ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਵਿਅੰਗ- ਬਰੇਕ ਫਾਸਟ

ਗਮਦੂਰ ਸਿੰਘ ਨੂੰ ਪੁਲਿਸ ਇੰਸਪੈਕਟਰ ਲੱਗਿਆਂ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਉਸ ਦੇ ਸਭ ਗਮ ਦੂਰ ਤੇ ਵਾਰੇ-ਨਿਆਰੇ ਹੋ ਗਏ ਸਨ | ਉਹ ਗਿਆਰਵੇਂ ਨਹੁੰ ਦੀ ਕਮਾਈ ਨਾਲ ਬਾਗੋਬਾਗ ਤੇ ਓਵਰਲੋਡ ਹੁੰਦਾ ਜਾ ਰਿਹਾ ਸੀ | ਜਿਸ ਕਾਰਨ ਉਹ ਚੰਗਾ ਖਾਂਦਾ ਤੇ ਮਾੜਾ ਬੋਲਦਾ ਤੇ ਨਸ਼ੇ-ਪੱਤੇ ਦਾ ਆਦੀ ਹੀ ਨਹੀਂ ਸਗੋਂ ਚੌਵੀ ਘੰਟੇ ਹੀ ਟੱਲੀ ਰਹਿੰਦਾ |
ਉਸ ਦੀ ਇਹ ਤਰਸਯੋਗ ਹਾਲਤ ਉਸ ਦੀ ਧਰਮ-ਪਤਨੀ ਸ਼ਾਮ ਕੌਰ ਤੋਂ ਦੇਖੀ ਨਹੀਂ ਸੀ ਜਾਂਦੀ | ਇਕ ਦਿਨ ਸ਼ਾਮ ਕੌਰ ਆਪਣੇ ਪਤੀ ਦੇਵ ਦੇ ਨਾਂਹ-ਨੁੱਕਰ ਕਰਨ ਦੇ ਬਾਵਜੂਦ ਵੀ ਡਾਕਟਰ ਪਾਸ ਲੈ ਗਈ | ਡਾਕਟਰ ਉਸ ਦੀ ਨਬਜ਼ ਦੇਖਦਾ ਤੇ ਚੈੱਕਅੱਪ ਕਰਦਾ ਕਹਿਣ ਲੱਗਾ, 'ਸਰਦਾਰ ਸਾਹਿਬ, ਦਵਾਈ ਨਾਲੋਂ ਪ੍ਰਹੇਜ਼ ਬਹੁਤ ਜ਼ਰੂਰੀ ਹੁੰਦਾ ਹੈ | ਜੇਕਰ ਤੁਸੀਂ ਪ੍ਰਹੇਜ਼ ਕਰੋਗੇ ਤਾਂ ਚੰਦ ਦਿਨਾਂ 'ਚ ਨੌਾ-ਬਰ-ਨੌਾ ਹੋ ਜਾਵੋਗੇ? ਬਸ ਸ਼ਰਾਬ, ਮੀਟ, ਅੰਡਾ, ਮਾਂਹ-ਛੋਲਿਆਂ ਦੀ ਦਾਲ, ਆਲੂ-ਗੋਭੀ, ਚਾਹ, ਵਾਈਬਾਦੀ ਤੇ ਤਲੀਆਂ ਚੀਜ਼ਾਂ ਚੀਜ਼ਾਂ ਵਗੈਰਾ ਦੀ ਵਰਤੋਂ ਨਹੀਂ ਕਰਨਾ ਤੇ ਇਹ ਦਵਾਈਆਂ ਨਿੱਤ-ਨੇਮ ਵਾਂਗੂੰ, ਤਿੰਨ ਟਾਈਮ ਸਵੇਰੇ-ਦੁਪਹਿਰੇ ਅਤੇ ਸ਼ਾਮੀਂ ਠੰਢੇ ਪਾਣੀ ਨਾਲ ਛਕੋ |'
ਗਮਦੂਰ ਸਿੰਘ ਦਵਾਈਆਂ ਫੜਦਾ ਤੇ ਪੈਸੇ ਦਿੰਦਾ ਪੁੱਛਣ ਲੱਗਾ, 'ਡਾਕਟਰ ਸਾਹਿਬ! ਫਿਰ ਮੈਂ ਖਾਵਾਂ ਤੇ ਕੀ ਖਾਵਾਂ?' ਉਥੇ ਉਸ ਦਾ ਲੰਗੋਟੀਆ ਯਾਰ ਭੌਾਦੂ ਰਾਮ ਵੀ ਦਵਾਈ ਲਈ ਬੈਠਾ ਸੀ | ਇਹ ਸੁਣ ਉਹ ਮੁਸਕੜੀ ਹੱਸਦਾ ਕਹਿਣ ਲੱਗਾ, 'ਬਾਈ ਜੀ! ਗੁੱਸਾ ਨਾ ਕਰੋ ਤਾਂ ਮੈਂ ਦੱਸਾਂ?'
'ਭੌਾਦੂ ਰਾਮ ਜੀ! ਇਸ ਵਿਚ ਗੁੱਸੇ ਵਾਲੀ ਕਿਹੜੀ ਗੱਲ ਏ, ਤੁਸੀਂ ਹਮਸਾਏ, ਕੋਈ ਨੇਕ ਸਲਾਹ ਹੀ ਦਿਓਾਗੇ?'
ਇਹ ਸੁਣ ਭੌਾਦੂ ਰਾਮ ਜੀ ਕਹਿਣ ਲੱਗੇ, 'ਬਾਈ ਜੀ, ਰਿਸ਼ਵਤ ਤਾਂ ਤੁਸੀਂ ਖਾਂਦੇ ਹੀ ਹੋ? ਛਕੀ ਚਲੋ, ਇਸ ਬਾਰੇ ਤਾਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਨਹੀਂ ਰੋਕਿਆ, ਰਹੀ ਗੱਲ ਖਾਣ-ਪੀਣ ਦੀ, ਮੇਰੀ ਮੰਨੋ ਤਾਂ ਸਵੇਰੇ ਨਿਰਣੇ ਕਾਲਜੇ ਭਾਬੀ ਜੀ ਤੋਂ ਝਿੜਕਾਂ ਦਾ ਬਰੇਕ ਫਾਸਟ ਛਕੋ, ਅੱਲ੍ਹਾ ਤਾਲਾ ਨੇ ਚਾਹਿਆ ਤਾਂ ਸਾਰਾ ਦਿਨ ਕਿਸੇ ਵੀ ਚੀਜ਼ ਨੂੰ ਖਾਣ 'ਤੇ ਦਿਲ ਨਹੀਂ ਕਰੇਗਾ ਤੇ... |'
-ਐਮ. ਕੇ. ਰਾਹੀ
ਸਟਰੀਟ, ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ |
ਮੋਬਾਈਲ : 90418-26725.


ਖ਼ਬਰ ਸ਼ੇਅਰ ਕਰੋ

ਉਲਟਾ-ਪੁਲਟਾ
ਆਗਰਾ ਵਿਚ ਓਬਾਮਾ ਜਾਦੂਸਕੂਲ ਵਿਚ ਜਦੋਂ ਇਨਸਪੈਕਸ਼ਨ ਦੀ ਖ਼ਬਰ ਫੈਲਦੀ ਸੀ ਤਾਂ ਇਕ ਨਵੀਂ ਲਹਿਰ ਸਕੂਲ ਵਿਚ ਦੌੜਦੀ ਸੀ | ਕਾਪੀਆਂ 'ਤੇ ਕਵਰ ਚੜ੍ਹ ਜਾਂਦੇ ਸਨ, ਮਹੀਨਿਆਂ ਤੋਂ ਫਟੇ ਪੰਨੇ ਗੂੰਦ ਨਾਲ ਜੁੜ ਜਾਂਦੇ ਸਨ, ਚਪੇੜਾਂ ਮਾਰਨ ਵਾਲੇ ਮਾਸਟਰ ਬੜੇ ਅਦਬ ਨਾਲ ਗੱਲ ਕਰ ਰਹੇ ਹੁੰਦੇ ਸੀ, ਪਿੰ੍ਰਸੀਪਲ ਸਰ ਹਰ ਕਮਰੇ ਦਾ ਮੁਆਇਨਾ ਕਰਕੇ ਆਪਣੇ ਮੱਥੇ ਤੋਂ ਪਸੀਨਾ ਪੂੰਝ ਰਹੇ ਹੁੰਦੇ ਸੀ... ਸਾਰਾ ਮਾਹੌਲ ਆਉਣ ਵਾਲੀ 'ਇਨਸਪੈਕਸ਼ਨ' ਦੇ ਤੂਫ਼ਾਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਸੀ | ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਗਰਾ ਦਾ ਦੌਰਾ ਕਿਸੇ ਸਕੂਲ ਦੀ ਇਨਸਪੈਕਸ਼ਨ ਤੋਂ ਘੱਟ ਨਹੀਂ ਸੀ | ਬਥੇਰੇ ਨਾਮੀ ਲੋਕ ਆਗਰਾ ਵਿਚ ਆਏ ਨੇ ਪਰ ਜਿੱਦਾਂ ਇਕ ਨੂੰ ਹ ਆਪਣੀ ਸੱਸ ਤੋਂ ਡਰਦੀ ਘਰ ਦੀ ਸਫ਼ਾਈ ਕਰਦੀ ਹੈ, ਮੋਦੀ ਸਰਕਾਰ ਨੇ ਓਬਾਮਾ ਦੇ ਦੌਰੇ ਨਾਲ ਉਹੀ ਕਰ ਦਿੱਤਾ | ਜਿੱਦਾਂ ਹੀ ਓਬਾਮਾ ਦੇ ਦੌਰੇ ਦੀ ਸੂਚਨਾ ਮਿਲੀ, ਤਾਜ ਮਹੱਲ ਦੇ ਹਰ ਇਕ ਕੋਨੇ ਦੀ ਫੋਟੋ ਖਿੱਚੀ ਗਈ | ਡਰਾਇੰਗਜ਼ ਕੀਤੀਆਂ ਗਈਆਂ, ਲਿਪਾਪੋਤੀ ਕੀਤੀ ਗਈ, ਦਿਹਾੜੀ 'ਤੇ 600 ਕੰਮ ਕਰਨ ਵਾਲੇ ਸੜਕਾਂ 'ਤੇ ਲਗਾ ਦਿੱਤੇ ਗਏ | ਆਵਾਰਾ ਕੁੱਤੇ ਤੇ ਗਾਵਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ | ਹਿੰਦੁਸਤਾਨੀਆਂ ਦਾ ਸਭ ਤੋਂ ਪਸੰਦੀਦਾ ਸ਼ੌਾਕ ਦੀਵਾਰਾਂ 'ਤੇ ਥੁੱਕਣ ਦੇ ਨਿਸ਼ਾਨ ਵੀ ਤਾਜ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ | ਦੋ ਦਿਨਾਂ ਵਿਚ ਯਮੁਨਾ 'ਚੋਂ ਦੋ ਟਨ ਦਾ ਕੂੜਾ ਕੱਢਿਆ ਗਿਆ | ਸਫ਼ਾਈ ਕਰਨ ਵਾਲਿਆਂ ਨੂੰ ਵੀ ਹੈਰਾਨੀ ਹੋ ਰਹੀ ਹੈ ਕਿ ਅਸੀਂ ਕਿੰਨਾ ਗੰਦ ਪਾਇਆ ਹੈ ਜਿਹੜਾ ਮੁੱਕਦਾ ਈ ਨੀ | ਅਸੀਂ ਆਪਣੇ ਘਰ ਨੂੰ ਸਾਫ਼ ਰੱਖਣ ਦੇ ਚੱਕਰ ਵਿਚ, ਗੁਆਂਢੀਆਂ ਦੇ ਘਰ ਤੋਂ ਲੈ ਕੇ ਗੰਗਾ ਤੇ ਯਮੁਨਾ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਾਂ | ਪਾਨ ਖਾ ਕੇ ਜਾਂ ਆਪਣੇ ਨਜ਼ਲੇ ਤੋਂ ਪ੍ਰੇਸ਼ਾਨ ਹੋ ਕੇ ਹਰ ਗਲੀ, ਕੂਚੇ ਤੋਂ ਲੈ ਕੇ ਤਾਜ ਮਹੱਲ ਦੀਆਂ ਦੀਵਾਰਾਂ ਤੱਕ ਥੁੱਕ ਨਾਲ ਭਰ ਦਿੰਦੇ ਹਾਂ |
ਸ਼ੁਕਰ ਹੈ ਓਬਾਮਾ ਦਾ ਦੌਰਾ ਰੱਦ ਹੋ ਗਿਆ | ਪਾਨ ਦੇ ਨਿਸ਼ਾਨ ਦੀਵਾਰਾਂ 'ਤੇ ਦੇਖ ਕੇ ਕਿਤੇ ਉਹ ਇਹ ਨਾ ਸੋਚਦੇ ਕਿ ਸ਼ਾਹ ਜਹਾਨ ਨੇ ਆਪਣੀ ਬੇਗ਼ਮ ਦੀ ਯਾਦ ਵਿਚ ਏਨਾ ਪਾਨ ਖਾ ਕੇ ਥੁੱਕਿਆ | ਪਤਾ ਉਦੋਂ ਚਲਦਾ ਜਦੋਂ ਸਾਡੇ ਰੰਗ ਵਿਚ ਰੰਗ ਕੇ ਬਰਾਕ ਓਬਾਮਾ ਆਪਣੀ ਵਹੁਟੀ ਮਿਸ਼ੇਲ ਨੂੰ 'ਇਜ਼ਹਾਰ-ਏ-ਮੁਹੱਬਤ' ਕਰਦੇ ਹੋਏ ਵਾਈਟ ਹਾਊਸ ਦੀਆਂ ਦੀਵਾਰਾਂ ਪਾਨ ਨਾਲ ਥੁੱਕ-ਥੁੱਕ ਕੇ ਲਾਲ ਕਰ ਦਿੰਦੇ |
-savitabhatti0gmail.com

ਲੜੀਵਾਰ ਨਾਵਲ-- ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਧਰਮਵੀਰ ਦੀ ਦੇਹ ਨੂੰ ਇਸ਼ਨਾਨ ਕਰਵਾਇਆ ਗਿਆ | ਮਮਤਾ ਨੇ ਮੱਥਾ ਟੇਕਿਆ | ਕਰਨ ਨੇ ਵੀ ਢਕੇ ਹੋਏ ਚਿਹਰੇ ਤੋਂ ਚਾਦਰ ਚੁੱਕੀ ਤੇ ਜ਼ਾਰੋ-ਜ਼ਾਰ ਰੋਣ ਲੱਗ ਗਿਆ | ਲੋਦੀ ਰੋਡ ਸ਼ਮਸ਼ਾਨਘਾਟ 'ਚ ਬਹੁਤ ਸਾਰੇ ਫ਼ੌਜੀ ਅਫ਼ਸਰ ਪਹੁੰਚੇ ਹੋਏ ਸਨ | ਧਰਮਵੀਰ ਦੀ ਦੇਹ ਅਗਨ ਭੇਟ ਹੋ ਗਈ ਤੇ ਸਾਰੇ ਆਪੋ-ਆਪਣੀ ਟੋਰ-ਟੁਰਨ ਲੱਗੇ | ਅੱਜ ਅੱਗੇ ਪੜ੍ਹੋ :
'ਕੀ ਦੱਸਾਂ ਕਰਨ? ਪਰਕਾਸ਼ ਭੈਣ ਜੀ ਧੀਆਂ ਜੁਆਈਆਂ ਉਤੇ ਕੁਝ ਜ਼ਿਆਦਾ ਹੀ ਡੁੱਲੇ੍ਹ ਹੋਏ ਨੇ | ਉਹ ਵੀ ਘਰ ਦੀ ਹਾਲਤ ਤੇ ਦੋਵਾਂ ਦੇ ਸਬੰਧਾਂ ਨੂੰ ਵੇਖ ਕੇ ਨਾਜਾਇਜ਼ ਫਾਇਦਾ ਉਠਾ ਰਹੇ ਨੇ | ਕਮੀ ਤਾਂ ਆਪਣੇ ਘਰ ਵਿਚ ਹੈ ਦੂਜੇ ਨੂੰ ਕੀ ਦੋਸ਼ ਦੇਈਏ? ਧੀਆਂ ਦਾ ਵੀ ਲਾਲਚ ਵਧਦਾ ਹੀ ਜਾ ਰਿਹੈ | ਚੰਗੀਆਂ ਨੌਕਰੀਆਂ ਉਤੇ ਲੱਗੇ ਹੋਏ ਨੇ ਸਾਰੇ, ਆਪੋ-ਆਪਣੇ ਘਰਾਂ ਵਿਚ ਕਿਉਂ ਨਹੀਂ ਜਾਂਦੇ? ਕਰਨ ਅਸੀਂ ਤਾਂ ਵੱਡੇ ਭੈਣ ਜੀ ਨੂੰ ਕੁਝ ਨਹੀਂ ਕਹਿ ਸਕਦੇ... ਉਨ੍ਹਾਂ ਨੇ ਸਾਡੀ ਕੋਈ ਸਲਾਹ, ਕੋਈ ਗੱਲ ਮੰਨਣੀ ਏ? ਭੈਣ ਜੀ ਨੂੰ ਕੁਝ ਕਹਿ ਕੇ ਆਪਣਾ ਆਪਾ ਗੁਆਉਣ ਵਾਲੀ ਤੇ ਝਗੜਾ ਮੁੱਲ ਲੈਣ ਵਾਲੀ ਗੱਲ ਏ |'
ਕਰਨ ਦੀਆਂ ਅੱਖਾਂ ਵਿਚੋਂ ਪਾਣੀ ਟਪਕਦਾ ਰਿਹਾ, ਹਲਕੀਆਂ-ਹਲਕੀਆਂ ਸਿਸਕੀਆਂ ਕਰਨ ਦੇ ਸੀਨੇ ਵਿਚੋਂ ਨਿਕਲਦੀਆਂ ਰਹੀਆਂ |
'ਫ਼ੌਜੀ ਅਫਸਰ ਏ ਯਾਰ ਦਿਲ ਥੋੜ੍ਹਾ ਕਰੜਾ ਕਰ... ਹੌਸਲਾ ਰੱਖ |'
'ਮਾਮਾ ਜੀ, ਮੌਤ ਤਾਂ ਸਾਡੇ ਲੋਕਾਂ ਦੇ ਅੱਗੇ-ਪਿੱਛੇ ਘੰੁਮਦੀ ਰਹਿੰਦੀ ਏ | ਪਰ ਜਦੋਂ ਆਪਣੇ ਲਹੂ-ਮਾਸ ਦੀਆਂ ਤੰਦਾਂ ਟੁੱਟਦੀਆਂ ਹਨ ਤਾਂ ਸਹਾਰਿਆ ਨਹੀਂ ਜਾਂਦਾ | ਬਹੁਤ ਤਕਲੀਫ਼ ਹੁੰਦੀ ਏ | ਰਿਸ਼ਤਿਆਂ ਦੀਆਂ ਤੰਦਾਂ ਬੜੀਆਂ ਪੀਢੀਆਂ ਬੱਝੀਆਂ ਹੁੰਦੀਆਂ ਨੇ, ਜਦੋਂ ਟੁੱਟਦੀਆਂ ਨੇ ਸਾਰੇ ਸਰੀਰ 'ਚੋਂ ਲਹੂ ਰਿਸਦੈ, ਸਹਾਰ ਨਹੀਂ ਹੁੰਦਾ | ਪਾਪਾ ਤੋਂ ਬਿਨਾਂ ਮੈਨੂੰ ਇਹ ਦੁਨੀਆ ਹਨੇਰੀ-ਹਨੇਰੀ ਲਗਦੀ ਏ |'
'ਇਹੋ ਜ਼ਿੰਦਗੀ ਏ, ਭਾਪਾ ਜੀ ਦੇ ਮਰਨ ਤੋਂ ਬਾਅਦ ਮੈਂ ਬੀ ਇਹੀ ਸੋਚਦਾ ਸਾਂ ਪਰ ਸਮਾਂ ਬੜਾ ਬਲਵਾਨ ਏ | ਡੰੂਘੇ ਤੋਂ ਡੰੂਘੇ ਜ਼ਖ਼ਮ ਭਰ ਦਿੰਦੈ... ਫਿਰ ਉਨ੍ਹਾਂ ਦੀ ਯਾਦ ਉਦੋਂ ਆਂਦੀ ਏ ਜਦੋਂ ਕਿਸੀ ਗੱਲ ਜਾਂ ਕੰਮ 'ਤੇ ਘਾਟ ਮਹਿਸੂਸ ਹੁੰਦੀ ਏ | ਜ਼ਿੰਦਗੀ ਆਪਣੀ ਚਾਲ ਟੁਰਦੀ ਰਹਿੰਦੀ ਹੈ | ਉਹੀ ਤੱਕੜੀ ਉਹੀ ਵੱਟੇ... ਇਹੀ ਹੈ ਜੀਵਨ ਦਾ ਦਸਤੂਰ ਹੌਸਲਾ ਰੱਖ, ਤੂੰ ਤਾਂ ਸ਼ੇਰ ਜੁਆਨ ਏਾ ਮੇਰਾ | ਸਾਡੇ ਨਾਲ ਵੀ ਇਹੋ ਕੁਝ ਹੋਣਾ ਹੈ', ਦਵਿੰਦਰ ਨੇ ਕਰਨ ਦੀ ਪਿੱਠ ਥਾਪੜਦੇ ਕਿਹਾ |
ਕਰਨਲ ਚਾਹਲ ਦੀ ਬੀਵੀ ਨਾਲ ਮਮਤਾ ਡਰਦੀ-ਡਰਦੀ ਘਰ ਅੰਦਰ ਵੜੀ ਹੈ | ਇਸ ਵੇਲੇ ਕਰਨ ਵੀ ਨਾਲ ਨਹੀਂ | ਉਹ ਥੋੜ੍ਹੀ ਦੇਰ ਆਪਣੇ ਪਾਪਾ ਵਰਮਾ ਸਾਹਬ ਨਾਲ ਬਾਹਰ ਹੀ ਖਲੋਤੀ ਰਹੀ | ਉਹ ਹਿੰਮਤ ਨਹੀਂ ਕਰ ਸਕਦੀ ਕਿ ਹੋਰਨਾਂ ਵਾਂਗ ਘਰ ਦੇ ਅੰਦਰ ਜਾ ਕੇ ਉਹ ਵੀ ਹੱਥ-ਮੰੂਹ ਧੋ ਲਏ ਜਾਂ ਪਰਕਾਸ਼, ਸੁਗੰਧਾ ਵਾਂਗ ਨਹਾ-ਧੋ ਕੇ ਕੱਪੜੇ ਬਦਲ ਲਏ | ਮਮਤਾ ਦਾ ਗਲਾ ਸੁੱਕ ਗਿਆ ਹੈ | ਸਲਾਈਵਾ ਵੀ ਅੰਦਰ ਲੰਘਾਂਦੇ ਗਲੇ ਵਿਚ ਕੰਢੇ ਚੁੱਭਦੇ ਹਨ | ਅੱਖਾਂ ਦੇ ਕੋਹਿਆਂ ਵਿਚੋਂ ਪਾਣੀ ਵੀ ਸੁੱਕ ਗਿਆ ਹੈ | ਖਾਲੀ-ਖਾਲੀ ਨਜ਼ਰਾਂ ਨਾਲ ਉਸ ਪਰਕਾਸ਼ ਵੱਲ ਤੱਕਿਆ ਹੈ, ਜਿਹੜੀ ਨਹਾ-ਧੋ ਕੱਪੜੇ ਬਦਲ, ਵਾਲ ਸਵਾਰ ਕੇ ਅੰਦਰੋਂ ਆਈ ਹੈ |
ਪਰਕਾਸ਼ ਮਮਤਾ ਵੱਲ ਵੇਖ ਕੇ ਗਰਜੀ ਹੈ... 'ਹੁਣ ਮੈਨੂੰ ਖਾਣਾ ਏ ਤੂੰ ਅੱਖਾਂ ਕੱਢ-ਕੱਢ ਕੇ ਮੈਨੂੰ ਘੂਰ ਰਹੀ ਏਾ, ਮੈਂ ਤੇਰੇ ਇਹ ਮੋਟੇ-ਮੋਟੇ ਆਨੇ ਬਾਹਰ ਕੱਢ ਦੇਣੇ ਨੇ |'
ਮਮਤਾ ਗੋਡਿਆਂ ਵਿਚ ਸਿਰ ਦੇ ਕੇ ਬੈਠ ਗਈ, ਅੱਗੋਂ ਉਭਾਸਰੀ ਵੀ ਨਾ... ਇਕੋ ਥਾਂ ਬੈਠੇ-ਬੈਠੇ ਕਮਰ ਵੀ ਟੁੱਟ ਗਈ ਹੈ | ਉਸ ਦਾ ਦਿਲ ਕੀਤਾ ਉਹ ਲੱਤਾਂ ਅਕੜਾ ਕੇ ਲੰਮੀਆਂ ਕਰੇ ਜਾਂ ਉਠ ਕੇ ਖਲੋ ਜਾਏ ਪਰ ਲੱਤਾਂ ਵਿਚ ਜ਼ੋਰ ਹੀ ਨਹੀਂ | ਲੱਤਾਂ ਵਿਚ ਦੌੜਦਾ ਲਹੂ ਜਿਵੇਂ ਜੰਮ ਗਿਆ ਹੈ ਤੇ ਨਿਰਜਿੰਦ ਲੱਤਾਂ ਕਾਠ ਦੀਆਂ ਬਣ ਗਈਆਂ ਹਨ |
ਦੋ ਘੰਟੇ ਸਰਕੇ | ਕਰਨ ਹਾਲੀਂ ਤੀਕ ਵਾਪਸ ਨਹੀਂ ਪਰਤਿਆ, ਪਿਆਸ ਨਾਲ ਮਮਤਾ ਬੇਹਾਲ ਜਿਹੀ ਹੋ ਗਈ | ਕਰਨਲ ਚਾਹਲ ਦੀ ਨੂੰ ਹ ਬਿਸਕੁਟ, ਨਮਕੀਨ ਦੀਆਂ ਪਲੇਟਾਂ ਚੁੱਕੀ ਅੰਦਰ ਵੜੀ | ਨੌਕਰ ਨੇ ਟਰੇਅ ਵਿਚ ਦੋ ਚਾਹ ਦੀਆਂ ਭਰੀਆਂ ਕੇਤਲੀਆਂ ਤੇ ਕੁਝ ਕੱਪ ਰੱਖੇ ਹਨ |
(ਬਾਕੀ ਅਗਲੇ ਐਤਵਾਰ)

ਉਰਦੂ ਮਿੰਨੀ ਕਹਾਣੀ- ਕਲਾ

ਇਕ ਮੂਰਤੀਕਾਰ ਕਿਸੇ ਜੰਗਲ 'ਚੋਂ ਲੰਘ ਰਿਹਾ ਸੀ ਕਿ ਉਹਦੀ ਨਜ਼ਰ ਇਕ ਬਹੁਤ ਵਧੀਆ ਪੱਥਰ ਦੀ ਚੱਟਾਨ 'ਤੇ ਪਈ | ਉਹ ਰੁਕ ਗਿਆ ਤੇ ਉਸ ਚੱਟਾਨ ਨੂੰ ਤਰਾਸ਼ ਕੇ ਨੀਲ ਗਊ ਦੀ ਅਜਿਹੀ ਮੂਰਤੀ ਤਿਆਰ ਕੀਤੀ, ਜਿਹੜੀ ਵੇਖਣ 'ਤੇ ਸੱਚਮੁੱਚ ਦੀ ਜਾਪਦੀ ਸੀ |
ਇਕ ਦਿਨ ਰਾਤ ਦੇ ਸਮੇਂ ਇਕ ਸ਼ੇਰ ਉਸ ਪਾਸਿਓਾ ਲੰਘਿਆ ਤਾਂ ਨੀਲ ਗਊ ਨੂੰ ਵੇਖ ਕੇ ਉਹਦੇ ਮੰੂਹ 'ਚ ਪਾਣੀ ਭਰ ਆਇਆ ਤੇ ਉਹਨੇ ਬਿਜਲੀ ਵਰਗੀ ਤੇਜ਼ੀ ਨਾਲ ਛਾਲ ਮਾਰ ਕੇ ਉਸ 'ਤੇ ਹੱਲਾ ਬੋਲ ਦਿੱਤਾ, ਜਿਸ ਦੇ ਸਿੱਟੇ ਵਜੋਂ ਉਹਦੀ ਬਤੀਸੀ ਟੁੱਟ ਗਈ ਤੇ ਇਕ ਅੱਖ ਵੀ ਜਾਂਦੀ ਰਹੀ |
ਔਖਿਆਈ ਨਾਲ ਜਦੋਂ ਉਹ ਸ਼ੇਰ ਲੰਗੜਾਉਂਦਾ ਹੋਇਆ ਆਪਣੀ ਗੁਫ਼ਾ 'ਚ ਪੁੱਜਿਆ ਤਾਂ ਉਹਦੀ ਜੀਵਨ ਸਾਥਣ ਨੇ ਪ੍ਰੇਸ਼ਾਨ ਹੋ ਕੇ ਪੁੱਛਿਆ, 'ਮੇਰੇ ਸਰਤਾਜ, ਤੁਹਾਨੂੰ ਇਹ ਕੀ ਹੋਇਆ?'
ਇਹ ਗੱਲ ਸੁਣ ਕੇ ਸ਼ੇਰ ਅਤਿ ਕ੍ਰੋਧਿਤ ਹੋਇਆ ਤੇ ਬੋਲਿਆ, 'ਲਾਹਨਤ ਘਲਦਾ ਹਾਂ ਅਜਿਹੀ ਕਲਾ ਨੂੰ ਜਿਹਦੇ ਨਾਲ ਦੂਜਿਆਂ ਦੇ ਦੰਦ ਟੁੱਟਣ?'
-ਮੂਲ : ਅਹਿਸਾਨ ਮਲਿਕ
-ਅਨੁ: ਸੁਰਜੀਤ
ਸੀ-35, ਸੁਦਰਸ਼ਨ ਪਾਰਕ, ਨਵੀਂ ਦਿੱਲੀ-15. ਮੋਬਾਈਲ : 093121-24829.

ਯਹਾਂ ਤੋ ਹਰ ਮਾਲ ਬਿਕਤਾ ਹੈ

ਧਰਤੀ ਗੋਲ ਹੈ ਅਤੇ ਇਹ ਲਗਾਤਾਰ ਘੰੁਮਦੀ ਰਹਿੰਦੀ ਹੈ | ਘੰੁਮਦੀ ਆਪਣੀ ਧੁਰੀ ਦੇ ਦੁਆਲੇ ਹੈ |
ਇਸੇ ਧਰਤੀ 'ਤੇ ਲੋਕ ਰਾਜ ਯਾਨਿ ਡੈਮੋਕ੍ਰੇਸੀ ਵੀ ਲਗਾਤਾਰ ਘੰੁਮਦੀ ਰਹਿੰਦੀ ਹੈ, ਇਸ ਦੀ ਧੁਰੀ ਹੈ ਇਲੈਕਸ਼ਨ ਯਾਨਿ ਚੋਣਾਂ | ਚੋਣਾਂ-ਯਾਨਿ ਜਨਤਾ ਵੱਲੋਂ ਵੋਟ ਦੁਆਰਾ ਚੁਣੇ ਜਾਣ ਦੀ ਪ੍ਰਕਿਰਿਆ | ਇਹੋ ਖਾਸੀਅਤ ਹੈ ਚੋਣਾਂ ਦੀ ਕਿ ਇਹ ਸਰਕਾਰਾਂ ਬਦਲ ਦਿੰਦੀਆਂ ਹਨ | ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਦਲ ਦਿੰਦੀਆਂ ਹਨ | ਪੰਜ ਸਾਲ ਪਹਿਲਾਂ ਲਾਲ ਕਿਲ੍ਹੇ ਤੋਂ ਜਨਤਾ ਦੁਆਰਾ ਚੁਣਿਆ ਗਿਆ (ਚੁਣੇ ਜਾਣ ਦੀ ਸ਼ਕਤੀ ਦੇਣ ਵਾਲੀ ਪ੍ਰਕਿਰਿਆ ਦੁਆਰਾ) ਕਦੇ ਇਕ ਪ੍ਰਧਾਨ ਮੰਤਰੀ ਤਿਰੰਗਾ ਝੁਲਾ ਰਿਹਾ ਹੁੰਦਾ ਹੈ ਤੇ ਕਦੇ ਦੂਸਰਾ | ਇਸੇ ਸਾਲ ਕਿਲ੍ਹੇ ਤੋਂ ਕੋਈ ਪ੍ਰਾਈਮ ਮਨਿਸਟਰ ਇਹ ਐਲਾਨ ਕਰਦਾ ਹੈ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਕੋਈ ਐਲਾਨਦਾ ਹੈ 'ਮੈਂ ਤਾਂ ਜਨਤਾ ਦਾ ਪ੍ਰਧਾਨ ਸੇਵਕ ਹਾਂ |'
ਇਹ ਹੈ 'ਵੋਟ' ਦੀ ਤਾਕਤ |
ਕੋਈ ਨਿਮਾਣਾ ਬਣ ਕੇ, ਨਿਮਰਤਾ-ਪੂਰਵਕ ਆਪਣੇ-ਆਪ ਨੂੰ ਮੁੱਖ ਸੇਵਕ ਗਰਦਾਨੇ ਜਾਂ ਝੰਡਾ ਝੁਲਾ ਕੇ, ਫ਼ੌਜਾਂ ਦੇ ਤਿੰਨੇ ਅੰਗਾਂ ਦੀ ਸਲਾਮੀ ਲਏ, ਬਿਨਾਂ ਜਨਤਾ ਦੀ 'ਵੋਟ' ਜਿੱਤਣ ਦੇ ਇਹ ਸਭ ਕੁਝ ਅਸੰਭਵ ਹੈ (ਵਿਚ ਰਾਜ ਸਭਾ ਦੇ ਮੈਂਬਰ ਹੋਣ ਵਾਲਾ ਅੜਿੱਕਾ ਹੈ, ਪਰ ਰਾਜ ਸਭਾ ਲਈ ਵੀ ਚੁਣਿਆ ਤਾਂ ਵੋਟਾਂ ਵਾਲੀ ਪ੍ਰਕਿਰਿਆ ਦੁਆਰਾ ਹੀ ਜਾਂਦਾ ਹੈ) ਸੋ, ਇਸ ਮੁਤਵਾਤਰ ਘੰੁਮ ਰਹੀ ਧਰਤੀ 'ਤੇ ਸੰਸਾਰ ਦਾ ਹਰੇਕ ਲੋਕਤੰਤਰ ਵੋਟਾਂ ਦੁਆਲੇ ਹੀ ਘੰੁਮਦਾ ਰਹਿੰਦਾ ਹੈ |
ਸੱਚੀਂ ਵੱਡੇ ਤੋਂ ਵੱਡਾ, ਅਮੀਰ ਤੋਂ ਅਮੀਰ, ਆਕੜਖਾਨ, ਬਲਵਾਨ, ਦੂਜਿਆਂ ਨੂੰ ਟਿੱਚ ਸਮਝਣ ਵਾਲਾ ਮਹਾਂ ਧੁਰੰਧਰ ਵੀ, ਗਰੀਬ ਤੇ ਗਰੀਬੜੇ ਵੋਟਰ ਅੱਗੇ ਹੱਥ ਜੋੜਨ ਲਈ ਮਜਬੂਰ ਹੋ ਜਾਂਦਾ ਹੈ |
ਢਹਿ ਪਿਆ ਨਿਮਾਣਾ ਤੇਰੇ ਦਰ 'ਤੇ | ਬੇਨਤੀ ਹੈ ਜੀ, ਵੋਟ ਚਾਹੀਦਾ ਹੈ, ਵੋਟ | ਵੋਟ ਝੁੰਗੇ 'ਚ ਨਹੀਂ ਮਿਲਦੀ, ਇਹ ਬੜੀ ਕੀਮਤੀ ਹੈ | ਤੁਸਾਂ ਸੁਣਿਆ ਹੋਣਾ ਹੈ, ਪੜਿ੍ਹਆ ਹੋਣਾ ਹੈ, ਸ਼ਾਖਸ਼ਾਤ ਤੱਕਿਆ ਹੋਣਾ ਹੈ, ਆਪਣੇ ਸਾਹਮਣੇ ਹੱਥ ਜੋੜ ਕੇ ਹਾਥੀਆਂ, ਸ਼ੇਰਾਂ ਨੂੰ ਵੀ ਝੁਕ ਕੇ ਇਹ ਬੇਨਤੀ ਕਰਦਿਆਂ 'ਆਪਣਾ ਕੀਮਤੀ ਵੋਟ' ਆਪਣੇ ਇਸ ਦਾਸ ਨੂੰ ਦੇਣਾ ਜੀ |
ਸਪੱਸ਼ਟ ਹੈ, ਵੋਟ ਬੜਾ ਕੀਮਤੀ ਹੈ | ਵੋਟ ਦੀ ਕੀਮਤ ਹੈ | ਕੀਮਤ ਉਸੇ ਚੀਜ਼ ਦੀ ਹੁੰਦੀ ਹੈ, ਜਿਸ ਨੂੰ ਤੁਸੀਂ ਮੁੱਲ ਚੁਕਾ ਕੇ ਖਰੀਦ ਸਕੋ |
ਸੋ, ਵੋਟ ਖਰੀਦੀ ਜਾ ਸਕਦੀ ਹੈ, ਤੇ ਇਸ ਨੂੰ ਸੱਚਮੁੱਚ ਚੋਣਾਂ ਲੜਨ ਵਾਲੇ, ਚੋਣ ਮੈਦਾਨ 'ਚ ਉਤਰੇ ਉਮੀਦਵਾਰ, ਚੋਣ ਜਿੱਤਣ ਦੀ ਆਸ ਨਾਲ ਖਰੀਦਦੇ ਹਨ | ਹਰ ਹੀਲੇ ਖਰੀਦਣ ਲਈ ਤਿਆਰ ਤੇ ਤਤਪਰ ਰਹਿੰਦੇ ਹਨ |
'ਸੇਲ... ਸੇਲ... ਸੇਲ...'
ਤੁਸਾਂ ਅਖ਼ਬਾਰਾਂ ਵਿਚ, ਟੀ. ਵੀ. ਤੇ, ਇਸ਼ਤਿਹਾਰਾਂ ਦੁਆਰਾ ਵੇਖਿਆ ਹੋਣਾ ਹੈ ਕਿਵੇਂ ਵੇਲੇ-ਵੇਲੇ ਸਿਰ, ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਆਪਣੇ ਪ੍ਰਾਡੈਕਟਾਂ ਦੀ 'ਸੇਲ' ਲਾਈ ਹੁੰਦੀ ਹੈ | ਕਿਤੇ ਇਕ ਖਾਸ ਸਮੇਂ ਲਈ 50 ਫ਼ੀਸਦੀ ਡਿਸਕਾਊਾਟ ਦੇਣ ਦਾ ਐਲਾਨ ਹੁੰਦਾ ਹੈ, ਕਿਤੇ 30 ਫ਼ੀਸਦੀ ਦਾ | ਤੇ ਵੋਟ...? ਇਹਦੇ 'ਤੇ ਕੋਈ ਡਿਸਕਾਊਾਟ ਨਹੀਂ, ਇਹਦੀ ਸੇਲ ਨਹੀਂ, ਖਰੀਦ ਲੱਗੀ ਹੁੰਦੀ ਹੈ | ਬੇਸ਼ੱਕ ਤੁਸੀਂ ਮੁਫਤੋ-ਮੁਫਤ ਦੇ ਦਿਓ ਜਾਂ ਫਿਰ ਮਨਮਰਜ਼ੀ ਦਾ ਮੁੱਲ ਲੈ ਕੇ |
'ਸੇਲ' ਜਦ ਵੱਡੀਆਂ-ਵੱਡੀਆਂ ਕੰਪਨੀਆਂ ਦੀ ਲੱਗੀ ਹੁੰਦੀ ਹੈ ਤਾਂ ਇਹ ਇਕ ਹੋਰ ਲਾਲਚ ਵੀ ਦਿੰਦੇ ਹਨ, ਦੋ ਪੈਂਟਾਂ ਖਰੀਦੋ, ਦੋ ਮੁਫ਼ਤ | ਜਾਂ ਕੁਕੜੀ ਖਰੀਦੋ, ਨਾਲ ਦੋ ਆਂਡੇ ਮੁਫ਼ਤ | ਇਸੇ ਤਰ੍ਹਾਂ ਵੋਟਾਂ ਦੀ ਖਰੀਦ ਲਈ ਵੀ ਇਹ ਲੁਭਾਉਣਾ ਲਾਲਚ ਦਿੱਤਾ ਜਾਂਦਾ ਹੈ | ਵੋਟ ਬਦਲੇ ਨੋਟ ਤਾਂ ਮਿਲਣਗੇ ਹੀ, ਨਾਲ ਸ਼ਰਾਬ ਦੀ ਬੋਤਲ ਤੇ ਅਫੀਮ, ਭੁੱਕੀ, ਚਰਸ | ਮੁਫ਼ਤੋ-ਮੁਫ਼ਤ | ਪਰ, ਕੀ ਵੋਟ ਦੇਣ ਵਾਲੇ, ਵੋਟਾਂ ਪਾਉਣ ਵਾਲੇ, ਵੋਟ ਵਾਲਾ ਬਟਨ ਦਬਾਉਣ ਵਾਲੇ ਸਿਰਫ਼ ਵੋਟ ਦੇ ਬਦਲੇ ਨੋਟ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ, ਇਹ ਮੁੱਲ ਦੇਣ ਵਾਲੇ ਖਰੀਦਦਾਰ ਪ੍ਰਤੀ ਇਮਾਨਦਾਰ ਹੁੰਦੇ ਹਨ?
ਨਾ ਜੀ ਨਾ, ਬੜੇ ਖਚਰੇ ਨੇ ਵੋਟਰ |
ਇਹ ਨੋਟ ਲੈ ਲੈਂਦੇ ਨੇ, ਜੇਬਾਂ ਗਰਮ ਕਰ ਲੈਂਦੇ ਨੇ, ਸ਼ਰਾਬ ਛਕ ਜਾਂਦੇ ਨੇ, ਅੰਦਰ ਗਰਮ ਲੈਂਦੇ ਨੇ, ਪਰ ਵੋਟ ਪਾਉਣ ਵੇਲੇ, ਦਗ਼ਾ ਦੇ ਜਾਂਦੇ ਨੇ, ਵੋਟ ਵਾਲਾ ਬਟਨ ਸਿਰਫ਼ ਉਸੇ ਪਾਰਟੀ ਦੇ ਉਮੀਦਵਾਰ ਵਾਲਾ ਦਬੌਾਦੇ ਨੇ, ਜਿਹਦੇ 'ਤੇ ਉਨ੍ਹਾਂ ਨੂੰ ਆਸਥਾ ਹੋਵੇ ਜਾਂ ਜਿਹਨੂੰ ਪਾਉਣ ਦਾ ਉਨ੍ਹਾਂ ਨੇ ਮਨ ਬਣਾ ਲਿਆ ਹੋਵੇ | ਹਾਂ, ਕਈ ਗਾਵਾਂ-ਮੱਝਾਂ, ਬੱਕਰੀਆਂ ਦੇ ਵੱਗ ਵਾਂਗ ਅੰਨ੍ਹੀ ਰਫ਼ਤਾਰ ਵਾਲੇ ਵੀ ਹੁੰਦੇ ਹਨ | ਪਿਛਲੱਗੂ, ਉਨ੍ਹਾਂ ਨੂੰ ਉਨ੍ਹਾਂ ਦੀ ਜਾਤ, ਬਿਰਾਦਰੀ ਦੇ ਚੌਧਰੀ ਨੇ ਜਾਂ ਉਨ੍ਹਾਂ ਦੇ ਬਾਬਾ ਜੀ ਨੇ ਜਿਹਨੂੰ ਤੇ ਜਿਹਦਾ ਬਟਨ ਦਬਾਉਣ ਦਾ ਹੁਕਮ ਸਾਦਰ ਕੀਤਾ ਹੋਵੇ, ਇਹ ਇਸ ਮਾਮਲੇ 'ਚ ਫੇਥਫੁਲ ਯਾਨਿ ਇਮਾਨਦਾਰ ਹੁੰਦੇ ਹਨ ਪਰ ਹਾਂ ਇਨ੍ਹਾਂ ਦੇ 'ਆਜੜੀ' (ਚੌਧਰੀ) ਜਿੰਨਾ ਮਾਲ ਮਿਲਿਆ, ਇਸ ਇਵਜ਼ ਵਿਚ ਉਹ ਆਰਾਮ ਨਾਲ ਇਕੱਲੇ ਹੀ ਹੜੱਪ ਕੇ, ਡੱਕਾਰ ਜਾਂਦੇ ਹਨ |
ਭਲਾ ਹੋਵੇ ਆਮ ਆਦਮੀ ਪਾਰਟੀ ਦੇ ਸੰਯੋਜਕ ਕੇਜਰੀਵਾਲ ਦਾ | ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 7 ਫਰਵਰੀ ਨੂੰ ਹੋ ਰਹੀਆਂ ਹਨ | ਸਭੇ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਰਿਝਾਉਣ ਲਈ ਰੌਲਾ ਪਾ ਰਹੀਆਂ ਹਨ, ਉਹ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ, ਜਿਹੜੇ ਪੂਰੇ ਹੋਣੇ ਹੀ ਨਹੀਂ | ਪਾਣੀ ਤੇ ਲਕੀਰਾਂ ਖਿੱਚੀ ਜਾ ਰਹੇ ਹਨ, ਜਿਹਦੀ ਹੋਂਦ, ਲਕੀਰ ਖਿਚਦਿਆਂ ਹੀ ਮਿਟ ਜਾਂਦੀ ਹੈ |
ਕੋਈ ਕਿੰਨਾ ਵੀ ਸਾਊ ਬਣੇ, ਕਿੰਨਾ ਵੀ ਗੁੱਸੇ ਦਾ ਇਜ਼ਹਾਰ ਕਰੇ, ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਹਰੇਕ ਪਾਰਟੀ ਭਾਵ ਪਾਰਟੀ ਦੇ ਉਮੀਦਵਾਰ, ਇਸ ਪੰ੍ਰਪਰਾ 'ਚ ਗੜੁੱਚ ਨੇ, ਵੋਟਰਾਂ ਤੋਂ ਵੋਟਾਂ ਮੰਗਣ ਲਈ ਪੈਸੇ ਦੇ ਕੇ ਪੂਰੀ ਤਰ੍ਹਾਂ ਵੋਟਰਾਂ ਨਾਲ ਸੌਦੇਬਾਜ਼ੀ ਕਰਦੇ ਨੇ | ਸਿਰਫ਼ ਨੋਟ ਹੀ ਨਹੀਂ ਵੰਡਦੇ, ਸਗੋਂ ਸ਼ਰਾਬਾਂ ਦੀਆਂ ਛਬੀਲਾਂ ਵੀ (ਗੁਪਤ) ਲਾਉਂਦੇ ਨੇ | ਪੀਓ ਤੇ ਜੀਓ |
ਆਮ ਜਿਹੀ ਗੱਲ ਏ, ਜਿਉਂ ਹੀ, ਕਿਤੇ ਵੀ, ਚੋਣਾਂ ਆਉਂਦੀਆਂ ਨੇ, ਉਸ ਇਲਾਕੇ 'ਚ ਅਚਨਚੇਤ ਪੁਲਿਸ, ਕਰੋੜਾਂ ਰੁਪਿਆਂ ਦੇ ਨੋਟਾਂ ਦੀਆਂ ਥੱਦੀਆਂ ਨਾਲ ਭਰੀਆਂ ਕਾਰਾਂ ਫੜ ਲੈਂਦੀ ਹੈ | ਟਰੱਕਾਂ ਦੇ ਟਰੱਕ, ਸ਼ਰਾਬ ਦੀਆਂ ਬੋਤਲਾਂ ਨਾਲ ਭਰੇ ਬਰਾਮਦ ਕਰ ਲੈਂਦੀ ਹੈ | ਅੱਜਕਲ੍ਹ ਹੀ ਮੱਧ ਪ੍ਰਦੇਸ਼ ਦੀ ਪੁਲਿਸ ਨੇ ਇਕ ਤੇਲ ਵਾਲੇ ਟੈਂਕਰ ਨੂੰ ਰੋਕ ਕੇ ਫੜਿਆ ਹੈ | ਜਿਹਦੇ ਵਿਚ ਲੱਖਾਂ ਲੀਟਰ ਨਾਜਾਇਜ਼ ਸ਼ਰਾਬ ਭਰੀ ਹੋਈ ਸੀ | ਇਹ ਰਾਜਸਥਾਨ 'ਚੋਂ ਚੱਲ ਕੇ, ਗੁਜਰਾਤ ਪਹੁੰਚਾਈ ਜਾ ਰਹੀ ਸੀ ਤੇ ਉਥੋਂ ਸੁੱਖੀਂ-ਸਾਂਦਾਂ ਕਿਥੇ ਪਹੁੰਚਣੀ ਸੀ? ਭੋਲੇ ਨਹੀਂ ਹੋ? ਦਿੱਲੀ ਹੈ ਦਿਲ ਹਿੰਦੁਸਤਾਨ ਦਾ |
ਗ਼ਰੀਬਾਂ ਦੇ, ਸ਼ਰਾਬੀਆਂ ਦੇ, ਅਫੀਮੀਆਂ ਦੇ, ਨਸ਼ੇਖੋਰਾਂ ਦੇ ਅੱਛੇ ਦਿਨ ਉਦੋਂ ਹੀ ਆਉਂਦੇ ਹਨ, ਜਿਨ੍ਹੀਂ ਦਿਨੀਂ ਉਨ੍ਹਾਂ ਦੇ ਇਲਾਕੇ ਵਿਚ ਇਲੈਕਸ਼ਨ ਦੇ ਦਿਨ ਹੁੰਦੇ ਨੇ | ਨੋਟ ਵੀ ਮੁਫ਼ਤ ਮਿਲਦੇ ਹਨ, ਨਸ਼ੇ ਵੀ ਮੁਫਤੋ-ਮੁਫਤ ਮਿਲਦੇ ਹਨ | ਸ਼ਰਤ ਬਸ ਐਨੀ ਹੁੰਦੀ ਹੈ ਕਿ ਤੁਹਾਡਾ ਵੋਟ ਹੋਣਾ ਚਾਹੀਦਾ ਹੈ, ਵੋਟ ਉਂਜ ਹੀ ਕੀਮਤੀ ਹੁੰਦਾ ਹੈ, ਚੋਣਾਂ ਦੇ ਦਿਨਾਂ ਵਿਚ ਹੋਰ ਵੀ ਕੀਮਤੀ ਹੋ ਜਾਂਦਾ ਹੈ | ਇਹ ਤਾਂ ਚੰਗੇ ਦਿਨ ਹੀ ਨਹੀਂ ਹੁੰਦੇ ਸਗੋਂ ਭਾਗਾਂ ਭਰੇ ਦਿਨ ਹੁੰਦੇ ਹਨ, ਇਕ-ਇਕ ਵੋਟਰ ਨੂੰ ਸਭੇ ਪਾਰਟੀਆਂ ਪੈਸੇ ਤੇ ਨਸ਼ੇ ਦੇ ਸਾਮਾਨ ਮੁਫਤੋ-ਮੁਫਤ ਦੇ ਕੇ ਨਿਹਾਲ ਕਰ ਜਾਂਦੀਆਂ ਨੇ | ਮਰਹੂਮ ਸਾਹਿਰ ਲੁਧਿਆਣਵੀ ਨੇ ਕਿੰਨਾ ਸੋਹਣਾ ਲਿਖਿਆ ਹੈ:
ਯਹਾਂ ਤੋ ਹਰ ਮਾਲ ਬਿਕਤਾ ਹੈ,
ਬੋਲੋ ਜੀ, ਤੁਮ ਕਯਾ ਕਯਾ ਖਰੀਦੋਗੇ |
ਦਿੱਲੀ ਵਿਚ, ਹਰੇਕ ਪਾਰਟੀ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦੇ ਪਰਚੇ ਆਪਣੇ-ਆਪਣੇ ਹਲਕੇ 'ਚ ਭਰੇ ਹਨ | ਸਭਨਾਂ ਦੇ ਐਫੀਡੇਵਿਟ ਵੇਖੋ, ਲਗਭਗ ਸਭੇ ਕਰੋੜਾਂਪਤੀ ਹਨ, ਪਿੱਛੇ-ਪਿੱਛੇ ਲੱਖਪਤੀਆਂ ਦੀ ਡਾਰ ਹੈ | ਹਜ਼ਾਰਾਂ ਵਾਲਾ ਤਾਂ ਸ਼ਾਇਦ ਹੀ ਕੋਈ ਵਿਰਲਾ ਹੀ ਹੋਵੇ, ਉਹ ਖੜ੍ਹੇ ਹੋਏ ਨੇ, ਜਿੱਤਣ ਲਈ ਤੇ ਜਿੱਤਣ ਲਈ ਪੈਸਾ ਤਾਂ ਵਾਰਨਾ ਹੀ ਪੈਂਦਾ ਹੈ, ਵਾਰੇ-ਵਾਰੇ ਜਾਈਏ ਇਨ੍ਹਾਂ ਡੈਮੋਕ੍ਰੇਸੀ ਦੇ ਕਥਿਤ ਇਮਾਨਦਾਰ ਸੇਵਕਾਂ ਤੋਂ |
ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਨੇਕ ਸਲਾਹ ਦਿੱਤੀ ਹੈ ਕਿ ਬੇਸ਼ੱਕ ਪੈਸੇ ਲੈ ਲਓ, ਪੈਸੇ ਲੈਣੋਂ ਬਿਲਕੁਲ ਨਾਂਹ ਨਾ ਕਰੋ, ਪਰ ਵੋਟ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਨੂੰ ਪਾਇਓ |
ਆਮ ਆਦਮੀ ਪਾਰਟੀ ਦਾ ਪ੍ਰਮੁੱਖ ਮੁੱਦਾ ਹੈ ਕਿ ਉਹ ਦੇਸ਼ 'ਚੋਂ ਕੁਰੱਪਸ਼ਨ ਖਤਮ ਕਰਨਗੇ, ਕਿੱਦਾਂ ਕਰਨਗੇ? ਡਬਲ-ਬੇਈਮਾਨੀ ਕਰਨ ਦਾ ਹੋਕਾ ਦੇ ਰਹੇ ਹਨ ਕਿ ਪੈਸੇ ਲੈ ਲਓ, ਉਗਰਾਹ ਲਓ, ਦੋਵਾਂ ਪਾਰਟੀਆਂ ਵਾਲਿਆਂ ਤੋਂ ਤੇ ਵੋਟ ਸਾਨੂੰ ਪਾਉਣਾ | ਇਹਨੂੰ ਕਹਿੰਦੇ ਨੇ ਕੁਰਪੱਸ਼ਨ ਦਾ ਕਰੇਲਾ, ਉਤੋਂ ਨੀਮ ਚੜਿ੍ਹਆ |

ਪਿਆਰ : ਜ਼ਿੰਦਗੀ ਦਾ ਆਧਾਰ

• ਪਿਆਰ ਦਾ ਅਰਥ ਹੈ ਕਿ ਕਿਸੇ ਉੱਪਰ ਆਪਣੇ ਤੋਂ ਵੱਧ ਵਿਸ਼ਵਾਸ ਕਰਨਾ |
• ਦੂਜੇ ਦੀ ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਤੋਂ ਪਹਿਲ ਦੇਣ ਨੂੰ ਪਿਆਰ ਕਹਿੰਦੇ ਹਨ |
• ਪਿਆਰ ਜ਼ਿੰਦਗੀ ਦਾ ਸਭ ਤੋਂ ਹੁਸੀਨ ਜਜ਼ਬਾ ਹੈ | ਪਿਆਰ ਇਨਸਾਨ ਨੂੰ ਨਿਮਰ ਬਣਾਉਂਦਾ ਹੈ |
• ਪਿਆਰ ਸਾਡੀ ਜ਼ਿੰਦਗੀ ਵਿਚ ਵੱਖ-ਵੱਖ ਰੂਪਾਂ 'ਚ ਸਾਹਮਣੇ ਆਉਂਦਾ ਹੈ | ਇਹ ਅਹਿਸਾਸ ਦਿਵਾਉਂਦਾ ਹੈ ਕਿ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ |
• ਸ਼ਕਤੀ ਨਾਲ ਦਬਾਇਆ ਜਾ ਸਕਦਾ ਹੈ ਤੇ ਪ੍ਰੇਮ ਨਾਲ ਜਿੱਤਿਆ ਜਾ ਸਕਦਾ ਹੈ |
• ਪਿਆਰ ਹੀ ਮਜ਼੍ਹਬਾਂ ਤੇ ਜਾਤੀਆਂ ਦੇ ਭੇਦ-ਭਾਵ ਨੂੰ ਮਿਟਾ ਸਕਦਾ ਹੈ |
• ਜੀਵਨ ਇਕ ਫਲ ਹੈ ਤੇ ਪ੍ਰੇਮ ਇਸ ਦਾ ਰਸ ਹੈ |
• ਨਿਰਸਵਾਰਥ ਪ੍ਰੇਮ, ਮਮਤਾ, ਸਨੇਹ ਤੇ ਆਪਣਾਪਨ ਕਿਸੇ ਡਿਪਾਰਟਮੈਂਟਲ ਸਟੋਰ ਤੋਂ ਨਹੀਂ ਮਿਲਦੇ |
• ਹਰ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਅਜਿਹਾ ਇਨਸਾਨ ਜ਼ਰੂਰ ਹੁੰਦਾ ਹੈ ਜਿਸ ਨਾਲ ਉਹ ਬਹੁਤ ਪਿਆਰ ਕਰਦਾ ਹੈ ਤੇ ਇਕ ਅਜਿਹਾ ਇਨਸਾਨ ਵੀ ਹੁੰਦਾ ਹੈ ਜਿਸ ਵਿਚ ਤੁਹਾਨੂੰ ਬਰਬਾਦ ਕਰਨ ਦੀ ਤਾਕਤ ਹੁੰਦੀ ਹੈ |
• ਜਿਥੇ ਪਿਆਰ ਹੈ, ਉਥੇ ਜੀਵਨ ਹੈ | ਘਰ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਦੇ ਅੰਦਰ ਰਹਿਣ ਨੂੰ ਮਨ ਕਰੇ |
(ਬਾਕੀ ਅਗਲੇ ਐਤਵਾਰ)
ਮੋਬਾਈਲ : 99155-63406.

ਕਹਾਣੀ-- ਫ਼ੈਸਲਾ
'ਬੀਬੀ! ਅਸੀਂ ਕੀ ਕਰਨਾ ਹੈ ਇਥੇ ਪਿੰਡ ਵਿਚ ਰਹਿ ਕੇ? ਸ਼ਹਿਰ ਰਹਾਂਗੇ ਆਰਾਮ ਨਾਲ ਆਲੀਸ਼ਾਨ ਕੋਠੀ ਪਾ ਕੇ | ਫਿਰ ਮੇਰੀ ਅਤੇ ਗੁਰਜੀਤ ਦੀ ਨੌਕਰੀ ਵੀ ਤਾਂ ਸ਼ਹਿਰ ਹੀ ਹੈ', ਸੁਖਦੇਵ ਨੇ ਆਪਣੀ ਮਾਂ ਨੂੰ ਸਮਝਾਉਂਦਿਆਂ ਕਿਹਾ |
'ਵੇ! ਮੈਂ ਕੀ ਕਰੰੂਗੀ ਸ਼ਹਿਰ ਜਾ ਕੇ? ਉਥੇ ਨਾ ਕੋਈ ਆਂਢ-ਗੁਆਂਢ, ਨਾ ਸ਼ਰੀਕਾ, ਕਬੀਲਾ | ਸਾਰੀ ਉਮਰ ਕੱਟੀ ਹੈ ਮੈਂ ਇਸ ਪਿੰਡ ਵਿਚ | ਮੇਰੇ ਮਰੇ ਤੋਂ ਬਾਅਦ ਕਰ ਲਵੀਂ ਜਿਵੇਂ ਤੇਰਾ ਦਿਲ ਕਰੇ', ਸੁਰਜੀਤ ਕੌਰ ਕਿਵੇਂ ਵੀ ਪਿੰਡ ਛੱਡਣ ਨੂੰ ਤਿਆਰ ਨਹੀਂ ਸੀ |
'ਓ, ਤੂੰ ਇਕੱਲੀ ਕਿੱਥੇ ਹੈਂ ਬੀਬੀ? ਮੈਂ ਹਾਂ, ਨੂੰ ਹ ਹੈ ਤੇਰੀ | ਅਸੀਂ ਤੇਰੀ ਸੇਵਾ ਕਰਾਂਗੇ', ਸੁਖਦੇਵ ਨੇ ਕਿਹਾ |
ਸੁਰਜੀਤ ਕੌਰ ਦੇ ਘਰਵਾਲੇ ਜੁਗਿੰਦਰ ਸਿੰਘ ਨੂੰ ਬਹੁਤ ਵਰ੍ਹੇ ਪਹਿਲਾਂ ਕਿਸੇ ਨੇ ਵੱਟ ਦੇ ਰੌਲੇ ਪਿੱਛੇ ਕਤਲ ਕਰ ਦਿੱਤਾ ਸੀ | ਸੁੱਖਾ ਕੁੱਛੜ ਸੀ ਉਸ ਵੇਲੇ | ਇਕੱਲੀ ਜ਼ਨਾਨੀ ਵੇਖ ਕੇ ਸ਼ਰੀਕਾਂ ਨੇ ਜ਼ਮੀਨ 'ਤੇ ਅੱਖ ਰੱਖ ਲਈ ਸੀ | ਬੰਦਿਆਂ ਵਾਂਗ ਫਿਰ-ਤੁਰ ਕੇ ਸੁਰਜੀਤ ਕੌਰ ਨੇ ਜ਼ਮੀਨ ਆਪਣੇ ਨਾਂਅ ਲੁਆਈ ਸੀ | ਫਿਰ ਜ਼ਮੀਨ ਨੂੰ ਹਿੱਸੇ-ਠੇਕੇ 'ਤੇ ਦੇ ਕੇ ਘਰ ਦਾ ਤੋਰਾ ਤੋਰਨ ਲੱਗੀ | ਸੁਖਦੇਵ ਨੂੰ ਪੜ੍ਹਾਇਆ | ਉਹ ਅਤੇ ਉਸ ਦੀ ਪਤਨੀ ਦੋਵੇਂ ਸ਼ਹਿਰ ਨੌਕਰੀ ਕਰਦੇ ਸਨ |
ਅਖੀਰ ਸੁਖਦੇਵ ਦੇ ਵਾਰ-ਵਾਰ ਜ਼ੋਰ ਦੇਣ 'ਤੇ ਸੁਰਜੀਤ ਕੌਰ ਸ਼ਹਿਰ ਜਾਣਾ ਮੰਨ ਗਈ ਸੀ | ਪਿੰਡ ਵਾਲੇ ਘਰ ਅਤੇ ਜ਼ਮੀਨ ਦਾ ਸੌਦਾ ਕਰਨ ਲਈ ਇਕ-ਦੋ ਜਣਿਆਂ ਨੂੰ ਕਹਿ ਦਿੱਤਾ ਸੀ | ਇਸ ਵਾਰ ਸ਼ਹਿਰ ਆਉਂਦਾ ਹੋਇਆ ਸੁਖਦੇਵ ਮਾਂ ਨੂੰ ਨਾਲ ਲੈ ਆਇਆ ਸੀ |
ਸ਼ਹਿਰ ਵਿਚ ਰਹਿ ਕੇ ਸੁਰਜੀਤ ਕੌਰ ਦਾ ਦਿਲ ਨਹੀਂ ਸੀ ਲਗਦਾ | ਨੂੰ ਹ-ਪੁੱਤ ਸਵੇਰੇ ਤੁਰ ਜਾਂਦੇ | ਸ਼ਾਮ ਨੂੰ ਆ ਕੇ ਘੜੀ-ਪਲ ਆਰਾਮ ਕਰਦੇ, ਫਿਰ ਕਦੇ ਬਾਜ਼ਾਰ ਤੇ ਕਦੇ ਕਿਤੇ ਹੋਰ ਤੁਰ ਜਾਂਦੇ | ਸੁਰਜੀਤ ਕੌਰ ਅਣਗੌਲੀ ਜਿਹੀ ਮਹਿਸੂਸ ਕਰਦੀ | ਕਦੇ ਉਸ ਨੂੰ ਲਗਦਾ ਕਿ ਉਨ੍ਹਾਂ ਦਾ ਵਿਹਾਰ ਬਦਲ ਗਿਆ ਹੈ, ਕਦੇ ਸੋਚਦੀ ਨਹੀਂ ਭੁਲੇਖਾ ਹੈ ਉਸ ਦਾ | ਉਹ ਸੋਚਦੀ ਥੱਕ ਜਾਂਦੇ ਹੋਣਗੇ ਵਿਚਾਰੇ | ਘੜੀ-ਪਲ ਫਿਰ-ਤੁਰ ਆਉਂਦੇ ਹਨ ਤਾਂ ਕੀ ਹੈ |
ਇਕ ਦਿਨ ਬੈਠੇ-ਬੈਠੇ ਸੁਰਜੀਤ ਕੌਰ ਦੀ ਐਨਕ ਉਸ ਦੇ ਹੱਥੋਂ ਡਿਗ ਕੇ ਟੁੱਟ ਗਈ | ਉਹ ਤਾਂ ਜਿਵੇਂ ਅੰਨ੍ਹੀ ਬੋਲੀ ਜਿਹੀ ਹੋ ਕੇ ਬੈਠ ਗਈ | ਸੁਖਦੇਵ ਦੇ ਆਉਂਦਿਆਂ ਹੀ ਬੋਲੀ, 'ਵੇ ਸੁੱਖਿਆ! ਪੁੱਤ ਐਨਕ ਟੁੱਟ ਗਈ ਏ ਮੇਰੀ | ਜਾ ਕੇ ਠੀਕ ਕਰਵਾ ਲਿਆ |'
'ਚਲ ਅੱਛਾ ਬੀਬੀ! ਤੂੰ ਕਿਹੜੇ ਮੋਤੀ ਪਰੋਣੇ ਨੇ ਹੁਣ | ਬਹਿ ਜਾ ਆਰਾਮ ਨਾਲ ਇਕ ਪਾਸੇ!', ਸੁਖਦੇਵ ਨੇ ਜਿਵੇਂ ਮਾਂ ਦਾ ਮਜ਼ਾਕ ਉਡਾਇਆ ਹੋਵੇ | ਨੂੰ ਹ-ਪੁੱਤ ਦੋਵੇਂ ਇਸ ਗੱਲ 'ਤੇ ਹੱਸਣ ਲੱਗੇ |
ਗੱਲ ਤੇ ਏਨੀ ਨਹੀਂ ਸੀ, ਪਰ ਪਤਾ ਨਹੀਂ ਕਿਉਂ ਜਿਵੇਂ ਸੁਰਜੀਤ ਕੌਰ ਦੇ ਕਲੇਜੇ ਚਾਕੂ ਲਹਿ ਗਿਆ ਹੋਵੇ | ਰਾਤ ਭਰ ਬੈਠੀ ਉਹ ਵਿਚਾਰਾਂ ਕਰਦੀ ਰਹੀ | ਸਵੇਰੇ ਨੂੰ ਹ-ਪੁੱਤ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਕੇ ਉਸ ਝੋਲਾ ਚੁੱਕ ਲਿਆ | 'ਚੰਗਾ ਪੁੱਤ! ਮੈਂ ਚੱਲੀ ਹਾਂ ਪਿੰਡ ਨੂੰ | ਜ਼ਮੀਨ ਤਾਂ ਹੁਣ ਮੇਰੇ ਭੋਗ ਤੋਂ ਬਾਅਦ ਹੀ ਵਿਕੂ', ਨੂੰ ਹ-ਪੁੱਤ ਉਸ ਨੂੰ ਜਾਂਦੀ ਨੂੰ ਵੇਖਦੇ ਰਹੇ | ਉਨ੍ਹਾਂ ਦੇ ਚਿਹਰੇ ਉਤਰ ਗਏ ਸਨ |
-282, ਲਾਜਪਤ ਨਗਰ, ਜਲੰਧਰ |
ਮੋਬਾਈਲ : 93162-55119.

ਲਘੂ ਕਥਾ-- ਪੱਕਾ ਆਲ੍ਹਣਾਇਕ ਕੱਚੀ ਛੱਤ ਵਿਚ ਆਲ੍ਹਣਾ ਬਣਾ ਕੇ ਆਪਣੇ ਬੋਟਾਂ ਨਾਲ ਰਹਿ ਰਹੇ ਚਿੜੀ-ਚਿੜੇ ਨੇ ਮਾਲਕਾਂ ਵੱਲੋਂ ਛੱਤ ਨੂੰ ਪੱਕਾ ਕਰਨ ਸਬੰਧੀ ਵਾਰਤਾਲਾਪ ਸੁਣੀ ਤਾਂ ਫਿਕਰਮੰਦ ਹੁੰਦਿਆਂ ਚਿੜੀ ਨੇ ਸਾਥੀ ਚਿੜੇ ਨੂੰ ਕਿਹਾ, 'ਆਪਾਂ ਹੁਣ ਕਿੱਥੇ ਰਿਹਾ ਕਰਾਂਗੇ?'
'ਲੈ, ਪਹਿਲਾਂ ਵੀ ਤਾਂ ਅਸੀਂ ਇਨ੍ਹਾਂ ਨਾਲ ਰਹਿੰਦੇ ਆਏ ਹਾਂ, ਹੁਣ ਵੀ ਇਨ੍ਹਾਂ ਨਾਲ ਹੀ ਰਹਾਂਗੇ, ਚਿੰਤਾ ਵਾਲੀ ਕਿਹੜੀ ਗੱਲ ਐ? ਇਹ ਘਰ ਵੀ ਤਾਂ ਸਾਡੇ ਵਾਂਗ ਇਨ੍ਹਾਂ ਦਾ ਆਲ੍ਹਣਾ ਹੈ |'
ਕੁਝ ਸਮੇਂ ਬਾਅਦ ਘਰ ਦੇ ਮਾਲਕ ਨੇ ਕੱਚੀ ਛੱਤ ਲਾਹ ਕੇ ਲੈਂਟਰ ਪਾ ਦਿੱਤਾ | ਦਰਵਾਜ਼ੇ ਖਿੜਕੀਆਂ ਨੂੰ ਨਵੀਆਂ ਜਾਲੀਆਂ ਲੱਗ ਗਈਆਂ, ਵਿਹੜੇ ਵਿਚਲੀ ਧਰੇਕ ਵੱਢ ਕੇ ਧੁੱਪ ਪੈਣ ਲਈ ਜਗ੍ਹਾ ਖਾਲੀ ਕਰ ਦਿੱਤੀ ਗਈ | ਚਿੜਾ-ਚਿੜੀ ਬਾਹਰਵਾਰ ਉੱਪਰਲੇ ਝਰੋਖੇ ਦੀ ਜਾਲੀ ਨਾਲ ਲੱਗੇ ਆਪਣੇ-ਆਪ ਨੂੰ ਘਰੋਂ ਕੱਢਿਆ ਹੋਇਆ ਮਹਿਸੂਸ ਕਰ ਰਹੇ ਸਨ | ਬੋਟਾਂ ਨੇ ਵੀ ਉਡਾਰ ਹੋ ਕੇ ਦੂਸਰੀ ਜਗ੍ਹਾ ਲੱਭ ਲਈ ਸੀ |
ਅਗਲੀ ਵਾਰ ਚਿੜੇ-ਚਿੜੀ ਨੇ ਆਪਣੇ ਨਵੇਂ ਬੋਟਾਂ ਲਈ ਆਲ੍ਹਣੇ ਲਈ ਜਗ੍ਹਾ ਝਰੋਖੇ ਦੇ ਵਧਾਅ ਥੱਲੇ ਚੁਣੀ ਸੀ ਤੇ ਆਲ੍ਹਣੇ ਦੀ ਤਿਆਰੀ ਸ਼ੁਰੂ ਕਰ ਦਿੱਤੀ | ਕੁਝ ਦਿਨਾਂ ਬਾਅਦ ਹੀ ਘਾਹ ਦੇ ਤੀਲ੍ਹੇ ਖਿੱਲਰੇ ਵੇਖ ਮਾਲਕਣ ਨੇ ਮਾਂਜਾ ਮਾਰ ਕੇ ਆਲ੍ਹਣਾ ਹੰੂਝ ਸੁੱਟਿਆ | ਚਿੜਾ-ਚਿੜੀ ਬੇਵੱਸ ਜਿਹੇ ਮਾਲਕਣ ਦੀਆਂ ਚੁੱਭਵੀਆਂ ਗੱਲਾਂ ਕੰਧ 'ਤੇ ਬੈਠੇ ਸੁਣ ਰਹੇ ਸਨ, 'ਆਹ ਚਿੜੀਆਂ ਤਾਂ ਗੰਦ ਪਾਉਣੋਂ ਹਟਦੀਆਂ ਹੀ ਨਹੀਂ |'
ਰਾਤ ਪੈਣ 'ਤੇ ਝਰੋਖੇ ਦੀ ਜਾਲੀ ਨਾਲ ਲੱਗੇ ਦੋਵੇਂ ਜੀਅ ਆਲ੍ਹਣਾ ਬਣਾਉਣ ਬਾਰੇ ਵਿਚਾਰਾਂ ਕਰ ਰਹੇ ਸਨ ਕਿ ਅਚਾਨਕ ਚਿੜੀ ਨੇ ਅੰਦਰੋਂ ਆ ਰਹੀਆਂ ਆਵਾਜ਼ਾਂ ਵੱਲ ਚਿੜੇ ਦਾ ਧਿਆਨ ਦਿਵਾਇਆ |
'ਦੇਖੋ ਜੀ, ਮੈਂ ਇਸ ਵਾਰ ਨਹੀਂ ਜੇ ਮੰਨਣੀ ਤੁਹਾਡੀ ਫਿਰ ਕੀ ਹੋਇਆ ਜੇ ਇਸ ਵਾਰ ਕੁੜੀ ਆ, 'ਕੁੜੀਆਂ ਕਿਤੇ ਰਾਤ ਉਠ-ਉਠ ਖਾਂਦੀਆਂ ਨੇ?'
'ਮੇਰੀ ਸੁਣ ਗੱਲ, ਤੂੰ ਸਵੇਰੇ ਇਸ ਦਾ ਫਾਹਾ ਵੱਢ ਕੇ ਆਵੀਂ, ਨਹੀਂ ਮੇਰੇ ਤੋਂ ਬੁਰਾ ਕੋਈ ਨ੍ਹੀਂ |'
ਉਸ ਤੋਂ ਬਾਅਦ ਡੁਸਕਣ ਦੀ ਆਵਾਜ਼ ਸੁਣ ਕੇ ਚਿੜੀ ਕਹਿ ਰਹੀ ਸੀ, 'ਭਲਿਆ ਮਾਣਸਾ, ਇਸ ਪੱਕੇ ਆਲ੍ਹਣੇ 'ਚ ਤਾਂ ਰਹਿਣ ਵਾਲਿਆਂ ਦੀ ਨਸਲ ਬਚਣ ਦੀ ਉਮੀਦ ਨਹੀਂ, ਸਾਡੀ ਕਿਵੇਂ ਬਚਣੀ ਐ?'
-ਤਰਸੇਮ ਸਿੰਘ ਭੰਗੂ
363/14, ਨਿਊ ਸੰਤ ਨਗਰ, ਗੁਰਦਾਸਪੁਰ-143521.
ਮੋਬਾਈਲ ; 94656-56214.

ਲੜੀਵਾਰ ਨਾਵਲ-- ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਧਰਮਵੀਰ ਦੀ ਲਾਸ਼ ਘਰ ਲਿਆਂਦੀ ਗਈ | ਉਸ ਦੇ ਸਾਥੀ ਅਫ਼ਸਰ ਵੀ ਆ ਗਏ ਸਨ | ਪਰਕਾਸ਼ ਦੇ ਚਾਚੇ ਸਰਨ ਸਿੰਘ ਦਾ ਪੁੱਤਰ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਵੀ ਆ ਗਏ | ਪਰਕਾਸ਼ ਦਵਿੰਦਰ ਦੇ ਗਲ ਲਗ ਕੇ ਬੜਾ ਰੋਈ | ਕਰਨ ਨੇ ਵੀ ਉਸ ਨਾਲ ਦੁੱਖ ਸਾਂਝਾ ਕੀਤਾ | ਅੰਤਿਮ ਸੰਸਕਾਰ ਸ਼ਾਮੀਂ ਚਾਰ ਵਜੇ ਕੀਤਾ ਜਾਣਾ ਸੀ | ਅੱਜ ਅੱਗੇ ਪੜ੍ਹੋ :
ਕਰਨ ਤੇ ਕਰਨਲ ਚਾਹਲ ਕਈ ਵਾਰੀ ਦੁਹਰਾਅ ਚੁੱਕੇ ਫਿਰ ਉਨ੍ਹਾਂ ਕਾਲੋਨੀ ਦੇ ਵੈੱਲਫੇਅਰ ਆਫਿਸ ਦੇ ਬਾਹਰ ਬੋਰਡ ਉਤੇ ਲਿਖਵਾ ਦਿੱਤਾ ਹੈ |
ਦੋਵੇਂ ਜਵਾਈ ਬੁੱਤ ਬਣੀ ਖਲੋਤੇ ਆਉਣ-ਜਾਣ ਵਾਲਿਆਂ ਦਾ ਮੁਹਾਂਦਰਾ ਨਿਹਾਰਦੇ ਹਨ | ਉਹ ਵਾਰੀ-ਵਾਰੀ ਉੱਠ ਕੇ ਅੰਦਰ ਜਾਂਦੇ, ਮੰੂਹ ਪੂੰਝਦੇ, ਹੱਥ ਝਾੜਦੇ ਫਿਰ ਆਪਣੀ ਥਾਂ 'ਤੇ ਆ ਕੇ ਬੈਠ ਗਏ | ਕਿਸੀ ਨੇ ਉਨ੍ਹਾਂ ਨੂੰ ਹੱਥ ਜੋੜ ਅਫਸੋਸ ਨਾ ਕੀਤਾ | ਉਨ੍ਹਾਂ ਨੂੰ ਕੀ ਘਾਟਾ ਸੀ ਤੇ ਕੀ ਦੁੱਖ? ਉਨ੍ਹਾਂ ਦਾ ਰਾਜ ਇਸ ਘਰ ਉਤੇ ਕਾਇਮ ਸੀ | ਮੌਜਮਸਤੀ ਨਾਲ ਰਹਿੰਦੇ ਐਸ਼-ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ | 'ਬਮ ਬਮ, ਨਾ ਫਿਕਰ ਨਾ ਗ਼ਮ', ਆਪਣੀਆਂ ਤਨਖਾਹਾਂ ਬੈਂਕ ਦੇ ਅਕਾਊਾਟ ਵਧਾ ਰਹੀਆਂ ਹਨ | ਮਾਂ ਜੀ ਨੂੰ ਤਲੀਆਂ ਉਤੇ ਨਚਾ ਰਹੇ ਹਨ |
ਸਾਢੇ ਤਿੰਨ ਵਜੇ ਇਸ਼ਨਾਨ ਕਰਵਾਇਆ ਤੇ ਕਾਢੋ-ਕਾਢੋ ਦੀਆਂ ਤਿਆਰੀਆਂ ਹੋਣ ਲੱਗੀਆਂ |
ਪਰਕਾਸ਼ ਨੇ ਦਵਿੰਦਰ ਦੇ ਮੋਢੇ ਉਤੇ ਸਿਰ ਰੱਖਿਆ ਹੈ | ਮਮਤਾ ਦੇ ਪਾਪਾ ਵਰਮਾ ਜੀ ਅਰਥੀ ਉਤੇ ਸ਼ਾਲ ਪਾਉਣ ਲਈ ਅੱਗੇ ਵਧੇ ਹਨ | ਪਰਕਾਸ਼ ਨੇ ਲੰਮਾ ਹੱਥ 'ਨਾ ਨਾ' ਕਹਿੰਦੇ ਉਲਾਰਿਆ ਹੈ | ਦਵਿੰਦਰ ਨੇ ਇਕੋ ਝਟਕੇ ਨਾਲ ਉਸ ਦੀ ਬਾਂਹ ਫੜ ਲਈ ਹੈ 'ਕੀ ਕਰ ਰਹੇ ਹੋ ਭੂਆ ਜੀ, ਸਾਰੇ ਲੋਕਾਂ ਦੇ ਸਾਹਮਣੇ?'
ਮਮਤਾ ਨੇ ਸੌ ਦਾ ਨੋਟ ਤੇ ਨਾਰੀਅਲ ਰੱਖ ਕੇ ਧਰਮਵੀਰ ਦੇ ਪੈਰਾਂ ਉਤੇ ਮੱਥਾ ਟੇਕਿਆ, ਪਰਕਾਸ਼ ਨੇ ਮੰੂਹ ਮੱਥਾ ਸੁੰਗੇੜਿਆ ਹੈ |
ਕਰਨ ਨੇ ਪਾਪਾ ਦੇ ਢਕੇ ਹੋਏ ਚਿਹਰੇ ਤੋਂ ਚਾਦਰ ਚੁੱਕੀ ਤੇ ਧਰਮਵੀਰ ਦੇ ਮੱਥੇ ਉਤੇ ਆਪਣਾ ਸਿਰ ਰੱਖ ਜ਼ਾਰੋ-ਜ਼ਾਰ ਰੋਇਆ ਹੈ | 'ਇਸ ਚਿਹਰੇ ਨੂੰ ਵੇਖਣ ਲਈ ਤਰਸਾਂਗੇ... ਫੇਰ ਨਹੀਂ ਦਿਸਣਾ ਇਹ ਚਿਹਰਾ, ਕਿਥੋਂ ਲੱਭਾਂ ਜਿਊਾਦੇ ਜੀਅ | ਹਾਇ! ਮਾਂ ਨੇ ਮੈਨੂੰ ਤੁਹਾਡੇ ਤੋਂ ਦੂਰ ਰੱਖਿਆ... ਕਿੰਨੀ ਵਾਰੀ ਸੱਦਿਆ ਤੁਹਾਨੂੰ, ਤੁਸੀਂ ਡਰਦੇ ਹੀ ਰਹੇ... | ਨਹੀਂ ਆਏ ਮੇਰੇ ਕੋਲ | ਤੁਹਾਡੀ ਸੇਵਾ ਕਰਨ ਦੀ ਤਮੰਨਾ ਦਿਲ ਵਿਚ ਹੀ ਰਹੀ |'
ਕਰਨਲ ਚਾਹਲ ਨੇ ਕਰਨ ਨੂੰ ਉਠਾਇਆ ਹੈ | 'ਹੌਸਲਾ ਕਰ ਕਰਨ ਸਭ ਨਾਲ ਇਕ ਨਾ ਇਕ ਦਿਨ ਇਹੋ ਕੁਝ ਹੋਣਾ ਹੈ | ਸਾਹ ਖਤਮ ਹੋ ਜਾਣ ਤਾਂ ਕੁਝ ਨਾ ਕੁਝ ਬਹਾਨਾ ਬਣਾ ਹੀ ਹੁੰਦੈ ਸ਼ਾਂਤੀ... ਸ਼ਾਂਤੀ | ਪੁੱਤਰ ਜੋ ਜੰਮਿਆ ਹੈ ਉਹ ਮਰਨਾ ਹੈ ਇਹੋ ਹੀ ਜ਼ਿੰਦਗੀ ਏ |'
ਲੋਧੀ ਰੋਡ ਕਰੀਮੇਸ਼ਨ ਗਰਾਊਾਡ ਬਹੁਤ ਸਾਰੇ ਫ਼ੌਜੀ ਅਫਸਰ ਪਹੁੰਚੇ ਹਨ | ਕਰਨ ਨੂੰ ਹੱਥ ਜੋੜ ਅਫਸੋਸ ਕਰਦੇ ਕਈਆਂ ਨੇ ਪਰਕਾਸ਼ ਨੂੰ ਬੁਲਾਇਆ ਵੀ ਨਾ | ਦੋਵਾਂ ਧੀਆਂ, ਜੁਆਈਆਂ, ਭਤੀਜੇ ਦਵਿੰਦਰ ਤੇ ਉਸ ਦੀ ਵਹੁਟੀ ਕੋਲ ਖਲੋਤੀ ਉਹ ਸਭ ਕੁਝ ਵੇਖ ਰਹੀ ਹੈ |
ਕਰਨ ਨੇ ਟੁੱਟੇ ਹੋਏ ਘੜੇ ਨੂੰ ਮੋਢਿਆਂ ਉਤੇ ਚੁੱਕ ਉਸ ਥੜ੍ਹੇ ਦੀ ਪਰਿਕਰਮਾ ਕੀਤੀ ਜਿਥੇ ਧਰਮਵੀਰ ਦੀ ਦੇਹ ਰੱਖੀ ਸੀ | ਪਰਕਾਸ਼ ਧਰਮਵੀਰ ਦੇ ਸਿਰ ਕੋਲ ਖਲੋਤੀ ਰਹੀ | ਨਾ ਉਹ ਢਾਹ ਮਾਰੀ ਨਾ ਉਹ ਵਿਲਕੀ ਹੈ | ਕਦੀ ਸਿਰ ਝੁਕਾਂਦੀ ਹੈ, ਕਦੀ ਕਰਨ ਮਮਤਾ ਵੱਲ ਲਾਟਾਂ ਛੱਡਦੀ ਨਜ਼ਰ ਨਾਲ ਵੇਖ ਮੰੂਹ ਮੱਥਾ ਸੁਕੇੜ ਲੈਂਦੀ ਹੈ | ਪੰਡਿਤ ਜੀ ਨੇ ਆਪਣੀ ਵਿਧੀ ਨਿਭਾਈ ਹੈ |
ਅਗਨ ਭੇਟ ਹੋ ਗਈ ਇਹ ਪੰਜ ਭੂਤਕ ਦੇਹ, ਸਭ ਚਲੇ ਗਏ ਆਪੋ-ਆਪਣੇ ਘਰੀਂ ਡਰੇ-ਡਰੇ, ਸਹਿਮੇ ਜਿਹੇ | ਸਭ ਦੇ ਦਿਲ ਸ਼ਮਸ਼ਾਨ ਭੂਮੀ ਜਾ ਕੇ ਤ੍ਰਹਿ ਜਾਂਦੇ ਨੇ, ਆਪਣੀ ਵਾਰੀ ਸਭ ਦਾ ਇਹੋ ਹੀ ਹਸ਼ਰ ਹੋਣਾ ਹੈ | ਜੋ ਜੰਮਦਾ ਹੈ ਉਸ ਨੇ ਮਰਨਾ ਹੈ, ਜੋ ਉਗਦਾ ਹੈ ਉਸ ਕਟੀਣਾ ਹੈ, ਜੋ ਖਿੜਦਾ ਹੈ, ਉਸ ਮੁਰਝਾਣਾ ਹੈ, ਜੋ ਬਣਦਾ ਹੈ ਉਸ ਨੇ ਟੁੱਟਣਾ ਹੈ | ਪਲ ਦਾ ਪਲ ਹਰ ਆਦਮੀ ਦੀ ਰੂਹ ਕੰਬਦੀ ਹੈ, ਮੌਤ ਤੋਂ ਡਰ ਲਗਦਾ ਹੈ | ਉਸ ਵੇਲੇ ਰੱਬ ਯਾਦ ਆਉਂਦਾ ਹੈ | ਆਸ-ਪਾਸ ਕਈ ਸੜਦੀਆਂ ਚਿਖਾਂ ਨੂੰ ਵੇਖਣ ਤੋਂ ਹਰ ਮਨੁੱਖ ਅੱਖਾਂ ਚੁਰਾਂਦਾ ਹੈ | ਮਰਨ ਵਾਲੇ ਦੀਆਂ ਚੰਗਿਆਈਆਂ ਨੂੰ ਲੋਕ ਚਿਤਵਦੇ ਹਨ | ਸ਼ੁਕਰ ਕਰਦੇ ਨੇ ਉਥੋਂ ਟੂਟੀਆਂ ਤੋਂ ਮੰੂਹ ਹੱਥ ਧੋਅ ਕੇ ਸ਼ਮਸ਼ਾਨਘਾਟ ਦੇ ਗੇਟ ਤੋਂ ਬਾਹਰ ਨਿਕਲਦੇ ਹਨ | ਬਾਹਰ ਨਿਕਲ ਸਭ ਕੁਝ ਭੁਲ-ਭੁਲਾ ਜਾਂਦੇ ਹਨ ਤੇ ਰੰਗ-ਬਰੰਗੀ ਦੁਨੀਆ ਦੇ ਝੰਜਟਾਂ, ਝਮੇਲਿਆਂ ਵਿਚ ਉਸੀ ਤਰ੍ਹਾਂ ਪਹਿਲਾਂ ਵਾਂਗ ਗਲਤਾਨ ਹੁੰਦੇ ਮੌਤ, ਡਰ, ਕਾਲ, ਚਿਖਾ, ਅਗਨੀ ਸਭ ਕੁਝ ਭੁੱਲ ਜਾਂਦਾ ਹੈ ਤੇ ਜੀਵਨ ਗਤੀ ਉਂਜ ਹੀ ਆਪਣੀ ਟੋਰ ਟੁਰਨ ਲਗਦੀ ਹੈ | ਕਦੀ ਹੌਲੀ-ਕਦੀ ਤੇਜ਼ |
ਸ਼ਮਸ਼ਾਨਘਾਟ ਤੋਂ ਹੌਲੀ-ਹੌਲੀ ਸਾਰੇ ਟੁਰ ਗਏ ਹਨ | ਕਰਨ ਤੇ ਦਵਿੰਦਰ ਕਪਾਲ ਕਿਰਿਆ ਤੀਕ ਉਥੇ ਹੀ ਬੈਠੇ ਰਹੇ | ਕਰਨ ਨੇ ਦਵਿੰਦਰ ਨੂੰ ਸਭ ਕੁਝ ਸੁਣਾਇਆ ਹੈ | 'ਉਹ ਕਿਵੇਂ ਪਾਪਾ ਨੂੰ ਵੇਖਣ ਆਇਆ ਹੈ? ਮਾਂ ਨੇ ਤਾਂ ਉਸ ਨੂੰ ਖਬਰ ਹੀ ਨਹੀਂ ਦਿੱਤੀ | ਹਸਪਤਾਲ ਵਿਚ ਦੋਵਾਂ ਨੂੰ ਵੇਖ ਕੇ ਪਿੱਟਣ ਲੱਗ ਪਈ ਸੀ ਕਿ ਸਾਰੀ ਜਾਇਦਾਦ ਉਤੇ ਕਬਜ਼ਾ ਕਰਨ ਆਇਆ ਹੈ | ਮਾਮਾ ਜੀ ਤੁਸੀਂ ਦੱਸੋ ਇਹੋ ਜਿਹੇ ਵੇਲੇ ਜਾਇਦਾਦਾਂ ਦੇ ਕਬਜ਼ੇ ਦੀ ਸੁੱਝਦੀ ਹੈ? ਮੇਰੇ ਪਾਪਾ ਜੀ ਦੀ ਕੋਈ ਵੈਲਯੂ ਨਹੀਂ? ਕੋਈ ਵਿਛੋੜਾ ਨਹੀਂ? ਉਨ੍ਹਾਂ ਦੇ ਜਾਣ ਦਾ ਕੋਈ ਦੁੱਖ ਨਹੀਂ?'
(ਬਾਕੀ ਅਗਲੇ ਐਤਵਾਰ)

ਮਿੰਨੀ ਕਹਾਣੀਆਂ

ਛੁੱਟੀ
ਸੋਮਵਾਰ ਦੀ ਅਚਾਨਕ ਐਲਾਨੀ ਗਈ ਸਰਕਾਰੀ ਛੁੱਟੀ ਦਾ ਪਤਾ ਲਗਦਿਆਂ ਹੀ ਸਾਰੇ ਬੱਚਿਆਂ ਤੇ ਅਧਿਆਪਕਾਂ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਮੈਂ ਵੇਖ ਰਿਹਾ ਸਾਂ ਕਿ ਮੇਰੀ ਜਮਾਤ ਦੀ ਵਿਦਿਆਰਥਣ ਮੀਤਾਂ ਦੇ ਚਿਹਰੇ 'ਤੇ ਡੰੂਘੀ ਉਦਾਸੀ ਛਾ ਗਈ ਸੀ | ਮੈਂ ਪੜ੍ਹਾਉਣਾ ਬੰਦ ਕਰਕੇ ਮੀਤਾਂ ਨੂੰ ਕੋਲ ਬੁਲਾਇਆ ਤੇ ਬੜੇ ਹੀ ਪਿਆਰ ਨਾਲ ਪੁੱਛਿਆ, 'ਮੀਤਾਂ ਕੀ ਗੱਲ ਏ?... ਤੂੰ ਛੁੱਟੀ ਬਾਰੇ ਸੁਣ ਕੇ ਉਦਾਸ ਕਿਉਂ ਹੋ ਗਈ ਏਾ?'
ਮੇਰੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਮੀਤਾਂ ਫੁਟ-ਫੁਟ ਕੇ ਰੋਣ ਲੱਗ ਪਈ ਤੇ ਆਪਣੇ ਹੱਥਾਂ ਨਾਲ ਉਸ ਨੇ ਆਪਣਾ ਚਿਹਰਾ ਢਕ ਲਿਆ | ਇੰਜ ਅਚਾਨਕ ਹੀ ਉਸ ਦੀਆਂ ਅੱਖਾਂ 'ਚੋਂ ਹੰਝੂਆਂ ਦੀ ਝੜੀ ਲਗਦੀ ਵੇਖ ਕੇ ਮੇਰਾ ਮਨ ਪਸੀਜ ਗਿਆ ਤੇ ਮੈਂ ਅਗਾਂਹ ਹੋ ਕੇ ਉਸ ਦਾ ਸਿਰ ਪਲੋਸਦਿਆਂ ਹੋਇਆਂ ਉਸ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ | ਥੋੜ੍ਹਾ ਸ਼ਾਂਤ ਹੋਣ ਮਗਰੋਂ ਹਉਕੇ ਜਿਹੇ ਲੈਂਦਿਆਂ ਹੋਇਆਂ ਉਹ ਬੋਲੀ, 'ਮੈਡਮ ਜੀ... ਮੇਰਾ ਬਾਪ ਇਕ ਦਿਹਾੜੀਦਾਰ ਮਜ਼ਦੂਰ ਏ ਤੇ ਪਿਛਲੇ ਛੇ ਦਿਨਾਂ ਤੋਂ ਬੁਖਾਰ ਨਾਲ ਮੰਜੇ 'ਤੇ ਪਿਆ ਹੋਇਐ... ਘਰ 'ਚ ਜਿੰਨਾ ਵੀ ਆਟਾ-ਦਾਲ ਸੀ, ਸਭ ਖ਼ਤਮ ਹੋ ਗਿਐ... ਦੁਕਾਨ ਵਾਲਾ ਵੀ ਹੁਣ ਉਧਾਰ ਸੌਦਾ ਨਹੀਂ ਦਿੰਦਾ... ਆਹ ਮੈਂ ਤੇ ਮੇਰੀ 5 ਸਾਲ ਦੀ ਭੈਣ ਸਕੂਲੋਂ ਦੁਪਹਿਰ ਨੂੰ ਮਿਲਦਾ ਖਾਣਾ ਖਾ ਕੇ ਢਿੱਡ ਭਰ ਲੈਂਦੀਆਂ ਹਾਂ ਤੇ ਸਾਰੀ ਰਾਤ ਇਸੇ ਰੋਟੀ ਨਾਲ ਕੱਢਣ ਦੀ ਕੋਸ਼ਿਸ਼ ਕਰਦੀਆਂ ਹਾਂ...', ਏਨਾ ਆਖ ਕੇ ਉਹ ਰੁਕ ਗਈ ਤੇ ਉਸ ਦਾ ਗਚ ਭਰ ਆਇਆ | ਹੰਝੂ ਪੂੰਝਦਿਆਂ ਹੋਇਆਂ ਉਹ ਬੋਲੀ, 'ਐਤਵਾਰ ਹੋਣ ਕਰਕੇ ਅੱਗੇ ਹੀ ਸਾਨੂੰ ਸਾਰਾ ਦਿਨ ਰੋਟੀ ਨਸੀਬ ਨਹੀਂ ਸੀ ਹੋਈ ਤੇ ਹੁਣ ਸੋਮਵਾਰ ਦੀ ਵੀ ਛੁੱਟੀ ਆ ਗਈ ਏ... ਮੈਂ ਤਾਂ ਔਖੀ-ਸੌਖੀ ਦੋ ਦਿਨ ਭੁੱਖੀ ਰਹਿ ਲਊਾ ਪਰ ਆਹ ਮੇਰੀ ਨਿੱਕੀ ਭੈਣ...' ਸਾਹਮਣੇ ਜਮਾਤ 'ਚ ਬੈਠੀ ਆਪਣੀ ਨਿੱਕੀ ਭੈਣ ਵੱਲ ਉਸ ਨੇ ਇਸ਼ਾਰਾ ਕੀਤਾ ਤੇ ਜ਼ਾਰ-ਜ਼ਾਰ ਹੰਝੂ ਕੇਰਨ ਲੱਗ ਪਈ |
ਭਰੇ ਮਨ ਨਾਲ ਮੈਂ ਕਦੇ ਅੱਥਰੂਆਂ ਨਾਲ ਸਰਸ਼ਾਰ ਮੀਤਾਂ ਵੱਲ ਵੇਖ ਰਹੀ ਸਾਂ ਤੇ ਕਦੇ 'ਛੁੱਟੀ' ਦਾ ਸੁਨੇਹਾ ਮੋਬਾਈਲ ਰਾਹੀਂ ਅਗਾਂਹ ਤੋਰਦੀਆਂ ਆਪਣੀਆਂ ਸਾਥਣ ਅਧਿਆਪਕਾਵਾਂ ਵੱਲ | ਇਕ ਪਾਸੇ ਵਗਦੇ ਹੰਝੂਆਂ ਤੇ ਦੂਜੇ ਪਾਸੇ ਵੱਜਦੀਆਂ ਕਿਲਕਾਰੀਆਂ ਦਰਮਿਆਨ ਮੇਰੇ ਕੰਨਾਂ 'ਚ ਇਕ ਹੀ ਸ਼ਬਦ ਵਾਰ-ਵਾਰ ਗੰੂਜ ਰਿਹਾ ਸੀ ਤੇ ਉਹ ਸ਼ਬਦ ਸੀ 'ਛੁੱਟੀ |'

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੰੁਮਣ
410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008

ਕੁਰੱਪਸ਼ਨ
ਮੈਂ ਰੋਜ਼ਾਨਾ ਮੰਮੀ ਜੀ ਨੂੰ ਸਕੂਲ ਛੱਡਣ ਜਾਂਦਾ ਹਾਂ ਤੇ ਛੁੱਟੀ ਵੇਲੇ ਲੈ ਕੇ ਆਉਂਦਾ ਹਾਂ | ਇਹ ਕੰਮ ਕੋਈ ਔਖਾ ਨਹੀਂ | ਪਰ ਮੈਨੂੰ ਇਸ ਕੰਮ ਤੋਂ ਡਾਢੀ ਗਿਲਾਨੀ ਪ੍ਰੇਸ਼ਾਨੀ, ਬੇਚੈਨੀ ਤੇ ਅੱਚਵੀ ਮਹਿਸੂਸ ਹੁੰਦੀ ਹੈ |
ਮੈਂ ਜਿਉਂ ਹੀ ਸਟਾਫ਼ ਰੂਮ ਮੂਹਰੇ ਸਕੂਟਰ ਲਾਉਂਦਾ ਹਾਂ ਤਾਂ ਕਿੰਨੀਆਂ ਹੀ ਆਵਾਜ਼ਾਂ ਮੇਰੇ ਕੰਨਾਂ ਵਿਚ ਖੌਰੂ ਪਾਉਂਦੀਆਂ ਹਨ, 'ਕੁਰੱਪਸ਼ਨ... ਕੁਰੱਪਸ਼ਨ... ਕੁਰੱਪਸ਼ਨ... |'
ਮੇਰੀ ਜ਼ਮੀਰ ਮੇਰੇ ਹਥੋੜੇ ਮਾਰਦੀ ਹੈ | ਮੰਮੀ ਜੀ ਨੂੰ ਪਿਛਲੇ ਸਾਲ ਅਧਰੰਗ ਦਾ ਅਟੈਕ ਹੋ ਗਿਆ ਸੀ | ਸ਼ੁਕਰ ਹੈ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਉਹ ਚੰਗੀ ਤਰ੍ਹਾਂ ਤੁਰ-ਫਿਰ ਨਹੀਂ ਸਕਦੇ ਤੇ ਨਾ ਹੀ ਚੰਗੀ ਤਰ੍ਹਾਂ ਬੋਲ ਸਕਦੇ ਹਨ | ਪੜ੍ਹਾਉਣਾ ਤਾਂ ਦੂਰ ਦੀ ਗੱਲ ਹੈ |
ਮੈਂ ਕਿੰਨੀ ਵਾਰੀ ਮੰਮੀ ਜੀ ਨੂੰ ਖਿਝ ਕੇ ਆਖਦਾ ਹਾਂ, 'ਮੰਮੀ ਜੀ, ਤੁਸੀਂ ਰਿਟਾਇਰਮੈਂਟ ਕਿਉਂ ਨ੍ਹੀਂ ਲੈ ਲੈਂਦੇ?'
'ਵੇ ਅਜੇ ਤਾਂ ਪੂਰੇ ਦੋ ਸਾਲ ਰਹਿੰਦੇ ਆ |'
'ਮੰਮੀ ਜੀ...', ਮੈਂ ਹੋਰ ਤਪ ਕੇ ਬੋਲਦਾ ਹਾਂ, 'ਤੁਸੀਂ ਬਹਿ ਨੀਂ ਸਕਦੇ, ਖੜ੍ਹ ਨੀ ਸਕਦੇ, ਬੱਚਿਆਂ ਨੂੰ ਪੜ੍ਹਾ ਨ੍ਹੀਂ ਸਕਦੇ ਤੇ ਫਿਰ...?'
ਮੰਮੀ ਜੀ ਮੇਰੀ ਗੱਲ ਕੱਟ ਕੇ ਬੋਲਦੇ ਹਨ, 'ਤੇ ਫਿਰ ਦਿਆ ਲਗਦਿਆ, ਤਨਖਾਹ ਪਤਾ ਕਿੰਨੀ ਮਿਲਦੀ ਆ? ਸਾਢੇ ਬਵੰਜਾ ਹਜ਼ਾਰ... |'
'ਤੇ ਬੱਚਿਆਂ ਦਾ ਭਵਿੱਖ...?'
ਮੇਰੀ ਗੱਲ ਸੁਣ ਕੇ ਮੰਮੀ ਜੀ ਥੋੜ੍ਹਾ ਜਿਹਾ ਠਠੰਬਰ ਜਾਂਦੇ ਐ ਪਰ ਬਿੰਦ ਕੁ ਚੁੱਪ ਰਹਿ ਕੇ ਢੀਠਤਾਈ 'ਚੋਂ ਬੋਲਦੇ ਹਨ, 'ਵੇ ਬਾਹਲਿਆ ਸਿਆਣਿਆ ਤੈਨੂੰ ਕਿੰਨੀ ਵਾਰੀ ਦੱਸਿਆ ਪਈ ਮੈਂ ਇਕ ਐਮ.ਏ.ਬੀ.ਐਡ ਲੜਕੀ 2500 ਰੁਪਏ ਮਹੀਨੇ 'ਤੇ ਰੱਖੀ ਹੋਈ ਆ | ਬੜੀ ਲਾਈਕ ਆ, ਮਨ ਲਾ ਕੇ ਪੜ੍ਹਾਉਂਦੀ ਆ ਬੱਚਿਆਂ ਨੂੰ ... |'
'ਜਿਹੜੀ ਮਨ ਲਾ ਕੇ ਪੜ੍ਹਾਉਂਦੀ ਆ, ਉਹਨੂੰ ਸਿਰਫ਼ 2500 ਰੁਪਏ ਤੇ ਜਿਹਦਾ ਸਿਰਫ ਵਜੂਦ ਹਾਜ਼ਰ ਹੁੰਦੈ, ਉਹਨੂੰ 50 ਹਜ਼ਾਰ... ਇਹ ਤਾਂ ਸਿਰੇ ਦਾ ਸ਼ੋਸ਼ਣ ਆ | ਸਿਰੇ ਦੀ ਕੁਰੱਪਸ਼ਨ ਆ... |'
'ਕੁਰੱਪਸ਼ਨ... ਕੁਰੱਪਸ਼ਨ...', ਮੰਮੀ ਜੀ ਦੇ ਗੁੱਸੇ ਨਾਲ ਬੁੱਲ੍ਹ ਕੰਬਦੇ ਹਨ, 'ਕੁਰੱਪਸ਼ਨ ਇਥੇ ਕੌਣ ਨੀਂ ਕਰਦਾ? ਜਿਨ੍ਹਾਂ ਦੇ ਹੱਥ ਵਿਚ ਦੇਸ਼ ਦੀ ਵਾਗਡੋਰ ਆ ਕੀ ਉਹ ਕੁਰੱਪਸ਼ਨ ਨਹੀਂ ਕਰਦੇ? ਕੀ ਉਹ ਸ਼ੋਸ਼ਣ ਨਹੀਂ ਕਰਦੇ...?'
ਤੇ ਫਿਰ ਮੈਨੂੰ ਕੋਈ ਜਵਾਬ ਨਹੀਂ ਅਹੁੜਦਾ |

-ਪ੍ਰੀਤ ਨੀਤਪੁਰ
ਪਿੰਡ ਨੀਤਪੁਰ, ਡਾਕ: ਬਾੜੀਆ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 98788-05238.

ਛੋਟੀ ਕਹਾਣੀ--ਕਬਰਾਂ

ਮਿੱਟੀ ਦੀ ਢੇਰੀ ਵਰਗੀ ਕਬਰ ਨੇ ਨਵ-ਨਿਰਮਤ ਸੰਗਮਰਮਰੀ ਕਬਰ ਵੱਲ ਵੇਖ ਕੇ ਡੰੂਘਾ ਹਓੁਕਾ ਭਰਿਆ | 'ਜਿਊਾਦਿਆਂ ਵੀ ਤੇਰੇ-ਮੇਰੇ ਦਰਮਿਆਨ ਅਮੀਰੀ-ਗਰੀਬੀ ਵਾਲਾ ਵੱਡਾ ਅੰਤਰ ਸੀ | ਗਰੀਬੀ ਨਾਲ ਘੁਲਦਿਆਂ ਹੀ ਮੈਂ ਮਰ ਗਿਆ...', ਮਿੱਟੀ ਦੀ ਕਬਰ ਨੇ ਸਵਾਲੀਆ ਲਹਿਜ਼ੇ 'ਚ ਕਿਹਾ |
'ਹੰੂ...', ਸੰਗਮਰਮਰੀ ਕਬਰ ਨੇ ਵਿਅੰਗਮਈ ਮੁਸਕਾਨ ਬਖੇਰਦਿਆਂ ਹੁੰਗਾਰਾ ਭਰਿਆ |
'...ਮੈਂ ਸੋਚਿਆ ਸੀ ਸ਼ਾਇਦ ਮਰ ਕੇ ਅਮੀਰੀ ਗਰੀਬੀ ਵਾਲਾ ਭੇਦ ਮੇਰਾ ਖਹਿੜਾ ਛੱਡ ਦੇਵੇਗਾ', ਕੱਚੀ ਕਬਰ ਨੇ ਰੋਣਹਾਕੀ ਸੁਰ 'ਚ ਕਿਹਾ |
'ਜਿੰਨਾ ਚਿਰ ਮੇਰਾ ਸਾਮਰਾਜਵਾਦ ਜ਼ਿੰਦਾ ਰਹੇਗਾ, ਓਨਾ ਚਿਰ ਇਹ ਅਮੀਰੀ-ਗਰੀਬੀ ਜ਼ਿੰਦਾਬਾਦ ਰਹੇਗੀ | ਇਹ ਨੀਤੀਘਾੜਿਆਂ ਦੀਆਂ ਨੀਤੀਆਂ 'ਤੇ ਸਿਰਫ਼ ਮੇਰਾ ਅਧਿਕਾਰ ਹੈ... ਤਾਂ ਹੀ ਮੇਰੇ 'ਤੇ ਫੁੱਲ-ਮਾਲਾਵਾਂ ਅਤੇ ਤੇਰੇ 'ਤੇ ਘੱਟਾ ਉੱਡ ਰਿਹਾ ਹੈ', ਪੱਕੀ ਕਬਰ ਦੀ ਆਵਾਜ਼ ਦਿ੍ੜ੍ਹ ਸੀ |
ਹੁਣ ਕੱਚੀ ਕਬਰ 'ਤੇ ਸੰਘਣਾ ਮਾਯੂਸੀ ਦਾ ਆਲਮ ਪਸਰ ਗਿਆ |
-ਬਲਦੇਵ ਸਿੰਘ ਕੰਬੋ
ਪਿੰਡ ਸਾਰੰਗੜਾ, ਜ਼ਿਲ੍ਹਾ ਅੰਮਿ੍ਤਸਰ-143110.
ਮੋਬਾਈਲ : 98552-74305.

ਪੈਸਾ ਤੇ ਉਧਾਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
• ਕਰਜ਼ਦਾਰ ਹੋਣਾ ਸਭ ਤੋਂ ਵੱਡੀ ਗ਼ਰੀਬੀ ਹੈ |
• ਜਿਹੜਾ ਮਰ ਜਾਂਦਾ ਹੈ, ਉਹ ਸਾਰੇ ਕਰਜ਼ੇ ਲਾਹ ਦਿੰਦਾ ਹੈ |
• ਕਰਜ਼ ਵੱਡਾ ਮਰਜ਼ |
• ਕਰਜ਼ੇ ਤੋਂ ਬਚਣ ਲਈ ਬੰਦੇ ਨੂੰ ਹਿਸਾਬ-ਕਿਤਾਬ ਰੱਖਣ ਵਿਚ ਹੁਸ਼ਿਆਰ ਹੋਣਾ ਚਾਹੀਦਾ ਹੈ |
• ਕਰਜ਼ੇ ਤੇ ਬਚਣ ਲਈ ਬੰਦੇ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ |
• ਆਮਦਨ ਤੋਂ ਖਰਚੇ ਦੀ ਚੰਗੇ ਢੰਗ ਨਾਲ ਵਿਉਂਤਬੰਦੀ ਕਰੋ |
• ਵੱਡੇ ਲੋਕਾਂ ਦੀ ਨਕਲ ਕਰਕੇ ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਸਮਾਗਮਾਂ 'ਤੇ ਵਿਤ ਤੋਂ ਵਧ ਕੇ ਖਰਚ ਨਾ ਕਰੋ |
ਨਸੀਹਤਾਂ
• ਵੱਡੇ ਲੋਕਾਂ ਤੇ ਅਮੀਰ ਲੋਕਾਂ ਦੀ ਰੀਸ ਨਹੀਂ ਕਰਨੀ ਚਾਹੀਦੀ | ਆਪਣੀ ਔਕਾਤ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਹਰ ਕੰਮ ਕਰਨ ਲੱਗਿਆਂ ਆਪਣੀ ਆਮਦਨ ਵੱਲ ਵੇਖਣਾ ਚਾਹੀਦਾ ਹੈ |
• ਲੜਾਈ-ਝਗੜੇ, ਮੁਕੱਦਮੇਬਾਜ਼ੀ ਤੋਂ ਬਚੋ |
• ਫੋਕੀ ਟੌਹਰ, ਲੋਕ ਦਿਖਾਵਾ ਤੇ ਬੱਲੇ-ਬੱਲੇ ਦੀ ਖਾਤਰ ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਸਮਾਗਮਾਂ 'ਤੇ ਫਜ਼ੂਲ ਖਰਚੀ ਨਾ ਕਰੋ | ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਸਮਾਗਮ ਸਾਦਗੀ ਵਿਚ ਕੀਤੇ ਜਾਣ ਅਤੇ ਇਸ ਤਰ੍ਹਾਂ ਬਚਾਇਆ ਪੈਸਾ ਛੋਟੀਆਂ ਬੱਚਤਾਂ ਵਿਚ ਲਗਾ ਕੇ ਧੀ-ਪੁੱਤ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਇਹ ਭਵਿੱਖ ਵਿਚ ਉਸ ਦੇ ਕੰਮ ਆ ਸਕੇ | (ਚਲਦਾ)
ਮੋਬਾਈਲ : 99155-63406.

ਘਰ ਵਾਪਸੀ-2

ਇਸ ਧਰਤੀ 'ਤੇ ਵਿਚਰਨ ਵਾਲਾ ਕੋਈ ਮਨੁੱਖ 'ਅਧਰਮੀ' ਕਿਵੇਂ ਹੋ ਸਕਦਾ ਹੈ? ਉਂਜ ਇਸ ਧਰਤੀ 'ਤੇ ਜਦ ਵੀ ਕੋਈ ਬੱਚਾ (ਮਨੁੱਖ) ਜਨਮ ਲੈਂਦਾ ਹੈ ਤਾਂ ਉਹ ਸੱਚਮੁੱਚ ਪੂਰੀ ਤਰ੍ਹਾਂ ਸ਼ੁੱਧ 'ਅਧਰਮੀ' ਹੁੰਦਾ ਹੈ, ਭਾਵ ਉਹਦਾ ਕੋਈ ਧਰਮ ਨਹੀਂ ਹੁੰਦਾ | ਉਹਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ 'ਧਰਮ' ਹੁੰਦਾ ਕੀ ਹੈ? 'ਧਰਮ' ਤਾਂ ਉਸ ਘਰ 'ਚੋਂ ਉਸ ਨੂੰ ਮਿਲਦਾ ਹੈ, ਜਿਸ 'ਚ ਉਹਦਾ ਜਨਮ ਹੁੰਦਾ ਹੈ | ਉਸ ਦੇ ਮਾਤਾ-ਪਿਤਾ, ਉਸ ਦੇ ਘਰ-ਪਰਿਵਾਰ ਵਾਲੇ ਜਿਸ ਧਰਮ ਦੇ ਮੰਨਣ ਵਾਲੇ ਹੋਣ, ਉਹੀਓ ਧਰਮ ਉਸ ਨੂੰ ਵੀ ਪ੍ਰਾਪਤ ਹੁੰਦਾ ਹੈ, ਫਿਰ ਉਹ ਮਨੁੱਖ ਉਸ ਧਰਮ ਦਾ ਅਨੁਆਈ ਹੋ ਕੇ, ਪੱਕਾ ਧਰਮੀ ਹੋ ਜਾਂਦਾ ਹੈ |
ਜਿਹੜਾ ਧਰਮ ਮਨੁੱਖ ਨੂੰ , ਇਉਂ ਹਾਸਲ ਹੁੰਦਾ ਹੈ, ਉਸ ਧਰਮ ਨਾਲ ਕਿਸੇ ਕਾਰਨ ਵਸ ਵੀ ਉਹਦਾ ਪਿਆਰ-ਸਤਿਕਾਰ ਜਾਂ ਆਸਥਾ ਨਾ ਰਹੇ ਤਾਂ ਉਹ ਕਿਸੇ ਹੋਰ ਧਰਮ ਨੂੰ ਅਪਣਾ ਕੇ, ਉਸ ਨਵੇਂ ਧਰਮ ਦਾ ਅਨੁਆਈ ਬਣ ਜਾਂਦਾ ਹੈ |
ਰਵਿੰਦਰ, ਰਾਬਰਟ ਜਾਂ ਰਜ਼ਾਕ ਜਾਂ ਹੋਰ ਕੁਝ ਵੀ ਹੋ ਜਾਂਦਾ ਹੈ | ਧਰਮ ਦੇ ਨਾਲ, ਉਹਦਾ ਨਾਂਅ ਵੀ ਬਦਲ ਜਾਂਦਾ ਹੈ | 'ਨਾਂਅ' ਹੀ ਤਾਂ ਕਿਸੇ ਵੀ ਧਰਮ ਦੇ ਪ੍ਰਤੀਕ ਹਨ, ਕਈ ਨਾਂਅ ਅਜਿਹੇ ਹਨ, ਜਿਹੜੇ ਭੁਲੇਖਾ ਵੀ ਪਾਉਣ ਵਾਲੇ ਹਨ, ਇਹ ਕਿਸੇ ਵੀ ਧਰਮ 'ਚ ਸਾਂਝੇ ਹਨ, ਜਿਵੇਂ:
ਇਕਬਾਲ, ਇਹ ਨਾਂਅ ਮੁਸਲਮਾਨਾਂ ਦਾ ਵੀ ਹੈ, ਸਿੱਖਾਂ ਦਾ ਵੀ ਹੈ ਤੇ ਹਿੰਦੂਆਂ ਦਾ ਵੀ ਹੈ |
ਇਕਬਾਲ ਸਿੰਘ, ਇਕਬਾਲ ਚੰਦ, ਇਕਬਾਲ ਮੁਹੰਮਦ |
ਇਸ ਨਾਂਅ ਦਾ ਇਕਬਾਲ ਬੁਲੰਦ ਹੈ |
ਸੰਸਾਰ ਵਿਚ ਸਭੇ ਧਰਮਾਂ ਦੀ ਉਪਜ, ਇਨਸਾਨ ਨੂੰ ਜਿਹੜਾ ਮੌਤ ਦਾ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ, ਇਹੋ ਇਹਦਾ ਮੁੱਖ ਕਾਰਨ ਹੈ | ਜਨਮ ਮਗਰੋਂ ਉਹਨੂੰ ਇਹ ਤੱਥ ਵੀ ਡਰਾਉਂਦਾ ਰਹਿੰਦਾ ਹੈ ਕਿ ਇਕ ਦਿਨ ਉਹਨੇ ਮਰ ਜਾਣਾ ਹੈ | ਜਿਹਨੇ ਜਨਮ ਲਿਆ ਹੈ, ਮਰਨਾ ਕੋਈ ਵੀ ਨਹੀਂ ਚਾਹੁੰਦਾ, ਹਮੇਸ਼ਾ ਜਿਊਣਾ ਚਾਹੁੰਦਾ ਹੈ, ਪਰ ਮਰਨਾ ਤਾਂ ਨਿਸਚਿਤ ਹੈ, ਇਸ ਲਈ ਉਹਨੂੰ ਧਰਵਾਸ ਧਰਮ ਹੀ ਦਿੰਦਾ ਹੈ |
ਕਈ ਲੋਕੀਂ ਰੱਬ ਦੀ ਹੋਂਦ ਤੋਂ ਮੁਨਕਰ ਹਨ, ਉਹ ਧਰਮਾਂ ਤੋਂ ਵੀ ਮੁਨਕਰ ਹਨ | ਨਾ ਰੱਬ 'ਚ, ਨਾ ਕਿਸੇ ਧਰਮ 'ਚ ਵਿਸ਼ਵਾਸ ਰੱਖਦੇ ਹਨ | ਕਮਿਊਨਿਸਟ ਪਾਰਟੀਆਂ ਵੀ ਇਸੇ ਆਧਾਰ 'ਤੇ ਹੋਂਦ 'ਚ ਆਈਆਂ ਪਰ ਪੰਥ ਰਤਨ, ਮਾਸਟਰ ਤਾਰਾ ਸਿੰਘ ਜੀ ਕਹਿੰਦੇ ਸਨ, 'ਇਨ੍ਹਾਂ ਕਮਿਊਨਿਸਟਾਂ ਦਾ ਵੀ ਧਰਮ ਹੈ ਕਿ ਰੱਬ ਨੂੰ ਨਹੀਂ ਮੰਨਣਾ |' ਭਾਵ ਧਰਮ ਇਕ ਰਾਹ ਹੈ, ਪੱਥ ਹੈ, ਪੰਥ ਹੈ, ਜਿਹਦੇ 'ਤੇ ਆਪਣੀ-ਆਪਣੀ ਸੋਚ, ਆਪਣੀ-ਆਪਣੀ ਆਸਥਾ ਅਨੁਸਾਰ, ਮਨੁੱਖ ਜ਼ਿੰਦਗੀ ਦੇ ਰਾਹ 'ਤੇ ਅੱਗੇ ਵਧਦਾ ਜਾਂਦਾ ਹੈ |
ਰਾਸਤੇ ਅਲੱਗ ਅਲੱਗ ਹੈਂ,
ਮੰਜ਼ਿਲ ਤੋ ਏਕ ਹੈ |
ਮੰਜ਼ਿਲ ਸਭਨਾਂ ਦੀ ਇਕੋ ਹੈ, ਪਰ ਹਰੇਕ ਧਰਮ ਦਾ ਅਨੁਆਈ ਇਹ ਸਮਝਦਾ ਹੈ ਕਿ ਉਸ ਦਾ ਧਰਮ ਸ੍ਰੇਸ਼ਟ ਹੈ, ਉਚਤਮ ਹੈ | ਇਸ ਰਾਹ 'ਤੇ ਚੱਲਣ ਵਾਲਾ ਮਨੁੱਖ, ਰੱਬ ਦੇ ਸਦਾ ਵਿਸ਼ਵਾਸ 'ਚ ਰਹੇਗਾ, ਨੇੜੇ ਰਹੇਗਾ ਤੇ ਇਸ ਧਰਤੀ ਤੋਂ ਰੁਖ਼ਸਤ ਹੋਣ ਮਗਰੋਂ ਰੱਬ, ਖ਼ੁਦਾ, ਖ਼ੁਦ ਉਹਦਾ ਸਵਾਗਤ ਖੁੱਲ੍ਹੇ ਹੱਥਾਂ ਨਾਲ ਕਰੇਗਾ ਤੇ ਆਪਣੀ ਗੋਦ 'ਚ ਬਿਠਾਏਗਾ |
ਰਾਹ ਬਦਲਣਾ, ਯਾਨਿ ਇਕ ਧਰਮ 'ਚ ਵਿਸ਼ਵਾਸ ਕਰਨ ਵਾਲਿਆਂ ਨੂੰ ਆਪਣੇ ਧਰਮ ਵਿਚ ਲਿਆਉਣਾ, ਯਾਨਿ ਉਨ੍ਹਾਂ ਦਾ ਧਰਮ ਬਦਲਣਾ |
ਸਾਡਾ ਗੁਰੂ, ਸਾਡਾ ਇਸ਼ਟ, ਸਾਡਾ ਪੈਗ਼ੰਬਰ, ਤੁਹਾਡਾ ਮਸੀਹਾ ਬਣੇਗਾ | ਇਸ ਤਰ੍ਹਾਂ ਧਰਮ-ਪਰਿਵਰਤਨ ਹੁੰਦਾ ਹੈ | ਧਰਮ ਪਰਿਵਰਤਨ ਸਿਰਫ਼ ਮਨੁੱਖਾਂ ਦਾ ਹੁੰਦਾ ਹੈ, ਕਦੇ ਵੀ ਗਾਵਾਂ-ਮੱਝਾਂ ਜਾਂ ਪਸ਼ੂ-ਪੰਛੀਆਂ ਦਾ ਜਾਂ ਪਾਣੀ 'ਚ ਵਿਚਰਨ ਵਾਲੇ ਜੀਵਾਂ ਦਾ ਨਹੀਂ ਹੁੰਦਾ, ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀਆਂ, ਯਹੂਦੀਆਂ ਆਦਿ ਸਭਨਾਂ ਦੇ ਘਰਾਂ 'ਚ ਬਿਨਾਂ ਕਿਸੇ ਧਰਮ ਦੇ ਅਨੁਆਈ ਹੋਣ ਦੇ, ਇਕੋ ਤਰ੍ਹਾਂ ਇਕੋ ਨਾਂਅ ਨਾਲ ਰਹਿੰਦੇ ਹਨ | ਕੋਈ ਪ੍ਰਵਾਹ ਨਹੀਂ |
ਧਰਮ ਬਦਲਿਆ ਜਾਂਦਾ ਹੈ ਤਾਂ ਸਿਰਫ਼ ਮਨੁੱਖਾਂ ਦਾ | ਪਰ ਇਕ ਧਰਮ ਵਾਲਿਆਂ ਦੇ ਜਦ ਕੁਝ ਮਨੁੱਖ, ਦੂਜੇ ਧਰਮ 'ਚ ਪ੍ਰਵੇਸ਼ ਕਰ ਜਾਣ ਜਾਂ ਧਰਮ ਬਦਲ ਲੈਣ ਤਾਂ ਉਸ ਧਰਮ ਵਾਲਿਆਂ ਨੂੰ ਬੜੀ ਗਿਲਾਨੀ ਹੁੰਦੀ ਹੈ | ਉਨ੍ਹਾਂ ਦਾ ਇਕੋ ਮੰਤਵ ਹੁੰਦਾ ਹੈ ਕਿ ਕਿਸੇ ਤਰ੍ਹਾਂ ਮੁੜ ਇਨ੍ਹਾਂ ਨੂੰ ਆਪਣੇ ਧਰਮ 'ਚ ਵਾਪਸ ਲਿਆਂਦਾ ਜਾਵੇ | ਇਸੇ ਯਤਨ ਨੂੰ 'ਘਰ ਵਾਪਸੀ' ਆਖਿਆ ਜਾਂਦਾ ਹੈ | ਇਸੇ 'ਘਰ ਵਾਪਸੀ' ਦੀ ਅੱਜਕਲ੍ਹ ਬਹੁਤ ਚਰਚਾ ਹੈ |
ਧਰਮ ਪਰਿਵਰਤਨ, ਆਮ ਕਰਕੇ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ:
* ਜ਼ੋਰ-ਜਬਰ ਨਾਲ ਭਾਵ ਤਲਵਾਰ ਦੇ ਡਰ ਨਾਲ | * ਪਿਆਰ-ਸਦਭਾਵ ਨਾਲ ਕਨਵਿੰਸ ਕਰਕੇ | * ਪੈਸੇ ਦਾ ਲਾਲਚ ਦੇ ਕੇ |
ਵਧੇਰੇ ਕਰਕੇ, ਜਿਹੜੇ ਵੀ ਲੋਕੀਂ ਧਰਮ-ਪਰਿਵਰਤਨ ਕਰਦੇ ਹਨ, ਉਹ ਗ਼ਰੀਬ ਤਬਕੇ ਦੇ ਹੀ ਹੁੰਦੇ ਹਨ |
ਅਹਿ ਹੁਣੇ ਜਿਹੇ ਹੀ ਉੱਤਰ ਪ੍ਰਦੇਸ਼ ਦੇ ਇਕ ਸ਼ਹਿਰ 'ਚ ਜਦ ਇਕੋ ਵੇਲੇ ਕਈ ਮੁਸਲਮਾਨ ਹੋਏ, ਮੁਸਲਮਾਨਾਂ ਦੀ ਸ਼ੁੱਧੀਕਰਨ ਕਰਕੇ ਘਰ ਵਾਪਸੀ ਕਰਵਾਈ, ਉਹ ਸਭੇ ਵਿਚਾਰੇ ਗ਼ਰੀਬ ਹੀ ਨਹੀਂ, ਗਰੀਬੜੇ ਸਨ |
ਜ਼ਾਹਰ ਹੈ ਕਿ ਇਨ੍ਹਾਂ ਨੂੰ ਪਹਿਲਾਂ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਗਿਆ ਹੋਏਗਾ, ਇਹ ਭਰੋਸਾ ਦੇ ਕੇ ਉਨ੍ਹਾਂ ਦੀ ਜੂਨ ਬਦਲ ਜਾਏਗੀ, ਪਰ ਉਹ ਧਰਮ ਪਰਿਵਰਤਨ ਕਰਕੇ ਵੀ ਗਰੀਬੜੇ ਦੇ ਗ਼ਰੀਬੜੇ ਹੀ ਰਹੇ, ਉਨ੍ਹਾਂ ਨੂੰ ਤਾਂ ਐਨੇ ਲੰਮੇ ਸਮੇਂ ਮਗਰੋਂ ਵੀ ਬੀ.ਪੀ.ਐਲ. ਕਾਰਡ ਨਸੀਬ ਨਹੀਂ ਹੋਏ | ਉਨ੍ਹਾਂ ਦੀ 'ਘਰ ਵਾਪਸੀ' 'ਤੇ ਬੜਾ ਸ਼ੋਰ ਮਚਿਆ, ਵਿਸ਼ੇਸ਼ ਕਰਕੇ ਉਸ ਧਰਮ ਦੇ ਲੋਕਾਂ ਵੱਲੋਂ, ਜਿਨ੍ਹਾਂ ਨੇ ਪਹਿਲਾਂ ਉਨ੍ਹਾਂ ਦਾ ਧਰਮ-ਪਰਿਵਰਤਨ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਾਲੇ ਘਰ 'ਚ ਪਨਾਹ ਦਿੱਤੀ ਸੀ | ਕਿਸੇ ਇਕ ਨੇਤਾ ਨੇ ਵੀ ਇਸ ਤੱਥ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਗਰੀਬੜੇ ਧਰਮ ਬਦਲਣ ਮਗਰੋਂ ਵੀ ਗਰੀਬੜੇ ਕਿਉਂ ਰਹੇ? ਉਨ੍ਹਾਂ ਨੂੰ ਗੁਰਬਤ ਤੇ ਮੁਫਲਸੀ ਤੋਂ ਛੁਟਕਾਰਾ ਕਿਉਂ ਨਹੀਂ ਮਿਲਿਆ? ਉਨ੍ਹਾਂ ਦਾ ਹਾਲ ਤਾਂ ਧਰਮ-ਪਰਿਵਰਤਨ ਮਗਰੋਂ ਵੀ ਇਹੋ ਹੋਇਆ:
ਨਾ ਖ਼ੁਦਾ ਹੀ ਮਿਲਾ, ਨਾ ਵਿਸਾਲੇ-ਸਨਮ
ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ |
ਕਈ ਵਿਆਹੇ ਹੋਏ ਲੋਕਾਂ ਨੂੰ , ਉਸ ਵੇਲੇ ਵਕਤੀ ਧਰਮ-ਪਰਿਵਰਤਨ ਬੜਾ ਕੰਮ ਆਉਂਦਾ ਹੈ ਜਦ ਉਨ੍ਹਾਂ ਨੂੰ ਕਿਸੇ ਨਵੀਂ ਹੁਸੀਨਾ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਹ ਉਸ ਨਾਲ 'ਦੂਜਾ ਵਿਆਹ' ਕਰਨ ਲਈ ਉਤਾਵਲੇ ਹੁੰਦੇ ਹਨ ਤਾਂ 'ਕਾਨੂੰਨ' ਵਾਲੇ ਰਾਹ ਦੇ ਰੋੜੇ ਤੋਂ ਬਚਣ ਲਈ ਉਹ ਦੋਵੇਂ 'ਇਸਲਾਮ' ਕਬੂਲ ਕਰ ਲੈਂਦੇ ਹਨ, ਜਿਸ ਵਿਚ ਚਾਰ ਸ਼ਾਦੀਆਂ ਕਰਨ ਦਾ ਅਧਿਕਾਰ ਹੈ | ਕਈ ਫਿਲਮੀ ਹੀਰੋ-ਹੀਰੋਇਨਾਂ ਨੇ ਇਸ ਦਾ ਭਰਪੂਰ ਲਾਭ ਉਠਾਇਆ ਹੈ | ਹੋ ਗਏ ਮੁਸਲਮਾਨ, ਫਿਰ ਭੁੱਲ-ਭੁਲਾ ਗਏ... ਪਹਿਲੇ ਨਾਵਾਂ ਨਾਲ ਹੀ, ਪਹਿਲੇ ਧਰਮ 'ਚ ਘਰ ਵਾਪਸੀ ਹੋ ਗਈ |
ਇਸ਼ਕ, ਪਿਆਰ, ਮੁਹੱਬਤ ਇਸਲਾਮ ਧਰਮ ਦੇ ਅਨੁਆਈਆਂ ਨੂੰ ਵੀ ਆਪਸ ਵਿਚ ਹੁੰਦੀ ਹੈ |
ਦੁਨੀਆ ਭਰ 'ਚ ਕਈ ਮਿਸਾਲਾਂ ਅਜਿਹੀਆਂ ਹਨ ਕਿ ਕਿਸੇ ਪਤਨੀ ਦਾ ਪਤੀ, ਦੇਸ਼ ਖ਼ਾਤਰ ਜੰਗ ਲੜਨ ਗਿਆ ਤਾਂ ਉਥੋਂ ਅਚਾਨਕ ਲਾਪਤਾ ਹੋ ਗਿਆ | ਲੱਭ-ਲੱਭ ਥੱਕੇ, ਮਗਰੋਂ ਉਹਨੂੰ 'ਸ਼ਹੀਦ' ਸਮਝ ਲਿਆ ਗਿਆ | ਐਧਰ ਉਸ ਦੀ ਜਵਾਨ ਪਤਨੀ ਬਾਕੀ ਦੀ ਉਮਰ 'ਇਕੱਲੀ' ਕਿੱਦਾਂ ਕਟੇ? ਇਹੀ ਹਮਦਰਦੀ ਜਾਣ, ਉਸ ਦੇ ਸਕੇ ਉਹਦਾ ਵਿਆਹ ਕਿਸੇ ਹੋਰ ਮਰਦ ਨਾਲ ਕਰ ਦਿੰਦੇ ਹਨ, ਵਧੇਰੇ ਕਰਕੇ ਉਹਦੇ ਦੇਵਰ ਨਾਲ | ਉਨ੍ਹਾਂ ਦੇ ਬੱਚੇ ਵੀ ਹੋ ਜਾਂਦੇ ਹਨ, ਪਰ ਅਚਾਨਕ ਇਕ ਦਿਨ ਉਹ ਸ਼ਹੀਦ ਗਰਦਾਨਿਆ ਪਤੀ, ਗਵਾਚਿਆ ਪਤੀ, ਮੁੜ ਜਿਊਾਦਾ ਜਾਗਦਾ ਘਰ ਪਰਤ ਆਉਂਦਾ ਹੈ | ਕਲੇਸ਼ ਪੈ ਜਾਂਦਾ ਹੈ ਕਿ ਪਤੀ ਦੀ ਘਰ ਵਾਪਸੀ ਤਾਂ ਹੋ ਗਈ, ਵਹੁਟੀ ਦੀ ਘਰ ਵਾਪਸੀ ਕਿਵੇਂ ਹੋਵੇ? ਕਾਨੂੰਨ ਤਾਂ ਪਹਿਲੇ ਪਤੀ ਦੇ ਹੱਕ 'ਚ ਹੈ, ਇਸ ਲਈ ਵਿਚਾਰੀ ਨੂੰ ਮੁੜ ਆਪਣੇ ਪਹਿਲੇ ਪਤੀ ਕੋਲ ਪਰਤ ਕੇ ਘਰ ਵਾਪਸੀ ਕਰਨੀ ਪੈਂਦੀ ਹੈ |
ਕਈ ਵਾਰ ਤਾਂ ਇਉਂ ਵੀ ਹੁੰਦਾ ਹੈ ਕਿ ਪਤੀ ਬਾਹਰ ਗਿਆ, ਉਹ ਕਿਸੇ ਹੋਰ ਦੇਸ਼, ਸੂਬੇ ਜਾਂ ਦੂਰ ਦੁਰਾਡੇ ਦੇ ਇਲਾਕੇ 'ਚ ਚਲਾ ਗਿਆ | ਉਥੇ ਉਸ ਦਾ ਉਥੋਂ ਦੀ ਕਿਸੇ ਸੋਹਣੀ ਨੱਢੀ ਨਾਲ ਪਿਆਰ ਹੋ ਜਾਂਦਾ ਹੈ ਤੇ ਵਿਆਹ ਹੋ ਜਾਂਦਾ ਹੈ, ਉਹਦੀ ਪਹਿਲੀ ਵਹੁਟੀ ਤਾਂ ਦਿਨ-ਰਾਤ ਉਹਦੀ ਰਾਹ ਇਉਂ ਵੇਖਦੀ ਹੈ:
ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ,
ਰਾਹ ਭੁੱਲ ਨਾ ਜਾਏ ਚੰਨ ਮੇਰਾ |
ਚੰਨ ਜੀ ਬਿਲਕੁਲ ਰਾਹ ਨਹੀਂ ਭੁੱਲਦੇ, ਜਦ 'ਘਰ ਵਾਪਸੀ' ਕਰਦੇ ਹਨ ਤਾਂ ਨਾਲ ਪਹਿਲੀ ਵਹੁਟੀ ਦੀ ਸੌਾਕਣ ਲੈ ਆਉਂਦੇ ਹਨ | ਇਸ ਵਿਸ਼ੇ 'ਤੇ ਕਈ ਫਿਲਮਾਂ ਵੀ ਬਣੀਆਂ ਹਨ | ਫਿਲਮਾਂ ਦਾ ਅੰਤ ਤਾਂ ਸੁਖਦਾਈ ਹੁੰਦਾ ਹੈ ਕਿ ਦੋਵੇਂ ਵਹੁਟੀਆਂ ਇਕ-ਦੂਜੀ ਨੂੰ ਪਿਆਰ ਨਾਲ ਅਪਣਾ ਲੈਂਦੀਆਂ ਹਨ ਤੇ ਤਿੰਨਾਂ ਦੀ ਜ਼ਿੰਦਗੀ ਸੁਖੀ-ਸਾਂਦੀ ਚਲਦੀ ਰਹਿੰਦੀ ਹੈ |
ਵਾਪਸੀ ਹਰ ਮਨੁੱਖ ਦੀ, ਹਰੇਕ ਧਰਮ ਵਾਲੇ, ਆਪਣੀ-ਆਪਣੀ ਪੰ੍ਰਪਰਾ ਨਾਲ ਕਰਦੇ ਹਨ, ਪਰ ਰੱਬ ਦੇ ਘਰ ਇਨ੍ਹਾਂ ਦੀ ਕੋਈ ਮਹੱਤਤਾ ਨਹੀਂ | ਉਥੇ ਤਾਂ ਧਰਮ, ਜਾਤ ਦੀ, ਕੋਈ ਪੁੱਛ ਮਹੱਤਤਾ ਨਹੀਂ, ਉਥੇ ਅਮਲਾਂ ਦੇ ਹੋਣਗੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ |
ਇਸੇ ਲਈ ਆਖਦੇ ਨੇ...
ਰੱਬ ਕੋਲੋਂ ਡਰ ਬੰਦਿਆ |

ਲਘੂ ਕਥਾ-- ਚੰਗਾ ਹੋਇਆਮਲਕੀਤ ਕਈ ਦਿਨਾਂ ਤੋਂ ਆਪਣੇ-ਆਪ ਨਾਲ ਘੁਲ ਰਿਹਾ ਸੀ | ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਠੀਕ ਸੋਚ ਰਿਹਾ ਹੈ ਜਾਂ ਗ਼ਲਤ | ਅੱਜ ਵੀ ਬੱਸ ਵਿਚ ਬੈਠਾ ਉਹ ਇਸ ਬਾਰੇ ਹੀ ਸੋਚ ਰਿਹਾ ਸੀ | ਉਸ ਦੀ ਸੋਚਾਂ ਦੀ ਲੜੀ ਉਸ ਸਮੇਂ ਟੁੱਟਦੀ ਹੈ ਜਦੋਂ ਦੋ ਬਜ਼ੁਰਗ ਔਰਤਾਂ ਉਸ ਤੋਂ ਪਿਛਲੀ ਸੀਟ 'ਤੇ ਆ ਕੇ ਬੈਠਦੀਆਂ ਹਨ | ਉਨ੍ਹਾਂ ਵਿਚੋਂ ਇਕ ਦੀ ਉਮਰ ਸੱਠ-ਪੈਂਹਠ ਸਾਲ ਤੇ ਦੂਜੀ ਅੱਸੀਆਂ ਤੋਂ ਉੱਤੇ ਲਗਦੀ ਸੀ | ਉਹ ਆਪਣੇ ਘਰ-ਪਰਿਵਾਰ ਬਾਰੇ ਉੱਚੀ-ਉੱਚੀ ਗੱਲਾਂ ਕਰ ਰਹੀਆਂ ਸਨ | ਨੇੜਲੀ ਸੀਟ ਹੋਣ ਕਰਕੇ ਮਲਕੀਤ ਦਾ ਧਿਆਨ ਉਨ੍ਹਾਂ ਦੀਆਂ ਗੱਲਾਂ ਵੱਲ ਚਲਾ ਗਿਆ | ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਉਸ ਨੂੰ ਪਤਾ ਲੱਗਾ ਕਿ ਉਹ ਦੋਵੇਂ ਮਾਵਾਂ-ਧੀਆਂ ਹਨ | ਮਾਂ ਦੀਆਂ ਗੱਲਾਂ ਪੁੱਤਾਂ ਦੇ ਘਰ ਵਿਚ ਉਸ ਦੀ ਹਾਲਤ ਨੂੰ ਬਿਆਨ ਕਰ ਰਹੀਆਂ ਸਨ | ਇਸੇ ਲਈ ਧੀ ਉਸ ਨੂੰ ਆਪਣੇ ਘਰ ਲੈ ਕੇ ਜਾ ਰਹੀ ਸੀ | ਅਚਾਨਕ ਹੀ ਧੀ ਨੇ ਨਾਲ ਬੈਠੀ ਸਵਾਰੀ ਨੂੰ ਕਿਹਾ, 'ਧੀਏ, ਮੇਰੀ ਮਾਂ ਬਿਮਾਰ ਹੈ, ਇਸ ਤੋਂ ਬੈਠਿਆ ਨਹੀਂ ਜਾਂਦਾ | ਤੂੰ ਨਾਲ ਵਾਲੀ ਸੀਟ 'ਤੇ ਬੈਠ ਜਾ | ਇਹ ਟੇਢੀ ਹੋ ਕੇ ਥੋੜ੍ਹਾ ਜਿਹਾ ਆਰਾਮ ਕਰ ਲਵੇਗੀ |'ਉਸ ਦੇ ਉਠਣ 'ਤੇ ਧੀ ਨੇ ਮਾਂ ਦਾ ਸਿਰ ਆਪਣੀ ਗੋਦੀ ਵਿਚ ਧਰਲਿਆ ਤੇ ਪੋਲੇ-ਪੋਲੇ ਹੱਥਾਂ ਨਾਲ ਘੁਟਣ ਲੱਗ ਪਈ | ਜਦੋਂ ਬੱਸ ਇਕ ਵੱਡੇ ਅੱਡੇ 'ਤੇ ਪਹੁੰਚੀ, ਜਿਥੇ ਇਸ ਨੇ ਕੁਝ ਸਮਾਂ ਰੁਕਣਾ ਸੀ ਤਾਂ ਧੀ ਨੇ ਪੁੱਛਿਆ, 'ਮਾਂ, ਮੈਂ ਤੇਰੇ ਲਈ ਚਾਹ ਦਾ ਕੱਪ ਫੜ ਲਿਆਵਾਂ? ਗਰਮ-ਗਰਮ ਚਾਹ ਪੀਣ ਨਾਲ ਤੇਰਾ ਸਰੀਰ ਵੀ ਖੁੱਲ੍ਹ ਜਾਵੇਗਾ |' ਆਪਣੀ ਮਾਂ ਦੇ ਵਾਰ-ਵਾਰ ਨਾਂਹ ਕਹਿਣ 'ਤੇ ਵੀ ਉਹ ਥੱਲੇ ਚਾਹ ਲੈਣ ਉਤਰ ਗਈ | ਮਲਕੀਤ ਦੀਆਂ ਅੱਖਾਂ ਅੱਗੇ ਪੁੱਤਾਂ ਹੱਥੋਂ ਦੁਖੀ ਕਿੰਨੇ ਹੀ ਲੋਕਾਂ ਦੀਆਂ ਤਸਵੀਰਾਂ ਘੰੁਮ ਗਈਆਂ | ਉਹ ਉਭੜਵਾਹੇ ਉੱਚੀ-ਉੱਚੀ ਬੋਲਣ ਲੱਗ ਪਿਆ, 'ਚੰਗਾ ਹੋਇਆ, ਚੰਗਾ ਹੋਇਆ |'
ਸੀਟ 'ਤੇ ਪਈ ਬੁੱਢੀ ਔਰਤ ਨੇ ਪੁੱਛਿਆ, 'ਵੇ ਪੁੱਤ, ਕੀ ਚੰਗਾ ਹੋਇਆ |'
'ਮੇਰੇ ਘਰ ਧੀ ਆਈ ਐ ਬੇਬੇ, ਮੇਰੇ ਘਰ ਧੀ ਆਈ ਐ', ਇਹ ਕਹਿੰਦਿਆਂ ਉਸ ਦੇ ਚਿਹਰੇ 'ਤੇ ਅਦੁੱਤੀ ਖੁਸ਼ੀ ਝਲਕ ਰਹੀ ਸੀ |
-ਮਨਜੀਤ ਸਿੱਧੂ
ਪਿੰਡ ਤੇ ਡਾਕ: ਰਤਨਗੜ੍ਹ, ਤਹਿਸੀਲ ਰਤੀਆ, ਜ਼ਿਲ੍ਹਾ ਫ਼ਤਿਆਬਾਦ (ਹਰਿਆਣਾ) |
ਮੋਬਾਈਲ : 095413-32540.

ਕਹਾਣੀ--ਸ਼ਰਧਾਨੱਥੂ ਰਾਮ ਟੁੱਟੇ ਬਾਣ ਦੇ ਮੰਜੇ 'ਤੇ ਪਿਆ ਅੱਜ ਪੂਰਾ ਖੁਸ਼ ਸੀ | ਦੋਵੇਂ ਨੂੰ ਹਾਂ ਤੜ੍ਹਕੇ ਉਠ ਕੇ ਰਸੋਈ ਦੇ ਆਹਰ 'ਚ ਲੱਗ ਗਈਆਂ ਸਨ | ਮੰੁਡਿਆਂ ਤੇ ਨੂੰ ਹਾਂ ਨਾਲ ਉਸ ਦੀ ਸਵੇਰੇ ਦੇਰ ਨਾਲ ਉਠਣ ਕਾਰਨ ਸੱਤ 'ਕਵੰਜਾ ਹੁੰਦੀ ਰਹਿੰਦੀ ਸੀ | ਨੱਥੂ ਰਾਮ ਨੇ ਰੋਜ਼ ਬੋਲਣਾ ਨਹੀਂ ਛੱਡਿਆ ਤੇ ਮੰੁਡਿਆਂ ਨੇ ਲੇਟ ਉਠਣਾ, ਜਿਸ ਕਰਕੇ ਨੱਥੂ ਰਾਮ ਦੇ ਘਰ ਰੋਜ਼ਾਨਾ ਭਾਰਤ-ਪਾਕਿ ਦੀ ਸਰਹੱਦ ਵਰਗਾ ਮਾਹੌਲ ਬਣਿਆ ਰਹਿੰਦਾ |
ਦੋਵੇਂ ਨੂੰ ਹਾਂ ਦੀ ਰਸੋਈ 'ਚ ਕੁੱਕਰਾਂ ਦੀਆਂ ਵੱਜ ਰਹੀਆਂ ਸੀਟੀਆਂ 'ਤੇ ਖੀਰ ਕੜ੍ਹਾਹ ਦੀਆਂ ਉਠ ਰਹੀਆਂ ਮਹਿਕਾਂ ਨੇ ਉਸ ਦੇ ਮੰੂਹ ਵਿਚ ਪਾਣੀ ਲਿਆ ਦਿੱਤਾ | ਨੱਥੂ ਰਾਮ ਨੇ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਭੁਲਾਉਣ ਦਾ ਮਨ ਬਣਾ ਲਿਆ | ਆਪਣੇ-ਆਪ ਨਾਲ ਗੱਲਾਂ ਕਰਦਿਆਂ ਨੱਥੂ ਰਾਮ ਬੋਲਿਆ, 'ਨੱਥੂ ਰਾਮਾ, ਹੁਣ ਤਾਂ ਤੈਨੂੰ ਸਵਖਤੇ ਉਠਣ ਆਲੇ ਸਵਾਲ ਨੂੰ ਛੱਡ ਦੇਣਾ ਚਾਹੀਦੈ... ਤੂੰ ਆਪਣਾ ਖਾ ਪੀ ਮੌਜ ਕਰ... ਬਹੂਆਂ ਨਾਲ ਕਾਹਤੋਂ ਝਗੜਦੈਂ... ਨਾਲੇ ਹੁਣ ਤਾਂ ਸਵੱਖਤੇ ਹਾਜ਼ਰੀ ਮਿਲ ਹੀ ਜਾਇਆ ਕਰੇਗੀ |' ਐਨੇ ਨੂੰ ਵੱਡੀ ਨੂੰ ਹ ਕਮਲਾ ਸਟੀਲ ਦਾ ਵੱਡਾ ਗਿਲਾਸ ਚਾਹ ਦਾ ਭਰ ਕੇ ਨੱਥੂ ਰਾਮ ਦੇ ਸਿਰਹਾਣੇ ਰੱਖ ਜਿੰਨੀ ਤੇਜ਼ੀ ਨਾਲ ਆਈ, ਓਨੀ ਤੇਜ਼ੀ ਨਾਲ ਵਾਪਸ ਮੁੜ ਗਈ | ਚਾਹ ਦਾ ਘੁੱਟ ਭਰਦਿਆਂ ਨੱਥੂ ਰਾਮ ਦੇ ਜ਼ਿਹਨ ਵਿਚ ਫਿਰ ਪੁਰਾਣੀਆਂ ਗੱਲਾਂ ਘੰੁਮਣ ਲੱਗੀਆਂ | ਸੂਰਜ ਦੀ ਲੋਅ ਵੀ ਤਿੱਖੀ ਹੋ ਗਈ | ਕੰਧ 'ਤੇ ਲਟਕਦੇ ਕਲਾਕ ਨੂੰ ਦੇਖ ਉਸ ਨੇ ਨੂੰ ਹਾਂ ਨੂੰ ਆਵਾਜ਼ ਮਾਰੀ | 'ਨੀ ਕੁੜੀਓ ਸੁਣਦੀਐਾ... ਲਿਆਓ ਦੋ ਟੁੱਕ... ਦੁਪਹਿਰਾ ਹੋ ਗਿਆ...' ਅਜੇ ਨੱਥੂ ਰਾਮ ਬੋਲ ਹੀ ਰਿਹਾ ਸੀ ਕਿ ਛੋਟੀ ਨੂੰ ਹ ਨਿਮਰਤਾ ਬੋਲੀ, 'ਅਜੇ ਖ਼ੀਰ ਨੂੰ ਟਾਈਮ ਲੱਗਣੈ... ਤੇ ਦਾਲ ਨੂੰ ਤੜਕਾ ਲਾਉਣਾ...', ਇਹ ਸੁਣ ਕੇ ਨੱਥੂ ਰਾਮ ਚੁੱਪ ਹੋ ਗਿਆ | ਘੰਟੇ ਕੁ ਬਾਅਦ ਨੱਥੂ ਰਾਮ ਨੇ ਫਿਰ ਰੋਟੀ ਲਈ ਉੱਚੀ ਆਵਾਜ਼ ਮਾਰੀ | ਦੋਵੇਂ ਨੂੰ ਹਾਂ ਨੇ ਨੱਥੂ ਰਾਮ ਦੀ ਆਵਾਜ਼ ਦਾ ਕੋਈ ਜਵਾਬ ਨਹੀਂ ਦਿੱਤਾ | ਨੱਥੂ ਰਾਮ ਫਿਰ ਗੜ੍ਹਕੇ ਨਾਲ ਬੋਲਿਆ |
'ਕਿਉਂ ਅਸਮਾਨ ਸਿਰ 'ਤੇ ਚੁੱਕਿਐ... ਬੈਠ ਨੀਂ ਹੁੰਦਾ', ਛੋਟਾ ਮੰੁਡਾ ਦੀਪਕ ਬਾਪੂ ਨੂੰ ਥੋੜ੍ਹੇ ਗੁੱਸੇ ਨਾਲ ਬੋਲਿਆ | 'ਪੁੱਤ ਲਿਆ ਜ਼ਰਾ ਦੋ ਟੁੱਕ ਸਵੇਰ ਦਾ ਢਿੱਡ 'ਚ ਖੋਰੂ ਜਿਹਾ ਪਈ ਜਾਂਦੈ', ਨੱਥੂ ਰਾਮ ਨੇ ਤਰਾਸਦੀ ਭਰੇ ਸ਼ਬਦਾਂ 'ਚ ਦੀਪਕ ਨੂੰ ਕਿਹਾ |
'ਥੋੜ੍ਹਾ ਆਰਾਮ ਵੀ ਕਰ ਲੈ ਬੁੜਿ੍ਹਆ... ਅਜੇ ਤਿਆਰੀ ਹੋ ਰਹੀ ਐ... ਫਿਰ ਮੱਥਾ ਟੇਕਣਾ... ਫਿਰ ਤੈਨੂੰ ਵੀ ਪੂਜ ਲੈਂਦੇ ਆਂ... ਨਾਲੇ ਤੈਨੂੰ ਨੀ ਪਤੈ ਅੱਜ ਲਾਸਟ ਸਰਾਧ ਐ', ਦੀਪਕ ਸਾਰਾ ਕੁਝ ਇਕੋ ਸਾਹ ਕਹਿ ਗਿਆ | ਐਨੇ ਨੂੰ ਛੋਟੀ ਨੂੰ ਹ ਨਿਮਰਤਾ ਵੀ ਆ ਕੇ ਬੋਲੀ, 'ਪਾਪਾ ਜੀ ਪਹਿਲਾਂ ਸ਼ਰਧਾ ਨਾਲ ਮੱਥਾ ਤਾਂ ਟੇਕ ਲੈਣ ਦਿਓ... ਫਿਰ ਤੁਹਾਨੂੰ ਵੀ ਦੇ ਦਿੰਦੇ ਆਂ |'
ਬਹੂ ਦੀ ਗੱਲ ਸੁਣ ਕੇ ਨੱਥੂ ਰਾਮ ਫਿਰ ਮੰਜੇ 'ਤੇ ਲੇਟ ਗਿਆ |
-ਦਸਮੇਸ਼ ਕਾਲੋਨੀ, ਮੋਰਿੰਡਾ (ਰੂਪਨਗਰ) |
ਮੋਬਾਈਲ : 98554-52043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX