ਤਾਜਾ ਖ਼ਬਰਾਂ


ਹਰਿਆਣਾ ਦੇ 11 ਜ਼ਿਲ੍ਹਿਆਂ 'ਚ ਤਿੰਨ ਦਿਨਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਚੰਡੀਗੜ੍ਹ, 24 ਨਵੰਬਰ (ਬਰਾੜ) - ਜੀਂਦ 'ਚ ਹੋਏ ਟਕਰਾਅ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ 11 ਜ਼ਿਲ੍ਹਿਆਂ 'ਚ ਅਗਲੇ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤਿਆਂ...
ਲੰਡਨ ਦੇ ਆਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ
. . .  1 day ago
ਲੰਡਨ, 24 ਨਵੰਬਰ- ਸੂਤਰਾਂ ਮੁਤਾਬਿਕ ਲੰਡਨ ਦੇ ਔਕਸਫੋਰਡ ਸਰਕਸ ਸਟੇਸ਼ਨ 'ਤੇ ਹਾਦਸਾ ਹੋਣ ਦੀ ਖ਼ਬਰ...
ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਜੌਹਲ ਤੇ ਜਿੰਮੀ ਨਾਲ ਕੀਤੀ ਮੁਲਾਕਾਤ
. . .  1 day ago
ਲੁਧਿਆਣਾ, 24 ਨਵੰਬਰ- ਬ੍ਰਿਟਿਸ਼ ਹਾਈ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਜਿੰਮੀ...
ਸੁਰੱਖਿਆ ਕੰਪਨੀ ਦਾ ਗਾਰਡ 1 ਕਰੋੜ ਲੈ ਕੇ ਫ਼ਰਾਰ
. . .  1 day ago
ਗੁਰੂਗ੍ਰਾਮ, 24 ਨਵੰਬਰ- ਗੁਰੂਗ੍ਰਾਮ ਦੇ ਇੱਕ ਮਾਲ ਦੇ ਏ.ਟੀ.ਐਮ. 'ਚ ਪੈਸੇ ਪਾਉਣ ਗਿਆ ਇੱਕ ਸੁਰੱਖਿਆ ਕੰਪਨੀ ਦਾ ਗਾਰਡ ਇੱਕ ਕਰੋੜ ਦੀ ਰਾਸੀ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ...
ਹੰਦਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਕੁਪਵਾੜਾ, 24 ਨਵੰਬਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਤੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ- ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਰਾਈਫ਼ਲ ਤੇ 2...
ਮੁੰਬਈ ਦੇ ਜ਼ੈਵਰੀ ਬਾਜ਼ਾਰ 'ਚ ਲੱਗੀ ਅੱਗ
. . .  1 day ago
ਮੁੰਬਈ, 24 ਨਵੰਬਰ - ਇੱਥੋਂ ਦੇ ਜ਼ੈਵਰੀ ਬਾਜ਼ਾਰ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ...
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 200
. . .  1 day ago
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ. ਵਾਲੀਆ ਨੇ ਦਿੱਤਾ ਅਸਤੀਫ਼ਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਦੋਂ ਸਮਾਪਤ ਹੋ ਗਿਆ ਜਦੋਂ ਕੌਂਸਲ ਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਿਤ...
ਨੋਟਬੰਦੀ ਨੇ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਕਮੀ - ਡੀ.ਜੀ.ਪੀ
. . .  1 day ago
ਮਿਸਰ ਅੱਤਵਾਦੀ ਹਮਲਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਹੋਰ ਖ਼ਬਰਾਂ..
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਪਾਈਪ ਲਾਈਨਾਂ ਵਿਛਾ ਕੇ ਜ਼ਮੀਨ ਨੂੰ ਸਹੀ ਢੰਗ ਨਾਲ ਸਿੰਚਾਈ ਯੋਗ ਬਣਾਓ

ਫਸਲਾਂ ਨੂੰ ਪਾਣੀ ਲਾਉਣ ਲਈ ਖਾਲਾਂ ਅਹਿਮ ਰੋਲ ਅਦਾ ਕਰਦੀਆਂ ਹਨ। ਨਹਿਰ ਅਤੇ ਟਿਊਬਵੈੱਲ ਤੋਂ ਲੈ ਕੇ ਦੂਰ-ਦੁਰਾਡੇ ਦੀਆਂ ਜ਼ਮੀਨਾਂ ਤੱਕ ਕੱਚੀਆਂ ਖਾਲਾਂ ਰਾਹੀਂ ਪਾਣੀ ਪਹੁੰਚਾਇਆ ਜਾਂਦਾ ਹੈ। ਜੇਕਰ ਖਾਲਾਂ ਸਹੀ-ਸਲਾਮਤ ਨਹੀਂ ਹੋਣਗੀਆਂ ਤਾਂ ਪਾਣੀ ਦੀ ਬਰਬਾਦੀ ਵੀ ਹੋਵੇਗੀ। ਅਜੋਕੇ ਸਮੇਂ 'ਚ ਪਾਣੀ ਦਾ ਪੱਧਰ ਪਹਿਲਾਂ ਹੀ ਕਾਫੀ ਹੇਠਾਂ ਚਲਾ ਗਿਆ ਹੈ ਜਿਸ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਇਸ ਦੀ ਸਾਂਭ-ਸੰਭਾਲ ਵੱਲ ਕਾਰਗਰ ਕਦਮ ਉਠਾਉਣੇ ਚਾਹੀਦੇ ਹਨ। ਨਹਿਰਾਂ ਨਾਲ ਜੁੜੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੱਚੀਆਂ ਖਾਲਾਂ ਹੀ ਪਾਣੀ ਨਾਲ ਸਿੰਜਣ ਦਾ ਕੰਮ ਕਰ ਰਹੀਆਂ ਹਨ। ਇਨ੍ਹਾਂ ਕੱਚੀਆਂ ਖਾਲਾਂ ਨਾਲ ਜਿੱਥੇ ਕਾਫੀ ਪਾਣੀ ਅਜਾਈਂ ਚਲਾ ਜਾਂਦਾ ਹੈ, ਉੱਥੇ ਇਨ੍ਹਾਂ ਦੇ ਵਾਰ-ਵਾਰ ਟੁੱਟਣ ਕਾਰਨ ਕਿਸਾਨਾਂ ਦੇ ਆਪਸੀ ਝਗੜੇ ਵੀ ਹੁੰਦੇ ਹਨ। ਕਿਸਾਨ ਇਨ੍ਹਾਂ ਖਾਲਾਂ ਨੂੰ ਇਕ-ਦੂਜੇ 'ਤੇ ਜਾਣ-ਬੁੱਝ ਕੇ ਤੋੜਨ ਦਾ ਇਲਜ਼ਾਮ ਵੀ ਲਗਾਉਂਦੇ ਹਨ ਤੇ ਨੌਬਤ ਇਕ-ਦੂਜੇ ਨੂੰ ਮਾਰਨ ਤੱਕ ਪਹੁੰਚ ਜਾਂਦੀ ਹੈ। ਇਨ੍ਹਾਂ ਕੱਚੀਆਂ ਖਾਲਾਂ ਦੇ ਹੋਰ ਬਹੁਤ ਸਾਰੇ ਨੁਕਸਾਨ ਹਨ ਜਿਨ੍ਹਾਂ 'ਤੇ ਠੱਲ੍ਹ ਪਾਉਣ ਲਈ ਜ਼ਮੀਨਦੋਜ਼ ਨਾਲੀਆਂ ਵਾਲਾ ਪ੍ਰੋਜੈਕਟ ਹੀ ਕਾਰਗਰ ਸਾਬਤ ਹੋ ਸਕਦਾ ਹੈ। ਸਰਕਾਰਾਂ ਵੱਲੋਂ ਇਹ ਪ੍ਰੋਜੈਕਟ ਲਗਾਉਣ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਪਾਈਪ ਲਾਈਨਾਂ ਵਿਛਾ ਕੇ ਇਸ ਦੇ ਫਾਇਦੇ ਲੈ ਸਕਣ। ਇਨ੍ਹਾਂ ਖਾਲਾਂ ਨਾਲ ਜੁੜੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਆਪਸ ਵਿਚ ਇਕੱਠੇ ਹੋ ਕੇ ਇਹ ਪਾਈਪ ਲਾਈਨਾਂ ਵਿਛਾਉਣ ਲਈ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਜ਼ਮੀਨਾਂ ਉੱਚੀਆਂ ਨੀਵੀਂਆਂ ਹੋਣ ਕਾਰਨ ਕੱਚੀਆਂ ਖਾਲਾਂ ਰਾਹੀਂ ਪਾਣੀ ਦਾ ਸਹੀ ਤਰ੍ਹਾਂ ਵਹਾਅ ਨਹੀਂ ਹੁੰਦਾ। ਨਹਿਰਾਂ ਤੋਂ ਲੈ ਕੇ ਜਿੱਥੋਂ ਤੱਕ ਵੀ ਕਿਸਾਨ ਇਨ੍ਹਾਂ ਖਾਲਾਂ ਨਾਲ ਜੁੜੇ ਹੋਏ ਹਨ, ਪਾਈਪ ਲਾਈਨ ਵਿਛਾ ਕੇ ਪਾਣੀ ਸਹੀ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾ ਸਕੇਗਾ। ਇਨ੍ਹਾਂ ਜ਼ਮੀਨਦੋਜ਼ ਨਾਲੀਆਂ ਵਾਲਾ ਪ੍ਰੋਜੈਕਟ ਲਗਾ ਕੇ ਕੱਚੀਆਂ ਖਾਲਾਂ ਹੇਠ ਆਉਂਦਾ ਰਕਬਾ ਵੀ ਵਾਹੀ ਯੋਗ ਹੋ ਜਾਵੇਗਾ। ਦੂਜੇ ਪਾਸੇ ਚੂਹਿਆਂ ਦੁਆਰਾ ਕੱਚੀਆਂ ਖਾਲਾਂ ਵਿਚ ਪੁੱਟੀਆਂ ਜਾਂਦੀਆਂ ਖੁੱਡਾਂ ਨਾਲ ਹੁੰਦੀ ਪਾਣੀ ਦੀ ਬਰਬਾਦੀ ਵੀ ਬਚੇਗੀ ਅਤੇ ਇਨ੍ਹਾਂ ਖਾਲਾਂ ਵਿਚ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣਦੇ ਨਦੀਨਾਂ ਤੋਂ ਵੀ ਛੁਟਕਾਰਾ ਮਿਲੇਗਾ। ਕਿਸਾਨਾਂ ਦੇ ਆਪਸੀ ਝਗੜੇ ਵੀ ਨਹੀਂ ਹੋਣਗੇ। ਜਿਸ ਕਿਸਾਨ ਦੀ ਰਾਤ ਵੇਲੇ ਪਾਣੀ ਦੀ ਵਾਰੀ ਹੁੰਦੀ ਹੈ, ਉਸ ਨੂੰ ਸਾਰੀ ਰਾਤ ਜਾਗ ਕੇ ਇਸ ਖਾਲ 'ਤੇ ਪਹਿਰਾ ਦੇਣਾ ਪੈਂਦਾ ਹੈ ਤੇ ਟੁੱਟਣ 'ਤੇ ਇਕੱਲੇ ਕਿਸਾਨ ਲਈ ਇਸ ਪਾੜ ਨੂੰ ਪੁਰ ਕਰਨ 'ਚ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਾਈਪ ਲਾਈਨ ਪਾਉਣ 'ਤੇ ਰਾਤ ਦੀ ਵਾਰੀ ਵਾਲੇ ਕਿਸਾਨ ਇਸ ਖੱਜਲ ਖ਼ੁਆਰੀ ਤੋਂ ਛੁਟਕਾਰਾ ਪਾ ਸਕਣਗੇ ਅਤੇ ਉਹ ਇਨ੍ਹਾਂ ਕੱਚੀਆਂ ਖਾਲਾਂ ਦੇ ਟੁੱਟਣ ਦੇ ਝੰਜਟ ਤੋਂ ਚਿੰਤਾ ਮੁਕਤ ਹੋ ਕੇ ਆਪਣੀ ਜ਼ਮੀਨ ਨੂੰ ਪਾਣੀ ਲਗਾ ਸਕਣਗੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਾਈਪ ਲਾਈਨ ਲਗਾਉਣ ਨੂੰ ਤਰਜੀਹ ਦੇਣ। ਇਸ ਨਾਲ ਸਾਰੀ ਜ਼ਮੀਨ ਨੂੰ ਪਾਣੀ ਲੱਗ ਸਕੇਗਾ, ਉਨ੍ਹਾਂ ਦਾ ਸਮਾਂ ਵੀ ਬਚੇਗਾ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ। ਜੋ ਜ਼ਮੀਨ ਕੱਚੀਆਂ ਖਾਲਾਂ ਹੇਠ ਆਉਂਦੀ ਹੈ, ਉਸ ਉੱਤੇ ਫ਼ਸਲਾਂ ਉਗਾਈਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਕੱਚੀਆਂ ਖਾਲਾਂ ਦੀ ਸਾਂਭ-ਸੰਭਾਲ 'ਤੇ ਜੋ ਲੇਬਰ ਖ਼ਰਚ ਆਉਂਦੀ ਹੈ, ਉਹ ਵੀ ਬਚੇਗੀ ਅਤੇ ਜ਼ਿਮੀਂਦਾਰ ਦੀ ਆਮਦਨ ਵਿਚ ਵਾਧਾ ਹੋਵੇਗਾ।

ਈਮੇਲ : inder7@gmail.com


ਖ਼ਬਰ ਸ਼ੇਅਰ ਕਰੋ

ਨੌਜਵਾਨ ਘੋੜਾ ਪਾਲਕ-ਸੁਖਪਾਲ ਸਿੰਘ ਦਿਆਲਪੁਰਾ

ਜ਼ਿਲ੍ਹਾ ਲੁਧਿਆਣਾ ਦਾ ਪਿੰਡ ਦਿਆਲਪੁਰਾ ਸਮਰਾਲੇ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਚੰਡੀਗੜ੍ਹ ਰੋਡ 'ਤੇ ਸਥਿਤ ਹੈ। ਇਸ ਪਿੰਡ ਦੇ ਨੌਜਵਾਨ ਘੋੜਾ ਪਾਲਕ ਸੁਖਪਾਲ ਸਿੰਘ ਨੇ ਘੋੜਿਆਂ ਦੇ ਖੇਤਰ ਅੰਦਰ ਇਕ ਨਵੀਂ ਅੰਗੜਾਈ ਭਰੀ ਹੈ। ਸੁਖਪਾਲ ਸਿੰਘ ਨੇ ਪਿਤਾ ਸ: ਗੁਰਬਚਨ ਸਿੰਘ ਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੇ ਘਰ 10 ਦਸੰਬਰ, 1975 ਨੂੰ ਰੌਣਕਾਂ ਲਾਈਆਂ। ਉਸ ਨੇ ਗਰੈਜੂਏਸ਼ਨ ਮਾਲਵਾ ਕਾਲਜ ਬੌਂਦਲੀ ਤੋਂ ਕੀਤੀ। ਖੇਤੀਬਾੜੀ ਦੇ ਨਾਲ-ਨਾਲ ਉਸ ਨੇ ਪਹਿਲਾਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਪਰ ਇਹ ਕੰਮ ਉਸ ਨੂੰ ਬਹੁਤਾ ਰਾਸ ਨਹੀਂ ਆਇਆ। ਹੁਣ ਉਸ ਦਾ ਸਮਰਾਲੇ ਵਿਖੇ ਪ੍ਰਾਪਰਟੀ ਦਾ ਚੰਗਾ ਕਾਰੋਬਾਰ ਹੈ। ਘੋੜਿਆਂ ਦੇ ਸ਼ੌਕ ਦੀ ਗੁੜ੍ਹਤੀ ਉਸ ਨੂੰ ਆਪਣੇ ਦਾਦਾ ਜੀ ਤੋਂ ਮਿਲੀ ਜੋ ਕਿ ਆਪਣੇ ਸਮੇਂ ਵਿਚ ਚੰਗੀ ਘੋੜੀ ਰੱਖਣ ਦੇ ਸ਼ੌਕੀਨ ਸਨ। ਸਾਲ 2000 ਵਿਚ ਉਸ ਨੇ ਬੜੇ ਚਾਵਾਂ ਤੇ ਮਲਾਰ੍ਹਾਂ ਨਾਲ ਆਪਣੀ ਪਹਿਲੀ ਵਛੇਰੀ ਲਿਆਂਦੀ ਜੋ ਕਿ 18 ਮਹੀਨਿਆਂ ਦੀ ਹੋ ਕੇ ਰੱਬ ਨੂੰ ਪਿਆਰੀ ਹੋ ਗਈ। ਇਸ ਨਾਲ ਉਸ ਦਾ ਮਨ ਟੁੱਟ ਗਿਆ ਪਰ ਇਲਾਕੇ ਵਿਚ ਹੁੰਦੇ ਪਸ਼ੂ-ਧਨ ਮੁਕਾਬਲਿਆਂ ਵਿਚ ਜਦੋਂ ਉਹ ਲੋਕਾਂ ਦੇ ਚੰਗੇ ਘੋੜੇ-ਘੋੜੀਆਂ ਵੇਖਦਾ ਤਾਂ ਉਸ ਅੰਦਰ ਫਿਰ ਤੋਂ ਘੋੜੇ ਰੱਖਣ ਦਾ ਸ਼ੌਕ ਜਾਗ ਉੱਠਿਆ। ਸੰਨ 2013 ਵਿਚ ਉਸ ਨੇ ਇਕੱਠੀਆਂ 6 ਘੋੜੀਆਂ ਲਿਆਂਦੀਆਂ। ਇਸ ਸਮੇਂ ਉਸ ਕੋਲ ਨੁੱਕਰਾ ਸੁਲਤਾਨ ਵਛੇਰਾ, ਉਮਰ ਢਾਈ ਸਾਲ ਤੇ ਕੱਦ 61 ਇੰਚ, ਬਿੱਲੂ ਕਲਾਰਾਂ ਤੋਂ ਲਿਆਂਦਾ ਹੈਦਰ ਵਛੇਰੇ ਤੋਂ ਇਲਾਵਾ ਨੁੱਕਰੀ ਘੋੜੀ ਛੀਨੂ, ਕੱਦ 62 ਇੰਚ ਤੇ ਡਾਈਨਾ ਘੋੜੀ (ਰੋਇਟ ਵਾਲੇ ਘੋੜੇ ਦੀ ਬੱਚੀ) ਸਮੇਤ 4 ਜਾਨਵਰ ਹਨ। ਉਹ ਆਪਣੇ ਘੋੜਿਆਂ ਲਈ ਮੈਡੀਕਲ ਸੇਵਾਵਾਂ ਡਾ: ਕਰਮਜੀਤ ਸਿੰਘ ਬਰਨਾਲਾ ਤੋਂ ਲੈਂਦਾ ਹੈ ਪਰ ਘੋੜਿਆਂ ਦੇ ਸ਼ੌਕ ਵਿਚ ਉਸ ਨੂੰ ਬਾਬਾ ਦਰਸ਼ਨ ਸਿੰਘ ਸ਼ਮਸ਼ਪੁਰ, ਨੀਟਾ ਗੋਹਵਾਲਾ ਤੇ ਜੌਨੀ ਮੋਹਣਮਾਜਰਾ ਦਾ ਬਹੁਤ ਸਹਿਯੋਗ ਹਾਸਲ ਹੈ। ਉਸ ਦੀ ਪਤਨੀ ਸੁਖਦੀਪ ਕੌਰ, ਬੇਟੀ ਹਰਪ੍ਰੀਤ ਕੌਰ ਜੋ ਕਿ ਬੀ.ਡੀ.ਐਸ. ਕਰ ਰਹੀ ਹੈ ਅਤੇ ਬੇਟੇ ਪਰਮਜੀਤ ਸਿੰਘ ਨੂੰ ਵੀ ਘੋੜਿਆਂ ਦਾ ਚੰਗਾ ਸ਼ੌਕ ਹੈ। ਉਸ ਦਾ ਬੇਟਾ ਪਰਮਜੀਤ ਸਿੰਘ ਬਹੁਤ ਵਧੀਆ ਘੋੜ ਸਵਾਰੀ ਕਰ ਲੈਂਦਾ ਹੈ। ਉਸ ਦੀ ਇੱਛਾ ਹੈ ਕਿ ਉਸ ਦੇ ਅਸਤਬਲ ਵਿਚ ਹਿੰਦੁਸਤਾਨ ਦਾ ਸਭ ਤੋਂ ਖ਼ੂਬਸੂਰਤ ਘੋੜਾ ਹੋਵੇ, ਇਸ ਮਿਸ਼ਨ ਲਈ ਉਹ ਪੂਰੀ ਲਗਨ ਤੇ ਮਿਹਨਤ ਨਾਲ ਲੱਗਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਵਿਚ ਘੋੜਿਆਂ ਦੀਆਂ ਖੇਡਾਂ ਏਸ਼ੀਅਨ ਖੇਡਾਂ ਤੇ ਉਲੰਪਿਕ ਖੇਡਾਂ ਦੇ ਈਵੈਂਟਾਂ 'ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ ਕਿ ਘੋੜੇ ਪਾਲਣ ਦਾ ਫਾਇਦਾ ਤਾਂ ਹੀ ਹੈ ਜੇਕਰ ਇਨ੍ਹਾਂ ਨੂੰ ਨੁਮਾਇਸ਼ਾਂ ਵਿਚੋਂ ਕੱਢ ਕੇ ਇਨ੍ਹਾਂ ਤੋਂ ਵੱਧ ਤੋਂ ਵੱਧ ਕੰਮ ਅਤੇ ਮਨੋਰੰਜਨ ਲਈ ਵਰਤਿਆ ਜਾਵੇ। ਸ੍ਰੀ ਮੁਕਤਸਰ ਸਾਹਿਬ ਵਿਖੇ ਜਗਰਾਉਂ ਦੀ ਤਰ੍ਹਾਂ ਪੱਕੀ ਘੋੜਿਆਂ ਦੀ ਮੰਡੀ ਬਣਾਉਣਾ ਸਮੇਂ ਦੀ ਇਕ ਵੱਡੀ ਜ਼ਰੂਰਤ ਹੈ। ਪੰਜਾਬ ਸਰਕਾਰ ਨੂੰ ਘੋੜਾ ਪਾਲਕਾਂ ਲਈ ਘੋੜੇ ਲੈਣ ਲਈ ਸਬਸਿਡੀ 'ਤੇ ਕਰਜ਼ਾ ਅਤੇ ਬੀਮਾ ਸਕੀਮ ਵੀ ਸ਼ੁਰੂ ਕਰਨੀ ਚਾਹੀਦੀ ਹੈ।

-ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ)
ਮੋਬਾ : 98155-35596.

ਇਸ ਵਰ੍ਹੇ ਕਣਕ ਦਾ ਭਰਪੂਰ ਉਤਪਾਦਨ ਹੋਣ ਦੀ ਸੰਭਾਵਨਾ

ਕਣਕ ਦੀ ਫ਼ਸਲ ਬੜੀ ਆਸ਼ਾਜਨਕ ਹੈ। ਉਤਪਾਦਨ ਤੇ ਉਤਪਾਦਕਤਾ ਵਧਣ ਦੀ ਸੰਭਾਵਨਾ ਹੈ। ਕਾਸ਼ਤ ਅਧੀਨ ਰਕਬਾ 35.5 ਲੱਖ ਹੈਕਟੇਅਰ ਨੂੰ ਛੂਹ ਗਿਆ। ਬਿਜਾਈ ਲਗਭਗ ਖਤਮ ਹੈ। ਲੰਮੀ ਬਦਲਵਾਈ ਤੋਂ ਬਾਅਦ ਪਿਛਲੇ ਹਫਤੇ ਦੀ ਧੁੱਪ ਫ਼ਸਲ ਨੂੂੰ ਘਿਉ ਵਾਂਗ ਲੱਗੀ। ਭਾਵੇਂ ਇਸ ਸਾਲ ਯੂਰੀਆ ਖਾਦ ਦੀ ਘਾਟ ਰਹੀ ਅਤੇ ਕਿਸਾਨਾਂ ਨੂੰ ਸਖਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਨਿੱਜੀ ਉਪਰਾਲੇ ਕਰਕੇ ਅਤੇ ਕਈ ਥਾਵਾਂ 'ਤੇ ਨਾਈਟਰੋਜਨ ਦੇ ਐਜੋਟੋਬੈਕਟਰ ਬਾਇਓਫਰਟੀਲਾਈਜ਼ਰ ਜਿਹੇ ਬਦਲ ਵਰਤ ਕੇ ਅਤੇ ਇਕ-ਦੂਜੇ ਤੋਂ ਯੂਰੀਆ ਮੰਗ ਕੇ ਫ਼ਸਲ ਨੂੰ ਨੁਕਸਾਨ ਪਹੁੰਚਣ ਤੋਂ ਬਚਾ ਲਿਆ।
ਪਿਛਲੇ ਹਫਤੇ (12-17 ਜਨਵਰੀ) ਰਾਸ਼ਟਰੀ ਖੁਰਾਕ ਸੁੱਰਖਿਆ ਮਿਸ਼ਨ ਯੋਜਨਾ ਦੀ ਮੋਨੀਟੀਅਰਿੰਗ ਲਈ ਭਾਰਤ ਸਰਕਾਰ ਦੇ ਵ੍ਹੀਟ ਡਾਇਰੈਕਟਰ ਡਾ: ਜੀ. ਕੇ. ਚੌਧਰੀ ਦੀ ਸਰਪਰਸਤੀ 'ਚ ਡਾ: ਵੀ.ਐਸ. ਸੋਹੂ ਮੁੱਖੀ ਵ੍ਹੀਟ ਬਰੀਡਰ, ਪੰਜਾਬ ਖੇਤੀ 'ਵਰਸਿਟੀ, ਡਾ: ਆਰ. ਕੇ. ਯਾਦਵ, ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨਿਵਰਸਿਟੀ ਹਿਸਾਰ ਦੇ ਦਾਲਾਂ ਦੇ ਮੁਖੀ ਬਰੀਡਰ ਅਤੇ ਅਗਵਾਈ ਕਰ ਰਹੇ ਪੰਜਾਬ ਖੇਤੀਬਾੜੀ ਵਿਭਾਗ ਦੇ ਮਿਸ਼ਨ ਡਾਇਰੈਕਟਰ ਡਾ: ਐਚ. ਐਸ. ਭੱਟੀ 'ਤੇ ਆਧਾਰਿਤ ਟੀਮ ਨੇ ਜਲੰਧਰ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਆਦਿ ਜ਼ਿਲ੍ਹਿਆਂ ਦੀ ਪੰਜ-ਰੋਜ਼ਾ ਫੇਰੀ ਪਾ ਕੇ ਕਣਕ ਦੀ ਫ਼ਸਲ ਦਾ ਮੁਆਇਨਾ ਕਰਨ ਤੋਂ ਬਾਅਦ ਪ੍ਰਗਟਾਵਾ ਕੀਤਾ ਕਿ ਕਣਕ ਦੀ ਭਰਪੂਰ ਫ਼ਸਲ ਹੋਣ ਦੇ ਪੂਰੇ ਆਸਾਰ ਦਿਖਾਈ ਦੇ ਰਹੇ ਹਨ। ਜੋ ਇਸ ਸਾਲ ਤਾਪਮਾਨ ਕਣਕ ਦੀ ਬਿਜਾਈ ਤੋਂ ਬਾਅਦ ਬਹੁਤਾ ਸਮਾਂ ਨਾਰਮਲ ਨਾਲੋਂ ਘੱਟ ਰਿਹਾ ਅਤੇ ਮੌਸਮ ਠੰਢਾ ਰਿਹਾ ਉਹ ਕਣਕ ਦੀ ਫ਼ਸਲ ਨੂੰ ਅਤਿ ਲਾਭਦਾਇਕ ਸੀ। ਅੰਨ ਸੁਰੱਖਿਆ ਮਿਸ਼ਨ ਵਲੋਂ ਆਈ ਇਸ ਟੀਮ ਨੇ ਮਿਸ਼ਨ ਪ੍ਰੋਗਰਾਮ ਥੱਲੇ ਦਿੱਤੇ ਜਾ ਰਹੇ ਖੇਤੀ ਸੰਦ, ਮਸ਼ੀਨਰੀ, ਬੀਜ ਅਤੇ ਕੀਟਨਾਸ਼ਕਾਂ ਸਬੰਧੀ ਵੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਮਿਸ਼ਨ ਡਾਇਰੈਕਟਰ ਡਾ: ਐਚ. ਐਸ. ਭੱਟੀ ਅਨੁਸਾਰ ਮੋਨੀਟੀਅਰਿੰਗ ਟੀਮ ਨੇ ਖੁਰਾਕ ਸੁੱਰਖਿਆ ਮਿਸ਼ਨ ਥੱਲੇ ਚਲ ਰਹੇ ਪ੍ਰੋਗਰਾਮ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਕ ਖ਼ੁਸ਼ਗੁਵਾਰ ਪਹਿਲੂ ਇਹ ਹੈ ਕਿ ਵਿਸ਼ਾਲ ਰਕਬੇ ਤੇ (ਜਿਸ ਦਾ ਅਨੁਮਾਨ ਤਿੰਨ- ਚੌਥਾਈ ਤੋਂ ਵੀ ਵੱਧ ਲਾਇਆ ਗਿਆ ਹੈ) ਬਿਮਾਰੀ- ਰਹਿਤ ਐਚ. ਡੀ. 2967 ਕਿਸਮ ਦਾ ਬੀਜਿਆ ਜਾਣਾ ਹੈ। ਇਸ ਕਿਸਮ ਨੇ ਡੇਢ ਦਹਾਕਾ ਪੁਰਾਣੀ ਪੀ. ਬੀ. ਡਬਲਿਊ. 343 ਕਿਸਮ ਜੋ ਕੁੰਗੀ ਦਾ ਸ਼ਿਕਾਰ ਹੋ ਜਾਣ ਕਾਰਨ ਆਪਣਾ ਦਰਜਾ ਗਵਾ ਬੈਠੀ ਸੀ ਅਤੇ ਜਿਸ ਦਾ ਝਾੜ ਗਿਰ ਕੇ ਕਾਫੀ ਥੱਲੇ ਆ ਗਿਆ ਸੀ, ਨੂੂੰ ਲਗਭਗ ਕਾਸ਼ਤ 'ਚੋਂ ਕੱਢ ਦਿੱਤਾ ਹੈ। ਟੀਮ ਦੀ ਅਗਵਾਈ ਕਰ ਰਹੇ ਮਿਸ਼ਨ ਡਾਇਰੈਕਟਰ ਭੱਟੀ ਨੇ ਦੱਸਿਆ ਕਿ ਪੀ. ਬੀ. ਡਬਲਿਊ. 550 ਕਿਸਮ ਵੀ ਕੇਵਲ ਅਜਿਹੇ ਕਿਸਾਨਾਂ ਨੇ ਬੀਜੀ ਹੋਈ ਹੈ ਜਿਨ੍ਹਾਂ ਨੂੰ ਵਿਖਾਵੇ ਦੇ ਪਲਾਟ ਲਾਉਣ ਲਈ ਬੀਜ ਮੁਫਤ ਮੁਹੱਈਆ ਕੀਤਾ ਗਿਆ ਸੀ ਜਾਂ ਫਿਰ ਰਿਆਇਤੀ ਭਾਅ 'ਤੇ ਦਿੱਤਾ ਗਿਆ ਸੀ। ਕਿਤੇ ਕਿਤੇ ਐਚ. ਡੀ. 3086 ਜਾਂ ਡਬਲਿਊ ਐਚ. 1105 ਕਿਸਮਾਂ ਬੀਜੀਆਂ ਵੀ ਨਜ਼ਰ ਆਉਂਦੀਆਂ ਹਨ। ਪ੍ਰੰਤੂ ਬਹੁਤ ਘੱਟ ਰਕਬੇ 'ਤੇ। ਐਚ. ਡੀ. 2967 ਕਿਸਮ ਦੋ ਸਾਲ ਅਜ਼ਮਾਇਸ਼ ਕਰਕੇ ਕਿਸਾਨਾਂ ਨੇ ਬੜੀ ਲਾਹੇਵੰਦ ਪਾਈ ਜਿਸ ਦਾ ਪ੍ਰਤੀ ਹੈਕਟੇਅਰ ਝਾੜ ਦੂਜੀਆਂ ਸਭ ਕਿਸਮਾਂ ਨਾਲੋਂ ਵੱਧ ਰਿਹਾ। ਇਸ ਕਿਸਮ ਨੂੰ ਪੀਲੀ ਕੁੰਗੀ ਦੀ ਵੀ ਕਿਤੇ ਸ਼ਿਕਾਇਤ ਨਹੀਂ ਆਈ। ਇਸ ਕਿਸਮ 'ਚ ਕਿਸਾਨਾਂ ਅਨੁਸਾਰ ਵਾਧਾ ਇਹ ਵੀ ਹੈ ਕਿ ਇਸ ਵਿਚ ਤੂੜੀ ਦੀ ਮਾਤਰਾ ਸਭ ਦੂਜੀਆਂ ਕਿਸਮਾਂ ਨਾਲੋਂ ਜ਼ਿਆਦਾ ਹੋਣ ਕਾਰਨ ਇਹ ਲਾਹੇਵੰਦ ਹੈ। ਇਹ ਕਿਸਮ ਢਹਿੰਦੀ ਵੀ ਨਹੀਂ।
ਉਂਜ ਅਜੇ ਤੱਕ ਕਿਤੇ ਵੀ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਦਾ ਹਮਲਾ ਨਹੀਂ ਹੋਇਆ। ਸ੍ਰੀ ਅਨੰਦਪੁਰ ਸਾਹਿਬ (ਰੋਪੜ) ਅਤੇ ਬਲਾਚੌਰ (ਹੁਸ਼ਿਆਰਪੁਰ) ਵਿਖੇ ਪੀਲੀ ਕੁੰਗੀ ਦੇ ਹਮਲੇ ਦੀਆਂ ਰਿਪੋਰਟਾਂ ਜ਼ਰੂਰ ਸਨ ਪਰ ਇਸ ਦੀ ਸਰਕਾਰੀ ਤੌਰ 'ਤੇ ਤਸਦੀਕ ਨਹੀਂ ਹੋ ਸਕੀ। ਇਨ੍ਹਾਂ ਖੇਤਾਂ ਦੇ ਮਾਲਕਾਂ ਨੂੰ ਪੱਤੇ ਪੀਲੇ ਹੋਣ ਉਪਰੰਤ ਹੀ ਪੀਲੀ ਕੁੰਗੀ ਦੇ ਹਮਲੇ ਦਾ ਸ਼ੱਕ ਪੈ ਗਿਆ ਸੀ ਪਰ ਪੱਤਿਆਂ ਦਾ ਰੰਗ ਪੀਲਾ ਹੋਣ ਦਾ ਕਾਰਨ ਲਗਾਤਾਰ ਬਦਲਵਾਈ ਵਾਲੇ ਮੌਸਮ ਦਾ ਰਹਿਣਾ ਵੀ ਹੋ ਸਕਦਾ ਸੀ।
ਇਸ ਸਾਲ ਗੁੱਲੀਡੰਡਾ ਤੇ ਹੋਰ ਦੂਜੇ ਨਦੀਨ-ਨਾਸ਼ਕ ਕਰਨ ਲਈ ਸਲਫੋਸਲਫੂਰਾਨ ਅਤੇ ਕਲੋਡੀਨਾਫੋਪ ਗਰੁੱਪਾਂ ਦੀਆਂ ਦਵਾਈਆਂ ਦਾ ਛਿੜਕਾਅ ਜ਼ਰੂਰ ਲੇਟ ਹੋ ਗਿਆ। ਕੁਝ ਕਿਸਾਨਾਂ ਦੀ ਇਹ ਵੀ ਸੋਚਧਾਰਾ ਰਹੀ ਕਿ ਇਹ ਨਦੀਨ-ਨਾਸ਼ਕ ਕਣਕ ਬੀਜਣ ਤੋਂ 60 ਦਿਨ ਬਾਅਦ ਜਦੋਂ ਨਦੀਨ ਵੱਡੀ ਉਮਰ ਦੇ ਹੋ ਜਾਣ ਜ਼ਿਆਦਾ ਅਸਰ ਕਰਦੇ ਹਨ। ਮੌਸਮ ਸਾਫ ਹੁੰਦੇ ਹੀ ਕਿਸਾਨ ਦਵਾਈ ਦਾ ਛਿੜਕਾਅ ਤੇਜ਼ੀ ਨਾਲ ਕਰਨ ਲੱਗੇ। ਪ੍ਰੰਤੂ ਡਾ: ਭੱਟੀ ਅਤੇ ਦੂਜੇ ਖੇਤੀ ਮਾਹਿਰਾਂ ਅਨੁਸਾਰ ਇਹ ਸੋਚਧਾਰਾ ਸਹੀ ਨਹੀਂ। ਇਹ ਨਦੀਨ-ਨਾਸ਼ਕਾਂ ਨੂੰ ਪੂਰਾ ਪ੍ਰਭਾਵਸ਼ਾਲੀ ਹੋਣ ਲਈ ਕਣਕ ਬੀਜਣ ਦੇ 35 ਤੋਂ 45 ਦਿਨ ਦੇ ਦਰਮਿਆਨ ਛਿੜਕ ਦੇਣਾ ਚਾਹੀਦਾ ਹੈ। ਜੇ ਗੁੱਲੀਡੰਡਾ ਨਾਸ਼ ਨਾ ਹੋਵੇ ਤਾਂ ਇਹ ਖੇਤਾਂ 'ਚ 50 ਤੋਂ 60 ਫ਼ੀਸਦੀ ਤੱਕ ਝਾੜ ਘਟਾਉਣ ਦਾ ਕਾਰਨ ਬਣ ਜਾਂਦਾ ਹੈ।
ਭਾਰਤ ਦੀ ਅੰਨ ਸੁਰੱਖਿਆ ਲਈ ਪੰਜਾਬ 'ਚ ਕਣਕ ਉਤਪਾਦਨ ਤੇਜ਼ੀ ਨਾਲ ਵਧਾਉਣ ਦੀ ਲੋੜ ਹੈ ਤਾਂ ਜੋ ਭਾਰਤ ਦੀ 2020 ਤੱਕ ਤੇਜ਼ੀ ਨਾਲ ਵਧ ਰਹੀ ਆਬਾਦੀ ਲਈ ਮੁਨਾਸਿਬ ਕੀਮਤ 'ਤੇ ਹਰ ਆਮ ਵਿਅਕਤੀ ਨੂੰ ਖਾਣ ਲਈ ਅਨਾਜ ਮਿਲ ਸਕੇ। ਮੌਸਮ 'ਚ ਜੋ ਪਰਿਵਰਤਨ ਆ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਦੇ ਘੜਿਆਲ ਖੜਕ ਰਹੇ ਹਨ ਇਸ ਸਥਿਤੀ 'ਤੇ ਵੀ ਕਾਬੂ ਪਾਉਣ ਲਈ ਖੇਤੀ ਨੂੰ ਹੰਡਣਸਾਰ ਬਣਾਉਣਾ ਜ਼ਰੂਰੀ ਹੈ। ਜਿਸ ਲਈ ਨਵੀਆਂ ਤਕਨੀਕਾਂ, ਫ਼ਸਲਾਂ ਦੀਆਂ ਕਿਸਮਾਂ ਅਤੇ ਨਵੇਂ ਖੇਤੀ ਦੇ ਢੰਗ ਜੋ ਮੌਸਮ ਦੇ ਬਦਲਣ ਦਾ ਮੁਕਾਬਲਾ ਕਰ ਸਕਣ, ਸਮੇਂ-ਸਮੇਂ ਵਿਕਸਿਤ ਕਰਨੇ ਪੈਣਗੇ। ਮੁਕੰਮਲ ਅੰਨ ਸੁੱਰਖਿਆ ਲਈ ਇਕ ਲੱਖ ਕਰੋੜ ਰੁਪਿਆ ਲੋੜੀਂਦਾ ਹੈ ਜਿਸ ਵਿਚੋਂ 60 ਫ਼ੀਸਦੀ ਰੁਪਿਆ ਨਵੀਆਂ ਤਕਨੀਕਾਂ, ਫ਼ਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਮੌਸਮ 'ਚ ਆਉਣ ਵਾਲੀਆਂ ਤਬਦੀਲੀਆਂ ਦੇ ਮੁਕਾਬਲੇ ਲਈ ਖਰਚ ਕਰਨਾ ਲੋੜੀਂਦਾ ਹੋਵੇਗਾ। ਭਾਰਤ, ਪੰਜਾਬ ਅਤੇ ਹਰਿਆਣਾ 'ਚ ਅੰਨ ਉਤਪਾਦਨ ਵਿਚ ਖੜ੍ਹੋਤ ਜਾਂ ਕਮੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਇਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਜਿਸ ਲਈ ਘੱਟੋ-ਘੱਟ ਸਹਾਇਕ ਕੀਮਤ 'ਚ ਯੋਗ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਸਵਾਮੀਨਾਥਨ ਰਿਪੋਰਟ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ।

ਫੋਨ : 98152-36307

ਆਪਣੇ ਬੱਚਿਆਂ ਨਾਲ ਪੰਜਾਬੀਓ

ਕਿੰਨੀਆਂ ਹੀ ਸਪਰੇਆਂ ਕਰਦੇ
ਵੱਧ ਲੈਣ ਲਈ ਝਾੜ ਅਸੀਂ
ਆਪਣੇ ਬੱਚਿਆਂ ਨਾਲ ਪੰਜਾਬੀਓ
ਕਰ ਰਹੇ ਹਾਂ ਖਿਲਵਾੜ ਅਸੀਂ

ਕੀਟਨਾਸ਼ਕਾਂ ਦੇ ਵਰਤਾਰੇ
ਅੱਜ ਬਿਮਾਰ ਨੇ ਲੋਕੀਂ ਸਾਰੇ
ਸੋਹਣੀ ਧਰਤੀ ਆਪਣੇ ਹੱਥੀਂ
ਲੱਗੇ ਕਰਨ ਉਜਾੜ ਅਸੀਂ
ਆਪਣੇ ਬੱਚਿਆਂ ਨਾਲ ਪੰਜਾਬੀਓ
ਕਰ ਰਹੇ ਹਾਂ ਖਿਲਵਾੜ ਅਸੀਂ

ਜ਼ਹਿਰਾਂ ਮਿੱਟੀ ਵਿਚ ਮਿਲਾਉਂਦੇ
ਲਾਲਚੀ ਹੋ ਕੇ ਕਹਿਰ ਕਮਾਉਂਦੇ
ਝੋਨਾ ਵੱਢ ਕੇ ਨਹੀਂ ਸੋਚਦੇ
ਅੱਗ ਲਗਾਈਏ ਨਾੜ ਅਸੀਂ
ਆਪਣੇ ਬੱਚਿਆਂ ਨਾਲ ਪੰਜਾਬੀਓ
ਕਰ ਰਹੇ ਹਾਂ ਖਿਲਵਾੜ ਅਸੀਂ

ਦੂਸ਼ਿਤ ਹੋ ਹਏ ਹਵਾ ਤੇ ਪਾਣੀ
ਹੋਰ ਉਲਝਦੀ ਜਾਂਦੀ ਤਾਣੀ
ਹਸਪਤਾਲ ਭਰੇ ਨਾਲ ਮਰੀਜ਼ਾਂ
ਤਨ ਮਨ ਲਏ ਵਿਗਾੜ ਅਸੀਂ
ਆਪਣੇ ਬੱਚਿਆਂ ਨਾਲ ਪੰਜਾਬੀਓ
ਕਰ ਰਹੇ ਹਾਂ ਖਿਲਵਾੜ ਅਸੀਂ

-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ।
ਮੋਬਾਈਲ : 98728-68913.

ਘਰਾਂ 'ਚੋਂ ਅਲੋਪ ਹੋ ਰਹੀ ਚਾਨਣ ਦੀ ਲੋਅ ਲਾਲਟੈਨ

ਅੱਜ ਤੋਂ ਕਈ ਦਹਾਕੇ ਪਹਿਲਾਂ ਦੀ ਗੱਲ ਹੈ, ਜਦੋਂ ਮੇਰੇ ਦਾਦਾ-ਦਾਦੀ ਜੀ ਵੀ ਛੋਟੇ ਹੁੰਦੇ ਸਨ। ਉਨ੍ਹਾਂ ਵੇਲਿਆਂ ਵਿਚ ਬਿਜਲੀ ਵੀ ਨਹੀਂ ਸੀ ਹੁੰਦੀ, ਘਰਾਂ ਵਿਚ ਆਮ ਤੌਰ 'ਤੇ ਚਾਨਣ ਲਈ ਸਰ੍ਹੋਂ ਦੇ ਤੇਲ ਦੇ ਦੀਵੇ ਜਾਂ ਫਿਰ ਮਿੱਟੀ ਦੇ ਤੇਲ ਨਾਲ ਬਲਣ ਵਾਲੀ ਲਾਲਟੈਨ ਦੀ ਵਰਤੋਂ ਕੀਤੀ ਜਾਂਦੀ ਸੀ। ਦੀਵੇ ਦੀ ਲੋਅ ਨਾਲੋਂ ਲਾਲਟੈਨ ਦਾ ਚਾਨਣ ਪ੍ਰਪੱਕ ਮੰਨਿਆ ਜਾਂਦਾ ਸੀ, ਕਿਉਂਕਿ ਚਾਨਣ ਨੂੰ ਵੱਧ-ਘੱਟ ਕਰਨ ਲਈ ਇਸ ਦੀ ਬੱਤੀ ਨੂੰ ਹੇਠ-ਉੱਤੇ ਕੀਤਾ ਜਾ ਸਕਦਾ ਸੀ ਤੇ ਦੂਜਾ ਇਸ ਵਿਚ ਚਿਮਨੀ (ਕੱਚ ਦੀ) ਹੋਣ ਕਰਕੇ ਹਵਾ ਆਦਿ ਦਾ ਵੀ ਅਸਰ ਘੱਟ ਹੀ ਹੁੰਦਾ ਸੀ।
ਉਨ੍ਹਾਂ ਵੇਲਿਆਂ ਵਿਚ ਸੁਆਣੀਆਂ ਜਾਂ ਧੀਆਂ-ਧਿਆਣੀਆਂ ਘਰ ਦਾ ਸਾਰਾ ਕੰਮ ਜਾਂ ਕੱਢ-ਕਢਾਈ ਦਾ ਕੰਮ ਲਾਲਟੈਨ ਦੀ ਲੋਅ ਵਿਚ ਹੀ ਕਰਿਆ ਕਰਦੀਆਂ ਸਨ। ਸਮਾਂ ਬਦਲਿਆ, ਬਿਜਲੀ ਨੇ ਪੈਰ ਪਸਾਰੇ। ਪਿੰਡਾਂ ਵਿਚ ਬਿਜਲੀ ਦੀ ਸਪਲਾਈ ਚਾਲੂ ਹੋਈ, ਪਰ ਫਿਰ ਵੀ ਬਿਜਲੀ ਦੇ ਕੱਟਾਂ ਦੀ ਜਗ੍ਹਾ ਲੈਲਟਾਨ ਦੇ ਚਾਨਣ ਨਾਲ ਹੀ ਪੂਰੀ ਕੀਤੀ ਜਾਂਦੀ ਰਹੀ। ਪਰ ਅੱਜ ਵਿਗਿਆਨਕ ਯੁੱਗ ਨੇ ਏਨੀ ਤਰੱਕੀ ਕਰ ਲਈ ਹੈ ਕਿ ਲਾਲਟੈਨ ਵਰਗੀ ਚਾਨਣ ਦੀ ਲੋਅ ਸਾਡੇ ਤੋਂ ਪੂਰੀ ਤਰ੍ਹਾਂ ਖੋਹ ਲਈ ਹੈ ਅਤੇ ਲਾਲਟੈਨ ਹਰ ਘਰ ਵਿਚੋਂ ਅਲੋਪ ਹੋ ਗਈ ਹੈ, ਕਿਉਂਕਿ ਬਿਜਲੀ ਦੇ ਕੱਟਾਂ ਦੀ ਜਗ੍ਹਾ ਇਨਵਰਟਰਾਂ ਨੇ ਮੱਲ ਲਈ ਹੈ ਭਾਵ ਬਿਜਲੀ ਦੇ 5-7 ਘੰਟਿਆਂ ਦੇ ਕੱਟ ਦਾ ਪਤਾ ਹੀ ਨਹੀਂ ਲਗਦਾ ਤੇ ਸਾਨੂੰ ਚਾਨਣ ਮਿਲਦਾ ਰਹਿੰਦਾ ਹੈ।
ਅੰਤ ਵਿਚ ਮੈਂ ਇਹੀ ਕਹਾਂਗੀ ਕਿ ਅੱਜ ਇਹ ਸਾਨੂੰ ਵਿਰਸੇ ਵਿਚ ਮਿਲੇ ਸੱਭਿਅਕ ਅੰਸ਼ ਖਤਮ ਹੋ ਰਹੇ ਹਨ, ਜਿਨ੍ਹਾਂ ਬਾਰੇ ਸਾਡੀ ਅੱਜ ਦੀ ਪੀੜ੍ਹੀ ਬਿਲਕੁਲ ਹੀ ਅਣਜਾਣ ਹੈ। ਲਾਲਟੈਨ ਬਾਰੇ ਅਜੋਕੀ ਪੀੜ੍ਹੀ ਨੂੰ ਕੁਝ ਵੀ ਪਤਾ ਨਹੀਂ ਹੈ।

-ਪਿੰਡ ਤੇ ਡਾਕ: ਸ਼ਾਹਪੁਰ ਕਲਾਂ, ਪੱਤੀ ਝੁਨੀਰ ਵਾਲੀ, ਨੇੜੇ ਚੀਮਾ ਮੰਡੀ (ਸੰਗਰੂਰ)। ਮੋਬਾ: 94654-96447

ਵਿਰਸੇ ਦੀਆਂ ਬਾਤਾਂ

ਮੇਲਿਆਂ ਦੀ ਸ਼ਾਨ ਨੇ ਆਪਣੇ ਜ਼ੋਰ ਦਾ ਪ੍ਰਗਟਾਵਾ ਕਰਨ ਵਾਲੇ ਇਹ ਲੋਕ

ਪੰਜਾਬੀ ਵਿਰਸੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਪਹਿਨਣ-ਪੱਚਰਣ, ਰਹਿਣ-ਸਹਿਣ, ਖਾਣ-ਪੀਣ, ਗੀਤ-ਸੰਗੀਤ ਤੇ ਮਨੋਰੰਜਨ ਦੇ ਬਾਕੀ ਤਰੀਕੇ ਅੰਦਰੋਂ ਫੁੱਟਦੇ ਸਨ, ਇਸ ਲਈ ਪੈਸਾ-ਟਕਾ ਖਰਚਣ ਦੀ ਬਹੁਤੀ ਲੋੜ ਨਹੀਂ ਸੀ ਪੈਂਦੀ। ਅੱਜ ਅਸੀਂ ਹਰ ਗੱਲ ਲਈ ਬਾਜ਼ਾਰ 'ਤੇ ਨਿਰਭਰ ਹੋ ਗਏ ਹਾਂ, ਪਰ ਪਹਿਲੇ ਵੇਲ਼ੇ ਨੂੰ ਦੇਖੀਏ ਤਾਂ ਆਪਣੀਆਂ ਲੋੜਾਂ ਮੁਤਾਬਕ ਮਨੋਰੰਜਨ, ਖਾਣ-ਪੀਣ ਤੇ ਗੀਤ-ਸੰਗੀਤ ਖੁਦ ਪੈਦਾ ਕੀਤਾ ਜਾਂਦਾ ਸੀ।
ਇਹ ਉਹ ਵੇਲ਼ਾ ਸੀ, ਜਦੋਂ ਆਮਦਨ ਦੇ ਵਸੀਲੇ ਅੱਜ ਜਿੰਨੇ ਨਹੀਂ ਸਨ। ਜਦੋਂ ਨਾ ਪਿੰਡਾਂ ਵਿਚ ਅੱਜ ਵਾਂਗ ਟੈਲੀਵੀਜ਼ਨ ਪ੍ਰਵਾਨਤ ਹੋਇਆ ਸੀ, ਨਾ ਇੰਟਰਨੈੱਟ ਸੀ ਤੇ ਨਾ ਹੋਰ ਚੀਜ਼ਾਂ। ਪਿੰਡਾਂ ਵਿਚ ਅਖਾੜੇ ਲੱਗਦੇ ਸਨ, ਪਹਿਲਵਾਨ ਘੁਲਦੇ ਸਨ, ਮੇਲਿਆਂ ਵਿਚ ਜ਼ੋਰ ਦੀ ਅਜ਼ਮਾਇਸ਼ ਕਰਨ ਵਾਲੇ ਲੋਕ ਬਿਨ ਬੁਲਾਇਆਂ ਆਉਂਦੇ ਤੇ ਜਿਸ ਦੀ ਕਲਾ ਜਿੰਨਾ ਹੈਰਾਨ ਕਰਦੀ, ਉਸ ਦੀ ਝੋਲੀ ਪੈਸਿਆਂ ਨਾਲ ਓਨੀ ਜ਼ਿਆਦਾ ਭਰਦੀ। ਸਾਡੇ ਪਿੰਡ ਦੇ ਇਕ ਬਜ਼ੁਰਗ ਦੇ ਦੱਸਣ ਮੁਤਾਬਕ, 'ਜਵਾਨੀ ਵੇਲ਼ੇ ਮੈਂ ਅੱਖੀਂ ਦੇਖਿਆ ਕਿ ਜਿਹੜਾ ਬੰਦਾ ਭਾਰ ਚੁੱਕਣ, ਡੰਡ ਮਾਰਨ, ਮੂੰਗਲੀਆਂ ਫੇਰਨ, ਭਾਰ ਖਿੱਚਣ ਜਾਂ ਹੋਰ ਕੰਮਾਂ ਵਿਚ ਸੰਭਾਵਨਾਵਾਂ ਭਰਪੂਰ ਹੋਵੇ, ਜੋ ਪਿੰਡ ਦਾ ਨਾਂਅ ਰੌਸ਼ਨ ਕਰ ਸਕਦਾ ਹੋਵੇ, ਪਿੰਡ ਵਾਲਿਆਂ ਵੱਲੋਂ ਉਸ ਦੀ ਖੁਰਾਕ ਤੇ ਬਾਕੀ ਲੋੜਾਂ ਦਾ ਖਿਆਲ ਰੱਖਿਆ ਜਾਂਦਾ ਤਾਂ ਜੁ ਉਹ ਬਿਨਾਂ ਕਿਸੇ ਫ਼ਿਕਰ ਆਪਣੀ ਕਲਾ ਨਾਲ ਜੁੜਿਆ ਰਹੇ। ਪਰ ਹੁਣ ਕੋਈ ਸਕੇ-ਸਬੰਧੀ ਜਾਂ ਖੂਨ ਦੇ ਰਿਸ਼ਤੇ ਵਾਲੇ ਨੂੰ ਦੁਆਨੀ ਦੇ ਕੇ ਰਾਜ਼ੀ ਨਹੀਂ ਤਾਂ ਕਲਾਵਾਨਾਂ ਨੂੰ ਕਿਸੇ ਨੇ ਕੀ ਦੇਣੈ...।'
ਇਸ ਤਸਵੀਰ ਨੂੰ ਗੌਰ ਨਾਲ ਦੇਖੋ। ਅੱਜ ਵੀ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿਚ ਦੰਦਾਂ ਨਾਲ ਟਰੈਕਟਰ ਖਿੱਚਣ, ਹਲ਼ ਚੁੱਕਣ, ਕੁਇੰਟਲਾਂ ਦੇ ਹਿਸਾਬ ਨਾਲ ਭਾਰ ਚੁੱਕਣ ਦੀ ਕਲਾ ਦਾ ਪ੍ਰਗਟਾਵਾ ਕਰਨ ਵਾਲੇ ਸ਼ਖਸ ਮਿਲ ਜਾਂਦੇ ਨੇ, ਪਰ ਪਹਿਲੇ ਵੇਲ਼ਿਆਂ ਵਿਚ ਇਹ ਦ੍ਰਿਸ਼ ਅੱਜ ਨਾਲੋਂ ਜ਼ਿਆਦਾ ਦਿਖਾਈ ਦਿੰਦੇ ਸਨ। ਅੱਜ ਇਹ ਵਰਾਇਟੀ ਦੇ ਤੌਰ 'ਤੇ ਦਿਸਦੇ ਹਨ ਤੇ ਇਨ੍ਹਾਂ ਕਲਾਵਾਂ ਨੂੰ ਦੇਖ ਭਾਵੇਂ ਦਰਸ਼ਕਾਂ ਨੂੰ ਬਹੁਤੀ ਹੈਰਾਨੀ ਨਾ ਹੁੰਦੀ ਹੋਵੇ, ਪਰ ਜਿਸ ਨੇ ਇਹ ਕਾਰਨਾਮਾ ਕਰ ਦਿਖਾਉਣਾ ਹੋਵੇ, ਉਸ ਨੇ ਇਸ ਸਭ ਲਈ ਕਿੰਨੀ ਮਿਹਨਤ ਕੀਤੀ ਤੇ ਇਹ ਕਰਨ ਵੇਲ਼ੇ ਉਸ ਦੇ ਅੰਦਰ ਕੀ-ਕੀ ਚੱਲ ਰਿਹਾ ਹੋਏਗਾ, ਇਹ ਸਿਰਫ਼ ਸਬੰਧਤ ਸ਼ਖਸ ਹੀ ਜਾਣ ਸਕਦੈ।
ਪਿਛਲੇ ਸਾਲ ਮੈਂ ਇਕ ਖੇਡ ਮੇਲੇ 'ਤੇ ਗਿਆ ਸਾਂ। ਬਾਹਾਂ ਤੋਂ ਸੱਖਣੇ ਇਕ ਨੌਜਵਾਨ ਨੇ ਪੰਜ ਜਣੇ ਮੋਟਰਸਾਈਕਲ 'ਤੇ ਬਿਠਾ ਕੇ ਦੰਦਾਂ ਨਾਲ ਖਿੱਚਿਆ ਤੇ ਇਹ ਸਭ ਕਰਨ ਬਦਲੇ ਉਸ ਨੂੰ ਮਸੀਂ ਦੋ-ਤਿੰਨ ਸੌ ਰੁਪਿਆ ਇਕੱਠਾ ਹੋਇਆ ਹੋਏਗਾ। ਮੇਰੀ ਜਾਚੇ ਅੱਜ ਅਸੀਂ ਇਨ੍ਹਾਂ ਕਲਾਵਾਂ ਦੀ ਕਦਰ ਘਟਾਉਂਦੇ ਜਾ ਰਹੇ ਹਾਂ, ਜਦਕਿ ਪਹਿਲਾ ਵੇਲ਼ਾ ਕਲਾ ਦੀ ਕਦਰ ਦੇ ਪੱਖ ਤੋਂ ਉੱਤਮ ਸੀ। ਮਨੋਰੰਜਨ ਭਾਵੇਂ ਵਧ ਗਿਆ ਹੈ, ਪਰ ਆਪਣੀਆਂ ਕਲਾਵਾਂ ਨਾਲ ਲੋਕਾਂ ਨੂੰ ਹੈਰਾਨ ਕਰਨ ਵਾਲਿਆਂ ਦਾ ਜਜ਼ਬਾ ਲੋਕਾਂ ਦੀ ਬੇਰੁਖੀ ਕਰਕੇ ਘਟਿਆ ਹੈ। ਅਸੀਂ ਉਨ੍ਹਾਂ ਲੋਕਾਂ ਦੇ ਕਦਰਦਾਨ ਹਾਂ, ਜਿਹੜੇ ਆਪਣੀ ਮਿਹਨਤ ਅਤੇ ਜ਼ੋਰ ਸਦਕਾ ਅੱਜ ਵੀ ਮੇਲਿਆਂ ਦੀ ਸ਼ਾਨ ਬਣ ਜਾਂਦੇ ਨੇ।

-37, ਪ੍ਰੀਤ ਇਨਕਲੇਵ, ਯੂਨੀਵਰਸਿਟੀ ਰੋਡ, ਜਲੰਧਰ।
98141-78883 ਮੋ.

ਮੈਂ ਕਦੇ ਡੁੱਬਦਾ ਨਹੀਂ

ਮੈਂ ਸੂਰਜ ਹਾਂ, ਮੈਂ ਕਦੇ ਵੀ ਅਧੂਰਾ ਨਹੀਂ ਹੁੰਦਾ, ਮੈਂ ਹਰ ਵਕਤ ਆਪਣੇ ਪੂਰੇ ਜਲਾਲ ਵਿਚ ਰਹਿੰਦਾ ਹਾਂ, ਇਹ ਤਾਂ ਤੁਸੀਂ ਹੀ ਹੋ ਜੋ, ਆਪਣੀ ਘੁੰਮਦੀ ਧਰਤੀ ਤੇ ਬੈਠ ਮੇਰੇ ਆਲੇ ਦੁਆਲੇ ਗੇੜੇ ਕੱਢਦੇ ਰਹਿੰਦੇ ਹੋ। ਦਿਨ-ਰਾਤ ਆਪ ਸਿਰਜਦੇ ਹੋ ਤੇ ਰੁੱਤਾਂ ਦਾ ਕਾਰਨ ਆਪਣੀ ਧਰਤੀ ਨੂੰ ਦੂਰ ਨੇੜੇ ਕਰ ਮਾਣਦੇ ਹੋ। ਇਹ ਤੁਸੀਂ ਹੀ ਹੋ ਜੋ ਇਸ ਧਰਤੀ ਨੂੰ ਆਪੋ-ਆਪਣੀ, ਜ਼ਿਦ, ਲਾਲਚ ਜਾਂ ਹਊਮੈ ਕਰ ਕੇ ਵੰਡੀ ਬੈਠੇ ਹੋ ਤੇ ਆਪਸ ਵਿਚ ਵਿਤਕਰੇ ਕਰਦੇ ਹੋ, ਮੈਂ ਤਾਂ ਜਦ ਵੀ ਰੌਸ਼ਨੀ ਜਾਂ ਊਰਜਾ ਦਿੱਤੀ ਹੈ, ਬਿਨਾਂ ਕਿਸੇ ਭੇਦ ਭਾਵ ਦੇ ਦਿੱਤੀ ਹੈ, ਮੈਂ ਕੋਈ ਲਕੀਰ ਨਹੀਂ ਹਾਂ, ਜਿਸ ਦਾ ਆਦਿ ਜਾਂ ਅੰਤ ਹੋਵੇਗਾ। ਮੇਰੀ ਦੇਣ ਦੀ ਸਮਰੱਥਾ ਅਸੀਮ ਤੇ ਅਭੇਦ ਹੈ। ਰੁੱਤਾਂ ਨਾਲ ਤੁਸੀਂ ਕਿਸੇ ਸਮੇਂ ਦਾ ਅੰਤ ਜਾਂ ਆਦਿ ਬਣਾ ਸਕਦੇ ਹੋ। ਮੈਂ ਤਾਂ ਹਰ ਸਮੇਂ ਇਹ ਦੋਵੇਂ ਹੀ ਹਾਂ। ਮੇਰਾ ਸਮਾਂ ਤਾਂ ਤੁਹਾਡੀਆਂ ਕਿਆਸ-ਅਰਾਈਆਂ ਤੋਂ ਕਦੇ ਮਾਪਿਆ ਵੀ ਨਹੀਂ ਜਾ ਸਕਦਾ। ਮੇਰੇ ਲਈ ਹਰ ਪਲ ਨਵਾਂ ਸਾਲ ਹੈ। ਮੈਂ ਤਾਂ ਹਰ ਪਲ ਨਵੀਂ ਸ਼ਕਤੀ ਦਾ ਸੋਮਾ ਹਾਂ, ਇਹ ਤੁਸੀਂ ਹੀ ਹੋ ਜੋ ਹਰ ਸਾਲ, ਚੰਗਾ ਵਾਪਰਨ ਦੀ ਆਸ ਰੱਖਦੇ ਹੋ ਤੇ ਚੰਗਾ ਕਰਨ ਦੀ ਸੋਚਦੇ ਹੋ, ਪਰ ਅੰਤ ਕਰਦੇ ਉਹੀ ਹੋ ਜੋ ਪਹਿਲੇ ਸਾਲਾਂ ਵਿਚ ਕੀਤਾ ਹੁੰਦਾ ਹੈ। ਇਥੇ ਕੁਝ ਵੀ ਨਹੀਂ ਬਦਲਦਾ, ਕੋਈ ਸਜ਼ਾ, ਕੋਈ ਇਨਾਮ, ਮਨੁੱਖ ਦੀ ਬਿਰਤੀ ਨੂੰ ਨਹੀਂ ਬਦਲਦਾ। ਇਹ ਦੁਨੀਆ ਕਿਸੇ ਸਿਆਣੇ ਦੀ ਗੱਲ ਨਹੀਂ ਮੰਨਦੀ , ਸਗੋਂ ਉਸ ਨੂੰ ਪੂਜਣ ਦੇ ਬਹਾਨੇ, ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਲੱਗ ਪੈਂਦੀ ਹੈ, ਇਹੋ ਜਿਹੇ ਹਾਲਾਤ ਵਿਚ, ਅਸੀਂ ਕਿਹੜੇ ਨਵੇਂ ਸਾਲ ਦੀਆਂ ਗੱਲਾਂ ਕਰਦੇ ਹਾਂ? ਮੈਨੂੰ ਡੁੱਬਦਾ ਕਹਿਣ ਵਾਲੇ, ਕਿਸ ਸਵੇਰ ਨੂੰ ਉਡੀਕਦੇ ਹਨ? ਮੇਰਾ ਹਰ ਪਲ ਮਾਣੋ, ਮੈਂ ਹਰ ਪਲ ਨਵਾਂ ਸਾਲ ਹਾਂ।

ਰਾਤ ਸਮੇਂ ਖੇਤਾਂ 'ਚ ਪਾਣੀ ਲਗਾਉਣ ਤੋਂ ਪਹਿਲਾਂ...

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਥੇ ਬਹੁਤੇ ਕਿਸਾਨਾਂ ਦਾ ਜੀਵਨ ਨਿਰਬਾਹ ਖੇਤੀ ਤੋਂ ਹੀ ਹੁੰਦਾ ਹੈ। ਅੱਜਕਲ੍ਹ ਕਿਸਾਨ ਆਪਣੀ ਕਣਕ ਅਤੇ ਆਲੂ ਆਦਿ ਦੀ ਖੇਤੀ ਨੂੰ ਪਾਲਮ ਵਿਚ ਰੁੱਝਾ ਹੋਇਆ ਹੈ। ਉਹ ਹਰ ਕੀਮਤ 'ਤੇ ਆਪਣੀ ਫਸਲ ਦੀ ਦੇਖ-ਭਾਲ ਕਰਦਾ ਹੈ। ਖੇਤੀ ਸੈਕਟਰ ਲਈ ਬਿਜਲੀ ਸ਼ਿਫਟਾਂ ਵਿਚ ਦਿਨ ਅਤੇ ਰਾਤ ਦੇ ਸਮੇਂ ਦਿੱਤੀ ਜਾਂਦੀ ਹੈ, ਜਿਸ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਕਣਕ/ਆਲੂਆਂ ਦੀ ਫਸਲ ਨੂੰ ਰਾਤ ਨੂੰ ਹੀ ਪਾਣੀ ਲਾਉਣਾ ਪੈਂਦਾ ਹੈ ਤਾਂ ਕਿ ਦਿਨੇ ਖਾਦ/ਦਵਾਈ ਆਦਿ ਪਾਈ ਜਾ ਸਕੇ। ਸੋ ਕਿਸਾਨਾਂ ਨੂੰ ਰਾਤ ਸਮੇਂ ਪਾਣੀ ਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ:
ੲ ਜਿਸ ਖੇਤ ਨੂੰ ਪਾਣੀ ਲਗਾਇਆ ਜਾਣਾ ਹੈ ਉਸ ਦਾ ਨੱਕਾ ਦਿਨ ਸਮੇਂ ਹੀ ਮੋੜਿਆ ਜਾਵੇ ਅਤੇ ਅੱਗੇ ਪਾਣੀ ਲਗਾਉਣ ਦੀ ਯੋਜਨਾ ਪਹਿਲਾਂ ਹੀ ਕੀਤੀ ਜਾਵੇ।
ੲ ਖਾਲੇ ਚੰਗੀ ਤਰ੍ਹਾਂ ਸਾਫ਼ ਕਰ ਲਏ ਜਾਣ।
ੲ ਬਿਜਲੀ ਸਬੰਧੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ੲ ਖੇਤ ਵਿਚਲੀ ਮੋਟਰ 'ਤੇ ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਮੋਟਰ ਚਲਾਉਣ ਵੇਲੇ ਤਾਰਾਂ ਆਦਿ ਦਾ ਖਿਆਲ ਰੱਖਿਆ ਜਾ ਸਕੇ।
ੲ ਪੈਰਾਂ ਵਿਚ ਬੂਟ ਆਦਿ ਪਾਏ ਲਏ ਜਾਣ ਅਤੇ ਪਾਣੀ ਲਾਉਣ ਵੇਲੇ ਚੱਪਲਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਾਤ ਸਮੇਂ ਚਾਹ/ਦੁੱਧ ਥਰਮਸ ਵਿਚ ਜ਼ਰੂਰ ਪਾ ਲਓ।
ੲ ਟਾਰਚ ਆਦਿ ਦਾ ਢੁਕਵਾਂ ਪ੍ਰਬੰਧ ਕਰ ਲੈਣਾ ਚਾਹੀਦਾ ਹੈ।
ੲ ਖੇਤ ਨੂੰ ਜਾਣ ਸਮੇਂ ਹੱਥ ਵਿਚ ਡੰਡਾ (ਸੋਟਾ) ਜ਼ਰੂਰ ਰੱਖਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਕੀੜੇ-ਮਕੌੜੇ ਤੋਂ ਬਚਿਆ ਜਾ ਸਕਦਾ ਹੈ।
ੲ ਰਾਤ ਸਮੇਂ ਧੁੰਦ ਜ਼ਿਆਦਾ ਹੋਣ ਕਾਰਨ ਜਾਂ ਰਸਤੇ ਵਿਚ ਅਵਾਰਾ ਪਸ਼ੂ, ਕੁੱਤਿਆਂ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਮੋਟਰ 'ਤੇ ਆਰਾਮ ਕਰਨਾ ਚਾਹੀਦਾ ਹੈ।
ੲ ਖੇਤ ਵਿਚਲੇ ਕਮਰੇ ਵਿਚ ਸਾਉਣ ਤੋਂ ਪਹਿਲਾਂ ਕਮਰਾ ਅੰਦਰੋਂ ਚੰਗੀ ਤਰ੍ਹਾਂ ਬੰਦ ਕਰ ਲਵੋ। ਤੁਹਾਡਾ ਸੌਣ ਵਾਲਾ ਕਮਰਾ (ਮੋਟਰ ਵਾਲਾ) ਹਮੇਸ਼ਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਿਸਤਰੇ ਵਿਚ ਸੱਪ ਜਾਂ ਹੋਰ ਜ਼ਹਿਰੀਲੇ ਕੀੜੇ ਵੜ ਕੇ ਬੈਠ ਜਾਂਦੇ ਹਨ। ਸੌਣ ਵੇਲੇ ਬਿਸਤਰੇ ਨੂੰ ਚੰਗੀ ਤਰ੍ਹਾਂ ਝਾੜ (ਸਾਫ਼ ਕਰ) ਲੈਣਾ ਚਾਹੀਦਾ ਹੈ।

-ਕੋਟ ਕਰੋੜ ਕਲਾਂ, ਜ਼ਿਲ੍ਹਾ ਫਿਰੋਜ਼ਪੁਰ।
ਮੋਬਾਈਲ : 99888-00759.


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX