ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  1 minute ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਨੇ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  18 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  47 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ ਰੁਖ਼ ਹਾਲੀਵੁੱਡ ਵੱਲ

ਦੋ ਸਾਲ ਪਹਿਲਾਂ ਸੁਪਰ ਸਿਤਾਰੇ ਸਲਮਾਨ ਖ਼ਾਨ ਨਾਲ 'ਕਿੱਕ' 'ਚ ਅਭਿਨੈ ਦੀ ਤੇਜ਼ ਕਿੱਕ ਮਾਰ ਕੇ ਜੈਕਲਿਨ ਫਰਨਾਂਡਿਜ਼ ਨੇ ਹਾਣਦੀਆਂ ਹੀਰੋਇਨਾਂ ਤੋਂ ਅਗਾਂਹ ਸਫ਼ਰ ਤੈਅ ਕਰ ਲਿਆ ਸੀ | ਹੁਣ ਜੈਕੀ ਦੀਆਂ ਇਛਾਵਾਂ ਹਨ ਕਿ ਇਸ ਤਰ੍ਹਾਂ ਦੀ ਇਕ ਹੋਰ ਕਿੱਕ ਵੱਜ ਜਾਏ ਤੇ ਉਹ ਸ਼ਾਹਰੁਖ ਖ਼ਾਨ ਤੇ ਆਮਿਰ ਖ਼ਾਨ ਨਾਲ ਵੀ ਫ਼ਿਲਮਾਂ ਕਰੇ | ਜੈਕੀ ਦੀ ਹੁਣੇ ਜਿਹੇ ਆਈ ਫ਼ਿਲਮ 'ਡਿੰਸ਼ੂਮ' ਕਾਮਯਾਬ ਰਹੀ ਹੈ | ਇਸ ਸਮੇਂ ਫਿਰ ਜੈਕੀ ਦੀਆਂ ਹੀ ਖ਼ਬਰਾਂ ਦੇਖਣ, ਪੜ੍ਹਨ ਤੇ ਸੁਣਨ ਨੂੰ ਮਿਲ ਰਹੀਆਂ ਹਨ | 'ਏ ਫਲਾਇੰਗ ਜੱਟ' 'ਚ ਉਹ ਫਿਰ ਆ ਰਹੀ ਹੈ | ਇਸ ਫ਼ਿਲਮ ਦੀ ਚਰਚਾ ਪਹਿਲਾਂ ਹੀ ਜ਼ੋਰਾਂ 'ਤੇ ਹੈ | ਸ਼ੁਰੂ 'ਚ ਉਸ ਨੂੰ ਭਾਸ਼ਾ ਦੀ ਸਮੱਸਿਆ ਸੀ ਪਰ ਉਹ ਸਾਫ਼ ਕਹਿ ਰਹੀ ਹੈ ਕਿ ਇਸ ਦੇ ਬਾਵਜੂਦ ਇੰਡੀਆ ਬਹੁਤ ਪਿਆਰਾ ਦੇਸ਼ ਹੈ ਤੇ ਉਸ ਨੂੰ ਬਾਹਰ ਦੀ ਹੋਣ ਦਾ ਅਹਿਸਾਸ ਇਥੋਂ ਦੇ ਲੋਕਾਂ ਤੇ ਇੰਡਸਟਰੀ ਨੇ ਨਹੀਂ ਕਰਵਾਇਆ ਤੇ ਹਰ ਕੋਈ ਉਸ ਨੂੰ ਆਪਣੀ-ਆਪਣੀ ਹੀ ਸਮਝ ਰਿਹਾ ਹੈ | 'ਝਲਕ ਦਿਖਲਾ ਜਾ' ਦੇ ਨੌਵੇਂ ਹਿੱਸੇ ਦੀ ਮੁੱਖ ਜੱਜ ਹੈ | 7 ਵਰਿ੍ਹਆਂ 'ਚ ਉਸ ਦਾ ਕੈਰੀਅਰ ਚੋਟੀ 'ਤੇ ਹੀ ਰਿਹਾ ਹੈ | 'ਏ ਫਲਾਇੰਗ ਜੱਟ' ਦੇ ਈਵੈਂਟ ਮੌਕੇ ਉਹ ਗ਼ਾਇਬ ਰਹੀ ਤਾਂ ਮੀਡੀਆ 'ਚ ਰੌਲਾ ਪੈ ਗਿਆ | ਇਸ ਸਬੰਧੀ ਉਹ ਕਹਿ ਰਹੀ ਸੀ ਕਿ ਦਿਨ-ਰਾਤ ਕੰਮ ਕਰਨ ਨਾਲ ਉਹ ਥੱਕ ਚੁੱਕੀ ਹੈ ਤੇ ਕਦੇ-ਕਦੇ ਇਨਸਾਨ ਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ | ਟਾਈਗਰ ਸ਼ਰਾਫ਼ ਨਾਲ 'ਏ ਫਲਾਇੰਗ ਜੱਟ' 'ਚ ਆ ਰਹੀ ਜੈਕਲਿਨ ਦੀਆਂ ਇਛਾਵਾਂ ਵੀ ਵਧ ਰਹੀਆਂ ਹਨ | ਹੁਣ ਤਾਂ ਉਹ 'ਸੁਪਰ ਵੋਮੈਨ' ਦਾ ਖਿਤਾਬ ਹਰ ਹੀਲੇ ਪ੍ਰਾਪਤ ਕਰਨਾ ਚਾਹੁੰਦੀ ਹੈ | ਇਸ ਸਾਲ ਜੈਕੀ ਦੀਆਂ ਤਿੰਨ ਫ਼ਿਲਮਾਂ ਆ ਗਈਆਂ ਹਨ | ਜੈਕਲਿਨ ਕਦੇ ਕਿਸੇ ਦੇ ਅਹਿਸਾਨ ਵੀ ਨਹੀਂ ਭੁਲਦੀ | ਉਸਨੂੰ ਯਾਦ ਹੈ ਕਿ ਉਸ ਦੇ ਮੰੁਬਈ 'ਚ ਗੁਆਂਢੀ ਨੇ ਕਿਵੇਂ ਉਸ ਨੂੰ ਹਿੰਦੀ ਸਿਖਾਈ ਸੀ, ਵਰਨਾ ਉਹ ਬਹੁਤ ਮੁਸ਼ਕਿਲ 'ਚ ਸੀ | 'ਮਰਡਰ-2' ਵੇਲੇ ਮਹੇਸ਼ ਭੱਟ ਨਾਲ ਉਸ ਦੀ ਨਰਾਜ਼ਗੀ ਹੋਈ ਸੀ ਪਰ ਹੁਣ ਦੋਵਾਂ 'ਚ ਰਾਜ਼ੀਨਾਮਾ ਹੋ ਚੁੱਕਾ ਹੈ | ਅਸਲ 'ਚ ਸਲਮਾਨ ਖ਼ਾਨ ਹੀ ਹੈ ਜਿਸ ਦੇ ਅਸ਼ੀਰਵਾਦ ਦੀ ਬਦੌਲਤ ਉਸ ਦਾ ਕੈਰੀਅਰ ਉਚਾਈ ਵੱਲ ਵਧਿਆ | ਹੁਣ ਉਸ ਦਾ ਧਿਆਨ ਹਾਲੀਵੁੱਡ ਵੱਲ ਹੈ ਤੇ ਸ਼ਾਇਦ ਉਥੇ ਉਸ ਨੂੰ ਕਦੇ 'ਸੁਪਰ ਵੋਮੈਨ' ਕਿਰਦਾਰ ਮਿਲ ਜਾਏ, ਜਿਸ ਤਰ੍ਹਾਂ ਦਾ 'ਏ ਫਲਾਇੰਗ ਜੱਟ' 'ਚ ਹੈ | ਨਰਗਿਸ ਫਾਖਰੀ, ਲੀਜ਼ਾ ਹੈਡਨ ਤੇ ਸੋਨਮ ਤਿੰਨ ਹੀਰੋਇਨਾਂ ਉਸ ਦੀਆਂ ਪੱਕੀਆਂ ਸਹੇਲੀਆਂ ਹਨ | ਅਰਜਨ ਕਪੂਰ ਨਾਲ ਨਾਂਅ ਜੁੜਨ 'ਤੇ ਦੁਖੀ ਜੈਕੀ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਉਸ ਨੂੰ ਸੁਪਰ ਵੋਮੈਨ ਬਣਨ ਤੋਂ ਰੋਕ ਨਹੀਂ ਸਕਦੀਆਂ |


ਖ਼ਬਰ ਸ਼ੇਅਰ ਕਰੋ

ਇਲੀਆਨਾ ਡਿਕਰੂਜ਼ ਵਿਆਹ ਬਚਾਓ, ਤਲਾਕ ਘਟਾਓ


ਲੱਗਦਾ ਹੈ ਇਹ ਸਾਉਣ ਦਾ ਮਹੀਨਾ ਤੇ ਭਾਦਰੋਂ ਦਾ ਚੜ੍ਹਨ ਵਾਲਾ ਮਹੀਨਾ ਦੋ ਤਿੰਨ ਹੀਰੋਇਨਾਂ ਲਈ ਖਾਸ ਹੀ ਹੈ | ਜੈਕਲਿਨ ਲਈ ਖਾਸ ਹੈ ਤੇ ਡਾਇਨਾ ਪੇਂਟੀ ਲਈ ਵੀ ਖਾਸ ਜਦਕਿ ਇਸੇ ਹੀ ਤਰ੍ਹਾਂ ਇਲੀਆਨਾ ਡਿਕਰੂਜ਼ ਲਈ ਵੀ ਇਹ ਮਹੀਨਾ ਖਾਸ ਹੈ, ਜਿਸ ਸਬੰਧੀ ਕਿਹਾ ਜਾ ਰਿਹਾ ਸੀ ਕਿ 'ਹੈਪੀ ਐਾਡਿੰਗ' ਨਾਲ ਉਸ ਦਾ ਫ਼ਿਲਮੀ ਜੀਵਨ ਖੁਸ਼ੀ-ਖੁਸ਼ੀ ਸਮਾਪਤ ਹੋ ਗਿਆ ਹੈ ਪਰ ਇਹ ਇਕ ਮਿਹਣਾ ਹੀ ਸੀ | ਇਲੀਆਨਾ ਨੇ ਹੁਣ ਫਿਰ ਇਸ ਮਹੀਨੇ ਬੀ-ਟਾਊਨ 'ਚ ਆਪਣੀ ਮੌਜੂਦਗੀ ਦਰਸਾਉਣੀ ਹੈ ਤੇ ਇਹ ਦਰਸਾਉਣ ਲਈ ਉਸ ਕੋਲ ਵੱਡੀ ਫ਼ਿਲਮ 'ਰੁਸਤਮ' ਹੈ | ਇਲੀ ਅੱਜਕਲ੍ਹ ਕੱਪੜੇ ਵੀ ਸਾਧਾਰਨ ਹੀ ਪਾ ਰਹੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਸ 'ਤੇ 'ਬਰਾਂਡ ਜਨੂੰਨ' ਨਹੀਂ ਹੈ, ਉਹ ਤਾਂ ਆਰਾਮਦਾਇਕ ਪਹਿਰਾਵਾ ਹੀ ਪਹਿਨਦੀ ਹੈ | 'ਰੁਸਤਮ' 'ਚ ਉਸ ਨਾਲ ਅਕਸ਼ੈ ਕੁਮਾਰ ਹੈ | ਇਹ ਫ਼ਿਲਮ ਸਫ਼ਲ ਰਹੀ ਤਾਂ ਇਲੀ ਇਕਦਮ ਸਭ ਪੁਰਾਣੇ ਹਿਸਾਬ ਖ਼ਤਮ ਕਰਕੇ ਕਾਮਯਾਬੀ ਨਾਲ ਅਗਾਂਹ ਦੀ ਮੰਜ਼ਿਲ ਵੱਲ ਵਧੇਗੀ | 'ਬਰਫ਼ੀ' ਵਾਲੀ ਇਹ ਹੀਰੋਇਨ 'ਰੁਸਤਮ' ਨਾਲ ਆਪਣਾ ਕੈਰੀਅਰ 'ਬਰਫ਼ੀ ਜਿਹਾ ਮਿੱਠਾ ਦੇਖਣ ਦੀ ਉਤਾਵਲੀ ਹੈ | ਉਸ ਦੀ ਚਾਹਤ ਹੈ ਕਿ ਸਾਲ 'ਚ ਘੱਟ ਤੋਂ ਘੱਟ ਉਹ ਪੰਜ ਫ਼ਿਲਮਾਂ ਕਰੇ ਪਰ ਉਸ ਦੇ ਚਾਹੁਣ ਨਾਲ ਥੋੜ੍ਹੀ ਮਸਲਾ ਹੱਲ ਹੋ ਸਕਦਾ ਹੈ | ਫਿਰ ਵੀ ਇਲੀ ਦੀ ਚਾਹਤ ਨੂੰ ਬੂਰ ਪਏ, ਉਸ ਦੇ ਪ੍ਰਬੰਧਕ ਇਹੀ ਦੁਆ ਕਰਦੇ ਹਨ | 'ਰੁਸਤਮ' 'ਚ ਉਹ ਅਕਸ਼ੈ ਕੁਮਾਰ ਦੀ ਘਰਵਾਲੀ ਬਣੀ ਹੈ | ਇਹ ਫ਼ਿਲਮ ਉਸ ਅਨੁਸਾਰ 1959 ਦੇ ਸਮੇਂ ਦੀ ਕਹਾਣੀ ਬਿਆਨ ਕਰੇਗੀ | ਇਲੀ ਅਨੁਸਾਰ 'ਵਿਆਹ ਬਚਾਓ, ਤਲਾਕ ਘਟਾਓ' 'ਤੇ ਆਧਾਰਿਤ ਇਹ ਫ਼ਿਲਮ ਇਕ ਅਹਿਮ ਸਿੱਖਿਆ ਗ੍ਰਹਿਸਥ ਜੀਵਨ ਬਚਾਉਣ ਦੀ ਦੇਣ ਵਾਲੀ ਹੈ | ਇਲੀਆਨਾ ਡਿਕਰੂਜ਼ ਨੂੰ ਯਕੀਨ ਹੈ ਕਿ 'ਰੁਸਤਮ' ਉਸ ਲਈ ਸਥਿਤੀ ਬਦਲ ਦੇਵੇਗੀ ਤੇ ਉਸ ਨੂੰ ਵੱਡੀਆਂ ਫ਼ਿਲਮਾਂ ਜ਼ਰੂਰ ਮਿਲਣਗੀਆਂ |

ਹਰ ਭੂਮਿਕਾ ਪਸੰਦ ਹੈ ਵਿਵੇਕ ਉਬਰਾਏ

ਤਿੰਨ ਸਾਲ ਪਹਿਲਾਂ ਵਿਵੇਕ ਉਬਰਾਏ ਦੀ ਫ਼ਿਲਮ 'ਕ੍ਰਿਸ਼-3' ਆਈ ਸੀ, ਜਿਸ ਵਿਚ ਉਸ ਦੀ ਭੂਮਿਕਾ ਨੈਗੇਟਿਵ ਸੀ | ਇਸ ਭੂਮਿਕਾ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ | ਤਿੰਨ ਸਾਲ 'ਚ ਉਸ ਨੇ ਕਈ ਫ਼ਿਲਮਾਂ ਸਾਈਨ ਕਰਨੀਆਂ ਸਨ, ਪਰ ਨਹੀਂ ਕੀਤੀਆਂ | ਕਿਉਂਕਿ ਇਹ ਫ਼ਿਲਮਾਂ 'ਕ੍ਰਿਸ਼-3' ਵਾਂਗ ਹੀ ਨੈਗੇਟਿਵ ਸਨ | ਅੱਜਕਲ੍ਹ ਵਿਵੇਕ ਕੋਲ ਕੁਝ ਕੁ ਫ਼ਿਲਮਾਂ ਹਨ, ਜਿਨ੍ਹਾਂ ਵਿਚ 'ਗ੍ਰੇਟ ਗਰੈਂਡ ਮਸਤੀ' ਤੇ 'ਬੈਂਕ ਚੋਰ' ਹਨ | ਇਸ ਫ਼ਿਲਮ ਦੀ ਰਿਲੀਜ਼ ਬਾਰੇ ਬਹੁਤ ਸਾਰੀਆਂ ਅਟਕਲਾਂ ਸਨ, ਕਿਉਂਕਿ ਇਹ ਫ਼ਿਲਮ ਆਨਲਾਈਨ ਲੀਕ ਹੋਣ ਕਰਕੇ ਨਿਰਮਾਤਾ ਨੂੰ ਕਾਫ਼ੀ ਨੁਕਸਾਨ ਹੋਇਆ | ਅੱਜਕਲ੍ਹ ਆਨਲਾਈਨ ਫ਼ਿਲਮਾਂ ਲੀਕ ਹੋਣ ਨਾਲ ਨਿਰਮਾਤਾਵਾਂ ਨੂੰ ਕਾਫੀ ਘਾਟਾ ਪੈ ਰਿਹਾ ਹੈ | 'ਗ੍ਰੇਟ ਗਰੈਂਡ ਮਸਤੀ' ਵਰਗੀਆਂ ਫ਼ਿਲਮਾਂ ਕਾਮੇਡੀ ਸੀਰੀਜ਼ ਦੀਆਂ ਹਨ, ਜਿਨ੍ਹਾਂ ਨੂੰ ਦਰਸ਼ਕ ਪਸੰਦ ਜ਼ਿਆਦਾ ਕਰਦੇ ਹਨ | ਪਰ ਜਦੋਂ ਅਜਿਹੀਆਂ ਫ਼ਿਲਮਾਂ 'ਚ ਅਸ਼ਲੀਲਤਾ ਜ਼ਿਆਦਾ ਪਰੋਸੀ ਜਾਂਦੀ ਹੈ ਤਾਂ ਠੀਕ ਨਹੀਂ ਹੁੰਦਾ | ਕਿਉਂਕਿ ਫ਼ਿਲਮਕਾਰ ਆਪਣੇ ਵਪਾਰ ਨੂੰ ਚਮਕਾਉਣ ਲਈ ਫ਼ਿਲਮ ਹਿੱਟ ਕਰਨ ਲਈ ਅਜਿਹੇ ਫਾਰਮੂਲਿਆਂ ਨਾਲ ਦਰਸ਼ਕਾਂ ਨੂੰ ਗੁਮਰਾਹ ਕਰਦੇ ਹਨ | ਵਿਵੇਕ ਦਾ ਕਹਿਣਾ ਹੈ ਕਿ ਕਾਮੇਡੀ ਫ਼ਿਲਮ ਹੋਵੇ, ਜਿਸ ਨੂੰ ਪੂਰਾ ਪਰਿਵਾਰ ਦੇਖ ਸਕੇ | ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਕਾਮੇਡੀ ਫ਼ਿਲਮਾਂ ਕਰਾਂ, ਵੈਸੇ ਮੈਨੂੰ ਹਰ ਭੂਮਿਕਾ ਪਸੰਦ ਹੈ | 'ਬੈਂਕ ਚੋਰ' ਫ਼ਿਲਮ 'ਚ ਵਿਵੇਕ ਦੀ ਭੂਮਿਕਾ ਸੀ.ਬੀ.ਆਈ. ਅਫਸਰ ਅਮਜਦ ਖ਼ਾਨ ਦੀ ਹੈ | ਇਹ ਉਹ ਫ਼ਿਲਮ ਹੈ ਜਿਸ ਲਈ ਕਪਿਲ ਸ਼ਰਮਾ ਨੂੰ ਲਿਆ ਗਿਆ ਸੀ | ਹੈਦਰਾਬਾਦ 'ਚ ਜਨਮੇ ਵਿਵੇਕ ਦੇ ਪਿਤਾ ਸੁਰੇਸ਼ ਉਬਰਾਏ ਪੰਜਾਬੀ ਹਨ ਤੇ ਮੰਮੀ ਤਾਮਿਲ ਹਨ | ਵਿਵੇਕ ਉਬਰਾਏ ਦਾ ਪਰਿਵਾਰਕ ਵਪਾਰ, ਮੈਡੀਕਲ ਸਟੋਰ ਦਾ ਹੈ, ਜਿਸ ਦੀ ਕਾਫ਼ੀ ਲੰਬੀ ਚੇਨ ਹੈ | ਵਿਵੇਕ ਉਬਰਾਏ ਨੇ ਰਾਮ ਗੋਪਾਲ ਵਰਮਾ ਫ਼ਿਲਮਕਾਰ ਨਾਲ 'ਕੰਪਨੀ' ਵਰਗੀ ਫ਼ਿਲਮ ਕੀਤੀ ਹੈ | ਵੀਡੀਓ ਲਾਇਬ੍ਰੇਰੀ ਚਲਾਉਂਦੇ ਫ਼ਿਲਮਕਾਰ ਬਣੇ ਰਾਮ ਗੋਪਾਲ ਵਰਮਾ ਕਈ ਸਾਲਾਂ ਬਾਅਦ ਫ਼ਿਲਮਾਂ 'ਚ ਆ ਰਹੇ ਹਨ ਤੇ ਗੈਂਗਵਾਰ 'ਤੇ ਫ਼ਿਲਮ ਵਿਵੇਕ ਨੂੰ ਲੈ ਕੇ ਬਣਾ ਰਹੇ ਹਨ | ਵਿਵੇਕ ਨੇ ਬਹੁਤ ਸਾਰੀਆਂ ਹਾਲੀਵੁੱਡ ਦੀਆਂ ਫ਼ਿਲਮਾਂ ਦੀ ਡਬਿੰਗ ਕੀਤੀ ਹੈ | ਵਿਵੇਕ ਤੇ ਉਸ ਦਾ ਪਰਿਵਾਰ ਕੈਂਸਰ ਪੀੜਤਾਂ ਲਈ ਕਾਫੀ ਦਾਨ ਵੀ ਕਰ ਚੁੱਕਾ ਹੈ | ਹਿੰਦੀ ਦੇ ਇਲਾਵਾ ਦੱਖਣ ਦੀਆਂ ਕਈ ਫ਼ਿਲਮਾਂ ਕਰਨ ਵਾਲਾ ਵਿਵੇਕ ਚਾਹੁੰਦਾ ਹੈ ਕਿ ਹਾਲੀਵੁੱਡ ਦਾ ਸਟਾਰ ਬਣੇ |
-ਤਰਸੇਮ ਬੱਧਣ

ਡਾਇਨਾ ਪੇਂਟੀ 'ਹੈਪੀ' ਦਾ ਬਨਵਾਸ ਖ਼ਤਮਚਾਰ ਸਾਲ ਬਹੁਤ ਹੁੰਦੇ ਹਨ ਤੇ ਚਾਰ ਸਾਲ ਡਾਇਨਾ ਪੇਂਟੀ ਗੁੰਮਨਾਮ ਦੌਰ 'ਚ ਰਹੀ ਹੈ | ਇਹ ਚਾਰ ਸਾਲ ਦਾ ਸੋਕਾ ਹੁਣ ਖ਼ਤਮ ਹੋ ਰਿਹਾ ਹੈ | ਵੱਡੇ ਪਰਦੇ 'ਤੇ ਫਿਰ ਡਾਇਨਾ ਦੀ ਵਾਪਸੀ ਹੋ ਰਹੀ ਹੈ | ਅਭੈ ਦਿਓਲ ਨਾਲ ਉਸ ਦੀ ਫ਼ਿਲਮ 'ਹੈਪੀ ਭਾਗ ਜਾਏਗੀ' ਆ ਰਹੀ ਹੈ | ਅਭੈ ਦਾ ਹਾਲ ਵੀ ਡਾਇਨਾ ਵਾਲਾ ਹੀ ਹੈ ਤੇ ਉਹ ਵੀ ਐਨੀ ਦੇਰ ਬਾਅਦ ਹੀ ਫ਼ਿਲਮੀ ਪਰਦੇ 'ਤੇ ਆ ਰਿਹਾ ਹੈ | ਡਾਇਨਾ ਪੇਂਟੀ ਦਾ ਕਹਿਣਾ ਹੈ ਕਿ ਸ਼ੁਕਰ ਹੈ ਉਸ ਦਾ ਬਨਵਾਸ ਖ਼ਤਮ ਹੋਣ ਜਾ ਰਿਹਾ ਹੈ | 'ਹੈਪੀ ਭਾਗ ਜਾਏਗੀ' ਦਾ ਹੁੰਗਾਰਾ ਦੇਖਣ ਲਈ ਉਹ ਬੇਤਾਬ ਹੈ | 'ਕਾਕਟੇਲ' ਵਾਲੀ ਡਾਇਨਾ ਨਾਲ ਕਿਸਮਤ ਵੀ ਇਕ ਖੇਡ ਹੀ ਖੇਡ ਰਹੀ ਹੈ | 4 ਸਾਲ ਬਿਲਕੁਲ ਫ਼ਿਲਮਾਂ ਤੋਂ ਵਿਹਲੇ ਰਹਿਣਾ ਇਕ ਤਰ੍ਹਾਂ ਨਾਲ ਆਸਾਂ ਦਾ ਮਰ ਜਾਣਾ ਹੁੰਦਾ ਹੈ | ਜੇ ਇਕ ਪਾਸੇ ਹੁਣ ਉਸ ਦੀ ਫ਼ਿਲਮ 'ਹੈਪੀ ਭਾਗ ਜਾਏਗੀ' ਆ ਰਹੀ ਹੈ, ਤਾਂ ਉਸ ਨੂੰ ਮਿਲ ਰਹੀ ਫ਼ਿਲਮ 'ਅਤਿਥੀ ਇਨ ਲੰਦਨ' ਹੁਣ ਉਸ ਨੂੰ ਨਹੀਂ ਮਿਲ ਰਹੀ ਹੈ | ਅਸਲ 'ਚ ਆਪ ਡਾਇਨਾ ਨੇ ਇਸ ਫ਼ਿਲਮ ਨੂੰ ਨਾਂਹ ਕੀਤੀ ਹੈ | ਇਕ ਤਾਂ ਇਸ 'ਚ ਨਵੀਂ ਸਟਾਰ ਕਾਸਟ ਸੀ ਤੇ ਦੂਸਰਾ ਉਹ ਹੁਣ ਨਵੀਂ ਪਾਰੀ ਦੌਰਾਨ ਪੈਰ ਸੋਚ-ਸਮਝ ਕੇ ਪੁੱਟਣਾ ਚਾਹੁੰਦੀ ਹੈ | ਡਾਇਨਾ ਨੂੰ ਕਿਸੇ 'ਤੇ ਕਦੇ ਗੁੱਸਾ ਨਹੀਂ ਆਇਆ ਪਰ 'ਹੈਪੀ ਭਾਗ ਜਾਏਗੀ' ਦਾ ਸੰਗੀਤ ਲੋਕ-ਅਰਪਣ ਕਰਨ ਸਮੇਂ ਮੀਕਾ ਸਿੰਘ ਨੇ ਉਸ ਨੂੰ ਜਦ 'ਡਾਇਨਾ' ਦੀ ਥਾਂ 'ਡੀਨ' ਗ਼ਲਤ ਨਾਂਅ ਨਾਲ ਪੁਕਾਰਿਆ ਤਾਂ ਫਿਰ ਪੇਂਟੀ ਸ਼ਬਦ ਦੇ ਦੋਹਰੇ ਅਰਥ ਕੱਢੇ ਤਾਂ ਡਾਇਨਾ ਨੂੰ ਉਸ ਦੀਆਂ ਹਰਕਤਾਂ 'ਤੇ ਬਹੁਤ ਹੀ ਗੁੱਸਾ ਆ ਗਿਆ | ਮੀਕਾ ਨੇ ਤਾਂ ਡਾਇਨਾ ਨਾਲ ਵਿਆਹ ਕਰਵਾਉਣ ਤੱਕ ਦੀ ਗੱਲ ਕਹਿ ਦਿੱਤੀ | ਡਾਇਨਾ ਨੇ ਗੁੱਸਾ ਕਾਬੂ ਕਰ ਲਿਆ ਕਿਉਂਕਿ ਚਾਰ ਸਾਲ ਦੇ ਖ਼ਤਮ ਹੋ ਰਹੇ ਬਨਵਾਸ 'ਤੇ ਉਹ ਗੁੱਸੇ ਨਾਲ ਨਹੀਂ ਸਗੋਂ ਪਿਆਰ ਨਾਲ ਲੋਕਾਂ ਸਾਹਮਣੇ ਆਉਣਾ ਚਾਹੁੰਦੀ ਹੈ | ਮੁੜ ਵਾਪਸੀ ਕਾਰਨ 'ਹੈਪੀ ਭਾਗ ਜਾਏਗੀ' ਲਈ ਉਸ 'ਤੇ ਕਾਫੀ ਦਬਾਅ ਸੀ | 'ਕਾਕਟੇਲ' ਨਾਲੋਂ ਇਸ ਫ਼ਿਲਮ 'ਚ ਉਸ ਦਾ ਅਲੱਗ ਕਿਰਦਾਰ ਹੈ | ਡਾਇਨਾ ਨੂੰ ਇਸ ਦੌਰਾਨ ਫ਼ਿਲਮਾਂ ਦੀ ਪੇਸ਼ਕਸ਼ ਆਈ ਪਰ ਉਸ ਨੇ ਮਾੜੇ-ਮੋਟੇ ਪ੍ਰੋਜੈਕਟ ਨੂੰ ਨਾਂਹ ਹੀ ਕਹੀ | 'ਹੈਪੀ ਭਾਗ ਜਾਏਗੀ' ਦੇ ਚੱਲਣ ਦੀ ਉਸ ਨੂੰ ਪੂਰੀ ਉਮੀਦ ਹੈ ਤੇ ਇਸ ਕਾਰਨ ਉਹ ਮੀਕਾ ਸਿੰਘ ਦੀਆਂ ਗ਼ਲਤ ਗੱਲਾਂ ਵੀ ਸਹਿ ਗਈ ਹੈ | ਦੇਖਿਆ ਜਾਏ ਤਾਂ ਮੀਕਾ ਸਿੰਘ ਨੇ ਇਕ-ਦੋ ਗੱਲਾਂ ਛੱਡ ਕੇ ਡਾਇਨਾ ਦੀ ਤਾਰੀਫ਼ ਹੀ ਕੀਤੀ ਹੈ | 'ਹੈਪੀ' ਸੁੰਦਰ ਹੈ, ਉਹ ਜਿਸ ਨਾਲ ਵੀ ਦੌੜੇਗੀ (ਭਾਗ ਜਾਏਗੀ) ਖੁਸ਼ਕਿਸਮਤ ਹੀ ਹੋਏਗਾ | ਖ਼ੈਰ, ਚਾਰ ਸਾਲ ਦਾ ਬਨਵਾਸ ਖ਼ਤਮ ਹੋਣ 'ਤੇ ਡਾਇਨਾ ਪੇਂਟੀ ਨੂੰ ਸ਼ੁੱਭ ਕਾਮਨਾਵਾਂ 'ਤੇ 'ਹੈਪੀ' ਦਾ ਭਵਿੱਖ 'ਹੈਪੀ' ਹੀ ਰਹੇ |
-ਸੁਖਜੀਤ ਕੌਰ

ਉੱਭਰ ਰਿਹਾ ਪੰਜਾਬੀ ਗਾਇਕ ਜੋਤ ਪੰਡੋਰੀ

ਪੰਜਾਬੀ ਗਾਇਕੀ ਦੀ ਦੁਨੀਆ ਵਿਚ ਬਹੁਤ ਨੌਜਵਾਨਾਂ ਨੇ ਆਪਣੀ ਕਲਾ ਦਾ ਸਿੱਕਾ ਜਮਾ ਕੇ ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਧਾਕ ਜਮਾਈ ਹੈ | ਇਸੇ ਤਰ੍ਹਾਂ ਹੀ ਪੰਜਾਬੀ ਗਾਇਕੀ ਵਿਚ ਉਭਰ ਰਿਹਾ ਨੌਜਵਾਨ ਗਾਇਕ ਜੋਤ ਪੰਡੋਰੀ ਨੇ ਵੀ ਆਪਣੇ ਉਸਤਾਦ ਪ੍ਰੋ: ਜਤਿੰਦਰਪਾਲ ਤੇ ਪ੍ਰੋ: ਚਮਨ ਭੱਲਾ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖ ਕੇ ਪੰਜਾਬੀ ਗਾਇਕੀ ਵਿਚ ਪੈਰ ਧਰਿਆ ਹੈ | ਗੁਰਜੋਤ ਸਿੰਘ ਜੋਤ ਪੰਡੋਰੀ ਦਾ ਜਨਮ ਪਿਤਾ ਸਵ: ਰਣਧੀਰ ਸਿੰਘ ਪੰਡੋਰੀ ਦੇ ਗ੍ਰਹਿ ਮਾਤਾ ਕਰਮਜੀਤ ਕੌਰ ਦੀ ਕੁੱਖੋਂ 14 ਜਨਵਰੀ 1989 ਨੂੰ ਪਿੰਡ ਪੰਡੋਰੀ (ਮੁੱਲਾਂਪੁਰ-ਦਾਖਾ) ਲੁਧਿਆਣਾ ਵਿਖੇ ਹੋਇਆ | ਜੋਤ ਪੰਡੋਰੀ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਤੋਂ ਪ੍ਰਾਪਤ ਕੀਤੀ ਤੇ ਸਰਕਾਰੀ ਹਾਈ ਸਕੂਲ ਰਕਬਾ ਵਿਚੋਂ +2 ਦੀ ਸਿੱਖਿਆ ਲਈ | ਜੋਤ ਪੰਡੋਰੀ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ | ਸਕੂਲ ਦੀਆਂ ਸਟੇਜਾਂ ਤੋਂ ਗਾਉਂਦਾ ਹੋਇਆ 2011 ਵਿਚ ਗੀਤਕਾਰ ਬੀਤ ਬਲਜੀਤ ਦਾ ਲਿਖਿਆ ਸਿੰਗਲ ਟਰੈਕ ‘'ਪੁੱਤ ਮੈਂ ਗਰੀਬ ਜੱਟ ਦਾ'’ਦੇ ਨਾਲ ਪੰਜਾਬੀ ਗਾਇਕੀ ਵਿਚ ਪੈਰ ਰੱਖਿਆ | ਉਸ ਤੋਂ ਬਾਅਦ ਅਨੇਕਾਂ ਹੀ ਗੀਤ ਜਿਵੇਂ 'ਜੱਟ ਨੱਕੇ ਮੋੜਦਾ', 'ਸੌ ਚੱਕਵੇ', 'ਜੱਟ ਵਾਦ' ਆਦਿ ਰਿਕਾਰਡ ਕਰਵਾਏ | ਜੋਤ ਪੰਡੋਰੀ ਦਾ ਚੱਲ ਰਿਹਾ ਨਵਾਂ ਸਿੰਗਲ ਟਰੈਕ 'ਪਰਚੇ' ਜਿਸ ਦਾ ਮੁੱਖੜਾ 'ਨਾਮ ਚਮਕੇ ਉਨ੍ਹਾਂ ਦਾ ਜਿਨ੍ਹਾਂ ਨੇ ਸਾਹ ਵੀ ਦੇਸ਼ ਦੇ ਨਾਮ ਕਰਤੇ ਦੱਸੋ ਭਗਤ ਸਿੰਘ ਸੂਰਮੇ ਨੇ ਕਿਹੜੇ ਕਾਲਜਾਂ 'ਚ ਲਾਏ ਸੀ ਪਰਚੇ' ਇਹ ਹੈ ਤੇ ਜੋਤ ਪੰਡੋਰੀ ਸਿੰਗਲ ਟਰੈਕ 'ਪਰਚੇ' ਨਾਲ ਪੂਰੀ ਤਰ੍ਹਾਂ ਚਰਚਾ ਵਿਚ ਹੈ | ਜੋਤ ਪੰਡੋਰੀ ਨੇ ਦੱਸਿਆ ਕਿ 'ਪਰਚੇ' ਸਿੰਗਲ ਟਰੈਕ ਗੀਤਕਾਰ ਅਰਮਿੰਦਰ ਰੂੰਮੀ ਨੇ ਲਿਖਿਆ ਤੇ ਮਿਊਜ਼ਿਕ ਵੈਕਟਰ ਕੰਬੋਜ਼ ਵੱਲੋਂ ਅਤੇ ਅਮਰ ਆਡੀਓ ਨੇ ਰਿਲੀਜ਼ ਕੀਤਾ ਹੈ |
-ਤੇਜਿੰਦਰ ਸਿੰਘ ਚੱਢਾ
ਪੱਤਰਕਾਰ ਚੌਕੀਮਾਨ |

ਪੰਮੀ ਬਾਈ ਦਾ ਪੰਜਾਬੀਆਂ ਨੂੰ ਨਵਾਂ ਤੋਹਫ਼ਾ-'ਦਾਰਾ'

ਪੰਜਾਬੀ ਲੋਕ ਨਾਚਾਂ, ਗਾਇਕੀ ਅਤੇ ਪਹਿਰਾਵੇ ਰਾਹੀਂ ਦੁਨੀਆ ਭਰ 'ਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲਾ ਪਰਮਜੀਤ ਸਿੱਧੂ ਉਰਫ ਪੰਮੀ ਬਾਈ 2 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਦਾਰਾ' ਰਾਹੀਂ ਪਾਲੀਵੁੱਡ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ | ਪੰਮੀ ਬਾਈ ਨੇ ਜਿਸ ਤਰ੍ਹਾਂ ਮਿਆਰੀ ਪਹਿਰਾਵੇ ਅਤੇ ਲੋਕ ਨਾਚਾਂ ਨਾਲ ਲਬਰੇਜ਼ ਆਪਣੀ ਗਾਇਕੀ ਰਾਹੀਂ ਅਜੋਕੀ ਪੀੜ੍ਹੀ ਲਈ ਨਵੇਂ ਦੁਆਰ ਖੋਲ੍ਹੇ ਸਨ, ਉਮੀਦ ਹੈ ਕਿ ਉਹ ਫ਼ਿਲਮ ਜਗਤ 'ਚ ਵੀ ਪੰਜਾਬੀਆਂ ਲਈ ਨਵੀਆਂ ਪਿਰਤਾਂ ਪਾਏਗਾ | 'ਪੰਜਾਬੀ ਫੋਕ ਸਟੂਡੀਓ' ਦੇ ਬੈਨਰ ਹੇਠ ਬਣੀ ਫ਼ਿਲਮ 'ਦਾਰਾ' ਨੂੰ ਦਲਵਿੰਦਰ ਸਿੰਘ ਗੁਰਾਇਆ ਦੇ ਗੁਰਾਇਆ ਫ਼ਿਲਮਜ਼ ਐਾਟਰਪਰਾਈਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ | ਪੰਮੀ ਬਾਈ ਨੇ ਦੱਸਿਆ ਕਿ ਉਨ੍ਹਾਂ ਨੇ ਬਲਦੇਵ ਸਿੰਘ ਸੜਕਨਾਮਾ ਦੇ ਇਕ ਨਾਵਲ ਦੀ ਕਹਾਣੀ ਨੂੰ ਅਜੋਕੇ ਪਰਿਪੇਖ 'ਚ ਪੇਸ਼ ਕਰਨ ਦਾ ਉੱਦਮ ਕੀਤਾ ਹੈ | ਇਹ ਇਕ ਵਿਲੱਖਣ ਕਹਾਣੀ ਹੈ, ਜੋ ਫ਼ਿਲਮ ਪ੍ਰੇਮੀਆਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੇਗੀ | ਪੰਮੀ ਬਾਈ ਨੇ ਦੱਸਿਆ ਕਿ ਇਹ ਫ਼ਿਲਮ ਪਿਛਲੇ 17 ਸਾਲਾਂ ਤੋਂ ਨਿਰਦੇਸ਼ਨ ਦੇ ਖੇਤਰ 'ਚ ਸਰਗਰਮ ਪਰਵੀਨ ਕੁਮਾਰ ਨੇ ਨਿਰਦੇਸ਼ਤ ਕੀਤੀ ਹੈ, ਜਿਸ ਨੇ ਤਕਰੀਬਨ ਡੇਢ ਸਾਲ ਫ਼ਿਲਮ ਦੀ ਪਟਕਥਾ ਅਤੇ ਸੰਵਾਦ ਸਮੇਤ ਹੋਰਨਾਂ ਨਿਰਮਾਣ ਕਾਰਜਾਂ ਦੀ ਤਿਆਰੀ 'ਤੇ ਲਗਾਇਆ | ਇਸ ਦੇ ਬਹੁਤ ਅੱਛੇ ਨਤੀਜੇ ਸਾਹਮਣੇ ਆਏ ਹਨ | ਫ਼ਿਲਮ ਦੇ ਹਰੇਕ ਅਦਾਕਾਰ ਦੀ ਚੋਣ ਕਿਰਦਾਰ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ | ਫ਼ਿਲਮ 'ਚ ਪੰਮੀ ਬਾਈ-ਰਾਜ ਧਾਲੀਵਾਲ, ਗੁਰਪ੍ਰੀਤ ਘੁੱਗੀ-ਮਨਪ੍ਰੀਤ ਰਾਏ, ਕਰਤਾਰ ਚੀਮਾ-ਮਨਪ੍ਰੀਤ ਸੱਗੂ ਤੇ ਹੈਪੀ ਰਾਏਕੋਟੀ-ਪ੍ਰੀਤ ਸਿਮਰਨ ਦੀਆਂ ਜੋੜੀਆਂ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਬਲਕਰਨ ਬਰਾੜ, ਨਿਰਮਲ ਰਿਸ਼ੀ, ਡਾ: ਪ੍ਰਭਸ਼ਰਨ ਕੌਰ, ਹਰਬੀ ਸੰਘਾ ਤੇ ਜਸ਼ਨਦੀਪ ਗੋਸ਼ਾ ਨੇ ਦਮਦਾਰ ਭੂਮਿਕਾਵਾਂ ਨਿਭਾਈਆਂ ਹਨ | ਪੰਮੀ ਬਾਈ ਦਾ ਦਾਅਵਾ ਹੈ ਕਿ ਇਸ ਫ਼ਿਲਮ ਦਾ ਸੰਗੀਤ ਬਹੁਤ ਹੀ ਮਿਆਰੀ ਅਤੇ ਕਹਾਣੀ ਮੁਤਾਬਕ ਢੁਕਵਾਂ ਹੈ | ਫ਼ਿਲਮ ਦੇ ਗੀਤ ਸਾਹਿਬ ਸਿੰਘ ਸਾਬੀ ਤੇ ਹੈਪੀ ਰਾਏਕੋਟੀ ਨੇ ਲਿਖੇ ਹਨ | ਇਨ੍ਹਾਂ ਗੀਤਾਂ ਨੂੰ ਕੁਲਜੀਤ ਸਿੰਘ ਦੇ ਸੰਗੀਤ 'ਚ ਪੰਮੀ ਬਾਈ, ਲਹਿੰਬਰ ਹੁਸੈਨਪੁਰੀ, ਅਕਰਮ ਰਾਹੀ, ਸੁਦੇਸ਼ ਕੁਮਾਰੀ, ਨਛੱਤਰ ਗਿੱਲ, ਹੈਪੀ ਰਾਏਕੋਟੀ, ਹਰਿੰਦਰ ਹੁੰਦਲ ਅਤੇ ਉਪਿੰਦਰ ਸੌਧਾਂ ਨੇ ਗਾਇਆ ਹੈ |
-ਡਾ: ਸੁਖਦਰਸ਼ਨ ਸਿੰਘ ਚਹਿਲ

ਪੰਜਾਬੀ ਗਾਇਕ : ਹਰਨੇਕ ਸਿੰਘ ਬਡਾਲੀ

ਆਪਣੀ ਪਛਾਣ ਆਪ ਬਣਾਉਣ ਵਾਲੇ ਸੁਰੀਲੀ ਆਵਾਜ਼ ਦੇ ਮਾਲਕ ਹਰਨੇਕ ਸਿੰਘ ਬਡਾਲੀ, ਜਿਨ੍ਹਾਂ ਦੀ ਲੰਮੀ ਹੇਕ ਤੇ ਉੱਚੀ ਸੁਰ ਵਿਚ ਗਾਇਕੀ ਮਹੱਤਵਪੂਰਨ ਹੋ ਨਿਬੜਦੀ ਹੈ | ਹਰਨੇਕ ਸਿੰਘ ਬਡਾਲੀ ਦਾ ਜਨਮ ਪਟਿਆਲਾ (ਉਸ ਵੇਲੇ) ਜ਼ਿਲ੍ਹੇ ਦੇ ਪਿੰਡ ਬਡਾਲੀ ਆਲਾ ਸਿੰਘ (ਹੁਣ ਫਤਹਿਗੜ੍ਹ ਸਾਹਿਬ) ਵਿਖੇ ਮਾਤਾ ਬਲਵੰਤ ਕੌਰ ਦੀ ਕੁੱਖੋਂ ਪਿਤਾ ਕਿਸ਼ੋਰ ਸਿੰਘ ਦੇ ਗ੍ਰਹਿ ਵਿਖੇ ਹੋਇਆ | ਬਡਾਲੀ ਨੂੰ ਗਾਉਣ ਦੀ ਚੇਟਕ ਵੀ ਅਜੀਬ ਢੰਗ ਨਾਲ ਲੱਗੀ | ਇਹ ਸਕੂਲ ਤੇ ਘਰ ਵਿਚਾਲੇ ਦੇ ਰਾਹ ਵਿਚ ਲਿਖਾਈ ਵਾਲੀ 'ਫੱਟੀ' ਨੂੰ ਹੀ ਢੋਲਕੀ ਬਣਾ ਕੇ ਗਾਉਣਾ ਸ਼ੁਰੂ ਕਰ ਦਿੰਦਾ | ਇਸੇ ਤਰ੍ਹਾਂ ਕਰਦਿਆਂ ਹੌਲੀ-ਹੌਲੀ ਸੱਥਾਂ ਵਿਚ ਬੈਠੇ ਬਾਬਿਆਂ ਤੇ ਯਾਰਾਂ ਬੇਲੀਆਂ ਵਿਚ ਗਾਉਣਾ ਸ਼ੁਰੂ ਕੀਤਾ | ਇਸ ਮਗਰੋਂ ਬਡਾਲੀ ਸਾਜਨ ਰਾਏ ਕੋਟੀ ਤੇ ਰੱਬੀ ਸਿੰਘ ਬੈਰੋਂਪੁਰੀ ਦੀ ਪਾਰਟੀ ਵਿਚ ਸ਼ਾਮਿਲ ਹੋ ਕੇ ਦਸ ਸਾਲ ਗਾਇਆ | ਬਡਾਲੀ ਨੇ ਬਲਜੀਤ ਕੌਰ ਬੇਦੀ ਨਾਲ ਡਿਊਟ ਗੀਤ ਗਾਏ | ਇਸ ਸਫ਼ਰ ਵਿਚ ਮਿਲੇ ਬਾਬਾ ਸਰੂਪ ਸਿੰਘ ਸਫ਼ਰੀ (ਕੁਰਾਲੀ) ਦੀ ਪ੍ਰੇਰਨਾ ਨਾਲ ਉਹ ਧਾਰਮਿਕ ਪਿੜ ਵਿਚ ਅਕਾਸ਼ਵਾਣੀ ਤੇ ਟੀ. ਵੀ. ਚੈਨਲਾਂ ਤੱਕ ਪੁੱਜ ਗਿਆ | ਬਡਾਲੀ ਦੀ ਰੇਡੀਓ ਤੇ ਦੂਰਦਰਸ਼ਨ ਉਤੇ ਬਾਰਾਂਮਾਹ ਦੀ ਕਲੀ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ | ਉਹ ਪੰਜਾਬੀ ਕਵੀ ਸੁਰਜੀਤ ਸਿੰਘ ਮਰਜਾਰਾ ਦਾ ਵੀ ਉਪਾਸ਼ਕ ਹੈ | ਬਡਾਲੀ ਅੱਜਕਲ੍ਹ ਧਾਰਮਿਕ ਦੀਵਾਨਾਂ ਵਿਚ ਢਾਡੀ ਜਥਿਆਂ ਦੇ ਰੂਪ ਵਿਚ ਅਤੇ ਕਵੀ ਦਰਬਾਰਾਂ ਵਿਚ ਕਵੀ ਦੇ ਰੂਪ ਵਿਚ ਆਪਣੀਆਂ ਲਿਖਤਾਂ ਨਾਲ ਵਿਚਰ ਰਿਹਾ ਹੈ | ਸ਼੍ਰੋਮਣੀ ਕਵੀ ਅਨੋਖ ਸਿੰਘ ਜ਼ਖ਼ਮੀ ਵਰਗੇ ਸੁਲਝੇ ਹੋਏ ਕਵੀ ਉਸ ਦੇ ਰਾਹ ਦਸੇਰੇ ਹਨ | ਪੰਜਾਬੀ ਮਾਂ ਦੇ ਇਸ ਗਾਇਕ ਤੇ ਕਵੀ ਸਪੁੱਤਰ ਤੋਂ ਉਸ ਦੇ ਪ੍ਰਸੰਸਕਾਂ ਨੂੰ ਭਵਿੱਖ ਵਿਚ ਵੱਡੀਆਂ ਉਮੀਦਾਂ ਹਨ |
-ਡਾ: ਗੁਰਬਚਨ ਸਿੰਘ ਰੁਪਾਲ
ਬੱਸੀ ਪਠਾਣਾ (ਫਤਹਿਗੜ੍ਹ ਸਾਹਿਬ) |

ਖਰੜ ਦਾ ਰਣਜੀਤ ਰੰਧਾਵਾ ਪੰਜਾਬੀ ਫ਼ਿਲਮ 'ਬੰਬੂਕਾਟ' ਨਾਲ ਹੋਇਆ ਮਕਬੂਲ

ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਰਹੇ ਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਐਮ. ਐਸ. ਰੰਧਾਵਾ ਨੇ ਜਿਥੇ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਉਥੇ ਉਸਦੇ ਪੋਤਰੇ ਰਣਜੀਤ ਸਿੰਘ ਰੰਧਾਵਾ ਨੇ ਆਪਣੀ ਮਿਹਨਤ ਸਦਕਾ ਆਪਣਾ ਨਾਂਅ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸ਼ਾਮਿਲ ਕਰਾ ਲਿਆ ਹੈ | ਹੁਣੇ ਹੀ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਬੰਬੂਕਾਟ', ਜਿਸ ਦੇ ਨਿਰਮਾਤਾ ਕਾਰਜ ਗਿੱਲ ਤੇ ਅਮੀਕ ਵਿਰਕ ਹਨ ਤੇ ਜਿਸ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਦਿੱਤਾ ਹੈ, ਜੱਸ ਗਰੇਵਾਲ ਵੱਲੋਂ ਲਿਖੀ ਇਹ ਫ਼ਿਲਮ 50ਵੇਂ ਦਹਾਕੇ ਦੇ ਸੱਭਿਆਚਾਰ ਨੂੰ ਰੂਪਮਾਨ ਕਰਦੀ ਹੋਈ ਖੂਬਸੂਰਤ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ | ਫ਼ਿਲਮ ਵਿਚ ਸ਼ਾਮਿਲ ਬੰਬੂਕਾਟ (ਮੋਟਰ ਸਾਈਕਲ) ਫ਼ਿਲਮ ਦਾ ਮੁੱਖ ਆਕਰਸ਼ਣ ਬਣਿਆ, ਜਿਸ ਨੂੰ ਖਰੜ ਦੇ ਵਸਨੀਕ ਰਣਜੀਤ ਰੰਧਾਵਾ ਵੱਲੋਂ ਤਿਆਰ ਕੀਤਾ ਗਿਆ ਹੈ | ਇਸ ਬੰਬੂਕਾਟ ਬਾਰੇ ਰੰਧਾਵਾ ਨੇ ਦੱਸਿਆ ਕਿ ਇਹ ਮੋਟਰ ਸਾਈਕਲ ਤਕਰੀਬਨ ਇਕ ਮਹੀਨੇ ਵਿਚ ਤਿਆਰ ਕੀਤਾ ਗਿਆ ਹੈ, ਜਿਸ ਵਿਚ ਜੀਪ ਦੇ ਹਿੱਸੇ, ਮਾਰੂਤੀ ਦੇ ਹਿੱਸੇ, ਕਮਾਨੀਆਂ, ਘੋੜੇ ਰੇੜੇ੍ਹ ਦਾ ਚੱਕਾ ਤੇ ਖਾਸ ਗੱਲ ਇਸ ਦੀ ਬੈਠਣ ਵਾਲੀ ਸੀਟ ਲੋਹੇ ਦੇ ਤਸਲੇ ਦੀ ਹੈ | ਰਣਜੀਤ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਇਹ ਸ਼ੌਕ ਅਤੇ ਮਿਹਨਤ ਐਨਾ ਰੰਗ ਲਿਆਵੇਗੀ ਅਤੇ ਉਨ੍ਹਾਂ ਨੂੰ ਵਿਸ਼ਵ ਪ੍ਰਸਿੱਧ ਕਰ ਦੇਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਪਿਛੇ ਜਿਹੇ ਰਾਇਲ ਇੰਨਫੀਲਡ ਦੇ ਬੁਲਟ ਮੋਟਰ ਸਾਈਕਲ 'ਚ ਸੈਲਫ਼ ਸਟਾਰਟ ਆਇਆ ਹੈ, ਜਦੋਂ ਕਿ ਉਨ੍ਹਾਂ ਵੱਲੋਂ ਕੰਪਨੀ ਤੋਂ ਪਹਿਲਾਂ ਹੀ ਆਪਣੀ ਵਰਕਸ਼ਾਪ 'ਚ ਇਸ ਮੋਟਰ ਸਾਈਕਲ ਦੇ ਸੈਲਫ਼ ਲਗਾ ਦਿੱਤੀ ਗਈ ਸੀ | ਅੱਠਵੀਂ ਕਲਾਸ 'ਚ ਪੜ੍ਹਦੇ ਸਮੇਂ ਤੋਂ ਹੀ ਸ਼ੌਕੀਆ ਤੌਰ 'ਤੇ ਖੁਦ ਹੀ ਆਪਣੇ ਸਾਈਕਲ ਦੀ ਰਿਪੇਅਰ ਕਰ ਲੈਣ ਵਾਲਾ ਰੰਧਾਵਾ ਨੇ ਸਮੇਂ ਦੇ ਨਾਲ-ਨਾਲ ਅੱਗੇ ਜਾ ਕਿ ਮੋਟਰ ਮਕੈਨੀਕਲ ਦਾ ਵੀ ਸ਼ੌਕ ਪਾਲ ਲਿਆ | ਉਹ ਮੋਟਰ ਸਾਈਕਲ, ਕਾਰਾਂ ਨੂੰ ਖੋਲ੍ਹ ਕੇ ਠੀਕ ਕਰ ਲੈਣ ਵਾਲੇ ਰਣਜੀਤ ਰੰਧਾਵਾ ਨੇ ਨਾ ਤਾਂ ਕਿਸੇ ਕਿਸਮ ਦੀ ਕੋਈ ਮਕੈਨੀਕਲ ਡਿਗਰੀ ਹਾਸਲ ਕੀਤੀ, ਨਾ ਹੀ ਕਿਸੇ ਕੋਲੋਂ ਕੋਈ ਕੰਮ ਸਿੱਖਿਆ | ਇਸ ਮਿਹਨਤ ਸਦਕਾ ਰਣਜੀਤ ਸਿੰਘ ਰੰਧਾਵਾ ਆਪਣੇ ਪਰਿਵਾਰ ਅਤੇ ਖਰੜ ਸ਼ਹਿਰ ਦਾ ਨਾਂਅ ਰੌਸ਼ਨ ਕਰ ਰਿਹਾ ਹੈ |
-ਗੁਰਮੁੱਖ ਸਿੰਘ ਮਾਨ, ਨਿ.ਪ.ਪ.

ਰੁਸਤਮ ਮੇਰੇ ਬੋਲਡ ਸਟੈੱਪ ਦਾ ਨਤੀਜਾ ਹੈ ਅਰਜਨ ਬਾਜਵਾਇਨ੍ਹੀਂ ਦਿਨੀਂ ਫ਼ਿਲਮ 'ਰੁਸਤਮ' ਦੀ ਚਰਚਾ ਹਰ ਪਾਸੇ ਹੋ ਰਹੀ ਹੈ | ਫ਼ਿਲਮ ਦੇ ਪ੍ਰਚਾਰ ਨੂੰ ਦੇਖ ਕੇ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਸੱਠ ਦੇ ਦਹਾਕੇ ਦੇ ਬਹੁਚਰਚਿਤ ਕਮਾਂਡਰ ਨਾਨਾਵਤੀ ਮਰਡਰ ਕੇਸ 'ਤੇ ਆਧਾਰਿਤ ਹੈ | ਅਕਸ਼ੈ ਕੁਮਾਰ ਵੱਲੋਂ ਇਸ ਵਿਚ ਨੇਵੀ ਦੇ ਅਫ਼ਸਰ ਦੀ ਭੂਮਿਕਾ ਨਿਭਾਈ ਗਈ ਹੈ | ਕਮਾਂਡਰ ਨਾਨਾਵਤੀ ਦੇ ਹੱਥੋਂ ਉਨ੍ਹਾਂ ਦੀ ਪਤਨੀ ਦੇ ਪ੍ਰੇਮੀ ਪ੍ਰੇਮ ਆਹੂਜਾ ਦਾ ਕਤਲ ਹੋਇਆ ਸੀ | ਇਥੇ 'ਰੁਸਤਮ' ਵਿਚ ਪ੍ਰੇਮ ਆਹੂਜਾ ਤੋਂ ਪ੍ਰੇਰਿਤ ਭੂਮਿਕਾ ਨੂੰ ਅਰਜਨ ਬਾਜਵਾ ਵੱਲੋਂ ਅੰਜਾਮ ਦਿੱਤਾ ਗਿਆ ਹੈ | ਇਸ ਭੂਮਿਕਾ ਵਿਚ ਕੀ ਖ਼ਾਸ ਹੈ ਇਸ ਬਾਰੇ ਅਰਜਨ ਇਥੇ ਦੱਸ ਰਹੇ ਹਨ |
• ਪਹਿਲਾ ਸਵਾਲ ਤਾਂ ਇਹ ਕਿ ਇਸ ਫ਼ਿਲਮ ਦੀ ਪੇਸ਼ਕਸ਼ ਹੋਣ ਤੋਂ ਪਹਿਲਾਂ ਤੁਸੀਂ ਨਾਨਾਵਤੀ ਮਰਡਰ ਕੇਸ ਬਾਰੇ ਕਿੰਨਾ ਜਾਣਦੇ ਸੀ?
-ਨਹੀਂ, ਜ਼ਿਆਦਾ ਨਹੀਂ ਜਾਣਦਾ ਸੀ | ਮੈਨੂੰ ਏਨਾ ਪਤਾ ਸੀ ਕਿ ਨੇਵੀ ਦੇ ਇਕ ਕਮਾਂਡਰ ਦੇ ਹੱਥੋਂ ਆਪਣੀ ਪਤਨੀ ਦੇ ਪ੍ਰੇਮੀ ਦਾ ਕਤਲ ਹੋ ਗਿਆ ਸੀ ਅਤੇ ਇਹ ਕੇਸ ਬਹੁਤ ਚਰਚਿਤ ਵੀ ਰਿਹਾ ਸੀ ਅਤੇ ਇਸ 'ਤੇ ਇਕ ਫ਼ਿਲਮ ਵੀ ਬਣੀ ਸੀ | ਇਸ ਕੇਸ ਬਾਰੇ ਮੈਨੂੰ ਵਿਸਥਾਰ ਨਾਲ ਉਦੋਂ ਪਤਾ ਲੱਗਿਆ ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ |
• ਕੀ ਇਸ ਵਿਚ ਤੁਹਾਡੀ ਭੂਮਿਕਾ ਪੂਰੀ ਤਰ੍ਹਾਂ ਨਾਲ ਪ੍ਰੇਮ ਆਹੂਜਾ ਤੋਂ ਪ੍ਰੇਰਿਤ ਹੈ?
-ਜੀ ਨਹੀਂ, ਪਹਿਲੀ ਗੱਲ ਤਾਂ ਇਹ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਨਾਲ ਨਾਨਾਵਤੀ ਕਤਲ ਕੇਸ 'ਤੇ ਆਧਾਰਿਤ ਨਹੀਂ ਹੈ | ਇਸ ਕਤਲ ਕੇਸ ਦੇ ਨਾਲ ਤਿੰਨ-ਚਾਰ ਹੋਰ ਘਟਨਾਵਾਂ ਨੂੰ ਜੋੜ ਕੇ ਇਸ ਦੀ ਪਟਕਥਾ ਤਿਆਰ ਕੀਤੀ ਗਈ ਹੈ | ਪ੍ਰੇਮ ਆਹੂਜਾ ਦਾ ਕਾਰੋਬਾਰ ਆਟੋ ਪਾਰਟਸ ਨਾਲ ਜੁੜਿਆ ਹੋਇਆ ਸੀ ਜਦੋਂ ਕਿ ਇਥੇ ਮੈਨੂੰ ਫੌਜੀ ਡੀਲਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਵਿਕਰਮ ਹੈ ਅਤੇ ਇਹ ਵਿਕਰਮ ਬਹੁਤ ਅਮੀਰ ਹੈ | ਉਸ ਨੂੰ ਚਮਚਮਾਉਂਦੀਆਂ ਗੱਡੀਆਂ ਵਿਚ ਘੁੰਮਣਾ ਪਸੰਦ ਹੈ ਅਤੇ ਪਾਰਟੀਆਂ ਵਿਚ ਜਾ ਕੇ ਕਲਟਿੰਗ ਕਰਨਾ ਵੀ ਉਸ ਦੀ ਆਦਤ ਵਿਚ ਸ਼ਾਮਿਲ ਹੈ | ਇਥੇ ਵਿਕਰਮ ਦਾ ਕਿਰਦਾਰ ਪ੍ਰੇਮ ਆਹੂਜਾ ਤੋਂ ਕਾਫੀ ਵੱਖਰਾ ਹੈ |
• ਜਦੋਂ ਪ੍ਰੇਮ ਆਹੂਜਾ ਦੀ ਮੌਤ ਹੋਈ ਸੀ, ਉਦੋਂ ਖ਼ੂਨੀ ਹੋਣ ਦੇ ਬਾਵਜੂਦ ਕਮਾਂਡਰ ਨਾਨਾਵਤੀ ਪ੍ਰਤੀ ਜਨਤਾ ਦੀ ਹਮਦਰਦੀ ਸੀ ਅਤੇ ਪ੍ਰੇਮ ਆਹੂਜਾ ਪ੍ਰਤੀ ਨਫ਼ਰਤ | ਹੁਣ ਇਸ ਤਰ੍ਹਾਂ ਦਾ ਨਾਂਹਪੱਖੀ ਕਿਰਦਾਰ ਨਿਭਾਅ ਕੇ ਤੁਹਾਨੂੰ ਨਹੀਂ ਲਗਦਾ ਕਿ ਤੁਸੀਂ ਆਪਣੇ ਫ਼ਿਲਮੀ ਕੈਰੀਅਰ ਨੂੰ ਲੈ ਕੇ ਖ਼ਤਰਾ ਮੁੱਲ ਲੈ ਲਿਆ ਹੈ?
-ਜੀ ਨਹੀਂ, ਬਲਕਿ ਮੈਂ ਤਾਂ ਇਹ ਕਹਾਂਗਾ ਕਿ ਇਹ ਫ਼ਿਲਮ ਮੇਰੇ ਬੋਲਡ ਸਟੈੱਪ ਦਾ ਨਤੀਜਾ ਹੈ | ਕਈ ਵੱਡੇ ਕਲਾਕਾਰਾਂ ਨੇ ਆਪਣੇ ਕੈਰੀਅਰ ਵਿਚ ਨਾਂਹਪੱਖੀ ਭੂਮਿਕਾ ਨਿਭਾਈ ਹੈ ਅਤੇ ਇਸ ਵਿਚ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਤੋਂ ਲੈ ਕੇ ਅਮਿਤਾਭ ਬੱਚਨ ਵੀ ਸ਼ਾਮਿਲ ਹਨ | ਇਕ ਕਲਾਕਾਰ ਹੋਣ ਦੇ ਨਾਤੇ ਮੇਰੀ ਵੀ ਇਹ ਇੱਛਾ ਸੀ ਕਿ ਮੈਂ ਵੀ ਨਾਂਹਪੱਖੀ ਭੂਮਿਕਾ ਕਰਾਂ ਅਤੇ ਉਹ ਮੌਕਾ ਮੈਨੂੰ ਇਥੇ ਮਿਲ ਗਿਆ | ਇਸ ਫ਼ਿਲਮ ਵਿਚ ਮੇਰੇ ਕਿਰਦਾਰ ਵਿਚ ਜੋ ਸ਼ੇਡਸ ਹਨ, ਉਨ੍ਹਾਂ ਦੀ ਬਦੌਲਤ ਇਹ ਭੂਮਿਕਾ ਬਹੁਤ ਰੋਚਕ ਬਣ ਸਕੀ ਹੈ ਅਤੇ ਇਸ ਨੂੰ ਨਿਭਾਉਣਾ ਵੱਖਰਾ ਅਨੁਭਵ ਰਿਹਾ |
• ਅਕਸ਼ੈ ਕੁਮਾਰ ਇਸ ਫ਼ਿਲਮ ਦੇ ਇਕ ਨਿਰਮਾਤਾ ਵੀ ਹਨ | ਕਿਤੇ ਤੁਹਾਨੂੰ ਇਸ ਗੱਲ ਦਾ ਡਰ ਨਹੀਂ ਸੀ ਕਿ ਜੇਕਰ ਕਿਸੇ ਦਿ੍ਸ਼ ਵਿਚ ਤੁਸੀਂ ਉਨ੍ਹਾਂ 'ਤੇ ਭਾਰੂ ਹੋ ਗਏ ਤਾਂ ਉਹ ਤੁਹਾਡੇ ਦਿ੍ਸ਼ਾਂ 'ਤੇ ਕੈਂਚੀ ਵੀ ਚਲਾ ਸਕਦੇ ਹਨ?
-ਜੇਕਰ ਮੇਰੇ ਦਿਲ ਵਿਚ ਇਸ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਵੀ ਡਰ ਹੁੰਦਾ ਤਾਂ ਮੈਂ ਇਸ ਫ਼ਿਲਮ ਲਈ ਹਾਂ ਹੀ ਨਾ ਕਰਦਾ | ਅਕਸ਼ੈ ਜਾਣਦੇ ਹਨ ਕਿ ਟੀਮ ਵਰਕ ਦੀ ਬਦੌਲਤ ਹੀ ਫ਼ਿਲਮ ਵਿਚ ਨਿਖਾਰ ਆਉਂਦਾ ਹੈ | ਇਸ ਤਰ੍ਹਾਂ ਆਪਣੇ ਸਹਿ-ਕਲਾਕਾਰ ਦੇ ਦਿ੍ਸ਼ 'ਤੇ ਕੈਂਚੀ ਚਲਾ ਕੇ ਉਹ ਆਪਣਾ ਹੀ ਨੁਕਸਾਨ ਕਿਉਂ ਕਰਨਗੇ | ਸੱਚ ਤਾਂ ਇਹ ਹੈ ਕਿ ਅਕਸ਼ੈ ਇਸ ਵਿਚ ਮੇਰੇ ਕੰਮ ਤੋਂ ਬਹੁਤ ਖੁਸ਼ ਹਨ ਅਤੇ ਉਹ ਅਕਸਰ ਮੇਰੇ ਕੰਮ ਦੀ ਤਾਰੀਫ ਵੀ ਕਰਿਆ ਕਰਦੇ ਸਨ | ਹੁਣ ਜਿਸ ਕਲਾਕਾਰ ਦੇ ਕੰਮ ਦੀ ਤਾਰੀਫ਼ ਹੋ ਰਹੀ ਹੋਵੇ, ਉਥੇ ਉਸ ਦੀ ਭੂਮਿਕਾ 'ਤੇ ਭਲਾ ਕੈਂਚੀ ਕਿਵੇਂ ਚੱਲੇਗੀ | ਇਸ ਲਈ ਇਸ ਫ਼ਿਲਮ ਵਿਚ ਆਪਣੀ ਭੂਮਿਕਾ ਦੀ ਲੰਬਾਈ ਨੂੰ ਲੈ ਕੇ ਮੈਂ ਨਿਸਚਿੰਤ ਹਾਂ |
-ਮੁੰਬਈ ਪ੍ਰਤੀਨਿਧ

ਦੀਕਸ਼ਾ ਸੇਠ ਨਿਸ਼ਾਨਾ ਬਾਲੀਵੁੱਡ 'ਚ ਪੱਕੇ ਪੈਰੀਂ ਹੋਣ ਦਾ

ਦੱਖਣ ਭਾਰਤੀ ਫ਼ਿਲਮਾਂ 'ਚ ਆਪਣੀ ਜਾਨਦਾਰ ਪਛਾਣ ਬਣਾ ਚੁੱਕੀ ਅਭਿਨੇਤਰੀ ਦੀਕਸ਼ਾ ਸੇਠ ਮੰੁਬਈ ਫ਼ਿਲਮ ਇੰਡਸਟਰੀ 'ਚ ਵੀ ਆਪਣੀ ਸਥਾਪਤੀ ਲਈ ਯਤਨਸ਼ੀਲ ਹੈ | ਸਾਲ 2014 ਵਿਚ ਸਿਲਵਰ ਸਕਰੀਨ ਦਾ ਸ਼ਿੰਗਾਰ ਬਣੀ ਫ਼ਿਲਮ 'ਲੇਕਰ ਹਮ ਦੀਵਾਨਾ ਦਿਲ' ਦੀਕਸ਼ਾ ਦੀ ਪਲੇਠੀ ਹਿੰਦੀ ਫ਼ਿਲਮ ਸੀ | ਭਾਵੇਂ ਕਿ ਇਸ ਤੋਂ ਬਾਅਦ ਉਹ ਕੰਨੜ, ਤੇਲਗੂ ਤੇ ਤਾਮਿਲ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਰੁਝ ਗਈ ਪਰ ਬਾਲੀਵੁੱਡ 'ਚ ਉਹ ਪੱਕੇ ਪੈਰੀਂ ਕੰਮ ਦੀ ਚਾਹਵਾਨ ਹੈ |
ਮਾਡਿਲੰਗ ਕਰਦੀ-ਕਰਦੀ ਫ਼ਿਲਮੀ ਖੇਤਰ ਨਾਲ ਜੁੜੀ ਦੀਕਸ਼ਾ ਨੇ ਹੁਣ ਤੱਕ ਤੇਲਗੂ ਫ਼ਿਲਮਾਂ 'ਮਿਰਾ ਪਾਕੇ', 'ਨਿੱਪੂ' ਤੇ 'ਵਾਂਟਿਡ' ਤੋਂ ਇਲਾਵਾ 'ਰਾਜਾ ਪਾਤਾਏ' (ਤਾਮਿਲ), 'ਜੱਗੂ ਦਾਦਾ' (ਕੰਨੜ) ਆਦਿ ਫ਼ਿਲਮਾਂ 'ਚ ਵੱਖ-ਵੱਖ ਰੋਲ ਨਿਭਾਏ ਹਨ | ਮਗਰਲੇ ਸਮੇਂ 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ ਦਾ ਹਿੱਸਾ ਬਣੀ ਦੀਕਸ਼ਾ ਸੇਠ ਦਾ ਕਹਿਣਾ ਹੈ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੱਖਣ ਭਾਰਤੀ ਫ਼ਿਲਮਾਂ ਨਿਰਮਾਣ ਦੇ ਪੱਖ ਤੋਂ ਕਾਫ਼ੀ ਬਿਹਤਰ ਹੁੰਦੀਆਂ ਹਨ, ਪਰ ਬਾਲੀਵੁੱਡ ਫ਼ਿਲਮਾਂ ਦਾ ਜਾਦੂ ਵੀ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ |
ਤੇਲਗੂ ਦੀ ਡਰਾਮਾ ਫ਼ਿਲਮ 'ਵੇਦਨਾ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਕਸ਼ਾ ਇਹ ਮੰਨਦੀ ਹੈ ਕਿ ਅਜੋਕੇ ਸਮੇਂ 'ਚ ਹਰ ਖੇਤਰ 'ਚ ਮੁਕਾਬਲੇਬਾਜ਼ੀ ਬੜੀ ਤਿੱਖੀ ਹੈ, ਪਰ ਜਿੱਤ ਉਸ ਦੀ ਹੀ ਹੁੰਦੀ ਹੈ, ਜਿਸ ਦੇ ਪੱਲੇ ਸਬਰ ਮਿਹਨਤ ਤੇ ਅੱਗੇ ਵਧਣ ਦਾ ਗੁਣ ਹੁੰਦਾ ਹੈ | ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ 'ਚ ਉਸ ਦੀ ਵੀ ਹਿੰਦੀ ਫ਼ਿਲਮਾਂ 'ਚ ਵੱਖਰੀ ਜਗ੍ਹਾ ਹੋਵੇਗੀ | ਫ਼ਿਲਮਕਾਰ ਉਸ ਨੂੰ ਫ਼ਿਲਮਾਂ 'ਚ ਲੈਣ ਲਈ ਉਤਾਵਲੇ ਹੋਏ ਦਿਖਾਈ ਦੇਣਗੇ |
-ਨਰਿੰਦਰ ਲਾਗੂ

ਇਕ ਭੂਮਿਕਾ ਕਲਾਕਾਰ ਨੂੰ ਅਮਰ ਬਣਾ ਦਿੰਦੀ ਹੈ-ਨਿਤੀਸ਼ ਭਾਰਦਵਾਜ

ਅੱਸੀ ਦੇ ਦਹਾਕੇ ਵਿਚ ਲੜੀਵਾਰ 'ਮਹਾਭਾਰਤ' ਵਿਚ ਕ੍ਰਿਸ਼ਨ ਦੀ ਭੂਮਿਕਾ ਨਿਭਾ ਕੇ ਬੇਹਿਸਾਬ ਲੋਕਪਿ੍ਅਤਾ ਹਾਸਲ ਕਰਨ ਵਾਲੇ ਨਿਤੀਸ਼ ਭਾਰਦਵਾਜ ਬਾਅਦ ਵਿਚ 'ਗੀਤਾ ਰਹੱਸਯ' ਵਿਚ ਵੀ ਦਿਸੇ ਸਨ ਅਤੇ ਕੁਝ ਫ਼ਿਲਮਾਂ ਕੀਤੀਆਂ | ਇਕ ਅਰਸੇ ਤੱਕ ਮੁੱਖ ਧਾਰਾ ਤੋਂ ਦੂਰ ਰਹੇ ਨਿਤੀਸ਼ ਹੁਣ 'ਮੋਹੰਜੋ ਦਾਰੋ' ਵਿਚ ਦਿਖਾਈ ਦੇਣਗੇ | ਇਹ ਫ਼ਿਲਮ ਤੇ ਕੁਝ ਹੋਰ ਮੁੱਦਿਆਂ 'ਤੇ ਉਨ੍ਹਾਂ ਨਾਲ ਹੋਈ ਗੱਲਬਾਤ ਇਥੇ ਪੇਸ਼ ਹੈ |
• ਤੁਸੀਂ ਫ਼ਿਲਮਾਂ ਵਿਚ ਆਖਰੀ ਵਾਰ 'ਸੰਗੀਤ' ਵਿਚ ਦਿਸੇ ਸੀ | ਇਹ ਫ਼ਿਲਮ 1992 ਵਿਚ ਆਈ ਸੀ | ਹੁਣ ਤੁਸੀਂ 'ਮੋਹੰਜੋ ਦਾਰੋ' ਵਿਚ ਕੰਮ ਕੀਤਾ ਹੈ | ਦੋ ਫ਼ਿਲਮਾਂ ਵਿਚਾਲੇ ਏਨਾ ਲੰਬਾ ਵਕਫ਼ਾ ਹੋਣ ਦੀ ਕੋਈ ਖ਼ਾਸ ਵਜ੍ਹਾ?
-ਇਕ ਵਜ੍ਹਾ ਤਾਂ ਇਹ ਕਿ 'ਮਹਾਭਾਰਤ' ਤੋਂ ਬਾਅਦ ਮੈਨੂੰ ਜੋ ਭੂਮਿਕਾਵਾਂ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਸਨ ਉਹ ਕਿਤੇ ਨਾ ਕਿਤੇ ਕ੍ਰਿਸ਼ਨ ਤੋਂ ਪ੍ਰਭਾਵਿਤ ਸਨ | ਭਾਵ 'ਮਹਾਭਾਰਤ' ਵਿਚ ਮੈਂ ਜੋ ਕਰ ਚੁੱਕਿਆ ਸੀ ਉਸੇ ਨੂੰ ਵਾਪਸ ਦੁਹਰਾਉਣਾ ਸੀ | ਖ਼ੁਦ ਨੂੰ ਦੁਹਰਾਉਣਾ ਮੈਨੂੰ ਸਹੀ ਨਹੀਂ ਲੱਗ ਰਿਹਾ ਸੀ | ਇਸ ਲਈ ਮੈਂ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਨਕਾਰਦਾ ਚਲਾ ਗਿਆ | ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਅਭਿਨੈ ਤੋਂ ਦੂਰ ਚਲਾ ਗਿਆ ਸੀ | ਮੈਂ 'ਅਪਰਾਧੀ' ਤੇ 'ਸਾਰੇ ਸਪਨੇ ਕਹੀਂ ਖੋ ਗਏ' ਲੜੀਵਾਰਾਂ ਦਾ ਨਿਰਮਾਣ ਕੀਤਾ | ਇਕ ਨਾਟਕ 'ਚਕਰਵਿਊ' ਦਾ ਵੀ ਮੰਚਨ ਕੀਤਾ ਅਤੇ ਇਸ ਦੇ 50 ਤੋਂ ਜ਼ਿਆਦਾ ਸ਼ੋਅ ਹੋ ਗਏ ਹਨ | ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਕੇ ਇਕ ਕਿਤਾਬ 'ਇਨ ਕਵੈਸਟ ਆਫ ਗਾਡ' ਵੀ ਲਿਖੀ ਅਤੇ ਇਸ ਵਿਚ ਪੇਸ਼ ਕੀਤੀ ਗਈਆਂ ਤਸਵੀਰਾਂ ਵੀ ਮੇਰੇ ਵੱਲੋਂ ਖਿੱਚੀਆਂ ਗਈਆਂ ਸਨ | ਫਿਰ ਤਨੂਜਾ ਅਤੇ ਸਚਿਨ ਖੇਡੇਕਰ ਨੂੰ ਲੈ ਕੇ ਮਰਾਠੀ ਫ਼ਿਲਮ 'ਪਿਤਰ ਰਿਣ' ਵੀ ਬਣਾਈ ਅਤੇ ਇਹ ਫ਼ਿਲਮ ਰਾਜ ਪੱਧਰੀ ਐਵਾਰਡ ਜਿੱਤਣ ਵਿਚ ਕਾਮਯਾਬ ਰਹੀ ਅਤੇ ਹੁਣ ਮੈਂ ਸਾਇਕੋ ਥਿ੍ਲਰ ਫ਼ਿਲਮ 'ਯਕਸ਼' ਵਿਚ ਵੀ ਅਭਿਨੈ ਕਰ ਰਿਹਾ ਹਾਂ | ਸਿੱਧਾ ਕਹਾਂ ਤਾਂ ਮੈਂ ਫ਼ਿਲਮ ਇੰਡਸਟਰੀ ਤੋਂ ਦੂਰ ਨਹੀਂ ਹੋਇਆ ਸੀ |
• ਤੁਹਾਨੂੰ 'ਮੋਹੰਜੋ ਦਾਰੋ' ਦੀ ਕਿਵੇਂ ਪੇਸ਼ਕਸ਼ ਹੋਈ?
-ਹਾਂ, ਇਸ ਦਾ ਸਿਹਰਾ ਇਸ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨੂੰ ਜਾਂਦਾ ਹੈ | ਉਹ ਆਪਣੀਆਂ ਪਿਛਲੀਆਂ ਤਿੰਨ-ਚਾਰ ਫ਼ਿਲਮਾਂ ਵਿਚ ਮੈਨੂੰ ਲੈਣਾ ਚਾਹੁੰਦੇ ਸਨ ਪਰ ਗੱਲ ਬਣ ਨਹੀਂ ਰਹੀ ਸੀ ਹੁਣ ਦੀ ਵਾਰ ਗੱਲ ਬਣ ਗਈ | ਮੇਰੀ ਆਸ਼ੂ ਨਾਲ ਤੀਹ ਸਾਲ ਪੁਰਾਣੀ ਜਾਣ-ਪਛਾਣ ਹੈ ਅਤੇ ਇਹ ਮੈਂ ਲੰਬੇ ਅਰਸੇ ਤੋਂ ਮਹਿਸੂਸ ਕਰ ਰਿਹਾ ਸੀ ਕਿ ਇਕ ਨਾ ਇਕ ਦਿਨ ਅਸੀਂ ਦੋਵੇਂ ਇਕੱਠੇ ਕੰਮ ਕਰਾਂਗੇ ਅਤੇ ਆਖਿਰ ਉਹ ਦਿਨ ਆ ਹੀ ਗਿਆ ਸੀ |
• ਇਸ ਫ਼ਿਲਮ ਵਿਚ ਤੁਹਾਡੀ ਭੂਮਿਕਾ ਕੀ ਹੈ?
-ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਦੁਰਜਨ ਹੈ | ਇਹ ਦੁਰਜਨ ਰਿਸ਼ਤੇ ਵਿਚ ਸ਼ਰਮਨ ਭਾਵ ਰਿਤਿਕ ਰੌਸ਼ਨ ਦਾ ਚਾਚਾ ਹੈ | ਸ਼ਰਮਨ ਦੀ ਜ਼ਿੰਦਗੀ ਨਾਲ ਜੁੜਿਆ ਇਕ ਰਾਜ਼ ਦੁਰਜਨ ਜਾਣਦਾ ਹੁੰਦਾ ਹੈ ਅਤੇ ਜਦੋਂ ਉਹ ਇਹ ਰਾਜ਼ ਖੋਲ੍ਹਦਾ ਹੈ ਤਾਂ ਉਸ ਤੋਂ ਬਾਅਦ ਸ਼ਰਮਨ ਦੀ ਜ਼ਿੰਦਗੀ ਦਾ ਮਕਸਦ ਬਦਲ ਜਾਂਦਾ ਹੈ | ਇਸ ਵਿਚ ਦੁਰਜਨ ਦਾ ਕਿਰਦਾਰ ਕਹਾਣੀ ਵਿਚ ਮਹੱਤਵਪੂਰਨ ਹੈ |
• ਰਿਤਿਕ ਅਤੇ ਪੂਜਾ ਹੇਗੜੇ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
-ਜਦੋਂ ਮੈਂ ਪੂਜਾ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਮੇਰੀ ਪ੍ਰਸੰਸਕ ਰਹੀ ਹੈ ਅਤੇ ਪਰਿਵਾਰ ਵਿਚ ਸਾਰੇ ਲੋਕ ਮੇਰੇ ਪ੍ਰਸੰਸਕ ਹਨ | ਜਿਸ ਗਰਮਜੋਸ਼ੀ ਦੇ ਨਾਲ ਉਹ ਮਿਲੀ, ਉਸ ਦੀ ਬਦੌਲਤ ਕੁਝ ਹੀ ਪਲਾਂ ਵਿਚ ਸਾਡੇ ਵਿਚਾਲੇ ਦੋਸਤਾਨਾ ਰਿਸ਼ਤਾ ਬਣ ਗਿਆ | ਦੂਜੇ ਪਾਸੇ ਰਿਤਿਕ ਵੀ ਸੀਨੀਅਰ ਕਲਾਕਾਰਾਂ ਦੀ ਇੱਜ਼ਤ ਕਰਨਾ ਜਾਣਦੇ ਹਨ | ਇਸ ਵਜ੍ਹਾ ਕਰਕੇ ਸੈੱਟ 'ਤੇ ਪਰਿਵਾਰ ਵਰਗਾ ਮਾਹੌਲ ਬਣ ਗਿਆ ਸੀ |
• 'ਮਹਾਭਾਰਤ' ਤੋਂ ਬਾਅਦ ਹੋਰ ਵੀ ਕਈ ਕਲਾਕਾਰਾਂ ਨੇ ਹੋਰ ਲੜੀਵਾਰਾਂ ਵਿਚ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਪਰ ਅੱਜ ਵੀ ਕ੍ਰਿਸ਼ਨ ਨਾਂਅ ਲੈਂਦੇ ਹੀ ਲੋਕਾਂ ਦੀਆਂ ਅੱਖਾਂ ਸਾਹਮਣੇ ਤੁਹਾਡਾ ਹੀ ਚਿਹਰਾ ਆ ਜਾਂਦਾ ਹੈ | ਆਪਣੀ ਇਸ ਸਫ਼ਲਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
-ਇਸ ਨੂੰ ਮੈਂ ਉੱਪਰ ਵਾਲੇ ਦਾ ਆਸ਼ੀਰਵਾਦ ਕਹਾਂਗਾ | ਬਾਲੀਵੁੱਡ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਇਕ ਭੂਮਿਕਾ ਕਲਾਕਾਰ ਨੂੰ ਅਮਰ ਬਣਾ ਦਿੰਦੀ ਹੈ ਅਤੇ ਮੇਰੇ ਕਿੱਸੇ ਵਿਚ ਕ੍ਰਿਸ਼ਨ ਦੀ ਭੂਮਿਕਾ ਨੇ ਇਹ ਗੱਲ ਸੱਚ ਸਾਬਿਤ ਕਰ ਦਿੱਤੀ | ਇਸ ਤਰ੍ਹਾਂ ਦੀ ਯਾਦਗਾਰੀ ਭੂਮਿਕਾ ਮਿਲਣੀ ਨਸੀਬ ਦੀ ਗੱਲ ਹੁੰਦੀ ਹੈ |
• ਇਕ ਆਖਰੀ ਸਵਾਲ | ਕੀ ਤੁਸੀਂ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ?
-ਨਹੀਂ | ਮੈਂ ਰਾਜਨੀਤੀ ਤੋਂ ਦੂਰ ਨਹੀਂ ਹੋਇਆ ਹਾਂ ਬਲਕਿ ਮੈਂ ਵਿਰਾਮ ਲਿਆ ਹੈ | ਮੈਂ ਜਮਸ਼ੇਦਪੁਰ ਤੋਂ ਚੋਣ ਲੜੀ ਅਤੇ ਜਿੱਤਿਆ | ਫਿਰ ਮੈਂ ਆਪਣੀ ਪਾਰਟੀ ਭਾਜਪਾ ਲਈ ਮੱਧ ਪ੍ਰਦੇਸ਼ ਵਿਚ ਕੰਮ ਕਰਦਾ ਰਿਹਾ | ਉਥੋਂ ਵੀ ਮੇਰਾ ਅਨੁਭਵ ਚੰਗਾ ਰਿਹਾ | ਬਾਅਦ ਵਿਚ ਨਿੱਜੀ ਰੁਝੇਵਿਆਂ ਦੇ ਚਲਦਿਆਂ ਰਾਜਨੀਤੀ ਤੋਂ ਦੂਰੀ ਬਣਾ ਲੈਣੀ ਪਈ | ਹਾਂ, ਭਵਿੱਖ ਵਿਚ ਫਿਰ ਰਾਜਨੀਤੀ ਵਿਚ ਸਰਗਰਮ ਹੋ ਸਕਦਾ ਹਾਂ ਕਿਉਂਕਿ ਉਮਰ ਵੀ ਮੇਰੇ ਨਾਲ ਹੈ |'
••


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX