ਤਾਜਾ ਖ਼ਬਰਾਂ


ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  7 minutes ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  14 minutes ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  59 minutes ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 1 hour ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 1 hour ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 1 hour ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 2 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 2 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  about 2 hours ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਹੋਰ ਖ਼ਬਰਾਂ..

ਖੇਡ ਜਗਤ

ਬੀ.ਸੀ.ਸੀ.ਆਈ. ਦੇ ਸਾਲਾਨਾ ਐਵਾਰਡ ਪ੍ਰੋਗਰਾਮ ਵਿਚ ਫਾਰੂਖ ਇੰਜੀਨੀਅਰ ਦੇ ਚੌਕੇ-ਛੱਕੇ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸਾਲਾਨਾ ਐਵਾਰਡ ਨਾਈਟ ਭਾਰਤੀ ਕ੍ਰਿਕਟ ਕੈਲੰਡਰ ਦੇ ਸਭ ਤੋਂ ਯਾਦਗਾਰ ਪ੍ਰੋਗਰਾਮਾਂ ਵਿਚ ਸ਼ੁਮਾਰ ਹੁੰਦੀ ਹੈ | ਇਸ ਵਿਚ ਪੁਰਸਕਾਰ ਜਿੱਤਣ ਵਾਲੇ ਲੰਬੇ-ਚੌੜੇ ਭਾਸ਼ਣ ਦਿੰਦੇ ਹਨ, ਬੋਰਡ, ਸਾਥੀ ਖਿਡਾਰੀਆਂ, ਕੋਚ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਧੰਨਵਾਦ ਦਿੰਦੇ ਹਨ | ਮਨਸੂਰ ਅਲੀ ਖਾਨ ਪਟੌਦੀ ਸਮਾਰਕ ਦਾ ਲੈਕਚਰ ਦੇਣ ਵਾਲਾ ਵਿਅਕਤੀ ਵੀ ਗੰਭੀਰ ਮੁੱਦਿਆਂ 'ਤੇ ਚਰਚਾ ਤੇ ਬਹਿਸ ਕਰਦਾ ਹੈ | ਪਰ ਇਸ ਵਾਰ ਬੰਗਲੁਰੂ ਵਿਚ ਇਸ ਤਰ੍ਹਾਂ ਨਹੀਂ ਹੋਇਆ | ਹੋਣਾ ਵੀ ਨਹੀਂ ਸੀ ਕਿਉਂਕਿ ਪਟੌਦੀ ਲੈਕਚਰ ਦੇਣ ਦੀ ਜ਼ਿੰਮੇਵਾਰੀ ਭਾਰਤ ਦੇ ਸਾਬਕਾ ਵਿਕਟ ਕੀਪਰ ਬੱਲੇਬਾਜ਼ ਫਾਰੂਖ ਇੰਜੀਨੀਅਰ ਨੂੰ ਦਿੱਤੀ ਗਈ ਸੀ, ਜੋ ਆਪਣੇ ਹਸਮੁਖ ਸੁਭਾਅ, ਹਾਜ਼ਰ ਜਵਾਬੀ, ਹਾਸ-ਵਿਅੰਗ ਅਤੇ ਜ਼ਿੰਦਾਦਿਲੀ ਲਈ ਪ੍ਰਸਿੱਧ ਹਨ |
ਅੱਜਕਲ੍ਹ ਇੰਗਲੈਂਡ ਵਿਚ ਰਹਿਣ ਵਾਲੇ ਫਾਰੂਖ ਇੰਜੀਨੀਅਰ ਆਪਣਾ ਲੈਕਚਰ ਸ਼ੁਰੂ ਕਰ ਚੁੱਕੇ ਸਨ ਕਿ ਸਾਬਕਾ ਕਪਤਾਨ ਅਜਿਤ ਵਾਡੇਕਰ ਨੇ ਹਾਲ ਵਿਚ ਦੇਰ ਨਾਲ ਦਾਖਲਾ ਕੀਤਾ | ਅਜਿਤ ਨੂੰ ਛੇੜਦੇ ਹੋਏ ਫਾਰੂਖ ਇੰਜੀਨੀਅਰ ਨੇ ਮਰਾਠੀ ਵਿਚ ਕਿਹਾ, 'ਹੈਲੋ, ਅਜਿਤ! ਕੀ ਬੰਬੇ ਤੋਂ ਟ੍ਰੇਨ ਲੇਟ ਸੀ? ਤਾਂਗਾ ਮਧਯ ਆਲੇ ਕਾ? (ਕੀ ਤੂੰ ਤਾਂਗੇ 'ਚ ਆਇਆ ਹੈਾ?' ਹਾਲ ਵਿਚ ਠਹਾਕਾ ਗੂੰਜ ਉੱਠਿਆ | ਪਰ ਗੱਲ ਇਥੇ ਖ਼ਤਮ ਨਹੀਂ ਹੋਈ | ਆਪਣੇ ਲੈਕਚਰ ਵਿਚ ਫਾਰੂਖ ਇੰਜੀਨੀਅਰ ਨੇ ਨਵੇਂ-ਪੁਰਾਣੇ ਖਿਡਾਰੀਆਂ ਸਮੇਤ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ | ਹੱਦ ਤਾਂ ਇਹ ਰਹੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਵੀ ਆਪਣੇ ਵਿਅੰਗ ਤੀਰਾਂ ਦਾ ਨਿਸ਼ਾਨਾ ਬਣਾਇਆ | ਪਟੌਦੀ ਕਦੀ ਆਪਣਾ ਬੱਲਾ ਪ੍ਰਯੋਗ ਨਹੀਂ ਸਨ ਕਰਦੇ | ਉਨ੍ਹਾਂ ਦੀ ਬੱਲੇਬਾਜ਼ੀ ਦਾ ਜਦੋਂ ਨੰਬਰ ਆਉਂਦਾ ਤਾਂ ਪਵੇਲੀਅਨ ਵਿਚ ਜਿਸ ਦਾ ਬੱਲਾ ਉਨ੍ਹਾਂ ਦੇ ਹੱਥ ਆਉਂਦਾ ਉਹ ਉਸ ਨਾਲ ਖੇਡਣ ਚਲਿਆ ਜਾਂਦਾ ਸੀ | ਕਿਉਂਕਿ ਫਾਰੂਖ ਇੰਜੀਨੀਅਰ ਓਪਨਰ ਬੱਲੇਬਾਜ਼ ਸੀ, ਇਸ ਲਈ ਅਕਸਰ ਇਸ ਤਰ੍ਹਾਂ ਹੁੰਦਾ ਸੀ ਕਿ ਉਨ੍ਹਾਂ ਦਾ ਬੱਲਾ ਪਟੌਦੀ ਦੇ ਹੱਥ ਲੱਗ ਜਾਂਦਾ ਸੀ | ਇਸ 'ਤੇ ਫਾਰੂਖ ਇੰਜੀਨੀਅਰ ਨੇ ਮਜ਼ਾਕੀਆ ਲਹਿਜੇ 'ਚ ਕਿਹਾ, 'ਮੈਨੂੰ ਖੁਸ਼ੀ ਹੈ ਕਿ ਮੇਰੇ ਬੱਲੇ ਦੀ ਕੋਈ ਮੇਰੇ ਤੋਂ ਚੰਗੀ ਵਰਤੋਂ ਕਰ ਰਿਹਾ ਸੀ |'
ਫਾਰੂਖ ਇੰਜੀਨੀਅਰ ਦੀ ਤਰ੍ਹਾਂ ਪਟੌਦੀ ਨੂੰ ਵੀ ਮਜ਼ਾਕ ਕਰਨ ਤੇ ਟਾਂਗ ਖਿੱਚਣ ਵਿਚ ਮਜ਼ਾ ਆਉਂਦਾ ਸੀ | ਸੈਂਟ ਕਿੱਟਸ ਵਿਚ ਦੋਵਾਂ ਨੇ ਆਪਣੇ ਸਾਥੀ ਖਿਡਾਰੀਆਂ 'ਤੇ ਅਮਲੀ ਚੁਟਕਲਾ ਕਹਿ ਮਾਰਿਆ | ਅੱਧੀ ਰਾਤ ਨੂੰ ਤੂਫ਼ਾਨ ਦਾ ਝੂਠਾ ਅਲਾਰਮ ਵਜਾ ਦਿੱਤਾ, ਸਭ ਮੈਦਾਨ ਵਿਚਾਲੇ ਇਕੱਠੇ ਹੋ ਗਏ ਤੇ ਪਟੌਦੀ ਨੇ ਉਨ੍ਹਾਂ ਨੂੰ ਬੇਵਕੂਫ਼ ਬਣਾਉਣਾ ਸ਼ੁਰੂ ਕੀਤਾ ਕਿ ਕੋਲਕਾਤਾ ਦਾ ਵਿਕਟੋਰੀਆ ਮੈਮੋਰੀਅਲ ਉਨ੍ਹਾਂ ਦੇ ਮੁਹੱਲਿਆਂ ਵਿਚੋਂ ਇਕ ਹੈ | ਚੰਦੂ ਬੋਰਡ ਇਸ ਗੱਲ ਨੂੰ ਸੱਚ ਮਨ ਬੈਠੇ ਅਤੇ ਬੋਲੇ, 'ਤਾਂ ਏਕ ਦਿਨ ਉਥੇ ਚਾਹ ਪੀਣ ਚੱਲਾਂਗੇ |' ਬੇਵਕੂਫ਼ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਫਾਰੂਖ ਇੰਜੀਨੀਅਰ ਨੇ ਮਹਾਨ ਲੇਖਕ ਜਾਰਜ ਬਰਨਾਰਡ ਸ਼ਾਅ ਦੇ ਹਵਾਲੇ ਨਾਲ ਕਿਹਾ, 'ਸ਼ਾਅ ਨੇ ਇਕ ਵਾਰ ਕਿਹਾ ਸੀ ਕਿ ਕ੍ਰਿਕਟ ਵਿਚ ਇਕ ਬੇਵਕੂਫ਼ ਗੇਂਦ ਸੁੱਟਦਾ ਹੈ, ਦੂਜਾ ਬੇਵਕੂਫ਼ ਉਸ ਨੂੰ ਹਿੱਟ ਕਰਦਾ ਹੈ ਅਤੇ ਸਭ ਤੋਂ ਵੱਡਾ ਬੇਵਕੂਫ਼ ਉਸ ਦੇ ਪਿੱਛੇ ਭੱਜਦਾ ਹੈ ਅਤੇ ਉਸ ਨੂੰ ਚੁੱਕ ਕੇ ਲਿਆਉਂਦਾ ਹੈ | ਮੈਂ ਸਮਝਦਾ ਹਾਂ ਕਿ ਇਸੇ ਵਜ੍ਹਾ ਨਾਲ ਮੈਂ ਵਿਕਟ ਦੇ ਪਿੱਛੇ ਰਹਿਣਾ ਚੰਗਾ ਸਮਝਿਆ |'
ਉੱਚ ਪੱਧਰ 'ਤੇ ਕ੍ਰਿਕਟ ਅੱਜਕਲ੍ਹ ਲਾਭਕਾਰੀ ਕਿੱਤਾ ਹੈ, ਪਰ ਜਿਸ ਸਮੇਂ ਫਾਰੂਖ ਇੰਜੀਨੀਅਰ ਖੇਡਿਆ ਕਰਦੇ ਸਨ ਤਾਂ ਭਾਰਤੀ ਖਿਡਾਰੀਆਂ ਨੂੰ ਟੈਸਟ ਮੈਚ ਖੇਡਣ ਲਈ ਸਿਰਫ਼ 50 ਰੁਪਏ ਹਰ ਰੋਜ਼ ਮਿਲਿਆ ਕਰਦੇ ਸਨ | ਇਸ ਤੋਂ ਬਹੁਤ ਹੀ ਦਿਲਚਸਪ ਦਿ੍ਸ਼ ਪੈਦਾ ਹੋ ਜਾਇਆ ਕਰਦਾ ਸੀ | ਫਾਰੂਖ ਇੰਜੀਨੀਅਰ ਨੇ ਦੱਸਿਆ, 'ਮੈਨੂੰ ਯਾਦ ਹੈ ਕਿ ਸ੍ਰੀਲੰਕਾ ਦੇ ਖਿਲਾਫ ਮੈਂ ਅਤੇ ਸੁਨੀਲ ਗਾਵਸਕਰ ਚੌਥੇ ਦਿਨ ਹੀ ਮੈਚ ਖ਼ਤਮ ਕਰਨ ਜਾ ਰਹੇ ਸੀ ਅਤੇ ਡ੍ਰੈਸਿੰਗ ਰੂਮ ਤੋਂ ਅਨੇਕ ਤਰ੍ਹਾਂ ਦੇ ਸੰਦੇਸ਼ ਆ ਰਹੇ ਸਨ—ਪਾਗਲ ਹੋ ਗਏ ਹੋ ਕੀ? ਮੈਚ ਨੂੰ ਪੰਜਵੇਂ ਦਿਨ ਤੱਕ ਖਿੱਚ ਲਓ ਨਹੀਂ ਤਾਂ ਕੱਲ੍ਹ ਦੇ ਪੰਜਾਹ ਰੁਪਏ ਮਾਰੇ ਜਾਣਗੇ |'
ਆਪਣੇ ਲੈਕਚਰ ਵਿਚ ਫਾਰੂਖ ਇੰਜੀਨੀਅਰ ਨੇ ਕ੍ਰਿਕਟ ਦੇ ਮਹਾਨ ਖਿਡਾਰੀਆਂ ਨੂੰ ਵੀ ਨਹੀਂ ਬਖਸ਼ਿਆ | ਦੱਖਣੀ ਅਫਰੀਕਾ ਦੇ ਲੀਜੈਂਡ ਗ੍ਰੀਮ ਪੋਲਾਕ ਬਾਰੇ ਉਨ੍ਹਾਂ ਕਿਹਾ, 'ਦੱਖਣੀ ਅਫ਼ਰੀਕਾ ਵਿਚ ਜਦੋਂ ਰੰਗ-ਭੇਦ ਨੀਤੀ ਲਾਗੂ ਸੀ ਉਦੋਂ ਵੀ ਪੋਲਾਕ ਦੀ ਕੋਸ਼ਿਸ਼ ਸੀ ਕਿ ਗੋਰੇ ਤੇ ਗ਼ੈਰ-ਗੋਰੇ ਖਿਡਾਰੀ ਇਕੱਠੇ ਖੇਡਣ | ਗ਼ੈਰ-ਗੋਰਿਆਂ ਨੂੰ ਅਸੀਂ ਸੁਵਿਧਾ ਲਈ ਕਾਲੇ ਕਹਿ ਲੈਂਦੇ ਹਾਂ | ਪਰ ਪੋਲਾਕ ਕਾਮਯਾਬ ਨਹੀਂ ਸੀ ਹੋ ਰਹੇ | ਕਾਲੇ ਗੋਰਿਆਂ ਨੂੰ ਆਊਟ ਕਰਨਾ ਚਾਹੁੰਦੇ ਸਨ, ਪਰ ਗੋਰੇ ਕਾਲਿਆਂ ਦੀ ਗੇਂਦ 'ਤੇ ਕੈਚ ਛੱਡ ਰਹੇ ਸਨ | ਪੋਲਾਕ ਨੇ ਉਨ੍ਹਾਂ ਸਾਰਿਆਂ ਨੂੰ ਡ੍ਰੈਸਿੰਗ ਰੂਮ ਵਿਚ ਬੁਲਾਇਆ ਅਤੇ ਕਿਹਾ ਕਿ ਤੁਹਾਨੂੰ ਇਕ ਦੂਜੇ ਲਈ ਖੇਡਣਾ ਚਾਹੀਦਾ ਕਿਉਂਕਿ ਤੁਸੀਂ ਇਕ ਹੀ ਟੀਮ ਲਈ ਖੇਡ ਰਹੇ ਹੋ | ਅੱਜ ਤੋਂ ਇਸ ਟੀਮ ਵਿਚ ਨਾ ਕੋਈ ਗੋਰਾ ਹੈ ਅਤੇ ਨਾ ਕੋਈ ਕਾਲਾ, ਤੁਸੀਂ ਸਾਰੇ ਹਾਰੇ ਹੋ, ਇਹ ਗੱਲ ਸਭ ਨੂੰ ਸਮਝ ਵਿਚ ਆ ਜਾਣੀ ਚਾਹੀਦੀ | ਜਦੋਂ ਸਭ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ ਤਾਂ ਪੋਲਾਕ ਨੇ ਕਿਹਾ—'ਸ਼ਾਬਾਸ਼, ਹੁਣ ਜਦੋਂ ਤੁਸੀਂ ਟੀਮ ਬੱਸ ਵਿਚ ਜਾ ਕੇ ਬੈਠੋ ਤਾਂ ਇਹ ਪੱਕਾ ਕਰਨਾ ਕਿ ਹਲਕੇ ਹਰੇ ਖੱਬੇ ਵਿਚ ਬੈਠੋ ਅਤੇ ਗੂੜੇ੍ਹ ਹਰੇ ਸੱਜੇ ਪਾਸੇ ਬੈਠੋ |'
ਫਾਰੂਖ ਇੰਜੀਨੀਅਰ ਦੇ ਹਾਸੇ ਕਾਰਨ ਉਹ ਇਕ ਇਸ ਤਰ੍ਹਾਂ ਦੀ ਸ਼ਾਨਦਾਰ ਰਾਤ ਹੋ ਗਈ ਕਿ ਇਕ ਵਾਰ ਤਾਂ ਜਦੋਂ ਖ਼ੁਦ ਫਾਰੂਖ ਇੰਜੀਨੀਅਰ ਵੀ ਗ਼ਲਤੀ ਕਰ ਬੈਠੇ ਤਾਂ ਵੀ ਲੋਕਾਂ ਨੇ ਸਭ ਕੁਝ ਮਜ਼ਾਕ ਵਿਚ ਟਾਲ ਦਿੱਤਾ | ਹੋਇਆ ਇਹ ਕਿ ਫਾਰੂਖ ਇੰਜੀਨੀਅਰ ਨੇ ਮਜ਼ਾਕ ਵਿਚ ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਤੋਂ ਪੁੱਛਿਆ, 'ਕਰਨਾਟਕ ਦੇ ਪਾਣੀ ਵਿਚ ਇਸ ਤਰ੍ਹਾਂ ਦਾ ਕੀ ਹੈ ਉਥੋਂ ਚੰਦਰਾ (ਬੀ. ਐਸ. ਚੰਦਰਸ਼ੇਖਰ), ਪ੍ਰਸੰਨਾ (ਏਰਾਪਾਲੀ) ਅਤੇ ਤੇਰੇ ਵਰਗੇ ਮਹਾਨ ਸਪਿਨਰ ਨਿਕਲ ਰਹੇ ਹਨ?' ਪਰ ਅਸ਼ਵਿਨ, ਜਿਨ੍ਹਾਂ ਦਾ ਸਬੰਧ ਤਾਮਿਲਨਾਡੂ ਤੋਂ ਹੈ, ਨੇ ਹਾਜ਼ਰ ਜਵਾਬੀ ਦਾ ਚੰਗੀ ਪਛਾਣ ਦਿੰਦੇ ਹੋਏ ਕਿਹਾ, 'ਮੈਂ ਰਾਜਨੀਤਕ ਗੱਲ ਨਹੀਂ ਕਰਨਾ ਚਾਹੁੰਦਾ, ਪਰ ਹਾਲ ਹੀ ਵਿਚ ਤਾਮਿਲਨਾਡੂ ਨੂੰ ਕਾਵੇਰੀ ਦਾ ਕੁਝ ਪਾਣੀ ਮਿਲਿਆ ਹੈ, ਮੈਂ ਸਮਝਦਾ ਹਾਂ ਕਿ ਉਸ ਦਾ ਹੀ ਕੁਝ ਅਸਰ ਹੋਵੇਗ |'

-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਘਰੇਲੂ ਖੇਡਾਂ ਬਣ ਕੇ ਰਹਿ ਗਈਆਂ ਸਿਰਫ਼ ਯੁਵਕ ਮੇਲਿਆਂ ਦੀ ਰੌਣਕ

ਕੋਈ ਵੇਲਾ ਹੋਇਆ ਕਰਦਾ ਸੀ ਜਦ ਪੰਜਾਬ ਵਿਚ ਪੇਂਡੂ ਖੇਡਾਂ ਅਤੇ ਲੋਕ ਕਲਾਵਾਂ ਜਿਵੇਂ ਕਿ ਸਟਾਪੂ, ਗੀਟ੍ਹੇ, ਗੁੱਡੀਆਂ-ਪਟੋਲੇ, ਇੰਨੂ ਬੁਣਨਾ, ਕਢਾਈ, ਖਿੱਦੋ ਬਣਾਉਣਾ, ਮਿੱਟੀ ਦੇ ਖਿਡੌਣੇ, ਪੀੜ੍ਹੀ ਬੁਣਨਾ, ਰੱਸਾਕਸ਼ੀ, ਰੱਸਾ ਵਟਾਈ, ਰੱਸੀ ਟੱਪਣਾ ਆਦਿ ਹਰ ਇਕ ਬੱਚੇ, ਨੌਜਵਾਨ ਅਤੇ ਬਜ਼ੁਰਗ ਦੇ ਹੱਥਾਂ ਦੇ ਪੋਟਿਆਂ ਉੱਤੇ ਹੋਇਆ ਕਰਦੀਆਂ ਸਨ | ਉਨ੍ਹਾਂ ਸਮਿਆਂ ਵਿਚ ਮੋਬਾਈਲ ਫੋਨ ਨਾ ਹੋਣ ਕਰਕੇ ਬੱਚੇ ਇਕੱਠੇ ਹੋ ਕੇ ਇਹ ਲੋਕ-ਖੇਡਾਂ ਖੇਡਦੇ ਅਤੇ ਵਧਦੇ-ਫੁਲਦੇ ਸਨ | ਪਰ ਮੌਜੂਦਾ ਸਮੇਂ ਵਿਚ ਸਭ ਕੁਝ ਉਲਟਾ ਹੋ ਗਿਆ ਹੈ | ਅੱਜ ਬੱਚੇ ਇਨ੍ਹਾਂ ਲੋਕ-ਖੇਡਾਂ ਨੂੰ ਖੇਡਣਾ ਤਾਂ ਇਕ ਪਾਸੇ, ਸਗੋਂ ਇਨ੍ਹਾਂ ਖੇਡਾਂ ਦਾ ਨਾਂਅ ਸੁਣ ਕੇ ਵੀ ਚਕਾਚੌਾਦ ਰਹਿ ਜਾਂਦੇ ਹਨ ਕਿ ਇਹ ਕਿਸ ਸ਼ੈਅ ਦਾ ਨਾਂਅ ਹੈ? ਬੱਚੇ ਤਾਂ ਬੱਚੇ, ਨੌਜਵਾਨ ਵੀ ਇਨ੍ਹਾਂ ਖੇਡਾਂ ਬਾਰੇ ਕੁਝ ਨਹੀਂ ਜਾਣਦੇ | ਅੱਜ ਇਹ ਲੋਕ-ਖੇਡਾਂ ਮਹਿਜ਼ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੱਕ ਹੀ ਸੀਮਤ ਰਹਿ ਚੁੱਕੀਆਂ ਹਨ, ਪਰ ਉਥੇ ਵੀ ਨੌਜਵਾਨ ਮੁੰਡੇ-ਕੁੜੀਆਂ ਇਨ੍ਹਾਂ ਲੋਕ-ਖੇਡਾਂ ਦਾ ਵਿਗੜਿਆ ਰੂਪ ਪੇਸ਼ ਕਰ ਰਹੇ ਹਨ | ਇਸ ਪਿੱਛੇ ਸ਼ਾਇਦ ਇਹ ਕਾਰਨ ਹੋ ਸਕਦਾ ਹੈ ਕਿ ਉਨ੍ਹਾਂ ਦੇ ਕੋਚ ਸਾਹਿਬਾਨਾਂ ਨੂੰ ਵੀ ਇਨ੍ਹਾਂ ਖੇਡਾਂ ਬਾਰੇ ਬਹੁਤਾ ਜ਼ਿਆਦਾ ਇਲਮ ਨਹੀਂ ਹੈ | ਸਗੋਂ ਉਹ ਵੀ ਇਨ੍ਹਾਂ ਲੋਕ-ਖੇਡਾਂ ਨੂੰ ਆਪਣੇ ਬਜ਼ੁਰਗਾਂ ਕੋਲੋਂ ਸੁਣ-ਸੁਣ ਕੇ ਹੀ ਅੱਗੇ ਬੱਚਿਆਂ ਨੂੰ ਸਿਖਾ ਰਹੇ ਹਨ |
ਯੁਵਕ ਮੇਲਿਆਂ ਵਿਚ ਪੇਂਡੂ ਖੇਡਾਂ ਜਾਂ ਫਿਰ ਲੋਕ ਕਲਾਵਾਂ ਨੂੰ ਪੇਸ਼ ਕਰਨਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ, ਜਿਸ ਵਿਚ ਹਰ ਸਾਲ ਇਕ ਯੂਨੀਵਰਸਿਟੀ ਦੇ ਯੁਵਕ ਮੇਲੇ ਅਧੀਨ ਪੂਰੇ ਪੰਜਾਬ ਭਰ ਵਿਚੋਂ ਤਕਰੀਬਨ 80 ਕਾਲਜ ਸ਼ਮੂਲੀਅਤ ਕਰਦੇ ਹਨ, ਜੋ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਲੋਕ-ਖੇਡਾਂ ਵਿਚ ਗਿਆਨ ਦੇ ਕੇ ਇਨ੍ਹਾਂ ਯੁਵਕ ਮੇਲਿਆਂ 'ਚ ਲੈ ਕੇ ਆਉਂਦੇ ਹਨ | ਇਕ ਪਾਸੇ ਇਹ ਗੱਲ ਬਹੁਤ ਹੀ ਖੁਸ਼ੀ ਵਾਲੀ ਹੈ ਕਿ ਮੁੜ ਦੁਬਾਰਾ ਤੋਂ ਇਨ੍ਹਾਂ ਲੋਕ-ਖੇਡਾਂ ਅਤੇ ਲੋਕ-ਕਲਾਵਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਸੁਰਜੀਤ ਕੀਤਾ ਜਾਣ ਲੱਗਾ ਹੈ | ਪਰ ਦੂਜੇ ਪਾਸੇ ਦੁੱਖ ਇਸ ਗੱਲ ਦਾ ਵੀ ਹੈ ਕਿ ਕਿਸੇ ਸਮੇਂ ਪੰਜਾਬ ਦੇ ਘਰ-ਘਰ ਵਿਚ ਪ੍ਰਧਾਨ ਰਹੀਆਂ ਇਨ੍ਹਾਂ ਲੋਕ-ਖੇਡਾਂ ਨੂੰ ਅੱਜ ਮਹਿਜ਼ ਯਾਦਗਾਰੀ ਚਿੰਨ੍ਹਾਂ ਵਜੋਂ ਹੀ ਯਾਦ ਕੀਤਾ ਜਾਂਦਾ ਹੈ | ਸਟਾਪੂ, ਬਾਂਦਰ ਕੀਲਾ, ਬੰਟੇ ਖੇਡ ਵਰਗੀਆਂ ਨਾ ਜਾਣੇ ਕਿੰਨੀਆਂ ਹੀ ਲੋਕ-ਖੇਡਾਂ ਸਨ, ਜੋ ਅੱਜ ਦੀ ਪੀੜ੍ਹੀ ਵਿਚੋਂ ਅਲੋਪ ਹੋ ਗਈਆਂ ਹਨ | ਅੱਜ ਦੇ ਤਕਨੀਕੀ ਯੁੱਗ ਵਿਚ ਇਨ੍ਹਾਂ ਖੇਡਾਂ ਦੀਆਂ ਸਮਾਰਟਫੋਨ ਐਪਲੀਕੇਸ਼ਨਾਂ ਬਣਦੀਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਨੂੰ ਹਰ ਕੋਈ ਆਪਣੇ ਸਮਾਰਟਫੋਨ ਉੱਪਰ ਤਾਂ ਖੇਡਣਾ ਚਾਹੁੰਦਾ ਹੈ, ਪਰ ਕੋਈ ਵਿਰਲਾ ਹੀ ਹੋਵੇਗਾ, ਜੋ ਇਨ੍ਹਾਂ ਖੇਡਾਂ ਨੂੰ ਅਸਲੀਅਤ ਵਿਚ ਖੇਡ ਕੇ ਅਨੰਦ ਮਾਨਣਾ ਚਾਹੁੰਦਾ ਹੋਵੇ |
ਇਨ੍ਹਾਂ ਲੋਕ-ਖੇਡਾਂ ਨੂੰ ਯੁਵਕ ਮੇਲਿਆਂ ਤੱਕ ਹੀ ਸੀਮਤ ਨਹੀਂ ਰਹਿਣ ਦੇਣਾ ਚਾਹੀਦਾ | ਪੰਜਾਬ ਵਰਗੇ ਸੂਬੇ ਵਿਚ ਜਿੱਥੇ ਇਨ੍ਹਾਂ ਖੇਡਾਂ ਦਾ ਜਨਮ ਹੋਇਆ ਹੈ, ਉਥੋਂ ਇਹ ਖੇਡਾਂ ਵਿਸਰਨੀਆਂ ਨਹੀਂ ਚਾਹੀਦੀਆਂ | ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੀਆਂ ਲੋਕ-ਖੇਡਾਂ ਪ੍ਰਤੀ ਪਿਆਰ ਜ਼ਿਆਦਾ ਵਧਦਾ ਜਾ ਰਿਹਾ ਹੈ, ਜਿਸ ਕਰਕੇ ਉਹ ਤਾਸ਼ ਸੀਪ, ਬੰਟਿਆਂ ਦੇ ਮੁਕਾਬਲੇ ਆਦਿ ਵਰਗੇ ਟੂਰਨਾਮੈਂਟ ਕਰਵਾਉਣ ਲੱਗ ਪਏ ਹਨ | ਟੂਰਨਾਮੈਂਟ ਉੱਪਰ ਕਿਸੇ ਖੇਡ ਨੂੰ ਕਰਵਾਉਣ ਦਾ ਮਤਲਬ ਹੁੰਦਾ ਹੈ ਕਿ ਉਸ ਖੇਡ ਪ੍ਰਤੀ ਸਮੇਂ ਦੀ ਨੌਜਵਾਨ ਪੀੜ੍ਹੀ ਆਪਣੀ ਰੁਚੀ ਨਹੀਂ ਵਿਖਾ ਰਹੀ, ਜਿਸ ਕਰਕੇ ਇਨ੍ਹਾਂ ਲੋਕ-ਖੇਡਾਂ ਨੂੰ ਅੱਜਕਲ੍ਹ ਟੂਰਨਾਮੈਂਟਾਂ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ | ਪਰ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਵਿਚ ਆਪਣੀ ਰੁਚੀ ਵਿਖਾਉਣੀ ਚਾਹੀਦੀ ਹੈ | ਇਨ੍ਹਾਂ ਲੋਕ-ਖੇਡਾਂ ਨੂੰ ਕੇਵਲ ਯੂਨੀਵਰਸਿਟੀਆਂ ਦੇ ਲੋਕ-ਮੇਲਿਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਹਰ ਇਕ ਨੌਜਵਾਨ ਇਨ੍ਹਾਂ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਇਕ ਅਹਿਮ ਸਥਾਨ ਦੇਣਾ ਸ਼ੁਰੂ ਕਰੇ, ਤਾਂ ਜੋ ਸਾਡੀਆਂ ਉਹ ਬਜ਼ੁਰਗਾਂ ਦੀਆਂ ਦਿੱਤੀਆਂ ਖੇਡਾਂ ਨੂੰ ਆਉਣ ਵਾਲੇ ਸਮੇਂ ਵਿਚ ਸੰਭਾਲਿਆ ਜਾ ਸਕੇ |

-ਬਰਮਾਲੀਪੁਰ | ਮੋਬਾ: 95015-82626

ਵੀਲ੍ਹਚੇਅਰ ਖਿਡਾਰੀ ਇਮਰਾਨ ਕੁਰੈਸ਼ੀ

'ਹਿੰਮਤ ਬੜਾ ਤੋ ਮਦਦੇਦਾਰ ਖੁਦਾ, ਬੇਜ਼ਾਰ ਹਿੰਮਤ ਬੇਜ਼ਾਰ ਖੁਦਾ' ਦੀਆਂ ਸਤਰਾਂ ਨੂੰ ਸੱਚ ਸਾਬਤ ਕਰਨ ਵਾਲਾ ਇਮਰਾਨ ਕੁਰੈਸ਼ੀ ਤਿੰਨ ਪਹੀਆ ਜਾਣੀ ਵੀਲ੍ਹਚੇਅਰ ਦਾ ਪਾਵਰਮੈਨ ਆਫ ਇੰਡੀਆ ਹੈ | ਜਦ ਉਹ ਵੀਲ੍ਹਚੇਅਰ 'ਤੇ ਹੈਰਤਅੰਗੇਜ਼ ਕਾਰਨਾਮੇ ਕਰਦਾ ਹੈ ਤਾਂ ਉਸ ਵਕਤ ਲਗਦਾ ਹੈ ਕਿ ਵੀਲ੍ਹਚੇਅਰ ਖੁਦ-ਬ-ਖੁਦ ਅਪਾਹਜ ਇਮਰਾਨ ਕੁਰੈਸ਼ੀ ਅੱਗੇ ਕਠਪੁਤਲੀ ਵਾਂਗ ਨੱਚਣ ਲੱਗ ਪੈਂਦੀ ਹੈ | ਇਸੇ ਲਈ ਤਾਂ ਉਹ ਨੱਚਦਾ ਹੈ, ਤੈਰਦਾ ਹੈ, ਦੌੜਦਾ ਹੈ | ਇਮਰਾਨ ਕੁਰੈਸ਼ੀ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਉਸ ਦਾ ਜਨਮ 28 ਜਨਵਰੀ, 1990 ਵਿਚ ਪਿਤਾ ਸਿਫਾਇਤ ਉੱਲਾ ਦੇ ਘਰ ਮਾਤਾ ਸਾਜਿਦਾ ਦੀ ਕੁੱਖੋਂ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਪਿੰਡ ਗਿਆਨੀਪੁਰਾ ਵਿਚ ਹੋਇਆ | ਸੰਨ 2007 ਵਿਚ ਇਮਰਾਨ ਕੁਰੈਸ਼ੀ ਜਦ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ ਤਾਂ ਸਿਰਫ ਸਤਾਰਾਂ ਸਾਲ ਦੀ ਉਮਰ ਵਿਚ ਉਸ ਦੀ ਅੱਖ ਦੀ ਰੌਸ਼ਨੀ ਚਲੀ ਗਈ | ਆਖਰ ਮਾਂ-ਬਾਪ ਦੇ ਅਣਥੱਕ ਯਤਨਾਂ ਸਦਕਾ ਲਖਨਊ ਸ਼ਹਿਰ ਦੇ ਪੀ.ਜੀ.ਆਈ. ਹਸਪਤਾਲ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਰੌਸ਼ਨੀ ਵਾਪਸ ਆਈ ਪਰ ਸੰਨ 2009 ਵੀ ਇਮਰਾਨ ਲਈ ਇਕ ਹੋਰ ਵੱਡੀ ਮੁਸੀਬਤ ਲੈ ਕੇ ਆਇਆ, ਉਸ ਦੇ ਪੈਰ ਸੁੰਨ ਹੋਣ ਲੱਗੇ | ਇਲਾਜ ਲਈ ਮੁੰਬਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਇਮਰਾਨ ਦੀ ਬਿਮਾਰੀ ਲਾਇਲਾਜ ਹੈ ਅਤੇ ਉਹ ਮਲਟੀਪਲ ਐਕਸਕਲੋਰੋਸਿਸ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਹੁਣ ਉਹ ਜੀਵਨ ਭਰ ਆਪਣੀਆਂ ਲੱਤਾਂ ਦੇ ਸਹਾਰੇ ਚੱਲ ਨਹੀਂ ਸਕੇਗਾ | ਇਹ ਗੱਲ ਪਿਤਾ ਨੂੰ ਪਤਾ ਲੱਗੀ, ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ | ਇਮਰਾਨ ਨੂੰ ਅਹਿਸਾਸ ਹੋਇਆ ਤਾਂ ਅੱਖਾਂ ਵਹਿ ਤੁਰੀਆਂ ਅਤੇ ਸੋਚਣ ਲੱਗਾ ਕਿ ਪੈਰ ਹੀ ਨਹੀਂ, ਹੁਣ ਤਾਂ ਉਸ ਦੀ ਜ਼ਿੰਦਗੀ ਹੀ ਸੁੰਨ ਹੋ ਗਈ |
ਆਖਰ ਜ਼ਿੰਦਗੀ ਦੀ ਵਾਟ ਮਾਪਣ ਲਈ ਮੁੰਬਈ ਦੇ ਹੀ ਪੈਰਾਪਲੇਜਿਕ ਫਾਊਾਡੇਸ਼ਨ ਦੁਆਰਾ ਚਲਾਏ ਜਾ ਰਹੇ ਪੁਨਰਵਾਸ ਕੇਂਦਰ ਵਿਚ ਦਾਖ਼ਲ ਕਰਵਾ ਦਿੱਤਾ | ਉਸੇ ਹੀ ਪੁਨਰਵਾਸ ਕੇਂਦਰ ਵਿਚ ਇਮਰਾਨ ਦਾ ਜਜ਼ਬਾ ਮਜ਼ਬੂਤ ਹੋਇਆ, ਇਕ ਹੌਸਲਾ, ਦਲੇਰੀ ਅਤੇ ਹਿੰਮਤ ਨੇ ਜਨਮ ਲਿਆ | ਭਾਵੇਂ ਇਮਰਾਨ ਦੇ ਬਚਪਨ ਦੇ ਸਜਾਏ ਸੁਪਨੇ ਧੁਆਂਖੇ ਗਏ ਪਰ ਹੁਣ ਉਹ ਵੀਲ੍ਹਚੇਅਰ 'ਤੇ ਹੀ ਸੁਪਨੇ ਸਜਾਉਣ ਲੱਗਿਆ | ਉਸ ਦੇ ਸਜਾਏ ਸੁਪਨੇ ਉਸ ਵਕਤ ਸੁਨਹਿਰੀ ਸੱਚ ਵਿਚ ਬਦਲ ਗਏ, ਜਦ ਉਹ ਵੀਲ੍ਹਚੇਅਰ ਉਪਰ ਹੀ ਕਰਤੱਬ ਵਿਖਾਉਣ ਲੱਗਿਆ | ਉਸ ਦੇ ਇਨ੍ਹਾਂ ਕਰਤੱਬਾਂ ਨੂੰ ਵੇਖਦੇ ਹੋਏ ਉਸ ਨੂੰ ਹਿੰਦੀ ਫ਼ਿਲਮ 'ਹਾਲੀਡੇ' ਵਿਚ ਵੀ ਆਪਣੇ ਇਸ ਹੁਨਰ ਨੂੰ ਪ੍ਰਗਟਾਉਣ ਦਾ ਮੌਕਾ ਮਿਲਿਆ ਅਤੇ ਇਮਰਾਨ ਨੇ ਬਾਲੀਵੁਡ ਸਟਾਰ ਅਕਸ਼ੇ ਕੁਮਾਰ ਨਾਲ ਕੰਮ ਕਰਕੇ ਸਭ ਨੂੰ ਚਕਾਚੌਾਧ ਹੀ ਨਹੀਂ ਕੀਤਾ, ਸਗੋਂ ਉਹ ਅਪਾਹਜ ਨੌਜਵਾਨਾਂ ਲਈ ਇਕ ਵੱਡਾ ਪ੍ਰੇਰਨਾ ਸਰੋਤ ਬਣਿਆ | ਇਥੇ ਹੀ ਬਸ ਨਹੀਂ, ਉਹ ਵੀਲ੍ਹਚੇਅਰ ਉਪਰ ਡਾਂਸ ਵੀ ਕਰਦਾ ਹੈ ਅਤੇ ਵੀਲ੍ਹਚੇਅਰ ਉਪਰ ਬੈਠ ਕੇ ਤਸਵੀਰਾਂ ਵੀ ਬਣਾਉਂਦਾ ਹੈ | ਇਮਰਾਨ ਆਖਦਾ ਹੈ ਕਿ ਆਦਮੀ ਨੂੰ ਕੁਝ ਨਾ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਵੀ ਇਹੀ ਨਿਸ਼ਾਨਾ ਹੈ | ਇਮਰਾਨ ਆਪਣੇ-ਆਪ ਨੂੰ ਖੇਡਾਂ ਦੇ ਖੇਤਰ ਵਿਚ ਵੀ ਸਥਾਪਤ ਕਰ ਰਿਹਾ ਹੈ ਅਤੇ ਉਸ ਨੇ ਬਠਿੰਡਾ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਭਾਗ ਲੈ ਕੇ ਹੱਥਾਂ ਨਾਲ ਤੈਰਾਕੀ ਕਰਕੇ ਸੋਨ ਤਗਮਾ ਹਾਸਲ ਕੀਤਾ | ਇਮਰਾਨ ਅੱਜਕਲ੍ਹ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਕੈਂਪਸ ਯੂਨੀਵਰਸਿਟੀ ਵਿਚ ਅਪਾਹਜ ਨੌਜਵਾਨਾਂ ਨੂੰ ਸਿਖਾਉਂਦਾ ਹੈ ਜ਼ਿੰਦਗੀ ਜਿਉਣ ਦਾ ਸਲੀਕਾ ਅਤੇ ਖੁਦ ਹੈ ਫਾਈਨ ਆਰਟ ਦਾ ਵਿਦਿਆਰਥੀ |
ਇਮਰਾਨ ਕੁਰੈਸ਼ੀ ਨੂੰ ਪੂਰੇ ਭਾਰਤ ਵਿਚੋਂ ਇਹ ਮਾਣ ਵੀ ਜਾਂਦਾ ਹੈ ਕਿ ਉਹ ਵੀਲ੍ਹਚੇਅਰ 'ਤੇ ਸਟੰਟ ਕਰਨ ਵਾਲਾ ਇਕੋ-ਇਕ ਖਿਡਾਰੀ ਹੈ, ਇਸੇ ਕਰਕੇ ਤਾਂ ਉਸ ਨੂੰ ਵੀਲ੍ਹਚੇਅਰ ਦਾ ਪਾਵਰਮੈਨ ਆਫ ਇੰਡੀਆ ਦਾ ਿਖ਼ਤਾਬ ਮਿਲਿਆ ਹੈ | ਇਮਰਾਨ ਆਖਦਾ ਹੈ ਕਿ ਉਸ ਦਾ ਅਪਾਹਜ ਹੋਣਾ ਕਦੇ ਵੀ ਉਸ ਦੀ ਮੁਕਾਮੀਅਤ ਵਿਚ ਅੜਿੱਕਾ ਨਹੀਂ ਬਣਿਆ, ਸਗੋਂ ਉਸ ਦੇ ਇਰਾਦੇ ਹੋਰ ਮਜ਼ਬੂਤ ਹੋਏ ਹਨ ਅਤੇ ਉਸ ਦੀ ਪਤਨੀ ਅਫਰੋਜ਼ ਅਤੇ 7 ਸਾਲ ਦੀ ਬੇਟੀ ਮਿਸਬਾ ਦਾ ਸਾਥ ਹਰ ਪਲ ਹੈ ਅਤੇ ਇਮਰਾਨ ਆਪ ਅਪਾਹਜ ਨੌਜਵਾਨਾਂ ਲਈ ਇਕ ਰੌਸ਼ਨੀ ਹੈ | ਸ਼ਾਲਾ! ਬੇਜਾਨ ਅੰਗਾਂ ਵਿਚ ਵੀ ਜਾਨ ਪਾ ਦੇਣ ਵਾਲਾ ਇਮਰਾਨ ਹੋਰ ਪ੍ਰਾਪਤੀਆਂ ਕਰੇ, ਇਹ ਮੇਰੀ ਦੁਆ ਹੈ |

-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉੱਚ ਪੱਧਰੀ ਸਹੂਲਤਾਂ ਦੀ ਲੋੜ

ਖਿਡਾਰੀ ਹਰ ਦੇਸ਼ ਦੀ ਸ਼ਾਨ ਹੁੰਦੇ ਹਨ, ਕਿਉਂਕਿ ਦੇਸ਼ ਦਾ ਨਾਂਅ ਰੌਸ਼ਨ ਕਰਨ 'ਚ ਖਿਡਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ | ਜਦੋਂ ਕਿਸੇ ਵੀ ਦੇਸ਼ ਜਾਂ ਰਾਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ 'ਚ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਵੀ ਪਹਿਲੇ ਸਥਾਨ 'ਤੇ ਗਿਣਿਆ ਜਾਂਦਾ ਹੈ | ਖਿਡਾਰੀ ਦਿਨ-ਰਾਤ ਇਕ ਕਰਕੇ ਮਿਹਨਤ ਕਰਦੇ ਹਨ ਤੇ ਦੇਸ਼ ਲਈ ਤਗਮਾ ਲਿਆਉਣ ਦੇ ਯਤਨਾਂ 'ਚ ਨਿਰੰਤਰ ਲੱਗੇ ਰਹਿੰਦੇ ਹਨ | ਕਈ ਖਿਡਾਰੀਆਂ ਦਾ ਤਾਂ ਬਚਪਨ ਵੀ ਮੈਦਾਨ 'ਚ ਗੁਜ਼ਰਦਾ ਹੈ ਤੇ ਜਵਾਨੀ ਵੀ | ਅਜਿਹੇ ਖਿਡਾਰੀ ਖੇਡ ਨੂੰ ਹੀ ਆਪਣਾ ਸਭ ਤੋਂ ਵੱਡਾ ਸਾਥੀ ਮੰਨ ਲੈਂਦੇ ਹਨ | ਉਨ੍ਹਾਂ ਲਈ ਦੁਨੀਆ ਦਾ ਕੋਈ ਐਸ਼ੋ-ਆਰਾਮ ਮਾਇਨੇ ਨਹੀਂ ਰੱਖਦਾ | ਪਰ ਅਫਸੋਸ ਤਾਂ ਉਸ ਸਮੇਂ ਹੁੰਦਾ ਹੈ ਜਦੋਂ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੁਆਰਾ ਕੀਤੀ ਮਿਹਨਤ ਦਾ ਫਲ ਨਹੀਂ ਮਿਲਦਾ | ਜਿਸ ਖਿਡਾਰੀ ਨੂੰ ਫਲ ਨਹੀਂ ਮਿਲਦਾ, ਉਸ ਨੂੰ ਤਾਂ ਨਿਰਾਸ਼ਾ ਹੋਣੀ ਹੀ ਹੁੰਦੀ ਹੈ, ਉਸ ਦੇ ਨਾਲ-ਨਾਲ ਉਸ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱੱਟ ਜਾਂਦਾ ਹੈ | ਅਜਿਹਾ ਸਾਡੇ ਦੇਸ਼ ਵਿਚ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ ਕਿ ਜਿਸ ਖਿਡਾਰੀ ਨੇ ਕੋਈ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੁੰਦਾ ਹੈ, ਉਹੀ ਖਿਡਾਰੀ ਚੰਗੇ ਇਨਾਮ ਤੋਂ ਵਾਂਝਾ ਰਹਿ ਜਾਂਦਾ ਹੈ |
ਅਜਿਹਾ ਹੀ ਕੁਝ ਰੀਓ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨਾਲ ਹੋਇਆ ਹੈ, ਜਿਸ ਨੂੰ ਹਰਿਆਣਾ ਸਰਕਾਰ ਨੇ ਉਲੰਪਿਕ 'ਚ ਤਗਮਾ ਜਿੱਤ ਲੈਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਸਾਕਸ਼ੀ ਨੂੰ 3.5 ਕਰੋੜ ਦਾ ਨਕਦ ਇਨਾਮ ਦੇਵੇਗੀ | ਪਰ ਹੁਣ ਤੱਕ ਸਰਕਾਰ ਨੇ ਸਾਕਸ਼ੀ ਨੂੰ ਕੁਝ ਵੀ ਨਹੀਂ ਦਿੱਤਾ | ਇਹ ਦਰਦ ਸਾਕਸ਼ੀ ਮਲਿਕ ਨੇ ਖੁਦ ਟਵੀਟ ਕਰਕੇ ਸੁਣਾਇਆ ਹੈ | ਸਾਕਸ਼ੀ ਨੇ ਕਿਹਾ 'ਮੈਂ ਤਾਂ ਆਪਣਾ ਤਗਮਾ ਜਿੱਤ ਕੇ ਵਾਅਦਾ ਪੂਰਾ ਕਰ ਦਿੱਤਾ ਪਰ ਹੁਣ ਸਰਕਾਰ ਕਦੋਂ ਆਪਣਾ ਵਾਅਦਾ ਪੂਰਾ ਕਰੇਗੀ |' ਉਸ ਨੇ ਕਿਹਾ, 'ਕੀ ਹਰਿਆਣਾ ਸਰਕਾਰ ਨੇ ਤਗਮਾ ਜਿੱਤਣ ਤੋਂ ਬਾਅਦ ਇਨਾਮ ਦੇਣ ਦੀ ਗੱਲ ਸਿਰਫ਼ ਮੀਡੀਆ ਲਈ ਕੀਤੀ ਸੀ?' ਦਰਅਸਲ ਹਰਿਆਣਾ ਸਰਕਾਰ ਨੇ ਉਲੰਪਿਕ ਖੇਡਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਵੀ ਖਿਡਾਰੀ ਤਗਮਾ ਜਿੱਤੇਗਾ, ਉਸ ਨੂੰ ਨਕਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ, ਜਿਸ ਤਹਿਤ ਸੋਨ ਤਗਮਾ ਜਿੱਤਣ ਵਾਲੇ ਨੂੰ 6 ਕਰੋੜ, ਚਾਂਦੀ ਦਾ ਤਗਮਾ ਜਿੱਤਣ ਵਾਲੇ ਨੂੰ 4 ਕਰੋੜ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 2.5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ | ਸਾਕਸ਼ੀ ਉਲੰਪਿਕ ਖੇਡਾਂ ਵਿਚ ਕੁਸ਼ਤੀ 'ਚੋਂ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰਨ ਬਣੀ ਸੀ, ਜਿਸ ਕਾਰਨ ਹਰਿਆਣਾ ਸਰਕਾਰ ਨੇ ਉਸ ਨੂੰ 3.5 ਕਰੋੜ ਦੇਣ ਦਾ ਐਨਾਲ ਕੀਤਾ ਸੀ |
ਸਾਕਸ਼ੀ ਮਲਿਕ ਦੀ ਉਦਾਹਰਨ ਦੇਣੀ ਤਾਂ ਪਈ, ਕਿਉਂਕਿ ਇਹ ਤਾਜ਼ਾ ਵਾਕਿਆ ਹੈ | ਪਰ ਪੂਰੇ ਭਾਰਤ 'ਚ ਅਜਿਹੇ ਅਣਗਿਣਤ ਖਿਡਾਰੀ ਹਨ, ਜੋ ਖੇਡਾਂ 'ਚ ਵੱਡੇ-ਵੱਡੇ ਕੀਰਤੀਮਾਨ ਸਥਾਪਤ ਕਰਨ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਦੇ ਲਾਰਿਆਂ ਕਾਰਨ ਮਾੜਾ ਜੀਵਨ ਬਤੀਤ ਕਰ ਰਹੇ ਹਨ | ਕਈ ਖਿਡਾਰੀਆਂ ਦਾ ਤਾਂ ਤੋਰੀ-ਫੁਲਕਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ | ਪਰ ਸਾਡੀਆਂ ਸਰਕਾਰਾਂ ਜਾਗਦੇ ਹੋਏ ਵੀ ਗਹਿਰੀ ਨੀਂਦ 'ਚ ਸੁੱਤੀਆਂ ਰਹਿੰਦੀਆਂ ਹਨ | ਜਦੋਂ ਇਕ ਖਿਡਾਰੀ ਖੁੱਲ੍ਹੇਆਮ ਮੀਡੀਆ 'ਚ ਗੱਲ ਕਹਿੰਦਾ ਹੈ ਕਿ ਸਾਨੂੰ ਕੁਝ ਨਹੀਂ ਮਿਲਿਆ ਤਾਂ ਉਸ ਰਾਜ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ? ਸਾਡੇ ਦੇਸ਼ 'ਚ ਸਰਕਾਰਾਂ ਨੂੰ ਤਾਂ ਵੋਟਾਂ ਨਜ਼ਦੀਕ ਆਉਣ 'ਤੇ ਹੀ ਖਿਡਾਰੀ ਚੇਤੇ ਆਉਂਦੇ ਹਨ | ਪਹਿਲਾਂ ਖਿਡਾਰੀ ਭਾਵੇਂ ਭੁੱਖੇ ਮਰੀ ਜਾਣ ਪਰ ਵੋਟਾਂ ਨੇੜੇ ਆਉਣ 'ਤੇ ਖਿਡਾਰੀਆਂ ਨੂੰ ਨੌਕਰੀਆਂ ਦੇਣੀਆਂ ਯਾਦ ਆ ਜਾਂਦੀਆਂ ਹਨ ਤੇ ਨੌਕਰੀਆਂ ਦੇਣ ਤੋਂ ਬਾਅਦ ਇਸ ਦਾ ਰਾਗ ਉਹ ਸਰਕਾਰ ਬਣਨ 'ਤੇ ਪੰਜ ਸਾਲ ਗਾਈ ਜਾਂਦੀਆਂ ਹਨ | ਖਿਡਾਰੀ ਨੂੰ ਨੌਕਰੀ ਦੇਣਾ ਸਰਕਾਰ ਦਾ ਫਰਜ਼ ਹੈ, ਕਿਉਂਕਿ ਉਹ ਮਰ-ਖਪ ਕੇ, ਤਗਮਾ ਜਿੱਤ ਕੇ ਰਾਜ ਦਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰਦਾ ਹੈ, ਪਰ ਸਾਡੇ ਸਿਆਸਤਦਾਨਾਂ ਨੂੰ ਖਿਡਾਰੀ ਕਦੇ ਨਜ਼ਰ ਨਹੀਂ ਆਉਂਦੇ |
ਸਾਡੇ ਦੇਸ਼ ਦੇ ਖਿਡਾਰੀ ਉੱਚ ਪੱਧਰੀ ਸਹੂਲਤਾਂ ਨਾ ਮਿਲਣ ਦੀ ਗੱਲ ਆਮ ਕਰਦੇ ਰਹਿੰਦੇ ਹਨ | ਪਰ ਖੇਡਾਂ ਨੂੰ ਸੰਭਾਲਣ ਵਾਲਿਆਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ | ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਉੱਚ ਪੱਧਰੀ ਸਹੂਲਤਾਂ ਨਾ ਮਿਲਣੀਆਂ ਦੇਸ਼ ਦੇ ਖੇਡਾਂ ਵਿਚ ਫਾਡੀ ਹੋਣ ਦਾ ਮੁੱਖ ਕਾਰਨ ਹੈ | ਜੋ 2016 ਦੀਆਂ ਉਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਨਾਲ ਹੋਇਆ, ਸਭ ਨੇ ਦੇਖਿਆ | ਕਈ ਖਿਡਾਰੀਆਂ ਨੂੰ ਬੱਸਾਂ ਦਾ ਕਿਰਾਇਆ ਆਪ ਲਗਾ ਕੇ ਜਾਣਾ ਪਿਆ ਤੇ ਉੱਥੇ ਜਾ ਕੇ ਵੀ ਕਈ ਖਿਡਾਰੀਆਂ ਨੇ ਇਹ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਭਾਰਤੀ ਪ੍ਰਬੰਧਕਾਂ ਨੇ ਸਹੂਲਤਾਂ ਨਹੀਂ ਦਿੱਤੀਆਂ | ਅਜਿਹੇ 'ਚ ਤਗਮੇ ਦੀ ਆਸ ਖਿਡਾਰੀਆਂ ਪਾਸੋਂ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ? ਇਹ ਤਾਂ ਗੱਲ ਰਹੀ ਖਿਡਾਰੀਆਂ ਨੂੰ ਸਹੂਲਤਾਂ ਨਾ ਮਿਲਣ ਦੀ, ਪਰ ਜੋ ਖਿਡਾਰੀ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕਰਕੇ ਆਉਂਦਾ ਹੈ, ਉਸ ਨੂੰ ਕਿਉਂ ਨਹੀਂ ਵੱਡਾ ਇਨਾਮ ਦੇ ਕੇ ਸਨਮਾਨਿਆ ਜਾਂਦਾ? ਜੇਕਰ ਅਜਿਹੇ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ ਤਾਂ ਹੀ ਕੱਲ੍ਹ ਨੂੰ ਨੌਜਵਾਨ ਖਿਡਾਰੀ ਖੇਡਾਂ ਵੱਲ ਪ੍ਰੇਰਿਤ ਹੋਣਗੇ | ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਉਲੰਪਿਕ ਜਾਂ ਕੋਈ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਣ ਦੇ ਬਾਅਦ ਹੀ ਖਿਡਾਰੀ ਨੂੰ ਇਨਾਮ ਜਿੱਤਾ ਜਾਵੇ, ਸਗੋਂ ਜਦੋਂ ਖਿਡਾਰੀ ਉੱਭਰ ਰਿਹਾ ਹੁੰਦਾ ਹੈ, ਉਹੀ ਸਮਾਂ ਹੁੰਦਾ ਹੈ ਉਸ ਦੀ ਹੌਸਲਾ ਅਫਜ਼ਾਈ ਕਰਨ ਦਾ | ਛੋਟੀ ਉਮਰੇ ਖਿਡਾਰੀ ਦੀ ਕੀਤੀ ਗਈ ਹੌਸਲਾ ਅਫਜ਼ਾਈ ਟੌਨਿਕ ਦਾ ਕੰਮ ਕਰਦੀ ਹੈ, ਜੋ ਅੱਗੇ ਜਾ ਕੇ ਉਸ ਦੀ ਕਾਮਯਾਬੀ ਦਾ ਕਾਰਨ ਬਣ ਸਕਦੀ ਹੈ |
ਸੋ, ਅੱਜ ਸਮੇਂ ਦੀ ਲੋੜ ਹੈ ਕਿ ਸਰਕਾਰਾਂ ਖਿਡਾਰੀਆਂ ਦੀ ਬਾਂਹ ਫੜਨ | ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ, ਖਿਡਾਰੀਆਂ ਲਈ ਵੱਡੇ ਉਪਰਾਲੇ ਕਰਨ ਤੇ ਉਨ੍ਹਾਂ ਨੂੰ ਹਰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ | ਸਰਕਾਰਾਂ ਨੂੰ ਕਿਸੇ ਇਕ ਖੇਡ ਵੱਲ ਕੇਂਦਰਿਤ ਹੋਣ ਦੀ ਥਾਂ ਹਰ ਖੇਡ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ | ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਨੀਤੀਆਂ ਬਣਾਵੇ ਤੇ ਉਨ੍ਹਾਂ ਨੀਤੀਆਂ ਨੂੰ ਪੂਰਾ ਕਰਨ ਲਈ ਸਹੀ ਬੰਦਿਆਂ ਨੂੰ ਰੱਖੇ | ਜੇਕਰ ਸਰਕਾਰ ਇਹ ਉਪਰਾਲੇ ਕਰਦੀ ਹੈ ਤਾਂ ਹੀ ਸਾਡੇ ਦੇਸ਼ ਨੂੰ ਖੇਡਾਂ 'ਚ ਮੋਹਰੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ |

-ਮੋਬਾ: 98140-02555

ਇਲਾਜ ਲਈ ਹੁਣ ਦਰ-ਦਰ ਨਹੀਂ ਭਟਕਣਗੇ ਖਿਡਾਰੀ

ਖੇਡਾਂ ਵਿਚ ਬੱਚਿਆਂ ਦੇ ਮਾਂ-ਬਾਪ ਦਾ ਘੱਟ ਰੁਚੀ ਦਿਖਾਉਣ ਦਾ ਜਿੱਥੇ ਬੇਰੁਜ਼ਗਾਰੀ ਇਕ ਵੱਡਾ ਕਾਰਨ ਹੈ, ਉਥੇ ਦੂਜੀ ਵੱਡੀ ਸਮੱਸਿਆ ਇਹ ਹੈ ਕਿ ਖਿਡਾਰੀਆਂ ਦੇ ਕੋਈ ਵੱਡੀ ਸੱਟ-ਚੋਟ ਲੱਗਣ ਤੋਂ ਬਾਅਦ ਉਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੁੰਦਾ, ਜਿਸ ਕਰਕੇ ਕਈ ਵਾਰ ਖਿਡਾਰੀ ਆਪਣਾ ਕੀਮਤੀ ਅੰਗ ਮਹਿੰਗਾ ਇਲਾਜ ਹੋਣ ਕਰਕੇ ਗੁਆ ਬੈਠਦੇ ਹਨ ਤੇ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋ ਲੈਂਦੇ ਹਨ | ਅਜਿਹੀਆਂ ਉਦਾਹਰਨਾਂ ਸਾਨੂੰ ਖੇਡ ਮੈਦਾਨ 'ਚੋਂ ਆਮ ਮਿਲ ਜਾਦੀਆਂ ਹਨ | ਹਾਕੀ 'ਚ ਜੁਗਰਾਜ ਸਿੰਘ ਦੇ ਸੱਟ ਲੱਗਣ ਕਰਕੇ ਉਹ ਕਾਰਗੁਜ਼ਾਰੀ ਨਹੀਂ ਦੇ ਸਕਿਆ ਤੇ ਹਾਕੀ ਦੇ ਗੋਲਕੀਪਰ ਬਲਜੀਤ ਸਿੰਘ ਦੀ ਖੇਡ ਦੌਰਾਨ ਬਾਲ ਲੱਗਣ ਕਰਕੇ ਅੱਖ ਖਰਾਬ ਹੋ ਗਈ ਤੇ ਹੋਰ ਵੀ ਅਜਿਹੇ ਕਈ ਖਿਡਾਰੀ ਹਨ, ਜਿਨ੍ਹਾਂ ਨੇ ਅਨੇਕਾਂ ਤਗਮੇ ਭਾਰਤ ਦੀ ਝੋਲੀ ਵਿਚ ਪਾਏ ਪਰ ਬਦਲੇ ਵਿਚ ਬੁਢਾਪੇ ਵੇਲੇ ਉਹ ਇਲਾਜ ਦੁੱਖੋਂ ਹੀ ਰੱਬ ਨੂੰ ਪਿਆਰੇ ਹੋ ਗਏ | ਪਰ ਛੇਤੀ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆ ਨੂੰ ਮਹਿੰਗੇ ਇਲਾਜ ਲਈ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ ਤੇ ਇਲਾਜ ਲਈ ਦਰ-ਦਰ ਨਹੀਂ ਭਟਕਣਾ ਪਵੇਗਾ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀ.ਐੱਮ.ਓ.) ਨੇ ਦੇਸ਼ ਦੇ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਕੇਂਦਰ ਦੀ ਸਵਾਸਥ ਯੋਜਨਾ ਨਾਲ ਜੋੜਨ ਦਾ ਬੀੜਾ ਚੁੱਕਿਆ ਹੈ |
ਪ੍ਰਧਾਨ ਮੰਤਰੀ ਦਫ਼ਤਰ ਦੇ ਹੁਕਮਾਂ ਅਨੁਸਾਰ ਕੇਂਦਰੀ ਖੇਡ ਮੰਤਰਾਲੇ ਨੇ ਸਾਰੀਆਂ ਖੇਡ ਫੈਡਰੇਸ਼ਨਾਂ ਨੂੰ ਆਪਣੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ | ਇਹ ਸੂਚੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਦੇ ਖੇਡ ਮੰਤਾਰਲੇ ਵੱਲੋਂ ਪੀ.ਐਮ.ਓ. ਤੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਇਸ ਯੋਜਨਾ ਨਾਲ ਜੋੜਨ ਦਾ ਆਦੇਸ਼ ਜਾਰੀ ਕੀਤਾ ਜਾਵੇਗਾ | ਖਿਡਾਰੀਆਂ ਲਈ ਇਹ ਇਕ ਵੱਡੀ ਫਾਇਦੇਮੰਦ ਯੋਜਨਾ ਰਹੇਗੀ ਤੇ ਇਸ ਨਾਲ ਖਿਡਾਰੀ ਜੀਵਨ ਬੀਮਾ ਪਾਲਿਸੀ, ਸਿਹਤ ਯੋਜਨਾ ਪਾਲਸੀਆਂ ਦੀ ਟੈਨਸ਼ਨ ਤੋਂ ਮੁਕਤ ਹੋ ਕੇ ਆਪਣੀ ਖੇਡ ਕਾਰਗੁਜ਼ਾਰੀ ਵੱਲ ਧਿਆਨ ਦੇ ਸਕਦਾ ਹੈ | ਇੰਡੀਅਨ ਕਾਊਾਸਲਿੰਗ ਫਾਰ ਸਪੋਰਟਸ ਦੇ ਚੇਅਰਮੈਨ ਵਿਜੈ ਕੁਮਾਰ ਮਲਹੋਤਰਾ ਨੇ ਕੁਝ ਦਿਨ ਪਹਿਲਾਂ ਪੀ.ਐਮ.ਓ. ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਸੀ ਕਿ ਸਾਰੀਆਂ ਖੇਡਾਂ ਦੇ ਖਿਡਾਰੀਆਂ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਤਗਮਾ ਜੇਤੂ, ਰਾਜ ਪੱਧਰ ਤੋਂ ਜੇਤੂ, ਰਾਜੀਵ ਗਾਂਧੀ ਖੇਲ ਐਵਾਰਡ, ਅਰਜਨ ਐਵਾਰਡ, ਦਰੋਣਾਚਾਰੀਆ ਐਵਾਰਡੀ ਖਿਡਾਰੀਆਂ ਨੂੰ ਵੀ ਇਸ ਸਕੀਮ ਦੇ ਨਾਲ ਜੋੜਿਆ ਜਾਵੇ | ਇਸ ਪੱਤਰ 'ਤੇ ਗੌਰ ਕਰਦਿਆਂ ਪੀ.ਐਮ.ਓ. ਨੇ ਇਸ ਸਾਰੇ ਮਾਮਲੇ 'ਤੇ ਆਦੇਸ਼ ਜਾਰੀ ਕੀਤੇ ਹਨ | ਹਰ ਕੋਈ ਜਾਣਦਾ ਹੈ ਕਿ ਚੱਲੇ ਕਾਰਤੂਸਾਂ ਦਾ ਕੋਈ ਬਾਲੀ-ਵਾਰਸ ਨਹੀਂ ਹੁੰਦਾ ਤੇ ਭਾਰਤ 'ਚ ਚੜ੍ਹਦੇ ਸੂਰਜ ਨੂੰ ਸਲਾਮ ਕੀਤਾ ਜਾਂਦਾ ਹੈ | ਸੇਵਾਮੁਕਤ ਬੰਦੇ ਦੀ ਤਾਂ ਆਪਣੇ ਘਰ ਵਿਚ ਵੀ ਕੋਈ ਬਹੁਤੀ ਪੁੱਛ-ਪ੍ਰਤੀਤ ਨਹੀਂ ਕਰਦਾ | ਸੋ, ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਸਾਡੇ ਦੇਸ਼ ਦੇ ਖੇਡਾਂ ਦੇ ਖੇਤਰ 'ਚ ਨਾਮਣਾ ਖੱਟਣ ਵਾਲੇ ਅਣਮੁੱਲੇ ਹੀਰੇ ਅਕਸਰ ਇਲਾਜ ਦੁੱਖੋਂ ਰੁਲ ਜਾਂਦੇ ਹਨ |
ਖੇਡ ਪ੍ਰੇਮੀਆਂ ਤੇ ਖਿਡਾਰੀਆਂ ਦੀ ਜਾਣਕਾਰੀ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਕੁਝ ਸਾਲ ਪਹਿਲਾਂ ਵੀ ਖੇਡ ਮੰਤਰਾਲੇ ਨੇ ਸਿਹਤ ਮੰਤਰਾਲੇ ਕੋਲ ਖਿਡਾਰੀਆਂ ਨੂੰ ਇਸ ਸਕੀਮ ਨਾਲ ਜੋੜਨ ਦੀ ਪੇਸ਼ਕਸ਼ ਰੱਖੀ ਸੀ, ਪਰ ਇਹ ਸਕੀਮ ਸਿਰੇ ਨਹੀਂ ਸੀ ਚੜ੍ਹ ਸਕੀ ਅਤੇ ਇਸ ਮਾਮਲੇ 'ਤੇ ਖੇਡ ਮੰਤਰਾਲੇ ਨੇ ਚੁੱਪ ਧਾਰ ਲਈ ਸੀ | ਹੁਣ ਭਾਰਤ ਦੇ ਪ੍ਰਧਾਨ ਮੰਤਰੀ ਦੇ ਹੁਕਮ ਨੂੰ ਖੇਡ ਮੰਤਰਾਲੇ ਨੇ ਨਾਂਹ ਕਰਨ ਦੀ ਜੁਅਰਤ ਨਹੀਂ ਕੀਤੀ | ਇਸ ਕਰਕੇ ਹੀ ਪੀ.ਐਮ.ਓ. ਨੇ ਖੇਡ ਮੰਤਰਾਲੇ ਨੂੰ ਦੇਸ਼ ਦੇ ਅਜਿਹੇ ਸਾਰੇ ਖਿਡਾਰੀਆਂ ਦਾ ਵੇਰਵਾ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਉਨ੍ਹਾਂ ਨੂੰ ਕੋਈ ਦੁੱਖ-ਤਕਲੀਫ ਨਾ ਹੋਵੇ | ਖਿਡਾਰੀਆਂ ਨੂੰ ਇਹ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਅਜਿਹੇ ਖਿਡਾਰੀਆਂ ਤੋਂ ਜਦੋਂ ਫੈਡਰੇਸ਼ਨਾਂ ਜਾਂ ਸਰਕਾਰ ਕੋਈ ਵੀ ਜਾਣਕਾਰੀ ਮੰਗਦੀ ਹੈ, ਤਾਂ ਦੇਣ ਵਿਚ ਕੁਤਾਹੀ ਨਾ ਵਰਤਣ, ਤਾਂ ਜੋ ਉਨ੍ਹਾਂ ਦੀ ਲਾਪ੍ਰਵਾਹੀ ਕਰਕੇ ਇਹ ਯੋਜਨਾ ਵਰਦਾਨ ਬਣਨ ਦੀ ਥਾਂ 'ਤੇ ਕਿਤੇ ਠੁੱਸ ਹੋ ਕੇ ਨਾ ਰਹਿ ਜਾਵੇ |

-ਸਾਈ ਹਾਕੀ ਕੋਚ, ਸਪੋਰਟਸ ਵਿਲ੍ਹਾ, 353 ਕਾਲੀਆ ਕਾਲੋਨੀ, ਜਲੰਧਰ |
ਮੋਬਾ: 98787-88233

ਹੈਂਡਬਾਲ ਵਿਚ ਮੱਲਾਂ ਮਾਰਨ ਵਾਲੀ ਖਿਡਾਰਨ ਪ੍ਰਮਿੰਦਰ ਕੌਰ

ਅੱਜ ਦੇ ਯੁੱਗ ਵਿਚ ਜਦੋਂ ਕਿ ਕੁਝ ਵਿਅਕਤੀ ਲੜਕੀਆਂ ਨਾਲੋਂ ਲੜਕਿਆਂ ਨੂੰ ਵਧੇਰੇ ਤਰਜੀਹ ਦਿੰਦੇ ਹਨ ਅਤੇ ਕਈ ਤਾਂ ਅਜਿਹੇ ਵੀ ਹਨ, ਜੋ ਕਿ ਲੜਕੀਆਂ ਨੂੰ ਕੁੱਖਾਂ ਵਿਚ ਹੀ ਮਾਰ ਦਿੰਦੇ ਹਨ | ਜਦੋਂ ਕਿ ਅੱਜ ਦੁਨੀਆ ਦੇ ਹਰੇਕ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਕੁੜੀਆਂ ਨੇ ਆਪਣੇ-ਆਪ ਨੂੰ ਲੜਕਿਆਂ ਨਾਲੋਂ ਜ਼ਿਆਦਾ ਬਿਹਤਰ ਸਾਬਤ ਕੀਤਾ ਹੈ | ਅਜਿਹੀ ਹੀ ਇਕ ਲੜਕੀ ਹੈ ਪੇਂਡੂ ਖੇਤਰ ਵਿਚ ਬਣੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੁਥਮੁੜਾ, ਨਜ਼ਦੀਕ ਦੇਵੀਗੜ੍ਹ (ਪਟਿਆਲਾ) ਵਿਖੇ +2 ਜਮਾਤ ਦੀ ਵਿਦਿਆਰਥਣ ਪ੍ਰਮਿੰਦਰ ਕੌਰ ਪੁੱਤਰੀ ਸ: ਜਗਵਿੰਦਰ ਸਿੰਘ, ਪਿੰਡ ਧਾਂਦੀਆਂ | ਪ੍ਰਮਿੰਦਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਦੀ ਖੇਡ ਵਿਚ ਵੀ ਵਧੀਆ ਨਾਮਣਾ ਖੱਟਿਆ ਹੈ | ਇਸ ਵਿਦਿਆਰਥਣ ਨੇ ਹੁਣ ਤੱਕ ਅੰਡਰ 19 ਜੂਨੀਅਰ ਸਟੇਟ ਮੋਰਿੰਡਾ ਵਿਖੇ ਪਹਿਲਾ ਸਥਾਨ, ਅੰਡਰ 19 ਯੂਨੀਅਨ ਸਟੇਟ ਕਪੂਰਥਲਾ ਪਹਿਲਾ ਸਥਾਨ, ਸਕੂਲ ਸਟੇਟ ਅੰਡਰ 19 ਦੂਜਾ ਸਥਾਨ, ਸੀਨੀਅਰ ਸਟੇਟ ਚੈਂਪੀਅਨਸ਼ਿਪ ਪੰਜਾਬ ਮੋਰਿੰਡਾ ਦੂਜਾ ਸਥਾਨ, ਸਕੂਲ ਸਟੇਟ ਅੰਡਰ 17 ਪਹਿਲੀ ਵਾਰ ਤੀਜਾ ਸਥਾਨ ਅਤੇ ਸਕੂਲ ਨੈਸ਼ਨਲ ਅੰਡਰ 19 ਦਿੱਲੀ ਤੇਲੰਗਾਨਾ ਤੋਂ ਇਲਾਵਾ ਸਕੂਲ ਨੈਸ਼ਨਲ ਅੰਡਰ 17 ਗਾਂਧੀਨਗਰ (ਗੁਜਰਾਤ) ਵਿਖੇ ਵੀ ਤੀਜਾ ਸਥਾਨ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ |
ਇਸ ਪੇਂਡੂ ਖੇਤਰ ਦੇ ਸਕੂਲ ਵਿਚ ਜਿਥੇ ਹੈਂਡਬਾਲ ਖੇਡਾਂ ਵਿਚ ਖਿਡਾਰੀ ਮੱਲਾਂ ਮਾਰ ਚੁੱਕੇ ਹਨ, ਉਥੇ ਹੀ ਕ੍ਰਿਕਟ ਅਕੈਡਮੀ, ਅਥਲੈਟਿਕਸ ਸ਼ੂਟਿੰਗ ਰੇਂਜ, ਤਾਈਕਵਾਂਡੋ ਸਕੇਟਿੰਗ ਅਤੇ ਗਤਕਾ ਵਰਗੀਆਂ ਖੇਡਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ | ਜਿਥੇ ਇਹ ਸਕੂਲ ਪੜ੍ਹਾਈ ਪੱਖੋਂ ਵਧੀਆ ਨਾਂਅ ਖੱਟ ਚੁੱਕਾ ਹੈ, ਉਥੇ ਹੀ ਏ. ਸੀ. ਹੋਸਟਲ ਦਾ ਵੀ ਪ੍ਰਬੰਧ ਹੋਣ ਕਰਕੇ ਇਥੇ ਬੱਚੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆ ਕੇ ਉਚੇਰੀ ਸਿੱਖਿਆ ਹਾਸਲ ਕਰ ਚੁੱਕੇ ਹਨ | ਇਸ ਖਿਡਾਰਨ ਵੱਲੋਂ ਹੈਂਡਬਾਲ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਕਰਕੇ ਹੋਰ ਵੀ ਲੜਕੀਆਂ ਵੱਲੋਂ ਹੈਂਡਬਾਲ ਟੀਮ ਵਿਚ ਦਾਖ਼ਲਾ ਲਿਆ ਜਾ ਰਿਹਾ ਹੈ | ਖਿਡਾਰਨ ਪ੍ਰਮਿੰਦਰ ਕੌਰ ਵੱਲੋਂ ਵੱਖ-ਵੱਖ ਥਾਵਾਂ 'ਤੇ ਖੇਡ ਕੇ ਜੋ ਮੱਲਾਂ ਮਾਰੀਆਂ ਜਾ ਰਹੀਆਂ ਹਨ, ਉਸ ਦਾ ਸਿਹਰਾ ਹੈਂਡਬਾਲ ਕੋਚ ਲਤੀਫ ਮੁਹੰਮਦ ਦੇ ਸਿਰ ਜਾਂਦਾ ਹੈ, ਜੋ ਕਿ ਖਿਡਾਰੀਆਂ ਲਈ ਸਖ਼ਤ ਮਿਹਨਤ ਕਰਦੇ ਹਨ | ਇਸ ਖਿਡਾਰਨ ਵੱਲੋਂ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਲੋਕਾਂ ਨੂੰ ਸਾਬਤ ਕਰਕੇ ਦਿਖਾ ਦਿੱਤਾ ਹੈ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ |

-ਦੇਵੀਗੜ੍ਹ | ਮੋਬਾ: 98551-16609


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX