ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  8 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  22 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  26 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  38 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  49 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਦਿਲਚਸਪੀਆਂ

ਨਵੇਂ ਸਾਲ ਦੀਆਂ ਵਧਾਈਆਂ ਕਿਹੜੀ ਗੱਲ ਦੀਆਂ...

ਮੈਂ ਕਾਲਜ ਜਾਣ ਲਈ ਰੋਜ਼ਾਨਾ ਜਦੋਂ ਘਰੋਂ ਬੱਸ ਅੱਡੇ ਨੂੰ ਤੁਰ ਕੇ ਜਾ ਰਿਹਾ ਹੁੰਦਾ ਸਾਂ, ਤਾਂ ਸਾਡੇ ਪਿੰਡ ਵਾਲੀ 'ਤਾਈ ਨਿਹਾਲੀ' ਵੀ ਬਿਨ ਨਾਗਾ ਗੁਰੂ ਘਰ 'ਚੋਂ ਮੱਥਾ ਟੇਕ ਕੇ ਵਾਪਸ ਆਉਂਦੀ ਰਸਤੇ ਵਿਚ ਮਿਲ ਜਾਂਦੀ ਸੀ | ਮੇਰੇ ਵੱਲੋਂ ਰੋਜ਼ਾਨਾ ਤਾਈ ਜੀ ਨੂੰ 'ਫ਼ਤਹਿ' ਬੁਲਾਉਣ 'ਤੇ... ਤਾਈ ਜੀ ਅੱਗੋਂ ਬੜੇ ਮਿੱਠੜੇ ਸਲੀਕੇ ਨਾਲ ਫਤਿਹ ਦਾ ਜਵਾਬ ਫ਼ਤਹਿ 'ਚ ਬੁਲਾਉਂਦਿਆਂ ਮੈਨੂੰ ਅਣਗਿਣਤ ਅਸੀਸਾਂ ਦਿੰਦੇ, ਕਈ ਵਾਰ ਤਾਈ ਜੀ ਨੇ ਮੇਰੀ ਪੜ੍ਹਾਈ ਦਾ ਜਾਇਜ਼ਾ ਵੀ ਲਿਆ |
ਇਸ ਵਾਰ ਨਵੇਂ ਸਾਲ ਦੀ ਆਮਦ ਵਾਲੇ ਦਿਨ ਕਾਲਜ ਨੂੰ ਜਾਣ ਸਮੇਂ ਜਦੋਂ ਮੈਂ ਤਾਈ ਜੀ ਨੂੰ ਫ਼ਤਹਿ ਬੁਲਾਉਣ ਉਪਰੰਤ ਵਧਾਈਆਂ ਦਿੱਤੀਆਂ ਸਨ, ਤਾਂ... ਤਾਈ ਬੜੇ ਚਾਵਾਂ ਨਾਲ ਸਵਾ ਵਧਾਈਆਂ ਦੇਣ ਦੇ ਨਾਲ-ਨਾਲ ਅਸੀਸਾਂ ਦੇਣ ਲੱਗ ਪਈ... ਕਿ ਚਲੋ ਚੰਗਾ ਹੋ ਗਿਆ | ਤੂੰ ਬਹੁਤ ਮਿਹਨਤੀ ਬੱਚਾ ਸੈਂ, ਤੇਰੇ ਮਾਤਾ-ਪਿਤਾ ਵੀ ਬਹੁਤ ਨੇਕ ਇਨਸਾਨ ਹਨ | ਸੱਚੇ ਮਨੋਂ ਕੀਤੀ ਮਿਹਨਤ ਦਾ ਫਲ ਇਕ ਨਾ ਇਕ ਦਿਨ ਜ਼ਰੂਰ ਮਿਲਦੈ, ਕਿੱਥੇ ਮਿਲਗੀ ਪੁੱਤ ਨੌਕਰੀ...?
ਤਾਈ ਜੀ ਮਾਫ ਕਰਨਾ, ਪ੍ਰਮਾਤਮਾ ਤੁਹਾਡੀ ਜ਼ੁਬਾਨ 'ਤੇ ਫੁੱਲ ਚੜ੍ਹਾਵੇ, ਤੁਹਾਡੇ ਵੱਲੋਂ ਦਿੱਤੀਆਂ ਅਸੀਸਾਂ ਮੇਰੀ ਜ਼ਿੰਦਗੀ ਦਾ ਪੁਲ ਬਣ ਜਾਵਣ... ਪਰ ਤਾਈ ਜੀ ਅਜੇ ਮੈਨੂੰ ਨੌਕਰੀ ਨਹੀਂ ਮਿਲੀ... | ਮੈਂ ਤਾਂ ਅਜੇ ਉਸੇ ਪ੍ਰਾਈਵੇਟ ਕਾਲਜ 'ਚ ਹੀ ਪੜ੍ਹਾਉਣ ਜਾਂਦਾ ਹਾਂ | ਅੱਜ ਨਵੇਂ ਵਰ੍ਹੇ ਦੇ ਪ੍ਰਵੇਸ਼ ਹੋਣ 'ਤੇ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ |
'ਵੇ ਭੋਲਿਆ ਇਨਸਾਨਾਂ, ਤੂੰ ਪੜਿ੍ਹਆ-ਲਿਖਿਆ ਐਾ..., ਜ਼ਰਾ ਮੇਰੀ ਇਕ ਗੱਲ ਦਾ ਜਵਾਬ ਦੇ..., ਬਈ ਨਵੇਂ ਸਾਲ ਆਉਣ ਨਾਲ ਕੀ ਸਰਕਾਰਾਂ ਜਾਂ ਸਰਕਾਰਾਂ ਦੇ ਚਮਚੇ, ਭਿ੍ਸ਼ਟਾਚਾਰੀ, ਗੁੰਡਾਗਰਦੀ, ਬਲਾਤਕਾਰੀ, ਰਿਸ਼ਵਤਖੋਰੀ, ਨਸ਼ੇਬਾਜ਼ੀ, ਧੱਕੇਸ਼ਾਹੀ, ਭਰੂਣ ਹੱਤਿਆਵਾਂ, ਦਾਜ ਪ੍ਰਥਾ, ਤੇਜ਼ਾਬ ਕਾਂਡ, ਡਾਕੇ-ਚੋਰੀ, ਬੇਰੁਜ਼ਗਾਰੀ, ਲੱਕ-ਤੋੜਵੀਂ ਮਹਿੰਗਾਈ ਨੂੰ ਜਾਂ ਹੋਰਨਾਂ ਸਮਾਜਿਕ ਕੁਰੀਤੀਆਂ ਨੂੰ ਠੱਲ ਪਈ? ਉਹੀ ਅਫਸਰ, ਉਹੀ ਸਰਕਾਰਾਂ ਤੇ ਬਾਕੀ ਕੰਮਾਂ-ਕਾਰਾਂ 'ਚ ਵੀ ਉਹੀ ਸਭ ਲੁੱਟ-ਘਸੁੱਟ ਐ, ਕੀ ਇਨ੍ਹਾਂ ਬਾਰੇ ਕੋਈ ਸ਼ਿਸ਼ਟਾਚਾਰ ਜਾਂ ਕਾਨੂੰਨ ਨਹੀਂ ਹਨ | ਵੇ ਪੁੱਤ.. ਮੈਂ ਤਾਂ ਤੈਨੂੰ ਸਵਾ ਵਧਾਈਆਂ ਅੱਗੋਂ ਤਾਂ ਦੇ ਬੈਠੀ ਸਾਂ ਕਿ ਕਿਤੇ ਤੈਨੂੰ ਕੋਈ ਸਰਕਾਰੀ ਨੌਕਰੀ ਮਿਲੀ ਐ... |'
'ਵੇ ਪੁੱਤ, ਹੁਣ ਤੂੰ ਅੱਗੋਂ ਇਹ ਦੱਸ, ਕਿ ਵਧਾਈਆਂ ਕਿਹੜੀ ਗੱਲ ਦੀਆਂ ਨੇ, ਤੂੰ ਤਾਂ ਮੈਨੂੰ ਇਕ ਦਿਨ ਆਪ ਹੀ ਦੱਸਿਆ ਸੀ ਕਿ ਤੇਰੀ ਪੜ੍ਹਾਈ 'ਤੇ ਹੁਣ ਤੱਕ 5-6 ਲੱਖ ਰੁਪਏ ਖਰਚ ਆ ਚੁੱਕਾ ਹੈ | ਨੌਕਰੀ ਨਾ ਮਿਲਣ ਕਾਰਨ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਅੱਜ ਅਸੀਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਲੋਹੜੇ ਦੀ ਹੱਡ ਚੀਰਵੀਂ ਠੰਡ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋਵਾਂਗੇ, ਕਿਸੇ ਦਿਨ ਕਹਿੰਦਾ ਹੁੰਦਾ ਸੈਂ, ਸਾਨੂੰ ਧਰਨੇ ਦੇਣ ਸਮੇਂ ਪਾਣੀ ਦੀਆਂ ਬੁਛਾੜਾਂ ਦਾ ਆਦਿ-ਆਦਿ ਦਾ ਸਾਹਮਣਾ ਕਰਨਾ ਪਿਐ ਤੇ ਪੁੱਤ ਹੁਣ ਤੂੰ ਜਿਹੜੇ ਕਾਲਜ 'ਚ ਪੜ੍ਹਾਉਣ ਜਾਂਦੈ, ਉੱਥੇ ਤੈਨੂੰ ਕਿੰਨੀ ਤਨਖਾਹ ਮਿਲਦੀ ਐ...?'
'ਤਾਈ ਜੀ ਪੰਜ ਹਜ਼ਾਰ ਰੁਪਏ ਮਹੀਨਾ...'
'ਤੇ ਪੁੱਤ ਰਾਹਦਾਰੀ ਖਰਚਾ ਕੱਢ ਕੇ ਪੱਲੇ ਕਿੰਨੇ ਪੈਂਦੇ ਨੇ...?'
'ਤਾਈ ਜੀ, ਦੋ ਹਜ਼ਾਰ ਬੱਸ ਕਿਰਾਇਆ, ਇਕ ਹਜ਼ਾਰ ਚਾਹ-ਪਾਣੀ ਉਹ ਵੀ ਪੂਰੀ ਕਿਰਸ ਕਰਕੇ ਤੇ ਬਾਕੀ ਰਹਿ ਗਿਆ ਪਿੱਛੇ ਦੋ ਹਜ਼ਾਰ, ਉਹਦੇ ਨਾਲ ਬਿਰਧ ਮਾਪਿਆਂ ਤੇ ਮੇਰਾ ਰਸੋਈ ਖਰਚਾ... |'
'ਤੇ ਪੁੱਤ ਘਰੇ ਕੋਈ ਹੋਰ ਕਮਾਈ ਦਾ ਸਾਧਨ...?'
'ਤਾਈ ਜੀ, ਪੜ੍ਹਾਈ 'ਤੇ ਕਰਜ਼ਾ ਚੁੱਕ ਕੇ ਕੀਤਾ ਸੀ ਖਰਚਾ, ਜਿਸ ਕਾਰਨ ਦੋ ਏਕੜ ਬਾਪੂ ਵਾਲੀ ਜ਼ਮੀਨ, ਲੰਬੜਾਂ ਕੋਲ ਗਹਿਣੇ ਪਈ ਐ ਤੇ ਬੈਂਕ ਕਿਸ਼ਤਾਂ ਡਿਫਾਲਟਰ, ਨਿੰਮੋ ਭੈਣ ਦਾ ਵਿਆਹ ਨੇੜਲੇ ਭਵਿੱਖ 'ਚ ਜਲਦੀ... |'
'...ਤੇ ਫੇਰ ਪੁੱਤ ਹੁਣ ਤੂੰ ਆਪ ਹੀ ਦੱਸ ਕਿ ਨਵੇਂ ਸਾਲ ਦੀਆਂ ਵਧਾਈਆਂ ਉਹ ਵੀ ਕਿਹੜੀ ਗੱਲ ਦੀਆਂ...?'
'ਤੇਰੇ ਨਾਲੋਂ ਤਾਂ ਔਹ ਗੰਦੇ ਛੱਪੜ ਦੀ ਸਫਾਈ ਕਰਨ ਵਾਲੇ ਨਰੇਗਾ ਮਜ਼ਦੂਰਾਂ ਦੀ ਹੀ ਜ਼ਿੰਦਗੀ ਚੰਗੀ ਐ, ਜਿਹੜੇ ਅਰਾਮ ਨਾਲ ਸਵਾ ਸੌ ਰੁਪਏ ਦਿਹਾੜੀ ਤਾਂ ਪਾ ਲੈਂਦੇ ਨੇ, ਤੇ ਤੇਰੀ ਤਾਂ ਮਸਾਂ ਸੱਠ ਰੁਪੈ ਦਿਹਾੜੀ ਬੱਚਤ ਹੁੰਦੀ ਐ... |'
'ਵੇ ਪੁੱਤ, ਆਹ ਤੇਰੇ ਹੱਥ 'ਚ ਕੀ ਐ...?'
'ਤਾਈ ਜੀ, ਇਹ ਨਵੇਂ ਸਾਲ ਦਾ ਕੈਲੰਡਰ ਐ... ਕੱਲ੍ਹ ਮੈਨੂੰ ਰੋਡਿਆਂ ਵਾਲੇ ਜੱਗੇ ਨੇ ਕਿਤਾਬਾਂ ਖਰੀਦਣ ਸਮੇਂ ਦੋ ਦਿੱਤੇ ਸਨ ਤੇ ਮੈਂ ਸੋਚਿਆ, ਇਕ ਘਰੇ ਤੇ ਇਕ ਕਾਲਜ ਲਾ ਦੇਵਾਂਗਾ |'
'ਵੇਖ ਪੁੱਤ, ਆਹ ਤਾਂ ਹੋਈ ਨਾ ਅਸਲੀ ਗੱਲ... ਨਵੇਂ ਸਾਲ ਦੀ ਆਮਦ 'ਤੇ ਸਿਰਫ ਜੰਤਰੀਆਂ, ਡਾਇਰੀਆਂ, ਕੈਲੰਡਰ ਜਾਂ ਸੰਨ ਹੀ ਬਦਲੇ ਨੇ...ਬਾਕੀ ਤਾਂ ਸਾਡੀ ਹਨੇਰ ਗਰਦੀ ਜ਼ਿੰਦਗੀ ਜਿਉਂ ਦੀ ਤਿਉਂ ਐਾ... |'
ਏਨੇ ਨੂੰ ਪਾਂਅ..ਪਾਂਅ..ਪਾਂਅ... ਜਿਉਂ ਹੀ ਮਿੰਨੀ ਬੱਸ ਨੇ ਹਾਰਨ ਮਾਰਿਆ, ਤਾਂ ਮੈਂ ਭੱਜ ਕੇ ਬੱਸ ਚੜ੍ਹ ਗਿਆ ਤੇ ਤਾਈ ਵਿਚਾਰੀ ਡੰਗੋਰੀ ਦਾ ਸਹਾਰਾ ਲੈ ਆਪਣੇ ਚਾਲੇ ਚੱਲ ਪਈ |
-ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285.


ਖ਼ਬਰ ਸ਼ੇਅਰ ਕਰੋ

ਕਹਾਣੀ-- ਹੀਰ

ਸੱਭਿਆਚਾਰਕ ਮੇਲਾ ਪੂਰੇ ਜੋਬਨ 'ਤੇ ਸੀ | ਸੈਕਟਰੀ ਸਾਹਿਬ ਨੇ ਕਿਹਾ ਸਾਡੇ ਮੁੱਖ ਮਹਿਮਾਨ ਪ੍ਰਸਿੱਧ ਆਜ਼ਾਦੀ ਘੁਲਾਟੀਏ ਸ: ਜੋਗਿੰਦਰ ਸਿੰਘ ਨੇ ਜ਼ਰੂਰੀ ਕੰਮ ਹੋਣ ਕਾਰਨ ਜਲਦੀ ਵਾਪਸ ਜਾਣਾ ਹੈ ਸੋ ਏਸ ਕਰਕੇ ਮੈਂ ਇਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ 'ਤੇ ਆਉਣ ਅਤੇ ਆਪਣੇ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ | ਜੋਗਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਤਾਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਐਨਾ ਮਾਣ ਬਖ਼ਸ਼ਿਆ ਸੀ | ਸਾਰੇੇ ਪ੍ਰਬੰਧਕ ਫ਼ੋਟੋ ਖਿਚਵਾਉਣ ਲਈ ਮੁੱਖ ਮਹਿਮਾਨ ਦੇ ਆਸੇ-ਪਾਸੇ ਚੌੜੇ ਹੋ ਕੇ ਖੜ੍ਹ ਗਏ ਸਨ | ਉਸ ਤੋਂ ਬਾਅਦ ਜੋਗਿੰਦਰ ਸਿੰਘ ਜੀ ਕਹਿੰਦੇ, 'ਪਿਆਰੇ ਸਰੋਤਿਓ ਹੁਣੇ-ਹੁਣੇ ਇਕ ਕਲਾਕਾਰ ਬੜੀ ਪਿਆਰੀ ਆਵਾਜ਼ ਵਿਚ 'ਹੀਰ' ਗਾ ਕੇ ਗਿਆ ਹੈ | ਤੁਹਾਡੀਆਂ ਤਾੜੀਆਂ ਦੱਸਦੀਆਂ ਸਨ ਕਿ ਤੁਹਾਨੂੰ ਹੀਰ ਕਿੰਨੀ ਚੰਗੀ ਲੱਗੀ | ਹੁਣ ਤੁਸੀਂ ਇਕ ਵਾਰ ਫਿਰ ਕਲਾਕਾਰ ਦੀ ਹੌਾਸਲਾ ਅਫ਼ਜ਼ਾਈ ਲਈ ਜੇ ਤੁਹਾਨੂੰ ਸੱਚ-ਮੁੱਚ ਹੀ ਹੀਰ ਐਨੀ ਚੰਗੀ ਲੱਗੀ ਤਾਂ ਦੋਵੇਂ ਹੱਥ ਖੜ੍ਹੇ ਕਰਕੇ ਕਲਾਕਾਰ ਦੇ ਹੌਾਸਲੇ ਬੁਲੰਦ ਕਰੋ?'
'ਸਾਰੇ ਸਰੋਤਿਆਂ ਨੇ ਬੜੇ ਜੋਸ਼ ਨਾਲ ਦੋਵੇਂ ਹੱਥ ਖੜ੍ਹੇ ਕਰ ਲਏ ਸਨ |'
ਹੁਣ ਜੋਗਿੰਦਰ ਸਿੰਘ ਆਪਣੇ ਵੱਖਰੇ ਅੰਦਾਜ਼ ਵਿੱਚ ਬੋਲਣ ਲੱਗਾ, 'ਮੈਂ ਵੇਖ ਲਿਆ ਹੈ ਤੁਹਾਨੂੰ ਸਾਰਿਆਂ ਨੂੰ ਹੀਰ ਬਹੁਤ ਹੀ ਚੰਗੀ ਲੱਗੀ | ਅੱਛਾ ਹੁਣ ਤੁਸੀਂ ਮੰਨ ਲਵੋ ਕਿ ਹੀਰ ਨੇ ਦੁਬਾਰਾ ਜਨਮ ਲੈਣਾ ਹੈ | ਤੁਸੀਂ ਹੱਥ ਖੜ੍ਹੇ ਕਰਕੇ ਦੱਸਣਾ ਕਿ ਕੀ ਹੀਰ ਨੂੰ ਖੁਸ਼ ਹੋ ਕੇ ਆਪਣੇ ਘਰ ਦੁਬਾਰਾ ਜਨਮ ਦੇਣ ਲਈ ਤਿਆਰ ਹੋ?'
ਸਾਰੇ ਸਰਤਿਆਂ ਨੇ ਨੀਵੀਆਂ ਪਾ ਲਈਆਂ ਸਨ | ਹੁਣ ਜੋਗਿੰਦਰ ਸਿੰਘ ਪ੍ਰਬੰਧਕਾਂ ਵੱਲ ਵੇਖ ਕੇ ਕਹਿੰਦਾ, 'ਹਾਂ ਬਈ ਹੁਣ ਤੁਸੀਂ ਦੱਸੋ ਤੁਹਾਡੇ ਵਿਚੋਂ ਕਿਹੜਾ ਹੀਰ ਨੂੰ ਖੁਸ਼ ਹੋ ਕੇ ਜਨਮ ਦੇਣ ਲਈ ਤਿਆਰ ਹੈ?'
ਸਾਰੇ ਪ੍ਰਬੰਧਕ ਨਿੰਮੋਝੂਣੇ ਹੋਏ ਨੀਵੀਂ ਪਾਈ ਖੜ੍ਹੇ ਸਨ |
ਹੁਣ ਜੋਗਿੰਦਰ ਸਿੰਘ ਕਲਾਕਾਰ ਨੂੰ ਕਹਿੰਦਾ, 'ਇਹ ਤਾਂ ਸਾਰੇ ਭੱਜ ਗਏ ਹਨ ਤੈਨੂੰ ਤਾਂ ਹੀਰ ਨੇ ਐਨਾ ਮਾਣ-ਸਤਿਕਾਰ ਦੁਆਇਆ ਹੈ ਤੁਹਾਨੂੰ ਤਾਂ ਤੁਹਾਡੇ ਘਰ ਹੀਰ ਦੇ ਜਨਮ ਲੈਣ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ?'
ਕਲਾਕਾਰ ਸ਼ਰਮਿੰਦਾ ਹੋਇਆ ਭਿੱਜੀ ਬਿੱਲੀ ਬਣਿਆ ਬੈਠਾ ਸੀ |
ਜੋਗਿੰਦਰ ਸਿੰਘ ਕਹਿੰਦਾ, 'ਪਿਆਰੇ ਸਰੋਤਿਓ, ਜੇ ਤੁਸੀਂ ਦੇਸ਼ ਭਗਤੀ ਦੇ, ਇਲਕਲਾਬੀ, ਧਾਰਮਿਕ ਅਤੇ ਸਮਾਜਿਕ ਗੀਤ ਸੁਣੋ ਤੇ ਕਲਾਕਾਰੋ ਤੁਸੀਂ ਗਾਵੋਂ ਤਾਂ ਅੱਜ ਵਾਂਗ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ | ਤੁਸੀਂ ਆਪਣੀ ਮਾਨਸਿਕਤਾ ਬਦਲੋ ਜਾਂ ਗੀਤ ਬਦਲੋ...', ਏਨਾ ਕਹਿਕੇ ਜੋਗਿੰਦਰ ਸਿੰਘ ਸਟੇਜ ਤੋਂ ਉੱਤਰਕੇ ਵਾਪਸ ਪਰਤ ਗਿਆ ਸੀ | ਸਾਰੇ ਪ੍ਰਬੰਧਕ, ਸਰੋਤੇ ਅਤੇ ਕਲਾਕਾਰ ਇਕ-ਦੂਜੇ ਵੱਲ ਬਿਟਰ-ਬਿਟਰ ਵੇਖ ਰਹੇ ਸਨ |
-ਅਮਰੀਕ ਸਿੰਘ ਤਲਵੰਡੀ,
-ਮੋਬਾਈਲ : 94635-42896.

ਕਹਾਣੀ --ਮੰਗਵੀਂ ਮੌਤ

ਬਲਜਿੰਦਰ ਕੌਰ ਥਿਆੜਾ
ਪੇਕੇ ਘਰ ਗੁਆਂਢ ਵਸਦੇ ਸ਼ਰੀਕੇ ਵਿਚ ਹੀ ਤਾਇਆ ਜੀ ਦੇ ਘਰ ਸਾਡਾ ਬਹੁਤ ਜ਼ਿਆਦਾ ਆਉਣ-ਜਾਣ ਸੀ | ਤਾਇਆ ਜੀ ਦੇ ਦੋ ਪੁੱਤਰ ਤੇ 2 ਧੀਆਂ ਸਨ | ਅਸੀਂ ਭੈਣ-ਭਰਾ ਤੇ ਤਾਇਆ ਜੀ ਦੇ ਬੱਚੇ ਉਮਰ ਦਾ ਬਹੁਤਾ ਫਰਕ ਨਾ ਹੋਣ ਕਰਕੇ ਅੱਗੜ-ਪਿੱਛੜ ਹੀ ਪੜ੍ਹਦੇ ਸਾਂ | ਉਸ ਸਮੇਂ ਟੈਲੀਵਿਜ਼ਨ ਜਾਂ ਆਧੁਨਿਕ ਖੇਡਾਂ ਨਾ ਹੋਣ ਕਰਕੇ ਕਦੇ ਆਪਣੇ ਵਿਹੜੇ ਵਿਚ ਤੇ ਕਦੇ ਉਨ੍ਹਾਂ ਦੇ ਵਿਹੜੇ ਨਿੰਮ ਦੀ ਸੰਘਣੀ ਛਾਵੇਂ ਖੇਡਦੇ | ਗਰਮੀ, ਸਰਦੀ ਮੌਸਮ ਮੁਤਾਬਿਕ ਕਈ ਚੀਜ਼ਾਂ ਸਾਨੂੰ ਖਾਣ ਨੂੰ ਮਿਲਦੀਆਂ | ਅਸੀਂ ਸਾਰੇ ਇਕ-ਦੂਜੇ ਦੀਆਂ ਗੁੱਤਾਂ, ਜੂੜਿਆਂ ਨੂੰ ਪੁੱਟਦਿਆਂ ਖੋਹ-ਖਿੱਚ ਕੇ ਚੀਜ਼ਾਂ ਨੂੰ ਖਾਂਦੇ ਘੱਟ, ਕਾਵਾਂ-ਕੁੱਤਿਆਂ ਨੂੰ ਜ਼ਿਆਦਾ ਪਾਉਂਦੇ |
ਜਦੋਂ ਅਸੀਂ ਥੱਕ-ਹਾਰ ਜਾਣਾ ਤਾਂ ਤਾਈ ਜੀ ਨੂੰ ਜੱਫੀ ਪਾਉਂਦਿਆਂ ਕਹੀ ਜਾਣਾ ਕਿ ਮੇਰੇ ਬੇਜੀ ਹਨ, ਤਾਂ ਉਦੋਂ ਤਾਈ ਜੀ ਦੇ ਪੁੱਤਰਾਂ ਨੇ ਆਪਣੀਆਂ ਖੇਡਾਂ ਨੂੰ ਵਿਚੇ ਹੀ ਛੱਡ ਆਪਣੀ ਮਾਂ ਨਾਲ ਰੋਂਦਿਆਂ-ਰੋਂਦਿਆਂ ਲਿਪਟ ਜਾਣਾ ਤਾਂ ਮੈਨੂੰ ਪਰ੍ਹਾਂ ਧੱਕ ਦੇਣਾ ਕਿ ਸਾਡੇ ਬੇਜੀ ਹਨ | ਤਾਈ ਜੀ ਵੀ ਅੱਖਾਂ ਮੀਟ ਘੁੱਟ ਕੇ ਆਪਣੇ ਬੱਚਿਆਂ ਨੂੰ ਗਲ ਨਾਲ ਲਾ ਪਤਾ ਨਹੀਂ ਕਿਹੜੇ ਸਵਰਗ ਦੀ ਕਲਪਨਾ ਕਰਦੇ ਹੱਥ ਜੋੜ ਸ਼ਾਇਦ ਪਰਮਾਤਮਾ ਤੋਂ ਇਹੀ ਮੰਗਦੇ ਹੋਣਗੇ ਕਿ ਮੇਰੇ ਬੱਚਿਆਂ ਦਾ ਏਵੇਂ ਹੀ ਪਿਆਰ ਰੱਖੀਂ | ਪੜ੍ਹਦਿਆਂ-ਲਿਖਦਿਆਂ ਪਤਾ ਨਹੀਂ ਅਸੀਂ ਸਾਰੇ ਕਦੋਂ ਜਵਾਨ ਹੋਏ, ਕਦੋਂ ਵਿਆਹੇ ਗਏ ਤੇ ਆਪਣੇ-ਆਪਣੇ ਪਰਿਵਾਰਾਂ ਵਿਚ ਰਚ-ਮਿਚ ਗਏ | ਤਾਇਆ ਜੀ ਨੇ ਆਪਣੀ ਵਿੱਤ ਮੁਤਾਬਿਕ ਦਾਜ ਦੇ ਕੇ ਦੋਵਾਂ ਧੀਆਂ ਨੂੰ ਵਿਆਹ ਦਿੱਤਾ ਤੇ ਜ਼ਮੀਨ ਘਰ-ਬਾਰ ਆਪਣੇ ਦੋਵਾਂ ਪੁੱਤਰਾਂ ਵਿਚ ਬਰਾਬਰ ਵੰਡ ਦਿੱਤਾ | ਇਕ ਰਾਤ ਆਪਣੇ ਪੇਕੇ ਘਰ ਰਾਤ ਰਹੀ ਤਾਂ ਤਾਇਆ ਜੀ ਦੇ ਘਰੋਂ ਉੱਚੀ-ਉੱਚੀ ਆਵਾਜ਼ਾਂ ਆਉਣ ਕਰਕੇ ਮੈਂ ਘਰਦਿਆਂ ਦੇ ਰੋਕਣ ਦੇ ਬਾਵਜੂਦ ਗਲੀ ਵਿਚ ਆ ਗਈ | ਤਾਇਆ ਜੀ, ਤਾਈ ਜੀ ਬਾਹਰ ਗਲੀ ਵਿਚ ਖੜ੍ਹੇ ਰੋ ਰਹੇ ਸਨ ਤੇ ਉਹ ਦੋਵੇਂ ਭਰਾ ਆਪਸ ਵਿਚ ਲੜ ਰਹੇ ਸਨ | ਮੈਂ ਬੁੜ੍ਹੀ-ਬੁੜ੍ਹੇ ਦਾ ਠੇਕਾ ਨਹੀਂ ਲੈ ਰੱਖਿਆ | ਤੇਰਾ ਵੀ ਓਨਾ ਹੱਕ ਜਿੰਨਾ ਮੇਰਾ | ਮੈਨੂੰ ਪੰਜ-ਛੇ ਮਹੀਨੇ ਹੋ ਗਏ ਸਾਂਭਦੇ ਨੂੰ | ਹੁਣ ਤੂੰ ਵੀ ਸਾਂਭ ਪੰਜ-ਛੇ ਮਹੀਨੇ | ਉਹੀ ਤਾਇਆ ਜੀ, ਤਾਈ ਜੀ ਕਦੇ ਮੇਰੇ ਵੱਲ ਤੇ ਕਦੇ ਆਪਣੇ ਦੋਵਾਂ ਪੁੱਤਰਾਂ ਵੱਲ ਦੇਖ ਰਹੇ ਸਨ, ਜਿਹੜੇ ਕਦੇ ਮੇਰੇ ਬੇਜੀ, ਮੇਰੇ ਬੇਜੀ ਬਦਲੇ ਲੜਦੇ ਸਨ | ਅੱਜ ਹੱਥ ਜੋੜ ਪਰਮਾਤਮਾ ਤੋਂ ਸ਼ਾਇਦ ਮੌਤ ਮੰਗ ਰਹੇ ਹੋਣ |
-ਮਹਿਮੋਵਾਲ, ਨੇੜੇ ਪੁਰ ਹੀਰਾਂ, ਹੁਸ਼ਿਆਰਪੁਰ |

ਛੋਟੀ ਕਹਾਣੀ -ਆਜ਼ਾਦੀ

ਪਿੰਦਰ ਤਿੰਨ ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਸੀ | ਉਸ ਦਾ ਫਿਰ ਵਿਆਹ ਸੁਣ ਕੇ ਉਸ ਦੀ ਸਹੇਲੀ ਰਾਣੋ ਉਸ ਨੂੰ ਮਿਲਣ ਲਈ ਤਰਲੋਮੱਛੀ ਹੋਈ ਫਿਰਦੀ ਸੀ ਪਰ ਪਿੰਦਰ ਹਰ ਰੋਜ਼ ਟੂਰ 'ਤੇ ਹੀ ਰਹਿੰਦੀ ਸੀ | ਅੱਜ ਰਾਣੋ ਨੂੰ ਪਿੰਦਰ ਦਾ ਘਰੇ ਹੋਣ ਦਾ ਪਤਾ ਲੱਗਦੇ ਹੀ ਉਹ ਝੱਟ ਪਿੰਦਰ ਦੇ ਘਰ ਉਸ ਨੂੰ ਮਿਲਣ ਚਲੀ ਗਈ | ਪਿੰਦਰ ਨੇ ਰਾਣੋ ਦੀ ਚੰਗੀ ਆਓ ਭਗਤ ਕੀਤੀ ਤੇ ਚਾਹ-ਪਾਣੀ ਪਿਲਾਉਣ ਪਿੱਛੋਂ ਉਹ ਚੁਬਾਰੇ ਵਿਚ ਗੱਪਸ਼ਪ ਮਾਰਨ ਲਈ ਚਲੀਆਂ ਗਈਆਂ |
ਰਾਣੋ ਦੇ ਪਿੰਦਰ ਨੂੰ ਵਿਆਹ ਬਾਰੇ ਪੁੱਛਣ ਲਈ ਜਿਵੇਂ ਉਬਾਲ ਜਿਹੇ ਉਠ ਰਹੇ ਸਨ ਪਰ ਰਾਣੋ ਨੇ ਗੱਲ ਇਸ ਤਰ੍ਹਾਂ ਸ਼ੁਰੂ ਕੀਤੀ, 'ਕੀ ਹਾਲ ਐ ਪਿੰਦਰ ਤੇਰੇ ਦੇਸ਼ ਦਾ? ਕਹਿੰਦੇ ਹਨ ਉਥੇ ਹਰ ਮਨੁੱਖ ਆਜ਼ਾਦ ਐ, ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਕਰ ਸਕਦਾ ਹੈ? ਮੈਂ ਸੁਣਿਆ ਤੂੰ ਫਿਰ ਵਿਆਹ ਕਰਵਾਉਣ ਆਈ ਐਾ? ਕੀ ਗੱਲ ਐ ਪਹਿਲੇ ਪਤੀ ਨਾਲ ਕਿਉਂ ਨਹੀਂ ਬਣੀ ਕੀ ਤੂੰ ਵੀ ਮੇਮਾਂ ਵਾਂਗ...?'
ਪਿੰਦਰ ਨੂੰ ਮੇਮਾਂ ਵਾਂਗ ਵਾਲੇ ਵਾਕ ਨੇ ਝੰਜੋੜ ਕੇ ਰੱਖ ਦਿੱਤਾ | ਉਹ ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਬੋਲੀ, 'ਭੈਣੇ ਐਨੀ ਕੁ ਆਜ਼ਾਦ ਹਾਂ ਮੈਂ ਉਸ ਦੇਸ਼ ਵਿਚ ਮੇਰੇ ਪਰਿਵਾਰ ਨੂੰ ਮੇਰੀ ਭੈਣ ਨੇ ਸੱਦਿਆ ਸੀ | ਹੁਣ ਮੇਰਾ ਜੀਜਾ ਮੈਨੂੰ ਹਥਿਆਰ ਵਾਂਗ ਵਰਤਦਾ ਹੈ | ਪਹਿਲਾਂ ਮੇਰਾ ਵਿਆਹ ਆਵਦੇ ਮਾਮੇ ਦੇ ਮੰੁਡੇ ਨਾਲ ਕਰਕੇ ਉਹਨੂੰ ਕੈਨੇਡਾ ਲੈ ਗਿਆ | ਹੁਣ ਉਹਦੇ ਨਾਲ ਤਲਾਕ ਦੇ ਕੇ ਆਵਦੀ ਭੂਆ ਦੇ ਪੁੱਤ ਨਾਲ ਮੇਰੀ ਸ਼ਾਦੀ ਕਰ ਰਿਹਾ ਹੈ | ਹਾਲੇ ਹੋਰ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰ... |' ਇਸ ਤੋਂ ਅੱਗੇ ਪਿੰਦਰ ਦਾ ਗਲ ਭਰ ਆਇਆ ਤੇ ਉਹ ਰੋਂਦੀ-ਰੋਂਦੀ ਕਹਿਣ ਲੱਗੀ, 'ਐਨੀ ਕੁ ਆਜ਼ਾਦੀ ਹੈ ਇੰਡੀਅਨ ਔਰਤ ਨੂੰ ਕੈਨੇਡਾ 'ਚ |'
-ਜਸਕਰਨ ਲੰਡੇ
ਮੋਬਾਈਲ : 94176-17337.

ਓਏ ਮੈਂ ਓਹੀ ਜੀਤਾ ਹਾਂ

ਜੀਤਾ ਹਰ ਰੋਜ਼ ਦਾ ਆਦੀ ਸੀ ਸ਼ਰਾਬ ਪੀਣ ਦਾ | ਉਹ ਜਦ ਵੀ ਸ਼ਾਮ ਨੂੰ ਕੰਮ ਤੋਂ ਆਉਂਦਾ ਤਾਂ ਪੂਰਾ ਟੱਲੀ ਹੁੰਦਾ ਸੀ ਪਰ ਉਸ ਕੋਲ ਬੱਚਿਆਂ ਦੇ ਖਾਣ ਲਈ ਕੁਝ ਜ਼ਰੂਰ ਹੁੰਦਾ ਸੀ | ਉਹ ਬੱਚਿਆਂ ਨੂੰ ਪਿਆਰ ਵੀ ਬਹੁਤ ਕਰਦਾ ਸੀ | ਇਕ ਦਿਨ ਉਹ ਆਪਣੀ ਘਰਵਾਲੀ ਸ਼ਿੰਦਰ ਨਾਲ ਆਪਣੇ ਬਿਮਾਰ ਸਾਲੇ ਦੀ ਖ਼ੈਰ-ਸੁੱਖ ਪੁੱਛਣ ਆਪਣੇ ਸਹੁਰੇ ਗਿਆ | ਵਾਪਸ ਆਉਂਦਿਆਂ ਹਨੇਰਾ ਹੋ ਗਿਆ ਤੇ ਮੁੜ ਕੇ ਸ਼ਿੰਦਰ ਨੇ ਵੀ ਉਸ ਨੂੰ ਜਾਣ ਨਾ ਦਿੱਤਾ |
ਜੀਤਾ ਢਲਕਿਆ ਜਿਹਾ ਮੂੰਹ ਲੈ ਕੇ ਇਧਰ-ਉਧਰ ਘੁੰਮ ਰਿਹਾ ਸੀ | ਆਖਰ ਖਿੱਝ ਕੇ ਪਹਿਲਾਂ ਤਾਂ ਉਸ ਨੇ ਮੱਝ ਦੇ ਕਿੱਲੇ ਵਿਚ ਪੈਰ ਮਾਰਿਆ ਤੇ ਕਹਿਣ ਲੱਗਾ, 'ਆਹ ਕਿਹੜੇ ਕੰਜਰ ਨੇ ਇਥੇ ਗੱਡਿਐ... ਮੇਰੇ ਕਾਲਜੇ 'ਚ ਵੱਜਣ ਨੂੰ |' ਬੱਚੇ ਡਰ ਗਏ ਕਿ ਅੱਜ ਭਾਪੇ ਨੂੰ ਕੀ ਹੋਇਐ? ਬਹੁਤ ਗੁੱਸਾ ਆ ਰਿਹੈ | ਜੀਤਾ ਫੇਰ ਬੱਚਿਆਂ ਨੂੰ ਕੁੱਟਣ ਲੱਗ ਗਿਆ, 'ਕੰਜਰ ਦਿਓ ਕਦੇ ਪੜ੍ਹ ਲਿਆ ਕਰੋ... ਮੈਂ ਫੀਸਾਂ ਭਰਦਾ ਮਰ ਗਿਆ... ਤੁਸੀਂ ਇਥੇ ਜੱਕੜਾਂ ਮਾਰਦੇ ਫਿਰਦੇ ਓ |' ਬੱਚਿਆਂ ਨੇ ਬਹੁਤ ਕਿਹਾ ਕਿ, 'ਭਾਪਾ ਸਕੂਲ ਜਾਨੇ-ਹੁਨੇ ਆਂ... ਹੁਣ ਤਾਂ ਰਾਤ ਐ... ਦਿਨੇ ਗਏ ਸੀ... ਪੜ੍ਹਦੇ ਵੀ ਹੁਨੇ ਆਂ... |'
ਸ਼ਿੰਦਰ ਰੋਟੀ ਧਰ ਕੇ ਮੁੜੀ ਤਾਂ ਜੀਤਾ ਉਸ ਦੇ ਮਗਰ ਪੈ ਗਿਆ, 'ਆਹ ਕੀ ਬਣਾਇਐ, ਦਾਲ ਕੱਚੀ, ਰੋਟੀ ਮੱਚੀ... ਤੇਰਾ ਭਰਾ ਬਿਮਾਰ ਐ ਤੂੰ ਤਾਂ ਘੋੜੇ ਵਰਗੀ ਐਾ... ਜਾਣ ਵੇਲੇ ਕਿਵੇਂ ਛਾਲਾਂ ਮਾਰਦੀ ਜਾਂਦੀ ਸੀ... ਹੁਣ ਕੀ ਸੱਪ ਸੁੰਘ ਗਿਆ... ਪਾਣੀ ਤਾਂ ਫੂਕ ਜਾ ਠੰਢਾ... ਕਾਲਜਾ ਮੱਚ ਗਿਆ |' ਸ਼ਿੰਦਰ ਅੱਕ ਕੇ ਰੋਟੀ ਚੁੱਕ ਲਿਆਉਂਦੀ ਹੈ ਤੇ ਆਪਣੇ ਮੁੰਡੇ ਸੋਨੀ ਨੂੰ ਕਹਿੰਦੀ ਹੈ, 'ਵੇ ਸੋਨੀ ਜਾਹ ਤੇਰੇ ਤਾਏ ਕੋਲੋਂ ਪੁੱਛਿਆ ਜੇ ਪਈ ਹੋਈ ਘੁੱਟ ਤਾਂ ਲਿਆ ਦੇ ਇਹਨੂੰ... ਕਾਹਨੂੰ ਸਰਦੈ ਇਹਨੂੰ ਠੂਠੀ ਪੀਤੇ ਬਿਨਾਂ... ਉਹ ਹੀ ਠਾਰਦੀ ਐ ਕਾਲਜਾ ਇਹਦਾ ਸੌਾਕਣ ਮੇਰੀ... ਪੰਦਰਾਂ ਸਾਲ ਹੋਗੇ ਕਦੇ ਨਾਗਾ ਪਾਇਆ ਹੋਵੇ |'
'ਕਿਉਂ ਜਲੂਸ ਕੱਢਦੀ ਐਾ ਮੇਰਾ... ਰੱਖੀ ਬੈਠਾ ਉਹ... ਡੂਮਣੀ ਦੇ ਸਰਾਣੇ ਕਦੇ ਜੰਮਿਐ ਦੁੱਧ... ਜੇ ਆਖੇਂ ਤਾਂ ਮੈਂ ਜਾ ਆਵਾਂ ਛੇਤੀ ਮੁੜ ਆਉਂਗਾ... ਚੱਲ ਥੋੜ੍ਹਾ ਜਿਹਾ ਮੰਨ ਈ ਗਈ |' ਮੂੰਹ ਵਿਚ ਈ ਹੌਲੀ-ਹੌਲੀ ਬੋਲਦਾ ਜੀਤਾ ਬਿਨਾਂ ਹਾਂ ਕਰਵਾਇਆਂ ਹੀ ਬਾਹਰ ਨੂੰ ਚਲਾ ਜਾਂਦਾ ਹੈ | ਘੰਟੇ ਬਾਅਦ ਹੀ ਮੁੜ ਆਉਂਦਾ ਹੈ ਤੇ ਰੋਟੀ ਖਾ ਕੇ ਬੱਚਿਆਂ ਨੂੰ ਬੁਲਾਉਣ ਲੱਗ ਪੈਂਦਾ ਹੈ, 'ਓਏ ਸੋਨੀ ਪੁੱਤ! ਸੌਾ ਗਏ ਪੁੱਤ ਓਏ..., ਆਹ ਛੋਟਾ-ਘੋਟਾ ਪੁੱਤ ਮੇਰਾ ਬਹੁਤ ਈ ਸਿਆਣਾ ਬੱਚੈ... ਉਠੋ ਪੁੱਤ ਅੱਜ ਮੇਰੇ ਨਾਲ ਗੱਲਾਂ ਨੀਂ ਕਰਦੇ ਤੁਸੀਂ ਓਏ |' ਬੱਚੇ ਐਵੇਂ ਈ ਮੂੰਹ ਜਿਹਾ ਢੱਕ ਕੇ ਪਏ ਹੋਏ ਸੀ ਤੇ ਜੀਤੇ ਦੇ ਐਨਾ ਕਹਿਣ 'ਤੇ ਉੱਠ ਕੇ ਬੈਠ ਤਾਂ ਗਏ ਪਰ ਬਿਨਾਂ ਬੋਲਿਆਂ ਹੀ ਬਿਟਰ-ਬਿਟਰ ਜੀਤੇ ਵੱਲ ਝਾਕਣ ਲੱਗੇ ਤੇ ਸੋਚਣ ਲੱਗੇ ਕਿ ਹੁਣ ਭਾਪੇ ਨੂੰ ਕੀ ਹੋ ਗਿਆ ਐਨੀ ਛੇਤੀ | ਜੀਤਾ ਉੱਚੀ-ਉੱਚੀ ਹੱਸਣ ਲੱਗ ਪਿਆ ਤੇ ਬੋਲਿਆ, 'ਥੋਨੂੰ ਕੀ ਹੋ ਗਿਆ?... ਐਾ ਝਾਕਦੇ ਓਾ... ਹੁਣ ਕੀ ਮੈਂ ਬਦਲ ਗਿਆਂ... ਮੈਂ ਓਹੀ ਜੀਤਾਂ |'
-ਸ਼ਰਨਪ੍ਰੀਤ ਕੌਰ
ਮੈਥ ਮਿਸਟ੍ਰੈੱਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪਾਵਰ ਹਾਊਸ ਕਾਲੋਨੀ, ਪਟਿਆਲਾ | ਮੋਬਾਈਲ : 94177-38737.

ਝਾੜੂਦੀ ਝੰਡੀਪਹਿਲੀ ਵਾਰ ਕਿਸੇ ਸਾਫ਼ ਸੁਥਰੀ ਥਾਂ 'ਤੇ ਇਕੱਠੇ ਬੈਠੇ ਵੀਹ ਪੱਚੀ ਨੌਜਵਾਨ ਝਾੜੂ ਬੜੀ ਹੀ ਠਾਠ ਬਾਠ ਨਾਲ ਗੱਲਾਂ ਕਰ ਰਹੇ ਸਨ | ਇਕ ਨੇ ਬੜੇ ਮਚਲੇ ਜਿਹੇ ਲਹਿਜ਼ੇ 'ਚ ਦੱਸਿਆ ਮੈਨੂੰ ਜਿਹੜੀ ਮੈਡਮ ਨੇ ਖਰੀਦਿਐ ਉਸ ਦੇ ਰੂੰ ਦੇ ਫੰਬਿਆਂ ਜਿਹੇ ਗੋਰੇ ਨਿਛੋਹ ਹੱਥ ਨੇ | ਲੱਗਦੈ ਮਰ ਜਾਣੀ ਨੇ ਕਦੇ ਡੱਕਾ ਤੋੜ ਕੇ ਦੂਹਰਾ ਨ੍ਹੀਂ ਕੀਤਾ ਹੋਣਾ | ਥੋਨੂੰ ਹੋਰ ਦੱਸਾਂ ਮੈਂ ਤਾਂ ਰਹਿੰਦਾ ਵੀ ਮੈਡਮ ਆਲੇ ਏ ਸੀ ਰੂਮ 'ਚ ਆਂ | ਕੋਲ ਪਏ ਦੂਸਰੇ ਝਾੜੂ ਨੇ ਆਪਣੀਆਂ ਤੀਲਾਂ ਨੂੰ ਸੇਹ ਦੀ ਪੂਛ ਵਾਂਗ ਖਿਲਾਰਦਿਆਂ ਕਿਹਾ, 'ਆਪਾਂ ਕਿਹੜਾ ਘੱਟ ਆਂ ਕਿਸੇ ਦੀ ਨੂੰ ਹ ਧੀ ਨਾਲੋਂ ਜਿਸ ਦਿਨ ਦੀ ਮੋਦੀ ਸਾਹਿਬ ਨੇ ਮਿਹਰ ਕੀਤੀ ਆ ਮੈਂ ਵੀ ਖ਼ੁਸ਼ਬੂਆਂ ਤੇ ਸ਼ੀਸ਼ਿਆਂ ਆਲੇ ਮਖਮਲੀ ਕਮਰੇ 'ਚ ਰਾਜਿਆਂ-ਮਾਹਰਾਜਿਆਂ ਵਾਂਗ ਦਿਨ ਗੁਜ਼ਾਰ ਰਿਹਾਂ | ਜੇ ਗੱਲ ਅੱਗੇ ਨਾ ਕਰੋ ਤਾਂ ਆਪਣੇ ਸਾਹਬ ਦੀ ਅੰਦਰੀਂ ਗੱਲ ਦੱਸਾਂ ? ਸਾਰਿਆਂ ਨੇ ਆਵਾਜ਼ ਨੂੰ ਮੱਧਮ ਜਿਹੀ ਕਰਕੇ ਹਾਂ ਦੀ ਹਾਮੀ ਭਰੀ | ਆਪਣੇ ਦਫ਼ਤਰ 'ਚ ਤਾਂ ਮੈਂ ਸਾਹਬ ਨੂੰ ਕਦੇ ਵੀ ਖੁਦ ਝਾੜੂ ਪੋਚਾ ਲਗਾਉਂਦਿਆਂ ਨਹੀਂ ਦੇਖਿਆ ਪਰ ਟੀ. ਵੀ. ਤੇ ਅਖ਼ਬਾਰਾਂ ਵਾਲਿਆਂ ਅੱਗੇ ਮੈਨੂੰ ਇੰਝ ਹੁਲਾਰਦੈ ਜਿਵੇਂ ਮੋਰ ਪੈਲ ਪਾਉਂਦਾ ਹੋਵੇ | ਦਫ਼ਤਰ 'ਚ ਤਾਂ ਮੇਰਾ ਸਾਹਬ ਕਦੇ ਝਾੜੂ ਮਾਰੇ ਚਾਹੇ ਨਾ ਮਾਰੇ ਪਰ ਲੈ ਦੇ ਕਰਨ 'ਚ ਹਰ ਰੋਜ਼ ਹੀ ਝਾੜੂ ਮਾਰਦੈ | ਵੱਡੀਆਂ ਵੱਡੀਆਂ ਕੰਪਨੀਆਂ ਦੇ ਬਾਬੂਆਂ ਵੱਲੋਂ ਭੇਟ ਕੀਤੇ ਕਾਗ਼ਜ਼ੀ ਨੋਟਾਂ ਨਾਲ ਭਰੇ ਅਟੈਚੀਕੇਸ ਮੇਰਾ ਸਾਹਬ ਹੂੰਝ ਕੇ ਲੈ ਜਾਂਦੈ | ਮੇਰੇ ਸਾਹਬ ਵੱਲੋਂ ਆਪਣੇ ਦਫ਼ਤਰ 'ਚ ਮੈਨੂੰ ਸੰਭਾਲ ਕੇ ਰੱਖੇ ਜਾਣ ਦੀ ਸਮਝ ਨਹੀਂ ਪਈ, ਜਦੋਂ ਦਫ਼ਤਰ 'ਚ ਨਾ ਕੂੜਾ, ਨਾ ਕਚਰਾ ਤਾਂ ਬਾਂਸ ਦੀਆਂ ਤੀਲਾਂ ਵਾਲੀ ਬਹੁਕਰ ਕੀ ਸਿਰ 'ਚ ਮਾਰਨੀ ਐ | ਜਿਹੜੀ ਥਾਂ ਸਾਫ਼ ਬੂਟਾਂ ਵਾਲੇ, ਸਾਫ਼ ਸੂਟਾਂ ਵਾਲੇ ਤੇ ਲਿਸ਼ਕਦੀਆਂ ਕਾਰਾਂ ਵਾਲੇ ਹੀ ਆਉਂਦੇ ਹੋਣ, ਐਸੀ ਥਾਂ ਭਲਾ ਕੂੜਾ ਕਰਕਟ ਕਿਵੇਂ ਆ ਸਕਦੈ | ਓਏ ਕਮਲਿਆ ਆਪਾਂ ਨੂੰ ਕੂੜ-ਕਬਾੜ ਹੂੰਝਣ ਵਾਸਤੇ ਥੋੜ੍ਹਾ ਰੱਖਿਐ ਆਪਾਂ ਤਾਂ ਦਰਸ਼ਨੀ ਝਾੜੂ ਆਂ ਦਰਸ਼ਨੀ | ਜਿਵੇਂ ਰਾਜੇ ਮਾਂਹਰਾਜਿਆਂ ਕੋਲ ਪਹਿਲੇ ਵੇਲਿਆਂ 'ਚ ਟੌਹਰ ਲਈ ਤੋਪਾਂ ਤੇ ਬੰਦੂਕਾਂ ਹੁੰਦੀਆਂ ਸਨ, ਹੁਣ ਉਵੇਂ ਹੀ ਅੱਜ ਦੇ ਰਾਜੇ ਮਾਂਹਰਾਜੇ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਲੋਕਾਂ ਨੂੰ ਆਪਣੇ ਪਿੱਛੇ ਲਗਾਉਂਦੇ ਨੇ | ਮੂਰਖਾ ਸਫ਼ਾਈ ਝਾੜੂਆਂ ਨਾਲ ਥੋੜਾ ਹੁੰਦੀ ਐ, ਸਫ਼ਾਈ ਤਾਂ ਦਿਲਾਂ ਨਾਲ ਹੁੰਦੀ ਐ | ਨਾਲੇ ਤੇਰੇ ਮੇਰੇ ਵਰਗੇ ਮਹੀਨਾ-ਮਹੀਨਾ ਭਰ ਖੂੰਜਿਆਂ 'ਚ ਪਏ ਰਹਿਣ ਵਾਲੇ ਦਰਸ਼ਨੀ ਝਾੜੂ ਕਿਸੇ ਦਾ ਕੀ ਹੂੰਝ ਦੇਣਗੇ | ਦੂਸਰਿਆਂ ਨਾਲੋਂ ਥੋੜਾ ਵੱਖਰੀ ਕਿਸਮ ਦੇ ਇਕ ਝਾੜੂ ਨੇ ਅਸਲੀ ਗੱਲ ਖੋਲ੍ਹ ਦਿੱਤੀ ਸੀ | ਚੁੱਪ ਕਰੋ ਓਏ ਬਾਹਲੇ ਦੁੱਧ ਧੋਤਿਓ | ਜੇ ਸਦੀਆਂ ਦੀ ਮਿਹਨਤ ਬਾਅਦ ਮੌਜਾਂ ਮਿਲੀਆਂ ਨੇ ਤਾਂ ਤੁਸੀਂ ਨ੍ਹੀਂ ਮਾਨਣ ਦਿੰਦੇ | ਓਏ ਅੱਜ ਜਦੋਂ ਹਰ ਬੰਦਾ ਆਪਣੀ ਅਤੇ ਆਪਣੇ ਆਰ ਪਰਿਵਾਰ ਦੀ ਸੋਚਦੈ ਤਾਂ ਤੁਹਾਡੇ ਢਿੱਡ 'ਚ ਸਮਾਜ ਸੇਵਾ ਦੀ ਪੀੜ ਕਿਉਂ ਹੁੰਦੀ ਐ | ਐਵੇਂ ਕਮਲ ਨਾ ਕੁੱਟੋ, ਕੋਈ ਹੋਰ ਗੱਲ ਕਰੋ | ਇਕ ਮਸਕਰੇ ਝਾੜੂ ਨੇ ਪਾਲਾ ਸੰਭਾਲਦੇ ਕਹਿਣਾ ਸ਼ੁਰੂ ਕੀਤਾ | ਜੇ ਆਹ ਦਿਨ ਸਦਾ ਰਹਿਣ ਤਾਂ ਆਪਣੀਆਂ ਮੌਜਾਂ ਹੀ ਮੌਜਾਂ ਨੇ | ਇਕ ਸਿਆਣੀ ਕਿਸਮ ਦਾ ਮਾੜਚੂ ਜਿਹਾ ਝਾੜੂ ਬੋਲਿਆ ਤੁਸੀਂ ਭਾਵੇਂ ਜਿੰਨੀ ਮਰਜ਼ੀ ਖੁਸ਼ੀ ਮਨਾਈ ਜਾਓ ਪਰ ਮੈਨੂੰ ਤਾਂ ਬੰਦੇ ਦੀ ਜਾਤ 'ਤੇ ਅਜੇ ਵੀ ਯਕੀਨ ਨਹੀਂ ਹੈ | ਆਪਣੀ ਆਹ ਮੌਜ-ਮਸਤੀ ਮਹੀਨੇ ਦੋ ਮਹੀਨੇ ਦੀ ਲੱਗਦੀ ਐ ਮੈਨੂੰ ਤਾਂ | ਜਦੋਂ ਮੋਦੀ ਸਾਹਬ ਦੀ ਭਾਰਤ ਦੇ ਲਹਿੰਦੇ ਚੜ੍ਹਦੇ 'ਚ ਜੈ ਜੈ ਕਾਰ ਹੋ ਗਈ ਫਿਰ ਆਪਾਂ ਨੂੰ ਕਿਸੇ ਨਹੀਂ ਪੁੱਛਣਾ | ਚੁੱਕਿਆ ਤਾਂ ਆਪਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਸੀ ਪਰ ਦਿੱਲੀ ਫਤਿਹ ਕਰਦਿਆਂ ਹੀ ਉਹ ਭੁੱਲ ਗਏ ਸੀ | ਬਾਈ ਇਹ ਰਾਜਨੀਤੀ ਦੀ ਖੇਡ ਆ | ਬਾਹਲਾ ਚਾਅ ਨਾ ਕਰੋ | ਸਾਰੇ ਝਾੜੂ ਫਿਕਰਾਂ ਵਿਚ ਪੈ ਗਏ | ਆਂਹਦੇ ਗੱਲ ਤਾਂ ਤੇਰੀ ਠੀਕ ਲੱਗਦੀ ਹੈ | ਸਭ ਤੋਂ ਪਹਿਲਾਂ ਆਪਣਾ ਲੜ ਕੇਜਰੀਵਾਲ ਨੇ ਫੜਿਆ | ਦਿੱਲੀ ਦੀਆਂ ਸੜਕਾਂ 'ਤੇ ਇਕ ਵਾਰ ਆਪਾਂ ਇੰਝ ਦਿਖਾਈ ਦੇਣ ਲੱਗ ਪਏ ਜਿਵੇਂ ਲਾਲ ਬੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਨੇ ਪਰ ਜਦੋਂ ਕੇਜਰੀਵਾਲ ਸਾਹਬ ਦੀ ਸਰਕਾਰ ਬਣੀ ਅਤੇ ਫਿਰ ਡੇਢ ਕੁ ਮਹੀਨੇ ਬਾਅਦ ਵਿਦਾਅ ਹੋ ਗਈ ਤਾਂ ਕੇਜਰੀਵਾਲ ਦੀ ਪਾਰਟੀ ਆਲੇ ਆਪਾਂ ਨੂੰ ਭੁੱਲ ਹੀ ਗਏ | ਓਏ ਚੱਲ ਚੰਗਾ ਹੋਇਆ ਆਪਣਾ ਖਹਿੜਾ ਛੁੱਟ ਗਿਆ, ਕੇਜਰੀਵਾਲ ਨੇ ਆਪਾਂ ਨੂੰ ਨੰਗ-ਧੜੰਗੇ ਰੱਖ ਕੇ ਬਥੇਰਾ ਪਾਲੇ 'ਚ ਮਾਰਿਐ | ਆਪ ਤਾਂ ਗਲੇ 'ਚ ਮਫਰਲ ਜਾ ਪਾ ਕੇ ਨਿੱਘਾ ਹੋਇਆ ਰਹਿੰਦਾ ਸੀ | ਅਜੇ ਗੱਲਾਂ ਚੱਲ ਹੀ ਰਹੀਆਂ ਸਨ ਕਿ ਇਕ ਘਸਿਆ ਜਿਹਾ ਪੁਰਾਣਾ ਬਜ਼ੁਰਗ ਲੱਗਦਾ ਝਾੜੂ ਆ ਪਰਗਟ ਹੋਇਆ | ਸਾਰੇ ਝਾੜੂ ਸੰਭਲ ਜਿਹੇ ਗਏ | ਇਕ ਆਂਹਦਾ ਬਾਪੂ ਤੂੰ ਕਿਵੇਂ ਠੰਢ 'ਚ ਤੁਰਿਆ ਫਿਰਦੈਂ | ਬਜ਼ੁਰਗ ਆਂਹਦਾ ਤੁਸੀਂ ਇੱਥੇ ਚੰਡਾਲ ਚੌਾਕੜੀ ਬਣਾ ਕੇ ਕੀ ਕਰਦੇ ਓਾ | ਮੌਜਾਂ ਬਾਪੂ ਮੌਜਾਂ, ਸਰਕਾਰ ਨੇ ਮਾਣ ਤਾਣ ਦਿੱਤੈ ਆਪਾਂ ਨੂੰ | ਗੰਦਗੀ ਦੇ ਢੇਰਾਂ ਦੀ ਬਜਾਏ ਹੁਣ ਆਪਣੀ ਥਾਂ ਆਲੀਸ਼ਾਨ ਦਫ਼ਤਰਾਂ 'ਚ ਬਣ ਗਈ ਐ, ਮਿੰਟਾਂ 'ਚ ਹੀ ਇਕ ਜਵਾਨ ਝਾੜੂ ਕਿੰਨੇ ਸ਼ਬਦ ਬੋਲ ਗਿਆ ਸੀ | ਚੁੱਪ ਕਰ ਓਏ ਬਾਹਲਿਆ ਸਿਆਣਿਆ | ਭਾਰਤ ਦੀ ਸਵਾ ਅਰਬ ਅਬਾਦੀ ਨੂੰ ਤਾਂ ਛਿਆਹਟ ਸਾਲਾਂ ਬਾਅਦ ਵੀ ਥਾਂ ਨੀਂ ਮਿਲੀ ਆਪਣੀ ਹੱਕ ਜੋਗੀ ਤੇ ਇਸ ਵੱਡੇ ਨਾਢੂ ਖਾਂ ਨੂੰ ਅੱਜ ਹੀ ਮਿਲ ਗਈ | ਪ੍ਰਧਾਨ ਮੰਤਰੀ ਜੀ ਨੇ ਸਾਫ਼ ਸਫ਼ਾਈ ਵਾਲੀ ਮੁਹਿੰਮ ਸ਼ੁਰੂ ਕਰਕੇ ਕੋਈ ਪਾਪ ਥੋੜਾ ਕੀਤੈ | ਐਵੇਂ ਨਿੰਦੀ ਜਾਨੈ ਬਾਪੂ, ਪਹਿਲੇ ਝਾੜੂ ਨੇ ਥੌੜਾ ਗਿਲਾ ਕੀਤਾ | ਮੈਂ ਮੁਹਿੰਮ ਨੂੰ ਮਾੜੀ ਨ੍ਹੀਂ ਆਖਦਾ ਪਰ ਮੁਹਿੰਮ ਨੂੰ ਅੱਗੇ ਤੋਰਨ ਵਾਲਿਆਂ ਦੀਆਂ ਨੀਤਾਂ ਸਾਫ਼ ਨਹੀਂ ਲੱਗਦੀਆਂ | ਤੁਸੀਂ ਖੁਦ ਹੀ ਦੇਖੋ ਇਕੋ ਥਾਂ ਕਦੇ ਵੀਹ-ਵੀਹ ਝਾੜੂ ਸਫ਼ਾਈ ਕਰਦੇ ਦੇਖੇ ਆ ਪਰ ਹੁਣ ਇਹ ਕੁਝ ਸਭ ਹੋ ਰਿਹੈ | ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੋ | ਲੀਡਰਾਂ ਦੇ ਲਾਰਿਆਂ ਪਿੱਛੇ ਲੱਗ ਆਪਣੀ ਔਕਾਤ ਨਾ ਭੁੱਲੋ | ਆਪਣੀ ਵਡਿਆਈ ਗੰਦਗੀ ਦੇ ਢੇਰਾਂ ਨੂੰ ਸਾਫ਼ ਕਰਨ 'ਚ ਐ, ਬੰਦੇ ਵਾਂਗ ਫੋਕੀਆਂ ਟੌਹਰਾਂ 'ਚ ਨਹੀਂ | ਝਾੜੂ ਦੀ ਇੱਜ਼ਤ ਬੰਦੇ ਵਾਂਗ ਖਾ ਖਾ ਕੇ ਢਿੱਡ ਵਧਾਉਣ ਨਾਲ ਨਹੀਂ ਸਗੋਂ ਘਸ-ਘਸ ਕੇ ਰੁੰਡ ਮਰੁੰਡ ਹੋਣ 'ਚ ਹੈ | ਆਪਾਂ ਬੇਈਮਾਨ ਨਹੀਂ ਬਣ ਸਕਦੇ | ਚਲੋ ਉੱਠੋ ਤੇ ਆਪਣਾ ਕੰਮ ਕਰੋ | ਬਜ਼ੁਰਗ ਝਾੜੂ ਦੀਆਂ ਖਰੀਆਂ ਖਰੀਆਂ ਸੁਣ ਕੇ ਸਾਰੇ ਜਵਾਨ ਝਾੜੂ ਆਪੋ ਆਪਣੇ ਕੰਮਾਂ ਵੱਲ ਤੁਰ ਪਏ | ਜਿੱਥੋਂ ਜਿੱਥੋਂ ਦੀ ਇਹ ਲੰਘ ਰਹੇ ਸਨ, ਆਲਾ ਦੁਆਲਾ ਸਾਫ਼ ਹੁੰਦਾ ਜਾ ਰਿਹਾ ਸੀ |
-ਮੋਬਾਈਲ : 94172-54517.

ਖੁਦਕੁਸ਼ੀ

ਮਾਸਟਰ ਗੁਰਨਾਮ ਸਿੰਘ ਜੋ ਕਿ ਪਿੰਡ ਦੇ ਸਰਕਾਰੀ ਸਕੂਲ 'ਚ ਪੰਜਾਬੀ ਦਾ ਅਧਿਆਪਕ ਸੀ | ਉਸ ਦੀ ਇਕੋ ਇਕ ਧੀ ਸੀ ਇਸ਼ਮੀਤ | ਉਹ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦਾ ਸੀ | ਇਸ ਲਈ ਉਸ ਨੇ ਇਸ਼ਮੀਤ ਨੂੰ ਦਸਵੀਂ ਤੋਂ ਬਾਅਦ ਇਕ ਚੰਗੇ ਕਾਲਜ 'ਚ ਦਾਖ਼ਲ ਕਰਵਾ ਦਿੱਤਾ ਜਿਥੇ ਕਿ ਹੋਸਟਲ ਦੀ ਸੁਵਿਧਾ ਵੀ ਸੀ | ਇਸ਼ਮੀਤ ਦੇ ਪਿਤਾ ਨੇ ਉਸ ਨੂੰ ਸਾਇੰਸ ਦਾ ਵਿਸ਼ਾ ਲੈ ਦਿੱਤਾ ਪਰ ਇਸ਼ਮੀਤ ਦੀ ਸਾਇੰਸ ਵਿਸ਼ੇ 'ਚ ਰੁਚੀ ਨਹੀਂ ਸੀ ਤੇ ਉਹ ਆਰਟਸ ਵਿਸ਼ਾ ਲੈਣਾ ਚਾਹੁੰਦੀ ਸੀ | ਉਸ ਨੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਖਾਤਰ ਇਹ ਵਿਸ਼ਾ ਲੈ ਲਿਆ | ਉਹ ਗਿਆਰਵੀਂ 'ਚੋਂ ਪਾਸ ਤਾਂ ਹੋ ਗਈ ਪਰ ਚੰਗੇ ਨੰਬਰ ਨਾ ਲੈ ਸਕੀ | ਘੱਟ ਨੰਬਰ ਆਉਣ 'ਤੇ ਉਸ ਦੇ ਪਿਤਾ ਨੇ ਕਿਹਾ ਕਿ ਉਹ ਬਾਰ੍ਹਵੀਂ 'ਚ ਹੋਰ ਮਿਹਨਤ ਨਾਲ ਪੜ੍ਹੇ | ਇਸ ਲਈ ਉਸ ਨੇ ਉਸ ਦੀ ਟਿਊਸ਼ਨ ਵੀ ਰਖਵਾ ਦਿੱਤੀ | ਉਸ ਨੇ ਸਾਇੰਸ 'ਚ ਰੁਚੀ ਨਾ ਹੋਣ ਕਰਕੇ ਮਨ ਮਾਰ ਕੇ ਪੜ੍ਹਾਈ ਕਰਕੇ ਪੇਪਰ ਦੇ ਦਿੱਤੇ | ਪੇਪਰਾਂ ਤੋਂ ਬਾਅਦ ਉਹ ਹੋਸਟਲ 'ਚ ਰਹਿ ਕੇ ਇੰਜੀਨੀਅਰਿੰਗ ਦੇ ਦਾਖ਼ਲਾ ਟੈਸਟ ਵਾਸਤੇ ਕੋਚਿੰਗ ਲੈ ਰਹੀ ਸੀ | ਜਦੋਂ ਉਸ ਦਾ ਬਾਰਵ੍ਹੀਂ ਦਾ ਨਤੀਜਾ ਆਇਆ ਤਾਂ ਉਸ ਸਮੇਂ ਉਹ ਹੋਸਟਲ 'ਚ ਹੀ ਸੀ ਤੇ ਆਪਣਾ ਨਤੀਜਾ ਵੇਖ ਕੇ ਬੜੀ ਮਾਯੂਸ ਹੋਈ ਕਿਉਂਕਿ ਉਹੀ ਗੱਲ ਹੋਈ ਜਿਸ ਦਾ ਉਸ ਨੂੰ ਡਰ ਸੀ | ਉਸ ਦੇ ਨੰਬਰ ਬਹੁਤ ਘੱਟ ਸਨ | ਇੰਨੇ ਨੰਬਰਾਂ ਨਾਲ ਉਹ ਇੰਜੀਨੀਅਰਿੰਗ 'ਚ ਦਾਖ਼ਲਾ ਤਾਂ ਕੀ ਯੋਗਤਾ ਟੈਸਟ ਵੀ ਦੇਣ ਦੇ ਯੋਗ ਨਹੀਂ ਸੀ | ਉਸ ਰਾਤ ਉਸ ਨੇ ਰੋਟੀ ਵੀ ਨਾ ਖਾਧੀ ਤੇ ਆਪਣੇ ਕਮਰੇ 'ਚ ਚਲੀ ਗਈ | ਅੰਦਰੋਂ ਦਰਵਾਜ਼ਾ ਬੰਦ ਕਰ ਲਿਆ | ਸਾਰੀ ਰਾਤ ਉਹ ਇਹ ਸੋਚਦੀ ਰਹੀ ਕਿ ਏਨੇ ਘੱਟ ਨੰਬਰਾਂ ਨਾਲ ਉਹ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇਗੀ ਤੇ ਹੁਣ ਆਪਣੇ ਪਿਤਾ ਨੂੰ ਕੀ ਮੂੰਹ ਦਿਖਾਵੇਗੀ | ਇਸ ਦੇ ਨਾਲ ਹੀ ਉਹ ਮਨ 'ਚ ਸੋਚ ਰਹੀ ਸੀ ਕਿ ਰਿਸ਼ਤੇਦਾਰਾਂ ਵੱਲੋਂ ਪੁੱਛਣ 'ਤੇ ਉਸ ਦੇ ਮਾਤਾ ਪਿਤਾ ਕੀ ਦੱਸਣਗੇ ਕਿ ਉਨ੍ਹਾਂ ਦੀ ਧੀ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਚੰਗੇ ਨੰਬਰ ਨਹੀਂ ਲੈ ਸਕੀ | ਇਸ ਤਰ੍ਹਾਂ ਉਸ ਦੇ ਦਿਮਾਗ 'ਚ ਸਵਾਲਾਂ ਦਾ ਵਾਵਰੋਲਾ ਚੱਲ ਰਿਹਾ ਸੀ | ਅਗਲੇ ਦਿਨ ਸਵੇਰੇ ਜਦੋਂ ਉਸ ਦੀਆਂ ਸਹੇਲੀਆਂ ਨੇ ਉਸ ਦੇ ਕਮਰੇ ਦਾ ਦਰਵਾਜਾ ਖੜਕਾਇਆ 'ਤੇ ਅਵਾਜ਼ਾਂ ਮਾਰਨ ਦੇ ਬਾਵਜੂਦ ਉਸ ਨੇ ਦਰਵਾਜ਼ਾ ਨਾ ਖੋਲਿ੍ਹਆ | ਇਸ 'ਤੇ ਉਨ੍ਹਾਂ ਹੋਸਟਲ ਦੇ ਵਾਰਡਨ ਨੂੰ ਦੱਸਿਆ | ਹੋਸਟਲ ਵਾਰਡਨ ਨੇ ਜਦੋਂ ਜੱਦੋ-ਜਹਿਦ ਕਰਕੇ ਦਰਵਾਜ਼ਾ ਖੋਲਿ੍ਹਆ ਤਾਂ ਵੇਖਿਆ ਕਿ ਇਸ਼ਮੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ |
-ਗਗਨਦੀਪ ਸਿੰਘ ਆਹਲੂਵਾਲੀਆ
ਬਸਤੀ ਸ਼ੇਖ, ਜਲੰਧਰ |
ਮੋਬਾਈਲ : 81466-45027

ਨੂੰ ਹ ਦਾ ਜ਼ੁਕਾਮ

ਮਾਇਆ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਪੀੜਤ ਸੀ ਤੇ ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਗਿਣ ਰਹੀ ਸੀ | ਕੁੜੀਆਂ ਆਪਣੀ ਮਾਂ ਦੇ ਆਲੇ-ਦੁਆਲੇ ਬੈਠੀਆਂ ਮਾਂ ਦੀ ਤਰਸਯੋਗ ਹਾਲਤ 'ਤੇ ਅੱਥਰੂ ਵਹਾ ਰਹੀਆਂ ਸਨ | ਸ਼ਰਮੋਂ-ਸ਼ਰਮੀਂ ਮਾਇਆ ਦੀ ਨੰੂਹ ਵੀ ਲਾਸ਼ ਹੋਈ ਮਾਇਆ ਕੋਲ ਆ ਬੈਠੀ | ਨੂੰ ਹ ਨੇ ਆਪਣਾ ਨੱਕ ਕੱਪੜੇ ਨਾਲ ਢੱਕਿਆ ਹੋਇਆ ਸੀ, ਤਾਂ ਕਿ ਮਾਇਆ ਦੀ ਬਿਮਾਰੀ ਦਾ ਅਸਰ ਉਸ 'ਤੇ ਨਾ ਹੋ ਜਾਏ | ਉਹ ਆਖ ਰਹੀ ਸੀ ਕਿ ਮੈਨੂੰ ਤਾਂ ਜ਼ੁਕਾਮ ਹੋ ਗਿਆ ਹੈ | ਕੁੱਝ ਹੀ ਪਲਾਂ 'ਚ ਮਾਇਆ ਸਵਰਗ ਸਿਧਾਰ ਗਈ | ਕੁੜੀਆਂ ਪੱਥਰ ਹੋਈ ਮਾਂ ਦੇ ਸਰੀਰ 'ਤੇ ਸਿਰ ਰੱਖ ਕੇ ਨਾ ਸਹਿਣ ਵਾਲਾ ਵਿਰਲਾਪ ਕਰਨ ਲੱਗੀਆਂ | ਨੂੰ ਹ ਨੇ ਸੁਖ ਦਾ ਸਾਹ ਲਿਆ ਤੇ ਹੱਥ ਜੋੜਦੀ ਹੋਈ ਧੰਨਵਾਦੀ ਲਹਿਜ਼ੇ 'ਚ ਬੋਲੀ, ''ਰੱਬਾ, ਚੰਗਾ ਹੋਇਆ ਬੁੜ੍ਹੀ ਜਲਦੀ ਹੀ ਚੱਕ ਲਈ | ਨਹੀਂ ਤਾਂ ਜ਼ੁਕਾਮ ਦਾ ਬਹਾਨਾ ਮੈਂ ਕਦੋਂ ਤੱਕ ਕਰਦੀ | ਕੈਂਸਰ ਦੀ ਬਿਮਾਰੀ ਲਾਗ ਦੀ ਬਿਮਾਰੀ ਨਾ ਹੋਣ ਤੋਂ ਅਣਜਾਣ ਨੂੰ ਹ ਇਹ ਭੁੱਲ ਬੈਠੀ ਸੀ ਕਿ ਇੱਕ ਵਾਰ ਸਖ਼ਤ ਬਿਮਾਰ ਹੋਣ 'ਤੇ ਉਸ ਦੀ ਸੱਸ ਨੇ ਹੀ ਆਪਣਾ ਖ਼ੂਨ ਦੇ ਕੇ ਉਸ ਨੂੰ ਬਚਾਇਆ ਸੀ |
-ਸਿਮਰਨ, ਜਗਰਾਉਂ

ਪਾਕਿਸਤਾਨ ਤੋਂ ਆਈ ਮਿੰਨੀ ਕਹਾਣੀ ਬੈਰ੍ਹਾ

-ਜਮੀਲ ਅਹਿਮਦ ਪਾਲ
ਦਫ਼ਤਰ ਵਿਚ ਚੌਥਾ ਚੱਕਰ ਲਾ ਕੇ ਨਿਕਲਿਆ ਤਾਂ ਦੋ ਵੱਜ ਰਹੇ ਸਨ ਤੇ ਅੰਤਾਂ ਦੀ ਭੁੱਖ ਲੱਗ ਰਹੀ ਸੀ | ਘਰ ਅੱਪੜਦਿਆਂ ਤਿੰਨ ਵੱਜ ਜਾਣੇ ਸਨ | ਇਸ ਲਈ ਮੈਂ ਨਾਲ ਈ ਹੋਟਲ ਵਿਚ ਜਾ ਵੜਿਆ ਤੇ ਰੋਟੀ ਆਦਿ ਮੰਗਵਾ ਲਈ, ਹੋਟਲ ਕੀ ਸੀ ਵੱਡਾ ਸਾਰਾ ਹਾਲ ਸੀ, ਜਿਥੇ ਅੰਨ੍ਹਾ ਰਸ਼ ਸੀ ਤੇ ਹਰ ਕੋਈ ਖਾਵਣ ਜਾਂ ਰੌਲਾ ਪਾਵਣ ਵਿਚ ਰੁਝਿਆ ਹੋਇਆ ਸੀ |
ਖਾਂਦਿਆਂ-ਖਾਂਦਿਆਂ ਪਾਣੀ ਦੀ ਲੋੜ ਪਈ ਪਰ ਮੇਜ਼ ਉਤੇ ਪਾਣੀ ਨਹੀਂ ਸੀ | ਮੈਂ ਗਿਲਾਸ ਨਾਲ ਮੇਜ਼ ਖੜਕਾਇਆ ਪਰ ਕੋਈ ਨਾ ਬੋਲਿਆ | ਹੋਟਲ ਵਿਚ ਕੰਮ ਕਰਨ ਵਾਲੇ ਬੈਰ੍ਹੇ ਦੋ-ਚਾਰ ਮੰੁਡੇ ਸਨ | ਉਹ ਆਪਣੇ-ਆਪਣੇ ਕੰਮਾਂ ਵਿਚ ਰੁਝੇ ਹੋਏ ਸਨ | ਇਕ ਅੱਧੇ ਨੂੰ ਪਾਣੀ ਲਿਆਉਣ ਦਾ ਆਖਿਆ ਪਰ ਉਹਨੇ ਗੱਲ ਈ ਨਾ ਗੌਲੀ | ਗਿਲਾਸ ਫਿਰ ਖੜਕਾਇਆ ਪਰ ਕੋਈ ਨਾ ਬਹੁੜਿਆ | ਤੰਗ ਆ ਕੇ ਮੈਂ ਕੋਲੋਂ ਲੰਘਦੇ ਮੰੁਡੇ ਨੂੰ ਕਮੀਜ਼ ਤੋਂ ਫੜ ਕੇ ਖਿੱਚਿਆ ਤੇ ਆਖਿਆ, 'ਸੁਣਦਾ ਕਿਉਂ ਨਹੀਂ? ਜਾਹ, ਜਾ ਕੇ ਪਾਣੀ ਲਿਆ?'
ਮੰੁਡੇ ਨੇ ਇਕ ਵਾਰ ਮੇਰੇ ਵੱਲ ਵੇਖਿਆ ਤੇ ਚੁੱਪ-ਚਾਪ ਜਾ ਕੇ ਕੋਨੇ ਵਿਚ ਪਏ ਟੱਬ ਵਿਚੋਂ ਠੰਢੇ ਪਾਣੀ ਦਾ ਜੱਗ ਭਰ ਕੇ ਮੇਰੀ ਮੇਜ਼ 'ਤੇ ਲਿਆ ਰੱਖਿਆ |
'ਬਸ ਜਾਹ, ਗਾਹਕਾਂ ਦੀ ਗੱਲ ਸੁਣ ਲਈ ਦੀ ਏ', ਮੈਂ ਆਖਿਆ |
'ਮੰੁਡਾ ਚੁੱਪ ਕਰਕੇ ਅੱਗੇ ਟੁਰ ਗਿਆ | ਮੈਂ ਐਵੇਂ ਉਹਦੇ ਵੱਲ ਵੇਖਦਾ ਰਿਹਾ | ਉਹਨੇ ਕਾਊਾਟਰ 'ਤੇ ਜਾ ਕੇ ਜੇਬ ਵਿਚ ਹੱਥ ਪਾਇਆ ਤੇ ਫਿਰ ਕਾਊਾਟਰ ਵਾਲੇ ਨੂੰ ਪੈਸੇ ਦੇ ਕੇ ਬਾਹਰ ਸੜਕ ਉਤੇ ਰਾਹੇ ਪੈ ਗਿਆ | ਮੈਂ ਨਦਾਮਤ (ਸ਼ਰਮਿੰਦਗੀ) ਦੇ ਪਾਣੀ ਵਿਚ ਗ਼ਰਕ (ਡੁੱਬਾ) ਸਾਂ |
ਅਨੁ:-ਸਰਦਾਰ ਪੰਛੀ
259-ਫੇਜ਼-3, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ-141013.
ਮੋਬਾਈਲ : 94170-91668.

ਕਾਵਿ-ਵਿਅੰਗ

ਨੋਟ ਮਰਜ਼ੀ ਦੇ
• ਹਰਦੀਪ ਢਿੱਲੋਂ r
ਭੱਤਾ ਪਰੋਸਦੀ ਜੱਟ ਨੂੰ ਕਹੇ ਜੱਟੀ,
ਨਰਮਾ ਚੁਗਦੀ ਦੇ ਸੁੰਡੀਆਂ ਲੜਨ ਮੀਆਂ |
ਵੇਚੀ ਜਾਂਦੇ ਜੋ ਨਕਲੀ ਬੀਜ ਖਾਦਾਂ,
ਪਿੱਛੇ ਸੀਖਾਂ ਦੇ ਕਿਉਂ ਨਾ ਤੜਨ ਮੀਆਂ |
ਲੁੱਟਣ ਵਾਸਤੇ ਫ਼ਸਲ ਦਲਾਲ ਭੈੜੇ,
ਘੇਰਾ ਢੇਰੀ ਦਾ ਘੱਤ ਕੇ ਖੜ੍ਹਨ ਮੀਆਂ |
ਲਹੂ ਚੂਸਦੀ ਸ਼ਾਹਾਂ ਦੀ ਵਹੀ ਰਹਿੰਦੀ,
ਹੱਡ ਭਾਦੋਂ ਦੀ ਦੁਪਹਿਰੇ ਰੜ੍ਹਨ ਮੀਆਂ |
ਮਿਲਦੀ ਹੱਟੀ ਤੋਂ ਪਸ਼ੂ-ਖੁਰਾਕ ਨਕਲੀ,
ਦੁੱਧ ਹਟਿਆ ਹਾਰੇ ਵਿਚ ਕੜ੍ਹਨ ਮੀਆਂ |
ਤੜਕੇ ਤੁਰਦੇ ਨੇ ਚਿੱਟੇ ਦਾ ਲਾ ਟੀਕਾ,
ਮੰੁਡੇ ਆਥਣੇ ਠੇਕੇ ਵੜਨ ਮੀਆਂ |
ਕੁੜਮਾਚਾਰੀ ਵਿਚ ਨੱਕ ਵਢਾਅ ਦੇਵਣ,
ਨੀਤਾਂ ਖੋਟੀਆਂ ਗਹਿਣੇ ਘੜਨ ਮੀਆਂ |
ਮਿਸਲ ਫ਼ਸਲੀ ਖਰਾਬੇ ਦੀ ਰੁਲੀ ਕਿਧਰੇ,
ਲੱਗੀ ਦਫ਼ਤਰੀ ਪੌੜੀਆਂ ਚੜ੍ਹਨ ਮੀਆਂ |
ਜਿਹੜੇ ਘੋਲਦੇ ਜ਼ਹਿਰ ਵਿਚ ਕੱਸੀਆਂ ਦੇ,
ਦੋਸ਼ ਪ੍ਰਦੂਸ਼ਣ ਦਾ ਸਾਨੂੰ ਮੜ੍ਹਨ ਮੀਆਂ |
'ਮੁਰਾਦਵਾਲਿਆ' ਲੱਭ ਲੈ ਹੋਰ ਕਿੱਤਾ,
ਨੋਟ ਮਰਜ਼ੀ ਦੇ ਜਿੱਥੋਂ ਨਿੱਤ ਝੜਨ ਮੀਆਂ | |
1-ਸਿਵਲ ਹਸਪਤਾਲ, ਅਬੋਹਰ-152116.
-ਮੋਬਾਈਲ : 98764-57242.
ਸੱਪ
• ਨਵਰਾਹੀ ਘੁਗਿਆਣਵੀ r
ਹੈਂਕੜ ਅਤੇ ਈਰਖਾ ਵਿਚ ਉਲਝੇ,
ਮੇਰੇ ਦੇਸ਼ ਦੇ ਬਦਨਸੀਬ ਲੋਕੀਂ |
ਕੋਈ ਕਮੀ ਨਾ ਏਥੇ ਨਾਸ਼ੁਕਰਿਆਂ ਦੀ,
ਦੇਖੇ ਅਸਾਂ ਨੇ ਬੜੇ ਅਜੀਬ ਲੋਕੀਂ |
ਲੱਤਾਂ ਖਿੱਚਦੇ ਜਦੋਂ ਵੀ ਮਿਲੇ ਮੌਕਾ,
ਓਦਾਂ ਜਾਪਦੇ ਬੜੇ ਕਰੀਬ ਲੋਕੀਂ |
ਦੁਖੀ ਵੇਖ ਕੇ ਕਿਸੇ ਨਿਮਾਣੜੇ ਨੂੰ ,
ਸੱਪ ਵਾਂਙਰਾਂ ਮਾਰਦੇ ਜੀਭ ਲੋਕੀਂ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302.

ਉਧਾਰੀ ਉਮਰ

ਸਭ ਦੀ ਉਮਰ ਤਕਰੀਬਨ ਤਕਰੀਬਨ ਚਾਲੀ ਸਾਲ ਤੱਕ ਸੀ | ਸਭ ਤੋਂ ਪਹਿਲਾਂ ਬੰਦੇ ਨੂੰ ਰੱਬ ਨੇ ਕਿਹਾ, 'ਲੈ ਬਈ ਆਪਣੀ ਚਾਲੀ ਸਾਲ ਦੀ ਉਮਰ, ਤੂੰ ਧਰਤੀ 'ਤੇ ਸਭ ਤੋਂ ਬੁੱਧੀਮਾਨ ਹੋਵੇਂਗਾ ਤੇ ਹਰ ਦੀ ਤਨੋ-ਮਨੋ ਸੇਵਾ ਸਹਾਇਤਾ ਕਰੇਂਗਾ, ਪ੍ਰੇਮ-ਪਿਆਰ ਨਾਲ ਰਹੇਂਗਾ, ਲਾਲਚ ਨਹੀਂ ਕਰੇਂਗਾ, ਕਿਸੇ ਦੀ ਆਤਮਾ ਨਹੀਂ ਦੁਖਾਏਾਗਾ, ਇਹੀ ਤੇਰਾ ਧਰਮ ਹੈ |'
'ਬੱਸ ਜੀ ਚਾਲੀ ਸਾਲ...? ਥੋੜੀ ਉਮਰ ਤਾਂ ਹੋਰ ਦੇ ਦਿਉ?' ਬੰਦੇ 'ਚ ਲਾਲਚ ਵੀ ਭਰਿਆ ਸੀ |
'ਭਾਈ ਮੇਰੇ ਕੋਲ ਚਾਲੀ ਸਾਲ ਤੋਂ ਵੱਧ ਕੋਟਾ ਨਹੀਂ ਹੈ, ਜੇ ਕੋਈ ਜਾਨਵਰ ਜਾਂ ਪੰਛੀ ਕੀੜਾ-ਮਕੌੜਾ ਤੈਨੂੰ ਆਪਣੀ ਉਮਰ ਖੁਸ਼ੀ ਨਾਲ ਦਿੰਦਾ ਤਾਂ ਲੈ ਲਈਾ, ਉਥੇ ਪਾਸੇ ਹੋ ਕੇ ਬਹਿਜਾ', ਰੱਬ ਨੇ ਕਿਹਾ |
ਰੱਬ ਜੀ ਜਾਨਵਰ ਤੇ ਪੰਛੀਆਂ ਨੂੰ ਉਮਰਾਂ ਵੰਡੀ ਜਾ ਰਹੇ ਸਨ ਤੇ ਜਾਨਵਰ ਅਤੇ ਪੰਛੀ ਆਪਣੀਆਂ-ਆਪਣੀਆਂ ਉਮਰਾਂ ਲੈ ਕੇ ਜਾ ਰਹੇ ਸਨ ਤੇ ਫੇਰ ਗਧੇ ਦੀ ਵਾਰੀ ਆਈ ਤੇ ਰੱਬ ਜੀ ਨੇ ਕਿਹਾ |
'ਭਾਈ ਆਹ ਚੁੱਕ ਤੇਰੀ ਉਮਰ ਚਾਲੀ ਸਾਲ ਆ, ਤੂੰ ਆਪਣੀ ਏਸ ਜੂਨੀ ਚ ਭਾਰ ਢੋਣਾ ਹੈ ਤੇ ਬੰਦੇ ਦੀ ਗੱਲ ਮੰਨਣੀ ਹੈ |'
'ਰੱਬ ਜੀ, ਮੇਰੀ ਇਕ ਬੇਨਤੀ ਹੈ ਮੈਂ ਚਾਲੀ ਸਾਲ ਭਾਰ ਢੋਈ ਜਾਊਾਗਾ, ਮੈਂ ਕਿਹੜਾ ਥੱਲੇ ਅਫਸਰ ਲੱਗਣਾ, ਤੁਸੀਂ ਮੇਰੀ ਉਮਰ ਘੱਟ ਕਰ ਦਿਉ |'
'ਭਾਈ, ਮੈਂ ਘੱਟ-ਵੱਧ ਨਹੀਂ ਕਰ ਸਕਦਾ | ਹਾਂ, ਜੇ ਤੂੰ ਆਪਣੀ ਉਮਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਦੇਣੀ ਹੈ ਤਾਂ ਦੇ ਸਕਦੈਂ, ਅਹੁ ਬੰਦਾ ਬੈਠਾ, ਉਹਦੇ ਨਾਲ ਗੱਲ ਕਰਕੇ ਵੇਖ ਲੈ', ਰੱਬ ਨੇ ਕਿਹਾ |
ਗਧਾ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਚਲਿਆ ਗਿਆ | ਉਸ ਤੋਂ ਬਾਅਦ ਕੁੱਤੇ ਦੀ ਵਾਰੀ ਆਈ | ਰੱਬ ਜੀ ਨੇ ਉਸਨੂੰ ਵੀ ਚਾਲੀ ਸਾਲ ਦੀ ਉਮਰ ਦੇ ਦਿੱਤੀ ਤੇ ਕਿਹਾ, 'ਭਾਈ, ਤੇਰੀ ਉਮਰ ਚਾਲੀ ਸਾਲ ਹੈ | ਤੂੰ ਭੌਾਕ ਸਕੇਂਗਾ, ਬੋਲ ਨਹੀਂ ਸਕੇਂਗਾ, ਤੂੰ ਆਪਣੇ ਮਾਲਿਕ ਪ੍ਰਤੀ ਵਫਾਦਾਰ ਰਹਿਣਾ |'
'ਰੱਬ ਜੀ ਮੈਂ ਚਾਲੀ ਸਾਲ ਦੀ ਉਮਰ ਲੈ ਕੇ ਕੀ ਕਰਨੀ ਆ ? ਮੈਂ ਕਿਹੜਾ ਨੇਤਾ ਬਣਨਾ, ਮੇਰੀ ਉਮਰ ਘੱਟ ਕਰ ਦਿਉ', ਕੁੱਤੇ ਨੇ ਬੇਨਤੀ ਕੀਤੀ |
'ਭਾਈ, ਇਸ ਚ ਮੈਂ ਕੁਝ ਨਹੀਂ ਕਰ ਸਕਦਾ, ਤੂੰ ਬੰਦੇ ਨਾਲ ਗੱਲ ਕਰ ਲੈ |'
ਕੁੱਤਾ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਚਲਿਆ ਗਿਆ | ਪਰ ਰੱਬ ਨੇ ਬੰਦਾ ਸ਼ੈਅ ਹੀ ਅਜਿਹੀ ਬਣਾਈ ਸੀ | ਉਹ ਬੈਠੇ ਦਾ ਬੈਠਾ | ਰੱਬ ਨੇ ਤਕਰੀਬਨ-ਤਕਰੀਬਨ ਸਾਰਿਆਂ ਨੂੰ ਉਮਰਾਂ ਵੰਡ ਦਿੱਤੀਆਂ | ਉੱਲੂ ਨੂੰ ਕਿਤੇ ਨੀਂਦ ਆ ਗਈ | ਉਹ ਸੁੱਤਾ ਰਿਹਾ ਤਾਂ ਕਿਸੇ ਨੇ ਉਸਨੂੰ ਜਗਾਇਆ ਤਾਂ ਉਹ ਛੇਤੀ-ਛੇਤੀ ਰੱਬ ਜੀ ਕੋਲ ਪਹੁੰਚਆ | ਰੱਬ ਜੀ ਨੇ ਉੱਲੂ ਨੂੰ ਗੁੱਸੇ ਹੁੰਦੇ ਹੋਏ ਕਿਹਾ, 'ਆਹ ਚੁੱਕ ਆਪਣੀ ਚਾਲੀ ਸਾਲ ਦੀ ਉਮਰ ਤੇ ਤੈਨੂੰ ਰਾਤ ਨੂੰ ਵਿਖਾਈ ਦੇਵੇਗਾ ਤੇ ਦਿਨੇ ਤੂੰ ਆਰਾਮ ਨਾਲ ਸੋਂ ਜਾਇਆ ਕਰੀਂ |'
'ਜੀ, ਮੇਰੇ ਕੋਲੋਂ ਗਲਤੀ ਹੋ ਗਈ , ਮੈਂ ਕੀ ਕਰੂੰਗਾ ਜੀ ਚਾਲੀ ਸਾਲ ਦੀ ਉਮਰ ਨੂੰ , ਮੈਨੂੰ ਦਿਨ ਦੀ ਬਜਾਏ ਰਾਤ ਨੂੰ ਦਿਸੂਗਾ, ਮੇਰੀ ਅੱਧੀ ਉਮਰ ਹੋਰ ਕਿਸੇ ਨੂੰ ਦੇ ਦਿਉ |'
'ਭਾਈ ਮੈਂ ਉਮਰ ਚਾਲੀ ਤੋਂ ਵਧਾ-ਘਟਾ ਨਹੀਂ ਸਕਦਾ, ਜੇ ਤੂੰ ਆਪਣੀ ਮਰਜ਼ੀ ਨਾਲ ਆਪਣੀ ਉਮਰ ਦੇਣੀ ਹੈ ਤਾਂ ਬੰਦੇ ਨੂੰ ਦੇ ਦੇ', ਰੱਬ ਨੇ ਕਿਹਾ |
ਉੱਲੂ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਉਡ ਗਿਆ | ਪਰ ਬੰਦਾ ਉੱਥੇ ਬੈਠੇ ਦਾ ਬੈਠਾ | ਜਦੋਂ ਕਿ ਸਾਰਿਆਂ ਨੂੰ ਉਮਰਾਂ ਵੰਡੀਆਂ ਜਾ ਚੁੱਕੀਆਂ ਸਨ | ਰੱਬ ਨੇ ਬੰਦੇ ਨੂੰ ਕਿਹਾ, 'ਭਾਈ ਹੁਣ ਤੂੰ ਜਾਹ, ਮੈਂ ਸਾਰਿਆਂ ਨੂੰ ਉਮਰਾਂ ਵੰਡ ਦਿੱਤੀਆਂ ਨੇ, ਹਾਂ ਮੇਰੀ ਇਕ ਗੱਲ ਸੁਣਦਾ ਜਾਈਾ, ਤੂੰ ਇਨ੍ਹਾਂ ਜਾਨਵਰਾਂ ਦੀਆਂ ਉਮਰਾਂ ਲਈਆਂ ਤੂੰ ਪਰੇਸ਼ਾਨ ਬਹੁਤ ਹੋਵੇਂਗਾ | ਇਹ ਉਮਰਾਂ ਤੈਨੂੰ ਮਹਿੰਗੀਆਂ ਪੈਣਗੀਆਂ |' ਹੁਣ ਬੰਦੇ ਦੀ ਆਪਣੀ ਉਮਰ ਚਾਲੀ ਸਾਲ ਹੈ | ਉਸ ਤੋਂ ਬਾਅਦ ਗਧੇ ਵਾਲੀ ਉਮਰ ਸ਼ੁਰੂ ਹੁੰਦੀ ਹੈ | ਆਪਣੇ ਬੱਚਿਆਂ ਲਈ ਕੰਮ ਕਰਦਾ ਹੈ | ਮੈਂ ਆਹ ਕੰਮ ਕਰ ਲਵਾਂ, ਉਹ ਕੰਮ ਕਰ ਲਵਾਂ | ਉਹ ਭਾਰ ਢੋਈ ਜਾਂਦਾ ਹੈ | ਜਦੋਂ ਉਹ ਸੱਠ ਸਾਲ ਦਾ ਹੋ ਜਾਂਦਾ ਹੈ ਤਾਂ ਸਰੀਰ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ, ਤਾਂ ਕੁੱਤੇ ਵਾਲੀ ਉਮਰ ਸ਼ੁਰੂ ਹੁੰਦੀ ਹੈ | ਉਹ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ | ਉਹ ਆਪਣੇ ਬੱਚਿਆਂ ਨੂੰ ਚੰਗੀ ਸਲਾਹ ਦਿੰਦਾ ਹੈ | ਅੱਸੀ ਸਾਲ ਤੋਂ ਬਾਅਦ ਉਹ ਮੰਜੇ ਤੇ ਬੈਠ ਜਾਂਦਾ ਹੈ | ਗੋਡੇ-ਗਿੱਟੇ ਵੀ ਜਵਾਬ ਦੇ ਦਿੰਦੇ ਤੇ ਨਾ ਹੀ ਸਰੀਰ ਚ ਜਾਨ ਹੁੰਦੀ ਹੈ | ਆਪਣੇ ਨੂੰ ਹਾਂ-ਪੁੱਤਰਾਂ ਪੋਤਿਆਂ ਨੂੰ ਲੜਦੇ-ਝਗੜਦੇ ਵੇਖਦਾ ਹੈ | ਉਹ ਬੋਲ ਨਹੀਂ ਸਕਦਾ, ਉੱਠ ਕੇ ਛੁਡਾ ਨਹੀਂ ਸਕਦਾ | ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ | ਬਸ ਉੱਲੂ ਵਾਂਗ ਵੇਖਦਾ ਹੀ ਰਹਿੰਦਾ ਹੈ | ਬਸ ਵੇਖਦਾ ਹੀ ਰਹਿੰਦਾ ਹੈ ਇਕ ਦਿਨ ਵੇਖਣਾ ਵੀ ਬੰਦ ਹੋ ਜਾਂਦਾ ਹੈ |
-ਮੋਬਾਈਲ : 098557-35666.

ਕਾਵਿ-ਵਿਅੰਗ

ਸ਼ਤਰੰਜ
• ਨਵਰਾਹੀ ਘੁਗਿਆਣਵੀ r
ਸਾਰੀ ਉਮਰ ਇਕ ਪਾਰਟੀ ਵਿਚ ਰਹਿ ਕੇ,
ਨਾਤਾ ਜੋੜਿਆ ਦੂਸਰੀ ਨਾਲ ਬੱਲੇ!
ਪਹਿਲੇ ਲੀਡਰਾਂ ਦਾ ਗੁਣ ਗਾਇਨ ਕੀਤਾ,
ਤੇ ਹੁਣ ਨਵਿਆਂ ਦੇ ਹੋਏ ਭਿਆਲ ਬੱਲੇ |
ਦੋਸ਼ ਆਪਣਾ ਨਹੀਂ ਕਬੂਲ ਕਰਨਾ,
ਏਹੀ ਅਸਾਂ ਦਾ ਵੇਖ ਕਮਾਲ ਬੱਲੇ |
ਦਾਅ-ਪੇਚ ਦਾ ਨਾਂਅ ਹੈ ਰਾਜਨੀਤੀ,
ਇਹ ਤਾਂ ਹੈ ਸ਼ਤਰੰਜ ਦੀ ਚਾਲ ਬੱਲੇ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302.
ਸ਼ੌਕ ਬੰਦੇ ਦੇ
• ਹਰਦੀਪ ਢਿੱਲੋਂ r
ਸ਼ੌਕ ਬੰਦੇ ਦੇ ਮੁਢਲੀਆਂ ਬਣੇ ਲੋੜਾਂ,
ਬਹੁਤੇ ਸ਼ੌਕ ਵਿਚ ਬਣੇ ਨਸ਼ਈ ਫਿਰਦੇ |
ਸਿਰ ਖੁਰਕਣ ਦੀ ਵਿਹਲ ਨਾ ਕਿਸੇ ਕੋਲੇ,
ਵਿਹਲੇ ਲੋਕ ਰੁਝੇਵੇਂ ਨੇ ਲਈ ਫਿਰਦੇ |
ਰੱਖਣ ਵਾਸਤੇ ਟੌਹਰ ਦਿਖਾਵਿਆਂ ਦੀ,
ਕਿੱਲੇ ਜੱਟਾਂ ਦੇ ਹੋਏ ਕਰਜ਼ਈ ਫਿਰਦੇ |
ਖੇਤ ਜਾਣ ਦਾ ਕਹੇ ਤੋਂ ਲੜਨ ਮੰੁਡੇ,
ਬਾਹਰ ਉੱਡਣ ਨੂੰ ਕਾਹਲੇ ਪਈ ਫਿਰਦੇ |
ਜਾਗੇ ਹੇਜ ਮਜ਼ਦੂਰਾਂ ਦਾ ਜਦ ਡਾਢਾ,
ਝੰਡੇ ਮਨਾਂਵਦੇ ਪਹਿਲੀ ਮਈ ਫਿਰਦੇ |
ਖੁੱਲ੍ਹੀ ਸੜਕ 'ਤੇ ਕਾਰਾਂ ਦੀ ਹੋਈ ਟੱਕਰ,
ਚਾਲਕ ਸੁਪਨਿਆਂ ਵਿਚ ਮੰੁਬਈ ਫਿਰਦੇ |
ਕਸਰਤ ਕਰਨ ਦਾ ਕੱਢਣਾ ਸਮਾਂ ਔਖਾ,
ਭੇਟਾ ਚੜ੍ਹੇ ਦਵਾਈਆਂ ਦੀ ਕਈ ਫਿਰਦੇ |
'ਮੁਰਾਦਵਾਲਿਆ' ਸੁਰਗ ਦੇ ਵੇਖ ਸੁਪਨੇ,
ਭੋਲੇ ਆਦਮੀ ਚੱਕਰ ਵਿਚ ਪਈ ਫਿਰਦੇ |
1-ਸਿਵਲ ਹਸਪਤਾਲ, ਅਬੋਹਰ-152116.
-ਮੋਬਾਈਲ : 98764-57242.
ਘੁਣ
• ਧਰਵਿੰਦਰ ਸਿੰਘ ਔਲਖ r
ਨਾਲ ਨਫ਼ਰਤਾਂ ਦਿਲ ਸਾਡੇ ਭਰੇ ਹੋਏ ਨੇ,
ਪਹਿਲਾਂ ਵਾਲਾ ਨਹੀਂ ਰਿਹਾ ਪਿਆਰ ਭਾਈ |
ਬੱਚੇ ਆਪ ਬੇਹੁਦਰੇ ਹੋ ਗਏ ਨੇ,
ਨਾ ਹੀ ਵੱਡਿਆਂ ਦਾ ਕਰਨ ਸਤਿਕਾਰ ਭਾਈ |
ਬੇਰੁਜ਼ਗਾਰੀ ਤੇ ਨਸ਼ਾਖੋਰੀ ਇੰਜ ਵਧ ਗਈ,
ਕੌੜੀ ਵੇਲ ਵਧੇ ਜਿਸ ਪ੍ਰਕਾਰ ਭਾਈ |
ਇੰਨੇ ਘੁਣ ਸਮਾਜ ਨੂੰ ਲੱਗ ਗਏ ਨੇ,
ਭਲੀ ਕਰੂਗਾ ਕਿੰਜ ਕਰਤਾਰ ਭਾਈ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ |
-ਮੋਬਾਈਲ : 98152-82283.

ਪੜਿ੍ਹਆਂ-ਲਿਖਿਆਂ ਵਿਚ ਪੈਰ ਰੱਖੀਦੈ


ਚਿਰਾਂ ਬਾਅਦ ਦੋ ਦੋਸਤ ਮਿਲੇ | ਹੈਲੋ-ਹੈਲੋ ਹੋਈ | ਗੱਲਬਾਤ ਅੱਗੇ ਵਧੀ |
ਪਹਿਲਾ, 'ਕਿਆ ਬਾਤ ਹੈ ਚਾਰ ਚਾਰ ਪੈੱਨ ਜੇਬ੍ਹ ਵਿਚ ਟੰਗੇ ਹੋਏ ਹਨ |'
ਦੂਜਾ, 'ਆਹੋ ਬਈ! ਹੁਣ ਅਸੀਂ ਪੜਿ੍ਹਆਂ-ਲਿਖਿਆਂ ਵਿਚ ਪੈਰ ਰੱਖੀਦਾ ਹੈ | ਨਾਲੇ ਬਹੁਤ ਜ਼ਰੂਰੀ ਗੱਲਾਂ ਨੋਟ ਕਰਨ ਲਈ ਲਾਲ ਰੰਗ ਦੀ ਸਿਆਹੀ ਵਾਲਾ ਅਤੇ ਗ਼ੈਰ-ਜ਼ਰੂਰੀ ਕੰਮਾਂ ਵਾਸਤੇ ਨੀਲੇ ਰੰਗ ਦੀ ਸਿਆਹੀ ਵਾਲਾ ਪੈੱਨ ਵਰਤੀਦੈ | ਆਹ ਜਿਹੜਾ ਕਾਲੇ ਰੰਗ ਦੇ ਵਿਚ ਹੈ ਉਹ ਜੇ ਕੋਈ ਮੰਗ ਲਵੇ ਤਾਂ ਉਸ ਨੂੰ ਦੇਣ ਵਾਸਤੇ, ਕਿਉਂ ਜੋ ਵਾਪਸ ਮਿਲਣ ਦੀ ਆਸ ਘੱਟ ਹੀ ਹੁੰਦੀ ਹੈ | ਏਹ ਜਿਹੜਾ ਗੋਲਡਨ ਪੈੱਨ ਹੈ ਉਹ ਕਿਸੇ ਪ੍ਰੇਮੀ ਸੱਜਣ ਨੂੰ ਕੁਝ ਲਿਖਣਾ ਪੈ ਜਾਵੇ ਤਾਂ ਇਹ ਚਮਕਣ ਵਾਲੀ ਸਿਆਹੀ ਵਾਲਾ ਪੈਨ ਹੈ | ਹੋਰ ਸੁਣਾਓ ਕੀ ਹਾਲ ਹੈ?'
ਪਹਿਲਾ ਦੋਸਤ, 'ਵੈਸੇ ਮੇਰੀ ਸਲਾਹ ਹੈ ਕਿ ਅੱਜਕਲ੍ਹ ਚਸ਼ਮੇ ਦੇ ਖੋਲ੍ਹ ਅਤੇ ਥਰਮਾਮੀਟਰ ਵੀ ਪੈੱਨ ਦੀ ਸ਼ਕਲ ਵਿਚ ਆ ਰਹੇ ਨੇ, ਤੁਸੀਂ ਉਹ ਵੀ ਜ਼ਰੂਰ ਰੱਖੋ | ਆਖਰ, ਪਤਾ ਨਹੀਂ ਕਿਥੇ ਲੋੜ ਪੈ ਜਾਵੇ |'
-ਬਿ੍ਜ ਮੱਲ੍ਹੀ,
70/8, ਸੈਂਟਰਲ ਟਾਊਨ, ਜਲੰਧਰ | ਮੋਬਾਈਲ : 98889-02448.

ਕਿਹੜੇ ਰੂਟ ਦੀ ਲਾਰੀ

ਉਹ ਪ੍ਰਾਈਵੇਟ ਬੱਸ ਬਾਬਾ ਬਕਾਲਾ ਸਾਹਿਬ ਮੋੜ ਦੇ ਵੱਡੇ ਚੌਕ ਵਿਚ ਖੜ੍ਹੀ ਸੀ, ਪਰ ਮੂੰਹ ਸਿਰ ਤੋਂ ਇਹ ਪਤਾ ਨਹੀਂ ਲੱਗ ਰਿਹਾ ਕਿ ਇਸ ਨੇ ਕਿਸ ਰੂਟ ਨੂੰ ਚੜ੍ਹਾਈ ਕਰਨੀ ਹੈ | ਸ਼ਾਮ ਦਾ ਸਮਾਂ ਸੀ, ਥੋੜ੍ਹੀ ਦੇਰ ਨੂੰ ਰਾਤ ਪੈ ਜਾਣ ਵਾਲੀ ਸੀ | ਮੈਂ ਤਾਂ ਬਟਾਲਾ ਰੋਡ ਵਾਲੀ ਬੱਸ ਫੜਣੀ ਸੀ ਕਿਉਂਕਿ ਨੇੜੇ ਹੀ ਦੋ ਕਿਲੋਮੀਟਰ ਦੂਰੀ 'ਤੇ ਬਾਬਾ ਬਕਾਲਾ ਸਾਹਿਬ ਉਤਰ ਜਾਣਾ ਸੀ ਅਤੇ ਲਾਗੇ-ਛਾਗੇ ਹੋਰ ਕੋਈ ਵੀ ਬੱਸ ਨਹੀਂ ਖੜੌਤੀ ਸੀ | ਸੋ ਮੈਂ ਉਸੇ ਬੱਸ ਦੇ ਕੰਡਕਟਰ ਨੂੰ ਪੁੱਛ ਹੀ ਲਿਆ, 'ਭਾਈ ਸਾਹਿਬ ਇਹ ਬੱਸ ਕਿਧਰ ਨੂੰ ਜਾ ਰਹੀ ਹੈ ?' ਕੰਡਕਟਰ ਨੇ ਕੁੰਡਲਦਾਰ ਮੁੱਛਾਂ ਨੂੰ ਵੱਟ ਚੜ੍ਹਾਉਂਦੇ ਹੋਇਆਂ ਉਲਟਾ ਮੈਨੂੰ ਹੀ ਸਵਾਲ ਕੱਢ ਮਾਰਿਆ, 'ਤੂੰ ਕਿੱਧਰ ਜਾਣਾ ?' ਮੈਂ ਕਿਹਾ, 'ਮੈਂ ਤਾਂ ਬਟਾਲੇ ਵੱਲ ਨੂੰ ਜਾਣਾ ਹੈ | ' ਤਾਂ ਉਹ ਕਹਿਣ ਲੱਗਾ, 'ਚੜ੍ਹ ਜਾ, ਚੜ੍ਹ ਜਾ, ਇਹ ਬਟਾਲੇ ਹੀ ਜਾ ਰਹੀ ਹੈ | ' ਤੇ ਮੈਂ ਜੱਕੋ ਤੱਕੀ ਵਿਚ ਉਸੇ ਬੱਸ ਵਿਚ ਚੜ੍ਹ ਗਿਆ |
ਹੌਲੀ ਹੌਲੀ ਹੋਰ ਸਵਾਰੀਆਂ ਵੀ ਮੇਰੇ ਮਗਰ ਹੀ ਬਟਾਲੇ ਵਾਲੀਆਂ ਚੜ੍ਹ ਗਈਆਂ | ਇਕ ਸਵਾਰੀ ਮੇਰੇ ਨਾਲ ਦੀ ਸੀਟ 'ਤੇ ਆ ਬੈਠੀ | ਮੈਂ ਜਾਣ-ਪਛਾਣ ਕਰਨ ਲਈ ਪੁੱਛਿਆ, 'ਭਾਈ ਸਾਹਿਬ, ਤੁਸੀਂ ਕਿਹੜੀ ਜਗ੍ਹਾ ਜਾਣਾ ਹੈ?' ਤਾਂ ਉਹ ਕਹਿਣ ਲੱਗਾ, 'ਮੈਂ ਜਲੰਧਰ ਜਾਣਾ ਹੈ | ' ਮੈਂ ਹੱਸ ਕੇ ਕਿਹਾ, 'ਭਾਈ ਸਾਹਿਬ, ਤੁਸੀਂ ਉੱਤਰ ਜਾਵੋ, ਇਹ ਬੱਸ ਤਾਂ ਬਟਾਲੇ ਨੂੰ ਜਾ ਰਹੀ ਹੈ | ' ਪਰ ਉਹ ਜਿਵੇਂ ਬੱਸ ਦਾ ਮਾਲਕ ਹੋਵੇ, ਆਕੜ ਕੇ ਕਹਿਣ ਲੱਗਾ, 'ਨਹੀਂ ਨਹੀਂ, ਇਹ ਬੱਸ ਤਾਂ ਜਲੰਧਰ ਨੂੰ ਜਾ ਰਹੀ ਹੈ, ਮੈਨੂੰ ਖੁਦ ਕੰਡਕਟਰ ਨੇ ਕਿਹਾ ਹੈ | ਚੰਗੀ ਚਾਹੁੰਦੇ ਹੋ ਤਾਂ ਤੁਸੀਂ ਥੱਲੇ ਉਤਰ ਜਾਵੋ |'
ਮੈਂ ਬੜਾ ਹੈਰਾਨ ਹੋਇਆ ਕਿਉਂਕਿ ਕੰਡਕਟਰ ਨੇ ਮੈਨੂੰ ਕਿਹਾ ਸੀ ਕਿ ਇਹ ਬੱਸ ਬਟਾਲੇ ਨੂੰ ਜਾ ਰਹੀ ਹੈ | ਇੰਨੇ ਨੂੰ ਇਕ ਹੋਰ ਸਵਾਰੀ ਸਾਡੀ ਗੱਲ ਸੁਣ ਕੇ ਆ ਗਈ ਅਤੇ ਲੱਗੇ ਜੱਗੋਂ ਤੇਰਵੀਂ ਗੱਲ ਕਰਨ, ਅਖੇ ਇਹ ਬੱਸ ਤਾਂ ਅੰਮਿ੍ਤਸਰ ਨੂੰ ਜਾ ਰਹੀ ਹੈ | ਹੁਣ ਸਾਡੀ ਹਾਲਤ ਵੇਖਣ ਵਾਲੀ ਸੀ, ਸਾਰੀ ਬੱਸ ਵਿਚ ਰੌਲਾ ਪੈ ਗਿਆ | ਬੱਸ ਵੀ ਚੰਗੀ ਖਾਸੀ ਭਰ ਗਈ ਸੀ | ਐਨੇ ਨੂੰ ਸਾਰੇ ਫਸਾਦ ਦੀ ਜੜ੍ਹ ਕੰਡਕਟਰ ਸਾਹਿਬ ਤਸ਼ਰੀਫ ਲੈ ਆਏ ਅਤੇ ਲੱਗੇ ਸਵਾਰੀਆਂ ਦੀ ਗਿਣਤੀ-ਮਿਣਤੀ ਕਰਨ | ਫਿਰ ਆਪਣੀਆਂ ਕੁੰਡਲਦਾਰ ਮੁੱਛਾਂ 'ਤੇ ਹੱਥ ਫੇਰਦਿਆਂ ਕਹਿਣ ਲੱਗਾ, 'ਭਾਈ ਸਾਹਿਬ ਇਸ ਬੱਸ ਵਿਚ ਜਲੰਧਰ ਨੂੰ ਜਾਣ ਵਾਲੀਆਂ ਸਵਾਰੀਆਂ ਦੀ ਗਿਣਤੀ ਜ਼ਿਆਦਾ ਹੈ | ਸੋ, ਇਹ ਬੱਸ ਕੇਵਲ ਜਲੰਧਰ ਨੂੰ ਜਾਊ, ਬਾਕੀ ਸਾਰੇ ਥੱਲੇ ਉਤਰ ਜਾਵੋ |'
ਬੱਸ ਵਿਚੋਂ ਬਹੁਤ ਸਾਰੇ ਲੋਕ ਬੁੜ-ਬੁੜ ਕਰਦੇ ਥੱਲੇ ਉੱਤਰ ਰਹੇ ਸਨ | ਮੈਂ ਵੀ ਉਨ੍ਹਾਂ 'ਚ ਸ਼ਾਮਿਲ ਸਾਂ ਅਤੇ ਹੁਣ ਚੌਕ ਵਿਚ ਖੜ੍ਹਾ ਬਟਾਲੇ ਵਾਲੀ ਬੱਸ ਦੀ ਉਡੀਕ ਕਰਨ ਲੱਗਾ |
-ਸ਼ੇਲਿੰਦਰਜੀਤ ਸਿੰਘ ਰਾਜਨ
ਜਨਰਲ ਸਕੱੱਤਰ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ)
ਮੋਬਾਈਲ : 98157-69164.

ਮੁੱਲ ਵਾਲੀ ਸੜਕ

ਤਾਇਆ ਬਿਸ਼ਨ ਸਿੰਘ ਆਪਣੇ ਭਤੀਜੇ ਸਮਸ਼ੇਰ ਨੂੰ ਕਈ ਦਿਨਾਂ ਤੋਂ ਕਹਿ ਰਿਹਾ ਸੀ ਕਿ ਕਿਤੇ ਸ਼ਹਿਰ ਲਾਗੇ ਉਸ ਦੀ ਨਾਨਕਿਆਂ ਵਾਲੀ ਪੁਰਾਣੀ ਰਿਸ਼ਤੇਦਾਰੀ 'ਚ ਘੁੰਮਾ ਲਿਆਵੇ | ਜ਼ਿੰਦਗੀ ਦਾ ਕੀ ਭਰੋਸਾ, ਨਾਲੇ ਪੁਰਾਣੇ ਬੰਦਿਆਂ ਨੇ ਕਿਹੜੈ ਬੈਠੇ ਰਹਿਣੈ | ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸਮਸ਼ੇਰ ਨੂੰ ਛੁੱਟੀ ਸੀ | ਉਹ ਤਾਏ ਨੂੰ ਤਿਆਰ ਹੋਣ ਲਈ ਕਹਿ ਕੇ ਆਪ ਕਾਰ ਸਾਫ਼ ਕਰਨ ਲੱਗ ਪਿਆ | ਕੁਝ ਦੇਰ ਬਾਅਦ ਦੋਵੇਂ ਜਣੇ ਪਿੰਡੋਂ ਤੁਰ ਪਏ ਸਨ | ਥਾਂ-ਥਾ ਤੋਂ ਟੁੱਟੀ ਸੜਕ ਤੋਂ ਗੱਡੀ ਜੂੰ ਦੀ ਚਾਲ ਤੁਰ ਰਹੀ ਸੀ | ਤਾਇਆ ਕਦੇ ਸੱਜੇ, ਕਦੇ ਖੱਬੇ ਵੱਲ ਹਿਚਕੋਲੇ ਖਾ ਰਿਹਾ ਸੀ | 'ਇਸ ਦਾ ਪਤਾ ਨੀ ਕਦੋਂ ਨਛੱਤਰ ਖੁੱਲ੍ਹਣਾ | ਪਹਿਲਾਂ ਤਾਂ ਕਦੇ-ਕਦਾਈਾ ਟਾਂਕਾ-ਟੋਲਾ ਕਰ ਜਾਂਦੇ ਸਨ | ਹੁਣ ਤਾਂ ਬਾਹਲਾ ਅਰਸਾ ਹੋ ਗਿਐ', ਤਾਇਆ ਆਪ ਮੁਹਾਰੇ ਬੁੜ੍ਹ-ਬੁੜ੍ਹ ਕਰ ਰਿਹਾ ਸੀ | ਗੱਡੀ ਪਿੰਡਾਂ ਵਿਚੋਂ ਲੰਘ ਕੇ ਜਦੋਂ ਮੁੱਖ ਸੜਕ 'ਤੇ ਚੜ੍ਹੀ ਤਾਂ ਤਾਏ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ | 'ਓਏ, ਸ਼ੇਰੇ! ਮੈਂ ਤਾਂ ਸਮਝਿਆ ਸੀ ਕਿ ਇੱਧਰ ਵੀ ਸੜਕਾਂ ਦਾ ਸਾਡੇ ਵਰਗਾ ਹੀ ਹਾਲ ਹੋਊ | ਇਹ ਸੜਕ ਤਾਂ ਬਾਹਰਲੇ ਮੁਲਕਾਂ ਵਰਗੀ ਹੈ | ਜਿਵੇਂ ਆਪਣਾ ਕੈਨੇਡਾ ਵਾਲਾ ਕਰਨੈਲ ਦੱਸਦਾ ਸੀ |' ਤੇਜ਼ ਸਪੀਡ ਨਾਲ ਜਾਂਦੀ ਗੱਡੀ ਟੋਲ-ਪਲਾਜ਼ੇ 'ਤੇ ਰੁਕੀ ਅਤੇ ਸਮਸ਼ੇਰ ਨੇ ਬਣਦੀ ਪਰਚੀ ਕਟਾ ਕੇ ਗੱਡੀ ਫਿਰ ਤੋਰ ਲਈ | ਜਦੋਂ ਤਾਏ ਨੂੰ ਪਤਾ ਲੱਗਾ ਕਿ ਇਸ ਸੜਕ 'ਤੇ ਚੱਲਣ ਲਈ ਪੈਸੇ ਅਦਾ ਕਰਨੇ ਪੈਂਦੇ ਹਨ ਤਾਂ ਉਹ ਪਿੰਡਾਂ ਦੀਆਂ ਟੁੱਟੀਆਂ ਹੋਈਆਂ ਸੜਕਾਂ ਅਤੇ ਮੁੱਲ ਦੀਆਂ ਸੜਕਾਂ ਬਾਰੇ ਸੋਚਦਾ ਨਿਢਾਲ ਜਿਹਾ ਹੋ ਕੇ ਬਹਿ ਗਿਆ ਸੀ |
-ਅਮਰੀਕ ਸਿੰਘ ਦਿਆਲ
ਪਿੰਡ ਤੇ ਡਾਕ: ਕਾਲੇਵਾਲ ਬੀਤ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)
ਮੋਬਾਈਲ : 94638-51568.

ਸਮੇਂ-ਸਮੇਂ ਦੀ ਗੱਲ ਚੇਤੇ ਰਹਿਣ ਵਾਲੀ ਗੱਲ

ਗੱਲ 1995 ਦੀ ਹੈ, ਜਦੋਂ ਕੁਲਦੀਪ ਮਾਣਕ (ਹੁਣ ਸਵਰਗਵਾਸੀ) ਪੰਜਾਬੀਆਂ ਦੇ ਸੱਦੇ 'ਤੇ ਕੈਨੇਡਾ ਪ੍ਰੋਗਰਾਮ ਕਰਨ ਗਿਆ | ਪ੍ਰੋਗਰਾਮ ਹੋ ਰਿਹਾ ਸੀ | ਚਾਹੁਣ ਵਾਲਿਆਂ ਦੀ ਪੂਰੀ ਭੀੜ ਸੀ | ਮਾਣਕ ਨੇ ਗਾਉਣਾ ਸ਼ੁਰੂ ਕੀਤਾ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ', ਅਚਾਨਕ ਇਕ ਬਜ਼ੁਰਗ ਮਾਈ ਕਾਹਲੀ-ਕਾਹਲੀ ਸਟੇਜ ਵੱਲ ਨੂੰ ਵਧਣ ਲੱਗੀ |Œ ਸਕਿਊਰਿਟੀ ਵਾਲੇ ਉਸ ਨੂੰ ਸਟੇਜ ਤੱਕ ਆਉਣ ਤੋਂ ਰੋਕ ਰਹੇ ਸੀ | ਜਦੋਂ ਮਾਣਕ ਸਾਹਬ ਨੇ ਦੇਖਿਆ ਤਾਂ ਸਕਿਊਰਿਟੀ ਵਾਲਿਆਂ ਨੂੰ ਕਿਹਾ, 'ਮਾਤਾ ਨੂੰ ਆਉਣ ਦਿਓ, ਮੇਰੇ ਬੰਬ ਨਹੀਂ ਮਾਰਨ ਲੱਗੀ |' ਮਾਤਾ ਸਟੇਜ ਕੋਲ ਪਹੁੰਚੀ ਤਾਂ ਉਸ ਨੇ ਆਪਣੇ ਗਲ 'ਚੋਂ 10 ਤੋਲੇ ਦੀ ਸੋਨੇ ਦੀ ਚੈਨੀ ਲਾਹ ਕੇ ਮਾਣਕ ਦੇ ਗਲ 'ਚ ਪਾ ਦਿੱਤੀ ਤੇ ਸਿਰ 'ਤੇ ਹੱਥ ਰੱਖ ਮੁੜ ਆਈ | ਪ੍ਰੋਗਰਾਮ ਤੋਂ ਬਾਅਦ ਮਾਣਕ ਉਸ ਮਾਤਾ ਨੂੰ ਚੈਨੀ ਮੋੜਨ ਗਿਆ ਤਾਂ ਉਸ ਮਾਤਾ ਨੇ ਮਾਣਕ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੀ, 'ਪੁੱਤਰਾ, ਤੂੰ ਏਨੇ ਵਧੀਆ ਗੀਤ ਗਾਉਂਦਾ ਹੈਂ, ਮੇਰਾ ਵੱਸ ਚੱਲੇ ਤਾਂ ਮੈਂ ਤੈਨੂੰ ਸੋਨੇ 'ਚ ਮੜ੍ਹ ਦਿਆਂ |' ਇਹ ਸੁਣ ਕੇ ਕੁਲਦੀਪ ਮਾਣਕ ਮਾਤਾ ਦੇ ਪੈਰਾਂ ਵੱਲ ਝੁਕਿਆ ਤੇ ਉਸ ਦੀਆਂ ਅੱਖਾਂ 'ਚੋਂ ਪਰਲ-ਪਰਲ ਹੰਝੂ ਵਹਿ ਤੁਰੇ |
-ਡੀ. ਆਰ. ਬੰਦਨਾ
ਮੋਬਾਈਲ : 94173-89003

ਮੈਨੂੰ ਪਤਾ ਹੈ... ਤੁਹਾਡਾ ਸ਼ੁਕਰੀਆ

ਮਸ਼ਹੂਰ ਸ਼ਾਇਰ ਜਨਾਬ ਮਜਰੂਹ ਸੁਲਤਾਨਪੁਰੀ ਨੂੰ ਜਦੋਂ ਪਹਿਲੀ ਵਾਰ ਲਾਲ ਕਿਲ੍ਹੇ ਦੇ ਆਲ ਇੰਡੀਆ ਮੁਸ਼ਾਇਰੇ ਵਿਚ ਬੁਲਾਇਆ ਗਿਆ ਤਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਲਈ ਇਕ ਨੌਜਵਾਨ ਖੜ੍ਹਾ ਸੀ | ਇਕ-ਦੂਜੇ ਨੂੰ ਸਲਾਮ ਕਰਕੇ ਦੋਵੇਂ ਸਟੇਸ਼ਨ ਤੋਂ ਬਾਹਰ ਆ ਗਏ | ਉਸ ਨੌਜਵਾਨ ਨੇ ਮਜਰੂਹ ਸਾਹਿਬ ਨੂੰ ਕਿਹਾ, 'ਹਜ਼ੂਰ,ਮੈਂ ਵੀ ਮੁਸ਼ਾਇਰਾ ਕਮੇਟੀ ਦਾ ਮੈਂਬਰ ਹਾਂ | ਜਨਾਬ ਬਾਕੀ ਦੇ ਮੈਂਬਰ ਆਪ ਜੀ ਨੂੰ ਬੁਲਾਣਾ ਨਹੀਂ ਸੀ ਚਾਹੁੰਦੇ ਪਰ ਮੈਂ ਤੁਹਾਡਾ ਨਾਂਅ ਤਜਵੀਜ਼ ਕਰਕੇ ਅੜਿਆ ਰਿਹਾ | ਮੇਰੀ ਅੜੀ ਦੇ ਸਾਹਮਣੇ ਸਾਰੇ ਮੈਂਬਰ ਫਿੱਕੇ ਪੈ ਗਏ ਤੇ ਤੁਹਾਨੂੰ ਬੁਲਾ ਲਿਆ ਗਿਆ |' ਇਹ ਸੁਣ ਕੇ ਮਜਰੂਹ ਸਾਹਿਬ ਨੇ ਕਿਹਾ, 'ਤੁਹਾਡਾ ਬਹੁਤ-ਬਹੁਤ ਸ਼ੁਕਰੀਆ |' ਉਹ ਨੌਜਵਾਨ ਉਨ੍ਹਾਂ ਨੂੰ ਹੋਟਲ ਵਿਚ ਪਹੁੰਚਾ ਕੇ ਚਲਾ ਗਿਆ |
ਮਜਰੂਹ ਸਾਹਿਬ ਆਰਾਮ ਕਰ ਰਹੇ ਸਨ ਕਿ ਇਕ ਆਦਮੀ ਆਇਆ ਤੇ ਕਹਿਣ ਲੱਗਾ, 'ਇਥੋਂ ਦੇ ਲੋਕ ਬਹੁਤ ਮਾੜੇ ਨੇ ਤੁਹਾਨੂੰ ਬੁਲਾਉਣ ਲਈ ਤਿਆਰ ਨਹੀਂ ਸੀ | ਪਰ ਮੈਂ ਵਾਕ ਆਊਟ ਕਰਨ ਦੀ ਧਮਕੀ ਦਿੱਤੀ ਤਾਂ ਮੈਂਬਰਾਂ ਨੇ ਤੁਹਾਡਾ ਨਾਂਅ ਮਨਜ਼ੂਰ ਕੀਤਾ |' ਮਜਰੂਹ ਸਾਹਿਬ ਨੇ ਕਿਹਾ, 'ਤੁਹਾਡਾ ਬਹੁਤ-ਬੁਹਤ ਸ਼ੁਕਰੀਆ |'
ਰਾਤ ਨੂੰ ਖਾਣਾ ਖਾ ਰਹੇ ਸੀ ਮਜਰੂਹ ਸਾਹਿਬ ਤਾਂ ਕਿ ਇਕ ਬੰਦਾ ਆਇਆ ਅਤੇ ਕਹਿਣ ਲੱਗਾ, 'ਤੁਸੀਂ ਖਾਣਾ ਖਾ ਲਓ, ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਏ |' ਮਜਰੂਹ ਸਾਹਿਬ ਨੇ ਤੁਰੰਤ ਜਵਾਬ ਦਿੱਤਾ, 'ਮੈਨੂੰ ਪਤਾ ਹੈ, ਮੈਨੂੰ ਤੁਹਾਡੀ ਸਿਫਾਰਸ਼ ਨਾਲ ਹੀ ਇਸ ਮੁਸ਼ਾਇਰੇ ਵਿਚ ਬੁਲਾਇਆ ਗਿਆ ਏ | ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ |'
ਫ਼ਿਲਮ ਰੂਸੀ, ਚਲਾਉਣ ਵਾਲਾ ਅਮਰੀਕੀ
²ਰੂਸ ਦੇ ਪੁਲਾੜ ਯਾਤਰੀ ਯੂਰੀ ਗਗਾਰੇਨ ਜਦੋਂ ਸਫ਼ਲਤਾ ਪੂਰਬਕ ਆਪਣੀ ਧਰਤੀ 'ਤੇ ਪਰਤ ਆਏ ਤਾਂ ਚਾਰੇ ਪਾਸੇ ਉਨ੍ਹਾਂ ਦੀ ਜੈ-ਜੈ ਕਾਰ ਹੋ ਰਹੀ ਸੀ | ਇਹ ਬਹੁਤ ਵੱਡਾ ਮਾਅਰਕਾ ਸੀ ਜੋ ਮਨੁੱਖ ਨੇ ਮਾਰਿਆ ਸੀ | ਰੂਸ ਨੇ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਅਤੇ ਸਫ਼ਲਤਾ ਦੀ ਫਿਲਮ ਬਣਾਈ ਹੋਈ ਸੀ | ਜਦੋਂ ਯੂਰੀ ਗਗਾਰੇਨ ਭਾਰਤ ਆਏ ਤਾਂ ਉਨ੍ਹਾਂ ਦੇ ਸਨਮਾਨ ਦੇ ਤੌਰ 'ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਲ ਬਿਠਾ ਕੇ ਉਹ ਫਿਲਮ ਵਿਖਾਉਣ ਦਾ ਫ਼ੈਸਲਾ ਹੋਇਆ | ਜਦੋਂ ਸਭ ਲੋਕ ਆਪਣੀ-ਆਪਣੀ ਸੀਟ 'ਤੇ ਬੈਠ ਗਏ ਤਾਂ ਉਹ ਫਿਲਮ ਚਲਾਈ ਗਈ | ਥੋੜ੍ਹੀ ਦੇਰ ਚੱਲਣ ਤੋਂ ਬਾਅਦ ਕਿਸੇ ਤਕਨੀਕੀ ਨੁਕਸ ਕਾਰਨ ਫਿਲਮ ਬੰਦ ਹੋ ਗਈ | ਫਿਲਮ ਚਲਾਉਣ ਵਾਲਾ ਆਪ੍ਰੇਟਰ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਫਿਲਮ ਨਹੀਂ ਚੱਲੀ | ਇਹ ਵੇਖ ਕੇ ਡਿਪਟੀ ਵਿਦੇਸ਼ ਮੰਤਰੀ ਨੇ ਫਿਲਮ ਦੇ ਆਪ੍ਰੇਟਰ ਦੀ ਚੰਗੀ ਲਾਹ-ਪਾਹ ਕੀਤੀ | ਇਸ ਦੇ ਜਵਾਬ ਵਿਚ ਆਪ੍ਰੇਟਰ ਨੇ ਜੋ ਕਿਹਾ ਉਸ ਨਾਲ ਸਾਰਾ ਹਾਲ ਹਾਸੇ ਨਾਲ ਗੰੂਜ ਉਠਿਆ | ਆਪ੍ਰੇਟਰ ਨੇ ਕਿਹਾ, 'ਮੈਡਮ ਫ਼ਿਲਮ ਰੂਸੀ ਹੈ ਅਤੇ ਆਪ੍ਰੇਟਰ ਅਮਰੀਕੀ | ਸ਼ਾਇਦ ਇਸੇ ਲਈ ਦੋਵਾਂ ਦੀ ਬਣ ਨਹੀਂ ਰਹੀ |'
-259-ਫੇਜ਼-3, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ-141013.
ਮੋਬਾਈਲ : 94170-91668.

ਮਿੰਨੀ ਕਹਾਣੀਆਂ

ਦੀਵੇ ਥੱਲੇ ਹਨੇਰਾ
ਲੇਖਕ ਪੰਜਾਬੀ ਸਿੰਘ ਨੇ ਕਿਸੇ ਖ਼ਾਸ ਵਿਸ਼ੇ 'ਤੇ ਵਿਚਾਰ ਕਰਨ ਲਈ ਫੋਨ ਰਾਹੀਂ ਨਾਮਵਰ ਸਾਹਿਤਕ ਹਸਤੀਆਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ | ਨਿਸਚਿਤ ਸਮੇਂ 'ਤੇ ਕਾਫ਼ੀ ਰੌਣਕ ਹੋ ਗਈ | ਚਾਹ-ਪਾਣੀ ਦੀ ਸੇਵਾ ਤੋਂ ਬਾਅਦ ਮੇਜ਼ਬਾਨ ਨੇ ਅਜੋਕੇ ਦੌਰ ਵਿਚ ਪੰਜਾਬੀ ਬੋਲੀ ਦੀ ਹੋ ਰਹੀ ਦੁਰਦਸ਼ਾ ਦਾ ਮਾਮਲਾ ਉਠਾਉਂਦਿਆਂ ਇਸ ਸਬੰਧੀ ਆਪੋ-ਆਪਣੇ ਖਿਆਲ ਰੱਖਣ ਲਈ ਕਿਹਾ | ਚਰਚਾ ਵਿਚ ਹਿੱਸਾ ਲੈਂਦਿਆਂ ਬਹੁਗਿਣਤੀ ਬੁਲਾਰਿਆਂ ਨੇ ਇਸ ਸਭ ਕੁਝ ਲਈ ਸਰਕਾਰ ਤੇ ਅਫ਼ਸਰਸ਼ਾਹੀ ਨੂੰ ਖੂਬ ਭੰਡਿਆ | ਕਿਸੇ ਇਕ ਨੇ ਅਜੋਕੀ ਗ਼ਲਤ ਸਿੱਖਿਆ ਨੀਤੀ ਦੇ ਘਾੜਿਆਂ ਨੂੰ ਇਕ ਸਾਜ਼ਿਸ਼ ਅਧੀਨ ਅੰਗਰੇਜ਼ੀ ਦੇ ਅੱਗੇ ਲਿਆਉਣ ਤੇ ਆਪਣੀ ਮਾਤ-ਭਾਸ਼ਾ ਨੂੰ ਪਿੱਛੇ ਵੱਲ ਧੱਕਣ ਦਾ ਦੋਸ਼ੀ ਗਰਦਾਨਿਆ | ਫਿਰ ਦੂਜੇ-ਤੀਜੇ ਨੇ ਆਮ ਲੋਕਾਂ ਵੱਲੋਂ ਆਪਣੇ ਫ਼ਰਜ਼ ਤੋਂ ਕੋਤਾਹੀ ਕਰਨ ਲਈ ਸਭ ਦਾ ਅਵੇਸਲਾਪਣ ਦੱਸਿਆ | ਇਨ੍ਹਾਂ ਵਿਚੋਂ ਬਹੁਤੇ ਸੰਨ-ਸਾਲ ਬੋਲਣ ਸਮੇਂ ਆਮ ਹੀ ਅੰਗਰੇਜ਼ੀ ਬੋਲਦੇ ਰਹੇ | ਵੈਸੇ ਸਭ ਨੇ ਇਸ ਸੰਜੀਦਾ ਵਿਸ਼ੇ 'ਤੇ ਆਪੋ-ਆਪਣੀ ਜ਼ਿੰਮੇਵਾਰੀ ਸਮਝਦਿਆਂ ਸਥਾਨਕ ਬੋਲੀ ਦੀ ਉੱਨਤੀ ਲਈ ਪ੍ਰਣ ਕਰਦਿਆਂ ਦਿਨ-ਰਾਤ ਇਕ ਕਰਨ ਦਾ ਅਹਿਦ ਲਿਆ | ਪੰ੍ਰਤੂ ਬਾਹਰ ਆਉਣ ਸਮੇਂ ਗਹੁ ਨਾਲ ਵੇਖਣ ਤੋਂ ਬਾਅਦ ਸਭ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਪੰਜਾਬੀ ਸਿੰਘ ਦੇ ਘਰ ਦੀ ਪਛਾਣ ਦੱਸਣ ਵਾਲੀ ਤਖਤੀ ਦੇ ਅੱਖਰ ਮਾਂ-ਬੋਲੀ ਦੀ ਥਾਂ ਅੰਗਰੇਜ਼ੀ ਵਿਚ ਲਿਖੇ ਹੋਏ ਸਨ |

-ਮਾ: ਬੋਹੜ ਸਿੰਘ ਮੱਲਣ
ਗਲੀ ਨੰ: 1, ਤਰਨ ਤਾਰਨ ਨਗਰ, ਨੇੜੇ ਬਠਿੰਡਾ ਚੌਕ, ਸ੍ਰੀ ਮੁਕਤਸਰ ਸਾਹਿਬ | ਮੋਬਾਈਲ : 96461-41243.

ਮਾਤ ਭਾਸ਼ਾ
ਪੰਜਾਬੀ ਦਾ ਅਧਿਆਪਕ ਕਲਾਸ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਮਹਾਨਤਾ ਬਾਰੇ ਦੱਸ ਰਿਹਾ ਸੀ ਕਿ ਪੰਜਾਬੀ ਸਾਡੀ ਮਾਂ-ਬੋਲੀ ਹੈ | ਇਹ ਬੋਲੀ ਸਾਨੂੰ ਮਾਂ ਦੇ ਦੁੱਧ ਨਾਲ ਮਿਲਦੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜੋ ਉਪਦੇਸ਼ ਦਿੱਤੇ, ਉਹ ਪੰਜਾਬੀ ਭਾਸ਼ਾ ਦੇ ਮਾਧਿਅਮ ਨਾਲ ਦਿੱਤੇ | ਹੋਰ ਪੀਰਾਂ-ਫ਼ਕੀਰਾਂ ਨੇ ਵੀ ਆਪਣੀਆਂ ਰਚਨਾਵਾਂ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ | ਪੰਜਾਬੀ ਇਕ ਮਿੱਠੀ ਤੇ ਪਿਆਰੀ ਭਾਸ਼ਾ ਹੈ | ਸਾਨੂੰ ਆਪਣੀ ਹਰ ਗੱਲਬਾਤ ਪੰਜਾਬੀ ਵਿਚ ਕਰਨੀ ਚਾਹੀਦੀ ਹੈ ਤੇ ਦੂਜਿਆਂ ਨੂੰ ਵੀ ਪੰਜਾਬੀ ਭਾਸ਼ਾ ਦੀ ਮਹਾਨਤਾ ਬਾਰੇ ਦੱਸਣਾ ਚਾਹੀਦਾ ਹੈ |
ਐਨੇ ਨੂੰ ਹਿੰਦੀ ਵਾਲੀ ਮੈਡਮ ਆ ਗਈ ਤਾਂ ਪੰਜਾਬੀ ਵਾਲੇ ਅਧਿਆਪਕ ਨੇ ਕਿਹਾ, 'ਆਈਏ ਮੈਡਮ, ਹਮ ਤੋ ਆਪ ਕਾ ਹੀ ਇੰਤਜ਼ਾਰ ਕਰ ਰਹੇ ਥੇ |'

-ਭਗਵਾਨ ਸਿੰਘ ਸੋਹੀ
36, ਸੰਤ ਚੰਨਣ ਸਿੰਘ ਕਾਲੋਨੀ, ਅੰਮਿ੍ਤਸਰ | ਮੋਬਾਈਲ : 97817-01942.

ਅੰਧ-ਵਿਸ਼ਵਾਸ
ਇੰਜੀਨੀਅਰ ਦੀ ਡਿਗਰੀ ਲੈਣ ਤੋਂ ਬਾਅਦ ਉਹ ਪ੍ਰਾਈਵੇਟ ਫਰਮ ਵਿਚ ਨੌਕਰੀ ਕਰ ਰਿਹਾ ਸੀ | ਅਰਧ ਸਰਕਾਰੀ ਅਦਾਰੇ ਬਿਜਲੀ ਮਹਿਕਮੇ ਵਿਚ ਤਿੰਨ ਵਾਰ ਨੌਕਰੀ ਲਈ ਟੈਸਟ ਦੇ ਚੁੱਕਾ ਸੀ ਪੰ੍ਰਤੂ ਕਾਮਯਾਬੀ ਨਹੀਂ ਮਿਲੀ ਸੀ ਅਤੇ ਹੁਣ ਮਹਿਕਮੇ ਵੱਲੋਂ ਫਿਰ ਸਹਾਇਕ ਇੰਜੀਨੀਅਰਾਂ ਦੀ ਭਰਤੀ ਲਈ ਵਿਉਂਤ ਘੜੀ ਜਾ ਰਹੀ ਸੀ | ਇਸ ਬਾਰੇ ਉਸ ਨੂੰ ਉਸਦੇ ਦੋਸਤਾਂ ਨੇ ਦੱਸਿਆ ਸੀ | ਐਤਕੀਂ ਉਹ ਸਵਾਮੀ ਜੀ ਤੋਂ ਅਸ਼ੀਰਵਾਦ ਲੈ ਕੇ ਨੌਕਰੀ ਲਈ ਅਪਲਾਈ ਕਰਨਾ ਚਾਹੁੰਦਾ ਸੀ, ਜਿਨ੍ਹਾਂ ਨੂੰ ਉਸ ਦਾ ਸਾਰਾ ਪਰਿਵਾਰ ਗੁਰੂ ਜੀ ਵਾਂਗ ਪੂਜਦਾ ਸੀ ਤੇ ਉਨ੍ਹਾਂ ਉੱਪਰ ਭਰੋਸਾ ਵੀ ਰੱਖਦਾ ਸੀ | ਜ਼ਿਆਦਾਤਰ ਉਨ੍ਹਾਂ ਨੂੰ ਗੁਰੂ ਜੀ ਹੀ ਆਖਦੇ ਸਨ | ਸਵਾਮੀ ਜੀ ਤੋਂ ਅਸ਼ੀਰਵਾਦ ਲੈ ਕੇ ਤੇ ਉਨ੍ਹਾਂ ਵੱਲੋਂ ਭਰੋਸਾ ਦੇਣ 'ਤੇ ਕਿ ਇਸ ਵਾਰ ਤੈਨੂੰ ਬਿਜਲੀ ਮਹਿਕਮੇ ਵਿਚ ਨੌਕਰੀ ਜ਼ਰੂਰ ਮਿਲੇਗੀ, ਖੁਸ਼ੀ-ਖੁਸ਼ੀ ਘਰ ਨੂੰ ਵਾਪਸੀ ਵੇਲੇ ਲੋਕਲ ਬੱਸ ਸਟੈਂਡ 'ਤੇ ਉਤਰਨ ਵੇਲੇ ਜਿਵੇਂ ਹੀ ਉਸ ਨੇ ਇਕ ਪੈਰ ਸੜਕ 'ਤੇ ਰੱਖਿਆ, ਡਰਾਈਵਰ ਨੇ ਬੱਸ ਤੋਰ ਲਈ | ਉਹ ਲੜਖੜਾ ਕੇ ਡਿੱਗ ਗਿਆ | ਇਕ ਭਿਆਨਕ ਚੀਕ ਨਿਕਲੀ ਤੇ ਉਹ ਤੜਫਨ ਲੱਗ ਪਿਆ | ਲਾਗੇ ਖੜ੍ਹੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ | ਇਨਫੈਕਸ਼ਨ ਤੋਂ ਸਰੀਰ ਨੂੰ ਬਚਾਉਣ ਲਈ ਉਸ ਦੀ ਇਕ ਲੱਤ ਗੋਡੇ ਤੋਂ ਥੱਲਿਉਂ ਕੱਟਣੀ ਪੈ ਗਈ | ਸਹਾਇਕ ਇੰਜੀਨੀਅਰਾਂ ਦੇ ਟੈਸਟ ਵਿਚ ਉਹ ਬੇਸ਼ੱਕ ਅੰਗਹੀਣ ਕੋਟੇ ਤਹਿਤ ਨੌਕਰੀ ਪਾ ਗਿਆ ਸੀ ਪੰ੍ਰਤੂ ਉਸ ਤੋਂ ਘੱਟ ਨੰਬਰ ਵਾਲੇ ਲੜਕੇ ਵੀ ਆਮ ਵਰਗ ਵਿਚ ਸਲੈਕਟ ਹੋ ਗਏ ਸੀ | ਪਰ ਉਹ ਖੁਸ਼ ਸੀ ਕਿ ਸਵਾਮੀ ਜੀ ਦੇ ਕਥਨਾਂ ਅਨੁਸਾਰ ਉਸ ਨੂੰ ਨੌਕਰੀ ਮਿਲ ਗਈ ਸੀ ਤੇ ਉਹ ਹੁਣ ਆਪਣੇ ਪੈਰਾਂ 'ਤੇ ਖੜ੍ਹ ਗਿਆ ਸੀ |

-ਐਮ. ਐਸ. ਪਰਮਾਰ
ਜਗਜੀਤ ਨਗਰ, ਰੂਪ ਨਗਰ | ਮੋਬਾਈਲ : 98153-75541.

ਫ਼ਰਕ
ਇਕ ਰਾਜਾ ਜੋ ਆਪਣੀ ਪਰਜਾ ਨੂੰ ਬਹੁਤ ਸਹੂਲਤਾਂ ਦਿੰਦਾ ਸੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ, ਸ਼ਿਕਾਇਤਾਂ ਸੁਣਨ ਲਈ ਮੰਤਰੀ ਉਸ ਦਾ ਹੱਥ ਵਟਾਉਂਦੇ ਸਨ | ਰਾਜਾ ਆਪਣੀ ਪਰਜਾ ਨੂੰ ਸੁਖੀ ਦੇਖਣਾ ਚਾਹੁੰਦਾ ਸੀ | ਪਰ ਮੰਤਰੀ ਪੂਰੀਆਂ ਸਹੂਲਤਾਂ ਪਰਜਾ ਤੱਕ ਨਹੀਂ ਪਹੁੰਚਣ ਦਿੰਦੇ ਸਨ | ਇਕ ਦਿਨ ਰਾਜੇ ਨੇ ਇਕ ਵਿਊਾਤ ਬਣਾਈ | ਇਕ ਚੁਰਾਹੇ ਵਿਚ ਦੋ ਬਹੁਤ ਵੱਡੇ ਕੜਾਹੇ ਰਖਵਾ ਦਿੱਤੇ ਅਤੇ ਆਪਣੀ ਪਰਜਾ ਨੂੰ ਸੁਨੇਹੇ ਭੇਜੇ ਕਿ ਜੋ ਰਾਜੇ ਤੋਂ ਖੁਸ਼ ਹਨ, ਉਹ ਦੁੱਧ ਵਾਲੇ ਕੜਾਹੇ ਵਿਚ ਰਾਤ ਨੂੰ ਇਕ ਗਿਲਾਸ ਦੁੱਧ ਪਾਉਣ ਅਤੇ ਜੋ ਖੁਸ਼ ਨਹੀਂ ਹਨ, ਉਹ ਪਾਣੀ ਵਾਲੇ ਕੜਾਹੇ ਵਿਚ ਇਕ ਗਿਲਾਸ ਪਾਣੀ ਪਾਉਣ | ਪਰਜਾ ਨੇ ਹੁਕਮ ਦੀ ਤਾਮੀਲ ਕੀਤੀ | ਰਾਤ ਦੇ ਹਨੇਰੇ ਵਿਚ ਲੋਕ ਆਉਣ ਲੱਗੇ | ਹਰ ਕੋਈ ਇਹ ਸੋਚੇ ਕਿ ਮੇਰੇ ਇਕ ਗਿਲਾਸ ਪਾਣੀ ਪਾਉਣ ਨਾਲ ਦੁੱਧ 'ਚ ਕਿਹੜਾ ਪਤਾ ਲੱਗਣਾ ਹੈ, ਸੋ ਦੁੱਧ ਵਾਲੇ ਕੜਾਹੇ ਵਿਚ ਪਾਣੀ ਪਾਉਂਦੇ ਰਹੇ | ਜਦੋਂ ਦਿਨ ਚੜਿ੍ਹਆ ਤਾਂ ਰਾਜੇ ਨੇ ਆ ਕੇ ਦੇਖਿਆ ਪਾਣੀ ਵਾਲਾ ਕੜਾਹਾ ਤਾਂ ਖਾਲੀ ਪਿਆ ਸੀ ਪਰ ਦੁੱਧ ਵਾਲਾ ਕੜਾਹਾ ਪਾਣੀ ਨਾਲ ਭਰਿਆ ਪਿਆ ਸੀ | ਰਾਜੇ ਦਾ ਮਨ ਬਹੁਤ ਦੁਖੀ ਹੋਇਆ | ਸੋਚੋ, ਜੇਕਰ ਅੱਜ ਦਾ ਰਾਜਾ ਇਹ ਕੰਮ ਕਰਦਾ ਤਾਂ ਉਸ ਨੇ ਇਹ ਕਹਿਣਾ ਸੀ ਕਿ, 'ਇਹ ਸਭ ਸਾਡੀ ਵਿਰੋਧੀ ਧਿਰ ਦੀ ਸ਼ਰਾਰਤ ਹੈ, ਅਸੀਂ ਇਸ ਦੀ ਤਫ਼ਤੀਸ਼ ਕਰਾਵਾਂਗੇ |'

-ਇਕਬਾਲ ਸਿੰਘ ਵਰਿਆਣਾ
ਮੋਬਾਈਲ : 98150-18749.

ਗੱਡੀ ਦਾ ਡਰਾਈਵਰ ਕੌਣ ?

ਗੱਡੀ ਭਾਵੇਂ ਕੋਈ ਵੀ (ਕਾਰ, ਟਰੱਕ, ਰੇਲ) ਹੋਵੇ ਡਰਾਈਵਰ ਤੋਂ ਬਿਨਾਂ ਨਹੀਂ ਚਲਦੀ | ਡਰਾਈਵਰ ਨੇ ਵੀ ਸਿੱਖਿਅਤ ਤੇ ਮਾਹਿਰ ਬਣ ਕੇ ਡਰਾਈਵਿੰਗ ਲਾਈਸੰਸ ਵੀ ਪ੍ਰਾਪਤ ਕੀਤਾ ਹੋਵੇ | ਉਂਜ ਸਾਡੇ ਇਥੇ ਤਾਂ ਬਿਨਾਂ ਟ੍ਰੇਨਿੰਗ ਜਾਂ ਮੁਹਾਰਤ ਤੋਂ ਹੀ ਡਰਾਈਵਿੰਗ ਲਾਈਸੰਸ ਮਿਲ ਜਾਂਦੈ | ਬਹੁਤੇ ਤਾਂ ਨਿੱਕੀ ਉਮਰੇ ਹੀ ਬਿਨਾਂ ਲਾਈਸੰਸ ਗੱਡੀਆਂ ਖਿੱਚੀ ਫਿਰਦੇ ਐ | ਸਕੂਲਾਂ ਤੇ ਸੜਕਾਂ 'ਤੇ ਨਜ਼ਰ ਮਾਰੋ, ਕਿੰਨੇ ਹੀ ਨਾਬਾਲਗ ਮੰੁਡੇ-ਕੁੜੀਆਂ ਮੋਟਰਸਾਈਕਲ, ਗੱਡੀਆਂ ਦੌੜਾਈ ਫਿਰਦੇ ਐ | ਭਾਵ ਸੜਕਾਂ 'ਤੇ ਦੁਰਘਟਨਾਵਾਂ ਦੇ ਚਲਦੇ-ਫਿਰਦੇ ਲਾਈਸੰਸ ਨੇ ਇਹ | ਇਹ ਵੀ ਝੂਠ ਨਹੀਂ ਕਿ ਜੇ ਗੱਡੀ ਮਾਹਿਰ ਡਰਾਈਵਰ ਦੇ ਹੱਥ ਹੋਏ ਤਾਂ ਸੁਰੱਖਿਅਤ ਰਹਿੰਦੀ ਐ | ਜੇ ਥਾਣੇ 'ਚ ਖੜ੍ਹੀ ਕਿਸੇ ਦੀ ਗੱਡੀ ਵਾਂਗ ਹਰ ਕੋਈ ਦੱਬੀ ਜਾਵੇ ਤਾਂ ਸਭ ਨੂੰ ਪਤੈ ਕੀ ਹਾਲ ਹੁੰਦੈ | ਅਖੇ 'ਥਾਣੇ ਫਸੀ ਗੱਡੀ ਮਾਲਕ ਜੋਗੀ ਨਾ ਛੱਡੀ' ਵਾਲੀ ਗੱਲ ਹੁੰਦੀ ਐ | ਗੱਲ ਕੀ, ਗੱਡੀ ਦੀ ਸੰਭਾਲ, ਸੁਰੱਖਿਆ ਤੇ ਉਮਰ ਡਰਾਈਵਰ ਦੇ ਹੱਥ ਹੁੰਦੀ ਐ | ਆਹ, ਸਰਕਾਰੀ ਬੱਸਾਂ ਦੀ ਹਾਲਤ ਦੇਖ ਲਵੋ, ਖਸਤਾ ਹਾਲਤ ਦੇਖ ਕੇ ਸਵਾਰੀਆਂ ਚੜ੍ਹਨ ਦੀ ਥਾਂ ਪਰ੍ਹਾਂ ਨੂੰ ਮੰੂਹ ਕਰ ਲੈਂਦੀਆਂ ਨੇ | ਪ੍ਰਾਈਵੇਟ ਬੱਸਾਂ 'ਚ ਲੋਕੀਂ ਭੱਜ-ਭੱਜ ਕੇ ਵੀ ਚੜ੍ਹ ਜਾਂਦੇ ਐ |
ਗੱਡੀ ਸਾਫ਼-ਸੁਥਰੀ ਹੋਵੇ ਤਾਂ ਚਲਾਉਣ ਤੇ ਬੈਠਣ ਦਾ ਮਜ਼ਾ ਹੀ ਕੁਝ ਹੋਰ | ਪਰ ਕਈਆਂ ਨੂੰ ਗੱਡੀ 'ਚ ਗੰਦ ਪਾ ਕੇ ਸੁਆਦ ਆਉਂਦੈ | ਆਹ, ਅਸੀਂ ਵੀ ਤਾਂ ਬੱਸ 'ਚ ਬੈਠ ਕੇ ਮੰੂਗਫਲੀ, ਟੌਫੀਆਂ, ਕੇਲੇ ਆਦਿ ਚੀਜ਼ਾਂ ਨਾਲ ਗੰਦ ਪਾਉਂਦੇ ਰਹਿੰਦੇ ਹਾਂ | ਗੱਡੀ ਸ਼ਿੰਗਾਰਨ 'ਚ ਟਰੱਕ ਡਰਾਈਵਰਾਂ ਦਾ ਕੋਈ ਮੁਕਾਬਲਾ ਨਹੀਂ | ਕਈ ਤਾਂ ਦੁਲਹਨ ਵਾਂਗ ਸ਼ਿੰਗਾਰ ਕੇ ਰੱਖਦੇ ਐ ਗੱਡੀ ਨੂੰ | ਸਮੇਂ ਸਿਰ ਤੇਲ-ਪਾਣੀ ਚੈੱਕ ਕਰਦੇ ਰਹਿਣਾ ਤੇ ਲੋੜ ਅਨੁਸਾਰ ਮੁਰੰਮਤ ਕਰਾਉਣਾ ਤੇ ਖ਼ਰਾਬ ਪੁਰਜ਼ਿਆਂ ਨੂੰ ਬਦਲਣਾ ਵੀ ਜ਼ਰੂਰੀ ਹੁੰਦੈ, ਤਾਂ ਹੀ ਇਹ ਸੜਕਾਂ 'ਤੇ ਧੂੜਾਂ ਪੁੱਟਦੀ ਉਡਦੀ ਰਹਿੰਦੀ ਐ | ਫਿਰ ਹੀ ਡਰਾਈਵਰ ਦੇ ਮੰੂਹੋਂ ਨਿਕਲਦੈ, 'ਜੀ. ਟੀ. ਰੋਡ 'ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ... |'
ਇਹ ਵੀ ਗੱਲ ਐ ਕਿ ਜੇ ਲਾਈਸੰਸ ਸਕੂਟਰੀ/ਮੋਟਰਸਾਈਕਲ ਦਾ ਹੋਵੇ ਤੇ ਟਰੱਕ ਨੂੰ ਹੱਥ ਪਾ ਲਵੇ ਫਿਰ ਸੰਕਟ ਆਊ ਹੀ ਆਊ | ਉਸੇ ਤਰ੍ਹਾਂ ਜਿਵੇਂ 25-30 ਸਾਲ ਸਕੂਲਾਂ 'ਚ ਸਾਇੰਸ-ਹਿਸਾਬ ਪੜ੍ਹਾ ਕੇ ਤਰੱਕੀ ਦੀ ਫੀਤੀ ਲੁਆਉਣ ਲਈ ਆਖਰੀ ਸਮੇਂ ਪੰਜਾਬੀ, ਇਤਿਹਾਸ, ਹਿੰਦੀ ਦੀ ਐਮ.ਏ. ਕਰਕੇ ਇਹ ਵਿਸ਼ੇ ਪੜ੍ਹਾਉਣ ਦੇ ਮਾਹਿਰ ਲੈਕਚਰਾਰ ਬਣ ਜਾਂਦੇ ਐ | ਚਲੋ ਖ਼ੈਰ ਸੜਕਾਂ ਵਾਂਗ ਸਾਡੇ ਸਕੂਲਾਂ 'ਚ ਵੀ ਅਜਿਹਾ ਕੁਝ ਬਹੁਤ ਵਾਪਰ ਰਿਹੈ | ਇਥੇ ਤਾਂ ਬਹੁਤੇ 7-8 ਸਾਲਾਂ ਬਾਅਦ ਹੀ ਲਰਨਿੰਗ ਜਾਂ ਜਾਅਲੀ ਲਾਈਸੰਸ ਪੱਕਾ ਕਰਾ ਕੇ ਹੈਵੀ ਗੱਡੀ ਦੇ ਡਰਾਈਵਰ ਬਣ ਜਾਂਦੇ ਐ ਤੇ ਕਈ 20-25 ਸਾਲ ਦੀ ਨੌਕਰੀ ਕਰਕੇ ਵੀ ਬਿੱਲੀਆਂ ਦੀ ਲੜਾਈ 'ਚ ਬਾਂਦਰ ਦੀ ਕਾਣੀ ਵੰਡ ਵੱਲ ਝਾਕਦੇ ਲਰਨਿੰਗ ਲਾਈਸੰਸ ਨਾਲ ਹੀ ਸੇਵਾ-ਮੁਕਤ ਹੋ ਜਾਂਦੇ ਐ | ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ, ਮੈਨੂੰ ਹੁਣ ਹਾਸੇ-ਹਾਸੇ 'ਚ ਮਜਬੂਰ ਨਾ ਕਰੋ ਪਟਾਰੀ ਖੋਲ੍ਹਣ ਲਈ | ਸਿੱਖਿਆ ਦੇ ਇਨ੍ਹਾਂ ਡਰਾਈਵਰਾਂ ਕਰਕੇ ਦੀ ਤਾਂ ਗੱਡੀ ਰੁੜ੍ਹ ਰਹੀ ਐ ਨਾ |
ਸਾਡੀ ਸਿਆਸਤ ਵਿਚ ਵੀ ਇਹੋ ਹਾਲ ਐ | ਸਿੱਖਿਆ 'ਤੇ ਵੀ ਸਿਆਸਤ ਦਾ ਗਲਬਾ | ਫਿਰ ਦੋਵਾਂ ਦਾ ਹਾਲ ਹੀ ਇਕੋ ਜਿਹਾ ਹੋਊ | ਸਿਆਸੀ ਗੱਡੀ ਦੇ ਡਰਾਈਵਰਾਂ ਲਈ ਕੋਈ ਯੋਗਤਾ ਤੇ ਲਾਈਸੰਸ ਦੀ ਜ਼ਰੂਰਤ ਨਹੀਂ | ਖਾਨਦਾਨੀ ਵੈਦਾਂ ਵਾਂਗ ਇਹ ਕਿੱਤਾ ਵੀ ਖਾਨਦਾਨੀ ਐ | ਐਮ.ਐਲ.ਏ. ਦਾ ਕਾਕਾ ਐਮ.ਐਲ.ਏ., ਮੰਤਰੀ ਦਾ ਕਾਕਾ... ਆਦਿ | ਚਲੋ ਖ਼ੈਰ, ਉਨ੍ਹਾਂ ਕਿਹੜਾ ਮਾਸਟਰਾਂ ਤੇ ਮੁਖੀਆਂ ਵਾਂਗ ਸਕੂਲ ਚਲਾਉਣੇ ਐ ਜਾਂ ਪੜ੍ਹਾਉਣੈ | ਉਨ੍ਹਾਂ ਤਾਂ ਲੋਕਾਂ ਨੂੰ ਉੱਲੂ ਹੀ ਬਣਾਉਣੈ | ਉੱਲੂ ਬਣਾਉਣ ਲਈ ਕੋਈ ਯੋਗਤਾ ਤੇ ਤਜਰਬੇ ਦੀ ਲੋੜ ਨਹੀਂ | ਸੁਣੋ ਇਕ ਗੱਲ | ਇਕ ਵਾਰ ਇਕ ਅਨਪੜ੍ਹ ਬੰਦਾ ਜੁਗਾੜ ਲਾ ਕੇ ਮੰਤਰੀ ਬਣ ਗਿਆ | ਇਕ ਪਿੰਡ 'ਚ ਅੱਖਾਂ ਦੇ ਆਪ੍ਰੇਸ਼ਨ ਦੇ ਮੁਫ਼ਤ ਕੈਂਪ ਦੇ ਉਦਘਾਟਨ 'ਚ ਬੋਲਦਿਆਂ ਉਸ ਨੇ ਕਿਹਾ ਕਿ ਅੱਖਾਂ ਬੜੀਆਂ ਨਿਆਮਤ ਨੇ, ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ, ਦੰਦ ਜਾਣ 'ਤੇ ਤਾਂ ਬੋੜਾ ਬੰਦਾ ਵੀ ਜੀਭ ਨਾਲ ਸੁਆਦ ਚੱਖ ਸਕਦੈ ਪਰ ਅੱਖਾਂ ਜਾਣ 'ਤੇ ਭੋਰਾ ਵੀ ਨੀ ਦੇਖ ਸਕਦਾ | ਇਸ ਕਰਕੇ ਮੇਰੀ ਸਲਾਹ ਐ ਕਿ ਇਸ ਤੋਂ ਪਹਿਲਾਂ ਕਿ ਅੱਖਾਂ ਖਰਾਬ ਹੋਣ, ਸਾਨੂੰ ਪਹਿਲਾਂ ਹੀ ਆਪ੍ਰੇਸ਼ਨ ਕਰਾ ਲੈਣਾ ਚਾਹੀਦਾ ਹੈ, ਉਹ ਵੀ ਮੁਫ਼ਤ, ਨਾ ਲੱਗੇ ਹਿੰਗ ਨਾ ਲੱਗੇ ਫਟਕੜੀ | ਲੋਕਾਂ ਨੇ ਵਿਦਵਾਨ ਮੰਤਰੀ ਜੀ ਦੀ ਸਲਾਹ 'ਤੇ ਭਰਪੂਰ ਤਾੜੀਆਂ ਵਜਾਈਆਂ |
ਇਸੇ ਤਰ੍ਹਾਂ ਇਕ ਸਿਆਣੇ ਬੰਦੇ ਨੇ ਬੰਤੇ ਡਰਾਈਵਰ ਨੂੰ ਪੁੱਛਿਆ ਕਿ, 'ਜੇ ਤੂੰ ਪੜ੍ਹਾਈ ਦਾ ਮੰਤਰੀ ਬਣ ਜਾਵੇਂ ਤਾਂ ਕਿਵੇਂ ਚਲਾਵੇਂਗਾ ਮਹਿਕਮਾ | ਉਹ ਕਹਿਣ ਲੱਗਿਆ ਬਈ ਦੇਖੋ, ਠੇਕਿਆਂ 'ਤੇ ਦੀਵਾਲੀ ਵਾਂਗ ਲਾਈਟਾਂ ਲੱਗੀਆਂ ਹੁੰਦੀਆਂ ਨੇ | ਪਹਿਲਾਂ ਤਾਂ ਮੈਂ ਸਾਰੇ ਸਕੂਲਾਂ 'ਤੇ ਵੀ ਲਾਈਟਾਂ ਲਾ ਦਿਆਂਗਾ, ਤਾਂ ਕਿ ਦੂਰੋਂ ਹੀ ਦਿਖ ਸਕੇ | ਲਾਈਟ ਲਾਈਸੰਸ ਵਾਲੇ ਨੂੰ ਹੈਵੀ ਗੱਡੀ ਨਹੀਂ ਫੜਾਵਾਂਗਾ | ਲਰਨਿੰਗ ਲਾਈਸੰਸ ਵਾਲੇ ਜੀ.ਟੀ. ਰੋਡ 'ਤੇ ਨਹੀਂ ਚੜ੍ਹਨ ਦੇਵਾਂਗੇ | ਸਕੂਲਾਂ ਨੂੰ ਫੁਰਮਾਨ ਕਰਾਂਗਾ ਕਿ ਉਹ ਤੇਲ ਪਾਣੀ ਚੈੱਕ ਕਰਦੇ ਰਹਿਣ ਤੇ ਸਮੇਂ ਸਿਰ ਰਿਪੇਅਰ ਕਰਾਉਣ | ਕੋਈ ਪਾਰਟ ਖ਼ਰਾਬ ਹੋਵੇ ਤਾਂ ਤੁਰੰਤ ਮਾਲਕ ਨੂੰ ਸੂਚਿਤ ਕਰਨ | ਮਾਸਟਰ ਜੀ ਵੀ ਆਪਣੇ ਟਾਪ ਗੇਅਰ ਲਾ ਕੇ ਪੜ੍ਹਾਈ ਦੀ ਲੇਟ ਕੱਢਿਆ ਕਰਨ | ਸਵਾਰੀਆਂ (ਬੱਚੇ) ਹਰ ਅੱਡੇ ਤੋਂ ਚੁੱਕਿਆ ਕਰਨ | ਗੱਡੀ ਸਾਫ਼-ਸੁਥਰੀ ਰੱਖਣ ਤਾਂ ਜੋ ਵੱਧ ਤੋਂ ਵੱਧ ਸਵਾਰੀਆਂ ਚੜ੍ਹਨ | ਕਿਰਾਇਆ ਭਾੜਾ ਪੂਰਾ ਜੋ ਦਿੰਦੇ ਹਾਂ | ਜੇ ਫਿਰ ਵੀ ਕੋਈ ਤਿੜ-ਫਿੜ ਕਰੂ, ਉਸ ਨੂੰ ਕੱਚੇ 'ਚ ਲਾਹ ਦੇਵਾਂਗਾ ਤੇ ਟੋਲ ਟੈਕਸ ਦੀ ਪਰਚੀ ਵੀ ਕੱਟਾਂਗਾ |
-ਮੋਬਾਈਲ : 98142-45959.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX