ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਖੇਡ ਜਗਤ

ਕੁਸ਼ਤੀ ਵਿਚ ਪੰਜਾਬੀਆਂ ਦੀ ਜ਼ੋਰਦਾਰ ਆਮਦ

ਜੁੱਸੇ ਦੀ ਖੇਡ ਭਾਵ ਰੈਸਲਿੰਗ (ਭਲਵਾਨੀ) ਨਾਲ ਪੰਜਾਬੀਆਂ ਦਾ ਪੁਰਾਣਾ ਨਾਤਾ ਹੈ ਪਰ ਹੁਣ ਇਹ ਨਾਤਾ ਇਕ ਨਵੇਂ ਪੱਧਰ ਤੱਕ ਪਹੁੰਚ ਰਿਹਾ ਹੈ। ਦਰਅਸਲ ਇਨ੍ਹੀਂ ਦਿਨੀਂ ਕੁਝ ਨਵੇਂ ਪੰਜਾਬੀ ਭਲਵਾਨ ਵਿਸ਼ਵ ਰੈਸਲਿੰਗ ਵਿਚ ਜਲਵੇ ਦਿਖਾਉਣ ਲਈ ਤਿਆਰ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸ਼ਵ ਰੈਸਲਿੰਗ ਐਂਟਰਟੇਨਮੈਂਟ (ਡਬਲਿਊ. ਡਬਲਿਊ. ਈ.) ਦੀ ਜਿਸ ਤੱਕ ਪਹੁੰਚਣਾ ਹਰ ਭਲਵਾਨ ਦੀ ਦਿਲੀ ਖਾਹਿਸ਼ ਹੁੰਦੀ ਹੈ। ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਦਾ 27 ਸਾਲਾ ਲਵਪ੍ਰੀਤ ਸਿੰਘ ਇਸ ਵੱਕਾਰੀ ਕੁਸ਼ਤੀ ਦੀ ਰਿੰਗ ਤੱਕ ਪਹੁੰਚਣ ਲਈ ਤਿਆਰ ਹੈ ਅਤੇ ਉਸ ਨੇ ਅਮਰੀਕਾ ਪੁੱਜ ਕੇ ਬਾਕਾਇਦਾ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਲਵਪ੍ਰੀਤ ਸਿੰਘ ਵਿਸ਼ਵ ਕਬੱਡੀ ਲੀਗ ਦਾ ਸਾਬਕਾ ਚੈਂਪੀਅਨ ਖਿਡਾਰੀ ਵੀ ਰਹਿ ਚੁੱਕਾ ਹੈ।
ਲਵਪ੍ਰੀਤ ਸਿੰਘ ਨੀਨੇ ਦਾ ਜਨਮ ਸੁਖਦਰਸ਼ਨ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1988 ਵਿਚ ਪਿੰਡ ਡਰੋਲੀ ਭਾਈ ਵਿਖੇ ਹੋਇਆ। ਜਿਥੇ ਉਸ ਨੇ ਅੰਤਰਾਸ਼ਟਰੀ ਪੱਧਰ ਉੱਤੇ ਹਰ ਦੇਸ਼ ਵਿਚ ਜਾ ਕੇ ਕਬੱਡੀ ਖੇਡੀ, ਉਥੇ 2014 ਵਿਚ ਹੋਏ ਵਿਸ਼ਵ ਕਬੱਡੀ ਕੱਪ ਵਿਚ ਵੀ ਉਸ ਨੇ ਕਬੱਡੀ ਵਿਚ ਧੁੰਮਾਂ ਪਾਈਆਂ। ਉਸ ਦੀ ਤਿਆਰੀ ਮੋਗਾ ਦੇ ਸਲੀਣਾ ਹੈਲਥ ਕਲੱਬ ਨੇ ਕਰਾਈ ਜਿਸ ਨੇ ਉਸ ਨੂੰ ਡਬਲਿਊ. ਡਬਲਿਊ. ਈ. ਕੁਸ਼ਤੀ ਮੁਕਾਬਲੇ ਲਈ ਤਿਆਰ ਕੀਤਾ। ਲਵਪ੍ਰੀਤ ਨੀਨਾ ਹੁਣ ਅਮਰੀਕਾ ਦੇ ਡਬਲਿਊ. ਡਬਲਿਊ. ਈ. ਵਿਚ ਵਿਸ਼ਵ ਦੇ ਪਹਿਲਵਾਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸਮੁੱਚੇ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਮਾਣ ਵੀ ਬਣੇਗਾ। ਉਸ ਦਾ ਭਾਰ 100 ਕਿੱਲੋ, ਕੱਦ ਛੇ ਫੁੱਟ, ਅਤੇ ਉਸ ਦੀ ਰੋਜ਼ਾਨਾ ਖੁਰਾਕ ਵਿਚ ਪੰਜ-ਛੇ ਆਂਡੇ, ਦੋ ਚਿਕਨ, ਫਲ, ਪਨੀਰ ਅਤੇ ਚੌਲ ਸ਼ਾਮਿਲ ਹੁੰਦੇ ਹਨ।
ਡਬਲਿਊ. ਡਬਲਿਊ. ਈ. ਦੀ ਟੀਮ ਲਵਪ੍ਰੀਤ ਦੇ ਸਰੀਰ ਨੂੰ ਦੇਖ ਕਾਫੀ ਪ੍ਰਭਾਵਿਤ ਹੋਈ ਸੀ ਅਤੇ ਉਸ ਨੂੰ ਪ੍ਰੀਖਣ ਲਈ ਲੈ ਕੇ ਜਾਣ ਤੋਂ ਬਾਅਦ 6 ਘੰਟੇ ਅਭਿਆਸ ਕਰਵਾ ਕੇ ਉਸ ਦਾ ਦਮ ਪਰਖਿਆ ਗਿਆ ਸੀ। ਲਵਪ੍ਰੀਤ ਸਰੀਰਕ ਪੱਖੋਂ ਉੱਚਾ-ਲੰਮਾ ਅਤੇ ਫੁਰਤੀਲਾ ਗੱਭਰੂ ਹੈ। ਆਉਣ ਵਾਲੇ ਦਿਨਾਂ ਵਿਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਨੌਜਵਾਨ ਡਬਲਿਊ. ਡਬਲਿਊ. ਈ. ਵਿਚ ਵੀ ਤਕੜੇ ਜੌਹਰ ਵਿਖਾਏਗਾ। ਉਸ ਦੇ ਨਾਲ ਹੀ ਹਰਿਆਣੇ ਦੇ ਸਤਿੰਦਰ ਨਾਂਅ ਦੇ ਭਲਵਾਨ ਦੀ ਵੀ ਡਬਲਿਊ. ਡਬਲਿਊ. ਈ. ਲਈ ਚੋਣ ਹੋਈ ਹੈ। ਪਹਿਲਾਂ ਵੀ ਦਲੀਪ ਸਿੰਘ ਉਰਫ 'ਖਲੀ' ਕਈ ਸਾਲ ਡਬਲਿਊ. ਡਬਲਿਊ. ਈ. ਵਿਚ ਲਾ ਚੁੱਕਾ ਹੈ ਜਦਕਿ ਇਕ ਹੋਰ ਪੰਜਾਬੀ ਪਹਿਲਵਾਨ ਜਿੰਦਰ ਮਾਹਲ ਵੀ ਹੇਠਲੇ ਮੈਚਾਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਆਪਣੀ ਹਾਜ਼ਰੀ ਲੁਆਉਂਦਾ ਰਿਹਾ ਹੈ।
ਰੈਸਲਿੰਗ ਦੀ ਇਕ ਹੋਰ ਕੰਪਨੀ ਹੈ ਟੋਟਲ ਨਾਨ ਸਟਾਪ ਐਕਸ਼ਨ ਭਾਵ 'ਟੀ. ਐਨ. ਏ' ਜਿਸ ਵਿਚ 'ਮਹਾਂਬਲੀ ਸ਼ੇਰਾ' ਦੇ ਨਾਂਅ ਹੇਠ ਇਕ ਹੋਰ ਪੰਜਾਬੀ ਨੌਜਵਾਨ ਅਮਨਪ੍ਰੀਤ ਸਿੰਘ ਰੰਧਾਵਾ ਪਿਛਲੇ ਸਾਲ ਕਰਾਰ ਹਾਸਲ ਕਰਨ ਵਾਲਾ ਭਾਰਤ ਦਾ ਸਭ ਤੋਂ ਪਹਿਲਾ ਰੈਸਲਰ ਬਣਿਆ ਸੀ।
ਅਮਨਪ੍ਰੀਤ ਸਿੰਘ ਰੰਧਾਵਾ ਦੀ ਟੀ. ਐੱਨ. ਏ. ਵਿਚ ਧਮਾਕੇਦਾਰ ਐਂਟਰੀ ਦੇਖ ਕੇ ਗ੍ਰੇਟ ਖਲੀ ਵੀ ਉਸ ਦੇ ਫੈਨ ਹੋ ਗਏ ਸਨ। ਦਰਅਸਲ ਸ਼ੇਰਾ ਨੇ ਆਪਣੀ ਪਹਿਲੀ ਹੀ ਫਾਈਟ ਵਿਚ 'ਸੁਸਾਈਟ ਡਾਈਵਰ' ਨਾਂਅ ਦੇ ਮਸ਼ਹੂਰ ਮੈਕਸੀਕਨ ਫਾਈਟਰ ਟਾਈਗਰ 'ਊਨੋ' ਨੂੰ 2 ਮਿੰਟ ਦੇ ਅੰਦਰ ਹਰਾ ਕੇ ਟੀ. ਐੱਨ. ਏ. ਦੇ ਬਾਕੀ ਪਹਿਲਵਾਲਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ। ਪੰਜਾਬ ਦੇ ਸ਼ੇਰਾਂ ਦਾ ਮੁਕਾਬਲਾ 'ਸੋਨੀ ਸਿਕਸ' ਖੇਡ ਚੈਨਲ ਉੱਤੇ ਪ੍ਰਸਾਰਿਤ ਹੋਇਆ ਸੀ, ਜਿਸ ਦਾ ਉਸ ਦੇ ਪੂਰੇ ਪਰਿਵਾਰ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਆਪਣੀ ਸ਼ਾਨਦਾਰ ਸ਼ੁਰੂਆਤ ਤੋਂ ਉਤਸ਼ਾਹਿਤ ਇਹ ਨੌਜਵਾਨ ਹੁਣ ਟੀ. ਐੱਨ. ਏ. ਰੈਸਲਿੰਗ ਦੇ ਤਕੜੇ ਅਤੇ ਸਥਾਪਤ ਭਲਵਾਨਾਂ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ। ਆਸ ਕਰਨੀ ਬਣਦੀ ਹੈ ਕਿ ਇਹ ਦੋਵੇਂ ਭਲਵਾਨ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਚਮਕਾਉਣਗੇ।
ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ: ਜਲੰਧਰ 144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਖੇਡ ਮੈਦਾਨਾਂ ਦੀ ਕਮੀ ਕਾਰਨ ਵੀ ਫਾਡੀ ਹੋ ਰਿਹਾ ਹੈ ਪੰਜਾਬ

ਅੱਜਕਲ੍ਹ ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਟੂਰਨਾਮੈਂਟ ਕਰਵਾਏ ਜਾਂਦੇ ਹਨ। ਪੰਜਾਬ ਸਰਕਾਰ ਵੀ ਸਮੇਂ-ਸਮੇਂ 'ਤੇ ਖੇਡਾਂ ਕਰਵਾ ਕੇ ਆਪਣਾ ਕਾਰਜ ਪੂਰਾ ਕਰਦੀ ਰਹਿੰਦੀ ਹੈ। ਐਨੀਆਂ ਖੇਡਾਂ ਹੋਣ ਦੇ ਬਾਵਜੂਦ ਸਵਾਲ ਇਕੋ ਉੱਠਦਾ ਹੈ ਕਿ ਪੰਜਾਬ ਖੇਡਾਂ ਵਿਚ ਫਾਡੀ ਕਿਉਂ ਰਹਿ ਜਾਂਦਾ ਹੈ? ਕੋਈ ਜ਼ਮਾਨਾ ਸੀ ਜਦੋਂ ਪੰਜਾਬੀਆਂ ਦੀ ਖੇਡ ਅਤੇ ਤਕੜੇ ਸਰੀਰਾਂ ਦੀ ਮਿਸਾਲ ਦਿੱਤੀ ਜਾਂਦੀ ਸੀ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ, ਨਾ ਤਾਂ ਪੰਜਾਬੀਆਂ ਦੇ ਸਰੀਰ ਰਹੇ ਨੇ ਅਤੇ ਨਾ ਹੀ ਖੇਡ। ਪੰਜਾਬ ਦੀਆਂ ਖੇਡਾਂ ਦੇ ਨਿਘਾਰ ਵੱਲ ਜਾਣ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਕਾਰਨਾਂ 'ਚੋਂ ਇਕ ਅਹਿਮ ਕਾਰਨ ਹੈ ਸੂਬੇ ਵਿਚ ਖੇਡ ਦੇ ਮੈਦਾਨਾਂ ਦੀ ਘਾਟ ਹੋਣਾ ਅਤੇ ਜੋ ਮੈਦਾਨ ਮੌਜੂਦ ਵੀ ਹਨ, ਉਨ੍ਹਾਂ ਦੀ ਸਹੀ ਵਰਤੋਂ ਨਾ ਕਰਨਾ। ਪੰਜਾਬ ਵਿਚ ਅੱਜ ਵੀ ਜ਼ਿਆਦਾ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਹੈ। ਪੰਜਾਬ ਵਿਚ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਇਕ ਵੀ ਖੇਡ ਦਾ ਮੈਦਾਨ ਨਹੀਂ ਹੈ। ਪਿੰਡ ਵਿਚ ਖੇਡ ਦਾ ਮੈਦਾਨ ਨਾ ਹੋਣਾ ਵੀ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨ ਹੋਣ ਦਾ ਇਕ ਕਾਰਨ ਹੈ, ਕਿਉਂਕਿ ਜਦੋਂ ਨੌਜਵਾਨ ਆਪਣਾ ਵਾਧੂ ਸਮਾਂ ਮੈਦਾਨ ਵਿਚ ਗੁਜ਼ਾਰੇਗਾ ਹੀ ਨਹੀਂ ਤਾਂ ਉਹ ਆਪਣੇ-ਆਪ ਹੀ ਗ਼ਲਤ ਰਸਤਾ ਅਖ਼ਤਿਆਰ ਕਰੇਗਾ। ਜੋ ਸਮਾਂ ਉਸ ਨੇ ਮੈਦਾਨ ਵਿਚ ਗੁਜ਼ਾਰਨਾ ਸੀ, ਉਹੀ ਸਮਾਂ ਮੋੜਾਂ ਉੱਤੇ ਖੜ੍ਹ ਕੇ ਗਵਾਉਣ ਲੱਗ ਜਾਂਦਾ ਹੈ ਜਾਂ ਮੋਟਰਸਾਈਕਲ ਉੱਤੇ ਚੜ੍ਹ ਕੇ ਗੇੜੀਆਂ ਮਾਰਨ ਵਿਚ ਸਮਾਂ ਖਰਾਬ ਕਰਦਾ ਰਹਿੰਦਾ ਹੈ। ਇੰਟਰਨੈੱਟ ਦਾ ਯੁੱਗ ਆ ਜਾਣ ਕਾਰਨ ਤਾਂ ਅੱਜ ਦੀ ਪੀੜ੍ਹੀ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਈ ਹੈ।
ਹਾੜ੍ਹੀ-ਸਾਉਣੀ ਦੀ ਫ਼ਸਲ ਵੱਢਣ ਤੋਂ ਬਾਅਦ ਪਿੰਡਾਂ ਵਿਚ ਬਹੁਤ ਸਾਰੇ ਟੂਰਨਾਮੈਂਟ ਖੇਤਾਂ ਵਿਚ ਹੀ ਕਰਵਾਏ ਜਾਂਦੇ ਹਨ, ਜਿਸ ਦਾ ਕਾਰਨ ਇਹੀ ਹੈ ਕਿ ਉੱਥੇ ਮੈਦਾਨ ਦੀ ਕਮੀ ਹੁੰਦੀ ਹੈ। ਪ੍ਰਬੰਧਕ ਟੂਰਨਾਮੈਂਟ ਉੱਤੇ ਫਜ਼ੂਲਖਰਚੀ ਕਰਕੇ ਲੋਕਾਂ ਕੋਲੋਂ ਵਾਹ-ਵਾਹ ਖੱਟ ਕੇ ਘਰਾਂ ਨੂੰ ਮੁੜ ਜਾਂਦੇ ਹਨ, ਜਦਕਿ ਉਸ ਪਿੰਡ ਦੀ ਕੋਈ ਟੀਮ ਵੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਹੀ ਹੁੰਦੀ। ਹਿੱਸਾ ਲਵੇਗੀ ਵੀ ਕਿਵੇਂ, ਜਦੋਂ ਉਥੋਂ ਦੇ ਨੌਜਵਾਨਾਂ ਨੂੰ ਖੇਡ ਵਾਲੇ ਪਾਸੇ ਲਗਾਇਆ ਹੀ ਨਹੀਂ ਹੁੰਦਾ? ਪਰ ਕੋਈ ਵੀ ਆਉਣ ਵਾਲੇ ਸਮੇਂ ਵਿਚ ਮੈਦਾਨ ਬਣਾਉਣ ਬਾਰੇ ਨਹੀਂ ਸੋਚਦਾ। ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਸ਼ਾਮਲਾਟ ਕਈ ਕਿੱਲਿਆਂ ਵਿਚ ਫੈਲੀ ਪਈ ਹੈ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਐਨੀ ਜ਼ਮੀਨ ਹੋਣ ਦੇ ਬਾਵਜੂਦ ਖੇਡ ਦੇ ਮੈਦਾਨ ਦੀ ਸੁਵਿਧਾ ਬਾਰੇ ਕੋਈ ਨਹੀਂ ਸੋਚਦਾ। ਫਿਰ ਕੀ ਫਾਇਦਾ ਅਜਿਹੀ ਜ਼ਮੀਨ ਦਾ, ਜੋ ਪਿੰਡ ਦੇ ਨੌਜਵਾਨਾਂ ਨੂੰ ਸਹੀ ਰਸਤੇ ਉੱਤੇ ਹੀ ਨਾ ਲਿਜਾ ਸਕੀ ਹੋਵੇ। ਕਈ ਪਿੰਡਾਂ ਵਿਚ ਖੇਡ ਸਟੇਡੀਅਮ ਬਣੇ ਵੀ ਹੋਏ ਹਨ ਪਰ ਉੱਥੇ ਖਿਡਾਰੀਆਂ ਦੀ ਘਾਟ ਹੈ। ਘਾਟ ਤਾਂ ਹੈ ਕਿਉਂਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਸਾਲ ਬਾਅਦ ਸਿਰਫ਼ ਟੂਰਨਾਮੈਂਟ ਕਰਵਾ ਦੇਣ ਨਾਲ ਹੀ ਖੇਡਾਂ ਨੂੰ ਪ੍ਰਫੁਲਤ ਨਹੀਂ ਕੀਤਾ ਜਾ ਸਕਦਾ। ਇਸ ਲਈ ਲੋੜ ਹੈ ਖਿਡਾਰੀਆਂ ਨੂੰ ਮੈਦਾਨ ਤੱਕ ਲਿਆਉਣ ਲਈ ਉਨ੍ਹਾਂ ਲਈ ਲੋੜੀਂਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ। ਚਿੱਟੇ ਹਾਥੀਆਂ ਦਾ ਰੂਪ ਧਾਰੀ ਸਟੇਡੀਅਮ ਖਿਡਾਰੀਆਂ ਨੂੰ ਆਵਾਜ਼ਾਂ ਮਾਰਦੇ ਹਨ ਕਿ ਆਓ ਸਾਨੂੰ ਵਰਤੋ, ਸਾਡੇ ਨਾਲ ਸਮਾਂ ਬਿਤਾਓ ਪਰ ਇਹ ਗੱਲ ਨਾ ਤਾਂ ਅੱਜ ਦੇ ਨੌਜਵਾਨਾਂ ਦੇ ਕੰਨਾਂ ਵਿਚ ਪੈਂਦੀ ਹੈ ਅਤੇ ਨਾ ਹੀ ਪ੍ਰਸ਼ਾਸਨ ਦੇ।
ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਉਹ ਖੇਡਾਂ ਲਈ ਬਹੁਤ ਉਪਰਾਲੇ ਕਰ ਰਹੀ ਹੈ ਪਰ ਇਕੱਲੀਆਂ ਖੇਡਾਂ ਕਰਵਾਉਣ ਨਾਲ ਹੀ ਸਭ ਕੁਝ ਨਹੀਂ ਹੋ ਜਾਂਦਾ, ਖੇਡਾਂ ਦੇ ਨਾਲ-ਨਾਲ ਲੋੜ ਹੈ ਇਨ੍ਹਾਂ ਵਿਚਲੀਆਂ ਬਾਰੀਕੀਆਂ ਨੂੰ ਵੀ ਦੂਰ ਕਰਨ ਦੀ। ਸਰਕਾਰ ਖੇਡਾਂ ਉੱਤੇ ਕਰੋੜਾਂ ਦਾ ਖਰਚ ਤਾਂ ਕਰ ਦਿੰਦੀ ਹੈ ਪਰ ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਦੀ ਕਮੀ ਇਹ ਸਾਬਤ ਕਰਦੀ ਹੈ ਕਿ ਨੌਜਵਾਨੀ ਖੇਡਾਂ ਤੋਂ ਦੂਰ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਹੈ ਪਿੰਡਾਂ ਵਿਚ ਖੇਡ ਮੈਦਾਨਾਂ ਦਾ ਨਾ ਹੋਣਾ। ਸਰਕਾਰਾਂ ਨੂੰ, ਖੇਡ ਵਿਭਾਗ ਨੂੰ ਅਤੇ ਪੰਚਾਇਤਾਂ ਨੂੰ ਇਸ ਗੱਲ ਵੱਲ ਜਲਦ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਉਹ ਅਸਲ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਚਾਹੁੰਦੇ ਹਨ। ਜਦ ਖਿਡਾਰੀ ਕੋਲ ਇਹ ਸਹੂਲਤ ਹੋਵੇਗੀ ਤਾਂ ਉਹ ਰੋਜ਼ਾਨਾ ਅਭਿਆਸ ਕਰਨਗੇ ਅਤੇ ਉਹ ਆਪ ਹੀ ਮੁਕਾਬਲਿਆਂ ਵਿਚ ਭਾਗ ਲੈਣ ਦੇ ਇੱਛੁਕ ਹੋਣਗੇ। ਕਈ ਪਿੰਡਾਂ ਕੋਲ ਜਗ੍ਹਾ ਦੀ ਘਾਟ ਹੈ। ਅਜਿਹੇ ਪਿੰਡ ਆਪਣੇ ਗੁਆਂਢੀ ਪਿੰਡ ਨਾਲ ਰਲ ਕੇ ਸਾਂਝੇ ਤੌਰ 'ਤੇ ਮੈਦਾਨ ਵੀ ਬਣਾ ਸਕਦੇ ਹਨ। ਜੇ ਐਨੀਆਂ ਕੁ ਕਮੀਆਂ ਦੂਰ ਕਰ ਲਈਆਂ ਜਾਣ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਪੰਜਾਬ ਖੇਡਾਂ ਵਿਚ ਫਿਰ ਤੋਂ ਮੋਹਰੀ ਸੂਬਾ ਬਣੇਗਾ। ਇਸ ਲਈ ਸਰਕਾਰ ਨੂੰ ਆਪਣਾ ਬਣਦਾ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ। ਜੇ ਹਾਲੇ ਵੀ ਸਰਕਾਰ ਨਾ ਜਾਗੀ, ਫਿਰ ਤਾਂ ਪੰਜਾਬ ਦੀਆਂ ਖੇਡਾਂ ਦਾ ਰੱਬ ਹੀ ਰਾਖਾ ਹੋਵੇਗਾ। -ਮੋਬਾ: 98140-02555

ਖੇਡ ਜਗਤ ਲਈ ਘਾਤਕ ਨੇ ਫ਼ਰਜ਼ੀ ਦਸਤਾਵੇਜ਼

ਖੇਡ ਜਗਤ ਦਾ ਭਲਾ ਚਾਹੁਣ ਵਾਲਿਆਂ ਨੂੰ ਖੇਡ ਜਗਤ ਦੀ ਅੰਦਰਲੀ ਕਹਾਣੀ ਵੀ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ। ਕਿਸੇ ਖੇਡ ਨਾਲ ਜੁੜੇ ਖਿਡਾਰੀ, ਪ੍ਰਬੰਧਕ, ਕੋਚ, ਅੰਪਾਇਰ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਕਿ ਫਰਜ਼ੀ ਉਮਰ ਸਰਟੀਫਿਕੇਟ ਖੇਡਾਂ ਦੀ ਦੁਨੀਆ 'ਤੇ ਦਾਗ ਨਾ ਬਣਨ, ਕਲੰਕ ਨਾ ਹੋਣ। ਸਾਡੇ ਸਾਹਮਣੇ ਖਿਡਾਰੀਆਂ ਦੀ ਸਹੀ ਤਸਦੀਕ ਉਮਰ ਆਵੇ, ਜਦੋਂ ਖੇਡ ਮੁਕਾਬਲੇ ਹੁੰਦੇ ਹਨ ਜਾਂ ਜਦੋਂ ਖਿਡਾਰੀ ਉਮਰ ਦੇ ਲਿਹਾਜ਼ ਨਾਲ ਕਿਸੇ ਵਿਸ਼ੇਸ਼ ਸੰਸਥਾ 'ਚ ਪ੍ਰਵੇਸ਼ ਕਰਦੇ ਹਨ, ਜਦੋਂ ਉਮਰ ਉਨ੍ਹਾਂ ਲਈ ਇਕ ਵਿਸ਼ੇਸ਼ ਯੋਗਤਾ ਬਣਦੀ ਹੈ। ਪਰ ਅਸੀਂ ਬਹੁਤ ਗਹੁ ਨਾਲ ਦੇਖਿਆ ਹੈ ਕਿ ਇਸ ਪੱਖੋਂ 'ਸਭ ਅੱਛਾ' ਨਹੀਂ ਹੈ। ਜੇ ਖਿਡਾਰੀਆਂ ਦੀ ਛੋਟੀ ਉਮਰ ਤੋਂ ਹੀ ਸਹੀ ਉਮਰ ਲੁਕਾਉਣ ਦੀ ਆਦਤ ਬਣ ਗਈ ਤਾਂ ਇਹ ਸਾਡੇ ਖੇਡ ਸੰਸਾਰ ਦੀ ਸਾਰੀ ਤਸਵੀਰ ਹੀ ਵਿਗਾੜਦੀ ਚਲੀ ਜਾਵੇਗੀ।
ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਖੇਡ ਸੰਸਥਾਵਾਂ ਅਕਸਰ ਵਾਹ-ਵਾਹ ਦੀ ਦੌੜ ਵਿਚ ਲੱਗੀਆਂ ਹੁੰਦੀਆਂ ਹਨ। ਇਹ ਪਹਿਲੇ ਨੰਬਰ 'ਤੇ ਆਉਣ ਦੀ ਹੋੜ ਸਾਡੇ ਖਿਡਾਰੀਆਂ ਨਾਲੋਂ ਖੇਡ ਅਧਿਕਾਰੀਆਂ ਦੀ ਜ਼ਿਆਦਾ ਹੁੰਦੀ ਹੈ। ਖੇਡ ਕਲਚਰ ਕਿਸੇ ਨੂੰ ਅਜ਼ੀਜ਼ ਨਹੀਂ, ਖੇਡ ਸੱਭਿਆਚਾਰ ਦਾ ਕੋਈ ਸੰਚਾਲਕ ਨਹੀਂ, ਤਾਰੀਫ ਹੁੰਦੀ ਹੈ ਤਾਂ ਸਿਰਫ ਪੁਜ਼ੀਸ਼ਨਾਂ ਦੀ, ਮੈਡਲਾਂ ਦੀ, ਨਾਂਅ ਬਣਦਾ ਹੈ ਇਨਾਮਾਂ-ਸਨਮਾਨਾਂ ਨਾਲ। ਕਿਸੇ ਪ੍ਰਤੀਯੋਗਤਾ 'ਚ ਸ਼ਿਰਕਤ ਕਰਨੀ, ਕਿਸੇ ਖੇਡ ਮੁਕਾਬਲੇ 'ਚ ਇਮਾਨਦਾਰੀ ਨਾਲ ਹਿੱਸਾ ਲੈਣਾ ਭਾਵੇਂ ਹਾਰ ਹੀ ਹੋ ਜਾਵੇ, ਕਿਸ ਨੂੰ ਚੰਗਾ ਨਹੀਂ ਲਗਦਾ? ਇਸ ਕਿਸਮ ਦੇ ਆਲਮ 'ਚ ਅਸੀਂ ਕੁਝ ਸਹੀ ਖੇਡ ਕਦਰਾਂ-ਕੀਮਤਾਂ ਵੀ ਨਜ਼ਰਅੰਦਾਜ਼ ਕਰਕੇ ਕੁਝ ਅਜਿਹਾ ਜੁਗਾੜ ਕਰਦੇ ਹਾਂ ਕਿ ਅਸੀਂ ਦੂਜਿਆਂ ਲਈ ਸਖਤ ਚੁਣੌਤੀ ਬਣ ਜਾਈਏ।
ਸਕੂਲ, ਕਾਲਜ ਦੇ ਅਤੇ ਘਰੇਲੂ ਮੁਕਾਬਲਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਸਾਡੇ ਦੇਸ਼ 'ਚ ਫਰਜ਼ੀ ਉਮਰ ਸਰਟੀਫਿਕੇਟ ਸਾਡੇ ਖੇਡ ਜਗਤ ਦਾ ਅਕਸ ਧੁੰਦਲਾ ਕਰ ਰਹੇ ਹਨ। ਨਿਰਧਾਰਤ ਉਮਰ ਤੋਂ ਜ਼ਿਆਦਾ ਉਮਰ ਵਾਲੇ ਖਿਡਾਰੀ ਰਾਸ਼ਟਰੀ ਸਕੂਲੀ ਮੁਕਾਬਲਿਆਂ 'ਚ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਨਕਲੀ ਸਰਟੀਫਿਕੇਟਾਂ ਦੇ ਸਹਾਰੇ ਫਰਜ਼ੀ ਖਿਡਾਰੀ ਕਾਲਜਾਂ 'ਚ ਦਾਖਲਾ ਲੈ ਕੇ ਆਪਣਾ ਜੁਗਾੜ ਲਾਉਂਦੇ ਹਨ ਅਤੇ ਚੌਧਰ ਦਿਖਾਉਂਦੇ ਹਨ। ਸਰਕਾਰੀ ਵਿਭਾਗਾਂ 'ਚ ਵੀ ਖੇਡ ਕੋਟੇ ਦੇ ਅੰਤਰਗਤ ਇਸ ਤਰ੍ਹਾਂ ਦੀ ਭਰਤੀ ਚੱਲ ਰਹੀ ਹੈ, ਜਿਸ ਦੇ ਸਹਾਰੇ ਅਫਸਰਸ਼ਾਹੀ ਮੌਜਾਂ ਕਰ ਰਹੀ ਹੈ। ਸਰੀਰਕ ਸਿੱਖਿਆ ਦੇ ਨਿਰਦੇਸ਼ਕ, ਕੋਚ ਮਿਲੀਭੁਗਤ 'ਚ ਹਨ। ਸਾਡੇ ਇਥੇ ਸਰੀਰਕ ਸਿੱਖਿਆ, ਖੇਡ ਅਕੈਡਮੀਆਂ ਅਤੇ ਖੇਡ ਕੇਂਦਰ ਅੱਜ ਵੀ ਭਵਿੱਖ ਦੇ ਖਿਡਾਰੀ ਤਿਆਰ ਕਰਨ 'ਚ ਅਸਫਲ ਸਿੱਧ ਹੋ ਰਹੇ ਹਨ। ਹਕੀਕਤ ਇਹ ਹੈ ਕਿ 10 ਸਾਲ ਦੀ ਉਮਰ ਦਾ ਬੱਚਾ ਕਿਸੇ ਖੇਡ 'ਚ ਨਹੀਂ ਉੱਭਰਦਾ। ਉਹ ਸਕੂਲੀ ਪੱਧਰ 'ਤੇ 14 ਸਾਲ ਦੀ ਉਮਰ 'ਚ ਜਾ ਕੇ ਖਿਡਾਰੀ ਬਣਦਾ ਹੈ।
ਨਕਲੀ ਸਰਟੀਫਿਕੇਟਾਂ ਦਾ ਜੁਗਾੜ ਕਰਨ ਵਾਲੇ ਕੁਝ ਗਰੋਹਾਂ ਦਾ ਵੀ ਪੂਰੀ ਤਰ੍ਹਾਂ ਪਰਦਾ ਫਾਸ਼ ਹੋ ਸਕਦਾ ਹੈ ਜੇ ਸਾਡੇ ਸਿਸਟਮ 'ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਜਾਵੇ। ਹਾਲਾਂਕਿ ਪਿਛਲੇ ਦਿਨੀਂ ਕਈ ਮਾਮਲੇ ਫੜੇ ਵੀ ਗਏ ਪਰ ਇਸ ਵਪਾਰ ਨੂੰ ਰੋਕਣ ਲਈ ਗੰਭੀਰ ਅਤੇ ਸਖ਼ਤ ਹੋਣ ਦੀ ਲੋੜ ਹੈ। ਖੇਡ ਕੋਟੇ ਦੀ ਆੜ 'ਚ ਘੁਸਪੈਠ ਦਾ ਧੰਦਾ ਰੋਕਣ ਦੀ ਜ਼ਰੂਰਤ ਹੈ। ਕਈ ਗ਼ੈਰ-ਖਿਡਾਰੀ ਵੀ ਇਸ ਦਾ ਲਾਭ ਉਠਾ ਰਹੇ ਹਨ ਪਰ ਕਦੋਂ ਤੱਕ?
-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਯਾਦਗਾਰੀ ਹੋ ਨਿੱਬੜਿਆ ਪਲਾਹੀ ਦਾ ਮਾਘੀ ਖੇਡ ਮੇਲਾ

ਫਗਵਾੜੇ ਦੀ ਬੁੱਕਲ 'ਚ ਵਸੇ ਖੇਡਾਂ ਅਤੇ ਖਿਡਾਰੀਆਂ ਦੇ ਇਤਿਹਾਸਕ ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਅਤੇ ਵੈੱਲਫੇਅਰ ਫਾਊਂਡੇਸ਼ਨ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਦਿਨਾ ਮਾਘੀ ਖੇਡ ਮੇਲਾ ਅਮਿਟ ਪੈੜਾਂ ਛੱਡਦਿਆਂ ਪ੍ਰਵਾਨ ਚੜ੍ਹਿਆ। ਖੇਡ ਮੇਲੇ ਦੀ ਸ਼ੁਰੂਆਤ ਐਨ. ਆਰ. ਆਈ. ਭਰਾਵਾਂ ਜਥੇਦਾਰ ਮੋਹਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਭਜਨ ਸਿੰਘ ਵੇਟ ਲਿਫਟਰ ਕੈਨੇਡਾ, ਅਮਰੀਕ ਸਿੰਘ ਸੱਲ, ਮੋਹਣ ਸਿੰਘ ਯੂ. ਕੇ., ਮੋਹਰੀ ਕੈਨੇਡਾ, ਹਰਬੰਸ ਸਿੰਘ, ਮੋਹਣ ਸਿੰਘ, ਸੁਰਿੰਦਰ ਸਿੰਘ (ਸਾਰੇ ਕੈਨੇਡਾ), ਪ੍ਰਗਣ ਸਿੰਘ ਬਸਰਾ ਅਤੇ ਮਨਜੀਤ ਸਿੰਘ ਯੂ. ਐਸ. ਏ. ਅਤੇ ਬਲਜੀਤ ਸਿੰਘ ਬੀਤਾ ਆਦਿ ਨੇ ਸਾਂਝੇ ਤੌਰ 'ਤੇ ਕੀਤੀ।
ਇਸ ਖੇਡ ਮੇਲੇ ਵਿਚ ਫੁੱਟਬਾਲ, ਲੜਕੀਆਂ ਦੇ ਕਬੱਡੀ ਮੈਚ ਅਤੇ ਲੜਕੀਆਂ ਅਤੇ ਲੜਕਿਆਂ ਦੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਹਿੱਸਾ ਲਿਆ। ਫੁੱਟਬਾਲ ਓਪਨ 'ਚ ਹੋਏ ਕਾਂਟੇਦਾਰ ਮੁਕਾਬਲੇ 'ਚ ਪਿੰਡ ਬਘਾਣੇ ਦੀ ਟੀਮ ਨੇ ਪਲਾਹੀ ਨੂੰ ਟਾਈ ਬ੍ਰੇਕਰ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਫੁੱਟਬਾਲ 52 ਕਿੱਲੋ ਭਾਰ ਵਰਗ ਦੇ ਫਾਈਨਲ 'ਚ ਪਲਾਹੀ ਦੀ ਟੀਮ ਪਿੰਡ ਬਰਲਾਂ ਨੂੰ ਹਰਾ ਕੇ ਜੇਤੂ ਬਣੀ। ਟੂਰਨਾਮੈਂਟ ਵਿਚ ਖੇਡੇ ਗਏ ਲੜਕੀਆਂ ਦੇ ਕਬੱਡੀ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਮਾਲਵਾ ਅਤੇ ਦੁਆਬੇ ਵਿਚਕਾਰ ਖੇਡੇ ਗਏ ਸੰਘਰਸ਼ ਭਰੇ ਮੁਕਾਬਲੇ ਵਿਚ ਮਾਲਵੇ ਨੇ ਦੁਆਬੇ ਦੀ ਟੀਮ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ।
ਇਸ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਭਜਨ ਸਿੰਘ ਸੱਲ, ਜਥੇਦਾਰ ਮੋਹਿੰਦਰ ਸਿੰਘ, ਖੇਡ ਲੇਖਕ ਸੀਤਲ ਸਿੰਘ ਪਲਾਹੀ, ਠੇਕੇਦਾਰ ਮੇਜਰ ਸਿੰਘ, ਸੁਖਵਿੰਦਰ ਸਿੰਘ ਸੁੱਖੂ ਅਤੇ ਸਰਪੰਚ ਗੁਰਪਾਲ ਸਿੰਘ ਨੇ ਕੀਤੀ। ਇਨ੍ਹਾਂ ਟੀਮਾਂ 'ਚ ਕਬੱਡੀ ਵਿਸ਼ਵ ਕੱਪ 'ਚ ਹਿੱਸਾ ਲੈ ਚੁੱਕੀਆਂ ਖਿਡਾਰਨਾਂ ਦਾ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਅਤੇ ਸੀਤਲ ਸਿੰਘ ਪਲਾਹੀ, ਭਗਵੰਤ ਸਿੰਘ ਸੱਲ, ਬਲਵਿੰਦਰ ਸਿੰਘ ਫੋਰਮੈਨ, ਸੱਤ ਪ੍ਰਕਾਸ਼ ਸਿੰਘ ਸੱਗੂ, ਜਸਪ੍ਰੀਤ ਜੱਸੀ ਅਤੇ ਗੁਰਚਰਨ ਸਿੰਘ ਪੰਚ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ 'ਤੇ ਕਰਵਾਏ ਗਏ ਲੜਕੀਆਂ ਅਤੇ ਲੜਕਿਆਂ ਦੇ ਵੇਟ ਲਿਫਟਿੰਗ ਮੁਕਾਬਲੇ ਵੀ ਦਿਲਚਸਪ ਰਹੇ। ਇਸ ਵਿਚ ਹਿੱਸਾ ਲੈਣ ਵਾਲੀਆਂ ਅੰਤਰਰਾਸ਼ਟਰੀ ਖਿਡਾਰਨਾਂ ਦਾ ਖਾਸ ਤੌਰ 'ਤੇ ਸਨਮਾਨ ਕੀਤਾ ਗਿਆ। ਇਲਾਕੇ 'ਚ ਫੁੱਟਬਾਲ ਦੀ ਨਵੀਂ ਪੁੰਗਰ ਰਹੀ ਪਨੀਰੀ ਨੂੰ ਉਤਸ਼ਾਹਿਤ ਕਰਨ ਲਈ ਜੂਨੀਅਰ ਸ਼ੋਅ ਮੈਚ ਵੀ ਕਰਵਾਇਆ ਗਿਆ ਅਤੇ ਇਲਾਕੇ ਦੇ ਕਰੀਬ 45 ਬੱਚਿਆਂ ਨੂੰ ਹੌਸਲਾ ਅਫਜ਼ਾਈ ਵਜੋਂ ਇਨਾਮ ਦਿੱਤੇ ਗਏ।
-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾਈਲ : 94636-12204.

ਮਹਾਰਾਜਾ ਰਣਜੀਤ ਸਿੰਘ ਗੋਲਡ ਕਬੱਡੀ ਕੱਪ ਦੀ ਗੱਲ ਕਰਦਿਆਂ...

ਪੰਜਾਬ ਦੀ ਧਰਤੀ 'ਤੇ ਇਸ ਸਮੇਂ ਖੇਡ ਕਬੱਡੀ ਦੇ ਕੱਪ ਭਰ ਜੋਬਨ 'ਤੇ ਹਨ । ਪੰਜਾਬ ਦੇ ਵੱਡੇ ਖੇਡ ਮੇਲਿਆਂ ਦਾ ਜ਼ਿਕਰ ਜਦੋਂ ਲੋਕ ਬੁੱਲ੍ਹਾਂ 'ਤੇ ਹੋਣ ਲੱਗਦਾ ਹੈ ਤਾਂ ਫਿਰ ਗੇਟਵੇ ਆਫ਼ ਦੁਆਬਾ ਵਜੋਂ ਜਾਣੇ ਜਾਂਦੇ ਸ਼ਹਿਰ ਫਿਲੌਰ ਦੇ ਕਿਲ੍ਹੇ ਵਿਚ ਹੁੰਦੇ ਵੱਡੇ ਕਬੱਡੀ ਕੱਪ ਦਾ ਜ਼ਿਕਰ ਆਪ-ਮੁਹਾਰੇ ਹੀ ਲੋਕ ਜੀਭਾਂ 'ਤੇ ਹੋਣ ਲੱਗਦਾ ਹੈ। ਪੰਜਾਬ ਸਟੂਡੈਂਟਸ ਕਲੱਬ ਫਿਲੌਰ-ਕੈਨੇਡਾ ਦੇ ਪ੍ਰਬੰਧਕਾਂ ਪ੍ਰਧਾਨ ਜਸਵੀਰ ਸਿੰਘ ਢਿੱਲੋਂ, ਰਵਿੰਦਰ ਸਿੰਘ ਬੈਂਸ, ਗੁਰਨੇਕ ਸਿੰਘ ਥਿਆੜਾ, ਜਗਤਾਰ ਸਿੰਘ ਚੌਹਾਨ, ਬਲਜਿੰਦਰ ਸਿੰਘ ਕੰਗ, ਸਰਬਜੀਤ ਸਿੰਘ ਪਰਮਾਰ, ਹਰਜਿੰਦਰ ਸਿੰਘ ਗਿੱਲ, ਨੀਟਾ ਸਰਾਏ, ਹਰਿੰਦਰ ਸਿੰਘ ਬੈਂਸ, ਹੈਰੀ ਧੁੱਗਾ, ਅਮਰਜੀਤ ਸਿੰਘ ਦੁਸਾਂਝ, ਹਰਵਿੰਦਰ ਬਾਸੀ, ਸੇਵਾ ਸਿੰਘ ਰੰਧਾਵਾ ਤੇ ਖਜ਼ਾਨਾ ਮੰਤਰੀ ਗੁਰਜਿੰਦਰ ਸਿੰਘ (ਕਾਲਾ ਕਜਲਾ) ਨੇ ਇਸ ਕੱਪ ਨੂੰ ਲੋਕ ਚੇਤਿਆਂ ਵਿਚ ਵਸਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਇਸ ਗੋਲਡ ਕੱਪ ਦੇ ਪ੍ਰਬੰਧਕ ਇਸ ਗੱਲੋਂ ਵੀ ਵਧਾਈ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਵੱਲੋਂ ਹਰ ਸਾਲ ਹੀ ਅਪਾਹਜ ਵਿਅਕਤੀਆਂ ਲਈ ਟਰਾਈ ਸਾਈਕਲ ਵੀ ਵੰਡੇ ਜਾਂਦੇ ਹਨ। ਖੇਡ ਕਬੱਡੀ ਦੇ ਪ੍ਰੇਮੀਆਂ ਦੀ ਵੱਡੀ ਆਮਦ ਖੇਡ ਕਬੱਡੀ ਪ੍ਰਤੀ ਮੋਹ ਦੀ ਗਵਾਹੀ ਭਰ ਰਹੀ। ਇਸ ਕਬੱਡੀ ਕੱਪ ਨੂੰ ਚੁੰਮਣ ਲਈ ਕਬੱਡੀ ਜਗਤ ਦੇ ਸਟਾਰ ਖਿਡਾਰੀਆਂ ਨਾਲ ਲੈਸ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਟੀਮਾਂ ਪੁੱਜੀਆਂ ਹੋਈਆ ਸਨ। ਕੈਨੇਡੀਅਨ ਪ੍ਰਬੰਧਕ ਸਭ ਪ੍ਰਬੰਧਾਂ ਦਾ ਸਮੇਂ-ਸਮੇਂ ਜਾਇਜ਼ਾ ਲੈਂਦੇ ਰਹੇ। ਖੇਡ ਸੰਸਾਰ ਦੇ ਚੋਟੀ ਦੇ ਬੁਲਾਰੇ ਤੇ ਕਬੱਡੀ ਜਗਤ ਦੇ ਨੈਣ-ਨਕਸ਼ ਵਿਚ ਮੱਖਣ ਵਾਂਗ ਘੁਲੇ ਮੱਖਣ ਅਲੀ ਤੇ ਲਖਵਿੰਦਰ ਮਿੰਟਾ ਖਾਲਸਾ ਮੌਂ ਸਾਹਿਬ ਮਾਈਕ ਤੋਂ ਕਬੱਡੀਆਂ ਪਵਾਉਣ ਲੱਗੇ। ਮੰਚ ਸੰਚਾਲਕ ਦੇ ਫਰਜ਼ ਬਿੱਲਾ ਅਕਲਪੁਰ ਨੇ ਬਖ਼ੂਬੀ ਨਿਭਾਏ। ਕਬੱਡੀ ਰੈਫ਼ਰੀ ਰਾਮਪਾਲ ਦੇ ਚੱਲਦੇ ਮੈਚਾਂ ਵਿਚ ਵੱਖ-ਵੱਖ ਐਕਸ਼ਨ ਦਰਸ਼ਕਾਂ ਨੂੰ ਤਾੜੀਆਂ ਅਤੇ ਕਲਕਾਰੀਆਂ ਮਾਰਨ ਲਈ ਮਜਬੂਰ ਕਰ ਗਏ।
ਇਸ ਕੱਪ ਵਿਚ ਉਚੇਚੇ ਤੌਰ 'ਤੇ ਪੁੱਜਣ ਵਾਲੇ ਖਾਸ ਮਹਿਮਾਨਾਂ ਵਿਚ ਜੁਗਿੰਦਰ ਬਾਸੀ 'ਗਾਉਂਦਾ ਪੰਜਾਬ ਰੇਡੀਓ' ਕੈਨੇਡਾ, ਅਵਿਨਾਸ਼ ਚੰਦਰ ਹਲਕਾ ਵਿਧਾਇਕ ਫਿਲੌਰ, ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ, ਜਲੰਧਰ ਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਖੇਡ ਪ੍ਰਮੋਟਰ ਸੱਤਾ ਮੁਠੱਡਾ ਯੂ. ਕੇ., ਪਾਲਾ ਸਹੋਤਾ ਯੂ. ਕੇ., ਲਾਲੀ ਢੇਸੀ ਬੇਗਮਪੁਰ, ਸੇਵਾ ਸਿੰਘ ਰੰਧਾਵਾ ਤੇ ਸਨੀ ਸਹੋਤਾ ਬੜਾਪਿੰਡ ਵੀ ਹਾਜ਼ਰ ਸਨ। ਅੰਤ ਹਾਈ ਵੋਲਟੇਜ਼ ਮੁਕਾਬਲਾ ਖੇਡਦਿਆਂ ਰਾਇਲ ਕਿੰਗਜ਼ ਯੂ. ਐਸ. ਏ. ਦੇ ਚੋਬਰਾਂ ਦੇ ਲੱਕ ਜਿੱਡੇ ਲਿਸ਼ਕਦੇ ਕੱਪ ਦੇ ਕਬਜ਼ਾ ਕਰ ਲਿਆ ਜਦੋਂ ਕਿ ਬਾਬਾ ਸੈਦਬਾਕੀ ਕਬੱਡੀ ਫੋਰਸ ਮੌਂ ਸਾਹਿਬ ਮੁਹਾਲੀ ਉਪ-ਜੇਤੂ ਟੀਮ ਰਹੀ ।
ਪਿੰਡ ਤੇ ਡਾਕ: ਮੌਂ ਸਾਹਿਬ, ਤਹਿ: ਫਿਲੌਰ
-ਮੋਬਾਈਲ : 98157-26066

ਚੈਂਪੀਅਨਾਂ ਵਾਲੇ ਸਨਮਾਨ ਦੀ ਹੱਕਦਾਰ ਬਣੀ ਸ਼ਾਹਕੋਟ ਕਬੱਡੀ ਅਕੈਡਮੀ

ਇਸ ਵੇਲੇ ਕਬੱਡੀ ਜਗਤ ਦੀ ਅੱਵਲ ਨੰਬਰ ਬਾਬਾ ਸੁਖਚੈਨ ਦਾਸ ਅਕੈਡਮੀ ਸ਼ਾਹਕੋਟ ਲਾਇਨਜ਼ ਨੂੰ ਬੇਅ ਏਰੀਆ ਸਪੋਰਟਸ ਕਲੱਬ ਅਮਰੀਕਾ ਦੇ ਚੇਅਰਮੈਨ ਬਲਜੀਤ ਸਿੰਘ ਸੰਧੂ, ਪ੍ਰਧਾਨ ਦਿਲਬਾਗ ਸਿੰਘ ਸੰਧੂ, ਨਿਰਦੇਸ਼ਕ ਕੁਲਬੀਰ ਦੁਸਾਂਝ ਤੇ ਸਕੱਤਰ ਸੁਖਜੀਤ ਸਿੰਘ ਸੰਧੂ ਹੁਰਾਂ ਦੀ ਟੀਮ ਵੱਲੋਂ ਦੁਆਬੇ ਦੇ ਸਭ ਤੋਂ ਵੱਡੇ ਰੁੜਕਾ ਕਲਾਂ (ਜਲੰਧਰ) ਦੇ ਕਬੱਡੀ ਕੱਪ 'ਤੇ 6.5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਕਪਤਾਨ ਤੇ ਸੰਚਾਲਕ ਸੰਦੀਪ ਸੰਧੂ ਨੰਗਲ ਅੰਬੀਆਂ ਹੁਰਾਂ ਦੀ ਸ਼ਾਹਕੋਟ ਅਕੈਡਮੀ ਦੇ ਅਹਿਮ ਜਾਫੀ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਟੀਮ ਦੇ ਧਾਵੀ ਸੰਦੀਪ ਲੁੱਧਰ ਦਿੜ੍ਹਬਾ ਦੀਆਂ ਤਿੰਨ ਰੇਡਾਂ 'ਤੇ ਬਲਜੀਤ ਸੰਧੂ ਹੁਰਾਂ ਨੇ 2 ਲੱਖ ਰੁਪਏ ਲਗਾ ਕੇ ਨਵਾਂ ਕੀਰਤੀਮਾਨ ਸਿਰਜ ਦਿੱਤਾ, ਪਰ ਸੋਹਣ ਰੁੜਕੀ ਨੇ ਲੁੱਧਰ ਨੂੰ ਦੂਸਰੀ ਰੇਡ 'ਤੇ ਜੱਫਾ ਲਗਾ ਕੇ ਕਬੱਡੀ ਜਗਤ ਦਾ ਸਭ ਤੋਂ ਮਹਿੰਗਾ ਜੱਫਾ ਲਗਾਉਣ ਦਾ ਰਿਕਾਰਡ ਬਣਾ ਦਿੱਤਾ। ਇਸ ਮੌਕੇ ਸੁੱਖੀ ਬੈਂਸ ਕਾਲਾ ਸੰਘਿਆਂ ਨੇ ਸ਼ਾਹਕੋਟ ਟੀਮ ਅਤੇ ਇਸ ਟੀਮ ਦੇ ਜਾਫੀ ਬਿੱਟੂ ਦੁਗਾਲ ਨੂੰ 1-1 ਲੱਖ ਰੁਪਏ ਨਾਲ ਨਿਵਾਜਿਆ। ਸ਼ਾਹਕੋਟ ਟੀਮ ਦੇ ਅਮਰੀਕਾ 'ਚ ਸਪਾਂਸਰ ਬੇਅ ਏਰੀਆ ਕਲੱਬ ਦੇ ਮੈਂਬਰ ਮੰਗਲ ਸਿੰਘ ਢਿੱਲੋਂ, ਸੁਰਿੰਦਰ ਸਿੰਘ ਉੱਪਲ, ਸੁਰਜੀਤ ਸਿੰਘ ਸੰਧੂ ਐਸ.ਪੀ., ਪਵਨ ਟਾਂਡਾ, ਭੁਪਿੰਦਰ ਵਿਰਕ, ਕੁਲਦੀਪ ਸਿੰਘ ਸੰਧੂ, ਬਲਜੀਤ ਸਿੰਘ ਗਿੱਲ ਤੇ ਸੰਧੂ ਭਰਾ ਟਰੇਸੀ ਵੀ ਉਪਰੋਕਤ ਸਨਮਾਨਾਂ 'ਚ ਭਾਈਵਾਲ ਬਣੇ। ਉਪਰੋਕਤ ਸਾਰੀਆਂ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਗੁਰਮੰਗਲ ਦਾਸ ਸੋਨੀ, ਰੀਵਰਤਨ ਟੋਨੀ, ਜਸਵੀਰ ਸੰਧੂ ਐਮ.ਪੀ., ਸੁਰਿੰਦਰ ਸਿੰਘ ਯੂ.ਕੇ., ਕੁਲਵਿੰਦਰ ਸਿੰਘ ਕਾਲਾ ਰੁੜਕਾ, ਅਮਰਜੀਤ ਸਿੰਘ ਚੇਅਰਮੈਨ ਤੇ ਨਗਰ ਨਿਵਾਸੀਆਂ ਵੱਲੋਂ ਰੁੜਕਾ ਕੱਪ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਤੇ ਵਿਧਾਇਕ ਪ੍ਰਗਟ ਸਿੰਘ ਨੇ ਸ਼ਿਰਕਤ ਕਰਕੇ ਕੱਪ ਦਾ ਕੱਦ ਹੋਰ ਵੀ ਵਧਾ ਦਿੱਤਾ।
ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਸਿਖਰਲੀਆਂ 8 ਟੀਮਾਂ ਦੇ ਮੁਕਾਬਲਿਆਂ ਨੇ ਕੱਪ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਕੱਪ ਜਿੱਤਣ ਵਾਲੀ ਸ਼ਾਹਕੋਟ ਦੀ ਟੀਮ ਨੂੰ 1.5 ਲੱਖ ਦਾ ਇਨਾਮ ਕੁਲਵਿੰਦਰ ਸਿੰਘ ਕਾਲਾ ਤੇ ਸੁਖਜੀਤ ਸਿੰਘ ਸੰਧੂ ਅਮਰੀਕਾ ਨੇ ਅਤੇ ਉਪ-ਜੇਤੂ ਬੀ.ਬੀ.ਐਸ. ਰੁੜਕਾ ਅਕੈਡਮੀ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਬਲਜੀਤ ਸਿੰਘ ਸੰਧੂ ਅਮਰੀਕਾ ਨੇ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਬੇਅ ਏਰੀਆ ਸਪੋਰਟਸ ਕਲੱਬ ਵੱਲੋਂ ਧਾਵੀ ਸੰਦੀਪ ਸੁਰਖਪੁਰ, ਦੁੱਲਾ ਬੱਗਾ ਪਿੰਡ, ਜਾਫੀ ਗੁਰਵਿੰਦਰ ਕਾਹਲਵਾਂ, ਕੁਮੈਂਟੇਟਰ ਪ੍ਰੋ: ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਰੁਪਿੰਦਰ ਜਲਾਲ, ਅਮਨ ਲੋਪੋ, ਸੇਵਕ ਸ਼ੇਰਗੜ੍ਹ, ਸਾਬਕਾ ਖਿਡਾਰੀ ਤੇਜੀ ਨਿਜਾਮਪੁਰ, ਰਮਨਾ ਰੁੜਕਾ, ਕੋਚ ਇੰਦਰਪਾਲ ਸਿੰਘ, ਕੋਚ ਬਿੰਦੂ ਫਰਾਲਾ, ਬਾਰੂ ਰੁੜਕਾ ਤੇ ਅਵਤਾਰ ਸਿੰਘ ਬਾਜਵਾ ਤੇ ਜੱਸਾ ਰੁੜਕਾ ਨੂੰ ਵੀ ਸਨਮਾਨਿਤ ਕੀਤਾ। ਇਸ ਕੱਪ ਦੌਰਾਨ ਵਾਈ.ਐਫ.ਸੀ. ਰੁੜਕਾ ਕਲਾਂ ਦੀ ਫੁੱਟਬਾਲ ਲੀਗ ਵੀ ਨੇਪਰੇ ਚੜ੍ਹੀ। ਇਸ ਇਲਾਕੇ ਦੇ 20 ਪ੍ਰਾਇਮਰੀ ਸਕੂਲਾਂ ਦੀਆਂ ਫੁੱਟਬਾਲ ਟੀਮਾਂ ਨੇ ਇਸ ਮੌਕੇ ਮਾਰਚ ਪਾਸਟ ਕਰਕੇ ਵਿਲੱਖਣ ਮਾਹੌਲ ਸਿਰਜ ਦਿੱਤਾ। ਬੱਬੂ ਮਾਨ ਦੇ ਅਖਾੜੇ ਨਾਲ ਰੁੜਕਾ ਕੱਪ ਨੇਪਰੇ ਚੜ੍ਹਿਆ।
-ਪਟਿਆਲਾ। ਮੋਬਾ: 94784-70575

ਦਰਸ਼ਕਾਂ ਦੇ ਦਿਲਾਂ 'ਚ ਛਾਪ ਛੱਡ ਗਿਆ ਸਮਰਾਲੇ ਦਾ ਖੇਡ ਮੇਲਾ

ਕਬੱਡੀ ਦੇ ਮੱਕੇ ਵਜੋਂ ਜਾਣਿਆ ਜਾਂਦਾ ਮਾਲਵਾ ਕਾਲਜ ਬੌਂਦਲੀ ਦੇ ਖੇਡ ਮੈਦਾਨ ਵਿਚ ਕਰਵਾਇਆ ਜਾਣ ਵਾਲਾ ਸਮਰਾਲੇ ਦਾ ਖੇਡ ਮੇਲਾ ਦਿਲਾਂ ਵਿਚ ਆਪਣੀ ਵੱਖਰੀ ਛਾਪ ਛੱਡ ਗਿਆ। ਮਾਲਵਾ ਸਪੋਰਟਸ ਐਸੋਸੀਏਸ਼ਨ ਸਮਰਾਲਾ ਵੱਲੋਂ ਪਿੱਛਲੇ ਦੋ ਦਹਾਕਿਆਂ ਤੋਂ ਇਨ੍ਹਾਂ ਖੇਡ ਮੈਦਾਨਾਂ ਵਿਚ ਹਰ ਸਾਲ ਕਬੱਡੀ ਤੋਂ ਇਲਾਵਾਂ ਹੋਰ ਕਈ ਵਿਰਾਸਤੀ ਖੇਡਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਂਦਾ ਹੈ। ਭਾਵੇਂ ਇਸ ਸਾਲ ਮਾਣਯੋਗ ਸੁਪਰੀਮ ਕੋਰਟ ਵੱਲੋਂ ਬੈਲ ਗੱਡੀਆਂ ਦੀਆਂ ਦੌੜਾਂ 'ਤੇ ਲਗਾਈ ਰੋਕ ਕਾਰਨ ਦਰਸ਼ਕਾਂ ਅਤੇ ਪ੍ਰਬੰਧਕਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲੀ, ਪ੍ਰੰਤੂ ਫਿਰ ਵੀ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਢਿੱਲੋਂ, ਚੇਅਰਮੈਨ ਹਰਭਜਨ ਸਿੰਘ ਲੁਧਿਆਣਾ, ਸੀਨੀ: ਮੀਤ ਪ੍ਰਧਾਨ ਕਬੱਡੀ ਕੋਚ ਹਰਬੰਸ ਸਿੰਘ, ਮੀਤ ਪ੍ਰਧਾਨ ਬਿਕਰਮ ਭਨੋਟ, ਜਨ: ਸਕੱਤਰ ਜਗਤਾਰ ਸਿੰਘ ਭੱਟੀ, ਖਜ਼ਾਨਚੀ ਰਛਪਾਲ ਸਿੰਘ ਕੰਗ ਅਤੇ ਟੈਕਨੀਕਲ ਐਡਵਾਈਜ਼ਰ ਮੇਜਰ ਸਿੰਘ ਗਹਿਲੇਵਾਲ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ ਇਹ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ। ਇਸ ਖੇਡ ਮੇਲੇ ਵਿਚ ਜਿਥੇ ਪੰਜਾਬ ਦੇ ਹਰ ਇਕ ਜ਼ਿਲ੍ਹੇ ਤੋਂ ਅਥਲੈਟਿਕਸ ਲੜਕੇ-ਲੜਕੀਆਂ ਨੇ ਸ਼ਾਮਿਲ ਹੋ ਕੇ ਖੇਡ ਦਾ ਮੁਜ਼ਾਹਰਾ ਕੀਤਾ, ਉੱਥੇ ਹੀ ਘੋੜਿਆਂ, ਕੁੱਤਿਆਂ ਅਤੇ ਟਰੈਕਟਰਾਂ ਦੀਆਂ ਦੌੜਾਂ ਵੀ ਖਿੱਚ ਦਾ ਕੇਂਦਰ ਰਹੀਆਂ। ਸੰਸਾਰ ਦੀਆਂ ਪ੍ਰਸਿੱਧ ਅੱਠ ਸਿਰਕੱਢ ਕਬੱਡੀ ਅਕੈਡਮੀਆਂ 'ਚ ਸ਼ਾਮਿਲ ਕੌਮਾਤਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਕਬੱਡੀ ਦਾ ਹਰ ਇੱਕ ਮੈਚ ਬਹੁਤ ਰੁਮਾਂਚਕ ਸੀ ਤੇ ਜਿੱਤ-ਹਾਰ ਦਾ ਫ਼ੈਸਲਾ ਸਿਰਫ਼ ਦੋ ਜਾਂ ਚਾਰ ਅੰਕਾਂ ਦੇ ਫਾਸਲੇ ਨਾਲ ਹੀ ਤੈਅ ਹੁੰਦਾ ਰਿਹਾ। ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਮਲਕੀਤ ਸਿੰਘ ਢਿੱਲੋਂ, ਹਰਭਜਨ ਸਿੰਘ ਚੇਅਰਮੈਨ ਲੁਧਿਆਣਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ, ਪਵਨਦੀਪ ਸਿੰਘ ਮਾਦਪੁਰ, ਬਰਜਿੰਦਰ ਸਿੰਘ ਬਬਲੂ, ਗੋਲੂ ਕੈਨੇਡਾ, ਚਰਨਜੀਤ ਸਿੰਘ ਬਿਜਲੀਪੁਰ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਆਲਮਦੀਪ ਸਿੰਘ ਮੱਲਮਾਜਰਾ, ਟੋਨੀ ਖੀਰਨੀਆਂ, ਜੁਝਾਰ ਸਿੰਘ ਕੈਨੇਡਾ, ਪਰਮਿੰਦਰ ਸਿੰਘ ਪਾਲਮਾਜਰਾ ਅਤੇ ਅਰਵਿੰਦਰਪਾਲ ਸਿੰਘ ਰਾਜੂ ਵੱਲੋਂ ਇੱਕ-ਇੱਕ ਕਬੱਡੀ 'ਤੇ ਹਜ਼ਾਰਾਂ ਰੁਪਏ ਲਗਾ ਕੇ ਜਿੱਥੇ ਖਿਡਾਰੀਆਂ ਦੇ ਮਨੋਬਲ 'ਚ ਵਾਧਾ ਕੀਤਾ, ਉੱਥੇ ਖੇਡ ਮੇਲੇ ਵੇਖਣ ਆਏ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ। ਖੇਡ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਆਪਣੇ ਗੀਤਾਂ ਰਾਹੀਂ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
-ਪੱਤਰਕਾਰ ਸਮਰਾਲਾ। ਮੋਬਾਈਲ : 9914436666

ਪੇਂਡੂ ਖੇਡ ਮੇਲਿਆਂ ਵਿਚ ਫੁੱਟਬਾਲ ਹੋਇਆ ਅਲੋਪ


ਕੋਈ ਜ਼ਮਾਨਾ ਹੋਇਆ ਕਰਦਾ ਸੀ ਜਦੋਂ ਕਿਸੇ ਇਕ ਪਿੰਡ ਵਿਚ ਜੇਕਰ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਕਰਦਾ ਸੀ ਤਾਂ ਆਲੇ-ਦੁਆਲੇ ਦੇ ਘੱਟੋ-ਘੱਟ ਦਸ ਪਿੰਡਾਂ ਦੇ ਲੋਕ ਇਸ ਫੁੱਟਬਾਲ ਦੇ ਮੈਚਾਂ ਨੂੰ ਵੇਖਣ ਆਉਂਦੇ ਸਨ, ਜਿਨ੍ਹਾਂ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਸ਼ਾਮਲ ਹੁੰਦੇ ਸਨ। ਤਿੰਨ ਦਿਨਾ ਫੁੱਟਬਾਲ ਕੱਪ ਕਿਸੇ ਮੇਲੇ ਤੋਂ ਘੱਟ ਨਹੀਂ ਸੀ ਹੋਇਆ ਕਰਦੇ। ਬੜੀ ਦੂਰ-ਦੁਰਾਡੇ ਦੀਆਂ ਟੀਮਾਂ ਨੇ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਖੇਡ ਵਿਖਾਉਣ ਪਹੁੰਚਣਾ, ਭਾਵੇਂ ਫੈਸਲਾ ਉਨ੍ਹਾਂ ਦੇ ਪੱਖ 'ਚ ਹੋਵੇ ਭਾਵੇ ਨਾ ਹੋਵੇ। ਉਨ੍ਹਾਂ ਸਮਿਆਂ ਵਿਚ ਨੌਜਵਾਨਾਂ ਵਿਚ ਇਕ ਜ਼ਿੱਦ ਹੋਇਆ ਕਰਦੀ ਸੀ ਕਿ ਫੁੱਟਬਾਲ ਵਿਚ ਇਕ ਨਾ ਇਕ ਦਿਨ ਨਾਂਅ ਬਣਾਉਣਾ ਹੈ। ਪਰ ਇਹ ਪਤਾ ਹੁੰਦਿਆਂ ਕਿ ਭਾਰਤ ਵਿਚ ਫੁੱਟਬਾਲ ਦਾ ਭਵਿੱਖ ਕੋਈ ਬਹੁਤਾ ਵਧੀਆ ਨਹੀਂ ਹੈ, ਫਿਰ ਵੀ ਨੌਜਵਾਨ ਇਸ ਖੇਡ ਪ੍ਰਤੀ ਆਪਣਾ ਲਗਾਅ ਰੱਖਦੇ ਸਨ। ਸ਼ਾਮ ਨੂੰ ਆਪਣੇ ਸਭ ਕੰਮ-ਕਾਰ ਛੱਡ ਕੇ ਨੌਜਵਾਨ ਪਿੰਡ ਦੇ ਖੇਡ ਮੈਦਾਨ ਵਿਚ ਇਕੱਠੇ ਹੋ ਕੇ ਦੋ ਟੀਮਾਂ ਵੰਡ ਕੇ ਆਪਸ ਵਿਚ ਉਦੋਂ ਤੱਕ ਖੇਡਦੇ ਸਨ, ਜਦੋਂ ਤੱਕ ਹਨੇਰਾ ਨਾ ਹੋ ਜਾਵੇ। ਫਿਰ ਬਾਅਦ ਵਿਚ ਇਕ-ਦੂਜੇ ਨੂੰ ਮਖੌਲਾਂ ਕਰਨੀਆਂ, ਜਦੋਂ ਇਕ ਟੀਮ ਜਿੱਤ ਜਾਂਦੀ ਤਾਂ ਦੂਜੀ ਹਾਰੀ ਹੋਈ ਟੀਮ ਨੇ ਇਕ ਹੋਰ ਚੈਲੇਂਜ ਕਰਨਾ ਕਿ ਕੱਲ੍ਹ ਨੂੰ ਮੈਚ ਵਿਚ ਉਹ ਇਸ ਹਾਰ ਨੂੰ ਉਤਾਰ ਦੇਣਗੇ। ਪਰ ਅੱਜ ਦੇ ਸਮੇਂ ਵਿਚ ਇਹ ਸਭ ਕੁਝ ਇਕ ਅੱਖ ਦੇ ਝਪੱਕੇ ਵਾਂਗ ਅਲੋਪ ਹੋ ਗਿਆ ਜਾਪਦਾ ਹੈ।
ਲਗਭਗ 70 ਫੀਸਦੀ ਫੁੱਟਬਾਲ ਖੇਡ ਪਿੰਡਾਂ ਵਿਚੋਂ ਅਲੋਪ ਹੋ ਚੁੱਕੀ ਹੈ। ਕੇਵਲ ਵੱਡੇ ਪੱਧਰ 'ਤੇ ਹੋਣ ਵਾਲੇ ਪੇਂਡੂ ਖੇਡ ਮੇਲਿਆਂ ਵਿਚ ਹੀ ਫੁੱਟਬਾਲ ਮੈਚ ਕਰਵਾਏ ਜਾਂਦੇ ਹਨ, ਬਾਕੀ ਪੇਂਡੂ ਖੇਡ ਮੇਲਿਆਂ ਵਿਚੋਂ ਫੁੱਟਬਾਲ ਪੂਰੀ ਤਰ੍ਹਾਂ ਸਫਾ ਚੱਟ ਹੋ ਚੁੱਕੀ ਹੈ। ਪਿੰਡਾਂ ਦੇ ਖੇਡ ਪ੍ਰਮੋਟਰਾਂ ਨੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਉਣੇ ਹੀ ਬੰਦ ਕਰ ਦਿੱਤੇ ਹਨ, ਜਿਸ ਦੀ ਵਜ੍ਹਾ ਇਕੋ-ਇਕ ਹੈ ਕਿ ਨੌਜਵਾਨਾਂ ਨੂੰ ਫੁੱਟਬਾਲ ਵਿਚ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਹੁਣ ਉਹ ਜ਼ਮਾਨਾ ਚੱਲ ਰਿਹਾ ਹੈ ਕਿ ਜਿਥੇ ਹਰ ਇਕ ਨੌਜਵਾਨ ਆਪਣੇ ਸ਼ੌਕ ਨੂੰ ਇਕ ਪਾਸੇ ਰੱਖ ਇਕ ਰੁਜ਼ਗਾਰ ਵਾਲੀ ਖੇਡ ਵਿਚ ਹਿੱਸਾ ਲੈਣਾ ਚਾਹੁੰਦਾ ਹੈ। ਜੋ ਭਰਮ ਉਨ੍ਹਾਂ ਨੂੰ ਕ੍ਰਿਕਟ ਦੀ ਖੇਡ ਵਿਚ ਜ਼ਿਆਦਾ ਦਿਖਾਈ ਦੇ ਰਿਹਾ ਹੈ, ਪਰ ਇਹ ਭੋਲੇ ਨੌਜਵਾਨਾਂ ਨੂੰ ਕੀ ਪਤਾ ਕਿ ਕ੍ਰਿਕਟ ਵਿਚ ਆਪਣੇ ਪੈਰ ਜਮਾਉਣੇ ਖਾਲਾ ਜੀ ਦਾ ਵਾੜਾ ਨਹੀਂ ਹੈ। ਦੂਜੇ ਪਾਸੇ ਸਾਡੇ ਮੁਲਕ ਦੀ ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਸਾਡੀਆਂ ਸਰਕਾਰਾਂ ਇਹੋ ਜਿਹੀਆਂ ਖੇਡਾਂ ਨੂੰ ਪ੍ਰਮੋਟ ਕਰਨਾ ਹੀ ਨਹੀਂ ਚਾਹੁੰਦੀਆਂ, ਜਿਸ ਵਿਚ ਨੌਜਵਾਨ, ਖੇਡ ਦੇ ਨਾਲ-ਨਾਲ ਸਿਹਤਮੰਦ ਵੀ ਰਹਿ ਸਕਣ। ਸ਼ਾਇਦ ਇਹੀ ਕਾਰਨ ਹੈ ਕਿ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲੱਗ ਚੁੱਕੀ ਹੈ। ਪਿੰਡਾਂ ਵਿਚ ਕੇਵਲ ਤੇ ਕੇਵਲ ਅੱਜ ਦੇ ਸਮੇਂ ਵਿਚ ਦੋ ਖੇਡਾਂ ਰਹਿ ਗਈਆਂ ਹਨ, ਪਹਿਲੀ ਕਬੱਡੀ ਤੇ ਦੂਜੀ ਕ੍ਰਿਕਟ। ਜੇ ਵੇਖਿਆ ਜਾਵੇ ਤਾਂ ਪਿੰਡਾਂ ਵਿਚ ਅਜੇ ਵੀ ਫੁੱਟਬਾਲ ਦੇ ਚਾਹੁਣ ਵਾਲੇ ਬਹੁਤ ਹਨ, ਪਰ ਉਹ ਪਿੰਡਾਂ ਵਿਚ ਵੱਡੇ ਪੱਧਰ 'ਤੇ ਖੇਡ ਮੇਲੇ ਕਰਵਾਉਣ ਤੋਂ ਅਸਮਰੱਥ ਹਨ। ਇਸ ਦਾ ਮਤਲਬ ਇਹ ਨਹੀਂ ਕਿ ਬਾਕੀ ਦੀਆਂ ਖੇਡਾਂ ਨੂੰ ਬੰਦ ਕਰਵਾ ਦਿੱਤਾ ਜਾਵੇ, ਸਗੋਂ ਖੇਡ ਵਿਭਾਗ ਵੱਲੋਂ ਫੁੱਟਬਾਲ ਦੀ ਖੇਡ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ।
ਇਹ ਖੇਡ ਪ੍ਰਮੋਟ ਤਦ ਹੀ ਹੋ ਸਕੇਗੀ ਜੇਕਰ ਇਸ ਖੇਡ ਨਾਲ ਸਬੰਧਤ ਪਿੰਡਾਂ ਦੇ ਵਧੀਆ ਖਿਡਾਰੀਆਂ ਨੂੰ ਖੇਡਣ ਲਈ ਵਧੀਆ ਖੇਡ ਮੈਦਾਨ ਤੇ ਮੁਫਤ ਕਿੱਟਾਂ ਮੁਹੱਈਆ ਕਰਵਾਈਆਂ ਜਾਣ। ਅੱਜ ਵੀ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਹਨ ਜੋ ਕਿ ਫੁੱਟਬਾਲ ਖੇਡ ਦੇ ਮਾਸਟਰ ਹਨ। ਪਿੰਡਾਂ ਦੇ ਨੌਜਵਾਨ ਜੋਸ਼ ਨਾਲ ਭਰੇ ਪਏ ਹਨ ਤੇ ਇਸ ਵਕਤ ਉਹ ਕ੍ਰਿਕਟ ਵਰਗੀਆਂ ਖੇਡਾਂ ਉਪਰ ਆਪਣਾ ਜ਼ੋਰ ਅਜਾਈਂ ਗਵਾ ਰਹੇ ਹਨ। ਬਸ ਲੋੜ ਹੈ ਕਿ ਉਨ੍ਹਾਂ ਕੋਲ ਇਕ ਵਧੀਆ ਕਿੱਟ ਹੋਵੇ, ਮੈਦਾਨ ਹੋਵੇ ਤੇ ਇਕ ਵਧੀਆ ਕੋਚ ਹੋਵੇ, ਤਾਂ ਜੋ ਇਹ ਪਿੰਡਾਂ ਦੇ ਨੌਜਵਾਨ ਮੁੜ ਆਪਣੀ ਹਰਮਨ ਪਿਆਰੀ ਖੇਡ ਫੁੱਟਬਾਲ ਨੂੰ ਦੁਬਾਰਾ ਆਪਣੇ ਦਿਲਾਂ ਵਿਚ ਸੁਰਜੀਤ ਕਰ ਸਕਣ। ਆਪਣੇ ਸ਼ੌਕ ਦੇ ਨਾਲ-ਨਾਲ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਵੀ ਵਿਖਾਈ ਦੇਵੇ। ਸ਼ਾਇਦ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਪਿੰਡਾਂ ਵਿਚੋਂ ਫੁੱਟਬਾਲ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ। ਹੁਣ ਫੁੱਟਬਾਲ ਦੀ ਜਗ੍ਹਾ ਹੋਰਨਾਂ ਖੇਡਾਂ ਜਿਵੇਂ ਕਬੱਡੀ ਤੇ ਕ੍ਰਿਕਟ ਦੇ ਟੂਰਨਾਮੈਂਟ ਹੋਣ ਲੱਗ ਗਏ ਹਨ। ਸਰਕਾਰਾਂ ਤੇ ਖੇਡ ਵਿਭਾਗਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਖੇਡਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ। ਸਮੇਂ-ਸਮੇਂ 'ਤੇ ਪੇਂਡੂ ਖੇਡ ਮੇਲਿਆਂ ਵਿਚ ਫੁੱਟਬਾਲ ਖੇਡ ਹੋਣਾ ਲਾਜ਼ਮੀ ਕੀਤਾ ਜਾਵੇ ਅਤੇ ਜੋ ਨੌਜਵਾਨ ਇਸ ਖੇਡ ਨੂੰ ਛੱਡ ਕੇ ਹੋਰਨਾਂ ਖੇਡਾਂ ਨਾਲ ਜੁੜੇ ਹਨ, ਉਹ ਮੁੜ ਇਸ ਖੇਡ ਵਿਚ ਆਪਣੀ ਰੁਚੀ ਪੈਦਾ ਕਰ ਸਕਣ।
-ਪਿੰਡ ਬਰਮਾਲੀਪੁਰ (ਲੁਧਿਆਣਾ)।
ਮੋਬਾ: 95015-82626

ਹਾਕੀ ਇੰਡੀਆ ਲੀਗ ਦੇ ਆਯੋਜਨ ਨੂੰ ਵਧੇਰੇ ਆਕਰਸ਼ਕ ਬਣਾਉਣ ਦੀ ਲੋੜ


ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਅਤੇ ਆਸਟ੍ਰੇਲੀਅਨ ਹਾਕੀ ਕੋਚ ਬੈਰੀ ਡਾਂਸਰ ਦੀ ਟੀਮ ਜੇ. ਪੀ. ਪੰਜਾਬ ਵਾਰੀਅਰਜ਼ ਨੇ ਹਾਕੀ ਇੰਡੀਆ ਲੀਗ ਦੇ ਫਾਈਨਲ 'ਚ ਕਲਿੰਗਾ ਲੈਂਸਰਜ਼ ਦੀ ਟੀਮ ਨੂੰ 6-1 ਨਾਲ ਹਰਾ ਕੇ ਹਾਕੀ ਲੀਗ ਦਾ ਖਿਤਾਬ ਪਹਿਲੀ ਵਾਰ ਜਿੱਤਿਆ। ਸਹਾਇਕ ਕੋਚ ਜਗਬੀਰ ਸਿੰਘ ਦੀ ਰਹਿਨੁਮਾਈ ਵੀ ਵਧਾਈ, ਜੋ ਕਾਬਲੇ-ਤਾਰੀਫ਼ ਹੈ। ਯਾਦ ਰਹੇ ਕਿ ਸੈਮੀਫਾਈਨਲ 'ਚ ਪੰਜਾਬ ਵਾਰੀਅਰਜ਼ ਨੇ ਦਿੱਲੀ ਵੇਵਰਾਈਡਰ ਨੂੰ 3-1 ਨਾਲ ਹਰਾਇਆ ਸੀ। ਸਮੁੱਚੀ ਲੀਗ 'ਚ ਪੰਜਾਬ ਵਾਰੀਅਰਜ਼ ਟੀਮ ਦਾ ਪ੍ਰਦਰਸ਼ਨ ਪ੍ਰਸੰਸਾਯੋਗ ਰਿਹਾ। ਟੀਮ ਦੇ ਚੀਫ ਕੋਚ ਬੈਰੀ ਡਾਂਸਰ ਨੇ ਆਪਣੀ ਰਣਨੀਤੀ ਨਾਲ ਸਭ ਟੀਮਾਂ ਦੇ ਕੋਚਾਂ ਨੂੰ ਚੰਗਾ ਡਾਂਸ ਕਰਵਾਇਆ। ਇਸ ਲੀਗ 'ਚ ਚੈਂਪੀਅਨ ਬਣਨ ਵਾਲੀ ਟੀਮ ਦੀ ਤ੍ਰਾਸਦੀ ਇਹ ਰਹੀ ਕਿ ਇਸ ਨੂੰ ਘਰੇਲੂ ਮੈਦਾਨ 'ਚ ਕਦੇ ਜ਼ਿਆਦਾ ਸਨਮਾਨ ਨਹੀਂ ਮਿਲਿਆ। ਦੇਖ ਦੇ ਵੱਖ-ਵੱਖ ਸ਼ਹਿਰਾਂ ਭੁਵਨੇਸ਼ਵਰ, ਲਖਨਊ, ਰਾਂਚੀ, ਮੁੰਬਈ ਤੋਂ ਤਾਂ ਹਾਕੀ ਪ੍ਰੇਮੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਪਰ ਪੰਜਾਬ ਵਾਰੀਅਰਜ਼ ਟੀਮ ਨੂੰ ਆਪਣੇ ਘਰੇਲੂ ਮੈਦਾਨ ਚੰਡੀਗੜ੍ਹ ਤੋਂ ਭਰਵਾਂ ਹੁੰਗਾਰਾ ਨਹੀਂ ਮਿਲਿਆ। ਹਾਕੀ ਇੰਡੀਆ ਨੇ ਜਲੰਧਰ ਵੀ ਦੇਖ ਲਿਆ, ਤਦ ਹੀ ਚੰਡੀਗੜ੍ਹ ਪੰਜਾਬ ਵਾਰੀਅਰਜ਼ ਦਾ ਘਰੇਲੂ ਮੈਦਾਨ ਬਣਾਇਆ। ਹੁਣ ਉਹ ਵੀ ਦੇਖ ਲਿਆ। ਹੁਣ ਵਾਰੀ ਅੰਮ੍ਰਿਤਸਰ ਸ਼ਹਿਰ ਦੀ ਹੈ। ਇਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟਰਫ 'ਚ ਉਹ ਸਾਰੀਆਂ ਸਹੂਲਤਾਂ ਪੈਦਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੇ ਐਡੀਸ਼ਨਾਂ 'ਚ ਇਸ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਦੀ ਮੇਜ਼ਬਾਨ ਬਣਨ ਦੀ ਵਾਰੀ ਵੀ ਆਵੇ।
ਕਲਿੰਗਾ ਲੈਂਸਰਜ਼, ਦਿੱਲੀ ਵੇਵਰਾਈਡਰ, ਦਬੰਗ ਮੁੰਬਈ, ਉੱਤਰ ਪ੍ਰਦੇਸ਼ ਵਿਜ਼ਾਰਡਜ਼ ਅਤੇ ਪੰਜਾਬ ਵਾਰੀਅਰਜ਼ ਟੀਮਾਂ ਨੇ ਇਸ ਚੌਥੇ ਐਡੀਸ਼ਨ ਲਈ ਆਪਣਾ ਦਮਖਮ ਦਿਖਾਇਆ। ਅਸੀਂ ਹਾਕੀ ਇੰਡੀਆ ਵੱਲੋਂ ਹਰ ਵਰ੍ਹੇ ਇਸ ਪ੍ਰਕਾਰ ਦੀ ਲੀਗ ਦੇ ਆਯੋਜਨ ਦਾ ਤਾਂ ਸਤਿਕਾਰ ਕਰਦੇ ਹਾਂ ਪਰ ਇਹ ਲੀਗ ਜੋ ਰੂਪ ਅਖ਼ਤਿਆਰ ਕਰ ਰਹੀ ਹੈ, ਉਹ ਕਾਬਲੇ-ਤਾਰੀਫ ਨਹੀਂ ਹੈ। ਜੇ ਇਸ ਲੀਗ ਨੂੰ ਆਯੋਜਤ ਕਰਵਾਉਣ ਦਾ ਪ੍ਰਾਯੋਜਨ ਹਾਕੀ ਖੇਡ ਨੂੰ ਭਾਰਤ ਵਿਚ ਬੁਲੰਦੀਆਂ 'ਤੇ ਪਹੁੰਚਾਉਣ ਦਾ ਇਰਾਦਾ ਹੈ ਜਾਂ ਭਾਰਤ ਦੀ ਹਾਕੀ 'ਚ ਸੁਧਾਰ ਦੀ ਮਨਸ਼ਾ ਤਾਂ ਹਾਕੀ ਇੰਡੀਆ ਲੀਗ ਦੇ ਪ੍ਰਬੰਧਕ ਇਸ 'ਚ ਪੂਰੀ ਤਰ੍ਹਾਂ ਸਫਲ ਨਹੀਂ, ਸਗੋਂ ਇਕ ਪੱਖੋਂ ਜ਼ਿਆਦਾ ਅਸਫਲਤਾ ਹੀ ਨਜ਼ਰ ਆਉਂਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਲੀਗ 'ਚ ਭਾਰਤ ਦੇ ਉਹ ਵੱਡੀ ਉਮਰ ਦੇ ਖਿਡਾਰੀ ਵੀ ਖੇਡ ਰਹੇ ਹਨ, ਜਿਨ੍ਹਾਂ ਦਾ ਮੁੜ ਕਦੇ ਭਾਰਤੀ ਹਾਕੀ ਟੀਮ 'ਚ ਪ੍ਰਵੇਸ਼ ਕਰਨ ਦਾ ਕੋਈ ਰਾਹ ਨਹੀਂ, ਕੋਈ ਮੌਕਾ ਨਹੀਂ। ਸਾਡੀ ਜਾਚੇ ਇਸ ਲੀਗ 'ਚ ਜ਼ਿਆਦਾ ਭਾਰਤੀ ਹਾਕੀ ਟੀਮ ਦੇ ਮੌਜੂਦਾ ਖਿਡਾਰੀਆਂ ਦੇ ਨਾਲ-ਨਾਲ ਕੌਮੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਜੂਨੀਅਰ ਖਿਡਾਰੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਪਰ ਇਥੇ ਤਾਂ ਆਲਮ ਹੀ ਹੋਰ ਹੈ। ਬਾਹਰਲੇ ਦੇਸ਼ਾਂ ਦੇ ਬਹੁਤ ਵਧੇਰੀ ਉਮਰ ਦੇ ਖਿਡਾਰੀ ਵੀ ਖੇਡ ਰਹੇ ਹਨ। ਹਾਕੀ ਇੰਡੀਆ ਅਤੇ ਵੱਖ-ਵੱਖ ਟੀਮਾਂ ਦੇ ਸਪਾਂਸਰਾਂ ਨੂੰ ਇਸ ਸਭ ਕਾਸੇ ਨੂੰ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ। ਇਸ ਚੌਥੇ ਐਡੀਸ਼ਨ 'ਚ ਅਸੀਂ ਸੋਚਿਆ ਸੀ ਕਿ ਹਾਕੀ ਇੰਡੀਆ ਲੀਗ ਵਧੇਰੇ ਪ੍ਰਭਾਵਸ਼ਾਲੀ ਅਤੇ ਲੋਕਪ੍ਰਿਆ ਹੋਵੇਗੀ ਪਰ ਹੋਇਆ ਇਸ ਤੋਂ ਉਲਟ। ਵੱਖ-ਵੱਖ ਸ਼ਹਿਰਾਂ 'ਚ ਇਸ ਦਾ ਆਯੋਜਨ ਬਹੁਤ ਆਕਰਸ਼ਕ ਨਹੀਂ ਸੀ, ਭਾਵੇਂ ਪੰਜਾਬ ਨੂੰ ਛੱਡ ਦੇਸ਼ ਦੇ ਸਭ ਸ਼ਹਿਰਾਂ 'ਚ ਹਾਕੀ ਪ੍ਰੇਮੀਆਂ ਦਾ ਚੰਗਾ ਇਕੱਠ ਦੇਖਣ ਨੂੰ ਮਿਲਿਆ ਪਰ ਆਮ ਦਰਸ਼ਕਾਂ ਨੂੰ ਹਾਕੀ ਵੱਲ ਖਿੱਚਣ ਦੇ ਉਪਰਾਲੇ ਘੱਟ ਸਨ। ਇਸ ਲੀਗ 'ਚ ਵਧੇਰੇ ਪੈਸਾ ਆਇਆ। ਇਸ ਲੀਗ 'ਚ ਖਿਡਾਰੀ ਬਹੁਤ ਮਹਿੰਗੇ ਵਿਕੇ, ਇਸ ਲੀਗ 'ਚ ਵਧੇਰੇ ਵਿਦੇਸ਼ੀ ਕੋਚਾਂ-ਖਿਚਾਰੀਆਂ ਨੇ ਭਾਗ ਲਿਆ। ਇਸ ਲੀਗ 'ਚ ਇਨਾਮੀ ਰਾਸ਼ੀ ਬਹੁਤ ਵਧ ਗਈ। ਜੇ ਹਾਕੀ ਇੰਡੀਆ ਇਸ ਸਭ ਕਾਸੇ ਨੂੰ ਲੀਗ ਦੀ ਸਫਲਤਾ ਸਮਝ ਰਹੀ ਹੈ ਤਾਂ ਉਹ ਬਹੁਤ ਵੱਡੇ ਭੁਲੇਖੇ 'ਚ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਦੁਨੀਆ ਦੀ ਇਕ ਬਹੁਤ ਵੱਡੀ ਅਤੇ ਮਹਿੰਗੀ ਹਾਕੀ ਲੀਗ ਦਾ ਆਯੋਜਨ ਬਹੁਤ ਨੀਰਸ ਹੈ ਅਤੇ ਆਕਰਸ਼ਿਕ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਹਾਕੀ ਫੈਡਰੇਸ਼ਨ ਵੱਲੋਂ ਕਰਵਾਈ ਗਈ ਪੀ. ਐੱਚ. ਐੱਲ. ਦਾ ਆਯੋਜਨ ਇਸ ਹਾਕੀ ਇੰਡੀਆ ਲੀਗ ਦੇ ਆਯੋਜਨ ਤੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਸੀ। ਵਧੇਰੇ ਲੋਕਪ੍ਰਿਆ ਸੀ ਉਹ। ਲੀਗ ਦੇ ਸਾਰੇ ਮੈਚਾਂ ਦੀ ਕੁਮੈਂਟਰੀ ਵੀ ਪ੍ਰਭਾਵਸ਼ਾਲੀ ਨਹੀਂ ਸੀ। ਵੱਖ-ਵੱਖ ਥਾਵਾਂ 'ਤੇ ਲੀਗ ਨੂੰ ਰੁਮਾਂਚਿਕ ਬਣਾਉਣ ਵਾਲੇ ਐਂਕਰਾਂ ਦੀ ਘਾਟ ਬਹੁਤ ਰੜਕੀ। ਹਾਕੀ ਨੂੰ ਵਧੇਰੇ ਰੁਮਾਂਚਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਦੀ ਜ਼ਿਆਦਾ ਇਸ਼ਤਿਹਾਰਬਾਜ਼ੀ, ਮਸ਼ਹੂਰੀ ਵੀ ਨਹੀਂ ਹੋਈ। ਅਸੀਂ ਆਸ ਕਰਦੇ ਹਾਂ ਕਿ ਪੰਜਵੇਂ ਐਡੀਸ਼ਨ ਲਈ ਹਾਕੀ ਇੰਡੀਆ ਇਨ੍ਹਾਂ ਪੱਖਾਂ ਨੂੰ ਗੰਭੀਰਤਾ ਨਾਲ ਸੋਚੇਗੀ।
-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਆਖ਼ਰ ਖੇਡ ਐਸੋਸੀਏਸ਼ਨਾਂ 'ਚ ਔਰਤਾਂ ਹਾਸ਼ੀਏ 'ਤੇ ਕਿਉਂ?


ਕਿਹਾ ਜਾਂਦਾ ਹੈ ਕਿ ਔਰਤਾਂ ਇਕ ਟੀ ਬੈਗ ਦੀ ਤਰ੍ਹਾਂ ਹੁੰਦੀਆਂ ਹਨ, ਤੁਸੀਂ ਕਦੇ ਵੀ ਉਸ ਦੀ ਤਾਕਤ, ਹਿੰਮਤ ਦਾ ਅੰਦਾਜ਼ਾ ਉਦੋਂ ਤੱਕ ਨਹੀਂ ਲਗਾ ਸਕਦੇ ਜਦੋਂ ਤੱਕ ਉਸ ਨੂੰ ਗਰਮ ਪਾਣੀ ਵਿਚ ਨਾ ਪਾਇਆ ਜਾਵੇ। ਇਕ ਔਰਤ ਨੂੰ ਬਿਨਾਂ ਮੌਕਾ ਦਿੱਤਿਆਂ ਉਸ ਦੀ ਯੋਗਤਾ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ। ਅੱਜ ਔਰਤਾਂ ਹਰ ਵਿਸ਼ੇ 'ਤੇ ਸੂਝਵਾਨ ਤਰਕ ਦੇ ਸਕਦੀਆਂ ਹਨ। ਸਰੀਰਕ ਤੌਰ 'ਤੇ ਜਾਂ ਖੇਡਾਂ ਵਿਚ ਮਰਦਾਂ ਨਾਲੋਂ ਵੀ ਅੱਗੇ ਹਨ। ਮਾਰਗਰੇਟ ਥੈਚਰ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਰਾਜਨੀਤੀ ਜਾਂ ਪ੍ਰਬੰਧਨ ਦਾ ਕੰਮ ਹੈ ਤਾਂ ਜੇਕਰ ਸਿਰਫ ਕੁਝ ਕਹਿਣਾ ਹੈ ਤਾਂ ਮਰਦਾਂ ਨੂੰ ਕਹੋ, ਪਰ ਜੇਕਰ ਕੰਮ ਨੂੰ ਕਰਵਾਉਣਾ ਹੈ ਤਾਂ ਔਰਤਾਂ ਨੂੰ ਕਿਹਾ ਜਾਵੇ। ਅੱਜ ਮਰਦਾਂ ਤੇ ਔਰਤਾਂ ਦੀਆਂ ਖੇਡ ਐਸੋਸੀਏਸ਼ਨਾਂ ਇਕੱਠੀਆਂ ਕੀਤੀਆਂ ਗਈਆਂ ਹਨ, ਪਰ ਫਿਰ ਵੀ ਔਰਤਾਂ ਹਾਸ਼ੀਏ 'ਤੇ ਹੀ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਬੇਸ਼ੱਕ ਇਨ੍ਹਾਂ ਦਾ ਇਕੱਠੇ ਹੋਣ ਦਾ ਖਾਮਿਆਜ਼ਾ ਔਰਤਾਂ ਨੂੰ ਹੀ ਭੁਗਤਣਾ ਪਿਆ ਹੈ। ਇਸ ਮਾਮਲੇ 'ਤੇ ਵੱਖ-ਵੱਖ ਖੇਡਾਂ ਵਿਚ ਨਾਮਣਾ ਖੱਟਣ ਵਾਲੀਆਂ ਅਰਜਨ ਐਵਾਰਡੀ ਖਿਡਾਰਨਾਂ ਨਾਲ ਇਸ ਵਿਸ਼ੇ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ :
ਐਸੋਸੀਏਸ਼ਨਾਂ ਵਨ ਮੈਨ ਸ਼ੋਅ ਬਣੀਆਂ
ਕਈ ਖੇਡ ਐਸੋਸੀਏਸ਼ਨਾਂ ਵਨ ਮੈਨ ਸ਼ੋਅ ਬਣੀਆਂ ਹਨ ਤੇ ਉਨ੍ਹਾਂ ਵਿਚ ਔਰਤਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਕੀਤੀ ਜਾਂਦੀ। ਚੋਣ ਭਾਵੇਂ ਲੜਕੀਆਂ ਦੀ ਟੀਮ ਦੀ ਹੋਵੇ ਪਰ ਪੁਰਸ਼ਾਂ ਨੂੰ ਅੱਗੇ ਕੀਤਾ ਜਾਂਦਾ ਹੈ ਤੇ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿਚ ਵੀ ਖਿਡਾਰਨ ਔਰਤਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਵੈਸੇ ਤਾਂ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣਾ ਬਣਦਾ ਹੈ ਪਰ ਖੇਡ ਐਸੋਸੀਏਸ਼ਨਾਂ ਵਿਚ ਮਰਦ ਹੀ ਚੌਧਰੀ ਬਣੇ ਬੈਠੇ ਹਨ। ਬੇਸ਼ੱਕ ਪੈਨਲ ਵਿਚ ਮਰਦਾਂ ਤੇ ਔਰਤਾਂ ਦੇ ਨਾਂਅ ਦਰਜ ਕੀਤੇ ਹੁੰਦੇ ਹਨ ਪਰ ਔਰਤਾਂ ਨੂੰ ਟੀਮਾਂ ਦੀ ਚੋਣ ਵੇਲੇ ਤੇ ਹੋਰ ਫੈਸਲਿਆਂ ਵਿਚ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਆਪਣੀ ਸੈਲਫ ਰਿਸਪੈਕਟ ਨੂੰ ਮਾਰ ਕੇ ਜ਼ਬਰਦਸਤੀ ਐਸੋਸੀਏਸ਼ਨਾਂ ਵਿਚ ਵੜਨਾ ਕੋਈ ਚੰਗੀ ਗੱਲ ਨਹੀਂ ਹੈ। ਔਰਤਾਂ ਕੋਲੋਂ ਸਪੋਰਟਸ ਦੀ ਤਰੱਕੀ, ਟੀਮ ਦੀ ਚੋਣ ਜਾਂ ਖੇਡ ਪ੍ਰਮੋਸ਼ਨ ਵਿਚ ਕੋਈ ਬਹੁਤਾ ਸਲਾਹ-ਮਸ਼ਵਰਾ ਨਹੀਂ ਲਿਆ ਜਾਂਦਾ। ਬਹੁਤੀਆਂ ਖੇਡ ਐਸੋਸੀਏਸ਼ਨਾਂ ਸਿਰਫ ਕੁਰਸੀਆਂ ਨੂੰ ਸੰਭਾਲਣ ਤੱਕ ਸੀਮਤ ਹਨ ਤੇ ਉਨ੍ਹਾਂ ਕੋਲ ਰਾਜ ਖੇਡ ਕੈਲੰਡਰ ਮੁਕੰਮਲ ਕਰਨ ਦਾ ਸਮਾਂ ਨਹੀਂ ਹੈ, ਪਰ ਔਰਤਾਂ ਨੂੰ ਬਰਾਬਰੀ ਦਾ ਮੌਕਾ ਦੇਣਾ ਚੰਗਾ ਨਹੀਂ ਸਮਝਦੇ। ਮਸਲਾ ਇਹ ਨਹੀਂ ਕਿ ਔਰਤਾਂ ਦਾ ਦਰਦ ਕਿੰਨਾ ਹੈ, ਮੁੱਦਾ ਇਹ ਹੈ ਕਿ ਤੁਹਾਨੂੰ ਪ੍ਰਵਾਹ ਕਿੰਨੀ ਹੈ।
-ਰਾਜਬੀਰ ਕੌਰ,
ਅਰਜਨਾ ਐਵਾਰਡੀ ਹਾਕੀ ਖਿਡਾਰਨ
ਔਰਤਾਂ ਨੂੰ ਖੇਡ ਐਸੋਸੀਏਸ਼ਨਾਂ ਵਿਚ ਬਰਾਬਰੀ ਦਾ ਦਰਜਾ ਮਿਲੇ
ਦੇਸ਼ ਦੀਆਂ ਖੇਡਾਂ ਵਿਚ ਔਰਤਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਖੇਡ ਐਸੋਸੀਏਸ਼ਨਾਂ ਵਿਚ ਵੀ ਔਰਤਾਂ ਦੀ ਪੂਰੀ ਹਿੱਸੇਦਾਰੀ ਬਣਦੀ ਹੈ ਤੇ ਉਨ੍ਹਾਂ ਨੂੰ ਦੇਣੀ ਵੀ ਚਾਹੀਦੀ ਹੈ। ਕੋਚ ਭਾਵੇਂ ਮਰਦ ਹੋਵੇ ਜਾਂ ਔਰਤ, ਉਸ ਨੂੰ ਖੇਡ ਐਸੋਸੀਏਸ਼ਨਾਂ ਵੱਲੋਂ ਸਤਿਕਾਰ ਦੇਣਾ ਚਾਹੀਦਾ ਹੈ ਤੇ ਔਰਤ ਤੇ ਪੁਰਸ਼ ਖਿਡਾਰੀਆਂ ਦੀ ਚੋਣ ਵੇਲੇ ਪੈਨਲ ਵਿਚ ਸ਼ਾਮਿਲ ਮਰਦ ਤੇ ਔਰਤ ਚੋਣਕਰਤਾਵਾਂ ਨੂੰ ਸੱਦਿਆ ਜਾਵੇ, ਤਾਂ ਹੀ ਇਹ ਸਫਲ ਹੋਵੇਗੀ। ਜਦੋਂ ਵੀ ਖੇਡ ਐਸੋਸੀਏਸ਼ਨਾਂ ਦੀਆਂ ਅਹਿਮ ਮੀਟਿੰਗਾਂ ਹੋਣ ਤਾਂ ਉਸ ਵਿਚ ਔਰਤਾਂ ਨੂੰ ਬਰਾਬਰੀ ਦੀ ਤਰਜੀਹ ਦਿੱਤੀ ਜਾਵੇ ਤਾਂ ਉਨ੍ਹਾਂ ਦਾ ਬਣਦਾ ਕੋਟਾ ਚੋਣ ਵੇਲੇ ਵੀ ਦਿੱਤਾ ਜਾਵੇ ਤੇ ਸਿਰਫ ਖਾਨਾਪੂਰਤੀ ਨਾ ਕੀਤੀ ਜਾਵੇ ਕਿ ਅਸੀਂ ਔਰਤ ਮੈਂਬਰਾਂ ਦੀ ਚੋਣ ਕਰ ਲਈ ਹੈ। ਅਜਿਹਾ ਕਰਨ ਨਾਲ ਹੀ ਸਾਡੇ ਰਾਜ ਤੇ ਦੇਸ਼ ਦੀਆਂ ਖੇਡਾਂ ਤਰੱਕੀ ਕਰਨਗੀਆਂ। ਉਲੰਪਿਕ ਖੇਡਾਂ ਤੇ ਏਸ਼ੀਅਨ ਖੇਡਾਂ ਵਿਚ ਔਰਤਾਂ ਨੇ ਮਰਦਾਂ ਦੇ ਨਾਲ ਬਰਾਬਰ ਦੇ ਤਗਮੇ ਜਿੱਤੇ ਹਨ ਤੇ ਉਹ ਹੱਕ ਵੀ ਬਰਾਬਰ ਦਾ ਮੰਗਦੀਆਂ ਹਨ।
-ਮਨਜੀਤ ਕੌਰ,
ਅਰਜਨ ਐਵਾਰਡੀ ਅਥਲੀਟ।
ਔਰਤਾਂ ਆਪਣੇ ਫ਼ੈਸਲੇ ਲੈਣ ਵਿਚ ਸਮਰੱਥ
ਖੇਡਾਂ ਦੇ ਖੇਤਰ ਵਿਚ ਕਈ ਅਜਿਹੇ ਫੈਸਲੇ ਹੁੰਦੇ ਹਨ ਜੋ ਕਿ ਔਰਤਾਂ ਹੀ ਔਰਤ ਖਿਡਾਰਨਾਂ ਲਈ ਸਹੀ ਤਰੀਕੇ ਨਾਲ ਕਰ ਸਕਦੀਆਂ ਹਨ ਤੇ ਇਨ੍ਹਾਂ ਨੂੰ ਖੇਡ ਐਸੋਸੀਏਸ਼ਨਾਂ ਵਿਚੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਕਈ ਔਰਤ ਖਿਡਾਰਨਾਂ ਖੇਡ ਐਸੋਸੀਏਸ਼ਨਾਂ ਦੇ ਕੰਮਾਂ ਵਿਚ ਰੁਚੀ ਹੀ ਨਹੀਂ ਲੈਂਦੀਆਂ ਤੇ ਉਨ੍ਹਾਂ ਨੂੰ ਛੱਡ ਕੇ ਬਾਕੀਆਂ ਦੇ ਕੰਮਾਂ ਨੂੰ ਪੂਰੀ ਤਰਜੀਹ ਦੇਣਾ ਖੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦਾ ਫਰਜ਼ ਹੈ। ਖੇਡ ਐਸੋਸੀਏਸ਼ਨਾਂ ਵਿਚ ਖਿਡਾਰੀਆਂ ਲਈ ਫੈਸਲੇ ਮਰਦਾਂ ਤੇ ਔਰਤਾਂ ਦੀ ਸਲਾਹ ਮੁਤਾਬਿਕ ਸਰਬਸੰਮਤੀ ਨਾਲ ਬਿਹਤਰੀ ਲਈ ਕੀਤੇ ਜਾਣੇ ਚਾਹੀਦੇ ਹਨ ਨਾ ਕਿ ਇਕਪਾਸੜ। ਬੇਸ਼ੱਕ ਖੇਡ ਐਸੋਸੀਏਸ਼ਨਾਂ ਮਰਦਾਂ ਤੇ ਔਰਤਾਂ ਦੀਆਂ ਸਾਂਝੀਆਂ ਹਨ ਤੇ ਉਨ੍ਹਾਂ ਨੂੰ ਬਣਦਾ ਹੱਕ ਵੀ ਬਰਾਬਰੀ ਦਾ ਹੀ ਹੋਵੇ, ਤਾਂ ਹੀ ਤਰੱਕੀ ਹੋਵੇਗੀ। ਔਰਤਾਂ ਨੂੰ ਵੀ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ, ਤਾਂ ਜੋ ਉਸ ਦਾ ਵਿਸ਼ਵਾਸ ਮਜ਼ਬੂਤ ਹੋਵੇ।
-ਅਵਨੀਤ ਕੌਰ ਸਿੱਧੂ ਹੁੰਦਲ,
ਅਰਜਨ ਐਵਾਰਡੀ ਨਿਸ਼ਾਨੇਬਾਜ਼।

ਇਟਲੀ ਵਿਚ ਕਬੱਡੀ ਦਾ ਮਾਣ-ਮੱਤਾ ਬਲਜੀਤ ਸਿੰਘ ਨਾਗਰਾ


ਖੇਡ ਮੈਦਾਨ ਨਾਲ ਗੂੜ੍ਹਾ ਰਿਸ਼ਤਾ ਪਾਲੀ ਬੈਠੇ ਸ: ਬਲਜੀਤ ਸਿੰਘ ਨਾਗਰਾ ਇਟਲੀ ਵਿਚ ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਲਈ ਕਾਫੀ ਲੰਬੇ ਸਮੇਂ ਤੋਂ ਯਤਨਸ਼ੀਲ ਹਨ। ਸ: ਨਾਗਰਾ ਨੂੰ ਕਬੱਡੀ ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਕੁਹਾਲਾ ਨਾਲ ਸਬੰਧਤ ਸ: ਨਾਗਰਾ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਇਟਲੀ ਦੇ ਮੌਜੂਦਾ ਪ੍ਰਧਾਨ ਦੇ ਤੌਰ 'ਤੇ ਵਿਚਰ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿਚ ਇਟਲੀ ਦੀ ਪੁਰਸ਼ਾਂ ਦੀ ਕਬੱਡੀ ਟੀਮ ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਵਿਚ ਵੀ ਸ਼ਿਰਕਤ ਕਰ ਚੁੱਕੀ ਹੈ। ਸਾਲ 1999 ਵਿਚ ਇਨ੍ਹਾਂ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਟਲੀ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਿਚੈਂਸਾ ਦਾ ਗਠਨ ਕੀਤਾ। ਇਸ ਕਲੱਬ ਦੀ ਟੀਮ ਨੇ ਇਟਲੀ ਵਿਚ ਹੀ ਨਹੀਂ, ਬਲਕਿ ਪੂਰੇ ਯੂਰਪ ਭਰ ਵਿਚ ਹੋਣ ਵਾਲੇ ਖੇਡ ਮੇਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਧੁੰਮਾਂ ਪਾਈਆਂ। ਬਾਅਦ ਵਿਚ ਇਨ੍ਹਾਂ ਨੇ ਇਸ ਕਲੱਬ ਦਾ ਨਾਂਅ 'ਧੰਨ-ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ' ਰੱਖ ਦਿੱਤਾ।
ਹੁਣ ਇਹ ਕਲੱਬ ਮੰਨੇ-ਪ੍ਰਮੰਨੇ ਖੇਡ ਕਲੱਬਾਂ ਵਿਚ ਜਾਣਿਆ ਜਾਂਦਾ ਹੈ, ਜੋ ਕਿ ਵਿਚੈਂਸਾ ਜ਼ਿਲ੍ਹੇ ਦੇ ਮੌਤੀਬੈਲੋ ਸ਼ਹਿਰ ਵਿਚ ਕਈ ਸਾਲਾਂ ਤੋਂ ਲਗਾਤਾਰ ਕਬੱਡੀ ਖੇਡ ਮੇਲਾ ਕਰਵਾ ਰਿਹਾ ਹੈ। ਬਾਜੀ ਜੰਡ, ਸ਼ੁਕਰੀ ਢੇਰੀਆਂ, ਰਾਕ ਬਾਠ, ਪੱਪੂ ਚੂਹੜਚੱਕੀਆ, ਮਨਜਿੰਦਰ ਪਰਸਰਾਮਪੁਰ ਵਰਗੇ ਚੋਟੀ ਦੇ ਖਿਡਾਰੀ ਇਸ ਕਲੱਬ ਦੀ ਟੀਮ ਵਿਚ ਖੇਡ ਚੁੱਕੇ ਹਨ। ਸਾਲ 2007 ਵਿਚ ਅਤੇ ਸਾਲ 2012 ਵਿਚ ਇਸ ਕਲੱਬ ਦੀ ਟੀਮ ਨੇ ਇਟਲੀ ਦੇ ਖੇਡ ਮੇਲਿਆਂ ਵਿਚ ਸਾਰੇ ਜੇਤੂ ਕੱਪ ਜਿੱਤੇ ਸਨ। ਇਕ ਖੇਡ ਪ੍ਰਬੰਧਕ ਦੇ ਨਾਲ-ਨਾਲ ਸ: ਬਲਜੀਤ ਸਿੰਘ ਨਾਗਰਾ ਖੁਦ ਵੀ ਕਬੱਡੀ ਦੇ ਪ੍ਰਸਿੱਧ ਖਿਡਾਰੀ ਰਹਿ ਚੁੱਕੇ ਹਨ। ਨੈਸ਼ਨਲ ਕਾਲਜ ਨਕੋਦਰ ਵਿਖੇ ਪੜ੍ਹਦਿਆਂ ਉਹ ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ ਨੈਸ਼ਨਲ ਸਟਾਈਲ ਕਬੱਡੀ ਵਿਚ ਦੋ ਵਾਰੀ ਨਿਪਾਲ ਵੀ ਖੇਡ ਚੁੱਕੇ ਹਨ। ਸ: ਨਾਗਰਾ ਦੀਆਂ ਖੇਡ ਪ੍ਰਾਪਤੀਆਂ ਦੇ ਲਈ ਇਟਲੀ ਦੇ ਮਹਾਰਾਜਾ ਸਪੋਰਟਸ ਕਲੱਬ ਸਬੋਧੀਆ ਵੱਲੋਂ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਆ ਵੀ ਜਾ ਚੁੱਕਾ ਹੈ। ਸ: ਨਾਗਰਾ ਦਾ ਕਹਿਣਾ ਹੈ ਕਿ ਖੇਡ ਮੈਦਾਨ ਵਿਚ ਚੰਗੇ ਪ੍ਰਦਰਸ਼ਨ ਲਈ ਵਧੀਆ ਖੁਰਾਕ ਤੇ ਖੇਡ ਅਭਿਆਸ ਦੇ ਨਾਲ-ਨਾਲ ਖਿਡਾਰੀਆਂ ਨੂੰ ਚੰਗੀ ਕੋਚਿੰਗ ਦਿੱਤੀ ਜਾਣੀ ਵੀ ਅਤਿ ਜ਼ਰੂਰੀ ਹੈ।
-ਹਰਦੀਪ ਸਿੰਘ ਕੰਗ,
ਇਟਲੀ। ਫੋਨ 0039-3292558439

ਕਬੱਡੀ ਜਗਤ ਦਾ ਸਿਰਤਾਜ ਦਿੜ੍ਹਬਾ ਕੱਪ


ਸੰਗਰੂਰ ਜ਼ਿਲ੍ਹੇ ਦੀ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਚੇਅਰਮੈਨ ਕਰਨ ਘੁਮਾਣ (ਮੈਂਬਰ ਐਨ.ਆਰ.ਆਈ. ਕਮਿਸ਼ਨ ਪੰਜਾਬ) ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਅਗਵਾਈ 'ਚ 4 ਤੇ 5 ਮਾਰਚ ਨੂੰ ਕਰਵਾਇਆ ਜਾਣ ਵਾਲਾ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਕਈ ਪੱਖਾਂ ਤੋਂ ਵਿਲੱਖਣ ਹੈ। ਇਹ ਕੱਪ ਕਬੱਡੀ ਜਗਤ ਦਾ ਸਭ ਤੋਂ ਪੁਰਾਣਾ ਤੇ ਨਿਰੰਤਰ, ਦਰਸ਼ਕਾਂ ਦੇ ਇਕੱਠ ਤੇ ਟੀਮਾਂ, ਸਿਖਰਲੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ 'ਚ ਅੱਵਲ ਨੰਬਰ 'ਤੇ ਹੈ। ਇਸ ਕੱਪ 'ਤੇ ਪਿਛਲੇ 10 ਸਾਲਾਂ ਤੋਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਇਨਾਮ ਵੰਡਣ ਦੀ ਰਸਮ ਅਦਾ ਕਰਦੇ ਆ ਰਹੇ ਹਨ।
ਇਸ ਕੱਪ ਦੇ ਪਹਿਲੇ ਦਿਨ 4 ਮਾਰਚ ਨੂੰ 80 ਕਿਲੋ ਭਾਰ ਵਰਗ ਦੀਆਂ ਟੀਮਾਂ (ਇਕ ਖਿਡਾਰੀ 85 ਕਿਲੋ) 41 ਹਜ਼ਾਰ ਰੁਪਏ ਦੇ ਇਨਾਮ ਲਈ ਜੂਝਣਗੀਆਂ। ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਖਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਜੇਤੂਆਂ ਨੂੰ ਇਨਾਮ ਵੰਡਣਗੇ। ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਵਿਸ਼ੇਸ਼ ਮਹਿਮਾਨ ਹੋਣਗੇ। ਚਮਕੌਰ ਸਿੰਘ ਯੂ.ਕੇ. ਤੇ ਦਲਬੀਰ ਸਿੰਘ ਯੂ.ਕੇ. ਵੱਲੋਂ ਰਣਜੀਤ ਬਾਵਾ ਤੇ ਗਗਨ ਕੋਕਰੀ ਦਾ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ। 5 ਮਾਰਚ ਨੂੰ ਔਰਤ ਵਰਗ 'ਚ 4 ਟੀਮਾਂ ਸੁਖਵਿੰਦਰ ਕੌਰ ਘੁਮਾਣ ਕੱਪ ਲਈ ਅਤੇ ਪੁਰਸ਼ ਵਰਗ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ 1.5 ਲੱਖ ਰੁਪਏ ਵਾਲੇ ਨਕਦ ਇਨਾਮ ਲਈ ਖੇਡਣਗੀਆਂ।
ਦਿੜ੍ਹਬਾ ਅਕੈਡਮੀ ਦੇ 8 ਖਿਡਾਰੀਆਂ ਨੂੰ ਇੰਦਰਜੀਤ ਧੁੱਗਾ, ਸੁੱਖਾ ਬਾਸੀ, ਹਰਜਿੰਦਰ ਬਾਸੀ, ਜੋਗਾ ਸਿੰਘ ਕੰਗ ਤੇ ਚੰਨਾ ਆਲਮਗੀਰ ਮੋਟਰਸਾਈਕਲਾਂ ਨਾਲ ਨਿਵਾਜਣਗੇ। ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ। ਬੱਬੂ ਮਾਨ ਗਾਇਕੀ ਦੇ ਜੌਹਰ ਦਿਖਾਉਣਗੇ। ਕਰਨ ਘੁਮਾਣ ਦਿੜ੍ਹਬਾ ਤੇ ਗੁਰਮੇਲ ਸਿੰਘ ਦੀ ਟੀਮ ਦੇ ਮੈਂਬਰ ਗੁਰਦੇਵ ਮੌੜ, ਨਵਦੀਪ ਨੋਨੀ, ਤਾਰੀ ਮਾਨ, ਸੁਖਵਿੰਦਰ ਭਿੰਦਾ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਡਿੰਪਲ ਦੁਗਾਲ, ਭੀਮ ਠੇਕੇਦਾਰ, ਰਾਮ ਮਾਨ, ਨਿੱਕਾ ਘੁਮਾਣ, ਗੁਰਜੀਤ ਜਨਾਲ, ਪੱਪੂ ਪੰਡਤ, ਬਲਕਾਰ ਘੁਮਾਣ, ਚਮਕੌਰ ਯੂ.ਕੇ., ਦਲਬੀਰ ਯੂ.ਕੇ., ਹਰਜਿੰਦਰ ਬਲੌਂਗੀ, ਝੰਡਾ ਖੇਤਲਾ, ਜੋਨੀ ਬਾਗੜੀ, ਕਪਿਲ ਦੇਵ, ਸ਼ੈਂਟੀ ਬਾਂਸਲ ਤੇ ਮਨਜੀਤ ਲਹਿਰਾ ਕੱਪ ਦੀ ਸਫਲਤਾ ਲਈ ਸਹਿਯੋਗ ਦੇ ਰਹੇ ਹਨ।
-ਸੋਨੂੰ ਦਿੜ੍ਹਬਾ,
ਦਿੜ੍ਹਬਾ ਮੰਡੀ।

ਖੇਡ ਕਬੱਡੀ ਵਿਚ ਵੱਡੇ ਇਨਾਮਾਂ ਵਾਲਾ ਦੌਰ


ਕਬੱਡੀ ਖੇਡ ਦੇ ਇਇਹਾਸ 'ਚ ਜਲੰਧਰ ਨੇੜਲੇ ਪਿੰਡ ਢੰਡੇ ਦੇ ਕਬੱਡੀ ਕੱਪ 'ਤੇ ਸਭ ਤੋਂ ਵੱਡਾ ਸਨਮਾਨ ਦੇਣ ਦਾ ਕੀਰਤੀਮਾਨ ਉਸ ਵੇਲੇ ਸਿਰਜਿਆ ਗਿਆ, ਜਦੋਂ ਪ੍ਰਵਾਸੀ ਵੀਰਾਂ ਰਣਜੀਤ ਸਿੰਘ ਢੰਡਾ ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ, ਸਾਬਕਾ ਕੌਮਾਂਤਰੀ ਖਿਡਾਰੀ ਜੀਤਾ ਮੌੜ ਕਾਲਾ ਸੰਘਿਆਂ, ਲਾਲੀ ਢੇਸੀ ਕੈਨੇਡਾ, ਮੇਜਰ ਸਿੰਘ ਨੱਤ ਕੈਨੇਡਾ, ਜਸਵਿੰਦਰ ਛੋਕਰ ਕੈਨੇਡਾ, ਬਲਬੀਰ ਰਾਏ ਕੈਨੇਡਾ ਤੇ ਜੌਹਨ ਸਿੰਘ ਗਿੱਲ ਅਮਰੀਕਾ ਵੱਲੋਂ ਦੁਨੀਆ ਦੇ ਅੱਵਲ ਨੰਬਰ ਜਾਫੀ ਯਾਦਵਿੰਦਰ ਯਾਦਾ ਸੁਰਖਪੁਰ ਨੂੰ ਫਾਰਚੂਨਰ ਗੱਡੀ ਨਾਲ ਸਨਾਮਨਿਤ ਕੀਤਾ ਗਿਆ। ਇਸ ਕੱਪ ਦੇ ਫਾਈਨਲ 'ਚ ਵਿਸ਼ਵ ਚੈਂਪੀਅਨ ਧਾਵੀ ਸੰਦੀਪ ਲੱਧਰ ਦਿੜ੍ਹਬਾ ਦੀ ਇਕ ਰੇਡ 'ਤੇ 1.31 ਲੱਖ ਰੁਪਏ ਦਾ ਇਨਾਮ ਲੱਗਿਆ, ਜੋ ਲੁੱਧਰ ਨੇ ਸ਼ਾਨ ਨਾਲ ਜਿੱਤਿਆ। ਇਸ ਮੌਕੇ ਰਣਜੀਤ ਸਿੰਘ ਢੰਡਾ ਹੁਰਾਂ ਵੱਲੋਂ ਸੰਦੀਪ ਨੰਗਲ ਅੰਬੀਆਂ, ਗੁਰਵਿੰਦਰ ਕਾਹਲਵਾਂ, ਸੁਖਮਨ ਚੋਹਲਾ ਸਾਹਿਬ ਤੇ ਕੋਚ ਸੋਢੀ ਮਨਸੂਰਵਾਲਾ ਨੂੰ ਬੁਲਟ ਮੋਟਰਸਾਈਕਲਾਂ ਨਾਲ ਨਿਵਾਜਿਆ ਗਿਆ। ਢੰਡੇ ਕੱਪ ਦੀ ਜੇਤੂ ਸ਼ਾਹਕੋਟ ਲਾਇਨਜ਼ ਟੀਮ ਦੇ ਖਿਡਾਰੀ ਪਾਲਾ ਜਲਾਲਪੁਰ ਤੇ ਕਮਲ ਨਵਾਂ ਪਿੰਡ ਨੂੰ ਵੀ ਬੁਲਟ ਮੋਟਰਸਾਈਕਲ ਦਿੱਤੇ ਗਏ।
ਜੀਤਾ ਮੌੜ ਵੱਲੋਂ ਸਨਮਾਨ
ਆਪਣੇ ਸਮੇਂ ਦੇ ਬੇਹੱਦ ਮਕਬੂਲ ਤੇ ਧਾਕੜ ਜਾਫੀ ਰਹੇ ਜੀਤਾ ਮੌੜ ਕਾਲਾ ਸੰਘਿਆਂ ਤੇ ਦੁਆਬਾ ਵਾਰੀਅਰਜ਼ ਕਬੱਡੀ ਅਕੈਡਮੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਣ ਵਾਲੇ ਹੋਲਾ ਮਹੱਲਾ ਕੱਪ ਮੌਕੇ ਵਿਸ਼ਵ ਦੇ ਅੱਵਲ ਨੰਬਰ ਧਾਵੀ ਸੰਦੀਪ ਸੁਰਖਪੁਰ (ਮਹਿਮਦਵਾਲ) ਨੂੰ ਬੀ. ਐਮ. ਡਬਲਿਊ. ਕਾਰ ਨਾਲ ਅਤੇ ਕਬੱਡੀ ਦੇ ਇਕ ਯੁੱਗ ਮੰਨੇ ਜਾਂਦੇ ਧਾਵੀ ਗੁਰਲਾਲ ਘਨੌਰ ਨੂੰ 5 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਦੀਪ ਸੁਰਖਪੁਰ 2010 ਦੇ ਵਿਸ਼ਵ ਕੱਪ 'ਚ ਖੇਡਿਆ ਅਤੇ 2015 ਦੇ ਆਲਮੀ ਕੱਪ ਦੀ ਚੈਂਪੀਅਨ ਭਾਰਤੀ ਟੀਮ ਦੀ ਕਪਤਾਨੀ ਕਰਨ ਦੇ ਨਾਲ-ਨਾਲ ਦੁਨੀਆ ਦਾ ਸਰਬੋਤਮ ਧਾਵੀ ਵੀ ਬਣਿਆ। ਉਹ ਏਸ਼ੀਆ ਕੱਪ ਦਾ ਵੀ ਸਰਬੋਤਮ ਧਾਵੀ ਬਣ ਚੁੱਕਾ ਹੈ। ਦੋ ਵਿਸ਼ਵ ਕੱਪਾਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਗੁਰਲਾਲ ਘਨੌਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾੜੂ ਦਾ ਜੰਮਪਲ ਹੈ। ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਜਗਤ ਦਾ ਮਾਣ ਬਣਿਆ ਗੁਰਲਾਲ ਦੇਸ਼-ਵਿਦੇਸ਼ 'ਚ ਆਪਣੀਆਂ ਟੀਮਾਂ ਦੀਆਂ ਜਿੱਤਾਂ ਦਾ ਸੂਤਰਧਾਰ ਬਣਦਾ ਆ ਰਿਹਾ ਹੈ।
ਥਿਆੜਾ ਪਰਿਵਾਰ ਵੱਲੋਂ ਸਨਮਾਨ
ਵਿਸ਼ਵ ਕਬੱਡੀ ਲੀਗ 'ਚ ਰਾਇਲ ਕਿੰਗਜ਼ ਟੀਮ ਦੇ ਸੰਚਾਲਕ ਸਰਬ ਥਿਆੜਾ (ਸਰਬਜੀਤ ਸਿੰਘ) ਅਮਰੀਕਾ ਅਤੇ ਸ੍ਰੀਮਤੀ ਬਖਸ਼ਿੰਦਰ ਥਿਆੜਾ ਨੇ ਆਪਣੇ ਸਪੁੱਤਰ ਜੂਨੀਅਰ ਥਿਆੜਾ ਦੇ ਵਿਆਹ ਦੀ ਖੁਸ਼ੀ ਵਿਚ ਕਬੱਡੀ ਖਿਡਾਰੀਆਂ ਦਾ ਸਨਮਾਨ ਕਰਕੇ ਮਨਾਈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਖੋਵਾਲ ਵਿਖੇ ਸ: ਮਹਿੰਦਰ ਸਿੰਘ ਦੇ ਘਰ ਜਨਮੇ ਸਰਬ ਥਿਆੜਾ ਵੱਲੋਂ ਨਾਮਵਰ ਕੌਮਾਂਤਰੀ ਖਿਡਾਰੀ ਭੁਪਿੰਦਰ ਸੇਠੀ ਹਰਖੋਵਾਲ (ਕੈਨੇਡਾ) ਨੇ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਜਾਏ ਮੱਲ ਅਖਾੜਾ ਵਾਲੀ ਧਰਤੀ ਖਡੂਰ ਸਹਿਬ (ਤਰਨ ਤਾਰਨ) ਵਿਖੇ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਏ ਕਬੱਡੀ ਕੱਪ ਦੌਰਾਨ ਜਾਫੀ ਗੁਰਦਿੱਤ ਸਿੰਘ ਨੂੰ ਬੁਲਟ ਮੋਟਰਸਾਈਕਲ ਨਾਲ, ਵਿਸ਼ਵ ਚੈਂਪੀਅਨ ਜਾਫੀ ਗੁਰਵਿੰਦਰ ਕਾਹਲਵਾਂ, ਫਰਹਾਦ ਅਲੀ ਤੇ ਗੁਰਲਾਲ ਸੋਹਲ (ਛੋਟਾ ਗੁਰਲਾਲ) ਨੂੰ 51-51 ਹਜ਼ਾਰ ਰੁਪਏ, ਕੌਮਾਂਤਰੀ ਕੁਮੈਂਟੇਟਰ ਰੁਪਿੰਦਰ ਜਲਾਲ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ । ਹਰਮਨ ਥਿਆੜਾ ਤੇ ਜੈਸਮੀਨ ਥਿਆੜਾ ਹੁਰਾਂ ਵੱਲੋਂ ਉਪਰੋਕਤ ਸਨਮਾਨ ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਕਰਨ ਘੁਮਾਣ ਦਿੜ੍ਹਬਾ ਤੇ ਸੰਤ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨੇ ਅਦਾ ਕੀਤੇ।
-ਪਟਿਆਲਾ। ਮੋਬਾ: 94784-70575

ਕਰਾਟੇ 'ਚ ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਜੇਤੂ ਪਰਮਵੀਰ ਸਿੰਘ ਝੋਰੜਾਂ

 
ਚਾਈ ਕਮਾਂਡੋ ਕਰਾਟੇ ਅੰਡਰ-19 ਵਰਗ 'ਚ ਪੰਜਾਬ ਲਈ ਗੋਲਡ ਮੈਡਲ ਜਿੱਤਣ ਵਾਲੇ ਪਰਮਵੀਰ ਸਿੰਘ ਗਿੱਲ ਦਾ ਜਨਮ 9 ਅਪ੍ਰੈਲ 2000 ਨੂੰ ਪਿੰਡ ਝੋਰੜਾਂ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਅਮਰਦੀਪ ਕੌਰ ਗਿੱਲ ਦੀ ਕੁੱਖੋਂ ਪਿਤਾ ਚਰਨਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਹੋਇਆ, ਜਿਸ ਨੇ ਮੈਟ੍ਰਿਕ ਤੱਕ ਦੀ ਵਿੱਦਿਆ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਤੋਂ ਗ੍ਰਹਿਣ ਕਰਕੇ ਰਾਏਕੋਟ ਪਬਲਿਕ ਸਕੂਲ ਵਿਖੇ 11ਵੀਂ ਕਲਾਸ ਨਾਨ-ਮੈਡੀਕਲ ਵਿਚ ਦਾਖਲਾ ਲਿਆ। ਉਸ ਨੇ ਜਨਵਰੀ 2016 ਦੌਰਾਨ ਰੋਪੜ ਵਿਖੇ ਹੋਈਆਂ 61ਵੀਆਂ ਨੈਸ਼ਨਲ ਸਕੂਲ ਖੇਡਾਂ 'ਚ ਚਾਈ ਕਮਾਂਡੋ ਕਰਾਟੇ ਅੰਡਰ-19 ਵਰਗ ਵਿਚ ਪੰਜਾਬ ਲਈ ਗੋਲਡ ਮੈਡਲ ਜਿੱਤਿਆ, ਜਿਸ ਦੀ ਕਰਾਟੇ ਪ੍ਰਤੀ ਦਿਨੋ-ਦਿਨ ਵਧ ਰਹੀ ਲਗਨ ਉਸ ਨੂੰ ਇਕ ਚੰਗੇ ਮੁਕਾਮ 'ਤੇ ਪਹੁੰਚਾਏਗੀ। ਪਰਮਵੀਰ ਸਿੰਘ ਗਿੱਲ ਇਸ ਪ੍ਰਾਪਤੀਆਂ ਦਾ ਸਿਹਰਾ ਜਿਥੇ ਆਪਣੇ ਮਾਤਾ-ਪਿਤਾ ਨੂੰ ਦਿੰਦਾ ਹੈ, ਉੱਥੇ ਉਸ ਦੀ ਇਹੋ ਸੋਚ ਹੈ ਕਿ ਉਹ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਆਪਣੀ ਜਨਮ ਭੂਮੀ ਪਿੰਡ ਝੋਰੜਾਂ (ਰਾਏਕੋਟ) ਅਤੇ ਪੰਜਾਬ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਅੰਕਿਤ ਕਰਕੇ ਰਹੇਗਾ।
-ਰਾਏਕੋਟ। ਮੋਬਾ: 98552-08507


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX