ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਬਹੁਤ ਅੱਗੇ ਲੰਘ ਆਏ ਹਾਂ ਅਸੀਂ

ਕਹਾਣੀ
ਦੋ ਕੁ ਸਾਲਾਂ ਦੀ ਕੁੜੀ ਗੋਦੀ ਚੁੱਕੀ ਤੇ ਦੂਸਰੇ ਹੱਥ 'ਚ ਬੈਗ ਫੜੀ ਜਦ ਰਵਨੀਤ ਪੇਕਿਆਂ ਦੇ ਘਰ ਪੁੱਜੀ ਤਾਂ ਉਸ ਦੀ ਮਾਂ ਤ੍ਰਭਕੀ। ਕੁਵੇਲੇ ਇਸ ਤਰ੍ਹਾਂ ਇਕੱਲਿਆਂ ਆਉਣਾ ਸੁਖ ਹੋਵੇ। ਹਤਾਜ਼ ਜਿਹੀ ਹੋਈ ਧੀ ਨੂੰ ਮਿਲਦਿਆਂ ਬੋਲੀ, 'ਰਾਵੀ 'ਕੱਲੀ ਆਈ ਐਂ?'
'ਹੋਰ ਕਿਸ ਨੇ ਆਉਣਾ ਸੀ ਮੇਰੇ ਨਾਲ? ਹੁਣ ਖੜ੍ਹੇ ਪੈਰ ਵਾਪਸ ਮੁੜਨ ਲਈ ਨਾ ਆਖ ਦਈਂ। ਮਾਂ ਤੂੰ ਆਪੇ ਈ ਆਖਦੀ ਹੁੰਦੀ ਸੀ, ਜਦੋਂ ਧੀ ਦੀ ਡੋਲੀ ਘਰੋਂ ਉਠ ਜਾਏ, ਫਿਰ ਜਿਊਂਦੀ... ਤਾਂ ਮੈਂ ਜਿਊਂਦੀ ਵੀ ਕਿੱਥੇ ਆਂ ਮਾਂ। ਇਹਨੂੰ ਜਿਊਣਾ ਕਹਿੰਦੇ ਨੇ...?' ਰਵਨੀਤ ਅੱਖਾਂ ਭਰ ਆਈ।
'ਇਉਂ ਨੀ ਆਖੀਦਾ ਪੁੱਤ। ਸਾਹ ਤਾਂ ਲੈ ਲਾ। ਫੜਾ ਬੈਗ', ਮਾਂ ਨੇ ਬੈਗ ਫੜਨ ਲਈ ਹੱਥ ਵਧਾਇਆ ਤਾਂ ਧੀ ਨੇ ਆਪਣੀ ਦੋ ਸਾਲ ਦੀ ਬੱਚੀ ਉਸ ਵੱਲ ਉਲਾਰ ਦਿੱਤੀ। ਮਾਂ ਨੇ ਧੀ ਨੂੰ ਆਪਣੀ ਵੱਖੀ ਨਾਲ ਲਾਉਂਦਿਆਂ ਬਰਾਮਦੇ ਵਿਚ ਡੱਠੇ ਹੋਏ ਮੰਜੇ ਉੱਪਰ ਜਾ ਬਿਠਾਇਆ। ਛੋਟੀ ਬੱਚੀ ਹੇਠਾਂ ਉਤਰਨ ਲਈ ਅਹੁਲੀ ਤਾਂ ਉਸ ਨੂੰ ਉਤਾਰ ਕੇ ਮਾਂ ਪਾਣੀ ਲੈਣ ਚਲੀ ਗਈ।
ਪਾਣੀ ਪੀ ਕੇ ਰਵਨੀਤ ਨੇ ਲੰਮਾ ਸਾਹ ਖਿੱਚ ਕੇ ਛੱਡਿਆ। ਮਾਂ ਉਸ ਦੇ ਹਾਵ-ਭਾਵ ਤਾੜਦੀ ਰਹੀ। ਸਹੁਰਿਆਂ ਬਾਰੇ, ਉਥੋਂ ਦੀ ਸੁੱਖ-ਸਾਂਦ ਬਾਰੇ ਪੁੱਛਣ ਦਾ ਹੌਸਲਾ ਨਾ ਹੋਇਆ। ਕੀ ਪਤਾ ਕੀ ਬੋਲੇ? ਅੰਦਰਲੇ ਡਰ ਨੇ ਸੱਪ ਵਾਂਗ ਫ਼ਨ ਚੁੱਕਿਆ। ਫਿਰ ਵੀ ਰਿਹਾ ਨਾ ਗਿਆ, ਪੁੱਛ ਬੈਠੀ, 'ਦਾਰਾ ਸਿਹੁੰ ਦਾ ਕੀ ਹਾਲ ਐ?'
ਹੁਣ ਰਵਨੀਤ ਆਪਣੀ ਮਾਂ ਵੱਲ ਹੈਰਾਨੀ ਨਾਲ ਝਾਕੀ। ਪਹਿਲਾਂ ਜੀ ਕੀਤਾ, ਮਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦੇਵੇ। ਫਿਰ ਸੋਚਿਆ ਮਾਂ ਕਿਤੇ ਭੁਲੇਖੇ ਵਿਚ ਈ ਨਾ ਹੋਵੇ। ਬੋਲੀ, 'ਓਹਦਾ ਹਾਲ ਤੈਨੂੰ ਕਿਹੜਾ ਪਤਾ ਨੀ ਮਾਂ? ਮੇਰੇ ਮੂੰਹੋਂ ਕਿਉਂ ਸੁਣਨਾ ਚਾਹੁੰਨੀ ਐਂ?'
'ਲੜ ਕੇ ਆਈ ਐਂ?' ਮਾਂ ਅੰਦਰ ਹੋਰ ਫਿਕਰ ਜਾਗਿਆ।
'ਕਿਸ ਦੇ ਨਾਲ ਲੜਾਂ? ਕੋਈ ਲੜਨ ਜੋਗਾ ਹੋਵੇ ਤਾਂ ਲੜਾਂ...?'
'ਤੇਰੀ ਸੱਸ... ਸਹੁਰਾ...?'
ਰਵਨੀਤ ਨੇ ਕੋਈ ਜਵਾਬ ਨਾ ਦਿੱਤਾ, ਵਿਅੰਗ ਨਾਲ ਹੱਸੀ, ਜਿਵੇਂ ਆਪਣੀ ਹੋਣੀ 'ਤੇ ਹੱਸੀ ਹੋਵੇ।
ਧੀ ਵੱਲੋਂ ਧਿਆਨ ਮੋੜ ਕੇ ਮਾਂ ਕੋਲ ਪਏ ਬੈਗ ਵੱਲ ਝਾਕੀ, ਫਿਰ ਉਸ ਦੇ ਮਰੇ ਜਿਹੇ ਬੋਲ ਸੁਣੇ, 'ਐਂ ਨੀ ਆਈਦਾ ਹੁੰਦਾ ਪੁੱਤ। ਫੁੱਲ ਭਰ ਆਪਣੀ ਬੱਚੀ ਵੱਲ ਵੇਖ। ਕਿਵੇਂ ਪਾਲੇਂਗੀ ਇਹਨੂੰ?'
ਰਵਨੀਤ ਪਹਿਲਾਂ ਮਾਂ ਵੱਲ ਤੇ ਫਿਰ ਆਪਣੇ ਪਿਓ ਵੱਲ ਝਾਕੀ, ਜਿਹੜਾ ਅਜੇ ਤੱਕ ਬਾਹਰੋਂ ਆ ਕੇ ਚੁੱਪ ਬੈਠਾ, ਮਾਂ-ਧੀ ਦਾ ਵਾਰਤਾਲਾਪ ਸੁਣ ਰਿਹਾ ਸੀ। ਉਹ ਤਲਖੀ ਨਾਲ ਬੋਲਿਆ, 'ਇਹਨੂੰ ਉਨ੍ਹਾਂ ਦੇ ਘਰੇ ਸੁੱਟ ਕੇ ਕਿਉਂ ਨੀ ਆਈ?'
'ਕਿਵੇਂ ਸੁੱਟ ਆਉਂਦੀ ਬੁੱਚੜਾਂ ਦੇ ਘਰੇ? ਥੋਡਾ ਸਹੇੜਿਆ ਦਾਰਾ ਸਿਹੁੰ ਤਾਂ ਹਰ ਵੇਲੇ ਨਸ਼ਿਆਂ ਦਾ ਡੱਕਿਆ ਹੁੰਦੈ। ਨਸ਼ੇ ਦੀ ਲੋਰ ਵਿਚ ਕਦੇ ਉਸ ਨੂੰ ਕੁੜੀ ਵਿਚੋਂ ਝਾਂਸੀ ਦੀ ਰਾਣੀ ਦਿਸਣ ਲਗਦੀ ਐ, ਕਦੇ ਕਿਰਨ ਬੇਦੀ ਦਿਸਦੀ ਹੈ, ਕਦੇ ਕਹੂ ਇਹ ਤਾਂ ਮੇਰੀ ਕਲਪਨਾ ਚਾਵਲਾ ਐ। ਜਦੋਂ ਨਸ਼ੇ ਟੁੱਟੇ ਹੁੰਦੇ ਐ, ਉਦੋਂ ਕਹੂੰ 'ਪਰ੍ਹੇ ਲੈ ਜਾ ਇਹਨੂੰ ਸੜੀ ਜੇਹੀ ਨੂੰ। ਨਹੀਂ ਤਾਂ ਮੈਂ ਇਹਨੂੰ ਕੰਧ ਨਾਲ ਮਾਰੂੰ ਪਟਕਾ ਕੇ। ਕਦੇ ਕਹੂ ਮੈਂ ਤੇਰੀ ਕੁੜੀ ਦਾ ਗਲਾ ਘੁੱਟ ਦੇਣੈਂ। ਕਿਵੇਂ ਛੱਡ ਆਉਂਦੀ ਉਥੇ?'
'ਸਾਡੇ ਵੱਲੋਂ ਗਲਾ ਘੁੱਟ ਕੇ ਮਾਰੇ ਭਾਵੇਂ ਕੰਧ ਨਾਲ ਪਟਕਾ ਕੇ ਮਾਰੇ, ਜੋ ਮਰਜ਼ੀ ਕਰੇ। ਪਤਾ ਤਾਂ ਲੱਗੇ ਉਹਨੂੰ ਜੁਆਕ ਕਿਵੇਂ ਪਾਲੀਦੇ ਐ', ਪਿਓ ਪੂਰਾ ਹਰਖਿਆ ਹੋਇਆ ਸੀ।
'ਇਹ ਕੰਡੇ ਤੁਸੀਓਂ ਬੀਜੇ ਐ ਬਾਪੂ। ਮੈਂ ਉਦੋਂ ਤੁਹਾਨੂੰ ਕਿਹਾ ਸੀ, ਮੇਰੀ ਇਕ ਸਹੇਲੀ ਉਨ੍ਹਾਂ ਦੇ ਪਿੰਡ ਦੀ ਐ। ਉਸ ਨੇ ਮੈਨੂੰ ਦੱਸਿਆ ਸੀ, ਮੁੰਡਾ ਨਸ਼ੇ ਕਰਦਾ ਐ। ਉਦੋਂ ਪਤੈ, ਤੁਸੀਂ ਕੀ ਕਿਹਾ ਸੀ, ਤੁਹਾਨੂੰ ਤਾਂ ਯਾਦ ਨੀ ਹੋਣਾ, ਮੈਨੂੰ ਯਾਦ ਹੈ, ਜਿਹੜੀ ਤਿੰਨ ਸਾਲ ਜਿਊਂਦੀ ਹੀ ਬਲਦੀ ਅੱਗ 'ਚ ਸੜਦੀ ਰਹੀ...', ਰਵਨੀਤ ਡਾਢੀ ਪੀੜ ਨਾਲ ਆਪਣੇ ਮਾਂ-ਬਾਪ ਵੱਲ ਝਾਕੀ। ਮਾਂ ਚੁੱਪ ਬੈਠੀ, ਕ੍ਰੋਧਿਤ ਹੋਈ ਧੀ ਵੱਲ ਝਾਕ ਰਹੀ ਸੀ। ਧੀ ਦੇ ਚਿਹਰੇ ਉਪਰ ਕਰੁਣਾਮਈ ਮੁਸਕਰਾਹਟ ਆਈ ਬੋਲੀ, 'ਬਾਪੂ ਜੀ, ਤੁਸੀਂ ਕਿਹਾ ਸੀ ਨਾ 'ਜੱਟਾਂ ਦੇ ਪੁੱਤ ਕਰਦੇ ਈ ਹੁੰਦੇ ਐ ਨਸ਼ੇ।' ਜਿਵੇਂ ਜੱਟਾਂ ਦੇ ਪੁੱਤਾਂ ਨੂੰ ਨਸ਼ੇ ਕਰਨ ਦਾ ਧੁਰੋਂ ਲਸੰਸ ਮਿਲਿਆ ਹੁੰਦੈ। ਮੈਨੂੰ ਈ ਪਤੈ, ਮੈਂ ਕਿਵੇਂ ਕੱਟੇ ਐ ਢਾਈ-ਤਿੰਨ ਸਾਲ ਉਥੇ।'
'ਏਸ ਤਰ੍ਹਾਂ ਰੁਸ ਕੇ ਆਉਣ ਦਾ ਵੀ ਕੋਈ ਤਰੀਕਾ ਨੀ ਹੈ', ਪਿਓ ਨੂੰ ਸਮਝ ਨਹੀਂ ਸੀ ਆ ਰਿਹਾ, ਇਹ ਤਾਣੀ ਕਿਵੇਂ ਸੁਲਝਾਵੇ।
'ਕੀ ਕਰਦੀ? ਕਿਸੇ ਨਹਿਰ 'ਚ ਛਾਲ ਮਾਰ ਦਿੰਦੀ? ਕਿਸੇ ਰੇਲ ਥੱਲੇ ਆ ਜਾਂਦੀ? ਉਹ ਤਾਂ ਮੈਨੂੰ ਸਾੜਨ ਦੀਆਂ ਸਕੀਮਾਂ ਬਣਾਈ ਬੈਠੇ ਸੀ', ਰਵਨੀਤ ਪਿਓ ਦੀਆਂ ਅੱਖਾਂ 'ਚ ਸਿੱਧਾ ਝਾਕੀ। 'ਜੇ ਮੈਂ ਥੋਨੂੰ ਆਪਣੀਆਂ ਸੱਟਾਂ ਵਿਖਾਵਾਂ, ਐਂ ਤਾਂ ਕੋਈ ਪਸ਼ੂਆਂ ਨੂੰ ਵੀ ਨੀ ਕੁੱਟਦੈ। ਹੁਣ ਨੀ ਬਾਪੂ ਮੈਂ ਉਥੇ ਜਾਣਾ, ਥੋਡਾ ਦਾਰਾ ਸਿਹੁੰ ਭਾਵੇਂ ਦੁੱਧ ਧੋਤਾ ਬਣ ਕੇ ਆ ਜੇ। ਹੁਣ ਨੀ, ਬਹੁਤ ਹੋਗੀ। ਜੇ ਇਸ ਘਰ 'ਚ ਮੇਰੇ ਲਈ ਥਾਂ ਹੈਨੀ ਤਾਂ ਅੱਡ ਕਮਰਾ ਲੈ ਲਊਂ। ਇਕ ਡੰਗ ਖਾ ਲਊਂ। ਭੁੱਖੀ ਰਹਿ ਲਊਂ। ਪਰ ਓਸ ਘਰ 'ਚ ਵਾਪਸ ਨਹੀਂ ਜਾਣਾ। ਜੇ ਧੱਕੇ ਨਾਲ ਉਥੇ ਭੇਜੋਂਗੇ ਤਾਂ ਕੋਈ ਖੇਹ-ਸੁਆਹ ਲਾ ਲਊਂ। ਹਰ ਰੋਜ਼ ਮਰ-ਮਰ ਕੇ ਤਾਂ ਮੇਰੀ ਬੱਸ ਹੋਈ ਪਈ ਐ ਮਾਂ।' ਰਵਨੀਤ ਦਾ ਪਹਿਲਾਂ ਗਲਾ ਭਰਿਆ, ਫਿਰ ਅੱਖਾਂ ਵਹਿ ਤੁਰੀਆਂ।
ਸੁੰਨ ਹੋਈ ਬੈਠੀ ਮਾਂ ਆਪਣੀ ਧੀ ਵੱਲ ਵੇਖਦੀ ਰਹਿ ਗਈ। ਐਨਾ ਸੰਤਾਪ ਭੋਗਦੀ ਆਈ ਹੈ? ਨਹੀਂ ਤਾਂ ਇਸ ਤਰ੍ਹਾਂ ਛੱਡਦਾ ਹੈ ਕੋਈ ਆਪਣਾ ਘਰ? ਪਰ ਬਾਪ ਕੁਝ ਵੱਖਰਾ ਸੋਚ ਰਿਹਾ ਸੀ, ਨਿੱਕੀ ਕੁੜੀ ਨੂੰ ਉਨ੍ਹਾਂ ਦੇ ਘਰ ਸੁੱਟ ਕੇ ਆਉਣਾ ਚਾਹੀਦਾ ਸੀ। ਕਿਵੇਂ ਪਤਾ ਲੱਗੂ ਉਸ ਨੂੰ, ਕਿਵੇਂ ਅਕਲ ਆਊ। ਮੈਂ ਸੁੱਟ ਕੇ ਆਊਂ ਕੁੜੀ। ਉਹ ਕੀ ਜਾਨਣਗੇ ਕੰਜਰ?
ਮਾਂ ਹਓਕਾ ਲੈ ਕੇ ਉੱਠੀ ਤੇ ਰਸੋਈ ਵਿਚ ਜਾ ਕੇ ਚਾਹ ਬਣਾਉਣ ਲੱਗ ਪਈ। ਪਿਓ ਗੁੱਸੇ ਜਿਹੇ ਵਿਚ ਫਿਰ ਬਾਹਰ ਨਿਕਲ ਗਿਆ। ਮਾਂ ਚੌਂਕੇ ਵਿਚੋਂ ਹੀ ਬੋਲੀ, 'ਇਹਨੇ ਕਿਹੜਾ ਘੱਟ ਲਹੂ ਪੀਤੈ, ਹੁਣ ਚਾਹ ਪੀ ਕੇ ਵੀ ਨੀਂ ਗਿਆ।'
-0-
ਰਵਨੀਤ ਦਾ ਵਿਆਹ ਹੋਏ ਨੂੰ ਲਗਪਗ ਤਿੰਨ ਸਾਲ ਹੋ ਗਏ ਸਨ। ਉਸ ਨੇ ਕੰਪਿਊਟਰ ਸਾਇੰਸ ਦਾ ਡਿਪਲੋਮਾ ਕਰ ਲਿਆ ਸੀ। ਉਹ ਡਿਗਰੀ ਕਰਨ ਲਈ ਦਾਖਲਾ ਲੈਣ ਦੀ ਤਿਆਰੀ ਕਰ ਰਹੀ ਸੀ, ਜਦੋਂ ਇਕ ਵਿਚੋਲੇ ਨੇ ਉਨ੍ਹਾਂ ਨੂੰ ਮੁੰਡੇ ਦੀ ਦਸ ਪਾਈ। ਵਿਚੋਲੇ ਦੇ ਦੱਸਣ ਅਨੁਸਾਰ ਮੁੰਡੇ ਨੂੰ 6-7 ਕਿੱਲੇ ਜ਼ਮੀਨ ਆਉਂਦੀ ਸੀ ਤੇ ਉਸ ਨੇ ਪਲੱਸ ਟੂ ਕਰਕੇ ਵਕਾਲਤ ਦੇ ਪੰਜ ਸਾਲਾ ਕੋਰਸ ਵਿਚ ਦਾਖਲਾ ਲੈਣਾ ਸੀ। ਰਵਨੀਤ ਅਜੇ ਪੜ੍ਹਨਾ ਚਾਹੁੰਦੀ ਸੀ ਪਰ ਚੰਗਾ ਰਿਸ਼ਤਾ ਹੱਥੋਂ ਨੀ ਜਾਣ ਦੇਣਾ ਚਾਹੀਦਾ। ਅੱਜਕਲ੍ਹ ਚੰਗੇ ਪੜ੍ਹੇ-ਲਿਖੇ ਮੁੰਡੇ ਲੱਭਦੇ ਕਿੱਥੇ ਐ। ਕਰਮਾਂ ਨਾਲ ਈ ਚੰਗੇ ਥਾਂ ਹੱਥ ਜੁੜਦੈ। ਵਰਗੀਆਂ ਵਿਚੋਲੇ ਦੀਆਂ ਗੱਲਾਂ ਨੇ ਦੋਵਾਂ ਧਿਰਾਂ ਦੇ ਸਬੰਧ ਜੋੜ ਦਿੱਤੇ।
ਵਿਆਹ ਬੱਝਣ ਤੱਕ, ਵਿਹਲਾ ਫਿਰਦਾ ਦਾਰਾ ਸਿੰਘ ਨਸ਼ੇੜੀ ਟੋਲੇ ਦੇ ਚੁੰਗਲ ਵਿਚ ਫਸ ਚੁੱਕਾ ਸੀ। ਅਜੇ ਡੌਲਿਆਂ ਦੀਆਂ ਮੱਛਲੀਆਂ ਦਾ ਸਾਹ ਨਹੀਂ ਸੀ ਘੁੱਟਣ ਲੱਗਾ, ਅਜੇ ਪੱਟਾਂ ਦੀਆਂ ਘੁੱਗੀਆਂ ਨੇ ਧੌਣਾਂ ਨਹੀਂ ਸੀ ਸੁੱਟੀਆਂ। ਅਜੇ ਦਾਰਾ ਸਿੰਘ ਦੇ ਪੈਰ ਨਸ਼ੇ ਦੇ ਆਨੰਦ ਵਿਚ ਜ਼ਮੀਨ ਤੋਂ ਜ਼ਰਾ-ਜ਼ਰਾ ਉੱਪਰ ਉੱਠਣੇ ਸ਼ੁਰੂ ਹੋਏ ਸਨ। ਇਹ ਲੋਰ ਹੀ ਵੱਖਰੀ ਸੀ, ਦਾਰਾ ਸਿੰਘ ਤੇ ਉਸ ਦੇ ਯਾਰ-ਬੇਲੀ ਵੱਡੇ-ਵੱਡੇ ਸੁਪਨੇ ਵੇਖਣ ਲੱਗੇ। ਵੱਡੀਆਂ-ਵੱਡੀਆਂ ਯੋਜਨਾਵਾਂ ਬਣਾਉਣ ਲੱਗੇ। ਉਹ ਬੈਂਕ ਲੁੱਟਣ ਤੇ ਡਾਕੇ ਮਾਰਨ ਦੀਆਂ ਸਕੀਮਾਂ ਘੜਦੇ। ਕਿਧਰੋਂ ਹਥਿਆਰ ਲੈਣ ਦੇ ਫਿਕਰਾਂ 'ਚ ਰਹਿੰਦੇ। ਹਵਾ ਵਿਚ ਉੱਡਦੇ ਇਨ੍ਹਾਂ ਦਿਨਾਂ ਵਿਚ ਹੀ ਦਾਰਾ ਸਿੰਘ ਦਾ ਵਿਆਹ ਹੋ ਗਿਆ। ਉਸ ਦੇ ਮਾਂ ਪਿਓ ਨੂੰ ਉਮੀਦ ਸੀ, ਵਿਆਹ ਦੀ ਜ਼ਿੰਮੇਵਾਰੀ ਸਮਝੇਗਾ, ਨਸ਼ੇੜੀ ਜੁੰਡਲੀ ਤੋਂ ਖਹਿੜਾ ਛੁੱਟੇਗਾ।
ਪਰ ਬੰਦਾ ਜੋ ਸੋਚਦਾ ਹੈ, ਉਹ ਹੁੰਦਾ ਨਹੀਂ, ਜੋ ਨਹੀਂ ਸੋਚਦਾ ਉਹ ਹੋ ਜਾਂਦੈ। ਮਹੀਨਾ ਕੁ ਤਾਂ ਸੱਸ ਸਹੁਰਾ ਰਵਨੀਤ ਤੋਂ ਪਰਦਾ ਰੱਖਦੇ ਰਹੇ। ਦਾਰਾ ਸਿੰਘ ਵੀ ਆਪਣੇ ਵੱਲੋਂ ਸੰਕੋਚ ਰੱਖਣ ਦਾ ਯਤਨ ਕਰਦਾ ਰਿਹਾ। ਪਰ ਭਾਂਡਾ ਆਖਰ ਭੱਜਣਾ ਸੀ, ਭੱਜ ਗਿਆ। ਰਵਨੀਤ ਨੂੰ ਆਪਣੇ-ਆਪ 'ਤੇ ਮਾਣ ਸੀ, ਮੈਂ ਦਾਰੇ ਨੂੰ ਏਸ ਪਾਸਿਉਂ ਮੋੜ ਲਊਂਗੀ। ਉਸ ਨੇ ਹਰ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਦਾਰਾ ਉਸ ਕੋਲੋਂ ਖਿੱਝਣ ਲੱਗਾ। ਯਾਰ-ਬੇਲੀ ਵੀ ਪੁੱਠਾ-ਸਿੱਧਾ ਸਮਝਾਉਂਦੇ ਰਹਿੰਦੇ। ਘਰ 'ਚ ਤਣਾਅ ਪੈਦਾ ਹੋ ਗਿਆ। ਦਾਰਾ ਸਿੰਘ ਹੌਲੀ-ਹੌਲੀ ਨੰਗਾ ਚਿੱਟਾ ਹੋ ਕੇ ਨਸ਼ੇ ਕਰਨ ਲੱਗਾ। ਪਹਿਲਾਂ ਘਰ 'ਚ ਕਲੇਸ਼ ਦੀ ਅੱਗ ਧੁਖੀ, ਫਿਰ ਧੂੰਆਂ ਨਿਕਲਿਆ ਤੇ ਇਕ ਦਿਨ ਅਚਾਨਕ ਭਾਂਬੜ ਬਣ ਗਈ, ਜਦ ਸੱਸ ਨੇ ਰਵਨੀਤ ਉਪਰ ਤੁਹਮਤ ਲਾਈ, 'ਤੈਨੂੰ ਆਪਣਾ ਖਸਮ ਸਾਂਭਣਾ ਨੀਂ ਆਉਂਦਾ।'
ਘਰ ਦੇ ਅਜਿਹੇ ਮਾਹੌਲ ਵਿਚ ਰਵਨੀਤ ਗਰਭਵਤੀ ਹੋ ਗਈ। ਦਾਰਾ ਸਿੰਘ ਨਸ਼ੇ ਦੀ ਹਾਲਤ ਵਿਚ ਹਿੰਸਕ ਹੋਣ ਲੱਗ ਪਿਆ। ਨਸ਼ੇ ਲਈ ਪੈਸਿਆਂ ਦੀ ਹਰ ਰੋਜ਼ ਲੋੜ ਰਹਿਣ ਲੱਗੀ ਤੇ ਲੜਾਈ ਬਿਨਾਂ ਪੈਸੇ ਨਾ ਮਾਂ-ਪਿਓ ਤੋਂ ਮਿਲਦੇ ਸਨ, ਨਾ ਰਵਨੀਤ ਤੋਂ। ਦਿਨ ਲੰਘਦੇ ਗਏ। ਰਵਨੀਤ ਹਰ ਰੋਜ਼ ਅਪਮਾਨ ਸਹਿੰਦੀ ਰਹੀ। ਪ੍ਰਸੂਤਾ ਦੇ ਦਿਨ ਨੇੜੇ ਆਏ ਤਾਂ ਦਾਰੇ ਦੇ ਵਤੀਰੇ ਤੋਂ ਡਰਦੀ ਤੇ ਆਪਣੀ ਕੁੱਖ ਨੂੰ ਬਚਾਉਣ ਲਈ ਉਹ ਪੇਕੀਂ ਆ ਗਈ। (ਬਾਕੀ ਅਗਲੇ ਐਤਵਾਰ)


-19/374, ਕ੍ਰਿਸ਼ਨਾ ਨਗਰ, ਮੋਗਾ-142001.
ਮੋਬਾਈਲ : 98147-83069.


ਖ਼ਬਰ ਸ਼ੇਅਰ ਕਰੋ

ਲਘੂ ਕਹਾਣੀ

ਸਵਾਗਤ
ਆਖਰ ਉਹ ਇਕ ਲੰਮੀ ਸਜ਼ਾ ਕੱਟ ਕੇ ਆਪਣੇ ਘਰ ਆ ਗਿਆ।
'ਕਿਸ ਗੱਲ ਦੀ?'
'ਗੱਲ ਕੀ ਹੋਣੀ ਐ।'
'ਕੁਝ ਤਾਂ ਹੋਊ ਜ਼ਰੂਰ ਯਾਰ?'
'ਕੀ ਦੱਸਾਂ ਤੇ ਕੀ ਨਾ? ਉਹ ਨਸ਼ੀਲੇ ਪਦਾਰਥਾਂ, ਗਾਂਜਾ-ਸਮੈਕ ਦਾ ਖੁੱਲ੍ਹਮ-ਖੁੱਲ੍ਹਾ ਇਕ ਮੋਟਾ ਧੰਦਾ ਕਰਦਾ ਸੀ। ਮਾਪਿਆਂ ਨੇ ਬੜੀਆਂ ਮਿੰਨਤਾਂ ਕੀਤੀਆਂ। ਦੋਸਤ-ਮਿੱਤਰ ਕਹਿ-ਕਹਿ ਥੱਕ ਗਏ ਪਰ ਉਸ ਦੇ ਦਿਮਾਗ 'ਤੇ ਇਕੋ ਇਕ ਭੂਤ ਸਵਾਰ ਸੀ, ਬਸ ਨੋਟ ਛਾਪਣ ਦਾ ਹੀ। ਇਕ ਦਿਨ ਉਹ ਪੁਲਿਸ ਦੇ ਅੜਿੱਕੇ ਚੜ੍ਹ ਹੀ ਗਿਆ।
'ਤੇਰਾ ਕੀ ਲੈਂਦਾ ਸੀ ਉਹ?'
ਲੈਣਾ ਤਾਂ ਕੀ ਏ ਭਰਾਵਾ, ਸਦਕੇ ਜਾਵਾਂ ਮੈਂ ਇਸ ਦੇਸ਼ ਤੋਂ ਤੇ ਇਸ ਦੇ ਪਿਆਰਿਆਂ ਤੋਂ। ਕੁਝ ਨਾਮੀ ਪ੍ਰਣਾਮੀ ਹਸਤੀਆਂ ਨੇ ਘਰ ਆਏ ਮਹਿਮਾਨ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਕਿਉਂਕਿ ਉਹ ਇਕ ਚਲਦਾ-ਪੁਰਜ਼ਾ ਸੀ।


-ਡਾ: ਮਨੋਹਰ ਸਿੰਗਲ
ਮੋਬਾਈਲ : 94175-30266.

ਮੁੱਖ ਮੰਤਰੀ ਦੀ ਘੜੀ 75 ਲੱਖ ਦੀ!

ਇਹ ਗੱਲ ਨਹੀਂ ਕਿ 'ਸੂਟ-ਬੂਟ' ਦੀ ਸਰਕਾਰ ਭਾਰਤ 'ਚ ਕਿਤੇ ਹੈ ਹੀ ਨਹੀਂ। ਦਿੱਲੀ 'ਚ ਇਕ ਤਾਂ ਆਪਣੀ ਕੇਂਦਰੀ ਸਰਕਾਰ ਹੈ, ਪ੍ਰਧਾਨ ਮੰਤਰੀ ਮੋਦੀ ਦੀ ਸੂਟ-ਬੂਟ ਵਾਲੀ, ਦੂਜੀ ਦਿੱਲੀ ਦੀ ਪ੍ਰਾਂਤਕ ਸਰਕਾਰ ਹੈ, ਮੁੱਖ ਮੰਤਰੀ ਕੇਜਰੀਵਾਲ ਵਾਲੀ। ਇਹਨੂੰ ਤੁਸੀਂ ਸੂਟ-ਬੂਟ ਵਾਲੀ ਆਖ ਹੀ ਨਹੀਂ ਸਕਦੇ, ਇਹ ਤਾਂ ਮਫਲਰ ਤੇ ਟੋਪੀ ਵਾਲੀ ਸਰਕਾਰ ਹੈ-ਹੱਥ 'ਚ ਝਾੜੂ ਤੇ ਸੰਘ 'ਚ ਖੰਘ। ਪਰ ਵਿਦੇਸ਼ 'ਚ ਪੜ੍ਹੇ, ਕਾਂਗਰਸ ਪਾਰਟੀ 'ਚ ਗੁੜ੍ਹੇ, ਕਾਂਗਰਸ ਦੇ ਉਪ-ਪ੍ਰਧਾਨ ਦੇ ਮੂੰਹੋਂ ਨਿਕਲੇ 'ਸੂਟ-ਬੂਟ ਦੀ ਸਰਕਾਰ' ਦੇ ਸ਼ੁੱਭ ਵਚਨ ਨੂੰ ਭਲਾ ਉਨ੍ਹਾਂ ਦੀ ਆਪਣੀ ਹੀ ਕਰਨਾਟਕ ਸਰਕਾਰ ਝੂਠਾ ਥੋੜ੍ਹਾ ਸਿਧ ਹੋਣ ਦਿੰਦੀ?
ਜਨਾਬੇ ਆਲੀ, ਕਰਨਾਟਕ 'ਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਸਿਧਾ ਰਮਈਆ ਜੀ ਨੇ ਗੁਟ 'ਤੇ ਜਿਹੜੀ ਘੜੀ ਬੰਨ੍ਹੀ ਹੋਈ ਹੈ, ਉਹਦੀ ਕੀਮਤ ਹੈ ਸੁੱਖ ਨਾਲ 75 ਲੱਖ ਰੁਪਏ। ਇਹ ਹਬਲਾਟ ਘੜੀ ਹੈ, ਐਨੀ ਮਹਿੰਗੀ ਘੜੀ ਕਿੱਥੋਂ ਆ ਗਈ ਮੇਰੀ ਸਰਕਾਰ ਕੋਲ?
ਐਨੀ ਮਹਿੰਗੀ ਘੜੀ ਵੇਖ ਕੇ ਹੀ ਤਾਂ...ਘੜੀ-ਘੜੀ ਮੇਰਾ ਦਿਲ ਧੜਕੇ... ਕਿਉਂ ਧੜਕੇ?
ਐਨੀ, ਸੂਟ-ਬੂਟ ਨਾਲੋਂ ਵੀ ਮਹਿੰਗੀ ਘੜੀ, ਘੜਿਆਲ ਵਾਲੀ ਸਰਕਾਰ।
ਰੌਲਾ ਪੈ ਗਿਆ, ਕਰਨਾਟਕ ਵਿਧਾਨ ਸਭਾ 'ਚ, ਕਰਨਾਟਕਾ 'ਚ, ਫਿਰ ਸਾਰੇ ਦੇਸ਼ 'ਚ... ਮੁੱਖ ਮੰਤਰੀ ਨੇ ਇਕ ਟਰਪਲੀ ਮਾਰ ਛੱਡੀ ਕਿ ਉਨ੍ਹਾਂ ਨੇ ਇਹ ਘੜੀ ਮੁੱਲ ਨਹੀਂ ਖਰੀਦੀ, ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀ ਹੈ।
'ਕਿਹੜੇ ਦੋਸਤ ਨੇ ਤੋਹਫ਼ਾ ਦਿੱਤਾ ਹੈ?' ਸਿੱਧਾ ਰਮਈਆ ਨੂੰ ਯਾਦ ਹੀ ਨਾ ਆਵੇ, ਕਿ ਕਿਸ ਦੋਸਤ ਦਾ ਨਾਂਅ ਲੈਣ। ਇਕ ਮਹੀਨੇ ਪਿੱਛੋਂ ਯਾਦ ਆਇਆ ਕਿ ਇਕ 'ਵਰਮਾ' ਨਾਂਅ ਦੇ ਦੋਸਤ ਨੇ ਬਖਸ਼ਿਸ਼ ਕੀਤੀ ਹੈ।
ਹੁਣ ਕਿਸੇ ਵਰਮਾ ਦਾ ਦਿਲ ਘੜੀ-ਮੁੜੀ ਧੜਕ ਰਿਹਾ ਹੈ ਕਿ ਕਿਤੇ ਉਹਨੂੰ ਕੋਈ ਆ ਕੇ ਨਾ ਪੁੱਛ ਲਏ ਕਿ ਭਾਈ ਤੂੰ ਕਿੱਥੋਂ ਖਰੀਦੀ ਇਹ 75 ਲੱਖ ਦੀ ਘੜੀ?
ਐਥੇ ਆਪਣੀ ਇਕ ਹੋਰ ਕੰਪਨੀ ਵੀ ਘੜੀਆਂ ਬਣਾਉਂਦੀ ਹੈ, ਜੇਕਰ 75 ਲੱਖ 'ਚ ਉਨ੍ਹਾਂ ਦੀਆਂ ਘੜੀਆਂ ਖਰੀਦ ਲਈਆਂ ਜਾਣ ਤਾਂ ਧਰਮ ਨਾਲ ਪੂਰਾ ਘੜਾ ਭਰ ਜਾਏ।
ਕਰਨਾਟਕ ਵਿਧਾਨ ਸਭਾ 'ਚ ਜਿੰਨੇ ਕਾਂਗਰਸੀ ਐਮ.ਐਲ.ਏ. ਹਨ, ਜੇਕਰ ਉਨ੍ਹਾਂ ਸਭਨਾਂ ਦੇ ਪਹਿਨੇ ਹੋਏ ਸੂਟਾਂ ਤੇ ਬੂਟਾਂ ਦੀ ਕੀਮਤ ਵੀ ਲਾਈ ਜਾਵੇ ਤਾਂ ਮੁੱਖ ਮੰਤਰੀ ਦੀ ਇਕੱਲੀ ਇਸ ਗੁੱਟ ਘੜੀ ਦਾ ਮੁੱਲ ਉਨ੍ਹਾਂ ਤੋਂ ਕਈ ਗੁਣਾਂ ਵੱਧ ਹੋਏਗਾ।
ਰਾਹੁਲ ਜੀ, ਹੁਣ ਤਾਂ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ 'ਸੂਟ-ਬੂਟ' ਦੀ ਸਰਕਾਰ ਮਾੜੀ ਹੈ, ਨਿੰਦਾਯੋਗ ਹੈ ਜਾਂ ਸੂਟ-ਬੂਟ-ਘੜੀ ਦੀ ਸਰਕਾਰ?
ਸਿਧਾ ਰਮਈਆ ਨੂੰ ਚਾਹੀਦਾ ਹੈ ਕਿ ਇਹ 75 ਲੱਖ ਰੁਪਏ ਵਾਲੀ ਘੜੀ ਉਹ ਫੌਰਨ ਕਾਂਗਰਸੀ ਆਗੂ ਨੂੰ ਤੋਹਫ਼ੇ ਵਜੋਂ ਦੇ ਦੇਣ। ਉਨ੍ਹਾਂ ਨੂੰ ਤਾਂ ਕਿਸੇ ਦੋਸਤ ਨੇ ਹੀ ਤੋਹਫ਼ੇ ਵਜੋਂ ਦਿੱਤੀ ਹੈ। ਵਾਰ-ਵਾਰ, ਮੁੜ-ਮੁੜ ਕੇ ਗੁੱਟ 'ਤੇ ਬੰਨ੍ਹੀ ਬੇਸ਼ੁਮਾਰ ਕੀਮਤੀ ਘੜੀ 'ਤੇ ਟਾਈਮ ਵੇਖ-ਵੇਖ ਆਖੇਗਾ... ਘੜੀ ਘੜੀ ਮੇਰਾ ਦਿਲ ਧੜਕੇ, ਕਿਉਂ ਧੜਕੇ?
ਜਵਾਬ ਜੋ ਉਹ ਦੇ ਨਹੀਂ ਸਕਦੇ ਇਹ ਹੈ, 'ਐਨੀ ਕੀਮਤੀ ਘੜੀ ਤਾਂ ਮਹਾਤਮਾ ਗਾਂਧੀ ਕੋਲ ਵੀ ਨਹੀਂ ਸੀ, ਜਵਾਹਰ ਲਾਲ ਨਹਿਰੂ ਜੀ ਕੋਲ ਵੀ ਨਹੀਂ ਸੀ, ਇੰਦਰਾ ਗਾਂਧੀ ਕੋਲ ਵੀ ਨਹੀਂ ਸੀ, ਸ੍ਰੀ ਰਾਜੀਵ ਗਾਂਧੀ ਕੋਲ ਵੀ ਨਹੀਂ ਸੀ... ਮੌਜਾਂ ਹੀ ਮੌਜਾਂ।
ਸ਼ਰਮ ਨਾਲ ਪਾਣੀ-ਪਾਣੀ ਹੋ ਕੇ ਮੁੱਖ ਮੰਤਰੀ ਸਿਧਾ ਰਮਈਆ ਨੇ ਹੁਣ ਕਰਨਾਟਕ ਕਾਂਗਰਸੀ ਆਗੂ ਦੇ ਹਵਾਲੇ ਕਰਕੇ, ਕਰਨਾਟਕ ਪ੍ਰਾਂਤ ਨੂੰ 'ਦਾਨ' ਦੇ ਦਿੱਤੀ ਹੈ।
-0-
ਮੈਂ ਜਦ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਸੁੱਖ ਨਾਲ ਪੰਜਵਾਂ ਦਿਨ ਹੈ, ਜਦ ਆਮ ਆਦਮੀ ਪਾਰਟੀ ਦੇ ਸੰਯੋਜਕ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜ ਦਰਿਆਵਾਂ ਦੇ ਸੂਬੇ ਪੰਜਾਬ 'ਚ ਆਪਣਾ ਪੰਜ ਦਿਨਾਂ ਦਾ ਦੌਰਾ ਸਮਾਪਤ ਕਰਕੇ ਸੁਖੀਂ-ਸਾਂਦੀ ਆਪਣੇਘਰ ਦਿੱਲੀ ਵਾਪਸ ਪਹੁੰਚ ਗਏ ਹਨ।
ਪੰਜਾਬੀਆਂ ਦੀ ਬੜੀ ਤਾਰੀਫ਼ ਕਰ ਰਹੇ ਹੋਣਗੇ ਕਿ ਕਿੰਨੇ ਚੰਗੇ ਨੇ ਪੰਜਾਬੀ, ਵਾਰਾਨਸੀ ਦੇ ਲੋਕਾਂ ਵਰਗੇ ਨਹੀਂ ਹਨ, ਜਿਨ੍ਹਾਂ ਨੇ ਮੇਰੇ 'ਤੇ ਗੰਦੇ ਆਂਡੇ ਸੁੱਟੇ ਸਨ। ਕਾਲੇ ਝੰਡਿਆਂ ਦਾ ਕੀ ਹੈ, ਇਹ ਤਾਂ ਉਥੇ ਵੀ ਲੋਕਾਂ ਨੇ ਵਿਖਾਏ ਸਨ, ਦਿੱਲੀ 'ਚ ਵੀ ਜਨਤਾ ਵਿਖਾਉਂਦੀ ਰਹਿੰਦੀ ਹੈ।
ਅਖੇ ਜੀ ਪੰਜਾਬ ਨੂੰ ਨਸ਼ਾ-ਮੁਕਤ ਕਰਨਾ ਹੈ। ਕੇਜਰੀਵਾਲ ਦੇ ਪੰਜਾਬ ਪ੍ਰਸਥਾਨ ਕਰਨ ਤੋਂ ਪਹਿਲਾਂ ਮੈਂ ਇਕ ਟੀ. ਵੀ. ਚੈਨਲ ਦਾ ਦਿੱਲੀ 'ਚ ਕੀਤਾ ਸਟਿੰਗ ਆਪ੍ਰੇਸ਼ਨ ਵੇਖ ਰਿਹਾ ਸਾਂ, ਇਨ੍ਹਾਂ ਦੀ ਆਮ ਪਾਰਟੀ ਦੇ ਸਰਕਾਰ ਦੇ ਵੱਡੇ-ਵੱਡੇ ਅਹੁਦੇਦਾਰਾਂ ਦੇ ਹਰੇਕ ਹਲਕੇ 'ਚ ਹਰ ਤਰ੍ਹਾਂ ਦਾ ਨਸ਼ਾ ਖੁੱਲ੍ਹੇ ਆਮ ਵਿਕ ਰਿਹਾ ਸੀ।
ਯਹਾਂ ਤੋ ਹਰ ਮਾਲ ਵਿਕਤਾ ਹੈ,
ਬੋਲੋ ਜੀ ਤੁਮ ਕਯਾ ਕਯਾ ਖਰੀਦੋਗੇ?
ਵੈਸੇ ਸੁਣਿਐ ਭਗਵੰਤ ਮਾਨ ਨੇ ਕੇਜਰੀਵਾਲ ਜੀ ਨੂੰ ਪੂਰਾ ਵਿਸ਼ਵਾਸ ਦਿਵਾਇਐ ਕਿ ਉਹ ਜ਼ਰੂਰ, ਹਰ ਹਾਲ 'ਚ ਪੰਜਾਬ ਨੂੰ ਨਸ਼ਾਮੁਕਤ ਕਰ ਦੇਣਗੇ।
ਸਾਨੂੰ ਤੁਹਾਡੀ ਸਹੁੰ
ਤੁਹਾਨੂੰ ਸਾਡੀ ਸਹੁੰ।
-0-
ਪੰਜਾਬੀ ਦਾ ਇਕ, ਵਿਆਹਾਂ-ਸ਼ਾਦੀਆਂ 'ਚ ਗਾਇਆ ਜਾਣ ਵਾਲਾ ਢੋਲਕ ਗੀਤ ਹੈ:
ਨਸ਼ੇ ਦੀਏ ਬੰਦ ਬੋਤਲੇ,
ਤੈਨੂੰ ਪੀਣਗੇ ਨਸੀਬਾਂ ਵਾਲੇ।
ਜਾਟ ਅੰਦੋਲਨ ਨਾਲ ਪ੍ਰਭਾਵਿਤ ਹੋਈ ਪਾਣੀ ਦੀ ਪੂਰਤੀ 'ਚ ਆਈ ਦਿੱਕਤ ਨਾਲ ਦਿੱਲੀ 'ਚ ਲੋਕੀਂ, ਸੜਦੇ-ਭੁਜਦੇ ਗਾ ਰਹੇ ਹਨ:
ਪਾਣੀ ਦੀਏ ਬੰਦ ਬੋਤਲੇ,
ਤੈਨੂੰ ਪੀਣਗੇ ਨਸੀਬਾਂ ਵਾਲੇ।
ਕੇਜਰੀਵਾਲ ਐਂਡ ਪਾਰਟੀ ਨੇ ਸਭਨਾਂ ਅਖ਼ਬਾਰਾਂ 'ਚ ਤੇ ਟੀ. ਵੀ. ਚੈਨਲਾਂ 'ਤੇ ਆਪਣੀ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਦਾ ਗੁਣਗਾਣ, ਪ੍ਰਿੰਟ ਤੇ ਵੀਡੀਓ ਰਾਹੀਂ ਬੜੇ ਜ਼ੋਰ-ਸ਼ੋਰ ਨਾਲ ਕੀਤਾ ਸੀ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਮੁਫ਼ਤ ਪਾਣੀ ਤੇ ਸਸਤੀ ਬਿਜਲੀ ਦੇਣ ਦਾ ਮਾਣ ਪ੍ਰਾਪਤ ਕੀਤਾ ਹੈ। ਪਰ ਜਾਟ ਅੰਦੋਲਨ ਸਮੇਂ ਪਾਣੀ ਵਾਲੀ ਨਹਿਰ ਬੰਦ ਕਰਨ ਕਰਕੇ ਸਭ ਕੁਝ ਉਲਟਾ-ਪੁਲਟਾ ਹੋ ਗਿਆ।
ਬਿਜਲੀ ਦਾ ਤਾਂ ਰੱਬ ਰਾਖਾ, ਪਾਣੀ? ਮੁਫ਼ਤ ਕਾਹਨੂੰ, ਬੁੱਕ ਭਰ-ਭਰ ਕੇ ਪੈਸੇ ਦੇਣ 'ਤੇ ਵੀ ਨਹੀਂ ਮਿਲ ਰਿਹਾ। ਪਾਣੀ ਦਾ ਕਾਲ ਪੈ ਗਿਆ-ਲੋਕੀਂ ਤਰਸ ਰਹੇ ਸਨ ਬੂੰਦ-ਬੂੰਦ ਪਾਣੀ ਨੂੰ।
ਹਰਿਆਣੇ 'ਚ ਜਾਟ ਅੰਦੋਲਨ ਹੋਇਆ, ਮੂਨਕ ਨਹਿਰ ਬੰਦ ਹੋ ਗਈ, ਹਰਿਆਣਾ ਤੋਂ ਦਿੱਲੀ ਨੂੰ ਇਸ ਨਹਿਰ ਰਾਹੀਂ ਮਿਲਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ।
ਪਾਨੀ ਰੇ ਪਾਨੀ ਤੇਰਾ ਰੰਗ ਕੈਸਾ?
ਗੰਦੇ ਨਾਲੇ ਕੇ ਪਾਨੀ ਜੈਸਾ।
ਇਹ ਵੀ ਨਹੀਂ ਸੀ ਜੇ ਲੱਭ ਰਿਹਾ, ਦਿੱਲੀ ਦੇ ਲੋਕਾਂ ਨੂੰ।
ਕੇਜਰੀਵਾਲ ਪੰਜਾਬ ਦਾ ਪੰਜ ਦਿਨਾਂ ਦੌਰਾ ਕਰ ਰਹੇ ਸਨ, ਦਿੱਲੀ ਦੇ ਲੋਕੀਂ ਪਾਣੀ ਲਈ ਤ੍ਰਹਿ-ਤ੍ਰਹਿ ਕਰ ਰਹੇ ਸਨ।
ਕਿਸੇ ਦੇ ਘਰ ਚਲੇ ਜਾਓ, ਸਭ ਤੋਂ ਪਹਿਲਾਂ ਬਿਨਾਂ ਪੁੱਛਿਓਂ ਪਾਣੀ ਪੇਸ਼ ਕੀਤਾ ਜਾਂਦਾ ਹੈ। ਪਰ ਦਿੱਲੀ 'ਚ ਨਹੀਂ ਲੋਕਾਂ ਦੀ ਇਹੋ ਦੁਆ ਸੀ ਕਿ ਕੋਈ ਮਹਿਮਾਨ ਨਾ ਆਏ। ਨਾ ਪੀਣ ਲਈ ਨਾ ਨਹਾਉਣ ਲਈ, ਨਾ ਖਾਣਾ ਬਣਾਉਣ ਲਈ, ਨਾ ਕੱਪੜੇ ਧੋਣ ਲਈ, ਪਾਣੀ ਨਦਾਰਦ। ਟੈਂਕਰ ਮਾਫੀਆ ਖੁੱਲ੍ਹ ਕੇ ਸਰਗਰਮ ਪਾਣੀ ਮਹਿੰਗਾ, ਵਿਸਕੀ ਸਸਤੀ। ਹੁਣ ਜਾ ਕੇ ਸਭ ਆਮ ਵਾਂਗ ਹੋਇਆ ਹੈ।
ਇਕ ਦਿੱਲੀ ਵਾਸੀ ਨੇ ਕਿਹਾ, ਘਰ 'ਚ ਗੰਗਾ ਜਲ ਦੀ ਬੋਤਲ ਰੱਖੀ ਸੀ ਕਿ ਕਿਸੇ ਦਾ ਅੰਤ ਸਮਾਂ ਆ ਜਾਏ ਤਾਂ ਉਹਦੇ ਮੂੰਹ 'ਚ ਕੁਝ ਚਮਚੇ ਪਾ ਦਈਏ। ਉਹ ਵੀ ਚਾਹ ਬਣਾਉਣ 'ਤੇ ਖਤਮ ਕਰ ਦਿੱਤਾ ਹੈ। ਨਹਾਉਣਾ ਕੀ, ਲੋਕੀਂ ਤਾਂ ਇਕ-ਦੂਜੇ ਨੂੰ ਮਜ਼ਾਕ ਕਰਦੇ ਸਨ, ਇਹ ਵੀ ਨਹੀਂ ਆਖ ਸਕਦੇ ਕਿ, 'ਗੰਦੇ ਨਾਲੇ 'ਚ ਮੂੰਹ ਧੋ ਕੇ ਆ।' ਹੁਣ ਤਾਂ ਇਹੀਓ ਨੇਕ ਸਲਾਹ ਹੈ, 'ਜੋ ਨਹਾਏ ਸੋ ਨਰਕ ਕੋ ਜਾਏ।'
-0-

ਦੋ ਲਘੂ ਕਥਾਵਾਂ

ਕਲਯੁਗ
ੲ ਮੂਲ : ਗੋਬਿੰਦ ਭਾਰਦਵਾਜ ੲ
ਇਕ ਆਦਮੀ ਰਾਹ ਭੁੱਲ ਗਿਆ। ਉਹ ਸੱਪਾਂ ਦੀ ਦੁਨੀਆ ਵਿਚ ਪੁੱਜ ਗਿਆ। ਚਹੁੰ ਪਾਸੇ ਸੱਪਾਂ ਨੂੰ ਦੇਖ ਕੇ ਘਬਰਾ ਗਿਆ। ਉਸ ਨੂੰ ਘਾਬਰਿਆ ਹੋਇਆ ਦੇਖ ਕੇ ਸੱਪਾਂ ਦੇ ਮੁਖੀ ਨੇ ਕਿਹਾ, 'ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ... ਤੂੰ ਸਾਡਾ ਮਹਿਮਾਨ ਹੈਂ ਅਤੇ ਮਹਿਮਾਨਾਂ ਦਾ ਆਦਰ ਕਰਨਾ ਸਾਡਾ ਫ਼ਰਜ਼ ਹੈ। ਅਸੀਂ ਜ਼ਹਿਰੀਲੇ ਜ਼ਰੂਰ ਹਾਂ ਪਰ ਮਨ ਦੇ ਕਾਲੇ ਨਹੀਂ ਹਾਂ।' ਮੁਖੀ ਦੀ ਗੱਲ ਸੁਣ ਕੇ ਆਦਮੀ ਨੇ ਸੁੱਖ ਦਾ ਸਾਹ ਲਿਆ। ਕੁਝ ਦਿਨਾਂ ਬਾਅਦ ਇਕ ਦਿਨ ਅਚਾਨਕ ਕੁਝ ਸਪੇਰਿਆਂ ਨੇ ਉਥੇ ਧਾਵਾ ਬੋਲ ਦਿੱਤਾ। ਸਾਰੇ ਸੱਪਾਂ ਨੂੰ ਪਟਾਰੀਆਂ ਵਿਚ ਬੰਦ ਕਰ ਲਿਆ। ਇਕ ਸਪੇਰੇ ਨੇ ਸੱਪਾਂ ਦੇ ਮਹਿਮਾਨ ਬਣੇ ਆਦਮੀ ਨੂੰ ਕਿਹਾ, 'ਤੇਰਾ ਬਹੁਤ-ਬਹੁਤ ਸ਼ੁਕਰੀਆ। ਸਾਨੂੰ ਸੂਚਨਾ ਦੇ ਕੇ ਸਾਰੇ ਸੱਪਾਂ ਨੂੰ ਫੜਵਾ ਦਿੱਤਾ। ਤੇਰਾ ਕਮਿਸ਼ਨ ਪੱਕਾ ਹੈ।'
ਇਹ ਸੁਣ ਕੇ ਸੱਪਾਂ ਦੇ ਮੁਖੀ ਨੇ ਮੱਥਾ ਫੜ ਕੇ ਕਿਹਾ, 'ਵਾਹ ਓਏ, ਸੁਣਿਆ ਸੀ ਕਿ ਬੁੱਕਲ ਵਿਚ ਸੱਪ ਪਲਦੇ ਹਨ ਪਰ ਇਥੇ ਤਾਂ ਬੁੱਕਲ ਵਿਚ ਆਦਮੀ ਪਲਦੇ ਹਨ।'


ਰਾਜਨੀਤੀ ਦਾ ਰੰਗ
ੲ ਮੂਲ : ਮਹੇਸ਼ ਰਾਜਾ ੲ
ਜੇਤੂ ਧੜੇ ਵਿਚ ਬੜੀ ਚਹਿਲ-ਪਹਿਲ ਸੀ। ਲੋਕ ਜਿੱਤੇ ਹੋਏ ਉਮੀਦਵਾਰ ਨੂੰ ਵਧਾਈਆਂ ਦੇ ਰਹੇ ਸਨ। ਭੀੜ ਖਤਮ ਹੋਣ 'ਤੇ ਜਦ 'ਆਪਸ' ਦੇ ਆਦਮੀ ਰਹਿ ਗਏ ਤਾਂ ਇਕ ਵਲੰਟੀਅਰ ਬੋਲਿਆ, 'ਦਾਦਾ, ਏਸ ਬਾਰ ਹੋਲੀ ਬੜੇ ਧੂਮ-ਧਮਾਕੇ ਦੇ ਨਾਲ ਹੋਣੀ ਚਾਹੀਦੀ ਹੈ।'
ਜਿੱਤਿਆ ਹੋਇਆ ਉਮੀਦਵਾਰ ਹੱਸਿਆ, 'ਹਾਂ ਜੀ, ਕਿਉਂ ਨਹੀਂ ਜੀ।' 'ਤਾਂ ਬਾਪੂ, ਟਰੇਲਰ ਦੇ ਰੂਪ ਵਿਚ ਇਕ ਬੋਤਲ ਹੀ ਮਿਲ ਜਾਂਦੀ, ਤੁਹਾਡਾ ਨਾਂਅ ਲੈਂਦਾ।' ਉਮੀਦਵਾਰ ਨੇ ਆਪਣੇ ਪੀ.ਏ. ਨੂੰ ਇਸ਼ਾਰਾ ਕੀਤਾ। ਵਲੰਟੀਅਰ ਖੁਸ਼ ਹੋ ਕੇ ਤੁਰ ਗਿਆ। ਉਸ ਦੇ ਜਾਣ ਬਾਅਦ ਪੀ.ਏ. ਬੋਲਿਆ, 'ਸਰ, ਹੁਣ ਤੁਹਾਨੂੰ ਐਹੋ ਜਿਹੇ ਛੋਟੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।'
ਉਮੀਦਵਾਰ ਨੇ ਪੀ.ਏ. ਨੂੰ ਇਉਂ ਦੇਖਿਆ ਜਿਵੇਂ ਕੋਈ ਬਜ਼ੁਰਗ ਬੱਚੇ ਨੂੰ ਦੇਖਦਾ ਹੈ। ਉਸ ਨੇ ਕਿਹਾ, 'ਇਨ੍ਹਾਂ ਲੋਕਾਂ ਨੂੰ ਅਜੇ ਖੁਸ਼ ਹੋ ਲੈਣ ਦੇ। ਇਕ ਵਾਰ 'ਉਥੋਂ' ਹੋ ਆਵਾਂ। ਅਹੁਦਾ ਮਿਲ ਜਾਵੇ ਫਿਰ ਕਿਹਨੇ ਪੁੱਛਣਾ ਹੈ, ਐਹੋ ਜਿਹੇ ਲੋਕਾਂ ਨੂੰ...।'
ਅਨੁ: ਨਿਰਮਲ ਪ੍ਰੇਮੀ


ਪਿੰਡ ਰਾਮਗੜ੍ਹ, ਡਾਕ: ਫਿਲੌਰ-144410. ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691.

ਬੁਢਾਪਾ : ਕੁਦਰਤ ਦੀ ਦੇਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ੲ ਬੰਦੇ ਦੀ ਜ਼ਿੰਦਗੀ ਵਿਚ ਸਭ ਤੋਂ ਮਾੜੇ ਦਿਨ ਉਹ ਹੁੰਦੇ ਹਨ ਜਦੋਂ ਉਸ ਦੇ ਆਪਣੇ ਹੀ ਅੰਗ ਭਾਵ ਅੱਖਾਂ, ਕੰਨ, ਦੰਦ, ਗੋਡੇ ਆਦਿ ਜਵਾਬ ਦੇਣ ਲਗਦੇ ਹਨ ਜਾਂ ਜਵਾਬ ਹੀ ਦੇ ਦਿੰਦੇ ਹਨ। ਅਜਿਹੇ ਸਮੇਂ ਬੱਚੇ ਵੀ ਮੂੰਹ ਮੋੜਨ ਲਗਦੇ ਹਨ।
ੲ ਇਸ ਬੁਢਾਪੇ ਦੀ ਤਰਸਯੋਗ ਹਾਲਤ ਬਾਰੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲਾ ਲਿਖਦਾ ਹੈ ਕਿ:
ਬੁੱਢੇ ਬਾਰੇ ਵਾਸਤੇ, ਪਾਲੇ ਬਰਖੁਰਦਾਰ,
ਜਦੋਂ ਬੁਢੇਪੇ ਘੇਰਿਆ, ਗਏ ਉਡਾਰੀ ਮਾਰ।
ਲੈਂਦਾ ਕੋਈ ਸਾਰ ਨਾ, ਸਭ ਹੀ ਖਾਂਦੇ ਖਾਰ,
ਰਾਖੇ ਵੀ ਖੂੰਖਾਰ ਨੇ, ਕਰਦੇ ਰਹਿਣ ਖੁਆਰ।
ੲ ਸਵਰਗੀ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਆ ਨੇ ਬਾਬਿਆਂ (ਬੁੱਢਿਆਂ) ਦੀ ਤਰਸਯੋਗ ਹਾਲਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ:
ਘਰ ਨੂੰਹ ਨੇ ਸਾਂਭ ਲਿਆ,
ਤੁਰ ਗਈ ਧੀ ਝਾੜ ਕੇ ਪੱਲੇ।
ਪੋਤੇ ਨੇ ਜਨਮ ਲਿਆ,
ਬਾਬਾ ਕਬਰਾਂ ਦੇ ਵੱਲ ਚੱਲੇ।
ੲ ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਕੁਦਰਤ ਆਪਣੇ ਨਿਯਮ ਵਿਚ ਕਿਸੇ ਦਾ ਵੀ ਦਖਲ ਬਰਦਾਸ਼ਤ ਨਹੀਂ ਕਰਦੀ। ਬੁਢਾਪਾ ਕੁਦਰਤ ਦੀ ਦੇਣ ਹੈ। ਇਸ ਨੂੰ ਮਾੜਾ, ਖਤਰਨਾਕ ਜਾਂ ਲਾਹਨਤ ਨਾ ਸਮਝੋ। ਆਪਣੀ ਜੀਵਨ-ਸ਼ੈਲੀ ਅਤੇ ਖਾਣ-ਪੀਣ ਨੂੰ ਬਦਲ ਕੇ ਤੁਸੀਂ ਬੁਢਾਪੇ ਨੂੰ ਖੁਸ਼ਹਾਲ, ਆਰਾਮਦਾਇਕ ਅਤੇ ਸਨਮਾਨਜਨਕ ਬਣਾ ਸਕਦੇ ਹੋ।


ਮੋਬਾਈਲ : 99155-63406.

ਮਿੰਨੀ ਕਹਾਣੀਆਂ

ਫਰਕ
ਬਾਰ੍ਹਾਂ ਕੁ ਸਾਲ ਦੇ ਮਾਸੂਮ ਜਿਹੇ ਨਿੱਕੂ ਦੇ ਕੰਮ 'ਤੇ ਲੇਟ ਆਉਣ ਕਰਕੇ ਅੱਗ ਬਬੂਲਾ ਹੋਈ ਨੰਬਰਦਾਰਨੀ ਅੱਜ ਕੜਾਕੇ ਦੀ ਠੰਢ ਅਤੇ ਚਾਰ-ਚੁਫੇਰੇ ਚਿੱਟੀ ਰੂੰ ਵਰਗੀ ਛਾਈ ਧੁੰਦ ਦਾ ਵਾਸਤਾ ਪਾਉਂਦਿਆਂ ਆਪਣੇ ਪੋਤੇ ਨੂੰ ਸਕੂਲ ਨਾ ਜਾਣ ਦੀ ਤਾਕੀਦ ਕਰ ਰਹੀ ਸੀ।


ਜੁਰਮ
ਅੱਜ ਉਸੇ ਥਾਣੇਦਾਰ ਨੂੰ ਨਸ਼ਾ ਵੇਚਣ ਦੇ ਜੁਰਮ ਵਿਚ ਕਾਬੂ ਕਰਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ, ਜਿਸ ਦਾ ਇਕ ਦਿਨ ਪਹਿਲਾਂ ਹੀ ਅਖ਼ਬਾਰ 'ਚ ਬਿਆਨ ਆਇਆ ਸੀ ਕਿ ਇਲਾਕੇ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : 94639-81958.


ਕਲਯੁਗ
ਬਜ਼ੁਰਗਾਂ ਦਾ ਬੋਲਣਾ ਘਰ ਵਾਲਿਆਂ ਨੂੰ ਭੌਂਕਣਾ ਜਾਪਣ ਲੱਗਾ ਤਾਂ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵੱਲ ਤੋਰ ਦਿੱਤਾ। ...ਅਖੇ ਕੁੱਤੇ ਬੜੇ ਸਿਆਣੇ ਤੇ ਵਫ਼ਾਦਾਰ ਹੁੰਦੇ ਨੇ, ਇਸ ਲਈ ਉਨ੍ਹਾਂ ਨੂੰ ਘਰ ਸੰਭਾਲਣ ਲਈ ਰੱਖ ਲਿਆ।


ਸਿਆਸਤ
'ਅਮਨ ਸ਼ਾਂਤੀ ਬਣਾਈ ਰੱਖੋ... ਸ਼ਰਾਰਤੀ ਲੋਕਾਂ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹੋ।' ਇਹ ਭਾਸ਼ਣ ਦੇਣ ਤੋਂ ਬਾਅਦ ਉਹ ਲੀਡਰ ਹੁਣ ਨੌਜਵਾਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਆਪਣਾ ਖੂਨ ਠੰਢਾ ਨਾ ਹੋਣ ਦਿਓ, ਅੱਜ ਜੋ ਹੁੰਦਾ, ਹੋ ਲੈਣ ਦਿਓ। ਅਗਲੇ ਹੀ ਪਲ ਨੌਜਵਾਨਾਂ ਦੀ ਭੀੜ ਜ਼ਿੰਦਾਬਾਦ-ਮੁਰਦਾਬਾਦ ਕਰਦੀ ਹੋਈ ਸ਼ਹਿਰ 'ਤੇ ਟੁੱਟ ਪਈ।


-ਰਾਮਦਾਸ ਬੰਗੜ
ਇੰਚਾਰਜ, ਉਪ ਦਫ਼ਤਰ ਸਮਰਾਲਾ
ਮੋਬਾਈਲ : 99153-53800.

ਅਨੋਖੀ ਉਰਦੂ ਕਹਾਣੀ

ਕਿਰਪਾ
ਉਸ ਨੇ ਦਰਵਾਜ਼ਾ ਖੜਕਾਇਆ। ਉਸ ਦੀ ਪਤਨੀ ਨੇ ਝੱਟ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਮੁਸਕਰਾ ਕੇ ਪੁੱਛਿਆ, 'ਅੱਜ ਏਨੀ ਛੇਤੀ ਕਿਵੇਂ ਆ ਗਏ ਡਿਊਟੀ ਤੋਂ, ਕੀ ਗੱਲ ਠੀਕ ਤਾਂ ਹੋ ਨਾ?'
'ਕੁਝ ਨਹੀਂ, ਜ਼ਰਾ ਸਰੀਰ ਭਾਰਾ-ਭਾਰਾ ਲੱਗ ਰਿਹਾ ਸੀ', ਉਸ ਨੇ ਹੱਥ ਵਿਚ ਫੜਿਆ ਬੈਗ ਇਕ ਪਾਸੇ ਰੱਖ ਦਿੱਤਾ ਅਤੇ ਵਰਦੀ ਦੇ ਬਟਨ ਖੋਲ੍ਹਣ ਲੱਗ ਪਿਆ। ਉਸ ਦੀ ਪਤਨੀ ਨੇ ਵੀ ਅੱਗੇ ਹੋ ਕੇ ਉਸ ਦੀ ਮਦਦ ਕੀਤੀ ਤੇ ਉਸ ਦੀ ਵਰਦੀ ਫੜ ਕੇ ਇਕ ਪਾਸੇ ਕਿੱਲੀ 'ਤੇ ਟੰਗ ਦਿੱਤੀ।
ਉਹ ਬਾਥਰੂਮ ਦੇ ਅੰਦਰ ਗਿਆ, ਥੋੜ੍ਹੀ ਦੇਰ ਬਾਅਦ ਫਰੈਸ਼ ਹੋ ਕੇ ਬਾਹਰ ਆ ਗਿਆ। ਖਾਣਾ ਖਾ ਕੇ ਉਸ ਨੇ ਰੋਜ਼ ਦੀ ਆਦਤ ਅਨੁਸਾਰ ਚਾਹ ਪੀਤੀ ਅਤੇ ਆਪਣੇ ਬਿਸਤਰੇ 'ਤੇ ਲੇਟ ਗਿਆ। ਉਸ ਦੀ ਪਤਨੀ ਵੀ ਉਸ ਦੇ ਕੋਲ ਆ ਕੇ ਬੈਠ ਗਈ ਅਤੇ ਉਸ ਦੇ ਵਾਲਾਂ ਵਿਚ ਉਂਗਲਾਂ ਫੇਰਨ ਲੱਗ ਪਈ ਅਤੇ ਚਿੰਤਾ ਭਰੇ ਲਹਿਜ਼ੇ ਵਿਚ ਕਹਿਣ ਲੱਗੀ, 'ਆਪਣੀ ਤੀਜੀ ਬੇਟੀ ਵੀ ਜਵਾਨ ਹੋ ਗਈ ਹੈ। ਇਸ ਦੇ ਹੱਥ ਪੀਲੇ ਕਰਨ ਦਾ ਇਰਾਦਾ ਹੈ ਜਾਂ ਨਹੀਂ?'
'ਹੈ ਕਿਉਂ ਨਹੀਂ, ਕੋਈ ਚੰਗਾ ਜਿਹਾ ਮੁੰਡਾ ਹੋਵੇ, ਜੋ ਸਾਡੀ ਗੀਤਾ ਵਾਸਤੇ ਠੀਕ ਹੋਵੇ।'
'ਪਹਿਲਾਂ ਦਾਜ ਦਾ ਪ੍ਰਬੰਧ ਤਾਂ ਕਰੋ। ਮੁੰਡਾ ਤਾਂ ਮਿਲ ਹੀ ਜਾਏਗਾ। ਤੁਹਾਡੀ ਰੇਲਵੇ ਪੁਲਿਸ ਦੀ ਨੌਕਰੀ ਤੋਂ ਤਾਂ ਘਰ ਦਾ ਖਰਚਾ ਹੀ ਮੁਸ਼ਕਿਲ ਨਾਲ ਚਲਦਾ ਹੈ, ਜੇਕਰ ਤੁਹਾਡੀ ਉਪਰਲੀ ਕਮਾਈ ਨਾ ਹੋਵੇ ਤਾਂ ਖਾਣ ਦੇ ਲਾਲੇ ਪੈ ਜਾਣ।'
'ਨਾ ਤੂੰ ਕਹਿਣਾ ਕੀ ਚਾਹੁੰਨੀ ਏਂ? ਸਾਫ਼-ਸਾਫ਼ ਦੱਸ ਨਾ?'
'ਪਿਛਲੀ ਵਾਰ ਤੁਸਾਂ ਜਿਥੇ ਆਪਣੀ ਪੋਸਟਿੰਗ ਕਰਵਾਈ ਸੀ, ਉਸ ਸਟੇਸ਼ਨ 'ਤੇ ਕਿੰਨਾ ਵੱਡਾ ਐਕਸੀਡੈਂਟ ਹੋਇਆ ਸੀ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ। ਭਗਵਾਨ ਦੀ ਕਿਰਪਾ ਨਾਲ ਤੁਸਾਂ ਮੌਕੇ ਦਾ ਫਾਇਦਾ ਉਠਾਇਆ ਅਤੇ ਜੋ ਕਮਾਈ ਕੀਤੀ ਉਸ ਨਾਲ ਆਪਣੀਆਂ ਦੋਵਾਂ ਧੀਆਂ ਦੇ ਵਿਆਹ ਹੋ ਗਏ। ਭਗਵਾਨ ਐਸਾ ਚਮਤਕਾਰ ਇਕ ਵਾਰ ਫਿਰ ਵਿਖਾਏ ਤਾਂ ਕਿ ਸਾਡੀ ਅਖੀਰਲੀ ਬੇਟੀ ਵੀ ਰਾਜ਼ੀ ਖੁਸ਼ੀ ਆਪਣੇ ਘਰ ਚਲੀ ਜਾਏ।'
ਉਸ ਨੇ ਆਪਣੀ ਬੀਵੀ ਦੀ ਗੱਲ ਸੁਣ ਕੇ ਉਸ ਨੂੰ ਆਪਣੀਆਂ ਬਾਂਹਵਾਂ ਵਿਚ ਭਰ ਲਿਆ ਅਤੇ ਪੁੱਛਿਆ, 'ਕੀ ਤੂੰ ਇਸ ਵਾਰ ਵੀ ਮੰਦਿਰ ਵਿਚ ਧਾਗਾ ਬੰਨ੍ਹਿਆ ਏ?'
ਬੀਵੀ ਕਹਿਣ ਲੱਗੀ, 'ਅੱਜ ਹੀ ਬੰਨ੍ਹ ਕੇ ਆਈ ਹਾਂ।'
'ਫਿਰ ਤਾਂ ਭਗਵਾਨ ਜ਼ਰੂਰ ਕਿਰਪਾ ਕਰਨਗੇ।'


-ਅਨੁਵਾਦ : ਸਰਦਾਰ ਪੰਛੀ
259, ਫੇਸ-3, ਅਰਬਨ ਅਸਟੇਟ ਡੁਗਰੀ, ਲੁਧਿਆਣਾ-141013.

ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਦਾ ਵਿਮੋਚਨ

ਸਾਹਿਤਕ ਸਰਗਰਮੀਆਂ

ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਟਰੱਸਟੀ 'ਅਜੀਤ ਪ੍ਰਕਾਸ਼ਨ ਸਮੂਹ' ਤੇ ਸੰਪਾਦਿਕਾ 'ਤਸਵੀਰ ਮੈਗਜ਼ੀਨ' ਅਤੇ ਪ੍ਰਸਿੱਧ ਉਰਦੂ ਸ਼ਾਇਰ ਉਲਫ਼ਤ ਬਟਾਲਵੀ ਸ਼ਾਮਿਲ ਹੋਏ | ਸਮਾਰੋਹ ਵਿਚ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਦੂਰਦਰਸ਼ਨ ਕੇਂਦਰ ਜਲੰਧਰ ਦੇ ਆਗਿਆਪਾਲ ਸਿੰਘ ਰੰਧਾਵਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਖਾਲਿਦ ਹੁਸੈਨ, ਉਰਦੂ ਸ਼ਾਇਰ ਮੁਹੰਮਦ ਰਫ਼ੀ, ਉਰਦੂ ਸ਼ਾਇਰ ਜਨਕ ਰਾਜ ਕੰਵਲ, ਮੁਹੰਮਦ ਅਕਰਮ ਵੜੈਚ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ | ਸਮਾਗਮ ਦਾ ਆਗਾਜ਼ ਕਾਲਜ ਦੀਆਂ ਲੜਕੀਆਂ ਕੋਮਲ, ਸਰਬਜੀਤ, ਰੀਤੂ, ਸਪਨਾ ਅਤੇ ਅਮਨ ਨੇ ਖੂਬਸੂਰਤ ਭਜਨ ਗਾਇਨ ਕਰਕੇ ਕੀਤਾ | ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਉਪਰ ਆਲੋਚਨਾਤਮਕ ਪੱਤਰ ਡਾ: ਜਗੀਰ ਸਿੰਘ ਨੂਰ ਅਤੇ ਡਾ: ਰਾਜਵਿੰਦਰ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਪੜ੍ਹੇ | ਆਏ ਸਭ ਮਹਿਮਾਨਾਂ ਦਾ ਸਵਾਗਤ ਪਿੰ੍ਰ: ਡਾ: ਨੀਲਮ ਸੇਠੀ ਨੇ ਕੀਤਾ | ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਦੀ ਜ਼ਰੂਰਤ ਹੈ | ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਚੀਜ਼ਾਂ ਤੋਂ ਇਲਾਵਾ ਸਾਹਿਤ ਪੜ੍ਹਨ ਤੇ ਲਿਖਣ 'ਚ ਵੀ ਰੁਚੀ ਦਿਖਾਉਣ | ਵਿਸ਼ੇਸ਼ ਮਹਿਮਾਨ ਅਤੇ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ ਨੇ ਸੱਭਿਆਚਾਰ ਉੱਪਰ ਵਿਚਾਰ ਰੱਖਦੇ ਹੋਏ ਕਿਹਾ ਕਿ ਅੱਜ ਹਿੰਦੀ ਭਾਸ਼ਾ ਕਿਸ ਦਿਸ਼ਾ ਵੱਲ ਜਾ ਰਹੀ ਹੈ, ਇਸ ਵੱਲ ਧਿਆਨ ਦੇਣਾ ਸਮੇਂ ਦੀ ਜ਼ਰੂਰਤ ਹੈ | ਇਸ ਉਪਰੰਤ ਕਹਾਣੀਕਾਰ ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਦਾ ਵਿਮੋਚਨ ਬੀਬੀ ਪ੍ਰਕਾਸ਼ ਕੌਰ ਹਮਦਰਦ, ਸ੍ਰੀ ਇਰਵਿਨ ਖੰਨਾ, ਆਗਿਆਪਾਲ ਸਿੰਘ ਰੰਧਾਵਾ, ਪਿੰ੍ਰ: ਅਵਤਾਰ ਸਿੰਘ ਸਿੱਧੂ, ਪਿੰ੍ਰ: ਨੀਲਮ ਸੇਠੀ, ਪ੍ਰੋ: ਕਿਰਪਾਲ ਸਿੰਘ ਯੋਗੀ, ਖਾਲਿਦ ਹੁਸੈਨ, ਬਲਵਿੰਦਰ ਬਾਲਮ, ਮੁਹੰਮਦ ਅਕਰਮ ਵੜੈਚ ਨੇ ਕੀਤਾ ਅਤੇ ਹਾਜ਼ਰ ਹੋਏ ਸਭ ਮਹਿਮਾਨਾਂ, ਲੇਖਕਾਂ ਤੇ ਕਵੀਆਂ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ |
ਦੂਸਰੇ ਦੌਰ ਦੇ ਤ੍ਰੈ-ਭਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਰਫ਼ੀ, ਕਮਲਜੀਤ ਸਿੰਘ ਕਮਲ, ਉਰਦੂ ਸ਼ਾਇਰ ਪੂਰਨ ਚੰਦ ਅਹਿਸਾਨ ਅਤੇ ਹਿੰਦੀ ਦੀ ਉੱਘੀ ਕਵਿੱਤਰੀ ਡਾ: ਨੀਲਮ ਸੇਠੀ ਨੇ ਕੀਤੀ | ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਸ਼ੁਰੂ ਹੋਏ ਰਚਨਾਵਾਂ ਦੇ ਦੌਰ ਵਿਚ ਬੀਬੀ ਪ੍ਰਕਾਸ਼ ਕੌਰ ਹਮਦਰਦ, ਜਨਾਬ ਉਲਫ਼ਤ ਬਟਾਲਵੀ, ਪ੍ਰਸਿੱਧ ਸ਼ਾਇਰ ਮੁਹੰਮਦ ਰਫ਼ੀ, ਬਲਵਿੰਦਰ ਬਾਲਮ, ਪਿੰ੍ਰ: ਅਵਤਾਰ ਸਿੰਘ ਸਿੱਧੂ, ਪਿੰ੍ਰ: ਨੀਲਮ ਸੇਠੀ, ਜਨਕ ਰਾਜ ਕੰਵਲ, ਪ੍ਰੋ: ਕਿਰਪਾਲ ਸਿੰਘ ਯੋਗੀ, ਕਮਲਜੀਤ ਸਿੰਘ ਕਮਲ, ਬਿਸ਼ਨ ਦਾਸ, ਪ੍ਰੀਤਮ ਸਰਪੰਚ, ਰੋਜ਼ੀ ਸਿੰਘ, ਮੱਖਣ ਕੁਹਾੜ, ਹਰਭਜਨ ਬਾਜਵਾ, ਜਸਵੰਤ ਹਾਂਸ, ਪੂਰਨ ਚੰਦ ਅਹਿਸਾਨ, ਸ਼ੈਲੀ ਬਲਜੀਤ, ਅਸ਼ਵਨੀ ਮਾਨਵ, ਫਰਤੂਲ ਚੰਦ ਫੱਕਰ, ਡਾ: ਅਸ਼ੋਕ ਹਸਤੀਰ, ਮਨਮੋਹਨ ਪੰਛੀ, ਵਿਕਾਸ ਸ਼ਰਮਾ, ਮਲਕੀਤ ਸਿੰਘ ਸੋਹਲ, ਵਿਜੇ ਤਾਲਿਬ, ਸੁਰਿੰਦਰ ਸਿੰਘ ਪਾਮਾ, ਮਿਸ ਕਾਲਜ, ਸ਼ੁੱਭਪ੍ਰੀਤ ਕੌਰ, ਸਤਵਿੰਦਰ ਸਿੰਘ ਬੇਗੋਵਾਲੀਆ, ਘਣਸ਼ਾਮ ਸਾਗਰ, ਸੰਜੀਵ ਮਹਾਜਨ, ਯਸ਼ਪਾਲ ਆਦਿ ਨੇ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਕੇ ਖੂਬ ਵਾਹ-ਵਾਹ ਲੁੱਟੀ | ਮੰਚ ਦਾ ਸੰਚਾਲਨ ਬਲਵਿੰਦਰ ਬਾਲਮ ਨੇ ਬਾਖੂਬੀ ਨਿਭਾਇਆ |
-ਬਲਵਿੰਦਰ ਬਾਲਮ ਗੁਰਦਾਸਪੁਰ

ਜੇ ਮੈਂ ਜਾਣਦੀ...

ਪੰਜਾਬੀ 'ਚ ਮੰਜੀ, ਹਰਿਆਣਵੀ 'ਚ ਖਾਟ |
ਪੰਜਾਬੀ 'ਚ ਜੱਟ, ਹਰਿਆਣਵੀ 'ਚ ਜਾਟ |
ਹੈ ਨਾ ਇਕੋ ਜਿਹੀ, ਦੋਵਾਂ ਦੀ ਠਾਠ-ਬਾਠ |
ਮਿੱਠੇ ਤੇ ਮਿੱਠੜੇ, ਦੋਵੇਂ ਰੱਜ ਕੇ | ਜਦ ਹੋ ਜਾਣ ਗੁੱਸੇ... ਕੋਈ ਹੋ ਜਾਏ ਸਾਹਮਣੇ, ਕਿਸੇ ਦੀ ਕੀ ਔਕਾਤ |
ਵੈਸੇ ਪੰਜਾਬ ਦੇ ਜੱਟਾਂ ਦੀ, ਹਰਿਆਣੇ ਦੇ ਜਾਟਾਂ ਦੀ... ਕਯਾ ਬਾਤ ਹੈ | ਕਯਾ ਬਾਤ | ਲਾਲ ਬਹਾਦਰ ਸ਼ਾਸਤਰੀ ਨੇ ਐਨਾ ਹੀ ਆਖਿਆ ਸੀ 'ਜੈ ਜਵਾਨ, ਜੈ ਕਿਸਾਨ |'
ਪੰਜਾਬ ਦੇ ਜੱਟਾਂ ਨੇ, ਹਰਿਆਣਾ ਦੇ ਜਾਟਾਂ ਨੇ, ਐਸਾ ਕਾਰਨਾਮਾ ਕਰ ਵਿਖਾਇਆ, ਹਰਿਤ-ਕ੍ਰਾਂਤੀ ਲਿਆਂਦੀ, ਐਨਾ ਅੰਨਾ ਉਗਾਇਆ ਕਿ ਭਾਰਤ ਸਰਕਾਰ ਕੋਲ ਸਾਂਭਣ ਯੋਗ ਥਾਂ ਨਹੀਂ | ਅੰਨ ਭੰਡਾਰ ਬਣਾ ਦਿੱਤਾ ਭਾਰਤ ਦਾ | ਨਾਲੇ ਭਾਰਤ ਦੀ ਫ਼ੌਜ ਵਿਚ ਵੀ ਸੁਖ ਨਾਲ ਹੈ, ਸਿੱਖ ਰੈਜੀਮੈਂਟ, ਜਾਟ ਰੈਜੀਮੈਂਟ |
ਪੰਜਾਬ ਦੇ ਜੱਟ, ਹਰਿਆਣੇ ਦੇ ਜਾਟ |
ਇਕਨਾ ਦੀ ਮੰਜੀ, ਇਕਨਾ ਦੀ ਖਾਟ |
ਅਹਿ ਕੀ ਹੋਇਆ? ਹਰਿਆਣੇ ਦੇ ਜਾਟਾਂ ਦੀ ਖਾਟ, ਉਨ੍ਹਾਂ ਦੇ ਵਿਹੜਿਆਂ 'ਚੋਂ ਨਿਕਲ ਕੇ ਸੜਕਾਂ ਵਿਚਾਲੇ ਆ ਡੱਠੀ |
ਜੱਟ ਨੂੰ ਤਪਾੲੀਂ ਨਾ, ਜਾਟ ਨੂੰ ਖਪਾੲੀਂ ਨਾ, ਝੂਠਾ ਲਾਰਾ ਲਾੲੀਂ ਨਾ |
ਰਾਹ-ਰਸਤੇ ਰੋਕ ਕੇ, ਭਾਵੇਂ ਗੱਡੀਆਂ ਦੇ ਹੋਣ, ਭਾਵੇਂ ਵਾਹਨਾਂ ਦੇ, ਵੰਗਾਰ ਕੇ ਕਹਿੰਦੇ ਨੇ...
'ਹਿੰਮਤ ਹਈ ਤਾਂ ਲੰਘ ਕੇ ਵਿਖਾ', ਉਹ ਦੂਜੇ ਦੀ ਮੰਜੀ, ਖਾਟ, ਉਲਟੀ ਖੜ੍ਹੀ ਕਰ ਦਿੰਦੇ ਨੇ |
ਪੰਜਾਬੀ 'ਚ ਇਹ ਕਹਾਵਤ ਆਮ ਹੈ: 'ਜੇ ਮੈਂ ਜਾਣਦੀ ਜੱਟਾਂ ਦੇ ਵੱਸ ਪੈਣਾ...'
ਅਗਲੀ ਲਾਈਨ ਮੈਂ ਕਾਹਨੂੰ ਲਿਖਣੀ ਏ, ਪੁੱਛੋਂ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਤੋਂ...'ਜਾਟਾਂ ਦੇ ਵੱਸ ਪੈ ਕੇ ਪਹਿਲਾਂ ਕਿਵੇਂ ਨਿਹਾਲ ਹੋਈ, ਹੁਣ ਕਿਵੇਂ ਬੇਹਾਲ ਹੋਈ |'
ਕਾਹਨੂੰ ਵਾਅਦਾ ਕੀਤਾ ਸੀ ਕਿ ਸਾਨੂੰ ਵੋਟਾਂ ਦਿਓ, ਅਸੀਂ ਹਰਿਆਣਾ ਮੇਂ ਜਾਟੋਂ ਕੋ ਰਿਜ਼ਰਵੇਸ਼ਨ ਮੇਂ ਕੋਟਾ ਦੇਂਗੇ | ਕੋਟੇ 'ਚ ਟੋਟਾ | ਪਤੈ ਕਿ ਸੁਪਰੀਮ ਕੋਰਟ ਨੇ 'ਕੋਟੇ 'ਚੋਂ ਟੋਟਾ' ਪਹਿਲਾਂ ਹੀ ਖਾਰਜ ਕੀਤਾ ਹੋਇਐ | ਫਿਰ ਕਾਹਨੂੰ ਵਾਅਦਾ ਕਰਨਾ ਸੀ:
ਵਾਅਦਾ ਤੇਰਾ ਵਾਅਦਾ
ਝੂਠਾ ਤੇਰਾ ਵਾਅਦਾ |
ਯਮਲਾ ਜੱਟ, ਇਕਤਾਰਾ ਵਜਾ ਕੇ ਗਾਉਂਦਾ ਸੀ ਨਾ, 'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ |'
ਹੁਣ ਜਾਟਾਂ ਦੀ ਵੀ ਇਹੋ ਸ਼ਿਕਾਇਤ ਏ ਕਿ ਇਨ੍ਹਾਂ ਨੂੰ ਕਦੇ ਕਾਂਗਰਸੀਆਂ ਦੀ ਸਰਕਾਰ ਨੇ ਤੇ ਹੁਣ ਭਾਜਪਾ ਦੀ ਸਰਕਾਰ ਨੇ, ਹਰਿਆਣਾ 'ਚ ਲਾਰੇ ਲਾ-ਲਾ ਪੱਟਿਆ... |
ਮਨੋਹਰ ਲਾਲ ਖੱਟੜ ਮੂਲਤਨ ਪੰਜਾਬੀ ਨੇ, ਇਸ ਲਈ ਉਹ ਯਮਲਾ ਜੱਟ ਦੇ ਗੀਤ ਦਾ ਮਤਲਬ ਆਰਾਮ ਨਾਲ ਸਮਝਣਗੇ... ਪਹਿਲਾਂ ਕਿਉਂ ਭਰੋਸਾ ਦਿੱਤਾ ਕਿ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਰਿਜ਼ਰਵੇਸ਼ਨ ਦਿਆਂਗੇ |
ਸਰਕਾਰ ਝੁਕਤੀ ਹੈ, ਝੁਕਾਨੇ ਵਾਲਾ ਚਾਹੀਏ... |
ਅਬ ਕੈਸੇ ਕਹਿ ਰਹੇ ਹੈਂ, ਆਕਰਸ਼ਣ ਲੇ ਲੋ, ਚੌਧਰੀ ਜੀ ਲੇ ਲੋ | ਅਬ ਕਯਾ ਸੁਪਰੀਮ ਕੋਰਟ ਸੇ ਪੂਛ ਕਰ ਆਏ ਹੈਂ? ਸੱਚੀਂ ਕਈਆਂ ਜਾਟਾਂ ਨੂੰ ਹੀ, ਪਤਾ ਹੀ ਨਹੀਂ ਹੈ ਰਿਜ਼ਰਵੇਸ਼ਨ ਹੁੰਦੀ ਕੀ ਹੈ?
ਇਕ ਨੂੰ ਕਿਸੇ ਪੁੱਛਿਆ, 'ਕਿਉਂ ਚੌਧਰੀ ਜੀ, ਰਿਜ਼ਰਵੇਸ਼ਨ ਕਯਾ ਹੋਤੀ ਹੈ?'
'ਅਰੇ, ਹਮਨੇ ਜੀ.ਟੀ. ਐਕਸਪ੍ਰੈਸ ਸੇ ਦਿੱਲੀ ਜਾਣਾ ਥਾ, ਗਾਡੀ ਮੇਂ ਚੜ੍ਹਨੇ ਲਗੇ ਤੋ ਟੀ. ਟੀ. ਨੇ ਕਹਾ, 'ਯੇ ਰਿਜ਼ਰਵਡ ਡਿੱਬਾ ਹੈ, ਆਪਕੀ ਰਿਜ਼ਰਵੇਸ਼ਨ ਨਹੀਂ ਹੈ | ਹਮਾਰੇ ਤੋ ਤਨ ਬਦਨ ਮੇਂ ਆਗ ਲਗ ਗਈ, ਬਈ ਜਿਤਨੇ ਅੰਦਰ ਬੈਠੇ ਹੈਂ, ਸਭ ਕੀ ਰਿਜ਼ਰਵੇਸ਼ਨ ਹੈ, ਹਮਾਰੀ ਕਿਉਂ ਨਹੀਂ? ਧੱਕਾ ਦੀਆ ਟੀ.ਟੀ. ਕੋ, ਸਵਾਰ ਹੋ ਗਏ ਡਿੱਬੇ ਮੇਂ, ਏਕ ਸੀਟ ਪਰ ਬੈਠ ਗਏ, ਬੋਲੇ, ਲੇ ਟੀ.ਟੀ. ਯੇਹ ਹਮਾਰੀ ਰਿਜ਼ਰਵੇਸ਼ਨ ਹੈ, ਹਿੰਮਤ ਹੈ ਤੋ ਉਠਾ ਕੇ ਦੇਖ |'
ਕਮਾਲ ਹੈ ਨਾ, ਪੰਜਾਬ ਦੇ ਜੱਟ ਸਰਦਾਰ ਨੇ ਤੇ ਹਰਿਆਣਾ ਕੇ ਜਾਟ ਚੌਧਰੀ ਨੇ | ਚੌਧਰੀਆਂ ਦਾ ਚੌਧਰਪਾ...
ਸੜਕ 'ਤੇ ਧਰਨੇ 'ਤੇ ਬੈਠੇ ਇਕ ਚੌਧਰੀ ਨੂੰ ਕਿਸੇ ਨੇ ਪੁੱਛਿਆ, 'ਚੌਧਰੀ ਜੀ ਕਬ ਤਕ ਧਰਨੇ ਪੇ ਬੈਠੋਗੇ?'
'ਜਬ ਤਕ ਰਿਜ਼ਰਵੇਸ਼ਨ ਨਹੀਂ ਮਿਲ ਜਾਤੀ |'
'ਮਿਲ ਗਈ ਤੋ ਕਯਾ ਕਰੋਗੇ?'
'ਟਰੈਕਟਰ ਹੈ ਅਪਨਾ, ਘਰ ਸੇ ਮੰਗਾ ਲੇਂਗੇ, ਉਸਮੇਂ ਰਿਜ਼ਰਵੇਸ਼ਨ ਲਾਦ ਕਰ ਘਰ ਲੇ ਜਾਏਾਗੇ ਔਰ ਕਯਾ?'
ਮਹਿਮਾਨ ਨਵਾਜ਼ ਕਮਾਲ ਦੇ ਨੇ ਜੱਟ ਪੰਜਾਬੀ ਤੇ ਜਾਟ ਹਰਿਆਣਵੀ |
ਦੁੱਧ ਮੰਗੋ ਤਾਂ ਖੀਰ ਦੇਣਗੇ |
ਰਿਜ਼ਰਵੇਸ਼ਨ ਨਾ ਦਿੱਤੀ ਤਾਂ ਚੀਰ ਦੇਣਗੇ |
ਬਹੁਤਿਆਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬੀ ਸਿੱਖ, ਪਛੜੀਆਂ ਸ਼੍ਰੇਣੀਆਂ ਨੂੰ ਰਿਜ਼ਰਵੇਸ਼ਨ ਦਿਵਾਉਣ ਲਈ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ 'ਚ ਅਕਾਲੀ ਦਲ ਨੂੰ ਬੜੀ ਜੱਦੋ-ਜਹਿਦ ਕਰਨੀ ਪਈ ਸੀ | ਉਨ੍ਹਾਂ ਵੀ ਆਖਰ ਭਾਰਤ ਸਰਕਾਰ ਤੋਂ ਇਹ ਰਿਜ਼ਰਵੇਸ਼ਨ ਲੈ ਕੇ ਹੀ ਉਹਦਾ ਖਹਿੜਾ ਛੱਡਿਆ ਸੀ ਜਾਂ ਇਉਂ ਆਖਣਾ ਵਧੇਰੇ ਉਚਿਤ ਹੋਵੇਗਾ ਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਕੋਟਾ ਦੇ ਕੇ ਭਾਰਤ ਸਰਕਾਰ ਨੇ ਉਨ੍ਹਾਂ ਤੋਂ ਆਪਣਾ ਪਿੱਛਾ ਛੁਡਾਇਆ ਸੀ |
ਰੋਹਤਕ ਤੇ ਸੋਨੀਪਤ ਸ਼ਹਿਰਾਂ ਦਾ ਬੁਰਾ ਹਾਲ ਕਰ ਛੱਡਿਐ ਇਨ੍ਹਾਂ ਨੇ... ਐਨਾ ਨੁਕਸਾਨ ਤਾਂ ਸੀਰੀਆ 'ਚ ਰੂਸ ਵੱਲੋਂ ਹੋਈ ਤਬਾਹੀ-ਬੰਬਾਰੀ ਨਾਲ ਵੀ ਨਹੀਂ ਹੋਇਆ ਹੋਣਾ | ਸੜੀਆਂ ਦੁਕਾਨਾਂ, ਰਸਦੇ-ਵਸਦੇ ਵਪਾਰੀ ਨਾਗਰਿਕਾਂ ਨੂੰ ਬਿਨਾਂ ਰਿਜ਼ਰਵੇਸ਼ਨ ਦੇ ਕੌਡੀ-ਕੌਡੀ ਲਈ ਮਜਬੂਰ ਕਰ ਦਿੱਤਾ ਹੈ | ਮੋਦੀ ਦੀ 'ਸਮਾਰਟ ਸਿਟੀ' 'ਚ ਰੋਹਤਕ ਤੇ ਪਾਣੀਪਤ ਦਾ ਨਾਂਅ ਨਹੀਂ ਹੈ, ਹੁਣ ਬੇਸ਼ੱਕ ਲਿਖ ਲਓ |
ਕੀ ਕੁਰੱਪਸ਼ਨ ਦੂਰ ਹੋ ਸਕੇਗੀ? ਇਸ ਸਮੇਂ ਦੇਸ਼ ਧ੍ਰੋਹ ਤੇ ਦੇਸ਼ ਭਗਤੀ ਦਾ ਮੁਜ਼ਾਹਰਾ ਹੋ ਰਿਹਾ ਹੈ, ਦਿੱਲੀ 'ਚ ਕਨੱ੍ਹਈਆ ਤੇ ਖਾਲਿਦ ਦੀ ਚਰਚਾ ਹੈ, ਪਰ ਇਥੇ ਜਦ ਬਲੈਕ ਮਾਰਕੀਟੀਆਂ ਨੇ, ਸੌ-ਸੌ ਰੁਪਏ 'ਚ ਪਾਣੀ ਦੀਆਂ ਬੋਤਲਾਂ ਵੇਚੀਆਂ? ਸਬਜ਼ੀਆਂ ਸੋਨੇ ਦੇ ਮੁੱਲ ਵੇਚੀਆਂ... ਕਿੱਥੇ ਗਈ ਦੇਸ਼ ਭਗਤੀ?
ਅਹਿ ਵੇਖੋ, ਸਾਡੀਆਂ ਹਵਾਈ ਕੰਪਨੀਆਂ ਦੀ ਦੇਸ਼ ਭਗਤੀ ਵੀ... ਸਭ ਤੋਂ ਵੱਡੇ ਬਲੈਕ ਮਾਰਕੀਟੀਏ ਇਹ ਸਾਬਤ ਹੋਏ | ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀ ਟਿਕਟ 70-70 ਹਜ਼ਾਰ ਰੁਪਏ ਵਿਚ |
ਹਰਿਆਣਾ ਦੇ ਜਾਟਾਂ ਨੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ, ਲੁੱਟ ਮਚਾਉਣ ਵਾਲੇ ਬਲੈਕ ਮਾਰਕੀਟੀਆਂ ਨੂੰ ਅਤਿਅੰਤ ਖੁਸ਼ੀ ਪ੍ਰਦਾਨ ਕੀਤੀ ਹੈ |
ਬਜਟ ਸੈਸ਼ਨ ਪਾਰਲੀਮੈਂਟ 'ਚ ਸ਼ੁਰੂ ਹੈ | ਰੇਲ ਬਜਟ...?
ਬ...ਜਾਟ! ਹੋ ਗਿਆ ਹੈ | ਜਾਟਾਂ ਐਨੇ ਰੇਲਵੇ ਸਟੇਸ਼ਨ ਸਾੜੇ ਹਨ, ਐਨੀਆਂ ਗੱਡੀਆਂ ਰੋਕੀਆਂ ਹਨ ਕਿ ਪਹਿਲਾਂ ਹੀ ਘਾਟੇ 'ਚ ਚਲ ਰਹੇ ਰੇਲ ਮੰਤਰਾਲੇ ਦਾ ਜਾਟਾਂ ਨੇ ਹੁਲੀਆ ਹੀ ਖਰਾਬ ਕਰ ਦਿੱਤਾ ਹੈ | ਕੀ ਕਰੇਗਾ ਰੇਲ ਮੰਤਰੀ ਸੁਰੇਸ਼ ਪ੍ਰਭੂ? ਰਿਜ਼ਰਵੇਸ਼ਨ ਤਾਂ ਰੇਲ ਗੱਡੀਆਂ 'ਚ ਵੀ ਹੈ ਪਰ ਜਾਟਾਂ ਨੇ ਰੇਲ ਬਜਟ ਦਾ ਹਾਲ ਬਿਨਾਂ ਰਿਜ਼ਰਵੇਸ਼ਨ 'ਚ ਸਫ਼ਰ ਕਰ ਰਹੇ ਵਿਚਾਰੇ ਮੁਸਾਫ਼ਰਾਂ ਦੀ ਹਾਲਤ ਵਾਲਾ ਕਰ ਦਿੱਤਾ ਹੈ |
ਸਭ ਕਾ ਸਾਥ, ਸਭ ਕਾ ਵਿਕਾਸ |
ਜਾਟਾਂ ਦਾ ਹਾਥ, ਸਭ ਦਾ ਨਾਸ |
ਹਰਿਆਣਾ ਦੀ ਖੱਟੜ ਸਰਕਾਰ..
'ਜੇ ਮੈਂ ਜਾਣਦੀ ਜਾਟਾਂ ਦੇ ਵਸ ਪੈਣਾ... ਤੇ ਹੈਰਾਨ ਪ੍ਰੇਸ਼ਾਨ ਹੈ | ਐਦਾਂ ਲਾਹ-ਪਾਹ ਹੋ ਜਾਏਗੀ... ਐਨਾ ਨੁਕਸਾਨ ਹੋ ਜਾਏਗਾ | ਹੋਸ਼ ਹੀ ਨਹੀਂ ਸੰਭਾਲਣ 'ਚ ਆ ਰਹੀ... ਇਸ ਸਰਕਾਰ ਲਈ, ਸਵਰਗੀ ਸ਼ਾਇਰ ਲੁਧਿਆਣਵੀ ਦੀ ਇਕ ਨਸੀਹਤ ਅਰਜ਼-ਏ-ਿਖ਼ਦਮਤ ਹੈ:
ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ
ਕਯਾ ਕੀਆ |
ਦਿਨ ਮੇਂ ਅਗਰ ਚਿਰਾਗ ਚਲਾਏ ਤੋ,
ਕਯਾ ਕੀਆ |

ਬੁਢਾਪਾ : ਕੁਦਰਤ ਦੀ ਦੇਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
• ਬਚਪਨ ਨੂੰ ਆਸਰੇ, ਨੌਜਵਾਨ ਨੂੰ ਦੋਸਤੀ ਅਤੇ ਬੁਢਾਪੇ ਨੂੰ ਇੱਜ਼ਤ ਦੀ ਲੋੜ ਪੈਂਦੀ ਹੈ | ਸਿਆਣੇ ਆਖਦੇ ਹਨ ਕਿ ਜੇ ਇਨਸਾਨੀ ਵਤੀਰੇ ਅਤੇ ਵਿਵਹਾਰ ਵਿਚ ਮੋਹ-ਤੇਹ ਨਾ ਹੋਵੇ ਤਾਂ ਮਨੁੱਖੀ ਰਿਸ਼ਤੇ ਘੁਣ ਲੱਗੇ ਰੁੱਖ ਵਾਂਗ ਸੁੱਕ ਜਾਂਦੇ ਹਨ |
• ਬੁਢਾਪੇ ਵਿਚ ਬਿਮਾਰੀਆਂ ਬਿਨ ਬੁਲਾਏ ਪ੍ਰਾਹੁਣੇ ਵਾਂਗ ਆ ਜਾਂਦੀਆਂ ਹਨ | ਬੁਢਾਪਾ ਖੁਦ ਇਕ ਅਜਿਹੀ ਬਿਮਾਰੀ ਹੈ, ਜਿਸ ਦਾ ਕੋਈ ਇਲਾਜ ਨਹੀਂ |
• ਬੁਢਾਪੇ ਵਿਚ ਬੱਚਿਆਂ ਦਾ ਸਹਾਰਾ ਹੀ ਅਸਲੀ ਤੋਹਫ਼ਾ ਹੈ |
• ਬੁਢਾਪੇ ਦੀ ਉਮਰ ਵਿਚ ਬੰਦਾ ਨਵੀਂ ਪੀੜ੍ਹੀ ਵਿਚ ਨੁਕਸ ਕੱਢਦਾ ਹੈ ਪਰ ਅਸਲ ਵਿਚ ਉਹ ਆਪਣੇ ਅੰਦਰੋਂ ਘੱਟ ਹੋ ਰਹੀ ਸਰੀਰਕ ਸ਼ਕਤੀ ਦਾ ਹੀ ਰੋਣਾ ਰੋ ਰਿਹਾ ਹੁੰਦਾ ਹੈ |
• ਬੁਢਾਪੇ ਵਿਚ ਬੰਦਾ ਸਰੀਰਕ ਭੱਜ-ਨੱਠ ਕਰਨ ਜੋਗਾ ਨਹੀਂ ਰਹਿੰਦਾ | ਇਸ ਲਈ ਉਸ ਨੂੰ ਬੁਢਾਪੇ ਵਿਚ ਲੜਕੇ ਦੀ ਘਾਟ ਜ਼ਰੂਰ ਮਹਿਸੂਸ ਹੁੰਦੀ ਹੈ |
• ਅੱਜ ਸਮਾਜ ਵਿਚ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤੇ ਜਾਣ ਵਾਲੀ ਚੀਜ਼ ਬੁਢਾਪਾ ਹੈ ਅਤੇ ਬੁਢਾਪਾ ਬਜ਼ੁਰਗਾਂ ਲਈ ਲਗਾਤਾਰ ਬੋਝ ਬਣਦਾ ਜਾ ਰਿਹਾ ਹੈ |
• ਬੰਦੇ ਦਾ ਬੁਢਾਪਾ ਵਰਦਾਨ ਹੋਵੇਗਾ ਕਿ ਸਰਾਪ | ਇਹ ਬੰਦੇ ਦੀ ਜੀਵਨ-ਸ਼ੈਲੀ, ਆਦਤਾਂ, ਸ਼ਿਸ਼ਟਾਚਾਰ, ਜ਼ਿੰਦਗੀ ਵਿਚ ਕੀਤੀ ਕਮਾਈ ਤੇ ਬੱਚਿਆਂ ਨੂੰ ਦਿੱਤੇ ਸੰਸਕਾਰਾਂ 'ਤੇ ਨਿਰਭਰ ਕਰਦਾ ਹੈ |
• ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਹੋ ਜਾਂ ਤੁਸੀਂ ਕਿਸੇ ਦੁਖੀ ਦੀ ਮਦਦ ਕਰਦੇ ਹੋ ਤਾਂ ਸਮਝੋ ਤੁਸੀਂ ਰੱਬ ਦੇ ਸਭ ਤੋਂ ਨੇੜੇ ਹੋ | ਜੇ ਤੁਸੀਂ ਬੁਢਾਪੇ ਵਿਚ ਜਿਊਾਦੇ ਜੀਅ ਮਾਂ-ਪਿਓ ਦੀ ਸੇਵਾ ਨਹੀਂ ਕਰ ਸਕਦੇ ਤਾਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਭੋਗ ਸਮੇਂ ਲੋਕ ਦਿਖਾਵੇ ਲਈ ਵੱਡਾ ਖਰਚ ਕਰਕੇ ਡਰਾਮਾ ਕਰਨ ਦੀ ਕੋਈ ਲੋੜ ਨਹੀਂ |
• ਕਿਸੇ ਨੇ ਕਿਸੇ ਨੂੰ ਪੁੱਛਿਆ ਕਿ, 'ਜਵਾਨੀ ਅਤੇ ਬੁਢਾਪੇ ਵਿਚ ਕੀ ਫਰਕ ਹੈ |' ਦੂਜੇ ਨੇ ਉੱਤਰ ਦਿੱਤਾ ਕਿ, 'ਜਵਾਨੀ ਵਿਚ ਮੋਬਾਈਲ ਫੋਨ 'ਚ ਹੁਸੀਨਾਵਾਂ ਦੇ ਨੰਬਰ ਹੁੰਦੇ ਹਨ ਅਤੇ ਬੁਢਾਪੇ ਵਿਚ ਹਕੀਮਾਂ ਦੇ |' ਪਰ ਕਿਸੇ ਸ਼ਾਇਰ ਨੇ ਬੁਢਾਪੇ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ:
ਕੋਈ ਗਹਿਣਾ ਮੇਰੇ ਪਾਸ ਨਹੀਂ ਥਾ,
ਜਬ ਹੁਸਨ ਥਾ ਮੇਰਾ ਜਮਾਲੋਂ ਮੇਂ |
ਗਹਿਣੇ ਤੋ ਹਮ ਨੇ ਤਬ ਪਹਿਨੇ,
ਜਬ ਚਾਂਦੀ ਆ ਗਈ ਬਾਲੋਂ ਮੇਂ |
(ਬਾਕੀ ਅਗਲੇ ਐਤਵਾਰ)
ਮੋਬਾਈਲ : 99155-63406.

ਲਘੂ ਕਹਾਣੀ
ਫੋਕਾ ਧਰਵਾਸਸਿਆਸੀ ਲੀਡਰ ਦੇ ਦਫਤਰ ਅੱਜ ਪੂਰੀ ਚਹਿਲ-ਪਹਿਲ ਸੀ | ਸਾਰੇ ਵਰਕਰ ਬੜੇ ਖੁਸ਼ ਸਨ ਕਿਉਂਕਿ ਵਿਰੋਧੀ ਧਿਰ ਦਾ ਇਕ ਸਰਪੰਚ ਅੱਜ ਇਨ੍ਹਾਂ ਦੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ | ਫੋਟੋਗ੍ਰਾਫਰ ਮੰਗਵਾਇਆ ਗਿਆ, ਹਾਰ ਪਾਏ ਗਏ, ਭੰਗੜੇ ਪਾ ਕੇ ਪੂਰੀ ਖੁਸ਼ੀ ਮਨਾਈ ਜਾ ਰਹੀ ਸੀ | ਪਾਰਟੀ ਦਾ ਇਕ ਪੁਰਾਣਾ ਵਰਕਰ ਬੋਲਿਆ, 'ਐਵੇਂ ਐਨੀ ਖੁਸ਼ੀ ਨਹੀਂ ਮਨਾਈ ਦੀ, ਜ਼ਿਆਦਾ ਖੁਸ਼ੀ ਮਾੜੀ ਹੁੰਦੀ ਹੈ?' 'ਮਾੜੀ ਕਿਵੇਂ ਹੋਈ?' ਕੁਝ ਨਵੇਂ ਨੌਜਵਾਨ ਵਰਕਰ ਇਕੱਠੇ ਬੋਲੇ | ਪੁਰਾਣਾ ਵਰਕਰ ਕਹਿਣ ਲੱਗਿਆ, 'ਜਦੋਂ ਪਰਸੋਂ ਉਨ੍ਹਾਂ ਨਾਲ ਸਾਬਕਾ ਵਿਧਾਇਕ ਜਾ ਮਿਲਿਆ ਸੀ ਤਾਂ ਤੁਸੀਂ ਕਹਿੰਦੇ ਸੀ ਉਹਨੂੰ ਹੁਣ ਕਿਹੜਾ ਪੁੱਛਦਾ ਉਸ ਦੇ ਮਗਰ ਕੋਈ ਨਹੀਂ, ਉਹ ਤਾਂ ਚੱਲਿਆ ਕਾਰਤੂਸ ਹੈ | ਉਹ ਤਾਂ ਇਕੱਲਾ ਹੀ ਹੈ | ਜੇ ਇਕ ਸਾਬਕਾ ਵਿਧਾਇਕ ਇਕੱਲਾ ਸੀ ਤਾਂ ਤੁਹਾਡੇ ਇਸ ਲੰਡੂ ਜਿਹੇ ਸਰਪੰਚ ਮਗਰ ਕਿਹੜਾ ਸਾਰਾ ਪਿੰਡ ਹੋਵੇਗਾ | ਜੀਹਦਾ ਕੋਈ ਸਟੈਂਡ ਨਹੀਂ ਹੁੰਦਾ ਉਹਦਾ ਅੰਦਰੋਂ ਕੋਈ ਨਹੀਂ ਹੁੰਦਾ | ਇਹ ਤਾਂ ਐਵੇਂ ਫੋਕਾ ਧਰਵਾਸ ਹੈ | ਪਿਛਲੀ ਵਾਰ ਪੰਜਾਬ ਵਿਚ ਜਿਸ ਪਾਰਟੀ ਨੇ ਅਜਿਹੇ ਵੱਧ ਡਰਾਮੇ ਕਰਵਾਏ ਸੀ, ਉਹ ਬੁਰੀ ਤਰ੍ਹਾਂ ਹਾਰੀ ਸੀ | ਅਜਿਹੇ ਡਰਾਮੇ ਕਰਕੇ ਮਨ ਨੂੰ ਫੋਕਾ ਧਰਵਾਸ ਤਾਂ ਦਿੱਤਾ ਜਾ ਸਕਦਾ ਹੈ, ਲੋਕਾਂ ਦਾ ਮਨ ਨਹੀਂ ਜਿੱਤਿਆ ਜਾ ਸਕਦਾ | ਜੇ ਲੋਕਾਂ ਦੇ ਮਨ ਜਿੱਤਣੇ ਹਨ ਤਾਂ ਹਾਲੇ ਸਮਾਂ ਹੈ ਚੰਗੇ ਕੰਮ ਕਰੋ ਲੋਕਾਂ ਨਾਲ ਆਪਣਾ ਸੰਪਰਕ ਬਣਾ ਕੇ ਰੱਖੋ, ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣੋ, ਉਨ੍ਹਾਂ ਦਾ ਹੱਲ ਕਰੋ |' ਪੁਰਾਣੇ ਵਰਕਰ ਦਾ ਕੌੜਾ ਸੱਚ ਸੁਣ ਕੇ ਸਾਰੇ ਨਵੇਂ ਵਰਕਰਾਂ ਦੇ ਮਠਿਆਈ ਖਾਣ ਦੇ ਬਾਵਜੂਦ ਮੂੰਹ ਕੁਸੈਲੇ ਹੋ ਗਏ ਸਨ | ਸਾਰੇ ਇਕ ਦੂਜੇ ਵੱਲ ਬਿਟਰ-ਬਿਟਰ ਵੇਖ ਰਹੇ ਸਨ |
-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 94635-42896.

ਉਰਦੂ ਕਹਾਣੀ
ਨਵੀਂ ਯਾਰੀਜਗੀਰੇ ਦੇ ਮੁਕਾਬਲੇ ਵਿਚ ਜਦ ਲੋਕਾਂ ਨੇ ਸੱਤਰ ਸਾਲ ਬੁੱਢੇ ਉਸਤਾਦ ਲਹਿਣਾ ਸਿਹੁੰ ਨੂੰ ਲੰਗੋਟ ਕੱਸਦੇ ਹੋਏ ਵੇਖਿਆ ਤਾਂ ਸਾਰਿਆਂ ਨੇ ਦੰਦਾਂ ਥੱਲੇ ਉਂਗਲ ਦਬਾ ਲਈ | ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਸੀ ਆ ਰਿਹਾ | ਖੁਦ ਜਗੀਰੇ ਦਾ ਇਹ ਹਾਲ ਸੀ ਕਿ ਵਿਰੋਧੀ ਧੜੇ ਦੇ ਉਸਤਾਦ ਪਹਿਲਵਾਨ ਨੂੰ ਅਖਾੜੇ ਵਿਚ ਉਤਰਦਾ ਵੇਖ ਕੇ ਉਸ ਦੇ ਪਸੀਨੇ ਛੁੱਟ ਗਏ ਸਨ | ਪੈਰਾਂ ਥੱਲਿਉਂ ਅਖਾੜੇ ਦੀ ਮਿੱਟੀ ਖਿਸਕਦੀ ਹੋਈ ਜਾਪ ਰਹੀ ਸੀ | ਉਸ ਨੇ ਘਬਰਾ ਕੇ ਆਪਣੇ ਉਸਤਾਦ ਕਿਸ਼ਨੇ ਵੱਲ ਵੇਖਿਆ ਜੋ ਆਪ ਸਿਰ 'ਤੇ ਬੰਨਿ੍ਹਆ ਪਰਨਾ ਲਾਹ ਕੇ ਗਲ ਵਿਚ ਪਾਈ ਧੌਣ ਨੀਵੀਂ ਕੀਤੇ ਜ਼ਮੀਨ ਵੱਲ ਵੇਖ ਰਿਹਾ ਸੀ ਅਤੇ ਸ਼ਾਇਦ ਦਿਲ ਹੀ ਦਿਲ ਵਿਚ ਸੋਚ ਰਿਹਾ ਸੀ ਕਿ ਉਹ ਉਸਤਾਦ ਲਹਿਣਾ ਸਿਹੁੰ ਦੀ ਚਾਲ ਦਾ ਕੀ ਜਵਾਬ ਦੇਵੇ |
ਜਗੀਰਾ ਅਖਾੜੇ ਦੇ ਚਾਰ ਚੱਕਰ ਲਗਾ ਚੁੱਕਿਆ ਸੀ, ਐਪਰ ਲਹਿਣਾ ਸਿਹੁੰ ਦੇ ਪਹਿਲਵਾਨਾਂ ਦੀ ਟੋਲੀ ਨੂੰ ਵੇਖ ਕੇ ਉਸ ਨੂੰ ਸੱਪ ਸੁੰਘ ਗਿਆ ਸੀ | ਲਹਿਣਾ ਸਿਹੁੰ ਨੇ ਘੂਰ-ਘੂਰ ਕੇ ਆਪਣੇ ਪੱਠਿਆਂ ਵੱਲ ਵੇਖਿਆ, ਐਪਰ ਕਿਸੇ ਵਿਚ ਵੀ ਜਗੀਰੇ ਦੇ ਮੁਕਾਬਲੇ ਦਾ ਦਮਖਮ ਨਹੀਂ ਦਿਸਿਆ | ਸਾਰੇ ਸਿਰ ਨੀਵਾਂ ਕਰਕੇ ਬੈਠ ਰਹੇ | ਕਿਸੇ ਦੀ ਵੀ ਹਿੰਮਤ ਨਹੀਂ ਸੀ ਹੋ ਰਹੀ | ਉਹ ਆਪਣੇ ਉਸਤਾਦ ਤੋਂ ਵੀ ਨਜ਼ਰਾਂ ਚੁਰਾ ਰਹੇ ਸਨ | ਜਗੀਰਾ ਅਖਾੜੇ ਦੇ ਮੈਦਾਨ ਦੇ ਤਿੰਨ ਚੱਕਰ ਕੱਟ ਲਏ ਤਾਂ ਬਗੈਰ ਕੁਸ਼ਤੀ ਦੇ ਹੀ ਉਹ ਪਾਲਾ ਮਾਰ ਦੇਗਾ | ਧਮਾਲ ਦਾ ਪੰਜ ਹਜ਼ਾਰ ਰੁਪਏ ਦਾ ਇਨਾਮ ਉਸ ਨੂੰ ਮਿਲ ਜਾਏ | ਤੇ ਹੁਣ ਖੁਦ ਲਹਿਣਾ ਸਿਹੁੰ ਨੇ ਮੈਦਾਨ ਵਿਚ ਉਤਰਨ ਦਾ ਫੈਸਲਾ ਕਰ ਲਿਆ ਤਾਂ ਜਗੀਰਾ ਅਖਾੜੇ ਦੇ ਵਿਚਕਾਰ ਉਥੇ ਖੜ੍ਹਾ ਹੋ ਗਿਆ ਜਿਥੇ ਢੋਲੀ ਢੋਲ ਵਜਾ ਰਿਹਾ ਸੀ |
ਅਸਲ ਵਿਚ ਜਗੀਰੇ ਨੇ 10-12 ਸਾਲ ਦੀ ਉਮਰ ਵਿਚ ਹੀ ਜਦ ਕੱਦ ਕਾਠ ਸ਼ੁਰੂ ਕੀਤਾ ਅਤੇ ਉਸ ਦੇ ਡੌਲੇ ਮੰੂਜੀ ਛੜਨ ਵਾਲੀ ਮੰੂਗਲੀ ਵਾਂਗ ਲੰਮੇ ਹੋਣ ਲੱਗ ਪਏ ਤਾਂ ਲਹਿਣਾ ਸਿਹੁੰ ਨੇ ਬੜੀ ਕੋਸ਼ਿਸ਼ ਕੀਤੀ ਕਿ ਜਗੀਰਾ ਉਸ ਦੇ ਅਖਾੜੇ ਵਿਚ ਆ ਜਾਏ ਪਰ ਜਗੀਰੇ ਇਕ ਨਾਂਹ ਫੜ ਲਈ, ਨਹੀਂ ਮੈਂ ਭਲਵਾਨ ਨਹੀਂ ਬਣਨਾ | ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਜਗੀਰੇ ਨੇ ਨਾਂਹ ਕਰ ਦਿੱਤੀ ਹੈ | ਲੋਕਤਾਂ ਲਹਿਣਾ ਸਿਹੁੰ ਦਾ ਪੱਠਾ ਬਣਨ ਵਿਚ ਮਾਣ ਮਹਿਸੂਸ ਕਰਦੇ ਸਨ | ਉਸ ਦੇ ਅਖਾੜੇ ਦੀ ਦੂਰ-ਦੂਰ ਤੱਕ ਧੁੰਮ ਪਈ ਹੋਈ ਸੀ | ਲਹਿਣਾ ਸਿਹੁੰ ਆਪ ਵੀ ਮੰਨਿਆ ਪਰਮੰਨਿਆ ਪਹਿਲਵਾਨ ਸੀ | ਉਸ ਦਾ ਨਾਂਅ ਬਾਹਰਲੇ ਦੇਸ਼ਾਂ ਵਿਚ ਵੀ ਬਹੁਤ ਜਾਣਿਆ ਜਾਂਦਾ ਸੀ | ਉਥੇ ਵੀ ਕੁਸ਼ਤੀ ਦੇ ਸ਼ੌਕੀਨ ਉਸ ਦੇ ਦਾਅ-ਪੇਚ ਦੀ ਬੜੀ ਤਾਰੀਫ਼ ਕਰਦੇ ਸਨ ਅਤੇ ਕੁੰਡਲੀ ਤਾਂ ਉਸ ਦਾ ਰਾਮਬਾਣ ਸੀ | ਜਿਵੇਂ ਹੀ ਉਹ ਕੁੰਡਲੀ ਮਾਰਦਾ ਤਾਂ ਤਕੜੇ ਤੋਂ ਤਕੜਾ ਪਹਿਲਵਾਨ ਚਿੱਤ ਹੋ ਜਾਂਦਾ ਸੀ | ਜਿਨ੍ਹਾਂ ਲੋਕਾਂ ਨੇ ਉਸ ਨੂੰ ਕੁੰਡਲੀ ਮਾਰਦੇ ਹੋਏ ਵੇਖਿਆ ਹੋਇਆ ਸੀ, ਉਹ ਆਖਦੇ ਸਨ, 'ਸਾਹਿਬ ਲਹਿਣਾ ਸਿਹੁੰ ਦੇ ਕੋਲ ਅਜਿਹਾ ਜਾਦੂ ਏ, ਦੂਜੇ ਦੀ ਲੱਤ ਵਿਚ ਲੱਤ ਫਸਾ ਕੇ ਉਹ ਸੱਪ ਦੀ ਕੁੰਡਲੀ ਵਾਂਗੂ ਤਕੜੇ ਤੋਂ ਤਗੜੇ ਪਹਿਲਵਾਨ ਨੂੰ ਆਪਣੇ ਸਿਕੰਜੇ ਵਿਚ ਜਕੜ ਕੇ ਪਤਾ ਨਹੀਂ ਕੀ ਕਰਦਾ ਏ ਕਿ ਦੂਜਾ ਚਿੱਤ ਹੋ ਜਾਂਦਾ ਏ | ਲੋਕਾਂ ਨੂੰ ਤਾਂ ਪਤਾ ਲਗਦਾ ਏ ਜਦੋਂ ਲਹਿਣਾ ਸਿਹੁੰ ਸੀਨਾ ਫੁਲਾ ਕੇ, ਹੱਥ ਚੁੱਕ ਆਪਣੀ ਜਿੱਤ ਦਾ ਐਲਾਨ ਕਰ ਰਿਹਾ ਹੁੰਦਾ ਏ?'
ਲਹਿਣਾ ਸਿਹੁੰ ਦਾ ਪੱਠਾ ਬਣਨ ਲਈ ਨੌਜਵਾਨ ਤਰਸਦੇ ਸਨ | ਉਹ ਘਿਓ ਦੇ ਭਰੇ ਹੋਏ ਪੀਪੇ, ਦੁੱਧ ਨਾਲ ਭਰੇ ਮਟਕੇ ਲਿਆਉਂਦੇ ਅਤੇ ਲਹਿਣਾ ਸਿਹੁੰ ਵੱਲ ਬੜੀ ਆਸ ਭਰੀ ਨਜ਼ਰ ਨਾਲ ਵੇਖਦੇ | ਐਪਰ ਦੂਜੇ ਹੀ ਪਲ ਲਹਿਣਾ ਸਿਹੁੰ ਦਾ ਸਿਰ ਨਾਂਹ ਵਿਚ ਹਿੱਲ ਜਾਂਦਾ ਤਾਂ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਜਾਂਦਾ | ਇਸ ਦੇ ਉਲਟ ਇਹ ਜਗੀਰਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਕਿ ਇਕ ਵੇਰਾਂ ਨਾਂਹ ਫੜ ਲਈ ਤਾਂ ਫੜ ਲਈ | ਜਗੀਰੇ ਦਾ ਦਿਲ ਜਿੱਤਣ ਲਈ ਆਪਣਿਆਂ ਪੱਠਿਆਂ ਨੂੰ ਆਖਦਾ, 'ਜਾਓ ਘਿਓ ਦੇ ਪੀਪੇ ਤੇ ਦੁੱਧ ਦੇ ਮਟਕੇ ਜਗੀਰੇ ਦੇ ਘਰ ਛੱਡ ਆਓ | ਬਹੁਤ ਚੰਗਾ ਮੰੁਡਾ ਏ | ਖਾਵੇ ਪੀਵੇਗਾ ਤਾਂ ਇਕ ਦਿਨ ਚੰਗਾ ਭਲਵਾਨ ਬਣੇਗਾ | ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕਰੇਗਾ', ਐਪਰ ਜਗੀਰੇ 'ਤੇ ਇਸ ਦਾ ਕੋਈ ਅਸਰ ਹੁੰਦਾ ਹੀ ਨਹੀਂ ਸੀ |
ਅਤੇ ਹੁਣ ਜਗੀਰਾ ਅਖਾੜੇ ਵਿਚ ਖਲੋਤਾ ਲਲਕਾਰ ਰਿਹਾ ਸੀ | ਛੇ ਫੁੱਟ ਲੰਮਾ ਕੱਦ, ਸ਼ੇਰ ਵਰਗੀ ਚੌੜੀ ਛਾਤੀ, ਮੋਢਿਆਂ ਤੇ ਟਹਿਣਾਂ ਵਾਂਗੰੂ ਝੂਲਦੇ ਹੋਏ ਡੌਲੇ ਅਤੇ ਲੱਤਾਂ ਤਾਂ ਲਗਦਾ ਸੀ ਜਿਵੇਂ ਦੋ ਬੁਰਜ ਹੋਣ ਜਿਨ੍ਹਾਂ 'ਤੇ ਜਗੀਰਾ ਆ ਕੇ ਟਿਕ ਗਿਆ ਹੈ | ਢੋਲ ਵੱਜ ਰਿਹਾ ਸੀ | ਲਹਿਣਾ ਸਿਹੁੰ ਨੂੰ ਡੰਡ ਬੈਠਕਾਂ ਕੱਢਦੇ ਨੂੰ ਵੇਖ ਕੇ ਢੋਲੀ ਨੇ ਢੋਲ ਦੀ ਆਵਾਜ਼ ਹੋਰ ਤੇਜ਼ ਕਰ ਦਿੱਤੀ | ਦੂਜੇ ਪਾਸੇ ਜਗੀਰੇ ਦਾ ਅੰਗ-ਅੰਗ ਫੜਕ ਰਿਹਾ ਸੀ ਅਤੇ ਲੋਕ ਸੱਤਰ ਸਾਲ ਦੇ ਲਹਿਣਾ ਸਿਹੁੰ ਨੂੰ ਵੇਖ ਕੇ ਅਸ਼-ਅਸ਼ ਕਰ ਰਹੇ ਸਨ | ਕੇਹੋ ਜਿਹਾ ਸਰੀਰ ਹੈ, ਇਸ ਉਮਰ ਵਿਚ ਵੀ ਡੌਲਿਆਂ ਦੀਆਂ ਮੱਛੀਆਂ | ਤਹਿਮਤ ਲਾਹ ਕੇ ਲਹਿਣਾ ਸਿਹੁੰ ਜਦੋਂ ਅਖਾੜੇ ਦੇ ਵਿਚਕਾਰ ਵੱਲ ਹੋਇਆ ਤਾਂ ਜਾਪਦਾ ਸੀ ਜਿਵੇਂ ਸ਼ੇਰ ਮਸਤੀ ਵਿਚ ਆ ਕੇ ਆਪਣੇ ਸ਼ਿਕਾਰ ਵੱਲ ਜਾ ਰਿਹਾ ਹੋਵੇ |
ਢੋਲੀ ਨੇ ਇਕ ਵਾਰ ਫਿਰ ਢੋਲ ਦੀ ਲੈਅ ਤੇਜ਼ ਕੀਤੀ ਤਾਂ ਅਖਾੜੇ ਦੇ ਚਾਰੇ ਪਾਸੇ ਖਲੋਤੇ ਲੋਕਾਂ ਦੇ ਦਿਲ ਧੜਕਨ ਲੱਗ ਪਏ | ਉਨ੍ਹਾਂ ਨੂੰ ਢੋਲ ਦੀ ਆਵਾਜ਼ ਵਿਚੋਂ ਆਪਣੇ ਦਿਲ ਦੀ ਧੜਕਨ ਸੁਣਾਈ ਦੇ ਰਹੀ ਸੀ |
ਜਗੀਰਾ ਚੁੱਪ ਖਲੋਤਾ ਹੋਇਆ ਸੀ | ਲਹਿਣਾ ਸਿਹੁੰ ਹੌਲੀ-ਹੌਲੀ ਤੁਰਦਾ ਹੋਇਆ ਜਗੀਰੇ ਉਤੇ ਨਜ਼ਰਾਂ ਜਮਾਈ ਇੰਜ ਵੇਖ ਰਿਹਾ ਸੀ ਜਿਵੇਂ ਆਪਣੇ ਵਿਰੋਧੀ ਦੀ ਸ਼ਕਤੀ ਦਾ ਅਨੁਮਾਨ ਲਗਾ ਰਿਹਾ ਹੋਵੇ | ਦਸ ਕਦਮ ਦੀ ਦੂਰੀ ਤੋਂ ਲਹਿਣਾ ਸਿਹੁੰ ਨੇ ਅਖਾੜੇ ਨੂੰ ਝੁਕ ਕੇ ਪ੍ਰਣਾਮ ਕੀਤਾ | ਅਖਾੜੇ ਦੀ ਮਿੱਟੀ ਲੈ ਕੇ ਮੱਥੇ 'ਤੇ ਲਗਾਈ ਅਤੇ ਫਿਰ ਸ਼ੇਰ ਵਾਂਗੰੂ ਹਮਲਾ ਕਰਨ ਲਈ ਅੱਗੇ ਨੂੰ ਹੋਇਆ | ਉਸ ਨੇ ਇਕ ਕਦਮ ਅੱਗੇ ਕੀਤਾ ਹੀ ਸੀ ਕਿ ਬਿਜਲੀ ਦੀ ਤੇਜ਼ੀ ਨਾਲ ਜਗੀਰਾ ਅੱਗੇ ਵਧਿਆ ਅਤੇ ਬੁੱਢੇ ਉਸਤਾਦ ਦੇ ਪੈਰਾਂ ਵਿਚ ਡਿਗ ਪਿਆ | ਜ਼ਮੀਨ 'ਤੇ ਪਿਆ-ਪਿਆ ਹੀ ਉਹ ਉਸਤਾਦ ਦੇ ਪੈਰ ਚੁੰਮੀ ਜਾ ਰਿਹਾ ਸੀ |
ਲੋਕ ਹੈਰਾਨ ਸਨ ਕਿ ਕੀ ਹੋ ਰਿਹਾ ਹੈ | ਖ਼ੁਦ ਲਹਿਣਾ ਸਿਹੁੰ ਹੱਕਾ-ਬੱਕਾ ਹੋਇਆ ਖੜ੍ਹਾ ਸੀ | ਜਗੀਰਾ ਦੋਵਾਂ ਹੱਥਾਂ ਨਾਲ ਉਸਤਾਦ ਦੀਆਂ ਲੱਤਾਂ ਨੂੰ ਫੜ ਕੇ ਚੁੰਮੀ ਜਾ ਰਿਹਾ ਸੀ ਅਤੇ ਫਿਰ ਲਹਿਣਾ ਸਿਹੁੰ ਨੇ ਆਪਣੇ ਹੱਥਾਂ ਨਾਲ ਜਗੀਰੇ ਨੂੰ ਫੜ ਕੇ ਖੜ੍ਹਾ ਕੀਤਾ | ਜਗੀਰੇ ਦੀਆਂ ਅੱਖਾਂ ਵਿਚ ਹੰਝੂ ਭਰੇ ਹੋਏ ਸਨ | ਲਹਿਣਾ ਸਿਹੁੰ ਨੇ ਉਸ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਹੌਸਲਾ ਦਿੱਤਾ |
ਕੁਸ਼ਤੀ ਨਾ ਹੋਣ ਕਰਕੇ ਲਹਿਣਾ ਸਿਹੁੰ ਨੂੰ ਪਹਿਲੇ ਇਨਾਮ ਦਾ ਜੇਤੂ ਐਲਾਨਿਆ ਗਿਆ ਅਤੇ ਜਗੀਰੇ ਨੂੰ ਦੂਜੇ ਇਨਾਮ ਦਾ ਜੇਤੂ | ਇਨਾਮ ਦੀ ਰਕਮ ਲੈਣ ਲਈ ਜਦੋਂ ਦੋਵੇਂ ਗਏ ਤਾਂ ਲਹਿਣਾ ਸਿਹੁੰ ਨੇ ਜਗੀਰੇ ਨੂੰ ਅੱਗੇ ਕਰਕੇ ਜ਼ੋਰ ਨਾਲ ਕਿਹਾ, 'ਪਹਿਲੇ ਇਨਾਮ ਦਾ ਹੱਕਦਾਰ ਜਗੀਰਾ ਹੀ ਏ |' ਇਹ ਸੁਣ ਕੇ ਲੋਕ ਬੜੇ ਖੁਸ਼ ਹੋਏ | ਜਗੀਰਾ ਹੈਰਾਨ ਪ੍ਰੇਸ਼ਾਨ ਸੀ ਕਿ ਇਹ ਕੀ ਹੋ ਰਿਹਾ ਹੈ ਕਿ ਉਸਤਾਦ ਪਹਿਲਾ ਇਨਾਮ ਉਹਦੀ ਝੋਲੀ ਵਿਚ ਪਾ ਰਿਹਾ ਹੈ |
ਪਹਿਲੇ ਇਨਾਮ ਦੀ ਰਕਮ ਲੈ ਕੇ ਜਗੀਰੇ ਨੇ ਉਸਤਾਦ ਲਹਿਣਾ ਸਿਹੁੰ ਦੇ ਕਦਮਾਂ ਵਿਚ ਰੱਖ ਦਿੱਤੀ ਅਤੇ ਬੇਨਤੀ ਕੀਤੀ, 'ਉਸਤਾਦ ਸਾਹਿਬ ਇਹ ਗੁਰੂ ਦਕਸ਼ਨਾ ਹੈ |' ਜਗੀਰਾ ਉਸਤਾਦ ਲਹਿਣਾ ਸਿਹੁੰ ਦੇ ਪੈਰੀਂ ਪਿਆ ਹੋਇਆ ਸੀ | ਫਿਰ ਉਸ ਦਾ ਆਪਣਾ ਉਸਤਾਦ ਕਿਸ਼ਨਾ ਅੱਗੇ ਵਧਿਆ ਅਤੇ ਲਹਿਣਾ ਸਿਹੁੰ ਦੇ ਹੱਥਾਂ ਵਿਚ ਮੌਲੀ ਦਾ ਧਾਗਾ ਫੜਾਉਂਦਾ ਹੋਇਆ ਕਹਿਣ ਲੱਗਾ, 'ਲੈ ਜਗੀਰੇ ਨੂੰ ਮੌਲੀ ਬੰਨ੍ਹ ਕੇ ਆਪਣਾ ਸ਼ਾਗਿਰਦ ਬਣਾ ਲੈ | ਇਸ ਨੂੰ ਆਪਣੇ ਵਰਗੀ ਕੁੰਡਲੀ ਮਾਰਨਾ ਸਿਖਾ ਦੇ ਤਾਂ ਕਿ ਇਹ ਵੱਡਾ ਪਹਿਲਵਾਨ ਬਣ ਸਕੇ |'
ਇਹ ਸੁਣ ਦੇ ਸਾਰ ਹੀ ਲਹਿਣਾ ਸਿਹੁੰ ਨੇ ਕਿਸ਼ਨੇ ਨੂੰ ਗਲ ਨਾਲ ਲਗਾ ਕੇ ਘੁੱਟ ਲਿਆ | ਹੁਣ ਦੋਵਾਂ ਧੜਿਆਂ ਵਿਚਕਾਰ ਨਵੀਂ ਯਾਰੀ ਸ਼ੁਰੂ ਹੋ ਗਈ ਸੀ |
-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401. ਪੰਜਾਬ | ਮੋਬਾ : 94170-91668.

ਮਿੰਨੀ ਕਹਾਣੀਆਂ

ਯਾਦ
ਜਦੋਂ ਉਸ ਦੀ ਪਤਨੀਂ ਜਿਊਾਦੀ ਸੀ ਤਾਂ ਹਮੇਸ਼ਾ ਉਸ ਨੂੰ ਕਹਿੰਦੀ, 'ਮੈਂ ਕਿਹਾ ਜੀ ਆਹ ਤੁਸੀਂ ਕੀ ਅਖ਼ਬਾਰਾਂ ਦੀਆਂ ਕਾਤਰਾਂ ਤੇ ਰਸਾਲੇ ਜਿਹੇ ਜੋੜ-ਜੋੜ ਕੇ ਰੱਖਦੇ ਰਹਿੰਦੇ ਓ?'
'ਭਾਗਵਾਨੇ ਤੇਰੀ ਤੇ ਬੱਚਿਆਂ ਦੀ ਤਾਂ ਲਿਖਣ-ਪੜ੍ਹਨ 'ਚ ਕੋਈ ਰੁਚੀ ਹੈਨੀਂ | ਦੇਖੀਂ ਮੇਰੇ ਪੋਤੇ-ਪੜੋਤੇ ਮੇਰੀਆਂ ਲਿਖਤਾਂ ਪੜ੍ਹ ਕੇ ਯਾਦ ਕਰਿਆ ਕਰਨਗੇ ਕਿ ਸਾਡਾ ਦਾਦਾ ਕਿੱਡਾ ਵੱਡਾ ਲੇਖਕ ਸੀ |' ਫਿਰ ਕੁਝ ਚਿਰ ਬਿਮਾਰ ਰਹਿਣ ਮਗਰੋਂ ਉਹ ਵੀ ਚੱਲ ਵਸਿਆ ਸੀ | ਉਸ ਦੇ ਭੋਗ ਪਿੱਛੋਂ ਉਸ ਦੀ ਨੂੰ ਹ ਤੇ ਕਾਨਵੈਂਟ 'ਚ ਪੜ੍ਹੇ ਉਸ ਦੇ ਪੋਤੇ ਅੱਜ ਉਸ ਦੇ ਕਮਰੇ ਦੀ ਸਾਫ-ਸਫਾਈ ਕਰ ਰਹੇ ਸੀ | 'ਉਹ ਵਾਹ ਗਰੈਂਡ ਪਾਪਾ ਨੇ ਕਿੰਨੀ ਰੱਦੀ ਇਕੱਠੀ ਕੀਤੀ ਹੋਈ ਏ, ਮੌਮ ਕਿਉਂ ਨਾ ਆਪਾਂ ਇਹ ਸਾਰੀ ਰੱਦੀ ਵੇਚ ਕੇ ਅੱਜ ਗਰੈਂਡ ਪਾਪਾ ਦੀ ਯਾਦ ਵਿਚ ਕਿਸੇ ਵਧੀਆ ਰੈਸਟੋਰੈਂਟ ਵਿਚ ਡਿਨਰ ਕਰੀਏ |'
'ਯਾ ਦੈਟਸ ਅ ਗਰੇਟ ਆਈਡੀਆ | ਹਾਂ ਨਾਲੇ ਪਾਪਾ ਨੂੰ ਰਿੰਗ ਕਰ ਦਿਓ ਕਿ ਡਿਨਰ ਦਾ ਬਿਲ ਵੀ ਅਸੀਂ ਹੀ ਪੇਅ ਕਰਾਂਗੇ', ਕੋਲ ਖੜ੍ਹੇ ਛੋਟੇ ਪੋਤੇ ਨੇ ਵੀ ਹੁਣ ਨਹਿਲੇ ਤੇ ਦਹਿਲਾ ਮਾਰਿਆ |

-ਅਰਵਿੰਦਰ ਸਿੰਘ ਕੋਹਲੀ, ਜਗਰਾਉਂ |
ਮੋਬਾਈਲ : 9417985058

ਅਧੂਰਾ ਸੁਪਨਾ
ਅਕਸਰ ਬਚਪਨ ਵਿਚ ਅਸਮਾਨ ਵਿਚ ਉਡਦਾ ਵੇਖਦੀ, ਕਦੇ ਪਤੰਗਾਂ ਨੂੰ ਤੇ ਕਦੇ ਪੰਛੀਆਂ ਨੂੰ , ਮੇਰਾ ਵੀ ਦਿਲ ਕਰਦਾ ਕਿ ਮੈਂ ਉੱਡਾਂ... ਚਹਿਚਹਾਵਾਂ... ਗੀਤ ਗਾਵਾਂ | ਪਰ ਅਕਸਰ ਮੈਨੂੰ ਦਬਾ ਦਿੱਤਾ ਜਾਂਦਾ, ਪਰ ਬਚਪਨ ਵਿਚ ਕਦੇ ਫਰਕ ਨਾ ਸਮਝ ਸਕੀ | ਪੰਛੀਆਂ ਅਤੇ ਪਤੰਗਾਂ ਦਾ... ਅਕਸਰ ਸੋਚਦੀ ਰਹਿੰਦੀ ਮੈਂ ਵੀ ਉੱਡਾਂਗੀ... ਚਹਿਚਹਾਵਾਂਗੀ... ਗੀਤ ਗਾਵਾਂਗੀ... ਪੰਛੀਆਂ ਦੇ ਵਾਂਗ... |
ਉੱਡੀ... ਮੈਂ ਵੀ ਜ਼ਰੂਰ... ਪਰ ਪਤੰਗ ਦੇ ਵਾਂਗ... ਕਦੇ ਡੋਰ ਬਾਪੂ ਹੱਥ ਰਹੀ... ਕਦੇ ਪਤੀ ਹੱਥ... ਤੇ ਕਦੇ ਪੁੱਤਰਾਂ ਹੱਥ... ਪਰ ਮੇਰਾ ਪੰਛੀਆਂ ਵਾਂਗ ਉਡਣ ਦਾ ਸੁਪਨਾ ਅਧੂਰਾ ਹੀ ਰਿਹਾ |
-ਗਿੰਨੀ ਮੁਕਤਸਰ
ਮੋਬਾਈਲ : 98559-92000.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX