ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  15 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  24 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  42 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  49 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਨਮ ਕਪੂਰ ਚੁੱਪ ਨਹੀਂ ਰਹੂੰਗੀ

ਸੋਨਮ ਕਪੂਰ ਨੇ ਰਾਮ ਗੋਪਾਲ ਵਰਮਾ ਦੇ ਟਵਿੱਟਰ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਰਾਮੂ ਨੇ ਕਿਹਾ ਸੀ ਕਿ ਦੁਨੀਆ ਦੀ ਹਰ ਔਰਤ ਆਪਣੇ ਘਰਵਾਲੇ ਨੂੰ ਓਨੀ ਖੁਸ਼ੀ ਦੇਵੇ ਜਿੰਨੀ ਸੰਨੀ ਲਿਓਨ ਦਿੰਦੀ ਹੈ। ਇਸ 'ਤੇ ਸੋਨਮ ਨੇ ਕਿਹਾ ਕਿ ਰਾਮੂ ਜਿਹੇ ਫੇਲ੍ਹ ਬੰਦੇ ਦੀ ਗੱਲ 'ਤੇ ਧਿਆਨ ਦੇਣਾ ਸਾਡੇ ਲਈ ਠੀਕ ਨਹੀਂ ਹੈ। ਇਹ ਔਰਤਾਂ ਦੇ ਖਿਲਾਫ਼ ਹੈ। ਸੋਨਮ ਦੇ ਕਹਿਣ 'ਤੇ ਇਕ ਲਹਿਰ ਚਲ ਪਈ ਤੇ ਰਾਮੂ ਦੇ ਗੋਡੇ ਲੁਆ ਦਿੱਤੇ। ਰਾਮੂ ਨੂੰ ਮੁਆਫ਼ੀ ਤੱਕ ਮੰਗਣੀ ਪਈ। 'ਸਰਕਾਰ-3' ਤੇ 'ਵੀਰੇ ਦੀ ਵੈਂਡਿੰਗ' ਫ਼ਿਲਮਾਂ ਕਰ ਰਹੀ ਸੋਨਮ ਕਪੂਰ ਨੇ ਇਕ ਪਾਰਦਰਸ਼ੀ ਝਾਲਰ ਵਾਲਾ ਕਾਲਰ ਸੂਟ ਪਾ ਕੇ ਤਸਵੀਰਾਂ ਖਿਚਵਾਈਆਂ। ਸੋਨਮ ਨੇ ਕਿਹਾ ਕਿ ਮੀਡੀਆ ਜਾਣ ਬੁੱਝ ਕੇ ਗ਼ਲਤ ਕੋਣ ਤੋਂ ਤਸਵੀਰਾਂ ਖਿੱਚ ਕੇ ਛਾਪ ਦਿੰਦਾ ਹੈ। ਨੈੱਟ 'ਤੇ ਪਾ ਦਿੰਦਾ ਹੈ ਪਰ ਉਸ ਨੂੰ ਆਪਣੇ ਜਿਸਮ 'ਤੇ ਮਾਣ ਹੈ। ਕੀ ਫਰਕ ਪੈਂਦਾ ਹੈ ਫੋਟੋ ਤਰੋੜ-ਮਰੋੜ ਕੇ ਛਾਪਣ ਤੇ ਨੈੱਟ ਉਪਰ ਪਾਉਣ ਦਾ। ਸੋਨ ਨਾਲ ਜ਼ਿਆਦਤੀਆਂ ਬਾਲੜੀ ਉਮਰ 'ਚ ਹੋਈਆਂ ਪਰ ਉਹ ਚੁੱਪ ਕਰਕੇ ਸਹਿ ਗਈ ਪਰ ਹੁਣ ਕੋਈ ਉਸ ਨਾਲ ਜਾਂ ਫਿਰ ਔਰਤ ਨਾਲ ਧੱਕਾ ਕਰੇ, ਲਫ਼ਜ਼ਾਂ 'ਚ ਬੇਇੱਜ਼ਤ ਕਰੇ ਤਾਂ ਉਹ ਚੁੱਪ ਨਹੀਂ ਰਹਿਣ ਵਾਲੀ। ਉਹ ਤਾਂ ਤੂਫ਼ਾਨ ਲੈ ਆਏਗੀ। 'ਨੀਰਜਾ' ਲਈ ਸਨਮਾਨਿਤ ਹੋ ਚੁੱਕੀ ਸੋਨਮ ਕਪੂਰ ਨੇ ਆਪਣੇ ਮਿੱਤਰ ਅਨੰਦ ਆਹੂਜਾ ਨਾਲ ਵੀ ਫੋਟੋਆਂ ਖਿਚਵਾਈਆਂ ਹਨ। ਉਸ ਨੇ ਆਪਣੇ ਪ੍ਰੇਮੀਜਨ ਦਾ ਨਾਂਅ 'ਮਨਮੌਜੀ' ਰੱਖਿਆ ਹੈ। ਸੈਂਸਰਸ਼ਿਪ ਦੇ ਖਿਲਾਫ਼ ਪਸੰਦ ਦਾ ਵਿਆਹ, ਸਾਂਵਲੇ ਰੰਗ ਦੀ ਪ੍ਰਸੰਸਿਕਾ, ਗੁਰਮੇਹਰ ਦੀ ਹਮਾਇਤ 'ਚ ਆਉਣ ਵਾਲੀ ਸੋਨਮ ਕਪੂਰ ਹਰ ਗ਼ਲਤ ਗੱਲ 'ਤੇ ਰੌਲਾ ਪਾ ਦਿੰਦੀ ਹੈ। ਸਿਆਣਪ ਵਰਤਦੀ ਹੈ। ਸੋਨਮ ਕਪੂਰ ਗ਼ਲਤ ਗੱਲ 'ਤੇ ਚੁੱਪ ਨਹੀਂ ਰਹਿਣ ਵਾਲੀ ਤੇ ਸੋਨਮ ਦੀ ਇਸ ਅਦਾ 'ਤੇ ਹੀ ਕਈ ਅਭਿਨੇਤਰੀਆਂ ਕੁਰਬਾਨ ਹਨ।


ਖ਼ਬਰ ਸ਼ੇਅਰ ਕਰੋ

ਕੰਗਨਾ ਰਣੌਤ ਨਿੱਕਾ ਕੰਮ,ਨਾ, ਬਾਬਾ ਨਾ

ਗੈਂਗਸਟਰ' ਤੋਂ ਲੈ ਕੇ 'ਤਨੂ ਵੈਡਜ਼ ਮਨੂ-2' ਫ਼ਿਲਮਾਂ ਦੇਖ ਲਵੋ, ਕੰਗਨਾ ਰਣੌਤ ਦੀ ਤਾਰੀਫ਼ 'ਚ ਲਫ਼ਜ਼ ਆਪ-ਮੁਹਾਰੇ ਸਿਨੇਮਾ ਪ੍ਰੇਮੀਆਂ ਦੇ ਮੂੰਹ 'ਚੋਂ ਨਿਕਲਣਗੇ। ਸਭ ਕੁਝ ਜਦ ਸਹੀ ਹੁੰਦਾ ਹੈ ਤਾਂ ਹੰਕਾਰ ਦੀ ਭਾਵਨਾ ਕੁਦਰਤੀ ਜਾਗ ਪੈਂਦੀ ਹੈ ਤੇ ਸ਼ਾਇਦ ਸੱਚਾ ਪਾਤਸ਼ਾਹ ਵੀ ਦਿਖਾ ਦਿੰਦਾ ਹੈ ਕਿ ਨੀਵਾਂ ਹੋ ਕੇ ਚੱਲਣਾ ਹੀ ਠੀਕ ਹੈ ਕਿਉਂਕਿ 'ਹੰਕਾਰਿਆ ਸੋ ਮਾਰਿਆ।' ਤੇ ਅਜਿਹਾ ਹੀ ਕੁਮਾਰੀ ਕੰਗਨਾ ਨਾਲ ਹੋਇਆ ਹੈ। ਰਿਤਿਕ ਰੋਸ਼ਨ ਨਾਲ ਬੇਵਜ੍ਹਾ ਲਏ ਪੰਗੇ ਨੇ ਕੰਗਨਾ ਨੂੰ ਨਾਂਹ-ਪੱਖੀ ਪ੍ਰਚਾਰ ਦਿੱਤਾ ਤੇ ਉਸ ਦੀ ਦਿੱਖ 'ਲੜਾਕੀ', 'ਲੜਾਕਣ', 'ਈਰਖਾ ਭਰੀ' ਦੀ ਬਣਾ ਦਿੱਤੀ। ਸਭ ਕੀਤੇ ਕਰਾਏ 'ਤੇ ਪਾਣੀ ਹੀ ਪੈ ਗਿਆ। ਨਿਰਮਾਤਾ ਰਿਤਿਕ ਵਿਸ਼ੇ ਕਾਰਨ ਉਸ ਤੋਂ ਦੂਰ ਹੋਣ ਲੱਗੇ ਪਰ ਇਕ ਚੰਗਿਆਈ ਵੀਹ ਬੁਰਾਈਆਂ 'ਤੇ ਭਾਰੂ ਹੁੰਦੀ ਹੈ। ਕੰਗਨਾ ਦੀ ਪ੍ਰਤਿਭਾ ਨੇ ਨਿਰਮਾਤਾਵਾਂ ਨੂੰ ਫਿਰ ਉਸ ਦੇ ਦਰ ਅੱਗੇ ਆਉਣ ਲਈ ਮਜਬੂਰ ਕੀਤਾ ਹੈ। 'ਰੰਗੂਨ' 'ਚ 'ਜੂਲੀਆ' ਬਣ ਕੇ ਪਹਾੜਨ ਸੁੰਦਰੀ ਕੰਗਨਾ ਰਣੌਤ ਨੇ ਫਿਰ ਸਭ ਮਾੜੀਆਂ ਘਟਨਾਵਾਂ 'ਤੇ ਪਰਦਾ ਪਾ ਦਿੱਤਾ ਹੈ। 'ਸਿਮਰਨ', 'ਰਾਨੀ ਲਕਸ਼ਮੀ ਬਾਈ' ਇਹ ਨਵੀਆਂ ਫ਼ਿਲਮਾਂ ਜਦ ਆ ਗਈਆਂ ਤਾਂ ਨਿਊ ਇੰਡੋ ਮਿਊਜ਼ੀਕਲ ਐਂਡ ਫ਼ਿਲਮ ਇੰਸਟੀਚਿਊਟ ਅਨੁਸਾਰ ਕੰਗਨਾ ਰਣੌਤ ਮੁੜ ਹਰ ਨਿਰਮਾਤਾ ਦੀ ਪਹਿਲੀ ਪਸੰਦ ਹੋਏਗੀ। ਬਾਲੀਵੁੱਡ ਨਾਇਕਾ ਦੀ ਨਵੀਂ ਪਛਾਣ ਘੜਨ ਵਾਲੀ ਇਹ ਨਾਇਕਾ ਬਿਨਾਂ ਕਿਸੇ ਸਹਾਰੇ ਦੇ ਸਥਾਪਤ ਹੀਰੋਇਨਾਂ ਨਾਲ ਲੋਹਾ ਲੈ ਰਹੀ ਹੈ। ਅਮਰੀਕਾ ਤੋਂ ਟ੍ਰੇਨਿੰਗ ਲੈ ਕੇ ਆਈ ਕੰਗਨਾ ਦੀ 'ਰੰਗੂਨ' ਨੇ ਪਾਸਾ ਹੀ ਉਸ ਦੇ ਹੱਕ 'ਚ ਪਲਟ ਦਿੱਤਾ ਹੈ। 'ਅੱਜਕਲ੍ਹ ਮਿੰਟ ਦੀ ਵਿਹਲ ਉਸ ਕੋਲ ਨਹੀਂ। ਵਿਚਾਰਾ ਅਨੰਦ ਐਲ. ਰਾਏ ਉਸ ਕੋਲ ਕਹਾਣੀ ਲੈ ਕੇ ਸੁਣਾਉਣ ਲਈ ਸਮਾਂ ਮੰਗ ਰਿਹਾ ਹੈ। ਕੰਗਨਾ ਨੇ ਤਾਂ ਸ਼ਾਹਰੁਖ ਨਾਲ ਇਕ ਫ਼ਿਲਮ ਨੂੰ ਨਾਂਹ ਕੀਤੀ ਹੈ ਕਿ ਨਿੱਕਾ ਕੰਮ ਮਨਜ਼ੂਰ ਨਹੀਂ, ਫਿਰ ਕੀ ਹੈ ਸ਼ਾਹਰੁਖ ਹੀਰੋ ਹੈ, ਉਹ ਵੀ ਤਾਂ ਥੋੜ੍ਹਾ ਬਹੁਤ ਰੋਹਬ ਰੱਖਦੀ ਹੈ। ਰੋਮ ਇਕ ਦਿਨ 'ਚ ਨਹੀਂ ਸੀ ਬਣਿਆ। ਜਦ ਉਹ ਖਾਨਜ਼ ਹੀਰੋਜ਼ ਦੀ ਉਮਰ ਦੀ ਹੋਵੇਗੀ ਤਾਂ ਉਹ ਵੀ ਇਸ ਸਬੰਧੀ ਸੋਚੇਗੀ। ਅਦਿੱਤਿਆ ਪੰਚੋਲੀ, ਅਧਿਅਨ ਸੁਮਨ, ਨਿਕੋਲਸ ਲੈਫਟੀ ਤੇ ਰਿਤਿਕ ਰੋਸ਼ਨ ਨਾਲ ਪਿਆਰ-ਬੇਵਫ਼ਾਈ, ਉਨ੍ਹਾਂ ਵੱਲੋਂ ਸ਼ੋਸ਼ਣ ਆਦਿ ਮੰਦੇ-ਚੰਗੇ ਦਿਨਾਂ 'ਚੋਂ ਨਿਕਲ ਕੇ ਕੰਗਨਾ ਰਣੌਤ ਰੋਹਬ ਨਾਲ ਹੁਣ 'ਰਾਨੀ ਲਕਸ਼ਮੀ ਬਾਈ' ਤੇ 'ਸਿਮਰਨ' ਬਣ ਨਜ਼ਰ ਆਏਗੀ।

-ਸੁਖਜੀਤ ਕੌਰ

ਟਾਈਗਰ ਸ਼ਰਾਫ਼ ਦਾਅ-ਪੇਚ ਸਿੱਖ ਲਏ

ਹੀਰੋਇਨ ਦਿਸ਼ਾ ਪਟਾਨੀ ਪ੍ਰੇਸ਼ਾਨ ਹੈ ਕਿ ਹਰ ਰੋਜ਼ ਉਸ ਦੇ ਨਾਂਅ ਨਾਲ ਟਾਈਗਰ ਸ਼ਰਾਫ਼ ਦਾ ਨਾਂਅ ਜੋੜ ਦਿੱਤਾ ਜਾਂਦਾ ਹੈ ਤੇ ਉਸ ਦੀ ਖਿੱਲੀ ਉਡਾਈ ਜਾ ਰਹੀ ਹੈ ਜਦਕਿ ਟਾਈਗਰ ਅੰਦਰਖਾਤੇ ਖੁਸ਼ ਹੈ ਕਿ ਉਸ ਨੂੰ ਮਸ਼ਹੂਰੀ ਮਿਲ ਰਹੀ ਹੈ। ਟਾਈਗਰ ਸਬੰਧੀ ਵੀ ਕੋਈ ਨਾ ਕੋਈ ਨਵੀਂ ਗੱਲ ਹੀ ਸੁਣਨ ਨੂੰ ਮਿਲਦੀ ਹੈ। ਰਾਮ ਗੋਪਾਲ ਵਰਮਾ ਜਿਸ ਨੇ ਸੋਨਮ ਕਪੂਰ ਤੇ ਸੰਨੀ ਲਿਓਨ ਵਾਲਾ ਟਵੀਟ ਕੀਤਾ, ਨੇ ਟਾਈਗਰ ਸਬੰਧੀ ਕਿਹਾ ਕਿ ਮਰਦ ਕਿਸ ਨੂੰ ਆਖਦੇ ਹਨ, ਟਾਈਗਰ ਇਹ ਸਾਰਾ ਕੁਝ ਆਪਣੇ ਬਾਪ ਜੈਕੀ ਸ਼ਰਾਫ਼ ਤੋਂ ਜਾਣ ਲਵੇ। ਸ਼ਿਵ ਭਗਤ ਹੈ ਟਾਈਗਰ ਜੋ ਹਰ ਸੋਮਵਾਰ ਨੂੰ ਵਰਤ ਰੱਖ ਰਿਹਾ ਹੈ। ਟਾਈਗਰ ਜਾਣਦਾ ਹੈ ਕਿ ਭਗਤੀ ਵਿਚ ਸ਼ਕਤੀ ਹੈ ਤੇ ਸ਼ਿਵ ਜੀ ਦਾ ਵਰਤ ਰੱਖਣ ਦਾ ਲਾਭ ਉਸ ਨੂੰ ਹੋਏਗਾ। ਉਹ ਵੀ ਕਦੇ 100 ਕਰੋੜੀ ਹੀਰੋ ਜਾਂ ਸਟਾਰ ਬਣੇਗਾ। ਰਹੀ ਗੱਲ ਮਰਦਾਨਗੀ ਦੀ ਤਾਂ ਰਾਮੂੰ ਨੂੰ ਜਵਾਬ ਦੇਣਾ ਸਮਾਂ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਰਾਮੂ ਉਸ ਦੇ ਬਾਪ ਸਮਾਨ ਹੈ ਤੇ ਅੰਕਲ ਜਾਂ ਪਿਤਾ ਬਰਾਬਰ ਇਨਸਾਨ ਨਾਲ ਪੰਗੇਬਾਜ਼ੀ ਠੀਕ ਨਹੀਂ ਹੁੰਦੀ। ਵਸਈ ਤੋਂ ਬਾਂਦਰਾ ਤੱਕ ਟਾਈਗਰ ਬੀਤੇ ਦਿਨੀਂ ਲੋਕਲ ਟਰੇਨ 'ਚ ਗਏ। ਉਹ ਆਪਣੀ ਫ਼ਿਲਮ 'ਮੁੰਨਾ ਵਾਈਕਲ' ਦੀ ਸ਼ੂਟਿੰਗ ਲਈ ਇਕ ਸਟੰਟ ਦ੍ਰਿਸ਼ ਵਾਸਤੇ ਮੁੰਬਈ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਸਥਾਨਕ ਰੇਲ ਗੱਡੀ 'ਚ ਸਵਾਰ ਹੋਏ ਸਨ। ਇਸ ਸਟੰਟ ਤੇ ਲੋਕਲ ਟਰੇਨ ਦਾ ਮੂੰਹ ਢਕ ਕੇ ਉਸ ਨੇ ਵੀਡੀਓ ਵੀ ਲੋਕਾਂ ਨਾਲ ਸਾਂਝਾ ਕੀਤਾ। 'ਸਟੂਡੈਂਟ ਆਫ ਦਾ ਯੀਅਰ-2' ਬਣ ਰਹੀ ਹੈ। ਇਸ 'ਚ ਟਾਈਗਰ ਸ਼ਰਾਫ਼ ਦੇ ਨਾਲ ਸਾਰਾ ਨੂੰ ਲਿਆ ਗਿਆ ਹੈ। ਸਾਰਾ ਹੈ ਸੈਫ਼ ਅਲੀ ਤੇ ਅੰਮ੍ਰਿਤਾ ਸਿੰਘ ਨਾਲ ਹੋਏ ਵਿਆਹ 'ਚੋਂ ਪੈਦਾ ਹੋਈ ਬੇਟੀ ਤੇ ਇਸ ਤਰ੍ਹਾਂ ਪ੍ਰੇਮਿਕਾ ਦਿਸ਼ਾ ਪਟਾਨੀ ਨੂੰ ਪਟਖਨੀ (ਝਾਕਾ) ਦੇ ਕੇ ਟਾਈਗਰ ਨੇ ਸਾਰਾ ਅਲੀ ਖ਼ਾਨ ਨੂੰ ਪਹਿਲ ਦਿੱਤੀ ਹੈ। ਇਹ ਹੈ ਮਰਦਾਂ ਵਾਲੀ ਗੱਲ ਜੋ ਟਾਈਗਰ ਨੇ ਅਪ੍ਰਤੱਖ ਰੂਪ ਵਿਚ ਰਾਮ ਗੋਪਾਲ ਵਰਮਾ ਨੂੰ ਕਰ ਕੇ ਦਿਖਾ ਦਿੱਤੀ ਹੈ। 'ਮਰਦੋਂ ਵਾਲੀ ਬਾਤ', 'ਸਟੂਡੈਂਟ ਆਫ਼ ਦਾ ਯੀਅਰ-2' ਕਰਨ ਤੋਂ ਬਾਅਦ ਰਾਮ ਗੋਪਾਲ ਵਰਮਾ ਸਮੇਤ ਦਿਸ਼ਾ ਪਟਾਨੀ ਨੂੰ ਦੱਸ ਦਿੱਤਾ ਕਿ ਫ਼ਿਲਮੀ ਦਾਅ-ਪੇਚ ਉਸ ਨੂੰ ਵੀ ਆਉਂਦੇ ਹਨ।

ਸੋਨਾਕਸ਼ੀ ਸਿਨਹਾ ਝੱਲੀ ਨੂਰ

ਫ਼ਿਲਮ 'ਨੂਰ' ਦਾ ਨੂਰ ਬਣੀ ਸੋਨਾ ਕਹਿ ਰਹੀ ਹੈ ਕਿ ਹੀਰੋ ਦੀ ਥਾਂ ਪੂਰੀ ਫ਼ਿਲਮ ਦਾ ਵਜ਼ਨ ਉਸ ਦੇ ਮੋਢਿਆਂ 'ਤੇ ਹੋਵੇ ਤਾਂ ਉਸ ਨੂੰ ਦਿੱਕਤ ਨਹੀਂ, ਪ੍ਰੇਸ਼ਾਨੀ ਨਹੀਂ, ਉਹ ਤਾਂ ਸਗੋਂ ਮਾਣ ਮਹਿਸੂਸ ਕਰੇਗੀ। ਇਸ ਤੋਂ ਪਹਿਲਾਂ ਸੋਨਾਕਸ਼ੀ 'ਅਕੀਰਾ' ਔਰਤ ਪ੍ਰਧਾਨ ਫ਼ਿਲਮ ਕਰ ਚੁੱਕੀ ਹੈ। ਇਸ 'ਚ ਕੋਈ ਹੀਰੋ ਨਹੀਂ ਸੀ। 'ਨੂਰ' ਦੇ ਟ੍ਰੇਲਰ ਸਮੇਂ ਸੋਨਾਕਸ਼ੀ ਸਿਨਹਾ ਮਾਣ ਕਰ ਰਹੀ ਸੀ ਕਿ ਇਕ ਮਜ਼ਬੂਤ ਟੀਮ ਦੇ ਨਾਲ ਉਹ ਆਪਣੇ ਦਮ 'ਤੇ ਫ਼ਿਲਮ ਦਾ ਭਾਰ ਚੁੱਕਣ ਦੇ ਕਾਬਲ ਹੈ। 'ਨੂਰ' 'ਚ ਉਸ ਨੇ ਇਕ ਝੱਲੀ ਕੁੜੀ ਦੀ ਭੂਮਿਕਾ ਨਿਭਾਈ ਹੈ ਜੋ ਪੱਤਰਕਾਰ ਹੈ, ਜੋਕਰ ਟਾਈਪ ਪੱਤਰਕਾਰ। 'ਨੂਰ' ਦੇ ਪਹਿਲੇ ਟ੍ਰੇਲਰ ਦੀ ਸਿਫ਼ਤ ਹੋ ਰਹੀ ਹੈ। 'ਗੁਲਾਬੀ ਆਖੇਂ ਜੋ ਤੇਰੀ ਦੇਖੀ' 1970 ਦੇ ਇਸ ਹਿੱਟ ਗੀਤ 'ਤੇ ਆਧਾਰਿਤ ਹੈ ਸੋਨਾ ਦੀ ਇਹ 'ਨੂਰ' ਫ਼ਿਲਮ ਜੋ ਪੁਰਾਣੀ ਹੀਰੋਇਨ ਨੰਦਾ 'ਤੇ ਆਧਾਰਿਤ ਕਿਰਦਾਰ ਹੈ। 'ਨੂਰ' ਫ਼ਿਲਮ ਲਗ ਰਿਹਾ ਹੈ ਕਿ ਸੋਨਾ ਦੇ ਉਦਾਸ ਚਿਹਰੇ 'ਤੇ ਨੂਰ ਲਿਆਏਗੀ ਤੇ ਨਾਲ ਹੀ ਉਹ ਔਰਤ ਪ੍ਰਧਾਨ ਸਿਨੇਮਾ ਨੂੰ ਨਵੀਂ ਦਿਸ਼ਾ ਵੱਲ ਤੋਰੇਗੀ। ਇਸ ਦਾ ਸਾਰਾ ਸਿਹਰਾ ਸੋਨਾ ਨੂੰ ਹੀ ਜਾਏਗਾ। ਸੋਨਾ ਜਿਥੇ ਹੀਰੋਇਨ ਬਣ ਸਟਾਰਡਮ ਕਾਇਮ ਰੱਖ ਰਹੀ ਹੈ, ਉਥੇ ਗਾਇਕੀ 'ਚ ਵੀ ਕਿਸਮਤ ਅਜ਼ਮਾਈ ਕਰਦੀ ਹੀ ਰਹਿੰਦੀ ਹੈ। ਗਾਇਕ/ਸੰਗੀਤਕਾਰ ਬਾਦਸ਼ਾਹ ਕੋਲ ਉਸ ਦਿਨ ਸੰਗੀਤ ਪੇਸ਼ਕਾਰ ਮਨਜੀਤ ਸਿੰਘ ਵੀ ਸੀ ਤੇ ਉਥੇ ਹੀ ਸੋਨਾ ਆ ਗਈ ਸੀ। ਬਾਦਸ਼ਾਹ ਨਾਲ ਇੰਸਟਾਗ੍ਰਾਮ ਤੇ ਸੋਨਾ ਨੇ ਆਪਣੀ ਪ੍ਰਤੀਕਿਰਿਆ ਪਾਈ ਤੇ ਤਸਵੀਰ ਵੀ ਜਾਰੀ ਕੀਤੀ। ਰੈਪਰ ਦੇ ਤੌਰ 'ਤੇ ਬਾਦਸ਼ਾਹ ਕੋਲ ਸੰਗੀਤ ਕੰਪਨੀਆਂ ਪਹੁੰਚ ਕਰਦੀਆਂ ਹਨ ਤੇ ਸੋਨਾ ਗਾਇਕੀ ਲਈ ਬਾਦਸ਼ਾਹ ਤੋਂ ਟਿਪਸ ਲੈਣ ਆਈ ਸੀ। ਸੋਨਾ ਤੇ ਬਾਦਸ਼ਾਹ ਦੀ ਨੇੜਤਾ ਨਾਲ ਸੋਨਾ ਦੀ ਗਾਇਕੀ 'ਤੇ ਨੂਰ ਆਏਗਾ। ਸੰਗੀਤਕਾਰ-ਰੈਪਰ ਤੇ ਗਾਇਕਾ ਰਲ ਜਾਣ ਤਾਂ ਸੱਚੀ ਗੱਲ ਸੋਨਾਕਸ਼ੀ ਸਿਨਹਾ ਗਾਇਕਾ ਵੀ ਨਾਇਕਾ ਵੀ ਦੋ-ਦੋ ਖੇਤਰਾਂ ਵਿਚ ਰਾਜ ਕਰੇਗੀ। 'ਨੂਰ' ਦੀ 'ਝੱਲੀ' ਸਭ ਨੂੰ ਅਦਾਵਾਂ ਨਾਲ ਝੱਲਾ ਕਰ ਦੇਵੇਗੀ। 'ਨੂਰ' ਦੀ 'ਝੱਲੀ ਕੁੜੀ' ਕਾਮਯਾਬ ਗਾਇਕਾ ਬਣ ਗਈ ਤਾਂ ਪ੍ਰਿਅੰਕਾ ਚੋਪੜਾ ਦੀ ਗੱਦੀ ਨੂੰ ਖ਼ਤਰਾ ਹੋ ਜਾਣਾ ਹੈ। ਬਾਦਸ਼ਾਹ ਲਗਦਾ ਹੈ 'ਝੱਲੀ' ਸੋਨਾ ਦੀ ਬਾਦਸ਼ਾਹੀ ਗਾਇਕੀ 'ਚ ਵੀ ਕਾਇਮ ਕਰ ਦੇਵੇਗਾ।

'ਲਾਹੌਰੀ' 'ਚ ਮੁੜ ਨਜ਼ਰ ਆਵੇਗੀ ਅਦਾਕਾਰਾ ਸਰਗੁਣ ਮਹਿਤਾ

ਚੰਡੀਗੜ੍ਹ ਦੀ ਜੰਮੀ-ਪਲੀ ਸਰਗੁਣ ਮਹਿਤਾ ਨੇ ਛੋਟੇ ਪਰਦੇ 'ਤੇ ਹਿੰਦੀ ਨਾਟਕਾਂ ਰਾਹੀਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਪਾਲੀਵੁੱਡ ਸਨਅਤ ਵਿਚ ਉਸ ਨੂੰ ਪਹਿਲਾ ਮੌਕਾ ਅੰਬਰਦੀਪ ਸਿੰਘ ਨੇ ਪੰਜਾਬੀ ਫ਼ਿਲਮ 'ਅੰਗਰੇਜ਼' ਦੇ ਵਿਚ ਅਦਾਕਾਰੀ ਕਰਵਾ ਕੇ ਦਿੱਤਾ। ਉਹ ਆਪਣੀ ਕਾਮਯਾਬੀ ਲਈ ਪ੍ਰਮਾਤਮਾ ਦੀ ਕ੍ਰਿਪਾ ਅਤੇ ਪਰਿਵਾਰ ਦੀ ਸਹਾਇਤਾ ਕਰਨ ਨੂੰ ਮੰਨਦੀ ਹੈ। ਸਰਗੁਣ ਮਹਿਤਾ ਪਹਿਲੀ ਫ਼ਿਲਮ ਵਿਚ ਹੀ ਦਰਸ਼ਕਾਂ ਦੇ ਮਨਾਂ ਨੂੰ ਮੋਹ ਲੈਣ ਵਾਲੀ ਅਦਾਕਾਰੀ ਕਰਕੇ ਪਾਲੀਵੁੱਡ ਵਿਚ ਸਥਾਪਿਤ ਹੋ ਗਈ। ਦੂਸਰੀ ਪੰਜਾਬੀ ਫ਼ਿਲਮ 'ਲਵ ਪੰਜਾਬ' ਨੇ ਉਸ ਦੀ ਅਦਾਕਾਰੀ ਨੂੰ ਦੁਨੀਆਂ ਭਰ ਵਿਚ ਮਕਬੂਲੀਅਤ ਦੁਆਈ। ਉਸ ਨੇ ਆਪਣੀ ਤੀਸਰੀ ਪੰਜਾਬੀ ਫ਼ਿਲਮ 'ਜਿੰਦੂਆ' ਵਿਚ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਪਾਲੀਵੁੱਡ ਸਨਅਤ ਦੀ ਮਕਬੂਲ ਅਦਾਕਾਰਾ ਤੇ ਨਿਰਦੇਸ਼ਕ ਨੀਰੂ ਬਾਜਵਾ ਦੇ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
ਪੰਜਾਬੀ ਖਾਣਾ ਖਾਣ ਅਤੇ ਪੰਜਾਬੀ ਤੇ ਪੱਛਮੀ ਕਪੜੇ ਪਾਉਣ ਦੀ ਸ਼ੌਕੀਨ ਸਰਗੁਣ ਨੇ ਕਿਹਾ ਕਿ ਉਸ ਨੇ ਆਪਣਾ ਅਦਾਕਾਰੀ ਦਾ ਸਫ਼ਰ ਛੋਟੇ ਪਰਦੇ 'ਤੇ ਹਿੰਦੀ ਨਾਟਕਾਂ ਵਿਚ ਅਦਾਕਾਰੀ ਕਰਕੇ ਸ਼ੁਰੂ ਕੀਤਾ ਸੀ। ਛੋਟੇ ਪਰਦੇ ਤੇ ਵੱਡੇ ਪਰਦੇ ਵਿਚ ਕੰਮ ਕਰਨ ਵਿਚ ਬਹੁਤ ਵੱਡਾ ਫ਼ਰਕ ਹੈ, ਕਿਉਂਕਿ ਛੋਟੇ ਪਰਦੇ 'ਤੇ ਕੀਤੀ ਗਈ ਅਦਾਕਾਰੀ ਨੂੰ ਕੋਈ ਜ਼ਿਆਦਾ ਦੇਰ ਨਹੀਂ ਪਹਿਚਾਣਦਾ, ਪਰ ਜੇਕਰ ਤੁਸੀਂ ਸਾਲ ਵਿਚ 2 ਜਾਂ ਵੱਧ ਫ਼ਿਲਮਾਂ ਕੀਤੀਆਂ ਹੁੰਦੀਆਂ ਹਨ, ਉਸ ਵਿਚ ਕੀਤੀ ਗਈ ਅਦਾਕਾਰੀ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਰੱਖਦੇ ਹਨ।
ਉਸ ਨੇ ਕਿਹਾ ਕਿ ਉਸ ਨੇ ਹੁਣ ਤੱਕ ਜਿਨ੍ਹਾ ਵੀ ਕੰਮ ਕੀਤਾ ਹੈ, ਚੰਗਾ ਤੇ ਸੱਭਿਆਚਾਰ ਦੇ ਦਾਇਰੇ ਵਿਚ ਰਹਿ ਕੇ ਕੀਤਾ ਹੈ ਅਤੇ ਭਵਿੱਖ ਵਿਚ ਵੀ ਉਹ ਚੰਗੀਆਂ ਭੂਮਿਕਾਵਾਂ ਨਿਭਾਉਣ ਦਾ ਹੀ ਯਤਨ ਕਰੇਗੀ। ਉਸ ਦੀ 12 ਮਈ ਨੂੰ ਅਮਰਿੰਦਰ ਗਿੱਲ ਦੇ ਨਾਲ ਪੰਜਾਬੀ ਫ਼ਿਲਮ 'ਲਾਹੌਰੀ' ਆ ਰਹੀ ਹੈ। ਜਿਸ ਤੋਂ ਉਸ ਨੂੰ ਬਹੁਤ ਜਿਆਦਾ ਉਮੀਦਾਂ ਹਨ। ਉਸ ਨੇ ਕਿਹਾ ਕਿ ਲਾਹੌਰੀ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਸ਼ੂਟਿੰਗ ਆਉਣ ਵਾਲੇ ਦਿਨਾਂ ਵਿਚ ਹੋ ਜਾਵੇਗੀ। ਉਸ ਨੇ ਕਿਹਾ ਕਿ ਲਾਹੌਰੀ ਹੁਣ ਤੱਕ ਆਈਆਂ ਮੇਰੀਆਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੇ ਅੰਦਾਜ਼ ਤੇ ਵੱਖਰੀ ਅਦਾਕਾਰੀ ਵਾਲੀ ਹੋਵੇਗੀ। -ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।

ਪ੍ਰਿਅੰਕਾ ਚੋਪੜਾ ਦਾ ਦਰਦ ਭਿੱਜਾ ਸੁਨੇਹਾ

ਇਹ ਮਾਣ ਮਧੂ ਚੋਪੜਾ ਦੀ ਸ਼ਹਿਜ਼ਾਦੀ ਪ੍ਰਿਅੰਕਾ ਚੋਪੜਾ ਨੂੰ ਹੀ ਪ੍ਰਾਪਤ ਹੈ, ਜੋ ਦੂਸਰੀ ਵਾਰ 'ਆਸਕਰ ਐਵਾਰਡ' ਦਾ ਹਿੱਸਾ ਬਣੀ ਹੈ। 'ਬਾਜੀਰਾਓ ਮਸਤਾਨੀ' ਵਾਲੀ ਪੀ.ਸੀ. ਨੂੰ ਇਸ ਵਾਰ ਦਾ ਇਹ ਸਮਾਰੋਹ ਮਹਿੰਗਾ ਹੀ ਪਿਆ ਹੈ। ਲੇਬਲ ਰੇਲਫ ਤੇ ਰੂਸੋ ਦੇ ਡਿਜ਼ਾਈਨਰ ਜਿਨ੍ਹਾਂ ਨੇ ਇਸ ਨਾਮਵਰ ਸਮਾਰੋਹ ਲਈ ਪੀ.ਸੀ. ਦੇ ਪਹਿਰਾਵੇ ਬਣਾਏ, ਵਿਚਾਰੀ ਪੀ.ਸੀ. ਲਈ ਮੁਸੀਬਤ ਖੜ੍ਹੀ ਕਰ ਗਏ। ਇਸ ਦੇਸੀ ਪਹਿਰਾਵੇ ਨੇ ਤਾਂ ਪੀ.ਸੀ. ਦਾ ਨਾਂਅ ਹੈ 'ਕਾਜੋ ਪਤਲੀ' ਤੇ 'ਗੁਲਦਸਤਾ' ਉਥੇ ਪਾ ਦਿੱਤਾ। ਪੀ.ਸੀ. ਬੇਪ੍ਰਵਾਹ ਕੁੜੀ, ਬੋਲੀ ਜੋ ਮਰਜ਼ੀ ਪਹਿਨ ਲਵਾਂ ਕਿਸੇ ਨੂੰ ਕੀ? ਉਸ ਦੇ ਮਨ ਦੀ ਬਾਤ ਉਸ ਨੂੰ ਚੰਗੀ ਲਗਦੀ ਹੈ, ਦੁਨੀਆ ਜਾਏ ਢੱਠੇ ਖੂਹ ਵਿਚ। ਇਸ ਤਰ੍ਹਾਂ ਹੀ ਉਸ ਨੇ 'ਟਕੀਲਾ ਦ੍ਰਿਸ਼' ਦਿੱਤੇ ਜੋ ਵਾਇਰਲ ਵੀ ਹੋਏ ਪਰ ਉਸ ਨੂੰ ਉਲਟਾ ਪ੍ਰਚਾਰ ਮਿਲ ਗਿਆ। ਹਾਲੀਵੁੱਡ ਤੱਕ ਪਹੁੰਚੀ ਪ੍ਰਿਅੰਕਾ ਦੀ ਫ਼ਿਲਮ 'ਬੇਵਾਚ' ਮਈ 'ਚ ਆ ਰਹੀ ਹੈ। ਇਸ 'ਚ ਉਸ ਦੀ ਦਿਖ ਵਿਕਟੋਰੀਆ ਜਿਹੀ ਹੈ। 'ਵਿਕਟੋਰੀਆ ਨੰਬਰ 203' ਕਦੇ ਹਿੱਟ ਹਿੰਦੀ ਫ਼ਿਲਮ ਸੀ ਤੇ ਪ੍ਰਿਅੰਕਾ ਹੁਣ ਹਾਲੀਵੁੱਡ ਦੀ ਵਿਕਟੋਰੀਆ ਬਣ ਗਈ ਹੈ। 26 ਮਈ, 2017 ਨੂੰ 'ਕੁਆਂਟਿਕੋ' ਟੀ. ਵੀ. ਲੜੀ ਵਾਲੀ ਪੀ.ਸੀ. ਦੀ ਹਾਲੀਵੁੱਡ ਫ਼ਿਲਮ 'ਬੇਵਾਚ' ਆਏਗੀ। ਇਹ ਤਾਂ ਰਹੀਆਂ ਕਾਰ-ਵਿਹਾਰ, ਪੀ.ਸੀ. ਦੇ ਫ਼ਿਲਮੀ ਕੰਮਕਾਰ ਦੀਆਂ ਗੱਲਾਂ ਤੇ ਹੁਣ ਗੱਲਾਂ ਜੋ ਪ੍ਰਿਅੰਕਾ ਲਈ ਅਹਿਮ ਹਨ। ਪਹਿਲੀ ਇਹ ਕਿ ਉਹ ਦੀਪਿਕਾ ਤੋਂ ਜ਼ਿਆਦਾ ਮਸ਼ਹੂਰ ਹੈ। ਹਾਲੀਵੁੱਡ 'ਚ ਲੋਕ ਜੇ ਡਿਪੀ ਨੂੰ ਪ੍ਰਿਅੰਕਾ ਸਮਝਦੇ ਹਨ ਤਾਂ ਪਤਾ ਚਲਦਾ ਹੈ ਕਿ ਪੀ.ਸੀ. ਉਥੇ ਮਸ਼ਹੂਰ ਅਭਿਨੇਤਰੀ ਹੈ। ਪਾਲਤੂ ਜਾਨਵਰ ਜਿਨ੍ਹਾਂ 'ਚ ਕੁੱਤੇ ਸ਼ਾਮਿਲ ਹਨ, ਜਦ ਬੁੱਢੇ ਹੋ ਜਾਂਦੇ ਹਨ ਤਦ ਉਨ੍ਹਾਂ ਨਾਲ ਮਾਲਕ ਲਾਵਾਰਿਸ ਵਾਲਾ ਵਿਹਾਰ ਕਿਉਂ ਕਰਦੇ ਹਨ? ਇਸ ਲਈ ਉਹ ਚਿੰਤਤ ਹੈ। ਵਿਚਾਰੀ ਪੀ.ਸੀ. ਨੇ ਇਕ ਵੀਡੀਓ 'ਚ ਕੁੱਤੇ ਦੀ ਆਵਾਜ਼ ਕੱਢੀ ਹੈ। ਬੋਲ ਰਹੀ ਹੈ ਕਿ ਦੇਖੋ ਮੈਂ ਬੁੱਢਾ ਹੋ ਗਿਆਂ, ਮੈਨੂੰ ਮੇਰੇ ਮਾਲਕ ਛੱਡ ਰਹੇ ਹਨ, ਬੇਸਹਾਰਾ, ਬਹੁਤ ਦਰਦ ਹੋ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਕੁੱਤਾ ਫਿਰ ਕਹਿੰਦਾ ਹੈ ਮੈਨੂੰ ਪਾਲਣਾ ਹੀ ਨਹੀਂ ਸੀ। ਪ੍ਰਿਅੰਕਾ ਚੋਪੜਾ ਦਾ ਇਹ ਜਾਨਵਰ-ਦਰਦ ਇਨਸਾਨਾਂ ਨੂੰ ਇਕ ਦਰਦ ਭਿੱਜਾ ਸੁਨੇਹਾ ਹੈ। ਪ੍ਰਿਅੰਕਾ ਦੇ ਮਨ ਕੀ ਬਾਤ ਸੱਚਮੁੱਚ ਇਕ ਸਾਰਥਕ ਤੇ ਡੂੰਘਾ ਸੰਦੇਸ਼ ਦਿੰਦੀ ਹੈ।

ਖ਼ੁਸ਼ ਹੈ ਚਾਕਲੇਟੀ ਹੀਰੋ-ਹਿਮਾਂਸ਼ ਕੋਹਲੀ

ਫ਼ਿਲਮ 'ਯਾਰੀਆਂ' ਦਾ ਚਾਕਲੇਟੀ ਹੀਰੋ ਹਿਮਾਂਸ਼ ਆਪਣੀ ਮੌਲਿਕ ਅਦਾਕਾਰੀ ਰਾਹੀਂ ਅੱਸੀ ਦੇ ਦਹਾਕਿਆਂ ਦੇ ਹੀਰੋਆਂ ਦੀ ਯਾਦ ਦਿਵਾ ਰਿਹਾ ਹੈ। ਪਿਤਾ ਵਿਪਿਨ ਕੋਹਲੀ ਤੇ ਮਾਤਾ ਨੀਤੂ ਕੋਹਲੀ ਦੇ ਘਰ ਰਾਜਧਾਨੀ ਦਿੱਲੀ ਵਿਖੇ ਪੈਦਾ ਹੋਏ ਅਭਿਨੇਤਾ ਹਿਮਾਂਸ਼ ਕੋਹਲੀ ਨੇ ਦਿੱਲੀ ਤੇ ਅੰਬਾਲਾ ਤੋਂ ਪੜ੍ਹਾਈ ਕੀਤੀ ਤੇ ਪੱਤਰਕਾਰੀ ਦਾ ਕੋਰਸ ਵੀ ਕੀਤਾ। ਆਵਾਜ਼ ਚੰਗੀ ਹੋਣ ਕਾਰਨ ਅਤੇ ਦੋਸਤਾਂ ਦੇ ਕਹਿਣ 'ਤੇ ਉਸ ਨੇ ਦਿੱਲੀ 'ਚ 'ਰੇਡੀਓ ਮਿਰਚੀ' 'ਤੇ ਸਫਲ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ। ਉਸ ਦੀ ਮਿੱਠੀ ਆਵਾਜ਼ ਦਾ ਜਾਦੂ ਤੇ ਕੁਝ ਹਿਮਾਂਸ਼ ਦੇ ਪਸੰਦੀਦਾ ਅਦਾਕਾਰ ਰਾਜੇਸ਼ ਖੰਨਾ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਣਾ ਉਸ ਨੂੰ ਅਦਾਕਾਰੀ ਦੇ ਖੇਤਰ 'ਚ ਲੈ ਆਇਆ। ਹਿਮਾਂਸ਼ ਨੇ ਜਿਸ ਲੜੀਵਾਰ ਤੋਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਉਹ ਸੀ 'ਹਮ ਸੇ ਹੈ ਲਾਈਫ'। ਇਸ ਲੜੀਵਾਰ 'ਚ ਇਕ ਸਾਲ ਕੰਮ ਕਰਕੇ ਉਸ ਨੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ, ਜਿਸ ਤੋਂ ਉਸ ਦੀ ਖ਼ੂਬਸੂਰਤੀ ਅਤੇ ਪੁਖ਼ਤਾ ਅਦਾਕਾਰੀ ਦੀ ਬਿਗੁਲ ਫ਼ਿਲਮ ਇੰਡਸਟਰੀ 'ਚ ਵੀ ਵੱਜਿਆ ਤੇ ਇਸ ਚਾਕਲੇਟੀ ਹੀਰੋ ਨੂੰ ਪੰਜਾਬੀ ਫ਼ਿਲਮ 'ਯਾਰੀਆਂ' 'ਚ ਪ੍ਰਮੁੱਖ ਭੂਮਿਕਾ ਕਰਨ ਦਾ ਮੌਕਾ ਮਿਲਿਆ। ਫ਼ਿਲਮ ਨੂੰ ਮਿਲੀ ਪ੍ਰਸਿੱਧੀ ਕਾਰਨ ਅਭਿਨੇਤਾ 'ਅਰਬਾਜ ਖਾਨ' ਨੇ ਉਸ ਨੂੰ ਹਿੰਦੀ ਫ਼ਿਲਮ 'ਜੀਨਾ ਇਸੀ ਕਾ ਨਾਮ ਹੈ' ਦਾ ਹਿੱਸਾ ਬਣਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਸ ਭੂਮਿਕਾ ਨੂੰ ਹੱਸ ਕੇ ਸਵੀਕਾਰ ਕਰ ਲਿਆ। ਇਸ ਫ਼ਿਲਮ 'ਚ ਹਿਮਾਂਸ਼ ਕ੍ਰਿਸਚੀਅਨ ਲੜਕੇ ਦੀ ਭੂਮਿਕਾ ਕਰ ਰਿਹਾ ਹੈ, ਜਿਸ 'ਚ ਉਸ ਨੂੰ ਆਪਣੀ ਪ੍ਰਤਿਭਾ ਨੂੰ ਦਿਖਾਉਣ ਦਾ ਪੂਰਾ-ਪੂਰਾ ਮੌਕਾ ਮਿਲ ਰਿਹਾ ਹੈ। ਇਸ ਤੋਂ ਬਾਅਦ ਤਾਂ ਜਿਵੇਂ ਹਿਮਾਂਸ਼ ਕੋਲ ਫ਼ਿਲਮਾਂ ਦਾ ਢੇਰ ਜਿਹਾ ਲੱਗ ਗਿਆ । ਉਸ ਦੀਆਂ 'ਗੁੰਡੇ ਐਂਡ ਗੁੜੀਆ', 'ਸਵੀਟੀ ਦੇਸਾਈ ਵੈਡਸ ਐੱਨ. ਆਰ. ਆਈ.' ਤੇ 'ਦਿਲ ਜੋ ਨਾ ਕਹਿ ਸਕਾ' ਫ਼ਿਲਮਾਂ ਫਲੋਰ 'ਤੇ ਹਨ।
ਹਿਮਾਂਸ਼ ਦਾ ਕਹਿਣਾ ਹੈ ਕਿ ਉਸ ਨੇ ਫ਼ਿਲਮਾਂ 'ਚ ਅਦਾਕਾਰੀ ਕਰਕੇ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ ਹੈ ਕਿਉਂਕਿ ਹਿਮਾਂਸ਼ ਦੀ ਮਾਂ ਨੇ ਉਸ ਨੂੰ ਸਦਾ ਹੀ ਅਦਾਕਾਰੀ ਦੇ ਖੇਤਰ 'ਚ ਨਾਂਅ ਕਮਾਉਣ ਲਈ ਪ੍ਰੇਰਿਤ ਕੀਤਾ।

-ਸਿਮਰਨ, ਜਗਰਾਉਂ

ਬਾਲੀਵੁੱਡ ਦੀ ਸਥਾਪਤ ਹਸਤਾਖਰ ਬਣਨਾ ਚਾਹੁੰਦੀ ਹੈ ਸ਼ਿਵਾਨੀ ਸੈਣੀ

ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੀ ਜੰਮਪਲ ਮੁਟਿਆਰ ਸ਼ਿਵਾਨੀ ਸੈਣੀ ਨੂੰ ਪਰਮਾਤਮਾ ਨੇ ਅਦਾਕਾਰੀ ਦੇ ਹੁਨਰ ਨਾਲ ਨਿਵਾਜਿਆ ਹੈ। ਪਿਤਾ ਰਜਿੰਦਰ ਸੈਣੀ ਤੇ ਮਾਤਾ ਮੰਜੂ ਸੈਣੀ ਦੀ ਲਾਡਲੀ ਸ਼ਿਵਾਨੀ ਨੂੰ ਘਰ 'ਚ ਸ਼ਿਵੂ ਕਹਿ ਕੇ ਬੁਲਾਇਆ ਜਾਂਦਾ ਹੈ। ਪਿਛੇ ਜਿਹੇ ਸਰਬਜੀਤ ਸਿੰਘ 'ਤੇ ਬਣੀ ਫ਼ਿਲਮ 'ਚ ਸ਼ਿਵਾਨੀ ਨੇ ਸਰਬਜੀਤ ਦੀ ਬੇਟੀ ਦਾ ਦਮਦਾਰ ਕਿਰਦਾਰ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਪਰ ਫ਼ਿਲਮੀ ਦੁਨੀਆ 'ਚ ਉਸ ਦੀ ਐਂਟਰੀ 2014 'ਚ ਹੈਰੀ ਬਵੇਜਾ ਦੀ ਫ਼ਿਲਮ 'ਹੈਪੀ ਗੋ ਲੱਕੀ' ਨਾਲ ਹੋਈ। ਸਰਬਜੀਤ 'ਚ ਉਸ ਨੂੰ ਰਣਦੀਪ ਹੁੱਡਾ ਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ਼ਵਾਨੀ ਐਸ਼ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਰੈਂਪ ਮਾਡਲਿੰਗ 'ਚ ਚੰਗਾ ਨਾਂਅ ਕਮਾ ਚੁੱਕੀ ਸ਼ਿਵਾਨੀ ਭਵਿੱਖ 'ਚ ਹਾਲੀਵੁੱਡ ਦੀ ਫ਼ਿਲਮ 5 ਵੈਡਿੰਗ 'ਚ ਨਰਗਿਸ ਫਾਖਰੀ ਨਾਲ ਨਜ਼ਰ ਆਵੇਗੀ, ਜਿਸ ਵਿਚ ਉਹ ਅਮਰੀਕੀ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੀ ਹੈ। 29 ਸਾਲਾ ਸ਼ਿਵਾਨੀ ਸੈਣੀ ਦਾ ਕਹਿਣਾ ਹੈ ਕਿ ਕਿਤੇ ਪਹੁੰਚਣਾ ਜ਼ਰੂਰੀ ਨਹੀਂ, ਸਗੋਂ ਹਿੰਮਤ ਤਾਂ ਤੁਰਦੇ ਰਹਿਣ ਵਿਚ ਹੈ। ਸੰਜੇ ਲੀਲਾ ਭੰਸਾਲੀ ਨੂੰ ਆਪਣਾ ਮਨਪਸੰਦ ਡਾਇਰੈਕਟਰ ਮੰਨਣ ਵਾਲੀ ਸ਼ਿਵਾਨੀ ਵੱਡੇ ਬਜਟ ਦੀ ਪੰਜਾਬੀ ਫ਼ਿਲਮ ਕਰਨ ਦੀ ਖੁਆਹਿਸ਼ ਵੀ ਰੱਖਦੀ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਤੋਂ ਬਿਨਾਂ ਬਾਲੀਵੁੱਡ ਦੀਆਂ ਫ਼ਿਲਮਾਂ ਅਧੂਰੀਆਂ ਜਾਪਦੀਆਂ ਹਨ। ਇਸ ਲਈ ਪੰਜਾਬੀ ਫ਼ਿਲਮ ਸੰਗੀਤ ਤੇ ਪੰਜਾਬ ਦੇ ਖੂਬਸੂਰਤ ਦ੍ਰਿਸ਼ ਲੈਣੇ ਹਰੇਕ ਫ਼ਿਲਮ ਨਿਰਦੇਸ਼ਕ ਦੀ ਮਜਬੂਰੀ ਬਣ ਗਿਆ ਹੈ। ਸ਼ਿਵਾਨੀ ਦੀਆਂ ਅਭਿਨੇਤਰੀਆਂ 'ਚ ਸ਼ੁਮਾਰ ਹੋਣ ਲਈ ਉਹ ਲਗਾਤਾਰ ਮਿਹਨਤ ਕਰ ਰਹੀ ਹੈ, ਜਿਸ ਦਾ ਨਤੀਜਾ ਉਸ ਦੀਆਂ ਅਗਲੇ ਸਾਲ ਰਿਲੀਜ਼ ਹੋ ਰਹੀਆਂ ਦੋ ਹਿੰਦੀ ਫ਼ਿਲਮਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

-ਨਿੱਜੀ ਪੱਤਰ ਪ੍ਰੇਰਕ, ਜ਼ੀਰਕਪੁਰ।

'ਟਾਈਗਰ ਜ਼ਿੰਦਾ ਹੈ'ਮਨਫ਼ੀ ਤਾਪਮਾਨ 'ਚ ਵੀ ਹੈ ਸਰਗਰਮੀ

ਬਾਲੀਵੁੱਡ ਦੀ ਹਿੱਟ ਫ਼ਿਲਮ 'ਏਕ ਥਾ ਟਾਈਗਰ' ਦੀ ਸਫਲਤਾ ਤੋਂ ਬਾਅਦ ਇਸ ਦੇ ਮੋਹਰੀ ਸਿਤਾਰੇ ਤੇ ਸੁਪਰ ਸਟਾਰ ਸਲਮਾਨ ਖ਼ਾਨ, ਕੈਟਰੀਨਾ ਕੈਫ ਅਤੇ ਗੈਵੀ ਚਹਿਲ ਦੀ ਤਿੱਕੜੀ ਇਕ ਵਾਰ ਫਿਰ 'ਟਾਈਗਰ ਜ਼ਿੰਦਾ ਹੈ' ਫ਼ਿਲਮ 'ਚ ਦਿਖਾਈ ਦੇਵੇਗੀ। ਸਫ਼ਲ ਫ਼ਿਲਮ 'ਏਕ ਥਾ ਟਾਈਗਰ' ਦੇ ਅਗਲੇ ਭਾਗ (ਸੀਕੁਅਲ) ਵਜੋਂ ਯਸ਼ਰਾਜ ਫ਼ਿਲਮਜ਼ ਵੱਲੋਂ ਬਣਾਈ ਜਾ ਰਹੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਆਸਟਰੀਆ 'ਚ ਚੱਲ ਰਹੀ ਹੈ। ਜਿੱਥੇ ਬਹੁਤ ਹੀ ਠੰਡੇ ਮੌਸਮ 'ਚ ਫ਼ਿਲਮ ਦੀ ਸ਼ੂਟਿੰਗ ਜਾਰੀ ਹੈ।
ਪੰਜਾਬੀ ਪੁੱਤਰ ਗੈਵੀ ਚਹਿਲ ਨੇ ਦੱਸਿਆ ਕਿ 'ਏਕ ਥਾ ਟਾਈਗਰ' ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਸੀ ਪਰ 'ਟਾਈਗਰ ਜ਼ਿੰਦਾ ਹੈ' ਦੇ ਨਿਰਦੇਸ਼ਨਾਂ ਦੀ ਜ਼ਿੰਮੇਵਾਰੀ 'ਸੁਲਤਾਨ' ਫ਼ਿਲਮ ਦੇ ਚਰਚਿਤ ਨਿਰਦੇਸ਼ਕ ਅਬਾਸ ਅਲੀ ਨਿਭਾਅ ਰਹੇ ਹਨ। ਗੈਵੀ ਨੇ ਦੱਸਿਆ ਕਿ ਵੱਡੇ ਬਜਟ ਦੀ ਇਸ ਫ਼ਿਲਮ ਦੀ ਸ਼ੂਟਿੰਗ ਮਨਫੀ 10 ਡਿਗਰੀ ਤੱਕ ਦੇ ਤਾਪਮਾਨ 'ਚ ਕੀਤੀ ਜਾ ਰਹੀ ਹੈ। ਇਸ ਫ਼ਿਲਮ 'ਚ ਜਿਥੇ ਸਲਮਾਨ ਖ਼ਾਨ ਇਕ ਵਾਰ ਫਿਰ ਟਾਈਗਰ ਦੀ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ, ਉੱਥੇ ਕੈਟਰੀਨਾ ਕੈਫ ਵੀ ਪਹਿਲਾਂ ਵਾਲੇ ਕਿਰਦਾਰ 'ਚ ਨਜ਼ਰ ਆਵੇਗੀ। ਗੈਵੀ ਇਕ ਵਾਰ ਫਿਰ ਕੈਪਟਨ ਅਬਰਾਰ ਦੇ ਕਿਰਦਾਰ 'ਚ ਨਜ਼ਰ ਆਵੇਗਾ। ਗੈਵੀ ਨੇ ਦੱਸਿਆ ਕਿ ਇਸ ਫ਼ਿਲਮ ਦੀ ਅਗਲੀ ਸ਼ੂਟਿੰਗ ਲਈ ਵੀ ਚਾਰ ਹੋਰ ਮੁਲਕਾਂ ਦੀਆਂ ਖੂਬਸੂਰਤ ਲੋਕੇਸ਼ਨਾਂ ਦੀ ਚੋਣ ਕੀਤੀ ਗਈ ਹੈ ਅਤੇ ਸਭ ਕੁਝ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਸਲਮਾਨ ਖਾਨ ਦੀ ਦਿੱਖ ਅਜੇ ਤੱਕ ਯੂਨਿਟ ਤੋਂ ਬਾਹਰ ਕਿਸੇ ਨੂੰ ਦਿਖਾਈ ਨਹੀਂ ਗਈ ਹੈ। ਗੈਵੀ ਨੇ ਦੱਸਿਆ ਕਿ ਉਸ ਦੀ ਭੂਮਿਕਾ ਪਹਿਲਾਂ ਨਾਲੋਂ ਵੀ ਦਮਦਾਰ ਅਤੇ ਲੰਬੀ ਹੈ। ਗੈਵੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਲਮਾਨ ਖਾਨ ਨਾਲ ਕੰਮ ਕਰਨ ਦਾ ਹਰੇਕ ਅਦਾਕਾਰ ਦਾ ਸੁਪਨਾ ਹੁੰਦਾ ਹੈ, ਪਰ ਉਸ ਨੂੰ ਮਾਣ ਹੈ ਕਿ ਉਹ ਦੂਸਰੀ ਵਾਰ ਸਲਮਾਨ ਖਾਨ ਨਾਲ ਕੰਮ ਕਰ ਰਿਹਾ ਹੈ। ਗੈਵੀ ਨੇ ਦੱਸਿਆ ਕਿ ਸਲਮਾਨ ਖਾਨ ਸ਼ੂਟਿੰਗ ਦੌਰਾਨ ਵੀ ਸਾਥੀ ਕਲਾਕਾਰਾਂ ਨਾਲ ਬਹੁਤ ਮਿਲਵਰਤਨ ਵਾਲੇ ਸੁਭਾਅ 'ਚ ਰਹਿੰਦੇ ਹਨ, ਜਿਸ ਕਾਰਨ ਸ਼ੂਟਿੰਗ ਦੌਰਾਨ ਮਾਹੌਲ ਖੁਸ਼ਨੁਮਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਗੈਵੀ ਦੀ ਇਕ ਹੋਰ ਹਿੰਦੀ ਫ਼ਿਲਮ 'ਯੇ ਹੈ ਇੰਡੀਆ' ਰਿਲੀਜ਼ ਲਈ ਤਿਆਰ ਹੈ, ਜਿਸ 'ਚ ਗੈਵੀ ਨਾਇਕ ਵਜੋਂ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ 'ਵੀਜ਼ਾ' 'ਚ ਵੀ ਨਾਇਕ ਵਜੋਂ ਕੰਮ ਕਰ ਰਿਹਾ ਹੈ।

-ਪਟਿਆਲਾ।

'ਬਾਬਾ ਜੀ ਤੇਰਾ ਪਿਆਰ' ਲੈ ਕੇ ਹਾਜ਼ਰ ਹੈ ਧਰਮਵੀਰ ਪ੍ਰਦੇਸੀ

ਪੰਜਾਬੀ ਗਾਇਕੀ ਦੇ ਅੰਬਰਾਂ 'ਤੇ ਧਰੂ ਤਾਰੇ ਵਾਂਗ ਚਮਕ ਰਿਹਾ ਧਰਮਵੀਰ ਪ੍ਰਦੇਸੀ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਘਰ 'ਚ ਸੰਗੀਤਕ ਮਾਹੌਲ ਹੋਣ ਕਰਕੇ ਇਹ ਸੁਭਾਵਿਕ ਸੀ ਕਿ ਧਰਮਵੀਰ ਆਪਣੇ ਪਿਤਾ ਸਵ: ਮਹਿੰਦਰ ਸਿੰਘ ਪ੍ਰਦੇਸੀ (ਸਿੰਬਲ ਮਜਾਰਾ) ਦੀਆਂ ਪਾਈਆਂ ਪੈੜਾਂ 'ਤੇ ਚਲਦਿਆਂ ਸੰਗੀਤ ਦਾ ਰਾਹ ਮੱਲਦਾ।
ਮਹਿੰਦਰ ਸਿੰਘ ਪ੍ਰਦੇਸੀ ਨੇ ਧਰਮਵੀਰ ਦੀ ਸੰਗੀਤਕ ਰੁਚੀ ਨੂੰ ਭਾਂਪਦਿਆਂ ਉਸ ਨੂੰ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਦੇ ਲੜ ਲਾ ਦਿੱਤਾ। ਧਰਮਵੀਰ ਨੇ ਬਤੌਰ ਸ਼ਾਗਿਰਦ ਬੂਟਾ ਮੁਹੰਮਦ ਤੋਂ ਗਾਇਕੀ ਦੇ ਗੁਣ ਸਿੱਖਦਿਆਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ।
ਧਰਮਵੀਰ ਦੱਸਦਾ ਹੈ ਕਿ ਉਸ ਨੂੰ ਘਰ 'ਚੋਂ ਮਿਲੀ ਹੱਲਾਸ਼ੇਰੀ ਤੇ ਪਿਤਾ ਜੀ ਦੀ ਪ੍ਰੇਰਨਾ ਨੇ ਗਾਇਕੀ ਦੇ ਖੇਤਰ 'ਚ ਇਕ ਵਿਲੱਖਣ ਪਛਾਣ ਬਣਾਈ। ਉਹ ਆਖਦਾ ਹੈ ਕਿ ਮੇਰੀ ਪਹਿਚਾਣ ਮੇਰੇ ਪਿਤਾ ਜੀ ਦੀ ਬਦੌਲਤ ਹੈ। ਧਰਮਵੀਰ ਪ੍ਰਦੇਸੀ ਨੇ ਹੁਣ ਤੱਕ ਕਰੀਬ 15-16 ਸੀਡੀਜ਼ ਸਰੋਤਿਆਂ ਦੀ ਝੋਲੀ ਪਾਈਆਂ ਹਨ। ਹਾਲ ਹੀ 'ਚ ਉਹ ਇਕ ਨਵੀਂ ਧਾਰਮਿਕ ਐਲਬਮ 'ਬਾਬਾ ਜੀ ਤੇਰਾ ਪਿਆਰ' ਲੈ ਕੇ ਹਾਜ਼ਰ ਹੋਇਆ ਹੈ, ਜਿਸ ਤੋਂ ਉਸ ਨੂੰ ਕਾਫ਼ੀ ਉਮੀਦਾਂ ਹਨ।

-ਸਤੀਸ਼ ਕੁਮਾਰ ਦਰਦੀ

'ਪਾਵਾਂ ਬੋਲੀਆਂ'ਸਿੰਗਲ ਟਰੈਕ ਨਾਲ ਚਰਚਾ 'ਚ ਸੁੱਖ ਜੈਸਵਾਲ

 ਗਾਇਕ, ਗਾਇਕਾਵਾਂ ਦੇ ਭੀੜ-ਭੜੱਕੇ ਵਿਚ, 'ਮੇਲਾ', 'ਪੱਗ', 'ਉਡਦਾ ਦੁਪੱਟਾ' ਅਤੇ 'ਨਾਮ ਦੀ ਖੁਮਾਰੀ' ਭੇਟਾਂ ਦੀ ਐਲਬਮ ਆਦਿ ਦੇ ਨਾਲ-ਨਾਲ, ਡੀ. ਬੈਨੀਪਾਲ, ਜੱਸੀ ਜਸਵੀਰ ਅਤੇ ਲੱਖੀ ਸਿੰਘ ਨਾਲ ਦੋ-ਗਾਣਿਆਂ ਦਾ ਸਫਰ ਤੈਅ ਕਰ ਚੁੱਕਾ, ਗਾਇਕੀ ਦਾ ਉਭਰਵਾਂ ਖੂਬਸੂਰਤ ਚਿਹਰਾ, ਸੁੱਖ ਜੈਸਵਾਲ ਅੱਜਕਲ੍ਹ, 'ਪਾਵਾਂ ਬੋਲੀਆਂ' ਸਿੰਗਲ ਟਰੈਕ ਨਾਲ ਸੁਹਣਾ ਚਰਚਾ ਵਿਚ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਬਸੀ ਪਠਾਣਾ ਦੀ ਜੰਮਪਲ ਜੈਸਵਾਲ ਨੇ ਇਹ ਸਿੰਗਲ ਟਰੈਕ ਸਖਤ ਮਿਹਨਤ ਅਤੇ ਰਿਆਜ਼ ਨਾਲ 'ਦੇਸੀ ਸਟਾਰ ਮਿਊਜ਼ਿਕ ਕੰਪਨੀ' ਅਤੇ ਹਰਜਿੰਦਰ ਲਾਂਬਾ ਦੀ ਪੇਸ਼ਕਸ਼ ਹੇਠ ਸਰੋਤਿਆਂ ਦੇ ਰੂ-ਬ-ਰੂ ਲਿਆਂਦਾ ਹੈ।
ਮਾਤਾ ਰੌਸ਼ਨ ਕੌਰ ਦੀ ਲਾਡਲੀ, ਦਿਲਕਸ਼ ਸੁਰੀਲੀ ਆਵਾਜ਼ ਅਤੇ ਖੂਬਸੂਰਤ ਅਦਾਵਾਂ ਵਾਲੀ ਮੁਟਿਆਰ ਗਾਇਕਾ ਜੈਸਵਾਲ ਦੱਸਦੀ ਹੈ ਕਿ ਉਸ ਦੀ ਕਲਾ ਸਿਰਫ ਗਾਇਕੀ ਤੱਕ ਹੀ ਸੀਮਤ ਨਹੀਂ, ਬਲਕਿ ਬਿੰਦੂ ਵਾਲੀਆ ਦੇ ਦੂਰਦਰਸ਼ਨ 'ਤੇ ਆਏ ਇਕ ਗੀਤ ਨਾਲ ਉਸ ਨੇ ਲਾ-ਜਵਾਬ ਅਦਾਕਾਰੀ ਵੀ ਕੀਤੀ ਹੈ। ਉਸ ਨੇ ਅੱਗੇ ਦੱਸਿਆ ਕਿ ਜਿੱਥੇ ਉਸ ਦੇ ਪਿਤਾ ਅਜੈਬ ਸਿੰਘ ਪੰਜਾਬ ਪੁਲਿਸ ਵਿਚੋਂ ਬੜੀ ਸ਼ਾਨਦਾਰ ਸੇਵਾ ਨਿਭਾਉਣ ਪਿੱਛੋਂ ਰਿਟਾਇਰ ਹੋਏ ਹਨ, ਉਥੇ ਉਸ ਦੇ ਨਾ-ਸਿਰਫ ਦੋ ਭਰਾ ਵਕੀਲ ਹਨ, ਬਲਕਿ ਉਹ ਖੁਦ ਵੀ ਐਮ. ਐਸ. ਸੀ.-ਆਈ. ਟੀ. ਦੀ ਉਚੇਰੀ ਡਿਗਰੀ ਦੇ ਨਾਲ-ਨਾਲ ਐਲ. ਐਲ. ਬੀ. ਵੀ ਹੈ। ਗਾਇਕੀ ਦਾ ਸ਼ੌਕ ਸਕੂਲ ਪੜ੍ਹਦਿਆਂ ਹੀ ਉਸ ਦੇ ਰੋਮ-ਰੋਮ ਵਿਚ ਵਸ ਗਿਆ ਸੀ, ਜਿਹੜਾ ਕਿ ਮਾਤਾ ਗੁਜਰੀ ਕਾਲਜ ਦੀ ਪੜ੍ਹਾਈ ਦੌਰਾਨ ਹੋਰ ਵੀ ਜਾਨੂੰਨ ਬਣ ਕੇ ਰਹਿ ਗਿਆ। ਘਰ ਦਿਆਂ ਵਲੋਂ ਮਿਲੇ ਪੂਰਨ ਸਹਿਯੋਗ ਸਦਕਾ ਉਸ ਨੇ ਨਰਪਤ ਰਾਏ ਵਸ਼ਿਸ਼ਟ, ਈਸ਼ਵਰ ਦੱਤ ਪਾਠਕ ਅਤੇ ਪਰਵੇਜ ਖਾਨ ਪਾਸੋਂ ਬਾਕਾਇਦਾ ਸੰਗੀਤਕ ਤਾਲੀਮ ਅਤੇ ਨੂਰੀਆ ਤੂੰਬੀ ਵਾਲਾ ਪਾਸੋਂ ਤੂੰਬੀ ਦੀ ਤਾਲੀਮ ਹਾਸਲ ਕੀਤੀ। ਵੱਖ-ਵੱਖ ਨਾਮਵਰ ਕਲਾਕਾਰਾਂ ਨਾਲ ਅਨੇਕਾਂ ਸਟੇਜੀ ਸ਼ੋਅ ਕਰ ਚੁੱਕੀ ਜੈਸਵਾਲ ਨਿਕਟ ਭਵਿੱਖ ਵਿਚ ਜਿੱਥੇ ਅਮਰਜੀਤ ਧੀਮਾਨ ਅਤੇ ਯਾਦਵਿੰਦਰ ਢਿੱਲੋਂ ਦੇ ਵਿਸ਼ੇਸ਼ ਸਹਿਯੋਗ ਨਾਲ ਆਪਣੇ ਗੀਤ 'ਧੀਆਂ' ਅਤੇ 'ਮਾਪਿਆਂ ਦੀ ਇੱਜ਼ਤ' ਨਾਲ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰੀ ਲਗਵਾ ਰਹੀ ਹੈ, ਉਥੇ ਉਸ ਦੇ ਡਿਊਟ ਗੀਤ ਵੀ ਜਲਦੀ ਹੀ ਸੁਣਨ ਨੂੰ ਮਿਲਣਗੇ। ਇਸ ਤੋਂ ਇਲਾਵਾ ਹੁਣ ਫ਼ਿਲਮੀ ਦੁਨੀਆ ਵੱਲ ਨੂੰ ਦਸਤਕ ਦੇਣ ਲਈ ਵੀ ਕਦਮ ਉਠਾ ਰਹੀ ਹੈ ਉਹ।
ਸ਼ਾਲਾ! ਖੂਬਸੂਰਤ ਉਚ ਸੁਪਨੇ ਪਾਲ ਰਹੀ, ਆਵਾਜ਼ ਅਤੇ ਅਦਾਕਾਰੀ ਦੀ ਮਲਿਕਾ ਸੁੱਖ ਜੈਸਵਾਲ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ ਸੁਪਨਿਆਂ ਦੀਆਂ ਬੁਲੰਦੀਆਂ ਨੂੰ ਜਾ ਛੂਹਵੇ! ਆਮੀਨ!

-ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ

ਗੀਤਕਾਰੀ ਤੇ ਸੰਗੀਤ ਖੇਤਰ ਦਾ ਉੱਭਰਦਾ ਨਾਂਅ ਬਾਜ ਗਿੱਲ

 'ਸਵੈਗ ਜੱਟੀ ਦਾ' ਨਵੇਂ ਦੋਗਾਣਾ ਐਲਬਮ ਨਾਲ ਬਾਜ ਗਿੱਲ ਦਾ ਨਾਂਅ ਪੰਜਾਬੀ ਗੀਤਕਾਰ ਵਜੋਂ ਚਰਚਿਤ ਹੋ ਰਿਹਾ ਹੈ ਤੇ ਇਸ ਐਲਬਮ ਦੇ ਨਿਰਮਾਣ ਤੇ ਪੇਸ਼ਕਾਰੀ ਨੇ ਉਸ ਨੂੰ ਪੰਜਾਬੀ ਗੀਤ-ਸੰਗੀਤ ਖੇਤਰ ਵਿਚ ਵਧੀਆ ਪ੍ਰਵੇਸ਼ ਦਿਵਾਇਆ ਹੈ। ਹਾਲਾਂਕਿ ਕੈਨੇਡਾ ਵਿਖੇ ਸੱਭਿਆਚਾਰਕ ਮੇਲੇ, ਸੰਗੀਤ ਸ਼ੋਅਜ਼ ਉਹ ਸਮੇਂ-ਸਮੇਂ 'ਤੇ ਕਰਵਾ ਕੇ ਪੰਜਾਬੀ ਸੱਭਿਆਚਾਰ ਦੀ ਖ਼ਿਦਮਤ ਕਰਦਾ ਰਹਿੰਦਾ ਹੈ। ਰਾਏਕੋਟ (ਲੁਧਿਆਣਾ) ਦੇ ਪਿੰਡ ਬੁਰਜ ਹਰੀ ਸਿੰਘ ਵਾਲਾ ਦਾ ਜੰਮਪਲ ਬਾਜ ਗਿੱਲ ਕੈਲਗਰੀ (ਕੈਨੇਡਾ) ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ। ਚਰਚਿਤ ਨੌਜਵਾਨ ਗਾਇਕ ਜੋੜੀ ਸ਼ੰਮੀ ਖ਼ਾਨ ਤੇ ਕਿਰਨ ਰੰਧਾਵਾ ਦੇ ਆਨੰਦ ਮਿਊਜ਼ਿਕ 'ਚ ਆਏ ਤੇ ਸੰਗੀਤ ਦੀਆਂ ਪ੍ਰਮੁੱਖ ਸਾਈਟਾਂ ਤੋਂ ਇਲਾਵਾ ਪੰਜਾਬੀ ਚੈਨਲਾਂ ਦੀ ਸ਼ੋਭਾ ਬਣੇ 'ਸਵੈਗ ਜੱਟੀ ਦਾ' ਦੇ ਰੁਮਾਂਟਿਕ ਸੱਭਿਅਕ ਗੀਤ ਨੂੰ ਲਾਡੀ ਖਹਿਰਾ ਨਾਲ ਮਿਲ ਕੇ ਲਿਖਣ ਵਾਲੇ ਬਾਜ ਦਾ ਕਹਿਣਾ ਹੈ ਕਿ ਪ੍ਰਗਟ ਸਿੰਘ ਦੇ ਸੰਗੀਤ ਨੇ ਉਸ ਦੀ ਕਲਮ ਨਾਲ ਇਨਸਾਫ਼ ਕੀਤਾ ਹੈ। ਬਾਜ ਗਿੱਲ ਦੇ ਲਿਖੇ ਤੇ ਪੇਸ਼ ਕੀਤੇ ਜਾਣ ਵਾਲੇ ਕਲਾਕਾਰਾਂ 'ਚ ਸ਼ੰਮੀ ਖ਼ਾਨ ਤੋਂ ਇਲਾਵਾ ਹੈਪੀ ਰੰਦੇਵ, ਨਵੀ ਰੰਧਾਵਾ, ਰਮੇਸ਼ ਲੁਧਿਆਣਵੀ ਤੇ ਐਨ. ਕੀਮੇਵਾਲੀਆ ਵੀ ਸ਼ਾਮਿਲ ਹਨ। ਭੂਸ਼ਨ ਮਦਾਨ, ਮਨਜੀਤ ਸਿੰਘ, ਚਮਕੌਰ ਸੋਹਲ ਦੀਆਂ ਫ਼ਿਲਮਾਂ ਦੇ ਕੁਝ ਗੀਤ ਲਿਖਣ ਦਾ ਮੌਕਾ ਪਾ ਕੇ ਬਾਜ ਗਿੱਲ ਆ ਰਹੇ ਸਮੇਂ ਦਾ ਸਥਾਪਤ ਗੀਤਕਾਰ ਬਣਨ ਦੇ ਸੁਪਨੇ ਸਾਕਾਰ ਕਰੇਗਾ ਤੇ ਕੈਨੇਡਾ ਵਿਖੇ ਪੰਜਾਬੀ ਗੀਤ-ਸੰਗੀਤ ਨੂੰ ਉਤਸ਼ਾਹਿਤ ਕਰਦੇ ਰਹਿਣਾ ਉਸ ਦਾ ਮਕਸਦ ਹੈ।

-ਅਜੀਤ ਬਿਊਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX