ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  13 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  15 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  30 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  53 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 2 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਮੱਕੀ ਦੀ ਕਾਸ਼ਤ ਅਗਸਤ ਵਿਚ ਵੀ ਕੀਤੀ ਜਾ ਸਕਦੀ ਹੈ

ਕਦੇ ਸਮਾਂ ਸੀ ਜਦੋਂ ਮੱਕੀ ਦੀ ਸਾਡੀ ਖੁਰਾਕ ਅਤੇ ਸੱਭਿਆਚਾਰ ਵਿਚ ਵਿਸ਼ੇਸ਼ ਥਾਂ ਹੁੰਦੀ ਸੀ। ਇਸ ਨੂੰ ਸਾਉਣੀ ਦੀ ਮੁੱਖ ਫ਼ਸਲ ਮੰਨਿਆ ਜਾਂਦਾ ਸੀ। ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਉਣ ਨਾਲ ਅਤੇ ਸਿੰਚਾਈ ਸਹੂਲਤਾਂ ਵਿਚ ਹੋਏ ਵਾਧੇ ਨਾਲ ਹੁਣ ਝੋਨਾ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ। ਪਿਛਲੇ ਸਾਲ ਮੱਕੀ ਕੇਵਲ 126000 ਹੈਕਟੇਅਰ ਰਕਬੇ ਵਿਚ ਕਾਸ਼ਤ ਕੀਤੀ ਗਈ। ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਹੁਣ ਵੀ ਸਿਆਲ ਵਿਚ ਪੰਜਾਬੀਆਂ ਦਾ ਮੁੱਖ ਭੋਜਨ ਬਣਿਆ ਹੋਇਆ ਹੈ। ਮੱਕੀ ਹੇਠ ਰਕਬੇ ਵਿਚ ਵਾਧਾ ਕਰਨ ਦੀ ਲੋੜ ਹੈ। ਉੱਚੀਆਂ ਤੇ ਭਾਰੀਆਂ ਥਾਵਾਂ ਉਤੇ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇੰਝ ਝੋਨੇ ਹੇਠੋਂ ਕੁਝ ਰਕਬਾ ਘਟੇਗਾ ਜਿਸ ਨਾਲ ਪਾਣੀ ਦੀ ਬੱਚਤ ਹੋਵੇਗੀ। ਮੱਕੀ ਦੀ ਵਰਤੋਂ ਕੇਵਲ ਰੋਟੀ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਇਸ ਤੋਂ ਕਈ ਪਦਾਰਥ ਬਣਦੇ ਹਨ ਜਿਵੇਂ ਕਿ ਕੌਰਨ ਫਲੈਕਸ, ਪੋਪਕਾਰਨ, ਬੇਬੀਕਾਰਨ, ਤੇਲ ਆਦਿ।
ਮਾਹਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਮੱਕੀ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਗਰਮੀਆਂ ਦੀ ਦੂਜੀ ਫ਼ਸਲ ਦੀ ਬਿਜਾਈ ਲਈ ਅਗਸਤ ਢੁਕਵਾਂ ਸਮਾਂ ਹੈ। ਇਸ ਮੌਸਮ ਦੀ ਬਿਜਾਈ ਦਾ ਝਾੜ ਵੀ ਵੱਧ ਹੁੰਦਾ ਹੈ। ਪਿਛਲੇ ਸਮਿਆਂ ਵਿਚ ਕਿਸਾਨ ਵਧੀਆ ਛੱਲੀਆਂ ਨੂੰ ਚੁਣ ਕੇ ਬੀਜ ਲਈ ਰੱਖਦੇ ਸਨ ਪਰ ਦੋਗਲੀਆਂ ਕਿਸਮਾਂ ਦੇ ਆਉਣ ਨਾਲ ਹਰੇਕ ਸਾਲ ਨਵਾਂ ਬੀਜ ਲੈਣਾ ਪੈਂਦਾ ਹੈ। ਪੀ. ਐਮ. ਐਚ.-1 ਅਤੇ ਪੀ. ਐਚ. ਐਚ.-2 ਦੋਗਲੀਆਂ ਕਿਸਮਾਂ ਹਨ। ਪੀ. ਐਮ. ਐਚ.-1 ਦਾ ਝਾੜ ਸਭ ਤੋਂ ਵੱਧ 21 ਕੁਇੰਟਲ ਪ੍ਰਤੀ ਏਕੜ ਹੈ ਤੇ ਇਹ ਪੱਕਣ ਵਿਚ 115 ਦਿਨ ਲਵੇਗੀ। ਪੀ. ਐਮ. ਐਚ. 2 ਪੱਕਣ ਵਿਚ ਕੇਵਲ 100 ਦਿਨ ਲਵੇਗੀ। ਪਰ ਇਸ ਦਾ ਝਾੜ 18 ਕੁਇੰਟਲ ਹੈ। ਅਗਲੀ ਫ਼ਸਲ ਆਲੂ, ਪਿਆਜ਼ ਜਾਂ ਕਣਕ ਪਛੇਤੀ ਵੀ ਬੀਜੀ ਜਾ ਸਕਦੀ ਹੈ। ਮੱਕੀ ਦੀਆਂ ਕੁਝ ਕਿਸਮਾਂ ਅਜੇਹੀਆਂ ਹਨ ਜਿਨ੍ਹਾਂ ਦੀ ਬਿਜਾਈ ਵਿਸ਼ੇਸ਼ ਕੰਮਾਂ ਲਈ ਕੀਤੀ ਜਾ ਸਕਦੀ ਹੈ। ਹਰੀਆਂ ਛਲੀਆਂ ਦੇ ਰੂਪ ਵਿਚ ਉਪਜ ਨੂੰ ਵੇਚਣ ਲਈ ਪੰਜਾਬ ਸਵੀਟਕਾਰਨ-1 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਦਾਣਿਆਂ ਵਿਚ ਮਿਠਾਸ ਵੱਧ ਹੋਣ ਕਰਕੇ ਗਾਹਕ ਹਰੀਆਂ ਛਲੀਆਂ ਭੁੰਨ ਕੇ ਖਾਣ ਲਈ ਇਸ ਨੂੰ ਪਸੰਦ ਕਰਦੇ ਹਨ। ਕਦੇ ਸਮਾਂ ਸੀ ਦੁਪਹਿਰ ਵੇਲੇ ਖੂਹ ਉਤੇ ਧੂਣੀ ਬਾਲ ਕੇ ਖੇਤ ਵਿਚੋਂ ਤਾਜ਼ੀਆਂ ਛੱਲੀਆਂ ਤੋੜ ਕੇ ਭੁੰਨੀਆਂ ਜਾਂਦੀਆਂ ਸਨ। ਛੱਲੀਆਂ ਚੱਬਣ ਪਿੱਛੋਂ ਲੂਣ ਪਾਕੇ ਖੱਟੀ ਲੱਸੀ ਪੀਣ ਦਾ ਵੱਖਰਾ ਹੀ ਸੁਆਦ ਹੁੰਦਾ ਸੀ। ਦੁਪਹਿਰ ਨੂੰ ਰੋਟੀ ਖਾਣ ਦੀ ਵੀ ਲੋੜ ਨਹੀਂ ਸੀ ਪੈਂਦੀ। ਅੱਜਕਲ੍ਹ ਬੱਚਿਆਂ ਵਿਚ ਪੋਪਕਾਰਨ ਵਧੇਰੇ ਪ੍ਰਚਲਤ ਹੈ। ਇਸ ਲਈ ਇਕ ਵੱਖਰੀ ਕਿਸਮ ਪਰਲਪੋਪਕਾਰਨ ਹੈ। ਇਸ ਦਾ ਔਸਤ ਝਾੜ ਕੋਈ 12 ਕੁਇੰਟਲ ਪ੍ਰਤੀ ਏਕੜ ਹੈ ਪਰ ਇਹ ਦੂਸਰੀਆਂ ਕਿਸਮਾਂ ਨਾਲੋਂ ਮਹਿੰਗੀ ਵਿਕਦੀ ਹੈ।
ਮੱਕੀ ਦੇਸੀ ਰੂੜੀ ਅਤੇ ਹਰੀ ਖਾਦ ਨੂੰ ਵਧੇਰੇ ਮੰਨਦੀ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ ਰੂੜੀ ਜ਼ਰੂਰ ਪਾਈ ਜਾਵੇ। ਬਿਜਾਈ ਸਮੇਂ 25 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਵੋ। ਜੇਕਰ ਪੀ. ਐਮ. ਐਚ.-1 ਕਿਸਮ ਬੀਜਣੀ ਹੈ ਤਾਂ 36 ਕਿਲੋ ਯੂਰੀਆ 150 ਕਿਲੋ ਸਿੰਗਲ ਸੁਪਰਫ਼ਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਈ ਜਾਵੇ। ਮੁੜ ਫ਼ਸਲ ਦੇ ਵਾਧੇ ਸਮੇਂ ਅਤੇ ਨਿੱਸਰਨ ਸਮੇਂ ਲੋੜ ਅਨੁਸਾਰ ਯੂਰੀਆ ਵਰਤਿਆ ਜਾਵੇ। ਇਕ ਏਕੜ ਲਈ ਅੱਠ ਕਿਲੋ ਬੀਜ ਦੀ ਲੋੜ ਹੈ ਪਰ ਪਰਲ ਪੋਪਕੋਰਨ ਕਿਸਮ ਲਈ ਸੱਤ ਕਿਲੋ ਬੀਜ ਪਾਉਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਯੂ ਪੀ ਜ਼ਹਿਰ ਨਾਲ ਸੋਧ ਲਵੋ। ਇਕ ਕਿਲੋ ਬੀਜ ਲਈ ਤਿੰਨ ਗ੍ਰਾਮ ਜ਼ਹਿਰ ਵਰਤੋ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮੱਕੀ ਲਈ ਵੀ ਤਾਕਤ ਦਾ ਟੀਕਾ ਤਿਆਰ ਕੀਤਾ ਹੈ। ਅੱਧਾ ਕਿਲੋ ਕਨਸ਼ੋਰੀਅਮ ਦੇ ਪੈਕਟ ਨੂੰ ਇਕ ਲੀਟਰ ਪਾਣੀ ਵਿਚ ਘੋਲ ਕੇ ਇਕ ਏਕੜ ਦੇ ਬੀਜ ਨੂੰ ਚੰਗੀ ਤਰ੍ਹਾਂ ਲਗਾ ਲਿਆ ਜਾਵੇ। ਛਾਵੇਂ ਫ਼ਰਸ਼ ਉਤੇ ਇਸ ਨੂੰ ਖਿਲਾਰ ਕੇ ਸੁਕਾ ਕੇ ਬੀਜਿਆ ਜਾਵੇ। ਬਿਜਾਈ ਕਰਦੇ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖਿਆ ਜਾਵੇ। ਮੱਕੀ ਦੀ ਬਿਜਾਈ ਵੱਟਾਂ ਉਤੇ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਫ਼ਸਲ ਘੱਟ ਢਹਿੰਦੀ ਹੈ ਤੇ ਝਾੜ ਵੀ ਵਧ ਜਾਂਦਾ ਹੈ। ਝੋਨੇ ਦੇ ਵੱਢਾਂ ਵਿਚ ਬਿਨਾਂ ਖੇਤ ਤਿਆਰ ਕੀਤਿਆਂ ਜ਼ੀਰੋਫਿਲ ਡਰਿਲ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।
ਮੱਕੀ ਲਈ ਗੋਡੀ ਦੀ ਵਿਸ਼ੇਸ਼ ਮਹੱਤਤਾ ਹੈ। ਪਹਿਲੀ ਗੋਡੀ ਬਿਜਾਈ ਤੋਂ 15 ਦਿਨਾਂ ਅਤੇ ਦੂਜੀ ਬਿਜਾਈ ਤੋਂ ਮਹੀਨਾ ਪਿੱਛੋਂ ਕਰੋ। ਪਹਿਲੀ ਗੋਡੀ ਖੁਰਪੇ ਜਾਂ ਕਸੌਲੇ ਨਾਲ ਕਰੋ। ਦੂਜੀ ਗੋਡੀ ਜਿਸ ਨੂੰ ਫ਼ਸਲ ਦਾ ਸੀੜਣਾ ਵੀ ਆਖਿਆ ਜਾਂਦਾ ਹੈ, ਹਲ ਨਾਲ ਕੀਤੀ ਜਾਵੇ। ਵਾਧੂ ਬੂਟੇ ਪੁੱਟ ਦੇਣੇ ਚਾਹੀਦੇ ਹਨ ਜਾਂ ਇਨ੍ਹਾਂ ਨੂੰ ਘੱਟ ਬੂਟਿਆਂ ਵਾਲੀ ਥਾਂ ਲਗਾਇਆ ਜਾਵੇ। ਇਕ ਏਕੜ ਵਿਚ ਘੱਟੋ-ਘੱਟ 33333 ਬੂਟੇ ਹੋਣੇ ਚਾਹੀਦੇ ਹਨ। ਸਮੇਂ ਸਿਰ ਪਾਣੀ ਦੇਣਾ ਜ਼ਰੂਰੀ ਹੈ। ਫ਼ਸਲ ਦੇ ਨਿੱਸਰਨ ਤੇ ਸੂਤ ਕੱਤਣ ਸਮੇਂ ਸੋਕਾ ਨਹੀਂ ਲੱਗਣਾ ਚਾਹੀਦਾ। ਇਸ ਵਾਰ ਕੁਝ ਰਕਬੇ ਵਿਚ ਹੁਣ ਮੱਕੀ ਦੀ ਬਿਜਾਈ ਕਰਕੇ ਵੇਖੋ।
ਖ਼ਬਰ ਸ਼ੇਅਰ ਕਰੋ

ਨਿੰਬੂ ਜਾਤੀ ਦੇ ਫਲਾਂ ਦੇ ਸਿਹਤ ਲਈ ਫਾਇਦੇ

ਨਿੰਬੂ ਜਾਤੀ ਦੇ ਫਲਾਂ ਵਿਚ ਸੰਤਰਾ, ਮਾਲਟਾ, ਨਿੰਬੂ, ਚਕੋਤਰਾ ਅਤੇ ਗਰੇਪ ਫ਼ਰੂਟ ਸ਼ਾਮਿਲ ਹਨ। ਇਹ ਦੱਖਣ-ਪੂਰਬੀ ਏਸ਼ੀਆ ਦੇ ਮੂਲ ਹਨ। ਇਨ੍ਹਾਂ ਫਲਾਂ ਦੀ ਕਾਸ਼ਤ ਭੂ-ਮੱਧ ਰੇਖਾ ਦੇ 40 ਫ਼ੀਸਦੀ ਉੱਤਰ ਅਤੇ ਦੱਖਣ ਤੱਕ ਹੋ ਸਕਦੀ ਹੈ। ਨਿੰਬੂ ਜਾਤੀ ਦੇ ਫਲ ਤਾਜ਼ੇ ਅਤੇ ਪ੍ਰੋਸੈੱਸ ਕਰਕੇ ਖਾਧੇ ਜਾਂਦੇ ਹਨ। ਇਨ੍ਹਾਂ ਫਲਾਂ ਤੋਂ ਮਿਲਦੀ ਤਾਜ਼ਗੀ ਅਤੇ ਸਿਹਤ ਦੇ ਫਾਇਦੇ ਸ਼ਲਾਘਾਯੋਗ ਹਨ। ਇਨ੍ਹਾਂ ਫਲਾਂ ਨੂੰ ਦੇਖਦਿਆਂ ਹੀ ਮੂੰਹ ਵਿਚ ਪਾਣੀ ਆਉਣ ਲੱਗਦਾ ਹੈ। ਗਰਮੀਆਂ ਵਿਚ ਨਿੰਬੂ ਪਾਣੀ ਨੂੰ ਸਰੀਰ 'ਚ ਠੰਡਕ ਪਹੁੰਚਾਉਣ ਵਾਲਾ ਸਭ ਤੋਂ ਸਸਤਾ ਸਰੋਤ ਸਮਝਿਆ ਜਾਂਦਾ ਹੈ। ਇਸ ਦਾ ਪ੍ਰਭਾਵ ਠੰਡਾ ਹੁੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਆਉਣ ਦਿੰਦਾ। ਇਸ ਦੇ ਸੇਵਨ ਨਾਲ ਪੇਟ ਅਤੇ ਅੰਤੜੀਆਂ ਵਿਚੋਂ ਅੰਦਰੂਨੀ ਜੂਸ ਨਿਕਲਦੇ ਹਨ ਜਿਹੜੇ ਪਾਚਣ ਸ਼ਕਤੀ ਵਧਾਉਂਦੇ ਹਨ ਅਤੇ ਸਾਹ ਵਿਚ ਵੀ ਤਾਜ਼ਗੀ ਲਿਆਉਂਦੇ ਹਨ। ਨਿੰਬੂ ਜਾਤੀ ਦੇ ਫ਼ਲ ਕੈਂਸਰ, ਵਿਸ਼ਾਣੂੰ ਅਤੇ ਦਿਲ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਦੀ ਰੋਜ਼ਾਨਾ ਵਰਤੋਂ ਨਾਲ ਬੁਢਾਪਾ ਜਲਦੀ ਨਹੀਂ ਆਉਂਦਾ। ਚੰਗੀ ਸਿਹਤ ਨੂੰ ਬੜ੍ਹਾਵਾ ਦੇਣ ਅਤੇ ਬਿਮਾਰੀਆਂ ਰੋਕਣ ਵਾਲੇ ਇਹ ਸਾਰੇ ਤੱਤ ਜਿਵੇਂ ਫਲੈਵੋਲੋਆਇਡਜ਼, ਕੈਰੋਟੀਨਾਈਡ ਅਤੇ ਖਣਿਜ ਨਿੰਬੂ-ਜਾਤੀ ਦੇ ਫਲਾਂ ਵਿਚ ਹੁੰਦੇ ਹਨ। ਨਿੰਬੂ ਜਾਤੀ ਦੇ ਫ਼ਲ ਅਤੇ ਇਸ ਤੋਂ ਬਣੇ ਖਾਧ ਪਦਾਰਥ ਵਿਟਾਮਿਨ ਸੀ, ਫੋਲੀਟੇਟ ਅਤੇ ਪੋਟਾਸ਼ੀਅਮ ਦੇ ਚੰਗੇ ਸਰੋਤ ਹਨ ਜੋ ਇਕ ਇਨਸਾਨ ਦੇ ਆਮ ਵਿਕਾਸ ਅਤੇ ਸਮੁੱਚੇ ਪੋਸ਼ਣ ਲਈ ਬਹੁਤ ਜ਼ਰੂਰੀ ਹਨ। ਇਸ ਵਿਚ ਵਿਟਾਮਿਨ 'ਸੀ' ਦੀ ਮਾਤਰਾ ਭੋਜਨ ਵਿਚਲੇ ਲੋਹੇ ਨੂੰ ਅੰਤੜੀਆਂ ਵਿਚ ਸਮਾਉਣ ਲਈ ਸਹਾਈ ਹੁੰਦੀ ਹੈ ਜੋ ਕਿ ਇਕ ਸਿਹਤਮੰਦ ਗਰਭ ਵਿਚ ਭੂਮਿਕਾ ਅਦਾ ਕਰ ਸਕਦਾ ਹੈ। ਨਿੰਬੂ ਫਲਾਂ ਵਿਚ ਧਾਗੇਦਾਰ ਸਮੱਗਰੀ ਜ਼ਿਆਦਾ ਹੋਣ ਕਰਕੇ ਪੇਟ ਦੀਆਂ ਕਈ ਮੁਸ਼ਕਿਲਾਂ ਜਿਵੇਂ ਕਬਜ਼ ਤੋਂ ਰਾਹਤ ਮਿਲਦੀ ਹੈ। ਇਹ ਪੇਟ ਵਿਚ ਤੇਜ਼ਾਬੀ ਮਾਦਾ ਅਤੇ ਯੂਰਿਕ ਐਸਿਡ ਨੂੰ ਘਟਾਉਂਦੇ ਹਨ ਅਤੇ ਇਸ ਨਾਲ ਪੱਥਰੀ ਨਹੀਂ ਬਣਦੀ। ਨਿੰਬੂ ਦੇ ਜੂਸ ਨਾਲ ਚਮੜੀ 'ਤੇ ਚਮਕ ਆਉਂਦੀ ਹੈ ਅਤੇ ਮਸੂੜਿਆਂ ਤੋਂ ਖੂਨ ਨਹੀਂ ਵਗਦਾ। ਇਸ ਵਿਚ ਮੌਜੂਦ ਕੈਰੋਟੀਨਾਈਡਜ਼ ਸਿਹਤ ਲਈ ਵਿਟਾਮਿਨ 'ਏ' ਦਾ ਸਰੋਤ ਬਣਦੇ ਹਨ। ਗ੍ਰੇਪਫਰੂਟ, ਜੋ ਗੁਲਾਬੀ ਹੁੰਦੇ ਨੇ, ਉਨ੍ਹਾਂ ਵਿਚ ਇਸ ਦੀ ਮਾਤਰਾ ਜ਼ਿਆਦਾ ਪਾਈ ਜਾਦੀ ਹੈ। ਕੈਰੋਟੀਨਾਈਡ, ਐਂਟੀਆਕਸੀਡੈਂਟ ਵਿਸ਼ੇਸ਼ਤਾਵਾਂ ਕਰਕੇ ਵੀ ਜਾਣੇ ਜਾਂਦੇ ਹਨ, ਜਿਸ ਦੀ ਰੋਜ਼ਾਨਾ ਖੁਰਾਕ ਵਿਚ ਬਹੁਤ ਵਿਸ਼ੇਸ਼ਤਾ ਹੈ। ਪਿਛਲੇ ਕੁਝ ਸਾਲਾਂ ਦੇ ਖੋਜ ਤਜਰਬਿਆਂ ਅਨੁਸਾਰ ਇਹ ਸਿੱਧ ਹੋਇਆ ਹੈ ਕਿ ਲਿਮੋਨਾਈਡ ਛਾਤੀ, ਅੰਤੜੀ ਅਤੇ ਦਿਮਾਗ ਦੇ ਕੈਂਸਰ ਖਿਲਾਫ ਲੜਨ ਦੀ ਸਮਰੱਥਾ ਰੱਖਦੇ ਹਨ। ਲਿਮੋਨਾਈਡਜ਼ ਇਨਸਾਨ ਦੇ ਸਰੀਰ ਵਿਚ ਕੈਂਸਰ ਫੈਲਾਉਣ ਵਾਲੇ ਤੱਤਾਂ ਦਾ ਟਾਕਰਾ ਕਰਕੇ ਸਰੀਰ ਵਿਚੋਂ ਬਾਹਰ ਕੱਢਦੇ ਹਨ। ਮਾਲਟੇ ਅਤੇ ਗ੍ਰੇਪਫਰੂਟ ਵਿਚ ਫਲੈਵੋਨਾਈਡਜ਼ ਜ਼ਿਆਦਾ ਹੋਣ ਕਰਕੇ ਦਿਲ ਦੇ ਰੋਗਾਂ ਨੂੰ ਘਟਾਉਂਦਾ ਹੈ। ਆਮ ਤੌਰ 'ਤੇ ਨਿੰਬੂ ਜਾਤੀ ਦੇ ਫ਼ਲਾਂ ਵਿਚ ਦੂਸਰੇ ਫ਼ਲਾਂ ਦੇ ਮੁਕਾਬਲੇ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੇ ਹਨ। ਇਸ ਵਿਚ ਮੌਜੂਦਾ ਲਿਮੋਨਾਈਡ ਅਤੇ ਫਕੈਵੋਨਾਈਡਜ਼ ਕੋਲੈਸਟਰੋਲ ਨੂੰ ਘਟਾਉਂਦੇ ਹਨ ਸਿੱਟੇ ਵਜੋਂ ਬਲੱਡ ਪਰੈਸ਼ਰ ਨਿਯੰਤਰਣ ਵਿਚ ਰਹਿੰਦਾ ਹੈ। ਨਿੰਬੂ ਜਾਤੀ ਦੇ ਤਾਜ਼ੇ ਜੂਸ ਤੋਂ ਔਸਤਨ 30-80 ਕਿਲੋ ਕੈਲੋਰੀ ਤੱਕ ਊਰਜਾ ਮਿਲਦੀ ਹੈ, ਜੋ ਕਿ ਘੱਟ ਹੋਣ ਕਰਕੇ ਮੁਟਾਪੇ ਵਿਚ ਸਹਾਈ ਹੈ। ਨਿੰਬੂ ਜਾਤੀ ਦੇ ਬੀਜ ਅਤੇ ਜੂਸ ਵਿਚ ਲਿਮੋਨਿਨ ਕਰਮਵਾਰ 2500 ਅਤੇ 20 ਪੀ. ਪੀ. ਐਮ. ਹੁੰਦੀ ਹੈ ਜੋ ਕਿ ਫਾਇਦੇਮੰਦ ਹੈ। ਇਸ ਤੋਂ ਭਰਪੂਰ ਤੱਤਾਂ ਦਾ ਲਾਹਾ ਲੈਣ ਲਈ ਇਸ ਨੂੰ ਛਿੱਲ ਕੇ ਖਾਣਾ ਜੂਸ ਪੀਣ ਨਾਲੋਂ ਵਧੇਰੇ ਬਿਹਤਰ ਹੈ।


-ਪੀ.ਏ.ਯੂ., ਲੁਧਿਆਣਾਵਿਭਿੰਨਤਾ ਲਈ ਅੰਬ ਦੀਆਂ ਮਧਰੀਆਂ ਕਿਸਮਾਂ ਦੀ ਕਾਸ਼ਤ

ਫ਼ਸਲੀ ਵਿਭਿੰਨਤਾ 'ਚ ਫਲਾਂ ਦੀ ਕਾਸ਼ਤ ਦੀ ਬੜੀ ਅਹਿਮੀਅਤ ਹੈ। ਫਲਾਂ ਦੀ ਕਾਸ਼ਤ 'ਚ ਵਿਭਿੰਨਤਾ ਲਿਆਉਣ ਲਈ ਅੰਬ ਫਲ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬ 'ਚ ਫਲਾਂ ਦੀ ਕਾਸ਼ਤ ਥੱਲੇ 77.5 ਹਜ਼ਾਰ ਹੈਕਟੇਅਰ ਦੇ ਕਰੀਬ ਰਕਬਾ ਹੈ। ਜਿਨ੍ਹਾਂ ਵਿਚ ਅੰਬ ਕੇਵਲ 6800-6900 ਹੈਕਟੇਅਰ ਰਕਬੇ 'ਤੇ ਲੱਗੇ ਹੋਏ ਹਨ। ਜ਼ਿਆਦਾ ਬਾਗ਼ ਕਿੰਨੂਆਂ ਦੇ ਹਨ ਅਤੇ ਫਲਾਂ ਦੀ ਕਾਸ਼ਤ ਥੱਲੇ ਕੁੱਲ ਰਕਬੇ ਵਿਚੋਂ ਅੱਧਾ ਕੁ ਰਕਬਾ ਇਕੱਲੇ ਕਿੰਨੂਆਂ ਦੀ ਕਾਸ਼ਤ ਥੱਲੇ ਹੈ। ਕਿੰਨੂ ਨੂੰ ਪੰਜਾਬ ਦਾ ਮੁੱਖ ਫਲ ਮੰਨਿਆ ਜਾਂਦਾ ਹੈ ਅਤੇ ਅੰਬ ਭਾਰਤ ਦਾ ਰਾਜਾ ਫਲ ਹੈ। ਕਿੰਨੂਆਂ ਤੋਂ ਬਾਅਦ ਪੰਜਾਬ 'ਚ ਦੂਜਾ ਸਥਾਨ ਅਮਰੂਦਾਂ ਦੇ ਬਾਗ਼ਾਂ ਦਾ ਹੈ। ਅੰਬਾਂ ਦੇ ਬਾਗ਼ ਬਹੁਤੇ ਦੁਆਬੇ ਦੇ ਹੁਸ਼ਿਆਰਪੁਰ, ਰੋਪੜ, ਆਦਿ ਜਿਹੇ ਜ਼ਿਲ੍ਹਿਆਂ 'ਚ ਲੱਗੇ ਹੋਏ ਹਨ। ਇਨ੍ਹਾਂ ਬਾਗ਼ਾਂ 'ਚ ਵੀ ਲਗਪਗ ਸਾਰੇ ਅੰਬਾਂ ਦੇ ਦਰੱਖਤ ਪੁਰਾਣੀਆਂ ਰਵਾਇਤੀ ਕਿਸਮਾਂ ਦੁਸਹਿਰੀ, ਲੰਗੜਾ, ਚੌਸਾ, ਆਦਿ ਦੇ ਹਨ। ਖਪਤਕਾਰਾਂ ਨੂੰ ਵੀ ਇਨ੍ਹਾਂ ਰਵਾਇਤੀ ਕਿਸਮਾਂ ਦੇ ਹੀ ਅੰਬ ਖਾਣ ਨੂੰ ਮਿਲਦੇ ਹਨ ਭਾਵੇਂ ਕੁਝ ਮਾਤਰਾ 'ਚ ਤੋਤਾਪਰੀ, ਫ਼ਜ਼ਲੀ ਤੇ ਕਲਮੀ ਕਿਸਮਾਂ ਦਾ ਅੰਬ ਵੀ ਉਪਲਬੱਧ ਹੈ ਜੋ ਦੂਜੇ ਰਾਜਾਂ ਤੋਂ ਆ ਕੇ ਇੱਥੇ ਵਿਕਦਾ ਹੈ। ਇਨ੍ਹਾਂ ਕਿਸਮਾਂ ਦੇ ਦਰੱਖਤ ਲੱਗੇ ਹੋਏ ਹਨ। ਇਨ੍ਹਾਂ ਕਿਸਮਾਂ ਦੇ ਲਾਉਣ 'ਤੇ ਫਲ ਲੈਣ ਦਰਮਿਆਨ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਉਤਪਾਦਕਾਂ ਨੂੰ ਅੰਬਾਂ ਦੇ ਬਾਗ਼ਾਂ ਤੋਂ ਕਿੰਨੂਆਂ ਅਤੇ ਅਮਰੂਦਾਂ ਦੇ ਬਾਗ਼ਾਂ ਦੇ ਮੁਕਾਬਲੇ ਮੁਨਾਫਾ ਵੀ ਘੱਟ ਹੁੰਦਾ ਹੈ। ਇਸੇ ਲਈ ਅੰਬਾਂ ਦੇ ਬਾਗ਼ ਲਾਉਣਾ ਪੰਜਾਬ 'ਚ ਬਹੁਤੀ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ। ਪੰਜਾਬ 'ਚੋਂ ਜਦੋਂ ਕਿ ਕਿੰਨੂ ਤੇ ਅਮਰੂਦ ਦੂਜੇ ਰਾਜਾਂ ਨੂੰ ਵਿਕਣ ਲਈ ਜਾਂਦਾ ਹੈ, ਅੰਬ ਦੂਜੇ ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਆਦਿ ਰਾਜਾਂ ਤੋਂ ਆ ਕੇ ਇੱਥੇ ਵਿਕਦਾ ਹੈ। ਪੰਜਾਬ ਦੇ ਆਪਣੇ ਖਪਤਕਾਰਾਂ ਦੀ ਲੋੜ ਵੀ ਪੰਜਾਬ 'ਚ ਲੱਗੇ ਅੰਬਾਂ ਦੇ ਬਾਗ਼ ਪੂਰਾ ਨਹੀਂ ਕਰਦੇ। ਉਂਜ ਭਾਰਤ ਤੋਂ ਅੰਬ ਬਰਾਮਦ ਕੀਤਾ ਜਾਂਦਾ ਹੈ ਅਤੇ ਵਿਦੇਸ਼ੀ ਮੁਦਰਾ ਕਮਾਉਣ ਦਾ ਸਾਧਨ ਹੈ। ਅੰਬ ਆਪਣੇ ਵਧੀਆ ਸਵਾਦ ਅਤੇ ਸੁੰਗਧ ਕਾਰਨ ਸਾਰੇ ਸੰਸਾਰ 'ਚ ਪਸੰਦ ਕੀਤਾ ਜਾਂਦਾ ਹੈ ਅਤੇ ਦੂਜੇ ਮੁਲਕਾਂ 'ਚ ਜਾ ਕੇ ਬੜਾ ਮਹਿੰਗਾ ਵਿਕਦਾ ਹੈ। ਸਿਹਤ ਪੱਖੋਂ ਅੰਬ ਵਿਚ ਵਿਟਾਮਿਨ ਏ, ਬੀ, ਸੀ ਅਤੇ ਮਿਨਰਲਜ਼ ਉਪਲਬੱਧ ਹਨ। ਅੰਬ ਤੋਂ ਬਹੁਤ ਸਾਰੇ ਪ੍ਰੋਸੈਸਡ ਫੂਡਜ਼ ਬਣਾਏ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਆਫ-ਸੀਜ਼ਨ 'ਚ ਵਰਤਿਆ ਜਾ ਸਕਦਾ ਹੈ। ਤਾਜ਼ੇ ਅੰਬਾਂ ਤੋਂ ਅਚਾਰ, ਚਟਣੀ, ਜੂਸ, ਅੰਬਚੂਰ, ਜੈਮ ਅਤੇ ਕੈਂਡੀ, ਆਦਿ ਪਦਾਰਥ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਪੱਕੇ ਅੰਬਾਂ ਤੋਂ ਅੰਬ ਪਾਪੜ, ਅੰਬ ਦਾ ਸ਼ਰਬਤ, ਜੈਮ ਅਤੇ ਡੱਬਾ-ਬੰਦ ਅੰਬ ਦਾ ਗੁੱਦਾ ਤੇ ਸਲਾਇਸ, ਕੈਨਿੰਗ ਦੀ ਤਕਨੀਕ ਰਾਹੀਂ ਰੱਖੇ ਜਾ ਸਕਦੇ ਹਨ। ਸੁੱਕੇ ਅੰਬਾਂ ਦਾ ਪਾਊਡਰ, ਆਇਸਕ੍ਰੀਮ, ਬੇਕਰੀ ਅਤੇ ਕਨਫੈਕਸ਼ਨਰੀ ਵਿਚ ਵਰਤਿਆ ਜਾਂਦਾ ਹੈ। ਕੱਚੇ ਅੰਬਾਂ ਤੋਂ ਆਚਾਰ , ਚਟਨੀ, ਮੁਰੱਬਾ, ਅਤੇ ਕੈਂਡੀ ਆਦਿ ਪਦਾਰਥ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਪ੍ਰੋਸੈਸਿੰਗ ਰਾਹੀਂ ਅੰਬ ਫਲ ਨੂੰ ਲੰਮੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ।
ਆਈ. ਸੀ. ਏ. ਆਰ.ਂਭਾਰਤੀ ਖੇਤੀ ਖੋਜ ਸੰਸਥਾਨ ਨੇ ਅੰਬਾਂ ਦੀਆਂ ਕੁਝ ਮਧਰੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਜੋ ਤੀਜੇ ਸਾਲ ਫਲ ਦੇ ਦਿੰਦੀਆਂ ਹਨ ਅਤੇ ਹਰ ਸਾਲ ਦਿੰਦੀਆਂ ਹਨ। ਇਨ੍ਹਾਂ ਕਿਸਮਾਂ ਦੇ ਬੂਟੇ ਵੀ ਹੈਕਟੇਅਰ 'ਚ ਰਵਾਇਤੀ ਕਿਸਮਾਂ ਨਾਲੋਂ ਕਿਤੇ ਵੱਧ ਲਗਦੇ ਹਨ। ਇਨ੍ਹਾਂ ਕਿਸਮਾਂ ਦਾ ਬੂਟਾ ਆਮ ਤੌਰ 'ਤੇ 6 × 6 ਮੀਟਰ ਦੇ ਫ਼ਾਸਲੇ 'ਤੇ ਲਾਇਆ ਜਾਂਦਾ ਹੈ। ਜਦੋਂ ਕਿ ਸਭ ਤੋਂ ਪੁਰਾਣੀ 1979 ਵਿਚ ਰਲੀਜ਼ ਹੋਈ ਅਮਰਪਾਲੀ ਕਿਸਮ ਦਾ ਬੂਟਾ 3 ×3 ਮੀਟਰ ਦੇ ਫ਼ਸਾਲੇ 'ਤੇ ਵੀ ਲਾਇਆ ਜਾ ਸਕਦਾ ਹੈ। ਸੰਘਣੀ ਪਲਾਂਟਿੰਗ ਹੋਣ ਕਾਰਨ ਉਤਪਾਦਨ ਵੱਧ ਮਿਲਦਾ ਹੈ। ਇਨ੍ਹਾਂ ਕਿਸਮਾਂ ਦੇ ਬੂਟੇ ਹਰ ਖਪਤਕਾਰ ਆਪਣੇ ਬਗੀਚਿਆਂ, ਬੰਗਲਿਆਂ ਅਤੇ ਲਾਅਨ ਗਾਰਡਨਾਂ ਵਿਚ ਲਾ ਸਕਦਾ ਹੈ। ਹਰ ਕਿਸਾਨ ਨੂੰ ਆਪਣੇ ਟਿਊਬਵੈੱਲਾਂ ਅਤੇ ਪਹਿਆਂ 'ਤੇ ਵੀ ਇਹ ਬੂਟੇ ਲਾਉਣੇ ਚਾਹੀਦੇ ਹਨ। ਘਰੇਲੂ ਖਪਤ ਲਈ ਇਨ੍ਹਾਂ ਦਾ ਫਲ ਕਾਫੀ ਮਾਤਰਾ 'ਚ ਉਪਲਬੱਧ ਹੋਵੇਗਾ। ਇਨ੍ਹਾਂ ਕਿਸਮਾਂ ਦੇ ਬਾਗ਼ ਵੀ ਲਾਉਣੇ ਬਹੁਤ ਲਾਹੇਵੰਦ ਹੋਣਗੇ। ਭਾਰਤ ਵਿਚ ਅਮਰਪਾਲੀ ਕਿਸਮ ਪਿਛਲੀ ਸ਼ਤਾਬਦੀ ਦੇ 7ਵੇਂ ਦਹਾਕੇ ਤੋਂ ਲਗਦੀ ਰਹੀ ਹੈ ਪਰ ਇਸ ਦੀ ਲੁਆਈ ਵਪਾਰਕ ਪੱਧਰ 'ਤੇ ਬੜੀ ਘੱਟ ਹੋਈ ਹੈ। ਪਹਿਲੀ ਵੇਰ ਇਹ 1978 ਵਿਚ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਰੱਖੜਾ ਕੈਂਪਸ 'ਤੇ ਲੱਗੀ ਸੀ । ਇਸ ਦਾ ਸਾਈਜ਼ ਤੇ ਆਕਾਰ ਛੋਟਾ ਹੋਣ ਕਾਰਨ ਇਹ ਕਿਸਮ ਪਿਛਲੀ ਸ਼ਤਾਬਦੀ 'ਚ ਵਪਾਰਕ ਨਹੀਂ ਬਣ ਸਕੀ। ਹੁਣ ਅਮਰਪਾਲੀ ਤੇ ਹੋਰ ਮਧਰੀਆਂ ਕਿਸਮਾਂ ਦਾ ਫਲ ਖਪਤਕਾਰਾਂ 'ਚ ਬੜਾ ਮਨਭਾਉਂਦਾ ਹੈ ਅਤੇ ਦੂਜੀ ਰਵਾਇਤੀ ਕਿਸਮਾਂ ਦੇ ਫਲ ਨਾਲੋਂ ਵਧੇਰੇ ਪੰਸਦ ਕੀਤਾ ਜਾਂਦਾ ਹੈ। ਇਹ ਉਨ੍ਹਾਂ ਤੋਂ ਮਹਿੰਗਾ ਵੀ ਵਿਕਦਾ ਹੈ। ਭਾਰਤ ਵਿਚੋਂ ਸਭ ਤੋਂ ਵੱਧ ਅਲਫੈਜੋਂ ਕਿਸਮ ਦਾ ਅੰਬ ਬਰਾਮਦ ਕੀਤਾ ਜਾਂਦਾ ਹੈ ਅਤੇ ਦੂਜੇ ਨੰਬਰ 'ਤੇ ਬਰਾਮਦ ਪੱਖੋਂ ਇਹ ਮਧਰੀ ਕਿਸਮਾਂ ਦਾ ਅੰਬ ਆਉਂਦਾ ਹੈ।
ਅੰਬਾਂ ਨੂੰ ਲਾਉਣ ਲਈ ਇਹ ਮੌਸਮ ਬੜਾ ਅਨੁਕੂਲ ਹੈ। ਅੱਜ-ਕੱਲ੍ਹ ਪਲਾਂਟਿੰਗ ਕੀਤੀ ਜਾ ਸਕਦੀ ਹੈ। ਕਿਸਾਨਾਂ ਲਈ ਮਧਰੀ ਕਿਸਮਾਂ ਦੇ ਬਾਗ਼ ਲਾਉਣੇ ਵਧੇਰੇ ਲਾਹੇਵੰਦ ਹਨ ਅਤੇ ਇਨ੍ਹਾਂ ਦੀ ਵੱਟਤ ਲਈ ਬਹੁਤਾ ਇੰਤਜ਼ਾਰ ਵੀ ਨਹੀਂ ਕਰਨਾ ਪੈਂਦਾ। ਕੇਵਲ ਦੋ ਸਾਲ ਦਾ ਸਮਾਂ ਲੋੜੀਂਦਾ ਹੈ। ਫਿਰ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਕਿਸਮਾਂ ਦੇ ਫਲ ਨੂੰ ਹੁਣ ਮੰਡੀ 'ਚ ਵੇਚਣ ਦੀ ਵੀ ਕੋਈ ਸਮੱਸਿਆ ਨਹੀਂ। ਸਗੋਂ ਇਨ੍ਹਾਂ ਕਿਸਮਾਂ ਦੇ ਫਲ ਦੀ ਰਵਾਇਤੀ ਕਿਸਮਾਂ ਦੇ ਫਲ ਨਾਲੋਂ ਕੀਮਤ ਵੱਧ ਮਿਲਦੀ ਹੈ। ਇਨ੍ਹਾਂ ਕਿਸਮਾਂ ਦੇ ਫਲਾਂ ਦਾ ਜ਼ਾਇਕਾ ਵੀ ਬਿਹਤਰ ਹੈ ਅਤੇ ਸਾਂਭ-ਸੰਭਾਲ ਵੀ ਆਸਾਨ ਹੈ। ਮਧਰਾ ਕੱਦ ਹੋਣ ਕਾਰਨ ਸਪਰੇਅ ਵਗ਼ੈਰਾ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਵੱਲੋਂ ਅੰਬਾਂ ਦੀਆਂ ਮਧਰੀਆਂ ਕਿਸਮਾਂ ਇਸ ਪ੍ਰਕਾਰ ਵਿਕਸਤ ਕੀਤੀਆਂ ਗਈਆਂ ਹਨ। ਇਹ ਉਤਪਾਦਕਾਂ ਨੂੰ ਦਿੱਲੀ ਵਿਖੇ ਸੰਸਥਾਨ ਦੇ ਫਲਾਂ ਤੇ ਬਾਗ਼ਬਾਨੀ ਡਵੀਜ਼ਨ ਵਿਚੋਂ ਉਪਲੱਬਧ ਹੋ ਸਕਦੀਆਂ ਹਨ। ਇਨ੍ਹਾਂ ਵਿਚੋਂ 'ਅਮਰਪਾਲੀ' ਅਤੇ 'ਮਲਿਕਾ' ਕਿਸਮਾਂ ਦੇ ਬੂਟੇ ਸਰਕਾਰੀ ਨਰਸਰੀ ਪਟਿਆਲਾ ਤੇ ਹੋਰ ਪ੍ਰਮਾਣਿਤ ਨਿੱਜੀ ਨਰਸਰੀਆਂ ਵਿਚ ਵੀ ਉਪਲਬੱਧ ਹਨ। ਸੰਸਥਾਨ ਦੇ ਕਰਨਾਲ ਰਿਜਨਲ ਸਟੇਸ਼ਨ ਤੋਂ ਵੀ ਇਨ੍ਹਾਂ ਕਿਸਮਾਂ ਦੇ ਬੂਟੇ ਮਿਲ ਸਕਦੇ ਹਨ ਅਤੇ ਇਨ੍ਹਾਂ ਕਿਸਮਾਂ ਦੀ ਬੁਕਿੰਗ ਸੰਸਥਾਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਰੱਖੜਾ ਆਊਟ-ਰੀਚ ਸੈਂਟਰ 'ਤੇ ਵੀ ਕਰਵਾਈ ਜਾ ਸਕਦੀ ਹੈ।
ਅਮਰਪਾਲੀ: ਇਸ ਦਾ ਫਲ ਜੁਲਾਈ ਦੇ ਤੀਜੇ ਹਫ਼ਤੇ ਉਪਲਬੱਧ ਹੋ ਜਾਂਦਾ ਹੈ। ਅੰਬ ਦਾ ਸਾਈਜ਼ ਛੋਟੇ ਤੋਂ ਦਰਮਿਆਨਾਂ 120 ਤੋਂ 160 ਗ੍ਰਾਮ ਤੱਕ, ਬਿਨਾਂ ਰੇਸ਼ੇ ਤੋਂ ਹੈ। ਇਸ ਦੇ ਹੈਕਟੇਅਰ 'ਚ 1000 ਤੋਂ 1200 ਬੂਟੇ ਤੱਕ ਲਗਾਏ ਜਾ ਸਕਦੇ ਹਨ। ਇਕ ਬੂਟੇ ਤੋਂ ਔਸਤਨ 20 ਕਿਲੋਗ੍ਰਾਮ ਤੱਕ ਫਲ ਉਪਲੱਬਧ ਹੋ ਜਾਂਦਾ ਹੈ।
ਮਲਿਕਾ: ਇਹ ਵਪਾਰਕ ਕਿਸਮ ਦੇ ਤੌਰ 'ਤੇ ਪਿਛਲੀ ਸ਼ਤਾਬਦੀ ਦੇ 7ਵੇਂ ਦਹਾਕੇ 'ਚ ਕਾਸ਼ਤ ਲਈ ਜਾਰੀ ਕੀਤੀ ਗਈ ਸੀ। ਇਹ ਹਰ ਸਾਲ ਫਲ ਦਿੰਦੀ ਹੈ। ਇਸ ਦੇ ਅੰਬ ਦਾ ਸਾਈਜ਼ 307 ਗ੍ਰਾਮ ਦੇ ਕਰੀਬ ਹੈ। ਇਸ ਦਾ ਜ਼ਾਇਕਾ ਤੇ ਖੁਸ਼ਬੂ ਬਹੁਤ ਵਧੀਆ ਹਨ ਅਤੇ ਰੇਸ਼ਾ ਇਸ ਕਿਸਮ ਵਿਚ ਵੀ ਨਹੀਂ। ਇਸ ਦਾ ਫਲ ਵੀ ਜੁਲਾਈ ਦੇ ਤੀਜੇ ਹਫ਼ਤੇ ਉਪਲਬੱਧ ਹੋ ਜਾਂਦਾ ਹੈ। ਬਰਾਮਦ ਕਰਨ ਲਈ ਬੜੀ ਅਨੁਕੂਲ ਕਿਸਮ ਹੈ। ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਇਸ ਕਿਸਮ ਦੇ ਅੰਬ ਵਿਦੇਸ਼ਾਂ ਨੂੰ ਬਰਾਮਦ ਕੀਤੇ ਜਾ ਰਹੇ ਹਨ। ਇਹ ਕਿਸਮ ਔਸਤਨ 20 ਕਿਲੋ ਗ੍ਰਾਮ ਪ੍ਰਤੀ ਬੂਟਾ ਤੱਕ ਫਲ ਦੇ ਦਿੰਦੀ ਹੈ।
ਪੂਸਾ ਸੂਰੀਆ: ਇਸ ਦਾ ਫਲ ਅੱਧ-ਜੁਲਾਈ 'ਚ ਤਿਆਰ ਹੋ ਜਾਂਦਾ ਹੈ। ਅੰਬ ਦਾ ਵਜ਼ਨ 260 ਤੋਂ 290 ਗ੍ਰਾਮ, ਦਿਲਕਸ਼ ਰੰਗ, ਜ਼ਰਦ ਗੁਲਾਬੀ ਬਲੱਸ਼ ਦਾ ਸੁਮੇਲ ਹੈ। ਇਸ ਨੂੰ 12 ਦਿਨ ਤੱਕ ਪੱਕਣ ਤੋਂ ਬਾਅਦ ਵੀ ਕਮਰੇ ਵਿਚ ਭੰਡਾਰ ਕੀਤਾ ਜਾ ਸਕਦਾ ਹੈ । ਬਰਾਮਦ ਲਈ ਅਤੇ ਘਰੇਲੂ ਖਪਤ ਲਈ ਬੜੀ ਅਨੁਕੂਲ ਕਿਸਮ ਹੈ। ਔਸਤਨ 15 ਕਿਲੋ ਗ੍ਰਾਮ ਤੱਕ ਹਰ ਬੂਟੇ ਤੋਂ ਫਲ ਉਪਲੱਬਧ ਹੋ ਜਾਂਦਾ ਹੈ।
ਅਰੁਣਿਮਾ: ਹਰ ਸਾਲ ਫਲ ਦਿੰਦੀ ਹੈ। ਫਾਸਲਾ 6×6 ਮੀਟਰ ਰੱਖ ਕੇ ਲਾਇਆ ਜਾ ਸਕਦਾ ਹੈ। ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ-250 ਗ੍ਰਾਮ ਪ੍ਰਤੀ ਅੰਬ ਤੱਕ ਹੈ। ਦਿਲਕਸ਼ ਆਕਾਰ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਮੰਡੀ 'ਚ ਮਨਭਾਉਂਦੀ ਕਿਸਮ ਜੋ 12 ਦਿਨ ਤੱਕ ਕਮਰੇ ਵਿਚ ਭੰਡਾਰ ਕੀਤੀ ਜਾ ਸਕਦੀ ਹੈ। ਪੰਜਾਬ ਦਾ ਵਾਤਾਵਰਨ ਇਹ ਕਿਸਮ ਪੈਦਾ ਕਰਨ ਲਈ ਬੜਾ ਅਨੁਕੂਲ ਹੈ।
ਪੂਸਾ ਪਿੰਤਾਬਰ: ਇਸ ਦੇ ਪ੍ਰਤੀ ਹੈਕਟੇਅਰ 270 ਬੂਟੇ ਲਗਾਏ ਜਾ ਸਕਦੇ ਹਨ। ਦਿਲਕਸ਼ ਰੂਪ ਅਤੇ ਚਮਕਦਾਰ ਜ਼ਰਦ ਰੰਗ ਹੈ। ਇਸ ਨੂੰ ਮਾਲਫਾਰਮੇਸ਼ਨ ਦੀ ਬਿਮਾਰੀ ਵੀ ਬੜੀ ਘੱਟ ਆਉਂਦੀ ਹੈ ਅਤੇ ਬਿਮਾਰੀ-ਰਹਿਤ ਕਿਸਮ ਮੰਨੀ ਗਈ ਹੈ। ਫਲ ਦਾ ਵਜ਼ਨ 213 ਕਿਲੋਗ੍ਰਾਮ ਤੱਕ ਹੈ। ਬੂਟਾ ਬੜਾ ਜੂਸੀ ਹੈ। ਵਿਟਾਮਿਨ ਸੀ ਨਾਲ ਭਰਪੂਰ ਹੈ। ਫਲੇਵਰ ਬੜਾ ਮਨਭਾਉਂਦਾ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਮੰਡੀ 'ਚ ਖਪਤਕਾਰਾਂ ਨੇ ਪੰਸਦ ਕੀਤਾ ਹੈ। ਇਸ ਦਾ ਝਾੜ 25 ਕਿਲੋਗ੍ਰਾਮ ਪ੍ਰਤੀ ਬੂਟਾ ਤੱਕ ਹੈ। ਇਹ ਕਿਸਮ 2011 'ਚ ਪੰਜਾਬ ਅਤੇ ਹੋਰ ਮੈਦਾਨੀ ਇਲਾਕਿਆਂ 'ਚ ਕਾਸ਼ਤ ਕਰਨ ਲਈ ਜਾਰੀ ਕੀਤੀ ਗਈ ਸੀ।
ਪੂਸਾ ਲਾਲਿਮਾ: ਇਹ ਕਿਸਮ ਵੀ ਪੰਜਾਬ ਅਤੇ ਉੱਤਰੀ ਮੈਦਾਨੀ ਇਲਾਕੇ ਅਤੇ ਕੇਂਦਰੀ ਭਾਰਤ ਲਈ 2011 'ਚ ਜਾਰੀ ਹੋਈ। ਇਸ ਦਾ ਪ੍ਰਤੀ ਬੂਟਾ ਝਾੜ 60 ਕਿਲੋਗ੍ਰਾਮ ਤੱਕ ਹੈ। ਹਰ ਸਾਲ ਫਲ ਦਿੰਦੀ ਹੈ। ਅੰਬ ਦਾ ਰੂਪ ਬੜਾ ਮਨਭਾਉਂਦਾ ਅਤੇ ਸੁਰਖ ਛਿਲਕਾ ਅਤੇ ਸੰਤਰੀ ਗੁੱਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਅਤੇ ਵਧੇਰੇ ਬੀ-ਕੈਰੋਟੀਨ, ਇਹ ਕਿਸਮ ਵੀ ਘਰੇਲੂ ਅਤੇ ਅੰਤਰਰਾਸ਼ਟਰੀ ਮੰਡੀ 'ਚ ਖਪਤਕਾਰਾਂ ਦੀ ਮਨਭਾਉਂਦੀ ਬਣੀ ਹੈ।
ਪੂਸਾ ਪ੍ਰਤਿਭਾ: ਇਸ ਦਾ ਪ੍ਰਤੀ ਬੂਟਾ ਝਾੜ 40 ਕਿਲੋਗ੍ਰਾਮ ਤੱਕ ਹੈ। ਇਸ ਨੂੰ 6×6 ਮੀਟਰ ਦੇ ਫਾਸਲੇ 'ਤੇ ਲਾਇਆ ਜਾ ਸਕਦਾ ਹੈ। ਇਸ ਦਾ ਅੰਬ ਬੜਾ ਦਿਲਕਸ਼ ਹੈ। ਰੰਗ ਸੁਰਖ ਤੇ ਗੁੱਦਾ ਸੰਤਰੀ। ਇਸ ਦੇ ਫਲ ਦੀ ਬੈਕਰਾਊਂਡ ਸੁਨਹਿਰਾ ਜ਼ਰਦ ਹੈ ਜੋ ਖਪਤਕਾਰਾਂ ਲਈ ਬੜੀ ਖਿੱਚ ਰੱਖਦੀ ਹੈ। ਅੰਬ ਦਾ ਸਾਈਜ਼ ਦਰਮਿਆਨਾ ਹੈ-185 ਗ੍ਰਾਮ। ਵਿਟਾਮਿਨ ਸੀ ਤੇ ਬੀ-ਕੈਰੋਟੀਨ ਭਰਪੂਰ, ਫਲੇਵਰ ਬੜਾ ਦਿਲਕਸ਼ ਹੈ। ਇਹ ਕਿਸਮ ਸਾਰੀਆਂ ਦੂਜੀਆਂ ਕਿਸਮਾਂ ਨਾਲੋਂ ਅੰਤਰਰਾਸ਼ਟਰੀ ਮੰਡੀ 'ਚ ਭੇਜਣ ਦੇ ਅਨੁਕੂਲ ਹੈ।
ਪੂਸਾ ਸਰੇਸ਼ਠ: ਝਾੜ 22 ਕਿਲੋ ਪ੍ਰਤੀ ਬੂਟਾ ਤੱਕ, ਉੱਤਰ, ਪੱਛਮ ਅਤੇ ਦੱਖਣ ਦੇ ਮੈਦਾਨੀ ਇਲਾਕਿਆਂ 'ਚ ਕਾਸ਼ਤ ਕਰਨ ਲਈ 2012 ਵਿਚ ਜਾਰੀ ਹੋਈ ਸੀ। ਹਰ ਸਾਲ ਫਲ ਦਿੰਦੀ ਹੈ। ਛਿਲਕਾ ਮੱਧਮ ਸੁਰਖ ਅਤੇ ਗੁੱਦਾ ਸੰਤਰੀ, ਅੰਬ ਦਾ ਸਾਈਜ਼ 228 ਗ੍ਰਾਮ ਤੱਕ, ਫਲੇਵਰ ਬੜਾ ਦਿਲਕਸ਼। ਇਹ ਕਿਸਮ ਖਪਤਕਾਰਾਂ ਦੀ ਬੜੀ ਮਨਭਾਉਂਦੀ ਕਿਸਮ ਹੈ।
ਮਧਰੀਆਂ ਕਿਸਮਾਂ ਦੇ ਬੂਟੇ ਲਾਉਣ ਲਈ ਕੈਲਸ਼ੀਅਮ ਐਮੋਨੀਅਮ ਨਾਇਟਰੇਟ, ਇਕਹਿਰਾ ਸੁਪਰਫਾਸਫੇਟ ਅਤੇ ਪੋਟਾਸ਼ ਦਾ ਮਿਸ਼ਰਨ 1.3.1 ਮਿਸ਼ਰਤ ਨਾਲ (0.5 ਕਿਲੋਗ੍ਰਾਮ) ਅਤੇ 10 ਕਿਲੋਗ੍ਰਾਮ ਰੂੜੀ ਖਾਦ ਪ੍ਰਤੀ ਬੂਟਾ ਪਾਉਣਾ ਚਾਹੀਦਾ ਹੈ। ਅੰਬਾਂ ਦੇ ਬੂਟਿਆਂ ਨੂੰ ਆਮ ਤੌਰ 'ਤੇ ਮਾਲਫਾਰਮੇਸ਼ਨ ਦੀ ਬਿਮਾਰੀ ਆਉਂਦੀ ਹੈ ਜਿਸ 'ਤੇ ਕਾਬੂ ਪਾਉਣ ਲਈ 200 ਪੀ ਪੀ ਐਮ ਨੈਪਥਾਲੀਨ, ਏਸੀਟਿਕ ਐਸਿਡ ਦਾ ਅਕਤੂਬਰ ਦੇ ਮਹੀਨੇ 'ਚ ਛਿੜਕਾਅ ਕਰ ਦੇਣਾ ਚਾਹੀਦਾ ਹੈ ਅਤੇ ਫਿਰ ਜਨਵਰੀ 'ਚ ਗੁੱਛੇ ਤੋੜ ਕੇ ਦਬਾ ਦੇਣੇ ਚਾਹੀਦੇ ਹਨ।


-ਮੋਬਾ: 98152-36307


ਕਿਸਾਨੀ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਤੇ ਸਮਾਧਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੀ. ਐਸ .ਪੀ. ਸੀ. ਐਲ. ਨੇ ਜਿੱਥੇ ਮੋਟਰਾਂ ਦਾ ਲੋਡ ਚੈੱਕ ਕਰਨ ਦੀ ਸ਼ਰਤ ਨਰਮ ਕੀਤੀ ਹੈ ਉੱਥੇ, ਨਵਾਂ ਕੁਨੈਕਸ਼ਨ ਲੈਣ ਸਬੰਧੀ ਲਏ ਜਾਂਦੇ ਖ਼ਰਚਿਆਂ ਦਾ ਵੇਰਵਾ ਸਬ/ਡਵੀਜ਼ਨਾਂ ਅਤੇ ਡਵੀਜ਼ਨਾਂ ਦੇ ਬੋਰਡਾਂ 'ਤੇ ਲਗਵਾ ਦਿੱਤਾ ਹੈ, ਤਾਂ ਕਿ ਕਿਸਾਨਾਂ ਨੂੰ ਹੋਣ ਵਾਲੇ ਖ਼ਰਚੇ ਦੀ ਪੂਰਨ ਜਾਣਕਾਰੀ ਮਿਲ ਸਕੇ। ਪੀ. ਐਸ. ਪੀ. ਸੀ. ਐਲ. ਵੱਲੋਂ ਮੁਰੰਮਤ ਅਤੇ ਸਾਂਭ-ਸੰਭਾਲ ਲਈ ਤੈਅ ਸ਼ੁਦਾ ਬਿਜਲੀ ਬੰਦ ਕਰਨ (ਸ਼ੱਟ ਡਾਊਨ) ਦੀ ਸੂਚਨਾ ਹਰ ਸਮਾਚਾਰ ਪੱਤਰਾਂ ਵਿਚ ਛਾਪੀ ਜਾਂਦੀ ਹੈ। ਕਿਸਾਨ ਜਥੇਬੰਦੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਬਿਜਲੀ ਸਬੰਧੀ ਜਾਣਕਾਰੀ ਲੈਣ ਲਈ ਇੱਕ ਨਿਵੇਕਲਾ ਟੈਲੀਫੂਨ ਨੰ: 1912 ਸ਼ੁਰੂ ਕੀਤਾ ਗਿਆ ਹੈ, ਜੋ ਕਿਸੇ ਵੀ ਮੋਬਾਈਲ ਜਾ ਲੈਂਡ ਲਾਈਨ ਫੋਨ ਤੋਂ ਡਾਇਲ ਕਰਕੇ ਕਿਸੇ ਵੀ ਕਿਸਮ ਦੇ ਨੁਕਸ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਪਿਛਲੇ ਸਾਲਾਂ ਵਿਚ ਸਬ-ਸਟੇਸ਼ਨਾਂ 'ਤੇ ਓਵਰ ਲੋਡਿੰਗ ਦੀ ਗੰਭੀਰ ਸਮੱਸਿਆ ਸੀ, ਉਹ ਸਾਲ 2015 ਤੋਂ ਹੱਲ ਹੋ ਚੁੱਕੀ ਹੈ, ਕਿਉਂਕਿ ਪੰਜਾਬ ਦੇ ਸਾਰੇ ਸਬ-ਸਟੇਸ਼ਨ ਅੰਡਰਲੋਡ ਹੋ ਚੁੱਕੇ ਹਨ। ਕਿਸਾਨਾਂ ਦੀ ਸਹੂਲਤ ਲਈ ਹੁਣ ਸੜੇ ਟਰਾਂਸਫਾਰਮਰ ਨੂੰ 48 ਘੰਟਿਆਂ ਦੇ ਅੰਦਰ ਅੰਦਰ ਬਦਲਿਆ ਜਾਵੇਗਾ ਅਤੇ ਚੋਰੀ ਹੋਏ ਟਰਾਂਸਫਾਰਮਰ ਦੀ ਪੁਲਿਸ ਰਿਪੋਰਟ ਮਹਿਕਮੇ ਵੱਲੋਂ ਦਰਜ ਕਰਵਾਈ ਜਾਵੇਗੀ। ਕੁਨੈਕਸ਼ਨ ਲੈਣ ਵਕਤ ਕਿਸਾਨਾਂ ਦੀ ਮੰਗ ਅਨੁਸਾਰ ਹਲਫ਼ੀਆ ਬਿਆਨ ਲੈਣੇ ਬੰਦ ਕਰ ਦਿੱਤੇ ਹਨ, ਇਸ ਦੀ ਥਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੈ-ਘੋਸ਼ਣਾ ਪੱਤਰ ਲੈਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਡੇਰੇ ਅਤੇ ਢਾਣੀਆਂ ਨੂੰ ਸ਼ਹਿਰੀ ਤਰਜ਼ 'ਤੇ ਸਪਲਾਈ ਦੇਣ ਦੀ ਮੰਗ ਸਵੀਕਾਰ ਕਰ ਲਈ ਗਈ ਹੈ।
ਕਿਸਾਨ ਯੂਨੀਅਨਾਂ ਦੀ ਮੰਗ ਸੀ ਕਿ ਭਰਾਵਾਂ ਦੀ ਜ਼ਮੀਨੀ ਵੰਡ ਵੇਲੇ ਦੋ ਕੁਨੈਕਸ਼ਨ ਜਾਰੀ ਕੀਤੇ ਜਾਣ। ਇਸ ਵਾਜਬ ਮੰਗ ਸਬੰਧੀ ਮੌਜੂਦਾਂ ਹਦਾਇਤਾਂ ਅਨੁਸਾਰ ਨਵਾਂ ਕੁਨੈਕਸ਼ਨ ਕਿਸਾਨਾਂ ਵੱਲੋਂ ਲਿਆ ਜਾ ਸਕਦਾ ਹੈ। ਉਕਤ ਤੋਂ ਸਪੱਸ਼ਟ ਹੈ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਕਿਸਾਨਾਂ ਦੀਆਂ ਮੰਗਾਂ 'ਤੇ ਦੂਰ-ਦ੍ਰਿਸ਼ਟੀ ਨਾਲ ਵਿਚਾਰ ਕਰਕੇ ਕਿਸਾਨ ਪੱਖੀ ਫ਼ੈਸਲੇ ਲਏ ਗਏ ਹਨ, ਤਾਂ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਮੀਟਿੰਗਾਂ ਦੌਰਾਨ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਨਵੇਂ ਘਰੇਲੂ ਕੁਨੈਕਸ਼ਨਾਂ ਵਿਚ ਟੈਸਟ ਰਿਪੋਰਟ ਲੈਣੀ ਬੰਦ ਕਰ ਦਿੱਤੀ ਹੈ। ਨਵੇਂ ਟਿਊਬਵੈੱਲ ਕੁਨੈਕਸ਼ਨ ਦੀ ਟੈਸਟ ਰਿਪੋਰਟ ਨੂੰ ਚੀਫ਼ ਇਲੈਕਟਰੀਕਲ ਦੇ ਰੂਲਾਂ ਅਨੁਸਾਰ ਵਿਚਾਰ ਕਰਕੇ ਸਰਲ ਕੀਤਾ ਜਾਵੇਗਾ। ਪੀ.ਐਸ.ਪੀ.ਸੀ.ਐਲ. ਵੱਲੋਂ ਸਰਹੱਦੀ ਖੇਤਰ ਦੀਆਂ ਬਿਜਲੀ ਸਮੱਸਿਆਵਾਂ ਨੂੰ ਤਰਜੀਹੀ ਅਧਾਰ 'ਤੇ ਵਿਚਾਰਿਆ ਗਿਆ ਹੈ, ਕਿਉਂਕਿ ਸਰਹੱਦੀ ਇਲਾਕੇ ਦੇ ਲੋਕ ਦਹਿਸ਼ਤ ਦੇ ਮਾਹੌਲ ਵਿਚ ਰਹਿੰਦੇ ਹਨ। ਭੈਅ ਦੇ ਪਰਛਾਵਿਆਂ ਵਿਚ ਜਿਊਂਦੇ ਹਨ। ਗੁਆਂਢੀ ਮੁਲਕ ਨਾਲ ਜੰਗ ਲੱਗਣ ਸਮੇਂ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਸਰਹੱਦੀ ਇਲਾਕੇ ਦੇ ਏ.ਪੀ. ਫੀਡਰਾਂ ਤੋਂ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਕ ਦਿਨ ਛੱਡ ਕੇ ਦਿੱਤੀ ਜਾ ਰਹੀ ਹੈ।
ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਸਮੇਂ ਮੀਟਿੰਗ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਤਿਨਿਧੀ ਅਤੇ ਮੁੱਖ ਖੇਤੀਬਾੜੀ ਅਫ਼ਸਰ ਅਤੇ ਝੋਨੇ ਦੇ ਮਾਹਿਰ ਵਿਗਿਆਨੀ ਵੀ ਸ਼ਾਮਿਲ ਹੋਏ ਤਾਂ ਕਿ ਕਿਸਾਨੀ ਦੀਆਂ ਮੰਗਾਂ 'ਤੇ ਬਹੁ-ਪੱਖੀ ਤਰੀਕਿਆਂ ਨਾਲ ਵਿਚਾਰ ਵਟਾਂਦਰਾ ਹੋ ਸਕੇ। ਇਨ੍ਹਾਂ ਮੀਟਿੰਗਾਂ ਵਿਚ ਜਿੱਥੇ ਨਵੇਂ ਨੁਕਤੇ ਪੀ.ਐਸ.ਪੀ.ਸੀ.ਐਲ. ਦੇ ਧਿਆਨ ਵਿਚ ਆਏ, ਉੱਥੇ ਕਿਸਾਨੀ ਨਾਲ ਸੰਬੰਧਿਤ ਕੁਝ ਸ਼ੰਕਾ ਨਵ੍ਰਿਤੀਆਂ ਵੀ ਕੀਤੀਆਂ ਗਈਆਂ। ਇਹੋ ਕਾਰਨ ਹੈ ਕਿ ਇਸ ਨਿੱਘੀ ਗੱਲਬਾਤ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ। ਉਪਰੋਕਤ ਫ਼ੈਸਲਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਰਪੋਰੇਸ਼ਨ ਕਿਸਾਨਾਂ ਦੀਆਂ ਅਹਿਮ ਮੰਗਾਂ ਮੰਨ ਕੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿਚ ਹੈ। ਪੀ.ਐਸ.ਪੀ.ਸੀ.ਐਲ. ਕਿਸਾਨੀ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ, ਤਾਂ ਕਿ ਦੇਸ਼ ਦੇ ਅੰਨਦਾਤਾ ਨੂੰ ਖੁਸ਼ਹਾਲ ਬਣਾਇਆ ਜਾ ਸਕੇ। (ਸਮਾਪਤ)


-ਡਾਇਰੈਕਟਰ ਪ੍ਰਬੰਧਕੀ, ਪੀ.ਐਸ.ਪੀ.ਸੀ.ਐਲ. ਅਤੇ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਪੰਜਾਬ।
ਮੋਬਾਈਲ : 96462-00035.ਵਿਰਸੇ ਦੀਆਂ ਬਾਤਾਂ

ਕਿਸਾਨੀ ਹੁਨਰ ਦੀ ਮਿਸਾਲ ਤੂੜੀ ਦੇ ਕੁੱਪ

ਕੁਦਰਤ ਤੇ ਕਿਸਾਨੀ ਦਾ ਹਮੇਸ਼ਾ ਮੁਕਾਬਲਾ ਚੱਲਦਾ ਰਿਹਾ ਹੈ, ਜਿਸ ਵਿਚ ਕੁਦਰਤ ਜਿੱਤ ਕੇ ਬਹੁਤੀ ਵਾਰ ਕਿਸਾਨ ਨੂੰ ਕੱਖੋਂ ਹੌਲਾ ਕਰ ਜਾਂਦੀ ਹੈ। ਕਦੇ ਪੱਕੀ ਫ਼ਸਲ 'ਤੇ ਗੜ੍ਹੇਮਾਰੀ ਤੇ ਕਦੇ ਜੰਮਦੇ ਬੂਟਿਆਂ 'ਤੇ ਮੀਂਹ, ਹਨੇਰੀ ਦਾ ਕਹਿਰ। ਕਿਸਾਨ ਤੂੜੀ ਤੰਦ ਸਾਂਭਣ ਲਈ ਬਥੇਰੇ ਯਤਨ ਕਰਦੈ, ਪਰ ਕੁਦਰਤ ਮੂਹਰੇ ਜ਼ੋਰ ਨਹੀਂ ਚੱਲਦਾ। ਜਦੋਂ ਕਣਕ ਵੱਢ-ਕੱਢ ਲਈ ਜਾਂਦੀ ਹੈ ਤਾਂ ਖਾਣ ਜੋਗੇ ਦਾਣੇ ਘਰ ਤੇ ਬਾਕੀ ਟਰਾਲੀ ਭਰ ਕੇ ਮੰਡੀ ਪਹੁੰਚ ਜਾਂਦੇ ਹਨ, ਮਗਰੋਂ ਤੂੜੀ ਦੀ ਸੰਭਾਲ ਦਾ ਕੰਮ ਵੀ ਸੌਖਾ ਨਹੀਂ ਹੁੰਦਾ। ਇਹ ਤੂੜੀ ਪੂਰੇ ਸਾਲ ਲਈ ਪਸ਼ੂਆਂ ਦੀ ਖੁਰਾਕ ਹੈ। ਜੇ ਇਸ ਨੂੰ ਸੰਭਾਲਣ ਵਿਚ ਭੋਰਾ ਵੀ ਅਣਗਹਿਲੀ ਹੋਈ ਤਾਂ ਮਹਿੰਗੇ ਮੁੱਲ ਤੂੜੀ ਖਰੀਦਣੀ ਸੌਖੀ ਨਹੀਂ। ਇਸ ਲਈ ਮਾਹਿਰ ਕਿਸਾਨ ਆਪੋ-ਆਪਣੇ ਤਰੀਕਿਆਂ ਨਾਲ ਕੁੱਪ ਬਣਾ ਕੇ ਜਾਂ ਹੋਰ ਢੰਗ-ਤਰੀਕੇ ਅਪਣਾ ਕੇ ਤੂੜੀ ਬਚਾਉਂਦੇ ਹਨ।
ਇਸ ਤਸਵੀਰ ਨੂੰ ਦੇਖ ਕੇ ਕਿਸਾਨਾਂ ਦੀ ਕਲਾਕਾਰੀ 'ਤੇ ਮਾਣ ਜ਼ਰੂਰ ਹੁੰਦੈ। ਭਾਵੇਂ ਕਿਸਾਨੀ ਦੀ ਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੁੰਦੀ ਜਾ ਰਹੀ ਹੋਵੇ, ਪਰ ਉਮਰ ਭਰ ਖੇਤੀ ਨਾਲ ਜੁੜੇ ਰਹਿਣ ਵਾਲੇ ਲੋਕ ਕੁੱਪ ਬੰਨ੍ਹਣ ਦਾ ਇਹ ਹੁਨਰ ਚੰਗੀ ਤਰ੍ਹਾਂ ਜਾਣਦੇ ਹਨ। ਕਤਾਰ ਵਿਚ ਤੂੜੀ ਦੇ ਕੁੱਪ ਇਉਂ ਖੜ੍ਹੇ ਹਨ, ਜਿਵੇਂ ਸਕੂਲ 'ਚ ਸਵੇਰ ਦੀ ਸਭਾ ਮੌਕੇ ਨਿਆਣੇ ਖੜ੍ਹੇ ਹੋਣ। ਕਿਸਾਨਾਂ ਵੱਲੋਂ ਕਿੰਨੀ ਕੁਸ਼ਲਤਾ ਨਾਲ ਭਵਿੱਖ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੇ ਵੇਲਿਆਂ ਵਿਚ ਕੁੱਪ ਨੂੰ ਨਰਮੇ ਦੀਆਂ ਛਿਟੀਆਂ ਅਤੇ ਸਰਕਾਨੇ ਨਾਲ ਬਣਾਇਆ ਜਾਂਦਾ ਸੀ ਤੇ ਉੱਤੇ ਤਿਰਪੈਲ ਪਾ ਕੇ ਮਿੱਟੀ ਨਾਲ ਲਿੱਪ ਦਿੱਤਾ ਜਾਂਦਾ ਸੀ। ਫਿਰ ਥੋੜ੍ਹੇ ਡਿਜ਼ਾਈਨਦਾਰ ਕੁੱਪ ਬਣਨ ਲੱਗੇ ਤੇ ਹੁਣ ਪਲਾਸਟਿਕ ਦੇ ਤਿਰਪੈਲ ਵੀ ਮਿਲਣ ਲੱਗੇ ਹਨ, ਜਿਨ੍ਹਾਂ ਵਿਚ ਤੂੜੀ ਭਰ ਦਿੱਤੀ ਜਾਂਦੀ ਹੈ। ਉਹ ਵਾਟਰ ਪਰੂਫ਼ ਕੁੱਪ ਤੂੜੀ ਦਾ ਨੁਕਸਾਨ ਨਹੀਂ ਹੋਣ ਦਿੰਦੇ, ਪਰ ਉਨ੍ਹਾਂ ਕੁੱਪਾਂ ਨੂੰ ਹਰ ਕਿਸਾਨ ਨਹੀਂ ਖਰੀਦਦਾ।
ਤੂੜੀ ਦਾ ਕੁੱਪ ਬੰਨ੍ਹਣ ਮੌਕੇ ਖਾਸ ਖਿਆਲ ਰੱਖਣਾ ਪੈਂਦਾ ਹੈ ਕਿ ਕਿਸੇ ਪਾਸਿਓਂ ਪਾਣੀ ਦੀ ਇਕ ਬੂੰਦ ਲਈ ਵੀ ਵਿਰਲ ਨਾ ਬਚੇ। ਜੇ ਪਾਣੀ ਸਿੰਮਣਾ ਵੀ ਸ਼ੁਰੂ ਹੋ ਗਿਆ ਤਾਂ ਹੌਲੀ-ਹੌਲੀ ਤੂੜੀ ਗਲ਼ਣੀ ਸ਼ੁਰੂ ਹੋ ਜਾਵੇਗੀ। ਇਸ ਲਈ ਕਈ ਜਣਿਆਂ ਵੱਲੋਂ ਕੁੱਪ ਬੰਨ੍ਹਿਆ ਜਾਂਦਾ ਹੈ। ਜਦੋਂ ਘਰ 'ਚ ਪਈ ਤੂੜੀ ਮੁੱਕ ਜਾਂਦੀ ਹੈ ਤਾਂ ਹੌਲੀ-ਹੌਲੀ ਕੁੱਪ ਵਿਚਲੀ ਕੱਢਣੀ ਸ਼ੁਰੂ ਹੁੰਦੀ ਹੈ ਤੇ ਇਉਂ ਹੀ ਸਾਲ ਲੰਘ ਜਾਂਦਾ ਹੈ।
ਕਿਸਾਨਾਂ ਦੀ ਮਿਹਨਤ ਅਤੇ ਲਗਨ ਨੂੰ ਹਮੇਸ਼ਾ ਸਲਾਮ ਕਹਿਣ ਨੂੰ ਮਨ ਕਰਦਾ ਹੈ, ਜੋ ਮਿੱਟੀ ਨਾਲ ਮਿੱਟੀ ਹੋ ਕੇ ਦੇਸ਼ ਤੇ ਪਰਿਵਾਰ ਬਾਰੇ ਸੋਚਦੇ ਹਨ। ਬੇਸ਼ੱਕ ਕਰਜ਼ੇ ਦੀ ਮਾਰ, ਸਰਕਾਰਾਂ ਦੀਆਂ ਝਕਾਨੀਆਂ ਤੇ ਕੁਦਰਤ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਤੋੜਿਆ ਜਾਂਦੈ, ਪਰ ਖੇਤਾਂ ਦਾ ਰਾਜਾ ਖੇਤਾਂ ਦਾ ਮੋਹ ਨਹੀਂ ਛੱਡਦਾ।


-37, ਪ੍ਰੀਤ ਇਨਕਲੇਵ, ਯੂਨੀਵਰਸਿਟੀ ਰੋਡ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਕਾਹਲੀ ਅੱਗੇ ਗੱਡਾ

ਪੰਜਾਬ ਦੀ ਸ਼ਾਇਦ ਹੀ ਕੋਈ ਸੜਕ ਹੋਵੇਗੀ, ਜਿਸ ਦੀ ਹਿੱਕ 'ਤੇ ਮਨੁੱਖੀ ਖ਼ੂਨ ਨਾ ਡੁੱਲ੍ਹਿਆ ਹੋਵੇਗਾ। ਇਹ ਕੋਈ ਅਲੋਕਾਰੀ ਗੱਲ ਨਹੀਂ ਹੈ। ਜਿੱਥੇ ਸੜਕਾਂ ਵਿਚਲੇ ਟੋਏ ਆਪਣਾ ਯੋਗਦਾਨ ਪਾਉਂਦੇ ਹਨ, ਉੱਥੇ ਸਾਡਾ ਸੁਭਾਅ ਵੀ ਪੂਰਾ ਹਿੱਸਾ ਪਾਉਂਦਾ ਹੈ। ਹਰ ਕੋਈ ਕਾਹਲੀ ਵਿਚ ਹੈ। ਜੇ ਫਾਟਕ ਲੱਗ ਜਾਵੇ ਤਾਂ 5-5 ਲਾਈਨਾਂ ਲੱਗ ਜਾਂਦੀਆਂ ਹਨ, ਫਾਟਕ ਦੇ ਥੱਲਿਓਂ ਲੰਘਣ ਵਾਲੇ ਸ਼ੇਰ ਪੁੱਤ ਅਖਵਾਉਣ ਦੇ ਹੱਕਦਾਰ ਬਣ ਜਾਂਦੇ ਹਨ। ਮਾੜਾ ਜਿਹਾ ਕੋਈ ਖੱਬੇ ਹੋਇਆ ਨਹੀਂ, ਝੱਟ ਸੱਜੇ ਪਾਸਿਓਂ, ਠਾਹ ਰੇਲਿੰਗ ਜਾਂ ਕਿਸੇ ਹੋਰ ਪੁੱਠੇ ਪਾਸਿਓਂ ਆ ਰਹੇ ਵਾਹਨ ਨਾਲ ਗਲਵੱਕੜੀ ਪਾ ਲੈਂਦੇ ਹਨ। ਕਿਸੇ ਦਫਤਰ ਜਾਂ ਘਰ ਚਲੇ ਜਾਓ, ਕੋਈ ਕੰਮ ਕਰਕੇ ਰਾਜ਼ੀ ਨਹੀਂ, ਪਰ ਉਹੋ ਹੀ ਬੰਦੇ ਸੜਕਾਂ 'ਤੇ ਗੱਡੀਆਂ, ਸਕੂਟਰ ਇੰਝ ਭਜਾਉਂਦੇ ਹਨ, ਜਿਵੇਂ ਸਾਰੇ ਸਾਲ ਦੇ ਕੰਮ ਇਨ੍ਹਾਂ ਨੇ ਜਾ ਕੇ ਅੱਜ ਹੀ ਪੂਰੇ ਕਰਨੇ ਹੁੰਦੇ ਹਨ। ਜਦੋਂ ਬੱਤੀ ਹਰੀ ਹੁੰਦੀ ਹੈ ਤਾਂ ਕੀ ਬੱਸ, ਕੀ ਕਾਰ ਤੇ ਕੀ ਮੋਟਰਸਾਈਕਲ, ਇੰਝ ਹਾਰਨ ਵਜਾਉਣਗੇ ਕਿ ਜਿਵੇਂ ਬੱਤੀ ਮੂਹਰੇ ਖੜ੍ਹਾ ਬੰਦਾ ਅੰਨ੍ਹਾਂ ਹੋਵੇ ਜਾਂ ਉਹਨੂੰ ਹਰਾ ਰੰਗ ਨਾ ਦਿਸਦਾ ਹੋਵੇ। ਬੱਸਾਂ ਦਾ ਤਾਂ ਪੁੱਛੋ ਨਾ। ਕਿਉਂਕਿ ਬੱਸਾਂ ਨੂੰ ਡਰਾਈਵਰ ਤੇ ਕੰਡਕਟਰ ਕੰਪਨੀ ਤੋਂ ਠੇਕੇ 'ਤੇ ਲੈ ਕੇ ਆਏ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਬੱਸ ਤੇਜ਼ ਤੇ ਗ਼ਲਤ ਚਲਾਉਣੀ ਹੀ ਪੈਂਦੀ ਹੈ। ਜੇ ਇਹ ਠੇਕੇਦਾਰੀ ਸਿਸਟਮ ਬੰਦ ਹੋ ਜੇ ਤਾਂ, ਇਕਦਮ ਸੁਧਾਰ ਹੋ ਸਕਦਾ ਹੈ। ਦੂਜਾ ਜੇ ਇੰਸ਼ੋਰੈਂਸ ਕੰਪਨੀਆਂ ਸਹੀ ਮੁਆਵਜ਼ਾ ਦੇਣ ਲੱਗ ਪੈਣ ਤਾਂ ਆਪੇ ਕੰਪਨੀਆਂ ਵਾਲਿਆਂ ਦੀ ਸੁਰਤ ਟਿਕਾਣੇ ਆ ਜੂ। ਪਰ ਸਾਡੇ ਪੰਜਾਬੀਆਂ ਅੰਦਰਲੀ ਕਾਹਲ ਦਾ ਕੋਈ ਇਲਾਜ ਨਹੀਂ। ਇਹ ਤਾਂ ਖਾਣ-ਪੀਣ ਲੱਗੇ ਵੀ ਸੋਚਦੇ ਨਹੀਂ, ਇਸੇ ਲਈ ਪੰਜਾਬ ਦੀ ਮੱਧ ਵਰਗ ਆਬਾਦੀ ਵਿਚ ਬੇਲੋੜਾ ਮੋਟਾਪਾ, ਸ਼ੂਗਰ ਤੇ ਬਲੱਡ ਪ੍ਰੈਸ਼ਰ ਆਮ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਰੋਜ਼ ਦੁਰਘਟਨਾਵਾਂ ਦੀ ਗਿਣਤੀ ਕਿਉਂ ਵਧ ਰਹੀ ਹੈ।


ਮੋਬਾ: 98159-45018


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX