ਤਾਜਾ ਖ਼ਬਰਾਂ


ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  11 minutes ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  25 minutes ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  27 minutes ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  38 minutes ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  48 minutes ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  56 minutes ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  about 1 hour ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  about 2 hours ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 2 hours ago
ਅਜਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕੁਝ ਮਹੀਨੇ ਪਹਿਲਾਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਅੱਜ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ...
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  about 2 hours ago
ਫ਼ਰੀਦਕੋਟ, 20 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਵਲੋਂ ਕੋਟਕਪੂਰਾ ਗੋਲੀ ਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਵਿਖੇ ਦਰਜ ਮਾਮਲੇ 'ਚ ਦਿੱਤੀ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਜ਼ਿਲ੍ਹਾ ਅਤੇ ਸੈਸ਼ਨ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਘੋੜਿਆਂ ਦਾ ਦਿਲਜਾਨੀ-ਗੁਲਜ਼ਾਰ ਸਿੰਘ ਭਲਵਾਨ ਬੱਚੀਵਿੰਡੀਆ

ਜ਼ਿਲ੍ਹਾ ਅੰਮ੍ਰਿਤਸਰ ਦੇ ਅਟਾਰੀ ਕਸਬੇ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿਸਤਾਨ ਦੀ ਹੱਦ ਨਜ਼ਦੀਕ ਸਥਿਤ ਹੈ ਪਿੰਡ ਬੱਚੀਵਿੰਡ। ਇਸ ਪਿੰਡ ਦੇ ਨੌਜਵਾਨ ਗੁਲਜ਼ਾਰ ਸਿੰਘ ਉਰਫ਼ ਬੱਚੀਵਿੰਡੀਏ ਭਲਵਾਨ ਨੇ ਭਲਵਾਨੀ ਤੇ ਘੋੜਾ ਪਾਲਕਾਂ ਦੀ ਦੁਨੀਆ ਵਿਚ ਬਰਾਬਰ ਝੰਡਾ ਗੱਡਿਆ ਹੈ। ਗੁਲਜ਼ਾਰ ਸਿੰਘ ਲਗਭਗ ਚਾਰ ਦਹਾਕੇ ਪਹਿਲਾਂ ਬਾਪੂ ਸ: ਸ਼ਿੰਗਾਰਾ ਸਿੰਘ ਅਤੇ ਬੇਬੇ ਸ੍ਰੀਮਤੀ ਹਰਜੀਤ ਕੌਰ ਦੇ ਘਰ ਦਾ ਸ਼ਿੰਗਾਰ ਬਣਿਆ। ਉਹ ਆਪਣੇ ਬਲਕਾਰ ਸਿੰਘ ਤੇ ਸੁਖਦੇਵ ਸਿੰਘ ਭਰਾਵਾਂ ਵਿਚੋਂ ਸਭ ਤੋਂ ਛੋਟਾ ਹੈ। ਨਿੱਕੇ ਹੁੰਦਿਆਂ ਜਦੋਂ ਉਹ ਆਪਣੇ ਪਿੰਡ ਦੇ ਮੁੰਡਿਆਂ ਅਤੇ ਪਹਿਲਵਾਨ ਮਿਲਖਾ ਸਿੰਘ ਨੂੰ ਜ਼ੋਰ ਕਰਦਿਆਂ ਤੱਕਦਾ ਤਾਂ ਉਸ ਦੇ ਦਿਲ ਅੰਦਰ ਵੀ ਭਲਵਾਨੀ ਕਰਨ ਦੀਆਂ ਤਰੰਗਾਂ ਉੱਠਣ ਲੱਗ ਪੈਂਦੀਆਂ ਸਨ। 15 ਸਾਲ ਦੀ ਉਮਰ ਵਿਚ ਗੁਲਜ਼ਾਰ ਸਿੰਘ ਨੇ ਕੁਸ਼ਤੀ ਅਖਾੜੇ ਦੀ ਮਿੱਟੀ ਨੂੰ ਆਪਣੇ ਮਸਤਕ ਨਾਲ ਲਗਾਇਆ। ਦਿਨਾਂ-ਮਹੀਨਿਆਂ ਵਿਚ ਹੀ ਉਹ ਉਸਤਾਦਾਂ ਦਾ ਚੰਡਿਆ ਚੰਗੇ-ਚੰਗੇ ਭਲਵਾਨਾਂ ਨੂੰ ਮਾਤ ਦੇਣ ਲੱਗ ਪਿਆ। ਉਸ ਨੇ ਲਗਭਗ 5 ਸਾਲ ਸਰਗਰਮ ਭਲਵਾਨੀ ਕੀਤੀ ਅਤੇ ਉੱਤਰੀ ਭਾਰਤ ਦੀਆਂ ਪ੍ਰਸਿੱਧ ਛਿੰਝਾਂ ਦੇ ਅਖਾੜਿਆਂ ਦੀ ਮਿੱਟੀ ਨੂੰ ਆਪਣੇ ਭਲਵਾਨੀ ਜੁੱਸੇ ਦੇ ਪਸੀਨੇ ਨਾਲ ਗੁੰਨ੍ਹਿਆ। ਭਲਵਾਨੀ ਕਰਦਿਆਂ ਲੱਕ 'ਤੇ ਸੱਟ ਲੱਗਣ ਕਰਕੇ ਬੇਸ਼ੱਕ ਉਸ ਨੇ ਖੁਦ ਭਲਵਾਨੀ ਕਰਨੀ ਛੱਡ ਦਿੱਤੀ ਹੈ ਪਰ ਉਹ ਨਵੇਂ ਭਲਵਾਨਾਂ ਨੂੰ ਕੁਸ਼ਤੀ ਦੀ ਸਿਖਲਾਈ ਲਗਾਤਾਰ ਦੇ ਰਿਹਾ ਹੈ। ਘੋੜਿਆਂ ਨਾਲ ਕੁਦਰਤੀ ਉਸ ਦਾ ਬਚਪਨ ਤੋਂ ਪਿਆਰ ਹੈ। 1987 ਵਿਚ ਜਦੋਂ ਉਸ ਦੇ ਮਾਮਾ ਜੀ ਸ: ਦਇਆ ਸਿੰਘ ਕੱਕੜ ਨੇ ਉਸ ਨੂੰ ਇਕ ਘੋੜੀ ਤੋਹਫ਼ੇ ਵਜੋਂ ਦਿੱਤੀ ਤਾਂ ਇਸ ਘੋੜੀ ਦੇ ਮੋਹ ਨੇ ਉਸ ਨੂੰ ਬੱਚੀਵਿੰਡੀਏ ਭਲਵਾਨ ਤੋਂ ਘੋੜਿਆਂ ਵਾਲਾ ਭਲਵਾਨ ਬਣਾ ਦਿੱਤਾ। ਫਿਰ ਉਸ ਨੇ ਪਿਛਾਂਹ ਪਰਤ ਕੇ ਨਹੀਂ ਵੇਖਿਆ। ਉਹ ਸੱਚਮੁੱਚ ਹੁਣ ਘੋੜਿਆਂ ਦਾ ਦਿਲਜਾਨੀ ਹੈ। ਬਾਬਾ ਕੁਲਬੀਰ ਸਿੰਘ ਕੋਟਲੀ ਵਾਲਿਆਂ ਦੇ ਅਸ਼ੀਰਵਾਦ ਅਤੇ ਭਲਵਾਨ ਭਾਗ ਸਿੰਘ, ਪ੍ਰਸਿੱਧ ਘੋੜਾ ਪਾਲਕਾਂ ਜਸਪਾਲ ਸਿੰਘ ਤਰਖਾਣਵਾਲਾ ਤੇ ਸਵ: ਪਰਮਪਾਲ ਸਿੰਘ ਆਲਮਵਾਲਾ (ਬਾਬਾ ਸਟੱਡ ਫਾਰਮ) ਵਾਲਿਆਂ ਦੇ ਸਹਿਯੋਗ ਸਦਕਾ ਉਸ ਨੇ ਘੋੜਿਆਂ ਦੇ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਉਸ ਦੀਆਂ ਤਿਆਰ ਕੀਤੀਆਂ ਘੋੜੀਆਂ ਤਰਨਤਾਰਨ ਤੇ ਅੰਮ੍ਰਿਤਸਰ ਦੇ ਪਸ਼ੂ ਧਨ ਮੁਕਾਬਲਿਆਂ ਵਿਚ 3 ਸਾਲਾਂ ਤੋਂ ਇਨਾਮ ਜਿੱਤਦੀਆਂ ਆ ਰਹੀਆਂ ਹਨ। ਭਾਵੇਂ ਹੁਣ ਤੱਕ ਉਹ ਹਜ਼ਾਰਾਂ ਘੋੜੇ-ਘੋੜੀਆਂ ਦੀ ਖਰੀਦੋ-ਫਰੋਖ਼ਤ ਕਰ ਚੁੱਕਾ ਹੈ ਪਰ ਇਸ ਸਮੇਂ ਉਸ ਕੋਲ ਖੂਬਸੂਰਤ ਛੰਨੋ ਘੋੜੀ ਉਮਰ 8 ਸਾਲ, ਕੱਦ 63 ਇੰਚ, ਰੰਗ ਨੀਲਾ, ਸੁਲਤਾਨ ਨੁੱਕਰਾ ਘੋੜਾ ਉਮਰ ਸਾਢੇ 4 ਸਾਲ, ਕੱਦ 63 ਇੰਚ, ਸੁਲਤਾਨ-2 ਕਾਲਾ ਮਾਰਵਾੜੀ ਘੋੜਾ ਉਮਰ 5 ਸਾਲ, ਕੱਦ 64 ਇੰਚ, ਮੱਥੇ ਪਟਾ, ਤਿੰਨ ਪੈਰ ਚਿੱਟੇ ਸਮੇਤ 15 ਦੇ ਕਰੀਬ ਵਛੇਰੇ, ਵਛੇਰੀਆਂ ਤੇ ਘੋੜੀਆਂ ਹਨ। ਉਸ ਦੇ ਤਿਆਰ ਕੀਤੇ ਹੋਏ ਅਨੇਕਾਂ ਘੋੜੇ ਅੱਜ ਵੀ ਪੰਜਾਬ ਦੇ ਵੱਖ-ਵੱਖ ਸਟੱਡ ਫਾਰਮਾਂ ਦੀ ਸ਼ਾਨ ਬਣੇ ਹੋਏ ਹਨ। ਘੋੜਿਆਂ ਤੋਂ ਇਲਾਵਾ ਉਸ ਨੂੰ ਪਿੱਟ ਬੁੱਲ੍ਹ ਕੁੱਤਿਆਂ ਅਤੇ ਉਡਾਰੀ ਵਾਲੇ ਕਬੂਤਰਾਂ ਦਾ ਵੀ ਸ਼ੌਕ ਹੈ। ਉਸ ਕੋਲ ਲਾਲ ਅੱਖਾਂ ਵਾਲੇ ਪਾਕਿਸਤਾਨੀ ਕਬੂਤਰ ਵੀ ਹਨ। ਉਸ ਦਾ ਇਕ ਕਬੂਤਰ ਬੁਲਟ ਮੋਟਰਸਾਈਕਲ ਵੀ ਇਨਾਮ ਵਿਚ ਜਿੱਤ ਚੁੱਕਾ ਹੈ। ਉਸ ਦੇ ਘੋੜਿਆਂ ਦੇ ਸ਼ੌਕ ਵਿਚ ਬਾਬਾ ਕੁਲਬੀਰ ਸਿੰਘ ਕੋਟਲੀ ਵਾਲਿਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਹਰਜਿੰਦਰ ਕੌਰ, ਰਮਨਦੀਪ ਕੌਰ, ਬੇਟੇ ਗੁਰਪਾਲ ਸਿੰਘ, ਭਤੀਜੇ ਰਛਪਾਲ ਸਿੰਘ ਤੇ ਭਲਵਾਨ ਭਾਗ ਸਿੰਘ ਦਾ ਵਿਸ਼ੇਸ਼ ਸਹਿਯੋਗ ਹਾਸਿਲ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਦੇਸੀ ਘੋੜਿਆਂ ਦੇ ਰੇਸ ਕੋਰਸ ਅਤੇ ਸੈਰ-ਸਪਾਟਾ ਕੇਂਦਰ ਵਿਕਸਿਤ ਕਰਕੇ ਦੇਸੀ ਘੋੜਿਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੀਆਂ ਵੱਖ-ਵੱਖ ਖੇਡਾਂ ਵੀ ਵੱਡੇ ਪੱਧਰ 'ਤੇ ਕਰਵਾਉਣੀਆਂ ਚਾਹੀਦੀਆਂ ਹਨ।
-ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ)।
ਮੋਬਾਈਲ : 98155 35596


ਖ਼ਬਰ ਸ਼ੇਅਰ ਕਰੋ

ਰਸਾਇਣਕ ਖਾਦਾਂ ਤੇ ਦਵਾਈਆਂ ਤੋਂ ਬਗੈਰ ਵੀ ਹੋ ਸਕਦੀ ਹੈ

ਕਣਕ ਤੇ ਬਾਸਮਤੀ ਦੀ ਲਾਹੇਵੰਦ ਕਾਸ਼ਤ

ਰਸਾਇਣਕ ਖਾਦਾਂ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕਾਰਨ ਜ਼ਹਿਰੀਲੇ ਅਨਾਜ ਦੀ ਹੋ ਰਹੀ ਪੈਦਾਵਾਰ ਸਬੰਧੀ ਮਾਹਿਰਾਂ ਅਤੇ ਹੋਰ ਕਈ ਸਮਾਜ ਸੇਵੀਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤੇ ਜਾਣ ਦੇ ਬਾਵਜੂਦ ਵੀ ਜ਼ਿਆਦਾਤਰ ਕਿਸਾਨ ਮਜਬੂਰੀ ਵੱਸ ਖੇਤਾਂ ਵਿਚ ਇਨ੍ਹਾਂ ਖਾਦਾਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਆਮ ਤੌਰ 'ਤੇ ਇਨ੍ਹਾਂ ਕਿਸਾਨਾਂ ਦਾ ਇਹੀ ਮੰਨਣਾ ਹੁੰਦਾ ਹੈ ਕਿ ਰਸਾਇਣਾਂ ਤੋਂ ਬਿਨਾਂ ਫ਼ਸਲ ਦੀ ਪੂਰੀ-ਪੂਰੀ ਪੈਦਾਵਾਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪਿੰਡ ਬਖਤਪੁਰ ਦੇ ਕਿਸਾਨ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਕਿਸਾਨਾਂ ਦੀ ਇਸ ਸੋਚ ਦੇ ਉਲਟ ਆਪਣੇ ਖੇਤਾਂ ਵਿਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਦਵਾਈ ਅਤੇ ਖਾਦ ਦੇ ਬਗੈਰ ਹੀ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਕਿਸਾਨਾਂ ਨੂੰ ਨਵੀਂ ਸੇਧ ਦੇਣ ਵਾਲੇ ਇਸ ਕਿਸਾਨ ਨੇ ਦੱਸਿਆ ਕਿ ਕਰੀਬ ਸਾਢੇ 3 ਸਾਲ ਪਹਿਲਾਂ ਉਸ ਨੇ ਰਸਾਇਣਾਂ ਦੇ ਮਾਰੂ ਪ੍ਰਭਾਵਾਂ ਸਬੰਧੀ ਲਗਾਏ ਗਏ ਇਕ ਕੈਂਪ ਤੋਂ ਜਾਗਰੂਕ ਹੋ ਕੇ ਇਨ੍ਹਾਂ ਦੀ ਵਰਤੋਂ ਨਾ ਕਰਨ ਦਾ ਮਨ ਬਣਾਇਆ ਸੀ। ਜਿਸ ਦੇ ਬਾਅਦ ਖੇਤੀ ਵਿਰਾਸਤ ਮਿਸ਼ਨ ਤੋਂ ਸੇਧ ਲੈ ਕੇ ਉਸ ਨੇ ਇਸ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਕਿਸਾਨ ਕੁੱਲ 6 ਏਕੜ ਵਿਚ ਖੇਤੀ ਕਰਦਾ ਹੈ, ਜਿਸ ਵਿਚੋਂ ਤਿੰਨ ਏਕੜ ਰਕਬਾ ਉਸ ਨੇ ਪੂਰੀ ਤਰ੍ਹਾਂ ਜ਼ਹਿਰਾਂ ਤੋਂ ਮੁਕਤ ਕਰਨ ਦੀ ਕੋਸ਼ਿਸ ਕੀਤੀ ਹੈ। ਇਸ ਕਿਸਾਨ ਨੇ ਦੱਸਿਆ ਕਿ ਉਹ ਇਸ ਰਕਬੇ ਵਿਚ ਜ਼ਹਿਰਾਂ ਤੋਂ ਬਿਨਾਂ ਕਣਕ ਅਤੇ ਬਾਸਮਤੀ 1121 ਦੀਆਂ ਤਿੰਨ-ਤਿੰਨ ਫ਼ਸਲਾਂ ਲੈਣ ਉਪਰੰਤ ਹੁਣ ਕਣਕ ਦੀ ਚੌਥੀ ਫਸਲ ਲਗਾ ਚੁੱਕਾ ਹੈ ਜੋ ਖੇਤਾਂ ਵਿਚ ਖੜ੍ਹੀ ਹੈ। ਉਸ ਨੇ ਦੱਸਿਆ ਕਿ ਪਹਿਲੇ ਸਾਲ ਉਸ ਨੇ ਜਦੋਂ ਕਣਕ ਲਗਾਈ ਤਾਂ 16 ਦੇ ਕਰੀਬ ਵੱਖ-ਵੱਖ ਤੇਲ ਬੀਜਾਂ ਅਤੇ ਦਾਲਾਂ ਵਾਲੀਆਂ ਫ਼ਸਲਾਂ ਨੂੰ ਹਰੀ ਖਾਦ ਵਜੋਂ ਬੀਜ ਕੇ ਖੇਤਾਂ ਵਿਚ ਵਾਹ ਦਿੱਤਾ। ਇਸ ਉਪਰੰਤ ਕੋਈ ਵੀ ਖ਼ਾਦ ਜਾਂ ਸਪਰੇਅ ਨਹੀਂ ਕੀਤੀ ਅਤੇ ਨਦੀਨਾਂ ਨੂੰ ਮੁਕਾਉਣ ਲਈ ਸਿਰਫ਼ ਦੋ ਵਾਰ ਗੋਡੀ ਕਰਵਾਈ। ਉਨ੍ਹਾਂ ਦੱਸਿਆ ਕਿ ਦੋ ਮਜ਼ਦੂਰ ਇਕ ਏਕੜ ਖੇਤ ਦੀ ਇਕ ਦਿਨ ਵਿਚ ਗੁਡਾਈ ਕਰ ਦਿੰਦੇ ਹਨ। ਜਿਸ ਕਾਰਨ ਇਸ ਗੁਡਾਈ ਦਾ ਖਰਚਾ ਕਰੀਬ 600 ਰੁਪਏ ਆਉਂਦਾ ਹੈ। ਪਰ ਦੂਜੇ ਪਾਸੇ ਉਸ ਦਾ ਦਵਾਈਆਂ ਅਤੇ ਖਾਦਾਂ ਦਾ ਸਾਰਾ ਖਰਚਾ ਬਚ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਇਸ ਖੇਤ ਵਿਚੋਂ ਪ੍ਰਤੀ ਏਕੜ 7 ਤੋਂ 8 ਕੁਇੰਟਲ ਕਣਕ ਹੀ ਨਿਕਲੀ ਸੀ। ਜਿਸ ਦੇ ਬਾਅਦ ਉਸ ਨੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਮੁੜ ਖੇਤ ਵਿਚ ਹਰੀ ਖਾਦ ਲਈ ਦਾਲਾਂ ਸਮੇਤ ਕੁਝ ਹੋਰ ਫ਼ਸਲਾਂ ਬੀਜੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਸਲਾਂ ਨੂੰ ਵੀ ਹਰੀ ਖਾਦ ਦੇ ਰੂਪ ਵਿਚ ਖੇਤ ਵਿਚ ਵਾਹ ਦਿੱਤਾ ਅਤੇ ਇਸ ਖੇਤ ਵਿਚ ਉੱਗਣ ਵਾਲੇ ਨਦੀਨ ਵੀ ਹਰੀ ਖਾਦ ਦੇ ਨਾਲ ਹੀ ਵਾਹੇ ਗਏ। ਜਿਸ ਦੇ ਬਾਅਦ ਖੇਤ ਵਿਚ ਲਗਾਈ ਗਈ ਬਾਸਮਤੀ ਦੌਰਾਨ ਨਦੀਨਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਈ ਅਤੇ ਨਾ ਹੀ ਉਸ ਨੂੰ ਕੋਈ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਪਿਆ। ਉਸ ਨੇ ਦੱਸਿਆ ਕਿ ਬਾਸਮਤੀ ਵਿਚ ਉੱਲੀ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਉਹ ਬਿਜਾਈ ਦੇ ਕਰੀਬ 20 ਦਿਨ ਬਾਅਦ ਵਿਚ 30 ਦਿਨਾਂ ਦੇ ਵਕਫੇ ਨਾਲ ਦੋ ਵਾਰ 3-3 ਕਿੱਲੋ ਚਿੱਟੀ ਫਟਕੜੀ ਪਾਉਂਦਾ ਹੈ। ਜਿਸ ਨਾਲ ਬਾਸਮਤੀ 'ਤੇ ਕਿਸੇ ਵੀ ਕੀੜੇ ਜਾਂ ਉੱਲੀ ਵਾਲੀ ਬਿਮਾਰੀ ਦਾ ਹਮਲਾ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਖੇਤ ਵਿਚ ਪਹਿਲੇ 15 ਦਿਨ ਪਾਣੀ ਖੜ੍ਹਾ ਰੱਖਣ ਦੇ ਬਾਅਦ ਸਿਰਫ਼ ਵੱਤਰ ਮੁਤਾਬਿਕ ਹੀ ਪਾਣੀ ਦੀ ਲੋੜ ਪੈਂਦੀ ਹੈ। ਜਿਸ ਨਾਲ ਉਹ ਪਾਣੀ ਦੀ ਵੀ ਵੱਡੇ ਪੱਧਰ 'ਤੇ ਬੱਚਤ ਕਰਦਾ ਹੈ। ਉਸ ਨੇ ਦੱਸਿਆ ਕਿ ਪਹਿਲੇ ਸਾਲ ਖਾਦਾਂ ਤੇ ਦਵਾਈਆਂ ਤੋਂ ਬਗੈਰ ਕਾਸ਼ਤ ਕੀਤੀ ਗਈ 1121 ਬਾਸਮਤੀ ਦਾ ਕਰੀਬ 13 ਕੁਇੰਟਲ ਪ੍ਰਤੀ ਏਕੜ ਝਾੜ ਨਿਕਲਿਆ। ਜਦੋਂ ਕਿ ਦੂਸਰੇ ਸਾਲ ਵਿਚ ਕਣਕ ਦਾ 13 ਕੁਇੰਟਲ ਅਤੇ ਬਾਸਮਤੀ ਦਾ ਝਾੜ 16 ਕੁਇੰਟਲ ਤੱਕ ਪਹੁੰਚ ਗਿਆ। ਇਨ੍ਹਾਂ ਹੀ ਖੇਤਾਂ ਵਿਚ ਲਗਾਈ ਗਈ ਕਣਕ 16 ਕੁਇੰਟਲ ਪ੍ਰਤੀ ਏਕੜ ਅਤੇ ਬਾਸਮਤੀ 1121 ਦੀ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਨਿਕਲੀ ਹੈ। ਉਨ੍ਹਾਂ ਕਿਹਾ ਕਿ ਚੌਥੇ ਸਾਲ ਉਸ ਨੂੰ ਇਸ ਤੋਂ ਵੀ ਜ਼ਿਆਦਾ ਪੈਦਾਵਾਰ ਮਿਲਣ ਦੀ ਉਮੀਦ ਹੈ। ਇਸ ਕਿਸਾਨ ਨੇ ਦੱਸਿਆ ਕਿ ਦਵਾਈਆਂ ਅਤੇ ਖਾਦਾਂ ਤੋਂ ਬਗੈਰ ਕੀਤੀ ਜਾ ਰਹੀ ਇਸ ਖੇਤੀ ਵਿਚ ਪਹਿਲੇ ਸਾਲਾਂ ਦੌਰਾਨ ਬੇਸ਼ੱਕ ਝਾੜ ਜ਼ਿਆਦਾ ਨਹੀਂ ਨਿਕਲਿਆ। ਪਰ ਖਰਚੇ ਬਹੁਤ ਜ਼ਿਆਦਾ ਘਟਣ ਕਾਰਨ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਹ ਘਰੇਲੂ ਵਰਤੋਂ ਲਈ ਸਬਜ਼ੀਆਂ ਅਤੇ ਗੰਨੇ ਦੀ ਕਾਸ਼ਤ ਵੀ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੇ ਬਗੈਰ ਹੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਪਹਿਲੇ ਤਿੰਨ ਸਾਲ ਉਹ ਕੁਦਰਤੀ ਖੇਤੀ ਰਾਹੀਂ ਤਿਆਰ ਕੀਤੀ ਗਈ ਕਣਕ ਅਤੇ ਬਾਸਮਤੀ ਨੂੰ ਹੋਰ ਫ਼ਸਲ ਵਾਂਗ ਸਾਧਾਰਨ ਮੰਡੀ ਵਿਚ ਹੀ ਵੇਚਦਾ ਰਿਹਾ ਹੈ। ਪਰ ਹੁਣ ਤਿੰਨ ਸਾਲਾਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਜ਼ਹਿਰਾਂ ਤੋਂ ਮੁਕਤ ਐਲਾਨਣ ਲਈ ਉਹ ਇਸ ਦੀ ਸਰਟੀਫਿਕੇਸ਼ਨ ਕਰਵਾਉਣ ਉਪਰੰਤ ਇਸ ਦੀ ਵਿਕਰੀ ਵੱਖਰੇ ਤੌਰ 'ਤੇ ਕਰੇਗਾ। ਜਿਸ ਤੋਂ ਉਸ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। -ਉਪ ਦਫ਼ਤਰ, ਗੁਰਦਾਸਪੁਰ।

ਸਾਉਣੀ ਵਿਚ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣਾ ਸੰਭਵ ਨਹੀਂ

ਝੋਨਾ-ਕਣਕ ਦਾ ਫ਼ਸਲੀ ਚੱਕਰ ਖੇਤੀ ਸਬੰਧੀ ਕਾਨਫਰੰਸਾਂ, ਮੀਟਿੰਗਾਂ, ਸੈਮੀਨਾਰਾਂ, ਅਤੇ ਖੇਤੀ ਮਾਹਿਰਾਂ ਤੇ ਅਰਥ-ਸਾਸ਼ਤਰੀਆਂ ਸਭ ਦੇ ਦਰਮਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਜ਼ਮੀਨ ਥੱਲੇ ਪਾਣੀ ਦੇ ਪੱਧਰ ਦਾ ਘਟਣਾ, ਜ਼ਮੀਨ ਦੀ ਉਪਜਾਊ ਸ਼ਕਤੀ ਦਾ ਪ੍ਰਭਾਵਤ ਹੋਣਾ ਅਤੇ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਹੈ। ਝੋਨੇ ਦੀ ਫ਼ਸਲ ਨੂੰ ਇਸ ਸਭ ਕੁਝ ਦਾ ਜ਼ੁੰਮੇਵਾਰ ਠਹਿਰਾਇਆ ਜਾਂਦਾ ਹੈ। ਕਣਕ ਦੀ ਫ਼ਸਲ 'ਤੇ ਤਾਂ ਕੋਈ ਖਾਸ ਕਿੰਤੂ-ਪਰੰਤੂ ਨਹੀਂ। ਇਨ੍ਹਾਂ ਵਿਚੋਂ ਸਭ ਨਾਲੋਂ ਗੰਭੀਰ ਦੋਸ਼ ਜ਼ਮੀਨ ਥੱਲੇ ਪਾਣੀ ਦੀ ਸਮੱਸਿਆ ਦਾ ਹੀ ਹੈ।
ਪੰਜਾਬ 'ਚ ਪਿਛਲੀ ਸ਼ਤਾਬਦੀ ਦੇ ਚੌਥੇ-ਪੰਜਵੇਂ ਦਹਾਕੇ ਦਰਮਿਆਨ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ ਉੱਦੋਂ ਸੇਮ ਤੇ ਕੱਲਰੀ ਜ਼ਮੀਨਾਂ ਦੀ ਸਮੱਸਿਆ ਸੀ। ਜੋ ਸਬਜ਼ ਇਨਕਲਾਬ ਦੇ ਦੌਰਾਨ ਝੋਨੇ ਦੀ ਕਾਸ਼ਤ ਨਾਲ ਹੀ ਹੱਲ ਹੋਈ। ਸਬਜ਼ ਇਨਕਲਾਬ ਦੇ ਸ਼ੁਰੂ 'ਚ ਝੋਨੇ ਦੀ ਕਾਸ਼ਤ ਥੱਲੇ 2.27 ਲੱਖ ਹੈਕਟੇਅਰ ਰਕਬਾ ਸੀ ਜੋ ਪਿਛਲੇ ਸਾਲ ਵਧ ਕੇ 28.50 ਲੱਖ ਹੈਕਟੇਅਰ 'ਤੇ ਪਹੁੰਚ ਗਿਆ। ਇਸ ਰਕਬੇ ਨੂੰ ਘਟਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਇਹ ਹਰ ਸਾਲ ਵਧਦਾ ਹੀ ਗਿਆ। ਸਬਜ਼ ਇਨਕਲਾਬ ਦੇ ਦੌਰਾਨ ਝੋਨੇ ਦੀ ਕਾਸ਼ਤ ਥੱਲੇ ਰਕਬਾ 1250 ਪ੍ਰਤੀਸ਼ਤ ਤੱਕ ਵਧਿਆ, ਜਦੋਂ ਕਿ ਕਣਕ ਦੀ ਫਸਲ ਥੱਲੇ ਰਕਬੇ 'ਚ ਕੇਵਲ 250 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ। ਝੋਨੇ ਨੇ ਮੱਕੀ, ਦਾਲਾਂ, ਤੇਲ ਬੀਜ ਫ਼ਸਲਾਂ, ਕਪਾਹ-ਨਰਮਾ ਅਤੇ ਮੂੰਗਫਲੀ, ਆਦਿ ਦੀਆਂ ਸਾਰੀਆਂ ਫ਼ਸਲਾਂ ਦੀ ਕਾਸ਼ਤ ਘਟਾ ਕੇ ਵੱਡਾ ਰਕਬਾ ਆਪਣੀ ਕਾਸ਼ਤ ਥੱਲੇ ਲੈ ਲਿਆ। ਝੋਨੇ ਦੀ ਕਾਸ਼ਤ ਵਧਣ ਦਾ ਮੁੱਖ ਕਾਰਨ ਸਾਉਣੀ 'ਚ ਇਸ ਤੋਂ ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਮੁਨਾਫੇ ਦੀ ਵੱਧ ਉਪਲੱਬਧਤਾ ਹੈ।
ਪਾਣੀ ਦਾ ਪੱਧਰ ਥੱਲੇ ਜਾਣ ਦਾ ਮੁੱਖ ਕਾਰਨ ਝੋਨੇ ਦੀ ਅਗੇਤੀ ਬਿਜਾਈ ਹੈ। ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ 'ਚ ਪਿੱਛੇ ਜਿਹੇ (1993-2003 ਦੌਰਾਨ) ਪਾਣੀ ਦਾ ਪੱਧਰ ਸਾਲਾਨਾ ਔਸਤਨ 57 ਸੈਂਟੀਮੀਟਰ ਘਟਿਆ। ਟਿਊਬਵੈੱਲਾਂ ਦੀ ਦੋ- ਤਿਹਾਈ ਗਿਣਤੀ ਕੇਂਦਰੀ ਪੰਜਾਬ ਵਿਚ ਹੈ। ਜਿੱਥੇ ਝੋਨੇ ਦਾ ਦੋ - ਤਿਆਹੀ ਉਤਪਾਦਨ ਹੁੰਦਾ ਹੈ। ਇਹ ਸਮੱਸਿਆ ਮੋਗਾ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿਚ ਵਧੇਰੇ ਗੰਭੀਰ ਰਹੀ ਹੈ। ਪੰਜਾਬ ਕੰਜ਼ਰਵੇਸ਼ਨ ਆਫ ਸਬ - ਸੁਆਇਲ ਵਾਟਰ ਐਕਟ, 2009 ਦੇ ਲਾਗੂ ਹੋਣ ਨਾਲ ਇਸ ਸਮੱਸਿਆ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ। ਕਿਉਂਕਿ ਸ: 2008 ਤੋਂ ਬਾਅਦ ਝੋਨੇ ਦੀ ਲੁਆਈ 10 ਜੂਨ ਤੋਂ ਪਹਿਲਾਂ ਵਰਜਿਤ ਕਰ ਦਿੱਤੀ ਗਈ ਸੀ। ਪੀ. ਏ. ਯੂ. ਵੱਲੋਂ ਕੀਤੇ ਗਏ ਤਜਰਬੇ ਦਰਸਾਉਂਦੇ ਹਨ ਕਿ 10 ਮਈ ਨੂੰ ਲਾਏ ਗਏ ਝੋਨੇ ਕਾਰਨ ਪਾਣੀ ਦੀ ਪੱਧਰ ਸਾਲਾਨਾਂ 60 ਸੈਂਟੀਮੀਟਰ ਤੱਕ ਥੱਲੇ ਗਈ ਜਦੋਂ ਕਿ 10 ਜੂਨ ਨੂੰ ਲਗਾਏ ਝੋਨੇ ਵਿਚ ਇਹ ਗਿਰਾਵਟ ਕੇਵਲ 10 ਸੈਂਟੀਮੀਟਰ ਹੀ ਰਹਿ ਗਈ ਅਤੇ 20 ਜੂਨ ਨੂੰ ਝੋਨਾ ਲਾਇਆਂ ਇਹ ਉੱਕਾ ਹੀ ਖਤਮ ਹੋ ਗਈ। ਜਿਸ ਇਲਾਕੇ ਵਿਚ ਜੁਲਾਈ 'ਚ ਬਾਸਮਤੀ ਲਾਈ ਗਈ, ਪਾਣੀ ਦੀ ਪੱਧਰ ਸਗੋਂ ਉੱਪਰ ਚੜ੍ਹ ਗਈ। ਕਿਸਾਨ ਜੂਨ 'ਚ ਝੋਨਾ ਇਸ ਲਈ ਲਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਟਿਊਬਵੈੱਲਾਂ ਲਈ ਮੁਫਤ ਬਿਜਲੀ ਮਿਲਣ ਕਾਰਨ ਪਾਣੀ ਦੀ ਉਪਲੱਬਧਤਾ ਹੋ ਜਾਂਦੀ ਹੈ। ਜਦੋਂ ਤੋਂ 10 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਹੋਣ ਲੱਗੀ ਹੈ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਬਹੁਤ ਘਟ ਗਈ ਹੈ ਭਾਵੇਂ ਕਿ ਝੋਨੇ ਦੀ ਕਾਸ਼ਤ ਥੱਲੇ ਰਕਬਾ ਵਧ ਗਿਆ ਹੈ। ਪਾਣੀ ਦੀ ਸਮੱਸਿਆ ਦੇ ਹੱਲ ਕਰਨ 'ਚ ਕਾਫੀ ਹੱਦ ਤੀਕ ਬਾਸਮਤੀ ਦੀ ਕਾਸ਼ਤ ਥੱਲੇ ਸੰ: 2012-13 ਵਿਚ 8.67 ਲੱਖ ਹੈਕਟੇਅਰ (30 ਪ੍ਰਤੀਸ਼ਤ) ਰਕਬੇ ਦਾ ਆ ਜਾਣਾ ਹੈ। ਬਾਸਮਤੀ ਦੀ ਕਾਸ਼ਤ ਆਮ ਤੌਰ ਤੇ ਜੁਲਾਈ 'ਚ ਕੀਤੀ ਜਾਂਦੀ ਹੈ ਜਦੋਂ ਬਾਰਿਸ਼ਾਂ ਸ਼ਰੂ ਹੋ ਜਾਂਦੀਆਂ ਹਨ।
ਪੰਜਾਬ ਸਰਕਾਰ ਦੀ ਝੋਨੇ ਦੀ ਕਾਸ਼ਤ ਥੱਲੇ 12 ਲੱਖ ਹੈਕਟੇਅਰ ਰਕਬਾ ਘਟਾਉਣ ਦੀ ਯੋਜਨਾ ਤਾਂ ਠੁੱਸ ਹੋ ਗਈ। ਸਖਤ ਉਪਰਾਲੇ ਕੀਤਿਆਂ ਵੀ ਝੋਨੇ ਦੀ ਕਾਸ਼ਤ ਥੱਲੇ ਰਕਬੇ ਵਿਚ ਕੋਈ ਕਮੀ ਨਹੀਂ ਆਈ। ਸਗੋਂ ਹਰ ਸਾਲ ਰਕਬੇ 'ਚ ਵਾਧਾ ਹੁੰਦਾ ਗਿਆ। ਇਸ ਵੇਲੇ ਕਿਸਾਨ ਗੰਭੀਰ ਸੰਕਟ ਦੀ ਸਥਿਤੀ 'ਚੋਂ ਗੁਜ਼ਰ ਰਹੇ ਹਨ। ਕਰਜ਼ੇ ਦਾ ਬੋਝ ਵਧ ਗਿਆ ਹੈ। ਖੁਦਕਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਜਦੋਂ ਤੱਕ ਕਿਸਾਨਾਂ ਨੂੰ ਝੋਨੇ ਦਾ ਕੋਈ ਅਜਿਹਾ ਯੋਗ ਬਦਲ ਜੋ ਇਸ ਫ਼ਸਲ ਜਿਤਨਾ ਮੁਨਾਫਾ ਦੇ ਸਕੇ, ਨਹੀਂ ਦਿੱਤਾ ਜਾਂਦਾ ਉਨ੍ਹਾਂ ਲਈ ਇਸ ਫ਼ਸਲ ਦੀ ਕਾਸ਼ਤ ਨੂੰ ਤਿਲਾਂਜਲੀ ਦੇਣਾ ਸੰਭਵ ਨਹੀਂ। ਹੁਣ ਕਿਸਾਨਾਂ ਨੇ ਸਾਉਣੀ ਦੀ ਬਿਜਾਈ ਲਈ ਯੋਜਨਾਬੰਦੀ ਕਰਨੀ ਹੈ। ਉਨ੍ਹਾਂ ਨੇ ਇਸੇ ਮਹੀਨੇ ਹੋ ਰਹੇ ਕਿਸਾਨ ਮੇਲਿਆਂ 'ਚੋਂ ਸ਼ੁੱਧ ਤੇ ਸੋਧੇ ਬੀਜ ਵੀ ਖਰੀਦਣੇ ਹਨ। ਖੇਤੀਬਾੜੀ ਵਿਭਾਗ ਨੇ ਝੋਨੇ ਦੀ ਕਾਸ਼ਤ ਲਈ 26 ਲੱਖ ਹੈਕਟੇਅਰ ਰਕਬੇ ਦਾ ਨਿਸ਼ਾਨਾ ਰੱਖਿਆ ਹੈ। ਜੋ ਪਿਛਲੇ ਸਾਲਾਂ ਨਾਲੋਂ ਲਗਭਗ 2 ਤੋਂ 2.5 ਲੱਖ ਹੈਕਟੇਅਰ ਰਕਬਾ ਘੱਟ ਹੈ। ਖੇਤੀਬਾੜੀ ਵਿਭਾਗ ਦੇ ਮੁੱਖ ਅਧਿਕਾਰੀ ਅੰਦਰਗਤੀ ਕਹਿੰਦੇ ਹਨ ਕਿ ਰਕਬੇ ਦਾ ਘਟਾਉਣਾ ਬਿਲਕੁਲ ਸੰਭਵ ਨਹੀਂ। ਬਾਸਮਤੀ ਦੀ ਕਾਸ਼ਤ ਥੱਲੇ 28-29 ਪ੍ਰਤੀਸ਼ਤ ਰਕਬਾ ਆਉਣ ਨਾਲ ਇਕ ਰੌਸ਼ਨ ਕਿਰਨ ਦਿਖਾਈ ਦਿੱਤੀ ਸੀ ਜੋ ਸਰਕਾਰ ਵੱਲੋਂ ਸਹਾਇਕ ਕੀਮਤ ਨੀਯਤ ਨਾ ਕਰਨ 'ਤੇ ਬਾਸਮਤੀ ਦੀ ਖਰੀਦ ਦਾ ਉਤਪਾਦਕਾਂ ਨੂੰ ਯੋਗ ਮੁੱਲ ਦਿਵਾਉਣ ਦਾ ਪ੍ਰਬੰਧ ਨਾ ਹੋਣ ਕਾਰਨ ਪੱਛੜ ਗਈ ਅਤੇ ਪਿਛਲੇ ਸਾਲ 7-8 ਪ੍ਰਤੀਸ਼ਤ ਰਕਬਾ ਘਟ ਗਿਆ ਸੀ। ਜਿਸ ਦੇ ਇਸ ਸਾਲ ਹੋਰ ਘਟ ਕੇ ਝੋਨੇ ਦੀ ਕਾਸ਼ਤ ਥੱਲੇ ਮੁੜ ਚੱਲੇ ਜਾਣ ਦੀ ਸੰਭਾਵਨਾ ਹੈ। ਸਰਕਾਰ ਨੂੰ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਬਰਕਰਾਰ ਰੱਖਣ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹਾ ਕੀਤਿਆਂ ਹੀ ਝੋਨੇ ਹੇਠੋਂ ਪਾਣੀ ਦੀ ਸਮੱਸਿਆ ਕੁਝ ਹੱਦ ਤੱਕ ਹੱਲ ਹੋ ਸਕਦੀ ਹੈ।
ਪੰਜਾਬ ਕੇਂਦਰ ਦੇ ਚੌਲ ਭੰਡਾਰ 'ਚ 30- 38 ਪ੍ਰਤੀਸ਼ਤ ਤੱਕ ਯੋਗਦਾਨ ਪਾ ਰਿਹਾ ਹੈ। ਭਾਰਤ ਹੁਣ ਚੌਲਾਂ ਦੀ ਬਰਾਮਦ 'ਚ ਸਭ ਤੋਂ ਮੋਹਰੀ ਦੇਸ਼ ਵੀ ਬਣ ਗਿਆ ਹੈ। ਚੀਨ ਵੀ ਹੁਣ ਦੂਸਰੇ ਨੰਬਰ ਤੇ ਹੈ। ਥਾਈਲੈਂਡ ਤੇ ਵੀਅਤਨਾਮ ਵੀ ਪਿੱਛੇ ਹਨ। ਭਾਰਤ 100 ਲੱਖ ਟਨ ਦੇ ਕਰੀਬ ਚੌਲ ਬਰਾਮਦ ਕਰ ਕੇ 43 ਹਜ਼ਾਰ ਕਰੋੜ ਰੁਪਏ ਸਾਲਾਨਾ ਦੀ ਵਿਦੇਸ਼ੀ ਮੁਦਰਾ ਕਮਾਉਂਦਾ ਹੈ। ਹੁਣ ਇਹ ਵੀ ਇਕ ਮਿੱਥ ਹੈ ਕਿ ਝੋਨਾ ਸਭ ਤੋਂ ਵੱਧ ਪਾਣੀ ਲੈਣ ਵਾਲੀ ਫ਼ਸਲ ਹੈ। ਨਵੀਆਂ ਤਕਨੀਕਾਂ ਜਿਵੇਂ ਕਿ ਜ਼ਮੀਨ ਨੂੰ ਮਸ਼ੀਨੀ ਕਰਾਹੇ ਨਾਲ ਪੱਧਰ ਕਰਨਾ, ਜ਼ੀਰੋ ਟਿਲੇਜ , ਸਿੱਧੀ ਬਿਜਾਈ, ਵੱਟਾਂ 'ਤੇ ਲੁਆਈ, ਆਦਿ ਨਾਲ ਪਾਣੀ ਦੀ ਖਪਤ ਘਟ ਸਕਦੀ ਹੈ। ਜੋ ਇਕ ਕਿਲੋ ਝੋਨਾ ਪੈਦਾ ਕਰਨ ਲਈ 3000 ਲਿਟਰ ਪਾਣੀ ਦੀ ਲੋੜ ਦਾ ਅਨੁਮਾਨ ਸੀ ਉਹ ਹੁਣ 1500 ਲਿਟਰ ਪ੍ਰਤੀ ਕਿਲੋ 'ਤੇ ਆ ਸਕਦਾ ਹੈ। ਫਿਰ ਇਸ ਵਿਚੋਂ ਵੀ ਨਵੀਆਂ ਤਕਨੀਕਾਂ ਦੀ ਵਰਤੋਂ ਕਰ ਕੇ 500 ਲਿਟਰ ਪਾਣੀ ਜ਼ਮੀਨ ਥੱਲੇ ਜਾ ਕੇ ਰੀਚਾਰਜ ਕਰਦਾ ਹੈ ਅਤੇ ਵੱਡੀ ਮਾਤਰਾ 'ਚ ਪਾਣੀ ਦਾ ਵਾਸ਼ਪੀਕਰਨ ਹੋ ਜਾਂਦਾ ਹੈ ਜੋ ਵਾਤਾਵਰਨ ਅਤੇ ਬਾਰਿਸ਼ ਲਈ ਸਹਾਈ ਹੁੰਦਾ ਹੈ। ਜੁਲਾਈ 'ਚ ਬਾਸਮਤੀ ਦੇ ਰੂਪ 'ਚ ਝੋਨਾ ਲਾ ਕੇ ਸਗੋਂ ਪਾਣੀ ਦਾ ਪੱਧਰ ਉਪਰ ਆ ਜਾਂਦਾ ਹੈ। ਹੁਣ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਪੂਸਾ-6 (115-120 ਦਿਨ), ਪੀ ਬੀ-1509 (120 ਦਿਨ) ਅਤੇ ਪੀ ਆਰ-126 (130 ਦਿਨ) ਜਿਹੀਆਂ ਕਿਸਮਾਂ ਵਿਕਸਤ ਹੋਣ ਨਾਲ ਪਾਣੀ ਦੀ ਵਰਤੋਂ ਬਹੁਤ ਘਟ ਗਈ ਹੈ। ਝੋਨੇ ਦੀ ਥਾਂ ਜੋ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵਧਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਨ੍ਹਾਂ ਫ਼ਸਲਾਂ ਥੱਲੇ ਬਹੁਤ ਸੀਮਿਤ ਰਕਬਾ ਹੀ ਵਧਿਆ ਹੈ। ਇਨ੍ਹਾਂ ਫਸਲਾਂ ਦੇ ਮੰਡੀਕਰਨ ਤੇ ਠੰਢੀ ਚੇਨ ਸਹੂਲਤਾਂ ਦੀ ਬੜੀ ਕਮੀ ਹੈ। ਪਿੱਛੇ ਜਿਹੇ ਸਬਜ਼ੀਆਂ ਤੇ ਕਿਨੂੰ 'ਚ ਬੜਾ ਮੰਦਾ ਰਿਹਾ ਅਤੇ ਉਤਪਾਦਕ ਮਾਯੂਸ ਹੋ ਗਏ । ਫਿਰ ਸਬਜ਼ੀਆਂ ਵਿਚ ਵੀ ਪਾਣੀ ਦੀ ਲੋੜ ਝੋਨੇ ਨਾਲੋਂ ਘੱਟ ਨਹੀਂ। ਭਾਰਤ 20 ਲੱਖ ਟਨ ਸਬਜ਼ੀਆਂ ਬਰਾਮਦ ਕਰਦਾ ਹੈ ਜਿਸ ਵਿਚ 16 ਲੱਖ ਟਨ ਪਾਣੀ ਦੀ ਖਪਤ ਹੋਈ ਹੁੰਦੀ ਹੈ ਅਤੇ ਕੇਵਲ 4500 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਕਮਾਉਂਦਾ ਹੈ। ਇਹੋ ਨਹੀਂ ਫਿਰ ਇਕ ਕਿਲੋ ਮੀਟ ਲਈ 16 ਹਜ਼ਾਰ ਲਿਟਰ ਪਾਣੀ ਵਰਤਿਆ ਜਾਂਦਾ ਹੈ। ਲਗਭਗ 14 ਲੱਖ ਟਨ ਮਾਸ ਦੀ ਬਰਾਮਦ ਤੋਂ 26 ਹਜ਼ਾਰ ਕਰੋੜ ਰੁਪਏ ਦੀਆਂ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀਆਂ ਹਨ ਅਤੇ ਇਸ 'ਤੇ 23 ਬਿਲੀਅਨ ਟਨ ਪਾਣੀ ਦੀ ਖਪਤ ਹੋਈ ਹੁੰਦੀ ਹੈ ਜਦੋਂ ਕਿ ਬਰਾਮਦ ਕੀਤੇ ਜਾਣ ਵਾਲੇ 100 ਲੱਖ ਟਨ ਚਾਵਲ ਤੇ ਕੇਵਲ 2 ਬਿਲੀਅਨ ਟਨ ਪਾਣੀ ਵਰਤਿਆ ਜਾਂਦਾ ਹੈ ਅਤੇ 43 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਮਿਲਦੀ ਹੈ।
ਫ਼ਸਲੀ ਚੱਕਰ 'ਚੋਂ ਇਸ ਵੇਲੇ ਝੋਨੇ ਨੂੰ ਕੱਢਣਾ ਬੜਾ ਮੁਸ਼ਕਿਲ ਹੈ ਜਦੋਂ ਤੱਕ ਕਿ ਝੋਨੇ ਦੀ ਥਾਂ ਕੋਈ ਐਨਾ ਹੀ ਮੁਨਾਫਾ ਦੇਣ ਵਾਲੀਆਂ ਫਸਲਾਂ ਜਾਂ ਬਹੁਤ ਗੁਣਵੱਤਾ ਵਾਲਾ ਫ਼ਸਲੀ-ਚੱਕਰ ਉਪਲੱਬਧ ਨਹੀਂ ਕੀਤਾ ਜਾਂਦਾ। ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਵਿਚ ਨੇੜ-ਭਵਿੱਖ 'ਚ ਸਫਲਤਾ ਮਿਲਣੀ ਮੁਸ਼ਕਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਖੋਜ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜਿਸ ਲਈ ਸਾਧਨ ਜੁਟਾਏ ਜਾਣ। ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਅਤੇ ਬਾਸਮਤੀ ਦੀ ਕਾਸ਼ਤ ਵਧਾਉਣ ਲਈ ਸਰਕਾਰ ਨੂੰ ਪ੍ਰਸਾਰ ਸੇਵਾ ਮਜ਼ਬੂਤ ਕਰ ਕੇ ਕਿਸਾਨਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ। ਕਿਸਾਨ ਤਾਂ ਆਪਣੇ ਆਪ ਹੀ ਹੋਰ ਫ਼ਸਲਾਂ ਦੀ ਕਾਸ਼ਤ ਕਰਨ ਲਈ ਤਿਆਰ ਹੋ ਜਾਣਗੇ ਜੇ ਉਨ੍ਹਾਂ ਨੂੰ ਝੋਨੇ ਦੇ ਬਰਾਬਰ ਮੁਨਾਫਾ ਦੇਣ ਵਾਲੇ ਯੋਗ ਬਦਲ ਮੁਹੱਈਆ ਕਰ ਦਿੱਤੇ ਜਾਣ। ਝੋਨੇ ਦੀ ਸਰਕਾਰੀ ਖਰੀਦ ਮੱਠੀ ਪਾ ਕੇ ਅਤੇ ਲਾਹੇਵੰਦ ਭਾਅ ਨਾ ਦੇ ਕੇ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਛੱਡਣ ਤੇ ਮਜਬੂਰ ਕਰਨਾ ਕਿਸਾਨਾਂ 'ਚ ਹੋਰ ਨਿਰਾਸ਼ਤਾ ਲਿਆਉਣ ਵਾਲੀ ਗੱਲ ਹੋਵੇਗੀ। ਜਿਸ ਨਾਲ ਰਾਜ ਦੀ ਆਰਥਕਤਾ ਹੀ ਨਹੀਂ ਸਗੋਂ ਸ਼ਾਂਤੀ ਵੀ ਪ੍ਰਭਾਵਤ ਹੋਣ ਦਾ ਅੰਦੇਸ਼ਾ ਹੋ ਸਕਦਾ ਹੈ। ਕੇਂਦਰ ਨੇ ਜੋ ਬਜਟ 'ਚ ਖੇਤੀ ਦੀ ਆਮਦਨ 5 ਸਾਲ ਵਿਚ ਦੁੱਗਣਾ ਕਰਨ ਦਾ ਐਲਾਨ ਕੀਤਾ ਹੈ ਇਹ ਕਾਲਪਨਕ ਹੀ ਹੈ। ਫਿਰ ਝੋਨੇ ਦੀ ਕਾਸ਼ਤ ਕਿਸਾਨਾਂ ਤੋਂ ਛੁਡਵਾਉਣ ਨਾਲ ਤਾਂ ਇਸ ਵੇਲੇ ਕਿਸਾਨਾਂ ਦੀ ਆਮਦਨ ਹੋਰ ਘਟੇਗੀ।
ਮੋਬਾ: 98152-36307

ਪਾਣੀ ਵਾਂਗ ਦੇਸੀ ਘਿਉ ਪੀਂਦਾ ਹੈ ਦੇਸ ਰਾਜ

ਕਈ ਇਨਸਾਨ ਆਪਣੇ ਸੌਕ ਨੂੰ ਆਪਣਾ ਕਿੱਤਾ ਬਣਾ ਲੈਂਦੇ ਹਨ ਅਤੇ ਜ਼ਿੰਦਗੀ ਵਿਚ ਰੋਜ਼ੀ-ਰੋਟੀ ਦੇ ਜੁਗਾੜ ਦੇ ਨਾਲ-ਨਾਲ ਆਪਣਾ ਸ਼ੌਕ ਵੀ ਪਾਲਦੇ ਰਹਿੰਦੇ ਹਨ। ਕੁਝ ਇਸੇ ਬਿਰਤੀ ਦਾ ਮਾਲਕ ਹੈ ਦੇਸ ਰਾਜ। ਇਸ ਦਾ ਜਨਮ ਪਿਤਾ ਰਾਮ ਸ਼ਰਨਦਾਸ ਮਾਤਾ ਨਰਿੰਜਣ ਕੌਰ ਦੀ ਕੁੱਖੋਂ ਜ਼ੀਰਾ ਵਿਖੇ ਹੋਇਆ। ਦੇਸ ਰਾਜ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਦਾ ਪਹਿਲਾ ਸ਼ੌਕ ਸਾਈਕਲ ਦੀਆਂ ਰੇਸਾਂ ਲਾਉਣ ਦਾ ਸੀ। ਉਸ ਵੇਲੇ ਦੁੱਧ ਵਿਚ ਥੋੜਾ ਜਿਹਾ ਘਿਊ ਪਾ ਕੇ ਪੀਂਦਾ ਸੀ। ਸੰਨ 1985 ਵਿਚ ਪਹਿਲੀ ਵਾਰ ਦੋਸਤਾਂ ਦੇ ਕਹਿਣ ਤੇ ਜ਼ੀਰਾ ਵਿਖੇ 15 ਅਗਸਤ ਨੂੰ ਕਿੱਲੋ ਘਿਉ ਪੀਤਾ ਤਾਂ ਇਲਾਕਾ ਨਿਵਾਸੀਆਂ ਵੱਲੋਂ ਮਿਲੇ ਪਿਆਰ ਸਦਕਾ ਆਪਣੇ ਇਸ ਸ਼ੌਕ ਨੂੰ ਹੋਰ ਨੇੜਲੇ ਇਲਾਕਿਆਂ ਵਿਚ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਇਸ ਸ਼ੌਕ ਨੂੰ ਆਪਣਾ ਕਿੱਤਾ ਬਣਾ ਲਿਆ। ਇਸ ਲੰਬੇ ਅਰਸੇ ਦੌਰਾਨ ਹੁਣ ਤੱਕ ਪੂਰੇ ਪੰਜਾਬ ਵਿਚ 1700 ਮੇਲਿਆਂ ਵਿਚ ਆਪਣੀ ਇਸ ਕਲਾ ਦਾ ਵਿਖਾਵਾ ਕਰਦਿਆਂ 2000 ਕਿੱਲੋ ਦੇਸੀ ਘਿਉ 1000 ਲੀਟਰ ਸਰ੍ਹੋਂ ਦਾ ਤੇਲ ਪੀ ਚੁੱਕਾ ਹੈ। ਦੇਸ ਰਾਜ ਨੇ ਦੱਸਿਆ ਕਿ ਘਿਉ ਪੀਣ ਦੀ ਵਿਧੀ ਹੈ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਹੁਣ ਤੱਕ ਘਿਉ ਪੀ ਕੇ ਕਦੇ ਕੋਈ ਤਕਲੀਫ ਨਹੀਂ ਹੋਈ। ਗਾਇਕਾਂ ਵਿਚੋਂ ਉਹ ਗੁਰਦਾਸ ਮਾਨ ਅਤੇ ਬੱਬੂ ਮਾਨ ਦੀ ਦਿਲੋਂ ਇੱਜ਼ਤ ਕਰਦਾ ਹੈ ਕਿਉਂਕਿ ਉਹ ਦੋ ਗਾਇਕ ਹੀ ਹਨ ਜੋ ਉਸ ਦੀ ਕਲਾਂ ਦੀ ਇੱਜ਼ਤ ਵੀ ਕਰਦੇ ਹਨ ਅਤੇ ਪੈਸੇ ਵੀ ਬਹੁਤ ਦਿੰਦੇ ਹਨ ਅਤੇ ਗਲੇ ਵੀ ਲਾਉਂਦੇ ਹਨ। ਆਪਣੀ ਵਿਲੱਖਣ ਕਲਾ ਦੇ ਮਾਲਕ ਦੇਸ ਰਾਜ ਨੇ ਦੱਸਿਆ ਉਹ ਇਸ ਕਲਾ ਨੂੰ ਪ੍ਰਫੁੱਲਿਤ ਕਰਨ ਵਿਚ ਜ਼ੀਰੇ ਦੀ ਮਹਾਨ ਹਸਤੀ ਅਸ਼ੋਕ ਝੱਟਾ ਜੀ ਦਾ ਬਹੁਤ ਵੱਡਾ ਹੱਥ ਹੈ। ਜ਼ੀਰੇ ਵਿਖੇ ਗਰੀਬੀ ਦੀ ਜ਼ਿੰਦਗੀ ਹੰਢਾਅ ਰਿਹਾ ਦੇਸ ਰਾਜ ਅੱਜ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਨਸ਼ਾਮੁਕਤ ਜ਼ਿੰਦਗੀ ਜਿਊਣ ਦਾ ਸੰਦੇਸ਼ ਦੇ ਰਿਹਾ ਹੈ।
-ਸਾਹਮਣੇ ਬੱਸ ਅੱਡਾ ਜ਼ੀਰਾ। ਮੋਬਾਈਲ : 9855242916

ਜੈਵਿਕ ਗੁੜ ਬਣਾਉਣ ਦੇ ਕਿੱਤੇ ਨੂੰ ਮੁੱਖ ਸਹਾਇਕ ਕਿੱਤਾ ਬਣਾਉਣ ਲਈ ਕੁਝ ਜ਼ਰੂਰੀ ਨੁਕਤੇ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਹ ਗੁੜ, ਚਾਹ ਬਣਾਉਣ ਲਈ ਵਰਤੀਏ ਤਾਂ ਚਾਹ ਫੁੱਟ ਜਾਂਦੀ ਹੈ। ਪਰ ਆਮ ਕਰਕੇ ਸੜਕਾਂ ਕਿਨਾਰੇ ਕਿਸਾਨ ਗੁੜ ਬਣਾਉਣ ਵਾਲੀਆਂ ਥਾਵਾਂ 'ਤੇ ਸ਼ੁੱਧ ਦੇਸੀ ਗੁੜ ਦੇ ਵੱਡੇ-ਵੱਡੇ ਬੋਰਡ ਲਾ ਕੇ ਗਾਹਕਾਂ ਨੂੰ ਆਕਰਸ਼ਤ ਕਰਦੇ ਹਨ। ਜਦ ਉਨ੍ਹਾਂ ਨੂੰ ਦੇਸੀ ਗੁੜ ਬਣਾਉਣ ਦੇ ਤਰੀਕੇ ਬਾਰੇ ਪੁੱਛਿਆ ਜਾਵੇ ਤਾਂ ਕਹਿਣਗੇ ਕਿ ਮੈਲ ਉਤਾਰਨ ਲਈ ਜੈਵਿਕ ਸਫਾਈ ਕਾਰਕਾਂ ਦੀ ਜਗ੍ਹਾ ਮਿੱਠਾ ਸੋਢਾ ਵਰਤਿਆ ਗਿਆ ਹੈ। ਕਿਸਾਨ ਵੀਰੋ ਦੇਸੀ ਗੁੜ ਇਸ ਤਰ੍ਹਾਂ ਦਾ ਨਹੀਂ ਹੁੰਦਾ, ਦੇਸੀ ਗੁੜ, ਦੇਸੀ ਤਰੀਕੇ ਵਰਤ ਕੇ ਤਿਆਰ ਕੀਤੀ ਗੰਨੇ ਦੀ ਫ਼ਸਲ ਤੋਂ ਕੱਢੇ ਰਸ ਨੂੰ ਗਰਮ ਕਰਕੇ ਦੇਸੀ ਸਫਾਈ ਕਾਰਕਾਂ ਨਾਲ ਸਾਫ ਕਰਕੇ ਤਿਆਰ ਕੀਤਾ ਜਾਂਦਾ ਹੈ। ਜੈਵਿਕ (ਦੇਸੀ) ਗੁੜ ਬਣਾਉਣ ਸਮੇਂ ਮੈਲ ਉਤਾਰਨ ਲਈ ਜੈਵਿਕ ਪਦਾਰਥਾਂ (ਭਿੰਡੀ ਤੋਰੀ, ਸੁਖਲੋਈ, ਸੋਇਆਬੀਨ ਦਾ ਆਟਾ, ਮੂੰਗਫਲੀ ਦਾ ਦੁੱਧ) ਆਦਿ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਿਸਾਨ ਵੀਰੋ, ਖਪਤਕਾਰਾਂ ਵਿਚ ਸਿਹਤ ਪੱਖੋਂ ਜਾਗਰੂਕਤਾ ਵਧਣ ਕਾਰਨ ਜੈਵਿਕ ਤਰੀਕਿਆਂ ਨਾਲ ਤਿਆਰ ਗੁੜ ਦੀ ਮੰਗ ਵਧਣ ਲੱਗ ਪਈ ਹੈ, ਹੁਣ ਤਾਂ ਡਾਕਟਰ ਵੀ ਮਰੀਜ਼ਾਂ ਨੂੰ ਸਲਾਹ ਦਿੰਦੇ ਹਨ ਕਿ ਖੰਡ ਖਾਣ ਨਾਲੋਂ ਜੈਵਿਕ (ਦੇਸੀ) ਗੁੜ ਅਤੇ ਸ਼ੱਕਰ ਖਾਣਾ ਵਧੇਰੇ ਲਾਭਦਾਇਕ ਹੈ। ਸੋ ਜੇਕਰ ਗੁੜ ਦੇ ਮਿਆਰੀਪਣ ਬਾਰੇ ਭਰੋਸੇਯੋਗਤਾ ਬਣਾਉਣੀ ਹੈ ਤਾਂ ਖਪਤਕਾਰ ਨੂੰ ਉਹੀ ਕੁਝ ਦੇਣਾ ਪਵੇਗਾ, ਜਿਸ ਦਾ ਅਸੀਂ ਦਾਅਵਾ ਕਰਦੇ ਹਾਂ ਤਾਂ ਹੀ ਇਸ ਕਿੱਤੇ ਨੂੰ ਹੋਰ ਪ੍ਰਫੁਲਤ ਕੀਤਾ ਜਾ ਸਕਦਾ ਹੈ। ਗੁੜ ਅਤੇ ਸ਼ੱਕਰ ਬਣਾਉਣ ਵਿਚ ਗੰਨੇ ਦਾ ਰਸ ਕੱਢਣਾ, ਮੈਲ ਉਤਾਰਨਾ, ਕਾੜ੍ਹਨਾ, ਠੰਢਾ ਕਰਨਾ ਅਤੇ ਭੇਲੀ ਬਣਾਉਣਾ ਆਦਿ ਮੁੱਖ ਪੜਾਅ ਹਨ। ਗੰਨੇ ਵਿਚੋਂ ਰਸ ਕੱਢਣ ਲਈ ਚੰਗੀ ਕਿਸਮ ਦਾ ਵੇਲਣਾ ਵਰਤਣਾ ਚਾਹੀਦਾ ਹੈ, ਜੋ ਘੱਟੋ ਘੱਟ 60 ਫ਼ੀਸਦੀ ਰਸ ਕੱਢਣ ਦੇ ਯੋਗ ਹੋਵੇ। ਜੈਵਿਕ ਗੁੜ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਫ਼ਸਲ ਜੈਵਿਕ ਤਕਨੀਕਾਂ ਵਰਤ ਕੇ ਤਿਆਰ ਕੀਤੀ ਹੋਣੀ ਚਾਹੀਦੀ ਹੈ। ਗੰਨੇ ਦੀ ਫ਼ਸਲ ਨੂੰ ਨਾਈਟ੍ਰੋਜਨ ਜੈਵਿਕ ਸੋਮਿਆਂ ਤੋਂ ਉਪਲਬਧ ਕਰਵਾਉਣੀ ਚਾਹੀਦੀ ਹੈ। ਫ਼ਸਲ ਨੂੰ ਫਾਸਫੋਰਸ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਮੁਤਾਬਿਕ ਵਰਤਣੀ ਚਾਹੀਦੀ ਹੈ। ਜੇਕਰ ਜ਼ਮੀਨ ਵਿਚ ਫਾਸਫੋਰਸ ਦੀ ਘਾਟ ਹੈ ਤਾਂ ਸਿਫਾਰਸ਼ ਕੀਤੀ ਮਾਤਰਾ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ ਕਿਉਂਕਿ ਫਾਸਫੋਰਸ ਗੰਨੇ ਦੇ ਰਸ ਦਾ ਮਿਆਰੀਪਣ ਵਧਾਉਣ ਅਤੇ ਫ਼ਸਲ ਦੀ ਅਗੇਤੀ ਪਕਾਈ ਵਿਚ ਮਦਦ ਕਰਦੀ ਹੈ। ਗੁੜ ਬਣਾਉਣ ਵਾਲੇ ਕਰਾਹ ਨੂੰ ਗੁੜ ਬਣਾਉਂਦੇ ਸਮੇਂ ਉੱਪਰੋਂ ਜਾਲੀ ਦਾਰ ਢਕਣੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਧੂੰਏ 'ਚੋਂ ਨਿਕਲਦੇ ਸੁਆਹ ਦੇ ਕਣ, ਮੱਖੀ, ਮੱਛਰ ਆਦਿ ਗਰਮ ਕੀਤੇ ਜਾ ਰਹੇ ਰਸ ਵਿਚ ਨਾ ਪੈ ਸਕਣ। ਮੈਲ ਉਤਾਰਨ ਬਾਅਦ ਜਦ ਸਾਫ ਰਸ ਉੱਬਲਣਾ ਸ਼ੁਰੂ ਹੋ ਜਾਵੇ ਤਾਂ ਜੈਵਿਕ ਸਫਾਈ ਕਾਰਕ ਵਰਤ ਕੇ ਗੰਨੇ ਦੇ ਰਸ ਨੂੰ ਸਾਫ ਕਰਨਾ ਚਾਹੀਦਾ ਹੈ। ਇਸ ਮਕਸਦ ਵਾਸਤੇ ਸੁਖਲੋਈ ਨਾਂਅ ਦੀ ਬੂਟੀ, ਭਿੰਡੀ ਤੋਰੀ ਦਾ ਤਣਾ ਅਤੇ ਜੜ੍ਹਾਂ ਵਰਤੀਆਂ ਜਾ ਸਕਦੀਆਂ ਹਨ। ਸੁਖਲੋਈ ਅਤੇ ਭਿੰਡੀ ਦਾ ਰਸ ਤਿਆਰ ਕਰਨ ਲਈ ਸੁੱਕਾ ਸਿਲਕਾ 24 ਘੰਟੇ ਪਾਣੀ ਵਿਚ ਭਿਉਂ ਕੇ ਰੱਖੋ। ਫਿਰ ਛਿਲਕੇ ਨੂੰ ਹੱਥਾਂ ਵਿਚ ਮਲ ਕੇ ਸੰਘਣਾ ਘੋਲ ਤਿਆਰ ਕਰੋ। ਅਜਿਹਾ ਇਕ ਲੀਟਰ ਘੋਲ 100 ਲੀਟਰ ਗੰਨੇ ਦੇ ਰਸ ਨੂੰ ਸਾਫ ਕਰਨ ਲਈ ਕਾਫੀ ਹੈ ਜਾਂ 30-40 ਗ੍ਰਾਮ ਸੋਇਆਬੀਨ ਦਾ ਆਟਾ ਪ੍ਰਤੀ 100 ਲੀਟਰ ਗੰਨੇ ਦੇ ਰਸ ਦੀ ਸਫਾਈ ਲਈ ਕਾਫੀ ਹੈ। ਜਦੋਂ ਪੱਤ ਕੜ੍ਹ ਕੇ ਤਿਆਰ ਹੋ ਜਾਵੇ ਤਾਂ ਤਾਪਮਾਨ ਨਿਯੰਤਰਣ ਵਿਚ ਹੋਣਾ ਚਾਹੀਦਾ ਹੈ। ਪੱਤ ਦੇ ਪੱਕਣ ਬਾਅਦ 20 ਗ੍ਰਾਮ ਨਾਰੀਅਲ ਦਾ ਤੇਲ ਪ੍ਰਤੀ ਕੁਇੰਟਲ ਰਸ ਪਾ ਦੇਣਾ ਚਾਹੀਦਾ ਤਾਂ ਜੋ ਬਣ ਰਿਹਾ ਗੁੜ ਸੜ ਨਾ ਜਾਵੇ। ਅਜਿਹਾ ਕਰਨ ਨਾਲ ਗੁੜ ਵਧੇਰੇ ਰਵੇਦਾਰ ਅਤੇ ਸੁਗੰਧੀਦਾਰ ਬਣਨ ਵਿਚ ਮਦਦ ਮਿਲਦੀ ਹੈ। ਗੁੜ ਦੀਆਂ ਪੇਸੀਆ ਹਮੇਸ਼ਾਂ ਛੋਟੀਆਂ ਬਣਾਉਣੀਆਂ ਚਾਹੀਦੀਆਂ ਹਨ। ਅੱਜਕਲ੍ਹ ਤਾਂ ਸੱਚੇ ਵੀ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਛੋਟੀਆਂ ਛੋਟੀਆ ਚੌਰਸ ਪੇਸੀਆਂ ਬਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਬਣਾਈਆਂ ਛੋਟੀਆਂ ਚੌਰਸ ਪੇਸੀਆਂ ਨੂੰ ਵਧੀਆ ਤਰੀਕੇ ਨਾਲ 100 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਪੈਕਿੰਗ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣਾ ਮਾਰਕਾ ਵੀ ਤਿਆਰ ਕਰਨਾ ਚਾਹੀਦਾ ਹੈ। ਸ਼ੱਕਰ ਅਤੇ ਸੁਗੰਧੀ ਵਾਲਾ ਗੁੜ ਤਿਆਰ ਕਰਕੇ ਵੀ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। (ਸਮਾਪਤ)
-ਖੇਤੀਬਾੜੀ ਅਫਸਰ, ਐਮ. ਐਸ. ਸੀ. (ਗੰਨਾ ਤਕਨੀਕ), ਗੁਰਦਾਸਪੁਰ।

ਦੁੱਧ ਪੀਈਏ ਬੂਰੀ ਮੱਝ ਦਾ

ਪੰਜਾਬੀ ਬੋਲੀਆਂ 'ਤੇ ਖੋਜ ਕਰਦੇ ਪਤਾ ਲੱਗਾ ਕਿ ਜਦ ਵੀ ਦੁੱਧ ਦਾ ਜ਼ਿਕਰ ਆਇਆ ਹੈ ਤਾਂ ਬੂਰੀ ਮੱਝ ਦੇ ਦੁੱਧ ਜਾਂ ਘਿਓ ਆਦਿ ਦਾ ਹੀ ਜ਼ਿਕਰ ਹੋਇਆ ਹੈ। ਪੰਜਾਬ ਦੇ ਭਲਵਾਨ ਹਮੇਸ਼ਾਂ ਬੂਰੀ ਮੱਝ ਦਾ ਦੁੱਧ ਪੀਣ ਨੂੰ ਹੀ ਤਰਜੀਹ ਦਿੰਦੇ ਸਨ। ਕਈ ਵਾਰੀ ਸੋਚਦਾ ਸੀ ਕੇ ਆਖਰ ਇੰਝ ਕਿਉਂ ਹੈ? ਪਿਛਲੇ ਦਿਨੀਂ ਮੋਤਾ ਸਿੰਘ ਸਰਾਏ ਦੇ ਘਰ 6 ਬੂਰੀਆਂ ਮੱਝਾਂ ਵੇਖ ਕੇ ਇਹ ਸਵਾਲ ਮੁੜ ਖੜ੍ਹਾ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਿਛਲੀਆਂ 10 ਪੁਸ਼ਤਾਂ ਤੋਂ, ਬੂਰੀ ਮੱਝ ਦੀ ਪੁਸ਼ਤ ਵੀ ਤੁਰੀ ਆਉਂਦੀ ਹੈ। ਇਹ ਤਕਰੀਬਨ ਦੋ ਸਦੀਆਂ ਦੀ ਸਾਂਝ ਬਣ ਜਾਂਦੀ ਹੈ। ਉਨ੍ਹਾਂ ਅਨੁਸਾਰ ਇਕ ਬੂਰੀ ਮੱਝ 20 ਤੋਂ 25 ਸੂਏ ਦਿੰਦੀ ਹੈ। ਅੱਜ ਤੱਕ ਉਨ੍ਹਾਂ ਦੀ ਕੋਈ ਵੀ ਬੂਰੀ ਮੱਝ 'ਤੂਈ' ਨਹੀਂ, ਨਾ ਹੀ ਕਦੇ ਬੂਰੀਆਂ ਮੱਝਾਂ ਨੂੰ ਮੂੰਹ-ਖੁਰ ਦੀ ਬਿਮਾਰੀ ਲੱਗੀ ਹੈ। ਦੁੱਧ ਵਿਚ 2 ਤੋਂ 3 ਪ੍ਰਤੀਸ਼ਤ ਫੈਟ ਵੱਧ ਹੁੰਦੀ ਹੈ। ਉੱਤੋਂ ਵੱਡੀ ਗੱਲ ਕਿ ਮੱਖਣ ਤੇ ਘਿਓ, ਕਾਲੀ ਮੱਝ ਦੇ ਮੱਖਣ ਘਿਓ ਨਾਲੋਂ ਵੱਧ ਸਮਾਂ ਠੀਕ ਰਹਿੰਦਾ ਹੈ। ਪੰਜਾਬ ਦੀ ਇਸ ਵਿਰਾਸਤੀ ਮੱਝ ਨੂੰ ਪਤਾ ਨਹੀਂ ਕਿਉਂ ਲੋਕਾਂ ਨੇ ਭੁਲਾ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਮੁਰ੍ਹਾ ਨਸਲ ਦਾ ਹੀ ਇਕ ਹਿੱਸਾ ਹੈ, ਪਰ ਇਸ ਦੇ ਗੁਣ-ਔਗਣ ਕਾਲੀਆਂ ਮੱਝਾਂ ਨਾਲੋਂ ਕੁਝ ਅਲੱਗ ਹਨ। ਇਹ ਵੀ ਹੋ ਸਕਦਾ ਹੈ ਕਿ ਜਿਵੇਂ-ਜਿਵੇਂ ਪੰਜਾਬ ਵਿਚੋਂ ਭਲਵਾਨੀ ਦੇ ਅਖਾੜੇ, ਵਾਹੇ ਹੋਏ ਖੇਤਾਂ ਤੋਂ ਤੁਰਦੇ ਗੱਦਿਆਂ ਤੱਕ ਆ ਗਏ ਹਨ, ਇਵੇਂ ਹੀ ਇਹ ਦੁਧਾਰੂ, ਬੂਰੇ ਤੋਂ ਡੱਬੀਆਂ ਵਾਲੀਆਂ ਗਾਵਾਂ ਬਣ ਗਿਆ ਹੋਵੇ।

ਦੁੱਧ ਰੰਗੇ ਘੋੜਿਆਂ ਦਾ ਸ਼ੌਕੀਨ-ਜਤਿੰਦਰ ਸਿੰਘ ਪ੍ਰਧਾਨ


ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਓਂ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਪਿੰਡ ਸਿੱਧਵਾਂ ਖੁਰਦ। ਇਹ ਪਿੰਡ ਆਪਣੇ ਲੜਕੀਆਂ ਦੇ ਕਾਲਜ, ਉੱਘੇ ਕਵੀਸ਼ਰ ਸਵਰਗੀ ਸ: ਰਣਜੀਤ ਸਿੰਘ ਸਿੱਧਵਾਂ ਤੇ ਪੰਜਾਬ ਦੇ ਡਿਪਟੀ ਸੀ.ਐਮ. ਦੇ ਸਿਆਸੀ ਸਲਾਹਕਾਰ ਸ: ਪਰਮਜੀਤ ਸਿੰਘ ਸਿੱਧਵਾਂ ਕਰਕੇ ਬੰਨ੍ਹੇ-ਚੰਨ੍ਹੇ ਵਿਚ ਹੀ ਨਹੀਂ ਸਗੋਂ ਕੁੱਲ ਦੁਨੀਆ ਵਿਚ ਮਸ਼ਹੂਰ ਹੈ। ਦੁੱਧ ਵਰਗੇ ਚਿੱਟੇ ਰੰਗ ਦੇ ਨੁੱਕਰੇ ਘੋੜਿਆਂ ਦੇ ਸ਼ੌਕੀਨ ਜਤਿੰਦਰ ਸਿੰਘ ਪ੍ਰਧਾਨ ਸਿੱਧਵਾਂ ਦੇ ਘੋੜਿਆਂ ਕਰਕੇ ਵੀ ਇਸ ਪਿੰਡ ਦੀ ਘੋੜਾ ਪਾਲਕਾਂ ਵਿਚ ਵੀ ਚੰਗੀ ਚਰਚਾ ਹੈ। ਜਤਿੰਦਰ ਸਿੰਘ ਪ੍ਰਧਾਨ ਨੇ ਪਿਤਾ ਸ: ਕੁਲਵੰਤ ਸਿੰਘ ਤੇ ਮਾਤਾ ਸ੍ਰੀਮਤੀ ਜਗਤਾਰ ਕੌਰ ਦੇ ਵਿਹੜੇ ਵਿਚ 5 ਜਨਵਰੀ 1973 ਨੂੰ ਰੌਣਕਾਂ ਲਗਾਈਆਂ। ਦੋ ਭੈਣਾਂ ਕੁਲਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਕੈਨੇਡਾ ਦੇ ਹੋਣਹਾਰ ਭਰਾ ਨੇ ਇਲੈਕਟ੍ਰੀਕਲ ਦਾ ਡਿਪਲੋਮਾ ਕਰਕੇ ਬਚਪਨ ਤੋਂ ਹੀ ਦੁਨੀਆ ਤੋਂ ਕੁਝ ਵੱਖਰਾ ਕਰਨ ਦੀ ਠਾਣ ਲਈ ਸੀ। 2010 ਵਿਚ ਉਸ ਨੇ 10 ਗਾਵਾਂ ਨਾਲ ਡੇਅਰੀ ਫਾਰਮ ਸ਼ੁਰੂ ਕੀਤਾ ਜੋ ਕਿ ਹੁਣ 60 ਗਾਂਵਾਂ (ਜਰਸੀ ਤੇ ਐਚ.ਐਫ.) ਤੱਕ ਪੁੱਜ ਚੁੱਕਾ ਹੈ। ਉਨ੍ਹਾਂ ਦੀ ਹੁਣ ਰੋਜ਼ਾਨਾ 8 ਕੁਇੰਟਲ ਦੁੱਧ ਦੀ ਪੈਦਾਵਾਰ ਹੈ। ਫਿਰ 2012 ਵਿਚ ਉਸ ਨੇ ਪਿੰਡ ਪੂਨੇ ਵਿਖੇ 1 ਲੱਖ 40 ਹਜ਼ਾਰ ਬੋਰੀਆਂ ਦੀ ਸਮਰੱਥਾ ਵਾਲਾ 'ਦਸ਼ਮੇਸ਼ ਕੋਲਡ ਸਟੋਰ' ਬਣਾਇਆ। ਆਪਣੇ ਘੋੜਾ ਪਾਲਕ ਦੋਸਤਾਂ ਮਿੰਟੂ ਲੋਹਗੜ੍ਹ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਸਵੱਦੀ ਤੇ ਬਲਬੀਰ ਸਿੰਘ ਦਿਓਲ ਨਾਲ ਜਦੋਂ ਉਹ ਘੋੜਿਆਂ ਦੀਆਂ ਮੰਡੀਆਂ ਤੇ ਮੇਲਿਆਂ 'ਤੇ ਜਾਂਦਾ ਤਾਂ ਉਸ ਨੂੰ ਵੀ ਘੋੜਿਆਂ ਦੇ ਸ਼ੌਂਕ ਦੀ ਲੋਰ ਚੜ੍ਹਨੀ ਸ਼ੁਰੂ ਹੋ ਗਈ। 2012 ਵਿਚ ਉਸ ਨੇ ਅਲੀ ਘੋੜੇ ਦੀ ਵਛੇਰੀ ਜਦੋਂ ਆਪਣੇ ਅਸਤਬਲ ਵਿਚ ਲਿਆਂਦੀ ਤਾਂ ਉਸ ਤੋਂ ਚਾਅ ਨਾ ਸਾਂਭਿਆ ਗਿਆ। ਇਸ ਸਮੇਂ ਇਸ 'ਬੁਲਬੁਲ' ਘੋੜੀ ਦੀ ਉਮਰ 6 ਸਾਲ, ਕੱਦ 63 ਇੰਚ ਤੇ ਰੰਗ ਕਾਲਾ ਹੈ। ਇਸ ਤੋਂ ਇਲਾਵਾ ਨੁੱਕਰੇ ਘੋੜੇ ਉਸ ਦੇ ਦਿਲ ਤੇ ਦਿਮਾਗ ਵਿਚ ਪੂਰੀ ਤਰ੍ਹਾਂ ਵਸ ਗਏ। ਇਸ ਵਕਤ ਉਸ ਕੋਲ ਮਾਰਵਾੜੀ ਕਾਲੀ ਘੋੜੀ 'ਬੁਲਬੁਲ' ਤੋਂ ਇਲਾਵਾ ਠੱਠੀ ਵਾਲੇ ਘੋੜੇ ਦਾ ਨੁੱਕਰਾ ਵਛੇਰਾ ਵੀਰ, ਉਮਰ ਢਾਈ ਸਾਲ, ਕੱਦ 63 ਇੰਚ, ਨੁੱਕਰਾ ਵਛੇਰਾ 'ਪ੍ਰਿੰਸ' ਉਮਰ ਡੇਢ ਸਾਲ, ਕੱਦ 60 ਇੰਚ, ਨੁੱਕਰੀ ਘੋੜੀ ਮਲਿਕਾ ਉਮਰ 5 ਸਾਲ, ਕੱਦ 63 ਇੰਚ ਬਿਲਕੁਲ ਦਾਗ ਰਹਿਤ ਅਤੇ ਨੀਲੀ ਵਛੇਰੀ 'ਰੌਬਿਨ' ਸਮੇਤ 5 ਉੱਚ-ਪਾਏ ਦੇ ਜਾਨਵਰ ਹਨ। ਜਤਿੰਦਰ ਸਿੰਘ ਦੇ ਨੁੱਕਰੇ ਵਛੇਰੇ 'ਪ੍ਰਿੰਸ' ਨੇ ਐਤਕੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਨੈਸ਼ਨਲ ਪੱਧਰ 'ਤੇ ਹੋਏ ਮੁਕਾਬਲੇ ਵਿਚ ਪਹਿਲਾ ਸਥਾਨ ਜਿੱਤ ਕੇ ਉਸ ਦਾ ਸਿਰ ਮਾਣ ਨਾਲ ਉੱਚਾ ਹੀ ਨਹੀਂ ਕੀਤਾ ਸਗੋਂ ਉਸ ਨੂੰ ਮੂਹਰਲੀ ਕਤਾਰ ਵਾਲੇ ਘੋੜਾ ਪਾਲਕਾਂ ਵਿਚ ਲਿਆ ਖੜ੍ਹਾ ਕੀਤਾ ਹੈ। ਆਪਣੇ 'ਪ੍ਰਧਾਨ ਸਟੱਡ ਫਾਰਮ ਸਿੱਧਵਾਂ' ਵਿਚ ਉਹ 10-15 ਵਧੀਆ ਨਸਲ ਦੀਆਂ ਨੁੱਕਰੀਆਂ ਤੇ ਚੰਬੀਆਂ ਘੋੜੀਆਂ ਰੱਖ ਕੇ ਇਨ੍ਹਾਂ ਤੋਂ ਉੱਚ ਨਸਲ ਦੀ ਬਰੀਡਿੰਗ ਕਰਨ ਦਾ ਵਿਚਾਰ ਬਣਾ ਰਿਹਾ ਹੈ। ਉਨ੍ਹਾਂ ਦੀ ਘਰ ਦੀ 22 ਏਕੜਾਂ ਅਤੇ ਕੁੱਲ 60 ਏਕੜ ਦੀ ਖੇਤੀ ਹੈ ਜਿਸ ਵਿਚ ਉਹ ਆਲੂ, ਮੱਕੀ ਤੇ ਝੋਨਾ ਫਸਲਾਂ ਦੀ ਕਾਸ਼ਤ ਕਰਦੇ ਹਨ। ਉਹ ਇਕ ਵਧੀਆ ਸਮਾਜ ਸੇਵਕ ਦੇ ਨਾਲ-ਨਾਲ ਸਿਆਸਤ ਵਿਚ ਪੂਰਾ ਸਰਗਰਮ ਹੈ। ਪਿੰਡ ਦੀ ਕੋ-ਆਪਰੇਟਿਵ ਸੁਸਾਇਟੀ ਦਾ ਉਹ ਦੂਸਰੀ ਵਾਰੀ ਪ੍ਰਧਾਨ ਬਣਿਆ ਹੈ। ਉਸ ਦੀ ਧਾਰਮਿਕ ਵਿਚਾਰਾਂ ਵਾਲੀ ਪਤਨੀ ਸਿਮਰਜੀਤ ਕੌਰ ਬੀ.ਏ.-ਬੀ.ਐੱਡ. ਬਲਾਕ ਸੰਮਤੀ ਜਗਰਾਓਂ ਦੀ ਮੈਂਬਰ ਹੈ। ਘੋੜਿਆਂ ਦੇ ਖੇਤਰ ਵਿਚ ਉਸ ਨੂੰ ਆਪਣੀ ਧਰਮ ਪਤਨੀ ਸਿਮਰਜੀਤ ਕੌਰ, ਬੇਟੀ ਜਸਨੂਰ ਕੌਰ, ਬੇਟੇ ਹਰਕੋਮਲ ਸਿੰਘ ਅਤੇ ਹਰਜਿੰਦਰ ਸਿੰਘ ਮਲਿਕ, ਬਲਤੇਜ ਸਿੰਘ, ਜਸਵੀਰ ਸਿੰਘ ਪੋਨਾ, ਹਰਕੀਰਤ ਸਿੰਘ ਦਾ ਬਹੁਤ ਜਿਆਦਾ ਸਹਿਯੋਗ ਹਾਸਿਲ ਹੈ।
-ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ) ਮੋਬਾ : 98155 35596

ਅੰਨ ਸੁਰੱਖਿਆ ਬਨਾਮ ਪੀਲੀ ਕੁੰਗੀ


ਪੀਲੀ ਕੁੰਗੀ ਜਾਂ ਧਾਰੀਦਾਰ ਕੁੰਗੀ ਦੇ ਨਾਂਅ ਤੋਂ ਹੀ ਪਤਾ ਲੱਗਦਾ ਹੈ ਕਿ ਬਿਮਾਰੀ ਦੇ ਕਣਾਂ ਦਾ ਰੰਗ ਪੀਲੇ ਰੰਗ ਦਾ ਅਤੇ ਸਿਲਾਈ ਮਸ਼ੀਨ ਦੇ ਬਖੇ ਵਾਂਗ ਨਿੱਕੇ-ਨਿੱਕੇ ਕਣ ਇਕ ਲਾਈਨ ਦੇ ਵਿਚ ਪੱਤੇ ਦੇ ਉਪਰ ਵੇਖੇ ਜਾ ਸਕਦੇ ਹਨ। ਇਨ੍ਹਾਂ ਕਣਾਂ ਨੂੰ ਜਦੋਂ ਉਂਗਲ ਅਤੇ ਅੰਗੂਠੇ ਦੇ ਨਾਲ ਮਲਾਂਗੇ ਤਾਂ ਪਾਊਡਰ ਵਾਂਗ ਹੱਥਾਂ ਨੂੰ ਰੜਕੇਗਾ। ਖੇਤ ਵਿਚ ਲੰਘਦਿਆਂ ਚਿੱਟੇ ਕੱਪੜਿਆਂ 'ਤੇ ਵੀ ਪੀਲੇ ਰੰਗ ਦਾ ਪਾਊਡਰ ਲੱਗ ਜਾਂਦਾ ਹੈ। ਸ਼ੁਰੂ ਵਿਚ ਮੋਟੀ ਜਿਹੀ ਪਹਿਚਾਣ ਵਜੋਂ ਖੇਤ ਦੇ ਬਾਹਰ ਖੜ੍ਹ ਕੇ, ਜਿੱਥੇ ਬੂਟਿਆਂ ਦਾ ਰੰਗ ਥੋੜ੍ਹਾ ਜਿਹਾ ਫਿੱਕਾ ਨਜ਼ਰ ਆ ਜਾਵੇ, ਉਸ ਥਾਂ 'ਤੇ ਇਸ ਬਿਮਾਰੀ ਦਾ ਹੱਲਾ ਹੋਣ ਦੀਆਂ ਨਿਸ਼ਾਨੀਆਂ ਮਿਲ ਸਕਦੀਆਂ ਹਨ। ਇਸ ਬਿਮਾਰੀ ਦਾ ਹੱਲਾ ਖੇਤ ਦੇ ਬਾਹਰਲੇ ਪਾਸੇ ਤੋਂ ਆਮ ਤੌਰ 'ਤੇ ਸ਼ੁਰੂ ਹੁੰਦਾ ਹੈ। ਪਾਪਲੂਰ ਦੇ ਖੇਤਾਂ ਜਾਂ ਖੇਤ ਵਿਚ ਖੜ੍ਹੇ ਕਿਸੇ ਬੂਟੇ ਦੇ ਥੱਲੇ ਇਹ ਬਿਮਾਰੀ ਛੇਤੀ ਅਸਰ ਦਿਖਾਉਂਦੀ ਹੈ।
ਰੋਕਥਾਮ : ਭਾਵੇਂ ਇਸ ਬਿਮਾਰੀ ਨੂੰ ਦੁਨੀਆ ਵਿਚ ਤਕਰੀਬਨ 19ਵੀਂ ਸਦੀ ਦੇ ਸ਼ੁਰੂ ਵਿਚ ਹੀ ਪਹਿਚਾਣ ਲਿਆ ਗਿਆ ਸੀ ਪ੍ਰੰਤੂ ਪੰਜਾਬ ਵਿਚ ਪਿਛਲੇ 8-10 ਸਾਲਾਂ ਤੋਂ ਲਗਾਤਾਰ ਹਰ ਸਾਲ ਇਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਪੰਜਾਬ ਪਿਛਲੇ 6 ਸਾਲਾਂ ਤੋਂ ਇਸ ਬਿਮਾਰੀ ਦੀ ਰੋਕਥਾਮ ਲਈ ਉੱਲੀਨਾਸ਼ਕ ਦਵਾਈ 50 ਫ਼ੀਸਦੀ ਉਪਦਾਨ 'ਤੇ ਕਿਸਾਨਾਂ ਨੂੰ ਦੇ ਕੇ ਇਸ ਬਿਮਾਰੀ ਨੂੰ ਕਿਸੇ ਹੱਦ ਤੱਕ ਰੋਕਣ ਵਿਚ ਕਾਮਯਾਬ ਹੋ ਸਕਿਆ ਹੈ। ਇਸ ਬਿਮਾਰੀ ਨੂੰ ਅਸਰਦਾਰ ਢੰਗ ਨਾਲ ਕਾਬੂ ਕਰਨ ਲਈ ਕੁਝ ਨੁਕਤੇ ਜ਼ਰੂਰ ਸਰਕਾਰ ਨੂੰ ਧਿਆਨ ਵਿਚ ਰੱਖਣੇ ਪੈਣਗੇ।
ੲ ਦੁਨੀਆ ਪੱਧਰ ਤੋਂ ਲੈ ਕੇ ਕਿਸਾਨ ਪੱਧਰ ਤੱਕ ਇਸ ਬਿਮਾਰੀ ਨੂੰ ਖਤਮ ਕਰਨ ਦੀ ਯੋਜਨਾਬੰਦੀ ਕਰਨ ਦੀ ਲੋੜ ਹੈ। ਇਸ ਬਿਮਾਰੀ ਨੂੰ ਜਿਊਂਦਾ ਰੱਖਣ 'ਤੇ ਪਲਣ ਵਾਲੀ ਥਾਂ ਅਤੇ ਸਫਰ ਕਰਨ ਵਾਲੇ ਰਸਤੇ ਜਿਵੇਂ ਅਫਗਾਨਿਸਤਾਨ ਦੀਆਂ ਬੇਆਬਾਦ ਪਹਾੜੀਆਂ, ਪਾਕਿਸਤਾਨ ਹੇਠਲੇ ਕਸ਼ਮੀਰ-ਭਾਰਤ ਦੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਖੇਤਰ ਵਿਚ ਇਸ ਬਿਮਾਰੀ ਦੇ ਕਣਾਂ ਨੂੰ ਹਵਾਈ ਸਪਰੇਅ ਜਾਂ ਕੋਈ ਹੋਰ ਵਿਗਿਆਨਕ ਵਿਧੀ ਨਾਲ ਖਤਮ ਕੀਤਾ ਜਾਵੇ।
ੲ ਪੰਜਾਬ ਵਿਚ ਇਸ ਬਿਮਾਰੀ ਦਾ ਪ੍ਰਵੇਸ਼ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਅਤੇ ਪਠਾਨਕੋਟ ਦੇ ਧਾਰ ਬਲਾਕ ਰਾਹੀਂ ਹੁੰਦਾ ਹੈ। ਇਸ ਏਰੀਆ ਦਾ ਕਿਸਾਨ ਬਹੁਤ ਛੋਟਾ ਅਤੇ ਗਰੀਬ ਵੀ ਹੈ, ਜਿਸ ਕਾਰਨ ਉਹ ਸਮੇਂ ਸਿਰ ਸਪਰੇਅ ਨਹੀਂ ਕਰ ਪਾਉਂਦਾ। ਜੇਕਰ ਕੁਝ ਕਿਸਾਨਾਂ ਨੇ ਸਪਰੇਅ ਕਰ ਵੀ ਲਈ ਤੇ ਦੂਸਰੇ ਕਿਸਾਨਾਂ ਵੱਲੋਂ ਨਾ ਕੀਤੀ ਗਈ ਤਾਂ ਵੀ ਇਸ ਬਿਮਾਰੀ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਏਰੀਆ ਵਿਚ ਸਮੇਂ ਸਿਰ ਸਰਕਾਰ ਵੱਲੋਂ ਮੁਫ਼ਤ ਦਵਾਈ ਕਿਸਾਨਾਂ ਨੂੰ ਦਿੱਤੀ ਜਾਵੇ ਜਾਂ ਸਰਕਾਰੀ ਪੱਧਰ 'ਤੇ ਕਿਸੇ ਸੰਸਥਾ ਰਾਹੀਂ ਘੱਟੋ ਘੱਟ 2 ਸਾਲ ਸਪਰੇਅ ਕਰਵਾਉਣ ਦੀ ਯੋਜਨਾਬੰਦੀ ਕੀਤੀ ਜਾਵੇ।
ੲ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਹੀ ਇਸ ਖਿੱਤੇ ਵਿਚ ਬੀਜੀਆਂ ਜਾਣ ਨੂੰ ਯਕੀਨੀ ਬਣਾਇਆ ਜਾਵੇ। ੲ ਪਾਪੂਲਰ ਦੇ ਖੇਤਾਂ ਵਿਚ ਕਣਕ ਦੀ ਬਿਜਾਈ ਨਾ ਕੀਤੀ ਜਾਵੇ।
ੲ ਹਰੇਕ ਪਿੰਡ ਦੇ ਦੋ ਬੱਚਿਆਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਦਸੰਬਰ ਤੋਂ ਹੀ ਪਿੰਡ ਦੇ ਖੇਤਾਂ ਦਾ ਸਰਵੇਖਣ ਕਰਕੇ ਰਿਪੋਰਟ ਖੇਤੀ ਅਧਿਕਾਰੀਆਂ ਨੂੰ ਕਰਨ ਬਾਰੇ ਪ੍ਰੋਗਰਾਮ ਉਲਕਿਆ ਜਾਵੇ ਤਾਂ ਜੋ ਇਹ ਬਿਮਾਰੀ ਸ਼ੁਰੂ ਹੋਣ ਵੇਲੇ ਹੀ ਰੋਕੀ ਜਾ ਸਕੇ। ਆਰ. ਕੇ. ਵੀ. ਵਾਈ. ਜਾਂ ਕੌਮੀ ਅੰਨ ਸਰੱਖਿਆ ਮਿਸ਼ਨ ਸਕੀਮਾਂ ਤਹਿਤ ਪ੍ਰੋਜੈਕਟ ਬਣਾਏ ਜਾ ਸਕਦੇ ਹਨ।
ੲ ਇਸ ਬਿਮਾਰੀ ਦੀ ਰੋਕਥਾਮ 200 ਮਿ. ਲਿ. ਪ੍ਰੋਪੀਕੋਨਾਜੋਲ ਜਾਂ ਟੈਬੂਕੋਨਾਜੋਲ 20 ਈ. ਸੀ. ਸਾਲਟ ਵਾਲੀ ਦਵਾਈ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਸਪਰੇ ਪੰਪ ਨਾਲ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਜੇਕਰ ਪਾਵਰ ਸਪਰੇਅ ਪੰਪ ਨਾਲ ਛਿੜਕਾਅ ਕੀਤਾ ਜਾਵੇ ਤਾਂ 100 ਲਿਟਰ ਪਾਣੀ ਨਾਲ ਹੀ ਪ੍ਰਤੀ ਏਕੜ ਸਪਰੇਅ ਹੋ ਜਾਂਦੀ ਹੈ ਜਿਸ ਲਈ ਦਵਾਈ ਦੀ ਮਾਤਰਾ ਵੀ ਸਿਰਫ 100 ਮਿ. ਲਿ. ਹੀ ਲੋੜੀਂਦੀ ਹੈ। ਇਹ ਦਵਾਈ ਇਸ ਸਾਲ ਵੀ ਵਿਭਾਗ ਤੋਂ 50 ਫ਼ੀਸਦੀ ਉਪਦਾਨ 'ਤੇ ਉਪਲਬਧ ਹੈ। ਬਿਮਾਰੀ ਦਾ ਪੂਰਾ ਕੰਟਰੋਲ ਨਾ ਹੋਣ 'ਤੇ ਦੂਸਰੇ ਸਪਰੇਅ ਦੀ ਵੀ ਲੋੜ ਪੈ ਸਕਦੀ ਹੈ ਜੋ 15 ਦਿਨਾਂ ਬਾਅਦ ਕੀਤਾ ਜਾਵੇ।
ੲ ਬਿਮਾਰੀ ਦੇ ਸਮੇਂ ਜੇਕਰ ਬਾਰਿਸ਼ ਹੋ ਜਾਵੇ ਤਾਂ ਇਸ ਨਾਲ ਬਿਮਾਰੀ ਖਤਮ ਨਹੀਂ ਹੁੰਦੀ ਸਗੋਂ ਅੱਗੇ ਵਧਣ ਵਿਚ ਹੋਰ ਸਹਾਈ ਹੁੰਦੀ ਹੈ।
-ਸਾਬਕਾ ਸੰਯੁਕਤ ਡਾਇਰੈਕਟਰ,
ਖੇਤੀਬਾੜੀ ਵਿਭਾਗ, ਪੰਜਾਬ।
ਮੋਬਾਈਲ : 98726-20123.

ਆਈ ਕਿਸਾਨ ਮੇਲਿਆਂ ਦੀ ਰੁੱਤ

 
ਕਿਸਾਨ ਮੇਲਿਆਂ ਦਾ ਮੌਸਮ ਆ ਗਿਆ। ਕਿਸਾਨਾਂ ਨੂੰ ਨਵਾਂ ਖੇਤੀ ਗਿਆਨ ਤੇ ਵਿਗਿਆਨ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਨਵੀਂਆਂ ਕਿਸਮ ਦੇ ਬੀਜ ਉਪਲੱਬਧ ਕਰਨ ਦੇ ਉਦੇਸ਼ ਨਾਲ ਖੇਤੀ ਯੂਨੀਵਰਸਿਟੀਆਂ, ਸਰਕਾਰ ਦੇ ਖੇਤੀਬਾੜੀ ਵਿਭਾਗ ਅਤੇ ਖੇਤੀ ਖੇਤਰ ਵਿਚ ਕੰਮ ਕਰ ਰਹੀਆਂ ਕਿਸਾਨ ਸੰਸਥਾਵਾਂ ਵੱਲੋਂ ਮਾਰਚ ਦੇ ਮਹੀਨੇ ਕਿਸਾਨ ਮੇਲੇ ਲਾਏ ਜਾਂਦੇ ਹਨ। ਇਹ ਮਹੀਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਮਹੀਨੇ 'ਚ ਕਿਸਾਨ ਹਾੜੀ ਦੀਆਂ ਭਰਪੂਰ ਫ਼ਸਲਾਂ ਖਾਸ ਕਰਕੇ ਵਿਸ਼ਾਲ ਰਕਬੇ ਤੇ ਬੀਜੀ ਜਾ ਰਹੀ ਕਣਕ ਦੀ ਫ਼ਸਲ ਭਰਪੂਰ ਰੂਪ 'ਚ ਦੇਖ ਸਕਦੇ ਹਨ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਖੋਜ ਵੱਲੋਂ ਕੀਤੇ ਗਏ ਨਵੇਂ ਵਿਗਿਆਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਸੁਧਰੇ ਤੇ ਸ਼ੁੱਧ ਬੀਜ ਇਨ੍ਹਾਂ ਮੇਲਿਆਂ 'ਚ ਖਰੀਦ ਸਕਦੇ ਹਨ। ਇਨ੍ਹਾਂ ਮੇਲਿਆਂ 'ਚ ਖੇਤੀ ਨੁਮਾਇਸ਼ਾਂ ਵੀ ਲਾਈਆਂ ਜਾਂਦੀਆਂ ਹਨ। ਜਿਸ ਵਿਚ ਨਿਜੀ ਖੇਤਰ ਵੀ ਆਪਣੀਆਂ ਸਕੀਮਾਂ ਤੇ ਉਤਪਾਦ ਦਾ ਪ੍ਰਦਰਸ਼ਨ ਕਰਦਾ ਹੈ। ਕਿਸਾਨ ਇਨ੍ਹਾਂ ਮੇਲਿਆਂ ਵਿਚ ਵੱਧ-ਚੜ੍ਹ ਕੇ ਆਉਂਦੇ ਅਤੇ ਖੇਤੀ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਆਪੋ ਵਿਚ ਹੀ ਮਿਲ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਇਨ੍ਹਾਂ ਮੇਲਿਆਂ 'ਚ ਵਿਗਿਆਨੀ ਵੀ ਅਗ੍ਹਾਂਵਧੂ ਕਿਸਾਨਾਂ ਅਤੇ ਮੇਲਿਆਂ ਵਿਚ ਆਏ ਹੋਰ ਬੁੱਧੀਜੀਵਾਂ ਤੋਂ ਹੁਣ ਤੱਕ ਕੀਤੀ ਖੋਜ ਅਤੇ ਵਿਕਸਿਤ ਟਕਨਾਲੋਜੀ ਸਬੰਧੀ ਫੀਡਬੈਕ ਲੈਂਦੇ ਹਨ ਜੋ ਉਨ੍ਹਾਂ ਨੂੰ ਸਹੀ ਖੋਜ ਕਰਨ ਲਈ ਸਹਾਈ ਹੁੰਦੀ ਹੈ। ਇਨ੍ਹਾਂ ਮੇਲਿਆਂ ਦੀ ਅੱਜਕਲ੍ਹ ਵਿਸ਼ੇਸ਼ ਅਹਿਮੀਅਤ ਹੈ ਜਦੋਂ ਸਰਕਾਰੀ ਖੇਤਰ ਦੀ ਖੇਤੀ ਪ੍ਰਸਾਰ ਸੇਵਾ ਮਾਹਿਰਾਂ ਤੇ ਅਮਲੇ ਦੀ ਘਾਟ ਹੋਣ ਕਾਰਨ ਅਤੇ ਸਰਕਾਰ ਵੱਲੋਂ ਖਾਲੀ ਅਸਾਮੀਆਂ ਨਾ ਭਰਨ ਕਾਰਨ, ਢਿੱਲੀ-ਮੱਠੀ ਪੈ ਗਈ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਇਸੇ ਹਫਤੇ 4 ਮਾਰਚ ਤੋਂ ਕਿਸਾਨ ਮੇਲੇ ਲਾਉਣੇ ਸ਼ੁਰੂ ਕਰ ਰਹੀ ਹੈ ਜਿਸ ਦਿਨ ਇਹ ਬੱਲੋਵਾਲੀ ਸੌਂਖੜੀ ਤੇ ਨਾਗਕਲਾਂ (ਅੰਮ੍ਰਿਤਸਰ) ਵਿਖੇ ਕਿਸਾਨ ਦਿਵਸ ਆਯੋਜਿਤ ਕਰੇਗੀ। ਫੇਰ 9 ਮਾਰਚ ਨੂੰ ਫਰੀਦਕੋਟ, 11 ਮਾਰਚ ਨੂੰ ਰੌਣੀ (ਪਟਿਆਲਾ) ਅਤੇ 15 ਮਾਰਚ ਨੂੰ ਗੁਰਦਾਸਪੁਰ ਵਿਖੇ ਕਿਸਾਨਾ ਮੇਲਾ ਲਾਇਆ ਜਾਵੇਗਾ। ਪੀ. ਏ. ਯੂ. ਵੱਲੋਂ ਮੁੱਖ ਕਿਸਾਨ ਮੇਲਾ ਲੁਧਿਆਣਾ ਵਿਖੇ 18-19 ਮਾਰਚ ਨੂੰ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਅੰਤਿਮ ਮੇਲਾ ਬਠਿੰਡਾ ਵਿਖੇ 22 ਮਾਰਚ ਨੂੰ ਲਾਇਆ ਜਾਵੇਗਾ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਵੱਲੋਂ ਹਿਸਾਰ (ਹਰਿਆਣਾ) ਵਿਖੇ 9-10 ਮਾਰਚ ਨੂੰ ਕਿਸਾਨ ਮੇਲਾ ਲਾਇਆ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ, ਖੇਤੀਬਾੜੀ ਵਿਭਾਗ ਤੇ ਆਈ. ਸੀ. ਏ. ਆਰ.-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ. ਏ. ਆਰ. ਆਈ.-ਪੂਸਾ) ਦੇ ਸਹਿਯੋਗ ਨਾਲ ਰੱਖੜਾ ਵਿਖੇ 12 ਮਾਰਚ ਨੂੰ ਕਿਸਾਨ ਮੇਲਾ ਲਾ ਕੇ ਆਈ. ਏ. ਆਰ. ਆਈ. ਵੱਲੋਂ ਵਿਕਸਿਤ ਕੀਤੇ ਗਏ ਟਕਨਾਲੋਜੀ ਤੇ ਪੰਜਾਬ ਦੀਆਂ ਸਾਉਣੀ ਸੀਜ਼ਨ ਦੀਆਂ ਮੁੱਖ ਫ਼ਸਲਾਂ ਝੋਨਾ ਤੇ ਬਾਸਮਤੀ ਦੇ ਫਾਊਂਡੇਸ਼ਨ ਬੀਜ ਕਿਸਾਨਾਂ ਨੂੰ ਉਪਲੱਬਧ ਕਰੇਗੀ। ਇਸ ਮੇਲੇ ਵਿਚ ਕਿਸਾਨ ਆਈ. ਏ. ਆਰ. ਆਈ. ਦੇ ਮੁੱਖ ਵਿਗਿਆਨੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਕਣਕ ਦੀ ਨਵੀਂ ਕਿਸਮ ਐਚ. ਡੀ.-3117 ਤੋਂ ਇਲਾਵਾ ਵੱਡੇ ਪੈਮਾਨੇ 'ਤੇ ਬੀਜੀਆਂ ਜਾ ਰਹੀਆਂ ਐਚ. ਡੀ.-3086 ਤੇ ਐਚ. ਡੀ.-2967 ਕਿਸਮਾਂ ਦੇ ਖੇਤ ਵੀ ਵੇਖ ਸਕਣਗੇ। ਇਨ੍ਹਾਂ ਕਿਸਮਾਂ ਦੇ ਬਰੀਡਰ ਵੀ ਮੇਲੇ 'ਚ ਆ ਕੇ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣ ਪਾਉਣਗੇ। ਇਸ ਸਾਲ ਆਈ. ਸੀ. ਏ. ਆਰ.-ਆਈ. ਏ. ਆਰ. ਆਈ. ਵੱਲੋਂ ਦਿੱਲੀ ਵਿਖੇ ਲਾਇਆ ਜਾਂਦਾ ਕ੍ਰਿਸ਼ੀ ਵਿਗਿਆਨ ਮੇਲੇ ਦਾ ਆਕਾਰ ਵੱਡਾ ਕਰ ਕੇ ਭਾਰਤ ਸਰਕਾਰ ਦੇ ਖੇਤੀ ਮੰਤਰਾਲਿਆ, ਭਾਰਤੀ ਖੇਤੀ ਖੋਜ ਸੰਸਥਾਨ ( ਆਈ. ਏ. ਆਰ. ਆਈ.) ਅਤੇ ਸੀ. ਸੀ. ਆਈ. ਰਲ ਕੇ ਵਿਸ਼ਾਲ ਪੱਧਰ 'ਤੇ 'ਕ੍ਰਿਸ਼ੀ ਉੱਨਤੀ ਮੇਲਾ' 19-21 ਮਾਰਚ ਨੂੰ ਪੂਸਾ ਕੈਂਪਸ 'ਤੇ ਆਯੋਜਤ ਕਰਨਗੇ। ਇਸ ਵਿਸ਼ਾਲ ਮੇਲੇ 'ਚ ਪੰਜਾਬ ਤੋਂ ਇਲਾਵਾ ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਕ੍ਰਿਸ਼ੀ ਉੱਨਤੀ ਮੇਲੇ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿਦੰਰ ਮੋਦੀ ਵੀ ਸੰਬੋਧਨ ਕਰਨਗੇ। ਆਈ. ਏ. ਆਰ. ਆਈ. ਵੱਲੋਂ ਵਿਕਸਤ ਖੇਤੀ ਵਿਗਿਆਨ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ ਵੀ ਕਿਸਾਨ ਇਸ ਵਿਸ਼ਾਲ ਉੱਤਸਵ 'ਚ ਪ੍ਰਾਪਤ ਕਰ ਸਕਣਗੇ। ਇਨ੍ਹਾਂ ਮੇਲਿਆਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਵਿਭਾਗ ਵੱਖੋਂ ਵੱਖ ਜ਼ਿਲ੍ਹਿਆਂ 'ਚ ਕਿਸਾਨ ਸਿਖਲਾਈ ਕੈਂਪ ਲਾਏਗਾ।
ਖੇਤੀ ਖੋਜ : ਖੇਤੀ 'ਚ ਵਿਭਿੰਨਤਾ ਲਿਆਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜ਼ੂਦ ਪੰਜਾਬ 'ਚ ਮੁੱਖ ਫ਼ਸਲ ਝੋਨਾ ਹੀ ਬਣੀ ਰਹੇਗੀ। ਇਸ ਦੀ ਕਾਸ਼ਤ ਥੱਲੇ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਾਸਮਤੀ ਨੂੰ ਮੰਡੀ 'ਚ ਇਸ ਸਾਲ ਮੰਦਾ ਆਉਣ ਕਾਰਨ, ਕਿਸਾਨ ਬਾਸਮਤੀ ਦੀ ਕਾਸ਼ਤ ਵਿਚੋਂ ਕੁੱਝ ਰਕਬਾ ਕੱਢ ਕੇ ਝੋਨਾ ਲਾਉਣ ਲਈ ਹੀ ਉਤਸ਼ਾਹਤ ਹਨ। ਪੰਜਾਬ 'ਚ ਮੁੱਖ ਕਿਸਮ ਪੂਸਾ-44 ਹੀ ਬੀਜੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਸ. ਗੁਰਦਿਆਲ ਸਿੰਘ ਅਨੁਸਾਰ ਇਹ ਕਿਸਮ ਅਜੇ ਵੀ ਲੱਗਪਗ 20-25 ਪ੍ਰਤੀਸ਼ਤ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਹੈ। ਇਸ ਕਿਸਮ ਦਾ ਸ਼ੁੱਧ ਤੇ ਸੋਧਿਆ ਬੀਜ ਕਿਸਾਨ ਹੁਣੇ ਤੋਂ ਪ੍ਰਾਪਤ ਕਰਨ ਲਈ ਉਤਾਵਲੇ ਹਨ। ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਵਿਕਸਿਤ ਪੀ. ਆਰ.-121 ਕਿਸਮ ਜੋ ਪਿਛਲੇ ਸਾਲ ਕਿਸਾਨਾਂ ਦੀ ਪੰਸਦ ਬਣੀ ਰਹੀ ਅਤੇ ਪੀ ਏ ਯੂ ਦੇ ਪ੍ਰਮੁੱਖ ਵਿਗਿਆਨੀ ਤੇ ਝੋਨੇ ਦੇ ਮੁੱਖ ਬਰੀਡਰ ਡਾ. ਜੀ ਐਸ ਮਾਂਗਟ ਅਨੁਸਾਰ 17 ਪ੍ਰਤੀਸ਼ਤ ਰਕਬੇ 'ਤੇ ਬੀਜੀ ਗਈ, ਇਸ ਸਾਲ ਵੀ ਕਿਸਾਨਾਂ ਦੀ ਖਿਚ ਬਣੀ ਰਹੇਗੀ। ਇਸ ਤੋਂ ਇਲਾਵਾ ਪੀ. ਆਰ.-124 ਕਿਸਮ (ਜੋ ਪੱਕਣ ਨੂੰ ਥੋੜ੍ਹਾ ਸਮਾਂ ਲੈਂਦੀ ਹੈ) ਕਿਸਾਨ ਵੱਧ-ਚੜ੍ਹ ਕੇ ਬੀਜਣਗੇ। ਪੀ. ਏ. ਯੂ. ਵੱਲੋਂ ਐਡਹਾਕ ਦੇ ਆਧਾਰ 'ਤੇ ਇਸ ਸਾਲ ਲਈ ਜਾਰੀ ਕੀਤੀ ਗਈ ਪੀ. ਆਰ.-126 ਕਿਸਮ ਵੀ ਕਿਸਾਨਾਂ ਦੀ ਪੰਸਦ ਹੋਵੇਗੀ। ਇਹ ਕਿਸਮ ਵੀ ਪੱਕਣ ਨੂੰ ਥੋੜ੍ਹਾ ਸਮਾਂ (125 ਕੁ ਦਿਨ) ਲੈਂਦੀ ਹੈ। ਡਾ: ਮਾਂਗਟ ਅਨੁਸਾਰ ਇਨ੍ਹਾਂ ਕਿਸਮਾਂ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਹੈ। ਪੀ ਏ ਯੂ ਵੱਲੋਂ ਹੁਣ ਤੱਕ ਜਾਰੀ ਕੀਤੀਆਂ ਗਈਆਂ ਝੋਨੇ ਦੀਆਂ ਕਿਸਮਾਂ 'ਚੋਂ ਪੀ. ਆਰ.-118 ਕਿਸਮ ਦੀ ਸਿਫਾਰਸ਼ ਰੱਦ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਪੇੈਕੇਜ ਆਫ ਪਰੈਕਟਸਿਜ਼ 'ਚੋਂ ਖਾਰਜ ਕਰ ਦਿੱਤਾ ਹੈ।
ਆਈ. ਏ. ਆਰ. ਆਈ.- ਪੂਸਾ ਵੱਲੋਂ ਕੀਤੀ ਜਾ ਰਹੀ ਨਵੀਂ ਖੋਜ ਵੱਜੋਂ ਝੋਨੇ ਦੀ ਪੂਸਾ-1592 ਕਿਸਮ, ਸੰਸਥਾਨ ਦੇ ਚੌਲਾਂ ਦੇ ਮੁੱਖ ਬੀਰਡਰ ਡਾ: ਅਸ਼ੋਕ ਕੁਮਾਰ ਸਿੰਘ ਅਨੁਸਾਰ, ਸੀਥ ਬਲਾਈਟ (ਤਣੇ ਦੁਆਲੇ ਪੱਤੇ ਦੇ ਝੁਲਸ ਰੋਗ) ਦਾ ਟਾਕਰਾ ਕਰਨ ਦੀ ਪੂਰੀ ਸਮਰਥਾ ਰੱਖਦੀ ਹੈ। ਡਾ: ਸਿੰਘ ਅਨੁਸਾਰ ਸੀ. ਓ. -1 ਕਿਸਮ ਦੀਆਂ ਕੀਤੀਆਂ ਗਈਆਂ ਅਜ਼ਮਾਇਸ਼ਾਂ ਵੱਜੋਂ ਇਸ ਨੂੰ ਪੂਸਾ-44 ਕਿਸਮ ਨਾਲ ਕਰਾਸ ਕਰ ਕੇ 85 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੀ ਸਮਰਥਾ ਲਿਆ ਕੇ 120 ਦਿਨ ਵਿਚ ਪੱਕਣਵਾਲੀ ਸਖ਼ਤ ਚਾਵਲ ਵਾਲੀ ਨਵੀਂ ਕਿਸਮ ਵਿਕਾਸ-ਅਧੀਨ ਹੈ। ਇਸ ਤੋਂ ਇਲਾਵਾ ਪੂਸਾ ਵੱਲੋਂ ਬਾਸਮਤੀ ਖੇਤਰ 'ਚ ਪੀ ਬੀ-1609 ਕਿਸਮ ਸਰਬ -ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਵਾਨਗੀ ਦੇਣ ਵਾਲੀ ਕਮੇਟੀ ਵੱਲੋਂ ਕਾਸ਼ਤ ਲਈ ਜਾਰੀ ਕਰ ਦਿੱਤੀ ਗਈ ਹੈ । ਇਹ ਕਿਸਮ 120 ਦਿਨ ਵਿਚ ਪੱਕ ਕੇ 24-25 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ ਅਤੇ ਨੈੱਕ ਬਲਾਸਟ (ਭੁਰੜ ਰੋਗ) ਦਾ ਟਾਕਰਾ ਕਰਨ ਦੀ ਪੂਰੀ ਸਮਰੱਥਾ ਰੱਖਦੀ ਹੈ। ਇਸ ਕਿਸਮ ਦਾ ਚੋਲ ਪੀ. ਬੀ.-1121 ਕਿਸਮ ਦਾ ਮੁਕਾਬਲਾ ਤਾਂ ਨਹੀਂ ਕਰਦਾ ਪਰੰਤੂ ਪੀ ਬੀ -1509 ਕਿਸਮ ਦੇ ਨੇੜੇ - ਤੇੜੇ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਸਮਤੀ ਚੌਲਾਂ ਦੀ ਵਧੀਆ ਪੀ. ਬੀ.-1401 ਕਿਸਮ ਨੂੰ ਗਰਦਨ ਮੋੜ ਬਲਾਸਟ (ਭੁਰੜ ਰੋਗ), ਬਕਾਨੇ ਤੇ ਹੋਰ ਬਿਮਾਰੀਆਂ ਤੋਂ ਮੁਕਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਪੱਕਣ ਦਾ ਸਮਾਂ ਇਸ ਦੀ ਵਧੇਰੇ ਉਤਪਾਦਕਤਾ ਨੂੰ ਬਰਕਰਾਰ ਰਖਦੇ ਹੋਏ 10 ਦਿਨ ਘਟਾ ਦਿੱਤਾ ਜਾਏਗਾ। ਚੌਲਾਂ ਦੀ ਗੁਣਵੱਤਾ ਉਹੀ ਰਹੇਗੀ। ਨੇੜੇ - ਭਵਿੱਖ ਵਿਚ ਛੇਤੀ ਹੀ ਪੀ. ਬੀ.-1121 ਤੇ ਪੀ. ਬੀ.-1509 ਕਿਸਮਾਂ ਨੂੰ ਵੀ ਬਕਾਨੇ ਰੋਗ (ਝੰਡਾ ਰੋਗ) ਤੋਂ ਮੁਕਤ ਕਰ ਦਿੱਤਾ ਜਾਵੇਗਾ। ਪੂਸਾ ਵੱਲੋਂ ਥੋੜ੍ਹੇ ਸਮੇਂ 'ਚ ਪੱਕ ਕੇ ਤਿਆਰ ਹੋਣ ਵਾਲੀ ਅਰਹਰ ਦੀ ਕਿਸਮ ਵੀ ਕਿਸਾਨਾਂ ਤੱਕ ਛੇਤੀ ਪਹੁੰਚੇਗੀ। ਪੂਸਾ ਦੇ ਸੰਯੁਕਤ ਡਾਇਰੈਕਟਰ (ਖੋਜ) ਡਾ: ਕੇ. ਵੀ. ਪ੍ਰਭੂ ਅਨੁਸਾਰ ਸਰ੍ਹੋਂ ਦੀ ਇਕ ਨਵੀਂ ਹੈਰਾਨਕੁਨ ਕਿਸਮ ਵੀ ਕਿਸਾਨਾਂ ਨੂੰ ਛੇਤੀ ਦਿੱਤੀ ਜਾਏਗੀ।
ਪੀ. ਏ. ਯੂ. ਵੱਲੋਂ ਕਪਾਹ ਦੀ ਨਵੀਂ ਕਿਸਮ ਐਲ ਡੀ 949 ਰਾਜ ਦੀ ਕਿਸਮਾਂ ਦੀ ਪ੍ਰਵਾਨਗੀ ਦੇਣ ਵਾਲੀ ਕਮੇਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਹ ਕਿਸਮ (ਜੋ ਦੋਗਲੀ ਕਿਸਮ ਨਹੀਂ) ਪੱਕਣ ਲਈ 160 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 2739 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ। ਪੀ. ਏ. ਯੂ. ਨੇ ਨੇਪੀਅਰ ਬਾਜਰੇ ਦੀ ਹਾਈਬਰਿਡ ਪੀ. ਬੀ. ਐਨ.-346 ਕਿਸਮ ਵੀ ਕਿਸਾਨਾਂ ਦੀ ਕਾਸ਼ਤ ਲਈ ਜਾਰੀ ਕਰ ਦਿੱਤੀ ਗਈ ਹੈ। ਇਸ ਦਾ ਔਸਤ ਝਾੜ (ਹਰਾ ਫੋਰੇਜ਼) 1664.3 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਸ ਕਿਸਮ ਦੀ ਫ਼ਸਲ ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ। ਪਹਿਲੀ ਕਟਾਈ ਦਾ ਝਾੜ ਘੱਟ ਅਤੇ ਦੂਜੀ ਦਾ ਵੱਧ ਹੈ। ਇਸ ਕਮੇਟੀ ਵੱਲੋਂ ਪੀ. ਏ. ਯੂ. ਦੀ ਮੂੰਗੀ ਦੀ ਐਮ. ਐਲ.-2056 ਕਿਸਮ ਨੂੰ ਵੀ ਕਿਸਾਨਾਂ ਦੀ ਕਾਸ਼ਤ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਿਸਮ ਦਾ ਝਾੜ ਪੀ. ਏ. ਯੂ. ਦੀਆਂ ਵਰਤਮਾਨ 911 ਅਤੇ ਐਮ. ਐਲ.-818 ਕਿਸਮਾਂ ਨਾਲੋਂ ਤਰਤੀਬਵਾਰ 8.9 ਤੇ 12.6 ਫ਼ੀਸਦੀ ਵੱਧ ਹੈ। ਇਸ ਕਿਸਮ ਦਾ ਦਾਣਾ ਵੱਡਾ ਤੇ ਚਮਕਦਾਰ ਹੈ ਅਤੇ ਪਕਾਉਣ ਉਪਰੰਤ ਗੁਣਵੱਤਾ ਵਧੀਆ ਹੈ। ਇਹ ਪੀਲੀ ਮੋਜ਼ੇਕ ਵਾਇਰਸ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਅਫਰੀਕਨ ਸਰ੍ਹੋਂ ਦੀ ਪੀ ਸੀ-6 ਕਿਸਮ ਵੀ ਪੀ. ਏ. ਯੂ. ਵੱਲੋਂ ਸਿਫਾਰਸ਼ ਕੀਤੀ ਗਈ ਹੈ। ਜਿਸ ਦੀ ਉਤਪਾਦਕਤਾ 7.70 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ 40.1 ਫ਼ੀਸਦੀ ਹੈ। ਇਹ ਕਿਸਮ ਚਿੱਟੀ ਕੁੰਗੀ ਤੋਂ ਮੁਕਤ ਹੈ।
ਖੇਤੀ ਸਬੰਧੀ ਹੋਰ ਖ਼ਬਰਾਂ : ਡਾ: ਤ੍ਰਿਲੋਚਨ ਮਹਾਪਾਤਰਾ ਡਾਇਰੈਕਟਰ-ਕਮ-ਉੱਪ ਕੁਲਪਤੀ ਆਈ. ਸੀ. ਏ. ਆਰ. ਇੰਡੀਅਨ ਐਗਰੀਕਲਚਰਲ ਇੰਸਟੀਚਿਊਟ ਨੂੰ ਪਦਉੱਨਤ ਕਰਕੇ ਭਾਰਤ ਸਰਕਾਰ ਨੇ ਆਈ. ਸੀ. ਏ. ਆਰ. ਦਾ ਡਾਇਰੈਕਟਰ-ਜਨਰਲ ਅਤੇ ਖੇਤੀ ਮੰਤਰਾਲੇ ਖੇਤੀ ਖੋਜ ਅਤੇ ਸਿੱਖਿਆ ਦਾ ਸਕੱਤਰ ਨੀਯਤ ਕਰ ਦਿੱਤਾ ਹੈ। ਉਨ੍ਹਾਂ ਨੇ ਕ੍ਰਿਸ਼ੀ ਭਵਨ 'ਚ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਡਾ: ਰਾਵਿੰਦਰ ਕੌਰ ਨੇ ਆਈ. ਸੀ. ਏ. ਆਰ. ਆਈ. ਏ. ਆਰ. ਆਈ. ਦੇ ਡਾਇਰੈਕਟਰ (ਐਕਟਿੰਗ) ਦਾ ਔਹਦਾ ਸੰਭਾਲ ਲਿਆ ਹੈ।
ਡਾ: ਜੀ. ਐਸ. ਕਾਲਕਟ ਚੈਅਰਮੈਨ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਪੰਜਾਬ ਵਿਕਾਸ ਚੈਂਬਰ ਦੇ ਪੈਟਰਨ ਹੋਣ ਨਾਤੇ ਪੰਜਾਬ ਦੀ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਸੁਲਝਾਉਣ ਪੱਖੋਂ ਇਸ ਨੂੰ ਮੁੜ ਜੀਵਤ ਕਰ ਰਹੇ ਹਨ ਅਤੇ ਪੰਜਾਬ ਚੈਂਬਰ ਆਫ ਐਗਰੀਕਲਚਰ ਦੇ ਸਰਪਰਸਤ ਸ੍ਰੀ ਜਗਦੀਪ ਸਿੰਘ ਚੀਮਾ (ਪ੍ਰਧਾਨ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ) ਵੱਲੋਂ ਇਨ੍ਹਾਂ ਦੋਵੇਂ ਸੰਸਥਾਵਾਂ ਨੂੰ ਇਕ ਕਰਨ 'ਤੇ ਵੀ ਵਿਚਾਰ ਕਰ ਰਹੇ ਹਨ।
ਮੋਬਾ: 98152-36307

ਜੈਵਿਕ ਗੁੜ ਬਣਾਉਣ ਦੇ ਕਿੱਤੇ ਨੂੰ ਮੁੱਖ ਸਹਾਇਕ ਕਿੱਤਾ ਬਣਾਉਣ ਲਈ ਕੁਝ ਜ਼ਰੂਰੀ ਨੁਕਤੇ

ਗਰਮਾ-ਗਰਮ ਗੁੜ ਅਤੇ ਸ਼ੱਕਰ ਖਾਣ ਨੂੰ ਕਿਸ ਦਾ ਜੀਅ ਨਹੀਂ ਕਰਦਾ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਗੁੜ ਦੀ ਖਪਤ ਵਧਣ ਕਾਰਨ ਕਿਸਾਨਾਂ ਦੁਆਰਾ ਗੁੜ, ਸ਼ੱਕਰ ਬਣਾ ਕੇ ਵੇਚਣ ਦਾ ਰੁਝਾਨ ਵਧਿਆ ਹੈ। ਗੁੜ ਜਾਂ ਸ਼ੱਕਰ, ਗੰਨੇ ਦੇ ਰਸ ਨੂੰ ਖੁੱਲੇ ਕਰਾਹ ਵਿਚ ਗਰਮ ਕਰਕੇ ਬਚੇ ਠੋਸ ਪਦਾਰਥ ਨੂੰ ਕਹਿੰਦੇ ਹਨ। ਗੁੜ ਵਿਚ ਮੁੱਖ ਤੌਰ 'ਤੇ 60-85 ਫ਼ੀਸਦੀ ਸੂਕਰੋਜ਼, 5015 ਫ਼ੀਸਦੀ ਗੁਲੂਕੋਜ਼ ਅਤੇ ਫਰੱਕਟੋਜ ਹੁੰਦਾ ਹੈ, ਇਸ ਦੇ ਨਾਲ ਹੀ 1 ਫ਼ੀਸਦੀ ਪ੍ਰੋਟੀਨ, 0.1ਗ੍ਰਾਮ ਫੈਟ, 8 ਮਿ.ਗ੍ਰ. ਕੈਲਸ਼ੀਅਮ, 4 ਮਿਲੀ ਗ੍ਰਾਮ ਫਾਸਫੋਰਸ ਅਤੇ 11.4 ਮਿ.ਗ੍ਰਾ. ਲੋਹਾ ਮੌਜੂਦ ਹੁੰਦਾ ਹੈ। 100 ਗ੍ਰਾਮ ਗੁੜ ਤੋਂ ਤਕਰੀਬਨ 383 ਕਿਲੋ ਕੈਲਰੀ ਐਨਰਜੀ ਮਿਲ ਜਾਂਦੀ ਹੈ। ਜਦਕਿ ਖੰਡ ਵਿਚ 99.5 ਫ਼ੀਸਦੀ ਸੂਕਰੋਜ਼ ਹੁੰਦੀ ਹੈ ਅਤੇ ਕੋਈ ਖਣਿਜ ਪਦਾਰਥ ਮੌਜੂਦ ਨਹੀਂ ਹੁੰਦੇ। ਮਿਆਰੀ ਗੁੜ ਦੀਆਂ ਵਿਸ਼ੇਸ਼ਤਾਵਾਂ ਵਿਚ ਹਲਕਾ ਰੰਗ, ਸਖਤਪਣ, ਚੰਗਾ ਰਵੇਦਾਰ, ਸੁਆਦ 'ਚ ਮਿੱਠਾ, ਸੁਗੰਧੀਦਾਰ ਅਤੇ ਲੰਬੇ ਸਮੇਂ ਤੱਕ ਸਾਂਭਣਯੋਗ ਆਦਿ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ। ਗੁੜ ਵਿਚ ਸੌਂਫ, ਸੁੰਢ, ਮੂੰਗਫਲੀ, ਬਦਾਮ, ਕਾਜੂ ਅਤੇ ਤਿਲ ਪਾ ਕੇ ਹੋਰ ਵੀ ਸੁਆਦੀ ਬਣਾਇਆ ਜਾ ਸਜਦਾ ਹੈ। ਕੋਈ ਸਮਾਂ ਸੀ ਜਦੋਂ ਗੰਨੇ ਦੇ ਰਸ ਤੋਂ ਗੁੜ, ਸ਼ੱਕਰ ਤਿਆਰ ਕਰਨ ਲਈ ਪਿੰਡਾਂ ਵਿਚ ਵੇਲਣੇ ਹੁੰਦੇ ਸਨ। ਗਰਮਾ-ਗਰਮ ਗੁੜ ਬਹੁਤ ਸੁਆਦੀ ਹੁੰਦਾ ਸੀ ਅਤੇ ਬੜੇ ਚਾਅ ਨਾਲ ਖਾਧਾ ਜਾਂਦਾ ਸੀ ਜੋ ਅੱਜਕਲ੍ਹ ਦੀਆਂ ਬਾਜ਼ਾਰੀ ਮਠਿਆਈਆਂ ਨੂੰ ਮਾਤ ਪਾਉਂਦਾ ਸੀ। ਘੱਟ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਾਰਨ ਗੁੜ ਗੁਣਵੱਤਾ ਭਰਪੂਰ ਹੁੰਦਾ ਸੀ। ਖੰਡ ਮਿੱਲਾਂ ਦੀ ਪੰਜਾਬ ਵਿਚ ਆਮਦ ਨਾਲ ਪਿੰਡਾਂ ਵਿਚੋਂ ਵੇਲਣੇ ਅਤੇ ਕਲ੍ਹਾੜੀਆਂ ਅਲੋਪ ਹੋਣੇ ਸ਼ੁਰੂ ਹੋ ਗਏ। ਕੁਝ ਸਮਾਂ ਤਾਂ ਅਜਿਹਾ ਵੀ ਆਇਆ ਕਿ ਗੁੜ ਅਤੇ ਸ਼ੱਕਰ ਖਾਣ ਨੂੰ ਲੋਕ ਤਰਸਣ ਲੱਗੇ। ਪੰਜਾਬ ਦੇ ਕਿਸਾਨਾਂ ਵੱਲੋਂ ਇਸ ਧੰਦੇ ਦਾ ਤਿਆਗ ਕਰਨ ਦਾ ਲਾਭ ਉਠਾਉਂਦਿਆਂ ਉੱਤਰ ਪ੍ਰਦੇਸ਼ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਸੜਕਾਂ ਕਿਨਾਰੇ ਜਗ੍ਹਾ-ਜਗ੍ਹਾ ਵੇਲਣੇ ਲਾ ਕੇ ਗੁੜ ਅਤੇ ਸ਼ੱਕਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਅਕਤੀਆਂ ਵੱਲੋਂ ਗੁੜ ਬਣਾਉਂਦੇ ਸਮੇਂ ਸਾਫ-ਸਫਾਈ ਦਾ ਧਿਆਨ ਨਾ ਰੱਖਦਿਆਂ ਕਈ-ਕਈ ਦਿਨਾਂ ਦੇ ਜਮ੍ਹਾਂ ਕੀਤੇ ਗੰਨੇ ਤੋਂ ਗੁੜ ਅਤੇ ਸ਼ੱਕਰ ਤਿਆਰ ਕੀਤੀ ਜਾਂਦੀ ਸੀ ਜੋ ਕੁਝ ਸਮੇਂ ਬਾਅਦ ਖਰਾਬ ਹੋ ਜਾਂਦੀ ਸੀ। ਖੰਡ ਮਿੱਲ ਵਾਲਿਆਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਫਸਲ ਦੇ ਭੁਗਤਾਨ ਵਿਚ ਦੇਰੀ, ਪਰਚੀਆਂ ਲੈਣ ਵਿਚ ਖੱਜਲ-ਖੁਆਰੀ ਅਤੇ ਕੁਝ ਹੋਰ ਕਾਰਨਾਂ ਕਾਰਨ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਕਿਸਾਨਾਂ ਦੀ ਹੜਤਾਲ ਅਤੇ ਰੋਸ ਮੁਜ਼ਾਰਿਆਂ ਦੇ ਬਾਵਜੂਦ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਲੱਗੀ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਉੱਦਮੀ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਗੁੜ ਅਤੇ ਸ਼ੱਕਰ ਬਣਾ ਕੇ ਵੇਚਣ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਤਰਾਂ ਕਿਸਾਨਾਂ ਨੂੰ ਖੰਡ ਮਿੱਲਾਂ ਵਿਚ ਗੰਨਾ ਵੇਚਣ ਦੀ ਬਜਾਏ ਗੁੜ, ਸ਼ੱਕਰ ਬਣਾ ਕੇ ਵੇਚਣ ਵਿਚ ਵਧੇਰੇ ਫਾਇਦਾ ਨਜ਼ਰ ਆਉਣ ਲੱਗਾ ਹੈ। ਪ੍ਰਚੂਨ ਵਿਚ ਇਕ ਕਿਲੋ ਗੁੜ ਦੀ ਕੀਮਤ 50 ਅਤੇ ਸ਼ੱਕਰ 60 ਪ੍ਰਤੀ ਕਿਲੋ ਵਿਕਣ ਨਾਲ ਇਕ ਏਕੜ ਫ਼ਸਲ ਵਿਚੋਂ ਤਕਰੀਬਨ ਇਕ ਲੱਖ 30 ਹਜ਼ਾਰ ਵਟਕ ਹੋ ਜਾਂਦੀ ਹੈ ਜਦ ਕਿ ਗੰਨਾ ਮਿੱਲ ਵਿਚ ਗੰਨਾ ਵੇਚਣ ਨਾਲ ਤਕਰੀਬਨ 80 ਹਜ਼ਾਰ ਵਟਕ ਹੁੰਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਚਾਰਾ ਮਿਲ ਜਾਂਦਾ ਹੈ ਅਤੇ ਰੁਜ਼ਗਾਰ ਵੀ ਪੈਦਾ ਹੁੰਦਾ ਹੈ। ਮੁੱਖ ਸੜਕਾਂ ਉੱਪਰ ਕਲ੍ਹਾੜੀ ਦੇ ਨਾਲ ਨਵੀਨਤਮ ਜੂਸ ਕੱਢਣ ਵਾਲੀਆਂ ਮਸ਼ੀਨਾਂ ਲਗਾ ਕੇ ਗੰਨੇ ਦਾ ਤਾਜ਼ਾ ਰਸ ਨਿੰਬੂ, ਅਦਰਕ ਅਤੇ ਪੁਦੀਨਾ ਪਾ ਕੇ 10-20 ਰੁਪਏ ਪ੍ਰਤੀ ਗਲਾਸ ਵੇਚ ਕੇ ਕਿਸਾਨ ਵਧੇਰੇ ਆਮਦਨ ਕਮਾ ਸਕਦੇ ਹਨ।
ਮੌਜੂਦਾ ਸਮੇਂ ਵਿਚ ਬਹੁਤਾ ਗੁੜ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਵਰਤ ਕੇ ਤਿਆਰ ਕੀਤੇ ਗੰਨੇ ਦੇ ਰਸ ਤੋਂ ਤਿਆਰ ਕੀਤਾ ਜਾਂਦਾ ਹੈ। ਆਮ ਕਰਕੇ ਗੁੜ ਤਿਆਰ ਕਰਨ ਲੱਗਿਆਂ ਰਸ ਵਿਚੋਂ ਮੈਲ ਉਤਾਰਨ ਲਈ ਰਸਾਇਣਕ ਸਫਾਈ ਕਾਰਕ ਮਿੱਠਾ ਸੋਢਾ ਵਰਤਿਆ ਜਾਂਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਕਈ ਵਾਰ ਜੇਕਰ ਮਿੱਠੇ ਸੋਢੇ ਨੂੰ ਜ਼ਿਆਦਾ ਮਾਤਰਾ ਵਿਚ ਵਰਤਿਆ ਜਾਂਦਾ ਹੈ ਤਾਂ ਗੁੜ ਵਿਚ ਸਲਫਰਡਾਈਆਕਸਾਈਡ ਦੀ ਮਾਤਰਾ ਵੀ ਵਧ ਜਾਦੀ ਹੈ ਅਤੇ ਗੁੜ ਖਟਾਸ ਮਾਰਦਾ ਹੈ।
(ਬਾਕੀ ਅਗਲੇ ਮੰਗਲਵਾਰ)
ਖੇਤੀਬਾੜੀ ਅਫਸਰ, ਐਮ. ਐਸ. ਸੀ. (ਗੰਨਾ ਤਕਨੀਕ), ਗੁਰਦਾਸਪੁਰ।

ਸੁਪਨਿਆਂ ਦੀ ਧਰਤੀ ਤੋਂਕੈਨੇਡਾ ਨਾਲ ਪੰਜਾਬੀਆਂ ਦਾ ਰਿਸ਼ਤਾ ਸੈਂਕੜੇ ਸਾਲ ਪੁਰਾਣਾ ਹੈ,

 ਕਾਮਾਗਾਟਾਮਾਰੂ ਦੀ ਕੈਨੇਡਾ ਵਿਚ ਦਾਖਲ ਨਾ ਹੋਣ ਦੇਣ ਦੀ ਘਟਨਾ ਤੋਂ ਲੈ ਕੇ, ਕੈਨੇਡਾ ਦੀ ਰਾਜ ਸੱਤਾ 'ਤੇ ਚਾਰ ਪੰਜਾਬੀਆਂ ਦਾ ਮੰਤਰੀ ਬਣਨਾ, ਇਕ ਲੰਬੀ ਗਾਥਾ ਹੈ। ਪਿਛਲੇ ਸਮੇਂ ਤੋਂ ਸਾਡੇ ਦੇਸ਼ ਵਿਚ ਹੁੰਦੀ ਉੱਥਲ-ਪੁੱਥਲ ਤੇ ਵਧਦੀ ਅਬਾਦੀ ਦੇ ਕਾਰਨ ਚੰਗੇ ਰੁਜ਼ਗਾਰ ਦੀ ਘਾਟ ਨੇ ਪੰਜਾਬੀਆਂ ਨੂੰ ਕੈਨੇਡਾ ਜਿਹੇ ਵਿਸ਼ਾਲ ਦੇਸ਼ ਨੇ ਆਪਣੇ ਵੱਲ ਖਿੱਚਿਆ ਹੈ। ਸ਼ਾਇਦ ਇਹੋ ਜਿਹਾ ਹੀ ਕੋਈ ਦਰਦ ਭਰਿਆ ਕਾਰਨ ਹੋਵੇਗਾ ਕਿ ਦੋ-ਢਾਈ ਦਹਾਕੇ ਪਹਿਲੋਂ ਸੰਗਰੂਰ ਦੇ ਇਕ ਪਛੜੇ ਪਿੰਡ ਬਨਭੌਰੇ ਦੇ ਨੌਜਵਾਨ ਅਮਰਜੀਤ ਸਿੰਘ ਸੋਹੀ ਨੇ ਕੈਨੇਡਾ ਵੱਲ ਕੂਚ ਕੀਤਾ ਹੋਵੇਗਾ। ਮਿਹਨਤ ਕਰਨ ਤੋਂ ਨਾ ਕਤਰਾਉਣਾ ਤੇ ਲੋਕ ਦਰਦ ਨੂੰ ਸੀਨੇ ਵਿਚ ਰੱਖਣਾ, ਅਜਿਹਾ ਰਾਸ ਆਇਆ ਕਿ ਅੱਜ ਉਹ ਕੈਨੇਡਾ ਦੀ ਰਾਜਸੱਤਾ ਵਿਚ ਪੂਰਾ ਮੰਤਰੀ ਹੈ। ਕਿਸੇ ਪਰਿਵਾਰਕ ਜ਼ਰੂਰਤ ਕਰਕੇ ਪੰਜਾਬ ਪਹੁੰਚੇ ਅਮਰਜੀਤ ਸੋਹੀ ਨੇ ਦੱਸਿਆ ਕੇ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕੈਨੇਡਾ ਵਿਚ ਪਰਿਵਾਰਾਂ ਨੂੰ ਵੀਜ਼ੇ ਦੇਣ ਵਿਚ ਪਹਿਲ ਹੋਵੇ ਤੇ ਸਮਾਂ ਵੀ ਘੱਟ ਲੱਗੇ। ਉਨ੍ਹਾਂ ਦੱਸਿਆ ਕੇ ਕੈਨੇਡਾ ਦੁਨੀਆ ਦੇ ਮਿਹਨਤਕਸ਼ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਲੋਕ ਇਸ ਸ਼ਾਂਤੀ ਪਸੰਦ ਦੇਸ਼ ਨੂੰ ਹੀ ਪਹਿਲ ਦਿੰਦੇ ਹਨ। ਅਮਰਜੀਤ ਦੀ ਪ੍ਰਾਪਤੀ, ਅਚੇਤ ਵਿਚ ਇਹ ਵੀ ਸਿੱਧ ਕਰਦੀ ਹੈ ਕਿ ਪਿੰਡਾਂ ਦੇ ਨੌਜਵਾਨ ਵੀ ਸੁਪਨੇ ਸਿਰਜ ਸਕਦੇ ਹਨ। ਸਿਰਫ ਸਿਸਟਮ ਨੂੰ ਸਮਝਣ ਦੀ ਲੋੜ ਹੁੰਦੀ ਹੈ ਤੇ ਸਹੀ ਰਸਤੇ 'ਤੇ ਚੱਲਣ ਨਾਲ ਹੀ ਮੰਜ਼ਿਲ ਮਿਲਦੀ ਹੈ। -ਮੋਬ: 98159-45018

ਵਿਰਸੇ ਦੀਆਂ ਬਾਤਾਂ
ਬਦਲੇ ਰਿਵਾਜ ਦੀ ਭੇਟ ਚੜ੍ਹ ਗਈਆਂ ਕਈ ਗੱਲਾਂਤਸਵੀਰ ਵਿਚ ਦਿਸਦੇ ਰੁਮਾਲਾਂ ਨਾਲ ਢਕੇ ਹੋਏ ਇਨ੍ਹਾਂ ਥਾਲਾਂ ਵੱਲ ਦੇਖ ਨਵੇਂ ਪੂਰ ਨੂੰ ਸ਼ਾਇਦ ਹੀ ਸਮਝ ਲੱਗੇ ਕਿ ਇਹ ਕਿਉਂ ਇਥੇ ਪਏ ਹਨ, ਕਿਹੜੀ ਗੱਲੋਂ ਇਹ ਰੱਖੇ ਗਏ ਹਨ ਜਾਂ ਇਨ੍ਹਾਂ ਦਾ ਕਿਹੜੇ ਪ੍ਰੋਗਰਾਮ ਨਾਲ ਸਬੰਧ ਹੋਵੇਗਾ? ਹੁਣ ਇਹੋ ਜਿਹੇ ਦ੍ਰਿਸ਼ ਪਿੰਡਾਂ ਵਿਚ ਵੀ ਪਹਿਲਾਂ ਦੇ ਮੁਕਾਬਲਤਨ ਘੱਟ ਦੇਖਣ ਨੂੰ ਮਿਲਦੇ ਹਨ, ਪਰ ਲੰਘੇ ਵੇਲੇ ਜਦੋਂ ਕਿਸੇ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ, ਸਧਾਰਨ ਪਾਠ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਤਾਂ ਔਰਤਾਂ ਇਨ੍ਹਾਂ ਥਾਲਾਂ ਨੂੰ ਹੱਥਾਂ ਵਿਚ ਫੜ ਕੇ ਲਿਆਉਂਦੀਆਂ ਸਨ। ਬਾਬੇ ਨੇ ਹੋਕਾ ਦੇਣਾ ਕਿ ਫ਼ਲਾਣਿਆਂ ਦੇ ਘਰ ਪਾਠ ਦਾ ਭੋਗ ਸ਼ੁਰੂ ਹੋਣ ਲੱਗਾ ਹੈ, ਸੰਗਤਾਂ ਨੂੰ ਬੇਨਤੀ ਹੈ ਕਿ ਉਹ ਪਹੁੰਚਣ ਦੀ ਕ੍ਰਿਪਾਲਤਾ ਕਰਨ ਤਾਂ ਔਰਤਾਂ ਦੀਆਂ ਟੋਲੀਆਂ ਥਾਲਾਂ ਵਿਚ ਕਣਕ ਪਾ ਕੇ, ਰੰਗ-ਬਰੰਗੇ ਰੁਮਾਲਾਂ ਨਾਲ ਉਨ੍ਹਾਂ ਨੂੰ ਢਕ ਕੇ ਸਬੰਧਤ ਘਰ ਪਹੁੰਚਦੀਆਂ। ਮੰਨਿਆ ਜਾਂਦਾ ਸੀ ਕਿ ਸਮਾਗਮ ਵਾਲੇ ਘਰ ਖਾਲੀ ਹੱਥ ਨਹੀਂ ਜਾਈਦਾ। ਪਿੰਡ ਦੀ ਕੋਈ ਔਰਤ ਅਜਿਹੀ ਨਹੀਂ ਸੀ ਹੁੰਦੀ, ਜਿਸ ਦੇ ਹੱਥ ਥਾਲ ਨਾ ਫੜਿਆ ਹੋਵੇ। ਘਰ ਵਿਚ ਇੱਕ ਥਾਂ ਕਣਕ ਦੀ ਢੇਰੀ ਕੀਤੀ ਜਾਂਦੀ ਤੇ ਕਈ ਵਾਰ ਇਸ ਕਣਕ ਨਾਲ ਬੋਰੀ ਤੱਕ ਭਰ ਜਾਂਦੀੇ।
ਉਸੇ ਥਾਲ ਵਿਚ ਭੋਗ ਪੈਣ ਤੋਂ ਬਾਅਦ ਪ੍ਰਸ਼ਾਦ, ਲੰਗਰ ਜਾਂ ਵਰਤਾਇਆ ਗਿਆ ਹੋਰ ਸਾਮਾਨ ਪੁਆ ਕੇ ਔਰਤਾਂ ਘਰਾਂ ਨੂੰ ਜਾਂਦੀਆਂ। ਪਿੰਡਾਂ ਵਿਚ ਕਈ ਥਾਂਵਾਂ 'ਤੇ ਇਹ ਸਭ ਅੱਜ ਵੀ ਦੇਖਣ ਨੂੰ ਮਿਲ ਜਾਂਦਾ ਹੈ, ਪਰ ਹੌਲੀ-ਹੌਲੀ ਇਸ ਦੀ ਗਿਣਤੀ ਘਟਦੀ ਜਾਂਦੀ ਹੈ। ਕਿਉਂਕਿ ਸਮਾਗਮਾਂ ਦੇ ਤਰੀਕਿਆਂ ਸਮੇਤ ਸਭ ਕੁਝ ਬਦਲ ਰਿਹਾ ਹੈ, ਇਸ ਕਰਕੇ ਥਾਲ ਚੁੱਕ ਕੇ ਤੁਰੇ ਫਿਰਨ ਨੂੰ ਅਟਪਟਾ ਸਮਝਿਆ ਜਾਂਦਾ ਹੈ। ਪਿੰਡਾਂ ਦਾ ਹਰ ਘਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਪਹਿਲੇ ਵੇਲਿਆਂ ਵਿਚ ਕਣਕ ਘਰ ਲਿਆਉਣ ਸਾਰ ਇਹ ਤੈਅ ਕੀਤਾ ਜਾਂਦਾ ਸੀ ਕਿ ਆਹ ਬੋਰੀ ਗੁਰਦੁਆਰੇ ਲਈ ਹੈ ਤੇ ਆਹ ਏਨੀ ਕਣਕ ਭੋਗ ਸਮਾਗਮਾਂ ਲਈ ਹੈ। ਪਰ ਹੁਣ ਜ਼ਮੀਨਾਂ ਸੁੰਗੜ ਗਈਆਂ ਹਨ ਤੇ ਆਪਣੇ ਜੋਗੀ ਕਣਕ ਬੜੀ ਮੁਸ਼ਕਲ ਨਾਲ ਹੁੰਦੀ ਹੈ। ਉਂਜ ਵੀ ਸਾਡੇ ਅੰਦਰਲਾ ਉਤਸ਼ਾਹ ਅਤੇ ਰਿਵਾਜ ਬਦਲ ਗਏ ਹਨ ਤਾਂ ਕਣਕ ਹੁੰਦਿਆਂ ਵੀ ਇਸ ਗੱਲ ਦੀ ਉਚੇਚ ਨਹੀਂ ਕੀਤੀ ਜਾਂਦੀ ਕਿ ਪਹਿਲਾਂ ਵਾਂਗ ਜਾਇਆ ਜਾਵੇ। ਮੇਰੇ ਮਾਤਾ ਜੀ ਅਕਸਰ ਦੱਸਦੇ ਨੇ, 'ਅਸੀਂ ਥਾਲ ਭਰ ਕੇ ਭੋਗ ਵਾਲੇ ਘਰ ਜਾਂਦੀਆਂ ਸਾਂ ਤੇ ਭੋਗ ਵਾਲੇ ਘਰ ਜਿੰਨੀ ਕਣਕ ਇਕੱਠੀ ਹੋ ਜਾਣੀ, ਉਹ ਗੁਰਦੁਆਰਾ ਸਾਹਿਬ ਨੂੰ ਜਾਂ ਪਿੰਡ ਦੇ ਕਿਸੇ ਲੋੜਵੰਦ ਨੂੰ ਭੇਜ ਦਿੱਤੀ ਜਾਂਦੀ ਸੀ। ਹਰ ਕੋਈ ਆਪਣਾ ਨੈਤਿਕ ਫ਼ਰਜ਼ ਸਮਝ ਕੇ ਇਹ ਕਰਦਾ ਸੀ, ਕਿਸੇ ਨੂੰ ਕੋਈ ਮਜਬੂਰ ਨਹੀਂ ਸੀ ਕਰਦਾ।' ਮੈਂ ਉਨ੍ਹਾਂ ਦੀਆਂ ਇਹ ਗੱਲ ਸੁਣ ਕੇ ਬਹੁਤੀ ਵਾਰ ਹੈਰਾਨ ਹੁੰਦਾ ਹਾਂ ਤੇ ਵੇਂਹਦਿਆਂ-ਵੇਂਹਦਿਆਂ ਇਹ ਸਾਰੇ ਰਿਵਾਜ ਬਦਲ ਜਾਣ ਬਾਬਤ ਕਿੰਨੀ ਹੀ ਦੇਰ ਸੋਚਦਾ ਰਹਿੰਦਾ ਹਾਂ।
-37, ਪ੍ਰੀਤ ਇਨਕਲੇਵ, ਯੂਨੀਵਰਸਿਟੀ ਰੋਡ, ਜਲੰਧਰ।
ਮੋਬਾਈਲ : 98141-78883.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX