ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  7 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  9 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  24 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  47 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 minute ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 1 hour ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਦਿਲਚਸਪੀਆਂ

ਕਾਵਿ-ਰੰਗ


* ਪੈਦਲ ਧਿਆਨਪੁਰੀ *
ਬਾਹਰੋਂ ਲਗਦੇ ਚੰਗੇ ਲੋਕ,
ਅੰਦਰੋਂ ਰੰਗ ਬਿਰੰਗੇ ਲੋਕ।
ਕੱਲ੍ਹ ਦੇ ਜੰਮੇ ਗੱਲਾਂ ਕਰਦੇ,
ਕੰਮ ਕਰਨ ਬੇ-ਢੰਗੇ ਲੋਕ।
ਕੀ ਕਰਨ ਤੇ ਕਿਸ ਨੂੰ ਆਖਣ,
ਅੰਦਰੋਂ ਅੰਦਰੀਂ ਡੰਗੇ ਲੋਕ।
ਜਣੇ ਖਣੇ ਨਾਲ 'ਪੈਦਲ' ਜੀਓ,
ਲੈ ਲੈਂਦੇ ਨੇ ਪੰਗੇ ਲੋਕ।
ਟੌਹਰ ਤੇ ਆਕੜ ਬੱਲੇ-ਬੱਲੇ,
ਭਾਵੇਂ ਭੁੱਖੇ ਨੰਗੇ ਲੋਕ।

-ਪਿੰਡ ਤੇ ਡਾਕ: ਧਿਆਨਪੁਰ, ਜ਼ਿਲ੍ਹਾ ਗੁਰਦਾਸਪੁਰ। ਮੋਬਾ : 75085-50991.

* ਕਸ਼ਮੀਰ ਘੇਸਲ *
ਸਧਰਾਂ ਦੇ ਹਮਸਾਏ ਲੋਕ।
ਮਹਿਕਾਂ ਦੇ ਤ੍ਰਿਹਾਏ ਲੋਕ।
ਪੀੜਾਂ ਲੱਦੀ ਧਰਤੀ ਉੱਤੇ,
ਸ਼ੇਸ਼ ਨਾਗ ਤੜਫਾਏ ਲੋਕ।
ਲੂਤੀ ਲਾਉਂਦੇ ਸ਼ਾਮ ਸਵੇਰੇ,
ਆਪਣੇ ਅਤੇ ਪਰਾਏ ਲੋਕ।
ਅੱਗ ਦੀ ਵੰਨਗੀ ਹੁਸਨ ਤੇਰੇ ਨੇ,
ਬਦਨਸੀਬ ਭਰਮਾਏ ਲੋਕ।
ਕੋਈ ਨਾ ਇਥੇ ਸੰਗੀ ਸਾਥੀ,
ਮਿਲਦੇ ਸਭ ਪਰਾਏ ਲੋਕ।
ਪਲੋਸ ਕੇ ਮੱਥਾ ਕਿਸ ਦਾ ਚੁੰਮਾਂ,
ਸਭ ਮਿਰੇ ਅਜ਼ਮਾਏ ਲੋਕ।
ਪਤਾ ਨਹੀਂ ਇਸ ਰੱਬ ਨੇ ਕਿਉਂ?
ਪੱਥਰ ਦਿਲ ਬਣਾਏ ਲੋਕ।
ਜੀਂਦੇ ਜੀ ਨਾ ਪੁੱਛਿਆ 'ਘੇਸਲ',
ਮੋਇਆਂ ਬਾਅਦ ਕੁਮਲਾਏ ਲੋਕ।

-905/43-ਏ, ਚੰਡੀਗੜ੍ਹ। ਮੋਬਾਈਲ : 94636-56047.

* ਸੁਖਵਿੰਦਰ ਸਿੰਘ ਲੋਟੇ *
ਸੁੰਦਰ ਤੋਂ ਬਦ-ਸੂਰਤ ਚੰਗੀ।
ਨਾਲ ਗੁਣਾ ਜੋ ਪੂਰੀ ਪੂਰੀ।
ਮੇਲਾ ਲੱਗਾ ਨੱਚੋ ਗਾਵੋ,
ਐਵੇਂ ਹੀ ਨਾ ਜਾਵੋ ਸੰਗੀ।
ਵਰਖਾ ਹੋਈ ਸੂਰਜ ਢਲਿਆ,
ਅਰਸੀਂ ਪੀਂਘ ਚੜ੍ਹੀ ਸਤਰੰਗੀ।
ਸੇਵਾ ਕੀਤੀ ਖੂਬ ਅਸਾਂ ਨੇ,
ਕਾਣੀ ਕੌਡੀ ਵੀ ਨਾ ਮੰਗੀ।
ਮੱਛੀ ਫੜ ਕੇ ਛੇਤੀ ਭੱਜੋ,
ਵੇਖੋ ਆਉਂਦਾ ਬੇੜਾ ਜੰਗੀ।
ਸਾਰੇ ਲੋਕ ਸਮਝ ਨੀ ਸਕਦੇ,
ਬਾਬੇ ਤਾਂ ਹੁੰਦੇ ਨੇ ਢੰਗੀ।
ਬਿਜਲੀ ਨੀ ਆਉਣੀ ਹੁਣ 'ਲੋਟੇ',
ਲਾਹ ਲਿਆਵੋ ਪੱਖੀ ਟੰਗੀ।

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024. ਮੋਬਾ : 094177-73277.

* ਕੁੰਦਨ ਲਾਲ ਭੱਟੀ *
ਮਾਵਾਂ ਦੇ ਅਸੀਂ ਕਰਜ਼ਾਈ,
ਰਿਣ ਇਨ੍ਹਾਂ ਦੇ 'ਤਾਰੇ ਕੌਣ?
ਸਾਬਣ ਲਾ ਲਾ ਤਨ ਨੂੰ ਧੋਂਦੇ,
ਮਨ ਦੀ ਮੈਲ਼ ਉਤਾਰੇ ਕੌਣ?
ਦੂਜੇ ਨੂੰ ਹਰ ਮੱਤਾਂ ਦੇਵੇ,
ਆਪਣੀ ਹਊਮੈ ਮਾਰੇ ਕੌਣ?
ਬੰਦਾ ਚਾਰੇ ਬੰਦਿਆਂ ਤਾਈਂ,
ਮੱਝੀਆਂ ਗਾਵਾਂ ਚਾਰੇ ਕੌਣ?
ਬਣ ਕੇ ਮਚਲੀ ਬੈਠੀ ਕਾਇਆ,
ਬਦੀਆਂ ਨੂੰ ਲਲਕਾਰੇ ਕੌਣ?
ਰੌਲ਼ਾ ਰੱਪਾ ਸੁਣ ਕੇ ਅੱਕੇ,
ਕੰਮ ਦੀ ਗੱਲ ਉਚਾਰੇ ਕੌਣ?
ਉਂਜ ਦੇਸ਼ ਦੀ ਫ਼ਿਕਰ ਹੈ ਬਾਲ੍ਹੀ,
ਪਰ ਆਪੇ ਨੂੰ ਵਾਰੇ ਕੌਣ?
ਹਰ ਕੋਈ ਚਾਵੇ ਖ਼ੁਸ਼ੀ ਤੇ ਖੇੜਾ,
ਗ਼ਮ ਵਿਚ ਵਕਤ ਗੁਜ਼ਾਰੇ ਕੌਣ?
ਜ਼ਿੰਦਗੀ ਦੇ ਇਸ ਦੰਗਲ ਅੰਦਰ,
ਦੱਸੋ ਆਪਾ ਹਾਰੇ ਕੌਣ?
ਸੋਲ਼ਾ ਆਨੇ ਗੱਲ 'ਭੱਟੀ' ਦੀ,
ਉਸ ਦੀ ਗੱਲ ਵਿਚਾਰੇ ਕੌਣ?

-ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)।
ਮੋਬਾਈਲ : 94643-17983.


ਖ਼ਬਰ ਸ਼ੇਅਰ ਕਰੋ

ਵਿਅੰਗ

ਅੰਦਰਲਾ ਮਨੁੱਖ

ਅਸੀਂ ਕਾਲਜ ਵਿਚ ਚੌਕੜੇ ਦੇ ਨਾਂਅ ਨਾਲ ਮਸ਼ਹੂਰ ਸਾਂ |
ਅਸੀਂ ਜਿਧਰ ਵੀ ਜਾਣਾ ਚਾਰਾਂ ਨੇ ਇਕੱਠਿਆਂ ਹੀ ਜਾਣਾ | ਕਲਾਸ ਵਿਚੋਂ ਫਰਲੋ ਮਾਰਨੀ ਤਾਂ ਵੀ ਚਾਰਾਂ ਨੇ ਹੀ | ਸਾਡੀ ਗ਼ੈਰ-ਹਾਜ਼ਰੀ ਵਿਚ ਜੇਕਰ ਪ੍ਰੋਫੈਸਰ ਨੇ ਪੁੱਛਣਾ ਅੱਜ ਚੌਕੜਾ ਨਜ਼ਰ ਨਹੀਂ ਆਉਂਦਾ ਤਾਂ ਮੰੁਡਿਆਂ ਨੇ ਵੀ ਦੱਸਣ ਲੱਗਿਆਂ ਸ਼ਰਮ ਨਾ ਕਰਨੀ, ਝੱਟ ਆਖ ਦੇਣਾ, 'ਸਰ ਵਿਆਹਾਂ ਦਾ ਸੀਜ਼ਨ ਐ |'
ਗੱਲ ਕੁਝ ਇਸ ਤਰ੍ਹਾਂ ਹੈ ਜਿਵੇਂ ਰਿਸ਼ਵਤਖੋਰ ਰਿਸ਼ਵਤ ਲੈਣੋਂ ਨਹੀਂ ਹਟ ਸਕਦੇ, ਚੁਗਲਖੋਰ ਚੁਗਲੀ ਕਰਨੋਂ, ਰੇਤਾ ਬੱਜਰੀ ਖਾਣ ਵਾਲੇ ਜਾਂ ਚਾਰਾ ਖਾਣ ਵਾਲੇ ਆਪਣੀ ਆਦਤ ਤੋਂ ਨਹੀਂ ਹਟ ਸਕਦੇ, ਕਿਉਂਕਿ ਇਹ ਆਦਤਾਂ ਖ਼ੂਨ ਵਿਚ ਰਚ ਜਾਂਦੀਆਂ ਹਨ | ਭਾਵੇਂ ਵਾਰਿਸ ਸ਼ਾਹ ਨੇ ਆਦਤ ਬਾਰੇ ਪੋਲੀ ਜਿਹੀ ਗੱਲ ਕਹੀ ਹੈ, 'ਵਾਰਿਸਸ਼ਾਹ ਨਾ ਆਦਤਾਂ ਜਾਂਦੀਆਂ ਨੇ', ਪੰ੍ਰਤੂ ਇਸ ਤੋਂ ਕਰਾਰੀ ਗੱਲ ਪੰਜਾਬੀ ਵਿਚ ਇਕ ਹੋਰ ਆਖੀ ਜਾ ਸਕਦੀ ਹੈ ਕਿ ਰੱਸੇ ਨੂੰ ਭਾਵੇਂ ਗੋਹਾ ਲਾ ਦਿਓ ਜਿਸ ਪਸ਼ੂ ਦੀ ਆਦਤ ਰੱਸਾ ਚੱਬਣ ਦੀ ਹੈ ਉਹ ਰੱਸਾ ਚੱਬਣੋਂ ਨਹੀਂ ਹਟ ਸਕਦਾ | ਸਾਨੂੰ ਤਾਂ ਐਵੇਂ ਮੰੁਡਿਆਂ ਨੇ ਬਦਨਾਮ ਕੀਤਾ ਹੋਇਆ ਸੀ | ਅਸਲ ਗੱਲ ਤਾਂ ਇਹ ਸੀ ਕਿ ਅਸੀਂ ਜਿਸ ਮੈਰਿਜ ਪੈਲੇਸ ਵਿਚ ਸੌ ਪੰਜਾਹ ਕਾਰਾਂ ਖੜ੍ਹੀਆਂ ਵੇਖਦੇ ਸਾਡੀ ਮਜਬੂਰੀ ਸੀ ਅਸੀਂ ਉਸ ਪੈਲੇਸ ਦੀ ਬੇਇੱਜ਼ਤੀ ਕਰਕੇ ਉਸ ਦੇ ਅੱਗੋਂ ਦੀ ਲੰਘ ਹੀ ਨਹੀਂ ਸਾਂ ਸਕਦੇ | ਅਸੀਂ ਆਪਣੇ ਮੋਟਰ ਸਾਈਕਲ ਕਾਰਾਂ ਦੇ ਕਾਫਲੇ ਵਿਚ ਖੜ੍ਹੇ ਕਰਦੇ ਤੇ ਪੈਲੇਸ ਦੇ ਅਖਾੜੇ ਵਿਚ ਜਾ ਕਬੱਡੀ ਪਾਉਂਦੇ | ਜਿਵੇਂ ਕਹਿੰਦੇ ਹਨ 'ਖਾਈਏ ਮਨ ਭਾਉਂਦਾ', ਅਸੀਂ ਮਨ ਦੀ ਮੁਰਾਦ ਪੂਰੀ ਕਰ ਦਿੰਦੇ |
ਫੋਟੋਗ੍ਰਾਫਰ ਸਾਡੀਆਂ ਮੂਰਤਾਂ ਖਿਚਦੇ ਇਹ ਸੋਚ ਕੇ ਕਿ ਇਹ ਕੁੜੀ ਵਾਲਿਆਂ ਨਾਲ ਦੇ ਨਾਲ ਆਏ ਹੋਣਗੇ ਜਾਂ ਮੰੁਡੇ ਵਾਲਿਆਂ ਨਾਲ ਆਏ ਹੋਣਗੇ | ਪੰ੍ਰਤੂ ਇਕ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੱਜ ਤੱਕ ਕੋਈ ਵੀ ਫੋਟੋਗ੍ਰਾਫਰ ਸਾਡੀ ਕੁੜੀ-ਮੰੁਡੇ ਨੂੰ ਸ਼ਗਨ ਦਿੰਦੇ ਦੀ ਤਸਵੀਰ ਨਹੀਂ ਖਿੱਚ ਸਕਿਆ | ਕਿਉਂਕਿ ਅਸੀਂ ਮੌਕਾ ਵੇਖ ਕੇ ਖਿਸਕਣ ਵਿਚ ਵੀ ਮਾਹਿਰ ਸਾਂ | ਅਸੀਂ ਸਿਰਾਂ ਤੋਂ ਦਸਤਾਰਾਂ ਲਾਹ ਕੇ ਵਗਾਹ ਸਨ ਕਿਉਂਕਿ ਹਜਾਮਤ ਕਰਨ ਨਾਲ ਅਸੀਂ ਬਾਣੀਆਂ ਹੀ ਬ੍ਰਾਹਮਣਾਂ ਤੇ ਜੱਟਾਂ ਸਭ ਦੇ ਵਿਆਹਾਂ ਵਿਚ ਪੂਰੀ ਤਰ੍ਹਾਂ ਮੇਚ ਆ ਜਾਂਦੇ ਸਾਂ | ਕਈ ਵਾਰ ਤਾਂ ਅਸੀਂ ਵਿਸਕੀ ਦੇ ਪੈੱਗ ਨਾਲ ਮੀਟ ਮੁਰਗੇ ਦੀਆਂ ਲੱਤਾਂ ਖਾ ਕੇ ਨੱਚਦੀ ਮੰਡ੍ਹੀਰ ਵਿਚ ਭੰਗੜੇ ਵੀ ਪਾ ਦਿੰਦੇ |
ਇਸ ਪੈਲੇਸ ਵਿਚ ਅਸੀਂ ਬਹੁਤ ਵਾਰ ਸ਼ਿਰਕਤ ਕਰ ਚੁੱਕੇ ਸੀ | ਗੇਟ 'ਤੇ ਖੜ੍ਹੇ ਚੌਕੀਦਾਰ ਦੀ ਜਿਵੇਂ ਸਾਡੇ 'ਤੇ ਅੱਖ ਹੋਵੇ | ਅਸੀਂ ਪੈਲੇਸ ਦੇ ਗੇਟ ਅੰਦਰ ਵੜਨ ਹੀ ਲੱਗੇ ਸੀ ਸਾਲਾ ਚੌਕੀਦਾਰ ਬੁੜ੍ਹਕ ਉਠਿਆ, 'ਅੱਜ ਕਿਹੜੇ ਪਾਸਿਉਂ ਆਏ ਹੋ |'
ਅਸੀਂ ਕਿਹਾ, 'ਤੂੰ ਦੱਸ ਕੀ ਲੈਣੈ, ਅਸੀਂ ਤਾਂ ਕੁੜੀ ਵਾਲਿਆਂ ਨਾਲ ਆਏ ਹਾਂ |' ਅਸੀਂ ਮੁੱਛਾਂ 'ਤੇ ਹੱਥ ਫੇਰਿਆ |
'ਸਾਲੇ ਹੋਏ ਐ ਕੁੜੀ ਨਾਲ ਦੇ, ਕੰਜਰੋ ਅੰਦਰ ਤਾਂ ਮਰਗ ਦਾ ਭੋਗ ਪੈ ਰਿਹੈ', ਫੌਜੀ ਚੌਕੀਦਾਰ ਸਾਡੇ ਹੋਰ ਨੇੜੇ ਨੂੰ ਆ ਗਿਆ |
ਅਸੀਂ ਚਾਰੇ ਬਾਣ ਦੇ ਮੰਜੇ ਵਾਂਗ ਢਿੱਲੇ ਹੋ ਗਏ ਤੇ ਇਕ-ਦੂਜੇ ਦੇ ਮੰੂਹ ਵੱਲ ਵੇਖਣ ਲੱਗ ਪਏ | ਉਸ ਚੌਕੀਦਾਰ ਨੇ ਸਾਡੀ ਰੱਜ ਕੇ ਕੁੱਤੇਖਾਣੀ ਕੀਤੀ | ਅਸੀਂ ਕਾਲਜ ਆ ਕੇ ਫ਼ੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਮੈਰਿਜ ਪੈਲੇਸ ਵਿਚ ਇਉਂ ਖਾਣ ਨਹੀਂ ਜਾਣਾ | ਚੌਕੀਦਾਰ ਦੀ ਕੁੱਤੇਖਾਣੀ ਸੁਣ ਕੇ ਸਾਡੇ ਅੰਦਰ ਸੁੱਤਾ ਪਿਆ ਸਾਡਾ ਅੰਦਰਲਾ ਮਨੁੱਖ ਜਾਗ ਪਿਆ |
ਹੁਣ ਸਾਨੂੰ ਤਾਂ ਇਹੋ ਹੀ ਅਫ਼ਸੋਸ ਹੈ ਕਿ ਚਲੋ ਅਸੀਂ ਤਾਂ ਵਿਆਹ-ਪਾਰਟੀਆਂ ਵਿਚੋਂ ਖਾਂਦੇ ਸੀ, ਉਸ ਤੋਂ ਕਈ ਗੁਣਾਂ ਵੱਧ ਰਾਸ਼ਨ ਵਿਆਹ ਵਾਲੇ ਵਿਅਰਥ ਕਰਕੇ ਸੁੱਟ ਆਉਂਦੇ ਹਨ | ਸਾਡੇ ਅੰਦਰਲਾ ਮਨੁੱਖ ਤਾਂ ਇਕ ਦਿਨ ਦੀ ਕੁੱਤੇਖਾਣੀ ਕਰਵਾ ਕੇ ਜਾਗ ਪਿਆ | ਪੰ੍ਰਤੂ ਉਹ ਲੋਕ ਜੋ ਦੇਸ਼ ਤੇ ਸਮਾਜ ਨੂੰ ਹੀ ਖਾ ਗਏ ਹਨ ਤੇ ਨਾਲੇ ਉਨ੍ਹਾਂ ਦੀ ਅਖ਼ਬਾਰਾਂ ਅਤੇ ਸਟੇਜਾਂ 'ਤੇ ਹਰ ਰੋਜ਼ ਕੁੱਤੇਖਾਣੀ ਹੁੰਦੀ ਹੈ, ਉਨ੍ਹਾਂ ਦੇ ਅੰਦਰਲਾ ਮਨੁੱਖ ਕਦੋਂ ਜਾਗੇਗਾ |

-ਪਿੰਡ ਨੈਣੇਵਾਲ | ਮੋਬਾਈਲ : 98767-24267.

ਮਿੰਨੀ ਕਹਾਣੀ

ਨੁਕਸਾਨ ਤਾਂ ਅਜੇ ਵੀ ਹੋ ਰਿਹਾ ਹੈ


ਸਾਡੇ ਗੁਆਂਢ ਪਿੰਡ ਇਕ ਹਲਵਾਈ ਦੀ ਦੁਕਾਨ 'ਚ ਚੋਰੀ ਹੋ ਗਈ। ਚੋਰ ਕਈ ਪ੍ਰਕਾਰ ਦੀ ਮਠਿਆਈ, ਖੰਡ ਦੀਆਂ ਬੋਰੀਆਂ, ਡਰਾਈਫਰੂਟ, ਠੰਢਿਆਂ ਦੀਆਂ ਬੋਤਲਾਂ ਚੋਰੀ ਕਰਕੇ ਲੈ ਗਏ। ਸਵੇਰ ਸਾਰ ਲੋਕ ਵੀ ਹਮਦਰਦੀ ਪ੍ਰਗਟਾਉਣ ਆ ਗਏ ਤੇ ਫਿਰ ਪੁਲਿਸ ਵੀ ਆ ਗਈ। ਜਨਕ ਰਾਜ ਕੰਜੂਸ ਸੀ ਪਰ ਪਤਾ ਲੈਣ ਵਾਲੇ ਬੰਦੇ ਨੂੰ ਚਾਹ ਦੀ ਸੁਲ੍ਹਾ ਮਾਰ ਰਿਹਾ ਸੀ। ਜਿਹੜੇ ਵੀ ਬੰਦੇ ਆਉਂਦੇ ਸੀ ਚੋਰੀ ਹੋਣ ਬਾਰੇ ਮਾੜੀ ਗੱਲ ਕਹਿ ਕੇ ਹਲਵਾਈ ਨੂੰ ਬਿਨਾਂ ਪੁੱਛਿਆਂ ਹੀ ਚਾਹ ਨਾਲ ਮਠਿਆਈ ਖਾ ਰਹੇ ਸਨ। ਹਲਵਾਈ ਮੇਰਾ ਦੋਸਤ ਸੀ। ਮੈਂ ਵੀ ਚੋਰੀ ਹੋਣ ਦੀ ਗੱਲ ਕਰਕੇ ਨੁਕਸਾਨ ਬਾਰੇ ਪੁੱਛਣਾ ਚਾਹਿਆ। ਹਲਵਾਈ ਮਠਿਆਈ ਖਾਂਦੇ ਲੋਕਾਂ ਵੱਲ ਦੇਖ ਕੇ ਮੈਨੂੰ ਕਹਿਣ ਲੱਗਾ, 'ਦੋਸਤਾ, ਨੁਕਸਾਨ ਅਜੇ ਵੀ ਹੋ ਰਿਹਾ ਹੈ। ਸਾਰੇ ਨੁਕਸਾਨ ਬਾਰੇ ਮੈਂ ਅਜੇ ਕੁਝ ਨਹੀਂ ਦੱਸ ਸਕਦਾ।' ਇਹ ਗੱਲ ਸੁਣ ਕੇ ਦੁਕਾਨ 'ਚ ਬੈਠੇ ਬੰਦੇ ਹਲਵਾਈ ਦੀ ਗੱਲ ਸੁਣ ਕੇ ਬਾਹਰ ਚਲੇ ਗਏ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98764-74671.

ਸਮੇਂ ਨੂੰ ਕੌਣ ਮੋੜੇ

ਮੈਂ ਰੋਜ਼ ਉਸ ਨੂੰ ਆਪਣੇ ਘਰ ਦੇ ਸਾਹਮਣੇ ਪੰਜਾਹ ਕੁ ਮੀਟਰ ਦੂਰੀ 'ਤੇ ਬਣ ਰਹੇ ਮਕਾਨ ਦੀ ਉਸਾਰੀ ਕਰਦੇ ਨੂੰ ਵੇਖਦਾ, ਬਿਲਕੁਲ ਉਹੋ ਸ਼ਕਲ ਸੂਰਤ, ਰੰਗ ਥੋੜ੍ਹਾ ਗਾੜ੍ਹਾ ਹੋ ਗਿਆ ਸੀ ਤੇ ਵਾਲ ਸਫੈਦ | ਰੋਜ਼ ਸਵੇਰੇ ਅੱਠ ਵਜੇ ਆ ਕੇ ਸ਼ਾਮ ਨੂੰ ਪੰਜ ਵਜੇ ਘਰ ਜਾਣਾ ਤੇ ਦੁਪਹਿਰ ਨੂੰ ਅੱਧਾ ਕੁ ਘੰਟਾ ਆਰਾਮ ਫਰਮਾਉਂਦਾ | ਆਖਿਰ ਇਕ ਦਿਨ ਮੈਂ ਉਸ ਨੂੰ ਮਿਲਣ ਚਲਾ ਗਿਆ | ਉਹ ਉਹੋ ਹੀ ਸੀ ਜਿਸ ਦਾ ਮੈਨੂੰ ਸ਼ੱਕ ਸੀ, ਨਾਂਅ ਅਵਤਾਰ ਸਿੰਘ, ਪਿੰਡ ਹਵੇਲੀ ਕਲਾਂ, ਮਕਾਨ ਉਸਾਰੀ ਦੇ ਕੰਮ ਵੱਲ ਕਿੰਝ ਤੁਰਿਆ | ਉਸ ਮੈਨੂੰ ਕੋਈ ਦਸ ਮਿੰਟ ਵਿਚ ਸਭ ਕੁਝ ਦਸ ਦਿੱਤਾ | ਮੈਨੂੰ ਇਕਦਮ ਬਜ਼ੁਰਗਾਂ ਦੀ ਕਹਾਵਤ ਯਾਦ ਆ ਗਈ ਕਿ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ | ਬਾਪੂ ਬਣੇ ਤਾਂ ਬੜਾ ਦੁੱਖ ਹੋਇਆ | ਆਪਣੇ ਟੱਬਰ ਨੂੰ ਸਾਂਭਣ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ | ਗਧਾ ਬਣ ਕੇ ਘਰ ਦਾ ਸਾਰਾ ਬੋਝ ਢੋਣਾ ਪੈਂਦਾ ਹੈ | ਇਹ ਹੀ ਮਨੁੱਖੀ ਜੀਵਨ ਦਾ ਮੋਹਜਾਲ ਹੈ ਤੇ ਨਾ ਟੁੱਟਣ ਵਾਲਾ ਜੰਜਾਲ, ਜਿਸ ਦੇ ਚੱਕਰ ਵਿਚੋਂ ਨਿਕਲਣਾ ਬਹੁਤ ਔਖਾ ਹੈ ਪਰ ਜੇਕਰ ਸਮੇਂ ਦੀ ਕਦਰ ਕਰਨਾ ਸਿੱਖ ਲਈਏ ਤਾਂ ਜੀਵਨ ਕੁਝ ਸੁਖਾਲਾ ਹੋ ਜਾਂਦਾ ਹੈ | ਪੂਰੇ 39 ਸਾਲ ਪਹਿਲਾਂ ਜਦ ਅਸੀਂ ਜਵਾਨ ਸੀ, ਤਾਂ ਉਹ ਮੇਰੇ ਨਾਲ ਰੋਪੜ ਵਿਖੇ ਨਹਿਰੂ ਸਟੇਡੀਅਮ ਵਿਚ ਅਥਲੈਟਿਕਸ ਦੀ ਪ੍ਰੈਕਟਿਸ ਕਰਦਾ ਸੀ, ਜਿਥੇ ਅਸੀਂ ਲੰਬੀਆਂ ਦੌੜਾਂ ਲਗਾਉਂਦੇ ਸੀ | ਉਹ ਬੀ.ਏ. ਵਿਚ ਪੜ੍ਹਦਾ ਸੀ ਤੇ ਮੈਂ ਮਹਿਕਮਾ ਬਿਜਲੀ ਬੋਰਡ ਵਿਚ ਲਾਈਨਮੈਨ ਲੱਗਾ ਹੋਇਆ ਸੀ | ਸਾਲ 1979 ਵਿਚ ਉਸ ਦੀ ਗਰੈਜੂਏਸ਼ਨ ਕੰਪਲੀਟ ਹੋ ਗਈ ਤੇ ਮੈਂ ਵੀ ਪ੍ਰਾਈਵੇਟ ਗਰੈਜੂਏਸ਼ਨ ਉਸ ਦੇ ਨਾਲ ਇਕੱਠਿਆਂ ਹੀ ਕੀਤੀ | ਜਿਸ ਕਰਕੇ ਨੇੜਤਾ ਕਾਫੀ ਸੀ | ਪੜ੍ਹਾਈ ਤੋਂ ਬਾਅਦ ਮੈਂ ਉਸਨੂੰ ਆਪਣੇ ਮਹਿਕਮੇ ਵਿਚ ਕਲਰਕ ਦੀ ਨੌਕਰੀ 'ਤੇ ਰਖਵਾਉਣ ਦੀ ਗੱਲ ਕੀਤੀ ਪਰ ਉਹ ਤਿਆਰ ਨਹੀਂ ਹੋਇਆ | ਕਹਿੰਦਾ ਅਸੀਂ ਨੈਸ਼ਨਲ ਪੱਧਰ ਦੇ ਅਥਲੀਟ ਹਾਂ | ਕਲਰਕੀ ਥੋੜ੍ਹੀ ਕਰਨੀ ਹੈ, ਉਲਟਾ ਮੈਨੂੰ ਆਖਦਾ ਤੂੰ ਵੀ ਇਹ ਲਾਈਨਮੈਨ ਦੀ ਨੌਕਰੀ ਛੱਡ ਦੇ | ਬੇਸ਼ੱਕ ਉਹ 19 ਸਾਲ ਦੇ ਥੱਲੇ ਦੀਆਂ ਤੇ ਫਿਰ ਮੇੇਰੇ ਨਾਲ ਮੈਨ ਸੈਕਸ਼ਨ ਵਿਚ ਭਾਰਤ ਪੱਧਰ ਤੱਕ ਦੌੜਾਂ ਲਗਾਉਂਦਾ ਰਿਹਾ ਸੀ | ਤਗਮੇ ਵੀ ਜਿੱਤੇ ਸਨ ਪਰ ਉਸ ਨੇ ਕਿਸੇ ਚੰਗੀ ਨੌਕਰੀ ਦੀ ਆਸ ਵਿਚ ਛੋਟੀ ਨੌਕਰੀ ਨਹੀਂ ਕੀਤੀ ਤੇ ਫਿਰ ਹੌਲੀ-ਹੌਲੀ ਪ੍ਰੈਕਟਿਸ ਘਟ ਗਈ | ਘਰ ਵਾਲਿਆਂ ਨੇ ਵਿਆਹ ਕਰ ਦਿੱਤਾ | ਮਾਂ-ਬਾਪ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਜਹਾਨੋਂ ਤੁਰ ਗਏ | ਜ਼ਮੀਨ ਦਾ ਭਰਾਵਾਂ ਵਿਚ ਬਟਵਾਰਾ ਹੋ ਗਿਆ | ਆਪਣੇ-ਆਪਣੇ ਟੱਬਰ ਸਾਂਭਣ ਦੀ ਜ਼ਿੰਮੇਵਾਰੀ ਆ ਗਈ | ਉਸ ਨੇ ਵੀ ਆਪਣੇ ਹਿੱਸੇ ਦੀ ਜ਼ਮੀਨ ਵਿਚ ਸਬਜ਼ੀਆਂ ਦਾ ਕੰਮ ਸ਼ੁਰੂ ਕਰ ਲਿਆ | ਦੋ ਬੱਚੇ ਵੀ ਹੋ ਗਏ ਪਰ ਮਾੜੀ ਕਿਸਮਤ ਨੂੰ ਸਬਜ਼ੀਆਂ ਦਾ ਕੰਮ ਵੀ ਸਹੀ ਨਹੀਂ ਚੱਲਿਆ | ਫਿਰ ਕਿਸੇ ਦੀ ਸਲਾਹ ਤੇ ਮਕਾਨਾਂ ਦੀ ਉਸਾਰੀ ਦਾ ਠੇਕਾ ਲੈ ਕੇ ਕੰਮ ਕਰਵਾਉਣ ਲੱਗਾ ਪਰ ਪੱਲੇ ਕੁਝ ਨਾ ਪਿਆ | ਕਦੇ ਘਾਟਾ ਕਦੇ ਵਾਧਾ, ਕਦੇ ਮਜ਼ਦੂਰ ਭੱਜ ਗਏ ਕਦੇ ਮਿਸਤਰੀ ਆਕੜ ਗਏ | ਹੌਲੀ-ਹੌਲੀ ਖੁਦ ਵੀ ਮਕਾਨ ਉਸਾਰੀ ਦਾ ਕੰਮ ਕਰਨ ਲੱਗ ਪਿਆ ਤੇ ਇੰਝ ਉਹ ਰਾਜ ਮਿਸਤਰੀ ਬਣ ਗਿਆ | ਪੰ੍ਰਤੂ 1979 ਵਿਚ ਉਹਦੇ ਨਾਲ ਪੜ੍ਹ ਕੇ ਵਿਹਲੇ ਹੋਏ ਖਿਡਾਰੀ ਅਥਲੈਟਿਕਸ ਤੇ ਹਾਕੀ ਖੇਡਣ ਕਰਕੇ ਮਹਿਕਮੇ ਵਿਚ ਲੋੜ ਅਨੁਸਾਰ ਭਰਤੀ ਹੋ ਗਏ ਤੇ ਅੱਜ ਉਹ ਮਹਿਕਮੇ ਵਿਚ ਜੁਆਇੰਟ ਸਕੱਤਰ, ਡਿਪਟੀ ਸਕੱਤਰ ਤੇ ਫੋਰਮੈਨ ਰਿਟਾਇਰ ਹੋਏ ਹਨ ਤੇ ਵਧੀਆ ਪੈਨਸ਼ਨਾਂ ਲੈ ਰਹੇ ਹਨ | ਮੈਂ ਸੋਚਦਾ ਹਾਂ ਕਿ ਜੇਕਰ ਉਹ ਉਸ ਵੇਲੇ 1979 ਵਿਚ ਸਮੇਂ ਨੂੰ ਧਿਆਨ ਵਿਚ ਰੱਖ ਕੇ ਕਲਰਕ ਲੱਗ ਜਾਂਦਾ ਤਾਂ ਅੱਜ ਕਿੰਨੀ ਵਧੀਆ ਜ਼ਿੰਦਗੀ ਗੁਜ਼ਾਰਨੀ ਸੀ ਤੇ ਜੇਕਰ ਮੈਂ ਉਹਦੇ ਕਹਿਣ 'ਤੇ ਆਪਣੀ ਲੱਗੀ ਹੋਈ ਨੌਕਰੀ ਛੱਡ ਦਿੰਦਾ ਤਾਂ ਪਤਾ ਨਹੀਂ ਕੀ ਹੁਦਾ ਪਰ ਉਸ ਖੰੁਝੇ ਹੋਏ ਸਮੇਂ ਨੂੰ ਕੌਣ ਲਿਆਵੇ |

-ਜਗਜੀਤ ਨਗਰ, ਰੋਪੜ | ਮੋਬਾ : 98153-75541.

ਕਾਵਿ-ਵਿਅੰਗ


ਭੁਕਾਨਾ

* ਨਵਰਾਹੀ ਘੁਗਿਆਣਵੀ *
ਵਹਿਸ਼ਤ, ਵਹਿਮ, ਵਿਲਾਸ ਦਾ ਰੰਗ ਚੜਿ੍ਹਆ,
ਅਸਲੀ ਰੂਪ ਨਾ ਦਏ ਦਿਖਾਈ ਕਿਧਰੇ |
ਕੂੜ, ਕਪਟ, ਕੁਸੱਤ ਦਾ ਬੋਲਬਾਲਾ,
ਤਾਂ ਹੀ ਲੱਭਦੀ ਨਹੀਂ ਚੰਗਿਆਈ ਕਿਧਰੇ |
ਖ਼ੁਦਗ਼ਰਜ਼ੀ ਭੁਕਾਨੇ ਦੇ ਵਾਂਙ ਫੁੱਲੀ,
ਪੈਂਦੀ ਨਜ਼ਰ ਨਾ ਲੋਕ-ਭਲਾਈ ਕਿਧਰੇ |
ਰੱਬ ਦੇ ਘਰੋਂ ਪਿਆਰ ਅਲੋਪ ਹੋਇਆ,
ਬੰਦਾ ਸੋਚਦਾ ਗਈ ਖ਼ੁਦਾਈ ਕਿਧਰੇ |

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਬਲਬ ਮੁਫ਼ਤ ਦੇ
* ਹਰਦੀਪ ਢਿੱਲੋਂ *

ਭਰ ਭਰ ਹਵਾ ਵਿਕਾਸ ਦੇ ਤੁਰਨ ਪਹੀਏ,
ਪਾਊ ਲੁੱਡੀਆਂ ਜਿਹੜੇ ਦੇ ਦਿਨ ਫਿਰਨੇ |
ਲਿਟਣ ਵਾਸਤੇ ਸੁਥਰਾ ਮਿਲੂ ਰੇਤਾ,
ਨਿੱਤ ਲਿੱਬੜਦੇ ਗਧੇੜੇ ਦੇ ਦਿਨ ਫਿਰਨੇ |
ਬਲਬ ਮੁਫ਼ਤ ਦੇ ਜਗਣਗੇ ਪਖਾਨਿਆਂ 'ਤੇ,
'ਨੇਰਾ ਝਾਗਦੇ ਵਿਹੜੇ ਦੇ ਦਿਨ ਫਿਰਨੇ |
'ਮੁਰਾਦਵਾਲਿਆ' ਬਣੂ ਜਦ ਗਲੀ ਪੱਕੀ,
ਭਾੜਾ ਢੋਂਵਦੇ ਰੇਹੜੇ ਦੇ ਦਿਨ ਫਿਰਨੇ |

1-ਸਿਵਲ ਹਸਪਤਾਲ, ਅਬੋਹਰ-152116

ਮੋਬਾਈਲ-98764-57242

ਕਹਾਣੀ

ਮਾਂ ਦੀ ਖ਼ੁਸ਼ੀ

'ਮਾਂ ਦੀ ਖੁਸ਼ੀ ਤੋਂ ਵੱਧ ਕੁਝ ਨਹੀਂ' ਮੈਂ ਬਚਪਨ ਤੋਂ ਹੀ ਆਪਣੀ ਮਾਂ ਦਾ ਲਾਡਲਾ ਸੀ ਜਿਸ ਕਰਕੇ ਮੇਰੀ ਮਾਂ, ਬਾਪੂ ਜੀ ਦੇ ਸਾਹਮਣੇ ਮੇਰੀਆਂ ਗ਼ਲਤੀਆਂ 'ਤੇ ਪਰਦੇ ਪਾਉਂਦੀ ਰਹਿੰਦੀ ਸੀ | ਮੈਂ ਪੜ੍ਹਾਈ 'ਚ ਬਹੁਤਾ ਤੇਜ਼ ਨਹੀਂ ਸੀ ਸਿਰਫ਼ ਪਾਸ ਹੋਣ ਜੋਗੇ ਨੰਬਰ ਲੈ ਕੇ ਅਗਲੀ ਕਲਾਸ ਵਿਚ ਦਾਖਲਾ ਹੁੰਦਾ ਰਿਹਾ | ਸਕੂਲ ਦੀ ਪੜ੍ਹਾਈ ਤਾਂ ਮੈਂ ਮਸਾਂ ਖਿੱਚ-ਧੂਹ ਕੇ ਪੂਰੀ ਕੀਤੀ | ਫਿਰ ਕਰ ਕਤਰ ਕੇ ਡੀ.ਏ.ਵੀ. ਕਾਲਜ ਅੰਮਿ੍ਤਸਰ 'ਚ ਦਾਖਲ ਹੋਇਆ | ਦਾਖਲ ਹੋਣ ਦੇ ਕੁਝ ਦਿਨ ਬਾਅਦ ਅਧਿਆਪਕਾਂ ਨੇ ਵਿਸ਼ੇ ਨਾਲ ਜੁੜੇ ਮੁਕਾਬਲੇ ਕਰਵਾਏ, ਜਿਸ 'ਚ ਦੋਸਤ ਕਸ਼ਮੀਰ, ਗੁਰਪ੍ਰੀਤ ਤੇ ਜੱਜ ਸਿੰਘ ਦੀ ਹੱਲਾ ਸ਼ੇਰੀ ਨਾਲ ਮੁਕਾਬਲੇ 'ਚ ਹਿੱਸਾ ਲੈਣ ਲਈ ਨਾਂਅ ਲਿਖਵਾ ਦਿੱਤਾ | ਘਰ ਆ ਕੇ ਮਾਂ ਨੂੰ ਦੱਸਿਆ ਤੇ ਮੇਰੀ ਮਾਂ ਬਹੁਤ ਖੁਸ਼ ਹੋ ਕੇ ਕਹਿੰਦੀ ਸ਼ੁਕਰ ਹੈ ਕੁਝ ਤਾਂ ਕਰੇਂਗਾ | ਛੋਟਾ ਵੀਰ ਉੱਚੀ-ਉੱਚੀ ਹੱਸਿਆ ਤੇ ਕਹਿੰਦਾ ਤੂੰ ਰਹਿਣ ਦੇ ਕਿਉਂ ਬੇਇਜ਼ਤੀ ਕਰਵਾਉਣੀ | ਮੁਕਾਬਲੇ ਦਾ ਦਿਨ ਆਇਆ, ਮਾਂ ਨੇ ਘਰੋਂ ਮਿੱਠਾ ਦਹੀਂ ਖਵਾ ਕੇ ਤੋਰਿਆ | ਮੈਂ ਤੇ ਕਸ਼ਮੀਰ ਤਿਆਰ ਹੋ ਕੇ ਪਿੰਡੋਂ ਕਾਲਜ ਆਏ | ਮੁਕਾਬਲੇ ਦੀਆਂ ਤਿਆਰੀਆਂ ਨੂੰ ਦੇਖ ਕੇ ਦਿਲ ਦੀ ਧੜਕਨ ਤੇਜ਼ ਹੋਣ ਲੱਗ ਪਈ | ਮੁਕਾਬਲਾ ਸ਼ੁਰੂ ਹੋਇਆ ਅਤੇ ਸਾਰੇ ਦੋਸਤਾਂ ਤੋਂ ਬਾਅਦ ਅਖੀਰਲੀ ਮੇਰੀ ਵਾਰੀ ਆਈ | ਜਦੋਂ ਮੈਂ ਬੋਲਣ ਲਈ ਸਟੇਜ 'ਤੇ ਗਿਆ ਤਾਂ ਲੱਤਾਂ, ਆਵਾਜ਼ ਤੇ ਹੱਥ ਪੂਰੀ ਤਰ੍ਹਾਂ ਕੰਬ ਰਹੇ ਸੀ | ਬਹੁਤਾ ਵਧੀਆ ਨਹੀਂ ਸੀ ਬੋਲਿਆ ਪਰ ਫਿਰ ਵੀ ਮੇਰਾ ਹੌਸਲਾ ਵਧਾਉਣ ਲਈ ਮੈਨੂੰ ਤੀਜਾ ਇਨਾਮ ਦਿੱਤਾ ਗਿਆ | ਇਨਾਮ 'ਚ ਚਾਹ ਵਾਲਾ ਇਕ ਕੱਪ ਸੀ | ਇਨਾਮ ਨੂੰ ਲੈ ਕੇ ਘਰ ਆ ਗਿਆ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਦਿੱਤਾ ਤੇ ਕਿਹਾ ਮੈਂ ਜਿੱਤ ਕੇ ਆਇਆਂ | ਲੰਮੇ ਪਈ ਮਾਂ ਮੇਰੀ ਇਕਦਮ ੳੱੁਠ ਕੇ ਕਹਿੰਦੀ ਕਿ ਤੂੰ ਸੱਚ ਬੋਲ ਰਿਹੈਂ, ਮੈਂ ਕਿਹਾ ਹਾਂਜੀ ਮਾਂ ਮੈਂ ਸੱਚ ਬੋਲ ਰਿਹਾਂ | ਅੱਜ ਮੈਨੂੰ ਵੀ ਯਾਦ ਹੈ ਕਿ ਮੇਰੀ ਮਾਂ ਨੇ ਬਾਪੂ ਜੀ ਨੂੰ ਫੋਨ ਲਾ ਕੇ ਕਿਹਾ ਕਿ ਅੱਜ ਆਪਣਾ ਮੰੁਡਾ ਜਿੱਤ ਕੇ ਆਇਆ, ਕੁਝ ਮਿੱਠਾ ਲੈ ਕੇ ਆਇਓ | ਸ਼ਾਇਦ ਮੈਂ ਆਪਣੀ ਮਾਂ ਨੂੰ ਏਨਾ ਖੁਸ਼ ਕਦੀ ਨਹੀਂ ਸੀ ਦੇਖਿਆ, ਜਿੰਨੀ ਖੁਸ਼ੀ ਮੇਰੀ ਮਾਂ ਨੂੰ ਉਸ ਛੋਟੀ ਜਿਹੀ ਜਿੱਤ ਨਾਲ ਹੋਈ ਸੀ | ਉਸ ਦਿਨ ਤੋਂ ਬਾਅਦ ਮੇਰੇ ਲਈ ਮਾਂ ਦੀ ਖੁਸ਼ੀ ਤੋਂ ਵੱਧ ਕੇ ਕੁਝ ਨਹੀਂ ਰਿਹਾ | ਖੁਸ਼ੀ ਨੂੰ ਬਰਕਰਾਰ ਰੱਖਣ ਲਈ ਮੈਂ ਫਾਲਤੂ ਦੇ ਕੰਮ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦਿੱਤਾ ਅਤੇ ਕਈ ਮੁਕਾਬਲਿਆਂ 'ਚ ਹਿੱਸਾ ਲੈਂਦਾ ਰਿਹਾ | ਦੋਸਤਾਂ ਦਾ ਸਾਥ ਚੰਗਾ ਮਿਲਿਆ ਤੇ ਜਿਸ ਜਗ੍ਹਾ 'ਤੇ ਵੀ ਮੈਂ ਆਪਣੇ ਸਾਥੀ ਦੋਸਤਾਂ ਨਾਲ ਮੁਕਾਬਲੇ ਲਈ ਜਾਂਦਾ ਸੀ ਤਾਂ ਜ਼ਿਆਦਾਤਰ ਜਿੱਤ ਕੇ ਹੀ ਵਾਪਸ ਪਰਤਦੇ ਸੀ | ਸਮਾਂ ਬੀਤਿਆ ਤੇ ਮੇਰਾ ਆਤਮ-ਵਿਸ਼ਵਾਸ ਵਧਣ ਲੱਗਾ ਜਿਸ ਦੀ ਬਦੌਲਤ ਮੈਂ ਕਿਸੇ ਵੀ ਮੁੱਦੇ 'ਤੇ ਬੋਲਣ ਤੋਂ ਡਰਦਾ ਨਹੀਂ ਸੀ ਜਾਂ ਫਿਰ ਇੰਜ ਕਹਿ ਲਓ ਕਿ ਮੇਰੇ ਹੱਥ, ਪੈਰ ਜਾਂ ਆਵਾਜ਼ ਨਹੀਂ ਕੰਬਦੀ ਸੀ | ਜ਼ਿੰਦਗੀ ਦੇ ਸੰਘਰਸ਼ 'ਚ ਅੱਜ ਵੀ ਮੈਂ ਲੱਗਾ ਹੋਇਆ ਹਾਂ | ਅੱਜ ਜੋ ਵੀ ਮੈਂ ਥੋੜ੍ਹੀ ਬਹੁਤ ਮਿਹਨਤ ਕਰ ਰਿਹਾ ਹਾਂ, ਉਹ ਸਭ ਆਪਣੀ ਮਾਂ ਦੀ ਖੁਸ਼ੀ ਲਈ ਕਰ ਰਿਹਾਂ ਕਿਉਂਕਿ ਮੇਰੀ ਮਾਂ ਦੀ ਖੁਸ਼ੀ ਮੈਨੂੰ ਸਫ਼ਲ ਇਨਸਾਨ ਬਣਦਾ ਦੇਖਣ ਵਿਚ ਹੈ ਅਤੇ ਮੇਰੇ ਲਈ ਹੁਣ ਵੀ ਮੇਰੀ ਮਾਂ ਦੀ ਖੁਸ਼ੀ ਤੋਂ ਵੱਧ ਕੁਝ ਨਹੀਂ ਹੈ |

-ਪਿੰਡ ਬੱਚੜਾ (ਤਰਨ ਤਾਰਨ) |
ਮੋਬਾ: 98888-68195.

ਰੰਗ ਤੇ ਵਿਅੰਗ

ਇਸ਼ਤਿਹਾਰ
ਪਤਨੀ ਨੇ ਪਤੀ ਤੋਂ ਪੁੱਛਿਆ, 'ਜੇਕਰ ਮੈਂ ਭੀੜ ਵਿਚ ਕਿਤੇ ਗੁੰਮ ਹੋ ਜਾਵਾਂ ਤਾਂ ਤੁਸੀਂ ਕੀ ਕਰੋਗੇ?'
ਪਤੀ ਨੇ ਹੱਸਦੇ ਹੋਏ ਜਵਾਬ ਦਿੱਤਾ, 'ਮੈਂ ਅਖ਼ਬਾਰ ਵਿਚ ਇਸ਼ਤਿਹਾਰ ਦੇਵਾਂਗਾ ਕਿ ਤੂੰ ਜਿਥੇ ਵੀ ਰਹੇਂ, ਸੁਖੀ ਰਵੇਂ।'


ਬਾਕੀ
ਪਤੀ ਨੇ ਆਪਣੇ ਕੋਟ ਦੀ ਜੇਬ ਵਿਚ ਹੱਥ ਪਾਇਆ ਅਤੇ ਪਤਨੀ 'ਤੇ ਗੁੱਸਾ ਕਰਨ ਲੱਗ ਪਏ, 'ਦੇਖ ਅੱਜ ਫਿਰ ਤੇਰੇ ਛੋਕਰੇ ਨੇ ਮੇਰੀ ਜੇਬ 'ਚੋਂ ਪੈਸੇ ਕੱਢ ਲਏ ਹਨ।'
ਪਤਨੀ ਨੇ ਤਸੱਲੀ ਦਿੰਦੇ ਹੋਏ ਕਿਹਾ, 'ਤੁਸੀਂ ਹਮੇਸ਼ਾ ਹੀ ਮੇਰੇ ਪੁੱਤਰ ਦੇ ਪਿੱਛੇ ਪਏ ਰਹਿੰਦੇ ਹੋ। ਇਹ ਵੀ ਹੋ ਸਕਦਾ ਹੈ ਕਿ ਮੈਂ ਹੀ ਪੈਸੇ ਕੱਢੇ ਹੋਣ।'
ਪਤੀ ਨੇ ਸਿਰ ਹਿਲਾਉਂਦੇ ਹੋਏ ਕਿਹਾ, 'ਨਹੀਂ ਤੂੰ ਬਿਲਕੁਲ ਨਹੀਂ ਕੱਢੇ, ਕਿਉਂਕਿ ਮੇਰੀ ਜੇਬ ਵਿਚ ਹੁਣ ਵੀ ਕੁਝ ਰੁਪਏ ਬਾਕੀ ਹਨ।'

-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048.

ਮਿੰਨੀ ਕਹਾਣੀ

ਪਿੰਨੀਆਂ
'ਮੈਂ ਕਿਹਾ ਜੀ, ਤੁਹਾਨੂੰ ਕਿੰਨੇ ਵਾਰ ਆਖਿਆ ਜਾ ਕੇ ਮੰੁਡੇ ਨੂੰ ਮਿਲ ਆਓ, ਮਿਲ ਆਓ | ਉਸ ਦਾ ਆਏ ਦਿਨ ਫੋਨ ਆਇਆ ਰਹਿੰਦਾ ਕਿ ਡੈਡੀ ਨੂੰ ਭੇਜ ਦਿਓ | ਉਸ ਨੂੰ ਆਖਾਂ ਤਾਂ ਕੀ ਆਖਾਂ? ਉਹ ਵਿਚਾਰਾ ਕੀ ਸੋਚਦਾ ਹੋਊ ਆਪਣੇ ਬਾਰੇ?'
'ਸ੍ਰੀਮਤੀ ਜੀ, ਮੈਂ ਸੁਣ ਲਈ ਤੁਹਾਡੀ ਸਾਰੀ ਗੱਲ | ਇਕ-ਦੋ ਦਿਨਾਂ 'ਚ ਮੈਂ ਆਪਣੇ ਪ੍ਰੋਗਰਾਮ ਬਣਾ ਲੈਂਦਾ ਹਾਂ | ਹੋਰ ਦੱਸੋ? ਜਿਥੇ ਮਾਂ-ਪੁੱਤ ਦੀ ਚਲਦੀ ਹੋਵੇ, ਉਥੇ ਪਿਓ ਦਾ ਕੀ ਲਈਦਾ?'
'ਥੋੜ੍ਹਾ ਘਿਓ ਲਿਆ ਦਿਓ | ਉਸ ਲਈ ਮੈਂ ਕੁਝ ਬਣਾ ਦਿਆਂ | ਪਿੰਨੀਆਂ ਉਸ ਨੂੰ ਬੜੀਆਂ ਪਸੰਦ ਹਨ | ਜਾਣ ਲੱਗੇ ਲੈ ਜਾਣਾ | ਖਾਲੀ ਹੱਥ ਗਏ ਮੰੁਡਾ ਕੀ ਆਖੂ?'
'ਭਾਗਵਾਨੇ! ਕਦੇ-ਕਦੇ ਤੂੰ ਗੱਲ ਬੜੀ ਹੀ ਪਾਏਦਾਰ ਕਰਦੀ ਐਾ | ਜੋ ਦਿਲ ਨੂੰ ਜਾ ਛੂਏ |'
ਇਕ ਦਿਨ ਉਹ ਗੱਡੀ ਚੜ੍ਹ ਹੀ ਗਿਆ ਤੇ ਲਜਾ ਉਸ ਦਾ ਸਾਰਾ ਸਾਮਾਨ ਉਸ ਦੇ ਕਮਰੇ ਵਿਚ ਰੱਖ ਦਿੱਤਾ | ਕਿਸੇ ਕਾਰਨ ਉਸ ਨੂੰ ਕੁਝ ਦਿਨਾਂ ਲਈ ਤੁਰੰਤ ਜਾਣਾ ਪੈ ਗਿਆ | ਜਦ ਵਾਪਸ ਆਇਆ, ਵੇਖਿਆ ਪਿੰਨੀਆਂ ਵਾਲਾ ਡੱਬਾ ਖਾਲੀ ਸੀ | ਵੇਖਦਿਆਂ ਅਚੰਭਤ ਹੋ ਗਿਆ | ਉਹ ਪੁੱਛੇ ਤਾਂ ਕਿਸ ਕੋਲੋਂ? ਆਖੇ ਤਾਂ ਕੀ? ਹੌਲੀ-ਹੌਲੀ ਭੇਦ ਖੁੱਲ੍ਹਦੇ-ਖੁੱਲ੍ਹਦੇ ਖੁੱਲ ਗਿਆ | ਗੱਲ ਆਪਣੇ-ਆਪ ਸਾਫ਼ ਹੋ ਗਈ ਤੇ ਨੌਕਰ ਆਪ ਬੋਲ ਪਿਆ |
'ਸ਼ਾਇਦ ਉਸ ਨੂੰ ਸੁਆਦ ਲੱਗੀਆਂ ਹੋਣਗੀਆਂ, ਇਕ ਮਾਂ ਦੇ ਹੱਥਾਂ ਦੀਆਂ ਪਿੰਨੀਆਂ ਜਿਊ ਬਣੀਆਂ ਹੋਈਆਂ ਸਨ |'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.

ਘਰ ਦਾ ਜੋਗੀ ਜੋਗੜਾ

ਲਾਲ ਬੱਤੀ 'ਤੇ ਲੱਗੇ ਜਾਮ 'ਚੋਂ ਤਾਂ ਪੈਦਲ ਨਿਕਲਣਾ ਵੀ ਮੁਸ਼ਕਿਲ ਸੀ | ਸਿਰ ਨੂੰ ਚੱਕਰ ਆ ਰਿਹਾ ਸੀ | ਐਨੇ ਸ਼ੋਰ-ਸ਼ਰਾਬੇ 'ਚ ਮੈਨੂੰ ਹਰਮਨ ਕਹਿੰਦੀ, 'ਇਹ ਦੇਖ ਕਿੰਨੀਆਂ ਗੱਡੀਆਂ ਰੁਕੀਆਂ ਨੇ ਲਾਲ ਬੱਤੀ 'ਤੇ, ਕਿੰਨੀਆਂ ਹੀ ਗੱਡੀਆਂ 'ਚ ਸਿਰਫ਼ ਇਕ ਜਾਂ ਦੋ ਵਿਅਕਤੀ ਬੈਠੇ ਨੇ, ਫਿਰ ਇਹ ਲੋਕ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਿਉਂ ਨਹੀਂ ਕਰਦੇ?' ਇਕ ਤਾਂ ਮਹਿੰਗੇ ਪੈਟਰੋਲ, ਡੀਜ਼ਲ ਨੂੰ ਜ਼ਾਇਆ ਕਰਦੇ ਨੇ, ਦੂਜਾ ਸ਼ੋਰ ਪ੍ਰਦੂਸ਼ਣ |'
ਪਰ ਆਵਾਜਾਈ ਦੇ ਜਨਤਕ ਸਾਧਨਾਂ ਦਾ ਵੀ ਤਾਂ ਬੁਰਾ ਹਾਲ ਐ, ਕਈ ਵਾਰੀ ਤਾਂ ਪੂਰੇ ਰਸਤੇ ਖੜ੍ਹੇ ਹੋ ਕੇ ਆਉਣਾ ਪੈਂਦਾ ਐ |
ਵੈਸੇ ਸੁਣਿਆ ਐ ਕਿ ਬਾਹਰਲੇ ਦੇਸ਼ਾਂ 'ਚ ਨਹੀਂ ਇਹ ਹਾਲ, ਜਿਹੜਾ ਆਪਣੇ ਐ | ਅੱਗੋਂ ਮੇਰੇ ਤੋਂ ਕਿਹਾ ਗਿਆ, 'ਤੇਰੀ ਤਾਂ ਉਹ ਗੱਲ ਐ 'ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ' ਨਾਲੇ ਆਪਾਂ ਨੇ ਕਿਹੜਾ ਅੱਖੀਂ ਦੇਖਿਆ ਕਿ ਉਥੇ ਕੀ ਹੁੰਦਾ, ਕੀ ਨਹੀਂ ਹੁੰਦਾ |'
ਮੈਨੂੰ ਕਹਿੰਦੀ, 'ਚੱਲ ਹੁਣ ਜਲਦੀ ਬਹੁਤ ਕਰ ਲਈ ਚਿੰਤਾ, ਆਪਾਂ ਕੀ ਕਰ ਸਕਦੇ ਹਾਂ | ਜਦ ਕਰਨ ਵਾਲੇ ਨਹੀਂ ਕਰ ਰਹੇ ਕੁਝ, ਛੱਡ ਆਪਾਂ ਵੀ ਕੀ ਗੱਲਾਂ ਲੈ ਕੇ ਬਹਿ ਗਈਆਂ | ਆਪਾਂ ਖਰੀਦਦਾਰੀ ਉਥੋਂ ਹੀ ਕਰ ਲੈਣੀ ਹੈ, ਜਿਥੋਂ ਵਧੀਆ ਸਮਾਨ ਮਿਲਿਆ, ਐਵੇਂ ਵੱਡੇ-ਵੱਡੇ ਮਾਲ ਜਾਂ ਸ਼ੋਅ ਰੂਮ ਦੇ ਚੱਕਰਾਂ 'ਚ ਨੀ ਪੈਣਾ ਚਾਹੀਦਾ, ਨਾ ਹੀ ਕਿਸੇ ਬਰੈਂਡ ਦੇ, ਬਸ ਚੀਜ਼ ਵਧੀਆ ਹੋਣੀ ਚਾਹੀਦੀ ਹੈ |'
ਦੁਕਾਨ ਦੇ ਅੰਦਰ ਜਾਂਦਿਆਂ ਹੀ ਹਰਮਨ ਨੇ ਕੁਝ ਸਮਾਨ ਮੰਗਿਆ | ਅੱਗੋਂ ਦੁਕਾਨਦਾਰ ਵਿਚਾਰਾ ਆਪਣੀ ਆਦਤ ਤੋਂ ਮਜਬੂਰ ਲੱਗ ਪਿਆ ਵਿਗਿਆਪਨ ਦੇਣ, ਕਹਿੰਦਾ, 'ਮੈਡਮ ਤੁਸੀਂ ਪੜ੍ਹੇ-ਲਿਖੇ ਲਗਦੇ ਹੋ, ਕੋਈ ਵਧੀਆ ਬਰੈਂਡ ਲਓ | ਕਿੰਨੇ ਵਧੀਆ ਬਰੈਂਡ ਆਹ ਰੱਖੇ ਨੇ, ਤੁਸੀਂ ਤਾਂ ਬਿਲਕੁਲ ਦੇਸੀ ਬਰੈਂਡ ਦੀ ਮੰਗ ਕੀਤੀ ਐ | ਇਹ ਲਓ ਡਵ ਇਹਦਾ ਬਹੁਤ ਵਧੀਆ ਨਤੀਜਾ ਐ | ਇਹਨੂੰ ਤੁਸੀਂ ਮੇਰੇ ਕਹਿਣ 'ਤੇ ਲੈ ਜਾਓ, ਕੋਈ ਸ਼ਿਕਾਇਤ ਨਹੀਂ ਹੋਵੇਗੀ, ਤੁਹਾਨੂੰ |'
ਅੱਗੋਂ ਆਏ ਗੁੱਸੇ 'ਤੇ ਕਾਬੂ ਪਾਉਂਦੇ ਹਰਮਨ ਬੋਲੀ, 'ਭਾਈ ਸਾਹਿਬ ਮੈਂ ਵੀ ਕੋਈ ਵਿਦੇਸ਼ੀ ਨਹੀਂ ਹਾਂ | ਪਰ ਵਧੀਆ ਨੀ ਲੱਗਦਾ ਸੁਣ ਕੇ ਕਿ ਲੋਕ ਕਿੰਨੀ ਹਮਾਇਤ ਕਰਦੇ ਨੇ ਬਾਹਰਲੀਆਂ ਚੀਜ਼ਾਂ ਦੀ | ਭਾਈ ਸਾਹਿਬ ਤੁਸੀਂ ਤਾਂ ਉਹ ਗੱਲ ਕਰ ਦਿੱਤੀ, 'ਘਰ ਦਾ ਜੋਗੀ ਜੋਗੜਾ ਬਾਹਰ ਦਾ ਸਿੱਧ' |'


bmander864@gmail.com

ਦਾਜ ਦੀ ਬਲੀ

ਮੋਹਕਮ ਤੇ ਜਸਲੀਨ ਇਕੱਠੇ ਬੀ.ਐੱਡ. ਕਰ ਰਹੇ ਸਨ | ਇਕ-ਦੂਜੇ ਤੋਂ ਕਾਪੀ-ਕਿਤਾਬ ਲੈਂਦਿਆਂ ਇਕੱਠੇ ਪੜ੍ਹਦਿਆਂ ਉਨ੍ਹਾਂ 'ਚ ਹੌਲੀ-ਹੌਲੀ ਪਿਆਰ ਹੋ ਗਿਆ | ਦੋਵਾਂ ਦਾ ਕੋਰਸ ਪੂਰਾ ਹੋ ਗਿਆ | ਜਸਲੀਨ ਨੇ ਆਪਣੇ ਘਰਦਿਆਂ ਨੂੰ ਮੋਹਕਮ ਨਾਲ ਵਿਆਹ ਕਰਵਾਉਣ ਲਈ ਕਿਹਾ, ਪ੍ਰੰਤੂ ਉਸ ਦੇ ਮਾਂ-ਪਿਓ ਨੂੰ ਮੋਹਕਮ ਦੇ ਘਰ ਦੀ ਕਮਜ਼ੋਰ ਸਥਿਤੀ ਦਾ ਪਤਾ ਸੀ, ਇਸ ਕਰਕੇ ਉਨ੍ਹਾਂ ਨੇ ਵਿਆਹ ਲਈ ਹਾਮੀ ਨਾ ਭਰੀ |
ਮੋਹਕਮ ਆਪਣੇ ਮਾਤਾ-ਪਿਤਾ ਦਾ ਇਕਲੌਤਾ ਤੇ ਆਗਿਆਕਾਰੀ ਪੁੱਤਰ ਸੀ | ਉਸ ਦੇ ਪਿਤਾ ਜੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਤੋਂ ਬਾਅਦ ਉਸ ਦੇ ਮਾਤਾ ਜੀ ਬਿਮਾਰ ਰਹਿਣ ਲੱਗ ਪਏ, ਉਸ ਨੂੰ ਆਪਣੀ ਮਾਤਾ ਜੀ ਦਾ ਵੀ ਧਿਆਨ ਰੱਖਣਾ ਪੈਂਦਾ ਸੀ ਤੇ ਨਾਲ ਆਪਣੀ ਪੜ੍ਹਾਈ ਤੇ ਘਰ ਦਾ ਵੀ | ਮੋਹਕਮ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਉਸ ਦੇ ਨੰਬਰ ਚੰਗੇ ਆਏ ਤੇ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ | ਜਸਲੀਨ ਇਕ ਪ੍ਰਾਈਵੇਟ ਕਾਲਜ ਵਿਚ ਨੌਕਰੀ ਕਰਨ ਲੱਗ ਪਈ | ਦੋਵੇਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਤੇ ਉਨ੍ਹਾਂ ਨੇ ਘਰਦਿਆਂ ਦੀ ਜ਼ਿਆਦਾ ਸਹਿਮਤੀ ਨਾ ਹੁੰਦਿਆ ਹੋਇਆਂ ਵੀ ਵਿਆਹ ਕਰਵਾ ਲਿਆ |
ਵਿਆਹ ਤੋਂ ਕੁਝ ਕੁ ਦਿਨਾਂ ਬਾਅਦ ਹੀ ਜਸਲੀਨ ਬਿਮਾਰ ਰਹਿਣ ਲੱਗ ਪਈ, ਟੈਸਟ ਕਰਵਾਉਣ 'ਤੇ ਪਤਾ ਚੱਲਿਆ ਕਿ ਉਸ ਨੂੰ ਟੀ ਬੀ ਦੀ ਬਿਮਾਰੀ ਨੇ ਘੇਰ ਲਿਆ | ਮੋਹਕਮ ਬਹੁਤ ਦੁਖੀ ਹੋਇਆ, ਕਿਉਂਕਿ ਜਦੋਂ ਤੋਂ ਉਸ ਨੇ ਸੁਰਤ ਸੰਭਾਲੀ ਘਰ ਵਿਚ ਦੁੱਖ ਹੀ ਵੇਖੇ ਸਨ | ਆਪਣੀ ਮਾਂ ਦਾ ਇਲਾਜ ਕਰਵਾਉਂਦਿਆ-2 ਉਸ ਕੋਲ ਜੋ ਪੈਸੇ ਉਸ ਦੇ ਪਿਤਾ ਜੀ ਦੇ ਇਕੱਠੇ ਕੀਤੇ ਹੋਏ ਸੀ, ਉਸ ਦੀ ਪੜ੍ਹਾਈ ਲਈ ਸਭ ਲੱਗ ਚੁੱਕੇ ਸਨ | ਰਿਸ਼ਤੇਦਾਰਾਂ ਕੋਲੋਂ ਉਸ ਨੇ ਪਹਿਲਾਂ ਹੀ ਕਾਫੀ ਵਾਰ ਪੈਸੇ ਲਏ ਸਨ | ਜਸਲੀਨ ਦੇ ਘਰਦਿਆਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਜਵਾਬ ਦੇ ਦਿੱਤਾ ਤੇ ਉਲਟਾ ਡਰਾਇਆ ਕਿ ਤੂੰ ਤਾਂ ਕਹਿੰਦਾ ਸੀ ਮੈਂ ਕੁਝ ਨ੍ਹੀ ਲੈਣਾ, ਫੇਰ ਹੁਣ ਇਹ ਦਾਜ ਮੰਗ ਰਿਹੈਂ? ਉਸ ਦੀ ਤਨਖਾਹ ਵਿਚੋਂ ਘਰ ਦਾ ਖਰਚ ਤੇ ਪਹਿਲਾਂ ਦਾ ਲੈਣਾ-ਦੇਣਾ ਹੀ ਪੂਰਾ ਹੁੰਦਾ ਸੀ | ਫੇਰ ਵੀ ਉਸ ਨੇ ਜਸਲੀਨ ਦਾ ਇਲਾਜ ਵਿਆਜ 'ਤੇ ਪੈਸੇ ਫੜ ਕੇ ਚੰਗੇ ਤੋਂ ਚੰਗੇ ਡਾਕਟਰ ਕੋਲੋਂ ਕਰਵਾਇਆ | ਉਸ ਦੀ ਮਿਹਨਤ ਤੇ ਪਿਆਰ ਸਦਕਾ ਜਸਲੀਨ ਜਲਦੀ ਹੀ ਠੀਕ ਹੋ ਗਈ |
ਮੋਹਕਮ ਨੂੰ ਹੌਲੀ-ਹੌਲੀ ਜਸਲੀਨ ਦੇ ਸੁਭਾਅ ਵਿਚ ਫਰਕ ਨਜ਼ਰ ਆਉਣ ਲੱਗਾ | ਉਹ ਮਾਂ ਨਾਲ ਤੇ ਉਸ ਨਾਲ ਘੱਟ ਹੀ ਗੱਲ ਕਰਦੀ ਸੀ ਤੇ ਕਾਲਜ ਤੋਂ ਵੀ ਲੇਟ ਆਉਣ ਲੱਗ ਪਈ ਸੀ | ਕਈ ਵਾਰ ਮੋਹਕਮ ਨੇ ਉਸ ਨੂੰ ਪੁੱਛਿਆ ਕਿ ਕੋਈ ਤਕਲੀਫ ਤਾਂ ਨਹੀਂ? ਪ੍ਰੰਤੂ ਜਸਲੀਨ ਨੇ ਕੋਈ ਜਵਾਬ ਨਹੀਂ ਦਿੱਤਾ | ਉਸ ਦੇ ਘਰਦਿਆਂ ਨਾਲ ਗੱਲ ਕਰਨ 'ਤੇ ਵੀ ਕੋਈ ਪਤਾ ਨਾ ਚੱਲਿਆ | ਇਕ ਦਿਨ ਮੋਹਕਮ ਦੇ ਦੋਸਤ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਜਸਲੀਨ ਨੂੰ ਆਪਣੇ ਕਾਲਜ 'ਚ ਆਏ ਨਵੇਂ ਪ੍ਰੋਫੈਸਰ ਨਾਲ ਘੁੰਮਦਿਆਂ ਵੇਖਿਆ ਹੈ | ਮੋਹਕਮ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਇਆ ਤੇ ਉਹ ਆਪਣੇ ਦੋਸਤ ਨਾਲ ਥੋੜ੍ਹਾ ਨਰਾਜ਼ ਵੀ ਹੋ ਗਿਆ | ਪ੍ਰੰਤੂ ਜਸਲੀਨ ਦੇ ਬਦਲੇ ਸੁਭਾਅ ਕਾਰਨ ਉਸ ਨੇ ਇਸ ਗੱਲ ਦੀ ਜਾਂਚ ਕਰਨ ਦਾ ਫੈਸਲਾ ਕੀਤਾ | ਉਸ ਨੇ ਛੁੱਟੀ ਲੈ ਕੇ ਕਈ ਵਾਰ ਜਸਲੀਨ ਦਾ ਪਿੱਛਾ ਕੀਤਾ | ਪਹਿਲੀ ਵਾਰ ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਵੀ ਯਕੀਨ ਨਾ ਹੋਇਆ | ਮੋਹਕਮ ਨੇ ਮਾਂ ਨੂੰ ਛੋਟੀ ਉਮਰ 'ਚ ਆਪਣੇ ਸਾਥੀ ਦੀ ਜੁਦਾਈ 'ਚ ਤੜਪਦਿਆਂ ਵੇਖਿਆ ਸੀ, ਇਸ ਲਈ ਉਸ ਦੇ ਦਿਲ ਨੂੰ ਬਹੁਤ ਵੱਡੀ ਠੇਸ ਪਹੁੰਚੀ, ਉਸ ਨੂੰ ਇੰਝ ਲੱਗ ਰਿਹਾ ਸੀ ਕਿ ਉਸ ਦੇ ਸਾਥੀ ਨੇ ਉਸ ਨੂੰ ਜਿਉਂਦੇ-ਜੀਅ ਮਾਰ ਦਿੱਤਾ ਹੋਵੇ |
ਜਸਲੀਨ ਛੋਟੀ-ਛੋਟੀ ਗੱਲ 'ਤੇ ਮੋਹਕਮ ਨਾਲ ਲੜਾਈ-ਝਗੜਾ ਕਰਨ ਲੱਗ ਪਈ ਸੀ, ਘਰ ਦਾ ਕੰਮ ਕਰਨਾ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਸੀ | ਮੋਹਕਮ ਨੂੰ ਪਹਿਲਾਂ ਤੋਂ ਹੀ ਆਦਤ ਸੀ ਘਰ ਦਾ ਕੰਮ ਕਰਨ ਦੀ, ਇਸ ਕਰਕੇ ਉਹ ਇਹ ਸਭ ਕੁਝ ਅਣਗੌਲਿਆ ਕਰ ਦਿੰਦਾ ਸੀ | ਜਸਲੀਨ ਛੁੱਟੀ ਵਾਲੇ ਦਿਨ ਵੀ ਸਜ-ਸੰਵਰ ਕੇ ਮੋਬਾਈਲ 'ਤੇ ਗੱਲਾਂ ਕਰਦੀ ਰਹਿੰਦੀ ਸੀ | ਘਰ ਵਿਚ ਐਨਾ ਤਣਾਅ ਰਹਿਣ ਲੱਗ ਪਿਆ ਕਿ ਮੋਹਕਮ ਦਾ ਘਰ ਆਉਣ ਨੂੰ ਦਿਲ ਨਹੀਂ ਸੀ ਕਰਦਾ | ਜਸਲੀਨ ਦੇ ਬਾਹਰ ਸੰਬੰਧ ਐਨੇ ਗੂੜ੍ਹੇ ਹੋ ਗਏ ਸਨ ਕਿ ਉਸ ਨੇ ਮੋਹਕਮ ਨੂੰ ਬਿਲਕੁਲ ਹੀ ਬੁਲਾਉਣਾ ਛੱਡ ਦਿੱਤਾ ਸੀ ਤੇ ਉਸ ਤੋਂ ਤਲਾਕ ਦੀ ਮੰਗ ਵੀ ਕਰਨ ਲੱਗ ਪਈ ਸੀ, ਪ੍ਰੰਤੂ ਉਸ ਕੋਲ ਤਲਾਕ ਲੈਣ ਦਾ ਕੋਈ ਵੀ ਕਾਰਨ ਨਹੀਂ ਸੀ | ਇਸ ਲਈ ਉਸ ਨੇ ਮੋਹਕਮ ਤੇ ਉਸ ਦੀ ਮਾਂ ਤੇ ਦਾਜ ਮੰਗਣ ਦਾ ਗ਼ਲਤ ਇਲਜ਼ਾਮ ਲਗਾ ਕੇ ਆਖਰ ਵਿਚ ਤਲਾਕ ਲੈ ਹੀ ਲਿਆ |
ਕਚਹਿਰੀ ਤੋਂ ਬਾਹਰ ਆਉਂਦਿਆ ਮੋਹਕਮ ਤੇ ਉਸ ਦੀ ਮਾਂ ਰੋ ਰਹੇ ਸਨ, ਪ੍ਰੰਤੂ ਜਸਲੀਨ ਖੁਸ਼ੀ-ਖੁਸ਼ੀ ਆਪਣੇ ਪ੍ਰੋਫੈਸਰ ਨਾਲ ਕਾਰ 'ਚ ਬੈਠ ਕੇ ਚਲੀ ਗਈ | ਉਹ ਦੋਵੇਂ ਉਥੇ ਹੀ ਖੜ੍ਹੇ ਉਸ ਨੂੰ ਵੇਖ ਕੇ ਹੈਰਾਨ ਹੋ ਰਹੇ ਸਨ ਕਿ ਉਨ੍ਹਾਂ ਤੋਂ ਗ਼ਲਤੀ ਕੀ ਹੋਈ ਹੈ, ਇਹ ਨਹੀਂ ਪਤਾ | ਅਜੇ ਉਹ ਸੋਚ ਹੀ ਰਹੇ ਸੀ ਏਨੇ ਨੂੰ ਜਸਲੀਨ ਦੇ ਪਿਤਾ ਜੀ ਵੀ ਪਿਛੋਂ ਪੌੜੀਆਂ ਉਤਰ ਕੇ ਉਨ੍ਹਾਂ ਦੇ ਕੋਲ ਦੀ ਇੰਝ ਲੰਘ ਕੇ ਚਲੇ ਗਏ ਜਿਸ ਤਰ੍ਹਾਂ ਕੋਈ ਜਾਣ-ਪਛਾਣ ਹੀ ਨਾ ਹੋਵੇ | ਘਰ ਜਾ ਕੇ ਮੋਹਕਮ ਖੂਬ ਰੋਇਆ | ਕੁਝ ਦਿਨਾਂ ਬਾਅਦ ਉਹ ਬਿਮਾਰ ਹੋ ਗਿਆ | ਟੈਸਟ ਕਰਵਾਉਣ 'ਤੇ ਪਤਾ ਚੱਲਿਆ ਕਿ ਉਸ ਨੂੰ ਵੀ ਟੀ ਬੀ ਦੀ ਬਿਮਾਰੀ ਲੱਗ ਗਈ ਹੈ, ਜੋ ਉਸ ਨੂੰ ਉਸ ਦੀ ਪ੍ਰੇਮਿਕਾ ਵਲੋਂ ਤੋਹਫ਼ੇ ਦੇ ਰੂਪ ਵਿਚ ਮਿਲੀ ਸੀ | ਕਾਫੀ ਦਿਨ ਹੋ ਗਏ ਪਰ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਇਆ, ਦਿਨੋਂ-ਦਿਨ ਵਿਗੜਦੀ ਸਿਹਤ ਤੇ ਤਹਿਸ-ਨਹਿਸ ਹੋਈ ਜ਼ਿੰਦਗੀ ਨੇ ਇਕ ਦਿਨ ਉਸ ਦੀ ਜਾਨ ਲੈ ਲਈ | ਕਿਉਂਕਿ ਉਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ | ਮੋਹਕਮ ਦਾ ਦੋਸਤ ਉਸ ਦੀ ਮਾਂ ਕੋਲ ਅਫਸੋਸ ਕਰਨ ਆਇਆ ਤੇ ਰੋ-ਰੋ ਕੇ ਕਹਿ ਰਿਹਾ ਸੀ ਕਿ ਔਰਤਾਂ ਤਾਂ ਦਾਜ ਦੀ ਬਲੀ ਚੜ੍ਹਦੀਆਂ ਵੇਖੀਆਂ ਨੇ ਪਰ ਅੱਜ ਮੇਰਾ ਮਾਸੂਮ ਦੋਸਤ ਕੋਈ ਦੋਸ਼ ਨਾ ਹੁੰਦਿਆਂ ਹੋਇਆਂ ਵੀ ਇਕ ਖੁਦਗਰਜ਼ ਔਰਤ ਦੇ ਪਿਆਰ ਦੇ ਭੁਲੇਖਿਆਂ ਵਿਚ ਪੈ ਕੇ ਦਾਜ ਦੀ ਬਲੀ ਚੜ੍ਹ ਗਿਆ | ਸੁਖੀ ਉਹ ਵੀ ਨਹੀਂ ਰਹਿ ਸਕਦੀ, ਕਿਉਂਕਿ ਉਸ ਨੇ ਇਕ ਆਗਿਆਕਾਰੀ ਤੇ ਇਮਾਨਦਾਰ ਇਨਸਾਨ ਨਾਲ ਧੋਖਾ ਕਰਕੇ ਉਸ ਦੀ ਜਾਨ ਲੈ ਲਈ, ਇਕ ਦੁਖੀ ਮਾਂ ਨੂੰ ਬੇਸਹਾਰਾ ਕਰ ਦਿੱਤਾ ਹੈ, ਨਾਲ ਹੀ ਦਾਜ ਵਿਰੋਧੀ ਕਾਨੂੰਨ ਦਾ ਦੁਰਉਪਯੋਗ ਕਰਕੇ ਉਨ੍ਹਾਂ ਮਾਸੂਮ ਔਰਤਾਂ ਜੋ ਸਚੁਮੱਚ ਹੀ ਦਾਜ ਦੀ ਬਲੀ ਚੜ੍ਹ ਜਾਂਦੀਆਂ ਨੇ, ਉਨ੍ਹਾਂ ਨਾਲ ਵੀ ਧੋਖਾ ਕੀਤਾ ਹੈ | ਮੋਹਕਮ ਦੀ ਮਾਂ ਨੂੰ ਇੰਝ ਲੱਗ ਰਿਹਾ ਸੀ ਕਿ ਕੁਝ ਵੀ ਨਹੀਂ ਸੁਣ ਰਹੀ, ਉਹ ਸੁੰਨ ਹੋ ਕੇ ਇਸ ਤਰ੍ਹਾਂ ਬੈਠੀ ਸੀ ਜਿਸ ਤਰ੍ਹਾਂ ਕੋਈ ਪੱਥਰ ਦੀ ਮੂਰਤ ਹੋਵੇ |

-(ਮੈਥ ਮਿਸਟ੍ਰੈਸ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX