ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  14 minutes ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪੱਛਮੀ ਬੰਗਾਲ ਵਿਚ ਡਾਕਟਰ ਤੇ ਹੋਏ ਅੱਤਿਆਚਾਰ ਵਿਰੁੱਧ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਅਤੇ ਦੋਸ਼ੀਆਂ ਵਿਰੁੱਧ .....
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  23 minutes ago
ਝਬਾਲ, 17 ਜੂਨ (ਸੁਖਦੇਵ ਸਿੰਘ)- ਝਬਾਲ-ਅਟਾਰੀ ਰੋਡ 'ਤੇ ਸਥਿਤ ਪਿੰਡ ਬਘਿਆੜੀ ਦੇ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਆਹਮੋ-ਸਾਹਮਣੇ ਹੋਈ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਨਾਲ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ...
ਅਹਿਮਦਗੜ੍ਹ 'ਚ ਡਾਕਟਰਾਂ ਵੱਲੋਂ ਹੜਤਾਲ
. . .  26 minutes ago
ਅਹਿਮਦਗੜ੍ਹ, 17 ਜੂਨ (ਸੋਢੀ)- ਅਹਿਮਦਗੜ੍ਹ ਵਿਖੇ ਪੱਛਮੀ ਬੰਗਾਲ 'ਚ ਡਾਕਟਰ ਖ਼ਿਲਾਫ਼ ਹੋਈ ਹਿੰਸਾ ਦੇ ਵਿਰੋਧ 'ਚ 24 ਘੰਟੇ ਦੀ ਹੜਤਾਲ ਕਰ ਕੇ ਇਲਾਕੇ ਦੇ ਸਮੂਹ ਡਾਕਟਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ .....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ
. . .  42 minutes ago
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਰਾਹਤ
. . .  43 minutes ago
ਜੈਪੁਰ, 17 ਜੂਨ- ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਨਮਾਨ ਖ਼ਾਨ ਨੂੰ ਜੋਧਪੁਰ ਸੀ.ਜੇ.ਐਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਸਰਕਾਰ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ ਸਲਮਾਨ ਖ਼ਾਨ 'ਤੇ ਝੂਠਾ ਹਲਫ਼ਨਾਮਾ ਪੇਸ਼ ਕਰਨ ....
ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਕੇਜਰੀਵਾਲ ਨੇ ਕੀਤੀ ਨਿੰਦਾ
. . .  50 minutes ago
ਨਵੀਂ ਦਿੱਲੀ, 17 ਜੂਨ- ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਨਿੰਦਾ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਕਿਹਾ, ''ਇਹ ਮੰਦਭਾਗੀ...
ਜਾਪਾਨ ਦੇ ਸਫ਼ੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  58 minutes ago
ਅੰਮ੍ਰਿਤਸਰ, 17 ਜੂਨ (ਹਰਮਿੰਦਰ ਸਿੰਘ)- ਜਾਪਾਨ ਦੇ ਸਫ਼ੀਰ ਕੈਨਜੀ ਹੀਰਾਮਸਤੂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਾਪਾਨ...
ਫਤਿਹਵੀਰ ਦੀ ਮੌਤ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
. . .  about 1 hour ago
ਚੰਡੀਗੜ੍ਹ, 17 ਜੂਨ- ਫਤਿਹਵੀਰ ਸਿੰਘ ਦੀ ਮੌਤ ਨੂੰ ਲੈ ਕੇ ਹਾਈ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਗਈ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰੇਤ ਪੰਜਾਬ, ਡੀ.ਸੀ, ਐਸ.ਐਸ.ਪੀ, ....
ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ
. . .  about 1 hour ago
ਨਵੀਂ ਦਿੱਲੀ, 17 ਜੂਨ- ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰਾਂ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਪੂਰੇ ਦੇਸ਼ 'ਚ ਡਾਕਟਰਾਂ ਦਾ ਗ਼ੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸੀ ਨੂੰ ਦੇਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਸੰਗਠਨ ਇੰਡੀਅਨ ਮੈਡੀਕਲ ....
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਬੂੜਾ ਗੁੱਜਰ ਰੋਡ ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਫੜੇ ਗਏ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀਆਂ ਨੂੰ ਡਿਊਟੀ ਮਜਿਸਟਰੇਟ ਰਵੀ ਗੁਲਾਟੀ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੁਲਾੜ ਦੇ ਖੇਤਰ ਵਿਚ ਭਾਰਤ ਦੀ ਹੈਰਾਨੀਜਨਕ ਕ੍ਰਾਂਤੀ

11 ਸਾਲ ਪਹਿਲਾਂ ਭਾਰਤ ਨੇ ਆਪਣਾ ਵਿਸ਼ਾਲ ਚੰਦਰਮਾ ਖੋਜ ਮਿਸ਼ਨ ਲਾਂਚ ਕੀਤਾ ਸੀ ਅਤੇ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਇਸ ਇਲੀਟ ਕਲੱਬ ਵਿਚ ਸ਼ਾਮਿਲ ਹੋਣ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਸੀ | ਹੁਣ 15 ਜੁਲਾਈ 2019 ਨੂੰ ਅਸੀਂ ਚੰਦਰਮਾ ਦੇ ਆਪਣੇ ਦੂਜੇ ਸਫ਼ਰ ਵਿਚ ਜਾਣ ਵਾਲੇ ਹਾਂ | ਚੰਦਰਯਾਨ-1 ਨੇ ਦੁਨੀਆ ਭਰ 'ਚ ਸੁਰਖ਼ੀਆਂ ਹਾਸਲ ਕੀਤੀਆਂ ਸਨ ਕਿਉਂਕਿ ਉਸ ਨੇ ਹੀ ਪਹਿਲੀ ਵਾਰ ਚੰਦਰਮਾ 'ਤੇ ਪਾਣੀ ਦੇ ਹੋਣ ਦੀ ਪੁਸ਼ਟੀ ਕੀਤੀ ਸੀ | ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਮੰਗਲਯਾਨ ਤੋਂ ਵੀ ਆਪਣੇ ਹਿੱਸੇ ਦੀ ਪ੍ਰਸਿੱਧੀ ਹਾਸਲ ਕੀਤੀ ਸੀ, ਕਿਉਂਕਿ ਉਹ ਪਹਿਲੀ ਹੀ ਕੋਸ਼ਿਸ਼ ਵਿਚ ਮੰਗਲ ਗ੍ਰਹਿ 'ਤੇ ਪਹੁੰਚਿਆ ਹੈ ਅਤੇ ਉਹ ਵੀ ਬਹੁਤ ਘੱਟ ਖਰਚ ਵਿਚ | ਹੁਣ ਚੰਦਰਯਾਨ-2 ਚੰਦਰਮਾ ਉੱਤੇ ਇਕ ਰੋਵਰ ਸਾਫਟ-ਲੈਂਡ ਕਰੇਗਾ ਤਾਂ ਕਿ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਨਾਸਾ ਨਾਲ ਵੀ ਸਬੰਧ ਮਜ਼ਬੂਤ ਹੋ ਸਕਣ |
ਚੰਦਰਯਾਨ-1 ਵਿਚ ਸਿਰਫ਼ ਆਰਬਿਟਰ ਅਤੇ ਇੰਪੈਕਟਰ ਹੀ ਸਨ, ਪਰ ਦੂਜਾ ਮਿਸ਼ਨ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੋਵੇਗਾ | ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਇਕ ਤਰ੍ਹਾਂ ਨਾਲ ਇਹ ਸਭ ਬੇਹੱਦ ਆਸਾਂ ਵਾਲੇ ਗਗਨਯਾਨ ਪ੍ਰਾਜੈਕਟ ਦੀ ਪੇਸ਼ਬੰਦੀ ਹੈ, ਜਿਸ ਰਾਹੀਂ ਭਾਰਤ ਨੇ ਸਾਲ 2022 ਤੱਕ ਪੁਲਾੜ ਵਿਚ ਆਦਮੀ ਭੇਜਣ ਦਾ ਟੀਚਾ ਮਿਥਿਆ ਹੈ | ਇਸ ਸਬੰਧ ਵਿਚ 13 ਜੂਨ 2019 ਨੂੰ ਇਸਰੋ ਨੇ ਇਹ ਇਤਿਹਾਸਕ ਐਲਾਨ ਕੀਤਾ ਕਿ ਅਗਲੇ ਸੱਤ ਸਾਲ ਵਿਚ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ | ਆਪਣੇ ਪੁਲਾੜ ਸਟੇਸ਼ਨ ਦੀ ਸਥਾਪਨਾ ਗਗਨਯਾਨ ਮਿਸ਼ਨ ਦਾ ਹੀ ਵਿਸਤਾਰ ਹੋਵੇਗਾ, ਜਿਸ ਹੇਠ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਸੱਤ ਦਿਨ ਤੱਕ ਪੁਲਾੜ (ਲੋਅਰ ਅਰਥ ਆਰਬਿਟ 120-400 ਕਿਮੀ) ਵਿਚ ਭੇਜਿਆ ਜਾਵੇਗਾ | ਪਰ ਗਗਨਯਾਨ ਮਿਸ਼ਨ ਤੋਂ ਬਾਅਦ ਹੀ ਪੁਲਾੜ ਸਟੇਸ਼ਨ ਦਾ ਕੰਮ ਅੱਗੇ ਵਧਾਇਆ ਜਾਵੇਗਾ |
ਇਸਰੋ ਦੇ ਮੁਖੀ ਕੇ. ਸ਼ਿਵਨ ਅਨੁਸਾਰ, 'ਅਸੀਂ ਮੌਜੂਦਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਇਸ ਲਈ ਅਸੀਂ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਚਾਹੁੰਦੇ ਹਾਂ | ਪਰ ਸਾਡਾ ਸਟੇਸ਼ਨ ਜੋ 5 ਤੋਂ 7 ਸਾਲ ਵਿਚ ਸਥਾਪਿਤ ਹੋਵੇਗਾ, ਇਹ ਬਹੁਤ ਵੱਡਾ ਨਹੀਂ ਹੋਵੇਗਾ, ਇਹ ਸਿਰਫ਼ 20 ਟਨ ਦਾ ਹੋਵੇਗਾ ਅਤੇ ਮਾਈਕ੍ਰੋਗ੍ਰੈਵਿਟੀ ਟੈਸਟਸ ਸਮੇਤ ਵਿਗਿਆਨਿਕ ਅਧਿਐਨਾਂ ਲਈ ਵਰਤਿਆ ਜਾਵੇਗਾ | ਇਸ ਸਟੇਸ਼ਨ ਵਿਚ ਲੋਕ 15-20 ਦਿਨ ਤਕ ਰਹਿ ਸਕਣਗੇ |' ਵਰਣਨਯੋਗ ਹੈ ਕਿ ਇਸਰੋ ਦੀ ਯੋਜਨਾ ਉਨ੍ਹਾਂ ਕੌਮਾਂਤਰੀ ਕੋਸ਼ਿਸ਼ਾਂ ਵਿਚ ਸ਼ਾਮਿਲ ਹੋਣ ਦੀ ਵੀ ਹੈ ਜਿਨ੍ਹਾਂ ਹੇਠ ਮਨੁੱਖ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਭੇਜਿਆ ਜਾਵੇਗਾ ਅਤੇ ਚੰਦਰਮਾ 'ਤੇ ਮਨੁੱਖੀ ਕਾਲੋਨੀ ਬਣਾਈ ਜਾਵੇਗੀ | ਹਾਲਾਂਕਿ ਪੁਲਾੜ ਸਟੇਸ਼ਨ ਦਾ ਐਲਾਨ ਪਹਿਲੀ ਵਾਰ 13 ਜੂਨ ਨੂੰ ਕੀਤਾ ਗਿਆ, ਪਰ ਇਸ ਦੀ ਮੁੱਖ ਤਕਨਾਲੋਜੀ ਉੱਤੇ ਕਾਫ਼ੀ ਸਮੇਂ ਤੋਂ ਖਾਮੋਸ਼ੀ ਨਾਲ ਕੰਮ ਚੱਲ ਰਿਹਾ ਸੀ |
ਇਸ ਤਕਨਾਲੋਜੀ ਜ਼ਰੀਏ ਆਦਮੀਆਂ ਨੂੰ ਇਕ ਵਾਹਨ ਜਾਂ ਪੁਲਾੜ ਕ੍ਰਾਫ਼ਟ ਤੋਂ ਦੂਜੇ 'ਤੇ ਬਦਲਿਆ ਜਾ ਸਕੇਗਾ, ਪਰ ਫੌਰੀ ਟੀਚਾ ਪੁਲਾੜ ਕ੍ਰਾਫ਼ਟ ਵਿਚ ਦੁਬਾਰਾ ਬਾਲਣ ਭਰਨਾ ਹੈ ਤਾਂ ਕਿ ਉਸ ਨੂੰ ਲੰਬਾ ਜੀਵਨ ਦਿੱਤਾ ਜਾ ਸਕੇ ਅਤੇ ਮੌਜੂਦਾ ਪੁਲਾੜ ਕ੍ਰਾਫ਼ਟ ਨੂੰ ਹੋਰ ਮਹੱਤਵਪੂਰਨ ਸਿਸਟਮ ਟ੍ਰਾਂਸਫਰ ਕਰਨਾ ਵੀ ਹੈ | ਇਸ ਤੋਂ ਇਨਕਾਰ ਕਰਨਾ ਮੁਸ਼ਕਿਲ ਹੈ ਕਿ ਆਪਣੇ ਦੇਸ਼ ਵਿਚ ਲਿੰਗ ਨਾ-ਬਰਾਬਰੀ ਹੈ ਜੋ ਸਮਾਜਿਕ ਤੇ ਆਰਥਿਕ ਤਰੱਕੀ ਵਿਚ ਰੁਕਾਵਟ ਬਣਦੀ ਹੈ, ਪਰ ਚੰਦਰਯਾਨ-2 ਦੀ ਇਕ ਜ਼ਬਰਦਸਤ ਵਰਣਨਯੋਗ ਗੱਲ ਇਹ ਹੈ ਕਿ ਇਸ ਅੰਤਰਗ੍ਰਹਿ ਮਿਸ਼ਨ ਦੀ ਪ੍ਰਾਜੈਕਟ ਨਿਰਦੇਸ਼ਕ ਤੋਂ ਲੈ ਕੇ ਮਿਸ਼ਨ ਨਿਰਦੇਸ਼ਕ ਤੱਕ ਸਾਰੀਆਂ ਔਰਤਾਂ ਹਨ | ਸਵਾਗਤਯੋਗ ਗੱਲ ਇਹ ਹੈ ਕਿ ਇਸ ਮਿਸ਼ਨ ਦੀ ਟੀਮ ਵਿਚ ਲਗਪਗ 30 ਫ਼ੀਸਦੀ ਔਰਤਾਂ ਹਨ | ਚੇਤੇ ਰਹੇ ਕਿ ਇਸਰੋ ਦੇ ਪਹਿਲਾਂ ਵਾਲੇ ਮਿਸ਼ਨਾਂ ਜਿਵੇਂ ਮੰਗਲਯਾਨ ਦੌਰਾਨ ਵੀ ਕੰਟਰੋਲ ਰੂਮ ਵਿਚ ਔਰਤਾਂ ਦੀ ਗਿਣਤੀ ਕਾਫ਼ੀ ਹੁੰਦੀ ਸੀ |
ਇਸ ਨਾਲ ਨਾ ਸਿਰਫ਼ ਇਹ ਵਿਸ਼ਵ ਪੱਧਰੀ ਧਾਰਨਾ ਟੁੱਟਦੀ ਹੈ ਕਿ ਰਾਕੇਟ ਸਾਇੰਸ ਮਰਦਾਂ ਦਾ ਖੇਤਰ ਹੈ ਬਲਕਿ ਇਸ ਤੋਂ ਭਾਰਤੀ ਸੰਗਠਨ ਦੀ ਪ੍ਰੇਰਣਾਦਾਇਕ ਤਸਵੀਰ ਵੀ ਸਾਹਮਣੇ ਆਉਂਦੀ ਹੈ | ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਹ ਪ੍ਰਸੰਸਾਯੋਗ ਕਾਰਜ ਕਰ ਵੀ ਰਹੀਆਂ ਹਨ | ਇਕ ਸਮਾਂ ਸੀ ਜਦੋਂ ਪੁਲਾੜ ਮਿਸ਼ਨਾਂ ਨੂੰ ਕੌਮ ਲਈ ਦਿਖਾਵਟੀ ਪ੍ਰਾਜੈਕਟ ਸਮਝਿਆ ਜਾਂਦਾ ਸੀ | ਅੱਜ ਇਹ ਹੋਂਦ ਲਈ ਜ਼ਰੂਰੀ ਵੀ ਹੈ ਕਿਉਂਕਿ ਅੱਜ ਸੈਟੇਲਾਈਟ ਧਰਤੀ ਦੇ ਅਣਗਿਣਤ ਮਹੱਤਵਪੂਰਨ ਕੰਮਾਂ ਨੂੰ ਕੰਟਰੋਲ ਕਰਦੀਆਂ ਹਨ, ਜਿਵੇਂ ਸੰਚਾਰ, ਮੌਸਮ ਦੀ ਮੈਪਿੰਗ ਆਦਿ | ਅੱਜ ਦਾ ਤੱਥ ਇਹ ਹੈ ਕਿ ਪੁਲਾੜ ਮਨੁੱਖੀ ਜੀਵਨ ਤੋਂ ਬਾਹਰ ਦੀ ਚੀਜ਼ ਨਹੀਂ ਹੈ | ਇਸ ਲਈ ਸਵਾਗਤਯੋਗ ਹੈ ਕਿ ਭਾਰਤ ਤੇ ਇਸਰੋ ਆਪਣੇ ਪੁਲਾੜ ਮਿਸ਼ਨ ਦਾ ਵਿਸਤਾਰ ਕਰ ਰਹੇ ਹਨ | ਇਹ ਕੌਮੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਪਰ ਵਿਗਿਆਨ ਲਈ ਇਸਰੋ ਨੂੰ ਜੋ ਬਿਨਾਂ ਸ਼ਰਤ ਸਮਰਥਨ ਮਿਲ ਰਿਹਾ ਹੈ, ਉਸ ਦਾ ਵਿਸਤਾਰ ਹੋਰ ਖੇਤਰਾਂ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣ ਸਕਾਂਗੇ |
ਕੁਝ ਦਿਨ ਪਹਿਲਾਂ ਮਹਾਰਾਸ਼ਟਰ ਵਿਚ ਕਿਸਾਨ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਕੇਂਦਰ ਨੇ ਜੀ. ਐਮ. ਫਸਲ 'ਤੇ ਰੋਕ ਲਾ ਦਿੱਤੀ ਹੈ | ਇਹ ਇਕ ਭਖਦੀ ਮਿਸਾਲ ਹੈ ਕਿ ਖੱਬੇਪੱਖੀਆਂ ਤੇ ਦੱਖਣੀ ਪੱਖੀਆਂ ਨੇ ਹੱਥ ਮਿਲਾ ਲਿਆ ਹੈ | ਖੇਤੀ ਵਿਚ ਵਿਗਿਆਨ ਨੂੰ ਦਾਖਲ ਨਾ ਹੋਣ ਦੇਣ ਲਈ | ਰਾਜਨੀਤੀ ਨੂੰ ਵਿਗਿਆਨਕ ਫ਼ੈਸਲੇ 'ਤੇ ਭਾਰੂ ਨਹੀਂ ਹੋਣਾ ਦੇਣਾ ਚਾਹੀਦਾ | ਜਦੋਂ ਤੱਕ ਭਾਰਤ ਤੋਂ ਇਹ ਰੋਗ ਦੂਰ ਨਹੀਂ ਹੁੰਦਾ ਉਦੋਂ ਤੱਕ ਅਸੀਂ ਪੇਟੈਂਟਸ ਤੇ ਤਕਨਾਲੋਜੀ 'ਚ ਨਵੇਂਪਨ ਵਿਚ ਪਛੜਦੇ ਹੀ ਰਹਾਂਗੇ | ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਵਿਗਿਆਨ ਦੇ ਫੁੱਲ ਨੂੰ ਹਰ ਥਾਂ ਖਿੜਨ ਦੇਵੇ | ਫਿਲਹਾਲ, ਜੀ. ਐਸ. ਐਲ. ਵੀ. ਮਾਰਕ-3 (ਬਾਹੂਬਲੀ) ਜੋ ਚੰਦਰਯਾਨ-2 ਲੂਨਰਕ੍ਰਾਫ਼ਟ ਨੂੰ ਚੁੱਕ ਕੇ ਲੈ ਜਾਵੇਗਾ ਅਤੇ ਜਿਸ ਦਾ ਵਜ਼ਨ 3.8 ਟਨ ਹੋਵੇਗਾ ਨੂੰ ਸ੍ਰੀਹਰੀਕੋਟਾ ਤੋਂ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ |
ਇਹ ਯਾਨ ਇਸ ਵਾਰ ਚੰਦਰਮਾ ਤੱਕ ਆਰਬਿਟਰ, ਲੈਂਡਰ ਤੇ ਰੋਵਰ ਰਾਹੀਂ ਜਾਵੇਗਾ | ਇਕ ਵਾਰ ਜਦੋਂ ਜੀ. ਐਸ. ਐਲ. ਵੀ. ਜੀਓ ਟ੍ਰਾਂਸਫਰ ਆਰਬਿਟ ਪਹੁੰਚ ਜਾਵੇਗਾ ਤਾਂ ਉਹ ਕ੍ਰਾਫ਼ਟ ਨੂੰ 170 ਕਿ.ਮੀ.__1MP__20,000 ਕਿ.ਮੀ. ਅੰਡਾਕਾਰ ਆਰਬਿਟ ਵਿਚ ਪਾ ਦਵੇਗਾ | ਥਰਸੱਟਰ ਫਾਇਰ ਕਰਕੇ ਕ੍ਰਾਫ਼ਟ ਨੂੰ ਲੂਨਰ ਆਰਬਿਟ ਵੱਲ ਲੈ ਜਾਇਆ ਜਾਵੇਗਾ | 20-21 ਦਿਨ ਵਿਚ 3,84,400 ਕਿ.ਮੀ. ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕ੍ਰਾਫ਼ਟ ਚੰਦਰਮਾ ਦੇ ਆਰਬਿਟ ਵਿਚ ਪਹੁੰਚ ਜਾਵੇਗਾ, ਜਿਥੇ ਪਹੁੰਚ ਕੇ ਵਿਕਰਮ ਨਾਮੀ ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ | ਪਰ ਆਰਬਿਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿ.ਮੀ. ਦੇ ਫਾਸਲੇ 'ਤੇ ਚੰਦਰਮਾ ਦੇ ਆਲੇ-ਦੁਆਲੇ ਘੁੰਮਦਾ ਰਹੇਗਾ | 6 ਸਤੰਬਰ ਨੂੰ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਾਫਟ-ਲੈਂਡਿੰਗ ਕਰੇਗਾ | ਇਸ ਖੇਤਰ ਦੀ ਹਾਲੇ ਤੱਕ ਖੋਜ ਨਹੀਂ ਕੀਤੀ ਗਈ ਹੈ | ਵਿਕਰਮ ਵਿਚ ਜੋ ਨਾਸਾ ਦਾ ਪੇਲੋਡ ਹੋਵੇਗਾ, ਉਹ ਧਰਤੀ ਤੇ ਚੰਦਰਮਾ ਦੇ ਫਾਸਲੇ ਨੂੰ ਮਾਪੇਗਾ ਅਤੇ ਲੈਂਡਰ ਦੀ ਸਹੀ ਲੋਕੇਸ਼ਨ ਦੀ ਭਾਲ ਕਰੇਗਾ | ਅੱਠ ਪੇਲੋਡਜ਼ ਦੇ ਨਾਲ ਆਰਬਿਟਰ ਚੰਦਰਮਾ ਦੀ 3ਡੀ ਮੈਪਿੰਗ ਕਰੇਗਾ ਅਤੇ ਸੋਲਰ ਐਕਸ-ਰੇਅ ਸਪੈਕਟਰਮ ਦੀ ਸਮੀਖਿਆ ਕਰੇਗਾ, ਲੂਨਰ ਅਕਸੋਸਫੀਅਰ ਦਾ ਅਧਿਐਨ ਕਰੇਗਾ ਅਤੇ ਹੋਰ ਕਈ ਕੁਝ ਦੇਖੇਗਾ | ਰੋਵਰ ਲੈਂਡਰ ਤੋਂ ਬਾਹਰ ਨਿਕਲੇਗਾ ਅਤੇ ਚੰਦਰਮਾ ਦੀ ਸਤ੍ਹਾ 'ਤੇ 500 ਮੀ. ਚੱਕਰ ਲਾਉਂਦੇ ਹੋਏ ਕਈ ਤਜਰਬੇ ਕਰੇਗਾ | ਰੋਵਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਚੰਦਰਮਾ ਦੀ ਸਤ੍ਹਾ 'ਤੇ 14 ਧਰਤੀ ਦਿਵਸ ਗੁਜ਼ਾਰੇਗਾ, ਆਰਬਿਟ ਜ਼ਰੀਏ ਚੰਦਰਮਾ ਤੋਂ ਧਰਤੀ ਤੱਕ 15 ਮਿੰਟ ਵਿਚ ਡਾਟਾ ਤੇ ਤਸਵੀਰਾਂ ਭੇਜੇਗਾ | ਚੰਦਰਯਾਨ-2 ਦਾ ਮੁੱਖ ਉਦੇਸ਼ ਚੰਦਰਮਾ 'ਤੇ ਪਾਣੀ, ਹਾਈਡਰੌਲਿਕਸ ਤੇ ਹੋਰ ਖਣਿਜ ਲੱਭਣੇ ਹਨ ਤਾਂ ਕਿ ਭਵਿੱਖ ਵਿਚ ਚੰਦਰਮਾ 'ਤੇ ਮਨੁੱਖ ਵਲੋਂ ਕਾਲੋਨੀ ਸਥਾਪਿਤ ਕਰਨ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ | ਇਸ ਪੂਰੇ ਪ੍ਰਾਜੈਕਟ 'ਤੇ 978 ਕਰੋੜ ਰੁਪਏ ਦਾ ਖਰਚ ਆਵੇਗਾ |

-ਇਮੇਜ ਰਿਫ਼ਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਯੁਵਰਾਜ ਸਿੰਘ ਕ੍ਰਿਕਟ ਤੋਂ ਸੰਨਿਆਸ

ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਦੋ ਵਿਸ਼ਵ ਕੱਪ ਜਿੱਤੇ ਹਨ | 2007 ਵਿਚ ਟੀ-20 ਅਤੇ 2011 ਵਿਚ 50 ਓਵਰਾਂ ਦੇ ਇਕ ਦਿਨਾ ਮੈਚਾਂ ਦਾ ਵਿਸ਼ਵ ਕੱਪ | ਇਨ੍ਹਾਂ ਦੋਵਾਂ ਮੈਚਾਂ ਵਿਚ ਮੁੱਖ ਭੂਮਿਕਾ ਰਹੀ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਦੀ, ਜਿਸ ਨੇ ਲਗਪਗ 2 ਦਹਾਕਿਆਂ ਦੀ ਸ਼ਾਨਦਾਰ ਕ੍ਰਿਕਟ ਖੇਡਣ ਤੋਂ ਬਾਅਦ ਬੀਤੀ 10 ਜੂਨ, 2019 ਨੂੰ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ | ਜਦੋਂ ਇਸ ਸਾਲ ਦੇ ਆਈ.ਪੀ.ਐਲ. ਵਿਚ ਮੰੁਬਈ ਇੰਡੀਅਨ ਵਲੋਂ 37 ਸਾਲਾਂ ਦੇ ਯੁਵਰਾਜ ਸਿੰਘ ਗਿਣੇ-ਚੁਣੇ ਮੈਚਾਂ 'ਚ ਹੀ ਮੈਦਾਨ ਵਿਚ ਉਤਰਿਆ ਸੀ ਉਦੋਂ ਇਹ ਅੰਦਾਜ਼ਾ ਤਾਂ ਨਹੀਂ ਸੀ ਕਿ ਉਹ ਜ਼ਿਆਦਾ ਦਿਨ ਕ੍ਰਿਕਟ ਨਹੀਂ ਖੇਡੇਗਾ | ਖਾਸ ਕਰ ਇਸ ਲਈ ਕਿ ਉਸ ਨੇ ਭਾਰਤ ਦੇ ਲਈ ਆਪਣਾ ਅੰਤਿਮ ਇਕ ਦਿਨਾ ਮੈਚ ਜੂਨ 2017 ਵਿਚ ਵੈਸਟ ਇੰਡੀਜ਼ ਦੇ ਵਿਰੁੱਧ ਖੇਡਿਆ ਸੀ |
ਫਿਲਹਾਲ ਜੇਕਰ ਯੁਵਰਾਜ ਸਿੰਘ ਦੇ ਲੰਬੇ ਸ਼ਾਨਦਾਰ ਅਤੇ ਸਫ਼ਲ ਕ੍ਰਿਕਟ ਕੈਰੀਅਰ ਨੂੰ ਇਕੋ ਵਾਕ ਵਿਚ ਸਮੇਟਿਆ ਜਾਵੇ ਤਾਂ ਉਹ ਇੰਜ ਹੈ ਕਿ ਯੁਵਰਾਜ ਸਿੰਘ ਹੌਸਲੇ ਅਤੇ ਪ੍ਰਤਿਭਾ ਦੀ ਜਿੱਤ ਦਾ ਝੰਡਾ-ਬਰਦਾਰ ਰਿਹਾ ਹੈ | ਖਾਸ ਕਰਕੇ ਇਸ ਲਈ ਕਿ ਉਸ ਨੇ ਵਿਰੋਧੀ ਟੀਮਾਂ ਨੂੰ ਹਰਾਇਆ ਹੀ ਨਹੀਂ ਸਗੋਂ ਉਹ ਕੈਂਸਰ 'ਤੇ ਵੀ ਜਿੱਤ ਦਰਜ ਕਰਕੇ ਕ੍ਰਿਕਟ ਮੈਦਾਨ ਵਿਚ ਵਾਪਸ ਪਰਤਿਆ | ਕਪਿਲ ਦੇਵ ਦੀ ਟੀਮ ਨੇ ਜਦੋਂ 1983 ਵਿਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ, ਉਦੋਂ ਯੁਵਰਾਜ ਸਿੰਘ ਤਿੰਨ ਸਾਲ ਦਾ ਬੱਚਾ ਸੀ, ਕਿਉਂਕਿ ਦੋਵਾਂ ਦਾ ਸਬੰਧ ਚੰਡੀਗੜ੍ਹ ਨਾਲ ਹੈ | ਇਸ ਲਈ ਯੁਵਰਾਜ ਸਿੰਘ ਦੀ ਪਰਵਰਿਸ਼ ਕਪਿਲ ਦੇਵ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਸੁਣਦੇ ਹੋਏ ਹੋਈ ਅਤੇ ਕਪਿਲ ਦੇਵ ਉਸ ਦਾ ਹੀਰੋ ਬਣ ਗਿਆ ਤੇ ਨਾਲ ਹੀ ਯੁਵਰਾਜ ਸਿੰਘ ਨੇ ਵੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ | ਸਾਲ 2003 ਅਤੇ 2007 ਦੀ ਅਸਫ਼ਲਤਾ ਤੋਂ ਬਾਅਦ ਯੁਵਰਾਜ ਸਿੰਘ ਨੂੰ 2011 ਵਿਚ ਫਿਰ ਆਪਣਾ ਸੁਪਨਾ ਸਾਕਾਰ ਕਰਨ ਦਾ ਮੌਕਾ ਮਿਲਿਆ |
ਉਸ ਸਾਲ ਉਹ ਵਿਰੋਧੀਆਂ ਨਾਲ ਹੀ ਨਹੀਂ ਆਪਣੇ-ਆਪ ਨਾਲ ਵੀ ਸੰਘਰਸ਼ ਕਰ ਰਿਹਾ ਸੀ, ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਖਾਮੋਸ਼ ਅਭਿਆਨ ਵਿਚ | ਉਸ ਦੇ ਸਰੀਰ 'ਚ ਕੁਝ ਵਾਪਰ ਰਿਹਾ ਸੀ ਪਰ ਹੌਸਲਾ ਬਰਕਰਾਰ ਸੀ | ਉਹ ਦੱਸਦਾ ਹੈ ਕਿ 'ਮੇਰਾ ਇਕ ਸੁਪਨਾ ਸੀ ਪਰ ਮੈਂ ਇਕ ਮੈਡੀਕਲ ਕੰਡੀਸ਼ਨ (ਲੰਗ ਕੈਂਸਰ) ਦਾ ਸਾਹਮਣਾ ਵੀ ਕਰ ਰਿਹਾ ਸੀ | ਮੇਰਾ ਸਾਹ ਉੱਖੜ ਜਾਂਦਾ ਸੀ ਅਤੇ ਮੈਂ ਨਿਰੰਤਰ ਖੰਘਦਾ ਸੀ | ਪਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਮੈਨੂੰ ਅੱਗੇ ਵਧਣ ਲਈ ਨਿਰੰਤਰ ਪ੍ਰੇਰਿਤ ਕਰਦਾ ਰਹਿੰਦਾ | ਸਾਲ 2011 ਦੇ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ ਨੇ 362 ਦੌੜਾਂ ਬਣਾਈਆਂ ਅਤੇ ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਸੀ ਕਿ ਉਸ ਨੇ 15 ਵਿਕਟਾਂ ਵੀ ਲਈਆਂ | ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਜਿੱਤ 'ਚ ਯੁਵਰਾਜ ਸਿੰਘ ਦੀ ਗੇਂਦਬਾਜ਼ੀ ਦੀ ਮੁੱਖ ਭੂਮਿਕਾ ਸੀ | ਉਸ ਵਲੋਂ ਲਈਆਂ ਵਿਕਟਾਂ ਦੀ ਗਿਣਤੀ ਟੀਮ ਦੇ ਕੁਝ ਸਥਾਪਤ ਗੇਂਦਬਾਜ਼ਾਂ ਤੋਂ ਵੀ ਵੱਧ ਸਨ | ਯੁਵਰਾਜ ਸਿੰਘ ਨੇ ਦੱਸਿਆ, 'ਗੇਂਦਬਾਜ਼ੀ ਕਰਨ ਦਾ ਫ਼ੈਸਲਾ ਮਹੱਤਵਪੂਰਨ ਸੀ |' ਇਸ ਨਾਲ ਟੀਮ ਨੂੰ ਇਕ ਹੋਰ ਗੇਂਦਬਾਜ਼ ਮਿਲ ਗਿਆ, ਜੋ ਨਾ ਸਿਰਫ਼ ਦੌੜਾਂ ਬਣਾਉਣ ਤੋਂ ਰੋਕਣ ਵਿਚ ਕਾਮਯਾਬ ਹੋਇਆ ਬਲਕਿ ਸਾਂਝੇਦਾਰੀਆਂ ਨੂੰ ਵੀ ਤੋੜਨ ਲਈ ਮਹੱਤਵਪੂਰਨ ਵਿਕਟਾਂ ਲੈ ਰਿਹਾ ਸੀ |
ਯੁਵਰਾਜ ਸਿੰਘ ਨੇ ਸਾਲ 2011 ਦੇ ਕ੍ਰਿਕਟ ਵਿਸ਼ਵ ਕੱਪ ਦੇ 9 ਮੈਚਾਂ ਵਿਚ 75 ਓਵਰ ਕੀਤੇ ਅਤੇ ਆਇਰਲੈਂਡ ਵਿਰੁੱਧ ਆਪਣੇ ਵਲੋਂ ਕੀਤੇ 10 ਓਵਰਾਂ ਵਿਚ 31 ਦੌੜਾਂ ਦੇ ਕੇ 5 ਵਿਕਟਾਂ ਲੈਣਾ ਉਸ ਦੀ ਸਰਬੋਤਮ ਗੇਂਦਬਾਜ਼ੀ ਰਹੀ ਸੀ | ਉਸ ਨੇ ਆਪਣਾ ਪੂਰਾ ਕੋਟਾ ਆਸਟ੍ਰੇਲੀਆ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਵਿਰੁੱਧ ਨਾਕ ਆਊਟ ਮੈਚਾਂ ਵਿਚ ਸੱੁਟਿਆ | ਬੱਲੇਬਾਜ਼ ਦੇ ਰੂਪ ਵਿਚ ਵੈਸਟਇੰਡੀਜ਼ ਦੇ ਖਿਲਾਫ਼ ਉਸ ਨੇ 113 ਦੌੜਾਂ ਦੀ ਮੁਕਾਬਲੇਬਾਜ਼ੀ ਦੇ ਨਾਜ਼ੁਕ ਸਮੇਂ 'ਚ ਬਣਾਈਆਂ ਸਨ | ਇਸ ਕੋਸ਼ਿਸ਼ ਲਈ ਯੁਵਰਾਜ ਸਿੰਘ ਨੂੰ 2011 ਦੇ ਵਿਸ਼ਵ ਕੱਪ ਦਾ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ | ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਯੁਵਰਾਜ ਸਿੰਘ ਦੀ ਆਤਮਕਥਾ 'ਦ ਟੈਸਟ ਆਫ਼ ਮਾਈ ਲਾਈਫ਼' 'ਤੇ ਸਚਿਨ ਤੇਂਦੁਲਕਰ ਨੇ ਦੋ ਸਟੀਕ ਸ਼ਬਦ ਕਹੇ ਸਨ 'ਸ਼ੁੱਧ ਪ੍ਰੇਰਨਾ |'
ਆਪਣੀ ਆਤਮਕਥਾ ਵਿਚ ਯੁਵਰਾਜ ਸਿੰਘ ਨੇ ਕ੍ਰਿਕਟ ਤੋਂ ਕੈਂਸਰ ਅਤੇ ਫਿਰ ਕ੍ਰਿਕਟ 'ਚ ਵਾਪਸੀ ਦੀ ਯਾਤਰਾ ਨੂੰ ਬਿਆਨ ਕੀਤਾ ਹੈ | ਉਸ ਦਾ ਕਹਿਣਾ ਸਿੱਧਾ ਅਤੇ ਸੱਚਾ ਹੈ | 'ਕਦੇ ਹਾਰ ਨਾ ਮੰਨੋ' ਸਾਲ 2011 ਦੇ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ 265 ਇਕ ਦਿਨਾ ਮੈਂਚਾਂ ਦੇ ਤਜਰਬੇ ਨਾਲ ਦਾਖਲ ਹੋਇਆ ਸੀ, ਪਰ ਇਸ ਮੁਕਾਬਲੇਬਾਜ਼ੀ ਤੋਂ ਬਾਅਦ ਉਸ ਦਾ ਕੈਰੀਅਰ 30 ਇਕ ਦਿਨਾ ਮੈਚਾਂ ਤੱਕ ਹੀ ਹੋਰ ਚੱਲਿਆ | ਭਾਵ ਕੁੱਲ ਮਿਲਾ ਕੇ ਯੁਵਰਾਜ ਸਿੰਘ ਨੇ ਆਪਣੇ ਕੈਰੀਅਰ ਵਿਚ 40 ਟੈਸਟ ਖੇਡੇ ਅਤੇ 33.9 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਅਤੇ 9 ਵਿਕਟ ਵੀ ਲਏ | ਪਰ ਉਹ ਛੋਟੇ ਫਾਰਮੈਟ ਵਿਚ ਜ਼ਿਆਦਾ ਸਫ਼ਲ ਰਿਹਾ | ਉਸ ਨੇ 304 ਇਕ ਦਿਨਾ ਮੈਚ ਖੇਡੇ, 36.5 ਦੀ ਔਸਤ ਨਾਲ 8701 ਦੌੜਾਂ ਬਣਾਈਆਂ ਅਤੇ 111 ਵਿਕਟਾਂ ਵੀ ਲਈਆਂ | ਨਾਲ ਹੀ 58 ਟੀ-20 ਮੈਚਾਂ ਵਿਚ 28 ਦੀ ਔਸਤ ਨਾਲ 1177 ਦੌੜਾਂ ਬਣਾਈਆਂ ਅਤੇ 28 ਵਿਕਟਾਂ ਲਈਆਂ |
ਦਰਅਸਲ ਛੋਟੇ ਫਾਰਮੈਟ ਵਿਚ ਭਾਰਤ ਨੂੰ ਸ਼ਕਤੀਸ਼ਾਲੀ ਟੀਮ ਬਣਾਉਣ ਵਿਚ ਯੁਵਰਾਜ ਸਿੰਘ ਦੇ ਯੋਗਦਾਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਇਸ ਸਿਲਸਿਲੇ ਵਿਚ ਉਸ ਦੀਆਂ ਦੋ ਪਾਰੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ | 2002 ਦੀ ਨੈੱਟ ਵੈਸਟ ਟਰਾਫੀ ਦਾ ਇੰਗਲੈਂਡ ਦੇ ਖਿਲਾਫ਼ ਫਾਈਨਲ ਵਿਚ ਯੁਵਰਾਜ ਸਿੰਘ ਅਤੇ ਮੁਹੰਮਦ ਕੈਫ਼ ਦੀ ਅਸਾਧਾਰਨ ਸਾਂਝੇਦਾਰੀ, ਜਿਸ ਦੀ ਬਦੌਲਤ ਭਾਰਤ ਨੇ ਉਸ ਸਮੇਂ ਅਸੰਭਵ ਪ੍ਰਤੀਤ ਹੋਣ ਵਾਲੇ 326 ਦੌੜਾਂ ਦੇ ਨਿਸ਼ਾਨੇ ਨੂੰ ਪਾਰ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ | ਇਸੇ ਤਰ੍ਹਾਂ 2007 ਦੇ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਇਕ ਓਵਰ ਵਿਚ ਯੁਵਰਾਜ ਸਿੰਘ ਨੇ 6 ਛੱਕੇ ਲਗਾਏ ਸਨ |
ਯੁਵਰਾਜ ਸਿੰਘ ਨੇ ਪਿਛਲੇ ਸਾਲ ਹੀ ਤੈਅ ਕਰ ਲਿਆ ਸੀ ਕਿ ਇਸ ਸਾਲ ਦਾ ਆਈ.ਪੀ.ਐਲ. ਉਸ ਦੇ ਕੈਰੀਅਰ ਦਾ ਆਖਰੀ ਹੋਵੇਗਾ | ਹੁਣ ਉਹ ਦੁਨੀਆ ਭਰ ਦੇ ਟੀ-20 ਲੀਗਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦਾ ਅਤੇ ਉਸਨੂੰ ਉਮੀਦ ਹੈ ਕਿ ਇਸ ਦੇ ਲਈ ਉਸ ਨੂੰ ਬੋਰਡ ਤੋਂ ਆਗਿਆ ਮਿਲ ਜਾਵੇਗੀ | ਉਹ ਕਹਿੰਦਾ ਹੈ ਕਿ 'ਮੈਂ ਉਮਰ ਦੇ ਜਿਸ ਮੁਕਾਮ 'ਤੇ ਹਾਂ, ਉਸ ਵਿਚ ਕੁਝ ਫਨ ਕ੍ਰਿਕਟ ਖੇਡਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਓਵਰਸੀਜ਼ ਟੀ-20 ਲੀਗ | ਮੈਂ ਬਾਹਰ ਜਾ ਕੇ ਆਪਣੇ ਜੀਵਨ ਦਾ ਅਨੰਦ ਲੈਣਾ ਚਾਹੁੰਦਾ ਹਾਂ | ਆਪਣੇ ਇੰਟਰਨੈਸ਼ਨਲ ਕੈਰੀਅਰ ਦੇ ਬਾਰੇ ਵਿਚ ਸੋਚਣਾ ਹੁਣ ਮੇਰੇ ਲਈ ਤਣਾਅਪੂਰਨ ਹੋ ਗਿਆ ਹੈ | ਕੋਈ ਨਹੀਂ ਚਾਹੁੰਦਾ ਕਿ ਮੈਂ ਆਈ.ਪੀ.ਐਲ. ਖੇਡਾਂ ਅਤੇ ਮੈਂ ਵੀ ਆਈ.ਪੀ.ਐਲ. ਦੇ ਲਈ ਉਪਲਬਧ ਨਹੀਂ ਹਾਂ | ਮੈਂ ਭਾਰਤ ਤੋਂ ਬਾਹਰ ਜਾ ਕੇ ਖੇਡਣ ਦੀ ਯੋਜਨਾ ਬਣਾ ਰਿਹਾ ਹਾਂ |'
ਆਪਣੇ-ਆਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਥਾਪਤ ਕਰਨ ਲਈ ਯੁਵਰਾਜ ਸਿੰਘ ਨੂੰ ਅਨੇਕਾਂ ਸੰਘਰਸ਼ ਕਰਨੇ ਪਏ | ਉਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਉਸ ਦੇ ਆਪਣੇ ਪਿਤਾ ਯੋਗਰਾਜ ਸਿੰਘ ਨਾਲ ਖਰਾਬ ਰਿਸ਼ਤੇ ਰਹੇ | ਪਿਤਾ-ਪੁੱਤਰ ਵਿਚ ਇਕ ਵਾਰ ਇਸ ਸੰਦਰਭ ਵਿਚ ਖੁੱਲ੍ਹ ਕੇ ਆਪਸੀ ਗੱਲਬਾਤ ਵੀ ਹੋਈ ਅਤੇ ਫਿਰ ਇਸ ਕੜਵਾਹਟ 'ਤੇ ਵਕਤੀ ਤੌਰ 'ਤੇ ਰੋਕ ਲੱਗ ਗਈ | ਇਸ ਬਾਰੇ ਯੁਵਰਾਜ ਸਿੰਘ ਕਹਿੰਦੇ ਹਨ, 'ਮੈਂ ਤਾਂ ਗ੍ਰੋਨ-ਅੱਪ ਹੋ ਗਿਆ ਹਾਂ, ਉਨ੍ਹਾਂ (ਪਿਤਾ) ਬਾਰੇ ਮੈਨੂੰ ਕੁਝ ਨਹੀਂ ਪਤਾ |' ਫਿਲਹਾਲ ਮੁਸ਼ਕਿਲਾਂ ਭਰੇ ਦੌਰ ਦੇ ਬਾਵਜੂਦ ਯੁਵਰਾਜ ਸਿੰਘ ਆਪਣੇ ਹੌਸਲੇ ਅਤੇ ਪ੍ਰਤਿਭਾ ਦੇ ਜ਼ੋਰ 'ਤੇ ਸੁਨਹਿਰੇ ਅੱਖਰਾਂ 'ਚ ਕ੍ਰਿਕਟ ਦੇ ਇਤਿਹਾਸ ਵਿਚ ਆਪਣਾ ਨਾਂਅ ਲਿਖਵਾਉਣ ਵਿਚ ਸਫ਼ਲ ਰਿਹਾ ਹੈ |'

-ਫਿਊਚਰ ਮੀਡੀਆ ਨੈੱਟਵਰਕ |

ਇਕ ਕਹਾਣੀ ਜੋ ਕਦੀ ਖ਼ਤਮ ਨਹੀਂ ਹੋਵੇਗੀ... ਗਿਰੀਸ਼ ਕਰਨਾਡ

1973 ਦੀ ਇਕ ਸ਼ਾਮ ਨੂੰ ਆਪਣੇ ਧਾਰਵਾੜ ਵਾਲੇ ਮਕਾਨ ਵਿਚ ਖਾਣਾ ਖਾਂਦਿਆਂ ਗਿਰੀਸ਼ ਕਰਨਾਡ (1938-2019) ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਝਟਕਾ ਲੱਗਿਆ | ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਪਿਤਾ ਨੂੰ ਕਿਹਾ, 'ਅਤੇ ਅਸੀਂ ਸੋਚਦੇ ਸੀ ਕਿ ਸਾਨੂੰ ਇਹ ਬੇਟਾ ਨਹੀਂ ਚਾਹੀਦਾ... |' ਗਿਰੀਸ਼ ਕਰਨਾਡ ਉਸ ਸਮੇਂ 35 ਸਾਲ ਦੇ ਸਨ ਅਤੇ ਲਾਪ੍ਰਵਾਹੀ ਵਿਚ ਕੀਤੀ ਗਈ ਇਸ ਟਿੱਪਣੀ ਦੀ ਡੂੰਘਾਈ ਵਿਚ ਜਾਣਾ ਚਾਹੁੰਦੇ ਸਨ | ਪਤਾ ਲੱਗਿਆ—ਉਨ੍ਹਾਂ ਦੇ ਮਾਤਾ ਪਿਤਾ ਦੇ ਪਹਿਲਾਂ ਤੋਂ ਹੀ ਤਿੰਨ ਬੱਚੇ ਸਨ ਅਤੇ ਉਹ ਚੌਥਾ ਬੱਚਾ ਨਹੀਂ ਚਾਹੁੰਦੇ ਸਨ, ਜੋ ਉਸ ਸਮੇਂ ਗਰਭ ਵਿਚ ਸੀ | ਇਸ ਲਈ ਉਹ ਪੁਣੇ ਦੇ ਇਕ ਡਾਕਟਰ ਕੋਲ ਗਰਭਪਾਤ ਕਰਾਉਣ ਲਈ ਗਏ, ਪਰ ਲੰਬੀ ਉਡੀਕ ਤੋਂ ਬਾਅਦ ਵੀ ਜਦੋਂ ਡਾਕਟਰ ਕਲੀਨਿਕ 'ਤੇ ਨਹੀਂ ਆਈ ਤਾਂ ਹਾਰ ਮੰਨਦੇ ਹੋਏ ਉਹ ਘਰ ਵਾਪਸ ਆਏ | ਸੋਚੋ! ਜੇ ਉਸ ਦਿਨ ਗਰਭਪਾਤ ਹੋ ਜਾਂਦਾ ਤਾਂ ਦੁਨੀਆ ਗਿਰੀਸ਼ ਕਰਨਾਡ ਨੂੰ ਦੇਖਣ ਤੋਂ ਵਾਂਝੀ ਰਹਿ ਜਾਂਦੀ | ਇਸ ਘਟਨਾ ਨੂੰ ਆਪਣੀ ਆਤਮਕਥਾ 'ਆਦਾਦਾਤਾ ਆਯੁਸ਼ਯ' ਵਿਚ ਲਿਖਦੇ ਹੋਏ ਗਿਰੀਸ਼ ਕਰਨਾਡ ਨੇ ਕਿਹਾ ਸੀ ਕਿ 'ਸੰਯੋਗ ਨਾਲ ਮਿਲੀ ਇਹ ਜਾਣਕਾਰੀ ਮੇਰੇ ਲਈ ਬਿਜਲੀ ਡਿਗਣ ਤੋਂ ਘੱਟ ਨਹੀਂ ਸੀ |' ਗਿਰੀਸ਼ ਕਰਨਾਡ ਨੇ ਆਪਣੀ ਆਤਮਕਥਾ ਡਾ: ਮਧੁਮਾਲਤੀ ਗੁਣੇ ਨੂੰ ਸਮਰਪਿਤ ਕੀਤੀ ਹੈ, ਜੋ ਉਸ ਦਿਨ ਕਲੀਨਿਕ 'ਤੇ ਨਹੀਂ ਪਹੁੰਚੀ ਸੀ |
ਗਿਰੀਸ਼ ਕਰਨਾਡ ਦੀ 10 ਜੂਨ 2019 ਨੂੰ ਆਪਣੇ ਬੰਗਲੁਰੂ ਸਥਿਤ ਨਿਵਾਸ 'ਤੇ ਮੌਤ ਹੋ ਗਈ | ਉਹ 81 ਸਾਲਾਂ ਦੇ ਸਨ | ਕਲਪਨਾ ਕਰੋ ਕਿ ਭਾਰਤੀ ਸੱਭਿਆਚਾਰਕ ਖੇਤਰ ਨੂੰ ਜੇਕਰ ਇਹ 81 ਬਸੰਤਾਂ ਨਾ ਮਿਲਦੀਆਂ ਤਾਂ ਉਹ ਕਿੰਨੇ ਗਿਰੀਸ਼ ਕਰਨਾਡਾਂ ਤੋਂ ਵਾਂਝਾ ਰਹਿ ਜਾਂਦਾ | ਉਸ ਗਿਰੀਸ਼ ਕਰਨਾਡ ਤੋਂ ਜੋ ਗਿਆਨਪੀਠ ਪੁਰਸਕਾਰ ਜੇਤੂ ਨਾਟਕ ਲੇਖਕ ਸਨ, ਜਿਸ ਨੇ ਭਾਰਤੀ ਥੀਏਟਰ ਨੂੰ ਨਵੀ ਦਿਸ਼ਾ ਦਿੱਤੀ | ਉਸ ਗਿਰੀਸ਼ ਕਰਨਾਡ ਤੋਂ ਜੋ ਕੰਨੜ ਵਿਚ 'ਵਮਸ਼ਾ', 'ਵਰਿਕਸ਼ਾ', 'ਕਾਡੂ', 'ਓਾਦਾਨੋਂਦੂ ਕਾਲਾਦਾਲੀ' ਅਤੇ ਹਿੰਦੀ ਵਿਚ 'ਗੋਧੂਲੀ' ਤੇ 'ਉਤਸਵ' ਵਰਗੀਆਂ ਫਿਲਮਾਂ ਦਾ ਸੰਵੇਦਨਸ਼ੀਲ ਨਿਰਦੇਸ਼ਕ ਸੀ | ਉਸ ਗਿਰੀਸ਼ ਕਰਨਾਡ ਤੋਂ ਜੋ 1970 ਤੇ 80 ਦੇ ਦਹਾਕਿਆਂ ਵਿਚ ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਤੇ ਨਸੀਰੂਦੀਨ ਸ਼ਾਹ ਦੇ ਨਾਲ ਕਲਾ ਸਿਨੇਮਾ ਦਾ ਥੰਮ੍ਹ ਸੀ ਅਤੇ ਉਸ ਗਿਰੀਸ਼ ਕਰਨਾਡ ਤੋਂ ਵੀ ਜੋ ਹਾਲ ਦੇ ਸਾਲਾਂ ਵਿਚ ਟਾਈਗਰ ਸੀਰੀਜ਼ (ਏਕ ਥਾ ਟਾਈਗਰ, ਟਾਈਗਰ ਅਭੀ ਜ਼ਿੰਦਾ ਹੈ) ਵਿਚ ਸਲਮਾਨ ਖਾਨ ਨੂੰ ਔਖੇ ਮਿਸ਼ਨ ਉੱਤੇ ਭੇਜਦਾ ਹੈ | ਇਸ ਤੋਂ ਇਲਾਵਾ ਵੀ ਗਿਰੀਸ਼ ਕਰਨਾਡ ਦਾ ਇਕ ਹੋਰ ਪਹਿਲੂ ਸੀ | ਉਹ ਸਮਾਜਿਕ, ਸੱਭਿਆਚਾਰਕ ਜਾਂ ਰਾਜਨੀਤਕ ਮੁੱਦਿਆਂ 'ਤੇ ਆਪਣੀ ਰਾਏ ਹਮੇਸ਼ਾ ਖੁੱਲ੍ਹ ਕੇ ਪ੍ਰਗਟ ਕਰਦੇ ਸਨ ਅਤੇ ਅਕਸਰ ਲੋਕਹਿਤ ਦੇ ਅੰਦੋਲਨਾਂ ਦਾ ਹਿੱਸਾ ਵੀ ਬਣਦੇ ਸਨ |
ਕੌਾਕਣੀ ਬੋਲਣ ਵਾਲੇ ਸਾਰਸਵਤ ਪਰਿਵਾਰ ਵਿਚ ਜਨਮੇ ਗਿਰੀਸ਼ ਕਰਨਾਡ ਨੇ ਅੰਗਰੇਜ਼ੀ ਦੀ ਬਜਾਏ ਕੰਨੜ ਵਿਚ ਆਪਣੇ ਨਾਟਕ ਲਿਖੇ (ਬਾਅਦ ਵਿਚ ਖ਼ੁਦ ਹੀ ਉਨ੍ਹਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ), ਹਾਲਾਂਕਿ ਉਹ ਰੋਡਜ਼ ਸਕਾਲਰ ਸਨ ਅਤੇ ਆਕਸਫੋਰਡ ਯੂਨੀਵਸਿਟੀ ਪ੍ਰੈੱਸ ਦੇ ਨਾਲ ਸੱਤ ਸਾਲ ਤੱਕ ਪ੍ਰਕਾਸ਼ਕ ਸਨ | ਉਨ੍ਹਾਂ ਨੇ ਸਫਲਤਾ ਦੇ ਨਾਲ ਅਨੇਕ ਜਨਤਕ ਅਹੁਦਿਆਂ (ਨਿਰਦੇਸ਼ਕ—ਫਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ, ਚੇਅਰਮੈਨ—ਸੰਗੀਤ ਨਾਟਕ ਅਕਾਦਮੀ, ਨਿਰਦੇਸ਼ਕ—ਨਹਿਰੂ ਸੈਂਟਰ, ਲੰਡਨ) 'ਤੇ ਹੀ ਕੰਮ ਕੀਤਾ, ਜਿਨ੍ਹਾਂ ਵਿਚੋਂ ਕੁਝ ਤਾਂ ਸਮਾਨਾਂਤਰ ਕੋਸ਼ਿਸ਼ਾਂ ਸਨ | ਪਰ ਇਕ ਸਫਲ ਚਾਲਕ ਦੀ ਤਰ੍ਹਾਂ ਉਹ ਹਾਈਵੇ 'ਤੇ ਲੇਨ ਬਦਲਦੇ ਰਹੇ ਅਤੇ ਆਪਣੀ ਮੰਜ਼ਿਲ ਤੱਕ ਵੀ ਪਹੁੰਚੇ | ਜਦੋਂ ਗਿਰੀਸ਼ ਕਰਨਾਡ ਨਿਰਦੇਸ਼ਕ ਫਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਸਨ ਤਾਂ ਓਮ ਪੁਰੀ ਨੂੰ ਰੱਦ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਐਕਟਰ ਵਰਗੀ ਸ਼ਕਲ ਨਹੀਂ ਹੈ, ਪਰ ਗਿਰੀਸ਼ ਕਰਨਾਡ ਦੇ ਦਖਲ ਦੇਣ ਨਾਲ ਓਮ ਪੁਰੀ ਨੂੰ ਦਾਖਲਾ ਮਿਲਿਆ ਅਤੇ ਦੇਸ਼ ਨੂੰ ਇਕ ਸ਼ਾਨਦਾਰ ਅਦਾਕਾਰ ਮਿਲਿਆ |
ਫਿਲਹਾਲ, ਗਿਰੀਸ਼ ਕਰਨਾਡ ਦਾ ਸਭ ਤੋਂ ਵਧੇਰੇ ਮਹੱਤਵ ਤੇ ਪ੍ਰਭਾਵ ਥੀਏਟਰ ਵਿਚ ਸੀ | ਲਗਪਗ 12 ਫਿਲਮਾਂ ਦਾ ਨਿਰਦੇਸ਼ਨ, ਅਨੇਕਾਂ ਟੀ. ਵੀ. ਲੜੀਵਾਰਾਂ ਤੇ ਡਾਕੂਮੈਂਟਰੀਆਂ ਦਾ ਨਿਰਦੇਸ਼ਨ, ਹਿੰਦੀ, ਕੰਨੜ, ਤਾਮਿਲ, ਤੇਲਗੂ ਤੇ ਮਲਿਆਲਮ ਦੀਆਂ 90 ਤੋਂ ਜ਼ਿਆਦਾ ਫਿਲਮਾਂ ਵਿਚ ਅਭਿਨੈ ਕਰਨ ਵਾਲੇ ਗਿਰੀਸ਼ ਕਰਨਾਡ ਨੇ 15 ਨਾਟਕ ਲਿਖੇ | ਇਨ੍ਹਾਂ ਵਿਚੋਂ ਸਮਕਾਲੀ ਵਿਸ਼ਿਆਂ ਦਾ ਬਲ ਅਤੇ ਅਤੀਤ ਵਿਚ ਡੂੰਘੀ ਡੁਬਕੀ ਹੈ | ਗਿਰੀਸ਼ ਕਰਨਾਡ ਨੂੰ ਦੋ ਕਿਸ਼ਤੀਆਂ ਵਿਚ ਪੈਰ ਰੱਖ ਕੇ ਸਫ਼ਰ ਕਰਨਾ ਪਸੰਦ ਸੀ | ਐਕਟਿੰਗ ਵਿਚ ਮੁੱਖ ਧਾਰਾ ਤੇ ਆਰਟ ਫਿਲਮਾਂ | ਨਾਟਕ ਲੇਖਕ ਦੇ ਰੂਪ ਵਿਚ ਕੰਨੜ ਤੇ ਅੰਗਰੇਜ਼ੀ ਭਾਸ਼ਾਵਾਂ, ਨਿਰਦੇਸ਼ਕ ਦੇ ਰੂਪ ਵਿਚ ਸਮਕਾਲੀ ਸਾਹਿਤ ਤੇ ਕਲਾਸਿਕ ਸੱਭਿਆਚਾਰਕ ਨਾਟਕ | ਪਰ ਉਨ੍ਹਾਂ ਨੂੰ ਬਾਲੀਵੁੱਡ ਦੇ ਗੀਤ ਤੇ ਨਿ੍ਤ 'ਤੇ ਵੀ ਕੋਈ ਇਤਰਾਜ਼ ਨਹੀਂ ਸੀ | ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੀ ਸਿਨੇਮਾ ਹਾਲੀਵੁੱਡ ਦੀ ਘੁਸਪੈਠ ਨੂੰ ਆਪਣੀ ਗੀਤ ਤੇ ਨਿ੍ਤ ਦੀ ਪਰੰਪਰਾ ਨਾਲ ਹੀ ਰੋਕ ਸਕਿਆ ਹੈ |
ਭਾਰਤ ਵਿਚ ਗਿਰੀਸ਼ ਕਰਨਾਡ ਵਰਗੀਆਂ ਬਹੁਪੱਖੀ ਪ੍ਰਤਿਭਾਵਾਂ ਘੱਟ ਹੀ ਹੋਈਆਂ ਹਨ ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਗੁਣ ਜੋ ਭਾਰਤੀ ਦਿਲਾਂ 'ਤੇ ਛਾ ਗਿਆ ਹੈ, ਉਹ ਹੈ ਉਨ੍ਹਾਂ ਦੀ ਅਡਿੱਗ, ਸਪੱਸ਼ਟ ਵਿਚਾਰਾਂ ਵਾਲੀ ਉਦਾਰਵਾਦਤਾ | ਉਹ ਕੱਟੜ ਹਿੰਦੂਤਵ ਦੇ ਸਭ ਤੋਂ ਵੱਡੇ ਆਲੋਚਕ ਤੇ ਵਿਰੋਧੀ ਸਨ | ਇਸ ਕਾਰਨ ਪੁਲਿਸ ਜਾਂਚ ਅਨੁਸਾਰ ਉਹ ਦੱਖਣ ਪੰਥੀਆਂ ਦੀ ਹਿੱਟ ਲਿਸਟ ਵਿਚ ਵੀ ਸਨ | ਬੰਗਲੁਰੂ ਵਿਚ ਇਕ ਪ੍ਰਦਰਸ਼ਨ ਦੌਰਾਨ ਗਲ਼ ਵਿਚ ਕਾਲੀ ਪੱਟੀ ਲਟਕਾ ਕੇ ਉਨ੍ਹਾਂ ਨੇ ਕਿਹਾ ਸੀ, 'ਜੇਕਰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਭਾਵ ਨਕਸਲੀ ਹੋਣਾ ਹੈ ਤਾਂ ਮੈਂ ਅਰਬਨ ਨਕਸਲੀ ਹਾਂ |' ਇਹ ਸਨ ਗਿਰੀਸ਼ ਕਰਨਾਡ—ਫ੍ਰੀ ਸਪੀਚ ਦੇ ਚੈਂਪੀਅਨ |
ਵਿਰੋਧਾਭਾਸ ਦੇਖੋ ਕਿ ਜੋ ਮਾਂ ਗਿਰੀਸ਼ ਕਰਨਾਡ ਨੂੰ ਸੰਸਾਰ ਵਿਚ ਲਿਆਉਣਾ ਨਹੀਂ ਚਾਹੁੰਦੀ ਸੀ, ਉਨ੍ਹਾਂ ਨੂੰ ਹੀ ਗਿਰੀਸ਼ ਕਰਨਾਡ ਨੇ ਆਪਣੀ ਸਫਲਤਾ ਦਾ ਸਿਹਰਾ ਦਿੱਤਾ ਹੈ | ਉਨ੍ਹਾਂ ਦੀ ਮਾਂ ਕ੍ਰਿਸ਼ਣਾਬਾਈ ਅੱਲੜ ਉਮਰ ਵਿਚ ਵਿਧਵਾ ਹੋ ਗਈ ਸੀ | ਉਨ੍ਹਾਂ ਨੂੰ ਆਪਣੇ ਵੱਡੇ ਬੇਟੇ ਦੀ ਪਰਵਰਿਸ਼ ਕਰਨ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਫਿਰ ਉਹ ਧਾਰਵਾੜ ਵਿਚ ਨਰਸ ਦੀ ਨੌਕਰੀ ਕਰਦਿਆਂ ਡਾ:” ਰਘੂਨਾਥ ਕਰਨਾਡ ਦੇ ਨਾਲ ਰਹਿਣ ਲੱਗੇ | ਬਾਅਦ ਵਿਚ ਉਨ੍ਹਾਂ ਨਾਲ ਵਿਆਹ ਕੀਤਾ ਤੇ ਚਾਰ ਹੋਰ ਬੱਚਿਆਂ ਦੀ ਪਰਵਰਿਸ਼ ਕੀਤੀ | ਉਨ੍ਹਾਂ ਨੇ 1920 ਦੇ ਦਹਾਕੇ ਦੇ ਔਕੜਾਂ ਭਰੇ ਸਮਾਜਿਕ ਵਾਤਾਵਰਨ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਆਪਬੀਤੀ ਵੀ ਲਿਖੀ, ਜਿਸ ਨੂੰ ਗਿਰੀਸ਼ ਕਰਨਾਡ ਨੇ ਬਾਅਦ ਵਿਚ ਲੱਭਿਆ | ਇਸ ਤਰ੍ਹਾਂ ਗਿਰੀਸ਼ ਕਰਨਾਡ ਦੀ ਮਾਂ ਨੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਆਕਾਰ ਤੇ ਦਿਸ਼ਾ ਦਿੱਤੀ |
ਯੂਨੀਵਰਸਿਟੀ ਵਿਚ ਗਿਰੀਸ਼ ਕਰਨਾਡ ਅੰਗਰੇਜ਼ੀ ਸ਼ਾਇਰੀ ਕਰਨਾ ਚਾਹੁੰਦੇ ਸਨ, ਪਰ ਨਾਟਕ ਲਿਖਣ ਲੱਗੇ, ਜਿਨ੍ਹਾਂ ਵਿਚ ਮਿਥ, ਲੀਜੈਂਡ, ਲੋਕ ਕਥਾ ਤੇ ਇਤਿਹਾਸ ਜ਼ਰੀਏ ਵਰਤਮਾਨ ਨੂੰ ਦੇਖਿਆ ਗਿਆ ਹੈ | ਇਸ ਦਾ ਸਿਹਰਾ ਉਨ੍ਹਾਂ ਨੇ ਏ. ਕੇ. ਰਾਮਾਨੁਜਨ ਨੂੰ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੱਕ ਦੋਸਤੀ ਰਹੀ | ਇਕ ਨਿਰਦੇਸ਼ਕ ਦੇ ਰੂਪ ਵਿਚ ਗਿਰੀਸ਼ ਕਰਨਾਡ ਨੇ 1970 ਦੇ ਦਹਾਕੇ ਵਿਚ ਨਵ-ਵਾਸਤਵਿਕਤਾ 'ਤੇ ਆਧਾਰਿਤ ਨਵੇਂ ਯੁੱਗ ਦੇ ਕੰਨੜ ਸਿਨੇਮਾ ਦੀ ਨੀਂਹ ਰੱਖੀ, ਜਿਸ ਨੂੰ ਉਹ ਸਤਿਆਜੀਤ ਰੇਅ ਤੋਂ ਪ੍ਰੇਰਿਤ ਦੱਸਦੇ ਸਨ | ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਫਿਲਮਾਂ ਉਸ ਪੀੜ੍ਹੀ ਦਾ ਉਤਪਾਦਨ ਸਨ ਜੋ ਨਹਿਰੂਵਾਦੀ ਸੁਪਨੇ ਨਾਲ ਜੁੜੀਆਂ ਹੋਈਆਂ ਸਨ | ਆਪਣੇ ਨਾਟਕ 'ਪਲੇਅ ਵਿਦ ਏ ਕੋਬਰਾ' ਵਿਚ ਗਿਰੀਸ਼ ਕਰਨਾਡ ਨੇ ਲਿਖਿਆ ਹੈ, 'ਤੁਸੀਂ ਕਹਾਣੀ ਸੁਣ ਕੇ ਉਸ ਨੂੰ ਉਥੇ ਨਹੀਂ ਛੱਡ ਸਕਦੇ, ਤੁਸੀਂ ਉਸ ਨੂੰ ਕਿਸੇ ਹੋਰ ਨੂੰ ਵੀ ਸੁਣਾਉਣਾ ਹੈ |' ਸੋ, ਗਿਰੀਸ਼ ਕਰਨਾਡ ਦੀ ਕਹਾਣੀ ਉਨ੍ਹਾਂ ਦੀ ਮੌਤ ਨਾਲ ਖ਼ਤਮ ਨਹੀਂ ਹੋ ਜਾਂਦੀ, ਉਹ ਵਾਰ-ਵਾਰ ਸੁਣਾਈ ਜਾਂਦੀ ਰਹੇਗੀ |
••

ਪਿਤਾ ਦਿਵਸ 'ਤੇ ਵਿਸ਼ੇਸ਼

ਬਾਬਲ ਮੇਰਾ ਕੋਈ ਦੇਸਾਂ ਦਾ ਰਾਜਾ

ਬਾਪ, ਪਿਤਾ, ਬਾਬਲ ਕੁਝ ਅਜਿਹੇ ਛੋਟੇ-ਛੋਟੇ ਸ਼ਬਦ ਹਨ ਜੋ ਆਪਣੇ ਅੰਦਰ ਬਹੁਤ ਵੱਡੇ ਅਰਥ ਸਮੋਈ ਬੈਠੇ ਹਨ | 'ਮਾਂ' ਸ਼ਬਦ ਦੀ ਮਹਾਨਤਾ ਤੋਂ ਅਸੀਂ ਭਲੀ-ਭਾਂਤ ਜਾਣੂ ਹਾਂ | ਅੱਜ ਜੋ ਸਾਡੀ ਹੋਂਦ ਤੇ ਪਛਾਣ ਹੈ, ਆਪਣੇ ਮਾਂ-ਬਾਪ ਕਰਕੇ ਹੈ | ਸੱਚਮੁੱਚ ਮਾਂ-ਬਾਪ ਵਰਗਾ ਪਵਿੱਤਰ ਤੇ ਪਿਆਰਾ ਰਿਸ਼ਤਾ ਸੰਸਾਰ ਵਿਚ ਕੋਈ ਨਹੀਂ | ਇਹ ਸਮਾਜ ਦੇ ਦੋ ਬਹੁਤ ਹੀ ਮਜ਼ਬੂਤ ਥੰਮ੍ਹ ਹਨ ਜਿਨ੍ਹਾਂ ਦੇ ਆਸਰੇ ਬੱਚਿਆਂ ਦਾ ਜੀਵਨ ਵਧਦਾ-ਫੁਲਦਾ ਤੇ ਪ੍ਰਵਾਨ ਚੜ੍ਹਦਾ ਹੈ | ਜੇ ਮਾਂ ਮਮਤਾ ਦੀ ਮੂਰਤ ਹੈ, ਧਰਤੀ 'ਤੇ ਵਸਦਾ ਰੱਬ ਹੈ ਤਾਂ ਬਾਪ ਪੱਥਰ ਦੇ ਜਿਗਰੇ ਵਾਲਾ, ਕੁਰਬਾਨੀ ਦਾ ਪੁਤਲਾ ਤੇ ਸਾਰੀ ਉਮਰ ਲਈ ਬਹੁਤ ਚੰਗਾ ਮਾਰਗ ਦਰਸ਼ਕ ਹੈ | ਬੱਚਿਆਂ ਦੀ ਪਾਲਣਾ, ਪੜ੍ਹਾਈ, ਕੰਮ-ਧੰਦਾ, ਵਿਆਹ-ਸ਼ਾਦੀ ਤੇ ਹੋਰ ਬਹੁਤ ਕੁਝ ਲਈ ਉਹ ਜ਼ਿੰਮੇਵਾਰ ਹੈ | ਜੇ ਇਹ ਕਹੀਏ ਮਾਂ ਘਰ ਦੀ ਨੀਂਹ ਤੇ ਬਾਪ ਘਰ ਦੀ ਮਜ਼ਬੂਤ ਛੱਤ ਹੈ, ਤਾਂ ਕੋਈ ਅਤਿ-ਕਥਨੀ ਵਾਲੀ ਗੱਲ ਨਹੀਂ | ਕਿਸੇ ਇਕ ਦੀ ਅਣਹੋਂਦ ਕਾਰਨ ਬੱਚੇ ਦਾ ਸਰਵਪੱਖੀ ਵਿਕਾਸ ਨਹੀਂ ਹੁੰਦਾ | ਬਾਪ-ਵਿਹੂਣਾ ਬੱਚਾ ਕਈ ਵਾਰ ਸੜੀਅਲ, ਖਿਝੂ ਤੇ ਹੋਰ ਕਈ ਤਕਲੀਫ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ | ਨੈਤਿਕ ਕਦਰਾਂ-ਕੀਮਤਾਂ ਤੋਂ ਵੀ ਵਾਂਝਾ ਰਹਿ ਜਾਂਦਾ ਹੈ |
ਬਾਪ ਬਣ ਕੇ ਇਨਸਾਨ ਆਪਣੇ-ਆਪ ਨੂੰ ਖੁਸ਼ਨਸੀਬ ਸਮਝਦਾ ਹੈ | ਪਰ ਅਜਿਹਾ ਵਰਤਾਰਾ ਕੁਝ ਸਮਾਂ ਪਹਿਲਾਂ ਨਹੀਂ ਸੀ | ਪੁੱਤ ਦਾ ਬਾਪ ਬਣਨਾ ਖ਼ੁਸ਼ੀਆਂ ਤੇ ਖੇੜਿਆਂ ਦਾ ਸੂਚਕ ਸੀ ਪਰ ਧੀ ਦਾ ਬਾਪ ਬਣਨਾ ਬਹੁਤੀ ਮਾਣ ਵਾਲੀ ਗੱਲ ਨਹੀਂ ਸੀ | ਅੱਜ ਸਮਾਂ ਤੇ ਸੋਚ ਕਰਵਟ ਲੈ ਰਹੇ ਹਨ | ਧੀ ਦਾ ਬਾਪ ਬਣਨਾ ਵੀ ਮਾਣ ਵਾਲੀ ਗੱਲ ਹੈ | ਧੀਆਂ ਲਈ ਬਾਪ ਦਾ ਰਿਸ਼ਤਾ ਬਹੁਤ ਮਹਾਨ ਹੈ | ਧੀਆਂ ਹੀ ਤਾਂ 'ਬਾਬਲ ਮੇਰਾ ਕੋਈ ਦੇਸਾਂ ਦਾ ਰਾਜਾ' ਕਹਿ ਕੇ ਸਤਿਕਾਰਦੀਆਂ ਹਨ | ਬੱਚਿਆਂ ਵਾਸਤੇ ਬਾਪ ਤਾਕਤ ਦਾ ਚਿੰਨ੍ਹ ਹੈ | ਸ਼ਕਤੀ ਦਾ ਸੂਚਕ ਹੈ | ਸਮਾਜ ਵਿਚ ਵਧੇਰੇ ਮਾਣ-ਸਤਿਕਾਰ ਦਾ ਪਾਤਰ ਹੈ | ਇਕ ਬਹੁਤ ਚੰਗਾ ਰਾਹ ਦਸੇਰਾ ਹੈ | ਸਮਾਜ ਵਿਚ ਆਪਣਾ ਨਾਂਅ ਬਣਾ ਕੇ ਰੱਖਦਾ ਹੈ, ਤਾਂ ਜੋ ਰਿਸ਼ਤੇਦਾਰੀ ਵਿਚ ਬੱਚੇ ਸਿਰ ਉੱਚਾ ਕਰ ਕੇ ਤੁਰ ਸਕਣ |
ਜਦੋਂ ਬਾਪ ਦੀ ਜੁੱਤੀ ਬੱਚੇ ਦੇ ਪੈਰੀਂ ਆਉਣ ਲਗਦੀ ਹੈ ਤਾਂ ਬਾਪ ਖ਼ੁਸ਼ ਹੁੰਦੈ | ਮੇਰਾ ਬੱਚਾ ਵੱਡਾ ਹੋ ਗਿਆ ਹੈ | ਦੋਸਤਾਂ ਦੀ ਲੋੜ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਬੱਚੇ ਅਸਲ ਦੋਸਤ ਬਣ ਜਾਂਦੇ ਹਨ, ਧੀਆਂ ਨੂੰ ਪੁੱਤਾਂ ਵਾਂਗ ਪਾਲਣਾ, ਪੜ੍ਹਾਉਣਾ ਤੇ ਸਹੀ ਸੇਧ ਦੇਣਾ ਇਕ ਧਰਮੀ ਬਾਬਲ ਦਾ ਫ਼ਰਜ਼ ਹੈ ਨਿਬੜਦੈ | ਬੱਚੇ ਵੀ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਦੇ ਹਨ | ਨਿਮਰਤਾ, ਹਲੀਮੀ, ਸਹਿਣਸ਼ੀਲਤਾ, ਸਵੈ-ਵਿਸ਼ਵਾਸ ਉੱਚਾ-ਸੁੱਚਾ ਆਚਰਣ ਤੇ ਕਿਰਤ ਕਰਨ ਵਰਗੇ ਗੁਣ ਧਾਰਨ ਕਰਕੇ ਸਮਾਜ ਵਿਚ ਬਾਪ ਦਾ ਨਾਂਅ ਉੱਚਾ ਕਰਦੇ ਹਨ |
ਜਿਥੇ ਮਾਂ ਬੱਚਿਆਂ ਲਈ ਘਰ ਦੇ ਸਾਰੇ ਕੰਮ ਸੁਚੱਜਤਾ ਨਾਲ ਕਰਦੀ ਹੈ, ਉਥੇ ਬਾਪ ਘਰ ਦੀ ਆਰਥਿਕਤਾ ਲਈ ਫ਼ਿਕਰਮੰਦ ਹੈ | ਬੇਸ਼ੱਕ ਅੱਜ ਔਰਤ ਕੰਮਕਾਜ਼ੀ ਤੇ ਕਮਾਊ ਹੈ ਫਿਰ ਵੀ ਵਧੇਰੇ ਜ਼ਿੰਮੇਵਾਰੀ ਮਰਦ ਸਿਰ ਹੈ | ਪਿਤਾ ਦੀ ਅਮੀਰੀ ਤੇ ਜਾਇਦਾਦ ਦਾ ਵੀ ਬੱਚਿਆਂ ਨੂੰ ਮਾਣ ਹੁੰਦਾ ਹੈ |
ਬਾਪ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੇ ਸੰਸਕਾਰ ਦੇ ਕੇ, ਨੈਤਿਕ ਕਦਰਾਂ-ਕੀਮਤਾਂ ਸਿਖਾ ਕੇ ਸੱਚ ਦੇ ਪਾਂਧੀ ਤੇ ਦੇਸ਼ ਦੇ ਸੁਚੱਜੇ ਨਾਗਰਿਕ ਬਣਾਉਂਦਾ ਹੈ, ਆਪ ਹਮੇਸ਼ਾ ਨਸ਼ਾ, ਦਾਜ, ਭਰੂਣ-ਹੱਤਿਆ, ਹਿੰਸਾ ਵਰਗੀਆਂ ਬੁਰਾਈਆਂ ਦੇ ਵਿਰੋਧ ਵਿਚ ਵਿਚਰਦਿਆਂ ਬੱਚਿਆਂ ਲਈ ਚਾਨਣ ਮੁਨਾਰਾ ਬਣਦਾ ਹੈ | ਜੋ ਬਾਪ ਅਜਿਹਾ ਨਹੀਂ ਕਰਦੇ ਬੱਚਿਆਂ ਦਾ ਜੀਵਨ ਹਨੇਰਾ ਕਰਦੇ ਹਨ | ਬੱਚਿਆਂ ਦਾ ਰੋਲ ਮਾਡਲ ਬਣਨ ਲਈ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਬਾਹਰ ਕੱਢਣਾ ਜ਼ਰੂਰੀ | ਕਹਿੰਦੇ ਨੇ 'ਜਿਹੀ ਕੋਕੋ ਤੇਹੇ ਬੱਚੇ' ਜੇ ਬਾਪ ਅੱਛਾ ਤਾਂ ਔਲਾਦ ਮਾੜੀ ਕਿਉਂ? ਪਿਤਾ ਦੇ ਅੰਦਰ ਕੁਰਬਾਨੀ ਦਾ ਅਥਾਹ ਜਜ਼ਬਾ ਹੋਣ ਕਰਕੇ ਤੱਤੇ ਠੰਢੇ ਸਮਿਆਂ ਵਿਚ ਸਭ ਕੁਝ ਆਪਣੇ ਬੱਚਿਆਂ ਤੋਂ ਵਾਰ ਦਿੰਦਾ ਹੈ |
ਖ਼ੁਸ਼ਕਿਸਮਤ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਦੇ ਸਿਰ 'ਤੇ ਮਾਂ-ਬਾਪ ਦੀ ਠੰਢੀ ਮਿੱਠੀ ਛਾਂ ਹੁੰਦੀ ਹੈ | ਬਾਪ ਦਾ ਸਾਇਆ ਸਿਰ ਤੋਂ ਉਠ ਜਾਵੇ ਤਾਂ ਬੱਚੇ ਆਪਣੇ-ਆਪ ਨੂੰ ਉਦਾਸ, ਨਿਮਾਣਾ ਤੇ ਕਮਜ਼ੋਰ ਸਮਝਦੇ ਹਨ | ਪਰ ਉਹ ਬੱਚੇ ਜੋ ਬਾਪ ਦੇ ਦੱਸੇ ਰਾਹਾਂ 'ਤੇ ਚਲਦੇ ਹਨ, ਸਮਾਜ ਵਿਚ ਸਤਿਕਾਰਯੋਗ ਸਥਾਨ ਬਣਾਈ ਰੱਖਦੇ ਹਨ |
ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬਾਪ ਨੇ ਉਂਗਲੀ ਲਾ ਕੇ ਤੁਰਨਾ ਸਿਖਾਇਆ, ਘਰ ਵਸਾਇਆ, ਉਸ ਦਾ ਸਥਾਨ ਕੀ ਹੈ | ਕੀ ਉਹ ਜ਼ਿੰਦਗੀ ਦੇ ਆਖਰੀ ਪਲ 'ਬੁਢਾਪਾ ਘਰ' ਵਿਚ ਤਾਂ ਨਹੀਂ ਬਤੀਤ ਕਰ ਰਿਹਾ? ਉਹ ਦਵਾ-ਦਾਰੂ ਤੋਂ ਔਖਾ ਤਾਂ ਨਹੀਂ? ਕੀ ਉਹ ਤੁਹਾਡੀ ਇਕ-ਪਿਆਰ ਛੋਹ ਨੂੰ ਤੇ ਨਹੀਂ ਤਰਸ ਰਿਹਾ? ਜੇ ਅਜਿਹਾ ਕੁਝ ਵੀ ਹੈ ਤਾਂ ਸੰਭਲੋ ਆਪਣੇ ਜਨਮਦਾਤੇ ਦਾ ਮਿਹਰ ਭਰਿਆ ਹੱਥ ਸਿਰ 'ਤੇ ਰਖਾਓ | ਅਸੀਸਾਂ ਲਓ, ਅਸੀਸ ਬਹੁਤ ਵੱਡੀ ਦਾਤ ਹੈ |
-0-

ਰੁੱਸਣ-ਮਨਾਉਣ ਦੇ ਬਦਲਦੇ ਢੰਗ ਬਲਾਕ, ਡਿਲੀਟ ਤੇ ਐਡ ਦਾ ਜ਼ਮਾਨਾ

ਅੱਜ ਦੇ ਜ਼ਮਾਨੇ ਨੂੰ ਜੇਕਰ ਸੋਸ਼ਲ ਮੀਡੀਆ ਦਾ ਜ਼ਮਾਨਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਸੋਸ਼ਲ ਮੀਡੀਆ ਨੇ ਸੰਸਾਰ ਨੂੰ ਗਲੋਬਲ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਏਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਸਾਹਮਣੇ ਬੈਠੇ ਸਾਡੇ ਨਾਲ ਗੱਲਬਾਤ ਕਰ ਰਹੇ ਹਨ | ਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇਕ ਛੱਤ ਥੱਲੇ ਰਹਿੰਦੇ ਪਤੀ-ਪਤਨੀ, ਬੱਚਿਆਂ, ਮਾਤਾ-ਪਿਤਾ ਨਾਲ ਦੂਰੀਆਂ ਵਧਾ ਦਿੱਤੀਆਂ ਹਨ | ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿਚ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਨਾਲ ਚੈਟ (ਗੱਲਬਾਤ) ਕਰ ਕੇ ਆਪੇ ਮੁਸਕਰਾਉਂਦਾ ਰਹਿੰਦਾ ਹੈ | ਕਈ ਵਾਰ ਨੇੜੇ ਦੇ ਰਿਸ਼ਤੇ ਅਜਿਹੀ ਆਦਤ ਕਾਰਨ ਬੜਾ ਦੁਖੀ ਹੁੰਦੇ ਹਨ | ਘਰਾਂ ਵਿਚ ਅਨੇਕਾਂ ਵਾਰ ਅਜਿਹੀਆਂ ਗੱਲਾਂ ਕਰਕੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ | ਨੌਜਵਾਨ ਪੀੜ੍ਹੀ ਬੱਸਾਂ, ਗੱਡੀਆਂ, ਪਾਰਕਾਂ ਤੇ ਹੋਰ ਸਭ ਥਾਵਾਂ 'ਤੇ ਉਂਗਲਾਂ ਰਾਹੀਂ ਚੈਟਿੰਗ ਕਰਦੀ, ਲੜਦੀ, ਮੁਸਕਰਾਉਂਦੀ ਆਮ ਦੇਖੀ ਜਾਂਦੀ ਹੈ | ਮੂੰਹ ਖੋਲ੍ਹੇ ਤੋਂ ਬਿਨਾਂ ਹੀ ਉਂਗਲ ਲਾ ਕੇ ਦੂਜੇ ਨੂੰ ਖ਼ੁਸ਼ ਜਾਂ ਨਾਰਾਜ਼ ਕੀਤਾ ਜਾਂਦਾ ਹੈ | ਫੋਨ 'ਤੇ ਲੜਦੇ ਨੌਜਵਾਨ ਲੜਕੇ-ਲੜਕੀਆਂ ਆਮ ਹੀ ਦੇਖੇ ਜਾਂਦੇ ਹਨ | ਜਿਵੇਂ ਅਸੀਂ ਬਚਪਨ ਵਿਚ ਲੜ ਕੇ ਇਕ-ਦੂਜੇ ਨੂੰ 'ਕੱਟੀ-ਕੱਟੀ' ਕਹਿ ਕੇ ਛੱਡ ਦਿੰਦੇ ਸੀ, ਉਵੇਂ ਇਹ ਨੌਜਵਾਨ ਪ੍ਰੇਮੀ-ਪ੍ਰੇਮਿਕਾ, ਪਤੀ-ਪਤਨੀ ਅਤੇ ਦੋਸਤ-ਮਿੱਤਰ ਵੀ ਇਕ ਦੂਜੇ ਨੂੰ ਮੋਬਾਈਲ ਫੋਨ ਤੋਂ ਬਲਾਕ ਕਰ ਦਿੰਦੇ ਹਨ | ਗੱਲਬਾਤ ਕਰਨੀ ਬੰਦ ਕਰ ਦਿੰਦੇ ਹਨ | ਬਹੁਤ ਸਾਰੇ ਲੋਕ ਆਪਣੇ ਮਿੱਤਰਾਂ, ਸਹਿ-ਕਰਮੀਆਂ, ਲੇਖਕਾਂ ਜਾਂ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਗਰੁੱਪ ਬਣਾ ਕੇ ਵੱਖ-ਵੱਖ ਪੋਸਟਾਂ ਪਾਉਂਦੇ ਹਨ, ਚੈਟਿੰਗ ਕਰਦੇ ਹਨ | ਵਿਅਕਤੀਗਤ ਵਖਰੇਵੇਂ ਕਾਰਨ ਹਰ ਇਕ ਦੇ ਦੂਜਿਆਂ ਨਾਲ ਵਿਚਾਰ ਮੇਲ ਨਹੀਂ ਖਾਂਦੇ | ਕਈ ਵਾਰ ਅਜਿਹੇ ਗਰੁੱਪਾਂ ਵਿਚ ਉਂਗਲਾਂ ਨਾਲ ਭਾਵ ਚੈਟਿੰਗ ਕਰ ਕੇ ਲੜਾਈ ਹੁੰਦੀ ਵੀ ਵੇਖੀ ਗਈ ਹੈ | ਕਈ ਵਾਰ ਗਰੁੱਪ ਐਡਮਿਨ ਕਸੂਰਵਾਰ ਨੂੰ ਸਜ਼ਾ ਦੇਣ ਲਈ ਗਰੁੱਪ ਵਿਚੋਂ ਰਿਮੂਵ ਕਰ ਦਿੰਦੇ ਹਨ | ਜਦੋਂ ਕੁਝ ਦਿਨਾਂ ਬਾਅਦ ਗੁੱਸਾ ਸ਼ਾਂਤ ਹੋ ਜਾਂਦਾ ਹੈ, ਉਸ ਵਿਅਕਤੀ ਨੂੰ ਦੁਬਾਰਾ ਫਿਰ ਐਡ ਕਰ ਕੇ ਗਰੁੱਪ ਵਿਚ ਸ਼ਾਮਿਲ ਕਰ ਲੈਂਦੇ ਹਨ | ਪ੍ਰੋਫੈਸ਼ਨਲ ਗਰੁੱਪਾਂ ਵਿਚ ਕਈ ਵਾਰ ਵਿਸ਼ੇ ਤੋਂ ਬਾਹਰ ਦੀ ਗੱਲ ਭੇਜੀ ਜਾਵੇ, ਗਰੁੱਪ ਐਡਮਿਨ ਪੁੱਛਗਿੱਛ ਕਰਕੇ ਪਰਸਨਲ ਨੰਬਰ 'ਤੇ ਫੋਨ ਕਰ ਕੇ ਝਿੜਕਦੇ ਦੇਖੇ ਗਏ ਹਨ ਅਤੇ ਕੁਝ ਦਿਨਾਂ ਲਈ ਗਰੁੱਪ ਵਿਚੋਂ ਡਿਲੀਟ ਕਰ ਕੇ ਹਲਕੀ-ਫੁਲਕੀ ਸਜ਼ਾ ਵੀ ਦਿੱਤੀ ਜਾਂਦੀ ਹੈ |
ਅੱਜ ਦਾ ਜ਼ਮਾਨਾ ਏਨਾ ਬਦਲ ਗਿਆ ਹੈ ਕਿ ਰੁੱਸਣ-ਮਨਾਉਣ ਦਾ ਢੰਗ ਵੀ ਬਦਲ ਗਿਆ ਹੈ | ਕਈ ਵਾਰ ਕਿਸੇ ਸਿਰਫਿਰੇ ਤੋਂ ਰਿਸ਼ਤੇਦਾਰ ਜਾਂ ਜਾਣਕਾਰ, ਜੋ ਸਾਨੂੰ ਪਸੰਦ ਨਾ ਹੋਵੇ, ਉਸ ਤੋਂ ਖਹਿੜਾ ਛੁਡਾਉਣ ਲਈ ਵੀ ਉਸਨੂੰ ਬਲਾਕ ਕਰ ਦਿੱਤਾ ਜਾਂਦਾ ਹੈ | ਜਿਵੇਂ ਕਹਿੰਦੇ ਹਨ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਰਹਿ ਜਾਵੇ | ਭਾਵ ਅਜਿਹੇ ਇਨਸਾਨ ਤੋਂ ਖਹਿੜਾ ਛੁਡਾਉਣ ਲਈ ਉਸ ਦਾ ਨੰਬਰ ਬਲਾਕ (ਬੰਦ) ਕਰ ਦਿੱਤਾ ਜਾਂਦਾ ਹੈ | ਅਜਿਹਾ ਕਰ ਕੇ ਖੁੱਲ੍ਹੇਆਮ ਲੜਾਈ ਤੋਂ ਬਚਿਆ ਜਾ ਸਕਦਾ ਹੈ | ਸੋਸ਼ਲ ਮੀਡੀਆ 'ਤੇ ਲੋਕ ਲੜਦੇ, ਮਿਹਣੋ-ਮਿਹਣੀ ਹੁੰਦੇ, ਇਕ-ਦੂਜੇ ਨੂੰ ਸਵਾਲ-ਜਵਾਬ ਕਰਦੇ ਆਮ ਵੇਖੇ ਜਾਂਦੇ ਹਨ | ਜਿੱਥੇ ਇਸਦੇ ਲਾਭ ਹਨ, ਉੱਥੇ ਹਾਨੀਆਂ ਵੀ ਵੇਖੀਆਂ ਗਈਆਂ ਹਨ | ਜੇਕਰ ਸੋਸ਼ਲ ਮੀਡੀਆ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰ ਕੇ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਦਾਨੀ ਸੱਜਣਾਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਂਦਾ ਹੈ, ਉੱਥੇ ਨੌਜਵਾਨ ਪੀੜ੍ਹੀ ਝੂਠੇ ਬਹਿਕਾਵੇ ਵਿਚ ਆ ਕੇ ਆਪਣੀ ਜ਼ਿੰਦਗੀ ਵੀ ਤਬਾਹ ਕਰਦੀ ਦੇਖੀ ਗਈ ਹੈ | ਦੰਗੇ ਭੜਕਾਉਣ ਵਿਚ ਵੀ ਸੋਸ਼ਲ ਮੀਡੀਆ ਸਭ ਤੋਂ ਅੱਗੇ ਹੈ |
ਆਧੁਨਿਕ ਤਕਨੀਕਾਂ ਵਰਤ ਕੇ ਜਿੱਥੇ ਕਈ ਲੋਕ ਕਈ ਬਿਮਾਰੀਆਂ ਦੇ ਹੱਲ ਲੱਭਦੇ ਹਨ, ਟੈਸਟਾਂ ਦੀ ਤਿਆਰੀ ਕਰਦੇ ਹਨ, ਵੱਡੇ-ਵੱਡੇ ਲੇਖਕਾਂ ਨੂੰ ਪੜ੍ਹਦੇ ਹਨ, ਵੱਖ-ਵੱਖ ਅਖ਼ਬਾਰ ਪੜ੍ਹਦੇ ਅਤੇ ਲਾਭਦਾਇਕ ਕੰਮ ਵੀ ਕਰਦੇ ਹਨ |
ਨੌਜਵਾਨ ਪੀੜ੍ਹੀ ਸਹਿਣਸ਼ੀਲਤਾ ਤੋਂ ਬਹੁਤ ਦੂਰ ਜਾ ਰਹੀ ਹੈ | ਸਾਡੇ ਮਨ ਵਿਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਆਉਂਦਾ ਰਹਿੰਦਾ ਹੈ, ਨਕਾਰਾਤਮਕ ਤੇ ਸਾਕਾਰਤਮਕ ਵੀ | ਆਮ ਲੋਕ ਜਦੋਂ ਵੀ ਕੋਈ ਵਿਚਾਰ ਮਨ ਵਿਚ ਆਇਆ, ਉਦੋਂ ਹੀ ਟਾਈਪ ਕਰਕੇ ਸਬੰਧਿਤ ਵਿਅਕਤੀ ਨੂੰ ਭੇਜ ਦਿੰਦੇ ਹਨ | ਭਾਵ ਵੇਲਾ-ਕੁਵੇਲ਼ਾ, ਰਾਤ-ਸਵੇਰਾ ਵੀ ਨਹੀਂ ਦੇਖਦੇ | ਇਨ੍ਹਾਂ ਗੱਲਾਂ ਕਰਕੇ ਕਈ ਵਾਰ ਉਨ੍ਹਾਂ ਨੂੰ ਪਛਤਾਉਣਾ ਵੀ ਪੈਂਦਾ ਹੈ |
ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਹੀ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਕੁਝ ਨਾ ਕੁਝ ਚੰਗਾ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ |

-ਮੋਬਾਈਲ : 81469-33733

ਪਾਲੀਵੁੱਡ ਝਰੋਖਾ ਅਭਿਨੈ-ਪ੍ਰਭਾਵੀ ਨਾਇਕ : ਜਿੰਮੀ ਸ਼ੇਰਗਿੱਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੰਜਾਬੀ ਸਿਨੇਮਾ ਦੇ ਸੰਦਰਭ 'ਚ ਉਸ ਨੇ ਮਨਮੋਹਨ ਸਿੰਘ ਦੀ ਕਿਰਤ 'ਯਾਰਾਂ ਨਾਲ ਬਹਾਰਾਂ' ਰਾਹੀਂ ਪ੍ਰਵੇਸ਼ ਕੀਤਾ ਸੀ | ਇਹ ਫ਼ਿਲਮ ਕਾਫੀ ਸਫਲ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਪਾਲੀਵੁੱਡ ਦਾ ਚਹੇਤਾ ਨਾਇਕ ਬਣ ਗਿਆ ਸੀ |
ਜਿੰਮੀ ਨੇ ਪੰਜਾਬੀ ਫ਼ਿਲਮਾਂ 'ਚ ਵੀ ਵਿਭਿੰਨ ਪ੍ਰਕਾਰ ਦੀਆਂ ਭੂਮਿਕਾਵਾਂ ਪੇਸ਼ ਕੀਤੀਆਂ ਹਨ | ਉਸ ਦੀ 'ਮੰਨਤ' ਫ਼ਿਲਮ ਬਹੁਤ ਹੀ ਗ਼ੈਰ-ਪ੍ਰੰਪਰਾਵਾਦੀ ਫ਼ਿਲਮ ਸੀ | ਇਸ ਦਾ ਨਾਇਕ (ਨਿਹਾਲ ਸਿੰਘ) ਆਪਣੀ ਮਰ ਚੁੱਕੀ ਪਤਨੀ ਤੋਂ ਪੈਦਾ ਹੋਈ ਇਕਲੌਤੀ ਬੇਟੀ ਦੀ ਤਲਾਸ਼ 'ਚ ਭਟਕਦਾ ਫਿਰਦਾ ਹੈ | ਜਦੋਂ ਉਹ ਉਸ ਨੂੰ ਮਿਲਦੀ ਹੈ ਤਾਂ ਉਹ ਉਸ ਨੂੰ ਪਛਾਣ ਹੀ ਨਹੀਂ ਸਕਦੀ | ਇਕ ਬਾਪ ਦੇ ਇਸ ਅੰਤਰਮੁਖੀ ਸੰਤਾਪ ਨੂੰ ਜਿੰਮੀ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਸੀ | 'ਮੰਨਤ' ਨੇ ਪੰਜਾਬੀ ਸਿਨੇਮਾ ਦੇ ਖੇਤਰ 'ਚ ਇਕ ਨਵਾਂ ਦੌਰ ਕਾਇਮ ਕੀਤਾ ਸੀ |
ਇਸ ਗੰਭੀਰ ਫ਼ਿਲਮ ਦੇ ਉਲਟ ਜਿੰਮੀ ਨੇ 'ਤੇਰਾ ਮੇਰਾ ਕੀ ਰਿਸ਼ਤਾ' (2009) ਵਿਚ ਮੀਤ ਦੇ ਰੂਪ ਵਿਚ, 'ਮੇਲ ਕਰਾ ਦੇ ਰੱਬਾ' (2010) ਅਤੇ 'ਮੰੁਡੇ ਯੂ. ਕੇ. ਦੇ' (2009) ਵਿਚ ਰੁਮਾਂਟਿਕ ਪੱਧਰ ਦੀਆਂ ਭੂਮਿਕਾਵਾਂ ਪੇਸ਼ ਕੀਤੀਆਂ ਸਨ | 'ਮੇਲਾ ਕਰਾ ਦੇ ਰੱਬਾ' ਦੇ ਰੁਮਾਂਟਿਕ ਰੋਲ ਨੂੰ ਉਸ ਨੇ ਇੰਨੀ ਸਹਿਜਤਾ ਅਤੇ ਕੁਸ਼ਲਤਾ ਦੇ ਨਾਲ ਅਭਿਨੀਤ ਕੀਤਾ ਸੀ ਕਿ ਪੀ.ਟੀ.ਸੀ. ਚੈਨਲ ਨੇ ਉਸ ਦੇ ਆਧਾਰ 'ਤੇ ਸਰਬੋਤਮ ਅਦਾਕਾਰ ਦਾ ਇਨਾਮ ਉਸ ਨੂੰ ਦਿੱਤਾ ਸੀ |
ਇਸੇ ਹੀ ਤਰ੍ਹਾਂ ਜਿੰਮੀ ਨੇ ਆਪਣੀ ਅਭਿਨੈ ਪ੍ਰਤਿਭਾ ਦੀ ਵਿਭਿੰਨਤਾ ਪ੍ਰਦਰਸ਼ਤ ਕਰਦਿਆਂ ਹੋਇਆਂ 'ਧਰਤੀ' ਵਿਚ ਜੈਦੀਪ ਸਿੰਘ ਵਡਾਲਾ ਅਤੇ ਜੈ ਸਿੰਘ ਦੇ ਰੂਪ ਵਿਚ ਵਰਤਮਾਨ ਰਾਜਨੀਤੀ ਦੇ ਹਨੇਰਪੱਖੀ ਝੁਕਾਅ ਨੂੰ ਪ੍ਰਦਰਸ਼ਤ ਕੀਤਾ ਸੀ | 'ਧਰਤੀ' ਦਾ ਨਾਇਕ ਇਹ ਸਿੱਧ ਕਰਦਾ ਹੈ ਵਰਤਮਾਨ ਸਮੇਂ 'ਚ ਰਾਜਨੀਤੀ ਦਾ ਸਤਰ ਏਨਾ ਘਟੀਆ ਅਤੇ ਘਿ੍ਣਾਜਨਕ ਹੈ ਕਿ ਕੁਝ ਰਾਜਨੇਤਾ ਆਪਣੇ ਸੁਆਰਥ ਲਈ ਕਿਸੇ ਵੀ ਨੈਤਿਕ ਹੱਦ ਨੂੰ ਤੋੜ ਸਕਦੇ ਹਨ |
ਆਪਣੇ ਰਾਜਨੀਤਕ ਉਦੇਸ਼ਾਂ ਲਈ ਉਹ ਆਪਣਿਆਂ ਨੂੰ ਵੀ ਦਗ਼ਾ ਦੇ ਸਕਦੇ ਹਨ | ਅਪ੍ਰਤੱਖ ਰੂਪ ਵਿਚ 'ਧਰਤੀ' ਵਿਚ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਹੁਣ ਦੀ ਰਾਜਨੀਤੀ ਇਕ ਪ੍ਰਕਾਰ ਦੀ ਨੈਤਿਕਤਾ ਦੀ ਕਤਲਗਾਹ ਹੀ ਬਣ ਗਈ ਹੈ | ਇਸ ਫ਼ਿਲਮ ਦਾ ਇਕ ਹੋਰ ਮਜ਼ਬੂਤ ਪੱਖ ਇਹ ਸੀ ਕਿ ਇਹ ਤਕਨੀਕੀ ਤੌਰ 'ਤੇ ਬਹੁਤ ਹੀ ਘਟੀਆ ਕਿਰਤ ਸੀ | ਸ਼ਾਮ ਕੌਸ਼ਲ ਨੇ ਇਸ ਦੇ ਸਪੈਸ਼ਲ ਅਫੈਕਟਸ ਇਸ ਕੁਸ਼ਲਤਾ ਨਾਲ ਫ਼ਿਲਮਬੱਧ ਕੀਤੇ ਸਨ ਕਿ ਉਹ ਕਿਸੇ ਵੀ ਵਧੀਆ ਬਾਲੀਵੁੱਡ ਦੀ ਐਕਸ਼ਨ ਫ਼ਿਲਮ ਦਾ ਮੁਕਾਬਲਾ ਬੜੀ ਆਸਾਨੀ ਨਾਲ ਕਰ ਸਕਦੇ ਸਨ |
ਜਿੰਮੀ ਸ਼ੇਰਗਿੱਲ ਦੀ ਪੰਜਾਬੀ ਸਿਨੇਮਾ 'ਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਦਾ ਪ੍ਰਗਟਾਵਾ 'ਹੀਰੋ—ਨਾਮ ਯਾਦ ਰੱਖੀਂ' (2016) ਤੋਂ ਵੀ ਆਸਾਨੀ ਨਾਲ ਹੋ ਸਕਦਾ ਹੈ | ਇਹ ਇਕ ਤਰ੍ਹਾਂ ਦੀ ਐਕਸ਼ਨ ਥਿ੍ਲਰ ਫ਼ਿਲਮ ਸੀ | 'ਹੀਰੋ' ਦੀ ਵਧੇਰੇ ਕਰਕੇ ਸ਼ੂਟਿੰਗ ਵੀ ਵਿਦੇਸ਼ਾਂ (ਕੈਨੇਡਾ) ਵਿਚ ਹੋਈ ਸੀ | ਬਲਜੀਤ ਦਿਓ ਦਾ ਨਿਰੇਦਸ਼ਨ ਵੀ ਉੱਚ ਸਤਰ ਦਾ ਸੀ | ਕਹਿਣ ਦਾ ਭਾਵ ਇਹ ਹੈ ਕਿ ਇਸ ਦਾ ਬਜਟ ਅਤੇ ਤਕਨੀਕੀ ਪੱਖ ਕਿਸੇ ਵੀ ਬਾਲੀਵੁੱਡ ਦੇ ਥਿ੍ੱਲਰ ਦਾ ਮੁਕਾਬਲਾ ਕਰ ਸਕਦੇ ਹਨ |
ਸਿਰਫ਼ ਨਾਇਕ ਬਣ ਕੇ ਹੀ ਨਹੀਂ ਬਲਕਿ ਨਿਰਮਾਤਾ ਬਣ ਕੇ ਵੀ ਜਿੰਮੀ ਸ਼ੇਰਗਿੱਲ ਪਾਲੀਵੁੱਡ ਨੂੰ ਪ੍ਰੋਤਸਾਹਤ ਕਰ ਰਿਹਾ ਹੈ | ਇਸ ਦਿ੍ਸ਼ਟੀਕੋਣ ਤੋਂ ਉਸ ਨੇ ਮੰੁਬਈ ਦੀ ਇਰੋਜ਼ ਕੰਪਨੀ ਨਾਲ ਇਕ ਇਕਰਾਰਨਾਮਾ ਕੀਤਾ ਹੋਇਆ ਹੈ | 'ਧਰਤੀ', 'ਟੋਹਰ ਮਿੱਤਰਾਂ ਦੀ', 'ਸਾਡੀ ਲਵ ਸਟੋਰੀ' ਅਤੇ 'ਰੰਗੀਲੇ' ਆਦਿ ਫ਼ਿਲਮਾਂ ਦਾ ਨਿਰਮਾਣ ਇਸ ਗੱਠਜੋੜ ਕਰਕੇ ਹੀ ਸੰਭਵ ਹੋਇਆ ਸੀ |
ਨਿੱਜੀ ਜੀਵਨ 'ਚ ਜਿੰਮੀ ਬਹੁਤ ਹੀ ਅੰਤਰਮੁਖੀ ਪ੍ਰਵਿਰਤੀਆਂ ਵਾਲਾ ਵਿਅਕਤੀ ਹੈ | ਉਸ ਦੀ ਸ਼ਾਦੀ ਦਿੱਲੀ ਦੀ ਪਿ੍ਅੰਕਾ ਪੁਰੀ ਨਾਲ ਹੋਈ ਹੈ ਅਤੇ ਉਸ ਦਾ ਇਕ ਬੇਟਾ (ਵੀਰ ਸ਼ੇਰਗਿੱਲ) ਵੀ ਹੈ |
ਪਰ ਸਾਨੂੰ ਕਿਸੇ ਵੀ ਕਲਾਕਾਰ ਦੇ ਨਿੱਜੀ ਜੀਵਨ ਤੋਂ ਉਸ ਦੀ ਕਲਾ ਨੂੰ ਪਰਖਣਾ ਨਹੀਂ ਚਾਹੀਦਾ | ਕਲਾਕਾਰ ਦੀ ਕਰਮ ਭੂਮੀ ਉਸ ਦੀ ਕਲਾ ਪ੍ਰਤੀ ਪ੍ਰਤੀਬੱਧਤਾ ਹੀ ਹੁੰਦੀ ਹੈ | ਇਸ ਦਿ੍ਸ਼ਟੀਕੋਣ ਤੋਂ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਸਿਨੇਮਾ ਬਾਰੇ ਪ੍ਰਤੀਬੱਧਤਾ ਇਤਿਹਾਸਕ ਮਹੱਤਤਾ ਰੱਖਦੀ ਹੈ | ਸ਼ਾਇਦ ਉਹ ਇਕੱਲਾ ਅਜਿਹਾ ਨਾਇਕ ਹੈ ਜਿਸ ਨੇ ਗਾਇਕ-ਨਾਇਕ ਦੇ ਦੌਰ 'ਚ ਵੀ ਅਭਿਨੈ ਪ੍ਰਭਾਵੀ ਨਾਇਕ ਹੀ ਰਵਾਇਤ ਨੂੰ ਕਾਇਮ ਰੱਖਿਆ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਹਿੰਦੁਸਤਾਨ ਦੀ ਯਾਦ ਵਿਚ ਮਹਾਰਾਣੀ ਵਿਕਟੋਰੀਆ ਦਾ ਦਰਬਾਰ ਹਾਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਰਬਉੱਚ ਸੰਗ੍ਰਹਿ : ਵਿਸ਼ਾਲ ਦਰਬਾਰ ਹਾਲ ਵਿਚ ਚਲਦੇ ਹੋਏ ਅਸੀਂ ਉਸ ਦੇ ਅਨੋਖੇ ਪ੍ਰਦਰਸ਼ਨਾਂ ਨੂੰ ਸਰਾਹਿਆ ਜਿਨ੍ਹਾਂ ਉੱਤੇ ਬੋਰਡਾਂ 'ਤੇ ਉਨ੍ਹਾਂ ਬੇਸ਼ਕੀਮਤੀ ਚੀਜ਼ਾਂ ਦਾ ਵੇਰਵਾ ਵੀ ਸੀ—
• ਸੋਨੇ ਚਾਂਦੀ ਦੀ ਪੇਟੀ ਜਿਸ 'ਤੇ 'ਸੁਰੱਕਸ਼ਕ ਵਿਸ਼ਣੂ' ਆਪਣੇ ਸੱਪ ਸ਼ੇਸ਼ਨਾਗ 'ਤੇ ਲੰਮੇ ਪਏ ਹੋਏ ਹਨ ਜੋ ਮਹਾਰਾਣੀ ਦੀ ਡਾਇਮੰਡ ਜੁਬਲੀ 'ਤੇ 1897 ਵਿਚ ਭੇਟ ਕੀਤੀ ਗਈ ਸੀ | ਨਾਲ ਹੀ ਵਿਸ਼ਣੂ ਦੇ 10 ਅਵਤਾਰਾਂ ਦੀ ਵੀ ਨੱਕਾਸ਼ੀ ਕੀਤੀ ਗਈ ਸੀ |
• ਚੰਦਨ ਦਾ ਹਾਥੀ ਦੰਦ ਅਤੇ ਟੋਰਟੋਈਸ ਸ਼ੈੱਲ ਦਾ ਬਾਰੀਕ ਨੱਕਾਸ਼ੀ ਵਾਲੇ ਪੈਨਲ ਜਿਸ 'ਤੇ ਵਿਸ਼ਣੂ ਦਾ ਪੰਛੀ ਗਰੁੜ ਅਤੇ ਹਾਥੀ ਬਣੇ ਹੋਏ ਸਨ |
• ਸੂਰਤ ਸ਼ਹਿਰ ਦੀਆਂ ਔਰਤਾਂ ਅਤੇ ਕਰਨਾਟਕ ਦੇ ਗੁੜੀ ਘਰ ਕਲਾਕਾਰਾਂ ਵਲੋਂ ਬਣਿਆ ਬੇਸ਼ਕੀਮਤੀ ਚੰਦਨ ਦਾ ਡੱਬਾ |
• ਮਹਿੰਗੇ ਹਾਥੀ ਦੰਦ ਦਾ 19ਵੀਂ ਸਦੀ ਦਾ ਪਿੱਠ ਖੁਰਕਣ ਵਾਲਾ ਹੱਥ |
• 18ਵੀਂ ਸਦੀ ਦੇ ਬਰਤਾਨੀਆ ਵਿਚ ਹਰਮਨਪਿਆਰੇ ਭਾਰਤੀ ਅੰਬੀ ਡਿਜ਼ਾਈਨ ਦੀ ਥੈਲੀ ਜਿਸ 'ਤੇ ਬਰਤਾਨਵੀ ਰਾਜ ਪਰਿਵਾਰ ਦਾ ਰਾਜਸੀ ਚਿੰਨ੍ਹ ਬਣਿਆ ਹੋਇਆ ਸੀ |
• ਵਿਸ਼ਣੂ ਦੀ ਸੋਪ ਸਟੋਨ ਪੱਥਰ ਦੀ ਸੁੰਦਰ ਮੂਰਤੀ ਜੋ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਹਿੱਸਾ ਹੈ | 27 ਬੀ. ਸੀ. ਤੋਂ ਲੈ ਕੇ 395 ਏ. ਡੀ. ਦਰਮਿਆਨ ਭਾਰਤੀ ਸ਼ਿਲਪੀ ਰੋਮਨ ਸਾਮਰਾਜ ਵਿਚ ਸੋਪਸਟੋਨ ਦੀ ਮੋਹਰ ਅਤੇ ਅੰਗੂਠੀਆਂ ਬਰਾਮਦ ਕਰਦੇ ਸਨ |
• ਉਦੋਂ ਸਾਨੂੰ ਅਨੋਖੀ ਮੋਮ ਕਲਾ ਨਾਲ ਬਣੀ ਕਾਂਸੀ ਦੀ ਸ੍ਰੀ ਕ੍ਰਿਸ਼ਨ ਦੀ ਮੂਰਤੀ ਦਿਸੀ ਜੋ 5000 ਸਾਲ ਪੁਰਾਣੀ ਕਲਾ ਹੈ ਪਰ ਹੁਣ ਲੁਪਤ ਹੋ ਗਈ ਹੈ | ਇਸ ਮੁਸ਼ਕਿਲ ਪ੍ਰਕਿਰਿਆ ਵਿਚ, ਸਾਂਚੇ ਵਿਚ ਮੋਮ ਤੋਂ ਸ਼ੁਰੂ ਕਰ ਕੇ, ਫਿਰ ਮਿੱਟੀ ਨਾਲ ਅਤੇ ਅੰਤ ਵਿਚ ਮੋਮ ਪਿਘਲਾ ਕੇ ਤਰਲ ਧਾਤੂ ਉਡੇਲ ਦਿੱਤੀ ਜਾਂਦੀ ਹੈ |
ਏਕੜਾਂ ਵਿਚ ਫੈਲਿਆ ਬਾਗ਼ : ਮਹਾਰਾਜਾ ਦਲੀਪ ਸਿੰਘ, ਭਾਈ ਰਾਮ ਸਿੰਘ, ਭਾਰਤੀ ਸੇਵਕ ਅਤੇ 19ਵੀਂ ਸਦੀ ਦੇ ਲਗਪਗ ਹਰੇਕ ਸੂਬੇ ਤੋਂ ਆਏ ਮਹਾਰਾਣੀ ਵਿਕਟੋਰੀਆ ਦੇ ਬਹੁਕੀਮਤੀ ਤੋਹਫ਼ਿਆਂ ਦੀਆਂ ਅਮਿੱਟ ਯਾਦਾਂ ਲੈ ਕੇ ਅਸੀਂ ਦਰਬਾਰ ਹਾਲ ਤੋਂ ਵਿਦਾ ਲਈ ਅਤੇ ਬਾਹਰ ਬਾਗ਼ ਵਿਚ ਆ ਗਏ | ਉੱਪਰਲੀ ਮੰਜ਼ਿਲ ਤੋਂ ਦਿਸਦੇ 'ਐਡ੍ਰੋਮਿਡਾ' ਫੁਹਾਰੇ ਦੇ ਨੇੜਿਓਾ ਤੋਂ 'ਬਰੋਡ ਵੋਕ' ਰਸਤਾ ਢਲਾਣ ਤੋਂ ਹੇਠਾਂ ਜਾਂਦਾ ਹੋਇਆ ਦੂਰ ਨੀਲੇ ਸਮੁੰਦਰ ਵਿਚ ਮਿਲ ਰਿਹਾ ਸੀ, ਜਿਸ ਦੀ ਪਿੱਠਭੂਮੀ 'ਤੇ ਨੀਲਮ ਜਿਹਾ ਆਕਾਸ਼ ਸੀ |
ਸੁੰਦਰ ਦਿ੍ਸ਼ਾਂ ਵਾਲਾ ਸਮੁੰਦਰ ਕਿਨਾਰਾ : ਪ੍ਰਾਚੀਨ ਸੰਘਣੇ ਜੰਗਲਾਂ ਵਿਚੀਂ ਹੋ ਕੇ ਅਸੀਂ ਦੂਰ ਓਸਰਬੋਨ ਬੀਚ ਵੱਲ ਚੱਲ ਪਏ ਜੋ ਬੀਤੇ ਸਮੇਂ ਵਿਚ ਰਾਜ ਜੋੜੇ ਵਿਕਟੋਰੀਆ ਅਤੇ ਐਲਬਰਡ ਦੀ ਨਿੱਜੀ ਬੀਚ ਸੀ | ਉਥੋਂ ਦਾ ਦਿ੍ਸ਼ ਵਿਸ਼ਾਲਦਰਸ਼ੀ ਅਤੇ ਮਨਮੋਹਣਾ ਸੀ, ਜਿਵੇਂ ਕੋਈ ਚਿੱਤਰਕਲਾ ਹੋਵੇ | ਆਈਸਕ੍ਰੀਮ ਦਾ ਆਨੰਦ ਲੈ ਕੇ ਅਸੀਂ ਮਹਾਰਾਣੀ ਵਿਕਟੋਰੀਆ ਦਾ ਇਸ਼ਨਾਨ ਕੈਰਿਜ ਦੇਖਣ ਗਏ, ਜਿਸ ਨੂੰ ਸਭ ਤੋਂ ਪਹਿਲਾਂ ਸਮੁੰਦਰ ਵਿਚ ਧੱਕਿਆ ਜਾਂਦਾ ਸੀ ਤਾਂ ਕਿ ਮਹਾਰਾਣੀ ਉਸ ਤੋਂ ਉਤਰ ਕੇ ਤੈਰਾਕੀ ਦਾ ਆਨੰਦ ਲੈ ਸਕੇ ਅਤੇ ਬਾਅਦ ਵਿਚ ਉਸ ਦੇ ਅੰਦਰ ਬਣੇ ਕਮਰੇ ਵਿਚ ਗਿੱਲੇ ਕੱਪੜੇ ਬਦਲ ਕੇ ਦੁਬਾਰਾ ਤਿਆਰ ਹੋ ਜਾਵੇ | ਕਲਪਨਾ ਦੇ ਸੰਸਾਰ ਵਿਚ ਮੈਂ ਸਾਲ 1847 ਵਿਚ ਦੇਖਿਆ ਕਿ ਇਸ਼ਨਾਨ-ਕੈਰਿਜ ਸਮੁੰਦਰ ਵਿਚ ਖੜ੍ਹਾ ਹੈ ਅਤੇ ਮਹਾਰਾਣੀ ਗਾਊਨ ਅਤੇ ਛੋਟੀ ਟੋਪੀ ਪਾ ਕੇ ਇਸ਼ਨਾਨ ਲਈ ਉਤਰ ਰਹੀ ਹੈ | ਕਦੀ-ਕਦੀ ਇਸ਼ਨਾਨ ਕੈਰਿਜ ਦੇ ਲਗਪਗ 146 ਮੀਟਰ ਦੇ ਰਸਤੇ ਨੂੰ ਤੈਅ ਕਰਨ ਲਈ ਘੋੜਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ |
ਸ਼ਾਮ ਹੋਣ ਤੋਂ ਪਹਿਲਾਂ ਅਸੀਂ ਵਾਪਸ ਸ਼ਾਹੀ ਭਵਨ ਓਸਰਬੋਨ ਵੱਲ ਚੱਲ ਪਏ ਕਿਉਂਕਿ ਉਸ ਦਾ ਬੰਦ ਹੋਣ ਦਾ ਸਮਾਂ ਨੇੜੇ ਸੀ | ਘਰ ਦੇ ਅਤਿ ਸੁੰਦਰ ਕਮਰੇ ਜਿਵੇਂ ਆਪਣੀ-ਆਪਣੀ ਕਹਾਣੀ ਸੁਣਾਉਂਦੇ ਹੋਣ, ਸੰਸਾਰ ਭਰ ਵਿਚ ਫੈਲੇ ਬਰਤਾਨੀਆ ਸਾਮਰਾਜ ਦੀ, ਰਾਜ ਪਰਿਵਾਰ ਦੀ, ਰਾਜ ਵਿਆਹ ਦੀ, ਰਾਜ ਜੋੜੇ ਦੇ ਨਿੱਜੀ ਜੀਵਨ ਅਤੇ ਪ੍ਰੇਮ ਦੀ... ਅਣਗਿਣਤ ਕਹਾਣੀਆਂ | ਦੂਜੇ ਪਾਸੇ ਅਤੀਤ ਵਿਚ ਗਵਾਚੀ, ਦੁੱਖ ਅਤੇ ਖੁਸ਼ੀ ਦੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਅਤੇ ਯਾਦਾਂ ਸਨ ਜੋ ਮਹਾਰਾਜਾ ਦਲੀਪ ਸਿੰਘ, ਭਾਈ ਰਾਮ ਸਿੰਘ ਅਤੇ ਅਬਦੁਲ ਕਰੀਮ ਨਾਲ ਜੁੜੀਆਂ ਹੋਈਆਂ ਸੀ | ਕੀ ਮਹਾਰਾਣੀ ਨੂੰ ਅਸਲ ਵਿਚ ਭਾਰਤ ਨਾਲ ਬਹੁਤ ਲਗਾਅ ਸੀ, ਜਿਸ ਦਾ ਮੂਕ ਪ੍ਰਤੱਖਦਰਸ਼ੀ ਦਰਬਾਰ ਹਾਲ ਅਤੇ ਇਹ ਸਭ ਭਾਰਤੀ ਸਨ | (ਸਮਾਪਤ)

-seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਮੈਂ ਪਿੰਗਲਵਾੜਾ, ਅੰਮਿ੍ਤਸਰ ਵਿਖੇ ਖਿੱਚੀ ਸੀ | ਭਾਈ ਮਹਿੰਦਰ ਸਿੰਘ ਲੰਦਨ ਵਾਲੇ ਧਾਰਮਿਕ ਸਥਾਨਾਂ ਦੀ ਕਾਰ ਸੇਵਾ ਕਰਦੇ ਹਨ ਤੇ ਪੂਰੇ ਗੁਰਸਿੱਖ ਸੱਜਣ ਹਨ | ਸੋਹਣੀ ਸੂਰਤ ਤੇ ਸੀਰਤ ਦੇ ਮਾਲਕ ਹਨ | ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਨੇ ਪਿੰਡ ਢਾਹਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਬਣਵਾਇਆ ਸੀ | ਬਾਬਾ ਬੁੱਧ ਸਿੰਘ ਸਮਾਜ ਸੇਵਕ ਗੁਰਸਿੱਖ ਸਨ | ਢਾਹਾਂ ਤੋਂ ਬਾਬਾ ਬੁੱਧ ਸਿੰਘ ਸੇਵਾਮੁਕਤ ਕਰ ਦਿੱਤੇ ਗਏ ਸਨ | ਫਿਰ ਉਨ੍ਹਾਂ ਗੜ੍ਹਸ਼ੰਕਰ ਨੇੜੇ ਨਵਾਂ ਹਸਪਤਾਲ ਬਣਵਾਇਆ ਸੀ, ਜਿਥੇ ਉਹ ਲੋਕ ਸੇਵਾ ਕਰਦੇ ਸਨ | ਇਸ ਵਕਤ ਉਹ ਇਸ ਸੰਸਾਰ ਵਿਚ ਨਹੀਂ ਹਨ, ਇਹ ਤਸਵੀਰ ਇਕ ਯਾਦ ਬਣ ਗਈ ਹੈ |

-ਮੋਬਾਈਲ : 98767-41231


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX