ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  42 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  43 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  48 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ, ਮਕਸਦ ਤੇ ਮਹੱਤਵ ਦੇ ਝਰੋਖੇ 'ਚੋਂ

ਅੰਗਰੇਜ਼ੀ ਕੈਲੰਡਰ ਅਨੁਸਾਰ ਸਾਲ 2019 ਦੇ ਨਵੰਬਰ ਮਹੀਨੇ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ 'ਤੇ ਇਸ ਤਾਰੀਖ ਦਾ ਬਾਕਾਇਦਾ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ | ਇਸ ਲਈ ਮੈਂ ਕਿਸੇ ਨਿਸਚਿਤ ਮਿਤੀ ਦੇ ਬਖੇੜੇ ਵਿਚ ਨਹੀਂ ਪੈਂਦਾ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਸਾਲ 1999 ਵਿਚ ਤੇ ਦੁਬਾਰਾ ਸਾਲ 2003 ਵਿਚ ਕੁਝ ਸੋਧਾਂ ਉਪਰੰਤ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ | ਲਾਗੂ ਕਰਨ ਸਮੇਂ ਇਸ ਕੈਲੰਡਰ ਨੂੰ ਸਰਲ, ਵਿਗਿਆਨਕ ਤੇ ਉਪਯੋਗੀ ਕਿਹਾ ਗਿਆ ਸੀ | ਫੇਰ ਮਾਰਚ, 2010 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਵਾਲੀਆਂ ਹੀ ਅਪਣਾ ਲਈਆਂ ਗਈਆਂ ਤੇ ਇਕ ਵਾਰ ਫਿਰ ਮਾਰਚ, 2015 ਵਿਚ ਸਾਰੇ ਗੁਰਪੁਰਬ ਬਿਕਰਮੀ ਕੈਲੰਡਰ ਮੁਤਾਬਕ ਮਨਾਉਣ ਦਾ ਫੈਸਲਾ ਕਰ ਲਿਆ ਗਿਆ | ਅਲਬੱਤਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਤਾਂ ਨਵੰਬਰ, 2019 ਵਿਚ ਹੀ ਬਣਦਾ ਹੈ, ਜੇ ਉਸ ਵੇਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਹੋਰ ਨਵੀਂ ਸੋਧ ਨਾ ਕੀਤੀ |
ਸਿੱਖ ਧਰਮ ਅੱਜ ਸੰਸਾਰ ਦੇ ਨੌਾ ਵੱਡੇ ਧਰਮਾਂ ਵਿਚੋਂ ਸਭ ਤੋਂ ਨਵਾਂ, ਵਿਹਾਰਕ ਤੇ ਸਰਲ ਧਰਮ ਹੈ | ਸਿੱਖ ਧਰਮ ਦਾ ਇਤਿਹਾਸ ਗੌਰਵਮਈ ਹੈ | ਇਸ ਦੇ ਪੈਰੋਕਾਰਾਂ ਦੀ ਜੀਵਨ-ਜਾਚ ਨੂੰ ਗੁਰਮਤਿ ਦਾ ਸਿਧਾਂਤ ਨਿਰਧਾਰਤ ਕਰਦਾ ਹੈ | ਸ਼ਬਦ ਗੁਰੂ, ਸਿੱਖ ਸੁਰਤੀ ਦਾ ਮਾਰਗ ਦਰਸ਼ਕ ਹੈ | ਗੁਰੂ ਪਦਵੀ ਪ੍ਰਾਪਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਪਵਿੱਤਰ ਧਰਮ-ਗ੍ਰੰਥ ਹਨ | ਕਿਉਂਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ, ਇਸ ਲਈ ਉਨ੍ਹਾਂ ਦੇ 550ਵੇਂ ਯਾਦਗਾਰੀ ਜਨਮ ਦਿਹਾੜੇ ਨੂੰ ਇਕ ਮਹਾਨ ਉਤਸਵ ਦੇ ਰੂਪ ਵਿਚ ਮਨਾਉਣ ਲਈ ਸਮੁੱਚੀ ਸਿੱਖ ਕੌਮ ਵੱਲੋਂ ਇਕ ਵਿਆਪਕ ਯੋਜਨਾ ਉਲੀਕਣੀ ਬਣਦੀ ਹੈ | ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੁੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਚੀਫ਼ ਖ਼ਾਲਸਾ ਦੀਵਾਨ, ਗੁਰੂ ਨਾਨਕ ਫ਼ਾਊਾਡੇਸ਼ਨ ਅਤੇ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ (ਖ਼ਾਲਸਾ ਕਾਲਜ ਅਤੇ ਸਕੂਲ) ਅਤੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਫਲਸਫ਼ੇ ਦੇ ਪ੍ਰਚਾਰ ਤੇ ਪ੍ਰਸਾਰ ਦੇ ਕਾਰਜ ਵਿਚ ਕਾਰਜਸ਼ੀਲ ਸਾਰੀਆਂ ਸਿੱਖ ਸੰਸਥਾਵਾਂ ਨੂੰ ਹੁਣ ਤੋਂ ਹੀ ਇਸ ਵਿਸ਼ੇਸ਼ ਕਾਰਜ ਵਿਚ ਜੁਟ ਜਾਣਾ ਚਾਹੀਦਾ ਹੈ | ਹਰ ਇਕ ਸੰਸਥਾ ਨੂੰ ਆਪਣਾ ਯੋਗਦਾਨ ਪਾਉਣ ਲਈ ਇਕ ਵਿਸ਼ੇਸ਼ ਯੋਜਨਾ ਉਲੀਕ ਲੈਣੀ ਚਾਹੀਦੀ ਹੈ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਸਮੁੱਚੇ ਸਿੱਖ ਜਗਤ ਲਈ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ | ਸਿੱਖ ਧਰਮ ਦਾ ਸੰਕਲਪ ਵਿਸ਼ਵ-ਵਿਆਪੀ ਹੈ | ਇਸ ਵਿਸ਼ੇਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦੀ ਵਿਆਪਕ ਯੋਜਨਾ ਬਣਨੀ ਚਾਹੀਦੀ ਹੈ | ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਿੱਖ ਲੀਡਰਸ਼ਿਪ ਦੀ ਯੋਗਤਾ ਅਤੇ ਦੂਰਦਿ੍ਸ਼ਟੀ ਦੀ ਪਰਖ ਦੀ ਘੜੀ ਹੈ | ਇਸ ਮਹਾਨ ਕਾਰਜ ਵਿਚ ਸਿੱਖ ਬੁੱਧੀਜੀਵੀਆਂ ਤੇ ਲੇਖਕਾਂ ਦੀ ਵੱਡੀ ਭੂਮਿਕਾ ਬਣਦੀ ਹੈ, ਉਨ੍ਹਾਂ ਦੀ ਬੌਧਿਕ ਉੱਤਮਤਾ ਦਾ ਸਦਉਪਯੋਗ ਕਰਨਾ ਚਾਹੀਦਾ ਹੈ | ਮੇਰੀ ਜਾਚੇ, ਸਿੱਖ ਚੇਤਨਾ ਦੇ ਪਰਿਪੇਖ ਵਿਚ ਸਿੱਖ ਬੁੱਧੀਜੀਵੀਆਂ ਦੇ ਬੌਧਿਕ ਅਨੁਭਵਾਂ ਦਾ ਕੇਂਦਰ ਬਿੰਦੂ ਵਿਸ਼ਵ ਦੇ ਅਜੋਕੇ ਬਿਰਤਾਂਤਿਕ ਸਰੋਕਾਰਾਂ ਦੀ ਦਿ੍ਸ਼ਟੀ ਵਿਚ ਉੱਤਮ ਸਿੱਖ ਸਾਹਿਤ ਦੀ ਰਚਨਾ ਹੋਣਾ ਚਾਹੀਦਾ ਹੈ | ਇਸ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਉਦਾਸੀਆਂ ਦੇ ਲੰਮੇ ਪੈਂਡਿਆਂ ਦੀ ਗਾਥਾ ਅਤੇ ਉਸ ਦੇ ਮੂਲ ਮਨੋਰਥਾਂ ਨੂੰ ਵਿਸ਼ਵ ਸਰੋਕਰਾਂ ਦੇ ਪ੍ਰਸੰਗ ਵਿਚ ਪੁਨਰ ਪ੍ਰਸਤੁਤ ਕਰਨ ਦੀ ਲੋੜ ਹੈ | ਇਸ ਮਹਾਨ ਕਾਰਜ ਨੂੰ ਸਹੀ ਸੰਦਰਭ ਵਿਚ ਨੇਪਰੇ ਚਾੜ੍ਹਨ ਲਈ ਜ਼ਰੂਰੀ ਹੈ ਕਿ ਨਵੀਂ ਖੋਜ ਨੂੰ ਸਿਰਮੌਰ ਪਹਿਲ ਦਿੱਤੀ ਜਾਵੇ |
ਅੱਜ ਸੰਸਾਰ ਦਾ ਵੱਡਾ ਹਿੱਸਾ ਬਹੁ-ਸੱਭਿਆਚਾਰੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਨਸਲੀ ਮਨੁੱਖੀ ਸਮਾਜ ਦੇ ਅੰਤਰ ਵਿਰੋਧਾਂ ਦੇ ਸਰੋਕਾਰਾਂ ਨਾਲ ਜੂਝ ਰਿਹਾ ਹੈ | ਇਸ ਪਰਿਪੇਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਉਦਾਸੀਆਂ ਦੇ ਸੂਖਮ ਲਕਸ਼ਾਂ ਦੀ ਅਸਲੀਅਤ ਦੀ ਇਸ ਵਿਸ਼ੇਸ਼ ਸਾਪੇਖਤਾ ਦੀ ਦਿ੍ਸ਼ਟੀ ਵਿਚ ਪੁਨਰ ਪੜਚੋਲ ਕਰਨ ਦੀ ਜ਼ਰੂਰਤ ਹੈ | ਗੁਰੂ ਜੀ ਦੀਆਂ ਉਦਾਸੀਆਂ ਦੇ ਪੁਰਨੂਰ ਪੈਂਡਿਆਂ ਦੀਆਂ ਪੈੜਾਂ ਤੇ ਸਾਖੀਆਂ ਦਾ ਸੱਚ ਅੱਜ ਦੇ ਬੇਨੂਰ ਸਮਿਆਂ ਵਿਚ ਕਿੰਨਾ ਸੱਜਰਾ ਤੇ ਪ੍ਰਸੰਗਿਕ ਹੈ, ਇਸ ਸੱਚ ਨੂੰ ਵੀ ਪੁਨਰ ਪ੍ਰਭਾਸ਼ਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ |
ਵਿਸ਼ਵੀਕਰਨ ਦੇ ਦੌਰ ਵਿਚ ਸੂਚਨਾ ਤਕਨਾਲੋਜੀ ਕਾਰਨ ਅੱਜ ਪੂਰਾ ਵਿਸ਼ਵ ਸੁੰਗੜ ਕੇ ਇਕ ਪਿੰਡ ਬਣ ਗਿਆ ਹੈ | ਕੰਪਿਊਟਰਾਂ ਦੇ ਵਿਸ਼ਵ ਵਿਆਪੀ ਤਾਣੇ-ਬਾਣੇ ਰਾਹੀਂ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਸਾਡੇ ਗਿਆਨ ਵਿਚ ਵਾਧਾ ਕਰ ਰਹੀਆਂ ਹਨ, ਜੋ ਨਵੀਆਂ ਤੇ ਹੈਰਾਨਕੁੰਨ ਹਨ | ਇਨ੍ਹਾਂ ਵਿਚੋਂ ਕੁਝ ਜਾਣਕਾਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੇ ਸਬੰਧ ਵਿਚ ਵੀ ਹਨ | ਇਹ ਜਾਣਕਾਰੀਆਂ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਲਈ ਡੂੰਘੀ ਖੋਜ ਦਾ ਨਵਾਂ ਵਿਸ਼ਾ ਬਣ ਸਕਦੀਆਂ ਹਨ |
ਇੱਥੇ ਇਹ ਜ਼ਿਕਰ ਜ਼ਰੂਰੀ ਹੋ ਗਿਆ ਹੈ ਕਿ ਜੁਲਾਈ, 2013 ਵਿਚ ਮੈਨੂੰ ਕੀਨੀਆ (ਪੂਰਬੀ ਅਫ਼ਰੀਕਾ ਦਾ ਦੇਸ਼) ਵਿਚ ਜਾਣ ਦਾ ਮੌਕਾ ਮਿਲਿਆ | ਸਬੱਬ ਇਹ ਸੀ ਕਿ ਕੀਨੀਆ ਦੇ ਸਿੱਖ ਭਾਈਚਾਰੇ ਵੱਲੋਂ ਦੇਸ਼-ਵਿਦੇਸ਼ ਵਿਚ ਪੜ੍ਹਦੇ ਸਿੱਖ ਨੌਜਵਾਨ ਬੱਚਿਆਂ ਅਤੇ ਬੱਚੀਆਂ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਬਾਰੇ ਹਰ ਕਿਸਮ ਦੀ ਸਰਲ ਜਾਣਕਾਰੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਵਿਸਥਾਰਪੂਰਵਕ ਢੰਗ ਨਾਲ ਦੇਣ ਲਈ ਹਰ ਵਰ੍ਹੇ ਇਕ ਹਫ਼ਤੇ ਦੀ ਅਵਧੀ ਵਾਲਾ ਕੈਂਪ ਗੁਰਦੁਆਰਾ ਮਕਿੰਡੂ ਸਾਹਿਬ ਵਿਖੇ ਲਾਇਆ ਜਾਂਦਾ ਹੈ | ਇਹ ਸ਼ਾਨਦਾਰ ਗੁਰਦੁਆਰਾ ਨੈਰੋਬੀ-ਮੁੰਬਾਸਾ ਸ਼ਾਹਰਾਹ ਉੱਤੇ ਨੈਰੋਬੀ ਤੋਂ ਕੋਈ 170 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਗੁਰਦੁਆਰਾ ਮਕਿੰਡੂ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਲ 2013 ਦੇ ਕੈਂਪ ਲਈ ਇਹ ਸੇਵਾ ਮੇਰੇ ਜ਼ਿੰਮੇ ਲਾ ਦਿੱਤੀ | ਗੁਰਦੁਆਰਾ ਮਕਿੰਡੂ ਸਾਹਿਬ ਦੀਆਂ ਪੁਰਨੂਰ ਫ਼ਿਜ਼ਾਵਾਂ ਵਿਚ ਇਨ੍ਹਾਂ ਪਿਆਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੰਗਤ ਵਿਚ ਇਕ ਹਫ਼ਤਾ ਗੁਜ਼ਾਰ ਕੇ ਮੈਨੂੰ ਰੂਹਾਨੀਅਤ ਦਾ ਅਨੂਠਾ ਅਨੁਭਵ ਮਾਨਣ ਦਾ ਮੌਕਾ ਮਿਲਿਆ |
ਇਹ ਇਕ ਮੌਕਾ ਮੇਲ ਹੀ ਸੀ ਕਿ ਇਸ ਸਮੇਂ ਦੌਰਾਨ, ਯੂਗਾਂਡਾ (ਪੂਰਬੀ ਅਫ਼ਰੀਕਾ ਦਾ ਇਕ ਹੋਰ ਦੇਸ਼) ਦੇ ਕੰਪਾਲਾ ਸ਼ਹਿਰ ਤੋਂ ਇਕ ਸਿੱਖ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਗੁਰਦੁਆਰਾ ਸਾਹਿਬ ਵਿਚ ਠਹਿਰੇ ਹੋਏ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਹੋਏ ਸਨ | ਇਸ ਦੌਰਾਨ ਹੀ ਯੂਗਾਂਡਾ ਦੇ ਅਫ਼ਰੀਕਨ ਮੂਲ ਦੇ ਕੁਝ ਹੋਰ ਸਿੱਖਾਂ ਦਾ ਜਥਾ ਵੀ ਇੱਥੇ ਪੁੱਜ ਗਿਆ, ਜੋ ਬਾਮੂਨਾਨਿਕਾ (ਯੂਗਾਂਡਾ) ਤੋਂ ਗੁਰਦੁਆਰਾ ਮਕਿੰਡੂ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ | ਇਹ ਆਪਣਾ ਤੁਅੱਰਫ਼ 'ਮੁੰਗੂਨਾਨਿਕਾ' ਦੇ ਪੈਰੋਕਾਰਾਂ ਵਜੋਂ ਦੇ ਰਹੇ ਸਨ | ਇੱਥੇ ਇਹ ਵਰਨਣਯੋਗ ਹੈ ਕਿ ਸੁਹੈਲੀ ਭਾਸ਼ਾ ਵਿਚ 'ਮੁੰਗੂ' ਰੱਬ ਨੂੰ ਆਖਦੇ ਹਨ | 'ਮੁੰਗੂਨਾਨਿਕਾ' ਤੋਂ ਭਾਵ ਹੈ 'ਨਾਨਕ-ਰੱਬ' | ਬਾਮੂਨਾਨਿਕਾ, ਯੂਗਾਂਡਾ ਦੀ ਰਾਜਧਾਨੀ ਕੰਪਾਲਾ ਤੋਂ ਕੰਪਾਲਾ-ਸੁਡਾਨ ਰੋਡ 'ਤੇ ਲਗਪਗ 38 ਕਿਲੋਮੀਟਰ ਦੀ ਦੂਰੀ 'ਤੇ ਵਾਕਿਆ ਹੈ |
ਯੂਗਾਂਡਾ ਵਿਚ ਵੱਸਦੀ ਸਿੱਖ ਸੰਗਤ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਲਗਪਗ 1519 ਦੇ ਆਸ-ਪਾਸ ਇਸ ਖਿੱਤੇ ਵਿਚ ਆਏ ਸਨ | ਇਸ ਸਬੰਧ ਵਿਚ ਹੋਰ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਯੂਗਾਂਡਾ ਤੋਂ ਇਲਾਵਾ ਮਿਸਰ, ਸੁਡਾਨ, ਕੀਨੀਆ, ਇਥੋਪੀਆ, ਸੋਮਾਲੀਆ, ਤਨਜ਼ਾਨੀਆ ਅਤੇ ਕਾਂਗੋ ਵਰਗੇ ਦੇਸ਼ਾਂ ਵਿਚ ਵੀ ਪੁੱਜੇ ਸਨ ਤੇ ਲਗਪਗ 10 ਮਹੀਨੇ ਦਾ ਸਮਾਂ ਇਨ੍ਹਾਂ ਅਫ਼ਰੀਕਨ ਮੂਲ ਦੇ ਲੋਕਾਂ ਨਾਲ ਗੁਜ਼ਾਰਿਆ ਸੀ | ਇਨ੍ਹਾਂ ਯਾਤਰਾਵਾਂ ਦਾ ਹਵਾਲਾ ਜਨਮ ਸਾਖੀਆਂ ਵਿਚ 'ਹਬਸ਼ ਦੇਸ' ਵਜੋਂ ਮਿਲਦਾ ਹੈ | ਇਸ ਸਬੰਧ ਵਿਚ ਭਾਈ ਹਰਪਾਲ ਸਿੰਘ ਗਿੱਲ ਕੈਨੇਡਾ ਵਾਸੀ ਵੱਲੋਂ ਬੜੀ ਮਿਹਨਤ ਤੇ ਬਾਰੀਕਬੀਨੀ ਨਾਲ ਖੋਜ ਕੀਤੀ ਗਈ ਹੈ, ਜਿਸ ਦੇ ਤਫ਼ਸੀਲੀ ਹਵਾਲੇ ਪਾਠਕਾਂ ਦੀ ਜਾਣਕਾਰੀ ਲਈ ਇਸ ਵੈੱਬਸਾਈਟ 'ਤੇ ਉਪਲਬਧ ਹਨ : http://satguru.weebly.com/satguru-nanak-sahib-in-bamunanikauganda.html
ਇਸੇ ਤਰ੍ਹਾਂ ਹਾਲ ਹੀ ਵਿਚ ਪ੍ਰਾਪਤ ਹੋਏ ਵੇਰਵਿਆਂ ਅਤੇ ਵੈਟੀਕਨ (ਰੋਮ) ਦੇ ਪੁਰਾਲੇਖੀ ਦਸਤਾਵੇਜ਼ਾਂ ਦੇ ਹਵਾਲਿਆਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਟਲੀ ਵਿਚ ਸਥਾਪਿਤ ਇਸਾਈ ਮੱਤ ਦੇ ਰੋਮ ਸਥਿਤ ਸਦਰ ਮੁਕਾਮ 'ਵੈਟੀਕਨ' ਦੀ ਯਾਤਰਾ ਵੀ ਸਾਲ 1520 ਵਿਚ ਕੀਤੀ ਅਤੇ ਉਨ੍ਹਾਂ ਨੇ ਇਸਾਈ ਮੱਤ ਦੇ ਦਸਵੇਂ ਪੋਪ ਲੀਓ ਅਤੇ ਕਾਰਡੀਨਲਜ਼ ਨਾਲ ਇਕ ਰਸਮੀ ਮੁਲਾਕਾਤ ਵੀ ਕੀਤੀ | ਉਸ ਵੇਲੇ ਉਨ੍ਹਾਂ ਨਾਲ ਭਾਈ ਮਰਦਾਨਾ ਜੀ ਵੀ ਮੌਜੂਦ ਸਨ | ਇਸ ਤੱਥ ਸਬੰਧੀ ਵੀ ਕਾਫ਼ੀ ਜਾਣਕਾਰੀ ਗੂਗਲ ਖੋਜ ਰਾਹੀਂ ਨੈੱਟ 'ਤੇ ਉਪਲਬਧ ਹੈ | ਹੋਰ ਵਧੇਰੇ ਜਾਣਕਾਰੀ ਲਈ ਇਨ੍ਹਾਂ ਵੈੱਬਸਾਈਟਸ 'ਤੇ ਭਾਲ ਕੀਤੀ ਜਾ ਸਕਦੀ ਹੈ : www.sikhnet.com, www.gurmatbibek.com
ਉਪਰੋਕਤ ਤੱਥਾਂ ਅਤੇ ਜਾਣਕਾਰੀਆਂ ਦੀ ਰੌਸ਼ਨੀ ਵਿਚ ਇਹ ਜ਼ਰੂਰੀ ਹੋ ਗਿਆ ਹੈ ਕਿ ਸਿੱਖ ਵਿਦਵਾਨਾਂ ਅਤੇ ਤਾਰੀਖ਼ਦਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਪੁਨਰ ਖੋਜ ਕੀਤੀ ਜਾਵੇ | ਭਾਵੇਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ 'ਤੇ ਪਹਿਲਾਂ ਹੀ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਪਰ ਫਿਰ ਵੀ ਨਵੇਂ ਉੱਭਰੇ ਤੱਥਾਂ ਨੂੰ ਖੋਜਣਾ ਅਤੇ ਖੋਜ ਉਪਰੰਤ ਪ੍ਰਮਾਣਿਤ ਕਰਨਾ, ਇਹ ਵੀ ਸਿੱਖ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ | ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਤੁਰੰਤ ਹੀ ਬਿਨਾਂ ਸਮਾਂ ਗਵਾਇਆਂ ਪ੍ਰਾਰੰਭਿਕ ਉੱਦਮ ਕਰਨਾ ਚਾਹੀਦਾ ਹੈ | ਇਹ ਵੀ ਜ਼ਰੂਰੀ ਹੈ ਕਿ ਰਾਜਨੀਤਕ ਸੰਕੀਰਣਤਾ ਤੋਂ ਮੁਕਤ ਹੋ ਕੇ ਉਦਾਰ ਦਿ੍ਸ਼ਟੀਕੋਣ ਨਾਲ ਸਿੱਖ ਕੌਮ ਦੇ ਵੱਡੇ ਆਸ਼ਿਆਂ ਦੀ ਦਿ੍ਸ਼ਟੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਕ ਉੱਚ ਮਿਆਰੀ, ਬਹੁ ਮੰਤਵੀ ਕਮੇਟੀ ਦਾ ਗਠਨ ਕੀਤਾ ਜਾਵੇ, ਤਾਂ ਕਿ ਸਾਰੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤੇ ਕਾਰਜ ਸੂਚੀ ਸਿਆਣਪ ਅਤੇ ਦਾਨਾਈ ਨਾਲ ਠੀਕ ਸਮੇਂ 'ਤੇ ਉਲੀਕ ਲਈ ਜਾਵੇ ਅਤੇ ਇਨ੍ਹਾਂ ਕਾਰਜਾਂ ਵਿਚ ਖਰਚ ਆਉਣ ਵਾਲੀ ਅਨੁਮਾਨਤ ਰਾਸ਼ੀ ਦਾ ਪ੍ਰਬੰਧ ਵੀ ਹੁਣੇ ਤੋਂ ਹੀ ਕਰ ਲਿਆ ਜਾਵੇ | ਇਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ-ਮਸ਼ਵਰਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਤਾਰੀਖ ਦਾ ਐਲਾਨ ਛੇਤੀ ਕਰੇ, ਤਾਂ ਕਿ ਸਿੱਖ ਕੌਮ ਨੂੰ ਇਸ ਮੁਕੱਦਸ ਦਿਹਾੜੇ ਬਾਰੇ ਕੋਈ ਭਰਮ-ਭੁਲੇਖਾ ਨਾ ਹੋਵੇ |
ਮੇਰਾ ਸੁਝਾਅ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਇਕ ਸ਼ਾਨਦਾਰ ਤੇ ਵੱਡਾ ਸਮਾਗਮ ਪਾਕਿਸਤਾਨ ਦੀ ਸਰਕਾਰ ਨਾਲ ਸਲਾਹ-ਮਸ਼ਵਰਾ ਕਰਕੇ ਸ੍ਰੀ ਨਨਕਾਣਾ ਸਾਹਿਬ ਕਰਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਣਾ ਚਾਹੀਦਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਸ ਵਿਸ਼ੇਸ਼ ਮੌਕੇ 'ਤੇ ਯਾਤਰਾ ਲਈ ਵੱਡੀ ਪੱਧਰ 'ਤੇ ਵੀਜ਼ੇ ਹਾਸਲ ਕਰਨ ਲਈ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨਾਲ ਹੁਣ ਤੋਂ ਹੀ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ |

ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ | ਮੋਬਾ: 98140-33362


ਖ਼ਬਰ ਸ਼ੇਅਰ ਕਰੋ

ਦਿੱਲੀ ਗੁਰਦੁਆਰਾ ਚੋਣਾਂ ਦੇ ਇਤਿਹਾਸਕ ਸੰਕੇਤ!

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਬੰਧੀ ਸਾਰੇ ਵਿਸ਼ਵ 'ਚ ਸਿੱਖ ਜਥੇਬੰਦੀਆਂ ਤੇ ਆਮ ਸਿੱਖਾਂ ਵਿਚ ਵਧੇਰੀ ਚਰਚਾ ਬਣੀ ਰਹੀ ਹੈ | ਹਾਲਾਂਕਿ ਇਹ ਕੇਵਲ ਦਿੱਲੀ ਸ਼ਹਿਰ ਤੱਕ ਹੀ ਸੀਮਤ ਸੀ ਪਰ ਸਾਰੀ ਸਿੱਖ ਕੌਮ 'ਚ ਇਸ ਵੱਲ ਦੇਖਿਆ ਜਾ ਰਿਹਾ ਸੀ | ਹਰ 4 ਸਾਲ ਪਿੱਛੋਂ ਦਿੱਲੀ ਦੇ ਸਿੱਖ ਗੁਰਦੁਆਰਾ ਕਮੇਟੀ ਦੀਆਂ ਆਮ ਵੋਟਾਂ ਪਾ ਕੇ ਚੋਣ ਕਰਦੇ ਹਨ, ਜਿਸ 'ਚ 46 ਮੈਂਬਰ ਚੁਣੇ ਜਾਂਦੇ ਹਨ | ਦਿੱਲੀ ਸਰਕਾਰ ਇਹ ਚੋਣਾਂ ਕਰਵਾਉਂਦੀ ਹੈ ਤੇ ਅਸੈਂਬਲੀ ਵਾਂਗ ਵੋਟਰ ਸੂਚੀ ਪ੍ਰਕਾਸ਼ਿਤ ਹੁੰਦੀ ਹੈ | ਵੋਟਾਂ ਵਾਲੇ ਦਿਨ ਬੂਥ ਬਣਦੇ ਹਨ, ਸਾਰਾ ਪ੍ਰਬੰਧ ਸਰਕਾਰੀ ਅਫਸਰ ਅਤੇ ਦਿੱਲੀ ਪੁਲਿਸ ਕਰਦੀ ਹੈ | ਆਮ ਕਰਕੇ ਇਹ ਦੇਖਿਆ ਹੈ ਕਿ ਭਾਵੇਂ ਸਿੱਖ ਆਬਾਦੀ ਵੱਡੀ ਗਿਣਤੀ ਵਿਚ ਹੈ ਪਰ ਵੋਟਾਂ ਦਰਜ ਕਰਵਾਉਣ ਸਮੇਂ ਸਾਰੇ ਆਪਣੀ ਵੋਟ ਨਹੀਂ ਬਣਾਉਂਦੇ | ਚਾਰ ਲੱਖ ਤੋਂ ਘੱਟ ਵੋਟਾਂ ਬਣੀਆਂ ਸਨ | ਇਨ੍ਹਾਂ ਚੋਣਾਂ 'ਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪਰਮਜੀਤ ਸਿੰਘ ਸਰਨਾ ਵੱਲੋਂ ਬਣਾਏ ਦਿੱਲੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਸਿੱਖ ਆਗੂਆਂ ਵੱਲੋਂ ਬਣਾਏ ਪੰਥਕ ਸੇਵਾ ਦਲ, ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬਣਾਏ ਸਿੱਖ ਸਦਭਾਵਨਾ ਦਲ ਵਿਚ ਸੀ | ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਆਪਣੇ ਵੱਲੋਂ ਕਈ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ 2 ਜਿੱਤੇ ਹਨ | ਸ: ਪਰਮਜੀਤ ਸਿੰਘ ਸਰਨਾ ਜੋ 3 ਵਾਰੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਉਹ ਇਸ ਵਾਰੀ ਫਿਰ ਆਪ ਹਾਰ ਗਏ | 4 ਸਾਲ ਪਹਿਲਾਂ ਹੋਈ ਚੋਣ 'ਚ ਵੀ ਉਹ ਜਿੱਤ ਨਹੀਂ ਸਨ ਸਕੇ | ਸ: ਮਨਜਿੰਦਰ ਸਿੰਘ ਸਿਰਸਾ ਨੇ ਦੁਬਾਰਾ ਉਨ੍ਹਾਂ ਨੂੰ ਹਰਾ ਦਿੱਤਾ ਹੈ | ਸ: ਮਨਜੀਤ ਸਿੰਘ ਜੀ. ਕੇ. ਅਕਾਲੀ ਦਲ ਦੇ ਪ੍ਰਧਾਨ ਹਨ ਤੇ ਉਨ੍ਹਾਂ ਦੀ ਲੀਡਰਸ਼ਿਪ ਹੇਠ 35 ਮੈਂਬਰ ਜਿੱਤ ਗਏ ਹਨ | ਸਰਨਾ ਦੇ ਗਰੁੱਪ ਨੂੰ ਕੇਵਲ 7 ਸੀਟਾਂ ਪ੍ਰਾਪਤ ਹੋਈਆਂ ਹਨ ਅਤੇ 2 ਆਜ਼ਾਦ ਉਮੀਦਵਾਰ ਜਿੱਤੇ ਹਨ |
ਦਿੱਲੀ ਦੇ ਨਤੀਜੇ ਸਿੱਖਾਂ ਲਈ ਕੀ ਸੰਕੇਤ ਦਿੰਦੇ ਹਨ, ਉਸ ਵੱਲ ਸਾਰੀ ਕੌਮ ਨੂੰ ਵਿਚਾਰ ਕਰਨ ਦੀ ਲੋੜ ਹੈ | ਮੈਂ ਦਿੱਲੀ ਰਹਿੰਦਾ ਹਾਂ ਤੇ ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਇਆ ਹਾਂ ਤੇ ਸਿੱਖਾਂ ਦੇ ਹਰ ਮਸਲੇ ਬਾਰੇ ਰਾਇ ਦੇਣ ਨੂੰ ਆਪਣੀ ਡਿਊਟੀ ਸਮਝਦਾ ਹਾਂ | ਇਹ ਹੁਣ ਸਾਬਤ ਹੋਇਆ ਹੈ ਕਿ ਭਾਰਤ ਦੇ ਹਰ ਸੂਬੇ 'ਚ ਵਸਦੇ ਸਿੱਖਾਂ ਨੂੰ ਆਪਣਾ ਫੈਸਲਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ | ਹਰ ਸੂਬੇ 'ਚ ਸਿੱਖਾਂ ਦੇ ਵੱਖਰੇ-ਵੱਖਰੇ ਮਸਲੇ ਹਨ | ਹਰ ਵਾਰ ਪੰਜਾਬ ਵਿਚ ਚੱਲ ਰਹੀ ਸਿਆਸਤ ਵਿਚ ਦੂਜੇ ਸੂਬਿਆਂ ਦੇ ਲੋਕ ਫਸਣਾ ਨਹੀਂ ਚਾਹੁੰਦੇ | ਪੰਜਾਬ ਦੇ ਸਿਆਸੀ ਮਸਲੇ ਆਪਣੇ ਹਨ | ਪੰਜਾਬ ਤੋਂ ਬਾਹਰ ਵਸਦੇ ਸਿੱਖ ਕੇਵਲ ਧਾਰਮਿਕ ਮੁੱਦੇ 'ਤੇ ਸਾਂਝ ਰੱਖ ਸਕਦੇ ਹਨ | ਦੁਨੀਆ 'ਚ ਵਸਦਾ ਹਰ ਸਿੱਖ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਅੰਮਿ੍ਤਸਰ ਨਾਲ ਜੁੜਿਆ ਹੋਇਆ ਹੈ ਪਰ ਉਹ ਸਿਆਸੀ ਮਸਲੇ 'ਤੇ ਆਪਣੇ ਵਿਚਾਰ ਵੱਖਰੇ ਰੱਖਦਾ ਹੈ | ਪੰਜਾਬ ਵਾਲੇ ਹਮੇਸ਼ਾ ਇਹ ਸੋਚਦੇ ਹਨ ਕਿ ਭਾਰਤ ਦਾ ਹਰ ਸਿੱਖ ਆਪਣੀ ਰਾਜਸੀ ਵਿਚਾਰਾਂ ਦੀ ਸਾਂਝ ਉਨ੍ਹਾਂ ਨਾਲ ਰੱਖੇ | ਮੈਨੂੰ ਯਾਦ ਹੈ ਕਿ ਸਿੱਖ ਕੌਮ ਦੇ ਮਹਾਨ ਆਗੂ ਮਾਸਟਰ ਤਾਰਾ ਸਿੰਘ ਨੇ 1950 'ਚ ਇਹ ਕਿਹਾ ਸੀ ਕਿ ਪੰਜਾਬੋਂ ਬਾਹਰ ਸਿੱਖ ਆਪਣੇ ਰਾਜਸੀ ਫੈਸਲੇ ਆਪ ਕਰਨ | ਉਨ੍ਹਾਂ ਸਾਫ਼ ਕਿਹਾ ਸੀ ਕਿ ਹਰ ਸਿੱਖ ਆਪ ਫੈਸਲਾ ਕਰੇ ਕਿ ਉਸ ਨੇ ਸੂਬੇ ਵਿਚ ਕਿਸ ਰਾਜਸੀ ਪਾਰਟੀ ਨੂੰ ਵੋਟ ਦੇਣੀ ਹੈ | ਇਹ ਕਿੰਨੇ ਚੰਗੇ ਵਿਚਾਰ ਸਨ ਤੇ ਇਨ੍ਹਾਂ 'ਤੇ ਸਿੱਖਾਂ ਨੇ ਅਮਲ ਕੀਤਾ |
ਪੰਜਾਬ 'ਚ ਹਮੇਸ਼ਾ ਅਕਾਲੀ ਤੇ ਕਾਂਗਰਸ ਦੀ ਲੜਾਈ ਰਹੀ ਹੈ ਪਰ ਪੰਜਾਬ ਤੋਂ ਬਾਹਰ ਵੱਡੇ ਸੂਬਿਆਂ 'ਚ ਸਿੱਖ ਕਾਂਗਰਸ ਟਿਕਟ 'ਤੇ ਐੱਮ. ਪੀ. ਅਤੇ ਐੱਮ. ਐੱਲ. ਏ. ਬਣਦੇ ਰਹੇ ਹਨ | ਹੋਰ ਵੀ ਕਈ ਰਾਜਸੀ ਪਾਰਟੀਆਂ 'ਚ ਸਿੱਖ ਸ਼ਾਮਿਲ ਹੁੰਦੇ ਰਹੇ ਹਨ | ਮੈਂ ਇਕ ਵਾਰ ਲੇਖ ਲਿਖਿਆ ਸੀ ਕਿ ਪੰਜਾਬ ਤੋਂ ਬਾਹਰ ਕਿਹੜੇ-ਕਿਹੜੇ ਸਿੱਖ ਰਾਜਸੀ ਪਿੜ ਵਿਚ ਆਏ ਹਨ | ਅੱਜ ਦੇ ਹਾਲਾਤ ਵਿਚ ਬੰਗਾਲ 'ਚ ਸਿੱਖ ਮਮਤਾ ਬੈਨਰਜੀ ਦੀ ਟਿਕਟ 'ਤੇ ਜਿੱਤਦਾ ਹੈ | ਯੂ. ਪੀ. ਵਿਚ ਮਾਇਆਵਤੀ ਜਾਂ ਮੁਲਾਇਮ ਸਿੰਘ ਦੀ ਪਾਰਟੀ 'ਤੇ ਸਿੱਖ ਆਗੂ ਬਣਦੇ ਹਨ | ਤਾਮਿਲਨਾਡੂ 'ਚ ਸਿੱਖ ਡੀ. ਐੱਮ. ਕੇ. ਨਾਲ ਜੁੜੇ ਰਹੇ ਹਨ | ਮੰੁਬਈ 'ਚ ਸ਼ਿਵ ਸੈਨਾ ਦੀ ਮਦਦ ਨਾਲ ਸਿੱਖ ਅੱਗੇ ਆਏ ਹਨ | ਅੱਜ ਜਦ ਸਾਰਾ ਭਾਰਤ ਕਈ ਰਾਜਸੀ ਪਾਰਟੀਆਂ 'ਚ ਵੰਡਿਆ ਗਿਆ ਹੈ ਤਾਂ ਸਿੱਖ ਨੂੰ ਇਹ ਹੱਕ ਹੈ ਕਿ ਆਪਣੀ ਲੋੜ ਅਨੁਸਾਰ ਆਪਣੇ ਸੂਬੇ 'ਚ ਕਿਸੇ ਰਾਜਸੀ ਪਾਰਟੀ ਨੂੰ ਚੁਣ ਸਕਦਾ ਹੈ | ਉਸ ਨੂੰ ਪੰਜਾਬ ਦੀ ਰਾਜਸੀ ਲੜਾਈ ਤੋਂ ਕੋਈ ਲਾਭ ਨਹੀਂ ਮਿਲਦਾ |
ਦਿੱਲੀ ਦੀਆਂ ਇਹ ਗੁਰਦੁਆਰਾ ਚੋਣਾਂ ਦਿੱਲੀ ਦੇ ਮਸਲਿਆਂ ਤੇ ਦਿੱਲੀ ਦੇ ਗੁਰਦੁਆਰਾ ਕਮੇਟੀ ਦੇ ਕੀਤੇ ਕੰਮਾਂ ਤੱਕ ਹੀ ਸੀਮਤ ਰਹੀਆਂ ਹਨ | ਅਕਾਲੀ ਦਲ ਦਾ ਕੋਈ ਆਗੂ ਕਿਸੇ ਚੋਣ ਪ੍ਰਚਾਰ 'ਚ ਸ਼ਾਮਿਲ ਨਹੀਂ ਹੋਇਆ | ਬਾਦਲ ਵਿਰੋਧੀ ਸਿੱਖ ਆਗੂ ਦਿੱਲੀ ਪੁੱਜੇ ਸਨ | ਉਨ੍ਹਾਂ ਬੜੀ ਦੁਹਾਈ ਪਾਈ ਕਿ ਪੰਜਾਬ 'ਚ ਕੀ-ਕੀ ਹੋਇਆ ਪਰ ਦਿੱਲੀ ਦੇ ਸਿੱਖਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ | ਸ: ਪਰਮਜੀਤ ਸਿੰਘ ਸਰਨਾ ਨੇ ਮੁੜ ਉਹੀ ਗ਼ਲਤੀ ਕੀਤੀ ਜੋ ਪਹਿਲਾਂ ਕੀਤੀ ਸੀ ਕਿ ਸ: ਬਾਦਲ ਤੇ ਉਸ ਦੇ ਪਰਿਵਾਰ ਦੀ ਨਿੰਦਿਆ ਕਰੋ | ਦਿੱਲੀ ਦੇ ਸਿੱਖਾਂ ਨੇ ਇਕੋ ਗੱਲ ਕਬੂਲ ਕੀਤੀ ਕਿ ਜਿਸ ਪਾਰਟੀ ਨੇ ਦਿੱਲੀ 'ਚ ਸਿੱਖਾਂ ਦੀ ਸ਼ਾਨ ਅਤੇ ਵੱਕਾਰ ਵਧਾਇਆ ਹੈ, ਉਸ ਨੂੰ ਵੋਟ ਪਾਈ ਜਾਵੇ | ਇਹ ਜਿੱਤ ਸਿੱਖੀ ਦੀ ਸ਼ਾਨ ਦੇ ਹੱਕ 'ਚ ਮੰਨੀ ਗਈ | ਇਹ ਗੱਲ ਸਾਬਤ ਹੁੰਦੀ ਹੈ ਕਿ ਆਮ ਸਿੱਖ ਨਿੰਦਿਆ ਪ੍ਰਚਾਰ ਤੋਂ ਦੁਖੀ ਹੈ | ਹਰ ਵੇਲੇ ਇਕ-ਦੂਜੇ ਨੂੰ ਗੋਲਕ ਚੋਰ ਕਹਿਣ ਤੋਂ ਲੋਕ ਦੂਰ ਰਹਿਣਾ ਚਾਹੁੰਦੇ ਹਨ | ਗੁਰਦੁਆਰਾ ਚੋਣਾਂ ਸਿਧਾਂਤਕ ਮਸਲੇ 'ਤੇ ਹੋਣ, ਇਹ ਫੈਸਲਾ ਇਸ ਵਾਰ ਦਿੱਲੀ ਦੇ ਸਿੱਖਾਂ ਨੇ ਕੀਤਾ ਹੈ | ਇਕ ਗੱਲ ਜੋ ਮੈਂ ਸਮਝੀ ਹੈ ਕਿ ਆਮ ਸਿੱਖ ਗੁਰਦੁਆਰੇ ਦੀ ਮਾਇਆ ਨੂੰ ਕੇਵਲ ਸਿੱਖ ਧਰਮ ਤੇ ਚੜ੍ਹਤ ਲਈ ਲਗਾਉਣਾ ਚਾਹੁੰਦਾ ਹੈ | ਸਕੂਲ, ਕਾਲਜ, ਹਸਪਤਾਲ ਹੋਣੇ ਚਾਹੀਦੇ ਹਨ ਪਰ ਇਨ੍ਹਾਂ ਨੂੰ ਧਰਮ ਪ੍ਰਚਾਰ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ | ਦਿੱਲੀ ਭਾਰਤ ਦੀ ਰਾਜਧਾਨੀ ਹੈ, ਲੱਖਾਂ ਵਿਦੇਸ਼ੀ ਇਥੇ ਆਉਂਦੇ ਹਨ ਤੇ ਸਿੱਖ ਸਿਧਾਂਤ ਅਤੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹਨ | ਦਿੱਲੀ 'ਚ ਬੰਗਲਾ ਸਾਹਿਬ 'ਚ ਬਣਿਆ ਮਾਡਰਨ ਸਿੱਖ ਮਿਊਜ਼ੀਅਮ ਬਹੁਤ ਵੱਡੀ ਦੇਣ ਹੈ | ਦਿੱਲੀ ਕਮੇਟੀ ਨੇ ਇਹ ਸ: ਵਿਕਰਮਜੀਤ ਸਿੰਘ ਸਾਹਨੀ ਦੀ ਮਦਦ ਨਾਲ ਬਣਵਾਇਆ ਹੈ | 10 ਲੱਖ ਲੋਕ ਇਕ ਸਾਲ ਵਿਚ ਇਸ ਨੂੰ ਦੇਖ ਚੁੱਕੇ ਹਨ | ਗੁਰਦੁਆਰਾ ਕਮੇਟੀ ਨੇ ਪਹਿਲੀ ਵਾਰ ਇੰਟਰਨੈਸ਼ਨਲ ਸਿੱਖ ਸੈਂਟਰ ਬਣਾਉਣ ਦਾ ਕੰਮ ਅਰੰਭ ਕੀਤਾ ਹੈ, ਜਿਸ ਦੀ ਦੁਨੀਆ ਭਰ 'ਚ ਪ੍ਰਸੰਸਾ ਹੋਵੇਗੀ | ਸਾਡੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿੱਲੀ 'ਚ ਲੱਗਿਆ ਹੈ | ਲਾਲ ਕਿਲ੍ਹੇ ਦੇ ਬਾਹਰ 1783 ਦੇ ਸਿੱਖ ਮਿਸਲਾਂ ਦੇ ਲਾਲ ਕਿਲ੍ਹੇ 'ਤੇ ਹਮਲੇ ਦੀ ਯਾਦ ਹਰ ਸਿੱਖ ਦਾ ਸਿਰ ਉੱਚਾ ਕਰਦੀ ਹੈ |
ਦਿੱਲੀ ਦੇ ਸਿੱਖਾਂ ਨੇ ਸਾਰੇ ਸੰਸਾਰ ਦੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਆਪਣੇ ਅੰਦਰ ਏਕਤਾ ਲਿਆ ਕੇ ਐਸਾ ਏਜੰਡਾ ਬਣਾਉਣ, ਜਿਸ ਨਾਲ ਸਿੱਖ ਧਰਮ ਦਾ ਸਹੀ ਰੂਪ 'ਚ ਪ੍ਰਚਾਰ ਹੋ ਸਕੇ | ਸਿੱਖ ਦੀ ਵੱਖਰੀ ਪਹਿਚਾਣ ਲਈ ਫੰਡ ਇਕੱਠੇ ਕੀਤੇ ਜਾਣ | ਮਾਡਰਨ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ | ਗੁਰਦੁਆਰਿਆਂ 'ਚ ਇਕ-ਦੂਜੇ 'ਤੇ ਦੂਸ਼ਣਬਾਜ਼ੀ ਤੋਂ ਸੁਚੇਤ ਰਿਹਾ ਜਾਵੇ | ਕੋਈ ਵੀ ਦੇਵਤਾ ਨਹੀਂ ਹੁੰਦਾ ਪਰ ਕੇਵਲ ਇਹ ਦੇਖਿਆ ਜਾਵੇ ਕਿ ਸਾਡੇ ਚੁਣੇ ਨੁਮਾਇੰਦੇ ਸਿੱਖੀ ਲਈ ਕੀ ਕਰਦੇ ਹਨ | ਜੇ ਸਿੱਖ ਹਨ ਤੇ ਚੜ੍ਹਤ ਵਿਚ ਕਾਇਮ ਰਹਿਣ, ਤਾਂ ਹੀ ਸਾਡਾ ਸੱਭਿਆਚਾਰ ਸੁਰੱਖਿਅਤ ਰਹੇਗਾ | ਸਾਡੇ ਅਦਾਰੇ ਇਕੋ ਮਿਸ਼ਨ 'ਤੇ ਚੱਲਣ ਕਿ ਸਿੱਖ ਧਰਮ ਦੀ ਚੜ੍ਹਦੀ ਕਲਾ ਕਾਇਮ ਰਹੇ | ਪੰਜਾਬ ਦੇ ਰਾਜਸੀ ਆਗੂ ਆਪਣਾ ਰਾਜਸੀ ਪੱਖ ਪੰਜਾਬ ਤੱਕ ਸੀਮਤ ਰੱਖਣ | ਬਾਹਰ ਜਾ ਕੇ ਕੇਵਲ ਧਰਮ ਦੀ ਗੱਲ ਕਰਨ ਅਤੇ ਸਿੱਖੀ ਲਈ ਕੀਤੇ ਕੰਮਾਂ ਦਾ ਵਰਣਨ ਕਰਨ | ਬਾਹਰ ਵਸਦਾ ਸਿੱਖ ਪੰਜਾਬ ਦੀ ਤਰੱਕੀ ਮੰਗਦਾ ਹੈ ਪਰ ਪੰਜਾਬ ਦੀ ਸਿਆਸਤ ਤੋਂ ਅਨਜਾਣ ਹੈ | ਪੰਜਾਬ ਤੋਂ ਬਾਹਰ ਵਸਦੇ ਸਿੱਖ ਵੀ ਇਸੇ ਅਸੂਲ ਨੂੰ ਅਪਣਾਉਣ | ਜਿਥੇ ਵਸਦੇ ਹਨ, ਉਥੇ ਸਿੱਖੀ ਦੀ ਚੜ੍ਹਤ ਵਿਚ ਆਪਣਾ ਹਿੱਸਾ ਪਾਉਣ | ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਲਾ ਬਣਾਉਣ ਦੀ ਵਿਉਂਤਬੰਦੀ ਕਰਨ | ਗੁਰੂ ਨਾਨਕ ਦੇਵ ਜੀ ਦੀ ਵਡਿਆਈ ਜਗਤ 'ਚ ਪ੍ਰਗਟ ਹੋਵੇ, ਇਹ ਸਾਡਾ ਨਿਸ਼ਾਨਾ ਰਹੇ |

-ਸਾਬਕਾ ਐੱਮ. ਪੀ. ਅਤੇ ਸਾਬਕਾ ਚੇਅਰਮੈਨ ਘੱਟ-ਗਿਣਤੀ ਕਮਿਸ਼ਨ |

ਸਿੱਖੀ ਪ੍ਰਚਾਰ ਪ੍ਰਤੀ ਸਮਰਪਿਤ ਰਹੇ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲੇ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਅੰਸ-ਬੰਸ ਦੇ ਦਸਵੇਂ ਜਾਨਸ਼ੀਨ ਬ੍ਰਹਮ ਗਿਆਨੀ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਦਾ ਜਨਮ ਬਾਬਾ ਬਿਧੀ ਚੰਦ ਦੇ ਨੌਵੇਂ ਜਾਨਸ਼ੀਨ ਸੰਤ ਬਾਬਾ ਨੱਥਾ ਸਿੰਘ ਦੇ ਗ੍ਰਹਿ ਸੰਨ 1904 ਵਿਚ ਸੁਰ ਸਿੰਘ ਨਗਰ ਜ਼ਿਲ੍ਹਾ ਲਾਹੌਰ (ਹੁਣ ਤਰਨ ਤਾਰਨ) ਵਿਖੇ ਮਾਤਾ ਚੰਦ ਕੌਰ ਦੀ ਪਵਿੱਤਰ ਕੁੱਖੋਂ ਹੋਇਆ | ਆਪ ਬਚਪਨ ਤੋਂ ਹੀ ਬਾਣੀ ਪੜ੍ਹਨ-ਸੁਣਨ ਦੀ ਅਤਿਅੰਤ ਰੁਚੀ ਰੱਖਦੇ ਸਨ | ਬਾਲ ਉਮਰ ਵਿਚ ਹੀ ਆਪ ਨੇ ਪੰਜਾਂ ਪਿਆਰਿਆਂ ਪਾਸੋਂ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਲਈ | ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਸਿੱਖ ਪੰਥ ਨੇ ਆਪ ਨੂੰ ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ ਥਾਪਿਆ | ਸੰਤ ਬਾਬਾ ਸੋਹਣ ਸਿੰਘ ਹੁਰਾਂ ਦਲ-ਪੰਥ ਵਿਚ ਗੁਰਸਿੱਖੀ ਮਰਿਯਾਦਾ ਨੂੰ ਹੋਰ ਪਰਪੱਕ ਕੀਤਾ | ਆਪ ਜੀ ਦੀ ਅਦੁੱਤੀ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਨੇ ਸੰਗਤ ਕਰਨ ਵਾਲੇ ਹਰੇਕ ਪ੍ਰਾਣੀ 'ਤੇ ਗੁਰਮਤਿ ਦੀ ਡੂੰਘੀ ਛਾਪ ਛੱਡੀ |
ਗੁਰਸਿੱਖੀ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਦਿਆਂ ਆਪ ਨੇ ਵੱਖ-ਵੱਖ ਇਲਾਕਿਆਂ ਵਿਚ ਦਲ ਸਮੇਤ ਚੱਕਰਵਰਤੀ ਹੋ ਕੇ ਸੰਗਤਾਂ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਆ | ਸੰਨ 1934 ਵਿਚ ਬੁੱਢਾ ਦਲ ਦੇ ਸਾਰੇ ਸਿੰਘਾਂ ਨੂੰ ਅੰਗਰੇਜ਼ ਸਰਕਾਰ ਨੇ ਲਾਹੌਰ ਜੇਲ੍ਹ 'ਚ ਬੰਦੀ ਬਣਾ ਲਿਆ | ਆਪ ਨੇ ਸਿੰਘਾਂ ਦੀ ਗਿ੍ਫ਼ਤਾਰੀ ਨੂੰ ਸਰਕਾਰ ਵੱਲੋਂ ਸਿੱਖ ਪੰਥ ਨੂੰ ਦਿੱਤੀ ਇਕ ਚੁਣੌਤੀ ਵਜੋਂ ਜਾਣਿਆ ਅਤੇ ਉਨ੍ਹਾਂ ਦੀ ਡਟ ਕੇ ਪੈਰਵਈ ਕੀਤੀ | ਉਸ ਸਮੇਂ ਧਰਮ ਸੁਪਤਨੀ ਮਾਤਾ ਅਮਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਦਾ ਸੰਦੇਸ਼ ਮਿਲਿਆ ਤਾਂ ਆਪ ਨੇ ਵਚਨ ਕੀਤਾ ਕਿ ਅੰਤਿਮ ਸੰਸਕਾਰ ਕਰਵਾ ਦਿਓ, ਅਸੀਂ ਤਾਂ ਖ਼ਾਲਸਾ ਪੰਥ ਦੀ ਸੇਵਾ ਵਿਚ ਹਾਂ, ਸਿੰਘਾਂ ਦੀ ਰਿਹਾਈ ਹੋਣ 'ਤੇ ਹੀ ਵਾਪਸ ਪਰਤਾਂਗੇ | ਬਾਬਾ ਸੋਹਣ ਸਿੰਘ ਹੁਰਾਂ ਆਪਣੇ ਕੀਤੇ ਵਚਨ 'ਤੇ ਅਡੋਲ ਪਹਿਰਾ ਦਿੱਤਾ | ਆਪ ਨੇ ਪੈਦਲ ਦਲ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀਆਂ ਦੋ ਅਤੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਯਾਤਰਾ ਵੀ ਕੀਤੀ, ਜਿਸ ਦੌਰਾਨ ਮਾਰਗ ਵਿਚ ਪੈਂਦੇ ਵੱਖ-ਵੱਖ ਸੂਬਿਆਂ, ਪਿੰਡਾਂ ਅਤੇ ਕਸਬਿਆਂ 'ਚ ਨਾਮ ਬਾਣੀ ਦਾ ਹੋਕਾ ਦਿੱਤਾ ਅਤੇ ਬੇਅੰਤ ਪ੍ਰਾਣੀਆਂ ਨੂੰ ਸ਼ਬਦ-ਗੁਰੂ ਨਾਲ ਜੋੜਿਆ | ਸੰਨ 1965 ਅਤੇ 1971 ਵਿਚ ਪਾਕਿਸਤਾਨ ਨਾਲ ਲੱਗੀਆਂ ਜੰਗਾਂ ਸਮੇਂ ਬਾਬਾ ਸੋਹਣ ਸਿੰਘ ਹੁਰਾਂ ਬੱਘੀ 'ਤੇ ਸਵਾਰ ਹੋ ਕੇ ਵਰ੍ਹਦੀਆਂ ਗੋਲੀਆਂ ਵਿਚ ਮੋਰਚਿਆਂ 'ਚ ਬੈਠੇ ਸੈਨਿਕਾਂ ਨੂੰ ਲੰਗਰ ਪਹੁੰਚਾਇਆ ਅਤੇ ਆਸ਼ੀਰਵਾਦ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ |
ਇਸ ਲਾਮਿਸਾਲ ਦੇਸ਼ ਭਗਤੀ ਦੀ ਭਾਵਨਾ ਅਤੇ ਪਰਉਪਕਾਰ ਸਦਕਾ ਭਾਰਤੀ ਫ਼ੌਜ ਦੇ ਹੈੱਡਕੁਆਰਟਰ ਪੁਣੇ ਵਿਖੇ ਆਪ ਜੀ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ | ਹਰੇਕ ਪੰਥਕ ਇਕੱਠ ਵਿਚ ਉਨ੍ਹਾਂ ਦੇ ਅਮੋਲਕ ਵਿਚਾਰਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਸੀ | ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਪੰਥਕ ਸਿਧਾਂਤਾਂ 'ਤੇ ਦਿ੍ੜ੍ਹਤਾ ਨਾਲ ਪਹਿਰਾ ਦਿੱਤਾ ਅਤੇ ਸਦਾ ਗੁਰੂ-ਪੰਥ ਦੀ ਚੜ੍ਹਦੀ ਕਲਾ ਲੋਚਦੇ ਰਹੇ | ਆਪ ਅਥਾਹ ਪ੍ਰਸੰਨਤਾ ਨਾਲ ਹੱਥੀਂ ਦੇਗ ਲੰਗਰ ਦੀ ਅਣਥੱਕ ਸੇਵਾ ਕਰਿਆ ਕਰਦੇ ਸਨ | ਆਪ ਨੇ ਬੇਅੰਤ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਕਰਵਾਈ | ਮਿਤੀ 21 ਮਾਰਚ, 1975 ਨੂੰ ਅੰਮਿ੍ਤ ਵੇਲੇ ਆਪ ਨੇ ਸੰਗਤਾਂ ਨੂੰ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਨਾਮ ਜਪਣ, ਧਰਮ ਦੀ ਕਿਰਤ ਕਰਨ ਅਤੇ ਵੰਡ ਛਕਣ ਦੀ ਸਿੱਖਿਆ ਦਿੱਤੀ | ਉਪਰੰਤ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਨੂੰ ਬੁਲੰਦ ਆਵਾਜ਼ ਵਿਚ ਫਤਹਿ ਬੁਲਾ ਕੇ ਆਪ ਸੱਚਖੰਡ ਜਾ ਬਿਰਾਜੇ | ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਦੀ ਸਾਲਾਨਾ ਬਰਸੀ ਮਿਤੀ 21 ਮਾਰਚ, 2017, ਦਿਨ ਮੰਗਲਵਾਰ ਨੂੰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ ਵਿਖੇ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ |

-ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ | ਮੋਬਾ: 99881-56527

ਯਾਤਰਾ ਪੁਰਾਤਨ ਰਿਆਸਤਾਂ ਦੀ ਰਿਆਸਤ ਬੁਰਹਾਨਪੁਰ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਤਾਪਤੀ ਦਰਿਆ ਕਿਨਾਰੇ ਵਸੀ ਹੋਈ ਪੁਰਾਤਨ ਰਿਆਸਤ ਬੁਰਹਾਨਪੁਰ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਦੀ ਧਰਤੀ ਉੱਪਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਹਨ | ਮੱਧ ਪ੍ਰਦੇਸ਼ ਦੀ ਪੁਰਾਤਨ ਰਿਆਸਤ ਬੁਰਹਾਨਪੁਰ ਅਸਲ ਵਿਚ ਮਹਾਰਾਸ਼ਟਰ ਅਤੇ ਗੁਜਰਾਤ ਦੀ ਹੱੱਦ ਉੱਪਰ ਸਥਿਤ ਹੈ | ਇਸ ਨੂੰ ਬਰਹਾਨ ਨਾਂਅ ਦੇ ਇਕ ਫਕੀਰ ਨੇ ਵਸਾਇਆ ਸੀ | ਇਹ ਸ਼ਹਿਰ ਸੰਤਾਂ, ਫਕੀਰਾਂ ਦੇ ਨਗਰ ਵਜੋਂ ਵੀ ਪ੍ਰਸਿੱਧ ਹੈ ਅਤੇ ਇਸ ਨੂੰ ਜੈਨ ਨਗਰੀ ਵੀ ਕਹਿੰਦੇ ਹਨ | ਇਸ ਤੋਂ ਇਲਾਵਾ ਇਸ ਨੂੰ ਬਰਧਨਪੁਰ ਵੀ ਕਹਿੰਦੇ ਹਨ |
ਕਿਹਾ ਜਾਂਦਾ ਹੈ ਕਿ ਬਾਦਸ਼ਾਹ ਸ਼ਾਹ ਜਹਾਨ ਦੀ ਬੇਗਮ ਮੁਮਤਾਜ ਦਾ ਇਸ ਸਥਾਨ ਉੱਪਰ ਦਿਹਾਂਤ ਹੋਇਆ ਸੀ | ਇਹ ਵੀ ਕਿਹਾ ਜਾਂਦਾ ਹੈ ਕਿ ਮੁਮਤਾਜ ਦੀ ਲਾਸ਼ 6 ਮਹੀਨੇ ਇਥੇ ਆਹੂਪਾਨਾ ਵਿਚ ਰੱਖੀ ਗਈ ਸੀ ਅਤੇ ਉਸ ਤੋਂ ਮਗਰੋਂ ਇਸ ਨੂੰ ਆਗਰਾ ਦੇ ਤਾਜਮਹੱਲ ਵਿਚ ਦਫਨਾਇਆ ਗਿਆ | ਆਗਰੇ ਦਾ ਤਾਜਮਹੱਲ ਸ਼ਾਹਜਹਾਂ ਨੇ ਮੁਮਤਾਜ ਲਈ ਹੀ ਬਣਾਇਆ ਸੀ |
ਰਿਆਸਤ ਬੁਰਹਾਨਪੁਰ ਵਿਚ ਦੋ ਗੁਰਦੁਆਰਾ ਸਾਹਿਬ ਹਨ | ਇਕ ਗੁਰਦੁਆਰਾ ਸਾਹਿਬ ਕਿਲ੍ਹੇ ਦੇ ਕੋਲ ਹੈ | ਕਿਹਾ ਜਾਂਦਾ ਹੈ ਕਿ ਉਤਾਵਲੀ ਨਦੀ ਦੇ ਕਿਨਾਰੇ ਨਿਜਾਓਦੀਨ ਦੇ ਮਕਬਰੇ ਨੇੜੇ ਗੁਰੂ ਨਾਨਕ ਦੇਵ ਜੀ ਨੇ ਸੰਤਾਂ-ਫਕੀਰਾਂ ਨਾਲ ਧਰਮ ਚਰਚਾ ਕੀਤੀ ਸੀ | ਗੁਰੂ ਸਾਹਿਬਾਨ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਨੂੰ ਬੜੀ ਸੰਗਤ ਕਹਿੰਦੇ ਹਨ | ਇਥੇ ਸੁਨਹਿਰੀ ਦਸਤਖਤਾਂ ਵਾਲੀ ਬੀੜ ਅਤੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਹਰ ਦਿਨ ਹੀ ਕਰਵਾਏ ਜਾਂਦੇ ਹਨ | ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਜੀਵਨ ਜੋਤ ਰਾਮ ਨਾਲ ਮੁਲਾਕਾਤ ਕੀਤੀ ਸੀ | ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਰਾਜਘਾਟ ਬਣਿਆ ਹੋਇਆ ਹੈ | ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕਾਲਜ, ਸਕੂਲ, ਲਾਇਬ੍ਰੇਰੀ, ਹਸਪਤਾਲ, ਵਿਸ਼ਰਾਮ ਘਰ ਚਲਾਏ ਜਾਂਦੇ ਹਨ | ਇਥੇ ਸ਼ਵੇਤਾਂਬਰ ਮੰਦਿਰ ਦੀ ਕਾਠ ਕਲਾ ਵੇਖਣਯੋਗ ਹੈ | ਇਥੇ ਹੀ 12ਵੀਂ ਸਦੀ ਦਾ ਦਿਗਾਂਬਰ ਮੰਦਿਰ ਹੈ | ਇਥੇ ਦਿਲੀ ਦਰਵਾਜ਼ਾ, ਜਾਮਾ ਮਸਜਿਦ, ਜੈਨ ਮੰਦਿਰ, ਫਾਰੂਕੀ ਮਕਬਰਾ, ਅਕਬਰੀ ਸਰਾਅ, ਸ਼ਾਹਦਰਾ, ਸ਼ਾਹ ਨਿਵਾਜ਼ ਖਾਂ ਦਾ ਕਾਲੇ ਪਠਾਨ ਦਾ ਮਕਬਰਾ ਅਤੇ ਹੋਰ ਬਹੁਤ ਸਾਰੇ ਮਕਬਰੇ ਹਨ | ਛੁੱਟੀਆਂ ਦੌਰਾਨ ਅਕਸਰ ਹੀ ਇਥੇ ਸੈਲਾਨੀ ਆਉਂਦੇ ਹਨ ਤੇ ਧਾਰਮਿਕ ਸਥਾਨਾਂ ਦੇ ਵੀ ਦਰਸ਼ਨ ਕਰਦੇ ਹਨ |
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਮੋਬਾ: 94638-19174

ਜਨਮ ਦਿਨ 'ਤੇ ਵਿਸ਼ੇਸ਼

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਤ ਠਾਕਰ ਸਿੰਘ

ਸੰਤ ਠਾਕਰ ਸਿੰਘ ਦਾ ਜਨਮ ਪੰਜਾਬ ਦੇ ਛੋਟੇ ਜਿਹੇ ਪਿੰਡ ਕਾਲਰਾ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 26 ਮਾਰਚ, 1929 ਦਿਨ ਮੰਗਲਵਾਰ ਨੂੰ ਇਕ ਸਾਧਾਰਨ ਧਾਰਮਿਕ ਪਰਿਵਾਰ ਵਿਚ ਪਿਤਾ ਸ: ਮੰਗਲ ਸਿੰਘ ਅਤੇ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ | ਸੰਤ ਠਾਕਰ ਸਿੰਘ ਨੇ ਆਪਣੀ ਮੁਢਲੀ ਸਿੱਖਿਆ ਆਪਣੇ ਨਾਨਕੇ ਘਰ (ਦਸੂਹਾ) ਵਿਚ ਪ੍ਰਾਪਤ ਕੀਤੀ | ਜਨਮ ਤੋਂ ਹੀ ਉਹ ਧਾਰਮਿਕ ਸੁਭਾਅ ਦੇ ਸਨ | ਸਿੱਖ ਪਰਿਵਾਰ ਵਿਚ ਪੈਦਾ ਹੋਣ ਕਾਰਨ ਉਨ੍ਹਾਂ ਦੀ ਸ਼ਰਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਜ਼ਿਆਦਾ ਸੀ | ਪੜ੍ਹਾਈ ਦੇ ਦੌਰਾਨ ਉਨ੍ਹਾਂ ਨੂੰ ਜਦੋਂ ਕਦੇ ਵੀ ਸਮਾਂ ਮਿਲਦਾ ਤਾਂ ਗੁਰਦੁਆਰੇ ਜਾ ਕੇ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ | ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਸਰਕਾਰੀ ਸਰਵਿਸ ਵਿਚ ਇਕ ਸਿਵਲ ਇੰਜੀਨੀਅਰ ਦੀ ਹੈਸੀਅਤ ਨਾਲ 20 ਸਾਲ ਨੌਕਰੀ ਕੀਤੀ ਅਤੇ ਨੌਕਰੀ ਦੇ ਦੌਰਾਨ ਵੀ ਉਹ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ ਅਤੇ ਬੱਚਿਆਂ ਨੂੰ ਕੀਰਤਨ ਸਿਖਾਇਆ ਕਰਦੇ ਸਨ | ਸਵੇਰੇ 3 ਵਜੇ ਉੱਠ ਕੇ ਨਿਤਨੇਮ ਕਰਨ ਦੇ ਬਾਅਦ ਪੂਰੀ ਲਗਨ ਨਾਲ ਤਨ, ਮਨ, ਧਨ ਨਾਲ ਸੇਵਾ ਕਰਿਆ ਕਰਦੇ ਸਨ | ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮੁਕੇਰੀਆਂ ਦੇ ਕੋਲ ਮਿਰਥਲ ਦਾ ਗੁਰਦੁਆਰਾ ਸਾਹਿਬ ਉਨ੍ਹਾਂ ਨੇ ਖੁਦ ਆਪਣੀ ਦੇਖ-ਰੇਖ ਵਿਚ ਬਣਵਾਇਆ | ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ-ਇਕ ਤੁਕ ਦਾ ਬੜੇ ਧਿਆਨ ਨਾਲ ਅਧਿਐਨ ਕਰਿਆ ਕਰਦੇ ਸਨ |
ਇਕ ਵਾਰ ਉਨ੍ਹਾਂ ਨੂੰ ਸੰਤ ਕ੍ਰਿਪਾਲ ਸਿੰਘ ਦੇ ਅੰਮਿ੍ਤਸਰ ਵਿਚ ਆਉਣ ਦੀ ਖ਼ਬਰ ਮਿਲੀ ਤਾਂ ਉਹ ਉਨ੍ਹਾਂ ਦੇ ਦਰਸ਼ਨ ਕਰਨ ਲਈ ਅੰਮਿ੍ਤਸਰ ਪਹੁੰਚੇ | ਉਸ ਤੋਂ ਬਾਅਦ ਪਰਮ ਸੰਤ ਕ੍ਰਿਪਾਲ ਸਿੰਘ ਜਲੰਧਰ ਸ਼ਹਿਰ ਵਿਚ ਸਤਿਸੰਗ ਪ੍ਰਵਚਨ ਫ਼ਰਮਾਉਣ ਲਈ ਰਵਾਨਾ ਹੋਏ | ਸੰਤ ਠਾਕਰ ਸਿੰਘ ਵੀ ਉਨ੍ਹਾਂ ਦੇ ਪਿੱਛੇ ਜਲੰਧਰ ਵਿਚ ਸਤਿਸੰਗ ਸੁਣਨ ਲਈ ਪਹੁੰਚ ਗਏ | ਜਲੰਧਰ ਵਿਚ ਉਨ੍ਹਾਂ ਸੰਤ ਕ੍ਰਿਪਾਲ ਸਿੰਘ ਹੁਰਾਂ ਤੋਂ ਅਨੇਕ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਅਤੇ ਜਦੋਂ ਉਨ੍ਹਾਂ ਦੀ ਪੂਰੀ ਤਸੱਲੀ ਹੋਈ ਤਾਂ ਉਨ੍ਹਾਂ ਨੇ 29 ਨਵੰਬਰ, 1965 ਨੂੰ ਨਾਮ ਦਾਨ ਦੀ ਦਾਤ ਪ੍ਰਾਪਤ ਕਰ ਲਈ | ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਪਰ ਸਾਰੇ ਧਰਮ ਗ੍ਰੰਥਾਂ ਦੇ ਸਾਰੇ ਤੱਤਾਂ ਦੀ ਸਮਝ ਉਦੋਂ ਹੀ ਆਈ, ਜਦੋਂ ਉਨ੍ਹਾਂ ਨੇ ਆਪਣੇ ਗੁਰੂਦੇਵ ਤੋਂ ਨਾਮ ਦਾ ਦਾਨ ਪ੍ਰਾਪਤ ਕੀਤਾ |
ਸੰਤ ਕ੍ਰਿਪਾਲ ਸਿੰਘ ਦੇ 21 ਅਗਸਤ, 1974 ਨੂੰ ਇਹ ਨਾਸ਼ਵਾਨ ਸਰੀਰ ਛੱਡਣ ਤੋਂ ਦੋ ਸਾਲ ਬਾਅਦ ਸੰਤ ਠਾਕਰ ਸਿੰਘ 5 ਫਰਵਰੀ, 1976 ਨੂੰ ਸਾਵਨ ਆਸ਼ਰਮ ਸ਼ਕਤੀ ਨਗਰ ਦਿੱਲੀ ਵਿਚ ਗੱਦੀਨਸ਼ੀਨ ਹੋਏ | ਆਪ ਦੁਨੀਆ ਦੇ ਕੋਨੇ-ਕੋਨੇ ਵਿਚ ਜਾ ਕੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ | ਕਈ ਵਾਰ ਵਿਦੇਸ਼ਾਂ ਦੀ ਯਾਤਰਾ ਵੀ ਕੀਤੀ | ਪੂਰੇ ਵਿਸ਼ਵ ਨੂੰ ਚੰਗੇ ਪਾਸੇ ਲਾਉਣ ਲਈ ਉਹ ਦਿਨ-ਰਾਤ ਦੌੜ-ਭੱਜ ਕਰਦੇ ਰਹੇ | 5 ਮਾਰਚ, 2005 ਨੂੰ ਆਪ ਨੇ ਇਸ ਨਾਸ਼ਵਾਨ ਸਰੀਰ ਨੂੰ ਤਿਆਗ ਦਿੱਤਾ | ਆਪ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਸੰਤ ਬਲਜੀਤ ਸਿੰਘ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ (ਹਰਿਆਣਾ) ਵਿਖੇ ਸੇਵਾਵਾਂ ਨਿਭਾਅ ਰਹੇ ਹਨ |

-ਪਿੰਡ ਲੁਹਾਰ ਨੰਗਲ (ਜਲੰਧਰ) | ਮੋਬਾ: 94177-55422

ਮਹਾਰਾਜਾ ਖੜਕ ਸਿੰਘ ਦੀ ਹਵੇਲੀ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਓਨੀ ਦੇਰ ਵਿਚ ਮਹਾਰਾਜਾ ਨੂੰ ਇਸ਼ਨਾਨ ਕਰਵਾ ਕੇ ਉਨ੍ਹਾਂ ਦਾ ਗੜਵਈ ਬਾਹਰ ਆ ਗਿਆ ਅਤੇ ਬਾਹਰ ਆਉਂਦਿਆਂ ਹੀ ਉਸ ਦੀ ਨਜ਼ਰ ਸਭ ਤੋਂ ਪਹਿਲਾਂ ਤਲਵਾਰਾਂ ਤੇ ਬੰਦੂਕਾਂ ਹੱਥਾਂ ਵਿਚ ਲਈ ਖੜ੍ਹੇ ਡੋਗਰਾ ਸਰਦਾਰਾਂ 'ਤੇ ਪਈ | ਉਹ ਤੁਰੰਤ ਮਹਾਰਾਜਾ ਖੜਕ ਸਿੰਘ ਨੂੰ ਇਹ ਖ਼ਬਰ ਦੇਣ ਲਈ ਭੱਜ ਖੜ੍ਹਾ ਹੋਇਆ | ਇਸ 'ਤੇ ਸੁਚੇਤ ਸਿੰਘ ਨੇ ਗੋਲੀ ਚਲਾ ਦਿੱਤੀ ਅਤੇ ਉਹ ਉਥੇ ਹੀ ਢੇਰ ਹੋ ਗਿਆ | ਸੁਚੇਤ ਸਿੰਘ ਦੀ ਇਸ ਹਰਕਤ 'ਤੇ ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰਾ ਨੂੰ ਬਹੁਤ ਕ੍ਰੋਧ ਆਇਆ ਅਤੇ ਉਹ ਉਸ 'ਤੇ ਬਹੁਤ ਨਾਰਾਜ਼ ਹੋਏ, ਕਿਉਂਕਿ ਗੋਲੀ ਚੱਲਣ ਦੀ ਆਵਾਜ਼ ਨਾਲ ਸਾਰੀ ਵਿਉਂਤ ਵਿਗੜ ਚੁੱਕੀ ਸੀ | ਡੋਗਰਾ ਸਰਦਾਰ ਜਲਦੀ ਨਾਲ ਤਲਵਾਰਾਂ ਹਵਾ ਵਿਚ ਹੁਲਾਰਦੇ ਹੋਏ ਮਹਾਰਾਜਾ ਦੇ ਕਮਰੇ ਵਿਚ ਪਹੁੰਚੇ | ਖੜਕ ਸਿੰਘ ਉਸ ਸਮੇਂ ਆਪਣੇ ਪਲੰਘ 'ਤੇ ਬੈਠਾ ਪਾਠ ਕਰ ਰਿਹਾ ਸੀ, ਜਦੋਂਕਿ ਨਜ਼ਦੀਕ ਪਿਆ ਚੇਤ ਸਿੰਘ ਬਾਜਵਾ ਦਾ ਪਲੰਘ ਖਾਲੀ ਸੀ | ਬਿਨਾਂ ਆਗਿਆ ਇਸ ਤਰ੍ਹਾਂ ਨਾਲ ਡੋਗਰਾ ਸਰਦਾਰਾਂ ਦੇ ਕਮਰੇ ਵਿਚ ਦਾਖ਼ਲ ਹੋਣ 'ਤੇ ਖੜਕ ਸਿੰਘ ਕ੍ਰੋਧ ਵਿਚ ਆ ਗਿਆ ਅਤੇ ਜਲਦੀ ਨਾਲ ਸਿਰਹਾਣੇ ਦੇ ਪਾਸ ਪਈ ਮਿਆਨ ਵਿਚੋਂ ਤਲਵਾਰ ਕੱਢ ਲਈ | ਪਰ ਅੱਖ ਝਮਕਦਿਆਂ ਹੀ ਡੋਗਰਿਆਂ ਨੇ ਉਸ ਨੂੰ ਦਬੋਚ ਲਿਆ ਅਤੇ ਧਿਆਨ ਸਿੰਘ ਨੇ ਉਸ ਨੂੰ ਚੇਤ ਸਿੰਘ ਬਾਜਵਾ ਬਾਰੇ ਦੱਸਣ ਲਈ ਕਿਹਾ | ਖੜਕ ਸਿੰਘ ਨੇ ਪਹਿਲਾਂ ਤਾਂ ਕੁਝ ਨਹੀਂ ਦੱਸਿਆ, ਪਰ ਜਦੋਂ ਤੀਸਰੀ ਜਾਂ ਚੌਥੀ ਵਾਰ ਉਸ 'ਤੇ ਦਬਾਅ ਬਣਾ ਕੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਚੇਤ ਸਿੰਘ ਬਾਜਵਾ ਉਥੋਂ ਭੱਜ ਗਿਆ ਸੀ |
ਧਿਆਨ ਸਿੰਘ ਦੇ ਆਦੇਸ਼ 'ਤੇ ਪਹਾੜੀ ਸਿਪਾਹੀਆਂ ਨੇ ਕਮਰੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ | ਹਰ ਜਗ੍ਹਾ ਚੇਤ ਸਿੰਘ ਦੀ ਤਲਾਸ਼ ਕੀਤੀ ਗਈ | ਅੰਤ ਗੁਲਾਬ ਸਿੰਘ ਡੋਗਰਾ ਦੇ ਇਕ ਸਿਪਾਹੀ ਨੇ ਚੇਤ ਸਿੰਘ ਨੂੰ ਹਵੇਲੀ ਦੇ ਸਰਦਖ਼ਾਨੇ/ਤਹਿਖ਼ਾਨੇ ਵਿਚ ਲੁਕ ਕੇ ਬੈਠਾ ਵੇਖ ਲਿਆ | ਉਸ ਦੇ ਹੱਥ ਵਿਚ ਤਲਵਾਰ ਸੀ | ਜਿਵੇਂ ਹੀ ਉਹ ਤਲਵਾਰ ਨਾਲ ਧਿਆਨ ਸਿੰਘ 'ਤੇ ਵਾਰ ਕਰਨ ਲਈ ਝਪਟਿਆ, ਸਿਪਾਹੀਆਂ ਨੇ ਫੁਰਤੀ ਨਾਲ ਉਸ ਨੂੰ ਬੰਦੀ ਬਣਾ ਲਿਆ | ਚੇਤ ਸਿੰਘ ਬਾਜਵਾ ਨੂੰ ਤਹਿਖ਼ਾਨੇ ਵਿਚੋਂ ਘਸੀਟਦਿਆਂ ਹੋਇਆਂ ਖੜਕ ਸਿੰਘ ਦੇ ਸਾਹਮਣੇ ਲਿਆਂਦਾ ਗਿਆ ਅਤੇ ਮਹਾਰਾਜੇ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਧਿਆਨ ਸਿੰਘ ਡੋਗਰਾ ਨੇ ਨਾ ਸਿਰਫ਼ ਚੇਤ ਸਿੰਘ ਬਾਜਵਾ ਦਾ ਖੜਕ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਹੀ ਕੀਤਾ, ਸਗੋਂ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ (ਕੁਝ ਲੇਖਕਾਂ ਨੇ ਲਿਖਿਆ ਹੈ ਕਿ ਉਸ ਸਮੇਂ ਕੰਵਰ ਨੌਨਿਹਾਲ ਸਿੰਘ ਅਤੇ ਰਾਣੀ ਚੰਦ ਕੌਰ ਵੀ ਮੌਕੇ 'ਤੇ ਮੌਜੂਦ ਸਨ, ਪਰ ਇਸ ਲਿਖਤ ਵਿਚ ਕੋਈ ਸਚਾਈ ਪ੍ਰਤੀਤ ਨਹੀਂ ਹੁੰਦੀ) | (ਚਲਦਾ)

ਫੋਨ : 9356127771, 7837849764

ਇਕ ਜੀਵਨੀ ਖ਼ਲੀਲ ਜਿਬਰਾਨ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਜਿਬਰਾਨ ਦਾ ਸਟੂਡੀਓ ਇਕ ਤਿੰਨ ਮੰਜ਼ਿਲਾ ਮਕਾਨ ਦੀ ਤੀਜੀ ਮੰਜ਼ਿਲ 'ਤੇ ਸੀ | ਉਸ 'ਚ ਦਾਖਲ ਹੁੰਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਸੰਨਿਆਸੀ ਦੀ ਕੁਟੀਆ 'ਚ ਦਾਖਲ ਹੋ ਰਿਹਾ ਹਾਂ | ਜਿਬਰਾਨ ਨੇ ਦਰਵਾਜ਼ਾ ਖੋਲ੍ਹਦਿਆਂ ਹੀ ਸਾਡਾ ਭਰਪੂਰ ਸੁਆਗਤ ਕੀਤਾ | ਮੈਂ ਇਕ ਪੁਰਾਣੇ ਬੈਂਚ 'ਤੇ ਬੈਠ ਗਿਆ, ਜਦੋਂ ਕਿ ਮੇਰੇ ਦੋਵੇਂ ਦੋਸਤ ਕੁਰਸੀਆਂ 'ਤੇ ਬਹਿ ਗਏ | ਕਮਰੇ ਵਿਚ ਦੋ ਹੀ ਕੁਰਸੀਆਂ ਸਨ | ਇਹ ਕਮਰਾ 9'__1MP__16' ਆਕਾਰ ਦਾ ਸੀ | ਫਾਇਰ ਪਲੇਸ ਦੇ ਲਾਗੇ ਇਕ ਪੁਰਾਣਾ ਸੋਫਾ ਸੀ, ਜਿਸ 'ਤੇ ਕੰਬਲ ਤੇ ਰੰਗ-ਬਰੰਗੀਆਂ ਗੱਦੀਆਂ ਪਈਆਂ ਸਨ | ਇਹ ਕਮਰਾ ਹੀ ਉਸ ਦੀ ਕਾਰਜਸ਼ਾਲਾ, ਰਸੋਈ ਤੇ ਸੌਣ ਵਾਲਾ ਕਮਰਾ ਸੀ | ਬੈੱਡ-ਟੇਬਲ ਕਿਤਾਬਾਂ ਤੇ ਕਾਗਜ਼ਾਂ ਨਾਲ ਭਰਿਆ ਹੋਇਆ ਸੀ | ਇਕ ਕੰਧ 'ਤੇ ਲੰਮਾ ਬੁੱਕ ਸੈਲਫ ਸੀ, ਜਿਸ ਵਿਚ ਲਗਪਗ 200 ਪੁਸਤਕਾਂ ਰੱਖੀਆਂ ਹੋਈਆਂ ਸਨ | ਸਟੂਡੀਓ ਦੇ ਇਕ ਪਾਸੇ ਰਸੋਈ ਦਾ ਸਮਾਨ ਸੀ | ਉਥੇ ਹੀ ਪੁਰਾਣੇ ਅਖ਼ਬਾਰ ਅਤੇ ਰਸਾਲੇ ਪਏ ਸਨ | ਇਹ ਸੀ ਜਿਬਰਾਨ ਦਾ ਹਰਮਿਟੇਜ ਜੋ ਆਪਣੀ ਗਰੀਬੀ ਅਤੇ ਮੰਦਹਾਲੀ ਦੀ ਮੰੂਹ ਬੋਲਦੀ ਤਸਵੀਰ ਸੀ | ਉਸ ਨੇ ਸਾਡੇ ਲਈ ਬੜੀ ਅਪਣੱਤ ਨਾਲ ਕੌਫੀ ਬਣਾਈ ਤੇ ਸਿਗਰਟਾਂ ਅਤੇ ਸੇਬ ਪੇਸ਼ ਕੀਤੇ | ਗੱਲਬਾਤ ਬੇਹੱਦ ਦੋਸਤਾਨਾ ਮਾਹੌਲ ਵਿਚ ਹੋਈ | ਜਿਬਰਾਨ ਬੜੇ ਉਤਸ਼ਾਹ ਨਾਲ ਗੱਲਾਂ ਕਰ ਰਿਹਾ ਸੀ | ਭਾਵੇਂ ਗੱਲਾਂ ਦਾ ਸਿਲਸਿਲਾ ਕਈ ਵਿਸ਼ਿਆਂ ਦੇ ਇਰਦ-ਗਿਰਦ ਘੰੁਮਦਾ ਰਿਹਾ ਪਰ ਸਾਡੇ ਸਾਰਿਆਂ ਦਾ ਮਨਭਾਉਂਦਾ ਵਿਸ਼ਾ ਤਾਂ ਸਾਹਿਤ ਹੀ ਸੀ | ਜਦੋਂ ਰੂਸੀ ਸਾਹਿਤ ਦੀ ਗੱਲ ਤੁਰੀ ਤਾਂ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਜਿਬਰਾਨ-ਤੁਰਗਨੇਵ, ਦੋਸਤੋਵਸਕੀ ਅਤੇ ਟਾਲਸਟਾਏ ਨੂੰ ਬਹੁਤ ਪਿਆਰ ਕਰਦਾ ਸੀ |
ਉਸ ਦੇ ਛੋਟੇ ਜਿਹੇ ਸਟੂਡੀਓ 'ਚੋਂ ਬਾਹਰ ਆਉਂਦਿਆਂ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਆਉਣ ਵਾਲੇ 16 ਵਰਿ੍ਹਆਂ ਦੌਰਾਨ ਮੈਂ ਅਣਗਿਣਤ ਵਾਰ ਇਥੇ ਆਵਾਂਗਾ ਅਤੇ ਜਿਬਰਾਨ ਦੀਆਂ ਜਾਦੂ ਭਰਪੂਰ ਰਚਨਾਵਾਂ ਦਾ ਚਸ਼ਮਦੀਦ ਗਵਾਹ ਬਣਾਂਗਾ | ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਵੈਸਟ ਟੈਂਥ ਸਟਰੀਟ ਦੇ ਇਕ ਹਨੇਰੇ ਕਮਰੇ ਵਿਚ ਰਹਿਣ ਵਾਲਾ ਇਹ ਆਦਮੀ ਮੇਰੇ ਦਿਲ ਦੀਆਂ ਗਹਿਰਾਈਆਂ 'ਚ ਇਸ ਕਦਰ ਡੁੱਬ ਜਾਵੇਗਾ ਕਿ ਮੇਰੇ ਅੰਦਰ ਹੀ ਸਮੋ ਜਾਵੇਗਾ | ਮੈਂ ਤਾਂ ਇਹ ਕਦੇ ਸੋਚ ਵੀ ਨਹੀਂ ਸੀ ਸਕਦਾ ਕਿ ਉਸ ਦੀ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ, ਗ਼ਮੀਆਂ ਅਤੇ ਰੁਸਵਾਈਆਂ ਖੁਦ ਮੇਰੀ ਜ਼ਿੰਦਗੀ ਦੀਆਂ ਹੀ ਖੁਸ਼ੀਆਂ, ਗ਼ਮੀਆਂ ਅਤੇ ਰੁਸਵਾਈਆਂ ਬਣ ਜਾਣਗੀਆਂ |
ਹਨੇਰੀ ਗੁਫ਼ਾ ਵਿਚ
ਕਲਾ ਅਤੇ ਕਵਿਤਾ-ਦੋ ਨਾਜ਼ੁਕ ਜਿਹੀਆਂ ਭੈਣਾਂ ਜਿਬਰਾਨ ਦੀ ਰੂਹ ਨੂੰ ਰੁਸ਼ਨਾ ਕੇ ਰੱਖਦੀਆਂ ਸਨ | ਉਸ ਨੇ ਅਮਰੀਕਾ ਦੇ ਲੋਕਾਂ ਨੂੰ ਕਵਿਤਾ ਤੋਂ ਸੱਖਣੀ ਕਲਾ ਪਰੋਸੀ ਤੇ ਅਰਬੀ ਭਾਸ਼ੀ ਲੋਕਾਂ ਨੂੰ ਕਲਾ ਤੋਂ ਰਹਿਤ ਕਵਿਤਾ | ਅੰਗਰੇਜ਼ੀ ਭਾਸ਼ੀ ਲੋਕ ਉਸ ਦੀਆਂ ਅਰਬੀ ਭਾਸ਼ਾ 'ਚ ਲਿਖੀਆਂ ਕਵਿਤਾਵਾਂ ਨਹੀਂ ਸਨ ਪੜ੍ਹ ਸਕਦੇ ਤੇ ਅਰਬੀ ਭਾਸ਼ੀ ਲੋਕ ਉਸ ਦੀਆਂ ਕਲਾਕ੍ਰਿਤੀਆਂ ਨੂੰ ਸਮਝ ਨਹੀਂ ਸਨ ਪਾਉਂਦੇ | ਉਹ ਚਾਹੁੰਦਾ ਸੀ ਕਿ ਉਹ ਦੋਵਾਂ ਦੇਸ਼ਾਂ ਤੇ ਦੋਵਾਂ ਸੱਭਿਅਤਾਵਾਂ ਦੇ ਵਸਨੀਕਾਂ ਨੂੰ ਆਪਣੀ ਕਲਾ ਅਤੇ ਕਵਿਤਾ ਦਾ ਸ਼ਹਿਦ ਚਖਾਵੇ | ਇਸ ਮੰਤਵ ਦੀ ਪੂਰਤੀ ਲਈ ਇਹ ਜ਼ਰੂਰੀ ਸੀ ਕਿ ਉਹ ਹੁਣ ਆਪਣੀਆਂ ਕਵਿਤਾਵਾਂ ਦੀ ਰਚਨਾ ਅੰਗਰੇਜ਼ੀ ਭਾਸ਼ਾ 'ਚ ਵੀ ਕਰੇ | ਮੈਰੀ ਹੋਸਕਲ ਅਤੇ ਉਸ ਦੇ ਹੋਰ ਦੋਸਤਾਂ ਦੀ ਵੀ ਇਹੋ ਦਿਲੀ ਇੱਛਾ ਸੀ ਕਿ ਜਿਬਰਾਨ ਅੰਗਰੇਜ਼ੀ 'ਚ ਲਿਖੇ | ਅੰਗਰੇਜ਼ੀ ਭਾਸ਼ਾ ਦੀ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਬਹੁਤ ਵਸੀਹ ਹੈ | ਪੇਂਟਿੰਗਜ਼ ਦੀ ਵਿਕਰੀ ਅਤੇ ਮੈਰੀ ਹੋਸਕਲ ਤੋਂ ਮਿਲਣ ਵਾਲੇ 75 ਡਾਲਰਾਂ ਨਾਲ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਸੀ | ਉਸ ਨੇ ਅੰਗਰੇਜ਼ੀ ਭਾਸ਼ਾ ਵਿਚ ਲਿਖ ਕੇ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ | ਇਹ ਗੱਲ 1918 ਦੀ ਹੈ | ਇਕ ਦਿਨ ਮੈਂ ਜਿਬਰਾਨ ਦੇ ਸਟੂਡੀਓ ਵਿਚ ਗਿਆ | ਉਸ ਦਿਨ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ | ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੇ ਮੇਰੇ ਹੱਥ ਵਿਚ ਅੰਗਰੇਜ਼ੀ ਦਾ ਇਕ ਰਸਾਲਾ 'ਦ ਸੈਵਨ ਆਰਟਸ' ਫੜਾ ਦਿੱਤਾ |
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

-ਸਾਬਕਾ ਕਮਿਸ਼ਨਰ, ਜਲੰਧਰ
ਮੋਬਾਈਲ : 98551-23499

ਜੈ ਮਾਂ ਕਾਲੀ ਬੌੜਵਾਲੀ, ਨੂਰਪੁਰ (ਹਿਮਾਚਲ)

ਪਠਾਨਕੋਟ (ਪੰਜਾਬ) ਤੋਂ ਨੂਰਪੁਰ (ਹਿਮਾਚਲ) ਲਗਪਗ 25 ਕਿਲੋਮੀਟਰ ਦੂਰ ਹੈ | ਨੂਰਪੁਰ ਧਰਮਸ਼ਾਲਾ ਰੋਡ ਉੱਪਰ ਪੈਂਦਾ ਹੈ | ਜੈ ਮਾਂ ਕਾਲੀ ਬੌੜਵਾਲੀ ਨੂਰਪੁਰ ਤੋਂ 3 ਕਿਲੋਮੀਟਰ ਪਿੱਛੇ ਪੈਂਦਾ ਹੈ | ਇਹ ਮੰਦਿਰ ਸੜਕ ਦੇ ਨਜ਼ਦੀਕ ਸਥਿਤ ਹੈ | ਇਸ ਮੰਦਿਰ ਦੇ ਅੱਗੇ ਤਿਕੋਣਾ ਸੜਕੀ ਮੋੜ ਪੈਂਦਾ ਹੈ | ਇਕ ਸੜਕ ਧਰਮਸ਼ਾਲਾ ਨੂੰ ਅਤੇ ਦੂਜੀ ਖੱਬੇ ਪਾਸੇ ਨੂੰ ਜਾਂਦੀ ਸੜਕ ਧਾਰ ਕਲਾਂ ਅਤੇ ਚੰਬਾ ਨੂੰ ਜਾਂਦੀ ਹੈ |
ਇਸ ਮੰਦਿਰ ਦੀ ਸਾਰੀ ਸਜਾਵਟ ਗੇਰੂਆ ਰੰਗ ਵਿਚ ਸ਼ੋਭਿਤ ਹੈ | ਲਾਲ ਅਤੇ ਗੇਰੂਏ ਰੰਗ ਦਾ ਮਿਸ਼ਰਣ ਹੈ ਇਸ ਮੰਦਿਰ ਦੀ ਸਾਰੀ ਇਮਾਰਤ | ਮੰਦਿਰ ਦਾ ਪ੍ਰਵੇਸ਼ ਦੁਆਰ ਅਰਧ ਗੋਲਾਕਾਰ ਦੇ ਰੂਪ ਵਿਚ ਹੈ | ਮੰਦਿਰ ਵਿਚ ਮਾਤਾ ਦੀਆਂ ਮੂਰਤੀਆਂ ਸੁਸ਼ੋਭਿਤ ਹਨ |
ਜੈ ਮਾਂ ਕਾਲੀ-ਕਾਲਿਕਾ ਜਨ-ਸਾਧਾਰਨ ਦੇ ਵਿਸ਼ਵਾਸ ਦੀ ਰੱਖਿਆ ਕਰਨ ਵਾਲੀ ਦੇਵੀ ਹੈ | ਇਹ ਯੁਗਾਂ ਦੇ ਅਨੁਰੂਪ ਆਪਣੇ ਰੂਪ ਅਤੇ ਸਵਰੂਪ ਵਿਚ ਰਣਨੀਤਕ ਪਰਿਵਰਤਨ ਕਰਦੀ ਹੈ | ਦੇਵੀ ਕਾਲਿਕਾ ਜਿਸ ਦੇ ਹਿਮਾਚਲ ਪ੍ਰਦੇਸ਼ ਵਿਚ ਕਈ ਸਥਾਨ ਹਨ, ਜਿਸ ਦੀ ਮਾਂ ਕਾਲੀ, ਮਹਾਂਕਾਲੀ, ਕਾਲੀ ਅਤੇ ਕਾਲਕਾ ਆਦਿ ਨਾਵਾਂ ਨਾਲ ਪੂਜਾ ਹੁੰਦੀ ਹੈ | ਕਾਲੀ ਮਾਂ ਦੀ ਅਦਭੁਤ ਲੀਲਾ ਹੈ | ਪਹਾੜੀ ਇਲਾਕਿਆਂ ਵਿਚ ਇਸ ਵਿਕਟ ਸ਼ਕਤੀ ਨੂੰ ਗ੍ਰਹਿਸਥ ਲੋਕ ਸਿੱਧ ਕਰਕੇ ਆਪਣੇ ਸੰਸਾਰਿਕ ਕੰਮਾਂ ਵਿਚ ਇਸ ਨਾਲ ਲਾਭਵੰਤ ਹੋਣ ਦਾ ਵਿਸ਼ਵਾਸ ਰੱਖਦੇ ਹਨ |
ਇਸ ਮੰਦਿਰ ਦੇ ਖੱਬੇ ਪਾਸੇ ਇਕ ਸੜਕ ਦੇ ਨਾਲ ਪ੍ਰਾਚੀਨ ਬਹੁਤ ਵੱਡੀ ਖੱਡ ਪੈਂਦੀ ਹੈ ਅਤੇ ਸੱਜੇ ਪਾਸੇ ਸੜਕ ਦੇ ਨਾਲ ਫਿਰ ਇਕ ਖੱਡ ਪੈਂਦੀ ਹੈ | ਦੋਵਾਂ ਖੱਡਾਂ ਦੇ ਵਿਚਕਾਰ ਪਹਾੜਾਂ ਦੀ ਸ਼੍ਰੇਣੀ ਵਿਚ ਹੈ ਇਹ ਸੁੰਦਰ ਮੰਦਿਰ | ਇਸ ਦੀਆਂ ਦੀਵਾਰਾਂ ਦੇ ਨਾਲ ਲੱਗਦੇ ਪ੍ਰਾਚੀਨ ਰੁੱਖਾਂ ਦੀ ਹਰਿਆਲੀ ਇਸ ਦੀ ਸ਼ੋਭਾ ਵਧਾਉਂਦੇ ਹਨ |
ਮੰਦਿਰ ਵਿਚ ਕੁਝ ਕਮਰੇ ਅਤੇ ਲੰਗਰ ਹਾਲ ਦੀ ਵਿਵਸਥਾ ਹੈ | ਬਿਜਲੀ, ਪਾਣੀ ਦਾ ਪ੍ਰਬੰਧ ਹੈ | ਹਿੰਦੂ ਧਰਮ ਨਾਲ ਸਬੰਧਤ ਸਾਰੇ ਦਿਨ-ਤਿਉਹਾਰ ਮਨਾਏ ਜਾਂਦੇ ਹਨ | ਇਲਾਕੇ ਦੇ ਲੋਕ ਦੁੱਖ-ਸੁੱਖ ਦੇ ਸਮੇਂ ਇਸ ਸਥਾਨ ਦਾ ਅਸ਼ੀਰਵਾਦ ਲੈਂਦੇ ਹਨ | ਸ਼ਰਧਾਲੂ ਜਨ ਸ਼ਰਧਾ ਮੁਤਾਬਿਕ ਚੜ੍ਹਤ ਚੜ੍ਹਾਨ ਚੜ੍ਹਾਉਂਦੇ ਹਨ |

-ਉਂਕਾਰ ਨਗਰ, ਗੁਰਦਾਸਪੁਰ |

ਕੈਨੇਡਾ ਦੇ ਪ੍ਰਮੁੱਖ ਗੁਰੂ-ਘਰ: ਗੁਰਦੁਆਰਾ ਦਸਮੇਸ਼ ਦਰਬਾਰ, ਬਰੈਂਪਟਨ

(ਲੜੀ ਜੋੜਨ ਲਈ 7 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਹ ਪ੍ਰਾਈਵੇਟ ਗੁਰੂ-ਘਰ ਹੈ ਜੋ ਬੇਅੰਤ ਸਿੰਘ ਚਾਨਾ ਨਾਂਅ ਦੇ ਵਿਅਕਤੀ ਨੇ ਤਿਆਰ ਕਰਵਾਇਆ ਹੈ | 2002 ਤੋਂ ਇਹ ਗੁਰੂ-ਘਰ ਨਜ਼ਦੀਕ ਹੀ ਇਕ ਸ਼ੋਅਰੂਮ ਵਿਚ ਚੱਲਦਾ ਸੀ | 2009 ਵਿਚ ਇਹ ਸ਼ਾਨਦਾਰ ਇਮਾਰਤ ਤਿਆਰ ਕੀਤੀ ਗਈ | ਇਸ ਦੀ ਦਿੱਖ ਬਹੁਤ ਹੀ ਖੂਬਸੂਰਤ ਤੇ ਬਿਲਕੁਲ ਪੰਜਾਬ ਦੇ ਗੁਰੂ-ਘਰਾਂ ਵਰਗੀ ਹੈ | ਬਜ਼ੁਰਗਾਂ ਅਤੇ ਅਪਾਹਜਾਂ ਦੀ ਸਹੂਲਤ ਲਈ ਇਸ ਗੁਰੂ-ਘਰ ਵਿਚ ਹੀ ਸਭ ਤੋਂ ਪਹਿਲਾਂ ਐਲੀਵੇਟਰ ਲਗਾਇਆ ਗਿਆ ਸੀ | ਬੇਸਮੈਂਟ ਵਿਚ ਲੰਗਰ ਹਾਲ, ਕਿਚਨ, 10 ਕਮਰੇ ਗ੍ਰੰਥੀਆਂ ਅਤੇ ਰਾਗੀ ਸਿੰਘਾਂ ਦੇ ਅਤੇ ਵਿਆਹ ਵਾਸਤੇ ਵਰਤਣ ਲਈ ਇਕ ਦੁਲਹਨ ਰੂਮ ਬਣਿਆ ਹੋਇਆ ਹੈ | ਉੱਪਰਲੀ ਮੰਜ਼ਿਲ 'ਤੇ ਇਕ ਮੇਨ ਤੇ 2 ਛੋਟੇ ਦਰਬਾਰ ਹਾਲ ਤੇ ਦਫ਼ਤਰ ਹਨ | ਸੁੱਖ ਆਸਣ ਦਾ ਕਮਰਾ ਵੀ ਉੱਪਰ ਹੈ | ਸਨਿਚਰਵਾਰ ਨੂੰ ਮੁਫ਼ਤ ਪੰਜਾਬੀ ਕਲਾਸਾਂ ਵਿਚ 40-50 ਬੱਚੇ ਸਿੱਖਣ ਲਈ ਆਉਂਦੇ ਹਨ | ਗੁਰੂ-ਘਰ ਦਾ ਪਤਾ 4555 ਐਬਨਜ਼ਰ ਰੋਡ ਬਰੈਂਪਟਨ ਹੈ |
ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ, ਟੋਰਾਂਟੋ : ਇਹ ਗੁਰੂ-ਘਰ 2001 ਵਿਚ ਉਸਾਰਿਆ ਗਿਆ ਸੀ | ਇਸ ਦਾ ਕੁੱਲ ਖੇਤਰਫਲ 10-12 ਏਕੜ ਹੈ | ਇਸ ਦੀ ਇਮਾਰਤ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ: ਹਰੀ ਸਿੰਘ ਨਲਵਾ ਦੇ ਬਹੁਤ ਖੂਬਸੂਰਤ ਬੁੱਤ ਲੱਗੇ ਹੋਏ ਹਨ | ਇਸ ਦੀ ਦੋ ਮੰਜ਼ਿਲਾ ਸਾਦੀ ਜਿਹੀ ਕਾਫੀ ਵੱਡੀ ਇਮਾਰਤ ਹੈ | ਹੇਠਲੀ ਮੰਜ਼ਿਲ 'ਤੇ ਦਰਬਾਰ ਹਾਲ, ਲੰਗਰ ਹਾਲ, ਕਿਚਨ, ਦਫ਼ਤਰ ਅਤੇ ਵਾਸ਼ਰੂਮ ਬਣੇ ਹੋਏ ਹਨ | ਉੱਪਰ ਸੁੱਖ ਆਸਣ ਦਾ ਕਮਰਾ ਅਤੇ 4 ਹੋਰ ਵੱਡੇ ਹਾਲ, ਲਾਇਬ੍ਰੇਰੀ, ਪੰਜਾਬੀ ਅਕੈਡਮੀ, ਮਿਊਜ਼ੀਅਮ ਆਦਿ ਹਨ | ਹਰ ਹਾਲ ਦੀ ਕਪੈਸਟੀ 100 ਤੋਂ ਵੱਧ ਆਦਮੀਆਂ ਦੀ ਹੈ | ਇਥੇ ਸੰਗਤਾਂ ਵਿਆਹ-ਸ਼ਾਦੀਆਂ ਆਦਿ ਕਾਫੀ ਕਰਦੀਆਂ ਹਨ | ਇਸ ਤੋਂ ਇਲਾਵਾ ਮਰਗ ਅਤੇ ਜਨਮ ਦਿਨ ਆਦਿ ਦੇ ਭੋਗ ਪਾਏ ਜਾਂਦੇ ਹਨ | ਸਨਿਚਰਵਾਰ-ਐਤਵਾਰ ਨੂੰ ਬਹੁਤ ਇਕੱਠ ਹੁੰਦਾ ਹੈ | 2000-2500 ਤੱਕ ਸੰਗਤ ਇਕੱਠੀ ਹੋ ਜਾਂਦੀ ਹੈ | ਸਨਿਚਰਵਾਰ-ਐਤਵਾਰ 2 ਤੋਂ 4 ਵਜੇ ਤੱਕ ਬੱਚਿਆਂ ਲਈ ਮੁਫ਼ਤ ਗੁਰਬਾਣੀ, ਗੁਰਮਤਿ, ਪੰਜਾਬੀ, ਸਿੱਖ ਇਤਿਹਾਸ, ਕੀਰਤਨ ਅਤੇ ਕਰਾਟੇ ਦੀਆਂ ਕਲਾਸਾਂ ਲੱਗਦੀਆਂ ਹਨ | ਜੁਲਾਈ ਵਿਚ ਬੱਚਿਆਂ ਲਈ ਸਮਰ ਕੈਂਪ ਲਗਾਏ ਜਾਂਦੇ ਹਨ | ਪੱਕੇ ਅਧਿਆਪਕ ਤੇ ਕੋਚ ਰੱਖਿਆ ਹੋਇਆ ਹੈ | ਗੁਰੂ-ਘਰ ਦਾ ਵਿਸਥਾਰ ਕਰਨ ਲਈ ਹੁਣ ਇਕ ਨਜ਼ਦੀਕੀ ਸਟੋਰ ਵੀ ਖ਼ਰੀਦ ਲਿਆ ਗਿਆ ਹੈ | ਨਜ਼ਦੀਕੀ ਹੰਬਰ ਕਾਲਜ ਵਿਚ ਪੜ੍ਹਨ ਵਾਲੇ 250-300 ਭਾਰਤੀ ਵਿਦਿਆਰਥੀ ਹਰ ਰੋਜ਼ ਲੰਗਰ ਛਕਦੇ ਹਨ | ਗੁਰੂ-ਘਰ ਦਾ ਪਤਾ 9 ਕੈਰੀਅਰ ਡਰਾਈਵ ਟੋਰਾਂਟੋ ਹੈ |

(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)
-ਪੰਡੋਰੀ ਸਿੱਧਵਾਂ | ਮੋਬਾ: 98151-24449

ਸ਼ਾਨਾਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ

ਪੁਰਾਤਨ ਸਮੇਂ 'ਚ ਨਿਹੰਗ ਸਜਣ ਦਾ ਅਰਥ ਸੀ, ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ 'ਚ ਛਕਣਾ, ਹਰ ਸਮੇਂ ਲੜਨ ਲਈ ਤਿਆਰ ਰਹਿਣਾ ਤੇ ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ (ਬੋਲੇ) ਤਿਆਰ ਕਰਨੀ ਨਿਹੰਗ ਫ਼ੌਜਾਂ ਦੀ ਖ਼ਾਸੀਅਤ ਸੀ | ਪਰ ਹੁਣ ਨਾ ਉਹ ਸਮਾਂ ਰਿਹਾ ਤੇ ਨਾ ਹੀ ਨਿਹੰਗ | ਸਮੇਂ ਦੇ ਬਦਲਣ ਨਾਲ ਨਿਹੰਗਾਂ ਦੇ ਹੱਥਾਂ 'ਚ ਤਲਵਾਰਾਂ, ਬਰਛਿਆਂ ਦੀ ਗਿਣਤੀ ਘਟ ਗਈ ਅਤੇ ਰਫ਼ਲਾਂ, ਬੰਦੂਕਾਂ ਵਧ ਗਈਆਂ | ਘੋੜਿਆਂ-ਹਾਥੀਆਂ ਦੀ ਥਾਂ ਜੀਪਾਂ-ਕਾਰਾਂ ਨੇ ਲੈ ਲਈ | ਪਹਿਲਾਂ-ਪਹਿਲ ਨਿਹੰਗ ਛਾਉਣੀਆਂ 'ਚ ਰਹਿੰਦੇ ਸਨ, ਪਰ ਹੁਣ ਜਿੱਥੇ ਥਾਂ ਮਿਲੇ, ਡੇਰਾ ਜਮਾ ਲੈਂਦੇ ਹਨ | ਜੇ ਨਿਹੰਗਾਂ ਦੇ ਇਤਿਹਾਸ 'ਤੇ ਝਾਤੀ ਮਾਰੀਏ ਤਾਂ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਇਕ ਦਿਨ ਸੋਹਣਾ ਉੱਚ ਦੁਮਾਲਾ ਅਤੇ ਨੀਲਾ ਬਾਣਾ ਸਜਾ ਕੇ ਦਸਮ ਪਾਤਸ਼ਾਹ ਦੇ ਸਾਹਮਣੇ ਆਏ ਤਾਂ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਿਹਾ ਇਸ ਲਿਬਾਸ ਵਾਲਾ ਇਕ ਨਿਹੰਗ ਪੰਥ ਹੋਵੇਗਾ | ਇਹ ਵੀ ਪ੍ਰਚੱਲਿਤ ਹੈ ਕਿ ਦਸਮ ਪਿਤਾ ਨੇ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਨਿਹੰਗ ਸਰੂਪ ਬਾਣਾ ਬਖ਼ਸ਼ਿਸ਼ ਕੀਤਾ ਸੀ, ਜਿਸ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਕਿ ਨਿਹੰਗ ਸਿੰਘਾਂ ਦਾ ਸਰੂਪ ਸਿਰਜਣ ਵਾਲੇ ਦਸਮ ਪਿਤਾ ਹੀ ਹਨ |
ਇਕ ਹੋਰ ਮੱਤ ਅਨੁਸਾਰ ਜਦੋਂ ਗੁਰੂ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਸਨ ਤਾਂ ਉਨ੍ਹਾਂ ਨੀਲਾ ਬਾਣਾ ਪਹਿਨਿਆ ਹੋਇਆ ਸੀ, ਪਰ ਇਨ੍ਹਾਂ ਸਾਖ਼ੀਆਂ ਦਾ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ | ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਨਿਹੰਗ ਸ਼ਬਦ ਦਾ ਅਰਥ ਖ਼ੜਗ, ਤਲਵਾਰ ਦੱਸਿਆ ਗਿਆ ਹੈ, ਜਦਕਿ ਸੰੰਸਕ੍ਰਿਤ ਭਾਸ਼ਾ 'ਚ ਇਸ ਦਾ ਅਰਥ ਨਿਡਰ ਸ਼ਬਦ ਦੀ ਪੂਰਤੀ ਕਰਦਾ ਹੈ | ਪੁਰਾਤਨ ਸਮੇਂ 'ਚ ਨਿਹੰਗ ਸਿੰਘਾਂ ਨੂੰ ਦੋ ਗਰੁੱਪਾਂ ਬੁੱਢਾ ਦਲ ਤੇ ਤਰਨਾ ਦਲ 'ਚ ਵੰਡਿਆ ਗਿਆ | 40 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਸਿੰਘ ਬੁੱਢਾ ਦਲ 'ਚ ਸ਼ਾਮਿਲ ਕੀਤੇ ਗਏ | ਇਨ੍ਹਾਂ ਦਾ ਕੰਮ ਗੁਰੂ-ਘਰਾਂ ਦੀ ਸੰਭਾਲ ਤੇ ਰੱਖਿਆ ਕਰਨਾ ਸੀ | 40 ਸਾਲ ਤੋਂ ਘੱਟ ਉਮਰ ਦੇ ਸਿੰਘ ਤਰਨਾ ਦਲ 'ਚ ਸ਼ਾਮਿਲ ਕੀਤੇ ਗਏ, ਜੋ ਅੱਗੇ ਵਧ ਕੇ ਜੰਗੀ ਮੋਰਚੇ ਸਰ ਕਰਦੇ ਸਨ | ਇਸੇ ਤਰ੍ਹਾਂ ਤਰਨਾ ਦਲ ਨੂੰ ਅੱਗੇ 5 ਜਥਿਆਂ 'ਚ ਵੰਡਿਆ ਗਿਆ | ਇਨ੍ਹਾਂ ਜਥਿਆਂ ਦਾ ਕੰਮ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੇ ਵੈਰੀ ਨਾਲ ਲੋਹਾ ਲੈਣਾ ਸੀ | ਹਰ ਇਕ ਜਥੇ ਵਿਚ 13 ਸੌ ਤੋਂ ਲੈ ਕੇ 2 ਹਜ਼ਾਰ ਦੇ ਕਰੀਬ ਹਥਿਆਰਬੰਦ ਸਿੰਘ ਸ਼ਾਮਿਲ ਹੁੰਦੇ ਸਨ |
ਜਦੋਂ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਪਹਿਲਾਂ ਨਵਾਬੀ ਤੇ ਜਾਗੀਰ ਦਾ ਖਿੱਲਤ ਪੇਸ਼ ਕਰਕੇ ਸਿੱਖਾਂ ਨਾਲ ਸੰਪਰਕ ਬਣਾਇਆ, ਫਿਰ ਵਿਸ਼ਵਾਸਘਾਤ ਕਰਕੇ ਉਸ ਨੇ ਸਿੱਖਾਂ 'ਤੇ ਦੁਬਾਰਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮੇਂ ਅਨੁਸਾਰ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ, ਪਹਾੜਾਂ ਵੱਲ ਖਿੱਲਰ ਗਏ | ਇਧਰ-ਉਧਰ ਖਿੰਡਣ ਨਾਲ ਇਨ੍ਹਾਂ ਦੇ ਕਈ ਛੋਟੇ- ਛੋਟੇ ਜਥੇ ਬਣਦੇ ਗਏ | ਸਮਾਂ ਬੀਤਦਾ ਗਿਆ 1748 ਦੀ ਵਿਸਾਖੀ ਨੂੰ ਸਾਰੇ ਜਥੇ ਅੰਮਿ੍ਤਸਰ ਇਕੱਠੇ ਹੋਏ ਤੇ ਸਰਬੱਤ ਖਾਲਸੇ ਦੇ ਗੁਰਮਤੇ ਨਾਲ ਵੱਡੀ ਜਥੇਬੰਦੀ ਦੀ ਸਥਾਪਨਾ ਕੀਤੀ, ਜਿਸ ਦਾ ਨਾਂਅ ਦਲ ਖ਼ਾਲਸਾ ਰੱਖਿਆ ਗਿਆ ਅਤੇ ਇਸ ਦੀ ਸਰਦਾਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ ਗਈ | ਦਲ ਖ਼ਾਲਸਾ ਦੀ ਸਥਾਪਨਾ ਨਾਲ ਸਾਰੇ ਛੋਟੇ- ਛੋਟੇ ਜਥਿਆਂ ਨੂੰ 11 ਟੋਲਿਆਂ 'ਚ ਵੰਡ ਦਿੱਤਾ ਅਤੇ ਇਨ੍ਹਾਂ ਟੋਲਿਆਂ ਨੂੰ ਮਿਸਲਾਂ ਦਾ ਨਾਂਅ ਦਿੱਤਾ ਗਿਆ | ਸਰਹਿੰਦ ਸੂਬੇ ਨੂੰ ਜਿੱਤਣ ਤੋਂ ਬਾਅਦ ਹਰ ਇਕ ਮਿਸਲ ਨੇ ਆਪਣੀਆਂ-ਆਪਣੀਆਂ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਮਿਸਲਦਾਰਾਂ ਦੀ ਆਪਸੀ ਖ਼ਾਰਬਾਜ਼ੀ ਤੇ ਵੈਰ ਵਧਣਾ ਸ਼ੁਰੂ ਹੋ ਗਿਆ | ਅਸਲ 'ਚ ਇਨ੍ਹਾਂ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਤੇ ਤਰਨਾ ਦਲ ਦੇ ਨਾਵਾਂ ਦੀ ਅਹਿਮੀਅਤ ਘਟਦੀ ਗਈ |
ਜਦੋਂ ਨਿਹੰਗ ਜਥੇਬੰਦੀਆਂ ਦਾ ਸੰਗਠਨਾਤਮਿਕ ਢਾਂਚਾ ਤੈਅ ਕੀਤਾ ਗਿਆ, ਉਦੋਂ ਤੱਕ ਬੁੱਢਾ ਦਲ ਤੇ 5 ਤਰਨਾ ਦਲ ਹੁੰਦੇ ਸਨ, ਪਰ 1984 ਦੇ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਤੋਂ ਬਾਅਦ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਨੇ ਸਰਕਾਰ ਨਾਲ ਮਿਲ ਕੇ ਕਾਰਸੇਵਾ ਸ਼ੁਰੂ ਕਰਵਾਈ, ਜਿਸ ਨੂੰ ਸ਼ੋ੍ਰਮਣੀ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ | ਬਾਬਾ ਸੰਤਾ ਸਿੰਘ ਪੰਥ 'ਚੋਂ ਛੇਕ ਦਿੱਤਾ ਗਿਆ | ਸ਼੍ਰੋਮਣੀ ਕਮੇਟੀ ਅਤੇ ਅਕਾਲੀਆਂ ਨੇ ਬਾਬਾ ਸੰਤਾ ਸਿੰਘ ਦੀ ਜਥੇਬੰਦੀ ਦੇ ਬਰਾਬਰ ਇਕ ਹੋਰ ਬੁੱਢਾ ਦਲ ਨੂੰ ਮਾਨਤਾ ਦੇ ਦਿੱਤੀ, ਪਰ ਬੁੱਢਾ ਦਲ ਦਾ ਰਲੇਵਾਂ ਨਹੀਂ ਹੋ ਸਕਿਆ | ਇਸ ਸਮੇਂ ਸ਼ੋ੍ਰਮਣੀ ਕਮੇਟੀ ਦੀ ਮਾਨਤਾ ਪ੍ਰਾਪਤ ਬੁੱਢਾ ਦਲ ਦੀ ਜਥੇਦਾਰੀ ਬਾਬਾ ਬਲਬੀਰ ਸਿੰਘ ਕੋਲ ਹੈ | ਬੁੱਢਾ ਦਲ ਵਾਂਗ ਤਰਨਾ ਦਲ ਵੀ ਪਾਟੋਧਾੜ ਹੈ | ਇਨ੍ਹਾਂ ਦੇ ਗਰੁੱਪਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੈ | ਇਨ੍ਹਾਂ ਜਥੇਬੰਦੀਆਂ ਵਿਚ ਤਰਨਾ ਦਲ ਹਰੀਆਂ ਵੇਲਾਂ ਵਰਗੇ ਵੀ ਸੰਗਠਨ ਹਨ, ਜੋ ਸਮੇਂ ਨਾਲ ਬਦਲੇ ਸਮਾਜ ਵਿਚ ਆਪਣਾ ਰੋਲ ਅਦਾ ਕਰ ਰਹੇ ਹਨ |

-ਜ਼ੀਰਕਪੁਰ | ਮੋਬਾ: 98140-95400

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ (ਲੁਧਿਆਣਾ)

'ਜਿਥੇ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ' ਦੇ ਮਹਾਂਵਾਕ ਅਨੁਸਾਰ ਸਾਡੇ ਗੁਰੂਆਂ ਨੇ ਜਿਥੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗ੍ਹਾ ਰਹਿੰਦੀ ਦੁਨੀਆ ਤੱਕ ਸਦਾ ਲਈ ਪੂਜਣਯੋਗ ਤੇ ਦਰਸ਼ਨੀ ਅਸਥਾਨ ਬਣ ਗਈ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਸਮਾਦੀ ਪਲਾਂ ਦਾ ਇਕ ਸੁਨਹਿਰੀ ਪੰਨਾ ਪਿੰਡ ਗੁੱਜਰਵਾਲ (ਲੁਧਿਆਣਾ) ਦੀ ਧਰਤੀ 'ਤੇ ਸਿਰਜਿਆ ਗਿਆ, ਜਿਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 6 ਮਹੀਨੇ 17 ਦਿਨ ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਪਦੇਸ਼ ਦਿੱਤਾ ਹੈ | ਇਸ ਅਸਥਾਨ 'ਤੇ ਅੱਜ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੀ ਸੁੰਦਰ ਇਮਾਰਤ ਸੁਸ਼ੋਭਿਤ ਹੈ | ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਛਪੇ ਗ੍ਰੰਥਾਂ ਤੋਂ ਮਿਲੇ ਵੇਰਵਿਆਂ ਅਨੁਸਾਰ 1688 ਬਿਕਰਮੀ ਨੂੰ ਜਦੋਂ ਪਿੰਡ ਤੋਂ ਬਾਹਰਵਾਰ ਪੁਰਾਣੀ ਢਾਬ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ 2200 ਤੋਂ ਵਧੀਕ ਫੌਜੀ ਸਿਪਾਹੀਆਂ ਸਮੇਤ ਚੌਧਰੀ ਫਤੂਹੀ ਦੇ ਇਲਾਕੇ ਵਿਚ ਕੁਝ ਠਹਿਰਨਾ ਕੀਤਾ ਤਾਂ ਸਭਨੀਂ ਪਾਸੀਂ ਰੌਣਕਾਂ ਲੱਗ ਗਈਆਂ | ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ | ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਹੁਣ ਵਾਲੇ ਤਲਾਬ ਵਾਲੇ ਅਸਥਾਨ 'ਤੇ ਪੁਰਾਣੀ ਢਾਬ ਹੁੰਦੀ ਸੀ, ਜਿਸ ਦੇ ਕੰਢੇ ਗੁਰੂ ਸਾਹਿਬ ਉਤਰੇ ਸਨ |
ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਜੀਤ ਸਿੰਘ ਰਾਜੇਵਾਲ ਨੇ ਦੱਸਿਆ ਕਿ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਵਿਖੇ ਹਰੇਕ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਦ ਕਿ ਇਸ ਅਸਥਾਨ ਦਾ ਮੁੱਖ ਸਮਾਗਮ ਚੇਤਰ ਚੌਦੇ ਦੀ ਮੱਸਿਆ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਹੁੰਦਾ ਹੈ, ਜੋ ਕਿ ਇਸ ਸਾਲ ਹਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਮਿਤੀ 26 ਤੋਂ 28 ਮਾਰਚ ਤੱਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਾਨੋ-ਸ਼ੌਕਤ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿਤੀ 26 ਮਾਰਚ ਨੂੰ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ, ਜੋ ਕਿ ਲਾਗਲੇ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਮਾਪਤ ਹੋਵੇਗਾ | 27 ਮਾਰਚ ਨੂੰ ਢਾਡੀ ਦਰਬਾਰ ਅਤੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਅਖੀਰਲੇ ਦਿਨ ਪੰਜਾਬ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਜਥੇ, ਸੰਤ-ਮਹਾਂਪੁਰਸ਼ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ |

-ਤੇਜਿੰਦਰ ਸਿੰਘ ਬਿੰਜੀ
ਮੋਬਾ: 98147-85712


ਸ਼ਬਦ ਵਿਚਾਰ ਚੇਤਿ ਗੋਬਿੰਦੁ ਅਰਾਧੀਐ ਹੋਵੈ ਅਨੰਦੁ ਘਣਾ¨

ਬਾਰਹ ਮਾਹਾ ਮਾਂਝ ਮਹਲਾ 5 ਘਰੁ 4
ੴ ਸਤਿਗੁਰ ਪ੍ਰਸਾਦਿ¨
ਚੇਤਿ ਗੋਬਿੰਦੁ ਅਰਾਧੀਐ ਹੋਵੈ ਅਨੰਦੁ ਘਣਾ¨
ਸੰਤ ਜਨਾ ਮਿਲਿ ਪਾਈਐ
ਰਸਨਾ ਨਾਮੁ ਭਣਾ¨
ਜਿਨਿ ਪਾਇਆ ਪ੍ਰਭੁ ਆਪਣਾ
ਆਏ ਤਿਸਹਿ ਗਣਾ¨
ਇਕੁ ਖਿਨੁ ਤਿਸੁ ਬਿਨੁ ਜੀਵਣਾ
ਬਿਰਥਾ ਜਨਮੁ ਜਣਾ¨
ਜਲਿ ਥਲਿ ਮਹੀਅਲਿ ਪੂਰਿਆ
ਰਵਿਆ ਵਿਚਿ ਵਣਾ¨
ਸੋ ਪ੍ਰਭੁ ਚਿਤਿ ਨ ਆਵਈ
ਕਿਤੜਾ ਦੁਖੁ ਗਣਾ¨
ਜਿਨੀ ਰਾਵਿਆ ਸੋ ਪ੍ਰਭੂ
ਤਿੰਨਾ ਭਾਗੁ ਮਣਾ¨
ਹਰਿ ਦਰਸਨ ਕੰਉ ਮਨੁ ਲੋਚਦਾ
ਨਾਨਕ ਪਿਆਸ ਮਨਾ¨
ਚੇਤਿ ਮਿਲਾਏ ਸੋ ਪ੍ਰਭੂ
ਤਿਸ ਕੈ ਪਾਇ ਲਗਾ¨ 2¨ (ਅੰਗ 133)
ਪਦ ਅਰਥ : ਚੇਤਿ-ਚੇਤ (ਮਹੀਨੇ) ਵਿਚ | ਗੋਬਿੰਦੁ ਅਰਾਧੀਐ-ਪਰਮਾਤਮਾ ਦੀ ਅਰਾਧਨਾ ਕਰੀਏ, ਸਿਮਰਨ ਕਰੀਏ | ਘਣਾ-ਬੜਾ | ਰਸਨਾ-ਜੀਭ | ਭਣਾ-ਉਚਾਰਨ ਨਾਲ, ਜਪਣ ਨਾਲ, ਸਿਮਰਨ ਨਾਲ | ਤਿਸਹਿ-ਉਸ ਨੂੰ ਹੀ, ਉਨ੍ਹਾਂ ਦੀ ਹੀ | ਗਣਾ-ਗਿਣਦਾ ਹਾਂ | ਇਕੁ ਖਿਨੁ-ਇਕ ਛਿੰਨ ਲਈ, ਇਕ ਪਲ ਲਈ ਵੀ | ਮਹੀਅਲਿ-ਪੁਲਾੜ ਵਿਚ, ਆਕਾਸ਼ ਵਿਚ | ਰਵਿਆ-ਰਮਿਆ ਹੋਇਆ ਹੈ | ਵਿਚਿ ਵਣਾ-ਵਣਾਂ ਜੰਗਲਾਂ ਵਿਚ | ਪੂਰਿਆ-ਭਰਪੂਰ ਹੈ | ਕਿਤੜਾ ਦੁਖੁ ਗਣਾ-ਕਿੰਨਾ (ਐਨਾ) ਦੁੱਖ ਹੋਵੇਗਾ, ਜੋ ਬਿਆਨ ਤੋਂ ਬਾਹਰ ਹੈ (ਬਿਆਨ ਕੀਤਾ ਨਹੀਂ ਜਾ ਸਕਦਾ) | ਰਾਵਿਆ-ਨਾਮ ਰਸ ਨੂੰ ਮਾਣਿਆ ਹੈ, ਭੋਗਿਆ ਹੈ | ਤਿੰਨਾ-ਉਨ੍ਹਾਂ ਦੇ | ਭਾਗੁ ਮਣਾ-ਵੱਡੇ ਭਾਗ ਹਨ | ਕੰਉ-ਨੂੰ | ਲੋਚਦਾ-ਤਾਂਘਦਾ ਹੈ, ਵਿਆਕੁਲ ਹੋ ਰਿਹਾ ਹਾਂ | ਪਾਇ-ਪੈਰੀਂ, ਚਰਨੀਂ |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹਮਾਹਾ ਅੰਕਿਤ ਹਨ | ਇਕ ਰਾਗੁ ਤੁਖਾਰੀ ਵਿਚ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਅਤੇ ਦੂਜਾ ਬਾਰਹਮਾਹਾ ਰਾਗੁ ਮਾਝ ਵਿਚ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਹੈ | ਇਨ੍ਹਾਂ ਦੋਵਾਂ ਵਿਚ ਦੇਸੀ ਮਹੀਨੇ ਚੇਤ ਤੋਂ ਲੈ ਕੇ ਫੱਗਣ ਦੇ ਮਹੀਨੇ ਤੱਕ ਦੀਆਂ ਬਦਲਦੀਆਂ ਕੁਦਰਤੀ ਰੁੱਤਾਂ ਨੂੰ ਪਿਛੋਕੜ ਵਿਚ ਰੱਖ ਕੇ ਪਰਮਾਤਮਾ ਨਾਲੋਂ ਵਿਛੜੀ ਹੋਈ ਜੀਵ-ਇਸਤਰੀ ਦੀ ਬਿਹਬਲਤਾ ਨੂੰ ਦਰਸਾਇਆ ਗਿਆ ਹੈ | ਰਾਗੁ ਮਾਝ ਬਾਰਹਮਾਹਾ ਦੇ 14 ਸ਼ਬਦ ਹਨ, ਜਿਸ ਵਿਚ ਪਹਿਲਾ ਸ਼ਬਦ ਮੰਗਲਾ ਚਰਣ ਵਜੋਂ ਉਚਾਰਿਆ ਗਿਆ ਹੈ | 14ਵੇਂ ਭਾਵ ਅੰਤਲੇ ਸ਼ਬਦ ਵਿਚ ਇਸ ਗੱਲ ਦਾ ਨਿਸਤਾਰਾ ਕੀਤਾ ਗਿਆ ਹੈ ਕਿ ਜਿਨ੍ਹਾਂ-ਜਿਨ੍ਹਾਂ ਨੇ ਮਾਲਕ ਪ੍ਰਭੂ ਨੂੰ ਸਿਮਰਿਆ ਹੈ, ਉਹ ਸੁਰਖਰੂ ਹੋ ਕੇ ਸੱਚੇ ਦੇ ਦਰਬਾਰ ਜਾਂਦੇ ਹਨ-
ਜਿਨਿ ਜਿਨਿ ਨਾਮੁ ਧਿਆਇਆ
ਤਿਨ ਕੇ ਕਾਜ ਸਰੇ |
ਹਰਿ ਗੁਰੁ ਪੂਰਾ ਆਰਾਧਿਆ
ਦਰਗਾਹ ਸਚਿ ਖਰੇ¨ (ਅੰਗ 136)
ਇਸੇ ਵਿਚਾਰ ਨੂੰ ਜਗਤ ਗੁਰੂ ਬਾਬੇ ਨੇ 'ਜਪੁ' ਜੀ ਦੇ ਅੰਤਲੇ ਸਲੋਕ ਵਿਚ ਇਸ ਪ੍ਰਕਾਰ ਪ੍ਰਗਟ ਕੀਤਾ ਹੈ-
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ¨
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ¨
(ਅੰਗ 8)
14ਵੇਂ ਸ਼ਬਦ ਦੇ ਅੰਤ ਵਿਚ ਸਮਾਜ ਵਿਚ ਪ੍ਰਚਲਤ ਭਰਮ-ਭੁਲੇਖਿਆਂ, ਧਾਰਮਿਕ ਕਰਮਕਾਂਡਾਂ ਤੋਂ ਸੁਚੇਤ ਕਰਕੇ ਪ੍ਰਾਣੀ ਨੂੰ ਸੇਧ ਦਿੱਤੀ ਗਈ ਹੈ ਕਿ ਸਾਰੇ ਦਿਨ-ਦਿਹਾੜੇ, ਮਹੀਨੇ, ਮਹੂਰਤ ਆਦਿ ਸੁਲੱਖਣੇ ਹਨ | ਇਨ੍ਹਾਂ ਵਿਚ ਪੈ ਕੇ ਕਿਸੇ ਪ੍ਰਕਾਰ ਦਾ ਵਹਿਮ ਜਾਂ ਭਰਮ ਨਹੀਂ ਕਰਨਾ ਚਾਹੀਦਾ | ਇਕ ਮਲਕ ਪ੍ਰਭੂ ਦੀ ਨਦਰ ਸਵੱਲੀ ਹੋਣੀ ਚਾਹੀਦੀ ਹੈ-
ਮਾਹ ਦਿਵਸ ਮੂਰਤ ਭਲੇ
ਜਿਸ ਕਉ ਨਦਰਿ ਕਰੇ¨
ਨਾਨਕੁ ਮੰਗੈ ਦਰਸ ਦਾਨੁ
ਕਿਰਪਾ ਕਰਹੁ ਹਰੇ¨ (ਅੰਗ 136)
ਰਾਗੁ ਤੁਖਾਰੀ ਬਾਰਹਮਾਹਾ ਦੇ 17 ਸ਼ਬਦ ਹਨ, ਜਿਸ ਦੇ ਅੰਤਲੇ ਸ਼ਬਦ ਵਿਚ ਵੀ ਗੁਰੂ ਬਾਬਾ ਦਿ੍ੜ੍ਹ ਕਰ ਰਹੇ ਹਨ ਕਿ ਜਿਸ ਜੀਵ-ਇਸਤਰੀ ਦੇ ਹਿਰਦੇ ਘਰ ਵਿਚ ਸਦਾ ਥਿਰ ਰਹਿਣ ਵਾਲੇ ਮਾਲਕ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ, ਉਸ ਨੂੰ ਬਾਰਾਂ ਮਹੀਨੇ, ਸਾਰੀਆਂ ਰੁੱਤਾਂ, ਥਿੱਤਾਂ, ਦਿਨ, ਘੜੀਆਂ, ਸਾਰੇ ਮਹੂਰਤ ਅਤੇ ਪਲ ਭਲੇ ਜਾਪਦੇ ਹਨ-
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ¨
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ¨
ਬੇ ਦਸ-ਦੋ ਅਤੇ ਦਸ ਭਾਵ ਬਾਰਾਂ |
ਰਾਗੁ ਤੁਖਾਰੀ ਬਾਰਹਮਾਹਾ ਵਿਚ ਚੇਤ ਮਹੀਨੇ ਦਾ ਪਾਠ ਇਸ ਪ੍ਰਕਾਰ ਹੈ-
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ¨
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ¨
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ
ਬਿਰਹਿ ਬਿਰੋਧ ਤਨੁ ਛੀਜੈ¨
ਕੋਕਿਲ ਅੰਬਿ ਸੁਹਾਵੀ ਬੋਲੈ
ਕਿਉ ਦੁਖੁ ਅੰਕਿ ਸਹੀਜੈ¨
ਭਵਰੁ ਭਵੰਤਾ ਫੂਲੀ ਡਾਲੀ
ਕਿਉ ਜੀਵਾ ਮਰੁ ਮਾਏ¨
ਨਾਨਕ ਚੇਤਿ ਸਹਜਿ ਸੁਖੁ ਪਾਵੈ
ਜੇ ਹਰਿ ਵਰੁ ਘਰਿ ਧਨ ਪਾਏ¨ 5¨
(ਅੰਗ 1108)
ਸੁਹਾਵੜੇ-ਸੁਹਾਵਣੇ | ਮੰਝ-ਵਿਚ | ਬਾਰਿ-ਖੁੱਲ੍ਹੀ ਧਰਤ, ਖੁੱਲ੍ਹਾ ਜੂਹ, ਨਨਕਾਣਾ ਸਾਹਿਬ ਦੇ ਆਸ ਪਾਸ ਦਾ ਇਲਾਕਾ 'ਬਾਰ' ਕਰਕੇ ਪ੍ਰਸਿੱਧ ਹੈ | ਮੈ-ਮੇਰਾ | ਪਿਰੁ-ਮਾਲਕ ਪ੍ਰਭੂ | ਬਾਹੁੜੈ-ਆਵੇ | ਧਨ-ਇਸਤਰੀ | ਬਿਰਹਿ-ਵਿਜੋਗ ਵਿਚ | ਛੀਜੈ-ਕਮਜ਼ੋਰ ਹੋ ਜਾਂਦਾ ਹੈ | ਅੰਕਿ-ਹਿਰਦੇ ਵਿਚ | ਵਰੁ-ਮਾਲਕ, ਪਤੀ | ਸੁਹਾਵੀ ਬੋਲੈ-ਮਿੱਠੇ ਬੋਲ ਬੋਲਦੀ ਹੈ | ਸਹੀਜੈ-ਸਹਾਰਿਆ | ਭਵਰੁ-ਭੌਰਾ | ਭਵੰਤਾ-ਭਟਕਦਾ ਫਿਰਦਾ ਹੈ | ਫੂਲੀ ਡਾਲੀ-ਫੁੱਲਾਂ ਅਤੇ ਡਾਲੀਆਂ 'ਤੇ |
ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਚੇਤ ਮਹੀਨੇ ਵਿਚ ਬਸੰਤ ਰੁੱਤ ਆਉਣ ਨਾਲ ਸਾਰੀ ਬਨਸਪਤੀ ਫੁੱਲ-ਪੱਤੀਆਂ ਨਾਲ ਸ਼ਿੰਗਾਰੀ ਜਾਂਦੀ ਹੈ, ਜਿਨ੍ਹਾਂ 'ਤੇ ਭੰਵਰੇ ਕਲੋਲ ਕਰਦੇ ਬੜੇ ਸੁੰਦਰ ਲਗਦੇ ਹਨ | ਅੰਬਾਂ ਦੇ ਰੁੱਖਾਂ 'ਤੇ ਬੈਠ ਕੇ ਕੋਇਲ ਬੜੇ ਮਿੱਠੇ ਬੋਲ ਬੋਲਦੀ ਹੈ | ਇਹ ਸਭ ਕੁਝ ਦੇਖ ਕੇ ਪ੍ਰਭੂ ਨਾਲੋਂ ਵਿਛੜੀ ਜੀਵ-ਇਸਤਰੀ ਵੀ ਲੋਚਦੀ ਹੈ ਕਿ ਕਿਧਰੇ ਪ੍ਰਭੂ ਪਤੀ ਦਾ ਮੇਰੇ ਹਿਰਦੇ ਘਰ ਵਿਚ ਵਸੇਵਾ ਹੋ ਜਾਵੇ |
ਜਦੋਂ ਤੱਕ ਪ੍ਰਭੂ ਪਤੀ ਦਾ ਜੀਵ-ਇਸਤਰੀ ਦੇ ਹਿਰਦੇ ਘਰ ਵਿਚ ਵਾਸਾ ਨਹੀਂ ਹੁੰਦਾ ਤਾਂ ਉਸ ਨੂੰ ਆਤਮਿਕ ਅਨੰਦ ਪ੍ਰਾਪਤ ਕਿਵੇਂ ਹੋ ਸਕਦਾ ਹੈ? ਇਸ ਪ੍ਰਕਾਰ ਉਹ ਦੁਖੀ ਹੁੰਦੀ ਰਹਿੰਦੀ ਹੈ ਅਤੇ ਵਿਕਾਰਾਂ ਕਾਰਨ ਉਸ ਦਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ | ਉਸ ਤੋਂ ਵਿਛੋੜੇ ਦਾ ਇਹ ਦੁੱਖ ਸਹਾਰਿਆ ਨਹੀਂ ਜਾਂਦਾ ਅਤੇ ਉਹ ਮਨ ਹੀ ਮਨ ਵਿਚ ਸੋਚਦੀ ਹੈ ਕਿ ਮੈਂ ਕਿਸ ਲਈ ਜਿਊਾਦੀ ਹਾਂ, ਮੈਂ ਮਰ ਕਿਉਂ ਨਹੀਂ ਜਾਂਦੀ? ਵਾਸਤਵ ਵਿਚ ਜੋ ਮਨ ਭੌਰ ਫੁੱਲ-ਡਾਲੀਆਂ 'ਤੇ ਭਟਕਦਾ ਰਹਿੰਦਾ ਹੈ, ਇਸ ਨੂੰ ਆਤਮਿਕ ਜੀਵਨ ਨਹੀਂ ਆਖਿਆ ਜਾ ਸਕਦਾ, ਇਹ ਤਾਂ ਆਤਮਿਕ ਮੌਤ ਹੈ |
ਦੂਜੇ ਬੰਨੇ ਜੋ ਚੇਤ ਦੇ ਮਹੀਨੇ ਵਿਚ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਿਕ ਅਨੰਦ ਮਾਣਦਾ ਹੈ, ਉਹ ਜੀਵ-ਇਸਤਰੀ ਹਿਰਦੇ ਘਰ ਵਿਚ ਹੀ ਪ੍ਰਭੂ ਪਤੀ ਨੂੰ ਲੱਭ ਲੈਂਦੀ ਹੈ |
ਬਾਰਹ ਮਾਹਾ ਮਾਂਝ ਮਹਲਾ 5 ਦੇ ਅੱਖਰੀਂ ਅਰਥ : ਜੇਕਰ ਚੇਤ ਦੇ ਮਹੀਨੇ ਵਿਚ ਪਰਮਾਤਮਾ ਨੂੰ ਸਿਮਰੀਏ ਤਾਂ ਬੜੇ ਆਤਮਿਕ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ | ਰਸਨਾ ਨਾਲ ਨਾਮ ਦੇ ਉਚਾਰਨ ਦੀ ਜਾਚ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ | ਉਸ ਮਨੁੱਖ ਦਾ ਹੀ ਜਗਤ ਵਿਚ ਆਉਣਾ ਸਫਲਾ ਹੈ, ਜਿਸ ਨੇ ਆਪਣੇ ਪਰਮਾਤਮਾ ਨੂੰ ਪਾ ਲਿਆ ਹੈ, ਜਿਸ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਹੈ |
ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਕ ਖਿਨ ਭਰ ਲਈ ਜਿਊਣਾ ਸਮਝੋ ਜੀਵਨ ਵਿਅਰਥ ਹੀ ਜਾਣ ਵਾਲੀ ਗੱਲ ਹੈ | ਜੋ ਪ੍ਰਭੂ ਪਾਣੀ, ਧਰਤੀ, ਆਕਾਸ਼, ਜੰਗਲਾਂ ਭਾਵ ਹਰ ਥਾਂ ਰਮਿਆ ਹੋਇਆ ਹੈ, ਅਜਿਹਾ ਪ੍ਰਭੂ ਜੇਕਰ ਕਿਸੇ ਦੇ ਹਿਰਦੇ ਵਿਚ ਨਾ ਵਸੇ, ਚਿੱਤ ਵਿਚ ਨਾ ਆਵੇ ਤਾਂ ਉਸ ਦੇ ਦੁੱਖਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ |
ਪਰ ਜਿਨ੍ਹਾਂ ਨੇ ਉਸ ਮਾਲਕ ਪ੍ਰਭੂ ਨੂੰ ਸਿਮਰਿਆ ਹੈ, ਉਹ ਵੱਡੇ ਭਾਗਾਂ ਵਾਲੇ ਹਨ | ਪੰਚਮ ਗੁਰਦੇਵ ਦਿ੍ੜ੍ਹ ਕਰਵਾ ਰਹੇ ਹਨ ਕਿ ਅਜਿਹੇ ਪ੍ਰਭੂ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਅਤੇ (ਹਰ ਵੇਲੇ) ਉਸ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ | ਜਿਹੜਾ ਜਗਿਆਸੂ ਚੇਤ ਦੇ ਮਹੀਨੇ ਵਿਚ ਮੇਰਾ ਪ੍ਰਭੂ ਨਾਲ ਮਿਲਾਪ ਕਰਵਾ ਦੇਵੇ, ਮੈਂ ਉਸ ਦੇ ਚਰਨੀਂ ਲਗਦਾ ਹਾਂ |

-217-ਆਰ, ਮਾਡਲ ਟਾਊਨ, ਜਲੰਧਰ |

ਪ੍ਰੇਰਨਾ-ਸਰੋਤ ਸੰਜਮ ਮਨ ਵਿਚਲਿਤ ਨਹੀਂ ਹੁੰਦਾ

ਜਿਹੜਾ ਮਨੁੱਖ ਆਪਣੇ ਅਹਮ (ਘੁਮੰਡ) ਤੇ ਅਧਿਕਾਰ ਪ੍ਰਾਪਤ ਕਰ ਲੈਂਦਾ ਹੈ, ਉਸ ਉੱਤੇ ਸੰਸਾਰ ਦੀ ਕੋਈ ਚੀਜ਼ ਪ੍ਰਭਾਵ ਨਹੀਂ ਪਾ ਸਕਦੀ। ਉਸ ਲਈ ਕੋਈ ਬੰਧਨ ਨਹੀਂ ਰਹਿ ਜਾਂਦਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸੰਜਮ ਮਨ ਵਿਚਲਿਤ ਨਹੀਂ ਹੁੰਦਾ। ਉਸ ਦਾ ਮਨ ਸੁਤੰਤਰ ਹੋ ਜਾਂਦਾ ਹੈ। ਅਜਿਹੇ ਵਿਅਕਤੀ ਹੀ ਸੰਸਾਰ ਵਿਚ ਰਹਿਣ ਦੇ ਯੋਗ ਹੁੰਦੇ ਹਨ। ਉਹ ਰਾਮਾਇਣ ਵਿਚੋਂ ਮਹਾਰਿਸ਼ੀ ਬਿਆਸ ਦੇ ਪੁੱਤਰ ਸ਼ੁੱਕਦੇਵ ਦੀ ਉਦਾਹਰਨ ਦਿੰਦੇ ਹਨ, ਜਿਸ ਨੇ ਆਪਣੇ ਪਿਤਾ ਦੀ ਸਿੱਖਿਆ ਤੇ ਆਪਣੀ ਇੱਛਾਸ਼ਕਤੀ ਅਨੁਸਾਰ ਸੰਜਮ ਵਿਚ ਰਹਿਣਾ ਸਿੱਖਿਆ ਸੀ। ਉਸ ਦੇ ਪਿਤਾ ਵਿਆਸ ਨੇ ਸ਼ੁੱਕਦੇਵ ਨੂੰ ਰਾਜਾ ਜਨਕ ਕੋਲ ਸਿੱਖਿਆ ਲਈ ਭੇਜਿਆ। ਜਨਕ ਨੂੰ ਵਿਦੇਹ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਜਿਸ ਦਾ ਅਰਥ ਹੈ ਸਰੀਰ ਤੋਂ ਵੱਖ। ਜਨਕ ਨੂੰ ਜਦ ਪਤਾ ਲੱਗਾ ਕਿ ਸ਼ੁੱਕਦੇਵ ਉਸ ਕੋਲ ਤੱਤ ਗਿਆਨ ਦੀ ਸਿੱਖਿਆ ਲੈਣ ਆ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਦੇ ਸੰਜਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਦ ਬਾਲਕ ਸ਼ੁੱਕਦੇਵ ਰਾਜਮਹਲ ਦੇ ਦੁਆਰ 'ਤੇ ਪੁੱਜਾ ਤਾਂ ਸੰਤਰੀਆਂ ਨੇ ਉਸ ਨੂੰ ਕੇਵਲ ਬੈਠਣ ਲਈ ਆਸਣ ਦਿੱਤਾ ਤੇ ਉਸ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਆਪਣੀ ਤੇ ਆਪਣੇ ਪਿਤਾ ਦੇ ਸਨਮਾਨ ਨੂੰ ਜਾਣਦੇ ਹੋਏ ਵੀ ਸ਼ੁੱਕਦੇਵ ਤਿੰਨ ਦਿਨ ਤੱਕ ਸ਼ਾਂਤ ਰਹਿ ਕੇ ਦੁਆਰ 'ਤੇ ਸੰਤਰੀਆਂ ਕੋਲ ਬੈਠੇ ਰਹੇ। ਇਸ ਤੋਂ ਬਾਅਦ ਰਾਜੇ ਦੇ ਅਧਿਕਾਰੀ ਆਏ ਤੇ ਉਸ ਨੂੰ ਅੰਦਰ ਲੈ ਗਏ। ਮਹਿਲ ਵਿਚ ਨਾਚ-ਗਾਣਾ ਚੱਲ ਰਿਹਾ ਸੀ। ਉਥੇ ਵੀ ਸ਼ੁੱਕਦੇਵ ਸ਼ਾਂਤ ਹੀ ਰਿਹਾ। ਜਨਕ ਨੇ ਉਸ ਨੂੰ ਦੁੱਧ ਦਾ ਭਰਿਆ ਪਿਆਲਾ ਦੇ ਕੇ ਮਹਿਲ ਦੇ ਸੱਤ ਚੱਕਰ ਲਾਉਣ ਲਈ ਕਿਹਾ। ਸ਼ੁੱਕਦੇਵ ਨੇ ਬੜੇ ਸ਼ਾਂਤ ਸੁਭਾਅ ਨਾਲ ਵਿਚਲਿਤ ਹੋੲ ਬਿਨਾਂ ਮਹਿਲ ਦੇ ਸੱਤ ਚੱਕਰ ਲਾਏ। ਇਕ ਬੂੰਦ ਵੀ ਦੁੱਧ ਬਾਹਰ ਨਾ ਡਿਗਿਆ। ਅਜਿਹਾ ਉਸ ਦਾ ਆਪਣੇ ਮਨ ਤੇ ਸੰਜਮ ਸੀ। ਜਦ ਚੱਕਰ ਲਗਾ ਕੇ ਉਹ ਜਨਕ ਸਾਹਮਣੇ ਹਾਜ਼ਰ ਹੋਇਆ ਤਾਂ ਜਨਕ ਨੇ ਕਿਹਾ, 'ਜੋ ਤੂੰ ਆਪਣੇ ਪਿਤਾ ਤੋਂ ਅਤੇ ਆਪਣੇ-ਆਪ ਸਿੱਖਿਆ ਹੈ, ਮੈਂ ਉਸ ਤੋਂ ਵੱਧ ਤੈਨੂੰ ਕੁਝ ਨਹੀਂ ਸਿਖਾ ਸਕਦਾ।'

-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX