ਤਾਜਾ ਖ਼ਬਰਾਂ


ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ
. . .  12 minutes ago
ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ................
ਰਾਸ਼ਟਰਪਤੀ ਭਵਨ 'ਚ ਟਰੰਪ ਨੂੰ ਦਿੱਤਾ ਗਿਆ ਗਾਰਡ ਆਫ਼ ਆਨਰ
. . .  20 minutes ago
ਰਾਸ਼ਟਰਪਤੀ ਭਵਨ 'ਚ ਟਰੰਪ ਨੂੰ ਦਿੱਤਾ ਗਿਆ ਗਾਰਡ ਆਫ਼ ਆਨਰ......................
ਰਾਸ਼ਟਰਪਤੀ ਭਵਨ 'ਚ ਪਹੁੰਚੇ ਡੋਨਾਲਡ ਟਰੰਪ ਅਤੇ ਮੇਲਾਨੀਆ
. . .  22 minutes ago
ਨਵੀਂ ਦਿੱਲੀ, 25 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਰਾਸ਼ਟਰਪਤੀ ਭਵਨ 'ਚ ਪਹੁੰਚ ਚੁੱਕੇ ਹਨ। ਇੱਥੇ ਪਹੁੰਚਣ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ...
ਇਵਾਂਕਾ ਟਰੰਪ ਪਹੁੰਚੇ ਰਾਸ਼ਟਰਪਤੀ ਭਵਨ
. . .  33 minutes ago
ਨਵੀਂ ਦਿੱਲੀ, 25 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਰਾਸ਼ਟਰਪਤੀ ਭਵਨ ਪਹੁੰਚ...
ਕਾਰ ਸੇਵਾ ਦੇ ਡੇਰੇ ਤੋਂ ਇਕ ਕਰੋੜ ਤੋਂ ਵੱਧ ਦੀ ਲੁੱਟ
. . .  about 1 hour ago
ਤਰਨ ਤਾਰਨ, 25 ਫ਼ਰਵਰੀ (ਹਰਿੰਦਰ ਸਿੰਘ ) - ਤਰਨ ਤਾਰਨ ਵਿਚ ਕਾਰ ਸੇਵਾ ਦੇ ਬਾਬਾ ਮਹਿੰਦਰ ਸਿੰਘ ਖ਼ਜ਼ਾਨਚੀ ਹੁਰਾਂ 'ਤੇ ਬੀਤੀ ਰਾਤ 11 ਵਜੇ ਕੁੱਝ ਲੁਟੇਰੇ ਹਮਲਾ ਕਰਨ ਤੋਂ ਬਾਅਦ ਲਗਭਗ ਇੱਕ ਕਰੋੜ ਰੁਪਏ ਤੋ ਵੱਧ ਦੀ ਰਕਮ ਲੁੱਟ ਕੇ ਲੈ ਗਏ। ਬਾਬਾ ਜੀ ਜ਼ਿਆਦਾ ਜ਼ਖ਼ਮੀ ਹੋਣ ਕਰ ਕੇ ਹਸਪਤਾਲ...
ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਭਰਜਾਈ ਦਾ ਦੇਹਾਂਤ
. . .  about 1 hour ago
ਲੌਂਗੋਵਾਲ, 25 ਫਰਵਰੀ (ਸ.ਸ.ਖੰਨਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਦੋਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਜਥੇਦਾਰ ਕਰਤਾਰ ਸਿੰਘ...
ਪੰਘੂੜੇ ਚੋਂ ਫਿਰ ਮਿਲੀ ਨਵਜੰਮੀ ਬੱਚੀ
. . .  about 1 hour ago
ਅਬੋਹਰ, 25 ਫਰਵਰੀ (ਕੁਲਦੀਪ ਸਿੰਘ ਸੰਧੂ) - ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਸਥਾਪਿਤ ਪੰਘੂੜੇ ਵਿਚ ਅੱਜ ਤੜਕੇ ਇੱਕ ਹੋਰ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਹਫ਼ਤੇ ਵਿਚ ਬੱਚਾ ਮਿਲਣ ਦਾ ਇਹ ਦੂਸਰਾ ਕੇਸ ਹੈ। ਬੱਚੀ ਮਿਲਣ ਦੀ ਸੂਚਨਾ ਉਪਰੰਤ...
ਸ਼ਿਵ ਸੈਨਾ ਦੇ ਮੀਤ ਪ੍ਰਧਾਨ ਦੇ ਭਰਾ ਦਾ ਬੇਰਹਿਮੀ ਨਾਲ ਕਤਲ
. . .  54 minutes ago
ਬਟਾਲਾ, 25 ਫਰਵਰੀ (ਹਰਦੇਵ ਸਿੰਘ ਸੰਧੂ) - ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਦਾ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸਬੰਧੀ ਰਮੇਸ਼ ਨਈਅਰ ਨੇ ਦੱਸਿਆ ਕਿ ਉਸ ਦਾ ਭਰਾ ਮੁਕੇਸ਼ ਕੁਮਾਰ ਵਾਸੀ ਭੰਡਾਰੀ ਗੇਟ ਬਟਾਲਾ...
ਅੱਜ ਵੀ ਬੰਦ ਰਹਿਣਗੇ ਮੈਟਰੋ ਸਟੇਸ਼ਨਾਂ ਦੇ ਗੇਟ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਉੱਤਰੀ-ਪੂਰਬ ਜ਼ਿਲ੍ਹੇ ਵਿਚ ਹਿੰਸਾ ਨੂੰ ਦੇਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਅੱਜ ਵੀ ਬੰਦ ਰਹਿਣਗੇ। ਮੈਟਰੋ ਸੇਵਾਵਾਂ ਵੈਲਕਮ ਮੈਟਰੋ ਸਟੇਸ਼ਨ 'ਤੇ ਹੀ ਸਮਾਪਤ...
ਮੇਲਾਨੀਆ ਟਰੰਪ ਅੱਜ ਕਰਨਗੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਭਾਰਤ ਦੇ ਦੋ ਦਿਨਾਂ ਦੌਰੇ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੱਲੋਂ ਅੱਜ ਦਿੱਲੀ ਦੇ ਨਾਨਕਪੁਰਾ ਸਥਿਤ ਸਰਕਾਰੀ ਸਕੂਲ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਜ਼ਹੂਰ ਦੀ ਬਖ਼ਸ਼ਿਸ਼ ਦਾ ਪਹਿਲਾ ਪਾਤਰ : ਰਾਏ ਬੁਲਾਰ

ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ, ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੇ ਅਜਿਹੇ ਪਹਿਲੇ ਪਾਤਰਾਂ ਵਿਚੋਂ ਹਨ, ਜਿਨ੍ਹਾਂ ਨੇ ਗੁਰੂ ਜੀ ਦੇ ਰੂਹਾਨੀ ਨੂਰ ਨੂੰ, ਇਲਾਹੀ ਨੂਰ ਦਾ ਸਾਕਾਰ ਰੂਪ ਮੁਜੱਸਮਾ ਮੰਨ ਕੇ, ਉਸ ਦੀ ਉਸਤਤ ਜੀਵਨ ਦੇ ਆਖ਼ਰੀ ਪਲਾਂ ਤੱਕ ਕਰਦੇ ਰਹੇ।
ਗੁਰੂ ਸਾਖੀਆਂ ਵਿਚ ਹਵਾਲਾ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਪਰਿਵਾਰ ਦੇ ਪ੍ਰੋਹਤ ਨੇ ਕਿਹਾ ਕਿ ਬਾਲ ਨਾਨਕ ਦੀ ਅਵਸਥਾ ਹੁਣ ਜਨੇਊ ਪਹਿਨਣ ਦੇ ਯੋਗ ਹੋ ਗਈ ਹੈ ਤੇ ਬਾਲਕ ਨੂੰ ਜਨੇਊ ਗ੍ਰਹਿਣ ਕਰਵਾ ਦੇਣਾ ਚਾਹੀਦਾ ਹੈ। ਜਦੋਂ ਪੰਡਿਤ ਜਨੇਊ ਪਹਿਨਾਣ ਦੀ ਰਸਮ ਲਈ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪੁੱਜੇ ਤਾਂ ਬਾਲ ਨਾਨਕ ਨੇ ਜਨੇਊ ਧਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੇ ਵਲੋਂ ਜਨੇਊ ਦੀ ਇਕ ਨਵੀਂ ਪਰਿਭਾਸ਼ਾ ਪਾਂਡੇ ਅੱਗੇ ਰੱਖ ਦਿੱਤੀ ਜੋ ਗੁਰਬਾਣੀ ਦੇ ਰਾਗ ਆਸਾ ਵਿਚ ਇਸ ਤਰ੍ਹਾਂ ਸੁਸ਼ੋਭਿਤ ਹੈ :
ਦਇਆ ਕਪਾਹ ਸੰਤੋਖੁ
ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ
ਹਈ ਤ ਪਾਡੇ ਘਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-471)
(ਹੇ ਪਾਂਡੇ, ਪਹਿਲਾਂ ਮਿਹਰਬਾਨੀ ਨੂੰ ਕਪਾਹ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੰਢ ਅਤੇ ਸੱਚ ਨੂੰ ਮਰੋੜਾ ਬਣਾ। ਇਹ ਜੰਝੂ ਆਤਮਾ ਦਾ ਹੈ, ਜੇ ਅਜਿਹਾ ਜੰਝੂ, ਤੇਰੇ ਪਾਸ ਹੈ ਤਾਂ ਮੇਰੇ ਗਲ ਵਿਚ ਪਾ ਦੇ)।
ਪੰਡਿਤ ਲਈ ਇਹ ਵਰਤਾਰਾ ਕੋਈ ਸਾਧਾਰਨ ਵਰਤਾਰਾ ਨਹੀਂ ਸੀ। ਜਨੇਊ ਨਾ ਧਾਰਨ ਕਰਨ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਖ਼ਬਰ ਸੁਣ ਕੇ ਰਾਏ ਬੁਲਾਰ ਵੀ ਬਾਲ ਨਾਨਕ ਦੇ ਦਰਸ਼ਨਾਂ ਲਈ ਮਹਿਤਾ ਕਾਲੂ ਜੀ ਦੇ ਘਰ ਆਏ ਤੇ ਇਸ ਕੌਤਕੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਬਾਲ ਨਾਨਕ ਦੇ ਦਰਸ਼ਨ ਪਾਏ। ਇਸ ਸਮੇਂ ਹੀ ਰਾਏ ਬੁਲਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਰੱਬੀ ਸ਼ਖ਼ਸੀਅਤ ਦਾ ਅਨੁਭਵ ਹੋ ਗਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਲਿਆਣ ਦਾਸ ਉਰਫ਼ ਮਹਿਤਾ ਕਾਲੂ ਜੀ, ਰਾਏ ਬੁਲਾਰ ਦੇ ਜਨਮ ਤੋਂ ਪਹਿਲਾਂ ਹੀ ਰਾਇ ਭੋਇ ਖਾਨ ਦੀ ਮਿਲਖ ਦੇ ਪਟਵਾਰੀ ਅਤੇ ਮੀਰ ਮੁਨਸ਼ੀ ਸਨ। ਰਾਇ ਭੋਇ ਖਾਨ ਭੱਟੀ, ਲਗਪਗ 39000 ਏਕੜ ਰਕਬੇ ਦੇ ਮਾਲਕ ਸਨ। ਮਹਿਤਾ ਕਾਲੂ ਜੀ ਇਮਾਨਦਾਰੀ, ਸਿਆਣਪ, ਵਜ੍ਹਾਦਾਰੀ ਅਤੇ ਦਾਨਾਈ ਕਾਰਨ, ਰਾਇ ਭੋਇ ਖਾਨ ਭੱਟੀ ਦੇ ਬੇਹੱਦ ਕਰੀਬੀ ਵਿਸ਼ਵਾਸ ਪਾਤਰਾਂ ਵਜੋਂ ਜਾਣੇ ਜਾਂਦੇ ਸਨ। ਰਾਇ ਬੁਲਾਰ ਹਾਲੇ ਬਾਲ ਵਰੇਸ ਵਿਚ ਹੀ ਸਨ ਕਿ ਉਨ੍ਹਾਂ ਦੇ ਵਾਲਿਦ ਰਾਇ ਭੋਇ ਖਾਨ ਭੱਟੀ, ਇੰਤਕਾਲ ਫ਼ਰਮਾ ਗਏ। ਰਾਇ ਬੁਲਾਰ ਖਾਨ ਦੇ ਵੱਡੇ ਹੋਣ ਤੀਕਰ ਰਾਇ ਭੋਇ ਖਾਨ ਦੀ ਮਿਲਖ ਦੀ ਸਾਰੀ ਜ਼ਿੰਮੇਵਾਰੀ, ਮਹਿਤਾ ਕਾਲੂ ਜੀ ਨੇ ਬੜੀ ਇਮਾਨਦਾਰੀ ਨਾਲ ਨਿਭਾਈ, ਜਿਸ ਕਾਰਨ ਰਾਏ ਬੁਲਾਰ ਦੇ ਅਹਿਲ-ਏ-ਖਾਨਾ, ਮਹਿਤਾ ਕਾਲੂ ਜੀ ਦੀ ਖਸੂਸੀ ਇੱਜ਼ਤ ਕਰਦੇ ਸਨ। ਅਜਿਹਾ ਹੀ ਰਵੱਈਆ ਜਦੋਂ ਰਾਇ ਬੁਲਾਰ ਸਾਹਿਬ ਜਵਾਨ ਹੋ ਗਏ ਤਾਂ ਉਨ੍ਹਾਂ ਦੇ ਪੁਰਖਲੂਸ ਸਲੀਕਿਆਂ ਵਿਚ ਵੀ ਰਵਾਂ ਰਿਹਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਲੜਕਪਨ ਅਵਸਥਾ ਵਿਚ ਪ੍ਰਵੇਸ਼ ਕੀਤਾ ਤਾਂ ਪਿਤਾ ਮਹਿਤਾ ਕਾਲੂ ਨੇ ਇਕ ਦਿਨ ਮੱਝੀਆਂ ਚਰਾਵਣ ਲਈ ਭੇਜ ਦਿੱਤਾ। ਮੱਝੀਆਂ ਨੂੰ ਚਰਾਂਦਾ ਵਿਚ ਛੱਡ ਕੇ, ਆਪ ਇਕ ਰੁੱਖ ਦੀ ਛਾਂ ਹੇਠਾਂ ਸੌਂ ਗਏ। ਮੱਝੀਆਂ ਦਾ ਝੁੰਡ ਚਰਾਂਦਾਂ ਦੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ਵਿਚ ਜਾ ਵੜਿਆ ਤੇ ਕਿਸਾਨਾਂ ਦੀਆਂ ਲਹਿਲਹਾਉਂਦੀਆਂ ਫ਼ਸਲਾਂ ਉਜਾੜ ਦਿੱਤੀਆਂ। ਕਿਸਾਨਾਂ ਨੇ ਮੱਝੀਆਂ ਦੇ ਪਾਲੀ ਦੀ ਸ਼ਿਕਾਇਤ ਰਾਏ ਬੁਲਾਰ ਪਾਸ ਜਾ ਕੀਤੀ, ਕਿ ਤੁਹਾਡੇ ਮੁਨਸ਼ੀ ਮਹਿਤਾ ਕਾਲੂ ਦੇ ਲਾਡਲੇ ਪੁੱਤਰ ਨਾਨਕ ਨੇ ਸਾਡੀ ਖੜ੍ਹੀ ਫ਼ਸਲ ਵਿਚ ਮੱਝੀਆਂ ਛੱਡ ਕੇ, ਸਾਰੀ ਫ਼ਸਲ ਉਜਾੜ ਦਿੱਤੀ ਹੈ। ਰਾਇ ਬੁਲਾਰ ਨੇ ਓਸੇ ਵੇਲੇ ਮਹਿਤਾ ਕਾਲੂ ਜੀ ਨੂੰ ਬੁਲਵਾਇਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਉਜਾੜੇ ਦਾ ਮੌਕਾ ਵੇਖਣ ਲਈ ਚੱਲ ਪਏ। ਜਦੋਂ ਕਿਸਾਨਾਂ ਦੇ ਖੇਤਾਂ ਵਿਚ ਪੁੱਜੇ ਤਾਂ ਫ਼ਸਲਾਂ ਪਹਿਲਾਂ ਨਾਲੋਂ ਵੀ ਵੱਧ ਹਰੀਆਂ-ਕਚੂਰ ਸਨ ਤੇ ਲਹਿਲਹਾ ਰਹੀਆਂ ਸਨ। ਸਾਰੀਆਂ ਮੱਝੀਆਂ ਇਕ ਛਾਂ ਵਾਲੇ ਰੁੱਖ ਹੇਠਾਂ ਬੈਠੀਆਂ, ਜੁਗਾਲੀ ਕਰ ਰਹੀਆਂ ਸਨ। ਮੱਝੀਆਂ ਦੇ ਪਾਲੀ, ਗੁਰੂ ਨਾਨਕ, ਥੋੜ੍ਹੀ ਦੂਰ ਇਕ ਹੋਰ ਰੁੱਖ ਦੀ ਛਾਂ ਹੇਠਾਂ, ਗੂੜ੍ਹੀ ਨੀਂਦਰ ਵਿਚ ਸੁੱਤੇ ਹੋਏ ਸਨ। ਸਿਖ਼ਰ ਦੁਪਹਿਰ ਹੋਣ ਕਾਰਨ ਰੁੱਖ ਦੀ ਛਾਂ ਨੇ ਦਿਸ਼ਾ ਬਦਲ ਲਈ ਸੀ, ਸੂਰਜ ਦੀ ਧੁੱਪ ਗੁਰੂ ਨਾਨਕ ਦੇ ਬਦਨ 'ਤੇ ਪੈ ਰਹੀ ਸੀ। ਜਦੋਂ ਰਾਏ ਬੁਲਾਰ, ਮਹਿਤਾ ਕਾਲੂ ਅਤੇ ਸ਼ਿਕਾਇਤੀ ਕਿਸਾਨ ਉਸ ਰੁੱਖ ਪਾਸ ਪੁੱਜੇ, ਜਿਥੇ ਗੁਰੂ ਨਾਨਕ ਘੂਕ ਸੁੱਤੇ ਪਏ ਸਨ, ਕਿਹਾ ਜਾਂਦਾ ਹੈ ਕਿ ਇਕ ਵੱਡੇ ਕਾਲੇ ਫਨ੍ਹੀਅਰ ਨਾਗ ਨੇ ਆਪਣਾ ਫੰਨ ਫੈਲਾਅ ਕੇ ਗੁਰੂ ਨਾਨਕ ਦੇਵ ਜੀ ਦੇ ਮੁਖੜੇ 'ਤੇ ਛਾਂ ਕੀਤੀ ਹੋਈ ਸੀ। ਇਹ ਅਦਭੁੱਤ ਦ੍ਰਿਸ਼ ਵੇਖ ਕੇ ਰਾਏ ਬੁਲਾਰ ਦੇ ਮੂੰਹੋਂ ਸੁੱਤੇ ਸਿੱਧ ਨਿਕਲ ਗਿਆ। 'ਯਾ ਅੱਲਾਹ, ਨਾਨਕ ਤੇ ਨਿਰਾ ਈ ਅੱਲਾ ਦਾ ਨੂਰ ਏ, ਅਸੀਂ ਸਭ ਧੰਨ ਹੋ ਗਏ ਹਾਂ, ਰਾਇ ਭੋਇ ਦੀ ਤਲਵੰਡੀ ਦੀ ਕੁੱਲ ਖ਼ਾਕ ਪਾਕ ਹੋ ਗਈ ਏ, ਕਾਲੂ ਜੀ, ਤੁਸਾਂ ਦੇ ਘਰ ਇਕ ਵੱਡੇ ਬਜ਼ੁਰਗ ਫਕੀਰ ਨੇ ਜਨਮ ਲਿਆ ਸੂ।' ਯਾ ਅੱਲਾਹ, ਯਾ ਅੱਲਾਹ, ਪੁਕਾਰਦਾ ਹੋਇਆ ਰਾਇ ਬੁਲਾਰ, ਮੱਝੀਆਂ ਦੇ ਪਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀਂ ਢਹਿ ਪਿਆ, ''ਹੇ ਅੱਲਾ ਦੇ ਬਜ਼ੁਰਗ ਫ਼ਕੀਰ, ਸਾਡੀਆਂ ਖ਼ਤਾਵਾਂ ਮੁਆਫ਼ ਕਰੀਂ, ਸਾਥੋਂ ਵੱਡੀ ਖ਼ਤਾ ਹੋਈ ਏ, ਅਸਾਂ ਅੱਲਾਹ ਦੀ ਜ਼ਾਤ ਨੂੰ ਨਹੀਂ ਪਛਾਤਾ, ਨਾਨਕ ਤੇ ਵੱਡੀਆਂ ਬਰਕਤਾਂ ਬਰਸਾਣ ਵਾਲਾ, ਮਿਹਰਾਂ ਦਾ ਸਾਂਈ ਏ, ਇਸ ਨੂੰ ਅੱਜ ਤੋਂ ਬਾਅਦ ਕਿਸੇ ਨੇ ਕੁੱਝ ਨਹੀਂ ਆਖਣਾ, ਰੱਬ ਦੀ ਰਜ਼ਾ ਵਿਚ, ਜੋ ਮਰਜ਼ੀ ਪਿਆ ਕਰੇ।'
ਰਾਇ ਬੁਲਾਰ, ਗੁਰੂ ਨਾਨਕ ਦੇਵ ਜੀ ਪਾਸੋਂ, ਉਮਰ ਵਿਚ 22 ਸਾਲ ਵੱਡੇ ਸਨ, ਮਜ਼ਹਬੀ ਤੌਰ 'ਤੇ ਇਕ ਮੁਸਲਮਾਨ ਸਨ ਤੇ ਅੱਲਾ ਦੀ ਬੰਦਗੀ ਵਿਚ ਯਕੀਨ ਰੱਖਦੇ ਸਨ, ਪਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਅਸਰੀਰੀ ਅਕੀਦਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਤੋਂ ਜੁਦਾ ਨਹੀਂ ਸੀ। ਏਹੀ ਵਜ੍ਹਾ ਸੀ ਕਿ ਰਾਇ ਬੁਲਾਰ ਸਾਹਿਬ ਨੇ ਆਪਣੀ ਕੁੱਲ ਮਿਲਖ ਦਾ ਲਗਪਗ ਅੱਧਾ ਹਿੱਸਾ, ਭਾਵ 19000 ਏਕੜ ਜ਼ਮੀਨੀ ਰਕਬਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਮਨਸੂਬ ਕਰਵਾ ਦਿੱਤਾ ਸੀ। ਜ਼ਿਕਰ ਯੋਗ ਹੈ ਕਿ ਨਨਕਾਣਾ ਸਾਹਿਬ ਦੇ ਮਾਲ ਰਿਕਾਰਡ ਦੇ ਖਾਨਾ ਮਲਕੀਅਤ ਵਿਚ, ਇਸ ਰਕਬੇ ਦਾ ਮਾਲਕ, ਅੱਜ ਵੀ 'ਬਾਬਾ ਨਾਨਕ' ਹੀ ਹੈ। ਇਹ ਵੀ ਇਕ ਵਚਿੱਤਰ ਸੱਚ ਹੈ, ਕਿ ਇਸ ਜ਼ਮੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਕਦੇ ਹਲ ਜੋਤਾ ਤੇ ਨਾ ਹੀ ਕਦੇ ਖੇਤੀ ਕੀਤੀ ਹੈ। ਇਸ ਸਮੁੱਚੇ ਰਕਬੇ ਦੀ ਦੇਖ-ਰੇਖ ਪਾਕਿਸਤਾਨ ਦੇ ਮਹਿਕਮਾ ਔਕਾਫ਼ ਦੇ ਜ਼ੇਰ-ਏ-ਬੰਦੋਬਸਤ ਹੈ। ਇਸੇ ਰਕਬੇ ਦੇ ਕੁਝ ਹਿੱਸੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੇ ਯਾਦਗਾਰੀ ਉਤਸਵ 'ਤੇ, ਪਾਕਿਸਤਾਨ ਦੀ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ਦੀ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ, ਪੰਜਾਬ (ਪਾਕਿਸਤਾਨ) ਦੇ ਵਜ਼ੀਰ-ਏ-ਆਹਲਾ, ਜਨਾਬ ਉਸਮਾਨ ਬੁਜ਼ਗਾਰ ਸਾਹਿਬ ਵਲੋਂ, ਨਨਕਾਣਾ ਸਾਹਿਬ ਵਿਖੇ, ਮਿਤੀ 13 ਜੁਲਾਈ 2019 ਨੂੰ ਰੱਖਿਆ ਗਿਆ ਹੈ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਤਾਮੀਰ 'ਤੇ ਲਗਪਗ 259 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਆਵੇਗਾ। ਪਾਕਿਸਤਾਨ ਦੀ ਮਰਕਜ਼ੀ ਹਕੂਮਤ ਅਤੇ ਪੱਛਮੀ ਪੰਜਾਬ ਦੀ ਸੂਬਾਈ ਹਕੂਮਤ ਅੱਗੇ ਮੇਰੀ ਅਰਜ਼ੋਈ ਹੈ ਕਿ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਾਮੀਰ ਦਾ ਕੰਮ ਮੁਕੰਮਲ ਹੋਣ ਉਪਰੰਤ, ਉਸ ਦੇ ਪ੍ਰਬੰਧਕੀ ਕੰਪਲੈਕਸ ਦਾ ਨਾਂਅ ਰਾਏ ਬੁਲਾਰ ਸਾਹਿਬ ਦੇ ਨਾਂਅ 'ਤੇ ਇਸ ਤਰ੍ਹਾਂ ਮਨਸੂਬ ਕੀਤਾ ਜਾਵੇ : 'ਰਾਏ ਬੁਲਾਰ ਸ਼ੋਅਬਾ-ਏ-ਇੰਤਜ਼ਾਮੀਆ'। ਇਸ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦਾ ਨਾਂਅ ਭਾਈ ਮਰਦਾਨਾ ਦੇ ਨਾਂਅ 'ਤੇ 'ਭਾਈ ਮਰਦਾਨਾ ਸ਼ੋਅਬਾ-ਏ-ਮੌਸੀਕੀ' ਰੱਖਿਆ ਜਾਵੇ ਅਤੇ ਯੂਨੀਵਰਸਿਟੀ ਦੇ ਪ੍ਰਕਾਸ਼ਕ ਵਿਭਾਗ ਦਾ ਨਾਂਅ ਭਾਈ ਬਾਲਾ ਜੀ ਦੇ ਨਾਂਅ 'ਤੇ, 'ਭਾਈ ਬਾਲਾ ਸ਼ੋਅਬਾ-ਏ-ਤਬਾਅਤ-ਓ-ਇਸ਼ਾਅਤ' ਰੱਖਿਆ ਜਾਵੇ, ਤਾਂ ਕਿ ਇਨ੍ਹਾਂ ਸਾਰਿਆਂ ਦੀ ਯਾਦ, ਭਵਿੱਖ ਦੀਆਂ ਨਸਲਾਂ ਦੇ ਜ਼ਿਹਨ ਵਿਚ, ਸਦੀਆਂ ਬੀਤ ਜਾਣ ਤੋਂ ਬਾਅਦ ਵੀ ਸਲਾਮਤ ਰਹੇ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਸਮੇਂ, ਕਸ਼ਮੀਰ, ਸੁਮੇਰ ਪਰਬਤ 'ਤੇ ਸਿੱਧ-ਗੋਸ਼ਟੀ ਵਿਚ ਮੁਬਤਲਾ ਸਨ ਜਦੋਂ ਉਨ੍ਹਾਂ ਦਾ ਪਰਮ ਸਨੇਹੀ, ਰਾਇ ਭੋਇ ਦੀ ਤਲਵੰਡੀ ਦਾ ਉਦਾਰ, ਸਰਦਾਰ, ਰਾਏ ਬੁਲਾਰ ਭੱਟੀ (1515 ਈਸਵੀ) ਵਫ਼ਾਤ ਪਾ ਗਏ। ਸਾਖੀ ਸਾਹਿਤ ਵਿਚ ਇਕ ਕਥਾ ਇਹ ਵੀ ਦਰਜ ਹੈ ਕਿ ਰਾਇ ਬੁਲਾਰ ਸਾਹਿਬ ਨੇ, ਆਖ਼ਰਤ ਦੇ ਵਕਤ ਗੁਰੂ ਨਾਨਕ ਸਾਹਿਬ ਨੂੰ ਬਹੁਤ ਯਾਦ ਕੀਤਾ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਵਿਚੇ ਹੀ ਛੱਡ ਕੇ ਆਪਣੇ ਮਹਿਰਮ ਮੁਰੀਦ ਰਾਇ ਬੁਲਾਰ ਦੇ ਆਖਰੀ ਦਰਸ਼ਨ ਦੀਦਾਰਿਆਂ ਲਈ ਅਚਨਚੇਤ ਰਾਇ ਭੋਇ ਦੀ ਤਲਵੰਡੀ ਪਰਤ ਆਏੇ, ਰਾਇ ਬੁਲਾਰ ਜੀ ਦਾ ਸਿਰ ਗੁਰੂ ਨਾਨਕ ਦੀ ਗੋਦ ਵਿਚ ਸੀ, ਕਿ ਰਾਏ ਬੁਲਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ।


ਖ਼ਬਰ ਸ਼ੇਅਰ ਕਰੋ

ਭਾਈ ਸਰਦਾਰਾ ਸਿੰਘ ਪਿੰਡ ਹਰਬੰਸਪੁਰਾ (ਖੰਨਾ)

ਭਾਈ ਸਰਦਾਰਾ ਸਿੰਘ ਦਾ ਜਨਮ 1890 'ਚ ਪਿੰਡ ਹਰਬੰਸਪੁਰਾ, ਜ਼ਿਲ੍ਹਾ ਲੁਧਿਆਣਾ, ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ: ਬਧਾਵਾ ਸਿੰਘ ਸੀ। ਸ: ਬਧਾਵਾ ਸਿੰਘ ਗੁਰਮਤਿ ਦਾ ਧਾਰਨੀ ਸੀ, ਇਸ ਲਈ ਭਾਈ ਸਰਦਾਰਾ ਸਿੰਘ ਨੂੰ ਗੁਰਸਿੱਖੀ ਦਾ ਪਿਆਰ ਵਿਰਸੇ ਵਿਚ ਹੀ ਮਿਲਿਆ। ਬਚਪਨ ਵਿਚ ਉਸ ਨੇ ਗੁਰਮੁਖੀ ਗਿਆਨ ਪ੍ਰਾਪਤ ਕੀਤਾ ਅਤੇ ਫਿਰ ਪੰਜ ਗ੍ਰੰਥੀ, ਦਸ ਗ੍ਰੰਥੀ ਪੜ੍ਹਨ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਿਚ ਮੁਹਾਰਤ ਪ੍ਰਾਪਤ ਕੀਤੀ। ਗੱਭਰੂ ਉਮਰ ਵਿਚ ਉਹ ਅਮਲੋਹ ਨੇੜੇ ਰਿਆਸਤ ਨਾਭਾ ਦੇ ਪਿੰਡ ਭੋਲੀਆ ਵਿਚ ਗੁਰਦੁਆਰੇ ਦਾ ਗ੍ਰੰਥੀ ਨਿਯੁਕਤ ਹੋ ਗਿਆ। ਉਨ੍ਹੀਂ ਦਿਨੀਂ ਪੰਜਾਬੀ ਚੰਗੀ ਕਮਾਈ ਦੀ ਨੀਅਤ ਨਾਲ ਵਿਦੇਸ਼ ਜਾਣ ਲੱਗ ਪਏ ਸਨ। ਭਾਈ ਸਰਦਾਰਾ ਸਿੰਘ ਦੇ ਮਨ ਵਿਚ ਵੀ ਕੁਝ ਸਮੇਂ ਪਿੱਛੋਂ ਵਿਦੇਸ਼ ਜਾਣ ਦਾ ਵਿਚਾਰ ਬਣਿਆ ਤਾਂ ਉਹ ਕਲਕੱਤੇ ਪਹੁੰਚ ਗਿਆ। ਇੱਥੇ ਉਸ ਨੇ ਹਾਵੜਾ ਸਥਿਤ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਸੰਭਾਲ ਲਈ ਅਤੇ 1910 ਵਿਚ ਬਰਮਾ ਵਿਚ ਜਾ ਕੇ ਰੰਗੂਨ ਦੇ ਗੁਰਦੁਆਰੇ ਵਿਚ ਗ੍ਰੰਥੀ ਨਿਯੁਕਤ ਹੋ ਗਿਆ। ਕੁਝ ਸਮੇਂ ਪਿੱਛੋਂ ਉਸ ਨੇ ਮਾਂਡਲੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਲਿਆ। 1914 ਵਿਚ ਉਹ ਹਾਂਗਕਾਂਗ ਵਿਚ ਸੀ। ਬਾਬਾ ਗੁਰਦਿੱਤ ਸਿੰਘ ਵਲੋਂ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਲੈ ਕੇ ਜਾਣ ਸਮੇਂ ਉਹ ਬਾਬਾ ਜੀ ਦੇ ਪੱਖ ਵਿਚ ਸਰਗਰਮ ਰਿਹਾ। ਇੱਥੇ ਉਹ ਗ਼ਦਰੀਆਂ ਦੇ ਸੰਪਰਕ ਵਿਚ ਆਇਆ ਅਤੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਹੋ ਗਿਆ। ਉਹ ਨਵੰਬਰ 1915 ਵਿਚ ਦੇਸ਼ ਪਰਤਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪਿੰਡ ਲਿਆ ਕੇ ਉਸ ਉੱਤੇ ਜੂਹਬੰਦੀ ਲਾਗੂ ਕਰ ਦਿੱਤੀ। 1920 ਦੇ ਸ਼ਾਹੀ ਐਲਾਨ ਅਧੀਨ ਉਸ ਨੂੰ ਜੂਹਬੰਦੀ ਤੋਂ ਮੁਕਤੀ ਮਿਲੀ ਤਾਂ ਉਹ ਫਿਰ ਸਰਗਰਮ ਹੋ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਉਸ ਨੇ ਸਰਕਾਰ ਵਿਰੋਧੀ ਪ੍ਰਚਾਰ ਦੀ ਹਨ੍ਹੇਰੀ ਲਿਆ ਦਿੱਤੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਪ੍ਰਚਾਰਕ ਨਿਯੁਕਤ ਕਰ ਦਿੱਤਾ। ਭਾਈ ਤੇਜਾ ਸਿੰਘ ਭੁੱਚਰ ਨੇ ਗੜਗੱਜ ਅਕਾਲੀ ਅਖ਼ਬਾਰ ਸ਼ੁਰੂ ਕੀਤਾ ਤਾਂ ਉਸ ਨੂੰ ਸੰਪਾਦਕ ਦੀ ਜ਼ਿੰਮੇਵਾਰੀ ਸੌਂਪੀ। ਮਾਲਵਾ ਪ੍ਰਤੀਨਿਧੀ ਖ਼ਾਲਸਾ ਦੀਵਾਨ ਬਣਾਏ ਜਾਣ ਸਮੇਂ ਉਸ ਨੂੰ ਸਹਾਇਕ ਸਕੱਤਰ ਬਣਾਇਆ ਗਿਆ। ਜੈਤੋ ਦਾ ਮੋਰਚਾ ਸ਼ੁਰੂ ਹੋਇਆ ਤਾਂ ਉਸ ਨੇ ਸਤੰਬਰ 1923 ਵਿਚ ਜੈਤੋ ਜਾ ਕੇ ਭਾਸ਼ਨ ਦਿੱਤਾ। ਨਾਭਾ ਰਿਆਸਤ ਨੇ ਉਸ ਦੇ ਭਾਸ਼ਨ ਨੂੰ ਬਾਗੀਆਨਾ ਐਲਾਨਦਿਆਂ ਉਸ ਵਿਰੁੱਧ ਹਿੰਦ ਡੰਡਾਵਲੀ ਦੀ ਧਾਰਾ 124-ਏ ਅਧੀਨ ਮੁਕੱਦਮਾ ਚਲਾਇਆ, ਜਿਸ ਵਿਚ ਉਸ ਨੂੰ ਛੇ ਸਾਲ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ ਗਈ। ਪੰਜਾਬ ਪੁਲਿਸ ਵਲੋਂ ਸਮੂਹ ਗ਼ਦਰੀ-ਅਕਾਲੀਆਂ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਬਣਾਈ ਫਾਈਲ ਨੰਬਰ 9220 ਐੱਸ.ਬੀ. ਵਿਚ ਭਾਈ ਸਰਦਾਰਾ ਸਿੰਘ ਦਾ ਜ਼ਿਕਰ ਹੋਣ ਤੋਂ ਬਿਨਾਂ ਪੰਜਾਬ ਪੁਲਿਸ ਨੇ ਸਮੇਂ-ਸਮੇਂ ਉਸ ਦੀਆਂ ਗਤੀਵਿਧੀਆਂ ਦਾ ਰਿਕਾਰਡ ਦੋ ਫਾਈਲਾਂ ਵਿਚ ਦਰਜ ਕੀਤਾ। ਇਨ੍ਹਾਂ ਫਾਈਲਾਂ ਦੇ ਨੰਬਰ 1990 ਅਤੇ 2369 ਐੱਸ.ਬੀ. ਸਨ। ਭਾਵੇਂ ਭਾਈ ਸਰਦਾਰਾ ਸਿੰਘ ਬਾਰੇ ਹੋਰ ਜਾਣਕਾਰੀ ਨਹੀਂ ਮਿਲੀ ਪਰ ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸਮੇਂ ਦਾ ਸਰਗਰਮ ਅਕਾਲੀ ਵਰਕਰ ਸੀ।


3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸਰਦਾਰ ਹਰੀ ਸਿੰਘ ਨਲੂਆ

ਨਿਧੜਕ ਜਰਨੈਲ, ਸਿੱਖ ਰਾਜ ਦਾ ਸ਼ਿੰਗਾਰ, ਅਦੁੱਤੀ ਪ੍ਰਬੰਧਕ ਅਤੇ ਜਾਂਬਾਜ਼ ਸੂਰਮੇ ਸ: ਹਰੀ ਸਿੰਘ ਨਲੂਏ ਦੀ ਗਿਣਤੀ ਸੰਸਾਰ ਦੇ ਬਹਾਦਰਾਂ ਵਿਚ ਹੁੰਦੀ ਹੈ। ਉਸ ਦਾ ਜਨਮ ਗੁੱਜਰਾਂਵਾਲੇ ਵਿਖੇ ਪਿਤਾ ਸ: ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ ਹੋਇਆ। ਸੱਤ ਸਾਲ ਦੀ ਉਮਰ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਸਿੱਖੀ ਸੰਸਕਾਰਾਂ ਵਿਚ ਪਲੇ ਹਰੀ ਸਿੰਘ ਨੇ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ। ਸੰਨ 1805 ਵਿਚ ਬਸੰਤ ਮੇਲੇ 'ਤੇ ਸਿਰਫ਼ 14 ਸਾਲ ਦੀ ਉਮਰ ਵਿਚ ਉਸ ਨੇ ਤੇਗ਼ ਅਤੇ ਘੋੜ ਸਵਾਰੀ ਦੇ ਉਹ ਜੌਹਰ ਵਿਖਾਏ ਕਿ ਗੁਣਾਂ ਦੇ ਕਦਰਦਾਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਇਕ ਵਾਰ ਸ਼ੇਰ ਦੇ ਅਚਾਨਕ ਹਮਲਾ ਕਰਨ 'ਤੇ ਹਰੀ ਸਿੰਘ ਨੇ ਉਸ ਨੂੰ ਜਬਾੜ੍ਹਿਆਂ ਤੋਂ ਫੜ ਕੇ ਜ਼ਮੀਨ 'ਤੇ ਪਟਕਾ ਦਿੱਤਾ। ਇਸ ਬਹਾਦਰੀ ਸਦਕਾ ਮਹਾਰਾਜੇ ਨੇ ਉਸ ਨੂੰ ਨਲੂਏ ਦਾ ਖ਼ਿਤਾਬ ਦਿੱਤਾ ਅਤੇ 800 ਘੋੜ ਸਵਾਰਾਂ ਦੀ ਸਰਦਾਰੀ ਦਿੱਤੀ। ਉਸ ਦੀਆਂ ਰਗਾਂ ਵਿਚ ਵਤਨ ਦਾ ਪਿਆਰ ਅਤੇ ਗੁਰੂ ਦਾ ਸਤਿਕਾਰ ਭਰਿਆ ਹੋਇਆ ਸੀ। ਉਸ ਨੇ ਅਨੇਕਾਂ ਮੁਹਿੰਮਾਂ ਅਤੇ ਲੜਾਈਆਂ ਸਰ ਕੀਤੀਆਂ। ਉਹ ਸਦਾਚਾਰਕ ਆਤਮਿਕ ਅਤੇ ਰੂਹਾਨੀ ਗੁਣਾਂ ਦਾ ਮੁਜੱਸਮਾ ਸੀ। ਮੁਲਤਾਨ, ਅਟਕ, ਕਸ਼ਮੀਰ, ਹਜ਼ਾਰਾ, ਨੌਸ਼ਹਿਰਾ ਅਤੇ ਪਿਸ਼ਾਵਰ ਦੀਆਂ ਜੰਗਾਂ ਜਿੱਤ ਕੇ ਉਸ ਨੇ ਖ਼ਾਲਸਾ ਰਾਜ ਦੀ ਉਸਾਰੀ ਵਿਚ ਮਹਾਨ ਯੋਗਦਾਨ ਪਾਇਆ। ਅਣਥੱਕ ਜੋਧਾ ਹੋਣ ਕਰਕੇ ਉਸ ਨੂੰ ਅਨੇਕਾਂ ਸ਼ਾਹੀ ਸਨਮਾਨ ਪ੍ਰਾਪਤ ਹੋਏ। ਉਹ ਅੰਤਾਂ ਦਾ ਵਫ਼ਾਦਾਰ ਸੰਤ ਸਿਪਾਹੀ ਸੀ। ਮੁਲਤਾਨ ਦੀ ਜੰਗ ਵਿਚ ਉਸ ਦਾ ਸਰੀਰ ਝੁਲਸ ਗਿਆ ਸੀ। ਉਸ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਤਾਂ ਏਨਾ ਚੰਗਾ ਪ੍ਰਬੰਧ ਕੀਤਾ ਕਿ ਮਹਾਰਾਜੇ ਨੇ ਉਸ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਜਦੋਂ ਹਰੀ ਸਿੰਘ ਨੂੰ ਪਿਸ਼ਾਵਰ ਦਾ ਰਾਜ ਪ੍ਰਬੰਧ ਮਿਲਿਆ ਤਾਂ ਉਸ ਨੇ ਹਿੰਦੂਆਂ 'ਤੇ ਲੱਗਿਆ ਹੋਇਆ ਜਜ਼ੀਆ ਟੈਕਸ ਹਟਾ ਦਿੱਤਾ। ਕਾਬਲ ਤੋਂ ਨਹਿਰਾਂ ਚਾਲੂ ਕਰ ਕੇ ਖੇਤੀਬਾੜੀ ਵਿਚ ਵਾਧਾ ਕੀਤਾ। ਖੂਹ ਲਗਵਾਏ, ਕਿਲ੍ਹੇ ਬਣਵਾਏ। ਪੰਜਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ। ਉਸ ਦੀ ਬਹਾਦਰੀ ਦੀ ਧਾਂਕ ਏਨੀ ਸੀ ਕਿ ਅਜਿੱਤ ਸਮਝੇ ਜਾਂਦੇ ਪਠਾਣ ਉਹਦੇ ਨਾਂਅ ਤੋਂ ਹੀ ਕੰਬ ਜਾਂਦੇ ਸਨ। ਪਠਾਣੀਆਂ ਉਹਦਾ ਡਰ ਦੇ ਕੇ ਬੱਚੇ ਚੁੱਪ ਕਰਾਉਂਦੀਆਂ ਸਨ। ਦੁਸ਼ਮਣ ਵੀ ਉਸ ਦੇ ਆਚਰਣ ਦੀ ਤਾਰੀਫ਼ ਕਰਦੇ ਸਨ। ਉਸ ਨੇ ਲੋਕ ਭਲਾਈ ਦੇ ਬਹੁਤ ਕੰਮ ਕੀਤੇ। ਗੁਰਦੁਆਰੇ ਤਾਮੀਰ ਕਰਵਾਏ, ਬਾਗ਼ ਲਗਵਾਏ, ਦਸਤਕਾਰੀ ਅਤੇ ਕੇਸਰ ਦੀ ਖੇਤੀ ਲਈ ਮਦਦ ਕੀਤੀ। ਵਿਦੇਸ਼ੀ ਧਾੜਵੀਆਂ ਦੇ ਰਾਹ ਸਦਾ ਲਈ ਬੰਦ ਕਰ ਦਿੱਤੇ। ਨਲੂਆ ਬਹੁਤ ਵਿਦਵਾਨ ਅਤੇ ਦੂਰਅੰਦੇਸ਼ ਸੀ। ਹਰ ਮੁਕਾਮ 'ਤੇ ਜਿੱਤ ਹਾਸਲ ਕਰਨ ਵਾਲਾ ਇਹ ਸ਼ੇਰ ਅੰਤ 30 ਅਪ੍ਰੈਲ, 1837 ਈ: ਨੂੰ ਛਾਤੀ 'ਚ ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਮਹਾਰਾਜੇ ਨੇ ਹੰਝੂ ਵਹਾਉਂਦਿਆਂ ਹੋਇਆਂ ਕਿਹਾ ਕਿ ਅੱਜ ਮੇਰੀ ਸੱਜੀ ਬਾਂਹ ਟੁੱਟ ਗਈ ਹੈ। ਇਸ ਗੁਣਵਾਨ, ਬਲਵਾਨ, ਵਿਦਵਾਨ ਅਤੇ ਖ਼ਾਲਸਾ ਪੰਥ ਦੀ ਆਨ-ਸ਼ਾਨ ਲਈ ਕੁਰਬਾਨ ਹੋਏ ਇਨਸਾਨ ਦਾ ਨਾਂਅ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਰਸਾਂ ਦੀ ਵਿਆਖਿਆ

ਰਸ ਭਰੇ ਵਾਕਾਂ ਤੋਂ ਹੀ ਕਵਿਤਾ ਬਣਦੀ ਹੈ। ਇਸ ਕਰਕੇ ਰਸ-ਭਰਪੂਰ ਕਵਿਤਾ ਕਈ ਪ੍ਰਕਾਰ ਦੇ ਰਸਾਂ ਨਾਲ ਭਰੀ ਹੁੰਦੀ ਹੈ। ਭਾਰਤ ਵਿਚ, ਭਾਰਤੀ ਭਾਸ਼ਾਵਾਂ ਵਿਚ (ਉਰਦੂ ਗ਼ਜ਼ਲ ਤੋਂ ਪਹਿਲਾਂ) ਅਤਿ ਉੱਚ-ਕੋਟੀ ਦੀ ਕਵਿਤਾ ਲਿਖੀ ਗਈ ਹੈ ਅਤੇ ਉੱਤਮ ਸਾਹਿਤ ਦੀ ਰਚਨਾ ਹੋਈ ਹੈ।
ਸਭ ਤੋਂ ਪਹਿਲੋਂ ਭਰਤ ਮੁਨੀ ਨੇ ਰਸ ਵਿਆਖਿਆ ਕੀਤੀ ਸੀ। ਭਰਤ ਮੁਨੀ ਦੀ ਰਸ ਵਿਆਖਿਆ ਨੂੰ ਆਧਾਰ ਮੰਨ ਕੇ ਹੀ ਅਗੋਂ ਹੋਰ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ। ਕਈ ਵਿਦਵਾਨ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਛੰਦ, ਅਲੰਕਾਰ ਅਤੇ ਰਸ; ਭਾਰਤੀ-ਕਾਵਿ ਦੇ ਜ਼ਰੂਰੀ ਅੰਗ ਹਨ। ਕਵਿਤਾ ਪੜ੍ਹ ਕੇ, ਜਾਂ ਸੁਣ ਕੇ ਅਤੇ ਵਕਤਾ ਦੇ ਹਾਵ ਭਾਵ ਵੇਖ ਕੇ, ਜੋ ਅਨੰਦ ਆਵੇ, ਉਹ ਹੀ ਕਵਿਤਾ ਦਾ ਰਸ ਹੈ। ਰਸ ਹੀ ਕਵਿਤਾ ਦਾ ਅਸਲੀ ਤੱਤ ਹੁੰਦਾ ਹੈ। ਕਈ ਰਸ ਲੰਬਾ ਸਮਾਂ ਰਹਿੰਦੇ ਹਨ ਪਰ, ਕਈ ਥੋੜ੍ਹਾ ਚਿਰ ਹੀ ਰਹਿੰਦੇ ਹਨ। ਜਿਵੇਂ : ਕ੍ਰੋਧ, ਸੋਗ, ਗਿਲਾਨੀ ਆਦਿ ਲੰਬਾ ਸਮਾਂ ਨਹੀਂ ਰਹਿੰਦੇ।
'ਨਾਨਕ ਸਾਇਰ ਏਵ ਕਹਤਿ ਹੈ' : ਨਾਨਕ ਸ਼ਾਇਰ ਨੇ, ਨਾਨਕ ਬਾਣੀ ਵਿਚ ਸਾਰੇ ਹੀ ਰਸ ਲਿਖ ਕੇ, ਇਸ ਬਾਣੀ ਨੂੰ ਰਸ ਭਿੰਨੀ ਬਣਾ ਦਿੱਤਾ ਹੈ। ਜੇ ਇਨ੍ਹਾਂ ਰਸਾਂ ਦਾ ਸਾਨੂੰ ਗਿਆਨ ਹੋ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੀ ਰਸ ਭਰੀ ਬਾਣੀ ਦਾ ਰਸ ਸਾਨੂੰ ਵੀ ਰਸ ਭਰਪੂਰ ਕਰ ਦੇਵੇਗਾ।
ਸੰਗੀਤ ਅਤੇ ਕਾਵਿ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਹੀ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ। ਸੰਗੀਤ ਦੀ ਇਹ ਵਿਸ਼ੇਸ਼ਤਾ ਹੈ ਕਿ ਸੰਗੀਤ ਭਗਤੀ ਭਾਵ ਨੂੰ ਪ੍ਰਚੰਡ ਕਰਦਾ ਹੈ। ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ; ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਆਧਾਰਤਿ ਹੈ।
ਸਤਿਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਦੇ 947/947 ਸਲੋਕ/ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਅੰਕਿਤ ਹਨ। ਇਹ ਅਤਿ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ, ਕਾਵਿ ਰਸਾਂ ਨਾਲ ਭਰਪੂਰ ਹੈ ਅਤੇ ਸੰਗੀਤਮਈ ਹੈ।
ਕੀਰਤਨ ਪ੍ਰਥਾ ਪ੍ਰਚਲਿਤ ਹੋਣ ਕਰਕੇ 31/31 ਰਾਗਾਂ ਬਾਰੇ ਤਾਂ ਕੁਝ ਖੋਜ ਹੋਈ ਹੈ, ਕੁਝ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ। ਗੁਰਬਾਣੀ ਵਿਚਲੇ ਕਾਵਿ ਰਸਾਂ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਲਿਖਣ ਦੀ ਲੋੜ ਹੈ। ਗੁਰੂ ਜੀ ਦੀ, ਸਰਵਪ੍ਰਿਆ ਬਾਣੀ 'ਜਪੁ ਜੀ' ਵਿਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਵਿਦਮਾਨ ਹਨ। ਭਾਵੇਂ, 'ਜਪੁ ਜੀ' ਦੇ ਕਈ ਸੌ ਟੀਕੇ, ਤਰਜਮੇਂ ਕਈ ਭਾਸ਼ਾਵਾਂ ਵਿਚ ਹੋ ਚੁਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਵਿਆਖਿਆ ਦੀ ਅਜੇ ਲੋੜ ਹੈ।
ਕਾਵਿ ਸ਼ਾਸਤਰ ਵਿਚ ਕਵਿਤਾ ਦੇ ਨੌ ਰਸ ਮੰਨੇ ਗਏ ਹਨ ਜਿਨ੍ਹਾਂ ਦੇ ਨਾਂਅ ਇਹ ਹਨ (ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਦ ਰਸ, ਸ਼ਾਂਤ ਰਸ)। ਪਰ, ਭਗਤੀ ਮਾਰਗ ਦੇ ਕੁਝ ਵਿਦਵਾਨਾਂ ਨੇ ਕੇਵਲ ਪੰਜ ਰਸ ਮੰਨੇ ਹਨ, ਜਿਨ੍ਹਾਂ ਵਿਚੋਂ ਦੋ ਰਸ 'ਸ਼ਾਂਤ' ਅਤੇ 'ਸ਼ਿੰਗਾਰ' ਤਾਂ ਪਹਿਲੇ ਨੌਵਾਂ ਵਿਚ ਹੀ ਆ ਜਾਂਦੇ ਹਨ ਬਾਕੀ ਤਿੰਨ ਇਹ ਹਨ; ਦਾਸ ਰਸ, ਵਾਤਸਲਯ ਰਸ ਅਤੇ ਸਖਾ ਰਸ। ਇਸ ਤਰ੍ਹਾਂ ਸਾਰੇ ਮਿਲ ਕੇ ਕਾਵਿ ਰਸਾਂ ਦੀ ਗਣਿਤੀ 12/12 ਹੋ ਜਾਂਦੀ ਹੈ। ਕਈ ਵਿਦਵਾਨਾਂ ਨੇ ਭਗਤੀ ਨੂੰ ਵੱਖਰਾ ਰਸ ਮੰਨਿਆ ਹੈ। ਜੇ ਭਗਤੀ ਨੂੰ ਵੀ ਰਸ ਮੰਨ ਲਈਏ ਤਾਂ ਗਣਿਤੀ 13/13 ਹੋ ਜਾਂਦੀ ਹੈ। ਵਿਦਵਾਨਾਂ ਨੇ ਸਾਰੇ ਰਸਾਂ ਦਾ ਰਾਜਾ 'ਸ਼ਿੰਗਾਰ ਰਸ' ਨੂੰ ਮੰਨਿਆ ਹੈ।
ਕਾਵਿ ਰਸਾਂ ਦੇ ਉਦਾਹਰਣ:-
1. ਸ਼ਿੰਗਾਰ ਰਸ : ਇਸ਼ਕ ਮਜਾਜ਼ੀ ਪ੍ਰੇਮ ਭਾਵ। ਜੋ ਨਰ ਅਤੇ ਮਾਦਾ ਦੇ ਸ਼ਿੰਗਾਰ ਕਰਨ, ਸ਼ਿੰਗਾਰ ਨੂੰ ਵੇਖਣ ਤੇ ਸੁਨਣ ਕਾਰਨ ਉਤਪੰਨ ਹੋਵੇ। ਇਸ ਨੂੰ 'ਸ਼ਿੰਗਾਰ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਕਾਮ ਇੱਛਾ ਹੈ।
ਨੈਨ ਸਲੋਨੀ ਸੁੰਦਰ ਨਾਰੀ॥
ਖੋੜ ਸੀਗਾਰ ਕਰੈ ਅਤਿ ਪਿਆਰੀ॥
ਦਰ ਘਰ ਮਹਲਾ ਸੇਜ ਸੁਖਾਲੀ॥
ਅਹਿਨਿਸਿ ਫੂਲ ਬਿਛਾਵੈ ਮਾਲੀ॥
(ਰਾਗ ਗਉੜੀ, ਅੰਗ 225/225)
2. ਹਾਸ ਰਸ : ਕਿਸੇ ਕਾਰਨ ਕਰਕੇ ਪ੍ਰਸੰਨਤਾ ਪੂਰਵਕ ਹਾਸਾ ਆਉਣਾ। ਇਸ ਨੂੰ 'ਹਾਸ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਹਾਸੀ ਹੈ।
ਵਾਇਨਿ ਚੇਲੇ ਨਚਨਿ ਗੁਰ। ਪੈਰ ਹਲਾਇਨ੍ਹਿ ਫੇਰਨ੍ਹ ਸਿਰਿ। ਉਡਿ ਉਡਿ ਰਾਵਾ ਝਾਟੈ ਪਾਇ। ਵੇਖੈ ਲੋਕੁ ਹਸੈ ਘਰ ਜਾਇ। (ਰਾਗ ਆਸਾ, ਅੰਗ 465/465)
3. ਕਰੁਣਾ ਰਸ : ਆਪਣੀ ਇੱਛਾ ਦੇ ਵਿਰੁੱਧ ਕੋਈ ਘਟਨਾ ਹੋਣ ਕਾਰਨ ਜੋ ਦੁੱਖਦਾਈ ਅਵਸਥਾ ਬਣਦੀ ਹੈ ਜਾਂ, ਕਿਸੇ ਨੂੰ ਦਇਆ ਵਾਲੀ ਅਵਸਥਾ ਵਿਚ ਵੇਖ ਕੇ, ਸੁਣ ਕੇ ਜੋ ਦੁੱਖਦਾਈ ਅਵਸਥਾ ਮਨ ਦੀ ਬਣਦੀ ਹੈ, ਉਸ ਨੂੰ 'ਕਰੁਣਾ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਸੋਗ ਹੈ।
ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ॥
ਸੇ ਸਿਰ ਕਾਤੀ ਮੁੰਨੀਅਨ੍ਹ ਗਿਲ ਵਿਚਿ ਆਵੈ ਧੂੜਿ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹਿ ਹਦੂਰਿ॥
(ਰਾਗ ਆਸਾ, ਅੰਗ 417/417)
4. ਰੌਦਰ ਰਸ : ਕਿਸੇ ਦੁਆਰਾ ਮਨ ਜਾਂ ਤਨ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਪੁਹੰਚਣ ਕਾਰਨ ਜੋ ਬਦਲੇ ਦੀ ਭਾਵਨਾ ਉਪਜੇ, ਉਸ ਨੂੰ 'ਰੌਦਰ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਕ੍ਰੋਧ ਹੈ।
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥
(ਰਾਗ ਆਸਾ, ਅੰਗ 418/418)
5. ਵੀਰ ਰਸ : ਕਿਸੇ ਵਿਸ਼ੇਸ਼ ਕਾਰਨ ਕਰਕੇ, ਕਿਸੇ ਕਾਰਜ ਨੂੰ ਖ਼ੁਸ਼ੀ ਅਤੇ ਚਾਅ ਨਾਲ ਕਰਨ ਦੀ ਤੀਵਰ ਇੱਛਾ ਨੂੰ 'ਵੀਰ ਰਸ' ਕਿਹਾ ਜਾਂਦਾ ਹੈ। ਇਸ ਦਾ ਸਥਾਈ ਭਾਵ ਉਤਸ਼ਾਹ ਹੈ।
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥
(ਰਾਗ ਆਸਾ, ਅੰਗ 467/467)
6. ਭਿਆਨਕ ਰਸ : ਕਿਸੇ ਡਰਾਉਣੇ ਦ੍ਰਿਸ਼, ਘਟਨਾ ਜਾਂ ਪ੍ਰਾਣੀ ਨੂੰ ਦੇਖ ਕੇ ਅਤੇ ਉਸ ਬਾਰੇ ਪੜ੍ਹ ਕੇ, ਸੁਣ ਕੇ, ਜੋ ਡਰ ਦਾ ਭਾਵ ਮਨ ਵਿਚ ਆਵੇ, ਉਸ ਨੂੰ 'ਭਿਆਨਕ ਰਸ' ਕਿਹਾ ਜਾਂਦਾ ਹੈ। ਇਸ ਦਾ ਸਥਾਈ ਭਾਵ ਡਰ ਹੈ।
ਮਮ ਸਰ ਮੂਇ ਅਜਰਾਈਲ ਗਰਿਫਤਹ ਦਲਿ ਹੇਚ ਨਿ ਦਾਨੀ॥
(ਰਾਗ ਤਲਿੰਗ, ਅੰਗ 721/721)
7. ਬੀਭਤਸ ਰਸ : ਕਿਸੇ ਘ੍ਰਣਿਤ ਵਸਤੂ ਜਾਂ ਘਟਨਾ ਨੂੰ ਵੇਖ ਕੇ ਜਾਂ ਉਸ ਬਾਰੇ ਸੁਣ ਕੇ, ਪੜ੍ਹ ਕੇ, ਜੋ ਘਿਰਣਾ ਦਾ ਭਾਵ ਉਪਜੇ, ਉਸ ਨੂੰ 'ਬੀਭਤਸ ਰਸ' ਕਿਹਾ ਜਾਂਦਾ ਹੈ। ਇਸ ਦਾ ਸਥਾਈ ਭਾਵ ਘਿਰਣਾ ਹੈ।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥
(ਰਾਗ ਆਸਾ, ਅੰਗ 360/360)
8. ਅਦਭੁਤ ਰਸ : ਕਿਸੇ ਅਲੌਕਿਕ ਦ੍ਰਿਸ਼ ਨੂੰ ਵੇਖ ਕੇ ਜਾਂ ਪੜ੍ਹ-ਸੁਣ ਕੇ ਹੈਰਾਨੀ ਦਾ ਜੋ ਭਾਵ ਮਨ ਵਿਚ ਉਪਜੇ, ਉਸ ਭਾਵ ਨੂੰ 'ਅਦਭੁਤ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਹੈਰਾਨੀ ਹੈ।
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
(ਜਪੁ ਜੀ, ਅੰਗ 1/1)
9. ਸ਼ਾਂਤ ਰਸ : ਵਿਚਾਰਨ ਸਦਕਾ; ਇਸ ਨਾਸ਼ਵਾਨ ਸੰਸਾਰ ਤੋਂ ਹੋਈ ਉਪਰਾਮਤਾ ਤੋਂ ਉਪਰੰਤ, ਜੋ ਵਿਰਕਤ ਬਿਰਤੀ ਬਣਦੀ ਹੈ, ਉਸ ਨੂੰ 'ਸ਼ਾਂਤ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਵੈਰਾਗ ਹੈ।
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ।
(ਰਾਗ ਗਉੜੀ, ਅੰਗ 503/503)
10. ਵਾਤਸਲਯ ਰਸ : ਪ੍ਰਭੂ ਵਲੋਂ ਆਪਣੇ ਭਗਤਾਂ ਨਾਲ ਆਪਣਾ ਫ਼ਰਜ਼ ਨਿਭਾਉਂਦੇ ਹੋਏ ਪਿਆਰ ਕਰਨ ਦੇ ਭਾਵ ਨੂੰ, ਭਗਤਾਂ ਦੀ ਰੱਖਿਆ ਕਰਨ ਦੇ ਭਾਵ ਨੂੰ, 'ਵਾਤਸਲਯ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਕਰਤਵ ਅਧੀਨ ਪ੍ਰੇਮ ਹੈ।
ਭਗਤਿ ਵਛਲੁ ਭਗਤਾ ਹਰਿ ਸੰਗਿ। ਨਾਨਕ ਮੁਕਤਿ ਭਏ ਹਰਿ ਰੰਗਿ।
(ਰਾਗ ਆਸਾ,
ਅੰਗ 416/416)
11. ਦਾਸ ਰਸ : ਆਪਣੇ ਇਸ਼ਟ ਪ੍ਰਤੀ, ਭਗਤੀ ਭਾਵ ਨਾਲ ਨਿਮ੍ਰਤਾ ਰੱਖਣ ਨੂੰ 'ਦਾਸ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਨਿਮ੍ਰਤਾ ਹੈ।
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ।
(ਰਾਗ ਬਸੰਤ,
ਅੰਗ 1171/1171)
12. ਸਖਾ ਰਸ : ਪ੍ਰੇਮਾ ਭਗਤੀ ਵਿਚ ਭਿੱਜ ਕੇ ਇਸ਼ਟ ਨੂੰ ਆਪਣਾ ਸਖਾ/ਮਿਤ੍ਰ ਮੰਨਣ ਦੇ ਭਾਵ ਨੂੰ 'ਸਖਾ ਰਸ' ਕਹਿੰਦੇ ਹਨ॥ ਇਸ ਦਾ ਸਥਾਈ ਭਾਵ ਇਸ਼ਟ ਵਿਚ ਮੀਤ ਭਾਵ ਹੈ।
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ॥
(ਰਾਗ ਮਾਰੂ,
ਅੰਗ 1021/1021)
13. ਭਗਤੀ ਰਸ : ਕੁਛ ਪੜ੍ਹ ਕੇ, ਸੁਣ ਕੇ ਅਤੇ ਵੇਖ ਕੇ, ਮਨੁੱਖੀ ਮਨ ਵਿਚ ਨਿਸ਼ਠਾ, ਪ੍ਰੇਮ ਅਤੇ ਸਤਿਕਾਰ ਪੂਰਵਕ ਆਪਣੇ ਅਰਾਧਯ ਇਸ਼ਟ ਪ੍ਰਤੀ ਜੋ ਸੇਵਾ, ਉਪਾਸਨਾ ਦਾ ਭਾਵ ਉਪਜਦਾ ਹੈ। ਉਸ ਨੂੰ 'ਭਗਤੀ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਸ਼ਰਧਾ ਹੈ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
(ਜਪੁ ਜੀ, ਅੰਗ 6/6)


navtejsinghnamdhari@gmail.com

ਚੁਨਾਰ ਦਾ ਕਿਲ੍ਹਾ : ਜਿੱਥੇ ਮਹਾਰਾਣੀ ਜਿੰਦਾਂ ਨੂੰ ਕੀਤਾ ਗਿਆ ਸੀ ਕੈਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਚੁਨਾਰ ਦੇ ਕਿਲ੍ਹੇ 'ਤੇ ਬਹੁਤ ਸਾਰੇ ਸਾਸ਼ਕਾਂ ਦੁਆਰਾ ਸਾਸ਼ਨ ਕੀਤਾ ਗਿਆ। ਸ਼ੇਰ ਸ਼ਾਹ ਸੂਰੀ ਨੇ 1530 ਈ: ਵਿਚ ਚੁਨਾਰ ਦੇ ਕਿਲ੍ਹੇ ਨੂੰ ਤਾਜ ਖ਼ਾਨ (ਤਾਜ ਖਾਨ ਇਬਰਾਹਿਮ ਲੋਦੀ ਦੇ ਰਾਜ ਸਮੇਂ ਰਾਜਪਾਲ ਸੀ।) ਦੀ ਵਿਧਵਾ 'ਲਾਡ ਮਲਿਕਾ' ਸਾਰੰਗ ਖਾਨੀ ਨਾਲ ਵਿਆਹ ਕਰਵਾ ਕੇ ਸ਼ਕਤੀਸ਼ਾਲੀ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਫਿਰ ਉਸ ਨੇ ਬੰਗਾਲ ਉੱਤੇ ਕਬਜ਼ਾ ਕਰਨ ਲਈ ਆਪਣੀ ਰਾਜਧਾਨੀ ਰੋਹਤਾਸ ਤਬਦੀਲ ਕਰ ਦਿੱਤੀ।
ਸਮਰਾਟ ਹੁਮਾਯੂੰ ਨੇ ਇਸ ਕਿਲ੍ਹੇ ਉੱਤੇ ਹਮਲਾ ਕੀਤਾ ਅਤੇ ਚਾਰ ਮਹੀਨਿਆਂ ਤਕ ਘੇਰਾਬੰਦੀ ਕੀਤੀ, ਤਾਂ ਉਸ ਨੇ ਸ਼ੇਰ ਖ਼ਾਨ ਨੂੰ ਪ੍ਰਸਤਾਵ ਦਿੱਤਾ ਸੀ ਕਿ ਉਹ ਚੁਨਾਰ ਅਤੇ ਜੌਨਪੁਰ ਛੱਡ ਦੇਵੇ ਅਤੇ ਇਸ ਬਦਲੇ ਉਸ ਨੂੰ ਬੰਗਾਲ ਦਿੱਤਾ ਜਾ ਸਕਦਾ ਹੈ। ਆਖਰਕਾਰ ਉਹ ਦਬਾਅ ਹੇਠਾਂ ਆ ਗਿਆ ਅਤੇ ਉਸ ਨੇ ਹੁਮਾਯੂੰ ਨਾਲ ਇਕ ਸੌਦੇ 'ਤੇ ਦਸਤਖ਼ਤ ਕੀਤੇ। ਸ਼ੇਰ ਸ਼ਾਹ ਚਲਾਕ ਬਹੁਤ ਸੀ ਕਿਉਂਕਿ ਫ਼ੈਸਲੇ ਤੋਂ ਬਾਅਦ ਜਦੋਂ ਹੁਮਾਯੂੰ ਬੰਗਾਲ ਵੱਲ ਚਲਿਆ ਗਿਆ ਤਾਂ ਸ਼ੇਰ ਸ਼ਾਹ ਨੇ ਫਿਰ ਇਸ ਕਿਲ੍ਹੇ 'ਤੇ ਕਬਜ਼ਾ ਕਰ ਲਿਆ।
1545 ਵਿਚ ਸ਼ੇਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਕਿਲ੍ਹਾ 1553 ਤੱਕ ਉਸ ਦੇ ਪੁੱਤਰ ਇਸਲਾਮ ਸ਼ਾਹ ਦੇ ਅਧੀਨ ਰਿਹਾ। ਸੂਰੀ ਖ਼ਾਨਦਾਨ ਦਾ ਆਖਰੀ ਸਾਸ਼ਕ ਆਦਿਲ ਸ਼ਾਹ ਸੀ ਜੋ 1556 ਤੱਕ ਕਿਲ੍ਹੇ 'ਤੇ ਕਾਬਜ਼ ਰਿਹਾ। (ਇਥੇ ਦੱਸਣਾ ਬਣਦਾ ਹੈ ਕਿ ਸ਼ੇਰ ਸ਼ਾਹ ਸੂਰੀ ਉਹੀ ਸਾਸ਼ਕ ਹੈ ਜਿਸ ਦੇ ਨਾਂਅ 'ਤੇ ਦੇਸ਼ ਦੇ ਰਾਸ਼ਟਰੀ ਰਾਜ ਮਾਰਗ ਦਾ ਨਾਂਅ ਹੈ, ਕਿਉਂਕਿ ਇਸੇ ਨੇ ਹੀ ਲਾਹੌਰ ਤੋਂ ਕੋਲਕਾਤੇ ਤਕ ਸੜਕ ਦਾ ਨਿਰਮਾਣ ਕਰਵਾਇਆ ਸੀ। ਸੜਕ ਦਾ ਨਿਰਮਾਣ ਅਸਲ ਵਿਚ ਇਸ ਕਰ ਕੇ ਕਰਵਾਇਆ ਸੀ ਕਿ ਉਸ ਨੂੰ ਦੇਸ਼ ਲੁੱਟਣ ਵੇਲੇ ਅਤੇ ਵਾਪਸੀ ਵੇਲੇ ਕੋਈ ਦਿੱਕਤ ਨਾ ਆਵੇ।)
ਹੁਮਾਯੂੰ ਨੇ ਉੱਤਰ ਭਾਰਤ ਦੀਆਂ ਕਈ ਲੜਾਈਆਂ ਦੀ ਤਿਆਰੀ ਇਸ ਕਿਲ੍ਹੇ ਤੋਂ ਹੀ ਕੀਤੀ। ਇਸੇ ਕਿਲ੍ਹੇ ਤੋਂ 1556 ਵਿਚ ਤੁਗਲਕਾਬਾਦ ਦੀ ਲੜਾਈ ਤੋਂ ਬਾਅਦ ਉਸ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਅਤੇ ਸੂਰੀ ਸਾਮਰਾਜ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਆਪ ਨੂੰ ਰਾਜੇ ਦਾ ਤਾਜ ਪਹਿਨਾਇਆ।
ਸੂਰੀ ਵੰਸ਼ ਦਾ ਆਖਰੀ ਸਾਸ਼ਕ ਆਦਿਲ ਸ਼ਾਹ ਇਸ ਕਿਲ੍ਹੇ ਵਿਚ ਹੀ ਰਿਹਾ, ਜਿਸ ਨੇ 1557 ਵਿਚ ਬੰਗਾਲ ਦੇ ਰਾਜੇ ਦੇ ਹਮਲੇ ਵਿਚ ਆਪਣੀ ਜਾਨ ਗੁਆ ਦਿੱਤੀ। 1561 ਈ: ਅਕਤੂਬਰ ਵਿਚ ਅਕਬਰ ਨੇ ਅਫ਼ਗਾਨਾਂ ਤੋਂ ਚਿਨਾਰ ਦੀ ਜੰਗ ਜਿੱਤੀ ਅਤੇ ਇਸ ਤੋਂ ਬਾਅਦ ਇਹ ਕਿਲ੍ਹਾ ਮੁਗਲ ਸਾਮਰਾਜ ਦੇ ਕਬਜ਼ੇ 'ਚ ਹੋ ਗਿਆ। ਇਹ ਕਿਲ੍ਹਾ ਕਿਸੇ ਸਮੇਂ ਬਿਹਾਰ ਅਤੇ ਬੰਗਾਲ ਦਾ ਗੇਟ ਮੰਨਿਆ ਜਾਂਦਾ ਸੀ। 1772 ਈ: ਤੱਕ ਚੁਨਾਰ ਦਾ ਕਿਲ੍ਹਾ ਮੁਗਲ ਹਾਕਮਾਂ ਦੇ ਅਧੀਨ ਰਿਹਾ। ਅਕਬਰ ਨੇ ਕਿਲ੍ਹੇ ਦਾ ਪੁਨਰ ਨਿਰਮਾਣ ਕਰਕੇ ਇਫ਼ਤਿਖਾਰ ਖਾਨ ਨੂੰ ਰਾਜਪਾਲ ਦੇ ਤੌਰ 'ਤੇ ਨਿਯੁਕਤ ਕੀਤਾ। 1760 ਵਿਚ, ਅਹਿਮਦ ਸ਼ਾਹ ਦੁੱਰਾਨੀ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹੁਸ਼ਿਆਰ ਨਗਰ, ਅੰਮ੍ਰਿਤਸਰ।
ਮੋਬਾਈਲ : 98551-20287

ਯਹ ਔਰ ਭੀ ਬੁਰੀ ਬਾਤ ਹੈ

ਇਸ ਘਟਨਾ ਦਾ ਜ਼ਿਕਰ ਮੈਨੂੰ ਸਵਰਗੀ ਸੰਤ ਕਰਤਾਰ ਸਿੰਘ ਠੱਠੇ ਟਿੱਬੇ (ਸੁਲਤਾਨਪੁਰ ਲੋਧੀ) ਵਾਲਿਆਂ ਨੇ ਕਈ ਦਹਾਕੇ ਪਹਿਲਾਂ ਕੀਤਾ ਸੀ। ਹੁਣ ਇਹ ਮਸਲਾ ਫਿਰ ਭਖਿਆ ਹੈ। ਇਸ ਕਰਕੇ ਲਿਖਣ ਲੱਗਾ ਹਾਂ।
ਬਹੁਤ ਪੁਰਾਣੀ ਗੱਲ ਹੈ ਕਿ ਇਕ ਦਫ਼ਾ ਕੁਝ ਸਿੱਖ ਧਾਰਮਿਕ ਵਿਦਵਾਨ ਕਿਸੇ ਉੱਚ ਕੋਟੀ ਦੇ ਜੈਨ ਮਹਾਤਮਾ ਨੂੰ ਮਿਲੇ ਤੇ ਧਾਰਮਿਕ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਜੈਨ ਮਹਾਤਮਾ ਕਹਿਣ ਲੱਗੇ ਕਿ 'ਆਪ ਕੋ ਧਰਮ-ਧੁਰਮ ਕਾ ਕਿਆ ਪਤਾ ਹੈ, ਆਪ ਲੋਗ ਫ਼ੌਜ ਮੇਂ ਭਰਤੀ ਹੋ ਕਰ ਦੇਸ਼ ਕੀ ਸੇਵਾ ਕਰ ਰਹੇ ਹੋ, ਕਰਤੇ ਜਾਓ ਅੱਛੀ ਬਾਤ ਹੈ।' ਇਸ 'ਤੇ ਸਿੱਖ ਧਾਰਮਿਕ ਵਿਦਵਾਨਾਂ ਨੇ ਉਨ੍ਹਾਂ ਨੂੰ ਟੋਕ ਕਿਹਾ ਕਿ ਇਹ ਗੱਲ ਸਹੀ ਨਹੀਂ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੋਟ (ਹਵਾਲਾ ਦੇ ਕੇ) ਕਰਕੇ ਦੱਸਣ ਲੱਗੇ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਹਰ ਇਕ ਵਿਅਕਤੀ ਨੂੰ ਗ੍ਰਹਿਸਥ ਦੇ ਵਿਚ ਰਹਿੰਦਿਆਂ ਹੋਇਆਂ ਕਿਵੇਂ ਚੰਗਾ ਨੇਕ ਜੀਵਨ ਬਤੀਤ ਕਰਨ ਵਾਸਤੇ ਕਿਸ-ਕਿਸ ਤਰ੍ਹਾਂ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਕਿ ਗ੍ਰਹਿਸਥ ਵਿਚ ਰਹਿੰਦਿਆਂ ਹੋਇਆਂ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਕਿਵੇਂ ਮੇਲ ਹੋ ਸਕਦਾ ਹੈ ਤੇ ਚੰਗਾ ਸੁਖੀ ਜੀਵਨ ਬਤੀਤ ਹੋ ਸਕਦਾ ਹੈ। ਹਰ ਸਿੱਖ ਇਸ ਬਾਣੀ ਨੂੰ ਪੜ੍ਹਦਾ-ਸੁਣਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ। ਇਸ 'ਤੇ ਉਹ ਮਹਾਤਮਾ ਕਹਿਣ ਲੱਗੇ, 'ਯਿਹ ਔਰ ਭੀ ਬੁਰੀ ਬਾਤ ਹੈ, ਆਪ ਲੋਗ ਪੜ੍ਹਤੇ ਕੁਛ ਔਰ ਹੋ ਔਰ ਕਰਤੇ ਕੁਛ ਔਰ ਹੋ।'
ਇਸ ਵਾਕਿਆ ਦੀ ਯਾਦ ਹੁਣ ਘੜੀ-ਮੁੜੀ ਇਸ ਕਰਕੇ ਆ ਰਹੀ ਹੈ ਕਿ ਇਹ ਮਸਲਾ ਹੁਣ ਭਖਿਆ ਹੈ ਤੇ ਪੰਜਾਬ ਸਰਕਾਰ ਨੇ ਮਤਾ ਪਾਸ ਕੀਤਾ ਹੈ ਤੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵੀ ਇਸ ਦੇ ਹੱਕ ਵਿਚ ਆਵਾਜ਼ ਉਠਾਈ ਹੈ।
ਕਈ ਸਾਲਾਂ ਤੋਂ ਇੰਗਲੈਂਡ ਤੇ ਭਾਰਤ ਤੋਂ ਅੰਮ੍ਰਿਤਧਾਰੀ ਬੀਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਨ ਨੂੰ ਬੇਨਤੀਆਂ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਨਾਲੇ ਜਦੋਂ ਗੁਰੂ ਮਹਾਰਾਜ ਦੀ ਸਵਾਰੀ ਸਵੇਰ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਪਾਲਕੀ ਵਿਚ ਲੈ ਕੇ ਲਿਜਾਈ ਜਾਂਦੀ ਹੈ, ਉਨ੍ਹਾਂ ਨੂੰ ਵੀ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਦੇ ਕਈ-ਕਈ ਵਾਰੀ ਬੇਨਤੀ ਕਰਨ 'ਤੇ ਵੀ ਇਹ ਗੱਲ ਨਹੀਂ ਮੰਨੀ ਗਈ। ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਇਜਾਜ਼ਤ ਵਿਚ ਤਾਂ ਕੁਝ ਮੁਸ਼ਕਿਲਾਂ ਆ ਸਕਦੀਆਂ ਹਨ, ਜਿਵੇਂ ਕਿ ਹਰ ਯਾਤਰੂ ਪੂਰੀ ਤਰ੍ਹਾਂ ਧਾਰਮਿਕ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਹੀਂ ਆਉਂਦਾ, ਕੋਈ ਸ਼ਰਾਰਤੀ ਤੇ ਬੁਰੀ ਨੀਅਤ ਨਾਲ ਵੀ ਆ ਸਕਦਾ ਹੈ ਤੇ ਪਾਲਕੀ ਸਾਹਿਬ ਨੂੰ ਲੈ ਕੇ ਜਾਂਦੀਆਂ ਬੀਬੀਆਂ ਨਾਲ ਛੇੜ-ਛਾੜ ਹੋ ਸਕਦੀ ਹੈ ਤੇ ਇੰਜ ਮਾਹੌਲ ਖਰਾਬ ਹੋ ਸਕਦਾ ਹੈ। ਇਸ ਦਾ ਵੀ ਹੱਲ ਕੱਢਿਆ ਜਾ ਸਕਦਾ ਹੈ ਕਿ ਮਹੀਨੇ 'ਚ ਇਕ-ਦੋ ਦਿਨ ਸਿਰਫ਼ ਬੀਬੀਆਂ ਵਾਸਤੇ ਹੀ ਮੁਕਰਰ ਕਰ ਦਿੱਤੇ ਜਾਣ ਆਦਿ। ਕੀਰਤਨ ਕਰਨ ਦੀ ਇਜਾਜ਼ਤ ਤਾਂ ਫੌਰਨ ਦੇ ਦਿੱਤੀ ਜਾਣੀ ਚਾਹੀਦੀ ਹੈ ਪਰ ਲੱਗਦਾ ਹੈ ਕਿ ਇਹ ਗੱਲ ਠੰਢੇ ਬਸਤੇ ਵਿਚ ਪਾ ਕੇ ਰੱਖ ਦਿੱਤੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਕੁ ਦੂਸਰੇ ਧਰਮ ਦੇ ਗ੍ਰੰਥਾਂ ਵਿਚ ਔਰਤ ਨੂੰ ਪੁਰਸ਼ ਨਾਲੋਂ ਘਟੀਆ ਦਰਜਾ ਦਿੱਤਾ ਗਿਆ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਔਰਤ ਦੀ ਇੱਜ਼ਤ ਕੀਤੀ ਗਈ ਹੈ। ਹਰ ਰੋਜ਼ ਸਵੇਰ ਵੇਲੇ ਆਸਾ ਦੀ ਵਾਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਜੋ 'ਕੁੰਭ' ਅੱਖਰ ਨਾਲ ਸ਼ੁਰੂ ਹੁੰਦਾ ਹੈ, ਉਹ ਤਾਂ ਹੈ ਹੀ ਇਸਤਰੀ ਦੀ ਮਹਾਨਤਾ। ਇਸ ਦੇ ਸੰਖੇਪ ਅਰਥ ਹਨ ਕਿ 'ਇਸਤਰੀ ਤੋਂ ਹੀ ਸਰੀਰ ਬਣਦਾ ਹੈ, ਫਿਰ ਇਸਤਰੀ ਨਾਲ ਹੀ ਮੰਗਣੀ ਤੇ ਵਿਆਹ ਹੁੰਦਾ ਹੈ। ਇਸਤਰੀ ਨਾਲ ਹੀ ਜਗਤ ਦੀ ਉਤਪਤੀ ਚੱਲਦੀ ਹੈ ਤੇ ਇਸਤਰੀ ਨਾਲ ਹੀ ਸਾਰਾ ਪ੍ਰਬੰਧ ਚੱਲਦਾ ਹੈ ਤੇ ਇਹ ਵੀ ਲਿਖਿਆ ਹੈ, 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥'
ਇਸੇ ਤਰ੍ਹਾਂ ਹੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਇਸਤਰੀ ਨੂੰ ਧੰਨ ਕਿਹਾ ਹੈ ਤੇ ਮਗਰੋਂ ਪੁਰਸ਼ ਨੂੰ। ਸਿਰੀਰਾਗੁ ਮਹਲਾ 3॥ ਵਿਚ ਆਪ ਜੀ ਲਿਖਦੇ ਹਨ:-'ਧਨੁ ਜਨਨੀ ਜਿਨਿ ਜਾਇਆ॥ ਧੰਨੁ ਪਿਤਾ ਪਰਧਾਨੁ॥' ਗੁਰੂ ਗ੍ਰੰਥ ਸਾਹਿਬ ਵਿਚ ਮਾਤਾ ਖੀਵੀ ਜੀ ਦਾ ਨਾਂਅ ਲਿਖ ਕੇ ਉਸਤਤ ਕੀਤੀ ਗਈ ਹੈ। ਹੋਰ ਕਿਸੇ ਧਾਰਮਿਕ ਗ੍ਰੰਥ ਵਿਚ ਇਸਤਰੀ ਦੀ ਤਾਰੀਫ਼ ਕੀਤੀ ਨਹੀਂ ਮਿਲਦੀ।
ਸਿੱਖ ਧਾਰਮਿਕ ਆਗੂ ਜਿਥੇ ਕਿਤੇ ਵੀ ਮੌਕਾ ਮਿਲਦਾ ਹੈ, ਇਨ੍ਹਾਂ ਗੱਲਾਂ ਨੂੰ ਬੜੇ ਫ਼ਖ਼ਰ ਨਾਲ ਦੱਸ ਕੇ ਸਿੱਖ ਧਰਮ ਦੀ ਤਾਰੀਫ਼ ਕਰਦੇ ਹਨ। ਪਰ ਅਸਲ ਗੱਲ ਤਾਂ ਕਰਨੀ ਦੀ ਹੈ, ਕਥਨੀ ਦੀ ਨਹੀਂ। ਤਦੇ ਹੀ ਉਸ ਜੈਨ ਮਹਾਤਮਾ ਦੀ ਗੱਲ ਦਾ ਖਿਆਲ ਆਉਂਦਾ ਹੈ ਕਿ 'ਅਸੀਂ ਪੜ੍ਹਦੇ ਕੁਛ ਹੋਰ ਹਾਂ ਤੇ ਕਰਦੇ ਕੁਛ ਹੋਰ।'


-ਆਈ ਸਪੈਸ਼ਲਿਸਟ, ਮਿਲਾਪ ਚੌਕ, ਜਲੰਧਰ। ਮੋਬਾਈਲ: 94176-23213

ਸ੍ਰੀ ਰੰਗ ਨਾਥ ਸਵਾਮੀ ਮੰਦਰ ਤੀਰੂਚੀਰਾਪਲੀ ਤਾਮਿਲਨਾਡੂ

ਹਿੰਦੂ ਸੰਸਕ੍ਰਿਤੀ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਮਹਾਨ ਨਾਇਕ ਮੰਨਿਆ ਜਾਂਦਾ ਹੈ। ਪੂਰੇ ਭਾਰਤ ਵਿਚ ਇਨ੍ਹਾਂ ਦੇ ਅਨੇਕਾਂ ਮੰਦਰ ਤੇ ਸ਼ਿਵਾਲੇ ਹਨ, ਜਿਨ੍ਹਾਂ ਨੂੰ ਸ਼ਰਧਾ ਤੇ ਆਸਥਾ ਵਜੋਂ ਪੂਜਿਆ ਜਾਂਦਾ ਹੈ। ਸ੍ਰੀ ਰੰਗ ਨਾਥ ਸਵਾਮੀ ਮੰਦਰ ਤੀਰੂਚੀਰਾਪਲੀ (ਤਾਮਿਲਨਾਡੂ) ਵਿਚ ਸ੍ਰੀ 'ਰੰਗ ਨਾਥ ਸਵਾਮੀ' ਨੂੰ ਵਿਸ਼ਨੂੰ ਭਗਵਾਨ ਦੇ ਅਵਤਾਰ ਵਜੋਂ ਹੀ ਪੂਜਿਆ ਜਾਂਦਾ ਹੈ। ਇਹ ਖ਼ੂਬਸੂਰਤ ਮੰਦਰ ਤੀਰੂਚੀਰਾਪਲੀ ਜ਼ਿਲ੍ਹੇ ਵਿਚ ਕਸਬਾ ਰੰਗਮ ਵਿਚ ਕਾਵੇਰੀ ਨਦੀ ਦੇ ਤੱਟ 'ਤੇ ਸਥਿਤ ਹੈ। 9ਵੀਂ ਤੋਂ 16ਵੀਂ ਸਦੀ ਦਰਮਿਆਨ ਬਣੇ ਇਸ ਮੰਦਰ ਦੀ ਗਿਣਤੀ ਵਿਸ਼ਵ ਪ੍ਰਸਿੱਧ ਹਿੰਦੂ ਮੰਦਰਾਂ ਵਿਚ ਕੀਤੀ ਜਾਂਦੀ ਹੈ। 156 ਏਕੜ ਭੂਮੀ 'ਤੇ ਬਣੇ ਇਸ ਮੰਦਰ ਨੂੰ ਭਾਰਤ ਦਾ ਸਭ ਤੋਂ ਵੱਡਾ ਮੰਦਰ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦਾ ਨਿਰਮਾਣ ਚੋਲਕ ਸ਼ਾਸਕਾਂ ਦੁਆਰਾ ਕੀਤਾ ਗਿਆ ਸੀ। ਇਸ ਮੰਦਰ ਵਿਚ ਹਰ ਸਾਲ ਸਾਲਾਨਾ ਉਤਸਵ ਮਨਾਇਆ ਜਾਂਦਾ ਹੈ। ਇਹ ਉਤਸਵ 10 ਦਿਨਾਂ ਤੱਕ ਚਲਦਾ ਹੈ। ਜਿਸ ਦਾ ਵਰਨਣ ਤਾਮਿਲ ਕੈਲੰਡਰ ਵਿਚ ਵੀ ਮਿਲਦਾ ਹੈ। ਇਸ ਤੋਂ ਇਲਾਵਾ ਸਾਲ ਵਿਚ 8 ਦਿਨ ਲਈ ਸਵੈ-ਭੁਸ਼ਣ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਉਤਸਵ ਦੌਰਾਨ ਮੰਦਰ ਦੀਆਂ ਸਾਰੀਆਂ ਮੂਰਤੀਆਂ ਨੂੰ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ। ਫਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਇਥੇ ਬਸੰਤ ਉਤਸਵ ਵੀ ਮਨਾਇਆ ਜਾਂਦਾ ਹੈ, ਜਿਥੇ ਭਾਰਤ ਦੇ ਅਨੇਕਾਂ ਸ਼ਰਧਾਲੂ ਸ਼ਰਧਾ ਵਜੋਂ ਨਮਤਸਤਕ ਹੁੰਦੇ ਹਨ। ਕਾਵੇਰੀ ਨਦੀ 'ਤੇ ਬਣੇ ਇਸ ਮੰਦਰ ਦਾ ਚੌਗਿਰਦਾ ਅਤਿ ਸੁੰਦਰ ਹੈ ਜੋ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। ਦ੍ਰਾਵਿੜ ਸ਼ੈਲੀ ਵਿਚ ਬਣਿਆ ਇਹ ਮੰਦਰ ਮੀਨਾਕਾਰੀ ਦਾ ਅਦਭੁੱਤ ਨਮੂਨਾ ਪੇਸ਼ ਕਰਦਾ ਹੈ। ਇਸ ਮਹਾਨ ਮੰਦਰ ਨੂੰ ਦੇਖਣ ਲਈ ਕੰਨਿਆ ਕੁਮਾਰੀ ਰੇਲਵੇ ਟਰੈਕ ਤੇ ਕਿਸੇ ਵੀ ਰੇਲ ਗੱਡੀ ਰਾਹੀਂ ਪਹੁੰਚਿਆ ਜਾ ਸਕਦਾ ਹੈ। ਤੀਰੂਚੀਰਾਪਲੀ ਤੋਂ ਰੰਗਮ ਤੱਕ ਪਹੁੰਚਣ ਲਈ ਟੈਕਸੀ ਤੇ ਆਟੋਰਿਕਸ਼ਾ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਤੀਰੂਚੀਰਾਪਲੀ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਹੈ ਜਿਥੇ ਹਵਾਈ ਜਹਾਜ਼ ਰਾਹੀਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਦੱਖਣੀ ਭਾਰਤ ਦੇ ਪ੍ਰਸਿੱਧ ਅਤੇ ਪ੍ਰਾਚੀਨ ਮੰਦਰਾਂ ਦੀ ਸੈਰ ਕਰਦੇ ਸਮੇਂ ਸਾਨੂੰ ਰੰਗ ਨਾਥ ਸਵਾਮੀ ਮੰਦਰ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343.

ਸ਼ਬਦ ਵਿਚਾਰ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥

'ਜਪੁ' ਪਉੜੀ ਬਾਈਵੀਂ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ
ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ
ਅਸੁਲੂ ਇਕੁ ਧਾਤੁ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ
ਆਪੇ ਜਾਣੈ ਆਪੁ॥੨੨॥ (ਅੰਗ : 5)
ਪਦ ਅਰਥ : ਪਾਤਾਲਾ ਪਾਤਾਲ-ਪਾਤਾਲਾਂ ਥੱਲੇ ਹੋਰ ਪਾਤਾਲ, ਹੋਰ ਪਾਤਾਲ, ਅਣਗਿਣਤ ਪਾਤਾਲ। ਲਖ ਆਗਾਸਾ ਆਗਾਸ-ਆਕਾਸ਼ ਉੱਪਰ ਲੱਖਾਂ ਆਕਾਸ਼, ਅਣਗਿਣਤ ਆਕਾਸ਼, ਬੇਅੰਤ ਆਕਾਸ਼। ਓੜਕ ਓੜਕ -ਆਖ਼ਰ ਨੂੰ। ਭਾਲਿ ਥਕੇ-ਲੱਭ ਲੱਭ ਕੇ ਥੱਕ ਗਏ ਹਨ। ਇਕ ਵਾਤ-ਇਕ ਗੱਲ, ਇਹੋ ਗੱਲ। ਸਹਸ-ਹਜ਼ਾਰ। ਸਹਸ ਅਠਾਰਹ-ਅਠਾਰਾਂ ਹਜ਼ਾਰ। ਕਤੇਬਾ-ਕਤੇਬਾਂ, ਇਸਲਾਮ ਮੱਤ ਦੇ ਧਾਰਮਿਕ ਗ੍ਰੰਥ। ਅਸੁਲੂ-ਮੁੱਢ। ਧਾਤੁ-ਧਾਰਨ ਵਾਲਾ, ਪੈਦਾ ਕਰਨ ਵਾਲਾ। ਲੇਖਾ ਹੋਇ-ਜੇਕਰ ਲੇਖਾ ਹੋ ਸਕਦਾ ਹੋਵੇ। ਤ ਲਿਖੀਐ-ਤਾਂ ਹੀ ਲਿਖਿਆ ਜਾ ਸਕਦਾ ਹੈ। ਲੇਖੈ ਹੋਇ ਵਿਣਾਸੁ-ਲੇਖਿਆਂ ਦਾ ਖ਼ਾਤਮਾ ਹੋ ਜਾਂਦਾ ਹੈ, ਗਿਣਤੀਆਂ ਦੇ ਹਿੰਦਸੇ (ਲੱਖ, ਕਰੋੜ, ਅਰਬ, ਖਰਬ ਆਦਿ) ਹੀ ਖ਼ਤਮ ਹੋ ਜਾਂਦੇ ਹਨ। ਵਡਾ ਆਖੀਐ-ਵੱਡਾ ਆਖਣਾ ਚਾਹੀਦਾ ਹੈ।
ਵੱਖ-ਵੱਖ ਧਾਰਮਿਕ ਗਿਆਨਵਾਨਾਂ ਵਲੋਂ ਆਪੋ-ਆਪਣੀ ਸੂਝ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਜੋ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ, ਸਮਾਂ ਬੀਤਣ ਨਾਲ ਉਸ ਵਿਚ ਪਰਿਵਰਤਨ ਹੁੰਦਾ ਰਿਹਾ। ਜਿਉਂ-ਜਿਉਂ ਮਨੁੱਖ ਦੇ ਧਿਆਨ ਵਿਚ ਵਾਧਾ ਹੁੰਦਾ ਗਿਆ ਤਿਵੇਂ-ਤਿਵੇਂ ਕੁਝ ਨਵੇਂ ਤੱਥ ਉਜਾਗਰ ਹੁੰਦੇ ਗਏ ਭਾਵ ਸਾਹਮਣੇ ਆਉਣ ਲੱਗੇ। ਇਸ ਨਾਲ ਆਮ ਜਗਿਆਸੂਆਂ ਦਾ ਵਿਸ਼ਵਾਸ ਉਨ੍ਹਾਂ ਗ੍ਰੰਥਾਂ ਤੋਂ ਉੱਠਣਾ ਸੁਭਾਵਿਕ ਹੀ ਹੈ ਪ੍ਰੰਤੂ ਗੁਰਮਤਿ ਵਿਚ ਕਿਸੇ ਅਜਿਹੇ ਤੱਥਾਂ ਦਾ ਵਰਨਣ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਭਵਿੱਖ ਵਿਚ ਝੁਠਲਾਇਆ ਜਾ ਸਕੇ। ਗੁਰਬਾਣੀ ਧੁਰ ਕੀ ਬਾਣੀ ਹੈ ਜੋ ਪਰਮੇਸ਼ਵਰ ਗੁਰੂ ਦੇ ਮੁੱਖ ਤੋਂ ਅਖਵਾਉਂਦਾ ਹੈ। ਇਸ ਲਈ ਸਤਿਗੁਰੂ ਦੀ ਉਚਾਰੀ ਹੋਈ ਬਾਣੀ ਸੱਚੇ ਦੀ ਬਾਣੀ ਹੀ ਸਮਝਣੀ ਚਾਹੀਦੀ ਹੈ ਜੋ ਮਾਲਕ ਪ੍ਰਭੂ ਆਪ ਹੀ ਬਾਣੀ ਨੂੰ ਸਤਿਗੁਰੂ ਦੇ ਮੁੱਖ ਤੋਂ ਅਖਵਾਉਂਦਾ ਹੈ। ਰਾਗੁ ਗਉੜੀ ਕੀ ਵਾਰ ਮਹਲਾ ੪ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ:
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥
(ਅੰਗ : 308)
ਕਰਤਾ-ਕਰਤਾਰ। ਮੁਹਹੁ-ਮੂੰਹ ਵਿਚੋਂ, ਮੁੱਖ ਤੋਂ।
ਜਗਤ ਗੁਰੂ ਬਾਬੇ ਨੇ ਲਗਪਗ ਪੰਜ ਸੌ ਸਾਲ ਪਹਿਲਾਂ ਜੋ ਇਹ ਸ਼ਬਦ 'ਪਾਤਾਲਾ ਪਾਤਾਲ ਲਖ ਅਗਾਸਾ ਆਗਾਸ' ਉਚਾਰਿਆ ਸੀ, ਉਸ ਸਚਾਈ ਨੂੰ ਅੱਜ ਪੁਲਾੜ ਵਿਗਿਆਨੀ ਵੀ ਮੰਨਣ ਲੱਗ ਪਏ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਰਾਗੁ ਗਉੜੀ ਸੁਖਮਨੀ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਧਰਤੀ ਦੀਆਂ ਵੱਖ-ਵੱਖ ਖਾਣੀਆਂ, ਖੰਡਾਂ, ਆਕਾਸ਼ਾਂ ਅਤੇ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ-ਜੰਤੂ ਹਨ:
ਕਈ ਕੋਟਿ ਖਾਣੀ ਅਰੁ ਖੰਡ॥
ਕਈ ਕੋਟਿ ਅਕਾਸ ਬ੍ਰਹਮੰਡ॥ (ਅੰਗ : 276)
ਕੋਟਿ-ਕਰੋੜਾਂ। ਖਾਣੀ-ਚਾਰ ਖਾਣੀਆਂ ਹਨ ਭਾਵ ਜੀਵਾਂ ਦੀ ਉਤਪਤੀ ਚਾਰ ਢੰਗਾਂ ਤਰੀਕਿਆਂ ਨਾਲ ਹੁੰਦੀ ਹੈ, ਪਹਿਲਾ ਅੰਡਜ਼ ਜੋ ਅੰਡੇ ਤੋਂ ਪੈਦਾ ਹੁੰਦੇ ਹਨ ਜਿਵੇਂ ਪੰਛੀ ਆਦਿ, ਦੂਜੇ ਜੇਰਜ-ਜੋ ਜਿਓਰ ਤੋਂ ਪੈਦਾ ਹੁੰਦੇ ਹਨ ਜਿਵੇਂ ਮਨੁੱਖ, ਪਸ਼ੂ ਆਦਿ। ਤੀਜੇ ਉਤਭੁਜ ਜੋ ਧਰਤ 'ਚੋਂ ਪੈਦਾ ਹੁੰਦੇ ਹਨ ਗੰਡੋਏ ਆਦਿ ਅਤੇ ਚੌਥੇ ਸੇਤਜ ਜੋ ਪਸੀਨੇ (ਮੁੜਕੇ) ਤੋਂ ਪੈਦਾ ਹੁੰਦੇ ਹਨ ਜਿਵੇਂ ਜੂੰਆਂ ਆਦਿ। ਖੰਡ-ਸਾਰੀ ਪ੍ਰਿਥਵੀ ਦੇ ਨੌ ਖੰਡ ਮੰਨੇ ਗਏ ਹਨ।
ਇਸ ਪ੍ਰਕਾਰ ਕਰੋੜਾਂ ਹੀ ਜੀਵ ਪੈਦਾ ਹੋ ਰਹੇ ਹਨ ਅਤੇ ਕਈ ਢੰਗ-ਤਰੀਕਿਆਂ ਨਾਲ ਪ੍ਰਭੂ ਨੇ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਹੈ:
ਕਈ ਕੋਟਿ ਹੋਏ ਅਵਤਾਰ॥
ਕਈ ਜੁਗਤਿ ਕੀਨੋ ਬਿਸਥਾਰ॥
(ਅੰਗ : 276)
ਅਵਤਾਰ-ਜਨਮ ਲੈਣਾ, ਪੈਦਾ ਹੋਣਾ, ਕਿਸੇ ਮਹਾਂ-ਪੁਰਖ ਦਾ ਮਨੁੱਖੀ ਜਾਮੇ ਵਿਚ ਜਨਮ ਲੈਣਾ।
ਬਿਸਥਾਰ-ਵਿਸਥਾਰ।
ਆਪ ਜੀ ਦੇ ਹੋਰ ਬਚਨ ਹਨ ਕਿ ਕੋਈ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਉਹ ਆਪਣੇ ਵਰਗਾ ਆਪ ਹੀ ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ ਹੋ ਸਕਦਾ।
ਤਾ ਕਾ ਅੰਤੁ ਨ ਜਾਨੈ ਕੋਇ॥
ਆਪੇ ਆਪਿ ਨਾਨਕ ਪ੍ਰਭੁ ਸੋਇ॥
(ਅੰਗ: 276)
ਤਾ ਕਾ-ਉਸ ਦਾ। ਆਪੇ ਆਪਿ-ਆਪਣੇ ਵਰਗਾ ਆਪ ਹੀ ਹੈ। ਸੋਇ-ਉਹ।
ਕਿਤਨੇ ਭਾਵ ਅਨੇਕਾਂ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਦੇ-ਕਰਦੇ ਇਸ ਸੰਸਾਰ ਤੋਂ ਤੁਰ ਜਾਂਦੇ ਹਨ। ਵੇਦ ਭਾਵ ਧਾਰਮਿਕ ਗ੍ਰੰਥ ਵੀ ਪਰਮਾਤਮਾ ਦੇ ਗੁਣਾਂ ਬਾਰੇ ਸੋਝੀ ਪਾਉਂਦੇ ਹਨ ਪਰ ਕਿਸੇ ਨੇ ਵੀ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਨਿਰਾ ਕਹਿਣ ਜਾਂ ਪਾਠ ਕਰਨ ਨਾਲ ਪਰਮਾਤਮਾ ਦੇ ਭੇਦਾਂ ਦੀ ਸੋਝੀ ਨਹੀਂ ਪੈਂਦੀ। ਆਤਮਿਕ ਸੂਝ ਨਾਲ ਹੀ ਪਰਮਾਤਮਾ ਦੀ ਬੇਅੰਤਤਾ ਬਾਰੇ ਸਮਝ ਪੈਂਦੀ ਹੈ। ਰਾਗੁ ਮਾਝ ਕੀ ਵਾਰ ਮਹਲਾ ੧ ਵਿਚ ਜਗਤ ਗੁਰੂ ਬਾਬੇ ਦਾ ਬੜਾ ਸੁੰਦਰ ਕਥਨ ਹੈ:
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥
(ਅੰਗ : 148)
ਕੇਤੇ-ਕਿਤਨੇ, ਅਨੇਕਾਂ। ਕਹਿ ਕਹਿ-ਆਖ ਆਖ ਕੇ, ਬਿਆਨ ਕਰ ਕਰ ਕੇ। ਜਾਵਣਾ-ਤੁਰ ਜਾਂਦੇ ਹਨ। ਵਖਿਆਨ-ਦਰਸਾਉਂਦੇ ਹਨ।
ਵਾਸਤਵ ਵਿਚ ਵੱਡਾ ਸਾਹਿਬ ਸਾਡੀ ਪਹੁੰਚ ਤੋਂ ਪਰੇ ਹੈ ਭਾਵ ਪ੍ਰਭੂ ਅਗੰਮ ਹੈ, ਅਪਹੁੰਚ ਹੈ। ਉਸ ਦੇ ਵਡੱਪਣ ਦੀ ਅਸੀਂ ਕੀ ਵਡਿਆਈ ਕਰ ਸਕਦੇ ਹਾਂ। ਜਿਸ ਨੇ ਵੀ ਗੁਰੂ ਦੇ ਸ਼ਬਦ ਦੁਆਰਾ ਉਸ ਦੀ ਵਡਿਆਈ ਕੀਤੀ ਹੈ। ਉਸ ਦਾ ਅੰਦਰਲਾ ਸ਼ਾਂਤੀ ਨਾਲ ਖਿੜ ਜਾਂਦਾ ਹੈ। ਰਾਗੁ ਸਾਰੰਗ ਕੀ ਵਾਰ ਮਹਲਾ ੪ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ:
ਵਡਾ ਆਪਿ ਅਗੰਮੁ ਹੈ ਵਡੀ ਵਡਿਆਈ॥
ਗੁਰ ਸਬਦੀ ਵੇਖਿ ਵਿਗਸਿਆ
ਅੰਤਰਿ ਸਾਂਤਿ ਆਈ॥ (ਅੰਗ : 1251)
ਪਉੜੀ ਦੇ ਅੱਖਰੀ ਅਰਥ : ਪਾਤਾਲਾਂ ਤੋਂ ਹੇਠਾਂ ਹੋਰ ਬੇਅੰਤ ਪਾਤਾਲ ਹਨ ਅਤੇ ਆਕਾਸ਼ਾਂ ਤੋਂ ਉੱਪਰ ਹੋਰ ਲੱਖਾਂ ਭਾਵ ਅਣਗਿਣਤ ਆਕਾਸ਼ ਹਨ। ਪਰਮਾਤਮਾ ਦੀ ਕੁਦਰਤ ਦਾ ਹੱਦ ਬੰਨਾ ਲੱਭਣ ਲਈ ਓੜਕ ਨੂੰ ਸਭ ਥੱਕ ਟੁਟ ਕੇ ਰਹਿ ਗਏ ਹਨ ਪਰ ਉਸ ਦਾ ਓੜਕ ਨਹੀਂ ਪਾ ਸਕੇ। ਵੇਦ ਸ਼ਾਸਤ੍ਰ ਵੀਇਹੋ ਕੁਝ ਆਖਦੇ ਹਨ ਭਾਵ ਜੇਕਰ ਵੇਦਾਂ ਦੇ ਰਚਨ ਵਾਲਿਆਂ ਨੂੰ ਇਸ ਗੁੱਝੀ ਰਮਜ਼ ਦਾ ਪਤਾ ਹੁੰਦਾ ਭਾਵ ਸੋਝੀ ਹੁੰਦੀ ਹੈ ਤਾਂ ਉਹ ਵੇਦਾਂ ਵਿਚ ਜ਼ਰੂਰ ਇਸ ਦਾ ਵਰਨਣ ਕਰਦੇ।
ਇਸਲਾਮ ਦੇ ਧਾਰਮਿਕ ਗ੍ਰੰਥਾਂ ਅਨੁਸਾਰ 18 ਹਜ਼ਾਰ ਆਲਮ (ਧਰਤੀਆਂ) ਹਨ। ਵੱਖ-ਵੱਖ ਦੇਸ਼ਾਂ ਦੀਆਂ ਧਰਤੀਆਂ ਅਤੇ ਸਮੁੰਦਰਾਂ ਦੇ ਪਾਣੀਆਂ ਨੂੰ ਮਿਲਾ ਕੇ ਇਕ ਆਲਮ ਅਰਥਾਤ ਇਕ ਧਰਤੀ ਬਣਦੀ ਹੈ। ਇਸ ਅਨੁਸਾਰ ਅਜਿਹੀਆਂ 18 ਹਜ਼ਾਰ ਧਰਤੀਆਂ ਹਨ, ਜਿਨ੍ਹਾਂ ਦੀ ਰਚਨਾ ਕਰਨ ਵਾਲਾ ਮੁੱਢ, ਇਕ ਕਰਤਾ ਪੁਰਖ ਹੈ, ਜਿਸ ਦੀ ਬੇਅੰਤਤਾ ਦਾ ਲੇਖਾ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਇਹ ਕੀਤਾ ਜਾ ਸਕਦਾ ਹੋਵੇ ਭਾਵ ਲੇਖਾ ਕੀਤਾ ਨਹੀਂ ਜਾ ਸਕਦਾ ਕਿਉਂਕਿ ਉਸ ਦੀਆਂ ਵਡਿਆਈਆਂ ਦਾ ਲੇਖਾ ਕਰਨ ਨਾਲ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ।
ਇਸ ਲਈ ਹੇ ਭਾਈ, ਉਸ ਸਾਹਿਬ ਨੂੰ ਸਭਨਾਂ ਤੋਂ ਉੱਪਰ ਵੱਡਾ ਆਖਣਾ ਚਾਹੀਦਾ ਹੈ ਜੋ ਸਭ ਕੁਝ ਆਪ ਹੀ ਆਪ ਹੈ ਭਾਵ ਸਭ ਕੁਝ ਆਪ ਹੀ ਕਰਨ ਕਰਾਵਣ ਵਾਲਾ ਹੈ।


-217 ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੀ ਕਾਰਜਸ਼ੈਲੀ ਵਿਚ ਬਦਲਾਅ ਲਿਆਉਂਦੀ ਹੈ ਪ੍ਰੇਰਨਾ

ਜ਼ਿੰਦਗੀ ਭਰ ਅਸੀਂ ਬਾਹਰੀ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਕੁਝ ਘਟਨਾਵਾਂ ਤਾਂ ਸਾਨੂੰ ਅੰਸ਼ਕ ਰੂਪ ਨਾਲ ਹੀ ਪ੍ਰਭਾਵਿਤ ਕਰਦੀਆਂ ਹਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਪਰ ਕੁਝ ਘਟਨਾਵਾਂ ਜਾਂ ਵਿਚਾਰ ਅਜਿਹੇ ਹੁੰਦੇ ਹਨ, ਜਿਹੜੇ ਸਾਨੂੰ ਸਾਰਾ ਜੀਵਨ ਪ੍ਰਭਾਵਿਤ ਕਰਦੇ ਰਹਿੰਦੇ ਹਨ। ਅਜਿਹੇ ਵਿਚਾਰਾਂ ਜਾਂ ਘਟਨਾਵਾਂ ਨੂੰ ਹੀ ਪ੍ਰੇਰਨਾ ਕਹਿੰਦੇ ਹਨ। ਪ੍ਰੇਰਨਾ ਸਦਕਾ ਹੀ ਸਾਡੀ ਕਾਰਜਸ਼ੈਲੀ, ਸਾਡਾ ਵਰਤਾਰਾ ਅਤੇ ਸਾਡੇ ਗੁਣ ਜਾਂ ਚਰਿੱਤਰ ਪ੍ਰਭਾਵਿਤ ਹੁੰਦੇ ਹਨ। ਸਵਾਮੀ ਵਿਵੇਕਾਨੰਦ ਜੀ ਮਨੁੱਖ ਦੀ ਸ਼ਖ਼ਸੀਅਤ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡਾ ਵਿਵਹਾਰ 'ਲਾਭ-ਹਾਨੀ' ਨਾਲ ਵੀ ਨਿਰਧਾਰਤ ਹੁੰਦਾ ਹੈ। ਸਾਡੇ ਲਈ ਲਾਭਕਾਰੀ ਵਿਚਾਰ ਸਾਡੀ ਪ੍ਰੇਰਨਾ ਬਣਦੇ ਹਨ। ਅੰਸ਼ਕ ਪ੍ਰੇਰਨਾ ਕੇਵਲ ਬਾਹਰੀ ਪ੍ਰਭਾਵ ਹੀ ਰੱਖਦੀ ਹੈ ਤੇ ਸਥਾਈ ਨਹੀਂ ਹੁੰਦੀ। ਇਹ ਕੇਵਲ ਉਦੋਂ ਤੱਕ ਹੀ ਪ੍ਰਭਾਵ ਰੱਖਦੀ ਹੈ, ਜਦ ਤੱਕ ਪ੍ਰੇਰਕ ਜਾਂ ਘਟਨਾ ਸਾਡੇ ਸਾਹਮਣੇ ਹੁੰਦੇ ਹਨ। ਉਨ੍ਹਾਂ ਦੇ ਹਟਣ ਨਾਲ ਹੀ ਇਸ ਦਾ ਪ੍ਰਭਾਵ ਸਮਾਪਤ ਹੋ ਜਾਂਦਾ ਹੈ। ਦੂਜੇ ਪਾਸੇ ਅੰਦਰੂਨੀ ਪ੍ਰੇਰਨਾ ਸਾਡੀਆਂ ਜ਼ਿੰਮੇਵਾਰੀਆਂ ਵਧਾਉਂਦੀ ਹੈ ਅਤੇ ਸਾਡੇ ਟੀਚੇ ਨਿਰਧਾਰਤ ਕਰਨ ਵਿਚ ਸਹਾਇਕ ਹੁੰਦੀ ਹੈ। ਇਹ ਨਕਾਰਾਤਮਕ ਅਤੇ ਸਕਾਰਾਤਮਕ (ਉਸਾਰੂ) ਦੋਵੇਂ ਤਰ੍ਹਾਂ ਦੀ ਹੁੰਦੀ ਹੈ। ਨਕਾਰਾਤਮਕ ਪ੍ਰੇਰਨਾ ਸਾਨੂੰ ਬੁਰਾਈਆਂ ਵੱਲ ਧਕੇਲਦੀ ਹੈ ਤੇ ਉਸਾਰੂ ਪ੍ਰੇਰਨਾ ਧੀਰਜਵਾਨ ਬਣਾਉਂਦੀ ਹੈ। ਇਹ ਸਾਡੀ ਕਾਰਜਸ਼ੈਲੀ ਅਤੇ ਸੋਚ ਵਿਚ ਉਸਾਰੂਪਨ ਲਿਆ ਕੇ ਆਤਮ-ਵਿਸ਼ਵਾਸੀ ਬਣਾਉਂਦੀ ਹੈ। ਇਸ ਲਈ ਸਾਨੂੰ ਅੰਦਰੂਨੀ ਉਸਾਰੂ ਪ੍ਰੇਰਨਾ ਗ੍ਰਹਿਣ ਕਰਕੇ ਨਕਾਰਾਤਮਕ ਪ੍ਰੇਰਨਾ ਤੋਂ ਦੂਰ ਰਹਿਣਾ ਚਾਹੀਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾਈਲ : +9194175-50741.

ਸੰਗ ਮੇਲੇ 'ਤੇ ਵਿਸ਼ੇਸ਼

ਮੇਲਾ ਸ੍ਰੀ ਚੋਲਾ ਸਾਹਿਬ

ਬੁੱਲ੍ਹੋਵਾਲ : ਪੰਜਾਬ ਦੀ ਧਰਤੀ, ਜਿਸ ਨੂੰ ਗੁਰੂਆਂ, ਪੀਰਾਂ, ਸੂਰਬੀਰਾਂ, ਦੇਸ਼ ਪ੍ਰੇਮੀਆਂ, ਸਾਧੂ ਸੰਤਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਜਿਥੇ ਵੱਖ-ਵੱਖ ਧਰਮਾਂ, ਜਾਤੀਆਂ, ਕੌਮਾਂ, ਫ਼ਿਰਕਿਆਂ ਦੇ ਲੋਕ ਇਕ ਗੁਲਦਸਤੇ ਦੀ ਤਰ੍ਹਾਂ ਰਹਿੰਦੇ ਹਨ। ਇਸ ਗੁਲਦਸਤੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਇਤਿਹਾਸਕ ਨਗਰ ਪਿੰਡ ਖਡਿਆਲਾ ਸੈਣੀਆਂ (ਬੁੱਲ੍ਹੋਵਾਲ) ਜਿਥੋਂ ਪਿਛਲੇ 250 ਸਾਲਾਂ ਤੋਂ ਵੀ ਪਹਿਲਾਂ ਸਿੰਘਾਂ ਨੇ ਜਥੇ ਦੇ ਰੂਪ ਵਿਚ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਲਈ ਪੈਦਲ ਯਾਤਰਾ ਆਰੰਭ ਕੀਤੀ, ਜੋ ਕਿ ਅੱਜ ਤੱਕ ਨਿਰੰਤਰ ਹਰੇਕ ਸਾਲ ਪਹਿਲੀ ਮਾਰਚ ਨੂੰ ਆਰੰਭ ਹੁੰਦੀ ਹੈ। ਲੱਖਾਂ ਦੀ ਤਦਾਦ ਵਿਚ ਸੰਗਤਾਂ ਚਾਰ ਦਿਨਾਂ ਅੰਦਰ ਵੱਖ-ਵੱਖ ਨਗਰਾਂ ਵਿਚ ਠਹਿਰਾਉ ਕਰਦਿਆਂ ਜੈਕਾਰਿਆਂ ਦੀ ਗੂੰਜ ਵਿਚ ਡੇਰਾ ਬਾਬਾ ਨਾਨਕ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ 'ਚੋਲਾ ਸਾਹਿਬ' ਦੇ ਦਰਸ਼ਨ ਕਰਦੀਆਂ ਹਨ। ਅੱਜਕਲ੍ਹ ਇਸ ਸੰਗ ਦੀ ਅਗਵਾਈ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਖਡਿਆਲਾ ਸੈਣੀਆਂ ਵਾਲੇ ਕਰਦੇ ਆ ਰਹੇ ਹਨ। ਇਹ ਇਤਿਹਾਸਕ ਯਾਦਗਾਰੀ ਚੋਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਚੌਥੀ ਉਦਾਸੀ ਸਮੇਂ ਅਰਬ ਦੇਸ਼ 'ਚ ਸੰਗਤਾਂ ਵਲੋਂ ਭੇਟ ਹੋਇਆ ਸੀ, ਜਿਸ ਉੱਪਰ 30 ਸੁਪਾਰੇ ਕੁਰਾਨ ਸ਼ਰੀਫ ਦੇ 7 ਅਰਬੀ, ਫ਼ਾਰਸੀ ਭਾਵ 5 ਪ੍ਰਕਾਸ਼ ਦੇ ਅੱਖਰ ਉੱਕਰੇ ਹੋਏ ਹਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਸਹਿਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੇ ਤਾਂ ਉਨ੍ਹਾਂ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਬਸਤਰ ਪਹਿਨ ਲਏ। ਜਿਥੇ ਗੁਰੂ ਸਾਹਿਬ ਜੀ ਨੇ 17 ਸਾਲ 7 ਮਹੀਨੇ 9 ਦਿਨ ਕਰਤਾਰਪੁਰ-ਡੇਰਾ ਬਾਬਾ ਨਾਨਕ ਵਿਖੇ ਰਹਿ ਕੇ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਸੰਦੇਸ਼ ਦਿੱਤਾ, ਖੇਤੀਬਾੜੀ ਕੀਤੀ। ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਸਤਰ ਇਹ ਚੋਲਾ ਸਾਹਿਬ ਬਾਬਾ ਕਾਬਲੀ ਮਲ 21 ਫੱਗਣ, 1740 ਈ: ਨੂੰ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਸਹਿਤ ਬੜੇ ਪਿਆਰ ਤੇ ਸਤਿਕਾਰ ਨਾਲ ਲੈ ਕੇ ਆਏ। ਇਸੇ ਯਾਦ 'ਚ ਹੀ ਇਸ ਸੰਗ ਮੇਲੇ ਦੀ ਆਰੰਭਤਾ ਹੋਈ, ਜਿਸ ਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਗਰ ਵਾਸੀਆਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਡਿਆਲਾ ਸੈਣੀਆਂ ਧਾਰਮਿਕ ਮਹੱਤਤਾ ਨਾਲ ਇਥੇ ਸਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ 'ਤੇ ਇਕ ਖੁੰਡਾ ਗੱਡਿਆ ਸੀ, ਉਥੇ ਅੱਜਕਲ੍ਹ ਪਿੱਪਲ ਗੁਰੂ ਸਾਹਿਬ ਦੀ ਨਿਸ਼ਾਨੀ ਵਜੋਂ ਮੌਜੂਦ ਹੈ। ਇਸੇ ਨਗਰ 'ਚ ਸੁਸ਼ੋਭਿਤ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬਾਬਾ ਹਰੀ ਦਾਸ, ਗੁਰਦੁਆਰਾ ਬਾਬਾ ਪਾਲ ਸਿੰਘ, ਗੁਰਦੁਆਰਾ ਗੁਰੂ ਰਵਿਦਾਸ ਜੀ, ਡੇਰਾ ਬਾਬਾ ਪੰਜ ਪੀਰ ਦੇ ਅਸਥਾਨ ਹਨ। ਇਥੇ ਮਹਾਨ ਕੀਰਤਨ ਦੀਵਾਨ ਸਜਾਏ ਜਾਂਦੇ ਹਨ, ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਸੰਗਤਾਂ ਡੇਰਾ ਬਾਬਾ ਨਾਨਕ ਨੂੰ ਪੈਦਲ ਚਾਲੇ ਪਾਉਂਦੀਆਂ ਹਨ। ਪਹਿਲੀ ਰਾਤ ਅਹੀਆਪੁਰ ਕੋਟਲੀ, ਦੂਜੀ ਰਾਤ ਹਰਚੋਵਾਲ, ਤੀਜੀ ਰਾਤ ਘੰਮਣ-ਘੁੰਮਾਣਾ ਅਤੇ ਚੌਥੀ ਰਾਤ ਡੇਰਾ ਬਾਬਾ ਨਾਨਕ ਵਿਖੇ ਪਹੁੰਚਦਾ ਹੈ।


-ਰਵਿੰਦਰਪਾਲ ਸਿੰਘ ਲੁਗਾਣਾ

ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਸਬੰਧੀ ਸਮਾਗਮ 'ਤੇ ਵਿਸ਼ੇਸ਼

ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ

ਖਡੂਰ ਸਾਹਿਬ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਜਿਨ੍ਹਾਂ ਸ਼ਹਿਰਾਂ, ਪਿੰਡਾਂ ਜਾਂ ਕਸਬਿਆਂ ਨਾਲ ਕਿਸੇ ਮਹਾਨ ਧਾਰਮਿਕ ਸ਼ਖ਼ਸੀਅਤ ਦਾ ਨਾਂਅ ਜੁੜ ਜਾਵੇ ਉਨ੍ਹਾਂ ਦੀ ਹੋਂਦ ਹਸਤੀ ਗੂੜ੍ਹੀ ਅਤੇ ਭਰੀ-ਭਰੀ ਹੋ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਕਸਬਾ ਖਡੂਰ ਸਾਹਿਬ ਭਾਗਾਂ ਭਰਿਆ ਹੈ। ਖਡੂਰ ਸਾਹਿਬ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਪਤ ਹੈ। ਇਸ ਤੋਂ ਇਲਾਵਾ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਅਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਥੇ ਕਾਫੀ ਲੰਮਾ ਸਮਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਖਡੂਰ ਸਾਹਿਬ ਦੇ ਚੱਪੇ-ਚੱਪੇ ਨੂੰ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਆਪ ਹੀ ਇਥੇ ਨਿਸ਼ਕਾਮ ਸੇਵਾ ਦੇ ਵੱਖ-ਵੱਖ ਕਾਰਜ ਆਰੰਭੇ। ਸੇਵਾ ਦੀ ਇਹ ਨਿਸ਼ਕਾਮ ਭਾਵਨਾ ਹੀ ਬਾਅਦ ਵਿਚ ਸੰਤ ਮਾਹਾਂਪੁਰਸ਼ਾਂ ਦੇ ਸਮੇਂ ਕਾਰਸੇਵਾ ਵਜੋਂ ਰੂਪਾਂਤਰਿਤ ਹੁੰਦੀ ਹੈ।
ਇਤਿਹਾਸਕ ਤੱਥਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਬਹੁਤ ਸਾਰੇ ਗੁਰਧਾਮਾਂ ਦੀ ਕਾਰਸੇਵਾ ਕਰਵਾਈ। ਸਿੱਖ ਰਾਜਕਾਲ ਦੇ ਜਾਣ ਤੋਂ ਬਾਅਦ ਇਤਿਹਾਸਕ ਧਾਰਮਿਕ ਸਥਾਨਾਂ ਦੀ ਹਾਲਤ ਇਕ ਵਾਰ ਫਿਰ ਮੰਦੀ ਹੋ ਗਈ। ਇਸ ਨੂੰ ਸੁਧਾਰਨ ਲਈ ਕਾਰ ਸੇਵਾ ਵਾਲੇ ਮਹਾਂਪੁਰਖਾਂ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਜੀ ਨੇਮੁੜ ਕਾਰਸੇਵਾ ਦਾ ਕਾਰਜ ਸ਼ੁਰੂ ਕੀਤਾ। ਦੋਵਾਂ ਮਹਾਂ ਪੁਰਖਾਂ ਨੇ ਬਾਬਾ ਬੀਰਮ ਦਾਸ ਦੀ ਪ੍ਰੇਰਣਾ ਅਤੇ ਬਾਬਾ ਸ਼ਾਮ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਸੰਤੋਖਸਰ ਸਰੋਵਰ ਦੀ ਕਾਰਸੇਵਾ ਤੋਂ ਆਧੁਨਿਕ ਕਾਰਸੇਵਾ ਦਾ ਆਰੰਭ ਕੀਤਾ ਅਤੇ ਬਾਅਦ ਵਿਚ ਕਾਰਸੇਵਾ ਦਾ ਇਹ ਕਾਰਜ ਸਮੁੱਚੇ ਇਤਿਹਾਸਕ ਗੁਰਧਾਮਾਂ ਤੱਕ ਫੈਲ ਗਿਆ। ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਵਲੋਂ ਚਲਾਈ ਗਈ ਇਸ ਕਾਰ ਸੇਵਾ ਪ੍ਰੰਪਰਾ ਦੇ ਪੈਰੋਕਾਰ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਅਜੀਤ ਸਿੰਘ ਸਰਸੇ ਵਾਲੇ ਅਤੇ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ਼ ਵਾਲੇ ਪੂਰੇ ਦੇਸ਼ ਵਿਚ ਕਾਰਸੇਵਾ ਦੇ ਕਾਰਜ ਨਿਭਾ ਰਹੇ ਹਨ।
ਖਡੂਰ ਸਾਹਿਬ ਦੀ ਸੰਗਤ ਦੀ ਬੇਨਤੀ ਤੇ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਵਲੋਂ ਇਥੋਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਕਾਰਸੇਵਾ ਦਾ ਆਰੰਭ 1932-33 ਵਿਚ ਕੀਤਾ ਗਿਆ। ਬਾਬਾ ਗੁਰਮੁਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਫਿਰ ਬਾਬਾ ਸੇਵਾ ਸਿੰਘ ਵਲੋਂ ਕਾਰਸੇਵਾ ਦਾ ਮਹਾਨ ਕਾਰਜ ਨੂੰ ਅਗੇ ਤੋਰਿਆ ਗਿਆ। ਗੁਰਧਾਮਾਂ ਦੀ ਕਾਰਸੇਵਾ ਦੇ ਇਸ ਕਾਰਜ ਦੇ ਨਾਲ-ਨਾਲ ਬਾਬਾ ਉੱਤਮ ਸਿੰਘ ਵੇਲੇ 1969 ਵਿਚ ਵਿੱਦਿਅਕ ਸੰਸਥਾਵਾਂ ਦੇ ਨਿਰਮਾਣ ਅਤੇ ਇਨ੍ਹਾਂ ਨੂੰ ਯੋਗ ਢੰਗ ਨਾਲ ਚਲਾਉਣ ਦਾ ਕਾਰਜ ਵੀ ਸ਼ੁਰੂ ਕੀਤਾ ਗਿਆ ।
ਵਿੱਦਿਆ ਦੇ ਖੇਤਰ ਵਿਚ ਯੋਗਦਾਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969 ਵਿਚ ਬਾਬਾ ਉੱਤਮ ਸਿੰਘ ਹੁਰਾਂ ਨੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ। ਇਹ ਕਦਮ ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਗੁਰਮੁਖੀ ਲਿਪੀ ਦੀ ਸੇਵਾ ਦੀ ਸੇਧ ਵਿਚ ਹੀ ਸੀ। ਸ੍ਰੀ ਗੁਰੂ ਅੰਗਦ ਦੇਵ ਕਾਲਜ ਹੁਣ ਵਿਦਿਆਰਥੀਆਂ ਨੂੰ ਕੁਝ ਵੋਕੇਸ਼ਨਲ ਕੋਰਸਾਂ ਸਮੇਤ ਪ੍ਰਫੈਸ਼ਨਲ ਕੋਰਸਾਂ ਅਤੇ ਉੱਚ ਵਿੱਦਿਆ ਪ੍ਰਦਾਨ ਕਰਨ ਦੇ ਮਾਮਲੇ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਤੋਂ ਪਿੱਛੋਂ ਬਾਬਾ ਉੱਤਮ ਸਿੰਘ ਹੁਰਾਂ ਨੇ ਇਸ ਇਤਿਹਾਸਕ ਕਸਬੇ ਵਿਚ 1984 ਵਿਚ ਸੀਨੀਅਰ ਸਕੈਂਡਰੀ ਸਕੂਲ ਦੀ ਸਥਾਪਨਾ ਕੀਤੀ ਜਿਸ ਨੂੰ ਹੁਣ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸਕੂਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 1987 ਵਿਚ ਕਾਰਸੇਵਾ ਖਡੂਰ ਸਾਹਿਬ ਵਲੋਂ ਬਾਬਾ ਉੱਤਮ ਸਿੰਘ ਜੀ ਦੀ ਅਗਵਾਈ ਵਿਚ ਕਸਬਾ ਕਰਤਾਰਪੁਰ ਵਿਖੇ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਖੋਲ੍ਹਿਆ ਗਿਆ। ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਇਥੇ ਨਾਨ ਮੈਡੀਕਲ, ਮੈਡੀਕਲ, ਕਾਮਰਸ ਅਤੇ ਹਿਊਮੈਨਿਟੀ ਆਦਿ ਵਿਸ਼ਿਆਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਧਾਰਮਿਕ, ਸਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਵੀ ਪ੍ਰਬੰਧ ਹੈ।
ਵਾਤਾਵਰਨ ਦੀ ਸਾਂਭ-ਸੰਭਾਲ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਕਾਰਨ ਬਾਬਾ ਸੇਵਾ ਸਿੰਘ ਨੂੰ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਸਮੇਤ ਅਨੇਕਾਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ। 2010 ਵਿਚ ਭਾਰਤ ਦੇ ਰਾਸ਼ਟਰਪਤੀ ਵਲੋਂ ਬਾਬਾ ਸੇਵਾ ਸਿੰਘ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਯੂ. ਐਨ. ਓ. ਦੇ ਸਾਬਕਾ ਸਕੱਤਰ ਬਾਨ ਕੀ ਮੂਨ ਅਤੇ ਬਰਤਾਨੀਆ ਦੇ ਪ੍ਰਿੰਸ ਫਿਲਿਪ ਵਲੋਂ ਵੀ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੀ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਨਮਾਨਿਤ ਕੀਤਾ ਗਿਆ।

ਸਿੰਗਾਪੁਰ ਦੀ ਬਗ਼ਾਵਤ ਦੇ ਅਣਗੌਲੇ ਫ਼ੌਜੀ ਸੂਰਬੀਰਾਂ ਦੀ ਗਾਥਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਸਲ੍ਹਾ ਜਮ੍ਹਾ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਹੋਰ ਵੀ ਜਿਸ ਕਿਸੇ ਅੰਗਰੇਜ਼ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਬੈਰਕਾਂ 'ਤੇ ਕਬਜ਼ਾ ਕਰਕੇ ਫ਼ੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆ ਵਿਚ ਵੰਡ ਲਿਆ। ਇਕ ਹਿੱਸਾ ਜਰਮਨ ਕੈਦੀਆਂ ਨੂੰ ਜੇਲ੍ਹ ਤੋਂ ਛੁਡਵਾਉਣਗਿਆ ਤਾਂ ਕਿ ਉਨ੍ਹਾਂ ਨੂੰ ਵੀ ਨਾਲ ਰਲਾ ਲਿਆ ਜਾਵੇ। ਇਥੇ ਬਾਗ਼ੀਆਂ ਨੇ ਦੋ ਯੂਰਪੀਨ ਅਫ਼ਸਰ ਕੈਪਟਨ ਬਾਈਸ ਤੇ ਲੈਫ਼ਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗ਼ਦਰੀ ਫ਼ੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਨ ਦੇ ਹੈੱਡਕੁਆਰਟਰ ਉੱਤੇ ਕਬਜ਼ਾਕਰਨ ਤੁਰਿਆ, ਜਿਸ ਵਿਚ ਉਹ ਕਾਮਯਾਬ ਨਾ ਹੋ ਸਕਿਆ। ਤੀਸਰਾ ਹਿੱਸਾ ਵਲੰਟੀਅਰ ਕੋਰ ਨੂੰ ਰੋਕਣ ਲਈ ਸ਼ਹਿਰ ਵੱਲ ਗਿਆ। ਜਿਹੜਾ ਵੀ ਅੰਗਰੇਜ਼ ਫ਼ੌਜੀਆਂ ਦੇ ਸਾਹਮਣੇ ਆਇਆ , ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਥਾਣੇ ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿਚ 8 ਅੰਗਰੇਜ਼ ਅਫ਼ਸਰ, 19 ਸਿਪਾਹੀ ਅਤੇ 17 ਸ਼ਹਿਰੀ ਮਾਰੇ ਗਏ।
ਅੰਗਰੇਜ਼ਾਂ ਨੇ ਵਾਇਰਲੈਸਾਂ ਰਾਹੀਂ ਨਾਲ ਲੱਗਦੇ ਸਮੰਦਰੀ ਘਾਟਾਂ ਤੋਂ ਜੰਗੀ ਜਹਾਜ਼ਾਂ ਨੂੰਆਪਣੇ ਬਚਾਅ ਲਈ ਸੱਦ ਲਿਆ। 16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿਚ ਗੋਰੇ ਫ਼ੌਜੀਆਂ ਨੂੰ ਲੈ ਕੇ ਸਿੰਘਾਪੁਰ ਪੁੱਜ ਗਏ। ਗ਼ਦਰੀ ਫ਼ੌਜੀ ਭੁੱਖੇ ਪਿਆਸੇ ਕਿੰਨਾਂ ਕੁ ਚਿਰ ਟਾਕਰਾ ਕਰ ਸਕਦੇ ਸਨ, ਕਿਸੇ ਵੀ ਪਾਸਿਉਂ ਮਦਦ ਦੀ ਆਸ ਨਹੀਂ ਸੀ। ਉਨ੍ਹਾਂ ਨੇ 16 ਫਰਵਰੀ ਰਾਤ ਨੂੰ ਡੱਟ ਕੇ ਮੁਕਾਬਲਾ ਕੀਤਾ। ਅੰਗਰੇਜ਼ਾਂ ਨੇ ਬਾਗ਼ੀ ਫ਼ੌਜੀਆਂ ਨੂੰ ਮਾਰਨ ਜਾਂ ਫੜਾਉਣ ਲਈ 200 ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ। 19 ਫਰਵਰੀ ਤੱਕ ਕਾਫੀ ਬਾਗ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਾਂ ਫੜ ਲਏ ਗਏ। ਫੜੇ ਗਏ ਬਹਾਦਰ ਬਾਗ਼ੀ ਫ਼ੌਜੀਆ ਦਾ ਕੋਰਟ ਮਾਰਸ਼ਲ ਕਰ ਕੇ ਇਨ੍ਹਾਂ ਵਿਚੋਂ44 ਜਣਿਆਂ ਨੂੰ ਪਬਲਿਕ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ 3 ਨੂੰ ਫਾਂਸੀਦੇ ਦਿੱਤੀ ਗਈ। ਸ਼ਹੀਦ ਹੋਣ ਵਾਲਿਆਂ 'ਚ 2 ਅਫ਼ਸਰ 6 ਹਵਾਲਦਾਰ ਤੇ 39 ਸਿਪਾਹੀ ਰੈਂਕ ਦੇ ਸੂਰਬੀਰ ਸਨ। 162 ਨੂੰ ਉਮਰ ਕੈਦ ਤੇ ਹੋਰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।
ਬਾਗ਼ੀਆਂ ਤੋਂ ਗ਼ਲਤੀ ਇਹ ਹੋ ਗਈ ਕਿ ਕੋਤਵਾਲੀ ਦੇ ਕਬਜ਼ੇ ਨੂੰ ਸਿੰਗਾਪੁਰ 'ਤੇ ਕਬਜ਼ਾ ਸਮਝ ਲਿਆ ਅਤੇ ਸਮੁੰਦਰੀ ਘਾਟ 'ਤੇ ਵੀ ਬਾਗ਼ੀ ਸਮੇਂ ਸਿਰ ਨਾ ਪੁੱਜ ਸਕੇ। ਜਰਮਨ ਸਿਪਾਹੀਆਂ ਨੇ ਵੀ ਸਾਥ ਨਾ ਦਿੱਤਾ। ਇਸ ਕਾਰਨ ਉਨ੍ਹਾਂ ਸੂਰਬੀਰਾਂ ਦੀ ਯੋਜਨਾ ਸਫਲ ਨਾ ਹੋ ਸਕੀ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗ਼ਦਰੀ ਸੂਰਬੀਰਾਂ ਵਲੋਂ 1912-13 ਵੇਲੇ ਭਾਰਤ ਦੀ ਪੂਰਨ ਆਜ਼ਾਦੀ ਦੇ ਮਿਸ਼ਨ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਸ਼ੰਘਰਸ਼ ਵਿਚ ਸਿੰਘਾਪੁਰ ਵਿਚ ਰਹਿ ਰਹੀ ਭਾਰਤੀ ਫ਼ੌਜ ਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੇ ਸੂਰਬੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਤਿਹਾਸਕਾਰਾਂ ਤੇ ਰਾਜਨੀਤਕ ਲੋਕਾਂ ਨੇ ਅਣਗੌਲੇ ਕਰ ਰੱਖਿਆ ਹੈ। ਜਿਸ ਕਾਰਨ ਸਿਰਫ ਸੌ ਸਾਲ 'ਚ ਹੀ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਭੁੱਲ ਗਈਆਂ ਹਨ। ਇਸ ਲਈ ਲੋੜ ਹੈ ਕਿ ਉਨ੍ਹਾਂ ਦੀਆਂਕੁਰਬਾਨੀਆਂ ਨੂੰ ਦੁਨੀਆ ਸਾਹਮਣੇ ਲਿਆ ਕੇ ਢੁਕਵੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾਣ। (ਸਮਾਪਤ)


-ਮੋਬਾਈਲ : 98766-98068.
kpannu84@yahoo.in

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX