ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਲੋਕ ਮੰਚ

ਫੋਨ ਉੱਤੇ ਅਜਨਬੀ ਸੰਦੇਸ਼, ਕਾਲਾਂ ਜਾਂ ਹੁੰਦੀ ਪੁੱਛਗਿੱਛ ਤੋਂ ਸੁਚੇਤ ਰਹੋ

ਅੱਜ ਦਾ ਯੁੱਗ ਆਧੁਨਿਕ ਯੁੱਗ ਦੇ ਤੌਰ 'ਤੇ ਲੋਕਾਂ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਰਿਹਾ ਹੈ | ਕੰਪਿਊਟਰ ਅਤੇ ਇੰਟਰਨੈੱਟ ਨੇ ਜਿਵੇਂ ਸਾਰੀ ਦੁਨੀਆ ਨੂੰ ਇਕ ਮੁੱਠੀ ਵਿਚ ਬੰਦ ਕਰ ਲਿਆ ਹੈ | ਜਿਵੇਂ ਕਿਹਾ ਜਾਂਦਾ ਹੈ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ | ਕੰਪਿਊਟਰੀਕਰਨ ਦੇ ਵੀ ਨਾਕਾਰਾਤਮਕ ਅਤੇ ਸਾਕਾਰਾਤਮਕ ਦੋ ਵੱਖ-ਵੱਖ ਪਹਿਲੂ ਹਨ | ਕੁਝ ਘਟੀਆ ਸੋਚ ਵਾਲੇ ਲੋਕ ਕੰਪਿਊਟਰ ਅਤੇ ਇੰਟਰਨੈੱਟ ਜਿਹੇ ਆਧੁਨਿਕ ਢੰਗਾਂ ਨਾਲ ਆਮ ਲੋਕਾਂ ਨੂੰ ਲੁੱਟਦੇ ਅਤੇ ਠੱਗਦੇ ਹਨ | ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਅਜਨਬੀ ਲੋਕਾਂ ਦੀ ਈ-ਮੇਲ | ਦੇਸ਼-ਵਿਦੇਸ਼ਾਂ ਵਿਚ ਬੈਠ ਕੇ ਪੂਰੀ ਦੁਨੀਆ ਵਿਚ ਈ-ਮੇਲ ਦੇ ਜ਼ਰੀਏ ਕਿਸੇ ਤੱਕ ਵੀ ਪਹੰੁਚਣਾ ਬਹੁਤ ਅਸਾਨ ਹੋ ਗਿਆ ਹੈ | ਕਿਸੇ ਦੇ ਵੀ ਈ-ਮੇਲ ਪਤੇ ਉੱਤੇ ਕਈ ਤਰ੍ਹਾਂ ਦੀਆਂ ਈ-ਮੇਲ ਮਿਲਦੀਆਂ ਹਨ, ਜਿਸ ਵਿਚ ਵਧੇਰੇ ਕਰਕੇ ਇਹ ਦੱਸਿਆ ਹੁੰਦਾ ਹੈ ਕਿ ਤੁਹਾਡੀ ਈ-ਮੇਲ ਅੰਤਰਾਸ਼ਟਰੀ ਪੱਧਰ 'ਤੇ ਸਭ ਤੋਂ ਵਧੀਆ ਚੁਣੀ ਗਈ ਹੈ ਅਤੇ ਇਸ ਲਈ ਤੁਹਾਡੇ ਨਾਂਅ ਦਾ ਇਕ ਬਹੁਤ ਵੱਡੀ ਰਕਮ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ | ਜੇਕਰ ਤੁਸੀਂ ਇਸ ਇਨਾਮ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਬਾਰੇ ਪੂਰੀ ਜਾਣਕਾਰੀ ਸਾਨੂੰ ਭੇਜੋ, ਜਿਸ ਵਿਚ ਘਰ ਦੇ ਪੂਰੇ ਪਤੇ ਤੋਂ ਇਲਾਵਾ ਖ਼ਾਸ ਤੌਰ 'ਤੇ ਬੈਂਕ ਦਾ ਖਾਤਾ ਨੰਬਰ ਵੀ ਮੰਗਿਆ ਜਾਂਦਾ ਹੈ | ਕੁਝ ਈ-ਮੇਲ ਵਿਚ ਕਈ ਵਾਰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਫੋਨ ਨੰਬਰ ਦੇ ਦਿੱਤੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਆਪਣਾ ਇਨਾਮ ਲੈਣ ਲਈ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰੋ | ਫੋਨ ਕਰਨ 'ਤੇ ਉਨ੍ਹਾਂ ਨਾਲ ਗੱਲ ਵੀ ਪੂਰੀ ਨਹੀਂ ਹੁੰਦੀ ਅਤੇ ਸਾਡਾ ਵੱਡਾ ਖਰਚਾ ਵੀ ਹੋ ਜਾਂਦਾ ਹੈ |
ਕਈ ਵਾਰ ਕੁਝ ਈ-ਮੇਲ ਵਿਚ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਨਿਰਧਾਰਤ ਇਨਾਮ ਪਾਰਸਲ ਦੇ ਰੂਪ ਵਿਚ ਸਾਡੇ ਕੋਲ ਪਿਆ ਹੈ ਅਤੇ ਇਸ ਨੂੰ ਡਾਕ ਰਾਹੀਂ ਮੰਗਵਾਉਣ ਲਈ ਸਾਨੂੰ ਪੈਸੇ ਭੇਜੇ ਜਾਣ ਪਰ ਵੱਡੀ ਰਕਮ ਭੇਜਣ ਤੋਂ ਬਾਅਦ ਜਦੋਂ ਸਾਲਾਂ ਤੱਕ ਕੋਈ ਵੀ ਪਾਰਸਲ ਨਹੀਂ ਮਿਲਦਾ ਤਾਂ ਲਗਦਾ ਹੈ ਕਿ ਅਸੀਂ ਠੱਗੇ ਗਏ ਹਾਂ | ਕਈ ਵਾਰ ਕੁਝ ਈ-ਮੇਲ ਪਤਿਆਂ ਉੱਤੇ ਕਈ ਤਰ੍ਹਾਂ ਦੇ ਖਤਰਨਾਕ ਵਾਇਰਸ ਭੇਜ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਨਾਲ ਸਾਡੇ ਕੰਪਿਊਟਰ ਸਿਸਟਮ ਵਿਚ ਇਸ ਤਰ੍ਹਾਂ ਦੀ ਭਿਆਨਕ ਖਰਾਬੀ ਪੈ ਜਾਂਦੀ ਹੈ ਜਾਂ ਸਮੱਸਿਆ ਆ ਜਾਂਦੀ ਹੈ, ਜਿਸ ਨੂੰ ਕਈ ਵਾਰ ਠੀਕ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੋ ਜਾਂਦਾ ਹੈ ਅਤੇ ਸਾਨੂੰ ਉਸ ਕੰਪਿਊਟਰ ਉੱਤੇ ਬਹੁਤ ਵੱਡਾ ਖਰਚਾ ਕਰਨਾ ਪੈ ਜਾਂਦਾ ਹੈ | ਅਜਿਹੀ ਹਾਲਤ ਵਿਚ ਸਿਵਾਏ ਪਛਤਾਉਣ ਦੇ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ | ਇਸ ਤੋਂ ਇਲਾਵਾ ਕਈ ਵਾਰ ਸਾਡੇ ਈ-ਮੇਲ ਪਤੇ ਉੱਤੇ ਕੁਝ ਵਿਗਿਆਪਨ ਵਾਲੀ ਈ-ਮੇਲ ਆ ਜਾਂਦੀ ਹੈ, ਜਿਸ ਨਾਲ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ | ਕੰਪਿਊਟਰ ਅਤੇ ਇੰਟਰਨੈੱਟ ਤੋਂ ਬਿਨਾਂ ਸਾਡੀ ਰੋਜ਼ਾਨਾ ਜ਼ਿੰਦਗੀ ਜਿਵੇਂ ਖਾਲੀ-ਖਾਲੀ ਜਿਹੀ ਲੱਗਦੀ ਹੈ | ਇਸ ਲਈ ਇਸ ਤਰ੍ਹਾਂ ਦੀ ਈ-ਮੇਲ ਤੋਂ ਬਚ ਕੇ ਅਸੀਂ ਭੱਜ ਨਹੀਂ ਸਕਦੇ ਪਰ ਹਾਂ, ਅਸੀਂ ਕੁਝ ਸੁਚੇਤ ਜ਼ਰੂਰ ਹੋ ਸਕਦੇ ਹਾਂ |
ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਣਾ ਈ-ਮੇਲ ਪਤਾ ਹਰ ਅਜਨਬੀ ਇਨਸਾਨ ਨੂੰ ਨਾ ਦੱਸੋ | ਆਪਣੇ ਈ-ਮੇਲ ਪਤੇ ਦਾ ਗੁਪਤ ਕੋਡ ਨੂੰ ਵੀ ਹਮੇਸ਼ਾ ਦੂਜਿਆਂ ਤੋਂ ਲੁਕਾ ਕੇ ਰੱਖੋ | ਈ-ਮੇਲ ਦੇਖਦੇ ਸਾਰ ਹੀ ਬਿਨਾਂ ਕਿਸੇ ਪੁੱਛ-ਪੜਤਾਲ ਦੇ ਜਾਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕੀਤੇ ਬਿਨਾਂ ਕਿਸੇ ਵੀ ਈ-ਮੇਲ ਵਿਚ ਦਿੱਤੀਆਂ ਹਦਾਇਤਾਂ ਨੂੰ ਨਾ ਮੰਨੋ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰੋ | ਆਪਣੇ ਖ਼ਾਸ ਦੋਸਤਾਂ ਅਤੇ ਜਾਣਕਾਰਾਂ ਦੇ ਈ-ਮੇਲ ਤੋਂ ਬਿਨਾਂ ਕੋਈ ਵੀ ਈ-ਮੇਲ ਨਾ ਖੋਲ੍ਹੋ ਅਤੇ ਉਸ ਨੂੰ ਡਿਲੀਟ ਕਰ ਦਿਓ | ਕਿਸੇ ਵੀ ਵੱਡੀ ਰਕਮ ਦਾ ਇਨਾਮ ਹੋਵੇ ਜਾਂ ਕੋਈ ਵੀ ਵੱਡੀ ਚੀਜ਼ ਦਾ ਤੋਹਫ਼ਾ, ਇੰਨੀ ਛੇਤੀ ਪ੍ਰਭਾਵਿਤ ਨਾ ਹੋਵੋ | ਆਪਣੇ ਬੈਂਕ ਦਾ ਖਾਤਾ, ਕ੍ਰੈਡਿਟ ਕਾਰਡ ਦਾ ਨੰਬਰ ਜਾਂ ਏ. ਟੀ. ਐੱਮ. ਕਾਰਡ ਦੀ ਕੋਈ ਜਾਣਕਾਰੀ ਕਿਸੇ ਵੀ ਈ-ਮੇਲ ਉੱਤੇ ਕਿਸੇ ਨੂੰ ਨਾ ਭੇਜੋ | ਆਪਣੇ ਕੰਪਿਊਟਰ ਸਿਸਟਮ ਵਿਚ ਹਮੇਸ਼ਾ ਹੀ ਕੋਈ ਐਾਟੀ ਵਾਇਰਸ ਜ਼ਰੂਰ ਪਾ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਕੁਝ ਨੁਕਸਾਨਦਾਇਕ ਵਾਇਰਸ ਸਾਡੇ ਕੰਪਿਊਟਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾ ਸਕਣ | ਤੁਹਾਡੇ ਫ਼ੋਨ 'ਤੇ ਅਜਨਬੀ ਸੰਦੇਸ਼, ਕਾਲਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਕਰਨ ਵਾਲਾ ਵਿਅਕਤੀ ਤੁਹਾਡੇ ਕੋਲੋਂ ਤੁਹਾਡੇ ਖਾਤੇ ਦੀ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਖਾਤੇ ਦੇ ਸਾਰੇ ਪੈਸੇ ਪੂਰੀ ਤਰ੍ਹਾਂ ਨਾਲ ਸਫ਼ਾ ਚੱਟ ਕਰ ਸਕਦਾ ਹੈ | ਇਸ ਲਈ ਇਨ੍ਹਾਂ ਗੱਲਾਂ ਤੋਂ ਹਮੇਸ਼ਾ ਸਾਵਧਾਨ ਰਹੋ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ |
-ਮੋਬਾ: 94177-14390


ਖ਼ਬਰ ਸ਼ੇਅਰ ਕਰੋ

ਗੁਆਚ ਰਹੇ ਹਨ ਪੰਜਾਬ ਦੇ ਮੇਲੇ

ਮੌਜੂਦਾ ਸਮੇਂ ਦੀ ਸਮਾਜਿਕ ਤਬਦੀਲੀ 'ਚ ਜਿੱਥੇ ਅੰਤਾਂ ਦਾ ਵਿਕਾਸ ਹੋਇਆ ਹੈ, ਉੱਥੇ ਸਾਡੇ ਪੁਰਾਤਨ ਰੀਤੀ-ਰਿਵਾਜਾਂ ਨੂੰ ਇਕ ਵੱਡੀ ਢਾਹ ਲੱਗੀ ਹੈ | ਪਹਿਲੇ ਸਮਿਆਂ 'ਚ ਪੰਜਾਬ ਅੰਦਰ ਲੱਗਣ ਵਾਲੇ ਵੱਖ-ਵੱਖ ਮੇਲਿਆਂ ਪ੍ਰਤੀ ਲੋਕਾਂ ਵਿਚ ਇਕ ਵੱਖਰੀ ਖਿੱਚ ਹੋਇਆ ਕਰਦੀ ਸੀ | ਉਨ੍ਹਾਂ ਭਲੇ ਸਮਿਆਂ 'ਚ ਹਰ ਇਕ ਮਨੁੱਖ ਕੰਮ-ਧੰਦਿਆਂ ਦੇ ਨਾਲ ਆਪਣੇ ਮਨੋਰੰਜਨ ਸਾਧਨਾਂ ਨੂੰ ਵੀ ਜਿਊਾਦਾ ਰੱਖਦਾ ਸੀ | ਮੇਲਿਆਂ 'ਚ ਇਕੱਠ ਏਨਾ ਜ਼ਿਆਦਾ ਹੋਇਆ ਕਰਦਾ ਸੀ ਕਿ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਸੀ ਮਿਲਦੀ | ਦੋਸਤਾਂ, ਰਿਸ਼ਤੇਦਾਰਾਂ ਨੇ ਮੇਲੇ ਵਾਲੇ ਪਿੰਡ ਜਾਂ ਫਿਰ ਆਸੇ-ਪਾਸੇ ਆਪਣੇ ਸਾਕ-ਸਬੰਧੀਆਂ ਕੋਲ ਪਹਿਲਾਂ ਤੋਂ ਹੀ ਚਲੇ ਜਾਣਾ | ਘਰਾਂ 'ਚ ਵਿਆਹ ਵਰਗਾ ਮਾਹੌਲ ਬਣ ਜਾਇਆ ਕਰਦਾ ਸੀ | ਪੁਰਾਣੇ ਵੇਲਿਆਂ ਦੀ ਭਾਈਚਾਰਕ ਸਾਂਝ ਇਨ੍ਹਾਂ ਮੇਲਿਆਂ ਦੀ ਇਕ ਵੱਖਰੀ ਜਿੰਦ-ਜਾਨ ਹੋਇਆ ਕਰਦੀ ਸੀ | ਪਿੰਡਾਂ ਵਿਚੋਂ ਨੌਜਵਾਨਾਂ ਵੱਲੋਂ ਵਿਸ਼ੇਸ਼ ਢਾਣੀਆਂ ਬਣਾ ਕੇ ਮੇਲੇ 'ਚ ਆਉਣ ਦਾ ਇਕ ਵੱਖਰਾ ਹੀ ਚਾਅ ਹੋਇਆ ਕਰਦਾ ਸੀ | ਮਾਵੇ ਵਾਲੀ ਪੱਗ, ਚਿੱਟਾ ਕੁੜਤਾ-ਚਾਦਰਾ, ਤਿੱਲੇਦਾਰ ਜੁੱਤੀ ਅਤੇ ਹੱਥ 'ਚ ਕੋਕਿਆਂ ਵਾਲੀ ਡਾਂਗ ਫੜ ਜਦੋਂ ਗੱਭਰੂ ਤੁਰਿਆ ਕਰਦੇ ਸਨ ਤਾਂ ਸੱਚਮੁੱਚ ਹਰ ਇਕ ਦੇ ਮੰੂਹੋਂ ਆਪਮੁਹਾਰੇ ਵਾਹ ਨਿਕਲਣਾ ਸੁਭਾਵਿਕ ਹੋਇਆ ਕਰਦਾ ਸੀ | ਪਰ ਕਈ ਥਾਵਾਂ 'ਤੇ ਇਸ ਵਿਕਾਸ ਦਾ ਮਾਰੂ ਪ੍ਰਭਾਵ ਇਸ ਕਦਰ ਵੇਖਣ ਨੂੰ ਮਿਲਿਆ ਹੈ ਕਿ ਪੰਜਾਬ ਦੇ ਬਹੁਤੇ ਮੇਲੇ ਇਸ ਵਿਕਾਸ ਦੀ ਭੇਟ ਚੜ੍ਹ ਚੁੱਕੇ ਜਾਪ ਰਹੇ ਹਨ |
ਨੌਜਵਾਨਾਂ ਨੂੰ ਨਸ਼ਿਆਂ ਨੇ ਇਸ ਕਦਰ ਆਪਣੇ ਪੰਜੇ 'ਚ ਜਕੜ ਲਿਆ ਕਿ ਉਨ੍ਹਾਂ ਅੰਦਰ ਭਾਈਚਾਰਕ ਸਾਂਝ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਹਾਲਾਤ ਨਿਘਾਰ ਵੱਲ ਨੂੰ ਜਾ ਰਹੇ ਹਨ, ਜਿਸ ਕਰਕੇ ਪਹਿਲੇ ਮੇਲਿਆਂ ਦੇ ਮੁਕਾਬਲੇ ਹੁਣ ਦੇ ਮੇਲਿਆਂ 'ਚ ਭਾਈਚਾਰਕ ਸਾਂਝ ਖਤਮ ਹੋਣ ਦੇ ਨਾਲ-ਨਾਲ ਲੋਕਾਂ ਅੰਦਰ ਚਾਅ ਅਤੇ ਉਤਸ਼ਾਹ ਵੀ ਬੇਹੱਦ ਘਟਦਾ ਜਾ ਰਿਹਾ ਹੈ | ਜਿਹੜੇ ਬੱਚੇ ਕਦੇ ਆਪਣੇ ਮਾਂ-ਬਾਪ ਨਾਲ ਜ਼ਿਦ ਕਰਕੇ ਮੇਲੇ 'ਚ ਆਇਆ ਕਰਦੇ ਸੀ, ਉਹ ਅੱਜ ਤਕਨੀਕੀ ਯੁੱਗ ਦੀ ਭੇਟ ਚੜ੍ਹ ਕੇ ਸਮਾਰਟ ਫੋਨ ਲੈਣ ਦੀ ਜ਼ਿਦ ਤੱਕ ਸੀਮਤ ਹੋ ਕੇ ਰਹਿ ਗਏ ਹਨ | ਤੇਜ਼-ਤਰਾਰ ਇਸ ਯੁੱਗ ਅੰਦਰ ਮਨੁੱਖੀ ਜ਼ਿੰਦਗੀ ਦੇ ਰੁਝੇਵੇਂ ਮੇਲਿਆਂ ਦੇ ਖਾਲੀ ਰਸਤਿਆਂ ਅਤੇ ਸੁੰਨਸਾਨ ਦੁਕਾਨਾਂ ਤੋਂ ਸਾਫ ਝਲਕਦੇ ਹਨ | ਪਰ ਫਿਰ ਵੀ ਟਾਵਾਂ-ਟਾਵਾਂ ਗਾਹਕ ਅਤੇ ਕਿਤੇ-ਕਿਤੇ ਮੇਲੀਆਂ ਦੀ ਢਾਣੀ ਇਨ੍ਹਾਂ ਮੇਲਿਆਂ ਨੂੰ ਬਚਾਉਣ ਦਾ ਇਕ ਉਪਰਾਲਾ ਕਰਦੀ ਨਜ਼ਰ ਆਉਂਦੀ ਹੈ |
ਫੋਨ : 001-204-8910031

ਸਰਕਾਰੀ ਕਾਗਜ਼ਾਤ ਵਿਚਲੀਆਂ ਗ਼ਲਤੀਆਂ ਕਾਰਨ ਹੁੰਦੀ ਖੱਜਲ-ਖੁਆਰੀ

ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖੱਜਲ-ਖੁਆਰੀ ਤੋਂ ਬਹੁਤੇ ਲੋਕ ਭਲੀਭਾਂਤ ਜਾਣੂੰ ਵੀ ਹਨ | ਬੇਸ਼ੱਕ ਇਹ ਦਾਅਵੇ ਅਕਸਰ ਸੁਣਨ ਨੂੰ ਮਿਲਦੇ ਹਨ ਕਿ ਸਰਕਾਰੀ ਪੱਧਰ ਦਾ ਸਾਰਾ ਕੰਮਕਾਜ ਆਨਲਾਈਨ ਕਰ ਦਿੱਤਾ ਜਾਵੇਗਾ ਪਰ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਲਈ ਕੋਈ ਉਪਰਾਲਾ ਸਹਾਈ ਨਹੀਂ ਹੋ ਰਿਹਾ ਹੈ |
ਲੋਕਾਂ ਨੂੰ ਆਪਣੇ ਕੰਮਾਂ ਲਈ ਲੰਮੇ ਪੈਂਡੇ ਤੈਅ ਕਰਨੇ ਪੈਂਦੇ ਹਨ, ਫਿਰ ਜਦੋਂ ਕਿਤੇ ਉਨ੍ਹਾਂ ਦੇ ਕੰਮ ਹੋ ਜਾਂਦੇ ਹਨ ਤਾਂ ਉਹ ਇਸ ਨੂੰ ਰੱਬੀ ਮਿਹਰ ਸਮਝਦੇ ਹਨ ਪਰ ਬਹੁਤੇ ਲੋਕਾਂ ਉਪਰ ਮੁੜ ਫਿਰ ਖੱਜਲ-ਖੁਆਰੀ ਦਾ ਪਹਾੜ ਡਿੱਗ ਪੈਂਦਾ ਹੈ | ਅਰਥਾਤ ਜਿਹੜੇ ਕਾਗਜ਼ਾਤ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿਚੋਂ ਤਿਆਰ ਹੋਏ ਹੁੰਦੇ ਹਨ, ਉਨ੍ਹਾਂ ਵਿਚ ਕੀਤੀਆਂ ਜਾਂਦੀਆਂ ਗਲਤੀਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮ ਣਾ ਕਰਨਾ ਪੈਂਦਾ ਹੈ | ਇਸ ਤਰ੍ਹਾਂ ਦੇ ਮਾਮਲੇ ਅੱਜਕਲ੍ਹ ਬਹੁਤ ਸਾਹਮਣੇ ਆ ਰਹੇ ਹਨ | ਪਹਿਲਾਂ ਲੋਕ ਬੜੀ ਮੁਸ਼ਕਿਲ ਨਾਲ ਆਪਣੇ ਕਾਗਜ਼ਾਤ ਤਿਆਰ ਕਰਵਾਉਂਦੇ ਹਨ ਪਰ ਜਦੋਂ ਕਿਤੇ ਫਿਰ ਕਿਸੇ ਕਾਗਜ਼ਾਤ ਵਿਚ ਗਲਤੀ ਪੈ ਜਾਂਦੀ ਹੈ ਤਾਂ ਫਿਰ ਪਹਿਲਾਂ ਨਾਲੋਂ ਵੀ ਵੱਧ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਗਲਤੀਆਂ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟਾਂ, ਡਰਾਈਵਿੰਗ ਲਾਇਸੰਸਾਂ, ਆਧਾਰ ਕਾਰਡਾਂ, ਸ਼ਨਾਖ਼ਤੀ ਕਾਰਡਾਂ ਅਤੇ ਰਾਸ਼ਨ ਕਾਰਡਾਂ ਤੋਂ ਇਲਾਵਾ ਹੋਰ ਵੀ ਕਈ ਕਾਗਜ਼ਾਤਾਂ ਵਿਚ ਦੇਖਣ ਨੂੰ ਮਿਲਦੀਆਂ ਹਨ |
ਲੋਕਾਂ ਨੂੰ ਅਜਿਹੀਆਂ ਤਰੁੱਟੀਆਂ ਠੀਕ ਕਰਵਾਉਣ ਲਈ ਖੱਜਲ-ਖੁਆਰੀ ਤੋਂ ਇਲਾਵਾ ਆਰਥਿਕ ਲੁੱਟ ਵੀ ਕਰਵਾਉਣੀ ਪੈਂਦੀ ਹੈ | ਗਲਤੀ ਦੀ ਸੋਧ ਕਰਵਾਉਣ ਦੇ ਨਾਂਅ 'ਤੇ ਫੀਸਾਂ ਭਰਨੀਆਂ ਪੈਂਦੀਆਂ ਹਨ | ਇਸ ਤੋਂ ਇਲਾਵਾ ਜੋ ਲੋਕ ਪਿੰਡਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਕੰਮਾਂ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ | ਫਿਰ ਇਹ ਨਹੀਂ ਪਤਾ ਲੱਗਦਾ ਕਿ ਕੋਈ ਕਾਗਜ਼ਾਤ ਜੋ ਗਲਤੀ ਦੀ ਸੋਧ ਲਈ ਨਾਲ ਨੱਥੀ ਕਰਨੇ ਹੁੰਦੇ ਹਨ, ਉਨ੍ਹਾਂ ਵਿਚੋਂ ਕੋਈ ਘਰ ਰਹਿ ਜਾਵੇ, ਕਿਉਂਕਿ ਗਲਤੀਆਂ ਠੀਕ ਕਰਵਾਉਣ ਲਈ ਵੱਡੀ ਪੱਧਰ 'ਤੇ ਕਾਗਜ਼ਾਤ ਲਗਾਉਣੇ ਪੈਂਦੇ ਹਨ | ਲੋਕਾਂ ਦੇ ਜਨਮ ਸਰਟੀਫਿਕੇਟਾਂ ਵਿਚ ਗਲਤ ਨਾਂਅ ਛਪਣ ਦੀਆਂ ਬਹੁਤ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ | ਕਿਉਂਕਿ ਜਨਮ ਸਰਟੀਫਿਕੇਟ ਅਜੇ ਤੱਕ ਕੰਪਿਊਟਰਾਈਜਡ ਨਹੀਂ ਹੋ ਸਕੇ | ਜਨਮ ਸਰਟੀਫਿਕੇਟ ਹੱਥੀਂ ਤਿਆਰ ਕੀਤੇ ਜਾਂਦੇ ਹਨ, ਜਿਸ ਕਰਕੇ ਗ਼ਲਤੀਆਂ ਦੀ ਭਰਮਾਰ ਰਹਿੰਦੀ ਹੈ |
ਕੇਂਦਰ ਸਰਕਾਰ ਵੱਲੋਂ ਸਭ ਤੋਂ ਜ਼ਰੂਰੀ ਕੀਤੇ ਗਏ ਆਧਾਰ ਕਾਰਡ ਬਣਾਉਣ ਦਾ ਕੰਮ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਬਹੁਤ ਲੋਕਾਂ ਦੇ ਇਹ ਕਾਰਡ ਨਹੀਂ ਬਣੇ ਹਨ | ਇਸ ਤੋਂ ਅੱਗੇ ਜਿਨ੍ਹਾਂ ਦੇ ਬਣ ਗਏ ਹਨ, ਉਨ੍ਹਾਂ ਵਿਚ ਉਹ ਲੋਕ ਫਿਰ ਆਪਣੇ-ਆਪ ਨੂੰ ਇਸ ਤੋਂ ਵਾਂਝਾ ਸਮਝ ਰਹੇ ਹਨ, ਜਿਨ੍ਹਾਂ ਦੇ ਆਧਾਰ ਕਾਰਡਾਂ ਵਿਚ ਨਾਵਾਂ ਜਾਂ ਹੋਰ ਗਲਤੀਆਂ ਪੈ ਜਾਂਦੀਆਂ ਹਨ | ਇਹ ਲੋਕ ਫਿਰ ਤੋਂ ਗਲਤੀਆਂ ਠੀਕ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ |
ਇਸ ਲਈ ਹੁਣ ਲੋੜ ਹੈ ਇਸ ਵਰਤਾਰੇ ਨੂੰ ਰੋਕਣ ਦੀ | ਜੇਕਰ ਗਲਤੀ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਇਹ ਅਜਿਹਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਨੂੰ ਨਾਲ ਦੀ ਨਾਲ ਠੀਕ ਕੀਤਾ ਜਾ ਸਕੇ ਜਾਂ ਫਿਰ ਕੁਝ ਦਿਨਾਂ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਵਾਰ-ਵਾਰ ਕਿਸੇ ਨੂੰ ਗੇੜੇ ਨਾ ਮਾਰਨੇ ਪੈਣ |
-ਧਨੌਲਾ (ਬਰਨਾਲਾ)-148105.
ਮੋਬਾ: 97810-48055

ਅਧਿਆਪਕ ਸੰਘਰਸ਼ ਦੇ ਰਾਹ 'ਤੇ ਕਿਉਂ?

106 ਦਿਨ ਪਾਰ ਕਰ ਚੁੱਕੇ ਅਧਿਆਪਕ ਵਰਗ ਦੇ ਸੰਘਰਸ਼ ਸਬੰਧੀ ਲੰਘੀ 8 ਫਰਵਰੀ ਨੂੰ ਮੀਡੀਆ ਦੇ ਹਰ ਹਿੱਸੇ ਵਿਚ ਛਪੀ ਇਕ ਖ਼ਬਰ ਨੇ ਧਿਆਨ ਖਿੱਚਿਆ ਸੀ ਕਿ ਪੰਜਾਬ ਦੇ ਹਜ਼ਾਰਾਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਅੱਤ ਦੀਆਂ ਠੰਢੀਆਂ ਰਾਤਾਂ 'ਚ ਆਪਣੇ ਘਰ-ਵਾਰ ਛੱਡ ਕੇ ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਭਰਤੀ ਦੀ ਪੰਜਾਬ ਸਰਕਾਰ ਵੱਲੋਂ ਮੰਨੀ ਮੰਗ ਅਮਲੀ ਤੌਰ 'ਤੇ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ | ਸਿੱਖਿਆ ਪ੍ਰੋਵਾਈਡਰਾਂ ਅਨੁਸਾਰ ਇਸ ਸਾਰੇ ਮਾਮਲੇ ਦੀ ਪਿੱਠਭੂਮੀ ਇਹ ਹੈ ਕਿ ਕੇਂਦਰ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਬ ਸਿੱਖਿਆ ਅਭਿਆਨ ਤਹਿਤ ਸੂਬੇ ਨੂੰ ਵੱਡੀਆਂ ਗ੍ਰਾਂਟਾਂ ਭੇਜੀਆਂ, ਜਿਸ ਤਹਿਤ ਪਿੰਡਾਂ ਦੇ ਅਧਿਆਪਕਾਂ ਖੁਣੋਂ ਖਾਲੀ ਪਏ ਸਰਕਾਰੀ ਸਕੂਲਾਂ ਵਿਚ 2004 ਤੋਂ ਸਰਕਾਰ ਨੇ ਅਧਿਆਪਕ ਭਰਤੀ ਕੀਤੇ, ਜਿਨ੍ਹਾਂ ਵਿਚ ਬੀ.ਏ. ਦੀ ਯੋਗਤਾ ਰੱਖਣ ਵਾਲੇ ਨੂੰ ਉੱਕਾ-ਪੁੱਕਾ 2500, ਬੀ.ਏ., ਬੀ.ਐਡ. ਨੂੰ 3000, ਐਮ.ਏ., ਬੀ.ਐਡ. ਨੂੰ 3500 ਰੁਪਏ 'ਤੇ ਭਰਤੀ ਕਰ ਲਿਆ ਗਿਆ |
ਹੀਣ ਭਾਵਨਾ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿਚ ਨਿਗੂਣੀਆਂ ਤਨਖਾਹਾਂ 'ਤੇ ਰੈਗੂਲਰ ਅਧਿਆਪਕਾਂ ਦੇ ਬਰਾਬਰ ਦਾ ਕੰਮ ਕੀਤਾ ਪਰ ਤਨਖ਼ਾਹ ਰੈਗੂਲਰ ਸੇਵਾਦਾਰ ਨਾਲੋਂ ਵੀ ਘੱਟ ਹੈ | ਅਧਿਆਪਕਾਂ ਦਾ ਤਰਕ ਹੈ ਕਿ ਬਰਾਬਰ ਕੰਮ, ਬਰਾਬਰ ਤਨਖ਼ਾਹ ਮਾਮਲੇ 'ਤੇ ਸਰਕਾਰ ਕਿਉਂ ਚੁੱਪ ਹੈ? ਤੱਤਕਾਲੀ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ 13 ਮਈ 2011 ਨੂੰ ਬਟਾਲਾ ਵਿਖੇ ਅਧਿਆਪਕਾਂ ਦੇ ਵੱਡੇ ਇਕੱਠ 'ਚ ਆ ਕੇ ਕੀਤੇ ਲਿਖ਼ਤੀ ਸਮਝੌਤੇ ਦੀਆਂ ਕਾਪੀਆਂ ਦਿੱਤੀਆਂ ਸਨ, ਜਿਸ ਵਿਚ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ 1 ਅਪ੍ਰੈਲ 2012 ਤੋਂ ਪੂਰੇ ਪੇ ਸਕੇਲ ਦੇਣ ਦਾ ਸਮਝੌਤਾ ਸੀ ਅਤੇ ਸਿੱਖਿਆ ਕਰਮੀ ਅਧਿਆਪਕਾਂ ਵਜੋਂ ਜਾਣੇ ਜਾਂਦੇ ਅਧਿਆਪਕਾਂ ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕ ਵਜੋਂ ਨਾਮਕਰਨ ਕਰਕੇ ਮਾਨਤਾ ਦਿੱਤੀ ਗਈ |
ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਨੂੰ 4 ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਅਧਿਆਪਕਾਂ ਨੂੰ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਹਾਲੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ | ਵਿਚਾਰਨ ਵਾਲੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਬਹੁਤ ਘੱਟ ਤਨਖ਼ਾਹਾਂ ਲੈ ਕੇ ਅਧਿਆਪਕ ਜਿੱਥੇ ਆਪਣਾ ਪਹਿਲਾਂ ਹੀ ਆਰਥਿਕ ਸ਼ੋਸ਼ਣ ਕਰਵਾਉਂਦੇ ਆ ਰਹੇ ਹਨ, ਉਥੇ ਆਪਣੀ ਜ਼ਿੰਦਗੀ ਦੇ 10 ਸਾਲ ਸਰਕਾਰੀ ਸਕੂਲਾਂ ਵਿਚ ਲਗਾ ਚੁੱਕੇ ਜ਼ਿਆਦਾਤਰ ਅਧਿਆਪਕ ਆਪਣੀ ਉਮਰ ਹੱਦ ਲੰਘ ਜਾਣ ਕਾਰਨ ਨਾ ਘਰ ਦੇ ਰਹੇ ਹਨ, ਨਾ ਘਾਟ ਦੇ | ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈ ਕੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਉੱਠੀ ਆਵਾਜ਼ ਨੂੰ ਧੱਕੇਸ਼ਾਹੀ ਨਾਲ ਦਬਾਉਣ 'ਤੇ ਲੱਗੀ ਹੋਈ ਹੈ | ਕੋਈ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਉਥੋਂ ਦੀ ਆਬਾਦੀ ਸਿੱਖਿਅਤ ਹੋਵੇਗੀ ਪਰ ਇੱਥੇ ਤਾਂ ਸਿੱਖਿਆ ਦੇਣ ਵਾਲਿਆਂ ਨੂੰ ਹੀ ਆਪਣੇ ਹੱਕ ਮੰਗੇ ਜਾਣ 'ਤੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ ਤੇ ਅਜਿਹੇ ਦੌਰ ਵਿਚ ਸਿੱਖਿਆ ਦਾ ਮਿਆਰ ਕਿਵੇਂ ਉੱਚਾ ਉੱਠ ਸਕਦਾ ਹੈ?
-ਮੋਬਾ: 94177-66692

ਆਵਾਜਾਈ ਬੱਤੀਆਂ ਦਾ ਮੌਜੂਦਾ ਰੂਪ ਤੇ ਤੇਲ ਦੀ ਬੱਚਤ

ਭਾਵੇਂ ਹੁਣ ਵੀ ਕਿਤਾਬਾਂ ਵਿਚ ਇਹੋ ਸਮਝਾਇਆ ਜਾਂਦਾ ਹੈ ਕਿ ਲਾਲ ਬੱਤੀ ਤੋਂ ਭਾਵ 'ਰੁਕ ਜਾਓ', ਪੀਲੀ ਬੱਤੀ ਤੋਂ ਭਾਵ 'ਤਿਆਰ ਹੋ ਜਾਓ' ਅਤੇ ਹਰੀ ਬੱਤੀ ਤੋਂ ਭਾਵ 'ਚੱਲੋ' ਹੈ ਪਰ ਸਾਡੀ ਆਵਾਜਾਈ ਬੱਤੀਆਂ ਦੀ ਮੌਜੂਦਾ ਹਾਲਤ ਇਹ ਨਹੀਂ ਰਹੀ | ਹੁਣ ਲਾਲ ਤੇ ਹਰੀਆਂ ਬੱਤੀਆਂ ਹੀ ਬਚੀਆਂ ਹਨ, ਜਦਕਿ ਪੀਲੀ ਬੱਤੀ ਗਾਇਬ ਹੋ ਗਈ ਹੈ |
ਮੇਰੇ ਖਿਆਲ ਮੁਤਾਬਕ ਤੇਲ ਦੀ ਬੱਚਤ ਲਈ ਚੌਕਾਂ ਵਿਚ ਪੀਲੀ ਬੱਤੀ ਦੀ ਸਖ਼ਤ ਲੋੜ ਹੈ, ਕਿਉਂਕਿ ਇਸ ਬੱਤੀ ਤੋਂ ਬਗੈਰ ਲਾਲ ਬੱਤੀ ਤੋਂ ਉਪਰੰਤ ਜਦੋਂ ਸਿੱਧੀ ਹਰੀ ਬੱਤੀ ਹੋ ਜਾਂਦੀ ਹੈ, ਤਾਂ ਉਹ ਲੋਕ ਜਿਨ੍ਹਾਂ ਨੇ ਤੇਲ ਦੀ ਬੱਚਤ ਕਰਨ ਦੇ ਨਜ਼ਰੀਏ ਤੋਂ ਆਪਣੀਆਂ ਗੱਡੀਆਂ ਬੰਦ ਕੀਤੀਆਂ ਹੁੰਦੀਆਂ ਹਨ, ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ | ਡਰਦੇ ਮਾਰੇ ਹੁਣ ਆਮ ਲੋਕ ਆਪਣੀਆਂ ਗੱਡੀਆਂ ਨੂੰ ਬੰਦ ਨਾ ਕਰਨ ਵਿਚ ਹੀ ਭਲਾਈ ਸਮਝਦੇ ਹਨ | ਜੇਕਰ ਹਰੀ ਬੱਤੀ ਤੋਂ ਪਹਿਲਾਂ ਪੀਲੀ ਬੱਤੀ ਜਗਦੀ ਹੈ ਤਾਂ ਇਸ ਨਾਲ ਬੰਦ ਕੀਤੀਆਂ ਗੱਡੀਆਂ ਨੂੰ ਹਰ ਵਿਅਕਤੀ ਆਰਾਮ ਨਾਲ ਸਟਾਰਟ ਕਰ ਸਕਦਾ ਹੈ | ਅਜਿਹਾ ਕਰਕੇ ਜਿਥੇ ਤੇਲ ਦੀ ਬੱਚਤ ਹੋਵੇਗੀ, ਉਥੇ ਸੜਕਾਂ ਉਪਰ ਬੇਮਤਲਬ ਦੀ ਕਾਹਲੀ ਤੇ ਹਾਰਨਾਂ ਦੇ ਰੌਲੇ ਤੋਂ ਵੀ ਬਚਿਆ ਜਾ ਸਕਦਾ ਹੈ | ਅੱਜਕਲ੍ਹ ਕੁਝ ਆਵਾਜਾਈ ਬੱਤੀਆਂ ਨਾਲ ਸਮਾਂ ਵੀ ਲਿਖਿਆ ਆਉਂਦਾ ਹੈ | ਜੇਕਰ ਅਜਿਹਾ ਸੰਕੇਤ ਕਿ ਚੱਲਣ ਵਿਚ ਕਿੰਨਾ ਸਮਾਂ ਬਾਕੀ ਹੈ, ਸਾਰੀਆਂ ਬੱਤੀਆਂ ਨਾਲ ਹੀ ਆਵੇ ਤਾਂ ਤੇਲ ਦੀ ਬੱਚਤ ਕਰਨ ਲਈ ਤੇ ਗੱਡੀ ਚਾਲਕਾਂ ਲਈ ਇਹ ਹੋਰ ਵੀ ਸੁਖਦ ਹੋਵੇਗਾ | ਇਹ ਸਮਾਂ ਸੰਕੇਤ ਵੇਖ ਕੇ ਚਾਲਕ ਇਹ ਸੌਖਿਆਂ ਨਿਰਧਾਰਤ ਕਰਨਗੇ ਕਿ ਉਨ੍ਹਾਂ ਨੂੰ ਆਪਣੀ ਗੱਡੀ ਬੰਦ ਕਰਨੀ ਚਾਹੀਦੀ ਹੈ ਜਾਂ ਨਹੀਂ ਤੇ ਬੰਦ ਗੱਡੀ ਨੂੰ ਕਦੋਂ ਚਾਲੂ ਕਰਨਾ ਹੈ |
ਇਸ ਤੋਂ ਇਲਾਵਾ ਵੱਡੇ ਚੌਕਾਂ ਵਿਚ, ਜਿਥੇ ਬੱਤੀਆਂ ਜਗਣ 'ਤੇ ਅਕਸਰ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਹਨ, ਉਥੇ ਚੌਕ ਵਿਚ ਲੱਗੀਆਂ ਮੁੱਖ ਬੱਤੀਆਂ ਤੋਂ ਇਲਾਵਾ ਚੌਕ ਤੋਂ ਥੋੜ੍ਹੀ ਦੂਰੀ 'ਤੇ ਸੜਕ ਕਿਨਾਰੇ ਜਾਂ ਡੀਵਾਈਡਰ ਵਾਲੀ ਜਗ੍ਹਾ ਵਿਚ ਛੋਟੇ ਆਕਾਰ ਦੀਆਂ ਹੋਰ ਟ੍ਰੈਫਿਕ ਲਾਈਟਾਂ ਵੀ ਲਗਾ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਲੰਮੀਆਂ ਲਾਈਨਾਂ ਦੌਰਾਨ ਜੇਕਰ ਮੂਹਰੇ ਕੋਈ ਵੱਡੀ ਗੱਡੀ, ਬੱਸ/ਟਰੱਕ ਆਦਿ ਲੱਗਿਆ ਹੋਵੇ ਤਾਂ ਪਿੱਛੇ ਖੜ੍ਹੇ ਵਾਹਨ ਚਾਲਕ ਨੂੰ ਮੁੱਖ ਲਾਈਟਾਂ ਤਾਂ ਦਿਸਦੀਆਂ ਹੀ ਨਹੀਂ ਹਨ | ਜੇ ਅਜਿਹਾ ਹੋ ਜਾਵੇ ਤਾਂ ਪਿੱਛੇ ਖੜ੍ਹਾ ਵਾਹਨ ਚਾਲਕ ਵੀ ਲੋੜ ਅਨੁਸਾਰ ਤੇ ਸਮੇਂ ਸਿਰ ਗੱਡੀ ਨੂੰ ਬੰਦ ਜਾਂ ਚਾਲੂ ਕਰ ਸਕੇਗਾ |
-ਬੀ-29/1251/ਸੀ-392, ਈਸ਼ਰ ਨਗਰ, ਬਲਾਕ-ਸੀ, ਲੁਧਿਆਣਾ | ਮੋਬਾ: 99140-09160

ਮਾੜਾ ਹੈ ਸਿਹਤ ਸਹੂਲਤਾਂ ਦਾ ਹਾਲ

ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਦੀ ਸਿਹਤ ਸਹੂਲਤਾਂ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੂੰ ਦਿੱਤੀ ਰਿਪੋਰਟ ਬਹੁਤ ਹੀ ਨਿਰਾਸ਼ਾਜਨਕ ਹੈ | ਪੰਜਾਬ ਦੇ ਸੰਦਰਭ ਵਿਚ ਪੇਸ਼ ਕੀਤੇ ਅੰਕੜਿਆਂ ਦੇ ਮੁਤਾਬਿਕ ਮਰੀਜ਼ਾਂ ਦੀ ਵੱਧ ਗਿਣਤੀ ਦੇ ਪੱਖ ਤੋਂ ਪੰਜਾਬ ਦੇਸ਼ ਦਾ ਸੱਤਵਾਂ ਸੂਬਾ ਹੈ, ਜਿੱਥੇ ਮਰੀਜ਼ਾਂ ਦੀ ਭੀੜ ਜ਼ਿਆਦਾ ਹੈ | ਇੱਥੋਂ ਦੇ ਬਹੁਤੇ ਹਸਪਤਾਲਾਂ ਵਿਚ ਸਹੂਲਤਾਂ ਦੀ ਕਮੀ ਹੈ ਅਤੇ ਉਹ ਸਿਰਫ ਮਰੀਜ਼ਾਂ ਨੂੰ ਅੱਗੇ ਰੈਫਰ ਕਰਨ ਵਾਲੇ ਹਸਪਤਾਲ ਬਣ ਕੇ ਰਹਿ ਗਏ ਹਨ | ਰਿਪੋਰਟ ਵਿਚ ਇਹ ਵੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਪੰਜਾਬ ਵਿਚ 1.19 ਲੱਖ ਲੋਕਾਂ ਪਿੱਛੇ ਸਿਰਫ ਇਕ ਸਰਕਾਰੀ ਹਸਪਤਾਲ ਹੈ | ਪੂਰੇ ਰਾਜ ਵਿਚ ਬੈੱਡਾਂ ਦੀ ਗਿਣਤੀ 11804 ਹੈ | ਇਸ ਤਰ੍ਹਾਂ 2420 ਲੋਕਾਂ ਪਿੱਛੇ ਸਿਰਫ ਇਕ ਬੈੱਡ ਹੈ, ਜਿਸ ਤੋਂ ਸਾਫ ਹੈ ਕਿ ਇਕ ਸਰਕਾਰੀ ਹਸਪਤਾਲ ਉੱਪਰ ਵੱਡੀ ਗਿਣਤੀ ਦੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਹੱਲ ਕਰਨ ਦੀ ਜ਼ਿੰਮੇਵਾਰੀ ਹੈ, ਉਹ ਵੀ ਬਿਨਾਂ ਪੂਰੇ ਸਾਧਨਾਂ ਦੇ | ਇਨ੍ਹਾਂ ਵਿਚੋਂ ਬਹੁਤੇ ਹਸਪਤਾਲਾਂ ਦੀਆਂ ਇਮਾਰਤਾਂ ਅਤੇ ਮਸ਼ੀਨਰੀ ਖਸਤਾ ਹਾਲਤ ਹੈ, ਜਿਸ ਤੋਂ ਚੰਗੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ | ਇਹ ਤੱਥ ਵੀ ਸਾਹਮਣੇ ਆਏ ਹਨ ਕਿ ਕਈ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾਂ ਵਿਚ ਯੋਗ ਸਾਧਨ ਉਪਲਬਧ ਨਹੀਂ ਹਨ |
ਕੇਵਲ ਇਮਾਰਤਾਂ ਅਤੇ ਮਸ਼ੀਨਰੀ ਹੀ ਖਸਤਾ ਹਾਲਤ ਵਿਚ ਨਹੀਂ, ਸਗੋਂ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਕਮਿਊਨਿਟੀ ਹੈਲਥ ਸੈਂਟਰਾਂ ਲਈ ਲਗਪਗ 600 ਮਾਹਰ ਡਾਕਟਰਾਂ ਦੀ ਜ਼ਰੂਰਤ ਹੈ ਪਰ ਇਸ ਸਮੇਂ ਸਿਰਫ 202 ਡਾਕਟਰ ਮੌਜੂਦ ਹਨ | ਏਨੀ ਵੱਡੀ ਪੱਧਰ 'ਤੇ ਖਾਲੀ ਅਸਾਮੀਆਂ ਕਾਰਨ ਸਰਕਾਰੀ ਹਸਪਤਾਲਾਂ ਦੀ ਕੀ ਸਥਿਤੀ ਹੋਵੇਗੀ? ਇਸ ਦਾ ਅੰਦਾਜ਼ਾ ਸੁਭਾਵਿਕ ਹੈ | ਗੱਲ ਇੱਥੇ ਹੀ ਖਤਮ ਨਹੀਂ, ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲਾਂ ਵਿਚ 684 ਡਾਕਟਰਾਂ ਦੀ ਜ਼ਰੂਰਤ ਹੈ ਤੇ ਸਬ-ਡਵੀਜ਼ਨ ਪੱਧਰ 'ਤੇ 718 ਮਾਹਰ ਡਾਕਟਰ ਚਾਹੀਦੇ ਹਨ, ਜਿਸ ਵਿਚ 202 ਡਾਕਟਰਾਂ ਦੀ ਘਾਟ ਹੈ | ਇਸੇ ਤਰ੍ਹਾਂ ਹੀ ਇਲਾਜ ਲਈ ਸਟਾਫ ਨਰਸਾਂ ਦੀ ਭਾਰੀ ਕਮੀ ਹੈ | ਡਾਕਟਰਾਂ ਤੋਂ ਇਲਾਵਾ ਪੂਰਾ ਪੈਰਾ-ਮੈਡੀਕਲ ਸਟਾਫ ਵੀ ਹਸਪਤਾਲਾਂ ਵਿਚ ਮੌਜੂਦ ਨਹੀਂ ਹੈ | ਇਨ੍ਹਾਂ ਭਾਰੀ ਕਮੀਆਂ ਕਰਕੇ ਆਮ ਲੋਕਾਂ ਨੂੰ ਇਲਾਜ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ | ਕਿਉਂਕਿ ਗਰੀਬ ਲੋਕਾਂ ਦੀ ਜ਼ਿੰਦਗੀ–ਮੌਤ ਦਾ ਆਖਰੀ ਸਹਾਰਾ ਗਰੀਬ ਜਨਤਕ ਹਸਪਤਾਲ ਹੀ ਹਨ |
ਭਾਵੇਂ ਦੇਸ਼ ਨੇ ਕਈ ਨਾਮੁਰਾਦ ਬਿਮਾਰੀਆਂ 'ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਵਾਤਾਵਰਨ ਦੀਆਂ ਤਬਦੀਲੀਆਂ ਅਤੇ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਕਰਕੇ ਮਨੁੱਖੀ ਬਿਮਾਰੀਆਂ ਦੀ ਗਿਣਤੀ ਵਿਚ ਅਥਾਹ ਵਾਧਾ ਹੋਇਆ ਹੈ, ਪਰ ਅਸੀਂ ਸਮੇਂ ਦੇ ਅਨੁਕੂਲ ਇਲਾਜ ਪ੍ਰਣਾਲੀ ਦੀ ਵਿਵਸਥਾ ਕਰਨ ਵਿਚ ਅਜੇ ਕਾਮਯਾਬ ਨਹੀਂ ਹੋ ਸਕੇ | ਪ੍ਰਾਈਵੇਟ ਹਸਪਤਾਲਾਂ ਦੀ ਇਲਾਜ ਪ੍ਰਣਾਲੀ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੈ | ਸਿਹਤ ਸਹੂਲਤਾਂ ਦੀ ਵਿਵਸਥਾ ਸਰਕਾਰਾਂ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ | ਆਜ਼ਾਦੀ ਦੇ 67 ਸਾਲ ਬਾਅਦ ਵੀ ਗਰੀਬ ਲੋਕਾਂ ਦਾ ਇਲਾਜ ਖੁਣੋ ਮਰ ਜਾਣਾ ਦੇਸ਼ ਦੇ ਨਾਂਅ 'ਤੇ ਕਲੰਕ ਹੈ | ਇਸ ਲਈ ਸਥਾਨਕ ਪੱਧਰ 'ਤੇ ਸਸਤੀਆਂ ਅਤੇ ਯੋਗ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ | ਸਰਕਾਰੀ ਹਸਪਤਾਲਾਂ ਲਈ ਸੁਰੱਖਿਅਤ ਇਮਾਰਤਾਂ, ਇਲਾਜ ਸਬੰਧੀ ਸਾਧਨ ਅਤੇ ਮਾਹਰ ਡਾਕਟਰਾਂ ਦਾ ਪ੍ਰਬੰਧ ਪਹਿਲ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ | ਇਕ ਸਿਹਤਮੰਦ ਨਾਗਰਿਕ ਹੀ ਚੰਗੇ ਪਰਿਵਾਰ, ਸਮਾਜ, ਰਾਜ ਅਤੇ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ | ਬਿਮਾਰ ਲੋਕ ਦੇਸ਼ ਦੇ ਉੱਪਰ ਬੋਝ ਤਾਂ ਬਣ ਸਕਦੇ ਹਨ ਪਰ ਦੇਸ਼ ਦੇ ਵਿਕਾਸ ਵਿਚ ਯੋਗਦਾਨ ਨਹੀਂ ਪਾ ਸਕਦੇ |
-ਪਿੰਡ ਭੋਤਨਾ (ਬਰਨਾਲਾ) |
ਫੋਨ : 94635-12720

ਦੇਰੀ ਨਾਲ ਬਰਾਤਾਂ ਦੇ ਆਉਣ ਦਾ ਰੁਝਾਨ

ਆਧੁਨਿਕੀਕਰਨ ਅਤੇ ਪੱਛਮੀਕਰਨ ਦੇ ਪ੍ਰਭਾਵ ਕਾਰਨ ਵਿਆਹਾਂ ਦਾ ਰੂਪ ਦਿਨੋ-ਦਿਨ ਬਦਲਦਾ ਜਾ ਰਿਹਾ ਹੈ | ਪੰਜਾਬ ਵਿਚ ਅੱਜ ਵੀ ਬਜ਼ੁਰਗ ਲੋਕ ਅਨੰਦ ਕਾਰਜ ਦੀ ਰਸਮ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਸ਼ੁੱਭ ਮੰਨਦੇ ਹਨ | ਅਜੋਕੇ ਸਮੇਂ ਲੋਕਾਂ ਕੋਲ ਵਾਹਨ ਵੀ ਵਧੇਰੇ ਹਨ ਪਰ ਸਮਝ ਨਹੀਂ ਆਉਂਦੀ ਕਿ ਬਰਾਤਾਂ ਫਿਰ ਵੀ ਕਿਉਂ ਲੇਟ ਹੋ ਜਾਂਦੀਆਂ ਹਨ? ਅੱਜਕਲ੍ਹ ਤਾਂ ਵੈਸੇ ਹੀ ਲੋਕ ਵਿਆਹਾਂ 'ਤੇ ਬੇਹਿਸਾਬਾ ਖਰਚਾ ਕਰਦੇ ਹਨ ਅਤੇ ਵਿਆਹ ਵੀ ਕੁਝ ਹੀ ਘੰਟਿਆਂ ਦੇ ਰਹਿ ਗਏ ਹਨ |
ਲੜਕੀ ਵਾਲੇ ਪੈਲੇਸ 'ਚ ਖੜ੍ਹੇ ਬਰਾਤ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਲੜਕੇ ਵਾਲੇ ਘਰੋਂ ਹੀ ਤੁਰਨ ਦਾ ਨਾਂਅ ਨਹੀਂ ਲੈਂਦੇ | ਪਰ ਜੇਕਰ ਬਰਾਤ ਨੇ ਜਾਣਾ ਹੀ ਬਹੁਤ ਦੂਰ ਹੋਵੇ ਤਾਂ ਫਿਰ ਦੇਰੀ ਹੋਣਾ ਲਾਜ਼ਮੀ ਹੈ, ਪਰ ਜੇਕਰ ਅਸੀਂ ਆਪਣੇ ਨੇੜੇ ਪੈਲੇਸ 'ਚ ਵੀ ਸਮੇਂ ਸਿਰ ਨਹੀਂ ਪਹੁੰਚ ਸਕਦੇ ਤਾਂ ਇਹ ਸਾਡੀ ਅਣਗਹਿਲੀ ਹੀ ਹੈ | ਅੱਜ ਬਹੁਤ ਹੀ ਘੱਟ ਪਰਿਵਾਰ ਹੋਣਗੇ ਜੋ ਆਪਣੇ ਬੱਚਿਆਂ ਦੇ ਅਨੰਦ ਕਾਰਜ ਸਮੇਂ ਸਿਰ ਕਰਵਾਉਂਦੇ ਹਨ | ਸਭ ਤੋਂ ਜ਼ਰੂਰੀ ਅਨੰਦ ਕਾਰਜ ਮੌਕੇ ਵੀ ਲੋਕ ਪਾਠੀ ਸਿੰਘਾਂ ਨੂੰ ਕਹਿ ਦਿੰਦੇ ਹਨ ਕਿ ਛੇਤੀ ਕਰ ਦਿਓ, ਜ਼ਿਆਦਾ ਸਮਾਂ ਨਾ ਲਗਾਇਓ, ਬਰਾਤ ਪਹਿਲਾਂ ਹੀ ਲੇਟ ਹੋ ਚੁੱਕੀ ਹੈ | ਜਦੋਂ ਬਰਾਤ ਦੇਰੀ ਨਾਲ ਪਹੁੰਚਦੀ ਹੈ ਤਾਂ ਸਾਰੇ ਹੀ ਸਮਾਗਮ ਦਾ ਸੁਆਦ ਵੀ ਕਿਰਕਿਰਾ ਹੋ ਜਾਂਦਾ ਹੈ, ਕਿਉਂਕਿ ਦੂਰੋਂ-ਨੇੜਿਉਂ ਆਏ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੇ ਵੀ ਵਾਪਸ ਆਪਣੇ ਘਰ ਪਹੁੰਚਣਾ ਹੁੰਦਾ ਹੈ ਅਤੇ ਕਾਹਲ ਜਿਹੀ ਪੈ ਜਾਂਦੀ ਹੈ ਕਿ ਕਦੋਂ ਸ਼ਗਨ ਪਾਈਏ ਤੇ ਘਰਾਂ ਨੂੰ ਚੱਲੀਏ | ਸੋਚਣ ਵਾਲੀ ਗੱਲ ਹੈ ਕਿ ਜੇਕਰ ਬਰਾਤ ਹੀ ਦੁਪਹਿਰ ਇਕ ਵਜੇ ਆਉਂਦੀ ਹੈ ਤਾਂ ਕਦੋਂ ਰੀਬਨ ਕੱਟਿਆ, ਚਾਹ ਪੀਤੀ, ਅਨੰਦ ਕਾਰਜ ਹੋਏ ਅਤੇ ਫਿਰ ਕਦੋਂ ਸ਼ਗਨ 'ਤੇ ਬੈਠੇ? ਲੜਕੀ ਵਾਲਿਆਂ ਵੱਲੋਂ ਲੱਖਾਂ ਰੁਪਏ ਖਰਚ ਕੇ ਕੀਤੀ ਸੇਵਾ ਦਾ ਵੀ ਉਦੋਂ ਰੰਗ ਫਿੱਕਾ ਪੈ ਜਾਂਦਾ ਹੈ, ਜਦੋਂ ਬਰਾਤ ਦੇਰ ਨਾਲ ਆਉਂਦੀ ਹੈ ਅਤੇ ਭੱਜ-ਨੱਠ ਕੇ ਹੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ |
ਲੜਕੇ ਵਾਲੇ ਘਰ ਬੈਠੇ ਆਪਣੀਆਂ ਹੀ ਟੌਹਰਾਂ ਕੱਢਦੇ ਰਹਿੰਦੇ ਹਨ, ਪਰ ਇਹ ਨਹੀਂ ਸੋਚਦੇ ਕਿ ਸਾਡੇ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਵੀ ਸਮਾਜ ਪ੍ਰਤੀ ਕੁਝ ਫਰਜ਼ ਹਨ ਤੇ ਉਨ੍ਹਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ | ਵਿਆਹ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਜਾਗੋ ਕੱਢੀ ਜਾਂਦੀ ਹੈ ਅਤੇ ਅੱਧੀ ਰਾਤ ਤੱਕ ਡੀ.ਜੇ. ਚੱਲਦਾ ਰਹਿੰਦਾ ਹੈ | ਇਹ ਵੀ ਬਰਾਤਾਂ ਦੀ ਦੇਰੀ ਦਾ ਅਹਿਮ ਕਾਰਨ ਹੈ | ਵਿਆਹ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਟੋਗ੍ਰਾਫ਼ਰ ਵੀ ਬਹੁਤ ਸਮਾਂ ਲੈ ਲੈਂਦੇ ਹਨ ਅਤੇ ਇਨ੍ਹਾਂ ਕਾਰਨ ਹੀ ਸੜਕ 'ਤੇ ਜਾਂਦੇ ਸਮੇਂ ਵਿਅਕਤੀ ਜਿਹੜਾ ਇਕ ਕਿਲੋਮੀਟਰ ਇਕ ਮਿੰਟ 'ਚ ਤੈਅ ਕਰ ਲੈਂਦਾ ਹੈ ਤੇ ਉਹ ਵੀ ਕਈ ਮਿੰਟਾਂ 'ਚ ਪੂਰਾ ਕਰਦਾ ਹੈ | ਜੇਕਰ ਬਰਾਤ ਸਮੇਂ ਸਿਰ ਪਹੁੰਚੇ ਤਾਂ ਅਨੰਦ ਕਾਰਜ ਅਤੇ ਹੋਰ ਵੀ ਸਾਰੀਆਂ ਰਸਮਾਂ ਸਮੇਂ ਸਿਰ ਪੂਰੀਆਂ ਹੋ ਸਕਦੀਆਂ ਹਨ | ਬਰਾਤੀਆਂ ਨੂੰ ਵੀ ਨੱਚਣ-ਟੱਪਣ ਅਤੇ ਖਾਣ-ਪੀਣ ਦਾ ਸਮਾਂ ਖੁੱਲ੍ਹਾ ਮਿਲੇਗਾ | ਵਿਆਹ 'ਚ ਵਿਚੋਲੇ ਦਾ ਵੀ ਅਹਿਮ ਰੋਲ ਹੁੰਦਾ ਹੈ | ਉਸ ਨੂੰ ਵੀ ਚਾਹੀਦਾ ਹੈ ਕਿ ਲੜਕੇ ਵਾਲਿਆਂ ਨੂੰ ਸਮੇਂ ਸਿਰ ਬਰਾਤ ਘਰੋਂ ਤੋਰਨ ਲਈ ਪ੍ਰੇਰਿਤ ਕਰੇ | ਵਿਆਹ ਜ਼ਿੰਦਗੀ 'ਚ ਸਿਰਫ਼ ਇਕੋ ਹੀ ਵਾਰ ਹੋਣਾ ਹੁੰਦਾ ਹੈ, ਫਿਰ ਕਿਉਂ ਨਾ ਅਸੀਂ ਸਮੇਂ ਸਿਰ ਪਹੁੰਚ ਕੇ ਅਤੇ ਰੂਹਦਾਰੀ ਨਾਲ ਸਾਰੇ ਸ਼ਗਨ ਪੂਰੇ ਕਰੀਏ? ਸੋ, ਆਓ ਸਾਡਾ ਫਰਜ਼ ਬਣਦਾ ਹੈ ਕਿ ਬਰਾਤ ਸਮੇਂ ਸਿਰ ਲੈ ਕੇ ਜਾਈਏ ਅਤੇ ਦਾਜ ਵਰਗੀ ਭਿਆਨਕ ਬਿਮਾਰੀ ਨੂੰ ਵੀ ਜੜ੍ਹੋਂ ਖਤਮ ਕਰਨ ਦਾ ਪ੍ਰਣ ਕਰੀਏ |
-ਪਿੰਡ ਜਲਵੇੜ੍ਹਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ |
ਮੋਬਾ: 75081-32699

ਚਲਦੇ ਵਾਹਨਾਂ 'ਤੇ ਕਲਾਬਾਜ਼ੀਆਂ ਨਾ ਦਿਖਾਓ!

ਵਾਹਨ ਸਾਡੇ ਲਈ ਬੜੇ ਹੀ ਮਦਦਗਾਰ ਸਾਬਤ ਹੋਏ ਹਨ, ਕਿਉਂਕਿ ਇਨ੍ਹਾਂ ਦੇ ਜ਼ਰੀਏ ਅਸੀਂ ਘੰਟਿਆਂ ਦਾ ਰਸਤਾ ਮਿੰਟਾਂ ਵਿਚ ਤੈਅ ਕਰ ਲੈਂਦੇ ਹਾਂ, ਕਿਸੇ ਵੀ ਤਰ੍ਹਾਂ ਦਾ ਸਾਜ਼ੋ-ਸਾਮਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸੁਰੱਖਿਅਤ ਪਹੁੰਚਾ ਸਕਦੇ ਹਾਂ, ਜਿਸ ਨਾਲ ਕਿ ਸਾਡਾ ਸਮਾਂ ਅਤੇ ਪੈਸਾ ਦੋਵੇਂ ਬਹੁਤੇ ਬਰਬਾਦ ਨਹੀਂ ਹੁੰਦੇ |
ਪਰ ਅਜੋਕਾ ਮਨੁੱਖ ਵਾਹਨਾਂ ਨੂੰ ਸਫਰ ਲਈ ਘੱਟ, ਕਲਾਬਾਜ਼ੀਆਂ ਲਈ ਜ਼ਿਆਦਾ ਵਰਤਦਾ ਹੈ, ਜੀਹਦੇ ਕਾਰਨ ਬੜੇ ਹੀ ਭਿਆਨਕ ਹਾਦਸੇ ਹੋਏ ਅਤੇ ਹੋ ਰਹੇ ਹਨ, ਪਰ ਫਿਰ ਵੀ ਅਖੌਤੀ ਸਟੰਟਮੈਨ ਹੈਰਤਅੰਗੇਜ਼ ਕਾਰਨਾਮੇ ਕਰਨ ਤੋਂ ਬਾਜ਼ ਨਹੀਂ ਆਉਂਦੇ | ਜੇਕਰ ਕੁਝ ਕਲਾਬਾਜ਼ੀਆਂ 'ਤੇ ਝਾਤ ਮਾਰੀਏ ਤਾਂ ਜਿਵੇਂ ਹੱਥ ਉਤਾਂਹ ਕਰਕੇ ਸਾਈਕਲ ਜਾਂ ਮੋਟਰਸਾਈਕਲ ਚਲਾਉਣਾ, ਚਲਦੀ ਬੱਸ ਜਾਂ ਰੇਲ ਗੱਡੀ ਵਿਚੋਂ ਉਤਰਨਾ-ਚੜ੍ਹਨਾ, ਤੇਜ਼ ਰਫਤਾਰ ਬੁਲਟ ਮੋਟਰਸਾਈਕਲ ਨਾਲ ਆਠੇ ਪਾਉਣਾ, ਬੱਸਾਂ-ਰੇਲਗੱਡੀਆਂ ਦੀਆਂ ਟਾਕੀਆਂ ਵਿਚ ਲਟਕਣਾ ਅਤੇ ਛੱਤਾਂ ਉੱਪਰ ਅਸੁਰੱਖਿਅਤ ਸਫਰ ਕਰਨ ਜਿਹੇ ਸੈਂਕੜੇ ਕਾਰਨਾਮਿਆਂ ਨੂੰ ਵਿਗੜੇ ਹੋਏ ਨੌਜਵਾਨ ਬਿਨਾਂ ਕਿਸੇ ਟ੍ਰੇਨਿੰਗ ਤੋਂ ਅੰਜ਼ਾਮ ਦਿੰਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਕਿੰਨੀਆਂ ਹੀ ਅਨਮੋਲ ਜ਼ਿੰਦਗੀਆਂ ਅਣਆਈ ਮੌਤ ਮਰਦੀਆਂ ਹਨ |
ਜੇਕਰ ਨੌਜਵਾਨਾਂ ਦੁਆਰਾ ਕੀਤੇ ਜਾਂਦੇ ਇਨ੍ਹਾਂ ਸਟੰਟਸ ਦੇ ਕਾਰਨਾਂ 'ਤੇ ਝਾਤ ਮਾਰੀਏ ਤਾਂ ਇਕ ਗੱਲ ਤਾਂ ਸੱਚ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਜਿਹੇ ਸਟੰਟ ਫਿਲਮੀ ਹੀਰੋਜ਼ ਦੀ ਦੇਖਾ-ਦੇਖੀ 'ਚ ਹੀ ਕਰਦੀ ਹੈ | ਮੈਂ ਸੂਝਵਾਨ ਭਰਾਵਾਂ ਨੂੰ ਦੱਸਣਾ ਚਾਹਵਾਂਗਾ ਕਿ ਫਿਲਮਾਂ ਵਿਚ ਕੀਤੇ ਜਾਣ ਵਾਲੇ ਸਟੰਟ ਬੜੇ ਹੀ ਸੁਲਝੇ ਹੋਏ ਸਟੰਟਮੈਨਾਂ ਦੀ ਦੇਖ-ਰੇਖ ਹੇਠ ਹੀ ਫਿਲਮਾਏ ਜਾਂਦੇ ਹਨ, ਤਾਂ ਜੋ ਰੱਤੀ ਭਰ ਵੀ ਜਾਨੀ ਨੁਕਸਾਨ ਨਾ ਹੋਵੇ, ਪਰ ਅਸੀਂ ਖਾਹਮਖਾਹ ਹੀ ਜਾਨ ਜ਼ੋਖਮ ਵਿਚ ਪਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ | ਅਜਿਹੀਆਂ ਕਲਾਬਾਜ਼ੀਆਂ ਦੀ ਦਰ ਸਾਡੇ ਪਿੰਡਾਂ ਅਤੇ ਸ਼ਹਿਰਾਂ ਦੀ ਬਜਾਏ ਦਿੱਲੀ ਅਤੇ ਮੰੁਬਈ ਜਿਹੇ ਮਹਾਂਨਗਰਾਂ ਵਿਚ ਵਧੇਰੇ ਹੈ ਜੋ ਕਾਫੀ ਚਿੰਤਾਜਨਕ ਗੱਲ ਹੈ | ਨੌਜਵਾਨ ਦੋਸਤੋ, ਬਚੋ ਅਜਿਹੀਆਂ ਕਲਾਬਾਜ਼ੀਆਂ ਤੋਂ, ਕਿਉਂਕਿ ਜਿਥੇ ਇਹ ਸਾਡੇ ਲਈ ਘਾਤਕ ਹਨ, ਉਥੇ ਕਿਸੇ ਹੋਰ ਲਈ ਵੀ ਜਾਨਲੇਵਾ ਸਿੱਧ ਹੋ ਸਕਦੀਆਂ ਹਨ | ਵਾਹਨਾਂ ਨੂੰ ਜੇਕਰ ਸਫਰ ਜਾਂ ਫਿਰ ਢੋਆ-ਢੁਆਈ ਲਈ ਹੀ ਵਰਤਿਆ ਜਾਵੇ ਤਾਂ ਬਿਹਤਰ ਹੈ, ਜਿਸ ਨਾਲ ਤੁਸੀਂ ਖੁਦ ਵੀ ਸੁਰੱਖਿਅਤ ਰਹੋਗੇ ਅਤੇ ਹੋਰ ਕਿਸੇ ਲਈ ਮੁਸੀਬਤ ਵੀ ਨਹੀਂ ਬਣੋਗੇ ਅਤੇ ਜੇਕਰ ਸਟੰਟਮੈਨ ਬਣਨਾ ਹੀ ਹੈ ਤਾਂ ਕਿਸੇ ਵਧੀਆ ਜਿਹੇ ਟਰੇਨਰ ਤੋਂ ਟ੍ਰੇਨਿੰਗ ਵਗੈਰਾ ਜ਼ਰੂਰ ਲਵੋ |
-ਪਿੰਡ ਤੇ ਡਾਕ: ਧੂਰਕੋਟ, ਤਹਿ: ਤਪਾ (ਬਰਨਾਲਾ)-148107. ਮੋਬਾ: 98156-07290

ਆਨਲਾਈਨ ਖ਼ਰੀਦਦਾਰੀ ਦਾ ਰੁਝਾਨ

ਕੋਈ ਵੇਲਾ ਸੀ ਪਿੰਡ ਦੇ ਹਟਵਾਣੀਏ ਤੋਂ ਬੱਚੇ ਛੋਲੇ, ਮੁਰਮਰੇ ਬੜੇ ਚਾੲੀਂ-ਚਾੲੀਂ ਦੁਕਾਨ ਤੋਂ ਲੈਣ ਜਾਂਦੇ ਸਨ ਤੇ ਨਾਲ ਝੂੰਗਾ ਲੈ ਆਉਣਾ | ਓਨੇ ਦੀ ਚੀਜ਼ ਨਾ ਹੋਣੀ ਜਿੰਨਾ ਝੂੰਗਾ ਮਿਲ ਜਾਣਾ | ਸੌਦਾ ਵੇਚਣ ਵਾਲਾ ਖੁਸ਼ ਤੇ ਖਰੀਦਣ ਵਾਲਾ ਵੀ ਖ਼ੁਸ਼ | ਇਸੇ ਤਰ੍ਹਾਂ ਵਿਆਹ-ਸ਼ਾਦੀਆਂ ਦੇ ਮੌਕੇ 'ਤੇ ਪਰਿਵਾਰ ਦੀਆਂ ਵੱਡੀਆਂ ਸਵਾਣੀਆਂ ਨੇ ਦਾਜ-ਵਰੀ ਲੈਣ ਲਈ ਬਜਾਜੀ ਦੀ ਦੁਕਾਨ 'ਤੇ ਜਾ ਕੇ ਆਪਣੀ ਮਨਪਸੰਦ ਦਾ ਸੂਟ ਲੈਣਾ ਤੇ ਚਾੲੀਂ-ਚਾੲੀਂ ਪਾਉਣਾ | ਕੁਆਲਿਟੀ ਪੱਖੋਂ ਜੇਕਰ ਕੋਈ ਨੁਕਸ ਹੋਣਾ ਤਾਂ ਬਜਾਜ ਖਿੜੇ ਮੱਥੇ ਵਾਪਸ ਵੀ ਕਰ ਲੈਂਦਾ ਸੀ, ਪਰ ਅੱਜ ਮੋਬਾਈਲ ਅਤੇ ਇਲੈਕਟ੍ਰੋਨਿਕ ਦੇ ਯੁੱਗ ਵਿਚ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਮਨੁੱਖ ਏਨਾ ਕੁ ਐਸ਼ੋ-ਇਸ਼ਰਤ ਵਿਚ ਲਬਰੇਜ਼ ਹੋ ਗਿਆ ਹੈ ਕਿ ਬੱਚੇ ਦੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਘਰ 'ਚ ਵਰਤਣ ਵਾਲੀਆਂ ਜ਼ਰੂਰਤਮੰਦ ਚੀਜ਼ਾਂ ਆਨਲਾਈਨ ਰਾਹੀਂ ਮੰਗਵਾ ਰਿਹਾ ਹੈ | ਉਸ ਨੂੰ ਪਤਾ ਹੀ ਨਹੀਂ ਲਗਦਾ ਤੇ ਵਿਖਾਵੇ ਵਾਲੀ ਚਮਕ-ਦਮਕ 'ਤੇ ਜਲਦੀ ਆਕਰਸ਼ਿਤ ਹੋ ਜਾਂਦਾ ਹੈ |
ਰੋਜ਼ਾਨਾ ਹੀ ਮੋਬਾਈਲ ਮੈਸੇਜ, ਟੀ. ਵੀ. ਚੈਨਲਾਂ 'ਤੇ ਆਨਲਾਈਨ ਸ਼ਾਪਿੰਗ ਤੇ ਹੋਰ ਕਈ ਸਾਧਨਾਂ ਰਾਹੀਂ ਲੋਕਾਂ ਨੂੰ ਵੱਡੇ-ਵੱਡੇ ਇਸ਼ਤਿਹਾਰ ਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਮਿਆਰ ਤੋਂ ਘਟੀਆ ਕੁਆਲਿਟੀ ਦੀਆਂ ਚੀਜ਼ਾਂ ਬੜੇ ਸੌਖੇ ਤਰੀਕੇ ਨਾਲ ਵੇਚੀਆਂ ਜਾ ਰਹੀਆਂ ਹਨ | ਖਾਸ ਕਰਕੇ ਇਨ੍ਹਾਂ ਦੇ ਝਾਂਸੇ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਜ਼ਿਆਦਾ ਫਸ ਰਹੀ ਹੈ | ਇਹ ਆਨਲਾਈਨ ਵਾਲੇ ਏਨੇ ਸ਼ਾਤਰ ਦਿਮਾਗ ਹੁੰਦੇ ਹਨ ਕਿ ਜੋ ਚੀਜ਼ ਟੀ. ਵੀ., ਮੋਬਾਈਲ 'ਤੇ ਦਿਖਾਈ ਜਾਂਦੀ ਹੈ, ਉਹ ਗਾਹਕ ਤੱਕ ਪੁੱਜਦੀ ਨਹੀਂ ਕੀਤੀ ਜਾਂਦੀ | ਜੇਕਰ ਕੋਈ ਗ਼ਲਤੀ ਨਾਲ ਇਨ੍ਹਾਂ ਦੇ ਝਾਂਸੇ ਵਿਚ ਫਸ ਕੇ ਕੋਈ ਚੀਜ਼ ਮੰਗਵਾ ਲੈਂਦਾ ਹੈ ਤੇ ਗਾਹਕ ਦੀ ਤਸੱਲੀ ਮੁਤਾਬਿਕ ਖਰੀ ਨਹੀਂ ਉਤਰਦੀ ਤਾਂ ਉਸ ਦੀ ਸੁਣਵਾਈ ਕਿਸੇ ਦਰਬਾਰੇ ਨਹੀਂ ਹੁੰਦੀ | ਗਾਹਕ ਦੀ ਤਸੱਲੀ ਕਰਵਾਉਣ ਲਈ ਉਸ ਨੂੰ ਟਰਕਾਲਾ ਲਾ ਦਿੱਤਾ ਜਾਂਦਾ ਹੈ ਕਿ ਆਪ ਦੀ ਚੀਜ਼ 15 ਦਿਨਾਂ ਵਿਚ ਬਦਲ ਕੇ ਦਿੱਤੀ ਜਾਵੇਗੀ ਪਰ ਜਦ 15 ਦਿਨਾਂ ਬਾਅਦ ਦੁਬਾਰਾ ਚੀਜ਼ ਗਾਹਕ ਦੇ ਹੱਥ ਵਿਚ ਆਉਂਦੀ ਹੈ ਤਾਂ ਉਹ ਫਿਰ ਤੋਂ ਪ੍ਰੇਸ਼ਾਨ ਹੋ ਜਾਂਦਾ | ਸੋ ਮੇਰੀ ਰਾਇ ਮੁਤਾਬਿਕ ਪਹਿਲਾਂ ਤਾਂ ਸਾਨੂੰ ਚਮਕ-ਦਮਕ ਵੱਲ ਝੱਟ ਦੇਣੀ ਨਿਉਂ ਜਾਂਦੀ ਸੋਚ ਨੂੰ ਬਦਲਣਾ ਪਵੇਗਾ | ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਇਸ ਆਧੁਨਿਕ ਤਕਨੀਕ ਦੀ ਜਾਅਲਸਾਜ਼ੀ ਤੋਂ ਬਚ ਸਕਦੇ ਹਾਂ |
-ਮੋਬਾ: 98766-98568

ਖ਼ਤਰਨਾਕ ਹੈ ਸੜਕਾਂ ਕਿਨਾਰੇ ਪਤੰਗ ਉਡਾਉਣਾ

ਅਸੀਂ ਨਿੱਤ ਦਿਹਾੜੇ ਆਪਣੇ ਆਲੇ-ਦੁਆਲੇ ਦੇਖਦੇ ਹਾਂ ਜਾਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਪਤੰਗ ਉਡਾਉਂਦੇ ਸਮੇਂ ਬੱਚਾ ਕੋਠੇ ਤੋਂ ਡਿੱਗ ਪਿਆ ਜਾਂ ਪਤੰਗ ਲੁੱਟਦਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂ ਫਿਰ ਕਿਸ ਤਰ੍ਹਾਂ ਪਤੰਗ ਦੀ ਡੋਰ ਨੇ ਕਿਸੇ ਰਾਹਗੀਰ ਨੂੰ ਆਪਣੀ ਲਪੇਟ ਵਿਚ ਲੈ ਕੇ ਜ਼ਖਮੀ ਕਰ ਦਿੱਤਾ ਜਾਂ ਕਿਸੇ ਰਾਹਗੀਰ ਲਈ ਮੌਤ ਦਾ ਫੰਦਾ ਸਾਬਤ ਹੋਈ ਡੋਰ ਆਦਿ | ਇਨ੍ਹਾਂ ਵਿਚੋਂ ਬਹੁਤੀਆਂ ਘਟਨਾਵਾਂ ਸਾਡੀ ਲਾਪ੍ਰਵਾਹੀ ਜਾਂ ਅਣਗਹਿਲੀ ਕਾਰਨ ਵਾਪਰਦੀਆਂ ਹਨ | ਇਸ ਤੋਂ ਇਲਾਵਾ ਪਤੰਗ ਚੜ੍ਹਾਉਣ ਦਾ ਇਕ ਮਾੜਾ ਰੁਝਾਨ ਇਹ ਹੈ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਸ਼ਹਿਰਾਂ ਵਿਚ ਸੜਕਾਂ ਦੇ ਕੰਢੇ ਖੜ੍ਹੇ ਹੋ ਕੇ ਲੜਕੇ, ਉਨ੍ਹਾਂ ਵਿਚ ਬਹੁਤੇ ਦੁਕਾਨਦਾਰ ਹੀ ਹੁੰਦੇ ਹਨ, ਆਪਣੇ ਵਿਹਲੇ ਸਮੇਂ ਵਿਚ ਸੜਕ ਕਿਨਾਰੇ ਹੀ ਪਤੰਗ ਉਡਾਉਣ ਲੱਗ ਜਾਂਦੇ ਹਨ | ਇਹ ਰੁਝਾਨ ਬੇਹੱਦ ਖਤਰਨਾਕ ਹੈ |
ਇਸ ਤਰ੍ਹਾਂ ਦੀਆਂ ਖੇਡਾਂ ਲਈ ਸ਼ਹਿਰ ਜਾਂ ਪਿੰਡ ਤੋਂ ਬਾਹਰ ਕੋਈ ਨਾ ਕੋਈ ਥਾਂ ਨਿਸਚਤ ਕਰਨੀ ਚਾਹੀਦੀ ਹੈ, ਜਿਥੇ ਇਸ ਤਰ੍ਹਾਂ ਦੇ ਖੇਡ ਦਾ ਲੁਤਫ ਲਿਆ ਜਾ ਸਕੇ | ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਪੂਰੀ ਤਰ੍ਹਾਂ ਸਖਤੀ ਵਰਤਣੀ ਚਾਹੀਦੀ ਹੈ | ਪਰ ਸਾਡੇ ਦੇਸ਼ ਦੀ ਤ੍ਰਾਸਦੀ ਵੀ ਇਹੀ ਹੈ ਪਤੰਗਬਾਜ਼ੀ ਜਾਂ ਹੋਰ ਮਨੁੱਖੀ ਲਾਪ੍ਰਵਾਹੀ ਨਾਲ ਹਰੇਕ ਸਾਲ ਅਨੇਕਾਂ ਹੀ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ, ਕੋਈ ਵੀ ਸਰਕਾਰ ਜਾਂ ਲੋਕਲ ਪ੍ਰਸ਼ਾਸਨ ਉਦੋਂ ਤੱਕ ਕੋਈ ਐਕਸ਼ਨ ਨਹੀਂ ਲੈਂਦਾ, ਜਦੋਂ ਤੱਕ ਕੋਈ ਮਾੜੀ ਦੁਰਘਟਨਾ ਵਾਪਰ ਨਹੀਂ ਜਾਂਦੀ |
ਜੇਕਰ ਕੋਈ ਇਕ ਨਾ ਅੱਧਾ ਪ੍ਰਸ਼ਾਸਨਕ ਅਧਿਕਾਰੀ ਅਜਿਹੀਆਂ ਘਟਨਾਵਾਂ ਨੂੰ ਟਾਲਣ ਸਬੰਧੀ ਕਿਸੇ ਤਰ੍ਹਾਂ ਦੀ ਸਖ਼ਤੀ ਵਰਤਦਾ ਵੀ ਹੈ ਤਾਂ ਉਸ ਉੱਤੇ ਸਿਆਸੀ ਦਬਾਅ ਇਸ ਤਰ੍ਹਾਂ ਪਾਇਆ ਜਾਂਦਾ ਕਿ ਉਹ ਅਫਸਰ ਵੀ ਆਪਣਾ ਸਮਾਂ ਕੱਢਣ ਦੀ ਕੋਸ਼ਿਸ਼ ਕਰਦਾ ਹੈ | ਅਸੀਂ ਖੁਦ ਆਮ ਲੋਕ ਵੀ ਇਸ ਲਈ ਜ਼ਿੰਮੇਵਾਰ ਬਣਦੇ ਹਾਂ, ਅਸੀਂ ਕੋਈ ਚੰਗੀ ਗੱਲ ਅਖਤਿਆਰ ਕਰਨ ਵਿਚ ਮੁਸ਼ਕਿਲ ਮੰਨਦੇ ਹਾਂ | ਭਾਵੇਂ ਉਹ ਗੱਲ ਸਾਡੇ ਫਾਇਦੇ ਵਾਲੀ ਹੀ ਹੋਵੇ | ਸਾਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ |
ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ, ਤਹਿ: ਸਮਰਾਲਾ (ਲੁਧਿਆਣਾ) |Œ ਮੋਬਾ: 98558-82722

ਸੜਕਾਂ-ਗਲੀਆਂ 'ਤੇ ਨਾਜਾਇਜ਼ ਕਬਜ਼ੇ

ਇਸ ਨੂੰ ਗਰੀਬ ਮਾਨਸਿਕਤਾ ਕਹੀਏ ਜਾਂ ਦੇਖਾ-ਦੇਖੀ ਦਾ ਰੁਝਾਨ ਕਿ ਮਨੁੱਖ ਸਮਾਜ ਵਿਚ ਸਾਰਥਕ ਨਿਰਮਾਣ ਦੀ ਬਜਾਏ ਵਿਗਾੜ ਵਧੇਰੇ ਰਿਹਾ ਹੈ | ਪੰਜਾਬ ਦੀ ਇਕ ਯਾਤਰਾ ਕਰਕੇ 22 ਜ਼ਿਲਿ੍ਹਆਂ ਵਿਚ ਨਾਜਾਇਜ਼ ਕਬਜ਼ਿਆਂ ਦੀ ਤਸਵੀਰ ਦੇਖੀ ਜਾ ਸਕਦੀ ਹੈ | ਵੱਡੇ ਸ਼ਹਿਰਾਂ ਵਿਚ ਮਿਊਾਸਪਲ ਕਾਰਪੋਰੇਸ਼ਨਾਂ ਜੱਦੋ-ਜਹਿਦ ਕਰ ਰਹੀਆਂ ਹਨ ਕਿ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਜਾਵੇ ਪਰ ਪਿੰਡਾਂ ਵਿਚ ਮਸਲੇ ਜਿਉਂ ਦੇ ਤਿਉਂ ਖੜ੍ਹੇ ਨੇ | ਘਰ ਤੋਂ ਬਾਹਰ ਰਸਤੇ ਵਿਚ ਰੈਂਪ ਬਣਾਉਣ ਅਤੇ ਗੇਟ ਦੇ ਥਮਲਿਆਂ ਦੀ ਉਸਾਰੀ ਦਾ ਰੁਝਾਨ ਦਿਨ-ਬਦਿਨ ਵਧਦਾ ਹੀ ਜਾ ਰਿਹਾ ਹੈ | ਮਕਾਨ ਆਪਣੀ ਥਾਂ 'ਚ ਤੇ ਰੈਂਪ ਸੜਕ ਜਾਂ ਗਲੀ ਵਿਚ ਬਣਾਉਣਾ ਹਰ ਕੋਈ ਆਪਣਾ ਅਧਿਕਾਰ ਸਮਝਦਾ ਹੈ | ਮਸਲਨ ਰਸਤੇ 'ਤੇ ਚੱਲਣ ਲਈ ਜਗ੍ਹਾ ਘੱਟ ਹੋ ਰਹੀ ਹੈ | ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34 ਅਧੀਨ ਗਲੀਆਂ, ਸੜਕਾਂ ਅਤੇ ਨਾਲੀਆਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀ ਖਿਲਾਫ ਗ੍ਰਾਮ ਪੰਚਾਇਤ ਨੋਟਿਸ ਦੇ ਕੇ ਕਾਰਵਾਈ ਕਰ ਸਕਦੀ ਹੈ |
ਐਕਟ 1994 ਦੀ ਧਾਰਾ 35 ਅਧੀਨ ਹੁਕਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ | ਦੁਖਦਾਈ ਗੱਲ ਇਹ ਹੈ ਕਿ ਮੌਜੂਦਾ ਸਮੇਂ ਪੰਚਾਇਤਾਂ ਇਸ ਮਾਮਲੇ ਸਬੰਧੀ ਕੋਈ ਕਦਮ ਨਹੀਂ ਚੁੱਕ ਰਹੀਆਂ | ਬਹੁਤੇ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀ ਇਨ੍ਹਾਂ ਮਸਲਿਆਂ ਨੂੰ ਰੋਕਣ ਲਈ ਪਹਿਲਕਦਮੀ ਕਰਨ ਤੋਂ ਡਰਦੇ ਨੇ, ਤਾਂ ਕਿ ਪਿੰਡ ਵਿਚ ਸਬੰਧ ਨਾ ਵਿਗੜ ਜਾਣ ਪਰ ਜੇਕਰ ਪਿੰਡ ਵਾਸੀ ਇਕੱਠੇ ਹੋ ਕੇ ਆਵਾਜ਼ ਉਠਾਉਣ ਤਾਂ ਕੁਝ ਵੀ ਅਸੰਭਵ ਨਹੀਂ | ਕਿਸੇ ਨਾ ਕਿਸੇ ਨੂੰ ਤਾਂ ਬੇਪ੍ਰਵਾਹ ਹੋ ਕੇ ਅੱਗੇ ਆਉਣਾ ਹੀ ਪਵੇਗਾ | ਅਹਿਮ ਗੱਲ ਇਹ ਵੀ ਹੈ ਕਿ ਪੰਚਾਇਤਾਂ ਵਿਚ ਅਜਿਹੇ ਵਿਅਕਤੀਆਂ ਦੀ ਵੀ ਘਾਟ ਹੈ, ਜੋ ਪੰਚ ਹੋਣ ਦੀ ਜ਼ਿੰਮੇਵਾਰੀ ਨਿਭਾਉਣ | ਲੋਕਾਂ ਵਿਚ ਚੇਤਨਾ ਪੈਦਾ ਕਰਕੇ ਹੀ ਕਾਨੂੰਨੀ ਢੰਗ ਨਾਲ ਰੋਕ ਲਗਾਈ ਜਾ ਸਕਦੀ ਹੈ | ਪਹਿਲ ਕਰਨ ਦੀ ਲੋੜ ਹੈ, ਸਮੱਸਿਆ ਕੋਈ ਬਹੁਤੀ ਵੱਡੀ ਨਹੀਂ | ਸੋ, ਇਹ ਪਿੰਡ ਵਾਸੀਆਂ ਦੀ ਸੂਝ 'ਤੇ ਨਿਰਭਰ ਹੈ ਕਿ ਪਿੰਡਾਂ ਦਾ ਮੁਹਾਂਦਰਾ ਕਿਵੇਂ ਸੁਚੱਜਾ ਰੱਖਣਾ ਹੈ?
-ਸੀਚੇਵਾਲ | ਮੋਬਾ: 98032-19801

ਦੇਸੀ ਜਾਨਵਰਾਂ ਦੀ ਬੇਕਦਰੀ ਕਰਕੇ ਹੀ ਵਧੇ ਹਨ ਅਵਾਰਾ ਪਸ਼ੂ

ਜਾਨਵਰ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਰੱਖਦੇ ਹਨ | ਫਿਰ ਉਹ ਗਾਵਾਂ, ਬਲਦ ਹੋਣ ਜਾਂ ਕੁੱਤੇ | ਦੇਸੀ ਗਾਵਾਂ ਨੂੰ ਘਰ ਪਾਲ ਕੇ ਸੇਵਾ ਕਰਨੀ ਤੇ ਉਸ ਦੇ ਦੁੱਧ-ਘਿਓ ਨੂੰ ਵਰਦਾਨ ਸਮਝਿਆ ਜਾਂਦਾ ਰਿਹਾ ਹੈ | ਪਿੰਡ ਦੇ ਹਰ ਘਰ ਵਿਚ ਇਕ-ਦੋ ਦੇਸੀ ਗਾਵਾਂ ਜ਼ਰੂਰ ਹੁੰਦੀਆਂ | ਘੱਟ ਜ਼ਮੀਨ ਵਾਲੇ ਕਿਸਾਨ ਟਰੈਕਟਰ ਦੀ ਥਾਂ ਬਲਦਾਂ ਨਾਲ ਹਲ ਵਾਹੁੰਦੇ ਤੇ ਖੇਤੀ ਕਰਦੇ | ਦੇਸੀ ਕੁੱਤੇ ਵੀ ਲੋਕਾਂ ਨੇ ਘਰਾਂ 'ਚ ਰੱਖੇ ਹੁੰਦੇ ਜਾਂ ਸਾਰੇ ਪਿੰਡ, ਮੁਹੱਲੇ ਦੇ ਲੋਕ ਆਪਣੇ ਘਰੋਂ ਰੋਟੀ ਕੱਢ ਕੇ ਕੁੱਤਿਆਂ ਨੂੰ ਪਾਉਣਾ ਆਪਣਾ ਧਰਮ ਸਮਝਦੇ | ਹੌਲੀ-ਹੌਲੀ ਇਨਸਾਨਾਂ ਦੀ ਸੋਚ 'ਚ ਬਦਲਾਅ ਆ ਗਿਆ | ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਣ ਦੀ ਚਾਹਤ ਸਭ ਅੰਦਰ ਹੈ | ਆਪਣੇ ਘਰੋਂ ਦੇਸੀ ਗਾਵਾਂ ਨੂੰ ਸੜਕਾਂ 'ਤੇ ਰੁਲਣ ਲਈ ਛੱਡ ਕੇ ਹੁਣ ਹਰ ਘਰ ਵਲੈਤੀ ਗਾਵਾਂ ਹਨ | ਜ਼ਿਆਦਾ ਦੁੱਧ ਲੈਣ ਦੇ ਲਾਲਚ ਵਿਚ ਅਸੀਂ ਆਪਣੇ ਦੇਸੀ ਪਾਲਤੂ ਜਾਨਵਰਾਂ ਨੂੰ ਘਰੋਂ ਕੱਢ ਦਿੱਤਾ | ਉਹੀ ਹਾਲ ਹੁਣ ਅਸੀਂ ਆਪਣੇ ਦੇਸ਼ ਦੇ ਕੁੱਤਿਆਂ ਦਾ ਕਰ ਦਿੱਤਾ ਹੈ | ਹਰ ਇਨਸਾਨ ਸੋਚਦਾ ਹੈ ਕਿ ਜੇ ਘਰ 'ਚ ਕੁੱਤਾ ਪਾਲੀਏ ਤਾਂ ਉਹ ਹੋਵੇ ਵਲੈਤੀ ਨਸਲ ਦਾ | ਉਨ੍ਹਾਂ ਨਸਲੀ ਕੁੱਤਿਆਂ ਵਾਸਤੇ ਵਧੀਆ ਡਾਗ ਫਾਰਮ ਖੁੱਲ੍ਹ ਗਏ ਹਨ | ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਕੁੱਤੇ, ਗਾਵਾਂ, ਬਲਦ ਗੰਦਗੀ ਤੇ ਜੂਠਾਂ ਖਾਣ ਵਾਸਤੇ ਮਜਬੂਰ ਹਨ | ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਕੋਈ ਗੌਰ ਕੀਤੀ ਤੇ ਨਾ ਹੀ ਕੋਈ ਦਵਾ-ਦਾਰੂ ਜਾਂ ਟੀਕਾਕਰਨ ਕੀਤਾ ਜਾ ਰਿਹਾ ਹੈ | ਕਿਸੇ ਸੰਸਥਾ ਨੇ ਵੀ ਇਨ੍ਹਾਂ ਬੇਜ਼ੁਬਾਨਾਂ ਦੀ ਨਹੀਂ ਸੁਣੀ | ਜਾਨਵਰਾਂ ਨੂੰ ਲੋਕ ਬੇਰਹਿਮੀ ਨਾਲ ਕੁੱਟਦੇ ਹਨ | ਕਈ ਵਾਰ ਮਾਰ-ਮਾਰ ਕੇ ਜਾਨਵਰਾਂ ਨੂੰ ਅਪਾਹਜ ਕਰ ਦਿੱਤਾ ਜਾਂਦਾ ਹੈ | ਜੇ ਹਰ ਘਰ ਜਾਨਵਰਾਂ ਲਈ ਚਾਰਾ ਤੇ ਅੰਨ ਕੱਢੇ ਤਾਂ ਨਾ ਹੀ ਜਾਨਵਰ ਗੰਦਗੀ ਖਾਣ ਤੇ ਨਾ ਹੀ ਇਨਸਾਨਾਂ ਨੂੰ ਨੋਚ ਕੇ ਖਾਣ | ਸਾਡੇ ਦੇਸੀ ਜਾਨਵਰ ਕੁਝ ਰਹਿਮਦਿਲ ਲੋਕਾਂ ਦੀ ਸੇਵਾ 'ਤੇ ਨਿਰਭਰ ਹਨ | ਕਿਤੇ ਅਸੀਂ ਵਿਦੇਸ਼ੀ ਚਕਾਚੌਾਧ 'ਚ ਏਨਾ ਨਾ ਗਵਾਚ ਜਾਈਏ ਕਿ ਆਪਣੇ ਦੇਸ਼ ਦੇ ਜਾਨਵਰਾਂ ਦੀ ਹੋਂਦ ਨੂੰ ਖਤਰੇ 'ਚ ਪਾ ਦਈਏ | ਆਓ! ਸਾਰੇ ਰਲ ਕੇ ਦੇਸੀ ਗਾਵਾਂ ਤੇ ਕੁੱਤਿਆਂ ਦੀ ਸਾਂਭ-ਸੰਭਾਲ ਕਰੀਏ |
-ਤਲਵਾੜਾ (ਹੁਸ਼ਿਆਰਪੁਰ) |
ਮੋਬਾ: 99146-10729

ਜਦੋਂ ਪ੍ਰੀਖਿਆ ਦੇ ਦਿਨ ਨਜ਼ਦੀਕ ਆ ਜਾਣ

ਜੋ ਵਿਦਿਆਰਥੀ ਬਿਨਾਂ ਨਾਗਾ ਸਕੂਲ ਜਾਂਦੇ ਹਨ, ਸਕੂਲ ਦਾ ਕੰਮ ਸਮੇਂ ਸਿਰ ਨਿਪਟਾਉਂਦੇ ਹਨ, ਘਰ ਆ ਕੇ ਵੀ ਮਨ ਲਗਾ ਕੇ ਪੜ੍ਹਾਈ ਕਰਦੇ ਹਨ, ਜਮਾਤ ਵਿਚ ਹੋਣ ਵਾਲੇ ਰੁਟੀਨ ਟੈਸਟ ਦਿੰਦੇ ਹਨ, ਯਾਦ ਕਰਕੇ ਅਧਿਆਪਕਾਂ ਨੂੰ ਸੁਣਾ ਵੀ ਦਿੰਦੇ ਹਨ, ਅਜਿਹੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਡਰ ਨਹੀਂ ਲਗਦਾ, ਚਾਹੇ ਉਹ ਸਕੂਲ ਦੇ ਤਿਮਾਹੀ ਪੇਪਰ ਹੋਣ ਜਾਂ ਫਿਰ ਬੋਰਡ ਦੇ ਇਮਤਿਹਾਨ | ਫਿਰ ਵੀ ਜੇਕਰ ਕੋਈ ਸ਼ੰਕਾ ਹੋਵੇ ਤਾਂ ਆਪਣੇ ਸਬੰਧਤ ਵਿਸ਼ੇ ਦੇ ਅਧਿਆਪਕ ਕੋਲੋਂ ਪੁੱਛਣ ਵਿਚ ਕੋਈ ਹਰਜ ਨਹੀਂ ਹੁੰਦਾ | ਕੁਝ ਵਿਦਿਆਰਥੀ ਅਧਿਆਪਕਾਂ ਕੋਲੋਂ ਪੁੱਛਣ ਤੋਂ ਵੀ ਝਕਦੇ ਹਨ | ਅਜਿਹਾ ਨਹੀਂ ਕਰਨਾ ਚਾਹੀਦਾ | ਕੋਈ ਅਧਿਆਪਕ ਅਜਿਹਾ ਨਹੀਂ ਹੁੰਦਾ, ਜੋ ਆਪਣੇ ਵਿਦਿਆਰਥੀ ਨੂੰ ਉਸ ਦੇ ਸ਼ੰਕਿਆਂ ਤੋਂ ਦੂਰ ਨਾ ਕਰਾਵੇ, ਬਲਕਿ ਚੰਗੇ ਅਧਿਆਪਕ ਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਮੇਰੇ ਵਿਦਿਆਰਥੀ ਨੇ ਹੌਸਲਾ ਕੀਤਾ ਤੇ ਹੁਣ ਇਹ ਮਨ ਵਿਚ ਕਿਸੇ ਤਰ੍ਹਾਂ ਦੇ ਸ਼ੰਕੇ ਲੈ ਕੇ ਪ੍ਰੀਖਿਆ ਵਿਚ ਨਹੀਂ ਬੈਠੇਗਾ |
ਮਾਂ-ਬਾਪ ਨੂੰ ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚੇ ਦੀ ਮਾਨਸਿਕ ਦਸ਼ਾ ਨੂੰ ਸਮਝਦੇ ਹੋਏ ਉਸ ਨਾਲ ਮਿੱਤਰਤਾਪੂਰਨ ਤੇ ਚੰਗੇ ਸਹਿਯੋਗੀ ਦੇ ਰੂਪ ਵਿਚ ਪੇਸ਼ ਆਉਣਾ ਚਾਹੀਦਾ ਹੈ | ਕਦੇ ਵੀ ਉਸ ਉੱਪਰ ਵੱਧ ਨੰਬਰ ਲਿਆਉਣ ਦਾ ਦਬਾਅ ਨਹੀਂ ਪਾਉਣਾ ਚਾਹੀਦਾ, ਸਗੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਵੱਲੋਂ ਪੂਰੀ ਲਗਨ ਤੇ ਮਿਹਨਤ ਨਾਲ ਪ੍ਰੀਖਿਆ ਵਿਚ ਬੈਠੇ, ਸ਼ਾਂਤ ਮਨ ਨਾਲ ਪੇਪਰ ਦੇਣ ਜਾਵੇ |
ਪ੍ਰੀਖਿਆ ਦੇ ਦਿਨਾਂ ਵਿਚ ਕਈ ਵਾਰ ਬੱਚਿਆਂ ਦੀ ਭੁੱਖ ਮਰ ਜਾਂਦੀ ਹੈ ਜਾਂ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੈ | ਇਕ ਸਿਆਣੀ ਮਾਂ ਨੂੰ ਆਪਣੇ ਬੱਚੇ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ | ਪੇਪਰਾਂ ਦੇ ਦਿਨਾਂ ਵਿਚ ਤੰਦਰੁਸਤ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ | ਸੋ, ਬੱਚੇ ਦੇ ਸੁਆਦ ਅਨੁਸਾਰ ਉਸ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੁਝ ਖਾਣ ਲਈ ਦਿੰਦੇ ਰਹਿਣਾ ਚਾਹੀਦਾ ਹੈ |
ਜੋ ਵਿਦਿਆਰਥੀ ਸਾਰਾ ਸਾਲ ਗੰਭੀਰ ਨਹੀਂ ਰਹੇ, ਸਕੂਲ ਵੀ ਰੋਜ਼ਾਨਾ ਜਾ ਕੇ ਆਪਣੇ ਨੋਟਿਸ ਵੀ ਪੂਰੇ ਨਹੀਂ ਕਰ ਪਾਏ, ਉਨ੍ਹਾਂ ਲਈ ਥੋੜ੍ਹੀ ਸਮੱਸਿਆ ਹੋ ਜਾਂਦੀ ਹੈ ਪਰ ਅਸੰਭਵ ਕੁਝ ਨਹੀਂ ਹੁੰਦਾ | ਇਨ੍ਹਾਂ ਥੋੜ੍ਹੇ ਦਿਨਾਂ ਵਿਚ ਵੀ ਉਹ ਦਿਲ ਲਗਾ ਕੇ ਪੜ੍ਹਾਈ ਕਰ ਲੈਣ, ਆਪਣੇ ਹੁਸ਼ਿਆਰ ਸਾਥੀਆਂ ਕੋਲ ਬੈਠ ਕੇ ਸਮਝ ਲੈਣ ਜਾਂ ਅਧਿਆਪਕਾਂ ਕੋਲੋਂ ਬੇਝਿਜਕ ਹੋ ਕੇ ਦੁਹਰਾਈ ਕਰ ਲੈਣ ਤਾਂ ਉਹ ਵੀ ਪਾਸ ਹੋ ਸਕਦੇ ਹਨ |
ਸੋ, ਸਾਰੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਪੱਧਰ 'ਤੇ ਡਟ ਕੇ ਇਮਤਿਹਾਨਾਂ ਦੀ ਤਿਆਰੀ ਕਰਨੀ ਚਾਹੀਦੀ ਹੈ, ਨਕਲ ਦੇ ਆਸਰੇ ਬਿਲਕੁਲ ਨਹੀਂ ਰਹਿਣਾ, ਆਪਣੇ ਬਲ 'ਤੇ ਜ਼ਿੰਦਗੀ ਵਿਚ ਕਾਮਯਾਬ ਹੋਣਾ ਹੈ ਤੇ ਵਧੀਆ ਅੰਕਾਂ ਨਾਲ ਪਾਸ ਹੋ ਕੇ ਆਪਣੀਆਂ ਮੰਜ਼ਿਲਾਂ ਵੱਲ ਵਧਣਾ ਹੈ |
-ਜਲੰਧਰ |

ਅਕਾਸ਼ਵਾਣੀ ਜਲੰਧਰ ਨੇ ਪੰਜਾਬੀ ਦਾ ਗਲ ਘੁੱਟਿਆ

ਅਰਬ ਦੇਸ਼ਾਂ 'ਚ ਵਸਦੇ ਅਸੀਂ ਤੇ ਸਾਡੇ ਜਿਹੇ ਕਈ ਹੋਰ ਪੰਜਾਬੀ ਕੰਮਕਾਰ ਦੇ ਨਾਲ-ਨਾਲ ਰਾਤ ਨੂੰ ਜਾਂ ਆਰਾਮ ਵਾਲੇ ਸਮੇਂ ਦਿਨ ਨੂੰ ਡੀ. ਟੀ. ਐੱਚ. ਰੇਡੀਓ 'ਤੇ ਪੰਜਾਬੀ ਪ੍ਰੋਗਰਾਮ ਤੇ ਪੰਜਾਬੀ ਸੰਗੀਤ ਸੁਣਨ ਦੀ ਖਾਹਿਸ਼ ਰੱਖਦੇ ਹਨ ਤੇ ਨਾਲ ਹੀ ਪੰਜਾਬ ਨਾਲ ਜੁੜਿਆਂ ਦੀ ਇੱਛਾ ਅਕਾਸ਼ਵਾਣੀ ਜਲੰਧਰ ਵੱਲੋਂ ਚਲਾਏ ਜਾਂਦੇ ਡੀ. ਟੀ. ਐੱਚ. ਰੇਡੀਓ ਏ. ਆਈ. ਆਰ. ਪੰਜਾਬੀ ਸੁਣ ਕੇ ਪੂਰੀ ਕਰਨਾ ਚਾਹੁੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਖਾਸ ਕਰਕੇ ਡੁਬਈ, ਇਰਾਕ, ਈਰਾਨ, ਮਸਕਟ ਤੇ ਅਰਬ ਦੇਸ਼ਾਂ 'ਚ ਜਦੋਂ ਏ. ਆਈ. ਆਰ. ਪੰਜਾਬੀ ਲਾਇਆ ਜਾਂਦਾ ਹੈ ਤਾਂ ਸਵੇਰ ਤੋਂ ਦੁਪਹਿਰ ਤੱਕ ਹਿੰਦੀ ਗੀਤ, ਹਿੰਦੀ ਪ੍ਰੋਗਰਾਮ ਹੀ ਸੁਣਨ ਨੂੰ ਮਿਲਦੇ ਹਨ, ਜਦਕਿ ਹਿੰਦੀ ਸੰਗੀਤ ਲਈ ਐਟ. ਐੱਮ. ਰੇਨਬੋ, ਐਟ. ਐੱਮ. ਗੋਲਡ, ਏ. ਆਈ. ਆਰ. ਹਿੰਦੀ, ਉਰਦੂ ਸਰਵਿਸ ਤੇ ਵਿਵਿਧ ਭਾਰਤੀ ਰੇਡੀਓ ਡੀ. ਟੀ. ਐੱਚ. 'ਤੇ ਹੈ | ਜ਼ਿਆਦਾਤਰ ਲੋਕ ਇਥੇ ਟਰਾਲੇ, ਟਰੱਕ, ਟੈਕਸੀ ਚਲਾਉਂਦੇ ਹਨ | ਮੋਬਾਈਲ ਹਰੇਕ ਲਈ ਜ਼ਰੂਰੀ ਹੈ ਤੇ ਡੀ. ਟੀ. ਐੱਚ. ਪੰਜਾਬੀ ਦੀ ਮੋਬਾਈਲ 'ਤੇ ਵੀ ਐਪ ਹੈ ਪਰ ਅਫਸੋਸ, ਮੂਹਰੇ ਸੁਣਨ ਨੂੰ ਹੀ ਹਿੰਦੀ ਮਿਲਦਾ ਹੈ |
ਏ. ਆਈ. ਆਰ. ਪੰਜਾਬੀ ਤੇ ਪ੍ਰਦੇਸੀਆਂ ਲਈ ਕੋਈ ਸ਼ੋਅ ਨਹੀਂ | ਕੋਈ ਪੰਜਾਬੀ ਫਰਮਾਇਸ਼ੀ ਪ੍ਰੋਗਰਾਮ ਚਿੱਠੀਆਂ, ਐੱਸ. ਐੱਮ. ਐੱਸ., ਈ-ਮੇਲ ਜਾਂ ਲਾਈਵ ਇਨ ਫੋਨ ਨਹੀਂ ਹੈ | ਏ. ਆਈ. ਆਰ. ਮਰਾਠੀ, ਬੰਗਾਲੀ, ਗੁਜਰਾਤੀ, ਉੜੀਸਾ ਆਪਣੀ ਭਾਸ਼ਾ ਦੀ ਸੇਵਾ ਕਰ ਰਹੇ ਹਨ ਪਰ ਸਾਰਾ ਬੇਕਾਰ, ਏ. ਆਈ. ਆਰ. ਪੰਜਾਬੀ ਪ੍ਰਦੇਸੀਆਂ ਦੇ ਪੱਲੇ ਨਿਰਾਸ਼ਾ ਪਾ ਰਿਹਾ ਹੈ | ਇਹ ਕਿਹੋ ਜਿਹਾ ਖੇਤਰੀ ਚੈਨਲ ਹੈ? ਭਾਸ਼ਾਈ ਚੈਨਲ ਹੈ ਤੇ ਪੰਜਾਬੀ ਪ੍ਰਸਾਰਨ ਹੈ | ਲੋਕ ਪ੍ਰਸਾਰਕ, ਸਰਕਾਰੀ ਸਰਪ੍ਰਸਤੀ ਵਾਲੇ ਪ੍ਰਸਾਰ ਭਾਰਤੀ ਨੇ ਏ. ਆਈ. ਆਰ. ਪੰਜਾਬੀ ਜਿਸ ਮਕਸਦ ਲਈ ਚਲਾਇਆ, ਉਸ 'ਚ ਫੇਲ੍ਹ ਹੈ | ਡੀ. ਟੀ. ਐੱਚ. 'ਤੇ ਦਿਹਾਤੀ ਪ੍ਰੋਗਰਾਮ ਦੀ ਕੀ ਤੁਕ? ਅਕਾਸ਼ਵਾਣੀ ਜਲੰਧਰ ਦੀ ਪੰਜਾਬੀ ਵਿਰੋਧੀ ਲਾਬੀ ਨੇ ਵਿਦੇਸ਼ੀ ਪੰਜਾਬੀਆਂ ਪੱਲੇ ਡੀ. ਟੀ. ਐੱਚ. ਪੰਜਾਬੀ ਪ੍ਰਸਾਰਨ ਸੇਵਾ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ ਹੈ | ਕੀ ਇਸ ਮਸਲੇ ਵੱਲ ਸੂਚਨਾ ਤੇ ਪ੍ਰਸਾਰਨ ਮੰਤਰੀ ਧਿਆਨ ਦੇਣਗੇ?
-ਸੰਪਰਕ : 00971501609

ਲੋਕ ਕਿਉਂ ਕਰਦੇ ਹਨ ਸੜਕਾਂ ਜਾਮ?

ਕਿਸੇ ਮਾਮਲੇ ਸਬੰਧੀ ਜਦੋਂ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਫਿਰ ਪੀੜਤ ਪਰਿਵਾਰ ਕੋਲ ਕੋਈ ਹੋਰ ਹੱਲ ਹੀ ਨਹੀਂ ਰਹਿ ਜਾਂਦਾ ਸਿਵਾਏ ਸੜਕਾਂ 'ਤੇ ਜਾਮ ਲਗਾਉਣ ਤੋਂ ਜਾਂ ਧਰਨੇ ਦੇਣ ਤੋਂ | ਜਦੋਂ ਪੀੜਤ ਸੜਕਾਂ ਜਾਮ ਕਰ ਦਿੰਦੇ ਹਨ, ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਫਟਾਫਟ ਪ੍ਰਸ਼ਾਸਨ ਹਰਕਤ 'ਚ ਆ ਜਾਂਦਾ ਹੈ | ਛੋਟੇ ਅਧਿਕਾਰੀਆਂ ਤੋਂ ਲੈ ਕੇ ਉੱਚ ਅਧਿਕਾਰੀ ਪੀੜਤ ਪਰਿਵਾਰ ਦੀ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ ਹਨ, ਇਥੋਂ ਤੱਕ ਕਿ ਆਪਣੇ ਸਾਰੇ ਜ਼ਰੂਰੀ ਕੰਮ ਛੱਡ ਕੇ ਧਰਨੇ ਵਾਲੇ ਸਥਾਨ 'ਤੇ ਆ ਪਹੁੰਚਦੇ ਹਨ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ | ਕਈ ਵਾਰ ਤਾਂ ਉਸੇ ਵਕਤ ਕੁਝ ਹੀ ਸਮੇਂ 'ਚ ਉਚਿਤ ਕਾਰਵਾਈ ਅਮਲ ਵਿਚ ਲਿਆਂਦੀ ਵੀ ਜਾਂਦੀ ਹੈ | ਸਵਾਲ ਉਠਦਾ ਹੈ ਕਿ ਜੇਕਰ ਸੜਕਾਂ ਜਾਮ ਕਰਨ ਤੋਂ ਪਹਿਲਾਂ ਹੀ, ਧਰਨੇ ਲਗਾਉਣ ਤੋਂ ਪਹਿਲਾਂ ਹੀ ਉਚਿਤ ਕਾਰਵਾਈ ਕੀਤੀ ਜਾਵੇ ਤਾਂ ਕਿਉਂ ਧਰਨੇ ਲਗਾਉਣੇ ਪੈਣ? ਕਿਉਂ ਸੜਕਾਂ 'ਤੇ ਜਾਮ ਲੱਗਣ? ਸਾਡੇ ਪ੍ਰਸ਼ਾਸਨਿਕ ਢਾਂਚੇ ਨੂੰ ਇਸ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਹਰ ਪੀੜਤ ਦੀ ਗੱਲ ਨੂੰ (ਸ਼ਿਕਾਇਤ ਨੂੰ ) ਧਿਆਨ ਨਾਲ ਸੁਣ ਕੇ ਉਸ 'ਤੇ ਜਲਦੀ ਤੋਂ ਜਲਦੀ ਉਚਿਤ ਕਾਰਵਾਈ ਕੀਤੀ ਜਾਵੇ | ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ-ਆਪ ਨੂੰ ਉਸ ਪੀੜਤ ਦੀ ਜਗ੍ਹਾ 'ਤੇ ਰੱਖ ਕੇ, ਸੋਚ ਕੇ, ਦੋਸ਼ੀਆਂ ਖਿਲਾਫ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਸਮਾਜ ਨੂੰ ਸੜਕਾਂ ਜਾਮ ਦੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ |
-ਦਿਉਣ ਖੇੜਾ (ਮੁਕਤਸਰ) |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX