ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਖੇਡ ਜਗਤ

ਯਾਦਗਾਰੀ ਬਣੇ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ

ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਹਰ ਵਾਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਇਨ੍ਹਾਂ ਨੂੰ ਯਾਦਗਾਰੀ ਬਣਾ ਦਿੰਦੀਆਂ ਹਨ। ਬਰਾਜ਼ੀਲ ਦੇ ਸ਼ਹਿਰ ਰੀਓ 'ਚ 31ਵੀਆਂ ਉਲੰਪਿਕ ਖੇਡਾਂ ਦਾ ਉਦਘਾਟਨ ਹੋ ਚੁੱਕਾ ਹੈ। ਇਨ੍ਹਾਂ ਖੇਡਾਂ ਦੇ ਉਦਘਾਟਨ ਸਮਾਰੋਹ ਦੌਰਾਨ ਬਰਾਜ਼ੀਲ ਦੇ ਖੇਡ ਸੰਚਾਲਕਾਂ ਨੇ ਵਿਸ਼ਵ ਨੂੰ ਤਪਸ਼ (ਗਲੋਬਲ ਵਾਰਮਿੰਗ) ਪ੍ਰਤੀ ਸੁਚੇਤ ਕਰਨ ਦਾ ਉਪਰਾਲਾ ਕੀਤਾ ਹੈ। ਇਸ ਸਮਾਰੋਹ ਦੌਰਾਨ ਹਰੇਕ ਦੇਸ਼ ਦੇ ਝੰਡਾਬਰਦਾਰ ਨਾਲ ਪੌਦਾ ਹੱਥ 'ਚ ਲੈ ਕੇ ਚੱਲਣ ਵਾਲੇ ਬੱਚਿਆਂ ਅਤੇ ਉਸ ਦੇ ਨਾਲ ਹੀ ਰਿਕਸ਼ਾ-ਰੇੜ੍ਹੀਆਂ 'ਤੇ ਬੂਟੇ ਸਜਾ ਕੇ ਚੱਲਣ ਵਾਲੀਆਂ ਮੁਟਿਆਰਾਂ ਨੇ ਵੀ ਦੁਨੀਆ ਭਰ ਦੇ ਲੋਕਾਂ ਨੂੰ ਤਪਸ਼ ਤੋਂ ਬਚਣ ਲਈ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਕੁਦਰਤੀ ਸਾਧਨਾਂ ਦੀ ਬੇਲੋੜੀ ਵਰਤੋਂ ਤੋਂ ਵੀ ਮਨੁੱਖ ਜਾਤੀ ਨੂੰ ਜਾਗਰੂਕ ਕੀਤਾ। ਉਲੰਪਿਕ ਇਤਿਹਾਸ 'ਚ ਪਹਿਲੀ ਵਾਰ ਵੱਖ-ਵੱਖ ਮੁਲਕਾਂ ਦੇ ਰਿਊਫਜੀ ਖਿਡਾਰੀਆਂ ਦੇ 10 ਮੈਂਬਰੀ ਦਲ ਨੇ ਕੌਮਾਂਤਰੀ ਉਲੰਪਿਕ ਕਮੇਟੀ ਦੇ ਝੰਡੇ ਹੇਠ ਹਿੱਸਾ ਲਿਆ। ਇਸ ਦੇ ਨਾਲ ਪਹਿਲੀ ਵਾਰ ਟੌਂਗਾ ਮੁਲਕ ਦੇ ਖਿਡਾਰੀ ਨੇ ਝੰਡਾਬਰਦਾਰ ਵਜੋਂ ਬਿਨਾਂ ਕਮੀਜ਼ ਤੋਂ ਨੰਗੇ ਧੜ ਆਪਣੇ ਰਵਾਇਤੀ ਪਹਿਰਾਵੇ 'ਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਅਜਿਹਾ ਵੀ ਉਲੰਪਿਕ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ।
ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹਾਂ ਦੇ ਇਤਿਹਾਸ 'ਤੇ ਜੇਕਰ ਝਾਤ ਮਾਰੀਏ ਤਾਂ ਪਹਿਲਾਂ ਵੀ ਅਜਿਹੀਆਂ ਕੁਝ ਯਾਦਗਾਰੀ ਘਟਨਾਵਾਂ ਵਾਪਰੀਆਂ ਹਨ। ਸੰਨ 1936 ਦੀਆਂ ਬਰਲਿਨ ਉਲੰਪਿਕ ਖੇਡਾਂ ਦੌਰਾਨ ਜਰਮਨ ਤਾਨਾਸ਼ਾਹ ਅਡੌਲਿਫ ਹਿਟਲਰ ਦੇ ਯਤਨਾਂ ਸਦਕਾ ਯਾਦਗਾਰੀ ਬਣੀਆਂ। ਉਲੰਪਿਕ ਇਤਿਹਾਸ 'ਚ ਪਹਿਲੀ ਵਾਰ 1.10 ਲੱਖ ਲੋਕਾਂ ਨੇ ਉਦਘਾਟਨ ਸਮਾਰੋਹ ਸਟੇਡੀਅਮ 'ਚ ਬੈਠ ਕੇ ਦੇਖਿਆ ਅਤੇ 5 ਹਜ਼ਾਰ ਤੋਂ ਵਧੇਰੇ ਅਥਲੀਟ ਇਨ੍ਹਾਂ ਖੇਡਾਂ 'ਚ ਸ਼ਾਮਿਲ ਹੋਏ, ਜੋ ਇਸ ਵੇਲੇ ਤੱਕ ਦਾ ਇਕ ਵੱਡਾ ਕੀਰਤੀਮਾਨ ਸੀ। ਇਸ ਦੇ ਨਾਲ ਹੀ ਉਲੰਪਿਕ ਇਤਿਹਾਸ 'ਚ ਪਹਿਲੀ ਵਾਰ ਬਹੁਤ ਸਾਰੇ ਮੁਲਕਾਂ ਦੇ ਖਿਡਾਰੀਆਂ ਨੇ ਮੁੱਖ ਮਹਿਮਾਨ (ਹਿਟਲਰ) ਨੂੰ ਸਲਾਮੀ ਨਹੀਂ ਦਿੱਤੀ ਅਤੇ ਸਿਰਫ ਮਾਰਚ ਪਾਸਟ ਕੀਤਾ। ਬੁਲਗਾਰੀਆ ਦੇ ਖਿਡਾਰੀਆਂ 'ਚੋਂ ਅੱਧ-ਪਚੱਧ ਨੇ ਸਲਾਮੀ ਦਿੱਤੀ ਅਤੇ ਕੁਝ ਨੇ ਨਹੀਂ ਦਿੱਤੀ। 1988 ਦੀਆਂ ਸਿਉਲ (ਕੋਰੀਆ) ਉਲੰਪਿਕ ਖੇਡਾਂ ਦੇ ਰਾਤ ਨੂੰ ਹੋਏ ਉਦਘਾਟਨੀ ਸਮਾਰੋਹ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਚਿੱਟੀਆਂ ਘੁੱਗੀਆਂ ਸ਼ਾਂਤੀ ਦੇ ਪ੍ਰਤੀਕ ਵਜੋਂ ਅਸਮਾਨ 'ਚ ਛੱਡੀਆਂ ਗਈਆਂ।
1992 ਦੀਆਂ ਬਾਰਸੀਲੋਨਾ ਉਲੰਪਿਕ ਖੇਡਾਂ ਦੇ ਉਦਘਾਟਨ ਦੌਰਾਨ ਅਪੰਗ ਤੀਰਅੰਦਾਜ਼ ਐਂਟੋਨੀ ਰੈਬੈਲੋ ਨੂੰ ਤੀਰ ਚਲਾ ਕੇ ਜੋਤੀ ਪ੍ਰਚੰਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਬਦਕਿਸਮਤੀ ਇਹ ਰਹੀ ਕਿ ਇਸ ਪ੍ਰਪੱਕ ਨਿਸ਼ਾਨਚੀ ਤੋਂ ਬਲਦਾ ਹੋਇਆ ਤੀਰ ਮਸ਼ਾਲ 'ਚ ਨਾ ਪਹੁੰਚਾਇਆ ਜਾ ਸਕਿਆ ਅਤੇ ਸਬੱਬ ਨਾਲ ਨੇੜੇ ਹੀ ਇਕ ਰੇਤਲੀ ਥਾਂ 'ਤੇ ਜਾ ਡਿਗਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਉਸ ਵੇਲੇ ਯਾਦਗਾਰੀ ਬਣ ਗਿਆ, ਜਦੋਂ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੇ ਚਿੱਟਾ ਕੋਟ-ਪੈਂਟ ਪਹਿਨ ਕੇ ਮਸ਼ਾਲ ਜਗਾਈ। ਇਸ ਵੇਲੇ ਮੁਹੰਮਦ ਅਲੀ 'ਪਾਰਕਿੰਸਨ' ਨਾਂਅ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਕਰਕੇ ਉਸ ਦਾ ਸਾਰਾ ਸਰੀਰ ਕੰਬਦਾ ਸੀ। ਮੁਹੰਮਦ ਅਲੀ ਨੇ ਜਦੋਂ ਕੰਬਦੇ ਹੱਥਾਂ ਨਾਲ ਮਸ਼ਾਲ ਜਗਾਈ ਤਾਂ ਸਮੁੱਚਾ ਖੇਡ ਜਗਤ ਭਾਵੁਕਤਾ ਦੇ ਦਰਿਆ 'ਚ ਵਹਿ ਗਿਆ। ਲੰਡਨ ਉਲੰਪਿਕ ਖੇਡਾਂ 2012 ਦਾ ਉਦਘਾਟਨੀ ਸਮਾਰੋਹ ਭਾਵੇਂ ਕਿ ਅਪੰਗ ਵਿਅਕਤੀਆਂ ਨੂੰ ਢੁਕਵਾਂ ਸਤਿਕਾਰ ਦੇ ਸੰਦੇਸ਼ ਕਾਰਨ ਵੀ ਯਾਦਗਾਰੀ ਬਣਿਆ, ਪਰ ਇਨ੍ਹਾਂ ਖੇਡਾਂ ਦੇ ਉਦਘਾਟਨ ਲਈ ਮੁੱਖ ਮਹਿਮਾਨ ਮਹਾਰਾਣੀ ਅਲਿਜ਼ਾਬੈਥ ਨੂੰ ਨਾਮਵਰ ਫਿਲਮ ਨਿਰਦੇਸ਼ਕ ਡੈਨੀ ਬੋਇਲ ਵੱਲੋਂ ਬਣਾਈ ਫ਼ਿਲਮ ਨਾਲ ਜੋੜ ਕੇ, ਜਿਸ ਤਰ੍ਹਾਂ ਸਟੇਡੀਅਮ 'ਚ ਪ੍ਰਵੇਸ਼ ਕਰਵਾਇਆ, ਉਹ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਟੇਡੀਅਮ 'ਚ ਲੱਗੀਆਂ ਵੱਡੀਆਂ ਸਕਰੀਨਾਂ 'ਤੇ ਮਹਾਰਾਣੀ ਨੂੰ ਘਰ 'ਚੋਂ ਤਿਆਰ ਹੋ ਕੇ ਨਿਕਲਣ ਤੋਂ ਲੈ ਕੇ ਸਟੇਡੀਅਮ 'ਚ ਪ੍ਰਵੇਸ਼ ਕਰਨ ਤੱਕ ਨੂੰ ਦਿਖਾਇਆ ਗਿਆ, ਜੋ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਲਈ ਯਾਦਗਾਰੀ ਬਣ ਗਿਆ।


-ਪਟਿਆਲਾ। ਮੋਬਾ: 94784-70575


ਖ਼ਬਰ ਸ਼ੇਅਰ ਕਰੋ

ਬ੍ਰਾਜ਼ੀਲ ਲਈ ਵੱਡੀ ਚੁਣੌਤੀ ਬਣੀਆਂ ਰੀਓ ਉਲੰਪਿਕ ਖੇਡਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਨ੍ਹਾਂ ਤਮਾਮ ਔਕੜਾਂ ਅਤੇ ਪ੍ਰੇਸ਼ਾਨੀਆਂ ਦੇ ਬਾਵਜੂਦ ਰੀਓ ਦੇ ਮੇਅਰ ਏਡੂਆਰਡੋ ਪੇਸ ਦੇ ਮੁਤਾਬਿਕ ਇਹ ਇਕ ਸਫ਼ਲ ਆਯੋਜਨ ਹੋਵੇਗਾ। ਉਸ ਦਾ ਮੰਨਣਾ ਹੈ ਕਿ ਬ੍ਰਾਜ਼ੀਲ ਇਕ ਅਮਨ ਪਸੰਦ ਦੇਸ਼ ਅਤੇ ਸਾਮਰਾਜਵਾਦੀ ਦੇਸ਼ ਹੈ, ਇਸ ਲਈ ਦੇਸ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ ਨਹੀਂ ਹੈ। ਇਹੀ ਗੱਲ ਆਯੋਜਨ ਲਈ ਇਕ ਜਮ੍ਹਾਂ ਹਾਸਲ ਹੈ ਕਿ ਇਥੇ ਸੁਰੱਖਿਆ ਸਬੰਧੀ ਖਰਚ ਹੋਣ ਵਾਲੀ ਰਕਮ ਦੀ ਸਿੱਧੀ ਬੱਚਤ ਹੋਵੇਗੀ। ਉਂਜ ਇਸ ਆਯੋਜਨ ਲਈ ਸਭ ਤੋਂ ਵੱਡਾ ਖ਼ਤਰਾ ਇਸ ਇਲਾਕੇ 'ਚ ਵਧ ਰਹੇ ਅਪਰਾਧ ਦੀ ਵਜ੍ਹਾ ਕਰਕੇ ਹੈ, ਜਿਸ ਦੀ ਉਲੰਪਿਕ ਸਮੇਂ 'ਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਲਈ ਲਗਭਗ 80,000 ਸੈਨਿਕਾਂ ਦੀ ਫੌਜ ਆਯੋਜਨ ਦੇ ਸਮੇਂ ਚੁਸਤ-ਦਰੁਸਤ ਰਹੇਗੀ। ਸਲੱਮ ਏਰੀਆ 'ਚ ਅਪਰਾਧ ਡਰੱਗ ਅਤੇ ਕੱਚੇ ਤੇਲ ਦੇ ਗੈਂਗਵਾਰ ਨੂੰ ਲੈ ਕੇ ਅਤੇ ਆਯੋਜਨ ਸਮੇਂ ਆਉਣ ਵਾਲੇ ਯਾਤਰੀਆਂ ਨੂੰ ਲੁੱਟਣ ਵਰਗੀਆਂ ਘਟਨਾਵਾਂ ਨੇ ਇਸ ਸ਼ਹਿਰ ਦੀ ਮਾਨ-ਮਰਿਆਦਾ ਨੂੰ ਧੂਮਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਸਾਤਾ ਟਰੇਸਾ ਖੇਤਰ ਵਿਚ ਸਪੇਨ ਦੇ ਗੋਲਡ ਮੈਡਲਿਸਟ ਨੂੰ ਲੁੱਟਣ ਦੀ ਘਟਨਾ ਹੋਈ ਸੀ।
ਇਨ੍ਹਾਂ ਸਮੱਸਿਆਵਾਂ ਦੇ ਨਾਲ ਇਕ ਵੱਡੀ ਸਮੱਸਿਆ ਜੀਕਾ ਵਾਇਰਸ ਵੀ ਹੈ। ਇਹ ਇਕ ਮੱਛਰ ਦੀ ਜਾਤੀ ਹੈ, ਜੋ ਡੇਂਗੂ ਫਲਾਉਂਦਾ ਹੈ, ਇਸ ਦੇ ਡਰ ਕਰਕੇ ਬਹੁਤ ਸਾਰੇ ਅਥਲੀਟ ਆਪਣਾ ਨਾਂਅ ਵਾਪਸ ਲੈ ਰਹੇ ਹਨ। ਹੁਣ ਤੱਕ ਜਾਰੀ ਕੀਤੀਆਂ ਗਈਆਂ 75 ਲੱਖ ਟਿਕਟਾਂ ਤੋਂ ਸਿਰਫ਼ ਅੱਧੀਆਂ ਹੀ ਵਿਕੀਆਂ ਹਨ ਜਦ ਕਿ ਪੈਰਾ-ਉਲੰਪਿਕ ਲਈ ਇਹ ਅੰਕੜੇ ਹੋਰ ਵੀ ਘੱਟ ਹਨ। ਮੰਨਿਆ ਜਾਂਦਾ ਹੈ ਕਿ ਬ੍ਰਾਜ਼ੀਲ ਵਾਸੀ ਅੰਤਿਮ ਸਮੇਂ 'ਤੇ ਹੀ ਟਿਕਟ ਖਰੀਦਣਾ ਪਸੰਦ ਕਰਦੇ ਹਨ। ਜੇਕਰ 5 ਅਗਸਤ ਨੂੰ ਮਾਰਾਕਾਨਾ ਸਟੇਡੀਅਮ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਟਿਕਟ ਵਿਕਰੀ 'ਚ ਤੇਜ਼ੀ ਨਾ ਆਈ ਤਾਂ ਆਯੋਜਕ ਸਕੂਲ ਦੇ ਬੱਚਿਆਂ ਨੂੰ ਟਿਕਟ ਦੇਣ ਦੀ ਯੋਜਨਾ ਬਣਾ ਰਹੇ ਹਨ ਤਾਂ ਕਿ ਸਟੇਡੀਅਮ ਖਾਲੀ ਨਾ ਰਹਿਣ।
ਬ੍ਰਾਜ਼ੀਲ ਉਲੰਪਿਕ ਲਈ ਇਹ ਵੀ ਮੰਦਭਾਗੀ ਘਟਨਾ ਹੈ ਕਿ ਅੰਤਰਰਾਸ਼ਟਰੀ ਅਥਲੈਟਿਕ ਮਹਾਂਸੰਘ ਨੇ ਰੂਸੀ ਅਥਲੀਟਾਂ ਨੂੰ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਫੈਸਲੇ ਨਾਲ ਅਫ਼ਰਾ-ਤਫ਼ਰੀ ਮਚ ਗਈ ਹੈ। ਇਹ ਫ਼ੈਸਲਾ ਪਿਛਲੇ ਸਾਲ ਨਵੰਬਰ 'ਚ ਵਾਡਾ ਦੁਆਰਾ ਗਠਿਤ ਇਕ ਜਾਂਚ ਕਮੇਟੀ ਦੀ ਦੇ ਆਧਾਰ 'ਤੇ ਲਿਆ ਗਿਆ ਹੈ। ਰੂਸ ਦੇ ਅਥਲੀਟ ਸਰਕਾਰ ਦੀ ਮਿਲੀ ਭੁਗਤ ਨਾਲ ਸ਼ਕਤੀਵਰਧਕ ਦਵਾਈਆਂ ਦਾ ਸੇਵਨ ਕਰਕੇ ਆਪਣੀ ਪ੍ਰਦਰਸ਼ਨ ਯੋਗਤਾ ਨੂੰ ਵਧਾ ਕੇ 2012 ਦੀਆਂ ਲੰਡਨ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ। ਵਰਣਨਯੋਗ ਹੈ ਕਿ ਇਸ ਸਮੇਂ ਰੂਸੀ ਟੈਨਿਸ ਤਾਰਿਕਾ ਮਾਰੀਆ ਸ਼ਾਰਾਪੋਵਾ ਵੀ ਡੋਪਿੰਗ ਦੇ ਡੰਕ ਨਾਲ ਗ੍ਰਸਤ ਹੋ ਕੇ ਦੋ ਸਾਲ ਦੀ ਮੁਅੱਤਲੀ ਦੀ ਸਜ਼ਾ ਭੁਗਤ ਰਹੀ ਹੈ।
ਖ਼ੈਰ! ਤਮਾਮ ਵਿਰੋਧੀ ਹਾਲਾਤ ਦੇ ਬਾਵਜੂਦ ਆਯੋਜਨ ਕਮੇਟੀ ਦੇ ਮੁਖੀ ਫਾਰਲੋਸ ਲੁਜਮੈਨ ਰੀਓ ਉਲੰਪਿਕ ਨੂੰ ਇਕ ਯਾਦਗਾਰ, ਸ਼ਾਨਦਾਰ ਅਤੇ ਜਾਨਦਾਰ ਆਯੋਜਨ ਲਈ ਪੂਰੀ ਤਰ੍ਹਾਂ ਸਮਰਪਿਤ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 5 ਅਗਸਤ ਨੂੰ ਮਰਕਾਨਾ ਸਟੇਡੀਅਮ 'ਚ ਆਯੋਜਨ ਦੇ ਦਰਵਾਜ਼ੇ ਖੁੱਲ੍ਹਦੇ ਹੀ ਆਪਣੇ-ਆਪ ਇਹ ਚਰਚਾਵਾਂ ਖ਼ਤਮ ਹੋ ਜਾਣਗੀਆਂ ਅਤੇ ਪੂਰੀ ਦੁਨੀਆ ਰੀਓ ਉਲੰਪਿਕ ਵਿਚ ਖਿਡਾਰੀਆਂ ਦੇ ਕਾਰਨਾਮੇ ਨੂੰ ਹੀ ਯਾਦ ਰੱਖੇਗੀ। (ਸਮਾਪਤ)


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ : 94636-12204.
ਪ੍ਰੀਮੀਅਰ ਲੀਗ ਫੁੱਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਦੁਨੀਆ ਦੀ ਸਭ ਤੋਂ ਬਿਹਤਰੀਨ ਫੁੱਟਬਾਲ ਲੀਗ 'ਬਾਰਕਲੇਜ਼ ਪ੍ਰੀਮੀਅਰ ਲੀਗ' ਦੇ ਨਵੇਂ ਸੀਜ਼ਨ ਯਾਨੀ 2016-17 ਦੇ ਮੁਕਾਬਲੇ 13 ਅਗਸਤ ਤੋਂ ਸ਼ੁਰੂ ਹੋ ਰਹੇ ਹਨ। ਇਸ ਦੀ ਖ਼ਾਸੀਅਤ ਇਹ ਹੈ ਕਿ ਫੁੱਟਬਾਲ ਦਾ ਘਰ ਮੰਨੇ ਜਾਂਦੇ ਇੰਗਲੈਂਡ ਦੇਸ਼ ਦੀ ਇਸ ਘਰੇਲੂ ਲੀਗ ਵਿਚ ਖੇਡਣ ਵਾਲੀ ਹਰ ਟੀਮ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ ਅਤੇ ਇਸ ਲੀਗ ਦਾ ਫੁੱਟਬਾਲ ਤੇਜ਼-ਤਰਾਰ ਅਤੇ ਰੋਮਾਂਚ ਭਰਪੂਰ ਹੁੰਦਾ ਹੈ। ਨਵੇਂ ਸੀਜ਼ਨ ਮੌਕੇ ਇਸ ਲੀਗ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ ਅਤੇ ਨਾ ਲੋੜੀਂਦੇ ਖਿਡਾਰੀਆਂ ਦੀ ਥਾਂ ਪੈਸੇ ਖਰਚਦੇ ਹੋਏ ਨਵੇਂ ਤਾਜ਼ਾ ਖਿਡਾਰੀ ਸ਼ਾਮਲ ਕੀਤੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ ਪ੍ਰੀਮੀਅਰ ਲੀਗ ਦੇ ਖਿਤਾਬ ਲਈ ਇਸ ਵਾਰ 2, 3 ਜਾਂ 4 ਤਰਫਾ ਨਹੀਂ, ਬਲਕਿ 6 ਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਹਾਂ, ਇਕੋ ਵੇਲੇ 6 ਚੋਟੀ ਦੀਆਂ ਟੀਮਾਂ ਖਿਤਾਬ ਜਿੱਤਣ ਦੀ ਸਥਿਤੀ ਵਿਚ ਹਨ। ਲੈਸਟਰ ਸਿਟੀ, ਟਾਟਨਹੈਮ ਹਾਟਸਪਰ, ਮੈਨਚੈਸਟਰ ਯੂਨਾਈਟਿਡ, ਮੈਨਚੈਸਟਰ ਸਿਟੀ, ਚੈਲਸੀ ਅਤੇ ਆਰਸਨਲ ਸਾਰਿਆਂ ਨੇ ਹੀ ਖਿਤਾਬ ਲਈ ਤਿਆਰੀ ਕੀਤੀ ਹੈ। ਇਸ ਲੀਗ ਦਾ ਮੌਜੂਦਾ ਜੇਤੂ ਲੈਸਟਰ ਸਿਟੀ ਕਲੱਬ ਹੈ, ਜਿਸ ਨੇ ਆਪਣੇ ਮੈਨੇਜਰ ਕਲਾਓਡੀਓ ਰੈਨੀਏਰੀ ਸਦਕਾ ਪਿਛਲੇ ਸਾਲ ਸਭ ਨੂੰ ਹੈਰਾਨ ਕਰਕੇ ਲੀਗ ਦਾ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਇਸ ਟੀਮ ਦੀ ਸਭ ਤੋਂ ਵੱਡੀ ਰਣਨੀਤੀ ਇਹੀ ਹੈ ਕਿ ਪਿਛਲੇ ਸਾਲ ਖਿਤਾਬ ਜਿਤਾਉਣ ਵਾਲੇ ਸਾਰੇ ਖਿਡਾਰੀ ਆਪਣੀ ਟੀਮ ਵਿਚ ਬਰਕਰਾਰ ਰੱਖ ਕੇ ਖ਼ਿਤਾਬ ਦੀ ਰਾਖੀ ਕੀਤੀ ਜਾਵੇ ਅਤੇ ਉਹ ਇਸ ਕੰਮ ਵਿਚ ਹੁਣ ਤੱਕ ਸਫਲ ਵੀ ਰਹੇ ਹਨ। ਦੁਨੀਆ ਦੇ ਸਭ ਤੋਂ ਅਮੀਰ ਕਲੱਬ ਅਤੇ ਸਾਬਕਾ ਜੇਤੂ ਮੈਨਚੈਸਟਰ ਸਿਟੀ ਨੇ ਆਪਣੇ ਅਰਬੀ ਸ਼ੇਖ ਮਾਲਕਾਂ ਦੀ ਅਥਾਹ ਦੌਲਤ ਦੇ ਸਹਾਰੇ ਨਵੇਂ ਫ਼ਾਰਵਰਡ ਖਿਡਾਰੀਆਂ ਨੂੰ ਸਾਈਨ ਕੀਤਾ ਹੈ ਅਤੇ ਟੀਮ ਮਜ਼ਬੂਤ ਕੀਤੀ ਹੈ। ਉੱਤਰੀ ਲੰਦਨ ਦੀਆਂ ਦੋਵੇਂ ਟੀਮਾਂ ਆਰਸਨਲ ਅਤੇ ਟਾਟਨਹੈਮ ਹਾਟਸਪਰ ਨੇ ਵੀ ਕੁਝ ਨਵੇਂ ਬਾਹਰਲੇ ਖਿਡਾਰੀ ਲਿਆਂਦੇ ਹਨ। ਇਤਿਹਾਸਕ ਕਲੱਬ ਲਿਵਰਪੂਲ ਆਪਣੇ ਮੌਜੂਦਾ ਖਿਡਾਰੀਆਂ ਦੀ ਗਿਣਤੀ ਘੱਟ ਕਰਕੇ ਹੀ ਨਵੇਂ ਖਿਡਾਰੀ ਸ਼ਾਮਲ ਕਰਨ ਦੀ ਸੋਚ ਰਹੇ ਹਨ।
ਇੰਗਲੈਂਡ ਦੇ ਇਕ ਹੋਰ ਵੱਡੇ ਕਲੱਬ ਮੈਨਚੈਸਟਰ ਯੂਨਾਈਟਿਡ ਕਲੱਬ ਦੇ ਨਵੇਂ ਮੈਨੇਜਰ ਜੋਸੇ ਮੁਰਿਨਹੋ ਨੇ ਪਿਛਲੇ ਸੀਜ਼ਨ ਦੀ ਨਿਰਾਸ਼ਾ ਤੋਂ ਬਾਅਦ ਪੌਲ ਪੌਗਬਾ ਅਤੇ ਜ਼ਲਾਟਨ ਇਬ੍ਰਾਹਿਮੋਵਿਚ ਵਰਗੇ ਨਵੇਂ ਖਿਡਾਰੀ ਟੀਮ ਵਿਚ ਲਿਆਂਦੇ ਹਨ, ਤਾਂ ਜੋ ਇਕ ਨਵੀਂ ਸ਼ੁਰੂਆਤ ਕੀਤੀ ਜਾ ਸਕੇ। ਉਧਰ, ਮੈਨਚੈਸਟਰ ਯੂਨਾਈਟਿਡ ਕਲੱਬ ਦੇ ਰਵਾਇਤੀ ਵਿਰੋਧੀ ਕਲੱਬ ਲਿਵਰਪੂਲ ਨੇ ਵੀ ਆਪਣੇ ਨਵੇਂ ਮੈਨੇਜਰ ਯਰਗਨ ਕਲੌਪ ਦੀ ਦੇਖ-ਰੇਖ ਹੇਠ ਕਾਫੀ ਹਿਲਜੁਲ ਕਰਦਿਆਂ ਆਪਣੇ ਕਈ ਖਿਡਾਰੀਆਂ ਨੂੰ ਬਦਲਦੇ ਹੋਏ ਸਾਈਡੋ ਮਾਨੇ ਅਤੇ ਜਿਓਰਜੀਨੋ ਵਾਈਨਾਲਡਨ ਵਰਗੇ ਤਾਕਤਵਰ ਖਿਡਾਰੀਆਂ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰ ਲਿਆ ਹੈ। ਇਨ੍ਹਾਂ ਵੱਡੀਆਂ ਟੀਮਾਂ ਤੋਂ ਇਲਾਵਾ ਇਸ ਲੀਗ ਵਿਚ ਐਵਰਟਨ, ਵੈਸਟ ਹੈਮ, ਸਾਊਥੈਂਪਟਨ, ਸਟੋਕ ਸਿਟੀ, ਸਵਾਂਸੀ ਸਿਟੀ, ਕ੍ਰਿਸਟਲ ਪੈਲੇਸ ਆਦਿ ਟੀਮਾਂ ਵੀ ਹਰ ਵੇਲੇ ਉਲਟ ਫੇਰ ਕਰਨ ਦੇ ਸਮਰੱਥ ਹਨ ਅਤੇ ਇਹੀ ਚੀਜ਼ ਇਸ ਲੀਗ ਨੂੰ ਖ਼ਾਸ ਬਣਾਉਂਦੀ ਹੈ। ਦੁਨੀਆ ਦੀ ਸਭ ਤੋਂ ਵਧੀਆ ਲੀਗ ਮੰਨੀ ਜਾਂਦੀ ਇਸ ਲੀਗ ਵਿਚ ਐਤਕੀਂ ਹੇਠਾਂ ਤੋਂ ਉੱਪਰ ਆਈਆਂ 3 ਨਵੀਆਂ ਟੀਮਾਂ, ਮਿਡਲਸਬਰੋ, ਹੱਲ ਸਿਟੀ ਅਤੇ ਬਰਨਲੀ ਵੀ ਖੇਡਦੀਆਂ ਨਜ਼ਰ ਆਉਣਗੀਆਂ। ਇਸ ਲੀਗ ਵਿਚ ਸਰਜੀਓ ਅਗੂਐਰੋ, ਵੇਨ ਰੂਨੀ, ਫਿਲਿਪ ਕੂਟੀਨਹੋ, ਏਡਨ ਹੈਜ਼ਾਰਡ, ਅਲੈਕਸਿਸ ਸਾਂਚੇਜ਼, ਕ੍ਰਿਸਟੀਅਨ ਐਰਿਕਸਨ, ਪੌਲ ਪੌਗਬਾ ਅਤੇ ਜ਼ਲਾਟਨ ਇਬ੍ਰਾਹਿਮੋਵਿਚ ਵਰਗੇ ਵਿਸ਼ਵ ਪੱਧਰੀ ਸਟਾਰ ਖਿਡਾਰੀ ਸਾਰਾ ਸੀਜ਼ਨ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਫੁੱਟਬਾਲ ਰੋਮਾਂਚ ਦਾ ਇਹ ਸਿਲਸਿਲਾ 13 ਅਗਸਤ ਨੂੰ ਸ਼ੁਰੂ ਹੋ ਕੇ ਤਕਰੀਬਨ 10 ਮਹੀਨੇ ਦਾ ਸਫਰ ਤੈਅ ਕਰਦਾ ਹੋਇਆ ਅਗਲੇ ਸਾਲ ਮਈ ਮਹੀਨੇ ਵਿਚ ਮੁਕੰਮਲ ਹੋਵੇਗਾ। ਸਾਡੇ ਖਿੱਤੇ ਅੰਦਰ ਖੇਡ ਚੈਨਲ 'ਸਟਾਰ ਸਪੋਰਟਸ' ਉੱਤੇ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਇਸ ਲੀਗ ਦੇ ਜ਼ਬਰਦਸਤ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ, ਜਿਸ ਨੂੰ ਪੂਰੀ ਦੁਨੀਆ ਦੇ ਫੁੱਟਬਾਲ ਪ੍ਰੇਮੀਆਂ ਵਾਂਗ ਭਾਰਤ ਦੇ ਫੁੱਟਬਾਲ ਪ੍ਰਸੰਸਕ ਵੀ ਉਤਸ਼ਾਹ ਨਾਲ ਵੇਖਣਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
sudeepsdhillon@ymail.comਖੇਡਾਂ ਨੂੰ ਲੱਗਿਆ ਡੋਪਿੰਗ ਦਾ ਡੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਡੋਪ ਟੈਸਟ ਲਈ ਵਾਡਾ ਜਾਂ ਨਾਡਾ ਦੇ ਕੋਡ : (1) ਖਿਡਾਰੀ ਦੇ ਸਰੀਰ ਵਿਚ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਹੋਣਾ, (2) ਖਿਡਾਰੀ ਦੇ ਬੈਗ ਜਾਂ ਹੋਰ ਚੀਜ਼ ਜੋ ਉਸ ਕੋਲ ਹੋਵੇ, ਵਿਚੋਂ ਪਾਬੰਦੀਸ਼ੁਦਾ ਦਵਾਈਆਂ ਦਾ ਬਰਾਮਦ ਹੋਣਾ, (3) ਟੀਕੇ ਰਾਹੀਂ ਤਾਕਤ ਦੀ ਦਵਾਈ ਲੈਣਾ, (4) ਸੈਂਪਲ ਤੋਂ ਨਾਂਹ ਕਰਨੀ ਵਰਗੇ ਅਪਰਾਧ ਦੇ ਦੋਸ਼ ਵਿਚ ਖਿਡਾਰੀ ਨੂੰ ਦੋਸ਼ੀ ਮੰਨਿਆ ਜਾ ਸਕਦਾ ਹੈ, (5) ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਹਰ ਰੋਜ਼ ਆਪਣੇ ਸ਼ਡਿਊਲ ਦੀ ਈਮੇਲ 'ਵਾਡਾ' ਜਾਂ 'ਨਾਡਾ' ਨੂੰ ਕਰਨੀ ਹੁੰਦੀ ਹੈ ਕਿ ਇਸ ਵੇਲੇ ਮੇਰਾ ਮੁਕਾਬਲਾ ਇਸ ਦੇਸ਼ 'ਚ ਇਸ ਥਾਂ 'ਤੇ ਹੈ ਤੇ ਫਿਰ ਕਿਸੇ ਵੇਲੇ ਵੀ 'ਨਾਡਾ' ਜਾਂ 'ਵਾਡਾ' ਖਿਡਾਰੀ ਨੂੰ ਚੈੱਕ ਕਰ ਸਕਦੀ ਹੈ। ਜੇ ਤਿੰਨ ਵਾਰੀ ਚੈੱਕ ਕਰਨ 'ਤੇ ਉਸ ਥਾਂ 'ਤੇ ਖਿਡਾਰੀ ਨਹੀਂ ਮਿਲਦਾ ਤਾਂ ਉਸ 'ਤੇ ਡੋਪ ਟੈਸਟ ਤਹਿਤ ਕਾਰਵਾਈ ਹੋ ਸਕਦੀ ਹੈ।
ਪਾਬੰਦੀਸ਼ੁਦਾ ਦਵਾਈਆਂ ਦੇ ਗਰੁੱਪ : ਐੱਸ-0 : ਜਿਨ੍ਹਾਂ ਦਵਾਈਆਂ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ। ਐਸ-1 : ਡਾਇਨਾਬੋਲ ਡੈਕਾ ਡਿਉਰਾਬੋਲਨ। ਐਸ-2 : ਗਰੋਥ ਹਾਰਮੋਨਜ਼। ਐਸ-3 : ਦਮੇ ਦੀਆਂ ਦਵਾਈਆਂ ਦਾ ਸੇਵਨ। ਐਸ-4 : ਮੇਨ ਦਵਾਈ ਨੂੰ ਦਬਾਉਣ ਲਈ, ਤਾਂ ਜੋ ਖੂਨ ਵਿਚ ਪਕੜ ਨਾ ਆਵੇ। ਐਸ-5 : ਜ਼ਿਆਦਾ ਪਿਸ਼ਾਬ ਲਿਆਉਣ ਵਾਲੀ ਦਵਾਈ। ਐਸ-6 : ਸਟਿਮਿਊਲੈਂਟਸ। ਐਸ-7 : ਨਾਰਕੋਟਿਕਸ। ਐਸ-8 : ਕੈਨੇਬਲੋਟਸ। ਐਸ-9 : ਗਲੂਕੋ ਕੁਆਟੀਕੁਆਟਿਸ ਸਟੀਰਾਈਡ। ਇਹ ਸਾਰੀਆਂ ਪੂਰੀ ਤਰ੍ਹਾਂ ਬੈਨ ਹਨ। ਐਮ-1 : ਬਲੱਡ ਡੋਪਿੰਗ। ਐਮ-2 : ਆਈ.ਵੀ. ਫਲੂਡ ਤੇ ਸੈਂਪਲ ਨਾਲ ਛੇੜਛਾੜ। ਐਮ-3 : ਜੀਨ ਡੋਪਿੰਗ।
ਡੋਪ ਸੈਂਪਲ ਕਿਸ ਤਰ੍ਹਾਂ ਲਿਆ ਜਾਂਦਾ ਹੈ : ਇਕ ਖਿਡਾਰੀ ਦਾ ਜਦੋਂ ਡੋਪ ਟੈਸਟ ਲਿਆ ਜਾਂਦਾ ਹੈ ਤਾਂ ਉਸ ਦੇ ਸੈਂਪਲ ਨੂੰ ਦੋ ਟਿਊਬਾਂ ਵਿਚ ਲਿਆ ਜਾਂਦਾ ਹੈ-'ਏ' ਤੇ 'ਬੀ' ਸੈਂਪਲ ਦੇ ਰੂਪ ਵਿਚ। ਇਸ ਦੇ ਨਾਲ ਹੀ ਖਿਡਾਰੀ ਨੂੰ ਫਾਰਮ ਭਰਨ ਲਈ ਦਿੱਤਾ ਜਾਦਾ ਹੈ ਤੇ ਉਹ ਉਸ ਨੂੰ ਭਰ ਕੇ ਸਾਈਨ ਕਰਦਾ ਹੈ।
ਖਿਡਾਰੀਆਂ ਦੇ ਅਧਿਕਾਰ : ਡੈਪ ਟੈਸਟ ਲੈਣ ਵੇਲੇ ਖਿਡਾਰੀ ਦਾ ਕੋਈ ਵੀ ਰਿਸ਼ਤੇਦਾਰ ਸੈਂਪਲ ਲੈਣ ਤੋਂ ਸੀਲਬੰਦ ਕੀਤੇ ਜਾਣ ਤੱਕ ਸਭ ਕੁਝ ਆਪਣੀ ਹਾਜ਼ਰੀ ਵਿਚ ਕਰਵਾਏਗਾ ਤੇ ਵਿਦੇਸ਼ ਵਿਚ ਹੈ ਤਾਂ ਭਾਸ਼ਾ ਦੀ ਮੁਸ਼ਕਿਲ ਕਰਕੇ ਉਹ ਟਰਾਂਸਲੇਟਰ ਦੀ ਸਹਾਇਤਾ ਲੈ ਸਕਦਾ ਹੈ। ਜੇ ਖਿਡਾਰੀ ਦਾ ਮੈਚ ਚੱਲ ਰਿਹਾ ਹੈ ਤਾਂ ਉਹ ਸੈਂਪਲ ਦੀ ਉਡੀਕ ਵਾਸਤੇ ਕਹਿ ਸਕਦਾ ਹੈ। ਕਿਹੜੀ ਕਿੱਟ ਵਿਚ ਸੈਂਪਲ ਰੱਖਣਾ ਹੈ, ਉਸ ਦੀ ਆਪ ਚੋਣ ਕਰ ਸਕਦਾ ਹੈ। ਡੋਪ ਟੈਸਟ ਵਾਲੀ ਟੀਮ ਤੋਂ ਡਾਕੂਮੈਂਟਸ ਦੀ ਕਾਪੀ ਲੈ ਸਕਦਾ ਹੈ। ਡੋਪ ਟੈਸਟ ਨੂੰ ਦੇਰ ਨਾਲ ਕਰਨ ਦੀ ਬੇਨਤੀ ਕਰ ਸਕਦਾ ਹੈ।
ਡੋਪ ਕਦੋਂ ਟੈਸਟ ਹੁੰਦਾ ਹੈ : 1. ਮੁਕਾਬਲੇ ਦੌਰਾਨ, 2. ਮੁਕਾਬਲੇ ਤੋਂ ਬਾਅਦ ਤੇ ਸਪੈਸ਼ਲ ਗੇਮਜ਼ ਦੌਰਾਨ ਖਿਡਾਰੀ ਦੇ ਪਿਸ਼ਾਬ ਦਾ ਸੈਂਪਲ ਲਿਆ ਜਾਂਦਾ ਹੈ। ਇਸ ਨੂੰ ਦੋ ਬੋਤਲਾਂ ਵਿਚ ਵੱਖ-ਵੱਖ ('ਏ' ਤੇ 'ਬੀ') ਵਿਚ ਬੰਦ ਕੀਤਾ ਜਾਂਦਾ ਹੈ ਤੇ ਜੇ 'ਏ' ਪਾਜ਼ੇਟਿਵ ਆ ਜਾਵੇ ਤਾਂ ਖਿਡਾਰੀ ਦੂਜੇ ਸੈਂਪਲ ਦੇ ਟੈਸਟ ਲਈ ਬੇਨਤੀ ਕਰਦਾ ਹੈ, ਜੇ ਇਹ ਵੀ ਪਾਜ਼ੇਟਿਵ ਆਵੇ ਤਾਂ ਫਿਰ ਅਗਲੇ ਟੈਸਟ ਵਿਚ ਖਿਡਾਰੀ ਦੇ ਖੂਨ ਦੀ ਜਾਂਚ ਕੀਤੀ ਜਾਦੀ ਹੈ। ਜੇ ਫਿਰ ਵੀ ਪਾਜ਼ੇਟਿਵ ਆ ਜਾਵੇ 'ਵਾਡਾ' ਜਾਂ 'ਨਾਡਾ' ਉਸ 'ਤੇ ਪੰਬਾਦੀ ਦੀ ਸਿਫ਼ਾਰਸ਼ ਕਰ ਸਕਦੀ ਹੈ। ਜੇ ਕਿਸੇ ਖਿਡਾਰੀ ਨੇ ਕੋਈ ਦਵਾਈ ਲਈ ਹੁੰਦੀ ਹੈ ਤਾਂ ਉਸ ਦੀ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ 2 ਤੋਂ 4 ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।
ਡੋਪਿੰਗ ਵਿਚ ਫਸੇ ਵਿਸ਼ਵ ਦੇ ਖਿਡਾਰੀ : 1988 ਵਿਚ ਸਿਉਲ ਉਲੰਪਿਕ ਵਿਚ ਕੈਨੇਡਾ ਦੇ ਨਾਮੀ ਅਥਲੀਟ ਬੈਨ ਜਾਨਸਨ ਡੋਪਿੰਗ ਦੇ ਦੋਸ਼ੀ ਪਾਏ ਗਏ ਸਨ ਤੇ ਇਹ ਡੋਪਿੰਗ ਦਾ ਪਹਿਲਾ ਹਾਈ ਪ੍ਰੋਫਾਈਲ ਕੇਸ ਸੀ। 7 ਵਾਰੀ ਟੂਰ.ਡੀ.ਫਰਾਂਸ ਜਿੱਤਣ ਵਾਲੇ ਸਾਈਕਲਿਸਟ ਨੈਂਸ ਅਰਮਸਟਰਾਂਗ ਨੂੰ 2012 ਵਿਚ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਸੀ ਤੇ ਇਸ ਤੋਂ ਬਾਅਦ ਇਸ ਦੇ ਸਾਰੇ ਖ਼ਿਤਾਬ ਵਾਪਸ ਲੈ ਲਏ ਗਏ ਸਨ। ਆਸਟਰੇਲੀਆ ਦੇ ਪ੍ਰਸਿੱਧ ਸਪਿਨ ਗੇਂਦਬਾਜ਼ ਸ਼ੇਨ ਵਾਰਨ ਨੂੰ 2003 ਵਿਚ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਸੀ। 2010 ਦੀਆਂ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਦੇ 4 ਪਹਿਲਵਾਨਾਂ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਸੀ। 2004 ਵਿਚ ਭਾਰਤ ਦੀ ਵੇਟ ਲਿਫਟਰ ਕੁੰਜੂਰਾਣੀ ਦੇਵੀ ਵੀ ਡੋਪ ਟੈਸਟ ਵਿਚ ਫਸੀ ਸੀ। 2010 ਵਿਚ ਭਾਰਤ ਦੀ ਵੇਟ ਲਿਫਟਰ ਸਮਾਨਚਾ ਚਾਨੂੰ ਵੀ ਡੋਪ ਟੈਸਟ ਵਿਚੋਂ ਫੇਲ੍ਹ ਹੋਈ ਸੀ। 2000 ਵਿਚ ਭਾਰਤ ਦੀ ਡਿਸਕਸ ਥਰੋਅਰ ਸੀਮਾ ਐਂਟਿਲ ਨੂੰ ਵਰਲਡ ਜੂਨੀਅਰ ਚੈਂਪੀਅਨਸ਼ਿਪ 'ਚੋਂ ਮਿਲਿਆ ਸੋਨ ਤਗਮਾ ਡੋਪ ਕਰਕੇ ਵਾਪਸ ਲੈ ਲਿਆ ਸੀ। 2011 ਵਿਚ 'ਨਾਡਾ' ਨੇ 6 ਮਹਿਲਾ ਅਥਲੀਟਾਂ 'ਤੇ ਇਕ-ਇਕ ਸਾਲ ਦੀ ਪਾਬੰਦੀ ਲਗਾਈ ਸੀ ਤੇ ਇਸ ਵਿਚ ਲੰਬੀ ਛਾਲ ਦੇ ਹਰੀਕ੍ਰਿਸ਼ਨ ਮੁਰਲੀਧਰਨ, 4×400 ਮੀਟਰ ਰੀਲੇਅ ਟੀਮ ਦੀ ਮਨਦੀਪ ਕੌਰ, ਸੰਨੀ ਜੋਸ਼ ਤੇ ਅਸ਼ਵਨੀ ਕੁੰਜ ਸ਼ਾਮਿਲ ਸਨ। 2015 ਵਿਚ ਭਾਰਤ 'ਚ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਤੇ 21 ਵੇਟ ਲਿਫਟਰ ਡੋਪ ਟੈਸਟ ਵਿਚ ਪਾਜ਼ੇਟਿਵ ਆਏ ਸਨ।
ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਡੋਪਿੰਗ ਦੇ ਮਾਮਲਿਆਂ ਵਿਚ ਕਮੀ ਲਿਆਉਣ ਕਰਕੇ ਭਾਰਤ ਨੂੰ 'ਵਾਡਾ' ਦੇ ਨਿਯਮਾਂ ਦਾ ਸਖ਼ਤੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਤੇ ਅਥਲੀਟ ਦਾ ਸਮਾਰਟ ਟੈਸਟਿੰਗ ਤੇ ਉਸ ਦਾ ਬਾਇਓਲਾਜੀਕਲ ਪਾਸਪੋਰਟ ਬਣਾ ਕੇ ਉਸ 'ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖਣੀ ਚਾਹੀਦੀ ਹੈ ਤੇ ਇਸ ਲਈ ਖਿਡਾਰੀ ਦੇ ਮਾਪੇ ਤੇ ਕੋਚਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ। ਖੇਡਾਂ ਦੇ ਖੇਤਰ ਵਿਚ ਸ਼ਾਰਟਕਟ ਤਰੀਕੇ ਨਾਲ ਤਰੱਕੀ ਕਰਨ ਲਈ, ਸਰਕਾਰਾਂ ਵੱਲੋਂ ਐਲਾਨ ਕੀਤੀ ਗਈ ਇਨਾਮੀ ਰਾਸ਼ੀ ਜਿਵੇਂ ਉਲੰਪਿਕ ਜੇਤੂ ਨੂੰ ਦੋ ਕਰੋੜ ਇਨਾਮ ਦੇ ਲਾਲਚ ਕਰਕੇ ਖਿਡਾਰੀ ਡੋਪ ਕਰਨ ਵੱਲ ਵਧ ਰਹੇ ਹਨ ਤੇ ਇਸ ਲਈ ਖਿਡਾਰੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
(ਸਮਾਪਤ)


-ਮੋਬਾ: 98729-78781

ਕਬੱਡੀ ਜਗਤ ਵਿਚ ਖੇਡ ਪ੍ਰਮੋਟਰ ਮੇਜਰ ਸਿੰਘ ਬਰਾੜ ਤੇ ਕਰਮਪਾਲ ਸਿੱਧੂ

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਵਿਦੇਸ਼ਾਂ ਵਿਚਲੇ ਇਤਿਹਾਸ 'ਤੇ ਜੇਕਰ ਝਾਤ ਮਾਰੀਏ ਤਾਂ ਪ੍ਰਵਾਸੀ ਭਾਰਤੀਆਂ ਨੇ ਕਬੱਡੀ ਨੂੰ ਅੱਜ ਕਰੋੜਾਂ ਦੀ ਖੇਡ ਬਣਾ ਦਿੱਤਾ ਹੈ।
ਕੈਨੇਡਾ ਦੇ ਸੂਬੇ ਅਲਬਰਟਾ 'ਚ ਪਿਛਲੇ ਵਰ੍ਹੇ ਹੋਂਦ ਵਿਚ ਆਈ 'ਅਲਬਰਟਾ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਆਫ਼ ਅਲਬਰਟਾ' ਦੇ ਸੰਸਥਾਪਕਾਂ 'ਚੋਂ ਪ੍ਰਮੁੱਖ ਨੇ ਕੈਨੇਡਾ ਦੀ ਬਿਲਡਿੰਗ ਕੰਸਟਰਕਸ਼ਨ ਕੰਪਨੀ 'ਨਿਊ ਲੁਕ ਹੋਮਸ' ਦੇ ਮਾਲਕ ਮੇਜਰ ਬਰਾੜ ਤੇ ਇਸੇ ਤਰ੍ਹਾਂ ਕਰਮਪਾਲ ਸਿੱਧੂ ਦੇ ਵੱਖ-ਵੱਖ ਬਿਜ਼ਨੈੱਸ ਜਿਵੇਂ ਮੋਗਾ ਮੀਟ, ਬੀਕਾਨੇਰ ਸਵੀਟਸ ਤੇ ਬੈਸਟ ਬਾਏ ਫਰਨੀਚਰਜ਼ ਕੈਲਗਰੀ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਸਥਾਪਤ ਬਰਾਂਚਾਂ ਉਸ ਦੀ ਸਫਲਤਾ 'ਤੇ ਲੱਗੀ ਮੋਹਰ ਦੀ ਗਵਾਹੀ ਭਰਦੇ ਹਨ। ਵਿਲੱਖਣ ਮੋਹ ਤੇ ਸ਼ਿੱਦਤ ਨਾਲ ਵਿਚਰਦੇ ਰਹਿਣ ਵਾਲੇ ਮੇਜਰ ਬਰਾੜ, ਕਰਮਪਾਲ ਸਿੱਧੂ, ਜਲੰਧਰ ਸਿੱਧੂ ਤੇ ਹਰਵਿੰਦਰ ਫਤਹਿਗੜ੍ਹ ਆਦਿ ਸਾਥੀਆਂ ਵੱਲੋਂ ਕਬੱਡੀ ਜਗਤ ਦੇ ਅੰਬਰੋਂ ਟੁੱਟੇ ਸਿਤਾਰੇ ਅੰਬੀ ਹਠੂਰ ਦੀ ਯਾਦ ਦਿਵਾਉਂਦੀ 'ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ' ਕਬੱਡੀ ਜਗਤ ਦੇ ਅੰਤਰਰਾਸ਼ਟਰੀ ਸਟਾਰ ਖਿਡਾਰੀਆਂ ਨਾਲ ਲੈਸ ਇਹ ਖੇਡ ਕਲੱਬ 2005 ਤੋਂ ਕੈਨੇਡਾ ਦੇ ਘਾਹ ਵਾਲੇ ਮੈਦਾਨਾਂ ਦਾ ਖੂਬਸੂਰਤ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਟੋਰਾਂਟੋ 'ਚ ਹੋਏ ਕੈਨੇਡਾ ਵਰਲਡ ਕੱਪ ਸਮੇਂ ਅਲਬਰਟਾ ਦੀ ਟੀਮ ਵੀ ਮੇਜਰ ਬਰਾੜ, ਕਰਮਪਾਲ ਸਿੱਧੂ ਤੇ ਸਾਥੀਆਂ ਵੱਲੋਂ ਸਪਾਂਸਰ ਕੀਤੀ ਜਾਂਦੀ ਹੈ। 20 ਅਗਸਤ ਨੂੰ ਲਾਈਨਜ਼ ਮਾਲਟਨ ਸਪੋਰਟਸ ਕਲੱਬ ਟੋਰਾਂਟੋ ਦੇ ਪ੍ਰਬੰਧਕਾਂ ਪ੍ਰਧਾਨ ਬਿੰਦੀ ਸਰਾਏ, ਸਤਨਾਮ ਸਰਾਏ, ਜਿੰਦਰ ਬੁੱਟਰ, ਸੇਵਾ ਸਿੰਘ ਰੰਧਾਵਾ ਤੇ ਕੁਲਵੰਤ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋ ਰਹੇ 26ਵੇਂ ਕੈਨੇਡਾ ਵਰਲਡ ਕਬੱਡੀ ਕੱਪ ਵਿਚ ਟੀਮ ਕੈਨੇਡਾ ਵੈਸਟ ਨੂੰ ਮੇਜਰ ਬਰਾੜ, ਕਰਮਪਾਲ ਸਿੱਧੂ, ਜਲੰਧਰ ਸਿੱਧੂ, ਲਾਲੀ ਢੇਸੀ ਬੇਗਮਪੁਰ, ਕਮਲਜੀਤ ਨੀਟੂ ਕੰਗ ਤੇ ਜੇ. ਮਿਨਹਾਸ ਵੱਲੋਂ ਸਪਾਂਸਰ ਕੀਤਾ ਗਿਆ ਹੈ । ਜੇਕਰ ਕਬੱਡੀ ਖਿਡਾਰੀਆਂ ਦੇ ਸਨਮਾਨਾਂ ਦੀ ਗੱਲ ਕਰੀਏ ਤਾਂ ਮੇਜਰ ਤੇ ਕਰਮਪਾਲ ਵੱਲੋਂ ਕੈਨੇਡਾ ਤੇ ਪੰਜਾਬ ਵਿਚ 80 ਦੇ ਕਰੀਬ ਬੁਲਟ ਮੋਟਰਸਾਈਕਲਾਂ ਨਾਲ ਕਬੱਡੀ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਮੇਜਰ ਬਰਾੜ ਤੇ ਕਰਮਪਾਲ ਸਿੱਧੂ ਇਕ ਸਿੱਕੇ ਦੇ ਦੋ ਪਾਸਿਆ ਵਾਂਗ ਹਮੇਸ਼ਾ ਹੀ ਅੰਗ-ਸੰਗ ਰਹਿੰਦੇ ਹਨ। ਮਾਂ ਖੇਡ ਕਬੱਡੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਵੇਖਣ ਦੀ ਚਾਹਤ ਰੱਖਦਿਆਂ ਦੋਵਾਂ ਨੇ ਕਿਹਾ ਕਿ ਅੱਜ ਕਬੱਡੀ ਦੀ ਗੁੱਡੀ ਅਸਮਾਨੀਂ ਚੜ੍ਹੀ ਹੈ। ਖੇਡ ਕਬੱਡੀ ਜਗਤ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮੇਜਰ ਬਰਾੜ ਤੇ ਕਰਮਾਪਲ ਸਿੱਧੂ ਆਪਣੇ ਕੈਰੀਅਰ ਵਿਚ ਬੁਲੰਦੀਆਂ ਨੂੰ ਛੂਹਣ, ਇਹੀ ਦੁਆ ਕਰਦੇ ਹਾਂ।


-ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ।
ਮੋਬਾ: 98157-26066


ਖੇਡ ਦਾ ਹਰ ਮੈਦਾਨ ਫਤਹਿ ਕਰਨ ਵਾਲਾ ਅੰਗਹੀਣ ਖਿਡਾਰੀ ਕੁਲਦੀਪ ਸਿੰਘ

ਬੁਲੰਦ ਹੌਸਲੇ ਦਾ ਮਾਲਕ ਅਤੇ ਖੇਡ ਦਾ ਹਰ ਮੈਦਾਨ ਫਤਹਿ ਕਰਨ ਵਾਲਾ ਹਰਫਨਮੌਲਾ ਖਿਡਾਰੀ ਹੈ ਕੁਲਦੀਪ ਸਿੰਘ। ਇਸੇ ਕਰਕੇ ਤਾਂ ਉਸ ਦੀਆਂ ਪ੍ਰਾਪਤੀਆਂ ਸਦਕਾ ਪੰਜਾਬ ਸਰਕਾਰ ਉਸ ਨੂੰ ਸਰਬੋਤਮ ਖਿਡਾਰੀ ਵਜੋਂ ਸਟੇਟ ਐਵਾਰਡ ਨਾਲ ਸਨਮਾਨਤ ਕਰ ਚੁੱਕੀ ਹੈ। ਬੈਂਚ ਪ੍ਰੈੱਸ ਲਾਉਣ ਦੇ ਖਿਡਾਰੀ ਕੁਲਦੀਪ ਸਿੰਘ ਦਾ ਜਨਮ 2 ਦਸੰਬਰ, 1983 ਨੂੰ ਪਿਤਾ ਜਸਮੇਰ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਜੈਤੋ ਮੰਡੀ ਵਿਚ ਹੋਇਆ। ਭਾਵੇਂ ਕੁਲਦੀਪ ਸਿੰਘ ਬਚਪਨ ਤੋਂ ਹੀ ਇਕ ਲੱਤੋਂ ਅਪਾਹਜ ਸੀ, ਪਰ ਉਸ ਨੇ ਕਦੇ ਵੀ ਆਪਣੇ-ਆਪ ਨੂੰ ਅਪਾਹਜ ਨਹੀਂ ਸਮਝਿਆ, ਸਗੋਂ ਦੇਸ਼ ਲਈ ਕੁਝ ਕਰ ਸਕਣ ਦੀ ਹਿੰਮਤ ਨਾਲ ਉਹ ਪੈਰਾ ਪਾਵਰਲਿਫਟਿੰਗ ਭਾਵ ਬੈਂਚ ਪ੍ਰੈੱਸ ਲਾਉਣ ਦੀ ਪ੍ਰੈਕਟਿਸ ਕਰਨ ਲੱਗਾ ਅਤੇ ਉਸ ਦੇ ਇਸ ਜਨੂੰਨ ਦਾ ਸਿੱਟਾ ਇਹ ਨਿਕਲਿਆ ਕਿ ਸੰਨ 2007 ਵਿਚ ਲੁਧਿਆਣਾ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਹਿੱਸਾ ਲਿਆ ਅਤੇ ਪਹਿਲੀ ਵਾਰ ਹੀ ਸੋਨ ਤਗਮਾ ਆਪਣੇ ਨਾਂਅ ਕਰਕੇ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਭਵਿੱਖ ਵਿਚ ਵੀ ਉਹ ਆਪਣੇ ਇਸ ਖੇਤਰ ਵਿਚ ਖੇਡ ਦਾ ਹਰ ਮੈਦਾਨ ਫਤਹਿ ਕਰੇਗਾ ਅਤੇ ਇੰਝ ਹੋਇਆ ਵੀ।
ਸੰਨ 2008 ਵਿਚ ਨਾਗਪੁਰ ਵਿਚ ਹੋਈਆਂ ਖੇਡਾਂ ਵਿਚੋਂ ਵੀ ਉਸ ਨੇ ਸੋਨ ਤਗਮਾ ਫੁੰਡਿਆ, ਸੰਨ 2010 ਵਿਚ ਬੰਗਲੌਰ ਵਿਖੇ ਨੈਸ਼ਨਲ ਖੇਡਾਂ ਵਿਚੋਂ ਸੋਨ ਤਗਮਾ, ਸੰਨ 2011 ਵਿਚ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ, ਸੰਨ 2013 ਵਿਚ ਪੂਨੇ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ, ਸੰਨ 2015 ਵਿਚ ਦਿੱਲੀ ਵਿਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ, ਸੰਨ 2016 ਵਿਚ ਹੀ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਛੇਵਾਂ ਸੋਨ ਤਗਮਾ ਵੀ ਆਪਣੇ ਨਾਂਅ ਕਰਕੇ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਵਾਕਿਆ ਹੀ ਉਹ ਖੇਡ ਦੇ ਹਰ ਮੈਦਾਨ ਨੂੰ ਫਤਹਿ ਕਰਨ ਵਾਲਾ ਹਰਮਨਮੌਲਾ ਖਿਡਾਰੀ ਹੈ। ਖਿਡਾਰੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸੰਨ 2018 ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਵੀ ਨਾਲੋ-ਨਾਲ ਕਰ ਰਿਹਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀਆਂ ਇਨ੍ਹਾਂ ਉਪਲਬਧੀਆਂ ਉੱਪਰ ਭਾਵੇਂ ਪੰਜਾਬ ਸਰਕਾਰ ਉਸ ਨੂੰ ਸਰਬੋਤਮ ਖਿਡਾਰੀ ਦੇ ਖਿਤਾਬ ਨਾਲ ਸਟੇਟ ਐਵਾਰਡ ਦੇ ਕੇ ਸਨਮਾਨਤ ਕਰ ਚੁੱਕੀ ਹੈ, ਪਰ ਆਰਥਿਕਤਾ ਹਮੇਸ਼ਾ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਆਰਥਿਕ ਤੌਰ 'ਤੇ ਉਹ ਬੇਹੱਦ ਕਮਜ਼ੋਰ ਹੈ। ਇਸ ਲਈ ਉਸ ਨੂੰ ਕੋਈ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇ, ਤਾਂ ਕਿ ਉਹ ਆਪਣੀ ਤਿਆਰੀ ਦੇ ਨਾਲ-ਨਾਲ ਆਪਣੇ ਮਾਂ-ਬਾਪ ਦਾ ਢਿੱਡ ਵੀ ਭਰ ਸਕੇ। ਫਿਲਹਾਲ ਕੁਲਦੀਪ ਦੀਆਂ ਨਜ਼ਰਾਂ ਵਿਸ਼ਵ ਪੱਧਰ 'ਤੇ ਖੇਡ ਕੇ ਭਾਰਤ ਦਾ ਮਾਣ ਬਣਨ 'ਤੇ ਟਿਕੀਆਂ ਹੋਈਆਂ ਹਨ।


-ਪਿੰਡ ਅਤੇ ਡਾਕ: ਬੁੱਕਣਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ।
ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX