ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  13 minutes ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪੱਛਮੀ ਬੰਗਾਲ ਵਿਚ ਡਾਕਟਰ ਤੇ ਹੋਏ ਅੱਤਿਆਚਾਰ ਵਿਰੁੱਧ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਅਤੇ ਦੋਸ਼ੀਆਂ ਵਿਰੁੱਧ .....
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  22 minutes ago
ਝਬਾਲ, 17 ਜੂਨ (ਸੁਖਦੇਵ ਸਿੰਘ)- ਝਬਾਲ-ਅਟਾਰੀ ਰੋਡ 'ਤੇ ਸਥਿਤ ਪਿੰਡ ਬਘਿਆੜੀ ਦੇ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਆਹਮੋ-ਸਾਹਮਣੇ ਹੋਈ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਨਾਲ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ...
ਅਹਿਮਦਗੜ੍ਹ 'ਚ ਡਾਕਟਰਾਂ ਵੱਲੋਂ ਹੜਤਾਲ
. . .  25 minutes ago
ਅਹਿਮਦਗੜ੍ਹ, 17 ਜੂਨ (ਸੋਢੀ)- ਅਹਿਮਦਗੜ੍ਹ ਵਿਖੇ ਪੱਛਮੀ ਬੰਗਾਲ 'ਚ ਡਾਕਟਰ ਖ਼ਿਲਾਫ਼ ਹੋਈ ਹਿੰਸਾ ਦੇ ਵਿਰੋਧ 'ਚ 24 ਘੰਟੇ ਦੀ ਹੜਤਾਲ ਕਰ ਕੇ ਇਲਾਕੇ ਦੇ ਸਮੂਹ ਡਾਕਟਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ .....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ
. . .  41 minutes ago
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਰਾਹਤ
. . .  42 minutes ago
ਜੈਪੁਰ, 17 ਜੂਨ- ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਨਮਾਨ ਖ਼ਾਨ ਨੂੰ ਜੋਧਪੁਰ ਸੀ.ਜੇ.ਐਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਸਰਕਾਰ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ ਸਲਮਾਨ ਖ਼ਾਨ 'ਤੇ ਝੂਠਾ ਹਲਫ਼ਨਾਮਾ ਪੇਸ਼ ਕਰਨ ....
ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਕੇਜਰੀਵਾਲ ਨੇ ਕੀਤੀ ਨਿੰਦਾ
. . .  49 minutes ago
ਨਵੀਂ ਦਿੱਲੀ, 17 ਜੂਨ- ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਨਿੰਦਾ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਕਿਹਾ, ''ਇਹ ਮੰਦਭਾਗੀ...
ਜਾਪਾਨ ਦੇ ਸਫ਼ੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  57 minutes ago
ਅੰਮ੍ਰਿਤਸਰ, 17 ਜੂਨ (ਹਰਮਿੰਦਰ ਸਿੰਘ)- ਜਾਪਾਨ ਦੇ ਸਫ਼ੀਰ ਕੈਨਜੀ ਹੀਰਾਮਸਤੂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਾਪਾਨ...
ਫਤਿਹਵੀਰ ਦੀ ਮੌਤ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
. . .  about 1 hour ago
ਚੰਡੀਗੜ੍ਹ, 17 ਜੂਨ- ਫਤਿਹਵੀਰ ਸਿੰਘ ਦੀ ਮੌਤ ਨੂੰ ਲੈ ਕੇ ਹਾਈ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਗਈ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰੇਤ ਪੰਜਾਬ, ਡੀ.ਸੀ, ਐਸ.ਐਸ.ਪੀ, ....
ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ
. . .  about 1 hour ago
ਨਵੀਂ ਦਿੱਲੀ, 17 ਜੂਨ- ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰਾਂ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਪੂਰੇ ਦੇਸ਼ 'ਚ ਡਾਕਟਰਾਂ ਦਾ ਗ਼ੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸੀ ਨੂੰ ਦੇਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਸੰਗਠਨ ਇੰਡੀਅਨ ਮੈਡੀਕਲ ....
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਬੂੜਾ ਗੁੱਜਰ ਰੋਡ ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਫੜੇ ਗਏ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀਆਂ ਨੂੰ ਡਿਊਟੀ ਮਜਿਸਟਰੇਟ ਰਵੀ ਗੁਲਾਟੀ....
ਹੋਰ ਖ਼ਬਰਾਂ..

ਸਾਡੀ ਸਿਹਤ

ਇੰਤਜ਼ਾਰ ਨਾ ਕਰੋ ਚੀਜ਼ ਦੀ ਮਿਆਦ ਖ਼ਤਮ ਹੋਣ ਦਾ

ਬ੍ਰੈੱਡ, ਬਿਸਕੁਟ, ਬੰਦ ਪੈਕੇਟ, ਬੰਦ ਟਿਨ ਅਤੇ ਖਾਣ-ਪੀਣ ਦੀਆਂ ਡੱਬਾਬੰਦ ਚੀਜ਼ਾਂ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਤਾਂ ਅਸੀਂ ਦੇਖ ਕੇ ਲੈਂਦੇ ਹਾਂ ਅਤੇ ਮਿਤੀ ਲੰਘ ਜਾਣ 'ਤੇ ਉਨ੍ਹਾਂ ਨੂੰ ਸੁੱਟ ਵੀ ਦਿੰਦੇ ਹਾਂ ਪਰ ਘਰ ਵਿਚ ਕੁਝ ਨਿਯਮਤ ਰੂਪ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਮਿਆਦ ਖ਼ਤਮ ਹੋਣ ਵੱਲ ਕਦੀ ਧਿਆਨ ਨਹੀਂ ਦਿੱਤਾ ਜਾਂਦਾ। ਸਾਲਾਂ ਤੱਕ ਉਹ ਸਾਡੇ ਨਾਲ, ਸਾਡੇ ਘਰ ਦਾ ਅੰਗ ਬਣੀਆਂ ਰਹਿੰਦੀਆਂ ਹਨ ਅਤੇ ਕਦੇ ਨਹੀਂ ਧਿਆਨ 'ਚ ਆਉਂਦਾ ਕਿ ਇਨ੍ਹਾਂ ਦੀ ਮਿਆਦ ਸੀਮਤ ਹੈ। ਸਾਨੂੰ ਉਨ੍ਹਾਂ ਨੂੰ ਬਦਲ ਲੈਣਾ ਚਾਹੀਦਾ ਹੈ। ਬਹੁਤੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਤੌਲੀਆ, ਕੰਘਾ, ਵਾਲਾਂ ਵਾਲਾ ਬੁਰਸ਼, ਦੰਦਾਂ ਵਾਲਾ ਬੁਰਸ਼, ਸਿਰਹਾਣਾ, ਸਲੀਪਰ, ਬਾਥ ਸਪੰਜ, ਗੱਦੇ ਆਦਿ ਦੀ ਵੀ ਮਿਆਦ ਹੁੰਦੀ ਹੈ।
ਸਿਰਹਾਣਾ : ਸਿਰਹਾਣਾ ਚਾਹੇ ਫੋਮ ਦਾ ਹੋਵੇ ਜਾਂ ਰੂੰ ਦਾ, ਕੁਝ ਸਮੇਂ ਬਾਅਦ ਆਪਣਾ ਆਕਾਰ ਬਦਲਣ ਲਗਦਾ ਹੈ। ਜਦੋਂ ਵੀ ਤੁਹਾਡਾ ਸਿਰਹਾਣਾ ਆਕਾਰ ਬਦਲਣ ਲੱਗੇ, ਜ਼ਿਆਦਾ ਦੱਬਣ ਲੱਗੇ ਤਾਂ ਸਮਝੋ ਇਸ ਨੂੰ ਬਦਲਣ ਦਾ ਸਮਾਂ ਆ ਗਿਆ ਹੈ, ਕਿਉਂਕਿ ਇਨ੍ਹਾਂ ਵਿਚ ਧੂੜ ਜਮ੍ਹਾਂ ਹੋਣ ਲਗਦੀ ਹੈ, ਜੋ ਸਾਡੀ ਸਿਹਤ 'ਤੇ ਪ੍ਰਭਾਵ ਪਾਉਂਦੀ ਹੈ। ਜਿਵੇਂ ਵਾਰ-ਵਾਰ ਜ਼ੁਕਾਮ-ਖੰਘ ਹੋਣਾ ਜਾਂ ਇਨਫੈਕਸ਼ਨ ਦਾ ਹੋਣਾ ਆਦਿ। ਰੂੰ ਦੇ ਸਿਰਹਾਣੇ ਨੂੰ ਸਾਲ ਵਿਚ ਇਕ ਵਾਰ ਰੂੰ ਦੁਬਾਰਾ ਸਾਫ਼ ਕਰਕੇ ਉਸ ਦਾ ਕਵਰ ਧੋ ਕੇ ਭਰਵਾਓ। ਫੋਮ ਦਾ ਸਿਰਹਾਣਾ ਨਵਾਂ ਖ਼ਰੀਦੋ। ਫੋਮ ਦੇ ਸਿਰਹਾਣੇ ਦੀ ਮਿਆਦ 1 ਤੋਂ 3 ਸਾਲ ਹੁੰਦੀ ਹੈ।
ਤੌਲੀਆ : ਤੌਲੀਆ ਨਿਯਮਤ ਰੂਪ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ। ਇਸ ਦੀ ਵੀ ਆਪਣੀ ਮਿਆਦ ਹੈ। ਬ੍ਰਾਂਡਿਡ ਤੌਲੀਏ ਨੂੰ 2 ਤੋਂ 3 ਸਾਲ ਅਤੇ ਆਮ ਤੌਲੀਏ ਨੂੰ ਇਕ ਤੋਂ ਡੇਢ ਸਾਲ ਤੱਕ ਵਰਤੋਂ ਵਿਚ ਲਿਆਓ। ਰੋਜ਼ ਵਰਤੋਂ ਹੋਣ ਕਾਰਨ ਇਸ ਨੂੰ ਦੋ ਦਿਨ ਵਿਚ ਇਕ ਵਾਰ ਧੋਵੋ ਅਤੇ ਧੁੱਪ ਵਿਚ ਸੁਕਾਓ। ਨਹਾਉਣ ਤੋਂ ਬਾਅਦ ਵੀ ਤੌਲੀਆ ਖੁੱਲ੍ਹੇ ਵਿਚ ਸੁਕਾਓ ਤਾਂ ਕਿ ਬੈਕਟੀਰੀਆ ਉਨ੍ਹਾਂ ਵਿਚ ਜੰਮ ਨਾ ਸਕੇ। ਪੁਰਾਣੇ ਤੌਲੀਏ ਵਿਚ ਬੈਕਟੀਰੀਆ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕਿਉਂਕਿ ਤੌਲੀਏ ਦਾ ਸਿੱਧਾ ਸਬੰਧ ਸਾਡੀ ਚਮੜੀ ਨਾਲ ਹੁੰਦਾ ਹੈ। ਬੱਚਿਆਂ ਦੇ ਤੌਲੀਏ ਰੋਜ਼ ਧੋਵੋ ਅਤੇ ਇਕ ਸਾਲ ਵਿਚ ਬਦਲ ਲਓ। ਤੌਲੀਆ ਹਮੇਸ਼ਾ ਸਫੈਦ ਜਿਹਾ ਹਲਕੇ ਰੰਗ ਦਾ ਲਓ, ਇਸ ਵਿਚ ਜਮ੍ਹਾਂ ਗੰਦਗੀ ਨਜ਼ਰ ਆਉਣ ਲਗਦੀ ਹੈ।
ਗੱਦੇ : ਹਰ ਘਰ ਵਿਚ ਗੱਦਿਆਂ ਦੀ ਵਰਤੋਂ ਸੌਣ ਲਈ ਨਿਯਮਤ ਰੂਪ ਨਾਲ ਹੁੰਦੀ ਹੈ, ਚਾਹੇ ਗੱਦੇ ਰੂੰ ਦੇ ਹੋਣ ਜਾਂ ਫੋਮ ਦੇ। ਇਨ੍ਹਾਂ ਦੀ ਵੀ ਮਿਆਦ ਸੀਮਤ ਹੁੰਦੀ ਹੈ, ਜਿਵੇਂ ਰੂੰ ਦੇ ਗੱਦੇ 2 ਤੋਂ 3 ਸਾਲ ਵਿਚ ਇਕ ਵਾਰ ਖੋਲ੍ਹ ਕੇ ਰੂੰ ਸਾਫ਼ ਕਰਾ ਕੇ ਰੱਖੋ ਅਤੇ ਲੋੜ ਪੈਣ 'ਤੇ ਭਰਵਾਓ ਅਤੇ ਉਸ ਦੇ ਕਵਰ ਨੂੰ ਧੋ ਕੇ ਦੁਬਾਰਾ ਵਰਤੋ। ਰੂੰ ਦੇ ਗੱਦੇ ਛੇਤੀ ਦੱਬਣ ਲਗਦੇ ਹਨ ਅਤੇ ਆਪਣਾ ਅਸਲੀ ਆਕਾਰ ਗੁਆ ਦਿੰਦੇ ਹਨ, ਜਿਸ ਨਾਲ ਕਮਰ, ਧੌਣ, ਮੋਢਿਆਂ ਦਾ ਦਰਦ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਫੋਮ ਦੇ ਗੱਦੇ ਨਾ ਜ਼ਿਆਦਾ ਨਰਮ ਲਓ, ਨਾ ਹੀ ਜ਼ਿਆਦਾ ਸਖ਼ਤ। 6 ਤੋਂ 8 ਸਾਲ ਵਿਚ ਗੱਦੇ ਕਾਫੀ ਦੱਬਣ ਲਗਦੇ ਹਨ ਅਤੇ ਇਨ੍ਹਾਂ ਵਿਚ ਧੂੜ ਜਮ੍ਹਾਂ ਹੋਣ ਲਗਦੀ ਹੈ। ਜਦੋਂ ਵੀ ਲੱਗੇ ਗੱਦੇ ਦੱਬ ਕੇ ਆਪਣਾ ਅਸਲੀ ਆਕਾਰ ਗੁਆ ਰਹੇ ਹਨ ਤਾਂ ਇਨ੍ਹਾਂ ਨੂੰ ਬਦਲ ਦਿਓ। ਗੱਦਿਆਂ ਦੇ ਅੰਦਰ ਜ਼ਿਆਦਾ ਧੂੜ ਨਾ ਜਾਵੇ।
ਬਾਥਰੂਮ ਸਲੀਪਰਸ : ਬਾਥਰੂਮ ਸਲੀਪਰਸ ਦੀ ਵਰਤੋਂ ਦਿਨ ਵਿਚ ਕਈ ਘੰਟੇ ਤੱਕ ਅਸੀਂ ਘਰ ਵਿਚ ਨਿਯਮਤ ਰੂਪ ਨਾਲ ਕਰਦੇ ਹਾਂ, ਜੋ ਦਿਨ ਵਿਚ ਕਈ ਵਾਰ ਗਿੱਲੇ ਹੁੰਦੇ ਹਨ। ਇਨ੍ਹਾਂ ਦਾ ਜੀਵਨ ਬਸ 6 ਮਹੀਨੇ ਤੱਕ ਹੁੰਦਾ ਹੈ, ਕਿਉਂਕਿ ਇਨ੍ਹਾਂ ਵਿਚ ਤਰੇੜਾਂ ਆ ਜਾਂਦੀਆਂ ਹਨ, ਜਿਨ੍ਹਾਂ ਵਿਚ ਬੈਕਟੀਰੀਆ ਆਪਣਾ ਘਰ ਬਣਾ ਲੈਂਦੇ ਹਨ, ਜੋ ਪੈਰਾਂ ਦੀ ਚਮੜੀ ਨੂੰ ਇਨਫੈਕਸ਼ਨ ਦੇ ਸਕਦੇ ਹਨ। ਬਾਥਰੂਮ ਸਲੀਪਰ ਹੇਠੋਂ ਛੇਤੀ ਘਸ ਜਾਂਦੇ ਹਨ ਅਤੇ ਤੁਹਾਡੇ ਡਿਗਣ ਦਾ ਖ਼ਤਰਾ ਬਣਿ ਰਹਿ ਸਕਦਾ ਹੈ, ਇਸ ਲਈ ਇਨ੍ਹਾਂ ਨੂੰ 6 ਤੋਂ 7 ਮਹੀਨੇ ਵਿਚ ਬਦਲਣਾ ਚਾਹੀਦਾ ਹੈ।
ਵਾਲਾਂ ਵਾਲਾ ਬੁਰਸ਼ ਜਾਂ ਕੰਘੀ : ਵਾਲਾਂ ਵਾਲਾ ਬੁਰਸ਼ ਅਤੇ ਕੰਘੇ ਨੂੰ ਇਕ ਸਾਲ ਬਾਅਦ ਜ਼ਰੂਰ ਬਦਲ ਲਓ। ਗੰਦੇ ਜਾਂ ਜ਼ਿਆਦਾ ਪੁਰਾਣੇ ਵਾਲਾਂ ਵਾਲੇ ਬੁਰਸ਼ ਨਾਲ ਤੁਹਾਡੇ ਸਿਰ ਦੀ ਚਮੜੀ ਨੂੰ ਇਨਫੈਕਸ਼ਨ ਹੋ ਸਕਦੀ ਹੈ। ਹਫਤੇ ਵਿਚ ਇਕ ਵਾਰ ਇਨ੍ਹਾਂ ਨੂੰ ਜ਼ਰੂਰ ਸਾਫ਼ ਕਰੋ। ਤਰਲ ਸਾਬਣ ਵਿਚ ਕੋਸਾ ਪਾਣੀ ਮਿਲਾ ਕੇ ਦੰਦਾਂ ਵਾਲੇ ਬੁਰਸ਼ ਨਾਲ ਇਸ ਨੂੰ ਸਾਫ਼ ਕਰੋ। ਇਸ ਦੀ ਉੱਚਿਤ ਦੇਖ-ਭਾਲ ਨਾ ਕਰਨ ਨਾਲ ਵਾਲਾਂ ਦੇ ਡਿਗਣ ਦੀ ਸਮੱਸਿਆ ਹੋ ਸਕਦੀ ਹੈ।
ਦੰਦਾਂ ਵਾਲਾ ਬੁਰਸ਼ : ਦੰਦਾਂ ਵਾਲਾ ਬੁਰਸ਼ ਹਰ ਮਹੀਨੇ ਬਦਲੋ, ਕਿਉਂਕਿ ਅਸੀਂ ਇਸ ਦੀ ਵਰਤੋਂ ਦੰਦਾਂ ਦੀ ਸਫ਼ਾਈ ਲਈ ਕਰਦੇ ਹਾਂ। ਇਨ੍ਹਾਂ ਦੰਦਾਂ ਨਾਲ ਖਾਣਾ ਚੱਬ ਕੇ ਸਾਡੇ ਪੇਟ ਵਿਚ ਜਾਂਦਾ ਹੈ। ਜੇ ਦੰਦਾਂ ਵਾਲਾ ਬੁਰਸ਼ ਗੰਦਾ ਹੋਵੇਗਾ ਤਾਂ ਉਹ ਦੰਦਾਂ ਵਿਚ ਇਨਫੈਕਸ਼ਨ ਦੇਵੇਗਾ ਅਤੇ ਖਾਣੇ ਦੇ ਨਾਲ ਬੈਕਟੀਰੀਆ ਸਾਡੇ ਪੇਟ ਵਿਚ ਚਲੇ ਜਾਣਗੇ, ਜੋ ਸਾਨੂੰ ਪੇਟ ਸਬੰਧੀ ਬਿਮਾਰੀਆਂ ਦਾ ਸ਼ਿਕਾਰ ਬਣਾਉਣਗੇ।
ਬਾਥ ਸਪੰਜ : ਬਾਥ ਸਪੰਜ ਨੂੰ ਬਹੁਤ ਛੇਤੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਸ ਨੂੰ 2 ਹਫ਼ਤੇ ਬਾਅਦ ਬਦਲ ਲਓ। ਹਫ਼ਤੇ ਵਿਚ ਦੋ ਵਾਰ ਇਸ ਨੂੰ ਗਰਮ ਪਾਣੀ ਨਾਲ ਧੋਵੋ ਅਤੇ ਨਹਾਉਣ ਤੋਂ ਬਾਅਦ ਇਸ ਨੂੰ ਟੰਗ ਦਿਓ ਤਾਂ ਕਿ ਪਾਣੀ ਨਿਕਲ ਜਾਵੇ। ਗੰਦਾ ਬਾਥ ਸਪੰਜ ਵਰਤਣ ਨਾਲ ਚਮੜੀ ਵਿਚ ਰੇਸ਼ੇਜ਼ ਹੋ ਸਕਦੇ ਹਨ।
ਇਸ ਲਈ ਸਾਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਉਪਰੋਕਤ ਚੀਜ਼ਾਂ ਦੀ ਮਿਆਦ ਖ਼ਤਮ ਹੋਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਸਿਹਤ ਸੁਰੱਖਿਆ : ਨਿਯਮ ਅਤੇ ਪ੍ਰਹੇਜ਼

ਮਨੁੱਖ ਦਾ ਤੰਦਰੁਸਤ ਰਹਿਣਾ ਉਸ ਦੇ ਆਪਣੇ ਹੱਥ ਵਿਚ ਹੈ, ਬਸ਼ਰਤੇ ਉਹ ਆਪਣੇ-ਆਪ ਲਈ ਕੁਝ ਨਿਯਮ ਨਿਰਧਾਰਤ ਕਰੇ। ਜਿਸ ਤਰ੍ਹਾਂ ਕਿਸੇ ਵੀ ਕੰਮ ਲਈ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ, ਉਸੇ ਤਰ੍ਹਾਂ ਤੰਦਰੁਸਤ ਅਤੇ ਰੋਗਮੁਕਤ ਜੀਵਨ ਲਈ ਵੀ ਕੁਝ ਨਿਯਮ ਅਤੇ ਪ੍ਰਹੇਜ਼ ਬਹੁਤ ਜ਼ਰੂਰੀ ਹਨ।
* ਭੋਜਨ ਨਾਲ ਪਾਣੀ ਨਾ ਪੀਓ। ਖਾਣੇ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਹੀ ਪਾਣੀ ਦਾ ਸੇਵਨ ਕਰੋ।
* ਦਿਨ ਭਰ ਵਿਚ 3-4 ਲਿਟਰ ਪਾਣੀ ਦਾ ਸੇਵਨ ਕਰੋ। ਪਿਸ਼ਾਬ ਕਰਨ ਤੋਂ ਬਾਅਦ ਥੋੜ੍ਹਾ ਪਾਣੀ ਜ਼ਰੂਰੀ ਪੀਓ।
* ਅੰਨ ਦਾ ਸੇਵਨ 24 ਘੰਟੇ ਵਿਚ 2 ਵਾਰ ਜਾਂ ਇਕ ਹੀ ਵਾਰ ਕਰੋ। ਵਾਰ-ਵਾਰ ਭਾਰਾ ਭੋਜਨ ਨਾ ਖਾਓ। ਖੂਬ ਭੁੱਖ ਲੱਗਣ 'ਤੇ ਹੀ ਭੋਜਨ ਕਰੋ।
* ਦੁਪਹਿਰ ਦੇ ਭੋਜਨ ਤੋਂ ਬਾਅਦ ਅਤੇ ਸ਼ਾਮ ਦੇ ਭੋਜਨ ਤੋਂ ਬਾਅਦ 10-15 ਮਿੰਟ ਵਜਰ ਆਸਣ 'ਤੇ ਬੈਠੋ।
* ਕਿਸੇ ਵੀ ਤੇਜ਼ ਦਰਦ, ਕਸ਼ਟ, ਕ੍ਰੋਧ ਜਾਂ ਦੁੱਖ ਦੇ ਸਮੇਂ ਭੋਜਨ ਨਾ ਕਰੋ। ਭੋਜਨ ਸ਼ਾਂਤ ਮਨ ਨਾਲ ਅਤੇ ਦਿਲਚਸਪੀ ਨਾਲ ਹੀ ਕਰੋ।
* ਭੁੱਖ, ਅਰੁਚੀ ਜਾਂ ਅਨਿਸਚਿਤਤਾ ਹੋਣ 'ਤੇ ਹਲਕਾ ਭੋਜਨ ਸਿਰਫ ਫਲ, ਸਬਜ਼ੀਆਂ ਜਾਂ ਰਸ, ਸੂਪ, ਲੱਸੀ ਆਦਿ ਹੀ ਲਓ ਜਾਂ ਵਰਤ ਰੱਖੋ।
* ਜੀਰਨ ਅਤੇ ਜਟਿਲ ਰੋਗਾਂ ਦੀ ਹਾਲਤ ਵਿਚ ਹੇਠ ਲਿਖੀਆਂ ਚੀਜ਼ਾਂ ਅਤੇ ਖਾਧ ਪਦਾਰਥ ਤਿਆਗ ਦਿਓ, ਜਿਵੇਂ ਪੱਕੀਆਂ ਦਾਲਾਂ, ਦੁੱਧ, ਖੰਡ, ਚੌਲ, ਆਲੂ, ਨਮਕ, ਮਿਰਚ-ਮਸਾਲੇ, ਚਾਟ, ਖਟਿਆਈ, ਘਿਓ-ਤੇਲ ਵਿਚ ਤਲੇ ਪਕਵਾਨ, ਮਠਿਆਈਆਂ, ਨਮਕੀਨ, ਬੇਸਣ, ਮੈਦਾ ਆਦਿ। * ਆਂਡਾ, ਮਾਸ, ਮੱਛੀ, ਸ਼ਰਾਬ, ਗਾਂਜਾ, ਨਸ਼ੇ, ਭੰਗ, ਅਫੀਮ, ਤੰਬਾਕੂ, ਸਿਗਰਿਟ, ਬੀੜੀ, ਸਾਰੇ ਨਸ਼ੀਲੇ ਮਾਦਕ ਪਦਾਰਥ, ਉਤੇਜਕ ਮਾਦਕ ਰਸਾਇਣ, ਦਵਾਈਆਂ ਅਤੇ ਬੋਤਲਬੰਦ ਪੀਣ ਵਾਲੇ ਪਦਾਰਥਾਂ ਨੂੰ ਹਮੇਸ਼ਾ ਲਈ ਤਿਆਗ ਦਿਓ।
* ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਅਤੇ ਨਿਯਮਾਂ ਦਾ ਠੀਕ ਢੰਗ ਨਾਲ ਪਾਲਣ ਕਰੋ। ਸੰਜਮ ਅਤੇ ਪ੍ਰਹੇਜ਼ ਰੱਖੋ। ਖਾਣ-ਪੀਣ ਵਿਚ ਤਬਦੀਲੀ, ਸੁਧਾਰ ਲਗਾਤਾਰ ਕਰਨ ਨਾਲ ਨਿਸਚਿਤ ਰੂਪ ਨਾਲ ਲਾਭ ਪ੍ਰਾਪਤ ਹੋਣ ਲਗਦਾ ਹੈ।
* ਭੋਜਨ, ਰਹਿਣ-ਸਹਿਣ ਦੇ ਸੁਧਾਰ ਦੇ ਨਾਲ-ਨਾਲ ਕੁਦਰਤੀ ਚਿਕਿਤਸਾ ਦੇ ਸੋਧਕ ਉਪਚਾਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਪਾਚਣ ਸੰਸਥਾਨ ਅਤੇ ਸਰੀਰ ਦੀ ਜੀਵਨੀ ਸ਼ਕਤੀ ਦੀ ਸਰਗਰਮੀ ਵਧੇ ਅਤੇ ਉਸ ਵਿਚ ਸ਼ੁੱਧਤਾ ਆਵੇ।
* ਭੋਜਨ ਦਾ ਕੁਦਰਤੀ ਰੂਪ ਨਾਲ ਸੰਤੁਲਿਤ, ਨਿਯੰਤ੍ਰਿਤ ਅਤੇ ਸ਼ੁੱਧੀਕਾਰਕ, ਪੋਸ਼ਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭੋਜਨ ਹੀ ਦਵਾਈ ਹੈ ਅਤੇ ਇਸ ਦੇ ਪਾਲਣ ਤੋਂ ਬਿਨਾਂ ਇਲਾਜ ਅਧੂਰਾ ਹੈ।


-ਮੀਨਾ ਜੈਨ ਛਾਬੜਾ

ਜੀਵਨਦਾਨ ਹੈ ਖ਼ੂਨਦਾਨ

ਖੂਨਦਾਨ ਬਾਰੇ ਤਾਂ ਸਾਰੇ ਜਾਣਦੇ ਹਨ। ਜਦੋਂ ਕਿਸੇ ਲੋੜਵੰਦ ਇਨਸਾਨ ਨੂੰ ਤੰਦਰੁਸਤ ਇਨਸਾਨ ਖੂਨ ਦਿੰਦਾ ਹੈ ਤਾਂ ਉਸ ਨੂੰ ਖੂਨ ਦਾਨ ਕਰਨਾ ਕਹਿੰਦੇ ਹਨ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਖੂਨ ਕਿਵੇਂ ਦੇਣਾ ਚਾਹੀਦਾ ਹੈ ਅਤੇ ਜੋ ਖੂਨ ਉਹ ਦੇ ਰਹੇ ਹਨ, ਕੀ ਕਿਸੇ ਅਸਲੀ ਲੋੜਵੰਦ ਨੂੰ ਹੀ ਦਿੱਤਾ ਜਾਵੇਗਾ।
ਹੋਰ ਤੱਤ : * ਜਿੰਨਾ ਖੂਨ ਲਿਆ ਜਾਂਦਾ ਹੈ, ਉਹ 21 ਦਿਨ ਵਿਚ ਫਿਰ ਸਰੀਰ ਵਿਚ ਬਣ ਜਾਂਦਾ ਹੈ।
* ਖੂਨ ਬੈਗ ਦੋ ਤਰ੍ਹਾਂ ਦੇ ਹੁੰਦੇ ਹਨ। ਇਕ 350 ਮਿ: ਲਿ: ਅਤੇ ਦੂਜਾ 450 ਮਿ: ਲਿ: ਦਾ। 60 ਕਿੱਲੋ ਭਾਰ ਵਾਲਿਆਂ ਤੋਂ 350 ਮਿ: ਲਿ: ਅਤੇ ਉੱਪਰ ਭਾਰ ਵਾਲਿਆਂ ਤੋਂ 450 ਮਿ: ਲਿ: ਖੂਨ ਲਿਆ ਜਾਂਦਾ ਹੈ।
* ਡਿਸਪੋਜ਼ੇਬਲ ਸਰਿੰਜ ਨਾਲ ਲਏ ਗਏ ਖੂਨ ਨਾਲ ਦੇਣ ਵਾਲੇ ਨੂੰ ਕੋਈ ਇਨਫੈਕਸ਼ਨ ਨਹੀਂ ਹੁੰਦੀ।
* ਜੇ ਕੋਈ ਖੂਨ ਦਾਨੀ ਐਚ.ਆਈ.ਵੀ. ਪਾਜ਼ੇਟਿਵ ਹੋਵੇ ਤਾਂ ਖੂਨ ਬੈਂਕ ਵਾਲੇ ਦਾਨੀ ਨੂੰ ਦੱਸ ਦਿੰਦੇ ਹਨ ਅਤੇ ਸਰਕਾਰੀ ਵਿਭਾਗ ਵਿਚ ਵੀ ਜਾਣਕਾਰੀ ਦੇ ਦਿੰਦੇ ਹਨ ਤਾਂ ਕਿ ਉਸ ਦੀ ਕਾਊਂਸਲਿੰਗ ਹੋ ਸਕੇ। ਇਸ ਦੇ ਖੂਨ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਖੂਨ ਦੀ ਲੋੜ ਕਿਨ੍ਹਾਂ ਹਾਲਤਾਂ ਵਿਚ ਪੈਂਦੀ ਹੈ : * ਡਲਿਵਰੀ ਦੇ ਸਮੇਂ।
* ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਅਤੇ ਬਾਹਰੀ ਬਲੀਡਿੰਗ ਹੋਣ 'ਤੇ।
* ਸਾਰੇ ਵੱਡੇ ਆਪ੍ਰੇਸ਼ਨਾਂ ਵਿਚ।
* ਸਰੀਰ ਦੇ ਕਿਸੇ ਅੰਗ ਦੀ ਟ੍ਰਾਂਸਪਲਾਂਟੇਸ਼ਨ ਵਿਚ।
* ਕੈਂਸਰ, ਕੀਮੋਥੈਰੇਪੀ, ਡਾਇਲਸਿਸ, ਥੈਲੀਸੀਮਿਆ, ਹੀਮੋਫੀਲਿਆ ਅਤੇ ਹੋਰ ਕਈ ਬਿਮਾਰੀਆਂ ਵਿਚ।
* ਐਕਸੀਡੈਂਟ ਦੇ ਮਾਮਲਿਆਂ ਵਿਚ।
* ਡੇਂਗੂ ਪਲੇਟਲੈਟਸ ਦੀ ਕਮੀ ਅਤੇ ਪਲਾਜ਼ਮਾ ਵਿਚ ਰੈੱਡ ਸੈੱਲ ਘੱਟ ਹੋਣ 'ਤੇ।
* ਕਦੇ-ਕਦੇ ਬਹੁਤ ਜ਼ਿਆਦਾ ਅਨੀਮਿਕ ਹੋਣ 'ਤੇ। ਅਨੀਮੀਆ ਵਿਚ ਆਇਰਨ ਸਪਲੀਮੈਂਟ, ਟੀਕਾ ਜਾਂ ਖਾਣ-ਪੀਣ ਵਿਚ ਆਇਰਨ ਵਾਲੇ ਖਾਧ ਪਦਾਰਥਾਂ ਨੂੰ ਸ਼ਾਮਿਲ ਕਰਕੇ ਇਸ 'ਤੇ ਕਾਬੂ ਕਰੋ।
ਇਹ ਵੀ ਰੱਖੋ ਜਾਣਕਾਰੀ : * ਖੂਨ ਬੈਂਕ ਤੋਂ ਪੈਸੇ ਦੇ ਕੇ ਖੂਨ ਨਹੀਂ ਲਿਆ ਜਾ ਸਕਦਾ। ਉਸ ਦੇ ਬਦਲੇ ਵਿਚ ਪਰਿਵਾਰ ਨੂੰ ਓਨੇ ਯੂਨਿਟ ਖੂਨ ਦੇਣ ਲਈ ਕਿਹਾ ਜਾਂਦਾ ਹੈ। ਮਜਬੂਰੀ ਹੋਣ 'ਤੇ ਕੁਝ ਸਵੈਇਛਕ ਸੰਸਥਾਵਾਂ ਬਿਨਾਂ ਦਾਨ ਦੇ ਵੀ ਖੂਨ ਦਿੰਦੀਆਂ ਹਨ ਬਸ ਪ੍ਰੋਸੈਸਿੰਗ ਚਾਰਜ ਲੈ ਲੈਂਦੀਆਂ ਹਨ।
ਕੌਣ ਖੂਨ ਦਾਨ ਕਰ ਸਕਦੇ ਹਨ ਅਤੇ ਕੌਣ ਨਹੀਂ
ਜੋ ਦੇ ਸਕਦੇ ਹਨ : * ਖੂਨ ਦੇਣ ਵਾਲੇ ਦੀ ਉਮਰ 18 ਤੋਂ 60 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਭਾਰ 45 ਕਿੱਲੋ ਜਾਂ ਉਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।
* ਹੀਮੋਗਲੋਬਿਨ ਦੀ ਮਾਤਰਾ ਘੱਟ ਤੋਂ ਘੱਟ 12.5 ਹੋਣੀ ਚਾਹੀਦੀ ਹੈ।
* ਦੋ ਵਾਰ ਖੂਨ ਦੇਣ ਦੇ ਵਿਚਕਾਰ 3 ਮਹੀਨੇ ਦਾ ਫਰਕ ਜ਼ਰੂਰੀ ਹੈ।
* ਪਲਸ ਰੇਟ ਅਤੇ ਖੂਨ ਦਾ ਦਬਾਅ ਠੀਕ ਹੋਣਾ ਚਾਹੀਦਾ ਹੈ।
* ਹੋਮਿਓਪੈਥਿਕ, ਆਯੁਰਵੈਦਿਕ, ਯੂਨਾਨੀ ਦਵਾਈ ਲੈਣ ਵਾਲੇ ਵੀ ਖੂਨ ਦਾਨ ਕਰ ਸਕਦੇ ਹਨ ਪਰ ਕੋਈ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ।
* ਧੂੜ, ਧੂੰਆਂ, ਅੱਗ, ਭੱਠੀ ਅਤੇ ਰਸਾਇਣਾਂ ਵਿਚ ਕੰਮ ਕਰਨ ਵਾਲੇ ਵੀ ਖੂਨ ਦੇ ਸਕਦੇ ਹਨ, ਬਸ ਉਨ੍ਹਾਂ ਨੂੰ ਕੋਈ ਅਲਰਜੀ ਨਹੀਂ ਹੋਣੀ ਚਾਹੀਦੀ।
* ਸ਼ਰਾਬ ਪੀਣ ਵਾਲੇ, ਸਿਗਰਿਟ-ਬੀੜੀ ਪੀਣ ਵਾਲੇ ਵੀ ਦੇ ਸਕਦੇ ਹਨ ਪਰ ਖੂਨ ਦੇਣ ਤੋਂ 6 ਘੰਟੇ ਪਹਿਲਾਂ ਤੱਕ ਬੀੜੀ-ਸਿਗਰਿਟ ਦਾ ਸੇਵਨ ਨਾ ਕੀਤਾ ਹੋਵੇ ਅਤੇ 24 ਘੰਟੇ ਪਹਿਲਾਂ ਤੋਂ ਸ਼ਰਾਬ ਨਾ ਪੀਤੀ ਹੋਵੇ, ਤਾਂ ਹੀ ਉਨ੍ਹਾਂ ਵਲੋਂ ਖੂਨ ਦੇਣਾ ਸੁਰੱਖਿਅਤ ਹੈ।
ਜੋ ਨਹੀਂ ਦੇ ਸਕਦੇ : * ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ 'ਤੇ ਖੂਨ ਨਹੀਂ ਦੇ ਸਕਦੇ, ਨਹੀਂ ਤਾਂ ਇਨਫੈਕਸ਼ਨ ਖੂਨ ਦੁਆਰਾ ਪੀੜਤ ਵਿਅਕਤੀ ਨੂੰ ਚਲੀ ਜਾਵੇਗੀ।
* ਕਿਸੇ ਵੀ ਕਾਰਨ ਰੋਗੀ ਹੋਣ 'ਤੇ।
* ਦਿਲ, ਫੇਫੜੇ, ਲਿਵਰ, ਗੁਰਦੇ ਜਾਂ ਦਿਮਾਗੀ ਦੀ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਵੀ ਖੂਨ ਦਾਨ ਨਹੀਂ ਕਰ ਸਕਦਾ।
* ਖੂਨ ਦੇ ਦਬਾਅ ਦੀ ਦਵਾਈ ਲੈਣ ਵਾਲੇ, ਦਮਾ, ਕੈਂਸਰ ਜਾਂ ਹੈਪੇਟਾਈਟਿਸ, ਥਾਇਰਾਇਡ ਵਾਲੇ ਲੋਕ ਵੀ ਖੂਨ ਦਾਨ ਨਹੀਂ ਕਰਦੇ।
* ਤਣਾਅ ਦੀ ਦਵਾਈ ਲੈਣ ਵਾਲੇ ਵੀ ਖੂਨ ਨਹੀਂ ਦੇ ਸਕਦੇ।
* ਫ੍ਰੈਕਚਰ, ਆਪ੍ਰੇਸ਼ਨ ਅਤੇ ਗਾਲ ਬਲੈਡਰ ਹਟੇ ਹੋਏ ਲੋਕ ਵੀ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਖੂਨ ਨਹੀਂ ਦੇ ਸਕਦੇ।
* ਜਿਨ੍ਹਾਂ ਦਾ ਭਾਰ ਆਪਣੇ-ਆਪ ਇਕਦਮ ਘੱਟ ਹੋ ਜਾਵੇ, ਡਾਕਟਰੀ ਜਾਂਚ ਕਰਵਾਏ ਬਿਨਾਂ ਖੂਨ ਨਹੀਂ ਦੇ ਸਕਦੇ।
* ਜਿਨ੍ਹਾਂ ਦਾ ਹੀਮੋਗਲੋਬਿਨ 10 ਤੋਂ ਘੱਟ ਹੋਵੇ ਜਾਂ 18 ਤੋਂ ਉੱਪਰ ਹੋਵੇ।
* ਇੰਸੁਲਿਨ ਲੈਣ ਵਾਲੇ ਲੋਕ ਵੀ।
* ਲੂਜ਼ ਮੋਸ਼ਨ ਹੋਣ 'ਤੇ ਵੀ।


-ਨੀਤੂ

ਗੰਨੇ ਦਾ ਰਸ ਸਵਾਦੀ ਵੀ ਅਤੇ ਸਿਹਤ ਲਈ ਗੁਣਕਾਰੀ ਵੀ...

ਗਰਮੀ ਰੁੱਤੇ ਜਦ ਗਰਮ ਹਵਾ, ਲੂ ਦੀ ਤਪਸ਼ ਅਤੇ ਪਿਆਸ ਸਾਨੂੰ ਹਾਲੋਂ-ਬੇਹਾਲ ਕਰਦੇ ਹਨ ਤਾਂ ਇਸ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਵਜੋਂ ਅਕਸਰ ਅਸੀਂ ਘੜੀ-ਮੁੜੀ ਠੰਢਾ ਪਾਣੀ ਪੀਂਦੇ ਹਾਂ ਪਰ ਜੇ ਇਸ ਸਮੇਂ ਗੰਨੇ ਦਾ ਤਾਜ਼ਾ-ਠੰਢਾ ਰਸ ਪੀਣ ਲਈ ਮਿਲ ਜਾਵੇ ਤਾਂ ਪਿਆਸ ਤਾਂ ਬੁਝਦੀ ਹੀ ਹੈ, ਸਗੋਂ ਮਨ ਨੂੰ ਸੁਖਦ ਜਿਹਾ ਅਹਿਸਾਸ ਵੀ ਹੁੰਦਾ ਹੈ।
ਗਰਮੀ ਦੇ ਮੌਸਮ 'ਚ ਸ਼ਹਿਰਾਂ, ਕਸਬਿਆਂ, ਪਿੰਡਾਂ ਦੀਆਂ ਸੜਕਾਂ ਕੰਢੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ਜਾਂ ਰੇੜ੍ਹੀਆਂ ਆਮ ਹੀ ਨਜ਼ਰੀਂ ਪੈਂਦੀਆਂ ਹਨ, ਜਿਥੇ ਕਿ ਕਿਸਾਨਾਂ ਦੇ ਖੇਤਾਂ ਵਿਚਲੇ ਕੁਦਰਤੀ ਰੂਪ 'ਚ ਉਗਾਏ ਗੰਨਿਆਂ ਨੂੰ ਵੇਲਣੇ ਨਾਲ ਪੀੜ ਕੇ ਰਸ ਕੱਢਿਆ ਜਾਂਦਾ ਹੈ। ਰਸ ਵੇਚਣ ਵਾਲੇ ਦੁਕਾਨਦਾਰ ਗੰਨੇ ਦੇ ਰਸ ਵਿਚ ਪੁਦੀਨਾ, ਅਦਰਕ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਬਰਫ ਵੀ ਮਿਲਾਉਂਦੇ ਹਨ, ਜਿਸ ਨਾਲ ਗੰਨੇ ਦੇ ਰਸ ਦਾ ਅਲੌਕਿਕ ਸਵਾਦ ਹਰ ਕਿਸੇ ਦੇ ਤਨ ਅਤੇ ਮਨ ਨੂੰ ਖੂਬ ਸਰੋਸ਼ਾਰ ਕਰਦਾ ਹੈ।
ਦਰਅਸਲ ਗੰਨੇ ਦਾ ਰਸ ਸਿਰਫ ਮਿੱਠਾ ਅਤੇ ਸਵਾਦੀ ਹੀ ਨਹੀਂ ਹੁੰਦਾ, ਸਗੋਂ ਇਸ ਵਿਚ ਕੁਦਰਤੀ ਤੌਰ 'ਤੇ ਕਈ ਦਵਾਈਆਂ ਵਾਲੇ ਗੁਣ ਵੀ ਹੁੰਦੇ ਹਨ। ਗੰਨੇ ਦੇ ਰਸ ਵਿਚ ਕੈਲੋਰੀਜ਼ ਊਰਜਾ ਤੋਂ ਇਲਾਵਾ ਵਿਟਾਮਿਨ 'ਏ', ਵਿਟਾਮਿਨ 'ਬੀ' ਅਤੇ ਵਿਟਾਮਿਨ 'ਸੀ' ਵਗੈਰਾ ਤੱਤ ਚੋਖੀ ਮਾਤਰਾ 'ਚ ਹੁੰਦੇ ਹਨ। ਪੁਰਾਤਨ ਸਮੇਂ ਤੋਂ ਹੀ ਪੀਲੀਆ (ਯਰਕਾਨ) ਰੋਗ ਪ੍ਰਤੀ ਗੰਨੇ ਦੇ ਰਸ ਨੂੰ ਸਹੀ ਦਵਾਈ ਦੇ ਰੂਪ 'ਚ ਮੰਨਿਆ ਗਿਆ ਹੈ। ਪੀਲੀਏ ਦੇ ਰੋਗੀ ਨੂੰ 5-6 ਦਿਨ ਰੋਜ਼ਾਨਾ ਲਗਾਤਾਰ ਗੰਨੇ ਦਾ ਰਸ ਪਿਆਇਆ ਜਾਵੇ ਤਾਂ ਪੀਲੀਏ ਤੋਂ ਛੇਤੀ ਰਾਹਤ ਮਿਲਦੀ ਹੈ। ਗੰਨੇ ਦੇ ਰਸ ਵਿਚ ਲੋਹ ਤੱਤ ਭਰਪੂਰ ਮਾਤਰਾ ਵਿਚ ਹੋਣ ਕਰਕੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ, ਦਿਮਾਗੀ ਕਾਰਜ ਸ਼ਕਤੀ, ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਪੇਟ ਸਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਗਰਮੀ ਦੇ ਮੌਸਮ ਦਾ ਸਤਾਇਆ, ਥੱਕਿਆ ਅਤੇ ਹਾਰਿਆ ਵਿਅਕਤੀ ਜਦ ਗੰਨੇ ਦੇ ਰਸ ਦਾ ਸੇਵਨ ਕਰਦਾ ਹੈ ਤਾਂ ਜਿਥੇ ਉਸ ਦੀ ਸਰੀਰਕ ਥਕਾਵਟ ਤੇ ਟੁੱਟ-ਭੱਜ ਦੂਰ ਹੁੰਦੀ ਹੈ, ਉਥੇ ਹੀ ਪਾਚਣ ਸ਼ਕਤੀ ਤੇ ਭੁੱਖ ਵਧਦੀ ਹੈ ਅਤੇ ਭੋਜਨ ਵੀ ਛੇਤੀ ਹਜ਼ਮ ਹੁੰਦਾ ਹੈ। ਜੇਕਰ ਗੁਰਦੇ ਦੀ ਖਰਾਬੀ ਜਾਂ ਮੂਤਰ ਦੋਸ਼ ਹੋਵੇ ਤਾਂ ਗੰਨੇ ਦਾ ਰਸ ਪੀਣ ਨਾਲ ਅਜਿਹੀਆਂ ਤਕਲੀਫਾਂ ਵੀ ਛੇਤੀ ਦੂਰ ਹੁੰਦੀਆਂ ਹਨ।
ਅਜੋਕੇ ਸੋਸ਼ਲ, ਪ੍ਰਿੰਟ ਮੀਡੀਆ 'ਤੇ ਕੋਲਡ ਡ੍ਰਿੰਕਸ ਅਤੇ ਹੋਰ ਵੰਨ-ਸੁਵੰਨੇ ਪੀਣ ਵਾਲੇ ਪਦਾਰਥਾਂ ਵਿਚ ਪਾਏ ਜਾ ਰਹੇ ਰਸਾਇਣਕ ਪਦਾਰਥਾਂ, ਰੰਗਾਂ ਦੀ ਬਹੁਤਾਤ ਬਾਰੇ ਹੋ ਰਹੀ ਉਲਟ ਚਰਚਾ ਨੇ ਜਿਥੇ ਗੰਨੇ ਦੇ ਠੰਢੇ-ਮਿੱਠੇ ਰਸ ਦੇ ਘੁੱਟਾਂ ਨੂੰ ਹੋਰ ਵੀ ਸਵਾਦਲਾ ਬਣਾ ਦਿੱਤਾ ਹੈ, ਉਥੇ ਹੀ ਹਰ ਗਰੀਬ ਅਤੇ ਹਮਾਤੜ-ਤਮਾਤੜ ਦੀ ਖ਼ਰੀਦ ਸ਼ਕਤੀ ਵਿਚ ਆਉਣ ਵਾਲੇ ਗੰਨੇ ਦੇ ਰਸ ਦੀਆਂ ਦੁਕਾਨਾਂ 'ਤੇ ਜੁੜੀ ਭੀੜ ਵੀ ਇਸ ਦੀ ਮਹੱਤਤਾ ਦੀ ਸਪੱਸ਼ਟ ਗਵਾਹੀ ਭਰਦੀ ਨਜ਼ਰੀਂ ਪੈਂਦੀ ਹੈ।
ਗੰਨੇ ਦਾ ਰਸ ਪੀਣ ਤੋਂ ਪਹਿਲਾਂ ਜੇ ਕੁਝ ਸਾਵਧਾਨੀਆਂ ਗੌਰ-ਏ-ਨਜ਼ਰ ਕੀਤੀਆਂ ਜਾਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ, ਜਿਵੇਂ ਕਿ ਗੰਨਾ ਸਾਫ਼ ਪਾਣੀ ਨਾਲ ਧੋਤਾ, ਤਾਜ਼ਾ, ਹਰੇ ਰੰਗ ਦਾ ਅਤੇ ਮਿੱਟੀ-ਘੱਟੇ ਤੋਂ ਰਹਿਤ ਹੋਵੇ। ਗੰਨੇ ਨੂੰ ਕਿਸੇ ਕਿਸਮ ਦਾ ਰੋਗ ਜਾਂ ਕੀੜੇ-ਮਕੌੜੇ ਨਾ ਲੱਗੇ ਹੋਣ। ਰਸ ਕੱਢਣ ਵਾਲੀ ਘੁਲਾੜੀ, ਬਰਤਨ, ਗਿਲਾਸ ਆਦਿ ਸਾਫ਼-ਸੁਥਰੇ ਤੇ ਮੱਖੀਆਂ ਤੋਂ ਰਹਿਤ ਹੋਣ।


-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਬਜ਼ੁਰਗਾਂ ਲਈ ਗਰਮੀ ਵਿਚ ਕੀ ਹੋਵੇ ਖਾਣ-ਪੀਣ

ਵਧਦੀ ਉਮਰ ਵਿਚ ਤਾਂ ਹਰ ਮੌਸਮ ਲਾਪ੍ਰਵਾਹੀ ਵਰਤਣ 'ਤੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਅਜਿਹੇ ਵਿਚ ਖੁਦ ਆਪਣੀ ਸਿਹਤ ਦਾ ਧਿਆਨ ਰੱਖੋ, ਜੇ ਘਰ ਵਿਚ ਬਜ਼ੁਰਗ ਹਨ ਤਾਂ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖੋ। ਉਨ੍ਹਾਂ ਨੂੰ ਖਾਣ ਲਈ ਉਹੀ ਦਿਓ, ਜੋ ਉਹ ਅਸਾਨੀ ਨਾਲ ਪਚਾ ਸਕਣ, ਤੇਜ਼ ਧੁੱਪ ਤੋਂ ਦੂਰ ਰਹਿਣ ਅਤੇ ਪਾਣੀ ਭਰਪੂਰ ਮਾਤਰਾ ਵਿਚ ਪੀਣ।
ਭੋਜਨ ਹਲਕਾ ਲਓ : ਗਰਮੀ ਦੇ ਮੌਸਮ ਵਿਚ ਪਾਚਣ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਵਿਸ਼ੇਸ਼ ਕਰਕੇ ਵਧਦੀ ਉਮਰ ਵਿਚ। ਅਜਿਹੇ ਵਿਚ ਘੱਟ ਅਤੇ ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਖਾਧਾ ਜਾ ਸਕੇ, ਜਿਵੇਂ ਦਹੀਂ, ਸਬਜ਼ੀ, ਦਾਲ, ਚੌਲ ਆਦਿ। ਇਸ ਤੋਂ ਇਲਾਵਾ ਨਮਕੀਨ ਦਲੀਆ, ਓਟਸ, ਖਿਚੜੀ ਵੀ ਲਓ। ਉਸ ਵਿਚ ਖੂਬ ਸਾਰੀਆਂ ਤਾਜ਼ਾ ਸਬਜ਼ੀਆਂ ਪਾਓ ਤਾਂ ਕਿ ਸਵਾਦ ਵੀ ਚੰਗਾ ਬਣੇ ਅਤੇ ਸਬਜ਼ੀ ਵੀ ਸਰੀਰ ਨੂੰ ਮਿਲ ਸਕੇ। ਇਕੱਠਾ ਭੋਜਨ ਇਕ ਸਮੇਂ ਹੀ ਖਾਣ ਨਾਲੋਂ ਬਿਹਤਰ ਹੈ ਥੋੜ੍ਹਾ-ਥੋੜ੍ਹਾ ਭੋਜਨ ਕੁਝ ਫਰਕ ਨਾਲ ਲਓ। ਆਪਣੇ ਨਾਲ ਭਿੱਜੇ ਬਦਾਮ ਰੱਖ ਲਓ। ਵਿਚਾਲੇ ਭੁੱਖ ਲੱਗਣ 'ਤੇ ਥੋੜ੍ਹੇ ਬਦਾਮ ਖਾ ਲਓ। ਰੋਸਟਿਡ ਨਮਕੀਨ, ਭੁੱਜੇ ਛੋਲੇ ਵੀ ਖਾ ਸਕਦੇ ਹੋ। ਖਾਣੇ ਵਿਚ ਘੱਟ ਤੇਲ ਅਤੇ ਘੱਟ ਮਸਾਲਿਆਂ ਦੀ ਵਰਤੋਂ ਕਰੋ। ਦਹੀਂ ਦਾ ਸੇਵਨ ਜ਼ਰੂਰ ਕਰੋ।
ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਓ : ਵਧਦੀ ਉਮਰ ਨਾਲ ਜੰਕ ਫੂਡ, ਸੜਕ ਕਿਨਾਰੇ ਮਿਲਣ ਵਾਲਾ ਖਾਣਾ ਠੀਕ ਨਹੀਂ ਹੁੰਦਾ। ਇਨ੍ਹਾਂ ਵਿਚ ਮਸਾਲੇ ਵੀ ਤੇਜ਼ ਹੁੰਦੇ ਹਨ ਅਤੇ ਤੇਲ ਵੀ ਜ਼ਿਆਦਾ, ਜੋ ਸਾਡੀ ਪਾਚਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
ਫਲ ਅਤੇ ਸਬਜ਼ੀਆਂ ਖਾਓ : ਗਰਮੀਆਂ ਵਿਚ ਮਿਲਣ ਵਾਲੇ ਫਲਾਂ ਵਿਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਜਿਵੇਂ ਖਰਬੂਜ਼ਾ, ਤਰਬੂਜ਼, ਲੀਚੀ, ਮੌਸੰਮੀ ਆਦਿ। ਇਸੇ ਤਰ੍ਹਾਂ ਸਲਾਦ ਵਿਚ ਖੀਰਾ, ਤਰ, ਟਮਾਟਰ ਦਾ ਸੇਵਨ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਸਾਨੂੰ ਭਰਪੂਰ ਵਿਟਾਮਿਨ ਮਿਲਦੇ ਹਨ ਅਤੇ ਉਨ੍ਹਾਂ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਅੰਬ ਦਾ ਸੇਵਨ ਸੀਮਤ ਮਾਤਰਾ ਵਿਚ ਕਰੋ।
ਪਾਣੀ ਖੂਬ ਪੀਓ : ਗਰਮੀ ਵਿਚ ਪਸੀਨਾ ਜ਼ਿਆਦਾ ਆਉਣ ਨਾਲ ਸਰੀਰ ਵਿਚ ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ, ਇਸ ਲਈ ਗਰਮੀ ਤੋਂ ਬਚਣ ਲਈ ਪਾਣੀ ਦਾ ਖੂਬ ਸੇਵਨ ਕਰੋ, ਤਾਂ ਕਿ ਸਰੀਰ ਵਿਚ ਡੀਹਾਈਡ੍ਰੇਸ਼ਨ ਦੀ ਪ੍ਰੇਸ਼ਾਨੀ ਨਾ ਹੋਵੇ। ਪਾਣੀ ਦੀ ਬੋਤਲ ਅਤੇ ਗਿਲਾਸ ਨਾਲ ਰੱਖੋ ਤਾਂ ਕਿ ਥੋੜ੍ਹੀ-ਥੋੜ੍ਹੀ ਦੇਰ ਵਿਚ ਅੱਧਾ ਗਿਲਾਸ ਪਾਣੀ ਪੀਂਦੇ ਰਹੋ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ, ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਇਨ੍ਹਾਂ ਨਾਲ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਸਵੇਰੇ ਸੈਰ 'ਤੇ ਜਾਓ : ਸਵੇਰੇ ਛੇਤੀ ਉੱਠ ਕੇ ਸੈਰ ਕਰਨ ਜਾਓ। ਉਸ ਸਮੇਂ ਵਾਤਾਵਰਨ ਵਿਚ ਤਾਪਮਾਨ ਘੱਟ ਹੁੰਦਾ ਹੈ ਅਤੇ ਸਰੀਰ ਵੀ ਦਿਨ ਭਰ ਚੁਸਤ ਰਹਿੰਦਾ ਹੈ। ਏ. ਸੀ., ਕੂਲਰ ਦੇ ਸਾਹਮਣੇ ਘੱਟ ਬੈਠੋ, ਇਸ ਨਾਲ ਖੂਨ ਦੇ ਸੰਚਾਰ ਘੱਟ ਹੁੰਦਾ ਹੈ। ਹਲਕੀ ਕਸਰਤ ਕਰੋ, ਯੋਗ ਆਸਣ ਕਰੋ। ਜਦੋਂ ਧੁੱਪ ਤੇਜ਼ ਹੋਵੇ, ਬਾਹਰ ਨਾ ਨਿਕਲੋ। ਮਜਬੂਰੀ ਹੋਣ 'ਤੇ ਸਿਰ ਢਕ ਕੇ, ਪਾਣੀ ਦੀ ਬੋਤਲ ਲੈ ਕੇ ਹੀ ਜਾਓ। ਸਰੀਰ ਨੂੰ ਠੰਢਾ ਰੱਖਣ ਵਾਲੇ ਪ੍ਰਾਣਾਯਾਮ ਸਵੇਰ ਨੂੰ ਕਰੋ। ਇਸ ਨਾਲ ਦਿਨ ਭਰ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ।

ਪੇਟ ਅਤੇ ਮੂੰਹ ਨੂੰ ਸ਼ੁੱਧ ਕਰਦੀ ਹੈ ਇਲਾਇਚੀ

ਸੁਗੰਧਿਤ ਚੀਜ਼ ਇਲਾਇਚੀ ਨੂੰ ਸਾਰੇ ਜਾਣਦੇ ਹਨ। ਇਸ ਨੂੰ ਬਹੁਤੇ ਲੋਕ ਭੋਜਨ ਤੋਂ ਬਾਅਦ ਜਾਂ ਪਾਨ ਦੇ ਨਾਲ ਖਾਣਾ ਪਸੰਦ ਕਰਦੇ ਹਨ। ਇਲਾਇਚੀ ਦੋ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਛੋਟੀ ਇਲਾਇਚੀ, ਵੱਡੀ ਇਲਾਇਚੀ। ਵੈਸੇ ਇਹ ਮਸਾਲਿਆਂ ਦੀ ਸ਼੍ਰੇਣੀ ਵਿਚ ਹੈ। ਛੋਟੀ ਇਲਾਇਚੀ ਭੋਜਨ ਦੀ ਸੁਗੰਧ ਅਤੇ ਸਵਾਦ ਨੂੰ ਵਧਾਉਂਦੀ ਹੈ। ਇਸ ਦੀ ਵਰਤੋਂ ਦੁੱਧ, ਚਾਹ, ਕੌਫੀ ਜਾਂ ਮਿੱਠੇ ਪਦਾਰਥਾਂ ਵਿਚ ਜ਼ਿਆਦਾਤਰ ਕੀਤੀ ਜਾਂਦੀ ਹੈ, ਜਦੋਂ ਕਿ ਵੱਡੀ ਇਲਾਇਚੀ ਦੀ ਵਰਤੋਂ ਖਾਣ-ਪੀਣ ਵਿਚ ਹੋਰ ਮਸਾਲਿਆਂ ਦੇ ਨਾਲ ਕੀਤੀ ਜਾਂਦੀ ਹੈ। ਇਹ ਵੀ ਸਵਾਦ ਅਤੇ ਸੁਗੰਧ ਵਧਾਉਣ ਵਿਚ ਸਹਾਇਕ ਹੈ। ਵੱਡੀ ਇਲਾਇਚੀ ਦੀ ਵਰਤੋਂ ਪੁਲਾਵ, ਸਬਜ਼ੀ ਅਤੇ ਨਮਕੀਨ ਚੀਜ਼ਾਂ ਵਿਚ ਕੀਤੀ ਜਾਂਦੀ ਹੈ। ਇਲਾਇਚੀ ਸਾਰੇ ਰੂਪ ਵਿਚ ਮੂੰਹ ਅਤੇ ਪੇਟ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਸੇਵਨ ਨਾਲ ਗਲੇ ਦੀ ਤਕਲੀਫ ਦੂਰ ਹੁੰਦੀ ਹੈ। ਇਹ ਪਾਚਕ ਦਾ ਕੰਮ ਕਰਦੀ ਹੈ। ਛੋਟੀ ਇਲਾਇਚੀ ਪੇਟ ਦੇ ਅਮਲ ਨੂੰ ਦੂਰ ਕਰਦੀ ਹੈ।

ਸਿਹਤ ਖ਼ਬਰਨਾਮਾ

ਬਿਮਾਰੀਆਂ ਬਨਾਮ ਖਾਧ ਬਨਸਪਤੀਆਂ

ਦੁਨੀਆ ਭਰ ਵਿਚ ਸੰਕ੍ਰਾਮਕ ਰੋਗਾਂ ਦੀ ਤੁਲਨਾ ਵਿਚ ਗ਼ੈਰ-ਸੰਕ੍ਰਾਮਕ ਰੋਗਾਂ ਦੇ ਕਾਰਨ 63 ਫੀਸਦੀ ਲੋਕਾਂ ਦੀ ਮੌਤ ਹੁੰਦੀ ਹੈ। ਦਿਲ ਦੇ ਰੋਗ, ਕੈਂਸਰ, ਸ਼ੂਗਰ, ਮੋਟਾਪਾ ਆਦਿ ਵਰਗੇ ਕਾਰਨਾਂ ਕਰਕੇ ਇਹ ਮੌਤਾਂ ਹੁੰਦੀਆਂ ਹਨ। ਇਹ ਬਿਮਾਰੀਆਂ ਮਾਮੂਲੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀਆਂ ਹਨ। ਪੋਸ਼ਕ ਤੱਤ ਸਾਨੂੰ ਖਾਧ ਬਨਸਪਤੀਆਂ ਤੋਂ ਮਿਲ ਸਕਦੇ ਹਨ। ਇਨ੍ਹਾਂ ਦੀ ਪੂਰਤੀ ਕਾਲੀ ਮਿਰਚ, ਦਾਲਚੀਨੀ, ਲਸਣ, ਪਿਆਜ਼, ਮਸੂਰ, ਜੈਤੂਨ, ਕੱਦੂ, ਅਜ਼ਵਾਇਣ, ਸਿੰਘਾੜਾ, ਕਮਲਨਾਲ ਆਦਿ ਹਨ। ਇਹ ਸਾਰੀਆਂ ਬਨਸਪਤੀਆਂ ਸਾਨੂੰ ਬਾਜ਼ਾਰ ਵਿਚ ਬਹੁਤ ਅਸਾਨੀ ਨਾਲ ਮਿਲ ਜਾਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਖਾਨਦਾਨੀ ਅਤੇ ਜੈਵਿਕ ਕਾਰਨਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਬੂ ਹੋ ਜਾਂਦੀਆਂ ਹਨ। ਦਿਲ ਦੇ ਰੋਗ, ਕੈਂਸਰ, ਸ਼ੂਗਰ, ਮੋਟਾਪਾ ਆਦਿ ਸਾਨੂੰ ਖਾਨਦਾਨੀ ਅਤੇ ਜੈਵਿਕ ਕਾਰਨਾਂ ਨਾਲ ਹੋ ਸਕਦੀਆਂ ਹਨ। ਇਨ੍ਹਾਂ ਨੂੰ ਖਾਧ ਬਨਸਪਤੀਆਂ ਜਿਵੇਂ ਕਾਲੀ ਮਿਰਚ, ਦਾਲਚੀਨੀ, ਲਸਣ, ਪਿਆਜ਼, ਮਸੂਰ, ਜੈਤੂਨ, ਕੱਦੂ, ਅਜ਼ਵਾਇਣ, ਸਿੰਘਾੜਾ ਆਦਿ ਨੂੰ ਭੋਜਨ ਵਿਚ ਸ਼ਾਮਿਲ ਕਰਕੇ ਰੋਕ ਸਕਦੇ ਹਾਂ।
ਖੂਨ ਦੇ ਦਬਾਅ ਦੀ ਦਵਾਈ ਨਿਯਮਤ ਖਾਓ

ਸਾਡੇ ਦੇਸ਼ ਵਿਚ ਹੁਣ ਵੀ ਅਜਿਹੇ ਖੂਨ ਦੇ ਦਬਾਅ ਦੇ ਰੋਗੀ ਹਨ, ਜੋ ਖੂਨ ਦੇ ਦਬਾਅ ਦੀ ਦਵਾਈ ਨਿਯਮਤ ਖਾਣ ਵਿਚ ਲਾਪ੍ਰਵਾਹੀ ਕਰ ਜਾਂਦੇ ਹਨ। ਪਿਛਲੇ ਦਿਨੀਂ ਹੋਏ ਦਿਮਾਗੀ ਦੌਰਿਆਂ ਦੇ ਮਾਮਲਿਆਂ ਵਿਚ ਇਹ ਪਾਇਆ ਗਿਆ ਕਿ ਬਹੁਤੇ ਅਜਿਹੇ ਲੋਕਾਂ ਨੂੰ ਦੌਰਾ ਪਿਆ, ਜੋ ਖੂਨ ਦੇ ਦਬਾਅ ਦੀ ਦਵਾਈ ਲੈਣ ਵਿਚ ਲਾਪ੍ਰਵਾਹੀ ਵਰਤ ਜਾਂਦੇ ਸੀ।
ਡਾਕਟਰ ਹਰ ਖੂਨ ਦੇ ਦਬਾਅ ਦੇ ਰੋਗੀ ਨੂੰ ਨਿਯਮਤ ਦਵਾਈ ਲੈਣ ਨੂੰ ਕਹਿੰਦੇ ਹਨ ਪਰ ਕਈ ਰੋਗੀ ਜਾਂ ਤਾਂ ਨਿਯਮਤ ਦਵਾਈ ਨਹੀਂ ਲੈਂਦੇ ਜਾਂ ਹੋਮਿਓਪੈਥੀ ਜਾਂ ਦੇਸੀ ਦਵਾਈਆਂ ਨਾਲ ਖੂਨ ਦਾ ਦਬਾਅ ਘੱਟ ਕਰਨਾ ਚਾਹੁੰਦੇ ਹਨ। ਅਜਿਹੇ ਰੋਗੀ ਅਕਸਰ ਖੂਨ ਦੇ ਦਬਾਅ ਦੀ ਜਾਂਚ ਕਰਵਾਉਣ ਵਿਚ ਵੀ ਸੁਸਤੀ ਵਰਤ ਜਾਂਦੇ ਹਨ। ਦਿਮਾਗੀ ਦੌਰੇ ਤੋਂ ਬਾਅਦ ਬਹੁਤ ਸਾਰੇ ਰੋਗੀਆਂ ਨੂੰ ਅਧਰੰਗ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸਮਾਂ ਮੰਜੇ 'ਤੇ ਬਿਤਾਉਣਾ ਪੈਂਦਾ ਹੈ। ਇਸ ਲਈ ਖੂਨ ਦੇ ਦਬਾਅ ਦੇ ਰੋਗੀਆਂ ਨੂੰ ਕਿਸੇ ਵੀ ਹਾਲਤ ਵਿਚ ਦਵਾਈ ਲੈਣ ਵਿਚ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ। ਆਪਣੇ ਖੂਨ ਦੇ ਦਬਾਅ ਦੀ ਜਾਂਚ ਵੀ ਨਿਯਮਤ ਕਰਾਉਂਦੇ ਰਹਿਣਾ ਚਾਹੀਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX