ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  9 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  11 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  26 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  49 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 2 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਭਾਰਤ ਦੇ ਆਧੁਨਿਕੀਕਰਨ ਵਿਚ ਰੇਲਾਂ ਦਾ ਯੋਗਦਾਨ

ਪਹਿਲੇ ਭਾਫ ਇੰਜਣ ਦੀ ਖੋਜ ਸੰਨ 1698 ਵਿਚ ਥਾਮਸ ਸੇਵਰੀ (Thomas Savery) ਨੇ ਕੀਤੀ ਸੀ | ਇੰਗਲੈਂਡ ਵਿਚ ਪਹਿਲੀ ਸਮਾਨ ਢੋਣ ਅਤੇ ਮੁਸਾਫਿਰਾਂ ਵਾਲੀ ਰੇਲ ਗੱਡੀ 1825 ਵਿਚ ਚਾਲੂ ਕੀਤੀ ਗਈ ਸੀ ਅਤੇ 1839 ਤੱਕ ਕਾਫ਼ੀ ਰੇਲਵੇ ਲਾਈਨਾਂ ਉਸ ਦੇਸ਼ ਵਿਚ ਵਿਛ ਗਈਆਂ ਸਨ | ਪ੍ਰਾਈਵੇਟ ਕੰਪਨੀਆਂ ਰੇਲ ਪਟੜੀਆਂ ਵਿਛਾਉਣ ਦਾ ਕੰਮ ਕਰਦੀਆਂ ਸਨ |
ਸੰਨ 1845 ਵਿਚ ਬਰਤਾਨਵੀ ਹਕੂਮਤ ਨੂੰ ਭਾਰਤ ਵਿਚ ਰੇਲਵੇ ਲਾਈਨਾਂ ਵਿਛਾਉਣ ਦਾ ਵਿਚਾਰ ਆਇਆ | ਪਰ ਜੰਗਲਾਂ, ਪਹਾੜਾਂ, ਨਦੀਆਂ ਅਤੇ ਮਾਰੂਥਲਾਂ ਵਾਲੇ ਦੇਸ਼ ਵਿਚ ਇਹ ਕੰਮ ਕਰਨਾ ਸੌਖਾ ਨਹੀਂ ਸੀ, ਬਲਕਿ ਬੜਾ ਕਠਿਨ ਸੀ | ਪੱਕੀਆਂ ਸੜਕਾਂ ਨਾ ਹੋਣ ਕਾਰਨ ਰੇਲਵੇ ਲਾਈਨਾਂ ਦੀ ਉਸਾਰੀ ਲਈ ਜ਼ਰੂਰੀ ਸਮਾਨ ਦੀ ਢੋਆ-ਢੁਆਈ ਦਾ ਕੰਮ ਵੀ ਮੁਸ਼ਕਿਲ ਸੀ | ਹਜ਼ਾਰਾਂ ਕਿਲੋਮੀਟਰ ਰੇਲਵੇ ਲਾਈਨਾਂ ਅਤੇ ਉਨ੍ਹਾਂ ਉੱਪਰ ਦੌੜਦੀਆਂ ਗੱਡੀਆਂ ਜੋ ਅਸੀਂ ਦੇਖ ਰਹੇ ਹਾਂ ਇਹ ਬਰਤਾਨਵੀ ਰਾਜ ਦੀ ਦੇਣ ਹਨ | ਹਕੂਮਤ ਨੇ 'ਕੋਰਟ ਆਫ਼ ਡਾਇਰੈਕਟਰਜ਼' (3ourt Of 4irectors) ਨਾਂਅ ਦੀ ਇਕ ਸੰਸਥਾ ਸਥਾਪਤ ਕੀਤੀ, ਜਿਸ ਨੂੰ ਨਿੱਜੀ ਪਾਰਟੀਆਂ ਵੱਲੋਂ ਇਸ ਕੰਮ ਵਿਚ ਮਿਲਵਰਤਣ ਦੇਣ ਲਈ ਕਈ ਬਿਨੈ-ਪੱਤਰ ਮਿਲੇ, ਜਿਨ੍ਹਾਂ ਨੂੰ ਗਵਰਨਰ ਜਨਰਲ ਨੂੰ ਇਸ ਰਾਏ ਨਾਲ ਭੇਜਿਆ ਗਿਆ ਕਿ ਰੇਲਵੇ ਦੀ ਉਸਾਰੀ ਅਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਰੱਖਣਾ ਤਾਂ ਹੀ ਮੁਨਾਫ਼ਾਬਖਸ਼ ਹੋਵੇਗਾ ਜੇ ਇਸ ਤੋਂ ਚੰਗੀ ਆਮਦਨ ਹੋਵੇ | ਇਹ ਵੀ ਵਿਚਾਰ ਪ੍ਰਗਟ ਕੀਤਾ ਗਿਆ ਕਿ ਹੋਰ ਦੇਸ਼ਾਂ ਵਿਚ ਰੇਲਵੇ ਲਾਈਨਾਂ ਵਿਛਾਉਣ ਵਿਚ ਦਰਪੇਸ਼ ਮੁਸ਼ਕਿਲਾਂ ਨਾਲੋਂ ਭਾਰਤ ਵਿਚ ਵੱਖਰੇ ਨਜ਼ਰੀਏ ਤੋਂ ਵੇਖਿਆ ਜਾਵੇ ਕਿਉਂਕਿ ਇਥੇ ਹੜ੍ਹ, ਹਨੇਰੀਆਂ, ਠੰਢੇ ਤੇ ਗਰਮ ਖੇਤਰ, ਸਮੰੁਦਰੀ ਤੂਫਾਨ, ਕੀੜੇ-ਮਕੌੜਿਆਂ ਤੋਂ ਬਰਬਾਦੀ ਆਦਿ ਨਾਲ ਵਾਹ ਪਵੇਗਾ ਅਤੇ ਬਹੁਤ ਵੱਡੀ ਗਿਣਤੀ ਵਿਚ ਨਿਪੰੁਨ ਕਾਰੀਗਰਾਂ ਦੀ ਵੀ ਲੋੜ ਪਵੇਗੀ | ਇਸ ਲਈ ਇਹ ਵਿਚਾਰ ਪ੍ਰਗਟ ਕੀਤਾ ਗਿਆ ਕਿ ਰੇਲਵੇ ਨੂੰ ਮੁਢਲੇ ਤੌਰ 'ਤੇ ਛੋਟੀ ਪੱਧਰ 'ਤੇ ਅਜ਼ਮਾਇਆ ਜਾਵੇ |
ਉਪਰੋਕਤ ਖਿਆਲ ਅਨੁਸਾਰ ਅਜ਼ਮਾਇਸ਼ੀ ਤੌਰ 'ਤੇ ਕੁਝ ਕੰਪਨੀਆਂ ਨੂੰ ਠੇਕੇ ਦਿੱਤੇ ਗਏ, ਜਿਨ੍ਹਾਂ ਵਿਚ ਈਸਟ ਇੰਡੀਅਨ ਰੇਲਵੇ ਕੰਪਨੀ ਜਿਸ ਨੂੰ ਹਾਵੜਾ ਤੋਂ ਰਾਣੀ ਗੰਜ 120 ਮੀਲ ਲੰਬੀ ਲਾਈਨ, ਗਰੇਟ ਇੰਡੀਅਨ ਪੈਨੀਸੂਲਾ ਰੇਲਵੇ ਕੰਪਨੀ ਨੂੰ ਮੰੁਬਈ ਤੋਂ ਕਲਿਆਣ ਤੱਕ 33 ਮੀਲ ਲੰਬੀ ਲਾਈਨ ਅਤੇ ਮਦਰਾਸ ਰੇਲਵੇ ਕੰਪਨੀ ਨੂੰ ਮਦਰਾਸ ਤੋਂ ਅਰਕੋਨਮ ਤੱਕ 39 ਮੀਲ ਲੰਬੀਆਂ ਲਾਈਨਾਂ ਵਿਛਾਉਣ ਲਈ ਠੇਕੇ ਦਿੱਤੇ ਗਏ | ਇਹ ਸਮਾਨ ਦੀ ਢੋਆ-ਢੁਆਈ ਵਾਲੀਆਂ ਲਾਈਨਾਂ ਸਨ |
ਪਹਿਲੀ ਮੁਸਾਫਿਰ ਗੱਡੀ ਮੰੁਬਈ (ਪਹਿਲਾਂ ਬੰਬਈ) ਦੇ ਬੋਰੀਬੰਦਰ ਰੇਲਵੇ ਸਟੇਸ਼ਨ ਤੋਂ 14 ਬੋਗੀਆਂ ਵਿਚ 400 ਸਵਾਰੀਆਂ ਲੈ ਕੇ ਥਾਣੇ ਪਹੁੰਚੀ |
ਇਹ ਮਹਿਸੂਸ ਕੀਤਾ ਗਿਆ ਕਿ ਸਾਜ਼ੋ-ਸਮਾਨ ਜਿਸ ਨਾਲ ਆਵਾਜਾਈ ਅਤੇ ਉਪਜ 'ਤੇ ਘੱਟ ਖਰਚਾ ਆਉਂਦਾ ਹੋਵੇ, ਤੋਂ ਬਗੈਰ ਦੇਸ਼ ਵਿਚ ਪਦਾਰਥਕ ਤੌਰ 'ਤੇ ਗਤੀ ਨਹੀਂ ਆ ਸਕਦੀ ਅਤੇ ਨਾ ਹੀ ਪ੍ਰਸ਼ਾਸਨ ਨੂੰ ਸਫ਼ਲਤਾ ਮਿਲ ਸਕਦੀ ਹੈ | ਇਸ ਵਾਸਤੇ ਬਗੈਰ ਕੋਈ ਵਕਤ ਗੁਆਏ ਰੇਲਵੇ ਆਵਾਜਾਈ ਦੀ ਨਿਯਮਤ ਤੇ ਭਰੋਸੇਮੰਦ ਪ੍ਰਣਾਲੀ ਨੂੰ ਲੋਕ ਭਲਾਈ ਹਿਤ ਤੁਰੰਤ ਜਾਰੀ ਕੀਤਾ ਜਾਵੇ |
ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ 1853 ਵਿਚ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਵਿਚਾਰਿਆ ਅਤੇ ਰੇਲਵੇ ਦੇ ਕੰਮ ਨੂੰ ਤੇਜ਼ ਗਤੀ ਨਾਲ ਚਾਲੂ ਕਰਨ ਦੇ ਹੁਕਮ ਦਿੱਤੇ | ਉਸ ਨੇ ਵੱਡੇ ਸਮਾਜਿਕ, ਸਿਆਸੀ ਅਤੇ ਵਪਾਰਕ ਲਾਭਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਦੇ ਮੁੱਖ ਸ਼ਹਿਰਾਂ ਨੂੰ ਰੇਲ ਨਾਲ ਜੋੜਨ ਲਈ ਖਾਸ ਕਰਕੇ ਇਹ ਸੁਝਾਅ ਦਿੱਤੇ ਕਿ ਪਹਿਲਾਂ ਹਰ ਪ੍ਰੈਜ਼ੀਡੈਂਸੀ (ਪ੍ਰਾਂਤ) ਦੇ ਅੰਦਰਲੇ ਖੇਤਰਾਂ ਨੂੰ ਮੁੱਖ ਬੰਦਰਗਾਹਾਂ ਨਾਲ ਅਤੇ ਸਾਰੇ ਪ੍ਰਾਂਤਾਂ ਨੂੰ ਇਕ-ਦੂਜੇ ਨਾਲ ਜੋੜਿਆ ਜਾਵੇ | ਪਹਿਲਾਂ ਕਲਕੱਤਾ ਤੋਂ ਲਾਹੌਰ, ਮੰੁਬਈ ਤੋਂ ਮੱਧ ਭਾਰਤ ਵਿਚ ਇਕ ਥਾਂ ਤੱਕ, ਨਰਬਦਾ ਘਾਟੀ ਦੇ ਕਿਸੇ ਇਕ ਸ਼ਹਿਰ ਤੋਂ ਕਲਕੱਤਾ-ਲਾਹੌਰ ਰੇਲ ਲਾਈਨ ਨਾਲ, ਮੰੁਬਈ ਤੋਂ ਮਦਰਾਸ ਅਤੇ ਇਕ ਲਾਈਨ ਮਦਰਾਸ ਤੋਂ ਮਾਲਾਬਾਰ ਦੇ ਤੱਟ ਤੱਕ ਬਣਾਉਣ ਦੀ ਆਗਿਆ ਦਿੱਤੀ | ਕੋਰਟ ਆਫ਼ ਡਾਇਰੈਕਟਰਜ਼ ਨੇ ਇਸ ਤਜਵੀਜ਼ ਨੂੰ ਮੰਨਦਿਆਂ 1859 ਦੇ ਅਖੀਰ ਤੱਕ ਅੱਠ ਕੰਪਨੀਆਂ 5000 ਮੀਲ (8000 ਕਿਲੋਮੀਟਰ) ਰੇਲਵੇ ਲਾਈਨਾਂ ਵਿਛਾਉਣ ਲਈ ਬਣਾਈਆਂ ਗਈਆਂ, ਜਿਨ੍ਹਾਂ 'ਤੇ 5 ਕਰੋੜ ਪੰਝੀ ਲੱਖ ਪੌਾਡ ਸਟਰਿਲੰਗ ਖਰਚ ਹੋਣਾ ਸੀ ਅਤੇ ਇਸ ਪ੍ਰਕਾਰ ਭਾਰਤ ਵਿਚ ਰੇਲਵੇ ਲਾਈਨਾਂ ਵਿਛਾਉਣ ਲਈ ਇਕ ਮਜ਼ਬੂਤ ਸਿਸਟਮ ਦੀ ਨੀਂਹ ਰੱਖੀ ਗਈ | ਲਾਈਨਾਂ ਦੀ ਉਸਾਰੀ ਦਾ ਕੰਮ ਬਹੁਤ ਤੇਜ਼ ਗਤੀ ਨਾਲ ਹੋਇਆ ਅਤੇ ਜੂਨ 1905 ਦੇ ਅਖੀਰ ਤੱਕ ਭਾਰਤ ਵਿਚ 28054 ਮੀਲ (44890 ਕਿਲੋਮੀਟਰ) ਰੇਲਵੇ ਲਾਈਨਾਂ 'ਤੇ ਟਰੇਨਾਂ ਚੱਲਣ ਲੱਗ ਪਈਆਂ ਜਿਹੜੀਆਂ ਕਲਕੱਤਾ, ਮੰੁਬਈ, ਮਦਰਾਸ, ਕਰਾਚੀ, ਚਿਟਾਗਾਂਗ ਅਤੇ ਰੰਗੂਨ ਆਦਿ ਬੰਦਰਗਾਹਾਂ ਤੱਕ ਫੈਲੀਆਂ ਹੋਈਆਂ ਸਨ, ਜਿਨ੍ਹਾਂ 'ਤੇ 3 ਅਰਬ 59 ਕਰੋੜ ਰੁਪਏ ਖਰਚ ਹੋਏ | 1905 ਤੱਕ ਭਾਰਤ ਦੇ 63 ਵਰਗ ਮੀਲ ਖੇਤਰ ਪਿੱਛੇ ਅਤੇ 10511 ਜਨ-ਸੰਖਿਆ ਲਈ ਇਕ ਮੀਲ ਰੇਲਵੇ ਲਾਈਨ ਸੀ ਜਦਕਿ ਰੂਸੀ ਸਲਤਨਤ ਵਿਚ ਇਹ ਅੰਕੜਾ 232 ਵਰਗ ਮੀਲ ਅਤੇ ਜਨਸੰਖਿਆ 3460 ਲਈ ਸੀ | ਇਹ ਯਾਦ ਰਹੇ ਕਿ ਉਸ ਵੇਲੇ ਬਰਮਾ, ਬੰਗਲਾਦੇਸ਼ ਅਤੇ ਪਾਕਿਸਤਾਨ ਵੀ ਭਾਰਤ ਵਿਚ ਪੈਂਦੇ ਸਨ |
ਪਹਿਲਾਂ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਭਾਰਤ ਵਿਚ ਗਰੀਬੀ ਕਾਰਨ ਟਰੇਨਾਂ ਲਈ ਲੋੜੀਂਦੇ ਮੁਸਾਫਿਰ ਪ੍ਰਾਪਤ ਨਹੀਂ ਹੋਣਗੇ ਅਤੇ ਸਮਾਨ ਦੀ ਢੋਆ-ਢੋਆਈ ਹੀ ਠੀਕ ਰਹੇਗੀ | ਪਰ ਫਿਰ ਇਹ ਦੇਖਿਆ ਗਿਆ ਕਿ ਭਾਰਤ ਵਿਚ ਸੈਂਕੜੇ ਤੀਰਥ ਅਸਥਾਨ ਹਨ, ਜਿਨ੍ਹਾਂ ਦੀ ਯਾਤਰਾ ਭਾਰਤੀ ਲੋਕ ਕਰਦੇ ਹਨ ਅਤੇ ਦੂਰ-ਦੁਰਾਡੇ ਖੇਤਰਾਂ ਤੋਂ ਪੈਦਲ ਆਉਣ ਕਰਕੇ ਕਈ ਮਹੀਨੇ ਲੱਗਦੇ ਹਨ | ਸੋ, ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹਜ਼ਾਰਾਂ ਰੇਲਵੇ ਡੱਬੇ ਬਣਾਏ ਗਏ | ਰੇਲ ਰਾਹੀਂ ਤੀਰਥ ਯਾਤਰਾ ਬਹੁਤ ਆਸਾਨ ਹੋ ਗਈ ਤੇ ਸਸਤੀ ਵੀ | ਮਹੀਨਿਆਂ ਦਾ ਸਫ਼ਰ ਘੰਟਿਆਂ ਵਿਚ ਹੋਣ ਲੱਗ ਪਿਆ | ਪੈਸੇ ਦੀ ਬੱਚਤ ਨਾਲ ਵਕਤ ਦੀ ਬੱਚਤ ਵੀ ਹੋਣ ਲੱਗ ਪਈ |
ਰੇਲਵੇ ਲਾਈਨਾਂ ਵਿਛਣ ਦੇ ਨਾਲ-ਨਾਲ ਦਰਿਆਵਾਂ ਵਿਚੋਂ ਨਹਿਰਾਂ ਕੱਢਣ ਦਾ ਕੰਮ ਅਤੇ ਸੜਕਾਂ ਬਣਾਉਣ ਦਾ ਕੰਮ ਵੀ ਆਰੰਭਿਆ ਗਿਆ, ਜਿਨ੍ਹਾਂ ਦੀ ਉਸਾਰੀ 'ਤੇ ਖਰਚ ਆਉਣ ਵਾਲਾ ਸਮਾਨ ਰੇਲਵੇ ਨਾਲ ਆਉਣਾ ਸ਼ੁਰੂ ਹੋਇਆ | ਪੰਜਾਬ ਵਿਚ ਜੰਗਲ ਕੱਟ ਕੇ ਨਹਿਰੀ ਬਸਤੀਆਂ ਸਥਾਪਤ ਕੀਤੀਆਂ ਗਈਆਂ, ਜਿਥੇ ਹਕੂਮਤ ਨੇ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ | ਇਸ ਤਰ੍ਹਾਂ ਜ਼ਬਰਦਸਤ ਵਿਕਾਸ ਦਾ ਦੌਰ ਸ਼ੁਰੂ ਹੋਇਆ | ਕਿਸਾਨਾਂ ਦੀ ਉਪਜ ਵਧਣ ਨਾਲ ਲੋਕਾਂ ਦਾ ਰਹਿਣ-ਸਹਿਣ ਉੱਚਾ ਹੋਇਆ |
ਭਾਰਤ ਵਿਚ ਰਾਸ਼ਟਰੀਅਤਾ ਦੇ ਵਿਕਾਸ ਲਈ ਹੋਰ ਕਾਰਨਾਂ ਤੋਂ ਇਲਾਵਾ ਰੇਲਵੇ ਦਾ ਭਾਰੀ ਯੋਗਦਾਨ ਹੈ ਕਿਉਂਕਿ ਇਸ ਨਾਲ ਲੋਕ ਇਕ-ਦੂਜੇ ਨਾਲ ਜੁੜਨੇ ਸ਼ੁਰੂ ਹੋ ਗਏ ਜੋ ਪਹਿਲਾਂ ਨਿੱਜ-ਕੇਂਦਰਤ ਸਨ |

-ਮੋਬਾ: 98140-74901
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਫ਼ਿਲਮਾਂ ਵਾਲਿਆਂ ਲਈ ਜੰਨਤ ਰਾਮੋਜੀ ਫ਼ਿਲਮਸਿਟੀ

'ਗਿੰਨੀਜ਼ ਬੁੱਕ ਆਫ਼ ਵਰਲਡ' ਰਿਕਾਰਡ ਦੇ ਅਨੁਸਾਰ ਰਾਮੋਜੀ ਫ਼ਿਲਮ ਸਿਟੀ ਦੁਨੀਆ ਦੀ ਸਭ ਤੋਂ ਵੱਡੀ ਫ਼ਿਲਮ ਸਿਟੀ ਹੈ | ਇਸ ਦੇ ਲਈ ਗਿੰਨੀਜ਼ ਨੇ ਸਰਟੀਫਿਕੇਟ ਵੀ ਜਾਰੀ ਕੀਤਾ ਹੈ | ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿਖੇ ਇਸਨੂੰ ਦੇਖਣ ਅਤੇ ਮਹਿਸੂਸ ਕਰਨ ਲਈ ਦੇਸ਼ ਵਿਦੇਸ਼ ਤੋਂ ਲੋਕ ਪਹੁੰਚਦੇ ਹਨ | ਉੱਥੇ ਹੀ ਇਹ ਦੇਸ਼ 'ਚ ਆਪਣੇ ਤਰ੍ਹਾਂ ਦੀ ਇਕੱਲੀ ਫ਼ਿਲਮਸਿਟੀ ਹੈ, ਜਿਸ 'ਚ ਫ਼ਿਲਮ ਸ਼ੂਟਿੰਗ ਦੇ ਨਾਲ-ਨਾਲ ਘੁੰਮਣ-ਫਿਰਨ, ਮੌਜਮਸਤੀ, ਵਿਆਹ ਦੀ ਪਾਰਟੀ, ਰੁਕਣ ਅਤੇ ਖਾਣ-ਪੀਣ ਦੀਆਂ ਵਰਲਡ ਕਲਾਸ ਸਹੂਲਤਾਂ ਮੌਜੂਦ ਹਨ | ਆਪਣੇ 'ਚ ਲੱਖਾਂ ਸੁਪਨੇ ਸੰਜੋਏ ਰਾਮੋਜੀ ਫ਼ਿਲਮਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਨੇ ਖ਼ਾਸ ਸਹੂਲਤਾਂ ਅਤੇ ਡਿਜ਼ਾਇਨਿੰਗ ਦੇ ਹਿਸਾਬ ਨਾਲ ਸਜਾਇਆ ਸੰਵਾਰਿਆ ਹੈ | ਇਸਨੂੰ ਤਕਨੀਕ, ਡਿਜ਼ਾਇਨਿੰਗ, ਭਵਨ ਨਿਰਮਾਣ ਕਲਾ (ਆਰਕੀਟੈਕਚਰ) ਅਤੇ ਲੈਂਡਸਕੇਪ ਨੂੰ ਧਿਆਨ 'ਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਹੈ | 'ਰਾਮੋਜੀ' ਫ਼ਿਲਮਸਿਟੀ ਦੇ ਮਾਲਕ ਤੇ ਚੇਅਰਮੈਨ ਰਾਮੋ ਰਾਓ ਦਾ 'ਅਜੀਤ' ਨਾਲ ਵਿਸ਼ੇਸ਼ ਮਿਲਣੀ ਦੌਰਾਨ ਆਪਣੇ ਇਸ ਵੱਡੇ ਫ਼ਿਲਮੀ ਉਦਯੋਗ ਪ੍ਰਤੀ ਕਹਿਣਾ ਸੀ ਕਿ ਇਹ ਸਭ ਸਾਡੇ ਆਪਣੇ ਦੇਸ਼ ਦੇ ਲੋਕਾਂ ਦੇ ਸਹਿਯੋਗ ਅਤੇ ਮਿਹਨਤੀ ਸਟਾਫ਼ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ | ਇਸੇ ਦੌਰਾਨ ਰਾਮੋਜੀ ਫ਼ਿਲਮਸਿਟੀ ਦੇ ਏ. ਵੀ. ਰਾਓ ਵਾਈਸ ਪ੍ਰੈਜ਼ੀਡੈਂਟ (ਪ੍ਰਚਾਰ), ਪਵਨ ਕੁਮਾਰ ਡਿਪਟੀ ਮੈਨੇਜਰ (ਪ੍ਰਚਾਰ) ਵੱਲੋਂ ਇਹ ਵੀ ਦੱਸਿਆ ਗਿਆ ਕਿ ਰਾਮੋਜੀ ਗਰੁੱਪ ਤਹਿਤ ਕੋਈ 35 ਹਜ਼ਾਰ ਤੋਂ ਵੱਧ ਮੁਲਾਜ਼ਮ ਇਹ ਕਾਰਜ ਕਰ ਰਹੇ ਹਨ |
ਰਾਮੋਜੀ ਫ਼ਿਲਮਸਿਟੀ ਕਈ ਫ਼ਿਲਮਾਂ ਲਈ ਆਧਾਰ ਬਣੀ ਹੋਈ ਹੈ | ਇੱਥੇ ਉਪਲਬਧ ਮੁਢਲਾ ਢਾਂਚਾ (ਇਨਫਰਾਸਟ੍ਰਕਚਰ) ਅਤੇ ਪ੍ਰੋਫੈਸ਼ਨਲ ਸੁਵਿਧਾਵਾਂ ਦੇ ਉਪਲਬਧ ਹੋਣ ਨਾਲ ਫ਼ਿਲਮ ਨਿਰਮਾਣ ਬਹੁਤ ਆਸਾਨ ਹੋ ਜਾਂਦਾ ਹੈ | ਇੱਥੇ ਇਕੋ ਸਮੇਂ ਕਈ-ਕਈ ਫ਼ਿਲਮਾਂ ਦੀ ਸ਼ੂਟਿੰਗ ਸੰਭਵ ਹੈ | ਹਰ ਸਾਲ ਇੱਥੇ ਲਗਭਗ 200 ਫ਼ਿਲਮਾਂ ਦੀ ਸ਼ੂਟਿੰਗ ਹੁੰਦੀ ਹੈ | ਹੁਣ ਤੱਕ ਇੱਥੇ ਲਗਭਗ 2000 ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ | ਇਨ੍ਹਾਂ 'ਚ ਹਿੰਦੀ, ਭੋਜਪੁਰੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ, ਉੜੀਆ ਅਤੇ ਹੋਰ ਦੇਸੀ ਵਿਦੇਸ਼ੀ ਭਾਸ਼ਾਵਾਂ ਦੀਆਂ ਫ਼ਿਲਮਾਂ ਸ਼ਾਮਿਲ ਹਨ | ਪੰਜਾਬੀ ਫ਼ਿਲਮਾਂ ਅਤੇ ਐਲਬਮ ਦੇ ਕੁੱਝ ਗੀਤਾਂ ਲਈ ਵੀ ਇੱਥੇ ਸ਼ੂਟਿੰਗ ਹੋ ਚੁੱਕੀ ਹੈ | ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਦੀ ਕ੍ਰਿਸ਼-3, ਸਲਮਾਨ ਖ਼ਾਨ ਦੀ ਜੈ ਹੋ, ਰਜਨੀਕਾਂਤ ਦੀ ਰੋਬੋਟ, ਅਮਿਤਾਭ ਬੱਚਨ ਦੀ ਸਰਕਾਰ ਰਾਜ, ਅਜੇ ਦੇਵਗਨ ਦੀ ਗੋਲਮਾਲ ਅਤੇ ਹਿੰਮਤਵਾਲਾ, ਸ਼ਾਹਰੁਖ ਖਾਨ ਦੀ ਚੇਨੱਈ ਐਕਸਪੈੱ੍ਰਸ ਅਤੇ ਦਿਲਵਾਲੇ ਦੀ ਸ਼ੂਟਿੰਗ ਵੀ ਰਾਮੋਜੀ ਫ਼ਿਲਮਸਿਟੀ 'ਚ ਹੋਈ ਹੈ | ਦੇਸ਼ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਬਾਹੂਬਲੀ ਦੀ ਸ਼ੂਟਿੰਗ ਵੀ ਇੱਥੇ ਹੋਈ ਹੈ | ਅੱਜ ਕੱਲ੍ਹ ਫ਼ਿਲਮਕਾਰ ਰਾਜਾਮੌਲੀ ਇਸ ਫ਼ਿਲਮ ਬਾਹੂਬਲੀ ਦਾ ਭਾਗ-2 ਇੱਥੇ ਫਿਲਮਾ ਰਹੇ ਹਨ |


ਰਾਮੋਜੀ ਫ਼ਿਲਮਸਿਟੀ

ਛੁੱਟੀਆਂ ਦਾ ਆਨੰਦ ਮਾਨਣ ਲਈ 'ਰਾਮੋਜੀ ਫ਼ਿਲਮਸਿਟੀ' ਸਭ ਤੋਂ ਵਧੀਆ ਸਥਾਨ ਹੈ | ਇੱਥੇ ਇਕ ਤੋਂ ਵਧ ਕੇ ਇਕ ਆਕਰਸ਼ਨ ਕੇਂਦਰ ਅਤੇ ਮਨੋਰੰਜਕ ਥਾਵਾਂ ਹਨ ਜਿਨ੍ਹਾਂ ਨਾਲ ਸੈਰ-ਸਪਾਟੇ ਨੂੰ ਯਾਦਗਾਰੀ ਹੁਲਾਰਾ ਮਿਲਦਾ ਹੈ | ਰਾਮੋਜੀ ਫ਼ਿਲਮਸਿਟੀ 2000 ਏਕੜ 'ਚ ਫੈਲੀ ਹੋਈ ਹੈ ਜਿਸ 'ਚ ਸਿਨੇਮਾਈ ਜਾਦੂ, ਹੈਰਤ ਅੰਗੇਜ਼ ਗਾਰਡਨ ਅਤੇ ਮੌਜ ਮਸਤੀ ਲਈ ਬਣਾਏ ਗਏ ਵਿਸ਼ਾਲ ਕੇਂਦਰਾਂ ਨੂੰ ਸੈਲਾਨੀਆਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ | ਇਸ 'ਚ ਲੈਂਡਸਕੇਪ ਗਾਰਡਨਜ਼, ਸ਼ਾਨਦਾਰ ਪਾਰਕ, ਅਦਭੁਤ ਫੁਆਰੇ ਅਤੇ ਸਾਹਸਿਕ ਗਤੀਵਿਧੀਆਂ ਦੇ ਲਈ 'ਹੌਾਸਲਾ' ਵੀ ਦੇਖਣ ਲਾਇਕ ਹੈ |


ਸਭ ਦਾ ਮਨੋਰੰਜਨ
ਰਾਮੋਜੀ ਫ਼ਿਲਮਸਿਟੀ 'ਚ ਸਾਰਿਆਂ ਦੇ ਮਨੋਰੰਜਨ ਦਾ ਬਹੁਤ ਧਿਆਨ ਰੱਖਿਆ ਗਿਆ ਹੈ | ਇਸ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਪਰਿਵਾਰ ਦੇ ਦਾਦਾ-ਦਾਦੀ, ਮਾਤਾ-ਪਿਤਾ ਅਤੇ ਹਰ ਉਮਰ ਦੇ ਬੱਚਿਆਂ ਦੇ ਲਈ ਮਨੋਰੰਜਨ ਉਪਲਬਧ ਹੈ | ਗੀਤ-ਸੰਗੀਤ, ਲਾਈਵ ਸਟੰਟ ਸ਼ੋਅ, ਜਾਯ ਰਾਈਡ ਅਤੇ ਹੋਰ ਵੀ ਕਈ ਆਕਰਸ਼ਣ ਇੱਥੇ ਮੌਜੂਦ ਹਨ |


ਯੂਰੇਕਾ

ਯੂਰੇਕਾ ਫ਼ਿਲਮਸਿਟੀ ਦੇ ਦਰਵਾਜ਼ੇ 'ਤੇ ਸਥਿਤ ਹੈ | ਇੱਥੋਂ ਅਦਭੁਤ-ਲੋਕ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ | ਇੱਥੇ ਮੱਧਕਾਲ ਦੇ ਰਾਜਸ਼ਾਹੀ ਕਿਲ੍ਹੇ ਬਣਾਏ ਗਏ ਹਨ | ਇੱਥੇ ਸਾਰੇ ਮਹਿਮਾਨਾਂ ਦਾ ਪਰੰਪਰਾਗਤ ਸਵਾਗਤ ਹੁੰਦਾ ਹੈ | ਵੈਲਕਮ ਡਾਂਸ ਅਤੇ ਗੀਤਾਂ ਵਾਲੇ ਪ੍ਰੋਗਰਾਮ ਦਿਲ ਨੂੰ ਛੂਹ ਲੈਂਦੇ ਹਨ | ਇੱਥੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਮਨੋਰੰਜਨ ਦਾ ਧਿਆਨ ਰੱਖਿਆ ਗਿਆ ਹੈ | ਪਲੇਇੰਗ ਕੋਰਟ 'ਚ ਬੱਚੇ ਖੇਡ ਸਕਦੇ ਹਨ ਤਾਂ ਥੀਮ ਬਾਜ਼ਾਰ 'ਚ ਖ਼ਾਸ ਸ਼ਾਪਿੰਗ ਹੋ ਸਕਦੀ ਹੈ | ਇੱਥੇ ਖਾਣ ਪੀਣ ਦੇ ਲਈ ਸਪੈਸ਼ਲ ਰੇਸਤਰਾਂ ਵੀ ਹਨ | ਇਹ ਇਕ ਤਰ੍ਹਾਂ ਦੀ ਟਾਈਮ ਮਸ਼ੀਨ ਦੀ ਤਰ੍ਹਾਂ ਹੈ ਜਿਹੜਾ ਤੁਹਾਨੂੰ ਮੁਗ਼ਲ, ਮੌਰਿਆ ਅਤੇ ਅਮਰੀਕਨ ਵਾਈਲਡ ਵੈਸਟ ਅਤੇ ਮੱਧ ਯੁੱਗ ਦੇ ਮੀਨਾ ਬਾਜ਼ਾਰ 'ਚ ਲੈ ਜਾਂਦਾ ਹੈ | ਇੱਥੇ ਤੁਸੀਂ ਇਨ੍ਹਾਂ ਸਾਰਿਆਂ ਦਾ ਜੀਵਿਤ ਅਨੁਭਵ ਤੇ ਆਨੰਦ ਲੈ ਸਕਦੇ ਹੋ |


ਰਾਮੋਜੀ ਮੂਵੀ ਮੈਜਿਕ
ਫ਼ਿਲਮ ਅਤੇ ਸਿਨੇਮਾ ਦੇ ਅੰਦਰ ਦਾ ਆਨੰਦ ਲੈਣਾ ਹੋਵੇ ਤਾਂ ਰਾਮੋਜੀ ਫ਼ਿਲਮਸਿਟੀ ਜਿਹਾ ਦੁਨੀਆ 'ਚ ਕੁੱਝ ਵੀ ਨਹੀਂ ਹੈ | ਇੱਥੇ ਸਿਨੇਮਾ ਦਾ ਸ਼ਿਖਰ ਦੇਖਿਆ ਜਾ ਸਕਦਾ ਹੈ | ਫ਼ਿਲਮਸਿਟੀ ਦੀ ਯਾਤਰਾ ਦੇ ਦੌਰਾਨ ਸੈਲਾਨੀ ਖ਼ੁਦ ਮਹਿਸੂਸ ਕਰ ਸਕਦਾ ਹੈ ਕਿ ਫ਼ਿਲਮੀ ਦੁਨੀਆ ਕਿਹੋ ਜਿਹੀ ਹੁੰਦੀ ਹੈ? ਫ਼ਿਲਮ ਨਿਰਮਾਣ ਅਤੇ ਉਸ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਬਰੀਕੀਆਂ ਦੇ ਨਾਲ ਜਾਣਨ ਦਾ ਮੌਕਾ ਮਿਲਦਾ ਹੈ | ਰੀਲ ਦੇ ਸੰਸਾਰ ਦੇ ਜਗਮਗ ਸਿਤਾਰਿਆਂ ਦੇ ਨਾਲ ਟੂਰਿਸਟ ਮੂਵੀ ਮੈਜਿਕ ਦੇ ਭਾਗੀਦਾਰ ਹੋ ਜਾਂਦੇ ਹਨ | ਇਹ ਇਸ ਦੇ ਖ਼ਾਸ ਆਕਰਸ਼ਨ ਹਨ |


ਮਾਰਧਾੜ
ਇਹ ਜੀਵਿਤ ਵਿਭਾਗ ਕਿਸੇ ਨੂੰ ਵੀ ਇਕ ਉਤਸ਼ਾਹੀ ਫ਼ਿਲਮ ਮੇਕਰ ਬਣਾ ਸਕਦਾ ਹੈ | ਉਹ ਵੀ ਸਿਰਫ਼ 25 ਮਿੰਟ ਦੇ ਅੰਦਰ | ਇਹ ਇਕ ਅਨੁਬੰਦ ਭਾਵ ਇਕਰਾਰ ਨੂੰ ਸੰਚਾਲਿਤ ਕਰਨ ਦਾ ਮੌਕਾ ਦਿੰਦਾ ਹੈ | ਇਸ ਤੋਂ ਬਾਅਦ ਆਡੀਓ-ਵਿਜ਼ੂਅਲ ਦੇ ਭਰਮ 'ਚ ਵੀ ਖ਼ੁਦ ਨੂੰ ਅਜ਼ਮਾਇਆ ਜਾ ਸਕਦਾ ਹੈ | ਕ੍ਰੋਮੋ ਸਕ੍ਰੀਨ ਦੇ ਨਾਲ ਸਪੈਸ਼ਲ ਇਫੈਕਟਸ, ਡਬਿੰਗ ਅਤੇ ਐਡੀਟਿੰਗ ਵੀ ਇੱਥੇ ਸੰਭਵ ਹੈ |


ਫ਼ਿਲਮੀ ਦੁਨੀਆ : ਅਰਾਊਾਡ ਦਿ ਵਰਲਡ ਇਨ ਏਟ ਮਿੰਟਸ

ਇਸ ਅਲੱਗ ਦੁਨੀਆ 'ਚ ਆਉਣ ਦੇ ਲਈ ਕਿਸੇ ਨੂੰ ਵੀਜੇ ਦੀ ਲੋੜ ਨਹੀਂ ਹੁੰਦੀ | ਇਹ ਅਨੋਖਾ ਸੰਸਾਰ ਹੈ ਜਿੱਥੇ ਦੁਨੀਆ ਦੇ ਪ੍ਰਸਿੱਧ ਸ਼ਹਿਰਾਂ ਦਾ ਅਨੁਭਵ ਲਿਆ ਜਾ ਸਕਦਾ ਹੈ | ਇਸ 'ਚ ਦੁਨੀਆ ਦੀ ਸੈਰ ਸਿਰਫ 8 ਮਿੰਟ 'ਚ ਪੂਰੀ ਹੋ ਸਕਦੀ ਹੈ | ਦੁਨੀਆ ਭਰ ਦੇ ਸ਼ਹਿਰਾਂ ਨੂੰ ਇੱਥੇ ਬਣਾਇਆ ਗਿਆ ਹੈ |


ਫਨ-ਡੂ-ਸਤਾਨ ਜਿੱਥੇ ਹੈ ਭਰਪੂਰ ਫਨ
ਫਨ-ਡੂ-ਸਤਾਨ ਇਕ ਇੰਟਰਟੇਨਮੈਂਟ ਜ਼ੋਨ ਹੈ ਜਿਸ ਨੂੰ ਖਾਸ ਤੌਰ 'ਤੇ ਬੱਚਿਆਂ ਦੇ ਲਈ ਬਣਾਇਆ ਗਿਆ ਹੈ | ਇੱਥੇ ਰੋਮਾਂਚਕਾਰੀ ਰਾਈਡਸ ਅਤੇ ਗੇਮਜ਼ ਹਨ | ਇਕ ਹੀ ਛੱਤ ਦੇ ਹੇਠਾਂ ਕਈ ਤਰ੍ਹਾਂ ਦੇ ਮਨੋਰੰਜਨ, ਅਲੱਗ-ਅਲੱਗ ਰੰਗ ਵਾਲੇ ਖੇਡ, ਬੱਚਿਆਂ ਦਾ ਹੀ ਨਹੀਂ, ਵੱਡਿਆਂ ਦਾ ਦਿਲ ਜਿੱਤ ਲੈਂਦੇ ਹਨ | ਸਕੇਟਿੰਗ, ਰੇਨ ਡਾਂਸ, ਛੋਟੇ ਬੱਚਿਆਂ ਦੇ ਲਈ ਖਾਸ ਝੂਲੇ, ਰਾਈਡਸ ਅਤੇ ਕਈ ਹੋਰ ਆਕਰਸ਼ਨ ਹਨ |


ਬੋਰਾਸੁਰਾ: ਰੋਮਾਂਚ ਦਾ ਖਜ਼ਾਨਾ

ਬੋਰਾਸੁਰਾ ਨੂੰ ਏਸ਼ੀਆ 'ਚ ਪਹਿਲੀ ਵਾਰ ਰਾਮੋਜੀ ਫ਼ਿਲਮਸਿਟੀ 'ਚ ਹੀ ਮਹਿਸੂਸ ਕੀਤਾ ਜਾ ਸਕਦਾ ਹੈ | ਇਹ ਰੋਮਾਂਚ ਦਾ ਅਨੁਭਵ ਕਰਾਉਣ ਵਾਲਾ ਹੈ | ਇਹ ਜਾਦੂ ਦੀ ਜੀਵੰਤ ਦਾ ਅਨੌਖਾ ਅਹਿਸਾਸ ਹੈ | ਹਵਾ ਮਹਿਲ ਅਤੇ ਡਰਾਵਣੀਆਂ ਭੂਤੀਆ ਗੁਫਾਵਾਂ 'ਚ ਡਰ ਦੇ ਨਾਲ ਹੀ ਮਸਤੀ ਦਾ ਅਜ਼ਬ-ਗਜ਼ਬ ਸੰਗਮ ਹੈ | ਇਸ ਦੇ ਨਾਲ ਹੀ ਲਾਈਵ ਸ਼ੌਅ ਖੁਸ਼ੀ ਅਤੇ ਮਸਤੀ ਨੂੰ ਦੁੱਗਣਾ ਕਰ ਦਿੰਦੇ ਹਨ |


ਅਸਲ ਸਟੰਟ ਦਾ ਰੋਮਾਂਚ

ਫ਼ਿਲਮਸਿਟੀ 'ਚ ਟੂਰਿਸਟਾਂ ਦੇ ਮਨੋਰੰਜਨ ਲਈ ਰੀਅਲ ਸਟੰਟ ਦਾ ਵੀ ਇੰਤਜ਼ਾਮ ਹੈ | ਸਪੈਸ਼ਲ ਥੀਏਟਰ 'ਚ ਟਰੇਂਡ ਸਟੰਟ ਆਰਟਿਸਟ ਵੱਲੋਂ ਬਹੁਤ ਹੀ ਰੋਮਾਂਚਕ ਪ੍ਰੋਗਰਾਮ ਹਰ ਦਿਨ ਪੇਸ਼ ਕਰਦੇ ਹਨ | ਸਟੰਟ ਆਰਟਿਸਟ ਦੀ ਰੀਅਲ ਕਿਕ, ਫਾਈਟ, ਪੰਚ ਅਤੇ ਉਚਾਈ ਤੋਂ ਛਾਲ ਮਾਰਨ ਨਾਲ ਦਰਸ਼ਕ ਚੌਾਕ ਜਾਂਦੇ ਹਨ | ਇਸ 'ਚ ਬੰਬ ਦੇ ਧਮਾਕੇ ਅਤੇ ਗੋਲੀਆਂ ਦੀ ਆਵਾਜ਼ 'ਚ ਅਜਿਹਾ ਮਾਹੌਲ ਬਣਾਇਆ ਜਾਂਦਾ ਹੈ ਕਿ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਵਧ ਜਾਂਦੀ ਹੈ | ਇਹ ਸ਼ੋਅ ਦਰਸ਼ਕਾਂ ਨੂੰ ਗੁਦਗੁਦਾਉਂਦਾ ਵੀ ਹੈ | ਇਸ 'ਚ ਇਕ ਕਲਾਕਾਰ ਜੋਕਰ ਦਾ ਪਾਰਟ ਨਿਭਾਉਂਦਾ ਹੈ ਅਤੇ ਉਸ ਦੀਆਂ ਹਰਕਤਾਂ ਲੋਕਾਂ ਨੂੰ ਲੋਟ-ਪੋਟ ਕਰ ਦਿੰਦੀਆਂ ਹਨ |


ਸਪਿਰਟ ਆਫ ਰਾਮੋਜੀ
ਰਾਮੋਜੀ ਫ਼ਿਲਮਸਿਟੀ ਦੀ ਯਾਤਰਾ ਦੌਰਾਨ ਸਪਿਰਟ ਆਫ ਰਾਮੋਜੀ ਖਾਸ ਮਹੱਤਵ ਰੱਖਦੀ ਹੈ | ਇਸ 'ਚ ਕਈ ਪੇਸ਼ਕਾਰੀਆਂ ਹੁੰਦੀਆਂ ਹਨ ਜਿਹੜੀਆਂ ਵਿਸ਼ੇਸ਼ ਤੌਰ 'ਤੇ ਕੋਰਿਓਗ੍ਰਾਫ ਕੀਤੀਆਂ ਗਈਆਂ ਹਨ | ਇਸ 'ਚ ਰੋਜਾਨਾ ਹੋਣ ਵਾਲੇ ਸ਼ੌਆਂ 'ਚ ਆਪਣੇ ਦੇਸ਼ ਦੇ ਬਹੁਰੰਗੀ ਸੱਭਿਆਚਾਰ ਦੀ ਝਲਕ ਮਿਲਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਹਿਮਾਲਿਆ ਤੋਂ ਪਾਰਲੇ ਦੇਸ਼-7

ਸੱਭਿਆਚਾਰ ਤੇ ਆਰਥਿਕਤਾ ਦਾ ਧੁਰਾ ਸ਼ੰਘਾਈ

ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਵਿਚ ਸਿੱਖ ਰਾਜ 1799 ਤੋਂ 1842 ਤੱਕ, ਸਰਹੱਦੀ ਤੌਰ 'ਤੇ ਦੱਖਣ ਵਿਚ ਸਿੰਧ ਤੋਂ ਲੈ ਕੇ, ਉੱਤਰ-ਪੂਰਬ ਵੱਲ ਨੂੰ ਖੈਬਰ ਦਰੇ ਸਮੇਤ ਕਸ਼ਮੀਰ ਤਿੱਬਤ ਤੱਕ ਫੈਲ ਚੁੱਕਿਆ ਸੀ | ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਜਨਰਲ ਜ਼ੋਰਾਵਰ ਸਿੰਘ ਦਾ ਅਧਿਕਾਰ ਖੇਤਰ 1840 ਵਿਚ ਸੂਰਾ ਘਾਟੀ, ਕਾਰਗਿਲ ਅਤੇ ਲੱਦਾਖ ਦੀਆਂ ਹਿਮਾਲਿਆ ਵੱਲ ਦੀਆਂ ਸਰਹੱਦਾਂ ਤੱਕ ਹੋ ਗਿਆ ਸੀ | ਮਹਾਰਾਜਾ ਦੂਰਅੰਦੇਸ਼ ਸੀ, ਜਨਰਲ ਜ਼ੋਰਾਵਰ ਸਿੰਘ ਨੇ ਪੰਜਾਬ ਦੀਆਂ ਤਜ਼ਾਰਤੀ ਲੋੜਾਂ ਨੂੰ ਸਾਹਮਣੇ ਰੱਖਦਿਆਂ ਉੱਨ ਅਤੇ ਰੇਸ਼ਮ ਦੇ ਵਪਾਰਕ ਰਾਹਾਂ ਨਾਲ ਿਲੰਕ ਬਣਾਉਣ ਲਈ ਯੂ-ਸੈਂਗ ਇਲਾਕੇ 'ਚ ਮਾਈਊਮ ਦਰੇ ਰਾਹੀਂ ਨਿਪਾਲ, ਸਿੱਕਮ ਅਤੇ ਤਿੱਬਤ ਵੱਲ ਨੂੰ ਰਸਤੇ ਸਥਾਪਤ ਕਰ ਨਵੀਂ ਰਣਨੀਤੀ 'ਤੇ ਕੰਮ ਕੀਤਾ | ਜਨਰਲ ਜ਼ੋਰਾਵਰ ਸਿੰਘ ਇਸ ਰਸਤੇ ਸਿੱਖਾਂ ਅਤੇ ਗੋਰਖਿਆਂ ਵਿਚਾਲੇ ਵੀ, ਅੰਗਰੇਜ਼ਾਂ ਦੇ ਸੰਭਵ ਵਾਧੇ ਨੂੰ ਰੋਕਣ ਲਈ ਸਾਂਝਾ ਮੁਹਾਜ਼ ਬਣਾਉਣ ਦੇ ਯਤਨ ਵਿਚ ਸੀ | ਅੰਗਰੇਜ਼ਾਂ ਦੇ ਵਾਧੇ ਤੋਂ ਨਿਪਾਲ ਵੀ ਖਤਰਾ ਮਹਿਸੂਸ ਕਰ ਰਿਹਾ ਸੀ | ਇਸ ਹਾਲਤ ਵਿਚ ਨਿਪਾਲ-ਪੰਜਾਬ ਸਮਝੌਤੇ ਦੀ ਸੰਭਾਵਨਾ ਦੇ ਅਸਾਰ ਬਣਾਏ ਜਾ ਰਹੇ ਸਨ | ਜਨਰਲ ਜ਼ੋਰਾਵਰ ਸਿੰਘ ਅਤੇ ਫ਼ੌਜੀ ਮੁਖੀਆਂ ਨੇ ਕੈਲਾਸ਼ ਤੇ ਮਾਨ ਸਰੋਵਰ ਤੱਕ ਯਾਤਰਾ ਕੀਤੀ, ਇਸ ਮੌਕੇ ਤੱਕ 7 ਕਿਲੋਮੀਟਰ ਤੱਕ ਪ੍ਰਭਾਵ ਬਣਾ ਲਿਆ ਸੀ ਪਰ ਚੀਨ ਅਤੇ ਤਿੱਬਤ ਨੂੰ ਪੰਜਾਬ ਦਾ ਫੈਲ ਰਿਹਾ ਪ੍ਰਭਾਵ ਇਕ ਖਤਰਾ ਜਾਪਣ ਲੱਗ ਪਿਆ |
ਚੀਨ-ਤਿੱਬਤ ਨੇ ਫ਼ੌਜੀ ਸੰਗਠਨ ਕਰਕੇ ਜਨਰਲ ਜ਼ੋਰਾਵਰ ਸਿੰਘ ਦਾ ਸਿੱਧਾ ਮੁਕਾਬਲਾ ਆਰੰਭ ਦਿੱਤਾ, 12 ਦਸੰਬਰ, 1841 ਨੂੰ ਜਨਰਲ ਦਾ ਤੋਅ-ਯਉ ਦੀ ਲੜਾਈ ਵਿਚ ਦਿਹਾਂਤ ਹੋ ਗਿਆ ਪਰ ਅਗਲੇ ਸਾਲ ਸਤੰਬਰ 1842 'ਚ ਸਿੱਖਾਂ ਅਤੇ ਚੀਨੀਆਂ ਨੇ ਸਮਝੌਤਾ ਕਰਕੇ 'ਚਸ਼ੂਲ' ਦੀ ਸੰਧੀ ਜਾਂ ਪੰਜਾਬ-ਚੀਨ ਸੰਧੀ ਕਰ ਲਈ ਕਿ ਵਧਵਾਂ ਦੋਵੱਲਾ ਖਤਰਾ, ਅੰਗਰੇਜ਼ ਸਾਮਰਾਜ ਤੋਂ ਹੈ, ਜਿਸ ਦਾ ਰਲ ਕੇ ਮੁਕਾਬਲਾ ਕੀਤਾ ਜਾਵੇ | ਪੰਜਾਬ ਵੱਲੋਂ ਰਾਜਾ ਗੁਲਾਬ ਸਿੰਘ ਅਤੇ ਚੀਨ ਵੱਲੋਂ ਤਿੱਬਤ ਦੇ ਲਾਮਾ 'ਗੁਰੂ' ਚਾਸਾਵਾਲਾ ਨੂੰ ਸੰਧੀ ਅਮਲ ਵਿਚ ਲਿਆਉਣ ਲਈ ਨਾਮਜ਼ਦ ਕੀਤਾ ਗਿਆ | ਇਸ ਸੰਖੇਪ ਜਿਹੇ ਇਤਿਹਾਸਕ ਨਜ਼ਰੀਏ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਉੱਨ ਅਤੇ ਰੇਸ਼ਮ ਦੀ ਤਜ਼ਾਰਤੀ ਮੰਡੀ ਵੀ ਬਣਾਉਣ ਦਾ ਇਛੁਕ ਸੀ ਤਾਂ ਕਿ ਅਰਬ ਖਾੜੀ ਨਾਲ ਲਾਂਘਾ ਬਣਾ ਕੇ ਅਫ਼ਗਾਨਿਸਤਾਨ ਦੀ ਬਜਾਏ ਤਜਾਰਤੀ ਰਾਹ ਪੰਜਾਬ ਵੱਲ ਦੀ ਵੀ ਬਣਾਇਆ ਜਾ ਸਕੇ | ਪੱਛਮ ਨੂੰ ਚਾਹ, ਰੇਸ਼ਮ, ਉੱਨ, ਕੀਮਤੀ ਜੜ੍ਹੀ-ਬੂਟੀਆਂ ਦੀ ਨਿਰਯਾਤ ਪੰਜਾਬ ਵੱਲੋਂ ਹੋ ਸਕੇ ਅਤੇ ਮੱਧ ਪੂਰਬ ਨਾਲ ਚੀਨ ਦਾ ਵਪਾਰਕ ਰਾਹ ਅਰਬ ਦੀ ਖਾੜੀ ਰਾਹੀਂ ਇਧਰੋਂ ਦੀ ਹੋ ਸਕੇ | ਕਸ਼ਮੀਰ-ਪੰਜਾਬ-ਸਿੰਧ ਰਸਤਿਉਂ ਕੌਮਾਂਤਰੀ ਵਪਾਰ ਵਿਚ ਵਾਧੇ ਨਾਲ, ਪੰਜਾਬ ਦੀ ਆਰਥਿਕਤਾ ਨੂੰ ਲਾਭ ਪੁੱਜ ਸਕਦਾ ਸੀ | ਭਾਰਤ-ਚੀਨ ਸਬੰਧਾਂ ਦੇ ਲੰਬੇ ਤੇ ਗੁੰਝਲਦਾਰ ਇਤਿਹਾਸ ਦੀ ਇਹ ਵੀ ਲੜੀ ਹੈ |


ਲਹਾਸਾ-ਤਿੱਬਤ ਤੋਂ ਸ਼ੀਆਂਨ ਵੱਲ
ਚੀਨ ਭੂਗੋਲਿਕ ਤੌਰ 'ਤੇ ਇਕ ਵੱਡਾ ਉਪ-ਦੀਪ ਹੈ, ਸਫ਼ਰ ਵਾਸਤੇ ਸੜਕਾਂ, ਰੇਲਾਂ ਅਤੇ ਹਵਾਈ ਸਹੂਲਤਾਂ ਦਾ ਜਾਲ ਪ੍ਰਭਾਵਸ਼ਾਲੀ ਜਾਪਦਾ ਹੈ | ਲਹਾਸਾ ਤੋਂ ਵਾਪਸ ਬੀਜਿੰਗ ਜਾਣ ਦੀ ਬਜਾਏ ਅਸੀਂ ਸ਼ੰਘਾਈ ਨੂੰ ਉਡਾਣ ਲੈ ਲਈ ਪਰ ਰਸਤੇ ਵਿਚ ਸ਼ੰਘਾਈ ਵੱਲ ਤੂਫਾਨੀ ਝੱਖੜ ਕਾਰਨ ਉਡਾਣ ਸ਼ੀਆਨ ਉਤਾਰ ਲਈ ਗਈ, ਜਿਥੇ ਇਕ ਦਿਨ ਤੋਂ ਵੀ ਘੱਟ ਦਾ ਅਟਕਾਅ ਸੀ | ਥੋੜ੍ਹੇ ਸਮੇਂ ਵਿਚ ਇਸ ਇਲਾਕੇ ਦੇ ਸੱਭਿਆਚਾਰ, ਆਰਥਿਕਤਾ, ਇਤਿਹਾਸ ਤੇ ਜੀਵਨ ਨੂੰ ਨੇੜਿਉਂ ਨਹੀਂ ਸੀ ਵੇਖਿਆ ਜਾ ਸਕਦਾ | ਫਿਰ ਵੀ ਸ਼ੀਆਂਨ ਸ਼ਹਿਰ, 2000 ਵਰ੍ਹੇ ਪਹਿਲੋਂ ਉਸਾਰੇ 'ਟੈਰਾ-ਕੌਟਾ-ਵਾਰੀਅਰ' ਬੁੱਤਾਂ ਬਾਰੇ ਮਸ਼ਹੂਰ ਹੈ ਕਿ ਬਾਦਸ਼ਾਹ ਕਿਨ ਸ਼ਿਹੰੂਆਂਗ ਦੇ ਨਾਲ ਰੱਖਿਅਕਾਂ ਦੇ ਤੌਰ 'ਤੇ ਇਹ, ਉਸ ਦੇ ਅਗਲੇ ਜੀਵਨ ਵਿਚ ਸਹਾਈ ਹੋਣਗੇ | ਇਸ ਪੁਰਾਤਨ ਸ਼ਹਿਰ ਦੀ ਅੰਦਰੂਨੀ ਦਿੱਖ ਪੁਰਾਣੀਆਂ ਇਮਾਰਤਾਂ ਅਤੇ ਅੰਦਰਲੇ ਹਿੱਸੇ ਦੇ ਨਮੂਨਿਆਂ ਤੋਂ ਝਲਕ ਪੈਂਦੀ ਹੈ | ਬਾਦਸ਼ਾਹ ਮਿੰਗ ਦੀ ਯਾਦਗਾਰ, ਸ਼ੈਂਕਸ਼ੀ ਅਜਾਇਬਘਰ, ਕਲਾਕ੍ਰਿਤਾਂ ਅਤੇ ਇਕ ਸਥਾਨਕ ਇਸਲਾਮਿਕ ਕੇਂਦਰ ਵੀ ਵੇਖਿਆ ਜਾ ਸਕਦਾ ਹੈ | ਸ਼ੀਆਂਨ ਹਵਾਈ ਅੱਡੇ 'ਤੇ ਉਸ ਸਮੇਂ ਚੈਂਗਡੂ-ਸਿਸ਼ੂਆਨ ਪ੍ਰਾਂਤ 'ਚ ਹੋ ਰਹੇ ਵਿਕਾਸ ਬਾਰੇ ਨੁਮਾਇਸ਼ ਸੀ | ਚੈਂਗਡੂ 'ਚ ਮਹਾਤਮਾ ਬੁੱਧ ਦਾ ਸਭ ਤੋਂ ਵੱਡਾ ਬੁੱਤ ਹੈ, ਇਥੇ ਹੀ ਪੈਂਦੇ ਹਨ, ਐਰਿਲੰਨ ਪਾਰਕ, ਪੀਪਲਜ਼ ਹਾਲ ਤੋਂ ਇਲਾਵਾ ਜਨਰਲ ਸਟਿਲਵੈਲ ਮਿਊਜ਼ੀਅਮ ਹੈ |


ਸ਼ੀਆਂਨ ਤੋਂ ਸ਼ੰਘਾਈ ਵੱਲ
ਸ਼ੀਆਂਨ ਤੋਂ ਸ਼ੰਘਾਈ ਦੇ ਪੂਡੌਾਗ ਹਵਾਈ ਅੱਡੇ 'ਤੇ ਪੁੱਜੇ, ਇਥੋਂ ਸ਼ਹਿਰ ਦੇ 'ਨਿਊ ਵਰਲਡ' ਇਲਾਕੇ ਤੱਕ ਦਾ ਸੜਕੀ ਸਫ਼ਰ, ਯੂਰਪ ਜਾਂ ਅਮਰੀਕਾ ਆਦਿ ਦੇ ਕਿਸੇ ਵੱਡੇ ਸ਼ਹਿਰ ਦੇ ਹਵਾਈ ਅੱਡੇ ਤੋਂ ਕੇਂਦਰੀ ਸ਼ਹਿਰ ਵੱਲ ਜਾਣ ਤੋਂ ਵੱਖਰਾ ਨਹੀਂ ਜਾਪਿਆ, ਸਿਵਾਏ ਕੁਝ ਇਮਾਰਤੀ ਨਮੂਨਿਆਂ ਤੋਂ | ਹਵਾਈ ਅੱਡੇ ਤੋਂ ਬੀਜਿੰਗ ਵਾਂਗ ਹੀ, ਸ਼ੰਘਾਈ ਨੂੰ ਜਾਂਦਾ ਵੱਡਾ ਮੋਟਰਵੇਅ, ਪੁਲ, ਸੜਕਾਂ, ਰੇਲਵੇ ਜਾਲ, ਦਰਿਆ, ਉੱਚੀਆਂ ਅਸਮਾਨ ਛੋਂਹਦੀਆਂ ਇਮਾਰਤਾਂ, ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਇਲਾਕੇ, ਸਨਅਤੀ ਕੇਂਦਰ ਅਤੇ ਸ਼ਾਪਿੰਗ ਸੈਂਟਰ ਆਦਿ ਸਭ ਪ੍ਰਭਾਵਸ਼ਾਲੀ ਹਨ | ਵਿਰਲੇ-ਵਿਰਲੇ ਇਲਾਕੇ ਮੰਦਹਾਲੀ, ਪਛੜੇਪਨ ਅਤੇ ਗਰੀਬੀ ਦਾ ਵੀ ਦੁਨੀਆ ਦੇ ਹੋਰਨਾਂ ਵੱਡੇ ਸ਼ਹਿਰਾਂ ਵਾਂਗ ਸਾਫ਼ ਸੰਕੇਤ ਦਿੰਦੇ ਹਨ | ਰਾਜਧਾਨੀ ਬੀਜਿੰਗ, ਵਪਾਰ ਕੇਂਦਰ, ਸ਼ੰਘਾਈ, ਦੋਵੇਂ ਸ਼ਹਿਰ ਹਵਾਈ ਅਤੇ ਸੜਕੀ ਆਵਾਜਾਈ ਬਿਨਾਂ, ਤੇਜ਼ ਰਫ਼ਤਾਰ ਰੇਲ ਨਾਲ ਵੀ ਜੁੜੇ ਹੋਏ ਹਨ | ਇਸੇ ਦੇ ਨਮੂਨੇ ਨੂੰ ਹੀ ਬਰਤਾਨੀਆ, ਲੰਦਨ, ਬਰਮਿੰਘਮ, ਮਾਨਚੈਸਟਰ, ਲੀਡਜ਼, ਨਿਊਕੈਸਲ, ਐਡਨਬਰਾ ਲਈ ਉਸਾਰਨ ਲਈ ਵਿਉਂਤਬੰਦੀ ਕਰ ਰਿਹਾ ਹੈ |


ਸ਼ੰਘਾਈ : ਸੱਭਿਆਚਾਰ ਤੇ ਆਰਥਿਕਤਾ ਦਾ ਧੁਰਾ
ਸ਼ੰਘਾਈ ਦੀ ਸੈਰ, ਚੀਨ ਦੀ ਆਰਥਿਕਤਾ ਦੇ ਵਿਕਾਸ ਅਤੇ ਸੰਸਕ੍ਰਿਤੀ ਦੀ ਸਪੱਸ਼ਟ ਤਸਵੀਰ ਪੇਸ਼ ਕਰ ਦਿੰਦੀ ਹੈ | ਇਕ ਪਾਸੇ ਯੂ-ਗਾਰਡਨ, ਦਰਿਆ ਕੰਢੇ, ਪੁਰਾਤਨ ਇਲਾਕੇ, ਅਜਾਇਬਘਰ, ਬਸਤੀਵਾਦੀ ਸਮਿਆਂ ਦੇ ਇਮਾਰਤੀ ਨਮੂਨੇ, ਲੱਖਾਂ ਕਲਾਕਿ੍ਤਾਂ ਆਦਿ ਖਿੱਚ ਦਾ ਕਾਰਨ ਬਣਦੇ ਹਨ | ਦੂਜੇ ਪਾਸੇ ਮਾਡਰਨ ਇਲਾਕੇ, ਨੈਨਜਿੰਗ ਰੋਡ ਇਲਾਕੇ ਦੇ ਸ਼ਾਪਿੰਗ ਸੈਂਟਰ, ਵਪਾਰਕ ਇਮਾਰਤਾਂ, ਆਲੀਸ਼ਾਨ ਹੋਟਲਾਂ ਦੀਆਂ ਸਹੂਲਤਾਂ ਜਿਨ੍ਹਾਂ ਦੀਆਂ ਟੈਕਸੀਆਂ ਵੀ ਬੈਂਟਲੇ, ਬੀ.ਐਮ. ਡਬਲਿਯੂ, ਡੇਮਲਰ, ਮਰਸੇਡੀਜ਼ ਆਦਿ ਕਾਰਾਂ ਹਨ, ਜੈਗੂਅਰ ਤੋਂ ਲੈ ਕੇ ਰੇਂਜ ਰੋਵਰ ਅਤੇ ਲੈਂਬਾਗੀਨਾ ਕਾਰਾਂ ਦੀਆਂ ਡੀਲਰਸ਼ਿਪਾਂ ਆਦਿ ਹਨ | ਤੀਜੇ ਪਾਸੇ ਧਾਰਮਿਕ ਕੇਂਦਰ 'ਗੌਡ ਟੈਂਪਲ', ਵਾਟਰ-ਫਰੰਟ ਸੈਰਗਾਹਾਂ ਦੇ ਨਾਲ ਮੰਗਤੇ ਵੀ ਦੇਖੇ, ਨੈਨਜ਼ਿੰਗ ਰੋਡ 'ਤੇ ਰੇਹੜੀ ਤੇ ਰੀਂਗਦੇ ਬਜ਼ੁਰਗ ਖੈਰ ਮੰਗਦੇ ਦੀ ਤਸਵੀਰ ਵੀ ਖਿੱਚੀ ਤੇ ਇਸ 'ਤੇ ਹੈਰਾਨੀ ਵੀ ਹੋਈ | ਜ਼ੈਂਗਸ਼ੀ ਦਰਿਆ, ਲੰਦਨ ਵਿਚ ਥੇਮਜ਼ ਵਾਂਗ ਹੀ ਹੈ ਤੇ ਇਸ 'ਤੇ ਕਿਸ਼ਤੀਆਂ ਰਾਹੀਂ ਸੈਰ ਕੀਤੀ ਜਾ ਸਕਦੀ ਹੈ | ਇਥੋਂ ਦੂਰ ਦੁਰਾਡੇ ਜਾਣ ਦੇ ਸੈਲਾਨੀਆਂ ਲਈ ਬੇੜੇ ਅਤੇ ਭਾਰ ਢੋਹਣ ਵਾਲੇ ਵੱਡੇ ਬੇੜੇ ਵੀ ਜਾਂਦੇ ਹਨ |


ਸ਼ੰਘਾਈ ਤੋਂ ਹਾਂਗਕਾਂਗ ਸਫ਼ਰ ਦੌਰਾਨ ਵਿਚਾਰਾਂ
ਹਿਮਾਲਿਆ ਤੋਂ ਪਾਰ ਲਹਾਸਾ-ਤਿੱਬਤ ਤੋਂ ਬੀਜ਼ਿੰਗ, ਸ਼ੰਘਾਈ, ਹਾਂਗਕਾਂਗ, ਕੁਆਲਾਲੰਪੁਰ ਅਤੇ ਸਿੰਗਾਪੁਰ ਆਦਿ ਦਾ ਸੈਲਾਨੀ ਸਫ਼ਰ, ਅੱਖਾਂ ਅਤੇ ਚੇਤਨਤਾ ਖੋਲ੍ਹਣ ਵਾਲਾ ਮਹਿਸੂਸ ਹੋਇਆ | ਹਿਮਾਲਿਆ ਤੋਂ ਪਾਰਲੇ ਪਾਸੇ, ਮੱਧ ਪੂਰਬ, ਯੂਰਪ ਅਤੇ ਉੱਤਰੀ ਅਮਰੀਕਾ ਦੀ ਗੱਲ ਬਹੁਤੀ ਹੁੰਦੀ ਹੈ-ਇਧਰਲੀ ਵਿਸ਼ਾਲ, ਵਿਕਾਸ ਕਰ ਰਹੀ ਅਤੇ ਦੂਰ-ਪੂਰਬ ਤੱਕ ਦੀ ਵਿਭਿੰਨ ਦੁਨੀਆ ਬਾਰੇ ਏਨੇ ਚਰਚੇ ਨਹੀਂ ਹੁੰਦੇ | ਇਸ ਦੇ ਕਾਰਨ ਇਤਿਹਾਸਕ ਅਤੇ ਸੱਭਿਆਚਾਰਕ ਤਾਂ ਹਨ ਹੀ ਪਰ ਬਸਤੀਵਾਦੀ ਪੱਛਮ ਅਤੇ ਧਾੜਵੀ ਮੱਧ ਪੂਰਬ ਦੇ ਭਾਰਤ ਨਾਲ ਔਖੇ ਸਬੰਧਾਂ ਕਾਰਨ, ਸਾਡੀ ਚਿੰਤਾ ਇਧਰ ਨੂੰ ਬਹੁਤੀ ਰਹੀ ਹੈ | ਅਸੀਂ ਬਰਮਿੰਘਮ ਤੋਂ ਡੁਬਈ, ਦਿੱਲੀ, ਬੀਜਿੰਗ, ਲਹਾਸਾ, ਸ਼ੀਆਂਨ, ਸ਼ੰਘਾਈ, ਹਾਂਗਕਾਂਗ, ਕੁਆਲਾਲੰਪੁਰ, ਸਿੰਗਾਪੁਰ ਅਤੇ ਕੋਲੰਬੋ ਰਾਹੀਂ ਵਾਪਸ ਆਉਂਦਿਆਂ ਕੋਈ 50 ਘੰਟਿਆਂ ਤੋਂ ਉੱਪਰ ਹਵਾਈ ਸਫ਼ਰ ਕੀਤਾ | ਇਸ ਦੌਰਾਨ ਸੋਚਣ, ਪੜ੍ਹਨ, ਵਿਚਾਰਨ ਅਤੇ ਗੱਲਬਾਤ ਲਈ ਬੜਾ ਸਮਾਂ ਮਿਲਿਆ | ਦਰਅਸਲ ਰਾਸ਼ਟਰੀ, ਕੌਮੀ, ਸੱਭਿਆਚਾਰਕ, ਆਰਥਿਕ, ਭਾਸ਼ਾਈ ਅਤੇ ਵਿਭਿੰਨ ਮਨੁੱਖੀ ਹੱਦਾਂ-ਬੰਨਿ੍ਹਆਂ ਦੀਆਂ ਰੁਕਾਵਟਾਂ ਤੇ ਵੰਡਾਂ ਅਜਾੲੀਂ ਲਗਦੀਆਂ ਹਨ | ਮਨੁੱਖਤਾ ਦੇ ਹਜ਼ਾਰਾਂ ਵਰਿ੍ਹਆਂ ਦੇ ਇਤਿਹਾਸ ਵਿਚ ਹਜ਼ਾਰਾਂ ਵਾਰ ਹੀ ਲੋਕ ਬਦਲਦੇ ਮੌਸਮਾਂ, ਰੁੱਤਾਂ, ਭੂਗੋਲਿਕ ਲੋੜਾਂ, ਆਫਤਾਂ, ਮੌਕਿਆਂ, ਜੰਗਾਂ-ਯੁੱਧਾਂ, ਵਪਾਰਕ ਲੁੱਟਾਂ, ਲੋੜਾਂ ਪੂਰੀਆਂ ਕਰਨ ਲਈ ਖੋਜਾਂ-ਭਾਲਾਂ ਆਦਿ-ਆਦਿ ਕਾਰਨ ਵਸੋਂ ਅਤੇ ਕਾਫ਼ਲੇ ਚਲਦੇ ਵਿਚਰਦੇ ਰਹੇ | ਪੰਜਾਬ ਤੋਂ ਲੋਕੀਂ ਦੁਨੀਆ ਦੇ ਅੱਜ 100 ਮੁਲਕਾਂ ਵਿਚ ਵਸਦੇ ਹਨ, ਦੁਨੀਆ ਚਲਦੀ-ਵਸਦੀ ਹੈ |

ਈਮੇਲ: sujinder.sangha@gmail.com
Twitter : @sanghadr.

ਸੁੰਦਰ ਫਰਕੇਰੀਆ

ਕੋਈ ਇਕ ਦਹਾਕਾ ਪਹਿਲਾਂ, ਜਲੰਧਰ ਸ਼ਹਿਰ ਲਾਗਲੇ ਪਿੰਡ ਆਪਣੇ ਫਾਰਮ ਘਰ ਵਿਚ ਲਗਾਇਆ ਗਿਆ ਇਹ ਬੂਟਾ 'ਮਸਤੀ' ਵਿਚ ਆ ਗਿਆ ਹੈ | ਕੋਈ 2 ਕੁ ਮਹੀਨੇ ਤੋਂ ਵਿਚਕਾਰੋਂ ਲਗਰ ਨਿਕਲਣੀ ਸ਼ੁਰੂ ਹੋਈ ਜੋ ਕਿ ਹੁਣ 7-8 ਫੁੱਟ ਉੱਚੀ ਹੋ ਗਈ ਹੈ | ਮੇਰੀ ਜਾਣਕਾਰੀ ਅਨੁਸਾਰ ਜਦੋਂ ਇਸ ਦੀ ਉਚਾਈ 10-12 ਫੁੱਟ ਹੋ ਗਈ ਤਾਂ ਚਿੱਟੇ, ਹਰਿਆਲੇ ਫੁੱਲ, ਚੋਟੀ 'ਤੇ ਲੱਗਣਗੇ |
ਫਰਕੇਰੀਆ (Furcraea Macdougali) ਇਸ ਦਾ ਤਕਨੀਕੀ ਨਾਂਅ ਹੈ ਅਤੇ ਇਸ ਦਾ ਪਿਛੋਕੜ Puebla ਮੈਕਸੀਕੋ ਦੇਸ਼ ਦਾ ਹੈ | ਇਸ ਨੂੰ ਸਾਡਾ ਪੌਣ-ਪਾਣੀ ਚੰਗਾ ਭਾਅ ਗਿਆ ਹੈ, ਆਪ ਇਸ ਸੁੰਦਰ ਪੌਦੇ ਨੂੰ ਗਮਲਿਆਂ ਵਿਚ ਜਾਂ 'ਪਹਾੜੀਨੁਮਾ' 'ਰੋਕਰੀ' ਉਤੇ ਵੀ ਲਗਾ ਸਕਦੇ ਹੋ |
ਰੁੱਤ ਆਈ ਬੂਟੇ ਲਗਾਉਣ ਦੀ
ਬਹੁਤ ਢੁਕਵਾਂ ਸਮਾਂ ਹੈ ਹਰ ਕਿਸਮ ਦੇ ਫੁੱਲ-ਫਲ ਬੂਟੇ ਲਗਾਉਣ ਦਾ | ਅੱਜਕਲ੍ਹ ਦਾ ਲਗਾਇਆ ਪੌਦਾ ਸਹਿਜੇ ਮਰਦਾ ਨਹੀਂ ਕਿਉਂ ਜੋ ਵਰਖਾ ਦੇ ਰੂਪ ਵਿਚ ਰੱਬ ਦੀ ਕਿਰਪਾ ਹੁੰਦੀ ਰਹਿੰਦੀ ਹੈ |
ਨਾਲ ਹੀ ਹੁਣ ਜਗ੍ਹਾ-ਜਗ੍ਹਾ, ਪੌਦਾ/ਰੁੱਖ ਲਗਾਓ ਮੁਹਿੰਮਾਂ ਚੱਲਣਗੀਆਂ | ਅਖ਼ਬਾਰਾਂ ਵਿਚ 'ਨੇਤਾ ਗਣ' ਬੂਟਾ ਲਗਾਉਂਦੇ ਵਿਖਾਏ ਜਾਣਗੇ | ਪੁੱਛਣ ਵਾਲਾ ਕੋਈ ਸਵਰਗੀ ਡਾ: ਐਮ.ਐਸ. ਰੰਧਾਵਾ ਵਰਗਾ ਨਹੀਂ ਜੋ ਸਾਨੂੰ ਨਾਲੋ-ਨਾਲ ਪੁੱਛਦੇ ਰਹਿੰਦੇ ਸਨ ਕਿ ਜੋ ਲਗਾਏ, ਤੁਸੀਂ ਦੱਸੋ ਕਿੰਨੇ ਚੱਲੇ/ਬਚੇ!

dosanjhsps0gmail.com

ਚੜ੍ਹਦੇ ਸੂਰਜ ਦੀ ਧਰਤੀ : ਜਾਪਾਨ-2

ਬਜ਼ੁਰਗਾਂ ਅਤੇ ਦਰੱਖਤਾਂ ਦੇ ਸਰਮਾਏ ਨੂੰ ਸੰਭਾਲਦਾ ਮੁਲਕ

ਨਰੀਤਾ-ਆਦਰਸ਼ ਪਿੰਡ ਦਾ ਨਮੂਨਾ
ਸਫ਼ਰਨਾਮਾ—ਇਸ ਦੀ ਸ਼ਬਦੀ ਪਰਿਭਾਸ਼ਾ ਦੇ ਗਿਆਨ ਦੀ ਸੋਝੀ ਤਾਂ ਮੈਨੂੰ ਨਹੀਂ ਹੈ ਪਰ ਮੇਰੀ ਸਮਝ ਮੁਤਾਬਿਕ ਜਦ ਕੋਈ ਆਪਣੀਆਂ ਅੱਖਾਂ ਨਾਲ ਵੇਖੇ ਨਜ਼ਾਰੇ, ਆਪਣੇ ਲਫ਼ਜ਼ਾਂ ਦੇ ਰਾਹੀਂ ਲੋਕਾਂ ਦੀਆਂ ਨਜ਼ਰਾਂ ਜਾਂ ਦਿਲੋ-ਦਿਮਾਗ਼ ਤੱਕ ਪਹੁੰਚਾਉਣ 'ਚ ਸਫ਼ਲ ਹੋ ਜਾਵੇ ਤਾਂ ਉਸ ਦਾ ਸਫ਼ਰਨਾਮਾ ਸਾਰਥਿਕ ਮੰਨਿਆ ਜਾ ਸਕਦਾ ਹੈ | ਮੈਂ ਇਸ ਸਫ਼ਰਨਾਮੇ 'ਚ ਤੁਹਾਡੇ ਨਾਲ ਆਪਣੀ ਜਾਪਾਨ ਯਾਤਰਾ ਦੇ ਤਜਰਬੇ ਸਾਂਝੇ ਕਰ ਰਹੀ ਹਾਂ | ਇਸ ਦਾ ਸਾਰਥਿਕ ਹੋਣ ਦਾ ਦਾਰੋਮਦਾਰ ਪੂਰੀ ਤਰ੍ਹਾਂ ਨਾਲ ਪਾਠਕਾਂ 'ਤੇ ਨਿਰਭਰ ਕਰਦਾ ਹੈ |
ਜਾਪਾਨ, ਜਿਸ ਨੂੰ ਚੜ੍ਹਦੇ ਸੂਰਜ ਦੀ ਧਰਤੀ ਵੀ ਕਿਹਾ ਜਾਂਦਾ ਹੈ, ਤੱਕ ਪਹੁੰਚਣ ਲਈ 8 ਘੰਟਿਆਂ ਦਾ ਹਵਾਈ ਸਫ਼ਰ ਤੈਅ ਕਰਨਾ ਪੈਂਦਾ ਹੈ | ਪਰ ਇਨ੍ਹਾਂ ਘੰਟਿਆਂ ਦੇ ਸਫ਼ਰ ਦੀ ਤਿਆਰੀ ਕਰਨ ਲਈ ਮੈਨੂੰ ਤਕਰੀਬਨ ਸਵਾ ਮਹੀਨਾ ਲੱਗ ਗਿਆ (ਇਸ ਸਮੇਂ 'ਚ ਕੱਪੜੇ-ਲੱਤੇ ਦੀ ਖਰੀਦਦਾਰੀ ਸ਼ਾਮਿਲ ਨਹੀਂ) | ਇਸ ਪੂਰੇ ਸਮੇਂ ਦੌਰਾਨ ਮੈਨੂੰ ਵੱਡੇ ਬਜ਼ੁਰਗਾਂ ਦੀ ਕਹੀ ਇਕ ਗੱਲ ਚੇਤੇ ਆਉਂਦੀ ਰਹੀ, 'ਕਾਹਲੀ ਅੱਗੇ ਟੋਏ |'
ਦਰਅਸਲ ਮੈਂ ਅੱਜ ਤੱਕ ਕਦੇ ਪਾਸਪੋਰਟ ਲਈ ਅਪਲਾਈ ਨਹੀਂ ਕੀਤਾ ਸੀ | ਜਿਉਂ ਹੀ ਵਿਦੇਸ਼ ਜਾਣ ਦੀ ਚਰਚਾ ਹੁੰਦੀ, ਮੈਨੂੰ ਪਾਸਪੋਰਟ ਬਣਾਉਣ ਲਈ ਕਿਹਾ ਜਾਂਦਾ ਤਾਂ ਮੇਰਾ ਤਰਕ ਹੁੰਦਾ ਕਿ ਅਜੇ ਤਾਂ ਮੈਂ ਭਾਰਤ ਦੇ ਕਿੰਨੇ ਹੀ ਹਿੱਸੇ ਨਹੀਂ ਦੇਖੇ | ਪਰ ਇਸ ਵਾਰ ਜਾਣ ਦਾ ਪ੍ਰੋਗਰਾਮ ਏਨੀ ਕਾਹਲੀ 'ਚ ਬਣਿਆ ਕਿ ਮੈਨੂੰ ਪਹਿਲਾਂ ਬਣੇ ਹੋਏ ਪਾਸਪੋਰਟ ਦੀ ਅਹਿਮੀਅਤ ਦਾ ਪਤਾ ਲੱਗਾ | ਪਹਿਲਾਂ ਤਾਂ ਪਾਸਪੋਰਟ ਦੇ ਨਾਲ ਲੱਗਣ ਵਾਲੇ ਦਸਤਾਵੇਜ਼ਾਂ ਨੂੰ ਤਿਆਰ ਕਰਨ 'ਚ ਹੀ ਅੱਧਾ ਸਮਾਂ ਲੱਗ ਗਿਆ, ਫਿਰ ਕਿਸੇ ਨਾ ਕਿਸੇ ਤਕਨੀਕੀ ਕਾਰਨ ਦੋ-ਤਿੰਨ ਵਾਰ ਪਾਸਪੋਰਟ ਦਫਤਰ ਤੋਂ ਬੇਰੰਗ ਹੀ ਆਉਣਾ ਪਿਆ |
ਸਫ਼ਰ ਲਈ ਘਰੋਂ ਨਿਕਲਦਿਆਂ ਜਦ ਮੈਂ ਆਪਣੀ 'ਜੱਦੋ-ਜਹਿਦ' ਨੂੰ ਯਾਦ ਕੀਤਾ ਤਾਂ ਇਕ ਸਕੂਨ ਜਿਹਾ ਦਿਲ 'ਚ ਸੀ ਅਤੇ ਸਫ਼ਰ ਤੋਂ ਵੱਧ ਸੰਤੋਖ ਇਸ ਗੱਲ ਦਾ ਸੀ ਕਿ ਸਾਰੇ ਕੰਮ ਨੇਪਰੇ ਚੜ੍ਹ ਗਏ | ਹੁਣ ਬਸ ਨਵੇਂ ਮੁਲਕ ਪਹੁੰਚਣ ਦੀ ਤਾਂਘ ਸੀ |


ਆਦਰਸ਼ ਪਿੰਡ ਦਾ ਨਮੂਨਾ 'ਨਰੀਤਾ'
ਜਿਵੇਂ ਨਵੀਂ ਕਿਤਾਬ ਦੀ ਨਿਵੇਕਲੀ ਜਿਹੀ ਖੁਸ਼ਬੂ ਹੁੰਦੀ ਹੈ, ਕੁਝ ਅਜਿਹੀ ਹੀ ਸੀ ਜਾਪਾਨ ਦੀ ਧਰਤੀ ਦੀ ਖੁਸ਼ਬੂ | ਹਵਾ ਦੇ ਬੁੱਲੇ ਜਿਵੇਂ ਸਵਾਗਤ ਲਈ ਖੜ੍ਹੇ ਹੋਣ | ਦਿੱਲੀ ਦੀ 42 ਡਿਗਰੀ ਸੈਲਸੀਅਸ ਦੀ ਗਰਮੀ 'ਚੋਂ ਨਿਕਲ ਕੇ 25 ਡਿਗਰੀ 'ਚ ਪਹੁੰਚਣਾ, ਆਪਣੇ-ਆਪ 'ਚ ਸੁਖਾਵਾਂ ਅਹਿਸਾਸ ਸੀ |
ਨਰੀਤਾ ਅੰਤਰਰਾਸ਼ਟਰੀ ਹਵਾਈ ਅੱਡਾ ਨਰੀਤਾ 'ਚ ਸਥਿਤ ਹੈ | ਜਾਪਾਨ ਦੀ ਰਾਜਧਾਨੀ ਟੋਕੀਓ, ਪਹਿਲੀ ਰਾਜਧਾਨੀ ਕਿਊਟੋ ਜਾਂ ਫਿਰ ਕਾਰੋਬਾਰੀ ਸ਼ਹਿਰ ਮਿੰਟਜਾਕੋ ਦੀ ਬਨਿਸਬਤ ਨਰੀਤਾ ਨੂੰ ਪਿੰਡ ਕਿਹਾ ਜਾ ਸਕਦਾ ਹੈ | ਇਥੇ (ਨਰੀਤਾ) ਦਾ ਸੰਖੇਪ ਜਿਹਾ ਇਤਿਹਾਸ ਆਪਣੇ-ਆਪ 'ਚ ਕਾਫ਼ੀ ਦਿਲਚਸਪ ਹੈ |
ਨਰੀਤਾ ਜਾਪਾਨ ਦੇ ਪੂਰਬੀ ਹਿੱਸੇ 'ਚ ਸਥਿਤ ਸ਼ਹਿਰ ਹੈ, ਜਿਸ ਨੂੰ ਟੋਕੀਓ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ | ਨਰੀਤਾ ਹਵਾਈ ਅੱਡੇ ਦੀ ਉਸਾਰੀ ਟੋਕੀਓ ਦੇ ਨਾਲ ਲਗਦੇ ਹਨੇਦਾ ਹਵਾਈ ਤੋਂ ਟ੍ਰੈਫਿਕ ਦਾ ਭਾਰ ਘਟਾਉਣ ਲਈ ਕੀਤੀ ਗਈ ਸੀ | ਉਂਜ ਤਾਂ ਇਸ ਦੀ ਉਸਾਰੀ ਦੀ ਵਿਉਂਤ 1960 ਤੋਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਖੇਤੀਬਾੜੀ ਵਾਲਾ ਇਲਾਕਾ ਹੋਣ ਕਾਰਨ ਇਥੇ ਹਵਾਈ ਅੱਡਾ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ |
ਰੋਸ, ਮੁਸ਼ਕਿਲਾਂ ਅਤੇ ਵਿਵਾਦਾਂ ਦੇ ਲੰਮੇ ਦੌਰ ਤੋਂ ਬਾਅਦ ਆਖਿਰਕਾਰ 1972 'ਚ ਪਹਿਲਾ ਮੁਸਾਫ਼ਿਰ ਟਰਮੀਨਲ ਮੁਕੰਮਲ ਕੀਤਾ ਜਾ ਸਕਿਆ | ਭਾਵੇਂ ਹਵਾਈ ਅੱਡੇ ਦੀ ਰਸਮੀ ਸ਼ੁਰੂਆਤ 1972 ਵਿਚ ਕਰ ਦਿੱਤੀ ਗਈ ਪਰ ਸਥਾਨਕ ਲੋਕਾਂ ਦੇ ਰੋਸ ਅਤੇ ਇਤਰਾਜ਼ਾਂ ਕਾਰਨ ਇਸ ਹਵਾਈ ਅੱਡੇ ਦਾ ਪਹਿਲਾ ਰਨਵੇ 6 ਸਾਲਾਂ ਬਾਅਦ ਹੀ ਚਾਲੂ ਕੀਤਾ ਜਾ ਸਕਿਆ |
1991 'ਚ ਨਰੀਤਾ ਹਵਾਈ ਅੱਡੇ ਦੇ ਕੋਲ ਹੀ ਨਵਾਂ ਅੰਡਰਗਰਾਊਾਡ ਰੇਲਵੇ ਸਟੇਸ਼ਨ ਬਣਾਇਆ ਗਿਆ | 2004 'ਚ ਨਿਊ ਟੋਕੀਓ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿੱਜੀਕਰਨ ਤੋਂ ਬਾਅਦ ਇਹ ਮੌਜੂਦਾ ਰੂਪ 'ਚ ਆਇਆ | ਹੁਣ ਹਵਾਈ ਅੱਡੇ ਨੂੰ ਕਿਸੇ ਛੋਟੇ ਸ਼ਹਿਰ ਦਾ ਮਿੰਨੀ ਮਾਡਲ ਕਿਹਾ ਜਾ ਸਕਦਾ ਹੈ | ਜੋ ਖਾਣ-ਪੀਣ ਤੋਂ ਲੈ ਕੇ ਕੱਪੜਿਆਂ ਤੱਕ ਅਤੇ ਹੋਰ ਕਈ ਤਰ੍ਹਾਂ ਦੀਆਂ ਦੁਕਾਨਾਂ ਨਾਲ ਰੁਸ਼ਨਾਇਆ ਹੋਇਆ ਹੋਵੇ | ਹਵਾਈ ਅੱਡੇ ਤੋਂ ਬਾਹਰ ਨਿਕਲਦਿਆਂ ਜਾਪਾਨ ਦੇ ਇਸ ਪਿੰਡ ਨੇ ਮੈਨੂੰ ਕਾਫ਼ੀ ਕੁਝ ਸੋਚਣ 'ਤੇ ਮਜਬੂਰ ਕਰ ਦਿੱਤਾ |
ਕੀ ਇਹ ਹੀ ਹੈ ਉਸ ਆਦਰਸ਼ ਪਿੰਡ ਦਾ ਨਮੂਨਾ, ਜਿਸ ਦਾ ਨਾਂਅ ਜਾਂ ਜ਼ਿਕਰ ਮੇਰੇ ਦੇਸ਼ 'ਚ ਸਿਹਤ ਸਕੀਮਾਂ ਤੱਕ ਸੀਮਤ ਹੈ | 24 ਘੰਟੇ ਬਿਜਲੀ, ਪਾਣੀ, ਵਾਈ-ਫਾਈ, ਥਾਂ-ਥਾਂ 'ਤੇ ਬੈਠਣ ਲਈ ਬੈਂਚ, ਸੜਕਾਂ ਦੇ ਦੋਵਾਂ ਕਿਨਾਰਿਆਂ 'ਤੇ ਸਟੀਲ ਦੀ ਕਵਰਡ ਜਾਲੀ ਤਾਂ ਜੋ ਬਰਸਾਤ ਦਾ ਪਾਣੀ ਉਸ 'ਚੋਂ ਨਿਕਲ ਸਕੇ | ਸੜਕਾਂ 'ਤੇ ਮਿੱਟੀ-ਘੱਟੇ ਦਾ ਨਿਸ਼ਾਨ ਨਹੀਂ | ਟ੍ਰੈਫਿਕ ਲਾਈਟ 'ਤੇ ਬੱਤੀ ਦੇ ਹਰਾ ਹੋਣ ਦੀ ਉਡੀਕ ਕਰਦੇ ਲੋਕ ਅਤੇ ਗੱਡੀਆਂ |
ਸਭ ਕੁਝ ਇਕ ਸੁਫਨੇ ਵਾਂਗ ਲੱਗ ਰਿਹਾ ਸੀ ਅਤੇ ਦਿਲ ਦੇ ਪਿਛਲੇ ਕੋਨੇ 'ਚੋਂ ਇਕ ਆਵਾਜ਼ ਆ ਰਹੀ ਸੀ, 'ਮੇਰੇ ਦੇਸ਼ 'ਚ ਇੰਝ ਕਦ ਹੋਏਗਾ?


ਬਜ਼ੁਰਗਾਂ ਅਤੇ ਦਰੱਖਤਾਂ ਨੂੰ ਸੰਭਾਲਦਾ ਦੇਸ਼
ਜਾਪਾਨ 'ਚ ਬਜ਼ੁਰਗਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ | 2014 'ਚ ਕੀਤੇ ਸਰਵੇਖਣ ਮੁਤਾਬਿਕ ਜਾਪਾਨ ਦੀ 33 ਫ਼ੀਸਦੀ ਆਬਾਦੀ 60 ਸਾਲ ਤੋਂ ਉੱਪਰ ਉਮਰ ਵਾਲੀ ਸੀ ਪਰ ਇਨ੍ਹਾਂ ਅੰਕੜਿਆਂ ਨੂੰ ਰਾਸ਼ਟਰੀ ਸਮੱਸਿਆ ਐਲਾਨਣ ਦੀ ਥਾਂ 'ਤੇ ਉਥੇ ਸਮੱਸਿਆ ਦੇ ਹੱਲ ਵੱਲ ਵਧੇਰੇ ਧਿਆਨ ਦਿੱਤਾ ਗਿਆ | ਥਾਂ-ਥਾਂ 'ਤੇ ਬੈਂਚ ਜਾਂ ਸਟੂਲ ਵੀ ਬਜ਼ੁਰਗਾਂ ਦੀ ਸਹੂਲਤ ਨੂੰ ਧਿਆਨ 'ਚ ਰੱਖ ਕੇ ਲਾਏ ਗਏ ਹਨ |
ਇਥੇ ਇਕ ਹੋਰ ਗੱਲ ਵੀ ਸਾਂਝੀ ਕਰਨਾ ਚਾਹਾਂਗੀ | ਗੱਲ ਬਹੁਤ ਛੋਟੀ ਜਿਹੀ ਹੈ ਪਰ ਮੇਰੇ ਮਨ ਨੂੰ ਛੂਹ ਗਈ | ਜਾਪਾਨ ਦੇ ਜਿਨ੍ਹਾਂ ਵੀ ਹਿੱਸਿਆਂ 'ਚ ਮੈਂ ਗਈ, ਮੈਨੂੰ ਹਰਿਆਲੀ ਦੀ ਕਿਤੇ ਵੀ ਘਾਟ ਨਹੀਂ ਨਜ਼ਰ ਆਈ | ਜ਼ਾਹਿਰ ਹੈ ਕਿ ਇਹ ਹਰਿਆਲੀ ਥਾਂ-ਥਾਂ 'ਤੇ ਲੱਗੇ ਦਰੱਖਤਾਂ ਸਦਕਾ ਹੀ ਸੀ | ਇਨ੍ਹਾਂ 'ਚੋਂ ਕੁਝ ਦਰੱਖਤ ਬਹੁਤ ਪੁਰਾਣੇ ਸਨ, ਕਈ ਕਮਜ਼ੋਰ ਵੀ ਸਨ | ਇੰਨੇ ਕਮਜ਼ੋਰ ਕਿ ਆਪਣਾ-ਆਪ ਚੁੱਕਣ ਤੋਂ ਅਸਮਰੱਥ ਸਨ | ਪਰ ਇਨ੍ਹਾਂ ਦਰੱਖਤਾਂ ਨੂੰ ਖੜ੍ਹਾ ਰੱਖਣ ਜਾਂ ਕਹੋ ਜਿਊਾਦਾ ਰੱਖਣ ਲਈ ਉਨ੍ਹਾਂ ਨੂੰ ਬਾਂਸ ਦਾ ਆਸਰਾ ਦਿੱਤਾ ਗਿਆ ਸੀ | (ਕਈ ਥਾਵਾਂ 'ਤੇ 5-6 ਬਾਂਸ ਲਾਏ ਗਏ ਸਨ) | ਅਜਿਹਾ ਮੰਜ਼ਰ ਕਿਸੇ ਇਕ ਇਲਾਕੇ ਤੱਕ ਸੀਮਤ ਨਹੀਂ ਸੀ, ਸਗੋਂ ਕਈ ਥਾਵਾਂ 'ਤੇ ਨਜ਼ਰ ਆਇਆ |
ਜਾਪਾਨ ਦੇ ਇਕ ਟੂਰ ਗਾਈਡ ਨੇ ਇਹ ਵੀ ਦੱਸਿਆ ਕਿ ਦਰੱਖਤ ਲਾਉਣ ਦਾ ਕੰਮ ਸਿਰਫ਼ ਸਰਕਾਰ ਦੇ ਜ਼ਿੰਮੇ ਨਹੀਂ ਹੈ, ਸਗੋਂ ਲੋਕ ਵੀ ਪੂਰੇ ਉਤਸ਼ਾਹ ਨਾਲ ਉਸ 'ਚ ਹਿੱਸਾ ਲੈਂਦੇ ਹਨ | ਇਥੋਂ ਤੱਕ ਕਿ ਮੰਦਿਰਾਂ 'ਚ ਦਿੱਤੇ ਜਾਣ ਵਾਲੇ ਦਾਨ 'ਚ ਵੀ ਦਰੱਖਤ ਸ਼ਾਮਿਲ ਹੁੰਦੇ ਹਨ | ਪੁਰਾਣੇ ਦਰੱਖਤਾਂ ਤੋਂ ਇਲਾਵਾ ਨਵੀਆਂ ਵੱਡੀਆਂ ਹੋ ਰਹੀਆਂ ਕੋਪਲਾਂ ਨੂੰ ਵੀ ਹਲਕੇ ਆਸਰੇ ਨਾਲ ਲਾਇਆ ਜਾਂਦਾ ਹੈ | ਇੰਜ ਜਿਵੇਂ ਤੁਰਨ ਦੀ ਜਾਚ ਸਿੱਖ ਰਹੇ ਬੱਚੇ ਨੂੰ ਸਿਰਫ਼ ਇਕ ਉਂਗਲ ਦਾ ਸਹਾਰਾ ਦਿੱਤਾ ਜਾਂਦਾ ਹੋਵੇ |
ਹਰਿਆਵਲ ਕਾਇਮ ਰੱਖਣ ਲਈ ਦਰੱਖਤਾਂ ਨੂੰ ਇਕ ਥਾਂ ਤੋਂ ਪੁੱਟ ਕੇ ਦੂਜੀ ਥਾਂ 'ਤੇ ਵੀ ਲਾਇਆ ਜਾਂਦਾ ਹੈ | ਪਰ ਇਨ੍ਹਾਂ ਦਰੱਖਤਾਂ ਨੂੰ ਤਦ ਤੱਕ ਪੂਰੀ ਤਰ੍ਹਾਂ ਢਕ ਕੇ ਰੱਖਿਆ ਜਾਂਦਾ ਹੈ, ਜਦ ਤੱਕ ਜੜ੍ਹਾਂ ਅਤੇ ਨਵੀਂ ਜ਼ਮੀਨ ਇਕ-ਦੂਜੇ ਨੂੰ ਪੂਰੀ ਤਰ੍ਹਾਂ ਅਪਣਾ ਨਹੀਂ ਲੈਂਦੀਆਂ | ਗੱਲਾਂ ਮਾਮੂਲੀ ਸਨ, ਪਰ ਆਪਣੇ-ਆਪ 'ਚ ਮੁਕੰਮਲ ਵੀ ਅਤੇ ਵੱਡੀਆਂ ਵੀ ਸਨ |
ਖ਼ੈਰ! ਅਸੀਂ ਬਜ਼ੁਰਗਾਂ ਦੀ ਗੱਲ ਕਰ ਰਹੇ ਸਾਂ | ਜਾਪਾਨ 'ਚ ਸੇਵਾਮੁਕਤ (ਰਿਟਾਇਰਮੈਂਟ) ਦੀ ਉਮਰ 55 ਸਾਲ ਹੈ ਪਰ ਰਿਟਾਇਰਮੈਂਟ ਤੋਂ ਬਾਅਦ ਜਿਥੇ ਭਾਰਤ 'ਚ ਬਜ਼ੁਰਗ ਨੂੰ ਭਾਰ ਸਮਝਿਆ ਜਾਣ ਲਗਦਾ ਹੈ | (ਇਥੇ ਬਦਲਾਅ ਦੋ ਨਜ਼ਰੀਏ 'ਚ ਹੁੰਦਾ ਹੈ | ਵਿਅਕਤੀ ਦੀ ਆਪਣੀ ਸੋਚ 'ਚ—ਰਿਟਾਇਰ ਹੋਣ ਕਾਰਨ ਮੈਂ ਨਕਾਰਾ ਹੋ ਗਿਆ ਹਾਂ ਅਤੇ ਪਰਿਵਾਰ ਦੀ ਸੋਚ 'ਚ ਜ਼ਿਆਦਾਤਰ ਰਿਟਾਇਰ ਵਿਅਕਤੀਆਂ ਨੂੰ ਪਰਿਵਾਰ ਦੇ ਮੈਂਬਰ ਕੁਝ ਉਪਰਲੇ ਕੰਮਾਂ ਤੱਕ ਸੀਮਤ ਕਰ ਦਿੰਦੇ ਹਨ |) ਪਰ ਜਾਪਾਨ 'ਚ ਇਹ ਸੋਚ ਲਾਗੂ ਨਹੀਂ ਹੁੰਦੀ | ਉਥੇ 65 ਸਾਲ ਤੱਕ ਲੋਕ ਕੰਮ ਕਰਨ ਦੇ ਚਾਹਾਵਨ ਹੁੰਦੇ ਹਨ | ਉਸ ਤੋਂ ਬਾਅਦ ਵੀ ਆਪਣੇ-ਆਪ ਨੂੰ ਕਿਸੇ ਰੁਝੇਵੇਂ 'ਚ ਲਾਈ ਰੱਖਦੇ ਹਨ |
ਮੇਰੀ ਮੁਲਾਕਾਤ ਮੈਟਰੋ 'ਚ ਇਕ 75 ਸਾਲ ਦੇ ਵਿਅਕਤੀ ਨਾਲ ਹੋਈ | ਯੋਮੀ ਤਾਕੇ ਨਾਂਅ ਦੇ ਇਸ ਸ਼ਖ਼ਸ ਨੇ ਬੜੇ ਇਸਰਾਰ ਤੋਂ ਬਾਅਦ ਆਪਣੀ ਉਮਰ ਦੱਸੀ | ਤਾਕੇ ਦੇ ਰੰੂ ਦੇ ਫੰਬਿਆਂ ਵਰਗੇ ਚਿੱਟੇ ਵਾਲ ਹੀ ਉਨ੍ਹਾਂ ਦੀ ਉਮਰ ਦੀ ਗਵਾਹੀ ਦੇ ਰਹੇ ਸਨ | ਬਾਕੀ ਨਾ ਤਾਂ ਉਨ੍ਹਾਂ ਦੇ ਚਿਹਰੇ ਅਤੇ ਨਾ ਹੀ ਉਨ੍ਹਾਂ ਦੇ ਹਾਵ-ਭਾਵ 'ਤੋਂ ਬਜ਼ੁਰਗੀ ਦਾ ਅਹਿਸਾਸ ਹੋ ਰਿਹਾ ਸੀ | ਤਾਕੇ ਨੇ ਰਿਟਾਇਰਮੈਂਟ ਤੋਂ ਬਾਅਦ ਖੇਤੀਬਾੜੀ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ |
ਖੇਤੀਬਾੜੀ ਮੇਰੇ ਮੁਤਾਬਿਕ ਕਾਫ਼ੀ ਹੱਡ ਭੰਨਵੀਂ ਮਿਹਨਤ ਮੰਗਦੀ ਹੈ | ਮੇਰੇ ਮੱਥੇ 'ਤੇ ਪਈਆਂ ਹੈਰਾਨੀ ਦੀਆਂ ਲਕੀਰਾਂ ਨੂੰ ਉਨ੍ਹਾਂ ਦੀਆਂ ਤਜਰਬੇਕਾਰ ਅੱਖਾਂ ਨੇ ਸ਼ਾਇਦ ਪੜ੍ਹ ਲਿਆ ਸੀ | ਉਨ੍ਹਾਂ ਮੁਸਕਰਾਉਂਦਿਆਂ ਦੱਸਿਆ ਕਿ ਖੇਤੀ ਦਾ ਕੰਮ ਉਥੇ ਓਨਾ ਭਾਰੂ ਨਹੀਂ ਹੈ, ਜਿੰਨਾ ਭਾਰਤ 'ਚ ਹੈ | ਖੇਤੀਬਾੜੀ ਮਾਹਿਰ ਅਤੇ ਵਿਗਿਆਨੀ ਕਿੱਤੇ ਦੇ ਪੂਰੇ ਅਮਲ ਨੂੰ ਸੁਖਾਲਾ ਬਣਾਉਣ ਦਾ ਯਤਨ ਕਰਦੇ ਹਨ | ਇਕ-ਇਕ ਕਦਮ ਜਿਵੇਂ ਕਾਸ਼ਤਕਾਰੀ, ਵਾਢੀ ਤੇ ਕੀਤੀ ਖੋਜ ਸਦਕਾ ਕਾਫ਼ੀ ਕੰਮ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਹੈ |
ਮਨ ਕੀਤਾ ਕਿ ਉਸ ਬਜ਼ੁਰਗ ਤੋਂ ਉਨ੍ਹਾਂ ਤਕਨੀਕਾਂ ਬਾਰੇ ਹੋਰ ਵਿਸਥਾਰ ਨਾਲ ਪੁੱਛਦੀ ਜਾਵਾਂ ਤਾਂ ਜੋ ਮੇਰੇ ਮੁਲਕ ਦੇ ਕਿਸਾਨ ਦੇ ਮੁੜ੍ਹਕੇ ਨੂੰ ਵੀ ਰਤਾ ਆਰਾਮ ਮਿਲੇ ਪਰ ਭਾਸ਼ਾ ਅਤੇ ਵੱਖ-ਵੱਖ ਮੰਜ਼ਿਲ ਦੀ ਬੰਦਿਸ਼ ਕਾਰਨ ਇਹ ਸੰਭਵ ਨਾ ਹੋ ਸਕਿਆ |
ਪਰ ਹਾਂ ਜਾਂਦੇ-ਜਾਂਦੇ ਉਨ੍ਹਾਂ ਦੀ ਕਹੀ ਇਕ ਹੋਰ ਗੱਲ ਨੇ ਮੇਰੀ ਮੁਸ਼ਕਾਨ ਅਤੇ ਉਨ੍ਹਾਂ ਪ੍ਰਤੀ ਇੱਜ਼ਤ 'ਚ ਹੋਰ ਇਜ਼ਾਫਾ ਕਰ ਦਿੱਤਾ | ਰਿਟਾਇਰਮੈਂਟ ਤੋਂ ਬਾਅਦ ਉਹ 8 ਵਾਰ 'ਮਾਊਾਟ ਫੂਜੀ' (ਜਾਪਾਨ ਦੀ ਇਕ ਮਸ਼ਹੂਰ ਪਹਾੜੀ, ਜਿਸ ਨੂੰ ਜਿਊਾਦੇ ਜਲਜਲੇ ਵਜੋਂ ਜਾਣਿਆ ਜਾਂਦਾ ਹੈ) ਦੀ ਚੜ੍ਹਾਈ ਚੜ੍ਹ ਚੁੱਕੇ ਹਨ |
ਮਨ ਦੀ ਅੰਦਰਲੀ ਕਸ਼ਮਕਸ਼ ਲਗਾਤਾਰ ਜਾਰੀ ਸੀ | ਬਜ਼ੁਰਗ ਸਮਾਜ ਦਾ ਸਰਮਾਇਆ ਹੁੰਦੇ ਹਨ | ਭਾਰਤ 'ਚ ਇਹ ਗੱਲ ਜਿੰਨੀ ਵਾਰ ਵੀ ਦੁਹਰਾਈ ਜਾਵੇਗੀ, ਸਾਰਿਆਂ ਦਾ ਸਿਰ ਰਜ਼ਾਮੰਦੀ 'ਚ ਜ਼ਰੂਰ ਹਿੱਲੇਗਾ | ਪਰ ਉਸ ਸਰਮਾਏ ਦੀ ਸੰਭਾਲ ਕਿਵੇਂ ਕਰਨੀ ਹੈ, ਇਸ ਪੱਖ 'ਚ ਸੁਧਾਰ ਲਿਆਉਣ ਲਈ ਅਸੀਂ ਜਾਪਾਨ ਵੱਲ ਵੇਖ ਸਕਦੇ ਹਾਂ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099101-88350

ਬਰਫ਼ਾਨੀ ਯੁੱਗਾਂ ਦੀ ਦਾਸਤਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
36 ਕੁ ਕਰੋੜ ਤੋਂ 26 ਕਰੋੜ ਸਾਲ ਈ: ਪੂਰਵ ਤੱਕ ਕਾਰੂ ਬਰਫ਼ਾਨੀ ਯੁੱਗ ਆਇਆ | ਉਦੋਂ ਸਾਰੀ ਧਰਤੀ ਉੱਪਰ ਪੌਦੇ ਬਹੁਤ ਫੈਲ ਗਏ ਸਨ ਜਿਨ੍ਹਾਂ ਨੇ ਵਾਯੂਮੰਡਲ ਵਿਚੋਂ ਕਾਫੀ ਮਾਤਰਾ ਵਿਚ ਕਾਰਬਨ ਡਾਇਆਕਸਾਈਡ ਸੋਖ ਲਈ | ਧਰਤੀ ਦਾ ਗਰੀਨ-ਹਾਊਸ ਪ੍ਰਭਾਵ ਫਿਰ ਖ਼ਤਮ ਹੋ ਗਿਆ ਤੇ ਬਰਫ਼ਾਨੀ ਯੁੱਗ ਆ ਗਿਆ | ਇਹ ਬਰਫ਼ਾਨੀ ਯੁੱਗ ਦੋ ਕਿਸ਼ਤਾਂ ਵਿਚ ਆਇਆ, ਪਹਿਲਾ 36 ਕਰੋੜ ਤੋਂ ਕਰੀਬ 32 ਕਰੋੜ ਸਾਲ ਈ: ਪੂਰਵ ਤੱਕ ਤੇ ਦੂਜਾ, 30 ਕਰੋੜ ਸਾਲ ਤੋਂ 26 ਕਰੋੜ ਸਾਲ ਈ: ਪੂਰਵ ਤੱਕ |
ਸਭ ਤੋਂ ਆਖਰੀ ਬਰਫ਼ਾਨੀ ਯੁੱਗ ਲੜੀ, ਜਿਸ ਨੂੰ ਧਰਤੀ ਦੇ ਲੰਬੇ ਇਤਿਹਾਸ ਵਿਚ ਤਾਜ਼ਾ ਮੰਨਿਆ ਜਾਂਦਾ ਹੈ, ਇਸ ਦੌਰਾਨ ਗਲੇਸ਼ਵਰੀਕਰਨ ਵਿਚ ਕਈ ਉਤਾਰ-ਚੜ੍ਹਾ ਆਏ ਹਨ | ਹਿਮਾਲਾ ਪਰਬਤ ਦੇ ਸਾਗਰ ਚੋਂ ਉੱਠਣ ਨਾਲ ਵੀ ਧਰਤੀ ਦੇ ਆਖਰੀ ਬਰਫ਼ਾਨੀ ਯੁੱਗ ਪ੍ਰਭਾਵਿਤ ਹੋਏ | ਕੋਈ ਇਕ ਕਰੋੜ ਸਾਲ ਪਹਿਲਾਂ ਭਾਰਤੀ ਪਟਲ ਪਲੇਟ ਨੇ ਹਿਮਾਲਾ ਨੂੰ ਉਠਾ ਕੇ ਨਾਲ ਹੀ ਤਿੱਬਤੀ ਪਠਾਰ ਨੂੰ ਵੀ ਕੋਈ ਡੇਢ ਕਿਲੋਮੀਟਰ ਉੱਚਾ ਚੁੱਕ ਦਿੱਤਾ ਤਾਂ ਇਸ ਦਾ ਮੌਨਸੂਨਾਂ 'ਤੇ ਵੀ ਪ੍ਰਭਾਵ ਪਿਆ | ਹਿਮਾਲਾ ਦੀਆਂ ਤਾਜ਼ਾ ਚੱਟਾਨਾਂ ਦੇ ਖੁਰਨ ਨਾਲ ਵਾਯੂਮੰਡਲ ਦੀ ਕਾਫੀ ਕਾਰਬਨ ਡਾਇਆਕਸਾਈਡ ਸੋਖ ਲਈ ਗਈ | ਫਿਰ ਠੰਢੇ ਮੌਸਮਾਂ ਨੂੰ ਸੱਦਾ ਮਿਲ ਗਿਆ | ਇੰਜ 25 ਲੱਖ ਸਾਲ ਈ: ਪੂਰਵ ਤੋਂ ਬਾਅਦ ਲੜੀਵਾਰ ਕਈ ਬਰਫ਼ਾਨੀ ਯੁੱਗ ਅਉਣ ਲੱਗੇ | ਪਹਿਲੇ ਕੁਝ ਲੱਖ ਸਾਲ ਤਾਂ ਬਰਫ਼ਾਂ ਧਰਤੀ 'ਤੇ ਹਰ 41 ਹਜ਼ਾਰ ਸਾਲ ਬਾਅਦ ਕਈ ਮਹਾਂਦੀਪਾਂ ਵਿਚ ਵਿਛਦੀਆਂ ਤੇ ਪਿੱਛੇ ਹਟਦੀਆਂ ਰਹੀਆਂ, ਪਰ ਕੋਈ ਦਸ-ਕੁ ਲੱਖ ਸਾਲ ਤੋਂ ਇਹ ਚੱਕਰ ਇਕ ਲੱਖ ਸਾਲ ਦਾ ਬਣ ਗਿਆ |
ਇਸ ਬਰਫ਼ਾਨੀ ਯੁੱਗ ਦੌਰਾਨ ਇਕ ਤਾਂ ਮਨੁੱਖ ਨੇ ਹੋਮੋ ਇਰੈਕਟੱਸ ਤੋਂ ਨਿਅੰਡਰਥਲ ਅਤੇ ਆਧੁਨਿਕ ਮਨੁੱਖ ਤੱਕ ਵਿਕਾਸ ਕੀਤਾ ਤੇ ਫਿਰ ਕਰੀਬ ਵੀਹ ਹਜ਼ਾਰ ਸਾਲ ਪਹਿਲਾਂ (ਬਰਫ਼ਾਨੀ ਯੁੱਗ ਦੇ ਨਿਕਟ ਸਮੇਂ) ਨਿਅੰਡਰਥਲ, ਸ਼ਾਇਦ ਤਿੱਖੀ ਸਰਦੀ ਨੂੰ ਨਾ ਸਹਿ ਸਕਦਾ ਹੋਇਆ ਧਰਤੀ ਤੋਂ ਲੁਪਤ ਹੋ ਗਿਆ, ਜਾਂ ਵੱਧ ਵਿਕਸਤ ਆਧੁਨਿਕ ਮਾਨਵ ਦਾ ਮੁਕਾਬਲਾ ਨਾ ਕਰ ਸਕਿਆ ਹੋਊ | ਕੜਾਕੇ ਦੀ ਠੰਢ ਕਾਰਨ ਪਲੀਸਟੋਸੀਨ ਮਹਾਂਯੁੱਗ ਦੇ ਆਖਰੀ ਸਮੇਂ ਉੱਤਰੀ ਖੰਡਾਂ ਦੇ ਜੰਮੇ ਹੋਏ ਭਾਗਾਂ ਵਿਚ ਹਾਥੀਆਂ ਉੱਪਰ ਵੀ ਜੱਤ ਉੱਗ ਆਈ | ਅਜਿਹੇ ਹਾਥੀ ਉੱਤਰੀ ਅਮਰੀਕਾ ਅਤੇ ਸਾਇਬੇਰੀਆ ਵਿਚ ਕੋਈ ਦਸ ਹਜ਼ਾਰ ਸਾਲ ਈ: ਪੂਰਵ ਤੱਕ ਵਿਚਰਦੇ ਰਹੇ ਹਨ | ਇਨ੍ਹਾਂ ਦੇ ਜੰਮੇ ਹੋਏ ਬਦਨ ਜਾਂ ਸਰੀਰਕ ਅੰਗ ਸਤ੍ਹਾਰਵੀ ਸਦੀ ਦੇ ਅੰਤ 'ਚ ਮਿਲਣੇ ਸ਼ੁਰੂ ਹੋਏ ਤੇ ਅਜੋਕੇ ਸਮੇਂ ਇਨ੍ਹਾਂ ਦੇ ਕਈ ਪਥਰਾਟ ਜੱਤ ਸਮੇਤ ਵੀ ਮਿਲੇ ਹਨ | ਸੰਨ 2012 ਵਿਚ ਸਾਇਬੇਰੀਆ ਚੋਂ ਯੂਕਾ ਨਾਮਕ ਜੰਮਿਆ ਹੋਇਆ ਹਾਥੀ ਦਾ ਬੱਚਾ ਮਿਲਿਆ ਜਿਸ ਦੇ ਸਰੀਰ 'ਤੇ ਵਾਲ ਬਿਲਕੁਲ ਤਾਜੇ ਲਗਦੇ ਸਨ | ਇਹ ਹਾਥੀ-ਬੱਚਾ ਉਥੇ ਕੋਈ 39 ਹਜ਼ਾਰ ਸਾਲ ਤੋਂ ਬਰਫ਼ ਵਿਚ ਦੱਬਿਆ ਪਿਆ ਸੀ | ਇਸ ਦੀਆਂ ਕਈ ਥਾਈਾ ਪਰਦਰਸ਼ਨੀਆਂ ਵੀ ਲਗਾਈਆਂ ਗਈਆਂ ਤਾਂ ਕਿ ਲੋਕ ਜੱਤਦਾਰ ਹਾਥੀ ਆਪਣੇ ਸਾਹਮਣੇ ਪਿਆ ਦੇਖ ਸਕਣ | ਵਿਗਿਆਨੀਆਂ ਨੇ ਇਨ੍ਹਾਂ ਦੇ ਬਚੇ ਹੋਏ ਸਰੀਰਾਂ ਦੇ ਡੀ. ਐਨ. ਏ. ਸੈਂਪਲ ਵੀ ਲਏ ਹਨ, ਇਸ ਆਸ ਨਾਲ ਕਿ ਸ਼ਾਇਦ ਅਜਿਹੇ ਹਾਥੀਆਂ ਦਾ ਰੂਪ ਮੁੜ ਜੀਵਤ ਕੀਤਾ ਜਾ ਸਕੇ |
ਬਰਫ਼ਾਨੀ ਯੁੱਗਾਂ ਦੇ ਆਖਰੀ ਪੜਾਅ ਦਾ ਕੋਈ 11 ਕੁ ਹਜ਼ਾਰ ਸਾਲ ਪਹਿਲਾਂ ਅੰਤ ਹੋਇਆ ਹੈ | ਉਦੋਂ ਧਰਤੀ ਦੇ ਬਰਫ਼ਾਨੀ-ਯੁੱਗ ਪ੍ਰਭਾਵਿਤ ਇਲਾਕਿਆਂ ਵਿਚ ਬੜੇ ਹੜ੍ਹ ਆਏ | ਗਲੇਸ਼ੀਅਰਾਂ ਨੇ ਚੁੱਕ ਕੇ ਲਿਆਂਦੇ ਇਰੈਟਿਕ ਤਾਂ ਕਾਂਗੜਾ ਵਾਦੀ ਵਿਚ ਪਹਾੜੀ ਢਲਾਣਾਂ 'ਤੇ ਅਣਗਿਣਤ ਹਨ, ਪਰ ਪਿਘਲਦੇ ਗਲੇਸ਼ੀਅਰਾਂ ਨੇ ਮਣਾਂ-ਮੂਹੀਂ ਤਲਛੱਟ, ਚਟਾਨਾਾ ਦੇ ਟੁਕੜੇ ਪਹਾੜਾਂ ਤੋਂ ਹੇਠਾਂ ਵੱਲ ਰੋੜ੍ਹੇ ਸਨ | ਉਹ ਚਟਾਨੀ ਟੁਕੜੇ ਗੋਲ-ਮਟੋਲ ਹੋ ਕੇ ਉੱਤਰੀ ਜਾਂ ਉੱਤਰ-ਪੱਛਮੀ ਭਾਰਤ ਦੇ ਤਰਾਈ ਦੇ ਇਲਾਕਿਆਂ ਵਿਚ ਧਰਤੀ ਵਿਚ ਹਜ਼ਾਰਾਂ ਫੁੱਟ ਡੁੰਘਾਈ ਤੱਕ ਜੰਮੇ ਰੰਗ-ਬਰੰਗੇ ਛੋਟੇ ਬੋਲਡਰਾਂ ਜਾਂ ਕੋਬਲ ਪੱਥਰਾਂ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ |
ਹੁਣ ਦਸ ਕੁ ਹਜ਼ਾਰ ਸਾਲ ਤੋਂ ਗਰਮ ਕਾਲ ਸ਼ੁਰੂ ਹੋ ਚੁੱਕਾ ਹੈ ਜੋ ਅੱਜਕਲ੍ਹ ਕੁਝ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਦਾ ਇਕ ਕਾਰਨ ਮਨੁੱਖ ਦੁਆਰਾ ਵਾਤਾਵਰਨ ਨੂੰ ਦੂਸ਼ਿਤ ਕਰਨਾ ਵੀ ਹੈ | ਸੂਰਜ ਦੀ ਗਰਮੀ ਵੀ ਕਦੀ ਘਟਦੀ-ਵਧਦੀ ਰਹੀ ਹੈ ਅਤੇ ਧਰਤੀ ਦਾ ਸੂਰਜ ਪ੍ਰਤੀ ਝੁਕਾਅ ਤਾਂ ਸਮੇਂ ਨਾਲ ਬਦਲਦਾ ਹੀ ਰਹਿੰਦਾ ਹੈ | ਹੁਣ ਆ ਰਹੇ ਗਰਮ ਕਾਲ ਦਾ ਇਹ ਵੀ ਕਾਰਨ ਹੈ ਜੋ ਕਿ ਮਾਨਸ ਜਾਤ ਦੇ ਆਉਣ ਤੋਂ ਪਹਿਲਾਂ ਵੀ ਵਾਪਰਦਾ ਰਿਹਾ ਹੈ | ਗਰਮ ਕਾਲ, ਸਰਦ ਕਾਲ, ਦੋਨੋਂ ਵਾਰੀ ਸਿਰ ਆਉਂਦੇ ਹਨ | ਕਦੀ ਕੋਈ ਕਾਲ ਲਮੇਰਾ ਹੋ ਜਾਂਦਾ ਹੈ ਅਤੇ ਕਦੀ ਛੋਟਾ |
ਬਰਫ਼ਾਨੀ ਯੁੱਗ ਫਿਰ ਆਏਗਾ | ਪਰ ਕਦੋਂ ਸ਼ੁਰੂ ਹੋਏਗਾ ਤੇ ਕਦੋਂ ਖ਼ਤਮ ਹੋਏਗਾ, ਇਹ ਪਤਾ ਨਹੀਂ |

(ਸਮਾਪਤ)
-ਮੋਬਾਈਲ : 9814348697

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-95

ਸੰਘਰਸ਼ ਤੇ ਸਥਾਪਤੀ ਦੇ ਲੰਬੇ ਸਫ਼ਰ ਦਾ ਨਾਂਅ ਹੈ-ਲਤਾ ਮੰਗੇਸ਼ਕਰ

ਮੇਰੀ ਗੋਆ ਦੀ ਇਕ ਯਾਤਰਾ ਦੌਰਾਨ ਅਚਾਨਕ ਇਕ ਵੱਡੇ ਸਾਰੇ ਮੰਦਿਰ ਦੇ ਸਾਹਮਣੇ ਮੇਰੇ ਗਾਈਡ ਨੇ ਟੈਕਸੀ ਰੁਕਵਾ ਦਿੱਤੀ | ਜਦੋਂ ਅਸੀਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, 'ਇਹ ਮੰਗੇਸ਼ੀ ਪਿੰਡ ਦਾ ਬੜਾ ਮਸ਼ਹੂਰ ਮੰਦਿਰ ਹੈ | ਲਤਾ ਮੰਗੇਸ਼ਕਰ ਦਾ ਪਰਿਵਾਰ ਇਸ ਜਗ੍ਹਾ ਨਾਲ ਹੀ ਸਬੰਧਤ ਹੈ | ਮੰਗੇਸ਼ੀ ਤੋਂ ਹੀ ਲਤਾ ਨੇ ਆਪਣੇ ਨਾਂਅ ਦੇ ਅੱਗੇ ਮੰਗੇਸ਼ਕਰ ਜੋੜਿਆ ਹੈ | ਕਦੇ ਉਸ ਦਾ ਪਿਤਾ ਇਸ ਮੰਦਿਰ 'ਚ ਪੂਜਾ ਕਰਦਾ ਹੁੰਦਾ ਸੀ |' ਮੇਰੇ ਗਾਈਡ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੰਗੇਸ਼ਕਰ ਪਰਿਵਾਰ ਅਤੇ ਇਸ ਪਿੰਡ ਨਾਲ ਜੁੜੀਆਂ ਹੋਈਆਂ ਸੁਣਾਈਆਂ | ਇਨ੍ਹਾਂ ਗੱਲਾਂ ਤੋਂ ਇਕ ਗੱਲ ਤਾਂ ਸਪੱਸ਼ਟ ਸੀ, ਲਤਾ ਦਾ ਪਰਿਵਾਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਸੀ | ਇਸ ਪਰਿਵਾਰ ਦੀ ਅਸਲੀ ਜਾਤ ਤਾਂ ਮੁਦਲੀਕਰ ਸੀ ਪਰ ਫਿਰ ਵੀ ਲਤਾ ਦੇ ਪਿਤਾ ਦੀਨਾ ਨਾਥ ਮੰਗੇਸ਼ਕਰ ਨੇ ਆਪਣੇ ਨਾਂਅ ਦੇ ਅੱਗੇ ਆਪਣੇ ਪਿੰਡ ਦਾ ਨਾਂਅ ਇਸ ਲਈ ਜੋੜਿਆ ਸੀ ਕਿਉਂਕਿ ਇਸੇ ਹੀ ਸਥਾਨ ਤੋਂ ਉਸ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ |
ਦੀਨਾ ਨਾਥ ਇਕ ਗਾਇਕ ਕਲਾਕਾਰ ਸੀ | ਉਹ ਭਜਨ ਮੰਡਲੀਆਂ ਅਤੇ ਨਾਟਕਾਂ ਦੇ ਰਾਹੀਂ ਹੀ ਆਪਣਾ ਗੁਜ਼ਾਰਾ ਕਰਦਾ ਹੁੰਦਾ ਸੀ | ਲਤਾ ਦੀ ਮਾਂ ਸ਼ੇਵਾਂਥੀ ਉਸ ਦੀ ਦੂਜੀ ਪਤਨੀ ਸੀ | ਲਤਾ ਤੋਂ ਇਲਾਵਾ ਉਸ ਦੇ ਚਾਰ ਭੈਣ-ਭਰਾ (ਮੀਨਾ, ਆਸ਼ਾ, ਊਸ਼ਾ ਅਤੇ ਹਿਰਦੇ ਨਾਥ) ਹੋਰ ਵੀ ਸਨ | ਘਰ 'ਚ ਆਰਥਿਕ ਤੰਗੀ ਸੀ, ਇਸ ਲਈ ਇਹ ਪਰਿਵਾਰ ਇੰਦੌਰ ਚਲਾ ਗਿਆ | ਇਥੇ ਹੀ ਲਤਾ ਦਾ ਜਨਮ 28 ਸਤੰਬਰ, 1921 ਨੂੰ ਹੋਇਆ ਸੀ | ਇੰਦੌਰ 'ਚ ਆ ਕੇ ਦੀਨਾ ਨਾਥ ਮੰਗੇਸ਼ਕਰ ਬਹੁਤ ਹੀ ਬਿਮਾਰ ਰਹਿਣ ਲੱਗ ਪਿਆ ਸੀ | ਲਤਾ ਦਾ ਅਸਲੀ ਨਾਂਅ ਹੇਮਾ ਸੀ, ਪਰ ਦੀਨਾ ਨਾਥ ਨੇ 'ਲਤਿਕਾ' ਨਾਮਕ ਇਕ ਨਾਟਕ ਖੇਡਿਆ, ਜਿਹੜਾ ਕਿ ਦਰਸ਼ਕਾਂ ਨੇ ਬੜਾ ਹੀ ਪਸੰਦ ਕੀਤਾ, ਇਸ ਤੋਂ ਪ੍ਰਭਾਵਿਤ ਹੋ ਕੇ ਦੀਨਾ ਨਾਥ ਨੇ ਲਤਾ ਦਾ ਨਾਂਅ ਬਦਲ ਕੇ ਹੇਮਾ ਤੋਂ ਲਤਾ ਰੱਖ ਦਿੱਤਾ ਸੀ |
ਲਤਾ ਨੇ ਪੰਜ ਸਾਲ ਦੀ ਛੋਟੀ ਉਮਰ 'ਚ ਹੀ ਆਪਣੇ ਪਿਤਾ ਦੇ ਸੰਗੀਤ-ਨਾਟਕਾਂ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ | ਸੰਗੀਤ ਦੇ ਨਾਲ ਹੀ ਨਾਲ ਉਸ ਦੀ ਪੜ੍ਹਾਈ ਵੀ ਚਲ ਰਹੀ ਸੀ ਪਰ ਅਚਾਨਕ ਇਕ ਦਿਨ ਉਸ ਨੇ ਸਕੂਲ ਜਾਣਾ ਛੱਡ ਦਿੱਤਾ | ਇਤਿਹਾਸਕਾਰ ਲਤਾ ਦੇ ਇਸ ਫ਼ੈਸਲੇ ਬਾਰੇ ਭਿੰਨ-ਭਿੰਨ ਮਤ ਰੱਖਦੇ ਹਨ | ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਲਤਾ ਦੇ ਘਰ ਵਾਲੇ ਸਕੂਲ ਦਾ ਖਰਚਾ ਨਹੀਂ ਦੇ ਸਕਦੇ ਸਨ, ਇਸ ਲਈ ਉਸ ਨੂੰ ਇਹ ਕਠੋਰ ਨਿਰਣਾ ਕਰਨਾ ਪਿਆ | ਕੁਝ ਵਿਸ਼ਲੇਸ਼ਕ ਇਹ ਮਤ ਰੱਖਦੇ ਹਨ ਕਿ ਸਕੂਲ 'ਚ ਲਤਾ ਦੀ ਭੈਣ ਆਸ਼ਾ ਨੂੰ ਉਸ ਦੇ ਅਧਿਆਪਕ ਨੇ ਬਹੁਤ ਡਾਂਟਿਆ ਸੀ, ਇਸ ਲਈ ਇਨ੍ਹਾਂ ਦੋਵਾਂ ਭੈਣਾਂ ਨੇ ਪੜ੍ਹਾਈ ਬੰਦ ਕਰ ਦਿੱਤੀ ਸੀ |
ਜਦੋਂ ਲਤਾ ਦੀ ਉਮਰ ਸਿਰਫ਼ 13 ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਰਿਸ਼ਤੇਦਾਰਾਂ ਨੇ ਅੱਖਾਂ ਫੇਰ ਲਈਆਂ ਸਨ | ਆਮਦਨ ਦਾ ਕੋਈ ਸਾਧਨ ਨਹੀਂ ਸੀ | ਪਰ ਵਸੰਤ ਜੋਗਲੇਕਰ ਨੇ ਆਪਣੀ ਦੀਨਾ ਨਾਥ ਨਾਲ ਪੁਰਾਣੀ ਦੋਸਤੀ ਨੂੰ ਯਾਦ ਰੱਖਿਆ ਸੀ | ਇਸ ਲਈ ਉਸ ਨੇ ਇਸ ਮੰਗੇਸ਼ਕਰ ਪਰਿਵਾਰ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ | ਵਸੰਤ ਜੋਗਲੇਕਰ ਮਰਾਠੀ ਫ਼ਿਲਮਾਂ ਬਣਾਇਆ ਕਰਦਾ ਸੀ | ਲਿਹਾਜ਼ਾ, ਉਸ ਨੇ ਲਤਾ ਨੂੰ ਕੁਝ ਛੋਟੀਆਂ ਭੂਮਿਕਾਵਾਂ ਆਪਣੀਆਂ ਮਰਾਠੀ ਫ਼ਿਲਮਾਂ 'ਚ ਦਿੱਤੀਆਂ | ਇਤਿਹਾਸਕ ਦਿ੍ਸ਼ਟੀਕੋਣ ਤੋਂ ਲਤਾ ਨੇ 'ਕਿਉ ਹਸਸਾਲ' ਨਾਮਕ ਮਰਾਠੀ ਫ਼ਿਲਮ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ | 'ਗਜਾਭਾਓ' (1943) ਨਾਮਕ ਇਕ ਹੋਰ ਮਰਾਠੀ ਫ਼ਿਲਮ 'ਚ ਉਸ ਨੇ ਇਕ ਹਿੰਦੀ ਗੀਤ 'ਮਾਤਾ ਯੇ, ਕਪੂਤ ਕੀ ਦੁਨੀਆ' ਵੀ ਪੇਸ਼ ਕੀਤਾ ਸੀ | ਇਸੇ ਹੀ ਸਮੇਂ ਮਾਸਟਰ ਵਿਨਾਇਕ ਨੇ ਵੀ ਮੰਗੇਸ਼ਕਰ ਪਰਿਵਾਰ ਦੀ ਸਹਾਇਤਾ ਕਰਨ ਲਈ ਆਪਣੀਆਂ ਮਰਾਠੀ ਫ਼ਿਲਮਾਂ 'ਚ ਲਤਾ ਨੂੰ ਬਤੌਰ ਸਾਧਾਰਨ ਅਦਾਕਾਰ ਅਤੇ ਗਾਇਕ ਵਜੋਂ ਵੀ ਅਵਸਰ ਦਿੱਤੇ ਸਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX