ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਲੋਕ ਮੰਚ

ਲੋੜ ਹੈ ਨੈਤਿਕ ਸਿੱਖਿਆ ਅਤੇ ਅਨੁਸ਼ਾਸਨ ਦੀ

ਅੱਜ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ | ਹਾਲਾਂਕਿ ਇਨ੍ਹਾਂ ਸਦਕਾ ਕੁਝ ਸੁਧਾਰ ਹੋਏ ਵੀ ਹਨ, ਪਰ ਬਾਵਜੂਦ ਇਸ ਦੇ ਕਈ ਸਮੱਸਿਆਵਾਂ ਹਾਲੇ ਵੀ ਸਿੱਖਿਆ ਸ਼ਾਸਤਰੀਆਂ ਲਈ ਮੁਸੀਬਤ ਬਣੀਆਂ ਹੋਈਆਂ ਹਨ | ਵਿਦਿਆਰਥੀਆਂ ਦਾ ਦਿਨ-ਪ੍ਰਤੀ-ਦਿਨ ਗਿਰ ਰਿਹਾ ਨੈਤਿਕ ਪੱਧਰ ਵੀ ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਹੈ |
ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਭੰਗ ਕਰਨਾ, ਅਧਿਆਪਕ ਦੀ ਹੁਕਮ ਅਦੂਲੀ ਕਰਨਾ, ਚੰਗੇ ਵਿਵਹਾਰ ਦੀ ਘਾਟ ਇਕ ਆਮ ਜਿਹੀ ਗੱਲ ਹੋ ਗਈ ਹੈ | ਇਸ ਨਾਲ ਜਿੱਥੇ ਇਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਅੱਗੇ ਚੱਲ ਕੇ ਇਹ ਵਿਦਿਆਰਥੀ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਵੀ ਕਾਰਨ ਬਣ ਰਹੇ ਹਨ | ਨੈਤਿਕ ਸਿੱਖਿਆ ਨਾ ਸਿਰਫ ਵਿਦਿਆਰਥੀ ਨੂੰ ਚੰਗੀ ਸ਼ਖ਼ਸੀਅਤ ਦਾ ਮਾਲਕ ਬਣਾਉਂਦੀ ਹੈ, ਬਲਕਿ ਉਸ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਨਿਭਾਉਣ ਦੇ ਕਾਬਲ ਬਣਾਉਂਦੀ ਹੈ |
ਜੇ ਅਸੀਂ ਇਤਿਹਾਸ ਵਿਚ ਝਾਤ ਮਾਰੀਏ ਤਾਂ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ, ਸੈਨਿਕ ਸਿੱਖਿਆ ਅਤੇ ਸਮਾਜਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਨੂੰ ਵੀ ਪੂਰੀ ਤਰਜੀਹ ਦਿੱਤੀ ਜਾਂਦੀ ਰਹੀ ਹੈ, ਪਰ ਅਜੋਕੇ ਸਮੇਂ ਵਿਚ ਟੈਕਨਾਲੋਜੀ ਦੀ ਤਰੱਕੀ ਨਾਲ ਟੈਕਨੀਕਲ ਸਿੱਖਿਆ ਅਤੇ ਕਿਤਾਬੀ ਸਿੱਖਿਆ ਵਿਚ ਅਸੀਂ ਇੰਨਾ ਰੁੱਝ ਗਏ ਹਾਂ ਕਿ ਨੈਤਿਕ ਸਿੱਖਿਆ ਦੀ ਅਹਿਮੀਅਤ ਨੂੰ ਅੱਖੋਂ ਓਹਲੇ ਕਰ ਰਹੇ ਹਾਂ | ਇਸ ਲਈ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ ਅਤੇ ਨੌਜਵਾਨ ਵਰਗ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਰਿਹਾ ਹੈ |
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੇਸ਼ ਨੂੰ ਚੰਗੇ ਡਾਕਟਰਾਂ, ਇੰਜੀਨੀਅਰਾਂ, ਪ੍ਰੋਫੈਸਰਾਂ, ਨੇਤਾਵਾਂ, ਅਧਿਆਪਕਾਂ ਅਤੇ ਲੇਖਕਾਂ ਦੀ ਲੋੜ ਹੈ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਸਮਾਜ ਨੂੰ ਚੰਗੇ ਇਨਸਾਨਾਂ ਦੀ ਲੋੜ ਹੈ | ਚੰਗੇ ਇਨਸਾਨ ਤੋਂ ਭਾਵ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਾਲਾ, ਸਭ ਲਈ ਹਮਦਰਦੀ ਰੱਖਣ ਵਾਲਾ, ਦੂਜਿਆਂ ਦੀ ਸਹਾਇਤਾ ਲਈ ਤਤਪਰ, ਬਲਿਦਾਨ ਦੀ ਭਾਵਨਾ ਰੱਖਣ ਵਾਲਾ, ਮਿੱਠੇ ਨਿਮਰ ਸੁਭਾਅ ਦਾ ਮਾਲਕ, ਵਿਰਸੇ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਵਿਅਕਤੀ ਹੀ ਚੰਗਾ ਇਨਸਾਨ ਕਹਾ ਸਕਦਾ ਹੈ, ਕਿਉਂਕਿ ਇਹੋ ਜਿਹਾ ਇਨਸਾਨ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ |
ਅਜੋਕੇ ਸਮਾਜ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਨੈਤਿਕ ਸਿੱਖਿਆ ਦੀ ਘਾਟ ਹੈ, ਕਿਉਂਕਿ ਅੱਜ ਵਿਦਿਆਰਥੀਆਂ ਨੂੰ ਕਿੱਤੇ ਅਤੇ ਕਾਮਯਾਬੀ ਦੀ ਦੌੜ ਵਿਚ ਸ਼ਾਮਿਲ ਹੋਣ ਲਈ ਸਾਇੰਸ, ਹਿਸਾਬ, ਅੰਗਰੇਜ਼ੀ, ਕੰਪਿਊਟਰ ਆਦਿ ਪੜ੍ਹਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਨੈਤਿਕ ਸਿੱਖਿਆ ਦੀ ਲੋੜ ਨੂੰ ਮਹਿਸੂਸ ਹੀ ਨਹੀਂ ਕੀਤਾ ਜਾ ਰਿਹਾ, ਕਿਉਂਕਿ ਅਸੀਂ ਸਿੱਖਿਆ ਤੋਂ ਸਿਰਫ ਪੜ੍ਹ-ਲਿਖ ਕੇ ਨੌਕਰੀ ਹਾਸਲ ਕਰਨ ਅਤੇ ਪੈਸੇ ਕਮਾਉਣ ਤੱਕ ਨੂੰ ਹੀ ਆਪਣਾ ਉਦੇਸ਼ ਸਮਝਦੇ ਹਾਂ, ਜਦਕਿ ਇਹ ਸੌੜਾ ਉਦੇਸ਼ ਹੈ | ਸਿੱਖਿਆ ਦਾ ਉਦੇਸ਼ ਸਿਰਫ ਨੌਕਰੀ ਹਾਸਲ ਕਰਨਾ ਜਾਂ ਪੈਸੇ ਕਮਾਉਣਾ ਹੀ ਨਹੀਂ, ਬਲਕਿ ਸਿੱਖਿਆ ਦਾ ਮਨੋਰਥ ਇਨਸਾਨ ਦੀ ਸਰਬਪੱਖੀ ਸ਼ਖ਼ਸੀਅਤ ਵਿਚ ਨਿਖਾਰ ਲਿਅਉਣਾ, ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਇਨ੍ਹਾਂ ਨੂੰ ਖਤਮ ਕਰਨ ਵਿਚ ਯੋਗਦਾਨ ਪਾਉਣਾ ਵੀ ਸਿੱਖਿਆ ਦਾ ਉਦੇਸ਼ ਹੈ, ਕਿਉਂਕਿ ਇਕ ਪੜਿ੍ਹਆ-ਲਿਖਿਆ ਇਨਸਾਨ ਹੀ ਹਰ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਅਤੇ ਇਸ ਦਾ ਹੱਲ ਕੱਢ ਸਕਦਾ ਹੈ ਅਤੇ ਅਜਿਹਾ ਕਰਨਾ ਸਾਡਾ ਨੈਤਿਕ ਫਰਜ਼ ਹੈ, ਤਾਂ ਕਿ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ | ਚੰਗਾ ਹੋਵੇਗਾ ਜੇ ਨੈਤਿਕ ਸਿੱਖਿਆ ਦੀ ਲੋੜ ਅਤੇ ਮਹੱਤਤਾ ਨੂੰ ਸਮਝਦੇ ਜੋਏ ਇਸ ਨੂੰ ਜ਼ਰੂਰੀ ਵਿਸ਼ੇ ਦੇ ਤੌਰ 'ਤੇ ਲਾਗੂ ਕੀਤਾ ਜਾਵੇ |
ਨੈਤਿਕ ਸਿੱਖਿਆ ਅਤੇ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਣਾ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਣਾ ਹੀ ਚੰਗੇ ਸਮਾਜ ਦੀ ਸਿਰਜਣਾ ਵੱਲ ਪੁੱਟੀ ਇਕ ਹੀ ਪੁਲਾਂਘ ਕਿਸੇ ਵਿਅਕਤੀ ਲਈ ਕਲਿਆਣਕਾਰੀ ਸਿੱਧ ਹੋ ਸਕਦੀ ਹੈ |
-(ਸਟੇਟ ਐਵਾਰਡੀ), ਸ: ਸੀ: ਸੈ: ਸਕੂਲ, ਧਨੀ ਪਿੰਡ (ਜਲੰਧਰ) | ਮੋਬਾ: 98151-47699


ਖ਼ਬਰ ਸ਼ੇਅਰ ਕਰੋ

ਸੜਕ ਸੁਰੱਖਿਆ ਹਫ਼ਤੇ 'ਤੇ ਵਿਸ਼ੇਸ਼

ਸੜਕ ਹਾਦਸੇ ਰੋਕਣ ਲਈ ਗੰਭੀਰ ਹੋਣ ਸਰਕਾਰਾਂ ਅਤੇ ਅਧਿਕਾਰੀ

ਅੱਜ ਕੋਈ ਵੀ ਵਿਅਕਤੀ ਘਰ ਤੋਂ ਨਿਕਲਦਾ ਹੈ ਤਾਂ ਉਹ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦਾ ਹੈ, ਮੱਥਾ ਟੇਕਦਾ ਹੈ ਅਤੇ ਮੰਜ਼ਿਲ 'ਤੇ ਠੀਕ-ਠਾਕ ਪਹੁੰਚਣ ਲਈ ਅਰਦਾਸ ਕਰਦਾ ਹੈ | ਪਰਿਵਾਰਕ ਮੈਂਬਰ ਉਸ ਨੂੰ ਮੰਜ਼ਿਲ ਉਪਰ ਪਹੁੰਚਣ ਉਪਰੰਤ ਫ਼ੋਨ ਕਰਨ ਲਈ ਹਦਾਇਤਾਂ ਕਰਦੇ ਹਨ | ਇਸ ਸਾਰੇ ਮਾਹੌਲ ਵਿਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਵਿਅਕਤੀ ਜੰਗ ਵਿਚ ਉਤਰ ਰਿਹਾ ਹੋਵੇ, ਸੰਘਣੇ ਜੰਗਲਾਂ ਵਿਚ ਵੜਨ ਜਾ ਰਿਹਾ ਹੋਵੇ | ਬਿਨਾਂ ਸ਼ੱਕ ਇਹ ਅਜੀਬ ਵੀ ਲੱਗਦਾ ਹੈ ਤੇ ਹੈਰਾਨੀਜਨਕ ਵੀ | ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸੜਕ 'ਤੇ ਜਾਣ ਦੇ ਲੋਕਾਂ ਦੇ ਤੌਖਲੇ ਬਿਲਕੁਲ ਸੱਚ ਹਨ | ਅੰਕੜੇ ਵੀ ਦੱਸਦੇ ਹਨ ਕਿ ਪਿਛਲੇ ਸਾਲ ਪੰਜਾਬ ਵਿਚ ਸੜਕੀ ਹਾਦਸਿਆਂ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਅਤੇ ਹਜ਼ਾਰਾਂ ਹੀ ਵਿਅਕਤੀ ਜ਼ਖ਼ਮੀ ਹੋਏ ਹਨ | ਸੜਕਾਂ ਦੇ ਦੋਵੇਂ ਪਾਸੇ ਮਿੱਟੀ ਨਾ ਪਾਉਣ ਕਰਕੇ ਵੀ ਹਾਦਸੇ ਹੁੰਦੇ ਰਹਿੰਦੇ ਹਨ | ਟ੍ਰੈਫਿਕ ਪੁਲਿਸ ਨੂੰ ਵਿਭਾਗ ਸਖ਼ਤ ਹਦਾਇਤਾਂ ਕਰੇ ਕਿ ਪ੍ਰੈਸ਼ਰ ਹਾਰਨ ਬੰਦ ਕਰੇ ਅਤੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕੋਈ ਨਾ ਕਰੇ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਤੁਰੰਤ ਕਾਰਵਾਈ ਹੋਵੇ, ਟ੍ਰੈਫਿਕ ਸੰਬੰਧੀ ਕਾਨੂੰਨ ਸਖ਼ਤ ਹੋਣ |
ਜਿਹੜੇ ਨੌਜਵਾਨ ਮੋਟਰਸਾਈਕਲਾਂ ਉੱਤੇ ਸਟੰਟ ਕਰਦੇ ਹਨ ਅਤੇ ਜੋ ਬਾਜ਼ਾਰਾਂ ਅੰਦਰ ਰਸਤਿਆਂ ਵਿਚ ਆਪ ਣੇ ਵਹੀਕਲ ਖੜ੍ਹੇ ਕਰਦੇ ਹਨ, ਉਨ੍ਹਾਂ ਦੇ ਤੁਰੰਤ ਚਲਾਨ ਕੱਟੇ ਜਾਣ | ਵੇਖਿਆ ਜਾਂਦਾ ਹੈ ਕਿ ਪੁਲਿਸ ਵਾਲੇ ਹੁਕਮ ਅਨੁਸਾਰ ਹੀ ਚਲਾਨ ਕੱਟਦੇ ਹਨ, ਬਾਕੀ ਆਪ ਣੇ ਚਾਹ-ਪਾਣੀ ਤੱਕ ਸੀਮਤ ਰੱਖਦੇ ਦੇਖੇ ਗਏ ਹਨ | ਇਹ ਅਜਿਹਾ ਨਹੀਂ ਸੋਚਦੇ ਕਿ ਸਾਨੂੰ ਹਜ਼ਾਰਾਂ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਅਤੇ ਇਹ ਤਨਖਾਹ ਸਰਕਾਰ ਇਮਾਨਦਾਰੀ ਨਾਲ ਕੰਮ ਕਰਨ ਲਈ ਦਿੰਦੀ ਹੈ | ਇਨ੍ਹਾਂ ਵਿਚ ਪੂਰੀ ਤਨਦੇਹੀ ਨਾਲ ਡਿਊਟੀ ਕਰਨ ਵਾਲਿਆਂ ਦੀ ਗਿਣਤੀ ਤਾਂ ਬਸ ਊਠ ਦੇ ਮੂੰਹ ਵਿਚ ਜੀਰੇ ਬਰਾਬਰ ਹੈ | ਪਰ ਜੋ ਵੀ ਇਸ ਗਿਣਤੀ ਵਿਚ ਸ਼ਾਮਿਲ ਹਨ, ਉਨ੍ਹਾਂ ਨੂੰ ਸਰਕਾਰਾਂ ਵੱਲੋਂ ਸਮੇਂ-ਸਮੇਂ ਅਨੁਸਾਰ ਸਨਮਾਨਿਤ ਕਰਨਾ ਚਾਹੀਦਾ ਹੈ | ਇਕ ਪਾਸੇ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੰਡੀਗੜ੍ਹ ਤੇ ਪੰਜਾਬ ਵਿਚ ਗੱਡੀਆਂ ਆਦਿ ਦੇ ਸ਼ੀਸ਼ਿਆਂ 'ਤੇ ਫ਼ਿਲਮਾਂ ਲਗਾਉਣ ਦੀ ਮਨਾਹੀ ਹੈ, ਪਰ ਇਥੇ ਲੋਕ ਬੇਝਿਜਕ ਹੋ ਕੇ ਗੱਡੀਆਂ ਆਦਿ ਦੇ ਸ਼ੀਸ਼ੇ ਕਾਲੇ ਸ਼ਰ੍ਹੇਆਮ ਕਰਵਾਈ ਫਿਰਦੇ ਹਨ | ਅਜਿਹਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸਾਰਿਆਂ ਦੀ ਮਿਲੀਭੁਗਤ ਹੋ ਰਹੀ ਹੋਵੇ |
ਹੁਣ ਲੋੜ ਹੈ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਇਸ ਪਾਸੇ ਵੱਲ ਖਾਸ ਧਿਆਨ ਦੇਣ ਦੀ, ਜਿਸ ਨਾਲ ਹਾਦਸਿਆਂ ਵਿਚ ਅਜਾਈਾ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਟ੍ਰੈਫਿਕ ਸੰਬੰਧੀ ਬਣਾਏ ਕਾਨੂੰਨਾਂ ਵਿਚ ਸਖ਼ਤੀ ਹੋਣੀ ਚਾਹੀਦੀ ਹੈ | ਆਮ ਲੋਕਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੇ ਸਿਰਫ਼ ਵੀ. ਆਈ. ਪੀ. ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਵੀ. ਆਈ. ਪੀ. ਲੋਕਾਂ ਦੇ ਆਉਣ ਤੋਂ ਪਹਿਲਾਂ ਤਾਂ ਸਪੈਸ਼ਲ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ, ਪਰ ਆਮ ਲੋਕਾਂ ਲਈ ਪੁਰਾਣੀਆਂ ਸੜਕਾਂ ਦੀ ਵੀ ਮੁਰੰਮਤ ਨਹੀਂ ਕੀਤੀ ਜਾਂਦੀ | ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਕਾਸ ਕਰਨ ਦੇ ਜੋ ਦਾਅਵੇ ਕਰਦੀਆਂ ਹਨ, ਉਨ੍ਹਾਂ ਨੂੰ ਅਮਲੀ ਰੂਪ ਵੀ ਜ਼ਰੂਰ ਦੇਣ, ਤਾਂ ਕਿ ਲੋਕਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਬਣਿਆ ਰਹੇ |
-ਪਿੰਡ ਅਤੇ ਡਾਕ: ਕੱਟੂ (ਬਰਨਾਲਾ) |
ਮੋਬਾ: 94630-19627

ਬਾਲਾਂ 'ਤੇ ਜ਼ੁਲਮ ਕਿਉਂ?

ਬਾਲਾਂ ਨੂੰ ਭੋਲੇ-ਭਾਲੇ, ਨਿਰਲੇਪ, ਨਿਰਵੈਰ, ਬੱਚੇ ਮਨ ਦੇ ਸੱਚੇ ਕਿਹਾ ਜਾਂਦਾ ਹੈ | ਇਥੋਂ ਤੱਕ ਕਿ ਬੱਚਿਆਂ ਨੂੰ ਪਰਮਾਤਮਾ ਦੇ ਵੱਧ ਨੇੜੇ ਸਮਝਿਆ ਜਾਂਦਾ ਹੈ, ਪਰ ਫਿਰ ਵੀ ਬੱਚਿਆਂ 'ਤੇ ਜ਼ੁਲਮ ਵਧਦਾ ਜਾ ਰਿਹਾ ਹੈ | ਪੁਰਾਤਨ ਸਮੇਂ ਤੋਂ ਹੀ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ, ਜੋ ਹੁਣ ਵੀ ਲਗਾਤਾਰ ਜਾਰੀ ਹੈ | ਹੁਣ ਤਾਂ ਮੰੁਡਿਆਂ ਨੂੰ ਵੀ ਇਸ ਝੁਲਸਦੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ | ਦੁਸ਼ਮਣੀਆਂ ਵੀ ਬੱਚਿਆਂ ਰਾਹੀਂ ਹੀ ਕੱਢੀਆਂ ਜਾਂਦੀਆਂ ਹਨ | ਸਕੂਲ ਜਾਂਦੇ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ, ਕਈ-ਕਈ ਦਿਨ ਕੋਈ ਉੱਘ-ਸੁੱਘ ਨਹੀਂ ਨਿਕਲਦੀ ਅਤੇ ਇਕ ਦਿਨ ਪੁੱਤਰ ਦੀ ਲਾਸ਼ ਸੜਕ ਕਿਨਾਰੇ ਪਈ ਦੇਖ ਕੇ ਮਾਪੇ ਅਤੇ ਲੋਕ ਵਲੰੂਧਰੇ ਜਾਂਦੇ ਹਨ | ਬਲੀ ਚੜ੍ਹਾਉਣ ਲਈ ਬੱਚੇ ਨੂੰ ਅਗਵਾ ਕੀਤਾ ਜਾਂਦਾ ਹੈ, ਫਿਰ ਕੁਝ ਦਿਨਾਂ ਪਿੱਛੋਂ ਸਿਰਕਟੀ ਲਾਸ਼ ਮਿਲਦੀ ਹੈ ਤਾਂ ਦਿਲ ਫੇਰ ਬਹੁਤ ਦੁਖੀ ਹੁੰਦਾ ਹੈ | ਬਾਬੇ ਨਾਨਕ ਦੀ ਕਿਰਤ ਦੀ ਕਦਰ ਨਾ ਕਰਨ ਵਾਲੇ ਵਿਹਲੜ, ਨਸ਼ੇੜੀ, ਬਦਮਾਸ਼ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕਰਦੇ ਹਨ |
ਮਾਪਿਆਂ ਵੱਲੋਂ ਲੱਖ ਕੋਸ਼ਿਸ਼ਾਂ ਕਰਕੇ ਵੀ ਅਪਰਾਧੀਆਂ ਲਈ ਮੰੂਹ ਮੰਗੀ ਰਕਮ ਦਾ ਜੁਗਾੜ ਨਹੀਂ ਹੁੰਦਾ ਤਾਂ ਇਕ ਦਿਨ ਬੱਚੇ ਦੀ ਲਾਸ਼ ਖੇਤਾਂ ਵਿਚੋਂ, ਬੋਰੀ ਵਿਚੋਂ ਜਾਂ ਘਰ ਦੇ ਨੇੜੇ ਕੂੜੇ ਦੇ ਢੇਰ 'ਤੇ ਪਈ ਮਿਲਦੀ ਹੈ | ਅਜਿਹੀ ਹਾਲਤ ਵਿਚ ਮਾਪਿਆਂ 'ਤੇ ਕੀ ਬੀਤਦੀ ਹੈ, ਇਹ ਉਹੀ ਜਾਣਦੇ ਹਨ | ਆਮ ਲੋਕ ਵੀ ਅਜਿਹੀ ਘਟਨਾ ਦੀ ਨਿੰਦਿਆ ਕੀਤੇ ਬਿਨਾਂ ਨਹੀਂ ਰਹਿ ਸਕਦੇ | ਝਾੜੀਆਂ ਵਿਚੋਂ, ਕੂੜੇ ਦੇ ਢੇਰ ਵਿਚੋਂ, ਗੰਦੇ ਨਾਲੇ ਵਿਚੋਂ ਮਾਦਾ ਭਰੂਣ ਮਿਲਣੇ ਤਾਂ ਆਮ ਗੱਲ ਹੋ ਗਈ ਹੈ | ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ ਰੋਜ਼ ਵਾਪਰਦੀਆਂ ਹਨ | ਜਬਰੀ ਕੰਮ ਕਰਵਾਉਣ ਲਈ ਬੱਚਿਆਂ ਦੀ ਕੁੱਟਮਾਰ ਕਰਨੀ ਤਾਂ ਆਮ ਜਿਹੀ ਗੱਲ ਹੋ ਗਈ ਹੈ | ਇਕ ਪਾਸੇ ਬੱਚੇ ਕਿਸੇ ਘਰ, ਕਿਸੇ ਸਮਾਜ, ਕਿਸੇ ਕੌਮ, ਕਿਸੇ ਦੇਸ਼ ਦਾ ਭਵਿੱਖ ਹੁੰਦੇ ਹਨ, ਦੂਜੇ ਪਾਸੇ ਬੱਚਿਆਂ 'ਤੇ ਜ਼ੁਲਮ ਹੋ ਰਿਹਾ ਹੈ |
-ਪਿੰਡ ਉੱਭਾ (ਮਾਨਸਾ)-151508. ਮੋਬਾ: 98723-45277

ਮੋਬਾਈਲ ਟਾਵਰਾਂ ਦੇ ਦੁਰਪ੍ਰਭਾਵ

ਰਿਹਾਇਸ਼ੀ ਇਲਾਕਿਆਂ ਖਾਸ ਤੌਰ 'ਤੇ ਸ਼ਹਿਰਾਂ ਵਿਚ ਦਿਨੋਂ-ਦਿਨ ਫੈਲ ਰਹੇ ਮੋਬਾਈਲ ਟਾਵਰਾਂ ਦੇ ਮੱਕੜਜਾਲਾਂ ਦਾ ਮਨੁੱਖੀ ਜੀਵਨ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਇਨ੍ਹਾਂ ਮੋਬਾਈਲ ਟਾਵਰਾਂ ਕਾਰਨ ਪੈਦਾ ਹੋ ਰਹੀਆਂ ਇਲੈਕਟ੍ਰੋ ਮੈਗਨੇਟਿਕ ਤਰੰਗਾਂ ਇਨਸਾਨ ਨੂੰ ਲਗਾਤਾਰ ਘੁਣ ਦੀ ਤਰ੍ਹਾਂ ਅੰਦਰੋਂ-ਅੰਦਰੀ ਖੋਖਲਾ ਕਰਦੀਆਂ ਜਾ ਰਹੀਆਂ ਹਨ ਅਤੇ ਮਨੁੱਖ ਦਾ ਸਰੀਰ ਅਨੇਕਾਂ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ | ਮੋਬਾਈਲ ਟਾਵਰਾਂ ਦਾ ਇਹ ਮੱਕੜਜਾਲ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਦਿਨ-ਪ੍ਰਤੀ-ਦਿਨ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਭਿਆਨਕ ਸਿੱਟੇ ਸਾਹਮਣੇ ਆਉਣ ਦਾ ਖਦਸ਼ਾ ਹੈ | ਮੋਬਾਈਲ ਟਾਵਰਾਂ ਦੀਆਂ ਇਹ ਮਾਈਕ੍ਰੋਵੇਬਜ਼ 1900 ਐਮ. ਐਚ. ਜੈੱਡ. ਦੀ ਰਫਤਾਰ ਨਾਲ ਕੰਮ ਕਰਦੀਆਂ ਹਨ, ਜਿਸ ਕਰਕੇ ਮੋਬਾਈਲ ਟਾਵਰਾਂ 'ਚੋਂ ਨਿਕਲਣ ਵਾਲੀਆਂ ਤਰੰਗਾਂ ਇਨਸਾਨ ਦੇ ਸਰੀਰ ਉੱਤੇ ਕਿੰਨਾ ਮਾੜਾ ਅਸਰ ਪਾ ਰਹੀਆਂ ਹਨ, ਇਸ ਗੱਲ ਦਾ ਤਾਂ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ | ਮੋਬਾਈਲ ਟਾਵਰਾਂ ਦੀਆਂ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨਾਂ ਦਾ ਨਾ ਕੇਵਲ ਮਨੁੱਖੀ ਜਗਤ 'ਤੇ ਹੀ ਮਾੜਾ ਅਸਰ ਪੈ ਰਿਹਾ ਹੈ, ਬਲਕਿ ਜੰਗਲੀ ਜੀਵ ਅਤੇ ਆਲੇ-ਦੁਆਲੇ ਦੇ ਵਾਤਾਵਰਨ 'ਤੇ ਇਸ ਦੇ ਪੈ ਰਹੇ ਹਾਨੀਕਾਰਕ ਪ੍ਰਭਾਵਾਂ ਨੂੰ ਵੀ ਅਣਗੌਲਿਆ ਨਹੀਂ ਜਾ ਸਕਦਾ |
ਟਾਵਰਾਂ ਦੀਆਂ ਇਨ੍ਹਾਂ ਤਰੰਗਾਂ ਕਾਰਨ ਪਸ਼ੂ-ਪੰਛੀ ਵੀ ਲਗਾਤਾਰ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਸਾਲ 1994 ਤੋਂ ਬਾਅਦ ਘਰੇਲੂ ਚਿੜੀਆਂ ਦੀ ਆਬਾਦੀ ਵਿਚ ਲਗਾਤਾਰ ਕਮੀ ਆਈ ਹੈ | ਇਹ ਹਾਨੀਕਾਰਕ ਮਾਈਕ੍ਰੋਵੇਬਜ਼ ਪ੍ਰਜਨਨ ਅਤੇ ਸਹਿ-ਤਾਲਮੇਲ ਆਦਿ ਵਿਚ ਵੀ ਸਮੱਸਿਆ ਪੈਦਾ ਕਰਦੀਆਂ ਹਨ, ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਕਿਸਮਾਂ ਦੀਆਂ ਪੰਛੀ-ਪ੍ਰਜਾਤੀਆਂ ਵਿਚ ਗਿਰਾਵਟ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ | ਇਸ ਤੋਂ ਇਲਾਵਾ ਵੀ ਕਈ ਕਾਰਨਾਂ ਕਰਕੇ ਜਾਨਵਰਾਂ ਅਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਨੂੰ ਦੁਰਲੱਭ ਪ੍ਰਜਾਤੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਕੁਝ ਪ੍ਰਜਾਤੀਆਂ ਅਲੋਪ ਹੋਣ ਦੀ ਕਗਾਰ ਉੱਤੇ ਖੜ੍ਹੀਆਂ ਹਨ |
ਪੂਰੇ ਭਾਰਤ ਵਿਚ ਅਜੇ ਤੱਕ ਇਨ੍ਹਾਂ ਮੋਬਾਈਲ ਟਾਵਰਾਂ ਦੇ ਇੰਫਰਾਸਟਰਕਚਰ ਦੇ ਵਿਕਾਸ ਅਤੇ ਇਨ੍ਹਾਂ ਦੀ ਲੋਕੇਸ਼ਨ ਸਬੰਧੀ ਕੋਈ ਵੀ ਨੀਤੀ ਜਾਂ ਨਿਯਮ ਨਹੀਂ ਬਣਾਏ ਗਏ, ਜਿਨ੍ਹਾਂ ਦੇ ਆਧਾਰ 'ਤੇ ਇਨ੍ਹਾਂ ਟਾਵਰਾਂ ਦੀ ਸਥਾਨਕ ਵਿਉਂਤਬੰਦੀ ਕੀਤੀ ਜਾਵੇ | ਇਸ ਲਈ ਭਾਰਤ ਸਰਕਾਰ ਨੂੰ ਕੁਝ ਠੋਸ ਕਦਮ ਚੁੱਕ ਕੇ ਇਸ ਸਬੰਧੀ ਕੋਈ ਸਖ਼ਤ ਕਾਨੂੰਨ ਪਾਸ ਕਰਕੇ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ | ਇਸ ਕਾਨੂੰਨ ਤਹਿਤ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੂੰ ਸਕੂਲਾਂ, ਕਾਲਜਾਂ, ਜਨਤਕ ਸਥਾਨਾਂ ਅਤੇ ਹਸਪਤਾਲਾਂ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵਿਚ ਟਾਵਰਾਂ ਦੇ ਲਗਾਏ ਜਾਣ 'ਤੇ ਰੋਕ ਲਗਾਉਣੀ ਚਾਹੀਦੀ ਹੈ |
ਟਾਵਰ ਲਗਾਉਣ ਵਾਲੀਆਂ ਇਹ ਵਾਇਰਲੈੱਸ ਕੰਪਨੀਆਂ ਟਾਵਰ ਲਗਾਉਣ ਸਮੇਂ ਇਸ ਗੱਲ ਦਾ ਜ਼ਰਾ ਵੀ ਫਿਕਰ ਨਹੀਂ ਕਰਦੀਆਂ ਕਿ ਟਾਵਰਾਂ ਨੇੜੇ ਰਹਿਣ ਵਾਲੇ ਲੋਕਾਂ ਦੀ ਸਿਹਤ ਉੱਤੇ ਕਿਹੋ ਜਿਹੇ ਹਾਨੀਕਾਰਕ ਪ੍ਰਭਾਵ ਪੈਣਗੇ, ਜਿਸ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਮੋਬਾਈਲ ਕੰਪਨੀਆਂ ਨੂੰ ਰਿਹਾਇਸ਼ੀ ਇਲਾਕਿਆਂ ਦੀਆਂ ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨਾਂ ਤੋਂ ਆਗਿਆ ਲਏ ਬਿਨਾਂ ਕੋਈ ਵੀ ਟਾਵਰ ਨਹੀਂ ਲਗਾਉਣਾ ਚਾਹੀਦਾ | ਜੇਕਰ ਇਸ ਸਬੰਧੀ ਜਲਦ ਹੀ ਕੋਈ ਢੁਕਵੇਂ ਉਪਰਾਲੇ ਨਹੀਂ ਕੀਤੇ ਗਏ ਤਾਂ ਸਮਾਜ ਦੇ ਆਧੁਨਿਕ ਜੀਵ ਕਹਾਉਣ ਵਾਲੇ ਮਨੁੱਖ ਨੂੰ ਇਸ ਦੇ ਘਾਤਕ ਪ੍ਰਣਾਮ ਭੁਗਤਣ ਲਈ ਵੀ ਤਿਆਰ ਰਹਿਣਾ ਪਵੇਗਾ |
-ਰੂਪਨਗਰ | ਮੋਬਾ: 94644-51553
paramvirjanagal0gmail.com

ਨਹਿਰਾਂ, ਰਜਬਾਹਿਆਂ ਕੰਢੇ ਖੜ੍ਹੇ ਦਰੱਖਤਾਂ ਦੀ ਚੋਰੀ ਰੋਕੀ ਜਾਵੇ

ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦਾ ਰੁੱਖਾਂ ਨਾਲ ਡੂੰਘਾ ਸਬੰਧ ਰਿਹਾ ਹੈ | ਮਨੁੱਖੀ ਜੀਵਨ ਦੇ ਮੁਢਲੇ ਸਾਲਾਂ ਵਿਚ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਆਦਮੀ ਦੀ ਪੂਰੀ ਨਿਰਭਰਤਾ ਰੁੱਖਾਂ ਉੱਪਰ ਰਹੀ ਹੈ | ਅਜੋਕੇ ਸਮੇਂ ਵਿਚ ਵੀ ਮਨੁੱਖੀ ਜੀਵਨ ਵਿਚ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ | ਰੁੱਖਾਂ ਤੋਂ ਬਗੈਰ ਸਵੱਸ਼ ਵਾਤਾਵਰਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਅੱਜ ਜੇਕਰ ਵਾਤਾਵਰਨ ਸਵੱਸ਼ ਨਹੀਂ ਹੈ ਤਾਂ ਇਸ ਦੇ ਵਿਚ ਸਭ ਤੋਂ ਵੱਧ ਕਸੂਰ ਮਨੁੱਖੀ ਜਾਤੀ ਦਾ ਹੈ | ਵਧਦੀ ਆਬਾਦੀ, ਵਿਗਿਆਨਿਕ ਵਿਕਾਸ ਤੇ ਮਨੁੱਖ ਦੀ ਪੈਸਾ ਕਮਾਉਣ ਦੀ ਹਵਸ ਅਤੇ ਵਪਾਰਕ ਰੁਚੀਆਂ ਰੁੱਖਾਂ ਦੇ ਉਜਾੜੇ ਦਾ ਕਾਰਨ ਬਣੀਆਂ | ਅੱਜ ਰੋਡੀਆਂ-ਭੋਡੀਆਂ ਸੜਕਾਂ, ਦਰੱਖਤਾਂ ਤੋਂ ਸੱਖਣੇ ਖੇਤ ਇਸ ਗੱਲ ਦੀ ਗਵਾਹੀ ਭਰਦੇ ਹਨ | ਥੋੜ੍ਹੇ-ਬਹੁਤੇ ਜੋ ਬਚੇ ਹਨ, ਉਹ ਵੀ ਸਿਰਫ ਨਹਿਰਾਂ, ਰਜਬਾਹਿਆਂ ਕੰਢੇ ਹੀ ਦੇਖੇ ਜਾ ਸਕਦੇ ਹਨ | ਪਰ ਇਨ੍ਹਾਂ ਦਰੱਖਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ | ਰਾਤ-ਬਰਾਤੇ, ਚੋਰੀ-ਛਿਪੇ ਇਨ੍ਹਾਂ 'ਤੇ ਵੀ ਆਰਾ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਨਹਿਰਾਂ ਕੰਢੇ ਖੜ੍ਹੇ ਦਰੱਖਤਾਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ | ਵਾਤਾਵਰਨ ਨੂੰ ਮਨੁੱਖ ਦੇ ਸਹਿਜ ਜੀਵਨ ਦੇ ਅਨੁਕੂਲ ਬਣਾਉਣ ਲਈ ਇਸ ਸਮੱਸਿਆ ਤੋਂ ਅੱਖਾਂ ਮੀਟੀ ਰੱਖਣਾ ਜਾਇਜ਼ ਨਹੀਂ |
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਨਸੰਖਿਆ ਦੇ ਵਿਸਫੋਟਕ ਵਾਧੇ ਨੇ ਬਾਲਣ ਤੇ ਇਮਾਰਤੀ ਲੱਕੜੀ ਦੀ ਮੰਗ ਨੂੰ ਵੀ ਵਿਸਫੋਟਕ ਬਣਾ ਦਿੱਤਾ ਹੈ, ਜਿਸ ਦਾ ਸ਼ਿਕਾਰ ਸਰਕਾਰੀ ਜਾਂ ਸਾਂਝੀਆਂ ਥਾਵਾਂ ਉੱਤੇ ਖੜ੍ਹੇ ਦਰੱਖਤ ਹੋ ਰਹੇ ਹਨ | ਨਹਿਰਾਂ ਕੰਢੇ ਖੜ੍ਹੇ ਇਹ ਦਰੱਖਤ ਜਿਥੇ ਇਕ ਪਾਸੇ ਵਾਤਾਵਰਨ ਲਈ ਸਹਾਈ ਤੇ ਪੰਛੀਆਂ ਲਈ ਰੈਣ-ਬਸੇਰਾ ਹਨ, ਉੱਥੇ ਦੂਸਰੇ ਪਾਸੇ ਇਹ ਸੇਮ ਨੂੰ ਵੀ ਰੋਕਦੇ ਹਨ | ਇਨ੍ਹਾਂ ਦੀ ਅਣਹੋਂਦ ਨਾਲ ਲੱਗਦੇ ਖੇਤਾਂ ਲਈ ਵੀ ਖਤਰੇ ਦੀ ਘੰਟੀ ਹੈ, ਕਿਉਂਕਿ ਨਾਲ ਲੱਗਦੀਆਂ ਜ਼ਮੀਨਾਂ ਸੇਮ ਕਾਰਨ ਬੰਜਰ ਬਣ ਸਕਦੀਆਂ ਹਨ | ਇਸ ਤੋਂ ਇਲਾਵਾ ਇਹ ਦਰੱਖਤ ਨਹਿਰਾਂ ਦੇ ਕੰਢਿਆਂ ਨੂੰ ਵੀ ਖੁਰਨ ਤੋਂ ਰੋਕਦੇ ਹਨ | ਭਾਵੇਂ ਕਿ ਰੁੱਖਾਂ ਦੀ ਸਾਂਭ-ਸੰਭਾਲ ਤੇ ਸੁਰੱਖਿਆ ਦਾ ਜ਼ਿੰਮਾ ਵਣ ਵਿਭਾਗ ਦੇ ਹਵਾਲੇ ਹੈ, ਪਰ ਵਿਭਾਗ ਵੀ ਸਿਰਫ ਦਰੱਖਤਾਂ ਦੀ ਗਿਣਤੀ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ | ਵਿਭਾਗ ਵੱਲੋਂ ਸੁਰੱਖਿਆ ਲਈ ਭਾਵੇਂ ਦਰੱਖਤਾਂ ਉੱਪਰ ਨੰਬਰ ਲਗਾਏ ਜਾਂਦੇ ਹਨ, ਪਰ ਇਸ ਦੇ ਬਾਵਜੂਦ ਵੀ ਦਰੱਖਤਾਂ ਨੂੰ ਚੋਰੀ ਵੱਢਿਆ ਜਾਣਾ ਨਿਰੰਤਰ ਜਾਰੀ ਹੈ, ਜਿਸ ਦਾ ਸਬੂਤ ਦਰੱਖਤਾਂ ਦੇ ਵੱਢੇ ਦਿਸਦੇ ਤਣੇ ਹਨ | ਦੂਸਰਾ ਇਸ ਚੋਰੀ ਨੂੰ ਰੋਕਣ ਲਈ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਜਾਂਦੀ | ਹਰ ਸਾਲ ਨਹਿਰਾਂ, ਰਜਬਾਹਿਆਂ ਦੇ ਕੰਢਿਆਂ ਤੋਂ ਹਜ਼ਾਰਾਂ ਦਰੱਖਤ ਨਾਜਾਇਜ਼ ਤੌਰ 'ਤੇ ਵੱਢੇ ਜਾਂਦੇ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਵੱਢੇ ਗਏ ਦਰੱਖਤਾਂ ਦੀ ਜਗ੍ਹਾ ਲੰਬਾ ਸਮਾਂ ਹੋਰ ਦਰੱਖਤ ਹੀ ਨਹੀਂ ਲਗਾਏ ਜਾਂਦੇ | ਇਸ ਕਾਰਨ ਹੀ ਖਾਲੀ ਪਈਆਂ ਥਾਵਾਂ ਨੂੰ ਲੋਕਾਂ ਦੁਆਰਾ ਘਰਾਂ, ਕੋਠੀਆਂ ਦੇ ਨਿਰਮਾਣ ਦਾ ਮਲਬਾ ਤੇ ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਂਦਾ ਹੈ | ਬਾਅਦ ਵਿਚ ਅਜਿਹੀਆਂ ਥਾਵਾਂ 'ਤੇ ਦਰੱਖਤ ਲਗਾਉਣਾ ਬਹੁਤ ਔਖਾ ਹੋ ਜਾਂਦਾ ਹੈ | ਜੇਕਰ ਕਿਸੇ ਤਰ੍ਹਾਂ ਲਾਏ ਵੀ ਜਾਂਦੇ ਹਨ ਤਾਂ ਅਵਾਰਾ ਡੰਗਰਾਂ ਤੋਂ ਬਚਾਅ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਜਾਂਦਾ, ਜਿਸ ਕਾਰਨ ਇਕ-ਤਿਹਾਈ ਬੂਟੇ ਹੀ ਦਰੱਖਤ ਬਣਨ ਦੀ ਅਵਸਥਾ ਤੱਕ ਪਹੁੰਚਦੇ ਹਨ |
ਇਸ ਲਈ ਉਹ ਹਰ ਕਦਮ ਉਠਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਦਰੱਖਤਾਂ ਦੀ ਇਹ ਨਾਜਾਇਜ਼ ਕਟਾਈ ਬੰਦ ਹੋ ਸਕੇ | ਇਸ ਦੇ ਲਈ ਸਬੰਧਤ ਵਿਭਾਗ ਨੂੰ ਚੁਸਤ-ਦਰੁਸਤ ਬਣਾਇਆ ਜਾਣਾ ਚਾਹੀਦਾ ਹੈ ਤੇ ਸਖ਼ਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ | ਇਸ ਲਈ ਰਾਤ ਸਮੇਂ ਗਸ਼ਤ ਵਧਾਉਣ ਦੀ ਜ਼ਰੂਰਤ ਹੈ | ਇਸ ਕੰਮ ਲਈ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਲਈ ਜਾ ਸਕਦੀ ਹੈ | ਚੋਰੀ ਦਾ ਪਤਾ ਲੱਗਣ 'ਤੇ ਠੋਸ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਖਾਲੀ ਪਈਆਂ ਥਾਵਾਂ ਉੱਪਰ ਵੱਧ ਤੋਂ ਵੱਧ ਦਰੱਖਤ ਲਾਏ ਜਾਣ ਅਤੇ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾਵੇ | ਸਭ ਤੋਂ ਵੱਡੀ ਗੱਲ, ਮਨੁੱਖ ਦੇ ਲਾਲਚ ਤੇ ਸ਼ੋਸ਼ਕ ਰੁਚੀ ਨੂੰ ਠੱਲ੍ਹ ਪਾਉਣ ਦੀ ਲੋੜ ਹੈ |
-ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ) | ਮੋਬਾ: 94630-90470

ਕਿੰਨੀ ਕੁ ਕਾਮਯਾਬ ਹੋ ਰਹੀ ਹੈ ਸਫ਼ਾਈ ਮੁਹਿੰਮ?

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਵੱਲੋਂ ਚਲਾਈ ਸਫਾਈ ਮੁਹਿੰਮ ਦੀ ਜਿੰਨੀ ਵੀ ਪ੍ਰਸੰਸਾ ਕਰੀਏ, ਥੋੜ੍ਹੀ ਹੈ | ਬਾਹਰਲੇ ਦੇਸ਼ਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਅਸੀਂ ਸਫਾਈ ਦੀ ਕਰਦੇ ਹਾਂ | ਜੇ ਉਹ ਐਨੀ ਸਫਾਈ ਰੱਖ ਸਕਦੇ ਹਨ, ਫਿਰ ਅਸੀਂ ਕਿਉਂ ਨਹੀਂ ਰੱਖ ਸਕਦੇ? ਸਾਡੀ ਸਭ ਤੋਂ ਵੱਡੀ ਕਮਜ਼ੋਰੀ ਵਿਖਾਵੇ ਅਤੇ ਨਾਟਕ ਕਰਨ ਦੀ ਹੈ | ਸਾਡੇ ਦੇਸ਼ ਵਿਚ ਮੁਹਿੰਮਾਂ ਬਹੁਤ ਚਲਦੀਆਂ ਹਨ, ਚਲਦੀਆਂ ਵੀ ਬੜੀ ਧੂਮਧਾਮ ਨਾਲ ਹਨ, ਪਰ ਉਨ੍ਹਾਂ ਦੇ ਉਹ ਨਤੀਜੇ ਨਹੀਂ ਨਿਕਲਦੇ, ਜਿਨ੍ਹਾਂ ਕਰਕੇ ਸ਼ੁਰੂ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਦੇ ਕਾਰਨ ਬਹੁਤ ਸਾਰੇ ਹਨ ਪਰ ਸਭ ਤੋਂ ਵੱਡਾ ਕਾਰਨ ਦੇਸ਼ ਭਗਤੀ ਦੀ ਘਾਟ ਦਾ ਹੈ | ਅਸੀਂ ਹਮੇਸ਼ਾ ਇਹੀ ਸੋਚਦੇ ਰਹਿੰਦੇ ਹਾਂ ਕਿ ਦੇਸ਼ ਨੇ ਮੈਨੂੰ ਕੀ ਦਿੱਤਾ ਹੈ? ਇਹ ਕਦੇ ਨਹੀਂ ਸੋਚਿਆ ਕਿ ਮੈਂ ਦੇਸ਼ ਨੂੰ ਕੀ ਦਿੱਤਾ ਹੈ? ਜੇ ਪਿਛਲੀਆਂ ਸਾਰੀਆਂ ਮੁਹਿੰਮਾਂ 'ਤੇ ਅਸੀਂ ਤਨੋਂ-ਮਨੋਂ ਅਮਲ ਕਰਦੇ ਤਾਂ ਸਾਡਾ ਦੇਸ਼ ਵੀ ਕਿਸੇ ਦੇਸ਼ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸੀ ਹੋਣਾ |
ਇਸ ਮੁਹਿੰਮ ਦੀਆਂ ਅਖ਼ਬਾਰੀ ਤਸਵੀਰਾਂ ਸਾਫ਼ ਦੱਸਦੀਆਂ ਸਨ ਕਿ ਅਸੀਂ ਇਕ-ਦੂਜੇ ਤੋਂ ਮੂਹਰੇ ਹੋ ਕੇ ਤਸਵੀਰਾਂ ਕਿਵੇਂ ਖਿਚਾ ਰਹੇ ਸੀ, ਫਿਰ ਸਾਫ਼ ਪਤਾ ਲਗਦਾ ਸੀ ਕਿ ਕਰਨੀ ਅਸਾਂ ਸਫਾਈ ਸੀ, ਪਰ ਅਸੀਂ ਪੂਰੀਆਂ ਟੌਹਰਾਂ ਕੱਢੀਆਂ ਹੋਈਆਂ ਸਨ | ਅਸੀਂ ਵਿਆਹ ਵਾਲੀਆਂ ਤਸਵੀਰਾਂ ਵਾਂਗ ਕੈਮਰੇ ਵੱਲ ਦੇਖ-ਦੇਖ ਮੁਸਕਰਾ ਰਹੇ ਸੀ | ਸਾਫ਼ ਦਿਸ ਰਿਹਾ ਸੀ ਨਵੇਂ-ਨਕੋਰ ਚੰਗੇ ਝਾੜੂ ਸਿਰਫ਼ ਤੇ ਸਿਰਫ਼ ਤਸਵੀਰਾਂ ਖਿਚਵਾਉਣ ਵਾਸਤੇ ਫੜੇ ਹੋਏ ਸਨ | ਪਟੇ ਚੋਪੜੇ ਸਾਫ਼ ਦਿਸਦੇ ਸਨ | ਬਰਾਤ ਜਾਣ ਵਲਿਆਂ ਵਾਂਗੂੰ ਮੁਹਿੰਮ ਸਫ਼ਾਈ ਦੀ ਸੀ, ਪੱਗਾਂ ਅਸੀਂ ਟੂਟੀ ਵਾਲੀਆਂ ਬੰਨ੍ਹੀਆਂ ਹੋਈਆਂ ਸਨ | ਭਲਿਓ ਮਾਣਸੋ, ਜਿਹੋ ਜਿਹਾ ਅਸੀਂ ਕੰਮ ਕਰਨਾ ਹੁੰਦਾ ਹੈ, ਕੱਪੜੇ ਉਹੋ ਜਿਹੇ ਪਾਉਣੇ ਹੁੰਦੇ ਹਨ | ਤੁਹਾਡੀਆਂ ਟੌਹਰਾਂ ਸਾਫ਼ ਦੱਸਦੀਆਂ ਸਨ ਕਿ ਤੁਸੀਂ ਸਫ਼ਾਈ ਮੁਹਿੰਮ ਲਈ ਘੱਟ, ਅਖ਼ਬਾਰ ਵਿਚ ਛਪਣ ਵਾਲੀ ਤਸਵੀਰ ਲਈ ਵੱਧ ਤਿਆਰੀ ਕਰਕੇ ਆਏ ਹੋ | ਜੇ ਤੁਸੀਂ ਸੱਚਮੁੱਚ ਹੀ ਗੰਭੀਰ ਹੁੰਦੇ ਤਾਂ ਤੁਸੀਂ ਤੁਹਾਡੀ ਗਲੀ ਵਿਚ ਹਰ ਰੋਜ਼ ਆਉਣ ਵਾਲੇ ਸੱਚੇ-ਸੁੱਚੇ ਸਫ਼ਾਈ ਸੇਵਕ ਵਾਂਗ ਆਉਂਦੇ | ਇਕ ਮਿੰਟ ਹੱਥ ਵਿਚ ਝਾੜੂ ਫੜਨ ਦੀ ਬਜਾਏ ਸਾਰਾ ਦਿਨ ਸਫ਼ਾਈ ਨੂੰ ਲਾਉਂਦੇ, ਫਿਰ ਤੁਹਾਨੂੰ ਸ਼ਾਬਾਸ਼ ਵੀ ਮਿਲਦੀ | ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੀ, ਤੁਹਾਡੇ ਕੰਮ ਵਿਚੋਂ ਤੁਹਾਡੀ ਦੇਸ਼ ਭਗਤੀ ਬੋਲਣੀ ਸੀ | ਤੁਸੀਂ ਤਾਂ ਕਈ ਥਾਂ ਤਸਵੀਰ ਖਿਚਵਾਉਣ ਵੇਲੇ ਇਹ ਵੀ ਨਹੀਂ ਵੇਖਿਆ ਕਿ ਥਾਂ ਸਾਫ ਹੈ ਜਾਂ ਗੰਦੀ | ਤੁਸੀਂ ਸਾਫ ਥਾਂ ਉੱਪਰ ਖੜ੍ਹ ਕੇ ਹੀ ਤਸਵੀਰਾਂ ਖਿਚਵਾ ਲਈਆਂ |
ਮੈਂ ਤਾਂ ਅਖ਼ਬਾਰ ਪੜ੍ਹ ਕੇ ਹੈਰਾਨ ਰਹਿ ਗਿਆ ਜਦੋਂ ਇਕ ਖਬਰ ਪੜ੍ਹੀ ਕਿ ਦੁਕਾਨਦਾਰ ਤੋਂ ਨਵੇਂ ਝਾੜੂ ਸਿਰਫ ਅਖ਼ਬਾਰ ਲਈ ਤਸਵੀਰ ਖਿਚਵਾਉਣ ਲਈ ਲਿਆਂਦੇ, ਬਾਅਦ ਵਿਚ ਮੋੜ ਦਿੱਤੇ | ਚਲੋ ਦੂਜੀਆਂ ਮੁਹਿੰਮਾਂ ਵਿਚ ਅਸੀਂ ਨਾਟਕ ਕੀਤੇ, ਪਰ ਇਸ ਮੁਹਿੰਮ ਵਿਚ ਸਾਨੂੰ ਹਰਗਿਜ਼ ਨਾਟਕ ਨਹੀਂ ਖੇਡਣਾ ਚਾਹੀਦਾ ਸੀ | ਪੂਰਾ ਦੇਸ਼ ਬਹੁਤ ਹੀ ਭਿਆਨਕ ਰੋਗਾਂ ਦੀ ਗਿ੍ਫਤ ਵਿਚ ਆਇਆ ਹੋਇਆ ਹੈ | ਬਹੁਤ ਸਾਰੇ ਰੋਗਾਂ ਵਿਚ ਅਸੀਂ ਦੁਨੀਆ ਵਿਚ ਪਹਿਲੇ ਨੰਬਰ ਉੱਤੇ ਹਾਂ, ਜਿਸ ਦਾ ਸਭ ਤੋਂ ਵੱਡਾ ਕਾਰਨ ਸਫ਼ਾਈ ਦੀ ਘਾਟ ਹੈ | ਹਰ ਪਿੰਡ ਤੇ ਸ਼ਹਿਰ ਵਿਚ ਤੁਹਾਨੂੰ ਹੋਰ ਕੁਝ ਦੇਖਣ ਨੂੰ ਮਿਲੇ ਜਾਂ ਨਾ ਮਿਲੇ, ਗੰਦਗੀ ਦੇ ਢੇਰ ਜ਼ਰੂਰ ਮਿਲਣਗੇ | ਉਂਜ ਅਸੀਂ ਧਰਤੀ ਨੂੰ ਮਾਂ ਆਖਦੇ ਹਾਂ ਪਰ ਧਰਤੀ ਮਾਂ ਨੱਕੋ-ਨੱਕ ਗੰਦਗੀ ਨਾਲ ਅਸੀਂ ਭਰੀ ਹੋਈ ਹੈ | ਔਸਤ ਉਮਰ ਬੜੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ | ਕਿਸੇ ਸਮੇਂ ਜੋ ਬੁਢਾਪੇ ਦੀਆਂ ਨਿਸ਼ਾਨੀਆਂ ਸਨ, ਉਹ ਨੌਜਵਾਨਾਂ ਅਤੇ ਬੱਚਿਆਂ ਵਿਚ ਆਮ ਵੇਖੀਆਂ ਜਾ ਸਕਦੀਆਂ ਹਨ | ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਨਿਮਰ ਅਪੀਲ ਕਰਦਾ ਹਾਂ ਕਿ ਹਰ ਮੁਹਿੰਮ ਦਾ ਕੋਈ ਨਾ ਕੋਈ ਖ਼ਾਸ ਮਕਸਦ ਹੁੰਦਾ ਹੈ, ਉਸ ਵਿਚ ਆਪਾਂ ਆਪਣਾ ਬਣਦਾ ਯੋਗਦਾਨ ਸੱਚੇ ਦਿਲੋਂ ਪਾਈਏ ਤਾਂ ਕਿ ਉਸ ਮੁਹਿੰਮ ਦੇ ਸਾਰਥਕ ਨਤੀਜਿਆਂ ਦਾ ਪੂਰੀ ਲੋਕਾਈ ਨੂੰ ਪੂਰਾ ਲਾਭ ਮਿਲ ਸਕੇ |
-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ) | ਮੋਬਾ: 94635-42896

ਵਰਦਾਨ ਸਾਬਤ ਹੋ ਰਹੀਆਂ ਸੋਲਰ ਲਾਈਟਾਂ

ਹੁਣ ਬਿਜਲੀ ਦੀ ਖਪਤ ਤੋਂ ਬਗੈਰ ਰਾਤ ਸਮੇਂ ਲਾਈਟਾਂ ਦੀ ਚਿੱਟੀ, ਚੰਨ ਦੀ ਚਾਨਣੀ ਵਰਗੀ ਰੌਸ਼ਨੀ ਸੰਭਵ ਹੈ, ਕਿਉਂਕਿ ਵਿਦੇਸ਼ਾਂ ਦੀ ਤਰਜ਼ 'ਤੇ ਭਾਰਤ ਵਿਚ ਸੋਲਰ ਦਿਨ-ਬਦਿਨ ਦਸਤਕ ਦੇਣ ਲੱਗ ਗਿਆ ਹੈ | ਸਿਰਫ ਇਕ ਵਾਰ ਥੋੜ੍ਹਾ ਪੈਸਾ ਖਰਚ ਕੇ ਬਹੁਤ ਲੰਬਾ ਸਮਾਂ ਮੁਫਤ ਬਿਜਲੀ ਮਿਲ ਸਕਦੀ ਹੈ | ਜਿਵੇਂ ਕਿ ਸੋਲਰ ਲਾਈਟਾਂ, ਪੱਖੇ, ਬਲਬ, ਲਾਲਟੈਨ, ਮੋਬਾਈਲ ਚਾਰਜਰ ਅਤੇ ਹੋਰ ਵੀ ਬਹੁਤ ਕੁਝ ਹੈ ਅਤੇ ਜਿਨ੍ਹਾਂ ਵਿਚੋਂ ਸੋਲਰ ਸਟਰੀਟ ਲਾਈਟਾਂ ਵਰਦਾਨ ਸਾਬਤ ਹੋ ਰਹੀਆਂ ਹਨ | ਇਨ੍ਹਾਂ ਲਾਈਟਾਂ ਨੂੰ ਲਗਾਉਣ ਦੀ ਜਗ੍ਹਾ ਦੀ ਸਹੀ ਚੋਣ ਪਿੰਡਾਂ ਦੀਆਂ ਫਿਰਨੀਆਂ, ਸੱਥਾਂ, ਜਨਤਕ ਥਾਵਾਂ, ਧਾਰਮਿਕ ਸੰਸਥਾਵਾਂ, ਆਮ-ਖਾਸ ਰਸਤੇ, ਸੜਕਾਂ ਦੇ ਕਿਨਾਰੇ ਕਾਲੋਨੀਆਂ, ਸਕੂਲਾਂ, ਕਾਲਜਾਂ ਅਤੇ ਇਸ ਤੋਂ ਬਿਨਾਂ ਘਰਾਂ ਅਤੇ ਹੋਰ ਵੀ ਥਾਵਾਂ 'ਤੇ ਲਗਾ ਸਕਦੇ ਹਾਂ | ਇਨ੍ਹਾਂ ਲਾਈਟਾਂ ਨੂੰ ਚਲਾਉਣ ਜਾਂ ਬੰਦ ਕਰਨ ਦੀ ਲੋੜ ਨਹੀਂ, ਖੁਦ ਹੀ ਸ਼ਾਮ ਵੇਲੇ ਜਗਦੀਆਂ ਹਨ ਅਤੇ ਸਵੇਰੇ ਪਹੁ-ਫੁਟਣ ਵੇਲੇ ਆਪਣੇ-ਆਪ ਬੰਦ ਹੋ ਜਾਂਦੀਆਂ ਹਨ | ਬਾਕੀ ਸਾਰਾ ਦਿਨ ਪੈਨਲ ਰਾਹੀਂ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ | ਇਨ੍ਹਾਂ ਦੀ ਦੇਖਭਾਲ ਦੀ ਕੋਈ ਖਾਸ ਲੋੜ ਨਹੀਂ, ਨਾ ਹੀ ਜਲਦੀ ਖਰਾਬ ਹੁੰਦੀਆਂ ਹਨ ਅਤੇ ਨਾ ਕੋਈ ਕਰੰਟ ਲੱਗਣ ਦਾ ਝੰਜਟ, ਰੌਸ਼ਨੀ ਜ਼ਿਆਦਾ ਅਤੇ ਘੱਟ ਖਰਚਾ |
ਲਾਈਟਾਂ ਲਾਉਣ ਤੋਂ ਪਹਿਲਾਂ ਕੁਝ ਖਾਸ ਧਿਆਨ ਰੱਖਣਾ ਜ਼ਰੂਰੀ ਹੈ
• ਸੋਲਰ ਪੈਨਲ (ਮਨਿਸਟ੍ਰੀ ਆਫ ਨਿਊ ਐਾਡ ਰੀਨਿਊਏਬਲ ਐਨਰਜੀ) ਤੋਂ ਅਪਰੂਵਡ ਹੋਣਾ ਚਾਹੀਦਾ ਹੈ | • ਬੈਟਰੀ ਸੋਲਰ ਬੈਟਰੀ ਦੀ ਹੋਣੀ ਚਾਹੀਦੀ ਹੈ | ਯੂ. ਪੀ. ਐਸ. ਵਾਲੀਆਂ ਬੈਟਰੀਆਂ ਨਹੀਂ ਲਗਾਉਣੀਆਂ ਚਾਹੀਦੀਆਂ, ਕਿਉਂਕਿ ਗਰਮੀ ਦੇ ਮੌਸਮ 'ਚ ਤਾਪਮਾਨ ਜ਼ਿਆਦਾ ਹੋਣ ਕਰਕੇ ਪਾਣੀ ਅਤੇ ਜੈੱਲ ਸੁੱਕ ਕੇ ਬੈਟਰੀਆਂ ਫੁੱਲ ਕੇ ਖਰਾਬ ਹੋ ਜਾਂਦੀਆਂ ਹਨ | ਬੈਟਰੀ ਬਾਕਸ ਵਿਚ ਬੰਦ ਹੋਣੀ ਚਾਹੀਦੀ ਹੈ | • ਸੋਲਰ ਲਾਈਟ ਐੱਲ. ਈ. ਡੀ. ਲਗਾਉਣੀ ਚਾਹੀਦੀ ਹੈ | ਕਿਉਂਕਿ ਇਹ ਜਲਦੀ ਖਰਾਬ ਨਹੀਂ ਹੁੰਦੀ ਅਤੇ ਸੀ. ਐੱਫ. ਐੱਲ. ਦੇ ਮੁਕਾਬਲੇ ਇਸ ਦੀ ਰੌਸ਼ਨੀ ਤੇਜ਼, ਚਿੱਟੀ, ਚਮਕੀਲੀ ਹੁੰਦੀ ਹੈ | • ਬੈਟਰੀ ਖੰਭੇ ਦੇ ਉੱਪਰ ਬੰਦ ਬਾਕਸ ਵਿਚ ਹੋਣੀ ਚਾਹੀਦੀ ਹੈ, ਕਿਉਂਕਿ ਚੋਰੀ ਵਗੈਰਾ ਦਾ ਖਤਰਾ ਘੱਟ ਹੁੰਦਾ ਹੈ ਅਤੇ ਪੈਨਲ, ਲਾਈਟ, ਬੈਟਰੀ ਨਜ਼ਦੀਕ ਹੋਣ ਕਰਕੇ ਲੰਬੀ ਤਾਰ ਨਹੀਂ ਪਾਉਣੀ ਪੈਂਦੀ ਅਤੇ ਵੋਲਟੇਜ ਪੂਰੇ ਰਹਿੰਦੇ ਹਨ | • ਤਾਰ ਪੋਲ ਦੇ ਅੰਦਰ ਦੀ ਹੋਣੀ ਚਾਹੀਦੀ ਹੈ, ਨਹੀਂ ਤਾਂ ਤੋਤੇ ਅਤੇ ਕਾਟੋ ਇਨ੍ਹਾਂ ਨੂੰ ਕੱਟ ਸਕਦੀ ਹੈ |
ਪਿੰਡ ਤੇ ਡਾਕ: ਜਲਾਲਦੀਵਾਲ (ਲੁਧਿਆਣਾ) | ਮੋਬਾ: 98141-11305

ਰੁਕ ਨਹੀਂ ਰਹੀ ਭਰੂਣ-ਹੱਤਿਆਉਹ ਵੀ ਸਮਾਂ ਸੀ ਜਦੋਂ ਕੁਆਰੀਆਂ ਛੋਟੀਆਂ ਬੱਚੀਆਂ ਨੂੰ 'ਕੰਜਕਾਂ' ਦੇ ਨਾਂਅ ਨਾਲ ਪੁਕਾਰਿਆ ਜਾਂਦਾ ਸੀ ਤੇ ਲੋਕ ਉਨ੍ਹਾਂ ਦੀ ਪੂਜਾ ਕਰਦੇ ਸਨ ਤੇ ਅੱਜ ਵੀ ਹੋ ਰਿਹਾ ਹੈ, ਪਰ ਬਹੁਤ ਘੱਟ ਅਤੇ ਭਾਰਤੀ ਸਮਾਜ ਵਿਚ ਔਰਤ ਨੂੰ ਦੇਵੀ ਦੇ ਰੂਪ ਵਿਚ ਵੀ ਦੇਖਿਆ ਤੇ ਪੂਜਿਆ ਜਾਂਦਾ ਸੀ | ਪਰ ਅਜੋਕੇ ਸਾਇੰਸ ਯੁੱਗ ਨੇ ਤਾਂ ਪੁਰਾਣੇ ਜ਼ਮਾਨੇ ਨੂੰ ਮਾਤ ਪਾ ਦਿੱਤੀ ਹੈ | ਮਸ਼ੀਨਾਂ ਨਾਲ ਗਰਭ ਵਿਚ ਹੀ ਪਤਾ ਕਰ ਲਿਆ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ | ਅਗਰ ਲੜਕੀ ਹੈ ਤਾਂ ਉਸ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਖਤਮ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਅੱਜ ਦੇ ਸਮਾਜ ਵਿਚ 'ਭਰੂਣਹੱਤਿਆ' ਦਾ ਨਾਂਅ ਦਿੱਤਾ ਗਿਆ ਹੈ |
ਇਸ ਬੁਰਾਈ ਲਈ ਸਾਡਾ ਸਮੁੱਚਾ ਸਮਾਜ ਜ਼ਿੰਮੇਵਾਰ ਹੈ | ਜਿਵੇਂ ਕਿ ਸਾਡੇ ਸਮਾਜ ਵਿਚ ਲੜਕੀ ਦੇ ਵਿਆਹ ਸਮੇਂ ਦਾਜ ਦੇਣ ਦੀ ਪ੍ਰਥਾ ਚੱਲ ਰਹੀ ਹੈ, ਉਸ ਨੂੰ ਮੁੱਖ ਰੱਖਦਿਆਂ ਲੜਕੀ ਨੂੰ ਬੋਝ ਸਮਝਿਆ ਜਾਂਦਾ ਹੈ | ਮੱਧ ਵਰਗ ਦੇ ਲੋਕਾਂ ਨੂੰ ਵਿਆਹ ਕਰਨਾ ਔਖਾ ਹੋ ਗਿਆ ਹੈ, ਗਰੀਬ ਤਾਂ ਪੂਰੀ ਤਰ੍ਹਾਂ ਫਸ ਚੁੱਕੇ ਹਨ | ਆਮ ਤੌਰ 'ਤੇ ਇਹ ਵੀ ਦੇਖਿਆ ਗਿਆ ਹੈ ਕਿ ਲੜਕੇ ਜਾਂ ਲੜਕੀ ਵਿਚ ਫਰਕ ਸਮਝਿਆ ਜਾਂਦਾ ਹੈ | ਭਾਵੇਂ ਹੈ ਇਹ ਆਦਿ ਕਾਲ ਤੋਂ ਹੀ, ਪਰ ਅਸੀਂ ਅੱਜ ਸਾਇੰਸ ਯੁੱਗ ਵਿਚ ਦਾਖਲ ਹੋ ਕੇ ਵੀ ਇਸ ਫਰਕ ਨੂੰ ਮਿਟਾ ਨਹੀਂ ਸਕੇ | ਬਹੁਤੇ ਪਰਿਵਾਰਾਂ ਵਿਚ ਲੜਕੇ ਤੇ ਲੜਕੀ ਨੂੰ ਬਰਾਬਰ ਸਮਝਿਆ ਜਾਂਦਾ ਹੈ, ਜੋ ਕਿ ਬਹੁਤ ਹੀ ਵਧੀਆ ਤੇ ਉੱਚੀ ਸੋਚ ਦਾ ਨਤੀਜਾ ਹੈ |
ਮੈਂ ਆਖਰ ਇਹੀ ਕਹਾਂਗਾ ਕਿ ਸਾਡੇ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਭਰੂਣਹੱਤਿਆ ਵਰਗੀ ਇਸ ਨਾਮੁਰਾਦ ਬੁਰਾਈ ਪ੍ਰਤੀ ਇਕਜੁੱਟ ਹੋ ਕੇ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਜਿਥੇ ਵੀ ਅਲਟਰਾਸਾਊਾਡ ਮਸ਼ੀਨਾਂ ਚੱਲ ਰਹੀਆਂ ਹਨ, ਸਿਹਤ ਵਿਭਾਗ ਵੱਲੋਂ ਉਨ੍ਹਾਂ 'ਤੇ ਖੁਫੀਆ ਨਜ਼ਰ ਰੱਖਣੀ ਚਾਹੀਦੀ ਹੈ | ਬੁੱਧੀਜੀਵੀ ਵਰਗ ਨੂੰ ਇਸ ਪ੍ਰਤੀ ਵਧੀਆ ਲਿਖਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਦਾਜ ਵਰਗੀ ਪ੍ਰਥਾ ਨੂੰ ਜੜ੍ਹੋਂ ਖਤਮ ਕਰਕੇ ਭਰੂਣਹੱਤਿਆ ਵਰਗੀ ਬੁਰਾਈ ਤੋਂ ਛੁਟਕਾਰਾ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ | ਲੜਕੀਆਂ ਦੀਆਂ ਲੋਹੜੀਆਂ ਤੇ ਜਨਮ ਦਿਨ ਮਨਾਉਣੇ ਚਾਹੀਦੇ ਹਨ | ਅੱਜ ਇਹ ਸਮਾਜਿਕ ਬੁਰਾਈ ਖਤਮ ਕਰਨਾ ਸਮੇਂ ਦੀ ਮੁੱਖ ਲੋੜ ਹੈ |
-ਮ: ਨੰ: 25, ਗਲੀ ਨੰ: 3, ਨੈਸ਼ਨਲ ਐਵੀਨਿਊ, ਜਲੰਧਰ-144023.
ਮੋਬਾ: 98150-98095

ਸੁੰਨੀਆਂ ਥਾਵਾਂ ਉੱਪਰ ਉੱਗੀ ਜੰਗਲੀ ਬੂਟੀ ਦਾ ਖ਼ਾਤਮਾ ਜ਼ਰੂਰੀ

ਪੰਜਾਬ ਹੀ ਨਹੀਂ, ਉੱਤਰੀ ਭਾਰਤ ਦੇ ਸਾਰੇ ਸੂਬਿਆਂ ਵਿਚ ਸੜਕਾਂ ਦੇ ਕਿਨਾਰਿਆਂ, ਰਿਹਾਇਸ਼ੀ ਥਾਵਾਂ ਨੇੜੇ ਖਾਲੀ ਪਏ ਪਲਾਟਾਂ, ਸੁੰਨੀਆਂ ਥਾਵਾਂ ਅਤੇ ਉਪਜਾਊ ਜ਼ਮੀਨਾਂ ਦੇ ਵੱਟਾਂ-ਬੰਨਿਆਂ ਉੱਪਰ ਖਤਰਨਾਕ ਉੱਗੀ ਬੂਟੀ ਨੇ ਇਸ ਹੱਦ ਤੱਕ ਆਪਣਾ ਘੇਰਾ ਫੈਲਾਅ ਲਿਆ ਹੈ ਕਿ ਇਸ ਨੂੰ ਖਤਮ ਕਰਨਾ ਹੁਣ ਬਹੁਤ ਹੀ ਮੁਸ਼ਕਿਲ ਕੰਮ ਹੋ ਗਿਆ ਹੈ | ਭਿਆਨਕ ਬਿਮਾਰੀਆਂ ਨੂੰ ਨੇੜਿਓਾ ਸੱਦਾ ਦੇ ਰਹੀ ਇਹ ਜ਼ਹਿਰੀਲੀ ਬੂਟੀ ਦੀ ਆਮਦ 25 ਕੁ ਸਾਲ ਪਹਿਲਾਂ ਸ਼ੁਰੂ ਹੋਈ ਸੀ | ਉਸ ਸਮੇਂ ਇਸ ਦਾ ਬੂਟਾ ਕਿਸੇ ਵਿਰਲੇ-ਵਿਰਲੇ ਪਿੰਡ ਵਿਚ ਹੀ ਦਿਸਦਾ ਸੀ | ਉਸ ਸਮੇਂ ਕੁਝ ਸਿਆਣੇ ਲੋਕਾਂ ਨੇ ਇਸ ਨੂੰ ਖਤਮ ਕਰਨ ਲਈ ਉਪਰਾਲੇ ਵੀ ਕੀਤੇ ਸਨ, ਪਰ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਧਿਆਨ ਨਾ ਦੇਣ ਕਾਰਨ ਅੱਜ ਇਹ ਜਿਸ ਵੱਡੀ ਤਾਦਾਦ ਵਿਚ ਹਰ ਥਾਂ ਫੈਲ ਗਈ ਹੈ, ਉਸ ਨੂੰ ਦੇਖ ਲੱਗਦਾ ਹੈ ਕਿ ਹੁਣ ਸ਼ਾਇਦ ਇਸ ਨੂੰ ਖਤਮ ਕਰਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹਿ ਗਈ |
ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਅਨੁਸਾਰ ਇਹ ਬੂਟੀ ਇੰਨੀ ਖਤਰਨਾਕ ਹੈ ਕਿ ਇਸ ਨੂੰ ਹੱਥ ਲਗਾਉਣ ਜਾਂ ਇਸ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਖਾਰਸ਼, ਖਾਂਸੀ, ਦਮਾ, ਬੁਖਾਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ | ਦੁਧਾਰੂ ਪਸ਼ੂਆਂ ਦੇ ਚਾਰੇ ਵਿਚ ਅਤੇ ਬਾਜ਼ਾਰਾਂ ਵਿਚ ਰੇਹੜੀਆਂ, ਫੜ੍ਹੀਆਂ ਉੱਪਰ ਵਿਕਦੀਆਂ ਅਣਢੱਕੀਆਂ ਚੀਜ਼ਾਂ ਉੱਪਰ ਇਸ ਦਾ ਹਮਲਾ ਤੇਜ਼ੀ ਨਾਲ ਹੁੰਦਾ ਹੈ, ਕਿਉਂਕਿ ਇਸ ਦੇ ਉਡਦੇ ਬਰੀਕ-ਬਰੀਕ ਬੀਜ ਪਸ਼ੂਆਂ ਦੀਆਂ ਖੁਰਲੀਆਂ, ਰੇਹੜੀਆਂ ਉੱਪਰ ਪਏ ਸਾਮਾਨ ਵਿਚ ਡਿਗਣ ਕਾਰਨ ਸਾਡੇ ਪੇਟ ਵਿਚ ਜਾਂਦੇ ਹਨ, ਜਿਸ ਕਾਰਨ ਜਿਥੇ ਇਨਸਾਨ ਇਸ ਦੀ ਲਪੇਟ ਵਿਚ ਆਇਆ ਹੈ, ਉਥੇ ਪਸ਼ੂਆਂ ਨੂੰ ਵੀ ਭਿਆਨਕ ਬਿਮਾਰੀਆਂ ਲੱਗੀਆਂ ਹਨ | ਇਸ ਸਬੰਧੀ ਜੇਕਰ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਇਸ ਬੂਟੀ ਦੇ ਖਾਤਮੇ ਲਈ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਇਕ ਦਿਨ ਹਰ ਵਿਅਕਤੀ ਇਸ ਦੀ ਲਪੇਟ ਵਿਚ ਆ ਜਾਵੇਗਾ |
-ਪਿੰਡ ਤੇ ਡਾਕ: ਚੋਗਾਵਾਂ (ਅੰਮਿ੍ਤਸਰ) | ਮੋਬਾ: 98551-81078


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX