ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  10 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  12 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  27 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  50 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 minute ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਨਾਰੀ ਸੰਸਾਰ

ਨੌਜਵਾਨ ਬੱਚਿਆਂ ਵਿਚ ਸਹੀ ਮਾਰਗ-ਦਰਸ਼ਨ ਦੀ ਜ਼ਰੂਰਤ

ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਨੂੰ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਪਰ ਜਵਾਨੀ ਜੀਵਨ ਦਾ ਇਕ ਅਜਿਹਾ ਪੜਾਅ ਹੈ, ਜਿਥੇ ਹਰ ਪਲ ਤਿਲਕਣ ਦਾ ਡਰ ਬਣਿਆ ਰਹਿੰਦਾ ਹੈ | ਜਵਾਨੀ ਵਿਚ ਇਕ ਛੋਟੀ ਜਿਹੀ ਗ਼ਲਤੀ ਵੀ ਭਵਿੱਖ ਨੂੰ ਹਨੇਰੇ ਵਿਚ ਧੱਕ ਦਿੰਦੀ ਹੈ | ਜਵਾਨੀ ਜੀਵਨ ਦੀ ਇਕ ਅਤਿ ਸੰਵੇਦਨਸ਼ੀਲ ਅਵਸਥਾ ਹੁੰਦੀ ਹੈ | ਇਸ ਅਵਸਥਾ ਵਿਚ ਜੇ ਨੌਜਵਾਨ ਸੰਭਲ ਗਏ ਤਾਂ ਜੀਵਨ ਦੀ ਹਰ ਉਚਾਈ ਨੂੰ ਛੂਹਣ ਵਿਚ ਕਾਮਯਾਬ ਹੋ ਜਾਣਗੇ ਅਤੇ ਦੂਜੇ ਪਾਸੇ ਜੇਕਰ ਜਵਾਨੀ ਵਿਚ ਉਨ੍ਹਾਂ ਦੇ ਕਦਮ ਭਟਕ ਗਏ ਅਤੇ ਕਿਸੇ ਘਰ ਦੇ ਵੱਡੇ ਨੇ ਸਹਾਰਾ ਨਾ ਦਿੱਤਾ ਤਾਂ ਜ਼ਿੰਦਗੀ ਭਰ ਆਪਣੀ ਮੰਜ਼ਿਲ ਨੂੰ ਲੱਭਦੇ ਰਹਿਣਗੇ |
ਦੇਖਿਆ ਜਾਵੇ ਤਾਂ ਅੱਜ ਦੇ ਨੌਜਵਾਨਾਂ ਨੂੰ ਬਾਹਰਲੀ ਚਕਾਚੌਾਧ, ਖੂਬਸੂਰਤ ਤੇ ਰੰਗੀਨ ਦੁਨੀਆ ਬੜੀ ਤੇਜ਼ੀ ਨਾਲ ਆਪਣੇ ਵੱਲ ਆਕਰਸ਼ਤ ਕਰ ਰਹੀ ਹੈ | ਉਹ ਬੜੇ ਵੱਡੇ-ਵੱਡੇ ਸੁਪਨੇ ਦੇਖਣ ਲੱਗ ਪਏ ਹਨ ਤੇ ਉਨ੍ਹਾਂ ਦੀਆਂ ਇੱਛਾਵਾਂ ਵੀ ਸਿਖਰਾਂ 'ਤੇ ਪਹੁੰਚ ਜਾਂਦੀਆਂ ਹਨ | ਅੱਜ ਦਾ ਹਰ ਨੌਜਵਾਨ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਹਰ ਹਾਲਤ ਵਿਚ ਪੂਰਾ ਕਰਨਾ ਚਾਹੁੰਦਾ ਹੈ, ਕਿਉਂਕਿ ਉਨ੍ਹਾਂ ਵਿਚ ਜੋਸ਼ ਵਧੇਰੇ ਤੇ ਹੋਸ਼ ਦੀ ਕਮੀ ਹੁੰਦੀ ਹੈ | ਉਮਰ ਦੀ ਇਸ ਰੰਗੀਨ ਅਵਸਥਾ 'ਤੇ ਕਦਮ ਤਿਲਕਣਾ ਸੁਭਾਵਿਕ ਹੈ | ਅਜਿਹੀ ਅਵਸਥਾ ਵਿਚ ਪਰਿਵਾਰ ਦੇ ਵੱਡਿਆਂ ਦਾ ਹੱਥ ਨੌਜਵਾਨਾਂ ਦੇ ਸਿਰ 'ਤੇ ਬਹੁਤ ਜ਼ਰੂਰੀ ਹੁੰਦਾ ਹੈ | ਕਿਉਂਕਿ ਮਾਤਾ-ਪਿਤਾ ਜਾਂ ਵੱਡੇ ਬਜ਼ੁਰਗਾਂ ਨੇ ਆਪਣੇ ਜੀਵਨ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖੇ ਹੁੰਦੇ ਹਨ | ਉਨ੍ਹਾਂ ਨੇ ਦੁਨੀਆ ਨੂੰ ਜੀਵਿਆ ਹੁੰਦਾ ਹੈ ਤੇ ਉਨ੍ਹਾਂ ਨੂੰ ਜੀਵਨ ਦਾ ਕਾਫੀ ਤਜਰਬਾ ਹਾਸਲ ਹੁੰਦਾ ਹੈ | ਉਹ ਬੜੇ ਤਜਰਬੇਕਾਰ ਤੇ ਸੁਲਝੇ ਹੁੰਦੇ ਹਨ | ਇਸ ਲਈ ਇਹੋ ਹੀ ਮੈਂਬਰ ਨੌਜਵਾਨਾਂ ਨੂੰ ਸਹੀ ਮਾਰਗ 'ਤੇ ਲਿਆਉਣ ਲਈ ਕਈ ਢੰਗ-ਤਰੀਕੇ ਦੱਸ ਸਕਦੇ ਹਨ | ਅੱਜ ਦੇ ਨੌਜਵਾਨ ਆਪਣੇ ਭਵਿੱਖ ਬਾਰੇ ਫੈਸਲੇ ਆਪ ਹੀ ਲੈ ਲੈਂਦੇ ਹਨ | ਹਰ ਫੈਸਲੇ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਮਾਤਾ-ਪਿਤਾ ਆਪਣੇ ਨੌਜਵਾਨ ਬੱਚਿਆਂ ਨੂੰ ਹਰ ਕੰਮ ਵਿਚ ਸਲਾਹ-ਮਸ਼ਵਰਾ ਜ਼ਰੂਰ ਦੇਣ | ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਸ ਦੇ ਅਨੁਸਾਰ ਹੀ ਕੰਮ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ | ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਿਨਾਂ ਕਾਰਨ ਮਾਂ-ਬਾਪ ਨੂੰ ਆਪਸ ਵਿਚ ਵੀ ਤਕਰਾਰ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਮਾਪਿਆਂ ਦਾ ਵਿਵਹਾਰ ਆਪਣੇ ਬੱਚਿਆਂ ਲਈ ਕਠੋਰ ਹੁੰਦਾ ਹੈ, ਉਹ ਨੌਜਵਾਨ ਆਪਣੇ-ਆਪ ਨੂੰ ਪਰਿਵਾਰ ਵਿਚ ਅਣਗੌਲਿਆ ਮਹਿਸੂਸ ਕਰਦੇ ਹਨ | ਉਨ੍ਹਾਂ ਦੇ ਕਦਮ ਭਟਕਣ ਲਗਦੇ ਹਨ ਅਤੇ ਅਜਿਹੀ ਹਾਲਤ ਵਿਚ ਇਹ ਨੌਜਵਾਨ ਵਿਦਰੋਹੀ ਤੇ ਬਾਗੀ ਹੋ ਜਾਂਦੇ ਹਨ, ਮਾਤਾ-ਪਿਤਾ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ |
ਘਰ ਦਾ ਵਾਤਾਵਰਨ ਸਹਿਜ ਅਤੇ ਸੰਤੁਲਤ ਹੋਣਾ ਚਾਹੀਦਾ ਹੈ | ਘਰ ਦੀ ਸੁਖ-ਸ਼ਾਂਤੀ, ਪ੍ਰੇਮ ਅਤੇ ਸਿਸ਼ਟਾਚਾਰ ਨੌਜਵਾਨਾਂ 'ਤੇ ਵਿਸ਼ੇਸ਼ ਤੌਰ 'ਤੇ ਹਾਂ-ਪੱਖੀ ਪ੍ਰਭਾਵ ਪਾਉਂਦਾ ਹੈ | ਅਜਿਹੀ ਹਾਲਤ ਵਿਚ ਨੌਜਵਾਨ ਵਰਗ ਹਰ ਸਮੱਸਿਆ ਨੂੰ ਆਪਣੇ ਘਰ ਵਿਚ ਸਾਂਝੀ ਕਰਨਾ ਸਿੱਖਣਗੇ ਅਤੇ ਘਰ ਤੋਂ ਹੀ ਉਸ ਦਾ ਹੱਲ ਲੱਭਣਗੇ | ਜੇ ਬੱਚੇ ਕੋਈ ਗ਼ਲਤੀ ਕਰਦੇ ਹਨ ਤੇ ਮਾਤਾ-ਪਿਤਾ ਨੂੰ ਕਿਸੇ ਗ਼ੈਰ ਸਾਹਮਣੇ ਜਾਂ ਸਾਂਝੇ ਘਰ ਵਿਚ ਡਾਂਟਣਾ ਨਹੀਂ ਚਾਹੀਦਾ | ਚੰਗਾ ਹੋਵੇ ਜੇ ਉਸ ਨੂੰ ਇਕੱਲੇ ਨੂੰ ਪਿਆਰ ਤੇ ਸਮਝਦਾਰੀ ਨਾਲ ਸਮਝਾਓ | ਵੱਡੇ ਬੱਚਿਆਂ ਨਾਲ ਬੜੇ ਸੱਭਿਅਕ ਤਰੀਕੇ ਨਾਲ ਗੱਲ ਕਰਨੀ ਬਣਦੀ ਹੈ | ਇਸ ਲਈ ਕਿਹਾ ਜਾਂਦਾ ਹੈ ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਸਾਥ ਬਹੁਤ ਜ਼ਰੂਰੀ ਹੈ, ਜੋ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਵਿਚ ਸਹਾਇਤਾ ਦੇਵੇਗਾ | ਬੱਚਿਆਂ ਦਾ ਭਵਿੱਖ ਉਜਲਾ ਬਣੇਗਾ | ਮਾਤਾ-ਪਿਤਾ ਦੇ ਸਹੀ ਮਾਰਗ-ਦਰਸ਼ਨ ਨਾਲ ਹੀ ਬੱਚਿਆਂ ਦਾ ਭਵਿੱਖ ਹੁੰਦਾ ਹੈ | ਨੌਜਵਾਨ ਹੀ ਮਨੁੱਖਤਾ ਦਾ ਉੱਜਲਾ ਭਵਿੱਖ ਹੈ |
-ਪੀ. ਕੇ. ਮਨਚੰਦਾ


ਖ਼ਬਰ ਸ਼ੇਅਰ ਕਰੋ

ਅੱਜਕਲ੍ਹ ਦਾ ਨਵਾਂ ਰੁਝਾਨ ਸੂਟ ਗਾਊਨਫੈਸ਼ਨ ਦਾ ਦੌਰ ਬਦਲ ਰਿਹਾ ਹੈ | ਪਹਿਲਾਂ ਸੈਲੀਬਿ੍ਟੀਜ਼ ਜਾਂ ਰੈਂਪ ਸ਼ੋਅ ਵਿਚ ਕੈਟਵਾਕ ਕਰਨ ਵਾਲੀ ਮਾਡਲਜ਼ ਦੀ ਡ੍ਰੈੱਸ ਅਲੱਗ ਹੁੰਦੀ ਸੀ ਅਤੇ ਗ੍ਰਹਿਣੀਆਂ ਦੀ ਪੁਸ਼ਾਕ ਅਲੱਗ | ਹੁਣ ਦੋਵੇਂ ਇਕੋ ਜਿਹੀ ਡ੍ਰੈਸੇਜ਼ ਪਹਿਨ ਰਹੀਆਂ ਹਨ | ਪੁਸ਼ਾਕਾਂ ਬਣਾਉਣ ਵਾਲਿਆਂ ਨੇ ਦੋਵੇਂ ਹੀ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਫੈਸ਼ਨਏਬਲ ਡ੍ਰੈਸੇਜ਼ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਸੂਟ ਗਾਊਨ ਅਜਿਹੀ ਹੀ ਪੁਸ਼ਾਕ ਹੈ, ਜਿਸ ਨੂੰ ਸੈਲੀਬਿ੍ਟੀ ਅਤੇ ਗ੍ਰਹਿਣੀਆਂ ਦੋਵੇਂ ਹੀ ਪਸੰਦ ਕਰਦੀਆਂ ਹਨ | ਸੂਟ ਹਮੇਸ਼ਾ ਹੀ ਭਾਰਤੀ ਔਰਤਾਂ ਦੀ ਪਸੰਦ ਰਿਹਾ ਹੈ | ਇਸ ਨੂੰ ਗਾਊਨ ਦੀ ਦਿੱਖ ਦੇ ਕੇ ਡਿਜ਼ਾਈਨਰਾਂ ਨੇ ਹੋਰ ਖਾਸ ਬਣਾ ਦਿੱਤਾ ਹੈ | ਸੂਟ ਗਾਊਨ ਦੀ ਲੰਬਾਈ ਨੂੰ ਗਾਊਨ ਜਿੰਨਾ ਹੀ ਰੱਖਿਆ ਜਾਂਦਾ ਹੈ | ਇਸ ਨੂੰ ਤਿਆਰ ਕਰਨ ਲਈ ਕੱਪੜਾ ਗਾਊਨ ਵਾਲਾ ਹੀ ਲਿਆ ਜਾਂਦਾ ਹੈ | ਸੂਟ ਗਾਊਨ ਕਮਰ ਦੇ ਉੱਪਰ ਚੰਗੀ ਫਿਟਿੰਗ ਵਾਲਾ ਬਣਾਇਆ ਜਾਂਦਾ ਹੈ | ਕਮਰ ਦੇ ਹੇਠਲੇ ਹਿੱਸੇ ਨੂੰ ਜ਼ਿਆਦਾ ਪਲੇਟਸ ਦੇ ਸਹਾਰੇ ਤਿਆਰ ਕੀਤਾ ਜਾਂਦਾ ਹੈ | ਇਸ ਵਿਚ ਤਰ੍ਹਾਂ-ਤਰ੍ਹਾਂ ਦੇ ਕੱਪੜੇ ਅਤੇ ਕਢਾਈ ਦੇ ਕੰਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਕੁਝ ਸੂਟ ਗਾਊਨ ਪਲੇਨ ਕੱਪੜੇ ਨਾਲ ਹੀ ਤਿਆਰ ਕੀਤੇ ਜਾਂਦੇ ਹਨ | ਸੂਟ ਗਾਊਨ ਨੂੰ ਤਿਆਰ ਕਰਨ ਵਿਚ ਵਰਤ ਹੋਣ ਵਾਲੇ ਕੱਪੜੇ ਵਿਚ ਸਿਲਕ, ਜਾਰਜੈਂਟ, ਸ਼ਿਫਾਨ ਅਤੇ ਸੂਤੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ |
ਵਿਆਹ-ਸ਼ਾਦੀ ਵਿਚ ਹੈਵੀ ਸੂਟ ਗਾਊਨ ਪਸੰਦ ਕੀਤਾ ਜਾਂਦਾ ਹੈ | ਪਾਰਟੀ ਵਿਚ ਪਲੇਨ ਸੂਟ ਗਾਊਨ ਵੀ ਪਹਿਨਿਆ ਜਾ ਸਕਦਾ ਹੈ | ਸੂਟ ਗਾਊਨ ਦੇ ਬਾਰਡਰ 'ਤੇ ਫਲਾਵਰ ਪਿੰ੍ਰਟ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ | ਇਹ ਬਾਰਡਰ ਹੇਠਾਂ ਘੇਰੇ ਵਿਚ ਅਤੇ ਗਲੇ ਦੇ ਨੇੜੇ ਹੋ ਸਕਦੇ ਹਨ | ਪਲੇਨ ਸੂਟ ਗਾਊਨ ਵਿਚ ਵੀ ਉੱਪਰਲੇ ਹਿੱਸੇ ਵਿਚ ਵਰਕ ਪਸੰਦ ਕੀਤਾ ਜਾਂਦਾ ਹੈ | ਗਲੇ ਦੇ ਕਟਸ ਤੋਂ ਲੈ ਕੇ ਟੈਕਸਚਰ ਤੱਕ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਤਿਆਰ ਕਰਵਾਇਆ ਜਾ ਸਕਦਾ ਹੈ | ਇਹ ਪੂਰੀਆਂ ਬਾਹਵਾਂ ਵਾਲਾ, ਅੱਧੀਆਂ ਬਾਹਵਾਂ ਅਤੇ ਬਿਨਾਂ ਬਾਹਵਾਂ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ | ਪਾਰਟੀ ਵਿਚ ਪਹਿਨਣ ਲਈ ਨੂਡਲ ਸਟ੍ਰੈਪਸ ਵਾਲਾ ਸੂਟ ਅਤੇ ਬੈਕਲੈਸ ਸੂਟ ਗਾਊਨ ਪਸੰਦ ਕੀਤਾ ਜਾਂਦਾ ਹੈ | ਸੂਟ ਗਾਊਨ ਨੂੰ ਥੋੜ੍ਹਾ ਅਤੇ ਸਟਾਈਲਿਸ਼ ਬਣਾਉਣ ਲਈ ਇਸ ਦੇ ਨਾਲ ਲਈ ਜਾਣ ਵਾਲੀ ਅਕਸੈਸਰੀਜ਼ ਨੂੰ ਵੀ ਖਾਸ ਰੱਖੋ | ਜਿਊਲਰੀ ਅਤੇ ਫੁਟਵਿਅਰ ਸੂਟ ਗਾਊਨ ਨੂੰ ਬਿਹਤਰ ਦਿੱਖ ਦਿੰਦੇ ਹਨ | ਸੂਟ ਗਾਊਨ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਇਹ ਹਰ ਮੌਕੇ 'ਤੇ ਪਹਿਨਣ ਵਾਲੇ ਨੂੰ ਉਸ ਦੇ ਕੰਫਰਟ ਜ਼ੋਨ ਵਿਚ ਰੱਖਦਾ ਹੈ | -ਨਰੇਂਦਰ ਦੇਵਾਂਗਨ

ਆਓ, ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ

ਅਕਸਰ ਅਸੀਂ ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ | ਅਕਸਰ ਅਸੀਂ ਦੂਜਿਆਂ ਨੂੰ ਸਮਝਣ ਵਿਚ ਦੇਰੀ ਕਰ ਦਿੰਦੇ ਹਾਂ | ਦੂਜਿਆਂ ਦੇ ਔਗੁਣ ਦੱਸਣ ਵਿਚ ਅਸੀਂ ਕਾਹਲੀ ਕਰਦੇ ਹਾਂ, ਦੂਜਿਆਂ ਦੇ ਗੁਣਾਂ ਦੀ ਪ੍ਰਸੰਸਾ ਕਰਨ ਵਿਚ ਅਸੀਂ ਕੰਜੂਸੀ ਕਰਦੇ ਹਾਂ ਅਤੇ ਆਪਣੇ ਔਗੁਣਾਂ 'ਤੇ ਪਰਦਾ ਪਾਉਣ ਲਈ ਅਸੀਂ ਹਰ ਪ੍ਰਕਾਰ ਦਾ ਹੱਥਕੰਡਾ ਵਰਤਦੇ ਹਾਂ | ਅਸੀਂ ਕਿੰਨੇ ਕੁ ਚੰਗੇ ਹਾਂ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੂਜਿਆਂ ਨੂੰ ਕਿੰਨਾ ਕੁ ਚੰਗਾ ਸਮਝਦੇ ਹਾਂ | ਸਾਡੇ ਦੂਜਿਆਂ ਨਾਲ ਸਬੰਧ ਇਸ ਲਈ ਚੰਗੇ ਨਹੀਂ ਹਨ, ਕਿਉਂਕਿ ਅਸੀਂ ਆਪਣੇ-ਆਪ ਬਾਰੇ ਵੀ ਚੰਗੀ ਰਾਇ ਨਹੀਂ ਰੱਖਦੇ, ਸਾਡੇ ਆਪਣੇ-ਆਪ ਨਾਲ ਵੀ ਚੰਗੇ ਸਬੰਧ ਨਹੀਂ ਹਨ | ਦੂਜਿਆਂ ਨਾਲ ਈਰਖਾ ਕਰਕੇ, ਦੂਜਿਆਂ ਦੀ ਨਿੰਦਿਆ ਕਰਕੇ, ਦੂਜਿਆਂ ਨੂੰ ਨੀਵਾਂ ਦਿਖਾ ਕੇ ਅਸੀਂ ਦੂਜੇ ਦਾ ਕਿੰਨਾ ਕੁ ਨੁਕਸਾਨ ਕਰਦੇ ਹਾਂ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਅਜਿਹਾ ਕਰਕੇ ਅਸੀਂ ਖੁਦ ਆਪਣੀ ਸ਼ਖ਼ਸੀਅਤ ਦਾ ਕੱਦ ਨੀਵਾਂ ਜ਼ਰੂਰ ਕਰਦੇ ਹਾਂ | ਜੇਕਰ ਸਾਡੇ ਵਿਚ ਪ੍ਰਸੰਸਾ ਕਰਨ ਦਾ ਜਿਗਰਾ ਨਹੀਂ ਹੈ ਤਾਂ ਸਮਝੋ ਅਸੀਂ ਖੁਦ ਵੀ ਪ੍ਰਸੰਸਾ ਦੇ ਯੋਗ ਨਹੀਂ ਹਾਂ | ਅਸੀਂ ਆਪ ਹੀ ਆਪਣੀ ਤਾਰੀਫ ਕਰਨ ਵਿਚ ਰੁੱਝੇ ਹੋਏ ਹਾਂ ਅਤੇ ਦੂਜਿਆਂ ਨੂੰ ਦੋਸ਼ ਇਸ ਗੱਲ ਦਾ ਦਿੰਦੇ ਹਾਂ ਕਿ ਕੋਈ ਸਾਡੀ ਤਰਫ ਧਿਆਨ ਨਹੀਂ ਦਿੰਦਾ | ਜੋ ਦੂਜਿਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ, ਉਹ ਆਪ ਕਦੇ ਖੁਸ਼ ਨਹੀਂ ਰਹਿ ਸਕਦਾ | ਜੋ ਦੂਜਿਆਂ ਨੂੰ ਸਹਿਯੋਗ ਨਹੀਂ ਦੇ ਸਕਦਾ, ਉਹ ਕਦੇ ਵੀ ਸਫਲ ਨਹੀਂ ਹੋ ਸਕਦਾ | ਜੋ ਦੂਜਿਆਂ ਦੀ ਕਦਰ ਨਹੀਂ ਕਰਦਾ, ਉਹ ਆਪ ਕਦੇ ਸਤਿਕਾਰ ਦਾ ਪਾਤਰ ਨਹੀਂ ਬਣ ਸਕਦਾ | ਬਹੁਤ ਛੋਟੀ-ਛੋਟੀ ਗੱਲ 'ਤੇ ਬਹਿਸ ਕਰਨ ਵਾਲਾ ਸਨਕੀ ਵਿਅਕਤੀ ਕਦੇ ਨਹੀਂ ਜਿੱਤਦਾ |
ਦੂਜੇ ਦੀ ਮਜਬੂਰੀ ਨੂੰ ਸਮਝਣਾ ਸਿਆਣਪ ਹੈ | ਵਿਰੋਧ ਦੀ ਭਾਵਨਾ ਨਾਲ ਅਸੀਂ ਦੂਜੇ ਨੂੰ ਆਪਣੇ ਨਾਲ ਸਹਿਮਤ ਨਹੀਂ ਕਰ ਸਕਦੇ | ਚੰਗੇ ਹੋਣਾ ਵਧੀਆ ਗੱਲ ਹੈ, ਸਿਆਣੇ ਹੋਣਾ ਉਸ ਤੋਂ ਵਧੀਆ ਗੱਲ ਹੈ | ਪਿਆਰ ਕਰਨਾ ਚੰਗੀ ਗੱਲ ਹੈ ਪਰ ਪਿਆਰ ਕਰਨ ਦੇ ਯੋਗ ਹੋ ਜਾਣਾ ਉਸ ਤੋਂ ਵਧੀਆ ਗੱਲ ਹੈ | ਤੁਹਾਡੇ ਵਿਚ ਕੋਈ ਗੁਣ ਹੋਵੇ ਕਿ ਦੂਜੇ ਤੁਹਾਨੂੰ ਪਸੰਦ ਕਰਨ ਅਤੇ ਤੁਹਾਡੇ ਵਿਚ ਅਜਿਹਾ ਗੁਣ ਹੋਵੇ ਕਿ ਤੁਸੀਂ ਕਿਸੇ ਨੂੰ ਪਸੰਦ ਕਰ ਸਕੋ | ਚੰਗੇ ਲਈ ਹਮੇਸ਼ਾ ਪਹਿਲ ਕਰੋ | ਆਲੋਚਨਾ ਕਰਨ ਦੀ ਕਾਹਲੀ ਕਦੇ ਨਾ ਕਰੋ | ਮੌਕਾ ਦਿਓ ਕਿ ਕੋਈ ਤੁਹਾਡੇ ਬਾਰੇ ਸੋਚ ਸਕੇ |
ਰਿਸ਼ਤਾ ਬਣਾਉਣ ਲਈ ਦਿਮਾਗ ਦੇ ਸਾਰੇ ਰਸਤੇ ਖੁੱਲ੍ਹੇ ਰੱਖੋ | ਰਿਸ਼ਤਾ ਸਿਆਣਪ ਨਾਲ ਬਣਦਾ ਹੈ, ਸਹਿਣਸ਼ੀਲਤਾ ਨਾਲ ਨਿਭਦਾ ਹੈ ਅਤੇ ਸਬਰ ਨਾਲ ਪੱਕਾ ਹੁੰਦਾ ਹੈ | ਅਕਸਰ ਕਈ ਵਾਰ ਫੈਸਲਾ ਕਰਨ ਵਿਚ ਅਸੀਂ ਜਲਦਬਾਜ਼ੀ ਕਰਦੇ ਹਾਂ | ਅੱਖਾਂ ਮੀਚ ਕੇ ਕੀਤੇ ਫੈਸਲੇ ਕਈ ਵਾਰ ਬਹੁਤ ਦਰਦ ਦਿੰਦੇ ਹਨ | ਐਨੇ ਨਰਮ ਨਾ ਬਣੋ ਕਿ ਕੋਈ ਤੁਹਾਡੀ ਪ੍ਰਵਾਹ ਹੀ ਨਾ ਕਰੇ ਅਤੇ ਐਨੇ ਸਖਤ ਵੀ ਨਾ ਬਣੋ ਕਿ ਕੋਈ ਤੁਹਾਨੂੰ ਪਸੰਦ ਹੀ ਨਾ ਕਰੇ | ਇਥੇ ਹਰ ਕੋਈ ਇਕ-ਦੂਜੇ ਨੂੰ ਆਪਣੀ ਪੱਧਰ ਤੱਕ ਖਿੱਚਣ ਵਿਚ ਲੱਗਾ ਹੋਇਆ ਹੈ | ਤੁਸੀਂ ਕਿਸੇ ਵਕਤ ਦੂਜੇ ਦੀ ਪੱਧਰ ਤੱਕ ਵਿਚਰ ਕੇ ਵੇਖੋ | ਇਸ ਵਿਚ ਜ਼ਿੰਦਗੀ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ | ਯਾਦ ਰੱਖੋ, ਪੰਜ ਸੱਸੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ | ਪਹਿਲਾ ਸੱਸਾ ਆਪਣੀ ਸਮਝ ਜਾਂ ਸੋਚ, ਦੂਜਾ ਸੱਸਾ ਸਹਿਣਸ਼ੀਲਤਾ ਜਾਂ ਸਬਰ, ਤੀਜਾ ਸਲੀਕਾ ਭਾਵ ਰਹਿਣ-ਸਹਿਣ ਅਤੇ ਕਹਿਣ ਦਾ ਢੰਗ, ਚੌਥਾ ਸੱਸਾ ਸਿੱਖਿਆ ਭਾਵ ਗਿਆਨਵਾਨ ਹੋਣਾ ਅਤੇ ਪੰਜਵਾਂ ਸੱਸਾ ਹੈ ਸੱਚ ਭਾਵ ਇਮਾਨਦਾਰ ਹੋਣਾ, ਚਰਿੱਤਰਵਾਨ ਹੋਣਾ | ਸਬਰ, ਸ਼ੁਕਰ, ਸ਼ੁਕਰਾਨਾ, ਸਿਆਣਪ ਅਤੇ ਸੋਚ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਮਝ | ਆਪਣੇ ਅੰਦਰਲਾ ਮਾਹੌਲ ਠੀਕ ਕਰੋ, ਬਾਹਰ ਪੈ ਰਿਹਾ ਸ਼ੋਰ ਆਪਣੇ-ਆਪ ਬੰਦ ਹੋ ਜਾਵੇਗਾ |
-ਪਿੰਡ ਗੋਲੇਵਾਲਾ, ਫਰੀਦਕੋਟ | ਮੋਬਾ: 94179-49079

ਅਜਿਹਾ ਹੋਵੇ ਤੁਹਾਡਾ ਸੌਣ ਵਾਲਾ ਕਮਰਾ

ਸੌਣ ਵਾਲਾ ਕਮਰਾ ਜਾਂ ਬੈੱਡ ਰੂਮ ਨੂੰ ਸਜਾਉਣ-ਸੰਵਾਰਨ ਲਈ ਅਸੀਂ ਯਤਨਸ਼ੀਲ ਰਹਿੰਦੇ ਹਾਂ | ਚੰਗੇ ਸੌਣ ਵਾਲੇ ਕਮਰੇ ਵਿਚ ਟੀ. ਵੀ. ਲਈ ਤਾਂ ਬਿਲਕੁਲ ਹੀ ਜਗ੍ਹਾ ਨਹੀਂ ਹੋਣੀ ਚਾਹੀਦੀ | ਸੌਣ ਵਾਲੇ ਕਮਰੇ ਵਿਚ ਟੀ. ਵੀ. ਰੱਖਣ ਦਾ ਫੈਸ਼ਨ ਜਿਹਾ ਬਣ ਗਿਆ ਹੈ ਪਰ ਟੀ. ਵੀ. ਤੁਹਾਡੀ ਨੀਂਦ ਵਿਚ ਵਾਧਾ ਕਰਦਾ ਹੈ, ਇਸ ਲਈ ਟੀ. ਵੀ. ਨੂੰ ਸੌਣ ਵਾਲੇ ਕਮਰੇ ਵਿਚ ਜਗ੍ਹਾ ਨਾ ਦਿਓ |
ਚੰਗੇ ਸੌਣ ਵਾਲੇ ਕਮਰੇ ਦਾ ਸਭ ਤੋਂ ਮਹੱਤਵਪੂਰਨ ਸ਼ਿੰਗਾਰ ਹੁੰਦਾ ਹੈ ਬੈੱਡ, ਭਾਵ ਤੁਹਾਡੇ ਪਲੰਘ ਅਤੇ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹਨ ਗੱਦੇ | ਗੱਦੇ ਨਾ ਤਾਂ ਲੋੜ ਤੋਂ ਜ਼ਿਆਦਾ ਸਖ਼ਤ ਹੋਣੇ ਚਾਹੀਦੇ ਹਨ ਅਤੇ ਨਾ ਹੀ ਬੇਹੱਦ ਮੁਲਾਇਮ | ਇਸ ਲਈ ਜਦੋਂ ਵੀ ਬੈੱਡਰੂਮ ਲਈ ਗੱਦੇ ਖਰੀਦੋ ਤਾਂ ਧਿਆਨ ਦਿਓ ਕਿ ਗੱਦੇ ਉੱਪਰੋਂ ਭਾਵੇਂ ਮੁਲਾਇਮ ਸਤਹ ਵਾਲੇ ਹੋਣ ਪਰ ਅੰਦਰੋਂ ਥੋੜ੍ਹੇ ਸਖ਼ਤ ਹੋਣੇ ਚਾਹੀਦੇ ਹਨ | ਤਾਂ ਹੀ ਇਹ ਤੁਹਾਡੇ ਲਈ ਆਰਾਮਦੇਹ ਹੋਣਗੇ |
ਹੁਣ ਧਿਆਨ ਦਿਓ ਸਿਰਹਾਣੇ ਅਤੇ ਚਾਦਰ 'ਤੇ | ਸਿਰਹਾਣੇ ਦੀ ਚੋਣ ਉਸ ਦੇ ਆਕਾਰ, ਮੋਟਾਪੇ, ਕਰੜੇਪਣ ਅਤੇ ਉਸ 'ਤੇ ਚੜ੍ਹੇ ਗਿਲਾਫ ਦੇ ਕੱਪੜੇ ਦੇ ਆਧਾਰ 'ਤੇ ਕਰੋ | ਕਾਟਨ ਬੈੱਡ ਸ਼ੀਟ ਦੀ ਹੀ ਵਰਤੋਂ ਕਰੋ, ਕਿਉਂਕਿ ਇਹੀ ਤੁਹਾਡੇ ਸਰੀਰ ਨੂੰ ਆਰਾਮ ਪਹੁੰਚਾਉਂਦੀ ਹੈ | ਚਾਦਰ ਦੇ ਰੰਗ ਨਾਲ ਮੈਚ ਖਾਂਦੇ ਹੋਏ ਗਿਲਾਫ ਤਕੀਏ 'ਤੇ ਹੋਣ ਤਾਂ ਬੈੱਡ ਰੂਮ ਦੀ ਸ਼ੋਭਾ ਦੁੱਗਣੀ ਹੋ ਜਾਂਦੀ ਹੈ |
ਅੱਜਕਲ੍ਹ ਪਰਦਿਆਂ ਦੇ ਵੀ ਅਨੇਕਾਂ ਮਟੀਰੀਅਲ ਬਾਜ਼ਾਰ ਵਿਚ ਉਪਲਬਧ ਹਨ ਪਰ ਪਰਦੇ ਮੋਟੇ ਅਤੇ ਭਾਰੀ ਹੋਣੇ ਚਾਹੀਦੇ ਹਨ, ਤਾਂ ਕਿ ਬੇਲੋੜੀ ਰੌਸ਼ਨੀ ਤੁਹਾਡੀਆਂ ਅੱਖਾਂ ਤੱਕ ਨਾ ਪਹੁੰਚ ਸਕੇ | ਪਰਦੇ ਦਾ ਰੰਗ ਵੀ ਅਜਿਹਾ ਹੋਵੇ ਜੋ ਅੱਖਾਂ ਨੂੰ ਠੰਢਕ ਦੇਵੇ | ਬੈੱਡ ਰੂਮ ਵਿਚ ਨੀਲੇ ਰੰਗ ਦੇ ਪਰਦੇ ਫਾਇਦੇਮੰਦ ਹਨ, ਕਿਉਂਕਿ ਇਹ ਨੀਂਦ ਲਿਆਉਣ ਵਿਚ ਮਦਦ ਕਰਦੇ ਹਨ | ਪਰਦੇ ਦਾ ਰੰਗ ਖੁਸ਼ਨੁਮਾ ਹੋਵੇ | ਬੈੱਡ ਰੂਮ ਦੀਆਂ ਕੰਧਾਂ 'ਤੇ ਵੀ ਨੀਲਾ ਰੰਗ ਸਕੂਨ ਦਿੰਦਾ ਹੈ |
ਇਸ ਤੋਂ ਇਲਾਵਾ ਬੈੱਡ ਰੂਮ ਵਿਚ ਛੋਟਾ ਜਿਹਾ ਸਟੱਡੀ ਟੇਬਲ ਅਤੇ ਕੁਝ ਕਿਤਾਬਾਂ ਰੱਖੋ, ਜੋ ਤੁਸੀਂ ਸੌਣ ਤੋਂ ਪਹਿਲਾਂ ਪੜ੍ਹ ਸਕੋ | ਬੈੱਡ ਰੂਮ ਵਿਚ ਹਲਕੀ ਰੌਸ਼ਨੀ ਵਾਲਾ ਬਲਬ ਜਾਂ ਲੈਂਪ ਵੀ ਰੱਖੋ | ਪੜ੍ਹਦੇ ਸਮੇਂ ਟੇਬਲ ਲੈਂਪ ਦੀ ਰੌਸ਼ਨੀ ਵਿਚ ਪੜ੍ਹੋ | ਲੋੜੀਂਦੀ ਰੌਸ਼ਨੀ ਵਿਚ ਹੀ ਪੜ੍ਹੋ | ਹਲਕੀ ਰੌਸ਼ਨੀ ਵਾਲਾ ਬਲਬ ਜਾਂ ਲੈਂਪ ਤਾਂ ਸਿਰਫ ਨਾਈਟ ਬਲਬ ਦਾ ਕੰਮ ਦੇਵੇਗਾ |
ਬੈੱਡ ਰੂਮ ਵਿਚ ਜੇਕਰ ਖਿੜਕੀ ਹੋਵੇ ਤਾਂ ਚੰਗਾ ਹੈ | ਇਸ ਨਾਲ ਗਰਮੀਆਂ ਦੇ ਦਿਨਾਂ ਵਿਚ ਠੰਢੀ ਹਵਾ ਤੁਹਾਡੇ ਕਮਰੇ ਵਿਚ ਆਵੇਗੀ ਅਤੇ ਤੁਹਾਨੂੰ ਤਾਜ਼ੀ ਹਵਾ ਮਿਲੇਗੀ | ਸਭ ਤੋਂ ਜ਼ਰੂਰੀ ਹੈ ਤੁਹਾਡੇ ਬੈੱਡ ਰੂਮ ਦੀ ਸਫ਼ਾਈ | ਬੈੱਡ ਰੂਮ ਸਾਫ-ਸੁਥਰਾ ਹੋਣਾ ਚਾਹੀਦਾ ਹੈ |
-ਸੋਨੀ ਮਲਹੋਤਰਾ

ਪਪੀਤੇ ਦੇ ਸ਼ਾਹੀ ਕੋਫਤੇ

ਸਮੱਗਰੀ : ਇਕ ਕੱਚਾ ਪਪੀਤਾ, 5 ਉਬਲੇ ਹੋਏ ਆਲੂ, ਇਕ ਕੱਪ ਉਬਲੇ ਹਰੇ ਮਟਰ ਦੇ ਦਾਣੇ, 100 ਗ੍ਰਾਮ ਕੱਦੂਕਸ਼ ਕੀਤਾ ਹੋਇਆ ਪਨੀਰ, 8 ਪੱਕੇ ਟਮਾਟਰ, 2 ਪਿਆਜ਼ਾਂ ਦਾ ਪੇਸਟ, ਅਦਰਕ ਪੇਸਟ, 5 ਹਰੀਆਂ ਮਿਰਚਾਂ, 8 ਕਲੀਆਂ ਲਸਣ (ਸਭ ਦਾ ਪੇਸਟ ਤਿਆਰ ਕਰ ਲਓ), 100 ਗ੍ਰਾਮ ਭਿੱਜੇ ਛੋਲੇ, ਇਕ ਛੋਟਾ ਚਮਚ ਬੇਕਿੰਗ ਪਾਊਡਰ, ਹਰੇ ਧਨੀਏ ਦੀਆਂ ਪੱਤੀਆਂ, ਇਕ ਪਿਆਜ਼, ਇਕ ਹਰੀ ਮਿਰਚ ਅਤੇ ਇਕ ਛੋਟਾ ਟੁਕੜਾ ਅਦਰਕ ਦਾ ਲੈ ਕੇ ਸਭ ਨੂੰ ਬਰੀਕ-ਬਰੀਕ ਕੱਟ ਕੇ ਅਲੱਗ ਰੱਖ ਲਓ, 8 ਵੱਡੇ ਚਮਚ ਮੀਟ ਮਸਾਲਾ, 4 ਛੋਟੀਆਂ ਇਲਾਇਚੀਆਂ, 4 ਲੌਾਗਾਂ ਦਾ ਪਾਊਡਰ, ਇਕ ਛੋਟਾ ਚਮਚ ਜੀਰਾ, ਇਕ ਛੋਟਾ ਚਮਚ ਜਾਫਰਾਨ ਪਾਊਡਰ, ਘਿਓ 150 ਗ੍ਰਾਮ ਅਤੇ ਨਮਕ ਸਵਾਦ ਅਨੁਸਾਰ |
ਵਿਧੀ : ਪਪੀਤੇ ਨੂੰ ਛਿੱਲ ਕੇ ਉਸ ਵਿਚੋਂ ਬੀਜ ਕੱਢ ਲਓ ਅਤੇ ਕੱਦੂਕਸ਼ ਕਰ ਲਓ | ਆਲੂ ਨੂੰ ਛਿੱਲ ਕੇ ਮੈਸ਼ ਕਰਕੇ ਉਸ ਵਿਚ ਅੱਧਾ ਕੱਪ ਮਟਰ ਮਿਲਾ ਦਿਓ ਅਤੇ 75 ਗ੍ਰਾਮ ਪਨੀਰ ਮਿਲਾ ਦਿਓ | ਹਰੇ ਧਨੀਏ ਦੀਆਂ ਪੱਤੀਆਂ, ਹਰੀ ਮਿਰਚ, ਅਦਰਕ, ਪਿਆਜ਼, ਇਲਾਇਚੀ ਦਾ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਮਿਲਾ ਦਿਓ |
ਹੁਣ ਭਿੱਜੇ ਛੋਲਿਆਂ ਦਾ ਮੋਟਾ ਪੇਸਟ ਬਣਾ ਕੇ ਇਸ ਵਿਚ ਨਮਕ, ਬੇਕਿੰਗ ਪਾਊਡਰ, ਥੋੜ੍ਹਾ ਜਿਹਾ ਹਰਾ ਧਨੀਆ, ਮਿਰਚ, ਅਦਰਕ, ਇਕ ਚਮਚ ਲਸਣ ਦਾ ਪੇਸਟ ਮਿਲਾ ਕੇ ਗਾੜ੍ਹਾ ਘੋਲ ਤਿਆਰ ਕਰੋ | ਪਪੀਤੇ ਦੇ ਮਿਸ਼ਰਣ ਨੂੰ ਗੋਲ ਆਕਾਰ ਦਾ ਬਣਾ ਕੇ ਘੋਲ ਵਿਚ ਡੁਬੋ ਕੇ ਘਿਓ ਵਿਚ ਡੀਪ ਫ੍ਰਾਈ ਕਰੋ | ਇਸ ਤਰ੍ਹਾਂ ਕੋਫਤਿਆਂ ਨੂੰ ਤਿਆਰ ਕਰਕੇ ਟਮਾਟਰ ਨੂੰ ਉਬਾਲ ਕੇ ਗਾੜ੍ਹੀ ਪਿਊਰੀ ਤਿਆਰ ਕਰ ਲਓ ਅਤੇ ਸਾਰੇ ਮਸਾਲਿਆਂ ਨੂੰ ਇਸ ਵਿਚ ਮਿਲਾ ਦਿਓ | ਹੁਣ ਕੜਾਹੀ ਵਿਚ ਘਿਓ ਪਾ ਕੇ ਉਸ ਵਿਚ ਮਸਾਲਾ ਪਾ ਕੇ ਟਮਾਟਰ ਪਿਊਰੀ, ਮਟਰ ਦੇ ਦਾਣੇ ਅਤੇ ਦੋ ਕੱਪ ਪਾਣੀ ਪਾ ਕੇ ਗ੍ਰੇਵੀ ਤਿਆਰ ਕਰ ਲਓ ਅਤੇ ਕੋਫਤਿਆਂ ਨੂੰ ਉਸ ਵਿਚ ਪਾ ਦਿਓ | ਜਦੋਂ ਕੋਫਤੇ ਚੰਗੀ ਤਰ੍ਹਾਂ ਭਿੱਜ ਜਾਣ ਤਾਂ ਇਨ੍ਹਾਂ ਨੂੰ ਕੱਢ ਕੇ ਉੱਪਰ ਧਨੀਆ ਪੱਤੀ ਅਤੇ ਪਨੀਰ ਨੂੰ ਪਾਓ | ਗਰਮਾ-ਗਰਮ ਪਪੀਤੇ ਦੇ ਸ਼ਾਹੀ ਕੋਫਤੇ ਤਿਆਰ ਹਨ | ਇਨ੍ਹਾਂ ਨੂੰ ਪਲੇਟ ਵਿਚ ਸਜਾ ਕੇ ਪਰੋਸੋ |
-ਪੂਨਮ ਦਿਨਕਰ

ਜੇ ਰੱਖਣੀ ਹੋਵੇ ਬੱਚੇ ਲਈ ਸੇਵਿਕਾ

ਅੱਜਕਲ੍ਹ ਦੀਆਂ ਔਰਤਾਂ ਨੌਕਰੀ-ਪੇਸ਼ਾ ਹਨ, ਇਸ ਲਈ ਉਹ ਆਪਣਾ ਜ਼ਿਆਦਾ ਸਮਾਂ ਘਰ ਤੋਂ ਬਾਹਰ ਬਿਤਾਉਂਦੀਆਂ ਹਨ | ਵੈਸੇ ਵੀ ਇਕਹਿਰੇ ਪਰਿਵਾਰਾਂ ਵਿਚ ਮਾਂ ਦੇ ਦਫ਼ਤਰ ਜਾਣ ਤੋਂ ਬਾਅਦ ਬੱਚੇ ਦੀ ਦੇਖਭਾਲ ਲਈ ਕੋਈ ਨਹੀਂ ਰਹਿੰਦਾ ਹੈ | ਇਸ ਲਈ ਨੌਕਰੀਪੇਸ਼ਾ ਔਰਤਾਂ ਆਪਣੇ ਬੱਚਿਆਂ ਲਈ ਸੇਵਿਕਾ ਦਾ ਇੰਤਜ਼ਾਮ ਕਰਦੀਆਂ ਹਨ |
ਸੇਵਿਕਾ ਉਨ੍ਹਾਂ ਦੇ ਮਗਰੋਂ ਬੱਚੇ ਦੀ ਦੇਖਭਾਲ ਕਰਦੀ ਹੈ ਅਤੇ ਉਸ ਦੇ ਖਾਣ-ਪੀਣ ਦਾ ਧਿਆਨ ਰੱਖਦੀ ਹੈ | ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ | ਕੁਝ ਸੇਵਿਕਾਵਾਂ ਮਾਂ ਦੀ ਗ਼ੈਰ-ਮੌਜੂਦਗੀ ਵਿਚ ਆਪਣਾ ਮਨੋਰੰਜਨ ਕਰਦੀਆਂ ਰਹਿੰਦੀਆਂ ਹਨ, ਜਦੋਂ ਕਿ ਬੱਚਾ ਵਿਲਕਦਾ ਰਹਿੰਦਾ ਹੈ | ਅਜਿਹੇ ਵਿਚ ਹਮੇਸ਼ਾ ਸੇਵਿਕਾ ਰੱਖਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖੋ |
ਸੇਵਿਕਾ ਰੱਖਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ-ਪੜਤਾਲ ਕਰ ਲਓ | ਉਸ ਬਾਰੇ ਪੂਰੀ ਜਾਣਕਾਰੀ ਲੈ ਲਓ | ਉਸ ਦਾ ਅਤਾ-ਪਤਾ ਸਭ ਨੋਟ ਕਰ ਲਓ | ਉਹ ਤੁਹਾਡੇ ਘਰ-ਪਰਿਵਾਰ ਅਤੇ ਬੱਚੇ ਦਾ ਧਿਆਨ ਰੱਖੇਗੀ | ਧਿਆਨ ਰੱਖੋ, ਜਦੋਂ ਤੱਕ ਤੁਹਾਨੂੰ ਉਸ 'ਤੇ ਪੂਰਾ ਵਿਸ਼ਵਾਸ ਨਾ ਹੋ ਜਾਵੇ, ਉਦੋਂ ਤੱਕ ਬੱਚੇ ਅਤੇ ਘਰ ਨੂੰ ਉਸ ਦੇ ਭਰੋਸੇ ਛੱਡ ਕੇ ਨਾ ਜਾਓ | ਉਹ ਸਾਫ਼-ਸਫਾਈ 'ਤੇ ਕਿੰਨਾ ਧਿਆਨ ਦਿੰਦੀ ਹੈ, ਉਹ ਵੀ ਪਰਖ ਲਓ | ਗੰਦੀ ਸੇਵਿਕਾ ਬੱਚੇ ਨੂੰ ਵੀ ਸਾਫ਼-ਸੁਥਰਾ ਨਹੀਂ ਰੱਖਦੀ |
ਉਹ ਜਦੋਂ ਬੱਚੇ ਨੂੰ ਖਵਾਏਗੀ ਤਾਂ ਬੱਚਾ ਉਸ ਨਾਲ ਚਿੰਬੜੇਗਾ ਵੀ | ਅਜਿਹੇ ਵਿਚ ਬੱਚੇ ਦੇ ਬਿਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ | ਗੰਦੀ ਸੇਵਿਕਾ ਦੇ ਨਾਲ ਰਹਿਣ ਨਾਲ ਬੱਚਾ ਬਿਮਾਰ ਰਹਿਣ ਲੱਗੇਗਾ | ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਸੇਵਿਕਾ ਤੁਹਾਡੇ ਬੱਚੇ ਦੇ ਖਾਣ-ਪੀਣ ਦਾ ਧਿਆਨ ਰੱਖਦੀ ਹੈ ਜਾਂ ਨਹੀਂ | ਬੱਚੇ ਦੇ ਹਿੱਸੇ ਦਾ ਖਾਣਾ ਆਦਿ ਉਹ ਖੁਦ ਤਾਂ ਨਹੀਂ ਖਾ ਜਾਂਦੀ | ਜੇ ਤੁਹਾਨੂੰ ਇਹ ਸ਼ੱਕ ਹੈ ਤਾਂ ਉਸ ਦੇ ਖਾਣ-ਪੀਣ ਦਾ ਵੀ ਇੰਤਜ਼ਾਰ ਕਰੋ | ਯਾਦ ਰੱਖੋ ਕਿ ਜੇ ਤੁਸੀਂ ਉਸ ਦਾ ਖਿਆਲ ਰੱਖੋਗੇ ਤਾਂ ਉਹ ਤੁਹਾਡੇ ਬੱਚੇ ਦਾ ਹੋਰ ਵੀ ਜ਼ਿਆਦਾ ਖਿਆਲ ਰੱਖੇਗੀ | ਬੇਵਜ੍ਹਾ ਉਸ 'ਤੇ ਸ਼ੱਕ ਨਾ ਕਰੋ | ਇਸ ਨਾਲ ਉਸ 'ਤੇ ਗ਼ਲਤ ਅਸਰ ਪੈਂਦਾ ਹੈ |
ਉਸ ਨੂੰ ਪੂਰਾ ਮਾਣ-ਸਨਮਾਨ ਦਿਓ | ਉਸ ਦੇ ਨਾਲ ਨਿਮਰਤਾ ਨਾਲ ਪੇਸ਼ ਆਓ | ਤੁਹਾਡੀ ਗ਼ੈਰ-ਹਾਜ਼ਰੀ ਵਿਚ ਉਹ ਬੱਚੇ ਦੇ ਨਾਲ ਰਹਿੰਦੀ ਹੈ | ਜੇ ਤੁਸੀਂ ਉਸ ਨਾਲ ਬਦਤਮੀਜ਼ੀ ਕਰੋਗੇ ਤਾਂ ਉਹ ਤੁਹਾਡੇ ਬੱਚੇ ਦੇ ਨਾਲ ਬੁਰਾ ਵਰਤਾਓ ਕਰ ਸਕਦੀ ਹੈ, ਇਸ ਲਈ ਉਸ ਨੂੰ ਵਿਸ਼ਵਾਸ ਵਿਚ ਲਓ | ਉਸ ਦੇ ਨਾਲ ਨਰਮੀ ਨਾਲ ਪੇਸ਼ ਆਓ | ਉਸ ਤੋਂ ਓਨਾ ਹੀ ਕੰਮ ਕਰਾਓ, ਜਿੰਨਾ ਉਹ ਆਰਾਮ ਨਾਲ ਕਰ ਸਕੇ | ਉਸ 'ਤੇ ਕੰਮ ਦਾ ਬੋਝ ਨਾ ਪਾਓ, ਨਹੀਂ ਤਾਂ ਉਹ ਤੁਹਾਡੇ ਬੱਚੇ ਵੱਲ ਪੂਰਾ ਧਿਆਨ ਨਹੀਂ ਦੇ ਪਾਵੇਗੀ |
ਪੂਰੀ ਤਰ੍ਹਾਂ ਬੇਫਿਕਰ ਹੋ ਕੇ ਤੁਸੀਂ ਘਰ ਤੋਂ ਬਾਹਰ ਨਾ ਨਿਕਲੋ | ਤੁਹਾਡੇ ਬੱਚੇ ਦੀ ਸੇਵਿਕਾ ਨੂੰ ਇਕੱਲੇ ਛੱਡ ਦੇਣਾ ਵੀ ਸਹੀ ਨਹੀਂ ਹੈ | ਉਸ ਨੂੰ ਬੱਚੇ ਨੂੰ ਕਿਤੇ ਬਾਹਰ ਲੈ ਜਾਣ ਦੀ ਆਗਿਆ ਨਾ ਦਿਓ | ਕਦੇ-ਕਦੇ ਦਫ਼ਤਰ ਤੋਂ ਛੇਤੀ ਆ ਕੇ ਇਹ ਦੇਖੋ ਕਿ ਸੇਵਿਕਾ ਤੁਹਾਡੇ ਬੱਚੇ ਨੂੰ ਕਿਸ ਤਰ੍ਹਾਂ ਰੱਖਦੀ ਹੈ | ਇਸ ਨਾਲ ਸੇਵਿਕਾ ਨੂੰ ਵੀ ਇਹ ਲੱਗੇਗਾ ਕਿ ਤੁਸੀਂ ਕਿਸੇ ਵੀ ਸਮੇਂ ਆ ਸਕਦੇ ਹੋ | ਉਸ ਨੂੰ ਆਪਣੀ ਮਨਮਰਜ਼ੀ ਕਰਨ ਦਾ ਮੌਕਾ ਨਹੀਂ ਮਿਲੇਗਾ | ਘਰ ਵਿਚ ਪੁਰਸ਼ ਮੈਂਬਰ ਅਤੇ ਨੌਕਰਾਂ ਦੇ ਨਾਲ ਸੇਵਿਕਾ ਨੂੰ ਇਕੱਲਾ ਛੱਡਣ ਦੀ ਗ਼ਲਤੀ ਨਾ ਕਰੋ | ਸਵਿਕਾ ਦੇ ਸਾਹਮਣੇ ਕੀਮਤੀ ਚੀਜ਼ਾਂ, ਰੁਪਏ-ਪੈਸੇ, ਗਹਿਣੇ ਵਗੈਰਾ ਰੱਖਣ ਤੋਂ ਬਚੋ | ਉਸ ਦੇ ਜਾਣ ਤੋਂ ਬਾਅਦ ਹੀ ਇਨ੍ਹਾਂ ਨੂੰ ਕੱਢੋ ਅਤੇ ਰੱਖੋ |
ਜੇ ਆਪਣੇ ਨਵਜੰਮੇ ਬੱਚੇ ਭਾਵ ਦੋ-ਤਿੰਨ ਮਹੀਨੇ ਦੇ ਬੱਚੇ ਨੂੰ ਸੇਵਿਕਾ ਦੇ ਭਰੋਸੇ ਛੱਡ ਕੇ ਜਾਣਾ ਪਵੇ ਤਾਂ ਰਿਸ਼ਤੇਦਾਰੀ ਵਿਚ ਕਿਸੇ ਬਜ਼ੁਰਗ ਔਰਤ ਨੂੰ ਬੁਲਾ ਲਓ, ਜੋ ਤੁਹਾਡੇ ਬੱਚੇ ਅਤੇ ਸੇਵਿਕਾ ਦੋਵਾਂ 'ਤੇ ਨਜ਼ਰ ਰੱਖ ਸਕੇ | ਆਪਣੇ ਕਰੀਬੀ ਗੁਆਂਢੀਆਂ ਨੂੰ ਵੀ ਸੇਵਿਕਾ ਅਤੇ ਬੱਚੇ 'ਤੇ ਨਜ਼ਰ ਰੱਖਣ ਲਈ ਕਹੋ | ਆਪਣਾ ਅਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਆਦਿ ਦਾ ਫੋਨ ਨੰਬਰ ਸੇਵਿਕਾ ਨੂੰ ਜ਼ਰੂਰ ਦਿਓ ਤਾਂ ਕਿ ਲੋੜ ਪੈਣ 'ਤੇ ਉਹ ਬੁਲਾ ਸਕੇ | ਇਸ ਨਾਲ ਤੁਸੀਂ ਥੋੜ੍ਹੇ-ਬਹੁਤ ਬੇਫਿਕਰ ਵੀ ਰਹਿ ਸਕੋਗੇ |
ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਡੇ ਬੱਚੇ ਦਾ ਵਿਵਹਾਰ ਕਿਹੋ ਜਿਹਾ ਹੈ? ਸੇਵਿਕਾ ਦੇ ਸਾਹਮਣੇ ਉਹ ਡਰਿਆ-ਸਹਿਮਿਆ ਜਿਹਾ ਤਾਂ ਨਹੀਂ ਰਹਿੰਦਾ | ਉਸ ਦਾ ਵਿਵਹਾਰ ਤਾਂ ਨਹੀਂ ਬਦਲ ਗਿਆ ਹੈ | ਉਹ ਸੇਵਿਕਾ ਦੇ ਖਿਲਾਫ ਕੁਝ ਕਹਿਣਾ ਤਾਂ ਨਹੀਂ ਚਾਹੁੰਦਾ | ਗੱਲਾਂ-ਗੱਲਾਂ ਵਿਚ ਬੱਚੇ ਤੋਂ ਸੇਵਿਕਾ ਦੇ ਵਿਵਹਾਰ ਦੇ ਬਾਰੇ ਵਿਚ ਪੁੱਛਗਿੱਛ ਕਰਦੇ ਰਹੋ | ਅਜਿਹਾ ਨਾ ਹੋਵੇ ਕਿ ਸੇਵਿਕਾ ਤੁਹਾਡੇ ਬੱਚੇ ਦੇ ਨਾਲ ਦੁਰਵਿਵਹਾਰ ਕਰਦੀ ਰਹੇ | ਬੱਚੇ ਦੀ ਸਿਹਤ 'ਤੇ ਤੁਸੀਂ ਧਿਆਨ ਦਿਓ | ਅਜਿਹਾ ਨਾ ਹੋਵੇ ਕਿ ਸੇਵਿਕਾ ਉਸ ਨੂੰ ਕੁਝ ਖਾਣ-ਪੀਣ ਨੂੰ ਨਾ ਦਿੰਦੀ ਹੋਵੇ |
ਜਦੋਂ ਤੱਕ ਬੱਚਾ ਛੋਟਾ ਹੋਵੇ, ਉਸ ਨੂੰ ਖੁਦ ਹੀ ਪਾਲੋ | ਸੇਵਿਕਾ ਦੇ ਚੱਕਰ ਵਿਚ ਨਾ ਪਵੋ | ਬੱਚੇ ਦੇ ਵੱਡਾ ਹੋਣ 'ਤੇ ਤੁਸੀਂ ਫਿਰ ਤੋਂ ਨੌਕਰੀ ਕਰ ਸਕਦੇ ਹੋ | ਮਾਂ, ਮਾਂ ਹੀ ਹੁੰਦੀ ਹੈ | ਸੇਵਿਕਾ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ |

8 ਮਾਰਚ ਨੂੰ ਮਹਿਲਾ ਦਿਵਸ 'ਤੇ ਵਿਸ਼ੇਸ਼
ਕੀ ਔਰਤ ਸੁਰੱਖਿਅਤ ਹੈ?

ਅੱਜ ਦੇ ਯੁੱਗ ਨੂੰ ਅਸੀਂ ਮਾਡਰਨ ਯੁੱਗ, ਕੰਪਿਊਟਰ ਤੇ ਮੀਡੀਆ ਯੁੱਗ ਮੰਨ ਰਹੇ ਹਾਂ, ਜੋ ਕਿ ਹੈ ਵੀ ਠੀਕ। ਕੀ ਸਾਡੀ ਸੋਚ ਵੀ ਉਸਾਰੂ ਹੋਈ ਹੈ?
ਪਹਿਲਾਂ ਨਾਲੋਂ ਔਰਤਾਂ ਦੀ ਸਥਿਤੀ ਵਿਚ ਕਾਫੀ ਸੁਧਾਰ ਹੋਇਆ ਹੈ, ਉਸ ਦੀ ਪੜ੍ਹਾਈ ਨੂੰ ਲੈ ਕੇ, ਉਸ ਦੇ ਨੌਕਰੀ ਕਰਨ ਦੇ ਫੈਸਲੇ ਨੂੰ ਲੈ ਕੇ। ਕੀ ਇਸ ਨਾਲ ਔਰਤ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ?
ਅਸੀਂ ਜਾਗਰੂਕ ਹੋ ਰਹੇ ਹਾਂ। ਆਪਣੀਆਂ ਬੱਚੀਆਂ ਨੂੰ ਪੜ੍ਹਾ-ਲਿਖਾ ਕੇ ਕਮਾਈ ਦੇ ਕਾਬਲ ਬਣਾ ਰਹੇ ਹਾਂ। ਅੱਜ ਦੀ ਔਰਤ ਸਖ਼ਤ ਪ੍ਰੀਖਿਆਵਾਂ ਤੋਂ ਬਾਅਦ ਨੌਕਰੀ ਵੀ ਹਾਸਲ ਕਰ ਲੈਂਦੀ ਹੈ। ਕੰਮਕਾਜੀ ਔਰਤਾਂ 'ਤੇ ਜ਼ਿੰਮੇਵਾਰੀਆਂ ਦੂਹਰੀਆਂ-ਤੀਹਰੀਆਂ ਹੋ ਜਾਂਦੀਆਂ ਹਨ। ਨੌਕਰੀ ਕਰਨ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਘੱਟ ਨਹੀਂ ਹੋ ਜਾਂਦੀਆਂ, ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ ਹਨ। ਘਰੇਲੂ ਕੰਮਾਂ ਦੀ ਜ਼ਿੰਮੇਵਾਰੀ ਵੀ ਔਰਤ ਦੀ ਵੱਧ ਹੁੰਦੀ ਹੈ। ਬੱਚਿਆਂ ਦਾ ਧਿਆਨ ਰੱਖਣਾ ਵੀ ਮਾਂ ਦੇ ਹਿੱਸੇ ਆਉਂਦਾ ਹੈ।
ਮਰਦ ਔਰਤਾਂ ਨਾਲ ਹੱਸ ਕੇ ਗੱਲ ਕਰੇ ਤਾਂ ਉਸ ਦਾ ਸੁਭਾਅ 'ਖੁਸ਼ਮਿਜ਼ਾਜ', 'ਹੱਸਮੁੱਖ'। ਜੇ ਔਰਤ ਕਰੇ ਤਾਂ 'ਚਰਿੱਤਰਹੀਣ'। ਮਰਦ ਦੀ ਤਰੱਕੀ ਹੋਵੇ ਤਾਂ ਉਸ ਦੀ ਯੋਗਤਾ, ਮਿਹਨਤ। ਔਰਤ ਤਰੱਕੀ ਕਰੇ ਤਾਂ ਸ਼ੱਕ ਕਿਉਂ? ਜਦਕਿ ਦੇਖਣ ਵਿਚ ਆਇਆ ਹੈ ਕਿ ਪੜ੍ਹਾਈ ਦੇ ਵੱਖੋ-ਵੱਖ ਪ੍ਰੀਖਿਆਵਾਂ ਦੇ ਨਤੀਜੇ ਆਉਂਦੇ ਹਨ ਤਾਂ ਅਕਸਰ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਹੁੰਦੀਆਂ ਹਨ। ਫਿਰ ਵੀ ਕਾਬਲੀਅਤ 'ਤੇ ਸ਼ੱਕ ਕਿਉਂ?
ਹਰ ਰੋਜ਼ ਅਖ਼ਬਾਰਾਂ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਹੀ ਜਾਂਦੀਆਂ ਹਨ। ਕਾਨੂੰਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਸ ਸੰਗੀਨ ਜੁਰਮ ਨੂੰ ਲੈ ਕੇ ਕੋਈ ਵੀ ਖੌਫ ਨਹੀਂ। ਆਏ ਦਿਨ ਗੈਂਗ ਰੇਪ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਧੀਆਂ ਅਤੇ ਮਾਪਿਆਂ ਨੂੰ ਚਿੰਤਾ ਵਿਚ ਡੁਬੋ ਜਾਂਦੀਆਂ ਹਨ। ਮੁਜਰਮਾਂ ਨੂੰ ਕੋਈ ਸਜ਼ਾ ਨਹੀਂ। ਕਿੰਨੀਆਂ ਕੁੜੀਆਂ ਨੂੰ ਜਬਰ-ਜਨਾਹ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ। ਜੋ ਜੀਵਤ ਰਹਿੰਦੀਆਂ ਹਨ, ਸਾਰੀ ਉਮਰ ਸਦਮੇ 'ਚੋਂ ਬਾਹਰ ਨਹੀਂ ਆ ਸਕਦੀਆਂ। ਛੋਟੀਆਂ-ਛੋਟੀਆਂ ਬੱਚੀਆਂ ਸੁਰੱਖਿਅਤ ਨਹੀਂ ਹਨ।
ਤੇਜ਼ਾਬੀ ਹਮਲੇ, ਸਮੂਹਿਕ ਜਬਰ-ਜਨਾਹ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੇ। ਸ਼ਾਮ 7 ਵਜੇ ਤੋਂ ਬਾਅਦ ਘਰੋਂ ਬਾਹਰ ਜਾਣਾ ਔਰਤ ਤੇ ਘਰਦਿਆਂ ਲਈ ਚਿੰਤਾ ਬਣ ਜਾਂਦੀ ਹੈ। ਉਹ ਬੇਫਿਕਰ ਹੋ ਕੇ ਕਿਉਂ ਨਹੀਂ ਵਿਚਰ ਸਕਦੀ? ਉਸ 'ਤੇ ਭੱਦੇ ਕੁਮੈਂਟਸ ਕੱਸੇ ਜਾਂਦੇ ਹਨ। ਕਦੋਂ ਔਰਤ ਆਪਣੇ ਇਸ ਆਜ਼ਾਦ ਦੇਸ਼ ਵਿਚ ਸੁਰੱਖਿਅਤ ਮਹਿਸੂਸ ਕਰੇਗੀ? ਕਦੋਂ ਆਜ਼ਾਦੀ ਨਾਲ ਵਿਚਰੇਗੀ?
ਕਈ ਪਿੰਡਾਂ ਦੀਆਂ ਔਰਤਾਂ ਸਰਪੰਚ ਹਨ ਪਰ ਸਿਰਫ ਨਾਂਅ ਦੀਆਂ। ਕੰਮ ਸਾਰਾ ਪਤੀ ਜਾਂ ਸਹੁਰਾ ਹੀ ਦੇਖਦਾ ਹੈ। ਉਸ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ। ਉਹ ਖੁੱਲ੍ਹ ਕੇ ਆਪਣੀ ਰਾਇ ਵੀ ਨਹੀਂ ਦੇ ਸਕਦੀ। ਔਰਤ-ਮਰਦ ਸਮਾਜ ਦੇ ਦੋ ਪਹੀਏ ਹਨ। ਬਰਾਬਰ ਚੱਲਣਗੇ ਤਾਂ ਹੀ ਸਮਾਜ ਰੂਪੀ ਗੱਡੀ ਸਹੀ ਚੱਲੇਗੀ। ਬਹੁਤ ਕੁਝ ਵਿਚਾਰਨ ਦੀ ਲੋੜ ਹੈ।

-ਬਾਬਾ ਫਰੀਦ ਨਗਰ, ਗਲੀ ਨੰ: 1, ਫਰੀਦਕੋਟ।

ਤੁਹਾਡੀ ਸ਼ਖ਼ਸੀਅਤ ਵਿਚ ਸਾਫਟ ਸਕਿਲ ਦਾ ਕਿੰਨਾ ਰੋਲ ਹੈ?

1. ਤੁਹਾਡੀ ਅੱਲ੍ਹੜ ਬੇਟੀ ਵਿਗਿਆਨ ਅਤੇ ਹਿਸਾਬ ਨੂੰ ਲੈ ਕੇ ਪੜ੍ਹਾਈ ਕਰਨ ਵਿਚ ਹਿਚਕਿਚਾਉਂਦੀ ਹੈ, ਇਸ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ?
(ਕ) ਬੇਟੀ ਨੂੰ ਇਨ੍ਹਾਂ ਵਿਸ਼ਿਆਂ ਦੀ ਅਹਿਮੀਅਤ ਦੱਸੋਗੇ ਪਰ ਆਖਰ ਉਸ ਦੀ ਪਸੰਦ ਨੂੰ ਹੀ ਮਹੱਤਵ ਦਿਓਗੇ।
(ਖ) ਉਸ ਨੂੰ ਹਰ ਹਾਲਤ ਵਿਚ ਇਨ੍ਹਾਂ ਵਿਸ਼ਿਆਂ ਨੂੰ ਲੈਣ ਲਈ ਸਮਝਾਓਗੇ।
(ਗ) ਉਸ ਨੂੰ ਬਿਨਾਂ ਕੋਈ ਛੋਟ ਦਿੱਤੇ ਉਹੀ ਪੜ੍ਹਨ ਲਈ ਮਜਬੂਰ ਕਰੋਗੇ, ਜੋ ਤੁਹਾਨੂੰ ਸਹੀ ਲਗਦਾ ਹੈ।
2. 'ਕਿਸੇ ਕਾਮਯਾਬੀ ਵਿਚ ਸਿਰਫ ਮਿਹਨਤ ਦੀ ਹੀ ਭੂਮਿਕਾ ਨਹੀਂ ਹੁੰਦੀ, ਬਲਕਿ ਸੋਚ, ਕੋਸ਼ਿਸ਼ ਅਤੇ ਚਿੰਤਨ ਦੀ ਵੀ ਭੂਮਿਕਾ ਹੁੰਦੀ ਹੈ', ਤੁਹਾਡੇ ਹਿਸਾਬ ਨਾਲ ਇਹ ਕਥਨ ਕਿੰਨਾ ਸਹੀ ਹੈ?
(ਕ) ਵੱਡੇ-ਵੱਡੇ ਉਪਦੇਸ਼ ਸਿਰਫ ਗੱਲਾਂ ਦੇ ਲਈ ਹੁੰਦੇ ਹਨ, ਜਦੋਂ ਕਿ ਮਿਹਨਤ ਹੀ ਹਰ ਕਾਮਯਾਬੀ ਦੀ ਇਕ ਮਾਤਰ ਜੜ੍ਹ ਹੈ।
(ਖ) ਮਿਹਨਤ ਤੋਂ ਜ਼ਿਆਦਾ ਸਮਾਰਟ ਸੋਚ ਅਤੇ ਵਕਤ ਦੇ ਨਾਲ ਲਚਕੀਲਾ ਰੁਖ਼ ਕਾਮਯਾਬੀ ਲਈ ਜ਼ਰੂਰੀ ਹੈ।
(ਗ) ਕਾਮਯਾਬੀ ਦਾ ਕੋਈ ਨਿਸਚਿਤ ਫਾਰਮੂਲਾ ਨਹੀਂ ਹੁੰਦਾ।
3. ਤੁਹਾਡੇ ਮੁਤਾਬਿਕ ਖੂਬਸੂਰਤ ਮੁਸਕਾਨ ਦਾ ਕਿਸੇ ਵਿਅਕਤਿਤਵ ਦੇ ਸੰਦਰਭ ਵਿਚ ਕਿਨ੍ਹਾਂ-ਕਿਨ੍ਹਾਂ ਗੱਲਾਂ ਨਾਲ ਰਿਸ਼ਤਾ ਹੋ ਸਕਦਾ ਹੈ?
(ਕ) ਖੂਬਸੂਰਤੀ ਨਾਲ।
(ਖ) ਆਤਮਵਿਸ਼ਵਾਸ ਨਾਲ।
(ਗ) ਆਤਮਵਿਸ਼ਵਾਸ, ਖੂਬਸੂਰਤੀ ਅਤੇ ਸਾਕਾਰਾਤਮਿਕਤਾ ਨਾਲ।
4. ਤੁਹਾਡੇ ਮੁਤਾਬਿਕ ਕਿਸੇ ਕੰਮ ਨੂੰ ਪੂਰਾ ਕਰਨ ਲਈ ਯੋਜਨਾ ਬਣਾਉਣਾ ਕਿੰਨਾ ਜ਼ਰੂਰੀ ਹੈ?
(ਕ) ਸਭ ਤੋਂ ਜ਼ਿਆਦਾ।
(ਖ) ਯੋਜਨਾ ਤੋਂ ਜ਼ਿਆਦਾ ਜ਼ਰੂਰੀ ਹੈ ਕੰਮ ਨੂੰ ਸ਼ੁਰੂ ਕਰ ਦੇਣਾ।
(ਗ) ਦੋਵੇਂ।
5. ਤੁਹਾਡੀ ਬੇਟੀ ਸੰਗੀਤ ਸਿੱਖਣਾ ਚਾਹੁੰਦੀ ਹੈ, ਬਾਵਜੂਦ ਇਸ ਦੇ ਕਿ ਭਾਵੇਂ ਉਸ ਨੇ ਸੰਗੀਤਕਾਰ ਨਹੀਂ ਬਣਨਾ। ਤੁਹਾਡੀ ਰਾਏ ਮੁਤਾਬਿਕ ਕੀ ਉਸ ਦੀ ਇਸ ਇੱਛਾ ਦਾ ਸਮਰਥਨ ਕੀਤਾ ਜਾ ਸਕਦਾ ਹੈ?
(ਕ) ਬਿਲਕੁਲ।
(ਖ) ਕੀ ਫਾਇਦਾ ਜੇ ਉਸ ਵਿਚ ਕੈਰੀਅਰ ਹੀ ਨਹੀਂ ਬਣਾਉਣਾ।
(ਗ) ਕੁਝ ਸਮਝ ਵਿਚ ਨਹੀਂ ਆਉਂਦਾ।
ਅੰਕ ਸੂਚੀ
ਲੜੀ ਨੰ: ਕ ਖ ਗ
1. 5 2 0
2. 0 5 2
3. 2 2 5
4. 5 2 5
5. 5 0 2
ਨਤੀਜਾ : ਜੇਕਰ ਤੁਸੀਂ ਸਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਤੌਰ 'ਤੇ ਉਨ੍ਹਾਂ ਬਦਲਾਂ 'ਤੇ ਇਮਾਨਦਾਰੀ ਨਾਲ ਟਿਕ ਕੀਤਾ ਹੈ ਜੋ ਸੱਚਮੁੱਚ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਆਪਣੇ ਸਾਫਟ ਸਕਿਲ ਨੂੰ ਕੁਝ ਇਸ ਤਰ੍ਹਾਂ ਸਮਝੋ-
ੲ ਜੇਕਰ ਤੁਸੀਂ 20 ਜਾਂ ਉਸ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਮੰਨਣਾ ਹੀ ਪਵੇਗਾ ਕਿ ਤੁਹਾਡੀ ਸਾਫਟ ਸਕਿਲ ਸੁਪਰ ਹੈ, ਕਾਮਯਾਬੀ ਤੁਹਾਡੇ ਕਦਮ ਚੁੰਮਦੀ ਹੈ ਅਤੇ ਤੁਸੀਂ ਆਪਣੇ ਇਰਦ-ਗਿਰਦ ਦੇ ਤਮਾਮ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੋ।
ੲ ਜੇਕਰ ਤੁਹਾਡੇ ਹਾਸਲ ਅੰਕ 20 ਤੋਂ ਘੱਟ ਪਰ 15 ਤੋਂ ਜ਼ਿਆਦਾ ਹਨ ਤਾਂ ਤੁਹਾਡੇ ਲਈ ਬਹੁਤ ਚਿੰਤਤ ਹੋਣ ਵਾਲੀ ਗੱਲ ਨਹੀਂ ਹੈ। ਬਸ, ਆਪਣੇ ਧਿਆਨ ਨੂੰ ਹੋਰ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ।
ੲ ਜੇਕਰ ਤੁਹਾਡੇ ਅੰਕ 10 ਤੋਂ ਘੱਟ ਹਨ ਤਾਂ ਮੰਨਣਾ ਪਵੇਗਾ ਕਿ ਆਪਾਧਾਪੀ ਵਿਚ ਤੁਹਾਨੂੰ ਨਹੀਂ ਪਤਾ ਕਿ ਜ਼ਿੰਦਗੀ ਲਈ ਸਾਫਟ ਸਕਿਲ ਕਿੰਨੀ ਜ਼ਰੂਰੀ ਹੈ।

-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ

ਆ ਗਿਆ ਸਰਦੀਆਂ ਦੇ ਕੱਪੜੇ ਸੰਭਾਲਣ ਦਾ ਸਮਾਂ

ੲ ਆਪਣੇ ਸਾਰੇ ਊਨੀ ਕੱਪੜੇ ਧੋਵੋ ਜਾਂ ਉਨ੍ਹਾਂ ਨੂੰ ਡਰਾਈਕਲੀਨ ਕਰਵਾਓ (ਆਪਣੀ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਪਾਉਣ ਤੋਂ ਪਹਿਲਾਂ ਕੱਪੜੇ ਉੱਪਰ ਦਿੱਤੀਆਂ ਧੋਣ ਵਾਲੀਆਂ ਹਦਾਇਤਾਂ ਨੂੰ ਪੜ੍ਹ ਲਵੋ) ਫਿਰ ਪੈਕ ਕਰੋ। ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਗਰਮ ਕੱਪੜੇ ਗੰਦਗੀ, ਤੇਲ, ਮਿੱਠਾ, ਭੋਜਨ ਦੇ ਕਣਾਂ ਜਾਂ ਕਿਸੇ ਤਰ੍ਹਾਂ ਦੇ ਵੀ ਕੀੜਿਆਂ ਦੇ ਵਾਧੇ ਵਾਲੀ ਚੀਜ਼ ਤੋਂ ਮੁਕਤ ਹੋਣ।
ੲ ਜਿਸ ਥਾਂ 'ਤੇ ਤੁਸੀਂ ਊਨੀ ਕੱਪੜੇ ਰੱਖ ਰਹੇ ਹੋ, ਉਸ ਨੂੰ ਚੰਗੀ ਤਰ੍ਹਾਂ ਸਾਫ ਕਰੋ। ਬਹੁਤੇ ਭਾਰਤੀ ਕੱਪੜੇ ਰੱਖਣ ਲਈ ਸੂਟਕੇਸ, ਬਾਕਸ, ਟਰੰਕ ਅਤੇ ਅਲਮਾਰੀਆਂ ਵਰਤਦੇ ਹਨ। ਇਨ੍ਹਾਂ ਨੂੰ ਝਾੜੋ (ਜੇ ਜਾਲੇ ਲੱਗੇ ਹਨ ਤਾਂ ਉਨ੍ਹਾਂ ਨੂੰ ਉਤਾਰੋ) ਅਤੇ ਆਪਣੇ ਕੀਮਤੀ ਗਰਮ ਕੱਪੜੇ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰੋ। ਸੂਟਕੇਸਾਂ ਅਤੇ ਬਕਸਿਆਂ ਨੂੰ ਸਾਫ ਕਰਨ ਲਈ ਇਨ੍ਹਾਂ ਨੂੰ ਧੋਵੋ ਜਾਂ ਗਿੱਲੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਕੁਝ ਸਮੇਂ ਲਈ ਧੁੱਪ ਵਿਚ ਰੱਖ ਕੇ ਸੁਕਾਓ।
ਇਸ ਦੀ ਬਜਾਏ ਤੁਸੀਂ ਆਪਣੇ ਊਨੀ ਕੱਪੜੇ ਰੱਖਣ ਲਈ ਏਅਰਟਾਈਟ ਪਲਾਸਟਿਕ ਬੈਗਜ਼ ਜਾਂ ਬਕਸੇ ਵਰਤ ਸਕਦੇ ਹੋ। ਏਅਰਟਾਈਟ ਬੈਗਜ਼ ਜਾਂ ਬਕਸੇ ਕੀੜੇ-ਮਕੌੜੇ ਪੈਦਾ ਨਹੀਂ ਹੋਣ ਦਿੰਦੇ।
ੲ ਕੀੜੇ ਭਜਾਉਣ ਲਈ ਦਵਾਈ ਵਰਤੋ। ਮੋਥਬਾਲਜ਼ ਕੀੜਿਆਂ ਤੋਂ ਊਨੀ ਕੱਪੜਿਆਂ ਨੂੰ ਬਚਾਉਣ ਦਾ ਆਸਾਨ ਢੰਗ ਹੈ ਪਰ ਮਾੜੀ ਗੱਲ ਇਹ ਹੈ ਕਿ ਮੋਥਬਾਲਜ਼ ਕੈਰਕੀਨੋਜੈਨਿਕ ਜਿਹੇ ਜ਼ਹਿਰੀਲੇ ਰਸਾਇਣ ਹੁੰਦੇ ਹਨ। ਇਹ ਰਸਾਇਣ ਆਪਣੀ ਬਦਬੂ ਵੀ ਫੈਲਾਉਂਦੇ ਹਨ। ਜੇਕਰ ਤੁਸੀਂ ਆਪਣੇ ਕੱਪੜਿਆਂ ਨੂੰ ਲੰਬੇ ਸਮੇਂ ਲਈ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਵਿਚ ਮੋਥਬਾਲਜ਼ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਰਨ ਇਹ ਹੈ ਕਿ ਕੱਪੜੇ ਮੋਥਬਾਲਜ਼ ਦੇ ਜ਼ਹਿਰੀਲੇ ਰਸਾਇਣਾਂ ਨੂੰ ਆਪਣੇ ਵਿਚ ਜਜ਼ਬ ਕਰ ਸਕਦੇ ਹਨ ਅਤੇ ਜਦੋਂ ਤੁਸੀਂ ਇਹ ਕੱਪੜੇ ਪਹਿਨੋਗੇ ਤਾਂ ਇਨ੍ਹਾਂ ਵਿਚਲੇ ਰਸਾਇਣ ਤੁਹਾਡੇ ਸਰੀਰ ਨੂੰ ਨੁਕਸਾਨ ਕਰ ਸਕਦੇ ਹਨ।
ਜੇਕਰ ਤੁਸੀਂ ਮੋਥਬਾਲਜ਼ ਆਪਣੇ ਕੱਪੜਿਆਂ ਵਿਚ ਸਟੋਰ ਕਰਨ ਵੇਲੇ ਰੱਖਦੇ ਹੋ ਤਾਂ ਇਨ੍ਹਾਂ ਨੂੰ ਪਹਿਨਣ ਤੋਂ ਪਹਿਲਾਂ ਇਕ ਵਾਰ ਧੋ ਜ਼ਰੂਰ ਲਓ ਪਰ ਤੁਸੀਂ ਇਨ੍ਹਾਂ ਦੀ ਬਜਾਏ ਕੁਝ ਹੋਰ ਚੀਜ਼ ਵੀ ਰੱਖ ਸਕਦੇ ਹੋ, ਜਿਨ੍ਹਾਂ ਵਿਚ ਕੁਝ ਇਸ ਤਰ੍ਹਾਂ ਹਨ-
ੲ ਨਿੰਮ : ਤੁਸੀਂ ਊਨੀ ਕੱਪੜੇ ਰੱਖਣ ਵਾਲੇ ਬਾਕਸ ਵਿਚ ਨਿੰਮ ਦੇ ਸੁੱਕੇ ਪੱਤੇ ਰੱਖ ਸਕਦੇ ਹੋ। ਜੇਕਰ ਨਿੰਮ ਦੇ ਪੱਤੇ ਨਾ ਮਿਲਣ ਤਾਂ ਨਿੰਮ ਦਾ ਤੇਲ ਵੀ ਵਰਤ ਸਕਦੇ ਹੋ। ਰੂੰ ਉੱਪਰ ਕੁਝ ਤੁਪਕੇ ਨਿੰਮ ਦਾ ਤੇਲ ਪਾ ਕੇ ਇਕ ਥੈਲੀ ਕੱਪੜਿਆਂ ਦੇ ਇਕ ਪਾਸੇ ਰੱਖ ਸਕਦੇ ਹੋ।
ੲ ਮਿੰਟ : ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਵੀ ਕੀੜੇ ਭਜਾਉਣ ਵਿਚ ਵਰਤੀਆਂ ਜਾ ਸਕਦੀਆਂ ਹਨ। ਬਕਸੇ ਵਿਚ ਭਾਵੇਂ ਪੱਤਿਆਂ ਦੀ ਪੋਟਲੀ ਜਾਂ ਖੁੱਲ੍ਹੇ ਵੀ ਰੱਖ ਸਕਦੇ ਹੋ।
ੲ ਥਾਇਮ, ਲੌਂਗ ਅਤੇ ਰੋਜ਼ਮੈਰੀ : ਆਪਣੀ ਲੋੜ ਮੁਤਾਬਿਕ ਇਨ੍ਹਾਂ ਵਸਤਾਂ ਨੂੰ ਇਕੱਠੇ ਕਰੋ ਅਤੇ ਇਕ ਥੈਲੀ ਵਿਚ ਪਾ ਕੇ ਕੱਪੜਿਆਂ 'ਚ ਰੱਖਣ ਨਾਲ ਕੀੜੇ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਰਹਿਣਗੇ।
ੲ ਆਪਣੇ ਸਟੋਰ ਕੀਤੇ ਕੱਪੜਿਆਂ ਨੂੰ ਸਮੇਂ-ਸਮੇਂ ਦੇਖਦੇ ਰਹੋ : ਇਨ੍ਹਾਂ ਨੂੰ 4 ਤੋਂ 8 ਹਫਤੇ ਪਿੱਛੋਂ ਹਿਲਾ ਕੇ ਦੇਖਦੇ ਰਹੋ। ਇਸ ਤਰ੍ਹਾਂ ਤੁਹਾਡੇ ਕੀਮਤੀ ਕੱਪੜੇ ਕੀੜਿਆਂ ਦੇ ਹਮਲੇ ਤੋਂ ਬਚੇ ਰਹਿਣਗੇ। ਜੇਕਰ ਤੁਹਾਨੂੰ ਕੁਝ ਕੀੜੇ ਦਿਖਾਈ ਦੇਣ ਤਾਂ ਪ੍ਰਭਾਵਿਤ ਹੋਏ ਕੱਪੜਿਆਂ ਨੂੰ ਧੁੱਪ ਵਿਚ ਰੱਖੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਝਾੜ ਅਤੇ ਸਾਫ ਕਰਕੇ ਮੁੜ ਰੱਖ ਸਕਦੇ ਹੋ।

ਮੈਨੂੰ ਕੁੱਖ ਵਿਚ ਨਾ ਮਾਰ ਮਾਏਂ

ਪਾ ਕੇ ਵਾਸਤੇ ਗਈ ਹੁਣ ਮੈਂ ਹਾਰ ਮਾਏਂ,
ਮੈਨੂੰ ਕੁੱਖ ਵਿਚ ਨਾ ਮਾਰ ਮਾਏਂ।
ਮੈਂ ਵੀਰ ਨੂੰ ਖਿਡਾਉਣਾ,
ਬਾਪੂ ਨਾਲ ਲਾਡ ਲਡਾਉਣਾ।
ਵਿਚ ਸਹੇਲੀਆਂ ਨੱਚਣਾ-ਗਾਉਣਾ,
ਅਤੇ ਤੇਰਾ ਸ਼ੁਕਰ ਮਨਾਉਣਾ।
ਮੈਂ ਆਉਣਾ ਦੁਨੀਆ 'ਤੇ ਮਾਏਂ,
ਰੁਸ਼ਨਾਉਣਾ ਤੇਰਾ ਨਾਂਅ ਮਾਏਂ।
ਕੰਮ ਕਰਾਂਗੀ ਜੱਗ 'ਚ ਨਾਂਅ ਚਮਕਾਉਣ ਵਾਲਾ,
ਪਿਓ ਦੀ ਪੱਗ ਨੂੰ ਵਾਂਗ ਸੂਰਜ ਦੇ ਚਮਕਾਉਣ ਵਾਲਾ।
ਵੀਰ ਦੀ ਘੋੜੀ ਗਾਉਣੀ,
ਨਾਲ ਸ਼ਗਨਾਂ ਘਰ ਭਾਬੀ ਲਿਆਉਣੀ।
ਕਿਸੇ ਦੇ ਘਰ ਦਾ ਮੈਂ ਨੂਰ ਬਣਨਾ,
ਤੇ ਬਣਨਾ ਮੈਂ ਸ਼ਿੰਗਾਰ ਮਾਏਂ।
ਪਾ ਕੇ ਵਾਸਤੇ ਗਈ ਹੁਣ ਮੈਂ ਹਾਰ ਮਾਏਂ,
ਮੈਨੂੰ ਕੁੱਖ ਵਿਚ ਨਾ ਮਾਰ ਮਾਏਂ।

-ਨਵਦੀਪ ਜਵੰਧਾ,
ਸ: ਪ੍ਰਾ: ਸਕੂਲ, ਕਾਕੜਾ (ਸੰਗਰੂਰ)।

...ਕਿਉਂਕਿ ਚੱਲ ਰਹੀਆਂ ਨੇ ਪ੍ਰੀਖਿਆਵਾਂ


ਸਾਰੇ ਹੀ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਜੀਵਨ ਵਿਚ ਅੱਗੇ ਵਧੇ ਤੇ ਉਨ੍ਹਾਂ ਦਾ ਨਾਂਅ ਰੌਸ਼ਨ ਕਰੇ। ਇਸ ਮਕਸਦ ਨੂੰ ਲੈ ਕੇ ਮਾਪੇ ਆਪਣੀ ਹੈਸੀਅਤ ਮੁਤਾਬਿਕ ਆਪਣੇ ਬੱਚੇ ਦੀ ਚੰਗੀ ਪੜ੍ਹਾਈ-ਲਿਖਾਈ ਅਤੇ ਕਾਮਯਾਬੀ ਲਈ ਪੂਰੀ ਵਾਹ ਲਗਾਉਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹਰ ਖੇਤਰ ਵਿਚ ਮੋਹਰਲੀ ਕਤਾਰ 'ਚ ਰਹੇ। ਇਸ ਪੱਖ ਤੋਂ ਆਧੁਨਿਕ ਸਮੇਂ ਦੌਰਾਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਤ ਦਿਖਾਈ ਦੇ ਰਹੇ ਹਨ। ਪਰ ਇਥੇ ਸਾਨੂੰ ਇਸ ਪੱਖ ਨੂੰ ਕਿਸੇ ਵੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਪੜ੍ਹਾਈ ਤੋਂ ਪਹਿਲਾਂ ਬੱਚੇ ਦੀ ਸਿਹਤ ਜ਼ਰੂਰੀ ਹੈ। ਜੇਕਰ ਬੱਚਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਹੋਵੇਗਾ ਤਾਂ ਹੀ ਉਹ ਪੜ੍ਹਾਈ ਵੀ ਚੰਗੇ ਤਰੀਕੇ ਨਾਲ ਕਰ ਸਕੇਗਾ।
ਬੱਚਿਆਂ ਨੂੰ ਲੰਬਾ ਸਮਾਂ ਟੀ. ਵੀ. ਵੇਖਣ ਤੋਂ ਵੀ ਰੋਕਣਾ ਚਾਹੀਦਾ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਦਾ ਟੀ. ਵੀ. ਪ੍ਰਤੀ ਬਹੁਤ ਰੁਝਾਨ ਹੁੰਦਾ ਹੈ। ਖਾਸ ਕਰਕੇ ਜ਼ਿਆਦਾਤਰ ਬੱਚੇ ਲੰਬਾ ਸਮਾਂ ਟੀ. ਵੀ. 'ਤੇ ਕਾਰਟੂਨ ਵੇਖਣੇ ਅਤੇ ਵੀਡੀਓ ਗੇਮਾਂ ਖੇਡਣਾ ਪਸੰਦ ਕਰਦੇ ਹਨ। ਪਰ ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚਿਆਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਉਹ ਲੰਬਾ ਸਮਾਂ ਟੀ. ਵੀ. ਨਾ ਵੇਖਣ ਅਤੇ ਨਾ ਹੀ ਵੀਡੀਓ ਗੇਮਾਂ ਖੇਡਣ। ਜਦੋਂ ਪੜ੍ਹਾਈ ਕਰਦੇ-ਕਰਦੇ ਉਨ੍ਹਾਂ ਨੂੰ ਜ਼ਿਆਦਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾਵਟ ਮਹਿਸੂਸ ਹੋਵੇ ਤਾਂ ਉਨ੍ਹਾਂ ਨੂੰ ਟੀ. ਵੀ. ਵੇਖਣ ਜਾਂ ਖੇਡਣ ਲਈ ਥੋੜ੍ਹਾ ਜਿਹਾ ਸਮਾਂ ਹੀ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਪਿਆਂ ਅਤੇ ਘਰ ਵਿਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਇਕ ਤਰ੍ਹਾਂ ਨਾਲ ਸਹਿਯੋਗ ਕਰਦੇ ਹੋਏ ਆਪ ਵੀ ਟੀ.ਵੀ. ਵੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਦਿਨਾਂ ਵਿਚ ਬੱਚਿਆਂ ਦੇ ਪੜ੍ਹਨ ਲਈ ਘਰ ਵਿਚ ਸ਼ਾਂਤੀਪੂਰਵਕ ਮਾਹੌਲ ਸਿਰਜਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬੈਠ ਕੇ ਪੜ੍ਹਨ ਲਈ ਟੇਬਲ ਤੇ ਕੁਰਸੀ ਆਦਿ ਦੇ ਨਾਲ-ਨਾਲ ਲੋੜੀਂਦੀ ਰੌਸ਼ਨੀ ਦਾ ਵੀ ਸਹੀ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈ।
ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਖਾਸ ਕਰਕੇ ਪ੍ਰੀਖਿਆਵਾਂ ਦੇ ਦਿਨਾਂ ਵਿਚ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਵਿਚ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੁਝ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਬੱਚਾ ਕੋਈ ਵੀ ਖਾਣ ਵਾਲੀ ਚੀਜ਼ ਅਣਧੋਤੇ ਹੱਥਾਂ ਨਾਲ ਨਾ ਖਾਵੇ, ਪ੍ਰੀਖਿਆਵਾਂ ਦੀ ਤਿਆਰੀ ਕਰਦਿਆਂ ਪੈਨਸਿਲ, ਇਰੇਜ਼ਰ ਜਾਂ ਕਾਪੀਆਂ/ਕਿਤਾਬਾਂ ਪੜ੍ਹਾਈ ਦੇ ਬਾਅਦ ਬੈਗ ਵਿਚ ਰੱਖਣ 'ਤੇ ਵੀ ਬੱਚੇ ਦੇ ਹੱਥ ਸਾਬਣ ਜਾਂ ਹੈਂਡ ਵਾਸ਼ ਨਾਲ ਧੁਆਏ ਜਾਣ। ਕੋਈ ਵੀ ਗੰਦਾ ਜਾਂ ਗਿੱਲਾ/ਸਿੱਲ੍ਹਾ ਕੱਪੜਾ ਬੱਚੇ ਨੂੰ ਨਾ ਪਹਿਨਾਇਆ ਜਾਵੇ। ਥੋੜ੍ਹੀ ਜਿਹੀ ਧੁੱਪ ਨਿਕਲਣ 'ਤੇ ਬੱਚੇ ਦੇ ਗਰਮ ਕੱਪੜੇ ਇਕਦਮ ਨਾ ਉਤਾਰੇ ਜਾਣ। ਹਵਾ ਤੋਂ ਖਾਸ ਸਾਵਧਾਨੀ ਵਰਤੀ ਜਾਵੇ। ਜੇਕਰ ਬੱਚੇ ਨੂੰ ਕੋਈ ਵੀ ਸਿਹਤ ਸਬੰਧੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਜਾਵੇ, ਤਾਂ ਕਿ ਜ਼ਿਆਦਾ ਬਿਮਾਰ ਹੋਣ ਤੋਂ ਪਹਿਲਾਂ ਹੀ ਰੋਗ 'ਤੇ ਕਾਬੂ ਪਾਇਆ ਜਾ ਸਕੇ ਤੇ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਬਦਲਦਾ ਮੌਸਮ ਅਤੇ ਤੁਹਾਡੀ ਚਮੜੀ

ਚਮੜੀ ਹਰ ਮੌਸਮ ਵਿਚ ਦੇਖਭਾਲ ਮੰਗਦੀ ਹੈ, ਚਾਹੇ ਸਰਦੀ ਹੋਵੇ, ਗਰਮੀ, ਬਰਸਾਤ ਜਾਂ ਬਦਲਦਾ ਮੌਸਮ। ਕਈ ਵਾਰ ਅਸੀਂ ਬਦਲਦੇ ਮੌਸਮ ਵਿਚ ਚਮੜੀ ਦੀ ਦੇਖ-ਰੇਖ ਵਿਚ ਲਾਪ੍ਰਵਾਹ ਹੋ ਜਾਂਦੇ ਹਾਂ ਅਤੇ ਚਮੜੀ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਆਓ, ਧਿਆਨ ਦਿਓ ਬਦਲਦੇ ਮੌਸਮ ਵਿਚ ਕਿਵੇਂ ਆਪਣੀ ਚਮੜੀ ਦੀ ਸੁਰੱਖਿਆ ਕਰੀਏ-
ਸਫਾਈ, ਮਾਇਸਚਰਾਇਜ਼ਿੰਗ ਅਤੇ ਸਕ੍ਰਬਿੰਗ
ਇਹ ਤਿੰਨ ਪ੍ਰਕਿਰਿਆਵਾਂ ਕਰਨੀਆਂ ਚਮੜੀ ਦੀ ਤਾਜ਼ਗੀ ਅਤੇ ਸਿਹਤ ਦੇ ਲਈ ਜ਼ਰੂਰੀ ਹਨ। ਇਨ੍ਹਾਂ ਪ੍ਰਕਿਰਿਆਵਾਂ ਨਾਲ ਚਮੜੀ 'ਤੇ ਪ੍ਰਦੂਸ਼ਣ, ਧੂੜ-ਮਿੱਟੀ ਦਾ ਅਸਰ ਨਹੀਂ ਪੈਂਦਾ। ਚਿਹਰਾ ਸਾਫ ਕਰਨ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਿੰਗ ਕਰਨਾ ਨਾ ਭੁੱਲੋ, ਤਾਂ ਕਿ ਚਮੜੀ ਦੀ ਨਮੀ ਬਣੀ ਰਹੇ। ਹਫਤੇ ਵਿਚ ਇਕ ਵਾਰ ਚਮੜੀ ਦੀ ਸਕ੍ਰਬਿੰਗ ਵੀ ਕਰੋ। ਜੇਕਰ ਚਿਹਰੇ 'ਤੇ ਕਿੱਲ-ਮੁਹਾਸੇ ਹੋਣ ਤਾਂ ਸਕ੍ਰਬਿੰਗ ਨਾ ਕਰੋ, ਨਹੀਂ ਤਾਂ ਮੁਹਾਸੇ ਫਟ ਸਕਦੇ ਹਨ। ਚਿਹਰੇ ਦੀ ਚਮੜੀ 'ਤੇ ਕਦੇ ਵੀ ਗਰਮ ਪਾਣੀ ਦੀ ਵਰਤੋਂ ਨਾ ਕਰੋ। ਇਸ ਨਾਲ ਚਿਹਰੇ ਦੀ ਚਮੜੀ ਜ਼ਿਆਦਾ ਖੁਸ਼ਕ ਹੋਵੇਗੀ।
ਫੇਸ਼ੀਅਲ ਕਰੋ ਮੌਸਮ ਅਨੁਸਾਰ
ਮਾਹਰਾਂ ਅਨੁਸਾਰ ਫੇਸ਼ੀਅਲ ਸਾਡੀ ਚਮੜੀ ਲਈ ਠੀਕ ਹੁੰਦਾ ਹੈ, ਜਿਸ ਨਾਲ ਮੌਸਮ ਦਾ ਦੁਰਪ੍ਰਭਾਵ ਨਹੀਂ ਪੈਂਦਾ। ਘਰ ਵਿਚ ਗਲਿਸਰੀਨ, ਗੁਲਾਬ ਜਲ, ਨਿੰਬੂ ਦਾ ਰਸ ਮਿਲਾ ਕੇ ਚਿਹਰੇ, ਨੱਕ ਅਤੇ ਬੁੱਲ੍ਹਾਂ 'ਤੇ ਹਲਕੀ ਮਸਾਜ ਕਰੋ। ਇਸ ਨਾਲ ਚਮੜੀ ਨਮ ਬਣੀ ਰਹੇਗੀ।
ਤਾਜ਼ੇ ਪਾਣੀ ਨਾਲ ਚਿਹਰਾ ਧੋਵੋ ਅਤੇ ਮਾਇਸਚਰਾਈਜ਼ ਕਰਨਾ ਨਾ ਭੁੱਲੋ। ਨਹਾਉਣ ਲਈ ਤਾਜ਼ੇ ਪਾਣੀ ਵਿਚ ਗੁਲਾਬ ਦੀਆਂ ਪੰਖੜੀਆਂ ਜਾਂ ਨਿੰਬੂ ਦਾ ਰਸ ਅਤੇ ਛਿਲਕੇ ਪਾ ਕੇ ਇਸ਼ਨਾਨ ਕਰੋ। ਬਾਹਰ ਨਿਕਲਦੇ ਸਮੇਂ ਸਨਸਕ੍ਰੀਨ ਐੱਸ. ਪੀ. ਐੱਫ. 30 ਲਗਾਉਣਾ ਨਾ ਭੁੱਲੋ। ਗਰਮੀਆਂ ਵਿਚ ਚੰਦਨ, ਮੁਲਤਾਨੀ ਮਿੱਟੀ, ਗੁਲਾਬ ਜਲ ਵਾਲਾ ਪੈਕ ਚਿਹਰੇ 'ਤੇ ਲਗਾਓ।
ਬੁੱਲ੍ਹਾਂ ਦਾ ਵੀ ਧਿਆਨ ਰੱਖੋ
ਬਦਲਦੇ ਮੌਸਮ ਵਿਚ ਬੁੱਲ੍ਹਾਂ 'ਤੇ ਵੀ ਪ੍ਰਭਾਵ ਪੈਂਦਾ ਹੈ। ਰਾਤ ਨੂੰ ਬੁੱਲ੍ਹਾਂ 'ਤੇ ਹਫਤੇ ਵਿਚ ਦੋ ਵਾਰ ਮਲਾਈ ਜਾਂ ਜੈਤੂਨ ਦਾ ਤੇਲ ਲਗਾਓ, ਬੁੱਲ੍ਹ ਨਰਮ ਬਣੇ ਰਹਿਣਗੇ। ਸਰਦੀਆਂ ਵਿਚ ਲਿਪਬਾਮ ਅਤੇ ਰਾਤ ਨੂੰ ਮਲਾਈ ਜਾਂ ਜੈਤੂਨ ਦੇ ਤੇਲ ਨਾਲ ਮਾਲਿਸ਼ ਹਰ ਰੋਜ਼ ਕਰੋ।
ਮਾਇਸਚਰਾਈਜ਼ਰ ਹੁੰਦਾ ਹੈ ਚਮੜੀ ਲਈ ਸੁਰੱਖਿਆ ਛਤਰੀ
ਹਰ ਮੌਸਮ ਵਿਚ ਮਾਇਸਚਰਾਈਜ਼ਰ ਸਾਡੀ ਚਮੜੀ ਲਈ ਸੁਰੱਖਿਆ ਛਤਰੀ ਦਾ ਕੰਮ ਕਰਦਾ ਹੈ। ਮਾਇਸਚਰਾਈਜ਼ਰ ਸਾਡੀ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ, ਚਮੜੀ ਨਰਮ ਅਤੇ ਮੁਲਾਇਮ ਬਣੀ ਰਹਿੰਦੀ ਹੈ। ਨਹਾਉਣ ਤੋਂ ਤੁਰੰਤ ਬਾਅਦ ਸਾਰੇ ਸਰੀਰ 'ਤੇ ਬਾਡੀ ਲੋਸ਼ਨ ਜਾਂ ਮਾਇਸਚਰਾਈਜ਼ਰ ਲਗਾਓ। ਮਹੀਨੇ ਵਿਚ ਇਕ ਵਾਰ ਪੈਡੀਕਿਓਰ ਅਤੇ ਮੈਨੀਕਿਓਰ ਜ਼ਰੂਰ ਕਰਾਓ।
ਇਸ ਤੋਂ ਇਲਾਵਾ ਦੁੱਧ ਪੀਓ ਤਾਂ ਕਿ ਰਾਤ ਨੂੰ ਨੀਂਦ ਚੰਗੀ ਆ ਸਕੇ। ਮੌਸਮ ਅਨੁਸਾਰ ਫਲ, ਸਬਜ਼ੀਆਂ ਦਾ ਸੇਵਨ ਕਰੋ। ਹੱਥਾਂ 'ਤੇ ਗਲਿਸਰੀਨ, ਲਿਪਬਾਮ, ਪੈਟ੍ਰੋਲੀਅਮ ਜੈਲੀ ਦੀ ਵਰਤੋਂ ਕਰੋ। ਵਾਟਰ ਬੇਸ ਕ੍ਰੀਮ ਅਤੇ ਮਾਇਸਚਰਾਈਜ਼ਰ ਲਗਾਓ।

-ਨੀਤੂ ਗੁਪਤਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX