ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕੰਗਨਾ ਰਣੌਤ ਆਪਣੇ ਪੈਰੀਂ ਆਪ ਕੁਹਾੜਾਸਹੀ ਗੱਲ ਹੈ ਕਿ ਪਹਿਲਾਂ ਤੋਲ ਤੇ ਫਿਰ ਬੋਲ ਤੇ ਜੇ ਇਹ ਗੱਲ ਕੰਗਨਾ ਰਣੌਤ ਮੰਨਦੀ ਹੋਵੇ ਤਾਂ ਅੱਜ ਉਹ ਫ਼ਿਲਮ ਹੱਥੋਂ ਨਿਕਲਣ ਤੇ ਹੋ-ਹੱਲਾ ਮਚਣ ਵਾਲੇ ਦਿਨ ਨਾ ਵੇਖਦੀ | ਪਹਾੜਾਂ ਦੀ ਰਾਣੀ ਕੰਗਨਾ ਨੇ ਰਿਤਿਕ ਰੌਸ਼ਨ ਦੇ ਸਬੰਧ 'ਚ ਕੁਝ ਗ਼ਲਤ ਜਿਹੀ ਬਿਆਨਬਾਜ਼ੀ ਕੀਤੀ ਸੀ | ਚਾਹੇ ਉਹ ਪ੍ਰਚਾਰ ਲਈ ਅਜਿਹੇ ਕੰਮ ਕਰਦੀ ਰਹਿੰਦੀ ਹੈ ਪਰ ਰਿਤਿਕ ਸਿਆਣਾ ਮੰੁਡਾ ਹੈ, ਉਹ ਕਿਥੇ ਜ਼ਰਨ ਵਾਲਾ ਹੈ | ਕੰਗਨਾ ਨਾਲ ਰਿਤਿਕ ਨੂੰ ਲੈ ਕੇ ਫ਼ਿਲਮ ਤੋਂ ਰਿਤਿਕ ਨੇ ਸਾਫ਼ ਨਾਂਹ ਕਰ ਦਿੱਤੀ ਤੇ ਨਿਰਮਾਤਾ ਨੇ ਰਿਤਿਕ ਨੂੰ ਰੱਖ ਲਿਆ ਤੇ ਕੰਗਨਾ ਦੀ ਛੁੱਟੀ ਹੋ ਗਈ | 'ਨੀਰਜਾ' ਨੇ ਕੰਗਨਾ ਦੀ 'ਕਵੀਨ' ਨੂੰ ਮਾਤ ਪਾ ਦਿੱਤੀ ਹੈ | 'ਰਿਵਾਲਵਰ ਰਾਨੀ', 'ਕੱਟੀ ਬੱਟੀ' ਮੂਧੇ ਮੂੰਹ ਪਈਆਂ ਹਨ ਤੇ ਪਹਾੜਨ ਸੁੰਦਰੀ ਕੰਗਨਾ 'ਫੇਲ੍ਹ ਹੀਰੋਇਨ' ਦਾ ਰੁਤਬਾ ਲੈ ਕੇ ਘੰੁਮ ਰਹੀ ਹੈ | ਉਪਰੋਂ ਰਿਤਿਕ ਨੇ ਕਰਾਰਾ ਝਟਕਾ ਦਿੱਤਾ ਹੈ | ਵੈਸੇ ਵੀ 'ਤਨੂ ਵੈਡਸ ਮਨੂ' ਹਰ ਫ਼ਿਲਮ ਨਹੀਂ ਹੁੰਦੀ | 'ਧਮਾਲ-2' ਦੇਰ ਨਾਲ ਆਉਣੀ ਹੈ | 'ਰੰਗੂਨ' 'ਚ ਵੈਸੇ ਸ਼ਾਹਿਦ ਕਪੂਰ 'ਚ ਤੇ 'ਮਿਸਟਰ ਚਾਲੂ', 'ਸਿਮਰਨ' ਫ਼ਿਲਮਾਂ ਤੋਂ ਉਮੀਦ ਨਾਂਹ ਦੇ ਬਰਾਬਰ ਹੈ | ਆਪਣੇ ਪੈਰੀਂ ਆਪ ਕੁਹਾੜਾ , ਵਿਚਾਰੀ ਇਸ ਕਰਕੇ ਹੀ ਹੁਣ ਸੋਸ਼ਲ ਮੀਡੀਆ ਤੋਂ ਤੌਬਾ ਕਰ ਰਹੀ ਹੈ | ਰਿਤਿਕ ਰੌਸ਼ਨ ਨੇ 'ਆਸ਼ਿਕੀ-3' 'ਚ ਕੰਗਨਾ ਦਾ ਪੱਤਾ ਸਾਫ਼ ਕਰਵਾਇਆ ਹੈ | 'ਪਾਗਲ ਪ੍ਰੇਮੀ' ਤੱਕ ਕੰਗਨਾ ਨੇ ਰਿਤਿਕ ਦੇ ਸਬੰਧ 'ਚ ਹੀ ਕਿਹਾ ਸੀ, ਗੁੱਸਾ ਕਿੰਨਾ ਆਉਂਦਾ ਹੈ, ਇਸ ਦਾ ਅੰਦਾਜ਼ਾ ਹੁਣੇ ਜਿਹੇ ਹੀ ਵਾਇਰਲ ਹੋਏ ਕੰਗਨਾ ਦੇ ਵੀਡੀਓ ਤੋਂ ਲਗਦਾ ਹੈ ਕਿ ਉਹ 'ਸਪਾਟ ਬੁਆਏ' ਤੱਕ ਪੰਗਾ ਲੈ ਬੈਠਦੀ ਹੈ | ਕਦੇ ਉਹ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ ਕੁਝ ਸਾਲ ਪਹਿਲਾਂ ਕੁੱਟਣ ਦੀ ਗੱਲ ਕਰਦੀ ਹੈ | ਅਸਲ ਵਿਚ ਕੰਗਨਾ ਰਣੌਤ ਲਗਾਤਾਰ ਅਸਫ਼ਲਾਤਾਵਾਂ ਨਾਲ ਆਪਣਾ ਸੰਤੁਲਨ ਵਿਗਾੜ ਬੈਠੀ ਹੈ | ਬੇਸ਼ੱਕ ਉਹ ਪ੍ਰਤਿਭਾਵਾਨ ਹੈ ਪਰ ਜ਼ਬਾਨ ਦੇ ਤੀਰ ਤਾਂ ਬਾਦਸ਼ਾਹ ਵੀ ਸੋਚ ਸਮਝ ਕੇ ਚਲਾਉਂਦੇ ਰਹੇ ਹਨ | ਕੰਗਨਾ ਹੁਣ ਚੁੱਪ-ਚਾਪ ਮਨਾਲੀ ਜਾ ਰਹੀ ਹੈ, ਜਿਥੇ ਉਸ ਦਾ ਨਵਾਂ ਬੰਗਲਾ ਬਣ ਰਿਹਾ ਹੈ | 'ਅਲੀਗੜ੍ਹ' ਫ਼ਿਲਮ ਦੀ ਮੁਰੀਦ ਹੋਈ ਕੰਗਨਾ ਰਣੌਤ ਆਪਣੇ ਅੰਦਰ ਝਾਤੀ ਮਾਰੇ ਤੇ ਭੁੱਲਾਂ ਨੂੰ ਸੁਧਾਰੇ, ਵਰਨਾ ਪੌੜੀ ਤੋਂ ਥੱਲੇ ਡਿੱਗ ਕਿ ਮੁੜ ਮੰਜ਼ਿਲ 'ਤੇ ਪਹੁੰਚਣਾ ਬਹੁਤ ਔਖਾ ਹੈ |


ਖ਼ਬਰ ਸ਼ੇਅਰ ਕਰੋ

ਸਵਰਾ ਭਾਸਕਰ ਰਿਣੀ ਦੂਰਦਰਸ਼ਨ ਦੀ

ਹੁਣ ਉਹ ਸਮਾਂ ਨਹੀਂ ਕਿ ਅਭਿਨੇਤਰੀਆਂ ਸਿਰਫ਼ ਅਭਿਨੈ ਤੱਕ ਹੀ ਸੀਮਤ ਹਨ | ਹੁਣ ਤਾਂ ਉਹ ਸਮਾਜ ਦੇ ਹਰ ਕੰਮ 'ਚ ਰੁਚੀ ਰੱਖਦੀਆਂ ਹਨ | ਸਵਰਾ ਭਾਸਕਰ ਲਈ ਪ੍ਰਸੰਸਕਾਂ ਦਾ ਉਤਸ਼ਾਹ ਇਸ ਗੱਲ ਦੀ ਹੀ ਕੜੀ ਹੈ | ਸਵਰਾ ਅੱਜਕਲ੍ਹ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ ਫ਼ਿਲਮੀ ਚਿੱਤਰਹਾਰ ਜਿਹਾ ਸਦਾਬਹਾਰ ਪ੍ਰੋਗਰਾਮ 'ਰੰਗੋਲੀ' ਪੇਸ਼ ਕਰਦੀ ਹੈ | 'ਰੰਗੋਲੀ' ਨੇ ਦੁਨੀਆ ਭਰ 'ਚ ਸਵਰਾ ਦੀ ਧੂਮ ਮਚਾ ਦਿੱਤੀ ਹੈ | ਸਵਰਾ ਹੈਰਾਨ ਹੋਈ ਕਿ ਕਿਥੋਂ-ਕਿਥੋਂ ਲੋਕ 'ਰੰਗੋਲੀ' 'ਚ ਉਸ ਨਾਲ ਸੰਪਰਕ ਕਰ ਰਹੇ ਸਨ | ਆਰਥਰ ਰੋਡ ਜੇਲ੍ਹ ਮੰੁਬਈ ਅਹਿਮਦ ਨਗਰ ਜੇਲ੍ਹ ਤੇ ਕੇਂਦਰੀ ਜੇਲ੍ਹ ਛੱਤੀਸਗੜ੍ਹ ਤੋਂ ਕੈਦੀਆਂ ਨੇ ਸਵਰਾ ਦੀ ਪ੍ਰਸੰਸਾ ਕੀਤੀ | ਇਕ ਕੈਦੀ ਨੇ ਉਸ ਦੀ ਸਿਹਤ 'ਤੇ ਚਿੰਤਾ ਪ੍ਰਗਟਾਈ | ਸਵਰਾ ਨੂੰ ਪੀਲੀਆ ਸੀ ਤੇ ਕੈਦੀਆਂ ਦੀ ਹਮਦਰਦੀ ਵੇਖ ਕੇ ਸਵਰਾ ਦੀਆਂ ਅੱਖਾਂ 'ਚ ਅੱਥਰੂ ਆ ਗਏ | ਸਵਰਾ ਨੇ ਫ਼ੈਸਲਾ ਕੀਤਾ ਕਿ ਕੈਦੀਆਂ ਦੀ ਜ਼ਿੰਦਗੀ 'ਚ ਨਵੀਂ ਬਹਾਰ ਲਿਆਉਣ ਲਈ ਉਹ ਆਪਣਾ ਯੋਗਦਾਨ ਦੇਵੇਗੀ | 'ਤਨੂ ਵੈਡਸ ਮਨੂ' ਵਾਲੀ ਸਵਰਾ ਦੀ ਮਾੜੀ ਗੱਲ ਇਹ ਹੈ ਕਿ ਉਹ ਇਕ ਹਿੰਦੀ ਫ਼ਿਲਮ 'ਚ ਦੋ ਅਰਥੀ ਸੰਵਾਦ ਬੋਲ ਰਹੀ ਹੈ | ਸਵਰਾ ਨੂੰ 'ਐਕਸ ਪਾਰਟੀਜ਼ ਪਰੈਜ਼ੈਂਟਸ' ਨਾਂਅ ਦੀ ਨਵੀਂ ਹਿੰਦੀ ਫ਼ਿਲਮ ਵੀ ਮਿਲੀ ਹੈ | 'ਰਾਂਝਣਾ' ਤੇ 'ਪ੍ਰੇਮ ਰਤਨ ਧਨ ਪਾਇਓ' ਨੇ ਸਵਰਾ ਦੀ ਗੱਲ ਕਾਫ਼ੀ ਬਣਾ ਦਿੱਤੀ ਹੈ | ਅੱਜਕਲ੍ਹ ਚਰਚਿਤ ਜੇ.ਐਨ.ਯੂ. ਕਾਂਡ ਦੇ ਉਮਰ ਖਾਲਿਦ ਨੂੰ ਸਵਰਾ ਨੇ ਖੁੱਲ੍ਹੀ ਚਿੱਠੀ ਵੀ ਲਿਖੀ ਹੈ | ਸਵਰਾ ਸਮਾਜ 'ਚ ਵੀ ਵਿਚਰ ਰਹੀ ਹੈ | ਉਸ ਨੇ ਦਿੱਲੀ ਪੁਲਿਸ 'ਤੇ ਵੀ ਤਵਾ ਲਾਇਆ ਹੈ | ਸਵਰਾ ਭਾਸਕਰ ਜੇ.ਐਨ.ਯੂ. ਦੀ ਵਿਦਿਆਰਥਣ ਰਹੀ ਹੈ | ਸਵਰਾ ਨੇ ਫ਼ੈਸਲਾ ਕੀਤਾ ਹੈ ਕਿ ਫ਼ਿਲਮਾਂ ਦੇ ਨਾਲ-ਨਾਲ ਉਹ ਦੂਰਦਰਸ਼ਨ ਦਾ ਪ੍ਰੋਗਰਾਮ 'ਰੰਗੋਲੀ' ਕਰਦੀ ਰਹੇਗੀ ਕਿਉਂਕਿ 'ਰੰਗੋਲੀ' ਨੇ ਉਸ ਦੀ ਪਛਾਣ ਤੇ ਲੋਕਾਂ ਨਾਲ ਸੰਪਰਕ ਫ਼ਿਲਮਾਂ ਨਾਲੋਂ ਜ਼ਿਆਦਾ ਬਣਾਇਆ ਹੈ | ਤਾਂ ਹੀ ਵਾਰ-ਵਾਰ ਉਹ ਕਹਿੰਦੀ ਹੈ ਕਿ ਧੰਨਵਾਦ ਦੂਰਦਰਸ਼ਨ ਤੇਰਾ ਜਵਾਬ ਨਹੀਂ |
-ਸੁਖਜੀਤ ਕੌਰ

ਰੀਆ ਚੱਕਰਵਰਤੀ 'ਬੈਂਕ ਚੋਰ' ਦਾ ਸਹਾਰਾ

'ਐਮ ਟੀ.ਵੀ.' ਦੇ ਰਿਆਲਿਟੀ ਸ਼ੋਅ 'ਤੀਨ ਬੇਟੀਆਂ' ਦੀ ਪਹਿਲੀ ਰਨਰ ਅੱਪ ਰਹੀ ਰੀਆ ਚੱਕਰਵਰਤੀ ਮਾਡਿਲੰਗ ਤੋਂ ਤੇਲਗੂ ਫ਼ਿਲਮਾਂ ਕਰਦੀ ਕਰਦੀ ਜਦ 'ਮੇਰੇ ਡੈਡ ਕੀ ਮਾਰੂਤੀ' 'ਚ ਜਸਲੀਨ ਬਣੀ ਤਦ ਹੀ ਨਿਸ਼ਚਿਤ ਹੋ ਗਿਆ ਸੀ ਕਿ ਬੀ-ਟਾਊਨ 'ਚ ਸਥਾਪਤੀ ਲਈ ਉਹ ਪੂਰਾ ਦਮ-ਖਮ ਲਾ ਦੇਵੇਗੀ | 'ਸੋਨਾਲੀ ਕੇਬਲ' ਤੋਂ ਬਾਅਦ ਚਾਹੇ ਰੀਆ ਕੋਲ ਬਹੁਤ ਜ਼ਿਆਦਾ ਕੰਮ ਨਹੀਂ ਹੈ ਪਰ ਆਯੂਸ਼ਮਨ ਖੁਰਾਣਾ ਨਾਲ 'ਓ ਹੀਰੀਏ' ਦੀ ਕੋਰੀਓਗ੍ਰਾਫ਼ੀ ਤੇ ਇਕ ਫ਼ਿਲਮ 'ਬੈਂਕ ਚੋਰ' ਪ੍ਰਾਪਤ ਕਰਕੇ ਰੀਆ ਨੇ ਆਪਣੀ ਮੌਜੂਦਗੀ ਇਥੇ ਗੁੰਮਸੁਮ ਨਹੀਂ ਹੋਣ ਦਿੱਤੀ | 'ਬੈਂਕ ਚੋਰ' ਉਸ ਲਈ ਵੱਡੀ ਫ਼ਿਲਮ ਹੈ ਤੇ ਇਸ 'ਚ ਉਹ ਪੱਤਰਕਾਰ ਬਣੀ ਹੈ | ਆਸ਼ੀਸ਼ ਪਟੇਲ ਦੀ 'ਬੈਂਕ ਚੋਰ' ਮਿਲਣ ਲਈ ਰਿਤੇਸ਼ ਦੇਸ਼ਮੁਖ ਤੇ ਵਿਵੇਕ ਉਬਰਾਏ ਵੱਲੋਂ ਉਸ ਦੇ ਨਾਂਅ 'ਤੇ ਨਿਰਮਾਤਾ ਨੂੰ ਰਾਜ਼ੀ ਕਰਨਾ ਰੀਆ ਲਈ ਇਕ ਪ੍ਰਾਪਤੀ ਹੀ ਹੈ | 'ਬੈਂਕ ਚੋਰ' 'ਚ ਰੀਆ ਨਾਲ ਰਿਤੇਸ਼ ਨਾਇਕ ਹੈ | ਯਸ਼ਰਾਜ ਫ਼ਿਲਮਜ਼ ਦੀ ਫ਼ਿਲਮ 'ਬੈਂਕ ਚੋਰ' ਤੋਂ ਰੀਆ ਨੇ ਅਨੁਸ਼ਕਾ ਸ਼ਰਮਾ ਦੀ ਤਰ੍ਹਾਂ ਮਸ਼ਹੂਰੀ ਪਾਉਣ ਦੀ ਇੱਛਾ ਪਾਲ ਰੱਖੀ ਹੈ | ਰੀਆ ਨੇ 'ਬੈਂਕ ਚੋਰ' ਲਈ ਕਪਿਲ ਸ਼ਰਮਾ ਤੋਂ ਵੀ ਕਈ ਟਿਪਸ ਲਏ ਹਨ | ਰੀਆ ਨੂੰ ਉਸ ਦੇ ਬੰਗਾਲੀ ਪਿਤਾ ਨੇ ਇਕ ਹੀ ਗੱਲ ਪੱਲੇ ਬੰਨ੍ਹਣ ਲਈ ਦੱਸੀ ਸੀ ਕਿ ਬੀ-ਟਾਊਨ ਕੰਡਿਆਂ ਦਾ ਤਾਜ ਹੈ, ਇਥੇ ਘਬਰਾਉਣਾ ਨਹੀਂ, ਅਫ਼ਵਾਹਾਂ ਤੋਂ ਦੁਖੀ ਨਹੀਂ ਹੋਣਾ | ਇਸ ਕਰਕੇ ਹੀ ਅਦਿਤਯ ਕਪੂਰ ਵਾਲੀ ਗੱਲ ਨੂੰ ਉਸ ਨੇ ਅਦਲੇ ਦਾ ਬਦਲਾ ਦੀ ਤਰ੍ਹਾਂ ਲਿਆ ਤੇ ਰਿਤੇਸ਼ ਦੇਸ਼ਮੁਖ ਨੂੰ 'ਮਸੀਹਾ' 'ਸਭ ਕੁਝ' ਕਹਿ ਕੇ ਨਾਲੇ ਤਾਂ ਚਰਚਾ ਲਈ ਨਾਲ ਹੀ ਯਸ਼ਰਾਜ ਫ਼ਿਲਮਜ਼ 'ਚ ਆਪਣੀ ਤਾਕਤ ਵਧਾ ਲਈ ਹੈ | 'ਬੈਂਕ ਚੋਰ' ਮਜ਼ੇਦਾਰ ਕਾਮੇਡੀ ਫ਼ਿਲਮ ਹੈ ਤੇ ਇਹ ਫ਼ਿਲਮ ਰੀਆ ਚੱਕਰਵਰਤੀ ਨੂੰ ਸੱਚਮੁੱਚ ਅਨੁਸ਼ਕਾ ਸ਼ਰਮਾ ਵਾਲੇ ਸਥਾਨ 'ਤੇ ਪਹੁੰਚਾ ਸਕਦੀ ਹੈ |

ਚਾਚੀ ਅਤਰੋ : ਹੁਣ ਨੀ ਲੱਭਣੀ

ਆਪਣੀਆਂ ਗੱਲਾਂ ਨਾਲ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਸਰੂਪ ਸਿੰਘ ਪਰਿੰਦਾ ਉਰਫ ਚਾਚੀ ਅਤਰੋ ਦਾ 5 ਮਾਰਚ ਨੂੰ ਬਠਿੰਡਾ ਵਿਖੇ ਦਿਹਾਂਤ ਹੋ ਗਿਆ | ਉਹ ਲੰਮੇਂ ਸਮੇਂ ਤੋਂ ਬਿਮਾਰ ਸੀ ਤੇ ਮੰਜੇ ਨਾਲ ਯਾਰੀ ਲਾ ਕੇ ਉਸ ਉਪਰ ਹੀ ਪਿਆ ਸੀ | ਸਰੂਪ ਪਰਿੰਦਾ ਜੱਟ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਸ ਦਾ ਗੋਤ ਸਰਾਂ ਸੀ | ਫ਼ਿਲਮ ਨਗਰੀ ਮੁੰਬਈ ਨਾਲ ਉਸ ਨੂੰ ਨਫਰਤ ਸੀ | ਉਸ ਦਾ ਕਹਿਣਾ ਸੀ ਕਿ ਫ਼ਿਲਮ ਨਗਰੀ ਮੁੰਬਈ ਕਿਸੇ ਵੀ ਕਲਾਕਾਰ ਨਾਲ ਵਫਾ ਨਹੀਂ ਕਰਦੀ | ਉਹ ਸੁਰੱਈਆ ਦੀ ਉਦਾਹਰਨ ਦਿੰਦਾ ਹੁੰਦਾ ਸੀ, ਜਦੋਂ ਉਹ ਮਰੀ ਤਾਂ ਧਰਮਿੰਦਰ ਨੇ ਉਸ ਦਾ ਸਸਕਾਰ ਕੀਤਾ | ਉਸ ਨੂੰ ਮੁੰਬਈ ਵਿਸ਼ ਵਰਗੀ ਲਗਦੀ ਸੀ | ਇਹ ਹੀ ਕਾਰਨ ਸੀ ਕਿ ਉਸ ਨੇ ਸਾਰੀ ਉਮਰ ਬਠਿੰਡਾ 'ਚ ਹੀ ਕੱਢ ਲਈ ਤੇ ਮੁੰਬਈ ਵੱਲ ਮੂੰਹ ਨਹੀਂ ਕੀਤਾ | ਸਰੂਪ ਪਰਿੰਦਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਠਿੰਡਾ ਵਿਖੇ ਰਾਮ ਲੀਲ੍ਹਾ ਤੋਂ ਕੀਤੀ | ਫਿਰ ਭੱਲੇ ਨਾਲ ਕਈ ਛਣਕਾਟੇ ਕੀਤੇ | ਫਿਰ ਚਤਰੋ ਨਾਲ ਜੋੜੀ ਬਣਾ ਲਈ | ਚਤਰੋ ਨਾਲ ਉਸ ਨੇ 58 ਦੇ ਕਰੀਬ ਸੀ. ਡੀਆਂ ਦੇ ਵੀ. ਸੀ. ਡੀਆਂ ਬਣਾਈਆਂ | ਇਸ ਤੋਂ ਇਲਾਵਾ 26 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ | ਉਸ ਦਾ ਤੇ ਚਤਰੋ ਦਾ ਨਾਂਅ ਜਸਵਿੰਦਰ ਭੱਲਾ ਨੇ ਹੀ ਰੱਖਿਆ ਸੀ |
ਸਰੂਪ ਪਰਿੰਦਾ ਨੇ ਸ਼ੁੱਧ ਮਲਵਈ ਭਾਸ਼ਾ ਦੀ ਵਰਤੋਂ ਕਰਕੇ ਸਭ ਨੂੰ ਹੈਰਾਨ ਵੀ ਕੀਤਾ ਤੇ ਦੇਸ਼ ਵਿਦੇਸ਼ ਵਿਚ ਪ੍ਰਸਿੱਧੀ ਵੀ ਹਾਸਲ ਕੀਤੀ | ਉਸ ਦੇ ਕਈ ਡਾਇਲਾਗ ਬਹੁਤ ਮਸ਼ਹੂਰ ਹੋਏ | ਪੇਂਡੂ ਬੁੜ੍ਹੀਆਂ ਵਾਲੀ ਬੋਲੀ ਵਿਚ ਉਹ ਬਹੁਤ ਜਚਦਾ ਸੀ ਤੇ ਪੇਂਡੂ ਬੁੜ੍ਹੀਆਂ ਦੇ ਪਹਿਰਾਵੇ ਵਿਚ ਵੀ ਉਹ ਬਹੁਤ ਜਚਦਾ ਸੀ | ਮਲਵਈ ਪੇਂਡੂ ਬੋਲੀ ਵਿਚ ਉਸ ਨੂੰ ਪੂਰੀ ਮੁਹਾਰਤ ਹਾਸਲ ਸੀ ਤੇ ਪੇਂਡੂ ਪਹਿਰਾਵਾ ਪਾ ਕੇ ਜਦੋਂ ਪੇਂਡੂ ਜਨਾਨੀਆਂ ਦੀ ਬੋਲੀ ਬੋਲਦਾ ਤਾਂ ਹਰ ਪਾਸੇ ਹੀ 'ਚਾਚੀ ਅਤਰੋ-ਚਾਚੀ ਅਤਰੋ' ਹੋ ਜਾਂਦੀ ਸੀ | ਕੁਝ ਸਮਾਂ ਉਸ ਨੇ ਲੋਕ ਸੰਪਰਕ ਵਿਭਾਗ ਵਿਚ ਵੀ ਨੌਕਰੀ ਕੀਤੀ |
ਚਾਚੀ ਅਤਰੋ ਤੇ ਚਤਰੋ ਦੀ ਪ੍ਰਸਿੱਧੀ ਏਨੀ ਜ਼ਿਆਦਾ ਹੋ ਗਈ ਸੀ ਕਿ ਇਕ ਸਮੇਂ ਪੰਜਾਬ ਵਿਚ ਅਤਰੋ ਚਤਰੋ ਬਰਾਂਡ ਦੇ ਕੱਪੜੇ ਵੀ ਚੱਲ ਪਏ ਸਨ | ਪੰਜਾਬ ਦੇ ਪੇਂਡੂ ਇਲਾਕਿਆਂ ਦੀਆਂ ਪੇਂਡੂ ਬੁੜ੍ਹੀਆਂ ਬੜੇ ਸ਼ੌਕ ਨਾਲ ਇਸ ਬਰਾਂਡ ਦੇ ਕੱਪੜੇ ਪਾਉਂਦੀਆਂ ਸਨ |
-ਜਗਮੋਹਨ ਸਿੰਘ ਲੱਕੀ,
ਲੱਕੀ ਨਿਵਾਸ , 61ਏ ਵਿਦਿਆ ਨਗਰ ਪਟਿਆਲਾ |

'ਸਰੂਰ' ਟਾਈਟਲ ਹੀਰੋਇਨਾਂ ਨੂੰ ਬਹੁਤ ਫਲਿਆ ਹੈ ਹਿਮੇਸ਼ ਰੇਸ਼ਮੀਆ

ਪਹਿਲਾਂ ਲੜੀਵਾਰ ਨਿਰਮਾਤਾ ਤੇ ਸੰਗੀਤਕਾਰ, ਫਿਰ ਗਾਇਕ ਅਤੇ ਫਿਰ ਨਾਇਕ ਬਣੇ ਹਿਮੇਸ਼ ਰੇਸ਼ਮੀਆ ਨੇ ਹੀਰੋ ਦੇ ਤੌਰ 'ਤੇ ਆਪਣੀ ਸ਼ੁਰੂਆਤ 'ਆਪਕਾ ਸਰੂਰ' ਫ਼ਿਲਮ ਤੋਂ ਕੀਤੀ ਸੀ ਅਤੇ ਫਿਰ 'ਕਰਜ਼', 'ਰੇਡੀਓ', 'ਦਮਦਮਾਦਮ', 'ਕਜਰਾਰੇ', 'ਖਿਲਾੜੀ 786' ਆਦਿ ਫ਼ਿਲਮਾਂ ਵਿਚ ਅਭਿਨੈ ਕੀਤਾ | ਹੁਣ ਉਹ 'ਤੇਰਾ ਸਰੂਰ' ਰਾਹੀਂ ਫਿਰ ਇਕ ਵਾਰ ਵੱਡੇ ਪਰਦੇ 'ਤੇ ਆਏ ਹਨ | ਆਪਣੀ ਇਸ ਫ਼ਿਲਮ ਵਿਚ ਕੀ ਕੁਝ ਖਾਸ ਹੈ, ਇਸ ਬਾਰੇ ਉਹ ਇਥੇ ਦੱਸ ਰਹੇ ਹਨ |
• 'ਤੇਰਾ ਸਰੂਰ' ਵਿਚ ਤੁਸੀਂ ਕੀ ਕੁਝ ਕਰਦੇ ਨਜ਼ਰ ਆਓਗੇ?
-ਇਸ ਵਿਚ ਮੈਂ ਰਘੂ ਦਾ ਕਿਰਦਾਰ ਨਿਭਾਅ ਰਿਹਾ ਹਾਂ | ਰਘੂ ਨੂੰ ਡਬਲਿਨ ਵਿਚ ਫਸੀ ਤਾਰਾ ਨੂੰ ਛੁਡਾਉਣ ਦਾ ਜ਼ਿੰਮਾ ਸੌਾਪਿਆ ਜਾਂਦਾ ਹੈ | ਤਾਰਾ ਦੀ ਭੂਮਿਕਾ ਫਹਾਦ ਕਰੀਮੀ ਵੱਲੋਂ ਨਿਭਾਈ ਗਈ ਹੈ | ਰਘੂ ਨੇ ਆਪਣੀ ਅਸਲੀਅਤ ਲੁਕੋ ਰੱਖੀ ਹੈ | ਇਹ ਰਘੂ ਅਸਲ ਵਿਚ ਕੌਣ ਹੈ, ਇਸ ਦਾ ਰਾਜ਼ ਫ਼ਿਲਮ ਦੇ ਅਖੀਰ ਵਿਚ ਖੁੱਲ੍ਹਦਾ ਹੈ | ਮੇਰਾ ਇਕ ਗੀਤ 'ਤੇਰਾ ਸਰੂਰ...' ਹਿੱਟ ਹੋਇਆ ਸੀ ਅਤੇ ਉਸ 'ਤੇ ਇਸ ਫ਼ਿਲਮ ਦਾ ਨਾਂਅ ਰੱਖਿਆ ਗਿਆ ਹੈ | ਅਸੀਂ ਫ਼ਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਚੁਣੀ ਜਿਸ ਤੋਂ ਇਹ ਟਾਈਟਲ ਉਸ ਨਾਲ ਮੈਚ ਹੋ ਸਕੇ | ਇਥੇ ਰਘੂ ਦੀ ਜੋ ਭੂਮਿਕਾ ਹੈ, ਉਸ ਤਰ੍ਹਾਂ ਦੀ ਭੂਮਿਕਾ ਮੈਂ ਪਹਿਲਾਂ ਨਹੀਂ ਨਿਭਾਈ | ਇਸ ਵਿਚ ਮੈਨੂੰ ਰਫ-ਟਫ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਲਈ ਮੈਨੂੰ ਮਸਲਜ਼ ਵੀ ਬਣਾਉਣੇ ਪਏ | ਥੋੜ੍ਹੇ ਸ਼ਬਦਾਂ ਵਿਚ ਕਹਾਂ ਤਾਂ ਇਥੇ ਮੈਂ ਇਕ ਨਵੀਂ ਦਿੱਖ ਵਿਚ ਹਾਂ |
• ਇਸ ਫ਼ਿਲਮ ਵਿਚ ਸ਼ੇਖਰ ਕਪੂਰ ਅਤੇ ਨਸੀਰੂਦੀਨ ਸ਼ਾਹ ਵੀ ਹੈ | ਉਹ ਇਸ ਵਿਚ ਕੀ ਕਰ ਰਹੇ ਹਨ?
-ਸ਼ੇਖਰ ਕਪੂਰ ਇਸ ਵਿਚ ਡਬਲਿਨ ਦੇ ਰਾਜਦੂਤ ਬਣੇ ਹਨ | ਉਨ੍ਹਾਂ ਦੇ ਕਿਰਦਾਰ ਦਾ ਨਾਂਅ ਰਾਜਵੀਰ ਕੌਲ ਹੈ | ਕਬੀਰ ਬੇਦੀ ਇਥੇ ਕਮਿਸ਼ਨਰ ਅਫਜ਼ਲ ਖਾਨ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂ ਕਿ ਨਸੀਰੂਦੀਨ ਸ਼ਾਹ ਦੇ ਕਿਰਦਾਰ ਦਾ ਨਾਂਅ ਰੋਬਿਨ ਧਰਮਰਾਜ ਸੇਨਟਿਨੋ ਹੈ | ਫ਼ਿਲਮ ਵਿਚ ਤਾਰਾ ਨੂੰ ਅਨੀਰੁੱਧ ਵੱਲੋਂ ਫਸਾਇਆ ਜਾਂਦਾ ਹੈ | ਇਹ ਅਨਿਰੁੱਧ ਕਿਹੜਾ ਹੈ, ਇਸ ਦਾ ਪਰਦਾਫਾਸ਼ ਫ਼ਿਲਮ ਦੇ ਅਖੀਰ ਵਿਚ ਹੁੰਦਾ ਹੈ | 'ਆਪਕਾ ਸਰੂਰ' ਵਿਚ ਮੈਨੂੰ ਜੇਲ੍ਹ ਜਾਂਦੇ ਦਿਖਾਇਆ ਗਿਆ ਸੀ, ਹੁਣ 'ਤੇਰਾ ਸਰੂਰ' ਵਿਚ ਫ਼ਿਲਮ ਦੀ ਨਾਇਕਾ ਨੂੰ ਜੇਲ੍ਹ ਜਾਂਦੇ ਦਿਖਾਇਆ ਗਿਆ ਹੈ, 'ਉਸ ਨੂੰ ਸ਼ੋਅ ਕਰਨ ਦੇ ਬਹਾਨੇ ਅਨੀਰੁੱਧ ਵੱਲੋਂ ਡਬਲਿਨ ਬੁਲਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਜਾਂਦਾ ਹੈ |'
• ਫ਼ਿਲਮ ਵਿਚ ਨਵੀਂ ਹੀਰੋਇਨ ਫਹਾਦ ਕਰੀਮੀ ਨੂੰ ਲੈਣ ਦੀ ਕੋਈ ਖ਼ਾਸ ਵਜ੍ਹਾ?
-ਮੇਰਾ ਇਹ ਮੰਨਣਾ ਹੈ ਕਿ 'ਸਰੂਰ' ਟਾਈਟਲ ਹੀਰੋਇਨਾਂ ਨੂੰ ਬਹੁਤ ਫਲਿਆ ਹੈ | ਇਹ ਨਾਂਅ ਹੀਰੋਇਨਾਂ ਲਈ ਲੱਕੀ ਸਾਬਤ ਹੋਇਆ ਹੈ | ਦੀਪਿਕਾ ਪਾਦੂਕੋਨ 'ਸਰੂਰ' ਦੇ ਵੀਡੀਓ ਐਲਬਮ ਵਿਚ ਸੀ ਅਤੇ ਬਾਅਦ ਵਿਚ ਉਹ ਸਟਾਰ ਬਣ ਗਈ | ਹੰਸਿਕਾ ਮੋਟਵਾਨੀ ਨੂੰ 'ਆਪਕਾ ਸਰੂਰ' ਵਿਚ ਚਮਕਾਇਆ ਗਿਆ ਸੀ ਅਤੇ ਅੱਜ ਉਹ ਦੱਖਣ ਦੀ ਵੱਡੀ ਸਟਾਰ ਹੈ | ਹੁਣ ਇਸ ਫ਼ਿਲਮ ਵਿਚ ਫਹਾਦ ਕਰੀਮੀ ਹੈ ਅਤੇ ਆਪਣੀ ਇਸ ਪਹਿਲੀ ਫ਼ਿਲਮ ਦੀ ਵਜ੍ਹਾ ਕਰਕੇ ਉਸ ਨੂੰ ਬਾਲੀਵੁੱਡ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ |
-ਇੰਦਰਮੋਹਨ ਪੰਨੂੰ

'ਅਰਦਾਸ' ਨਾਲ ਗਿੱਪੀ ਗਰੇਵਾਲ ਬਣਿਆ ਨਿਰਦੇਸ਼ਕ

aਹਲਕੀ-ਫੁਲਕੀ ਤੇ ਬਹੁ-ਅਰਥੀ ਕਾਮੇਡੀ ਅਤੇ 'ਮੁੰਬਈਆ ਫਾਰਮੂਲਿਆਂ' ਵਾਲੀਆਂ ਫ਼ਿਲਮਾਂ ਦੇ ਦੌਰ 'ਚ ਗਿੱਪੀ ਗਰੇਵਾਲ ਦੀ 'ਅਰਦਾਸ' ਸਾਰਥਿਕ ਪੰਜਾਬੀ ਸਿਨੇਮੇ ਨੂੰ ਹੋਰ ਪ੍ਰਫੁੱਲਿਤ ਕਰਨ ਦਾ ਦਮ ਰੱਖਦੀ ਹੈ | 11 ਮਾਰਚ ਨੂੰ ਪਰਦਾਪੇਸ਼ ਹੋਣ ਜਾ ਰਹੀ ਇਹ ਫ਼ਿਲਮ ਪੰਜਾਬੀਆਂ ਦਾ ਖ਼ਾਕਾ ਪੇਸ਼ ਕਰੇਗੀ | ਬਤੌਰ ਫ਼ਿਲਮਸਾਜ਼ ਗਿੱਪੀ ਗਰੇਵਾਲ ਦੀ ਇਸ ਪਹਿਲੀ ਫ਼ਿਲਮ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਜ਼ੋਰਾ ਰੰਧਾਵਾ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਬੀ.ਐਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਕਰਮਜੀਤ ਅਨਮੋਲ, ਮੈਂਡੀ ਤੱਖਰ, ਈਸ਼ਾ ਰਿੱਖੀ ਤੇ ਮੇਹਰ ਵਿੱਜ ਨੇ ਵੱਖ-ਵੱਖ ਅਹਿਮ ਕਿਰਦਾਰ ਅਦਾ ਕੀਤੇ ਹਨ | ਗਿੱਪੀ ਗਰੇਵਾਲ ਵੀ ਫ਼ਿਲਮ ਦਾ ਇਕ ਅਹਿਮ ਕਿਰਦਾਰ ਅਦਾ ਕਰ ਰਿਹਾ ਹੈ | 'ਹੰਬਲ ਮੋਸ਼ਨ ਪਿਕਚਰ' ਦੇ ਬੈਨਰ ਥੱਲੇ ਬਣੀ ਨਿਰਮਾਤਾ ਪੁਸ਼ਪਿੰਦਰ ਹੈਪੀ, ਅਦਿੱਤਯ ਸਿੰਘ, ਅਮਨ ਖਟਕੜ ਅਤੇ ਸੁਖਜਿੰਦਰ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਗਿੱਪੀ ਨੇ ਖ਼ੁਦ ਲਿਖਿਆ ਹੈ | ਸੰਵਾਦ ਲਿਖਣ ਦੀ ਜ਼ਿੰਮੇਵਾਰੀ ਰਾਣਾ ਰਣਬੀਰ ਨੇ ਅਦਾ ਕੀਤੀ ਹੈ | ਫ਼ਿਲਮ ਦੀ ਕਹਾਣੀ ਪੰਜਾਬ ਦੇ ਇਕ ਪਿੰਡ 'ਤੇ ਕੇਂਦਰਿਤ ਹੈ | ਇਸ ਪਿੰਡ ਦੇ ਵੱਖ-ਵੱਖ ਪਾਤਰਾਂ ਦੇ ਨਿੱਜੀ ਸਮਾਜਿਕ ਹਾਲਾਤ ਜ਼ਰੀਏ ਪੰਜਾਬ ਦੇ ਲੋਕਾਂ ਦੇ ਸਮੂਹਿਕ ਮਸਲੇ ਉਭਾਰਨ ਦਾ ਯਤਨ ਕੀਤਾ ਗਿਆ ਹੈ | ਇਨ੍ਹਾਂ ਪਾਤਰਾਂ ਜ਼ਰੀਏ ਹੀ ਉਸ ਪੰਜਾਬ ਦੀ ਹਾਲਤ ਅਤੇ ਇਥੋਂ ਦੇ ਬਸ਼ਿੰਦਿਆਂ ਦੀ ਗੱਲ ਵੀ ਕੀਤੀ ਗਈ ਹੈ, ਜੋ ਅਕਸਰ ਸਾਡੀਆਂ ਫ਼ਿਲਮਾਂ ਤੇ ਗੀਤਾਂ 'ਚੋਂ ਮਨਫ਼ੀ ਹੁੰਦੇ ਹਨ | ਫ਼ਿਲਮ ਜ਼ਰੀਏ ਆਮ ਇਨਸਾਨ ਦੇ ਆਲੇ-ਦੁਆਲੇ ਪਸਰੇ ਕੁਰਖ਼ਤ ਹਲਾਤ ਅਤੇ ਸਮੱਸਿਆਵਾਂ ਦਾ ਖ਼ੁਰਾ ਨੱਪਣ ਦਾ ਵੀ ਯਤਨ ਹੈ | ਗਿੱਪੀ ਗਰੇਵਾਲ ਮੁਤਾਬਕ ਇਹ ਫ਼ਿਲਮ ਅਜੋਕੇ ਪੰਜਾਬ ਦੇ ਯਥਾਰਥ ਨੂੰ ਪੇਸ਼ ਕਰਦੀ ਹੈ | ਇਕ ਪਾਸੇ ਗੀਤਾਂ 'ਚ ਜੱਟਾਂ ਦੀ 'ਤੂਤੀ' ਬੋਲ ਰਹੀ ਹੈ, ਦੂਜੇ ਪਾਸੇ ਪੰਜਾਬ 'ਚ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ | ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕ ਤੇ ਸਰੀਰਿਕ ਸਥਿਤੀ 'ਤੇ ਵੀ ਪਰਦਾ ਨਹੀਂ ਪਾਇਆ ਜਾ ਸਕਦਾ | ਅੱਜ ਦੇ ਦੌਰ 'ਚ ਹਰ ਬੰਦਾ ਕਿਸੇ ਨਾ ਕਿਸੇ ਤਾਣੇ 'ਚ ਉਲਝਿਆ ਹੋਇਆ ਹੈ | ਇਹ ਫ਼ਿਲਮ ਕੁਰੀਤੀਆਂ, ਮਜਬੂਰੀਆਂ ਤੇ ਸਮਾਜਿਕ ਤਾਣੇ 'ਚ ਫ਼ਸੇ ਲੋਕਾਂ ਦੀ ਜ਼ਿੰਦਗੀ ਨੂੰ ਹੀ ਖੋਲ੍ਹ ਕੇ ਦਰਸ਼ਕਾਂ ਸਾਹਮਣੇ ਰੱਖੇਗੀ | ਫ਼ਿਲਮ ਜ਼ਰੀਏ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜ਼ਿੰਦਗੀ 'ਚ ਵਾਪਰੇ ਕਿਸੇ ਇਕ ਹਾਦਸੇ ਕਾਰਨ ਜ਼ਿੰਦਗੀ ਨੂੰ ਅੱਗੇ ਵਧਣੋਂ ਰੋਕਣਾ ਨਹੀਂ ਚਾਹੀਦਾ | ਹਾਦਸਿਆਂ 'ਚੋਂ ਨਿਕਲ ਕੇ ਅੱਗੇ ਵਧਣਾ ਹੀ ਜ਼ਿੰਦਗੀ ਹੈ | ਕਈ ਵਾਰ ਇਹ ਹਾਦਸੇ ਹੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੇ ਹਨ | ਹਾਂ ਪੱਖੀ ਇਨਸਾਨ ਹੀ ਜ਼ਿੰਦਗੀ ਦੇ ਭੇਤ ਨੂੰ ਸਮਝ ਸਕਦਾ ਹੈ |ਗਿੱਪੀ ਮੁਤਾਬਕ ਬੇਸ਼ੱਕ ਨਿਰਦੇਸ਼ਕ ਅਤੇ ਲੇਖਕ ਵਜੋਂ ਉਸ ਦੀ ਇਹ ਪਹਿਲੀ ਫ਼ਿਲਮ ਹੈ, ਪਰ ਇਹ ਫ਼ਿਲਮ ਉਸ ਦੇ ਦਿਮਾਗ 'ਚ ਕਈ ਸਾਲਾਂ ਤੋਂ ਚੱਲ ਰਹੀ ਸੀ | ਫ਼ਿਲਮਸਾਜ਼ੀ ਦੀਆਂ ਬਰੀਕੀਆਂ ਜਾਨਣ ਤੋਂ ਬਾਅਦ ਹੀ ਉਨ੍ਹਾਂ ਡਾਇਰੈਕਟਰ ਦੀ ਕੁਰਸੀ 'ਤੇ ਬੈਠਣ ਦਾ ਹੌਸਲਾ ਕੀਤਾ ਹੈ | ਇਸ ਫ਼ਿਲਮ ਦੇ ਕੈਮਰਾਮੈਨ ਬਲਜੀਤ ਸਿੰਘ ਦਿਓ ਹਨ | ਉਹ ਬਲਜੀਤ ਸਿੰਘ ਦਿਓ ਨਾਲ ਬਤੌਰ ਅਦਾਕਾਰ 'ਮਿਰਜ਼ਾ' ਅਤੇ 'ਫ਼ਰਾਰ' ਫ਼ਿਲਮ ਵਿੱਚ ਕੰਮ ਕਰ ਚੁੱਕਾ ਹੈ | ਕੈਮਰਾਮੈਨ ਅਤੇ ਨਿਰਦੇਸ਼ਕ ਦੀ ਜੁਗਲਬੰਦੀ ਨੇ ਫ਼ਿਲਮ ਦਾ ਗ੍ਰਾਫ ਉੱਚਾ ਚੁੱਕਿਆ ਹੈ | ਫ਼ਿਲਮ ਦੇ ਅਡੀਟਰ ਵੀ ਬਲਜੀਤ ਸਿੰਘ ਦਿਓ ਹੀ ਹਨ | ਗਿੱਪੀ ਮੁਤਾਬਕ ਫ਼ਿਲਮ ਦਾ ਸੰਗੀਤ ਵੀ ਫ਼ਿਲਮ ਦੇ ਵਿਸ਼ੇ ਮੁਤਾਬਕ ਹੀ ਰੱਖਿਆ ਗਿਆ ਹੈ | ਫ਼ਿਲਮ ਦੇ ਗੀਤ ਹੈਪੀ ਰਾਏਕੋਟੀ, ਅੰਮਿ੍ਤ ਮਾਨ ਅਤੇ ਗਿੱਲ ਰੌਾਤਾ ਨੇ ਲਿਖੇ ਹਨ | ਜਤਿੰਦਰ ਸ਼ਾਹ ਦੇ ਸੰਗੀਤ 'ਚ ਪਰੋਏ ਇਨ੍ਹਾਂ ਗੀਤਾਂ ਨੂੰ ਆਵਾਜ਼ ਗਿੱਪੀ ਗਰੇਵਾਲ, ਐਮੀ ਵਿਰਕ, ਨਛੱਤਰ ਗਿੱਲ, ਹੈਪੀ ਰਾਏਕੋਟੀ ਅਤੇ ਸੁਨਿਧੀ ਚੌਹਾਨ ਨੇ ਦਿੱਤੀ ਹੈ |
-ਸਪਨ ਮਨਚੰਦਾ

ਧੰਨ ਕੌਰ ਉਰਫ਼ ਸਰਗੁਣ ਮਹਿਤਾ ਦਾ ਲਵ ਪੰਜਾਬਹਿੰਦੀ ਟੀ. ਵੀ. ਦੀ ਨਾਮਵਰ ਅਦਾਕਾਰਾ ਸਰਗੁਣ ਮਹਿਤਾ ਨੇ 'ਅੰਗਰੇਜ਼' ਫ਼ਿਲਮ ਰਾਹੀਂ ਪੰਜਾਬੀ ਸਿਨੇਮੇ 'ਚ ਪਹਿਲਾ ਤੇ ਠੋਸ ਕਦਮ ਰੱਖਿਆ ਸੀ | ਹੁਣ ਸਰਗੁਣ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਲਵ ਪੰਜਾਬ' ਰਾਹੀਂ ਪੰਜਾਬੀ ਸਿਨੇਮੇੇ 'ਚ ਦੂਸਰੀ ਪੁਲਾਂਘ ਪੁੱਟ ਰਹੀ ਹੈ | ਚੰਡੀਗੜ੍ਹ ਦੀ ਜੰਮਪਲ ਤੇ ਦਿੱਲੀ 'ਚ ਪੜ੍ਹੀ ਸਰਗੁਣ ਮਹਿਤਾ ਪਿਛਲੇ ਛੇ ਸਾਲ ਤੋਂ ਹਿੰਦੀ ਲੜੀਵਾਰਾਂ ਅਤੇ ਟੀ. ਵੀ. ਸ਼ੋਅਜ਼ ਰਾਹੀਂ ਆਪਣੇ ਚਹੇਤਿਆਂ ਦਾ ਵੱਡਾ ਵਰਗ ਸਥਾਪਤ ਕਰ ਚੁੱਕੀ ਹੈ |
'ਲਵ ਪੰਜਾਬ' ਫ਼ਿਲਮ 'ਚ ਆਪਣੇ ਕਿਰਦਾਰ ਬਾਰੇ ਉਸ ਦਾ ਕਹਿਣਾ ਹੈ ਕਿ 'ਅੰਗਰੇਜ਼' ਦੀ ਸਫਲਤਾ ਤੋਂ ਬਾਅਦ ਅਮਰਿੰਦਰ ਗਿੱਲ ਹੋਰਾਂ ਦੀ ਟੀਮ ਨੇ ਇਕ ਹੋਰ ਵਧੀਆ ਵਿਸ਼ੇ ਦੀ ਫ਼ਿਲਮ 'ਲਵ ਪੰਜਾਬ' ਦੀ ਪੇਸ਼ਕਸ਼ ਕੀਤੀ ਤਾਂ ਮੈਂ ਨਾਂਹ ਨਾ ਕਰ ਸਕੀ | ਇਸ ਫ਼ਿਲਮ 'ਚ ਮੈਂ ਕੈਨੇਡਾ ਦੀ ਜੰਮਪਲ ਇਕ ਪੰਜਾਬਣ ਮੁਟਿਆਰ ਜੈਸਿਕਾ ਦਾ ਕਿਰਦਾਰ ਨਿਭਾਇਆ ਹੈ | ਅਮਰਿੰਦਰ ਗਿੱਲ ਨੇ ਪ੍ਰਗਟ ਸਿੰਘ ਦੇ ਰੂਪ 'ਚ ਮੇਰੇ ਪਤੀ ਦੀ ਭੂਮਿਕਾ ਨਿਭਾਈ ਹੈ | ਸਾਡਾ ਮਨਬੀਰ ਸਿੰਘ ਨਾਮ ਦਾ ਬੱਚਾ ਹੈ | ਇਹ ਫ਼ਿਲਮ ਇਕ ਅਜਿਹੇ ਪਰਿਵਾਰ ਦੀ ਕਹਾਣੀ 'ਤੇ ਅਧਾਰਤ ਹੈ, ਜਿਸ ਦੇ ਘਰੇਲੂ ਤਣਾਅ ਦਾ ਅਸਰ ਉਸ ਦੇ ਬੱਚੇ 'ਤੇ ਵੀ ਪੈਂਦਾ ਹੈ | ਇਹ ਪਰਿਵਾਰ ਕੈਨੇਡਾ ਤੋਂ ਪੰਜਾਬ ਆਉਂਦਾ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਦਾ ਹੈ | ਇਸ ਤਰ੍ਹਾਂ ਇਕ ਪਰਿਵਾਰ ਦੇ ਤਣਾਅ ਤੋਂ ਮੁੜ ਖੁਸ਼ੀਆਂ-ਖੇੜਿਆਂ 'ਚ ਪੁੱਜਣ ਦੀ ਦਾਸਤਾਂ ਇਸ ਫ਼ਿਲਮ ਦਾ ਮੁੱਖ ਅਧਾਰ ਹੈ | ਇਹ ਪਰਿਵਾਰ 'ਚ ਬੈਠ ਕੇ ਦੇਖਣਯੋਗ ਇਕ ਸੰਗੀਤਕ ਤੇ ਸੇਧਗਾਰ ਫ਼ਿਲਮ ਹੈ | ਉਮੀਦ ਹੈ ਕਿ ਦਰਸ਼ਕ ਇਸ ਨੂੰ ਵੀ 'ਅੰਗਰੇਜ਼' ਵਾਂਗ ਪਿਆਰ ਦੇਣਗੇ |
-ਡਾ. ਸੁਖਦਰਸ਼ਨ ਸਿੰਘ ਚਹਿਲ

ਵੱਖਰਾ ਮੁਕਾਮ ਹਾਸਲ ਕਰੇਗੀ 'ਲਵ ਪੰਜਾਬ' : ਅਮਰਿੰਦਰ ਗਿੱਲ

ਅਮਰਿੰਦਰ ਗਿੱਲ ਦੀ ਗਾਇਕੀ ਤੇ ਅਦਾਕਾਰੀ ਉਸ ਦੀ ਸੋਹਣੀ ਸੀਰਤ ਦਾ ਪ੍ਰਗਟਾਵਾ ਹੈ | 'ਅੰਗਰੇਜ਼' ਫ਼ਿਲਮ ਜ਼ਰੀਏ ਉਸ ਨੇ ਅਦਾਕਾਰੀ ਵਿਚ ਅਜਿਹੀ ਛਾਲ ਮਾਰੀ ਕਿ ਕਈਆਂ ਨੂੰ ਸੋਚੀਂ ਪਾ ਗਿਆ |
ਅਮਰਿੰਦਰ ਦਾ ਕਹਿਣਾ ਹੈ ਕਿ 'ਅੰਗਰੇਜ਼' ਬੀਤੇ ਸਮੇਂ 'ਤੇ ਅਧਾਰਤ ਫ਼ਿਲਮ ਸੀ, ਜਦਕਿ 'ਲਵ ਪੰਜਾਬ' ਅੱਜ ਦੀਆਂ ਚੁਣੌਤੀਆਂ 'ਤੇ ਅਧਾਰਤ ਹੈ | ਇਸ ਫ਼ਿਲਮ ਵਿਚ ਮੀਆਂ ਬੀਵੀ ਦਾ ਝਗੜਾ ਦਿਖਾਇਆ ਗਿਆ ਹੈ | ਇਹ ਝਗੜਾ ਛੋਟੇ ਛੋਟੇ ਤੋਂ ਹੁੰਦਾ ਹੋਇਆ ਏਨਾ ਵੱਡਾ ਬਣ ਜਾਂਦਾ ਹੈ ਕਿ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ | ਗੰਭੀਰ ਗੱਲ ਕਰਦਿਆਂ ਕਰਦਿਆਂ ਇਸ ਵਿਚ ਹਾਸਾ ਠੱਠਾ ਵੀ ਪੇਸ਼ ਕੀਤਾ ਗਿਆ ਹੈ ਤੇ ਹਾਸੇ ਨੂੰ ਪੇਸ਼ ਕਰਨ ਵਿਚ ਬਿੰਨੂੰ ਢਿੱਲੋਂ, ਗੁਰਮੀਤ ਸਾਜਨ ਤੇ ਰਾਣਾ ਰਣਬੀਰ ਨੇ ਬਾਕਮਾਲ ਯੋਗਦਾਨ ਪਾਇਆ ਹੈ |
ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮੇ 'ਤੇ ਦਰਸ਼ਕਾਂ ਦਾ ਭਰੋਸਾ ਹੋਰ ਬੱਝ ਰਿਹਾ ਹੈ |
ਲਵ ਪੰਜਾਬ ਵਿਚ ਸਰਗੁਣ ਮਹਿਤਾ ਹੀਰੋਇਨ ਹੈ, ਜਿਸ ਨੇ ਮੇਰੀ ਪਤਨੀ ਦਾ ਰੋਲ ਅਦਾ ਕੀਤਾ ਹੈ | ਸਰਗੁਣ ਨੂੰ 'ਅੰਗਰੇਜ਼' ਵਿਚ ਧੰਨ ਕੌਰ ਦੇ ਰੋਲ ਵਿਚ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਸੀ | ਯੋਗਰਾਜ ਸਿੰਘ ਦੀ ਅਦਾਕਾਰੀ ਕਮਾਲ ਹੈ | ਨਿਰਮਲ ਰਿਸ਼ੀ ਦੀ ਕੁਦਰਤੀ ਅਦਾਕਾਰੀ ਮੋਂਹਦੀ ਹੈ | ਮਨਵੀਰ ਜੌਹਲ ਸਮੇਤ ਸਾਰੇ ਕਲਾਕਾਰ ਆਪਣੇ ਆਪ ਵਿਚ ਸੰਪੂਰਨ ਹਨ |
ਉਸ ਦੱਸਿਆ ਕਿ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਦੀ ਲਿਖੀ ਹੋਈ ਹੈ | ਨਿਰਦੇਸ਼ਨ ਰਾਜੀਵ ਢੀਂਗਰਾ ਦਾ ਹੈ | ਫ਼ਿਲਮ ਦੇ ਪ੍ਰੋਡਿਊਸਰ ਕਾਰਜ ਗਿੱਲ, ਅਮਰਬੀਰ ਸਿੰਘ ਸੰਧੂ ਤੇ ਜਸਪਾਲ ਸਿੰਘ ਸੰਧੂ ਹਨ | ਫ਼ਿਲਮ ਦੀ ਅੱਧੀ ਸ਼ੂਟਿੰਗ ਕੈਨੇਡਾ ਵਿਚ ਕੀਤੀ ਗਈ ਹੈ ਤੇ ਅੱਧੀ ਪੰਜਾਬ ਵਿਚ |
ਉਸ ਦਾ ਕਹਿਣਾ ਹੈ ਕਿ ਪੰਜਾਬੀ ਫ਼ਿਲਮਾਂ ਉੱਚੀਆਂ ਉਡਾਰੀਆਂ ਭਰ ਰਹੀਆਂ ਹਨ | ਸਾਡੀਆਂ ਫ਼ਿਲਮਾਂ ਬਾਲੀਵੁੱਡ ਨੂੰ ਵੀ ਚੰਗੀਆਂ ਲੱਗਣ ਲੱਗੀਆਂ ਹਨ | ਪੰਜਾਬੀ ਫ਼ਿਲਮਾਂ ਨੂੰ ਬਾਲੀਵੁੱਡ ਨਾਲ ਜੁੜੇ ਲੋਕਾਂ ਵੱਲੋਂ ਵੀ ਸ਼ਿੱਦਤ ਨਾਲ ਉਡੀਕਿਆ ਜਾਂਦਾ ਹੈ | ਕਿੰਨੇ ਹੀ ਬਾਲੀਵੁੱਡ ਕਲਾਕਾਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਲੱਗੇ ਹਨ | ਹੁਣ ਤਾਂ ਕਈ ਬਾਲੀਵੁੱਡ ਹਸਤੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੀ ਕਰਨ ਲੱਗੀਆਂ ਹਨ |
ਅਮਰਿੰਦਰ ਨੂੰ ਇਸ ਗੱਲ ਦੀ ਵੀ ਬੇਹੱਦ ਖੁਸ਼ੀ ਹੈ ਕਿ ਬਾਲੀਵੁੱਡ ਦੀ ਸੁਪਰਹਿੱਟ ਅਦਾਕਾਰਾ ਪਿ੍ਅੰਕਾ ਚੋਪੜਾ ਵੱਲੋਂ ਬਣਾਈ ਜਾਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵਿਚ ਉਸ ਨੂੰ ਬਤੌਰ ਹੀਰੋ ਸਾਈਨ ਕੀਤਾ ਗਿਆ ਹੈ |
-ਸਵਰਨ ਸਿੰਘ ਟਹਿਣਾ

ਜੈਕਲਿਨ ਫਰਨਾਂਡਿਜ਼ ਅੱਖੀਆਂ 'ਚ ਤੂੰ ਵੱਸਦਾ

ਟਾਈਗਰ ਸ਼ਰਾਫ਼ ਨਾਲ 'ਏ ਫਲਾਇੰਗ ਜੱਟ' ਕਰ ਰਹੀ ਜੈਕਲਿਨ ਹੁਣ ਬੁੱਢੇ ਨਾਇਕਾਂ ਦੀ ਥਾਂ ਜਵਾਨ ਮੰੁਡਿਆਂ ਦੀ ਹੀਰੋਇਨ ਬਣ ਰਹੀ ਹੈ | ਇਸ ਗੱਲ ਤੋਂ ਉਹ ਬਹੁਤ ਖੁਸ਼ ਹੈ | ਵਰੁਣ ਧਵਨ, ਪੁਲਕਿਤ ਸਮਰਾਟ ਤੇ ਟਾਈਗਰ ਸ਼ਰਾਫ਼, ਹਾਂ ਸੂਰਜ ਪੰਚੋਲੀ ਤਾਂ 'ਅੱਖੀਆਂ' 'ਚ ਵਸਣ ਵਾਲੀ ਗੱਲ ਹੈ | 'ਹਾਊਸਫੁਲ-3', 'ਡਿਸ਼ੰੂਮ', 'ਏ ਫਲਾਇੰਗ ਜੱਟ' ਫ਼ਿਲਮਾਂ ਦੇ ਨਾਲ-ਨਾਲ ਅਜੈ ਦੇਵਗਨ ਨਾਲ 'ਬਾਦਸ਼ਾਹੋ' ਦਾ ਸਰੂਰ ਵੀ ਤਾਂ ਉਸ ਨੂੰ ਹੈ | ਗੱਲ ਕੀ ਜੈਕਲਿਨ ਫਰਨਾਂਡਿਜ਼ ਦੀ ਬਾਲੀਵੁੱਡ ਵਿਚ ਥਾਂ ਪੱਕੀ ਤੇ ਸੁਰੱਖਿਅਤ ਹੈ | ਜਵਾਨ ਨਾਇਕ ਉਸ ਨਾਲ ਕੰਮ ਕਰ ਰਹੇ ਹਨ ਤੇ ਬੁੱਢੇ ਹੀਰੋ ਵੀ ਉਸ ਦਾ ਸਾਥ ਨਿਭਾਅ ਕੇ ਖੁਸ਼ੀ ਮਹਿਸੂਸਦੇ ਹਨ |

ਮੈਂ ਅੱਜ ਵੀ ਮਿਹਨਤ ਕਰ ਰਹੀ ਹਾਂ-ਮਨੱਸਵੀ ਮਾਮਗਾਏ

ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੀ ਮਨੱਸਵੀ ਮਾਮਗਾਏ ਨੇ ਸਾਲ 2010 ਵਿਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ ਵਿਚ 'ਮਿਸ ਟੂਰਿਜ਼ਮ ਇੰਟਰਨੈਸ਼ਨਲ' ਦਾ ਿਖ਼ਤਾਬ ਜਿੱਤਿਆ ਸੀ | ਉਤਰਾਖੰਡ ਨਾਲ ਸਬੰਧ ਰੱਖਣ ਵਾਲੀ ਇਹ ਸੁੰਦਰੀ ਅੱਜ ਸੁਪਰ ਮਾਡਲ ਬਣ ਗਈ ਹੈ ਅਤੇ ਫੈਸ਼ਨ ਸ਼ੋਆਂ ਦਾ ਪ੍ਰਮੁੱਖ ਆਕਰਸ਼ਣ ਵੀ ਬਣ ਗਈ ਹੈ | ਅਜੈ ਦੇਵਗਨ ਵੱਲੋਂ ਅਭਿਨੀਤ 'ਐਕਸ਼ਨ ਜੈਕਸਨ' ਵਿਚ ਮਨੱਸਵੀ ਨੂੰ ਪੇਸ਼ ਕੀਤਾ ਗਿਆ ਸੀ ਪਰ ਇਹ ਫ਼ਿਲਮ ਬਾਲੀਵੁੱਡ ਵਿਚ ਉਸ ਦਾ ਕੈਰੀਅਰ ਸੰਵਾਰਨ ਵਿਚ ਨਾਕਾਮ ਰਹੀ | ਫੈਸ਼ਨ ਸ਼ੋਅ ਦੀ ਇਹ ਰਾਣੀ ਹੁਣ ਬਾਲੀਵੁੱਡ ਵਿਚ ਆਪਣੇ ਕੈਰੀਅਰ ਬਾਰੇ ਕੀ ਸੋਚਦੀ ਹੈ ਇਹ ਪੁੱਛਣ ਦਾ ਮੌਕਾ ਉਦੋਂ ਮਿਲਿਆ ਜਦੋਂ ਉਹ ਫੈਸ਼ਨ ਡਿਜ਼ਾਈਨਰ ਚਾਰਮੀ ਸ਼ਾਹ ਦੇ ਫੈਸ਼ਨ ਸ਼ੋਅ ਵਿਚ ਪਹੁੰਚੀ ਸੀ |
ਜਦੋਂ ਮਨੱਸਵੀ ਨਾਲ ਮੁਲਾਕਾਤ ਹੋਈ ਤਾਂ ਉਸ ਤੋਂ ਪਹਿਲਾ ਸਵਾਲ ਇਹੀ ਪੁੱਛਿਆ, 'ਤੁਸੀਂ ਖ਼ੁਦ ਕਿਸ ਤਰ੍ਹਾਂ ਦੇ ਕੱਪੜੇ ਪਾਉਣਾ ਪਸੰਦ ਕਰਦੇ ਹੋ?' ਭਾਰਤੀ ਜਾਂ ਪੱਛਮੀ?
'ਮੈਂ ਦੋਵਾਂ ਤਰ੍ਹਾਂ ਦੇ ਕੱਪੜੇ ਪਾਉਣਾ ਪਸੰਦ ਕਰਦੀ ਹਾਂ | ਜਦੋਂ ਸ਼ਾਪਿੰਗ ਵਗੈਰਾ ਲਈ ਜਾਣਾ ਹੁੰਦਾ ਹੈ ਤਾਂ ਜੀਨਸ, ਕਮੀਜ਼ ਮੇਰੇ ਲਈ ਸਹੀ ਹੈ | ਹਾਂ, ਕਿਸੇ ਸਮਾਰੋਹ ਵਿਚ ਜਾਣਾ ਹੋਵੇ ਤਾਂ ਭਾਰਤੀ ਪਹਿਰਾਵੇ ਵਿਚ ਜਾਣਾ ਪਸੰਦ ਕਰਦੀ ਹਾਂ | ਭਾਰਤੀ ਪਹਿਰਾਵੇ ਦੀ ਖਾਸ ਗੱਲ ਇਹ ਹੈ ਕਿ ਉਹ ਔਰਤ ਨੂੰ ਗਰਿਮਾ ਪ੍ਰਦਾਨ ਕਰਦਾ ਹੈ | ਮੇਰਾ ਅਨੁਭਵ ਇਹ ਰਿਹਾ ਹੈ ਕਿ ਜਦੋਂ ਮੈਂ ਭਾਰਤੀ ਪਹਿਰਾਵੇ ਜਿਵੇਂ ਸਾੜ੍ਹੀ ਜਾਂ ਲਹਿੰਗਾ-ਚੋਲੀ ਪਾਉਂਦੀ ਹਾਂ ਤਾਂ ਮੇਰੇ ਅੰਦਰਲੀ ਔਰਤ ਸਜੱਗ ਹੋ ਜਾਂਦੀ ਹੈ |
• ਅੱਜਕਲ੍ਹ ਫੈਸ਼ਨ ਸ਼ੋਅ ਵਿਚ ਫੈਸ਼ਨ ਦੇ ਨਾਂਅ 'ਤੇ ਤਨ ਘੱਟ ਢਕਿਆ ਜਾਂਦਾ ਹੈ ਅਤੇ ਸਰੀਰ ਦਾ ਪ੍ਰਦਰਸ਼ਨ ਜ਼ਿਆਦਾ ਹੁੰਦਾ ਹੈ | ਇਸ ਸ਼ੋਅ ਨੂੰ ਲੈ ਕੇ ਕੀ ਤੁਸੀਂ ਵੀ ਕੁਝ ਉਸੇ ਤਰ੍ਹਾਂ ਦਾ ਸੋਚ ਰੱਖਿਆ ਸੀ?
-ਜਦੋਂ ਚਾਰਮੀ ਸ਼ਾਹ ਨੇ ਮੈਨੂੰ ਇਸ ਸ਼ੋਅ ਦੀ ਪੇਸ਼ਕਸ਼ ਕੀਤੀ, ਉਦੋਂ ਹੀ ਇਹ ਤੈਅ ਕਰ ਲਿਆ ਗਿਆ ਸੀ ਕਿ ਮੈਨੂੰ ਕੀ ਪਾਉਣਾ ਹੋਵੇਗਾ | ਚਾਰਮੀ ਨੇ ਕਿਹਾ ਸੀ ਕਿ ਉਹ ਭਾਰਤੀ ਵੈਲਿਊ ਵਾਲੇ ਪਹਿਰਾਵੇ ਨੂੰ ਫਿਊਜ਼ਨ ਦੇ ਅੰਦਾਜ਼ ਵਿਚ ਪੇਸ਼ ਕਰਨਗੇ | ਉਹ ਮਹਿਜ਼ 21 ਸਾਲ ਦੀ ਹੈ ਪਰ ਫੈਸ਼ਨ ਦੀ ਖਾਸੀ ਸਮਝ ਰੱਖਦੀ ਹੈ | ਉਸ ਨੂੰ ਫੈਸ਼ਨ ਦੇ ਨਾਂਅ 'ਤੇ ਊਲ-ਜਲੂਲ ਕੱਪੜੇ ਪਾਉਣਾ ਪਸੰਦ ਨਹੀਂ ਹੈ | ਉਸ ਦੀਆਂ ਗੱਲਾਂ ਤੋਂ ਮੈਂ ਕਾਇਲ ਹੋ ਗਈ ਸੀ ਕਿ ਇਥੇ ਮੈਨੂੰ ਦਿਖਾਵਾ ਕਰਨ ਵਾਲੇ ਕੱਪੜੇ ਨਹੀਂ ਪਾਉਣੇ ਹੋਣਗੇ | ਇਹੀ ਵਜ੍ਹਾ ਸੀ ਕਿ ਜਦੋਂ ਮੈਂ ਇਸ ਸ਼ੋਅ ਵਿਚ ਹਿੱਸਾ ਲਿਆ ਉਦੋਂ ਕਾਫੀ ਸੰਤੁਸ਼ਟ ਸੀ |
• ਹੁਣ ਤੁਸੀਂ ਫ਼ਿਲਮੀ ਕੈਰੀਅਰ ਨੂੰ ਲੈ ਕੇ ਤੁਸੀਂ ਕਿੰਨੇ ਸੰਤੁਸ਼ਟ ਹੋ?
-ਜਦੋਂ ਮੈਂ 'ਐਕਸ਼ਨ ਜੈਕਸਨ' ਸਾਈਨ ਕੀਤੀ ਸੀ ਤਾਂ ਲੱਗਿਆ ਸੀ ਕਿ ਇਹ ਫ਼ਿਲਮ ਮੈਨੂੰ ਬਾਲੀਵੁੱਡ ਵਿਚ ਬਹੁਤ ਅੱਗੇ ਲੈ ਜਾਵੇਗੀ ਪਰ ਅਫ਼ਸੋਸ ਇਸ ਤਰ੍ਹਾਂ ਹੋਇਆ ਨਹੀਂ | ਇਸ ਫ਼ਿਲਮ ਤੋਂ ਮੈਨੂੰ ਏਨਾ ਫਾਇਦਾ ਹੋਇਆ ਕਿ ਬਾਲੀਵੁੱਡ ਵਿਚ ਲੋਕ ਮੈਨੂੰ ਮੇਰੇ ਨਾਂਅ ਤੋਂ ਪਛਾਣਨ ਲੱਗੇ | ਬਸ ਹੋਰ ਜ਼ਿਆਦਾ ਫਾਇਦਾ ਨਹੀਂ ਹੋਇਆ |
-ਆਈ. ਐਮ. ਪੰਨੂੰ

'ਫੈਨ' ਲਈ ਹਰਭਜਨ ਮਾਨ ਨੇ ਗਾਇਆ 'ਘੈਂਟ ਫੈਨ'

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀਆਂ ਫ਼ਿਲਮੀ ਸਰਗਰਮੀਆਂ ਨਾਲ ਜੁੜਨਾ ਹਰੇਕ ਵਿਅਕਤੀ ਲਈ ਵੱਡੇ ਮਾਣ ਦੀ ਗੱਲ ਮੰਨੀ ਜਾਂਦੀ ਹੈ | ਸਾਫ ਸੁਥਰੀ ਗਾਇਕੀ ਤੇ ਅਦਾਕਾਰੀ ਨੂੰ ਪ੍ਰਣਾਏ ਪੰਜਾਬੀ ਗਾਇਕ ਹਰਭਜਨ ਮਾਨ ਨੇ ਯਸ਼ਰਾਜ ਫ਼ਿਲਮਜ਼ ਵੱਲੋਂ ਬਣਾਈ ਗਈ ਸ਼ਾਹਰੁਖ ਖਾਨ ਦੀ ਮੋਹਰੀ ਭੂਮਿਕਾ ਵਾਲੀ ਹਿੰਦੀ ਫ਼ਿਲਮ 'ਫੈਨ' ਦੀ ਮਸ਼ਹੂਰੀ ਲਈ ਫ਼ਿਲਮ ਦਾ ਟਾਈਟਲ ਗੀਤ ਪੰਜਾਬੀ 'ਚ ਗਾਇਆ ਹੈ | ਇਸ ਫ਼ਿਲਮ ਦੇ ਪ੍ਰਚਾਰ ਲਈ ਹਿੰਦੀ ਤੋਂ ਇਲਾਵਾ 6 ਭਾਸ਼ਾਵਾਂ 'ਚ ਫ਼ਿਲਮ ਦਾ ਟਾਈਟਲ ਗੀਤ 'ਜਬਰਾ ਫੈਨ' ਗਵਾਇਆ ਗਿਆ ਹੈ | ਹਿੰਦੀ 'ਚ ਇਹ ਗੀਤ ਨਕਸ਼ ਅਜ਼ੀਜ਼ ਨੇ ਗਾਇਆ ਹੈ | ਪੰਜਾਬੀ 'ਚ ਇਹ ਗੀਤ ਹਰਭਜਨ ਮਾਨ ਨੇ 'ਹਾਏ ਰੇ ਮੈਂ ਤੇਰਾ ਘੈਂਟ ਫੈਨ ਹੋ ਗਿਆ' ਦੇ ਰੂਪ 'ਚ ਗਾਇਆ ਹੈ | ਬੰਗਾਲੀ 'ਚ ਅਨੁਪਮ ਰਾਏ ਨੇ, ਭੋਜਪੁਰੀ 'ਚ ਮਨੋਜ ਤਿਵਾੜੀ ਨੇ, ਮਰਾਠੀ 'ਚ ਅਵਧੂਤ ਵੇਗਦਾ ਨੇ ਅਤੇ ਗੁਜਰਾਤੀ 'ਚ ਅਰਵਿੰਦ ਵੇਗਦਾ ਨੇ ਗਾਇਆ ਹੈ | ਇਸ ਤੋਂ ਇਲਾਵਾ ਇਸ ਗੀਤ ਦਾ ਤਾਮਿਲ ਰੂਪ ਵੀ ਰਿਲੀਜ਼ ਹੋਣ ਵਾਲਾ ਹੈ | ਬਾਲੀਵੁੱਡ 'ਚ ਕਿਸੇ ਇਕ ਫ਼ਿਲਮ ਦੇ ਪ੍ਰਚਾਰ ਲਈ ਇੰਨੀਆਂ ਭਾਸ਼ਾਵਾਂ 'ਚ ਗੀਤ ਜਾਰੀ ਕਰਨ ਦੀ ਪਹਿਲਕਦਮੀ ਸ਼ਾਹਰੁਖ ਖਾਨ ਅਤੇ ਯਸ਼ਰਾਜ ਫ਼ਿਲਮਜ਼ ਨੇ ਹੀ ਕੀਤੀ ਹੈ |

ਪ੍ਰਣੀਤੀ ਚੋਪੜਾ

ਮੇਰੀ ਪਿਆਰੀ ਬਿੰਦੂਪ੍ਰਣੀਤੀ ਚੋਪੜਾ ਨੂੰ ਤਾਂ ਘਰੇ ਬੈਠੀ ਨੂੰ ਹੀ ਕਾਮਯਾਬੀਆਂ ਦੇ ਗੱਫੇ ਰੱਬ ਦੇ ਰਿਹਾ ਹੈ। ਵਿਚਾਰੀ ਰਹੀ ਉਹ ਪੂਰਾ ਇਕ ਸਾਲ ਪੂਰੀ ਵਿਹਲੀ ਕੋਈ ਫ਼ਿਲਮ ਨਹੀਂ ਸੀ ਉਸ ਕੋਲ ਤੇ ਲੋਕੀਂ ਕਹਿਣ ਪ੍ਰਣੀਤੀ ਵੀ ਹਨੇਰਿਆਂ ਵਿਚ ਗੁਆਚ ਗਈ ਹੈ। ਅਚਾਨਕ ਰੱਬ ਦੀ ਕਿਰਪਾ ਹੋਈ ਤੇ ਯਸ਼ਰਾਜ ਬੈਨਰ ਦੀ ਨਵੀਂ ਫ਼ਿਲਮ 'ਮੇਰੀ ਪਿਆਰੀ ਬਿੰਦੂ' ਸਿਰਫ਼ ਨਾਇਕਾ ਦੇ ਤੌਰ 'ਤੇ ਹੀ ਨਹੀਂ, ਬਲਕਿ ਇਸ ਫ਼ਿਲਮ 'ਚ ਗੀਤ ਗਾਉਣ ਦਾ ਮੌਕਾ ਵੀ ਪ੍ਰਣੀਤੀ ਨੂੰ ਮਿਲ ਗਿਆ ਹੈ। ਕਿਉਂ ਨਾ ਉਹ ਦੀਦੀ ਪ੍ਰਿਅੰਕਾ ਨੂੰ ਟੱਕਰ ਦੇਵੇ। ਸੰਗੀਤ ਦੀ ਬਾਕਾਇਦਾ ਸਿੱਖਿਆ ਉਸ ਨੇ ਲਈ ਹੈ। ਫ਼ਿਲਮ 'ਮੇਰੀ ਪਿਆਰੀ ਬਿੰਦੂ' 'ਚ ਉਸ ਦੀ ਭੂਮਿਕਾ ਵੀ ਗਾਇਕਾ ਦੀ ਹੈ। ਪ੍ਰਣੀਤੀ ਦੀ ਇਕ ਹੋਰ ਪ੍ਰਾਪਤੀ ਹੈ ਕਿ ਫੇਸਬੁਕ 'ਤੇ ਉਸ ਦੇ ਚਹੇਤਿਆਂ ਦੀ ਗਿਣਤੀ ਅੱਧੇ ਕਰੋੜ ਤੱਕ ਪਹੁੰਚ ਗਈ ਹੈ। ਤੁਹਾਡੀ ਜਾਣਕਾਰੀ ਇਹੀ ਹੈ ਕਿ ਪ੍ਰਣੀਤੀ ਨੇ ਪੰਜ ਸਾਲ ਪਹਿਲਾਂ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਨਾਲ ਪਰਦੇ 'ਤੇ ਪ੍ਰਵੇਸ਼ ਕੀਤਾ ਸੀ ਪਰ ਨਹੀਂ ਆਪਣੀ ਜਾਣਕਾਰੀ ਵਿਚ ਵਾਧਾ ਕਰੋ ਤੇ ਜਾਣ ਲਵੋ ਕਿ ਪ੍ਰਣੀਤੀ ਨੇ ਖੁਦ ਇਕ ਵੀਡੀਓ ਸੋਸ਼ਲ ਮੀਡੀਆ 'ਚ ਪਾ ਕੇ ਦਿਖਾਇਆ ਹੈ ਕਿ 2003 'ਚ ਸਲਵਾਰ ਕਮੀਜ਼ ਪਹਿਨ ਕੇ ਪ੍ਰਣੀਤੀ ਦੇਸ਼ ਪਿਆਰ ਦਾ ਗੀਤ ਗਾ ਰਹੀ ਹੈ। 'ਆਪਣੀ ਪਿਆਰੀ ਬਿੰਦੂ' ਨੇ ਇਹ ਗੀਤ ਆਪਣੇ ਭਰਾ ਸ਼ਿਵਾਂਗ ਨਾਲ ਦੂਰਦਰਸ਼ਨ 'ਤੇ ਗਾਇਆ ਸੀ। ਇਹ ਗੀਤ ਹੁਣ ਸਾਹਮਣੇ ਆਉਣ 'ਤੇ ਪ੍ਰਣੀਤੀ ਨੂੰ ਜ਼ਬਰਦਸਤ ਪ੍ਰਸੰਸਾ ਮਿਲ ਰਹੀ ਹੈ। ਤਿੰਨ ਸੁਪਰ ਫਲਾਪ ਫ਼ਿਲਮਾਂ 'ਕਿਲ ਦਿਲ', 'ਸ਼ੁੱਧ ਦੇਸੀ ਰੁਮਾਂਸ', 'ਦਾਵਤ-ਏ-ਇਸ਼ਕ' ਨਾਲ ਬੇਰੁਜ਼ਗਾਰ ਹੋਈ ਤੇ ਸੁਪਰ ਫਲਾਪ ਬਣੀ ਪ੍ਰਣੀਤੀ ਦਾ ਮੁਸ਼ਕਿਲ ਦੀ ਘੜੀ 'ਚ ਸਾਥ ਉੱਪਰ ਵਾਲੇ ਦੀ ਕਿਰਪਾ ਨਾਲ ਲੜਕੇ ਮਿੱਤਰ ਮਨੀਸ਼ ਸ਼ਰਮਾ ਨੇ ਹੀ ਦਿੱਤਾ ਹੈ। 'ਮੇਰੀ ਪਿਆਰੀ ਬਿੰਦੂ' ਫ਼ਿਲਮ ਦੇ ਨਾਲ-ਨਾਲ ਪ੍ਰਣੀਤੀ ਨੂੰ ਇਕ ਬਾਇਓਪਿਕ ਫ਼ਿਲਮ ਮਿਲਣ ਦੇ ਚਰਚੇ ਵੀ ਹਨ। ਆਸਟ੍ਰੇਲੀਆ ਵਿਖੇ ਛੁੱਟੀਆਂ ਮਨਾ ਕੇ ਪਰਤੀ ਪ੍ਰਣੀਤੀ ਨੇ ਸਾਰਾ ਧਿਆਨ 'ਮੇਰੀ ਪਿਆਰੀ ਬਿੰਦੂ' ਵੱਲ ਲਾ ਦਿੱਤਾ ਹੈ। 'ਸਲਿਮ ਟਰਿਮ' ਜਿਸਮ ਬਣਾ ਚੁੱਕੀ ਪ੍ਰਣੀਤੀ ਚੋਪੜਾ ਜਦ ਉਦਾਸ ਜਾਂ ਬੇਚੈਨ ਹੋਏ ਤਦ ਪੀਜਾ ਖਾਣ ਜਾਂਦੀ ਹੈ।

ਆਲੀਆ ਭੱਟ ਲੜਕੀ ਬਿਊਟੀਫੁਲ

ਜਦ ਕੋਈ ਵੀ ਆਸ-ਉਮੀਦ ਚਕਨਾਚੂਰ ਹੁੰਦੀ ਹੈ ਤਦ ਦਿਲ ਟੁਟਦਾ ਜ਼ਰੂਰ ਹੈ। 'ਸ਼ਾਨਦਾਰ' ਫ਼ਿਲਮ ਤੋਂ ਆਲੀਆ ਭੱਟ ਨੂੰ ਬਹੁਤ ਉਮੀਦਾਂ ਸਨ ਪਰ ਉਮੀਦਾਂ 'ਤੇ ਪਾਣੀ ਫਿਰ ਗਿਆ। ਆਲੀਆ ਨੇ ਇਸ ਸਦਮੇ ਤੋਂ ਉਭਰਨ ਲਈ ਘੱਟ ਤੋਂ ਘੱਟ ਇਕ ਹਫ਼ਤਾ ਆਪਣੇ-ਆਪ ਨੂੰ ਇਕਾਂਤਵਾਸ ਵਿਚ ਰੱਖਿਆ ਤੇ ਸਿਰਫ਼ ਹੌਸਲੇ ਭਰੇ ਉਸ ਨੂੰ ਪਿਤਾ ਮਹੇਸ਼ ਭੱਟ ਵੱਲੋਂ ਘੱਲੇ ਜਾਂਦੇ ਐਸ.ਐਮ.ਐਸ. ਦਾ ਹੀ ਇਕ ਮਾਤਰ ਸਹਾਰਾ ਰਿਹਾ। ਇਸ ਦੌਰਾਨ ਆਲੀਆ ਨੂੰ 2014 ਸਾਲ 'ਚ ਆਈ ਆਪਣੀ ਫ਼ਿਲਮ 'ਹਾਈਵੇਅ' ਯਾਦ ਆਉਂਦੀ ਰਹੀ। ਇਸ ਫ਼ਿਲਮ ਲਈ ਅੱਜ ਵੀ ਉਹ ਦਰਸ਼ਕਾਂ ਦਾ ਧੰਨਵਾਦ ਕਰਦੀ ਹੈ। 'ਕਪੂਰ ਐਂਡ ਸੰਨਜ਼' ਆਲੀਆ ਦੀ ਇਹ ਹੁਣ ਨਵੀਂ ਫ਼ਿਲਮ ਸਿਧਾਰਥ ਮਲਹੋਤਰਾ ਤੇ ਵਫਾਦ ਖ਼ਾਨ ਨਾਲ ਆ ਰਹੀ ਹੈ। ਗੌਰੀ ਸ਼ਿੰਦੇ ਨਾਲ ਉਹ ਜਿਹੜੀ ਫ਼ਿਲਮ ਕਰ ਰਹੀ ਹੈ, ਉਸ ਦੀ ਉਸ ਤਸਵੀਰ ਨੇ ਸਭ ਨੂੰ ਹੈਰਾਨ ਕੀਤਾ ਹੈ, ਜਿਸ 'ਚ ਉਹ ਵਾਰ-ਵਾਰ ਸ਼ਾਹਰੁਖ ਖ਼ਾਨ ਨੂੰ ਨਿਹਾਰ ਰਹੀ ਹੈ। ਆਲੀਆ ਤੇ ਸ਼ਾਹਰੁਖ ਦੀ ਉਮਰ ਵਿਚਕਾਰ ਵੱਡਾ ਫਰਕ ਹੈ। ਫਿਰ ਵੀ ਸ਼ਾਹਰੁਖ ਖ਼ਾਨ ਪ੍ਰਤੀ ਜ਼ਿਆਦਾ ਉਤਸ਼ਾਹਿਤ ਹੋਣਾ ਦਰਸਾ ਰਿਹਾ ਹੈ ਕਿ ਆਲੀਆ ਵੀ ਸ਼ਾਹਰੁਖ ਦੇ ਆਕਰਸ਼ਣ ਤੋਂ ਪ੍ਰਭਾਵਿਤ ਹੈ। 'ਲੜਕੀ ਬਿਊਟੀਫੁਲ' ਉਹ ਨਵਾਂ ਗੀਤ ਹੈ, ਜਿਹੜਾ ਆਲੀਆ ਦੇ ਆਕਰਸ਼ਣ ਵਿਚ ਹੋਰ ਵਾਧਾ ਕਰਨ ਜਾ ਰਿਹਾ ਹੈ। ਇਹ ਇਕ ਪਾਰਟੀ ਗੀਤ ਹੈ ਤੇ ਚੁਲਬੁਲੇ ਅੰਦਾਜ਼ 'ਚ ਕਰਨ ਜੌਹਰ ਨੇ ਇਸ ਨੂੰ ਆਲੀਆ 'ਤੇ ਫ਼ਿਲਮਾਇਆ ਹੈ। ਸਿਧਾਰਥ ਨਾਲ 'ਲੜਕੀ ਬਿਊਟੀਫੁਲ' ਦੇ ਪਹਿਲਾਂ ਹੀ 'ਸ਼ਾਨਦਾਰ' ਚਰਚੇ ਹਨ। ਘਰਾਂ 'ਚ ਗੀਤ ਧੁੰਮਾਂ ਪਾਏਗਾ, ਆਲੀਆ ਨੂੰ ਲੱਗ ਰਿਹਾ ਹੈ ਤੇ ਇਸ ਨਾਲ 'ਸ਼ਾਨਦਾਰ' ਦੀ ਅਸਫ਼ਲਤਾ ਦਾ ਦਾਗ਼ ਵੀ ਮਿਟ ਜਾਏਗਾ। 'ਕਪੂਰ ਐਂਡ ਸੰਨਜ਼' ਫ਼ਿਲਮ ਦੇ ਇਸ ਗੀਤ ਨੂੰ ਲੈ ਕੇ ਆਲੀਆ ਕਾਫ਼ੀ ਖੁਸ਼ ਤੇ ਉਤਸ਼ਾਹਿਤ ਹੈ। ਸ਼ਾਹਿਦ ਕਪੂਰ ਤੱਕ ਆਲੀਆ ਨਾਲ ਕੰਮ ਕਰਨ ਨੂੰ ਪਹਿਲ ਦੇ ਰਿਹਾ ਹੈ।

ਨਰਗਿਸ ਫਾਖਰੀ : ਯੇ ਕਿਆ ਹੋ ਰਹਾ ਹੈ

'ਬੈਂਜੋ' ਫ਼ਿਲਮ ਦੀ ਸ਼ੂਟਿੰਗ ਅੱਜਕਲ੍ਹ ਨਰਗਿਸ ਫਾਖਰੀ ਕਰ ਰਹੀ ਹੈ। ਉਸ ਨਾਲ ਹੀਰੋ ਰਿਤੇਸ਼ ਦੇਸ਼ਮੁਖ ਹੈ। ਸ਼ੂਟਿੰਗ ਦੌਰਾਨ ਉਹ ਮਹਾਰਾਸ਼ਟਰ ਦੇ ਭੋਜਨ, ਸੰਗੀਤ ਤੇ ਰਹਿਣ-ਸਹਿਣ ਨੂੰ ਵਾਚ ਰਹੀ ਹੈ। ਅਮਰੀਕਾ ਤੋਂ ਆਈ ਇਕ ਐਨ.ਆਰ.ਆਈ. ਦੀ ਭੂਮਿਕਾ 'ਬੈਂਜੋ' 'ਚ ਨਿਭਾਅ ਰਹੀ ਮਿਸ ਫਾਖਰੀ ਨੂੰ ਮਹਾਰਾਸ਼ਟਰ ਦੇ ਸੱਭਿਆਚਾਰ 'ਚ ਘੁਲਣ-ਮਿਲਣ ਦਾ ਮੌਕਾ ਇਸ ਫ਼ਿਲਮ ਨੇ ਦਿੱਤਾ ਹੈ। ਇਹ ਸਭ ਕਰਕੇ ਉਸ ਨੂੰ ਆਪਣਾਪਣ ਜਿਹਾ ਮਹਿਸੂਸ ਹੋ ਰਿਹਾ ਹੈ। ਨਰਗਿਸ 'ਹਾਊਸਫੁਲ-3' 'ਚ ਵੀ ਰਿਤੇਸ਼ ਦੇ ਨਾਲ ਹੈ। 'ਬੈਂਜੋ' ਬਹਾਨੇ ਮਰਾਠੀ ਸੱਭਿਆਚਾਰ ਹੀ ਨਹੀਂ ਮਰਾਠੀ ਰਿਤੇਸ਼ ਦੇ ਵੀ ਨੇੜੇ ਉਹ ਆ ਗਈ ਹੈ। ਜੋੜੀ ਦੀ ਸਿਫ਼ਤ ਹੋ ਗਈ ਤਾਂ ਹੋਰ ਫ਼ਿਲਮਾਂ ਮਿਲ ਜਾਣਗੀਆਂ। ਪੰਜ ਸਾਲ ਪਹਿਲਾਂ ਇੰਡਸਟਰੀ ਵਿਚ ਆਈ ਨਰਗਿਸ ਫਾਖਰੀ ਨੇ 'ਬੈਂਜੋ' ਦੇ ਸੈੱਟ 'ਤੇ ਆਪਣੇ ਸਬੰਧ 'ਚ ਮੌਜੂਦ ਦੋਸਤਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਨਾਸ਼ਤੇ 'ਚ ਸੰਡੇ ਹੋਏ ਜਾਂ ਮੰਡੇ, ਤਿੰਨ ਉਬਲੇ ਅੰਡੇ ਉਹ ਜ਼ਰੂਰ ਖਾਂਦੀ ਹੈ। ਸੈੱਟ 'ਤੇ ਹੈਰਾਨਗੀ ਹੋਈ ਜਦ ਮੈਡਮ ਲਈ ਖਾਸ ਜੂਸ ਆਇਆ। ਇਹ ਜੂਸ ਸੀ ਬਦਾਮ, ਕੈਨਬੇਰੀਜ਼ ਤੇ ਅਖਰੋਟਾਂ ਦੇ ਮਿਸ਼ਰਣ ਦਾ ਮਿਕਸ ਜੋ ਡੀਕ ਲਾ ਕੇ ਉਹ ਪੀ ਗਈ। ਚਿਕਨ ਸੈਂਡਵਿਚ ਦੁਪਹਿਰ ਨੂੰ ਤੇ ਮਜ਼ੇਦਾਰ ਇਹ ਕਿ ਮਾਸਾਹਾਰੀ ਭੋਜਨ ਦੇ ਨਾਲ ਸ਼ਾਕਾਹਾਰੀ ਜੂਸ ਸਬਜ਼ੀਆਂ ਦਾ ਉਸ ਨੇ ਪੀਤਾ ਤੇ 'ਬੈਂਜੋ' ਦੇ ਯੂਨਿਟ ਨੂੰ ਪਤਾ ਚੱਲਿਆ ਕਿ ਨਰਗਿਸ ਦੇ ਤਾਜ਼ਾ ਚਿਹਰੇ ਦੀ ਸੁੰਦਰਤਾ 'ਚ ਅਖਰੋਟ, ਅੰਡੇ, ਬਦਾਮ, ਚਿਕਨ ਸੈਂਡਵਿਚ ਤੇ ਹਰੀਆਂ ਸਬਜ਼ੀਆਂ ਦਾ ਜੂਸ ਬੋਲਦਾ ਹੈ। ਜੰਕ ਫੂਡ ਤੋਂ ਦੂਰ, ਰਾਤੀਂ ਫਿਰ ਚਿਕਨ ਸੂਪ ਪੀਣ ਵਾਲੀ ਨਰਗਿਸ ਫਾਖਰੀ ਨੇ ਸੈੱਟ 'ਤੇ ਮੈਡੀਟੇਸ਼ਨ ਵੀ ਕੀਤੀ। ਨਰਗਿਸ ਇਹ ਸਭ ਕੁਝ ਉਸ ਵਿਵਾਦ ਨੂੰ ਠੰਢਾ ਕਰਨ ਲਈ ਕਰ ਰਹੀ ਹੈ, ਜਿਹੜਾ ਉਸ ਦੇ ਇਕ ਵਿਗਿਆਪਨ ਦੇ ਪਾਕਿਸਤਾਨੀ ਪੇਪਰ 'ਜੰਗ' 'ਚ ਛਪਣ ਨਾਲ ਹੋਇਆ ਸੀ ਕਿ 'ਸਸਤੇ ਫੋਨ ਦੀ ਮਸ਼ਹੂਰੀ ਲਈ ਲੰਮੀ ਪਈ ਨਰਗਿਸ' ਦਾ ਭੈੜਾ ਅੰਦਾਜ਼। ਨਰਗਿਸ ਫਿਲਹਾਲ ਗਰਮ ਫੋਟੋ ਸੈਸ਼ਨ ਵੀ ਕਰਵਾ ਰਹੀ ਹੈ। ਨਰਗਿਸ ਫਾਖਰੀ ਪ੍ਰਚਾਰ ਦੀ ਸਸਤੀ ਰਾਹ ਅਪਣਾ ਕੇ ਬਣੀ ਬਣਾਈ ਖੇਡ ਹੀ ਵਿਗਾੜਦੀ ਹੈ ਤੇ ਫਿਰ 'ਬੈਂਜੋ' ਦੇ ਸੈੱਟ 'ਤੇ ਸਿਆਣਪ ਦਾ ਸਬੂਤ ਦਿੰਦੀ ਹੈ। ਨਰਗਿਸ ਕੀ ਮੰਝਧਾਰ ਵਿਚ ਫਸ ਗਈ ਹੈ ਜਾਂ ਫਿਰ ਹੀਰੋਇਨਾਂ ਵਾਲੇ ਹੱਥਕੰਡੇ ਉਸ ਨੂੰ ਵੀ ਸਮਝ ਆ ਗਏ ਹਨ। ਲਗਦਾ ਤੇ ਕੁਝ ਅਜਿਹਾ ਹੀ ਹੈ।
-ਸੁਖਜੀਤ ਕੌਰ

ਸਫਲਤਾ ਨੂੰ ਬਰਕਰਾਰ ਰੱਖਣਾ ਮੁਸ਼ਕਿਲ : ਜਾਨ ਅਬਰਾਹਮ

ਅਭਿਨੇਤਾ ਜਾਨ ਅਬਰਾਹਮ ਦੀਆਂ ਇਸ ਸਮੇਂ ਕਈ ਫ਼ਿਲਮਾਂ ਸੈੱਟ 'ਤੇ ਹਨ। ਇਨ੍ਹਾਂ ਵਿਚੋਂ ਉਹ ਕਈ ਫ਼ਿਲਮਾਂ ਦਾ ਨਿਰਮਾਤਾ ਵੀ ਹੈ। ਜਾਨ ਖੁਦ ਐਕਸ਼ਨ ਫ਼ਿਲਮਾਂ ਕਰਕੇ ਖੁਸ਼ ਹੈ, ਇਸੇ ਕਰਕੇ ਨਿਰਦੇਸ਼ਕ ਰੋਹਿਤ ਧਵਨ ਦੀ ਫ਼ਿਲਮ 'ਡਿੰਸ਼ੁਮ' 'ਚ ਉਹ ਵਰੁਣ ਧਵਨ ਨਾਲ ਐਕਸ਼ਨ ਕਰਦਾ ਨਜ਼ਰ ਆਏਗਾ। ਯੂ.ਟੀ.ਵੀ. ਦੀ ਇਸ ਫ਼ਿਲਮ 'ਚ ਨਾਇਕਾ ਜੈਕਲਿਨ ਫਰਨਾਂਡਿਜ਼ ਹੈ। ਨਿਰਦੇਸ਼ਕ ਨਿਸ਼ੀਕਾਂਤ ਕਾਮਤ ਦੀ ਫ਼ਿਲਮ 'ਰੌਕੀ ਹੈਂਡਸਮ' 'ਚ ਜਾਨ ਅਬਰਾਹਮ ਸ਼ਰੁਤੀ ਹਸਨ ਨਾਲ ਹੈ। ਇਸ ਫ਼ਿਲਮ ਦਾ ਉਹ ਸਹਿ-ਨਿਰਮਾਤਾ ਵੀ ਹੈ। ਇਸ ਤੋਂ ਪਹਿਲਾਂ ਉਹ ਕਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ ਤੇ ਹੋਰ ਵੀ ਫ਼ਿਲਮਾਂ ਬਣਾ ਰਿਹਾ ਹੈ। 75 ਕਰੋੜ ਦੀ ਲਾਗਤ ਨਾਲ ਬਣ ਰਹੀ ਇਸ ਫ਼ਿਲਮ 'ਚ ਰੋਮਾਂਸ, ਐਕਸ਼ਨ ਤੇ ਹੋਰ ਭਰਪੂਰ ਮਸਾਲਾ ਹੈ। ਨੀਰਜ ਵੋਰਾ ਦੇ ਨਿਰਦੇਸ਼ਨ 'ਚ 'ਹੇਰਾ ਫੇਰੀ-3' ਵੀ ਤਿਆਰ ਹੈ। ਇਸ ਫ਼ਿਲਮ 'ਚ ਸੁਨੀਲ ਸ਼ੈਟੀ, ਅਭਿਸ਼ੇਕ ਬੱਚਨ ਤੇ ਪਰੇਸ਼ ਰਾਵਲ ਆਦਿ ਕਲਾਕਾਰ ਹਨ। ਨਿਰਮਾਤਾ ਵਿਪੁਲ ਅੰਮ੍ਰਿਤ ਲਾਲ ਸ਼ਾਹ ਦੀ ਫ਼ਿਲਮ 'ਫੋਰਸ-2' 'ਚ ਜਾਨ ਅਬਰਾਹਮ ਸੋਨਾਕਸ਼ੀ ਸਿਨਹਾ ਨਾਲ ਹੈ। ਇਹ ਫ਼ਿਲਮ ਐਕਸ਼ਨ ਭਰਪੂਰ ਹੈ। ਜਾਨ ਦਾ ਕਹਿਣਾ ਹੈ ਕਿ ਮੁੰਬਈ ਫ਼ਿਲਮ ਨਗਰੀ 'ਚ ਸਫ਼ਲਤਾ ਸੌਖੀ ਨਹੀਂ ਮਿਲਦੀ। ਜੇਕਰ ਸਫ਼ਲਤਾ ਮਿਲ ਵੀ ਜਾਂਦੀ ਹੈ ਤਾਂ ਇਸ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੈ। ਬਤੌਰ ਨਿਰਮਾਤਾ ਮੇਰੀਆਂ ਕਈ ਫ਼ਿਲਮਾਂ ਸੈੱਟ 'ਤੇ ਜਾਣ ਵਾਲੀਆਂ ਹਨ।
-ਤਰਸੇਮ ਬੱਧਣ

ਹੁਣ ਖੁਦੀਰਾਮ ਬੋਸ 'ਤੇ ਫ਼ਿਲਮ

ਇਹ ਕੌੜਾ ਸੱਚ ਹੈ ਕਿ ਸਾਡੇ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਜਦੋਂ ਸੁਤੰਤਰਤਾ ਵੀਰਾਂ 'ਤੇ ਫ਼ਿਲਮ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਕੁਝ ਫ਼ਿਲਮਾਂ ਦਾ ਹੀ ਨਿਰਮਾਣ ਹੋਇਆ ਹੈ। ਇਨ੍ਹਾਂ ਵਿਚੋਂ ਵੀ ਭਗਤ ਸਿੰਘ 'ਤੇ ਬਣੀਆਂ ਕੁਝ ਫ਼ਿਲਮਾਂ ਨੂੰ ਛੱਡ ਕੇ ਦੇਸ਼ ਦੇ ਹੋਰ ਸਪੂਤਾਂ 'ਤੇ ਗਿਣਤੀ ਦੀਆਂ ਹੀ ਫ਼ਿਲਮਾਂ ਬਣੀਆਂ ਹਨ। ਇਸ ਤਰ੍ਹਾਂ ਹੁਣ ਨਿਰਮਾਤਾ ਅਸ਼ੋਕ ਸਾਹਨੀ ਕ੍ਰਾਂਤੀਕਾਰੀ ਖੁਦੀਰਾਮ ਬੋਸ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਲਈ ਅੱਗੇ ਆਏ ਹਨ। ਇਹ ਫ਼ਿਲਮ ਭਾਨੂ ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਇਸ ਦਾ ਨਾਂਅ ਹੈ 'ਮੈਂ ਖੁਦੀਰਾਮ ਬੋਸ ਹੂੰ।' ਦੇਸ਼ ਦੀ ਆਜ਼ਾਦੀ ਦੀ ਖਾਤਰ ਸਿਰਫ਼ 18 ਸਾਲ ਦੀ ਉਮਰ ਵਿਚ ਫਾਂਸੀ ਦੇ ਫੰਦੇ ਨੂੰ ਫੁੱਲਮਾਲਾ ਦੀ ਤਰ੍ਹਾਂ ਸਵੀਕਾਰਨ ਵਾਲੇ ਖੁਦੀਰਾਮ ਬੋਸ 'ਤੇ ਬਣ ਰਹੀ ਇਸ ਫ਼ਿਲਮ ਵਿਚ ਕਨਿਸ਼ਕ ਕੁਮਾਰ ਜੈਨ ਵੱਲੋਂ ਖੁਦੀਰਾਮ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਵਿਚ ਖੁਦੀਰਾਮ ਦੀ ਭੈਣ ਅਪਰੂਪਾ ਦੀ ਭੂਮਿਕਾ ਵਿਚ ਹੈ ਰਿਤੂਪਰਨਾ ਸੇਨਗੁਪਤਾ ਤਾਂ ਖੁਦੀਰਾਮ ਦੇ ਦੋਸਤ ਪ੍ਰਫੂਲ ਚਾਕੀ ਦੀ ਭੂਮਿਕਾ ਵਿਚ ਸੁਸ਼ਾਂਤ ਸਾਹਨੀ ਹੈ। ਫ਼ਿਲਮ ਦੀ ਪਟਕਥਾ ਧੀਰਜ ਮਿਸ਼ਰਾ ਵੱਲੋਂ ਲਿਖੀ ਗਈ ਹੈ। ਉਨ੍ਹਾਂ ਅਨੁਸਾਰ ਇਸ ਨੌਜਵਾਨ ਕ੍ਰਾਂਤੀਕਾਰੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਇਨ੍ਹਾਂ ਦੀ ਜ਼ਿੰਦਗੀ 'ਤੇ ਨਾ ਤਾਂ ਫ਼ਿਲਮ ਬਣੀ ਹੈ ਤੇ ਨਾ ਹੀ ਡਾਕੂਮੈਂਟਰੀ ਫ਼ਿਲਮ। ਇਸ ਤਰ੍ਹਾਂ ਪਟਕਥਾ ਲਿਖਦੇ ਸਮੇਂ ਕਿਤਾਬਾਂ ਦਾ ਸਹਾਰਾ ਲਿਆ ਗਿਆ। ਨਿਰਦੇਸ਼ਕ ਭਾਨੂ ਪ੍ਰਕਾਸ਼ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਖੁਦੀਰਾਮ 'ਤੇ ਬਣੀ ਬੰਗਲਾ ਫ਼ਿਲਮ ਦੇਖੀ ਸੀ, ਜੋ ਚਾਲੀ ਦੇ ਦਹਾਕੇ ਵਿਚ ਬਣੀ ਸੀ।
ਫ਼ਿਲਮ ਵਿਚ ਖੁਦੀਰਾਮ ਬਣੇ ਕਨਿਸ਼ਕ ਕੁਮਾਰ ਨੇ ਹੁਣ ਬੰਗਲਾ ਭਾਸ਼ਾ ਵੀ ਸਿੱਖੀ ਹੈ ਤਾਂ ਕਿ ਕਿਰਦਾਰ ਵਿਚ ਬੰਗਾਲੀ ਟਚ ਦਿੱਤਾ ਜਾ ਸਕੇ, ਕਿਉਂਕਿ ਖੁਦੀਰਾਮ 'ਤੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ, ਇਸ ਗੱਲ ਨੂੰ ਕਨਿਸ਼ਕ ਆਪਣੇ ਲਈ ਪਲੱਸ ਪੁਆਇੰਟ ਦੱਸਦੇ ਹੋਏ ਕਹਿੰਦੇ ਹਨ ਕਿ ਇਤਿਹਾਸਕ ਤੱਥਾਂ ਦੀ ਨਾਮੌਜੂਦਗੀ ਵਿਚ ਉਨ੍ਹਾਂ ਲਈ ਇਸ ਕਿਰਦਾਰ ਨੂੰ ਨਿਭਾਉਣ ਲਈ ਥੋੜ੍ਹੀ ਆਜ਼ਾਦੀ ਲੈਣਾ ਫਾਇਦੇਮੰਦ ਰਹੇਗਾ। ਨਿਰਮਾਤਾ ਅਸ਼ੋਕ ਸਾਹਨੀ ਅਨੁਸਾਰ ਇਕ ਜ਼ਮਾਨੇ ਵਿਚ ਪੈਸੇ ਕਮਾਉਣ ਦੇ ਇਰਾਦੇ ਨਾਲ ਉਨ੍ਹਾਂ ਨੇ ਗੋਵਿੰਦਾ ਦੀ 'ਬਨਾਰਸੀ ਬਾਬੂ' ਸਮੇਤ ਕੁਝ ਫ਼ਿਲਮਾਂ ਨੂੰ ਫਾਈਨਾਂਸ ਕੀਤਾ ਸੀ ਪਰ ਹੁਣ ਉਹ ਇਹ ਫ਼ਿਲਮ ਆਪਣੇ ਆਤਮ-ਸੰਤੋਸ਼ ਲਈ ਬਣਾ ਰਹੇ ਹਨ। ਉਹ ਇਸ ਫ਼ਿਲਮ ਦਾ ਨਿਰਮਾਣ ਇਹ ਸੋਚ ਕੇ ਵੀ ਬਣਾ ਰਹੇ ਹਨ ਕਿ ਇਸ ਰਾਹੀਂ ਭਵਿੱਖ ਦੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਖੁਦੀਰਾਮ ਬੋਸ ਕੌਣ ਸੀ। ਜ਼ਿਆਦਾਤਰ ਉੱਤਰ ਪ੍ਰਦੇਸ਼ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ 11 ਅਗਸਤ ਦੇ ਨੇੜੇ-ਤੇੜੇ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ ਕਿਉਂਕਿ ਇਸੇ ਦਿਨ ਇਸ ਕ੍ਰਾਂਤੀਕਾਰੀ ਨੂੰ ਫਾਂਸੀ ਦਿੱਤੀ ਗਈ ਸੀ।

ਇੰਦਰਮੋਹਨ ਪੰਨੂੰ

ਮੇਰੀ ਅਗਲੀ ਫ਼ਿਲਮ ਵੀ ਜੰਗ ਬਾਰੇ ਹੋਵੇਗੀ ਫੇਰੀਨਾ ਵਜ਼ਹੀਰ

ਉਂਝ ਤਾਂ ਫੇਰੀਨਾ ਵਜ਼ਹੀਰ ਦਾ ਨਾਂਅ ਸੁਣਨ ਵਿਚ ਭਾਵੇਂ ਨਵਾਂ ਲਗਦਾ ਹੋਵੇ ਪਰ ਉਸ ਦਾ ਚਿਹਰਾ ਬਾਲੀਵੁੱਡ ਵਿਚ ਨਵਾਂ ਨਹੀਂ ਹੈ। ਉਹ ਫ਼ਿਲਮ 'ਸਦੀਆਂ' ਵਿਚ ਲਵ ਸਿੰਘ ਨਾਲ ਸੀ ਪਰ ਉਹ ਫ਼ਿਲਮ ਬਾਲੀਵੁੱਡ ਵਿਚ ਫੇਰੀਨਾ ਦਾ ਕੈਰੀਅਰ ਪੱਕੇ ਪੈਰੀਂ ਕਰਨ ਵਿਚ ਅਸਫ਼ਲ ਰਹੀ। ਹੁਣ ਹਾਲੀਆ ਰਿਲੀਜ਼ 'ਏਅਰਲਿਫਟ' ਵਿਚ ਫੇਰੀਨਾ ਨੇ ਕੁਵੈਤੀ ਔਰਤ ਤਸਨਮ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੀ ਸਫ਼ਲਤਾ ਨੇ ਫੇਰੀਨਾ ਵਿਚ ਨਵਾਂ ਉਤਸ਼ਾਹ ਭਰ ਦਿੱਤਾ ਹੈ।
ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੀ ਹੈ, 'ਇਹ ਤਾਂ ਮੈਂ ਸੁਣਿਆ ਸੀ ਕਿ ਬਾਲੀਵੁੱਡ ਵਿਚ ਇਕ ਹਿਟ ਫ਼ਿਲਮ ਜਾਦੂਈ ਚਾਬੀ ਦਾ ਕੰਮ ਕਰਦੀ ਹੈ। ਇਕ ਸਫ਼ਲ ਫ਼ਿਲਮ ਇਸ ਦੇ ਕਲਾਕਾਰਾਂ ਲਈ ਕਈ ਨਵੇਂ ਦਰਵਾਜ਼ੇ ਖੋਲ੍ਹ ਦਿੰਦੀ ਹੈ। ਹੁਣ 'ਏਅਰਲਿਫਟ' ਦੀ ਸਫ਼ਲਤਾ ਤੋਂ ਬਾਅਦ ਇਹ ਗੱਲ ਮੇਰੇ ਲਈ ਵੀ ਸੱਚ ਸਾਬਤ ਹੋਈ ਹੈ। ਇਸ ਫ਼ਿਲਮ ਤੋਂ ਪਹਿਲਾਂ ਮੈਂ 'ਸਦੀਆਂ', 'ਰੰਗ ਰਸੀਆ' ਵਿਚ ਕੰਮ ਕੀਤਾ ਸੀ ਪਰ ਇਹ ਫ਼ਿਲਮਾਂ ਮੇਰੇ ਕੈਰੀਅਰ ਨੂੰ ਸੰਵਾਰਨ ਵਿਚ ਕਾਰਗਰ ਸਿੱਧ ਨਹੀਂ ਸਨ ਹੋਈਆਂ। ਜਦੋਂ ਮੈਂ 'ਏਅਰਲਿਫਟ' ਸਾਈਨ ਕੀਤੀ ਤਾਂ ਮੈਂ ਸ਼ਸ਼ੋਪੰਜ ਵਿਚ ਸੀ ਕਿ ਇਸ ਵਿਚ ਮੇਰੀ ਗਲੈਮਰਹੀਣ ਭੂਮਿਕਾ ਕੀ ਮੇਰੇ ਕੈਰੀਅਰ ਨੂੰ ਅੱਗੇ ਵਧਾ ਸਕੇਗੀ। ਪਰ ਹੁਣ ਇਸ ਦੀ ਸਫਲਤਾ ਨੇ ਮੇਰਾ ਇਹ ਡਰ ਦੂਰ ਕਰ ਦਿੱਤਾ ਹੈ। ਇਸ ਫ਼ਿਲਮ ਨੇ ਮੈਨੂੰ ਪਛਾਣ ਦਿੱਤੀ ਹੈ ਅਤੇ ਇਸ ਦੀ ਸਮੀਖਿਆ ਵਿਚ ਵੀ ਮੇਰੇ ਕੰਮ ਦੀ ਤਾਰੀਫ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਜਦੋਂ ਇਹ ਫ਼ਿਲਮ ਰਿਲੀਜ਼ ਦੇ ਕੰਢੇ ਆ ਪਹੁੰਚੀ ਸੀ ਤਾਂ ਉਦੋਂ ਮੈਨੂੰ ਪ੍ਰਚਾਰ ਤੋਂ ਦੂਰ ਰੱਖਿਆ ਗਿਆ ਸੀ। ਫ਼ਿਲਮ ਦੇ ਨਿਰਦੇਸ਼ਕ ਰਾਜਾ ਮੈਨਨ ਨੇ ਕਿਹਾ ਕਿ ਇਸ ਵਿਚ ਮੈਨੂੰ ਸਰਪ੍ਰਾਈਜ਼ ਪੈਕੇਟ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਗੱਲ ਸੱਚ ਸਾਬਤ ਹੋਈ, ਕਿਉਂਕਿ ਦਰਸ਼ਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਸ ਵਿਚ ਮੈਂ ਵੀ ਹਾਂ ਪਰ ਜਦੋਂ ਉਨ੍ਹਾਂ ਨੇ ਮੇਰਾ ਕੰਮ ਦੇਖਿਆ ਤਾਂ ਤਾਰੀਫ ਕਰਨ ਲੱਗੇ। ਇਹ ਉਸ ਤਾਰੀਫ ਦਾ ਅਸਰ ਹੀ ਕਿਹਾ ਜਾਵੇਗਾ ਕਿ ਹੁਣ ਮੈਨੂੰ ਬਰਤਾਨੀਆ ਦੀ ਫ਼ਿਲਮ 'ਸਿਕਰੇਟ ਹਾਰਟ' ਵਿਚ ਕਾਸਟ ਕੀਤਾ ਗਿਆ ਹੈ। ਇਹ ਫ਼ਿਲਮ ਦੂਜੇ ਵਿਸ਼ਵ ਯੁੱਧ ਦੀ ਪਿੱਠਭੂਮੀ 'ਤੇ ਆਧਾਰਤ ਹੈ। ਭਾਵ 'ਏਅਰਲਿਫਟ' ਤੋਂ ਬਾਅਦ ਮੇਰੀ ਦੂਜੀ ਫ਼ਿਲਮ ਵੀ ਯੁੱਧ ਫ਼ਿਲਮ ਹੈ।ਹੁਣ ਫੇਰੀਨਾ ਦੀਆਂ ਗੱਲਾਂ ਸੁਣ ਕੇ ਇਹੀ ਕਹਿਣਾ ਹੋਵੇਗਾ ਕਿ 'ਏਅਰਲਿਫਟ' ਇਸ ਅਦਾਕਾਰਾ ਦੇ ਕੈਰੀਅਰ ਨੂੰ ਲਿਫਟ ਕਰਵਾਉਣ ਵਿਚ ਕਾਰਗਰ ਸਿੱਧ ਹੋਈ ਹੈ।

ਇੰਦਰਮੋਹਨ ਪੰਨੂੰ

ਪ੍ਰਿਅੰਕਦੋਵੇਂ ਹੱਥ ਲੱਡੂ

ਗਾਇਕਾ ਤੇ ਨਾਇਕਾ ਪ੍ਰਿਅੰਕਾ ਚੋਪੜਾ ਆਪਣੀ ਨਵੀਂ ਫ਼ਿਲਮ 'ਜੈ ਗੰਗਾਜਲ' ਵਿਚ ਥਾਣੇਦਾਰਨੀ ਆਭਾ ਮਾਥੁਰ ਵਜੋਂ ਨਜ਼ਰ ਆਏਗੀ। ਔਰਤ ਸ਼ਕਤੀ ਦਾ ਪ੍ਰਤੀਕ ਇਹ ਕਿਰਦਾਰ ਨਿਭਾਅ ਕੇ ਪੀ.ਸੀ. ਆਪਣੇ-ਆਪ ਨੂੰ ਮਾਣਮੱਤੀ ਮਹਿਸੂਸ ਕਰ ਰਹੀ ਹੈ। ਪ੍ਰਕਾਸ਼ ਝਾਅ ਦੀ ਇਸ ਫ਼ਿਲਮ ਪ੍ਰਤੀ ਪ੍ਰਿਅੰਕਾ ਨੇ ਟਵਿੱਟਰ 'ਤੇ ਫੋਟੋਆਂ ਪਾਉਣ ਦੇ ਨਾਲ-ਨਾਲ ਔਰਤਾਂ ਦੀ ਸਨਮਾਨਜਨਕ ਬਣ ਰਹੀ ਸਥਿਤੀ ਸਬੰਧੀ ਵੀ ਵਿਚਾਰ ਦਿੱਤੇ ਹਨ। ਇਧਰ ਪੀ.ਸੀ. ਹਾਲੀਵੁੱਡ ਲੜੀਵਾਰ ਦੀ ਸਫ਼ਲਤਾ ਤੋਂ ਬਾਅਦ 'ਬੇਵਾਚ' ਨਾਂਅ ਦੀ ਨਵੀਂ ਹਾਲੀਵੁੱਡ ਫ਼ਿਲਮ ਵੀ ਕਰ ਰਹੀ ਹੈ। ਵਧਦੀ ਲੋਕਪ੍ਰਿਅਤਾ ਨੇ ਪੀ.ਸੀ. ਨੂੰ 'ਬੇਵਾਚ' ਵਿਚ ਖਲਨਾਇਕਾ ਦੀ ਭੂਮਿਕਾ ਦਿਵਾਈ ਹੈ। ਯਾਦ ਰਹੇ ਪ੍ਰਿਅੰਕਾ ਆਪਣੀ ਪਹਿਲੀ ਫ਼ਿਲਮ 'ਏਤਰਾਜ਼' 'ਚ ਵੀ ਖਲਨਾਇਕਾ ਸੀ। 'ਬੇਵਾਚ' ਪਾਮੇਲਾ ਐਂਡਰਸਨ ਠੁਕਰਾ ਚੁੱਕੀ ਹੈ। ਖ਼ੈਰ ਪੀ.ਸੀ. ਇਸ ਸਮੇਂ ਕਾਫ਼ੀ ਕੰਮ ਕਰ ਰਹੀ ਹੈ। ਉਹ ਆਪਣੇ-ਆਪ ਨੂੰ ਮਾਈਕ੍ਰੋ ਮੈਨੇਜਰ ਸਮਝ ਕੇ ਚਲ ਰਹੀ ਹੈ। ਚਾਰ ਦਿਨ ਹਾਲੀਵੁੱਡ ਲੜੀਵਾਰ ਦੀ ਸ਼ੂਟਿੰਗ ਫਿਰ 'ਗੰਗਾਜਲ' ਦਾ ਪ੍ਰਚਾਰ ਤੇ ਫਿਰ 'ਬੇਵਾਚ' ਲਈ ਸਮਾਂ ਕੱਢਣਾ... ਪੀ.ਸੀ. ਸੱਚਮੁੱਚ ਮਾਈਕ੍ਰੋ ਮੈਨੇਜਰ ਬਣ ਕੇ ਸਾਰਾ ਤਾਲਮੇਲ ਬਿਠਾ ਰਹੀ ਹੈ। ਪੀ.ਸੀ. ਸਰਗਰਮ ਹੋਣ ਦੇ ਬਾਵਜੂਦ ਸੰਨੀ ਲਿਓਨ ਦੀ ਲਘੂ ਫ਼ਿਲਮ ਦੇਖਣ ਗਈ ਤੇ ਸੰਨੀ ਨੂੰ ਇਸ ਲਈ ਵਧਾਈ ਵੀ ਦਿੱਤੀ। ਪਿੱਗੀ ਚਾਪਸ ਦੀ ਮੁੱਖ ਭੂਮਿਕਾ 'ਚ ਪਹਿਲੀ ਹਾਲੀਵੁੱਡ ਫ਼ਿਲਮ 'ਬੇਵਾਚ' ਲਈ ਉਸ ਦੇ ਸਾਥੀ ਸਿਤਾਰੇ ਰੌਕ ਨੇ ਉਸ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਹੈ। ਇਸ ਦੌਰਾਨ ਪੀ.ਸੀ. ਦੇ ਵਿਦੇਸ਼ੀ ਸੱਜਣ ਪਿਆਰੇ ਨੂੰ ਲੈ ਕੇ ਵੀ ਗੱਲਾਂ ਹੁੰਦੀਆਂ ਹਨ। ਹਾਲੇ ਤੱਕ ਪ੍ਰਿਅੰਕਾ ਆਪਣੇ ਇਸ ਮਧੁਰ ਪਰ ਗੁਪਤ ਸਬੰਧ ਨੂੰ ਦੁਨੀਆ ਤੋਂ ਛੁਪਾ ਹੀ ਰਹੀ ਹੈ।

ਗਿੱਪੀ ਗਰੇਵਾਲ ਦੀ ਸੰਜੀਦਾ ਸਿਨੇਮਾ ਲਈ 'ਅਰਦਾਸ'

ਦਮਦਾਰ ਗਾਇਕੀ ਤੇ ਅਦਾਕਾਰੀ ਦੀ ਬਦੌਲਤ ਨੌਜਵਾਨ ਦਿਲਾਂ ਦੀ ਧੜਕਨ ਬਣੇ ਗਿੱਪੀ ਗਰੇਵਾਲ ਨੇ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਅਰਦਾਸ' ਰਾਹੀਂ ਬਤੌਰ ਨਿਰਦੇਸ਼ਕ ਤੇ ਲੇਖਕ ਆਪਣੇ ਸਿਰਜਣਾਤਮਿਕ ਜੀਵਨ 'ਚ ਇਕ ਹੋਰ ਅਧਿਆਇ ਜੋੜਨ ਦਾ ਉੱਦਮ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਣ ਅਤੇ ਹੋਰਨਾਂ ਗਤੀਵਿਧੀਆਂ ਸਬੰਧੀ ਗਿੱਪੀ ਗਰੇਵਾਲ ਨਾਲ ਹੋਈ ਮੁਲਾਕਾਤ ਇਸ ਪ੍ਰਕਾਰ ਹੈ:-
? ਤੁਸੀਂ ਬਤੌਰ ਗਾਇਕ ਤੇ ਨਾਇਕ ਸ਼ਾਨਦਾਰ ਦੌਰ 'ਚੋਂ ਗੁਜ਼ਰਨ ਦੇ ਬਾਵਜੂਦ ਵੀ ਨਿਰਦੇਸ਼ਨ ਦੇ ਖੇਤਰ ਵੱਲ ਕਦਮ ਵਧਾਉਣ ਦਾ ਫੈਸਲਾ ਕਿਵੇਂ ਲਿਆ?
-ਸੋਸ਼ਲ ਮੀਡੀਆ ਰਾਹੀਂ ਕਾਫੀ ਸਮੇਂ ਤੋਂ ਬਹੁਤ ਸਾਰੇ ਸੱਜਣ ਮੈਨੂੰ ਪ੍ਰੇਰਨਾ ਦੇ ਰਹੇ ਸਨ ਕਿ ਸਿਨੇਮਾ ਇਕ ਵੱਡਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਨਾਜੁਕ ਦੌਰ 'ਚੋਂ ਗੁਜ਼ਰ ਰਹੀ ਨਵੀਂ ਪੀੜ੍ਹੀ ਨੂੰ ਚੰਗੇ ਪਾਸੇ ਤੋਰ ਸਕਦੇ ਹਾਂ। ਇਸ ਗੱਲ ਨੇ ਮੈਨੂੰ ਕਾਫੀ ਅਪੀਲ ਕੀਤੀ ਅਤੇ ਮੈਂ ਹੌਲੀ-ਹੌਲੀ ਇਕ ਅਜਿਹੀ ਕਹਾਣੀ ਸਿਰਜ ਲਈ ਜੋ ਪੰਜਾਬ ਦੇ ਹਰ ਪਿੰਡ ਦੀ ਬਾਤ ਪਾਉਂਦੀ ਹੈ। ਮੈਂ ਇਸ ਕਹਾਣੀ ਨੂੰ ਲਿਖਤੀ ਰੂਪ 'ਚ ਤਿਆਰ ਕਰਕੇ ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਬੀਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਹਾਣੀ ਦੀ ਪ੍ਰਸ਼ੰਸ਼ਾ ਕੀਤੀ ਜਿਸ ਦੀ ਬਦੌਲਤ ਇਸ ਕਹਾਣੀ ਨੂੰ ਮੈਂ ਫ਼ਿਲਮੀ ਰੂਪ ਦੇ ਕੇ ਪਟਕਥਾ ਲਿਖੀ ਅਤੇ ਸੰਵਾਦ ਲਿਖਣ ਦੀ ਜ਼ਿੰਮੇਵਾਰੀ ਰਾਣਾ ਰਣਬੀਰ ਨੂੰ ਸੌਂਪੀ। ਉਪਰੋਕਤ ਸੱਜਣਾਂ ਨੇ ਸਲਾਹ ਦਿੱਤੀ ਕਿ ਇਸ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਲਈ ਮੈਂ ਹੀ ਬਤੌਰ ਨਿਰਦੇਸ਼ਕ ਕਹਾਣੀ ਦੀ ਅਸਲੀ ਰੂਹ ਨੂੰ ਸਮਝ ਸਕਦਾ ਹਾਂ। ਇਸ ਤਰ੍ਹਾਂ ਸਾਥੀਆਂ ਦੇ ਸਹਿਯੋਗ ਨਾਲ ਫ਼ਿਲਮ 'ਅਰਦਾਸ' ਬਣਾਉਣ ਦਾ ਕਾਰਜ ਨੇਪਰੇ ਚੜ੍ਹ ਗਿਆ।
? ਅਦਾਕਾਰੀ ਨਾਲੋਂ ਨਿਰਦੇਸ਼ਨ 'ਚ ਕੀ ਵੱਖਰੇਵਾਂ ਲੱਗਿਆ?
-ਬਤੌਰ ਅਦਾਕਾਰ ਅਸੀਂ ਸੈੱਟ 'ਤੇ ਜਾਂਦੇ ਹਾਂ ਅਤੇ ਸੰਵਾਦ ਯਾਦ ਕਰਕੇ ਆਪਣੀ ਭੂਮਿਕਾ ਨਿਭਾ ਦਿੰਦੇ ਹਾਂ। ਪਰ ਬਤੌਰ ਨਿਰਦੇਸ਼ਕ ਸਾਰੀ ਫ਼ਿਲਮ ਦਾ ਤਾਣਾ-ਬਾਣਾ ਮਨ 'ਚ ਵਸਾਉਣਾ ਪੈਂਦਾ ਹੈ ਅਤੇ ਹਰੇਕ ਭੂਮਿਕਾ 'ਚ ਆਪਣੇ-ਆਪ ਨੂੰ ਢਾਲਣਾ ਪੈਂਦਾ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਹਰੇਕ ਪੱਖ ਦੀ ਦੇਖ-ਰੇਖ ਕਰਨੀ ਪੈਂਦੀ ਹੈ, ਜੋ ਬਹੁਤ ਮਿਹਨਤ, ਜ਼ਿੰਮੇਵਾਰੀ ਅਤੇ ਸੰਜੀਦਗੀ ਵਾਲਾ ਕਾਰਜ ਹੈ।
? 'ਅਰਦਾਸ' ਫ਼ਿਲਮ ਰਾਹੀਂ ਕੀ ਮਨੋਰੰਜਨ ਦੇ ਨਾਲ-ਨਾਲ ਕੋਈ ਸੁਨੇਹਾ ਵੀ ਦੇਵੇਗੀ?
-ਇਸ ਫ਼ਿਲਮ ਦੀ ਕਹਾਣੀ ਇਕ ਅਜਿਹੇ ਪਿੰਡ ਦੀ ਕਹਾਣੀ ਹੈ, ਜਿਸ 'ਚੋਂ ਅਜੋਕੇ ਪੰਜਾਬ ਦੇ ਹਰੇਕ ਪਿੰਡ ਦੀ ਝਲਕ ਮਿਲੇਗੀ। ਭਾਵ ਅੱਜ ਪੰਜਾਬ ਦੇ ਲੋਕ ਜੋ ਸਮਾਜਿਕ ਸਮੱਸਿਆਵਾਂ ਹੰਢਾ ਰਹੇ ਹਨ, ਉਨ੍ਹਾਂ ਦਾ ਚਿੱਤਰਨ ਕਰਨ ਅਤੇ ਹੱਲ ਲੱਭਣ ਦੀ ਇਸ ਫ਼ਿਲਮ ਰਾਹੀਂ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ 'ਚ ਨਸ਼ਾਖੋਰੀ, ਕਿਸਾਨ ਖੁਦਕੁਸ਼ੀਆਂ, ਰਿਸ਼ਵਤਖੋਰੀ, ਭਰੂਣ ਹੱਤਿਆ ਤੇ ਫਜੂਲਖਰਚੀ ਆਦਿ ਸ਼ਾਮਲ ਹਨ। ਉਮੀਦ ਹੈ ਕਿ ਲੋਕਾਂ ਦੇ ਦਿਲਾਂ ਦੀ ਬਾਤ ਪਾਉਂਦੀ ਇਹ ਫ਼ਿਲਮ ਜ਼ਰੂਰ ਦਰਸ਼ਕਾਂ ਨੂੰ ਪਸੰਦ ਆਵੇਗੀ।
-ਡਾ: ਸੁਖਦਰਸ਼ਨ ਸਿੰਘ ਚਹਿਲ, ਪਟਿਆਲਾ।

ਗੀਤਕਾਰ ਸਮੀਰ ਦਾ ਨਾਂਅ ਗਿੰਨੀਜ਼ ਬੁੱਕ ਵਿਚ ਦਰਜ ਹੋਇਆ

ਦੁਨੀਆ ਵਿਚ ਰਚੇ ਜਾਂਦੇ ਅਨੋਖੇ ਤਰ੍ਹਾਂ ਦੇ ਰਿਕਾਰਡਜ਼ ਗਿੰਨੀਜ਼ ਬੁੱਕ ਵਿਚ ਦਰਜ ਹੁੰਦੇ ਹਨ। ਜਿਵੇਂ ਦੁਨੀਆ ਦਾ ਸਭ ਤੋਂ ਲੰਬੇ ਕੱਦ ਦਾ ਆਦਮੀ ਕਿਹੜਾ ਹੈ ਜਾਂ ਸਭ ਤੋਂ ਛੋਟੇ ਕੱਦ ਦਾ ਆਦਮੀ ਕਿਹੜਾ ਹੈ ਆਦਿ ਆਦਿ। ਹੁਣ ਇਸ ਕਿਤਾਬ ਵਿਚ ਗੀਤਕਾਰ ਸਮੀਰ ਦਾ ਨਾਂਅ ਦਰਜ ਹੋ ਗਿਆ ਹੈ। ਫ਼ਿਲਮਾਂ ਲਈ ਸਭ ਤੋਂ ਜ਼ਿਆਦਾ ਗੀਤ ਲਿਖਣ ਦੀ ਉਪਲਬੱਧੀ ਹਾਸਿਲ ਕਰਨ 'ਤੇ ਉਨ੍ਹਾਂ ਦਾ ਨਾਂਅ ਇਸ ਕਿਤਾਬ ਵਿਚ ਸ਼ਾਮਿਲ ਕੀਤਾ ਗਿਆ ਹੈ। ਸਮੀਰ ਜਦੋਂ ਗੀਤਕਾਰ ਬਣਨ ਦਾ ਸੁਪਨਾ ਲੈ ਕੇ ਫ਼ਿਲਮਾਂ ਵਿਚ ਆਏ ਸਨ ਉਦੋਂ ਉਨ੍ਹਾਂ ਦੀ ਪਛਾਣ ਗੀਤਕਾਰ ਅਣਜਾਣ ਦੇ ਬੇਟੇ ਜਾਂ ਨਾਮੀ ਫ਼ਿਲਮ ਪ੍ਰਚਾਰਕ ਗੋਪਾਲ ਪਾਂਡੇ ਦੇ ਭਤੀਜੇ ਦੇ ਰੂਪ ਵਿਚ ਹੋਇਆ ਕਰਦੀ ਸੀ। ਪਰ ਬਾਅਦ ਵਿਚ ਆਪਣੀ ਕਲਮ ਦੇ ਦਮ 'ਤੇ ਉਹ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ। ਫ਼ਿਲਮ 'ਬੇਖ਼ਬਰ' ਤੋਂ ਆਪਣਾ ਫ਼ਿਲਮੀ ਸਫਰ ਸ਼ੁਰੂ ਕਰਨ ਵਾਲੇ ਸਮੀਰ ਨੇ 'ਆਸ਼ਿਕੀ', 'ਦੀਵਾਨਾ', 'ਸਾਜਨ', 'ਕੁਛ ਕੁਛ ਹੋਤਾ ਹੈ', 'ਕਭੀ ਖੁਸ਼ੀ ਕਭੀ ਗ਼ਮ' ਸਮੇਤ ਕਈ ਫ਼ਿਲਮਾਂ ਵਿਚ ਗੀਤ ਲਿਖੇ ਹਨ ਅਤੇ ਉਹ ਹੁਣ ਤੱਕ 3524 ਗੀਤ ਲਿਖ ਚੁੱਕੇ ਹਨ। ਆਪਣੇ 33 ਸਾਲ ਦੇ ਕੈਰੀਅਰ ਵਿਚ ਉਨ੍ਹਾਂ ਨੇ 650 ਦੇ ਕਰੀਬ ਫ਼ਿਲਮਾਂ ਵਿਚ ਗੀਤ ਲਿਖੇ ਹਨ ਅਤੇ ਅੱਜ ਵੀ ਉਨ੍ਹਾਂ ਦੀ ਕਲਮ ਜਵਾਨ ਹੈ। ਸਮੀਰ ਨੇ 'ਆਸ਼ਿਕੀ' ਤੋਂ ਸਫਲਤਾ ਦਾ ਸਵਾਦ ਚਖਿਆ ਅਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕੈਰੀਅਰ ਦੀ ਗਤੀ ਜ਼ਰਾ ਹੌਲੀ ਜ਼ਰੂਰੀ ਹੋਈ ਸੀ ਪਰ ਹੁਣ ਉਹ ਦੁਬਾਰਾ ਰੁਝ ਗਏ ਹਨ। ਹਾਲ ਵਿਚ ਪ੍ਰਦਰਸ਼ਿਤ ਹੋਈ 'ਇਸ਼ਕ ਫਾਰ ਐਵਰ' ਵਿਚ ਉਨ੍ਹਾਂ ਨੇ ਗੀਤ ਲਿਖੇ ਹਨ। ਗਿੰਨੀਜ਼ ਬੁੱਕ ਵਿਚ ਆਪਣਾ ਨਾਂਅ ਆਉਣ ਦੀ ਖੁਸ਼ੀ ਵਿਚ ਸਮੀਰ ਵੱਲੋਂ ਸੰਨ ਐਂਡ ਸੈਂਡ ਹੋਟਲ ਵਿਚ ਪਾਰਟੀ ਦਿੱਤੀ ਗਈ ਸੀ, ਜਿਥੇ ਸੰਗੀਤ ਜਗਤ ਦੀਆਂ ਕਈ ਨਾਮੀ ਹਸਤੀਆਂ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੀਆਂ ਸਨ। ਇਨ੍ਹਾਂ ਵਿਚ ਗਾਇਕ ਅਭਿਜੀਤ, ਕੁਮਾਰ ਸ਼ਾਨੂੰ, ਸੁਖਵਿੰਦਰ, ਸ਼ਾਨ, ਉਦਿਤ ਨਰਾਇਣ, ਸੁਰੇਸ਼ ਵਾਡੇਕਰ, ਸੰਗੀਤਕਾਰ ਲਲਿਤ, ਆਨੰਦ-ਮਿਲਿੰਦ, ਅਨੂ ਮਲਿਕ, ਵੀਜੂ ਸ਼ਾਹ, ਬੱਪੀ ਲਹਿਰੀ, ਸ਼ਰਵਣ, ਗਾਇਕਾ ਅਲਕਾ ਯਾਗਨਿਕ, ਸਾਧਨਾ ਸਰਗਰਮ ਆਦਿ ਸ਼ਾਮਿਲ ਸਨ। -ਪੰਨੂੰ

8 ਮਾਰਚ ਬਰਸੀ 'ਤੇ ਵਿਸ਼ੇਸ਼ ਅਨੋਖੀਆਂ ਪੈੜਾਂ ਪਾ ਗਈ ਗਾਇਕ ਜੋੜੀ ਚਮਕੀਲਾ - ਅਮਰਜੋਤ

8 ਮਾਰਚ 1988 ਦਾ ਉਹ ਚੰਦਰਾ ਦਿਨ ਸੀ ਜਿਸ ਦਿਨ ਜ਼ਿਲ੍ਹਾ ਜਲੰਧਰ 'ਚ ਪੈਂਦੇ ਪਿੰਡ ਮਹਿਸਮਪੁਰ (ਨੇੜੇ ਫਿਲੌਰ) ਵਿਚ ਇਕ ਵਿਆਹ ਸਮਾਗਮ ਮੌਕੇ ਇਹ ਗਾਇਕ ਜੋੜੀ ਗੋਲੀਆਂ ਦਾ ਸ਼ਿਕਾਰ ਹੋ ਗਈ। ਦੋਗਾਣੇ ਗੀਤਾਂ ਵਿਚ ਜਿਸ ਤਰ੍ਹਾਂ ਚਮਕੀਲੇ ਦਾ 'ਗ੍ਰਾਮ' ਸੀ, ਉਸ ਤੋਂ ਆਮ ਗਾਇਕ ਵੀ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਸਕਿਆ।
ਲੱਚਰਤਾ ਦੇ ਦੋਸ਼ਾਂ ਦਾ ਸ਼ਿਕਾਰ ਹੋਈ ਇਸ ਗਾਇਕ ਜੋੜੀ ਨੂੰ ਜਦੋਂ ਧਮਕੀਆਂ ਮਿਲੀਆਂ ਤਾਂ ਉਨ੍ਹਾਂ ਆਪਣੀ ਭੁੱਲ ਸੁਧਾਰਦਿਆਂ ਸੋਨੋਟੋਨ ਕੰਪਨੀ ਵਿਚ ਧਾਰਮਿਕ ਕੈਸਿਟ ਤੇ ਰਿਕਾਰਡ 'ਨਾਮ ਜੱਪ ਲੈ' ਟਾਈਟਲ ਹੇਠ ਰਿਲੀਜ਼ ਕੀਤੀ। ਇਹ ਕੈਸਿਟ ਵੀ ਬਲੈਕ ਵਿਚ ਵਿਕੀ। ਬਾਅਦ ਵਿਚ ਐਚ. ਐਮ. ਵੀ. ਰਿਕਾਰਡਿੰਗ ਕੰਪਨੀ ਨੇ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਾਨਕਾਣਾ' ਕੈਸਿਟ ਰਿਲੀਜ਼ ਕਰਵਾਈ। ਇਸ ਗਾਇਕ ਜੋੜੀ ਨੂੰ ਧਾਰਮਿਕ ਗੀਤ ਗੁਆਉਣ ਲਈ ਵਧੇਰੇ ਸਹਿਯੋਗ ਉਘੇ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਰਿਹਾ। ਲੁਧਿਆਣੇ ਦੀ ਜੂਹ 'ਚ ਵਸਦੇ ਪਿੰਡ ਦੁਗਰੀ ਦਾ ਚਮਕੀਲਾ 21 ਜੁਲਾਈ 1960 ਨੂੰ ਬੀਬੀ ਕਰਤਾਰ ਕੌਰ ਦੀ ਕੁੱਖੋਂ ਪਿਤਾ ਸ੍ਰੀ ਹਰੀ ਸਿੰਘ ਦੇ ਘਰ ਇਕ ਬਹੁਤ ਹੀ ਗਰੀਬ ਪਰਿਵਾਰ ਵਿਚ ਜਨਮਿਆ।
ਛੋਟੀ ਉਮਰੇ ਮਾਂ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਬਚਪਨ ਵਿਚ ਹੀ ਉਸ ਦਾ ਵਿਆਹ ਨੰਗਲ ਖੁਰਦ (ਨੇੜੇ ਪੱਖੋਵਾਲ) ਦੀ ਬੀਬੀ ਗੁਰਮੇਲ ਕੌਰ ਨਾਲ ਹੋ ਗਿਆ। ਚਮਕੀਲੇ ਦੀ ਦੂਜੀ ਧਰਮਪਤਨੀ ਬੀਬੀ ਅਮਰਜੋਤ ਨੇ ਦੋ ਬੇਟਿਆਂ ਨੂੰ ਜਨਮ ਦਿੱਤਾ ਸੀ। ਛੋਟਾ ਲੜਕਾ ਇਸ ਜੋੜੀ ਦੇ ਕਤਲ ਹੋਣ ਤੋਂ ਮਹੀਨਾ ਬਾਅਦ ਪੂਰਾ ਹੋ ਗਿਆ ਸੀ ਤੇ ਦੂਜਾ ਲੜਕਾ ਜੀਪੂ (ਜੈਮਨ ਚਮਕੀਲਾ) ਅੱਜਕਲ੍ਹ ਗਾਇਕੀ ਦੇ ਅਖਾੜੇ ਵਿਚ ਜ਼ੋਰ ਅਜ਼ਾਮਾਈ ਕਰ ਰਿਹਾ ਹੈ। ਬੀਬੀ ਗੁਰਮੇਲ ਕੌਰ ਦੇ ਦੋ ਲੜਕੀਆਂ ਹਨ ਜਿਨ੍ਹਾਂ ਵਿਚੋਂ ਚਮਕੀਲੇ ਦੀ ਛੋਟੀ ਲੜਕੀ ਕਮਲਦੀਪ ਕੌਰ ਚਮਕੀਲਾ ਵੀ ਗਾਇਕੀ ਦੇ ਖੇਤਰ ਵਿਚ ਸਰਗਰਮ ਹੈ। ਅਮਰ ਸਿੰਘ ਚਮਕੀਲੇ ਦੀ ਧਰਮਪਤਨੀ ਗੁਰਮੇਲ ਕੌਰ, ਪਤੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਤੇ ਉਸ ਦੇ ਸਾਜ਼ੀ ਸਾਥੀ ਹਰਜੀਤ ਗਿੱਲ ਪੇਟੀ ਮਾਸਟਰ ਤੇ ਬਲਦੇਵ ਦੇਬੂ ਦੀ ਬਰਸੀ ਹਰ ਸਾਲ 8 ਮਾਰਚ ਨੂੰ ਪਿੰਡ ਦੁਗਰੀ ਵਿਖੇ ਮਨਾਉਂਦੀ ਹੈ
-ਬਲਵਿੰਦਰ ਸਿੰਘ ਰੈਤ
ਪਿੰਡ ਤੇ ਡਾਕ: ਕਲਵਾਂ, ਤਹਿਸੀਲ ਅਨੰਦਪੁਰ ਸਾਹਿਬ, ਰੂਪਨਗਰ।

'ਬਾਲਿਕਾ ਵਧੂ' ਦੀ ਸ਼ੀਤਲ ਹੁਣ ਐਂਕਰ ਬਣੀ

ਲੰਬੇ ਸਮੇਂ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ 'ਬਾਲਿਕਾ ਵਧੂ' ਵਿਚ ਤਕਰੀਬਨ ਤਿੰਨ ਸਾਲ ਤੱਕ ਗੇਹਨਾ ਦੀ ਭੂਮਿਕਾ ਨਿਭਾਉਣ ਵਾਲੀ ਸ਼ੀਤਲ ਖੰਡੇਲ ਹੁਣ ਛੋਟੇ ਪਰਦੇ 'ਤੇ ਨਵੇਂ ਅਵਤਾਰ ਵਿਚ ਨਜ਼ਰ ਆਵੇਗੀ। ਆਪਣੇ ਇਸ ਨਵੇਂ ਅਵਤਾਰ ਵਿਚ ਉਹ ਇਕ ਸ਼ੋਅ ਦੀ ਐਂਕਰਿੰਗ ਕਰਦੀ ਦਿਸੇਗੀ। ਨਿਰਦੇਸ਼ਕ ਰਾਜੇਸ਼ ਕੁਮਾਰ ਇਨ੍ਹੀਂ ਦਿਨੀਂ ਇਕ ਸ਼ੋਅ 'ਸ਼ਾਈਨ ਆਫ ਇੰਡੀਆ' ਬਣਾ ਰਹੇ ਹਨ ਅਤੇ ਇਹ ਸ਼ੋਅ ਨ੍ਰਿਤ 'ਤੇ ਆਧਾਰਿਤ ਹੈ। ਇਸ ਸ਼ੋਅ ਦਾ ਪ੍ਰਸਾਰਣ ਵੀ ਚੈਨਲ 'ਤੇ ਹੋਵੇਗਾ ਅਤੇ ਇਸ ਦੇ ਸੰਚਾਲਨ ਲਈ ਸ਼ੀਤਲ ਦੀ ਚੋਣ ਕੀਤੀ ਗਈ ਹੈ।
ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਸ਼ੀਤਲ ਬਹੁਤ ਖੁਸ਼ ਹੈ। ਉਹ ਕਹਿੰਦੀ ਹੈ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸ਼ੋਅ ਮੈਨੂੰ ਨਵੀਂ ਪਛਾਣ ਦੇਵੇਗਾ। 'ਬਾਲਿਕਾ ਵਧੂ' ਨੂੰ ਜਿਥੇ ਮਹਿਲਾ ਦਰਸ਼ਕ ਦੇਖਣਾ ਪਸੰਦ ਕਰਦੇ ਹਨ, ਉਥੇ ਵੀ ਚੈਨਲ ਨੂੰ ਨੌਜਵਾਨ ਵਰਗ ਦੇਖਣਾ ਪਸੰਦ ਕਰਦਾ ਹੈ। 'ਬਾਲਿਕਾ...' ਨੇ ਜਿਥੇ ਮੈਨੂੰ ਔਰਤਾਂ ਵਿਚ ਲੋਕਪ੍ਰਿਆ ਬਣਾਇਆ, ਉਥੇ ਹੁਣ ਇਸ ਸ਼ੋਅ ਦੀ ਬਦੌਲਤ ਨੌਜਵਾਨਾਂ ਵਿਚ ਵੀ ਮੇਰੀ ਪਛਾਣ ਮਜ਼ਬੂਤ ਹੋ ਜਾਵੇਗੀ।
ਜਦੋਂ ਤੋਂ ਸ਼ੀਤਲ ਨੂੰ ਇਸ ਸ਼ੋਅ ਦੀ ਪੇਸ਼ਕਸ਼ ਹੋਈ ਹੈ ਉਦੋਂ ਤੋਂ ਉਸ ਨੇ ਰਿਆਲਿਟੀ ਸ਼ੋਅ ਜ਼ਿਆਦਾ ਦੇਖਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਉਹ ਸਮਝ ਸਕੇ ਕਿ ਸੰਚਾਲਕ ਨੂੰ ਸ਼ੋਅ ਦੇ ਦੌਰਾਨ ਕੀ ਕੁਝ ਕਰਨਾ ਪੈਂਦਾ ਹੈ। ਉਹ ਸੰਚਾਲਨ ਕੰਮ ਬਾਰੇ ਕਹਿੰਦੀ ਹੈ, 'ਪਹਿਲਾਂ ਜਦੋਂ ਮੈਂ ਰਿਆਲਿਟੀ ਸ਼ੋਅ ਦੇਖਿਆ ਕਰਦੀ ਸੀ ਤਾਂ ਇਹ ਮੰਨਦੀ ਸੀ ਕਿ ਐਂਕਰ ਦੀ ਜ਼ਿੰਮੇਦਾਰੀ ਸ਼ੋਅ ਨੂੰ ਰੌਚਕ ਬਣਾਉਣ ਦੀ ਹੁੰਦੀ ਹੈ ਪਰ ਹੁਣ ਜਦੋਂ ਮੈਂ ਖ਼ੁਦ ਐਂਕਰ ਬਣੀ ਹਾਂ ਤਾਂ ਪਤਾ ਲੱਗਿਆ ਕਿ ਐਂਕਰ ਦੇ ਮੋਢਿਆਂ 'ਤੇ ਕਾਫੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਜਦੋਂ ਕਦੀ ਸ਼ੋਅ ਜ਼ਰਾ ਸੁਸਤ ਪੈਂਦਾ ਦਿਖਾਈ ਦੇਵੇ ਤਾਂ ਆਪਣੀਆਂ ਚੁਟਕੀਲੀਆਂ ਗੱਲਾਂ ਤੇ ਹਰਕਤਾਂ ਨਾਲ ਐਂਕਰ ਇਸ ਵਿਚ ਨਵੀਂ ਜਾਨ ਪਾ ਦਿੰਦਾ ਹੈ।
-ਇੰਦਰਮੋਹਨ ਪੰਨੂੰਉੱਭਰ ਰਿਹਾ ਗਾਇਕ ਪਿੰਦਰ ਰੰਧਾਵਾ

ਪੰਜਾਬੀ ਗਾਇਕੀ 'ਚ ਉੱਭਰ ਰਿਹਾ ਨਵਾਂ ਚਿਹਰਾ ਪਿੰਦਰ ਰੰਧਾਵਾ (ਗੁਰਪਿੰਦਰ ਸਿੰਘ ਰੰਧਾਵਾ) ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ, ਕਿਉਂਕਿ ਆਪਣੇ ਪਹਿਲੇ ਹੀ ਸਿੰਗਲ ਟਰੈਕ 'ਟੌਹਰ' ਰਾਹੀਂ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਸਫ਼ਲ ਹੋਇਆ ਹੈ। ਪਿੰਦਰ ਰੰਧਾਵਾ ਨੂੰ ਗਾਇਕੀ ਤੇ ਅਦਾਕਾਰੀ ਕੁਦਰਤ ਵੱਲੋਂ ਦਿੱਤਾ ਗਿਆ ਵਰਦਾਨ ਹੀ ਹੈ, ਜਿਸ ਦਾ ਉਸ ਉੱਪਰ ਬਚਪਨ ਤੋਂ ਹੀ ਜਾਨੂੰਨ ਸਵਾਰ ਸੀ। ਮਾਤਾ-ਪਿਤਾ ਦਾ ਸਹਿਯੋਗ ਉਸ ਨੂੰ ਇਸ ਖੇਤਰ 'ਚ ਆਉਣ ਵਾਸਤੇ ਹੋਰ ਉਤਸ਼ਾਹਿਤ ਕਰ ਰਿਹਾ ਸੀ। ਪਿਤਾ ਸ: ਜਸਵੰਤ ਸਿੰਘ ਰੰਧਾਵਾ ਐਮ.ਈ.ਐਸ. 'ਚ ਨੌਕਰੀ ਕਰਦੇ ਹਨ ਤੇ ਮਾਤਾ ਰਾਜਵਿੰਦਰ ਕੌਰ ਦਾ ਇਹ ਹੋਣਹਾਰ ਸਪੁੱਤਰ ਪਿੰਦਰ ਰੰਧਾਵਾ ਜਿਸ ਦਾ ਬਚਪਨ ਅੰਮ੍ਰਿਤਸਰ ਦੇ ਪਿੰਡ ਸਹਿਣੇਵਾਲੀ 'ਚ ਬੀਤਿਆ ਤੇ ਮੁਢਲੀ ਸਿੱਖਿਆ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕਰਕੇ ਉਚ-ਵਿਦਿਆ ਲਈ ਚੰਡੀਗੜ੍ਹ ਦੇ ਆਈ.ਟੀ.ਐਫ.ਵੀ. ਤੋਂ ਫਿਲਮ ਤਕਨਾਲੋਜੀ 'ਚ ਗਰੈਜੂਏਸ਼ਨ ਕਰਨ ਉਪਰੰਤ ਪਹਿਲਾ ਪੈਰ ਗਾਇਕੀ ਦੇ ਖੇਤਰ ਵਿਚ ਧਰਿਆ, ਜਿਸ ਨੂੰ ਸਰੋਤਿਆਂ ਨੇ ਏਨਾ ਪਿਆਰ ਬਖਸ਼ਿਆ ਕਿ ਉਸ ਤੋਂ ਉਤਸ਼ਾਹਿਤ ਹੋ ਕੇ ਇਕ ਦੂਜਾ ਸਿੰਗਲ ਟਰੈਕ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕੀਤਾ 'ਲਾਗ' ਜੋ ਹੱਥੋ-ਹੱਥ ਯੂ-ਟਿਊਬ ਤੇ ਹੋਰ ਸੋਸ਼ਲ ਸਾਈਟਾਂ 'ਤੇ ਲੱਖਾਂ ਦੀ ਗਿਣਤੀ 'ਚ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਸਿੱਧੀ ਨੂੰ ਦੇਖ ਕੇ ਦਿੱਲੀ ਦੀ ਇਕ ਕੰਪਨੀ ਨੇ ਪਿੰਦਰ ਰੰਧਾਵਾ ਨਾਲ ਤਿੰਨ ਸਾਲ ਦਾ ਕਰਾਰ ਕਰ ਲਿਆ। ਪਿੰਦਰ ਰੰਧਾਵਾ ਨੇ ਦੱਸਿਆ ਕਿ ਉਸ ਨੇ ਸਕੂਲ ਦੀ ਵਿਦਿਆ ਤੋਂ ਇਲਾਵਾ ਸੁਰ ਦਾ ਗਿਆਨ ਆਪਣੇ ਉਸਤਾਦ ਇੰਦਰਜੀਤ ਸਿੰਘ (ਇੰਦਰ ਗੁਰੂ) ਤੋਂ ਹਾਸਿਲ ਕੀਤਾ ਤੇ ਜਿਸ ਨਾਲ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ। ਇਸ ਵਿਚ ਮੇਰੇ ਮਾਤਾ-ਪਿਤਾ, ਉਸਤਾਦ ਤੇ ਚੰਗੀ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੈ।
-ਹਰਵਿੰਦਰ ਸਿੰਘ ਫੁੱਲ

ਉੱਭਰਦੀ ਗਾਇਕਾ ਅਨਮੋਲ ਗਗਨ ਮਾਨ

ਆਪਣੀ ਆਵਾਜ਼ ਅਤੇ ਵੱਖਰੇ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕਰਨ ਵਾਲੀ ਸੁਰਾਂ ਦੀ ਮਲਕਾ ਅਤੇ ਸੋਹਣੀ ਸੁਨੱਖੀ ਪੰਜਾਬਣ ਮੁਟਿਆਰ ਗਾਇਕਾ ਅਨਮੋਲ ਗਗਨ ਮਾਨ ਇਕ ਅਜਿਹੀ ਫਨਕਾਰਾ ਹੈ, ਜਿਸ ਨੇ ਪੰਜਾਬੀ ਮਾਂ-ਬੋਲੀ ਪ੍ਰਤੀ ਆਪਣਾ ਬਣਦਾ ਰੋਲ ਅਦਾ ਕੀਤਾ ਹੈ। ਹੁਣ ਤੱਕ 20 ਦੇ ਕਰੀਬ ਆਏ ਗੀਤਾਂ ਨੇ ਗਗਨ ਨੂੰ ਅਨਮੋਲ ਬਣਾ ਕੇ ਰੱਖ ਦਿੱਤਾ ਹੈ ਅਤੇ ਹੁਣ ਪੰਜਾਬੀ ਉਸ 'ਤੇ ਮਾਣ ਮਹਿਸੂਸ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਮੇਰੇ ਗੀਤਾਂ, ਇਸ ਦੇ ਵੀਡੀਓ ਅਤੇ ਸੰਗੀਤ ਦੀ ਚੋਣ ਵੀ ਮੇਰੇ ਦੁਆਰਾ ਹੀ ਕੀਤੀ ਜਾਂਦੀ ਹੈ। ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਂਦਾ ਹੈ ਕਿ ਗੀਤ ਦੇ ਬੋਲ ਅਤੇ ਸੰਗੀਤ ਪੰਜਾਬ ਅਤੇ ਪੰਜਾਬੀਅਤ ਦਾ ਸ਼ਿੰਗਾਰ ਬਣਨ। ਇਸ ਵਾਸਤੇ ਭਾਵੇਂ ਹੋਵੇ ਗੀਤ 'ਕਾਲਾ ਸ਼ੇਰ ਜੱਟ ਦਾ ਬੁਲਟ ਮਾਰੇ ਬੜਕਾਂ ਨੀ ਲੁਧਿਆਣਾ-ਮੋਗਾ ਰੋਡ 'ਤੇ' ਅਤੇ ਭਾਵੇਂ 'ਦੇਸੀ ਜੱਟੀ'ઠ ਗੀਤ ਹੋਵੇ ਉਸ ਵਿਚ ਪੰਜਾਬ ਅਤੇ ਪੰਜਾਬੀਅਤ ਬਾਰੇ ਦਰਸਾਇਆ ਗਿਆ ਹੈ।ઠਇਸ ਤੋਂ ਇਲਾਵਾ ਪੰਜਾਬੀ ਗੱਭਰੂ ਦੀ ਟੌਹਰ ਨੂੰ ਦਰਸਾਉਂਦਾ ਗੀਤ 'ਕੁੰਢੀ ਮੁੱਛ' ਨੂੰ ਵੀ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਮੇਰਾ ਮੁੱਖ ਮੰਤਵ ਇਹ ਹੈ ਕਿ ਮੈਂ ਆਪਣੇ ਅਮੀਰ ਵਿਰਸੇ ਬਾਰੇ ਹੋਰ ਵੀ ਵਧੀਆ ਢੰਗ ਨਾਲ ਦੂਜੇ ਸੱਭਿਆਚਾਰ ਦੇ ਲੋਕਾਂ ਨੂੰ ਦੱਸ ਸਕਾਂ ਕਿ ਜਿਸ ਬਾਰੇ ਗੀਤਾਂ 'ਚ ਫ਼ਿਲਮਾਂ 'ਚ ਹਲਕੀ ਪੇਸ਼ਕਾਰੀ ਦਿਖਾਈ ਜਾਂਦੀ ਹੈ, ਉਹ ਅਸਲ ਵਿਚ ਕੀ ਹੈ। ਮਾਨ ਨੇ ਕਿਹਾ ਕਿ ਮੇਰੇ ਗੀਤਾਂ 'ਚ ਕਿਸੇ ਪ੍ਰਕਾਰ ਦਾ ਸਮਝੌਤਾ ਮੈਨੂੰ ਪਸੰਦ ਨਹੀਂ ਅਤੇ ਜਦੋਂ ਤੱਕ ਸਾਹ ਹਨ, ਉਸ ਵੇਲੇ ਤੱਕ ਕਾਬਲੇ ਤਾਰੀਫ ਗੀਤ ਗਾਉਣ ਦਾ ਸੁਪਨਾ ਹੈ। ਅਨਮੋਲ ਗਗਨ ਮਾਨ ਮੋਹਾਲੀ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
-ਨਰਿੰਦਰ ਸਿੰਘ ਝਾਂਮਪੁਰ
ਮੁਹਾਲੀ।

ਇਸ਼ਕੇ ਦੀ ਰਾਤ ਟਿਮ-ਟਿਮ ਵਾਲਾ ਗੀਤਕਾਰ-ਪਰਮਪਾਲ ਸੰਧੂ

ਪਰਮਪਾਲ ਸੰਧੂ ਦਾ ਮਾਸੂਮ ਜਿਹਾ ਚਿਹਰਾ, ਭੋਲਾਪਨ ਅਤੇ ਵਧੇਰੇ ਹੀ ਸਾਊਪੁਣਾ ਵੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਉਹ ਇਕ ਵਧੀਆ ਗੀਤਕਾਰ ਹੈ ਅਤੇ ਉਸ ਦੇ ਲਿਖੇ ਗੀਤ ਸਵਰਗੀ ਸੁਪਰਸਿੱਧ ਗਾਇਕ ਸੁਰਜੀਤ ਬਿੰਦਰੱਖੀਆ, ਜਸਵੀਰ ਜੱਸੀ, ਸ਼ੰਕਰ ਸਾਹਨੀ, ਅਮਰਿੰਦਰ ਗਿੱਲ, ਜੈਲੀ, ਗੁਰਕ੍ਰਿਪਾਲ ਸੂਰਾਪੁਰੀ, ਸੁਰਿੰਦਰ ਛਿੰਦਾ, ਮਲਕੀਤ ਸਿੰਘ, ਰੁਪਿੰਦਰ ਹਾਂਡਾ, ਜਿੰਦ ਧਾਲੀਵਾਲ, ਸੁੱਖੀ ਬਰਾੜ ਅਤੇ ਲਖਵਿੰਦਰ ਲੱਕੀ ਆਦਿ ਸੁਪਰ-ਸਟਾਰ ਗਾਇਕ ਆਪੋ-ਆਪਣੀ ਆਵਾਜ਼ ਵਿਚ ਰਿਕਾਰਡ ਕਰਵਾ ਚੁੱਕੇ ਹਨ। ਸਵਰਗੀ ਮਾਤਾ-ਪਿਤਾ ਸ: ਹਰਨਾਮ ਸਿੰਘ ਅਤੇ ਮਾਤਾ ਸਰਦਾਰਨੀ ਚਰਨਜੀਤ ਕੌਰ ਦੇ ਘਰ ਪਿੰਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਨਮੇ ਪਰਮਪਾਲ ਸੰਧੂ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਬੀ. ਐੱਡ ਅਤੇ ਐਮ.ਫਿਲ ਦੀ ਪੜ੍ਹਾਈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਸਰਕਾਰੀ ਸੀਨੀਅਰ ਸਕੂਲ ਡੱਲਾ, ਕਾਦੀਆਂ ਵਿਖੇ ਅਧਿਆਪਕ ਵਜੋਂ ਵੀ ਸੇਵਾਵਾਂ ਦਿੱਤੀਆਂ। ਅੱਜਕਲ੍ਹ ਪਤਨੀ ਬਲਜੋਤ ਕੌਰ, ਪੁੱਤਰ ਗੁਰਕਿਰਨ ਸੰਧੂ, ਸਹਿਜਪਾਲ ਸੰਧੂ ਅਤੇ ਪੁੱਤਰੀ ਪ੍ਰਭਜੋਤ ਕੌਰ ਸੰਧੂ ਨਾਲ ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਪਰਮਪਾਲ ਨੂੰ ਲਿਖਣ ਦੀ ਚੇਟਕ ਬਚਪਨ ਤੋਂ ਹੀ ਲੱਗੀ ਅਤੇ ਵਿਰਸੇ ਅਤੇ ਵਿਰਾਸਤ ਦੀ ਗੁੜ੍ਹਤੀ ਘਰ ਵਿੱਚੋਂ ਹੀ ਮਿਲੀ, ਜਿੱਥੇ ਕਿ ਉਸ ਦੇ ਪਿਤਾ ਸਮੇਂ ਦੇ ਪ੍ਰਸਿੱਧ ਕਥਾਵਾਚਕ ਸਨ ਅਤੇ ਉਸ ਦੇ ਵੱਡੇ ਵੀਰ ਗੁਰਸ਼ਰਨਜੀਤ ਸੰਧੂ ਪੰਜਾਬੀ ਦੇ ਨਾਮਵਰ ਲੇਖਕ ਹਨ, ਜਿਨ੍ਹਾਂ ਦੀ ਉਂਗਲ ਫੜ ਕੇ ਪਰਮਪਾਲ ਲੇਖਣ ਕਲਾ ਦੀਆਂ ਪੌੜੀਆਂ ਚੜ੍ਹਿਆ।
ਹੁਣ ਤੱਕ 300 ਦੇ ਕਰੀਬ ਗੀਤ ਲਿਖ ਚੁੱਕੇ ਪਰਮਪਾਲ ਦੇ 100 ਤੋਂ ਵੀ ਵਧੇਰੇ ਗੀਤ ਵੱਖੋ-ਵੱਖਰੇ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਸੁਰਜੀਤ ਬਿੰਦਰੱਖੀਏ ਦਾ ਹਿੱਟ ਗੀਤ 'ਉਹ ਤੇਰੀ ਕੀ ਲੱਗਦੀ ਜਿਹਨੂੰ ਮੇਲੇ ਵਿਚ ਲਈ ਫਿਰੇਂ...', ਜਸਬੀਰ ਜੱਸੀ ਦੀ ਆਵਾਜ਼ ਵਿਚ 'ਓ ਰਾਂਝਣਾ', 'ਕਲਿਹਰੀਆ ਮੋਰਾ ਵੇ', 'ਇਸ਼ਕੇ ਦੀ ਰਾਤ ਟਿਮ-ਟਿਮ' ਅਮਰਿੰਦਰ ਗਿੱਲ ਦੁਆਰਾ ਗਾਇਆ ਗੀਤ 'ਮਧਾਣੀਆਂ, ਹਾਏ ਓਏ ਮੇਰੇ ਡਾਢਿਆ ਰੱਬਾ ਕਿਹਨਾਂ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ', ਸ਼ੰਕਰ ਸਾਹਨੀ ਦੀ ਆਵਾਜ਼ ਵਿਚ 'ਮਾਂ ਬੋਲੀ ਪੰਜਾਬੀ ਨੂੰ ਮਾਂ ਵਰਗਾ ਸਤਿਕਾਰ ਦਿਆਂ', ਜੈਲੀ ਦੀ ਆਵਾਜ਼ ਵਿੱਚ 'ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ' ਆਦਿ ਗੀਤ ਜਿੱਥੇ ਲੋਕਾਂ ਵਿੱਚ ਹਰਮਨ-ਪਿਆਰੇ ਰਹੇ ਹਨ, ਉੱਥੇ ਹੀ ਮਲਕੀਤ ਸਿੰਘ ਦੀ ਨਵੀਂ ਆ ਰਹੀ ਐਲਬਮ ਵਿਚਲਾ ਟਾਈਟਲ ਗੀਤ 'ਯਾਰੀ ਜੱਟਾਂ ਦੀ ਟੁੱਟਦੀ ਨਈਂ ਵਿਚਾਲਿਉਂ' ਵੀ ਕਾਫੀ ਚਰਚਾ ਕਰਵਾ ਰਿਹਾ ਹੈ। ਪਰਮਪਾਲ ਸੰਧੂ ਸੰਗੀਤਕਾਰ ਸੁਖਪਾਲ ਸੁੱਖ ਦਾ ਧੰਨਵਾਦ ਕਰਦਿਆਂ ਆਖਦਾ ਹੈ ਕਿ ਸੁਖਪਾਲ ਸੁੱਖ ਨੇ ਉਸ ਦਾ ਬਹੁਤ ਸਾਥ ਦਿੱਤਾ, ਜਿਸ ਕਾਰਨ ਉਸਦੀ ਲਿਖਣ ਕਲਾ ਵਿਚ ਵੀ ਕਾਫੀ ਨਿਖਾਰ ਆਇਆ।
-ਹਰਜੀਤ ਸਿੰਘ ਬਾਜਵਾ
ਪੱਤਰਕਾਰ-ਟੋਰਾਂਟੋ, ਕੈਨੇਡਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX