ਤਾਜਾ ਖ਼ਬਰਾਂ


25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 minute ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  13 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  29 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  34 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  42 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  48 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  55 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਬ੍ਰਹਿਮੰਡ ਵਿਚ ਰੇਤ ਦੇ ਕਿਣਕੇ ਸਮਾਨ ਹੈ

ਸਾਡੀ ਧਰਤੀ

ਕੋਈ ਸਮਾਂ ਸੀ ਜਦੋਂ ਧਾਰਮਿਕ ਗ੍ਰੰਥਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਮੰਨਦੇ ਸਨ ਕਿ ਧਰਤੀ ਚਪਟੀ ਹੈ, ਜੋ ਇਕੋ ਥਾਂ 'ਤੇ ਖੜ੍ਹੀ ਹੈ ਅਤੇ ਸਾਰਾ ਸੌਰ ਮੰਡਲ ਇਸੇ ਦੀ ਪਰਿਕਰਮਾ ਕਰਦਾ ਹੈ | ਪਰ ਜਦੋਂ ਪੀਥਾਗੋਰਸ ਨੇ ਪਹਿਲੀ ਵਾਰ ਗ੍ਰਹਿਆਂ ਦੀ ਜਾਣਕਾਰੀ ਦਿੱਤੀ ਤਾਂ ਕਈ ਹੋਰ ਭੇਦ ਖੁੱਲ੍ਹਦੇ ਚਲੇ ਗਏ | ਉਨ੍ਹਾਂ ਹੀ ਸਮਿਆਂ ਵਿਚ ਜਾਣੀ ਛੇਵੀਂ ਸਦੀ ਪੂਰਵ ਈਸਵੀ ਵਿਚ ਯੂਨਾਨੀ ਵਿਗਿਆਨੀ ਥੇਲਜ਼ ਨੇ ਇਸ ਗੱਲ ਨੂੰ ਠੁਕਰਾਉਂਦਿਆਂ ਹੋਇਆਂ ਕਿਹਾ ਕਿ ਨਹੀਂ 'ਧਰਤੀ ਚਪਟੀ ਨਹੀਂ' ਹੈ | ਇਹ ਸਥਾਪਤ ਵਿਚਾਰਧਾਰਾ ਖਿਲਾਫ਼ ਕਿਸੇ ਖੋਜੀ ਦੇ ਪਹਿਲੇ ਬਗ਼ਾਵਤੀ ਬੋਲ ਸਨ | ਦੋਸਤੋ ਅਰਿਸਟਾਕੋਰਸ ਦੀਆਂ ਖੋਜਾਂ ਸਦਕਾ 500 ਸਦੀ ਪੂਰਵ ਈਸਵੀ ਵਿਚ ਹੀ ਪੁਲਾੜ ਖੋਜਣ ਦੀ ਲਾਲਸਾ ਸਿਖਰਾਂ ਛੂਹਣ ਲੱਗੀ ਸੀ |
ਯੂੁਨਾਨ ਦੇ ਹੀ ਪ੍ਰਸਿੱਧ ਦਾਰਸ਼ਨਿਕ ਅਰਸਤੂ ਨੇ, ਜੋ ਕਿ ਪਲੈਟੋ ਦਾ ਸ਼ਾਗਿਰਦ ਸੀ, ਚੰਨ ਗ੍ਰਹਿਣ ਤੋਂ ਅੰਦਾਜ਼ਾ ਲਗਾ ਕੇ ਚੌਥੀ ਸਦੀ ਪੂਰਵ ਈਸਵੀ ਵਿਚ ਇਹ ਵੀ ਦੱਸ ਦਿੱਤਾ ਕਿ ਧਰਤੀ ਗੋਲ਼ ਹੈ | ਅਰਸਤੂ ਦਾ ਸਮਾਂ 384 ਤੋਂ 322 ਪੂਰਵ ਈਸਵੀ ਸੀ, ਜਿਸ ਦੌਰਾਨ ਉਹ ਇਹ ਹੀ ਦੱਸਦਾ ਰਿਹਾ ਕਿ ਧਰਤੀ ਤਾਂ ਖੜ੍ਹੀ ਹੈ ਪਰ ਸੂਰਜ ਇਸ ਦੁਆਲੇ ਘੁੰਮ ਰਿਹਾ ਹੈ | ਫਿਰ 150 ਸਦੀ ਪੂਰਵ ਈਸਵੀ ਵਿਚ ਹਿਪਾਰਕਸ ਨੇ ਇਹ ਵੀ ਦੱਸ ਦਿੱਤਾ ਸੀ ਕਿ ਸਾਡੀ ਧਰਤੀ ਦਾ ਘੇਰਾ 24, 647 ਵਰਗ ਮੀਲ ਹੈ | ਦੋਸਤੋ ਅੱਜ ਅਸੀਂ ਹਵਾਈ ਉਡਾਣਾਂ ਦਾ ਆਨੰਦ ਮਾਣ ਰਹੇ ਹਾਂ, ਜੀ ਪੀ ਐੱਸ ਰਾਹੀਂ ਰਸਤੇ ਲੱਭ ਰਹੇ ਹਾਂ ਜਾਂ ਜਿੰਨੇ ਵੀ ਨਕਸ਼ੇ ਅਤੇ ਦਿਸ਼ਾ-ਨਿਰਦੇਸ਼ ਦੇਣ ਵਾਲੇ ਯੰਤਰ ਹਨ, ਇਹ ਲਾਂਗੀ ਚਿਊਡ ਤੇ ਲਾਟੀ ਚਿਊਡ ਤੋਂ ਬਗੈਰ ਸੰਭਵ ਨਹੀਂ ਹੋ ਸਕਦੇ | ਧਰਤੀ ਬਾਰੇ ਖੋਜਦਿਆਂ ਇਨ੍ਹਾਂ ਦੀ ਸਭ ਤੋਂ ਪਹਿਲੀ ਜਾਣਕਾਰੀ ਟਾਲਮੀ ਨੇ ਆਪਣੇ ਗ੍ਰੰਥ 'ਅਲਮਾ ਗੈਸਟ' ਵਿਚ 100 ਈਸਵੀ ਦੇ ਕਰੀਬ ਦਿੱਤੀ |
ਟਾਲਮੀਂ ਤੋਂ ਬਾਅਦ ਇਸ ਖਿੱਤੇ 'ਤੇ ਰੋਮਨਾਂ ਦਾ ਕਬਜ਼ਾ ਹੋ ਗਿਆ | ਉਨ੍ਹਾਂ ਖੂਬ ਲੁੱਟ ਮਚਾਈ, ਲਾਇਬ੍ਰੇਰੀਆਂ ਅਤੇ ਗ੍ਰੰਥ ਸਾੜ ਦਿੱਤੇ ਜਿਸ ਕਾਰਨ ਧਰਤੀ ਸਬੰਧੀ ਖੋਜਾਂ ਠੱਪ ਹੋ ਕੇ ਰਹਿ ਗਈਆਂ | ਇਸ ਦੀ ਬਜਾਏ ਚੌਥੀ ਸਦੀ ਈਸਵੀ ਵਿਚ ਇਸਾਈ ਮੱਠ ਦੇ ਬੁਲਾਰੇ ਸੇਂਟ ਲੈਕਟੈਂਟੀਅਸ ਦਾ ਗ੍ਰੰਥ 'ਆਲ ਦਾ ਫਾਲਜ਼ ਵਿਜ਼ਡਮ ਆਫ ਫਿਲਾਸਫਰ' ਸਗੋਂ ਇਨ੍ਹਾਂ ਖੋਜਾਂ ਨੂੰ ਪੁੱਠਾ ਗੇੜਾ ਦੇਣ ਵਿਚ ਕਾਮਯਾਬ ਹੋ ਗਿਆ | ਉਸ ਵਕਤ ਚਰਚ ਨੇ ਇਨ੍ਹਾਂ ਖੋਜਾਂ ਨੂੰ ਕੁਫਰ ਦੱਸਦਿਆਂ ਖੋਜੀਆਂ ਨੂੰ ਸਖਤ ਸਜ਼ਾਵਾਂ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਹਰ ਪਾਸੇ ਚੁੱਪ ਪਸਰ ਗਈ |
19 ਫਰਵਰੀ 1473 ਈ: ਨੂੰ ਕਾਪਰਨੀਕਸ ਦਾ ਜਨਮ ਪੋਲੈਂਡ ਦੇ ਇਕ ਕਸਬੇ 'ਥਾਰਨ' ਵਿਚ ਹੋਇਆ | ਧਰਤੀ 'ਤੇ ਖੋਜਾਂ ਕਰਨ ਵਾਲਾ ਕਾਪਰਨੀਕਸ 'ਗੁਰੂ ਨਾਨਕ ਦੇਵ' ਦਾ ਸਮਕਾਲੀ ਸੀ ਜਿਸ ਨੇ ਇਸ ਚੁੱਪ ਨੂੰ ਜ਼ੋਰਦਾਰ ਸ਼ਬਦਾਂ ਨਾਲ ਤੋੜ ਕੇ ਇਸਾਈ ਮੱਠਾਂ 'ਚ ਹਾਹਾਕਾਰ ਮਚਾ ਦਿੱਤੀ ਤੇ ਆਖਿਆ ਕਿ 'ਧਰਤੀ ਸੂਰਜ ਦੁਆਲੇ ਘੁੰਮਦੀ ਹੈ' ਜੋ ਕਿ ਪਹਿਲੀਆਂ ਖੋਜਾਂ ਅਤੇ ਬਾਈਬਲ ਦੇ ਐਨ ਉਲਟ ਸੀ | ਸਾਰੀ ਦੁਨੀਆ ਉਸ ਨੂੰ ਪਾਗਲ ਕਹਿ ਰਹੀ ਸੀ | ਕੋਈ ਵੀ ਉਸਦਾ ਵਿਸ਼ਵਾਸ ਨਹੀਂ ਸੀ ਕਰ ਰਿਹਾ | ਪਰੰਤੂ 1548 ਈ: ਵਿਚ ਇਟਲੀ ਦੇ ਕਸਬੇ ਨੋਲਾ ਵਿਚ ਜੰਮਿਆ ਇਕ ਹੋਰ ਖੋਜੀ ਗੁਰਦਾਨੋ ਬਰੂਨੋ ਉਸਦੇ ਵਿਚਾਰਾਂ ਨੂੰ ਸਹੀ ਮੰਨਦਾ ਹੋਇਆ ਅੱਗੇ ਤੋਰ ਰਿਹਾ ਸੀ ਜੋ ਕਿ ਧਾਰਮਿਕ ਕੱਟੜਤਾ ਨੂੰ ਇਕ ਵੰਗਾਰ ਸੀ | ਜਿਸ ਕਰਕੇ 17 ਫਰਵਰੀ 1600 ਈ: ਨੂੰ ਚਰਚ ਦੇ ਹੁਕਮਾਂ ਨਾਲ ਗੁਰਦਾਨੋ ਬਰੂਨੋ ਨੂੰ ਬਾਈਬਲ ਦੇ ਉਲਟ ਲੋਕਾਂ ਨੂੰ ਗੁੰਮਰਾਹ ਕਰਨ ਕਰਕੇ ਰੋਮ ਵਿਚ ਜ਼ਿੰਦਾ ਸਾੜ ਦਿੱਤਾ ਗਿਆ |
ਦੋਸਤੋ, ਇਹ ਉਹ ਸਮਾਂ ਸੀ ਜਦੋਂ ਵਿਗਿਆਨੀ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਧਰਤੀ ਸਬੰਧੀ ਖੋਜਾਂ ਨੂੰ ਅੱਗੇ ਤੋਰ ਰਹੇ ਸਨ | ਇਨ੍ਹਾਂ ਵਿਗਿਆਨੀਆਂ ਵਿਚ 15 ਫਰਵਰੀ 1564 ਈ: ਨੂੰ ਇਟਲੀ ਵਿਚ ਜਨਮਿਆ ਗਲੀਲੀਉ ਵੀ ਸੀ, ਜਿਸ ਦੇ ਜਨਮ ਤੋਂ ਪਹਿਲਾਂ ਹੀ ਕਾਪਰਨੀਕਸ ਦਾ ਲਿਖਿਆ ਖੋਜ ਭਰਪੂਰ ਗ੍ਰੰਥ 'ਆਨ ਦੀ ਰੈਵੋਲੂਸ਼ਨ ਆਨ ਦੀ ਹੈਵਨਲੀ ਸਫੀਅਰਜ਼' 1530 ਈ: ਵਿਚ ਲਿਖਿਆ ਜਾ ਚੁੱਕਾ ਸੀ ਪਰ ਧਾਰਮਿਕ ਸਹਿਮ ਕਾਰਨ ਇਹ ਛਪਵਾਇਆ ਨਾ ਗਿਆ | 1536 ਈ: ਵਿਚ ਕਾਪਰਨੀਕਸ ਦੇ ਦੋਸਤਾਂ ਨੇ ਇਸ ਨੂੰ ਛਪਵਾ ਕੇ ਚੋਰੀ-ਛਿਪੇ ਵੰਡਣਾ ਸ਼ੁਰੂ ਕੀਤਾ ਤੇ 1543 ਤੱਕ ਤੱਕ ਇਸ ਦੀਆਂ ਸੌ ਕਾਪੀਆਂ ਹੀ ਵੰਡੀਆਂ ਜਾ ਸਕੀਆਂ |
ਖੋਜੀਆਂ ਦਾ ਇਹ ਕਾਫਲਾ ਨਿਰੰਤਰ ਅੱਗੇ ਵਧਦਾ ਰਿਹਾ | ਆਪਣੇ ਵਿਗਿਆਨਕ ਵਿਚਾਰਾਂ ਅਤੇ ਸਬੂਤਾਂ ਕਾਰਨ ਵੀਹਵੀਂ ਸਦੀ ਤੱਕ ਇਨ੍ਹਾਂ ਪੂਰੇ ਸੰਸਾਰ ਨੂੰ ਆਪਣੀਆਂ ਗੱਲਾਂ ਮੰਨਵਾ ਲਈਆਂ, ਜਿਸ ਦਾ ਚਰਚ ਪਾਸ ਕੋਈ ਜਵਾਬ ਨਹੀਂ ਸੀ | ਆਖਿਰ ਧਾਰਮਿਕ ਕੱਟੜਤਾ ਨੂੰ ਝੁਕਣਾ ਹੀ ਪਿਆ ਅਤੇ ਵੀਹਵੀਂ ਸਦੀ ਦੇ ਅੰਤ 'ਚ ਮਹਾਨ ਖੋਜੀਆਂ ਨੂੰ ਸਜ਼ਾਵਾਂ ਦੇਣ ਜਾਂ ਸਾੜਨ ਕਰਕੇ ਸਾਰੇ ਸੰਸਾਰ ਪਾਸੋਂ ਮੁਆਫ਼ੀ ਵੀ ਮੰਗਣੀ ਪਈ | ਪਰੰਤੂ ਇਹ ਖੋਜਾਂ ਅੱਜ ਵੀ ਨਿਰੰਤਰ ਜਾਰੀ ਹਨ, ਜਿਨ੍ਹਾਂ ਉੱਪਰ ਇਸ ਲੇਖ ਵਿਚ ਅਸੀਂ ਚਰਚਾ ਕਰਨ ਜਾ ਰਹੇ ਹਾਂ |
ਅੱਜ ਅਸੀਂ ਜੋ ਜੀਵਨ ਜੀਅ ਰਹੇ ਹਾਂ ਜਾਂ ਜਿਸ ਤਰੱਕੀ 'ਤੇ ਪਹੁੰਚ ਚੁੱਕੇ ਹਾਂ, ਇਹ ਇਸ ਪਿੱਛੇ ਲੱਖਾਂ ਕਰੋੜਾਂ ਸਾਲਾਂ ਦਾ ਸਫਰ ਹੈ | ਸਾਡੀ ਇਸ ਧਰਤੀ 'ਤੇ ਲੱਗਭਗ 57 ਕਰੋੜ ਸਾਲ ਪਹਿਲਾਂ ਇਕ ਕੋਸ਼ਕੀ ਜੀਵਾਂ ਨਾਲ ਜੀਵਨ ਦੀ ਸ਼ੁਰੂਆਤ ਹੋਈ | ਖੋਜ ਤਾਂ ਇਹ ਵੀ ਦੱਸਦੀ ਹੈ ਕਿ 34.5 ਕਰੋੜ ਸਾਲ ਤੱਕ ਸਿਰਫ ਜਲ ਜੀਵਾਂ ਦਾ ਹੀ ਵਿਕਾਸ ਹੁੰਦਾ ਰਿਹਾ | ਮਗਰਮੱਛਾਂ ਡੱਡੂਆਂ, ਕਿਰਲੀਆਂ, ਬਾਂਦਰਾਂ, ਹੋਮੋਸੇਪੀਅਨਾਂ ਦਾ ਸਫਰ ਤਹਿ ਕਰਦਾ ਇਹ ਜੀਵਨ ਮੌਜੂਦਾ ਮਨੁੱਖੀ ਰੂਪ ਤੱਕ ਪਹੁੰਚਦਾ ਹੈ | ਸਾਡੇ ਜੀਵਨ ਦੀ ਸ਼ੁਰੂਆਤ ਤੋਂ ਪਹਿਲਾਂ 6 ਕਰੋੜ ਸਾਲ ਦੁਧਾਰੂ ਪਸ਼ੂਆਂ ਦਾ ਵਿਕਾਸ ਹੁੰਦਾ ਰਿਹਾ ਹੈ | ਅਜੋਕਾ ਮਨੁੱਖੀ ਜੀਵਨ ਤਾਂ ਸਿਰਫ ਦਸ ਕੁ ਲੱਖ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਜੋ ਹੁਣ ਵਿਕਾਸ ਦੀ ਚਰਮ ਸੀਮਾ 'ਤੇ ਹੈ |
ਵਿਗਿਆਨ ਦੇ ਸਿਧਾਂਤ ਅਨੁਸਾਰ ਜੇ ਪ੍ਰੋਟੀਨ, ਕਾਰਬੋਹਾਈਡ੍ਰੇਟਸ ਤੇ ਚਿਕਨਾਈ ਨਾਲ ਬਣੇ ਦ੍ਰਵ ਵਿਚੋਂ ਇਲੈਕਟ੍ਰਾਨਿਕ ਡਿਸਚਾਰਜ ਕੀਤਾ ਜਾਵੇ ਤਾਂ ਜੀਵਨ ਦੀ ਸ਼ੁਰੂਆਤ ਹੋ ਸਕਦੀ ਹੈ | ਧਰਤੀ 'ਤੇ ਜੀਵਨ ਦੀ ਸ਼ੁਰੂਆਤ ਸਬੰਧੀ ਖੋਜਾਂ ਵੀ ਇਹ ਹੀ ਸੰਕੇਤ ਕਰਦੀਆਂ ਹਨ ਕਿ ਸਾਢੇ ਤਿੰਨ ਅਰਬ ਸਾਲ ਪਹਿਲਾਂ ਜਦੋਂ ਧਰਤੀ 'ਤੇ ਸਿਰਫ ਅਮੋਨੀਆ, ਹਾਈਡ੍ਰੋਜਨ ਅਤੇ ਜਲਵਾਸ਼ਪ ਸਨ ਅਤੇ ਧਰਤੀ ਬੇਹੱਦ ਗਰਮ ਸੀ, ਜਿਸ ਕਾਰਨ ਬੱਦਲ ਛਾਏ ਰਹਿੰਦੇ ਸਨ ਤੇ ਇਲੈਕਟ੍ਰਾਨਿਕ ਡਿਸਚਾਰਜ ਅਕਸਰ ਹੁੰਦਾ ਰਹਿੰਦਾ ਸੀ | ਇਸ ਦੇ ਨਾਲ ਹੀ ਇਕ ਸੈੱਲੀ ਜੀਵ ਅਮੀਬਾ ਹੋਂਦ ਵਿਚ ਆਇਆ | ਅੱਜ ਤੱਕ ਇਹ ਵਿਕਾਸ ਨਿਰੰਤਰ ਇਸੇ ਧਰਤੀ 'ਤੇ ਵਾਪਰਦਾ ਰਿਹਾ | ਧਰਤੀ ਜੋ ਸਭਨਾਂ ਦੀ ਮਾਂ ਹੈ, ਤੇ ਇਸ ਨੂੰ ਜਾਣਨਾ ਵੀ ਸਾਡੇ ਸਭ ਲਈ ਅਤੀ ਜ਼ਰੂਰੀ ਹੈ | ਸਾਡੀ ਧਰਤੀ ਸੂਰਜ ਤੋਂ 14 ਕਰੋੜ 89 ਲੱਖ 60 ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਹੈ ਜੋ ਆਪਣੀ ਧੁਰੀ ਦੁਆਲੇ ਘੜੀ ਦੀ ਵਿਪਰੀਤ ਦਿਸ਼ਾ ਵਿਚ ਘੁੰਮਦੀ ਹੈ | ਧਰਤੀ ਦਾ ਵਿਆਸ ਸੂਰਜ ਦੇ ਵਿਆਸ ਤੋਂ 109 ਗੁਣਾ ਘੱਟ ਹੈ | ਧਰਤੀ ਦੀ ਖਿੱਚ ਸ਼ਕਤੀ ਵੀ ਸੂਰਜ ਤੋਂ 28 ਗੁਣਾ ਘੱੱਟ ਹੈ | ਧਰਤੀ ਸੂਰਜ ਦੇ ਆਕਾਰ ਨਾਲੋਂ 13 ਲੱਖ ਗੁਣਾ ਛੋਟੀ ਹੈ ਤੇ ਇਸਦਾ ਭਾਰ ਵੀ ਸੂਰਜ ਨਾਲੋਂ 34000 ਗੁਣਾ ਘੱਟ ਹੈ | ਰੌਸ਼ਨੀ ਦੀ ਸਪੀਡ 297600 ਕਿਲੋਮੀਟਰ ਪ੍ਰਤੀ ਸੈਕਿੰਡ ਹੈ | ਧਰਤੀ ਤੱਕ ਸੂਰਜ ਦੀ ਰੌਸ਼ਨੀ ਪੁੱਜਣ ਲਈ ਤਕਰੀਬਨ ਸਾਢੇ ਅੱਠ ਮਿੰਟ ਦਾ ਸਮਾਂ ਲੱਗਦਾ ਹੈ, ਜਿਸ ਨਾਲ ਸਾਡਾ ਜੀਵਨ ਗਤੀਸ਼ੀਲ ਹੈ |
ਧਰਤੀ ਦਾ ਉੱਪ ਗ੍ਰਹਿ ਚੰਦਰਮਾ ਹੈ ਜੋ ਇਸ ਤੋਂ 3 ਲੱਖ 80 ਹਜ਼ਾਰ 8 ਸੌ ਕਿਲੋਮੀਟਰ ਦੀ ਦੂਰੀ 'ਤੇ ਹੈ ਜੋ ਕਿ ਸਾਡੀ ਧਰਤੀ ਨਾਲੋਂ ਚਾਰ ਗੁਣਾ ਛੋਟਾ ਹੈ | ਚੰਦਰਮਾ ਦਾ ਵਿਆਸ ਤਾਂ ਸਿਰਫ 3456 ਕਿਲੋਮੀਟਰ ਹੀ ਹੈ | ਚੰਦਰਮਾ ਸਾਢੇ 29 ਦਿਨਾਂ ਵਿਚ ਸਾਡੀ ਧਰਤੀ ਦੀ ਪਰਕਰਮਾ ਪੂਰੀ ਕਰਦਾ ਹੈ | ਧਰਤੀ ਦਾ ਸਭ ਤੋਂ ਨੇੜੇ ਦਾ ਤਾਰਾ ਅਲਫਾ ਸੈਂਚਰੀ ਧਰਤੀ ਤੋਂ 4.3 ਪ੍ਰਕਾਸ਼ ਵਰ੍ਹੇ ਦੂਰ ਹੈ | ਜੇਕਰ ਧਰਤੀ ਤੋਂ ਰੋਸ਼ਨੀ ਦੀ ਰਫਤਾਰ ਨਾਲ ਧਰੂ ਤਾਰੇ 'ਤੇ ਪਹੁੰਚਣਾ ਹੋਵੇ ਤਾਂ 430 ਪ੍ਰਕਾਸ਼ ਵਰੇ ਦਾ ਸਮਾਂ ਲੱਗ ਸਕਦਾ ਹੈ | ਭਾਵ ਧਰੂ ਤਾਰੇ ਤੋਂ ਧਰਤੀ ਤੱਕ ਰੌਸ਼ਨੀ ਪਹੁੰਚਣ ਲਈ ਚਾਰ ਸੌ ਤੀਹ ਪ੍ਰਕਾਸ਼ ਵਰ੍ਹੇ ਲੱਗਣਗੇ | ਅੱਜ ਆਕਾਸ਼ ਵੱਲ ਮੂੰਹ ਕਰਕੇ ਜੋ ਤੁਸੀਂ ਧਰੂ ਤਾਰਾ ਸਮਝ ਰੌਸ਼ਨੀ ਦਾ ਇਕ ਨਿੱਕਾ ਜਿਹਾ ਬਿੰਦੂ ਦੇਖਦੇ ਹੋ, ਇਹ ਰੌਸ਼ਨੀ ਧਰੂ ਤਾਰੇ ਤੋਂ ਸੈਂਕੜੇ ਸਾਲ ਪਹਿਲਾਂ ਤੁਰੀ ਹੋਵੇਗੀ | (ਬਾਕੀ ਅਗਲੇ ਐਤਵਾਰ)
ਫੋਨ : 416 -727-2071 major.mangat0gmail.com


ਖ਼ਬਰ ਸ਼ੇਅਰ ਕਰੋ

ਸਿੱਖ ਇਤਿਹਾਸ ਦਾ ਇਕ ਅਹਿਮ ਕਾਂਡ

ਛੋਟਾ ਘੱਲੂਘਾਰਾ

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਇਕ ਵਾਰ ਤਾਂ ਖਿੱਲਰ-ਪੁੱਲਰ ਗਈ ਸੀ ਪਰ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਵੇਲੇ ਸੁਪਨੇ ਵਾਂਗ ਵੇਖੀ ਆਜ਼ਾਦੀ ਭੁੱਲੀ ਨਹੀਂ ਸੀ | ਸਿੱਖ ਹੌਲੀ-ਹੌਲੀ ਦੁਬਾਰਾ ਸੰਗਠਿਤ ਹੋਣ ਲੱਗੇ ਤੇ ਮੱਲਾਂ ਮਾਰਨ ਲੱਗੇ | ਸਿੱਖ ਇਤਿਹਾਸ ਵਿਚ ਕੌਮ ਨੂੰ ਖ਼ਤਮ ਕਰਨ ਲਈ ਹਮਲਾਵਰਾਂ ਵੱਲੋਂ ਦੋ ਵੱਡੇ ਕਾਂਡ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਨੂੰ ਅੰਜ਼ਾਮ ਦਿੱਤਾ ਗਿਆ | ਛੋਟੇ ਘੱਲੂਘਾਰੇ ਦਾ ਸੂਤਰਧਾਰ ਲਾਹੌਰ ਦਰਬਾਰ ਦਾ ਦੀਵਾਨ ਲਖਪਤ ਰਾਏ ਸੀ | ਲਖਪਤ ਰਾਏ ਤੇ ਉਸਦਾ ਛੋਟਾ ਭਰਾ ਜਸਪਤ ਰਾਏ ਦੋਵੇਂ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ | ਮੁਗਲ ਰਾਜ ਵਿਚ ਉਨ੍ਹਾਂ ਦੀ ਬੜੀ ਚੜ੍ਹਾਈ ਸੀ | ਲਖਪਤ ਰਾਏ ਜ਼ਕਰੀਆ ਖ਼ਾਨ ਦੇ ਅਧੀਨ 1726 ਤੋਂ 1745 ਈ: ਤੱਕ, ਤੇ ਉਸਦੇ ਲੜਕੇ ਯਾਹੀਆ ਖ਼ਾਨ ਦੇ ਅਧੀਨ 1745 ਤੋਂ 1747 ਈ: ਤੱਕ ਲਾਹੌਰ ਦਾ ਦੀਵਾਨ ਵਿੱਤ ਮੰਤਰੀ ਰਿਹਾ ਸੀ | ਇਹ ਪਦਵੀ ਸੂਬੇਦਾਰ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦੀ ਸੀ | ਜਸਪਤ ਰਾਏ ਪਹਿਲਾਂ ਜਲੰਧਰ ਦੁਆਬ ਦਾ ਫ਼ੌਜਦਾਰ ਸੀ ਤੇ ਬਾਅਦ ਵਿਚ ਜ਼ਕਰੀਆ ਖ਼ਾਨ ਦੁਆਰਾ ਏਮਨਾਬਾਦ ਦਾ ਫ਼ੌਜਦਾਰ ਲਾਇਆ ਗਿਆ ਸੀ | ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ 1746 ਈ: ਨੂੰ ਸਿੱਖਾਂ ਦਾ ਇਕ ਜਥਾ ਸ਼ਾਹੀ ਫ਼ੌਜਾਂ ਦਾ ਧੱਕਿਆ ਏਮਨਾਬਾਦ ਦੇ ਇਲਾਕੇ ਵਿਚ ਆ ਨਿਕਲਿਆ | ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਨੂੰ ਸਿੱਖਾਂ ਦੀ ਆਮਦ ਬਾਰੇ ਪਤਾ ਲੱਗਾ ਤਾਂ ਸੜ ਬਲ ਗਿਆ | ਅਜੇ ਸਿੰਘ ਲੰਗਰ ਪਾਣੀ ਦਾ ਆਹਰ ਕਰ ਹੀ ਰਹੇ ਸਨ ਕਿ ਜਸਪਤ ਰਾਏ ਦਾ ਹਰਕਾਰਾ ਸੁਨੇਹਾ ਲੈ ਕੇ ਆਣ ਪਹੁੰਚਿਆ ਕਿ ਫੌਰਨ ਇਲਾਕਾ ਖਾਲੀ ਕਰ ਦਿਉ | ਸਿੱਖਾਂ ਨੇ ਵਾਪਸ ਸੁਨੇਹਾ ਭੇਜਿਆ ਕਿ ਫ਼ੌਜਾਂ ਬੁਰੀ ਤਰ੍ਹਾਂ ਥੱਕੀਆਂ ਹੋਈਆਂ ਹਨ ਤੇ ਦੋ ਦਿਨ ਤੋਂ ਭੁੱਖੀਆਂ ਹਨ, ਲੰਗਰ ਛੱਕ ਕੇ ਤੇ ਥੋੜ੍ਹਾ ਆਰਾਮ ਕਰ ਕੇ ਕੱਲ੍ਹ ਨੂੰ ਕੂਚ ਕਰ ਜਾਵਾਂਗੇ | ਜਸਪਤ ਰਾਏ ਨਾ ਮੰਨਿਆ | ਉਸ ਨੇ ਆਪਣੀ ਫ਼ੌਜ ਨੂੰ ਤਿਆਰ ਕੀਤਾ ਤੇ ਨਾਲ ਹੀ ਇਲਾਕੇ ਦੀ ਧਾੜ ਇਕੱਠੀ ਕਰਕੇ ਸਿੱਖਾਂ 'ਤੇ ਹਮਲਾ ਕਰ ਦਿੱਤਾ | ਬੜੀ ਘਮਸਾਨ ਦੀ ਲੜਾਈ ਹੋਈ | ਸਿੱਖ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋਬਦੀ ਗਲ਼ ਪੈ ਗਈ | ਸਿੱਖ ਲੜਦੇ ਲੜਦੇ ਪਿੱਛੇ ਹਟਦੇ ਗਏ ਤੇ ਪਿੰਡ ਬੱਦੋਕੀ ਗੁਸਾਈਆਂ ਦੀ ਜੂਹ ਵਿਚ ਪਹੁੰਚ ਗਏ | ਜਸਪਤ ਰਾਏ ਹਾਥੀ 'ਤੇ ਬੈਠਾ ਆਪਣੀ ਫ਼ੌਜ ਦੀ ਅਗਵਾਈ ਕਰ ਰਿਹਾ ਸੀ | ਉਹ ਇਕ ਸਿੱਖ ਨਿਬਾਹੂ ਸਿੰਘ ਦੀ ਨਿਗਾਹ ਚੜ੍ਹ ਗਿਆ | ਨਿਬਾਹੂ ਸਿੰਘ ਪੂਛ ਪਕੜ ਕੇ ਹਾਥੀ 'ਤੇ ਜਾ ਚੜਿ੍ਹਆ ਤੇ ਸ੍ਰੀ ਸਾਹਿਬ ਦੇ ਇਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਕੇ ਨਿਕਲ ਭੱਜਿਆ | ਜਰਨੈਲ ਦੇ ਡਿੱਗਦੇ ਹੀ ਨਿਖਸਮੀਆਂ ਫ਼ੌਜਾਂ ਹਰਨ ਹੋ ਗਈਆਂ, ਮੈਦਾਨ ਸਿੱਖਾਂ ਦੇ ਹੱਥ ਰਿਹਾ |
ਆਪਣੇ ਭਰਾ ਦੇ ਕਤਲ ਦੀ ਖਬਰ ਸੁਣ ਕੇ ਲਖਪਤ ਰਾਏ ਨੂੰ ਅੱਗ ਲੱਗ ਗਈ | ਉਸ ਨੇ ਸਹੁੰ ਖਾਧੀ ਕਿ ਜਦ ਤੱਕ ਪੰਥ ਖ਼ਤਮ ਨਹੀਂ ਹੋ ਜਾਂਦਾ ਉਹ ਪੱਗ ਨਹੀਂ ਬੰਨ੍ਹੇਗਾ | ਉਸ ਨੇ ਯਾਹੀਆ ਖ਼ਾਨ ਕੋਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਲੈ ਲਿਆ | ਇਸਤੋਂ ਪਹਿਲਾਂ ਸਿਰਫ ਜੰਗੀ ਸਿੱਖ ਹੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਪਰ ਲਖਪਤ ਨੇ ਇਕ ਪਾਸਿਉਂ ਈ ਵਾਢਾ ਰੱਖ ਲਿਆ | ਲਾਹੌਰ ਅਤੇ ਆਸ ਪਾਸ ਅਮਨ ਅਮਾਨ ਨਾਲ ਵੱਸਦੇ ਤੇ ਸਰਕਾਰੀ ਨੌਕਰੀ ਕਰਦੇ ਸਾਰੇ ਸਿੱਖ ਗਿ੍ਫਤਾਰ ਕਰਕੇ ਕਤਲ ਕਰ ਦਿੱਤੇ ਗਏ | ਇਨ੍ਹਾਂ ਵਿਚ ਮਸ਼ਹੂਰ ਸੀ ਲਾਹੌਰ ਦਾ ਕੋਤਵਾਲ ਸੁਬੇਗ ਸਿੰਘ ਤੇ ਉਸਦਾ ਬੇਟਾ ਸ਼ਹਿਬਾਜ਼ ਸਿੰਘ, ਇਹ ਦੋਵੇਂ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤੇ ਗਏ | ਸਾਰੇ ਸ਼ਹਿਰ ਵਿਚ ਹਾਹਾਕਾਰ ਮਚ ਗਈ, ਸ਼ਹਿਰ ਦੇ ਪਤਵੰਤੇ ਹਿੰਦੂ ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਪੰਚਾਇਤੀ ਰੂਪ ਵਿਚ ਲਖਪਤ ਨੂੰ ਮਿਲੇ | ਪਰ ਲਖਪਤ ਨੇ ਕਿਸੇ ਦੀ ਨਾ ਮੰਨੀ | ਅਖੀਰ ਉਨ੍ਹਾਂ ਕਿਹਾ ਕਿ ਇਹ ਹੀ ਮੰਨ ਲੈ ਕਿ ਸੋਮਵਾਰ ਮੱਸਿਆ ਵਾਲੇ ਦਿਨ ਇਹ ਹੱਤਿਆਵਾਂ ਨਾ ਕੀਤੀਆਂ ਜਾਣ, ਉਹ ਇਹ ਵੀ ਨਾ ਮੰਨਿਆ | ਬਹੁਤ ਸਾਰੇ ਸਿੱਖ ਸੋਮਵਾਰੀ ਮੱਸਿਆ ਵਾਲੇ ਦਿਨ 10 ਮਾਰਚ 1746 ਨੂੰ ਕਤਲ ਕੀਤੇ ਗਏ | ਲਖਪਤ ਨੇ ਗੁੜ ਬੋਲਣ 'ਤੇ ਵੀ ਪਾਬੰਦੀ ਲਾ ਦਿੱਤੀ ਕਿਉਂਕਿ ਇਸ ਨਾਲ ਗੁਰੂ ਦਾ ਭੁਲੇਖਾ ਪੈਂਦਾ ਸੀ | ਉਸਨੇ ਕਿਹਾ ਕਿ ਗੁੜ ਨੂੰ ਭੇਲੀ ਕਿਹਾ ਜਾਵੇ | ਉਸ ਨੇ ਸਿੱਖਾਂ ਦਾ ਜਿਹੜਾ ਵੀ ਧਾਰਮਿਕ ਗ੍ਰੰਥ, ਪੋਥੀ, ਕਿਤਾਬ ਹੱਥ ਲੱਗੀ, ਸਾੜ ਦਿੱਤੀ | ਸਿੱਖਾਂ ਦੇ ਸਿਰ ਦਾ ਇਨਾਮ ਪੰਜ ਰੁਪਈਏ ਪ੍ਰਤੀ ਸਿਰ ਰੱਖਿਆ ਗਿਆ |
ਸ਼ਹਿਰੀ ਸਿੱਖਾਂ ਦੇ ਕਤਲਾਂ ਤੋਂ ਵਿਹਲਾ ਹੋਕੇ ਲਖਪਤ ਰਾਏ ਨੇ ਦਲ ਖਾਲਸਾ ਦਾ ਖਾਤਮਾ ਕਰਨ ਲਈ ਕੂਚ ਕੀਤਾ | ਮੁਖਬਰਾਂ ਨੇ ਖਬਰ ਦਿੱਤੀ ਕਿ ਸਿੱਖ ਕਾਹਨੂੰਵਾਨ ਛੰਬ ਦੇ ਝੱਲਾਂ ਵਿਚ ਡੇਰਾ ਲਾਈ ਬੈਠੇ ਹਨ | ਉਸ ਵੇਲੇ ਝੱਲ ਵਿਚ ਪ੍ਰਸਿੱਧ ਸਰਦਾਰਾਂ ਸ: ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਸ: ਗੁਰਦਿਆਲ ਸਿੰਘ ਡੱਲੇਵਾਲੀਆ, ਸ: ਹਰੀ ਸਿੰਘ ਭੰਗੀ ਤੇ ਸ: ਨੌਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ | ਲਖਪਤ ਰਾਏ ਨਾਲ ਲਾਹੌਰ ਦੀ ਸਾਰੀ ਫ਼ੌਜ ਸਮੇਤ ਤੋਪਖ਼ਾਨਾ, ਇਲਾਕੇ ਦੇ ਸਾਰੇ ਚੌਧਰੀ, ਫ਼ੌਜਦਾਰ ਤੇ ਜੇਹਾਦ ਦੇ ਨਾਂਅ 'ਤੇ ਇਕੱਠੇ ਕੀਤੇ ਹੂਰਾਂ ਦੇ ਆਸ਼ਕ ਗਾਜ਼ੀ ਸਨ | ਤਕਰੀਬਨ 50000 ਦੀ ਫ਼ੌਜ ਲੈ ਕੇ ਲਖਪਤ ਰਾਏ ਨੇ ਕਾਹਨੂੰਵਾਨ (ਗੁਰਦਾਸਪੁਰ) ਦੇ ਝੱਲ ਨੂੰ ਘੇਰਾ ਪਾ ਲਿਆ | ਟਿਕਾਣਿਆਂ 'ਤੇ ਤੋਪਾਂ ਬੀੜ ਕੇ ਤੋਪਚੀਆਂ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ | ਗੋਲਾਬਾਰੀ ਦਾ ਸਿੱਖਾਂ ਤੇ ਬਹੁਤਾ ਅਸਰ ਨਾ ਹੋਇਆ, ਉਹ ਤੋਪਾਂ ਦੀ ਮਾਰ ਵੇਖ ਕੇ ਜਗ੍ਹਾ ਬਦਲ ਲੈਂਦੇ ਸਨ | ਸ਼ਾਹੀ ਫ਼ੌਜਾਂ ਦੇ ਜਰਨੈਲ ਝੱਲਾਂ ਦੇ ਭੇਤੀ ਨਹੀਂ ਸਨ, ਇਸ ਲਈ ਉਹ ਝੱਲ ਵਿਚ ਵੜਨ ਤੋਂ ਕਤਰਾਉਂਦੇ ਸਨ | ਇਹ ਵੇਖ ਕੇ ਲਖਪਤ ਰਾਏ ਨੇ ਝੱਲ ਵੱਢਣ ਲਈ ਤਰਖਾਣ ਲਾ ਦਿੱਤੇ | ਸਿੱਖਾਂ ਨੇ ਬੇਲਦਾਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲਖਪਤ ਨੇ ਝੱਲਾਂ ਨੂੰ ਅੱਗ ਲਗਵਾ ਦਿੱਤੀ | ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਵੈਰੀ ਦੀ ਜਾਨ ਤੰਗ ਕਰ ਦਿੱਤੀ |
ਇਕ ਦਿਨ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਸਿੱਖਾਂ ਨੂੰ ਵੰਗਾਰ ਕੇ ਵੈਰੀ 'ਤੇ ਹਮਲਾ ਕਰ ਦਿੱਤਾ | ਉਸਨੇ ਲਖਪਤ ਦੀ ਸੂਹ ਕੱਢ ਕੇ ਉਸ ਹਾਥੀ ਨੂੰ ਜਾ ਘੇਰਿਆ ਪਰ ਉਸੇ ਵੇਲੇ ਇਕ ਜੰਬੂਰਚੇ ਦਾ ਗੋਲਾ ਉਸਦੇ ਪੱਟ ਤੇ ਆ ਵੱਜਾ, ਉਸਦੀ ਲੱਤ ਟੁੱਟ ਗਈ | ਜੰਗ ਦੇ ਰੰਗ ਵਿਚ ਰੰਗੇ ਨੇ ਪੀੜ ਨੂੰ ਨਾ ਗੌਲਿਆ ਤੇ ਪੱਗ ਪਾੜ ਕੇ ਲੱਤ ਬੰਨ੍ਹ ਲਈ | ਲਖਪਤ ਰਾਏ ਦੀ ਮਦਦ ਲਈ ਉਸਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਕਈ ਸੂਰਮੇ ਪਹੁੰਚ ਗਏ | ਸੁੱਖਾ ਸਿੰਘ ਦੀ ਮਦਦ ਵਾਸਤੇ ਸ: ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰ ਪੁੱਜ ਗਏ, ਬੜੀ ਲਹੂ ਡੋੋਲ੍ਹਵੀਂ ਲੜਾਈ ਹੋਈ | ਲਖਪਤ ਰਾਏ ਦਾ ਨੁਕਸਾਨ ਸਿੱਖਾਂ ਨਾਲੋਂ ਕਿਤੇ ਵੱਧ ਹੋਇਆ | ਉਸਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਹੋਰ ਕਈ ਯੋਧੇ ਸਿੱਖਾਂ ਹੱਥੋਂ ਮਾਰੇ ਗਏ | ਭਰਾ ਤੋਂ ਬਾਅਦ ਪੁੱਤਰ ਦੀ ਮੌਤ ਦੇ ਦੁੱਖ ਕਾਰਨ ਲਖਪਤ ਰਾਏ ਗੁੱਸੇ ਵਿਚ ਪਾਗਲ ਹੋ ਗਿਆ | ਉਸਨੇ ਘੇਰਾਬੰਦੀ ਹੋਰ ਸਖਤ ਕਰ ਦਿੱਤੀ ਤੇ ਹੋਰ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ | ਸਿੱਖਾਂ ਦੀ ਰਸਦ ਪਾਣੀ, ਗੋਲੀ ਸਿੱਕਾ ਖਤਮ ਹੋਣ ਲੱਗ ਪਿਆ | ਉਹ ਲਖਪਤ ਦੀ ਸਪਲਾਈ ਲੁੱਟ ਲੈਂਦੇ ਸਨ ਪਰ ਇਸ ਨਾਲ ਪੂਰੀ ਨਹੀਂ ਸੀ ਪੈਂਦੀ | ਸਿੱਖਾਂ ਨੇ ਸੋਚਿਆ ਸੀ ਕਿ ਲਖਪਤ ਆਪੇ ਦੋ ਚਾਰ ਦਿਨ ਖਿਝ ਖਪ ਕੇ ਚਲਾ ਜਾਵੇਗਾ, ਪਰ ਉਹ ਤਾਂ ਵਾੜ ਦਾ ਛਾਪਾ ਬਣ ਕੇ ਪਿੱਛੇ ਹੀ ਪੈ ਗਿਆ ਸੀ | ਲਗਾਤਾਰ ਸਰਕਾਰੀ ਮਦਦ ਤੇ ਗੋਲੀ ਸਿੱਕਾ ਮਿਲਣ ਕਾਰਨ ਹੌਲੀ ਹੌਲੀ ਲਖਪਤ ਦਾ ਪੱਲੜਾ ਭਾਰੀ ਹੋਣ ਲੱਗ ਪਿਆ |
ਆਖਰ ਸਰਦਾਰਾਂ ਨੇ ਬੈਠ ਕੇ ਗੁਰਮਤਾ ਕੀਤਾ ਕਿ ਰਾਵੀ ਪਾਰ ਕਰਕੇ ਪਹਾੜਾਂ ਨੂੰ ਨਿਕਲ ਚਲਦੇ ਹਾਂ | ਕਿਸੇ ਤਰ੍ਹਾਂ ਰਾਵੀ ਪਾਰ ਕਰਕੇ ਸਿੱਖ ਬਸ਼ੋਹਲੀ ਦੀਆਂ ਪਹਾੜੀਆਂ ਵੱਲ ਚਲ ਪਏ | ਲਖਪਤ ਰਾਏ ਪੈੜ ਦਬਾਈ ਆਉਂਦਾ ਸੀ | ਸਿੱਖਾਂ ਨੂੰ ਬੜੀ ਉਮੀਦ ਸੀ ਕਿ ਪਹਾੜੀਏ ਇਸ ਧਰਮ ਯੁੱਧ ਵਿਚ ਉਨ੍ਹਾਂ ਦੀ ਮਦਦ ਕਰਨਗੇ, ਪਰ ਉਨ੍ਹਾਂ ਨੂੰ ਉਦੋਂ ਪਤਾ ਚਲਿਆ ਜਦੋਂ ਪਹਾੜੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਸਿੱਖ ਕੁਥਾਵੇਂ ਫਸ ਗਏ, ਅਖੀਰ 'ਤੇ ਫੈਸਲਾ ਕੀਤਾ ਕਿ ਪੈਦਲ ਪਹਾੜੀਆਂ 'ਤੇ ਹਮਲਾ ਕਰਨ ਤੇ ਘੋੜ ਸਵਾਰ ਲਖਪਤ ਦੇ ਟਿੱਡੀ ਦਲ ਨੂੰ ਚੀਰ ਕੇ ਵਾਪਸ ਜਾਣ ਤੇ ਰਾਵੀ ਟੱਪ ਕੇ ਮਾਝੇ ਵਿਚ ਦੀ ਦੁਆਬੇ ਮਾਲਵੇ ਨੂੰ ਨਿਕਲ ਜਾਣ | ਇਸੇ ਤਰ੍ਹਾਂ ਕੀਤਾ ਗਿਆ, ਪੈਦਲ ਫ਼ੌਜ ਨੇ ਪਹਾੜੀਆਂ ਉਤੇ ਹਮਲਾ ਕਰ ਦਿੱਤਾ ਤੇ ੳੇਨ੍ਹਾਂ ਨੂੰ ਚੀਰ ਕੇ ਪਹਾੜਾਂ 'ਤੇ ਜਾ ਚੜ੍ਹੇ | ਉਹ ਬੜੀ ਮੁਸ਼ਕਿਲ ਨਾਲ ਪਹਾੜੋ ਪਹਾੜੀ ਕਈ ਮਹੀਨਿਆਂ ਦਾ ਸਫਰ ਕਰਕੇ ਕੀਰਤਪੁਰ ਪਹੁੰਚੇ | ਘੋੜਸਵਾਰ ਲਖਪਤ ਦੀ ਧਾੜ ਤੇ ਟੁੱਟ ਪਏ ਤੇ ਫ਼ੌਜ ਨੂੰ ਚੀਰ ਕੇ ਰਸਤਾ ਬਣਾਇਆ | ਇਸ ਥਾਂ ਹੋਈ ਲੜਾਈ ਵਿਚ 7000 ਤੋਂ 10000 ਤੱਕ ਸਿੱਖ ਸ਼ਹੀਦ ਹੋਏ ਅਤੇ ਬਹੁਤ ਸਾਰੇ ਸਿੱਖ ਜ਼ਖ਼ਮੀ ਹੋ ਗਏ | ਬਾਕੀ ਦੇ ਸਿੱਖ ਰਾਵੀ ਦੇ ਕੰਢੇ-ਕੰਢੇ, ਲਹਿੰਦੇ ਵੱਲ ਦੀ ਲਾਹੌਰ ਨੂੰ ਚੱਲ ਪਏ | ਰਾਵੀ ਦਾ ਪਾਣੀ ਚੜਿ੍ਹਆ ਹੋਇਆ ਸੀ, ਪਾਣੀ ਦੀ ਥਾਹ ਲੈਣ ਲਈ ਸ: ਗੁਰਦਿਆਲ ਸਿੰਘ ਡੱਲੇਵਾਲੀਏ ਦੇ ਹੁਕਮ 'ਤੇ ਉਸ ਦੇ ਦੋ ਭਰਾਵਾਂ ਨੇ ਘੋੜੇ ਪਾਣੀ ਵਿਚ ਸੁੱਟੇ | ਤੇਜ਼ ਵਹਾ ਕਰਕੇ ਨਾ ਸਵਾਰ ਲੱਭੇ ਤੇ ਨਾ ਘੋੜੇ, ਦੋਵੇਂ ਸੂਰਮਿਆਂ ਨੇ ਆਪਣੀ ਜਾਨ ਦੇ ਕੇ ਹਜ਼ਾਰਾਂ ਭਰਾਵਾਂ ਦੀ ਜਾਨ ਬਚਾ ਲਈ |
ਅਖੀਰ ਇਕ ਜਗ੍ਹਾ ਪਾਣੀ ਦਾ ਘੱਟ ਵਹਾਅ ਵੇਖ ਕੇ ਦੱਭ ਤੇ ਕਾਨਿਆਂ ਦੇ ਤੁਲ੍ਹੇ ਬਣਾ ਕੇ ਰਾਵੀ ਪਾਰ ਕੀਤੀ ਗਈ, ਅੱਗੇ ਤਿੰਨ ਮੀਲ ਦੀ ਬਰੇਤੀ ਸੀ, ਘੋੜਸਵਾਰ ਤਾਂ ਸੌਖੇ ਲੰਘ ਗਏ ਪਰ ਪੈਦਲਾਂ ਦੇ ਪੈਰ ਸੜ ਗਏ | ਤਨ ਦੇ ਕੱਪੜੇ ਪਾੜ ਕੇ ਪੈਰਾਂ 'ਤੇ ਬੰਨ੍ਹ ਕੇ ਤੇ ਘੋੜਿਆਂ ਉੱਤੇ ਤਿੰਨ, ਤਿੰਨ ਚਾਰ, ਚਾਰ ਚੜ੍ਹਕੇ ਬਰੇਤੀ ਪਾਰ ਕੀਤੀ | ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਸੀ, ਉਹ ਆਪਣੀਆਂ ਧਾੜਾਂ ਲੈ ਕੇ ਰਸਤਾ ਰੋਕੀ ਖੜ੍ਹਾ ਸੀ | ਜਿਹੜੇ ਲਖਪਤ ਦੇ ਰੋਕੇ ਨਾ ਰੁਕੇ, ਉਨ੍ਹਾਂ ਨੂੰ ਰਾਮੇ ਰੰਧਾਵੇ ਨੇ ਕੀ ਰੋਕਣਾ ਸੀ, ਉਸ ਨੂੰ ਸਿੱਖਾਂ ਨੇ ਪਹਿਲੇ ਹੱਲੇ ਈ ਅੱਗੇ ਲਾ ਲਿਆ | ਵਾਹੋ ਦਾਹੀ ਸ੍ਰੀ ਹਰਗੋਬਿੰਦ ਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਦੁਆਬੇ ਵਿਚ ਜਾ ਵੜੇ, ਅੱਗੋਂ ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਨੇ ਰਸਤਾ ਰੋਕ ਲਿਆ | ਉਸ ਨਾਲ ਅਜੇ ਟੱਕਰ ਸ਼ੁਰੂ ਹੀ ਹੋਈ ਸੀ ਕਿ ਖਬਰ ਮਿਲੀ ਕਿ ਲਖਪਤ ਰਾਏ ਪਿੱਛੇ ਚੜਿ੍ਹਆ ਆਉਂਦਾ ਹੈ | ਅਦੀਨਾ ਬੇਗ ਨਾਲ ਝੜਪਾਂ ਲੈਂਦੇ-ਲੈਂਦੇ ਸਿੱਖ ਆਲੀਵਾਲ ਦੇ ਪੱਤਣ ਤੋਂ ਸਤਲੁਜ ਟੱਪ ਕੇ ਮਾਲਵੇ ਵਿਚ ਜਾ ਵੜੇ | ਸ: ਜੱਸਾ ਸਿੰਘ ਕੋਟਕਪੂਰੇ, ਸ: ਹਰੀ ਸਿੰਘ ਭੰਗੀ ਦਿਆਲਪੁਰੇ, ਸ: ਨੌਧ ਸਿੰਘ ਪਥਰਾਲੇ ਤੇ ਸ: ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ | ਉਥੇ ਉਸਨੇ ਆਪਣੀ ਲੱਤ ਦਾ ਇਲਾਜ ਕਰਾਇਆ ਤੇ ਪੰਜ ਛੇ ਮਹੀਨੇ ਮੰਜੀ 'ਤੇ ਪਿਆ ਰਿਹਾ |
ਸੈਂਕੜੇ ਸਿੱਖ ਪਹਾੜੀਆਂ ਨੇ ਗਿ੍ਫਤਾਰ ਕਰਕੇ ਲਖਪਤ ਦੇ ਹਵਾਲੇ ਕੀਤੇ ਸਨ ਤੇ ਸੈਂਕੜੇ ਹੀ ਲਖਪਤ ਦੀ ਫ਼ੌਜ ਨੇ ਪਕੜੇ ਸਨ | ਉਹ ਸਾਰੇ ਲਾਹੌਰ ਲਿਆ ਕੇ ਬੜੀ ਬੁਰੀ ਤਰ੍ਹਾਂ ਤਸੀਹੇ ਦੇ ਕੇ ਕਤਲ ਕੀਤੇ ਗਏ | ਉਨ੍ਹਾਂ ਦੇ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਅੱਗੇ ਮੀਨਾਰ ਉਸਾਰੇ ਗਏ | ਮਾਰਚ ਦੇ ਅਖੀਰ ਵਿਚ ਲਖਪਤ ਰਾਏ ਨੇ ਸਿੱਖਾਂ ਦੇ ਖਿਲਾਫ ਚੜ੍ਹਾਈ ਸ਼ੁਰੂ ਕੀਤੀ ਤੇ ਜੂਨ 1746 ਦੇ ਅਖੀਰ ਵਿਚ ਉਹ ਵਾਪਸ ਮੁੜਿਆ |
ਮੋਬਾਈਲ : 9815124449.


ਸੁੱਤੀਆਂ ਸਦੀਆਂ ਦੇ ਦੋ ਚਰਚਿਤ ਹੁਸੀਨ ਚਿਹਰੇ

ਰਾਜਕੁਮਾਰੀ ਡਾਇਨਾ ਅਤੇ ਰਜ਼ੀਆ ਸੁਲਤਾਨ

ਸੱਤ ਸਮੁੰਦਰਾਂ ਦੇ ਆਰ ਅਤੇ ਪਾਰ ਵਸੇ ਦੋ ਦੇਸ਼ਾਂ ਵਿਚ ਵੱਖ-ਵੱਖ ਸਮੇਂ ਦੋ ਅਜਿਹੀਆਂ ਹੁਸਨ ਦੀਆਂ ਮਲਿਕਾਵਾਂ ਨੇ ਜਨਮ ਲਿਆ, ਜਿਨ੍ਹਾਂ ਦੇ ਬੇਪਨਾਹ ਹੁਸਨ, ਬਹਾਦਰੀ, ਸਮਾਜ ਸੇਵਾ ਅਤੇ ਪ੍ਰੇਮ-ਸੰਬੰਧਾਂ ਦੀਆਂ ਗੱਲਾਂ ਅੱਜ ਵੀ ਸਾਰੀ ਦੁਨੀਆ ਵਿਚ ਹੁੰਦੀਆਂ ਹਨ | ਸੱਤ ਸਮੁੰਦਰਾਂ ਦੇ ਦੋ ਸਿਰਿਆਂ ਉਪਰ ਵਸੇ ਹੋਏ ਇਹ ਦੋ ਦੇਸ਼ ਹਨ ਭਾਰਤ ਅਤੇ ਇੰਗਲੈਂਡ | ਹੁਸਨ ਦੀਆਂ ਦੋਵੇਂ ਮਲਿਕਾਵਾਂ ਹਨ ਰਾਜਕੁਮਾਰੀ ਡਾਇਨਾ ਅਤੇ ਰਜ਼ੀਆ ਸੁਲਤਾਨ | ਰਾਜਕੁਮਾਰੀ ਡਾਇਨਾ ਵੇਲਜ਼ (ਇੰਗਲੈਂਡ) ਦੀ ਸ਼ਹਿਜ਼ਾਦੀ ਸੀ ਤਾਂ ਰਜ਼ੀਆ ਸੁਲਤਾਨ ਭਾਰਤ ਦੀ ਦਿੱਲੀ ਸਲਤਨਤ ਦੀ ਸੁਲਤਾਨ ਸੀ | ਦੋਵੇਂ ਹੀ ਏਨੀਆਂ ਜ਼ਿਆਦਾ ਸੁੰਦਰ ਸਨ ਕਿ ਦੋਵਾਂ ਨੂੰ ਹੀ ਸੁੰਦਰਤਾ ਦੀਆਂ ਦੇਵੀਆਂ ਕਿਹਾ ਜਾਂਦਾ ਸੀ ਅਤੇ ਅਜੇ ਵੀ ਕਿਹਾ ਜਾਂਦਾ ਹੈ | ਇਹ ਦੋਵੇਂ ਸੁੰਦਰੀਆਂ ਭਾਵੇਂ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਕਰੋੜਾਂ ਅਰਬਾਂ ਲੋਕਾਂ ਦੇ ਦਿਲਾਂ ਵਿਚ ਇਹ ਅਜੇ ਵੀ ਵਸੀਆਂ ਹੋਈਆਂ ਹਨ | ਵਿਦਵਾਨਾਂ ਦੀਆਂ ਮਹਿਫਲਾਂ ਵਿਚ ਰਾਜਕੁਮਾਰੀ ਡਾਇਨਾ ਅਤੇ ਰਜ਼ੀਆ ਸੁਲਤਾਨ ਦੀ ਸੀਰਤ-ਵਿਦਵਤਾ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਹਨ | ਆਪਣੇ ਬੇਪਨਾਹ ਹੁਸਨ ਦੇ ਨਾਲ ਹੀ ਦੋਵੇਂ ਹੀ ਆਪਣੇ ਪ੍ਰੇਮ-ਪ੍ਰਸੰਗਾਂ ਕਾਰਨ ਵੀ ਚਰਚਿਤ ਰਹੀਆਂ ਅਤੇ ਦੋਵਾਂ ਦੀ ਹੀ ਮੌਤ ਗੈਰ-ਕੁਦਰਤੀ ਢੰਗ ਨਾਲ ਹੋਈ | ਇਹ ਦੋਵੇਂ ਸ਼ਹਿਜ਼ਾਦੀਆਂ ਹੀ ਪਰੀ ਕਥਾਵਾਂ ਦੀਆਂ ਪਾਤਰ ਸਨ ਅਤੇ ਪਰੀਆਂ ਦੇ ਕਿਸੇ ਦੇਸ਼ ਵਿਚੋਂ ਇਸ ਧਰਤੀ ਉਪਰ ਆਈਆਂ ਲਗਦੀਆਂ ਸਨ | ਡਾਇਨਾ ਨੇ ਸਿਰਫ 36 ਬਸੰਤਾਂ ਹੀ ਇਸ ਦੁਨੀਆ ਉਪਰ ਵੇਖੀਆਂ ਅਤੇ ਰਜ਼ੀਆ ਸੁਲਤਾਨ ਨੇ ਵੀ ਸਿਰਫ 35 ਬਹਾਰਾਂ ਦਾ ਹੀ ਇਸ ਦੁਨੀਆਂ ਉਪਰ ਆਨੰਦ ਮਾਣਿਆ | ਦੋਵੇਂ ਸੁੰਦਰੀਆਂ ਹੀ ਜੋਬਨ ਰੁੱਤੇ ਇਸ ਜਹਾਨੋਂ ਤੁਰ ਗਈਆਂ |
ਨੀਲੀਆਂ-ਨੀਲੀਆਂ ਅੱਖਾਂ, ਗੋਰਾ-ਗੋਰਾ ਗੁਲਾਬੀ ਭਾਅ ਮਾਰਦਾ ਰੰਗ, ਜਿਵੇਂ ਮੱਖਣ ਵਿਚ ਸੰਧੂਰ ਮਿਲਿਆ ਹੋਵੇ, ਦੀ ਮਾਲਕਣ ਸ਼ਹਿਜ਼ਾਦੀ ਡਾਇਨਾ ਸੱਚਮੁੱਚ ਹੀ ਪਰੀ ਕਥਾਵਾਂ ਦੀ ਨਾਇਕਾ ਸੀ | ਉਸ ਦਾ ਜੀਵਨ ਵੀ ਪਰੀ ਕਥਾਵਾਂ ਵਰਗਾ ਹੀ ਸੀ | 1 ਜੁਲਾਈ 1961 ਨੂੰ ਜਦੋਂ ਰਾਜਕੁਮਾਰੀ ਡਾਇਨਾ ਦਾ ਜਨਮ ਹੋਇਆ ਸੀ ਤਾਂ ਉਸਦੀ ਜਨਮ ਭੋਇੰ ਉਪਰ ਬਹਾਰ ਰੁੱਤ ਆਪਣੇ ਜੋਬਨ ਉਪਰ ਸੀ | ਉਹ ਆਪਣੇ ਮਾਪਿਆਂ ਪਿਤਾ ਜੌਹਨ ਸਪੈਂਸਰ ਅਤੇ ਮਾਤਾ ਫਰਾਂਸਿਸ ਸ਼ੈਂਡਕਿਡ ਦੀ ਚੌਥੀ ਸੰਤਾਨ ਸੀ | ਡਾਇਨਾ ਆਪਣੇ ਬਚਪਨ ਵਿਚ ਹੀ ਏਨੀ ਸੰੁਦਰ ਸੀ ਕਿ ਇਸ ਤਰਾਂ ਲਗਦਾ ਸੀ ਕਿ ਜਿਵੇਂ ਕੋਈ ਨੰਨਾ ਫਰਿਸ਼ਤਾ ਇਸ ਧਰਤੀ ਉਪਰ ਆ ਉਤਰਿਆ ਹੋਵੇ | ਹਰ ਕੋਈ ਹੀ ਬਾਲੜੀ ਡਾਇਨਾ ਨੂੰ ਗੋਦੀ ਚੁੱਕਣਾ ਚਾਹੁੰਦਾ ਸੀ ਅਤੇ ਹਰ ਕੋਈ ਹੀ ਉਸਨੂੰ ਮਿਲਣਾ ਚਾਹੰੁਦਾ ਸੀ | ਉਹ ਅਜੇ ਅੱਲੜ੍ਹ ਉਮਰ ਵਿਚ ਹੀ ਪਹੁੰਚੀ ਸੀ ਕਿ ਉਸ ਦੀ ਸੁੰਦਰਤਾ ਦੀ ਖ਼ਬਰ ਉਸ ਦੇ ਘਰ ਦੀਆਂ ਕੰਧਾਂ ਕੋਠੇ ਟੱਪ ਕੇ ਦੂਰ-ਦੂਰ ਤੱਕ ਉਡਦੀ-ਉਡਦੀ ਇੰਗਲੈਂਡ ਦੇ ਰਾਜਮਹੱਲਾਂ ਵਿਚ ਵੀ ਜਾ ਪਹੁੰਚੀ | ਡਾਇਨਾ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਹ ਕਦੇ ਵੇਲਜ਼ ਦੀ ਸ਼ਹਿਜ਼ਾਦੀ ਬਣੇਗੀ | ਜਦੋਂ ਵੇਲਜ਼ ਦੇ ਪਿ੍ੰਸ ਚਾਰਲਸ ਵਲੋਂ ਉਸ ਨੂੰ ਵਿਆਹ ਦਾ ਸੱਦਾ ਮਿਲਿਆ ਤਾਂ ਉਸ ਦੀਆਂ ਨਸ਼ੀਲੀਆਂ ਅੱਖਾਂ ਇਕ ਵਾਰ ਤਾਂ ਅੱਧਮੀਟੀਆਂ ਗਈਆਂ | ਉਸ ਨੂੰ ਇਸ ਤਰਾਂ ਲਗਦਾ ਸੀ ਕਿ ਜਿਵੇਂ ਬਹਾਰ ਉਸਦੇ ਬੂਹੇ ਆ ਕੇ ਨੱਚਣ ਲੱਗ ਪਈ ਹੈ | ਖੁਸ਼ੀ ਵਿਚ ਖੀਵੀ ਹੋਈ ਉਹ ਨੱਚਦੀ ਹੋਈ ਮੋਰ ਵਾਂਗ ਪੈਲਾਂ ਹੀ ਪਾਉਣ ਲੱਗ ਪਈ ਸੀ |
ਸ਼ਹਿਜ਼ਾਦੀ ਡਾਇਨਾ ਦਾ ਵਿਆਹ 29 ਜੁਲਾਈ 1981 ਨੂੰ ਵੇਲਜ਼ ਦੇ ਸ਼ਹਿਜ਼ਾਦਾ ਚਾਰਲਸ ਨਾਲ ਹੋਇਆ | ਉਸ ਸਮੇਂ ਉਨ੍ਹਾਂ ਦੇ ਵਿਆਹ ਨੂੰ ਸਾਰੀ ਦੁਨੀਆ ਦੇ ਟੈਲੀਵਿਜ਼ਨਾਂ ਉਪਰ ਦਿਖਾਇਆ ਗਿਆ ਅਤੇ ਦੁਨੀਆ ਦੇ ਲੱਖਾਂ ਲੋਕਾਂ ਨੇ ਇਸ ਵਿਆਹ ਦਾ ਸਜੀਵ ਟੈਲੀਕਾਸਟ ਵੇਖਿਆ | ਉਸ ਦਾ ਵਿਆਹ ਵੀ ਸ਼ਾਹੀ ਢੰਗ ਨਾਲ ਹੋਇਆ ਸੀ ਅਤੇ ਕਰੋੜਾਂ ਰੁਪਏ ਉਸ ਵਿਆਹ ਉਪਰ ਉਸ ਸਮੇਂ ਖਰਚੇ ਗਏ ਸਨ | ਡਾਇਨਾ ਦੇ ਵਿਆਹ ਵਿਚ ਜੋ ਕੇਕ ਕੱਟਿਆ ਗਿਆ, ਉਸ ਉਪਰ ਹੀ ਉਸ ਸਮੇਂ ਪੰਜ ਲੱਖ ਤੋਂ ਵੱਧ ਰੁਪਏ ਦਾ ਖਰਚਾ ਆਇਆ ਸੀ | ਵਿਆਹ ਵਾਲੇ ਦਿਨ ਉਹ ਕੋਈ ਅਪਸਰਾ ਹੀ ਲੱਗ ਰਹੀ ਸੀ, ਜੋ ਕਿ ਪਰੀਆਂ ਦੇ ਦੇਸ਼ ਵਿਚੋਂ ਧਰਤੀ ਉਪਰ ਆ ਗਈ ਸੀ | ਅਸਲ ਵਿਚ ਵਿਆਹ ਤੋਂ ਬਾਅਦ ਹੀ ਡਾਇਨਾ ਵੇਲਜ਼ ਦੀ ਸ਼ਹਿਜ਼ਾਦੀ ਬਣੀ | ਵਿਆਹ ਤੋਂ ਬਾਅਦ ਉਸ ਨੇ ਆਪਣੀ ਡਿਊਟੀ ਸੰਭਾਲੀ ਅਤੇ ਅਨੇਕਾਂ ਹੀ ਚੈਰਿਟੀ ਸੰਸਥਾਵਾਂ ਦੀ ਉਹ ਮੁਖੀ, ਪ੍ਰੈਜ਼ੀਡੈਂਟ, ਚੇਅਰਪਰਸਨ ਤੇ ਕਰਤਾ-ਧਰਤਾ ਬਣੀ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਉਘੇ ਰੂਪ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ | ਇਸ ਦੇ ਨਾਲ ਹੀ ਉਹ ਕਈ ਹਸਪਤਾਲਾਂ ਦੀ ਵੀ ਪ੍ਰਧਾਨ ਸੀ ਜਿਸ ਕਰਕੇ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਗਈ, ਉਸ ਦੀ ਸੁੰਦਰਤਾ ਦੀਆਂ ਧੁੰਮਾਂ ਪਹਿਲਾਂ ਹੀ ਚਾਰੇ ਪਾਸੇ ਪਈਆਂ ਹੋਈਆਂ ਸਨ | ਵਿਆਹ ਤੋਂ ਬਾਅਦ ਉਸ ਨੇ ਦੋ ਪੁੱਤਰਾਂ ਪਿ੍ੰਸ ਵਿਲੀਅਮ ਅਤੇ ਪਿ੍ੰਸ ਹੈਰੀ ਨੂੰ ਜਨਮ ਦਿਤਾ | ਡਾਇਨਾ ਚੰਗੀ ਤੈਰਾਕ ਵੀ ਸੀ ਅਤੇ ਅਕਸਰ ਹੀ ਆਪਣੇ ਪੁੱਤਰਾਂ ਨੂੰ ਲੈ ਕੇ ਸਮੁੰਦਰੀ ਬੀਚ ਉਪਰ ਚਲੀ ਜਾਂਦੀ ਸੀ ਤੇ ਸਮੁੰਦਰਾਂ ਦੇ ਪਾਣੀਆਂ ਵਿਚ ਤਾਰੀਆਂ ਲਾਉਂਦੀ ਸੀ ਤੇ ਕਦੇ ਪਾਣੀਆਂ ਨਾਲ ਕਦੇ ਸਮੰੁਦਰ ਕੰਢੇ ਪਈ ਰੇਤ ਉਪਰ ਅਠਖੇਲੀਆਂ ਕਰਦੀ ਸੀ |
ਸਾਲ 1989 ਵਿਚ ਡਾਇਨਾ ਨੇ ਇੰਟਰਨੈਸ਼ਨਲ ਕੰਪੇਨ ਟੂ ਬੈਨ ਲੈਂਡ ਮਾਈਨਜ਼ ਨੂੰ ਆਪਣੀ ਸਪੋਰਟ- ਸਹਾਇਤਾ ਦਿੱਤੀ | ਇਸ ਤੋਂ ਇਲਾਵਾ ਉਹ ਦੁਨੀਆ ਭਰ ਵਿਚ ਹੀ ਦੀਨ ਦੁਖੀਆਂ ਦੀ ਸਹਾਇਤਾ ਕਰਨ ਲਈ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨ ਲੱਗੀ | ਇਸੇ ਦੌਰਾਨ ਹੀ ਉਸ ਦੀ ਵਿਆਹੁਤਾ ਜ਼ਿੰਦਗੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਤੇ ਅੰਤ ਪਤੀ ਚਾਰਲਸ ਨਾਲ ਵਿਚਾਰਾਂ ਦਾ ਵਖਰੇਵਾਂ ਹੋਣ ਕਰਕੇ ਉਸ ਦਾ 28 ਅਗਸਤ 1996 ਨੂੰ ਤਲਾਕ ਹੋ ਗਿਆ | ਤਲਾਕ ਤੋਂ ਬਾਅਦ ਵੀ ਉਹ ਆਪਣੇ ਸਮਾਜ ਸੇਵੀ ਕੰਮਾਂ ਵਿਚ ਜੁਟੀ ਰਹੀ ਅਤੇ ਇਸਦੇ ਨਾਲ ਹੀ ਉਸ ਦੇ ਪ੍ਰੇਮ-ਪ੍ਰਸੰਗ ਵੀ ਚਰਚਾ ਦਾ ਵਿਸ਼ਾ ਬਣਨ ਲੱਗੇ | ਡਾਇਨਾ ਜਿਧਰੋਂ ਦੀ ਵੀ ਲੰਘਦੀ ਸੀ ਰਾਹ ਜਾਂਦੇ ਲੋਕ ਰੁਕ ਕੇ ਉਸ ਨੂੰ ਦੇਖਣ ਲੱਗ ਜਾਂਦੇ ਸਨ | 31 ਅਗਸਤ 1997 ਨੂੰ ਪੈਰਿਸ ਵਿਖੇ ਇਕ ਕਾਰ ਹਾਦਸੇ ਵਿਚ ਰਾਜਕੁਮਾਰੀ ਡਾਇਨਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ | ਸ਼ਹਿਜ਼ਾਦੀ ਡਾਇਨਾ ਭਾਵੇਂ ਸਰੀਰਕ ਰੂਪ ਵਿਚ ਅੱਜ ਇਸ ਸੰਸਾਰ ਵਿਚ ਮੌਜੂਦ ਨਹੀਂ ਪਰ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਉਹ ਅੱਜ ਵੀ ਜਿਊਾਦੀ ਹੈ |
ਬਿਲਕੁਲ ਇਸੇ ਤਰਾਂ ਦੀ ਹੀ ਕਹਾਣੀ ਰਜ਼ੀਆ ਸੁਲਤਾਨ ਦੀ ਹੈ | ਰਜ਼ੀਆ ਸੁਲਤਾਨ ਦਿੱਲੀ ਦੇ ਸਮਰਾਟ ਇਲਤਮਿਸ਼ ਦੀ ਧੀ ਸੀ, ਜੋ ਕਿ ਬਹੁਤ ਹੀ ਜ਼ਿਆਦਾ ਸੁੰਦਰ ਸੀ ਅਤੇ ਬੇਪਨਾਹ ਹੁਸਨ ਦੀ ਮਲਿਕਾ ਸੀ | ਰਜ਼ੀਆ ਸੁਲਤਾਨ ਦਾ ਜਨਮ 1205 ਈਸਵੀ ਨੂੰ ਬਦਾਊਾ ਸ਼ਹਿਰ ਵਿਖੇ ਹੋਇਆ | ਉਹ ਆਪਣੇ ਪਿਤਾ ਸਮਰਾਟ ਇਲਤਮਿਸ਼ ਦੀ ਲਾਡਲੀ ਧੀ ਸੀ | ਉਸ ਦਾ ਬਚਪਨ ਰਾਜ ਮਹੱਲਾਂ ਵਿਚ ਬੀਤਿਆ | ਰਜ਼ੀਆ ਸੁਲਤਾਨ ਉਚੀ-ਲੰਮੀ, ਭਰਵੇਂ ਜੁੱਸੇ ਵਾਲੀ ਤੇ ਬਲੌਰੀ ਅੱਖਾਂ ਵਾਲੀ ਮੁਟਿਆਰ ਸੀ, ਜੋ ਕਿ ਤੀਰ ਅੰਦਾਜ਼ੀ, ਘੋੜਸਵਾਰੀ ਅਤੇ ਤਲਵਾਰਬਾਜ਼ੀ ਵਿਚ ਬਪਚਨ ਵਿਚ ਹੀ ਨਿਪੁੰਨ ਹੋ ਗਈ ਸੀ | ਉਹ ਬਚਪਨ ਵਿਚ ਹੀ ਤਲਵਾਰਾਂ ਤੇ ਨੇਜ਼ਿਆਂ ਨਾਲ ਖੇਡਦੀ ਹੁੰਦੀ ਸੀ | ਜਦੋਂ ਰਜ਼ੀਆ ਸੁਲਤਾਨ ਉਪਰ ਜਵਾਨੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕੀਤਾ ਤਾਂ ਦੇਸ਼ਾਂ-ਦੇਸ਼ਾਂਤਰਾਂ ਵਿਚ ਉਸ ਦੀ ਸੁੰਦਰਤਾ ਦੀ ਗੱਲ ਫੈਲ ਗਈ | ਵੱਖ-ਵੱਖ ਰਿਆਸਤਾਂ ਦੇ ਰਾਜਕੁਮਾਰ ਉਸ ਨੂੰ ਆਪਣੇ ਨਾਲ ਵਿਆਹੁਣ ਲਈ ਸੁਪਨੇ ਵੇਖਣ ਲੱਗ ਪਏ ਸਨ |
ਰਜ਼ੀਆ ਸੁਲਤਾਨ ਅਸਲ ਵਿਚ ਅਲਬਾਰੀ ਕਬੀਲੇ ਦੇ ਇਕ ਤੁਰਕ ਪਰਿਵਾਰ ਨਾਲ ਸਬੰਧ ਰੱਖਦੀ ਸੀ | ਉਸ ਦਾ ਪਿਤਾ ਇਲਤਮਿਸ਼ ਦਿੱਲੀ ਦਾ ਸੁਲਤਾਨ ਸੀ | ਜਦੋਂ ਇਲਤਮਿਸ਼ ਦੀ ਮੌਤ ਹੋ ਗਈ ਤਾਂ ਉਸ ਦੇ ਪੁੱਤਰ ਰਕੁਨੂਦੀਨ ਫਿਰੋਜ਼ ਨੂੰ ਸੁਲਤਾਨ ਬਣਾਇਆ ਗਿਆ ਪਰ ਰਕੁਨੂਦੀਨ ਫਿਰੋਜ਼ ਵਿਲਾਸੀ ਪ੍ਰਵਿਰਤੀ ਦਾ ਇਨਸਾਨ ਸੀ | ਉਸ ਦੇ ਰਾਜਕਾਲ ਵਿਚ ਬਹੁਤ ਸਾਰੇ ਵਿਦਰੋਹ ਹੋਏ | ਰਜ਼ੀਆ ਸੁਲਤਾਨ ਨੇ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਦਿੱਲੀ ਦੀ ਜਨਤਾ ਦੇ ਸਹਿਯੋਗ ਨਾਲ ਉਸਨੇ ਯੁੱਧ ਵਿਚ ਆਪਣੇ ਭਰਾ ਰਕੁਨੂਦੀਨ ਫਿਰੋਜ਼ ਨੂੰ ਹਰਾ ਦਿਤਾ ਅਤੇ ਖੁਦ ਦਿੱਲੀ ਦੀ ਸੁਲਤਾਨ ਬਣ ਬੈਠੀ |
ਇਸ ਤਰ੍ਹਾਂ 1236 ਈਸਵੀ ਵਿਚ ਰਜ਼ੀਆ ਬੇਗਮ ਦਿੱਲੀ ਦੀ ਸੁਲਤਾਨ ਬਣੀ ਅਤੇ ਮਈ 1240 ਤੱਕ ਦਿੱਲੀ ਦੀ ਸੁਲਤਾਨ ਰਹੀ | ਰਜ਼ੀਆ ਸੁਲਤਾਨ ਨੇ ਦਿਲੀ ਦੀ ਸੁਲਤਾਨ ਬਣਨ ਤੋਂ ਬਾਅਦ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਬਹੁਤ ਕੰਮ ਕੀਤੇ | ਉਸ ਨੇ ਪੂਰੇ ਭਾਰਤ ਵਿਚ ਹੀ ਸੜਕਾਂ ਦਾ ਜਾਲ ਵਿਛਾਇਆ | ਰਾਹਗੀਰਾਂ ਦੇ ਆਰਾਮ ਕਰਨ ਲਈ ਧਰਮਸ਼ਾਲਾਵਾਂ ਬਣਵਾਈਆਂ | ਪਾਣੀ ਦੀ ਘਾਟ ਦੂਰ ਕਰਨ ਲਈ ਅਨੇਕਾਂ ਹੀ ਖੂਹ ਖੁਦਵਾਏ | ਉਸ ਦੇ ਲੋਕ ਭਲਾਈ ਦੇ ਕੰਮਾਂ ਕਰਕੇ ਦੇਸ਼ ਦੀ ਜਨਤਾ ਉਸ ਨੂੰ ਪਿਆਰ ਕਰਨ ਲੱਗੀ ਤੇ ਉਸ ਦੀ ਜੈ ਜੈ ਕਾਰ ਹੋਣ ਲੱਗ ਪਈ | ਇਸ ਕਰਕੇ ਉਹ ਆਪਣੇ ਦੁਸ਼ਮਣਾਂ ਦੀਆਂ ਨਜ਼ਰਾਂ ਵਿਚ ਖਟਕਣ ਲੱਗ ਪਈ | ਜਿਥੇ ਦੁਨੀਆਂ ਭਰ ਦੇ ਸ਼ਹਿਜ਼ਾਦੇ ਉਸ ਨੂੰ ਆਪਣੀ ਰਾਣੀ ਬਣਾਉਣ ਲਈ ਯਤਨ ਕਰ ਰਹੇ ਸਨ, ਉਥੇ ਹੀ ਰਜ਼ੀਆ ਸੁਲਤਾਨ ਖੁਦ ਆਪਣੇ ਗੁਲਾਮ ਹਬਸ਼ੀ ਜਮਾਲੂਦੀਨ ਯਾਕੂਤ ਦੇ ਪ੍ਰੇਮ ਵਿਚ ਉਲਝ ਗਈ, ਜਿਸ ਕਾਰਨ ਬਠਿੰਡਾ ਦਾ ਸੂਬੇਦਾਰ ਅਤੇ ਬਠਿੰਡਾ ਕਿਲ੍ਹੇ ਦਾ ਫੌਜਦਾਰ ਮਲਿਕ ਅਲਤੂਨੀਆ ਵੀ ਉਸ ਨਾਲ ਖਾਰ ਖਾਣ ਲੱਗ ਪਿਆ | ਅਸਲ ਵਿਚ ਬਠਿੰਡਾ ਦਾ ਸੂਬੇਦਾਰ ਅਤੇ ਬਠਿੰਡਾ ਕਿਲ੍ਹੇ ਦਾ ਫੌਜਦਾਰ ਮਲਿਕ ਅਲਤੂਨੀਆ ਵੀ ਬਚਪਨ ਵਿਚ ਰਜ਼ੀਆ ਬੇਗਮ ਨਾਲ ਦਿੱਲੀ ਦੇ ਰਾਜ ਮਹੱਲਾਂ ਵਿਚ ਖੇਡਦਾ ਰਿਹਾ ਸੀ ਅਤੇ ਉਹ ਬਚਪਨ ਤੋਂ ਹੀ ਰਜ਼ੀਆ ਨੂੰ ਪਿਆਰ ਕਰਦਾ ਸੀ | ਜਦੋਂ ਉਸਨੇ ਰਜ਼ੀਆ ਅਤੇ ਯਾਕੂਤ ਵਿਚਾਲੇ ਗੂੜ੍ਹੇ ਸੰਬੰਧ ਵੇਖੇ ਤਾਂ ਉਸ ਨੇ ਦਿੱਲੀ ਸਲਤਨਤ ਵਿਰੁੱਧ ਬਗ਼ਾਵਤ ਕਰ ਦਿੱਤੀ | ਇਸ ਬਗਾਵਤ ਨੂੰ ਦਬਾਉਣ ਲਈ ਜਦੋਂ ਰਜ਼ੀਆ ਦਿੱਲੀ ਤੋਂ ਆਪਣੇ ਪ੍ਰੇਮੀ ਯਾਕੂਤ ਨਾਲ ਬਠਿੰਡਾ ਆਈ ਤਾਂ ਬਠਿੰਡਾ ਦੇ ਸੂਬੇਦਾਰ ਅਲਤੂਨੀਆਂ ਨੇ ਯਾਕੂਤ ਨੂੰ ਮਾਰ ਕੇ ਰਜ਼ੀਆ ਨੂੰ ਬਠਿੰਡਾ ਦੇ ਕਿਲ੍ਹੇ ਵਿਚ ਕੈਦ ਕਰ ਲਿਆ | ਬਾਅਦ ਵਿਚ ਰਜ਼ੀਆ ਨੇ ਬਠਿੰਡਾ ਦੇ ਕਿਲ੍ਹੇ ਵਿਚ ਹੀ ਆਪਣੇ ਬਚਪਨ ਦੇ ਸਾਥੀ ਅਲਤੂਨੀਆ ਨਾਲ ਵਿਆਹ ਕਰਵਾ ਲਿਆ ਅਤੇ ਦਿੱਲੀ ਦੀ ਸਲਤਨਤ ਉਪਰ ਮੁੜ ਕਬਜ਼ੇ ਲਈ ਦਿੱਲੀ ਵੱਲ ਮੁਹਾਰਾਂ ਮੋੜ ਦਿੱਤੀਆਂ ਪਰ ਦਿੱਲੀ ਤੋਂ ਪਹਿਲਾਂ ਹੀ ਆਪਣੇ ਦੁਸ਼ਮਣਾਂ ਨਾਲ ਹੋਈ ਲੜਾਈ ਵਿਚ ਰਜ਼ੀਆ ਅਤੇ ਅਲਤੂਨੀਆ ਮਾਰੇ ਗਏ | ਇਸ ਤਰਾਂ 13 ਅਕਤੂਬਰ 1240 ਈਸਵੀ ਵਿਚ ਰਜ਼ੀਆ ਸੁਲਤਾਨ ਸਿਰਫ 35 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ |
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਜ਼ੀਆ ਸੁਲਤਾਨ ਦੇ ਜੀਵਨ ਬਾਰੇ ਇਤਿਹਾਸਕਾਰ ਇਕ ਮਤ ਨਹੀਂ | ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਜਦੋਂ ਰਜ਼ੀਆ ਸੁਲਤਾਨ ਬਠਿੰਡਾ ਦੀ ਬਗ਼ਾਵਤ ਨੂੰ ਖ਼ਤਮ ਕਰਨ ਲਈ ਯਾਕੂਤ ਨਾਲ ਬਠਿੰਡਾ ਆਈ ਤਾਂ ਉਸ ਨੂੰ ਕੈਦ ਕਰ ਲਿਆ ਅਤੇ ਯਾਕੂਤ ਇਸ ਲੜਾਈ ਵਿਚ ਮਾਰਿਆ ਗਿਆ ਅਤੇ ਰਜ਼ੀਆ ਸੁਲਤਾਨ ਅਲਤੂਨੀਆਂ ਨਾਲ ਵਿਆਹ ਕਰਵਾ ਕੇ ਦਿੱਲੀ ਉਪਰ ਮੁੜ ਕਬਜ਼ੇ ਲਈ ਚੱਲ ਪਈ ਪਰ ਦਿੱਲੀ ਨੇੜੇ ਹੋਈ ਲੜਾਈ ਵਿਚ ਆਪਣੇ ਪਤੀ ਨਾਲ ਹੀ ਮਾਰੀ ਗਈ, ਜਦੋਂ ਕਿ ਕੁਝ ਇਤਿਹਾਸਕਾਰ ਇਹ ਕਹਿੰਦੇ ਹਨ ਕਿ ਯਾਕੂਤ ਨੂੰ ਵੀ ਇਸ ਲੜਾਈ ਦੌਰਾਨ ਰਜ਼ੀਆ ਬੇਗਮ ਦੇ ਨਾਲ ਹੀ ਕੈਦ ਕਰ ਲਿਆ ਗਿਆ ਸੀ | ਇਨ੍ਹਾਂ ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨ ਅਤੇ ਉਸ ਦਾ ਪ੍ਰੇਮੀ ਯਾਕੂਤ ਮੌਕਾ ਮਿਲਣ 'ਤੇ ਬਠਿੰਡਾ ਦੇ ਕਿਲ੍ਹੇ ਦੀ ਕੈਦ ਵਿਚੋਂ ਆਜ਼ਾਦ ਹੋ ਕੇ ਦਿੱਲੀ ਵੱਲ ਚੱਲ ਪਏ | ਉਨ੍ਹਾਂ ਦੇ ਪਿੱਛੇ ਬਠਿੰਡਾ ਦੇ ਸੂਬੇਦਾਰ ਦੀ ਫ਼ੌਜ ਲੱਗੀ ਹੋਈ ਸੀ | ਦਿੱਲੀ ਨੇੜੇ ਰਜ਼ੀਆ ਸੁਲਤਾਨ ਅਤੇ ਯਾਕੂਤ ਦੀ ਲੜਾਈ ਦਿੱਲੀ ਦੀ ਫੌਜ ਨਾਲ ਹੋ ਗਈ , ਜਿਸ ਕਾਰਨ ਇਸ ਲੜਾਈ ਵਿਚ ਦੋਵੇਂ ਮਾਰੇ ਗਏ |
ਜਦੋਂ ਰਜ਼ੀਆ ਬੇਗਮ ਦਿੱਲੀ ਦੀ ਸੁਲਤਾਨ ਸੀ ਤਾਂ ਉਸਦਾ ਯਾਕੂਤ ਨਾਲ ਮਿਲਵਰਤਣ ਵੇਖ ਕੇ ਬਲਬਨ ਅਤੇ ਚਾਲੀਸਾ ਸੰਸਥਾ ਦੇ ਸਰਦਾਰ ਉਸਦੇ ਵਿਰੁੱਧ ਹੋ ਗਏ ਸਨ ਅਤੇ ਉਸਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗ ਪਏ ਸਨ, ਜਦੋਂ ਰਜ਼ੀਆ ਸੁਲਤਾਨ ਬਠਿੰਡਾ ਦੇ ਕਿਲ੍ਹੇ ਵਿਚ ਕੈਦ ਕਰ ਲਈ ਗਈ ਤਾਂ ਉਸ ਦੇ ਵਿਰੋਧੀ ਦਿੱਲੀ ਦੀ ਸਲਤਨਤ ਉਪਰ ਕਾਬਜ਼ ਹੋ ਗਏ ਸਨ ਆਪਣੀ ਸਲਤਨਤ ਨੂੰ ਵਾਪਸ ਲੈਣ ਲਈ ਹੋਈ ਲੜਾਈ ਵਿਚ ਹੀ ਰਜ਼ੀਆ ਸੁਲਤਾਨ ਆਪਣੇ ਪਤੀ ਜਾਂ ਪ੍ਰੇਮੀ ਨਾਲ ਮਾਰੀ ਗਈ ਸੀ |
ਰਜ਼ੀਆ ਸੁਲਤਾਨ ਅਸਲ ਵਿਚ ਉਚੀ ਲੰਮੀ, ਗੋਰੀ ਚਿੱਟੀ ਸੀ, ਕੋਹ ਕਾਫ ਦੀ ਹੂਰ ਲੱਗਦੀ ਸੀ | ਇਸ ਤਰਾਂ ਲੱਗਦਾ ਸੀ ਜਿਵੇਂ ਉਹ ਪਰੀਆਂ ਦੇ ਦੇਸ਼ ਦੀ ਸ਼ਹਿਜ਼ਾਦੀ ਹੋਵੇ | ਉਸਦੇ ਸਿਰ ਦੇ ਵਾਲ ਬਹੁਤ ਲੰਬੇ ਅਤੇ ਭਰਵੇਂ ਸਨ | ਕਾਲੇ ਸ਼ਾਹ ਵਾਲ ਜਦੋਂ ਹਵਾ ਵਿਚ ਉਡਦੇ ਸਨ ਤਾਂ ਸਾਉਣ ਦੀਆਂ ਕਾਲੀਆਂ ਘਟਾਵਾਂ ਦਾ ਭੁਲੇਖਾ ਪਾਉਂਦੇ ਸਨ |
ਅੱਜ ਵੀ ਜਦੋਂ ਮੈਂ ਬਠਿੰਡਾ ਦੇ ਕਿਲ੍ਹੇ ਵਿਚ ਉਸ ਥਾਂ ਨੂੰ ਵੇਖਦਾ ਹਾਂ, ਜਿਥੇ ਰਜ਼ੀਆ ਸੁਲਤਾਨ ਕੈਦ ਕੀਤੀ ਗਈ ਸੀ ਤਾਂ ਰਜ਼ੀਆ ਸੁਲਤਾਨ ਦੀ ਮਨਮੋਹਣੀ ਸੂਰਤ ਅੱਖਾਂ ਮੂਹਰੇ ਆ ਜਾਂਦੀ ਹੈ |
ਇਤਿਹਾਸ ਦੇ ਪੰਨਿਆਂ ਉਪਰ ਅੱਜ ਵੀ ਸ਼ਹਿਜ਼ਾਦੀ ਡਾਇਨਾ ਅਤੇ ਰਜ਼ੀਆ ਸੁਲਤਾਨ ਦਾ ਨਾਂਅ ਉਘੜਵੇਂ ਰੂਪ ਵਿਚ ਲਿਖਿਆ ਹੋਇਆ ਮਿਲਦਾ ਹੈ | ਪ੍ਰੇਮ-ਸੰਬੰਧਾਂ ਦੇ ਬਾਵਜੂਦ ਉਨ੍ਹਾਂ ਦੋਵਾਂ ਨੂੰ ਉਨ੍ਹਾਂ ਦੀ ਬੇਮਿਸਾਲ ਸੁੰਦਰਤਾ ਅਤੇ ਸਮਾਜ ਭਲਾਈ ਦੇ ਕੰਮਾਂ ਕਰਕੇ ਵੀ ਜਾਣਿਆ ਜਾਂਦਾ ਹੈ | ਦੋਵਾਂ ਨੂੰ ਅੱਜ ਵੀ ਵੱਖ-ਵੱਖ ਦੇਸ਼ਾਂ, ਇਲਾਕਿਆਂ ਵਿਚ ਹੁੰਦੀ ਵਿਦਵਾਨਾਂ ਦੀਆਂ ਮਹਿਫਲਾਂ ਅਤੇ ਆਮ ਖੁੰਢ ਚਰਚਾ ਵਿਚ ਯਾਦ ਕੀਤਾ ਜਾਂਦਾ ਹੈ |
-ਲੱਕੀ ਨਿਵਾਸ, 61-ਏ ਵਿਦਿਆ ਨਗਰ, ਨੇੜੇ ਕੁੜੀਆਂ ਦਾ ਮਾਲਵਾ ਹੋਸਟਲ ਪਟਿਆਲਾ |
ਮੋਬਾਈਲ : 9463819174.

ਰੰਗਕਰਮੀਆਂ ਦੇ ਗਿਆਨ 'ਚ ਚੋਖਾ ਵਾਧਾ ਕਰ ਗਿਆ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ 'ਸਮਕਾਲੀ ਭਾਰਤੀ ਰੰਗਮੰਚ' ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਬੀਤੇ ਹਫਤੇ ਅੰਮਿ੍ਤਸਰ ਦੇ ਵਿਰਸਾ ਵਿਹਾਰ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀਂ ਵੱਲੋਂ 'ਸਮਕਾਲੀ ਭਾਰਤੀ ਰੰਗਮੰਚ' ਵਿਸ਼ੇ 'ਤੇ ਕਰਵਾਇਆ ਗਿਆ ਸੈਮੀਨਾਰ ਰੰਗਕਰਮੀਆਂ ਦੇ ਗਿਆਨ ਵਿਚ ਚੋਖਾ ਇਜ਼ਾਫਾ ਕਰ ਗਿਆ | ਇਸ ਸੈਮੀਨਾਰ ਵਿਚ ਭਾਰਤੀ ਰੰਗਮੰਚ ਦੀਆਂ ਦੋ ਮਹਾਨ ਹਸਤੀਆਂ ਪਦਮਸ੍ਰੀ ਪ੍ਰੋ: ਦਵਿੰਦਰ ਰਾਜ ਅੰਕੁਰ ਸਾਬਕਾ ਡਾਇਰੈਕਟਰ ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਅਤੇ ਪਦਮਸ੍ਰੀ ਬੰਸੀ ਕੌਲ, ਜੋ ਕਿ ਭਾਰਤ ਦੇ ਉੱਘੇ ਨਾਟਕਕਾਰ ਤੇ ਨਿਰਦੇਸ਼ਕ ਹਨ, ਤੋਂ ਇਲਾਵਾ ਡਾ: ਸਤੀਸ਼ ਵਰਮਾ, ਅਕਾਦਮੀਂ ਦੇ ਪ੍ਰਧਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਸਰਨ ਬੀਬੀ ਹਰਜਿੰਦਰ ਕੌਰ, ਨਾਟਕਕਾਰ ਡਾ: ਸਵਰਾਜਬੀਰ ਅਤੇ ਡਾ: ਸਾਹਿਬ ਸਿੰਘ ਮੁਹਾਲੀ ਸਮੇਤ ਪੰਜਾਬ ਭਰ ਤੋਂ ਰੰਗਮੰਚ ਨਾਲ ਜੁੜੀਆਂ ਹੋਰਨਾਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ |
ਸੈਮੀਨਾਰ ਦੇ ਮੁੱਖ ਬੁਲਾਰੇ ਤੇ ਦੇਸ਼ ਦੇ ਉੱਘੇ ਨਾਟ ਨਿਰਦੇਸ਼ਕ ਪ੍ਰੋ: ਦਵਿੰਦਰ ਰਾਜ ਅੰਕੁਰ ਨੇ ਕਿਹਾ ਕਿ ਭਾਰਤੀ ਰੰਗਮੰਚ ਵਿਚ ਨਵੇਂ ਰੁਝਾਨ ਅਤੇ ਨਵੀਆਂ ਰਵਾਇਤਾਂ ਸ਼ੁਰੂ ਹੋਈਆਂ ਹਨ, ਜੋ ਭਾਰਤੀ ਰੰਗਮੰਚ ਨੂੰ ਹੋਰ ਪ੍ਰਫੁੱਲਿਤ ਹੋਣ ਵਿਚ ਸਹਾਈ ਹੋਣਗੀਆਂ | ਉਨ੍ਹਾਂ ਕਿਹਾ ਕਿ ਭਾਰਤੀ ਰੰਗਮੰਚ ਦੇ ਵਿਕਾਸ ਵਿਚ ਪੰਜਾਬੀ ਰੰਗਮੰਚ ਦੀ ਪਾਏਦਾਰ ਭੂਮਿਕਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਪੰਜਾਬ ਵਿਚ ਰੰਗਮੰਚ ਕਲਾ ਨਾਲ ਜੁੜੇ ਹੋਏ ਰੰਗਕਰਮੀਆਂ ਨੂੰ ਉਤਸ਼ਾਹਿਤ ਕਰੇ ਅਤੇ ਯੁਵਾ ਪੀੜ੍ਹੀ ਨੂੰ ਰੰਗਮੰਚ ਨਾਲ ਜੋੜਣ ਲਈ ਪ੍ਰਮੁੱਖ ਸ਼ਹਿਰਾਂ ਵਿਚ ਥੀਏਟਰਾਂ ਦੀ ਸਥਾਪਨਾ ਲਈ ਅੱਗੇ ਆਏ | ਰੰਗ ਵਿਦੂਸ਼ਕ ਥੀਏਟਰ ਗਰੂੱਪ ਭੋਪਾਲ ਤੋਂ ਆਏ ਦੇਸ਼ ਦੇ ਨਾਮਵਰ ਨਾਟ-ਨਿਰਦੇਸ਼ਕ ਪਦਮਸ੍ਰੀ ਬੰਸੀ ਕੌਲ ਨੇ ਕਿਹਾ ਕਿ ਪੰਜਾਬੀ ਸਮਾਜ ਵਿਚ ਸਦੀਆਂ ਤੋਂ ਤਮਾਸ਼ਾ ਸ਼ੈਲੀ ਰਾਹੀਂ ਆਪਣੀਆਂ ਨਕਲਾਂ ਤੇ ਹਾਸਰਸ ਅਦਾਕਾਰੀ ਰਾਹੀਂ ਸਾਡਾ ਮਨੋਰੰਜਨ ਕਰਦੇ ਆ ਰਹੇ ਭੰਡਾਂ ਨੂੰ ਵੀ ਭਾਰਤੀ ਰੰਗਮੰਚ ਦਾ ਹੀ ਹਿੱਸਾ ਸਮਝਣਾ ਚਾਹੀਦਾ ਹੈ | ਉਨ੍ਹਾਂ ਪੰਜਾਬੀ ਰੰਗਮੰਚ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ | ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਨਾਟਕ ਕਈ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਪ੍ਰਤੀਬਧ ਤੇ ਸਿਰੜੀ ਰੰਗਕਰਮੀਆਂ-ਨਾਟਕਕਾਰਾਂ ਦੀ ਬਦੌਲਤ ਹੀ ਭਾਰਤੀ ਰੰਗਮੰਚ ਦੇ ਨਾਲ-ਨਾਲ ਕੌਮਾਂਤਰੀ ਪੱਧਰ ਤੱਕ ਆਪਣਾ ਚੰਗਾ ਮੁਕਾਮ ਬਣਾਉਣ ਦੇ ਸਮਰੱਥ ਹੋ ਸਕਿਆ ਹੈ | ਉਨ੍ਹਾਂ ਆਖਿਆ ਕਿ ਅਜਿਹੀ ਸੋਚ ਨਾ ਰੱਖੀ ਜਾਵੇ ਕਿ ਰੰਗਮੰਚ ਕਮਾਈ ਦਾ ਸਾਧਨ ਹੀ ਬਣੇ |
ਡਾ: ਸਤੀਸ਼ ਕੁਮਾਰ ਵਰਮਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਕ ਪੰਜਾਬੀ ਰੰਗਮੰਚ ਦੇ ਸਦੀ ਪੁਰਾਣੇ ਇਤਿਹਾਸ ਦੇ ਰੂ-ਬਰੂ ਕਰਾਇਆ |
ਉੱਘੇ ਨਾਟਕਕਾਰ ਡਾ: ਸਵਰਾਜਬੀਰ ਨੇ ਕਿਹਾ ਕਿ ਪੰਜਾਬੀ ਰੰਗਮੰਚ ਭਾਵੇਂ ਅਜੇ ਵਪਾਰਕ ਪੱਖੋਂ ਸਥਾਪਿਤ ਨਹੀਂ ਪਰ ਇਹ ਜ਼ਿੰਮੇਵਾਰੀ ਤੇ ਪ੍ਰਤੀਬੱਧਤਾ ਵਾਲਾ ਰੰਗਮੰਚ ਹੈ | ਉਨ੍ਹਾਂ ਪੰਜਾਬੀ ਰੰਗਮੰਚ ਵਿਚ ਆ ਰਹੀਆਂ ਨਵੀਆਂ ਸ਼ੈਲੀਆਂ ਦੀ ਗੱਲ ਕਰਦਿਆਂ ਕੇਵਲ ਧਾਲੀਵਾਲ ਦੇ ਨਾਟਕ 'ਝੂੰਗਾ', ਹਰਦੀਪ ਗਿੱਲ ਦੇ 'ਸੁੱਚੀ ਸਾਂਝ' ਅਤੇ ਜਗਦੀਸ਼ ਸਚਦੇਵਾ ਦੇ ਨਾਟਕ 'ਸਾਵੀ' ਦੀ ਵਿਸ਼ੇਸ਼ ਚਰਚਾ ਕੀਤੀ | ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਨੇ ਰਸ਼ਟਰੀ ਪੱਧਰ ਦੇ ਸੈਮੀਨਾਰ ਦੇ ਆਯੋਜਨ ਲਈ ਸੰਗੀਤ ਨਾਟਕ ਅਕਾਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਰੰਗਮੰਚ ਨੇ ਗੁਰਸ਼ਰਨ ਭਾਅ ਜੀ ਦੇ ਨਾਂਅ 'ਤੇ ਰੰਗਕਰਮੀਆਂ ਨੂੰ ਇਕ ਰੋਲ ਮਾਡਲ ਦਿੱਤਾ ਹੈ | ਨਾਟਕਕਾਰ ਨਿਰਦੇਸ਼ਕ ਡਾ: ਸਾਹਿਬ ਸਿੰਘ ਨੇ ਕਿਹਾ ਕਿ ਜਦੋਂ ਭਾਰਤੀ ਰੰਗਮੰਚ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਵਿਚ ਸਾਰੇ ਰਾਜਾਂ ਦਾ ਰੰਗਮੰਚ ਸ਼ਾਮਿਲ ਹੁੰਦਾ ਹੈ | ਉਨਾਂ ਕਿਹਾ ਕਿ ਹਰ ਰਾਜ ਕੋਲ ਆਪਣਾ ਵੱਖਰਾ ਲੋਕ ਰੰਗ ਹੁੰਦਾ ਹੈ, ਜਿਸ ਤੋਂ ਅੱਜ ਰੰਗਕਰਮੀਂ ਦੂਰ ਹੁੰਦੇ ਜਾ ਰਹੇ ਹਨ | ਉੱਘੀ ਰੰਗਮੰਚ ਤੇ ਫ਼ਿਲਮ ਅਦਾਕਾਰਾ ਜਸਵੰਤ ਦਮਨ ਨੇ ਕਿਹਾ ਕਿ ਰੰਗਕਰਮੀਂ ਰੰਗਮੰਚ ਦਾ ਸਭ ਤੋਂ ਜ਼ਰੂਰੀ ਅੰਗ ਹੁੰਦਾ ਹੈ, ਪਰ ਅਫਸੋਸ ਹੈ ਕਿ ਸੈਮੀਨਾਰਾਂ ਵਿਚ ਉਸ ਨੂੰ ਅਕਸਰ ਅਣਗੌਲਿਆਂ ਕੀਤਾ ਜਾਂਦਾ ਹੈ | ਇਸ ਮੌਕੇ ਅਕਾਦਮੀ ਦੇ ਸਕੱਤਰ ਤੇ ਨਾਟ ਨਿਰਦੇਸ਼ਕ ਸੁਦੇਸ਼ ਸ਼ਰਮਾ, ਨਾਟਕਕਾਰ ਜਤਿੰਦਰ ਬਰਾੜ, ਅਦਾਕਾਰਾ ਨਿਰਦੇਸ਼ਕਾ ਅਨੀਤਾ ਦੇਵਗਨ, ਡਾ: ਹਰਭਜਨ ਸਿੰਘ ਭਾਟੀਆ, ਅਨੀਤਾ ਮੁਹਾਲੀ, ਸੰਜੀਵਨ ਸਿੰਘ, ਡਾ: ਕੁਲਦੀਪ ਦੀਪ, ਚਕਰੇਸ਼, ਸ਼ਬਦੀਸ਼, ਨਰਿੰਦਰ ਸਾਂਘੀ ਆਦਿ ਕਲਾਕਾਰਾਂ-ਨਿਰਦੇਸ਼ਕਾਂ ਨੇ ਵੀ ਪੰਜਾਬੀ ਰੰਗਮੰਚ ਅਤੇ ਰੰਗਕਰਮੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਅਕਾਦਮੀਂ ਵੱਲੋਂ ਸ੍ਰੀ ਡੀ. ਆਰ. ਅੰਕੁਰ, ਸ੍ਰੀ ਬੰਸੀ ਕੌਲ ਅਤੇ ਬੀਬੀ ਹਰਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਸੈਮੀਨਾਰ ਵਿਚ ਪੰਜਾਬ ਭਰਤ ਤੋਂ ਰੰਗਕਰਮੀਆਂ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਜਿਨਾਂ ਵਿਚ ਸ਼ੋ੍ਰਮਣੀ ਅਦਾਕਾਰਾ ਜਤਿੰਦਰ ਕੌਰ, ਸੁਰੇਸ਼ ਪੰਡਿਤ, ਜਗਦੀਸ਼ ਸਚਦੇਵਾ, ਉਮਾ ਗੁਰਬਖ਼ਸ਼ ਸਿੰਘ, ਹਿਰਦੇਪਾਲ ਸਿੰਘ, ਡਾ: ਸਬਿੰਦਰਜੀਤ ਸਾਗਰ, ਹੰਸਾ ਸਿੰਘ ਬਿਆਸ, ਡਾ: ਅਰਵਿੰਦਰ ਕੌਰ ਧਾਲੀਵਾਲ, ਪ੍ਰੀਤਪਾਲ ਰੁਪਾਣਾ, ਕੀਰਤੀ ਕਿਰਪਾਲ, ਡਾ: ਸੋਮਪਾਲ ਹੀਰਾ, ਪ੍ਰੀਤ ਮਹਿੰਦਰ ਸੇਖੋਂ, ਹਰਦੀਪ ਗਿੱਲ, ਇਕੱਤਰ, ਬਲਵਿੰਦਰ ਭਾਰਤੀ, ਰਮੇਸ਼ ਯਾਦਵ, ਗੁਰਿੰਦਰ ਮਕਨਾ, ਗੁਰਤੇਜ ਮਾਨ, ਅਮਰਪਾਲ, ਦੀਪ ਦਵਿੰਦਰ ਸਿੰਘ ਆਦਿ ਸ਼ਾਮਿਲ ਸਨ |
-ਜਸਵੰਤ ਸਿੰਘ ਜੱਸ
- ਨਿਊ ਅਜ਼ਾਦ ਨਗਰ, ਅੰਮਿ੍ਤਸਰ |
ਮੋ: 98558 55751

ਦਾਸਤਾਨ ਪੰਜਾਬ ਦੇ ਦਰਿਆਵਾਂ ਦੀ-35

ਸਾਰਾ ਸਾਲ ਚੱਲਣ ਵਾਲੀਆਂ ਨਹਿਰਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਵੀਹਵੀਂ ਸਦੀ ਦੇ ਸ਼ੁਰੂ ਤੱਕ ਪੱਛਮੀ ਯਮਨਾ ਨਹਿਰ ਦੇ ਨੈੱਟਵਰਕ ਵਿਚ ਮੁੱਖ ਨਹਿਰਾਂ ਦੀ ਲੰਬਾਈ 343 ਮੀਲ, ਡਿਸਟ੍ਰੀਬਿਊਟਰੀ ਨਹਿਰਾਂ ਦੀ 1797 ਮੀਲ, ਡਰੇਨੇਜ਼ ਕਟਸ ਦੀ 657 ਮੀਲ, ਐਸਕੇਪਸ ਦੀ 76 ਮੀਲ, ਘਰਾਟਾਂ ਲਈ ਚੈਨਲਾਂ ਦੀ 9 ਮੀਲ ਸੀ | ਇਸ ਨਹਿਰ ਦੀ ਕਮਾਂਡ ਥੱਲੇ ਕੁੱਲ ਰਕਬਾ 4000 ਵਰਗ ਮੀਲ, ਜਿਸ ਵਿਚੋਂ 3300 ਨੂੰ ਪਾਣੀ ਮਿਲਦਾ ਸੀ/ਆਉਂਦਾ ਸੀ, ਵਿਚ ਨਹਿਰ ਬਿ੍ਟਿਸ਼ ਖੇਤਰ ਦੇ 1056950 ਏਕੜ, ਪਟਿਆਲਾ ਰਿਆਸਤ 87405 ਏਕੜ ਨੂੰ ਪਾਣੀ ਦਿੰਦੀ ਸੀ | 1941-42 ਦੇ ਮਾਲੀ ਸਾਲ ਵਿਚ ਇਸ ਨਹਿਰ ਅਧੀਨ 2278008 ਏਕੜ ਨੂੰ ਪਾਣੀ ਮਿਲਿਆ |
ਜਦ ਭਾਖੜਾ ਨਹਿਰ ਸਿਸਟਮ ਦੀ ਉਸਾਰੀ ਹੋਈ ਤਦ ਸਿਰਸਾ ਬਰਾਂਚ ਥੱਲੇ ਆਉਂਦਾ ਸਾਰਾ ਰਕਬਾ ਇਸ ਸਿਸਟਮ ਨੂੰ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਲਈ ਭਾਖੜਾ ਮੇਨ ਲਾਈਨ ਨਹਿਰ ਤੋਂ ਸੋਂਡ ਹੈੱਡ ਤੋਂ ਨਰਵਾਣਾ ਬਰਾਂਚ (1794 ਕਿਊਸਿਕਸ) ਨਾਂਅ ਦੀ ਪੱਕੀ ਨਹਿਰ ਕੱਢ ਕੇ ਉਥੇ ਪਹੁੰਚਾਇਆ ਗਿਆ | ਇਹ ਨਹਿਰ ਸਰਹਿੰਦ ਨਹਿਰ ਕੋਲੋਂ ਲੰਘਦੀ ਭਾਖੜਾ ਮੇਨ ਲਾਈਨ ਵਿਚੋਂ ਜੀ. ਟੀ. ਰੋਡ ਤੋਂ ਥੋੜ੍ਹਾ ਥੱਲਿਉਂ ਨਿਕਲਦੀ ਹੈ |
ਪੱਛਮੀ ਯਮਨਾ ਨਹਿਰ ਹਰਿਆਣਾ ਦੇ ਜ਼ਿਲਿ੍ਹਆਂ ਅੰਬਾਲਾ, ਕਰਨਾਲ, ਭਿਵਾਨੀ, ਰੋਹਤਕ, ਹਿਸਾਰ, ਪਾਨੀਪਤ, ਸੋਨੀਪਤ, ਕੁਰੂਕਸ਼ੇਤਰ ਅਤੇ ਕੈਥਲ ਦੀ ਭੂਮੀ ਨੂੰ ਸਿੰਜਦੀ ਹੈ | ਹਰਿਆਣਾ 31 ਅਕਤੂਬਰ 1966 ਤੱਕ ਪੰਜਾਬ ਦਾ ਹੀ ਹਿੱਸਾ ਸੀ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 98140-74901.

ਸਾਫ਼ ਤੇ ਹਰਿਆਲੀ ਭਰਪੂਰ ਸ਼ਹਿਰ ਹੈ ਇਸਲਾਮਾਬਾਦ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਸਲਾਮਾਬਾਦ ਦੀ ਇਮਾਰਤਸਾਜ਼ੀ ਆਧੁਨਿਕ, ਮੁਗਲਈ ਅਤੇ ਪੁਰਾਤਨ ਇਸਲਾਮਕ ਕਲਾ ਦਾ ਸੁਮੇਲ ਹੈ | ਮਸ਼ਹੂਰ ਇਮਾਰਤਾਂ ਇਸੇ ਤਕਨੀਕ ਨਾਲ ਉਸਾਰੀਆਂ ਗਈਆਂ ਹਨ | ਰਾਸ਼ਟਰਪਤੀ ਭਵਨ ਮੁਗਲਈ ਭਵਨ ਕਲਾ ਮੁਤਾਬਿਕ ਬਣਿਆ ਹੈ ਜਦੋਂ ਕਿ ਸੈਕਟਰੀਏਟ, ਨੈਸ਼ਨਲ ਅਸੈਂਬਲੀ ਅਤੇ ਨਵੀਂ ਬਣੀ ਇਸਲਾਮਾਬਾਦ ਸਟਾਕ ਐਕਸਚੇਂਜ ਆਧੁਨਿਕ ਭਵਨ ਨਿਰਮਾਣ ਕਲਾ ਦਾ ਨਮੂਨਾ ਹਨ | ਇਥੇ 68 ਫ਼ੀਸਦੀ ਆਬਾਦੀ ਦੀ ਮਾਤ ਭਾਸ਼ਾ ਪੰਜਾਬੀ, 15 ਫ਼ੀਸਦੀ ਦੀ ਸਿੰਧੀ ਅਤੇ 18 ਫ਼ੀਸਦੀ ਦੀ ਪਸ਼ਤੋ ਹੈ | ਪਰ ਬੋਲਚਾਲ ਵਿਚ ਜ਼ਿਆਦਾਤਰ ਉਰਦੂ ਬੋਲੀ ਜਾਂਦੀ ਹੈ | ਇਸਲਾਮਾਬਾਦ ਵਿਚ ਮੁਸਲਮਾਨਾਂ ਦੀ ਆਬਾਦੀ 96 ਫ਼ੀਸਦੀ , ਇਸਾਈਆਂ ਦੀ 4 ਫ਼ੀਸਦੀ ਤੇ ਅਤੇ ਹਿੰਦੂਆਂ ਦੀ 0.02 ਫ਼ੀਸਦੀ ਹੈ | ਇਸਲਾਮਾਬਾਦ ਸਟਾਕ ਐਕਸਚੇਂਜ ਕਰਾਚੀ ਅਤੇ ਲਾਹੌਰ ਤੋਂ ਬਾਅਦ ਪਾਕਿਸਤਾਨ ਦੀ ਤੀਸਰੀ ਸਭ ਤੋਂ ਵੱਡੀ ਐਕਸਚੇਂਜ ਹੈ | ਇਸਲਾਮਾਬਾਦ ਆਈ.ਟੀ.ਕੰਪਨੀਆਂ ਅਤੇ ਵਿਦੇਸ਼ੀ ਕਾਲ ਸੈਂਟਰਾਂ ਦੇ ਖੇਤਰ ਵਿਚ ਕਾਫੀ ਤਰੱਕੀ ਕਰ ਰਿਹਾ ਹੈ | ਪਾਕਿਸਤਾਨ ਦੀਆਂ ਸਾਰੀਆਂ ਵੱਡੀਆਂ ਸਰਕਾਰੀ ਕੰਪਨੀਆਂ, ਜਿਵੇਂ ਪਾਕਿਸਤਾਨ ਏਅਰ ਲਾਈਨਜ਼ ਅਤੇ ਪਾਕਿਸਤਾਨ ਟੈਲੀਵਿਜ਼ਨ ਆਦਿ ਦੇ ਮੁੱਖ ਦਫਤਰ (ਹੈੱਡ ਆਫਿਸ) ਇਸਲਾਮਾਬਾਦ ਵਿਖੇ ਹੀ ਹਨ |
ਇਸਲਾਮਾਬਾਦ ਵਿਚ ਅਨੇਕਾਂ ਦਰਸ਼ਨੀ ਥਾਵਾਂ ਹਨ | ਸਭ ਤੋਂ ਮਸ਼ਹੂਰ ਹੈ ਫ਼ੈਸਲ ਮਸਜਿਦ | ਇਹ ਸੰਸਾਰ ਭਰ ਵਿਚ ਪਾਕਿਸਤਾਨ ਦਾ ਪਹਿਚਾਣ ਚਿੰਨ੍ਹ ਬਣ ਚੁੱਕੀ ਹੈ | ਇਹ ਸਾਊਦੀ ਅਰਬ ਦੇ ਸਵਰਗੀ ਬਾਦਸ਼ਾਹ ਫ਼ੈਸਲ ਬਿਨ ਅਬਦੁਲ ਅਜੀਜ਼ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਨਾਲ ਤਾਮੀਰ ਕੀਤੀ ਗਈ ਸੀ | ਉਸ ਦੇ ਸਨਮਾਨ ਵਿਚ ਹੀ ਇਸ ਦਾ ਨਾਂਅ ਫ਼ੈਸਲ ਮਸਜਿਦ ਰੱਖਿਆ ਗਿਆ ਹੈ | ਇਸ ਦਾ ਛੱਤਿਆ ਹੋਇਆ ਖੇਤਰ 54000 ਵਰਗ ਫੁੱਟ ਹੈ ਤੇ ਇਥੇ ਇਕੋ ਵੇਲੇ 200000 ਨਮਾਜ਼ੀ ਨਮਾਜ਼ ਪੜ੍ਹ ਸਕਦੇ ਹਨ | ਇਸ ਦਾ ਨਿਰਮਾਣ 1987 ਵਿਚ 12 ਕਰੋੜ ਅਮਰੀਕਨ ਡਾਲਰਾਂ ਦੀ ਲਾਗਤ ਨਾਲ ਹੋਇਆ ਸੀ | ਇਸ ਦਾ ਡਿਜ਼ਾਈਨ ਤੁਰਕ ਆਰਕੀਟੈਕਟ ਵੇਦਾਤ ਦਾਲੋਕੇ ਦੁਆਰਾ ਤਿਆਰ ਕੀਤਾ ਗਿਆ ਸੀ ਤੇ ਇਹ ਤੁਰਕ, ਅਰਬੀ ਅਤੇ ਮੁਗਲਈ ਭਵਨ ਕਲਾ ਦਾ ਸੁਮੇਲ ਹੈ | ਇਸ ਮਸਜਿਦ ਦਾ ਕੋਈ ਗੁੰਬਦ ਨਹੀਂ ਹੈ ਤੇ ਇਸਦੀ ਬਾਹਰੀ ਦਿਖਾਵਟ ਅਰਬੀ ਬੱਦੂ ਖਾਨਾਬਦੋਸ਼ਾਂ ਦੇ ਤੰਬੂਆਂ ਨਾਲ ਮੇਲ ਖਾਂਦੀ ਹੈ | ਇਹ ਖੂਬਸੂਰਤ ਮਰਗਲਾ ਪਹਾੜਾਂ ਦੀ ਪਿੱਠਭੂਮੀ ਵਿਚ ਇਸਲਾਮਾਬਾਦ ਦੇ ਬਿਲਕੁਲ ਉੱਤਰੀ ਸਿਰੇ 'ਤੇ ਹੈ | ਥੋੜ੍ਹੀ ਉਚਾਈ 'ਤੇ ਸਥਿਤ ਹੋਣ ਕਾਰਨ ਇਹ ਮੀਲਾਂ ਤੋਂ ਦਿਖਾਈ ਦੇਂਦੀ ਹੈ | ਇਹ ਮਸਜਿਦ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਮਸਜਿਦ ਹੈ | ਇਸ ਦੇ ਚਾਰ ਮੀਨਾਰ ਹਨ ਤੇ ਹਰੇਕ ਦੀ ਉਚਾਈ 90 ਮੀਟਰ ਹੈ |
ਇਸਲਾਮਾਬਾਦ ਦੇ ਨਜ਼ਦੀਕ ਹੀ ਸੈਦ ਖਾਨ ਗੱਖੜ ਦੁਆਰਾ ਵਸਾਇਆ ਗਿਆ ਵਿਰਾਸਤੀ ਪਿੰਡ ਸੈਦਪੁਰ ਹੈ | ਇਸ 500 ਸਾਲਾ ਪੁਰਾਣੇ ਪਿੰਡ ਤੇ ਮੁਗਲ ਸੈਨਾਪਤੀ ਰਾਜਾ ਮਾਨ ਸਿੰਘ ਦਾ ਕਾਫੀ ਦੇਰ ਕਬਜ਼ਾ ਰਿਹਾ ਸੀ | ਉਸ ਨੇ ਇਥੇ ਕਈ ਮੰਦਿਰ ਬਣਾਏ ਤੇ ਚਾਰ ਸਰੋਵਰ ਰਾਮ ਕੁੰਡ, ਸੀਤਾ ਕੁੰਡ, ਲਛਮਣ ਕੁੰਡ ਅਤੇ ਹਨੂੰਮਾਨ ਕੁੰਡ ਤਿਆਰ ਕਰਵਾਏ | ਇਥੇ ਕਾਫੀ ਹਿੰਦੂ ਮੰਦਿਰ ਹਨ ਜੋ ਸੁਰੱਖਿਅਤ ਰੱਖੇ ਗਏ ਹਨ |
ਇਸਲਾਮਾਬਾਦ ਦੇ ਨਜ਼ਦੀਕ ਹੀ ਔਰੰਗਜ਼ੇਬ ਦੁਆਰਾ ਨਿਰਮਤ ਬਾਰੀ ਇਮਾਮ ਦਾ ਮਕਬਰਾ ਹੈ ਜਿਥੇ ਉਰਸ ਮੌਕੇ ਹਰ ਸਾਲ ਹਜ਼ਾਰਾਂ ਸ਼ਰਧਾਲੂ ਸਿਜਦਾ ਕਰਨ ਆਉਂਦੇ ਹਨ | 2004 ਵਿਚ ਇਸ ਉਰਸ ਵਿਚ ਰਿਕਾਰਡ 12 ਲੱਖ ਲੋਕ ਸ਼ਾਮਿਲ ਹੋਏ ਸਨ | ਇਸਲਾਮਾਬਾਦ ਵਿਚ ਇਕ ਬਹੁਤ ਹੀ ਵੇਖਣਯੋਗ ਸਥਾਨ ਲੋਕ ਵਿਰਸਾ ਮਿਊਜੀਅਮ ਹੈ, ਜਿਥੇ ਪਾਕਿਸਤਾਨ ਦੀ ਸੱਭਿਆਚਾਰਕ ਨਿਸ਼ਾਨੀ ਸੰਭਾਲ ਕੇ ਰੱਖੀ ਗਈ ਹੈ | ਇਥੇ ਕਢਾਈ ਵਾਲੇ ਪੁਰਾਤਨ ਕੱਪੜੇ, ਗਹਿਣੇ, ਸੰਗੀਤਕ ਸਾਜ਼, ਲੱਕੜ ਦੀ ਕਾਰੀਗਰੀ, ਪੁਰਾਣੇ ਭਾਂਡੇ ਅਤੇ ਹੋਰ ਸਾਜ-ਸਾਮਾਨ ਅਗਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ | ਇਹਨਾਂ ਤੋਂ ਇਲਾਵਾ ਇਥੇ ਪੀਰ ਸੋਹਾਵਾ ਦਾ ਮਕਬਰਾ, ਮੀਨਾਰ-ਏ-ਪਾਕਿਸਤਾਨ, ਰਾਵਲ ਲੇਕ, ਦਾਮਨ-ਏ-ਕੋਹ, ਪਾਕਿਸਤਾਨ ਰੇਲਵੇ ਮਿਊਜ਼ੀਅਮ, ਸੁਪਰੀਮ ਕੋਰਟ, ਕਾਇਦੇ ਆਜ਼ਮ ਯੂਨੀਵਰਸਿਟੀ, ਪਾਰਲੀਮੈਂਟ ਹਾਊਸ, ਸਿਮਲੀ ਡੈਮ ਅਤੇ ਸਾਊਦੀ ਪਾਕ ਟਾਵਰ ਵੇਖਣਯੋਗ ਹਨ | (ਸਮਾਪਤ)

ਪੁੱਡੂਚੇਰੀ ਦਾ ਅਰਬਿੰਦੋ ਆਸ਼ਰਮ ਅਤੇ ਕੌਮਾਂਤਰੀ ਬਰਾਦਰੀ ਵਾਲਾ ਨਗਰ ਓਰੋਵਿਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਰਬਿੰਦੋ ਆਸ਼ਰਮ ਦੇ ਦਰਸ਼ਨ ਕਰਕੇ ਅਸੀਂ ਉਥੋਂ ਸਾਹਮਣੇ ਪਾਸੇ ਸਥਿਤ ਅਰਿੰਬਦੂ ਇੰਟਰਨੈਸ਼ਨਲ ਸੈਂਟਰ ਜੋ 1943 ਵਿਚ ਬਣਿਆ ਸੀ, ਨੂੰ ਵੇਖਣ ਆ ਗਏ | ਇਥੇ ਵਿਦਿਆਰਥੀਆਂ ਦੇ ਪਾਠ-ਪਠਨ, ਉੱਚ ਸਿੱਖਿਆ, ਪ੍ਰਾਚੀਨ ਅਤੇ ਨਵੀਨ ਦਰਸ਼ਨ, ਸਾਹਿਤ, ਇਤਿਹਾਸ, ਭੌਤਿਕੀ, ਰਸਾਇਣ, ਪ੍ਰਾਣੀ-ਸ਼ਾਸਤਰ ਅਤੇ ਇੰਜੀਨੀਅਰਿੰਗ ਦੀ ਸਿੱਖਿਆ ਦਾ ਪ੍ਰਬੰਧ ਹੈ | ਇਥੇ ਇਹ ਜਾਣਕਾਰੀ ਮਿਲੀ ਕਿ ਪਾਂਡੀਚਰੀ ਤੋਂ ਇਲਾਵਾ ਦੂਰ-ਦੂਰ ਸ਼ਹਿਰਾਂ ਤੋਂ ਵਿਦਿਆਰਥੀ ਇਸ ਸੈਂਟਰ ਵਿਚ ਵਿੱਦਿਆ ਪ੍ਰਾਪਤ ਕਰਨ ਲਈ ਆਉਂਦੇ ਹਨ | ਇਸ ਸੈਂਟਰ ਦੇ ਨਾਲ ਹੀ ਕੁਝ ਬਿਲਡਿੰਗਾਂ ਵਿਚ ਆਸ਼ਰਮ ਵੱਲੋਂ ਸਾੜ੍ਹੀਆਂ, ਵੰਨ-ਸੁਵੰਨੇ ਕੱਪੜਿਆਂ, ਕਾਗਜ਼, ਸੈਂਟ ਤੇ ਸੁਗੰਧੀਆਂ ਦੇ ਦਸਤਕਾਰੀ ਕੇਂਦਰ ਸਥਾਪਤ ਹਨ, ਜਿਥੇ ਆਪੋ-ਆਪਣੀ ਯੋਗਤਾ ਅਤੇ ਝੁਕਾਅ ਅਨੁਸਾਰ ਇੱਛੁਕ ਸੱਜਣਾਂ ਨੂੰ ਕੰਮਾਂ, ਕਿੱਤਿਆਂ ਦੀ ਸਿੱਖਿਆ ਦਾ ਅਵਸਰ ਦਿੱਤਾ ਜਾਂਦਾ ਹੈ | ਇਥੇ ਨਾਲ ਹੀ ਵਿਕਰੀ ਕੇਂਦਰ ਹੈ, ਜਿਥੋਂ ਇਥੇ ਤਿਆਰ ਹੋਈਆਂ ਵਸਤਾਂ ਵੇਚੀਆਂ ਜਾਂਦੀਆਂ ਹਨ |
ਅਰਬਿੰਦੋ ਇੰਟਰਨੈਸ਼ਨਲ ਸੈਂਟਰ ਦੀ ਫੇਰੀ ਲਾ ਕੇ ਅਸੀਂ ਫਿਰ ਅਰਬਿੰਦੋ ਆਸ਼ਰਮ ਵਿਚ ਆ ਗਏ | ਅਸੀਂ ਧਿਆਨ ਕੇਂਦਰ ਨੂੰ ਵੇਖਿਆ ਜਿਥੇ ਕਾਫ਼ੀ ਭਾਰਤੀ ਅਤੇ ਵਿਦੇਸ਼ੀ ਮੋਨ ਹੋ ਕੇ ਧਿਆਨ ਅਵਸਥਾ ਦੀ ਸਮਾਧੀ ਵਿਚ ਲੀਨ ਸਨ | ਅਸੀਂ ਵੀ ਕੁਝ ਦੇਰ ਉਥੇ ਬੈਠ ਕੇ ਅਰਾਧਨਾ ਵਿਚ ਧਿਆਨ ਲਾ ਕੇ ਬੈਠ ਗਏ, ਜਿਸ ਦਾ ਅਨੰਦ ਉਸ ਸ਼ਾਂਤ ਮਾਹੌਲ ਵਿਚ ਰਸ-ਮੁਗਧ ਕਰਨ ਵਾਲਾ ਸੀ | ਉਥੇ ਹੋਰ ਪਤਾ ਲੱਗਾ ਕਿ ਅਨੇਕਾਂ ਸ਼ਰਧਾਲੂ ਤਾਂ ਇਥੇ ਪਾਠ-ਪਠਨ, ਉਚੇਰੀ ਫਲਸਫੇ ਦੀ ਖੋਜ, ਸ਼ਾਂਤੀ ਅਤੇ ਵਿਖੰਡਤ ਹੋਏ ਆਪੇ ਦੀ ਇਕਾਗਰਤਾ ਲਈ ਅਕਸਰ ਆਉਂਦੇ ਹੀ ਰਹਿੰਦੇ ਹਨ |
ਅਰਬਿੰਦੋ ਆਸ਼ਰਮ ਤੋਂ ਬਾਹਰ ਆ ਕੇ ਅਸੀਂ ਟੈਕਸੀ ਲੈ ਕੇ 10 ਕਿਲੋਮੀਟਰ ਦੂਰ, ਸਥਿਤ ਉਰੋਵਿਲ ਨੂੰ ਵੇਖਣ ਲਈ ਨਿਕਲ ਪਏ | ਉਥੇ ਪੁੱਜਣ 'ਤੇ ਪਤਾ ਲੱਗਾ ਕਿ ਉਰੋਵਿਲ ਦਾ ਭਾਵ ਹੈ ਉਸ਼ਾ-ਨਗਰੀ | ਸ੍ਰੀ ਅਰਬਿੰਦੋ ਜੀ ਆਪਣੇ ਆਸ਼ਰਮ ਵਿਚ 1950 ਈ: ਵਿਚ ਚਲਾਣਾ ਕਰ ਗਏ ਸਨ, ਪਰ ਉਨ੍ਹਾਂ ਨੇ ਜਿਸ ਵਿਸ਼ਵ ਬਰਾਦਰੀ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ, ਉਸ ਨੂੰ ਮੂਰਤ ਰੂਪ ਦੇਣ ਲਈ 27 ਫਰਵਰੀ, 1967 ਈ: ਨੂੰ ਇਸ ਅੰਤਰਰਾਸ਼ਟਰੀ ਨਗਰ ਦੀ ਉਸਾਰੀ ਸ਼ੁਰੂ ਹੋਈ ਸੀ | ਸ੍ਰੀ ਅਰਬਿੰਦੋ ਜੀ ਨੇ ਬੜੇ ਵਿਚਾਰ ਬਾਅਦ ਇਸ ਨਗਰ ਦੀ ਯੋਜਨਾ ਬਣਾ ਕੇ ਨਕਸ਼ਾ ਤਿਆਰ ਕਰਵਾਇਆ ਹੋਇਆ ਸੀ | ਉਨ੍ਹਾਂ ਦੇ ਨਿਕਟੀ ਸ਼ਰਧਾਲੂਆਂ ਵੱਲੋਂ 800 ਏਕੜ ਦੀ ਭੂਮੀ ਵਿਚ 14 ਕਮਿਊਨਾਂ ਵਿਚ ਘਰ ਉਸਾਰੇ ਗਏ, ਜਿਨ੍ਹਾਂ ਵਿਚ ਹੁਣ 55 ਦੇਸ਼ਾਂ ਦੇ 1000 ਤੋਂ ਵੱਧ ਸ਼ਰਧਾਲੂ ਜੋ ਸ੍ਰੀ ਅਰਬਿੰਦੋ ਦੇ ਸੁਝਾਏ ਮਾਰਗ ਨੂੰ ਅਪਣਾ ਕੇ ਕਿਰਤ ਕਰਕੇ ਸਾਂਝ-ਭਾਵਨਾ ਵਾਲਾ ਜੀਵਨ ਬਤੀਤ ਕਰ ਰਹੇ ਹਨ | ਇਹ ਬਸਤੀ ਸ਼ਾਂਤੀ, ਮੈਤਰੀ, ਭਰਾਤਰੀ ਭਾਵ ਅਤੇ ਏਕਤਾ ਦੀ ਸਥਾਪਨਾ ਵੱਲ ਇਕ ਠੋਸ ਕਦਮ ਹੈ |
ਇਥੇ ਵੱਖ-ਵੱਖ ਦੇਸ਼ਾਂ ਤੋਂ ਆਏ ਨਰ-ਨਾਰੀ ਸ਼ਾਂਤੀ ਅਤੇ ਪਿਆਰ ਨਾਲ ਰਹਿੰਦੇ ਹਨ | ਇਥੇ ਸਾਨੂੰ ਵਿਦੇਸ਼ੀ ਲੋਕ ਹੀ ਜ਼ਿਆਦਾ ਵਿਖਾਈ ਦੇ ਰਹੇ ਸਨ | ਅਸੀਂ ਤੁਰਦੇ-ਤੁਰਦੇ ਹੀ ਇਸ ਨਗਰ ਦੀ ਆਤਮਾ ਜਾਂ ਮੁੱਖ ਆਕਰਸ਼ਣ ਮੈਤਰੀ ਮੰਦਿਰ ਨੂੰ ਵੇਖਣ ਲਈ ਪਹੁੰਚ ਗਏ | ਉਥੇ ਸਾਡੀ ਤਲਾਸ਼ੀ ਲੈ ਕੇ ਇਕ ਵਿਸ਼ਾਲ ਖੇਤਰ ਦੇ ਸੁੰਦਰ ਫੁੱਲਾਂ ਨਾਲ ਸ਼ਿੰਗਾਰੇ ਅਤੇ ਹਰੇ-ਭਰੇ ਕਚੂਚ ਘਾਹਾਂ ਵਾਲੇ ਪਾਰਕ ਵੱਲ ਭੇਜ ਦਿੱਤਾ ਗਿਆ | ਉਸ ਪਾਰਕ ਦੇ ਅਖੀਰ 'ਤੇ ਮੈਤਰੀ ਮੰਦਿਰ ਸਥਿਤ ਹੈ | ਇਹ ਮੰਦਿਰ ਚਾਰ ਵੱਡੇ ਥੰਮ੍ਹਾਂ ਉਤੇ ਵੱਡੇ ਕੱਚ ਗੋਲੇ ਆਕਾਰ ਦੀ ਸਫੈਦ ਰੰਗ ਦੀ ਵਿਲੱਖਣ ਢੰਗ ਦੀ ਇਮਾਰਤਸਾਜ਼ੀ ਦਾ ਨਮੂਨਾ ਹੈ | ਇਸ ਦੇ ਅੰਡਾਕਾਰ ਘੇਰੇ ਦੇ ਹਰ ਪਾਸੇ ਸੁਨਹਿਰੀ ਰੰਗ ਦੇ ਚੱਕਰ ਇਸ ਦੀ ਦਿੱਖ ਨੂੰ ਹੋਰ ਵਧਾਉਂਦੇ ਹਨ | ਅਸੀਂ ਇਸ ਮੰਦਿਰ ਦੇ ਪ੍ਰਵੇਸ਼ ਦੁਆਰ ਤੋਂ ਕਤਾਰ ਵਿਚ ਲੱਗ ਕੇ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ | ਸਭ ਤਰਫ਼ੋਂ ਘੰੁਮਦੀਆਂ ਇਹ ਪੌੜੀਆਂ ਸਭ ਤੋਂ ਉਪਰਲੇ ਸਿਖਰ 'ਤੇ ਬਣੇ ਧਿਆਨ ਕੇਂਦਰ ਵੱਲ ਲੈ ਗਈਆਂ | ਇਹ ਧਿਆਨ ਕੇਂਦਰ ਹੀ ਉਰੋਵਿਲ ਦਾ ਉਪਾਸ਼ਨਾ ਸਥਲ ਹੈ | ਇਥੇ ਨਿੰਮੀ-ਨਿੰਮੀ ਰੌਸ਼ਨੀ ਵਿਚ ਸਾਹਮਣੇ ਜਯੋਤੀ (ਜੋਤ) ਜਗ ਰਹੀ ਸੀ ਅਤੇ ਸਾਰਾ ਵਾਤਾਵਰਨ ਸ਼ਾਂਤੀ ਅਤੇ ਇਕਾਗਰਤਾ ਬਖਸ਼ਣ ਵਾਲਾ ਸੀ | ਉਥੇ ਕਈ ਸ਼ਰਧਾਲੂ ਧਿਆਨ ਮਘਨ ਹੋ ਕੇ ਬੈਠੇ ਸਨ ਅਤੇ ਅਸੀਂ ਵੀ ਉਥੇ ਬੈਠ ਕੇ ਰੂਹਾਨੀ ਅਨੰਦ ਮਾਣਿਆ | ਉਰੋਵਿਲ ਦੇ ਦਰਸ਼ਨ ਸਾਡੇ ਲਈ ਇਕ ਅਨੂਠਾ ਤਜਰਬਾ ਪ੍ਰਦਾਨ ਕਰਨ ਵਾਲੇ ਸਨ | ਉਰੋਵਿਲ ਦੀ ਯਾਤਰਾ ਕਰਕੇ ਅਸੀਂ ਟੈਕਸੀ ਰਾਹੀਂ ਆਪਣੇ ਹੋਟਲ ਵਿਚ ਆ ਗਏ | ਪਾਂਡੀਚਰੀ ਦੇ ਅਰਬਿੰਦੋ ਆਸ਼ਰਮ ਅਤੇ ਉਰਵਿਲ ਦੇ ਦਰਸ਼ਨ ਕਰਕੇ ਸਾਡੀ ਚਿਰਾਂ ਦੀ ਸਿੱਕ ਪੂਰੀ ਹੋ ਗਈ | (ਸਮਾਪਤ)

ਗੁਲ-ਗੁਲਸ਼ਨ-ਗੁਲਫਾਮ

ਸਕੂਲਾਂ ਦੀ ਲੈਂਡਸਕੇਪਿੰਗ ਕਿਹੋ ਜਿਹੀ ਹੋਵੇ ?

ਲੈਂਡਸਕੇਪਿੰਗ ਨੂੰ ਸਰਲ ਸ਼ਬਦਾਂ ਵਿਚ ਬਾਗ਼-ਬਗੀਚੀ ਨੂੰ ਤਕਨੀਕੀ ਰੂਪ 'ਚ ਤਿਆਰ ਕਰਨਾ ਵੀ ਕਿਹਾ ਜਾ ਸਕਦਾ ਹੈ, ਜਿਸ ਦੀ ਲੋੜ ਹਰ ਸਥਾਨ ਚਾਹੇ ਉਹ ਘਰ, ਫਾਰਮ ਹਾਊਸ, ਹਸਪਤਾਲ, ਪੈਲੇਸ, ਵਿੱਦਿਅਕ ਸੰਸਥਾਵਾਂ ਆਦਿ ਵਿਚ ਮਹਿਸੂਸ ਕੀਤੀ ਜਾਣ ਲੱਗੀ ਹੈ | ਸਕੂਲ ਸਾਡੇ ਸਮਾਜਿਕ ਢਾਂਚੇ ਵਿਚ ਅਹਿਮ ਸਥਾਨ ਰੱਖਦੇ ਹਨ ਅਤੇ ਇਨ੍ਹਾਂ ਦੀ ਲੈਂਡਸਕੇਪਿੰਗ ਹੁਸੀਨ ਦਿੱਖ ਦੇ ਨਾਲ-ਨਾਲ ਬਾਲ ਮਨਾਂ ਉਪਰ ਡੰੂਘਾ ਪ੍ਰਭਾਵ ਛੱਡਦੀ ਹੈ | ਕਹਿਣ ਤੋਂ ਭਾਵ ਸਕੂਲਾਂ ਦੀ ਲੈਂਡਸਕੇਪਿੰਗ ਤਕਨੀਕੀ ਪੱਖੋਂ ਪ੍ਰਪੱਕ ਹੋਣੀ ਲਾਜ਼ਮੀ ਹੈ ਅਤੇ ਜ਼ਿਆਦਾਤਰ ਅਦਾਰੇ ਇਸ ਵੱਲ ਆਪਣਾ ਧਿਆਨ ਕੇਂਦਰਿਤ ਵੀ ਕਰਦੇ ਹਨ |
ਸਕੂਲਾਂ ਨੂੰ ਮੋਟੇ ਤੌਰ 'ਤੇ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਇਕ ਸਰਕਾਰੀ ਅਤੇ ਦੂਜੇ ਪ੍ਰਾਈਵੇਟ ਯਾਨੀ ਨਿੱਜੀ | ਸਰਕਾਰੀ ਸਕੂਲ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਸਿਸਟਮ ਅਕਸਰ ਆਰਥਿਕ ਪੱਖੋਂ ਕਮਜ਼ੋਰ ਜਾਣੇ ਜਾਂਦੇ ਹਨ ਪੰ੍ਰਤੂ ਬੜੇ ਸਰਕਾਰੀ ਸਕੂਲ ਵੀ ਬੜੀ ਸ਼ਿੱਦਤ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਪਾਰਕਾਂ ਬਾਰੀਕੀ ਨਾਲ ਤਿਆਰ ਕਰਨ ਵਾਲੇ ਸੱਜਣ ਵੀ ਸਾਡੇ ਸਿਸਟਮ ਵਿਚ ਮੌਜੂਦ ਹਨ | ਹਾਲਾਂਕਿ ਆਰਥਿਕ ਪੱਖ ਹਰ ਕੰਮ ਵਿਚ ਅਹਿਮ ਹੁੰਦਾ ਹੈ ਪੰ੍ਰਤੂ ਲੈਂਡਸਕੇਪਿੰਗ ਖੇਤਰ ਵਿਚ ਜੇਕਰ ਅਸੀਂ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਕਰੀਏ ਤਾਂ ਖਰਚਿਆਂ ਨੂੰ ਸੀਮਤ ਰੱਖ ਕੇ ਵੀ ਖੂਬਸੂਰਤ ਦਿ੍ਸ਼ ਜਾਂ ਸਥਾਨ ਬਣਾਏ ਜਾ ਸਕਦੇ ਹਨ |
ਲੈਂਡਸਕੇਪਿੰਗ ਤੋਂ ਸਿਰਫ਼ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਰੁੱਖ ਪੌਦੇ ਹੀ ਲਾਉਣੇ ਹਨ | ਗਰੀਨ ਏਰੀਆ ਅਤੇ ਇਮਾਰਤਾਂ ਦਾ ਸੁਮੇਲ ਹੋਣਾ ਬੜਾ ਲਾਜ਼ਮੀ ਹੁੰਦਾ ਹੈ | ਰਸਤੇ, ਫੁਹਾਰੇ, ਬੈਠਣ ਵਾਲੇ ਸਥਾਨ, ਹੱਟ ਆਦਿ ਸਭ ਲੈਂਡਸਕੇਪਿੰਗ ਦਾ ਹੀ ਹਿੱਸਾ ਹੁੰਦੇ ਹਨ | ਕਈ ਸਕੂਲਾਂ ਵਾਲੇ ਬੇਹੱਦ ਗੂੜ੍ਹੇ ਅਤੇ ਭੜਕੀਲੇ ਰੰਗਾਂ ਦੀ ਵਰਤੋਂ ਕਰਦੇ ਹਨ ਜੋ ਕਿ ਵੇਖਣ ਵਿਚ ਸੋਹਣੇ ਲੱਗਣ ਦੀ ਬਜਾਏ ਅੱਖਾਂ ਨੂੰ ਚੁੱਭਦੇ ਹਨ ਅਤੇ ਸਮਾਂ ਪਾ ਕੇ ਜਦ ਬਦਰੰਗ ਹੋ ਜਾਂਦੇ ਹਨ ਤਾਂ ਹੋਰ ਵੀ ਅਜੀਬ ਜਾਪਦੇ ਹਨ | ਸਰਕਾਰੀ ਸਕੂਲਾਂ ਵਿਚ ਕਈ ਤਰ੍ਹਾਂ ਦੇ ਮਾਡਲ ਬਣਾਉਣ ਦਾ ਬਹੁਤ ਰੁਝਾਨ ਵੇਖਣ ਨੂੰ ਮਿਲਦਾ ਹੈ | ਮਾਡਲ ਬਣਾਉਣ ਲਈ ਮਟੀਰੀਅਲ ਅਤੇ ਰੰਗ ਬੜੇ ਢੁਕਵੇਂ ਹੋਣੇ ਚਾਹੀਦੇ ਹਨ | ਇਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਸਿਵਲ/ਇਮਾਰਤੀ ਕੰਮ ਗਰੀਨ ਏਰੀਏ 'ਤੇ ਭਾਰੂ ਨਹੀਂ ਹੋਣੇ ਚਾਹੀਦੇ |
ਸਭ ਤੋਂ ਪਹਿਲਾਂ ਤਾਂ ਸਕੂਲ ਦਾ ਗੇਟ ਜਾਂ ਗੇਟ ਦੇ ਕੋਲ ਕੋਈ ਫੀਚਰ ਬਣਾਇਆ ਜਾ ਸਕਦਾ ਹੁੰਦਾ ਹੈ, ਜਿਸ ਤੋਂ ਸਕੂਲ ਜਾਂ ਵਿਦਿਅਕ ਸੰਸਥਾ ਦੀ ਦਿੱਖ ਝਲਕਦੀ ਹੁੰਦੀ ਹੈ | ਇਸ ਕੰਮ ਲਈ ਪੱਥਰ ਦੀ ਵਰਤੋਂ ਕਰਕੇ ਵੀ ਕਈ ਤਰ੍ਹਾਂ ਦੀ ਕਲਾਕ੍ਰਿਤੀ ਪੇਸ਼ ਕੀਤੀ ਜਾ ਸਕਦੀ ਹੁੰਦੀ ਹੈ | ਸਕੂਲ ਵਿਚ ਅੰਦਰ ਜਾਣ ਉਪਰੰਤ ਫਰੰਟ ਏਰੀਆ ਜਿਸ ਨੂੰ ਪੂਰਵ ਰੂਪ ਵਿਚ ਹੁਸੀਨ ਪੇਸ਼ ਕਰਨਾ ਚਾਹੀਦਾ ਹੈ | ਇਹ ਸਥਾਨ ਆ ਗਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਉੱਪਰ ਪੂਰਾ ਪ੍ਰਭਾਵ ਪਾਉਂਦਾ ਹੈ | ਇਸੇ ਸਥਾਨ ਨੂੰ ਹੀ ਜ਼ਿਆਦਾਤਰ ਮਾਪਿਆਂ ਦੇ ਵੇਟਿੰਗ ਏਰੀਆ ਵਜੋਂ ਵੀ ਵਰਤਿਆ ਜਾਂਦਾ ਹੈ ਜਾਂ ਛੋਟੇ-ਮੋਟੇ ਸਮਾਗਮਾਂ ਦੌਰਾਨ ਇਥੇ ਖੂਬ ਚਹਿਲ-ਪਹਿਲ ਹੁੰਦੀ ਹੈ | ਸਕੂਲ ਵਿਚ ਪਾਰਕਿੰਗ ਦਾ ਪ੍ਰਬੰਧ ਤੇ ਵਿਉਂਤਬੰਦੀ ਬੇਹੱਦ ਲਾਜ਼ਮੀ ਹੁੰਦੀ ਹੈ | ਪਾਰਕਿੰਗ ਨੂੰ ਜਾਣ ਵਾਲੇ ਰਸਤੇ ਪਾਰਕਿੰਗ ਵਿਚ ਖੜ੍ਹੇ ਵਾਹਨਾਂ ਨੂੰ ਸਾੜਦੀ ਧੁੱਪ ਤੋਂ ਬਚਾਉਣਾ ਲੈਂਡਸਕੇਪਿੰਗ ਦਾ ਹੀ ਹਿੱਸਾ ਹੁੰਦੇ ਹਨ | ਸਕੂਲ ਅੰਦਰ ਵੱਖ-ਵੱਖ ਇਮਾਰਤਾਂ ਜਾਂ ਸਥਾਨਾਂ ਨੂੰ ਜੋੜਨ ਵਾਲੇ ਰਸਤੇ ਬੜੀ ਬਾਖੂਬੀ ਡਿਜ਼ਾਈਨ ਕਰਨੇ ਚਾਹੀਦੇ ਹਨ | ਲੱਖਾਂ, ਕਰੋੜਾਂ ਦੇ ਬਜਟ ਵਾਲੇ ਸਕੂਲਾਂ ਵਿਚ ਵੀ ਅਕਸਰ ਰਸਤਿਆਂ ਦੀ ਵਿਉਂਤਬੰਦੀ ਮਾੜੀ ਵੇਖਣ ਨੂੰ ਮਿਲਦੀ ਹੈ | ਰਸਤਿਆਂ ਤੋਂ ਇਲਾਵਾ ਬੈਠਣ ਵਾਲੇ ਸਥਾਨ ਚਾਹੇ ਉਹ ਓਪਨ ਹੋਣ ਜਾਂ ਫਿਰ ਹੱਟ ਟਾਈਪ, ਚਾਹੇ ਵਿਦਿਆਰਥੀਆਂ ਲਈ, ਸਟਾਫ਼ ਲਈ ਜਾਂ ਮਹਿਮਾਨਾਂ/ਮਾਪਿਆਂ ਲਈ ਬਹੁਤ ਢੁਕਵੇਂ ਸਥਾਨਾਂ 'ਤੇ ਬਣਾਉਣੇ ਚਾਹੀਦੇ ਹਨ | ਅਕਸਰ ਬੱਚੇ, ਸਟਾਫ, ਮਾਪੇ ਗਰਮੀ-ਸਰਦੀ ਆਪਣੇ ਉੱਪਰ ਹੰਢਾਉਂਦੇ ਨਜ਼ਰ ਆਉਂਦੇ ਹਨ |
ਵਿਦਿਆਰਥੀਆਂ ਦੇ ਅੱਧੀ ਛੁੱਟੀ ਵਾਲਾ ਸਮਾਂ ਬਿਤਾਉਣ ਜਾਂ ਕੰਟੀਨ, ਮੈਸ ਆਦਿ ਦੇ ਨੇੜੇ ਦਾ ਸਥਾਨ ਬੇਹੱਦ ਖੂਬਸੂਰਤ ਤੇ ਵੱਖ-ਵੱਖ ਸਹੂਲਤਾਂ ਨਾਲ ਲੈਸ ਹੋਣਾ ਚਾਹੀਦਾ ਹੈ | ਵੱਖ-ਵੱਖ ਤਰ੍ਹਾਂ ਦੇ ਕੂੜਾਦਾਨ ਰੱਖਣੇ ਅਤੇ ਉਨ੍ਹਾਂ ਨੂੰ ਵੀ ਹੁਸੀਨ ਦਿੱਖ ਦੇਣੀ ਲੈਂਡਸਕੇਪਿੰਗ ਖੇਤਰ ਅਧੀਨ ਲਿਆ ਜਾ ਸਕਦਾ ਹੈ | ਖੇਡ ਦੇ ਮੈਦਾਨਾਂ ਨੂੰ ਬੜੀ ਬਾਰੀਕੀ ਨਾਲ ਤਿਆਰ ਕਰਨਾ ਚਾਹੀਦਾ ਹੈ | ਘਾਹ ਦੀ ਕਿਸਮ ਤੋਂ ਲੈ ਕੇ ਵੱਖ-ਵੱਖ ਰੁੱਖ-ਪੌਦੇ ਲਾਉਣ ਵੇਲੇ ਕਈ ਪੱਖਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ | ਕਈ ਸਕੂਲਾਂ ਦੇ ਖੇਡ ਮੈਦਾਨ ਤਾਂ ਬੜੀ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਹਨ ਪੰ੍ਰਤੂ ਉਨ੍ਹਾਂ ਦੇ ਆਸ-ਪਾਸ ਪੌਦਿਆਂ ਦੀ ਵਿਉਂਤਬੰਦੀ ਵੱਲ ਧਿਆਨ ਬਿਲਕੁਲ ਘੱਟ ਦਿੱਤਾ ਜਾਂਦਾ ਹੈ | ਇੰਤਜ਼ਾਰ ਕਰ ਰਹੀਆਂ ਟੀਮਾਂ ਜਾਂ ਵਿਦਿਆਰਥੀਆਂ ਨੂੰ ਧੁੱਪੇ ਨਹੀਂ ਸਾੜਨਾ ਚਾਹੀਦਾ | ਸਕੂਲ ਦੀ ਚਾਰਦੀਵਾਰੀ ਨਾਲ ਪੌਦਿਆਂ ਦੀ ਚੋਣ ਢੱੁਕਵੀਂ ਹੋਣੀ ਚਾਹੀਦੀ ਹੈ |
ਵੱਡੇ ਸਕੂਲਾਂ ਵਿਚ ਵੱਡੀਆਂ ਕਲਾਸਾਂ ਵਿਚ ਪੜ੍ਹਦੇ ਬੱਚਿਆਂ ਲਈ ਹਰਬਲ ਗਾਰਡਨ, ਕਿਚਨ ਗਾਰਡਨ, ਕੈਕਟਸ ਗਾਰਡਨ ਆਦਿ ਬਣਾਏ ਜਾ ਸਕਦੇ ਹੁੰਦੇ ਹਨ, ਗਾਰਡਨ ਨਹੀਂ ਤਾਂ ਖਾਲੀ ਜਗ੍ਹਾ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੁੰਦਾ ਹੈ | ਸਕੂਲਾਂ ਦੀ ਲੈਂਡਸਕੇਪਿੰਗ ਸਿੱਖਿਆ ਦੇ ਪੱਖ ਤੋਂ ਹੋਣੀ ਲਾਜ਼ਮੀ ਚਾਹੀਦੀ ਹੈ | ਸਕੂਲਾਂ ਵਿਚ ਲੱਗੇ ਵੱਖ-ਵੱਖ ਰੁੱਖਾਂ, ਝਾੜੀਆਂ ਅਤੇ ਹੋਰਨਾਂ ਦਵਾਈਆਂ ਆਦਿ ਵਾਲੇ ਪੌਦਿਆਂ ਦੀਆਂ ਤਖਤੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਉੱਪਰ ਪੌਦਿਆਂ ਦੇ ਆਮ ਨਾਂਅ ਅਤੇ ਵਿਦਿਅਕ ਨਾਂਅ ਲਿਖੇ ਹੋਣੇ ਚਾਹੀਦੇ ਹਨ |
ਅੱਜ ਦੇ ਸਮੇਂ ਦੌਰਾਨ ਅਸੀਂ ਸਾਡੇ ਵਿਰਾਸਤੀ ਰੁੱਖਾਂ-ਪੌਦਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਉਨ੍ਹਾਂ ਨੂੰ ਵੀ ਸਕੂਲਾਂ ਵਿਚ ਸਥਾਨ ਦੇਣਾ ਚਾਹੀਦਾ ਹੈ | ਬੱਚਿਆਂ ਨੂੰ ਬਾਇਓਡਾਇਵਰਸਿਟੀ ਉੱਪਰ ਵਿਸ਼ੇ 'ਤੇ ਪੜ੍ਹਾਇਆ ਜਾਂਦਾ ਹੈ | ਇਸ ਨੂੰ ਲਾਈਵ ਵਿਖਾਉਣ ਖਾਤਰ ਪੇੜ-ਪੌਦੇ, ਪਾਣੀ ਆਦਿ ਦੇ ਸੋਮੇ ਬਣਾ ਕੇ ਅੱਖਾਂ ਸਾਹਮਣੇ ਵਿਖਾਉਣਾ ਹੋਰ ਵੀ ਸਿੱਖਿਆ ਦਾ ਕੰਮ ਹੋ ਸਕਦਾ ਹੈ | ਪਾਣੀ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਸਬੰਧੀ ਸਿੱਖਿਆ ਦੇਣ ਲਈ ਲੈਂਡਸਕੇਪਿੰਗ ਦੀ ਵਿਉਂਤਬੰਦੀ ਵਿਚ ਡਿਜ਼ਾਈਨਿੰਗ ਕੀਤੀ ਜਾ ਸਕਦੀ ਹੁੰਦੀ ਹੈ | ਵੱਡੇ ਸਕੂਲਾਂ ਵਿਚ ਛੋਟੀ ਜਿਹੀ ਨਰਸਰੀ ਹੋਣੀ ਵੀ ਲਾਜ਼ਮੀ ਹੁੰਦੀ ਹੈ | ਮੋਟੇ ਤੌਰ 'ਤੇ ਕਹਿ ਲਿਆ ਜਾਵੇ ਤਾਂ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਸਕੂਲਾਂ ਦੀਆਂ ਬਿਲਡਿੰਗਾਂ ਉੱਪਰ ਕਰੋੜਾਂ ਰੁਪਿਆ ਲਾਉਣ ਦੇ ਨਾਲ-ਨਾਲ ਸਾਨੂੰ ਉਨ੍ਹਾਂ ਦੀ ਲੈਂਡਸਕੇਪਿੰਗ ਵੱਲੋਂ ਵੀ ਧਿਆਨ ਦੇਣਾ ਚਾਹੀਦਾ ਹੈ | ਸੁਚੱਜੇ ਤਰੀਕੇ ਨਾਲ ਕੀਤੇ ਗਏ ਲੈਂਡਸਕੇਪ ਸਕੂਲ ਦਾ ਬੱਚਿਆਂ ਦੇ ਮਨਾਂ ਉੱਪਰ ਤਾਂ ਪ੍ਰਭਾਵ ਪੈਂਦਾ ਹੀ ਹੈ, ਸਗੋਂ ਉਸ ਸੰਸਥਾ ਦਾ ਸਮਾਜ ਵਿਚ ਸਥਾਨ ਵੀ ਬਣਦਾ ਹੈ ਅਤੇ ਲੋਕ ਆਪਣੇ ਬੱਚਿਆਂ ਨੂੰ ਹਰੇ-ਭਰੇ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਵੀ ਦਿੰਦੇ ਹਨ |
ਮੋਬਾਈਲ : 98142-39041.
landscapingpeople0rediffmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX