ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  12 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  14 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  29 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  52 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 2 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿਧਰ ਜਾ ਰਿਹੈ ਸਾਡਾ ਗੀਤ-ਸੰਗੀਤ?

ਗੀਤ ਮਨੁੱਖੀ ਭਾਵਾਂ ਦੀ ਖ਼ੂਬਸੂਰਤੀ ਹੈ। ਗੀਤ ਦਾ ਸਬੰਧ ਮਨੋਰੰਜਨ ਤੇ ਮਨੁੱਖੀ ਜਜ਼ਬਾਤ ਦੇ ਕਲਾਤਮਿਕ ਪ੍ਰਗਟਾਵੇ ਨਾਲ ਹੁੰਦਾ ਹੈ। ਵਗਦੇ ਦਰਿਆਵਾਂ ਵਾਂਗ ਗੀਤਾਂ ਰਾਹੀਂ ਮਨੁੱਖੀ ਸੰਵੇਦਨਾ ਆਪ-ਮੁਹਾਰੇ ਪ੍ਰਗਟਾਵੇ ਦੇ ਰਾਹ ਲੱਭ ਲੈਂਦੀ ਹੈ। ਸਾਡੇ ਪੁਰਾਤਨ ਲੋਕ ਗੀਤਾਂ ਵਿਚ ਜ਼ਿੰਦਗੀ ਦਾ ਹਰ ਰੰਗ ਲੱਭਦਾ ਹੈ। ਇਨ੍ਹਾਂ ਵਿਚ ਪਹਾੜਾਂ ਜਿਹੀਆਂ ਚਣੌਤੀਆਂ ਨੂੰ ਸਰ ਕਰਨ ਦਾ ਹੌਸਲਾ, ਮਿੱਟੀ ਵਿਚੋਂ ਸੋਨਾ ਪੈਦਾ ਕਰਨ ਵਾਲਾ ਉੱਦਮ, ਪਿਆਰ ਦੇ ਸੁੱਚੇ ਮੋਤੀਆਂ ਦੀ ਚਮਕ, ਹੰਸਾਂ ਵਰਗੀ ਨਿਰਮਲਤਾ ਤੇ ਵਗਦੇ ਪਾਣੀਆਂ ਵਾਂਗ ਨਿਰੰਤਰ ਉਤਸ਼ਾਹ ਦਾ ਜਜ਼ਬਾ ਰੂਪਮਾਨ ਹੁੰਦਾ ਹੈ। ਇਹ ਅਸਮਾਨ ਵਿਚ ਚਮਕਦੇ ਚੰਦ-ਤਾਰਿਆਂ ਦੀ ਰੌਸ਼ਨੀ ਵਿਚ ਲਗਨ ਤੇ ਇਮਾਨ ਦੇ ਅਰਥ ਪਛਾਣਦਾ ਹੈ। ਫ਼ਰਜ਼ਾਂ ਦੇ ਸੰਦਲੀ ਸੂਰਜ ਨੂੰ ਤੱਕ ਕੇ ਮਿਹਨਤ ਦੀ ਜ਼ਮੀਨ ਨੂੰ ਸਿਜਦਾ ਕਰਦਾ ਹੈ। ਸਾਰਾ ਸੰਸਾਰ ਇਸ ਦਾ ਕਰਮ ਖੇਤਰ ਹੈ। ਇਹ 'ਹੱਥ ਕਾਰ ਵੱਲ ਚਿੱਤ ਯਾਰ ਵੱਲ' ਦਾ ਸੁਨੇਹਾ ਦਿੰਦਾ ਹੈ। ਲੋਕ ਗੀਤਾਂ ਵਿਚ ਚੰਨਣ ਦਾ ਚਰਖਾ ਪ੍ਰੀਤ ਨਾਲ ਕੱਤਣ ਦਾ ਹੁਨਰ ਹੈ। ਇਹ ਰੀਝਾਂ ਨਾਲ ਪੰਜਾਬਣ ਵੱਲੋਂ ਕੱਢੀ ਜਾ ਰਹੀ ਫੁਲਕਾਰੀ ਦੀ ਸੁੰਦਰਤਾ ਹੈ। ਇਹ ਸੱਜਣਾਂ ਦੀ ਲੂਣ ਦੀ ਡਲੀ ਨੂੰ ਮਿਸਰੀ ਬਰਾਬਰ ਜਾਣਦਾ ਹੈ। ਇਨ੍ਹਾਂ ਵਿਚ ਚੂੜੇ ਵਾਲੇ ਹੱਥ ਸੱਜਣ ਦੇ ਘਰ ਆਉਣ ਦੀ ਉਡੀਕ ਕਰ ਰਹੇ ਹਨ। ਇਹ ਸੱਜਣਾਂ ਦੀ ਪੱਗ ਵਰਗਾ ਦੁਪੱਟਾ ਰੰਗਾਉਣ ਦਾ ਚਾਅ ਹੈ। ਇਹ ਭਾਵਨਾ ਪਤੀ-ਪਤਨੀ ਦੇ ਰਿਸ਼ਤੇ ਵਿਚ ਇਕਸੁਰਤਾ ਦੀ ਪ੍ਰਤੀਕ ਹੈ। ਇਹ ਪੰਜਾਬਣਾਂ ਦੇ ਸਿਰ ਦੀ ਚੁੰਨੀ ਦਾ ਸਨਮਾਨ ਹੈ। ਦੇਸ਼ ਲਈ ਮਰ-ਮਿਟਣ ਵਾਲੇ ਯੋਧਿਆਂ ਦੀ ਕਹਾਣੀ ਹੈ। ਇਹ ਗੁਰੂ ਸਾਹਿਬਾਨ ਦੀ ਮਾਨਵਤਾ ਨੂੰ ਪ੍ਰੇਮ ਨਾਲ ਮਾਰੀ ਆਵਾਜ਼ ਨੂੰ ਪ੍ਰਣਾਮ ਹੈ।
ਅਜੋਕੇ ਸਮੇਂ ਗੀਤਾਂ ਦੇ ਨਾਂਅ 'ਤੇ ਜੋ ਸੁਣਿਆ-ਸੁਣਾਇਆ ਜਾ ਰਿਹਾ ਹੈ, ਉਸ ਨਾਲ ਸਾਡੇ ਸੱਭਿਆਚਾਰ ਨੂੰ ਭਾਰੀ ਸੱਟ ਵੱਜੀ ਹੈ। ਕੁਝ ਗੀਤ ਰਿਸ਼ਤਿਆਂ ਦੇ ਮਾਨਸਰੋਵਰ ਵਿਚ ਬਗਲੇ ਬਣ ਕੇ ਇਸ ਦੀ ਨਿਰਮਲਤਾ ਨੂੰ ਅਪਵਿੱਤਰ ਕਰ ਰਹੇ ਹਨ। ਇਕ ਭੈੜਾ ਗੀਤ ਹਿੱਟ ਹੋ ਜਾਣ 'ਤੇ ਦਰਜਨਾਂ ਹੋਰ ਅਜਿਹੇ ਗੀਤ ਰਾਤੋ-ਰਾਤ ਬਰਸਾਤੀ ਡੱਡੂਆਂ ਦੀ ਟੈਂ-ਟੈਂ ਵਾਂਗ ਮਾਰਕਿਟ ਵਿਚ ਆ ਜਾਂਦੇ ਹਨ। ਸੰਗੀਤ ਦੀ ਥਾਂ ਸ਼ੋਰ ਪ੍ਰਧਾਨ ਹੋ ਰਿਹਾ ਹੈ। ਇਖ਼ਲਾਕ ਦੇ ਸੁਰਾਂ ਦੀ ਥਾਂ ਲੱਚਰਤਾ ਨੱਚ ਰਹੀ ਹੈ।
ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ ਦੇ ਮੰਦਰ ਹਨ। ਕੁਝ ਗੀਤਕਾਰਾਂ ਤੇ ਗਾਇਕਾਂ ਨੂੰ ਇਹ ਮੁੰਡੇ-ਕੁੜੀਆਂ ਦੇ ਇਸ਼ਕ-ਮਜਾਜ਼ੀ ਦੇ ਅੱਡੇ ਨਜ਼ਰ ਆਉਂਦੇ ਹਨ। ਜਿਨ੍ਹਾਂ ਘਰਾਂ ਦੀਆਂ ਬੇਟੀਆਂ ਸਿੱਖਿਆ ਹਾਸਲ ਕਰਨ ਜਾਂਦੀਆਂ ਹਨ, ਉਨ੍ਹਾਂ ਲਈ ਅਜਿਹੇ ਗੀਤ ਅਸਹਿਣਸ਼ੀਲ ਹਨ। ਕਈ ਸੁਹਿਰਦ ਵੀਰਾਂ ਤੇ ਭੈਣਾਂ ਨੇ ਦੁਖੀ ਹਿਰਦਿਆਂ ਨਾਲ ਮੈਨੂੰ ਫੋਨ ਕਰਕੇ ਇਸ ਗੰਭੀਰ ਸਮੱਸਿਆ 'ਤੇ ਆਵਾਜ਼ ਉਠਾਉਣ ਲਈ ਕਿਹਾ। ਉਨ੍ਹਾਂ ਦੇ ਬੋਲਾਂ ਵਿਚ ਚਿੰਤਾ ਤੇ ਬੇਵਸੀ ਦੇ ਹੰਝੂਆਂ ਦਾ ਦਰਦ ਮਹਿਸੂਸ ਹੋ ਰਿਹਾ ਸੀ। ਕਈ ਮਾਪੇ ਅਜਿਹੇ ਗੰਧਲੇ ਮਾਹੌਲ ਕਾਰਨ ਆਪਣੀਆਂ ਬੇਟੀਆਂ ਨੂੰ ਪੜ੍ਹਨ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਹਨ ਜਾਂ ਉੱਚ-ਸਿੱਖਿਆ ਲਈ ਕਾਲਜਾਂ ਵਿਚ ਭੇਜਣ ਤੋਂ ਡਰ ਰਹੇ ਹਨ। ਬੇਟੀ ਬਚਾਓ ਬੇਟੀ ਪੜ੍ਹਾਓ ਲਈ ਜ਼ਰੂਰੀ ਮਾਹੌਲ ਸਿਰਜਣ ਲਈ ਅਜਿਹੇ ਗੀਤਾਂ ਦਾ ਵਿਰੋਧ ਜ਼ਰੂਰੀ ਹੈ। ਬੇਟੀਆਂ ਨੂੰ ਰਾਹ ਵਿਚ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਸਰਕਾਰ, ਪੰਚਾਇਤਾਂ, ਧਾਰਮਿਕ ਜਥੇਬੰਦੀਆਂ ਤੇ ਸਮਾਜ ਸਭ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਬੇਟੀਆਂ ਨੂੰ ਸਕੂਲ-ਕਾਲਜ ਭੇਜਣ ਵਾਲੇ ਮਾਪੇ ਚਿੰਤਾ, ਡਰ ਜਾਂ ਸ਼ਰਮ ਮਹਿਸੂਸ ਕਰਨ ਦੀ ਥਾਂ ਸੁਰੱਖਿਆ ਤੇ ਫਖ਼ਰ ਮਹਿਸੂਸ ਕਰਨ।
ਪ੍ਰੇਮ ਸਨਮਾਨ ਨਾਲ ਜੁੜਿਆ ਹੋਇਆ ਹੈ। ਇਹ ਰੂਹਾਂ ਦੀ ਪਵਿੱਤਰ ਮਹਿਕ ਹੈ। ਸਰੀਰਾਂ ਦੀ ਖਿੱਚ ਤੇ ਵਿਲਾਸਤਾ ਨੂੰ ਪ੍ਰੇਮ ਨਹੀਂ ਕਿਹਾ ਜਾ ਸਕਦਾ। ਅੱਜ ਦੇ ਗੀਤਾਂ ਵਿਚ ਕਾਮੁਕਤਾ ਕਲਾ 'ਤੇ ਭਾਰੀ ਪੈ ਰਹੀ ਹੈ। ਇਸਤਰੀ ਨੂੰ ਵਿਲਾਸਤਾ ਦੀ ਅੱਖ ਨਾਲ ਦੇਖਿਆ ਜਾ ਰਿਹਾ ਹੈ। ਉਸ ਪ੍ਰਤੀ ਸਨਮਾਨ ਦੇ ਰੰਗ ਰਿਸ਼ਤਿਆਂ ਵਿਚੋਂ ਅਲੋਪ ਹੋ ਗਏ ਹਨ। ਸਮਾਜ ਵਿਚ ਸ਼ਰਮ ਦੇ ਅਰਥ ਆਪਣੀ ਆਭਾ ਗੁਆ ਰਹੇ ਹਨ। ਬੇਟੀਆਂ ਤੇ ਇਸਤਰੀਆਂ ਲਈ ਸੁਰੱਖਿਅਤ ਤੇ ਸਨਮਾਨ ਭਰੇ ਮਾਹੌਲ ਵਿਚ ਵਾਸਨਾ ਤੇ ਡਰ ਦੀ ਮਲੀਨਤਾ ਘੁਸਪੈਠ ਕਰ ਰਹੀ ਹੈ। ਨਰ-ਨਾਰੀ ਦਾ ਪਾਵਨ ਰਿਸ਼ਤਾ ਇਸ ਦੀ ਭੇਟ ਚੜ੍ਹ ਗਿਆ ਹੈ। ਨਾਰੀ ਦੇ ਸੁਭਾਅ ਦੀ ਸੁੰਦਰਤਾ ਦੀ ਥਾਂ ਉਸ ਦੀ ਸਰੀਰਕ ਖ਼ੂਬਸੂਰਤੀ ਨੂੰ ਉਤੇਜਿਕ ਰੂਪ ਵਿਚ ਉਭਾਰਿਆ ਜਾ ਰਿਹਾ ਹੈ। ਨਾਜ਼ਾਇਜ਼ ਸਬੰਧਾਂ ਤੇ ਇਕਤਰਫਾ ਜਬਰੀ ਪ੍ਰੇਮ ਦੀ ਦੂਸ਼ਿਤ ਹਵਾ ਇਸ ਵਿਚ ਦਾਖਲ ਹੋ ਗਈ ਹੈ। ਸ਼ਰਾਬ ਪੀ ਕੇ ਨੱਚਦੀ ਸਾਲੀ 'ਤੇ ਨੋਟ ਸੁੱਟਣ ਵਾਲਾ ਜੀਜਾ ਪੰਜਾਬੀ ਸੁਭਾਅ ਦੇ ਨਮੂਨੇ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ। ਮੋਟਰ ਸਾਈਕਲਾਂ 'ਤੇ ਵਿਦਿਆਰਥਣਾਂ ਦਾ ਪਿੱਛਾ ਕਰਨ ਵਾਲੇ ਲੜਕੇ ਇਸ ਸੱਭਿਆਚਾਰ ਦੀ ਦੇਣ ਹਨ।
ਰਿਸ਼ਤਿਆਂ ਦੇ ਨਿੱਘ, ਸਤਿਕਾਰ ਤੇ ਪਿਆਰ ਤੋਂ ਵਿਰਵੇ ਇਸ ਪੱਤਝੜ ਵਰਗੇ ਵਾਤਾਵਰਨ ਦੇ ਪ੍ਰਭਾਵ ਕਾਰਨ ਇੰਟਰਨੈੱਟ ਤੇ ਸੋਸ਼ਲ ਸਾਈਟਸ 'ਤੇ ਇਸਤਰੀ ਪੁਰਸ਼ ਦੇ ਸਬੰਧਾਂ ਬਾਰੇ ਮਨਚਲਿਆਂ ਵੱਲੋਂ ਜੋ ਜਾਣਕਾਰੀ ਅਪਲੋਡ ਕੀਤੀ ਜਾ ਰਹੀ ਹੈ, ਉਹ ਸਾਡੇ ਸੱਭਿਆਚਾਰ ਨੂੰ ਲੀਰੋ-ਲੀਰ ਕਰਕੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਰਹੀ ਹੈ। ਆਂਟੀ ਤੇ ਭਾਬੀ ਜਿਹੇ ਸ਼ਬਦ ਪਵਿੱਤਰਤਾ ਦੀ ਥਾਂ ਵਾਸ਼ਨਾ ਨਾਲ ਜੋੜੇ ਜਾ ਰਹੇ ਹਨ। ਪਤੀ ਪਤਨੀ ਦਾ ਰਿਸ਼ਤਾ ਭਾਵਨਾਵਾਂ ਦੀ ਥਾਂ ਉਤੇਜਿਕ ਕਾਮਨਾਵਾਂ ਨਾਲ ਜੋੜਿਆ ਜਾ ਰਿਹਾ ਹੈ। ਸਮਾਜ ਵਿਚ ਆਪਸੀ ਸਾਂਝ, ਸਨਮਾਨ ਤੇ ਨੈਤਿਕਤਾ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਸਾਡੀ ਨਵੀਂ ਪੀੜ੍ਹੀ ਇਸ ਨਾਲ ਬਰਬਾਦ ਹੋ ਰਹੀ ਹੈ। ਪੜ੍ਹੇ-ਲਿਖੇ ਗੱਭਰੂ ਤੇ ਮੁਟਿਆਰਾਂ ਵੀ ਇਸ ਤੋਂ ਸੁਚੇਤ ਨਹੀਂ ਹਨ। ਇਹ ਮਾਨਸਿਕ ਪ੍ਰਦੂਸ਼ਣ ਦੀ ਸਿਖਰ ਹੈ। ਇਹ ਸੱਭਿਆਚਾਰ 'ਤੇ ਆਤੰਕੀ ਹਮਲੇ ਵਾਂਗ ਘਾਤਕ ਹੈ। ਸੱਚੀਆਂ-ਸੁੱਚੀਆਂ ਕੀਮਤਾਂ ਦੀ ਥਾਂ ਗੀਤ-ਸੰਗੀਤ ਵਪਾਰ ਨਾਲ ਜੁੜ ਗਿਆ ਹੈ। ਇਹ ਕਲਾ ਦੀ ਥਾਂ ਕਾਰਪੋਰੇਟ ਜਗਤ ਦਾ ਪ੍ਰਚਾਰਕ ਬਣ ਗਿਆ ਹੈ। ਗੀਤਾਂ ਵਿਚ ਮਹਿੰਗੇ ਬਰੈਂਡ ਦੇ ਮੋਟਰਸਾਈਕਲਾਂ, ਲਗਜ਼ਰੀ ਕਾਰਾਂ, ਵਿਦੇਸ਼ੀ ਹਥਿਆਰਾਂ ਤੇ ਹੋਰ ਮਹਿੰਗੇ ਸਾਜ਼ੋ-ਸਾਮਾਨ ਦਾ ਜ਼ਿਕਰ ਹੋ ਰਿਹਾ ਹੈ। ਗੀਤਾਂ ਦੇ ਵੀਡੀਓ ਐਸ਼ ਭਰੀ ਜ਼ਿੰਦਗੀ ਦਾ ਨਕਸ਼ਾ ਖਿੱਚ ਰਹੇ ਹਨ। ਕਈ ਗੀਤਾਂ ਦੀ ਸ਼ੂਟਿੰਗ ਵਿਦੇਸ਼ਾਂ ਵਿਚ ਕੀਤੀ ਜਾਂਦੀ ਹੈ। ਪੰਜਾਬੀ ਸੁਭਾਅ ਦੇ ਉੱਦਮ ਅਤੇ ਸਾਦਗੀ 'ਤੇ ਦਿਖਾਵੇ 'ਤੇ ਅਮੀਰੀ ਦਾ ਰੰਗ ਭਾਰੀ ਹੋ ਗਿਆ ਹੈ। ਬੰਦੇ ਦੀ ਪਛਾਣ ਸੁਚੱਜੇ ਵਿਵਹਾਰ ਦੀ ਥਾਂ ਲਗਜ਼ਰੀ ਕਾਰ ਨਾਲ ਹੋ ਰਹੀ ਹੈ। ਲਗਜ਼ਰੀ ਕਾਰ ਨਾਲ ਸੋਹਣੀ ਨਾਰ ਨੂੰ ਜੋੜਿਆ ਜਾ ਰਿਹਾ ਹੈ। ਲੋਕ ਜੀਵਨ ਵਿਚ ਜ਼ਿੰਮੇਵਾਰੀ ਦੀ ਥਾਂ ਵਿਲਾਸਤਾ ਦੀ ਰੁਚੀ ਵਧੀ ਹੈ। ਲੋਕ ਕਿਸ਼ਤਾਂ 'ਤੇ ਜਾਂ ਕਰਜ਼ੇ ਲੈ ਕੇ ਬਿਨਾਂ ਜ਼ਰੂਰਤ ਤੋਂ ਲਗਜ਼ਰੀ ਕਾਰਾਂ ਤੇ ਏ. ਸੀ. ਵਰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਵੱਡੇ ਹੋਣ ਦਾ ਭਰਮ ਪਾਲ ਰਹੇ ਹਨ। ਜ਼ਿੰਦਗੀ ਪ੍ਰਤੀ ਸਨਮਾਨ ਦੇ ਅਰਥ ਗੁਆਚ ਗਏ ਹਨ। ਤੇਜ਼ ਰਫਤਾਰ ਨਾਲ ਮੋਟਰ ਸਾਈਕਲ ਚਲਾ ਰਹੇ ਨੌਜਵਾਨ ਪਿਛੇ ਬੈਠੀ ਸੁੰਦਰ ਮੁਟਿਆਰ ਜਾਂ ਸਜ ਵਿਆਹੀ ਨਾਰ ਦਾ ਦ੍ਰਿਸ਼ ਸਿਰਜਿਆ ਜਾ ਰਿਹਾ ਹੈ। ਜ਼ਿੰਮੇਵਾਰੀ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀ ਥਾਂ ਸੜਕ 'ਤੇ ਬੜ੍ਹਕਾਂ ਮਾਰ ਰਹੇ ਮੋਟਰ ਸਾਈਕਲ ਦਾ ਜ਼ਿਕਰ ਹੋ ਰਿਹਾ ਹੈ। ਕਿਧਰੇ ਕਾਰ ਸਵਾਰ ਲੜਕੀ ਤੇ ਮੋਟਰ ਸਾਈਕਲ ਸਵਾਰ ਲੜਕੇ ਵਿਚਕਾਰ ਰੇਸ ਦਾ ਜ਼ਿਕਰ ਹੋ ਰਿਹਾ ਹੈ। ਚੂੜੇ ਵਾਲੀ ਨਾਰ ਨਾਲ ਜਾ ਰਹੇ ਮੋਟਰ ਸਾਈਕਲ ਸਵਾਰ ਨੂੰ ਠੇਕੇ ਤੋਂ ਸ਼ਰਾਬ ਲੈਂਦੇ ਦਿਖਾਇਆ ਜਾ ਰਿਹਾ ਹੈ। ਅਜਿਹੇ ਮਾਹੌਲ ਵਿਚ 'ਚੂੜੇ ਵਾਲੀ ਕਹਿੰਦੀ ਬਹੁਤਾ ਤੇਜ਼ ਨਾ ਦਬੱਲੋ ਜੀ, ਲਗਦਾ ਏ ਡਰ ਪਲੀਜ਼ ਹੌਲੀ ਚੱਲੋ ਜੀ' ਦੀ ਆਵਾਜ਼ ਦਬ ਕੇ ਰਹਿ ਜਾਂਦੀ ਹੈ। ਤੇਜ਼ ਰਫਤਾਰ ਨੂੰ ਬਹਾਦਰੀ ਵਜੋਂ ਉਭਾਰਨ ਕਾਰਨ ਅੱਜ ਸਾਡੀਆਂ ਸੜਕਾਂ 'ਤੇ ਤੇਜ਼ ਰਫਤਾਰ ਕਾਰਾਂ, ਮੋਟਰ ਸਾਈਕਲਾਂ ਦੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਾਪਰ ਰਹੇ ਹਨ।
ਪੈਲੇਸਾਂ ਵਿਚ ਸ਼ਰਾਬ ਪੀ ਕੇ ਪੰਜਾਬੀਆਂ ਨੂੰ ਝੂਮਦੇ ਦਿਖਾਇਆ ਗਿਆ ਹੈ। ਵਿਆਹ ਸਮਾਗਮਾਂ ਵਿਚ ਫਾਇਰਿੰਗ ਕਰਨ ਵਾਲੇ ਲੋਕਾਂ ਨੂੰ ਹੀਰੋ ਵਜੋਂ ਉਭਾਰਿਆ ਜਾ ਰਿਹਾ ਹੈ। ਇਕ ਗੀਤ ਵਿਚ ਸਜ ਵਿਆਹੀ ਨਾਰ ਦੇ ਰੋਕਣ ਦੇ ਬਾਵਜੂਦ ਕਾਕਾ ਜੀ ਨੂੰ ਡੇਢ ਲੱਖ ਦੇ ਘੁੱਗੂ (ਪਿਸਟਲ) ਨਾਲ ਫਾਇਰ ਕਰਦੇ ਦਿਖਾਇਆ ਗਿਆ ਹੈ। ਇਸੇ ਗੀਤ ਵਿਚ ਕਈ ਸਿਆਣੀ ਉਮਰ ਦੇ ਸੱਜਣ ਵੀ ਬੰਦੂਕਾਂ ਨਾਲ ਫਾਇਰ ਕਰ ਰਹੇ ਹਨ। ਇਸ ਤਰ੍ਹਾਂ ਫਾਇਰਿੰਗ ਕਰਨ ਦੀ ਕਾਨੂੰਨੀ ਮਨਾਹੀ ਅਤੇ ਵਿਆਹ ਸਮਾਗਮਾਂ ਵਿਚ ਫਾਇਰਿੰਗ ਦੌਰਾਨ ਮਾਰੇ ਗਏ ਵਿਅਕਤੀਆਂ ਦੀਆਂ ਮਾਵਾਂ ਦੀਆਂ ਖਾਲੀ ਹੋਈਆਂ ਗੋਦੀਆਂ, ਸੁਹਾਗਣਾਂ ਦੀਆਂ ਟੁੱਟੀਆਂ ਵੰਗਾਂ, ਪਿਤਾ ਦੇ ਸਾਏ ਤੋਂ ਮਹਿਰੂਮ ਹੋਏ ਬੱਚਿਆਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਅਜਿਹੇ ਗੀਤ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤੇ ਜਾ ਸਕਦੇ।
ਸ਼ਰਾਬ, ਹਥਿਆਰ, ਲੜਾਈ ਤੇ ਹੰਗਾਮੇ ਸਾਡੇ ਗੀਤਾਂ ਦਾ ਹਿੱਸਾ ਬਣ ਗਏ ਹਨ। 'ਮੈਂ ਅੰਦਰੋਂ ਲੱਭਦੀ ਸੀ ਤੈਨੂੰ ਕੀ ਹਥਿਆਰ ਫੜਾਵਾਂ' ਵਰਗੇ ਗੀਤ ਮਮਤਾ ਤੇ ਨਿਮਰਤਾ ਦੀ ਮੂਰਤ ਇਸਤਰੀ ਨੂੰ ਵੀ ਹਿੰਸਾ ਨਾਲ ਜੋੜ ਰਹੇ ਹਨ। ਪ੍ਰੇਮੀ ਲੜਕੀ ਦੇ ਭਰਾਵਾਂ ਨਾਲ ਲੜਨ ਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਸੁੱਟਣ ਦਾ ਜ਼ਿਕਰ ਅਨੇਕ ਗੀਤਾਂ ਵਿਚ ਹੋ ਰਿਹਾ ਹੈ। ਹਰ ਤੀਜੇ ਗੀਤ ਵਿਚ ਪ੍ਰੇਮਿਕਾ ਨਾਲ ਰਿਸ਼ਤੇ ਨੂੰ ਲੈ ਕੇ ਵਿਰੋਧੀ ਮੁੰਡਿਆਂ ਨਾਲ ਮਾਰਧਾੜ ਤੇ ਖ਼ੂਨ-ਖਰਾਬੇ ਦੇ ਦ੍ਰਿਸ਼ ਦਿਖਾਏ ਜਾ ਰਹੇ ਹਨ। ਵਿਰੋਧੀਆਂ ਨੂੰ ਗੋਲੀ ਮਾਰ ਦੇਣ ਦੇ ਅਨੇਕ ਦ੍ਰਿਸ਼ ਉਭਾਰੇ ਜਾ ਰਹੇ ਹਨ। ਇਸ ਕਾਰਨ ਅਸਲੀ ਜ਼ਿੰਦਗੀ ਵਿਚ ਵੀ ਅੱਜ ਨੌਜਵਾਨ ਦੂਜੇ ਨੂੰ ਗੋਲੀ ਮਾਰਨ ਲੱਗੇ ਦੇਰ ਨਹੀਂ ਕਰਦੇ।
ਗੀਤਾਂ ਦਾ ਮਾੜਾ ਪ੍ਰਭਾਵ ਇਕਦਮ ਨੌਜਵਾਨਾਂ 'ਤੇ ਪੈ ਰਿਹਾ ਹੈ। ਇਹ ਉਮਰ ਪੜ੍ਹ-ਲਿਖ ਕੇ ਕੈਰੀਅਰ ਬਣਾਉਣ ਤੇ ਸੰਸਾਰ ਨੂੰ ਸਮਝਣ ਦੀ ਹੁੰਦੀ ਹੈ। ਪੜ੍ਹੇ-ਲਿਖੇ ਜ਼ਿੰਮੇਵਾਰ ਲੜਕੇ-ਲੜਕੀਆਂ ਲਈ ਰਿਸ਼ਤਿਆਂ ਦਾ ਕੋਈ ਘਾਟਾ ਨਹੀਂ ਹੁੰਦਾ। ਟੀ. ਵੀ. 'ਤੇ ਦਿਖਾਏ ਜਾ ਰਹੇ ਗੀਤਾਂ ਦੇ ਵੀਡੀਓ ਗੱਭਰੂ ਤੇ ਮੁਟਿਆਰਾਂ ਨੂੰ ਜ਼ਿੰਮੇਵਾਰੀ ਤੇ ਮਿਹਨਤ ਤੋਂ ਤੋੜ ਕੇ ਜ਼ਿੰਦਗੀ ਨੂੰ 'ਪਿਕਨਿਕ' ਵਾਂਗ ਪੇਸ਼ ਕਰ ਰਹੇ ਹਨ। ਇਸ ਕਾਰਨ ਆਰਥਿਕ ਅਤੇ ਸਮਾਜਿਕ ਯਥਾਰਥ ਤੋਂ ਅੱਖਾਂ ਬੰਦ ਕਰਕੇ ਨੌਜਵਾਨ ਲੜਕੇ-ਲੜਕੀਆਂ ਪ੍ਰੇਮ ਸਬੰਧਾਂ ਦੇ ਅਰਥ ਤੇ ਸਨਮਾਨ ਸਮਝੇ ਬਿਨਾਂ ਜਜ਼ਬਾਤੀ ਹੋ ਕੇ ਫ਼ੈਸਲੇ ਕਰ ਰਹੇ ਹਨ। ਪ੍ਰੇਮੀ ਜੋੜੀ ਵੱਲੋਂ ਘਰ ਤੋਂ ਦੌੜ ਜਾਣ ਜਾਂ ਦਰਦਨਾਕ ਢੰਗ ਨਾਲ ਖੁਦਕਸ਼ੀ ਕਰਨ ਦੇ ਹਾਦਸੇ ਵਾਪਰ ਰਹੇ ਹਨ। ਪਿੱਛੋਂ ਮਾਪੇ ਦਰਦ ਦਾ ਜ਼ਹਿਰ ਉਮਰ ਭਰ ਪੀਣ ਲਈ ਮਜਬੂਰ ਹੋ ਜਾਂਦੇ ਹਨ। ਆਪਣੇ ਬੱਚਿਆਂ ਦੀ ਅਰਥੀ ਦਾ ਭਾਰ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੁੰਦਾ ਹੈ। ਇਹ ਭਾਰ ਸ਼ਮਸ਼ਾਨ ਜਾ ਕੇ ਮੋਢਿਆਂ ਤੋਂ ਲਹਿ ਜਾਂਦਾ ਹੈ ਪਰ ਦਿਲਾਂ 'ਤੇ ਮਰਦੇ ਦਮ ਤੱਕ ਝੂਲਦਾ ਹੈ। ਨਵੀਂ ਪੀੜ੍ਹੀ ਨੂੰ ਇਸ ਪੱਖੋਂ ਜਜ਼ਬਾਤੀ ਹੋਣ ਦੀ ਥਾਂ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ।
ਕੁਝ ਗਾਇਕਾਂ ਨੂੰ ਦੇਖ ਕੇ ਨਹੀਂ ਲਗਦਾ ਕਿ ਇਨ੍ਹਾਂ ਨੇ ਗੀਤ-ਸੰਗੀਤ ਦੀ ਕਲਾ ਸਿੱਖੀ ਹੋਈ ਹੈ ਜਾਂ ਰੀਝ ਨਾਲ ਇਸ ਦਾ ਰਿਆਜ਼ ਕੀਤਾ ਹੈ। ਅਜਿਹੀਆਂ ਗਾਇਕ ਜੋੜੀਆਂ ਵੀ ਹਨ ਜੋ ਪੋਤੇ-ਪੋਤੀਆਂ ਵਾਲੇ ਹੋ ਗਏ ਪ੍ਰਤੀਤ ਹੁੰਦੇ ਹਨ ਪਰ ਅਜਿਹੇ ਗੀਤ ਗਾ ਰਹੇ ਹਨ ਜਿਨ੍ਹਾਂ ਵਿਚ ਮੁੱਛ-ਫੁੱਟ ਗੱਭਰੂ ਤੇ ਸੋਲਾਂ ਸਾਲ ਦੀ ਮੁਟਿਆਰ ਦਾ ਭੜਕੀਲਾ ਜ਼ਿਕਰ ਹੋ ਰਿਹਾ ਹੈ। ਚੰਗਾ ਹੋਵੇ ਜੇ ਅਜਿਹੇ ਗਾਇਕ ਗੁਰੂ ਸਾਹਿਬਾਨ ਦੀ ਸਾਂਝੀਵਾਲਤਾ ਦੀ ਵਿਰਾਸਤ ਦੀ ਮਹਿਮਾ, ਮਾਤਾ ਦੀਆਂ ਭੇਟਾਂ, ਸ਼ਹੀਦਾਂ ਦੇ ਨਗਮੇ, ਫ਼ੌਜੀ ਵੀਰਾਂ ਦੀ ਬਹਾਦਰੀ, ਕਿਸਾਨਾਂ ਦੀ ਮਿਹਨਤ, ਵਾਤਾਵਰਨ ਦੀ ਸੰਭਾਲ, ਫਜ਼ੂਲ-ਖਰਚੀ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਚੇਤਨਾ ਤੇ ਨਾਰੀ ਸਨਮਾਨ ਨੂੰ ਆਵਾਜ਼ ਦੇਣ। 'ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ' ਜਿਹੇ ਗੀਤਾਂ ਦੀ ਸਮਾਜ ਨੂੰ ਲੋੜ ਹੈ। ਅਮੀਰ ਦਿਖਣ ਦੀ ਦੌੜ ਵਿਚ ਬੇਲੋੜੇ ਖ਼ਰਚ ਕਰਕੇ ਝੁੱਗਾ ਚੌੜ ਕਰਨ ਦੀ ਬਿਰਤੀ ਤੋਂ ਸੁਚੇਤ ਕਰਨ ਵਾਲੇ ਕਈ ਚੰਗੇ ਗੀਤ ਵੀ ਸਾਹਮਣੇ ਆ ਰਹੇ ਹਨ। ਮਾਂ-ਬੋਲੀ ਪ੍ਰਤੀ ਪਿਆਰ, ਗੁਰੂ ਸਾਹਿਬਾਨ ਦੀ ਮਾਨਵਤਾ ਲਈ ਘਾਲੀ ਘਾਲਣਾ ਦੀ ਉਸਤਤ, ਧਰਮ ਨੂੰ ਧੰਦਾ ਬਣਾ ਕੇ ਐਸ਼ ਕਰਨ ਵਾਲੇ ਬਾਬਿਆਂ 'ਤੇ ਚੋਟ, ਸਮਾਜਿਕ ਤੇ ਆਰਥਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ, ਪ੍ਰਦੇਸਾਂ ਵਿਚ ਗਏ ਪੰਜਾਬੀਆਂ ਦਾ ਵਤਨ ਮੋਹ ਤੇ ਵਿਛੋੜੇ ਵਿਚ ਤੜਫ ਰਹੀਆਂ ਪਤਨੀਆਂ ਦੀਆਂ ਉਡੀਕਦੀਆਂ ਅੱਖਾਂ ਤੇ ਉਚੇਰੇ ਜੀਵਨ ਮੁੱਲਾਂ ਦਾ ਪ੍ਰਗਟਾਵਾ ਵੀ ਕਈ ਗੀਤਾਂ ਵਿਚ ਹੋ ਰਿਹਾ ਹੈ। ਪਰ ਅਜਿਹੇ ਗੀਤ ਥੋੜ੍ਹੇ ਹਨ। ਗੀਤ-ਸੰਗੀਤ ਨੂੰ ਉਸਾਰੂ ਜ਼ਿੰਦਗੀ ਤੇ ਵਿਰਾਸਤ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਭੋਗਵਾਦੀ ਸੱਭਿਆਚਾਰ ਤੋਂ ਮੁਕਤ ਹੋ ਕੇ ਰਿਸ਼ਤਿਆਂ ਦਾ ਸਤਿਕਾਰ ਤੇ ਕਰਤਵਾਂ ਦਾ ਮਹੱਤਵ ਸਮਝ ਕੇ ਇਕ ਵਧੀਆ ਸਮਾਜ ਦੀ ਉਸਾਰੀ ਕਰ ਸਕੇ।
-ਵਾਰਡ ਨੰ. 11, ਟੀਚਰ ਕਾਲੋਨੀ, ਕੁਰਾਲੀ,
(ਐਸ. ਏ. ਐਸ. ਨਗਰ)
ਮੋਬਾਈਲ : 9781488725.


ਖ਼ਬਰ ਸ਼ੇਅਰ ਕਰੋ

ਪੌਣਾਂ ਵਿਚ ਸੁਗੰਧ, ਮਹੀਨਾ ਚੇਤਰ ਚੜ੍ਹਿਆ

ਦਿਨ-ਰਾਤ ਦਾ, ਚਾਨਣ-ਹਨੇਰੇ ਦਾ ਕੁਦਰਤ ਵੱਲੋਂ ਰਚਾਇਆ ਖੇਲ ਵਾਕਿਆ ਹੀ ਅਦਭੁਤ ਹੈ। ਵਚਿੱਤਰ ਵੀ ਅਤੇ ਸਹਿਜ ਵੀ। ਬੜੇ ਆਰਾਮ ਨਾਲ ਸੂਰਜ ਨਿਕਲਦਾ ਹੈ, ਦਿਨ ਦਾ ਆਗਾਜ਼ ਹੁੰਦਾ ਹੈ। ਚਾਨਣ ਫੈਲਦਾ ਹੈ। ਰਵਾਂ-ਰਵੀਂ ਇਹ ਦਿਨ ਰਾਤ ਦੀ ਬੁੱਕਲ ਵਿਚ ਛੁੱਪ ਜਾਂਦਾ ਹੈ। ਜਿਉਂ ਹੀ ਪੂਰਬ 'ਚੋਂ ਨਿਕਲਿਆ ਸੂਰਜ ਪੱਛਮ ਦੀ ਗੋਦ ਵਿਚ ਅਲੋਪ ਹੁੰਦਾ ਹੈ, ਹਨੇਰਾ ਵਧਣ ਅਤੇ ਫ਼ੈਲਣ ਲਗਦਾ ਹੈ। ਵਿਸ਼ਾਲ ਧਰਤੀ ਉੱਤੇ ਰਾਤ ਅਤੇ ਹਨੇਰੇ ਦਾ ਇਹ ਖੇਲ ਨਿਰੰਤਰ ਚਲਦਾ ਆਇਆ ਹੈ ਅਤੇ ਚੱਲੀ ਜਾ ਰਿਹਾ ਹੈ। ਇਨ੍ਹਾਂ ਗੇੜਿਆਂ ਦੇ ਸਬੱਬ ਹਫ਼ਤੇ, ਮਹੀਨੇ, ਸਾਲ ਗੁਜ਼ਰੀ ਜਾਂਦੇ ਹਨ। ਸਾਲਾਂ ਦੇ ਸਾਲ ਬੀਤੀ ਜਾਂਦੇ ਹਨ। ਰੁੱਤਾਂ ਬਦਲੀ ਜਾਂਦੀਆਂ ਹਨ। ਰੁੱਤਾਂ-ਥਿਤਾਂ ਦਾ ਕਾਫ਼ਲਾ ਆਪਣੇ-ਆਪਣੇ ਰੰਗ ਬਖੇਰੀ ਜਾਂਦਾ ਹੈ, ਸਾਡੇ ਜੀਵਨ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਅੱਗੇ ਤੁਰੀ ਜਾਂਦਾ ਹੈ। ਮਨੁੱਖੀ ਮਨ ਦੇ ਹਾਵ-ਭਾਵ ਵੀ ਏਸੇ ਤਰ੍ਹਾਂ ਹੀ ਜੀਵਨ-ਰਾਸ ਰਚਾਉਂਦੇ ਹਨ। ਕਦੀ ਮਨਾਂ ਵਿਚ ਖੇੜੇ ਆਉਂਦੇ ਹਨ ਅਤੇ ਕਦੀ ਉਦਾਸੀਆਂ ਦੇ ਬੱਦਲ ਛਾ ਜਾਂਦੇ ਹਨ। ਕਦੀ ਸਰੀਰਾਂ ਵਿਚ ਮੌਲ-ਸਰੀ ਮਹਿਕਦੀ ਹੈ ਅਤੇ ਕਦੇ ਸੁੱਤੇ ਫੁੱਲਾਂ ਅਤੇ ਕਲੀਆਂ ਵਾਂਗ ਸਰੀਰ ਨਿਤਾਣੇ ਹੋਏ ਰਹਿੰਦੇ ਹਨ। ਕੋਈ ਰੁੱਤ ਭਖਦੇ ਅੰਗਿਆਰਾਂ ਦੀ ਆਉਂਦੀ ਅਤੇ ਕੋਈ ਰੁੱਤ ਕੋਰੇ ਵਰਗੀ ਠੰਢੀ ਗਤੀ-ਹੀਣ ਅਤੇ ਨਿਰ-ਉਤਸ਼ਾਹਿਤ ਪਰ ਚੇਤਰ ਦੇ ਮਹੀਨੇ ਦੀ ਰੁੱਤ ਉਹ ਰੁੱਤ ਹੈ ਜਦੋਂ ਸਾਹੀਂ ਚੰਬਾ ਘੁਲਦਾ ਹੈ ਅਤੇ ਮਸਤਕ ਵਿਚੋਂ ਮਹਿਕਾਂ ਫੁੱਟਦੀਆਂ ਹਨ। ਚੇਤਰ ਦੋ ਗ਼ੈਰ-ਅਨੁਕੂਲ ਮੌਸਮਾਂ ਦਾ ਬੇਹਤਰੀਨ ਅਤੇ ਖੁਸ਼-ਗਵਾਰ ਸੰਤੁਲਨ ਹੈ। ਚੇਤਰ ਸੁਹਾਵਣੇ ਅਤੇ ਸੁਹਜ ਭਰੇ ਅਹਿਸਾਸਾਂ ਦਾ ਨਾਂਅ ਹੈ। ਮੋਟੇ-ਠੁੱਲ੍ਹੇ ਅਹਿਸਾਸਾਂ ਵਾਲੇ ਲੋਕਾਂ ਉਤੇ ਭਾਵੇਂ ਇਹਦਾ ਕੋਈ ਅਸਰ ਨਾ ਹੋਵੇ ਪਰ ਸੁਹਜਾਤਮਿਕ ਬਿਰਤੀਆਂ ਅਤੇ ਸੰਵੇਦਨਸ਼ੀਲ ਚੇਤਨਾ ਵਾਲੇ ਲੋਕਾਂ ਦੀਆਂ ਰੂਹਾਂ ਵਿਚ ਇਹ ਅਨਾਦੀ ਤਰੰਗਾਂ ਛੇੜਦਾ ਹੈ। ਤਨ, ਮਨ ਅਤੇ ਰੂਹ ਝੂਮ ਉਠਦੀ ਹੈ। ਵੇਖਣ, ਸੁਣਨ, ਸੁੰਘਣ ਅਤੇ ਮਹਿਸੂਸਣ ਦੀਆਂ ਸਾਰੀਆਂ ਇੰਦਰੀਆਂ ਮੌਲ ਉਠਦੀਆਂ ਹਨ। ਅੰਬਾਂ ਦੀਆਂ ਟਾਹਣੀਆਂ 'ਤੇ ਬੂਰ ਪੈਂਦਾ ਹੈ। ਕੋਇਲ ਆਪਣੀ ਮਿੱਠੀ ਪਿਆਰੀ ਅਵਾਜ ਵਿਚ ਕੂ-ਕੂ ਕਰਨ ਲਗਦੀ ਹੈ, ਕੋਇਲ ਦੀ ਵੇਦਨਾ ਭਰੀ ਆਵਾਜ਼ ਏਨੀਂ ਭਰਵੀਂ ਹਾਜ਼ਰੀ ਲਗਾਉਂਦੀ ਹੈ ਕਿ ਇਸ ਦੀ ਕੂਕ ਤੋਂ ਕੋਈ ਵੀ ਬੇ-ਨਿਆਜ਼ ਨਹੀਂ ਰਹਿ ਸਕਦਾ। ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਤਰਲੋ-ਮੱਛੀ ਹੋ ਰਹੀ ਆਪਣੀ ਵੇਦਨਾ ਨੂੰ ਉਚਾ ਸੁਰ ਦੇ ਰਹੀ ਕੋਇਲ ਪੰਜਾਬੀ ਸਾਹਿਤ ਵਿਚ ਵਿਛੋੜੇ ਦਾ ਮੋਟਿਫ਼ ਬਣ ਜਾਂਦੀ ਹੈ।
ਸਰਦੀ ਤੋਂ ਬਾਅਦ ਫ਼ੱਗਣ ਵਿਚ ਮੱਠਾ-ਮੱਠਾ ਨਿੱਘ ਮਿਲਣ ਨਾਲ ਚੇਤਰ ਵਿਚ ਫੁੱਲ-ਬੂਟੇ ਭਰ ਜੋਬਨ ਵਿਚ ਹੁੰਦੇ ਹਨ। ਹਰ ਪਾਸੇ ਫੁੱਲ ਹੀ ਫੁੱਲ। ਖੇਤਾਂ ਵਿਚ ਅਲਸੀ ਅਤੇ ਸਰ੍ਹੋਂ ਦੇ ਫੁੱਲ ਗਜ਼ਬ ਦਾ ਨਜ਼ਾਰਾ ਪੇਸ਼ ਕਰਦੇ ਹਨ ਜਦੋਂ ਕਿ ਰੁੱਖਾਂ ਤੇ ਹਜ਼ਾਰਾਂ ਹੀ ਨਿੱਕੇ-ਨਿੱਕੇ ਫੁੱਲ ਕੁਦਰਤ ਦਾ ਸ਼ਾਹਕਾਰ ਬਣ ਉਠਦੇ ਹਨ। ਭਾਵੇਂ ਕਿ ਪੰਜਾਬ ਵੱਡੇ ਫੁੱਲਾਂ ਵਾਲਾ ਖਿੱਤਾ ਨਹੀਂ। ਐਥੇ ਫੁੱਲਾਂ ਵਾਲੇ ਰੁੱਖ ਵੀ ਘੱਟ ਮਿਲਦੇ ਹਨ ਅਤੇ ਵੱਡੇ-ਵੱਡੇ ਫੁੱਲਾਂ ਵਾਲੇ ਤਾਂ ਬਿਲਕੁਲ ਘੱਟ। ਪ੍ਰੰਤੂ ਯੂਰਪ ਤੋਂ ਉਲਟ ਏਥੇ ਦੇ ਫੁੱਲ ਮਹਿਕਾਂ ਭਰੇ ਹੁੰਦੇ ਹਨ। ਚੇਤਰ ਮਹੀਨੇ ਧਰੇਕਾਂ ਉਤੇ ਹਜ਼ਾਰਾਂ ਹੀ ਫੁੱਲ ਰੁੱਖਾਂ ਨੂੰ ਭਾਗ ਲਾ ਦੇਂਦੇ ਹਨ। ਪੰਜਾਬਣ ਮੁਟਿਆਰ ਆਪ ਮੁਹਾਰੇ ਧਰੇਕ ਨੂੰ ਮੁਖ਼ਾਤਬ ਹੋ ਕੇ ਕਹਿੰਦੀ ਹੈ-
ਹਰੀਏ-ਭਰੀਏ ਧ੍ਰੇਕੇ, ਨੀ ਫੁੱਲ ਦੇ ਦੇ
ਅੱਜ ਮੈਂ ਜਾਣਾ ਪੇਕੇ, ਨੀ ਫੁੱਲ ਦੇ ਦੇ
ਕੁਦਰਤ ਪ੍ਰੇਮੀ ਧੁਰ ਅੰਦਰ ਤੱਕ ਉਸ ਕਾਦਰ ਦੇ ਰੰਗ ਵਿਚ ਖੀਵੇ ਹੋ ਹੋ ਜਾਂਦੇ ਹਨ। ਮਨ ਇਕ ਅਜੀਬ ਜਿਹੇ ਅਹਿਸਾਸ ਦਾ ਭਾਗੀਦਾਰ ਬਣਦਾ ਹੈ। ਹਰ ਚੰਗੇ ਮੌਸਮ ਵਿਚ ਕੋਈ ਆਪਣਾ ਹਮਰਾਜ਼, ਹਮਨਵਾ, ਹਮਰਾਹੀ, ਹਮਦਰਦ, ਹਮਜੋਲੀ ਯਾਦ ਆਉਣਾ ਸੁਭਾਵਕ ਹੈ। ਵਿਛੋੜਾ ਹੰਢਾ ਰਹੇ ਵਿਯੋਗੀਆਂ ਨੂੰ ਇਹ ਰੁੱਤ ਜ਼ਿਆਦਾ ਦੁਖਦਾਈ ਮਹਿਸੂਸ ਹੁੰਦੀ ਹੈ। ਮਨ ਬਾਰ-ਬਾਰ ਵਿਆਕੁਲ ਹੋ ਉਠਦਾ ਹੈ।
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਓ
ਜਦੋਂ ਬਾਗੀਂ ਫੁੱਲ ਕਮਲਾਏ
ਮੇਰੇ ਰਾਮ ਜੀਓ
ਕਿੱਥੇ ਸਉ ਜਦ ਸਾਹ ਵਿਚ ਚੰਬਾ
ਚੇਤਰ ਬੀਜਣ ਆਏ
ਮੇਰੇ ਰਾਮ ਜੀਓ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਚੇਤਰ ਦਾ ਆਉਣਾ ਯਾਦ ਕਰਾਉਂਦਾ ਕਿ ਇਕ ਸਾਲ ਹੋਰ ਲੰਘ ਚੁੱਕੇ ਦਾ ਹਿੱਸਾ ਹੋ ਗਿਆ ਹੈ। ਸਾਲ ਦਾ ਪਹਿਲਾ ਮਹੀਨਾ ਹੋਣ ਕਰਕੇ ਇਕ ਵਾਰ ਫਿਰ ਉਮੀਦਾਂ ਨਿਸਰਦੀਆਂ ਹਨ। ਦੁਖੀਏ ਵਿਅਕਤੀ ਲਈ, ਵਿਯੋਗਣ ਲਈ, ਉਡੀਕਾਂ ਮਾਰਿਆਂ ਲਈ ਇਹ ਬੀਤ ਚੁੱਕੇ ਦੇ ਨਾਲ-ਨਾਲ ਆਉਣ ਵਾਲੇ ਭਵਿੱਖ ਦੀਆਂ ਸੰਭਾਵੀ ਉਡਾਰੀਆਂ ਨੂੰ ਵੀ ਹਵਾ ਦਿੰਦਾ ਹੈ, ਨਵੀਆਂ ਉਮੀਦਾਂ ਪੁੰਗਰਦੀਆਂ ਹਨ, ਨਵੇਂ ਅਹਿਸਾਸ ਜਾਗਦੇ ਹਨ, ਮਨ ਭਵਿੱਖ ਦੀ ਚਿੰਤਾ ਵੀ ਕਰਨ ਲਗਦਾ ਹੈ ਅਤੇ ਚੰਗੇ ਦੀ ਕਾਮਨਾ ਵੀ ਕਰਨ ਲਗਦਾ ਹੈ। ਭਵਿੱਖ ਦੇ ਅਨਿਸ਼ਚਤ ਹੋਣ ਕਰਕੇ ਮਨ ਪ੍ਰਭੂ ਅੱਗੇ ਸ਼ੁਭ-ਕਾਮਨਾਵਾਂ ਦੀਆਂ ਅਰਦਾਸਾਂ ਵੀ ਕਰਨ ਲਗਦਾ ਹੈ।
ਚੇਤਰ ਦਾ ਮਹੀਨਾ ਬੜੇ ਸਹਿਜ ਦਾ ਮਹੀਨਾ ਹੈ। ਮੌਸਮ ਪੱਖੋਂ ਵੀ ਅਤੇ ਮਾਨਵੀ-ਗਤੀਵਿਧਿਆਂ ਪੱਖੋਂ ਵੀ। ਇਸ ਦਾ ਪਹਿਲਾ ਅੱਧ ਖਾਸ ਤੌਰ 'ਤੇ ਬਹੁਤ ਅਨੰਦਮਈ ਹੁੰਦਾ ਹੈ। ਸਵੇਰ ਦਾ ਵਕਤ ਵਿਸ਼ੇਸ਼ ਤੌਰ 'ਤੇ ਬੜੇ ਪਿਆਰੇ ਅਹਿਸਾਸ ਜਗਾਉਂਦਾ ਹੈ। ਪਹਿਲੇ ਸਮਿਆਂ ਵਿਚ ਇਨ੍ਹਾਂ ਦਿਨਾਂ ਵਿਚ ਲੋਕ ਬਾਹਰ ਸੌਣ ਲਗਦੇ ਸਨ, ਭਾਵੇਂ ਕਿ ਤਰੇਲ ਪੈਣ ਕਰਕੇ ਸਵੇਰ ਵੇਲੇ ਤੱਕ ਉਤੇ ਲਈ ਚਾਦਰ ਸੇਜਲ ਹੋ ਜਾਂਦੀ ਸੀ ਪਰ ਸਵੇਰ ਵੇਲੇ ਦੀ ਮਿੱਠੀ-ਮਿੱਠੀ ਠੰਢ ਚੰਗੀ ਲਗਦੀ ਸੀ। ਨਿੱਕੀ-ਨਿੱਕੀ ਠੰਢ, ਨਿੱਕਾ-ਨਿੱਕਾ ਨਿੱਘ ਇਹੋ ਤਾਂ ਇਸ ਮਹੀਨੇ ਦੀ ਅਨੰਦਤਾ ਹੈ। ਇਸ ਪਿਆਰੀ ਰੁੱਤੇ ਜੇ ਪਿਆਰੇ ਦਾ ਮਿਲਾਪ ਨਸੀਬ ਹੋ ਜਾਵੇ ਤਾਂ ਕਿਆ ਵੱਡ-ਭਾਗ। ਐਸੀ ਰੁੱਤ ਦਾ ਮਿਲਾਪ ਤਾਂ ਅਨਾਦੀ ਅਨੰਦ ਦੇਣ ਵਾਲਾ ਸਾਬਤ ਹੋ ਜਾਵੇਗਾ। ਪ੍ਰਮਾਤਮਾ ਦੀਆਂ ਨਿਆਮਤਾਂ ਨਾਲ ਭਰਪੂਰ ਇਸ ਮਹੀਨੇ ਵਿਚ ਜੇ ਵਸਲ ਦੀ ਰਹਿਮਤ ਹੋ ਜਾਵੇ ਤਾਂ ਜੀਵਨ ਦੇ ਸਮਝੋ ਸਾਰੇ ਸੁੱਖ ਨਸੀਬ ਹੋ ਗਏ।
ਚੇਤਰ ਦਾ ਮਹੀਨਾ ਸਹਿਜ ਦਾ ਮਹੀਨਾ ਹੈ। ਸਾਰੀ ਕਾਇਨਾਤ ਖੇੜੇ ਵਿਚ ਹੁੰਦੀ ਹੈ। ਪੰਛੀ ਵੀ ਆਕਾਸ਼ ਵਿਚ ਚੁੰਗੀਆਂ ਭਰਣ ਲਗਦੇ ਹਨ। ਸ਼ਾਮ ਸਮੇਂ ਡਾਰਾਂ ਦੀਆਂ ਡਾਰਾਂ ਆਕਾਸ਼ ਵਿਚ ਸਮੂਹਿਕ ਮਸਤੀਆਂ ਕਰਦੀਆਂ ਸਾਨੂੰ ਕੁਦਰਤ ਦੇ ਨਜ਼ਦੀਕ ਲੈ ਆਉਂਦੀਆਂ ਹਨ। ਜੀ ਕਰਦੈ ਇਨ੍ਹਾਂ ਦੇ ਅੰਗ-ਸੰਗ ਆਕਾਸ਼ੀਂ ਉਡਾਣਾਂ ਭਰੀਏ। ਸਵੇਰ ਸਮੇਂ ਪੰਛੀ ਜੋੜਿਆਂ ਵਿਚ ਵਿਚਰਦੇ ਹਨ ਜਦੋਂਕਿ ਸ਼ਾਮ ਨੂੰ ਰੁੱਖਾਂ ਉਤੇ ਜਾਂ ਆਕਾਸ਼ ਵਿਚ ਡਾਰਾਂ ਬੰਨੀਂ ਚਹਿਕਦੇ-ਟਹਿਕਦੇ ਅਤੇ ਕੁਦਰਤ ਸੰਗ ਮੌਲਦੇ ਹਨ।
ਜਿਉਂ-ਜਿਉਂ ਦਿਨ ਨਿਕਲਦੇ ਹਨ, ਨਿੱਘ ਵਧਣ ਲਗਦਾ ਹੈ। ਫੁੱਲਾਂ ਲੱਦੀਆਂ ਧਰੇਕਾਂ ਜੋ ਚਿੱਟੇ-ਜਾਮਨੀ ਫੁੱਲਾਂ ਨਾਲ ਲੱਦੀਆਂ ਪਈਆਂ ਸਨ, ਵਧਦੀ ਗਰਮੀ ਨਾਲ ਮੁਰਝਾਂਦੀਆਂ ਨਹੀਂ ਸਗੋਂ ਜੋਬਨ ਵਿਚ ਆਉਂਦੀਆਂ ਹਨ। ਫੁੱਲ ਹੌਲੀ-ਹੌਲੀ ਨਿੱਕੀਆਂ-ਨਿੱਕੀਆਂ ਡਕੋਣੀਆਂ ਵਿਚ ਬਦਲਣ ਲਗਦੇ ਹਨ। ਇਹੋ ਡਿਕੋਣੀਆਂ ਹੌਲੀ-ਹੌਲੀ ਡਿਕੋਣੇ ਜਾਂ ਧਕੋਣੋ ਬਣਨ ਲਗਦੇ ਹਨ ਅਤੇ ਪੀਲੇ ਰੰਗ ਵਿਚ ਬਦਲ ਕੇ ਪੱਕ-ਪੱਕ ਥੱਲੇ ਡਿੱਗੀ ਜਾਂਦੇ ਹਨ ਅਤੇ ਅੱਗੋਂ ਹੋਰ ਪੈਦਾਵਾਰ ਦਾ ਸਬੱਬ ਬਣਦੇ ਹਨ। ਅੰਬਾਂ ਦੇ ਰੁੱਖਾਂ 'ਤੇ ਪਿਆ ਨਿੱਕਾ-ਨਿੱਕਾ ਬੂਰ ਹੌਲ-ਹੌਲੀ ਰੂਪ ਬਦਲਦਾ ਹੈ। ਕਮਜ਼ੋਰ ਕਣ ਹਵਾਵਾਂ ਨਾਲ ਥੱਲੇ ਕਿਰੀ ਜਾਂਦੇ ਹਨ ਜਾਂ ਧੁੱਪ ਨਾਲ ਸੁੱਕੀ ਜਾਂਦੇ ਹਨ। ਬਲਵਾਨ ਕਣ ਹੌਲੀ-ਹੌਲੀ ਸ਼ਕਲ ਬਦਲਣ ਲਗਦੇ ਹਨ ਅਤੇ ਅੰਬੀਆਂ ਦਾ ਰੂਪ ਧਾਰਣੇ ਲਗਦੇ ਹਨ। ਹਰੀਆਂ ਕਚੂਰ ਅੰਬੀਆਂ ਰਾਹੇ ਲੰਘਦਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਹੀ ਅੰਬੀਆਂ ਹੌਲੀ-ਹੌਲੀ ਗਰਮੀ ਪਰਾਪਤ ਕਰਕੇ ਸੁਨਹਿਰੀ ਰੰਗ ਧਾਰ ਕੇ ਰਸੀਲੇ ਅੰਬ ਬਣ ਜਾਂਦੀਆਂ ਹਨ। ਨਿੱਕੇ-ਨਿੱਕੇ ਬੂਰ-ਕਣਾਂ ਤੋਂ ਰੂਪ-ਰੰਗ ਬਦਲਕੇ ਸਹਿਜੇ-ਸਹਿਜੇ ਫ਼ਲ ਤੱਕ ਪਹੁੰਚਣ ਦਾ ਇਹ ਸਫ਼ਰ ਕੁਦਰਤ ਦਾ ਅਸਚਰਜ ਰਹੱਸ ਹੈ।
ਚੇਤਰ ਮਹੀਨੇ ਵਿਚ ਜੰਮਣ-ਮਰਣ ਦਾ ਖੇਲ ਨਿਰੰਤਰ ਚੱਲੀ ਜਾਂਦਾ ਹੈ। ਬਗੀਚੀਆਂ ਵਿਚ ਸਰਦੀਆਂ ਦੇ ਫੁੱਲਾਂ ਦਾ ਅਖੀਰਲਾ ਪਰਾਗਾ ਹੁਣ ਛੇਤੀ ਹੀ ਮੁਰਝਾਉਣ ਲਗਦਾ ਹੈ। ਡੇਲੀਏ ਦੇ ਸੋਹਣੇ-ਸੋਹਣੇ ਫੁੱਲ ਭਰਪੂਰ ਨਿੱਘ ਸਦਕਾ ਛੇਤੀ-ਛੇਤੀ ਖਿੜ ਪੈਂਦੇ ਹਨ ਪਰ ਛੇਤੀ ਹੀ ਮੁਰਝਾ ਕੇ ਕਿਆਰੀਆਂ ਵਿਚ ਖਿੱਲਰ ਜਾਂਦੇ ਹਨ। ਦੂਜੇ ਪਾਸੇ ਗਰਮੀ ਨਾਲ ਰੁੱਖਾਂ 'ਤੇ ਆਇਆ ਕੋਮਲ ਪੱਤੀਆਂ ਦਾ ਪੁੰਗਾਰਾ ਪਕਿਆਈ ਵੱਲ ਤੁਰੀ ਜਾਂਦਾ ਹੈ। ਨਰਮ-ਨਰਮ ਨਾਜ਼ਕ ਪੱਤੀਆਂ ਜੜ੍ਹਾਂ ਚੋਂ ਅੰਦਰੂਨੀ ਤਾਕਤ ਪ੍ਰਾਪਤ ਕਰਦੀਆਂ ਬਾਹਰਲੀ ਦੁਨੀਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਜਿਉਂ-ਜਿਉਂ ਧੁੱਪ ਵਧਦੀ ਹੈ, ਇਹ ਕਾਇਮ ਤੇ ਪੱਕੀਆਂ ਹੋਈ ਜਾਂਦੀਆਂ ਹਨ ਤਾਂਕਿ ਆਉਣ ਵਾਲੇ ਮਹੀਨਿਆਂ ਵਿਚ, ਮਨੁੱਖਾਂ ਅਤੇ ਪਸ਼ੂ-ਪੰਛੀਆਂ ਨੂੰ ਛਾਂ ਬਖਸ਼ ਕੇ ਗਰਮੀ ਤੋਂ ਬਚਾਅ ਕਰ ਸਕਣ। ਬੱਸ, ਕੁਦਰਤ ਦਾ ਇਹ ਅਸੂਲ ਸਮਝਣ ਦੀ ਲੋੜ ਹੈ ਜੇ ਉਹ ਧੁੱਪਾਂ ਲੈ ਕੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਹਿ ਸਕਣ ਦਾ ਪ੍ਰਬੰਧ ਵੀ ਅਗਾਊਂ ਹੀ ਕਰਨ ਲਗਦੀ ਹੈ।
ਚੇਤਰ ਦਾ ਮਹੀਨਾ ਹੋਰ ਮਹੀਨਿਆਂ ਵਾਂਗ ਪਿਛਲੇ ਮਹੀਨੇ ਨਾਲ ਜੋੜ ਕੇ ਵੀ ਜੋਟਾ ਬਣ ਜਾਂਦਾ ਹੈ ਅਤੇ ਅਗਲੇ ਨਾਲ ਜੋੜ ਕੇ ਵੀ: ਫੱਗਣ-ਚੇਤਰ ਜਾਂ ਚੇਤ-ਵਿਸਾਖ। ਗੁਰੂ ਅਰਜਨ ਦੇਵ ਜੀ ਇਸ ਨੂੰ ਵਿਸਾਖ ਨਾਲ ਜੋੜ ਕੇ ਛੇ-ਰੁੱਤੀ ਦਾ ਬਸੰਤ ਹਿੱਸਾ ਕਹਿੰਦੇ ਹਨਂ
ਰੁੱਤ ਸਰਸ ਬਸੰਤ ਮਾਹ
ਚੇਤ ਵੈਸਾਖ ਸੁਖ ਮਾਸ ਜੀਓ
ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਚੇਤ ਦਾ ਮਹੀਨਾ 13/14 ਮਾਰਚ ਤੋਂ ਸ਼ੁਰੂ ਹੋ ਕੇ 12-13 ਅਪ੍ਰੈਲ ਤੱਕ ਚਲਦਾ ਹੈ। ਚੇਤਰ ਦੀ ਸੰਗਰਾਂਦ ਨੂੰ ਦਿਨ-ਰਾਤ ਤਕਰੀਬਨ ਬਰਾਬਰ ਹੁੰਦੇ ਹਨ। ਸੂਰਜ 6-42 ਦੇ ਕਰੀਬ ਚੜ੍ਹਦਾ ਹੈ ਅਤੇ 6-30 ਦੇ ਕਰੀਬ ਡੁੱਬ ਜਾਂਦਾ ਹੈ। ਭਾਵੇਂ ਕਿ ਚੇਤਰ ਪੰਜਾਬ ਦੇ ਦੇਸੀ-ਕਲੰਡਰ ਦਾ ਪਹਿਲਾ ਮਹੀਨਾ ਹੈ, ਪ੍ਰੰਤੂ ਇਸ ਨਾਲ ਕੋਈ ਤਿਉਹਾਰ ਜਾਂ ਵਿਹਾਰ ਜੁੜਿਆ ਨਜ਼ਰ ਨਹੀਂ ਆਉਂਦਾ। (ਬਾਕੀ ਅਗਲੇ ਐਤਵਾਰ)


(ਸੇਵਾਮੁਕਤ ਪ੍ਰਿੰਸੀਪਲ)
ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ (ਪੰਜਾਬ)।
ਮੋਬਾਈਲ : 98152-53245.
ਅ਼ਦ਼;਼ਪੀਚਠ਼ਅ0ਪਠ਼ਜ;.ਫਰਠ

ਹਰ ਦਿਨ ਚੜ੍ਹਦਾ ਤੇਰੇ ਰੰਗ ਵਰਗਾ

ਸਾਰੀ ਕਾਇਨਾਤ ਰੱਬ ਦੀ ਆਨੰਦਪੂਰਨ ਮਾਸੂਮੀਅਤ, ਅਕਹਿ ਸੁੰਦਰਤਾ ਅਤੇ ਰੰਗੀਨੀ ਦੀ ਕਹਾਣੀ ਹੈ। ਇਹਦਾ ਹਰ ਦਿਨ ਉਸ ਦੇ ਉਜਾਲੇ ਨਾਲ ਇਸ਼ਨਾਨ ਕਰਦਾ ਹੈ ਅਤੇ ਰੋਸ਼ਨੀ ਦੇ ਵਚਿੱਤਰ ਰੰਗਾਂ ਵਿਚ ਲਿਸ਼ਕਦਾ ਹੈ। ਆਪਣੀ ਰਚਨਾ ਉਤੇ ਉਹ ਪਿਆਰ ਦੀ ਵਰਖਾ ਕਰਦਾ ਹੈ ਅਤੇ ਇਸ ਦੇ ਝੂਟਣ ਲਈ ਸਤਰੰਗੀ ਪੀਂਘ ਦੇ ਹੁਲਾਰੇ ਦਿੰਦਾ ਹੈ। ਸਾਰੇ ਹੀ ਰੰਗ ਕਰਤੇ ਦੇ ਬਣਾਏ ਹੋਏ ਹਨ, ਸਾਰੇ ਹੀ ਖੂਬਸੂਰਤ ਹਨ। ਇਨ੍ਹਾਂ ਰੰਗਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਆਓ, ਇਨ੍ਹਾਂ ਨੂੰ ਜਾਣੀਏ ਅਤੇ ਮਾਣੀਏ:
ਚਿੱਟਾ ਰੰਗ : ਸਾਰੇ ਰੰਗ ਸਫੈਦ ਰੰਗ ਵਿਚੋਂ ਹੀ ਪੈਦਾ ਹੁੰਦੇ ਹਨ ਅਤੇ ਇਸੇ ਵਿਚ ਵਿਲੀਨ ਹੋ ਜਾਂਦੇ ਹਨ। 1666 ਈ: ਵਿਚ ਨਿਊਟਨ ਨੇ ਖੋਜ ਕੀਤੀ ਕਿ ਚਿੱਟੇ ਰੰਗ ਵਿਚੋਂ ਜਾਮਨੀ, ਨੀਲਾ, ਹਰਾ, ਪੀਲਾ, ਕੇਸਰੀ, ਲਾਲ ਆਦਿ ਰੰਗ ਪ੍ਰਗਟ ਹੁੰਦੇ ਹਨ, ਜਿਸ ਨੂੰ ਸਪੈਕਟਰਮ ਕਿਹਾ ਜਾਂਦਾ ਹੈ। ਸਾਰੇ ਹੀ ਰੰਗ ਚਿੱਟੇ ਰੰਗ ਵਿਚ ਸਮੋਏ ਹੁੰਦੇ ਹਨ। ਮੀਂਹ ਪੈਣ ਮਗਰੋਂ ਆਕਾਸ਼ ਵਿਚ ਨਜ਼ਰ ਆਉਣ ਵਾਲੇ ਇੰਦਰ ਧਨੁਸ਼ ਵਿਚ ਇਹ ਰੰਗ ਦਿਖਾਈ ਦਿੰਦੇ ਹਨ। ਪਰਿਜ਼ਮ ਵਿਚੋਂ ਵੀ ਵੱਖੋ-ਵੱਖ ਰੰਗ ਨਜ਼ਰ ਆਉਂਦੇ ਹਨ। ਇਕ ਸੂਰਜ ਵਿਚੋਂ ਸਾਰੇ ਰੰਗ ਉਪਜਦੇ ਹਨ ਅਤੇ ਫਿਰ ਮਹਾਂ ਸੂਰਜ ਭਾਵ ਪਰਮੇਸ਼ਵਰ ਵਿਚੋਂ ਇਹ ਸਾਰੇ ਸੂਰਜ ਚੰਨ ਸਿਤਾਰੇ ਉਗਮਦੇ ਹਨ। ਇਸੇ ਲਈ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਜਾਪੁ ਸਾਹਿਬ ਵਿਚ ਲਿਖਿਆ ਹੈ:
ਨਮੋ ਸੂਰਜ ਸੂਰਜੇ
ਨਮੋ ਚੰਦ੍ਰ ਚੰਦ੍ਰੇ॥
ਸਭ ਦਾ ਮੂਲ ਹੋਣ ਕਰਕੇ ਸਫੈਦ ਰੰਗ ਰੂਹਾਨੀਅਤ, ਪਵਿੱਤਰਤਾ, ਨਿਰਮਲਤਾ, ਸਚਾਈ, ਸਾਦਗੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਭਗਤੀ ਭਾਵ ਵਾਲੀਆਂ ਉੱਚੀਆਂ-ਸੁੱਚੀਆਂ ਰੂਹਾਂ ਸਫੈਦ ਰੰਗ ਪਹਿਨ ਕੇ ਖੁਸ਼ ਹੁੰਦੀਆਂ ਹਨ। ਬਗ਼ਦਾਦ ਪੀਰਾਂ-ਫਕੀਰਾਂ ਦੀ ਧਰਤੀ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੇ ਪਹੁੰਚੇ ਤਾਂ ਵਲੀਆਂ, ਪੀਰਾਂ ਨੇ ਚਿੱਟੇ ਦੁੱਧ ਦਾ ਕਟੋਰਾ ਨੱਕੋ-ਨੱਕ ਭਰ ਕੇ ਆਪ ਕੋਲ ਭੇਜਿਆ ਅਤੇ ਸੰਕੇਤ ਕੀਤਾ ਕਿ ਇਸ ਧਰਤੀ 'ਤੇ ਪਹਿਲਾਂ ਹੀ ਬਹੁਤ ਪਹੁੰਚੇ ਹੋਏ ਸਾਈਂ ਲੋਕ ਹਨ, ਤੁਹਾਡੀ ਇਥੇ ਸਮਾਈ ਨਹੀਂ ਹੋਵੇਗੀ। ਨਿਰੰਕਾਰੀ ਸਰੂਪ ਪਾਤਸ਼ਾਹ ਜੀ ਨੇ ਮੁਸਕਰਾ ਕੇ ਇਕ ਚਿੱਟੀ ਚਮੇਲੀ ਦੀ ਕਲੀ ਦੁੱਧ ਉਤੇ ਮਲਕੜੇ ਜਿਹੇ ਟਿਕਾ ਦਿੱਤੀ ਅਤੇ ਸੰਕੇਤ ਦਿੱਤਾ ਕਿ ਅਸੀਂ ਕਿਸੇ ਦੀ ਥਾਂ ਮੱਲਣ ਲਈ ਨਹੀਂ ਆਏ। ਖ਼ੁਸ਼ਬੂ ਨਾ ਥਾਂ ਮਲਦੀ ਹੈ, ਨਾ ਉਸ ਦਾ ਕੋਈ ਭਾਰ ਹੁੰਦਾ ਹੈ। ਇਸ ਸੁੰਦਰ ਅਦਾ ਨੇ ਸਾਰੇ ਫ਼ਕੀਰਾਂ ਨੂੰ ਕੀਲ ਲਿਆ। ਚਿੱਟਾ ਕਮਲ, ਚਿੱਟਾ ਹਾਥੀ, ਚਿੱਟਾ ਬਾਜ਼, ਹੰਸ ਆਦਿ ਸਭ ਮੰਨੇ ਜਾਂਦੇ ਹਨ। ਦਸਵੇਂ ਪਾਤਸ਼ਾਹ ਜੀ ਨੂੰ ਤਾਂ ਚਿੱਟਿਆਂ ਬਾਜਾਂ ਵਾਲੇ ਕਹਿ ਕੇ ਯਾਦ ਕੀਤਾ ਜਾਂਦਾ ਹੈ। ਚਿੱਟੇ ਸ਼ੇਸ਼ਨਾਗ ਨੇ ਪਹਿਲੇ ਪਾਤਸ਼ਾਹ ਜੀ 'ਤੇ ਛਾਂ ਕੀਤੀ ਸੀ। ਚਿੱਟੇ ਸੱਪ, ਚਿੱਟੇ ਬਸਤਰਾਂ ਵਾਲੀ ਸਰਸਵਤੀ, ਚਿੱਟੇ ਚੌਲ, ਚਿੱਟੇ ਦੰਦ, ਚਿੱਟੀ ਚਾਨਣੀ, ਚਿੱਟੇ ਸ਼ੇਰ, ਗਾਂ ਆਦਿ ਸ਼ੁਭ ਮੰਨੇ ਜਾਂਦੇ ਹਨ। ਕਿਸੇ ਢੁਕਵੀਂ ਜੋੜੀ ਨੂੰ ਦੇਖ ਕੇ ਬੋਲੀ ਪਾਈ ਜਾਂਦੀ ਹੈ:
ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆਂ।
ਅਮਨ ਦੇ ਸਮੇਂ ਚਿੱਟੀਆਂ ਘੁੱਗੀਆਂ ਅਤੇ ਚਿੱਟੇ ਕਬੂਤਰ ਉਡਾਏ ਜਾਂਦੇ ਹਨ। ਜੰਗ ਬੰਦ ਕਰਨ ਸਮੇਂ ਚਿੱਟੇ ਝੰਡੇ ਲਹਿਰਾਏ ਜਾਂਦੇ ਸਨ। ਭਾਈ ਕਨ੍ਹੱਈਆ ਜੀ ਜੰਗ ਦੇ ਮੈਦਾਨ ਵਿਚ ਪਾਣੀ ਪਿਆਉਣ ਦੀ ਸੇਵਾ ਕਰਦੇ ਹੋਏ ਆਪਣੀ ਬਾਂਹ ਨਾਲ ਚਿੱਟਾ ਝੰਡਾ ਬੰਨ੍ਹੀ ਰੱਖਦੇ ਸਨ। ਸਾਡੇ ਖ਼ੂਨ ਦੇ ਚਿੱਟੇ ਰਕਤ ਕਣ ਬਿਮਾਰੀਆਂ ਨਾਲ ਜੂਝ ਕੇ ਸਾਡੀ ਰੱਖਿਆ ਕਰਦੇ ਹਨ। ਪੱਛਮੀ ਦੇਸ਼ਾਂ ਵਿਚ ਚਿੱਟੇ ਰੰਗ ਦੀ ਪੁਸ਼ਾਕ ਵਿਚ ਵਿਆਹ ਕਰਵਾਏ ਜਾਂਦੇ ਹਨ।
ਚਿੱਟੇ ਰੰਗ ਵਿਚੋਂ ਹੋਰ ਸਾਰੇ ਰੰਗ ਮਨਫ਼ੀ ਹੁੰਦੇ ਹਨ। ਇਹ ਰੰਗ ਧਾਰਮਿਕਤਾ, ਕੁਲੀਨਤਾ ਅਤੇ ਅਧਿਆਤਮਕਤਾ ਦਾ ਪ੍ਰਤੀਕ ਹੈ। ਚਿੱਟੇ ਵੇਸ ਦੀ ਲਾਜ ਰੱਖਦੇ ਹੋਏ, ਇਸ ਨੂੰ ਕਿਸੇ ਮਾੜੇ ਕੰਮ ਦਾ ਦਾਗ਼ ਨਹੀਂ ਲੱਗਣ ਦੇਣਾ ਚਾਹੀਦਾ।
ਲਾਲ ਰੰਗ : ਇਹ ਰੰਗ ਜੀਵਨ ਸ਼ਕਤੀ, ਉਤਸ਼ਾਹ ਅਤੇ ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਇਹ ਸ਼ਕਤੀ ਸੰਚਾਰ ਅਤੇ ਇੰਦਰੀਆਂ ਨੂੰ ਗਤੀ ਪ੍ਰਦਾਨ ਕਰਦਾ ਹੈ। ਇਹ ਰੰਗ ਅੱਗ ਦਾ ਅੰਸ਼ ਹੋਣ ਕਰਕੇ ਬਹੁਤ ਗਰਮ ਪ੍ਰਵਿਰਤੀ ਵਾਲਾ ਹੈ। ਇਹ ਲਹੂ ਦਾ ਰੰਗ ਹੋਣ ਕਰਕੇ ਤਾਕਤ, ਨਿੱਘ ਅਤੇ ਗੁੱਸੇ ਦਾ ਵੀ ਸੂਚਕ ਹੈ। ਪੋਲੀਓ, ਗਠੀਏ, ਜੋੜਾਂ ਦੇ ਦਰਦਾਂ ਆਦਿ ਲਈ ਲਾਲ ਤੇਲ ਵਰਤਿਆ ਜਾਂਦਾ ਹੈ। ਵੱਧ ਮਾਤਰਾ ਵਿਚ ਇਹ ਰੰਗ ਬੇਚੈਨੀ, ਖੂੰਖਾਰਤਾ ਅਤੇ ਵਾਸ਼ਨਾ ਦਾ ਵੀ ਪ੍ਰਤੀਕ ਹੈ। ਖੁਸ਼ੀ ਅਤੇ ਵਿਆਹਾਂ ਦੇ ਮੌਕਿਆਂ 'ਤੇ ਇਹ ਜ਼ਿਆਦਾ ਪਹਿਨਿਆ ਜਾਂਦਾ ਹੈ। ਅੱਗ ਦਾ ਰੰਗ ਸਮਝ ਕੇ ਕਈ ਸਾਧੂ ਸੰਨਿਆਸੀ ਵੀ ਇਸ ਨੂੰ ਪਹਿਨਦੇ ਹਨ। ਖ਼ੂਨ ਦੀ ਕਮੀ ਵਾਲਿਆਂ ਨੂੰ ਲਾਲ ਟਮਾਟਰ, ਗਾਜਰਾਂ, ਲਾਲ ਰੰਗ ਦੇ ਫਲ ਖਾਣੇ ਚਾਹੀਦੇ ਹਨ। ਲਾਲ ਰੰਗ ਖੁਸ਼ੀ, ਹੁਲਾਸ, ਕੁਰਬਾਨੀ ਅਤੇ ਜੋਸ਼ ਦਾ ਰੰਗ ਹੈ। ਅਧਿਆਤਮਕ ਅਰਥਾਂ ਵਿਚ ਰੰਗ ਦਾ ਅਰਥ ਪਰਮੇਸ਼ਵਰ ਨਾਲ ਪਿਆਰ ਹੁੰਦਾ ਹੈ। ਇਸ ਲਈ ਗੁਰਬਾਣੀ ਵਿਚ ਰੰਗ ਰੱਤੜੀਆਂ ਰੂਹਾਂ ਬਾਬਤ ਕੁਝ ਇਸ ਤਰ੍ਹਾਂ ਦੇ ਫੁਰਮਾਨ ਹਨ:
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥
ਹਰਾ ਰੰਗ : ਸਾਰੀ ਬਨਸਪਤੀ ਨੇ ਹਰੇ ਰੰਗ ਦੀ ਬੁੱਕਲ ਮਾਰੀ ਹੋਈ ਹੈ। ਸਾਰੀ ਧਰਤੀ ਨੇ ਹਰੇ ਰੰਗ ਦੀ ਘਾਹ ਦੀ ਚਾਦਰ ਵਿਛਾਈ ਹੋਈ ਹੈ। ਹਰਾ ਰੰਗ ਪਿਆਰ, ਖੁਸ਼ਹਾਲੀ, ਭਰਪੂਰਤਾ, ਅਧਿਆਤਮਕਤਾ ਅਤੇ ਸ਼ਾਹਾਨਾ ਠਾਠ ਦਾ ਪ੍ਰਤੀਕ ਹੈ। ਹਲਕਾ ਹਰਾ ਰੰਗ ਅੱਖਾਂ ਨੂੰ ਸ਼ਾਂਤੀ ਤੇ ਸਕੂਨ ਬਖ਼ਸ਼ਦਾ ਹੈ। ਸਾਵੇ ਹਰੇ ਵਿਚੋਂ ਸੂਫ਼ੀਆਨਾ ਸਿਆਣਪ ਝਲਕਦੀ ਹੈ। ਅਰਬ ਦੇਸ਼ਾਂ ਵਿਚ ਮਾਰੂਥਲ ਹੋਣ ਕਰਕੇ ਹਰਿਆਲੀ ਬਹੁਤ ਘੱਟ ਸੀ, ਇਸ ਲਈ ਇਸਲਾਮ ਵਾਲਿਆਂ ਨੇ ਹਰੇ ਰੰਗ ਨੂੰ ਪਵਿੱਤਰ ਅਤੇ ਸ਼ੁਭ ਮੰਨ ਕੇ ਅਪਣਾ ਲਿਆ। ਪੌਦਿਆਂ ਵਿਚਲਾ ਹਰਾ ਪਦਾਰਥ ਕਲੋਰੋਫਿਲ ਸੂਰਜ ਦੀ ਰੋਸ਼ਨੀ ਵਿਚ ਭੋਜਨ ਬਣਾਉਂਦਾ ਹੈ, ਜਿਸ ਉੱਪਰ ਧਰਤੀ ਦਾ ਸਾਰਾ ਜੀਵਨ ਆਧਾਰਿਤ ਹੈ। ਹਰਾ ਰੰਗ ਅੱਖਾਂ, ਉੱਚ ਰਕਤਚਾਪ ਅਤੇ ਨਾੜੀਆਂ ਲਈ ਉੱਤਮ ਹੈ।


(ਬਾਕੀ ਅਗਲੇ ਐਤਵਾਰ)
-ਮੋਬਾਈਲ : 98147-16367.

ਇਕ ਵਿਗਿਆਨਿਕਾ ਦਾ ਨੰਗੇ ਪੈਰਾਂ ਦਾ ਸਫ਼ਰ : ਐਮੀ ਨੈਥਰ

ਜੁਲਾਈ 2015 ਦੇ ਪਹਿਲੇ ਹਫ਼ਤੇ ਦੇਸ਼ ਦੀਆਂ ਪ੍ਰਸ਼ਾਸਕੀ ਸੇਵਾਵਾਂ ਦੀ ਉਚਤਮ ਪ੍ਰੀਖਿਆ ਦੇ ਨਤੀਜੇ ਆਏ। ਆਈ.ਏ. ਐਸ. ਦੀਆਂ ਪਹਿਲੀਆਂ ਚਾਰੇ ਪੁਜੀਸ਼ਨਾਂ ਕੁੜੀਆਂ ਨੇ ਲਈਆਂ। ਪਹਿਲੇ ਨੰਬਰ ਉਤੇ ਆਈ ਇਰਾ ਸਿੰਘਲ ਤਾਂ ਸਰੀਰਕ ਤੌਰ 'ਤੇ ਵੀ ਪੂਰੀ ਤਰ੍ਹਾਂ ਸਵਸਥ ਨਹੀਂ ਸੀ। ਸਪੱਸ਼ਟ ਹੈ ਕਿ ਨਾਰੀ ਨੂੰ ਜੇ ਮੁਕਾਬਲੇ ਵਿਚ ਉਤਰਨ ਲਈ ਅਵਸਰ ਦਿੱਤੇ ਜਾਣ ਤਾਂ ਉਹ ਕਿਸੇ ਵੀ ਖੇਤਰ ਵਿਚ ਮਰਦ ਨੂੰ ਟੱਕਰ ਦੇਣ ਦੇ ਸਮਰੱਥ ਹੈ। ਯੂਨੀਵਰਸਿਟੀਆਂ ਦੇ ਵਿਗਿਆਨ ਵਿਭਾਗ ਵੇਖੋ ਤੇ ਭਾਵੇਂ ਇੰਜੀਨੀਅਰਿੰਗ ਕਾਲਜ, ਕੰਪਿਊਟਰ ਸਿੱਖਿਆ ਦੇ ਅਦਾਰੇ ਜਾਂ ਮੈਨੇਜਮੈਂਟ ਦੇ ਇੰਸਟੀਚਿਊਟ ਅੱਜ ਕੁੜੀਆਂ ਵੱਡੀ ਗਿਣਤੀ ਵਿਚ ਮੈਰਿਟ ਪੱਖੋਂ ਪਹਿਲੀ ਕਤਾਰ ਵਿਚ ਹਨ। ਇਹ ਮੰਨੂ ਸਿਮਰਤੀ ਵਾਲੇ ਦੇਸ਼ ਭਾਰਤ ਦਾ ਹਾਲ ਹੈ ਜਿਥੇ ਇਕ ਸਦੀ ਪਹਿਲਾਂ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਤਾਂ ਕੀ ਸਾਧਾਰਨ ਸਿੱਖਿਆ ਦੇ ਖੇਤਰ ਵਿਚ ਵੀ ਨਾਰੀ ਦੀ ਗੱਲ ਨਾਮਾਤਰ ਸੀ। ਵਿਸ਼ਵ ਪੱਧਰ ਉਤੇ ਨਾਰੀਵਾਦੀ ਅੰਦੋਲਨਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਤਾਂ ਪਹਿਲਾਂ ਹੀ ਬਾਬੇ ਨੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਹਿਕੇ ਇਸ ਕ੍ਰਾਂਤੀਕਾਰੀ ਪਰਿਵਰਤਨ ਲਈ ਜ਼ਮੀਨ ਬਣਾ ਦਿੱਤੀ ਸੀ।
ਇਸ ਨਵੇਂ ਦ੍ਰਿਸ਼ ਦੇ ਮੁਕਾਬਲੇ ਵਿਚ 19ਵੀਂ ਸਦੀ ਵਿਚ ਸਥਿਤੀ ਬੜੀ ਵੱਖਰੀ ਸੀ। ਭਾਰਤ ਹੀ ਨਹੀਂ ਪੱਛਮ ਵਿਚ ਵੀ। ਯੂਨੀਵਰਸਿਟੀਆਂ ਵਿਚ ਉਚੇਰੀ ਵਿਗਿਆਨਕ ਖੋਜ ਦੇ ਖੇਤਰ ਵਿਚ ਨਾਰੀ ਦਾ ਪ੍ਰਵੇਸ਼ ਬੜਾ ਔਖਾ ਸੀ। ਜ਼ਰਾ ਵੇਖੋ ਇਸ ਔਖੇ ਰਾਹ ਉਤੇ ਤੁਰਨ ਵਾਲੀ, ਇਕ ਸਿਰੜੀ ਵਿਗਿਆਨਿਕਾ ਦੇ ਸੰਘਰਸ਼ ਤੇ ਪ੍ਰਾਪਤੀਆਂ ਦੀ ਵਚਿੱਤਰ ਕਹਾਣੀ। ਇਹ ਹੈ ਐਮੀ ਨੈਥਰ ਜਿਸ ਦਾ ਜਨਮ ਐਰਲੈਂਗਰ ਨਗਰ ਵਿਚ ਜਰਮਨੀ ਦੇ ਬੈਵੇਰੀਆ ਪ੍ਰਾਂਤ ਵਿਚ 23 ਮਾਰਚ, 1882 ਨੂੰ ਹੋਇਆ। ਇਸ ਦਾ ਪਿਤਾ ਮੈਕਸ ਨੈਥਰ ਯੂਨੀਵਰਸਿਟੀ ਆਫ਼ ਨੈਥਰ ਵਿਚ ਗਣਿਤ ਦਾ ਪ੍ਰੋਫੈਸਰ ਸੀ ਅਤੇ ਮਾਤਾ ਇਡਾ ਅਮਾਲੀਆ ਕੋਲੋਨ ਦੇ ਇਕ ਰੱਜੇ-ਪੁੱਜੇ ਪਰਿਵਾਰ ਦੀ ਧੀ ਸੀ। ਐਮੀ ਦਾ ਪਿਤਾ ਅਲਜਬਰਿਕ ਜੁਮੈਟਰੀ ਦਾ ਮੰਨਿਆ-ਪ੍ਰਮੰਨਿਆ ਗਣਿਤ ਮਾਹਿਰ ਸੀ। ਮਾਤਾ ਸੰਗੀਤਕਾਰ ਸੀ। ਇਹ ਯਹੂਦੀ ਪਰਿਵਾਰ ਸੀ। ਬਚਪਨ ਵਿਚ ਐਮੀ ਨੇ ਗਣਿਤ ਵਿਚ ਆਪਣੀ ਵਿਸ਼ੇਸ਼ ਰੁਚੀ ਜਾਂ ਮੁਹਾਰਤ ਦੇ ਕੋਈ ਖਾਸ ਝੁਕਾਅ ਨਾ ਵਿਖਾਏ। ਆਪਣੇ ਸਮੇਂ ਦੀਆਂ ਸਹੂਲਤਾਂ ਅਨੁਸਾਰ ਉਹ ਸ਼ਹਿਰ ਦੇ ਕੁੜੀਆਂ ਦੇ ਮਿਊਂਸਪਲ ਸਕੂਲ ਵਿਚ ਪੜ੍ਹੀ। ਸੰਨ 1900 ਵਿਚ 18 ਸਾਲ ਦੀ ਐਮੀ ਨੇ ਭਾਸ਼ਾਵਾਂ ਦੀ ਉਸਤਾਨੀ ਬਣਨ ਲਈ ਬਾਵੇਰੀਅਨ ਸਟੇਟ ਪ੍ਰੀਖਿਆ ਦਿੱਤੀ। ਪ੍ਰੀਖਿਆ ਪਾਸ ਕਰਕੇ ਉਹ ਫਰੈਂਚ ਤੇ ਅੰਗਰੇਜ਼ੀ ਦੀ ਪੜ੍ਹਾਈ ਲਈ ਚੁਣੀ ਗਈ ਪਰ ਉਸ ਨੇ ਭਾਸ਼ਾਵਾਂ ਦੇ ਅਧਿਆਪਨ ਦੀ ਬਜਾਏ ਗਣਿਤ ਦੇ ਅਧਿਐਨ ਦਾ ਫ਼ੈਸਲਾ ਕਰ ਲਿਆ। ਪਿਤਾ ਵੀ ਗਣਿਤ ਦਾ ਪ੍ਰੋਫੈਸਰ ਸੀ ਅਤੇ ਉਸ ਦੇ ਭਰਾ ਨੇ ਵੀ ਗਣਿਤ ਨੂੰ ਹੀ ਆਪਣੇ ਅਧਿਐਨ ਦਾ ਖੇਤਰ ਬਣਾਇਆ ਸੀ। ਉਨ੍ਹਾਂ ਨੂੰ ਵੇਖ ਕੇ ਐਮੀ ਨੇ ਵੀ ਭਾਸ਼ਾਵਾਂ ਦੇ ਅਧਿਆਪਕ ਵਜੋਂ ਨੌਕਰੀ ਦੇ ਸੌਖੇ ਰਾਹ ਤੁਰਨ ਦੀ ਥਾਂ ਗਣਿਤ ਦੇ ਅਧਿਐਨ, ਖੋਜ ਤੇ ਅਧਿਆਪਨ ਦਾ ਔਖੇ ਰਾਹ ਉਤੇ ਤੁਰਨ ਦਾ ਫ਼ੈਸਲਾ ਕਰ ਲਿਆ।
ਇਕ ਕੁੜੀ ਦਾ ਉਦੋਂ ਯੂਨੀਵਰਸਿਟੀ ਵਿਚ ਦਾਖਲਾ ਸੌਖਾ ਨਹੀਂ ਸੀ। ਨੈਥਰ ਨੂੰ ਕਈ ਅੜਿੱਕੇ ਪਾਰ ਕਰਕੇ ਮਸਾਂ ਦਾਖਲਾ ਮਿਲਿਆ ਅਤੇ ਉਹ ਵੀ ਮੈਟ੍ਰਿਕ ਤੱਕ ਵਾਸਤੇ। 1900 ਤੋਂ 1902 ਤੱਕ ਪੜ੍ਹ ਕੇ ਉਸ ਨੇ 1903 ਵਿਚ ਮੈਟ੍ਰਿਕ ਕੀਤੀ। 1903 ਵਿਚ ਉਸ ਨੂੰ ਗੋਟਿੰਗਨ ਯੂਨੀਵਰਸਿਟੀ ਵਿਚ ਤਿੰਨ ਪ੍ਰੋਫੈਸਰਾਂ ਨੇ ਆਪਣੇ ਲੈਕਚਰ ਸੁਣਨ ਲਈ ਆਗਿਆ ਦੇ ਦਿੱਤੀ। ਉਦੋਂ ਖੁੱਲ੍ਹੇ ਰੂਪ ਵਿਚ ਕਿਸੇ ਕੋਰਸ ਲਈ ਕੁੜੀਆਂ ਨੂੰ ਦਾਖਲ ਕਰਨ ਦੀ ਥਾਂ ਇਹ ਅਧਿਕਾਰ ਪ੍ਰੋਫੈਸਰਾਂ ਨੂੰ ਦਿੱਤਾ ਗਿਆ ਸੀ ਕਿ ਉਹ ਅਸਾਧਾਰਨ ਪ੍ਰਤਿਭਾ ਵਾਲੀਆਂ ਕੁੜੀਆਂ ਨੂੰ ਜੇ ਜ਼ਰੂਰੀ ਸਮਝਣ ਤਾਂ ਕਲਾਸਾਂ ਲਾਉਣ ਦੀ ਆਗਿਆ ਦੇ ਦੇਣ। ਨੈਥਰ ਨੂੰ ਆਗਿਆ ਦੇਣ ਵਾਲੇ ਤਿੰਨ ਪ੍ਰੋਫੈਸਰ ਸਨ : ਡੇਵਿਡ ਹਿਲਬਰਟ, ਸੀ.ਐਫ. ਕਲੇਨ ਅਤੇ ਹਰਮਨ ਮਿਨਕੋਵਸਕੀ। ਇਹ ਯੂਨੀਵਰਸਿਟੀ ਉਂਜ ਵੀ ਕੁੜੀਆਂ ਪ੍ਰਤੀ ਰਤਾ ਉਦਾਰ ਸੀ। ਅਰਲੈਂਗਨ ਯੂਨੀਵਰਸਿਟੀ ਨੇ 1904 ਵਿਚ ਕੁੜੀਆਂ ਲਈ ਦਾਖਲੇ ਖੋਲ੍ਹੇ। ਉਸੇ ਸਾਲ ਨੈਥਰ ਨੇ ਅਰਲੈਂਗਨ ਯੂਨੀਵਰਸਿਟੀ ਵਿਚ ਪਾਲ ਗੋਰਡਨ ਦੀ ਨਿਗਰਾਨੀ ਹੇਠ ਖੋਜ ਸ਼ੁਰੂ ਕਰ ਦਿੱਤੀ। 1908 ਵਿਚ ਉਸ ਨੂੰ ਡਾਕਟਰੇਟ ਮਿਲ ਗਈ। ਅਗਲੇ 7 ਸਾਲ ਉਹ ਅਰਲੈਂਗਨ ਹੀ ਰਹੀ। ਨੌਕਰੀ ਕੋਈ ਨਹੀਂ ਸੀ। ਉਹ ਖੋਜ ਵਿਚ ਹੀ ਲੱਗੀ ਰਹੀ। ਉਸ ਨੇ ਅਰਨੈਸਟ ਫਿਸ਼ਰ ਨਾਲ ਵੀ ਕੰਮ ਕੀਤਾ ਅਤੇ ਆਪਣੇ ਪਿਤਾ ਦੇ ਢਿੱਲੇ-ਮੱਠੇ ਹੋਣ ਸਮੇਂ ਉਸ ਦੀਆਂ ਕਲਾਸਾਂ ਵੀ ਪੜ੍ਹਾਈਆਂ। (ਬਾਕੀ ਅਗਲੇ ਐਤਵਾਰ)


ਫੋਨ ਨੰ: 98722-60550. 0175-2372010, 2372998.

ਭਾਰਤੀ ਸਿਨੇਮਾ ਦੀ ਧਕ-ਧਕ ਨਾਇਕਾ ਮਾਧੁਰੀ ਦੀਕਸ਼ਤ


(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੰਜੇ ਦੱਤ ਦਾ ਜ਼ਿਕਰ ਇਥੇ ਆਇਆ ਹੀ ਹੈ ਤਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਾਧੁਰੀ ਨਾਲ ਉਸ ਦੇ ਰੁਮਾਂਸ ਦੇ ਚਰਚੇ ਵੀ ਹੋਣੇ ਸ਼ੁਰੂ ਹੋ ਗਏ ਸਨ। ਇਸ ਸਬੰਧੀ 'ਸਟਾਰ ਡਸਟ' ਪੱਤ੍ਰਿਕਾ ਨੇ ਕਈ ਵਾਰ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਵੇਰਵਾ ਵੀ ਪ੍ਰਕਾਸ਼ਿਤ ਕੀਤਾ ਸੀ। ਪਰ ਜਦੋਂ ਸੰਜੇ ਦੱਤ ਬੰਬਈ ਬੰਬ ਧਮਾਕਾ ਕੇਸ 'ਚ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਜੁਰਮ 'ਚ ਪੁਲਿਸ ਦੁਆਰਾ ਦੋਸ਼ੀ ਦੱਸਿਆ ਗਿਆ ਤਾਂ ਮਾਧੁਰੀ ਨੇ ਸੰਜੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਉਸ ਦੇ ਸਕੱਤਰ ਰਾਕੇਸ਼ ਨਾਥ (ਰਿੱਕੂ) ਨੇ ਇਕ ਸੰਖੇਪ ਜਿਹਾ ਬਿਆਨ ਦਿੱਤਾ ਸੀ, 'ਮਾਧੁਰੀ ਜੀ ਦੇ ਕਦੇ ਵੀ ਕਿਸੇ ਵੀ ਨਾਇਕ ਨਾਲ ਕੋਈ ਰੁਮਾਂਟਿਕ ਸਬੰਧ ਨਹੀਂ ਸਨ ਜੋ ਵੀ ਕਿੱਸੇ ਕਿਸੇ ਨਾਇਕ ਨੂੰ ਲੈ ਕੇ ਪ੍ਰਕਾਸ਼ਿਤ ਹੋਏ ਹਨ, ਉਹ ਸਿਰਫ਼ ਅਫ਼ਵਾਹਾਂ ਹੀ ਹਨ।'
ਦੁਨੀਆਦਾਰੀ ਦੇ ਤੌਰ 'ਤੇ ਤਾਂ ਰਿੱਕੂ ਦੇ ਇਸ ਬਿਆਨ ਨੇ ਮਾਧੁਰੀ ਨੂੰ ਸੰਜੇ ਤੋਂ ਦੂਰ ਕਰ ਦਿੱਤਾ, ਪਰ ਮਾਧੁਰੀ ਦਾ ਦਿਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ। ਉਸ ਦਾ ਦਿਲ ਹੁਣ ਫ਼ਿਲਮਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਸੰਜੀਦਾ ਨਹੀਂ ਸੀ। ਇਸ ਲਈ ਉਸ ਦੀਆਂ 'ਯਾਰਾਨਾ' ਅਤੇ 'ਰਾਜਕੁਮਾਰ' ਵਰਗੀਆਂ ਫ਼ਿਲਮਾਂ ਫਲਾਪ ਹੋਣੀਆਂ ਸ਼ੁਰੂ ਹੋ ਗਈਆਂ ਸਨ। ਉਸ ਦੀ ਸਿਰਫ਼ ਇਕ ਫ਼ਿਲਮ 'ਦਿਲ ਤੋ ਪਾਗਲ ਹੈ' ਹੀ ਸਫ਼ਲ ਹੋਈ ਸੀ ਪਰ ਇਸ 'ਚ ਉਸ ਦੇ ਨਾਲ ਬਤੌਰ ਸਹਿ-ਨਾਇਕਾ ਕ੍ਰਿਸ਼ਮਾ ਕਪੂਰ ਮੌਜੂਦ ਸੀ। ਇਸ ਲਈ ਇਸ ਫ਼ਿਲਮ ਦੀ ਸਫ਼ਲਤਾ ਦਾ ਸਿਹਰਾ ਨਾਇਕ (ਸ਼ਾਹਰੁਖ ਖ਼ਾਨ) ਦੇ ਸਿਰ 'ਤੇ ਹੀ ਬੰਨ੍ਹਿਆ ਗਿਆ।
ਇਸ ਦੌਰਾਨ ਉਸ ਦੇ ਮਾਂ-ਬਾਪ ਨੇ ਉਸ ਦੀ ਸ਼ਾਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਮਰੀਕਾ ਵਿਚ ਰਹਿ ਰਹੇ ਉਸ ਦੇ ਭਰਾ ਨੇ ਉਥੋਂ ਦੇ ਇਕ ਭਾਰਤੀ ਮੂਲ ਦੇ ਡਾਕਟਰ (ਸ੍ਰੀ ਰਾਮ ਮਾਧਵ ਨੇਨੇ) ਨਾਲ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ। ਨੇਨੇ ਦੀ ਫ਼ਿਲਮਾਂ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ, ਪਰ ਉਸ ਨੇ ਮਾਧੁਰੀ ਦੇ ਬਤੌਰ ਅਭਿਨੇਤਰੀ ਕੰਮ ਕਰਨ ਪ੍ਰਤੀ ਕੋਈ ਪਾਬੰਦੀ ਨਹੀਂ ਲਾਈ ਸੀ।
ਸ਼ਾਦੀ ਤੋਂ ਬਾਅਦ ਮਾਧੁਰੀ ਨੇ 'ਦੇਵ ਦਾਸ' ਵਿਚ ਸਹਿ-ਨਾਇਕਾ ਦੀ ਭੂਮਿਕਾ ਨਿਭਾਈ। ਉਸ ਨੇ ਇਸ 'ਚ ਇਕ ਵੇਸਵਾ ਦੀ ਉਹੀ ਭੂਮਿਕਾ ਪੇਸ਼ ਕੀਤੀ ਸੀ ਜਿਹੜੀ ਕੀ ਪੁਰਾਣੀ 'ਦੇਵ ਦਾਸ' (1950) ਵਿਚ ਵਿਜੈਂਤੀ ਮਾਲਾ ਨੇ ਪੇਸ਼ ਕੀਤੀ ਸੀ। ਇਹ ਫ਼ਿਲਮ ਕੇਨਜ਼ ਫ਼ਿਲਮ ਉਤਸਵ 'ਚ ਕਾਫੀ ਪਸੰਦ ਕੀਤੀ ਗਈ ਸੀ ਪਰ ਇਸ ਫ਼ਿਲਮ ਤੋਂ ਇਕ ਗੱਲ ਤਾਂ ਸਿੱਧ ਹੋ ਗਈ ਸੀ-ਮਾਧੁਰੀ ਦੇ ਦਿਨ ਬਤੌਰ ਨਾਇਕਾ ਖ਼ਤਮ ਹੋ ਗਏ ਹਨ। ਮਾਧੁਰੀ ਨੇ ਵੀ ਕੰਧ 'ਤੇ ਲਿਖੀ ਇਸ ਇਬਾਰਤ ਨੂੰ ਪੜ੍ਹ ਲਿਆ ਅਤੇ ਫ਼ਿਲਮਾਂ ਤੋਂ ਅਲੱਗ ਹੋ ਗਈ।
ਅਮਰੀਕਾ 'ਚ ਮਾਧੁਰੀ ਦੇ ਦੋ ਬੇਟੇ ਹੋਏ ਅਤੇ ਉਹ ਘਰ ਗ੍ਰਹਿਸਥੀ 'ਚ ਹੀ ਪੂਰੀ ਤਰ੍ਹਾਂ ਨਾਲ ਸਮਾ ਗਈ। ਪਰ ਬਾਲੀਵੁੱਡ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਯਾਦ ਜ਼ਰੂਰ ਕਰਦਾ ਰਿਹਾ। ਇਸ ਦ੍ਰਿਸ਼ਟੀਕੋਣ ਤੋਂ ਰਾਮ ਗੋਪਾਲ ਵਰਮਾ ਨੇ ਇਕ ਫ਼ਿਲਮ 'ਮੈਂ ਮਾਧੁਰੀ ਦੀਕਸ਼ਤ ਬਣਨਾ ਚਾਹਤੀ ਹੂੰ' ਵੀ ਬਣਾਈ। ਇਸ ਦੀ ਨਾਇਕਾ (ਅੰਤਰਾ ਮਾਲੀ) ਨੇ ਮਾਧੁਰੀ ਦੀਕਸ਼ਤ ਨੂੰ ਰੋਲ ਮਾਡਲ ਸਮਝ ਕੇ ਉਸ ਦੀ ਤਰ੍ਹਾਂ ਸਫ਼ਲ ਨਾਇਕਾ ਬਣਨ ਸਬੰਧੀ ਇਸ ਫ਼ਿਲਮ 'ਚ ਰੋਲ ਨਿਭਾਇਆ ਸੀ। ਜਦੋਂ ਰਾਮ ਗੋਪਾਲ ਵਰਮਾ ਨੂੰ ਪੁੱਛਿਆ ਗਿਆ ਕਿ ਉਸ ਨੇ ਮਾਧੁਰੀ ਨੂੰ ਹੀ ਕਿਉਂ ਇਕ ਆਦਰਸ਼ ਨਾਇਕਾ ਦੱਸਿਆ ਹੈ, ਤਾਂ ਉਸ ਦਾ ਜਵਾਬ ਸੀ, 'ਮਾਧੁਰੀ ਤੋਂ ਵਧੀਆ ਅਭਿਨੇਤਰੀਆਂ ਬੇਸ਼ੱਕ ਹਿੰਦੀ ਸਿਨੇਮਾ ਨੇ ਦਰਸ਼ਕਾਂ ਨੂੰ ਦਿੱਤੀਆਂ ਹਨ, ਪਰ ਜਿਸ ਹੱਦ ਤੱਕ ਮਾਧੁਰੀ ਜਨ-ਸਮੂਹ ਦਿਆਂ ਮਨਾਂ 'ਚ ਵਸ ਗਈ ਸੀ, ਉਸ ਦੀ ਮਿਸਾਲ ਕਾਇਮ ਕਰਨੀ ਜਾਂ ਲੱਭਣੀ ਇਕ ਅਸੰਭਵ ਕੰਮ ਹੈ।'
ਰਾਮ ਗੋਪਾਲ ਵਰਮਾ ਦੀ ਇਹ ਦਲੀਲ ਪੂਰੀ ਤਰ੍ਹਾਂ ਤਰਕਸੰਗਤ ਸੀ। ਮਾਧੁਰੀ ਭਾਵੇਂ ਅਮਰੀਕਾ 'ਚ ਵਸ ਗਈ ਸੀ ਪਰ ਕਿਸੇ ਨਾ ਕਿਸੇ ਰੂਪ 'ਚ ਉਹ ਵੱਡੇ ਪਰਦੇ ਅਤੇ ਛੋਟੇ ਪਰਦੇ ਨਾਲ ਜੁੜੀ ਰਹੀ ਸੀ। ਵਿਭਿੰਨ ਕੰਪਨੀਆਂ ਦਿਆਂ ਵਿਗਿਆਪਨਾਂ 'ਚ ਵੀ ਉਹ ਆਪਣੀ ਹਾਜ਼ਰੀ ਨਿਯਮਤ ਰੂਪ 'ਚ ਲਵਾਉਂਦੀ ਰਹੀ ਸੀ।
ਇਸ ਲਈ 2006 ਵਿਚ ਮਾਧੁਰੀ ਨੇ ਇਹ ਫ਼ੈਸਲਾ ਕੀਤਾ ਕਿ ਉਹ ਮੁੰਬਈ ਦੁਬਾਰਾ ਆ ਕੇ ਇਕ ਵਾਰ ਫਿਰ ਬਾਲੀਵੁੱਡ ਨਾਲ ਜੁੜੇਗੀ। ਅਫ਼ਵਾਹਾਂ ਦਾ ਬਾਜ਼ਾਰ ਵੀ ਦੁਬਾਰਾ ਗਰਮ ਹੋ ਗਿਆ। ਕੁਝ ਸ਼ਰਾਰਤੀ ਲੋਕਾਂ ਨੇ ਤਾਂ ਇਹ ਵੀ ਅਫ਼ਵਾਹ ਉਡਾ ਦਿੱਤੀ ਕਿ ਮਾਧੁਰੀ ਆਪਣੇ ਪਤੀ ਤੋਂ ਲੜ-ਝਗੜ ਕੇ ਆ ਰਹੀ ਸੀ ਪਰ ਇਸ ਝੂਠੇ ਪ੍ਰਚਾਰ ਦੀ ਉਸ ਵੇਲੇ ਹਵਾ ਨਿਕਲ ਗਈ, ਜਦੋਂ ਮਾਧੁਰੀ ਦੇ ਨਾਲ ਉਸ ਦਾ ਪਤੀ ਵੀ ਮੁੰਬਈ ਆ ਗਿਆ।
ਆਪਣੇ ਦੁਬਾਰਾ ਸ਼ੁਰੂ ਕੀਤੇ ਗਏ ਕੈਰੀਅਰ 'ਚ ਮਾਧੁਰੀ ਨੇ 'ਆਜਾ ਨੱਚ ਲੈ', 'ਗੁਲਾਬ ਗੈਂਗ' ਅਤੇ 'ਡੇਢ ਇਸ਼ਕੀਆ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਇਨ੍ਹਾਂ 'ਚੋਂ 'ਆਜਾ ਨੱਚ ਲੈ' ਦੀ ਪਟਕਥਾ ਨ੍ਰਿਤ ਨਾਲ ਸਬੰਧਤ ਸੀ, 'ਗੁਲਾਬ ਗੈਂਗ' ਇਕ ਰਿਵੈਂਜ (ਬਦਲਾ) ਡਰਾਮਾ ਸੀ, ਜਦੋਂਕਿ 'ਡੇਢ ਇਸ਼ਕੀਆ' ਇਕ ਰੁਮਾਂਟਿਕ ਕਾਮੇਡੀ ਸੀ।
ਇਹ ਠੀਕ ਹੈ ਕਿ ਮਾਧੁਰੀ ਦੀਕਸ਼ਤ (ਨੇਨੇ) ਦੀਆਂ ਕਲਾਸਿਕ ਪੱਧਰ ਦੀਆਂ ਫ਼ਿਲਮਾਂ ਬਹੁਤ ਹੀ ਘੱਟ ਜਾਂ ਕਹਿ ਲਓ ਨਹੀਂ ਦੇ ਬਰਾਬਰ ਹਨ। ਪਰ ਜਿਸ ਤਰ੍ਹਾਂ ਉਸ ਨੇ ਲੋਕਾਂ ਨੂੰ ਆਪਣੇ ਗੀਤ-ਦ੍ਰਿਸ਼ਾਂ 'ਤੇ ਨੱਚਣ ਲਈ ਮਜਬੂਰ ਕੀਤਾ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਉਸ ਦੀ ਨ੍ਰਿਤ-ਗੁਰੂ ਸਰੋਜ ਖ਼ਾਨ ਨੇ ਵੀ ਕਿਹਾ ਸੀ, 'ਮਾਧੁਰੀ ਦਾ ਜਿਸਮ ਪਲਾਸਟਿਕ ਦਾ ਬਣਿਆ ਹੋਇਆ ਹੈ। ਉਹ ਔਖੇ ਤੋਂ ਔਖੇ ਸਟੈਪਸ ਵੀ ਬੜੀ ਕੁਸ਼ਲਤਾ ਨਾਲ ਨਿਭਾਅ ਲੈਂਦੀ ਹੈ। ਕਈ ਵਾਰ ਤਾਂ ਮੈਂ ਵੀ ਅਜਿਹੇ ਸਟੈਪਸ ਪੂਰੀ ਸੰਪੂਰਨਤਾ ਨਾਲ ਨਹੀਂ ਕਰ ਸਕਦੀ ਹਾਂ।'
ਮਾਧੁਰੀ ਦੀਆਂ ਉਪਲਬਧੀਆਂ ਕਰਕੇ ਉਸ ਨੂੰ 6 ਵਾਰ ਫ਼ਿਲਮ ਫੇਅਰ ਐਵਾਰਡ ਦਿੱਤਾ ਗਿਆ ਅਤੇ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਨਾਲ ਵੀ ਨਿਵਾਜਿਆ ਗਿਆ। ਪਰ ਉਸ ਦੀ ਅਸਲੀ ਲੋਕਪ੍ਰਿਅਤਾ ਦਾ ਪੈਮਾਨਾ ਤਾਂ ਉਸ ਦੇ ਦਰਸ਼ਕਾਂ ਦਾ ਅਜੇ ਵੀ ਉਸ ਪ੍ਰਤੀ ਸਨੇਹ ਹੀ ਹੈ। ਇਸੇ ਲਈ ਹੀ ਐਮ.ਐਫ. ਹੁਸੈਨ ਤੋਂ ਲੈ ਕੇ ਮੈਡਮ ਤੁਸਾਡ ਨੇ ਉਸ ਦੀ ਪ੍ਰਸੰਸਾ ਦੇ ਸੋਹਲੇ ਗਾਏ ਹਨ।Parlab Bhattacharya : Modhuri Dixit
Newyork Times : Review of Aaja Nach Le 12 May 2010
Saroj Khan : Madhuri is Superb
The Times of India 22 May 2013.

(ਧੰਨਵਾਦ)


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਬੱਚਿਆਂ ਪ੍ਰਤੀ ਪੱਖਪਾਤੀ ਹੁੰਦਾ ਹੈ ਮਾਪਿਆਂ ਦਾ ਪਿਆਰ!

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਾਪੇ ਉਵੇਂ ਹੀ ਕਰਦੇ ਨੇ ਜਿਵੇਂ ਪਰਵਿਰਤੀਆਂ ਇਸ਼ਾਰੇ ਕਰਦੀਆਂ ਨੇ। ਔਲਾਦ ਦੀ ਇਹ ਅਪਰੰਪਾਰ ਦਾਤ, ਮਾਪਿਆਂ ਨੂੰ ਮਾਪੇ ਬਣਾਉਂਦੀ ਹੈ, ਮਾਪਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਾਉਂਦੀ ਹੈ, ਇਨ੍ਹਾਂ ਨੂੰ ਨਿਭਾਉਣ ਦੀ ਸ਼ਕਤੀ ਬਖ਼ਸ਼ਦੀ ਹੈ। ਜਿਸ ਦਿਨ ਤੋਂ ਅਸੀਂ ਕਬੀਲਦਾਰ ਬਣਦੇ ਹਾਂ, ਅਸੀਂ ਇਕ ਹੁਸੀਨ ਸਫ਼ਰ 'ਤੇ ਤੁਰ ਪੈਂਦੇ ਹਾਂ। ਬੱਚਿਆਂ ਦੀ ਪਰਵਰਿਸ਼ ਵਾਸਤੇ ਅਸੀਂ ਸਾਧਨ ਇਕੱਠੇ ਕਰਨ ਵਿਚ ਜੁੱਟ ਜਾਂਦੇ ਹਾਂ। ਅਸੀਂ ਬਾਹਰੀ ਦੁਨੀਆ ਨਾਲ ਯਾਰੀਆਂ ਗੰਢਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਜਾਣ-ਪਛਾਣ ਆਪਣੀ ਔਲਾਦ ਦੇ ਭਵਿੱਖ ਨੂੰ ਸੰਵਾਰਨ ਵਿਚ ਕੰਮ ਆਵੇਗੀ। ਅਸੀਂ ਉਨ੍ਹਾਂ ਦੇ ਵਿਆਹਾਂ ਦੀ ਸੋਚਣ ਲੱਗ ਪੈਂਦੇ ਹਾਂ ਤੇ ਆਪਣੇ ਢਿੱਡ ਬੰਨ੍ਹਣੇ ਆਰੰਭ ਦਿੰਦੇ ਹਾਂ।
ਬੱਚੇ ਸਕੂਲ, ਕਾਲਜ ਜਾਂਦੇ ਨੇ ਤੇ ਜਦ ਤੱਕ ਉਹ ਸਹੀ ਸਲਾਮਤ ਘਰ ਨਹੀਂ ਪਰਤਦੇ ਮਾਪਿਆਂ ਦੇ ਸਾਹ ਸੁੱਕੇ ਰਹਿੰਦੇ ਨੇ। ਕਿਤੇ ਨਸ਼ੇ ਪੱਤਿਆਂ ਵਿਚ ਨਾਪੈ ਜਾਣ, ਬੇਟੀ ਦੀ ਸੁਰੱਖਿਆ ਦਾ ਸਭ ਤੋਂ ਵੱਡਾ ਫਿਕਰ ਹੁੰਦਾ ਹੈ। ਜਵਾਨ ਪੁੱਤ ਨਵੇਂ ਮੋਟਰਸਾਈਕਲ 'ਤੇ ਪਹਿਲੀ ਵਾਰ ਚੜ੍ਹਦਾ ਹੈ ਤਾਂ ਮਾਪਿਆਂ ਦੀ ਜਾਨ ਬਹੁਤ ਡਰਦੀ ਰਹਿੰਦੀ ਹੈ ਕਿ ਕਿਤੇ ਐਕਸੀਡੈਂਟ ਨਾ ਕਰ ਬੈਠੇ, ਆਪਣਾ ਕੁਝ ਤੁੜਵਾ ਨਾ ਬੈਠੇ। ਮਾਪੇ ਦਿਨ-ਰਾਤ ਮੱਤਾਂ ਦੇਣਗੇ ਕਿ ਕਿਸੇ ਵੀ ਕਿਸਮ ਦਾ ਕਿਸੇ ਨਾਲ ਪੰਗਾ ਨਹੀਂ ਖੜ੍ਹਾ ਕਰਨਾ। ਔਲਾਦ ਦੀ ਸੁਰੱਖਿਆ ਲਈ ਅਰਦਾਸਾਂ ਕਰਦੇ ਰਹਿੰਦੇ ਨੇ। ਇਹੋ ਔਲਾਦ ਹਰ ਰੋਜ਼ ਆਪਣੀਆਂ ਅੱਖਾਂ ਸਾਹਮਣੇ ਆਪਣੀ ਦੇਖ-ਰੇਖ ਵਿਚ ਜਦ ਭਰਪੂਰ ਜਲਾਲ, ਜਵਾਨੀ ਵਿਚ ਆਉਂਦੀ ਹੈ ਤਾਂ ਮਾਪਿਆਂ ਨੂੰ ਇਕ ਰੱਬੀ ਧਰਵਾਸ ਮਿਲਦਾ ਹੈ, ਫ਼ਖਰ ਨਾਲ ਛਾਤੀ ਫਟਣ 'ਤੇ ਹੁੰਦੀ ਹੈ। ਜਿਸ ਟੱਬਰ ਵਿਚ ਦੋ-ਤਿੰਨ ਡੰਡਿਆਂ ਵਰਗੇ ਜਵਾਨ ਪੁੱਤ ਹੋਣ ਤਾਂ ਬਾਪ ਪਿੰਡ ਵਿਚੋਂ ਦੀ ਖੰਘੂਰੇ ਮਾਰਦਾ ਨਿਕਲਦਾ ਹੈ, ਸ਼ਰੀਕਾਂ ਨੂੰ ਇਸ ਧੂਸ ਤਾਕਤ ਦਾ ਅਹਿਸਾਸ ਉਨ੍ਹਾਂ ਨੂੰ ਸਹੀ ਫਾਸਲੇ ਬਣਾਈ ਰੱਖਣ 'ਤੇ ਮਜਬੂਰ ਕਰੇਗਾ।
ਫਿਰ ਬਿਨਾਂ ਪੁੱਛਿਆਂ, ਦੱਸਿਆਂ ਆਪਣੀ ਔਲਾਦ ਕਿਸੇ ਅਜਨਬੀ ਨੂੰ, ਆਪਣੀ ਪਸੰਦ ਨੂੰ ਘਰ ਲੈ ਆਉਂਦੀ ਹੈ, ਮਾਪਿਆਂ ਦੀ ਮੋਹਰ ਲਗਵਾਉਣ ਵਾਸਤੇ। ਜਕੇ ਤਕੇ ਵਿਚ ਮਾਪੇ ਆਪਣੀ ਔਲਾਦ ਦੀ ਚੋਣ ਨੂੰ ਹਾਂ ਤਾਂ ਕਰ ਦਿੰਦੇ ਨੇ ਪਰ ਉਸ ਅਜਨਬੀ ਦੇ ਲਾਣੇ ਬਾਰੇ ਖੋਜਣਾ ਸ਼ੁਰੂ ਕਰ ਦਿੰਦੇ ਨੇ ਕਿ ਉਨ੍ਹਾਂ ਦੀ ਔਲਾਦ ਸਹੀ ਲੀਹਾਂ 'ਤੇ ਹੈ ਵੀ ਕਿ ਨਹੀਂ। ਅਜਿਹੀ ਹਾਂ ਹਾਂ ਕਰਨੀ ਮਾਪਿਆਂ ਵਾਸਤੇ ਅਗਨੀ ਪ੍ਰੀਖਿਆ ਹੁੰਦੀ ਹੈ। ਤਰ੍ਹਾਂ-ਤਰ੍ਹਾਂ ਦੇ ਸ਼ੱਕ ਅਤੇ ਸਵਾਲ ਉਨ੍ਹਾਂ ਦੇ ਮਨਾਂ ਵਿਚ ਉਠਦੇ ਨੇ ਪਰ ਅਜੋਕੀਆਂ ਪੀੜ੍ਹੀਆਂ ਦੇ ਨਵੇਂ ਤੌਰ-ਤਰੀਕਿਆਂ ਅੱਗੇ ਆਪਣਾ ਸੀਸ ਝੁਕਾਉਣਾ ਹੀ ਪੈਂਦਾ ਹੈ, ਆਪਣੀ ਹੈਂਕੜ ਛੱਡ ਕੇ ਹਲੀਮੀ ਅਪਣਾਉਂਦੀ ਪੈਂਦੀ ਹੈ... ਜਿਥੇ ਏਨੀਆਂ ਉਥੇ ਇਕ ਹੋਰ ਕੁਰਬਾਨੀ ਸਹੀ।
ਵਕਤ ਪੈ ਕੇ ਉਹ ਦੋ, ਫਿਰ ਤਿੰਨਾਂ ਵਿਚ ਤਕਸੀਮ ਹੋ ਜਾਣਗੇ। ਅੱਖਾਂ, ਮੁੱਠੀਆਂ ਮੀਚੀਆਂ ਹੋਈਆਂ, ਬੁੱਲ੍ਹਾਂ ਨੂੰ ਟੇਰਦਾ ਹੋਇਆ ਸਿਰ 'ਤੇ ਚਿਪਕਵੇਂ ਕਾਲੇ/ਭੂਰੇ ਵਾਲ, ਹਲਕਾ ਗੁਲਾਬੀ ਚਿਹਰਾ... ਇਹ ਮਾਸ ਦੀ ਪੋਟਲੀ ਜਿਹੀ, ਫਿਰ ਤੋਂ ਪੂਰੇ ਟੱਬਰ ਨੂੰ ਹਿਲਾ ਕੇ ਰੱਖ ਦੇਵੇਗੀ। ਦਾਦੂ/ਨਾਨੂ ਕਹਿ ਕੇ ਇਹ ਨਿੱਕੂ ਇਕ ਹੋਰ ਹੀ, ਸਭ ਤੋਂ ਹੁਸੀਨ, ਵਿਸ਼ਾਲ ਜ਼ਿੰਦਗੀ ਦੇ ਸਫ਼ਰ 'ਤੇ... ਵਿਸ਼ਾਲਤਾ ਜੀਹਨੂੰ ਨਾ ਤਾਂ ਪਹਿਲਾਂ ਕਦੇ ਮਹਿਸੂਸਿਆ ਹੈ ਤੇ ਨਾ ਹੀ ਵੇਖਣ ਨੂੰ ਮਿਲੀ ਹੈ ਕਦੇ। ...ਤੁਰਨ ਦੀ ਨਿਆਮਤ ਬਖਸ਼ੇਗਾ। ਦਾਦੇ, ਦਾਦੀ/ਨਾਨੇ, ਨਾਨੀ ਦੇ ਇਸ ਸੁਪਰ ਲਾਡਲੇ ਲਈ ਲਾਡਾਂ ਦੀਆਂ ਸਾਰੀਆਂ ਹੱਦਾਂ ਧੁੰਦਲੀਆਂ ਪੈ ਜਾਂਦੀਆਂ ਨੇ... ਉਹ ਮੂੰਹੋਂ ਕੁਝ ਮੰਗੇ ਤਾਂ ਸਈ... ਸਭ ਕੁਝ ਹਾਜ਼ਰ ਹੈ, ਭਾਵੇਂ ਤਾਰੇ ਵੀ ਤੋੜਨੇ ਪੈਣ। ਪੋਤਰੇ, ਦੋਹਤਰੇ/ਪੋਤਰੀ-ਦੋਹਤਰੀ ਦੀਆਂ ਗੱਲਾਂ ਇਕ ਵਾਰ ਛਿੜ ਤਾਂ ਪੈਣ, ਫਿਰ ਸੁਣੋ ਕਿਵੇਂ ਚੱਬ-ਚੱਬ ਕੇ, ਕਿਸ ਛੱਬ ਨਾਲ ਗੱਲਾਂ ਹੋਣਗੀਆਂ, ਉਨ੍ਹਾਂ ਬਾਰੇ ਕਹਾਣੀਆਂ, ਕਿੱਸੇ, ਮੁੱਕਣ ਦਾ ਨਾਂਅ ਹੀ ਨਹੀਂ ਲੈਣਗੇ। ਤੋਤਲੀਆਂ-ਤੋਤਲੀਆਂ ਗੱਲਾਂ ਕਰਨ ਵਾਲਾ ਇਹ ਬੱਚਾ ਇਕ ਦਿਨ ਇਸ ਧਰਤੀ 'ਤੇ ਆਪਣੀ ਥਾਂ ਮੱਲੇਗਾ, ਖੌਰੂ ਪਾਏਗਾ, ਪਤਾ ਨਹੀਂ ਹੋਰ ਕਿਹੜੇ ਤੂਫਾਨ ਉਠਾਏਗਾ... ਇਸ ਤਰ੍ਹਾਂ ਬਾਪ, ਦਾਦੇ, ਨਾਨੇ ਬਣਨ ਦਾ ਮਿੱਠੜਾ, ਅਦੁੱਤੀ ਅਨੁਭਵ ਸਿਰਫ਼ ਔਲਾਦ ਹੀ ਬਖਸ਼ ਸਕਦੀ ਹੈ।
ਹਾੜ੍ਹ ਦਾ ਟਿਕਿਆ ਸਿਖਰ ਦੁਪਹਿਰਾ ਸੀ, ਮੈਂ ਆਪਣੇ ਗੇਟ ਨੂੰ ਬੰਦ ਕਰ ਰਿਹਾ ਸੀ। ਸੜਕ 'ਤੇ ਇਕ ਮੁਟਿਆਰ ਮਾਂ ਇਕੱਲੀ ਆਪਣੇ ਛੇ-ਸੱਤ ਮਹੀਨਿਆਂ ਦੇ ਬੱਚੇ ਨੂੰ ਆਪਣੀ ਹਿੱਕ ਨਾਲ ਲਗਾ ਕੇ ਬੜੀ ਹੀ ਇਹਤਿਆਤ ਤੇ ਕੋਮਲਤਾ ਨਾ ਚੁੱਕੀ ਜਾ ਰਹੀ ਸੀ। ਪਸੀਨੋ-ਪਸੀਨੀ ਹੋਈ ਮਾਂ ਦੇ ਪੈਰ, ਉੱਚੀ ਅੱਡੀ ਦੀ ਗੁਰਗਾਬੀ ਕਰਕੇ, ਕਦੇ-ਕਦੇ ਥਿੜਕ ਰਹੇ ਸਨ, ਪਰ ਉਹ ਤੁਰਦੀ ਜਾ ਰਹੀ ਸੀ। ਬੱਚੇ ਤੇ ਮਾਂ ਦੇ ਦਿਲਾਂ ਦੀਆਂ ਧੜਕਣਾਂ ਇਕਮਿਕ ਸਨ। ਮਾਂ, ਕਿਸੇ ਵੀ ਕੀਮਤ 'ਤੇ ਆਪਣੇ ਬੱਚੇ ਨੂੰ ਬੇਆਰਾਮ ਨਹੀਂ ਸੀ ਦੇਖ ਸਕਦੀ। ਔਲਾਦ ਦੀ ਦਾਤ ਮਾਪਿਆਂ ਨੂੰ ਕਿਸ ਅਸੀਮ ਪੱਧਰ 'ਤੇ ਕੁਰਬਾਨੀ ਕਰਨ ਦੀ ਸ਼ਕਤੀ ਬਖਸ਼ਦੀ ਹੈ। ਵਿਆਹ ਪਹਿਲਾਂ ਆਪਣੇ ਮਾਪਿਆਂ ਦੀ ਇਹ ਲਾਡਲੀ ਸ਼ਾਇਦ ਹੀ ਧਰਤੀ 'ਤੇ ਮੁਸ਼ਕਿਲ ਨਾਲ ਪੈਰ ਧਰਦੀ ਹੋਵੇ। ਕਿਸੇ ਨੂੰ ਪਾਣੀ ਦਾ ਗਿਲਾਸ ਉਠ ਕੇ ਸ਼ਾਇਦ ਹੀ ਫੜਾਉਂਦੀ ਹੋਵੇ... ਇਸ ਵਕਤ ਮਮਤਾ ਦੀ ਖੁਮਾਰੀ ਵਿਚ ਧਰਤੀ ਦੇ ਆਖਰੀ ਕਿਨਾਰੇ ਤੀਕ ਤੁਰਨ ਨੂੰ ਤਿਆਰ ਸੀ। ਵੈਸੇ ਤਾਂ ਹਰ ਜਾਨ ਹੀ ਆਪਣੇ-ਆਪ ਵਿਚ ਇਕ ਰਹੱਸਮਈ ਕਾਇਨਾਤ ਹੈ ਤੇ ਇਸ ਮੁਟਿਆਰ ਮਾਂ ਨੂੰ ਆਪਣੀ ਸੰਪੂਰਨਤਾ ਸ਼ਾਇਦ ਇਸ ਬੱਚੂ ਦੀ ਹੋਂਦ ਵਿਚ ਮਿਲਦੀ ਹੈ। ਇਸ ਮਾਂ ਦੀ ਦੁਨੀਆ ਇਸ ਨਿੱਕੀ ਜਾਨ ਵਿਚ ਮੁੱਕ ਜਾਂਦੀ ਹੈ ਤੇ ਬੱਚੇ ਵਾਸਤੇ ਆਪਣੀ ਮਾਂ ਦੇ ਸਰੀਰ ਦੀ ਛੋਹ ਸਭ ਕੁਝ ਰਹੇਗੀ। ਇਸ ਅੱਲ੍ਹੜ ਮਾਂ ਨੂੰ ਇਹ ਨਿੱਕੂ, ਮਾਂ ਦੇ ਫਰਜ਼ਾਂ ਦੇ ਵੱਡੇ-ਵੱਡੇ ਸਬਕ ਪੜ੍ਹਾਏਗਾ। ਮਾਂ ਵਾਸਤੇ ਇਹ ਇਕ ਖਿਡਾਉਣਾ ਰਹੇਗਾ, ਇਹਨੂੰ ਪਤਾ ਨਹੀਂ ਕਿਹੜੇ-ਕਿਹੜੇ ਪਿਆਰੇ ਨਾਵਾਂ ਨਾਲ ਸੱਦੇਗੀ। ਮਾਪਿਆਂ ਦੀਆਂ ਅੱਖਾਂ ਵਿਚ ਇਸ ਗ੍ਰਹਿ 'ਤੇ ਸਭ ਤੋਂ ਸਮਾਰਟ, ਸਿਆਣਾ ਇਹ ਬੱਚਾ ਜੋੜੇ ਦੇ ਆਪਸੀ ਪਿਆਰ ਵਿਚ ਸੀਮੈਂਟ ਦਾ ਜੋੜ ਰਹੇਗਾ ਤੇ ਛੋਟੀਆਂ-ਮੋਟੀਆਂ ਆਪਸੀ ਕੁੜੱਤਣਾਂ ਦੇ ਬਾਵਜੂਦ ਇਸ ਜੋੜੀ ਨੂੰ ਜੋੜੀ ਰੱਖੇਗਾ ਤੇ ਇਹ ਆਪਸੀ ਤਲਾਕ ਨੂੰ ਟਾਲਦੇ ਰਹਿਣਗੇ। ਤੀਸਰੀ ਜਾਨ ਟੱਬਰ ਵਿਚ ਆਉਣ ਨਾਲ ਕਈ ਵਾਰ ਸਿਆਸਤ ਵੀ ਚੱਲਣੀ ਸ਼ੁਰੂ ਹੋ ਸਕਦੀ ਹੈ। ਜੇਕਰ ਪਤੀ ਹੱਦੋਂ ਵੱਧ ਅੱਤਿਆਚਾਰ ਢਾਹੁੰਦਾ ਹੈ ਤਾਂ ਪਤਨੀ ਕਰੇਗੀ, 'ਹੋ ਲੈਣ ਦੇ ਮੇਰੇ ਪੁੱਤ ਨੂੰ ਗੱਭਰੂ, ਤੈਨੂੰ ਇਹੋ ਸਿੱਧਾ ਕਰੇਗਾ।' ਇਸ ਤਰ੍ਹਾਂ ਦੇ ਤਕਰਾ ਤਾਂ ਟੱਬਰਾਂ ਵਿਚ ਚਲਦੇ ਹੀ ਰਹਿੰਦ ਨੇ ਪਰ ਜਦ ਬਾਪ ਇਸ ਦੀ ਮਾਂ ਨੂੰ ਪੋਤੜੇ ਧੋਂਦੀ ਵੇਖੇਗਾ ਤਾਂ ਉਸ ਦੇ ਦਿਲ ਵਿਚ ਆਪਣੀ ਪਤਨੀ ਪ੍ਰਤੀ ਹੇਜ ਦਾ ਨਵਾਂ ਜਲਜਲਾ ਉਠੇਗਾ। ਵਿਆਹ ਤੋਂ ਪਹਿਲਾਂ ਇਹ ਮਾਪੇ ਜਿਹੜੇ ਇਕ-ਦੂਜੇ ਲਈ ਅਜਨਬੀ ਸਨ, ਦੋ ਵੱਖਰੇ ਪਰਿਵਾਰਾਂ ਵਿਚ, ਦੋ ਵੱਖਰੀਆਂ ਪਰਿਵਾਰਕ ਕਲਚਰਾਂ ਵਿਚ ਪਲੇ ਸਨ... ਇਸ ਬੱਚੇ ਦੀ ਖਾਤਰ ਕਿਵੇਂ ਇਕਜੁੱਟ ਹੋ ਕੇ ਇਸ ਦੀ ਪਰਵਰਿਸ਼ ਵਿਚ ਅਨੋਖਾ ਸੁਆਦ ਲੈਣਗੇ। ਇਸ ਬੱਚੇ ਦੀ ਪਾਲਣਾ ਦਾ ਖਰਚਾ ਸ਼ਾਇਦ ਇਨ੍ਹਾਂ ਮਾਪਿਆਂ ਨੂੰ ਸਿਰਫ਼ ਦੋ ਬੱਚਿਆਂ ਨਾਲ ਸਬਰ ਕਰਨ 'ਤੇ ਮਜਬੂਰ ਕਰ ਦੇਵੇਗਾ... ਬੱਚਿਆਂ ਦੀ ਕੁਆਲਿਟੀ ਦਾ ਮੁੱਦਾ ਮੁੱਖ ਰਹੇਗਾ, ਨਾ ਕਿ ਸਤੌਲ ਪੈਦਾ ਕਰਨ ਦੀ ਤਮੰਨਾ। ਜਦ ਬੱਚੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਵਾਸਤੇ ਘਰ ਛੱਡ ਜਾਣਗੇ ਤਾਂ ਘਰ ਵਿਚ ਸੁੰਨਸਾਨਤਾ ਗੂੰਜਦੀ ਰਹੇਗੀ, ਜਿਵੇਂ ਉਹ ਪੂਰੇ ਘਰ ਨੂੰ ਸਮੇਟ ਕੇ ਆਪਣੇ ਖੀਸੇ ਮਾਰ ਕੇ ਗਾਇਬ ਹੋ ਗਏ ਹੋਣ। ਵਾਪਸ ਪਰਤਣ 'ਤੇ ਘਰ ਵਿਚ ਮੁੜ ਤੋਂ ਰੌਣਕਾਂ ਦੀ ਬਹਾਰ ਖਿੜ ਆਵੇਗੀ, ਹਰ ਸ਼ੈਅ ਮੁਸਕਰਾਉਂਦੀ ਦਿਖੇਗੀ।
ਕੁਦਰਤ ਹਰੇਕ 'ਤੇ ਇਹ ਮਿਹਰ ਨਿਛਾਵਰ ਕਰਦੀ ਨਹੀਂ। ਵਜ੍ਹਾ ਕੋਈ ਵੀ ਹੋ ਸਕਦੀ ਹੈ ਪਰ ਪੁੱਛ ਕੇ ਸੁਣੋ ਉਨ੍ਹਾਂ ਜੋੜਿਆਂ ਦੀ ਜਿਨ੍ਹਾਂ ਦੀ ਗੋਦ ਭਰੀ ਨਹੀਂ। ਔਲਾਦ ਦੀ ਕਮੀ ਇਕ ਗਹਿਰੀ ਨਿਮੋਸ਼ੀ ਹੁੰਦੀ ਹੈ। ਬਾਂਝ ਪ੍ਰਤੀ ਸਮਾਜ ਵੀ ਕੁਝ ਸੁਵੱਲੀ ਸੋਚ ਨਹੀਂ ਰੱਖਦਾ, ਜਿਵੇਂ ਕਿ ਇਹ ਉਨ੍ਹਾਂ ਦੀ ਕੋਈ ਆਪਣੀ ਕੁਕਰਨੀ ਹੁੰਦੀ ਹੈ। 'ਕਿਸ ਵਾਸਤੇ ਕਰਨਾ ਹੈ।'... ਬਹੁਤੇ ਬਾਂਝ ਜੋੜੇ ਇਸ ਪ੍ਰਕਾਰ ਦੀ ਢੇਰੀ ਢਾਹ ਕੇ ਜ਼ਿੰਦਗੀ ਨੂੰ ਧੱਕਾ ਦਿੰਦੇ ਰਹਿੰਦੇ ਨੇ। ਕੁਝ ਜੋੜੇ ਇਸ ਘਾਟ ਦੀ ਪੂਰਤੀ ਵਾਸਤੇ ਮੁਤਵੰਨਾ ਬੱਚਾ ਗੋਦ ਲੈ ਲੈਂਦੇ ਨੇ। ਪਰਾਈਆਂ ਜੀਨਜ਼ ਦਾ ਬਾਂਝ ਜੋੜੇ ਨਾਲ ਕਿਸ ਕਿਸਮ ਦਾ ਸੁਮੇਲ ਜਾਂ ਕੁਮੇਲ ਬੈਠਦਾ ਹੈ... ਸੁੱਖ ਜਾਂ ਦੁੱਖ ਆਪੋ-ਆਪਣੇ ਹੁੰਦੇ ਨੇ। (ਬਾਕੀ ਅਗਲੇ ਐਤਵਾਰ)


-ਮੋਬਾਈਲ : 97806-66268.

ਚਲੋ ਚੱਲੀਏ ਪਹਾੜੀ ਇਲਾਕੇ ਬਰੋਟ, ਲੁਹਾਰਡੀ ਵਿਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਰੋਟ ਤੋਂ ਪਤਾ ਚੱਲਿਆ ਕਿ ਇਥੋਂ ਵੀ ਕੁਝ ਮੀਲ ਉੱਪਰ ਇਕ ਵੇਖਣਯੋਗ ਸਥਾਨ ਹੈ। ਇਹ ਸਥਾਨ ਲੁਹਾਰਡੀ ਪਿੰਡ ਹੈ। ਬਰੋਟ ਤੋਂ ਛੋਟੇ ਰਸਤੇ 'ਚੋਂ ਹੁੰਦੇ ਹੋਏ ਅਸੀਂ ਲੁਹਾਰਡੀ ਪਹੁੰਚੇ। ਦਰਿਆ ਦੇ ਉੱਪਰ ਤਿਕੋਣੀਆਂ ਪਹਾੜੀਆਂ ਦੇ ਵਿਚ। ਸਾਰੀਆਂ ਪਹਾੜੀਆਂ ਲੁਹਾਰਡੀ ਨੂੰ ਚੁੰਮਦੀਆਂ ਹਨ। ਕਾਂਗੜਾ ਜ਼ਿਲ੍ਹਾ ਦੀ ਬੈਜਨਾਥ ਤਹਿਸੀਲ ਦੇ ਛੋਟੇ ਭੰਗਾਲ ਖੇਤਰ ਦੇ ਇਸ ਪਿੰਡ ਵਿਚ ਪ੍ਰਾਚੀਨ ਸਮੇਂ ਕੇਵਲ 'ਲੁਹਾਰ' ਫਿਰਕੇ ਦੇ ਲੋਕ ਹੀ ਰਹਿੰਦੇ ਸਨ ਅਤੇ ਇਸੇ ਆਧਾਰ ਉੱਪਰ ਇਥੋਂ ਦਾ ਨਾਂਅ 'ਲੁਹਾਰਡੀ' ਪਿਆ।
ਲੁਹਾਰਡੀ ਪਿੰਡ ਵਿਚ ਲਗਪਗ ਇਕ ਸੌ ਦੇ ਕਰੀਬ ਪ੍ਰਾਚੀਨ ਸ਼ੈਲੀ ਦੇ ਘਰ ਹਨ। ਇਥੋਂ ਦੇ ਇਕ ਨੌਜਵਾਨ ਰਾਜੇਸ਼ ਕੁਮਾਰ (094599-24807) ਨੇ ਦੱਸਿਆ ਕਿ ਇਥੋਂ ਦੇ ਲੋਕ ਸ਼ਾਹੀ ਰਾਜਪੂਤ ਦੀ ਫ਼ੌਜ ਵਿਚ ਸਨ। ਇਸ ਦੇ ਆਸ-ਪਾਸ ਗਿਆਰਾਂ ਪਿੰਡ ਸੰਪਰਕ ਬਣਾਉਂਦੇ ਹਨ। ਇਥੋਂ ਦੇ ਲੋਕ ਖੇਤੀਬਾੜੀ, ਭੇਡ, ਬੱਕਰੀ ਪਾਲਣ ਅਤੇ ਹੱਥ ਖੱਡੀ ਦਾ ਧੰਦਾ ਕਰਦੇ ਹਨ। ਵਿਸ਼ੇਸ਼ ਤੌਰ 'ਤੇ ਔਰਤਾਂ ਹੱਥ ਖੱਡੀਆਂ ਦੇ ਕੰਮ ਕਰਦੀਆਂ ਹਨ। ਇਥੇ ਸਬਜ਼ੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਫਲਾਂ ਦੇ ਬਾਗ ਵੀ ਪਾਏ ਜਾਂਦੇ ਹਨ। ਸਰਦੀਆਂ ਵਿਚ ਇਥੇ ਲਗਪਗ ਤਿੰਨ ਤੋਂ ਚਾਰ ਫੁੱਟ ਤੱਕ ਬਰਫ਼ ਪੈਂਦੀ ਹੈ।
ਸਰਦੀਆਂ ਵਿਚ ਜੋਗਿੰਦਰ ਨਗਰ ਤੱਕ ਦਾ ਰਸਤਾ ਬਰਫ਼ ਪੈਣ ਕਰਕੇ ਬੰਦ ਹੋ ਜਾਂਦਾ ਹੈ। ਇਥੇ ਮਾਤਾ ਦਾ ਮੰਦਿਰ ਹੈ ਅਤੇ ਜੈ ਪਾਸ਼ਾਕੋਟ ਦਾ ਮੰਦਿਰ ਵੀ ਹੈ। ਲੁਹਾਰਡੀ ਤੋਂ ਸਿੱਧੀ ਚੜ੍ਹਾਈ ਵਾਲੇ ਰਸਤੇ ਤੋਂ 14 ਕਿਲੋਮੀਟਰ ਦੂਰ ਇਕ ਪਹਾੜੀ ਦੇ ਉੱਪਰ ਸ਼ਿਵ ਭਗਵਾਨ ਦਾ ਮੰਦਿਰ ਸੁਸ਼ੋਭਿਤ ਹੈ। ਇਥੇ ਪ੍ਰਸਿੱਧ 'ਦੇਨਾ ਸਰ ਝੀਲ' ਹੈ। ਦੇਸ਼-ਵਿਦੇਸ਼ ਦੇ ਲੋਕ 3 ਅਤੇ 4 ਸਤੰਬਰ ਨੂੰ ਦੇਨਾ ਸਰ ਝੀਲ, ਸ਼ਿਵ ਮੰਦਿਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਕਿਉਂਕਿ ਇਨ੍ਹਾਂ ਦੋ ਦਿਨਾਂ ਵਿਚ ਭਾਰੀ ਮੇਲਾ ਲਗਦਾ ਹੈ। ਦੇਨਾ ਸਰ ਝੀਲ (ਸ਼ਿਵ ਮੰਦਿਰ) ਦੀ ਯਾਤਰਾ ਪੈਦਲ ਹੀ ਕਰਨੀ ਪੈਂਦੀ ਹੈ। ਕੋਈ ਵੀ ਵਾਹਨ ਇਥੇ ਨਹੀਂ ਜਾ ਸਕਦਾ। ਲੁਹਾਰਡੀ ਵੈਲੀ ਇਕ ਕੀਮਤੀ ਕੁਦਰਤੀ ਖੂਬਸੂਰਤੀ ਵਾਲਾ ਸਥਾਨ ਹੈ। ਇਹ ਓਹਲ ਦਰਿਆ ਦਾ ਪਹਿਲਾ ਪਿੰਡ ਹੈ।
ਜ਼ਿਲ੍ਹਾ ਮੰਡੀ ਦੇ ਬਿਆਸ ਨਦੀ ਦੇ ਸੱਜੇ ਪਾਸੇ ਪ੍ਰਵੇਸ਼ ਕਰਨ ਵਾਲੀ ਸਭ ਤੋਂ ਵੱਡੀ ਨਦੀ ਓਹਲ ਨਦੀ ਹੈ। ਇਹ ਮੂਲ ਰੂਪ ਵਿਚ ਕਾਂਗੜਾ ਜ਼ਿਲ੍ਹਾ ਦੇ ਛੋਟੇ ਭੰਗਾਲ ਦੇ ਅੰਤਰਗਤ ਥਮਸਰਜੋਤ ਦੇ ਦੱਖਣ-ਪੂਰਬ ਢਲਾਣਾਂ ਦੇ ਜਲ ਪ੍ਰਵਾਹ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਕਾਂਗੜਾ ਵਿਚ ਚੱਕ ਪਜਾਹਟ, ਬਕਰ ਕਿਆੜਾ, ਜੰਗਲੀ ਖੇਤਰ, ਪਨਾਹ ਚਨ ਜੰਗਲੀ ਖੇਤਰ, ਬਡਾਗਰਾਂ, ਨਲਹੋਤਾ, ਕੂੜਘਾਰ, ਕੰਗਥੋੜ, ਕੋਹੜ, ਗਗਲੂ ਦੀ ਮਾਲਾ, ਚੇਲਰਾਂ ਦੀ ਮਾਲਾ, ਸਰਲਾ, ਧਰਮਾਨ, ਜੁਧਾਰ, ਸਰਮਨ, ਦਿਓਟ, ਨੇਰ, ਓਹਲ ਯਾਰ, ਬਨਵੜ, ਬਖਲੋਗ, ਮੂਲਥਾਨ ਆਦਿ ਪਿੰਡਾਂ ਵਿਚ ਵਹਿੰਦੀ ਹੋਈ ਮੰਡੀ ਜ਼ਿਲ੍ਹਾ ਵਿਚ ਪ੍ਰਵੇਸ਼ ਕਰਕੇ ਬਰੋਟ, ਢਰਾਂਗਣ, ਤਰਵਾਨ, ਲਪਾਸੂ, ਕਾਊ, ਕਲਹੋਗ, ਬੋਚੰਗ, ਜਮਤੇਹੜ, ਬਰਧਾਨ, ਲਚਕੰਡੀ, ਕੁਲਵਾਨ, ਢਲੋਸਾ, ਮਰਥਾਨ, ਧਾਰ, ਬੂਲੰਗ, ਕਾਂਗਪਨ, ਸਤਨੋਮ, ਕਪਲਧਾਰ, ਧਨਬਾਸ, ਬਲਹ, ਟਿੱਕਰ, ਫਾਗਣੀ, ਸਿਪੂਣ, ਸ਼ੰਗਵਾਹ, ਕੁਟਾਹਰ, ਲਾਂਵਣੂ, ਡੰਗਾਹਰ, ਟੀਹਰੀ, ਬਰਨਾਲਾ, ਕਮਾਦ, ਸੂਰਨ, ਕਲਥਵਾੜ, ਹਮਲੌਟ, ਨਗੈਟ, ਖਰਨਾਲ ਹੁੰਦੇ ਹੋਏ ਧਰਾਣ ਦੇ ਪੱਛਮ ਵੱਲ ਬਿੰਦਰਾਬਨੀ ਦੇ ਸਾਹਮਣੇ ਬਿਆਸ ਨਦੀ ਦੇ ਸੱਜੇ ਕਿਨਾਰੇ ਪ੍ਰਵੇਸ਼ ਕਰਦੀ ਹੈ। ਗਹਿਰੀ ਖਾਈਆਂ ਵਿਚ ਵਹਿਣ ਦੇ ਕਾਰਨ ਇਸ ਨਦੀ ਦਾ ਜਲ ਸਿੰਚਾਈ ਲਈ ਪ੍ਰਯੋਗ ਵਿਚ ਨਹੀਂ ਲਿਆਂਦਾ ਜਾ ਸਕਦਾ। ਕੇਵਲ ਬਰੋਟ ਵਿਚ ਸਰੋਵਰਾਂ ਵਿਚ ਜਲ ਸੰਗ੍ਰਹਿ ਕਰਕੇ ਸੁਰੰਗ ਜੋਗਿੰਦਰ ਨਗਰ ਪਹੁੰਚਾਇਆ ਗਿਆ, ਜਿਥੋਂ ਪੂਰਵ ਪੰਜਾਬ (ਵੰਡ ਦੇ ਸਮੇਂ) ਦੇ ਸਮੇਂ 1930-33 ਵਿਚ ਸ਼ਾਨਨ ਬਿਜਲੀ ਪ੍ਰਯੋਜਨਾ ਸ਼ੁਰੂ ਕਰਕੇ ਉਸ ਸਮੇਂ ਅੰਮ੍ਰਿਤਸਰ ਅਤੇ ਲਾਹੌਰ (ਪਾਕਿਸਤਾਨ) ਨੂੰ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਸੀ।
ਲੁਹਾਰਡੀ ਵਿਚ ਤੇਜ਼ ਠੰਢੀ ਹਵਾ ਦੇ ਬੁੱਲ੍ਹੇ ਪੈਰਾਂ ਉੱਪਰ ਟਿਕਣ ਨਹੀਂ ਦਿੰਦੇ। ਇਥੋਂ ਦੇ ਲੋਕ ਖਾਸ ਕਰਕੇ ਔਰਤਾਂ ਅਤੇ ਪੁਰਸ਼ ਪ੍ਰਾਚੀਨ ਹਿਮਾਚਲੀ ਪਹਿਰਾਵੇ ਵਿਚ ਵੇਖਣ ਨੂੰ ਮਿਲਦੇ ਹਨ। ਇਹ ਸਥਾਨ ਬਰੋਟ ਤੋਂ ਵੀ ਵਧੀਆ ਹੈ। ਕੁਦਰਤੀ ਨਜ਼ਾਰੇ ਮਿਕਨਾਤੀਸੀ ਖਿੱਚ ਵਾਲੇ, ਲੌਕਿਕ ਅਤੇ ਆਲੌਕਿਕ ਦ੍ਰਿਸ਼ ਤਨ, ਮਨ ਰੂਹ, ਦਿਲ, ਮਸਤਕ ਨੂੰ ਛੂਹ-ਛੂਹ ਜਾਂਦੇ ਹਨ। ਖਾਮੋਸ਼ੀ, ਤਹਿਲੀਜ਼ ਉੱਪਰ ਸਕੂਨ ਜਿਥੇ ਜੰਨਤ ਦੇ ਬੰਦਨਵਾਰ ਸਜਾਉਂਦਾ ਹੈ। ਮੁਕੰਮਲ ਸ਼ਾਂਤੀ ਅਤੇ ਵਾਤਾਵਰਨ ਦੀ ਚੁੱਪੀ ਨੂੰ ਦਰਿਆ ਦੀਆਂ ਸਰਗੋਸ਼ੀਆਂ ਕਿਸੇ ਝਾਂਜਰ ਦੀ ਛਣਕਾਹਟ ਦਾ ਅਹਿਸਾਸ ਦਿਲਾਉਂਦੀਆਂ ਹਨ। ਤ੍ਰਿਕੋਣੀ ਪਹਾੜੀਆਂ ਦੇ ਵਿਚ ਸਰ-ਸਰ ਚਲਦੀ ਤੇਜ਼ ਹਵਾ ਏਦਾਂ ਪ੍ਰਤੀਤ ਹੁੰਦੀ ਹੈ ਜਿਵੇਂ ਦੇਵ ਲੋਕ ਦੇ ਕਿਸੇ ਰਿਸ਼ੀ ਨੇ ਹੱਥ ਉਠਾ ਕੇ ਹਥੇਲੀ 'ਚੋਂ ਕੋਈ ਅਲੌਕਿਕ ਸ਼ਕਤੀ ਸ਼ੁਭਕਾਮਨਾਵਾਂ ਦਾ ਵਰਦਾਨ ਚੱਕਰ ਛੱਡ ਦਿੱਤਾ ਹੋਵੇ। ਦਰਿਆ ਦੇ ਕਿਨਾਰੇ ਉੱਪਰ ਛਿਛਲਾ ਪਾਣੀ ਕਿਨਾਰੇ ਉੱਪਰ ਜਾ ਕੇ ਏਦਾਂ ਟੁੱਟਦਾ ਹੈ ਜਿਵੇਂ ਕੋਈ ਲੰਬੀ ਸਫੇਦ ਚੁੰਨੀ ਦੀ ਗੋਟੀਨੁਮਾ ਕਿਨਾਰੀ ਵਿਛੀ ਹੋਵੇ। ਇਥੋਂ ਦੇ ਮਿਲਣਸਾਰ, ਮਿੱਠੇ ਸੁਭਾਅ ਦੇ ਲੋਕ ਚੰਗੇ ਲਗਦੇ ਹਨ। ਇਥੋਂ ਥੋੜ੍ਹੀ ਦੂਰ ਪਹਾੜਾਂ ਦੇ ਵਿਚ ਬਿਜਲੀ ਡੈਮ ਵੀ ਬਣ ਰਿਹਾ ਹੈ। ਇਥੋਂ ਦਾ ਮੌਸਮ ਗਰਮੀ ਵਿਚ ਵੀ ਬਹੁਤ ਠੰਢਾ ਹੁੰਦਾ ਹੈ। ਕੁਲ ਮਿਲਾ ਕੇ ਲੁਹਾਰਡੀ ਦਾ ਆਕਰਸ਼ਿਕ, ਮਨਮੋਹਣਾ ਮੌਸਮ ਅਤੇ ਚਾਰੇ ਪਾਸੇ ਬਿਖਰੇ ਨਜ਼ਾਰੇ ਕਿਸੇ ਦੇਵ ਲੋਕ ਤੋਂ ਘੱਟ ਨਹੀਂ।
ਲੁਹਾਰਡੀ ਵਿਚ ਕੁਝ ਕੁ ਹੋਟਲ ਹਨ। ਇਥੇ ਰਹਿਣ ਦਾ ਪੂਰਾ ਪ੍ਰਬੰਧ ਹੈ। ਬਰੋਟ ਜਾਓ ਤਾਂ ਤੁਸੀਂ ਲੁਹਾਰਡੀ ਵਿਚ ਹੀ ਰਹੋ। ਏਕਾਂਤਮਈ ਦੇ ਦਰਸ਼ਨ, ਓਹਲ ਦਰਿਆ ਦੇ ਘੁੰਗਰੂਨੁਮਾ ਖਨਕਦੀਆਂ ਆਵਾਜ਼ਾਂ, ਪਹਾੜਾਂ ਦੇ ਨਜ਼ਾਰੇ, ਸਮਝੋ ਤੁਸੀਂ ਇਥੇ ਆ ਕੇ ਜੰਨਤ ਲੁੱਟ ਲਈ।
(ਸਮਾਪਤ)


-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)। ਮੋਬਾਈਲ : 98156-25409.

ਜਾਪਾਨੀ ਕਲਾਕਾਰੀ 'ਬੋਨਸਾਈ'

ਇਸ ਲੇਖਮਾਲਾ ਦੀ ਪਾਠਕ ਸ੍ਰੀਮਤੀ ਨਵਜੋਤ ਕੌਰ ਚਾਬਾ ਜੋ ਕਿ ਪਿਛਲੇ 20 ਸਾਲ ਤੋਂ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਵਕਾਲਤ ਦਾ ਕਿੱਤਾ ਕਰ ਰਹੀ ਹੈ, ਵੱਲੋਂ ਮੈਨੂੰ ਈ-ਮੇਲ ਮਿਲੀ ਕਿ ਮੈਂ ਉਥੋਂ ਦੀਆਂ ਕਚਹਿਰੀਆਂ ਦੀ ਲੈਂਡਸਕੇਪਿੰਗ ਸੰਵਾਰਨ ਵਿਚ ਕੁਝ ਤਕਨੀਕੀ ਮਦਦ ਕਰਾਂ। ਨਾਲ ਹੀ ਉਸ ਨੂੰ ਮੈਨੂੰ ਆਪਣੀ ਤਿਆਰ ਕੀਤੀ ਇਕ 'ਬੋਨਸਾਈ' ਦੀ ਫੋਟੋ ਵੀ ਮੇਲ ਕੀਤੀ। ਮੈਂ ਆਪ ਜੀ ਨੂੰ ਦੱਸ ਦਿਆਂ ਕਿ 'ਬੋਨਸਾਈ' ਇਕ ਜਾਪਾਨੀ ਕਲਾ ਹੈ, ਬੜੀ ਮਿਹਨਤ ਅਤੇ ਲਗਨ ਨਾਲ 'ਦਿਓ-ਕੱਦ' ਹਾਸਲ ਕਰਨ ਵਾਲੇ ਪੌਦੇ ਨੂੰ 'ਜਾਪਾਨੀ ਕਲਾਕਾਰੀ' ਨਾਲ 'ਬੌਨਾ ਰੂਪ' ਬਖਸ਼ਣਾ ਅਤੇ ਅੱਗੋਂ ਕਾਇਮ ਰੱਖਣਾ।
ਮੈਂ ਅੱਜ ਇਸੇ ਉਪਰ ਚਰਚਾ ਕਰਾਂਗਾ, 'ਬੋਹੜ ਰੁੱਖ ਇਕ ਕੁਨਾਲੀ 'ਚ ਤਿਆਰ ਕੀਤਾ ਗਿਆ ਹੈ, ਘਟ ਮਿੱਟੀ ਅਤੇ ਪਾਣੀ ਦੀ ਹੋਂਦ ਪ੍ਰਦਾਨ ਕੀਤੀ ਗਈ ਤਾਂ ਕਿ ਉਹ ਵੱਡਾ ਰੂਪ ਨ ਧਾਰਨ ਕਰ ਲਵੇ, ਇਸ ਦੇ ਛਤਰ ਥੱਲੇ ਮਹਾਤਮਾ ਬੁੱਧ ਦੀ ਛੋਟੀ ਕਾਂਸੀ ਦੀ ਪ੍ਰਤਿਮਾ, ਭਗਤੀ, ਰੂਪ 'ਚ ਬ੍ਰਿਜਮਾਨ ਹੈ।
ਇਤਿਹਾਸ ਅਨੁਸਾਰ ਸਿਧਾਰਥ ਜੋ ਕਿ ਸ਼ਾਹੀ ਘਰਾਣੇ ਨਾਲ ਸਬੰਧ ਰੱਖਦਾ ਸੀ, 49 ਦਿਨ ਬੋਹੜ ਦੇ ਰੁੱਖ ਹੇਠ ਭਗਤੀ ਕਰਦਾ ਰਿਹਾ ਅਤੇ 'ਰੱਬੀ ਗਿਆਨ' ਪ੍ਰਾਪਤ ਕੀਤਾ। 'ਰੱਬੀ ਨੂਰ' ਮਿਲ ਗਿਆ ਅਤੇ ਉਹ ਸਿਧਾਰਥ ਤੋਂ ਗੌਤਮ ਬੁੱਧ ਬਣ ਗਿਆ। ਫੋਟੋ ਨੰਬਰ 2 ਜੋ ਲਗਾਈ ਹੈ, ਨੀਲਾ ਸ਼ਾਂਤੀ ਦੇ ਰੰਗ 'ਚ ਰੰਗਿਆ 'ਗੌਤਮ ਬੁੱਧ' ਬੋਹੜ ਥੱਲੇ ਬੈਠੇ ਨੂੰ ਰੱਬੀ ਚਮਕ ਰਹੇ ਤਾਰੇ ਦੇ ਰੂਪ ਵਿਚ ਪਰਮਾਤਮਾ ਨੇ ਗਿਆਨ ਪ੍ਰਦਾਨ ਕੀਤਾ।
ਜਾਪਾਨੀ ਲੋਕ, ਅਮਨ ਪਸੰਦ ਅਤੇ 'ਸੂਖਮ ਕਲਾਵਾਂ' ਵਿਚ ਅਥਾਹ ਸ਼ਰਧਾ ਰੱਖਦੇ ਹਨ। ਉਨ੍ਹਾਂ ਦੀ 'ਬਾਗਬਾਨੀ ਸ਼ੈਲੀ' ਵਿਚ ਤੁਹਾਨੂੰ ਥਾਂ-ਥਾਂ ਰੱਬੀ ਰੂਪ, ਹੁਸਨ ਝਾਕਦਾ ਦਿਖਾਈ ਦੇਵੇਗਾ, ਬੂਟੇ ਤਾਂ ਕਿ ਉਨ੍ਹਾਂ ਦੀਆਂ ਬਗੀਚੀਆਂ ਵਿਚ ਪੱਥਰਾਂ ਦੀ ਤਰਤੀਬ, ਆਬਸ਼ਾਰਾਂ, ਪਗਡੰਡੀਆਂ, ਪਹਾੜੀਆਂ, ਦੂਰੋਂ ਵੇਖਿਆ ਇਉਂ ਮਹਿਸੂਸ ਹੋਵੇਗਾ ਕਿ ਇਹ ਸਭੇ ਕੁਝ ਪ੍ਰਕਿਰਤੀ ਦੀ ਦੇਣ ਹੈ, ਪੇਸ਼ਕਾਰੀ ਨਿਰੋਲ ਕੁਦਰਤੀ ਵਿਖਾਈ ਦਿੰਦੀ ਹੈ, ਪਰ ਅਸਲੀਅਤ ਇਹ ਹੈ ਕਿ ਸਭ ਕਾਸੇ ਨੂੰ ਮਾਹਿਰ 'ਜਾਪਾਨੀ ਲੈਂਡਸਕੇਪਿਸਟਾਂ' ਨੇ ਕੁਦਰਤੀ ਅਸੂਲਾਂ ਦੀ ਪਾਲਣਾ ਕਰਦੇ ਹੋਏ 'ਰੂਪਮਾਨ' ਕੀਤਾ ਹੁੰਦਾ ਹੈ।
ਬੀਬੀ ਨਵਜੋਤ ਕੌਰ ਨੇ ਜੋ ਕੁਨਾਲੀ ਬੋਹੜ ਰੁੱਖ ਲਗਾਉਣ ਲਈ ਵਰਤੀ ਗਈ ਹੈ, ਉਸ ਵਿਚ ਮਿੱਟੀ ਏਨੀ ਥੋੜ੍ਹੀ ਹੈ ਕਿ ਬੋਹੜ ਰੁੱਖ ਵਿਤੋਂ ਵਧੇਗਾ ਹੀ ਨਹੀਂ, ਨਾਲ ਹੀ ਗੁੱਦੇਦਾਰ ਸਦਾਬਹਾਰ ਗਰਾਊਂਡ ਕਵਰਾਂ ਦੀ ਚੋਣ ਵੀ ਤਾਂਹੇ ਕੀਤੀ ਗਈ ਹੈ ਕਿ ਉਹ ਬਹੁਤਾ ਪਾਣੀ/ਸੇਵਾ ਨਾ ਮੰਗਣ ਅਤੇ ਹੱਦੋਂ ਵੱਧ ਵੀ ਨਾ। ਬੋਹੜ ਰੁੱਖ ਦੀ ਸਰਦਾਰੀ ਬਣੀ ਵੀ ਰਹੇ ਅਤੇ ਉਹ ਵਿਤੋਂ ਵੱਧ ਬੜੌਤਰੀ ਵੀ ਨਾ ਕਰੇ।
ਧੰਨਵਾਦ ਨਵਜੋਤ ਜੀ, ਤੁਹਾਨੂੰ ਤਾਂ ਹਾਲੇ ਮੈਂ ਲੋੜੀਂਦੀ ਜਾਣਕਾਰੀ ਦਿੱਤੀ ਹੀ ਨਹੀਂ। ਪਰ ਤੁਹਾਡੇ ਵੱਲੋਂ ਭੇਜੀ ਫੋਟੋ ਰਾਹੀਂ ਜਾਪਾਨੀ ਬਾਗਬਾਨੀ ਕਲਾ ਬਾਰੇ ਆਪਣੇ ਪਾਠਕਾਂ ਨਾਲ ਕੁਝ ਜਾਣਕਾਰੀ ਸਾਂਝੀ ਕਰ ਸਕਿਆਂ।


dosanjhsps@gmail.com

ਬ੍ਰਹਿਮੰਡ ਦਾ ਅੰਤ?

ਬ੍ਰਹਿਮੰਡ ਦੀ ਵਿਸ਼ਾਲਤਾ ਦਾ ਅਨੁਮਾਨ ਲਾਉਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ | ਧਰਤੀ ਆਕਾਸ਼-ਗੰਗਾ ਵਿਚ ਕਿਸ ਥਾਂ 'ਤੇ ਹੈ? ਇਸ ਬਾਰੇ ਦੱਸਿਆ ਜਾ ਸਕਦਾ ਹੈ | ਆਕਾਸ਼-ਗੰਗਾ ਦੀ ਦਿਸ਼ਾ ਤੇ ਸਥਾਨ ਦੂਜੀਆਂ ਆਕਾਸ਼-ਗੰਗਾ ਦੇ ਤੁਲਨਾਤਮਿਕ ਦੱਸੀ ਜਾ ਸਕਦੀ ਹੈ, ਪਰ ਸਾਡੀ ਧਰਤੀ ਇਸ ਬ੍ਰਹਿਮੰਡ ਵਿਚ ਕਿਸ ਪਾਸੇ ਵੱਲ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ | ਜਿਵੇਂ ਤੁਸੀਂ ਸੋਚੋਂ ਕਿ ਤੁਸੀਂ ਬ੍ਰਹਿਮੰਡ ਵਿਚ ਇਕ ਪਾਸੇ ਵੱਲ ਨੂੰ ਜਾਣਾ ਸ਼ੁਰੂ ਕੀਤਾ ਤੇ ਤੁਸੀਂ ਉਸ ਪਾਸੇ ਵੱਲ ਨੂੰ ਸਭ ਤੋਂ ਤੇਜ਼ ਰਾਕਟ 'ਤੇ ਬੈਠ ਕੇ ਜਾਂਦੇ ਜਾਓ, ਹਜ਼ਾਰਾਂ ਸਾਲਾਂ ਤੱਕ ਜਾਓ ਤਾਂ ਤੁਹਾਡਾ ਦਿਮਾਗ਼ ਕਹੇਗਾ ਕਿ ਇਕ ਨਾ ਇਕ ਸਮੇਂ ਤਾਂ ਕੋਈ ਕਿਨਾਰਾ ਆਏਗਾ ਪਰ ਜੇ ਤੁਹਾਨੂੰ ਦੱਸਿਆ ਜਾਏ ਕਿ ਕੋਈ ਕਿਨਾਰਾ ਨਹੀਂ ਆਏਗਾ ਤੇ ਤੁਸੀਂ ਕਦੀ ਵੀ ਕਿਤੇ ਨਹੀਂ ਪਹੁੰਚੋਗੇ ਤਾਂ ਇੱਥੇ ਆ ਕਿ ਦਿਮਾਗ਼ ਕੰਮ ਕਰਨਾ ਬੰਦ ਕਰ ਦਏਗਾ | ਜਿੱਥੇ ਬ੍ਰਹਿਮੰਡ ਦੀ ਕੋਈ ਸੀਮਾ ਨਹੀਂ ਇਹ ਅਨੰਤ ਹੈ, ਉੱਥੇ ਮਨੁੱਖੀ ਦਿਮਾਗ਼ ਦੀ ਇਕ ਸੀਮਾ ਹੈ | ਸੀਮਤ ਚੀਜ਼ ਅਸੀਮ ਨੂੰ ਨਹੀਂ ਜਾਣ ਸਕਦੀ | ਬ੍ਰਹਿਮੰਡ ਦੀ ਅਨੰਤਤਾ ਬਾਰੇ ਮਨੁੱਖੀ ਦਿਮਾਗ਼ ਸੋਚ ਹੀ ਨਹੀਂ ਸਕਦਾ |
ਗੁਰਬਾਣੀ ਮੁਤਾਬਿਕ ਬ੍ਰਹਿਮੰਡ ਦਾ ਅੰਤ ਪਾਉਣਾ ਨਾ-ਮੁਮਕਿਨ ਹੈ ਅੰਤ ਕਾਰਣਿ ਕੇਤੇ ਬਿਲਲਾਹਿ¨ ਤਾ ਕੇ ਅੰਤ ਨ ਪਾਏ ਜਾਹਿ¨ ਅਣਗਿਣਤ ਲੋਕ ਇਹ ਅੰਤ ਜਾਣਨ ਲਈ ਤੜਪ ਰਹੇ ਹਨ ਪਰ ਇਹ ਕਿਨਾਰਾ ਨਾ ਤਾਂ ਅੱਜ ਤੱਕ ਕੋਈ ਲੱਭ ਸਕਿਆ ਹੈ ਤੇ ਨਾ ਹੀ ਕੋਈ ਇਸ ਨੂੰ ਲੱਭ ਸਕੇਗਾ | ਵਿਗਿਆਨ ਇਹ ਸਿੱਧ ਕਰ ਚੁੱਕਾ ਹੈ ਕਿ ਬ੍ਰਹਿਮੰਡ ਵਿਚ ਜਿਹੜੇ ਤਾਰੇ, ਗ੍ਰਹਿ, ਉਪਗ੍ਰਹਿ ਅਸੀਂ ਵੇਖ ਰਹੇ ਹਾਂ, ਉਹ ਬ੍ਰਹਿਮੰਡ ਵਿਚ ਫੈਲੇ ਕੁੱਲ ਪਦਾਰਥ ਦਾ 4 % ਹਿੱਸਾ ਹਨ ਜਦ ਕਿ 73% ਨਾ ਸਮਝ ਆਉਣ ਵਾਲੀ ਊਰਜਾ ਤੇ 23% ਨਾ ਸਮਝ ਆਉਣ ਵਾਲਾ ਪਦਾਰਥ ਹੈ ਜਿਸ ਦਾ ਅਜੇ ਤੱਕ ਸਾਨੂੰ ਕੋਈ ਇਲ਼ਮ ਨਹੀਂ | ਉਸ ਮੈਟਰ ਨੂੰ ਵਿਗਿਆਨੀ ਡਾਰਕ ਮੈਟਰ ਅਤੇ ਡਾਰਕ ਐਨਰਜੀ ਕਹਿੰਦੇ ਹਨ | ਵਿਗਿਆਨੀ ਜਿਵੇਂ-ਜਿਵੇਂ ਇਸ ਦੀਆਂ ਹੱਦਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਇਹ ਬ੍ਰਹਿਮੰਡ ਉਨ੍ਹਾਂ ਲਈ ਹੋਰ ਵਿਸ਼ਾਲ ਹੁੰਦਾ ਚਲਿਆ ਜਾ ਰਿਹਾ ਹੈ | ਗੁਰਬਾਣੀ ਸਪਸ਼ਟ ਕਰ ਰਹੀ ਹੈ ਕਿ ਏਹੁ ਅੰਤੁ ਨ ਜਾਣੈ ਕੋਇ¨ ਬਹੁਤਾ ਕਹੀਐ ਬਹੁਤਾ ਹੋਇ ¨
ਸਾਡੇ ਗੁਰੂਆਂ ਤੇ ਭਗਤਾਂ ਮੁਤਾਬਿਕ ਜਿੱਥੇ ਬ੍ਰਹਿਮੰਡ ਦਾ ਪਸਾਰਾ ਅਨੰਤਤਾ ਤੱਕ ਹੈ, ਉੱਥੇ ਮਨੁੱਖ ਅੰਦਰਲੀ ਅਨੰਤਤਾ ਦੀ ਵੀ ਕੋਈ ਸੀਮਾ ਨਹੀਂ | ਜੋ ਕੁੱਝ ਬ੍ਰਹਿਮੰਡ ਵਿਚ ਹੈ, ਉਹ ਕੁਝ ਸਾਡੇ ਸਰੀਰ ਅੰਦਰ ਹੈ | ਸਰੀਰ ਅੰਦਰ ਵਸਦੀ ਆਤਮਾ/ਚੇਤਨਾ ਬ੍ਰਹਿਮੰਡ ਦਾ ਹੀ ਇਕ ਹਿੱਸਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ¨ ਇਹ ਆਤਮਾ ਜਾਂ ਚੇਤਨਾ ਅਜੇ ਵਿਗਿਆਨ ਦੇ ਦਾਇਰੇ ਵਿਚ ਨਹੀਂ ਹੈ, ਪਰ ਇਸ ਤੋਂ ਇਹ ਭਾਵ ਹਰਗਿਜ਼ ਨਹੀਂ ਲੈ ਲੈਣਾ ਚਾਹੀਦਾ ਕਿ ਇਸ ਦੀ ਹੋਂਦ ਹੈ ਹੀ ਨਹੀਂ! ਜੇ ਕੋਈ ਪੰਛੀ ਬਹੁਤ ਉਚਾ ਉੱਡਦਾ ਨਜ਼ਰਾਂ ਤੋਂ ਅਲੋਪ ਹੋ ਜਾਏ ਤੇ ਦਿਸਣੋਂ ਹਟ ਜਾਏ ਤਾਂ ਉਸ ਦੀ ਹੋਂਦ ਖ਼ਤਮ ਨਹੀਂ ਹੋ ਜਾਂਦੀ | ਹਾਂ, ਉਹ ਸਾਡੀਆਂ ਅੱਖਾਂ ਦੇ ਦਾਇਰੇ ਵਿਚ ਨਹੀਂ ਹੁੰਦਾ, ਪਰ ਉਹ ਮੌਜੂਦ ਤਾਂ ਹੈ |
ਵਿਗਿਆਨ ਮੁਤਾਬਿਕ ਅੱਜ ਤੋਂ ਤਕਰੀਬਨ ਅਰਬਾਂ-ਖ਼ਰਬਾਂ ਸਾਲ ਪਹਿਲਾਂ ਇਨਸਾਨੀ ਜਾਤ ਦਾ ਨਾਮੋ-ਨਿਸ਼ਾਨ ਨਹੀਂ ਸੀ | ਬਨਸਪਤੀ, ਜੀਵ-ਜੰਤੂ, ਫੁੱਲ-ਬੂਟੇ ਨਹੀਂ ਸਨ ਅਤੇ ਉਦੋਂ ਸਮਾਂ ਵੀ ਨਹੀਂ ਸੀ | ਧਰਤੀ, ਚੰਦਰਮਾ, ਸੂਰਜ, ਗ੍ਰਹਿ ਅਤੇ ਉਪਗ੍ਰਹਿ, ਤਾਰਿਆਂ ਦਾ ਜਗਮਗ -ਜਗਮਗ ਕਰਦਾ ਸਮੁੰਦਰ, ਇੱਥੋਂ ਤੱਕ ਕਿ ਇਹ ਅਸਮਾਨ ਅਤੇ ਬ੍ਰਹਿਮੰਡ ਵੀ ਨਹੀਂ ਸੀ | ਗੁਰਬਾਣੀ ਮੁਤਾਬਿਕ ਵੀ ਇਹੋ ਹੈ ਜਿਵੇਂ ਅਰਬਦ ਨਰਬਦ ਧੁੰਧੂਕਾਰਾ¨ ਧਰਣਿ ਨ ਗਗਨਾ ਹੁਕਮੁ ਅਪਾਰਾ¨ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ¨ ਸੁੰਨ ਸਮਾਧਿ ਲਗਾਇਦਾ ¨ ਉਦੋਂ ਫਿਰ ਕੀ ਸੀ? ਹਾਂ ਜੀ, ਉਦੋਂ ਵੀ ਕੁੱਝ ਸੀ, ਉਹ ਸੀ ਕੁਦਰਤ | ਪਰ ਉਹ ਕੁਦਰਤ ਅੱਜ ਵਾਂਗੂੁੰ ਸ਼ੋਰ-ਸ਼ਰਾਬੇ, ਦੁੱਖ-ਸੁੱਖ, ਗਮੀ-ਖ਼ੁਸ਼ੀ, ਠੱਗੀ-ਚੋਰੀ ਤੋਂ ਦੂਰ ਗਰਭਵਤੀ ਮਾਂ ਦੇ ਪੇਟ ਵਿਚ ਸੌਾ ਰਹੇ ਬੱਚੇ ਵਾਂਗੂੰ ਇਕ ਅਸੀਮ ਨੀਂਦਰ ਵਿਚ ਸੀ | ਉਦੋਂ ਬ੍ਰਹਿਮੰਡ ਅੱਜ ਦੀ ਸ਼ਕਲ ਵਿਚ ਨਾ ਹੋ ਕੇ, ਅਨੰਤਤਾ ਦੀ ਚਰਮ-ਸੀਮਾ ਤੱਕ ਸੂਖ਼ਮ ਰੂਪ ਵਿਚ ਸੁੰਗੜਿਆ ਹੋਇਆ ਇਕ ਬਿੰਦੂ ਤੋਂ ਵੀ ਘੱਟ ਜਗ੍ਹਾ ਵਿਚ ਕੇਂਦਰਿਤ ਸੀ | ਕਿੰਨੇ ਕੁ ਸਮੇਂ ਤੱਕ ਇਹ ਅਵਸਥਾ ਰਹੀ, ਵਿਗਿਆਨ ਮੁਤਾਬਿਕ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ | ਗੁਰਬਾਣੀ ਮੁਤਾਬਿਕ ਵੀ ਇਹੋ ਹੈ, ਜਿਵੇਂ ਕੇਤੜਿਆ ਦਿਨ ਗੁਪਤੁ ਕਹਾਇਆ¨ ਕੇਤੜਿਆ ਦਿਨ ਸੁੰਨਿ ਸਮਾਇਆ¨ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ¨ ਵਿਗਿਆਨ ਇਸ ਅਵਸਥਾ ਨੂੰ ਆਪਣੀ ਭਾਸ਼ਾ ਵਿਚ 'ਇਨਫਾਇਨਿਟ' ਦਾ ਨਾਮ ਦਿੰਦਾ ਹੈ | ਵਿਗਿਆਨ ਇਸ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਵਿਗਿਆਨ ਖੁਦ 'ਅਨੰਤਤਾ' ਤੇ ਆ ਕੇ ਫ਼ੇਲ੍ਹ ਹੋ ਜਾਂਦਾ ਹੈ | ਫਿਰ ਅਨੰਤਤਾ ਦੇ ਉਸ ਸੂਖ਼ਮ ਰੂਪ ਵਿਚ ਇਕ ਜ਼ਬਰਦਸਤ ਵਿਸਫੋਟ ਹੋਇਆ ਇਸ ਨੂੰ ਵਿਗਿਆਨ 'ਬਿੱਗ- ਬੈਂਗ' ਨਾਂਅ ਨਾਲ ਅਤੇ ਗੁਰਬਾਣੀ 'ਕਵਾਉ' ਨਾਲ ਜਾਣਦੀ ਹੈ | ਜਿਵੇਂ ਕੀਤਾ ਪਸਾਉ ਏਕੋ ਕਵਾਉ¨ ਤਿਸ ਤੇ ਹੋਏ ਲਖ ਦਰੀਆਉ ¨ ਗੁਰਬਾਣੀ ਮੁਤਾਬਿਕ ਇਸ ਵਿਸਫੋਟ ਨੂੰ ਕਾਗ਼ਜ਼ ਕਲਮ ਨਾਲ ਬਿਆਨ ਕਰਨਾ ਸੰਭਵ ਨਹੀਂ ਹੈ | ਅੱਜ ਵਿਗਿਆਨ ਦੀ ਵੀ ਇਹੋ ਸੋਚ ਹੈ | ਵਿਗਿਆਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਸਮੇਂ ਦੀ ਸ਼ੁਰੂਆਤ ਅਤੇ ਬ੍ਰਹਿਮੰਡ ਦਾ ਜਨਮ ਇਸ ਬਿੱਗ-ਬੈਂਗ ਤੋਂ ਹੀ ਹੋਇਆ |
ਬਿੱਗ-ਬੈਂਗ ਥਿਊਰੀ 'ਤੇ ਕਈ ਵਿਗਿਆਨੀਆਂ ਨੇ ਕੰਮ ਕੀਤਾ ਜਿਵੇਂ: ਜ਼ਾਰਜਗਾਮੋਊ, ਐਡਵਿਨ ਹੱਬਲ, ਐਲਬਰਟ ਆਇਨਸਟਾਈਨ ਅਤੇ ਵਿਲੀਅਮ ਡੀ-ਸੀਟਰ ਆਦਿ | ਪਰ ਇਸ ਥਿਊਰੀ ਨੂੰ ਅੰਤਿਮ ਥਿਊਰੀ ਮੰਨ ਲੈਣਾ ਗ਼ਲਤੀ ਹੋਵੇਗੀ ਕਿਉਂਕਿ ਸਟੀਫਨ ਹਾਕਿੰਗ ਮੁਤਾਬਿਕ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਇਸ ਬਿੱਗ-ਬੈਂਗ ਥਿਊਰੀ ਕੋਲ ਨਹੀਂ |
ਸਟੀਫਨ ਡਬਲਯੂ ਹਾਕਿੰਗ ਲਿਖਦਾ ਹੈ ਕਿ, ਕੀ ਬ੍ਰਹਿਮੰਡ ਦਾ ਫੈਲਾਅ ਕਦੀ ਰੁਕੇਗਾ? ਕੀ ਬ੍ਰਹਿਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ? ਜਾਂ ਇਹ ਹਮੇਸ਼ਾ ਫੈਲਦਾ ਹੀ ਜਾਵੇਗਾ? ਇਸ ਦਾ ਉੱਤਰ ਦੇਣ ਲਈ ਸਾਨੂੰ ਬ੍ਰਹਿਮੰਡ ਦੇ ਫੈਲਾਅ ਦੀ ਹੁਣ ਦੀ ਦਰ ਜਾਣਨੀ ਪਵੇਗੀ ਅਤੇ ਇਸ ਦੀ ਘਣਤਾ ਵੀ ਵੇਖਣੀ ਪਵੇਗੀ | ਅਸੀਂ ਇਸ ਸੰਭਾਵਨਾ ਨੂੰ ਨਹੀਂ ਛੱਡ ਸਕਦੇ ਕਿ ਬ੍ਰਹਿਮੰਡ ਵਿਚ ਕੁਝ ਅਜਿਹਾ ਵੀ ਪਦਾਰਥ ਜਾਂ ਮਾਦਾ ਮੌਜੂਦ ਹੈ ਜਿਸ ਨੂੰ ਅਸੀਂ ਹੁਣ ਤੱਕ ਨਹੀਂ ਲੱਭ ਸਕੇ | ਇਹ ਮਾਦਾ ਕਿਸੇ ਵੀ ਵੇਲੇ ਬ੍ਰਹਿਮੰਡ ਦੀ ਘਣਤਾ ਨੂੰ ਕਿਸੇ ਖ਼ਾਸ ਰਕਮ ਤੋਂ ਵਧਾ ਸਕਦਾ ਹੈ ਜਿਸ ਨਾਲ ਬ੍ਰਹਿਮੰਡ ਦਾ ਫੈਲਾਅ ਰੁਕ ਸਕਦਾ ਹੈ |
ਪਰੰਤੂ ਹੁਣ ਤੱਕ ਦੇ ਹਾਲਾਤ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਬ੍ਰਹਿਮੰਡ ਹਮੇਸ਼ਾ ਲਈ ਫੈਲਦਾ ਰਹੇਗਾ, ਜੇ ਬ੍ਰਹਿਮੰਡ ਸੁੰਗੜਦਾ ਹੋਇਆ ਮੁੜ ਕੇ ਖ਼ਤਮ ਹੋਣ ਲੱਗਾ ਤਾਂ ਵੀ ਉਸ ਨੂੰ ਕਈ ਅਰਬਾਂ ਖਰਬਾਂ ਸਾਲਾਂ ਤੋਂ ਵੀ ਵੱਧ ਸਮਾਂ ਲਗੇਗਾ | ਇਸ ਕਾਰਨ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਉਸ ਸਮੇਂ ਤੋਂ ਪਹਿਲਾਂ ਹੀ ਸਾਡਾ, ਸਾਡੇ ਸੌਰ-ਮੰਡਲ ਅਤੇ ਸਾਡੇ ਸੂਰਜ ਸਾਰਿਆਂ ਦਾ ਅੰਤ ਹੋ ਚੁੱਕਾ ਹੋਵੇਗਾ | ਗੁਰਬਾਣੀ ਵਿਚ ਵੀ ਫੈਲਾਅ ਤੇ ਸੁੰਗੜਨ ਬਾਰੇ ਸ਼ਬਦ ਹੈ, ਜਿਵੇਂ: ਜਬ ਉਦਕਰਖ ਕਰਾ ਕਰਤਾਰਾ¨ ਪ੍ਰਜਾ ਧਰਤ ਤਬ ਦੇਹ ਅਪਾਰਾ¨ ਜਬ ਆਕਰਖ ਕਰਤ ਹੋ ਕਬਹੂੰ¨ ਤੁਮ ਮੈ ਮਿਲਤ ਦੇਹ ਧਰ ਸਭਹੂੰ¨ ਉਦਕਰਖ ਤੋਂ ਭਾਵ ਹੈ 'ਫੈਲਾਅ' ਤੇ ਆਕਰਖ ਤੋਂ ਭਾਵ ਹੈ 'ਸੁੰਗੜਨਾ' | ਵਿਚ ਗੁਰੂ ਅਰਜਨ ਦੇਵ ਜੀ ਇਹ ਸ਼ਬਦ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ¨ ਅੱਜ ਦੇ ਵਿਗਿਆਨਿਕ ਨਿਯਮਾਂ ਨੂੰ ਸਪਸ਼ਟ ਕਰ ਰਹੇ ਹਨ ਕਿ ਹਰ ਵਸਤੂ ਦਾ ਅੰਤ ਨਿਸ਼ਿਚਤ ਹੈ ਚਾਹੇ ਉਹ ਜੀਵ ਹੈ ਜਾਂ ਨਿਰਜੀਵ |
-ਖਾਲਸਾ ਕਾਲਜ, ਪਟਿਆਲਾ |
ਮੋਬਾਈਲ : 9888169226

ਬਹੁ-ਪੱਖੀ ਪ੍ਰਤਿਭਾ ਵਾਲਾ ਸਾਹਿਤਕਾਰ ਸੀ ਅਮਰਜੀਤ ਸਿੰਘ 'ਅਕਸ'

ਇਹ ਤਾਂ ਪਤਾ ਸੀ ਕਿ ਅਮਰਜੀਤ ਸਿੰਘ ਦੀ ਤਬੀਅਤ ਠੀਕ ਨਹੀਂ ਪਰ ਦੋ-ਤਿੰਨ ਮਹੀਨੇ ਪਹਿਲਾਂ ਤੱਕ ਉਹ 'ਅਕਸ' ਦਾ ਅਗਲਾ ਅੰਕ ਪ੍ਰਕਾਸ਼ਿਤ ਕਰਨ ਲਈ ਯਤਨਸ਼ੀਲ ਸੀ | ਉਸ ਦੇ ਕਹਿਣ 'ਤੇ ਮੈਂ 'ਮਹਿਮਾਨ ਸੰਪਾਦਕੀ' ਭੇਜ ਦਿੱਤੀ ਅਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਮੈਨੂੰ ਫੈਲੋ ਦੇ ਤੌਰ 'ਤੇ ਸਨਮਾਨਿਤ ਕਰਨ ਵਾਲੀ ਫੋਟੋ ਵੀ | ਕਦੀ-ਕਦੀ ਉਹਦਾ ਫੋਨ ਆ ਜਾਂਦਾ ਸੀ ਕਿ ਸਿਹਤ ਭਾਵੇਂ ਠੀਕ ਨਹੀਂ ਪਰ ਜਨਵਰੀ, 2016 ਵਿਚ 'ਅਕਸ' ਪਾਠਕਾਂ ਤੱਕ ਪਹੁੰਚ ਜਾਏਗਾ | ਉਹ ਇਹ ਕਹਿੰਦਾ ਹੁੰਦਾ ਸੀ ਕਿ ਉਸ ਦਾ ਅਗਲਾ ਕਹਾਣੀ ਸੰਗ੍ਰਹਿ ਤਿਆਰ ਹੈ ਅਤੇ ਉਸ ਦੀ ਭੂਮਿਕਾ ਮੈਂ ਲਿਖਣੀ ਹੈ | ਫਿਰ ਉਸ ਨੇ ਇਹ ਵੀ ਪੁੱਛਣਾ ਕਿ ਉਹਦੇ ਨਾਵਲ 'ਚਿਹਰੇ' ਦਾ 2015 ਵਾਲਾ ਐਡੀਸ਼ਨ ਜੇਕਰ ਮੈਂ ਪੜ੍ਹ ਲਿਆ ਹੋਵੇ ਤਾਂ ਉਸ ਬਾਰੇ ਕੁਝ ਲਿਖਾਂ | ਹੋਰ ਵੀ ਬਹੁਤ ਕੁਝ ਸੀ ਜੋ ਉਹ ਛੇਤੀ-ਛੇਤੀ ਕਰਨਾ ਚਾਹੁੰਦਾ ਸੀ | ਸ਼ਾਇਦ ਉਸ ਦੀ ਤਮੰਨਾ ਸੀ ਕਿ ਬਤੌਰ ਪੰਜਾਬੀ ਸਾਹਿਤਕਾਰ ਉਸ ਦੀ ਪਹਿਚਾਣ ਬਣੀ ਰਹੇ | ਪਰ ਪਤਾ ਨਹੀਂ ਸੀ ਕਿ ਉਹ ਏਨੀ ਛੇਤੀ ਸਾਥੋਂ ਵਿਛੜ ਜਾਏਗਾ | ਪਹਿਲੀ ਮਾਰਚ ਨੂੰ ਉਸ ਦਾ ਅਕਾਲ ਚਲਾਣਾ ਕਰ ਜਾਣਾ ਪੰਜਾਬੀ ਪੱਤਰਕਾਰੀ ਅਤੇ ਸਾਹਿਤਕਾਰੀ ਲਈ ਬਹੁਤ ਵੱਡਾ ਘਾਟਾ ਹੈ |
ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਉਸ ਦਾ ਮੋਹ ਪ੍ਰਤੱਖ ਸੀ | ਉਹ ਦੱਸਦਾ ਹੁੰਦਾ ਸੀ ਕਿ ਜਲੰਧਰ ਵਿਚ ਜਦੋਂ ਉਹ ਅਦਬੀ ਖੇਤਰ ਵਿਚ ਆਪਣੀ ਜਗ੍ਹਾ ਤਲਾਸ਼ ਕਰ ਰਿਹਾ ਸੀ ਤਾਂ ਭਾਜੀ ਨੇ ਕਹਿਣਾ, 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ |' ਸੋ, ਉਹ ਨਵੇਂ ਜਹਾਨ ਦੀ ਭਾਲ ਵਿਚ ਨਵੀਂ ਦਿੱਲੀ ਪਹੁੰਚ ਗਿਆ ਸੀ | ਉਥੇ ਪਹੁੰਚ ਕੇ ਉਸ ਨੇ ਪਿਛੇ ਮੁੜ ਕੇ ਨਹੀਂ ਸੀ ਦੇਖਿਆ | ਕਈ ਮੁਸ਼ਕਿਲਾਂ ਦੇ ਬਾਵਜੂਦ ਉਸ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿਚ ਆਪਣੀ ਥਾਂ ਬਣਾਈ | ਵਕਤ ਆਉਣ 'ਤੇ ਉਸ ਨੇ ਆਪਣੇ ਸਨੇਹੀ ਡਾ: ਬਰਜਿੰਦਰ ਸਿੰਘ ਹਮਦਰਦ ਬਾਰੇ ਪੁਸਤਕ 'ਪੰਜਾਬੀਅਤ ਦਾ ਅਲੰਬਰਦਾਰ' ਸੰਪਾਦਿਤ ਕੀਤੀ | ਇਸ ਸੰਗ੍ਰਹਿ ਵਿਚ ਇਕ ਹੜ੍ਹ ਹੈ ਦੋਸਤਾਂ-ਮਿੱਤਰਾਂ ਦੇ ਲੇਖਾਂ ਦਾ¸ਡਾ: ਬਰਜਿੰਦਰ ਸਿੰਘ ਹਮਦਰਦ ਦੀ ਸ਼ਖ਼ਸੀਅਤ ਬਾਰੇ ਅਤੇ ਉਸ ਦੇ ਪੰਜਾਬੀਅਤ ਨੂੰ ਹਰ ਪੱਖ ਤੋਂ ਪ੍ਰਫੁਲਤ ਕਰਨ ਦੇ ਯੋਗਦਾਨ ਬਾਰੇ | ਇਸ ਪੁਸਤਕ ਦਾ ਪਹਿਲਾ ਐਡੀਸ਼ਨ 2009 ਵਿਚ ਛਪਿਆ ਅਤੇ ਦੂਸਰਾ ਐਡੀਸ਼ਨ 2010 ਵਿਚ ਪ੍ਰਕਾਸ਼ਿਤ ਹੋ ਗਿਆ | ਤੀਸਰਾ ਐਡੀਸ਼ਨ ਵੀ ਅਮਰਜੀਤ ਸਿੰਘ ਨੇ ਤਿਆਰ ਕੀਤਾ ਹੋਇਆ ਹੈ | ਇਸ ਤੋਂ ਇਲਾਵਾ ਡਾ: ਬਰਜਿੰਦਰ ਸਿੰਘ ਹਮਦਰਦ ਦੀਆਂ 'ਅਜੀਤ' ਵਿਚ ਪ੍ਰਕਾਸ਼ਿਤ ਹੋਈਆਂ ਚੋਣਵੀਆਂ ਸੰਪਾਦਕੀਆਂ ਵਾਲੀ ਪੁਸਤਕ ਮਾਰਚ, 2015 ਵਿਚ ਪ੍ਰਕਾਸ਼ਿਤ ਹੋ ਗਈ | ਇਸ ਦਾ ਵੀ ਪੰਜਾਬੀ ਪਾਠਕਾਂ ਨੇ ਭਰਵਾਂ ਸਵਾਗਤ ਕੀਤਾ | ਸੰਪਾਦਕ ਅਤੇ ਚੋਣਕਾਰ ਹੋਣ ਕਰਕੇ ਅਮਰਜੀਤ ਸਿੰਘ ਨੇ ਵੀ ਨਾਮਣਾ ਖੱਟਿਆ |
ਅਮਰਜੀਤ ਸਿੰਘ ਜਦੋਂ ਜਲੰਧਰ ਤੋਂ ਦਿੱਲੀ ਗਿਆ, 1964 ਵਿਚ, ਉਸ ਵਕਤ ਤੱਕ ਉਸ ਦੀਆਂ ਕੁਝ ਕਹਾਣੀਆਂ ਰਸਾਲਿਆਂ ਵਿਚ ਛਪ ਚੁੱਕੀਆਂ ਸਨ | ਦਿੱਲੀ ਪਹੁੰਚ ਕੇ ਉਹਦੇ ਸੰਘਰਸ਼ ਦੇ ਦਿਨ ਸ਼ੁਰੂ ਹੋ ਗਏ | ਸਾਹਿਤਕ ਹਲਕਿਆਂ ਵਿਚ ਜਾਣ-ਪਹਿਚਾਣ ਲਈ ਕੋਸ਼ਿਸ਼ ਹੋਈ ਅਤੇ ਹੌਲੀ-ਹੌਲੀ ਪੈਰ ਜੰਮਣੇ ਸ਼ੁਰੂ ਹੋ ਗਏ | ਕਾਫ਼ੀ ਹਾਊਸ ਵਿਚ ਕੁਝ ਲੇਖਕਾਂ ਨਾਲ ਮਿਲ ਬੈਠਣ ਦਾ ਅਵਸਰ ਪ੍ਰਾਪਤ ਹੋਇਆ | ਵਧੇਰੇ ਕਹਾਣੀਕਾਰਾਂ ਨਾਲ ਸੰਗਤ ਕੀਤੀ, ਕਿਉਂਕਿ ਅੰਦਰ ਦਾ ਕਹਾਣੀਕਾਰ ਗਤੀਸ਼ੀਲ ਹੋਣ ਲਈ ਤਤਪਰ ਸੀ | ਕੁਝ ਕਹਾਣੀਆਂ ਲਿਖੀਆਂ, ਰਸਾਲਿਆਂ ਵਿਚ ਛਪੀਆਂ, ਫਿਰ ਪੁਸਤਕ ਦੇ ਰੂਪ ਵਿਚ ਪ੍ਰਗਟ ਹੋਈਆਂ | ਕਹਾਣੀ ਸੰਗ੍ਰਹਿ 'ਕਾਫ਼ੀ ਹਾਊਸ ਦੇ ਬਾਹਰ ਖੜ੍ਹਾ ਆਦਮੀ' (1973) ਸਾਹਿਤਕ ਹਲਕਿਆਂ ਵਿਚ ਮਕਬੂਲ ਹੋਇਆ | ਕੁਝ ਵੱਖਰਾਪਣ ਸੀ, ਆਮ ਰਵਿਸ਼ ਤੋਂ ਹਟ ਕੇ ਗੱਲ ਕਹਿਣ ਦੀ ਜਾਚ ਸੀ | ਮਾਸਿਕ 'ਅਕਸ' (1975) ਵਜੂਦ ਵਿਚ ਆ ਗਿਆ | ਲੇਖਕਾਂ ਦਾ ਹਲਕਾ ਵਧਦਾ ਚਲਿਆ ਗਿਆ | ਰਚਨਾਵਾਂ ਪ੍ਰਾਪਤ ਹੋਣ ਲੱਗੀਆਂ, ਪਰਚੇ ਦਾ ਮਿਆਰ ਨਹੀਂ ਡਿੱਗਣ ਦਿੱਤਾ | ਇਹ ਕਿਸੇ ਸ਼ੌਕ ਦੀ ਪੂਰਤੀ ਨਹੀਂ ਸੀ, ਬਲਕਿ ਪੰਜਾਬੀ ਕਹਾਣੀ ਨੂੰ ਨਵੀਂ ਦਿਸ਼ਾ ਨਿਰਧਾਰਤ ਕਰਨ ਦੀ ਤਮੰਨਾ ਸੀ | ਮਾਸਿਕ 'ਅਕਸ' ਦੇ ਨਾਲ-ਨਾਲ ਮਾਸਿਕ 'ਸੁਆਣੀ' (1994) ਨੇ ਵੀ ਪਾਠਕ ਵਰਗ ਦਾ ਧਿਆਨ ਖਿੱਚਿਆ |
ਕੁਝ ਸਮਾਂ ਪਹਿਲਾਂ ਅਮਰਜੀਤ ਸਿੰਘ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ | 'ਅਕਸ' ਵਿਚ ਇਸ ਸੰਪਾਦਕ ਦਾ ਇਕ ਬੜਾ ਪਾਪੂਲਰ ਕਾਲਮ ਹੁੰਦਾ ਸੀ '...ਤੇ ਹੋਰ ਫਿਰ |' ਇਸ ਵਿਚ ਹਾਲਾਤ-ਏ-ਹਾਜ਼ਰਾ 'ਤੇ ਤਬਸਰਾ ਹੁੰਦਾ ਸੀ, ਬੜੇ ਹੀ ਦਿਲਚਸਪ ਅੰਦਾਜ਼ ਵਿਚ | ਇਨ੍ਹਾਂ ਚੋਣਵੇਂ ਨਿਬੰਧਾਂ ਨੂੰ ਅਤੇ ਕੁਝ ਕੁ ਸੰਪਾਦਕੀਆਂ ਨੂੰ 'ਸਰੋਕਾਰ' ਦੇ ਨਾਂਅ ਹੇਠ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ | ਇਹ ਨਿਬੰਧ ਸਮਾਜਿਕ ਸਮੱਸਿਆਵਾਂ ਤੋਂ ਇਲਾਵਾ, ਸਾਹਿਤਕਾਰੀ ਅਤੇ ਪੱਤਰਕਾਰੀ ਆਦਿ ਅਨੇਕਾਂ ਵਿਸ਼ਿਆਂ ਨੂੰ ਆਪਣੇ ਕਲੇਵਰ ਵਿਚ ਲੈਂਦੇ ਹਨ | ਇਨ੍ਹਾਂ ਨਿਬੰਧਾਂ ਦੇ ਅੰਤ ਵਿਚ ਦਿੱਤੇ ਹਲਕੇ-ਫੁਲਕੇ ਹਾਸ-ਵਿਅੰਗ ਨੂੰ ਦਰਸਾਉਂਦੇ ਟੋਟਕੇ ਵੀ ਹਨ | ਵਕਤ ਦੀ ਰਫ਼ਤਾਰ ਨਾਲ, ਅਮਰਜੀਤ ਸਿੰਘ ਦਾ ਸੰਪਰਕ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਨਾਲ ਸਬੰਧਤ ਕੁਝ ਸ਼ਖ਼ਸੀਅਤਾਂ ਨਾਲ ਪੈਦਾ ਹੋਇਆ | ਇਨ੍ਹਾਂ ਹਸਤੀਆਂ ਦੇ ਰੇਖਾ-ਚਿੱਤਰ ਵੀ ਇਸ ਪਰਚੇ ਦੇ ਪਾਠਕਾਂ ਤੱਕ ਪਹੁੰਚਦੇ ਰਹੇ | ਇਹ ਰੇਖਾ ਚਿੱਤਰ 'ਪੋਰਟਰੇਟ ਗੈਲਰੀ' ਦੀ ਸੂਰਤ ਵਿਚ ਇਸ ਦੀ ਪੁਸਤਕ 'ਮਹਿਫ਼ਿਲ ਮਿੱਤਰਾਂ ਦੀ' ਵਿਚ ਸ਼ਾਮਿਲ ਹਨ |
ਅਮਰਜੀਤ ਸਿੰਘ ਨੂੰ ਆਪਣੇ ਜੀਵਨ ਦੇ ਵਿਸ਼ਾਲ ਅਨੁਭਵਾਂ ਦੀ ਪ੍ਰਾਪਤੀ ਦਾ ਅਹਿਸਾਸ ਸੀ | ਪਹਿਲਾਂ ਤਾਂ ਜਲੰਧਰ ਵਿਚ ਹੌਲੀ-ਹੌਲੀ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ, ਫਿਰ ਨਵੀਂ ਦਿੱਲੀ ਦੀ ਤੇਜ਼-ਰਫ਼ਤਾਰ ਜ਼ਿੰਦਗੀ ਦੇ ਮੇਚ ਦਾ ਹੋਣਾ, ਮਾਲੀ ਸੰਕਟਾਂ ਦਾ ਖਿੜੇ ਮੱਥੇ ਸਾਹਮਣਾ ਕਰਨਾ, ਪੱਤਰਕਾਰੀ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਲਈ ਪੂਰੀ ਦਿ੍ੜ੍ਹਤਾ ਦਿਖਾਉਣਾ ਅਤੇ ਸਾਹਿਤਕ ਹਲਕਿਆਂ ਵਿਚ ਆਪਣੀ ਆਮਦ ਨੂੰ ਸਵੀਕਾਰ ਕਰਵਾਉਣਾ | ਵਕਤ ਆਉਣ 'ਤੇ ਇਹਨੂੰ ਵਿਦੇਸ਼ਾਂ ਵਿਚ ਜਾਣ ਦਾ ਮੌਕਾ ਵੀ ਮਿਲਿਆ | ਪਹਿਲਾਂ ਇੰਗਲੈਂਡ, ਫਿਰ ਅਮਰੀਕਾ ਅਤੇ ਕੈਨੇਡਾ | ਬਾਅਦ ਵਿਚ ਜਰਮਨੀ, ਨਾਰਵੇ, ਸਵੀਡਨ ਅਤੇ ਡੈਨਮਾਰਕ ਦਾ ਚੱਕਰ ਵੀ ਲੱਗਾ | ਕੈਨੇਡਾ ਵਿਚ ਤਾਰਾ ਸਿੰਘ ਅਤੇ ਰਵਿੰਦਰ ਰਵੀ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ | ਮਾਣ-ਸਨਮਾਨ ਵੀ ਪ੍ਰਾਪਤ ਹੁੰਦੇ ਰਹੇ ਹਨ | ਪਹਿਲਾਂ ਸਮੀਖਿਆ ਬੋਰਡ ਨੇ ਉਤਸ਼ਾਹਿਤ ਕੀਤਾ, ਫਿਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਪੱਤਰਕਾਰ ਦੇ ਪੁਰਸਕਾਰ ਦੀ ਪ੍ਰਾਪਤੀ ਹੋਈ | ਪੰਜਾਬੀ ਅਕਾਦਮੀ, ਦਿੱਲੀ ਨੇ ਵੀ ਐਵਾਰਡ ਪ੍ਰਦਾਨ ਕੀਤੇ ਅਤੇ 'ਇਆਪਾ ਐਵਾਰਡ' ਵੀ ਮਿਲਿਆ |
ਮੋਬਾਈਲ : 98725-55091.

ਚਲੋ ਚੱਲੀਏ ਪਹਾੜੀ ਇਲਾਕੇ ਬਰੋਟ, ਲੁਹਾਰਡੀ ਵਿਚ

ਸਾਰਾ ਹਿਮਾਚਲ ਰਿਸ਼ੀਕ ਹੈ | ਇਥੇ ਕਾਇਨਾਤ ਸੁੰਦਰਤਾ ਦੇ ਦਸਤਖ਼ਤ ਕਰਦੀ ਹੈ | ਇਥੇ ਜੰਨਤ ਆਪਣੀ ਆਭਾ ਰੂਪੀ ਚਿਲਮਨ ਉਠਾਉਂਦੀ ਹੈ | ਸਾਰਾ ਹਿਮਾਚਲ ਪ੍ਰਦੇਸ਼ ਭਾਰਤ ਦੇ ਤਾਜ ਦੀ ਖੁਸ਼ਬੂ ਹੈ | ਫਬੀਲੇ, ਅਦਭੁਤ ਮੌਸਮਾਂ ਦੇ ਅਭਿਵਾਦਨ ਅਭਿਨੰਦਨ ਨਾਲ ਓਤਪ੍ਰੋਤ |
ਦੋ-ਤਿੰਨ ਮਹੀਨੇ ਦੇ ਬਾਅਦ ਅਸੀਂ ਕੁਝ ਦੋਸਤ ਪਹਾੜੀ ਇਲਾਕਿਆਂ ਵੱਲ ਜਾਣ ਦਾ ਪ੍ਰੋਗਰਾਮ ਬਣਾ ਹੀ ਲੈਂਦੇ ਹਾਂ | ਇਸ ਵਾਰ ਅਸੀਂ ਖੂਬਸੂਰਤ ਸਥਾਨ ਬਰੋਟ ਅਤੇ ਲੁਹਾਰਡੀ ਦੀ ਚੋਣ ਕੀਤੀ | ਫੋਨ ਉੱਪਰ ਜਾਣ ਲਈ ਸਮਾਂ, ਸਥਾਨ ਨਿਸਚਿਤ ਕਰ ਲਿਆ ਗਿਆ | ਪਠਾਨਕੋਟ (ਪੰਜਾਬ) ਤੋਂ ਅਸੀਂ ਤਿੰਨੇ ਦੋਸਤ ਮੈਂ, ਰਾਜ ਵਕੀਲ ਅਤੇ ਮਨਮੋਹਨ ਸਿੰਘ ਧਕਾਲਵੀ (ਕਿਸਾਨ ਤੇ ਲੇਖਕ) ਕਾਰ ਲੈ ਕੇ ਨਿਕਲ ਪਏ, ਪਾਲਮਪੁਰ ਵੱਲ | ਅਸੀਂ ਪਠਾਨਕੋਟ ਤੋਂ ਦੁਪਹਿਰ ਦੋ ਵਜੇ ਚੱਲੇ | ਸ਼ਾਮ ਨੂੰ ਪਹੁੰਚੇ ਪਾਲਮਪੁਰ | ਪਠਾਨਕੋਟ ਤੋਂ ਪਾਲਮਪੁਰ ਲਗਪਗ ਤਿੰਨ-ਚਾਰ ਘੰਟੇ ਦਾ ਰਸਤਾ ਹੈ |
ਕਈ ਛੋਟੇ-ਵੱਡੇ ਪੜਾਅ ਪਾਰ ਕਰਦੇ ਹੋਏ ਥੱਕੇ-ਹਾਰੇ ਅਸੀਂ ਬਰੋਟ ਪਹੁੰਚੇ | ਹਿਮਾਚਲ ਪ੍ਰਦੇਸ਼ ਦਾ ਇਕ ਵਿਸ਼ੇਸ਼ ਅਦਭੁਤ ਆਕਰਸ਼ਿਕ ਨਜ਼ਾਰਿਆਂ ਵਾਲਾ ਸਥਾਨ ਹੈ 'ਬਰੋਟ |' ਅਸੀਂ ਗੱਡੀ ਹੋਟਲ ਦੇ ਇਕ ਪਾਸੇ ਖੜ੍ਹੀ ਕਰਕੇ ਘੰੁਮਣ-ਫਿਰਨ ਲੱਗੇ | ਕੁਝ ਖਾਧਾ-ਪੀਤਾ | ਥਕਾਵਟ ਅਜੇ ਵੀ ਸਰੀਰ ਵਿਚ ਚੋਬਾਂ ਪੈਦਾ ਕਰ ਰਹੀ ਸੀ | ਪਰ ਸੁੰਦਰ ਦਿ੍ਸ਼ ਵੇਖ ਕੇ ਥਕਾਵਟ ਛੂ-ਮੰਤਰ ਹੋ ਗਈ | ਵਾਹ-ਵਾਹ! ਸੁੰਦਰ ਪ੍ਰਾਚੀਨ ਅਤੇ ਆਧੁਨਿਕਤਾ ਸ਼ੈਲੀ ਯੁਕਤ ਮਨਮੋਹਨੇ ਹੋਟਲ | ਬਰੋਟ ਨਗਰ ਖੂਬਸੂਰਤੀ ਦੀ ਜੀਵੰਤ ਮਿਸਾਲ | ਅਸਮਾਨ ਦੀ ਗੋਦ ਵਿਚ ਨਜ਼ਾਰੇ ਬਿਖੇਰਦਾ ਦਿਲਕਸ਼ ਬਰੋਟ | ਉੱਚੇ-ਉੱਚੇ ਪਹਾੜਾਂ ਉੱਪਰ ਵੱਸਿਆ ਸੁੰਦਰ ਨਗਰ | ਚਾਰੇ ਪਾਸੇ ਫਿਰ ਉੱਚੇ ਪਹਾੜਾਂ ਦੀਆਂ ਚੋਟੀਆਂ ਦੇ ਨਜ਼ਾਰੇ | ਇਹ ਇੰਝ ਪ੍ਰਤੀਤ ਹੁੰਦਾ ਹੈ ਜਿੱਦਾਂ ਅਸਮਾਨ ਦੀ ਗੋਦ ਵਿਚ ਬੱਚਾ ਖੇਡ ਰਿਹਾ ਹੋਵੇ |
ਬਰੋਟ ਓਹਲ ਦਰਿਆ ਦੇ ਕਿਨਾਰੇ ਵੱਸਿਆ ਹੋਇਆ ਹੈ | ਦਰਿਆ ਦੇ ਨਾਲ-ਨਾਲ ਹੋਟਲ ਵੀ ਬਣੇ ਹੋਏ ਹਨ | ਦਰਿਆ ਆਪਣੇ ਨਾਲੋਂ ਅਲੱਗ ਹੋ ਕੇ ਝੀਲ ਦਾ ਸਵਰੂਪ ਲੈਂਦਾ ਹੈ | ਹਰੀਆਂ-ਭਰੀਆਂ ਪਹਾੜੀਆਂ ਕੀਮਤੀ ਅਲੰਕਾਰਾਂ ਦੇ ਗੀਤ ਗਾਉਂਦੀਆਂ ਪ੍ਰਤੀਤ ਹੁੰਦੀਆਂ ਹਨ | ਦਰਿਆ ਦੀ ਦਲਦਲ ਵਿਚ ਲਹਿਰਾਂ ਦੇ ਝੁਰਮਟ ਜਿਵੇਂ ਕਿਸੇ ਗੋਰੀ ਦੀਆਂ ਝਾਂਜਰਾਂ ਛਣਕਦੀਆਂ ਹੋਣ | ਪਹਾੜਾਂ ਉੱਪਰ ਦੂਰ ਛੋਟੇ-ਛੋਟੇ ਘਰ ਇਵੇਂ ਪ੍ਰਤੀਤ ਹੁੰਦੇ ਹਨ, ਜਿਵੇਂ ਕਿਸੇ ਢਲਾਣੀ ਦੀਵਾਰ ਉੱਪਰ ਖਿਡੌਣੇ ਲਟਕਦੇ ਹੋਣ | ਦੂਰ ਪਹਾੜੀ ਦੀ ਚੋਟੀ ਉੱਪਰ ਚੜ੍ਹ ਕੇ ਸਵੇਰ ਦਾ ਸੂਰਜ ਵੇਖਣ ਦਾ ਅਦਭੁਤ ਆਨੰਦ ਮਿਲਦਾ ਹੈ | ਏਦਾਂ ਜਿਵੇਂ ਸਵਰਗ 'ਚੋਂ ਕੋਈ ਰੋਸ਼ਨੀ ਨੰਗੇ ਪੈਰੀਂ ਉਤਰ ਰਹੀ ਹੋਵੇ | ਸ਼ਾਮ ਨੂੰ ਠੰਢੀਆਂ ਹਵਾਵਾਂ ਵਿਚ ਜਦ ਅਸਮਾਨ ਸਾਫ਼ ਹੋ ਜਾਂਦਾ ਹੈ ਤਾਂ ਚਾਰੇ ਪਾਸੇ ਹੀ ਚੰਨ-ਤਾਰਿਆਂ ਦੀ ਬਾਰਾਤ ਵਿਚ ਸ਼ਾਮਿਲ ਹੋਣਾ ਕਿੰਨਾ ਚੰਗਾ ਲਗਦਾ ਹੈ | ਬੱਦਲ ਹੇਠਾਂ ਅਤੇ ਅਸੀਂ ਉੱਪਰ ਜਿਵੇਂ ਅਸਮਾਨ ਵਿਚ ਉੱਡ ਰਹੇ ਹੋਈਏ | ਸੋਹਣੇ-ਸੋਹਣੇ ਮਨਮੋਹਣੇ ਦਿ੍ਸ਼ ਮਨ-ਮਸਤਕ ਵਿਚ ਸਦਾ-ਸਦਾ ਲਈ ਕੈਦ ਹੋ ਜਾਂਦੇ ਹਨ | ਜੋ ਸਕੂਨ ਦਾ ਪਾਠ ਪੜ੍ਹਾਉਂਦੇ ਹਨ |
ਬਰੋਟ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਬਰੋਟ ਮੰਡੀ ਜ਼ਿਲ੍ਹਾ ਦੀ ਚੁਹਾਰ ਘਾਟੀ ਵਿਚ ਓਹਲ ਨਦੀ ਦੇ ਕਿਨਾਰੇ ਵੱਸਿਆ ਹੋਇਆ ਇਕ ਰਮਣੀਕ ਸਥਾਨ ਹੈ | ਕਿਸੇ ਸਮੇਂ ਇਹ ਸਥਾਨ 'ਬਰਾ' ਦਾ ਪੌਦਿਆਂ ਨਾਲ ਭਰਿਆ ਹੁੰਦਾ ਸੀ ਜਿਸ ਨਾਲ ਇਥੋਂ ਦਾ ਨਾਂਅ 'ਬਰੋਗ' ਪੈ ਗਿਆ | ਬਰੋਟ ਦਾ ਨਾਂਅ ਜਲ-ਬਿਜਲੀ ਉਤਪਾਦਨ ਦੇ ਇਤਿਹਾਸ ਵਿਚ ਬਹੁਤ ਪ੍ਰਸਿੱਧ ਹੈ | ਸੰਨ 1925 ਵਿਚ ਬਿ੍ਟਿਸ਼ ਸਰਕਾਰ ਵੱਲੋਂ ਅੰਗਰੇਜ਼ੀ ਸੈਨਾ ਇੰਜੀਨੀਅਰ ਕਰਨਲ ਬੰਟੀ ਅਤੇ ਮੰਡੀ ਦੇ ਰਾਜਾ ਜੋਗੇਂਦਰ ਸੇਨ ਦੇ ਵਿਚ ਇਕ ਸਮਝੌਤਾ ਹੋਇਆ, ਜਿਸ ਨਾਲ ਜੋਗੇਂਦਰ ਨਗਰ ਦੀ ਸ਼ਾਸਨ ਅਤੇ ਬੱਸੀ ਜਲ-ਬਿਜਲੀ ਪਰਿਯੋਜਨਾ ਸਾਕਾਰ ਹੋਈ | ਇਸ ਪਰਿਯੋਜਨਾ ਦਾ ਜਲ ਭੰਡਾਰਨ ਕੇਂਦਰ ਬਰੋਟ ਵਿਚ ਬਣਿਆ | ਇਥੋਂ ਹੀ ਦੋ ਵੱਡੇ ਪਾਈਪਾਂ ਦੇ ਜ਼ਰੀਏ ਪਾਣੀ ਲੈ ਜਾ ਕੇ ਸ਼ਾਨਨਾ ਅਤੇ ਬੱਸੀ ਵਿਚ ਬਿਜਲੀ ਉਤਪਾਦਨ ਕੀਤਾ ਗਿਆ ਹੈ | ਬਰੋਟ ਵਿਚ ਕੁਝ ਮੰਦਿਰ ਵੀ ਹਨ | ਸਰਕਾਰੀ ਅਤੇ ਗ਼ੈਰ-ਸਰਕਾਰੀ ਹੋਟਲ, ਗੈਸਟ ਹਾਊਸ ਵੀ ਹਨ |
ਬਰੋਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਬਹੁਤ ਵਿਸ਼ਾਲ ਮੱਛੀ ਵਿਭਾਗ ਟਰਾਊਨ (ਟਾਊਟ) ਮੱਛਲੀ ਕੇਂਦਰ ਵੀ ਹੈ | ਇਥੇ ਟਰਾਊਟ ਸਫੇਦ ਮੱਛੀ ਦਾ ਪੂੰਗ ਵੀ ਤਿਆਰ ਕੀਤਾ ਜਾਂਦਾ ਹੈ | ਇਹ ਸਥਾਨ ਨਵੰਬਰ ਅਤੇ ਫਰਵਰੀ ਤੱਕ ਬੰਦ ਰਹਿੰਦਾ ਹੈ | ਇਸ ਨੂੰ ਮੱਛਲੀ ਪਾਲਣ ਵਿਭਾਗ ਹਿਮਾਚਲ ਪ੍ਰਦੇਸ਼ ਨੇ ਸੰਭਾਲ ਰੱਖਿਆ ਹੈ | ਟਰਾਊਟ ਮੱਛਲੀ ਫਾਰਮ ਵਿਖੇ ਮੱਛੀ 350 ਰੁਪਏ ਕਿਲੋ ਦੇ ਹਿਸਾਬ ਨਾਲ ਵਪਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਦਕਿ ਬਾਜ਼ਾਰ ਵਿਚ 700 ਤੋਂ ਲੈ ਕੇ 900 ਰੁਪਏ ਕਿਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ | ਇਹ ਮੱਛੀ ਬਿਲਕੁਲ ਸਫੇਦ ਰੰਗ ਵਿਚ ਹੁੰਦੀ ਹੈ ਅਤੇ ਵੇਖਣ ਨੂੰ ਸੁੰਦਰ ਲਗਦੀ ਹੈ | ਇਹ ਮੱਛੀ ਓਹਲ ਦਰਿਆ ਅਤੇ ਅਤਿ ਠੰਢੇ ਪਾਣੀ ਵਿਚ ਹੁੰਦੀ ਹੈ | ਬਰਫ ਨਾਲੋਂ ਵੀ ਠੰਢੇ ਤਾਪਮਾਨ ਵਿਚ ਹੁੰਦੀ ਹੈ | ਹਿਮਾਚਲ ਸਰਕਾਰ ਨੇ ਵਿਸ਼ੇਸ਼ ਕਿਸਮ ਦੇ ਉਪਕਰਨ ਲਗਾ ਕੇ ਇਸ ਮੱਛੀ ਦਾ ਲਾਲਣ-ਪਾਲਣ ਦਾ ਪ੍ਰਬੰਧ ਕੀਤਾ ਹੋਇਆ ਹੈ | ਇਹ ਮੱਛੀ ਸਾਧਾਰਨ ਮੱਛੀ ਨਾਲੋਂ ਅਲੱਗ ਕਿਸਮ ਦੀ ਹੁੰਦੀ ਹੈ | ਇਸ ਦੀ ਮੰਗ ਬਹੁਤ ਜ਼ਿਆਦਾ ਹੈ | ਬਰੋਟ ਦੇ ਆਸ-ਪਾਸ ਕਈ ਸਥਾਨ ਦੇਖਣ ਨੂੰ ਮਿਲਦੇ ਹਨ, ਜਿਸ ਤਰ੍ਹਾਂ ਨਾਰਗੂ ਵਾਈਲਡ ਲਾਈਫ਼ ਸੈਂਟਰ, ਹਰਬਲ ਮਿਊਜ਼ੀਅਮ, ਹਰਬਲ ਗਾਰਡਨ ਆਦਿ ਸ਼ਾਮਿਲ ਹਨ |
(ਬਾਕੀ ਅਗਲੇ ਐਤਵਾਰ)
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ) |
ਮੋਬਾਈਲ : 98156-25409.

ਅੰਡੇਮਾਨ ਨਿਕੋਬਾਰ ਟਾਪੂਆਂ ਦਾ ਪੰਜਾਬ ਨਾਲ ਸਬੰਧ

ਅੰਡੇਮਾਨ, ਨਿਕੋਬਾਰ ਜਾਂ ਕਾਲੇ ਪਾਣੀ ਦਾ ਜ਼ਿਕਰ ਹਰ ਪੰਜਾਬੀ ਬਚਪਨ ਤੋਂ ਹੀ ਸੁਣਦਾ ਰਿਹਾ ਹੈ ਇਥੋਂ ਤੱਕ ਕਿ ਬਹੁਤ ਸਾਰੇ ਲੋਕ ਗੀਤਾਂ ਅਤੇ ਕਹਾਣੀਆਂ ਵਿਚ ਕਾਲੇ ਪਾਣੀ ਦਾ ਜ਼ਿਕਰ ਆਉਂਦਾ ਰਿਹਾ ਹੈ | ਇਨ੍ਹਾਂ ਟਾਪੂਆਂ ਦਾ ਦੇਸ਼ ਦੀ ਸੁਤੰਤਰਤਾ ਦੀ ਲੜਾਈ ਨਾਲ ਵੀ ਸਬੰਧ ਰਿਹਾ ਹੈ ਕਿਉਂ ਜੋ ਵੱਡੀ ਗਿਣਤੀ ਵਿਚ ਸੁਤੰਤਰਤਾ ਸੈਨਾਨੀਆਂ ਨੂੰ ਸਜ਼ਾ ਕੱਟਣ ਲਈ ਇਥੇ ਬਣੀ ਸੈਲੂਲਰ ਜੇਲ੍ਹ ਵਿਚ ਭੇਜਿਆ ਜਾਂਦਾ ਰਿਹਾ ਹੈ | ਉਸ ਤਰ੍ਹਾਂ ਵੀ ਬੜੇ ਗੰਭੀਰ ਅਪਰਾਧੀਆਂ ਨੂੰ ਇਸ ਜੇਲ੍ਹ ਵਿਚ ਅਤੇ ਕਾਲੇ ਪਾਣੀ ਦੇ ਟਾਪੂਆਂ 'ਤੇ ਸਜ਼ਾ ਲਈ ਭੇਜਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਵਿਚੋਂ ਕੁਝ ਉਥੇ ਹੀ ਵਸ ਗਏ | ਉਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ ਬੰਗਾਲੀਆਂ ਦੀ ਸੀ ਅਤੇ ਦੂਸਰੇ ਨੰਬਰ 'ਤੇ ਪੰਜਾਬੀ ਕੈਦੀ ਸਨ | ਬਹੁਤ ਲੋਕਾਂ ਵਿਚ ਇਹ ਪ੍ਰਭਾਵ ਵੀ ਹੈ ਕਿ ਇਥੋਂ ਦੀ ਜ਼ਿਆਦਾ ਆਬਾਦੀ ਪੰਜਾਬੀ ਹੈ ਜਦੋਂਕਿ ਇਥੋਂ ਦੀ 5 ਲੱਖ ਦੀ ਅਬਾਦੀ ਵਿਚ ਪੰਜਾਬੀ ਸਿਰਫ 1 ਫੀਸਦੀ ਜਾਂ 5000 ਦੇ ਕਰੀਬ ਹੀ ਹਨ ਪਰ ਫਿਰ ਵੀ ਇਨ੍ਹਾਂ ਟਾਪੂਆਂ ਦਾ ਪੰਜਾਬ ਨਾਲ ਗੂੜਾ ਸਬੰਧ ਰਿਹਾ ਹੈ ਭਾਵੇਂ ਕਿ ਇਹ ਟਾਪੂ ਭਾਰਤ ਦੇ ਧੁਰ ਪੂਰਬ ਵਿਚ ਜਦੋਂ ਕਿ ਪੰਜਾਬ ਧੁਰ ਪੱਛਮ ਵਿਚ ਸਥਿਤ ਹੈ |
ਅੰਡੇਮਾਨ, ਨਿਕੋਬਾਰ ਟਾਪੂਆਂ ਦੇ ਨਾਂਅ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਜਿਵੇੇਂ ਇਹ ਦੋ ਟਾਪੂ ਇਕ-ਦੂਸਰੇ ਦੇ ਬਿਲਕੁਲ ਨਜ਼ਦੀਕ ਹੋਣ ਪਰ ਇਸ ਤਰ੍ਹਾਂ ਨਹੀਂ ਹੈ ਅਸਲ ਵਿਚ ਇਹ ਕੋਈ 572 ਦੇ ਕਰੀਬ ਛੋਟੇ ਵੱਡੇ ਟਾਪੂ ਹਨ, ਕਈ ਤਾਂ ਸਿਰਫ ਚੱਟਾਨਾਂ ਹੀ ਹਨ ਅਤੇ ਇਨ੍ਹਾਂ ਸਾਰੇ ਟਾਪੂਆਂ ਦਾ ਕੁੱਲ ਖੇਤਰਫਲ 8249 ਵਰਗ ਕਿਲੋਮੀਟਰ ਹੈ ਪਰ ਇਨ੍ਹਾਂ ਦੀ ਲੰਬਾਈ ਉੱਤਰ ਤੋਂ ਦੱਖਣ ਵੱਲ 780 ਕਿਲੋਮੀਟਰ ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਇਹ ਟਾਪੂ ਏਨੀ ਦੂਰੀ ਵਿਚ ਫੈਲੇ ਹੋਏ ਹਨ ਜਿਵੇਂ ਇਕ ਟਾਪੂ ਅੰਮਿ੍ਤਸਰ ਦੇ ਕਰੀਬ ਹੋਵੇ ਅਤੇ ਸਭ ਤੋਂ ਦੂਰ ਦਾ ਟਾਪੂ ਲਖਨਊ ਤੋਂ ਵੀ ਅੱਗੇ ਹੋਏ ਏਨੇ ਵਿਸ਼ਾਲ ਘੇਰੇ ਵਿਚ ਫੈਲੇ ਹੋਏ ਇਨ੍ਹਾਂ ਟਾਪੂਆਂ ਵਿਚੋਂ ਸਿਰਫ 36 ਹੀ ਉਹ ਟਾਪੂ ਹਨ, ਜਿਥੇ ਵਸੋਂ ਰਹਿੰਦੀ ਹੈ | ਇਹ ਸਾਰੇ ਟਾਪੂ ਛੋਟੇ ਸਮੁੰਦਰੀ ਜਹਾਜ਼ਾਂ ਨਾਲ ਜੁੜੇ ਹੋਏ ਹਨ | ਕਈ ਟਾਪੂਆਂ 'ਤੇ ਸਿਰਫ ਜੰਗਲ ਹੀ ਹਨ ਪਰ ਜ਼ਿਆਦਾਤਰ 'ਤੇ ਜੰਗਲਾਂ ਦੇ ਨਾਲ-ਨਾਲ ਖੇਤੀ ਵੀ ਕੀਤੀ ਜਾਂਦੀ ਹੈ | ਇਹ ਟਾਪੂ ਦੋ ਗਰੁੱਪਾਂ ਵਿਚ ਵੰਡੇ ਹੋਏ ਹਨ ਇਕ ਹਨ ਅੰਡੇਮਾਨ ਗਰੁੱਪ ਦੇ ਟਾਪੂ ਅਤੇ ਦੂਸਰੇ ਨਿਕੋਬਾਰ ਗਰੁੱਪ ਦੇ ਟਾਪੂ | ਅੰਡੇਮਾਨ ਗਰੁੱਪ ਦੇ ਟਾਪੂ ਦੀ ਲੰਬਾਈ 467 ਕਿਲੋਮੀਟਰ ਅਤੇ ਚੌੜਾਈ ਵੱਧ ਤੋਂ ਵੱਧ 58 ਕਿਲੋਮੀਟਰ ਹੈ ਜਦੋਂ ਕਿ ਕਈ ਜਗ੍ਹਾ ਤੋਂ ਇਹ ਬਹੁਤ ਹੀ ਘੱਟ ਚੌੜਾਈ ਵਾਲੇ ਰਹਿ ਜਾਂਦੇ ਹਨ | ਇਥੋਂ ਦੀ ਜਲਵਾਯੂ ਗਰਮੀ ਭਰੀ ਹੈ ਸਾਲ ਵਿਚ ਔਸਤ 3180 ਮਿਲੀਮੀਟਰ ਬਾਰਿਸ਼ ਹੁੰਦੀ ਹੈ ਬਾਰਸ਼ ਦੀ ਰੁੱਤ 6 ਮਹੀਨੇ ਦੀ ਹੈ ਜੋ ਮਈ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਚਲਦੀ ਹੈ | ਬਾਰਿਸ਼ ਇਕਦਮ ਹੀ ਆ ਜਾਂਦੀ ਹੈ ਅਤੇ ਕਈ ਵਾਰ ਘੰਟਾ ਦੋ ਘੰਟੇ ਅਤੇ ਕਈ ਵਾਰ ਕੁਝ ਮਿੰਟ ਵਿਚ ਹੀ ਰੁਕ ਜਾਂਦੀ ਹੈ |
ਨਿਕੋਬਾਰ ਦੇ ਟਾਪੂ, ਅੰਡੇਮਾਨ ਗਰੁੱਪ ਦੇ ਟਾਪੂਆਂ ਤੋਂ ਕੋਈ 500 ਕਿਲੋਮੀਟਰ ਦੀ ਦੂਰੀ 'ਤੇ ਹਨ ਅਤੇ ਇਥੇ ਕੋਈ 22 ਟਾਪੂ ਹਨ ਪਰ ਇਨ੍ਹਾਂ ਵਿਚੋਂ ਵਸੋਂ ਸਿਰਫ 6 ਟਾਪੂਆਂ 'ਤੇ ਹੀ ਹੈ ਇਸ ਦੇ ਸਭ ਤੋਂ ਵੱਡੇ ਟਾਪੂ ਦਾ ਨਾਂਅ ਗਰੇਟ ਨਿਕੋਬਾਰ ਹੈ ਜਿਸ ਦਾ ਕੁੱਲ ਖੇਤਰਫਰ 1045 ਵਰਗ ਕਿਲੋਮੀਟਰ ਹੈ ਅਤੇ ਇਸ ਟਾਪੂ 'ਤੇ ਹੀ ਸਭ ਤੋਂ ਪਹਿਲਾਂ ਖੇਤੀ ਵਿਕਸਤ ਕੀਤੀ ਗਈ ਸੀ ਜਿਥੇ ਅੱਜਕਲ੍ਹ ਖੂਰਸੂਰਤ ਇਮਾਰਤਾਂ, ਪਾਰਕਾਂ, ਸਕੂਲ, ਬੈਂਕ ਅਤੇ ਹੋਰ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ | ਇਸ ਹੀ ਟਾਪੂ 'ਤੇ 1960 ਵਿਚ ਪੰਜਾਬ ਦੇ ਸਾਬਕਾ ਫੌਜੀਆਂ ਦੇ 100 ਪਰਿਵਾਰਾਂ ਨੂੰ 15-15 ਏਕੜ ਜ਼ਮੀਨ ਦੇ ਕੇ ਖੇਤੀ ਨੂੰ ਵਿਕਸਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ | ਇਸ ਲਈ ਉਨ੍ਹਾਂ ਪੰਜਾਬੀ ਪਰਿਵਾਰਾਂ ਨੇ ਉਥੇ ਖੇਤੀ ਨੂੰ ਬਹੁਤ ਵਿਕਸਤ ਕੀਤਾ ਹੈ ਉਨ੍ਹਾਂ ਵੱਲੋਂ ਧਾਨ, ਮੱਕੀ, ਸਬਜ਼ੀਆਂ ਤੋਂ ਇਲਾਵਾ ਬਹੁਤ ਖੂਬਸੂਰਤ ਬਾਗ ਵਿਕਸਤ ਕੀਤੇ ਗਏ ਹਨ | ਇਸ ਗਰੁੱਪ ਦੇ ਸਭ ਤੋਂ ਛੋਟੇ ਟਾਪੂ ਦਾ ਨਾ ਪਿਲੋਮਿਲੋ ਹੈ ਜਿਸ ਦਾ ਖੇਤਰਫਲ ਸਿਰਫ 1.3 ਵਰਗ ਕਿਲੋਮੀਟਰ ਹੈ ਅਤੇ ਇਥੇ ਬਹੁਤ ਸੰਘਣਾ ਜੰਗਲ ਹੈ ਅਤੇ ਨਾਲ ਹੀ ਕੁਝ ਖੇਤਰ 'ਤੇ ਖੇਤੀ ਕੀਤੀ ਜਾਂਦੀ ਹੈ | ਛੋਟਾ ਟਾਪੂ ਹੋਣ ਕਰਕੇ ਥੋੜ੍ਹੀ ਜਹੀ ਵਸੋਂ ਰਹਿੰਦੀ ਹੈ ਪਰ ਨਾ ਕੋਈ ਵਪਾਰਿਕ ਅਦਾਰਾ ਹੈ ਅਤੇ ਨਾ ਹੀ ਕੋਈ ਸੰਸਥਾ | ਬਾਕੀ ਟਾਪੂਆਂ ਦੀ ਤਰ੍ਹਾਂ ਇਸ ਨੂੰ ਵੀ ਛੋਟੇ ਸਮੁੰਦਰੀ ਜਹਾਜ਼ਾਂ ਨਾਲ ਜੋੜਿਆ ਹੋਇਆ ਹੈ | ਨਿਕੋਬਾਰ ਦੇ ਇਸ ਟਾਪੂ 'ਤੇ ਹੀ ਦੇਸ਼ ਦੇ ਦੱਖਣ ਦਾ ਸਭ ਤੋਂ ਅਖੀਰਲਾ ਬਿੰਦੂ ਜਿਸ ਨੂੰ ਇੰਦਰਾ ਟਾਪੂ ਕਹਿੰਦੇ ਹਨ ਉਹ ਵੀ ਇਸ ਟਾਪੂ 'ਤੇ ਹੈ |
ਇਨ੍ਹਾਂ ਟਾਪੂਆਂ ਵਿਚ 547 ਦੇ ਕਰੀਬ ਪਿੰਡ ਹਨ ਪਰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਸਿਰਫ 204 ਪਿੰਡ ਹਨ ਕਿਉਂ ਜੋ ਇਨ੍ਹਾਂ ਮਾਲ ਪਿੰਡਾਂ ਵਿਚ ਹੋਰ ਪਿੰਡ ਵਸ ਜਾਂਦੇ ਹਨ | ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਹੈ ਅਤੇ ਇਕ ਇਹੋ ਹੀ ਸ਼ਹਿਰ ਹੈ ਜਿਥੇ ਸਕੂਲ, ਕਾਲਜ, ਵਪਾਰਿਕ ਅਦਾਰੇ ਅਤੇ ਹੋਰ ਸੰਸਥਾਵਾਂ ਦੀ ਕਾਫੀ ਗਿਣਤੀ ਹੈ | ਇਸ ਸ਼ਹਿਰ ਵਿਚ ਭਾਰਤ ਦੇ ਹਰ ਪ੍ਰਾਂਤ ਜਿਵੇਂ ਬੰਗਾਲੀ, ਤਾਮਿਲ, ਯੂ.ਪੀ., ਬਿਹਾਰ, ਪੰਜਾਬ, ਹਰਿਆਣਾ ਆਦਿ ਸਭ ਪ੍ਰਾਤਾਂ ਦੇ ਵਿਅਕਤੀ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਹਿੰਦੂ, ਸਿੱਖ, ਈਸਾਈ, ਮੁਸਲਿਮ, ਬੋਧੀ ਆਦਿ ਸਭ ਧਰਮਾਂ ਦੇ ਲੋਕ ਹਨ | ਇਸ ਹੀ ਸ਼ਹਿਰ ਵਿਚ ਅੰਗਰੇਜ਼ਾਂ ਵਲੋਂ ਬਣਾਈ ਹੋਈ ਸੈਲੂਲਰ ਜੇਲ੍ਹ ਸਥਿਤ ਹੈ ਜਿਥੇ ਸੁਤੰਤਰਤਾ ਸੈਨਾਨੀਆਂ ਅਤੇ ਗੰਭੀਰ ਅਪਰਾਧੀਆਂ ਨੂੰ ਸਜ਼ਾਵਾਂ ਦੇਣ ਲਈ ਰੱਖਿਆ ਜਾਂਦਾ ਸੀ | ਦੂਸਰੀ ਸੰਸਾਰ ਜੰਗ ਦੇ ਸਮੇਂ ਕੋਈ ਢਾਈ ਕੁ ਸਾਲ ਇਨ੍ਹਾਂ ਟਾਪੂਆਂ 'ਤੇ ਜਾਪਾਨੀਆਂ ਦਾ ਰਾਜ ਰਿਹਾ ਸੀ ਪਰ ਜਾਪਾਨੀਆਂ ਨੇ ਵੀ ਇਸ ਟਾਪੂ 'ਤੇ ਰਹਿਣ ਵਾਲੀ ਵਸੋਂ 'ਤੇ ਬਹੁਤ ਜ਼ੁਲਮ ਕੀਤੇ ਸਨ | ਪੋਰਟ ਬਲੇਅਰ ਤੋਂ ਕੋਈ 10 ਕਿਲੋਮੀਟਰ ਦੂਰ ਹੰਫਰੀਗੰਜ ਦੇ ਸਥਾਨ 'ਤੇ ਉਨ੍ਹਾਂ 44 ਪੰਜਾਬੀਆਂ ਦੀ ਯਾਦਗਾਰ ਸਥਾਪਿਤ ਕੀਤੀ ਹੋਈ ਹੈ ਜਿਨ੍ਹਾਂ ਨੂੰ ਜਾਪਾਨੀ ਫੌਜੀਆਂ ਨੇ ਸ਼ੱਕ ਦੇ ਅਧਾਰ 'ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ |
ਇਹ ਟਾਪੂ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ ਪਰ ਮੇਨ ਲੈਂਡ ਤੋਂ ਬਹੁਤ ਦੂਰ ਹੋਣ ਕਰਕੇ, ਬਹੁਤ ਘੱਟ ਯਾਤਰੀ ਹੀ ਇਨ੍ਹਾਂ ਟਾਪੂਆਂ 'ਤੇ ਜਾਂਦੇ ਹਨ | ਯਾਤਰੀਆਂ ਦੇ ਘੱਟ ਜਾਣ ਦੀ ਦੂਸਰੀ ਵਜ੍ਹਾ ਇਹ ਵੀ ਹੈ ਕਿ ਇਥੋਂ ਦਾ ਜਲਵਾਯੂ ਸਾਰਾ ਸਾਲ ਹੀ ਗਰਮ ਰਹਿੰਦਾ ਹੈ ਅਤੇ ਇਸ ਕਰਕੇ ਵਿਦੇਸ਼ੀ ਯਾਤਰੀ ਇਥੇ ਨਹੀਂ ਜਾਂਦੇ | ਇਨ੍ਹਾਂ ਟਾਪੂਆਂ ਦਾ ਵਿਕਾਸ 1947 ਤੋਂ ਬਾਅਦ ਬਹੁਤ ਤੇਜ਼ੀ ਨਾਲ ਹੋਇਆ | ਭਾਰਤ ਦੇ ਵੱਖ-ਵੱਖ ਪ੍ਰਾਤਾਂ ਤੋਂ ਜਾ ਕੇ ਪੱਕੇ ਤੌਰ 'ਤੇ ਰਹਿਣ ਵਾਲੇ ਲੋਕ ਵੀ 1947 ਤੋਂ ਬਾਦ ਹੀ ਇਥੇ ਗਏ | ਇਥੋਂ ਦੀ ਜ਼ਮੀਨ ਬਹੁਤ ਜ਼ਰਖੇਜ਼ ਹੈ ਅਤੇ ਇਥੇ ਜੰਗਲਾਂ ਤੋਂ ਇਲਾਵਾ ਜਿਸ ਧਰਤੀ 'ਤੇ ਖੇਤੀ ਕੀਤੀ ਜਾਂਦੀ ਹੈ ਉਥੋਂ ਪ੍ਰਤੀ ਏਕੜ ਉਪਜ ਵਿਚ ਪਿਛਲੇ ਸਮੇਂ ਵਿਚ ਵੱਡਾ ਵਾਧਾ ਹੋਇਆ ਹੈ | ਚੌਲ, ਮੱਕੀ, ਆਲੂ, ਕਰੇਲੇ, ਭਿੰਡੀ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ | ਇਹ ਜ਼ਮੀਨ ਸੰਤਰੇ, ਨਿੰਬੂ, ਅੰਬ, ਨਾਰੀਅਲ ਆਦਿ ਫਲਾਂ ਲਈ ਬਹੁਤ ਅਨੁਕੂਲ ਹੈ | ਜੰਗਲਾਂ ਵਿਚ ਸਾਰਾ ਸਾਲ ਹੀ ਕਈ ਜੰਗਲੀ ਫਲ ਆਪਣੇ-ਆਪ ਹੀ ਫਲ ਦਿੰਦੇ ਰਹਿੰਦੇ ਹਨ ਅਤੇ ਜੰਗਲਾਂ ਵਿਚ ਜਾਂਦਿਆਂ ਕਈ ਵਾਰ ਵੱਡੀ ਮਾਤਰਾ ਵਿਚ ਨਿੰਬੂਆਂ ਦੇ ਬੂਟਿਆਂ ਥੱਲੇ ਨਿੰਬੂਆਂ ਦੇ ਢੇਰ ਨਜ਼ਰ ਆਉਂਦੇ ਹਨ |
ਚਥਲਮ ਦੇ ਸਥਾਨ 'ਤੇ ਏਸ਼ੀਆ ਵਿਚ ਸਭ ਤੋਂ ਵੱਡੀ ਆਰਾ ਮਿੱਲ ਸਥਾਪਿਤ ਕੀਤੀ ਗਈ ਸੀ ਜਿਸ ਤੋਂ ਟਾਪੂਆਂ ਲਈ ਅਤੇ ਹੋਰ ਪ੍ਰਦੇਸ਼ਾਂ ਲਈ ਲੱਕੜ ਦੀ ਪੂਰਤੀ ਕੀਤੀ ਜਾਂਦੀ ਹੈ | ਅੱਜਕਲ੍ਹ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਲਈ ਕਈ ਯਤਨ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਟਾਪੂਆਂ 'ਤੇ ਕਈ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ | ਪੋਰਟ ਬਲੇਅਰ 'ਤੇ ਇਕ ਹੀ ਹਵਾਈ ਅੱਡਾ ਹੈ ਜਿਸ ਤੋਂ ਰੋਜ਼ਾਨਾ ਕਲਕੱਤਾ ਅਤੇ ਚੇਨਈ ਲਈ ਉਡਾਨਾਂ ਚਲਦੀਆਂ ਹਨ ਅੱਜਕਲ੍ਹ ਡਿਗਲੀਪੁਰ ਤੱਕ 185 ਕਿਲੋਮੀਟਰ ਦੀ ਸੜਕ ਬਣਾਈ ਗਈ ਹੈ ਜਿਸ ਨੂੰ ਅੰਡੇਮਾਨ ਗਰੈਂਡ ਟਰੰਕ ਰੋਡ ਕਿਹਾ ਜਾਂਦਾ ਹੈ ਅਤੇ ਇਸ ਸੜਕ 'ਤੇ ਕਈ ਹੋਰ ਛੋਟੇ-ਛੋਟੇ ਸ਼ਹਿਰ ਵਿਕਸਤ ਕੀਤੇ ਗਏ ਹਨ ਜਿਨ੍ਹਾਂ ਵਿਚ ਹੋਟਲ ਅਤੇ ਗੈਸਟ ਹਾਊਸ ਅਤੇ ਯਾਤਰੀਆਂ ਲਈ ਪਾਰਕਾਂ ਆਦਿ ਬਣਾਈਆਂ ਗਈਆਂ ਹਨ |
ਪੰਜਾਬ ਦਾ ਇਨ੍ਹਾਂ ਟਾਪੂਆਂ ਨਾਲ ਖਾਸ ਸਬੰਧ ਕਈ ਕਾਰਨਾਂ ਕਰਕੇ ਹੈ ਇਕ ਤਾਂ ਬੰਗਾਲੀਆਂ ਤੋਂ ਬਾਅਦ ਪੰਜਾਬੀ ਕੈਦੀ ਸੈਲੂਲਰ ਜੇਲ੍ਹ ਵਿਚ ਦੂਸਰੇ ਨੰਬਰ 'ਤੇ ਸਨ | ਪੰਜਾਬ ਦੇ ਕੁਝ ਕੈਦੀ ਜੇਲ੍ਹ ਵਿਚ ਮਨੁੱਖੀ ਅਧਿਕਾਰਾਂ ਲਈ ਸ਼ਹੀਦ ਹੋ ਗਏ ਜਿਨ੍ਹਾਂ ਵਿਚ ਬਾਬਾ ਭਾਨ ਸਿੰਘ ਜੋ ਲੁਧਿਆਣੇ ਤੋਂ ਸਨ, ਉਨ੍ਹਾਂ ਦਾ ਜੇਲ੍ਹ ਦੇ ਬਾਹਰ ਬੁੱਤ ਲੱਗਾ ਹੋਇਆ ਹੈ | 1937 ਵਿਚ ਜਦੋਂ ਦੀਵਾਨ ਸਿੰਘ ਕਾਲੇ ਪਾਣੀ ਜੋ ਪੋਰਟ ਬਲੇਅਰ ਵਿਖੇ ਮੈਡੀਕਲ ਅਫ਼ਸਰ ਸਨ, ਨੇ ਇਕ ਗੁਰਦਵਾਰਾ ਬਣਾਇਆ ਤੇ ਉਸ ਨੇ ਨਾਲ ਸਕੂਲ ਅਤੇ ਵੋਕੇਸ਼ਨਲ ਸਕੂਲ ਖੋਲਿ੍ਹਆ | ਉਹ ਗੁਰਦੁਆਰਾ ਨਾ ਸਿਰਫ ਪੰਜਾਬੀਆਂ ਸਗੋਂ ਸਾਰੇ ਹੀ ਉਨ੍ਹਾਂ ਲੋਕਾਂ ਲਈ ਵੱਡਾ ਆਸਰਾ ਰਿਹਾ ਜੋ ਉਥੇ ਬਾਅਦ ਵਿਚ ਜਾ ਕੇ ਉਥੇ ਸਥਾਪਿਤ ਹੋਏ | ਡਾ: ਦੀਵਾਨ ਸਿੰਘ ਇਨ੍ਹਾਂ ਟਾਪੂਆਂ ਦੀ ਬਹੁਤ ਸਤਿਕਾਰਤ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਜਾਪਾਨੀਆਂ ਨੇ ਤਸੀਹੇ ਦੇ ਕੇ ਇਥੇ ਸ਼ਹੀਦ ਕਰ ਦਿੱਤਾ ਸੀ | ਪੰਜਾਬ ਤੋਂ ਗਏ ਫੌਜੀਆਂ ਨੇ ਜਿਥੇ ਖੇਤੀ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੋਰ ਕਾਰੋਬਾਰਾਂ ਨਾਲ ਇਸ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ |-0-

ਇਮਤਿਹਾਨਾਂ ਸਮੇਂ ਆਪਣਾ ਆਭਾ ਮੰਡਲ ਰੱ ਖੋ ਮਜ਼ਬੂਤ

ਹੁਣ ਇਮਤਿਹਾਨ ਸਿਰ 'ਤੇ ਹਨ | ਬੱਚਿਆਂ ਨੂੰ ਘਬਰਾਹਟ ਹੋਣ ਲੱਗ ਪਈ ਹੈ ਪਰ ਕਈ ਬੱਚੇ ਸਹੀ ਦਿਸ਼ਾ ਵਿਚ ਹੀ ਚੱਲ ਰਹੇ ਹਨ ਤੇ ਉਨ੍ਹਾਂ ਨੂੰ ਘਬਰਾਹਟ ਨਹੀਂ ਹੁੰਦੀ | ਪਰ ਜਿਹੜੇ ਬੱਚਿਆਂ ਨੂੰ ਬੇਚੈਨੀ ਹੁੰਦੀ ਹੈ, ਉਹ ਕੁਝ ਨੁਕਤਿਆਂ 'ਤੇ ਧਿਆਨ ਦੇਣ | ਇਹ ਹਨ ਕੁਝ ਨੁਕਤੇ ਜਿਹੜੇ ਲਾਭਵੰਦ ਸਾਬਤ ਹੋ ਸਕਦੇ ਹਨ | ਪਰ ਉਨ੍ਹਾਂ ਨੂੰ ਪੂਰੀ ਵਿਧੀ ਮੁਤਾਬਿਕ ਹੀ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਸਹੀ ਫਾਇਦਾ ਲਿਆ ਜਾ ਸਕਦਾ ਹੈ |
ਸਭ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਸਮਝ ਲਵੋ ਕਿ ਸਾਡੇ ਸਰੀਰ ਦੇ ਆਲੇ-ਦੁਆਲੇ ਇਕ ਰੌਸ਼ਨੀ ਦੀ ਪਰਤ ਹਰ ਵਕਤ ਹੁੰਦੀ ਹੈ, ਜੋ ਸਾਨੂੰ ਸਾਰਿਆਂ ਨੂੰ ਦਿਖਾਈ ਨਹੀਂ ਦਿੰਦੀ | ਸਿਰਫ਼ ਅਭਿਆਸ ਨਾਲ ਹੀ ਇਹ ਦਿਖਾਈ ਦੇਣ ਲਗਦੀ ਹੈ, ਜਦਕਿ ਕਈ ਲੋਕ ਸਾਰੀ ਉਮਰ ਹੀ ਇਸ ਦੀ ਸ਼ਕਤੀ ਦਾ ਪ੍ਰਯੋਗ ਕੀਤੇ ਬਗੈਰ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ | ਤਾਂ ਹੀ ਤਾਂ ਕਈ ਲੋਕ ਅੱਗੇ ਵਧ ਜਾਂਦੇ ਹਨ ਤੇ ਦੂਜੇ ਸਖਤ ਮਿਹਨਤ ਕਰਨ ਦੇ ਬਾਵਜੂਦ ਪਿੱਛੇ ਰਹਿ ਜਾਂਦੇ ਹਨ | ਅਸੀਂ ਅਕਸਰ ਇਹ ਕਹਿ ਕੇ ਇਸ ਗੱਲ ਨੂੰ ਬੇਧਿਆਨੀ ਵਿਚ ਹੀ ਟਾਲ ਦਿੰਦੇ ਹਾਂ ਕਿ ਇਹ ਸਾਡੀ ਕਿਸਮਤ ਹੀ ਐਸੀ ਹੈ ਪਰ ਅਸਲ ਵਿਚ ਅਜਿਹੀ ਹੀ ਕਈ ਵਿਦਿਆਰਥੀਆਂ ਦੀ ਵੀ ਹਾਲਤ ਹੁੰਦੀ ਹੈ |
ਮਨੋਵਿਗਿਆਨ ਵਿਚ ਇਸ ਰੋਸ਼ਨੀ ਦੀ ਝਿੱਲੀ ਨੂੰ ਔਰਾ (ਆਭਾ ਮੰਡਲ) ਕਹਿੰਦੇ ਹਨ | ਇਹ ਰੋਸ਼ਨੀ ਅਸੀਂ ਇੰਜ ਵੀ ਵੇਖ ਸਕਦੇ ਹਾਂ | ਆਪਣੇ ਹੱਥਾਂ ਦੇ ਅੰਗੂਠੇ ਦੇ ਨਾਲ ਦੀਆਂ ਉਂਗਲੀਆਂ ਨੂੰ ਇਕ-ਦੂਜੀ ਦੇ ਨੇੜੇ ਲਿਆਓ ਤੇ ਹਨੇਰੇ ਵਾਲੀ ਬੈਕਗਰਾਊਾਡ ਦੇ ਸਾਹਮਣੇ ਆਪਣੀਆਂ ਉਂਗਲੀਆਂ ਦੇ ਆਲੇ-ਦੁਆਲੇ ਵਾਲੀ ਰੋਸ਼ਨੀ ਨੂੰ ਵੇਖੋ | ਜੇਕਰ ਇਹ ਚਮਕਦਾਰ ਹੈ ਤਾਂ ਸੋਨੇ 'ਤੇ ਸੁਹਾਗਾ ਹੈ | ਇਸ ਦਾ ਅਰਥ ਹੈ ਕਿ ਤੁਹਾਡਾ ਦਿਮਾਗ ਠੀਕ ਦਿਸ਼ਾ ਵਿਚ ਕੰਮ ਕਰ ਰਿਹਾ ਹੈ | ਜੇਕਰ ਇਹ ਰੋਸ਼ਨੀ ਫਿੱਕੀ ਹੈ ਜਾਂ ਮੱਧਮ ਹੈ ਜਾਂ ਭੂਰੇ ਰੰਗ ਦੀ ਹੈ ਤਾਂ ਸਮਝੋ ਕਿ ਤੁਹਾਡਾ ਦਿਮਾਗ ਸਹੀ ਦਿਸ਼ਾ ਵਿਚ ਨਹੀਂ ਚਲ ਰਿਹਾ | ਜੇਕਰ ਇਹ ਰੋਸ਼ਨੀ ਕਾਲੇ ਰੰਗ ਦੀ ਹੈ ਤਾਂ ਸਮਝ ਲਵੋ ਕਿ ਜ਼ਿੰਦਗੀ ਵਿਚ ਕਾਫ਼ੀ ਕੁਝ ਗੜਬੜ ਚਲ ਰਿਹਾ ਹੈ |
ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ | ਤੁਸੀਂ ਇਸ ਰੋਸ਼ਨੀ ਦੇ ਰੰਗ ਵਿਚ ਤਬਦੀਲੀ ਲਿਆ ਸਕਦੇ ਹੋ | ਇਹੀ ਰੋਸ਼ਨੀ ਤੁਹਾਡੇ ਸਾਰੇ ਸਰੀਰ ਦੇ ਆਲੇ-ਦੁਆਲੇ ਵੀ ਹੁੰਦੀ ਹੈ | ਇਹ ਰੋਸ਼ਨੀ ਤੁਹਾਡੇ ਸਿਰ ਦੇ ਆਲੇ-ਦੁਆਲੇ ਵੀ ਹੁੰਦੀ ਹੈ | ਇਕ ਗੁਬਾਰੇ ਦੀ ਤਰ੍ਹਾਂ | ਆਪਣੇ ਦਿਲ, ਮਨ ਤੇ ਦਿਮਾਗ ਵਿਚ ਬੁਰੇ ਵਿਕਾਰ ਨਾ ਆਉਣ ਦੇਵੋ | ਸਮਝਦਾਰ ਮਨੋਵਿਗਿਆਨੀ ਸਭ ਤੋਂ ਤੁਹਾਡੇ ਇਸ ਔਰੇ ਨੂੰ ਨਿਰਖਦਾ ਤੇ ਪਰਖਦਾ ਹੈ ਤੇ ਫਿਰ ਹੀ ਤੁਹਾਨੂੰ ਲੋੜ ਮੁਤਾਬਿਕ ਕੌਾਸਿਲੰਗ ਤੇ ਥਰੇਪੀ ਦਿੰਦਾ ਹੈ ਤਾਂ ਕਿ ਤੁਹਾਡੇ ਜੀਵਨ ਦੀ ਨੁਹਾਰ ਹੀ ਸੁਧਰ ਜਾਵੇ ਤੇ ਤੁਸੀਂ ਸਹੀ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੋ | ਪਰ ਜਿਹੜੇ ਲੋਕ ਅਜਿਹੀ ਪ੍ਰਕਿਰਿਆ ਵਕਤ ਸਹਿਯੋਗ ਨਹੀਂ ਦੇ ਸਕਦੇ, ਸਮਝ ਲਵੋ ਉਹ ਸਹੀ ਦਿਸ਼ਾ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਹਨੇਰਾ ਹੀ ਹਨੇਰਾ ਰਹੇਗਾ ਜਦ ਤੱਕ ਉਹ ਆਪਣੇ-ਆਪ ਨੂੰ ਸਹੀ ਦਿਸ਼ਾ ਵਿਚ ਨਹੀਂ ਲਿਆ ਸਕਦੇ |
ਜੀਵਨ ਦਿਸ਼ਾ ਤੇ ਦਸ਼ਾ ਸੁਧਰ ਸਕਦੀ ਹੈ ਜੇਕਰ ਇਮਤਿਹਾਨਾਂ ਵਕਤ ਤੁਹਾਡਾ ਔਰਾ ਤੇ ਦਿਮਾਗ ਸਹੀ ਦਿਸ਼ਾ ਤੇ ਦਸ਼ਾ ਵਿਚ ਚੱਲੇ | ਇਸ ਵਾਸਤੇ ਤੁਹਾਡੇ ਆਲੇ-ਦੁਆਲੇ ਬਣੇ ਔਰੇ ਵਿਚ ਸੁਧਾਰ ਲਿਆਉਣ ਦੀ ਸਖਤ ਜ਼ਰੂਰਤ ਹੁੰਦੀ ਹੈ | ਕਈ ਲੋਕ ਇਸੇ ਸੁਧਾਰ ਵਾਸਤੇ ਚਮਕਦਾਰ ਨਗ ਪਹਿਨਦੇ ਹਨ ਤੇ ਕਈ ਰੰਗੀਨ ਤੇ ਤੇਜ਼ ਰੰਗਾਂ ਵਾਲੇ ਕੱਪੜੇ | ਇਹ ਚੀਜ਼ਾਂ ਕੁਝ ਕੁ ਸੁਧਾਰ ਤਾਂ ਕਰਦੀਆਂ ਹਨ ਪਰ ਇਕ ਪਾਰਖੂ ਤੇ ਅਨੁਭਵੀ ਮਨੋਵਿਗਿਆਨੀ ਦੀ ਇਕੋ ਕਸਵੱਟੀ ਵਾਲੀ ਨਜ਼ਰ ਤੇ ਥਰੇਪੀ ਹੀ ਉਹ ਕੰਮ ਕਰ ਸਕਦੀ ਹੈ, ਜਿਹੜੀ ਕੋਈ ਹੋਰ ਵਿਧੀ ਤੇ ਜੁਗਤ ਨਹੀਂ ਕਰ ਸਕਦੀ | ਇਕ ਪਾਰਖੂ ਤੇ ਅਨੁਭਵੀ ਮਨੋਵਿਗਿਆਨੀ ਇਕੋ ਕਸਵੱਟੀ ਵਾਲੀ ਨਜ਼ਰ ਨਾਲ ਤੁਹਾਡੇ ਮਨ ਦੇ ਵਿਚਾਰਾਂ ਨੂੰ ਚਾਰ ਚੰਨ ਲਾ ਸਕਦਾ ਹੈ |
ਤੁਸੀਂ ਇਸ ਦਾ ਹੱਲ ਥੋੜ੍ਹਾ ਬਹੁਤ ਘਰੇ ਹੀ ਕਰ ਸਕਦੇ ਹੋ | ਥੋੜ੍ਹਾ ਬਹੁਤ ਇਸ ਵਿਚ ਮਾਪੇ ਵੀ ਰੋਲ ਅਦਾ ਕਰ ਸਕਦੇ ਹਨ | ਰੋਜ਼ ਇਸ਼ਨਾਨ ਜ਼ਰੂਰ ਕਰੋ | ਸਾਫ਼-ਸੁਥਰੇ ਕੱਪੜੇ ਪਹਿਨੋ | ਮਨ ਨੂੰ ਸ਼ੁੱਧ ਰੱਖੋ | ਕਿਸੇ ਦਾ ਕੋਈ ਨੁਕਸਾਨ ਨਾ ਕਰੋ | ਹੋ ਸਕੇ ਤਾਂ ਕਿਸੇ ਦਾ ਭਲਾ ਕਰੋ | ਸਾਫ਼-ਸੁਥਰਾ, ਹਲਕਾ-ਫੁਲਕਾ ਤੇ ਪੌਸ਼ਟਿਕ ਭੋਜਨ ਕਰੋ | ਦੁੱਧ, ਦਹੀਂ, ਲੱਸੀ ਤੇ ਮੱਖਣ ਦੀ ਵਰਤੋਂ ਜ਼ਰੂਰ ਕਰੋ | ਖੁੱਲ੍ਹੇ ਵਾਤਾਵਰਨ ਵਿਚ ਘੰੁਮੋ ਤੇ ਸ਼ਾਂਤ-ਚਿੱਤ ਰਹੋ | ਦਿ੍ੜ੍ਹ ਨਿਸਚੇ ਨਾਲ ਪੜ੍ਹਨ ਵਿਚ ਮਨ ਲਗਾਓ | ਕੌੜਾ ਨਹੀਂ ਮਿੱਠਾ ਬੋਲੋ | ਨੀਂਦ ਲੋੜ ਮੁਤਾਬਿਕ ਜ਼ਰੂਰ ਲਵੋ |
ਜੇਕਰ ਫਿਰ ਵੀ ਚਿੱਤ ਪੜ੍ਹਾਈ ਵਿਚ ਨਾ ਲਗਦਾ ਹੋਵੇ ਤਾਂ ਕਿਸੇ ਮਨੋਚਿਕਿਤਸਕ ਜਾਂ ਮਨੋਵਿਗਿਆਨੀ ਦੀ ਸਲਾਹ ਜ਼ਰੂਰ ਲਵੋ | ਜਦੋਂ ਕਿ ਮਨੋਚਿਕਿਤਸਕ ਦਵਾਈ ਨਾਲ ਤੇ ਮਨੋਵਿਗਿਆਨੀ ਕੌਾਸਿਲੰਗ ਜਾਂ ਥਰੇਪੀ ਨਾਲ ਤੁਹਾਨੂੰ ਸਹੀ ਦਿਸ਼ਾ ਤੇ ਦਸ਼ਾ ਵਿਚ ਲੈ ਜਾਵੇਗਾ | ਇਕ ਅੱਧ ਘੰਟਾ ਉਨ੍ਹਾਂ ਨਾਲ ਗੁਜ਼ਾਰ ਕੇ ਤੁਹਾਨੂੰ ਆਪਣੇ-ਆਪ ਹੀ ਪਤਾ ਲੱਗ ਜਾਵੇਗਾ ਕੇ ਉਨ੍ਹਾਂ ਦੀ ਨਿਰਖ, ਪਰਖ ਤੇ ਕਸਵੱਟੀ ਵਾਲੀ ਨਜ਼ਰ ਕਿੰਨੀ ਅਹਿਮੀਅਤ ਰੱਖਦੀ ਹੈ | ਇਮਤਿਹਾਨ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ | ਇਸ ਬਹੁਮੁੱਲੀ ਘੜੀ ਦਾ ਪੂਰਾ-ਪੂਰਾ ਲਾਭ ਉਠਾਓ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਜੀਵਨ ਸਫ਼ਲ ਤੇ ਸ਼ਾਨਦਾਰ ਬਣ ਜਾਵੇਗਾ |
-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking930gmail.com

ਅੰਬਰੀਂ ਤਣੇ ਚੰਦੋਏ ਦੀਆਂ ਗੁਰੂਤਾ ਖਿੱਚ ਤਰੰਗਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਚਲੋ ਛੱਡੋ, ਵਿਆਹ ਵਿਚ ਬੀਂ ਦਾ ਕਿਉਂ ਲੇਖਾ ਕਰੀਏ | ਇਹ ਗਰੈਵੀਟੇਸ਼ਨ ਵੇਵਜ਼ ਕੋਈ ਅੱਜ ਹੀ ਪੁਲਾੜ ਵਿਚੋਂ ਤੁਰ ਕੇ ਸਾਡੇ ਤੱਕ ਨਹੀਂ ਪਹੁੰਚ ਗਈਆਂ | ਅੱਜ ਤੋਂ ਸਵਾ ਅਰਬ ਤੋਂ ਵੀ ਵੱਧ ਸਾਲ ਪਹਿਲਾਂ ਤੁਰੀਆਂ ਤਰੰਗਾਂ ਦੀ ਪੈੜ ਅਸੀਂ ਹੁਣ ਫੜੀ ਹੈ | ਉਦੋਂ ਤਾਂ ਅਜੇ ਡਾਇਨਾਸੋਰ ਵੀ ਧਰਤੀ ਉਤੇ ਨਹੀਂ ਸਨ ਪੈਦਾ ਹੋਏ | ਸਾਡੇ ਵਰਗੇ ਜੀਅ-ਜੰਤ ਦੀ ਗੱਲ ਹੀ ਛੱਡੋ | ਉਦੋਂ ਇਕ ਦਸ਼ਮਲਵ ਤਿੰਨ ਅਰਬ ਪ੍ਰਕਾਸ਼ ਵਰ੍ਹੇ ਦੂਰ ਦੋ ਵੱਡੀਆਂ ਬਲੈਕ ਹੋਲਜ਼ ਨੇ ਇਕ-ਦੂਜੀ ਵੱਲ ਵਧਣਾ ਸ਼ੁਰੂ ਕੀਤਾ | ਜਿਉਂ-ਜਿਉਂ ਨੇੜੇ ਆਈ ਗਈਆਂ ਉਨ੍ਹਾਂ ਦੀ ਸਪੀਡ ਵਧਦੀ ਗਈ | ਇਕ ਬਲੈਕ ਹੋਲ ਸਾਡੇ ਵਰਗੇ ਉਨੱਤੀ ਸੂਰਜਾਂ ਜਿੰਨੀ ਭਾਰੀ ਅਤੇ ਦੂਜੀ ਸੂਰਜਾਂ ਜਿੱਡੀ | ਆਖਰ ਰੋਸ਼ਨੀ ਦੀ ਸਪੀਡ ਨਾਲ ਇਹ ਇਕ-ਦੂਜੀ ਦੇ ਗਲੇ ਜਾ ਲੱਗੀਆਂ | ਨਵੀਂ ਬਲੈਕ ਹੋਲ ਬਣੀ, ਜਿਸ ਦਾ ਪੰੁਜ ਬਾਹਠ ਸੂਰਜਾਂ ਜਿੰਨਾ ਰਹਿ ਗਿਆ | ਤਿੰਨ ਸੂਰਜਾਂ ਜਿੰਨਾ ਪੁੰਜ ਗਰੈਵੀਟੇਸ਼ਨਲ ਤਰੰਗਾਂ ਵਿਚ ਵਟ ਕੇ ਧਰਤੀ ਵੱਲ ਨੂੰ ਤੁਰਿਆ | ਦੋਵਾਂ ਬਲੈਕ ਹੋਲਾਂ ਦੀ ਟੱਕਰ ਨਾਲ ਨਿਕਲੀ ਤਾਕਤ ਦਾ ਅੰਦਾਜ਼ਾ ਦੱਸਦੇ ਹੋਏ ਵਿਗਿਆਨੀ ਕਹਿੰਦੇ ਹਨ ਕਿ ਇਹ ਸਾਡੇ ਸਮੁੱਚੇ ਦਿ੍ਸ਼ਟਮਾਨ ਬ੍ਰਹਿਮੰਡ ਦੇ ਸਾਰੇ ਤਾਰਿਆਂ ਤੋਂ ਵੀ ਪੰਜਾਹ ਗੁਣਾਂ ਸੀ |
ਸਵਾ ਅਰਬ ਸਾਲ ਤੋਂ ਵੱਧ ਸਮੇਂ ਪਿਛੋਂ ਧਰਤੀ ਉਤੇ ਲੀਗੋ ਤੱਕ ਪਹੁੰਚ ਕੇ ਇਨ੍ਹਾਂ ਦੀ ਸੂਖਮ ਜਿਹੀ ਪੈੜ ਅਸੀਂ ਹੁਣ ਫੜੀ ਹੈ | ਲੀਗੋ ਦੇ ਲਿਵਿੰਗਸਟਨ ਅਤੇ ਹੈਂਫਰਡ ਦੇ ਦੋਵੇਂ ਡੀਟੈਕਟਰਾਂ ਨੇ ਗਰੈਵੀਟੇਸ਼ਨ ਤਰੰਗਾਂ ਦੀ ਪੁਸ਼ਟੀ ਕੀਤੀ ਹੈ | ਇਨ੍ਹਾਂ ਤਰੰਗਾਂ ਬਾਰੇ ਜਾਣਕਾਰੀ ਅਜੇ ਮੁਢਲੇ ਪੜਾਅ ਉਤੇ ਹੈ | ਇਨ੍ਹਾਂ ਦਾ ਐਾਪਲੀਚਿਊਡ, ਫ੍ਰੀਕੁਐੈਂਸੀ, ਵੇਵ ਲੈਂਗਥ ਬਾਰੇ ਗੱਲਾਂ ਹੋਣੀਆਂ ਹਨ | ਇਨ੍ਹਾਂ ਤਰੰਗਾਂ ਲਈ ਜ਼ਿੰਮੇਵਾਰ ਮੂਲ ਕਣ ਨੂੰ ਤਰੰਗਾਂ ਦੀ ਰੋਸ਼ਨੀ ਦੀ ਸਪੀਡ ਦੇ ਅਧਾਰ ਉਤੇ ਸਮਝਣ ਦਾ ਯਤਨ ਕੀਤਾ ਗਿਆ ਹੈ | ਗਰੈਵੀਟਾਨ ਨਾਂਅ ਦੇ ਇਨ੍ਹਾਂ ਕਣਾਂ ਦੀ ਇਸ ਸਪੀਡ ਕਾਰਨ ਪ੍ਰਤੀਤ ਹੁੰਦਾ ਹੈ ਕਿ ਇਹ ਕਣ ਪੰੁਜ ਵਿਹੂਣੇ (ਮਾਸ-ਲੈਸ) ਹਨ | ਭਾਰ ਵਾਲੀ ਕੋਈ ਸ਼ੈਅ ਰੋਸ਼ਨੀ ਦਾ ਵੇਗ ਹਾਸਲ ਨਹੀਂ ਕਰ ਸਕਦੀ | ਗਰੈਵੀਟੇਸ਼ਨਲ ਤਰੰਗਾਂ ਦੀ ਫਰੀਕਵੈਂਸੀ ਦਸ ਦੀ ਤਾਕਤ ਮਨਫ਼ੀ ਸੋਲਾਂ ਤੋਂ ਦਸ ਦੀ ਤਾਕਤ ਚਾਰ ਤੱਕ ਹੋਣ ਦਾ ਅਨੁਮਾਨ ਲਾਇਆ ਗਿਆ ਹੈ |
ਵਿਗਿਆਨੀ ਕਹਿੰਦੇ ਹਨ ਕਿ ਗਰੈਵੀਟੇਸ਼ਨਲ ਤਰੰਗਾਂ ਹਰ ਨਿੱਕੀ ਵੱਡੀ ਸ਼ੈਅ ਤੋਂ ਨਿਕਲਦੀਆਂ ਹਨ ਪਰ ਇਨ੍ਹਾਂ ਦੀ ਪੈੜ/ਧਮਕ ਵੱਡੇ ਭਾਰਾਂ ਵੇਲੇ ਹੀ ਪਛਾਣੀ ਜਾਣੀ ਸੰਭਵ ਹੈ | ਅੰਬਰ ਵਿਚ ਤਾਣੇ ਚੰਦੋਏ ਦੀ ਧਮਕ ਕਿਸੇ ਤਾਰੇ ਜਾਂ ਬਲੈਕ ਹੋਲ ਦੇ ਪੈਰ ਧਰਨ ਉਤੇ ਹੀ ਸੁਣੇਗੀ | ਘਰ ਦੇ ਵਿਹੜੇ ਵਿਚਲੇ ਗੱਦੇ ਉਤੇ ਤਾਂ ਮੇਰੀ ਤੇ ਮੇਰੇ ਪੋਤੇ-ਪੋਤੀ ਦੀ ਧਮਕ ਵੀ ਤਰੰਗਾਂ ਪੈਦਾ ਕਰ ਸਕਦੀ ਹੈ | ਸਪੱਸ਼ਟ ਹੈ ਕਿ ਕਹਾਣੀ ਸਪੇਸ ਟਾਈਮ ਦੇ ਗਦੇਲੇ ਵਿਚ ਵੱਡੇ ਭਾਰ ਵਾਲੇ ਤਾਰਿਆਂ ਦੀ ਹੋਂਦ ਨਾਲ ਪੈਦਾ ਹੋਈ ਵਕਾਰਤਾ ਦੀ ਪਛਾਣ ਨਾਲ ਜੁੜੀ ਹੋਈ ਹੈ | ਉਸੇ ਕਹਾਣੀ ਨਾਲ ਜਿਸ ਦੀ ਪੁਸ਼ਟੀ 1919 ਦੇ ਸੰਪੂਰਨ ਸੂਰਜ ਗ੍ਰਹਿਣ ਵੇਲੇ ਆਰਥਰ ਐਡਿੰਗਟਨ ਨੇ ਕੀਤੀ ਸੀ | ਉਸ ਨੇ ਉਸ ਵੇਲੇ ਇਕ ਤਾਰੇ ਦੀ ਕਿਰਨ ਨੂੰ ਸੂਰਜ ਨੇੜਿਉਂ ਕੂਬੀ ਹੋ ਕੇ ਲੰਘਦੀ ਵੇਖਿਆ ਸੀ | ਖ਼ੈਰ, ਗਰੈਵੀਟੇਸ਼ਨਲ ਤਰੰਗਾਂ ਭਵਿੱਖ ਵਿਚ ਭੌਤਿਕ ਵਿਗਿਆਨ ਦੇ ਕਈ ਅਣਸੁਲਝੇ ਸਵਾਲਾਂ ਦੇ ਹੱਲ ਲੱਭਣ ਲਈ ਵਰਤੀਆਂ ਜਾਣਗੀਆਂ | (ਸਮਾਪਤ)
-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550.

ਬਜ਼ੁਰਗਾਂ ਵੱਲੋਂ ਇਕ ਚੰਗੀ ਦੇਣ : ਪੁਰਾਤਨ ਰਸਮਾਂ

ਪੰਜਾਬੀ ਲੋਕ ਸਾਹਿਤ ਵਿਚ ਰੀਤੀ-ਰਿਵਾਜ਼ਾਂ ਦੀ ਬਹੁਤ ਅਹਿਮੀਅਤ ਹੈ | ਸਾਡੇ ਸਮਾਜ ਵਿਚ ਮਨੁੱਖ ਦੇ ਜਨਮ ਤੋਂ ਮਰਨ ਤੱਕ ਰੀਤੀ ਰਿਵਾਜ਼ ਨਾਲ-ਨਾਲ ਚਲਦੇ ਹਨ | ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੇ ਹਨ, ਇਹ ਬਦਲਦੇ ਤੇ ਘਟਦੇ-ਵਧਦੇ ਵੀ ਰਹਿੰਦੇ ਹਨ | ਬੱਚੇ ਦੇ ਜਨਮ ਦੀ ਖੁਸ਼ੀ ਸਮੇਂ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ | ਜਨਮ ਤੋਂ ਵਿਆਹ ਤੱਕ ਮਨੁੱਖ ਕਈ ਰਸਮਾਂ ਦੇ ਦੌਰ 'ਚੋਂ ਨਿਕਲਦਾ ਹੈ | ਵਿਆਹ ਦੀਆਂ ਰਸਮਾਂ ਵੇਖਣ ਵਾਲੀਆਂ ਹੁੰਦੀਆਂ ਹਨ | ਲੋਕ ਇਨ੍ਹਾਂ ਨੂੰ ਬੜੇ ਚਾਅ-ਮਲਾਰਾਂ ਨਾਲ ਅਦਾ ਕਰਦੇ ਹਨ | ਮੌਤ ਦੇ ਸਮੇਂ ਵੀ ਦਾਹ-ਸੰਸਕਾਰ ਤੇ ਮਨੁੱਖ ਦੀ ਆਤਮਾ ਦੀ ਸ਼ਾਂਤੀ ਨਾਲ ਸਬੰਧਤ ਕਈ ਰਸਮਾਂ ਜੁੜੀਆਂ ਹਨ |
ਪਰ ਆਧੁਨਿਕ ਯੁੱਗ ਵਿਚ ਮਸ਼ੀਨੀਕਰਨ ਕਰਕੇ ਲੋਕਾਂ ਨੇ ਬੁਹਤ ਸਾਰੀਆਂ ਰਸਮਾਂ ਨੂੰ ਵਿਸਾਰ ਦਿੱਤਾ ਹੈ | ਅੱਜਕਲ੍ਹ ਭੌਤਿਕਵਾਦੀ ਪਦਾਰਥਾਂ ਦੀ ਦੌੜ ਕਾਰਨ ਵਿਆਹ ਸਿਰਫ਼ ਵਿਖਾਵਾ ਬਣ ਕੇ ਰਹਿ ਗਏ ਹਨ | ਲੋਕ ਪੈਸਾ ਤਾਂ ਵਿਆਹਾਂ ਵਿਚ ਪਾਣੀ ਵਾਂਗ ਵਹਾਉਂਦੇ ਹਨ ਪਰ ਬਹੁਤ ਰਸਮਾਂ ਨੂੰ ਉਨ੍ਹਾਂ ਨੇ ਅਣਗੌਲਿਆਂ ਕਰ ਦਿੱਤਾ ਹੈ | ਜਿਨ੍ਹਾਂ ਰਸਮਾਂ ਦਾ ਮੈਂ ਇਥੇ ਜ਼ਿਕਰ ਕਰਨ ਜਾ ਰਹੀ ਹਾਂ ਸ਼ਹਿਰਾਂ/ਪਿੰਡਾਂ ਵਿਚ ਬਹੁਤੇ ਲੋਕ ਉਨ੍ਹਾਂ ਤੋਂ ਅਣਜਾਣ ਹਨ |
ਪਹਿਲੀ : ਗੰਢ ਭੇਜਣ ਦੀ ਰੀਤ-ਜਦੋਂ ਸਕੇ-ਸਬੰਧੀਆਂ ਨੂੰ ਵਿਆਹ ਵਿਚ ਆਉਣ ਦਾ ਸੱਦਾ ਦਿੱਤਾ ਜਾਂਦਾ ਸੀ ਤਾਂ ਇਸ ਨੂੰ ਗੰਢ ਭੇਜਣਾ ਆਖਦੇ ਸਨ | ਇਸ ਰਸਮ ਸਮੇਂ ਸ਼ਰੀਕੇ ਵਾਲੇ ਗੁੜ/ਖੰਡ ਦੀ ਭਾਜੀ ਵੰਡਦੇ ਸਨ | ਪੁਰਾਣੇ ਸਮੇਂ ਵਿਚ ਲੋਕ ਮੌਲੀ ਦੀਆਂ ਸੱਤ ਗੰਢਾਂ ਮਾਰ ਕੇ ਲਾਗੀ ਹੱਥ ਭੇਜ ਕੇ ਇਸ ਰਸਮ ਨੂੰ ਨਿਭਾਉਂਦੇ ਸਨ |
ਦੂਜੀ : ਸੱਤ ਸੁਹਾਗਣਾਂ ਦੁਆਰਾ ਚੱਕੀ ਲਾਉਣ ਦੀ ਰਸਮ-ਵਿਆਹ ਵਿਚ ਛੋਟੇ-ਵੱਡੇ ਕੰਮ ਸੱਤ ਸੁਹਾਗਣਾਂ ਕੋਲੋਂ ਕਰਾਏ ਜਾਂਦੇ ਸਨ | ਕਿਸੇ ਕੰਮ ਨੂੰ ਉਦੋਂ ਤੱਕ ਹੱਥ ਨਹੀਂ ਲਾਇਆ ਜਾਂਦਾ ਸੀ, ਜਦੋਂ ਤੱਕ ਸੱਤ ਸੁਹਾਗਣਾਂ ਇਕੱਠੀਆਂ ਨਾ ਹੋਣ | ਸੱਤ ਸੁਹਾਗਣਾਂ 'ਚੱਕੀ ਲਾਉਣ' ਦੀ ਰਸਮ ਵਿਚ ਸੱਤ ਮੁੱਠਾਂ ਅਨਾਜ ਵੱਖੋ-ਵੱਖ ਚੱਕੀ ਵਿਚ ਪੀਂਹਦੀਆਂ ਸਨ |
ਤੀਜੀ : ਮਾਂਜੜੇ ਭੇਜਣ ਦੀ ਰਸਮ-ਪੁਰਾਣੇ ਸਮੇਂ ਵਿਚ ਵਿਆਹ ਤੋਂ ਪਹਿਲਾਂ ਵਿਆਂਹਦੜ ਪਰਿਵਾਰ ਵਾਲਿਆਂ ਦੀ ਰੋਟੀ ਉਨ੍ਹਾਂ ਦੇ ਭਾਈਚਾਰੇ ਵਾਲੇ ਆਪਣੇ ਘਰ ਕਰਦੇ ਸਨ | ਅੱਜਕਲ੍ਹ ਸ਼ਰੀਕਾਂ ਨੇ ਰੋਟੀ ਕਰਨ ਦੀ ਬਜਾਏ ਮਠਿਆਈ ਦੇ ਡੱਬੇ ਭੇਜਣੇ ਸ਼ੁਰੂ ਕਰ ਦਿੱਤੇ ਹਨ |
ਚੌਥੀ : ਸਿੱਠਣੀਆਂ ਤੇ ਛੰਦ ਸੁਣਾਉਣ ਦੀ ਰਸਮ-ਇਹ ਰਸਮ ਇਸ ਆਧੁਨਿਕ ਸਮੇਂ ਵਿਚ ਅਲੋਪ ਹੋ ਗਈ ਹੈ | ਨਾਨਕਿਆਂ ਦੁਆਰਾ ਦਾਦਕਿਆਂ ਨੂੰ ਸਿੱਠਣੀਆਂ ਦੇਣਾ (ਮਸ਼ਕਰੀਆਂ ਕਰਨਾ) ਅੱਜਕਲ੍ਹ ਵਿਸਰਦਾ ਜਾ ਰਿਹਾ ਹੈ | ਇਸੇ ਤਰ੍ਹਾਂ ਛੰਦ ਵੀ ਅਜੋਕੇ ਦੌਰ ਵਿਚ ਸਾਲੀਆਂ ਦੁਆਰਾ ਲਾੜੇ ਤੋਂ ਨਹੀਂ ਸੁਣੇ ਜਾਂਦੇ | ਇਸ ਦੀ ਜਗ੍ਹਾ ਡੀ.ਜੇ. ਨੇ ਲੈ ਲਈ ਹੈ |
ਪੰਜਵੀਂ : ਘੰੁਗਣੀਆਂ ਵੰਡਣ ਦੀ ਰਸਮ-ਇਸ ਰਸਮ ਤੋਂ ਵੀ ਬਹੁਤੇ ਲੋਕ ਜਾਣੂੰ ਨਹੀਂ ਹਨ | ਘੰੁਗਣੀਆਂ ਸ਼ਰੀਕੇ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ ਕਣਕ ਉਬਾਲ ਕੇ ਵੰਡੀਆਂ ਜਾਂਦੀਆਂ ਹਨ |
ਛੇਵੀਂ : ਦੁੱਧ ਤੇ ਬਿਸਤਰੇ ਇਕੱਠੇ ਕਰਨ ਦੀ ਰਸਮ-ਪੁਰਾਣੇ ਵੇਲਿਆਂ ਵਿਚ ਬਰਾਤ ਦੋ-ਚਾਰ ਦਿਨ ਕੁੜੀ ਵਾਲਿਆਂ ਦੇ ਘਰ ਆ ਕੇ ਠਹਿਰਦੀ ਸੀ ਤਾਂ ਪਿੰਡ ਵਾਲੇ, ਜਿਹੜੇ ਲੋਕਾਂ ਘਰ ਪਸ਼ੂ ਹੁੰਦੇ ਸਨ, ਉਥੋਂ ਦੁੱਧ ਇਕੱਠਾ ਕਰਕੇ ਵਿਆਹ ਵਾਲੇ ਘਰ ਪਹੁੰਚਾਉਂਦੇ ਸਨ | ਇਸੇ ਤਰ੍ਹਾਂ ਪਿੰਡ ਵਿਚੋਂ ਬਿਸਤਰੇ ਵੀ ਇਕੱਠੇ ਕੀਤੇ ਜਾਂਦੇ ਸਨ | ਪਰ ਅੱਜਕਲ੍ਹ ਬਿਸਤਰ ਭੰਡਾਰ ਸ਼ਹਿਰਾਂ ਵਿਚ ਉਪਲਬੱਧ ਹੋਣ ਕਰਕੇ ਲੋਕੀਂ ਉਥੋਂ ਹੀ ਬਿਸਤਰੇ ਲੈ ਆਉਂਦੇ ਹਨ |
ਸੱਤਵੀਂ : ਜੰਡੀ ਵੱਢਣ ਦੀ ਰੀਤ-ਬਰਾਤ ਦੇ ਘਰੋਂ ਤੁਰਨ ਵੇਲੇ ਲਾੜਾ ਹੱਥ ਵਿਚ ਫੜੀ ਤਲਵਾਰ ਨਾਲ ਕਿਸੇ ਜੰਡੀ ਦੇ ਰੁੱਖ ਨਾਲੋਂ ਟਾਹਣੀਆਂ ਵੱਢਦਾ ਸੀ ਤਾਂ ਇਹ ਰਸਮ ਜੰਡੀ ਵੱਢਣਾ ਕਹਾਉਂਦੀ ਸੀ | ਅੱਜਕਲ੍ਹ ਰਸਮ ਤਾਂ ਕੀ ਨਿਭਾਉਣੀ ਹੈ? ਜੰਡ ਦਾ ਰੁੱਖ ਹੀ ਅਲੋਪ ਹੁੰਦਾ ਜਾ ਰਿਹਾ ਹੈ |
ਅੱਠਵੀਂ : ਛਾਨਣੀ ਦੀਵੇ ਦੀ ਰਸਮ-ਪੁਰਾਣੇ ਸਮਿਆਂ ਵਿਚ ਕੁੜੀ ਵਾਲੇ ਮੰੁਡੇ ਨੂੰ ਆਪਣੇ ਘਰ ਲੈ ਜਾਂਦੇ ਸਨ | ਘਰ ਦੇ ਦਰਵਾਜ਼ੇ ਉਪਰਲੀ ਬਾਹੀ ਨਾਲ ਇਕ ਛਾਨਣੀ ਬੰਨ੍ਹ ਕੇ ਉਸ ਵਿਚ ਦੀਵਾ ਰੱਖਿਆ ਜਾਂਦਾ ਸੀ ਤੇ ਮੰੁਡਾ ਛੜੀ ਨਾਲ ਦੀਵੇ ਨੂੰ ਛਾਨਣੀ ਵਿਚੋਂ ਚੁੱਕਦਾ ਸੀ, ਇਹ ਰਸਮ ਨਿਭਾਉਣੀ ਕਾਫ਼ੀ ਮੁਸ਼ਕਿਲ ਸੀ |
ਨੌਵੀਂ : ਕਪਾਹ ਫੁੱਟੀ ਦੀ ਰਸਮ-ਇਸ ਰਸਮ ਵਿਚ ਕੁੜੀ ਦਾ ਪਿਤਾ ਸੱਤ ਵਾਰ ਕੰਨਿਆ ਦੇ ਸਿਰ 'ਤੇ ਕਪਾਹ ਦੀ ਫੁੱਟੀ ਰੱਖਦਾ ਸੀ ਤੇ ਹਰ ਵਾਰ ਲਾੜਾ ਛਟੀ ਨਾਲ ਕਪਾਹ ਦੀ ਫੁੱਟੀ ਨੂੰ ਕੰਨਿਆ ਦੇ ਸਿਰ ਤੋਂ ਪਰ੍ਹੇ ਸੁੱਟਦਾ ਸੀ | ਇਸ ਤੋਂ ਭਾਵ ਇਹ ਸੀ ਕਿ ਮੰੁਡਾ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਹੈ |
ਦਸਵੀਂ : ਥਾਲੀਆਂ ਕੱਢਣ ਦੀ ਰੀਤ-ਇਸ ਵਿਚ ਬਰਾਤ ਜਿਸ ਪਿੰਡ ਜਾਣੀ ਹੁੰਦੀ ਸੀ, ਜੇਕਰ ਉਨ੍ਹਾਂ ਦੇ ਪਿੰਡ ਦੀਆਂ ਕੁੜੀਆਂ ਉਥੇ ਪਹਿਲਾਂ ਵਿਆਹੀਆਂ ਹੁੰਦੀਆਂ ਸਨ ਤਾਂ ਉਹ ਇਕ ਥਾਲੀ ਵਿਚ ਰੋਟੀ ਪਾ ਕੇ ਸ਼ਗਨ ਵਜੋਂ ਕੁਝ ਪੈਸੇ ਉਸ ਕੁੜੀ ਨੂੰ ਦਿੰਦੇ ਸਨ ਤਾਂ ਕਿ ਉਨ੍ਹਾਂ ਵਿਚ ਭਾਈਚਾਰੇ ਦੀ ਭਾਵਨਾ ਵਧੇ |
ਪੁਰਾਣੇ ਸਮੇਂ ਵਿਚ ਨਿਭਾਈ ਜਾਂਦੀ ਹਰ ਰਸਮ ਦਾ ਆਪਣਾ ਇਕ ਮਹੱਤਵ ਅਤੇ ਅਰਥ ਹੁੰਦਾ ਸੀ | ਇਨ੍ਹਾਂ ਰਸਮਾਂ ਰਾਹੀਂ ਆਪਸੀ ਪ੍ਰੇਮ ਤਾਂ ਵਧਦਾ ਹੀ ਸੀ ਨਾਲ-ਨਾਲ ਗਰੀਬ ਮਾਤਾ-ਪਿਤਾ ਲਈ ਧੀ ਦਾ ਵਿਆਹ ਇਕੱਲੇ ਰੂਪ ਵਿਚ ਕਰਨਾ ਬੋਝ ਨਹੀਂ ਰਹਿ ਜਾਂਦਾ ਸੀ | ਸਾਰਾ ਸ਼ਰੀਕਾ ਹੀ ਨਹੀਂ ਬਲਕਿ ਸਾਰਾ ਪਿੰਡ ਇਸ ਕਾਰਜ ਨੂੰ ਆਪਣਾ ਕਾਰਜ ਸਮਝਦੇ ਹੋਏ ਉਸ ਪਰਿਵਾਰ ਦਾ ਭਾਰ ਹੌਲਾ ਕਰਦਾ ਸੀ | ਜਿਥੇ ਪਹਿਲਾਂ ਘਰ ਤੇ ਸ਼ਰੀਕੇ ਦਾ ਹਰ ਇਸਤਰੀ ਤੇ ਮਰਦ ਵਿਆਹ ਦੇ ਹਰ ਕੰਮ ਵਿਚ ਆਪ ਮੋਹਰੀ ਹੋ ਕੇ ਕੰਮ ਕਰਦੇ ਸਨ, ਉਥੇ ਅੱਜ ਉਹੀ ਸਕੇ-ਸਬੰਧੀਆਂ ਨੂੰ ਮਨਾਉਣ ਤੇ ਸਜਣ-ਸੰਵਰਨ ਵਿਚ ਸਮਾਂ ਬਿਤਾ ਦਿੰਦੇ ਹਨ | ਅਸੀਂ ਆਪਣੇ ਸੱਭਿਆਚਾਰ ਦੀਆਂ ਕਈ ਰਸਮਾਂ ਤੋਂ ਬਹੁਤ ਪਛੜ ਚੁੱਕੇ ਹਾਂ | ਅੱਜ ਲੋੜ ਹੈ ਸੱਭਿਆਚਾਰ ਦੀਆਂ ਅਲੋਪ ਹੋ ਰਹੀਆਂ ਰਸਮਾਂ ਦੀ ਅਹਿਮੀਅਤ ਨੂੰ ਬਰਕਰਾਰ ਰੱਖਣ ਦੀ ਤੇ ਉਨ੍ਹਾਂ ਨੂੰ ਪੁਨਰ ਰੂਪ ਵਿਚ ਸਜੀਵ ਕਰਨ ਦੀ |
-ਗੁਰੂ ਰਾਮਦਾਸ ਇਨਕਲੇਵ, ਜਲੰਧਰ |
ਮੋਬਾਈਲ : 85569-80718.

ਭਾਰਤੀ ਸਿਨੇਮਾ ਦੀ ਧਕ-ਧਕ ਨਾਇਕਾ ਮਾਧੁਰੀ ਦੀਕਸ਼ਤ

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-74

ਐਮ.ਐਫ. ਹੁਸੈਨ ਭਾਰਤ ਦੇ ਬਹੁਤ ਹੀ ਚਰਚਿਤ ਚਿੱਤਰਕਾਰ ਸਨ | ਕੁਝ ਵਿਵਾਦਜਨਕ ਪੇਂਟਿੰਗਜ਼ ਕਰਕੇ ਉਨ੍ਹਾਂ ਨੇ ਖੁਦ ਹੀ ਭਾਰਤ ਛੱਡ ਕੇ ਜਲਾਵਤਨ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਦੇਸ਼ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਮਾਈ ਦੇ ਨਾਲ 'ਗਜ ਗਾਮਿਨੀ' ਨਾਂਅ ਦੀ ਫ਼ਿਲਮ ਬਣਾਈ ਸੀ | ਇਹ ਫ਼ਿਲਮ ਉਨ੍ਹਾਂ ਨੇ ਮਾਧੁਰੀ ਦੀਕਸ਼ਤ ਨੂੰ ਸਮਰਪਿਤ ਕੀਤੀ ਸੀ | ਦਰਅਸਲ 'ਹਮ ਆਪ ਕੇ ਹੈਂ ਕੌਨ?' ਵਿਚਲੀ ਮਾਧੁਰੀ ਦੀ ਪਰਫਾਰਮੈਂਸ ਤੋਂ ਉਹ ਬਹੁਤ ਹੀ ਪ੍ਰਭਾਵਿਤ ਹੋਏ ਸਨ ਅਤੇ ਇਹ ਫ਼ਿਲਮ ਮਾਧੁਰੀ ਦੀਆਂ ਅਦਾਵਾਂ ਕਰਕੇ ਉਨ੍ਹਾਂ ਨੇ ਕਈ ਵਾਰ ਦੇਖੀ ਸੀ |
ਇਸੇ ਹੀ ਤਰ੍ਹਾਂ ਲੰਦਨ ਵਿਖੇ ਸਥਾਪਤ ਮੈਡਮ ਤੁਸਾਦ ਦੇ ਮਿਊਜ਼ੀਅਮ ਵਿਚ ਮਾਧੁਰੀ ਦੀਕਸ਼ਤ ਦਾ ਮੋਮ ਦਾ ਇਕ ਬੁੱਤ ਬਣਾਇਆ ਗਿਆ ਹੈ | ਵੈਸੇ ਨਾਇਕਾਂ 'ਚੋਂ ਤਾਂ ਇਥੇ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਅਮਿਤਾਭ ਬੱਚਨ ਆਦਿ ਦੇ ਬੁੱਤ ਵੀ ਦੇਖੇ ਜਾ ਸਕਦੇ ਹਨ ਪਰ ਨਾਇਕਾਵਾਂ 'ਚ ਇਹ ਪਹਿਲਾ ਸਨਮਾਨ ਮਾਧੁਰੀ ਦੇ ਹਿੱਸੇ ਹੀ ਆਇਆ ਹੈ | ਮੈਡਮ ਤੁਸਾਦ ਨੇ ਇਸ ਮੋਮ ਦੇ ਬੁੱਤ ਦੇ ਥੱਲੇ ਲਿਖਿਆ ਹੈ, 'ਭਾਰਤ ਦੀ ਇਕ ਇਸ ਤਰ੍ਹਾਂ ਦੀ ਅਭਿਨੇਤਰੀ ਜਿਸ ਦੀ ਹਰ ਅਦਾ ਦਰਸ਼ਕਾਂ ਨੂੰ ਮੋਹ ਲੈਂਦੀ ਹੈ |'
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਇਸ ਨਾਇਕਾ ਦਾ ਜਨਮ 15 ਮਈ, 1967 ਨੂੰ ਇਕ ਮਰਾਠੀ ਪਰਿਵਾਰ 'ਚ ਹੋਇਆ | ਉਸ ਦੇ ਪਿਤਾ (ਸ਼ੰਕਰ) ਅਤੇ ਮਾਤਾ (ਸਨੇਹ ਲਤਾ) ਉਸ ਨੂੰ ਸਾਇੰਸ ਵਿਗਿਆਨੀ ਬਣਾਉਣਾ ਚਾਹੁੰਦੇ ਸਨ | ਇਸ ਮੰਤਵ ਲਈ ਉਨ੍ਹਾਂ ਨੇ ਪਹਿਲਾਂ ਮਾਧੁਰੀ ਨੂੰ ਡੀਵਾਈਨ ਹਾਈ ਸਕੂਲ ਮੰੁਬਈ ਵਿਚ ਪੜ੍ਹਨ ਲਈ ਭੇਜਿਆ ਅਤੇ ਬਾਅਦ 'ਚ ਮੰੁਬਈ ਯੂਨੀਵਰਸਿਟੀ ਵਿਚ ਉਸ ਨੂੰ ਸਾਇੰਸ ਦੇ ਵਿਸ਼ੇ 'ਚ ਪ੍ਰਬੀਨਤਾ ਹਾਸਲ ਕਰਨ ਲਈ ਦਾਖਲ ਕਰਵਾ ਦਿੱਤਾ |
ਫ਼ਿਲਮਾਂ 'ਚ ਆਉਣਾ ਮਾਧੁਰੀ ਲਈ ਇਕ ਕਿਸਮਤ ਦੀ ਖੇਡ ਹੀ ਸੀ | ਉਸਨੂੰ ਕੱਥਕ ਨਿ੍ਤ ਸਿੱਖਣ ਦਾ ਸ਼ੌਕ ਸੀ ਅਤੇ ਸਮਾਰੋਹਾਂ 'ਚ ਉਹ ਆਪਣੀ ਇਸ ਕਲਾ ਦਾ ਪ੍ਰਗਟਾਵਾ ਵੀ ਕਰਦੀ ਹੁੰਦੀ ਸੀ | ਇਸ ਲਈ ਮੰੁਬਈਆ ਫ਼ਿਲਮਸਾਜ਼ਾਂ ਦਾ ਉਸ ਨੂੰ ਪਰਖਣਾ ਲਾਜ਼ਮੀ ਹੀ ਸੀ |
ਕਿਉਂਕਿ ਮਾਧੁਰੀ ਸਿਰਫ਼ ਸ਼ੌਕ ਲਈ ਹੀ ਫ਼ਿਲਮਾਂ ਵੱਲ ਪ੍ਰੇਰਿਤ ਹੋਈ ਸੀ, ਇਸ ਲਈ ਉਸ ਨੇ ਆਪਣੀਆਂ ਸ਼ੁਰੂ ਦੀਆਂ ਫ਼ਿਲਮਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਸੀ ਲਿਆ | ਇਸ ਲਈ ਉਸ ਦੀਆਂ ਪਹਿਲੇ ਦੌਰ ਦੀਆਂ ਇਹ ਫ਼ਿਲਮਾਂ 'ਅਬੋਧ', 'ਸਵਾਤੀ', 'ਮਾਨਵ ਹੱਤਿਆ', 'ਮੋਹਰੇ', 'ਹਿਫਾਜ਼ਤ', 'ਅਵਾਰਾ ਬਾਪ' ਅਤੇ 'ਉੱਤਰ ਦਕਸ਼ਨ' ਫਲਾਪ ਹੀ ਸਿੱਧ ਹੋਈਆਂ ਸਨ |
ਪਰ ਐਨ. ਚੰਦਰਾ ਦੀ ਫ਼ਿਲਮ 'ਤੇਜ਼ਾਬ' ਨੇ ਮਾਧੁਰੀ ਦਾ ਕੈਰੀਅਰ ਇਕਦਮ ਹੀ ਬਦਲ ਦਿੱਤਾ ਸੀ | ਇਸ ਫ਼ਿਲਮ 'ਚ ਮਾਧੁਰੀ ਨੇ ਕਾਮੇਡੀ, ਟ੍ਰੈਜਡੀ ਅਤੇ ਨਿ੍ਤ ਵਰਗੀਆਂ ਵਿਭਿੰਨ ਵਿਧੀਆਂ ਦਾ ਸੰਤੁਲਿਤ ਮਿਸ਼ਰਣ ਪੇਸ਼ ਕੀਤਾ ਸੀ | ਉਸ ਦਾ ਨਿ੍ਤ ਡਾਂਸ 'ਏਕ ਦੋ ਤੀਨ ਚਾਰ' ਤਾਂ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਗੀਤ ਹੀ ਬਣ ਗਿਆ ਸੀ | ਮਾਧੁਰੀ ਦੀ ਭੂਮਿਕਾ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਸਕਦਾ ਹੈ ਕਿ ਉਸ ਦੇ ਸਾਹਮਣੇ ਫ਼ਿਲਮ ਦਾ ਨਾਇਕ (ਅਨਿਲ ਕਪੂਰ) ਬਿਲਕੁਲ ਹੀ ਫਿੱਕਾ ਨਜ਼ਰ ਆਇਆ ਸੀ |
'ਤੇਜ਼ਾਬ' ਤੋਂ ਬਾਅਦ ਉਸ ਦੀਆਂ 'ਰਾਮ ਲਖਨ', 'ਤ੍ਰੀਦੇਵ', 'ਪਰਿੰਦਾ' ਆਦਿ 1989-90 ਵਿਚ ਪ੍ਰਦਰਸ਼ਤ ਹੋਈਆਂ ਫ਼ਿਲਮਾਂ ਨੇ ਫ਼ਿਲਮ ਆਲੋਚਕਾਂ ਨੂੰ ਮਾਧੁਰੀ ਦੀਕਸ਼ਤ ਪ੍ਰਤੀ ਗੰਭੀਰ ਦਿ੍ਸ਼ਟੀਕੋਣ ਰੱਖਣ ਲਈ ਮਜਬੂਰ ਕੀਤਾ | 'ਰਾਮ ਲਖਨ' ਸੁਭਾਸ਼ ਘਈ ਦਾ ਸਮਾਜਿਕ ਡਰਾਮਾ ਸੀ, 'ਤ੍ਰੀਦੇਵ' ਰਾਜੀਵ ਰਾਏ ਦੀ ਐਕਸ਼ਨ ਕਿਰਤ ਸੀ, ਜਦੋਂ ਕਿ 'ਪਰਿੰਦਾ' ਇਕ ਮਨੋਵਿਗਿਆਨਕ ਸਸਪੈਂਸ ਸ਼੍ਰੇਣੀ ਦੀ ਫ਼ਿਲਮ ਸੀ | ਮਾਧੁਰੀ ਨੇ ਇਨ੍ਹਾਂ ਅਲੱਗ-ਅਲੱਗ ਫ਼ਿਲਮਾਂ 'ਚ ਕਮਾਲ ਦੀ ਅਦਾਕਾਰੀ ਕੀਤੀ ਅਤੇ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ | ਸੁਭਾਸ਼ ਘਈ ਤਾਂ 'ਰਾਮ ਲਖਨ' ਵਿਚਲੀ ਉਸ ਦੀ ਪਰਫਾਰਮੈਂਸ ਤੋਂ ਇਸ ਹੱਦ ਤੱਕ ਪ੍ਰਭਾਵਿਤ ਹੋ ਗਿਆ ਸੀ ਕਿ ਉਸ ਨੇ ਮਾਧੁਰੀ ਨੂੰ ਭਵਿੱਖ ਦੀ ਮਧੂ ਬਾਲਾ ਤੱਕ ਘੋਸ਼ਿਤ ਕਰ ਦਿੱਤਾ ਸੀ | ਇਸ ਸਬੰਧੀ ਉਸ ਨੇ ਸਪਤਾਹਿਕ 'ਸਕਰੀਨ' ਵਿਚ ਇਕ ਬਹੁਤ ਵੱਡਾ ਇਸ਼ਤਿਹਾਰ ਵੀ ਦਿੱਤਾ ਸੀ |
ਸੁਭਾਸ਼ ਘਈ ਦੀ ਇਹ ਭਵਿੱਖਬਾਣੀ 1990-91 ਵਿਚ ਪੂਰੀ ਤਰ੍ਹਾਂ ਸੱਚ ਸਿੱਧ ਹੋਈ | ਇਸ ਸਮੇਂ ਦੀਆਂ ਅਨੇਕਾਂ ਕਾਮਯਾਬ ਫ਼ਿਲਮਾਂ 'ਦਿਲ', 'ਸਾਜਨ', 'ਹਮ ਆਪ ਕੇ ਹੈਂ ਕੌਨ?', 'ਰਾਜਾ' ਨੇ ਮਾਧੁਰੀ ਨੂੰ ਸੁਪਰ ਸਟਾਰਡਮ ਦੀ ਪੌੜੀ 'ਤੇ ਚੜ੍ਹਾ ਦਿੱਤਾ ਸੀ | ਇਹ ਫ਼ਿਲਮਾਂ ਵੀ ਅਲੱਗ-ਅਲੱਗ ਵਿਸ਼ਿਆਂ ਨਾਲ ਸਬੰਧਤ ਸਨ | 'ਦਿਲ' ਇਕ ਸਮਾਜਿਕ, ਰੁਮਾਂਟਿਕ ਫ਼ਿਲਮ ਸੀ | ਇਸ ਵਿਚ ਮਾਧੁਰੀ-ਆਮਿਰ ਖ਼ਾਨ ਅਤੇ ਅਨੁਪਮ ਖੇਰ ਦੀਆਂ ਮੁੱਖ ਭੂਮਿਕਾਵਾਂ ਸਨ | ਜਿਥੇ ਰੁਮਾਂਟਿਕ ਦਿ੍ਸ਼ਾਂ 'ਚ ਮਾਧੁਰੀ ਫ਼ਿਲਮ ਦੇ ਨਾਇਕ (ਆਮਿਰ ਖ਼ਾਨ) ਨਾਲ ਬੜੀ ਸਹਿਜ ਦਿਖਾਈ ਦਿੱਤੀ, ਉਥੇ ਨਾਟਕੀ ਪਲਾਂ 'ਚ ਅਨੁਪਮ ਖੇਰ ਦੇ ਸਾਹਮਣੇ ਉਸ ਨੇ ਕਮਾਲ ਦਾ ਅਭਿਨੈ ਕੀਤਾ | 'ਸਾਜਨ' ਇਕ ਸ਼ੁੱਧ ਰੁਮਾਂਟਿਕ ਕਿਰਤ ਸੀ | ਇਸ 'ਚ ਉਸ ਨੇ ਸਲਮਾਨ ਖ਼ਾਨ ਅਤੇ ਸੰਜੇ ਦੱਤ ਦੇ ਨਾਲ ਪ੍ਰੇਮ ਤਿਕੋਣ ਬਣਾਈ ਸੀ | ਇਸ ਫ਼ਿਲਮ ਦੇ ਲਗਪਗ ਸਾਰੇ ਹੀ ਗੀਤ 'ਬਹੁਤ ਪਿਆਰ ਕਰਤੇ ਹੈਂ', 'ਦੇਖਾ ਹੈ ਪਹਿਲੀ ਬਾਰ' ਬਹੁਤ ਲੋਕਪਿ੍ਆ ਹੋਏ ਸਨ | 'ਹਮ ਆਪ ਕੇ ਹੈਂ ਕੌਨ?' ਵਿਚ ਉਸ ਨੇ ਇਕ ਮਾਡਰਨ ਪਰ ਭਾਰਤੀ ਸੰਸਕਿ੍ਤੀ ਨਾਲ ਜੁੜੀ ਹੋਈ ਲੜਕੀ ਦੀ ਭੂਮਿਕਾ ਨਿਭਾਈ ਸੀ | ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਇਕ ਨਵਾਂ ਇਤਿਹਾਸ ਰਚਿਆ ਸੀ |
ਕਿਉਂਕਿ ਮਾਧੁਰੀ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਸੀ, ਇਸ ਲਈ ਨਿਰਮਾਤਾ ਵਧੇਰੇ ਕਰਕੇ ਉਸ ਨੂੰ ਸਮਾਜਿਕ-ਰੁਮਾਂਟਿਕ ਫ਼ਿਲਮਾਂ ਲਈ ਹੀ ਲੈਂਦੇ ਸਨ | ਇਸ ਦਿ੍ਸ਼ਟੀਕੋਣ ਤੋਂ ਉਸ ਦੀ 'ਬੇਟਾ' ਫ਼ਿਲਮ ਇਕ ਸੁਪਰਹਿੱਟ ਫ਼ਿਲਮ ਸਿੱਧ ਹੋਈ ਸੀ | 'ਬੇਟਾ' ਦਾ 'ਧਕ ਧਕ ਕਰਨੇ ਲਗਾ' ਵਾਲਾ ਗੀਤ ਸਮੁੱਚੇ ਭਾਰਤ ਦੀਆਂ ਗਲੀਆਂ 'ਚ ਗੰੂਜਦਾ ਸੁਣਾਈ ਦਿੱਤਾ ਸੀ | ਇਸ ਗੀਤ ਕਰਕੇ ਹੀ ਉਸ ਨੂੰ 'ਧਕ ਧਕ ਗਰਲ' ਦਾ ਖਿਤਾਬ ਦਿੱਤਾ ਗਿਆ ਸੀ |
ਪਰ ਮਾਧੁਰੀ ਦੀਕਸ਼ਤ ਦੀ 'ਖਲਨਾਇਕ' ਕਾਫ਼ੀ ਵਿਵਾਦਜਨਕ ਫ਼ਿਲਮ ਰਹੀ ਸੀ | ਇਸ ਵਿਚਲੇ ਵਿਵਾਦ ਦਾ ਇਕ ਪ੍ਰਮੁੱਖ ਕਾਰਨ ਇਸ ਦਾ ਇਕ ਗੀਤ 'ਚੋਲ਼ੀ ਕੇ ਪੀਛੇ ਕਿਆ ਹੈ' ਸੀ, ਜਿਸ ਦੀ ਸ਼ਬਦਾਵਲੀ ਅਤੇ ਫ਼ਿਲਮਾਂਕਣ ਪ੍ਰਤੀ ਅਸ਼ਲੀਲਤਾ ਦਾ ਦੋਸ਼ ਲਗਾਇਆ ਗਿਆ ਸੀ | ਮਾਧੁਰੀ ਨੇ ਇਸ 'ਚ ਇਕ ਅਜਿਹੀ ਮਾਸੂਮ ਲੜਕੀ (ਗੰਗਾ) ਦੀ ਭੂਮਿਕਾ ਪੇਸ਼ ਕੀਤੀ ਸੀ, ਜਿਹੜੀ ਕਿ ਪੁਲਿਸ ਨਾਲ ਸਬੰਧਤ ਹੁੰਦਿਆਂ ਵੀ ਮੁਜਰਮ (ਸੰਜੇ ਦੱਤ) ਪ੍ਰਤੀ ਹਮਦਰਦੀ ਰੱਖਦੀ ਹੈ | (ਬਾਕੀ ਅਗਲੇ ਐਤਵਾਰ)
ਮੋਬਾਈਲ : 099154-93043.

ਬੱਚਿਆਂ ਪ੍ਰਤੀ ਪੱਖਪਾਤੀ ਹੁੰਦਾ ਹੈ ਮਾਪਿਆਂ ਦਾ ਪਿਆਰ!

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜੇਕਰ ਬੱਚਿਆਂ ਦੀ ਛੱਬ, ਨੈਣ ਨਕਸ਼ ਆਦਿ ਮਾਪਿਆਂ ਦੀ ਮਾਨਸਿਕਤਾ ਨੂੰ ਬਾਖੂਬੀ ਕੀਲਦੇ ਨੇ ਤਾਂ ਬੱਚਿਆਂ ਦਾ ਿਲੰਗ ਮਾਪਿਆਂ 'ਤੇ ਹੋਰ ਵੀ ਹਾਵੀ ਤੇ ਗਹਿਰਾ ਹੋ ਸਕਦਾ ਹੈ, ਪਰ ਇਹ ਤਰਜੀਹ ਆਮ ਦਿਖਾਈ ਦਿੰਦੀ ਹੈ | ਜਦ ਕਿ ਬਾਪ ਆਪਣੀ ਆਖਰੀ ਧੀ ਵੱਲ ਨੂੰ ਜ਼ਿਆਦਾ ਖਿਚਿਆ ਰਹਿੰਦਾ ਹੈ ਤਾਂ ਮਾਂ ਆਪਣੇ ਪਲੇਠੇ ਪੁੱਤ ਵੱਲ ਨੂੰ ਬਹੁਤੀ ਨਰਮਾਈ ਰੱਖਦੀ ਹੈ | ਇਹ ਹਰੇਕ ਟੱਬਰ ਦੀ ਕਹਾਣੀ ਨਹੀਂ ਪਰ ਬਹੁਤੇ ਟੱਬਰ ਇਵੇਂ ਹੀ ਨੇ | ਇਸ ਤਰ੍ਹਾਂ ਦੀ ਤਰਜੀਹ ਨੂੰ ਬਹੁਤੇ ਮਨੋਵਿਗਿਆਨੀ, ਸਮਾਜ-ਸਿਆਣੇ ਵਿਪਰੀਤ-ਿਲੰਗ ਦੀ ਖਿੱਚ ਕਰ ਲੈਂਦੇ ਨੇ ਪਰ ਜ਼ਿਆਦਾਤਰ ਇਹ ਖਿੱਚ ਮਾਪੇ ਦੀ ਆਪਣੀ ਫਿਤਰਤ ਨਾਲ ਜੁੜੀ ਲਗਦੀ ਹੈ | ਕੋਮਲ ਚਿੱਤ ਦੀ ਮਲਿਕਾ ਮਾਂ ਨੂੰ ਸ਼ਾਇਰਾਨਾ ਮਿਜਾਜ਼, ਸਰੂਰੀ ਅੱਖਾਂ ਰੱਖਣ ਵਾਲਾ ਪੁੱਤ ਬਹੁਤ ਸੁਹਾਉਂਦਾ ਹੈ | ਬਿਜ਼ਨੈਸ ਸੁਭਾਅ ਵਾਲੇ ਬਾਪ ਨੂੰ ਆਪਣੀ ਐਮ.ਬੀ.ਏ. ਧੀ ਵਧੇਰੀ ਚੰਗੀ ਲਗਦੀ ਹੈ | ਪਰ ਜੁਆਕ ਸਮਾਰਟ ਹੁੰਦੇ ਨੇ ਤੇ ਉਹ ਲਗਾਤਾਰ ਕੋਸ਼ਿਸ਼ ਵਿਚ ਰਹਿੰਦੇ ਨੇ ਕਿ ਉਹ ਆਪਣੇ ਹੁਨਰਾਂ ਨੂੰ ਕਿਵੇਂ ਹੋਰ ਵੀ ਨਿਖਾਰ ਸਕਦੇ ਨੇ ਤਾਂ ਜੋ ਉਹ ਆਪਣੇ ਮਾਪਿਆਂ ਦੀ ਤਵੱਜੋ ਕੀਲ ਸਕਣ |
ਵਿਚਾਲੜੇ ਬੱਚੇ ਨੂੰ ਔਖ ਤਦ ਆਉਂਦੀ ਹੈ ਜਦ ਟੱਬਰ ਵਿਚ ਤਿੰਨ ਹੀ ਬੱਚੇ ਹੋਣ | ਜੇਕਰ ਮਾਪਿਆਂ ਦੀ ਪਸੰਦ ਪਹਿਲਾਂ ਜਾਂ ਪੇਟ-ਘਰੋੜੀ ਦਾ ਬੱਚਾ ਹੈ ਤਾਂ ਵਿਚਾਲੜਾ ਸੋਕੇ ਵਿਚ ਹੀ ਪਲਦਾ ਹੈ | ਵਿਚਾਲੜੇ ਦੀਆਂ ਫਿਰ ਪੌਾ ਬਾਰਾਂ ਨੇ ਜੇਕਰ ਉਹ ਸਿਰਫ਼ ਲੜਕੀ ਜਾਂ ਲੜਕਾ ਹੈ, ਜਿਸ ਕਰਕੇ ਮਾਪੇ ਦੀ ਤਰਜੀਹ ਉਸ ਵੱਲ ਨੂੰ ਲਾਜ਼ਮੀ ਰਹੇਗੀ | ਯਾਨੀ ਮੰੁਡਾ, ਕੁੜੀ, ਮੰੁਡਾ ਤਰਜੀਹ ਵਿਚ ਕੁੜੀ ਦੀ ਚਾਂਦੀ ਰਹੇਗੀ | ਇਸ ਦੇ ਉਲਟ ਵਾਲੀ ਤਰਤੀਬ ਵਿਚ ਜੇਕਰ ਵਿਚਾਲੜਾ ਲੜਕਾ ਹੈ ਤਾਂ ਉਸ ਦੀ ਬੱਲੇ-ਬੱਲੇ ਰਹਿਣ ਦੇ ਆਸਾਰ ਜ਼ਿਆਦਾ ਨੇ |
ਇਕਲੌਤੇ ਬੱਚੇ ਬਾਰੇ ਕਹਿਣ ਲਈ ਕੋਈ ਗੁੰਜਾਇਸ਼ ਹੈ ਹੀ ਨਹੀਂ... ਚੰਗਾ ਮਾੜਾ, ਬਸ ਲਖਤੇ ਜਿਗਰ | ਜਿਗਰ ਦਾ ਟੁਕੜਾ ਹੀ ਹੁੰਦਾ ਹੈ... ਇਹ ਪੂਰਾ ਗਹਿਰ ਉਹਦਾ ਹੀ ਤਾਂ ਹੈ |
ਮਾਪਿਆਂ ਦਾ ਦੁਲਾਰਾ ਬੱਚਾ ਕੋਈ ਵੀ ਹੋਵੇ... ਇਕ ਵਾਰ ਦੁਲਾਰਾ... ਦਿਲ ਵਿਚੋਂ ਇਹ ਗੱਲ ਛੇਤੀ ਕੀਤਿਆਂ ਨਿਕਲਦੀ ਨਹੀਂ | ਪਰ ਕਈ ਵਾਰ ਇਹ ਤਰਜੀਹ ਲੜਖੜਾ ਵੀ ਸਕਦੀ ਹੈ ਜੇਕਰ ਬੱਚੇ ਦਾ ਵਤੀਰਾ ਘਰ ਵਿਚ ਹੋਰ ਹੈ ਤੇ ਬਾਹਰ ਹੋਰ ਹੋਵੇ | ਇਸ ਵਜੋਂ ਦੇ ਦੋਹਰੇ ਵਤੀਰੇ ਕਰਕੇ ਮਾਪਾ ਆਪਣੇ ਨੰਬਰ ਦੋ ਨਾਲ ਆਪਣੀ ਗੂੜ੍ਹਤਾ ਵਧਾ ਸਕਦਾ ਹੈ | ਮਿਸਾਲ ਵਜੋਂ ਬਾਪ ਆਪਣੇ ਪੁੱਤਰ ਨਾਲ ਕੋਈ ਗੰਭੀਰ ਤੇ ਟਿਕ ਕੇ ਗੱਲ ਕਰਨਾ ਚਾਹੁੰਦਾ ਹੈ ਤੇ ਮੰੁਡਾ ਆਪਣੇ ਕੰਨਾਂ ਵਿਚ ਨਿੱਕੇ ਸਪੀਕਰ ਫਸਾ ਕੇ ਮੋਬਾਈਲ ਤੋਂ ਗਾਣੇ ਸੁਣੀ ਜਾਂਦਾ ਹੈ ਤਾਂ ਬਾਪ ਸ਼ਾਇਦ ਆਪਣੀ ਸਾਊ ਧੀ ਨਾਲ ਗੱਲ ਕਰਨੀ ਜ਼ਿਆਦਾ ਮੁਨਾਸਬ ਸਮਝੇਗਾ | ਇਸ ਕਿਸਮ ਦੇ ਵਕਤੀ ਉਤਰਾਅ-ਚੜ੍ਹਾਅ ਸੰਭਵ ਨੇ ਪਰ ਅਖੀਰ ਨੂੰ ਲਾਲ ਹੀ ਨਿੱਤਰ ਕੇ ਉਪਰ ਰਹੇਗਾ ਤੇ ਬਾਪ ਦੀ ਧੀ ਨਾਲ ਨੇੜਤਾ ਵੀ ਵਧਦੀ ਰਹੇਗੀ | ਮਾਪੇ ਦੀ ਇਸ ਕਿਸਮ ਦੀ ਨੀਤੀ, ਤਰਫ਼ਦਾਰੀ ਦੇ ਸੰਤੁਲਨ ਨੂੰ ਕਾਇਮ ਰੱਖ ਸਕਦੀ ਹੈ |
ਮਾਪਿਆਂ ਦੀਆਂ ਤਰਜੀਹਾਂ ਰਹਿਣ ਜਿਵੇਂ ਵੀ ਨੇ ਪਰ ਕਿਸੇ ਇਕ ਬੱਚੇ ਪ੍ਰਤੀ ਮਾਪੇ ਦੀ ਬਾਹਲੀ ਦਇਆ, ਬਾਕੀ ਬੱਚਿਆਂ ਦੀ ਮਾਨਸਿਕਤਾ 'ਤੇ ਕਿੰਨਾ ਕੁ ਤੇ ਕੀ ਅਸਰ ਛੱਡ ਸਕਦੇ ਨੇ, ਅਜੇ ਤੱਕ ਮਾਹਿਰਾਂ ਦੇ ਪੱਲੇ ਪਏ ਨਤੀਜੇ ਕੋਈ ਖਾਸ ਤੇ ਪੱਕੇ ਨਹੀਂ | ਮਾਹਿਰਾਂ ਦੀ ਇਸ ਕਰਕੇ ਮਾਪਿਆਂ ਨੂੰ ਇਹੋ ਦਲੀਲ ਹੁੰਦੀ ਹੈ ਕਿ ਕਦੇ ਮੰਨਣਾ ਹੀ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਹੈ | ਇਹ ਮਾਸੂਮ ਝੂਠ ਬਲਕਿ ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਜਤਾਉਣਾ ਹੀ ਹੈ, ਜਿਸ ਸਦਕਾ ਉਹ ਆਪਣੇ ਬੱਚਿਆਂ ਦਾ ਮਨ ਟਿਕਾਈ ਰੱਖਦੇ ਨੇ ਤਾਂ ਜੋ ਬੱਚਿਆਂ ਨੂੰ ਦਿਲੀ ਠੇਸ ਤੋਂ ਬਚਾਇਆ ਜਾ ਸਕੇ ਕਿ ਮਾਪਿਆਂ ਦੇ ਦਿਲਾਂ ਵਿਚ ਕੋਈ ਖੋਟ ਨਹੀਂ | ਕਿਵੇਂ ਵੀ ਕਰ ਲਵੋ, ਖੋਟ ਤਾਂ ਖੋਟ ਹੀ ਰਹਿੰਦੀ ਹੈ ਜੀਹਨੂੰ ਬੱਚੇ ਭਾਂਪ ਹੀ ਜਾਂਦੇ ਨੇ | ਬਾਕੀਆਂ ਨੂੰ ਕਿਵੇਂ ਨਜ਼ਰ ਨਹੀਂ ਆਉਂਦਾ ਕਿ ਇਕ ਦੀ ਹਰੇਕ ਮੰਨੀ ਜਾਂਦੀ ਹੈ ਤੇ ਬਾਕੀਆਂ ਨੂੰ ਤੋੜ ਕੇ ਬਿਠਾ ਦਿੱਤਾ ਜਾਂਦਾ ਹੈ | ਇਕ ਪ੍ਰਤੀ ਸੁਵੱਲੀ ਨਜ਼ਰ ਤੇ ਦੂਜਿਆਂ ਲਈ ਕੌੜ ਨਜ਼ਰ... ਕਿਸੇ ਕਿਸੇ ਬੱਚੇ ਦੇ ਮਨ ਵਿਚ, ਉਮਰ ਭਰ, ਉਹ ਕੌੜ ਨਜ਼ਰ ਗੇੜੇ ਮਾਰਦੀ ਰਹਿੰਦੀ ਹੈ |
ਬੱਚਿਆਂ ਦੀ ਨਜ਼ਰਅੰਦਾਜ਼ੀ ਸਦਕਾ ਉਨ੍ਹਾਂ 'ਤੇ ਹੋਏ ਮਾਨਸਿਕ ਅੱਤਿਆਚਾਰ ਨੂੰ ਮਾਪਣਾ ਤੋਲਣ ਔਖਾ ਹੈ ਪਰ ਲਾਡਾਂ 'ਤੇ ਪਲੇ ਬੱਚੇ 'ਤੇ ਲਾਡਾਂ ਦੇ ਕੀ ਅਸਰ ਰਹਿਦੇ ਨੇ, ਅੰਦਾਜਣਾ ਹੋਰ ਵੀ ਔਖਾ ਹੈ | ਚੰਗੇ-ਮਾੜੇ ਅਸਰ ਸੱਚੀਂ-ਮੁੱਚੀ ਹੀ ਬਾਲ ਦਿਲਾਂ ਵਿਚ ਗਹਿਰੇ ਰਚ ਜਾਂਦੇ ਨੇ | ਲਾਡਲਾ ਬੱਚਾ ਜਦ ਮਾਪਿਆਂ ਦੀ ਕੁੱਛੜ ਦਾ ਨਿੱਘ ਛੱਡ ਕੇ ਬਾਹਰਲੇ ਸਮਾਜ ਦਾ ਸਾਹਮਣਾ ਕਰਦਾ ਹੈ ਤਾਂ ਪਹਿਲੀ ਮੁਸ਼ਕਿਲ ਜਿਹੜੀ ਉਹਦੇ ਮੱਥੇ ਵਿਚ ਠਾਹ ਕਰਕੇ ਵੱਜਦੀ ਹੈ, ਉਹ ਹੁੰਦੀ ਹੈ ਕਿ ਬਾਹਰੀ ਦੁਨੀਆ ਮਾਪਿਆਂ ਦੀ ਗੋਦ ਨਹੀਂ ਤੇ ਆਮ ਜਨਤਾ ਵਿਚ ਉਹ ਵੀ ਇਕ ਆਮ ਜਿਹਾ ਹੈ | ਉਸ ਦੀਆਂ ਜਿਨ੍ਹਾਂ ਸਿਫ਼ਤਾਂ ਨੇ ਮਾਪਿਆਂ ਨੂੰ ਕੀਲ ਕੇ ਰੱਖਿਆ ਸੀ, ਬਾਹਰੀ ਖ਼ਲਕਤ ਵਿਚ ਉਹ ਕਿਸੇ ਕੰਮ ਦੀਆਂ ਨਹੀਂ, ਫੋਕੀਆਂ ਨਿਕਲਦੀਆਂ ਨੇ | ਜਿਸ ਲਾਡਲੇ ਨੂੰ ਮਾਪੇ ਹੁਣ ਤੱਕ ਫੂਕ ਛਕਾਉਂਦੇ ਰਹੇ, ਉਸ ਦੀ ਵਡਿਆਈ ਅਲਾਪਦੇ ਰਹੇ, ਜਦ ਉਹ ਸਮਾਜ ਵਿਚ ਆਪਣੀ ਥਾਂ ਉਲੀਕਣ ਲਗਦਾ ਹੈ ਤਾਂ ਪੈਰ-ਪੈਰ 'ਤੇ ਜ਼ਿਆਦਾ ਮਾਯੂਸੀਆਂ ਹੀ ਮਿਲਦੀਆਂ ਨੇ ਕਿਉਂਕਿ ਜਿਨ੍ਹਾਂ ਦਸਤੂਰਾਂ ਨਾਲ ਦੁਨੀਆ ਖੇਡਦੀ ਹੈ, ਉਹ ਉਸ ਵਾਸਤੇ ਓਪਰੇ, ਨਿਰਾਲੇ ਹੁੰਦੇ ਨੇ | ਮੇਰਾ ਇਕ ਦੂਰ ਦਾ ਮਮੇਰਾ ਭਾਈ ਦੋ ਲੜਕੀਆਂ ਵਿਚ ਇਕੱਲਾ ਮੰੁਡਾ ਬਾਪ ਦੇ ਲਾਡਾਂ ਵਿਚ ਪਲਿਆ ਸੀ | ਮੁਸ਼ਕਿਲ ਨਾਲ ਉਹ ਚੌਥੀ ਜਮਾਤ ਕਰ ਪਾਇਆ ਜਦ ਕਿ ਉਹ ਦੇ ਹਾਣੀ ਕਿਤੇ ਮੋਹਰੇ ਨਿਕਲ ਗਏ | ਉਸ ਨੇ ਬਾਅਦ ਵਿਚ ਆਪਣੇ ਬਾਪ ਨੂੰ ਹੀ ਕੋਸਣਾ, 'ਕਿੰਨਾ ਚੰਗਾ ਹੁੰਦਾ ਜੇਕਰ ਮੇਰੇ ਬਾਪ ਨੇ ਬਚਪਨ ਵਿਚ ਮੇਰੇ ਦੋ ਧਰੀਆਂ ਹੁੰਦੀਆਂ ਤਾਂ ਮੈਂ ਵੀ ਕੁਝ ਬਣ ਗਿਆ ਹੁੰਦਾ |' ਉਹ ਨੇ ਕਦੇ ਵੀ ਨਾ ਕਬੂਲਿਆ ਕਿ ਉਹ ਖੁਦ ਹੀ ਆਲਸੀ, ਨਿਕੰਮਾ ਸੀ ਤੇ ਸਾਰੀ ਉਮਰ ਆਪਣੇ ਨਿਖੱਟੂਪਣ ਦਾ ਠੀਕਰਾ ਆਪਣੇ ਮਰਹੂਮ ਬਾਪ ਦੇ ਸਿਰ 'ਤੇ ਭੰਨਦਾ ਰਿਹਾ |
ਇਹ ਵੀ ਨਹੀਂ ਕਿ ਹਰੇਕ ਲਾਡਲੇ ਦਾ ਹਸ਼ਰ ਮੇਰੇ ਮਮੇਰੇ ਭਾਈ ਵਾਂਗ ਹੀ ਰਹਿੰਦਾ ਹੈ | ਕੁਝ ਲਾਡਲਿਆਂ ਨੂੰ ਸ਼ੁਰੂ ਵਿਚ ਕੁਝ ਦਿੱਕਤਾਂ ਜ਼ਰੂਰ ਆਉਂਦੀਆਂ ਨੇ ਪਰ ਚਲਦਿਆਂ, ਡਿਗਦਿਆਂ ਅਜਿਹੀਆਂ ਚੁਣੌਤੀਆਂ ਉਨ੍ਹਾਂ ਦੀ ਕਾਮਯਾਬੀ ਲਈ ਪੌੜੀ ਸਾਬਤ ਹੁੰਦੀਆਂ ਨੇ | ਜਿਥੋਂ ਤੱਕ ਟੱਬਰ ਦਾ ਸਵਾਲ ਹੁੰਦਾ ਹੈ, ਕਈ ਲਾਡਲੇ ਆਪਣੇ-ਆਪ ਨੂੰ ਉਮਰ ਭਰ ਮੁਆਫ਼ ਨਹੀਂ ਕਰ ਪਾਉਂਦੇ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਬਾਕੀ ਭੈਣ-ਭਰਾਵਾਂ ਨੂੰ ਉਨ੍ਹਾਂ ਦਾ ਬਣਦਾ ਸਹੀ ਸਲੂਕ ਨਹੀਂ ਮਿਲਿਆ | ਮਾਪਿਆਂ ਦੀ ਤਰਫ਼ਦਾਰੀ ਉਸ ਵਕਤ ਹੋਰ ਵੀ ਭਿਆਨਕ ਰੂਪ ਇਖ਼ਤਿਆਰ ਕਰ ਲੈਂਦੀ ਹੈ ਜਦ ਘਰ ਵਿਚ ਕਲੇਸ਼ ਸ਼ੁਰੂ ਹੋ ਜਾਵੇ ਤਾਂ ਮਾਪੇ ਆਪਣਾ ਗੁੱਸਾ ਅਣਚਹੇਤਿਆਂ 'ਤੇ ਅਕਸਰ ਕੱਢਦੇ ਨੇ | ਮਾਪਿਆਂ ਦਾ ਇਸ ਕਿਸਮ ਦਾ ਬੇਤੁਕਾ ਧੱਕਾ, ਕਠੋਰ ਸਲੂਕ ਬੱਚਿਆਂ (ਲਾਡਲਾ ਸ਼ਾਮਿਲ) ਦੇ ਦਿਲਾਂ 'ਤੇ ਅਮਿਟ ਧੱਬੇ ਛੱਡ ਜਾਂਦਾ ਹੈ... ਇਕ ਨਾ ਖ਼ੁਸ਼ਗੁਆਰ, ਅਣਚਾਹਿਆ ਭਾਰ ਜਿਸ ਨੂੰ ਉਹ ਸਾਰੀ ਉਮਰ ਚੁੱਕੀ ਫਿਰਦੇ ਨੇ |
ਜਦ ਜੁਆਕ ਬਾਲਗ ਉਮਰ ਵਿਚ ਪੈਰ ਰੱਖ ਲੈਂਦੇ ਨੇ ਤਾਂ ਵਕਤ ਨਾਲ, ਮਾਪਿਆਂ ਦੀ ਪੱਖਪਾਤੀ ਉਨ੍ਹਾਂ ਦੇ ਦਿਲਾਂ ਵਿਚ ਅਮੂਮਨ ਫਿੱਕੀ ਪੈਣ ਲੱਗ ਪੈਂਦੀ ਹੈ | ਬੇਸ਼ੱਕ ਹਰੇਕ ਬੱਚੇ ਦੀ ਇਹ ਕਹਾਣੀ ਨਹੀਂ ਹੈ ਪਰ ਕੁਝ ਕੁ ਦੇ ਦਿਲਾਂ ਦੇ ਕਿਸੇ ਖੱਲ-ਖੰੂਜੇ ਵਿਚ ਇਹ ਰੜਕ ਸਦਾ ਵਾਸਤੇ ਪਈ ਹੀ ਰਹਿੰਦੀ ਹੈ | ਕਈ ਵਾਰ ਜਦ ਬਿਰਧ ਮਾਪੇ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਦਾ ਸਵਾਲ ਉਠਦਾ ਹੈ ਤਾਂ ਨਜ਼ਰਅੰਦਾਜ਼ ਕੀਤੇ ਗਏ ਬੱਚੇ ਆਪਣਾ ਪੱਲਾ ਝਾੜ ਦਿੰਦੇ ਨੇ ਇਹ ਕਹਿ ਕੇ ਕਿ ਉਸ ਦਾ ਲਾਡਲਾ ਹੀ ਹੁਣ ਸੇਵਾ ਕਰੇ | ਕਈ ਮਤਲਬੀ ਬਾਲਗ ਮਾਪਿਆਂ ਦੀ ਸੇਵਾ ਦਾ ਬੀੜਾ ਇਸ ਮਕਸਦ ਨਾਲ ਚੁੱਕ ਲੈਂਦੇ ਨੇ ਕਿ ਬਾਅਦ ਵਿਚ ਮਾਪਿਆਂ ਦੀ ਜਾਇਦਾਦ ਆਦਿ ਉਨ੍ਹਾਂ ਦੀ ਹੋ ਜਾਵੇਗੀ | ਟੱਬਰ ਦੇ ਬਾਕੀ ਜੀਅ ਸ਼ਾਇਦ ਅਜਿਹੀ ਕਾਣੀ ਵੰਡ 'ਤੇ ਮੁੜ ਤੋਂ, ਬਚਪਨ ਦੀਆਂ ਰੜਕਾਂ ਕੱਢਣ 'ਤੇ ਮਜਬੂਰ ਹੋ ਜਾਣ ਤੇ ਮੁਕੱਦਮੇਬਾਜ਼ੀ ਵਿਚ ਜਾ ਵੜਨ |
(ਬਾਕੀ ਅਗਲੇ ਐਤਵਾਰ)
-ਮੋਬਾਈਲ : 97806-66268.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX