ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  about 1 hour ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  about 2 hours ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  about 2 hours ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  about 3 hours ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  about 4 hours ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  about 5 hours ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  about 5 hours ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  about 5 hours ago
ਸ੍ਰੀਨਗਰ, 19 ਮਾਰਚ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਪੁਲਿਸ ਹਿਰਾਸਤ 'ਚ ਇੱਕ 28 ਸਾਲਾ ਸਕੂਲ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਵਿਭਾਗ ਨੇ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਇੱਕ ਪੁਲਿਸ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਔਰਤਾਂ ਦੀ ਸਮਰੱਥਾ : ਸਿੱਖ ਧਰਮ ਦੇ ਪ੍ਰਸੰਗ ਵਿਚ

ਭਾਰਤੀ ਸਮਾਜ ਨੇ ਔਰਤ ਨੂੰ ਬਲਹੀਣ ਅਤੇ ਅਬਲਾ ਕਹਿਣ ਵਿਚ ਕੋਈ ਕਸਰ ਨਹੀਂ ਛੱਡੀ। ਔਰਤ ਭਾਵੇਂ ਕਿੰਨੀ ਵੀ ਸੁਘੜ-ਸਿਆਣੀ ਅਤੇ ਤਾਕਤਵਰ ਹੋਵੇ, ਉਸ ਲਈ ਮਰਦ ਦੇ ਅਧੀਨ ਰਹਿਣਾ ਅਤਿ ਜ਼ਰੂਰੀ ਮੰਨਿਆ ਜਾਂਦਾ ਸੀ। ਔਰਤ ਲਈ ਇਹ ਲਾਜ਼ਮੀ ਸੀ ਕਿ ਕੁਆਰੀ ਲੜਕੀ ਮਾਂ-ਪਿਓ ਦੇ ਅਧੀਨ ਰਹੇ, ਵਿਆਹੀ ਔਰਤ ਆਪਣੇ ਪਤੀ ਦੇ ਹੁਕਮ ਵਿਚ ਚੱਲੇ ਅਤੇ ਵਿਧਵਾ ਔਰਤ ਆਪਣੇ ਪੁੱਤਰਾਂ ਦੇ ਆਖੇ ਅਨੁਸਾਰ ਕਾਰਜ ਕਰੇ। ਹਿੰਦੂ ਕਾਨੂੰਨ ਵਿਚ ਤਾਂ ਔਰਤ ਨੂੰ 'ਸ਼ੂਦਰ' ਵਰਗਾ ਘਟੀਆ ਦਰਜਾ ਦਿੱਤਾ ਗਿਆ ਹੈ। ਸ਼ੂਦਰਾਂ ਅਤੇ ਔਰਤਾਂ ਨੂੰ ਜਪ-ਤਪ ਕਰਨ ਦੀ ਮਨਾਹੀ ਸੀ। ਉਨ੍ਹਾਂ ਲਈ ਹੁਕਮ ਸੀ : 'ਇਸਤਰੀ ਦੇ ਸੰਸਕਾਰ ਵੇਦ-ਮੰਤਰਾਂ ਨਾਲ ਨਹੀਂ ਕੀਤੇ ਜਾਂਦੇ। ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨੀ, ਵੇਦ ਮੰਤਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤੀ ਹਨ।'
ਔਰਤ ਦੇ ਗੁਆਚੇ ਸਨਮਾਨ ਨੂੰ ਬਹਾਲ ਕਰਨ ਲਈ ਸਿੱਖ ਧਰਮ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪੰਦਰ੍ਹਵੀਂ ਸਦੀ ਵਿਚ ਸਿੱਖ ਧਰਮ ਦੇ ਮੋਢੀ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ:) ਨੇ ਔਰਤ ਦੀ ਦੁਰਦਸ਼ਾ ਨੂੰ ਭਾਂਪਦਿਆਂ ਹੋਇਆਂ ਉਸ ਦੇ ਹੱਕ ਵਿਚ ਪਹਿਲੀ ਅਤੇ ਜ਼ੋਰਦਾਰ ਆਵਾਜ਼ ਉਠਾਈ। ਔਰਤ ਉੱਤੇ ਹੋ ਰਹੇ ਜ਼ੁਲਮਾਂ ਨੂੰ ਵੇਖ ਕੇ ਉਨ੍ਹਾਂ ਦਾ ਦਿਲ ਪਸੀਜ ਉਠਿਆ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਔਰਤ ਮਰਦ ਦੀ ਗੁਲਾਮ ਨਹੀਂ, ਸਗੋਂ ਉਸ ਤੋਂ ਵੀ ਮਹਾਨ ਹੈ, ਉਹ ਨੀਚ ਨਹੀਂ, ਸਗੋਂ ਸਹੀ ਅਰਥਾਂ ਵਿਚ ਦੇਵੀ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 473)
ਗੁਰੂ ਅੰਗਦ ਦੇਵ ਜੀ (1504-1552 ਈ:) ਦੇ ਮਹਿਲ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਲੰਗਰ ਦੀ ਪ੍ਰਥਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਸੱਤਾ ਬਲਵੰਡ ਦੀ ਲਿਖੀ 'ਰਾਮਕਲੀ ਕੀ ਵਾਰ' ਵਿਚ ਮਾਤਾ ਜੀ ਦਾ ਨਾਂਅ ਬੜੇ ਸਤਿਕਾਰ ਸਹਿਤ ਅੰਕਿਤ ਕੀਤਾ ਗਿਆ ਹੈ :
ਲੰਗਰਿ ਦਉਲਿਤ ਵੰਡੀਐ ਰਸੁ ਅਮ੍ਰਿਤੁ ਖੀਰਿ ਘਿਆਲੀ॥
............................
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 967)
ਗੁਰੂ ਅਮਰਦਾਸ ਜੀ (1479-1574 ਈ:) ਨੂੰ ਗੁਰਬਾਣੀ ਦੀ ਚੇਟਕ ਲਾਉਣ ਵਾਲੀ ਇਕ ਇਸਤਰੀ ਹੀ ਸੀ, ਜਿਨ੍ਹਾਂ ਨੂੰ ਬੀਬੀ ਅਮਰੋ (ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ) ਪਾਸੋਂ ਬਾਣੀ ਸੁਣ ਕੇ ਗੁਰੂ ਪ੍ਰਤੀ ਪ੍ਰੇਮ ਉਤਪੰਨ ਹੋਇਆ ਸੀ। ਗੁਰੂ ਅਮਰਦਾਸ ਜੀ ਨੇ ਭਾਰਤ ਵਿਚ ਪ੍ਰਚਲਤ 'ਸਤੀ ਪ੍ਰਥਾ' ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਝਾਇਆ ਕਿ ਪਤੀ ਦੀ ਚਿਖ਼ਾ ਵਿਚ ਸੜ ਮਰਨ ਵਾਲੀ ਪਤਨੀ ਸਤੀ ਨਹੀਂ ਹੁੰਦੀ, ਸਗੋਂ ਪਤੀ ਦੇ ਵਿਯੋਗ ਨੂੰ ਪਲ-ਪਲ ਜਰਨ ਵਾਲੀ, ਸ਼ੀਲਤਾ ਅਤੇ ਸੰਤੋਖ ਧਾਰਨ ਕਰਨ ਵਾਲੀ ਔਰਤ ਹੀ ਅਸਲ ਅਰਥਾਂ ਵਿਚ 'ਸਤੀ' ਅਖਵਾਉਣ ਦੀ ਹੱਕਦਾਰ ਹੁੰਦੀ ਹੈ :
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ
ਜਿ ਬਿਰਹੇ ਚੋਟਿ ਮਰੰਨਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ॥
ਸੇਵਨਿ ਸਾਈ ਆਪਣਾ
ਨਿਤ ਉਠਿ ਸੰਮਾਲਨਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 787)
ਗੁਰੂ ਰਾਮਦਾਸ ਜੀ (1534-1581 ਈ:) ਜੀ ਦਾ ਪਾਲਣ-ਪੋਸ਼ਣ ਕਰਨ ਵਾਲੀ ਉਨ੍ਹਾਂ ਦੀ ਨਾਨੀ ਹੀ ਸੀ, ਜਿਨ੍ਹਾਂ ਨੇ ਆਪਣੇ ਦੋਹਤੇ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਉਹ ਗੁਰੂ ਦੀ ਪਦਵੀ 'ਤੇ ਬਿਰਾਜਮਾਨ ਹੋ ਗਏ। ਗੁਰੂ ਅਰਜਨ ਦੇਵ ਜੀ (1563-1606 ਈ:) ਦੇ ਮਹਿਲ ਮਾਤਾ ਭਾਨੀ ਜੀ ਨੇ ਆਪਣੇ ਗੁਰੂ-ਪਿਤਾ (ਸ੍ਰੀ ਗੁਰੂ ਅਮਰਦਾਸ ਜੀ) ਦੀ ਏਨੀ ਸੇਵਾ ਕੀਤੀ ਕਿ ਗੁਰਗੱਦੀ ਆਪਣੇ ਘਰ ਵਿਚ ਹੀ ਰੱਖਣ ਦਾ ਵਰ ਪ੍ਰਾਪਤ ਕਰ ਲਿਆ।
ਗੁਰੂ ਤੇਗ਼ ਬਹਾਦਰ ਜੀ (1621-1675 ਈ:) ਨੇ ਕਹਿਲੂਰ ਦੇ ਰਾਜੇ ਪਾਸੋਂ ਨਵਾਂ ਨਗਰ ਵਸਾਉਣ ਲਈ ਜੋ ਜ਼ਮੀਨ ਖਰੀਦੀ ਸੀ, ਉਸ ਦਾ ਨਾਂਅ 'ਚੱਕ ਨਾਨਕੀ' ਰੱਖਿਆ, ਜੋ ਉਨ੍ਹਾਂ ਦੇ ਆਪਣੇ ਮਾਤਾ ਜੀ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਦੇ ਮਹਿਲ ਮਾਤਾ ਗੁਜਰੀ ਜੀ ਨੇ ਗੁਰੂ-ਪਤੀ ਨੂੰ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਖ਼ੁਦ ਪ੍ਰਵਾਨਗੀ ਦਿੱਤੀ ਅਤੇ ਪਿੱਛੋਂ ਜਦੋਂ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਨੂੰ ਉਨ੍ਹਾਂ ਦੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਪੋਤਿਆਂ ਵਿਚ ਸਿੱਖੀ ਸਿਦਕ ਦਾ ਜਜ਼ਬਾ ਭਰਨ ਲਈ ਇਕ ਵੱਡੀ ਭੂਮਿਕਾ ਨਿਭਾਈ। ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਬਿਰਤਾਂਤ ਸੁਣਾ ਕੇ ਮਾਤਾ ਗੁਜਰੀ ਜੀ ਨੇ ਉਨ੍ਹਾਂ ਵਿਚ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰ ਦਿੱਤੀ।
ਗੁਰੂ ਗੋਬਿੰਦ ਸਿੰਘ ਜੀ (1666-1708 ਈ:) ਨੇ 1699 ਈ: 'ਖਾਲਸਾ ਪੰਥ' ਦੀ ਸਿਰਜਣਾ ਕੀਤੀ ਤਾਂ ਆਪਣੇ ਮਹਿਲ ਮਾਤਾ ਸਾਹਿਬ ਕੌਰ ਨੂੰ ਅੰਮ੍ਰਿਤ ਵਿਚ ਪਤਾਸੇ ਪਾਉਣ ਦੀ ਆਗਿਆ ਦਿੱਤੀ। ਦਸਮੇਸ਼ ਪਿਤਾ ਨੇ ਔਰਤਾਂ ਨੂੰ ਵੀ ਅੰਮ੍ਰਿਤ ਦੀ ਦਾਤ ਤੋਂ ਲਾਂਭੇ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਿੰਘਣੀਆਂ ਭਾਵ ਸ਼ੇਰਨੀਆਂ ਬਣਾ ਦਿੱਤਾ।
ਗੁਰੂ-ਕਾਲ ਵਿਚ ਹੀ ਹੋਏ ਭਾਈ ਗੁਰਦਾਸ ਜੀ, ਭਗਤ ਕਵੀਆਂ ਅਤੇ ਹੋਰਨਾਂ ਗੁਰਮੁਖਾਂ ਨੇ ਵੀ ਸਿੱਖ ਸਿਧਾਂਤਾਂ ਦੀ ਲੋਅ ਵਿਚ ਔਰਤਾਂ ਪ੍ਰਤੀ ਸਨਮਾਨ ਅਤੇ ਮਰਦ ਦੇ ਬਰਾਬਰ ਅਧਿਕਾਰ ਦੇਣ ਦਾ ਅਹਿਦ ਦੁਹਰਾਇਆ। ਸਿੱਖ ਧਰਮ ਵਿਚ ਔਰਤ ਦੇ ਸਨਮਾਨ-ਸਤਿਕਾਰ ਦੀ ਹੀ ਗੱਲ ਨਹੀਂ ਕੀਤੀ ਗਈ, ਸਗੋਂ ਮਰਦਾਂ ਨੂੰ ਵੀ ਇਹ ਸਿੱਖਿਆ ਦਿੱਤੀ ਕਿ ਉਹ ਪਰਾਈ ਔਰਤ ਨੂੰ ਆਪਣੀ ਧੀ, ਭੈਣ ਤੇ ਮਾਂ ਦੇ ਤੁਲ ਸਮਝਣ ਅਤੇ ਉਨ੍ਹਾਂ ਪ੍ਰਤੀ ਕਿਸੇ ਤਰ੍ਹਾਂ ਦੀ ਬੁਰੀ ਭਾਵਨਾ ਮਨ ਵਿਚ ਨਾ ਲਿਆਉਣ :
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।
(ਭਾਈ ਗੁਰਦਾਸ, ਵਾਰ 6, ਪਉੜੀ 8)
ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ॥
(ਭਾਈ ਗੁਰਦਾਸ, ਵਾਰ 29, ਪਉੜੀ 11)
ਘਰਿ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥
(ਭਗਤ ਨਾਮਦੇਵ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1164)
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੰਘਣੀਆਂ (ਔਰਤਾਂ) ਨੇ ਵੀ ਉਸੇ ਤਰ੍ਹਾਂ ਸੂਰਬੀਰਤਾ ਅਤੇ ਬਹਾਦਰੀ ਦੇ ਜੌਹਰ ਵਿਖਾਏ, ਜਿਵੇਂ ਸਿੰਘਾਂ (ਮਰਦਾਂ) ਨੇ ਵਿਖਾਏ ਸਨ। ਇਨ੍ਹਾਂ ਵਿਚ ਖਿਦਰਾਣੇ ਦੀ ਢਾਬ ਵਿਚ ਮੁਗਲਾਂ ਨਾਲ ਯੁੱਧ ਕਰਨ ਵਾਲੀ ਮਾਈ ਭਾਗੋ, ਲਾਹੌਰ ਦੀਆਂ ਸਿੱਖ ਬੀਬੀਆਂ, ਜਮਰੌਦ ਦੇ ਜੋਖਮ ਭਰੇ ਰਾਹ ਵਿਚੋਂ ਲੰਘਣ ਵਾਲੀ ਬੀਬੀ ਸ਼ਰਨ ਕੌਰ ਅਤੇ ਸਿੱਖ-ਕਾਰਜਾਂ ਤੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀ ਮਾਤਾ ਕਿਸ਼ਨ ਕੌਰ ਕਾਉਂਕੇ ਆਦਿ ਦੇ ਨਾਂਅ ਪੇਸ਼-ਪੇਸ਼ ਹਨ।
ਸਿੱਖ ਧਰਮ ਵੱਲੋਂ ਔਰਤ ਦੇ ਹੱਕ, ਇਨਸਾਫ ਲਈ ਪਹਿਲਕਦਮੀ ਕਰਨ ਕਰਕੇ ਹੀ ਔਰਤਾਂ ਦੇ ਹਾਲਾਤ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ। ਬੇਸ਼ੱਕ ਅਜੇ ਵੀ ਬਹੁਤ ਥਾਵਾਂ 'ਤੇ ਬਹੁਤ ਔਰਤਾਂ ਨੂੰ ਜ਼ੁਲਮ, ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਨ੍ਹਾਂ ਲਈ ਬਹੁਤ ਕੁਝ ਕਰਨਾ ਬਾਕੀ ਹੈ, ਪਰ ਉਹ ਦਿਨ ਦੂਰ ਨਹੀਂ, ਜਦੋਂ ਔਰਤ ਆਪਣੇ ਘਰ-ਪਰਿਵਾਰ ਅਤੇ ਬਾਹਰ ਪੂਰੀ ਆਜ਼ਾਦੀ ਨਾਲ ਘੁੰਮ ਸਕੇਗੀ। ਪਰ ਅਜਿਹੇ ਨਾਰੀ ਸਸ਼ਕਤੀਕਰਨ ਲਈ ਇਸਤਰੀ ਵਿੱਦਿਆ ਅਤੇ ਆਰਥਿਕ ਸੁਤੰਤਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤਬਦੀਲੀ ਲਈ ਸਮੁੱਚੇ ਸਮਾਜ ਦੇ ਨਾਲ-ਨਾਲ ਔਰਤ ਨੂੰ ਵੀ ਆਪਣੀ ਮਾਨਸਿਕਤਾ ਬਦਲਣੀ ਪਵੇਗੀ।
ਸਿੱਖ ਗੁਰੂਆਂ ਨੇ ਸਿੱਖ ਧਰਮ ਨਾਲ ਸਬੰਧਤ ਔਰਤਾਂ ਨੂੰ ਸਿਰਫ ਜਾਂਬਾਜ਼ ਹੋਣਾ ਹੀ ਦ੍ਰਿੜ੍ਹ ਨਹੀਂ ਕਰਵਾਇਆ, ਸਗੋਂ ਮਾਨਵਤਾ ਅਤੇ ਮਾਨਵ-ਧਰਮ ਦੇ ਅਸਲ ਲੱਛਣ ਵੀ ਸਮਝਾਏ। ਅਣਖ, ਸਵੈਮਾਣ ਅਤੇ ਬਹਾਦਰੀ ਦੇ ਗੁਣਾਂ ਨੂੰ ਆਪਣੇ ਅੰਦਰ ਸੰਚਰਿਤ ਕਰਨ ਲਈ ਅੱਜ ਦੀ ਬੇਟੀ ਅਤੇ ਭਵਿੱਖ ਦੀ ਔਰਤ ਲਈ ਪ੍ਰੋ: ਨਵ ਸੰਗੀਤ ਸਿੰਘ ਦੀਆਂ ਇਹ ਕਾਵਿ-ਪੰਕਤੀਆਂ ਕਿੰਨੀਆਂ ਪ੍ਰਸੰਗਿਕ ਹਨ :
ਬਣ ਜਾ ਤੂੰ ਵੀ ਬਹਾਦਰ ਧੀਏ!
ਤਾਂ ਹੀ ਮਿਲੇਗਾ ਆਦਰ ਧੀਏ!
ਤਿਲ-ਤਿਲ ਕਰਕੇ ਮਰਨਾ ਛੱਡ ਦੇ
ਸਭ ਕੁਝ ਸਹਿਣਾ ਜਰਨਾ ਛੱਡ ਦੇ।
ਪਹਿਨ ਅਣਖ ਦੀ ਚਾਦਰ ਧੀਏ!
..................................
'ਰੂਹੀ' ਵਾਂਗਰ ਹਿੰਮਤ ਕਰ ਤੂੰ
ਕਿਸਮਤ ਕੋਲੋਂ ਕਦੇ ਨਾ ਡਰ ਤੂੰ।
ਛੱਡ ਭਟਕਣਾ ਦਰ-ਦਰ ਧੀਏ!
-ਐਸੋਸੀਏਟ ਪ੍ਰੋਫੈਸਰ (ਰਾਜਨੀਤੀ ਸ਼ਾਸਤਰ), ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ-151302 (ਬਠਿੰਡਾ)।
ਮੋਬਾ: 9464360051


ਖ਼ਬਰ ਸ਼ੇਅਰ ਕਰੋ

600 ਸਾਲਾ ਜਨਮ ਸ਼ਤਾਬਦੀ 'ਤੇ ਵਿਸ਼ੇਸ਼

ਭਗਤ ਧੰਨਾ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸੰਨ 1507 ਤੋਂ 1515 ਈ: ਤੱਕ ਕੀਤੀ, ਜਿਸ ਦੌਰਾਨ ਭਗਤ ਨਾਮਦੇਵ, ਭਗਤ ਤ੍ਰਿਲੋਚਣ ਤੇ ਭਗਤ ਜੈਦੇਵ ਦੇ ਜਨਮ ਅਸਥਾਨਾਂ 'ਤੇ ਪਹੁੰਚਣ ਦੇ ਨਾਲ-ਨਾਲ ਗੁਰੂ ਸਾਹਿਬ ਹੋਰ ਗੁਰਮੁੱਖ ਰੂਹਾਂ ਸਹਿਤ ਭਗਤ ਕਬੀਰ, ਭਗਤ ਰਵਿਦਾਸ, ਭਗਤ ਪੀਪਾ ਤੇ ਭਗਤ ਧੰਨਾ ਨੂੰ ਵੀ ਮਿਲੇ। ਇਤਿਹਾਸਕ ਜ਼ਿਕਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਪੁਸ਼ਕਰ ਤੀਰਥ ਤੋਂ ਆਉਂਦਿਆਂ ਰਾਜਪੁਤਾਨੇ 'ਚ ਗਾਗਰੌਣ ਰਿਆਸਤ ਦਾ ਰਾਜ ਭਾਗ ਛੱਡ ਸੁਆਮੀ ਰਾਮਾਨੰਦ ਦੀ ਸ਼ਾਗਿਰਦੀ ਵਿਚ ਵੈਰਾਗ ਤੇ ਤਿਆਗਮਈ ਬਿਰਤੀ ਧਾਰ ਚੁੱਕੇ 80-81 ਸਾਲਾਂ ਨੂੰ ਢੁਕੇ ਭਗਤ ਪੀਪਾ ਨੂੰ ਟੋਡਾ ਨਗਰ 'ਚ ਮਿਲਣ ਉਪਰੰਤ ਟਾਂਕ ਰਿਆਸਤ ਦੇ ਧੁਆਨ ਦੇਵਲੀ ਪਹੁੰਚ 92 ਸਾਲ ਦੀ ਆਯੂ 'ਚ ਭਗਤ ਧੰਨਾ ਨੂੰ ਮਿਲੇ। ਭਗਤ ਜੀ ਆਏ ਗਏ ਦੀ ਰੱਬ ਜਾਣ ਸੇਵਾ ਕਰਿਆ ਕਰਦੇ ਸਨ।
ਇਥੇ ਇਹ ਪੱਖ ਅਹਿਮ ਹੋ ਉੱਭਰਦਾ ਹੈ ਕਿ ਭਗਤ ਧੰਨਾ ਦੇ ਪ੍ਰਭੂ-ਪ੍ਰਾਪਤੀ ਦੇ ਮਾਰਗ 'ਚ ਪੱਥਰ-ਪੂਜਾ ਵਿਵਸਥਾ ਤੋਂ ਭਟਕੇ ਮਨ ਨੂੰ ਸੁਧਾਰਕ ਭਗਤੀ ਲਹਿਰ ਦੌਰਾਨ ਸੁਆਮੀ ਰਾਮਾਨੰਦ ਸੰਪਰਦਾਇ ਦੀ ਭਗਤਮਾਲਾ ਦੇ ਮਣਕੇ-ਕਬੀਰ, ਰਵਿਦਾਸ, ਸੈਣ, ਪੀਪਾ ਆਦਿ ਭਗਤਾਂ ਦੇ ਸੰਗ ਰਾਹੀਂ ਪਨਪੀ ਭਗਤੀ ਦੇ ਚਾਉ ਦਰਮਿਆਨ ਜੁੜੀ ਸਾਧ ਸੰਗਤ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਏ ਬਚਨਾਂ ਦੇ ਆਪਸੀ ਆਦਾਨ-ਪ੍ਰਦਾਨ ਦੀ ਦਿਸ਼ਾ 'ਚ ਭਗਤ ਬਾਬੇ ਦੀ ਸੋਚ ਤਬਦੀਲੀ ਹੋਈ ਹੋਵੇਗੀ ਕਿਉਂਕਿ ਭਗਤ ਧੰਨਾ ਦੀ ਰਚਿਤ ਬਾਣੀ ਬਾਰੇ ਅਣਜਾਣ ਸੁਆਮੀ ਰਾਮਾਨੰਦ ਸੰਪਰਦਾਇ ਧਾਮ ਬ੍ਰਿੰਦਾਬਨ ਨੂੰ ਵੀ 2006 ਈ: 'ਚ ਹੀ ਉਸ ਵੱਲੋਂ ਮਨਾਏ ਸ੍ਰੀ ਧੰਨਾ ਜਯੰਤੀ ਉਤਸਵ ਮੌਕੇ ਪਿੰਡ 'ਚ ਸਮਰਪਿਤ ਉਸਾਰੇ 'ਗੁਰਧਾਮ' ਤੋਂ ਜਾਣਕਾਰੀ ਪ੍ਰਾਪਤ ਹੋਈ ਸੀ। ਗਿਆਨੀ ਗਿਆਨ ਸਿੰਘ ਦੇ ਦੱਸੇ ਪੰਦਰਾਂ ਦਿਨਾਂ ਬਨਾਰਸ ਫੇਰੀ ਦੇ ਸਮੇਂ ਵਾਂਗਰ ਹੀ ਧੁਆਨ (ਮੌਜੂਦਾ ਨਾਂਅ ਧੂੰਆਂ ਕਲਾਂ) ਵਿਖੇ ਵੀ ਹੋ ਸਕਦੈ ਕਿ ਗੁਰੂ ਸਾਹਿਬਾਂ ਦੇ ਕਈ ਦਿਨਾਂ ਦੇ ਠਹਿਰਾਓ ਮੌਕੇ ਹੋਈ ਸਾਧ-ਸੰਗਤ ਦੇ ਪ੍ਰਭਾਵ ਸਦਕਾ ਹੀ ਭਗਤ ਧੰਨਾ ਨੇ ਬਦਲੇ ਸ਼ਖ਼ਸੀਅਤ-ਨਖ਼ਾਰ ਵਿਚ ਉਪਜੇ ਕਣ-ਕਣ ਅੰਦਰ ਪ੍ਰਭੂ ਦੇ ਰਮੇ ਹੋਣ ਦੇ ਹੋਏ ਅਗੰਮੀ ਗਿਆਨ ਵਿਚ 'ਦੇਇ ਆਹਾਰ ਅਗਨ ਮਹਿ ਰਾਖੇ ਐਸਾ ਖਸਮ ਹਮਾਰਾ' ਦੀ ਉਸਤਤੀ ਕਰਦੇ ਆਪਣੇ ਕਾਵਿ-ਬੋਲ ਉਸ ਵੇਲੇ ਗੁਰੂ ਸਾਹਿਬਾਂ ਦੇ ਯੁਵਾ-ਸਰੂਪ 'ਚ ਆਪਣੀ ਸਿਆਣੀ ਸੋਚ ਦਾ ਵਾਰਿਸ ਤੱਕ ਕੇ ਸੌਂਪੇ ਹੋਏ ਹੋਣਗੇ।
ਇਤਿਹਾਸਕ ਹਵਾਲੇ ਮੁਤਾਬਕ ਪਹਿਲੀ ਉਦਾਸੀ ਮੌਕੇ ਧੂੰਆਂ ਕਲਾਂ ਤੋਂ ਕੋਟਾ ਬੂੰਦੀ ਦੇ ਰਾਹੇ ਸ਼ਿਵਪੁਰੀ ਪਹੁੰਚੇ ਤੇ ਉਥੋਂ ਗਵਾਲੀਅਰ ਤੋਂ ਆਗਰਾ ਹੁੰਦੇ ਮਥਰਾ ਅੱਪੜ ਪਿਛਾਂਹ ਪੰਜਾਬ ਵਲੀਂ ਪਰਤੇ ਗੁਰੂ ਸਾਹਿਬ ਸਦੀਆਂ ਪੁਰਾਣੇ ਵਰਤਾਏ 'ਚੜ੍ਹਿਆ ਸੋਧਣ ਧਰਤਿ ਲੁਕਾਈ' ਦੇ ਕੌਤਕ ਬਾਅਦ ਮੁੜ ਧੂੰਆਂ ਕਲਾਂ 'ਚ ਭਗਤ ਧੰਨਾ ਦੇ ਨਾਂਅ ਬੋਲਦੇ ਖੇਤ-ਖਲਿਆਣ 'ਚ ਪਧਾਰ 1994 ਈ: 'ਚ ਸੁਸ਼ੋਭਿਤ ਹੋਏ ਸੁੰਦਰ ਸਲੋਨੇ ਤਿੰਨ ਮੰਜ਼ਿਲਾ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਬਿਰਾਜਮਾਨ ਹੋਏ, ਜਿਥੇ ਭਗਤ ਧੰਨਾ ਦੀ ਗੁਰਮਤਿ-ਸੋਚ ਦੇ ਅੱਜ ਲਹਿਰਾਅ ਰਹੇ ਪ੍ਰਚਮ ਥੱਲੇ ਉਨ੍ਹਾਂ ਦੀ 600 ਸਾਲਾ ਜਨਮ ਸ਼ਤਾਬਦੀ ਨੂੰ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਬਾਨੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਵਰੋਸਾਏ ਬਾਬਾ ਲੱਖਾ ਸਿੰਘ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਬੜਗਾਂਵ ਕੋਟਾ ਤੇ ਪ੍ਰਬੰਧਕ ਜਥੇਦਾਰ ਬਾਬਾ ਸ਼ੇਰ ਸਿੰਘ ਦੀ ਦੇਖ-ਰੇਖ ਹੇਠ ਪੰਥ 11, 12 ਤੇ 13 ਮਾਰਚ ਨੂੰ ਸਾਲਾਨਾ ਜੋੜ ਮੇਲੇ ਦੇ ਰੂਪ ਵਿਚ ਉੱਚ ਪੱਧਰ 'ਤੇ ਮਨਾਉਣ ਜਾ ਰਿਹਾ ਹੈ, ਜਿਸ ਵਿਚ ਸਿਰਮੌਰ ਪੰਥਕ ਹਸਤੀਆਂ, ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਥਾਵਾਚਕਾਂ ਸਮੇਤ ਦੁਨੀਆ ਭਰ 'ਚੋਂ ਸੰਗਤਾਂ 'ਭਗਤ ਬਾਬੇ' ਨੂੰ ਸਿਜਦਾ ਕਰਨ ਪੁੱਜਣਗੀਆਂ।
-ਸੁਪਰ ਮਕੈਨੀਕਲ ਵਰਕਸ 64, ਨਿਊ ਮੋਟਰ ਮਾਰਕੀਟ, ਕੋਟਾ (ਰਾਜਸਥਾਨ)। ਮੋਬਾ: 098291-05396

ਸਰਕਾਰ ਉੱਤੇ ਅਕਾਲੀਆਂ ਦੀ ਪਹਿਲੀ ਜਿੱਤ : ਕੁੰਜੀਆਂ ਦਾ ਮੋਰਚਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਕਾਲੀ ਅੰਦੋਲਨ ਦਿਨ-ਪ੍ਰਤੀ-ਦਿਨ ਬਲਵਾਨ ਹੁੰਦਾ ਗਿਆ। ਇਹ ਦੇਖ ਕੇ ਸਰਕਾਰ ਨੇ ਫਿਰ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਅਪ੍ਰੈਲ, 1921 ਈ: ਵਿਚ ਪੰਜਾਬ ਦੀ ਪ੍ਰਾਂਤਕ ਵਿਧਾਨ ਸਭਾ ਵਿਚ ਸਿੱਖਿਆ ਸਕੱਤਰ ਨੇ ਸਿੱਖ (ਮੰਦਰਾਂ ਅਤੇ) ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ ਬਿੱਲ ਪੇਸ਼ ਕੀਤਾ। ਬਿੱਲ ਦਾ ਅਰਥ ਇਹ ਸੀ ਕਿ ਜਦ ਤੱਕ ਅੰਤਿਮ ਸਮਝੌਤਾ ਨਾ ਹੋ ਜਾਵੇ, ਤਦ ਤੱਕ ਜਿਨ੍ਹਾਂ ਗੁਰਦੁਆਰਿਆਂ ਲਈ ਝਗੜਾ ਹੋ ਰਿਹਾ ਹੈ, ਉਨ੍ਹਾਂ ਦਾ ਪ੍ਰਬੰਧ ਇਕ 'ਬੋਰਡ ਆਫ ਕਮਿਸ਼ਨਰਜ਼' ਨੂੰ ਸੌਂਪ ਦਿੱਤਾ ਜਾਵੇ। ਇਸ ਬੋਰਡ ਦੇ ਤਿੰਨ ਮੈਂਬਰ, ਦੋ ਸਿੱਖ ਅਤੇ ਤੀਜਾ ਕੋਈ ਹਾਕਮ। ਇਹ ਦੋਵੇਂ ਸਿੱਖ, ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ ਹੋਣ। 'ਬੋਰਡ ਆਫ ਕਮਿਸ਼ਨਰਜ਼' ਦਾ ਇਹ ਕੰਮ ਹੋਵੇ ਕਿ ਉਹ ਹਰ ਇਕ ਮੰਦਿਰ ਅਥਵਾ ਗੁਰਦੁਆਰੇ ਦੇ ਇਤਿਹਾਸ ਦੀ ਖੋਜ ਕਰਕੇ ਠੀਕ ਅਤੇ ਸੱਚੀਆਂ ਗੱਲਾਂ ਦਾ ਪਤਾ ਲਾਵੇ ਅਤੇ ਉਚਿਤ ਨਿਰਣਾ ਕਰਕੇ ਮਹੰਤਾਂ ਅਤੇ ਸੁਧਾਰਕ ਦਲ ਵਿਚਕਾਰ ਸਮਝੌਤਾ ਕਰਾਵੇ। ਜੇ ਕਮਿਸ਼ਨ ਦੇ ਮੈਂਬਰ ਸਮਝੌਤਾ ਨਾ ਕਰਵਾ ਸਕਣ ਤਾਂ ਇਹ ਦੱਸਣ ਕਿ ਉਹ ਗੁਰਦੁਆਰੇ ਦੇ ਸਬੰਧ ਵਿਚ ਕਿਸ ਪ੍ਰਕਾਰ ਦਾ ਅਤੇ ਕਿਸ ਦੁਆਰਾ ਪ੍ਰਬੰਧ ਠੀਕ ਸਮਝਦੇ ਸਨ? ਇਸ ਬਿੱਲ ਨਾਲ ਕੋਈ ਵੀ ਸੰਤੁਸ਼ਟ ਨਾ ਹੋਇਆ। ਸਿੱਖ ਚਾਹੁੰਦੇ ਸਨ ਕਿ ਇਹ ਤਿੰਨੋਂ ਕਮਿਸ਼ਨਰ ਸਿੱਖਾਂ ਦੁਆਰਾ ਚੁਣੇ ਜਾਣੇ ਚਾਹੀਦੇ ਹਨ, ਸਰਿਜਧਾਰੀ, ਉਦਾਸੀ ਅਤੇ ਨਿਰਮਲਾ ਸੰਪਰਦਾਵਾਂ ਦੇ ਸਿੱਖਾਂ ਦਾ ਕਹਿਣਾ ਸੀ ਕਿ ਇਸ ਬਿੱਲ ਵਿਚ ਸਾਡੀ ਸੰਪਰਦਾ ਦੇ ਕਮਿਸ਼ਨਰ ਰੱਖਣ ਦੀ ਕੋਈ ਗ੍ਰਾਂਟੀ ਨਹੀਂ ਦਿੱਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਬਿੱਲ ਨੂੰ ਸਵੀਕਾਰ ਨਹੀਂ ਕੀਤਾ। ਕਮੇਟੀ ਦਾ ਕਹਿਣਾ ਸੀ ਕਿ ਇਕ ਤਾਂ ਬਿੱਲ ਵਿਚ ਉਹ ਗੱਲਾਂ ਨਹੀਂ, ਜੋ ਅਸੀਂ ਚਾਹੁੰਦੇ ਹਾਂ, ਦੂਜਾ ਜਦ ਤੱਕ ਕੈਦੀ ਅਤੇ ਗ੍ਰਿਫ਼ਤਾਰ ਕੀਤੇ ਗਏ ਸਾਰੇ ਅਕਾਲੀ ਛੱਡ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਅਸੀਂ ਕਿਸੇ ਵੀ ਸਰਕਾਰੀ ਬਿੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਇਸ 'ਤੇ ਸਰਕਾਰ ਨੇ ਉੱਤਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਿੱਖਾਂ ਦੀ ਪ੍ਰਤੀਨਿਧ ਨਹੀਂ ਹੈ। ਸਰਕਾਰ ਨੂੰ ਲਾਜਵਾਬ ਕਰਨ ਲਈ ਜੁਲਾਈ 1921 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਰ ਤੋਂ ਚੋਣ ਕੀਤੀ ਗਈ। ਅਜਿਹਾ ਕੀਤਾ ਵੀ ਇਸ ਢੰਗ ਨਾਲ ਗਿਆ ਕਿ ਸਿੱਖਾਂ ਦੀਆਂ ਸਾਰੀਆਂ ਸੰਪਰਦਾਵਾਂ ਨੂੰ ਪ੍ਰਤੀਨਿਧਤਾ ਮਿਲ ਜਾਵੇ। ਨਤੀਜੇ ਦੇ ਤੌਰ 'ਤੇ 180 ਮੈਂਬਰਾਂ ਦੀ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਇਸ ਕਮੇਟੀ ਨੇ ਪੰਜਾਬ ਦੇ ਗਵਰਨਰ ਕੋਲ ਇਕ ਡੈਪੂਟੇਸ਼ਨ ਭੇਜਿਆ ਕਿ ਸਾਰੇ ਅਕਾਲੀ ਸਿੱਖਾਂ ਨੂੰ ਛੱਡ ਦਿੱਤਾ ਜਾਵੇ। ਉਨ੍ਹਾਂ ਦੀ ਇਹ ਪ੍ਰਾਰਥਨਾ ਸਵੀਕਾਰ ਹੋਈ। ਫਲਸਰੂਪ ਅਗਸਤ 1921 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਚੰਗੀ ਪ੍ਰਭਾਵਸ਼ਾਲੀ ਪ੍ਰਬੰਧਕ ਕਮੇਟੀ ਬਣਾਈ ਗਈ। ਸਰਕਾਰ ਦੇ ਰਵੱਈਏ ਤੋਂ ਸਿੱਖ ਲੋਕ ਇਸ ਸਮੇਂ ਤੱਕ ਬਿਲਕੁਲ ਨਿਰਾਸ਼ ਹੋ ਚੁੱਕੇ ਸਨ। ਇਸ ਲਈ ਕਮੇਟੀ ਦੇ ਪਦ-ਅਧਿਕਾਰੀ ਸਰਕਾਰ ਪ੍ਰਤੀ ਅਸਹਿਯੋਗੀ ਰੁਚੀ ਵਾਲੇ ਸਿੱਖ ਚੁਣੇ ਗਏ। ਕਮੇਟੀ ਵੱਲੋਂ ਸਰਕਾਰੀ ਕੌਂਸਲਾਂ ਦੇ ਸਿੱਖ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਕੌਂਸਲਾਂ ਤੋਂ ਅਸਤੀਫੇ ਦੇ ਦੇਣ। ਸ: ਮਹਿਤਾਬ ਸਿੰਘ ਨੇ ਆਪਣੇ ਹਾਈ ਕੋਰਟ ਦੇ ਪਬਲਿਕ ਪ੍ਰਾਸੀਕਿਊਟਰ ਦੇ ਪਦ ਤੋਂ ਉਸ ਸਮੇਂ ਅਸਤੀਫਾ ਦੇ ਦਿੱਤਾ ਸੀ, ਜਿਸ ਸਮੇਂ ਨਨਕਾਣਾ ਸਾਹਿਬ ਵਿਚ ਅਕਾਲੀ ਗ੍ਰਿਫ਼ਤਾਰ ਕੀਤੇ ਗਏ ਸਨ।
ਅਜਿਹੀ ਸਥਿਤੀ ਉਤਪੰਨ ਹੋਣ ਨਾਲ ਸਰਕਾਰ ਨੂੰ ਡਰ ਲੱਗਾ ਕਿ ਜੇ ਅੰਦੋਲਨ ਦੀ ਅੱਗ ਸਿੱਖ ਸੈਨਾ ਵਿਚ ਵੀ ਫੈਲ ਗਈ ਤਾਂ ਫਿਰ ਸਥਿਤੀ ਕਿਸੇ ਹੀਲੇ ਵੀ ਨਹੀਂ ਸੰਭਲੇਗੀ। ਇਸ ਲਈ ਸਰਕਾਰ ਨੇ ਗੋਡੇ ਟੇਕ ਦਿੱਤੇ। ਜਨਵਰੀ 1922 ਈ: ਵਿਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਜੇ ਤੁਸੀਂ ਸਵਰਨ ਮੰਦਿਰ (ਦਰਬਾਰ ਸਾਹਿਬ, ਅੰਮ੍ਰਿਤਸਰ) ਦੀਆਂ ਕੁੰਜੀਆਂ ਅਦਾਲਤ ਰਾਹੀਂ ਲੈ ਲਵੋ ਤਾਂ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਸਾਰੇ ਅਕਾਲੀਆਂ ਨੂੰ ਛੱਡ ਦੇਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦਾ ਇਹ ਪ੍ਰਸਤਾਵ ਵੀ ਅਸਵੀਕਾਰ ਕੀਤਾ। ਇਸ ਨਾਲ ਵੀ ਸਰਕਾਰ ਐਨੀ ਡਰੀ ਕਿ ਉਸ ਨੇ 17 ਜਨਵਰੀ ਨੂੰ ਚੁੱਪ-ਚਾਪ ਸਾਰੇ ਅਕਾਲੀਆਂ ਨੂੰ ਛੱਡ ਦਿੱਤਾ ਅਤੇ 20 ਜਨਵਰੀ ਨੂੰ ਭਿੱਜੀ ਬਿੱਲੀ ਦੀ ਤਰ੍ਹਾਂ ਸਵਰਨ ਮੰਦਿਰ (ਹਰਿਮੰਦਰ ਸਾਹਿਬ) ਦੀਆਂ ਚਾਬੀਆਂ ਆਪਣੇ-ਆਪ ਹੀ ਮੋੜ ਦਿੱਤੀਆਂ। ਪਰ ਅਕਾਲੀਆਂ ਨੇ ਉਸ ਸਮੇਂ ਤੱਕ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ, ਜਦ ਤੱਕ ਉਹ ਇਕ ਹਿੰਦੂ ਵੀ ਨਹੀਂ ਸੀ ਛੱਡਿਆ ਜਾਂਦਾ, ਜਿਸ ਨੂੰ ਸਰਕਾਰ ਨੇ ਅਕਾਲੀਆਂ ਦਾ ਸਾਥ ਦੇਣ ਦੇ ਕਾਰਨ ਫੜਿਆ ਸੀ। ਸਰਕਾਰ ਨੂੰ ਹੋਰ ਕੋਈ ਚਾਰਾ ਨਾ ਦਿਸਦਾ ਹੋਣ ਕਰਕੇ 11 ਫਰਵਰੀ ਨੂੰ ਇਸ ਹਿੰਦੂ ਸੱਜਣ ਨੂੰ ਵੀ ਛੱਡ ਦਿੱਤਾ। ਐਨਾ ਹੀ ਨਹੀਂ, ਸਰਕਾਰ ਨੇ ਅਚਾਨਕ ਇਹ ਵੀ ਘੋਸ਼ਣਾ ਕਰ ਦਿੱਤੀ ਕਿ ਉਸ ਦੀ ਰਾਏ ਵਿਚ ਕਿਰਪਾਨ ਅਤੇ ਤਲਵਾਰ ਵਿਚ ਕੋਈ ਭੇਦ ਨਹੀਂ। ਇਸ ਲਈ ਸਿੱਖਾਂ ਨੂੰ ਤਲਵਾਰ ਰੱਖਣ/ਪਹਿਨਣ ਦਾ ਪੂਰਾ ਅਧਿਕਾਰ ਹੈ। ਇਸ ਤਰ੍ਹਾਂ ਅਕਾਲੀਆਂ ਨੇ ਸਰਕਾਰ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ, ਪਰ ਹਾਰਨ 'ਤੇ ਵੀ ਸਰਕਾਰ ਆਪਣੀਆਂ ਚਾਲਾਂ ਤੋਂ ਬਾਜ਼ ਨਾ ਆਈ। ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਕ ਨਵਾਂ ਗੁਰਦੁਆਰਾ ਬਿੱਲ ਬਣਾਏ ਜਾਣ ਦੀ ਬਾਬਤ ਫਿਰ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਹੋ ਹੀ ਰਹੀ ਸੀ ਕਿ ਲਾਹੌਰ ਹਾਈ ਕੋਰਟ ਨੇ ਨਨਕਾਣਾ ਦੇ ਮਹੰਤ ਦੀ ਫਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿੱਤੀ ਅਤੇ ਕਾਲੇ ਪਾਣੀ (ਅੰਡੇਮਾਨ, ਨਿਕੋਬਾਰ ਟਾਪੂਆਂ) ਦੀ ਜੇਲ੍ਹ ਵਿਚ ਬੰਦ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ।
(ਬਾਕੀ ਅਗਲੇ ਐਤਵਾਰ)

ਗੁਰਮਤਿ ਸਮਾਗਮ 'ਤੇ ਵਿਸ਼ੇਸ਼

ਸਿੱਖੀ ਦਾ ਦਾਨ ਮੰਗਣ ਵਾਲਾ ਬਾਬਾ ਦਾਨ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਵਿਚ ਪਿੱਛੇ ਆ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਸਨ ਤਾਂ ਅਬਲੂ ਤੇ ਮਹਿਮੇ ਕਿਆਂ ਦਾ ਪੋਤਾ-ਪੜੋਤਾ, ਮਹਿਮੇ ਸਰਜੇ ਦਾ ਵਸਨੀਕ, ਭਾਈ ਚੜ੍ਹਤ ਸਿੰਘ ਦਾ ਭਰਾ ਬਾਬਾ ਦਾਨ ਸਿੰਘ ਬਹੁਤ ਸਾਰੇ ਬਰਾੜ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਖਾਲਸਾ ਫੌਜ ਵਿਚ ਸ਼ਾਮਿਲ ਹੋ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਕੋਟਕਪੂਰਾ ਪਹੁੰਚੇ ਤਾਂ ਕਪੂਰੇ ਤੋਂ ਆਰਾਮ ਵਾਸਤੇ ਗੜ੍ਹੀ ਮੰਗੀ ਪਰ ਕਪੂਰੇ ਨੇ ਮੁਗਲਾਂ ਦੇ ਡਰ ਤੋਂ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਕਪੂਰਾ ਗੁਰੂ-ਘਰ ਦਾ ਅਨਿੰਨ ਸੇਵਕ ਸੀ। ਅਨੰਦਪੁਰ ਸਾਹਿਬ ਵਿਖੇ ਵਧੀਆ ਨਸਲ ਦੇ ਘੋੜੇ ਤੇ ਸ਼ਸਤਰ, ਧਨ ਆਦਿ ਦੀ ਸੇਵਾ ਗੁਰੂ ਜੀ ਦੀ ਕਰਦਾ ਸੀ। ਚੌਧਰੀ ਕਪੂਰੇ ਨੇ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਆਪਣੇ ਘੋੜਸਵਾਰ ਬਾਬਾ ਦਾਨ ਸਿੰਘ ਵੱਲ ਭੇਜ ਦਿੱਤੇ। ਭਾਈ ਦਾਨ ਸਿੰਘ ਤੇ ਚੌਧਰੀ ਕਪੂਰੇ ਨੂੰ ਜਦ ਪਤਾ ਲੱਗਾ ਕਿ ਬਾਈਧਾਰ ਦੇ ਰਾਜੇ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਕੇ ਆ ਰਹੇ ਹਨ ਤਾਂ ਭਾਈ ਦਾਨ ਸਿੰਘ ਨੇ ਗੁਰੂ ਸਾਹਿਬ ਦੇ ਟਿਕਾਣੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੋ ਕੇ ਜ਼ਾਲਮਾਂ ਨਾਲ ਯੁੱਧ ਕੀਤਾ। ਮੁਕਤਸਰ ਦੀ ਜੰਗ ਵਿਚ ਬਰਾੜ, ਫੂਲ, ਮਾਨ, ਮਰਾੜ ਕੇ, ਭੁੱਲਰ ਆਦਿ ਨੇ ਬਹੁਤ ਬਹਾਦਰੀ ਦਿਖਾਈ ਅਤੇ ਉਪਰੋਕਤ ਜਾਤਾਂ ਦੇ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਗੁਰੂ ਜੀ ਨੂੰ ਇਸ ਜੰਗ (ਯੁੱਧ) ਵਿਚ ਫਤਹਿ ਹਾਸਲ ਹੋਈ। ਬਾਬਾ ਦਾਨ ਸਿੰਘ ਦੇ ਚਾਰ ਸਪੁੱਤਰ ਸਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂਅ 'ਤੇ ਪਿੰਡ ਬੰਨ੍ਹਿਆ, ਜਿਸ ਨੂੰ ਪਿੰਡ ਦਾਨ ਸਿੰਘ ਵਾਲਾ ਕਹਿੰਦੇ ਹਨ ਅਤੇ ਆਪਣੇ ਬਾਬੇ ਦਾਨ ਸਿੰਘ ਦਾ ਬੁੱਤ ਬਣਾ ਕੇ ਪਿੰਡ ਵਿਚ ਵੀ ਲਾਇਆ ਹੋਇਆ ਹੈ। ਇਹ ਪਿੰਡ ਗੋਨਿਆਣਾ ਮੰਡੀ ਤੋਂ 8 ਕਿਲੋਮੀਟਰ ਹੈ। ਬਾਬਾ ਦਾਨ ਸਿੰਘ ਦੇ ਇਕ ਲੜਕੇ ਦਾ ਨਾਂਅ ਗੁਰਬਖਸ਼ ਸਿੰਘ ਸੀ। ਪਿੰਡ ਮਹਿਮਾ ਸਰਜਾ ਤੋਂ 4 ਕਿਲੋਮੀਟਰ ਦੂਰ ਬਾਬਾ ਦਾਨ ਸਿੰਘ ਦੇ ਨਾਂਅ 'ਤੇ ਵਸਿਆ ਨਗਰ ਸਥਿਤ ਹੈ।
ਬਾਬਾ ਦਾਨ ਸਿੰਘ ਦੀ ਯਾਦ ਨੂੰ ਸਮਰਪਿਤ ਅਤੇ 1984 ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਪਿੰਡ ਗੰਗਾ (ਅਬਲੂ ਕੀ), ਜ਼ਿਲ੍ਹਾ ਬਠਿੰਡਾ ਵਿਖੇ ਬਲਜੀਤ ਸਿੰਘ ਗੰਗਾ ਪ੍ਰਧਾਨ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6 ਮਾਰਚ ਤੋਂ 10 ਮਾਰਚ ਤੱਕ ਗੁਰਮਤਿ ਸਮਾਗਮ ਹੋ ਰਿਹਾ ਹੈ। 6 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਪਿੰਡ ਗੰਗਾ (ਅਬਲੂ ਕੀ) ਤੋਂ ਸਵੇਰੇ 6 ਵਜੇ ਅਰੰਭ ਹੋ ਕੇ ਵੱਖ-ਵੱਖ 40 ਪਿੰਡਾਂ ਵਿਚੋਂ ਹੁੰਦਾ ਹੋਇਆ ਸ਼ਾਮ 8 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ। 8 ਮਾਰਚ ਨੂੰ 84 ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਪਿੰਡ ਗੰਗਾ ਅਬਲੂ ਕੀ ਵਿਖੇ ਅਖੰਡ ਪਾਠ ਅਰੰਭ ਹੋਵੇਗਾ, ਜਿਸ ਦੀ ਸਮਾਪਤੀ 10 ਮਾਰਚ ਨੂੰ ਸਵੇਰੇ 10 ਵਜੇ ਹੋਵੇਗੀ। ਉਪਰੰਤ ਵਿਸ਼ੇਸ਼ ਦੀਵਾਨ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਸੰਤ-ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸ਼ੁੱਭ ਅਵਸਰ 'ਤੇ ਮੈਡੀਕਲ ਚੈੱਕਅੱਪ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ। ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। 10 ਮਾਰਚ ਨੂੰ ਹੀ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਗੁਰੂ ਦਾ ਲੰਗਰ ਅਤੁੱਟ ਵਰਤੇਗਾ।
-ਮ: ਨੰ: 1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।

ਜਨਮ ਦਿਨ 'ਤੇ ਵਿਸ਼ੇਸ਼

ਨਾਮ ਸੇਵਾ ਸਿਮਰਨ ਅਤੇ ਤਿਆਗ ਦੀ ਮੂਰਤ ਸਨ ਸਵਾਮੀ ਓਂਕਾਰਾ ਨੰਦ ਭੂਰੀ ਵਾਲੇ

ਸਮੁੱਚੇ ਪੰਜਾਬ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਸਮੇਂ-ਸਮੇਂ ਅਨੁਸਾਰ ਇਸ ਧਰਤੀ ਉੱਤੇ ਅਜਿਹੇ ਗੁਰੂਆਂ-ਪੀਰਾਂ, ਸੰਤਾਂ-ਮਹਾਂਪੁਰਸ਼ਾਂ ਨੇ ਜਨਮ ਲਿਆ, ਜਿਨ੍ਹਾਂ ਨੇ ਭਟਕੇ ਹੋਏ ਲੋਕਾਂ ਦਾ ਸਰਬਪੱਖੀ ਕਲਿਆਣ ਕੀਤਾ। ਇਨ੍ਹਾਂ ਮਹਾਂਪੁਰਸ਼ਾਂ ਵਿਚੋਂ ਹੀ ਇਕ ਸਨ ਨਾਮ ਸੇਵਾ ਸਿਮਰਨ ਤੇ ਤਿਆਗ ਦੀ ਮੂਰਤ ਬ੍ਰਹਮਲੀਨ ਸਵਾਮੀ ਓਂਕਾਰਾ ਨੰਦ ਭੂਰੀ ਵਾਲੇ। ਉਨ੍ਹਾਂ ਦਾ ਜਨਮ 1948 ਨੂੰ ਮਾਤਾ ਮਣਸੋ ਦੇਵੀ ਦੀ ਸੁਭਾਗੀ ਕੁੱਖੋਂ ਪਿਤਾ ਰੂਪ ਲਾਲ ਚੇਚੀ ਦੇ ਗ੍ਰਹਿ ਪਿੰਡ ਉਧਨਵਾਲ (ਬਲਾਚੌਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਆਪ ਸ਼ੁਰੂ ਤੋਂ ਹੀ ਵਿਲੱਖਣ ਸੁਭਾਅ ਦੇ ਮਾਲਕ ਸਨ ਅਤੇ ਛੋਟੀ ਉਮਰ ਤੋਂ ਹੀ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ-ਨਾਲ ਪ੍ਰਭੂ ਦੇ ਸਿਮਰਨ ਵਿਚ ਅਥਾਹ ਵਿਸ਼ਵਾਸ ਰੱਖਦੇ ਸਨ। ਪਰਿਵਾਰਕ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਆਪ ਦਾ ਵਿਆਹ ਕਰ ਦਿੱਤਾ ਪਰ ਕੁਝ ਸਮੇਂ ਉਪਰੰਤ ਹੀ ਆਪ ਦੀ ਜੀਵਨ ਸਾਥਣ ਆਪ ਨੂੰ ਸਦੀਵੀ ਵਿਛੋੜਾ ਦੇ ਗਈ। ਆਪਣੀ ਪਹਿਲੀ ਇੱਛਾ ਅਨੁਸਾਰ ਆਪ ਗਰੀਬਦਾਸੀ ਭੂਰੀ ਵਾਲੇ ਭੇਖ ਦੇ ਅਨਮੋਲ ਰਤਨ ਪਰਮ ਸੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਤੋਂ ਕੁਟੀਆ ਸਾਹਿਬ ਪਿੰਡ ਦਰੋਗੇਵਾਲ (ਮਲੇਰਕੋਟਲਾ) ਵਿਖੇ ਸੰਨਿਆਸ ਲੈ ਕੇ ਸੰਨਿਆਸੀ ਬਣ ਗਏ।
ਗੁਰੂਆਂ ਦੀ ਆਗਿਆ ਅਨੁਸਾਰ ਆਪ ਨੇ ਲੰਬਾ ਸਮਾਂ ਸਰੀਰ 'ਤੇ ਸਿਰਫ ਟਾਟ ਲਪੇਟ ਕੇ ਅਵਧੂਤੀ ਵਾਲਾ ਜੀਵਨ ਬਤੀਤ ਕੀਤਾ ਅਤੇ ਕੁਟੀਆ ਸਾਹਿਬ ਪਿੰਡ ਕੈਲਪੁਰ (ਲੁਧਿਆਣਾ) ਵਿਖੇ ਭੋਰਾ ਸਾਹਿਬ ਅੰਦਰ ਕਠਿਨ ਤਪੱਸਿਆ ਕੀਤੀ। ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਸਰੀਰ ਤਿਆਗਣ ਉਪਰੰਤ 1985 ਵਿਚ ਕੁਟੀਆ ਸਾਹਿਬ ਪਿੰਡ ਆਦੋਆਣਾ (ਬਲਾਚੌਰ) ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਆਪ ਨੂੰ ਵਾਗਡੋਰ ਸੌਂਪੀ। ਆਪ ਨੇ ਆਪਣੇ ਜੀਵਨ ਅੰਦਰ ਹਜ਼ਾਰਾਂ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ। ਕਲਿਆਣਕਾਰੀ ਕਾਰਜ ਕਰਦਿਆਂ ਆਪ 1990 ਵਿਚ ਕੁਟੀਆ ਸਾਹਿਬ ਪਿੰਡ ਮੁੱਲਾਂਪੁਰ (ਲੁਧਿਆਣਾ) ਵਿਖੇ ਛੋਟੀ ਉਮਰੇ ਹੀ ਸੰਗਤਾਂ ਨੂੰ ਅਸਹਿ ਸਦੀਵੀ ਵਿਛੋੜਾ ਦੇ ਗਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਦਾ ਜਨਮ ਉਤਸਵ ਸਵਾਮੀ ਅਨੁਭਵਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੁਟੀਆ ਮੋਕਸ਼ ਧਾਮ ਪਿੰਡ ਉਧਨਵਾਲ (ਬਲਾਚੌਰ) ਵਿਖੇ 8 ਤੋਂ 10 ਮਾਰਚ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ।
-ਕਸਬਾ ਭੱਦੀ (ਬਲਾਚੌਰ)।
ਮੋਬਾ: 98152-93827

ਸਿੱਖ ਧਰਮ ਦੀ ਸਿਧਾਂਤਕ ਸੇਧ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੌਜੂਦਾ ਦੌਰ ਵਿਚ ਸਿੱਖ ਤੇ ਖ਼ਾਲਸਾ ਸਿਧਾਂਤ 'ਤੇ ਹੀ ਫੇਰ ਹਮਲੇ ਹੋ ਰਹੇ ਹਨ। ਪੁਰਾਣੇ ਵਿਰੋਧੀ, ਜੋ ਸਦਾ ਹੀ ਇਸ ਧਰਮ ਦੀ ਵਿਲੱਖਣਤਾ ਖ਼ਤਮ ਕਰਨਾ ਚਾਹੁੰਦੇ ਰਹੇ ਹਨ, ਅੱਜ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹਨ, ਪਰ ਸਿੱਖ ਧਾਰਮਿਕ ਆਗੂ ਰਾਜਸੀ ਪ੍ਰਭਾਵ ਕਾਰਨ ਵਡਮੁੱਲੇ ਗੁਰਮਤਿ ਸਿਧਾਂਤਾਂ ਨੂੰ ਹੀ ਢਾਅ ਲਾ ਰਹੇ ਨਜ਼ਰ ਆਉਂਦੇ ਹਨ।
ਧਾਰਮਿਕ ਖੇਤਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਸਾਲਾਨਾ ਬਜਟ 1000 ਕਰੋੜ ਰੁਪਏ ਦੇ ਨੇੜੇ ਹੈ, ਖੋਜ ਤੇ ਪ੍ਰਚਾਰ-ਪ੍ਰਸਾਰ ਨੂੰ ਪਹਿਲ ਨਹੀਂ ਦੇ ਰਹੀ। ਸਿੱਖ ਧਰਮ ਵੀ ਕਰਮ-ਕਾਂਡ ਤੇ ਪੁਜਾਰੀਵਾਦ ਵੱਲ ਵਧ ਰਿਹਾ ਹੈ, ਜਿਨ੍ਹਾਂ ਦਾ ਮੁੱਖ ਮੰਤਵ ਰੋਟੀ-ਰੋਜ਼ੀ ਤੇ ਆਰਥਿਕ ਖੁਸ਼ਹਾਲੀ ਹੈ। ਪੈਸੇ ਲੈ ਕੇ ਪਾਠ ਕਰਨ ਤੇ ਹੋਰ ਕਰਮ-ਕਾਂਡ ਕਰਨ ਦੀ ਪ੍ਰਵਾਨਗੀ ਸਿੱਖ ਫਲਸਫਾ ਨਹੀਂ ਦਿੰਦਾ, ਪਰ ਹੁਣ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਘਰਾਂ ਤੱਕ ਪੈਸੇ ਲੈ ਕੇ ਸ੍ਰੀ ਅਖੰਡ ਪਾਠ ਜਾਂ ਸ੍ਰੀ ਸਹਿਜ ਪਾਠ ਕੀਤੇ ਜਾ ਰਹੇ ਹਨ। ਆਪੇ ਬਣੇ ਡੇਰੇਦਾਰ ਤੇ ਪ੍ਰਚਾਰਕ ਵੀ ਕੇਵਲ ਆਪਣੀਆਂ ਜਾਇਦਾਦਾਂ ਬਣਾਉਣ ਵੱਲ ਲੱਗੇ ਹੋਏ ਹਨ। ਇਨ੍ਹਾਂ ਵੱਲੋਂ ਵਿਦੇਸ਼ ਯਾਤਰਾਵਾਂ ਦਾ ਮੰਤਵ ਵੀ ਧਰਮ ਪ੍ਰਚਾਰ ਨਾ ਹੋ ਕੇ ਮਾਇਆ ਇਕੱਠੀ ਕਰਨਾ ਹੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਇਕਾਈ ਮੰਨ ਕੇ ਸਾਰੇ ਪੰਥ ਨੂੰ ਧਾਰਮਿਕ ਤੇ ਸਮਾਜਿਕ ਰੂਪ ਵਿਚ ਇਕਸਾਰ ਕਰਨ ਦਾ ਕਿਸੇ ਯਤਨ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਵੀ ਧਰਮ ਪ੍ਰਚਾਰ ਦੇ ਮੋਹਰੀ ਨਾ ਹੋ ਕੇ ਇਲਾਕੇ ਦੇ ਰਾਜਨੀਤਕ ਆਗੂ ਹਨ। ਜਾਤਾਂ 'ਤੇ ਆਧਾਰਿਤ ਗੁਰਦੁਆਰਾ ਸਾਹਿਬਾਨ ਨੂੰ ਮਾਨਤਾ ਦੇ ਕੇ ਗੁਰੂ ਸਿਧਾਂਤ 'ਜਾਣੋਹੁ ਜੋਤਿ ਨ ਪੂਛਹੁ ਜਾਤੀ' ਨੂੰ ਹੀ ਤਿਲਾਂਜਲੀ ਦੇ ਦਿੱਤੀ ਹੈ। ਕਾਨੂੰਨੀ ਰੂਪ ਵਿਚ ਵੀ ਸਿੱਖ ਧਰਮ ਵਿਚ ਜਾਤ-ਪਾਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ। 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖ਼ਾਲਸੇ ਕਾ' ਦੀ ਥਾਂ ਬਾਬਾਵਾਦ ਤੇ ਡੇਰਾਵਾਦ ਤੇ ਸੰਤਵਾਦ ਭਾਰੂ ਹੈ। ਆਪਣੇ ਗੁਰੂ ਉਪਦੇਸ਼ ਤੇ ਸਿੱਖ ਧਰਮ ਦੀ ਉੱਤਮ ਜੀਵਨ ਜਾਚ ਨੂੰ ਯੋਜਨਾਬੰਦ ਢੰਗ ਨਾਲ ਪ੍ਰਚਾਰ ਨਾ ਕਰ ਪਾਉਣ ਦੀ ਅਸਫ਼ਲਤਾ ਨੂੰ ਛੁਪਾਉਣ ਲਈ ਵਿਰੋਧੀਆਂ ਨਾਲ ਟਕਰਾਓ ਦੀ ਨੀਤੀ ਨੂੰ ਅਪਣਾ ਕੇ ਕੌਮ ਪਿਛਲੇ ਕਰੀਬ 40 ਸਾਲਾਂ ਤੋਂ ਦਿਸ਼ਾਹੀਣ ਹੋ ਕੇ ਕਾਨੂੰਨੀ ਲੜਾਈ ਹਾਰ ਰਹੀ ਹੈ।
ਵਿਦੇਸ਼ਾਂ ਵਿਚ ਸਿੰਘਾਂ ਨੇ ਬਹੁਤ ਸੁੰਦਰ ਗੁਰੂ-ਘਰ ਉਸਾਰ ਲਏ ਹਨ, ਪਰ ਉੱਥੇ ਵੀ ਇਸ ਵਿਸ਼ਵ ਕਲਿਆਣਕਾਰੀ ਫਲਸਫੇ ਨੂੰ ਹੋਰ ਧਰਮਾਂ ਦੇ ਪ੍ਰਚਾਰਕਾਂ ਵਾਂਗ ਘਰ-ਘਰ ਲੈ ਕੇ ਜਾਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਸ ਕਲਿਆਣਕਾਰੀ, ਬ੍ਰਹਿਮੰਡੀ, ਨਿਰਮਲ ਫਲਸਫੇ ਨੂੰ ਹਰ ਵਿਅਕਤੀ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਨੂੰ ਛੱਡ ਕੇ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ? ਕੇਵਲ ਜ਼ਬਾਨੀ ਗੱਲਾਂ ਨਾਲ 'ਗੱਲੀਂ ਅਸੀਂ ਚੰਗੀਆ ਆਚਾਰੀ ਬੁਰੀਆ' ਤਾਂ ਬਣ ਸਕੇ ਹਾਂ, ਪਰ 'ਸਚਉ ਓਰੇ ਸਭ ਕੋ, ਊਪਰਿ ਸਚ ਆਚਾਰੁ' ਦੀ ਗੈਰ-ਹਾਜ਼ਰੀ ਵਿਚ ਹੋਰਾਂ ਨੂੰ ਪ੍ਰਭਾਵਿਤ ਨਹੀਂ ਕਰ ਪਾ ਰਹੇ। ਇਹ ਹੀ ਸਭ ਤੋਂ ਵੱਡੀ ਤ੍ਰਾਸਦੀ ਹੈ। ਖੋਜ ਤੇ ਜੀਵਨ ਜਾਚ ਦੀ ਸਹੀ ਦਿਸ਼ਾ ਨਾ ਹੋਣ ਕਾਰਨ 'ਕਿਸੇ ਵਿਦਵਾਨ ਨੂੰ ਵੀ ਪੰਥਕ ਮਾਨਤਾ ਨਹੀਂ ਮਿਲ ਰਹੀ ਤੇ ਵਿਦਵਾਨਾਂ ਦੀਆਂ ਗੋਸ਼ਟੀਆਂ ਤੋਂ ਬਿਨਾਂ ਧਰਮ ਦੇ ਅੰਦਰੂਨੀ ਭਾਵ ਕਿਸ ਤਰ੍ਹਾਂ ਸਪੱਸ਼ਟ ਹੋਣ।'
ਦਾਜ ਰਹਿਤ ਅਨੰਦ ਕਾਰਜ, 'ਇਤੁ ਮਦ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ' ਗੁਰਮਤਿ ਸਿਧਾਂਤ, ਰਾਜ ਸੰਕਲਪ ਬਾਰੇ ਸਪੱਸ਼ਟ ਹੈ ਅਤੇ ਧਰਮ ਦੇ ਕੁੰਡੇ ਹੇਠ ਹਾਥੀ ਵਾਂਗ ਚੱਲਣ ਦਾ ਉਪਦੇਸ਼ ਕਰਦਾ ਹੈ, ਨਿਆਂ, ਦਇਆ, ਬਰਾਬਰੀ ਤੇ ਖੁਸ਼ਹਾਲੀ ਰਾਜੇ ਦੀ ਡਿਊਟੀ ਹੈ। ਸਿੱਖ ਸਾਰੀ ਦੁਨੀਆ ਵਿਚ ਵਸਦੇ ਹਨ, ਦੁਨੀਆ ਭਰ ਵਿਚ ਫੈਲੀ ਅਫਰਾ-ਤਫਰੀ ਤੇ ਕਤਲੇਆਮ ਤੋਂ ਬਚਣ ਦਾ ਰਾਹ ਹਲੇਮੀ ਰਾਜ ਦਾ ਸੰਕਲਪ, ਮਨੁੱਖਤਾ ਲਈ ਅੱਜ ਪਹਿਲਾਂ ਤੋਂ ਵੀ ਜ਼ਿਆਦਾ ਲੋੜੀਂਦਾ ਹੈ ਪਰ ਕਿਸੇ ਇਕ ਖਿੱਤੇ ਵਿਚ ਬੈਠ ਕੇ ਸੰਪੂਰਨ ਪੰਥ ਬਾਰੇ ਫੈਸਲਾ ਕਦੇ ਵੀ ਲਾਭਦਾਇਕ ਨਹੀਂ ਹੋ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਕਿਉਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ? ਧਰਮ ਤੇ ਰਾਜਨੀਤੀ ਦੀ ਰਲਗਡਤਾ ਕਾਰਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਪਿੱਛੇ ਪੈ ਰਿਹਾ ਹੈ। ਸਾਲ 1925 ਤੋਂ ਅੱਜ ਤੱਕ ਧਾਰਮਿਕ ਅਤੇ ਰਾਜਨੀਤਕ ਆਗੂ ਆਪਣੀ-ਆਪਣੀ ਜ਼ਿੰਮੇਵਾਰੀ ਨਾ ਸੰਭਾਲ ਕੇ ਧਰਮ ਨੂੰ ਰਾਜਨੀਤੀ ਲਈ ਵਰਤਣ ਤੇ ਗੁਰੂ ਘਰਾਂ ਨੂੰ ਰਾਜਨੀਤੀ ਦੇ ਅੱਡੇ ਬਣਾਉਣ ਵੱਲ ਹੀ ਲੱਗੇ ਰਹੇ। ਅੱਜ ਵੱਡਾ ਦੁੱਖ ਇਹ ਹੈ ਕਿ ਪੰਜਾਬ ਵਿਚ ਸਿੱਖਾਂ ਉੱਤੇ ਜ਼ੁਲਮ ਅਤੇ ਅਣਦੇਖੀ ਲਈ ਆਪਣੀ ਹੀ ਸਰਕਾਰ ਜ਼ਿੰਮੇਵਾਰ ਮੰਨੀ ਜਾ ਰਹੀ ਹੈ 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਬਚਣਾ ਅਤਿ ਮੁਸ਼ਕਿਲ ਹੁੰਦਾ ਹੈ'। ਸਮਾਂ ਆਪਣੀ ਜ਼ਿੰਮੇਵਾਰੀ ਦੀ ਪਹਿਚਾਣਦਾ ਹੈ, ਸ਼ਰਧਾਵਾਨ, ਸੰਵੇਦਨਸ਼ੀਲ ਤੇ ਨਿਰਪੱਖ ਵਿਦਵਾਨਾਂ ਨੂੰ ਮਿਲ ਬੈਠ ਕੇ ਕੌਮ ਨੂੰ ਇਸ ਦਸ਼ਾ ਵਿਚੋਂ ਬਾਹਰ ਕੱਢਣ ਲਈ ਸਹੀ ਦਿਸ਼ਾ ਦੇਣ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਪੂਰਨ ਯੋਜਨਾਬੰਦੀ ਨਾਲ ਗੁਰੂ ਫਲਸਫੇ ਨੂੰ ਮਨੁੱਖਤਾ ਦੇ ਭਲੇ ਲਈ ਵਿਸ਼ਵ ਪੱਧਰ ਤੱਕ ਪਹੁੰਚਾ ਕੇ ਕੌਮ ਦੀ ਦਸ਼ਾ ਬਦਲ ਸਕੀਏ।
(ਸਮਾਪਤ)
ਮੋਬਾ: 97800-03333

ਜੱਗੇ ਜੱਟ ਦਾ ਜਨਮ ਤੇ ਅੰਤਿਮ ਸਥਾਨ ਅੱਜ ਵੀ ਮੌਜੂਦ

ਗ਼ਰੀਬਾਂ ਦਾ ਲਹੂ ਚੂਸਣ ਵਾਲੇ ਜਗੀਰਦਾਰਾਂ ਤੇ ਸ਼ਾਹੂਕਾਰਾਂ ਦੇ ਨਾਲ-ਨਾਲ ਤਾਨਾਸ਼ਾਹੀ ਹਕੂਮਤ ਦਾ ਡਟ ਕੇ ਵਿਰੋਧ ਕਰਨ ਵਾਲੇ ਪੰਜਾਬੀਆਂ ਦੇ ਧਾੜਵੀ ਲੋਕ-ਨਾਇਕ ਜੱਗੇ ਜੱਟ ਦੀ ਜੱਦੀ ਹਵੇਲੀ, ਉਸ ਦਾ ਜਨਮ ਸਥਾਨ ਅਤੇ ਅੰਤਿਮ ਸਥਾਨ ਅੱਜ ਵੀ ਪਾਕਿਸਤਾਨ ਦੇ ਸ਼ਹਿਰ ਕਸੂਰ ਵਿਚ ਮੌਜੂਦ ਹਨ। ਹਾਂ, ਇਹ ਵੱਖਰੀ ਗੱਲ ਹੈ ਕਿ ਮੌਜੂਦਾ ਸਮੇਂ ਇਨ੍ਹਾਂ ਸਥਾਨਾਂ ਦਾ ਥੋੜ੍ਹਾ-ਬਹੁਤ ਢਾਂਚਾ ਹੀ ਪੁਰਾਣੇ ਰੂਪ ਵਿਚ ਬਚਿਆ ਰਹਿ ਸਕਿਆ ਹੈ, ਜਦੋਂਕਿ ਬਾਕੀ ਸਾਰਾ ਹਿੱਸਾ ਨਵੇਂ ਸਿਰਿਉਂ ਉਸਾਰ ਲਿਆ ਗਿਆ ਹੈ। ਜਗਤ ਸਿੰਘ ਉਰਫ਼ ਜੱਗਾ ਜੱਟ ਉਰਫ਼ ਜੱਗਾ ਡਾਕੂ ਦਾ ਜਨਮ ਸੰਨ 1892-93 ਵਿਚ ਜ਼ਿਲ੍ਹਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿਖੇ ਮਾਂ ਭਾਗਣ ਦੀ ਕੁੱਖੋਂ ਪਿਤਾ ਸ: ਮੱਖਣ ਸਿੰਘ (ਸ: ਸਾਉਣ ਸਿੰਘ ਦਾ ਪੁੱਤਰ ਅਤੇ ਸ: ਰਣ ਸਿੰਘ ਦਾ ਪੋਤਰਾ, ਜਿਸ ਨੇ ਪਿੰਡ ਬੁਰਜ ਰਣ ਸਿੰਘ ਵਾਲਾ ਆਬਾਦ ਕੀਤਾ) ਦੇ ਘਰ ਹੋਇਆ। ਪਿੰਡ ਬੁਰਜ ਰਣ ਸਿੰਘ ਵਾਲਾ ਜੋ ਕਿ ਪਹਿਲਾਂ ਜ਼ਿਲ੍ਹਾ ਲਾਹੌਰ ਦਾ ਪਿੰਡ ਹੁੰਦਾ ਸੀ, ਮੌਜੂਦਾ ਸਮੇਂ ਇਸ ਪਿੰਡ ਦੀ ਤਹਿਸੀਲ ਚੂਹਣੀਆਂ, ਜ਼ਿਲ੍ਹਾ ਕਸੂਰ ਅਤੇ ਡਾਕਖਾਨਾ ਤਲਵੰਡੀ ਹੈ। ਸੜਕ ਰਸਤੇ ਕਸੂਰ ਤੋਂ ਦਿਪਾਲਪੁਰ ਜਾਂਦਿਆਂ ਅਟਾਰੀ ਕਰਮ ਸਿੰਘ ਤੋਂ ਅਗਲਾ ਪਿੰਡ ਬੁਰਜ ਰਣ ਸਿੰਘ ਵਾਲਾ ਹੀ ਆਉਂਦਾ ਹੈ ਅਤੇ ਇਨ੍ਹਾਂ ਦੋਵਾਂ ਪਿੰਡਾਂ ਵਿਚਕਾਰ ਪਿੰਡ ਤਲਵੰਡੀ ਆਬਾਦ ਹੈ। ਤਲਵੰਡੀ ਵੱਲੋਂ ਵੀ ਪਿੰਡ ਬੁਰਜ ਰਣ ਸਿੰਘ ਵਾਲਾ ਪਹੁੰਚਿਆ ਜਾ ਸਕਦਾ ਹੈ।
ਜੱਗੇ ਨੇ ਸਕੂਲ ਦੀਆਂ ਪਹਿਲੀਆਂ 3-4 ਕਲਾਸਾਂ ਦੀ ਪੜ੍ਹਾਈ ਨਜ਼ਦੀਕੀ ਪਿੰਡ ਕਾਂਵੇ ਚੌਗ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਜੱਗਾ 18-19 ਵਰ੍ਹਿਆਂ ਦਾ ਹੋਇਆ ਤਾਂ ਪਿੰਡ ਤਲਵੰਡੀ ਦੇ ਬੱਬਰਾਂ ਦੀ ਕੁੜੀ ਇੰਦਰ ਕੌਰ ਨਾਲ ਉਸ ਦਾ ਵਿਆਹ ਹੋ ਗਿਆ, ਜਿਸ ਦੀ ਕੁੱਖੋਂ ਗੁਲਾਬ ਕੌਰ ਦਾ ਜਨਮ ਹੋਇਆ ਅਤੇ ਜੱਗੇ ਨੇ ਲਾਡ ਨਾਲ ਉਸ ਦਾ ਨਾਂਅ ਗੇਬੋ ਰੱਖਿਆ। ਗੁਲਾਬ ਕੌਰ (ਸਹੁਰਿਆਂ ਦਾ ਨਾਂਅ ਰੇਸ਼ਮ ਕੌਰ) ਮੌਜੂਦਾ ਸਮੇਂ ਭਾਰਤੀ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਨਵਾਲਾ ਅਨੂ ਕੇ ਵਿਚ ਰਹਿ ਰਹੀ ਹੈ। ਬੀਬੀ ਗੁਲਾਬ ਕੌਰ ਆਪਣੀ ਉਮਰ ਦੇ 95 ਵਰ੍ਹੇ ਹੰਢਾਅ ਚੁੱਕੀ ਹੈ।
ਜੱਗੇ ਦੇ ਸਕੇ ਚਾਚੇ ਸੁਲੱਖਣ ਸਿੰਘ ਦੇ ਪੁੱਤਰ ਮੁਹਮੰਦ ਦੀਨ, ਬਸ਼ੀਰ ਮੁਹੰਮਦ ਅਤੇ ਦੀਨ ਮੁਹੰਮਦ, ਜੋ ਕਿ ਦੇਸ਼ ਦੀ ਵੰਡ ਤੋਂ ਬਾਅਦ ਮੁਸਲਮਾਨ ਹੋ ਗਏ ਸਨ, ਮੌਜੂਦਾ ਸਮੇਂ ਪਾਕਿਸਤਾਨ ਪੰਜਾਬ ਦੇ ਕਿਲ੍ਹਾ ਬੁਰਜ ਰਣ ਸਿੰਘ ਵਿਖੇ ਰਹਿ ਰਹੇ ਹਨ। ਆਸ-ਪਾਸ ਦੇ ਇਲਾਕਿਆਂ ਵਿਚ ਇਹ ਪਰਿਵਾਰ ਜੱਗੇ ਜੱਟ ਦੇ ਕਾਰਨ ਚੰਗਾ ਮਸ਼ਹੂਰ ਹੈ। (ਬਾਕੀ ਅਗਲੇ ਮੰਗਲਵਾਰ)
-ਅੰਮ੍ਰਿਤਸਰ। ਫੋਨ : 93561-27771
kochhar_asr@yahoo.co.in

ਸ਼ਬਦ ਵਿਚਾਰ

ਕਾਮਿ ਕਰੋਧਿ ਨਗਰੁ ਬਹੁ ਭਰਿਆ

ਮਿਲਿ ਸਾਧੂ ਖੰਡਲ ਖੰਡਾ ਹੇ॥
ਰਾਗੁ ਗਉੜੀ ਪੂਰਬੀ ਮਹਲਾ ੪
ਕਾਮਿ ਕਰੋਧਿ ਨਗਰੁ ਬਹੁ ਭਰਿਆ
ਮਿਲਿ ਸਾਧੂ ਖੰਡਲ ਖੰਡਾ ਹੇ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ
ਮਨਿ ਹਰਿ ਲਿਵ ਮੰਡਲ ਮੰਡਾ ਹੇ॥ ੧॥
ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ॥
ਕਰਿ ਡੰਡਉਤਿ ਪੁਨੁ ਵਡਾ ਹੇ॥ ੧॥ ਰਹਾਉ॥
ਸਾਕਤ ਹਰਿਰਸ ਸਾਦੁ ਨ ਜਾਣਿਆ
ਤਿਨ ਅੰਤਰਿ ਹਉਮੈ ਕੰਡਾ ਹੇ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ
ਜਮਕਾਲੁ ਸਹਹਿ ਸਿਰਿ ਡੰਡਾ ਹੇ॥ ੨॥
ਹਰਿ ਜਨ ਹਰਿ ਹਰਿ ਨਾਮਿ ਸਮਾਣੇ
ਦੁਖੁ ਜਨਮ ਮਰਣ ਭਵ ਖੰਡਾ ਹੇ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ
ਬਹੁ ਸੋਭ ਖੰਡ ਬ੍ਰਹਮੰਡਾ ਹੇ॥ ੩॥
ਹਮ ਗਰੀਬ ਮਸਕੀਨ ਪ੍ਰਭ ਤੇਰੇ
ਹਰਿ ਰਾਖੁ ਰਾਖੁ ਵਡ ਵਡਾ ਹੇ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ
ਹਰਿ ਨਾਮੇ ਹੀ ਸੁਖੁ ਮੰਡਾ ਹੈ॥ ੪॥ ੪॥
(ਅੰਗ 13)
ਪਦ ਅਰਥ : ਨਗਰੁ-ਸਰੀਰ। ਬਹੁ-ਬਹੁਤ। ਖੰਡਲ ਖੰਡਾ-ਟੋਟੇ ਟੋਟੇ ਕਰ ਦਿੱਤਾ ਹੈ, ਤੋੜਿਆ ਜਾ ਸਕਦਾ ਹੈ। ਪੂਰਬਿ ਲਿਖਤ ਲਿਖੇ-ਪਿਛਲੇ ਲਿਖੇ ਲੇਖਾਂ ਅਨੁਸਾਰ। ਲਿਵ-ਸੁਰਤੀ। ਮੰਡਲ ਮੰਡਾ ਹੇ-ਚੰਗੀ ਤਰ੍ਹਾਂ (ਭਲੀ ਪ੍ਰਕਾਰ) ਟਿਕਾ ਦਿੱਤਾ ਹੈ। ਅੰਜਲੀ-ਦੋਵੇਂ ਹੱਥ ਜੋੜ ਕੇ ਸਤਿਕਾਰ ਕਰਨਾ। ਪੁਨੁ ਵਡਾ ਹੇ-ਬੜਾ ਭਲਾ ਕੰਮ ਹੈ। ਸਾਕਤ-ਪਰਮਾਤਮਾ ਨਾਲੋਂ ਬੇਮੁਖ ਹੋਏ ਮਨੁੱਖ। ਹਰਿ ਰਸ-ਪ੍ਰਭੂ ਦੇ ਨਾਮ ਦਾ ਰਸ। ਸਾਦੁ-ਸੁਆਦ। ਨ ਜਾਣਿਆ-ਨਹੀਂ ਜਾਤਾ। ਤਿਨ ਅੰਤਰਿ-ਉਨ੍ਹਾਂ ਦੇ ਮਨ ਅੰਦਰ। ਹਉਮੈ-ਅਹੰਕਾਰ। ਚਲਹਿ-ਚਲਦੇ ਹਨ। ਚੁਭੈ-(ਹਉਮੈ ਰੂਪੀ ਕੰਡਾ) ਚੁੱਭਣ ਨਾਲ। ਸਹਹਿ-ਸਹਾਰਦੇ ਹਨ। ਹਰਿ ਜਨ-ਪਰਮਾਤਮਾ ਦੇ ਸੇਵਕ। ਸਮਾਣੇ-ਲੀਨ ਰਹਿੰਦੇ ਹਨ। ਭਵ-ਸੰਸਾਰ। ਖੰਡਾ ਹੇ-ਕੱਟ ਦਿੱਤਾ ਹੈ, ਮੁਕਤ ਹੋ ਗਏ ਹਨ। ਅਬਿਨਾਸੀ-ਨਾਸ ਨਾ ਹੋਣ ਵਾਲਾ, ਪਰਮਾਤਮਾ। ਬਹੁ ਸੋਭ-ਬੜੀ ਸੋਭਾ ਹੁੰਦੀ ਹੈ। ਖੰਡ ਬ੍ਰਹਮੰਡਾ-ਖੰਡਾਂ ਬ੍ਰਹਮੰਡਾਂ ਵਿਚ। ਮਸਕੀਨ-ਨਿਮਾਣੇ। ਵਡ ਵਡਾ-ਵੱਡਿਆਂ ਤੋਂ ਵੱਡਾ। ਅਧਾਰੁ-ਆਸਰਾ। ਸੁਖੁ ਮੰਡਾ ਹੇ-ਸੁਖ ਮਿਲਦਾ ਹੈ।
ਪਰਮਾਤਮਾ ਨਾਲੋਂ ਵਿਛੜ ਕੇ ਮਨੁੱਖ ਦੀ ਡਾਵਾਂਡੋਲ ਵਾਲੀ ਸਥਿਤੀ ਬਣੀ ਰਹਿੰਦੀ ਹੈ। ਮਨੁੱਖ ਦਾ ਪਰਮਾਤਮਾ ਨਾਲੋਂ ਵਿਛੜਨ ਦਾ ਮੂਲ ਕਾਰਨ ਵਿਸ਼ੇ-ਵਿਕਾਰ ਹਨ, ਜੋ ਇਸ ਨੂੰ ਪਰਮਾਤਮਾ ਦੇ ਨਾਮ ਨਾਲ ਜੁੜਨ ਨਹੀਂ ਦਿੰਦੇ। ਫਲਸਰੂਪ ਜੀਵ ਆਪਣੇ ਜੀਵਨ ਉਦੇਸ਼ ਨੂੰ ਭੁੱਲ ਕੇ ਵਿਕਾਰਾਂ ਦੀ ਦਲਦਲ ਵਿਚ ਧਸ ਜਾਂਦਾ ਹੈ। ਇਨ੍ਹਾਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵਿਚੋਂ ਕਾਮ ਬੜਾ ਸ਼ਕਤੀਸ਼ਾਲੀ ਵਿਕਾਰ ਕਰਕੇ ਜਾਣਿਆ ਜਾਂਦਾ ਹੈ। ਇਸ ਦੀ ਮਾਰ ਤੋਂ ਬਚਣਾ ਮਨੁੱਖ ਲਈ ਬੜਾ ਅਸੰਭਵ ਹੈ। ਕਰੋੜਾਂ ਵਿਚੋਂ ਕੋਈ ਵਿਰਲਾ ਪ੍ਰਾਣੀ ਹੀ ਹੋਵੇਗਾ, ਜਿਸ ਨੇ ਕਾਮਵਾਸ਼ਨਾ 'ਤੇ ਕਾਬੂ ਪਾ ਕੇ ਇਨ੍ਹਾਂ ਪੰਜਾਂ ਵਿਕਾਰਾਂ ਨੂੰ ਮਾਰ ਮੁਕਾਇਆ ਹੋਵੇ। ਗੁਰਵਾਕ ਹੈ-
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ॥
ਨਾਨਕ ਕੋਟਿ ਮਧੇ ਕੋ ਐਸਾ ਅਪਰਸ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 274)
ਪੰਚ ਦੋਖ-ਪੰਜ ਵਿਕਾਰ। ਕੋਟਿ-ਕਰੋੜ। ਮਧੇ-ਵਿਚੋਂ।
ਗੁੱਸੇ ਜਾਂ ਕ੍ਰੋਧ ਵਿਚ ਆਇਆ ਪ੍ਰਾਣੀ ਆਪਣੀ ਸੁੱਧ-ਬੁੱਧ ਭੁਲਾ ਬੈਠਦਾ ਹੈ। ਇਥੋਂ ਤੱਕ ਕਿ ਉਹ ਕਈ ਵਾਰੀ ਅਜਿਹੇ ਕਰਮ ਕਰ ਬੈਠਦਾ ਹੈ ਜੋ ਉਸ ਦੇ ਚਿੱਤ-ਚੇਤੇ ਵੀ ਨਹੀਂ ਹੁੰਦੇ। ਰਾਜਾ ਜਨਮੇਜਾ ਬਾਰੇ ਜ਼ਿਕਰ ਆਉਂਦਾ ਹੈ ਕਿ ਉਸ ਨੇ ਕ੍ਰੋਧ ਵਿਚ ਆ ਕੇ 18 ਬ੍ਰਾਹਮਣਾਂ ਦੀ ਹੱਤਿਆ ਕਰ ਦਿੱਤੀ ਸੀ, ਜੋ ਰਾਜੇ ਵੱਲੋਂ ਰਚਾਏ ਯੱਗ ਵਿਚ ਭਾਗ ਲੈਣ ਲਈ ਆਏ ਸਨ।
ਸਾਖੀ ਇਸ ਪ੍ਰਕਾਰ ਹੈ ਕਿ ਰਾਜਾ ਜਨਮੇਜਾ ਵੱਲੋਂ ਰਚਾਏ ਯੱਗ ਦੀ ਪੂਜਾ ਖਤਮ ਹੋਣ 'ਤੇ ਜਦੋਂ ਉਸ ਦੀ ਬੜੀ ਚਹੇਤੀ ਰਾਣੀ ਜਿਸ ਨੇ ਬੜੇ ਬਰੀਕ ਕੱਪੜੇ ਪਹਿਨੇ ਹੋਏ ਸਨ, ਪੂਜਾ ਤੋਂ ਉੱਠੀ ਤਾਂ ਹਵਾ ਨਾਲ ਉਸ ਦੇ ਕੱਪੜੇ ਉਡਣ ਕਾਰਨ ਰਾਣੀ ਅੱਧ-ਨਗਨ ਹੋ ਗਈ, ਜਿਸ 'ਤੇ ਉਥੇ ਬੈਠੇ ਬ੍ਰਾਹਮਣ ਖਿੜ-ਖਿੜਾ ਕੇ ਹੱਸ ਪਏ। ਰਾਜੇ ਦੀ ਰਾਣੀ ਬੜੀ ਸੁੰਦਰ ਸੀ, ਜੋ ਅਪਸਰਾ ਕਰਕੇ ਵੀ ਜਾਣੀ ਜਾਂਦੀ ਸੀ, ਜਿਸ ਨੂੰ ਘਰ ਲਿਆਉਣ ਲਈ ਰਿਸ਼ੀ ਵਿਆਸ ਨੇ ਰਾਜੇ ਨੂੰ ਵਰਜਿਆ ਵੀ ਸੀ। ਰਾਜਾ ਜਨਮੇਜਾ ਨੇ ਰਿਸ਼ੀ ਦਾ ਕਹਿਣਾ ਨਾ ਮੰਨਿਆ ਅਤੇ ਉਸ ਅਪਸਰਾ ਨੂੰ ਘਰ ਲੈ ਆਇਆ, ਜਿਸ 'ਤੇ ਰਾਜਾ ਬੜਾ ਮੋਹਿਤ ਸੀ।
ਬ੍ਰਾਹਮਣਾਂ ਨੂੰ ਹੱਸਦਾ ਦੇਖ ਕੇ ਰਾਜਾ ਕ੍ਰੋਧ ਨਾਲ ਲਾਲ-ਪੀਲਾ ਹੋ ਗਿਆ ਅਤੇ ਉਸ ਨੇ ਉਥੇ 18 ਬ੍ਰਾਹਮਣਾਂ ਨੂੰ ਕਤਲ ਕਰ ਦਿੱਤਾ, ਜਿਸ ਕਾਰਨ ਰਾਜੇ ਨੂੰ ਕੋਹੜ ਹੋ ਗਿਆ। ਕਹਾਣੀ ਅੱਗੇ ਹੋਰ ਚਲਦੀ ਹੈ। ਸਾਡਾ ਲਿਖਣ ਤੋਂ ਇਹ ਭਾਵ ਹੈ ਕਿ ਕ੍ਰੋਧ ਵੱਸ ਹੋ ਕੇ ਪ੍ਰਾਣੀ ਕਿਸ ਹੱਦ ਤੱਕ ਕੁਕਰਮ ਕਮਾ ਸਕਦਾ ਹੈ।
ਜਗਤ ਗੁਰੂ ਬਾਬੇ ਦੇ ਬਾਣੀ 'ਰਾਮਕਲੀ ਮਹਲਾ ੧ ਦਖਣੀ ਓਅੰਕਾਰੁ' ਵਿਚ ਪਾਵਨ ਬਚਨ ਹਨ ਕਿ ਜਿਵੇਂ ਸੋਹਾਗਾ ਸੋਨੇ ਨੂੰ ਕੁਠਾਲੀ ਵਿਚ ਢਾਲ ਦਿੰਦਾ ਹੈ, ਇਸੇ ਤਰ੍ਹਾਂ ਕਾਮ ਅਤੇ ਕ੍ਰੋਧ ਮਨੁੱਖੀ ਸਰੀਰ ਨੂੰ ਗਾਲ਼ ਦਿੰਦੇ ਹਨ, ਨਿਰਬਲ ਕਰ ਦਿੰਦੇ ਹਨ-
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥
(ਅੰਗ 932)
ਕਾਇਆ-ਸਰੀਰ, ਦੇਹੀ। ਕੰਚਨ-ਸੋਨਾ।
ਅਥਵਾ
ਹਉਮੈ ਮੇਰਾ ਜਾਤਿ ਹੈ
ਅਤਿ ਕ੍ਰੋਧੁ ਅਭਿਮਾਨੁ॥
ਸਬਦਿ ਮਰੈ ਤਾ ਜਾਤਿ ਜਾਇ
ਜੋਤੀ ਜੋਤਿ ਮਿਲੈ ਭਗਵਾਨੁ॥
(ਰਾਗੁ ਆਸਾ ਮਹਲਾ ੩, ਅੰਗ 429)
ਸ਼ਬਦ ਦੇ ਅੱਖਰੀਂ ਅਰਥ : ਮਨੁੱਖੀ ਸਰੀਰ ਜੋ ਬੜੇ ਕਾਮ, ਕ੍ਰੋਧ ਜਿਹੇ ਵਿਕਾਰਾਂ ਨਾਲ ਭਰਿਆ ਹੋਇਆ ਹੈ, ਇਨ੍ਹਾਂ ਨੂੰ ਤੋੜਿਆ ਭਾਵ ਛੁਟਕਾਰਾ ਸਾਧੂ ਗੁਰੂ ਦੁਆਰਾ ਹੀ ਪਾਇਆ ਜਾ ਸਕਦਾ ਹੈ ਪਰ ਜੋ ਪੂਰਬਲੇ ਲਿਖੇ ਕਰਮਾਂ ਅਨੁਸਾਰ ਗੁਰੂ ਨੂੰ ਪਾ ਲੈਂਦਾ ਹੈ, ਉਸ ਦੇ ਮਨ ਦੀ ਲਿਵ ਭਲੀ ਪ੍ਰਕਾਰ (ਸੁਧੇ ਹੀ) ਪਰਮਾਤਮਾ ਵਿਚ ਟਿਕ ਜਾਂਦੀ ਹੈ, ਜੁੜ ਜਾਂਦੀ ਹੈ। ਹੇ ਭਾਈ, ਗੁਰੂ ਅੱਗੇ ਹੱਥ ਜੋੜ ਕੇ ਅਰਜੋਈ ਕਰ, ਇਹ ਭਲਾ ਕੰਮ ਹੈ, ਗੁਰੂ ਅੱਗੇ ਡੰਡੌਤ ਕਰ, ਇਹ ਬੜਾ ਪੁੰਨ ਵਾਲਾ ਕੰਮ ਹੈ।
ਪਰਮਾਤਮਾ ਨਾਲੋਂ ਬੇਮੁਖ ਹੋਏ ਸਾਕਤ ਪ੍ਰਾਣੀਆਂ ਨੇ ਪਰਮਾਤਮਾ ਦੇ ਨਾਮ ਰਸ ਦੇ ਸੁਆਦ ਨੂੰ ਨਹੀਂ ਮਾਣਿਆ, ਜਿਸ ਕਾਰਨ ਉਨ੍ਹਾਂ ਦੇ ਮਨਾਂ ਅੰਦਰ ਹਉਮੈ ਰੂਪੀ ਕੰਡਾ ਚੁੱਭਿਆ ਰਹਿੰਦਾ ਹੈ। ਜਿਉਂ-ਜਿਉਂ ਉਹ ਦੁਨਿਆਵੀ ਕਾਰਜ ਕਰਦੇ ਹਨ, ਇਹ ਹਉਮੈ ਰੂਪੀ ਕੰਡਾ ਉਨ੍ਹਾਂ ਦੇ ਮਨ ਵਿਚ ਚੁੱਭਦਾ ਰਹਿੰਦਾ ਹੈ ਅਤੇ ਉਹ ਦੁੱਖ ਪਾਉਂਦੇ ਰਹਿੰਦੇ ਹਨ, ਜਮਕਾਲ ਦਾ ਡੰਡਾ ਆਪਣੇ ਸਿਰ 'ਤੇ ਸਹਿੰਦੇ ਰਹਿੰਦੇ ਹਨ, ਮੌਤ ਦਾ ਡਰ ਉਨ੍ਹਾਂ ਨੂੰ ਸਦਾ ਸਤਾਉਂਦਾ ਰਹਿੰਦਾ ਹੈ। ਦੂਜੇ ਬੰਨੇ ਪਰਮਾਤਮਾ ਦੇ ਸੇਵਕਾਂ ਦੀ ਲਿਵ ਪ੍ਰਭੂ ਵਿਚ ਜੁੜੀ ਰਹਿੰਦੀ ਹੈ। ਉਹ ਜਨਮ-ਮਰਨ ਦੇ ਦੁੱਖ ਤੋਂ ਛੁਟਕਾਰਾ ਪਾ ਲੈਂਦੇ ਹਨ। ਉਨ੍ਹਾਂ ਨੂੰ ਫਿਰ ਕਦੇ ਨਾਸ ਨਾ ਹੋਣ ਵਾਲਾ ਪਰਮਾਤਮਾ ਅਰਥਾਤ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਜਿਸ ਸਦਕਾ ਉਨ੍ਹਾਂ ਦੀ ਫਿਰ ਖੰਡਾਂ-ਬ੍ਰਹਿਮੰਡਾਂ ਵਿਚ ਸੋਭਾ ਹੁੰਦੀ ਹੈ।
ਅੰਤ ਵਿਚ ਚੌਥੀ ਨਾਨਕ ਜੋਤਿ, ਗੁਰੂ ਰਾਮਦਾਸ ਜੀ ਪ੍ਰਭੂ ਅੱਗੇ ਬੇਨਤੀ ਕਰ ਰਹੇ ਹਨ ਕਿ ਹੇ ਪ੍ਰਭੂ, ਅਸੀਂ ਗਰੀਬ ਤੇ ਨਿਮਾਣੇ ਤੇਰੇ ਬੰਦੇ ਹਾਂ। ਹੇ ਵੱਡਿਆਂ ਤੋਂ ਵੱਡੇ ਪ੍ਰਭੂ, ਸਾਡੀ ਰੱਖਿਆ ਕਰੋ, ਸਾਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਟੇਕ ਹੈ। ਤੇਰੇ ਨਾਮ ਵਿਚ ਹੀ ਸੁਖ ਮਿਲਦਾ ਹੈ।
217-ਆਰ, ਮਾਡਲ ਟਾਊਨ, ਜਲੰਧਰ।

ਕਿਵੇਂ ਲਿਖੇ ਜਾਂਦੇ ਸਨ ਪੁਰਾਤਨ ਗ੍ਰੰਥ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰਚਨਾਕਾਰ ਕਈਆਂ ਗ੍ਰੰਥਾਂ ਦੇ ਅੰਤਲੇ ਭਾਗਾਂ ਵਿਚ ਹੀ ਸਵੈਜੀਵਨਕ ਸੰਕੇਤ ਦੇ ਦਿਆ ਕਰਦੇ ਸਨ, ਜਿਸ ਨੂੰ ਵਿਦਵਾਨ ਲੋਕਾਂ ਨੇ ਪੁਸ਼ਪਿਕਾ ਦਾ ਨਾਂਅ ਦਿੱਤਾ ਹੈ। ਬੇਸ਼ੱਕ ਪੌਦੇ ਦੀ ਆਖਰੀ ਮੰਜ਼ਿਲ ਫਲ ਹੁੰਦੀ ਹੈ ਪਰ ਇਸ ਤੋਂ ਪਹਿਲਾਂ ਫੁੱਲ (ਪੁਸ਼ਪ) ਦਾ ਲੱਗਣਾ ਸ਼ਰਤ ਹੈ, ਕਿਉਂਕਿ ਜੇ ਫੁੱਲ ਨਹੀਂ ਤਾਂ ਫਲ ਵੀ ਨਹੀਂ। ਸੋ, ਗ੍ਰੰਥ ਦੀ ਮੁਕੰਮਲ ਸੰਪੂਰਨਤਾ ਤੋਂ ਰਤਾ ਕੁ ਪਹਿਲਾਂ ਪੁਸ਼ਪਿਕਾ ਵਿਚ ਕਾਫੀ ਕੁਝ ਆ ਜਾਂਦਾ ਸੀ। ਗ੍ਰੰਥ ਜਾਂ ਛੋਹੇ ਹੋਏ ਕੰਮ ਦੀ ਸਮਾਪਤੀ ਸਮੇਂ ਗ੍ਰੰਥਕਾਰ ਕੰਮ ਸੰਪੂਰਨ ਹੋਣ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਭੁੱਲਦੇ। ਆਰੰਭ ਵਿਚ ਅਸ਼ੀਰਵਾਦ ਅਤੇ ਸਮਾਪਤੀ ਸਮੇਂ ਸ਼ੁਕਰਾਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਜਗਤ ਦੇ ਇਸ਼ਟ ਤਾਂ ਹਨ ਹੀ, ਨਾਲ ਹੀ ਇਕ ਸੰਪਾਦਿਤ ਗ੍ਰੰਥ ਵੀ ਹਨ। ਇਥੇ ਵੀ ਅਸੀਂ ਦੇਖਦੇ ਹਾਂ ਕਿ ਇਸ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਜਿਥੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰ ਨੂੰ ਤਿੰਨ ਵਸਤਾਂ ਕਿਹਾ ਹੈ, ਉਥੇ ਸਨਿਮਰ ਰਹਿ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ ਹੈ ਅਤੇ ਬਾਣੀ ਪੜ੍ਹਨ ਦਾ ਮਹਾਤਮ ਵੀ ਦੱਸਿਆ ਹੈ :
ਥਲ ਵਿਚ ਤਿੰਨਿ ਵਸਤੂ ਪਈਓ,
ਸਤੁ ਸੰਤੋਖੁ ਵੀਚਾਰੋ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ
ਜਿਸ ਦਾ ਸਭਸ ਅਧਾਰੋ।
ਜੇ ਕੋ ਖਾਵੈ ਜੇ ਕੋ ਭੁੰਚੈ,
ਤਿਸ ਕਹ ਹੋਇ ਉਧਾਰੋ।
-0-
ਤੇਰਾ ਕੀਤਾ ਜਾਤੋ ਨਾਹੀ,
ਮੈਨੋ ਜੋਗੁ ਕੀਤੋਈ।
ਮੈ ਨਿਰਗੁਣਿਆਰੇ ਕੋ ਗੁਣ ਨਾਹੀ
ਆਪੇ ਤਰਸੁ ਪਇਓਈ।
ਤਰਸੁ ਪਇਆ ਮਿਹਰਾਮਤਿ ਹੋਈ।
ਸਤਿਗੁਰੁ ਸਜਣੁ ਮਿਲਿਆ।
ਨਾਨਕੁ ਨਾਮੁ ਮਿਲੈ ਤਾਂ ਜੀਵਾ,
ਤਨੁ ਮਨੁ ਥੀਵੈ ਹਰਿਆ।
(ਆਦਿ ਗ੍ਰੰਥ, ਪੰਨਾ 1429)
ਇੰਜ ਅਸੀਂ ਦੇਖਦੇ ਹਾਂ ਕਿ ਪੰਜਾਬੀ ਗ੍ਰੰਥਕਾਰਾਂ ਜਾਂ ਰਚਨਾਕਾਰਾਂ ਵਿਚ ਖੁੱਲ੍ਹਾਂ ਮਾਨਣ ਦੀ ਰੀਤ ਰਹੀ ਹੈ ਅਤੇ ਗੁਰੂ ਸਾਹਿਬਾਨ ਆਪ ਵੀ ਬ੍ਰਾਹਮਣਵਾਦੀ ਸਨਾਤਨੀ ਮਾਨਤਾਵਾਂ ਦੇ ਹੱਕ ਵਿਚ ਨਹੀਂ ਸਨ ਪਰ ਸਾਹਿਤਕ ਵਿਰਸੇ ਦਾ ਅਸਰ ਤਾਂ ਕਿਸੇ ਨਾ ਕਿਸੇ ਰੂਪ-ਰੰਗ ਵਿਚ ਚਲਦਾ ਰਹਿੰਦਾ ਹੈ। ਡਾ: ਹਰਿਭਜਨ ਸਿੰਘ ਆਪਣੀ ਕਵਿਤਾ ਵਿਚ ਇਸ ਪ੍ਰਭਾਵ ਨੂੰ ਖੁਦ ਮੰਨਦਾ ਹੈ। ਉਸ ਦਾ ਕਥਨ ਹੈ, 'ਕਵੀ ਦਾ ਅਚੇਤਨ ਸਾਰੇ ਦਾ ਸਾਰਾ ਉਸ ਦਾ ਕਮਾਇਆ ਨਹੀਂ ਹੁੰਦਾ, ਉਸ ਨੂੰ ਲੰਮੀ ਪਰੰਪਰਕ ਵਿਰਾਸਤ ਪਾਸੋਂ ਬਹੁਤ ਕੁਝ ਅਣਕਮਾਇਆ ਅਤੇ ਅਣਜਾਣਿਆ ਵੀ ਮਿਲਦਾ ਹੈ। ਆਪਣੀ ਕਵਿਤਾ ਬਾਰੇ ਗੱਲ ਕਰਦਿਆਂ ਮੈਂ ਸੁਚੇਤ ਹਾਂ ਕਿ ਮੇਰੀ ਕਹੀ ਜਾਣ ਵਾਲੀ ਕਵਿਤਾ ਨਿਰੀ ਪੁਰੀ ਮੇਰੀ ਨਹੀਂ (ਮੇਰੀ ਕਾਵਿ ਯਾਤਰਾ, ਭੂਮਿਕਾ) ਮੱਧਕਾਲੀ ਗ੍ਰੰਥਾਂ ਵਿਚ ਜੇ ਇਨ੍ਹਾਂ ਦੇ ਤਕਨੀਕੀ ਪੱਖਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਤਾਂ ਇਸ ਨੂੰ ਵਿਰਸੇ ਦਾ ਹੀ ਪ੍ਰਭਾਵ ਮੰਨਿਆ ਜਾ ਸਕਦਾ ਹੈ।
(ਸਮਾਪਤ)
ਮੋਬਾ: 98889-39808

ਭੀਖੀ 'ਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਹੋਇਆ ਸਮਾਗਮ

ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ (ਮਾਨਸਾ) ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਭੀਖੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਦੇ ਮਹਾਨ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਬਿਰਤਾਂਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮਹੰਤ ਤੇ ਮਸੰਦ ਦਾ ਅਹੁਦਾ ਬਹੁਤ ਹੀ ਸਤਿਕਾਰਤ ਹੁੰਦਾ ਸੀ ਪਰ ਸਮੇਂ-ਸਮੇਂ 'ਤੇ ਮਸੰਦਾਂ ਤੇ ਮਹੰਤਾਂ ਵੱਲੋਂ ਕੌਮ ਨਾਲ ਕੀਤੀ ਗਈ ਗਦਾਰੀ ਨੇ ਅੱਜ ਦੇ ਦੌਰ ਵਿਚ ਇਨ੍ਹਾਂ ਰੁਤਬਿਆਂ ਦੀ ਕਦਰ ਘਟਾ ਦਿੱਤੀ ਹੈ। ਸਮਾਗਮ ਦੌਰਾਨ ਭਾਈ ਸੁਖਦੇਵ ਸਿੰਘ ਗੁਰਦਾਸਪੁਰ ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੁਸਾਇਟੀ ਦੇ ਪ੍ਰਧਾਨ ਭਾਈ ਸੁਰਿੰਦਰ ਸਿੰਘ ਹੀਰੋਂ ਖੁਰਦ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਮੀਤ ਸਿੰਘ ਅਤੇ ਮੁੱਖ ਗ੍ਰੰਥੀ ਭਾਈ ਨਿਰਮਲ ਸਿੰਘ ਨੇ ਕਥਾਵਾਚਕਾਂ ਤੇ ਰਾਗੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
-ਗੁਰਵਿੰਦਰ ਸਿੰਘ ਚਹਿਲ,
ਪਿੰਡ ਹੀਰੋਂ ਖੁਰਦ, ਡਾਕ: ਹੋਡਲਾ ਕਲਾਂ, ਜ਼ਿਲ੍ਹਾ ਮਾਨਸਾ। ਮੋਬਾ: 92561-00049

ਜ਼ਾਂਬੀਆ ਦੇ ਗੁਰੂ-ਘਰ

ਗੁਰਦੁਆਰਾ ਸਿੱਖ ਕੌਂਸਲ ਆਫ ਬੋਟਸਵਾਨਾ : 1982 ਤੱਕ ਕਈ ਸਿੱਖ ਪਰਿਵਾਰ ਜਾਂਬੀਆ, ਕੀਨੀਆ ਅਤੇ ਭਾਰਤ ਤੋਂ ਕੰਮ-ਕਾਰ ਦੀ ਭਾਲ ਵਿਚ ਬੋਟਸਵਾਨਾ ਪ੍ਰਵਾਸ ਕਰ ਗਏ ਸਨ। ਜਦੋਂ ਆਬਾਦੀ ਕਾਫੀ ਵਧ ਗਈ ਤਾਂ ਗੁਰੂ-ਘਰ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਬੋਟਸਵਾਨਾ ਸਰਕਾਰ ਨੂੰ ਰਿਆਇਤੀ ਰੇਟ 'ਤੇ ਜ਼ਮੀਨ ਅਲਾਟ ਕਰਨ ਲਈ ਦਰਖਾਸਤ ਦਿੱਤੀ ਗਈ। ਸਰਕਾਰ ਦੇ ਸਮਾਜ ਸੇਵਾ ਵਿਭਾਗ ਵਲੋਂ ਇਕ ਟੁਕੜਾ ਅਲਾਟ ਕਰ ਦਿੱਤਾ ਗਿਆ। ਗੁਰੂ-ਘਰ ਉਸਾਰਨ ਦੀ ਕਾਰ ਸੇਵਾ ਸ: ਰਵਿੰਦਰ ਸਿੰਘ ਬਜਾਜ ਅਤੇ ਸ: ਗੁਰਬੀਰ ਸਿੰਘ ਘਈ ਦੀ ਅਗਵਾਈ ਵਿਚ ਮੁਕੰਮਲ ਹੋਈ ਹੈ। ਸਿੱਖ ਸਮਾਜ ਅਤੇ ਸਥਾਨਕ ਵਸਨੀਕਾਂ ਨੇ ਖੁੱਲ੍ਹ ਕੇ ਮਾਇਕ ਸਹਾਇਤਾ ਕੀਤੀ। ਗੁਰੂ-ਘਰ ਦੀ ਉਸਾਰੀ ਦਾ ਪਹਿਲਾ ਪੜਾਅ 1990 ਵਿਚ ਮੁਕੰਮਲ ਹੋ ਗਿਆ ਸੀ। ਗੁਰੂ-ਘਰ ਵਿਚ ਖੂਬਸੂਰਤ ਦਰਬਾਰ ਹਾਲ, ਸਰਾਂ, ਸਪੋਰਟਸ ਹਾਲ, ਲੰਗਰ ਹਾਲ ਅਤੇ ਪਾਠੀ ਸਿੰਘਾਂ ਦੇ ਕਮਰੇ ਬਣੇ ਹੋਏ ਹਨ। 2012 ਵਿਚ ਗੁਰੂ-ਘਰ ਦੀ ਮੁੜ ਉਸਾਰੀ ਕੀਤੀ ਗਈ ਤੇ ਇਮਾਰਤ ਵਿਚ ਵਾਧਾ ਕਰਦੇ ਹੋਏ 500 ਤੋਂ ਵੱਧ ਸੰਗਤਾਂ ਦੇ ਬੈਠਣ ਵਾਸਤੇ ਵੱਡਾ ਦੀਵਾਨ ਹਾਲ, ਲਾਇਬ੍ਰੇਰੀ, ਕਮੇਟੀ ਦਾ ਦਫਤਰ, ਨਵੀਂ ਮਾਡਰਨ ਰਸੋਈ ਅਤੇ ਖੁੱਲ੍ਹਾ ਲੰਗਰ ਹਾਲ ਉਸਾਰਿਆ ਗਿਆ ਹੈ। ਗੁਰੂ-ਘਰ ਵਿਚ ਰੋਜ਼ਾਨਾ ਨਿੱਤਨੇਮ ਚੱਲਦਾ ਹੈ। ਕਥਾ ਕੀਰਤਨ ਹਰ ਐਤਵਾਰ ਹੁੰਦਾ ਹੈ ਤੇ ਉਪਰੰਤ ਲੰਗਰ ਵਰਤਾਇਆ ਜਾਂਦਾ ਹੈ। ਹਰੇਕ ਸਾਲ ਗੁਰਪੁਰਬ ਅਤੇ ਦੀਵਾਲੀ-ਲੋਹੜੀ ਸਮੇਤ 6 ਵੱਡੇ ਦਿਹਾੜੇ ਮਨਾਏ ਜਾਂਦੇ ਹਨ। ਗੁਰੂ-ਘਰ ਦਾ ਪਤਾ ਹੈ-ਪਲਾਟ ਨੰ: 17487, ਲੇਡੂਮਾਂਗ, ਗੈਬੋਰਨ। (ਚਲਦਾ)
-ਪੰਡੋਰੀ ਸਿੱਧਵਾਂ। ਮੋਬਾ: 98151-24449

ਮਹਾਨ ਸਿੱਖ ਜਰਨੈਲ ਸ: ਬਘੇਲ ਸਿੰਘ

ਮਰਾਠਿਆਂ ਦੇ ਉੱਤਰੀ ਭਾਰਤ ਵਿਚ ਰਾਜ ਕਰਨ ਦੇ ਸੁਪਨਿਆਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿਚ ਹਰਾ ਕੇ ਮਿੱਟੀ ਵਿਚ ਮਿਲਾ ਦਿੱਤਾ। 5 ਜਨਵਰੀ 1762 ਨੂੰ ਵੱਡੇ ਘੱਲੂਘਾਰੇ ਦੇ ਮੌਕੇ 30,000 ਸਿੱਖ, ਬੱਚੇ ਤੇ ਇਸਤਰੀਆਂ ਦਾ ਕਤਲ ਕਰਕੇ ਅਬਦਾਲੀ ਸਮਝਦਾ ਸੀ ਕਿ ਹੁਣ ਇਹ ਸ਼ਕਤੀ ਵੀ ਖਤਮ ਹੋ ਗਈ ਪਰ ਸਿੱਖਾਂ ਨੇ ਜਨਵਰੀ 1764 ਵਿਚ ਸਰਹੰਦ ਜਿੱਤ ਕੇ ਅਪ੍ਰੈਲ ਵਿਚ ਵਿਸਾਖੀ ਦਾ ਗੁਰਪੁਰਬ ਅੰਮ੍ਰਿਤਸਰ ਵਿਚ ਮਨਾਇਆ ਤੇ ਆਪਣੀ ਹੋਂਦ ਦਾ ਸਬੂਤ ਦਿੱਤਾ।
ਭਾਰਤੀ ਇਸਤਰੀਆਂ ਨੂੰ ਛੁਡਾਉਣਾ
ਸ: ਬਘੇਲ ਸਿੰਘ ਦੇ ਸਿੱਖ ਮਿਸਲਦਾਰਾਂ ਨਾਲ ਚੰਗੇ ਸਬੰਧ ਸਨ। ਕਿਸੇ ਸਾਂਝੇ ਖਤਰੇ ਵੇਲੇ ਇਹ ਸਿੱਖ ਸਰਦਾਰ ਇਕ ਹੋ ਜਾਇਆ ਕਰਦੇ ਸਨ। ਜਦੋਂ ਅਹਿਮਦ ਸ਼ਾਹ ਅਬਦਾਲੀ ਸਿਆਲਕੋਟ, ਪੰਜਾਬ ਤੇ ਹੋਰ ਇਲਾਕਿਆਂ ਵਿਚੋਂ ਸੈਂਕੜੇ ਇਸਤਰੀਆਂ ਨੂੰ ਬੰਦੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਸ: ਬਘੇਲ ਸਿੰਘ ਸ਼ੁਕਰਚਕੀਆ ਦੀਆਂ ਫ਼ੌਜਾਂ ਨੇ ਇਨ੍ਹਾਂ ਹਿੰਦੁਸਤਾਨੀ ਇਸਤਰੀਆਂ ਨੂੰ ਛੁਡਵਾ ਲਿਆ-ਅਬਦਾਲੀ ਹੈਰਾਨ ਸੀ ਕਿ ਉਸ ਦੀ ਤਾਕਤ ਅੱਗੇ ਮੁਗਲ ਤੇ ਮਰਾਠਾ ਸਰਦਾਰ ਗੋਡੇ ਟੇਕ ਚੁੱਕੇ ਸਨ ਇਹ ਮੁਠੀ ਭਰ ਸਿੱਖ ਉਸ ਨੂੰ ਪ੍ਰੇਸ਼ਾਨ ਕਰਕੇ ਹਿੰਦੁਸਤਾਨ ਤੇ ਉਸ ਦੇ ਰਾਜ ਕਰਨ 'ਤੇ ਅੜਿੱਕਾ ਪਾ ਰਹੇ ਹਨ। ਸ: ਬਘੇਲ ਸਿੰਘ ਨੇ ਕਈ ਇਲਾਕੇ ਜਿੱਤੇ ਤੇ ਬਹੁਤ ਸਾਰੇ ਰਾਜਿਆਂ ਨੂੰ ਈਨ ਮਨਾਈ ਤੇ ਨਜ਼ਰਾਨੇ ਲਏ ਪਰ ਅਸੀਂ ਕੇਵਲ ਦਿੱਲੀ ਸਬੰਧੀ ਪਾਠਕਾਂ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ।
ਦਿੱਲੀ ਉੱਪਰ ਹਮਲੇਂ1765 ਤੋਂ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ 'ਤੇ ਹਮਲੇ ਕੀਤੇ। ਸ: ਬਘੇਲ ਸਿੰਘ ਜੋ ਕਿ ਕਰੋੜ ਸਿੰਘੀਆਂ ਮਿਸਲ ਦਾ ਸਰਦਾਰ ਸੀ ਨੇ ਅਗਵਾਈ ਕੀਤੀ। ਪਹਿਲਾ ਹਮਲਾ 1774 ਨੂੰ ਜਨਵਰੀ ਵਿਚ ਕੀਤਾ। ਦੂਜਾ 15 ਜੁਲਾਈ 1774 ਈ: ਵਿਚ ਕੀਤਾਂਵਰਤਮਾਨ ਬੰਗਲਾ ਸਾਹਿਬ ਵਾਲੇ ਸਥਾਨ 'ਤੇ ਸਿੱਖਾਂ ਦੀ ਸ਼ਾਹੀ ਫੌਜਾਂ ਨਾਲ ਲੜਾਈ ਹੋਈ ਤੇ ਸਾਰੀ ਟੁਕੜੀ ਲਾਲ ਕਿਲ੍ਹੇ ਵਲ ਨੱਸ ਗਈ। ਸ: ਬਘੇਲ ਸਿੰਘ ਲਾਲ ਕਿਲ੍ਹੇ 'ਤੇ ਹਮਲੇ ਸਬੰਧੀ ਜਾਇਜ਼ਾ ਲੈਣਾ ਚਾਹੁੰਦਾ ਸੀ। ਦਿੱਲੀ ਦੇ ਆਸ-ਪਾਸ ਸਿੱਖਾਂ ਦੇ ਹਮਲੇ ਤੇ ਉਨ੍ਹਾਂ ਦੀਆ ਜਿੱਤਾਂ ਨੂੰ ਦੇਖ ਕੇ ਸ਼ਾਹ ਆਲਮ ਖਾਂ ਨੇ ਸਿੱਖਾਂ ਨਾਲ ਇਕ ਸੰਧੀ ਕਰ ਲਈ ਕਿ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ 'ਤੇ ਸਿੱਖਾਂ ਦਾ ਅਧਿਕਾਰ ਮੰਨ ਲਿਆ ਤੇ ਇਥੋਂ ਸਾਰੀ ਆਮਦਨੀ ਦਾ 8ਵਾਂ ਹਿੱਸਾ ਸਿੱਖਾਂ ਨੂੰ ਦੇਣਾ ਮੰਨਿਆ ਪਰ ਇਹ ਸੰਧੀ ਇਕ ਸਾਲ ਹੀ ਚੱਲੀ, ਜਿਸ ਕਾਰਨ ਸ: ਬਘੇਲ ਸਿੰਘ 40,000 ਸਿੱਖਾਂ ਦੀ ਫੌਜ ਲੈ ਕੇ 1783 ਨੂੰ ਦਿਲੀ ਵਿਚ ਪੁੱਜ ਗਿਆ। ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ, 500 ਦੀ ਇਕ ਟੁਕੜੀ ਮਜਨੂੰ ਟਿੱਲੇ ਵਾਲੀ ਥਾਂ 'ਤੇ ਭੇਜੀ, ਦੂਜੀ 500 ਦੀ ਟੁਕੜੀ ਅਜਮੇਰੀ ਗੇਟ ਵੱਲ ਭੇਜੀ ਤੇ 30,000 ਫੌਜਾਂ ਦੇ ਇਥੇ ਢੁਕਣ ਕਾਰਨ ਹੀ ਅੱਜ ਵੀ ਇਸ ਥਾਂ ਨੂੰ ਤੀਸ ਹਜ਼ਾਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਸ਼ਾਹ ਆਲਮ ਖ਼ਾਂ ਵੱਲੋਂ ਭੇਜੇ ਗਏ ਸਹਿਜ਼ਾਦਾ ਮਿਰਜ਼ਾ ਸ਼ਕੋਹ ਨੇ ਕਿਲ੍ਹਾ ਮਹਿਤਾਬਪੁਰ 'ਤੇ ਸਿੱਖਾਂ ਨੂੰ ਰੋਕਣ ਦੇ ਯਤਨ ਕੀਤੇ ਪਰ ਹਾਰ ਕੇ ਲਾਲ ਕਿਲ੍ਹੇ ਵਲ ਭੱਜ ਗਿਆ। ਸਿੱਖਾਂ ਨੇ ਲਾਲ ਕਿਲ੍ਹੇ ਵਲ ਰੁਖ ਕੀਤਾ ਤੇ ਖ਼ਬਰ ਮਿਲਣ 'ਤੇ ਸ਼ਾਹ ਅਲਮ ਕਿਲ੍ਹੇ ਦੇ ਅੰਦਰ ਲੁਕ ਗਿਆ। (ਚਲਦਾ)
-ਮੋਹਣ ਸਿੰਘ ਸਹਿਗਲ
15, ਗੁਰੂ ਗੋਬਿੰਦ ਸਿੰਘ ਨਗਰ, ਜਲੰਧਰ ਸੰਪਰਕ-98155-86515

ਗੁਰਮਤਿ ਸੰਗੀਤ ਦੇ ਧਨੀ

ਕੀਰਤਨੀਏ ਭਾਈ ਜੋਗਾ ਸਿੰਘ ਢਾਹਾਂ ਵਾਲੇ

ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ ਢਾਹਾਂ-ਕਲੇਰਾਂ ਗੁਰਮਤਿ ਸੰਗੀਤ ਦੇ ਧਨੀ ਕੀਰਤਨੀਏ ਹਨ। ਆਪਣੀ ਸੰਗੀਤ ਕਲਾ ਦੀ ਪ੍ਰਪੱਕਤਾ ਕਰਕੇ ਉਹ ਆਪਣੀ ਮਿਸਾਲ ਆਪ ਹਨ। ਇਸੇ ਕਰਕੇ ਪੰਥਕ ਹਲਕਿਆਂ ਵਿਚ ਆਪ ਟਕਸਾਲੀ ਕੀਰਤਨੀਏ ਵਜੋਂ ਸਿੱਖ ਸੰਗਤਾਂ ਦੇ ਮਨਾਂ 'ਚ ਵਸਦੇ ਹਨ। ਉਹ ਦੂਜੇ ਕੀਰਤਨੀਆਂ ਵਾਂਗ ਪ੍ਰਸਿੱਧ ਤਰਜ਼ਾਂ ਵਿਚ ਸ਼ਬਦ ਗਾਇਨ ਕਰਨ ਦੀ ਥਾਂ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਨ ਦੀ ਰਵਾਇਤ 'ਤੇ ਪਹਿਰਾ ਦਿੰਦੇ ਹਨ। ਵਿਸ਼ੇਸ਼ ਤੌਰ 'ਤੇ ਉਹ ਪੁਰਾਤਨ ਗੁਰਮਰਿਆਦਾ ਅਨੁਸਾਰ ਕੀਰਤਨ ਦੀ ਆਰੰਭਤਾ ਨਿਰਧਾਰਤ ਰਾਗ ਵਿਚ ਸ਼ਬਦ ਗਾਇਨ ਕਰਕੇ ਹੀ ਕਰਦੇ ਹਨ। ਨਿਮਰਤਾ ਭਰੀ ਮੁਸਕਾਨ ਨਾਲ ਦੂਜਿਆਂ ਨੂੰ ਆਪਣਾ ਬਣਾਉਣ ਵਾਲੇ ਭਾਈ ਸਾਹਿਬ ਭਾਈ ਜੋਗਾ ਸਿੰਘ ਦਾ ਜਨਮ ਗੁਰੂ-ਘਰ ਦੇ ਅਨਿਨ ਸੇਵਕ ਪ੍ਰਸਿੱਧ ਕੀਰਤਨੀਏ ਗਿਆਨੀ ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਦੀ ਕੁੱਖੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਇਬਰਾਹੀਮਪੁਰ (ਬਗਵਾਈਂ) ਵਿਖੇ 15 ਜੂਨ 1948 ਨੂੰ ਹੋਇਆ। ਗੁਰਮਤਿ ਸੰਗੀਤ ਨਾਲ ਰੂਹਾਨੀ ਲਗਾਓ ਅਤੇ ਗੁਰਸਿੱਖੀ ਜੀਵਨ ਆਪ ਨੂੰ ਵਿਰਾਸਤ ਵਿਚੋਂ ਪ੍ਰਾਪਤ ਹੋਇਆ।
ਸਕੂਲ ਦੇ ਦਿਨਾਂ ਤੋਂ ਹੀ ਆਪ ਗੁਰਮਤਿ ਸੰਗੀਤ ਦੀ ਸਿੱਖਿਆ ਨਾਲ ਜੁੜ ਗਏ। ਉਨ੍ਹਾਂ ਨੇ ਅਮਰ ਸੰਗੀਤ ਵਿਦਿਆਲਾ ਹੁਸ਼ਿਆਰਪੁਰ ਤੋਂ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ ਪਾਸੇ ਲਗਾਤਾਰ 10 ਵਰ੍ਹੇ ਗੁਰਮਤਿ ਸੰਗੀਤ ਦੀ ਸਿਖਲਾਈ ਲੈ ਕੇ ਆਪਣੇ-ਆਪ ਨੂੰ ਪ੍ਰਪੱਕ ਕੀਤਾ। ਇਸੇ ਤਰ੍ਹਾਂ ਗੁਰਮਤਿ ਵਿਚ ਪ੍ਰਪੱਕਤਾ ਨਾਲ ਵਿਦਵਤਾ ਹਾਸਲ ਕਰਨ ਲਈ ਆਪ ਨੇ ਗੁਰਮਤਿ ਵਿਚਾਰਧਾਰਾ ਦੇ ਨਾਮੀ ਵਿਦਵਾਨ ਗਿਆਨੀ ਧਰਮ ਸਿੰਘ ਰੁੜਕੀ ਖਾਸ ਵਾਲਿਆਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਸੰਥਿਆ ਅਰਥਾਂ ਸਮੇਤ ਗ੍ਰਹਿਣ ਕੀਤੀ। ਇਸ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਦਰਸ਼ਨ ਸਿੰਘ ਸੋਹਲ ਦੇ ਜਥੇ ਵਿਚ ਸ਼ਾਮਿਲ ਹੋ ਕੇ ਕੀਰਤਨ ਦੀਆਂ ਬਾਰੀਕੀਆਂ 'ਚ ਮੁਹਾਰਤ ਹਾਸਲ ਕੀਤੀ। ਇਸ ਦੇ ਨਾਲ ਹੀ ਗੁਰਬਾਣੀ ਕੰਠ ਕਰਨ ਲਈ ਅਨੇਕਾਂ ਸਹਿਜ ਪਾਠ ਅਤੇ ਸ੍ਰੀ ਅਖੰਡ ਪਾਠ ਆਪ ਵੱਲੋਂ ਕੀਤੇ ਗਏ। ਭਾਈ ਗੁਰਬਚਨ ਸਿੰਘ ਬੀਕਾ, ਭਾਈ ਦੀਦਾਰ ਸਿੰਘ ਨੰਗਲ ਖੁਰਦ, ਸਰੂਪ ਸਿੰਘ ਸਰੂਪ ਵਰਗੇ ਪ੍ਰਸਿੱਧ ਕੀਰਤਨੀਆਂ ਦੀ ਸੰਗਤ ਕਰਕੇ ਸਿੱਖ ਰਹੁ-ਰੀਤਾਂ ਅਤੇ ਗੁਰਮਤਿ ਸਿਧਾਂਤਾਂ ਨੂੰ ਡੂੰਘਾਈ ਨਾਲ ਧਾਰਨ ਕੀਤਾ।
ਸੰਨ 1974 ਤੋਂ ਲਗਾਤਾਰ ਆਪ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ-ਬੰਗਾ ਵਿਖੇ ਪੂਰੇ 21 ਵਰ੍ਹੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਸੰਨ 1994 ਤੋਂ ਉਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਆਕਾਸ਼ਬਾਣੀ ਅਤੇ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਵਿਚ ਉਹ ਆਪਣੀ ਮਧੁਰ ਕੀਰਤਨ ਸ਼ੈਲੀ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਭਾਈ ਸਾਹਿਬ ਦੀ ਇਕ ਹੋਰ ਪ੍ਰਾਪਤੀ ਉਨ੍ਹਾਂ ਦੁਆਰਾ ਹੋਰਨਾਂ ਕੀਰਤਨੀਏ ਸਿੰਘਾਂ ਨਾਲ ਸਾਂਝ ਪਾ ਕੇ ਗੁਰਮਤਿ ਪ੍ਰਚਾਰ ਰਾਗੀ ਸਭਾ ਦੁਆਬਾ (ਬੰਗਾ) ਦਾ ਗਠਨ ਕਰਨਾ ਹੈ। ਇਹ ਰਾਗੀ ਸਭਾ ਗੁਰਮਤਿ ਪ੍ਰਚਾਰ ਦੇ ਉੱਚੇ-ਸੁੱਚੇ ਮਿਸ਼ਨ ਨੂੰ ਲੈ ਕੇ ਚੱਲ ਰਹੀ ਹੈ ਅਤੇ ਇਸ ਮਕਸਦ ਨਾਲ ਅਨੇਕਾਂ ਸੇਵਾਵਾਂ ਨਿਭਾਅ ਰਹੀ ਹੈ। ਉਹ ਅਨੇਕਾਂ ਥਾਵਾਂ 'ਤੇ ਬੱਚਿਆਂ ਨੂੰ ਕੀਰਤਨ ਅਤੇ ਗੁਰਬਾਣੀ ਦੀ ਸੰਥਿਆ ਦੇਣ ਦੀ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ। ਆਪ ਦੀ ਸ਼ਾਦੀ ਅਲਾਚੌਰ (ਸ਼: ਭ: ਸ: ਨਗਰ) ਪਿੰਡ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਨਾਲ ਹੋਈ। ਆਪ ਦੇ ਦੋ ਆਗਿਆਕਾਰੀ ਬੇਟੇ ਅਤੇ ਇਕ ਬੇਟੀ ਹੈ। ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਉਮਰ ਅਤੇ ਸਿਹਤਯਾਬੀ ਬਖਸ਼ੇ, ਤਾਂ ਜੋ ਉਹ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ-ਰਾਤ ਇਕ ਕਰਕੇ ਡਟੇ ਰਹਿਣ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾ: 98146-81444

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲੇ

ਨਿਸ਼ਕਾਮ ਕੀਰਤਨੀਏ ਅਤੇ ਉੱਘੇ ਸਮਾਜ ਸੇਵਕ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਜਿੱਥੇ ਕੀਰਤਨ ਅਤੇ ਵਿਚਾਰਾਂ ਰਾਹੀਂ ਲੱਖਾਂ ਭੁੱਲੇ-ਭਟਕੇ ਜੀਵਾਂ ਨੂੰ ਗੁਰੂ ਦੀ ਮੱਤ ਨਾਲ ਜੋੜ ਗੁਰਸਿੱਖੀ ਦੀ ਮੁੱਖ ਧਾਰਾ ਵਿਚ ਲਿਆਂਦਾ, ਉੱਥੇ ਵੱਖ-ਵੱਖ ਸ਼ਹਿਰਾਂ ਵਿਚ ਨਿਸ਼ਕਾਮ ਕੀਰਤਨੀ ਜਥੇ, ਗੁਰਸ਼ਬਦ ਪ੍ਰਚਾਰ ਸਭਾਵਾਂ, ਅੰਮ੍ਰਿਤ ਸੰਚਾਰ ਦੇ ਜਥੇ, ਅੰਮ੍ਰਿਤ ਵੇਲੇ ਨਾਮ ਸਿਮਰਨ ਦੀ ਲੜੀ, ਹਫਤਾਵਾਰੀ ਕੀਰਤਨ ਸਮਾਗਮਾਂ ਦੇ ਨਿਵੇਕਲੇ ਉਪਰਾਲਿਆਂ ਰਾਹੀਂ ਗੁਰਸਿੱਖ ਸੰਗਤਾਂ ਨੂੰ ਹਮੇਸ਼ਾ ਲਈ ਗੁਰੂ ਚਰਨਾਂ ਨਾਲ ਜੁੜੇ ਰਹਿਣ ਦੀ ਜਾਚ ਵੀ ਸਿਖਾਈ। ਲੋਕਾਈ ਨੂੰ ਗੁਰਸ਼ਬਦ ਦਾ ਪ੍ਰਕਾਸ਼ ਵੰਡਣ ਲਈ ਉਨ੍ਹਾਂ ਸਾਲ 1983 ਵਿਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਦੀ ਸਥਾਪਨਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਨਜ਼ਦੀਕ ਪਿੰਡ ਸੋਹਾਣਾ ਵਿਖੇ ਕੀਤੀ। ਉਨ੍ਹਾਂ ਨੇ ਅਪ੍ਰੈਲ 1993 ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਸੋਹਾਣਾ ਦੀ ਸਥਾਪਨਾ ਕੀਤੀ। ਇਕ ਛੋਟੀ ਜਿਹੀ ਡਿਸਪੈਂਸਰੀ ਤੋਂ ਸ਼ੁਰੂ ਹੋ ਕੇ ਇਕ ਬਹੁਤ ਵੱਡੇ ਅਦਾਰੇ ਵਿਚ ਤਬਦੀਲ ਹੋਇਆ ਇਹ ਹਸਪਤਾਲ ਜਿੱਥੇ ਅੱਖਾਂ ਦੇ ਖੇਤਰ ਵਿਚ ਵਿਸ਼ਵ ਭਰ ਵਿਚ ਨਾਮਣਾ ਖੱਟ ਚੁੱਕਾ ਹੈ, ਉਥੇ ਮਲਟੀਸਪੈਸ਼ਲਿਟੀ ਵਿੰਗ ਰਾਹੀਂ ਸੰਸਾਰ ਪੱਧਰੀ ਅਤਿ ਆਧੁਨਿਕ ਉੱਚ-ਤਕਨੀਕੀ ਮਸ਼ੀਨਰੀ ਅਤੇ ਬੇਹੱਦ ਤਜਰਬੇਕਾਰ ਡਾਕਟਰਾਂ ਦੁਆਰਾ ਹਰ ਗਰੀਬ-ਅਮੀਰ ਲੋੜਵੰਦ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸੇ ਤਹਿਤ ਹੀ ਸੰਨ 2006 ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਾਲਜ ਆਫ ਨਰਸਿੰਗ ਦੀ ਸਥਾਪਨਾ ਵੀ ਕੀਤੀ ਗਈ।
ਆਪਣੇ ਜੀਵਨ ਦੇ ਅਖੀਰਲੇ ਪੜਾਅ ਵਿਚ ਭਾਈ ਜਸਬੀਰ ਸਿੰਘ ਖਾਲਸਾ ਨੇ ਸਰੀਰਕ ਤੌਰ 'ਤੇ ਤੰਦਰੁਸਤ ਨਾ ਹੋਣ ਦੇ ਬਾਵਜੂਦ ਆਪਣੇ ਆਖਰੀ ਸੁਆਸਾਂ ਤੱਕ ਸੇਵਾ-ਸਿਮਰਨ ਦੀ ਇਹ ਲਹਿਰ ਜਾਰੀ ਰੱਖੀ। ਆਪ ਦੀ ਇਸ ਬੇਜੋੜ ਅਤੇ ਅਣਥੱਕ ਸੇਵਾ ਸਦਕਾ ਸਮੁੱਚੀ ਕੌਮ ਵੱਲੋਂ ਆਪਣੇ ਇਸ ਅਨਮੋਲ ਲਾਲ ਨੂੰ 'ਪੰਥ ਰਤਨ 'ਦੀ ਉਪਾਧੀ ਨਾਲ ਸਨਮਾਨਿਆ ਗਿਆ। ਆਪਣੇ ਜੀਵਨ ਕਾਲ ਦੌਰਾਨ ਹੀ ਸਾਰੀ ਜ਼ਿੰਮੇਵਾਰੀ ਆਪਣੇ ਨਜ਼ਦੀਕੀ ਸਾਥੀ ਅਤੇ ਕਈ ਸਾਲਾਂ ਤੋਂ ਅਣਥੱਕ ਸੇਵਾ ਨਿਭਾਅ ਰਹੇ ਭਾਈ ਦਵਿੰਦਰ ਸਿੰਘ ਖਾਲਸਾ ਨੂੰ ਸੰਗਤਾਂ ਦੇ ਬਹੁਤ ਵੱਡੇ ਇਕੱਠ ਵਿਚ ਦਸਤਾਰ ਦੇ ਕੇ ਸੌਂਪ ਦਿੱਤੀ, ਜੋ ਕਿ ਭਾਈ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਉਸੇ ਲਗਨ ਅਤੇ ਮਿਹਨਤ ਨਾਲ ਪੂਰੀ ਚੜ੍ਹਦੀ ਕਲਾ ਵਿਚ ਨਿਭਾਅ ਰਹੇ ਹਨ। ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਵੱਲੋਂ ਸੋਹਾਣਾ ਤੋਂ ਇਲਾਵਾ ਰੋਪੜ, ਸ੍ਰੀ ਫਤਹਿਗੜ੍ਹ ਸਾਹਿਬ, ਖੰਨਾ ਅਤੇ ਹੁਣ ਲੁਧਿਆਣਾ ਵਿਖੇ ਵੀ ਮਨੁੱਖਤਾ ਦੇ ਭਲੇ ਲਈ ਹਸਪਤਾਲਾਂ ਦੀ ਸਥਾਪਨਾ ਕੀਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਵੱਲੋਂ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਅੰਦਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਨਜ਼ਦੀਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 24 ਤੋਂ 27 ਮਾਰਚ ਰਾਤ ਤੱਕ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਸਹਿਤ ਮਨਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ, ਪੰਥ ਦੇ ਪ੍ਰਮੁੱਖ ਕੀਰਤਨੀ ਜਥੇ, ਮਹਾਂਪੁਰਖ, ਵਿਦਵਾਨ ਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
-ਨਰਿੰਦਰ ਸਿੰਘ ਝਾਮਪੁਰ,
ਐੱਸ. ਏ. ਐੱਸ ਨਗਰ। ਮੋਬਾ: 98157-07865

ਧਾਰਮਿਕ ਸਾਹਿਤ

ਸ੍ਰੀ ਅਨੰਦਪੁਰ ਸਾਹਿਬ

ਲੇਖਕ : ਡਾ: ਨਵਰਤਨ ਕਪੂਰ
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ।
ਕੀਮਤ : ਅੰਕਿਤ ਨਹੀਂ, ਸਫੇ : 90

ਭਾਸ਼ਾ ਵਿਭਾਗ ਵੱਲੋਂ 'ਸਾਡੇ ਧਾਰਮਿਕ ਸਥਾਨ' ਅਧੀਨ ਲੜੀਵਾਰ ਪੁਸਤਕਾਂ ਵਿਚੋਂ ਇਹ ਪੁਸਤਕ ਇਕ ਨਿਵੇਕਲਾ ਯਤਨ ਹੈ। ਸਿੱਖ ਜਗਤ ਵੱਲੋਂ 2015 ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੀ ਚੌਥੀ ਅਰਧ-ਸ਼ਤਾਬਦੀ ਦੇ ਸਮਾਗਮਾਂ ਨੂੰ ਇਹ ਪੁਸਤਕ ਸਮਰਪਿਤ ਕੀਤੀ ਗਈ ਹੈ।
ਇਸ ਪੁਸਤਕ ਨੂੰ ਲੇਖਕ ਨੇ ਵੱਖ-ਵੱਖ ਅੱਠ ਭਾਗਾਂ ਵਿਚ ਵੰਡ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਵਾਉਣ ਦਾ ਯਤਨ ਕੀਤਾ ਹੈ। ਇਨ੍ਹਾਂ ਵੱਖ-ਵੱਖ ਭਾਗਾਂ ਵਿਚ ਗੁਰੂ ਸਾਹਿਬਾਨ ਦੇ ਵਸਾਏ ਅਤੇ ਵਰੋਸਾਏ ਨਗਰ ਸ੍ਰੀ ਅਨੰਦਪੁਰ ਸਾਹਿਬ ਦੀ ਨਾਮਾਂਵਲੀ ਅਤੇ ਕੁਦਰਤੀ ਸ਼ੋਭਾ, ਖਾਲਸੇ ਦਾ ਸਾਜਨ ਅਸਥਾਨ ਅਤੇ ਪਵਿੱਤਰ ਗੁਰਧਾਮ, ਜੋੜ ਮੇਲੇ, ਪ੍ਰਕਾਸ਼ ਉਤਸਵ, ਕੀਰਤਨ ਅਤੇ ਕਵੀ ਦਰਬਾਰ, ਦੀਵਾਨ ਤੇ ਲੰਗਰ, ਸੂਰਮਿਆਂ ਦੀ ਧਰਤੀ, ਨਗਰ ਦਾ ਨਵਾਂ ਰੂਪ ਅਤੇ ਅੰਤ ਵਿਚ ਪੁਸਤਕ ਦੀ ਰਚਨਾ ਸਮੇਂ ਸਹਾਇਕ ਹਵਾਲਾ ਗ੍ਰੰਥਾਂ ਦੀ ਸੂਚੀ ਵੀ ਦਿੱਤੀ ਗਈ ਹੈ।
ਪੁਸਤਕ ਵਿਚ ਸ਼ਾਮਿਲ ਹਰ ਲੇਖ ਸਖ਼ਤ ਮਿਹਨਤ ਅਤੇ ਹਵਾਲਾ ਪੁਸਤਕਾਂ ਵਿਚੋਂ ਲਏ ਪ੍ਰਮਾਣਾਂ 'ਤੇ ਆਧਾਰਿਤ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਚੱਕ ਨਾਨਕੀ ਦੇ ਨਾਂਅ 'ਤੇ ਵਸਾਇਆ, ਜੋ ਬਾਅਦ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਲੇਖਕ ਨੇ ਮੌਜੂਦਾ ਸਮੇਂ ਸੰਗਤ ਦੇ ਦਰਸ਼ਨਾਂ ਲਈ ਬਣੇ ਖਾਲਸਾ ਹੈਰੀਟੇਜ ਪਾਰਕ ਤੋਂ ਇਲਾਵਾ ਅਨੇਕਾਂ ਹੋਰ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਹੈ, ਜੋ ਨਿਕਟ ਭਵਿੱਖ ਵਿਚ ਮੂਰਤੀਮਾਨ ਹੋਣਗੀਆਂ। ਪੁਸਤਕ ਲਈ ਰਾਇ ਅਤੇ ਸੁਝਾਅ ਦੇਣ ਲਈ ਪ੍ਰਿੰ: ਸੁਰਿੰਦਰ ਸਿੰਘ ਮਿਸ਼ਨਰੀ ਨੇ ਆਪਣੇ ਫਰਜ਼ ਨੂੰ ਪਛਾਣਿਆ ਹੈ। ਜੇਕਰ ਪੁਸਤਕ ਨੂੰ ਇਤਿਹਾਸਕ ਅਸਥਾਨਾਂ ਦੇ ਬਹੁਰੰਗੇ ਸੁਚੱਤਰਾਂ ਨਾਲ ਸਜਾਇਆ ਜਾਂਦਾ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਣੀ ਸੀ।
-ਭਗਵਾਨ ਸਿੰਘ ਜੌਹਲ
ਮੋਬਾ: 98143-24040

ਕਰਮ-ਕਾਂਡਾਂ 'ਚ ਫਸਿਆ ਸਾਡਾ ਸਮਾਜ


ਅਜੋਕੇ ਸਮੇਂ ਵਿਚ ਸਾਡੇ ਸਿੱਖ ਭਾਈਚਾਰੇ ਦੇ ਲੋਕ ਸਿੱਖੀ ਸਿਧਾਂਤਾਂ, ਗੁਰੂਆਂ ਦੇ ਉਪਦੇਸ਼ਾਂ, ਸਿੱਖਿਆਵਾਂ ਅਤੇ ਸਿੱਖ ਧਰਮ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਜਾ ਰਹੇ ਹਨ। ਖਾਸ ਕਰਕੇ ਇਹ ਗੱਲ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਹੈ। ਸਿੱਖ ਪਰਿਵਾਰਾਂ ਵਿਚ ਲਗਾਤਾਰ ਵਹਿਮਾਂ-ਭਰਮਾਂ ਦਾ ਪ੍ਰਸਾਰ ਹੋ ਰਿਹਾ ਹੈ। ਇਹ ਠੀਕ ਹੈ ਕਿ 21ਵੀਂ ਸਦੀ ਦੇ ਵਿਗਿਆਨਕ ਅਤੇ ਵਿੱਦਿਅਕ ਦੌਰ ਵਿਚ ਸਿੱਖ ਲੋਕ ਆਧੁਨਿਕਤਾ ਵੱਲ ਵਧ ਰਹੇ ਹਨ, ਪਰ ਕਿਹੜੀ ਆਧੁਨਿਕਤਾ ਵੱਲ, ਜਦਕਿ ਉਨ੍ਹਾਂ ਦੇ ਮਨਾਂ ਵਿਚ ਫ਼ਜ਼ੂਲ ਦੇ ਵਹਿਮਾਂ-ਭਰਮਾਂ ਦਾ ਹਨੇਰ ਤਾਂ ਲਗਾਤਾਰ ਗੂੜ੍ਹਾ ਹੋ ਰਿਹਾ ਹੈ। ਪੰਜਾਬ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਹੀ ਗੁਰੂਆਂ ਨੇ ਸਮਾਜ ਵਿਚ ਵਹਿਮਾਂ-ਭਰਮਾਂ ਦੇ ਕੂੜ ਨੂੰ ਨਕਾਰਿਆ ਹੈ ਅਤੇ ਇਕ ਅਕਾਲ ਪੁਰਖ ਦੀ ਉਸਤਤ ਕਰਨ ਅਤੇ ਉਸ ਨਾਲ ਜੁੜਨ ਦਾ ਆਦੇਸ਼ ਦਿੱਤਾ। ਪਰ ਅਸੀਂ ਗੁਰਬਾਣੀ ਦੇ ਡੂੰਘੇ ਅਰਥਾਂ ਨਾਲ ਪ੍ਰੀਤ ਪਾਉਣ ਦੀ ਬਜਾਏ ਦਿਨੋ-ਦਿਨ ਆਪਣੇ-ਆਪ ਨੂੰ ਵਹਿਮਾਂ-ਭਰਮਾਂ ਵਿਚ ਗ੍ਰਸਤ ਕਰ ਰਹੇ ਹਾਂ। ਸਿੱਖ ਸਮਾਜ ਵਿਚ ਰੋਜ਼ਾਨਾ ਦੇ ਕੰਮ-ਕਾਰ ਕਰਨ ਸਮੇਂ ਗੁਰੂਆਂ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਦੀ ਪਾਲਣਾ ਕਰਨੀ ਬਹੁਤ ਸੌਖੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦਿੰਦੇ ਹਨ ਕਿ ਜਦੋਂ ਕੋਈ ਸਿੱਖ ਘਰ ਤੋਂ ਬਾਹਰ ਜਾਣ ਲੱਗੇ ਜਾਂ ਕੋਈ ਕਾਰਜ ਕਰਨਾ ਆਰੰਭ ਕਰੇ ਤਾਂ ਗੁਰਬਾਣੀ ਦਾ ਆਸਰਾ ਲਵੇ ਤੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰੇ ਤਾਂ ਸਾਰੇ ਕਾਰਜ ਸਫ਼ਲ ਹੋ ਜਾਣਗੇ। ਪਰ ਅਸੀਂ ਆਪਣੇ-ਆਪ ਨੂੰ ਵਹਿਮਾਂ-ਭਰਮਾਂ ਵਿਚ ਏਨਾ ਗ੍ਰਸਤ ਕਰ ਲਿਆ ਹੈ ਕਿ ਜਿਨ੍ਹਾਂ ਗੁਰੂਆਂ ਨੇ ਸਾਨੂੰ ਇਨ੍ਹਾਂ ਨੂੰ ਛੱਡਣ ਲਈ ਕਿਹਾ, ਉਨ੍ਹਾਂ ਦੇ ਹੀ ਗੁਰਦੁਆਰਿਆਂ ਵਿਚ ਅਸੀਂ ਜਾਣ ਲੱਗੇ ਸੋਚਦੇ ਹਾਂ ਕਿ ਕਿਤੇ ਸਾਡਾ ਜਾਂ ਸਾਡੀ ਗੱਡੀ ਆਦਿ ਦਾ ਬਿੱਲੀ ਰਸਤਾ ਨਾ ਕੱਟ ਜਾਵੇ, ਕਿਤੇ ਕੋਈ ਵਿਅਕਤੀ ਨਿੱਛ ਹੀ ਨਾ ਮਾਰ ਦੇਵੇ ਆਦਿ, ਜੇਕਰ ਏਦਾਂ ਹੋ ਗਿਆ ਤਾਂ ਸਾਡਾ ਨੁਕਸਾਨ ਹੋ ਜਾਵੇਗਾ।
ਕਿਧਰ ਨੂੰ ਜਾ ਰਹੀ ਹੈ ਸਾਡੀ ਮਾਨਸਿਕਤਾ? ਵਹਿਮਾਂ-ਭਰਮਾਂ ਵੱਲ ਵਧਦੀ ਮਾਨਸਿਕਤਾ ਨੇ ਤਾਂ ਜੀਵ-ਜੰਤੂਆਂ ਨੂੰ ਵੀ ਨਹੀਂ ਬਖਸ਼ਿਆ, ਉਨ੍ਹਾਂ ਦਾ ਨਾਂਅ ਵੀ ਸ਼ਗਨਾਂ-ਅਪਸ਼ਗਨਾਂ ਨਾਲ ਜੋੜ ਦਿੱਤਾ ਹੈ। ਜਿਵੇਂ ਬਿੱਲੀ ਦਾ ਰਸਤਾ ਕੱਟਣਾ, ਉੱਲੂ ਦਾ ਬੋਲਣਾ, ਕਿਸੇ ਕੰਮ ਨੂੰ ਜਾਣ ਲੱਗੇ ਜਾਂ ਸਲਾਹ ਕਰਨ ਲੱਗੇ ਕੁੱਤੇ ਦਾ ਕੰਨ ਮਾਰਨਾ ਆਦਿ। ਕੀ ਹੁਣ ਸਾਨੂੰ ਬਿੱਲੀਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਤੁਹਾਡਾ ਸਾਡੇ ਰਸਤੇ ਨੂੰ ਕੱਟਣਾ, ਸਾਡੇ ਲਈ ਮਾੜਾ ਹੈ, ਸਾਡਾ ਕੰਮ ਸਿਰੇ ਨਹੀਂ ਚੜ੍ਹਦਾ, ਇਸ ਕਰਕੇ ਤੁਸੀਂ ਆਲੇ-ਦੁਆਲੇ ਦੇਖ ਕੇ ਸੋਚ-ਸਮਝ ਕੇ ਤੁਰਿਆ ਕਰੋ। ਕਾਸ਼! ਜੇਕਰ ਪਰਮਾਤਮਾ ਨੇ ਇਨ੍ਹਾਂ ਦੀ ਬੋਲੀ ਸਮਝਣ ਦੀ ਇਨਸਾਨਾਂ ਨੂੰ ਸਮਰੱਥਾ ਦਿੱਤੀ ਹੁੰਦੀ ਤਾਂ ਇਹ ਵੀ ਕਹਿ ਸਕਦੀਆਂ ਕਿ ਤੁਹਾਡਾ ਵੀ ਸਾਡੇ ਕੋਲੋਂ ਲੰਘਣ ਨਾਲ ਸਾਡਾ ਵੀ ਦਿਨ ਖਰਾਬ ਹੋ ਜਾਂਦਾ ਹੈ। ਵਹਿਮਾਂ-ਭਰਮਾਂ ਵਿਚ ਗ੍ਰਸਤ ਹੋਈ ਮਨੁੱਖੀ ਮਾਨਸਿਕਤਾ ਲਈ ਗੁਰੂ ਅਰਜਨ ਦੇਵ ਜੀ ਫ਼ਰਮਾਉਦੇ ਹਨ
ਜਬ ਆਪਨ ਆਪੁ ਆਪਿ ਉਰਿਧਾਰੈ
ਤਉ ਸਗਨ ਅਪਸਗਨ ਕਹਾ ਬੀਚਾਰੈ॥ (ਅੰਗ 291)
ਸਾਡੇ ਲੋਕਾਂ ਵਿਚ ਵਹਿਮਾਂ-ਭਰਮਾਂ ਦਾ ਅੰਤ ਨਹੀਂ ਹੋ ਰਿਹਾ ਹੈ। ਅੱਜਕਲ੍ਹ ਸਿੱਖ ਬੀਬੀਆਂ ਵਿਚ ਇਕ ਹੋਰ ਵਹਿਮ-ਭਰਮ ਬਹੁਤ ਪ੍ਰਚਲਿਤ ਹੋ ਰਿਹਾ ਹੈ। ਉਹ ਹੈ ਵਰਤ ਰੱਖਣਾ, ਜੋ ਕਿ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਦੁਆ ਕਰਨ ਲਈ ਰੱਖਦੀਆਂ ਹਨ। ਕੀ ਵਰਤ ਰੱਖਣ ਨਾਲ ਉਮਰ ਵਧਦੀ ਹੈ? ਇਹ ਤਾਂ ਪਰਮਾਤਮਾ ਦੁਆਰਾ ਬਖ਼ਸ਼ੀ ਸਾਹਾਂ ਦੀ ਲੜੀ ਹੈ, ਜਿਸ ਦਿਨ ਤੰਦ ਟੁੱਟ ਗਈ, ਸਵਾਸ ਮੁੱਕ ਗਏ ਤਾਂ ਮੌਤ ਆ ਜਾਂਦੀ ਹੈ। ਹਾਂ, ਏਨਾ ਜ਼ਰੂਰ ਹੈ ਕਿ ਡਾਕਟਰੀ ਤੌਰ 'ਤੇ ਹਫ਼ਤੇ ਵਿਚ ਇਕ ਵਾਰ ਵਰਤ ਰੱਖਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਸ ਵਹਿਮ ਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਪਾਖੰਡ ਕਹਿ ਕੇ ਇਸ ਤਰ੍ਹਾਂ ਨਕਾਰਿਆ ਹੈ
ਛੋਡਹਿ ਅੰਨੁ ਕਰਹਿ ਪਾਖੰਡ॥
ਨਾ ਸੋਹਾਗਨਿ ਨਾ ਓਹਿ ਰੰਡ॥ (ਅੰਗ 873)
ਗੁਰੂ ਗੋਬਿਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਅੰਮ੍ਰਿਤ ਛਕਣ ਵਾਲੇ ਹਰ ਸਿੱਖ ਲਈ ਪੰਜ ਕਕਾਰ ਕੰਘਾ, ਕੜਾ, ਕਛਹਿਰਾ, ਕਿਰਪਾਨ ਅਤੇ ਕੇਸ ਰੱਖਣੇ ਲਾਜ਼ਮੀ ਕੀਤੇ। ਪਰ ਚੰਗੇ ਮਾੜੇ ਦਿਨਾਂ, ਰਾਸ਼ੀਫਲਾਂ, ਕਿਸੇ ਵੀ ਕਾਰਜ ਨੂੰ ਸਿੱਧ ਕਰਨ ਲਈ ਮੁੰਦਰੀਆਂ, ਨਗ ਪੰਡਤਾਂ ਤੋਂ ਆਮ ਲਏ ਦੇਖੇ ਜਾ ਸਕਦੇ ਹਨ। ਹੈਰਾਨੀ ਉਦੋਂ ਹੋਰ ਵਧ ਜਾਂਦੀ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਸਿੱਖ ਦੇ ਗੁੱਟ ਵਿਚ ਗੁਰੂ ਮਹਾਰਾਜ ਦੀ ਨਿਸ਼ਾਨੀ ਕੜਾ ਪਾਇਆ ਹੁੰਦਾ ਹੈ, ਉਸੇ ਹੀ ਹੱਥ ਵਿਚ ਪੰਡਤਾਂ, ਬਾਬਿਆਂ ਆਦਿ ਵੱਲੋਂ ਦਿੱਤੀਆਂ ਮੁੰਦਰਾਂ ਪਹਿਨੀਆਂ ਹੁੰਦੀਆਂ ਹਨ, ਤਾਂ ਕਿ ਉਹ ਆਪਣੇ ਹਰੇਕ ਕਾਰਜ ਵਿਚ ਸਫਲ ਹੋ ਸਕੇ। ਅਸਲ ਵਿਚ ਅਸੀਂ ਗੁਰਬਾਣੀ ਪੜ੍ਹਦੇ ਤਾਂ ਹਾਂ, ਪਰ ਵਿਚਾਰਦੇ ਨਹੀਂ ਹਾਂ। ਗੁਰਬਾਣੀ ਤਾਂ ਕਹਿੰਦੀ ਹੈ ਕਿ ਜੇ ਕੋਈ ਵਿਅਕਤੀ ਜੀਵਨ ਵਿਚ ਸੱਚੀ ਕਿਰਤ, ਸੱਚੀ ਲਿਵ, ਸੱਚਾ ਸਿਮਰਨ ਅਤੇ ਸੱਚੇ ਪਰਮਾਤਮਾ ਦੀ ਮਿਹਰ ਵਿਚ ਵਿਸ਼ਵਾਸ ਰੱਖਦਾ ਹੈ, ਤਾਂ ਉਸ ਦੇ ਲਈ ਹਰ ਘੜੀ, ਹਰ ਪਲ, ਹਰ ਦਿਨ, ਹਰ ਤਿਥ, ਹਰ ਵਾਰ, ਹਰ ਮਹੀਨਾ ਸ਼ਗਨਾਂ ਭਰਪੂਰ ਹੁੰਦਾ ਹੈ। ਜਿਵੇਂ ਗੁਰਬਾਣੀ ਫ਼ਰਮਾਨ ਕਰਦੀ ਹੈ-
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ
ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥
ਬੜੀ ਅਜੀਬ ਗੱਲ ਹੈ ਕਿ ਹਰ ਇਕ ਵਿਅਕਤੀ ਵਹਿਮਾਂ-ਭਰਮਾਂ 'ਤੇ ਬੜੀ ਹੀ ਅਸਾਨੀ ਨਾਲ ਯਕੀਨ ਕਰ ਲੈਂਦਾ ਹੈ, ਜਦਕਿ ਇਹ ਉਸ ਨੂੰ ਝੂਠੀ ਤਸੱਲੀ ਅਤੇ ਆਸਰਾ ਦਿੰਦੇ ਹਨ। ਮਨੁੱਖ ਦੇ ਜੀਵਨ ਦੇ ਹਰ ਪੜਾਅ, ਹਰ ਅੰਗ ਅਤੇ ਹਰ ਸਮੇਂ ਨਾਲ ਕੋਈ ਨਾ ਕੋਈ ਵਹਿਮ ਜੁੜਿਆ ਹੋਇਆ ਮਿਲਦਾ ਹੈ। ਇਹ ਵਹਿਮ-ਭਰਮ ਸਾਡੇ ਜੀਵਨ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਡਾ ਕੋਈ ਵੀ ਕੰਮਕਾਰ ਇਨ੍ਹਾਂ ਤੋਂ ਬਿਨਾਂ ਨਹੀਂ ਹੁੰਦਾ। ਇਨ੍ਹਾਂ ਵਹਿਮਾਂ ਪਿੱਛੇ ਕਾਰਜਸ਼ੀਲ ਕੋਈ ਤਰਕ ਨਜ਼ਰ ਨਹੀਂ ਆਉਂਦਾ, ਕਿਉਂਕਿ ਇਨ੍ਹਾਂ ਦਾ ਸਬੰਧ ਲੋਕ ਮਾਨਸਿਕਤਾ ਨਾਲ ਹੈ। ਮਾਨਸਿਕ ਤੌਰ 'ਤੇ ਡਰ ਦੇ ਸ਼ਿਕਾਰ ਵਿਅਕਤੀ ਅੰਦਰ ਤਾਂ ਵਹਿਮ- ਭਰਮ ਦਾ ਵਾਸਾ ਵਧੇਰੇ ਹੁੰਦਾ ਹੈ, ਉਹ ਇਸ ਤੋਂ ਮੁਕਤ ਨਹੀਂ ਹੋ ਸਕਦਾ। ਜੇਕਰ ਸਾਨੂੰ ਵਹਿਮਾਂ-ਭਰਮਾਂ ਵਿਚ ਪੈਣ ਦਾ ਕਾਰਨ ਪਤਾ ਲੱਗ ਜਾਵੇ ਤਾਂ ਅਸੀਂ ਇਨ੍ਹਾਂ ਤੋਂ ਆਜ਼ਾਦ ਹੋ ਸਕਦੇ ਹਾਂ। ਅੱਜ ਦਾ ਮਨੁੱਖ ਗਿਆਨ ਤੇ ਵਹਿਮ-ਭਰਮ ਦੋਹਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ, ਇਸ ਕਰਕੇ ਉਸ ਦੇ ਮਨ ਉੱਤੇ ਬੋਝ ਵਧਦਾ ਹੈ। ਜੇਕਰ ਉਸ ਕੋਲ ਗਿਆਨ ਹੈ ਤਾਂ ਇਨ੍ਹਾਂ ਵਹਿਮਾਂ-ਭਰਮਾਂ ਨੂੰ ਮੰਨਣ ਦੀ ਲੋੜ ਨਹੀਂ ਅਤੇ ਜੇਕਰ ਉਹ ਵਹਿਮ-ਭਰਮਾਂ ਵਿਚ ਹੈ ਤਾਂ ਇਨ੍ਹਾਂ ਨੂੰ ਤਰਕ, ਗਿਆਨ ਨਾਲ ਦੂਰ ਕੀਤਾ ਜਾ ਸਕਦਾ ਹੈ। ਇਹ ਤਾਂ ਸੱਚ ਹੈ ਕਿ ਅਸੀਂ ਵਹਿਮ-ਭਰਮ ਨਹੀਂ ਬਣਾਏ, ਇਹ ਸਦੀਆਂ ਤੋਂ ਚਲੇ ਆ ਰਹੇ ਹਨ ਅਤੇ ਇਨ੍ਹਾਂ ਦਾ ਸਮਾਜ ਦੀ ਤਰੱਕੀ ਵਿਚ ਕੋਈ ਯੋਗਦਾਨ ਨਹੀਂ। ਫ਼ਿਰ ਸੋਚਣ ਦੀ ਲੋੜ ਹੈ ਕਿ ਜੇਕਰ ਅਸੀਂ ਬਣਾਏ ਨਹੀਂ ਤਾਂ ਮੰਨੀਏ ਕਿਉਂ? ਸਗੋਂ ਯਤਨ ਕਰੀਏ ਕਿ ਕਿੰਜ ਮਨੁੱਖਤਾ ਨੂੰ ਜਾਗਰੂਕ ਕਰਕੇ ਇਨ੍ਹਾਂ ਦੇ ਹਨ੍ਹੇਰ ਤੋਂ ਬਚਾਇਆ ਜਾ ਸਕੇ। ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਜੇ ਅਸੀਂ ਕਿਸੇ ਵੀ ਕੰਮ ਨੂੰ ਪੂਰੀ ਲਗਨ, ਮਿਹਨਤ, ਵਿਸ਼ਵਾਸ ਨਾਲ ਸ਼ੁਰੂ ਕਰੀਏ ਤਾਂ ਕਾਰਜ ਆਪ ਹੀ ਸਫਲ ਹੋ ਜਾਵੇਗਾ। ਫਿਰ ਅਸੀਂ ਆਪਣਾ ਇੰਨਾ ਕੀਮਤੀ ਸਮਾਂ ਇਨ੍ਹਾਂ ਫ਼ਜ਼ੂਲ ਦੇ ਵਹਿਮਾਂ-ਭਰਮਾਂ ਨੂੰ ਮੰਨਣ ਅਤੇ ਇਨ੍ਹਾਂ ਦੇ ਉਪਾਅ ਕਰਨ ਵਿਚ ਵਿਅਰਥ ਕਿਉਂ ਕਰੀਏ?

-ਪਿੰਡ ਹੋਲਾਂਵਾਲੀ, ਤਹਿ: ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ। ਮੋਬਾ: 87288-76739

ਜ਼ਾਂਬੀਆ ਦੇ ਗੁਰੂ-ਘਰ


ਜ਼ਾਂਬੀਆ : ਇਹ ਦੱਖਣੀ ਅਫਰੀਕੀ ਦੇਸ਼ ਹੈ, ਜੋ ਸਾਰੇ ਪਾਸਿਆਂ ਤੋਂ ਧਰਤੀ ਨਾਲ ਘਿਰਿਆ ਹੋਇਆ ਹੈ। ਇਹ 24 ਅਕਤੂਬਰ 1964 ਨੂੰ ਇੰਗਲੈਂਡ ਤੋਂ ਆਜ਼ਾਦ ਹੋਇਆ ਸੀ। ਕੈਂਥ ਕੌਂਡਾ ਇਥੋਂ ਦਾ ਮਸ਼ਹੂਰ ਰਾਸ਼ਟਰਪਤੀ ਸੀ। ਇਹ ਬਹੁਤ ਹੀ ਸ਼ਾਂਤ ਦੇਸ਼ ਹੈ, ਜੋ ਬਹੁਤ ਤਰੱਕੀ ਕਰ ਰਿਹਾ ਹੈ। ਜ਼ਾਂਬੀਆ ਵਿਚ ਇਕ ਹੀ ਗੁਰੂ-ਘਰ ਹੈ।
ਗੁਰਦੁਆਰਾ ਨਾਨਕ ਕੌਂਸਲ ਆਫ ਜਾਂਬੀਆ : ਇਸ ਗੁਰੂ-ਘਰ ਦੀ ਉਸਾਰੀ 1972 ਵਿਚ ਸੰਗਤਾਂ ਨੇ ਆਪਸੀ ਸਹਿਯੋਗ ਨਾਲ ਕੀਤੀ ਸੀ। ਜਾਂਬੀਆਂ ਵਿਚ ਸਿੱਖਾਂ ਦੀ ਆਬਾਦੀ ਸੈਂਕੜਿਆਂ ਵਿਚ ਹੋਣ ਦੇ ਬਾਵਜੂਦ ਇਹ ਗੁਰੂ-ਘਰ ਇਕ ਏਕੜ ਤੋਂ ਵੀ ਵੱਧ ਜਗ੍ਹਾ ਵਿਚ ਬਣਿਆ ਹੋਇਆ ਹੈ। ਇਹ ਸਫੈਦ ਰੰਗ ਦੀ ਖੂਬਸੂਰਤ ਇਮਾਰਤ ਮੁਮਾਨਾ ਰੋਡ 'ਤੇ ਸਥਿਤ ਹੈ। ਗੁਰੂ-ਘਰ ਦੀ ਦਿਲਕਸ਼ ਇਮਾਰਤ ਲੱਕੜੀ ਦੀ ਬਣੀ ਹੋਈ ਹੈ। ਗੁਰੂ-ਘਰ ਦੀ ਰਸੋਈ ਅਤੇ ਲੰਗਰ ਹਾਲ ਇਕ ਖੁੱਲ੍ਹੇ ਸ਼ੈੱਡ ਵਿਚ ਹਨ। ਇਸ ਦਾ ਪਤਾ ਹੈ-ਮੁਮਾਨਾ ਰੋਡ 6556, ਲੁਸਾਕਾ।
ਮਾਲਾਵੀ : ਰਿਪਬਲਿਕ ਆਫ ਮਾਲਾਵੀ ਦੱਖਣੀ-ਪੂਰਬੀ ਅਫਰੀਕਾ ਦਾ ਇਕ ਛੋਟਾ ਜਿਹਾ ਗਰੀਬ ਦੇਸ਼ ਹੈ, ਜੋ ਜਾਂਬੀਆ, ਤਨਜਾਨੀਆ ਅਤੇ ਮੌਜੰਮਬੀਕ ਦੁਆਰਾ ਘਿਰਿਆ ਹੋਇਆ ਹੈ। ਇਹ ਦੇਸ਼ 1964 ਵਿਚ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ। ਇਸ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀਬਾੜੀ 'ਤੇ ਅਧਾਰਿਤ ਹੈ। ਇਹ ਅਫਰੀਕਾ ਦੇ ਸਭ ਤੋਂ ਗਰੀਬ ਦੇਸ਼ਾਂ ਵਿਚ ਆਉਂਦਾ ਹੈ। ਇਥੇ ਇਕ ਹੀ ਗੁਰੂ-ਘਰ ਹੈ।
ਗੁਰਦੁਆਰਾ ਸਿੱਖ ਟੈਂਪਲ, ਮਾਲਾਵੀ : ਇਸ ਦੀ ਸਥਾਪਨਾ 1928 ਵਿਚ ਕੀਤੀ ਗਈ ਸੀ। ਮਾਲਾਵੀ ਵਿਚ ਪੱਕੀ ਸਿੱਖ ਆਬਾਦੀ ਬਹੁਤ ਹੀ ਘੱਟ ਹੈ। ਇਸ ਗੁਰੂ-ਘਰ ਨੂੰ ਉਸਾਰਨ ਦਾ ਮੁੱਖ ਮਕਸਦ ਪ੍ਰਵਾਸ ਕਰਕੇ ਮਾਲਾਵੀ ਆ ਰਹੀ ਸਿੱਖ ਆਬਾਦੀ ਨੂੰ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਦੇਣੀ ਸੀ। ਇਥੇ ਰੋਜ਼ਾਨਾ ਨਿੱਤਨੇਮ ਹੁੰਦਾ ਹੈ ਤੇ ਸਾਰੇ ਮੁੱਖ ਤਿਉਹਾਰ ਮਨਾਏ ਜਾਂਦੇ ਹਨ। ਕੰਪਨੀਆਂ ਵਿਚ ਕੰਮ ਕਰਨ ਵਾਲੇ ਤੇ ਭਾਰਤੀ ਦੂਤਘਰ ਵਿਚ ਕੰਮ ਕਰਨ ਵਾਲੇ ਹਿੰਦੂ-ਸਿੱਖ ਇਥੇ ਮੱਥਾ ਟੇਕਣ ਲਈ ਜ਼ਰੂਰ ਜਾਂਦੇ ਹਨ। ਇਸ ਦਾ ਪਤਾ ਹੈ-ਟੈਂਪਲ ਐਵੀਨਿਊ, ਲਿੰਬੇ, ਮਲਾਵੀ।
ਬੋਟਸਵਾਨਾ : ਇਹ ਵੀ ਦੱਖਣੀ ਅਫਰੀਕੀ ਦੇਸ਼ ਹੈ, ਜੋ 30 ਸਤੰਬਰ, 1966 ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋਇਆ ਸੀ। ਇਹ ਬਹੁਤ ਹੀ ਸ਼ਾਂਤ ਅਤੇ ਲੋਕਤੰਤਰੀ ਦੇਸ਼ ਹੈ। 70 ਫੀਸਦੀ ਰੇਗਿਸਤਾਨ ਹੋਣ ਦੇ ਬਾਵਜੂਦ ਇਹ ਸੰਸਾਰ ਦੇ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਦੇ ਹੋਏ ਦੇਸ਼ਾਂ ਵਿਚ ਆਉਂਦਾ ਹੈ। ਸਿੱਖ ਬੋਟਸਵਾਨਾ ਵਿਚ 1970 ਤੋਂ ਬਾਅਦ ਆਉਣੇ ਸ਼ੁਰੂ ਹੋਏ ਸਨ। ਉਹ ਭਾਰਤ-ਬੋਟਸਵਾਨਾ ਸਮਝੌਤੇ ਅਧੀਨ ਬੋਟਸਵਾਨਾ ਦੀਆਂ ਸੁਰੱਖਿਆ ਸੈਨਾਵਾਂ ਨੂੰ ਟ੍ਰੇਨਿੰਗ ਦੇਣ ਲਈ ਆਏ ਸਨ। ਇਥੇ ਹੁਣ 50 ਕੁ ਸਿੱਖ ਪਰਿਵਾਰ ਪੱਕੇ ਤੌਰ 'ਤੇ ਰਹਿੰਦੇ ਹਨ। ਸਿੱਖਾਂ ਨੇ ਇਥੇ ਬਹੁਤ ਤਰੱਕੀ ਕੀਤੀ ਹੈ। ਉਹ ਬਿਜ਼ਨੈੱਸ, ਸਰਕਾਰੀ ਨੌਕਰੀਆਂ ਅਤੇ ਸਿੱਖਿਆ ਆਦਿ ਦੇ ਖੇਤਰ ਵਿਚ ਕੰਮ ਕਰ ਰਹੇ ਹਨ। ਇਥੇ ਇਕ ਹੀ ਗੁਰੂ-ਘਰ ਹੈ। (ਬਾਕੀ ਅਗਲੇ ਮੰਗਲਵਾਰ)

-ਪੰਡੋਰੀ ਸਿੱਧਵਾਂ। ਮੋਬਾ: 98151-24449

ਖੋਜੀ ਵਿਦਵਾਨ ਤੇ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ

ਜਨਮ ਦਿਹਾੜੇ 'ਤੇ ਵਿਸ਼ੇਸ਼

ਸਿੱਖ ਇਤਿਹਾਸ ਅਤੇ ਗੁਰਮਤਿ ਸਾਹਿਤ ਦੀ ਰਚਨਾ ਕਰਨ ਸਮੇਂ ਇਕ ਸ਼ਰਧਾਲੂ ਸਿੱਖ ਵਜੋਂ ਜਿਹੜੀ ਪਹੁੰਚ ਪ੍ਰਿੰਸੀਪਲ ਸਤਿਬੀਰ ਸਿੰਘ ਦੇ ਹਿੱਸੇ ਆਈ, ਅਜੋਕੇ ਇਤਿਹਾਸਕਾਰਾਂ ਵਿਚ ਉਹ ਬਹੁਤ ਘੱਟ ਨਜ਼ਰ ਆਉਂਦੀ ਹੈ। ਉਨ੍ਹਾਂ ਇਕ ਸ਼ਰਧਾਵਾਨ ਸਿੱਖ ਵਜੋਂ ਸਿੱਖ ਇਤਿਹਾਸ ਨੂੰ ਵਾਚਿਆ ਅਤੇ ਉਨ੍ਹਾਂ ਦੀ ਆਪਣੀ ਲੇਖਣੀ ਵਿਚੋਂ ਵੀ ਇਸ ਗੱਲ ਦੀ ਪ੍ਰਤੱਖ ਝਲਕ ਮਿਲਦੀ ਹੈ। ਸ਼ਾਇਦ ਇਸੇ ਕਰਕੇ ਸੱਚਖੰਡ ਵਾਸੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਿੰਸੀਪਲ ਸਾਹਿਬ ਨੂੰ ਅਥਾਹ ਪਿਆਰ ਕਰਦੇ ਸਨ। ਇਸ ਆਧੁਨਿਕ ਸਿੱਖ ਵਿਦਵਾਨ ਤੇ ਇਤਿਹਾਸਕਾਰ ਦਾ ਜਨਮ 1 ਮਾਰਚ 1932 ਈ: ਨੂੰ ਭਾਈ ਗੁਰਨਾਮ ਸਿੰਘ ਦੇ ਘਰ ਬੀਬੀ ਰਣਜੀਤ ਕੌਰ ਦੀ ਕੁੱਖ ਤੋਂ ਜਿਹਲਮ (ਪੱਛਮੀ ਪੰਜਾਬ) ਪਾਕਿਸਤਾਨ ਵਿਚ ਹੋਇਆ। ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਉਹ ਆਪਣੇ ਪਰਿਵਾਰ ਸਮੇਤ ਕਾਨਪੁਰ (ਉੱਤਰ ਪ੍ਰਦੇਸ਼) ਵਿਚ ਆ ਵਸੇ। ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਏ. (ਇਤਿਹਾਸ) ਕਰਕੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ। ਉਹ ਗੁਰਮਤਿ ਸਾਹਿਤ ਅਤੇ ਸਿੱਖ ਇਤਿਹਾਸ ਵਿਚ ਵਿਸ਼ੇਸ਼ ਰੁਚੀ ਲੈਂਦੇ ਸਨ। ਇਨ੍ਹਾਂ ਦੋਵਾਂ ਵਿਸ਼ਿਆਂ ਦਾ ਉਨ੍ਹਾਂ ਬੜਾ ਡੂੰਘਾ ਅਧਿਐਨ ਕੀਤਾ। ਸਭ ਤੋਂ ਪਹਿਲਾਂ 1957 ਈ: ਵਿਚ 'ਸਾਡਾ ਇਤਿਹਾਸ' ਪਹਿਲਾ ਭਾਗ (ਦਸ ਗੁਰੂ ਸਾਹਿਬਾਨ ਤੱਕ) ਅਤੇ 1962 ਈ: ਤੱਕ ਇਸ ਦਾ ਦੂਜਾ ਭਾਗ (ਬਾਬਾ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ) ਪ੍ਰਕਾਸ਼ਿਤ ਕੀਤੇ।
ਪ੍ਰਿੰਸੀਪਲ ਸਤਿਬੀਰ ਸਿੰਘ ਨੇ 62 ਵਰ੍ਹਿਆਂ ਦੀ ਉਮਰ ਤੱਕ ਪੰਜਾਬੀ ਅਤੇ ਅੰਗਰੇਜ਼ੀ ਪੁਸਤਕਾਂ, ਜਿਨ੍ਹਾਂ ਦੀ ਗਿਣਤੀ ਛੇ ਦਰਜਨ ਤੋਂ ਵੀ ਵੱਧ ਬਣਦੀ ਹੈ, ਆਪਣੇ ਸੁਹਿਰਦ ਪਾਠਕਾਂ ਦੀ ਝੋਲੀ ਪਾਈਆਂ। ਇਨ੍ਹਾਂ ਸਾਰੀਆਂ ਪੁਸਤਕਾਂ ਦੇ ਵਿਸ਼ੇ ਗੁਰਬਾਣੀ ਦੀ ਵਿਆਖਿਆ, ਗੁਰ ਇਤਿਹਾਸ, ਸਿੱਖ ਰਹਿਤ ਮਰਿਆਦਾ ਅਤੇ ਸ਼੍ਰੋਮਣੀ ਸਿੱਖ ਸ਼ਖ਼ਸੀਅਤਾਂ ਦੇ ਜੀਵਨ ਹਨ। ਪ੍ਰਿੰਸੀਪਲ ਸਤਿਬੀਰ ਸਿੰਘ ਦਾ ਸਭ ਤੋਂ ਪ੍ਰਸੰਸਾਯੋਗ ਤੇ ਵੱਡਾ ਉੱਦਮ ਗੁਰਮਤਿ ਸਾਹਿਤ ਵਿਚ ਦਸ ਗੁਰੂ ਸਾਹਿਬਾਨ ਦੇ ਜੀਵਨ ਦੇ ਦਸ ਵੱਖ-ਵੱਖ ਪੁਸਤਕਾਂ ਦਾ ਪ੍ਰਕਾਸ਼ਨ ਹੈ। ਇਸ ਇਤਿਹਾਸਕ ਕਾਰਜ ਦੇ ਨਾਲ-ਨਾਲ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਗੁਰਮਤਿ ਕਾਲਜ ਪਟਿਆਲਾ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਆਪ ਕਰਨਾਲ ਅਤੇ ਯਮੁਨਾਨਗਰ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਂਦੇ ਰਹੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਤਿਹਾਸਕ ਪੁਸਤਕਾਂ ਦੇ ਲੇਖਕ ਵਜੋਂ ਉਨ੍ਹਾਂ ਨੂੰ 1991 ਈ: ਵਿਚ 'ਸ਼੍ਰੋਮਣੀ ਪੰਜਾਬੀ ਲੇਖਕ' ਵਜੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਦਿੱਤੇ ਯੋਗਦਾਨ ਨੂੰ ਵੀ ਕਦੇ ਨਹੀਂ ਭੁਲਾਇਆ ਜਾ ਸਕਦਾ। ਗੁਰਮਤਿ ਸਾਹਿਤ ਦਾ ਇਹ ਨਿਸ਼ਠਾਵਾਨ ਲੇਖਕ ਜਿੰਨਾ ਚਿਰ ਵੀ ਜੀਵਿਆ, ਉਸ ਨੇ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਸਾਹਿਬ 18 ਅਗਸਤ 1994 ਈ: ਨੂੰ ਦਿਲ ਦੀ ਹਰਕਤ ਬੰਦ ਹੋਣ ਨਾਲ ਪਟਿਆਲਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਵਿਦਾ ਆਖ ਗਏ।

-ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101.

ਨਨਕਾਣਾ ਸਾਹਿਬ : ਸ਼ਹੀਦੀ ਸਾਕਾ


(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਹਿਲੇ ਜਥੇ ਦੇ ਗੁਰਦੁਆਰੇ ਪਹੁੰਚਣ ਤੋਂ ਇਕ ਘੰਟਾ ਬਾਅਦ ਕੁਝ ਫਾਸਲੇ 'ਤੇ ਪਿੰਡ ਦੇ ਬਾਜ਼ਾਰ ਵਿਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ 40 ਜਾਂ 50 ਆਦਮੀ ਜੋ ਇਕ-ਦੂਜੇ ਜਥੇ ਵਿਚ ਸ਼ਾਮਿਲ ਸਨ, ਮਦਦ ਕਰਨ ਲਈ ਪੁੱਜੇ। ਜਦ ਉਹ ਗੁਰਦੁਆਰੇ ਵਿਚ ਪੁੱਜੇ ਤਾਂ ਮਹੰਤ ਨਰਾਇਣ ਦਾਸ ਅਤੇ ਉਸ ਦੇ ਦੂਜੇ ਸਾਥੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਅਤੇ ਇਸ ਪ੍ਰਕਾਰ 5 ਹੋਰ ਸਿੱਖ ਬਲੀ ਚੜ੍ਹ ਗਏ। ਕਿਹਾ ਜਾਂਦਾ ਹੈ ਕਿ ਸ਼ਾਇਦ ਲੋਕਾਂ ਨੇ ਬਾਂਸ ਦੀਆਂ ਲਾਠੀਆਂ ਨਾਲ ਮਹੰਤ ਜਾਂ ਉਸ ਦੇ ਸਾਥੀਆਂ ਦੇ ਸੱਟਾਂ ਮਾਰੀਆਂ ਸਨ ਪਰ ਬੰਦੂਕਾਂ ਅਤੇ ਤੇਜ਼ ਹਥਿਆਰਾਂ ਅੱਗੇ ਉਹ ਠਹਿਰ ਨਾ ਸਕੇ, ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਕੁਝ ਖੇਤਾਂ ਵਿਚ ਮਾਰ ਕੇ ਸਾੜ ਦਿੱਤੇ ਗਏ। ਸ: ਉੱਤਮ ਸਿੰਘ ਨੇ ਆਪਣੇ ਦੋ ਆਦਮੀ ਘਟਨਾ ਸਥਾਨ 'ਤੇ ਹਾਲਾਤ ਦਾ ਠੀਕ-ਠੀਕ ਪਤਾ ਲਾਉਣ ਲਈ ਭੇਜੇ ਸਨ, ਉਹ ਵੀ ਗੋਲੀ ਦਾ ਨਿਸ਼ਾਨਾ ਬਣ ਗਏ। ਬਾਹਰ ਭੱਠੇ ਜਾਂ ਕੁੰਡ ਵਿਚ ਸਾੜੇ ਗਏ 120 ਆਦਮੀਆਂ ਦੀਆਂ ਹੱਡੀਆਂ ਵੀ ਨਹੀਂ ਮਿਲੀਆਂ। ਸਵੇਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੇ ਆਉਣ ਤੱਕ ਪੁਲਿਸ ਨੇ ਉਂਗਲੀ ਨਹੀਂ ਸੀ ਚੁੱਕੀ। ਜ਼ਿਲ੍ਹਾ ਇੰਜੀਨੀਅਰ ਨੇ ਡਿਪਟੀ ਕਮਿਸ਼ਨਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਉਹ 12 ਵਜੇ ਤੋਂ ਮਗਰੋਂ ਨਨਕਾਣਾ ਸਾਹਿਬ ਪੁੱਜੇ ਅਤੇ ਉਨ੍ਹਾਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਲਾਸ਼ਾਂ ਸਾੜੀਆਂ ਜਾ ਰਹੀਆਂ ਸਨ। ਡਿਪਟੀ ਕਮਿਸ਼ਨਰ ਨੇ ਮਹੰਤ ਨੂੰ ਅੱਗੇ ਲਈ ਅਜਿਹੀ ਸ਼ਰਾਰਤ ਕਰਨ ਤੋਂ ਰੋਕਿਆ। ਬਾਅਦ ਵਿਚ ਯੂਰਪੀ ਫੌਜੀ ਅਤੇ ਪੁਲਿਸ ਦੇ ਹੋਰ ਆਦਮੀ ਬੁਲਾਏ ਗਏ। ਜਥੇ ਦੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਸਮੇਤ ਆਪਣੇ 1000 ਸਾਥੀਆਂ ਦੇ ਗੁਰਦੁਆਰਾ ਸਾਹਿਬ ਦਾ ਚਾਰਜ ਫੌਜ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਦ੍ਰਿੜ੍ਹ ਨਿਸਚਾ ਕੀਤਾ ਹੋਇਆ ਸੀ ਕਿ ਜਦ ਤੱਕ ਸਾਡੇ ਵਿਚੋਂ ਇਕ ਵੀ ਆਦਮੀ ਜਿਉਂਦਾ ਰਹੇਗਾ, ਉਦੋਂ ਤੱਕ ਗੁਰਦੁਆਰੇ ਦਾ ਚਾਰਜ ਕਿਸੇ ਨੂੰ ਨਹੀਂ ਦੇਵਾਂਗੇ।
ਇਹ ਸਥਿਤੀ ਦੇਖ ਕੇ ਸਰਕਾਰੀ ਅਧਿਕਾਰੀਆਂ ਨੇ ਗੁਰਦੁਆਰੇ ਦਾ ਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। 23 ਤਾਰੀਖ ਨੂੰ 12 ਹਜ਼ਾਰ ਸਿੱਖ, ਸ਼ਹੀਦਾਂ ਦਾ ਦਾਹ-ਸੰਸਕਾਰ ਕਰਨ ਲਈ ਗੁਰਦੁਆਰੇ ਵਿਚ ਇਕੱਠੇ ਹੋਏ। ਜਥਿਆਂ ਵਿਚ ਮਰਦ ਅਤੇ ਇਸਤਰੀਆਂ ਆਪਣੇ ਧਾਰਮਿਕ ਗੀਤ (ਸ਼ਬਦ) ਗਾ ਰਹੇ ਸਨ। ਬਾਅਦ ਵਿਚ ਇਨ੍ਹਾਂ ਲੋਕਾਂ ਦੀ ਗਿਣਤੀ ਹੋਰ ਵਧ ਗਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਮਹੰਤ ਅਤੇ ਉਸ ਦੇ ਸਾਥੀਆਂ ਤੋਂ ਇਲਾਵਾ ਉਥੋਂ ਦੇ ਸਥਾਨਕ ਅਧਿਕਾਰੀ ਵੀ ਬਹੁਤ ਕੁਝ ਲਈ ਉੱਤਰਦਾਈ ਸਨ, ਕਿਉਂਕਿ ਉਨ੍ਹਾਂ ਨੇ ਉਸ ਸਮੇਂ ਜਦੋਂ ਮਹੰਤ ਅਤੇ ਉਸ ਦੇ ਹਮਾਇਤੀ ਖੁੱਲ੍ਹਮ-ਖੁੱਲ੍ਹਾ ਪਠਾਨਾਂ ਨੂੰ ਰੁਪਏ ਦੇ ਕੇ ਉਨ੍ਹਾਂ ਤੋਂ ਛੁਰੇ ਬਣਵਾ ਰਹੇ ਸਨ, ਕੋਈ ਕਾਰਵਾਈ ਨਹੀਂ ਸੀ ਕੀਤੀ। ਛੁਰੇ ਬਣਾਉਣ ਵਾਲੇ ਪਠਾਨ ਤਾਂ ਪਹਿਲਾਂ ਹੀ ਸਿੱਖਾਂ ਦੇ ਵੱਡੇ ਦੁਸ਼ਮਣ ਸਨ ਅਤੇ ਇਸੇ ਕਰਕੇ ਹੀ ਇਸ ਘਟਨਾ ਨੇ ਐਨਾ ਗੰਭੀਰ ਰੂਪ ਧਾਰਨ ਕਰ ਲਿਆ। ਗੁਰਦੁਆਰੇ ਦੀ ਇਮਾਰਤ ਮਜ਼ਬੂਤ ਕਿਲ੍ਹੇ ਵਰਗੀ ਹੈ। ਉੱਤਰ ਵੱਲ ਦਾ ਦਰਵਾਜ਼ਾ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ। ਪੱਛਮ ਵੱਲ 5-6 ਫੁੱਟ ਉੱਚੀ ਕੰਧ ਬਣਾਈ ਗਈ ਸੀ। ਉੱਤਰ-ਪੱਛਮ ਵੱਲ ਕੋਠੜੀਆਂ ਦੀ ਇਕ ਲੰਮੀ ਕਤਾਰ ਬਣਾਈ ਗਈ ਸੀ। ਇਹ ਸਭ ਤਿਆਰੀਆਂ ਇਕ ਮਹੀਨੇ ਵਿਚ ਹੀ ਕੀਤੀਆਂ ਗਈਆਂ ਸਨ। ਬੰਦੂਕਾਂ ਅਤੇ ਪਿਸਤੌਲ ਖੁਫੀਆ ਤੌਰ 'ਤੇ ਇਕੱਠੇ ਕੀਤੇ ਗਏ ਸਨ। ਇਹ ਸਭ ਕਾਰਵਾਈਆਂ ਬਿਨਾਂ ਪੁਲਿਸ ਦੀ ਸਹਾਇਤਾ ਦੇ ਨਨਕਾਣਾ ਸਾਹਿਬ ਵਿਚ ਨਹੀਂ ਹੋ ਸਕਦੀਆਂ ਸਨ। ਜੇ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਤਾਂ ਇਨ੍ਹਾਂ ਪੁਲਿਸ ਕਰਮਚਾਰੀਆਂ ਉੱਪਰ ਲਾਪ੍ਰਵਾਹੀ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਸੀ। ਕਿਹਾ ਜਾਂਦਾ ਹੈ ਕਿ 11 ਫਰਵਰੀ ਦੀ ਰਾਤ ਨੂੰ ਮਹੰਤ ਨੇ ਆਪਣੇ ਕਿਰਾਏ ਦੇ ਟੱਟੂਆਂ ਨੂੰ ਛੁਰਿਆਂ ਦੀ ਵੰਡ ਕੀਤੀ।
ਇਸ ਵਹਿਸ਼ੀ-ਕਾਂਡ ਕਾਰਨ ਲੋਕ ਬਹੁਤ ਉਤੇਜਿਤ ਹੋ ਉੱਠੇ। ਅਕਾਲੀਆਂ ਦੇ ਜਥੇ ਇਕ-ਇਕ ਕਰਕੇ ਨਨਕਾਣਾ ਸਾਹਿਬ ਪੁੱਜਣ ਲੱਗੇ। ਸਰਕਾਰ ਨੇ ਆਪਣੀ ਸ਼ਾਨ ਦਿਖਾਉਣ ਲਈ ਹੁਕਮ ਜਾਰੀ ਕੀਤਾ ਕਿ ਇਕ ਹਫਤੇ ਦੇ ਵਿਚ-ਵਿਚ ਇਥੋਂ ਚਲੇ ਜਾਓ। ਅਜੇ ਇਕ ਹਫਤੇ ਪੂਰਾ ਵੀ ਨਹੀਂ ਸੀ ਹੋਇਆ ਕਿ ਸਰਕਾਰ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦਿਨਾਂ ਵਿਚ ਲਗਭਗ 150 ਅਕਾਲੀ ਫੜੇ ਗਏ ਅਤੇ ਉਨ੍ਹਾਂ 'ਤੇ ਡਕੈਤੀ, ਧਮਕਾਉਣ ਆਦਿ ਅਪਰਾਧਾਂ ਦਾ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਆਪਣੀ ਇਸ ਮੂਰਖਤਾਪੂਰਨ ਨੀਚ ਕਰਤੂਤ ਕਾਰਨ ਨੌਕਰਸ਼ਾਹੀ ਹੋਰ ਜ਼ਿਆਦਾ ਬਦਨਾਮ ਹੋ ਗਈ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਹਜ਼ਾਰਾਂ ਸਿੱਖ ਅਕਾਲੀ ਬਣ ਗਏ। ਇਸੇ ਘਟਨਾ ਦੇ ਕਾਰਨ ਕੂਕੇ, ਅਕਾਲੀ, ਤੱਤ ਖਾਲਸਾ (ਸਿੰਘ ਸਭਾਵਾਂ) ਅਤੇ ਸਾਧਾਰਨ ਸਿੱਖ ਇਕੱਠੇ ਹੋ ਕੇ ਜ਼ੋਰਦਾਰ ਅੰਦੋਲਨ ਕਰਨ ਲੱਗੇ। ਕੁਝ ਸਮਾਂ ਪਾ ਕੇ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਵੀ ਸਜ਼ਾਵਾਂ ਮਿਲੀਆਂ ਪਰ ਇਨ੍ਹਾਂ ਸਜ਼ਾਵਾਂ ਨਾਲ ਲੋਕਾਂ ਦੀ ਤਸੱਲੀ ਨਹੀਂ ਸੀ ਹੋਈ।
(ਬਾਕੀ ਅਗਲੇ ਮੰਗਲਵਾਰ)

ਕਵੀਸ਼ਰੀ ਜਥਾ ਭਾਈ ਜਸਬੀਰ ਸਿੰਘ ਗੁਰਦਾਸਪੁਰੀ


ਕਵੀਸ਼ਰ ਜਸਬੀਰ ਸਿੰਘ ਗੁਰਦਾਸਪੁਰੀ ਦਾ ਜਨਮ ਇਕ ਸਾਬਕਾ ਸੈਨਿਕ ਸ: ਸੇਵਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਕੁੱਖ ਤੋਂ ਹੋਇਆ। ਆਪ ਨੇ ਮੁਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਭਗਤੂਪੁਰ ਅਤੇ ਸਰਕਾਰੀ ਹਾਈ ਸਕੂਲ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਤੋਂ ਪ੍ਰਾਪਤ ਕੀਤੀ। ਉਪਰੰਤ ਇਨ੍ਹਾਂ ਦੇ ਮਨ ਦੀ ਬਿਰਤੀ ਅਤੇ ਪਰਿਵਾਰਕ ਮਾਹੌਲ ਧਾਰਮਿਕ ਹੋਣ ਕਾਰਨ ਗੁਰਬਾਣੀ ਪੜ੍ਹਨ ਦੀ ਲਾਲਸਾ ਪੈਦਾ ਹੋ ਗਈ। ਕੁਝ ਸਮਾਂ ਆਪਣੇ ਦਾਦਾ ਜੀ ਗਿਆਨੀ ਫੌਜਾ ਸਿੰਘ ਸਾਬਕਾ ਗ੍ਰੰਥੀ ਸਿੱਖ ਰੈਜੀਮੈਂਟ ਆਰ. ਸੀ. ਵਿਖੇ ਬਤੌਰ ਗ੍ਰੰਥੀ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ। ਫਿਰ ਆਪ ਦਾ ਮਿਲਾਪ ਦਮਦਮੀ ਟਕਸਾਲ ਦੇ ਸੂਝਵਾਨ ਵਿਦਵਾਨ ਗਿਆਨੀ ਦਲਬੀਰ ਸਿੰਘ ਸਠਿਆਲਾ ਨਾਲ ਹੋਇਆ। ਗੁਰਬਾਣੀ ਪਾਠ ਕਰਦੇ-ਕਰਦੇ ਆਪ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਕੁਝ ਸਾਥੀਆਂ ਨੇ ਕਵੀਸ਼ਰੀ ਕਰਨ ਦੀ ਸਲਾਹ ਦਿੱਤੀ ਤਾਂ ਆਪ ਨੇ ਤਕਰੀਬਨ 19 ਕੁ ਸਾਲ ਦੀ ਉਮਰ ਵਿਚ ਹੀ ਗਿ: ਜਗੀਰ ਸਿੰਘ ਮਸਤ, ਬਾਲੇ ਚੱਕ ਨੂੰ ਉਸਤਾਦ ਧਾਰਨ ਕੀਤਾ। ਛੰਦਬੰਦੀ ਦੀਆਂ ਬਰੀਕੀਆਂ ਅਤੇ ਇਤਿਹਾਸ ਦੀ ਸੂਝ-ਬੂਝ ਅਤੇ ਸਟੇਜ 'ਤੇ ਬੋਲਣ ਦੇ ਢੰਗ ਸਿੱਖੇ। ਇਸ ਵੇਲੇ ਉਹ ਆਪਣੇ ਸਾਥੀ ਭਾਈ ਰਘਬੀਰ ਸਿੰਘ ਲਿੱਧੜਾਂ ਵਾਲੇ, ਭਾਈ ਰਾਜਬੀਰ ਸਿੰਘ ਘਾੜਕੀਆਂ ਗੁਰਦਾਸਪੁਰ ਵਾਲਿਆਂ ਨਾਲ ਬਤੌਰ ਕਵੀਸ਼ਰ ਜਥਾ ਸੰਗਤਾਂ ਦੀ ਸੇਵਾ ਕਰ ਰਹੇ ਹਨ।

ਸੂਫ਼ੀ ਵਿਚਾਰਧਾਰਾ ਦਾ ਪ੍ਰਮੁੱਖ ਸਰੋਤ 'ਕਸ਼ਫੁਲ ਮਹਿਜੂਬ'

'ਕਸ਼ਫੁਲ ਮਹਿਜੂਬ' ਦਾ ਅਰਥ ਹੈ-ਰਹੱਸ ਦਾ ਪ੍ਰਗਟਾਵਾ। ਇਹ ਪੁਸਤਕ ਦਾਤਾ ਗੰਜ ਬਖਸ਼ ਹੁਜਵੀਰੀ ਦੀ ਲਿਖੀ ਹੋਈ ਹੈ। ਉਨ੍ਹਾਂ ਦਾ ਪੂਰਾ ਨਾਂਅ ਹਜ਼ਰਤ ਸ਼ੇਖ ਮਖ਼ਦੂਮ ਅਲੀ ਹੁਜਵੀਰੀ ਸੀ। ਹੁਜਵੀਰੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਆਪ ਗਜਨੀ ਦੇ ਨੇੜੇ ਹੁਜਵੀਰ ਦੇ ਨਿਵਾਸੀ ਸੀ। ਆਪ ਦੇ ਸੁਭਾਅ ਅਤੇ ਦੈਵੀ ਗੁਣਾਂ ਕਰਕੇ ਆਪ ਦਾ ਨਾਂਅ ਦਾਤਾ ਗੰਜ ਬਖਸ਼ ਪ੍ਰਚੱਲਿਤ ਹੋਇਆ। ਆਪ ਮਹਿਮੂਦ ਗਜ਼ਨਵੀ ਨਾਲ ਸੰਨ 1036 ਵਿਚ ਇਸਲਾਮ ਦੇ ਪ੍ਰਚਾਰ ਲਈ ਭਾਰਤ ਆਏ ਸਨ ਅਤੇ ਲਾਹੌਰ ਨੂੰ ਆਪਣੀ ਰਿਹਾਇਸ਼ ਵਜੋਂ ਚੁਣਿਆ। ਆਪ ਦੇ ਮੁਰਸ਼ਦ ਦਾ ਨਾਂਅ ਅਬੁਲ ਫਜ਼ਲ ਗਜਨਵੀ ਸੀ। ਆਪ ਸੂਫੀ ਸਾਧਕ ਸੀ। ਆਪ ਬਾਰੇ ਅਨੇਕ ਕਰਾਮਾਤਾਂ ਅਤੇ ਚਮਤਕਾਰ ਵੀ ਪ੍ਰਚੱਲਿਤ ਹਨ। ਆਪ ਦਾ ਦਿਹਾਂਤ 1072 ਈ: ਵਿਚ ਲਾਹੌਰ ਵਿਚ ਹੋਇਆ, ਜਿਥੇ ਆਪ ਦੀ ਮਜ਼ਾਰ ਸੀ। ਇਕ ਪ੍ਰੋਫੈਸਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇਸ ਯਾਦਗਾਰ ਨੂੰ ਕੱਟੜਪੰਥੀਆਂ ਨੇ ਬੰਬ ਨਾਲ ਉਡਾ ਦਿੱਤਾ ਸੀ। ਆਪ ਦੀਆਂ ਫ਼ਾਰਸੀ ਲਿਖਤਾਂ ਦੇ ਨਾਂਅ ਹਨ- ਮਿਨਹਾਜੁਦੀਨ, ਕਸ਼ਫ਼ੁਲ ਇਸਰਾਰ, ਕਸ਼ਫ਼ੁਲ ਮਹਿਜੂਬ ਅਤੇ ਦੀਵਾਨ ਅਲੀ। ਕਸ਼ਫ਼ੁਲ ਇਸਰਾਰ ਅਤੇ ਕਸ਼ਫ਼ੁਲ ਮਹਿਜੂਬ ਦਾ ਰਚਨਾ ਸਥਾਨ ਲਾਹੌਰ ਹੈ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਕਾਲਾ ਸਿੰਘ ਬੇਦੀ ਨੇ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1989 ਵਿਚ ਇਹ ਪੁਸਤਕ ਛਾਪੀ ਅਤੇ 92 ਰੁਪਏ ਮੁੱਲ ਨਿਰਧਾਰਤ ਕੀਤਾ। ਇਸ ਦੇ 37 ਅਧਿਆਇ ਅਤੇ 489 ਪੰਨੇ ਹਨ। ਇਸ ਪੁਸਤਕ ਵਿਚ ਅਧਿਆਤਮਵਾਦ ਅਤੇ ਰਹੱਸ ਦੇ ਗੁੱਝੇ ਭੇਦਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸਲਾਮ ਵਿਚ, ਅੱਲਾਹ ਵਿਚ, ਉਸ ਦੇ ਫ਼ਰਿਸ਼ਤਿਆਂ ਵਿਚ ਤੇ ਨਬੀਆਂ ਵਿਚ ਈਮਾਨ ਲਿਆਉਣ ਦੀ ਗੱਲ ਆਖੀ ਗਈ ਹੈ। ਇਹ ਪੁਸਤਕ ਸੂਫ਼ੀ ਵਿਚਾਰਧਾਰਾ ਦੀ ਵਿਆਖਿਆ ਹੈ ਤੇ ਸੂਫ਼ੀ ਅਦਾਰਿਆਂ ਵਿਚ ਬਹੁਤ ਮਹੱਤਤਾ ਰੱਖਦੀ ਹੈ।
ਪੁਸਤਕ ਦੇ ਸ਼ੁਰੂ ਵਿਚ ਹੀ ਅਲੀ ਹੁਜਵੀਰੀ ਲਿਖਦਾ ਹੈ ਕਿ ਮੈਂ ਪਰਮਾਤਮਾ ਪਾਸੋਂ ਨੇਕੀ ਕਰਨ ਦੀ ਸ਼ਕਤੀ ਮੰਗਦਾ ਹਾਂ ਅਤੇ ਮੈਂ ਆਪਣੇ ਮਨੋ ਭਾਵ ਅਤੇ ਸਾਰੀਆਂ ਗਰਜ਼ਾਂ ਦਿਲ ਤੋਂ ਸੌਂਪ ਦਿੱਤੀਆਂ ਹਨ। ਹੇ ਪ੍ਰਭੂ! ਤੇਰੀ ਇੱਛਾ ਦੇ ਹੁਕਮ ਨੂੰ ਪੂਰਾ ਕਰਨ ਲਈ ਮੈਂ ਹਿੰਮਤ ਅਤੇ ਹੌਸਲੇ ਨਾਲ ਕਮਰਕੱਸਾ ਕੀਤਾ। ਇਸ ਪੁਸਤਕ ਵਿਚ ਤੇਰੀ ਮੁਰਾਦ (ਇੱਛਾ) ਪੂਰੀ ਕਰਨ ਲਈ ਮੈਂ ਪੱਕਾ ਇਰਾਦਾ ਕਰ ਲਿਆ ਅਤੇ ਖਾਸ ਕਰਕੇ ਇਸ ਪੁਸਤਕ ਦਾ ਨਾਂਅ ਮੈਂ 'ਕਸ਼ਫ਼ੁਲ ਮਹਿਜੂਬ' ਭਾਵ ਈਸ਼ਵਰ ਦੇ ਗੁੱਝੇ ਭੇਤਾਂ ਦਾ ਪ੍ਰਗਟਾਵਾ ਰੱਖਿਆ ਹੈ। ਤੇਰੇ ਮੰਤਵ ਨੂੰ ਮਾਲੂਮ ਕਰਦਿਆਂ ਹੋਇਆਂ, ਤੇਰੇ ਸਾਰੇ ਕਲਾਮ ਦੀਆਂ 'ਗਰਜ਼ਾਂ' ਨੂੰ ਇਸ ਪੁਸਤਕ ਵਿਚ ਵੰਡਿਆ ਹੈ।
ਇਸ ਪੁਸਤਕ ਵਿਚ ਕਹਾਣੀਆਂ ਵੀ ਹਨ ਅਤੇ ਸਵਾਲ-ਜਵਾਬ ਵੀ। ਅਲੀ ਹੁਜਵੀਰੀ ਦੱਸਦੇ ਹਨ ਕਿ ਜੇਕਰ ਮੈਂ ਸੂਫ਼ੀ ਸਾਧਨਾ ਦਾ ਜ਼ਿਕਰ ਕਰਾਂ ਤਾਂ ਇਹ ਪੁਸਤਕ ਕਾਫ਼ੀ ਲੰਮੀ ਹੋ ਜਾਵੇਗੀ ਅਤੇ ਜੇ ਨਾ ਕਰਾਂ ਤਾਂ ਇਸ ਪੁਸਤਕ ਦਾ ਕੋਈ ਅਰਥ ਨਹੀਂ ਰਹਿੰਦਾ। ਉਨ੍ਹਾਂ ਨੇ ਪੁਰਾਤਨ ਸੂਫ਼ੀਆਂ ਦੇ ਨਾਂਅ ਦਿੱਤੇ ਹਨ, ਜਿਨ੍ਹਾਂ 'ਚੋਂ ਕੁਝ ਦੇ ਨਾਂਅ ਹਨ-ਅਬੁਲ ਹਸਨ, ਅਬੂ ਇਸਹਾਕ, ਅਲੀ ਬਿਨ ਬਕਰ, ਅਬੂ ਮੁਸਲਮ, ਅਬੁਲ ਫ਼ਤਹ, ਅਬੂ ਤਾਲਬ ਅਤੇ ਅਬੂ ਇਸਹਾਕ ਆਦਿ। ਬਹੁਤੇ ਵਿਸ਼ੇ ਰੂਹਾਨੀ ਮੰਜ਼ਿਲਾਂ ਅਤੇ ਮੰਡਲਾਂ ਨਾਲ ਸਬੰਧਤ ਹਨ। ਗਿਆਨ ਦੀ ਪ੍ਰਾਪਤੀ ਲਈ ਹੱਦਾਂ ਤੇ ਸਰਹੱਦਾਂ ਨੂੰ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਗਿਆਨ ਵਿਚ ਗਣਿਤ, ਹਕੀਮੀ ਤੇ ਧਾਰਮਿਕ ਅਸੂਲ ਆਉਂਦੇ ਹਨ। ਆਪ ਨੇ ਇਲਮ ਅਤੇ ਅਮਲ ਦੋਵਾਂ ਨੂੰ ਹੀ ਪ੍ਰਾਥਮਿਕਤਾ ਦਿੱਤੀ ਹੈ। ਇਉਂ ਨਹੀਂ ਹੈ ਕਿ ਜੇ ਕੋਈ ਕਹੇ ਕਿ ਮੈਂ ਅਮਲ ਕਰਦਾ ਹਾਂ ਤੇ ਮੇਰਾ ਇਲਮ ਨਾਲ ਕੋਈ ਵਾਸਤਾ ਨਹੀਂ ਹੈ। ਫਕੀਰੀ ਦਾ ਦਰਜਾ ਬਹੁਤ ਵੱਡਾ ਹੈ। ਕਿਆਮਤ ਵਾਲੇ ਦਿਨ ਰੱਬ ਫ਼ਰਿਸ਼ਤਿਆਂ ਨੂੰ ਕਹੇਗਾ ਕਿ ਮੇਰੇ ਦੋਸਤਾਂ ਨੂੰ ਮੇਰੇ ਕੋਲ ਲਿਆਓ। ਫਰਿਸ਼ਤੇ ਪੁੱਛਣਗੇ ਕਿ ਰੱਬਾ, ਤੇਰੇ ਦੋਸਤ ਕੌਣ ਹਨ? ਰੱਬ ਕਹੇਗਾ-ਦਰਵੇਸ਼ ਮੇਰੇ ਦੋਸਤ ਹਨ। ਤਸੱਵੁਫ ਬਾਰੇ ਵੀ ਦੱਸਿਆ ਹੈ ਅਤੇ ਸੂਫੀਆਂ ਦੀ ਗੋਦੜੀ ਬਾਰੇ ਵੀ। ਚੰਗੀ ਪੁਸ਼ਾਕ ਉਹ ਹੈ, ਜਿਸ ਦੀ ਕੀਮਤ ਘੱਟ ਹੋਵੇ। ਮਦੀਨੇ ਵਿਚ ਮਸਜਿਦ-ਏ-ਨਬਵੀ ਵਿਚ ਚਬੂਤਰੇ 'ਤੇ ਬੈਠ ਕੇ ਬੰਦਗੀ ਕਰਨ ਵਾਲਿਆਂ ਨੂੰ 'ਅਹਿਲੇ ਸੁਫਾ' ਆਖਿਆ ਜਾਂਦਾ ਸੀ। ਇਹ ਲੋਕ ਬਿਲਕੁਲ ਦੁਨੀਆਦਾਰੀ ਦਾ ਤਿਆਗ ਕਰ ਚੁੱਕੇ ਸਨ।
ਸੂਫ਼ੀ ਹਜ਼ਰਤ ਆਵੇਸ ਆਮਲ ਪੁਰਸ਼ ਸਨ। ਉਹ ਹਜ਼ਰਤ ਮੁਹੰਮਦ (ਸ.) ਦੇ ਸਮਕਾਲੀ ਸਨ। ਪਿਛਲੇਰੇ ਸੂਫ਼ੀਆਂ ਵਿਚ ਹਸਨ ਬਸਰੀ, ਹਬੀਬ, ਅਬੂ ਹਲੀਮ ਸਮੇਤ ਅਨੇਕ ਸੂਫ਼ੀਆਂ ਦੇ ਜੀਵਨ ਬਿਰਤਾਂਤਾਂ ਰਾਹੀਂ ਬੰਦਗੀ ਵੱਲ ਪ੍ਰੇਰਿਤ ਕੀਤਾ ਗਿਆ ਹੈ। ਸੂਫ਼ੀਆਂ ਦੇ ਮਾਰਗਾਂ ਦੀ ਚਰਚਾ ਕੀਤੀ ਗਈ ਹੈ। ਬੰਦਗੀ ਦਾ ਪਹਿਲਾ ਪੜਾਅ ਤੋਬਾ ਭਾਵ ਗੁਨਾਹਾਂ ਦੀ ਮੁਆਫੀ ਮੰਗਣਾ ਹੈ। ਮੁਹੱਬਤ ਪਰਮਾਤਮਾ ਦੀ ਬੰਦੇ ਲਈ ਅਤੇ ਬੰਦੇ ਦੀ ਪਰਮਾਤਮਾ ਲਈ ਦਰੁਸਤ ਹੈ। ਮੁਹੱਬਤ ਸ਼ਬਦ 'ਹਿਬਾ' ਸ਼ਬਦ 'ਚੋਂ ਨਿਕਲਿਆ ਹੈ, ਜਿਸ ਦਾ ਅਰਥ ਉਹ ਬੀਜ ਹੈ ਜੋ ਰੇਗਿਸਤਾਨ ਵਿਚ ਉੱਗਦਾ ਹੈ। ਜ਼ਕਾਤ ਬਾਰੇ ਦੱਸਿਆ ਹੈ ਕਿ ਇਸ ਨਾਲ ਸਮਾਜ ਵਿਚ ਬਰਾਬਰੀ ਪੈਦਾ ਹੁੰਦੀ ਹੈ।
ਮੁਸ਼ਾਹਦਾ ਦਾ ਅਰਥ ਦੀਦਾਰ ਕਰਨਾ ਹੁੰਦਾ ਹੈ। ਹਜ਼ਰਤ ਮੁਹੰਮਦ ਨੂੰ ਜਿਬਰਾਈਲ ਨੇ ਕਿਹਾ ਸੀ ਕਿ ਤੂੰ ਅੱਲਾਹ ਦੀ ਇਬਾਦਤ ਇੰਜ ਕਰ ਕਿ ਜਿਵੇਂ ਤੂੰ ਉਸ ਨੂੰ ਦੇਖ ਰਿਹਾ ਹੈ ਜਾਂ ਸਮਝ ਕਿ ਅੱਲਾਹ ਤੈਨੂੰ ਦੇਖ ਰਿਹਾ ਹੈ। ਇਸ ਬਾਰੇ ਸੰਖੇਪ ਵਿਚਾਰ ਦਿੱਤੀ ਹੈ। ਸਹੀ ਜੀਵਨ ਜਾਚ ਬਾਰੇ ਦੱਸਿਆ ਹੈ ਕਿ ਜਿਹੜੇ ਮੋਮਨ ਨੇਕ ਅਮਲ ਕਰਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦੋਸਤ ਬਣਾਉਂਦਾ ਹੈ।
ਅਲੀ ਹੁਜਵੀਰੀ ਨੇ ਚੁੱਪ ਅਤੇ ਗੱਲਬਾਤ ਦੇ ਤਰੀਕੇ ਵੀ ਦੱਸੇ ਹਨ। ਜੋ ਚੁੱਪ ਹੋਇਆ, ਉਸ ਨੇ ਮੁਕਤੀ ਪ੍ਰਾਪਤ ਕੀਤੀ। ਬਸ ਚੁੱਪ ਰਹਿਣ ਵਿਚ ਬਹੁਤ ਲਾਭ ਅਤੇ ਬਹੁਤ ਹੀ ਫਤਹਿਮੰਦੀ ਹੈ। ਬੋਲਣ ਵਿਚ ਬਹੁਤ ਮੁਸੀਬਤਾਂ ਹਨ। ਸਵਾਲ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ ਕਿ ਹੇ ਮੇਰੇ ਪਿਆਰੇ ਦੋਸਤ ਭਾਵ ਹਜ਼ਰਤ ਮੁਹੰਮਦ ਸਾਹਿਬ, ਸਵਾਲੀ ਨੂੰ ਮਤ ਝਿੜਕੋ ਅਤੇ ਜਿਥੋਂ ਤੱਕ ਹੋ ਸਕੇ, ਖੁਦਾ ਦੇ ਸਿਵਾਏ ਕਿਸੇ ਨਾਲ ਸਵਾਲ ਨਾ ਕਰੋ। ਨਿਕਾਹ ਬਾਰੇ ਦੱਸਿਆ ਹੈ ਕਿ ਨਿਕਾਹ ਪਵਿੱਤਰ ਰਸਮ ਹੈ। ਔਰਤਾਂ ਮਰਦਾਂ ਦੇ ਅਤੇ ਮਰਦ ਔਰਤਾਂ ਦੇ ਲਿਬਾਸ ਹਨ। ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਨਿਕਾਹ ਕਰੋ ਅਤੇ ਵਸੋ। ਬਸ ਹਕੀਕਤ ਵਿਚ ਮੈਂ ਕਿਆਮਤ ਦੇ ਦਿਨ ਦੂਸਰੀਆਂ ਉਮਤਾਂ 'ਤੇ ਤੁਹਾਡੀ ਬਹੁਤਾਤ ਦੇਖ ਕੇ ਫਖ਼ਰ ਕਰਾਂਗਾ। ਕੀਰਤਨ ਬਾਰੇ ਦੱਸਿਆ ਹੈ ਕਿ ਜਦ ਤੂੰ ਸਮਾਅ ਭਾਵ ਕੀਰਤਨ ਕਰੇ ਤਾਂ ਪੀਰ ਉਸ ਜਗ੍ਹਾ ਹਾਜ਼ਰ ਹੋਵੇ। ਸਮਾਅ ਦੀ ਜਗ੍ਹਾ ਆਮ ਲੋਕਾਂ ਤੋਂ ਖਾਲੀ ਹੋਵੇ। ਕੱਵਾਲ ਇੱਜ਼ਤ ਵਾਲਾ ਹੋਵੇ ਅਤੇ ਦਿਲ ਸਾਰੇ ਧੰਦਿਆਂ ਤੋਂ ਖਾਲੀ ਹੋਵੇ। 'ਕਸ਼ਫੁਲ ਮਹਿਜੂਬ' ਰੂਹਾਨੀਅਤ ਨਾਲ ਸਰਾਬੋਰ ਰਚਨਾ ਹੈ। ਇਸ ਵਿਚ ਸਮਾਜ ਦੀ ਹਰ ਘਟਨਾ ਨੂੰ ਰੂਹਾਨੀਅਤ ਵਿਚ ਰੰਗ ਕੇ ਪੇਸ਼ ਕੀਤਾ ਹੈ। ਅੱਜ ਵੀ ਵਿੱਦਿਅਕ ਅਦਾਰਿਆਂ ਵਿਚ ਸੂਫ਼ੀ ਵਿਚਾਰਧਾਰਾ ਦੀ ਗੱਲ ਕਰਦਿਆਂ ਵਿਦਵਾਨ ਲੋਕ ਇਸ ਪੁਸਤਕ ਦਾ ਹਵਾਲਾ ਮਾਣ ਨਾਲ ਦਿੰਦੇ ਹਨ। ਇਹ ਪੁਸਤਕ ਸੂਫ਼ੀ ਵਿਚਾਰਧਾਰਾ ਦਾ ਪ੍ਰਮੁੱਖ ਸਰੋਤ ਹੈ।

-ਮ: ਨੰ: 241, ਪਿੰਡ ਸ਼ੇਖੂਪੁਰ, ਨੇੜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 99154-39852.

ਕਿਵੇਂ ਲਿਖੇ ਜਾਂਦੇ ਸਨ ਪੁਰਾਤਨ ਗ੍ਰੰਥ?


(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅੰਕੜਿਆਂ ਜਾਂ ਹਿੰਦਸਿਆਂ ਤੋਂ ਇਲਾਵਾ ਰਚਨਾਕਾਲ ਦੇਣ ਦੀ ਇਕ ਹੋਰ ਬਹੁ-ਪ੍ਰਚਲਤ ਵਿਧੀ ਵੀ ਰਹੀ ਹੈ। ਇਹ ਵਿਧੀ ਹੈ ਰਚਨਾਕਾਰ ਵੱਲੋਂ ਆਪਣੇ ਤਤਕਾਲੀ ਹਾਕਮ ਵੱਲ ਸੰਕੇਤ ਕਰਨਾ। ਬੇਸ਼ੱਕ ਇਸ ਦੀਆਂ ਅੱਗੋਂ ਹੋਰ ਵੀ ਕਈ ਬਰੀਕੀਆਂ ਮਿਲਦੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਬਾਬਰ ਬਾਣੀ ਵਿਚਲੇ ਬਾਬਰ ਤੋਂ ਸ਼ੁਰੂ ਹੋਈ ਗੱਲ ਜ਼ਫਰਨਾਮੇ ਦੇ ਔਰੰਗਜ਼ੇਬ ਤੱਕ ਪਹੁੰਚਦੀ ਹੈ। ਫਰੁੱਖਸੀਅਰ, ਨਾਦਰਸ਼ਾਹ, ਅਹਿਮਦ ਸ਼ਾਹ ਅਬਦਾਲੀ ਆਦਿ ਅਠਾਰ੍ਹਵੀਂ ਸਦੀ ਦੇ ਹੁਕਮਰਾਨ ਹਨ, ਜਿਨ੍ਹਾਂ ਦੇ ਸੰਕੇਤ ਸਾਨੂੰ ਇਸ ਵੇਲੇ ਦੀ ਕਵਿਤਾ ਵਿਚ ਖਾਸ ਕਰਕੇ ਮਿਲਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਲਿਖੇ ਗਏ ਢੇਰ ਸਾਰੇ ਸਾਹਿਤ ਵਿਚ ਸੰਕੇਤ ਮਿਲਦੇ ਹਨ। ਹੋਰ ਥੋੜ੍ਹਾ ਗਹਿਰਾਈ ਵਿਚ ਜਾਈਏ ਤਾਂ ਤਤਕਾਲੀ ਹਾਕਮ ਦੇ ਰਾਜ ਪ੍ਰਬੰਧ, ਪਰਜਾ ਦੀ ਹਾਲਤ, ਉਸ ਦੇ ਸ਼ੌਕ ਅਤੇ ਦਿਲਚਸਪੀਆਂ ਅਤੇ ਹੋਰ ਕਈ ਗੱਲਾਂ ਦਾ ਪਤਾ ਲਗਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੀ ਹੋਵੇ ਤਾਂ ਉਸ ਦੇ ਰਾਜ ਵਿਚਲੇ ਅਮਨ ਚੈਨ, ਧਾਰਮਿਕ ਸਹਿਣਸ਼ੀਲਤਾ, ਵਿੱਦਿਆ ਅਤੇ ਕਲਾ ਦੀ ਕਦਰਦਾਨੀ ਆਦਿ ਬਾਰੇ ਹਵਾਲੇ ਇਸ ਵੇਲੇ ਦੇ ਸਾਹਿਤ ਵਿਚੋਂ ਅਕਸਰ ਲੱਭ ਜਾਂਦੇ ਹਨ। ਸ਼ਾਹ ਮੁਹੰਮਦ ਦੀਆਂ ਇਹ ਸਤਰਾਂ ਸਾਡੀ ਧਾਰਨਾ ਦੀ ਪੁਸ਼ਟੀ ਕਰਦੀਆਂ ਹਨ :
ਪਿਛੇ ਇਕ ਸਰਕਾਰ ਦੇ ਖੇਡ ਵਿਗੜੀ
ਪਈ ਨਿਤ ਹੁੰਦੀ ਮਾਰੋ ਮਾਰ ਮੀਆਂ
-0-
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੀ ਨਹੀਂ ਸੀ ਤੀਸਰੀ ਜਾਤ ਆਈ।
ਅਹਿਮਦ ਗੁੱਜਰ ਆਪਣੀ 'ਹੀਰ' ਵਿਚ ਉਸ ਦੇ ਰਚਨਾਕਾਲ ਨੂੰ ਤਤਕਾਲੀ ਹਾਕਮ ਦੀ ਗੱਦੀਨਸ਼ੀਨੀ ਦੇ ਵਰ੍ਹੇ ਨਾਲ ਜੋੜ ਕੇ ਰਚਨਾਕਾਲ ਦਾ ਪਤਾ ਦੇ ਜਾਂਦਾ ਹੈ। ਰਾਜਿਆਂ, ਮਹਾਰਾਜਿਆਂ ਅਤੇ ਹੋਰਨਾਂ ਦੇ ਸ਼ਾਸਨ ਕਾਲ ਬਾਰੇ ਸਾਨੂੰ ਇਤਿਹਾਸ ਦੀਆਂ ਪੁਸਤਕਾਂ ਪੜ੍ਹਨ ਤੋਂ ਪਤਾ ਲਗਦਾ ਹੈ ਅਤੇ ਥੋੜ੍ਹਾ ਜਿਹਾ ਯਤਨ ਕਰਨ 'ਤੇ ਸਹੀ ਸੰਨ ਸੰਮਤ ਦਾ ਪਤਾ ਵੀ ਲੱਗ ਜਾਂਦਾ ਹੈ। ਹੀਰ ਅਹਿਮਦ ਦੇ ਆਖਰ ਵਿਚ ਰਚਨਾਕਾਲ ਦਾ ਇਸ਼ਾਰਾ ਇਸ ਤਰ੍ਹਾਂ ਹੈ :
ਸੰਨ ਬੀਸ ਤੇ ਚਾਰ ਔਰੰਗਸ਼ਾਹੀ,
ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ।
ਔਰੰਗਜ਼ੇਬ ਦਾ ਸ਼ਾਸਨ ਕਾਲ 1658 ਈ: ਤੋਂ ਸ਼ੁਰੂ ਹੁੰਦਾ ਹੈ। ਅਹਿਮਦ ਗੁੱਜਰ ਨੇ ਜਦ ਹੀਰ ਦਾ ਕਿੱਸਾ ਲਿਖਿਆ ਤਾਂ ਉਸ ਵੇਲੇ ਤੱਕ ਉਸ ਦੇ ਰਾਜ ਨੂੰ ਚੌਵੀਵਾਂ ਵਰ੍ਹਾ ਚੱਲ ਰਿਹਾ ਸੀ। ਸੋ ਇਸ ਹਿਸਾਬ ਨਾਲ ਇਸ ਦਾ ਰਚਨਾਕਾਲ 1658+24=1682 ਈ: ਬਣਦਾ ਹੈ।
ਹਰ ਗ੍ਰੰਥ ਦੇ ਤਿੰਨ ਭਾਗ ਕੀਤੇ ਗਏ ਹੁੰਦੇ ਹਨ : ਆਦਿ, ਮੱਧ ਅਤੇ ਅੰਤ ਅਤੇ ਸਿੱਖ ਸੱਭਿਆਚਾਰਕ ਸ਼ਬਦਾਵਲੀ ਵਿਚ ਇਹ ਸ਼ਬਦ ਅਤੇ ਇਨ੍ਹਾਂ ਦੇ ਅਰਥ ਚੰਗੀ ਤਰ੍ਹਾਂ ਜਾਣੇ ਅਤੇ ਸਮਝੇ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਆਰੰਭ ਕਰਨ ਤੋਂ ਲੈ ਕੇ ਅਗਲੇ ਦਿਨ ਤਕਰੀਬਨ ਉਸੇ ਸਮੇਂ ਇਹ ਪਾਠ ਮੱਧ ਵਿਚ ਆ ਜਾਂਦਾ ਹੈ ਅਤੇ ਮਰਿਆਦਾ ਵਜੋਂ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਜਾਂ ਲਿਖਣ ਦਾ ਕੰਮ ਅੱਧ ਵਿਚ ਆ ਜਾਣ ਕਰਕੇ ਨਿਰਧਾਰਤ ਕੀਤੀ ਗਈ ਹੋਵੇਗੀ। ਅੱਜ ਇਹ ਰਸਮ ਪ੍ਰਚਲਤ ਮਰਿਆਦਾ ਦਾ ਅਤੀ ਅਹਿਮ ਹਿੱਸਾ ਹੈ। ਇਸ ਬਾਰੇ ਅਗਲੇਰੀ ਖੋਜ ਵੀ ਹੋ ਸਕਦੀ ਹੈ।
ਜਦ ਕੋਈ ਕਹਾਣੀ ਜਾਂ ਕਥਾ ਵਸਤ ਸਮਾਪਤੀ ਵੱਲ ਵਧਦੀ ਹੈ ਤਾਂ ਵੀ ਕੁਝ ਪੱਖਾਂ ਦਾ ਧਿਆਨ ਰੱਖਿਆ ਜਾਂਦਾ ਸੀ। ਕਈ ਰਚਨਾਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਸਮਾਪਤੀ-ਸਥਲ ਦਾ ਨਾਂਅ ਵੀ ਦੇ ਦਿੱਤਾ ਹੈ। ਹੀਰ ਵਾਰਿਸ ਖਰਲ ਹਾਂਸ (ਮਲਕਾ ਹਾਂਸ ਪਿੰਡ, ਲੰਮਾ ਦੇਸ) ਵਿਚ ਲਿਖੀ ਗਈ ਅਤੇ ਉਹ ਮਸੀਤ ਜਿਸ ਵਿਚ ਬੈਠ ਕੇ ਇਹ ਮੁਕੰਮਲ ਹੋਈ, ਉਹ ਅੱਜ ਵੀ ਇਸ ਪਿੰਡ ਵਿਚ ਮੌਜੂਦ ਹੈ।
ਗ੍ਰੰਥ ਦੇ ਅਖੀਰਲੇ ਭਾਗ ਵਿਚ ਚਰਚਾ ਅਧੀਨ ਗ੍ਰੰਥ ਦੇ ਪਾਠ ਦਾ ਆਤਮ (ਫਲ) ਵੀ ਬਿਆਨ ਕਰ ਦਿੱਤਾ ਜਾਂਦਾ ਸੀ, ਤਾਂ ਜੋ ਲੋਕਾਂ ਨੂੰ ਉਸ ਦੇ ਪਠਨ ਪਾਠਨ ਵੱਲ ਪ੍ਰੇਰਿਤ ਕੀਤਾ ਜਾ ਸਕੇ, ਬੇਸ਼ੱਕ ਇਹ ਸਾਰੇ ਗ੍ਰੰਥਾਂ ਵਿਚ ਨਹੀਂ ਸੀ ਹੁੰਦਾ। ਚੰਡੀ ਦੀ ਵਾਰ ਦੀਆਂ ਅਖੀਰਲੀਆਂ ਸਤਰਾਂ ਹਨ :
ਦੁਰਗਾ ਪਾਠ ਬਣਾਇਆ,
ਸਭੈ ਪਉੜੀਆਂ।
ਫੇਰ ਨ ਜੋਨੀ ਆਇਆ,
ਜਿਨ ਇਹ ਗਾਵਿਆ।
(ਬਾਕੀ ਅਗਲੇ ਮੰਗਲਵਾਰ)

ਮੋਬਾ: 98889-39808

ਸ਼ਬਦ ਵਿਚਾਰ


ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਰਾਗੁ ਧਨਾਸਰੀ ਮਹਲਾ ੧
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥ ੧॥
ਕੈਸੀ ਆਰਤੀ ਹੋਇ॥ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥ ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ
ਸਹਸ ਮੂਰਤਿ ਨਨਾ ਏਕ ਤੋੁਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ
ਸਹਸ ਤਵ ਗੰਧ ਇਵ ਚਲਤ ਮੋਹੀ॥ ੨॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ॥ ੩॥
ਹਰਿ ਚਰਣ ਕਵਲ ਮਕਰੰਦ ਲੋਭਿਤ
ਮਨੋ ਅਨਦਿਨੋ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਇ ਵਾਸਾ॥ ੪॥ ੩॥
(ਅੰਗ 13)
ਪਦ ਅਰਥ : ਗਗਨ ਮੈ-ਆਕਾਸ਼ ਵਿਚ। ਰਵਿ-ਸੂਰਜ। ਦੀਪਕ-ਦੀਵੇ। ਤਾਰਿਕਾ-ਤਾਰਿਆਂ ਦਾ। ਜਨਕ-ਮਾਨੋ। ਮਲਆਨਲੋ-ਮਲਯ+ਆਨਲੋ (ਮਲਯ ਪਹਾੜ ਤੋਂ ਆ ਰਹੀ ਸੁਗੰਧੀ ਵਾਲੀ ਹਵਾ)। ਸਗਲ-ਸਾਰੀ। ਬਨਰਾਇ-ਬਨਸਪਤੀ। ਫੂਲੰਤ-ਫੁੱਲ। ਜੋਤੀ-ਸਰਬ ਵਿਆਪੀ ਪ੍ਰਭੂ ਦੀ ਜੋਤਿ।
ਭਵਖੰਡਨਾ-ਹੇ ਜਨਮ ਮਰਨ ਦਾ ਨਾਸ ਕਰਨ ਵਾਲੇ। ਅਨਹਤਾ-ਨਿਰੰਤਰ, ਇਕ ਰਸ। ਵਾਜੰਤ-ਵੱਜ ਰਹੇ ਹਨ। ਭੇਰੀ-ਨਿਗਾਰੇ, ਤੂਤਣੀਆਂ ਆਦਿ ਵਾਜੇ।
ਸਹਸ-ਹਜ਼ਾਰਾਂ। ਤਵ-ਤੇਰੇ। ਨੈਨ-ਨੇਤਰ, ਅੱਖਾਂ। ਨਨ-ਕੋਈ ਨਹੀਂ। ਤੋਹਿ ਕਉ-ਤੇਰੇ। ਮੁਰਤਿ-ਸਰੂਪ। ਨਨਾ-ਨਹੀਂ। ਏਕੋ ਤੋੁਹੀ-ਇਕ ਸਰੂਪ ਵੀ। ਨਨਾ ਏਕ ਤੋਹੀ-ਤੇਰਾ ਇਕ ਰੂਪ ਵੀ ਨਹੀਂ ਹੈ। ਪਦ-ਪੈਰ। ਬਿਮਲ-ਨਿਰਮਲ, ਸਾਫ। ਗੰਧ-ਨੱਕ। ਤਵ-ਤੇਰੇ। ਇਵ-ਇਸ ਤਰ੍ਹਾਂ। ਚਲਤ-ਕੌਤਕ। ਮੋਹੀ-ਮੋਹਿਆ ਗਿਆ ਹੈ।
ਸੋਇ-ਉਸ ਪਰਮਾਤਮਾ ਦੀ। ਤਿਸਦੈ-ਉਸ ਦੇ। ਚਾਨਣਿ-ਪ੍ਰਕਾਸ਼ ਨਾਲ ਹੀ। ਸਾਖੀ-ਸਿੱਖਿਆ, ਉਪਦੇਸ਼ ਨਾਲ ਹੀ। ਪਰਗਟ ਹੋਇ-ਸੋਝੀ ਪੈਂਦੀ ਹੈ। ਤਿਸੁ ਭਾਵੈ-ਉਸ ਨੂੰ ਚੰਗਾ ਲਗਦਾ ਹੈ। ਸੁ-ਉਹੀ।
ਹਰਿ ਚਰਣ-ਪ੍ਰਭੂ ਦੇ ਚਰਨ ਕਮਲ। ਮਕਰੰਦ-ਸੁਗੰਧੀ, ਰਸ। ਲੋਭਤਿ-ਲੋਭੀ ਹੈ, ਲਲਚਾਉਂਦਾ ਹੈ। ਮਨੋ-ਮੇਰਾ ਮਨ। ਅਨਦਿਨੋ-ਰਾਤ ਦਿਨ। ਮੋਹਿ-ਮੈਨੂੰ। ਆਹੀ ਪਿਆਸਾ-ਇਹ ਪਿਆਸ ਲੱਗੀ ਰਹਿੰਦੀ ਹੈ। ਸਾਰਿੰਗ ਕਉ-ਪਪੀਹੇ ਨੂੰ। ਕ੍ਰਿਪਾ ਜਲੁ ਦੇਹਿ-ਆਪਣੀ ਕਿਰਪਾ ਦਾ ਜਲ ਦੇਹ। ਨਾਇ-ਨਾਮ ਵਿਚ। ਵਾਸਾ-ਵਾਸਾ ਹੋ ਜਾਏ। ਤੇਰੈ ਨਾਇ-ਤੇਰੇ ਨਾਮ ਵਿਚ।
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਕੁਰੂਕਸ਼ੇਤਰ, ਹਰਿਦੁਆਰ, ਨਾਨਕ ਮੱਤੇ (ਜਿਸ ਦਾ ਨਾਂਅ ਪਹਿਲਾਂ ਗੋਰਖ ਮੱਤਾ ਸੀ), ਅਯੁੱਧਿਆ, ਪ੍ਰਯਾਗ (ਇਲਾਹਾਬਾਦ), ਗੋਹਾਟੀ (ਆਸਾਮ), ਢਾਕਾ (ਹੁਣ ਬੰਗਲਾਦੇਸ਼ ਵਿਚ), ਕਟਕ, ਭੁਵਨੇਸ਼ਵਰ ਆਦਿ ਨਗਰਾਂ ਵਿਚ ਨਾਮ ਦੇ ਛਿੱਟੇ ਦਿੰਦੇ ਹੋਏ, ਵਹਿਮਾਂ-ਭਰਮਾਂ, ਊਚ-ਨੀਚ ਆਦਿ ਵਿਚ ਭੁੱਲੀ-ਭਟਕੀ ਲੋਕਾਈ ਦਾ ਉਧਾਰ ਕਰਦੇ ਹੋਏ, ਸਮੁੰਦਰ ਦੇ ਕੰਢੇ 'ਪੁਰੀ ਜਗਨਥ' ਪੁੱਜੇ, ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਪ੍ਰਸਿੱਧ ਮੰਦਿਰ ਹੈ।
ਸੰਧਿਆ ਵੇਲੇ ਜਦੋਂ ਮੰਦਿਰ ਵਿਚ ਆਰਤੀ ਹੋਣ ਲੱਗੀ ਤਾਂ ਗੁਰੂ ਜੀ ਬਾਕੀ ਸੰਗਤ ਵਾਂਗ ਆਰਤੀ ਵਿਚ ਸ਼ਾਮਿਲ ਹੋਣ ਲਈ ਨਾ ਉੱਠੇ, ਜਿਸ 'ਤੇ ਪਾਂਡਿਆਂ ਨੇ ਬੜਾ ਬੁਰਾ ਮਨਾਇਆ ਅਤੇ ਆਖਣ ਲੱਗੇ ਕਿ ਤੁਸੀਂ ਆਰਤੀ ਵਿਚ ਸ਼ਾਮਿਲ ਕਿਉਂ ਨਹੀਂ ਹੋਏ? ਤਾਂ ਇਥੇ ਹੀ ਜਗਤ ਗੁਰੂ ਬਾਬੇ ਨੇ ਰਾਗੁ ਧਨਾਸਰੀ ਵਿਚ ਇਹ ਸ਼ਬਦ ਉਚਾਰ ਕੇ ਪਾਂਡਿਆਂ ਨੂੰ ਸਮਝਾਇਆ ਕਿ ਪਰਮਾਤਮਾ ਵੱਲੋਂ ਸਾਰੇ ਬ੍ਰਹਿਮੰਡ ਵਿਚ ਐਨਾ ਸੁੰਦਰ ਅਤੇ ਮਨ ਨੂੰ ਮੋਹਣ ਵਾਲੀ ਜੋ ਆਰਤੀ ਹਰ ਵੇਲੇ ਹੁੰਦੀ ਰਹਿੰਦੀ ਹੈ, ਇਸ ਤੋਂ ਫਿਰ ਆਰਤੀ ਕਿਹੜੀ ਵਿਸ਼ੇਸ਼ ਹੋ ਸਕਦੀ ਹੈ?
ਸਿਰੀਰਾਗੁ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਪ੍ਰਭੂ ਨੇ ਸੰਸਾਰ ਦੀ ਉਤਪਤੀ ਕੀਤੀ ਹੈ, ਧਰਤੀ, ਆਕਾਸ਼ ਤੇ ਪਾਤਾਲ ਬਣਾਏ ਹਨ, ਅਜਿਹੇ ਪ੍ਰਭੂ ਦਾ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖਾਂ ਦੇ ਮਨਾਂ ਅੰਦਰ ਹੀ ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਪਰ ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹਨ, ਉਨ੍ਹਾਂ ਮੂਰਖਾਂ ਮਨਮੁਖਾਂ ਨੂੰ ਇਹ ਪ੍ਰਕਾਸ਼ ਦਿਖਾਈ ਨਹੀਂ ਦਿੰਦਾ, ਇਹ ਜੋਤਿ ਦਿਖਾਈ ਨਹੀਂ ਦਿੰਦੀ, ਹਨੇਰਾ ਹੀ ਦਿਖਾਈ ਦਿੰਦਾ ਹੈ-
ਜਿਨਿ ਏਹੁ ਜਗਤੁ
ਉਪਾਇਆ ਤ੍ਰਿਭਵਣੁ ਕਰਿ ਆਕਾਰੁ॥
ਗੁਰਮੁਖਿ ਚਾਨਣੁ ਜਾਣੀਐ
ਮਨਮੁਖਿ ਮੁਗਧੁ ਗੁਬਾਰੁ॥ (ਅੰਗ 20)
ਤ੍ਰਿਭਵਣੁ-ਤਿੰਨ ਭਵਨ (ਧਰਤੀ, ਆਕਾਸ਼ ਅਤੇ ਪਾਤਾਲ)। ਆਕਾਰੁ-ਦਿਸਦਾ ਜਗਤ। ਮਨਮੁਖਿ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ-ਮੂਰਖ। ਗੁਬਾਰੁ-ਹਨੇਰਾ।
ਭਾਵੇਂ ਇਹ ਰੱਬੀ ਜੋਤਿ ਸਭ ਹਿਰਦਿਆਂ ਵਿਚ ਇਕ ਰਸ ਸਦਾ ਵਿਆਪਕ ਰਹਿੰਦੀ ਹੈ ਪਰ ਗੁਰੂ ਦੀ ਸਿੱਖਿਆ ਦੁਆਰਾ ਹੀ ਇਸ ਅਸਲੀਅਤ ਦੀ ਸੋਝੀ ਪੈਂਦੀ ਹੈ-
ਘਟਿ ਘਟਿ ਜੋਤਿ ਨਿਰੰਤਰੀ
ਬੂਝੈ ਗੁਰਮਤਿ ਸਾਰੁ॥ (ਅੰਗ 20)
ਨਿਰੰਤਰੀ-ਇਕ ਰਸ। ਸਾਰੁ-ਅਸਲੀਅਤ ਦੀ। ਗੁਰਮਤਿ-ਗੁਰੂ ਦੀ ਮਤ, ਗੁਰੂ ਦੀ ਸਿੱਖਿਆ।
ਸ਼ਾਬਾਸ਼ਿ ਅਥਵਾ ਬਲਿਹਾਰ ਉਨ੍ਹਾਂ ਗੁਰਮੁਖਾਂ ਤੋਂ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ-
ਗੁਰਮੁਖਿ ਜਿਨ੍ਰੀ ਜਾਣਿਆ
ਤਿਨ ਕੀਚੈ ਸਾਬਾਸਿ॥ (ਅੰਗ 20)
ਸਾਬਾਸਿ-ਸ਼ਾਬਾਸ਼, ਬਲਿਹਾਰ।
ਸ਼ਬਦ ਦੇ ਅੱਖਰੀਂ ਅਰਥ : ਆਕਾਸ਼ ਮਾਨੋ ਥਾਲ ਹੈ, ਜਿਸ ਵਿਚ ਸੂਰਜ ਤੇ ਚੰਦ ਦੀਵੇ ਬਣੇ ਹੋਏ ਹਨ ਅਤੇ ਤਾਰਿਆਂ ਦਾ ਸਮੂਹ ਮਾਨੋ ਉਸ ਥਾਲ ਵਿਚ ਮੋਤੀ ਹਨ। ਮਲਯ ਪਰਬਤ (ਜੋ ਦੱਖਣ ਵਿਚ ਹੈ) ਦੇ ਰੁੱਖਾਂ ਦੀ ਸੁਗੰਧੀ ਮਾਨੋ ਧੂਪ ਹੈ, ਹਵਾ ਮਾਨੋ ਚੌਰ ਕਰ ਰਹੀ ਅਤੇ ਸਾਰੀ ਬਨਸਪਤੀ ਜੋਤਿ ਸਰੂਪ ਪ੍ਰਭੂ ਦੀ ਹੋ ਰਹੀ ਇਸ ਆਰਤੀ ਵਾਸਤੇ ਫੁੱਲ ਪ੍ਰਦਾਨ ਕਰ ਰਹੀ ਹੈ।
ਹੇ ਸਭ ਦੇ ਜਨਮ-ਮਰਨ ਦਾ ਦੁੱਖ ਦੂਰ ਕਰਨ ਵਾਲੇ ਪ੍ਰਭੂ, ਤੇਰੀ ਕਿੰਨੀ ਸੁੰਦਰ ਆਰਤੀ ਹੋ ਰਹੀ ਹੈ, ਜਿਥੇ ਨਗਾਰੇ ਅਥਵਾ ਤੂਤਣੀਆਂ ਦੀ ਥਾਂ ਸ਼ਬਦ ਰੂਪੀ ਇਕ ਰਸ ਵਾਜੇ ਵੱਜ ਰਹੇ ਹਨ।
ਹੇ ਪ੍ਰਭੂ, ਸਭਨਾਂ ਅੰਦਰ ਵਿਆਪਕ ਹੋਣ ਸਦਕਾ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ (ਨਿਰਾਕਾਰ ਰੂਪ ਵਿਚ) ਤੇਰੀਆਂ ਕੋਈ ਅੱਖਾਂ ਨਹੀਂ। ਇਸੇ ਤਰ੍ਹਾਂ ਤੇਰੇ ਹਜ਼ਾਰਾਂ ਸਰੂਪ ਹਨ ਪਰ ਨਿਰਾਕਾਰ ਰੂਪ ਵਿਚ ਤੇਰਾ ਕੋਈ ਵੀ ਸਰੂਪ ਨਹੀਂ ਹੈ, ਕੋਈ ਵੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਪੈਰ ਹਨ ਪਰ ਨਿਰਾਕਾਰ ਰੂਪ ਵਿਚ ਤੇਰਾ ਕੋਈ ਪੈਰ ਨਹੀਂ ਹੈ, ਸਰਗੁਣ ਵਿਚ ਤੇਰੇ ਹਜ਼ਾਰਾਂ ਨੱਕ ਹਨ ਪਰ ਨਿਰਾਕਾਰ ਰੂਪ ਵਿਚ ਤੇਰਾ ਇਕ ਵੀ ਨੱਕ ਨਹੀਂ ਹੈ। ਹੇ ਭਵਖੰਡਨ ਪ੍ਰਭੂ, ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ, ਮੈਂ ਜੀਵ ਇਸਤਰੀ ਮੋਹੀ ਗਈ ਹਾਂ। ਸਭਨਾਂ ਜੀਵਾਂ ਅੰਦਰ ਕੇਵਲ ਇਕ ਪਰਮਾਤਮਾ ਦੀ ਜੋਤਿ ਹੀ ਪ੍ਰਕਾਸ਼ਮਾਨ ਹੈ। ਉਸ ਇਕ ਦੀ ਜੋਤਿ ਪ੍ਰਕਾਸ਼ਮਾਨ ਹੋਣ ਕਰਕੇ ਸਭ ਜੀਵਾਂ ਅੰਦਰ ਪ੍ਰਕਾਸ਼ ਹੋ ਰਿਹਾ ਹੈ ਪਰ ਉਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਦੁਆਰਾ ਹੀ ਪ੍ਰਤੱਖ ਹੁੰਦਾ ਹੈ ਅਰਥਾਤ ਪ੍ਰਾਪਤ ਹੁੰਦਾ ਹੈ।
ਹੇ ਪ੍ਰਭੂ, ਤੇਰੇ ਚਰਨ ਕਮਲਾਂ ਦੀ ਸੁਗੰਧੀ ਅਥਵਾ ਰਸ ਮਾਣਨ ਵਾਸਤੇ ਮੇਰਾ ਮਨ ਲਲਚਾਉਂਦਾ ਹੈ ਅਤੇ ਦਿਨ-ਰਾਤ ਮੇਰੇ ਅੰਦਰ ਇਹੀ ਪਿਆਸ ਲੱਗੀ ਰਹਿੰਦੀ ਹੈ। ਇਸ ਲਈ ਹੇ ਪ੍ਰਭੂ, ਤੇਰੇ ਅੱਗੇ ਮੇਰੀ ਇਹੋ ਅਰਜੋਈ ਹੈ ਕਿ ਮੈਨੂੰ ਪਪੀਹੇ ਨੂੰ ਮਿਹਰ ਰੂਪੀ ਜਲ ਦਿਓ, ਜਿਸ ਨਾਲ ਤੇਰੇ ਨਾਮ ਵਿਚ ਮੇਰਾ ਵਾਸਾ (ਟਿਕਾਣਾ) ਹੋ ਜਾਵੇ।

-217-ਆਰ, ਮਾਡਲ ਟਾਊਨ, ਜਲੰਧਰ।

ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਿੱਤਰ

ਜੋੜ ਮੇਲੇ 'ਤੇ ਵਿਸ਼ੇਸ਼
ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਿੱਤਰ ਰਾਏਕੋਟ ਤੋਂ ਸਰਾਭਾ (ਲੁਧਿਆਣਾ) ਜਾਣ ਵਾਲੀ ਸੜਕ 'ਤੇ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਿਕਰਮੀ 1689 ਫੱਗਣ ਮਹੀਨੇ ਨਥਾਣਾ ਮਹਿਰਾਜ ਦੀ ਜੰਗ ਨੂੰ ਜਿੱਤਣ ਮਗਰੋਂ ਭਾਈ ਕੀ ਡਰੋਲੀ ਤੋਂ ਚੱਲ ਕੇ ਦੀਨਾ ਕਾਂਗੜ, ਤਖ਼ਤਪੁਰਾ, ਹਠੂਰ, ਜੱਟਪੁਰਾ ਹੁੰਦੇ ਹੋਏ 3 ਹਜ਼ਾਰ ਘੋੜ ਸਵਾਰ ਯੋਧਿਆਂ ਸਮੇਤ ਇਸ ਧਰਤੀ ਨੂੰ ਭਾਗ ਲਾਏ। ਗੁਰੂ ਹਰਿਗੋਬਿੰਦ ਸਾਹਿਬ ਜੀ 25 ਦਿਨ ਇੱਥੇ ਬਿਰਾਜੇ। ਗੁਰੂ ਕੇ ਮਹਿਲ ਪਿੰਡ ਕੈਲੇ ਅਤੇ ਫੌਜ ਪਿੰਡ ਧਾਲੀਆ ਵਿਖੇ ਰਹੇ। ਇਥੇ ਹੁਣ ਆਲੀਸ਼ਾਨ ਥੜ੍ਹਾ ਬਣਿਆ ਹੋਇਆ ਹੈ। ਹਰ ਮਹੀਨੇ ਮੱਸਿਆ, ਗੁਰਪੁਰਬ ਦਾ ਦਿਹਾੜਾ ਮਨਾਇਆ ਜਾਂਦਾ ਹੈ, ਹਰ ਸਾਲ ਸ਼ਿਵਰਾਤਰੀ ਨੂੰ ਸਾਲਾਨਾ ਜੋੜ ਮੇਲਾ ਹੁੰਦਾ ਹੈ। ਇਸ ਅਸਥਾਨ 'ਤੇ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 6 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਅਤੇ 8, 9 ਮਾਰਚ ਨੂੰ ਧਾਰਮਿਕ ਸਮਾਗਮ ਹੋਵੇਗਾ, ਜਿਸ ਦੌਰਾਨ ਪ੍ਰਸਿੱਧ ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰਇਤਿਹਾਸ ਸੁਣਾਉਣਗੇ।

-ਬਲਵਿੰਦਰ ਸਿੰਘ ਲਿੱਤਰ,
ਰਾਏਕੋਟ।

ਸਿੱਖ ਧਰਮ ਦੀ ਸਿਧਾਂਤਕ ਸੇਧ

(ਲੜੀ ਜੋੜਨ ਲਈ
ਪਿਛਲਾ ਅੰਕ ਦੇਖੋ)
ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਕੀਤੇ ਸਰਬਰਾਹਾਂ, ਉਦਾਸੀ ਮਹੰਤਾਂ, ਜੋ ਗੁਰਮਤਿ ਸਿਧਾਂਤ ਨੂੰ ਤਿਲਾਂਜਲੀ ਦੇ ਕੇ, ਗੁਰਦੁਆਰਾ ਧਨ ਆਪਣੀ ਅੱਯਾਸ਼ੀ ਲਈ ਵਰਤ ਰਹੇ ਸਨ, ਤੋਂ ਪ੍ਰਬੰਧ ਲੈ ਕੇ ਚੁਣੀ ਹੋਈ ਕਮੇਟੀ ਦੇ ਹਵਾਲੇ ਕਰਨ ਲਈ ਸਾਲ 1920 ਤੋਂ 1925 ਦੌਰਾਨ 400 ਸ਼ਹੀਦੀਆਂ, 2000 ਜ਼ਖ਼ਮੀ ਤੇ 30,000 ਗ੍ਰਿਫ਼ਤਾਰੀਆਂ ਤੋਂ ਬਾਅਦ 'ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925' ਪਾਸ ਕਰਾਉਣ ਵਿਚ ਕਾਮਯਾਬੀ ਪ੍ਰਾਪਤ ਕੀਤੀ। ਇਸ ਹੀ ਮੋਰਚੇ ਨੂੰ ਚਲਾਉਣ ਲਈ ਸਿਰਲੱਥ ਸਿੱਖ ਯੋਧਿਆਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਸਰਦਾਰ ਸੁਰਮਖ ਸਿੰਘ ਝਬਾਲ ਦੀ ਅਗਵਾਈ ਵਿਚ ਹੋਇਆ, ਫਿਰ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਇਸ ਦੀ ਅਗਵਾਈ ਕੀਤੀ।
ਇਸ ਤਰ੍ਹਾਂ ਗੁਰੂ ਕਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਹੀ ਸਿੱਖ ਸਮੇਂ ਦੀਆਂ ਸਰਕਾਰਾਂ ਦੇ ਇਸ ਕੌਮ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਵਿਰੁੱਧ ਬਚਾਓ ਦੀ ਲੜਾਈ ਹੀ ਲੜਦੇ ਰਹੇ ਹਨ। ਸੰਨ 1710 ਤੋਂ ਬਾਅਦ ਕਰੀਬ 73 ਸਾਲ ਤੱਕ ਤਾਂ ਸਿੱਖ ਹੋਣਾ ਹੀ ਵੱਡਾ ਜੁਰਮ ਸੀ, ਜਿਸ ਦੀ ਸਜ਼ਾ ਮੌਤ ਤੇ ਮਾਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਸੀ। ਸਿੱਖਾਂ ਦੀ ਉੱਚੀ ਆਤਮਿਕ ਅਵਸਥਾ, ਚਰਿੱਤਰ, ਬਹਾਦਰੀ ਤੇ ਗੁਰੂ ਫਲਸਫੇ ਦੀ ਉੱਤਮਤਾ ਹੋਰਾਂ ਨੂੰ ਇਸ ਧਰਮ ਵੱਲ ਖਿੱਚਦੀ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਜੋ ਲੋਕ ਲਾਲਚ ਵੱਸ ਭੇਖੀ ਸਿੱਖ ਬਣੇ ਸਨ, ਰਾਜ ਦੇ ਕਮਜ਼ੋਰ ਹੁੰਦਿਆਂ ਹੀ ਵਿਰੋਧੀਆਂ ਦੇ ਹੱਥ-ਠੋਕੇ ਬਣ ਕੇ ਆਪਣੇ ਧਰਮਾਂ ਵੱਲ ਪਰਤ ਗਏ। ਅੰਗਰੇਜ਼ ਸਰਕਾਰ ਦੇ ਸਿੱਖਾਂ ਨੂੰ ਖ਼ਤਮ ਕਰਨ ਦੇ ਮਨਸੂਬੇ ਕੁਝ ਵਿਚਾਰਵਾਨ ਤੇ ਸਿੱਖਾਂ ਦੀਆਂ ਕੁਰਬਾਨੀਆਂ ਕਾਰਨ ਸਿਰੇ ਨਾ ਚੜ੍ਹ ਸਕੇ।
ਮਹੰਤਾਂ ਅਤੇ ਸਰਬਰਾਹਾਂ ਤੋਂ ਗੁਰਦੁਆਰਾ ਪ੍ਰਬੰਧ ਮੁਕਤ ਕਰਵਾ ਕੇ ਚੁਣੀ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1925 ਵਿਚ ਕੰਮ ਆਰੰਭ ਕੀਤਾ। ਇਸ ਅੰਦੋਲਨ ਸਮੇਂ ਕਾਂਗਰਸੀ ਆਗੂਆਂ ਨੇ ਵੀ 'ਹਾ ਦਾ ਨਾਅਰਾ' ਮਾਰਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਤੋਂ ਹੀ ਇਸ ਸੰਸਥਾ 'ਤੇ ਰਾਜਨੀਤੀ ਭਾਰੂ ਹੋ ਗਈ, ਭਾਵੇਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਤੇ ਵਿੱਦਿਅਕ ਅਦਾਰੇ ਬਣਾਏ ਵੀ ਗਏ, ਪਰ ਧਰਮ ਬਾਰੇ ਖੋਜ ਤੇ ਪ੍ਰਚਾਰ-ਪ੍ਰਸਾਰ ਨਾਲੋਂ ਜ਼ਿਆਦਾ ਰਾਜਨੀਤੀ ਵੱਲ ਹੀ ਆਗੂਆਂ ਦਾ ਧਿਆਨ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ 1937 ਵਿਚ ਅਕਾਲੀ ਦਲ ਕਾਂਗਰਸ ਵਿਚ ਸ਼ਾਮਿਲ ਹੋ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਹੁਤੇ ਰਾਜਨੀਤਕ ਪਾਰਟੀਆਂ ਦੇ ਮੈਂਬਰ ਹੀ ਬਣਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੈਂਬਰ ਹੀ ਜ਼ਿਆਦਾਤਰ ਪ੍ਰਧਾਨ ਤੇ ਪ੍ਰਬੰਧਕ ਬਣੇ ਹਨ। ਆਜ਼ਾਦੀ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਰਾਜਨੀਤਕ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਮੋਰਚੇ ਲਾਉਂਦਾ ਰਿਹਾ ਹੈ। ਪਰ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਯੋਜਨਾਬੰਦੀ ਕਰਨ ਲਈ ਨਹੀਂ ਆਖਿਆ। ਗੁਰਦੁਆਰਾ ਸਾਹਿਬਾਨ ਤੇ ਸਰਮਾਇਆ ਰਾਜਨੀਤੀ ਲਈ ਹੀ ਵਰਤਿਆ ਗਿਆ, ਪਰ ਸ਼੍ਰੋਮਣੀ ਕਮੇਟੀ ਨੂੰ ਆਜ਼ਾਦਾਨਾ ਰੂਪ ਵਿਚ ਕਦੇ ਧਾਰਮਿਕ ਕੰਮ ਦੀ ਆਗਿਆ ਨਹੀਂ ਦਿੱਤੀ। ਕੌਮਾਂ ਹਮੇਸ਼ਾ ਸਿਧਾਂਤ ਦੀ ਪਾਲਣਾ ਕਰਕੇ ਜੀਵਤ ਰਹਿੰਦੀਆਂ ਹਨ, ਜਿਨ੍ਹਾਂ ਨੂੰ ਵਿਰੋਧੀ ਨਹੀਂ ਤੋੜ ਸਕਦੇ ਅਤੇ ਧਾਰਮਿਕ ਤੇ ਤਖ਼ਤ ਵਿਰੋਧੀਆਂ ਵੱਲੋਂ ਤੋੜਨ ਦੇ ਯਤਨ ਨਵਾਂ ਜੀਵਨ ਦਾਨ ਦਿੰਦੇ ਹਨ।
(ਬਾਕੀ ਅਗਲੇ ਮੰਗਲਵਾਰ)

ਮੋਬਾ: 97800-03333

ਧਾਰਮਿਕ ਸਰਗਰਮੀਆਂ

ਸੰਤ ਬਾਬਾ ਦੀਵਾਨ ਸਿੰਘ ਤੇ ਬਾਬਾ ਖਜ਼ਾਨ ਸਿੰਘ ਦੀ ਬਰਸੀ ਮਨਾਈ
ਦੇਵੀਗੜ੍ਹ ਇਲਾਕੇ 'ਚ ਸਥਿਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ (ਮਿਲਾਪਸਰ) ਘੜਾਮ ਵਿਖੇ ਸੰਤ ਬਾਬਾ ਦੀਵਾਨ ਸਿੰਘ, ਸੰਤ ਬਾਬਾ ਖਜ਼ਾਨ ਸਿੰਘ ਅਤੇ ਬਾਬਾ ਨਿਰੰਜਨ ਸਿੰਘ ਛਾਬੜੀ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਬਾਬਾ ਅਵਤਾਰ ਸਿੰਘ ਅਤੇ ਬਾਬਾ ਕਰਤਾਰ ਸਿੰਘ ਦੀ ਅਗਵਾਈ 'ਚ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ, ਕਥਾਵਾਚਕ ਅਤੇ ਸੰਤਾਂ-ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਿਥੇ ਕਿ ਪੀਰ ਭੀਖਮ ਸ਼ਾਹ ਦਾ ਦਸਵੇਂ ਪਾਤਸ਼ਾਹ ਨਾਲ ਮਿਲਾਪ ਹੋਇਆ ਸੀ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਦੀਵਾਨ ਸਿੰਘ, ਸੰਤ ਬਾਬਾ ਖਜ਼ਾਨ ਸਿੰਘ ਅਤੇ ਬਾਬਾ ਨਿਰੰਜਨ ਸਿੰਘ ਵੱਲੋਂ ਕਰਾਈ ਗਈ ਹੈ।
ਇਸ ਸਮਾਗਮ ਦੌਰਾਨ ਭਾਈ ਲੱਖਾ ਸਿੰਘ, ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ, ਗੁਰੂ ਗੋਬਿੰਦ ਸਿੰਘ ਮਾਡਲ ਸਕੂਲ ਦੂਧਨ ਸਾਧਾਂ ਅਤੇ ਕਥਾਵਾਚਕ ਭਾਈ ਕੁਲਵੰਤ ਸਿੰਘ ਹੁਰਾਂ ਨੇ ਇਥੋਂ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ। ਇਸ ਸਮਾਗਮ ਵਿਚ ਜਿਥੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ, ਉਥੇ ਹੀ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਹਲਕਾ ਸਨੌਰ ਦੇ ਮੁਖੀ ਤੇਜਿੰਦਰਪਾਲ ਸਿੰਘ ਸੰਧੂ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ, ਜਿਨ੍ਹਾਂ ਨੂੰ ਬਾਬਾ ਕਰਤਾਰ ਸਿੰਘ ਅਤੇ ਸਰਕਲ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਕੋਟਲਾ ਨੇ ਸਿਰੋਪਾਓ ਭੇਟ ਕਰਕੇ ਸਤਿਕਾਰ ਕੀਤਾ। ਇਸ ਮੌਕੇ ਬਾਬਾ ਟਹਿਲ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਭਗਤ ਧੰਨਾ ਜੀ, ਜਥੇਦਾਰ ਦਰਸ਼ਨ ਸਿੰਘ, ਬੂਟਾ ਸਿੰਘ ਮੁਰਾਦਮਾਜਰਾ, ਚਰਨਜੀਤ ਸਿੰਘ ਭੈਣੀ, ਸੰਦੀਪ ਰਾਜਾ, ਗੁਰਜੰਟ ਸਿੰਘ ਲੇਹਲਾਂ, ਬਾਬਾ ਕੁਲਵਿੰਦਰ ਸਿੰਘ, ਜਰਨੈਲ ਸਿੰਘ ਭਾਂਬਲ ਅਤੇ ਮੋਹਣ ਸਿੰਘ ਬੁਧਮੋਰ ਤੋਂ ਇਲਾਵਾ ਸੰਗਤਾਂ ਨੇ ਹਾਜ਼ਰੀ ਭਰੀ।

-ਰਾਜਿੰਦਰ ਸਿੰਘ ਮੌਜੀ,
ਦੇਵੀਗੜ੍ਹ। ਮੋਬਾ: 98551-16609

ਸ੍ਰੀ ਗੰਗਾਨਗਰ 'ਚ ਸਾਲਾਨਾ ਗੁਰਮਤਿ ਸਮਾਗਮ ਹੋਇਆ

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼ਹੀਦਾਂ 18ਐਫ ਨੇੜੇ ਮਟੀਲੀ ਰਾਠਾਨ ਸ੍ਰੀ ਗੰਗਾਨਗਰ (ਰਾਜਸਥਾਨ) ਵਿਚ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ 101 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੰਤ ਬਾਬਾ ਗੁਰਪਾਲ ਸਿੰਘ ਚੀਫ ਡਾਇਰੈਕਟਰ ਸਰਬ ਪ੍ਰਚਾਰ ਕਮੇਟੀ ਰਾਜਸਥਾਨ ਅਤੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਡਾਇਰੈਕਟਰ ਸਰਬ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਵਾਲਿਆਂ ਦੀ ਸਰਪ੍ਰਸਤੀ ਵਿਚ ਮਹਾਨ ਗੁਰਮਤਿ ਸੰਤ ਸਮਾਗਮ ਅਤੇ ਕਬੱਡੀ ਕੱਪ ਕਰਵਾਇਆ ਗਿਆ। ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਦਵਿੰਦਰ ਸਿੰਘ ਅਤੇ ਭਾਈ ਪਰਸਨ ਸਿੰਘ ਨੇ ਦੱਸਿਆ ਕਿ ਆਲ ਰਾਜਸਥਾਨ ਓਪਨ ਕਬੱਡੀ ਟੂਰਨਾਮੈਂਟ ਵਿਚ ਕਬੱਡੀ ਦੇ ਮਹਾਨ ਖਿਡਾਰੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਸਮਾਗਮ ਦੌਰਾਨ 45 ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ। ਮੁਫ਼ਤ ਮੈਡੀਕਲ ਕੈਂਪ ਵਿਚ ਹਾਰਟ, ਕੈਂਸਰ, ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਹਜ਼ਾਰਾਂ ਮਰੀਜ਼ਾਂ ਨੇ ਚੈਕਅੱਪ ਕਰਵਾਇਆ ਅਤੇ ਆਯੁਰਵੈਦਿਕ ਦੀਆਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ।
ਬਾਬਾ ਜੀ ਵੱਲੋਂ ਸੰਤ ਸਮਾਗਮ ਦੌਰਾਨ ਸੰਤ ਭੁਪਿੰਦਰ ਸਿੰਘ ਜਰਗ ਵਾਲਿਆਂ ਨੂੰ 'ਸੰਤ ਈਸ਼ਰ ਸਿੰਘ ਰਾੜਾ ਸਾਹਿਬ ਯਾਦਗਾਰੀ ਐਵਾਰਡ' ਅਤੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਨੂੰ 'ਸਾਈਂ ਪੀਰ ਬੁੱਧੂ ਸ਼ਾਹ ਜੀ ਗੁਰੂ ਪ੍ਰੇਮਾ ਐਵਾਰਡ' ਸਟੇਜ ਤੋਂ ਸਿੱਖੀ ਵਿਰਸਾ ਸੰਭਾਲ ਕਮੇਟੀ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਭੇਟ ਕੀਤੇ ਗਏ। ਰਾਜਸਥਾਨ ਗੁਰਮਤਿ ਸੰਤ ਸਮਾਗਮ ਵਿਚ ਸੰਤ ਭੁਪਿੰਦਰ ਸਿੰਘ ਜਰਗ ਵਾਲੇ, ਸੰਤ ਅਵਤਾਰ ਸਿੰਘ, ਸੰਤ ਦਰਸ਼ਨ ਸਿੰਘ ਢੱਕੀ ਵਾਲੇ, ਢਾਡੀ ਜਥਾ ਤਰਸੇਮ ਸਿੰਘ ਮੋਰਾਂਵਾਲੀ, ਸੰਤ ਕਰਮ ਸਿੰਘ ਲੀਲਾਂ ਵਾਲੇ, ਬਾਬਾ ਪਾਲ ਸਿੰਘ ਲੋਹੀਆਂ ਵਾਲੇ, ਬਾਬਾ ਹਰਦੀਪ ਸਿੰਘ ਤੂਰਬਨਜਾਰੇ ਵਾਲੇ, ਗਿਆਨੀ ਭਗਵਾਨ ਸਿੰਘ ਜੌਹਲ, ਭਾਈ ਅਰਸ਼ਨੂਰ ਸਿੰਘ, ਭਾਈ ਗੁਰਸੇਵਕ ਸਿੰਘ, ਬੀਬੀ ਸਤਨਾਮ ਕੌਰ ਯੂਗਾਂਡਾ ਆਦਿ ਮਹਾਂਪੁਰਖਾਂ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ।

-ਮਾਲਵਿੰਦਰ ਸਿੰਘ ਸਿੱਧੂ,
ਕੌਹਰੀਆਂ (ਸੰਗਰੂਰ)। ਮੋਬਾ: 94632-15291

ਭਾਈ ਮਰਦਾਨਾ ਦੇ ਜਨਮ ਦਿਹਾੜੇ 'ਤੇ 23ਵਾਂ ਯਾਦਗਾਰੀ ਕੀਰਤਨ ਦਰਬਾਰ

ਰਬਾਬੀ ਭਾਈ ਮਰਦਾਨਾ ਦੀ ਯਾਦ ਵਿਚ 23ਵਾਂ ਯਾਦਗਾਰੀ ਕੀਰਤਨ ਦਰਬਾਰ ਭਾਈ ਮਰਦਾਨਾ ਗਰਾਊਂਡ ਵਿਚ ਕਰਵਾਇਆ ਗਿਆ, ਜਿਸ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। 13 ਤੋਂ ਵੱਧ ਰਾਗੀ ਜਥਿਆਂ ਨੇ ਰਾਗਾਂ ਵਿਚ ਕੀਰਤਨ ਕਰਕੇ ਭਾਈ ਮਰਦਾਨਾ ਨੂੰ ਯਾਦ ਕੀਤਾ। ਸਿੱਖ ਵਿਦਵਾਨ ਗਿਆਨੀ ਜਸਵੰਤ ਸਿੰਘ ਨੇ ਭਾਈ ਮਰਦਾਨਾ ਦੀ ਜੀਵਨੀ ਨੂੰ ਵਿਸਥਾਰ ਰੂਪ ਵਿਚ ਦਰਸਾਇਆ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੰਤਰ-ਮੁਗਧ ਹੋ ਕੇ ਅਨੰਦ ਮਾਣਦੀਆਂ ਰਹੀਆਂ। ਰਾਗੀ ਭਾਈ ਹਰਜੀਤ ਸਿੰਘ ਯੂ. ਕੇ. ਵਾਲਿਆਂ ਨੇ ਨਿਰਧਾਰਤ ਰਾਗ ਵਿਚ ਗਾਇਨ ਕੀਤਾ 'ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ', ਜਿਸ ਦਾ ਸੰਗਤਾਂ ਨੇ ਅਨੰਦ ਮਾਣਿਆ। ਜਿਸ ਵੇਲੇ ਸਟੇਜ ਉੱਪਰ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਆਏ, ਸੰਗਤਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡੇ। ਉਨ੍ਹਾਂ ਨੇ ਵੀ ਭਾਈ ਮਰਦਾਨਾ ਨੂੰ ਸਾਰਾ ਕੀਰਤਨ ਸਮਰਪਿਤ ਕੀਤਾ।
ਸ੍ਰੀ ਦਰਬਾਰ ਸਾਹਿਬ ਦੇ 5 ਜਥੇ ਜਿਨ੍ਹਾਂ ਵਿਚ ਕਰਨੈਲ ਸਿੰਘ, ਭਾਈ ਦਵਿੰਦਰ ਸਿੰਘ ਤੇ ਭਾਈ ਬਲਵਿੰਦਰ ਲੋਪੋ ਸ਼ਾਮਿਲ ਸਨ, ਨੇ ਆਖਿਆ ਕਿ ਸਾਨੂੰ ਇਥੇ ਆ ਕੇ ਬੇਹੱਦ ਖੁਸ਼ੀ ਹੋਈ ਕਿ ਭਾਈ ਮਰਦਾਨਾ ਦੀ ਯਾਦ ਨੂੰ ਵੱਡੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਤਾਂ ਰਾਗੀ ਜਥਿਆਂ ਨੂੰ ਮਨਾਉਣਾ ਚਾਹੀਦਾ ਸੀ।
ਭਾਈ ਦਵਿੰਦਰ ਸਿੰਘ ਸੋਢੀ ਨੇ ਕੀਰਤਨ ਕਰਦੇ ਹੋਏ ਭਾਈ ਮਰਦਾਨਾ ਦੀ ਜੀਵਨੀ ਤੋਂ ਅੰਤਿਮ ਸਮੇਂ ਤੱਕ ਜਨਮ ਸਾਖੀਆਂ ਅਨੁਸਾਰ ਸੁਣਾ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਛੱਡਿਆ। ਫਿਰ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਨੇ ਬਸੰਤ ਰਾਗ ਗਾਇਨ ਕੀਤਾ ਅਤੇ ਨਿਰਧਾਰਿਤ ਰਾਗਾਂ ਸਬੰਧੀ ਦੱਸਿਆ ਅਤੇ ਭਾਈ ਮਰਦਾਨਾ ਜੀ ਵੱਲੋਂ 50 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ-ਸੰਗ ਰਹਿ ਕੇ ਕੀਤੀ ਸੇਵਾ ਨੂੰ ਦਰਸਾਇਆ।
ਭਾਈ ਜਤਿੰਦਰ ਸਿੰਘ ਬੋਪਾਰਾਏ ਨੇ ਕੀਰਤਨ ਕਰਦਿਆਂ ਪੂਰਨ ਰੂਪ ਵਿਚ ਭਾਈ ਮਰਦਾਨਾ ਨੂੰ ਯਾਦ ਕੀਤਾ। ਇਸ ਸਮਾਗਮ ਮੌਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਜੋ ਚੱਕ ਫਤਹਿ ਸਿੰਘ ਵਾਲਾ ਤੋਂ ਭਾਈ ਬਲਬੀਰ ਸਿੰਘ ਲੈ ਕੇ ਆਏ, ਦਸਮ ਪਿਤਾ ਦੀ ਦਸਤਾਰ, ਮੰਜੇ ਦੀ ਚਾਦਰ, ਮਾਤਾ ਜੀ ਦੀਆਂ ਖੜਾਵਾਂ ਅਤੇ ਹੋਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਸ ਮੌਕੇ 20 ਲੜਕੀਆਂ ਦੇ ਵਿਆਹ ਵੀ ਕੀਤੇ ਗਏ। 21 ਫਰਵਰੀ ਦਾ ਸਾਰਾ ਪ੍ਰੋਗਰਾਮ ਬਾਬਾ ਸੁਖਦੇਵ ਸਿੰਘ ਭੁੱਚੋ ਵਾਲਿਆਂ ਵੱਲੋਂ ਟੀ. ਵੀ. ਚੈਨਲ 'ਤੇ ਲਾਈਵ ਪ੍ਰਸਾਰਿਤ ਕਰਾਇਆ ਗਿਆ।

-ਹਰਪਾਲ ਸਿੰਘ ਭੁੱਲਰ,
ਮੋਬਾ: 98145-11007

'ਸ਼ਬਦ ਗੁਰੂ' ਦੇ ਪ੍ਰਚਾਰ ਨੂੰ ਸਮਰਪਿਤ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲੇ

ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਦੇਸ਼-ਵਿਦੇਸ਼ ਵਿਚ ਧਾਰਮਿਕ ਖੇਤਰ ਵਿਚ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਥਾਂ-ਥਾਂ ਮੁਫਤ ਮੈਡੀਕਲ ਕੈਂਪ ਵੀ ਲਗਵਾਏ ਜਾ ਰਹੇ ਹਨ। ਧਾਰਮਿਕ ਖੇਤਰ ਵਿਚ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬਾਣੀ-ਬਾਣੇ ਨਾਲ ਜੋੜਨ ਵਾਸਤੇ ਜਨਵਰੀ, ਫਰਵਰੀ 2016 ਨੂੰ ਸੰਤਾਂ ਨੇ ਆਸਟ੍ਰੇਲੀਆ ਦੀਆਂ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਈ। ਇਨ੍ਹਾਂ ਵੱਲੋਂ ਗੁਰਦੁਆਰਾ ਨਾਨਕਸਰ, ਗੁਰਦੁਆਰਾ ਬਾਬਾ ਬਿਧੀ ਚੰਦ ਖਾਲਸਾ ਛਾਉਣੀ, ਪਲੰਮਟਨ, ਗੁਰਦੁਆਰਾ ਬਲੈਕਬਰਨ, ਗੁਰਦੁਆਰਾ ਕੀਜ਼ਬੋਰੋ (ਮੈਲਬਰਨ), ਗੁਰਦੁਆਰਾ ਗਲੈਨਵੁਡ ਪਾਰਕ, ਗੁਰਦੁਆਰਾ ਪੈਨਰਿਤ (ਸਿਡਨੀ), ਗੁਰਦੁਆਰਾ ਸਿੱਖ ਟੈਂਪਲ (ਪਰਥ), ਗੁਰਦੁਆਰਾ ਨਾਨਕਸਰ ਠਾਠ, ਗੁਰਦੁਆਰਾ ਨਾਨਕ ਸਿੱਖ ਟੈਂਪਲ (ਵਲਗੁਲਗਾ) ਬਰਿਸਬੇਨ ਆਦਿ ਵਿਖੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਦੱਸਿਆ ਕਿ ਸੰਤਾਂ ਵੱਲੋਂ ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ 38, ਵੈਸਟ ਚੰਡੀਗੜ੍ਹ ਵਿਖੇ ਵੀ 'ਸ਼ਬਦ ਗੁਰੂ' ਦੇ ਪ੍ਰਚਾਰ ਲਈ ਕਾਰਜ ਕੀਤੇ ਜਾ ਰਹੇ ਹਨ।

-ਨਰਿੰਦਰ ਸਿੰਘ ਝਾਂਮਪੁਰ,
ਐੱਸ. ਏ. ਐੱਸ. ਨਗਰ, ਮੁਹਾਲੀ।
ਮੋਬਾ: 98157-07865

ਧਾਰਮਿਕ ਸਾਹਿਤ

ਦੋ ਤਲਵਾਰੀ ਬੱਧੀਆਂ
ਲੇਖਕ : ਗਿ: ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਮੁੱਲ : 120 ਰੁਪਏ, ਸਫੇ : 102
ਸੰਪਰਕ : 98769-64333
ਦੋ ਦਰਜਨ ਪੁਸਤਕਾਂ ਦੇ ਲੇਖਕ ਗਿ: ਕੇਵਲ ਸਿੰਘ 'ਨਿਰਦੋਸ਼' ਨੇ ਭਾਵੇਂ ਢਾਡੀ ਵਾਰਾਂ ਦੀਆਂ ਨੌਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ ਪਰ ਹਥਲੀ ਪੁਸਤਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਅਤੇ ਪਾਤਸ਼ਾਹ ਦੀਆਂ ਜੰਗਾਂ ਨਾਲ ਸਬੰਧਤ ਢਾਡੀ ਪ੍ਰਸੰਗਾਂ ਨਾਲ ਸਜਾਇਆ ਬਹੁਰੰਗਾ ਗੁਲਦਸਤਾ ਹੈ। ਪੁਸਤਕ ਵਿਚ ਸ਼ਾਮਿਲ ਸੱਤ ਢਾਡੀ ਪ੍ਰਸੰਗਾਂ ਵਿਚ ਛੇਵੇਂ ਪਾਤਸ਼ਾਹ ਦੇ ਜੀਵਨ 'ਤੇ ਚਾਨਣਾ ਪਾਉਂਦੀਆਂ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਮੂਰਤਿ ਹਰਿਗੋਬਿੰਦ ਸਵਾਰੀ, ਪ੍ਰਸੰਗ ਬੰਦੀ ਛੋੜ ਸਤਿਗੁਰੂ ਤੇ ਦੀਵਾਲੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਹਿਲੀ ਜੰਗ, ਪ੍ਰਸੰਗ ਹਰਿਗੋਬਿੰਦ ਪੁਰੇ ਦੀ ਦੂਜੀ ਜੰਗ ਦਾ, ਬਿਧੀ ਚੰਦ ਨੇ ਘੋੜੇ ਲਿਆਉਣੇ ਤੇ ਮਰਾਲ ਦੀ ਤੀਜੀ ਜੰਗ, ਕਰਤਾਰਪੁਰ ਦੀ ਚੌਥੀ ਜੰਗ ਅਤੇ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਪ੍ਰਸੰਗ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਪ੍ਰਸੰਗਾਂ ਵਿਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਮੀਰੀ-ਪੀਰੀ ਦੇ ਮਾਲਕ, ਦੀਨ ਦੁਖੀਆਂ ਦੀ ਬਾਂਹ ਫੜਨ ਵਾਲੇ ਬੰਦੀਛੋੜ ਦਾਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਨੀ, ਕੌਮ ਦੀਆਂ ਰਗਾਂ ਵਿਚ ਢਾਡੀ ਵਾਰਾਂ ਰਾਹੀਂ ਨਵੀਂ ਰੂਹ ਫੂਕਣ, ਜ਼ਾਲਮ ਹਕੂਮਤ ਨਾਲ ਟਕਰਾਉਣ ਦੇ ਇਨਕਲਾਬੀ ਵਿਚਾਰਾਂ ਦੁਆਰਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬਹੁਪੱਖੀ ਜੀਵਨ ਨੂੰ ਪੇਸ਼ ਕਰਕੇ ਲੇਖਕ ਨੇ ਆਪਣੇ ਫਰਜ਼ ਨੂੰ ਪਛਾਣਿਆ ਹੈ। ਪੁਸਤਕ ਦੇ ਆਰੰਭ ਵਿਚ ਢਾਡੀ ਕਲਾ ਅਤੇ ਵਾਰ ਸਾਹਿਤ 'ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਲੇਖਕ ਇਸ ਗੱਲ 'ਤੇ ਅਫਸੋਸ ਦਾ ਪ੍ਰਗਟਾਵਾ ਕਰਦਾ ਕਹਿੰਦਾ ਹੈ ਕਿ ਅਜੋਕੇ ਲੇਖਕਾਂ, ਗਾਇਕਾਂ ਤੇ ਸਾਰੰਗੀ ਵਾਦਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਢਾਡੀ ਕਲਾ ਦੀਆਂ ਪੱਕੀਆਂ ਧੁਨਾਂ ਜੋ ਦਿਨੋਂ-ਦਿਨ ਅਲੋਪ ਹੋ ਰਹੀਆਂ ਹਨ, ਜਿਨ੍ਹਾਂ ਵਿਚ ਜੋੜੇ ਦੀ ਕਲੀ, ਬੈਂਤ, ਪੂਰਨ, ਢਾਈਆ, ਮਿਰਜ਼ਾ, ਤਿਲੰਗ ਦੀ ਪਉੜੀ ਆਦਿ ਨੂੰ ਸੰਭਾਲਣ ਦੀ ਲੋੜ ਹੈ। ਪੁਰਾਤਨ ਕਲਾ ਸਾਡਾ ਅਮੀਰ ਵਿਰਸਾ ਹੈ, ਇਸ ਨੂੰ ਜਿਊਂਦਾ ਰੱਖਣਾ ਢਾਡੀ ਕਲਾ ਦੇ ਪ੍ਰੇਮੀਆਂ ਦਾ ਫਰਜ਼ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਇੱਕੀਵੀਂ ਸਦੀ ਦੇ ਨੌਜਵਾਨ ਢਾਡੀਆਂ ਲਈ ਲਿਖੀ ਸਫ਼ਲ ਰਚਨਾ ਹੈ।

-ਭਗਵਾਨ ਸਿੰਘ ਜੌਹਲ
ਮੋਬਾ: 98143-24040

ਲਾਹੌਰ ਦੇ ਹਿੰਦੂ-ਸਿੱਖ ਨਾਵਾਂ ਵਾਲੇ ਇਲਾਕਿਆਂ ਦੀ ਬਦਲ ਰਹੀ ਹੈ ਪਹਿਚਾਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਉਸ ਦੇ ਬਾਅਦ ਤੋਂ ਹੁਣ ਤੱਕ ਚਰਮਪੰਥੀਆਂ ਦੇ ਦਬਾਅ ਦੇ ਚਲਦਿਆਂ ਨਾਂਅ-ਪਰਿਵਰਤਨ ਦੀ ਇਹ ਕਾਰਵਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸੇ ਕਾਰਵਾਈ ਦੇ ਚਲਦਿਆਂ ਸੰਨ 2006 ਵਿਚ ਹਿੰਦੂਆਂ ਦੇ ਗੜ੍ਹ ਰਹੇ ਵੱਛੂਵਾਲੀ ਦੇ ਪਾਸ ਸਥਿਤ ਮੁਹੱਲਾ ਸਰੀਨ ਨੂੰ ਇਵੈਕਿਓ ਟਰੱਸਟ ਪ੍ਰਾਪਰਟੀ ਬੋਰਡ ਨੇ ਮਾਰਕੀਟ ਬਣਾਉਣ ਦੇ ਉਦੇਸ਼ ਨਾਲ ਜ਼ਮੀਨਦੋਜ਼ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਬਾਵਾ ਮਾਹਰ ਦਾਸ ਦਾ ਸ਼ਿਵਾਲਾ, ਆਰੀਆ ਸਮਾਜ ਮੰਦਿਰ, ਭੈਰੋਂ ਕਾ ਥਾਨ, ਕਾਲੀ ਮਾਤਾ ਮੰਦਿਰ, ਸੀਤਲਾ ਮੰਦਿਰ, ਦੁੱਧਾਧਾਰੀ ਮੰਦਿਰ, ਵਾਲਮੀਕੀ ਮੰਦਿਰ, ਮਹਾਰਾਜਾ ਸ਼ੇਰ ਸਿੰਘ ਦੀ ਸਮਾਧ, ਗੁਰਦੁਆਰਾ ਦੀਵਾਨਖ਼ਾਨਾ ਅਤੇ ਕਈ ਸਮਾਧਾਂ ਗਿਰਾ ਦਿੱਤੀਆਂ ਗਈਆਂ।
ਬਹਰਹਾਲ, ਲਾਹੌਰ ਪ੍ਰਸ਼ਾਸਨ ਨੇ ਹਾਲ ਹੀ ਵਿਚ ਸ਼ਹਿਰ ਦੇ 58 ਹਿੰਦੂ-ਸਿੱਖ ਨਾਵਾਂ ਵਾਲੇ ਸਥਾਨਾਂ ਦੀ ਸੂਚਨਾ ਜਾਰੀ ਕਰਕੇ ਉਨ੍ਹਾਂ ਦਾ ਨਾਂਅ ਬਦਲਣ ਲਈ ਲਾਹੌਰ ਵਾਸੀਆਂ ਦੇ ਸੁਝਾਅ ਮੰਗੇ ਹਨ। ਇਨ੍ਹਾਂ ਵਿਚ ਹਿੰਦੂ-ਸਿੱਖਾਂ ਦੇ ਨਾਵਾਂ ਨਾਲ ਸਬੰਧਤ 38 ਪ੍ਰਸਿੱਧ ਸੜਕਾਂ ਦੇ ਨਾਂਅ ਵੀ ਸ਼ਾਮਿਲ ਹਨ। ਪ੍ਰਸ਼ਾਸਨ ਦਾ ਤਰਕ ਹੈ ਕਿ ਹਿੰਦੂ-ਸਿੱਖ ਨਾਵਾਂ ਵਾਲੇ ਸਥਾਨਾਂ ਦੀ ਪਹਿਚਾਣ ਨੂੰ ਨਹੀਂ ਬਦਲਿਆ ਜਾ ਰਿਹਾ, ਸਗੋਂ ਉਨ੍ਹਾਂ ਇਲਾਕਿਆਂ ਦਾ ਨਾਂਅ ਲਾਹੌਰ ਦੇ ਮੌਜੂਦਾ ਪ੍ਰਮੁੱਖ ਮੁਸਲਮਾਨ ਸ਼ਹਿਰੀਆਂ ਅਤੇ ਰਹੀਸਾਂ ਦੇ ਨਾਂਅ 'ਤੇ ਰੱਖਿਆ ਜਾ ਰਿਹਾ ਹੈ। ਭਾਵੇਂ ਕਿ ਇਸ 'ਨਾਂਅ-ਪਰਿਵਰਤਨ' ਲਹਿਰ ਨੂੰ ਪਾਕਿਸਤਾਨੀ ਆਵਾਮ ਦੁਆਰਾ ਪੂਰੀ ਤਰ੍ਹਾਂ ਨਾਲ ਸਮਰਥਨ ਮਿਲਦਾ ਨਹੀਂ ਵਿਖਾਈ ਦੇ ਰਿਹਾ ਅਤੇ ਕਿਤੇ-ਕਿਤੇ ਕੁਝ ਵਿਰਾਸਤ ਪ੍ਰੇਮੀ ਸੰਸਥਾਵਾਂ ਦੁਆਰਾ ਇਸ 'ਨਾਂਅ-ਪਰਿਵਰਤਨ' ਲਹਿਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਪਰ ਚਰਮਪੰਥੀਆਂ ਦੇ ਦਬਾਅ ਦੇ ਚਲਦਿਆਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਨਿਰਵਿਘਨ ਸੰਪੂਰਨ ਹੋਣਾ ਲਗਭਗ ਤਹਿ ਹੀ ਹੈ।
ਲਾਹੌਰ ਪ੍ਰਸ਼ਾਸਨ ਬਨਾਮ ਚਰਮਪੰਥੀ ਗਰੁੱਪ ਤਹਿ ਕਰ ਚੁੱਕੇ ਹਨ ਕਿ ਲਾਹੌਰ ਦੇ ਕਿਲ੍ਹਾ ਗੁੱਜਰ ਸਿੰਘ ਇਲਾਕੇ ਦਾ ਨਾਂਅ ਕਿਲ੍ਹਾ ਸ਼ਾਹ ਫ਼ੈਸਲ (ਸਾਊਦੀ ਅਰਬ ਦਾ ਸਾਬਕਾ ਰਾਜਾ), ਮੁੱਖ ਰਾਜਗੜ੍ਹ ਰੋਡ ਦਾ ਨਾਂਅ ਕਰੀਮ ਬਖ਼ਸ਼ ਰੋਡ, ਪੁਣਛ ਰੋਡ ਦਾ ਚੌਧਰੀ ਸਰਵਰ ਗੁੱਜਰ ਰੋਡ, ਜੈਨ ਮੰਦਿਰ ਚੌਕ ਦਾ ਬਾਬਰੀ ਚੌਕ, ਗੁਮਤੀ ਬਾਜ਼ਾਰ ਦੇ ਕੂਚਾ ਕਾਲੀ ਮਾਤਾ ਦਾ ਕੂਚਾ ਔਰੰਗਜ਼ੇਬ, ਕ੍ਰਿਸ਼ਨ ਨਗਰ ਅਤੇ ਦੇਵ ਸਮਾਜ ਨਗਰ ਦਾ ਇਸਲਾਮਪੁਰਾ, ਸੰਤ ਨਗਰ ਦਾ ਨਾਂਅ ਸੁੰਨਤ ਨਗਰ ਰੱਖਿਆ ਜਾਵੇਗਾ। ਸ਼ਾਦਮਨ ਚੌਕ ਜਿਸ ਦਾ ਸਿਰਫ਼ ਇਕ ਦਿਨ ਲਈ ਨਾਂਅ ਭਗਤ ਸਿੰਘ ਚੌਕ ਰੱਖਿਆ ਗਿਆ ਸੀ, ਦਾ ਨਾਂਅ ਵੀ ਚਰਮਪੰਥੀ ਸੰਗਠਨ ਜਮਾਤ-ਉਦ-ਦਾਵਾ ਦੁਆਰਾ ਬਦਲ ਕੇ ਹੁਰਮਤ-ਏ-ਰੁਸੂਲ ਰੱਖ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਗਵਾਲ ਮੰਡੀ ਇਲਾਕੇ ਦੀ ਕ੍ਰਿਸ਼ਨਾ ਸਟਰੀਟ ਦੇ ਅੰਦਰੂਨੀ ਇਲਾਕਿਆਂ ਗਾਂਧੀ ਸਟਰੀਟ ਅਤੇ ਗਾਂਧੀ ਸਕਵੇਅਰ, ਪਟੇਲ ਨਗਰ, ਗੁਰੂ ਅਰਜਨ ਦੇਵ ਨਗਰ, ਮੰਦਿਰ ਵਾਲਾ ਮੁਹੱਲਾ ਸਹਿਤ ਲਕਛਮੀ ਬਿਲਡਿੰਗ, ਦਿਆਲ ਸਿੰਘ ਮੇਂਸ਼ਨ, ਬਾਵਾ ਸਿੰਘ ਬਿਲਡਿੰਗ, ਦਿਆਲ ਸਿੰਘ ਕਾਲਜ, ਗੰਗਾ ਰਾਮ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਜਾਨਕੀ ਦੇਵੀ ਹਸਪਤਾਲ ਸਹਿਤ ਬਹੁਤ ਸਾਰੇ ਨਾਂਅ ਅਜਿਹੇ ਹਨ, ਜਿਨ੍ਹਾਂ ਦੀ ਬਦੌਲਤ ਲਾਹੌਰ ਵਿਚ ਆਪਣੇਪਣ ਦੀ ਕੁਝ ਮਹਿਕ ਅਜੇ ਕਾਇਮ ਹੈ।
ਭਾਵੇਂ ਕਿ ਲਾਹੌਰ ਪ੍ਰਸ਼ਾਸਨ ਨੇ ਬਾਹਰੀ ਦਬਾਅ ਦੇ ਚਲਦਿਆਂ ਸ਼ਹਿਰ ਦੇ ਹਿੰਦੂ-ਸਿੱਖ ਨਾਵਾਂ ਵਾਲੇ ਮੁਹੱਲਿਆਂ, ਸੜਕਾਂ, ਬਾਜ਼ਾਰਾਂ ਅਤੇ ਹੋਰਨਾਂ ਸਥਾਨਾਂ ਦਾ ਨਾਂਅ-ਪਰਿਵਰਤਨ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਤੰਗ ਸੋਚ ਦਾ ਮੁਜ਼ਾਹਰਾ ਕੀਤਾ ਹੈ, ਪਰ ਇਸ ਦੇ ਨਾਲ ਹੀ ਅੰਗਰੇਜ਼ਾਂ ਦੇ ਨਾਂਅ 'ਤੇ ਰੱਖੇ ਸ਼ਹਿਰ ਦੀਆਂ ਸੜਕਾਂ-ਚੌਰਾਹਿਆਂ ਦੇ ਨਾਵਾਂ ਨੂੰ ਬਦਲ ਕੇ ਜੋ ਜ਼ਿੰਦਾਦਿਲੀ ਵਿਖਾਈ ਹੈ, ਉਹੋ ਉਮੀਦ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਦੇ ਲੋਕ ਵੀ ਆਪਣੇ ਇਲਾਕੇ ਨਾਲ ਸਬੰਧਤ ਸੂਬਾ ਸਰਕਾਰਾਂ ਤੋਂ ਲਗਾਏ ਹੋਏ ਹਨ। ਲਾਹੌਰ ਪ੍ਰਸ਼ਾਸਨ ਦੁਆਰਾ ਕਵਿੰਜ਼ ਰੋਡ ਦਾ ਨਾਂਅ ਬਦਲ ਕੇ ਫ਼ਾਤਿਮਾ ਜਿਨਹਾ ਰੋਡ, ਡੇਵਿਸ ਰੋਡ ਦਾ ਆਗ਼ਾ ਖ਼ਾਂ ਰੋਡ, ਲਾਰੈਂਸ ਗਾਰਡਨ ਦਾ ਬਾਗ਼-ਏ-ਜਿਨਹਾ, ਮਿੰਟਗੁਮਰੀ ਬਾਗ਼ ਦਾ ਕਾਇਦ-ਏ-ਆਜ਼ਮ ਲਾਇਬ੍ਰੇਰੀ, ਮੋਂਟੋ ਪਾਰਕ ਦਾ ਇਕਬਾਲ ਪਾਰਕ, ਰੇਸ ਕੋਰਸ ਪਾਰਕ ਦਾ ਜਿਲਾਨੀ ਪਾਰਕ (ਰਿਟਾਇਰਡ ਲੈਫ਼ਟੀਨੈਂਟ ਗ਼ੁਲਾਮ ਜਿਲਾਨੀ ਖ਼ਾਂ ਦੇ ਨਾਂਅ 'ਤੇ), ਏਬਟ ਰੋਡ ਦਾ ਇਫ਼ਤੇਖ਼ਾਰ ਹੁਸੈਨ ਮਮਦੋਟ ਰੋਡ, ਬੇਡਨ ਰੋਡ ਦਾ ਮੌਲਾਨਾ ਮੁਹੰਮਦ ਅਲੀ ਜੌਹਰ ਰੋਡ, ਬ੍ਰੇਡਰਥ ਰੋਡ ਦਾ ਸਰਦਾਰ ਅਬਦੁਰ ਰਬ ਨਿਸ਼ਤਰ ਰੋਡ, ਕੂਪਰ ਰੋਡ ਦਾ ਖ਼ਵਾਜ਼ਾ ਨਿਜ਼ਾਮੂਦੀਨ ਰੋਡ, ਏਗਰਟਨ ਰੋਡ ਦਾ ਖ਼ਲੀਫ਼ਾ ਸ਼ੁਜਾਓਦੀਨ ਰੋਡ, ਹਾਲ ਰੋਡ ਦਾ ਬਹਾਦਰ ਯਾਰ ਜੰਗ ਰੋਡ, ਲਾਰੈਂਸ ਰੋਡ ਦਾ ਲਿਆਕਤ ਅਲੀ ਖ਼ਾਂ ਰੋਡ, ਮੇਕਲੇਗਨ ਰੋਡ ਦਾ ਜ਼ਮਾਲੂਦੀਨ ਅਫ਼ਗਾਨੀ ਰੋਡ, ਦੀ ਮਾਲ ਦਾ ਸ਼ਹਰ੍ਹਾ-ਏ-ਕਾਇਦ-ਏ-ਆਜ਼ਮ ਰੋਡ, ਨਿਕਲਸਨ ਰੋਡ ਦਾ ਬਖ਼ਤ ਖ਼ਾਂ ਰੋਡ, ਰੇਸ ਕੋਰਸ ਰੋਡ ਦਾ ਹੁਸੈਨ ਸ਼ਹੀਦ ਸੁਹਰਾਵਰਦੇ ਰੋਡ ਅਤੇ ਟੈਂਪਲ ਰੋਡ ਦਾ ਹਾਮਿਦ ਨਿਜ਼ਾਮੀ ਰੋਡ ਰੱਖ ਦਿੱਤਾ ਗਿਆ ਹੈ। ਜਦੋਂਕਿ ਸਾਡੇ ਇਧਰ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਅੰਗਰੇਜ਼ ਅਧਿਕਾਰੀਆਂ ਦੇ ਨਾਂਅ 'ਤੇ ਸੜਕਾਂ-ਚੌਰਾਹਿਆਂ ਦੇ ਰੱਖੇ ਇਹੋ ਨਾਂਅ ਭਾਰਤੀਆਂ ਨੂੰ ਮੂੰਹ ਚਿੜਾਉਂਦੇ ਪ੍ਰਤੀਤ ਹੁੰਦੇ ਹਨ।

-ਅੰਮ੍ਰਿਤਸਰ। ਫੋਨ : 9356127771,


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX