਾਨ ਕੀਤਾ ਹੈ, ਸਾਇੰਸੀ ਤਕਨੀਕ ਦੀ ਮਦਦ ਨਾਲ |
Royal 2otanic 7arden, Kew ਦੀ ਨੀਂਹ 1840 'ਚ ਮਨੁੱਖੀ ਜੀਵਨ ਨੂੰ ਸੁਖਦਾਇਕ ਬਣਾਉਣ ਲਈ ਰੱਖੀ ਗਈ, ਇਸ ਨੂੰ ਚਲਾਉਣ ਲਈ, ਰੱਖ-ਰਖਾਓ ਕਰਨ ਲਈ, ਟਰਸੱਟੀਆਂ ਦਾ ਬੋਰਡ ਹੈ | ਮਨੁੱਖ ਜਾਤੀ ਨੂੰ ਜੋ ਸੁੱਖ-ਸ਼ਾਂਤੀ ਇਸ ਦੁਆਰਾ ਪ੍ਰਦਾਨ ਹੁੰਦੀ ਹੈ, ਉਸੇ ਦੇ ਮੱਦੇਨਜ਼ਰ ਇਸ ਮਨਮੋਹਕ ਅਤੇ ਸੁਖਦਾਇਕ ਸਥਾਨ ਨੂੰ ਵਿਸ਼ਵ ਸੰਸਥਾ ਨੇ World 8eritage Site ਘੋਸ਼ਿਤ ਕੀਤਾ ਹੈ |
ਤਸਵੀਰ 'ਚ ਵਿਖਾਈ ਦਿੰਦਾ ਸ਼ੀਸ਼ੇ ਦਾ ਵੱਡਾ 'ਢਾਰਾ' ਪਾਮ ਘਰ (Palm 8ouse) 1944 'ਚ ਬਣਾਇਆ ਗਿਆ, ਜਿਸ ਥੱਲੇ, ਲੋੜੀਂਦਾ ਤਾਪਮਾਨ ਪੈਦਾ ਕਰਕੇ, ਗਰਮ ਜਲਵਾਯੂ 'ਚ ਹੋਣ ਵਾਲੇ ਬੂਟੇ, ਪਾਮ ਆਦਿ ਉਗਾਏ ਜਾਂਦੇ ਹਨ | ਇਸੇ ਤਰ੍ਹਾਂ ਪਾਣੀ 'ਚ ਉਪਜਣ ਵਾਲੇ ਪੌਦਿਆਂ ਲਈ Water Lily 8ouse ਹੈ | ਔਰਕਿਡ, ਕੈਕਟਸ ਆਦਿ ਪੈਦਾ ਕਰਨ ਲਈ ਵੱਖੋ-ਵੱਖ ਉਨ੍ਹਾਂ ਨੂੰ ਭਾਊਾਦੇ ਜਲਵਾਯੂ ਵਾਲੇ 'ਢਾਂਚੇ' ਬਣਾਏ ਗਏ ਹਨ | ਸਜਾਵਟੀ ਬੂਟਿਆਂ ਤੇ ਖੋਜ ਦਾ ਕੰਮ ਵੀ ਹੁੰਦਾ ਹੈ ਇਥੇ |
ਵੱਖਰਾ ਗੁਲਾਬ ਬਗੀਚਾ, ਸੁੰਦਰ ਹਰਿਆਲੀ 'ਚ ਚਾਰ-ਚੁਫੇਰੇ ਵਲ਼ ਖਾਂਦੀਆਂ ਪਗਡੰਡੀਆਂ, ਵਿਚ ਵਿਚਾਲੇ ਕਿਧਰੇ 'ਆਰਟ ਗੈਲਰੀ', ਕਿਧਰੇ 10 ਮੰਜ਼ਿਲਾਂ ਪਗੋਡਾ, ਲਾਈਬ੍ਰੇਰੀ, ਪ੍ਰਦਰਸ਼ਨੀ ਹਾਲ, ਟੈਂਪਰੇਟ ਹਾਊਸ, ਹਰਬੇਰੀਅਮ, ਹੋਰ ਤਾਂ ਹੋਰ 'ਕਿਉ' ਦੀ ਆਪਣੀ ਪੁਲਿਸ (ਲੋਕਾਂ/ਯਾਤਰੂਆਂ ਦੇ ਹੜ੍ਹ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ) ਸੰਨ 2001 'ਚ ਜਦੋਂ ਮੈਂ ਵੀ ਪਹਿਲੀ ਵਾਰ ਕਿਉ ਗਾਰਡਨ ਵੇਖਿਆ ਤਾਂ ਉਥੇ ਜਾਪਾਨੀ ਸ਼ੈਲੀ ਦੇ ਬਗੀਚਿਆਂ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਅਤੇ ਜਾਪਾਨੀ ਸ਼ਿਲਪਕਾਰੀ ਨਾਲ ਸਬੰਧਤ Minca 8ouse ਉਸਾਰਿਆ ਗਿਆ |
ਪਾਰਕ ਏਨਾ ਵੱਡਾ, ਹਰਿਆਵਲਾ ਅਤੇ ਹੁਸੀਨ ਹੈ ਕਿ ਤੁਸੀਂ ਘੰਟਿਆਂਬੱਧੀ ਸਮਾਂ ਉਥੇ ਘੰੁਮਦਿਆਂ ਫਿਰਦੀਆਂ ਬਿਤਾ ਸਕਦੇ ਹੋ ਅਤੇ ਤੁਹਾਨੂੰ ਮਹਿਸੂਸ ਹੀ ਨਹੀਂ ਹੋਵੇਗਾ ਕਿ ਇਹ ਥਾਂ ਲੰਦਨ ਜਿਹੇ ਵੱਡੇ, ਭੀੜ-ਭੜੱਕੇ ਵਾਲੇ ਸ਼ਹਿਰ ਨਾਲ ਘਿਰੀ ਪਈ ਹੈ | ਸੋ, ਸੱਜਣੋ | ਅਗਲੀ ਵਾਰ ਵਲੈਤ ਜਾਓ ਤਾਂ ਕਿਉ ਗਾਰਡਨ ਵੇਖਣਾ ਨਾ ਭੁਲਣਾ | -dosanjhsps0gmail.com

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-20

ਸੰਘਰਸ਼ ਦਾ ਪ੍ਰਤੀਕ ਸ਼ਖ਼ਸੀਅਤ : ਸੁਨੀਲ ਦੱਤ

ਇਹ ਘਟਨਾ ਨਵੰਬਰ 1971 ਦੀ ਹੈ | ਮੈਂ ਉਸ ਸਮੇਂ ਗੁਰਦਾਸਪੁਰ ਦੇ ਗੁਰੂ ਨਾਨਕ ਕਾਲਜ 'ਚ ਅੰਗਰੇਜ਼ੀ ਪੜ੍ਹਾਇਆ ਕਰਦਾ ਸੀ | ਮੇਰੇ ਕਾਲਜ ਦੇ ਪਿੰ੍ਰਸੀਪਲ ਸੁਜਾਨ ਸਿੰਘ ਜੀ ਸਨ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਨ | ਇਕ ਦਿਨ ਉਨ੍ਹਾਂ ਨੂੰ ਰੰਗਕਰਮੀ ਭਾਅ ਜੀ ਗੁਰਸ਼ਰਨ ਸਿੰਘ ਜੀ ਮਿਲਣ ਲਈ ਆਏ | ਭਾਅ ਜੀ ਨੇ ਦੱਸਿਆ ਕਿ ਉਹ ਇਕ ਪੰਜਾਬੀ ਫ਼ਿਲਮ 'ਮਨਿ ਜੀਤੈ ਜਗੁ ਜੀਤੁ' ਦੇ ਸਬੰਧ ਵਿਚ ਦੀਨਾਨਗਰ ਆਏ ਸਨ ਅਤੇ ਫੁਰਸਤ ਦੇ ਸਮੇਂ ਉਹ ਸੁਜਾਨ ਸਿੰਘ ਜੀ ਨੂੰ ਮਿਲਣ ਆਏ ਸਨ | ਜਦੋਂ ਭਾਅ ਜੀ ਨੇ ਦੱਸਿਆ ਕਿ ਫ਼ਿਲਮ ਦਾ ਨਾਇਕ ਸੁਨੀਲ ਦੱਤ ਹੈ ਤਾਂ ਮੈਂ ਵੀ ਉਨ੍ਹਾਂ ਦੇ ਨਾਲ ਸ਼ੂਟਿੰਗ ਦੇਖਣ ਲਈ ਚਲ ਪਿਆ |²
ਸੁਨੀਲ ਦੱਤ ਉਸ ਵੇਲੇ ਇਕ ਡਾਕੂ ਦੇ ਮੇਕਅੱਪ 'ਚ ਦੀਨਾਨਗਰ ਦੀ ਮੱਠ ਦੇ ਨਾਲ ਲਗਦੇ ਬਾਗ਼ 'ਚ ਬੈਠਾ ਸੀ | ਸ਼ਾਟ ਵਿਚ ਕੁਝ ਦੇਰ ਸੀ | ਇਸ ਲਈ ਉਹ ਅੰਗਰੇਜ਼ੀ ਦੀ ਲੇਖਿਕਾ 7eorge 5liot ਦੀ ਰਚਨਾ The Mill on the 6loss ਪੜ੍ਹ ਰਿਹਾ ਸੀ | ਕਿਉਂਕਿ ਮੈਂ ਖੁਦ ਇਸ ਨਾਵਲ ਨੂੰ ਪੜਿ੍ਹਆ ਸੀ, ਇਸ ਲਈ ਮੈਂ ਇਸ ਦੇ ਬਾਰੇ 'ਚ ਹੀ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਿਆ | ਦੱਤ ਸਾਹਿਬ ਨੇ ਕੁਝ ਹੋਰ ਲੇਖਕਾਂ ਦੇ ਬਾਰੇ 'ਚ ਵੀ ਦਿਲਚਸਪੀ ਜ਼ਾਹਰ ਕੀਤੀ | ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਮੈਂ ਉਨ੍ਹਾਂ ਦੀਆਂ ਪੁਸਤਕਾਂ ਉਨ੍ਹਾਂ ਤੱਕ ਗੁਰਸ਼ਰਨ ਭਾਅ ਜੀ ਦੇ ਹੱਥ ਪਹੁੰਚਾ ਦਿਆਂਗਾ | ਇਸ ਸੰਖੇਪ ਪਰ ਬੜੀ ਨਿੱਘੀ ਮੁਲਾਕਾਤ ਦੇ ਦੌਰਾਨ ਮੈਨੂੰ ਸੁਨੀਲ ਦੱਤ ਇਕ ਸੁਲਝਿਆ ਹੋਇਆ ਅਤੇ ਸੰਜੀਦਾ ਇਨਸਾਨ ਲੱਗਿਆ, ਮੇਰਾ ਇਹ ਵਿਸ਼ਵਾਸ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਕਾਇਮ ਰਿਹਾ |
ਸੁਨੀਲ ਦੱਤ ਦਾ ਜਨਮ 6 ਜੂਨ, 1929 ਨੂੰ ਜੇਹਲਮ (ਪਾਕਿਸਤਾਨ) ਵਿਚ ਹੋਇਆ ਸੀ | ਉਨ੍ਹਾਂ ਦਾ ਬਚਪਨ ਬੜੇ ਕਠਿਨ ਹਾਲਾਤ 'ਚੋਂ ਲੰਘਿਆ | ਉਹ 5 ਸਾਲ ਦਾ ਹੀ ਸੀ, ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ | ਪੜ੍ਹਾਈ ਕਰਨ ਲਈ ਦੂਰ ਦੇ ਇਕ ਪਿੰਡ ਤੱਕ ਪੈਦਲ ਜਾਣਾ ਪੈਂਦਾ ਸੀ | ਦੱਤ ਦੀ ਉਮਰ 18 ਸਾਲ ਦੀ ਸੀ ਜਦੋਂ ਦੇਸ਼ ਦੀ ਵੰਡ ਹੋ ਗਈ | ਉਸ ਦੇ ਖ਼ਾਨਦਾਨ ਨੂੰ 'ਯਾਕੂਬ' ਨਾਂਅ ਦੇ ਇਕ ਮੁਸਲਮਾਨ ਨੇ ਬੜੀ ਮੁਸ਼ਕਿਲ ਨਾਲ ਬਚਾ ਕੇ ਭਾਰਤ ਭੇਜਿਆ |
ਭਾਰਤ ਆ ਕੇ ਸੁਨੀਲ ਦੱਤ ਦਾ ਪਰਿਵਾਰ ਮੰਡੋਲੀ (ਹਰਿਆਣਾ) ਆ ਕੇ ਰਹਿਣ ਲੱਗ ਪਿਆ | ਅੱਜ ਵੀ ਉਸ ਦਾ ਇਕ ਭਰਾ ਸੋਮ ਦੱਤ ਇਥੇ ਹੀ ਰਹਿ ਰਿਹਾ ਹੈ | ਸੁਨੀਲ ਦੱਤ ਆਪਣੇ ਜੀਵਨ 'ਚ ਕੁਝ ਬਣਨਾ ਚਾਹੁੰਦਾ ਸੀ, ਇਸ ਲਈ ਉਹ ਲਖਨਊ ਆ ਗਿਆ | ਇਥੇ ਉਹ ਅਮੀਨਾਬਾਦ ਗਲੀ 'ਚ ਕਾਫ਼ੀ ਦੇਰ ਰਿਹਾ ਅਤੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਕਈ ਫੁਟਕਲ ਕੰਮ ਵੀ ਕੀਤੇ |
ਪਰ ਵਧੇਰੇ ਚੰਗੇ ਕੈਰੀਅਰ ਦੀ ਭਾਲ 'ਚ ਉਹ ਬੰਬਈ ਆ ਗਿਆ | ਇਥੇ ਉਸ ਨੇ ਜੈ ਹਿੰਦ ਕਾਲਜ 'ਚ ਦਾਖਲਾ ਲੈ ਲਿਆ | ਪੜ੍ਹਾਈ ਦਾ ਖਰਚਾ ਚਲਾਉਣ ਲਈ ਉਸ ਨੇ ਕੁਝ ਚਿਰ ਬੰਬਈ ਦੀ 'ਬੈਸਟ ਟਰਾਂਸਪੋਰਟ' ਵਿਚ ਕੰਡਕਟਰ ਦੀ ਨੌਕਰੀ ਵੀ ਕੀਤੀ | ਇਸੇ ਹੀ ਸਮੇਂ ਉਸ ਨੂੰ ਰੇਡੀਓ ਸਟੇਸ਼ਨ ਸੀਲੋਨ ਵਾਲਿਆਂ ਨੇ ਆਪਣੀ ਹਿੰਦੀ ਸਰਵਿਸ ਲਈ ਕੁਝ ਫ਼ਿਲਮੀ ਅਦਾਕਾਰਾਂ ਦੇ ਇੰਟਰਵਿਊ ਕਰਨ ਦਾ ਕੰਮ ਦਿੱਤਾ | ਇਹ ਉਹ ਸਮਾਂ ਸੀ ਜਦੋਂ ਉਸ ਦੇ ਸਬੰਧ ਫ਼ਿਲਮੀ ਹਸਤੀਆਂ ਨਾਲ ਬਣਨੇ ਸ਼ੁਰੂ ਹੋ ਗਏ ਸਨ |
ਇਕ ਦਿਨ ਨਿਰਮਾਤਾ ਨਿਰਦੇਸ਼ਕ ਰਮੇਸ਼ ਸਹਿਗਲ ਨੇ ਉਸ ਅੱਗੇ ਆਪਣੀ ਫ਼ਿਲਮ 'ਰੇਲਵੇ ਪਲੇਟਫਾਰਮ' (1955) ਦਾ ਨਾਇਕ ਬਣਾਉਣ ਦਾ ਪ੍ਰਸਤਾਵ ਰੱਖਿਆ | ਦੱਤ ਨੇ ਸਾਫ਼ ਦੱਸਿਆ ਕਿ ਉਸ ਦਾ ਐਕਟਿੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਉਸ ਦਾ ਇਸ ਖ਼ੇਤਰ 'ਚ ਕੋਈ ਅਨੁੁਭਵ ਨਹੀਂ ਸੀ | ਪਰ ਰਮੇਸ਼ ਸਹਿਗਲ ਦੇ ਜ਼ੋਰ ਦੇਣ 'ਤੇ ਉਹ ਮੰਨ ਗਿਆ | ਰਮੇਸ਼ ਸਹਿਗਲ ਨੇ ਹੀ ਉਸ ਦਾ ਨਾਂਅ ਬਲਰਾਜ ਦੱਤ ਤੋਂ ਬਦਲ ਕੇ ਸੁਨੀਲ ਦੱਤ ਰੱਖਿਆ ਸੀ | ਉਸ ਦੀ ਪਹਿਲੀ ਫ਼ਿਲਮ ਫਲਾਪ ਰਹੀ | ਇਸ ਲਈ ਸੁਨੀਲ ਦੱਤ ਕੁਝ ਪ੍ਰੇਸ਼ਾਨ ਹੋ ਗਿਆ |
ਪਰ ਉਸ ਦੀ ਅਗਲੀ ਹੀ ਫ਼ਿਲਮ 'ਮਦਰ ਇੰਡੀਆ' (1957) ਜ਼ਬਰਦਸਤ ਹਿੱਟ ਹੋਈ | ਇਸ ਦੀ ਨਾਇਕਾ ਨਰਗਿਸ ਸੀ, ਜਦੋਂ ਕਿ ਸਹਿ-ਨਾਇਕ ਰਾਜਿੰਦਰ ਕੁਮਾਰ ਸੀ | ਇਸ ਫ਼ਿਲਮ ਦੇ ਸੈੱਟ 'ਤੇ ਹੀ ਉਸ ਨੇ ਨਰਗਿਸ ਦੀ ਜਾਨ ਅੱਗ ਦੀਆਂ ਲਪਟਾਂ 'ਚ ਕੁੱਦ ਕੇ ਬਚਾਈ ਸੀ | ਨਰਗਿਸ ਉਸ ਦੀ ਇਸ ਬਹਾਦਰੀ ਪ੍ਰਤੀ ਬੜੀ ਸ਼ੁਕਰਗੁਜ਼ਾਰ ਸੀ | ਦੋਵਾਂ ਦਾ ਮਿਲਣਾ-ਜੁਲਣਾ ਇਕ ਰੁਮਾਂਸ 'ਚ ਬਦਲ ਗਿਆ | ਲਿਹਾਜ਼ਾ 11 ਮਾਰਚ, 1958 ਨੂੰ ਦੋਵਾਂ ਨੇ ਸ਼ਾਦੀ ਕਰ ਲਈ | ਇਹ ਸ਼ਾਦੀ ਫ਼ਿਲਮ ਜਗਤ ਦੀਆਂ ਸਫ਼ਲ ਸ਼ਾਦੀਆਂ 'ਚ ਗਿਣੀ ਗਈ ਸੀ |
ਬਤੌਰ ਅਦਾਕਾਰ ਸੁਨੀਲ ਦੱਤ ਨੇ 1950 ਤੋਂ 1960 ਦੇ ਦਰਮਿਆਨ ਕਈ ਸਫ਼ਲ ਫ਼ਿਲਮਾਂ ਦਿੱਤੀਆਂ | ਪ੍ਰਮੁੱਖ ਤੌਰ 'ਤੇ ਇਹ ਫ਼ਿਲਮਾਂ ਵਿਸ਼ਾ-ਪ੍ਰਧਾਨ ਫ਼ਿਲਮਾਂ ਸਨ, ਜਿਨ੍ਹਾਂ 'ਚ ਸਮਾਜ ਨੂੰ ਕੋਈ ਨਾ ਕੋਈ ਸੇਧ ਜ਼ਰੂਰ ਹੀ ਦਿੱਤੀ ਗਈ ਸੀ | ਲਿਹਾਜ਼ਾ 'ਸਾਧਨਾ' (1958) ਅਤੇ 'ਸੁਜਾਤਾ' (1959) ਵਿਚ ਉਸ ਨੇ ਨਾਰੀ ਜਾਤੀ ਨਾਲ ਸਬੰਧਤ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ | 'ਖ਼ਾਨਦਾਨ' (1965) ਇਕ ਪਰਿਵਾਰਕ ਫ਼ਿਲਮ ਸੀ | 'ਮੁਝੇ ਜੀਨੇ ਦੋ' (1963) ਇਕ ਡਾਕੂ ਪ੍ਰਧਾਨ ਸਮੱਸਿਆ ਨੂੰ ਕੇਂਦਰਤ ਕਰਨ ਵਾਲੀ ਕਿਰਤ ਸੀ |
ਸੁਨੀਲ ਦੱਤ ਦੀ ਬੀ.ਆਰ. ਚੋਪੜਾ ਨਾਲ ਬੜੀ ਨੇੜਤਾ ਸੀ | ਇਸ ਲਈ ਉਸ ਨੇ ਇਸ ਬੈਨਰ ਦੀਆਂ 'ਗੁੰਮਰਾਹ' (1963), 'ਵਕਤ' (1965) ਅਤੇ 'ਹਮਰਾਜ਼' (1967) ਵਰਗੀਆਂ ਸਮਾਜਿਕ ਫ਼ਿਲਮਾਂ 'ਚ ਆਪਣੇ ਅਭਿਨੈ ਦੀ ਅਮਿੱਟ ਛਾਪ ਛੱਡੀ |
ਇਕ ਵੱਡੀ ਵਿਸ਼ੇਸ਼ਤਾ ਸੁਨੀਲ ਦੱਤ ਦੀ ਸ਼ਖ਼ਸੀਅਤ ਦੀ ਇਹ ਸੀ ਕਿ ਉਹ ਜੀਵਨ ਦੇ ਹਰ ਖ਼ੇਤਰ 'ਚ ਚੁਣੌਤੀਆਂ ਸਵੀਕਾਰ ਕਰਦਾ ਹੁੰਦਾ ਸੀ | ਅਭਿਨੇਤਾ ਹੁੰਦਿਆਂ ਹੀ ਉਸ ਨੇ ਆਪਣੀ ਨਿਰਮਾਣ ਸੰਸਥਾ 'ਅਜੰਤਾ ਆਰਟਸ' ਦੀ ਸਥਾਪਨਾ ਕੀਤੀ | ਇਸ ਬੈਨਰ ਅਧੀਨ ਉਸ ਨੇ ਜਿਥੇ 'ਮਨ ਕਾ ਮੀਤ' ਅਤੇ 'ਯੇਹ ਰਾਸਤੇ ਹੈਂ ਪਿਆਰ ਕੇ' ਵਰਗੀਆਂ ਕਮਰਸ਼ੀਅਲ ਫ਼ਿਲਮਾਂ ਦਾ ਨਿਰਮਾਣ ਕੀਤਾ, ਉਥੇ 'ਰੇਸ਼ਮਾ ਅਤੇ ਸ਼ੇਰਾ' ਅਤੇ 'ਯਾਦੇਂ' ਵਰਗੀਆਂ ਕਲਾਤਮਿਕ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ | 'ਯਾਦੇਂ' ਫ਼ਿਲਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਸਿਵਾਏ ਉਸ ਦੇ ਹੋਰ ਕੋਈ ਵੀ ਕਲਾਕਾਰ ਨਹੀਂ ਸੀ | ਆਗ਼ਾਜ਼ਾਨੀ ਕਸ਼ਮੀਰੀ ਦੀ ਇਕ ਰਚਨਾ 'ਤੇ ਆਧਾਰਿਤ ਇਸ ਫ਼ਿਲਮ 'ਚ ਇਕ ਅਜਿਹੇ ਵਿਅਕਤੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਸੀ, ਜਿਹੜਾ ਕਿ ਘਰ 'ਚ ਬਿਲਕੁਲ ਇਕੱਲਾ ਹੈ, ਕਿਉਂਕਿ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਹੈ |
ਸੁਨੀਲ ਦੱਤ ਇਹ ਸਮਝਦਾ ਸੀ ਕਿ ਬਤੌਰ ਅਦਾਕਾਰ ਉਸ ਦੀਆਂ ਸਮਾਜ ਪ੍ਰਤੀ ਵੀ ਕੁਝ ਜ਼ਿੰਮੇਵਾਰੀਆਂ ਹਨ | ਇਸ ਉਦੇਸ਼ ਲਈ ਉਸ ਨੇ 'ਅਜੰਤਾ ਆਰਟਸ ਗਰੁੱਪ' ਦੀ ਸਥਾਪਨਾ ਕੀਤੀ ਸੀ | ਇਸ ਗਰੁੱਪ 'ਚ ਮਨੋਹਰ ਦੀਪਕ ਅਤੇ ਉਸ ਦੀ ਪਤਨੀ ਡਾਂਸਰ ਮਧੂਮਤੀ ਵੀ ਸ਼ਾਮਿਲ ਸਨ | ਇਹ ਗਰੁੱਪ ਹਰ ਸਾਲ ਦੇਸ਼ ਦੀਆਂ ਸਰਹੱਦਾਂ 'ਤੇ ਪਹਿਰਾ ਦੇ ਰਹੇ ਫ਼ੌਜੀ ਜਵਾਨਾਂ ਦੇ ਲਈ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਜਾਇਆ ਕਰਦਾ ਸੀ | ਵੈਸੇ ਵੀ ਜਦੋਂ ਵੀ ਕਦੇ ਦੇਸ਼ 'ਤੇ ਸੰਕਟ ਆਇਆ ਤਾਂ ਸੁਨੀਲ ਦੱਤ ਆਪਣੇ ਇਸ ਗਰੁੱਪ ਦੇ ਮਾਧਿਅਮ ਰਾਹੀਂ ਚੈਰਿਟੀ ਪ੍ਰੋਗਰਾਮ ਆਯੋਜਿਤ ਕਰਦਾ ਹੁੰਦਾ ਸੀ | ਇਹ ਹੀ ਨਹੀਂ, ਉਹ ਦੇਸ਼-ਵਿਦੇਸ਼ 'ਚ ਘੰੁਮ ਕੇ ਚੰਦਾ ਇਕੱਠਾ ਕਰਕੇ ਪੀੜਤ ਲੋਕਾਂ ਦੀ ਮਦਦ ਵੀ ਕਰਦਾ ਹੁੰਦਾ ਸੀ |
ਸੁਨੀਲ ਦੱਤ ਇਕ ਸੱਚਾ ਭਾਰਤੀ ਸੀ ਪਰ ਪੰਜਾਬ ਨਾਲ ਉਸ ਦਾ ਜਜ਼ਬਾਤੀ ਰਿਸ਼ਤਾ ਸੀ | ਜਦੋਂ ਪੰਜਾਬ ਖਾੜਕੂਵਾਦ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਤਾਂ ਉਸ ਨੇ ਉਸ ਵੇਲੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਮੰੁਬਈ ਤੋਂ ਅੰਮਿ੍ਤਸਰ ਤੱਕ ਪਦ-ਯਾਤਰਾ ਵੀ ਕੀਤੀ ਸੀ | ਉਹ ਕਹਿੰਦਾ ਸੀ, 'ਭਾਰਤ ਮੇਰੀ ਮਾਂ ਹੈ | ਜੇਕਰ ਮਾਂ ਦਾ ਇਕ ਅੰਗ ਜ਼ਖ਼ਮੀ ਹੋਵੇ ਤਾਂ ਫਿਰ ਉਸ ਮਾਂ ਦੇ ਪੁੱਤਰ ਦਾ ਫ਼ਰਜ਼ ਬਣਦਾ ਹੈ ਕਿ ਉਸਦਾ ਇਲਾਜ ਕਰਵਾ ਕੇ ਉਸ ਨੂੰ ਠੀਕ ਕਰੇ |'
ਪਰ 1970 ਤੋਂ ਬਾਅਦ ਸੁਨੀਲ ਦੱਤ ਨੇ ਚਰਿੱਤਰ ਅਭਿਨੇਤਾ ਦੇ ਤੌਰ 'ਤੇ ਹੀ ਜ਼ਿਆਦਾ ਫ਼ਿਲਮਾਂ ਕੀਤੀਆਂ ਸਨ | ਇਨ੍ਹਾਂ ਮਲਟੀ ਸਟਾਰ ਫ਼ਿਲਮਾਂ 'ਚ ਉਹ ਇਕ ਪ੍ਰਮੁੱਖ ਸਹਿ-ਨਾਇਕ ਦੇ ਰੂਪ ਵਿਚ ਉਭਰਿਆ | ਮਿਸਾਲ ਦੇ ਤੌਰ 'ਤੇ ਉਸ ਦੀਆਂ 'ਨਾਗਿਨ' (1976) 'ਜਾਨੀ ਦੁਸ਼ਮਨ', 'ਪਰੰਪਰਾ' ਅਤੇ 'ਕਸ਼ੱਤਰੀਆ' ਕਹਿਣ ਨੂੰ ਤਾਂ ਸਫ਼ਲ ਫ਼ਿਲਮਾਂ ਸਨ, ਪਰ ਇਨ੍ਹਾਂ 'ਚ ਸੁਨੀਲ ਦੱਤ ਇਕ ਸਹਿ-ਨਾਇਕ ਵਜੋਂ ਵੀ ਵਿਚਰਿਆ | ਉਸ ਦੀ ਅੰਤਿਮ ਫ਼ਿਲਮ 'ਮੰੁਨਾ ਭਾਈ ਐਮ.ਬੀ.ਬੀ.ਐਸ.' ਸੀ, ਜਿਸ 'ਚ ਉਸ ਨੇ ਇਸ ਦੇ ਨਾਇਕ ਅਤੇ ਆਪਣੇ ਪੁੱਤਰ ਸੰਜੇ ਦੱਤ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ |
ਸੰਜੇ ਦੱਤ ਦਾ ਜ਼ਿਕਰ ਆਇਆ ਹੈ ਤਾਂ ਇਥੇ ਦੱਸ ਦੇਣਾ ਸ਼ਾਇਦ ਇਹ ਵੀ ਉਚਿਤ ਹੋਵੇਗਾ ਕਿ ਆਪਣੇ ਇਸ ਪੁੱਤਰ ਲਈ ਵੀ ਸੁਨੀਲ ਦੱਤ ਨੇ ਬਹੁਤ ਕਸ਼ਟ ਉਠਾਏ ਸਨ | ਜਦੋਂ ਉਸ ਦੀ ਪਤਨੀ ਕੈਂਸਰ ਤੋਂ ਪੀੜਤ ਸੀ ਤਾਂ ਉਸ ਵੇਲੇ ਸੰਜੇ ਦੱਤ ਨੂੰ ਨਸ਼ੇ ਦੀ ਗ਼ਲਤ ਆਦਤ ਪੈ ਗਈ ਸੀ | ਇਸ ਭੈੜੀ ਆਦਤ ਤੋਂ ਛੁਟਕਾਰਾ ਦੁਆਉਣ ਲਈ ਸੁਨੀਲ ਦੱਤ ਆਪਣੇ ਇਸ ਇਕਲੌਤੇ ਪੁੱਤਰ ਨੂੰ ਡੈਨਮਾਰਕ ਦੇ ਇਕ ਹਸਪਤਾਲ ਵਿਚ ਲਿਜਾ ਕੇ ਉਸ ਦਾ ਇਲਾਜ ਕਰਵਾਉਣ ਲਈ ਗਿਆ | ਸੰਜੇ ਦੱਤ ਦੀ ਆਦਤ 'ਚ ਕੁਝ ਸੁਧਾਰ ਆਇਆ ਹੀ ਸੀ ਕਿ ਉਸ ਦੀ ਪਤਨੀ ਨਰਗਿਸ ਦੀ ਮੌਤ ਹੋ ਗਈ | ਲਿਹਾਜ਼ਾ, ਸੰਜੇ ਦੱਤ ਇਕ ਵਾਰ ਫਿਰ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਗਿਆ | ਫਿਰ ਵੀ ਸੁਨੀਲ ਦੱਤ ਨੇ ਹਿੰਮਤ ਨਹੀਂ ਹਾਰੀ ਅਤੇ ਅਮਰੀਕਾ ਜਾ ਕੇ ਉਸ ਦਾ ਇਲਾਜ ਹੀ ਨਹੀਂ ਕਰਵਾਇਆ ਬਲਕਿ ਉਸ ਨੂੰ ਅਭਿਨੇਤਾ ਬਣਾਉਣ ਲਈ 'ਰਾਕੀ' ਫ਼ਿਲਮ ਦਾ ਨਿਰਮਾਣ ਵੀ ਕੀਤਾ ਸੀ |
(ਬਾਕੀ ਅਗਲੇ ਐਤਵਾਰ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਪੁਲਾੜ ਵਿਗਿਆਨ ਤੇ ਪੁਲਾੜ ਨਾਲ ਕਿਵੇਂ ਜੁੜੀਏ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੈਂਗਲੂਰ ਵਿਚ ਇਸ ਵਿਸ਼ੇ ਉਤੇ ਐਮ.ਐਸ.ਸੀ. ਤੱਕ ਦਾ ਇੰਟੈਗ੍ਰੇਟਿਡ ਕੋਰਸ ਕਰਾਇਆ ਜਾਂਦਾ ਹੈ | ਦਾਖਲਾ ਐਾਟਰੈਂਸ ਟੈਸਟ ਨਾਲ ਹੁੰਦਾ ਹੈ | ਤਿਰੂਵੰਥਾਪੁਰਮ ਦੇ ਇੰਸਟੀਚਿਊਟ ਆਫ਼ ਸਪੇਸ ਸਾਇੰਸ ਐਾਡ ਤਕਨਾਲੋਜੀ ਵਿਚ ਐਰੋਸਪੇਸ ਅਤੇ ਏਵੀਆਨਿਕਸ ਦੀ ਬੀ. ਟੈਕ ਕਰਾਈ ਜਾਂਦੀ ਹੈ | ਡਾ: ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਔਰੰਗਾਬਾਦ (ਮਹਾਰਾਸ਼ਟਰ) ਵਿਚ ਐਸਟਰਾਨੋਮੀ ਦੀ ਬੀ.ਐਸ.ਸੀ. ਕਰਵਾਈ ਜਾਂਦੀ ਹੈ | ਚੇਨਈ ਵਿਚ ਯੂਨੀਵਰਸਿਟੀ ਆਫ਼ ਮਦਰਾਸ ਚੇਪਾਕ ਵਿਚੋਂ ਵੀ ਐਸਟਰਾਨੋਮੀ ਦੀ ਬੀ.ਐਸ.ਸੀ. ਕੀਤੀ ਜਾ ਸਕਦੀ ਹੈ | ਕੋਲ੍ਹਾਪੁਰ (ਮਹਾਰਾਸ਼ਟਰ) ਦੀ ਸ਼ਿਵਾ ਜੀ ਯੂਨੀਵਰਸਿਟੀ ਵਿਦਿਆ ਨਗਰ ਵਿਚ ਬੀ.ਐਸ.ਸੀ. ਐਸਟਰੋ ਫਿਜ਼ਿਕਸ ਲਈ ਦਾਖਲਾ ਲਿਆ ਜਾ ਸਕਦਾ ਹੈ | ਆਪਣੇ ਪੰਜਾਬ ਵਿਚ ਕਿਸੇ ਸਮੇਂ ਐਮ.ਐਸ.ਸੀ. ਸਪੇਸ ਸਾਇੰਸ ਦੀ ਵਿਵਸਥਾ ਸੀ | ਹੁਣ ਵੀ ਇਥੇ ਸਪੇਸ ਸਾਇੰਸ ਲਈ ਬੀ.ਐਸ.ਸੀ. ਦਾ ਪ੍ਰਬੰਧ ਹੈ | ਯੂਨੀਵਰਸਿਟੀ ਕੋਲ ਬਹੁਤ ਵਧੀਆ ਸਪੇਸ ਸਾਇੰਸ ਆਬਜ਼ਰਵੇਟੀ ਅਤੇ ਇਸ ਵਿਸ਼ੇ ਦੇ ਮਾਹਿਰ ਅਧਿਆਪਕ ਹਨ ਜੋ ਮੇਰੇ ਮਿੱਤਰ ਹਨ |
ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟਰਾਨੋਮੀ ਐਾਡ ਐਸਟਰੋ-ਫਿਜ਼ਿਕਸ ਪੂਨਾ, ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਬੰਬਈ, ਫਿਜ਼ੀਕਲ ਰਿਸਰਚ ਲੈਬਾਰਟਰੀ ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ ਬੰਗਲੌਰ ਤੇ ਨਹਿਰੂ ਪਲੇਨੈਟੋਰੀਅਮ ਦਿੱਲੀ ਵਿਚ ਸਮੇਂ-ਸਮੇਂ ਵਿਦਿਆਰਥੀਆਂ ਤੇ ਪੁਲਾੜ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਸਪੇਸ ਸਾਇੰਸ ਦੇ ਪ੍ਰੋਗਰਾਮ, ਸਿੰਪੋਜ਼ੀਅਮ ਅਤੇ ਵਰਕਸ਼ਾਪਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ |
ਆਪਣੇ ਇਲਾਕੇ ਵਿਚ ਸਪੇਸ ਨਾਲ ਸਬੰਧਤ ਵਰਕਸ਼ਾਪਾਂ, ਭਾਸ਼ਣ/ਲੇਖ ਮੁਕਾਬਲੇ, ਕਵਿਜ਼, ਨੁਮਾਇਸ਼ਾਂ ਜਿਹੇ ਪ੍ਰੋਗਰਾਮ ਕਰਵਾਉਣ ਵਾਲੀ ਵੀ ਇਕ ਸੁਸਾਇਟੀ ਹੈ | ਉਸ ਦਾ ਨਾਂਅ ਹੈ, ਇੰਟਰਨੈਸ਼ਨਲ ਸਪੇਸ ਸੁਸਾਇਟੀ | ਇਸ ਦਾ ਦਫ਼ਤਰ 1310, ਸੈਕਟਰ-21 ਪੰਚਕੂਲਾ ਹਰਿਆਣਾ ਵਿਚ ਹੈ | ਇਸਰੋ ਵਿਚ 30 ਸਾਲ ਸੇਵਾ ਕਰਨ ਵਾਲਾ ਪੁਲਾੜ ਵਿਗਿਆਨੀ ਸੁਰੇਸ਼ ਨਾਇਕ ਇਸ ਦਾ ਫਾਊਾਡਰ ਚੇਅਰਮੈਨ ਹੈ | ਇਹ ਸੁਸਾਇਟੀ ਸੈਮੀਨਾਰ ਤੇ ਸਿੰਪੋਜ਼ੀਅਮ ਕਰਵਾ ਕੇ ਵੀ ਪੁਲਾੜ ਵਿਗਿਆਨ ਨਾਲ ਲੋਕਾਂ ਨੂੰ ਜੋੜਦੀ ਹੈ | ਵਿਦਿਆਰਥੀ ਅਧਿਆਪਕ ਤੇ ਆਮ ਆਦਮੀ ਇਸ ਦੇ ਮੈਂਬਰ ਬਣ ਸਕਦੇ ਹਨ | 4 ਅਤੇ 5 ਮਈ, 2013 ਨੂੰ ਇਸ ਸੁਸਾਇਟੀ ਨੇ ਦੀਖਸ਼ਾਂਤ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਦੇ ਸਹਿਯੋਗ ਨਾਲ ਟੈਗੋਰ ਥੀਏਟਰ ਚੰਡੀਗੜ੍ਹ ਵਿਚ ਨੈਸ਼ਨਲ ਕਾਨਫ਼ਰੰਸ ਆਨਸਪੇਸ ਕਰਵਾਈ ਸੀ | ਇਸ ਵਿਚ ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟਰਾਨੋਮੀ ਐਾਡ ਐਸਟਰੋ-ਫਿਜ਼ਿਕਸ ਪੂਨਾ ਦੇ ਫਾਊਾਡਰ ਡਾਇਰੈਕਟਰ ਪ੍ਰੋ: ਜਯੰਤ ਕਾਰਲੀਕਰ ਨੇ ਮੁੱਖ ਭਾਸ਼ਣ ਦਿੱਤਾ ਸੀ ਅਤੇ ਪੁਲਾੜ ਵਿਗਿਆਨ ਦੇ ਕੁਝ ਮਾਹਿਰ ਅਧਿਆਪਕ ਵੀ ਇਸ ਵਿਚ ਸ਼ਾਮਿਲ ਹੋਏ | ਕਾਨਫ਼ਰੰਸ ਵਿਚ ਸ਼ਾਮਿਲ ਡੈਲੀਗੇਟਾਂ ਨੂੰ ਪੁਲਾੜ/ਆਕਾਸ਼ ਦੇ ਦੁਰਲੱਭ ਦਿ੍ਸ਼ ਦਿਖਾਉਣ ਦੇ ਪ੍ਰਬੰਧ ਵੀ ਕੀਤੇ ਗਏ |
ਸਪੇਸ ਤਕਨਾਲੋਜੀ ਦਾ ਆਪਣਾ ਆਕਰਸ਼ਣ ਹੈ ਅਤੇ ਇਸ ਦੀ ਵਰਤੋਂ ਅੱਜ ਅਨੇਕ ਕੰਮਾਂ ਲਈ ਹੋ ਰਹੀ ਹੈ | ਰੀਮੋਟ ਸੈਂਸਿੰਗ, ਮੌਸਮ ਦਾ ਪੂਰਵ-ਅਨੁਮਾਨ, ਉਪ-ਗ੍ਰਹਿ ਸੰਚਾਰ, ਸੈਟੇਲਾਈਟ ਟੀ. ਵੀ., ਗਰਾਊਾਡ ਪੋਜੀਸ਼ਨਿੰਗ ਸਿਸਟਮ ਆਦਿ ਖ਼ੇਤਰਾਂ ਦਾ ਇਸ ਬਿਨਾਂ ਗੁਜ਼ਾਰਾ ਨਹੀਂ | ਸਪੇਸ ਤਕਨਾਲੋਜੀ ਦੀ ਵਰਤੋਂ, ਖੋਜ ਤੇ ਵਿਕਾਸ ਲਈ ਹੀ ਭਾਰਤ ਵਿਚ ਇਸਰੋ ਦੀ ਸਥਾਪਨਾ ਡਾ: ਵਿਕਰਮ ਸਿੰਘ ਸਾਰਾਭਾਈ ਦੇ ਉਦਮ ਨਾਲ ਹੋਈ | ਸੰਚਾਰ ਵਿਵਸਥਾ, ਇਨਸੈਟ ਸੈਟੇਲਾਈਟ, ਭਾਂਤ-ਭਾਂਤ ਦੇ ਰਾਕਟ ਲਾਂਚ ਵਹੀਕਲ, ਚੰਦਰ ਤੇ ਮੰਗਲਯਾਨ ਦੇ ਪ੍ਰੋਜੈਕਟ ਇਸਰੋ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਹਨ |
ਸਪੇਸ ਤਕਨਾਲੋਜੀ ਨਾਲ ਜੁੜਨ ਲਈ ਐਰੋਸਪੇਸ ਇੰਜੀਨੀਅਰਿੰਗ ਦੀ ਬੀ. ਟੈਕ ਜਾਂ ਐਮ. ਟੈਕ ਕੀਤੀ ਜਾ ਸਕਦੀ ਹੈ | ਇਸ ਨਾਲ ਪੁਲਾੜੀ ਵਾਹਨਾਂ ਦੇ ਚਾਲਣ, ਡਿਜ਼ਾਈਨ ਤੇ ਨਿਰਮਾਣ ਦੇ ਕੰਮਾਂ ਨਾਲ ਜੁੜਨਾ ਸੰਭਵ ਹੋ ਸਕਦਾ ਹੈ | ਇਸ ਖ਼ੇਤਰ ਦੀ ਐਮ. ਟੈਕ ਲਈ ਬੀ. ਟੈਕ ਤੇ ਜੀ.ਏ.ਟੀ.ਈ. ਦੋਵਾਂ ਦੇ ਸਾਂਝੇ ਸਕੋਰ ਦੀ ਮੈਰਿਟ ਬਣਦੀ ਹੈ | ਸੈਂਟਰ ਫਾਰ ਸਪੇਸ ਟੈਕਨਾਲੋਜੀ ਐਾਡ ਐਜੂਕੇਸ਼ਨ ਇਨ ਏਸ਼ੀਆ ਐਾਡ ਪੈਸਿਫਿਕ ਵਿਚ ਰੀਮੋਟ ਸੈਂਸਿੰਗ, ਉਪ-ਗ੍ਰਹਿ ਸੰਚਾਰ ਗਲੋਬਲ ਕਲਾਈਮੇਟ, ਸਪੇਸ ਐਾਡ ਐਟਮਸਫੈਰਿਕ ਸਾਇੰਸ ਆਦਿ ਕਈ ਪ੍ਰਕਾਰ ਦੇ ਕੋਰਸ ਹਨ | ਇਨ੍ਹਾਂ ਬਾਰੇ ਇਸ ਸੰਸਥਾ ਦੀ ਵੈੱਬ ਸਾਈਟ ਉਤੋਂ ਜਾਣਕਾਰੀ ਮਿਲ ਸਕਦੀ ਹੈ | ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੈਂਸਿੰਗ ਦੇਹਰਾਦੂਨ, ਸਪੇਸ ਐਪਲੀਕੇਸ਼ਨਜ਼ ਸੈਂਟਰ ਅਹਿਮਦਾਬਾਦ ਤੇ ਫਿਜ਼ੀਕਲ ਰਿਸਰਚ ਲੈਬਾਰਟਰੀ ਅਹਿਮਦਾਬਾਦ ਵਿਚ ਵੀ ਸਪੇਸ ਸਾਇੰਸ ਤੇ ਤਕਨਾਲੋਜੀ ਦੇ ਕਈ ਕੋਰਸ ਸਮੇਂ-ਸਮੇਂ ਚਲਦੇ ਰਹਿੰਦੇ ਹਨ | ਇਨ੍ਹਾਂ ਬਾਰੇ ਵੈੱਬਸਾਈਟ ਅਤੇ ਪੱਤਰ-ਪੱਤਿ੍ਕਾਵਾਂ ਤੋਂ ਜਾਣਕਾਰੀ ਮਿਲ ਸਕਦੀ ਹੈ | ਬੀ. ਟੈਕ, ਐਮ. ਟੈਕ, ਐਮ.ਐਸ.ਸੀ., ਪੀ.ਐਚ.ਡੀ. ਲਈ ਵੀ ਇਨ੍ਹਾਂ ਸੰਸਥਾਵਾਂ ਵਿਚ ਪ੍ਰਬੰਧ ਹਨ ਅਤੇ ਅਜਿਹੀਆਂ ਡਿਗਰੀਆਂ ਵਾਲੇ ਵਿਗਿਆਨੀਆਂ ਤੇ ਇੰਜੀਨੀਅਰਾਂ ਲਈ ਨੌਕਰੀਆਂ ਦੇ ਵੀ | ਸਪੇਸ ਸਾਇੰਸ ਜਾਂ ਤਕਨਾਲੋਜੀ ਦੀ ਸਿੱਖਿਆ ਉਪਰੰਤ ਦੇਸ਼ ਵਿਚ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਹਿੰਦੁਸਤਾਨ ਐਰੋਨਾਟਿਕਸ ਲਿਮਟਿਡ, ਨੈਸ਼ਨਲ ਐਰੋਨਾਟੀਕਲ ਲੈਬਾਰਟਰੀਜ਼, ਡੀਫੈਂਸ ਰਿਸਰਚ ਐਾਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਵਰਗੀਆਂ ਵਧੀਆ ਸੰਸਥਾਵਾਂ ਵਿਚ ਨੌਕਰੀ ਕਰਕੇ ਵੱਡੇ-ਵੱਡੇ ਪ੍ਰੋਜੈਕਟਾਂ ਨਾਲ ਜੁੜਨ ਦਾ ਮਾਣ ਮਿਲ ਸਕਦਾ ਹੈ | ਇਸਰੋ, ਡੀ.ਆਰ.ਡੀ.ਓ. ਤੇ ਟੀ.ਆਈ. ਐਫ. ਆਰ. ਜਿਹੀਆਂ ਸੰਸਥਾਵਾਂ ਦੇ ਤਜਰਬੇ ਉਪਰੰਤ ਨਾਸਾ ਵਰਗੀਆਂ ਅੰਤਰਰਾਸ਼ਟਰੀ ਪੁਲਾੜ ਸੰਸਥਾਵਾਂ ਨਾਲ ਜੁੜਨਾ ਵੀ ਸੰਭਵ ਹੋ ਸਕਦਾ ਹੈ | (ਸਮਾਪਤ)
-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX