ਤਾਜਾ ਖ਼ਬਰਾਂ


ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  6 minutes ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 minute ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 1 hour ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 2 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 3 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਛਠਮੁ ਪੀਰੁ ਬੈਠਾ ਗੁਰੁ ਭਾਰੀ

ਅੱਜ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਦੇ ਅਨੇਕਾਂ ਗੁਣ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ, ਜਿਵੇਂ ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਸਤਿਗੁਰੂ, ਵਡ ਯੋਧਾ, ਪਰਉਪਕਾਰੀ, ਗੁਰ-ਭਾਰੀ ਆਦਿ। ਭਾਈ ਗੁਰਦਾਸ ਜੀ ਆਪ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਿਆਂ ਲਿਖਦੇ ਹਨ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ 1/48)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈ: ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਪੰਚਮ ਪਾਤਸ਼ਾਹ ਜੀ ਨੇ ਬਚਨ ਉਚਾਰੇ:
ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ (ਪੰਨਾ 396)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿਚ ਲੋਕਾਂ ਦੀ ਲੋੜ ਨੂੰ ਮੁੱਖ ਰੱਖ ਕੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਇਹ ਅਸਥਾਨ ਅੱਜ ਇਕ ਵੱਡਾ ਕਸਬਾ ਹੈ ਅਤੇ ਛੇਹਰਟਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਹੁਣ ਇਹ ਅੰਮ੍ਰਿਤਸਰ ਦਾ ਹੀ ਇਕ ਹਿੱਸਾ ਬਣ ਚੁੱਕਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਬਚਪਨ ਗੁਰੂ ਕੀ ਵਡਾਲੀ ਵਿਚ ਹੀ ਬੀਤਿਆ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਕਾਰਨ ਪ੍ਰਿਥੀ ਚੰਦ ਬਹੁਤ ਈਰਖਾ ਕਰਦਾ ਸੀ। ਉਹ ਲਗਾਤਾਰ ਗੁਰੂ-ਘਰ ਉੱਤੇ ਹਮਲੇ ਕਰਦਾ ਆ ਰਿਹਾ ਸੀ। ਬਾਲ (ਗੁਰੂ) ਹਰਿਗੋਬਿੰਦ ਜੀ ਦੇ ਜਨਮ 'ਤੇ ਪ੍ਰਿਥੀ ਚੰਦ ਹੋਰ ਈਰਖਾਲੂ ਹੋ ਗਿਆ। ਪ੍ਰਿਥੀਏ ਅਤੇ ਉਸ ਦੇ ਪਰਿਵਾਰ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ, ਕਿਉਂਕਿ ਉਹ ਇਹ ਆਸ ਲਾਈ ਬੈਠੇ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਹੀਂ ਹੈ, ਇਸ ਲਈ ਉਨ੍ਹਾਂ ਤੋਂ ਪਿੱਛੋਂ ਸਾਡਾ ਪੁੱਤਰ ਮੇਹਰਬਾਨ ਹੀ ਗੱਦੀ 'ਤੇ ਬੈਠੇਗਾ। ਉਹ ਬਾਲ ਹਰਿਗੋਬਿੰਦ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਵਾਸਤੇ ਉਸ ਵੱਲੋਂ ਕਈ ਢੰਗਾਂ ਨਾਲ ਹਮਲੇ ਕਰਵਾਏ ਗਏ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ (ਗੁਰੂ) ਹਰਿਗੋਬਿੰਦ ਜੀ ਦੀ ਵਿੱਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਜਿਥੇ ਆਪ ਜੀ ਨੂੰ ਗੁਰੂ-ਘਰ ਦੀ ਵਿੱਦਿਆ ਅਤੇ ਸ਼ਾਸਤਰਾਂ ਦੀ ਸਿੱਖਿਆ ਦਿੱਤੀ ਉਥੇ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵਿਚ ਵੀ ਨਿਪੁੰਨ ਕੀਤਾ। ਆਪ ਸਡੌਲ ਸਰੀਰ ਦੇ ਨਰੋਏ ਅਤੇ ਬਲਵਾਨ ਸਨ। ਭਾਈ ਗੁਰਦਾਸ ਜੀ ਨੇ 'ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ' ਕਹਿੰਦਿਆਂ ਆਪ ਜੀ ਦੀ ਬਲਵਾਨਤਾ ਨੂੰ ਬਿਆਨ ਕੀਤਾ ਹੈ।
ਜਦ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਜਾਣ ਲੱਗੇ, ਉਨ੍ਹਾਂ ਨੇ ਸੰਗਤ ਵਿਚ ਐਲਾਨ ਕੀਤਾ ਕਿ ਉਨ੍ਹਾਂ ਪਿੱਛੋਂ ਗੁਰਿਆਈ ਦਾ ਮਾਲਕ ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਹੋਵੇਗਾ। ਗੁਰੂ ਜੀ ਦੀ ਆਗਿਆ ਅਨੁਸਾਰ 25 ਮਈ 1606 ਈ. ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ 'ਤੇ ਬਿਠਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਉਸ ਵੇਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੇ ਕਰੀਬ ਸੀ। ਗੁਰਿਆਈ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਕ੍ਰਿਪਾਨਾਂ ਪਾਉਣ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਇਹ ਦੋ ਕ੍ਰਿਪਾਨਾਂ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਹ ਇਸ ਲਈ ਸੀ, ਕਿਉਂਕਿ ਆਪ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਭਗਤੀ ਦੇ ਨਾਲ ਆਤਮ ਰੱਖਿਆ ਲਈ ਸ਼ਕਤੀ ਦੀ ਬਹੁਤ ਵੱਡੀ ਲੋੜ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਅੱਜ ਤੋਂ ਉਹ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਨੂੰ ਪਾਤਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਸ਼ਸਤਰ ਪਹਿਨ ਕੇ ਸੀਸ ਉੱਪਰ ਕਲਗੀ ਸਜਾ ਕੇ ਗੁਰਗੱਦੀ ਉੱਪਰ ਬੈਠਦੇ ਸਨ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਬਾਕੀ ਭੇਟਾਵਾਂ ਦੇ ਨਾਲ ਹੁਣ ਚੰਗੇ ਘੋੜੇ ਅਤੇ ਸ਼ਸਤਰ ਵੀ ਭੇਟ ਕਰਿਆ ਕਰਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਗੁਰੂ ਜੀ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ। ਆਪ ਸੰਗਤਾਂ ਨੂੰ ਸਿਮਰਨ ਦੇ ਨਾਲ-ਨਾਲ ਆਪਣੇ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਉਸ ਸਮੇਂ ਬਾਦਸ਼ਾਹ ਜਹਾਂਗੀਰ ਨੇ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਬੈਠਣ ਲਈ ਥੜ੍ਹਾ ਵੀ ਉੱਚਾ ਨਹੀਂ ਬਣਾ ਸਕਦਾ।
ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਦਾ ਆਪਣਾ-ਆਪਣਾ ਮਹੱਤਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਰਾਜ-ਸ਼ਕਤੀ ਅਤੇ ਸਿੱਖਾਂ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ-ਪੰਥ ਨੂੰ ਬਖ਼ਸ਼ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਤਖ਼ਤ 'ਤੇ ਬੈਠਣਾ, ਦੋ ਕ੍ਰਿਪਾਨਾਂ ਧਾਰਨ ਕਰਨਾ, ਫੌਜ ਤਿਆਰ ਕਰਨੀ, ਨਗਾਰਾ ਵਜਾਉਣਾ, ਸ਼ਿਕਾਰ ਕਰਨਾ ਵਿਰੋਧੀਆਂ ਨੂੰ ਚੁੱਭਣ ਲੱਗਾ। ਉਨ੍ਹਾਂ ਨੇ ਗੁਰੂ ਜੀ ਦੀ ਸ਼ਿਕਾਇਤ ਜਹਾਂਗੀਰ ਪਾਸ ਕੀਤੀ ਅਤੇ ਕਿਹਾ ਕਿ ਗੁਰੂ ਜੀ ਦੀਆਂ ਇਹ ਤਿਆਰੀਆਂ ਹਕੂਮਤ ਲਈ ਖ਼ਤਰਾ ਹਨ।
ਜਹਾਂਗੀਰ ਨੇ ਵਿਰੋਧੀਆਂ ਦੀਆਂ ਚਾਲਾਂ ਵਿਚ ਆ ਕੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਇਸ ਖ਼ਬਰ ਨੇ ਸਿੱਖਾਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਕਰੀਬ ਦੋ ਕੁ ਸਾਲ ਦੀ ਕੈਦ ਉਪਰੰਤ ਗੁਰੂ ਜੀ ਦੀ ਰਿਹਾਈ ਹੋਈ। ਆਪ ਨੇ ਆਪਣੀ ਰਿਹਾਈ ਸਮੇਂ ਜਹਾਂਗੀਰ ਦੀ ਕੈਦ ਕੱਟ ਰਹੇ 52 ਰਾਜਿਆਂ ਨੂੰ ਵੀ ਨਾਲ ਰਿਹਾਅ ਕਰਵਾਇਆ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਤੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਤਾਂ ਸੰਗਤਾਂ ਨੇ ਆਪ ਜੀ ਦੀ ਆਮਦ ਦੀ ਖੁਸ਼ੀ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਘਿਉ ਦੇ ਦੀਵੇ ਜਗਾਏ। ਇਸ ਦਿਨ ਨੂੰ ਸੰਗਤਾਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖੁਸ਼ੀ ਨਾਲ ਬੰਦੀਛੋੜ ਦਿਵਸ ਦੇ ਰੂਪ ਵਿਚ ਮਨਾਉਂਦੀਆਂ ਹਨ। ਇਹ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਜ਼ੁਲਮ ਦੇ ਖਿਲਾਫ਼ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਗੁਰੂਸਰ ਮਹਿਰਾਜ ਅਤੇ ਕਰਤਾਰਪੁਰ ਦੀਆਂ ਚਾਰ ਜੰਗਾਂ ਲੜੀਆਂ ਅਤੇ ਜਿੱਤਾਂ ਹਾਸਲ ਕੀਤੀਆਂ। ਆਪ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਥਾਵਾਂ ਦਾ ਦੌਰਾ ਕੀਤਾ ਅਤੇ ਕਈ ਨਗਰ ਵਸਾਏ। ਅਖੀਰ ਆਪ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ 3 ਮਾਰਚ 1644 ਈ: ਨੂੰ ਜੋਤੀ ਜੋਤਿ ਸਮਾ ਗਏ, ਜਿਸ ਨਾਲ ਸਬੰਧਤ ਅਸਥਾਨ ਕੀਰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ।


-ਮੋਬਾ: 98148-98570


ਖ਼ਬਰ ਸ਼ੇਅਰ ਕਰੋ

ਇੰਗਲੈਂਡ ਦੇ ਗੁਰੂ-ਘਰ ਅਤੇ ਪ੍ਰਮੁੱਖ ਸਿੱਖ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਗੁਰੂ ਨਾਨਕ ਗੁਰਦੁਆਰਾ, ਸਮੈਦਵਿੱਕ : ਇਹ ਗੁਰੂ-ਘਰ ਇੰਗਲੈਂਡ ਦਾ ਦੂਸਰਾ ਸਭ ਤੋਂ ਵਿਸ਼ਾਲ ਗੁਰੂ-ਘਰ ਹੈ। ਗੁਰੂ-ਘਰ ਦੀ ਤਿੰਨ ਮੰਜ਼ਲਾ ਇਮਾਰਤ 128-130 ਹਾਈ ਸਟਰੀਟ, ਸਮੈਦਵਿੱਕ ਵੈਸਟ ਮਿਡਲੈਂਡਜ਼, ਬਰਮਿੰਘਮ 'ਤੇ ਸਥਿਤ ਹੈ। ਇਸ ਦਾ ਕੁੱਲ ਏਰੀਆ 70000 ਸੁਕੇਅਰ ਮੀਟਰ (ਕਰੀਬ 17.5 ਏਕੜ) ਹੈ। ਇਸ ਦਾ ਦੀਵਾਨ ਹਾਲ ਅਤੇ ਲਾਇਬ੍ਰੇਰੀ ਇੰਗਲੈਂਡ ਦੇ ਸਾਰੇ ਗੁਰੂ-ਘਰਾਂ ਤੋਂ ਵਿਸ਼ਾਲ ਹਨ। ਕਾਰ ਸੇਵਾ ਨਿਰੰਤਰ ਜਾਰੀ ਹੈ। ਇੰਗਲੈਂਡ ਦੀ ਮਸ਼ਹੂਰ ਅਖ਼ਬਾਰ ਐਕਸਪ੍ਰੈੱਸ ਐਂਡ ਸਟਾਰ ਨੇ ਇਸ ਨੂੰ ਹਮੇਸ਼ਾ ਵਧਦੇ ਜਾ ਰਹੇ ਗੁਰੂ-ਘਰ ਦਾ ਖਿਤਾਬ ਦਿੱਤਾ ਹੈ। ਇਸ 'ਤੇ ਹੁਣ ਤੱਕ ਕਰੋੜਾਂ ਪੌਂਡ ਖਰਚ ਹੋ ਚੁੱਕੇ ਹਨ। ਇਥੋਂ ਦੀ ਸਿੱਖ ਸੰਗਤ ਨੇ ਸਭ ਤੋਂ ਪਹਿਲਾਂ 1958 ਵਿਚ ਇਕ ਸਕੂਲ ਵਿਚ ਧਾਰਮਿਕ ਕਾਰਜ ਕਰਨੇ ਸ਼ੁਰੂ ਕੀਤੇ ਸਨ। ਜਦੋਂ ਸਿੱਖਾਂ ਦੀ ਆਬਾਦੀ ਵਧ ਗਈ ਤਾਂ ਵੱਡੀ ਇਮਾਰਤ ਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ। 1961 ਵਿਚ 130, ਹਾਈ ਸਟਰੀਟ, ਸਮੈਦਵਿੱਕ ਵਿਖੇ ਇਕ ਚਰਚ ਦੀ ਇਮਾਰਤ ਖਰੀਦ ਕੇ, ਜ਼ਰੂਰੀ ਬਦਲਾਅ ਕਰਕੇ 31 ਜੁਲਾਈ, 1961 ਨੂੰ ਗੁਰੂ-ਘਰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।
ਮੌਜੂਦਾ ਇਮਾਰਤ ਵੀ ਉਸੇ ਜਗ੍ਹਾ 'ਤੇ ਹੈ ਪਰ ਪੂਰੀ ਤਰ੍ਹਾਂ ਨਾਲ ਨਵੀਨ ਹੈ। 2012 ਵਿਚ ਕਰੀਬ 50 ਲੱਖ ਪੌਂਡ ਨਾਲ ਗੁਰੂ-ਘਰ ਦੀ ਇਮਾਰਤ ਦਾ ਵਿਸਤਾਰ ਕਰਕੇ ਵੱਡਾ ਲੰਗਰ ਹਾਲ, ਆਧੁਨਿਕ ਕਿਚਨ, ਲੈਕਚਰ ਥੀਏਟਰ, ਦਫਤਰ, ਬੱਚਿਆਂ ਨੂੰ ਧਾਰਮਿਕ ਤੇ ਗੁਰਮੁਖੀ ਦੀ ਸਿੱਖਿਆ ਦੇਣ ਲਈ ਕਲਾਸ ਰੂਮ, ਜਿੰਮ, ਫੰਕਸ਼ਨ ਹਾਲ ਅਤੇ ਕਈ ਕੁਝ ਹੋਰ ਉਸਾਰਿਆ ਗਿਆ। ਗੁਰੂ-ਘਰ ਵਿਚ 8 ਹਾਲ ਹਨ ਜੋ ਸੰਗਤ ਦੁਆਰਾ ਅਖੰਡ ਪਾਠ, ਵਿਆਹ-ਸ਼ਾਦੀ ਅਤੇ ਭੋਗਾਂ ਆਦਿ ਲਈ ਵਰਤੇ ਜਾਂਦੇ ਹਨ। ਬੱਚਿਆਂ ਵਾਸਤੇ ਧਾਰਮਿਕ ਤੇ ਗੁਰਮੁਖੀ ਦੀ ਸਿੱਖਿਆ ਦੇਣ ਲਈ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਥੇ ਥਾਈ ਬਾਕਸਿੰਗ, ਗਤਕਾ, ਕੁਸ਼ਤੀ, ਪਗੜੀ ਬੰਨ੍ਹਣ ਦੇ ਮੁਕਾਬਲੇ ਆਦਿ ਤੋਂ ਇਲਾਵਾ ਨਵੀਂ ਪੀੜ੍ਹੀ ਦੀ ਸਹੂਲਤ ਵਾਸਤੇ ਅੰਗਰੇਜ਼ੀ ਵਿਚ ਕਥਾ ਸੁਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਸਾਲ ਜੁਲਾਈ ਦੇ ਮਹੀਨੇ ਸ਼ਹੀਦਾਂ ਦੀ ਯਾਦ ਵਿਚ ਟੂਰਨਾਮੈਂਟ ਕਰਵਾਏ ਜਾਂਦੇ ਹਨ। ਗੁਰੂ-ਘਰ ਦੀ ਖੂਬਸੂਰਤ ਇਮਾਰਤ ਦੇ ਦਰਸ਼ਨ ਕਰਨ ਲਈ ਲੱਖਾਂ ਸ਼ਰਧਾਲੂ ਅਤੇ ਟੂਰਿਸਟ ਆਉਂਦੇ ਹਨ। ਗੁਰੂ-ਘਰ ਦਾ ਪ੍ਰਬੰਧ ਸੰਭਾਲਣ ਲਈ ਪ੍ਰਧਾਨ, ਉੱਪ-ਪ੍ਰਧਾਨ ਅਤੇ ਕੈਸ਼ੀਅਰ ਆਦਿ ਸਮੇਤ 21 ਮੈਂਬਰੀ ਪ੍ਰਬੰਧਕ ਕਮੇਟੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾ: 98151-24449

ਜਨਮ ਦਿਨ 'ਤੇ ਵਿਸ਼ੇਸ਼

ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ 'ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ।
ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਰਿਹਾਈ ਹੋਈ, ਉਸ ਸਮੇਂ ਅੰਗਰੇਜ਼ ਸਰਕਾਰ ਵਲੋਂ ਗੁਰਦੁਆਰਾ ਐਕਟ-1925 ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਾਂ ਲਈ ਲਾਗੂ ਕੀਤਾ। ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਧੜਿਆਂ ਵਿਚ ਵੰਡ ਦਿੱਤਾ। ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ। ਜਦੋਂ 1926 ਵਿਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ।
ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿਚ ਜਦੋਂ ਦਿੱਲੀ ਵਿਚ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ 'ਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ 'ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। 1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ। ਅੰਮ੍ਰਿਤਸਰ ਵਿਚ 'ਪੰਜਾਬੀ ਸੂਬਾ ਕਨਵੈਨਸ਼ਨ' ਵਿਚ 'ਪੰਜਾਬੀ ਸੂਬਾ' ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ ਗਿਆ। 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁਲ੍ਹਵਾਇਆ। ਆਪ ਜੀ ਵੱਲੋਂ 'ਸੱਚਾ ਢੰਡੋਰਾ' ਅਤੇ 'ਪਰਦੇਸੀ ਖਾਲਸਾ' ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਜੋ ਪਿੱਛੋਂ 'ਅਕਾਲੀ' ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ 'ਜਥੇਦਾਰ' ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪੰਥਕ ਹਿੱਤਾਂ ਲਈ 'ਪ੍ਰਭਾਤ' ਅਖ਼ਬਾਰ ਵੀ ਕੱਢਿਆ। 1946 ਈ: ਵਿਚ ਆਪ ਜੀ ਵੱਲੋਂ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਵਰਗੀ ਮਹਾਨ ਸ਼ਖ਼ਸੀਅਤ 22 ਨਵੰਬਰ, 1967 ਈ: ਨੂੰ ਹਮੇਸ਼ਾ ਲਈ ਸਾਡੇ ਪਾਸੋਂ ਵਿਦਾ ਹੋ ਗਈ।

-ਮੋਬਾ: 98143-24040

ਸਰਕਾਰੀ ਦਮਨ ਦੀ ਵਿਥਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
447 ਧਾਰਾ ਦੇ ਅਨੁਸਾਰ ਹਰ ਇਕ ਆਦਮੀ ਨੂੰ 3-3 ਮਹੀਨੇ ਦੀ ਸਖ਼ਤ ਸਜ਼ਾ ਅਤੇ 200-200 ਰੁਪਏ ਜੁਰਮਾਨੇ ਦਾ ਦੰਡ ਮਿਲਿਆ। ਇਸ ਵਿਚ 15-15 ਦਿਨ ਦੀ ਕਾਲ ਕੋਠੜੀ ਵੀ ਸ਼ਾਮਿਲ ਸੀ। 11 ਅਕਾਲੀਆਂ ਨੂੰ ਧਾਰਾ 143 ਅਤੇ 147 ਅਨੁਸਾਰ 9-9 ਮਹੀਨੇ ਦੀ ਸਖ਼ਤ ਸਜ਼ਾ ਅਤੇ 150-150 ਰੁਪਏ ਜੁਰਮਾਨੇ ਦਾ ਦੰਡ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੂੰ ਅਦਾਲਤ ਵਿਚ 'ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਾਉਣ ਦੇ ਅਪਰਾਧ ਵਿਚ 25-25 ਰੁਪਏ ਜੁਰਮਾਨਾ ਅਤੇ ਇਨਕਾਰ ਕਰਨ 'ਤੇ 14-14 ਦਿਨ ਦੀ ਸਖ਼ਤ ਸਜ਼ਾ ਦਾ ਦੰਡ ਦਿੱਤਾ ਗਿਆ। 80 ਅਕਾਲੀਆਂ ਨੂੰ 145 ਧਾਰਾ ਅਨੁਸਾਰ 2-2 ਸਾਲ ਦੀ ਸਖ਼ਤ ਸਜ਼ਾ ਅਤੇ 100-100 ਰੁਪਏ ਜੁਰਮਾਨੇ ਦਾ ਦੰਡ ਦਿੱਤਾ ਗਿਆ। 80-80 ਅਕਾਲੀਆਂ ਦੇ ਦੋ ਜਥਿਆਂ ਨੂੰ 145 ਦੀ ਧਾਰਾ ਅਨੁਸਾਰ 6-6 ਸਾਲ ਦੀ ਸਖ਼ਤ ਸਜ਼ਾ ਅਤੇ 100-100 ਰੁਪਏ ਜੁਰਮਾਨੇ ਦਾ ਦੰਡ ਦਿੱਤਾ ਗਿਆ। ਇਸ ਵਿਚ 1-1 ਮਹੀਨੇ ਦੀ ਕਾਲ ਕੋਠੜੀ ਵੀ ਸ਼ਾਮਿਲ ਸੀ। ਨਾਲ ਹੀ 549 ਧਾਰਾ ਅਨੁਸਾਰ 3-3 ਮਹੀਨੇ ਦੀ ਸਖ਼ਤ ਸਜ਼ਾ ਅਤੇ 50-50 ਰੁਪਏ ਜੁਰਮਾਨੇ ਦਾ ਦੰਡ ਵੀ ਦਿੱਤਾ ਗਿਆ। ਇਸ ਵਿਚ 15-15 ਦਿਨ ਦੀ ਕਾਲ ਕੋਠੜੀ ਵੀ ਸ਼ਾਮਿਲ ਸੀ।
6-7 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ। ਜਲੂਸ ਵਿਚ ਅਕਾਲੀ ਔਰਤਾਂ ਵੀ ਸ਼ਾਮਿਲ ਸਨ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ ਗੁਰੂ ਸਾਹਿਬ ਦੇ ਪਿਆਰੇ ਪੰਜ ਅਕਾਲੀ ਨੰਗੀਆਂ ਤਲਵਾਰਾਂ ਲੈ ਕੇ ਚੱਲ ਰਹੇ ਸਨ। ਸਵਰਨ ਮੰਦਰ (ਹਰਿਮੰਦਰ ਸਾਹਿਬ) ਦੇ ਮੈਨੇਜਰ ਸ: ਦਲੀਪ ਸਿੰਘ ਵੱਲੋਂ ਸਿੱਖਾਂ ਦੇ ਨਾਂਅ ਇਸ ਆਸ਼ੇ ਨਾਲ ਇਕ ਅਪੀਲ ਕੀਤੀ ਗਈ ਕਿ ਦੀਵਾਲੀ ਦੇ ਦਿਨ 'ਤੇ 'ਗੁਰੂ ਕਾ ਬਾਗ' ਸੰਗਰਾਮ (ਮੋਰਚੇ) ਵਿਚ ਭਾਗ ਲੈਣ ਲਈ ਪ੍ਰਾਂਤ ਭਰ ਦੇ ਸਾਰੇ ਅਕਾਲੀ ਅੰਮ੍ਰਿਤਸਰ ਵਿਚ ਇਕੱਠੇ ਹੋਣ। ਕਾਂਗਰਸ ਵਿਚ ਨਿਯੁਕਤ 'ਗੁਰੂ ਕਾ ਬਾਗ' ਜਾਂਚ ਕਮੇਟੀ ਨੇ ਗਵਾਹੀਆਂ ਲੈਣ ਦਾ ਕੰਮ ਅਰੰਭ ਕਰ ਦਿੱਤਾ। ਅੰਗਰੇਜ਼ੀ ਦੇ ਰੋਜ਼ਨਾਮੇ ਸਿਵਲ ਅਤੇ ਮਿਲਟਰੀ ਗਜ਼ਟ (ਲਾਹੌਰ) ਵਿਚ ਐਲਾਨ ਹੋਇਆ ਸੀ ਕਿ ਗਵਾਹੀਆਂ ਬੰਦ ਕਮਰੇ ਵਿਚ ਲਈਆਂ ਜਾਣਗੀਆਂ। ਪਰ ਕਮੇਟੀ ਦੇ ਪ੍ਰਧਾਨ ਸ੍ਰੀਨਿਵਾਸ ਆਇੰਗਰ ਨੇ ਇਕ ਭਾਸ਼ਣ ਵਿਚ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇਹ ਸੂਚਨਾ ਦੇ ਦਿੱਤੀ ਗਈ ਹੈ ਕਿ ਸਰਕਾਰ ਦੁਆਰਾ ਨਿਯੁਕਤ ਕੋਈ ਅਧਿਕਾਰੀ ਜਾਂ ਪਬਲਿਕ ਪ੍ਰਾਸੀਕਿਊਟਰ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਵਾਲਿਆਂ ਨਾਲ ਜਿਰਾਹ ਕਰ ਸਕਦਾ ਹੈ ਅਤੇ ਸਰਕਾਰ ਕਿਸੇ ਵੀ ਅਜਿਹੇ ਗਵਾਹ ਦਾ ਨਾਂਅ ਲੈ ਸਕਦੀ ਹੈ, ਜਿਸ ਦੀ ਗਵਾਹੀ ਕਮੇਟੀ ਦੁਆਰਾ ਲਏ ਜਾਣ ਨੂੰ ਉਹ ਜ਼ਰੂਰੀ ਸਮਝਦੀ ਹੋਵੇ।
ਇਸੇ ਤਰ੍ਹਾਂ ਹੀ ਸੂਚਨਾ 'ਗੁਰੂ ਕਾ ਬਾਗ' ਦੇ ਮਹੰਤ ਨੂੰ ਵੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਪਬਲਿਕ ਦਾ ਕੋਈ ਵੀ ਆਦਮੀ ਕਮੇਟੀ ਦੀ ਕਾਰਵਾਈ ਦੇਖ ਸਕਦਾ ਸੀ। ਪਰ ਕਮੇਟੀ ਦੀ ਆਗਿਆ ਤੋਂ ਬਿਨਾਂ ਕਿਸੇ ਨੂੰ ਵੀ ਕਾਰਵਾਈ ਦੇ ਨੋਟ ਲੈਣ ਦਾ ਅਧਿਕਾਰ ਨਹੀਂ ਸੀ। ਸਮਾਚਾਰ ਪੱਤਰਾਂ ਦੇ ਪ੍ਰਤੀਨਿਧੀਆਂ ਨੂੰ ਵੀ ਉਸ ਸਥਿਤੀ ਵਿਚ ਹੀ ਨੋਟ ਕਰਨ ਦੀ ਆਗਿਆ ਦਿੱਤੀ ਗਈ, ਜਦੋਂ ਉਹ ਕਿਸੇ ਵੀ ਗਵਾਹ ਦੀ ਗਵਾਹੀ ਨੂੰ ਬਿਨਾਂ ਘਟਾਏ ਜਾਂ ਸੰਪਾਦਿਤ ਕੀਤੇ ਛਾਪਣ ਦਾ ਵਚਨ ਦੇਵੇ। ਹੁਣ ਤੱਕ ਅੰਮ੍ਰਿਤਸਰ ਅਤੇ ਲਾਹੌਰ ਦੇ 110 ਵਿਅਕਤੀਆਂ ਦੀਆਂ ਗਵਾਹੀਆਂ ਲਈਆਂ ਜਾ ਚੁੱਕੀਆਂ ਸਨ। ਪੰਜਾਬ ਸਰਕਾਰ ਨੇ ਗਵਾਹਾਂ ਨਾਲ ਜਿਰਾਹ ਕਰਨ ਲਈ ਅਧਿਕਾਰੀ ਨਿਯੁਕਤ ਕਰਨ ਲਈ ਕੀਤੀ ਗਈ ਕਮੇਟੀ ਦੀ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। 'ਗੁਰੂ ਕਾ ਬਾਗ' ਵਿਚ ਪੁਲਿਸੀਆਂ ਦਾ ਹੁੱਕਾ ਪੀਣਾ ਅਤੇ ਚਿੜੀਆਂ ਨੂੰ ਮਾਰਨਾ ਜਾਰੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨ ਅਨੁਸਾਰ ਇਕ ਦਿਨ 'ਗੁਰੂ ਕਾ ਬਾਗ' ਦੇ ਕੋਲ 70 ਅਕਾਲੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋ ਭੰਗੀਆਂ ਨੇ ਕਿੱਕਰ ਦੇ ਤਿੰਨ ਰੁੱਖ ਕੱਟ ਸੁੱਟੇ ਅਤੇ ਉਹ ਮਹੰਤ ਸੁੰਦਰ ਦਾਸ ਦੇ ਕੋਲ ਖੜ੍ਹੇ ਸਨ। ਸ਼ੇਖੂਪੁਰਾ ਜ਼ਿਲ੍ਹੇ ਦੀਆਂ ਕਈ ਦੇਵੀਆਂ ਨੇ ਆਪਣੇ 10-10 ਅਤੇ 12-12 ਸਾਲ ਦੇ ਪੁੱਤਰਾਂ ਅਤੇ ਭਤੀਜਿਆਂ ਨੂੰ ਅੰਮ੍ਰਿਤਸਰ ਵਿਖੇ ਸੱਤਿਆਗ੍ਰਹਿ ਵਿਚ ਭਾਗ ਲੈਣ ਲਈ ਭੇਜਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਖ਼ਲੀਲ ਜਿਬਰਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਕ ਸਵਾਲ ਨਾਲ ਮੇਰਾ ਦਿਲ ਭਰਿਆ ਹੋਇਆ ਸੀ ਜੋ ਮੇਰੀਆਂ ਅੱਖਾਂ ਵਿਚੋਂ ਡੁਲ੍ਹਕ ਰਿਹਾ ਸੀ। ਉਹ ਸਵਾਲ ਮੇਰੇ ਚਿਹਰੇ 'ਤੇ ਲਿਖਿਆ ਹੋਇਆ ਸੀ ਪਰ ਫੇਰ ਵੀ ਮੇਰੀ ਜ਼ਬਾਨ ਕੁਝ ਕਹਿਣ ਤੋਂ ਥਿੜਕ ਰਹੀ ਸੀ। ਮੇਰੇ ਸਵਾਲ ਦੀ ਇੰਤਜ਼ਾਰ ਕੀਤੇ ਬਿਨਾਂ ਹੀ ਉਸ ਨੇ ਜਵਾਬ ਦੇ ਦਿੱਤਾ-
'ਹੁਣ ਕੋਈ ਉਮੀਦ ਨਹੀਂ। ਨੋ ਹੋਪ।'
'ਮੈਨੂੰ ਇਹ ਤਾਂ ਦੱਸੋ ਕਿ ਹੋਇਆ ਕੀ?'
'ਮੈਂ ਕੱਲ੍ਹ ਸਟੂਡੀਓ ਵਿਚ ਉਨ੍ਹਾਂ ਦੇ ਨਾਲ ਹੀ ਸੀ, ਜਦੋਂ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ, ਉਹੋ ਜਿਹਾ ਜਿਹੜਾ ਉਨ੍ਹਾਂ ਨੂੰ ਪਹਿਲਾਂ ਵੀ ਹੋਇਆ ਸੀ। ਉਸੇ ਵੇਲੇ ਮੈਂ ਡਾਕਟਰ ਨੂੰ ਬੁਲਾਇਆ ਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਜਿਬਰਾਨ ਨੂੰ ਇਕਦਮ ਹਸਪਤਾਲ ਪਹੁੰਚਾਉਣ ਦੀ ਜ਼ਰੂਰਤ ਹੈ? ਡਾਕਟਰ ਸਾਹਿਬ ਨੇ ਜਵਾਬ ਦਿੱਤਾ ਕਿ ਅੱਜ ਦੀ ਰਾਤ ਉਨ੍ਹਾਂ ਨੂੰ ਸਟੂਡੀਓ ਵਿਚ ਹੀ ਰਹਿਣ ਦਿਓ। ਉਨ੍ਹਾਂ ਦੀ ਹਾਲਤ ਅਜਿਹੀ ਸੀ ਕਿ ਉਨ੍ਹਾਂ ਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਾ ਸਕਦਾ। ਇਸ ਲਈ ਕੱਲ੍ਹ ਰਾਤ ਮੈਂ ਸਟੂਡੀਓ ਵਿਚ ਹੀ ਰਹੀ। ਅੱਜ ਸਵੇਰ ਤੋਂ ਉਨ੍ਹਾਂ ਨੂੰ ਅਸਹਿ ਪੀੜ ਸ਼ੁਰੂ ਹੋ ਗਈ ਤੇ 10-11 ਵਜੇ ਤੱਕ ਮੈਂ ਉਨ੍ਹਾਂ ਨੂੰ ਇਥੇ ਲੈ ਆਈ।'
'ਤੁਸੀਂ ਮੈਨੂੰ ਕੱਲ੍ਹ ਰਾਤ ਜਾਂ ਤੜਕਸਾਰ ਹੀ ਕਿਉਂ ਨਹੀਂ ਦੱਸਿਆ?'
'ਕੱਲ੍ਹ ਉਨ੍ਹਾਂ ਦੀ ਤਕਲੀਫ਼ ਨੂੰ ਮੈਂ ਗੰਭੀਰ ਨਹੀਂ ਸੀ ਸਮਝਿਆ। ਡਾਕਟਰ ਨੇ ਵੀ ਕੋਈ ਗੰਭੀਰਤਾ ਨਹੀਂ ਦਰਸਾਈ ਪਰ ਸਵੇਰ ਵੇਲੇ ਉਨ੍ਹਾਂ ਦੀ ਵਧ ਰਹੀ ਤਕਲੀਫ਼ ਨੂੰ ਦੇਖ ਕੇ ਮੇਰੇ ਜ਼ਿਹਨ ਵਿਚ ਸਭ ਤੋਂ ਪਹਿਲਾਂ ਤੁਹਾਡਾ ਹੀ ਨਾਂਅ ਆਇਆ। ਪਰ ਮੈਂ ਤੁਹਾਡਾ ਕੋਈ ਅਤਾ-ਪਤਾ ਨਹੀਂ ਸੀ ਜਾਣਦੀ। ਫਿਰ ਅਚਾਨਕ ਮੈਨੂੰ 'ਸੀਰੀਅਨ ਵਰਲਡ' ਦਾ ਖਿਆਲ ਆਇਆ ਕਿ ਉਨ੍ਹਾਂ ਦੇ ਦਫਤਰ ਨੂੰ ਤੁਹਾਡਾ ਕੋਈ ਟੈਲੀਫੋਨ ਨੰਬਰ ਜ਼ਰੂਰ ਪਤਾ ਹੋਵੇਗਾ। ਮੈਂ ਉਨ੍ਹਾਂ ਨੂੰ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਦੀ ਬੇਨਤੀ ਕੀਤੀ। ਤੁਹਾਨੂੰ ਇਤਲਾਹ ਮਿਲ ਗਈ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਸ਼ੁਕਰ ਹੈ ਰੱਬ ਦਾ ਕਿ ਤੁਸੀਂ ਟਾਈਮ 'ਤੇ ਪੁੱਜ ਗਏ ਹੋ।'
'ਹੁਣ ਉਨ੍ਹਾਂ ਦਾ ਕੀ ਹਾਲ ਹੈ?'
'ਹਸਪਤਾਲ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਬੇਹੋਸ਼ ਹੋ ਗਏ ਤੇ ਇਸ ਵੇਲੇ ਵੀ ਉਹ ਬੇਹੋਸ਼ੀ ਵਿਚ ਹੀ ਹਨ।'
'ਕੀ ਕਿਸੇ ਨੇ ਉਨ੍ਹਾਂ ਤੋਂ ਬੇਹੋਸ਼ ਹੋਣ ਤੋਂ ਪਹਿਲਾਂ ਪੁੱਛਿਆ ਹੈ ਕਿ ਕੀ ਉਹ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹਨ?'
'ਇਕ ਸਿਸਟਰ ਨੇ ਉਨ੍ਹਾਂ ਤੋਂ ਇਹ ਜ਼ਰੂਰ ਪੁੱਛਿਆ ਸੀ ਕਿ ਉਹ 'ਕੈਥੋਲਿਕ' ਹਨ। ਉਨ੍ਹਾਂ ਨੇ ਟੁੱਟਵੀਂ ਪਰ ਸਖ਼ਤ ਆਵਾਜ਼ ਵਿਚ ਕਿਹਾ ਸੀ, 'ਨਹੀਂ।' ਸੁਣ ਕੇ ਉਹ ਫੌਰਨ ਕਮਰੇ 'ਚੋਂ ਬਾਹਰ ਆ ਗਈ। ਸੀਰਿਆ ਦਾ ਇਕ ਪਾਦਰੀ ਵੀ ਆਇਆ ਸੀ, ਮਧਰਾ ਤੇ ਪਤਲਾ ਜਿਹਾ... ਸ਼ਾਇਦ ਤੁਸੀਂ ਵੀ ਉਸ ਨੂੰ ਜਾਣਦੇ ਹੋਵੋ। ਉਹ ਉੱਚੀ-ਉੱਚੀ ਜਿਬਰਾਨ ਨੂੰ ਬੁਲਾਉਣ ਲੱਗਾ। ਪਰ ਜਿਬਰਾਨ ਹੋਸ਼ ਵਿਚ ਨਹੀਂ ਸਨ। ਮੈਨੂੰ ਪਾਦਰੀ ਦੀ ਇਸ ਹਰਕਤ 'ਤੇ ਏਨਾ ਗੁੱਸਾ ਆਇਆ ਕਿ ਮੈਂ ਉਸ ਦੀ ਬਾਂਹ ਫੜ ਕੇ, ਉਸ ਨੂੰ ਕਮਰੇ 'ਚੋਂ ਬਾਹਰ ਕੱਢ ਦੇਣਾ ਚਾਹੁੰਦੀ ਸੀ।'
'ਕੀ ਪਾਦਰੀ ਨੇ ਕੁਝ ਹੋਰ ਵੀ ਕਿਹਾ?'
'ਬਸ ਹੋਰ ਕੁਝ ਖ਼ਾਸ ਨਹੀਂ।'
'ਡਾਕਟਰ ਕਿਥੇ ਹਨ?'
'ਓਹ ਖੜ੍ਹੇ।' ਤੇ ਉਸ ਨੇ ਬੂਹੇ ਲਾਗੇ ਖੜ੍ਹੇ ਇਕ ਆਦਮੀ ਵੱਲ ਇਸ਼ਾਰਾ ਕੀਤਾ।
'ਡਾਕਟਰ! ਉਨ੍ਹਾਂ ਨੂੰ ਕੀ ਹੋਇਆ ਹੈ? ਹੁਣ ਕੀ ਕੋਈ ਇਲਾਜ ਸੰਭਵ ਹੈ?'
'ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੈ। ਸ਼ਾਇਦ ਹੀ ਉਹ ਅੱਜ ਦੀ ਰਾਤ ਕੱਢਣ। ਮੈਨੂੰ ਨਹੀਂ ਉਮੀਦ ਕਿ ਹੁਣ ਉਹ ਕਦੇ ਹੋਸ਼ ਵਿਚ ਆਉਣਗੇ।' ਡਾਕਟਰ ਨੇ ਇਹ ਗੱਲ ਬਹੁਤ ਹੀ ਸਹਿਜ ਤੇ ਸਾਧਾਰਨ ਢੰਗ ਨਾਲ ਕਹੀ ਜਿਵੇਂ ਉਹ ਮੌਸਮ ਦੀ ਗੱਲ ਕਰ ਰਿਹਾ ਹੋਵੇ। ਇਸ ਵਿਚ ਕੋਈ ਅਸਚਰਜ ਵਾਲੀ ਗੱਲ ਨਹੀਂ, ਕਿਉਂਕਿ ਡਾਕਟਰ ਲਈ ਇਹ ਇਕ 'ਰੁਟੀਨ ਮੈਟਰ' ਸੀ। ਉਸ ਵੇਲੇ ਮੈਂ ਇਹ ਗੱਲ ਸੋਚਣ 'ਤੇ ਮਜਬੂਰ ਹੋ ਗਿਆ ਕਿ ਕੀ ਉਹ ਡਾਕਟਰ ਆਪਣੀ ਮੌਤ ਦੇ ਵਕਤ ਵੀ ਏਨਾ ਹੀ ਸਹਿਜ ਤੇ ਨਿਰਲੇਪ ਰਹਿ ਪਾਵੇਗਾ!
'ਦਵਾਈਆਂ! ਦਵਾਈਆਂ! ਦਵਾਈਆਂ!'
ਦੁੱਖ-ਤਕਲੀਫ਼ਾਂ ਨਾਲ ਭਰੇ ਸੰਸਾਰ ਦੀਆਂ ਇਹੋ ਰੱਬ ਹਨ।
'ਡਾਕਟਰ! ਕੀ ਮੈਂ ਉਨ੍ਹਾਂ ਕੋਲ ਜਾ ਸਕਦਾ ਹਾਂ?'
'ਕਿਉਂ ਨਹੀਂ?'
ਘੱਰ੍ਹ... ਘੱਰ੍ਹ... ਘੱਰ੍ਹ... ਘੱਰ੍ਹ... ਘੱਰ੍ਹ...
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)


-ਸਾਬਕਾ ਕਮਿਸ਼ਨਰ, ਜਲੰਧਰ
ਮੋਬਾਈਲ : 98551-23499

ਹਿੰਦੂ ਨੇ ਲਿਖਿਆ ਪਾਕਿਸਤਾਨ ਦਾ ਕੌਮੀ ਤਰਾਨਾ ਅਤੇ ਮੁਸਲਮਾਨ ਨੇ ਲਿਖਿਆ ਤਰਾਨਾ-ਏ-ਹਿੰਦੀ

ਦੇਸ਼ ਦੀ ਆਜ਼ਾਦੀ ਲਈ ਚੱਲੀ ਲਹਿਰ 'ਚ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਬਗ਼ਾਵਤ ਦੇ ਭਾਵ ਪ੍ਰਗਟ ਕਰਦਿਆਂ ਇਕ ਮੁਸਲਮਾਨ ਨੇ ਹਿੰਦੁਸਤਾਨੀਆਂ ਵੱਲੋਂ ਸੰਬੋਧਿਤ ਕਰਦਿਆਂ ਜੋ ਕਵਿਤਾ ਲਿਖੀ, ਉਹ ਆਜ਼ਾਦ ਭਾਰਤ ਦਾ 'ਤਰਾਨਾ-ਏ-ਹਿੰਦੀ' ਬਣ ਗਈ ਅਤੇ ਜਦੋਂ ਪਾਕਿਸਤਾਨ ਬਣਿਆ ਤਾਂ ਉਸ ਦਾ ਕੌਮੀ ਤਰਾਨਾ (ਰਾਸ਼ਟਰੀ ਗੀਤ) ਕਿਸੇ ਮੁਸਲਮਾਨ ਤੋਂ ਨਹੀਂ, ਬਲਕਿ ਇਕ ਹਿੰਦੂ ਤੋਂ ਲਿਖਵਾਇਆ ਗਿਆ। ਭਾਵੇਂ ਇਹ ਗੱਲ ਸੁਣਨ ਨੂੰ ਅਜੀਬ ਜਿਹੀ ਜ਼ਰੂਰ ਲੱਗਦੀ ਹੈ ਪਰ ਹੈ ਇਹ ਬਿਲਕੁਲ ਸੱਚ।
ਅੱਜ ਭਾਵੇਂ ਉਹ ਭਾਰਤੀ ਫ਼ੌਜ ਦੀ ਮਾਰਚ ਪਰੇਡ ਹੋਵੇ, ਆਜ਼ਾਦੀ ਦਿਹਾੜਾ ਜਾਂ ਫਿਰ ਕੋਈ ਵੀ ਰਾਸ਼ਟਰੀ ਜਾਂ ਗੈਰ-ਸਰਕਾਰੀ ਸਾਲਾਨਾ ਸਮਾਗਮ, ਹਰ ਥਾਂ 'ਸਾਰੇ ਜਹਾਂ ਸੇ ਅੱਛਾ ਹਿੰਦੋਸਿਤਾਂ ਹਮਾਰਾ...' ਗੀਤ ਬੜੇ ਸਤਿਕਾਰ ਨਾਲ ਗਾਇਆ ਅਤੇ ਸੁਣਿਆ ਜਾਂਦਾ ਹੈ। ਇਸ ਗੀਤ ਨੂੰ ਪਾਕਿਸਤਾਨ ਦੇ ਅਲਾਮਾ-ਏ-ਇਕਬਾਲ ਦੀ ਉਪਾਧੀ ਹਾਸਲ ਕਰਨ ਵਾਲੇ ਜਨਾਬ ਮੁਹੰਮਦ ਇਕਬਾਲ ਨੇ ਛੋਟੇ ਬੱਚਿਆਂ ਦੀ ਇਕ ਕਵਿਤਾ ਦੇ ਰੂਪ ਵਿਚ ਲਿਖਿਆ ਸੀ, ਜੋ ਪਹਿਲੀ ਵਾਰ ਉਰਦੂ ਦੇ ਹਫ਼ਤਾਵਾਰੀ ਰਸਾਲੇ 'ਇਤਹਾਦ' 'ਚ 16 ਅਗਸਤ, 1904 ਨੂੰ ਪ੍ਰਕਾਸ਼ਿਤ ਹੋਈ। ਮੁਹੰਮਦ ਇਕਬਾਲ ਉਨ੍ਹੀਂ ਦਿਨੀਂ ਗੌਰਮਿੰਟ ਕਾਲਜ ਲਾਹੌਰ 'ਚ ਲੈਕਚਰਾਰ ਸਨ ਅਤੇ ਉਨ੍ਹਾਂ ਨੂੰ ਕਾਲਜ ਦੇ ਵਿਦਿਆਰਥੀ ਲਾਲਾ ਹਰਦਿਆਲ ਵੱਲੋਂ ਕਾਲਜ ਦੇ ਸਾਲਾਨਾ ਸਮਾਗ਼ਮ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ ਸੀ। ਸਮਾਗਮ ਵਿਚ ਇਕਬਾਲ ਨੇ ਬ੍ਰਿਟਿਸ਼ ਹਕੂਮਤ ਦੀ ਸੋਚ ਅਤੇ ਫੁੱਟ-ਪਾਊ ਨੀਤੀਆਂ ਦੇ ਵਿਰੁੱਧ ਸਭ ਭਾਰਤੀਆਂ ਦੀ ਸਾਂਝੀ ਆਵਾਜ਼ ਦੇ ਰੂਪ ਵਿਚ 'ਸਾਰੇ ਜਹਾਂ ਸੇ ਅੱਛਾ ਹਿੰਦੋਸਿਤਾਂ ਹਮਾਰਾ...' ਕਵਿਤਾ ਨੂੰ ਗੀਤ ਦੇ ਰੂਪ 'ਚ ਪੇਸ਼ ਕੀਤਾ। ਇਸ ਤੋਂ ਬਾਅਦ ਇਹ ਗੀਤ ਸੰਨ 1924 'ਚ 'ਬਾਂਗ-ਏ-ਦਰਿਆ' ਕਿਤਾਬ 'ਚ ਪ੍ਰਕਾਸ਼ਿਤ ਹੋਇਆ, ਜਿਸ ਨੂੰ ਬਾਅਦ 'ਚ 'ਤਰਾਨਾ-ਏ-ਹਿੰਦੀ' ਦਾ ਨਾਂਅ ਦਿੱਤਾ ਗਿਆ।
ਉਨ੍ਹੀਂ ਦਿਨੀਂ ਜਦੋਂ ਕਿਸੇ ਨੇ ਇਕਬਾਲ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤੁਲਨਾ ਕਰਨ ਲਈ ਕਿਹਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੇਰੀ ਨਜ਼ਰ 'ਚ ਹਿੰਦੂ ਅਤੇ ਮੁਸਲਮਾਨ ਇਕ ਖ਼ੂਬਸੂਰਤ ਦੁਲਹਨ ਦੀਆਂ ਦੋ ਅੱਖਾਂ ਹਨ। ਪਰ ਇਸ ਪਿੱਛੋਂ ਜਦੋਂ ਕੁਝ ਸਮੇਂ ਲਈ ਵਿਦੇਸ਼ ਰਹਿਣ ਤੋਂ ਬਾਅਦ ਉਹ ਦੇਸ਼ ਪਰਤੇ ਤਾਂ ਉਨ੍ਹਾਂ ਦੀ ਸੋਚ ਵਿਚ ਵੱਡਾ ਪਰਿਵਰਤਨ ਆ ਚੁੱਕਾ ਸੀ। ਉਨ੍ਹਾਂ ਨੇ ਦੇਸ਼ ਪਰਤਣ ਤੋਂ ਬਾਅਦ ਆਪਣੀ ਨਵੀਂ ਸੋਚ ਨੂੰ ਜ਼ਾਹਿਰ ਕਰਦਿਆਂ 'ਤਰਾਨਾ-ਏ-ਮਿੱਲੀ' ਲਿਖਿਆ, ਜੋ 'ਤਰਾਨਾ-ਏ-ਹਿੰਦੀ' 'ਚ ਕੁਝ ਤਬਦੀਲੀ ਕਰਕੇ ਬਣਾਇਆ ਗਿਆ ਸੀ। 'ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ ਵਤਨ ਹੈ ਹਿੰਦੋਸਿਤਾਂ ਹਮਾਰਾ' ਦੀ ਸੋਚ ਵਾਲੇ ਇਕਬਾਲ ਨੇ ਗੀਤ ਦੇ ਅਰਥ ਬਦਲਦਿਆਂ 'ਤਰਾਨਾ-ਏ-ਮਿੱਲੀ' 'ਚ ਲਿਖਿਆ-'ਚੀਨ-ਓ-ਅਰਬ ਹਮਾਰਾ, ਹਿੰਦੋਸਿਤਾਂ ਹਮਾਰਾ। ਮੁਸਲਿਮ ਹੈਂ ਹਮ, ਵਤਨ ਹੈ ਸਾਰਾ ਜਹਾਂ ਹਮਾਰਾ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਫੋਨ : 93561-27771
ਹਾੜ੍ਹ ਮਹੀਨੇ ਅੱਗ ਪਈ ਵਰ੍ਹਦੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਜੇਠ-ਹਾੜ੍ਹ ਦੀ ਗਰਮੀ ਸਰੀਰਾਂ ਲਈ ਅਤਿ ਜ਼ਰੂਰੀ ਵੀ ਹੁੰਦੀ ਹੈ। ਪਸੀਨਾ ਆਉਣ ਨਾਲ ਸਰੀਰ ਦੇ ਮੁਸਾਮਾਂ ਦੀ ਸਫਾਈ ਹੋ ਜਾਂਦੀ ਹੈ ਅਤੇ ਸਰੀਰ ਅੰਦਰੋਂ-ਬਾਹਰੋਂ ਧੋਤਾ ਜਾਂਦਾ ਹੈ। ਭਾਰੇ ਸਰੀਰ ਵੀ ਕੁਝ ਢਿੱਲੇ ਪੈ ਜਾਂਦੇ ਹਨ। ਭਾਰ ਘਟਾਉਣ ਲਈ ਇਹ ਸਭ ਤੋਂ ਵਧੀਆ ਮਹੀਨਾ ਹੈ, ਬਸ਼ਰਤੇ ਕਿ ਜ਼ਿਆਦਾ ਗਰਮੀ, ਲੂ ਅਤੇ ਧੁੱਪ ਤੋਂ ਬਚਿਆ ਜਾਵੇ। ਪੁਰਾਣੇ ਦਿਨਾਂ ਵਿਚ ਮੀਂਹ ਦੀ ਉਡੀਕ ਵਿਚ ਭਲੇ ਲੋਕ ਕਈ ਟੂਣੇ-ਟੰਜਰ ਕਰਦੇ ਸਨ। ਦੁਪਹਿਰ ਵੇਲੇ ਗੁੱਡੀ-ਗੁੱਡੇ ਦਾ ਵਿਆਹ ਰਚਾਇਆ ਜਾਂਦਾ ਸੀ। ਫਿਰ ਗੁੱਡੀ-ਗੁੱਡਾ ਸਾੜਿਆ ਜਾਂਦਾ ਸੀ।
ਪਿੰਡਾਂ ਵਿਚ ਇਹ ਗੱਲ ਵੀ ਪ੍ਰਚਲਿਤ ਸੀ ਕਿ ਜੇ ਪਿੰਡ ਦੇ ਕਿਸੇ ਕੁਰੱਖਤ ਬੁੱਢੇ ਉੱਤੇ ਸੁੱਤੇ-ਸਿੱਧ ਪਾਣੀ ਸੁੱਟ ਦੇਈਏ ਅਤੇ ਉਹ ਗੁੱਸੇ ਵਿਚ ਆ ਕੇ ਗਾਲ੍ਹਾਂ ਕੱਢੇ ਤਾਂ ਮੀਂਹ ਪੈਂਦਾ ਹੈ। ਪਿੰਡ ਦੀਆਂ ਨੌਜਵਾਨ ਕੁੜੀਆਂ ਸੱਥ ਵਿਚ ਰੁੱਖ ਦੇ ਥੱਲੇ ਬੈਠੇ ਜਾਂ ਸੁੱਤੇ ਵਿਅਕਤੀ ਉੱਤੇ ਪਾਣੀ ਸੁੱਟਦੀਆਂ ਤਾਂ ਉਹ ਅੱਗੋਂ ਅਚਾਨਕ ਘਬਰਾ ਕੇ, ਠੰਢਾ ਹੋਣ ਦੀ ਬਜਾਏ ਮਚ ਉੱਠਦਾ ਅਤੇ ਗਾਲ੍ਹਾਂ ਕੱਢਦਾ, ਮਾੜਾ ਬੋਲਦਾ। ਚੰਗਾ ਸੋਹਣਾ ਤਮਾਸ਼ਾ ਬੱਝ ਜਾਂਦਾ। ਬੁੱਢਾ ਗਾਲ੍ਹਾਂ ਕੱਢ ਕੇ ਖੁਸ਼ ਅਤੇ ਕੁੜੀਆਂ ਗਾਲ੍ਹਾਂ ਖਾ ਕੇ ਖੁਸ਼। ਮੀਂਹ ਦੀ ਤਾਂ ਆਪਣੀ ਮਰਜ਼ੀ ਹੁੰਦੀ ਸੀ, ਚਾਹੇ ਤਾਂ ਪਵੇ, ਨਾ ਚਾਹੇ ਤੇ ਨਾ ਪਵੇ, ਪਰ ਕੁਝ ਸਮੇਂ ਲਈ ਗਰਮੀ ਵੱਲੋਂ ਧਿਆਨ ਹਟ ਕੇ ਸ਼ੁਗਲ-ਮੇਲੇ ਵਿਚ ਪੈ ਜਾਂਦਾ ਸੀ।
ਮੀਂਹ ਪੈਣ ਦੀ ਦੇਰ ਹੈ, ਦਾਰਿਆਂ, ਥੜ੍ਹਿਆਂ ਅਤੇ ਬਾਗਾਂ ਦੀਆਂ ਰੌਣਕਾਂ ਘਟ ਜਾਂਦੀਆਂ ਹਨ। ਕੰਮਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਮੱਕੀ, ਚਰ੍ਹੀ, ਜੁਆਰ, ਬਾਜਰੇ ਲਈ ਜ਼ਮੀਨ ਤਿਆਰ ਕਰਨੀ ਹੁੰਦੀ ਹੈ। ਕਮਾਦ ਗੁੱਡਣ ਦਾ ਕੰਮ, ਸਬਜ਼ੀਆਂ ਤੋੜਨ ਦਾ ਕੰਮ ਅਤੇ ਝੋਨੇ ਲਈ ਪਨੀਰੀ ਬੀਜਣ ਦਾ ਕੰਮ, ਕਿੰਨਾ ਕੁਝ ਹੁੰਦਾ ਹੈ ਕਰਨ ਵਾਲਾ। ਸੁਆਣੀਆਂ ਵੀ ਇਨ੍ਹਾਂ ਰੁਝੇਵਿਆਂ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ। ਜੇ ਖੇਤਾਂ ਵਿਚ ਕਾਮੇ ਲੱਗੇ ਹੋਣ ਤਾਂ ਉਨ੍ਹਾਂ ਨੂੰ ਰੋਟੀ ਅਤੇ ਚਾਹ-ਪਾਣੀ ਪਹੁੰਚਾਉਣਾ ਔਰਤਾਂ ਦੇ ਹਿੱਸੇ ਆਉਂਦਾ ਹੈ। ਹਰ ਸੱਭਿਆਚਾਰ ਵਿਚ ਉਸ ਦੀਆਂ ਰਹੁ-ਰੀਤਾਂ ਵਿਚ ਅਤੇ ਕਾਰ-ਵਿਹਾਰ ਵਿਚ ਕੁਝ ਗੱਲਾਂ ਬੜੀਆਂ ਗ਼ੈਰ-ਪ੍ਰਸੰਗਿਕ ਹੁੰਦੀਆਂ ਹਨ। ਪੰਜਾਬ ਵਿਚ ਗਰਮੀਆਂ ਦੇ ਮੌਸਮ ਵਿਚ ਪਾਇਆ ਜਾਂਦਾ ਪਹਿਰਾਵਾ ਮੌਸਮ ਦੇ ਬਿਲਕੁਲ ਹੀ ਅਨੁਕੂਲ ਨਹੀਂ ਹੁੰਦਾ।
ਭਾਵੇਂ ਕਿ ਬਹੁਤ ਸਾਰੇ ਦਫਤਰ ਆਮ ਵਾਂਗ ਹੀ ਕੰਮ ਕਰਦੇ ਹਨ ਪਰ ਸਕੂਲਾਂ-ਕਾਲਜਾਂ ਵਿਚ ਇਨ੍ਹੀਂ ਦਿਨੀਂ ਛੁੱਟੀਆਂ ਹੁੰਦੀਆਂ ਹਨ। ਅਮੀਰ ਲੋਕ ਪਹਾੜਾਂ ਵੱਲ ਤੁਰ ਪੈਂਦੇ ਹਨ ਭਾਵੇਂ ਕਿ ਏ. ਸੀ. ਦੀ ਸਹੂਲਤ ਨਾਲ ਹੁਣ ਪਹਾੜੀਂ ਜਾਣਾ ਪਿਕਨਿਕ ਤੱਕ ਸੀਮਤ ਹੋ ਗਿਆ ਹੈ। ਅਮੀਰ ਲੋਕ ਹਰ ਮੌਸਮ ਵਿਚ ਹੀ ਸੁਖ-ਸਾਧਨ ਦੇ ਹੀਲੇ-ਵਸੀਲੇ ਪੈਦਾ ਕਰ ਲੈਂਦੇ ਰਹੇ ਹਨ। ਕਾਲੀਦਾਸ ਇਸ ਮੌਸਮ ਬਾਰੇ ਲਿਖਦਾ ਹੈ-
'ਲੋਕ ਇਸ ਰੁੱਤ ਵਿਚ ਚਾਨਣੀਆਂ ਰਾਤਾਂ ਵਿਚ ਅਨੋਖੇ ਫੁਹਾਰਿਆਂ, ਵੰਨ-ਸੁਵੰਨੀਆਂ ਮਣੀਆਂ ਤੇ ਸੀਤਲ ਚੰਦਨ ਦੀ ਵਰਤੋਂ ਕਰਦੇ ਹਨ। ਮੁਟਿਆਰਾਂ ਭਾਰੇ ਬਸਤਰ ਲਾਹ ਕੇ ਬਰੀਕ ਕੱਪੜੇ ਪਹਿਨਣ ਲੱਗ ਪਈਆਂ ਹਨ।
ਅਜੋਕੇ ਪੰਜਾਬ ਵਿਚ ਅਤਿ ਦੀ ਗਰਮੀ ਸ਼ਹਿਰੀ ਜੀਵਨ 'ਤੇ ਆਪਣਾ ਪੂਰਾ ਪ੍ਰਭਾਵ ਛੱਡਦੀ ਹੈ। ਦੁਕਾਨਾਂ ਅਤੇ ਕਾਰੋਬਾਰੀ ਸਥਾਨਾਂ 'ਤੇ ਖਾਸ ਤੌਰ 'ਤੇ ਦੁਪਹਿਰ ਵੇਲੇ ਰੌਣਕ ਘਟ ਜਾਂਦੀ ਹੈ। ਜਿਥੇ ਮਿਉਂਸਪਲ ਕਮੇਟੀਆਂ ਚੰਗੀਆਂ ਹਨ, ਉਥੇ ਪਾਰਕਾਂ ਵਿਚ ਸਾਂਭੇ-ਸਵਾਰੇ ਰੁੱਖ-ਬੂਟੇ ਅਤੇ ਪਾਣੀ ਦੇ ਚਲਦੇ ਫੁਹਾਰੇ ਗਰਮੀ ਤੋਂ ਕੁਝ ਰਾਹਤ ਬਖਸ਼ਦੇ ਹਨ। ਇਸ ਲਈ ਸ਼ਾਮ ਨੂੰ ਪਾਰਕਾਂ ਵਿਚ ਅਤੇ ਮਾਲ-ਰੋਡਾਂ 'ਤੇ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਗਰਮੀਆਂ ਦੀਆਂ ਕਈ ਨੇਹਮਤਾਂ ਮੁੱਲ ਮਿਲ ਜਾਂਦੀਆਂ ਹਨ। ਕਈ ਕਿਸਮਾਂ ਦੀਆਂ ਆਈਸ-ਕ੍ਰੀਮਾਂ, ਰਸ-ਮਲਾਈ, ਗੂੰਦ-ਕਤੀਰਾ, ਕੁਲਫੀ, ਫਲੂਦਾ ਆਦਿ ਗਰਮੀ ਦੀਆਂ ਨੇਹਮਤਾਂ ਹਨ। ਲੱਸੀ, ਠੰਢਾ ਦੁੱਧ, ਸ਼ਿਕੰਜਵੀ ਆਦਿ ਦੀ ਵੀ ਖੂਬ ਵਿਕਰੀ ਹੁੰਦੀ ਹੈ। ਅਜੋਕੇ ਪੰਜਾਬ ਵਿਚ ਜਿਥੇ ਖਾਣ-ਪੀਣ ਵਿਚ ਵੱਡੀ ਵਰਾਇਟੀ ਦੇਖਣ ਨੂੰ ਮਿਲਦੀ ਹੈ, ਉਥੇ ਪਹਿਰਾਵੇ ਵਿਚ ਵੀ ਵੰਨ-ਸੁਵੰਨਤਾ ਵਧੀ ਹੈ। ਸਰਸਰੀ ਨਜ਼ਰ ਮਾਰਿਆਂ ਕਈ ਕਿਸਮ ਦੇ ਪਹਿਰਾਵੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਦਿਨਾਂ ਵਿਚ ਪੱਛਮੀ ਸੱਭਿਅਤਾ ਦੇ ਉਸਾਰੂ ਪ੍ਰਭਾਵ ਅਧੀਨ ਬਹੁਤ ਸਾਰੇ ਨੌਜਵਾਨ ਬਰਮੂਡੇ ਅਤੇ ਸਲੀਵਲੈਸ ਟੀ-ਸ਼ਰਟਾਂ ਪਾਉਣ ਲੱਗੇ ਹਨ ਪਰ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਅਜੇ ਇਹ ਖੁੱਲ੍ਹ ਨਹੀਂ ਮਿਲੀ, ਫਿਰ ਵੀ ਸਲੀਵਲੈੱਸ ਕਮੀਜ਼ਾਂ ਪਾਈ ਔਰਤਾਂ ਦੀ ਗਿਣਤੀ ਪਹਿਲਾਂ ਤੋਂ ਕਾਫੀ ਵਧੀ ਹੈ।
ਅੱਜਕਲ੍ਹ ਤਾਂ ਘਰ-ਘਰ ਵਿਚ ਪਾਣੀ ਦਾ ਪ੍ਰਬੰਧ ਹੈ ਪਰ ਅੱਜ ਤੋਂ 40-50 ਸਾਲ ਪਹਿਲਾਂ ਪਿੰਡਾਂ ਵਿਚ ਇਨ੍ਹਾਂ ਦਿਨਾਂ ਵਿਚ ਖੂਹਾਂ ਅਤੇ ਖੂਹੀਆਂ ਦੇ ਪਾਣੀ ਬਹੁਤ ਥੱਲੇ ਚਲੇ ਜਾਂਦੇ ਸਨ। ਉੱਪਰੋਂ ਛੱਪੜਾਂ ਵਿਚੋਂ, ਟੋਭਿਆਂ ਅਤੇ ਬਰਸਾਤੀ ਨਾਲਿਆਂ ਵਿਚੋਂ ਵੀ ਪਾਣੀ ਸੁੱਕ ਜਾਂਦੇ ਸਨ। ਪੈਰ-ਪੈਰ 'ਤੇ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਸਨ। ਫਸਲ ਅਤੇ ਪਸ਼ੂ ਧਨ ਸਾਂਭਣਾ ਮੁਹਾਲ ਹੋ ਜਾਂਦਾ ਸੀ, ਬਰਸਾਤ ਹੋਣ ਨਾਲ ਜਿਥੇ ਫਸਲੀ ਕਾਰੋਬਾਰ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੇ ਹਨ, ਉਥੇ ਕੁਦਰਤ ਆਪਣੀ ਜਣਨ ਪ੍ਰਕਿਰਿਆ ਦੀ ਮਸ਼ੀਨਰੀ ਨੂੰ ਖੂਬ ਅੱਗੇ ਤੋਰਦੀ ਹੈ। ਰੁੱਖਾਂ-ਬੂਟਿਆਂ ਵਿਚ ਜ਼ਿੰਦਗੀ ਰਵਾਂ ਹੋਣ ਲਗਦੀ ਹੈ। ਫੁੱਲ ਖਿੜਨ ਲਗਦੇ ਹਨ ਤੇ ਹੌਲੀ-ਹੌਲੀ ਫਲਾਂ ਦੀ ਸ਼ਕਲ ਅਖ਼ਤਿਆਰ ਕਰਨ ਲਗਦੇ ਹਨ। ਖੁਸ਼ਗਵਾਰ ਤੇ ਕਿਣਮਿਣ ਦੇ ਮਾਹੌਲ ਵਿਚ ਫਲ ਰਸੀਲੇ ਤੇ ਭਰਪੂਰ ਹੋਈ ਜਾਂਦੇ ਹਨ ਤੇ ਫਿਰ ਪਕਿਆਈ ਵੱਲ ਤੁਰ ਪੈਂਦੇ ਹਨ। ਕਮਾਲ ਦੀ ਵਰਕਸ਼ਾਪ ਹੈ ਕੁਦਰਤ ਦੀ! (ਸਮਾਪਤ)


-ਨਡਾਲਾ (ਕਪੂਰਥਲਾ)।
ਮੋਬਾ: 98152-53245
ਪ੍ਰਸਿੱਧ ਸੁੰਦਰ ਅਸਥਾਨ ਰਾਧਾ ਕ੍ਰਿਸ਼ਨ ਮੰਦਿਰ (ਹਿ:ਪ੍ਰ:)

ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਸਥਾਨ ਹੈ ਪਾਲਮਪੁਰ ਸ਼ਹਿਰ। ਇਸ ਸ਼ਹਿਰ ਦੇ ਇਰਦ-ਗਿਰਦ ਪਹਾੜਾਂ ਦੀ ਸੁੰਦਰਤਾ, ਦਰਿਆਵਾਂ ਦਾ ਕਲ-ਕਲ ਵਹਿੰਦਾ ਪਾਣੀ, ਹਰਿਆਲੀ ਅਤੇ ਤਨ, ਮਨ ਨੂੰ ਠੰਡਕ ਦੇਣ ਵਾਲਾ ਅਤਿ ਸ਼ੀਤਲ ਮੌਸਮ ਰੂਹ ਤੱਕ ਉੱਤਰਦਾ ਜਾਂਦਾ ਹੈ।
ਪਾਲਮਪੁਰ ਸ਼ਹਿਰ ਦੇ ਵਿਚਕਾਰ ਚੌਕ ਦੇ ਵਿਚ ਸੁਸ਼ੋਭਿਤ ਹੈ ਇਹ ਰਾਧਾ ਕ੍ਰਿਸ਼ਨ ਮੰਦਿਰ। ਇਸ ਮੰਦਿਰ ਦਾ ਪ੍ਰਵੇਸ਼ ਦੁਆਰ ਨਾਰੰਗੀ ਸ਼ੋਭਾ ਵਿਚ ਅਲੰਕਾਰਿਤ ਹੈ। ਮੁੱਖ ਪ੍ਰਵੇਸ਼ ਸਫੈਦ-ਨੀਲੇ ਅਸਮਾਨੀ ਰੰਗ ਵਿਚ ਛੋਟੇ-ਛੋਟੇ ਦੋ ਥੰਮ੍ਹਾਂ ਦੇ ਖੁੱਲ੍ਹੇ ਰਸਤੇ 'ਚੋਂ ਹੁੰਦਾ ਹੈ। ਇਸ ਮੰਦਿਰ ਨੂੰ ਅਸਮਾਨੀ-ਗੁਲਾਬੀ ਅਤੇ ਹਲਕੇ ਪੀਲੇ ਰੰਗਾਂ ਦੀ ਅਲੌਕਿਕ ਚਿੱਤਰਕਾਰੀ ਰੂਪੀ ਇਬਾਰਤ ਹਾਸਲ ਹੈ। ਮੰਦਿਰ ਦੇ ਗੁੰਬਦ ਤੱਕ ਚਾਰ ਭੁਜਾ ਦੀਵਾਰਾਂ ਨੂੰ ਉੱਪਰੋਂ ਛੋਟਾ ਆਕਾਰ ਦੇ ਕੇ ਅਤਿ ਸੁੰਦਰ ਸ਼ੈਲੀ ਵਿਚ ਸਜਾਇਆ ਗਿਆ ਹੈ। ਗੁੰਬਦ ਤੱਕ ਦੀਆਂ ਰੰਗਦਾਰ ਦੀਵਾਰਾਂ ਵਿਚ ਅਨੇਕ ਸਫੈਦ ਰੰਗਦਾਰ ਚਾਰ-ਚੁਫੇਰੇ ਕਿੰਗਰੇ, 'ਓਮ' ਸ਼ਬਦ ਦੀ ਅਲੌਕਿਕ ਇਬਾਰਤ ਸਕੂਨ ਦਿੰਦੀ ਹੋਈ ਅਧਿਆਤਮਿਕ ਸੰਦੇਸ਼ ਦਿੰਦੀ ਹੈ। ਅਨੇਕ ਹੀ ਸੁੰਦਰ, ਕੀਮਤੀ ਭਗਵਾਨ ਮੂਰਤੀਆਂ ਇਸ ਮੰਦਿਰ ਦੀ ਸ਼ੋਭਾ-ਕੀਰਤੀ ਨੂੰ ਬੁਲੰਦੀ ਦਿੰਦੀਆਂ ਹਨ। ਮੰਦਿਰ ਵਿਚ ਸਫੈਦ ਤੇ ਨੀਲੇ ਧਾਰੀਆਂ ਵਾਲੇ ਗੁੰਬਦ ਵੀ ਹਨ, ਜਿਨ੍ਹਾਂ ਦਾ ਰੰਗ ਪੀਲਾ ਹੈ।
ਵੱਡੇ-ਵੱਡੇ ਪਰਾਚੀਨ ਆਲਿਆਂ ਵਾਲਿਆਂ ਵਾਂਗ ਦੀਵਾਰਾਂ ਵਿਚ ਮੂਰਤੀਆਂ ਸੁਸ਼ੋਭਿਤ ਹਨ। ਇਸ ਮੰਦਿਰ ਵਿਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਮੰਦਿਰ ਦੇ ਚਾਰ-ਚੁਫੇਰੇ ਲੋਹੇ ਦੀ ਚਾਰ ਫੁੱਟੀ ਗਰਿਲ ਹੈ, ਜੋ ਮੰਦਿਰ ਦੇ ਚੌਗਿਰਦੇ ਨੂੰ ਸੰਭਾਲਦੀ ਹੋਈ ਸੁੰਦਰ ਲਗਦੀ ਹੈ। ਇਸ ਮੰਦਿਰ ਵਿਚ ਸ੍ਰੀ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਤੋਂ ਇਲਾਵਾ ਵੀ ਕਾਫੀ ਮੂਰਤੀਆਂ ਸੁਸ਼ੋਭਿਤ ਹਨ। ਇਸ ਮੰਦਿਰ ਵਿਖੇ ਧਰਮ ਮਰਿਆਦਾ ਦੇ ਮੁਤਾਬਿਕ ਦਿਨ-ਤਿਉਹਾਰ ਧੂਮਧਾਮ ਤੇ ਸ਼ਰਧਾ ਪੂਰਵਕ ਢੰਗ ਨਾਲ ਮਨਾਏ ਜਾਂਦੇ ਹਨ। ਪਾਲਮਪੁਰ ਚਾਹ ਦੇ ਉਦਯੋਗ ਕਰਕੇ ਪ੍ਰਸਿੱਧ ਹੈ। ਇਥੇ ਚਾਹ ਦੇ ਵੱਡੇ-ਵੱਡੇ ਬਾਗ ਹਨ। ਇਥੇ ਕਈ ਚਾਹ ਦੀਆਂ ਫੈਕਟਰੀਆਂ ਵੀ ਹਨ। ਅੰਗੋਰਾ ਵਿਖੇ ਪ੍ਰਸਿੱਧ ਖਰਗੋਰਾ ਫਾਰਮ ਪ੍ਰਸਿੱਧ ਹੈ। ਪਾਲਮ ਵਿਖੇ ਸਭ ਧਰਮਾਂ ਦੇ ਧਾਰਮਿਕ ਸਥਾਨ ਪਾਏ ਜਾਂਦੇ ਹਨ।


-ਬਲਵਿੰਦਰ ਬਾਲਮ ਗੁਰਦਾਸਪੁਰ
ਮੋਬਾ: 98156-25409


ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ॥


ਸਿਰੀਰਾਗੁ ਮਹਲਾ ੧
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ॥
ਦੂਤ ਲਗੇ ਫਿਰਿ ਚਾਕਰੀ
ਸਤਿਗੁਰ ਕਾ ਵੇਸਾਹੁ॥
ਕਲਪ ਤਿਆਗੀ ਬਾਦਿ ਹੈ
ਸਚਾ ਵੇਪਰਵਾਹੁ॥ ੧॥
ਮਨ ਰੇ ਸਚੁ ਮਿਲੈ ਭਉ ਜਾਇ॥
ਭੈ ਬਿਨੁ ਨਿਰਭਉ ਕਿਉ ਥੀਐ
ਗੁਰਮੁਖਿ ਸਬਦਿ ਸਮਾਇ॥ ੧॥ ਰਹਾਉ॥
ਕੇਤਾ ਆਖਣੁ ਆਖੀਐ
ਆਖਣਿ ਤੋਟਿ ਨ ਹੋਇ॥
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥
ਜਿਸ ਕੇ ਜੀਅ ਪਰਾਣ ਹੈ
ਮਨਿ ਵਸਿਐ ਸੁਖੁ ਹੋਇ॥ ੨॥
ਜਗੁ ਸੁਪਨਾ ਬਾਜੀ ਬਨੀ
ਖਿਨ ਮਹਿ ਖੇਲੁ ਖੇਲਾਇ॥
ਸੰਜੋਗੀ ਮਿਲਿ ਏਕ ਸੇ ਵਿਜੋਗੀ ਉਠਿ ਜਾਇ॥
ਜੋ ਤਿਸੁ ਭਾਣਾ ਸੋ ਥੀਐ
ਅਵਰੁ ਨ ਕਰਣਾ ਜਾਇ॥ ੩॥
ਗੁਰਮੁਖਿ ਵਸਤੁ ਵੇਸਾਹੀਐ
ਸਚੁ ਵਖਰੁ ਸਚੁ ਰਾਸਿ॥
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ॥
ਨਾਨਕ ਵਸਤੁ ਪਛਾਣਸੀ
ਸਚੁ ਸਉਦਾ ਜਿਸੁ ਪਾਸਿ॥ ੪॥ ੧੧॥
(ਅੰਗ 18)
ਪਦ ਅਰਥ : ਸਰੀ-ਚੰਗੀ (ਗੱਲ) ਹੋਈ। ਉਬਰੀ-ਬਚ ਗਈ। ਘਰਾਹੁ-ਘਰ ਵਿਚੋਂ, ਹਿਰਦੇ ਵਿਚੋਂ, ਅੰਤਹਕਰਣ ਵਿਚੋਂ। ਦੂਤ-ਵਿਕਾਰ। ਚਾਕਰੀ-ਸੇਵਾ। ਵੇਸਾਹੁ-ਯਕੀਨ, ਭਰੋਸਾ। ਕਲਪ-ਕਲਪਣਾ। ਬਾਦਿ-ਵਿਅਰਥ। ਭਉ-ਡਰ, ਨਿਰਭਉ-ਜੋ ਭੈ ਤੋਂ ਰਹਿਤ ਹੈ, ਪਰਮਾਤਮਾ। ਸਮਾਇ-ਸਮਾਉਂਦਾ ਹੈ, ਜੁੜਦਾ ਹੈ।
ਕੇਤਾ ਆਖਣੁ ਆਖੀਐ-(ਪ੍ਰਭੂ ਬਾਰੇ) ਕਿੰਨਾ ਵੀ ਵਿਖਿਆਨ ਕਰੀਏ। ਆਖਣਿ ਤੋਟਿ ਨ ਹੋਇ-ਆਖਿਆਂ ਉਸ ਦੀ ਵਿਸ਼ਾਲਤਾ ਵਿਚ ਕਮੀ ਨਹੀਂ ਆਉਂਦੀ। ਕੇਤੜੇ-ਬੇਅੰਤ ਹਨ। ਜਿਸ ਕੇ-ਜਿਸ ਦੇ ਹੱਥ ਵਿਚ। ਜੀਅ ਪਰਾਣ ਹੈ-ਸਾਡੀ ਜਿੰਦ ਤੇ ਪ੍ਰਾਣ ਹਨ। ਮਨਿ ਵਸਿਐ-(ਉਸ ਨੂੰ) ਮਨ ਵਿਚ ਵਸਾਉਣ ਨਾਲ।
ਬਾਜੀ-ਖੇਡ। ਖਿਨ ਮਹਿ-ਪਲ ਵਿਚ, ਥੋੜ੍ਹੀ ਦੇਰ ਵਿਚ ਹੀ। ਖੇਲੁ ਖਲਾਇ-ਖੇਲ ਖੇਡੀ ਜਾਂਦੀ ਹੈ। ਸੰਜੋਗੀ ਮਿਲਿ ਏਕ ਸੇ-ਸੰਜੋਗ ਕਾਰਨ ਜੀਵ ਮਿਲ ਕੇ ਇਕੱਠੇ ਹੁੰਦੇ ਹਨ। ਵਿਜੋਗੀ ਉਠਿ ਜਾਇ-ਵਿਛੋੜੇ ਕਾਰਨ ਇਥੋਂ ਉੱਠ ਤੁਰਦੇ ਹਨ। ਭਾਣਾ-ਭਾਉਂਦਾ ਹੈ। ਸੋ ਥੀਐ-ਉਹੀ ਕੁਝ ਹੁੰਦਾ ਹੈ। ਅਵਰੁ ਨ ਕਰਣਾ ਜਾਇ-ਹੋਰ ਕੁਝ ਕੀਤਾ ਨਹੀਂ ਜਾ ਸਕਦਾ।
ਵਸਤੁ-ਸੌਦਾ, ਪਦਾਰਥ। ਵੇਸਾਹੀਐ-ਖਰੀਦਣਾ ਚਾਹੀਦਾ ਹੈ। ਵਖਰੁ-ਸੌਦਾ। ਸਚੁ ਰਾਸਿ-ਸੱਚੀ ਪੂੰਜੀ। ਵਣੰਜਿਆ-ਵਣਜ ਕੀਤਾ। ਸਾਬਾਸਿ-ਸ਼ਾਬਾਸ਼, ਆਦਰ ਮਿਲਦਾ ਹੈ। ਵਸਤੁ ਪਛਾਣਸੀ-(ਨਾਮ ਰੂਪੀ) ਵਸਤੂ ਦੀ ਕਦਰ ਹੁੰਦੀ ਹੈ।
ਮਨੁੱਖ ਕਿਸੇ ਨਾ ਕਿਸੇ ਭੈਅ ਜਾਂ ਡਰ ਵਿਚ ਗ੍ਰੱਸਿਆ ਹੋਇਆ ਹੈ। ਲਿੱਸਾ ਤਕੜੇ ਤੋਂ ਡਰਦਾ ਹੈ। ਵੱਡੇ-ਵੱਡੇ ਅਹੁਦਿਆਂ 'ਤੇ ਬੈਠਿਆਂ ਨੂੰ ਆਪਣੀਆਂ ਕੁਰਸੀਆਂ ਜਾਂ ਪਦਵੀਆਂ ਖੁੱਸ ਜਾਣ ਦਾ ਡਰ ਲੱਗਾ ਰਹਿੰਦਾ ਹੈ। ਚੋਰ, ਧਾੜਵੀ ਜਾਂ ਸਮਾਜ ਵਿਰੋਧੀ ਅਨਸਰ ਕਾਨੂੰਨ ਦੇ ਸ਼ਿਕੰਜੇ ਤੋਂ ਡਰਦੇ ਰਹਿੰਦੇ ਹਨ। ਇਥੋਂ ਤੱਕ ਕਿ ਮਨੁੱਖ ਪਸ਼ੂ-ਪੰਛੀਆਂ ਤੋਂ ਵੀ ਡਰਦਾ ਹੈ। ਇਨ੍ਹਾਂ ਸਭਨਾਂ ਤੋਂ ਉੱਪਰ ਹੈ ਕਿਸੇ ਅਣਹੋਣੀ ਜਾਂ ਮੌਤ ਦਾ ਡਰ। ਪੰਚਮ ਗੁਰਦੇਵ ਦੇ ਰਾਗੁ ਗਉੜੀ ਵਿਚ ਪਾਵਨ ਬਚਨ ਹਨ ਕਿ ਸੰਸਾਰ ਦੇ ਸਾਰੇ ਲੋਕ ਡਰ, ਸਹਿਮ ਹੇਠ ਜੀਅ ਰਹੇ ਹਨ :
ਭੈ ਮਹਿ ਰਚਿਓ ਸਭੁ ਸੰਸਾਰਾ॥
(ਅੰਗ 192)
ਪਰ ਨਾਮ ਦਾ ਓਟ ਆਸਰਾ ਲੈਣ ਵਾਲਿਆਂ ਨੂੰ ਕਿਸੇ ਪ੍ਰਕਾਰ ਦਾ ਡਰ ਜਾਂ ਭਉ ਨਹੀਂ ਵਿਆਪਦਾ-
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ॥
(ਅੰਗ 192)
ਅਗਿਆਨੀ ਮਨੁੱਖ ਧਨ, ਦੌਲਤ, ਦੁਨਿਆਵੀ ਰਸਾਂ-ਕਸਾਂ ਅਤੇ ਰੰਗ ਤਮਾਸ਼ਿਆਂ ਨੂੰ ਹੀ ਸੁੱਖਾਂ ਦਾ ਸਾਧਨ ਸਮਝੀ ਬੈਠਾ ਹੈ ਜੋ ਬੜੇ ਥੋੜ੍ਹ ਚਿਰੇ ਹੁੰਦੇ ਹਨ। ਇਹ ਦੁਨਿਆਵੀ ਪਦਾਰਥ ਅਤੇ ਇਨ੍ਹਾਂ ਨੂੰ ਭੋਗਣ ਵਾਲੇ ਵੀ ਚਲਾਇ-ਮਾਣ ਹਨ ਭਾਵ ਸਭ ਕੁਝ ਨਾਸਵੰਤ ਹੈ। ਸੁਖਾਂ ਦਾ ਭੰਡਾਰ ਤਾਂ ਕੇਵਲ ਇਕ ਵਾਹਿਗੁਰੂ ਦਾ ਨਾਮ ਹੀ ਹੈ। ਗੁਰਵਾਕ ਹੈ-
ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ॥
ਸਰਬ ਸੁਖਾ ਹਰਿ ਹਰਿ ਗੁਣ ਗਾਇ॥
(ਰਾਗੁ ਭੈਰਉ ਮਹਲਾ ੫, ਅੰਗ 1147)
ਪੇਖੇ-ਦੇਖਣ ਨਾਲ। ਨਿਰਤਿ ਨਾਟੇ-ਨੱਚਣ, ਨਾਟਕਾਂ ਨਾਲ।
ਜੋ ਕੋਈ ਵੀ ਇਸ ਸੰਸਾਰ ਵਿਚ ਪੈਦਾ ਹੋਇਆ ਹੈ, ਉਸ ਦਾ ਅੱਜ ਜਾਂ ਕੱਲ੍ਹ ਨੂੰ ਨਾਸ ਜ਼ਰੂਰ ਹੋਵੇਗਾ। ਇਸ ਲਈ ਹੇ ਭਾਈ, ਸਾਰੇ ਦੁਨਿਆਵੀ ਝਮੇਲਿਆਂ ਨੂੰ ਛੱਡ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਓ। ਧਰਮ ਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਬਚਨ ਹਨ-
ਜੋ ਉਪਜਿਓ ਸੋ ਬਿਨਸਿ ਹੈ
ਪਰੋ ਆਜੁ ਕੇ ਕਾਲ॥
ਨਾਨਕ ਹਰਿ ਗੁਨ ਗਾਇ ਲੇ
ਛਾਡਿ ਸਗਲ ਜੰਜਾਲ॥
(ਸਲੋਕ ਨੰ: 52, ਅੰਗ 1429)
ਸੰਸਾਰ ਦੀ ਕਾਰ ਸਭ ਸੰਜੋਗਾਂ ਅਤੇ ਵਿਜੋਗਾਂ ਕਾਰਨ ਹੀ ਚਲਦੀ ਹੈ। ਸੰਜੋਗਾਂ ਦੇ ਕਾਰਨ ਜੀਵ ਇਕ-ਦੂਜੇ ਨੂੰ ਪਰਿਵਾਰ ਦੇ ਰੂਪ ਵਿਚ ਆ ਮਿਲਦੇ ਹਨ ਅਤੇ ਵਿਜੋਗ ਦੁਆਰਾ ਇਕ-ਦੂਜੇ ਤੋਂ ਵਿਛੜ ਕੇ ਇਥੋਂ ਤੁਰ ਜਾਂਦੇ ਹਨ। ਮਨੁੱਖ ਨੂੰ ਪ੍ਰਾਪਤ ਤਾਂ ਉਹ ਕੁਝ ਹੁੰਦਾ ਹੈ ਜੋ ਉਸ ਦੇ ਕੀਤੇ ਸੰਸਕਾਰਾਂ ਅਨੁਸਾਰ ਉਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਲਿਖਿਆ ਜਾਂਦਾ ਹੈ-
ਸੰਜੋਗੁ ਵਿਜੋਗ ਦੋਇ ਕਾਰ ਚਲਾਵਹਿ
ਲੇਖੇ ਅਵਹਿ ਭਾਗ॥
('ਜਪੁ' ਜੀ, ਪਉੜੀ ਨੰ: 29, ਅੰਗ 6-7)
ਇਸ ਲਈ ਹੇ ਭਾਈ, ਉਹੀ ਜੀਵ ਵਣਜਾਰੇ ਭਲੇ (ਚੰਗੇ) ਆਖੇ ਜਾਂਦੇ ਹਨ, ਜਿਨ੍ਹਾਂ ਨੇ ਇਥੇ ਆ ਕੇ ਰਤਨਾਂ ਵਰਗਾ ਮਨੁੱਖਾ ਜਨਮ (ਕੀਮਤੀ ਮਨੁੱਖਾ ਜਨਮ) ਸਫਲਾ ਕਰ ਲਿਆ-
ਜਨਮੁ ਰਤਨੁ ਜਿਨੀ
ਖਟਿਆ ਭਲੇ ਸੇ ਵਣਜਾਰੇ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ
ਸਦਾ ਰਹਹਿ ਗੁਰ ਨਾਲੇ॥
(ਰਾਗੁ ਰਾਮਕਲੀ ਮਹਲਾ ੩, ਅੰਗ 919)
ਸ਼ਬਦ ਦੇ ਅੱਖਰੀਂ ਅਰਥ : ਇਹ ਬੜੀ ਚੰਗੀ ਗੱਲ ਹੋਈ ਕਿ ਮੈਂ ਵਿਕਾਰਾਂ ਤੋਂ ਬਚ ਗਈ ਅਤੇ ਮੇਰੇ ਅੰਦਰਲੀ ਹਉਮੈ ਮਰ ਗਈ ਭਾਵ ਜਾਂਦੀ ਰਹੀ। ਜਦੋਂ ਤੋਂ ਗੁਰੂ ਦਾ ਭਰੋਸਾ ਪ੍ਰਾਪਤ ਹੋਇਆ ਹੈ, ਜਿਹੜੇ ਮਨ ਵਿਚ ਪੰਜੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਸਨ, ਉਹ ਸਭ ਮੇਰੀ ਸੇਵਾ ਕਰਨ ਲੱਗ ਪਏ ਹਨ ਭਾਵ ਮੇਰੇ ਅਧੀਨ ਹੋ ਗਏ ਹਨ। ਹੁਣ ਸਦਾ ਬੇਪ੍ਰਵਾਹ ਪ੍ਰਭੂ ਦੇ ਮਿਲਾਪ ਸਦਕਾ ਮਨ ਅੰਦਰਲੀ ਫਜ਼ੂਲ ਦੀ ਕਲਪਨਾ ਤਿਆਗ ਦਿੱਤੀ ਹੈ।
ਹੇ ਮੇਰੇ ਮਨ, ਪ੍ਰਭੂ ਦੇ ਮਿਲਾਪ ਸਦਕਾ ਮਨ ਅੰਦਰਲਾ ਸਾਰਾ ਡਰ ਜਾਂਦਾ ਰਹਿੰਦਾ ਹੈ ਪਰ ਜਦੋਂ ਜੀਵ ਦੇ ਮਨ ਅੰਦਰ ਪ੍ਰਭੂ ਦਾ ਭੈਅ ਆ ਵਸਦਾ ਹੈ (ਪ੍ਰਭੂ ਦੇ ਭੈਅ ਅੰਦਰ ਜੀਵ ਰਹਿਣ ਲੱਗ ਪੈਂਦਾ ਹੈ) ਤਾਂ ਉਹ ਬਾਕੀ ਦੇ ਹੋਰ ਸਭ ਡਰਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਇਸ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਵਿਚ ਲੀਨ ਹੋਣ ਨਾਲ ਹੀ ਹੁੰਦੀ ਹੈ।
ਪ੍ਰਭੂ ਬਾਰੇ ਕਿੰਨਾ ਕੁਝ ਕਿਉਂ ਨਾ ਆਖੀਏ। ਇੰਜ ਆਖਣ ਨਾਲ ਉਸ ਦੀ ਵਿਸ਼ਾਲਤਾ ਵਿਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ। ਉਸ ਇਕ ਤੋਂ ਮੰਗਣ ਵਾਲੇ ਤਾਂ ਅਣਗਿਣਤ ਹਨ, ਭਾਵੇਂ ਇਨ੍ਹਾਂ ਦਾਤਾਂ ਨਾਲ ਮਨ ਨੂੰ ਧੀਰਜ ਨਹੀਂ ਆਉਂਦਾ। ਜਿਸ ਪ੍ਰਭੂ ਨੇ ਜਿੰਦ ਤੇ ਪ੍ਰਾਣ ਦਿੱਤੇ ਹਨ, ਉਸ ਨੂੰ ਮਨ ਵਿਚ ਵਸਾਉਣ ਨਾਲ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਵਾਸਤਵਿਕ ਵਿਚ ਇਹ ਜਗਤ ਮਾਨੋ ਸੁਪਨੇ ਦੀ ਨਿਆਈ ਹੈ, ਸੁਪਨੇ ਭਾਂਤੀ ਇਕ ਖੇਲ ਹੈ ਜੋ ਇਕ ਪਲ ਵਿਚ ਖੇਡੀ ਜਾਂਦੀ ਹੈ ਭਾਵ ਸੁਪਨੇ ਵਾਂਗ ਇਕ ਪਲ ਵਿਚ ਹੀ ਇਹ ਖਤਮ ਹੋ ਜਾਂਦੀ ਹੈ। ਇਸ ਸਾਰੀ ਖੇਡ ਦੁਆਰਾ ਜੀਵ ਸੰਜੋਗਾਂ ਦੁਆਰਾ ਇਕੱਠੇ ਹੁੰਦੇ ਹਨ ਅਤੇ ਵਿਜੋਗ ਦੁਆਰਾ ਇਥੋਂ ਉੱਠ ਤੁਰਦੇ ਹਨ ਭਾਵ ਵਿਛੜ ਜਾਂਦੇ ਹਨ। ਅਸਲ ਵਿਚ ਜੋ ਕੁਝ ਉਸ ਪ੍ਰਭੂ ਨੂੰ ਚੰਗਾ ਲਗਦਾ ਹੈ, ਉਹੀ ਕੁਝ ਹੁੰਦਾ ਹੈ। ਇਸ ਤੋਂ ਉਲਟ ਅਸਾਂ ਜੀਵਾਂ ਤੋਂ ਕੁਝ ਕੀਤਾ ਨਹੀਂ ਜਾ ਸਕਦਾ।
ਇਸ ਲਈ ਗੁਰੂ ਦੁਆਰਾ ਉਸ ਵਖਰ (ਸੱਚੇ ਸੌਦੇ) ਨੂੰ ਖਰੀਦਣਾ ਚਾਹੀਦਾ ਹੈ ਜੋ ਸੱਚਾ ਸੌਦਾ ਅਤੇ ਸੱਚੀ ਪੂੰਜੀ ਹੋਵੇ। ਜਿਨ੍ਹਾਂ-ਜਿਨ੍ਹਾਂ ਨੇ ਅਜਿਹਾ ਸੌਦਾ ਖਰੀਦਿਆ ਹੈ, ਅਜਿਹੇ ਵਖਰ ਦਾ ਵਪਾਰ ਕੀਤਾ ਹੈ, ਉਨ੍ਹਾਂ ਨੂੰ ਪੂਰੇ ਗੁਰੂ ਵੱਲੋਂ ਥਾਪੜਾ ਮਿਲਦਾ ਹੈ, ਸ਼ਾਬਾਸ਼ ਮਿਲਦੀ ਹੈ।
ਅੰਤਲੀ ਤੁਕ ਵਿਚ ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਸ ਸਾਧਕ ਪਾਸ ਇਹ (ਨਾਮ ਰੂਪੀ) ਸੱਚਾ ਸੌਦਾ ਹੁੰਦਾ ਹੈ, ਉਸ ਨੂੰ ਹੀ ਇਸ ਦੀ ਕਦਰ ਹੁੰਦੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਉੱਚ ਲਕਸ਼ ਲਈ ਲਗਨ ਨਾਲ ਕਰਮ ਦਾ ਨਾਂਅ ਹੈ ਕਰਮਯੋਗ

ਕਿਸੇ ਵੀ ਮੰਜ਼ਿਲ ਤੱਕ ਪੁੱਜਣ ਲਈ ਪਹਿਲਾਂ ਮੰਜ਼ਿਲ ਦਾ ਨਿਰਧਾਰਨ ਅਤੇ ਫਿਰ ਇਕਾਗਰਤਾ ਦੀ ਲੋੜ ਹੁੰਦੀ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ, 'ਉੱਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦ ਤੱਕ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਜਾਂਦੀ।' ਆਪਣੇ ਲਕਸ਼ ਪ੍ਰਤੀ ਇਕਾਗਰਤਾ ਦਾ ਹੀ ਨਾਂਅ ਹੈ ਧਿਆਨ। 'ਯੋਗ' ਸੰਸਕ੍ਰਿਤ ਦੇ ਸ਼ਬਦ 'ਯੁਜ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਜੁੜਣਾ। ਸਾਡੇ ਅੰਦਰ ਵੀ ਸਾਰੇ ਜੀਵਾਂ ਦੀ ਤਰ੍ਹਾਂ ਆਤਮਾ ਹੈ। ਅਜਿਹਾ ਕੋਈ ਵੀ ਸਾਧਨ ਜਾਂ ਹਾਲਾਤ ਜੋ ਸਾਨੂੰ ਇਸ ਅਸਲੀਅਤ ਨਾਲ ਜੋੜਦਾ ਹੈ, ਉਹ ਹੀ ਯੋਗ ਹੈ। ਯੋਗ ਦੀ ਲੜੀ ਵਿਚ ਹਠਯੋਗ, ਯਮ, ਨਿਯਮ ਅਤੇ ਪ੍ਰਾਣਾਯਾਮ ਸ਼ਾਮਿਲ ਹਨ। ਜੀਵਨ ਨੂੰ ਕਿਸੇ ਉੱਚ ਲਕਸ਼ ਵੱਲ ਲਗਾ ਕੇ ਲਗਨ ਨਾਲ ਕਰਮ ਕਰਨ ਨੂੰ ਕਰਮਯੋਗ ਕਹਿੰਦੇ ਹਨ। ਆਪਣੇ ਇਸ਼ਟ ਨੂੰ ਹਰ ਥਾਂ ਦੇਖਣ ਨੂੰ ਭਗਤੀਯੋਗ ਕਹਿੰਦੇ ਹਨ। ਗਿਆਨਯੋਗ ਬੁੱਧੀ ਦੀ ਸਹਾਇਤਾ ਨਾਲ ਵਿਚਾਰ-ਵਿਸ਼ਲੇਸ਼ਣ ਕਰਨਾ ਅਤੇ ਗਿਆਨ ਪ੍ਰਚਾਰ ਕਰਨਾ ਹੈ। ਹਠ, ਕਰਮ, ਭਗਤੀ ਅਤੇ ਗਿਆਨ ਗੱਡੀ ਦੇ ਚਾਰ ਪਹੀਆਂ ਦੀ ਤਰ੍ਹਾਂ ਹਨ, ਜੋ ਕਿ ਗੱਡੀ ਨੂੰ ਮੰਜ਼ਿਲ ਤੱਕ ਪੁੱਜਣ ਲਈ ਠੀਕ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਸਹਾਇਤਾ ਨਾਲ ਅਸੀਂ ਆਪਣੀ ਮੰਜ਼ਿਲ 'ਤੇ ਪੁੱਜਦੇ ਹਾਂ। ਸਾਰੇ ਯੋਗਾਂ ਦਾ ਆਖਰੀ ਪੜਾਅ ਹੈ 'ਧਿਆਨ'। ਧਿਆਨ ਨਾਲ ਅਜਿਹੇ ਵਿਚਾਰ ਅਤੇ ਇਕਾਗਰਤਾ ਆਉਂਦੀ ਹੈ, ਜਿਸ ਨਾਲ ਹਰ ਸਮੇਂ ਉਸ ਪਰਮ ਸ਼ਕਤੀ ਦਾ ਹੀ ਧਿਆਨ ਰਹਿੰਦਾ ਹੈ। ਹਠ, ਕਰਮ, ਭਗਤੀ ਅਤੇ ਗਿਆਨ ਸਾਡੇ ਮਨ ਨੂੰ ਧਿਆਨ ਦੇ ਆਖਰੀ ਸਫਰ ਲਈ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਧਿਆਨ ਸਾਨੂੰ ਇਕਾਗਰਤਾ ਵਿਚ ਲਿਜਾਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਧਾਰਮਿਕ ਸਾਹਿਤ

ਗ਼ਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ

(ਢਾਡੀ ਵਾਰਾਂ)
ਕਵੀਸ਼ਰ : ਮੁਖਤਿਆਰ ਸਿੰਘ 'ਜ਼ਫਰ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫੇ : 181
ਸੰਪਰਕ : 99145-48429
ਮਨੁੱਖਤਾ ਦੇ ਰਹਿਬਰ, ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸਕ ਪ੍ਰਸੰਗਾਂ ਦੇ ਨਜ਼ਰੀਏ ਤੋਂ ਇਹ ਹਥਲੀ ਪੁਸਤਕ ਇਕ ਸੱਚੀ ਸ਼ਰਧਾਂਜਲੀ ਹੈ। ਅਨੇਕਾਂ ਗੁਣਾਂ ਦਾ ਗੁਲਦਸਤਾ ਅਤੇ ਬਹੁਪੱਖੀ ਕਲਾਵਾਂ ਦੇ ਮਾਲਕ ਲੇਖਕ ਕਵੀਸ਼ਰ ਮੁਖਤਿਆਰ ਸਿੰਘ ਜ਼ਫਰ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਫ਼ਰ ਨੂੰ ਬਾਖੂਬੀ ਬਿਆਨ ਕੀਤਾ ਹੈ। ਲੇਖਕ ਨੇ ਹਰ ਇਤਿਹਾਸਕ ਪ੍ਰਸੰਗ ਨੂੰ ਬਿਆਨ ਕਰਨ ਸਮੇਂ ਜਿਥੇ ਕਵਿਤਾ ਵਰਗੀ ਕੋਮਲ ਕਲਾ ਪ੍ਰਤੀ ਜ਼ਿੰਮੇਵਾਰੀ ਵਾਲਾ ਫਰਜ਼ ਨਿਭਾਇਆ, ਉਥੇ ਇਤਿਹਾਸਕ ਪ੍ਰਸੰਗਾਂ ਨੂੰ ਪੇਸ਼ ਕਰਦਿਆਂ ਇਕ ਸੁਲਝੇ ਹੋਏ ਇਤਿਹਾਸਕਾਰ ਵਜੋਂ ਵੀ ਕਸਵੱਟੀ 'ਤੇ ਪੂਰਾ ਉੱਤਰਿਆ ਹੈ। ਲੇਖਕ ਮੁਤਾਬਿਕ ਭਾਰਤ ਵਿਚ ਦੋ ਤਾਕਤਾਂ ਬਾਬੇ ਕੇ ਅਤੇ ਬਾਬਰ ਕੇ ਇਕੋ ਸਮੇਂ ਵਜੂਦ ਵਿਚ ਆਈਆਂ। ਇਕ ਦੇ ਹੱਥ ਵਿਚ ਜ਼ੁਲਮ ਦੀ ਤਲਵਾਰ ਸੀ, ਦੂਜੀ ਨੇ ਮਾਲਾ ਤੋਂ ਤਲਵਾਰ, ਰਬਾਬ ਤੋਂ ਨਗਾਰੇ ਦਾ ਸਫ਼ਰ ਤੈਅ ਕਰਕੇ ਟਾਕਰਾ ਕੀਤਾ ਹੈ।
ਗੁਰੂ ਬਾਬਾ ਜੀ ਕੋਲ ਆਪ ਜੀਵੋ ਦੂਸਰੇ ਨੂੰ ਜਿਉਣ ਦਿਓ ਦਾ ਸਿਧਾਂਤ ਅਤੇ ਸਭ ਦੀਆਂ ਲੋੜਾਂ, ਥੋੜ੍ਹਾਂ ਸਾਂਝੀਆਂ ਹਨ। ਮਿਸ਼ਨ ਸਰਬੱਤ ਦਾ ਭਲਾ ਸੀ। ਗੁਰੂ ਸਾਹਿਬਾਨ ਨੇ ਪੰਗਤ ਤੇ ਸੰਗਤ ਰਾਹੀਂ ਲਹਿਰ ਦਾ ਵਿਕਾਸ ਕੀਤਾ। ਪੰਚਮ ਪਾਤਸ਼ਾਹ ਨੇ ਸਰਬ ਸਾਂਝੇ ਮੰਦਿਰ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾ ਕੇ ਹਰਿਮੰਦਰ ਸਾਹਿਬ ਬਣਾਇਆ। ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਬਿਨਾਂ ਕਿਸੇ ਵਿਤਕਰੇ ਤੋਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਕਰਕੇ ਮਨੁੱਖਤਾ ਦੇ ਭਲੇ ਦੇ ਸਿਧਾਂਤ ਨੂੰ ਪੇਸ਼ ਕੀਤਾ। ਮਨੁੱਖਤਾ ਨੂੰ ਬੁਲੰਦ ਆਵਾਜ਼ ਵਿਚ ਸੁਨੇਹਾ ਦਿੱਤਾ, ਕਲਪਿਤ ਸਵਰਗ ਤੇ ਬਹਿਸ਼ਤ ਦੀ ਥਾਂ 'ਤੇ ਇਸ ਧਰਤੀ ਨੂੰ ਸਵਰਗ ਬਣਾਓ। ਮਜ਼੍ਹਬੀ ਕੱਟੜਤਾ ਨੂੰ ਤਿਆਗ ਕੇ ਸਭ ਦਾ ਸਤਿਕਾਰ ਕਰੋ ਤੇ ਕਰਾਓ।
ਕਵਿਤਾ ਦੀ ਵੰਨਗੀ-
ਦੁਨੀਆ ਵਾਲਿਓ ਅਸੀਂ ਜੱਗ ਲੋਚਦੇ ਹਾਂ, ਹਰ ਇਕ ਦਾ ਇਥੇ ਸਤਿਕਾਰ ਹੋਵੇ।
ਟੈਂਟੇ ਮੁੱਕ ਜਾਣ ਜਾਤਾਂ ਫਿਰਕਿਆਂ ਦੇ, ਆਦਮ ਜਾਇਆਂ ਵਿਚ ਏਨਾ ਪਿਆਰ ਹੋਵੇ।
ਹਰ ਕੋਈ ਆਪਣੀ ਕਿਰਤ ਨੂੰ ਆਪ ਖਾਵੇ, ਮੁੱਕੇ ਲੁੱਟ, ਨਾ ਅੱਤਿਆਚਾਰ ਹੋਵੇ।
'ਨਾਨਕ' ਨਾਮ ਵਾਲੀ ਚੜ੍ਹਦੀ ਕਲਾ ਹੋਵੇ, ਭਲਾ ਸਭ ਦਾ ਜ਼ਫਰੇ ਮੁਖਤਿਆਰ ਹੋਵੇ।
ਪ੍ਰਸਿੱਧ ਸਿੱਖ ਚਿੰਤਕ ਡਾ: ਇੰਦਰਜੀਤ ਸਿੰਘ ਗੋਗੋਆਣੀ ਵੱਲੋਂ 'ਸ਼ਲਾਘਾਯੋਗ ਉਪਰਾਲਾ' ਵਜੋਂ ਲਿਖੇ ਦੋ ਸ਼ਬਦ ਪੁਸਤਕ ਦੇ ਲੇਖਕ ਦੀ ਹੌਸਲਾ ਅਫਜ਼ਾਈ ਕਰਨਗੇ। ਬੁਲਾਰਿਆਂ, ਢਾਡੀਆਂ ਅਤੇ ਕਵੀਸ਼ਰਾਂ ਲਈ ਪੁਸਤਕ ਚਾਨਣ ਮੁਨਾਰੇ ਦਾ ਕਾਰਜ ਕਰੇਗੀ।


-ਭਗਵਾਨ ਸਿੰਘ ਜੌਹਲ
ਮੋਬਾ: 98143-24040

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਤੇ ਸੂਰਮਿਆਂ ਦੀ ਧਰਤੀ ਹੈ, ਜਿੱਥੇ ਸਮੇਂ-ਸਮੇਂ 'ਤੇ ਸਿੱਖਾਂ ਨੇ ਧਰਮ ਤੇ ਅਣਖ ਦੀ ਖਾਤਰ ਕੁਰਬਾਨੀਆਂ ਕਰਕੇ ਇਤਿਹਾਸ ਨੂੰ ਸੁਨਹਿਰੀ ਪੰਨਿਆਂ 'ਤੇ ਦਰਜ ਕਰਵਾਇਆ ਤੇ ਸ਼ਹੀਦਾਂ ਦਾ ਰੁਤਬਾ ਹਾਸਲ ਕੀਤਾ ਹੈ। ਕਵੀ ਦੀਆਂ ਸਤਰਾਂ ਅਨੁਸਾਰ 'ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫ਼ਸਲ ਗੁਲਾਬ ਦੀ ਮਹਿਕਦੀ ਹੈ' ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਦਾ ਨਮਸਕਾਰਾਂ ਹੁੰਦੀਆਂ ਨੇ ਤੇ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਜੋੜ ਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ-ਝਬਾਲ ਰੋਡ 'ਤੇ ਸਥਿਤ ਸ਼ਹੀਦ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪਿੰਡ ਬਹੋੜੂ, ਜਿਸ ਨੂੰ ਇਕ ਮਹਾਨ ਯੋਧੇ ਦੇ ਸ਼ਹੀਦੀ ਅਸਥਾਨ ਦਾ ਮਾਣ ਪ੍ਰਾਪਤ ਹੈ। ਇਹ ਹਨ ਭਾਈ ਬਹੋੜੂ ਜੀ। ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਜੀ ਲਾਹੌਰ ਸ਼ਹਿਰ ਦੇ ਵਸਨੀਕ ਖੱਤਰੀ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਭਾਈ ਬਹੋੜੂ ਜੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਸਨ, ਜੋ ਉਨ੍ਹਾਂ ਦੇ ਖਾਸ ਸਿੱਖਾਂ ਵਿਚੋਂ ਇਕ ਸਨ।
ਮਈ ਮਹੀਨੇ ਸੰਨ 1629 ਈ: ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਧਰਿਆ ਹੋਇਆ ਸੀ ਤਾਂ ਉਧਰੋਂ ਮੁਗ਼ਲ ਹਕੂਮਤ ਨੇ ਸਿੱਖਾਂ ਨੂੰ ਮਾਰ ਮਕਾਉਣ ਦੀ ਸਾਜ਼ਿਸ਼ ਰਚ ਲਈ। ਇਸ ਸਾਜ਼ਿਸ਼ ਦਾ ਪਤਾ ਭਾਈ ਬਹੋੜੂ ਜੀ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਗੁਰੂ ਹਰਿਗੋਬਿੰਦ ਸਾਹਿਬ ਨੂੰ ਇਤਲਾਹ ਦਿੱਤੀ ਤੇ ਗੁਰੂ ਜੀ ਨੇ ਸੁਰੱਖਿਆ ਪੱਖ ਵੇਖਿਆ ਤਾਂ ਬੀਬੀ ਵੀਰੋ ਦਾ ਵਿਆਹ ਅੰਮ੍ਰਿਤਸਰ ਦੀ ਬਜਾਏ ਝਬਾਲ ਵਿਖੇ ਕਰਨ ਦਾ ਫੈਸਲਾ ਲੈ ਲਿਆ ਤਾਂ ਝਬਾਲ ਨੂੰ ਜਾਂਦੇ ਸਾਰੇ ਰਸਤਿਆਂ 'ਤੇ ਆਪਣੇ ਸਿੱਖਾਂ ਦੇ ਨਾਕੇ ਲਾ ਦਿੱਤੇ। ਭਾਈ ਬਹੋੜੂ ਦੇ ਜਥੇ ਨੂੰ ਝਬਾਲ-ਅੰਮ੍ਰਿਤਸਰ ਦੇ ਵਿਚਕਾਰ ਤਾਇਨਾਤ ਕੀਤਾ ਗਿਆ। (ਭਾਈ ਬਹੋੜੂ ਦਾ ਨਾਕਾ ਉਸ ਥਾਂ 'ਤੇ ਸੀ, ਜਿੱਥੇ ਅੱਜਕਲ੍ਹ ਇਕ ਵਿਸ਼ਾਲ ਪਿੰਡ ਬਹੋੜੂ ਵਸਿਆ ਹੋਇਆ ਹੈ)। ਮੁਗ਼ਲ ਫੌਜਾਂ ਨੇ ਮੁਖਲਿਸ ਖਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ। ਇਹ ਜੰਗ ਗੁਰਦੁਆਰਾ ਪਿੱਪਲੀ ਸਾਹਿਬ ਦੇ ਸਥਾਨ ਤੋਂ ਸ਼ੁਰੂ ਹੋਈ, ਜੋ ਚੱਬੇ ਤੇ ਗੁਰੂਵਾਲੀ ਦੇ ਮੈਦਾਨਾਂ ਤੱਕ ਖਿੱਲਰ ਗਈ। ਇਸ ਜੰਗ ਵਿਚ ਮੁਗ਼ਲਾਂ ਦਾ ਬਹੁਤ ਨੁਕਸਾਨ ਹੋਇਆ ਤੇ ਮੁਖਲਿਸ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ ਤੇ ਕੁੱਝ ਸਿੱਖ ਸ਼ਹੀਦ ਵੀ ਹੋਏ। ਭਾਈ ਬਹੋੜੂ ਅਤੇ ਉਨ੍ਹਾਂ ਦੇ ਸਾਥੀ ਅਣਗਿਣਤ ਮੁਗ਼ਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਦਾ ਜਾਮ ਪੀ ਗਏ। ਸ਼ਹੀਦ ਭਾਈ ਬਹੋੜੂ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ। ਉਨ੍ਹਾਂ ਦੇ ਨਾਂਅ ਉੱਤੇ ਇਸ ਪਿੰਡ ਦਾ ਨਾਂਅ ਬਹੋੜੂ ਪ੍ਰਚਲਿਤ ਹੋਇਆ। ਗੁਰਦੁਆਰਾ ਸ਼ਹੀਦਾਂ ਪ੍ਰਬੰਧਕ ਕਮੇਟੀ ਪਿੰਡ ਬਹੋੜੂ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਭਾਈ ਬਹੋੜੂ ਦੀ ਯਾਦ ਵਿਚ 62ਵਾਂ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਨਾਲ 28 ਜੂਨ ਨੂੰ ਬੜੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਜੋੜ ਮੇਲੇ ਵਿਚ ਪਹੁੰਚੇ ਮਹਾਂਪੁਰਸ਼, ਕਥਾਵਾਚਕ, ਰਾਗੀ, ਢਾਡੀ ਤੇ ਉੱਚ ਕੋਟੀ ਦੇ ਕਵੀਸ਼ਰ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਨਿਹਾਲ ਕਰਨਗੇ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ।


-ਚੱਬਾ, ਅੰਮ੍ਰਿਤਸਰ। ਮੋਬਾ: 84278-86534
ਈ-ਮੇਲ : jassaanjan@gmail.com

55ਵੇਂ ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਡੇਰਾ ਹਜ਼ਰਤ ਬਾਬਾ ਗੁਲਾਮ ਜਿਲਾਨੀ

ਜਲੰਧਰ-ਕਾਲਾ ਸੰਘਿਆਂ ਰੋਡ 'ਤੇ ਪੈਂਦੇ ਪਿੰਡ ਕੋਟ ਸਦੀਕ 'ਚ ਸਥਾਪਿਤ ਡੇਰਾ ਹਜ਼ਰਤ ਬਾਬਾ ਗੁਲਾਮ ਜਿਲਾਨੀ ਪੰਜਾਬ ਦੇ ਪ੍ਰਮੁੱਖ ਡੇਰਿਆਂ 'ਚ ਸ਼ੁਮਾਰ ਹੈ। ਡੇਰੇ ਦੇ ਇਤਿਹਾਸ ਸਬੰਧੀ ਗੱਦੀਨਸ਼ੀਨ ਸਾਈਂ ਰਹਿਮਤ ਸ਼ਾਹ ਹੰਸ ਹੁਰਾਂ ਮੁਤਾਬਿਕ ਹਜ਼ਰਤ ਬਾਬਾ ਗੁਲਾਮ ਜਿਲਾਨੀ ਬਸਤੀ ਦਾਨਿਸ਼ਮੰਦਾਂ ਦੇ ਵਸਨੀਕ ਸਨ। ਉਹ ਪੰਜ ਵਕਤੀ ਨਿਮਾਜ਼ੀ ਸਨ। ਜਿਸ ਥਾਂ ਅੱਜ ਡੇਰਾ ਸੁਸ਼ੋਭਿਤ ਹੈ, ਉਹ ਜ਼ਮੀਨ ਬਾਬਾ ਜੀ ਦੀ ਸੀ, ਜਿਥੇ ਆਪ ਖੇਤੀਬਾੜੀ ਕਰਿਆ ਕਰਦੇ ਸਨ। ਬਾਬਾ ਗੁਲਾਮ ਜਿਲਾਨੀ ਨੇ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਢਪਈ ਦੇ ਮੌਲਵੀ ਅਹਿਮਦ ਹੱਕ ਕਮਾਲ ਨੂੰ ਆਪਣਾ ਮੁਰਸ਼ਦ ਧਾਰਿਆ ਤੇ ਉਨ੍ਹਾਂ ਦੇ ਤਾਲਬ ਬਣ ਅੱਲਾ ਦੀ ਇਬਾਦਤ ਕੀਤੀ। ਇਬਾਦਤ ਰੰਗ ਲਿਆਉਣ ਲੱਗੀ। ਲੋਕ ਦੂਰੋਂ-ਦੂਰੋਂ ਆਪਣੀਆਂ ਫਰਿਆਦਾਂ ਲੈ ਕੇ ਬਾਬਾ ਜੀ ਕੋਲ ਆਉਣ ਲੱਗੇ। ਬਾਬਾ ਜੀ ਹਮੇਸ਼ਾ ਕਾਲੀ ਕੰਬਲੀ ਲੈ ਕੇ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਕਾਲੀ ਕੰਬਲੀ ਵਾਲੇ ਵੀ ਕਿਹਾ ਕਰਦੇ ਸਨ। ਸਾਈਂ ਰਹਿਮਤ ਸ਼ਾਹ ਹੰਸ ਮੁਤਾਬਿਕ ਬਾਬਾ ਗੁਲਾਮ ਜਿਲਾਨੀ ਨੇ ਸਾਰੀ ਹਿਯਾਤੀ ਦੁਨੀਆ ਦਾ ਭਲਾ ਕਰਦਿਆਂ ਬਤੀਤ ਕੀਤੀ। ਡੇਰੇ ਦੀ ਹਦੂਦ ਅੰਦਰ ਬਾਬਾ ਜੀ ਦੀ ਮਜ਼ਾਰ ਹੈ, ਜਿਥੇ ਹਰ ਸਾਲ 7 ਹਾੜ੍ਹ ਤੋਂ ਲੈ ਕੇ 10 ਹਾੜ੍ਹ ਤੱਕ ਸਾਲਾਨਾ ਉਰਸ ਮੁਬਾਰਕ ਮਨਾਇਆ ਜਾਂਦਾ ਹੈ। ਇਸ ਵਾਰ 55ਵਾਂ ਸਾਲਾਨਾ ਜੋੜ ਮੇਲਾ 20 ਜੂਨ ਤੋਂ ਲੈ ਕੇ 22 ਜੂਨ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਜ਼ਾਰ 'ਤੇ ਚਾਦਰ ਚੜ੍ਹਾਈ ਜਾਵੇਗੀ, ਚਿਰਾਗ ਰੌਸ਼ਨ ਹੋਵੇਗਾ। ਮੇਲੇ ਦੌਰਾਨ ਤਿੰਨੇ ਦਿਨ ਤੇ ਰਾਤ ਪੰਜਾਬ ਦੇ ਨਾਮਵਰ ਗਾਇਕ ਕਲਾਕਾਰ, ਕੱਵਾਲ ਤੇ ਡਰਾਮਾ ਪਾਰਟੀਆਂ ਪ੍ਰੋਗਰਾਮ ਪੇਸ਼ ਕਰਨਗੀਆਂ।


-ਸਤੀਸ਼ ਕੁਮਾਰ ਦਰਦੀ, ਮੋਬਾ: 99153-85801

ਜਨਮ ਦਿਨ 'ਤੇ ਵਿਸ਼ੇਸ਼

ਪਰਉਪਕਾਰੀ ਸੰਤ ਬਾਬਾ ਚਮਨ ਦਾਸ ਉਦਾਸੀ

ਬਾਬਾ ਸ੍ਰੀ ਚੰਦ ਜੀ ਦੁਆਰਾ ਚਲਾਈ ਉਦਾਸੀ ਸੰਪਰਦਾਇ 'ਚ ਅਨੇਕਾਂ ਉੱਚਕੋਟੀ ਦੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਗੁਰੂ ਉਪਦੇਸ਼ ਰਾਹੀਂ ਸੰਸਾਰ ਦੇ ਜੀਵਾਂ ਨੂੰ ਸੱਚ ਦੇ ਮਾਰਗ 'ਤੇ ਤੋਰਿਆ। ਐਸੇ ਹੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੋਬਿੰਦ ਦਾਸ ਫਗਵਾੜੇ ਵਾਲਿਆਂ ਦੇ ਅਨਿਨ ਸ਼ਰਧਾਲੂ, ਨਾਮ ਦੇ ਰਸੀਏ, ਦਇਆ ਤੇ ਪ੍ਰੇਮ ਦੇ ਸਾਗਰ ਸੰਤ ਬਾਬਾ ਚਮਨ ਦਾਸ ਹੋਏ ਹਨ, ਜਿਨ੍ਹਾਂ ਦਾ ਜਨਮ ਅੱਜ ਤੋਂ 67 ਸਾਲ ਪਹਿਲਾਂ 13 ਹਾੜ੍ਹ ਨੂੰ ਮਾਤਾ ਮੰਗੋ ਦੇਵੀ ਦੀ ਪਵਿੱਤਰ ਕੁੱਖ ਤੋਂ ਪਿਤਾ ਸ੍ਰੀ ਚੰਦੂ ਰਾਮ ਦੇ ਗ੍ਰਹਿ ਵਿਖੇ ਪਿੰਡ ਕਾਂਗੜ ਬਡੇੜਾ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਆਪ ਨੂੰ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਗੋਬਿੰਦ ਦਾਸ ਦੀ ਸ਼ਰਨ ਵਿਚ ਡੇਰਾ ਫਗਵਾੜਾ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸੇ ਅਸਥਾਨ ਵਿਖੇ ਹੀ ਆਪ ਨੇ ਉਦਾਸੀ ਧਾਰਨ ਕੀਤੀ।
ਸੰਤ ਬਾਬਾ ਗੋਬਿੰਦ ਦਾਸ ਆਪ ਦੀ ਸੇਵਾ ਤੋਂ ਖੁਸ਼ ਹੋ ਕੇ ਆਪ ਨੂੰ ਆਪਣੇ ਜਿਊਂਦੇ ਜੀਅ ਗੱਦੀ ਦੇ ਵਾਰਸ ਬਣਾ ਗਏ।
ਸੰਤ ਬਾਬਾ ਗੋਬਿੰਦ ਦਾਸ 6 ਫਰਵਰੀ, 1968 ਨੂੰ ਸੱਚਖੰਡ ਜਾ ਬਿਰਾਜੇ। ਉਸ ਸਮੇਂ ਬਾਬਾ ਚਮਨ ਦਾਸ ਦੀ ਉਮਰ ਛੋਟੀ ਹੀ ਸੀ। ਆਪ ਨੇ ਡੇਰੇ ਦੀ ਸੇਵਾ ਸੰਭਾਲਣ ਸਮੇਂ ਸਭ ਤੋਂ ਪਹਿਲਾਂ ਆਪਣੇ ਗੁਰੂ-ਪਿਤਾ ਦੀ ਯਾਦ ਵਿਚ ਸੁੰਦਰ ਸਮਾਧ ਦੀ ਉਸਾਰੀ ਕਰਵਾਈ ਅਤੇ ਡੇਰੇ ਅੰਦਰ ਹਾਲ ਕਮਰੇ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਕਈ ਵੱਡੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਆਪਣੇ ਗੁਰੂ ਪਿਤਾ ਦੀ ਯਾਦ ਵਿਚ ਇੰਗਲੈਂਡ ਦੀ ਧਰਤੀ 'ਤੇ ਬਲਿਸਟਨ ਸ਼ਹਿਰ ਵਿਖੇ ਇਕ ਸੁੰਦਰ ਡੇਰਾ ਸਥਾਪਤ ਕੀਤਾ। ਆਪ ਨੇ ਡੇਰਾ ਫਗਵਾੜਾ ਅਤੇ ਇੰਗਲੈਂਡ ਵਿਚ ਅਖੰਡ ਪਾਠਾਂ ਅਤੇ ਕੀਰਤਨ ਦੀਆਂ ਝੜੀਆਂ ਲਾ ਦਿੱਤੀਆਂ। ਲੋਕਾਈ ਨੂੰ ਰੱਬ ਵਾਲੇ ਪਾਸੇ ਲਾਉਣ ਦੇ ਨਾਲ-ਨਾਲ ਮਨੁੱਖਤਾ ਦੀ ਸਿਹਤਯਾਬੀ ਲਈ ਮੁਫਤ ਮੈਡੀਕਲ ਕੈਂਪ ਵੀ ਲਾਏ। ਆਪ ਆਪਣਾ ਪੂਰਾ ਜੀਵਨ ਲੋਕ ਭਲਾਈ ਨੂੰ ਸਮਰਪਿਤ ਕਰਦੇ ਹੋਏ 2 ਅਗਸਤ, 2012 ਨੂੰ ਸੱਚਖੰਡ ਜਾ ਬਿਰਾਜੇ।
ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਚਮਨ ਦਾਸ ਦਾ ਜਨਮ ਦਿਨ 13 ਹਾੜ੍ਹ ਮੁਤਾਬਿਕ 26 ਜੂਨ ਦਿਨ ਐਤਵਾਰ ਨੂੰ ਡੇਰਾ ਸੰਤ ਬਾਬਾ ਗੋਬਿੰਦ ਦਾਸ, ਮੁਹੱਲਾ ਗੋਬਿੰਦਪੁਰਾ, ਫਗਵਾੜਾ ਵਿਖੇ ਡੇਰੇ ਦੇ ਮੁੱਖ ਸੰਚਾਲਕ ਸੰਤ ਦੇਸ ਰਾਜ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ 25 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉੱਘੇ ਰਾਗੀ, ਢਾਡੀ ਅਤੇ ਸੰਤ-ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ।


-ਸੁਰਿੰਦਰ ਪਾਲ ਸਿੰਘ,
ਪਿੰਡ ਤੇ ਡਾਕ: ਅਧਿਕਾਰੇ, ਜ਼ਿਲ੍ਹਾ ਹੁਸ਼ਿਆਰਪੁਰ।


ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਚੱਕ ਸਿੰਘਾ

ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਨਾਲ ਲੱਗਦੇ ਪਿੰਡ ਚੱਕ ਸਿੰਘਾ, ਚੱਕ ਹਾਜੀਪੁਰ ਵਿਖੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਛੇਵੀਂ ਪਾਤਸ਼ਾਹੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਇਸ ਸਥਾਨ 'ਤੇ ਦੋ ਰਾਤਾਂ ਗੁਜ਼ਾਰਨ ਉਪਰੰਤ ਅੱਗੇ ਕੀਰਤਪੁਰ ਸਾਹਿਬ ਲਈ ਚਾਲੇ ਪਾਏ ਗਏ ਸਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਬਾਬਾ ਬਕਾਲਾ ਤੋਂ ਕੀਰਤਪੁਰ ਸਾਹਿਬ ਜਾਂਦਿਆ ਇਸ ਸਥਾਨ 'ਤੇ ਆਪਣੇ ਚਰਨ ਪਾ ਕੇ ਗਏ ਸਨ। ਸੰਤ ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਇਤਿਹਾਸਕ ਸਥਾਨ ਦੇ ਪ੍ਰਬੰਧ ਦੀ ਸੇਵਾ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਨਿਹੰਗ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 21 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗ ਰਿਹਾ ਹੈ। ਇਸ ਮੌਕੇ ਸਵੇਰ ਤੋਂ ਕੀਰਤਨ ਦੀਵਾਨ ਸਜਾਏ ਜਾਣਗੇ, ਉਪਰੰਤ ਨਿਹੰਗ ਸਿੰਘਾਂ ਵੱਲੋਂ ਘੋੜ ਦੌੜਾਂ, ਨੇਜ਼ੇਬਾਜ਼ੀ ਤੇ ਗਤਕੇ ਦੇ ਜੌਹਰ ਦਿਖਾਏ ਜਾਣਗੇ। ਜੋੜ ਮੇਲੇ ਦੌਰਾਨ ਪਹਿਲੀ ਵਾਰ ਕਰਵਾਏ ਜਾ ਰਹੇ ਦਸਤਾਰ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਦਸਤਾਰ ਦੇ 16 ਤੋਂ 25 ਸਾਲ ਉਮਰ ਦੇ ਜੇਤੂ ਨੂੰ ਬੁਲਟ ਮੋਟਰਸਾਈਕਲ ਅਤੇ 6 ਤੋਂ 16 ਸਾਲ ਉਮਰ ਵਰਗ ਵਿਚੋਂ ਜੇਤੂ ਦਾ 31 ਹਜ਼ਾਰ ਰੁਪਏ ਨਗਦ ਇਨਾਮ ਨਾਲ ਸਨਮਾਨ ਕੀਤਾ ਜਾਵੇਗਾ।


-ਲਖਵਿੰਦਰ ਸਿੰਘ ਧਾਲੀਵਾਲ,
ਪਿੰਡ ਤੇ ਡਾਕ: ਗੋਗੋਂ, ਗੜ੍ਹਸ਼ੰਕਰ (ਹੁਸ਼ਿਆਰਪੁਰ)। ਮੋਬਾ: 94176-76755


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX