ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  10 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  21 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  30 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  36 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  46 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 minute ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  52 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਹੋਰ ਖ਼ਬਰਾਂ..

ਦਿਲਚਸਪੀਆਂ

ਸਭ ਤੋਂ ਮਹਿਫੂਜ਼ ਬੁੱਕਲ

ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਦੋਂ ਅਸੀਂ ਬਾਹਰ ਜਾਣ ਦਾ ਫ਼ੈਸਲਾ ਕੀਤਾ ਤਾਂ ਮਾਂ ਲੜੀ ਵੀ ਸਭ ਤੋਂ ਜ਼ਿਆਦਾ ਅਤੇ ਰੋਈ ਵੀ ਸਭ ਤੋਂ ਜ਼ਿਆਦਾ। ਮੈਂ ਵੀਜ਼ਾ ਲਵਾਉਣ ਵੇਲੇ ਐਵੇਂ ਹੀ ਮਾਂ ਨੂੰ ਧਰਵਾਸ ਦੇਈ ਜਾਵਾਂ...! 'ਲੈ ਮਾਂ ਤੂੰ ਤਾਂ ਐਵੇਂ ਝੂਰੀ ਜਾਨੀ ਆਂ, ਬਸ ਵੀਜ਼ਾ ਲਵਾ ਕੇ ਹੀ ਵੇਖਣਾ ਹੈ, ਵੀਜ਼ਾ ਕਿਹੜਾ ਆਈ ਜਾਂਦਾ'। ਮਾਂ ਉੱਤੋਂ-ਉੱਤੋਂ ਹੱਸ ਛੱਡਦੀ ਜਿਵੇਂ ਅੰਦਰੋਂ ਕਹਿ ਰਹੀ ਹੋਵੇ, 'ਲੈ ਮੈਨੂੰ ਚਾਰਦਾ, ਇਨ੍ਹਾਂ ਹੱਥਾਂ ਵਿਚ ਹੀ ਵੱਡਾ ਹੋਇਆਂ, ਜਾਣਦੀ ਆਂ ਤੈਨੂੰ, ਹਾਲੇ ਤੱਕ ਤਾਂ ਨੌਹਾਂ ਚੋਂ ਗੰਦ ਨਹੀਂ ਨਿਕਲਿਆ ਪੋਤੜੇ ਧੋਂਦੀ ਦਾ।' ਜਿਵੇਂ ਮਾਂ ਨੂੰ ਸਭ ਪਤਾ ਹੋਵੇ। ਵੀਜ਼ਾ ਆਉਣ ਦੀ ਖ਼ਬਰ ਏਜੰਟ ਨੇ ਸਭ ਤੋਂ ਪਹਿਲਾਂ ਮੈਨੂੰ ਦੱਸੀ ਤੇ ਮੈਂ ਮਾਂ ਨੂੰ। ਮਾਂ ਰੋਟੀਆਂ ਪਕਾਉਂਦੀ ਥਾਂਏਂ ਮਰ ਗਈ। ਮੇਰੇ ਵੇਂਹਦੇ-ਵੇਂਹਦੇ ਮਾਂ ਅੱਧੀ ਰਹਿ ਗਈ, ਜਿਵੇਂ ਉਸ 'ਤੇ ਉਸੇ ਵੇਲੇ ਬੁਢਾਪਾ ਉਤਰ ਆਇਆ ਹੋਵੇ, ਥਾਏਂ ਅੰਨ੍ਹੀ ਹੋ ਗਈ। ਮਾਂ ਦੇ ਹੰਝੂ ਪਰਲ-ਪਰਲ ਆਟੇ ਵਾਲੀ ਪਰਾਤ ਵਿਚ ਡਿੱਗਦੇ ਰਹੇ ਜਿਵੇਂ ਕਹਿ ਰਹੀ ਹੋਵੇ...! 'ਚੰਦਰਿਆ ਕਦੇ ਜ਼ਿੰਦਗੀ ਵਿਚ ਸੁਖ ਵੀ ਦੇ ਦੇਂਦਾ, ਮੈਂ ਤਾਂ ਹਾਲੇ ਨਵੀਂ ਵਿਆਹੀ ਬਹੂ ਦਾ ਚਾਅ ਵੀ ਪੂਰਾ ਨੀਂ ਕੀਤਾ'। ਤੇ ਮੈਂ ਬੁੱਤ ਬਣਿਆ ਖੜ੍ਹਾ ਰਿਹਾ। ਨਾ ਮਾਂ ਨੂੰ ਸੰਭਾਲ ਸਕਿਆ ਨਾ ਦਿਲਾਸਾ ਦੇ ਸਕਿਆ। ਉਸ ਦਿਨ ਤੋਂ ਮਾਂ ਮੰਜੇ ਨਾਲ ਜੁੜ ਗਈ ਤੇ ਹੱਡੀਆਂ ਦੀ ਮੁੱਠ ਰਹਿ ਗਈ। ਰਾਤ ਨੂੰ ਮੈਂ ਕੋਠੇ ਉੱਤੋਂ ਸੁਣਦਾ ਮਾਂ ਬਾਪੂ ਨੂੰ ਕਹਿ ਰਹੀ ਹੁੰਦੀ, 'ਬੋਲਦਾ ਨਹੀਂ, ਮੈਂ ਉਸ ਨੂੰ ਜਾਣ ਹੀ ਨੀਂ ਦੇਣਾ, ਵੇਖੀਂ ਨਾ ਕਿਵੇਂ ਤੁਰ ਜਾਊਗਾ ਮਾਂ ਨੂੰ ਛੱਡ ਕੇ, ਸਾਡਾ ਇਸ ਤੋਂ ਬਿਨਾਂ ਹੈ ਹੀ ਕੌਣ। ਵੇਖੀਂ ਬੋਲਦਾ ਨੀਂ, ਉਹਨੇ ਮੰਨ ਜਾਣਾ, ਮੇਰਾ ਪੁੱਤ ਐ ਕਿਵੇਂ ਨਾ ਮੰਨੂੰ, ਮੇਰੀਆਂ ਢਿੱਡ ਦੀਆਂ ਆਂਦਰਾਂ, ਹੈਂ, ਬੋਲਦਾ ਨੀਂ, ਓਮੰਨ ਜਾਊ ਨਾ ਮੇਰੀ ਗੱਲ...?' ਅੱਗੋਂ ਬਾਪੂ ਦਾ ਤਰਕ ਹੁੰਦਾ, 'ਕੋਈ ਨਾ ਚੰਗੇ ਕੰਮ ਲਈ ਹੀ ਚੱਲਿਆ, ਦੇਖ ਆਉਣ ਦੇ ਅਗਲੀ ਦੁਨੀਆ ਆਪੇ ਮੁੜ ਆਊ, ਸੌਂ ਜਾ ਤੜਕੇ ਗੱਲ ਕਰਾਂਗੇ।' ਮੈਂ ਆਵਦੇ ਜਾਣੇ ਬਾਹਲਾ ਸਿਆਣਾ ਬਣ ਮਾਂ ਨੂੰ ਸਮਝਾਉਂਦਾ, 'ਵੇਖ ਮਾਂ, ਇਹ ਵੀ ਕੋਈ ਦੇਸ ਆ ਰਹਿਣ ਨੂੰ, ਨਾ ਇੱਥੇ ਆਪਦਾ ਭਵਿੱਖ ਹੈ, ਨਾ ਬੱਚਿਆਂ ਦਾ, ਨਾ ਇੱਥੇ ਸਰਕਾਰਾਂ ਚੱਜਦੀਆਂ ਤੇ ਨਾ ਲੋਕ, ਮੈਂ ਬਾਹਰ ਜਾਊਂ, ਕਮਾਈ ਕਰੂੰ, ਪੈਰਾਂ 'ਤੇ ਖੜ੍ਹਾ ਹੋਊਂ, ਤੇਰਾ ਨਾਂਅ ਰੌਸ਼ਨ ਕਰੂੰ।' ਮਾਂ ਸਭ ਸੁਣੀ ਜਾਂਦੀ, ਅਖੀਰ ਬੋਲਦੀ, 'ਸਭ ਕੁਝ ਸਹੀ ਹੈ, ਤੂੰ ਸਿਆਣਾ ਮੈਂ ਕਮਲੀ ਪਰ ਆਹ ਇੱਕਲੀ ਜਿੰਦ ਨੂੰ ਕਿਹੜੇ ਖੂਹ ਵਿਚ ਸੁੱਟ ਕੇ ਜਾਵੇਂਗਾ, ਅੱਗੇ ਭਲਾ ਇੱਥੇ ਦੁਨੀਆ ਨੀ ਵਸਦੀ, ਕੀ ਘਾਟਾ ਤੈਨੂੰ ਇੱਥੇ, ਕਿਉਂ ਸਾਡੀ ਜਿੰਦ ਰੋਲਦਾਂ।' ਮਾਂ ਦੀ ਭੁੱਬ ਨਿਕਲ ਗਈ ਤੇ ਮੈਂ ਧਰਤੀ ਵਿਚ ਗੱਡਿਆ ਗਿਆ। ਸਾਰੀ ਦੁਨੀਆ ਦੀ ਫਿਲਾਸਫੀ, ਚਿੰਤਨ, ਪੈਸਾ, ਸ਼ੁਹਰਤ, ਐਸ਼ੋ-ਅਰਾਮ, ਕਾਮਯਾਬੀਆਂ ਮਾਂ ਸ਼ਬਦ ਅੱਗੇ ਬੋਲ਼ੀਆਂ ਹੋ ਜਾਂਦੀਆਂ ਤੇ ਮੈਂ ਨਿਰ-ਉੱਤਰ ਹੋਇਆ ਕਮਲਿਆਂ ਵਾਂਗ ਕੰਧਾਂ ਵੱਲ ਝਾਕਣ ਲੱਗ ਜਾਂਦਾ। ਜੇਕਰ ਕੋਈ ਰਿਸ਼ਤੇਦਾਰ, ਦੋਸਤ-ਮਿੱਤਰ ਘਰ ਵਧਾਈ ਦੇਣ ਆਉਂਦਾ ਤਾਂ ਮਾਂ ਉਸ ਨੂੰ ਚੱਜ ਨਾਲ ਬੁਲਾਉਂਦੀ ਵੀ ਨਾ, ਚਾਹ-ਪਾਣੀ ਵੀ ਨਾ ਪੁੱਛਦੀ, ਸਗੋਂ ਕਹਿ ਦਿੰਦੀ ਕਿ ਮੇਰਾ ਢਿੱਡ ਮਚਿਆ ਪਿਐ ਤੇ ਇਨ੍ਹਾਂ ਨੂੰ ਖੁਸ਼ੀਆਂ ਚੜ੍ਹੀਆਂ। ਸਾਡੇ ਘਰੋਂ ਤੁਰਨ ਵੇਲੇ ਮਾਂ ਅੰਦਰ ਵੜ-ਵੜ ਰੋਈ, ਮੈਂ ਮਾਂ ਤੋਂ ਨਜ਼ਰਾਂ ਬਚਾਉਂਦਾ ਸਮਾਨ ਗੱਡੀ ਵਿਚ ਰੱਖਦਾ ਰਿਹਾ, ਮਾਂ ਦਾ ਸਾਹਮਣਾ ਕਿਵੇਂ ਕਰਦਾ, ਗੁਨਾਹਗਾਰ ਜੋ ਸੀ। ਜਿਸਦਾ ਪਤਾ ਸਿਰਫ ਮੈਨੂੰ ਜਾਂ ਮੇਰੀ ਮਾਂ ਨੂੰ ਹੀ ਸੀ। ਸੰਦੂਕਾਂ ਵਾਲੇ ਕਮਰੇ ਵਿਚ ਮਾਂ ਮਿਲੀ ਤਾਂ ਧਾਹ ਨਿਕਲ ਗਈ, ਮੇਰਾ ਅੰਦਰ ਪਾਟ ਗਿਆ। ਮਾਂ ਕੋਲ ਬੋਲਣ ਲਈ ਬਹੁਤ ਕੁਝ ਸੀ ਤੇ ਮੇਰੇ ਕੋਲ ਕੁਝ ਵੀ ਨਹੀਂ। ਤੁਰਨ ਵੇਲੇ ਮਾਂ ਥੰਮ੍ਹੀ ਨਾਲ ਢੋਅ ਲਾ ਕੇ ਖਾਲੀ-ਖਾਲੀ ਅੱਖਾਂ ਨਾਲ ਦੇਖਦੀ ਰਹੀ। ਜਦੋਂ ਮਾਂ ਦੇ ਨਾਲ ਲੱਗਿਆ ਤਾਂ ਹੱਡੀਆਂ ਦੀ ਮੁੱਠ ਮੇਰੀ ਬੁੱਕਲ ਵਿਚ ਗੁਆਚ ਗਈ। ਕਈ ਦੁਆਵਾਂ, ਕਈ ਸ਼ਕਤੀਆਂ, ਕਈ ਸੁਪਨੇ, ਬਾਹਰ ਰਹਿਣ ਦਾ ਸਲੀਕਾ, ਦੁਨੀਆਦਾਰੀ ਦੀ ਸਮਝ, ਮਾਂ ਨੇ ਬਿਨਾਂ ਬੋਲੇ ਇਕੋ ਜੱਫੀ ਨਾਲ ਹੀ ਸਮਝਾ ਦਿੱਤੀ, ਮਾਂ ਜੋ ਸੀ। ਜਾਂਦੀ ਵਾਰੀ ਮਾਂ ਦਾ ਹੰਝੂ ਭਰਿਆ ਚਿਹਰਾ ਕਦੇ ਵੀ ਨਹੀਂ ਭੁੱਲਦਾ, ਨਾ ਹੀ ਭੁੱਲਣਾਂ, ਜੋ ਸਦਾ ਲਈ ਚੇਤਿਆਂ ਵਿਚ ਵਸ ਗਿਆ। ਫਿਰ ਹੌਲੀ-ਹੌਲੀ ਦਿਨ ਬਦਲੇ ਪਰ ਮਾਂ ਨਾ ਬਦਲੀ, ਨਾ ਹੀ ਉਸ ਨੇ ਸਾਡੇ ਆਉਣ ਦੀ ਆਸ ਬਦਲੀ। ਐਨੇ ਸਾਲਾਂ ਵਿਚ ਮਾਂ ਨੂੰ ਇਕੋ-ਇਕ ਖੁਸ਼ੀ ਮਿਲੀ ਆਪਣੇ ਪੋਤਰੇ ਦੇ ਰੂਪ ਵਿਚ ਜੋ ਉਸ ਨੇ ਕੁਝ ਸਾਲ ਸਾਡੇ ਕੋਲ ਬਾਹਰ ਰਹਿ ਕੇ ਉਸ ਨੂੰ ਹੱਥੀਂ ਪਾਲਿਆ ਤੇ ਹੱਥੀਂ ਖਿਡਾਇਆ। ਮਾਂ ਨੂੰ ਬੇਗਾਨਾ ਮੁਲਕ ਕਦੇ ਵੀ ਆਪਣਾ ਨਾ ਲਗਦਾ। ਉਹ ਓਪਰੀ, ਓਦਰੀ-ਓਦਰੀ ਰਹਿੰਦੀ ਤੇ ਕਹਿ ਛੱਡਦੀ, 'ਪੁੱਤ ਇੱਥੇ ਸਭ ਕੁਝ ਹੈਗਾ ਪਰ ਆਪਣੇ ਵਾਲਾ ਮੋਹ ਹੈ ਨੀ, ਨਾ ਇੱਥੇ ਕੋਈ ਰਿਸ਼ਤੇਦਾਰੀ ਤੇ ਨਾ ਹੀ ਸ਼ਰੀਕਾ-ਕਬੀਲਾ, ਨਾ ਆਪਣੇ ਪਰਿਵਾਰ ਦੇ ਬੰਦੇ ਜਿਨ੍ਹਾਂ ਆਸਰੇ ਬੰਦਾ ਜਿਉਂਦਾ ਜਾਗਦਾ ਸੌ ਦੁੱਖ-ਸੁੱਖ ਕਰਦਾ, ਖ਼ੁਸ਼ੀ-ਗਮੀ ਵਿਚ ਸ਼ਾਮਿਲ ਹੁੰਦਾ। ਇੱਥੇ ਬੰਦੇ ਥੋੜ੍ਹੀ ਆ, ਇਹ ਤਾਂ ਬਿਨਾਂ ਰੂਹਾਂ ਤੋਂ ਪੱਥਰ ਤੁਰੇ ਫਿਰਦੇ ਐ ਪੱਥਰ, ਮੋਹ ਮੁਹੱਬਤ ਤੋਂ ਸੱਖਣੇ ਪੱਥਰ। ਅਖੀਰ ਮਾਂ ਵਾਪਿਸ ਆ ਗਈ। ਸਾਡੇ ਬਾਹਰ ਪੱਕੇ ਹੋਣ ਦੀ ਖ਼ੁਸ਼ੀ ਨੂੰ ਤਾਂ ਮਾਂ ਨੇ ਖ਼ੁਸ਼ੀ ਹੀ ਨਹੀਂ ਸਮਝਿਆ, ਸਗੋਂ ਉਦਾਸ ਹੋ ਗਈ, ਕਹਿੰਦੀ ਤੁਹਾਡੀਆਂ ਤਾਂ ਉੱਥੇ ਹੀ ਜੜ੍ਹਾਂ ਲਗਦੀਆਂ ਜਾਂਦੀਆਂ ਤੁਸੀਂ ਕਾਹਦਾ ਵਾਪਿਸ ਆਉਣਾ ਆਪਣੇ ਘਰੇ। ਹੁਣ ਕਦੇ ਵੀ ਪਿੰਡ ਵਾਪਿਸ ਆਈਏ ਤਾਂ ਸਭ ਤੋਂ ਵੱਧ ਖ਼ੁਸ਼ੀ ਵੀ ਮਾਂ ਨੂੰ ਹੀ ਹੁੰਦੀ ਹੈ। ਮਾਂ ਨੂੰ ਸਾਡੇ ਆਉਣ ਦਾ ਵਿਆਹ ਜਿੰਨਾ ਚਾਅ ਹੁੰਦਾ। ਪੋਤੇ ਨਾਲ ਲਾਡ ਕਰਦੀ ਸਾਰੇ ਦੁੱਖ ਭੁੱਲ ਜਾਂਦੀ ਆ। ਸੱਚੀਂ ਮਾਂ ਮੇਰਾ ਕਰਦੀ ਵੀ ਬਾਹਲਾ। ਜੇ ਹੁਣ ਵੀ ਕਦੇ ਕਿਸੇ ਗੱਲੋਂ ਬਾਪੂ ਲੜ ਪੈਂਦਾ ਤਾਂ ਮਾਂ ਹਮੇਸ਼ਾ ਮੇਰਾ ਪੱਖ ਲਊ ਮੇਰੀ ਵਹਾਰ ਕਰੂ। ਬੀਵੀ ਤੇ ਬੱਚੇ ਪਰਦੇਸ ਵਾਪਿਸ ਚਲੇ ਗਏ। ਮੈਂ ਸੋਚਿਆ ਮਾਂ ਦੀ ਬੁੱਕਲ ਵਿਚ ਕੁਝ ਦਿਨ ਹੋਰ ਰਹਿ ਲਿਆ ਜਾਵੇ। ਮੈਂ ਹੁਣ ਵੀ ਮਾਂ ਦੇ ਨਾਲ ਪੈਂਦਾਂ। ਕਈ ਮੇਰੇ 'ਤੇ ਹੱਸਣ ਲੱਗ ਜਾਂਦੇ ਆ ਕਿ ਬਲੋਹਲਾ ਜਿਹਾ ਐਡਾ ਹੋ ਗਿਆ ਹਾਲੇ ਵੀ ਮਾਂ ਨਾਲ ਪੈਂਦਾ ਹੈ। ਪਰ ਭੋਲਿਆਂ ਨੂੰ ਇਹ ਨੀਂ ਪਤਾ ਕਿ ਮਾਂ ਲਈ ਪੁੱਤ ਹਮੇਸ਼ਾਂ ਬੱਚੇ ਹੀ ਹੁੰਦੇ ਐ। ਕਿਸੇ ਪਰਦੇਸੀ ਨੂੰ ਮਾਂ ਦੀ ਬੁੱਕਲ ਬਾਰੇ ਪੁੱਛ ਕੇ ਵੇਖੋ ਜੇ ਅਗਲੇ ਦੀ ਧਾਹ ਨਾ ਨਿਕਲ ਜਾਵੇ ਤਾਂ ਆਖਿਓ। ਨਾਲੇ ਮਾਂ ਦੇ ਪਿਆਰ ਦਾ ਨਿੱਘ ਪੋਹ-ਮਾਘ ਦੀਆਂ ਰਾਤਾਂ ਨੂੰ ਪਾਲਾ ਨੇੜੇ ਨਹੀਂ ਲੱਗਣ ਦਿੰਦਾ। ਮਾਂ ਦਾ ਸਪਰਸ਼ ਰੱਬੀ-ਰਹਿਮਤਾਂ ਬਖ਼ਸ਼ਦਾ ਐ, ਮਾਂ ਦੇ ਬਾਬੇ ਦੀ ਬਾਣੀ ਵਰਗੇ ਬੋਲ ਤਪਦਾ ਸੀਨਾ ਠਾਰਦੇ ਐ। ਹੁਣ ਜਿਵੇਂ-ਜਿਵੇਂ ਮੇਰੇ ਵਾਪਸ ਜਾਣ ਦੇ ਦਿਨ ਨੇੜੇ ਆਈ ਜਾਂਦੇ ਆ, ਉਵੇਂ-ਉਵੇਂ ਮਾਂ ਉਦਾਸ ਹੋਈ ਜਾਂਦੀ ਹੈ। ਮਾਂ ਮੇਰੇ ਕੋਲ-ਕੋਲ ਰਹਿੰਦੀ ਆ ਕਿ ਪੁੱਤ ਨੇ ਤੁਰ ਹੀ ਜਾਣਾ ਹੈ। ਮਾਂ ਦਾ ਦਿਲ ਘਟਦਾ ਕਿ ਮੈਂ ਫਿਰ ਇਕੱਲੀ ਰਹਿ ਜਾਵਾਂਗੀ। ਇੱਥੇ ਰਹਿੰਦਿਆਂ ਮਾਂ ਸਾਗ ਵਿਚ ਘਿਓ ਹੀ ਪਾਈ ਜਾਊ, ਰਾਤ ਨੂੰ ਦੁੱਧ ਪਿਲਾਈ ਜਾਊ, ਕੱਪੜੇ ਸੰਭਾਲੀ ਜਾਊ, ਖਾਣ ਵਾਲੀਆਂ ਚੀਜ਼ਾਂ ਸੰਭਾਲ ਕੇ ਰੱਖੂ, ਕਦੇ ਐਂਵੇ ਗੱਡੀ ਵੱਲ ਵੇਖ ਕੇ ਕਹੀ ਜਾਊ ਕਿ ਤੇਰੇ ਬਿਨਾਂ ਤਾਂ ਆਹ ਚੰਦਰੀ ਵੀ ਓਦਰ ਜਾਂਦੀ ਆ, ਕਦੇ ਐਵੇਂ ਤੁਰਦੀ ਫਿਰਦੀ ਆਪ-ਮੁਹਾਰੇ ਬੋਲਦੀ ਰਹਿੰਦੀ ਐ...!' 'ਲੈ ਹਾਲੇ ਤਾਂ ਬਹੁਤ ਦਿਨ ਪਏ ਐ ਪੁੱਤ ਦੇ ਜਾਣ ਦੇ' (ਭਾਵੇਂ ਗਿਣਤੀ ਦੇ ਦਿਨ ਹੀ ਬਾਕੀ ਰਹਿੰਦੇ ਹੋਣ) ਮੈਂ ਵੇਖਿਆ ਮੇਰੀਆਂ ਗੱਲਾਂ ਕਰਦੀ ਹੱਸਦੀ-ਹੱਸਦੀ ਅੰਦਰ ਚਲੀ ਜਾਊ, ਜਦੋਂ ਬਾਹਰ ਆਊ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਹੁੰਦੀਆਂ ਹੌਕੇ ਲੈਂਦੀ ਹੱਸਣ ਦਾ ਨਾਟਕ ਕਰੂ। ਜੇ ਉਹ ਮੇਰੀ ਮਾਂ ਐ ਤਾਂ ਮੈਂ ਵੀ ਉਸੇ ਦਾ ਹੀ ਪੁੱਤ ਹਾਂ, ਸਭ ਸਮਝਦਾ ਹਾਂ ਕਿ ਮਾਂ ਦਾ ਦਿਲ ਘਟਦਾ ਹੈ ਕਿ ਪੁੱਤ ਨੇ ਤੁਰ ਜਾਣਾ ਹੈ। ਜਿੱਥੇ ਰੱਬ ਵੀ ਨਹੀਂ ਪਹੁੰਚਦਾ, ਉੱਥੇ ਮਾਂ ਹੀ ਪਹੁੰਚਦੀ ਆ। ਕੁਲ ਕਾਇਨਾਤ, ਸਾਰੇ ਧਰਮਾਂ ਦੀ ਬਾਣੀ, ਦੁਨੀਆਂ ਦੀ ਸਾਰੀ ਫਿਲਾਸਫੀ, ਕਾਦਰ ਦੀ ਕੁਦਰਤ, ਰਿਸ਼ਤਿਆਂ ਦੀ ਪਵਿੱਤਰਤਾ, ਸਮੁੱਚੀ ਬਾਣੀ ਦੇ ਅਰਥਾਂ ਨੂੰ ਜੇ ਇਕ ਸ਼ਬਦ ਵਿਚ ਸਮੇਟਣਾ ਹੋਵੇ ਤਾਂ ਉਹ ਸ਼ਬਦ 'ਮਾਂ' ਹੀ ਹੈ। ਜਿਵੇਂ ਹੋਰਾਂ ਨੂੰ ਆਪਣੀਆਂ ਮਾਵਾਂ ਪਿਆਰੀਆਂ, ਉਵੇਂ ਹੀ ਮੈਨੂੰ ਵੀ ਆਪਣੀ ਮਾਂ ਸਭ ਤੋਂ ਪਿਆਰੀ ਹੈ। ਲਿਖਦਿਆਂ-ਲਿਖਦਿਆਂ ਮਾਂ ਨੇ ਆਵਾਜ਼ ਮਾਰੀ...! 'ਪੁੱਤ ਵੇਖ ਕਿੰਨੀ ਠੰਢ ਆ, ਚਾਹ ਪੀ ਲੈ ਠੁਰ-ਠੁਰ ਕਰੀਂ ਜਾਨਾਂ। ਮੈਂ ਮਾਂ ਦੇ ਮਿੱਠੇ-ਮਿੱਠੇ ਬੋਲਾਂ ਨੂੰ ਗਰਮ-ਗਰਮ ਚਾਹ ਨਾਲ ਆਪਣੇ ਅੰਦਰ ਜਜ਼ਬ ਕਰ ਰਿਹਾਂ। ਇਹ ਰੂਹਾਨੀ ਗੱਲਾਂ ਤੇ ਪਵਿੱਤਰ ਬੋਲਾਂ ਨੂੰ ਮੈਂ ਹੀ ਮਹਿਸੂਸ ਕਰ ਸਕਦਾਂ। 'ਤੇ ਮੈਂ ਲਿਖਣਾ ਛੱਡ ਮਾਂ ਦੀ ਨਿੱਘੀ ਬੁੱਕਲ ਵਿਚ ਵੜ ਜਾਨਾਂ ਜਿਵੇਂ ਪਵਿੱਤਰ ਗ੍ਰੰਥਾਂ ਦੇ ਪੰਨੇ ਫਰੋਲਦਾ ਜ਼ਿੰਦਗੀ ਦੇ ਅਰਥ ਲੱਭ ਰਿਹਾ ਹੋਵਾਂ। ਇਸ ਵੇਲੇ ਮੈਂ ਦੁਨੀਆਂ ਦੀ ਸਭ ਤੋਂ ਮਹਿਫੂਜ਼ ਬੁੱਕਲ ਵਿਚ ਹਾਂ ਤੇ ਆਸ ਕਰਦਾਂ ਕਿ ਹਰੇਕ ਦੀ ਮਾਂ ਹਰੇਕ ਕੋਲ ਹੋਵੇ। ਸਭ ਨੂੰ ਇਹ ਮਹਿਫੂਜ਼ ਬੁੱਕਲ ਮਿਲੇ।

ਫੋਨ : 0061430850045.


ਖ਼ਬਰ ਸ਼ੇਅਰ ਕਰੋ

ਵਿਅੰਗ ਚੌਕੇ-ਛੱਕੇ

'ਜੀਵਨ ਦੀ ਲੀਲ੍ਹਾ ਅਪਰੰਪਾਰ ਹੈ, ਭਗਤ ਜਨੋ, ਰੱਬ 'ਤੇ ਭਰੋਸਾ ਰੱਖੋ। ਗੁਰੂ ਭਲੀ ਕਰੇਗਾ।' ਇਹ ਚੌਕਾ ਉਸ ਧਾਰਮਿਕ ਡੇਰੇ ਦੇ ਮਹੰਤ ਨੇ ਭਵਿੱਖ-ਬਾਣੀ ਕਰਦਿਆਂ ਉਸ ਸੁਆਣੀ ਨੂੰ ਕਿਹਾ, ਜੋ ਆਪਣੀ ਕੀਮਤੀ ਲਾਲ ਗੁਆ ਚੁੱਕੀ ਸੀ। ਉਸ ਸੁਆਣੀ ਨੂੰ ਬੜਾ ਗੁੱਸਾ ਆਇਆ ਪਰ ਉਹ ਬਾਬਿਆਂ ਨੂੰ ਕੁਝ ਕਹਿ ਨਾ ਸਕੀ।
ਸਮਾਂ ਲੰਘਦਾ ਗਿਆ, ਉਹੋ ਸੁਆਣੀ ਫੇਰ ਬਾਬੇ ਦੇ ਦਰਸ਼ਨਾਂ ਨੂੰ ਗਈ। ਬਾਬਾ ਕੁਰਸੀ 'ਤੇ ਬੈਠਾ ਸੀ। ਬਾਬਾ ਉਦਾਸ ਸੀ। ਸੁਆਣੀ ਨੇ ਕਿਹਾ, 'ਬਾਬਾ ਜੀ ਸੁੱਖ ਤਾਂ ਹੈ, ਢਿੱਲੇ ਜਿਹੇ ਲਗਦੇ ਹੋ।' ਬਾਬੇ ਨੇ ਨਕਲੀ ਹੌਸਲਾ ਵਿਖਾਉਂਦਿਆਂ ਕਿਹਾ, 'ਰੱਬ ਦੀ ਮਿਹਰ ਹੈ। ਬੱਸ ਕਾਲੀ ਘੋੜੀ ਬਿਮਾਰ ਹੈ, ਉਹਦੀ ਚਿੰਤਾ ਸਤਾ ਰਹੀ ਹੈ।' ਸੁਆਣੀ ਨੇ ਛੱਕਾ ਜੜਦਿਆਂ ਕਿਹਾ, 'ਬਾਬਾ ਜੀ ਰੱਬ 'ਤੇ ਭਰੋਸਾ ਰੱਖੋ। ਨਾਲੇ ਇਹ ਕਿਹੜੀ ਚਿੰਤਾ ਵਾਲੀ ਗੱਲ ਹੈ? ਕਾਲੇ ਚੰਮ ਦਾ ਕੀ ਫਿਕਰ ਕਰਨਾ ਹੋਇਐ?' ਭਵਿੱਖ-ਬਾਣੀ ਕਰਨ ਵਾਲਾ ਬਾਬਾ ਡੌਰ-ਭੌਰਾ ਹੋ ਗਿਆ, ਜਿਵੇਂ ਉਹ ਮਰ ਰਹੀ ਘੋੜੀ ਦਾ ਭੂਤ ਵੇਖ ਰਿਹਾ ਹੋਵੇ।
ਦੂਸਰੀ ਕਿਸਮ ਦੇ ਜੋਤਸ਼ੀ ਉਹ ਠੱਗ ਹੁੰਦੇ ਹਨ ਜੋ ਪੱਤਰੀ, ਟੇਵੇ ਤੇ ਜੰਤਰੀਆਂ ਆਸਰੇ ਸਾਧਾਰਨ ਲੋਕਾਂ ਨੂੰ ਠੱਗਦੇ ਰਹਿੰਦੇ ਹਨ। ਮੇਲਾ ਰਾਮ ਅਜਿਹੇ ਹੀ ਇਕ ਜੋਤਸ਼ੀ ਵਜੋਂ ਮਸ਼ਹੂਰ ਸੀ ਜੋ ਜਨਮ ਕੁੰਡਲੀਆਂ ਮਿਲਾਉਂਦਾ ਰਹਿੰਦਾ ਸੀ ਤੇ ਮੁੰਡਿਆਂ-ਕੁੜੀਆਂ ਦੇ ਵਿਆਹਾਂ ਲਈ ਰਾਹ ਪੱਧਰਾ ਕਰਦਾ ਰਹਿੰਦਾ ਸੀ। ਕਿਸੇ ਨੂੰ ਕੋਈ ਨਗ ਚੀਚੀ ਵਿਚ, ਕਿਸੇ ਨੂੰ ਚਾਂਦੀ ਦਾ ਕੜਾ ਸੱਜੀ ਕਲਾਈ 'ਤੇ, ਕਿਸੇ ਨੂੰ ਮਾਂਹ ਦੀ ਦਾਲ, ਕਿਸੇ ਪੰਡਿਤ ਨੂੰ ਦਾਨ ਕਰਨ ਦਾ ਉਪਾਅ ਦੱਸ ਕੇ ਚੰਗੀ ਮਾਇਆ ਉਗਰਾਹੁਣ ਲਈ ਚੌਕਾ ਮਾਰਦਾ ਰਹਿੰਦਾ ਹੈ। 'ਮੰਗਲੀਕ' ਦੱਸ ਦੱਸ ਕੇ, ਉਹ ਕਈ ਮੁੰਡਿਆਂ ਕੁੜੀਆਂ ਦੇ ਅਖੌਤੀ ਕਸ਼ਟ ਨਿਵਾਰਦਾ ਰਹਿੰਦਾ। ਪਰ ਜਦੋਂ ਆਪਣੀ ਵਾਰੀ ਆਈ ਤਾਂ ਉਹਦੀ ਪੁੱਤਰੀ ਦਾ ਵਿਆਹ ਕਿਸੇ ਧਨਾਢ ਨਾਲ ਹੋ ਗਿਆ। ਜਨਮ ਕੁੰਢਲੀਆਂ ਮੇਲਣ ਦੇ ਬਾਵਜੂਦ ਦਿਲ ਨਾ ਮਿਲੇ। ਵੱਖ-ਵੱਖ ਹੋ ਗਏ। ਮਸਖਰੇ ਲੋਕ ਕਹਿਦੇ, 'ਜੋਤਸ਼ੀ ਜੀ ਤੁਹਾਡਾ ਜੋਤਿਸ਼ ਤੇ ਟੇਵਾ ਕਿਧਰ ਗਏ? ਕੀ ਤੁਸੀਂ ਧੀ ਜੁਆਈ ਦੇ ਨਗ ਪਾ ਕੇ ਛੱਕਾ ਨਹੀਂ ਸੀ ਲਾ ਸਕਦੇ? ਜੋਤਿਸ਼ੀ ਕੀ ਜੁਆਬ ਦਿੰਦਾ? ਸੌਦਾ ਉਹ ਜੋ ਵਿਕ ਜਾਏ। ਦੁਕਾਨਦਾਰੀ ਉਹ ਜਿਹਦੀ ਭੱਲ ਬਣ ਜਾਏ।
ਹੁਣ ਤੀਜੀ ਕਿਸਮ ਦੇ ਜੋਤਸ਼ੀਆਂ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈ। ਇਹ ਹਨ ਲੇਖਕ, ਖ਼ਬਰਚੀ, ਸਾਹਿਤਕਾਰ ਤੇ ਕੁਰਸੀਆਂ 'ਤੇ ਮੱਠਾਂ ਦੇ ਮਜੌਰ। ਇਹ ਰਚਨਾਵਾਂ ਤੇ ਲੇਖਕਾਂ ਬਾਰੇ ਨਜੂਮੀਆਂ ਵਾਂਗ ਗੋਸ਼ਟੀਆਂ, ਸਮਾਗਮਾਂ ਤੇ ਸਭਾਵਾਂ ਵਿਚ ਮਾਹੌਲ ਤਿਆਰ ਕਰਦੇ ਰਹਿੰਦੇ ਹਨ। ਖੱਚਰਾਂ ਦੇ ਸਵਾਰਾਂ ਨੂੰ ਅੰਬਰਾਂ ਦੇ ਉਡਾਰੂ ਬਣਾ ਦਿੰਦੇ ਹਨ। ਕਿਸੇ ਦਾ ਭਾਵੇਂ ਨਾਮ ਮਿੱਟੀ 'ਚ ਹੀ ਮਿਲਿਆ ਹੋਵੇ ਇਹ ਉਨ੍ਹਾਂ ਦਾ 'ਨਾਂਅ ਅੰਬਰਾਂ 'ਤੇ ਲਿਖ ਦਿੰਦੇ ਹਨ। ਕਿਸੇ ਨੂੰ ਕੋਈ ਇਨਾਮ ਮਿਲਣ ਦੀ ਜਾਂ ਸਨਮਾਨ ਪ੍ਰਾਪਤ ਹੋਣ ਦੀ ਐਸੀ ਭਵਿੱਖਬਾਣੀ ਕਰਦੇ ਹਨ ਕਿ ਉਹ ਸੱਚ ਹੋ ਨਿਬੜਦੀ ਹੈ। ਅਸਲ ਵਿਚ ਇਨਾਮ ਦੁਆਉਣ ਵਾਲਿਆਂ 'ਚ ਉਹ ਆਪ ਵੀ ਭਾਈਵਾਲ ਹੁੰਦੇ ਹਨ। ਇਹ ਸਾਹਿਤਕ ਮਜੌਰ ਵੀ, ਸਾਹਿਤਕ ਜੋਤਿਸ਼ੀ ਸਮਝੇ ਜਾਣੇ ਚਾਹੀਦੇ ਹਨ।
ਸਾਡਾ ਦੇਸ਼ ਜੋਤਸ਼ੀਆਂ ਕਾਰਨ ਹੀ ਮਸ਼ਹੂਰ ਹੈ, ਪ੍ਰੰਤੂ ਇਹ ਜੋਤਸ਼ੀ ਸਾਡੀ ਕ੍ਰਿਕਟ ਦੇ ਇਕ ਹੀਰੇ ਖਿਡਾਰੀ ਬਾਰੇ ਜੋ ਕਹਿੰਦੇ ਰਹੇ ਹਨ, ਉਹ ਠੁੱਸ ਹੋ ਗਿਆ। ਸਾਲ ਭਰ ਉਹ ਮਹਾਂ-ਸ਼ਤਕ ਨਾ ਲਾ ਸਕਿਆ। ਸਾਡੇ ਦੇਸ਼ ਦਾ ਅਰਥ-ਵਿਗਿਆਨੀ ਪੰਡਿਤ ਦੇਸ਼ ਵਿਚੋਂ ਗਰੀਬੀ, ਬੇਕਾਰੀ ਤੇ ਭ੍ਰਿਸ਼ਟਾਚਾਰ ਦੇ ਰਾਹੂ-ਕੇਤੂਆਂ ਤੋਂ ਬਚਾਉਣ ਲਈ ਕੋਈ ਉਪਾਅ ਨਾ ਕਰ ਸਕਿਆ। ਲਗਦਾ ਹੈ ਜੋਤਸ਼ੀਆਂ ਦੀਆਂ ਸਾਰੀਆਂ ਵਿਕਟਾਂ ਹੁਣ ਡੁੱਕੀਆਂ ਗਈਆਂ ਹਨ। ਆਓ! ਜੋਤਸ਼ੀਆਂ, ਨਜੂਮੀਆਂ ਤੇ ਭਵਿੱਖ-ਵੇਤਾਵਾਂ ਤੋਂ ਅਸੀਂ ਨਵੀਂ ਪੀੜ੍ਹੀ ਨੂੰ ਬਚਾ ਕੇ ਨਵੇਂ ਯੁੱਗ ਦੇ ਅੰਬਰਾਂ 'ਤੇ ਲਿਜਾਈਏ।

-ਡਾ: ਗੁਰਚਰਨ ਸਿੰਘ ਔਲਖ (ਜ਼ੀਰਵੀ)
ਬੋਲੀਵੁੱਡ ਹਾਈਟਸ, 204, ਡੈਫੋਡਿਲ ਟਾਵਰ-1, ਪੀਰ ਮੁਸੱਲਾ, ਡਾਕ: ਢਕੋਈ, ਜ਼ਿਲ੍ਹਾ ਮੁਹਾਲੀ-160104.
ਮੋਬਾਈਲ : 98157-53046.

ਪੜ੍ਹਿਆ ਲਿਖਿਆ

ਪਿੰਡੋਂ ਜੀ.ਟੀ.ਰੋਡ ਵੱਲ ਜਾਂਦੇ ਕੱਚੇ ਪਹੇ 'ਤੇ ਸਕੂਟਰ 'ਤੇ ਜਾ ਰਹੇ ਕਿਹਰ ਸਿੰਘ ਅਤੇ ਉਸ ਦੇ ਮੁੰਡੇ ਕੋਲ ਸਾਹਮਣੇ ਤੋਂ ਆਉਂਦੀ ਧੂੜਾਂ ਪੁੱਟਦੀ ਗੱਡੀ ਆ ਰੁਕੀ। ਗੱਡੀ ਚਲਾ ਰਹੇ ਰੋਹਬਦਾਰ ਦਿੱਖ ਵਾਲੇ ਵਿਅਕਤੀ ਨੇ ਸ਼ੀਸ਼ਾ ਨੀਵਾਂ ਕਰਦੇ ਹੋਏ ਕਿਹਰ ਸਿੰਘ ਤੋਂ ਪੁੱਛਿਆ, 'ਵੀਰ ਜੀ, ਤੁਹਾਡੇ ਪਿੰਡ ਪਸ਼ੂਆਂ ਲਈ ਪੇੜਾ ਕਰਨ ਵਾਲਾ ਬਾਬਾ ਕਿਧਰ ਰਹਿੰਦਾ ਹੈ, ਸਾਡੀ ਮੱਝ ਕਈ ਦਿਨਾਂ ਤੋਂ ਸਖ਼ਤ ਬਿਮਾਰ ਹੈ ਬਥੇਰਾ ਇਲਾਜ ਕਰਵਾਇਆ ਪਰ ਫ਼ਰਕ ਨਹੀਂ ਪਿਆ, ਹੁਣ ਤੁਹਾਡੇ ਪਿੰਡ ਵਾਲੇ ਬਾਬੇ ਦੀ ਦੱਸ ਪਾਈ ਹੈ ਕਿਸੇ ਨੇ ਕਿ ਕੋਈ ਵੀ ਬਿਮਾਰੀ ਹੋਵੇ ਬਾਬਾ ਜੀ ਪੇੜਾ ਕਰਕੇ ਦਿੰਦੇ ਹਨ ਤੇ ਪਸ਼ੂ ਨੌਂ-ਬਰ-ਨੌਂ ਹੋ ਜਾਂਦਾ ਹੈ।'
ਕਿਹਰ ਸਿੰਘ ਨੇ ਵੱਡੀ ਕਾਰ ਵਾਲੇ ਨੂੰ ਬਾਬੇ ਦੇ ਘਰ ਦਾ ਰਸਤਾ ਸਮਝਾਇਆ। ਕਾਰ ਡਰਾਈਵਰ ਜਾਣ ਲੱਗਾ ਥੈਂਕਯੂ ਆਖ ਕਿਹਰ ਸਿੰਘ ਨੂੰ ਆਪਣੇ ਪਤੇ ਵਾਲਾ ਕਾਰਡ ਦੇ ਗਿਆ। ਪਤੇ ਵਾਲਾ ਕਾਰਡ ਕਿਹਰ ਸਿੰਘ ਦਾ ਮੁੰਡਾ ਜੋ ਸਕੂਟਰ ਪਿੱਛੇ ਕਾਲਾ ਕੁੜਤਾ-ਪਜਾਮਾ ਪਾਈ ਬੈਠਾ ਸੀ, ਨੇ ਫੜਿਆ। ਕਾਰਡ ਪੜ੍ਹਦਿਆਂ ਕਿਹਰ ਸਿੰਘ ਦੇ ਮੁੰਡੇ ਨੇ ਆਪਣੀ ਗਲੇ ਵਿਚ ਪਾਈ ਮੋਟੀ ਚਾਂਦੀ ਦੀ ਚੈਨ ਠੀਕ ਕਰਦੇ ਹੋਏ ਕਿਹਾ ਸੀ, 'ਪਾਪਾ ਜੀ, ਇਹ ਬੰਦਾ ਬੜਾ ਪੜ੍ਹਿਆ-ਲਿਖਿਆ ਹੈ, ਕਾਰ ਵੀ 35-40 ਲੱਖ ਵਾਲੀ ਲਈ ਫਿਰਦਾ ਹੈ। ਮੁੰਡੇ ਨੇ ਕਾਰਡ 'ਤੇ ਨਾਂਅ ਅਤੇ ਉਸ ਦੀ ਵਿੱਦਿਅਕ ਯੋਗਤਾ ਪੜ੍ਹਦਿਆਂ ਦੱਸਿਆ ਕਿ ਉਹ ਖ਼ਾਸ ਪੜ੍ਹਿਆ ਲਿਖਿਆ ਹੈ, ਉਸ ਦੇ ਨਾਂਅ ਮਗਰ ਡਿਗਰੀਆਂ ਦੀ ਲੰਬੀ ਸੂਚੀ ਹੈ।'
ਕਿਹਰ ਸਿੰਘ ਨੇ ਸਕੂਟਰ ਦੀ ਰੇਸ ਘਟਾਉਂਦਿਆਂ ਕਿਹਾ ਸੀ, 'ਇਹ ਪੜ੍ਹਿਆ ਲਿਖਿਆ ਕਾਹਦਾ ਹੈ, ਜਿਹੜਾ ਅੱਜ ਦੇ ਯੁੱਗ ਵਿਚ ਵੀ ਬਿਮਾਰ ਮੱਝ ਲਈ ਪੇੜਾ ਕਰਵਾਉਂਦਾ ਫਿਰਦਾ ਹੈ।' ਤੇ ਫਿਰ ਕਿਹਰ ਸਿੰਘ ਨੇ ਸਕੂਟਰ ਦੀ ਰੇਸ ਤੇਜ਼ ਕਰ ਦਿੱਤੀ। ਭਾਵੇਂ ਉਹ ਹੋਰ ਕੁਝ ਨਹੀਂ ਬੋਲਿਆ ਪਰ ਲੱਗ ਰਿਹਾ ਸੀ ਕਿ ਉਹ ਗ਼ੁੱਸੇ ਵਿਚ ਸੀ।

-ਕ੍ਰਿਸ਼ਨਾ ਕਾਲੋਨੀ ਗੁਰਾਇਆ ਜ਼ਿਲ੍ਹਾ ਜਲੰਧਰ।

ਕਹਾਣੀ ਸਪੀਡ ਮਨੀ

ਇਹ ਸਭ ਜਾਣਦੇ ਹਨ ਕਿ ਰਿਸ਼ਵਤ ਕਿਸ ਤਰ੍ਹਾਂ ਰਿਸ਼ਵਤਖੋਰਾਂ ਦੀਆਂ ਬਾਰੀਕ ਧਮਣੀਆਂ ਵਿਚ ਸਮਾ ਚੁੱਕੀ ਹੈ। ਦੇਸ਼ ਨੂੰ ਇਸ ਭ੍ਰਿਸ਼ਟਾਚਾਰ ਕਾਰਨ ਹੋਰ ਮੁਲਕਾਂ ਵਿਚ ਨੀਵਾਂ ਝਾਕਣਾ ਪਿਆ ਹੈ, ਇਸ ਵਿਚ ਕੋਈ ਕਥਨੀ ਨਹੀਂ ਹੈ। ਇਸ ਲਈ ਕਿਸੇ ਹੱਦ ਤੱਕ ਅਸੀਂ ਸਾਰੇ ਜ਼ਿੰਮੇਵਾਰ ਹਾਂ। ਕਿਸੇ ਵੀ ਜਾਇਜ਼ ਜਾਂ ਨਾਜਾਇਜ਼ ਕੰਮ ਨੂੰ ਜਲਦੀ ਕਰਵਾਉਣ ਲਈ ਅਸੀਂ ਰਿਸ਼ਵਤਖੋਰੀ ਨੂੰ ਜਨਮ ਦਿੰਦੇ ਹਾਂ।
ਰਿਸ਼ਵਤ ਨੂੰ ਲੈ ਕੇ ਲੋਕਾਂ ਦੀਆਂ ਭਿੰਨ-ਭਿੰਨ ਧਾਰਨਾਵਾਂ ਹਨ। ਉਨ੍ਹਾਂ ਦਾ ਸੋਚਣਾ ਹੈ ਕਿ ਸ਼ਾਇਦ ਰਿਸ਼ਵਤ ਦੇਣ ਨਾਲ ਉਨ੍ਹਾਂ ਦਾ ਕੰਮ ਪੱਕਾ ਅਤੇ ਜਲਦੀ ਹੋ ਜਾਵੇਗਾ। ਕੁਝ ਲੋਕਾਂ ਨੂੰ ਤਸੱਲੀ ਹੀ ਤਾਂ ਹੁੰਦੀ ਹੈ ਜਦੋਂ ਉਨ੍ਹਾਂ ਆਪਣੇ ਕੰਮ ਲਈ ਰਿਸ਼ਵਤ ਦੀ ਗੱਲ ਕਰ ਲਈ ਹੋਵੇ ਜਾਂ ਲੈਣ-ਦੇਣ ਕਰ ਲਿਆ ਹੋਵੇ। ਜੋ ਲੋਕ ਜ਼ਿਆਦਾ ਵਿਅਸਤ ਹਨ, ਰਿਸ਼ਵਤ ਨੂੰ 'ਸਪੀਡ ਮਨੀ' ਦੇ ਨਾਂਅ ਨਾਲ ਪੁਕਾਰਦੇ ਹਨ। ਮੈਂ ਵੀ ਇਸ ਤੱਥ ਨੂੰ ਕਰੀਬ ਤੋਂ ਦੇਖਿਆ ਹੈ। ਪਿਛਲੇ ਦਿਨੀਂ ਮੈਨੂੰ ਸਿਹਤ ਮਹਿਕਮੇ ਦੇ ਇਕ ਦਫਤਰ ਵਿਚ ਕਾਰੋਬਾਰੀ ਕੰਮ ਲਈ ਜਾਣਾ ਪਿਆ, ਜਿਸ ਵੱਡੇ ਸਾਹਿਬ ਨੇ ਮੇਰੇ ਕੰਮ 'ਤੇ ਸਹੀ ਪਾਉਣੀ ਸੀ, ਦਾ ਫੋਨ ਆਉਣ ਕਾਰਨ ਮੈਂ ਖੁਸ਼ ਸੀ ਕਿ ਮੇਰਾ ਕੰਮ ਜਲਦੀ ਹੋ ਜਾਵੇਗਾ। ਦੱਸੇ ਹੋਏ ਸਮੇਂ ਅਨੁਸਾਰ ਮੈਂ ਦਫਤਰ ਖੁੱਲ੍ਹਦੇ ਹੀ ਸਬੰਧਤ ਵਿਭਾਗ ਵਿਚ ਪਹੁੰਚ ਗਿਆ। ਦੂਆ ਸਲਾਮ ਕਰਨ ਦੇ ਨਾਲ ਸਾਹਬ ਦੇ ਕਮਰੇ ਵਿਚ ਪਹੁੰਚ ਗਿਆ। ਪਹਿਲਾਂ ਉਨ੍ਹਾਂ ਮੇਰੇ ਕੰਮ ਬਾਰੇ ਜਾਣਿਆ। ਚਾਹ ਪਿਲਾਉਣ ਤੋਂ ਬਾਅਦ ਉਨ੍ਹਾਂ ਸਬੰਧਤ ਬਾਬੂ ਨੂੰ ਮੇਰੀ ਫਾਈਲ ਅੰਦਰ ਲਿਆਉਣ ਲਈ ਕਿਹਾ। ਪਹਿਲਾਂ ਤਾਂ ਉਸ ਬਾਬੂ ਨੇ ਫਾਇਲਾਂ ਫਰੋਲਦੇ ਹੋਏ ਨਾ ਲੱਭਣ ਦਾ ਡਰਾਮਾ ਕੀਤਾ। ਬਾਅਦ ਵਿਚ ਜਿਸ ਫਾਇਲ 'ਤੇ ਅਧਿਕਾਰੀਆਂ ਸਹੀ ਪਾ ਦਿੱਤੀ ਸੀ, ਉਹ ਉਸ ਬਾਰੇ ਨੁਕਤਾਚੀਨੀ ਕਰਨ ਲੱਗਾ।
ਮੈਂ ਇਹ ਸਭ ਕੁਝ ਦੇਖ ਕੇ ਹੈਰਾਨ ਸੀ। ਸ਼ਾਇਦ ਸਪੀਡ ਮਨੀ ਨਾ ਮਿਲਣ ਕਾਰਨ ਫਾਈਲ ਅੱਗੇ ਨਹੀਂ ਵਧ ਰਹੀ ਸੀ। ਪਰ ਵੱਡੇ ਸਾਹਿਬ ਦੀ ਘੁਰਕੀ ਕਾਰਨ ਫਾਈਲ ਪਸੰਜਰ ਗੱਡੀ ਦੀ ਤਰ੍ਹਾਂ ਕਈ ਸਟੇਸ਼ਨਾਂ ਤੋਂ ਰੁਕਦੀ ਸਾਹਬ ਦੇ ਟੇਬਲ 'ਤੇ ਸੀ। ਉਨ੍ਹਾਂ ਸਰਸਰੀ ਨਜ਼ਰ ਮਾਰੀ, ਸਹੀ ਪਾਈ ਤੇ ਫਾਈਲ ਨੋਟਿੰਗ ਲਾਉਣ ਲਈ ਦਫਤਰੀ ਬਾਬੂ ਨੂੰ ਦੇ ਦਿੱਤੀ। ਪ੍ਰੰਤੂ ਹੱਦ ਉਦੋਂ ਨਾ ਰਹੀ ਜਦੋਂ ਨੋਟਿੰਗ ਲਾਉਣ ਲਈ ਬਾਬੂ ਨੇ ਪੰਜ ਮਿੰਟ ਦੀ ਥਾਂ ਕਿ ਘੰਟਾ ਲਾ ਦਿੱਤਾ। ਕੁੱਲ੍ਹ ਅੱਧੇ ਘੰਟੇ ਦਾ ਕੰਮ ਚਾਰ ਘੰਟੇ 'ਤੇ ਅੱਪੜ ਗਿਆ ਸੀ।
ਕੰਮ ਮੁਕੰਮਲ ਹੋਣ 'ਤੇ ਮੈਂ ਸਾਹਬ ਦਾ ਧੰਨਵਾਦ ਕੀਤਾ ਤੇ ਬਾਹਰ ਨਿਕਲ ਗਿਆ। ਹੁਣ ਬੱਸ ਵਿਚ ਬੈਠਾ ਮੈਂ ਸੋਚ ਰਿਹਾ ਸੀ ਕਿ ਸਪੀਡ ਮਨੀ ਦੇ ਅਸਲੀ ਅਰਥ ਕੀ ਹਨ।

-ਪ੍ਰਵੀਨ ਕੁਮਾਰ ਮਦਾਨ
ਗੋਲਡਨ ਸਟਰੀਟ ਮੂਨਕ, ਜ਼ਿਲ੍ਹਾ ਸੰਗਰੂਰ।
ਮੋਬਾਈਲ : 94170-69846.

ਪਿੰਡ ਦੀ ਸੱਥ

ਪਿੰਡ ਦੀ ਸੱਥ ਉੱਪਰ ਅੱਜ ਵੀ ਰੋਜ਼ਾਨਾ ਵਾਂਗ ਰੌਣਕਾਂ ਸਨ। ਹਰ ਪਾਸੇ ਅੱਜ ਇਕੋ ਗੱਲ ਦੀ ਚਰਚਾ ਸੀ, 'ਬਈ ਸਰਕਾਰ ਨੇ ਅਮਲੀਆਂ ਨੂੰ ਅਮਲ ਮੁਹੱਈਆ ਕਰਵਾਉਣ ਵਾਲਿਆਂ ਦੇ ਨੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਅਮਲੀਆਂ ਦਾ ਕੀ ਬਣੂ...?'
ਸੱਥ ਵਿਚ ਕੁਝ ਨੌਜਵਾਨ ਸ਼ਰਾਰਤੀ ਗੱਭਰੂ ਵੀ ਬੈਠੇ ਸਨ, ਜਿਹੜੇ ਤੜਕੇ ਸੱਜਰੇ ਵੇਲੇ ਆਪਣੀ ਫ਼ਸਲ ਦੀ ਦੇਖਭਾਲ ਕਰਕੇ ਖੇਤਾਂ ਨੂੰ ਪਾਣੀ ਲਾ ਕੇ, ਘਰ ਆ ਕੇ ਨਹਾ-ਧੋ ਕੇ ਰੋਟੀ-ਪਾਣੀ ਖਾ ਕੇ ਆਪਣੀ ਥਕਾਵਟ ਦੂਰ ਕਰਨ ਲਈ ਅਤੇ ਮਨਪ੍ਰਚਾਵੇ ਲਈ ਪਿੰਡ ਦੀ ਸੱਥ ਵਿਚ ਆ ਕੇ ਬੈਠ ਜਾਂਦੇ ਸਨ। ਇਥੇ ਉਹ ਅਖ਼ਬਾਰ ਦੀ ਕਿਸੇ ਖਾਸ ਘਟਨਾ ਬਾਰੇ ਚਰਚਾ ਕਰਦੇ ਤੇ ਜਾਂ ਫਿਰ ਤਾਸ਼ ਦੀ ਬਾਜ਼ੀ ਲਾ ਲੈਂਦੇ। ਇਸ ਤਰ੍ਹਾਂ ਉਨ੍ਹਾਂ ਦਾ ਸਮਾਂ ਵੀ ਬੀਤ ਜਾਂਦਾ ਸੀ ਅਤੇ ਮਨਪ੍ਰਚਾਵਾ ਵੀ ਹੋ ਜਾਂਦਾ ਸੀ।
ਸੱਥ ਵਿਚ ਸਭ ਤੋਂ ਸੀਨੀਅਰ ਬੰਦਾ ਸੀ ਬੰਤਾ ਸਿਹੁੰ। ਬੰਤਾ ਸਿਹੁੰ ਬਾਬੇ ਦੀ ਉਮਰ ਕੋਈ ਸੱਤਰ ਕੁ ਸਾਲ ਹੋਣੀ ਹੈ। ਉਸ ਨੂੰ ਵੀ ਅੱਜ ਦੀ ਖੁੰਡ ਚਰਚਾ 'ਤੇ ਅਮਲੀਆਂ ਦਾ ਫਿਕਰ ਬਣ ਗਿਆ ਸੀ ਕਿ ਹੁਣ ਅਮਲੀਆਂ ਦਾ ਕੀ ਬਣੂ? ਕਿਤੇ ਅਮਲ ਦੀ ਘਾਟ ਨਾਲ ਅਮਲੀ ਮਰ ਨਾ ਜਾਣ ਕਿਉਂਕਿ ਅਮਲ ਇਕ ਅਜਿਹਾ ਨਸ਼ਾ ਜਾਂ ਦਵਾ ਹੀ ਕਹਿ ਲਓ ਜਿਸ ਨੂੰ ਖਾਣ ਦੀ ਆਦਤ ਪੈ ਜਾਣ ਨਾਲ ਮਨੁੱਖ ਨੂੰ ਉਸ ਦੀ ਘਾਟ ਹੋਣ 'ਤੇ ਇੰਜ ਜਾਪਦਾ ਹੈ ਜਿਵੇਂ ਉਸ ਦੇ ਸਰੀਰ ਵਿਚੋਂ ਜਾਨ ਹੀ ਨਿਕਲ ਜਾਵੇਗੀ। ਉਮਰਾਂ ਦੇ ਤਜਰਬੇ ਵੀ ਕੋਈ ਚੀਜ਼ ਹੁੰਦੇ ਹਨ। ਬੰਤਾ ਸਿੰਘ ਨੇ ਸਾਰੀ ਉਮਰ ਇਸ ਪਿੰਡ ਦੇ ਲੋਕਾਂ ਨਾਲ ਹੰਢਾਈ ਸੀ, ਜਿਨ੍ਹਾਂ ਵਿਚ ਕੁਝ ਅਮਲੀ ਵੀ ਸਨ, ਜੋ ਅਮਲ ਤੋਂ ਬਗੈਰ ਨਿੱਤ ਦਿਹਾੜੇ ਧਾਰਮਿਕ ਅਸਥਾਨ 'ਤੇ ਜਾ ਕੇ ਰੱਬ ਦਾ ਨਾਂਅ ਵੀ ਲੈਂਦੇ ਸਨ। ਦੂਜੇ ਪਾਸੇ ਗੱਭਰੂਆਂ ਦੀ ਟੋਲੀ ਸੀ ਜਿਸ ਨੇ ਇਸ ਗੱਲ ਨੂੰ ਮਖੌਲ ਵਿਚ ਪਾਇਆ ਸੀ।
ਏਨੇ ਨੂੰ ਸ਼ਾਮਾ ਅਮਲੀ ਸਾਈਕਲ ਦੀ ਟੱਲੀ ਵਜਾਉਂਦਾ ਹੋਇਆ ਸੱਥ ਦੇ ਮੂਹਰੇ ਦੀ ਲੰਘਿਆ।
'ਓਏ ਆਜਾ ਸ਼ਾਮਿਆ! ਰਤਾ ਕੁ ਸਾਡੇ ਕੋਲ ਵੀ ਖਲੋ ਜਾਹ, ਜੱਸੇ ਗੱਭਰੂ ਨੇ 'ਵਾਜ ਮਾਰੀ। 'ਵਾਜ ਮਾਰ ਕੇ ਕੋਲ ਖਲੋਣ ਲਈ ਕਹਿਣ ਦਾ ਸਿਰਫ਼ ਇਕ ਬਹਾਨਾ ਸੀ, ਸੱਚ ਗੱਲ ਤਾਂ ਇਹ ਸੀ ਕਿ ਉਹ ਅਮਲ ਤੋਂ ਬਗੈਰ ਔਖੇ ਹੋਏ ਇਸ ਅਮਲੀ ਦਾ ਹਾਲ ਵੇਖ ਕੇ ਸੁਆਦ ਲੈਣਾ ਚਾਹੁੰਦੇ ਸਨ। ਅਮਲੀ ਵੀ ਸਭ ਜਾਣੀ-ਜਾਣ ਸੀ, ਉਸ ਆਖਿਆ, 'ਨਾ ਭਾਈ ਮੁੰਡਿਆ, ਮੈਂ ਤਾਂ ਆਪਣੇ ਬੇਲੀਆਂ ਦੀ ਸੱਥ ਵਿਚ ਚੱਲਿਆ ਆਂ... ਮੁੜਦਾ ਹੋਇਆ ਵੇਖੂੰਗਾ ਜੇ ਟੈਮ ਹੋਇਆ ਤਾਂ...', ਕਹਿੰਦਾ ਹੋਇਆ ਸ਼ਾਮਾ ਅਮਲੀ ਮੂਹਰੇ ਦੀ ਲੰਘ ਗਿਆ।
'ਹੈਂ..., ਇਹ ਕਿਹੜੀ ਸੱਥ ਦੀ ਗੱਲ ਕਰ ਰਿਹਾ ਏ...? ਕੀ ਇਨ੍ਹਾਂ ਅਮਲੀਆਂ ਨੇ ਹੋਰ ਸੱਥ ਬਣਾ ਲਈ ਐ...? ਸਾਰੇ ਹੀ ਚਕਰਾ ਗਏ। ਕਿਸੇ ਨੂੰ ਕੰਨੋ-ਕੰਨੀ ਖ਼ਬਰ ਵੀ ਨਹੀਂ ਹੋਣ ਦਿੱਤੀ।' ਅਜੇ ਗੱਲ ਵਿਚਾਲੇ ਹੀ ਸੀ ਕਿ ਨਿਹਾਲਾ ਅਮਲੀ ਸਾਈਕਲ ਵਿੰਗਾ-ਟੇਢਾ ਜਿਹਾ ਕਰਦਾ ਹੋਇਆ ਲੰਘਣ ਲੱਗਿਆ।
'ਓਏ ਆਜਾ ਨਿਹਾਲਿਆ! ਮੈਂ ਕਿਹਾ ਦੋ ਬਾਜ਼ੀਆਂ ਹੀ ਤਾਸ਼ ਦੀਆਂ ਕੁੱਟ ਲਈਏ...', ਸੱਥ ਵਾਲੇ ਚੁਕੰਨੇ ਹੋ ਗਏ। ਇਨ੍ਹਾਂ ਵਿਚੋਂ ਸੱਥ ਵਿਚ ਬੈਠੇ ਜੀਤੇ ਨੇ 'ਵਾਜ਼ ਮਾਰੀ। 'ਨਾ ਬਈ, ਮੈਂ ਤਾਂ ਆਪਣੀ ਸੱਥ ਵਿਚ ਜਾ ਕੇ ਹੀ ਬਾਜ਼ੀ ਖੇਡੂੰਗਾ...', ਨਿਹਾਲੇ ਨੇ ਕੋਰਾ ਕਰਾਰਾ ਜਵਾਬ ਦਿੱਤਾ ਅਤੇ ਕੋਲੋਂ ਦੀ ਲੰਘ ਗਿਆ।
ਅਜੇ ਤੇ ਇਸ ਅਮਲੀ 'ਤੇ ਕਿਸੇ ਨੇ ਕੋਈ ਕੁਮੈਂਟ ਦਿੱਤਾ ਨਹੀਂ ਸੀ ਕਿ ਸੁੱਖਾ ਅਮਲੀ ਮੋਢੇ 'ਤੇ ਪਰਨਾ ਰੱਖੀ ਪੈਦਲ ਜਾਂਦਾ ਨਜ਼ਰ ਆਇਆ ਪਰ ਉਸ ਵੱਲੋਂ ਵੀ ਜਵਾਬ ਮਿਲ ਗਿਆ। ਹੁਣ ਸੱਥ ਵਾਲੇ ਇਕੱਲੇ ਰਹਿ ਗਏ। ਅਮਲੀਆਂ ਨੇ ਆਪਣੀ ਵੱਖਰੀ ਸੱਥ ਬਣਾ ਲਈ ਹੋਣੀ ਏਂ, ਗੱਲ ਮੁੱਦੇ ਤੋਂ ਪਰ੍ਹੇ ਹੋ ਗਈ। ਇਕ ਗੱਭਰੂ ਨੇ ਮਾਹੌਲ ਬਦਲਣ ਲਈ ਹੱਸਦੇ ਹੋਏ ਕਿਹਾ, 'ਓਏ! ਕੋਈ ਗੱਲ ਨਹੀਂ... ਨਵੀਂ ਬਣੀ ਹੋਈ ਹੈ ਸੱਥ ਜਿਸ ਦਾ ਨਾਂਅ ਆਪਾਂ ਰੱਖ ਦਿੰਨੇ ਆਂ, 'ਅਮਲੀਆਂ ਦੀ ਸੱਥ', ਇਹ ਨਾਂਅ ਸੁਣ ਕੇ ਸਾਰੇ ਹੀ ਹੱਸ ਪਏ। 'ਕੋਈ ਨਾ ਯਾਰ' ਕਿਸੇ ਦਿਨ ਲੁਕ ਕੇ ਵੇਖ ਆਵਾਂਗੇ ਕਿ ਅਮਲੀ ਆਪਣੀ ਸੱਥ ਵਿਚ ਕੀ ਕਰਦੇ ਹਨ।
'ਹਾਂ ਬਈ, ਇਹ ਗੱਲ ਠੀਕ ਏ', ਬੰਤੇ ਨੇ ਕਿਹਾ।
ਸਾਰੇ ਤਾਸ਼ ਦੀ ਬਾਜ਼ੀ ਵਿਚ ਰੁਝ ਗਏ। ਮਿੰਟਾਂ ਵਿਚ ਹੀ ਮਾਹੌਲ ਬਦਲ ਗਿਆ ਅਤੇ ਸਾਰੇ ਆਪੋ-ਆਪਣੇ ਢੰਗ ਨਾਲ ਆਪਣਾ ਮਨਪ੍ਰਚਾਵਾ ਕਰਨ ਲੱਗੇ।

-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫਿਰੋਜ਼ਪੁਰ।

ਮਿੰਨੀ ਕਹਾਣੀਆਂ ਨਤੀਜਾ


ਸੇਵਾਦਾਰ ਦੀ ਨੌਕਰੀ ਲਈ ਹੋ ਰਹੀ ਇੰਟਰਵਿਊ 'ਚ ਪੁੱਜੇ ਉਮੀਦਵਾਰਾਂ ਦੇ ਹਜੂਮ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਡਾਢੀ ਮੁਸ਼ੱਕਤ ਕਰਨੀ ਪਈ। ਕੁੱਲ ਬਾਰਾਂ ਆਸਾਮੀਆਂ 'ਤੇ ਪੰਜ ਹਜ਼ਾਰ ਉਮੀਦਵਾਰ, ਜਿਨ੍ਹਾਂ ਵਿਚੋਂ ਬਹੁਤੇ ਬੀ.ਏ., ਐਮ.ਏ. ਤੇ ਕੁਝ ਇਸ ਤੋਂ ਚੋਖੀ ਯੋਗਤਾ ਰੱਖਣ ਵਾਲੇ। ਭਾਵੇਂ ਘੱਟ-ਘੱਟ ਯੋਗਤਾ ਅੱਠਵੀਂ ਪਾਸ ਪਰ ਬੇਰੁਜ਼ਗਾਰੀ ਦੇ ਝੰਬੇ ਹੋਣ ਕਾਰਨ ਇਸ ਨੂੰ ਵੀ ਗਨੀਮਤ ਸਮਝਦੇ। ਸਵੇਰ ਤੋਂ ਹੀ ਲੰਬੀ ਕਤਾਰ 'ਚ ਲੱਗੇ ਭੁੱਖੇ-ਪਿਆਸੇ ਸਫ਼ਰ ਦੇ ਅਕੇਵੇਂ-ਥਕੇਵੇਂ ਨਾਲ ਚੂਰ ਹੋਏ, ਆਪੋ-ਆਪਣੀ ਵਾਰੀ ਦੀ ਉਡੀਕ ਕਰ ਰਹੇ ਬੜੀ ਬੇਸਬਰੀ ਨਾਲ ਇਕ-ਦੂਜੇ ਵੱਲ ਤੱਕਦੇ ਏਧਰ-ਉਧਰ ਦੀਆਂ ਗੱਲਾਂ ਕਰਦੇ ਕਈ ਤਾਂ ਖੜ੍ਹੇ ਨਾ ਹੋ ਸਕਣ ਕਾਰਨ ਆਪਣੀ ਜਗ੍ਹਾ 'ਤੇ ਹੀ ਬੈਠ ਕੇ ਘਰੋਂ ਲਿਅੰਦਾ ਅੰਨ-ਪਾਣੀ ਛੱਕ ਰਹੇ ਸਨ। ਜੋ ਅੰਦਰ ਬੜੇ ਉਤਸ਼ਾਹ ਨਾਲ ਜਾਂਦੇ ਤੇ ਨਿੰਮੋਝੂਣੇ ਹੋ ਕੇ ਪਰਤਦੇ। ਹਰ ਚੀਜ਼ 'ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਕਿਧਰੇ ਚਿੜੀ ਨਾ ਫੜਕਦੀ ਪਰ ਅੰਦਰ ਤਾਂ ਚਲ ਰਹੀ ਪ੍ਰਕਿਰਿਆ ਦੌਰਾਨ ਵੀ ਫੋਨ ਖੜਕਦੇ ਰੋਹਬਦਾਰ, ਅਜਨਬੀ ਆਵਾਜ਼ਾਂ ਰਾਜਨੀਤਕ ਡਰਾਵੇ ਤੇ ਹੁਕਮੀ ਲਹਿਜ਼ਾ ਸਮਝਣ 'ਚ ਦੇਰ ਨਹੀਂ ਸੀ ਲੱਗਦੀ, ਬਦਸਤੂਰ ਜਾਰੀ।
ਨਤੀਜਾ ਇੰਟਰਵਿਊ ਖਤਮ ਹੁੰਦਿਆਂ ਹੀ ਨਿਕਲਣਾ। ਰਾਤ ਕਾਫ਼ੀ ਬੀਤ ਚੁੱਕੀ ਸੀ। ਦੂਰ ਪਰ੍ਹਾਂ ਕਿਸੇ ਭੀੜ 'ਚੋਂ ਖੜ੍ਹੇ ਨੇ ਕਿਹਾ, 'ਨਹੀਂ ਦੇਰ-ਦੂਰ ਤਾਂ ਕੋਈ ਨਹੀਂ, ਹਨੇਰ ਹੀ ਜਾਪਦੈ।'

-ਤੀਰਥ ਰਾਮ ਬਾਤਿਸ਼
ਪਿੰਡ ਤੇ ਡਾਕ: ਭੁਲੱਥ, ਜ਼ਿਲ੍ਹਾ ਕਪੂਰਥਲਾ। ਮੋਬਾਈਲ : 98144-02200.

ਚਿਹਰੇ ਦਾ ਨੂਰ

'ਵਿਆਹ ਤਾਂ ਇੰਜ ਹੀ ਹੋਣਾ ਚਾਹੀਦੈ... ਕੱਲ੍ਹ ਵੇਖ-ਵਿਖਾਲਾ ਕੀਤਾ, ਅੱਜ ਵਿਆਹ... ਦੋ ਦਿਨਾਂ ਵਿਚ ਸਾਰੇ ਕਾਰਜ ਖਤਮ ਤੇ ਵਿਹਲੇ। ਕਿਉਂ ਸੀਮਾ ਠੀਕ ਆ ਨਾ, ਇੰਜ ਹੀ ਹੋਇਐ ਨਾ।'
'ਹਾਂ ਜੀ, ਡੈਡੀ ਜੀ।'
'ਨਾਲੇ ਸੀਮਾ ਆਪਣੀ ਮੰਮੀ ਨੂੰ ਸਮਝਾ ਕੇ ਆਵੀਂ, ਬਈ ਨੂੰਹ ਨੂੰ ਐਵੇਂ ਟੋਕਾ-ਟਾਕੀ ਨਾ ਕਰੇ। ਨੂੰਹ ਦੇ ਮੂੰਹ ਦਾ ਨੂਰ ਹੀ ਦੱਸਦੈ ਬਈ ਕੁੜੀ ਬਹੁਤ ਸਮਝਦਾਰ ਆ... ਕਰਨ ਦੇਵੇ, ਉਸ ਨੂੰ ਜੋ ਕਰਨਾ ਚਾਹੁੰਦੀ ਐ... ਆਖਿਰ ਘਰ ਤਾਂ ਉਸ ਨੇ ਹੀ ਸਾਂਭਣਾ', (ਮਸ਼ਕਰੇ ਭਰੇ ਅੰਦਾਜ਼ 'ਚ ਕਿਹਾ)
ਭਾਗ ਸਿੰਘ ਇਹ ਸਭ ਕੁਝ ਆਪਣੀ ਛੋਟੀ ਨੂੰਹ ਸੀਮਾ ਨੂੰ ਉਸ ਦੀ ਨਵ-ਵਿਆਹੀ ਭਾਬੀ ਬਾਰੇ ਕਹਿ ਰਿਹਾ ਸੀ। ਕੋਲ ਬੈਠੀ ਭਾਗ ਸਿੰਘ ਦੀ ਵੱਡੀ ਨੂੰਹ ਇਹ ਸੋਚਣ 'ਤੇ ਮਜਬੂਰ ਸੀ ਕਿ ਉਸ ਦੇ ਚਿਹਰੇ ਦਾ ਨੂਰ ਤਾਂ ਕਿਸੇ ਨੂੰ ਕਦੇ ਨਜ਼ਰ ਨਹੀਂ ਆਇਆ। ਹਰ ਕੰਮ ਵਿਚ ਨੁਕਸ ਤੇ ਹਰ ਗੱਲ 'ਤੇ ਚੁੰਭਵੀਂ ਟਕੋਰ ਹੀ ਸੁਣਨ ਨੂੰ ਮਿਲੀ। ਇਸੇ ਕਰਕੇ ਤਾਂ ਉਹ ਬੇਪ੍ਰਵਾਹ ਆਪਣੇ ਕੰਮ ਵਿਚ ਹੀ ਮਸਤ ਰਹਿਣ ਲੱਗੀ।
'ਹਾਏ! ਮੈਂ ਮਰ ਜਾਂ... ਇਹ ਕੀ ਹੋ ਗਿਆ... ਬਦਨਾਮ ਕਰ ਗਈ ਸਾਨੂੰ... ਲੁੱਟ-ਪੁਟ ਲੈ ਗਈ ਸਭ ਕੁਝ... ਤਬਾਹ ਕਰ ਗਈ ਮੇਰੇ ਭਰਾ ਦੀ ਜ਼ਿੰਦਗੀ... ਹਾਏ! ਡੈਡੀ ਜੀ ਭੱਜ ਗਈ ਉਹ ਜਿਸ ਨੂੰ ਕੱਲ੍ਹ ਤਿੰਨ ਕੱਪੜਿਆਂ ਵਿਚ ਵਿਆਹ ਕੇ ਲਿਆਏ ਸੀ।'
ਇਹ ਸੁਣਦਿਆਂ ਹੀ ਭਾਗ ਸਿੰਘ ਦੇ ਚਿਹਰੇ ਦਾ ਨੂਰ ਇਸ ਤਰ੍ਹਾਂ ਉੱਡ-ਪੁੱਡ ਗਿਆ ਜਿਵੇਂ ਕਹਿ ਰਿਹਾ ਹੋਵੇ ਕਿ ਉਮਰ ਦੇ ਸੱਤਰ ਸਾਲ ਬਿਤਾਉਣ ਦੇ ਬਾਵਜੂਦ ਉਹ ਚਿਹਰੇ ਪੜ੍ਹਨ ਵਿਚ ਅਸਫ਼ਲ ਹੀ ਰਿਹੈ। ਅੱਜ ਪਹਿਲੀ ਵਾਰ ਉਹ ਆਪਣੀ ਵੱਡੀ ਨੂੰਹ ਦੇ 'ਚਿਹਰੇ ਦਾ ਨੂਰ' ਮਾਪ ਰਿਹਾ ਸੀ ਜੋ ਬਿਨਾਂ ਕਿਸੇ ਸ਼ਿਕਾਇਤ ਤੋਂ ਉਸ ਦੇ ਘਰ ਨੂੰ ਰੁਸ਼ਨਾ ਰਿਹਾ ਹੈ।

-ਰਘਬੀਰ ਕੌਰ
ਇੰਦਰਾ ਕਾਲੋਨੀ, ਰਾਹੋਂ ਰੋਡ, ਲੁਧਿਆਣਾ। ਮੋਬਾਈਲ: 96461-55329.

ਫਰਕ

ਬਚਿੱਤਰ ਸਿੰਘ ਪਿੰਡ ਦਾ ਸਾਧਾਰਨ ਕਿਸਾਨ ਸੀ ਜੋ ਹਰ ਕੰਮ ਬੜੀ ਮਿਹਨਤ ਨਾਲ ਕਰਦਾ ਅਤੇ ਹਮੇਸ਼ਾ ਖੁਸ਼ ਰਹਿੰਦਾ। ਬਚਿੱਤਰ ਸਿੰਘ ਦੀ ਇਕਲੌਤੀ ਬੇਟੀ ਪਰਮ ਕਾਲਜ ਵਿਚ ਪੜ੍ਹਦੀ ਸੀ। ਵਿਹਲੇ ਸਮੇਂ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਵਿਚ ਹੀ ਹੱਥ ਵਟਾਉਂਦੀ।
ਉਸ ਦੇ ਨਾਲ ਹੀ ਨੰਬਰਦਾਰ ਚੰਨਣ ਸਿੰਘ ਦਾ ਮੁੰਡਾ ਬੰਟੀ ਪੜ੍ਹਦਾ ਸੀ ਜੋ ਹਰ ਵਕਤ ਆਪਣੇ ਅਮੀਰ ਬਾਪ ਦੀ ਨੰਬਰਦਾਰੀ ਦਿਖਾਉਂਦਾ ਤੇ ਰੋਜ਼ ਆਪਣੇ ਸਾਥੀਆਂ ਨਾਲ ਮਾਰ-ਕੁਟਾਈ ਕਰਦਾ ਰਹਿੰਦਾ। ਅਸਲ ਵਿਚ ਉਹ ਬੁਰੀ ਸੰਗਤ ਵਿਚ ਪੈ ਗਿਆ ਸੀ।
ਪਰਮ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰ ਲਈ ਸੀ ਤੇ ਨਾਲ ਦੇ ਸ਼ਹਿਰ ਵਿਚ ਜੱਜ ਤਾਇਨਾਤ ਹੋ ਗਈ। ਪਰਮ ਹਰ ਕੰਮ ਨੂੰ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਕਰਦੀ। ਇਸ ਕਰਕੇ ਉਸ ਦੀ ਸ਼ੋਭਾ ਚਾਰੇ ਪਾਸੇ ਹੋਣ ਲੱਗੀ।
ਇਕ ਦਿਨ ਪਰਮ ਆਪਣੇ ਚੈਂਬਰ 'ਤੇ ਕੰਮ ਕਰ ਰਹੀ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ ਫੜ ਕੇ ਉਸ ਅੱਗੇ ਪੇਸ਼ ਕੀਤਾ। ਪਰਮ ਨੇ ਜਦ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਇਹ ਤਾਂ ਬੰਟੀ ਸੀ ਜੋ ਪਰਮ ਨਾਲ ਕਾਲਜ ਪੜ੍ਹਦਾ ਸੀ। ਚੋਰੀ ਕਰਦਾ ਫੜਿਆ ਗਿਆ ਸੀ।
ਅਗਲੀ ਤਾਰੀਖ 'ਤੇ ਫ਼ੈਸਲਾ ਹੋਣਾ ਸੀ। ਉਹ ਨਾ ਚਾਹੁੰਦੀ ਹੋਈ ਉਸ ਨੂੰ ਮੁਆਫ਼ ਨਾ ਕਰ ਸਕੀ। ਕਾਨੂੰਨ ਅਨੁਸਾਰ ਬੰਟੀ ਨੂੰ ਸਜ਼ਾ ਹੋਈ। ਵਕੀਲ ਨੂੰ ਸਭ ਕੁਝ ਪਤਾ ਹੋਣ 'ਤੇ ਵੀ ਉਹ ਕੁਝ ਬੋਲ ਨਾ ਸਕਿਆ। ਕਿਸੇ ਹੋਰ ਵਕੀਲ ਨੇ ਕਿਹਾ ਅਜਿਹੇ ਪੁੱਤਰਾਂ ਨਾਲੋਂ ਕੀ ਥੁੜਿਆ ਹੈ ਜੋ ਪਿਤਾ ਦੀ ਪੱਗ ਨੂੰ ਦਾਗ਼ ਲਾਉਣ।

-ਲਖਵੀਰ ਸਿੰਘ ਨਡਾਲੀ
ਮੋਬਾਈਲ : 97790-99315.

ਨੋਟਾਂ ਦੀ ਚਮਕ

ਕਾਵਿ-ਵਿਅੰਗ
ੲ ਹਰਦੀਪ ਢਿੱਲੋਂ ਗ
ਵਿਕਰੀ ਲੁਕਵੇਂ ਬਾਜ਼ਾਰ ਦੀ ਸਿਖਰ ਪੁੱਜੀ,
ਦਹਿਸ਼ੂ ਕਰਨ ਲਈ ਆਤਮਦਾਹ ਵਿਕਦੇ।
ਮੌਤ ਮਰੀਜ਼ ਦੀ ਮਹਿੰਗੀ ਕਰੀ ਜਾਂਦੇ,
ਉੱਚੇ ਮੁੱਲਾਂ ਦੇ ਮਸ਼ੀਨੀ ਸਾਹ ਵਿਕਦੇ।
ਭੁਗਤਣ ਲੱਗੇ ਨਾ ਭੋਰਾ ਵੀ ਸ਼ਰਮ ਕਰਦੇ,
ਵਿਚ ਕਚਹਿਰੀਆਂ ਝੂਠੇ ਗਵਾਹ ਵਿਕਦੇ।
'ਮੁਰਾਦਵਾਲਿਆ' ਨੋਟਾਂ ਦੀ ਚਮਕ ਭੈੜੀ,
ਘਪਲੇ ਕਰਨ ਲਈ ਨੌਕਰਸ਼ਾਹ ਵਿਕਦੇ॥

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਠਾਹਰ


ੲ ਨਵਰਾਹੀ ਘੁਗਿਆਣਵੀ ਗ
ਡੱਡੂ ਮਾਰ ਕੇ ਛਾਲ ਛੜੱਪ ਦੇਣੇ,
ਜਦੋਂ ਚਾਹੇ ਤਰਾਜ਼ੂ 'ਚੋਂ ਬਾਹਰ ਹੋਵੇ।
ਏਦਾਂ ਓਸ ਦੀ ਨੀਤ ਦਾ ਪਤਾ ਲੱਗੇ,
ਉਸ ਦੀ ਸੋਚ ਕੱਚੀ ਜੱਗ ਜਾਹਰ ਹੋਵੇ।
ਲੋਕੀਂ ਓਸੇ ਨੂੰ ਮੁਹਤਬਰ ਮੰਨ ਲੈਂਦੇ,
ਹੇਰਾ-ਫੇਰੀ ਅੰਦਰ ਜਿਹੜਾ ਮਾਹਰ ਹੋਵੇ।
ਪੌਦਾ ਕੇਲੇ ਦਾ ਨਹੀਂ ਪਰਵਾਨ ਚੜ੍ਹਦਾ,
ਜਿਸ ਦੀ ਬੇਰੀਆਂ ਦੇ ਵਿਚ ਠਾਹਰ ਹੋਵੇ।

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸਰਕਾਰੀ ਵਾਅਦੇ

ੲ ਜਸਵੀਰ ਭਲੂਰੀਆ ਗ
ਵਾਅਦੇ ਸਰਕਾਰੀ ਸਾਰੇ ਹੋਏ ਪੈਂਚਰ,
ਨਿਕਲ ਗਈ ਵਾਅਦਿਆਂ ਦੀ ਫੂਕ ਮੀਆਂ।
ਨੇਤਾ ਨਿੱਤ ਹੀ ਨਵਾਂ ਬਿਆਨ ਬਦਲਣ,
ਪ੍ਰੇਮੀ ਬਦਲਦੀ ਜਿਵੇਂ ਮਸ਼ੂਕ ਮੀਆਂ।
ਜਦ ਬਾਜ਼ਾਰ 'ਚੋਂ ਮੂੰਗੀ ਦਾ ਭਾਅ ਪੁੱਛੇ,
ਨਿਕਲੇ ਗਰੀਬੂ ਦੇ ਦਿਲ 'ਚੋਂ ਹੂਕ ਮੀਆਂ।
ਪਰ 'ਭਲੂਰੀਆ' ਸਰਕਾਰ ਬੇਫਿਕਰ ਸਾਡੀ,
ਲੰਮੀਆਂ ਤਾਣ ਕੇ ਸੁੱਤੀ ਹੈ ਘੂਕ ਮੀਆਂ।

-ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : 99159-95505.

ਜ਼ਰਾ ਹੱਸ ਲਓ

ਬੱਚਾ- ਹੇ ਭਗਵਾਨ, ਜਲਦੀ ਨਾਲ ਅਮਿਤਾਭ ਬੱਚਨ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਮੁੰਬਈ ਨੂੰ ਦੇਸ਼ ਦੀ ਰਾਜਧਾਨੀ ਬਣਾ ਦੇ।
ਮਾਂ-ਬੇਟਾ, ਤੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈਂ
ਬੱਚਾ-ਮਾਂ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਪੇਪਰਾਂ ਵਿਚ ਦੋਵਾਂ ਪ੍ਰਸ਼ਨਾਂ ਦਾ ਉੱਤਰ ਇਹ ਲਿਖ ਕੇ ਆਇਆ ਹਾਂ।

ਧਰਮਪਾਲ ਡੋਗਰਾ 'ਮਿੰਟੂ'

ਟੈਕਸ ਬਚਾਓ

ਭਾਰਤ ਸਰਕਾਰ ਚਾਲੂ ਵਿੱਤੀ ਸਾਲ (2015-2016) ਤੋਂ ਡੇਢ ਲੱਖ ਦੀ ਬੱਚਤ ਤੋਂ ਇਲਾਵਾ 30 ਹਜ਼ਾਰ ਤੱਕ ਦੀਆਂ ਦਵਾਈਆਂ ਦੇ ਬਿਲ ਪੇਸ਼ ਕਰਨ ਦੀ ਸੂਰਤ ਵਿਚ ਆਮਦਨ ਟੈਕਸ ਦੇਣ ਵਾਲਿਆਂ ਨੂੰ ਆਮਦਨ ਅਨੁਸਾਰ ਟੈਕਸ ਤੋਂ ਛੋਟ ਦੇ ਰਹੀ ਹੈ | ਇਸ ਛੋਟ ਨਾਲ 10 ਫੀਸਦੀ ਟੈਕਸ ਦੇਣ ਵਾਲਿਆਂ ਨੂੰ 3 ਹਜ਼ਾਰ­ 20 ਫੀਸਦੀ ਵਾਲਿਆਂ ਨੂੰ ਛੇ ਹਜ਼ਾਰ ਤੇ 30 ਫੀਸਦੀ ਵਾਲਿਆਂ ਨੂੰ 9 ਹਜ਼ਾਰ ਦੀ ਬੱਚਤ ਹੋਵੇਗੀ | ਸਰਕਾਰ ਨੇ ਸ਼ਾਇਦ ਹਰ ਘਰ ਵਿਚ ਹਰ ਮਹੀਨੇ ਢਾਈ ਹਜ਼ਾਰ ਦੀਆਂ ਵਰਤੀਆਂ ਜਾਂਦੀਆਂ ਦਵਾਈਆਂ ਦੇ ਅੰਦਾਜ਼ੇ ਨਾਲ ਸਾਲਾਨਾ 30 ਹਜ਼ਾਰ ਰੁਪਏ ਦੀ ਰਕਮ ਨਿਰਧਾਰਿਤ ਕੀਤੀ ਹੈ | ਪਰ ਸਰਕਾਰ ਦਾ ਇਹ ਅੰਦਾਜ਼ਾ ਘੱਟ ਹੈ | ਕਈਆਂ ਘਰਾਂ ਵਿਚ ਹਰ ਜੀਅ ਮਹੀਨੇ ਦੀਆਂ ਢਾਈ ਹਜ਼ਾਰ ਤੋਂ ਵੱਧ ਦੀਆਂ ਦਵਾਈਆਂ ਖਾ ਰਿਹਾ ਹੈ | ਕਈਆਂ ਦੀ ਦਵਾਈਆਂ ਖਾਣਾ ਮਜ਼ਬੂਰੀ ਹੋ ਸਕਦੀ ਹੈ ਪਰ ਜ਼ਿਆਦਾਤਰ ਤਾਂ ਸ਼ੌਕ ਵਜੋਂ ਦਵਾਈਆਂ ਖਾ ਰਹੇ ਹਨ | ਮਹਿੰਗੀਆਂ­ ਤੇਜ਼ ਦਵਾਈਆਂ ਖਾਣੀਆਂ ਅਤੇ ਮਹਿੰਗੇ ਡਾਕਟਰਾਂ ਕੋਲ ਜਾਣਾ ਰੁਤਬੇ ਦਾ ਪ੍ਰਤੀਕ (ਸਟੇਟਸ ਸਿੰਬਲ) ਬਣ ਗਿਆ ਹੈ |
ਮੇਰੇ ਦੋਸਤ ਦੇ ਪਿਤਾ ਕਈਆਂ ਬਿਮਾਰੀਆਂ ਦੀਆਂ ਦਵਾਈਆਂ ਖਾਂਦੇ ਹਨ | ਉਹ ਯਾਦਾਸ਼ਤ ਦੀ ਦਵਾਈ ਵੀ ਖਾਂਦੇ ਹਨ | ਡਾਕਟਰ ਉਨ੍ਹਾਂ ਦੀ ਪਰਚੀ 'ਤੇ ਕੋਈ ਦਵਾਈ ਲਿਖਣ ਲੱਗਿਆਂ ਬੋਲਿਆ­ ਮੈਂ ਦਵਾਈ ਕਿੱਥੇ ਲਿਖਾਂ­ ਤੁਹਾਡੀ ਪਰਚੀ 'ਤੇ ਤਾਂ ਲਿਖਣ ਲਈ ਜਗ੍ਹਾ ਨਹੀਂ ਬਚੀ? ਉਹ ਬੋਲੇ­ ਮੇਰੇ ਹੱਥ 'ਤੇ ਲਿਖ ਦਿਓ | ਮੈਂ ਹੁਣੇ ਇਸਦਾ ਨਾਂਅ ਯਾਦ ਕਰ ਲੈਣਾ ਹੈ | ਮੈਨੂੰ ਬਾਕੀ ਦਵਾਈਆਂ ਦੇ ਨਾਂਅ ਵੀ ਯਾਦ ਹਨ | ਦੇਖੋ­ ਹੋਰਨਾਂ ਗੱਲਾਂ ਨੂੰ ਯਾਦ ਰੱਖਣ ਲਈ ਯਾਦਾਸ਼ਤ ਦੀ ਦਵਾਈ ਖਾ ਰਹੇ ਹਨ ਪਰ ਦਵਾਈਆਂ ਦੇ ਨਾਂਅ ਜ਼ੁਬਾਨੀ ਯਾਦ ਹਨ | ਇਹ ਦਵਾਈਆਂ ਖਾਣ ਦੇ ਸ਼ੌਕੀਨ ਨਹੀਂ ਤਾਂ ਹੋਰ ਕੀ ਹਨ?
ਇਕ ਔਰਤ ਨੇ ਦੂਸਰੀ ਨੂੰ ਪੁੱਛਿਆ­ ਤੁਸੀਂ ਸ਼ੂਗਰ ਦੀ ਕਿੰਨੇ ਮਿਲੀਗ੍ਰਾਮ ਦੀ ਗੋਲੀ ਖਾਂਦੇ ਹੋ? ਦੂਸਰੀ ਔਰਤ ਬੋਲੀ, 10 ਮਿਲੀਗ੍ਰਾਮ | ਅੱਗੋਂ ਪਹਿਲੀ ਔਰਤ ਮਜ਼ਾਜ਼ ਨਾਲ ਬੋਲੀ­ ਮੈਂ ਤਾਂ ਪੰਜਾਹ ਮਿਲੀਗ੍ਰਾਮ ਦੀ ਖਾਂਦੀ ਹਾਂ | ਇਹ ਮਹਿੰਗੀ ਤੇ ਤੇਜ਼ ਵੀ ਹੈ | ਘੱਟ ਅਸਰ ਵਾਲੀ ਗੋਲੀ ਨਾਲ ਮੈਨੂੰ ਫਰਕ ਨਹੀਂ ਪੈਂਦਾ | ਉਹਨੂੰ ਕੀ ਪਤਾ ਕਿ ਇਸ ਵਿਚ ਰੁਤਬੇ ਵਾਲੀ ਕੋਈ ਗੱਲ ਨਹੀਂ­ ਸਗੋਂ ਉਸਦੀ ਬਿਮਾਰੀ ਪੰਜ ਗੁਣਾ ਵੱਧ ਖਤਰਨਾਕ ਹੋਣ ਕਰਕੇ ਉਸ ਨੂੰ 50 ਮਿਲੀਗ੍ਰਾਮ ਦੀ ਗੋਲੀ ਖਾਣੀ ਪੈ ਰਹੀ ਹੈ |
ਅੱਧੇ ਤੋਂ ਵੱਧ ਬਿਮਾਰੀਆਂ ਦਾ ਕਾਰਨ ਜੀਵਨ ਸ਼ੈਲੀ ਵਿਚ ਵਿਗਾੜ ਹੈ | ਜੀਵਨ ਸ਼ੈਲੀ ਸੁਧਾਰਨ ਨਾਲ ਹਰ ਕੋਈ ਦਵਾਈਆਂ ਤੋਂ ਬਚ ਸਕਦਾ ਹੈ ਪਰ ਇਸ ਬਾਰੇ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ | ਜੇਕਰ ਕਿਸੇ ਬਿਮਾਰ ਨੂੰ ਕੋਈ ਕਸਰਤ­ ਸੈਰ ਜਾਂ ਯੋਗਾ ਦੀ ਸਲਾਹ ਦੇਵੇ ਤਾਂ ਉਹ ਅੱਗੋਂ ਕਹੇਗਾ ਕਿ ਸਵੇਰੇ ਜਲਦੀ ਉਠਿਆ ਨਹੀਂ ਜਾਂਦਾ ਜਾਂ ਸਮਾਂ ਨਹੀਂ ਹੈ | ਹਸਪਤਾਲ ਵਿਚ ਬਿਸਤਰੇ 'ਤੇ ਲੰਮੇ ਪੈਣ ਲਈ ਸਮਾਂ ਹੈ ਪਰ ਕਸਰਤ­ ਸੈਰ ਜਾਂ ਯੋਗਾ ਲਈ ਸਮਾਂ ਨਹੀਂ | ਚਲੋ ਮੰਨਿਆ ਕਿ ਸਮਾਂ ਨਹੀਂ ਹੈ­ ਖਾਣ-ਪੀਣ ਤੋਂ ਪ੍ਰਹੇਜ਼ ਲਈ ਸਮਾਂ ਤਾਂ ਹੈ ਨਾ | ਖਾਣ-ਪੀਣ ਤੋਂ ਪ੍ਰਹੇਜ਼ ਕਰ ਲਵੋ | ਮੋਟਾਪੇ ਤੋਂ ਬਚ ਜਾਵੋਗੇ | ਮੋਟਾਪਾ ਕਈਆਂ ਬਿਮਾਰੀਆਂ ਦੀ ਜੜ੍ਹ ਹੈ ਤੇ ਕਈਆਂ ਬਿਮਾਰੀਆਂ ਤੋਂ ਬਚ ਜਾਵੋਗੇ | ਸ਼ੂਗਰ ਹੈ ਤਾਂ ਮਿੱਠਾ ਘੱਟ ਖਾਓ | ਇਹ ਸ਼ੌਕੀਨ ਦਵਾਈਆਂ ਵੀ ਖਾਣਗੇ ਤੇ ਰਸਗੁੱਲੇ­ ਗੁਲਾਬ ਜਾਮਨ ਵੀ | ਸ਼ੌਕੀਨ ਗੋਡਿਆਂ ਨੂੰ ਆਪਣਾ ਵਾਧੂ ਭਾਰ ਵੀ ਚੁਕਾ ਕੇ ਰੱਖਣਗੇ ਤੇ ਦਵਾਈਆਂ ਦੇ ਫੱਕੇ ਵੀ ਮਾਰਨਗੇ | ਜੇਕਰ ਸ਼ੌਕੀਨ ਆਪਣਾ ਭਾਰ ਘਟਾ ਲੈਣ ਤਾਂ ਗੋਢੇ ਆਪਣੇ-ਆਪ ਹੀ ਠੀਕ ਹੋ ਜਾਣਗੇ | ਦਵਾਈਆਂ ਖਾਣ ਦੀ ਲੋੜ ਹੀ ਨਹੀਂ ਪਵੇਗੀ | ਕਿਸੇ ਜ਼ਿਆਦਾ ਭਾਰ ਵਾਲੇ ਨੂੰ ਕੋਈ 10 ਕਿਲੋ ਭਾਰ ਚੁਕਾ ਦੇਵੋ ਤਾਂ ਉਹ ਕਹੇਗਾ ਕਿ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ­ ਮੈਂ ਥੱਕ ਗਿਆ ਹਾਂ ਪਰ ਆਪਣੇ ਸਰੀਰ ਦਾ ਭਾਵੇਂ 20 ਕਿਲੋ ਫਾਲਤੂ ਭਾਰ ਚੁੱਕੀ ਫਿਰੇ | ਸੋ, ਭੋਜਨ ਸੰਜਮ ਵਿਚ ਕਰੋ | ਇਹ ਆਪਣੇ-ਆਪ ਪਚੇਗਾ­ ਭੁੱਖ ਵੀ ਲੱਗੇਗੀ­ ਛਾਤੀ ਵਿਚ ਜਲਣ ਨਹੀਂ ਹੋਵੇਗੀ ਤੇ ਗੈਸ ਵੀ ਨਹੀਂ ਬਣੇਗੀ | ਦਵਾਈਆਂ ਨਹੀਂ ਖਾਣੀਆਂ ਪੈਣਗੀਆਂ | ਲੋਕ ਪਹਿਲਾਂ ਜ਼ਿਆਦਾ ਖਾ-ਪੀ ਲੈਣਗੇ ਫਿਰ ਲੰਮੇ ਗੈਸ ਜਾਂ ਬਦਹਜ਼ਮੀ ਦੇ ਡਕਾਰ ਮਾਰਣਗੇ | ਉਪਰੋਂ ਹਾਜ਼ਮੇ, ਜਲਣ ਜਾਂ ਗੈਸ ਦੀਆਂ ਦਵਾਈਆਂ ਖਾਣਗੇ | ਪਹਿਲਾਂ ਜ਼ਿਆਦਾ ਖਾਣਾ ਤੇ ਫਿਰ ਉਸ ਨੂੰ ਹਜ਼ਮ ਕਰਨ ਵਾਸਤੇ ਦਵਾਈਆਂ ਖਾਣੀਆਂ ਸਿਆਣਪ ਨਹੀਂ ਹੈ | ਚੰਗੀਆਂ ਸੋਚਾਂ ਸੋਚੋ, ਚੰਗਾ ਸਾਹਿਤ ਪੜ੍ਹੋ, ਪਰਮਾਤਮਾ ਦਾ ਨਾਮ ਲਵੋ | ਮੂਡ ਠੀਕ ਰਹੇਗਾ | ਤਣਾਉ ਜਾਂ ਉਦਾਸੀ ਨਹੀਂ ਹੋਵੇਗੀ | ਨੀਂਦ ਆਪਣੇ-ਆਪ ਆਵੇਗੀ ਤੇ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪਵੇਗੀ |
ਜ਼ਿਆਦਾਤਰ ਲੋਕਾਂ ਨੇ ਤਾਂ ਢਿੱਡ ਨੂੰ ਕੂੜਾਦਾਨ ਬਣਾਇਆ ਹੋਇਆ ਹੈ | ਮੈਂ ਅਕਸਰ ਸੋਚਦਾ ਕਿ ਜੇਕਰ ਪਰਮਾਤਮਾ ਨੇ ਮਨੁੱਖ ਕੋਲੋਂ ਸਰੀਰ ਦੇ ਪੈਸੇ ਲਏ ਹੁੰਦੇ ਤਾਂ ਮਨੁੱਖ ਇਸ ਨੂੰ ਕਦੇ ਵੀ ਕੂੜਾਦਾਨ ਨਾ ਬਣਾਉਂਦਾ | ਮਨੁੱਖ ਦਾ ਸੁਭਾਅ ਹੈ ਕਿ ਉਹ ਮੁਫ਼ਤ ਮਿਲੀ ਚੀਜ਼ ਦੀ ਕਦਰ ਨਹੀਂ ਕਰਦਾ | ਅਸੀਂ ਮੁੱਲ ਖਰੀਦੇ ਮਾਮੂਲੀ ਵਾਹਨ ਦੀ ਦੇਖਭਾਲ ਤਾਂ ਕਰਦੇ ਹਾਂ ਪਰ ਵਡਮੁੱਲੇ ਸਰੀਰ ਪ੍ਰਤੀ ਲਾਪ੍ਰਵਾਹ ਹਾਂ | ਇੰਜਣ ਖਰਾਬ ਹੋਣ ਜਾਂ ਹੋਰ ਨੁਕਸਾਨ ਤੋਂ ਡਰਦਿਆਂ ਉਸ ਵਿਚ ਮਾੜਾ ਪੈਟਰੋਲ ਨਹੀਂ ਪਵਾਉਂਦੇ ਪਰ ਆਪਣੇ ਅੰਦਰ ਨਿੱਤ ਸ਼ਰਾਬ­ ਗੁਟਕਾ­ ਸਿਗਰਟ ਤੇ ਪਾਣ ਆਦਿ ਵਰਗੇ ਕਈ ਜ਼ਹਿਰੀਲੇ ਪਦਾਰਥ ਪਾ ਰਹੇ ਹਾਂ | ਮੇਰੇ ਇਕ ਜਾਣਕਾਰ ਨੇ ਲਿਵਰ ਦਾ ਇਲਾਜ ਕਰਵਾਇਆ ਹੈ | ਉਸਦਾ 60 ਹਜ਼ਾਰ ਰੁਪਿਆ ਲੱਗਾ ਹੈ | ਜੇਕਰ ਸਰੀਰ ਦੇ ਸਾਰੇ ਅੰਗਾਂ ਦੀ ਕੀਮਤ ਲਗਾਈਏ ਤਾਂ ਕਿੰਨੀ ਹੋਵੇਗੀ? ਇਹ ਕੀਮਤ ਨਹੀਂ ਲੱਗ ਸਕਦੀ | ਕੁਦਰਤ ਵਲੋਂ ਬਖਸ਼ਿਸ਼ ਕੀਤੇ ਅੰਗਾਂ ਵਰਗੇ ਅੰਗ ਮੁੱਲ ਨਹੀਂ ਮਿਲਦੇ |
ਇਹ ਦਵਾਈਆਂ ਖਾਣ ਦੇ ਸ਼ੌਾਕੀਨ ਆਪਣੀਆਂ ਗਲਤੀਆਂ ਕਾਰਨ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤੇ ਆਪਣੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਡਾਕਟਰਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਰਹੇ ਹਨ | ਸਰਕਾਰ ਨੂੰ ਇਨ੍ਹਾਂ ਸ਼ੌਕੀਨਾਂ ਨੂੰ ਟੈਕਸ ਤੋਂ ਛੋਟ ਦੇਣ ਦੀ ਬਜਾਏ ਇਨ੍ਹਾਂ ਕੋਲੋਂ ਟੈਕਸ ਲੈਣਾ ਚਾਹੀਦਾ ਸੀ ਤਾਂ ਕਿ ਇਹ ਸ਼ੌਕੀਨ ਟੈਕਸ ਤੋਂ ਡਰਦੇ ਘੱਟੋ-ਘੱਟ ਆਪਣੀ ਜੀਵਨ ਸ਼ੈਲੀ ਤਾਂ ਸੁਧਾਰਦੇ | ਹੁਣ ਇਸ ਸਹੂਲਤ ਨਾਲ ਇਹ ਸ਼ੌਕੀਨ ਬੇਹੱਦ ਖੁਸ਼ ਹੋਣਗੇ ਤੇ ਸਰਕਾਰ ਦਾ ਸ਼ੁਕਰ ਮਨਾਉਂਦੇ ਹੋਏ ਕਹਿ ਰਹੇ ਹੋਣਗੇ ਕਿ ਦਵਾਈਆਂ ਖਾਓ­ ਟੈਕਸ ਬਚਾਓ |
-ਮੋਬਾਈਲ: 98766-52900.

ਸ਼ੱਕ

ਕੁਝ ਦਿਨ ਪਹਿਲਾਂ ਮੈਂ ਆਪਣੇ ਮਿੱਤਰ ਭਰਭੂਰ ਸਿੰਘ ਦੀ ਲੈਬੋਰੇਟਰੀ 'ਤੇ ਬੈਠਾ ਉਸ ਨਾਲ ਕੁਝ ਵਿਚਾਰ ਸਾਂਝੇ ਕਰ ਰਿਹਾ ਸੀ | ਉੱਥੇ ਇਕ ਸੱਠ ਕੁ ਸਾਲਾਂ ਦੀ ਮਾਈ ਆਈ | ਮੈਨੂੰ ਲੱਗਿਆ ਸ਼ਾਇਦ ਉਹ ਕੋਈ ਟੈਸਟ ਕਰਵਾਉਣ ਆਈ ਹੋਣੀ | ਮੈਂ ਉਸ ਨੂੰ ਬੈਠਣ ਲਈ ਸਟੂਲ ਛੱਡ ਦਿੱਤਾ | 'ਨਹੀਂ ਪੁੱਤ ਬੈਠਾ ਰਹਿ, ਮੇਰੀ ਮਦਦ ਕਰੋ ਮੈਂ ਖੰਨੇ ਜਾਣਾ ਹੈ, ਮੇਰੇ ਕੋਲ ਕਿਰਾਏ ਨੂੰ ਪੈਸੇ ਨਹੀਂ | ਮੇਰੇ ਖੀਸੇ 'ਚੋਂ ਪਤਾ ਨਹੀਂ ਕਿੱਥੇ ਡਿੱਗ ਪਏ | ਮੈਨੂੰ ਪੰਜਾਹ ਰੁਪਏ ਦੇ ਦਿਓ... |' ਉਹ ਇੱਕੋ ਸਾਹ ਬਹੁਤ ਕੁਝ ਬੋਲ ਗਈ ਸੀ | ਉਹ ਪਹਿਲਾਂ ਇਕ-ਦੋ ਦੁਕਾਨਾਂ 'ਤੇ ਹੋਰ ਵੀ ਜਾ ਆਈ ਸੀ | ਅਸੀਂ ਦੁਚਿੱਤੀ ਵਿਚ ਫ਼ਸ ਗਏ ਪੈਸੇ ਦੇਈਏ ਜਾਂ ਨਹੀਂ | ਉਸ ਨੂੰ ਦੇਖ ਕੇ ਉਹ ਭਿਖਾਰੀ ਤਾਂ ਲਗਦੀ ਨਹੀਂ ਸੀ ਫਿਰ ਵੀ ਲੋਕਾਂ ਦੇ ਮੰਗਣ ਦੇ ਤਰੀਕੇ ਅਲੱਗ-ਅਲੱਗ ਹਨ | ਇਸ ਤਰ੍ਹਾਂ ਬਾਜ਼ਾਰ ਵਿਚ ਔਰਤਾਂ ਨੂੰ ਮੰਗਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ | ਉਸ ਨੇ 100 ਦਾ ਨੋਟ ਕੱਢ ਕੇ ਉਸ ਮਾਈ ਵੱਲ ਕਰ ਦਿੱਤਾ | 'ਲੈ ਮਾਤਾ.. |' 'ਨਹੀਂ ਪੁੱਤ ਮੈਨੂੰ ਤਾਂ ਪੰਜਾਹ ਰੁਪਏ ਹੀ ਚਾਹੀਦੇ ਨੇ', ਮਾਈ ਨੇ ਕਿਹਾ | 'ਲੈ ਜਾ ਮਾਈ', ਭਰਭੂਰ ਕੋਲ ਪੈਸੇ ਟੁੱਟੇ ਨਾ ਹੋਣ ਕਰਕੇ ਉਸ ਨੇ 100 ਦਾ ਨੋਟ ਦੇ ਦਿੱਤਾ ਸੀ | ਮਾਈ ਅਸ਼ੀਸਾਂ ਦੇ ਕੇ ਚਲੀ ਗਈ | ਮੈਂ ਉਸ ਨੂੰ ਕਿਹਾ, 'ਤੂੰ ਬਿਨਾਂ ਸੋਚੇ-ਸਮਝੇ ਉਸ ਨੂੰ ਰੁਪਏ ਦੇ ਦਿੱਤੇ |' 'ਨਹੀਂ ਯਾਰ ਉਸ ਦੀਆਂ ਅੱਖਾਂ ਵਿਚ ਮੈਨੂੰ ਮਜਬੂਰੀ ਦੀ ਝਲਕ ਨਜ਼ਰ ਆਈ | ਉਂਝ ਵੀ ਇੱਥੇ ਫੰਡ ਕੱਟਣ ਵਾਲੇ ਬਹੁਤ ਮੰਗਤੇ ਆਉਂਦੇ ਨੇ ਇਕ ਹੋਰ ਸਹੀ... |' ਉਸ ਨੇ ਜਵਾਬ ਦਿੱਤਾ | ਮੈਂ ਘਰ ਵਾਪਸ ਆ ਗਿਆ |
ਲਗਭਗ ਦਸ ਕੁ ਦਿਨਾਂ ਬਾਅਦ ਮੈਨੂੰ ਭਰਭੂਰ ਨੇ ਫ਼ੋਨ ਕਰਕੇ ਲੈਬੋਰੇਟਰੀ 'ਤੇ ਬੁਲਾਇਆ | ਮੈਂ ਜਾ ਕੇ ਦੇਖਿਆ ਉੱਥੇ ਉਹ ਹੀ ਮਾਈ ਬੈਠੀ ਸੀ | ਉਸ ਨੇ ਦੱਸਿਆ, 'ਅੱਜ ਉਹ ਰੁਪਏ ਲੈਣ ਨਹੀਂ ਆਈ, ਉਸ ਦਿਨ ਵਾਲਾ 100 ਰੁਪਏ ਵਾਪਸ ਕਰਨ ਆਈ ਹੈ ਤੇ ਨਾਲੇ ਉਸ ਲਈ ਸੇਬਾਂ ਦਾ ਭਰਿਆਂ ਲਿਫ਼ਾਫਾ ਲਿਆਈ ਹੈ |' ਮੈਂ ਸੋਚ ਰਿਹਾ ਸੀ ਭਿਖਾਰੀਆਂ ਦੀ ਦਿਨੋਂ-ਦਿਨ ਵਧਦੀ ਬਹੁਤਾਤ ਨੇ ਮਜਬੂਰੀਵੱਸ ਇਨਸਾਨ ਦੀ ਮਦਦ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ | ਮੈਂ ਕਦੇ ਭਰਭੂਰ ਵੱਲ ਦੇਖ ਰਿਹਾ ਸੀ ਕਦੇ ਉਸ ਮਾਈ ਵੱਲ... |
-ਭੀਖੀ (ਮਾਨਸਾ) ਮੋਬਾ : 98143-98762.

ਜੀ ਮੈਂ ਜੰਟਾ ਬੋਲਦੈਂ...

ਨਾਂਅ ਤਾਂ ਮੇਰਾ ਗੁਰਜੰਟ ਸਿੰਘ ਹੈ, ਕਲਾਸ ਮੇਰੀ ਪੰਜਵੀਂ (ਫਾਈਨਲ) ਹੈ | ਫਾਈਨਲ ਤਾਂ, ਪਰਾਰ ਪੇਪਰਾਂ 'ਚ ਅਸੀਂ ਸ੍ਰੀ ਅਨੰਦਪੁਰ ਸਾਹਿਬ ਡੇਢ ਮਹੀਨਾ ਰਹੇ, ਤਾਂ ਨੀ ਪੇਪਰ ਦਿੱਤੇ ਪਰ ਸਾਡੀ ਮੱਝ ਨੇ ਕੱਟਾ ਦਿੱਤਾ ਸੀ | ਸਾਂਭ-ਸੰਭਾਲ 'ਚ ਅਸੀਂ ਫਿਰ ਨੀ ਪੇਪਰ ਦਿੱਤੇ | ਐਤਕੀਂ ਕੋਸ਼ਿਸ਼ ਕਰਾਂਗੇ | ਮੇਰੀ ਦੋ ਸਾਲ ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਸੀ, ਨਾਲੇ ਸੁੱਖ ਨਾਲ ਫੇਲ੍ਹ ਤਾਂ ਅਸੀਂ ਹੋਣਾ ਨਹੀਂ | ਹੁਣ ਜੀ ਮੈਂ ਆਪਣੀ ਗੱਲ 'ਤੇ ਆਵਾਂ | ਸਾਡੇ ਸਰ ਜੀ, ਸਾਨੂੰ ਐਨੀ ਠੰਢ ਵਿਚ ਬਾਹਰ ਨਹੀਂ ਬਹਿਣ ਦਿੰਦੇ, ਕਹਿੰਦੇ ਸਰਕਾਰ ਵੱਲੋਂ ਮਨਾਹੀ ਐ, ਤੁਸੀਂ ਬਾਹਰ ਪੜ੍ਹਦੇ ਨਹੀਂ, ਏਧਰ-ਉਧਰ ਦੇਖਦੇ ਰਹਿੰਦੇ ਓ | ਨਾਲੇ ਕਹਿੰਦੇ ਜੀ ਕਿ ਤੁਸੀਂ ਇਨਰ-ਉਨਰ ਪਾ ਕੇ ਆਇਆ ਕਰੋ |
ਵੱਡੇ ਸਰ ਜੀ ਸਾਨੂੰ ਦੱਸੋ ਕਿ ਐਨੇ ਕੱਪੜੇ ਕਿਥੋਂ ਲਿਆ ਕੇ ਪਾਈਏ, ਮੈਂ ਤਾਂ ਜੀ ਆਪਣੇ ਭਾਪੇ ਦੀਆਂ ਹੀ ਤਿੰਨ-ਚਾਰ ਸ਼ਰਟਾਂ ਥੱਲੇ ਦੀ ਥੱਲੇ ਪਾ ਕੇ ਮਸਾਂ ਆਉਂਦਾ ਆਂ, ਉਹ ਵੀ ਭੈਣ ਜੀ ਰੋਜ਼ ਪ੍ਰੇਅਰ 'ਚ ਬੋਲਦੇ ਕਿ ਤੂੰ ਕੀ ਥੱਲੇ ਐਨੀਆਂ ਗੰਦੀਆਂ ਸ਼ਰਟਾਂ ਪਾ ਕੇ ਰੱਖੀਆਂ | ਹੁਣ ਅਸੀਂ ਕੀ ਕਰੀਏ, ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਭੈਣ ਸਕੂਲ ਵਰਦੀ ਪਾ ਕੇ ਨਹੀਂ ਆਉਂਦੀ ਸੀ, ਕਿਉਂਕਿ ਧੋਤੀ ਨਹੀਂ ਹੁੰਦੀ ਸੀ ਤੇ ਮੈਡਮ ਜੀ ਨੇ ਕਿਹਾ ਸੀ ਸਰਕਾਰ ਹੁਣ ਤੁਹਾਡੀਆਂ ਵਰਦੀਆਂ ਧੋਣ ਦਾ ਵੀ ਠੇਕਾ ਲੈ ਲਵੇ? ਨਾਲੇ ਆਪੇ ਈ ਮੈਡਮ ਨੇ ਪ੍ਰੇਅਰ 'ਚ ਦੱਸਿਆ ਕਿ ਧੁੱਪ 'ਚ ਵਿਟਾਮਿਨ 'ਡੀ' ਮਿਲਦਾ, ਸਰ ਜੀ ਹੋਰ ਕੋਈ ਵਿਟਾਮਿਨ ਵਿਟੂਮਨ ਤਾਂ ਸਾਨੂੰ ਖਾਣ ਨੂੰ ਮਿਲਦਾ ਨੀ, ਗਰੀਬਾਂ ਨੂੰ ਸਰ ਜੀ ਘੱਟੋ-ਘੱਟ ਸਾਨੂੰ ਛੋਟਿਆਂ ਬੱਚਿਆਂ ਨੂੰ ਧੁੱਪ 'ਚੋਂ ਤਾਂ ਫਰੀ ਵਿਟਾਮਿਨ ਲੈਣ ਦੇ ਦਿਆ ਕਰੋ ਜੀ |
ਸੋ, ਸਰ ਜੀ ਬੇਨਤੀ ਹੈ ਕਿ ਸਾਨੂੰ ਠੰਢ ਬੜੀ ਲਗਦੀ ਹੈ, ਨਾਲੇ ਸਾਨੂੰ ਵਰਦੀ 'ਚ ਇਨਰ ਲੈ ਦਿਆ ਕਰੋ, ਨਾਲੇ ਸਾਨੂੰ ਠੰਢ ਵਿਚ ਧੁੱਪ ਸੇਕਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ | ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ |
-ਗੁਰਜੰਟ ਸਿੰਘ
ਪੰਜਵੀਂ 'ਬੀ' |
-ਕੁਲਵਿੰਦਰਜੀਤ ਕੌਰ ਕਿਸ਼ਨਪੁਰਾ
ਸ. ਐ. ਸ. ਚੱਬਾ, ਅੰਮਿ੍ਤਸਰ |

ਕਿੱਸੇ ਔਰਤ ਦੀ ਉਮਰ ਦੇ


ਪਤੀ, ਪਤਨੀ ਦੇ ਜਨਮ ਦਿਨ 'ਤੇ ਕੇਕ ਆਰਡਰ ਕਰਨ ਗਿਆ |
'ਸਰ, ਕਿੰਨੀਆਂ ਮੋਮਬੱਤੀਆਂ ਲਗਾਣੀਆਂ ਨੇ', ਬੇਕਰੀ ਵਾਲੇ ਨੇ ਪੁੱਛਿਆ |
ਪਤੀ 'ਹਰ ਸਾਲ ਵਾਂਗ 25 ਲਗਾ ਦੇ |'
'ਸਰ, ਤੁਸੀਂ ਪਿਛਲੇ ਕਈ ਸਾਲਾਂ ਤੋਂ ਆ ਰਹੇ ਹੋ, ਹੁਣ ਤਾਂ ਮੈਡਮ ਦੀ ਉਮਰ ਵਧ ਗਈ ਹੋਵੇਗੀ |'
'ਉਹ ਯਾਰ ਚੁੱਪ ਕਰ ਮੋਮਬੱਤੀਆਂ ਸਿਰਫ਼ 25 ਹੀ ਲਗਾੲੀਂ, ਗਿਣਤੀ ਵਧਾ ਕੇ ਮੈਨੂੰ ਮਰਵਾਏਾਗਾ |'
• ਤੁਹਾਨੂੰ ਪਤਾ ਹੈ ਕਿ ਹਰ ਆਦਮੀ ਦੀ ਉਮਰ ਦੀਆਂ ਛੇ ਅਵਸਥਾਵਾਂ ਹੁੰਦੀਆਂ ਹਨ |
'ਉਹ ਕਿਹੜੀਆਂ?'
'ਜਨਮ, ਬਚਪਨ, ਕਿਸ਼ੋਰ ਅਵਸਥਾ, ਜਵਾਨੀ, ਅਧੇੜ ਉਮਰ ਤੇ ਬੁਢਾਪਾ |'
'ਤੇ ਔਰਤ ਦੀ ਉਮਰ ਦੀਆਂ?'
'ਉਹ ਵੀ ਛੇ ਹੀ ਹਨ, ਪਰ ਜ਼ਰਾ ਕੁ ਵੱਖਰੀਆਂ ਹਨ, ਜਨਮ, ਬਚਪਨ, ਕਿਸ਼ੋਰ ਅਵਸਥਾ, ਜਵਾਨੀ, ਜਵਾਨੀ ਤੇ ਅੰਤ ਤੱਕ ਜਵਾਨੀ |'
• ਇਕ ਪਤੀ ਨੇ ਆਪਣੇ ਦੋਸਤ ਨੂੰ ਦੱਸਿਆ, 'ਯਾਰ, ਸ਼ੁਕਰ ਹੈ ਮੇਰੀ ਪਤਨੀ ਨੇ ਕਾਰ ਹੌਲੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ |'
'ਉਹ ਕਿਵੇਂ, ਭਾਬੀ ਤਾਂ ਸਪੀਡ ਦੀ ਦੀਵਾਨੀ ਹੈ |'
ਬਸ ਮੈਂ ਉਸ ਨੂੰ ਦੱਸ ਦਿੱਤਾ, 'ਜੇਕਰ ਤੇਰਾ ਕੋਈ ਐਕਸੀਡੈਂਟ ਹੋ ਗਿਆ, ਤੇਰੇ ਡਰਾਈਵਿੰਗ ਲਾਇਸੰਸ ਤੋਂ ਸਭ ਨੂੰ ਤੇਰੀ ਉਮਰ ਦਾ ਪਤਾ ਲੱਗ ਜਾਵੇਗਾ |'
-ਦਲਜੀਤ ਕੌਰ ਸਿੱਧੂ
46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕਖਾਨਾ ਸੂਲਰ, ਪਟਿਆਲਾ |
ਮੋਬਾਈਲ : 95015-31277.

ਮਿੰਨੀ ਕਹਾਣੀਆਂ

ਮਾਸਟਰ ਜੀ ਫੇਲ੍ਹ ਹੋਏ
ਸਰਦਾਰ ਗੁਰਦੀਪ ਸਿੰਘ ਨੂੰ ਅਧਿਆਪਕ ਦੀ ਸਰਕਾਰੀ ਪੱਕੀ ਨੌਕਰੀ ਤਾਂ ਮਿਲ ਗਈ ਸੀ | ਉਸ ਵਿਚ ਇਕ ਚੰਗੇ ਅਧਿਆਪਕ ਦੇ ਸਾਰੇ ਗੁਣ ਸਨ | ਪਰ ਸਵੇਰੇ ਸਦਾ ਉਸ ਨੂੰ ਸਕੂਲ ਲੇਟ ਪਹੁੰਚਣ ਦੀ ਆਦਤ ਸੀ | ਸਕੂਲ ਦੇ ਪਿੰ੍ਰਸੀਪਲ ਸਾਹਿਬ ਆਮ ਤੌਰ 'ਤੇ ਉਸ ਨੂੰ ਲੇਟ ਆਉਣ 'ਤੇ ਟੋਕਦੇ ਰਹਿੰਦੇ | ਮਾਸਟਰ ਜੀ ਵੱਲੋਂ ਘੜੇ-ਘੜਾਏ ਨਵੇਂ-ਨਵੇਂ ਬਹਾਨੇ ਸੁਣ ਕੇ ਉਹ ਹੱਸ ਕੇ ਚੁੱਪ ਕਰ ਜਾਂਦੇ |
ਪਿੰ੍ਰਸੀਪਲ ਸਾਹਿਬ, ਇਹ ਸੋਚ ਕੇ ਕਿ ਅਜੇ ਉਹ ਨਵਾਂ-ਨਵਾਂ ਟੀਚਰ ਲੱਗਿਆ ਹੈ, ਹੌਲੀ-ਹੌਲੀ ਆਪੇ ਸਮਝ ਜਾਵੇਗਾ, ਚੁੱਪ ਕਰ ਰਹਿੰਦੇ | ਇਕ ਦਿਨ ਆਮ ਦੀ ਤਰ੍ਹਾਂ ਸ: ਗੁਰਦੀਪ ਸਿੰਘ ਲੇਟ ਆਇਆ | ਆਉਂਦੇ ਸਾਰ ਪਿੰ੍ਰਸੀਪਲ ਸਾਹਿਬ ਦੇ ਪੁੱਛੇ ਬਿਨਾਂ ਹੀ ਆਪੇ ਦੱਸਣ ਲੱਗਿਆ, 'ਸਰ, ਰਾਤ ਮੇਰੇ ਨਾਨਾ ਜੀ ਸਵਰਗ ਸਿਧਾਰ ਗਏ, ਅੱਜ ਮੈਂ ਉਥੋਂ ਹੀ ਆ ਰਿਹਾ ਹਾਂ, ਇਸ ਲਈ ਲੇਟ ਹੋ ਗਿਆ |'
ਪਿੰ੍ਰਸੀਪਲ ਸਾਹਿਬ ਬੋਲੇ, 'ਮਾਸਟਰ ਜੀ ਕੁਰਸੀ ਲੈ ਕੇ ਬੈਠ ਜਾਓ, ਅੱਜ ਤੁਹਾਡਾ ਇਮਤਿਹਾਨ ਹੈ |' ਉਨ੍ਹਾਂ ਨੇ ਘੰਟੀ ਮਾਰ ਕੇ ਚਪੜਾਸੀ ਨੂੰ ਕਿਹਾ, 'ਜਾ ਬਈ, ਆਪਣੀ ਸਵਰਗਪੁਰੀ ਲਾਇਬ੍ਰੇਰੀ ਵਿਚ ਇਕ ਬਜ਼ੁਰਗ ਬੈਠਾ ਹੈ, ਉਸ ਨੂੰ ਬੁਲਾ ਲਿਆ |' ਜਦ ਬਜ਼ੁਰਗ ਦਫਤਰ ਵਿਚ ਆਇਆ ਤਾਂ ਮਾਸਟਰ ਜੀ ਸ਼ਰਮ ਨਾਲ ਪਾਣੀ-ਪਾਣੀ ਹੋਕੇ ਬੋਲੇ, 'ਨਾਨਾ ਜੀ, ਤੁਸੀਂ ਇਥੇ ਕਿਵੇਂ?'

-ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37-ਡੀ, ਚੰਡੀਗੜ੍ਹ |
ਮੋਬਾਈਲ : 98764-52223.

ਚੁੱਪ
ਉਹ ਦਸਾਂ ਕੁ ਵਰਿ੍ਹਆਂ ਦੀ ਬੱਚੀ ਹਰ ਰੋਜ਼ ਸ਼ਾਮ ਨੂੰ ਆਪਣੀ ਮਾਂ ਦੀ ਉਂਗਲ ਫੜੀ ਪਾਰਕ ਵਿਚ ਆਉਂਦੀ | ਉਹ ਫੁੱਲਾਂ ਨਾਲ ਖੇਡਦੀ ਤੇ ਤਿਤਲੀਆਂ ਨੂੰ ਫੜਨ ਲਈ ਉਨ੍ਹਾਂ ਪਿੱਛੇ ਭੱਜਦੀ | ਉੱਡਦੇ ਪੰਛੀਆਂ ਵੱਲ ਟਿਕਟਿਕੀ ਲਾ ਕੇ ਦੇਖਦੀ ਉਹ ਕੁਝ ਅਲੱਗ ਹੀ ਦਿਖਾਈ ਦਿੰਦੀ | ਬਾਕੀ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਉਨ੍ਹਾਂ ਵੱਲ ਨਹੀ ਸੀ ਜਾਂਦੀ | ਨਾ ਹੀ ਮੈਂ ਕਦੀ ਉਸ ਨੂੰ ਆਪਣੀ ਮਾਂ ਅੱਗੇ ਕਿਸੇ ਗੱਲ ਦੀ ਜ਼ਿੱਦ ਕਰਦਿਆਂ ਦੇਖਿਆ | ਮੈਂ ਉਸ ਵੱਲ ਦੇਖ ਕੇ ਮੁਸਕਰਾਉਂਦਾ ਤਾਂ ਉਹ ਝੱਟ ਆਪਣਾ ਮੂੰਹ ਦੂਜੇ ਪਾਸੇ ਕਰ ਲੈਂਦੀ | ਜੇ ਉਸ ਦੀ ਮਾਂ ਆਪਣੀ ਕਿਸੇ ਜਾਣੂ ਔਰਤ ਕੋਲ ਖੜ੍ਹ ਜਾਂਦੀ ਉਹ ਤਾਂ ਵੀ ਉਸ ਨੂੰ ਨਾ ਬੁਲਾਉਂਦੀ | ਮੈਂ ਉਸ ਨੂੰ ਇਕ ਘੁਮੰਡੀ ਕੁੜੀ ਸਮਝਣ ਲੱਗ ਪਿਆ | ਇਕ ਦਿਨ ਉਹ ਤਿਤਲੀਆਂ ਪਿੱਛੇ ਭੱਜ ਰਹੀ ਸੀ ਤੇ ਉਸ ਦੀ ਮਾਂ ਮੇਰੇ ਨਾਲ ਵਾਲੇ ਬੈਂਚ 'ਤੇ ਆ ਕੇ ਬੈਠ ਗਈ | ਮੈਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਬੱਚੀ ਬਾਰੇ ਸਰਸਰੀ ਜਿਹੀ ਗੱਲ ਕੀਤੀ ਤਾਂ ਉਸ ਦੀ ਮਾਂ ਨੇ ਕਿਹਾ, 'ਵੀਰ ਜੀ, ਇਹ ਦੇਖਣ ਨੂੰ ਤਾਂ ਆਮ ਬੱਚਿਆਂ ਜਿਹੀ ਹੀ ਜਾਪਦੀ ਹੈ ਪਰ ਰੱਬ ਨੇ ਜਨਮ ਤੋਂ ਹੀ ਇਸ ਨੂੰ ਆਵਾਜ਼ ਨਹੀਂ ਦਿੱਤੀ |' ਜਦ ਸਾਰੇ ਗੱਲਾਂ ਕਰਦੇ ਨੇ ਤਾਂ ਇਹ ਆਪਣੇ ਆਪ ਨੂੰ ਇੱਕਲੀ ਸਮਝਣ ਲੱਗ ਪੈਂਦੀ ਹੈ | ਇਹ ਸੋਚਦੀ ਵੀ ਹੱਦੋਂ ਵੱਧ ਹੈ | ਕੋਈ ਬੱਚਾ ਇਸ ਨੂੰ ਆਪਣੇ ਨਾਲ ਨਹੀਂ ਖਿਡਾਉਂਦਾ | ਇੱਥੇ ਆ ਕੇ ਕੁਝ ਸਮਾਂ ਇਹ ਆਪਣੇ-ਆਪ ਨਾਲ ਇਕਮਿਕ ਹੋ ਜਾਂਦੀ ਹੈ | ਉਸ ਦੀ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੀ ਸੋਚ 'ਤੇ ਪਛਤਾਵਾ ਹੋ ਰਿਹਾ ਸੀ ਤੇ ਮੇਰੇ ਧੁਰ ਅੰਦਰ ਤੱਕ ਚੁੱਪ ਪਸਰ ਗਈ | ਬੱਚੀ ਸਭ ਕੁਝ ਤੋਂ ਬੇਖ਼ਬਰ ਅਜੇ ਵੀ ਤਿੱਤਲੀਆਂ ਪਿੱਛੇ ਭੱਜ ਰਹੀ ਸੀ |
-ਮਨਜੀਤ ਸਿੰਘ ਸਿੱਧੂ
ਪਿੰਡ ਤੇ ਡਾਕ-ਰਤਨਗੜ੍ਹ, ਤਹਿ-ਰਤੀਆ (ਫਤਿਆਬਾਦ) ਹਰਿਆਣਾ-125051.
ਮੋਬਾਈਲ : 094664-78709.

ਪਛਤਾਵਾ

ਸਰਕਾਰੀ ਸਕੂਲ ਦੇ ਦੋ ਅਧਿਆਪਕ ਭਾਗ ਸਿੰਘ ਅਤੇ ਰਵੇਲ ਸਿੰਘ ਜਦੋਂ ਅੱਧੀ ਛੁੱਟੀ ਵੇਲੇ ਸਕੂਲ ਦੀ ਕਨਟੀਨ ਵਿਚ ਮਿਲੇ ਤਾਂ ਇਕ-ਦੂਸਰੇ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਭਾਗ ਸਿੰਘ ਨੇ ਰਵੇਲ ਸਿੰਘ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਦੇ ਹੋਏ ਕਿਹਾ, 'ਓ ਯਾਰ ਰਵੇਲ ਸਿੰਘ ਤੇਰੇ ਦੋਵੇਂ ਬੱਚੇ ਕਿੱਥੇ ਪੜ੍ਹ ਰਹੇ ਨੇ?' ਅੱਗੋਂ ਰਵੇਲ ਸਿੰਘ ਨੇ ਕਿਹਾ, 'ਉਹ ਤਾਂ ਅੰਮਿ੍ਤਸਰ ਦੇ ਸਭ ਤੋਂ ਵੱਡੇ ਪ੍ਰਾਈਵੇਟ ਸਕੂਲ ਵਿਚ ਪੜ੍ਹ ਰਹੇ ਨੇ |' ਇਹ ਸੁਣ ਕੇ ਭਾਗ ਸਿੰਘ ਨੇ ਥੋੜ੍ਹਾ ਵਿਤਰਾ ਕੇ ਕਿਹਾ, 'ਯਾਰ, ਸਾਡੇ ਲਈ ਇਹ ਬੜੇ ਸ਼ਰਮ ਦੀ ਗੱਲ ਐ ਕਿ ਅਸੀਂ ਸਰਕਾਰੀ ਅਧਿਆਪਕ ਹੋਈਏ ਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈਏ, ਇਹ ਗੱਲ ਠੀਕ ਨਹੀਂ |' ਇਹ ਸੁਣ ਕੇ ਰਵੇਲ ਸਿੰਘ ਨੇ ਤਪਾਕ ਨਾਲ ਉੱਤਰ ਦਿੱਤਾ, 'ਓ ਯਾਰ ਤੈਨੂੰ ਪਤਾ ਕਿ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਤੇ ਅਨੁਸ਼ਾਸਨ ਬਹੁਤ ਵਧੀਆ ਹੁੰਦਾ ਹੈ |' ਫਿਰ ਭਾਗ ਸਿੰਘ ਨੇ ਥੋੜ੍ਹੇ ਗੁੱਸੇ ਵਿਚ ਕਿਹਾ, 'ਓ ਯਾਰ ਇਹ ਤਾਂ ਉਹੀ ਗੱਲ ਹੋਈ ਆਪਣੇ ਮੰੂਹ 'ਤੇ ਆਪੇ ਚਪੇੜ... |' ਰਵੇਲ ਸਿੰਘ 'ਮਤਲਬ?' ਭਾਗ ਸਿੰਘ, 'ਮਤਲਬ ਇਹ ਕਿ ਅਸੀਂ ਸਰਕਾਰੀ ਅਧਿਆਪਕ ਇੰਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਵਾ ਸਕਦੇ? ਅਨੁਸ਼ਾਸਨ ਨਹੀਂ ਸਿਖਾ ਸਕਦੇ? ਇਹ ਤਾਂ ਸਾਡੀ ਕਮਜ਼ੋਰੀ ਹੋਈ ਨਾ, ਨਾਲੇ ਤੈਨੂੰ ਪਤਾ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲ ਨਾਲੋਂ ਜ਼ਿਆਦਾ ਸਹੂਲਤਾਂ ਨੇ, ਬੱਚੇ ਪੜ੍ਹਨ ਵਾਲੇ ਹੋਣੇ ਚਾੀਹਦੇ ਨੇ, ਮਾਤਾ-ਪਿਤਾ ਦੀ ਸਹੀ ਸੋਚ ਹੋਣੀ ਚਾਹੀਦੀ ਹੈ | ਨਾਲੇ ਇਕ ਗੱਲ ਹੋਰ, ਸਰਕਾਰੀ ਸਕੂਲ ਵਿਚ ਸਰਕਾਰੀ ਅਧਿਆਪਕਾਂ ਦੇ ਬੱਚੇ ਦਾਖਲ ਕਰਵਾਉਣ ਨਾਲ ਸਾਡੀ ਸਰਕਾਰ ਸਰਕਾਰੀ ਅਧਿਆਪਕਾਂ ਨੂੰ ਕਈ ਫਾਇਦੇ ਦਿੰਦੀ ਹੈ | ਇਥੋਂ ਤੱਕ ਕਿ ਸਰਕਾਰੀ ਅਧਿਆਪਕ ਨੂੰ ਉਸ ਦੀ ਤਨਖਾਹ ਵਿਚ ਵਾਧਾ ਵੀ ਕਰਦੀ ਹੈ ਅਤੇ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਦੀਆਂ ਫੀਸਾਂ ਵੀ ਵਾਜਬ ਹਨ | ਜੋ ਪ੍ਰਾਈਵੇਟ ਸਕੂਲ ਨਾਲੋਂ ਘੱਟ ਫੀਸ ਤਾਰ ਕੇ, ਵਾਧੇ ਵਿਚ ਜੋ ਪੈਸਾ ਬਚਦਾ ਹੈ, ਉਹ ਪੜ੍ਹਾਈ ਤੋਂ ਬਾਅਦ ਬੱਚਿਆਂ ਦੇ ਕੋਰਸਾਂ 'ਤੇ ਵੀ ਲਗਾ ਸਕਦੇ ਹਾਂ | ਪ੍ਰਾਈਵੇਟ ਸਕੂਲ ਦੇ ਬੇਬੁਨਿਆਦ ਬੋਝੇ ਭਰਨ ਨਾਲੋਂ ਸਰਕਾਰੀ ਸਕੂਲ ਹੀ ਚੰਗੇ ਨੇ | ਪ੍ਰਾਈਵੇਟ ਸਕੂਲ 'ਚ ਤਾਂ ਐਵੇਂ ਹੀ ਲੋਕ ਉੱਜੜ ਰਹੇ ਨੇ | ਮੈਂ ਇਹੀ ਕਹਿੰਦਾ ਹਾਂ ਕਿ ਇਹ ਗੱਲ ਲੋਕਾਂ ਨੂੰ ਸੋਚਣੀ ਚਾਹੀਦੀ ਹੈ | ਪ੍ਰਾਈਵੇਟ ਸਕੂਲ ਤਾਂ ਅੱਜਕਲ੍ਹ ਬਿਜ਼ਨੈਸ ਬਣੇ ਹੋਏ ਹਨ |
ਭਾਗ ਸਿੰਘ ਦੇ ਇਹ ਸ਼ਬਦ ਸੁਣ ਕੇ ਰਵੇਲ ਸਿੰਘ ਨੇ ਪਛਤਾਵੇ ਵਾਲੇ ਲਹਿਜ਼ੇ ਨਾਲ ਕਿਹਾ, 'ਵੀਰਾ ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ | ਬਾਕੀ ਅਫਸੋਸ ਇਸ ਗੱਲ ਦਾ ਏ ਕਿ ਇਹ ਤੇਰੀਆਂ ਸੂਝ ਭਰੀਆਂ ਬਾਤਾਂ ਮੇਰੇ ਦਿਮਾਗ ਵਿਚ ਪਹਿਲਾਂ ਕਿਉਂ ਨਹੀਂ ਆਈਆਂ | ਜੇ ਮੈਨੂੰ ਇਨ੍ਹਾਂ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਹੋ ਸਕਦਾ ਹੁਣ ਮੇਰੇ ਮਨ 'ਤੇ ਬੋਝ ਘੱਟ ਹੁੰਦਾ |'
-802, ਆਦਰਸ਼ ਨਗਰ, ਅੰਮਿ੍ਤਸਰ |
ਮੋਬਾਈਲ : 80540-56182.

ਕਾਵਿ-ਵਿਅੰਗ

ਚਿਹਰਾ ਸਵੱਛਤਾ ਦਾ
• ਹਰਦੀਪ ਢਿੱਲੋਂ 
ਝੰਡੂ ਚੌਧਰੀ ਤਾੜਦਾ ਵਰਦੀਆਂ ਨੂੰ ,
ਧੂੜ ਫੱਕਾਂ ਦੀ ਗੇੜੀ ਨੂੰ ਕਰੋ ਕਾਬੂ |
ਕਰੂਪ ਕਰੇ ਨਾ ਚਿਹਰਾ ਸਵੱਛਤਾ ਦਾ,
ਖੇਹ ਉਡਾਂਵਦੀ ਗਧੇੜੀ ਨੂੰ ਕਰੋ ਕਾਬੂ |
ਨਸ਼ਾ ਰੋਕੂ ਮੁਹਿੰਮ ਵੀ ਦਿਸੇ ਚਲਦੀ,
ਚਾਹੇ ਸਿਰੇ ਦੇ ਨਸ਼ੇੜੀ ਨੂੰ ਕਰੋ ਕਾਬੂ |
'ਮੁਰਾਦਵਾਲਿਆ' ਹਫ਼ਤਾ ਭਰਨ ਵੇਲੇ,
ਟਾਲ਼ਾ ਵੱਟਦੀ ਰੇਹੜੀ ਨੂੰ ਕਰੋ ਕਾਬੂ |

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਜਾਚ
• ਨਵਰਾਹੀ ਘੁਗਿਆਣਵੀ 

ਸਬਜ਼ਬਾਗ਼ ਦਿਖਾਉਣ ਦਾ ਚੱਜ ਸਿੱਖੋ,
ਜੇਕਰ ਰਾਜ ਸਿੰਘਾਸਣ ਦੀ ਝਾਕ ਹੋਵੇ |
ਠਿੱਬੀ ਮਾਰ ਕੇ ਮੁੱਖ ਵਿਰੋਧੀਆਂ ਨੂੰ ,
ਮੰੂਹ ਭਾਰ ਉਲਟਾਉਣ ਦੀ ਜਾਚ ਹੋਵੇ |
ਗੱਲਾਂ ਚਿਕਣੀਆਂ ਕਰਨ ਦਾ ਵੱਲ ਹੋਵੇ,
ਨੀਤ ਚੰਦਰੀ, ਸੋਚ ਨਾਪਾਕ ਹੋਵੇ |
ਬੀਜ ਫੁੱਟ ਦਾ ਦਿਓ ਖਿਲਾਰ ਹਰ ਥਾਂ,
ਲੋਕਾਂ ਵਿਚ ਨਾ ਕਿਤੇ ਇਤਫ਼ਾਕ ਹੋਵੇ |
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਇਕ ਰੇਲ ਇਕ ਸਵਾਰ

ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਅਸਲੀਅਤ ਸਾਰਾ ਜੱਗ ਜਾਣਦਾ ਹੈ ਕਿ ਸਰਕਾਰਾਂ ਨੇ ਸਿੱਖਿਆ ਨੂੰ ਵਿਕਣ ਵਾਲੀ ਸ਼ੈਅ ਬਣਾ ਕੇ ਵਿਦਿਆਰਥੀਆਂ ਤੋਂ ਪੜ੍ਹਨ ਦਾ ਹੱਕ ਹੀ ਖੋਹ ਲਿਆ ਹੈ | ਜਿਸ ਤਰ੍ਹਾਂ ਅੱਤ ਮਹਿੰਗੇ ਹੋਏ ਇਲਾਜ ਨੇ ਗਰੀਬ ਅਤੇ ਮੱਧ ਵਰਗ ਲਈ ਮਰਨ ਤੋਂ ਬਿਨਾਂ ਕੋਈ ਹੋਰ ਰਾਹ ਛੱਡਿਆ ਹੀ ਨਹੀਂ, ਇਸੇ ਤਰ੍ਹਾਂ ਵਪਾਰ ਬਣ ਕੇ ਮਹਿੰਗੀ ਹੋਈ ਪੜ੍ਹਾਈ ਨੇ ਆਉਣ ਵਾਲੀ ਪੀੜ੍ਹੀ ਨੂੰ ਅਨਪੜ੍ਹ ਰਹਿਣ ਜੋਗੇ ਹੀ ਛੱਡ ਦਿੱਤਾ ਹੈ | ਹਨੇਰੀ ਗੁਫਾ ਵੱਲ ਜਾਂਦਾ ਇਹ ਰਾਹ ਹਾਕਮਾਂ ਦੇ ਬਹੁਤ ਹੀ ਰਾਸ ਆਵੇਗਾ | ਨਾ ਕੋਈ ਪੜ੍ਹੇ ਤੇ ਨਾ ਕੋਈ ਸੋਚੇ ਤੇ ਨਾ ਹੀ ਕੋਈ ਸਰਕਾਰ ਨੂੰ ਟੋਕੇ | ਤੇ ਫਿਰ ਹਾਕਮ ਜਿਵੇਂ ਮਰਜ਼ੀ ਕੱਤੀ ਜਾਣ ਗਲੋਟੇ |
ਗੱਲ ਪੜ੍ਹਾਈ ਦੀ ਚੱਲੀ ਹੈ ਤਾਂ ਫਿਰ ਉੱਤਰੀ ਜਾਪਾਨ ਦੀ ਗੱਲ ਜ਼ਰੂਰ ਕਰਨੀ ਪਊ | ਜਿੱਥੇ ਸਕੂਲ ਜਾਣ ਲਈ ਇਕ ਬੱਚੀ ਹਰ ਰੋਜ਼ ਰੇਲ ਗੱਡੀ 'ਤੇ ਸਵਾਰ ਹੁੰਦੀ ਹੈ | ਉਹ ਬੱਚੀ ਇਹੋ ਜਿਹੇ ਇਲਾਕੇ ਵਿਚੋਂ ਆਉਂਦੀ ਹੈ ਜਿੱਥੇ ਉਸ ਰੇਲ ਵਿਚ ਸਫਰ ਕਰਨ ਵਾਲਾ ਹੋਰ ਕੋਈ ਹੈ ਹੀ ਨਹੀਂ | ਉਸ ਪੂਰੀ ਰੇਲ ਦੀ ਇਕੱਲੀ ਹੀ ਸਵਾਰੀ ਹੁੰਦੀ ਹੈ ਉਹ ਬੱਚੀ | ਉਸ ਰੇਲ ਵਿਚ ਨਾ ਕੋਈ ਹੋਰ ਸਵਾਰੀ ਚੜ੍ਹਦੀ ਤੇ ਨਾ ਹੀ ਕੋਈ ਉੱਤਰਦੀ ਹੈ | ਫਿਰ ਵੀ ਰੇਲ ਗੱਡੀ ਚਲਦੀ ਹੈ | ਜੋ ਉਸ ਪੇਂਡੂ ਸਟੇਸ਼ਨ 'ਤੇ ਸਿਰਫ ਦੋ ਵਾਰ ਹੀ ਆਉਂਦੀ ਹੈ | ਇਕ ਵਾਰ ਬੱਚੀ ਨੂੰ ਲੈਣ ਅਤੇ ਦੂਜੀ ਵਾਰ ਛੱਡਣ | ਹੋਰ ਤਾਂ ਹੋਰ ਸਰਕਾਰ ਨੇ ਉਸ ਬੱਚੀ ਦੀ ਪੜ੍ਹਾਈ ਖਾਤਰ ਰੇਲ ਦਾ ਸਮਾਂ ਵੀ ਬੱਚੀ ਦੇ ਸਕੂਲ ਦੇ ਸਮੇਂ ਮੁਤਾਬਿਕ ਨਿਸਚਿਤ ਕਰਕੇ ਅਤੇ ਬੱਚੀ ਦੇ ਦਸਵੀਂ ਪਾਸ ਕਰਨ ਤੱਕ ਰੇਲ ਸੇਵਾ ਜਾਰੀ ਰੱਖਣ ਦੀ ਪੱਕੀ ਕਰਕੇ ਬੱਚੀ ਦੇ ਜੀਵਨ ਵਿਚ ਚਾਨਣ ਭਰਨ ਲਈ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ |
ਇਸ ਤੋਂ ਕਾਫੀ ਸਮਾਂ ਪਹਿਲਾਂ ਉੱਥੋਂ ਦੀ ਸਰਕਾਰ ਨੇ ਇਸ ਪੇੇਂਡੂ ਸਟੇਸ਼ਨ ਨੂੰ ਬੰਦ ਕਰ ਦਿੱਤਾ ਸੀ ਕਿਉਂਕਿ ਉੱਥੇ ਰੇਲ ਗੱਡੀ ਲਈ ਬਹੁਤੀਆਂ ਸਵਾਰੀਆਂ ਨਹੀਂ ਸਨ | ਪਰ ਸਰਕਾਰ ਨੇ ਸਿਰਫ ਉਸ ਇਕ ਬੱਚੀ ਖਾਤਰ ਹੀ ਸਟੇਸ਼ਨ ਨੂੰ ਚਾਲੂ ਰੱਖਣਾ ਜ਼ਰੂਰੀ ਸਮਝਿਆ ਕਿਉਂਕਿ ਉਸ ਬੱਚੀ ਕੋਲ ਸਕੂਲ ਆਉਣ-ਜਾਣ ਲਈ ਹੋਰ ਕੋਈ ਸਾਧਨ ਅਤੇ ਸਰੋਤ ਹੀ ਨਹੀਂ ਸੀ | ਆਰਥਿਕ ਪੱਖੋਂ ਭਾਵੇਂ ਉਹ ਘਾਟੇ ਵਾਲਾ ਸੌਦਾ ਹੈ ਪਰ ਉਸ ਸਰਕਾਰ ਨੇ ਬੱਚੀ ਨੂੰ ਸਿੱਖਿਅਤ ਕਰਨ ਨਾਲੋਂ ਕੋਈ ਹੋਰ ਵੱਧ ਮੁਨਾਫੇ ਵਾਲਾ ਸੌਦਾ ਸਮਝਿਆ ਹੀ ਨਾ ਹੋਵੇ, ਜਿਸ ਨੇ ਸਿੱਖਿਅਤ ਹੋ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਹੈ |
ਜੇ ਕਿਤੇ ਸਾਡੇ ਇੱਥੇ ਐਦਾਂ ਹੁੰਦਾ ਤਾਂ ਸਰਕਾਰਾਂ ਨੇ ਰੇਲ ਗੱਡੀ ਤਾਂ ਬੰਦ ਕਰਨੀ ਹੀ ਕਰਨੀ ਸੀ ਅਤੇ ਨਾਲ ਦੀ ਨਾਲ ਰੇਲ ਲਾਈਨ ਅਤੇ ਸਟੇਸ਼ਨ ਪੁੁੱਟਣ ਤੱਕ ਵੀ ਚਲੇ ਜਾਣਾ ਸੀ ਕਿਉਂਕਿ ਇੱਥੇ ਸਿੱਖਿਆ, ਬੱਚੇ ਅਤੇ ਬੰਦੇ ਦੀ ਮਹੱਤਤਾ ਨਾਲੋਂ ਰੁਪਏ-ਪੈਸੇ ਦਾ ਜ਼ਿਆਦਾ ਮਹੱਤਵ ਸਮਝਿਆ ਜਾ ਰਿਹਾ ਹੈ | ਹੋ ਸਕਦਾ ਹੈ ਉਸ ਰੇਲ ਗੱਡੀ ਦਾ ਇਕ ਦਿਨ ਦਾ ਖਰਚ ਸਾਡੇ ਇੱਥੋਂ ਦੇ ਪੂਰੇ ਸੂਰੇ ਅਧਿਆਪਕ ਦੀ ਮਹੀਨੇ ਦੀ ਤਨਖਾਹ ਤੋਂ ਵੀ ਜ਼ਿਆਦਾ ਹੋਵੇ, ਪਰ ਸਾਡੀ ਸਰਕਾਰ ਇੱਥੇ ਪੂਰਿਆਂ-ਸੂਰਿਆਂ ਅਧਿਆਪਕਾਂ ਨੂੰ ਵੀ ਅੱਧੇ-ਅਧੂਰੇ ਤੋਂ ਵੀ ਘੱਟ ਸਮਝ ਕੇ ਦਿਹਾੜੀਦਾਰਾਂ ਤੋਂ ਵੀ ਘੱਟ ਤਨਖਾਹ ਦੇ ਕੇ ਕਿਰਤ ਦੀ ਲੁੱਟ ਕਰਦੀ ਹੋਈ ਦੇਸ਼ ਨੂੰ ਸਿੱਖਿਅਤ ਕਰਨ ਦੀ ਨੀਤੀ ਨੂੰ ਪਿਛਲਖੁਰੀ ਤੋਰ ਇਸ ਨਾਲ ਧ੍ਰੋਹ ਕਮਾ ਰਹੀ ਹੈ |
ਕੋਰਸ ਕਰਕੇ ਨੌਕਰੀ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਨੌਕਰੀ ਦੇਣ ਦੀ ਥਾਂ ਧੱਕੇ ਮਾਰੇ ਜਾ ਰਹੇ ਨੇ | ਇਕ ਅਧਿਆਪਕ ਡਾਕ ਲੈਣ-ਦੇਣ ਤੇ ਹੋਰ ਸਰਕਾਰੀ ਕੰਮਾਂ ਦੇ ਨਾਲ-ਨਾਲ ਪੰਜ-ਪੰਜ ਜਮਾਤਾਂ ਨੂੰ ਪੜ੍ਹਾਉਣ ਲਈ ਮੋਰਚੇ 'ਤੇ ਡਟਿਆ ਹੋਇਆ ਹੈ | ਪਰ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਵਿਚਾਰਾ ਫਸਿਆ ਹੋਇਆ ਹੈ | ਆਪਣੇ ਦੇਸ਼ ਵਿਚ ਕਈ ਥਾਵਾਂ 'ਤੇ ਬੱਚੇ ਸਕੂਲ ਜਾਣ ਲਈ ਪਹਾੜ, ਜੰਗਲ, ਦਰਿਆ ਅਤੇ ਬਰਫ ਪਾਰ ਕਰਨ ਲਈ ਮਜਬੂਰ ਹਨ | ਵਿਦਿਆਰਥੀਆਂ ਨੂੰ ਹੋਰ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਸਗੋਂ 70ਵਿਆਂ ਵਿਚ ਸੰਘਰਸ਼ ਕਰਕੇ ਜਿੱਤੀ ਰਿਆਇਤੀ ਬੱਸ ਪਾਸ ਦੀ ਸਹੂਲਤ ਵੀ ਖੋਹੀ ਜਾ ਰਹੀ ਹੈ ਤੇ ਫਿਰ ਇਕ ਵਿਦਿਆਰਥੀ ਲਈ ਰੇਲ ਚਲਾਉਣ ਦੀ ਗੱਲ ਤਾਂ ਇੱਥੇ ਕਿਸੇ ਸੋਚੀ ਵੀ ਨਹੀਂ ਹੋਣੀ |
-ਪਿੰਡ: ਠਠਿਆਲਾ ਢਾਹਾ, ਤਹਿ: ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)
ਮੋਬਾਈਲ : 98142-80838.

ਮਿੰਨੀ ਵਿਅੰਗ
ਉਏ ਨਿਹਾਲੀਏ, ਆਪਣੀ ਮੱਝ ਮਰਗੀ...


ਨਰੈਣਿਆਂ... ਗੱਲ ਸੁਣ ਮੇਰੀ, ਕਿ ਆਪਾਂ ਮੱਝ ਤਾਂ ਭਾਵੇਂ ਵੇਚ ਦਿੱਤੀ ਐ, ਪਰ ਜਿਹੜਾ ਹੁਣੇ-ਹੁਣੇ ਵਪਾਰੀਆਂ ਦੀ ਹਾਜ਼ਰੀ 'ਚ ਦੁੱਧ ਚੋਇਆ ਸੀ, ਉਹਦੀ ਮੈਂ ਤੜਕੇ ਸਾਝਰੇ ਹੀ ਖੀਰ ਬਣਾ ਦੇਵਾਂਗੀ, ਤੂੰ ਇਉਂ ਕਰੀਂ, ਬਈ ਨਾਲੇ ਤਾਂ ਜਾਂਦਾ ਹੋਇਆ ਰਸਤੇ 'ਚੋਂ ਵਪਾਰੀਆਂ ਕੋਲੋਂ ਮੱਝ ਵਾਲੀ ਰਕਮ ਫੜੀ ਜਾਵੀਂ, ਨਾਲੇ 'ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ' ਦੀ ਜਗ੍ਹਾ 'ਤੇ ਖੀਰ ਚੜਾ ਆਵੀਂ |
ਪਰ ਨਿਹਾਲੀਏ, ਆਪੇ ਤਾਂ ਤੂੰ ਮੈਨੂੰ ਕਹਿੰਦੀ ਹੁੰਨੀ ਐਾ, ਕਿ ਬਈ ਕਿਸੇ ਬਾਬੇ 'ਚ ਕੋਈ ਸ਼ਕਤੀ-ਸ਼ੁਕਤੀ ਨਹੀਂ ਹੁੰਦੀ, ਇਹ ਤਾਂ ਐਵੇਂ ਲੋਕਾਂ ਦੀ ਖੱਲ ਲਾਹੁਣ ਲਈ ਢਕਵੰਝ ਕਰਦੇ ਹੁੰਦੇ ਨੇ, ਤੇ ਵਹਿਮੀ ਲੋਕ ਇਨ੍ਹਾਂ ਪਿੱਛੇ ਲੱਗ ਕੇ ਆਪਣਾ ਝੁੱਗਾ ਚੌੜ ਕਰਵਾ ਲੈਂਦੇ ਨੇ... |
ਨਰੈਣਿਆਂ, ਇਨ੍ਹਾਂ ਗੱਲਾਂ 'ਚ ਤਾਂ ਮੈਂ ਵੀ ਰੱਤੀ ਭਰ ਵੀ ਵਿਸ਼ਵਾਸ ਨਹੀਂ ਰੱਖਦੀ, ਪਰ ਮੇਰੀ ਭੈਣ ਤੇ ਤੇਰੀ ਸਾਲੀ ਆਪਣੀ ਗਵਾਂਢਣ ਦਿਆਲੀ... ਚੌਥੇ, ਜੀਹਦੇ ਮੱਝ ਸੂਈ ਐ, ਆ ਕੇ ਮੈਨੂੰ ਜ਼ੋਰ ਦੇ ਕੇ ਕਹਿਣ ਲੱਗ ਪਈ ਸੀ ਕਿ ਭੈਣੇਂ ਜਦੋਂ ਤੇਰੀ ਝੋਟੀ ਕਿਸੇ ਵਿੱਘ ਸਿਰ ਨਹੀਂ ਸੀ ਹੁੰਦੀ ਤਾਂ ਮੈਂ ਆਪਣੇ ਮਨ 'ਚ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਦੇ ਸੁਖਣਾ ਸੁੱਖੀ ਸੀ ਕਿ ਮੇਰੀ ਭੈਣ ਨਿਹਾਲੀ ਦੀ ਝੋਟੀ ਵਿੱਘ ਸਿਰ ਹੋ ਜਾਵੇ, ਬਾਬਾ ਤੇਰੇ ਖੀਰ ਚੜ੍ਹਾ ਕੇ ਜਾਈਏ |
ਦੂਸਰੇ ਦਿਨ ਖੀਰ ਚੜ੍ਹਾਉਣ ਜਾਂਦੇ ਸਮੇਂ ਵਪਾਰੀਆਂ ਦੇ ਇਕਰਾਰ ਮੁਬਾਤਕ 'ਨਰੈਣਾ' ਰਸਤੇ 'ਚ ਮੱਝ ਦੀ ਪੂਰੀ ਦੀ ਪੂਰੀ ਰਹਿੰਦੀ ਰਕਮ ਵਪਾਰੀਆਂ ਕੋਲੋਂ ਫੜ ਕੇ ਲੈ ਗਿਆ ਸੀ, ਅੱਗੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਦੇ ਪਹੁੰਚ, ਖੀਰ ਚੜ੍ਹਾਉਣ ਉਪਰੰਤ ਜਿਉਂ ਹੀ ਉਸ ਨੇ ਆਪਣੇ ਕੁੜਤੇ ਦੇ ਖੀਸੇ 'ਚ ਹੱਥ ਜਿਹਾ ਮਾਰਿਆ ਤਾਂ ਉਸਦਾ ਸਰੀਰ ਪਾਣੀ-ਪਾਣੀ ਹੋ ਗਿਆ |
'ਉਏ ਨਿਹਾਲੀਏ, ਆਪਣੀ ਮੱਝ ਮਰਗੀ', ਉਸ ਨੇ ਘਰੇ ਫੋਨ 'ਤੇ ਗੱਲ ਕਰਦਿਆਂ ਕਿਹਾ |
'ਨਰੈਣਿਆਂ, ਵਪਾਰੀਆਂ ਕੋਲੋਂ ਰਕਮ ਤਾਂ ਪੂਰੀ ਲੈ ਲਈ ਸੀ ਤੂੰ?'
'ਹਾਂ ਰਕਮ ਤਾਂ ਲੈ ਲਈ ਸੀ ਪੂਰੀ... |'
'ਫੇਰ ਨਰੈਣਿਆਂ ਤੈਨੂੰ ਕੀ ਫਿਕਰ ਐ... | ਅੱਗੇ ਤੇਰੇ ਭਾਗ ਲੱਛੀਏ... ਨਾਲੇ ਲਾਗੀਆਂ ਨੇ ਤਾਂ ਲਾਗ ਲੈਣਾ ਹੁੰਦਾ ਏ, ਭਾਵੇਂ ਜਾਂਦੀ ਰੰਡੀ ਹੋ ਜਾਵੇ | ਊਾ ਨਰੈਣਿਆਂ ਗੱਲ ਤਾਂ ਮਾੜੀ ਹੀ ਹੋਈ | ਵਿਚਾਰੀ ਨਿੱਕੀ ਜਿਹੀ ਕੱਟੀ ਮੈਂ ਮਸਾਂ ਪਾਲੀ ਸੀ |'
'ਉਏ, ਨਿਹਾਲੀਏ ਮੱਝ ਵਪਾਰੀਆਂ ਦੀ ਨਹੀਂ, ਆਪਣੀ ਮਰ ਗਈ ਐ... ਆਪਣੀ?'
'ਮੇਰਾ ਕਿਸੇ ਚੋਰ ਨੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਦੀ ਜਗ੍ਹਾ 'ਤੇ ਖੀਰ ਚੜਾਉਣ ਸਮੇਂ ਖੀਸਾ ਕੱਟ ਲਿਆ ਏ ਤੇ ਮੱਝ ਵਾਲੀ ਪੂਰੀ ਦੀ ਪੂਰੀ 50 ਹਜ਼ਾਰ ਰਕਮ ਸਾਫ ਕਰ ਦਿੱਤੀ ਐ |'
'ਉਏ ਨੀ ਦਿਆਲੀਏ, ਤੇਰਾ ਕੱਖ ਨਾ ਰਵੇ, ਤੇਰਾ ਬਹਿ ਜੇ ਬੇੜਾ, ਜੀਹਦੇ ਪਿੱਛੇ ਲੱਗ ਕੇ ਸਾਡੀ ਰਕਮ ਲੁੱਟੀ ਗਈ ਐ, ਉਏ ਵੇ ਬਾਬਾ ਕੌਲੀ ਚੱਟ ਗੱਪੂ ਟੇਸ਼ਨ ਵਾਲੇ, ਅਸੀਂ ਵੀ ਪੈ ਗਏ ਪੁੱਠੇ ਰਾਹ, ਸਾਡੇ ਪੱਲੇ ਪਈ ਸਵਾਹ, ਤੂੰ ਦਿੱਤੇ ਦਿਨੇਂ ਹੀ ਤਾਰੇ ਦਿਖਾ |'
ਤੇ ਤਾਇਆ ਨਰੈਣਾ ਵਿਚਾਰਾ ਕਿਸੇ ਤੋਂ ਕਿਰਾਏ ਲਈ ਉਧਾਰੇ ਪੈਸੇ ਫੜ ਕੇ ਮਸਾਂ ਤਕਾਲਾਂ ਤੱਕ ਘਰ ਪਹੁੰਚਿਆ |
-ਡਾ: ਸਾਧੂ ਰਾਮ ਲੰਗੇਆਣਾ
ਮੋਬਾਈਲ : 98781-17285.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX