ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  8 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  10 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  25 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  48 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 1 hour ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਬਾਲ ਸੰਸਾਰ

ਇਸ ਦੁਨੀਆ 'ਤੇ ਰਾਜ ਕਰਾਂਗਾ

ਨਿੱਕੇ-ਨਿੱਕੇ ਖੰਭ ਨੇ ਮੇਰੇ,
ਪਰ ਤੈਅ ਕਰਨੇ ਸਫ਼ਰ ਲੰਮੇਰੇ |
ਕੱਲ੍ਹ ਐਸੀ ਪਰਵਾਜ਼ ਭਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |
ਨਾਲ ਲਗਨ ਦੇ ਵਿੱਦਿਆ ਪੜ੍ਹ ਕੇ,
ਮਿਹਨਤ ਵਾਲੀ ਪੌੜੀ ਚੜ੍ਹ ਕੇ |
ਉੱਚਾ-ਸੁੱਚਾ ਕਾਜ਼ ਕਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |
ਬੀਤ ਗਿਆ ਤਾਂ ਮੁੜ ਨ੍ਹੀਂ ਆਉਣਾ,
ਵਕਤ ਦਾ ਪੂਰਾ ਮੁੱਲ ਪਵਾਉਣਾ |
ਇਕ ਪਲ ਨਾ ਬਰਬਾਦ ਕਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |
ਉੱਚੇ ਅੰਬਰ ਨੂੰ ਹੱਥ ਲਾ ਕੇ,
ਆਪਣੀ ਸੋਚੀ ਮੰਜ਼ਿਲ ਪਾ ਕੇ |
ਖੁਦ ਵੀ ਖੁਦ 'ਤੇ ਨਾਜ਼ ਕਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |
ਫੁੱਲਾਂ ਵਾਂਗੰੂ ਮਹਿਕ ਖਿੰਡਾਉਣੀ,
ਸਾਰੇ ਜੱਗ ਦੀ ਖੈਰ ਮਨਾਉਣੀ |
ਸੱਚ ਦਾ ਸਿਰ 'ਤੇ ਤਾਜ ਧਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |
ਮਾਪੇ ਤੇ ਅਧਿਆਪਕ ਮੇਰੇ,
ਕਰਦੇ ਰਹੇ ਜੋ ਦੂਰ ਹਨੇਰੇ |
ਉਨ੍ਹਾਂ ਨੂੰ ਸਦਾ ਯਾਦ ਕਰਾਂਗਾ,
ਇਸ ਦੁਨੀਆ 'ਤੇ ਰਾਜ ਕਰਾਂਗਾ |

-ਕਰਮਜੀਤ ਸਿੰਘ ਗਰੇਵਾਲ,
ਲਲਤੋਂ ਕਲਾਂ, ਲੁਧਿਆਣਾ | ਮੋਬਾ: 98728-68913


ਖ਼ਬਰ ਸ਼ੇਅਰ ਕਰੋ

ਚੁਟਕਲੇ

• ਇਕ ਵਾਰੀ ਇਕ ਲੜਕੇ ਨੂੰ ਉਸ ਦਾ ਪਿਤਾ ਕਹਿੰਦਾ-ਪੁੱਤਰ, ਤੰੂ ਬਹੁਤ ਆਲਸੀ ਹੋ ਗਿਆ ਹੈਂ | ਹੁਣ ਮੈਂ ਤੇਰੇ ਲਈ ਇਹੋ ਜਿਹਾ ਪ੍ਰਬੰਧ ਕਰਾਂਗਾ ਕਿ ਤੰੂ ਬਟਨ ਦਬਾਏਗਾ ਤੇ ਚੀਜ਼ ਤੇਰੇ ਸਾਹਮਣੇ ਆ ਜਾਵੇਗੀ |
ਪੁੱਤਰ-ਪਰ ਪਿਤਾ ਜੀ, ਬਟਨ ਦਬਾਏਗਾ ਕੌਣ?
• ਇਕ ਪਾਗਲ ਆਦਮੀ ਨੇ ਗੁੱਟ 'ਤੇ ਘੜੀ ਬੰਨ੍ਹੀ ਹੋਈ ਸੀ ਪਰ ਉਹ ਘੜੀ ਵੱਲ ਦੇਖ-ਦੇਖ ਕੇ ਜ਼ੋਰ-ਜ਼ੋਰ ਦੀ ਰੋ ਰਿਹਾ ਸੀ | ਇਹ ਰਾਹਗੀਰ ਨੇ ਪੁੱਛਿਆ, 'ਭਾਈ ਸਾਹਿਬ, ਤੁਸੀਂ ਘੜੀ ਵੱਲ ਦੇਖ ਕੇ ਰੋ ਕਿਉਂ ਰਹੇ ਹੋ?'
ਪਾਗਲ ਬੋਲਿਆ-ਮੇਰੀ ਘੜੀ ਨਹੀਂ ਚੱਲ ਰਹੀ |
ਰੋਂਦੇ-ਰੋਂਦੇ ਉਸ ਨੇ ਘੜੀ ਖੋਲ੍ਹ ਲਈ ਤੇ ਹੋਰ ਜ਼ੋਰ ਦੀ ਰੋਣ ਲੱਗ ਪਿਆ | ਰਾਹਗੀਰ ਨੇ ਪੁੱਛਿਆ, ਹੁਣ ਕੀ ਹੋ ਗਿਆ?
ਪਾਗਲ ਬੋਲਿਆ-ਮੇਰੀ ਘੜੀ ਦਾ ਡਰਾਈਵਰ ਮਰ ਗਿਆ |
• ਅਧਿਆਪਕ (ਸ਼ਵੇਤਾ ਅਤੇ ਮਨੀਸ਼ਾ ਨੂੰ )-ਤੁਸੀਂ ਦੋਵਾਂ ਨੇ ਗਾਂ ਦਾ ਲੇਖ ਇਕੋ ਜਿਹਾ ਲਿਖਿਆ ਹੈ, ਕੀ ਦੋਵਾਂ ਨੇ ਨਕਲ ਮਾਰੀ ਹੈ?
ਸ਼ਵੇਤਾ ਅਤੇ ਮਨੀਸ਼ਾ-ਨਹੀਂ ਸਰ, ਦਰਅਸਲ ਅਸੀਂ ਦੋਵਾਂ ਨੇ ਇਕੋ ਗਾਂ ਬਾਰੇ ਲਿਖਿਆ ਹੈ |
• ਪਿਤਾ-ਕੀ ਗੱਲ ਬੇਟਾ, ਉਦਾਸ ਕਿਉਂ ਹੋ?
ਬੇਟਾ-ਮਾਸਟਰ ਜੀ ਨੇ ਪੁੱਛਿਆ ਸੀ ਕਿ ਕੁਤਬ ਮੀਨਾਰ ਕਿਥੇ ਹੈ? ਮੈਂ ਉੱਤਰ ਨਹੀਂ ਦਿੱਤਾ ਤੇ ਮਾਰ ਪਈ |
ਪਿਤਾ-ਠੀਕ ਕੀਤਾ ਮਾਸਟਰ ਜੀ ਨੇ, ਅੱਗੇ ਤੋਂ ਚੀਜ਼ਾਂ ਸੰਭਾਲ ਕੇ ਰੱਖਿਆ ਕਰ |
• ਲੱਕੀ-ਮੈਂ ਚਲਦਾ ਹਾਂ, ਰਾਜੂ ਆ ਰਿਹਾ ਹੈ |
ਵਿੱਕੀ-ਘਬਰਾ ਨਾ, ਉਹ ਇਥੇ ਨਹੀਂ ਆਵੇਗਾ, ਉਸ ਨੇ ਮੇਰੇ ਵੀਹ ਰੁਪਏ ਦੇਣੇ ਹਨ |

-ਗੁਰਪ੍ਰੀਤ ਸਿੰਘ,
ਵੇਰਕਾ | ਮੋਬਾ: 97808-86301

ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ

ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ,
ਭੈਣ ਤੇਰੀ ਕਦੋਂ ਦੀ ਏ ਬੂਹੇ 'ਤੇ ਖੜ੍ਹੀ |
ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ.....
ਵੀਰ ਰੋਵੇ ਭੈਣ ਇਹ ਕਦੇ ਨਾ ਸਹਿੰਦੀ,
ਵੀਰ ਹੱਸੇ ਭੈਣ ਦੇ ਕਲੇਜੇ ਠੰਢ ਏ ਪੈਂਦੀ |
ਸੋਹਣੇ ਜਿਹੇ ਗੁੱਟ 'ਤੇ ਸਜਾ ਲੈ ਰੱਖੜੀ,
ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ....
ਸਾਲ ਬਾਅਦ ਦਿਨ ਆਉਂਦਾ ਚਾਵਾਂ ਵਾਲਾ,
ਹਰ ਵੀਰ ਹਰ ਭੈਣ ਦਾ ਰਖਵਾਲਾ |
ਵੀਰ ਤੇ ਭੈਣ ਇਕ-ਦੂਜੇ ਦੇ ਹੈ ਸਾਹਾਂ ਦੀ ਲੜੀ,
ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ.....

-ਸਿਮਰਨ ਜਗਰਾਉਂ

ਮੇਰੇ ਦੇਸ਼ ਦੇ ਤਿਰੰਗੇ

ਲੱਖ-ਲੱਖ ਤੈਨੂੰ ਆਜ਼ਾਦੀ ਵਰ੍ਹੇਗੰਢ ਦੀ ਵਧਾਈ,
ਸਦਾ ਏਦਾਂ ਹੀ ਤੰੂ ਉੱਚਾ ਹੋ ਕੇ ਜਾਈਾ ਲਹਿਰਾਈ |
ਅਸੀਂ ਕਰਦੇ ਰਹਾਂਗੇ ਤੇਰਾ ਦਿਲੋਂ ਸਨਮਾਨ,
ਮੇਰੇ ਦੇਸ਼ ਦੇ ਤਿਰੰਗੇ ਤੇਰੀ ਵੱਖਰੀ ਹੈ ਸ਼ਾਨ |
ਦੇਸ਼ ਭਗਤਾਂ ਤੇਰੇ ਲਈ ਦਿੱਤੀ ਏ ਕੁਰਬਾਨੀ,
ਸਰਾਭੇ ਤੇ ਭਗਤ ਸਿੰਘ ਵਾਰੀ ਏ ਜਵਾਨੀ |
ਦੇ ਕੇ ਜਾਨਾਂ ਉਹ ਬਣਾ ਗਏ ਜੱਗ ਉੱਤੇ ਪਛਾਣ,
ਮੇਰੇ ਦੇਸ਼ ਦੇ ਤਿਰੰਗੇ ਤੇਰੀ ਵੱਖਰੀ ਹੈ ਸ਼ਾਨ |
ਤਿੰਨ ਰੰਗੇ ਤੇਰੇ ਦਿੰਦੇ ਵੱਖ-ਵੱਖ ਸੰਦੇਸ਼,
ਰੱਖੋ ਸ਼ਾਂਤੀ, ਤਰੱਕੀ, ਏਕਤਾ ਦੇ ਉਦੇਸ਼ |
ਅਸ਼ੋਕ ਚੱਕਰ ਦੇਵੇ ਰਹੋ ਚਲਦੇ ਪੈਗਾਮ,
ਮੇਰੇ ਦੇਸ਼ ਦੇ ਤਿਰੰਗੇ ਤੇਰੀ ਵਖਰੀ ਹੈ ਸ਼ਾਨ |
ਤੈਨੂੰ ਆਉਣ ਨਹੀਂ ਦੇਣਾ ਅਸੀਂ ਕੋਈ ਖ਼ਤਰਾ,
ਦੇਣਾ ਪਵੇ ਭਾਵੇਂ ਖੂਨ ਵਾਲਾ ਹਰ ਕਤਰਾ |
ਤੇਰੀ ਰਾਖੀ ਲਈ ਸਰਹੱਦਾਂ 'ਤੇ ਨੇ ਜਵਾਨ,
ਮੇਰੇ ਦੇਸ਼ ਦੇ ਤਿਰੰਗੇ ਤੇਰੀ ਵੱਖਰੀ ਹੈ ਸ਼ਾਨ |

-ਗੋਗੀ ਜ਼ੀਰਾ,
ਮੁਹੱਲਾ ਕੰਬੋਆਂ, ਜ਼ੀਰਾ (ਫ਼ਿਰੋਜ਼ਪੁਰ) | ਮੋਬਾ: 97811-36240

ਪਹਾੜਾਂ ਦੀ ਗੋਦ ਵਿਚ ਬਣੀ ਦੂਰਬੀਨ

ਜਦੋਂ ਮਨੁੱਖ ਨੇ ਧਰਤੀ ਤੋਂ ਹੀ ਖਗੋਲੀ ਵਸਤਾਂ ਦੀ ਜਾਣਕਾਰੀ ਲੈਣ ਦੀ ਸੋਚੀ ਤਾਂ ਦੂਰਬੀਨ ਦੀ ਖੋਜ ਹੋਈ | ਪਹਿਲਾਂ-ਪਹਿਲ ਦੂਰਬੀਨ ਦੀ ਖੋਜ ਦਾ ਵਿਚਾਰ ਵੀ ਉਨ੍ਹਾਂ ਬੱਚਿਆਂ ਤੋਂ ਹੀ ਮਿਲਿਆ ਸੀ, ਜੋ ਇਕ ਐਨਕਾਂ ਦੀ ਦੁਕਾਨ 'ਤੇ ਲੈੱਨਜਾਂ ਦੇ ਨਾਲ ਖੇਡ ਰਹੇ ਸਨ | ਇਹ ਇਕ ਅਜਿਹਾ ਪ੍ਰਕਾਸ਼ੀ ਯੰਤਰ ਹੈ, ਜਿਸ ਦੀ ਮਦਦ ਨਾਲ ਗ੍ਰਹਿਆਂ ਨੂੰ ਦੇਖਿਆ ਜਾ ਸਕਦਾ ਹੈ | ਪਹਿਲੀ ਅਪਵਰਤਕ ਦੂਰਬੀਨ ਨੀਦਰਲੈਂਡ ਵਿਚ ਸੰਨ 1608 ਵਿਚ ਬਣੀ ਸੀ, ਪਰਾਵਰਤਕ ਦੂਰਬੀਨ ਦੀ ਖੋਜ ਇਸਾਕ ਨਿਊਟਨ ਨੇ ਸੰਨ 1668 ਵਿਚ ਕੀਤੀ ਤੇ ਪਹਿਲੀ ਰੇਡੀਓ ਟੈਲੀਸਕੋਪ 1937 ਵਿਚ ਬਣਾਈ ਗਈ ਸੀ | ਪੁਲਾੜ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਵਿਗਿਆਨੀਆਂ ਵਿਚ ਬਹੁਤ ਉਤਸ਼ਾਹ ਸੀ | ਇਸੇ ਕਾਰਨ ਉਹ ਹੋਰ ਸਰੋਤਾਂ ਦੇ ਵਿਕਾਸ ਦੇ ਨਾਲ-ਨਾਲ ਦੂਰਬੀਨ ਦੇ ਵੀ ਵਧੇਰੇ ਵਿਕਸਤ ਮਾਡਲ ਤਿਆਰ ਕਰਨ ਵਿਚ ਰੁੱਝੇ ਰਹੇ | ਪਿਆਰੇ ਬੱਚਿਓ, ਹੁਣ ਚੀਨ ਦੇਸ਼ ਵੀ ਵਿਸ਼ਵ ਦੀ ਦੂਜੀ ਵੱਡੀ 500 ਮੀਟਰ ਵਿਆਸ ਵਾਲੀ ਗੋਲਾਕਾਰ ਦੂਰਬੀਨ ਬਣਾਉਣ ਦੇ ਨੇੜੇ ਪਹੁੰਚ ਚੁੱਕਾ ਹੈ | ਇਹ ਰੇਡੀਓ ਦੂਰਬੀਨ ਹੈ | ਰੇਡੀਓ ਦੂਰਬੀਨ ਉਸ ਸੰਵੇਦਨਸ਼ੀਲ ਕੰਨ ਦੀ ਤਰ੍ਹਾਂ ਹੈ ਜੋ ਕਿ ਬ੍ਰਹਿਮੰਡ ਵਿਚੋਂ ਆ ਰਹੇ ਰੇਡੀਓ ਸੰਦੇਸ਼ਾਂ ਨੂੰ ਸੁਣਦੀ ਹੈ | ਇਸ ਦੀ ਡਿਸ਼ ਦਾ ਆਕਾਰ 30 ਫੁੱਟਬਾਲਾਂ ਦੀ ਗਰਾਊਾਡ ਜਿੰਨਾ ਵੱਡਾ ਹੈ | 2011 ਵਿਚ ਇਸ 'ਤੇ ਸ਼ੁਰੂ ਹੋਇਆ ਕੰਮ ਜੁਲਾਈ, 2016 ਵਿਚ ਪੂਰਾ ਹੋ ਚੁੱਕਾ ਹੈ ਤੇ ਇਸ ਸਤੰਬਰ ਵਿਚ ਹੀ ਇਸ ਦੂਰਬੀਨ ਦੁਆਰਾ ਕੰਮ ਸ਼ੁਰੂ ਹੋਣ ਦੀ ਆਸ ਹੈ | ਇਥੇ ਇਹ ਜ਼ਿਕਰਯੋਗ ਹੈ ਕਿ ਰੂਸ ਨੇ ਰਤਨ 600 ਨਾਂਅ ਦੀ ਵਿਸ਼ਵ ਦੀ ਸਭ ਤੋਂ ਵੱਡੀ ਦੁੂਰਦਰਸ਼ੀ 1974 ਵਿਚ ਬਣਾਈ ਸੀ |
ਚੀਨ ਦੁਆਰਾ ਬਣਾਈ ਜਾ ਰਹੀ ਦੂਰਬੀਨ ਦੀ ਡਿਸ਼ ਵਿਚ ਪੈਰਾਬੋਲਿਕ ਦਰਪਣ ਬਣਾੳਣ ਲਈ 4450 ਐਲੂਮੀਨੀਅਮ ਸਮਭੁਜੀ ਤਿ੍ਭੁਜ ਲਗਾਈਆਂ ਗਈਆ ਹਨ ਤੇ ਤਿ੍ਭੁਜ ਦੀ ਹਰੇਕ ਭੁਜਾ ਦੀ ਲੰਬਾਈ 11 ਮੀਟਰ ਹੈ | ਚੀਨ ਦੇ ਗੋਈਜੋ ਇਲਾਕੇ ਵਿਚ ਸਥਾਪਿਤ ਕੀਤੀ ਜਾ ਰਹੀ ਇਸ ਦੂਰਬੀਨ ਦੇ ਪਰਾਵਰਤਕ ਡਿਸ਼ ਨੂੰ ਪਹਾੜਾਂ ਦੀ ਬਣੀ ਕੁਦਰਤੀ ਗੋਦ ਵਿਚ ਰੱਖਿਆ ਗਿਆ ਹੈ, ਜਿਸ ਦਾ ਪਰਿਮਾਪ 1.6 ਕਿਲੋਮੀਟਰ ਹੈ | ਇਸ ਦੀ ਜ਼ਿਆਦਾ ਸਰਵੇਖਣ ਸ਼ਕਤੀ ਨੂੰ ਦੇਖਦਿਆਂ ਵਿਗਿਆਨੀਆਂ ਨੂੰ ਪੁਲਾੜ ਦੇ ਕਈ ਗੁੱਝੇ ਭੇਤ ਖੁੱਲ੍ਹਣ ਦੀ ਆਸ ਬਣੀ ਹੈ | ਆਸ ਹੈ ਕਿ ਇਸ ਦੀ ਮਦਦ ਨਾਲ 1000 ਪ੍ਰਕਾਸ਼ ਵਰ੍ਹੇ ਅੱਗੇ ਦੇ ਸੰਚਾਰ ਨੂੰ ਸਮਝਿਆ ਜਾ ਸਕੇਗਾ |

-ਸਾਇੰਸ ਮਾਸਟਰ, ਸ: ਹਾ: ਸਕੂਲ, ਜੁਝਾਰ ਚਠਿਆਲ (ਹੁਸ਼ਿਆਰਪੁਰ) |

ਬਾਲ ਕਹਾਣੀ

ਆਜ਼ਾਦੀ ਦਾ ਅਰਥ

ਪੰਦਰਾਂ ਅਗਸਤ ਦੇ ਦਿਨ ਕੁਝ ਬੱਚੇ ਇਕ ਘਰ ਦੇ ਵਿਹੜੇ ਵਿਚ ਖੇਡ ਰਹੇ ਸੀ | ਖੇਡਦਿਆਂ-ਖੇਡਦਿਆਂ ਸਭ ਨੇ ਮਿਲ ਕੇ ਤਿਰੰਗਾ ਝੰਡਾ ਤਿਆਰ ਕੀਤਾ ਤੇ ਇਕ ਉੱਚੇ ਸਥਾਨ 'ਤੇ ਉਸ ਨੂੰ ਖੜ੍ਹਾ ਕਰਕੇ ਲਹਿਰਾ ਦਿੱਤਾ | ਫਿਰ ਸਾਰੇ ਆਜ਼ਾਦੀ ਦਾ ਗੀਤ ਗਾਉਣ ਲੱਗੇ, ਜਿਹੜਾ ਉਨ੍ਹਾਂ ਨੇ ਬਾਲ ਸਾਹਿਤ ਦੀ ਇਸ ਪੁਸਤਕ ਵਿਚੋਂ ਲਿਆ ਸੀ |
ਸੁਭਾਸ਼ ਬੋਲਿਆ, 'ਹੁਣ ਮੈਂ ਆਜ਼ਾਦੀ 'ਤੇ ਭਾਸ਼ਣ ਦਿਆਂਗਾ |'
'ਪੰਦਰਾਂ ਅਗਸਤ ਮਤਲਬ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ | ਆਜ਼ਾਦੀ ਲਈ ਸਾਡੇ ਦੇਸ਼ ਦੇ ਵੀਰਾਂ ਨੇ ਕਿੰਨੀਆਂ ਹੀ ਕੁਰਬਾਨੀਆਂ ਦਿੱਤੀਆਂ, ਤਦ ਜਾ ਕੇ ਸਾਨੂੰ ਆਜ਼ਾਦੀ ਮਿਲੀ | ਦੋਸਤੋ, ਸਾਨੂੰ ਕਦੇ ਵੀ ਗੁਲਾਮੀ ਕਬੂਲ ਨਹੀਂ ਕਰਨੀ ਚਾਹੀਦੀ | ਗੁਲਾਮੀ ਸਹਿਣਾ ਤੇ ਕਿਸੇ ਨੂੰ ਗੁਲਾਮੀ ਲਈ ਮਜਬੂਰ ਕਰਨਾ ਦੋਵੇਂ ਹੀ ਗੁਨਾਹ ਹਨ | ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ |' ਤੇ ਫਿਰ ਬਾਕੀ ਬੱਚਿਆਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕੀਤੀਆਂ | ਆਖਰ ਵਿਚ ਗੰੂਜੀ ਇਕ ਤਾੜੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਇਹ ਸੁਭਾਸ਼ ਦੇ ਡੈਡੀ ਸਨ | ਅੱਜ ਛੁੱਟੀ ਹੋਣ ਕਰਕੇ ਉਹ ਵੀ ਘਰ ਹੀ ਸਨ | ਉਹ ਬੱਚਿਆਂ ਕੋਲ ਆ ਕੇ ਬੈਠ ਗਏ ਤੇ ਕਹਿਣ ਲੱਗੇ, 'ਮੈਂ ਵੀ ਤੁਹਾਡੇ ਦੇਸ਼ ਵਿਚ ਸ਼ਾਮਿਲ ਹੋਵਾਂਗਾ | ਫਿਰ ਉਨ੍ਹਾਂ ਨੇ ਸ਼ਰਧਾ ਨਾਲ ਬੱਚਿਆਂ ਵੱਲੋਂ ਲਹਿਰਾਏ ਤਿਰੰਗੇ ਨੂੰ ਪ੍ਰਣਾਮ ਕੀਤਾ ਤੇ ਸੁਭਾਸ਼ ਨੂੰ ਕਹਿਣ ਲੱਗੇ, 'ਲਾਰੰਸ ਨੇ ਜੋ ਹੁਣੇ ਆਜ਼ਾਦੀ 'ਤੇ ਸਪੀਚ ਦਿੱਤੀ, ਕਮਾਲ ਸੀ | ਇਸ ਨੂੰ ਫੇਸਬੁੱਕ 'ਤੇ ਸ਼ੇਅਰ ਕਰਾਂਗੇ | ਸੱਚ ਹੀ ਸਾਨੂੰ ਕਿਸੇ ਦੀ ਵੀ ਆਜ਼ਾਦੀ ਖੋਹਣ ਦਾ ਜ਼ਰਾ ਵੀ ਹੱਕ ਨਹੀਂ | ਪਰ ਸੁਭਾਸ਼ ਝੂਠ ਬੋਲ ਰਿਹਾ ਹੈ... |'
ਸੁਭਾਸ਼ ਦੇ ਪਾਪਾ ਦੀ ਗੱਲ ਸੁਣ ਕੇ ਸੁਭਾਸ਼ ਸਹਿਤ ਬਾਕੀ ਬੱਚੇ ਵੀ ਥੋੜ੍ਹਾ ਗੰਭੀਰ ਹੋ ਗਏ | ਸਭ ਦੀ ਗੰਭੀਰਤਾ ਤੋੜਦਿਆਂ ਸੁਭਾਸ਼ ਦੇ ਪਾਪਾ ਕਹਿਣ ਲੱਗੇ, 'ਬੱਚਿਓ! ਮੈਂ ਇਹ ਗੱਲ ਇਸ ਲਈ ਆਖੀ ਕਿ ਸੁਭਾਸ਼ ਨੇ ਕਿਸੇ ਦੀ ਆਜ਼ਾਦੀ ਖੋਹੀ ਹੈ ਤੇ ਦੂਜਿਆਂ ਦੀ ਆਜ਼ਾਦੀ ਖੋਹਣ ਵਾਲਿਆਂ ਨੂੰ ਵੱਡੀਆਂ-ਵੱਡੀਆਂ ਗੱਲਾਂ ਕਰਨ ਦਾ ਕੋਈ ਅਧਿਕਾਰ ਨਹੀਂ | ...ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕੌਣ ਹੈ, ਜਿਸ ਦੀ ਆਜ਼ਾਦੀ ਸੁਭਾਸ਼ ਨੇ ਖੋਹ ਲਈ, ਤਾਂ ਮੈਂ ਦੱਸਦਾ ਹਾਂ |' ਕਹਿ ਕੇ ਸੁਭਾਸ਼ ਦੇ ਪਾਪਾ ਕਮਰੇ ਵਿਚ ਗਏ | ਬਾਹਰ ਆਏ ਤਾਂ ਉਨ੍ਹਾਂ ਦੇ ਹੱਥ ਵਿਚ ਇਕ ਪਿੰਜਰਾ ਸੀ, ਜਿਸ ਵਿਚ ਇਕ ਤੋਤਾ ਕੈਦ ਸੀ |
'ਮੈਂ ਇਸ ਤੋਤੇ ਦੀ ਗੱਲ ਕਰ ਰਿਹਾ ਹਾਂ, ਜਿਸ ਨੂੰ ਕੁਝ ਦਿਨ ਪਹਿਲਾਂ ਸੁਭਾਸ਼ ਇਕ ਮੇਲੇ ਵਿਚੋਂ ਲੈ ਆਇਆ ਸੀ | ਮੇਰੇ ਕਿੰਨਾ ਸਮਝਾਉਣ 'ਤੇ ਵੀ ਸੁਭਾਸ਼ ਇਸ ਨੂੰ ਛੱਡਣ ਨੂੰ ਤਿਆਰ ਨਾ ਹੋਇਆ | ਕੀ ਇਸ ਪ੍ਰਾਣੀ ਦੀ ਆਜ਼ਾਦੀ ਖੋਹ ਕੇ ਸੁਭਾਸ਼ ਨੇ ਗੁਨਾਹ ਨਹੀਂ ਕੀਤਾ? ਕੀ ਇਹ ਵੀ ਤੁਹਾਡੇ ਵਾਂਗ ਆਪਣੇ ਦੋਸਤਾਂ ਵਿਚ ਨਹੀਂ ਰਹਿਣਾ ਚਾਹੁੰਦਾ? ਖੁੱਲ੍ਹੇ ਅਸਮਾਨ ਵਿਚ ਉਡਣਾ ਨਹੀਂ ਚਾਹੁੰਦਾ? ਆਜ਼ਾਦੀ 'ਤੇ ਗੱਲਾਂ ਤਾਂ ਵੱਡੀਆਂ-ਵੱਡੀਆਂ ਕਹਿ ਦਿੱਤੀਆਂ ਤੇ ਸੁਣ ਲਈਆਂ ਪਰ ਆਜ਼ਾਦੀ ਦਾ ਮਤਲਬ ਕਿਸੇ ਨੂੰ ਪਤਾ ਨਹੀਂ |' ਪਾਪਾ ਦੀ ਗੱਲ ਸੁਣ ਕੇ ਸੁਭਾਸ਼ ਨੂੰ ਥੋੜ੍ਹੀ ਸ਼ਰਮਿੰਦਗੀ ਹੋਈ | ਉਸ ਨੂੰ ਅੱਜ ਅਹਿਸਾਸ ਹੋਇਆ ਕਿ ਪੰਛੀ ਵੀ ਤਾਂ ਉਨ੍ਹਾਂ ਵਾਂਗ ਹੀ ਮਹਿਸੂਸ ਕਰਦੇ ਹਨ | ਉਨ੍ਹਾਂ ਵਿਚ ਵੀ ਤਾਂ ਪ੍ਰਾਣ ਹਨ, ਉਮੰਗਾਂ ਹਨ | ਉਹ ਸਿਰ ਝੁਕਾਈ ਖੜ੍ਹਾ ਸੀ | ਉਸ ਦੇ ਦੋਸਤ ਵੀ ਉਸ ਨੂੰ ਇਹੋ ਸਮਝਾਉਣ ਲੱਗੇ ਕਿ ਉਸ ਦੇ ਪਾਪਾ ਠੀਕ ਕਹਿ ਰਹੇ ਹਨ | ਬੇਜ਼ਬਾਨ ਪੰਛੀ ਨੂੰ ਆਜ਼ਾਦ ਕਰਨਾ ਅੱਜ ਦੇ ਇਤਿਹਾਸਕ ਦਿਨ ਨੂੰ ਉਸ ਵੱਲੋਂ ਸਹੀ ਅਰਥਾਂ ਵਿਚ ਸਨਮਾਨ ਹੋਵੇਗਾ | ਇੰਜ ਕਰਕੇ ਉਹ ਤਿਰੰਗੇ ਦੇ ਕੱਦ ਨੂੰ ਹੋਰ ਉੱਚਾ ਕਰ ਦੇਵੇਗਾ | ਫਿਰ ਕੀ ਸੀ, ਸੁਭਾਸ਼ ਨੇ ਪਿੰਜਰੇ ਵਿਚ ਕੈਦ ਤੋਤੇ ਨੂੰ ਆਜ਼ਾਦ ਕਰ ਦਿੱਤਾ | ਕੁਝ ਹੀ ਪਲ ਵਿਚ ਤੋਤਾ ਅਸਮਾਨ ਹੇਠ ਆਜ਼ਾਦੀ ਦੀ ਉਡਾਣ ਭਰ ਰਿਹਾ ਸੀ | ਇਹ ਦੇਖ ਕੇ ਸਾਰੇ ਇਕ ਵਾਰ ਫਿਰ ਤਾੜੀਆਂ ਵਜਾਉਣ ਲੱਗੇ | ਸੁਭਾਸ਼ ਦੇ ਪਾਪਾ ਨੇ ਉਸ ਨੂੰ ਗਲ ਨਾਲ ਲਾ ਲਿਆ | ਖਾਲੀ ਪਿੰਜਰੇ ਵੱਲ ਦੇਖ ਕੇ ਸੁਭਾਸ਼ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਸੁਖਦ ਅਹਿਸਾਸ ਹੋ ਰਿਹਾ ਸੀ | ਉਹ ਆਜ਼ਾਦੀ ਦਾ ਸਹੀ ਅਰਥ ਸਮਝ ਗਿਆ ਸੀ |

-ਪੰਜਾਬੀ ਯੂਨੀਵਰਸਿਟੀ (ਪ੍ਰੀਖਿਆਵਾਂ), ਪਟਿਆਲਾ-147002. ਮੋਬਾ: 98723-25960
harinder021019740gmail.com

ਬੁਝਾਰਤਾਂ

1. ਗੋਲ-ਮੋਲ ਹੈ ਉਸ ਦਾ ਚਿਹਰਾ, ਪੇਟ ਨਾਲ ਹੈ ਰਿਸ਼ਤਾ ਗਹਿਰਾ |
2. ਕਿਹੋ ਜਿਹੀ ਅਨੋਖੀ ਰਾਣੀ, ਜੋ ਪੀਂਦੀ ਹੈ ਪੈਰਾਂ ਨਾਲ ਪਾਣੀ |
3. ਦੋ ਅੱਖਰ ਦਾ ਮੇਰਾ ਨਾਂਅ, ਹਰ ਚੀਜ਼ ਜਲਾਉਣੀ ਮੇਰਾ ਕੰਮ |
ਸਭ ਨੂੰ ਹਾਂ ਮੈਂ ਡਰਾਉਂਦੀ, ਮਿੱਟੀ-ਪਾਣੀ ਤੋਂ ਮੈਂ ਡਰਦੀ |
4. ਪੰਛੀ ਉਹ ਬੰਦੇ ਵਾਂਗ ਬੋਲ ਸੁਣਾਵੇ,
ਹਰੀਆਂ ਮਿਰਚਾਂ ਰੀਝਾਂ ਨਾਲ ਖਾਵੇ |
5. ਮੈਂ ਹਾਂ ਹਰੇ ਰੰਗ ਦੀ ਗਾਨੀ,
ਦੇਖ ਕੇ ਆਵੇ ਮੰੂਹ ਵਿਚ ਪਾਣੀ |
ਜੋ ਵੀ ਮੈਨੂੰ ਚਬਾਏ,
ਉਸ ਦਾ ਮੰੂਹ ਲਾਲ ਸੁਰਖ ਬਣ ਜਾਏ |
6. ਐਨਾ ਕੁ ਆਲਾ, ਵਿਚ ਗੁਟਕੋ ਬੋਲੇ |
7. ਰੂਪ ਹੈ ਉਨ੍ਹਾਂ ਦਾ ਪਿਆਰਾ-ਪਿਆਰਾ,
ਵਾਸੀ ਹਨ ਉਹ ਦੂਰ ਦੇ |
ਚਿੱਟੇ-ਚਿੱਟੇ ਲਿਸ਼ਕ ਰਹੇ,
ਕਰਨ ਹਨੇਰਾ ਦੂਰ ਪਏ |
8. ਐਡੀ ਕੁ ਰਜਾਈ, ਸਾਰੇ ਸ਼ਹਿਰ ਵਿਛਾਈ |
9. ਚਿੱਟੀ ਬੱਕਰੀ ਕਾਲੇ ਪੈਰ, ਚੱਲ ਬੱਚਾ ਤੰੂ ਸ਼ਹਿਰੋ-ਸ਼ਹਿਰ |
10. ਗੋਰੀ ਗਾਂ ਗੁਲਾਬੀ ਵੱਛਾ, ਮਾਰੇ ਛੜ ਤੋੜ ਦਏ ਰੱਸਾ |
ਉੱਤਰ : (1) ਰੋਟੀ, (2) ਲਾਲਟੈਣ, (3) ਅੱਗ, (4) ਤੋਤਾ, (5) ਪਾਨ, (6) ਜੀਭ, (7) ਤਾਰੇ, (8) ਚੰਨ-ਚਾਨਣੀ, (9) ਚਿੱਠੀ, (10) ਬੰਦੂਕ |

-ਬਲਵਿੰਦਰ ਭੁੱਕਲ,
ਪਿੰਡ ਤੇ ਡਾਕ: ਬਖੋਰਾ ਕਲਾਂ, ਤਹਿ: ਲਹਿਰਾਗਾਗਾ (ਸੰਗਰੂਰ) | ਮੋਬਾ: 97818-23988

ਮਜ਼ਬੂਤ ਇਰਾਦਿਆਂ ਵਾਲਾ ਰਾਸ਼ਟਰਪਤੀ ਸੀ ਹਰਬਰਟ ਹੂਵਰ

ਹਰਬਰਟ ਕਲਾਰਕ ਹੂਵਰ ਇਕ ਲੁਹਾਰ ਦਾ ਪੁੱਤਰ ਸੀ | ਉਸ ਨੇ ਬਤੌਰ ਇੰਜੀਨੀਅਰ ਪ੍ਰਬੰਧਕ ਅਤੇ ਮਾਨਵਤਾਵਾਦੀ ਰਾਸ਼ਟਰਪਤੀ ਦੇ ਪਦ ਨੂੰ ਜਨਤਕ ਸੇਵਾ ਕਰਦੇ ਹੋਏ ਚਾਰ ਚੰਨ ਲਾਏ |
ਉਸ ਦਾ ਜਨਮ 10 ਅਗਸਤ, 1874 ਵੈਸਟ ਬ੍ਰਾਂਚ ਲੋਵਾ ਦੇ ਆਈਓਵਾ ਪਿੰਡ ਵਿਖੇ ਹੋਇਆ ਅਤੇ ਉਹ ਓਰੇਗਨ ਵਿਖੇ ਵੱਡਾ ਹੋਇਆ | ਜਦੋਂ 1891 ਵਿਚ ਸਟੈਨਫੋਰਡ ਯੂਨੀਵਰਸਿਟੀ ਖੁੱਲ੍ਹੀ ਤਾਂ ਉਸ ਨੇ ਉੱਥੇ ਦਾਖਲਾ ਲਿਆ ਅਤੇ ਉਥੋਂ ਇਕ ਖਾਣਾਂ ਦੇ ਇੰਜੀਨੀਅਰ ਵਜੋਂ ਬਾਹਰ ਆਇਆ | ਉਸ ਦੇ ਪਿਤਾ ਦਾ ਨਾਂਅ ਜੈਸੀ ਹੂਵਰ ਸੀ, ਜੋ ਕਿ ਇਕ ਲੁਹਾਰ ਸੀ ਅਤੇ ਉਸ ਦਾ ਖੇਤੀਬਾੜੀ ਦੇ ਸੰਦਾਂ ਦਾ ਸਟੋਰ ਵੀ ਸੀ | ਉਸ ਦੀ ਮਾਤਾ ਦਾ ਨਾਂਅ ਹੁਲਡਾ ਰੈਂਡਲ ਮਿਨਥੌਰਨ ਉਂਟਾਰੀਓ (ਕੈਨੇਡਾ) ਦੀ ਜੰਮਪਲ ਸੀ ਅਤੇ ਉਸ ਦੇ ਪੂਰਵਜ ਅੰਗਰੇਜ਼ ਅਤੇ ਆਇਰਸ਼ ਸਨ |
ਲੰਡਨ ਵਿਖੇ ਹੂਵਰ ਨੇ ਆਪਣਾ 40ਵਾਂ ਜਨਮ ਦਿਨ ਮਨਾਇਆ | ਇਸ ਦੇ ਇਕ ਹਫਤਾ ਪਹਿਲਾਂ ਜਰਮਨੀ ਨੇ ਫਰਾਂਸ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਅਮਰੀਕਨ ਕੌਾਸਲ ਜਨਰਲ ਨੇ ਹੂਵਰ ਨੂੰ ਫਸੇ ਹੋਏ ਵਿਅਕਤੀਆਂ ਨੂੰ ਵਾਪਸ ਘਰ ਪਹੁੰਚਾਉਣ ਵਿਚ ਸਹਾਇਤਾ ਕਰਨ ਲਈ ਬੁਲਾ ਲਿਆ | ਛੇ ਹਫਤਿਆਂ ਦੇ ਵਿਚ-ਵਿਚ ਉਸ ਦੀ ਕਮੇਟੀ ਨੇ 1,20,000 ਅਮਰੀਕਨਾਂ ਨੂੰ ਵਾਪਸ ਅਮਰੀਕਾ ਪਰਤਣ ਵਿਚ ਸਹਾਇਤਾ ਕੀਤੀ | ਇਸ ਤੋਂ ਬਾਅਦ ਹੂਵਰ ਨੇ ਹੋਰ ਵੱਧ ਮੁਸ਼ਕਿਲ ਭਰਿਆ ਕਾਰਜ ਕੀਤਾ, ਉਹ ਸੀ ਜਰਮਨੀ ਫੌਜ ਵੱਲੋਂ ਦਰੜੇ ਗਏ ਬੈਲਜੀਅਮ ਨੂੰ ਰਾਹਤ ਅਤੇ ਭੋਜਨ ਸਮੱਗਰੀ ਪਹੁੰਚਾਉਣ ਦਾ |
ਅਮਰੀਕਾ ਦੇ ਯੁੱਧ ਵਿਚ ਸ਼ਾਮਿਲ ਹੋ ਜਾਣ ਦੇ ਬਾਅਦ, ਰਾਸ਼ਟਰਪਤੀ ਵਿਲਸਨ ਨੇ ਹੂਵਰ ਨੂੰ ਖੁਰਾਕ ਪ੍ਰਸ਼ਾਸਨ ਦਾ ਮੁਖੀ ਨਿਯੁਕਤ ਕਰ ਦਿੱਤਾ | ਉਹ ਸਮੁੰਦਰ 'ਤੇ ਲੋੜੀਂਦੀ ਖੁਰਾਕ ਪੂਰਤੀ ਨੂੰ ਘਟਾਉਣ ਵਿਚ ਸਫਲ ਰਿਹਾ ਅਤੇ ਅਮਰੀਕਾ ਵਿਚ ਰਾਸ਼ਨਿੰਗ ਕਰਨ ਤੋਂ ਬਚਿਆ, ਫਿਰ ਵੀ ਉਸ ਨੇ ਮਿੱਤਰ ਫੌਜਾਂ ਨੂੰ ਭੋਜਨ ਸਪਲਾਈ ਕੀਤਾ | ਜਦੋਂ ਯੁੱਧ ਵਿਰਾਮ ਹੋ ਗਿਆ, ਹੂਵਰ ਨੇ ਸੁਪਰੀਮ ਆਰਥਿਕ ਕੌਾਸਲ ਦੇ ਮੈਂਬਰ ਅਤੇ ਅਮਰੀਕਨ ਰਿਲੀਫ ਪ੍ਰਸ਼ਾਸਨ ਦੇ ਮੁਖੀ ਵਜੋਂ ਕੇਂਦਰੀ ਯੂਰਪ ਵਿਚ ਭੁੱਖੇ ਮਰਦੇ ਹਜ਼ਾਰਾਂ ਲੋਕਾਂ ਲਈ ਭੋਜਨ ਭੇਜਣ ਦੇ ਕਾਰਜ ਨੂੰ ਸੰਗਠਿਤ ਕੀਤਾ | 1921 ਵਿਚ ਉਸ ਨੇ ਸੋਕਾ ਪੀੜਤ ਰੂਸ ਦੀ ਵੀ ਸਹਾਇਤਾ ਕੀਤੀ | ਜਦੋਂ ਇਕ ਆਲੋਚਕ ਨੇ ਪੁੱਛਿਆ ਕਿ ਇੰਜ ਉਹ ਬੋਲਸਿਜ਼ਮ (ਕਮਿਊਨਿਜ਼ਮ) ਦੀ ਇਮਦਾਦ ਤਾਂ ਨਹੀਂ ਕਰ ਰਿਹਾ ਤਾਂ ਹੂਵਰ ਨੇ ਮੂੰਹ ਤੋੜ ਜਵਾਬ ਦਿੱਤਾ, 'ਵੀਹ ਮਿਲੀਅਨ ਲੋਕੀਂ ਭੁੱਖੇ ਮਰ ਰਹੇ ਹਨ | ਉਨ੍ਹਾਂ ਦੀ ਰਾਜਨੀਤੀ ਕੋਈ ਵੀ ਹੋਵੇ, ਉਨ੍ਹਾਂ ਦਾ ਢਿੱਡ ਭਰਿਆ ਜਾਣਾ ਚਾਹੀਦਾ ਹੈ |'
ਹਾਰਡਿੰਗ ਅਤੇ ਕੂਲਿਜ਼ ਦੋ ਰਾਸ਼ਟਰਪਤੀਆਂ ਮੂਤਾਇਤ ਕਮਰਸ ਸਕੱਤਰ ਵਜੋਂ ਨਿਪੁੰਨਤਾ ਨਾਲ ਸੇਵਾ ਕਰਨ ਬਾਅਦ 1928 ਵਿਚ ਹੂਵਰ ਨੂੰ ਰਾਸ਼ਟਰਪਤੀ ਦੇ ਪਦ ਲਈ ਰਿਪਬਲਿਕਨਾਂ ਵੱਲੋਂ ਨਾਮਜ਼ਦ ਕਰ ਲਿਆ ਗਿਆ |
ਉਸ ਨੇ ਮਹਿਸੂਸ ਕੀਤਾ ਕਿ ਕਾਂਗਰਸ ਵਿਚ ਉਸ ਦੇ ਵਿਰੋਧੀ ਉਸ ਦੇ ਪ੍ਰੋਗਰਾਮ ਨੂੰ ਸਾਬੋਤਾਜ ਕਰ ਰਹੇ ਸਨ | ਆਪਣੇ ਸੌੜੇ ਰਾਜਨੀਤਕ ਲਾਭਾਂ ਦੇ ਵਾਸਤੇ, ਉਨ੍ਹਾਂ ਨੇ ਉਸ ਨੂੰ ਇਕ ਬੇਹੱਦ ਨਿਰਦਈ ਅਤੇ ਕਠੋਰ ਦਿਲ ਰਾਸ਼ਟਰਪਤੀ ਵਜੋਂ ਪੇਸ਼ ਕੀਤਾ | ਹੂਵਰ ਮੰਦਵਾੜੇ ਦੀ ਬਲੀ ਚੜ੍ਹ ਗਿਆ ਅਤੇ 1932 ਵਿਚ ਬਹੁਤ ਬੁਰੀ ਤਰ੍ਹਾਂ ਹਰਾ ਦਿੱਤਾ ਗਿਆ | 1930 ਵਿਚ ਰਾਸ਼ਟਰਪਤੀ ਟੂਰਮੈਨ ਨੇ ਹੂਵਰ ਨੂੰ ਇਕ ਕਮਿਸ਼ਨ ਵਿਚ ਨਿਯੁਕਤ ਕਰ ਦਿੱਤਾ, ਜਿਸ ਨੇ ਉਸ ਨੂੰ ਚੇਅਰਮੈਨ ਚੁਣ ਲਿਆ | ਕਮਿਸ਼ਨ ਨੇ ਐਗਜ਼ੈਕਟਿਵ ਵਿਭਾਗਾਂ ਦੀ ਪਛਾਣ ਕਰਨੀ ਸੀ | 1953 ਵਿਚ ਉਸ ਨੂੰ ਇਕ ਅਜਿਹੇ ਹੀ ਹੋਰ ਕਮਿਸ਼ਨ ਦਾ ਰਾਸ਼ਟਰਪਤੀ ਆਈਜਨਹੋਵਰ ਵੱਲੋਂ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ | ਦੋਵਾਂ ਕਮਿਸ਼ਨਾਂ ਦੀਆਂ ਸਿਫਾਰਸ਼ਾਂ 'ਤੇ ਕਈ ਨਵੀਆਂ ਆਰਥਿਕ ਨੀਤੀਆਂ ਸਾਹਮਣੇ ਆਈਆਂ | ਹੂਵਰ ਨੇ ਬਹੁਤ ਸਾਰੇ ਲੇਖ ਅਤੇ ਕਿਤਾਬਾਂ ਵੀ ਲਿਖੀਆਂ | ਜਦੋਂ ਉਹ ਇਕ ਕਿਤਾਬ 'ਤੇ ਕੰਮ ਕਰ ਰਿਹਾ ਸੀ ਤਾਂ 90 ਸਾਲਾਂ ਦੀ ਉਮਰ ਵਿਚ ਉਸ ਦੀ 20 ਅਕਤੂਬਰ, 1964 ਨੂੰ ਨਿਊਯਾਰਕ ਦੇ ਸ਼ਹਿਰ ਵਿਚ ਮੌਤ ਹੋ ਗਈ |
(ਅਗਲੇ ਐਤਵਾਰ ਰਾਸ਼ਟਰਪਤੀ ਫਰੈੱਨਲਿਨ ਰੂਜ਼ਵੈਲਟ ਬਾਰੇ ਪੜ੍ਹੋ)

(ਅਮਰੀਕਾ) | ਫੋਨ : 001-510-410-3315

ਬਾਲ ਸਾਹਿਤ


ਮੇਰੇ ਬਚਪਨ ਦੇ ਦਿਨ
ਲੇਖਿਕਾ : ਹਰਜੀਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ।
ਮੁੱਲ : 60 ਰੁਪਏ, ਸਫੇ : 36
ਸੰਪਰਕ : 87279-52247

ਪੁਸਤਕ 'ਮੇਰੇ ਬਚਪਨ ਦੇ ਦਿਨ' ਲੇਖਿਕਾ ਹਰਜੀਤ ਕੌਰ ਦੀਆਂ ਬਚਪਨ ਦੀਆਂ ਯਾਦਾਂ ਹਨ। ਯਾਦਾਂ ਜੋ ਮਨ ਦੀ ਸਲੇਟ ਉੱਤੇ ਉੱਕਰ ਗਈਆਂ। ਪੁਸਤਕ ਪੜ੍ਹਦੇ ਸਮੇਂ ਮੇਰਾ ਹਾਸਾ ਨਹੀਂ ਰੁਕ ਰਿਹਾ ਸੀ। ਹਰਜੀਤ ਕੌਰ ਨੇ ਬਿਲਕੁਲ ਬੱਚਿਆਂ ਵਾਂਗ ਸਾਰੀਆਂ ਯਾਦਾਂ ਨੂੰ ਹੂ-ਬ-ਹੂ ਲਿਖਿਆ ਹੈ। ਬਾਲਾਂ ਦਾ ਲੜਨਾ, ਰੁੱਸ ਜਾਣਾ, ਮੰਨ ਜਾਣਾ, ਇਹ ਸਾਰਾ ਕੁਝ ਆਮ ਵਰਤਾਰਾ ਹੈ। ਕੋਈ ਅਮੀਰ ਹੋਵੇ ਜਾਂ ਗਰੀਬ, ਹਰ ਬੱਚੇ ਦਾ ਇਕ ਕੱਚਾ ਨਾਂਅ ਜ਼ਰੂਰ ਹੁੰਦਾ ਹੈ, ਜੋ ਅਕਸਰ ਉਸ ਦੇ ਹਾਣੀ ਰੱਖਦੇ ਹਨ। ਇਹ ਨਾਂਅ ਹੀ ਅਸਲ ਨਾਲੋਂ ਵੱਧ ਬਾਲਾਂ ਦੀ ਪਹਿਚਾਣ ਬਣਦਾ ਹੈ। ਪੁਸਤਕ ਪੜ੍ਹਦੇ ਇੰਜ ਲਗਦਾ ਹੈ ਜਿਵੇਂ ਲੇਖਿਕਾ ਕੋਲ ਬੈਠੀ ਆਪਣੇ ਬਚਪਨ ਬਾਰੇ ਸਾਨੂੰ ਦੱਸ ਰਹੀ ਹੋਵੇ।
ਛੋਟੀ ਉਮਰ ਵਿਚ ਹੀ ਬਾਲਾਂ ਦੇ ਮਨ ਉੱਤੇ ਕੁਝ ਤਸਵੀਰਾਂ ਗੂੜ੍ਹੀਆਂ ਬਣ ਜਾਂਦੀਆਂ ਹਨ, ਜਿਨ੍ਹਾਂ ਨੂੰ ਬਾਲ ਸਾਰੀ ਉਮਰ ਯਾਦ ਕਰਦਾ ਹੈ। ਮੇਰੇ ਮਨਪਸੰਦ ਅਧਿਆਪਕ, ਮੇਰੇ ਪਾਪਾ ਜੀ ਤੇ ਸਾਡੇ ਦਾਦੀ ਜੀ ਲੇਖਿਕਾ ਨੂੰ ਕਦੇ ਨਹੀਂ ਭੁੱਲਦੇ। ਉਹ ਉਨ੍ਹਾਂ ਦੇ ਗੁਣਾਂ ਤੇ ਸੁਭਾਅ ਬਾਰੇ ਸੱਚੋ-ਸੱਚ ਲਿਖਦੀ ਹੈ। ਇਸੇ ਤਰ੍ਹਾਂ ਉਹ ਆਪਣੀਆਂ ਮਨਪਸੰਦ ਪੁਸਤਕਾਂ ਦਾ ਵੀ ਜ਼ਿਕਰ ਕਰਦੀ ਹੈ। ਉਹ ਆਪਣੇ ਘਰ ਰਹਿੰਦੀ ਗੁਲਾਬੋ ਬਾਂਦਰੀ, ਬਿੱਲੀ ਤੇ ਟੌਮੀ ਵੀ ਨਹੀਂ ਭੁੱਲਦੀ। ਲੇਖਿਕਾ ਨੂੰ ਆਪਣੀਆਂ ਸਹੇਲੀਆਂ, ਉਨ੍ਹਾਂ ਦੀਆਂ ਸ਼ਰਾਰਤਾਂ ਤੇ ਨਿਡਰਤਾ ਅੱਜ ਵੀ ਯਾਦ ਹਨ।
ਮੇਰੀ ਰਾਇ ਹੈ, ਇਹ ਪੁਸਤਕ ਹਰ ਬਾਲ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ। ਹਰ ਪਾਠਕ ਨੂੰ ਇਹ ਆਪਣੇ ਬਚਪਨ ਦੀ ਕਹਾਣੀ ਹੀ ਲੱਗੇਗੀ। ਪੁਸਤਕ ਬੜੀ ਹੀ ਰੌਚਕ ਹੈ। ਛੋਟੀ ਉਮਰ ਵਿਚ ਆਪਣੇ ਬਚਪਨ ਨੂੰ ਯਾਦ ਕਰਕੇ ਪੁਸਤਕ ਰੂਪ ਦੇਣਾ ਬੜੀ ਹੀ ਸਿਰੜ ਤੇ ਮਿਹਨਤ ਦਾ ਕਾਰਜ ਹੈ। ਮੈਂ ਹਰਜੀਤ ਕੌਰ ਨੂੰ ਵਧੀਆ ਪੁਸਤਕ ਲਿਖਣ ਲਈ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਹੋਰ ਵੀ ਪੁਸਤਕਾਂ ਪੰਜਾਬੀ ਬਾਲ ਸਾਹਿਤ ਦੀ ਝੋਲੀ ਪਾਵੇ।

-ਅਵਤਾਰ ਸਿੰਘ ਸੰਧੂ,
ਕੁਲਾਮ ਰੋਡ, ਗਲੀ ਨੰ: 11, ਨਵਾਂਸ਼ਹਿਰ। ਮੋਬਾ: 99151-82971


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX