ਤਾਜਾ ਖ਼ਬਰਾਂ


'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਅੰਮ੍ਰਿਤਸਰ, 23 ਅਪ੍ਰੈਲ (ਹਰਮਿੰਦਰ ਸਿੰਘ) - ਫੈਡਰੇਸ਼ਨ ਆਫ ਇੰਡੀਅਨ ਚੈੰਬਰ ਆਫ ਕਾਮਰਸ ਐਂਡ ਇੰਡਰਸਟੀਰਜ਼ (ਫਿੱਕੀ) ਦੇ ਇਸਤਰੀ ਕਾਰੋਬਾਰ ਵਿੰਗ ਫਿੱਕੀ ਮਹਿਲਾ ਸੰਗਠਨ (ਐਫ਼.ਐਲ.ਓ) ਵਲੋਂ ਪੰਜਾਬ ਵਿਚ ਆਪਣਾ ਵਿਸਥਾਰ ਕਰਦੇ ਹੋਏ...
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ...
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ,23 ਅਪ੍ਰੈਲ - ਦਿੱਲੀ ਦੀ ਕਰਕੜਡੂਮਾ ਅਦਾਲਤ ਨੇ ਅਭਿਨੇਤਾ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ਵਿੱਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਰਾਜਪਾਲ ਯਾਦਵ ਨੂੰ ਜ਼ਮਾਨਤ ਮਿਲ ਗਈ । ਜ਼ਿਕਰਯੋਗ ਹੈ ਕਿ ਇਸ ਅਭਿਨੇਤਾ ਦੇ ਖਿਲਾਫ 7 ਮਾਮਲੇ ਦਰਜ ਸਨ।
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 4 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਆਖ਼ਰੀ ਓਵਰ 'ਚ ਡੀ ਡੀ ਨੂੰ ਜਿੱਤਣ ਲਈ 17 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਜ਼ਬਰਦਸਤ ਤੀਜਾ ਝਟਕਾ , ਕਪਤਾਨ ਗੰਭੀਰ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ2018 : ਡੀ ਡੀ ਨੂੰ ਪਹਿਲਾ ਝਟਕਾ , ਮੈਕਸਵੈੱਲ ਆਊਟ
. . .  1 day ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਬੈਂਕ ਵਿਚ ਕਿਹੜਾ ਖਾਤਾ ਖੋਲ੍ਹਣਾ ਸਹੀ ਰਹੇਗਾ

ਘਰੇਲੂ ਔਰਤ ਆਪਣੇ ਪਤੀ ਦੀ ਸੀਮਤ ਆਮਦਨ ਵਿਚੋਂ ਜਾਂ ਕੋਈ ਕੰਮ-ਕਾਰ ਕਰਕੇ ਹਰ ਮਹੀਨੇ ਕੁਝ ਪੈਸੇ ਬਚਾ ਹੀ ਲੈਂਦੀ ਹੈ। ਪਰ ਕਿਹੜਾ ਖਾਤਾ ਵਧੀਆ ਰਹੇਗਾ, ਇਸ ਬਾਰੇ ਉਸ ਨੂੰ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਜਦੋਂ ਉਹ ਬੈਂਕ ਵਿਚ ਜਾਂਦੀ ਹੈ ਤਾਂ ਮੁਲਾਜ਼ਮ ਦੇ ਪੁੱਛਣ 'ਤੇ ਕਿ ਕਿਹੜਾ ਖਾਤਾ ਤੁਸੀਂ ਖੁਲ੍ਹਵਾਉਣਾ ਹੈ? ਉਹ ਇਸ ਦਾ ਸਹੀ ਜਵਾਬ ਨਹੀਂ ਦੇ ਪਾਉਂਦੀ। ਆਓ, ਤੁਹਾਨੂੰ ਜਾਣਕਾਰੀ ਦਈਏ ਕਿ ਤੁਹਾਡੀ ਜ਼ਰੂਰਤ ਮੁਤਾਬਕ ਕਿਹੜਾ ਖਾਤਾ ਸਹੀ ਰਹੇਗਾ।
ਬੱਚਤ ਖਾਤਾ : ਬੱਚਤ ਖਾਤਾ ਸਭ ਤੋਂ ਸਿੱਧਾ-ਸਾਦਾ ਖਾਤਾ ਹੈ। ਜਦੋਂ ਚਾਹੋ ਪੈਸਾ ਜਮ੍ਹਾਂ ਕਰਾਓ, ਜਦੋਂ ਚਾਹੋ ਪੈਸਾ ਕਢਵਾ ਲਓ, ਅਰਥਾਤ ਤੁਸੀਂ ਆਪਣੀ ਹਰ ਮਹੀਨੇ ਦੀ ਬੱਚਤ ਇਸ ਵਿਚ ਜਮ੍ਹਾਂ ਕਰਵਾ ਦਿਓ ਅਤੇ ਜਦੋਂ ਜ਼ਰੂਰਤ ਹੋਵੇ, ਬੈਂਕ ਵਿਚ ਜਾ ਕੇ ਜਾਂ ਏ.ਟੀ.ਐਮ. ਰਾਹੀਂ ਰਕਮ ਕਢਵਾ ਲਓ। ਪਰ ਨਵੀਆਂ ਹਦਾਇਤਾਂ ਮੁਤਾਬਕ ਇਸ ਖਾਤੇ ਵਿਚ ਚਾਰ ਤੋਂ ਵੱਧ ਵਾਰ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ 'ਤੇ ਕੁਝ ਚਾਰਜ ਲੱਗਣਗੇ। ਇਸ ਖਾਤੇ ਵਿਚ ਵਿਆਜ ਬਹੁਤ ਘੱਟ ਮਿਲਦਾ ਹੈ। ਇਸ ਖਾਤੇ ਵਿਚ ਤੁਸੀਂ ਆਪਣੀ ਕਿਸੇ ਪ੍ਰਕਾਰ ਦੀ ਸਬਸਿਡੀ, ਬੈਂਕ ਵਿਚ ਆਪਣੇ ਖਾਤੇ ਨਾਲ ਆਧਾਰ ਨੰਬਰ ਜੋੜ ਕੇ ਲੈ ਸਕਦੇ ਹੋ। ਕਿਸੇ ਵੀ ਵਿਅਕਤੀ ਵੱਲੋਂ ਤੁਹਾਡੇ ਨਾਂਅ ਕੱਟਿਆ ਚੈੱਕ ਇਸ ਖਾਤੇ ਵਿਚ ਜਮ੍ਹਾਂ ਹੋ ਸਕਦਾ ਹੈ। ਬੱਚਤ ਖਾਤੇ ਨੂੰ ਚਾਲੂ ਰੱਖਣ ਲਈ ਘੱਟੋ-ਘੱਟ ਰਕਮ ਖਾਤੇ ਵਿਚ ਰੱਖਣੀ ਬਹੁਤ ਜ਼ਰੂਰੀ ਹੈ। ਪਰ ਜ਼ੀਰੋ ਬੈਲੇਂਸ ਖਾਤੇ ਵਿਚ ਅਜਿਹਾ ਨਹੀਂ ਹੁੰਦਾ। ਇਸ ਖਾਤੇ ਵਿਚ ਸਰਕਾਰ ਗਾਹਕ ਨੂੰ ਬੀਮਾ ਤੇ ਪੈਨਸ਼ਨ ਦੀ ਸਹੂਲਤ ਵੀ ਦਿੰਦੀ ਹੈ।
ਸਮਾਂਬੱਧ ਅਕਾਊਂਟ (ਰੈਕਰਿੰਗ ਅਕਾਊਂਟ) : ਇਸ ਖਾਤੇ 'ਚ ਇਕ ਨਿਸਚਿਤ ਸਮੇਂ ਲਈ ਹਰ ਮਹੀਨੇ ਇਕ ਨਿਸਚਿਤ ਰਕਮ ਜਮ੍ਹਾਂ ਕਰਵਾਉਣੀ ਹੁੰਦੀ ਹੈ ਅਤੇ ਉਹ ਪਹਿਲਾਂ ਤੋਂ ਨਿਰਧਾਰਿਤ ਸਮੇਂ ਦੇ ਖਤਮ ਹੋਣ 'ਤੇ ਜਮ੍ਹਾਂ ਰਕਮ ਵਿਆਜ ਸਮੇਤ ਪ੍ਰਾਪਤ ਹੋ ਜਾਂਦੀ ਹੈ। ਇਸ ਖਾਤੇ 'ਚ ਮਿਲਣ ਵਾਲੀ ਵਿਆਜ ਦੀ ਦਰ ਬੱਚਤ ਖਾਤੇ ਦੀ ਵਿਆਜ ਦਰ ਤੋਂ ਜ਼ਿਆਦਾ ਹੁੰਦੀ ਹੈ, ਜੋ ਕਿ ਖਾਤੇ ਦੇ ਸਮੇਂ 'ਤੇ ਨਿਰਭਰ ਕਰਦੀ ਹੈ। ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਬਚਾਉਣ ਵਾਲੀਆਂ ਔਰਤਾਂ ਲਈ ਇਹ ਸਕੀਮ ਬਹੁਤ ਵਧੀਆ ਹੈ।
ਫਿਕਸ ਡਿਪਾਜ਼ਟ : ਇਸ ਖਾਤੇ 'ਚ ਵਿਆਜ ਦੀ ਦਰ ਸਮਾਂਬੱਧ ਅਕਾਊਂਟ ਦੀ ਤਰ੍ਹਾਂ ਹੀ ਬੱਚਤ ਖਾਤੇ ਨਾਲੋਂ ਵੱਧ ਹੁੰਦੀ ਹੈ। ਫਰਕ ਸਿਰਫ ਏਨਾ ਹੁੰਦਾ ਹੈ ਕਿ ਇਸ ਖਾਤੇ 'ਚ ਵੱਡੀ ਰਕਮ ਇਕ ਵਾਰ ਇਕ ਨਿਸਚਿਤ ਸਮੇਂ ਲਈ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਅਤੇ ਸੀਮਾ ਪੂਰੀ ਹੋ ਜਾਣ 'ਤੇ ਤੁਹਾਡੀ ਰਕਮ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜਾਂਦੀ ਹੈ। ਸਮੇਂ-ਸਮੇਂ 'ਤੇ ਇਸ ਸਕੀਮ ਦੀ ਵਿਆਜ ਦਰ ਬਦਲਦੀ ਰਹਿੰਦੀ ਹੈ ਤੇ ਕਈ ਬੈਂਕਾਂ ਇਸ ਸਕੀਮ ਅਧੀਨ ਆਪਣੇ ਗਾਹਕ ਨੂੰ ਵੱਧ ਵਿਆਜ ਦਰ ਦੀ ਸਹੂਲਤ ਵੀ ਦਿੰਦੀਆਂ ਹਨ। ਇਸ ਸਕੀਮ ਲਈ ਪੈਨ ਕਾਰਡ ਬਣਾਉਣਾ ਜਾਂ 15-ਜੀ, 15-ਐੱਚ ਫਾਰਮ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਇਸ ਖਾਤੇ ਵਿਚੋਂ ਕੁਝ ਕਟੌਤੀ ਕਰ ਦਿੱਤੀ ਜਾਂਦੀ ਹੈ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾ: 98764-74671


ਖ਼ਬਰ ਸ਼ੇਅਰ ਕਰੋ

ਬੁੱਲ੍ਹਾਂ ਦੀ ਸੁੰਦਰਤਾ ਲਈ ਲਿਪਸਟਿਕ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ

ਬੁੱਲ੍ਹਾਂ ਨੂੰ ਸੁੰਦਰ ਅਤੇ ਮਾਦਕ ਬਣਾਉਣ ਲਈ ਅੱਜ ਬਾਜ਼ਾਰ ਵਿਚ ਲਿਪ ਬਾਮ, ਗਲਾਸ, ਲਾਈਨਰ, ਸਟੇਨ, ਕ੍ਰੇਓਨ ਅਤੇ ਇਨ੍ਹਾਂ ਸਭ ਤੋਂ ਅਲੱਗ ਹਟ ਕੇ ਲਿਪਸਟਿਕ ਜੋ ਇਕ ਤੋਂ ਇਕ ਬਿਹਤਰੀਨ ਰੰਗਾਂ, ਮੇਟ, ਗਲਾਸੀ, ਮਾਇਸ਼ਚਰਾਈਜ਼ਿੰਗ, ਲਾਂਗ ਲਾਸਟਿੰਗ, ਨਾਨ ਟ੍ਰਾਂਸਫਰ ਫਿਨਿਸ਼ ਵਿਚ ਨਾ ਜਾਣੇ ਕਿੰਨੇ ਤਰ੍ਹਾਂ ਦੇ ਬਾਜ਼ਾਰ ਵਿਚ ਮੌਜੂਦ ਹੈ।
ਲਿਪ ਬਾਮ : ਲਿਪ ਬਾਮ ਵਿਚ ਵੈਕਸ ਵਰਗੀ ਖਾਸੀਅਤ ਹੁੰਦੀ ਹੈ। ਇਹ ਰੁੱਖੇ ਅਤੇ ਬੇਜਾਨ ਬੁੱਲ੍ਹਾਂ ਨੂੰ ਨਮੀ ਦਿੰਦੇ ਹਨ। ਮੂਲ ਰੂਪ ਨਾਲ ਬਾਮ ਵਿਚ ਵਿਟਾਮਿਨ 'ਈ', ਗਲਿਸਰੀਨ ਅਤੇ ਬੀ ਵੈਕਸ ਹੁੰਦਾ ਹੈ, ਜੋ ਬੁੱਲ੍ਹਾਂ ਦੀਆਂ ਨਾਜ਼ੁਕ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ।
ਗਲਾਸ : ਬੁੱਲ੍ਹਾਂ 'ਤੇ ਸਿਰਫ ਗਲਾਸ ਲਗਾ ਕੇ ਉਨ੍ਹਾਂ ਨੂੰ ਚਮਕੀਲਾ ਬਣਾਇਆ ਜਾਂਦਾ ਹੈ। ਜੇ ਤੁਸੀਂ ਆਪਣੀ ਲਿਪਸਟਿਕ ਦੇ ਰੰਗ ਨੂੰ ਹੋਰ ਜ਼ਿਆਦਾ ਚਮਕੀਲਾ ਬਣਾਉਣਾ ਚਾਹੁੰਦੇ ਹੋ ਤਾਂ ਲਿਪਸਟਿਕ ਦੇ ਇਕ ਕੋਟ ਤੋਂ ਬਾਅਦ ਗਲਾਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਅਜਿਹੀਆਂ ਕੰਪਨੀਆਂ ਹਨ ਜੋ ਬੁੱਲ੍ਹਾਂ ਨੂੰ ਵੱਡਾ ਅਤੇ ਰਸੀਲਾ ਦਿਖਾਉਣ ਲਈ ਅਜਿਹੇ ਲਿਪ ਬਾਮ ਬਣਾਉਂਦੀਆਂ ਹਨ। ਇਹ ਵੀ ਬਾਜ਼ਾਰ ਵਿਚ ਬੋਤਲ ਅਤੇ ਟਿਊਬ ਦੋਵਾਂ ਵਿਚ ਮਿਲਦਾ ਹੈ।
ਲਿਪਸਟਿਕ : ਅੱਜਕਲ੍ਹ ਨਾਨ-ਟ੍ਰਾਂਸਫਰ ਮੈਟੀ, ਹਾਈ-ਗਲਾਸ, ਲਾਂਗ ਲਾਸਟਿੰਗ ਅਤੇ ਮਾਇਸਚਰਾਈਜ਼ਿੰਗ, ਨਾ ਜਾਣੇ ਕਿੰਨੀ ਕਿਸਮਾਂ ਦੀ ਬਾਜ਼ਾਰ ਵਿਚ ਮਿਲਦੀ ਹੈ। ਨਿਯੋਨ ਤੋਂ ਲੈ ਕੇ ਲਾਲ, ਬੈਂਗਣੀ ਅਤੇ ਹਰ ਮੂਡ ਦੇ ਲਈ ਵੱਖ-ਵੱਖ ਰੰਗ ਹੁੰਦੇ ਹਨ। ਜੇ ਤੁਹਾਡੇ ਬੁੱਲ੍ਹ ਸੁੱਕੇ ਹਨ ਤਾਂ ਤੁਸੀਂ ਮੈਟ ਤੋਂ ਦੂਰ ਰਹੋ। ਇਸ ਦੀ ਬਜਾਏ ਜ਼ਿਆਦਾ ਚੱਲਣ ਵਾਲੇ ਅਤੇ ਟ੍ਰਾਂਸਫਰ ਪਰੂਫ ਲਿਪਸਟਿਕ ਦੀ ਵਰਤੋਂ ਕਰੋ। ਇਸ ਨਾਲ ਬੁੱਲ੍ਹ ਸੁੱਕੇ ਲਗਦੇ ਹਨ। ਇਸ ਲਈ ਮਾਇਸਚਰਾਈਜ਼ਿੰਗ ਵਿਟਾਮਿਨ 'ਈ' ਅਤੇ ਬਟਰਯੁਕਤ ਲਿਪਸਟਿਕ ਜਾਂ ਉੱਚ ਪੱਧਰੀ ਗਲਾਸ ਕਿਸਮ ਦੀ ਹੀ ਚੋਣ ਕਰੋ, ਜਿਸ ਨਾਲ ਬੁੱਲ੍ਹ ਚਮਕੀਲੇ ਅਤੇ ਨਮੀ ਯੁਕਤ ਲਗਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਲਿਪਸਟਿਕ ਲੰਬੇ ਸਮੇਂ ਤੱਕ ਬੁੱਲ੍ਹਾਂ 'ਤੇ ਟਿਕੀ ਰਹੇ ਤਾਂ ਇਸ ਵਾਸਤੇ ਲਿਪਸਟਿਕ ਦੇ ਦੋ ਜਾਂ ਤਿੰਨ ਕੋਟ ਜ਼ਰੂਰ ਲਗਾਓ।
ਲਿਪ ਲਾਈਨਰ : ਅੱਜਕਲ੍ਹ ਲਿਪ ਲਾਈਨਰ ਕਈ ਰੰਗਾਂ ਵਿਚ ਅਤੇ ਦੋ ਤਰ੍ਹਾਂ ਦੇ ਮਿਲਦੇ ਹਨ, ਜਿਨ੍ਹਾਂ ਵਿਚ ਇਕ ਟਿਵਸਟ ਪੈਨਸਿਲ ਜਾਂ ਪੇਨਸਿਟਕ ਵਿਚ ਹੁੰਦੇ ਹਨ। ਇਹ ਬੁੱਲ੍ਹਾਂ ਨੂੰ ਨਵਾਂ ਆਕਾਰ ਅਤੇ ਰੰਗ ਦਿੰਦਾ ਹੈ। ਇਸ ਤੋਂ ਇਲਾਵਾ ਇਹ ਲਿਪਸਟਿਕ ਨੂੰ ਲੰਬੇ ਸਮੇਂ ਤੱਕ ਟਿਕਾਈ ਰੱਖਦਾ ਹੈ। ਲਿਪ ਕਲਰ ਦੇ ਹੇਠਾਂ ਜੇ ਇਸ ਨੂੰ ਲਗਾਇਆ ਜਾਂਦਾ ਹੈ ਤਾਂ ਇਹ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਜੇ ਇਸ ਨੂੰ ਸਹੀ ਤਰੀਕੇ ਨਾਲ ਲਗਾਇਆ ਜਾਵੇ ਤਾਂ ਇਹ ਸਾਡੇ ਬੁੱਲ੍ਹਾਂ ਨੂੰ ਪਤਲਾ ਅਤੇ ਮੋਟਾ ਦੋਵੇਂ ਤਰ੍ਹਾਂ ਨਾਲ ਦਿਖਾ ਸਕਦਾ ਹੈ। ਜਿਨ੍ਹਾਂ ਦੇ ਬੁੱਲ੍ਹ ਪਤਲੇ ਹੋਣ, ਉਨ੍ਹਾਂ ਨੂੰ ਬੁੱਲ੍ਹਾਂ 'ਤੇ ਪਹਿਲਾਂ ਹਲਕਾ ਫਾਊਂਡੇਸ਼ਨ ਲਗਾਉਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਲਿਪ ਲਾਈਨ ਦੀ ਇਕ ਆਊਟ ਲਾਈਨ ਬਣਾਉਣੀ ਚਾਹੀਦੀ ਹੈ। ਫਿਰ ਪੈਨਸਿਲ ਨਾਲ ਇਸ ਨੂੰ ਭਰ ਕੇ ਚੰਗੀ ਕਿਸਮ ਦਾ ਲਿਪ ਕਲਰ ਲਗਾਓ। ਬੁੱਲ੍ਹ ਜੇ ਵੱਡੇ ਹਨ ਤਾਂ ਇਸ ਤੋਂ ਬਿਲਕੁਲ ਉਲਟ ਕਰੋ। ਪਹਿਲਾਂ ਫਾਊਂਡੇਸ਼ਨ ਲਗਾਓ, ਉਸ ਤੋਂ ਬਾਅਦ ਆਊਟ ਲਾਈਨ ਖਿੱਚ ਕੇ ਫਿਰ ਉਸ ਤੋਂ ਬਾਅਦ ਉਸ ਨੂੰ ਭਰ ਦਿਓ।
ਲਿਪ ਸਟੇਨ : ਲਿਪ ਸਟੇਨ ਦਾ ਬੇਸ ਲਿਪਸਟਿਕ ਤੋਂ ਵੱਖ ਹਟ ਕੇ ਹੁੰਦਾ ਹੈ। ਇਹ ਵਾਟਰ ਜਾਂ ਜੈੱਲ ਆਧਾਰਿਤ ਹੁੰਦਾ ਹੈ। ਇਹ ਲਿਪਸਟਿਕ ਤੋਂ ਵੱਖ ਇਸ ਲਈ ਹੈ, ਕਿਉਂਕਿ ਇਹ ਲੰਬੇ ਸਮੇਂ ਤੱਕ ਬੁੱਲ੍ਹਾਂ 'ਤੇ ਟਿਕਿਆ ਰਹਿੰਦਾ ਹੈ। ਜੇ ਤੁਹਾਡੇ ਬੁੱਲ੍ਹ ਰੁੱਖੇ ਹਨ ਤਾਂ ਇਸ ਨੂੰ ਨਾ ਲਗਾਓ। ਕਿਉਂਕਿ ਇਸ ਵਿਚ ਅਲਕੋਹਲ ਹੋਣ ਦੇ ਕਾਰਨ ਬੁੱਲ੍ਹ ਵਾਰ-ਵਾਰ ਸੁੱਕਦੇ ਹਨ ਜਾਂ ਫਿਰ ਪਹਿਲਾਂ ਸਟੇਨ ਲਗਾਓ, ਉਸ ਤੋਂ ਬਾਅਦ ਫਿਰ ਉੱਪਰ ਲਿਪ ਬਾਮ ਲਗਾਓ।
ਲਿਪ ਕ੍ਰੇਯੋਨ : ਇਸ ਵਿਚ ਇਕ ਮੋਟੀ ਪੈਨਸਿਲ ਵਿਚ ਲਿਪ ਕਲਰ ਹੁੰਦੇ ਹਨ। ਜਦੋਂ ਇਸ ਦੀ ਅੱਗੇ ਦੀ ਨੋਕ ਘਟ ਜਾਂਦੀ ਹੈ ਤਾਂ ਇਸ ਨੂੰ ਬਣਾਉਣ ਲਈ ਤੁਹਾਨੂੰ ਸ਼ਾਰਪਨਰ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਰੋਲ ਪੇਨ ਦੇ ਰੂਪ ਵਿਚ ਵੀ ਮਿਲਦੀ ਹੈ, ਜਿਸ ਨੂੰ ਘੁਮਾ ਕੇ ਵਰਤਿਆ ਜਾ ਸਕਦਾ ਹੈ। ਅੱਜਕਲ੍ਹ ਕਈ ਨਾਮੀ ਗਿਰਾਮੀ ਕੰਪਨੀਆਂ ਦੇ ਲਿਪ ਕ੍ਰੇਯੋਨ ਬਾਜ਼ਾਰ ਵਿਚ ਮਿਲਦੇ ਹਨ ਜੋ ਹਰ ਉਮਰ ਦੀਆਂ ਔਰਤਾਂ ਲਈ ਉਪਯੋਗੀ ਹੁੰਦੇ ਹਨ। ਇਸ ਨੂੰ ਕਿਸੇ ਵੀ ਲਿਪ ਕਲਰ ਦੀ ਤਰ੍ਹਾਂ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਸ ਨੂੰ ਲਗਾਉਣ ਲਈ ਬੁੱਲ੍ਹਾਂ ਦੇ ਵਿਚਕਾਰੋਂ ਸ਼ੁਰੂਆਤ ਕਰਕੇ ਕੋਨੇ ਵੱਲ ਜਾ ਕੇ ਇਸ ਨੂੰ ਭਰ ਦਿਓ। ਇਹ ਮੈਟ ਅਤੇ ਗਲਾਸ ਦੋਵੇਂ ਰੂਪਾਂ ਵਿਚ ਮਿਲਦੀ ਹੈ। ਮੈਟ ਵਿਚ ਕਈ ਕਿਸਮਾਂ ਹਨ, ਗਲਾਸ ਵਿਚ ਇਹ ਲਿਪਸਟਿਕ, ਬਾਮ ਅਤੇ ਗਲਾਸ ਤਿੰਨਾਂ ਦਾ ਕੰਮ ਕਰਦੀ ਹੈ। ਇਹ ਤਿੰਨਾਂ ਦਾ ਕੰਮ ਇਸ ਨਾਲ ਚਲਾਇਆ ਜਾ ਸਕਦਾ ਹੈ। ਇਹ ਕਈ ਤਰ੍ਹਾਂ ਦੇ ਰੰਗਾਂ ਅਤੇ ਕਿਸਮਾਂ ਵਿਚ ਮਿਲਦੀ ਹੈ, ਜਿਸ ਨੂੰ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਚੁਣ ਸਕਦੇ ਹੋ।

-ਪ੍ਰਤਿਮਾ ਅਰੋੜਾ

ਬੱਚੇ ਦੀਆਂ ਸ਼ਰਾਰਤਾਂ ਜਦੋਂ ਸਿਰ ਚੜ੍ਹ ਬੋਲਦੀਆਂ ਹਨ

ਨਿੱਕੇ-ਨਿੱਕੇ ਬੱਚਿਆਂ ਬਾਰੇ ਅਕਸਰ ਆਖਿਆ ਜਾਂਦਾ ਹੈ ਕਿ ਬੱਚੇ ਭੋਲੇ ਹੀ ਚੰਗੇ ਲਗਦੇ ਹਨ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜੇਕਰ ਬੱਚੇ ਸ਼ਰਾਰਤਾਂ ਨਾ ਕਰਨ ਤਾਂ ਫਿਰ ਉਹ ਬੱਚੇ ਹੀ ਕੀ ਤੇ ਜੇ ਬੱਚੇ ਸ਼ਰਾਰਤਾਂ ਨਹੀਂ ਕਰਨਗੇ ਤਾਂ ਕੀ ਵੱਡੇ ਸ਼ਰਾਰਤਾਂ ਕਰਨਗੇ? ਬੱਚੇ ਦਾ ਸ਼ਰਾਰਤੀ ਹੋਣਾ ਇਕ ਵੱਖਰੀ ਗੱਲ ਹੈ ਪਰ ਅਨੁਸ਼ਾਸਨਹੀਣਤਾ ਕਿਸੇ ਨੂੰ ਵੀ ਪਸੰਦ ਨਹੀਂ। ਇਸ ਤਰ੍ਹਾਂ ਘਰ ਦੀਆਂ ਚੀਜ਼ਾਂ ਖਰਾਬ ਕਰਨ ਤੇ ਹੋ-ਹੱਲਾ ਮਚਾਉਣ ਵਾਲੇ ਬੱਚੇ ਵਿਗੜੇ ਹੋਏ ਕਹੇ ਜਾਂਦੇ ਹਨ। ਜਿਨ੍ਹਾਂ ਬੱਚਿਆਂ ਨੂੰ ਬੈਠਣ, ਖਲੋਣ, ਖੇਡਣ, ਖਾਣ-ਪੀਣ ਆਦਿ ਦੀ ਤਮੀਜ਼ ਨਾ ਹੋਵੇ, ਉਹ ਬੱਚੇ ਹਮੇਸ਼ਾ ਬੁਰਿਆਈ ਲੈਂਦੇ ਹਨ। ਅਨੁਸ਼ਾਸਨ 'ਚ ਰਹਿਣ ਵਾਲੇ ਬੱਚੇ ਆਪਣੀ ਤੇ ਆਪਣੇ ਮਾਂ-ਪਿਓ ਦੋਵਾਂ ਦੀ ਕਦਰ ਕਰਵਾਉਂਦੇ ਹਨ।
ਬੱਚਿਆਂ ਦੇ ਇਸ ਵਿਵਹਾਰ ਪਿੱਛੇ ਮਾਂ-ਪਿਓ ਦੀ ਵੱਡੀ ਭੂਮਿਕਾ ਹੁੰਦੀ ਹੈ। ਜੇਕਰ ਬਚਪਨ ਤੋਂ ਹੀ ਬੱਚੇ ਨੂੰ ਸਹੀ ਢੰਗ ਨਾਲ ਉੱਠਣ, ਬੈਠਣ, ਬੋਲਣ, ਖਾਣ-ਪੀਣ ਆਦਿ ਬਾਰੇ ਸਿਖਾਇਆ ਜਾਵੇ ਤਾਂ ਉਹ ਵੱਡਾ ਹੋ ਕੇ ਉਸੇ ਰਾਹ ਤੁਰਦਾ ਹੈ। ਜਿਹੜੇ ਮਾਪੇ ਇਸ ਪਾਸੇ ਲਾਪ੍ਰਵਾਹੀ ਵਰਤਦੇ ਹਨ, ਉਨ੍ਹਾਂ ਦੇ ਬੱਚੇ ਸ਼ਰਾਰਤੀ ਅਤੇ ਵਿਗੜੇ ਹੋਏ ਸਾਬਤ ਹੁੰਦੇ ਹਨ। ਉਸ ਸਮੇਂ ਮਾਂ-ਪਿਓ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਬੱਚੇ ਤਮੀਜ਼ ਤੇ ਅਨੁਸ਼ਾਸਨ ਦੀ ਸਿੱਖਿਆ ਕਿਉਂ ਨਹੀਂ ਦਿੱਤੀ?
ਦਰਅਸਲ ਘਰ ਬੱਚੇ ਦੀ ਮੁਢਲੀ ਇਕਾਈ ਹੈ, ਜਿਥੇ ਬੱਚਾ ਹਰ ਗੱਲ ਸਿੱਖਦਾ ਹੈ। ਸਕੂਲ, ਕਾਲਜ, ਸਮਾਜ ਆਦਿ ਵਿਚ ਤਾਂ ਉਹ ਬਾਅਦ ਵਿਚ ਵਿਚਰਦਾ ਹੈ। ਘਰ ਵਿਚ ਹੀ ਬੱਚੇ ਦੇ ਵਿਵਹਾਰ ਦੀ ਨੀਂਹ ਰੱਖੀ ਜਾਂਦੀ ਹੈ। ਘਰ ਦਾ ਕੋਈ ਦੂਜਾ ਮੈਂਬਰ ਭਾਵੇਂ ਬੱਚੇ ਨੂੰ ਸ਼ਰਾਰਤਾਂ ਕਰਨ 'ਚ ਢਿੱਲ ਦੇਵੇ ਪਰ ਮਾਂ-ਪਿਓ ਨੂੰ ਇਸ ਮਸਲੇ 'ਤੇ ਹਮੇਸ਼ਾ ਸਖ਼ਤੀ ਵਰਤਣੀ ਚਾਹੀਦੀ ਹੈ, ਤਾਂ ਕਿ ਬੱਚੇ ਵਿਚ ਅਨੁਸ਼ਾਸਨ ਬਣਿਆ ਰਹੇ। ਇਹ ਅਨੁਸ਼ਾਸਨ ਸਿਰਫ ਬਚਪਨ 'ਚ ਹੀ ਸ਼ੋਭਾ ਨਹੀਂ ਦਿਵਾਉਂਦਾ, ਸਗੋਂ ਵੱਡੀ ਉਮਰੇ ਜਾ ਕੇ ਭਵਿੱਖ ਵਿਚ ਵੀ ਮਨੁੱਖੀ ਸ਼ਖ਼ਸੀਅਤ ਦੀ ਉਸਾਰੀ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਨੁਸ਼ਾਸਨ ਮਨੁੱਖੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਹੈ।
ਅਨੁਸ਼ਾਸਨ ਦਾ ਮਤਲਬ ਬੱਚੇ 'ਤੇ ਬਹੁਤੀ ਰੋਕ-ਟੋਕ ਲਗਾਉਣਾ ਜਾਂ ਤਾਨਾਸ਼ਾਹੀ ਨਹੀਂ ਹੈ ਕਿ ਤੁਸੀਂ ਬੱਚੇ ਦਾ ਜਿਉਣਾ ਹੀ ਹਰਾਮ ਕਰ ਦਿਓ ਪਰ ਬੱਚੇ ਦੀਆਂ ਸ਼ਰਾਰਤਾਂ ਨੂੰ ਉਥੋਂ ਤੱਕ ਹੀ ਇਜਾਜ਼ਤ ਦਿਓ, ਜਿਥੋਂ ਤੱਕ ਜਾਇਜ਼ ਹਨ। ਬੱਚੇ ਨੂੰ ਸ਼ੈਤਾਨੀਆਂ ਕਰਨ ਲਈ ਬਹੁਤੀ ਖੁੱਲ੍ਹ ਦੇਣਾ ਉਸ ਨੂੰ ਢੀਠ ਤੇ ਸ਼ੈਤਾਨ ਸਾਬਤ ਕਰਦਾ ਹੈ। ਇਸ ਕਰਕੇ ਬੱਚੇ ਨੂੰ ਏਨੀ ਖੁੱਲ੍ਹ ਨਾ ਦਿਓ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਲੱਗ ਪਵੇ ਤੇ ਬਾਅਦ ਵਿਚ ਤੁਹਾਨੂੰ ਵੀ ਸ਼ਰਮਿੰਦਾ ਹੋਣਾ ਪਵੇ।
ਜਿਹੜੇ ਬੱਚੇ ਬਹੁਤ ਜ਼ਿੱਦੀ ਤੇ ਸ਼ੈਤਾਨ ਹੋ ਜਾਂਦੇ ਹਨ, ਉਨ੍ਹਾਂ ਦਾ ਵਧੇਰੇ ਧਿਆਨ ਸਿਰਫ ਸ਼ਰਾਰਤਾਂ ਵੱਲ ਹੀ ਰਹਿ ਜਾਂਦਾ ਹੈ ਅਤੇ ਉਹ ਪੜ੍ਹਾਈ ਵਿਚ ਵੀ ਪਛੜ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਸਹੀ ਰਾਹੇ ਪਾਉਣਾ ਮਾਪਿਆਂ ਦਾ ਜ਼ਰੂਰੀ ਫਰਜ਼ ਹੈ। ਸ਼ੁਰੂ ਵਿਚ ਜੇਕਰ ਬੱਚੇ ਦੀਆਂ ਸ਼ਰਾਰਤਾਂ 'ਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਚੰਗਾ ਹੈ, ਨਹੀਂ ਤਾਂ ਫਿਰ ਬਾਅਦ ਵਿਚ ਬਹੁਤਾ ਵਿਗੜ ਜਾਣ 'ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਈ ਮਾਂ-ਪਿਓ ਇਹ ਕਹਿ ਦਿੰਦੇ ਹਨ ਕਿ ਇਹ ਤਾਂ ਹਾਲੇ ਛੋਟਾ ਹੈ, ਸਿੱਖ ਜਾਵੇਗਾ। ਬਸ, ਇਥੇ ਹੀ ਮਾਪੇ ਭੁੱਲ ਕਰ ਜਾਂਦੇ ਹਨ, ਕਿਉਂਕਿ ਬੱਚੇ ਦੀ ਨੀਂਹ ਬਚਪਨ ਵਿਚ ਹੀ ਰੱਖੀ ਜਾਂਦੀ ਹੈ ਅਤੇ ਜੇਕਰ ਨੀਂਹ ਹੀ ਮਜ਼ਬੂਤ ਨਾ ਹੋਵੇ ਤਾਂ ਬੱਚੇ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਤੁਸੀਂ ਅਤੇ ਤੁਹਾਡਾ ਫਰਿੱਜ

* ਫਰਿੱਜ ਕੰਧ ਨਾਲੋਂ ਘੱਟ ਤੋਂ ਘੱਟ ਇਕ ਫੁੱਟ ਦੀ ਦੂਰੀ 'ਤੇ ਜ਼ਰੂਰ ਰੱਖੀ ਜਾਣੀ ਚਾਹੀਦੀ ਹੈ ਤਾਂ ਕਿ ਫਰਿੱਜ ਦੀ ਮਸ਼ੀਨਰੀ ਨੂੰ ਹਵਾ ਮਿਲਦੀ ਰਹੇ ਅਤੇ ਫ੍ਰੀਜਰ ਵਿਚ ਬਰਫ ਵੀ ਸਹੀ ਜੰਮਦੀ ਰਹੇਗੀ।
* ਫਰਿੱਜ ਬਿਲਕੁਲ ਸਿੱਧੀ ਰੱਖੀ ਜਾਣੀ ਚਾਹੀਦੀ ਹੈ ਤਾਂ ਕਿ ਡਿਫ੍ਰਾਸਟ ਕਰਨ 'ਤੇ ਪਾਣੀ ਟਰੇਅ ਵਿਚ ਡਿਗਣ ਦੀ ਬਜਾਏ ਫਰਿੱਜ ਦੇ ਅੰਦਰ ਰੱਖੇ ਸਮਾਨ 'ਤੇ ਡਿਗੇਗਾ, ਜਿਸ ਨਾਲ ਸਮਾਨ ਗਿੱਲਾ ਅਤੇ ਖਰਾਬ ਹੋ ਸਕਦਾ ਹੈ।
* ਜਦੋਂ ਕਦੇ ਫਰਿੱਜ ਨੂੰ ਡਿਫ੍ਰਾਸਟ ਕਰੋ, ਫਰਿੱਜ ਨੂੰ ਸੁੱਕੇ ਕੱਪੜੇ ਨਾਲ ਜ਼ਰੂਰ ਪੂੰਝੋ, ਫਿਰ ਫਰਿੱਜ ਨੂੰ ਚਲਾਓ। ਹਫਤੇ ਵਿਚ ਇਕ ਵਾਰ ਫਰਿੱਜ ਡਿਫ੍ਰਾਸਟ ਜ਼ਰੂਰ ਕਰੋ। ਫਰਿੱਜ ਦਾ ਦਰਵਾਜ਼ਾ ਸਾਵਧਾਨੀ ਨਾਲ ਖੋਲ੍ਹੋ ਅਤੇ ਬੰਦ ਕਰੋ। ਜੇ ਫਰਿੱਜ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਕੀਤਾ ਜਾਵੇਗਾ ਤਾਂ ਫਰਿੱਜ ਦੀ ਮਸ਼ੀਨਰੀ 'ਤੇ ਪ੍ਰਤੀਕੂਲ ਅਸਰ ਪਵੇਗਾ। ਫਰਿੱਜ ਦਾ ਰਬੜ ਵਾਲਵ ਇਨ੍ਹਾਂ ਝਟਕਿਆਂ ਨੂੰ ਸਹਾਰ ਨਹੀਂ ਸਕੇਗਾ। ਇਸ ਲਈ ਦਰਵਾਜ਼ੇ ਨੂੰ ਖੋਲ੍ਹਦੇ ਅਤੇ ਬੰਦ ਕਰਦੇ ਸਮੇਂ ਸਾਵਧਾਨੀ ਵਰਤੋ।
* ਫ੍ਰੀਜ਼ਰ ਵਿਚ ਟਰੇਅ ਰੱਖਦੇ ਸਮੇਂ ਟਰੇਅ ਦੇ ਹੇਠਾਂ ਹਲਕੀ ਜਿਹੀ ਚਿਕਨਾਈ ਦਾ ਹੱਥ ਲਗਾ ਕੇ ਰੱਖੋ। ਟਰੇਅ ਚਿਪਕੇਗੀ ਨਹੀਂ। ਜੇ ਚਿਪਕ ਗਈ ਹੋਵੇ ਤਾਂ ਕਦੇ ਵੀ ਕਿਸੇ ਨੁਕੀਲੀ ਵਸਤੂ ਨਾਲ ਨਾ ਖੁਰਚੋ। ਫ੍ਰੀਜ਼ਰ ਖਰਾਬ ਹੋ ਸਕਦਾ ਹੈ।
* ਖਾਧ ਪਦਾਰਥਾਂ ਨੂੰ ਕਦੇ ਖੁੱਲ੍ਹਾ ਨਾ ਰੱਖੋ, ਕਿਉਂਕਿ ਇਕ-ਦੂਜੇ ਦੀ ਮਹਿਕ ਨਾਲ ਦੂਜੇ ਖਾਧ ਪਦਾਰਥ ਖਰਾਬ ਹੋ ਸਕਦੇ ਹਨ। ਆਟਾ ਬਿਨਾਂ ਢਕੇ ਰੱਖਣ 'ਤੇ ਸਖਤ ਹੋ ਜਾਂਦਾ ਹੈ, ਜਿਸ ਨੂੰ ਦੁਬਾਰਾ ਵਰਤੋਂ ਵਿਚ ਲਿਆਉਣਾ ਮੁਸ਼ਕਿਲ ਹੋ ਜਾਂਦਾ ਹੈ।
* ਨਿੰਬੂ ਚੀਰ ਕੇ ਉਸ ਦੇ ਟੁਕੜੇ ਫਰਿੱਜ ਵਿਚ ਰੱਖਣ ਨਾਲ ਫਰਿੱਜ ਵਿਚ ਗੰਧ ਨਹੀਂ ਰਹਿੰਦੀ। ਨਿੰਬੂ ਬਦਲਦੇ ਰਹੋ।
* ਫਰਿੱਜ ਦੇ ਰੈਗੂਲੇਟਰ ਨੂੰ ਵਾਰ-ਵਾਰ ਨਾ ਘੁਮਾਓ। ਤਾਪਕ੍ਰਮ ਦੇ ਵਾਰ-ਵਾਰ ਬਦਲਾਅ ਨਾਲ ਫਰਿੱਜ ਅਤੇ ਰੈਗੂਲੇਟਰ ਖਰਾਬ ਹੋ ਸਕਦੇ ਹਨ।
* ਦੋ ਹਫ਼ਤੇ ਵਿਚ ਇਕ ਵਾਰ ਮੁੱਖ ਸਵਿੱਚ ਬੰਦ ਕਰਕੇ ਸਾਰਾ ਸਮਾਨ ਬਾਹਰ ਕੱਢ ਕੇ ਫਰਿੱਜ ਨੂੰ ਸਾਫ਼ ਕਰੋ।
* ਫਰਿੱਜ ਸਾਫ ਕਰਨ ਲਈ ਡਿਟਰਜੈਂਟ ਦਾ ਘੋਲ ਬਣਾ ਕੇ ਨਰਮ ਕੱਪੜੇ ਨਾਲ ਸਾਫ ਕਰ ਲਓ। ਕਦੇ ਵੀ ਕਿਸੇ ਦਾਗ ਜਾਂ ਜੰਮੀ ਹੋਈ ਚੀਜ਼ 'ਤੇ ਸਖ਼ਤ ਚੀਜ਼ ਨਾਲ ਨਾ ਖੁਰਚੋ। ਉਸ 'ਤੇ ਪਾਣੀ ਪਾ ਕੇ ਕੁਝ ਸਮੇਂ ਲਈ ਛੱਡ ਦਿਓ। ਦੁਬਾਰਾ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰੋ। ਬਾਅਦ ਵਿਚ ਸੁੱਕੇ ਤੌਲੀਏ ਜਾਂ ਬੁਨੈਣ ਵਾਲੇ ਕੱਪੜੇ ਨਾਲ ਫਰਿੱਜ ਨੂੰ ਪੂੰਝ ਕੇ ਫਰਿੱਜ ਚਲਾਓ।
* ਫਰਿੱਜ ਲਈ ਟ੍ਰਾਂਸਫਾਰਮਰ ਜ਼ਰੂਰ ਲਗਾਓ, ਜਿਸ ਨਾਲ ਬਿਜਲੀ ਦੇ ਵਧਣ-ਘਟਣ ਦਾ ਉਸ 'ਤੇ ਜ਼ਿਆਦਾ ਅਸਰ ਨਾ ਪਵੇ।
* ਕੱਚੀਆਂ ਸਬਜ਼ੀਆਂ ਨੂੰ ਫਰਿੱਜ ਵਿਚ ਵੱਖ-ਵੱਖ ਲਿਫਾਫਿਆਂ ਜਾਂ ਥੈਲੀਆਂ ਵਿਚ ਰੱਖੋ।
* ਲਸਣ, ਪਿਆਜ਼, ਅੰਬ, ਖਰਬੂਜ਼ਾ ਆਦਿ ਕੱਟੇ ਹੋਏ ਫਰਿੱਜ ਵਿਚ ਨਾ ਰੱਖੋ। ਇਨ੍ਹਾਂ ਦੀ ਤੇਜ਼ ਸੁਗੰਧ ਦੂਜੇ ਖਾਧ ਪਦਾਰਥਾਂ ਦਾ ਸਵਾਦ ਵਿਗਾੜ ਸਕਦੀ ਹੈ।
* ਜੇ ਲੰਬੇ ਸਮੇਂ ਲਈ ਕਿਤੇ ਬਾਹਰ ਜਾ ਰਹੇ ਹੋ ਤਾਂ ਫਰਿੱਜ ਖਾਲੀ ਕਰਕੇ ਬੰਦ ਕਰ ਜਾਓ। ਦੁਬਾਰਾ ਚਾਲੂ ਕਰਨ ਤੋਂ ਪਹਿਲਾਂ ਉਸ ਨੂੰ ਸਾਫ਼ ਕਰਕੇ ਵਰਤੋਂ ਵਿਚ ਲਿਆਓ, ਨਹੀਂ ਤਾਂ ਗੰਧ ਫਰਿੱਜ ਵਿਚ ਘੁੰਮਦੀ ਰਹੇਗੀ।
* ਫਰਿੱਜ ਨੂੰ ਕਦੇ ਓਵਰਲੋਡ ਨਾ ਕਰੋ, ਜਿਸ ਨਾਲ ਉਸ ਦੀ ਮਸ਼ੀਨਰੀ 'ਤੇ ਪ੍ਰਤੀਕੂਲ ਪ੍ਰਭਾਵ ਪੈ ਸਕਦਾ ਹੈ ਅਤੇ ਫਰਿੱਜ ਦਾ ਜੀਵਨ ਘੱਟ ਹੋ ਸਕਦਾ ਹੈ।
**

ਕੀ ਲੋਕ ਤੁਹਾਨੂੰ 'ਮੂਡੀ' ਕਹਿੰਦੇ ਹਨ?

1. ਵੈਸੇ ਤਾਂ ਤੁਸੀਂ ਫਿਲਮਾਂ ਦੇਖਦੇ ਨਹੀਂ ਪਰ ਕਿਸੇ-ਕਿਸੇ ਫਿਲਮ ਨੂੰ ਕਈ ਵਾਰ ਦੇਖਣ ਤੋਂ ਵੀ ਤੁਹਾਨੂੰ ਪ੍ਰਹੇਜ਼ ਨਹੀਂ ਹੈ-(ਕ) ਕਿਉਂਕਿ ਕੁਝ ਫਿਲਮਾਂ ਮੈਨੂੰ ਹਰ ਵਾਰ ਨਵੇਂ ਸਿਰੇ ਤੋਂ ਦੇਖਣ ਨੂੰ ਪ੍ਰੇਰਿਤ ਕਰਦੀਆਂ ਹਨ। (ਖ) ਕਿਉਂਕਿ ਇਹ ਮੇਰੀ ਮਰਜ਼ੀ ਦਾ ਮਾਮਲਾ ਹੈ। (ਗ) ਕਿਉਂਕਿ ਕੁਝ ਫਿਲਮਾਂ ਨਾਲ ਮੇਰੇ ਨਿੱਜੀ ਜਜ਼ਬਾਤ ਜੁੜੇ ਹੁੰਦੇ ਹਨ।
2. ਇਕ ਹਫ਼ਤਾ ਪਹਿਲਾਂ ਤੁਸੀਂ ਆਪਣੇ ਜਿਸ ਵਿਚਾਰ ਨੂੰ ਦੁਨੀਆ ਦਾ ਮਹੱਤਵਪੂਰਨ ਵਿਚਾਰ ਕਹਿ ਰਹੇ ਸੀ, ਹੁਣ ਉਸ ਨੂੰ ਸਿਰ ਵਿਚ ਉੱਗੇ ਸਿੰਗ ਵਾਂਗ ਭੁੱਲ ਗਏ ਹੋ-(ਕ) ਹਾਂ, ਕਿਉਂਕਿ ਮੈਂ ਆਪਣੇ ਹੀ ਨਤੀਜਿਆਂ ਤੋਂ ਪ੍ਰਭਾਵਿਤ ਨਹੀਂ ਹੋਈ। (ਖ) ਆਈਡੀਆ ਮੇਰਾ ਆਪਣਾ ਸੀ, ਮਰਜ਼ੀ ਮੇਰੀ ਹੈ। ਤੁਹਾਨੂੰ ਇਸ ਗੱਲ ਵਿਚ ਏਨੀ ਦਿਲਚਸਪੀ ਕਿਉਂ ਹੈ? (ਗ) ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਮੈਂ ਹੀ ਕਿਉਂ ਇਕ ਗੱਲ 'ਤੇ ਅੜੀ ਰਹਾਂ?
3. ਦਫਤਰ ਵਿਚ ਹੋਈ ਪਾਰਟੀ ਵਿਚ ਸਭ ਨੇ ਖੂਬ ਧਮਾਲ ਮਚਾਈ ਪਰ ਤੁਸੀਂ ਬਿਲਕੁਲ ਸ਼ਾਂਤ ਰਹੇ। ਸਾਥੀ ਤੋਂ ਲੈ ਕੇ ਬੌਸ ਤੱਕ ਦੇ ਮਨੌਤੀ ਤੋਂ ਬਾਅਦ ਵੀ ਤੁਸੀਂ ਆਪਣੇ ਰਵੱਈਏ ਵਿਚ ਕੋਈ ਬਦਲਾਅ ਨਹੀਂ ਕੀਤਾ- (ਕ) ਕਿਉਂਕਿ ਹਾਸਾ ਅੰਦਰ ਦੀ ਗੱਲ ਹੈ। ਜੇ ਇਹ ਅੰਦਰੋਂ ਨਾ ਆ ਰਿਹਾ ਹੋਵੇ ਤਾਂ ਖੁਸ਼ ਹੋਣਾ ਸੰਭਵ ਨਹੀਂ। (ਖ) ਕਿਉਂਕਿ ਇਹ ਮੇਰਾ ਆਪਣਾ ਇਕ ਅੰਦਾਜ਼ ਹੈ। (ਗ) ਖੁੱਲ੍ਹੀ ਮੁੱਠੀ ਖਾਕ ਦੀ ਹੋਣਾ ਮੈਨੂੰ ਪਸੰਦ ਨਹੀਂ।
4. ਕਦੇ ਤਾਂ ਰਸੋਈ ਵਿਚ ਚਹਿਕਦੇ ਹੋਏ ਜਾਂਦੀ ਹੋ ਅਤੇ ਸਭ ਦੀ ਪਸੰਦ ਦਾ ਪਕਵਾਨ ਖੁਸ਼ੀ-ਖੁਸ਼ੀ ਪਕਾਉਂਦੀ ਹੋ ਅਤੇ ਕਦੇ ਰਸੋਈ ਵੱਲ ਅਣਮੰਨੇ ਢੰਗ ਨਾਲ ਜਾਂਦੀ ਹੋ, ਬਿਲਕੁਲ ਰੋਬੋਟ ਦੀ ਤਰ੍ਹਾਂ। ਕਿਸੇ ਨੇ ਉਸ ਸਮੇਂ ਕੋਈ ਖਾਸ ਫਰਮਾਇਸ਼ ਕਰ ਦਿੱਤੀ ਤਾਂ ਆਸਮਾਨ ਸਿਰ 'ਤੇ ਚੁੱਕ ਲੈਂਦੀ ਹੋ-(ਕ) ਹਾਂ, ਕਿਉਂਕਿ ਖਾਣਾ ਬਣਾਉਣਾ ਮੇਰਾ ਸ਼ੌਕ ਹੈ ਅਤੇ ਸ਼ੌਕ ਲਈ ਮੂਡ ਵਿਚ ਹੋਣਾ ਵੀ ਜ਼ਰੂਰੀ ਹੈ। (ਖ) ਜ਼ਰੂਰੀ ਨਹੀਂ ਕਿ ਮੈਂ ਦੂਜਿਆਂ ਦੇ ਮਨ ਨਾਲ ਸੰਚਾਲਿਤ ਹੋਵਾਂ। ਮੇਰੇ ਵੀ ਮਨ ਅਤੇ ਮੂਡ ਦੀ ਆਪਣੀ ਗਤੀ ਹੈ। (ਗ) ਮੈਂ ਬਾਵਰਚੀ ਨਹੀਂ ਹਾਂ।
5. ਹਰ ਵਾਰ ਗਰਮ ਖਾਣੇ ਦੀ ਜ਼ਿਦ ਕਰਨੀ ਇਕ ਕਿਸਮ ਦੀ ਸਨਕ ਹੈ- (ਕ) ਜੀ ਨਹੀਂ, ਇਹ ਸਿਹਤ ਦੇ ਪ੍ਰਤੀ ਸਜਗਤਾ ਅਤੇ ਅਨੁਸ਼ਾਸਨ ਹੈ। (ਖ) ਇਹ ਆਪਣੇ-ਆਪ ਨੂੰ ਮਹੱਤਵਪੂਰਨ ਮਨਵਾਉਣਾ ਹੈ। (ਗ) ਇਹ ਮੇਰੀ ਆਦਤ ਹੈ ਅਤੇ ਆਦਤ ਨਾਲ ਸਮਝੌਤਾ ਕਰਨਾ ਮੈਨੂੰ ਗਵਾਰਾ ਨਹੀਂ।
ਨਤੀਜਾ : ਜੇਕਰ ਇਮਾਨਦਾਰੀ ਨਾਲ ਤੁਸੀਂ ਸਾਰੇ ਸਵਾਲਾਂ ਦੇ ਉਨ੍ਹਾਂ ਬਦਲਾਂ 'ਤੇ ਆਪਣੀ ਸਹਿਮਤੀ ਜਤਾਈ ਹੈ, ਜੋ ਵਾਕਿਆ ਹੀ ਤੁਹਾਡੀ ਆਦਤ ਦਾ ਹਿੱਸਾ ਹਨ ਤਾਂ ਅਸੀਂ ਦੱਸਦੇ ਹਾਂ ਕਿ ਤੁਹਾਨੂੰ ਜੋ ਲੋਕ ਮੂਡੀ ਜਾਂ ਸ਼ੱਕੀ ਕਹਿੰਦੇ ਹਨ, ਉਹ ਸਹੀ ਹਨ ਜਾਂ ਨਹੀਂ।
(ਕ) ਜੇਕਰ ਤੁਸੀਂ 20 ਜਾਂ ਇਸ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਜੋ ਵੀ ਤੁਹਾਨੂੰ ਸ਼ੱਕੀ ਕਹਿੰਦਾ ਹੈ, ਇਹ ਉਸ ਦੀ ਸਮਝ ਦਾ ਸਵਾਲ ਹੈ। ਤੁਸੀਂ ਬੇਹੱਦ ਸਜਗ ਅਤੇ ਬੇਹੱਦ ਅਨੁਸ਼ਾਸਤ ਹੈ। ਨਿਯਮਾਂ ਦਾ ਕੱਟੜਤਾ ਨਾਲ ਪਾਲਣ ਕਰਦੇ ਹੋ। ਤੁਹਾਡੀ ਇਸ ਦ੍ਰਿੜ੍ਹਤਾ ਨੂੰ ਲੋਕ ਤੁਹਾਡੀ ਸ਼ੱਕ ਸਮਝ ਲੈਂਦੇ ਹਨ ਅਤੇ ਤੁਹਾਨੂੰ ਮੂਡੀ ਕਹਿ ਦਿੰਦੇ ਹਨ। ਤੁਹਾਨੂੰ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ, ਸਗੋਂ ਸਭ ਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਹੈ।
(ਖ) ਜੇਕਰ ਤੁਹਾਡੇ ਪ੍ਰਾਪਤ ਅੰਕ 15 ਜਾਂ ਇਸ ਤੋਂ ਘੱਟ ਹਨ ਪਰ 10 ਤੋਂ ਉੱਪਰ ਹਨ ਤਾਂ ਤੁਹਾਨੂੰ ਮੂਡੀ ਕਹਿਣਾ ਸਹੀ ਨਹੀਂ ਹੈ। ਤੁਸੀਂ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਕਈ ਵਾਰ ਫੈਸਲਾ ਲੈਂਦੇ ਹੋ। ਫਿਰ ਵੀ ਤੁਹਾਡੇ ਜ਼ਿਆਦਾ ਫੈਸਲੇ ਨਿਆਂਇਕ ਹੁੰਦੇ ਹਨ।
(ਗ) ਜੇਕਰ ਤੁਹਾਡੇ ਪ੍ਰਾਪਤ ਅੰਕ 10 ਤੋਂ ਘੱਟ ਹਨ ਤਾਂ ਫਿਰ ਚਾਹੇ ਉਹ ਜਿੰਨੇ ਮਰਜ਼ੀ ਹੋਣ, ਤੁਹਾਡੇ ਵਿਚ ਕਿਤੇ ਨਾ ਕਿਤੇ ਇਕ ਨੱਕਚੜਾਪਣ ਤਾਂ ਹੈ, ਜਿਸ ਕਰਕੇ ਲੋਕ ਤੁਹਾਨੂੰ ਮੂਡੀ ਕਹਿੰਦੇ ਹਨ।

-ਪਿੰਕੀ ਅਰੋੜਾ

ਬਿਜਲੀ ਦੀ ਬੱਚਤ ਕਰੋ ਕੁਝ ਇਸ ਤਰ੍ਹਾਂ..

.* ਹੀਟਰ ਦੀ ਵਰਤੋਂ ਸਿਰਫ ਕੱਕਰ ਵਰ੍ਹਦੀ ਠੰਢ ਭਾਵ ਦਸੰਬਰ-ਜਨਵਰੀ ਦੇ ਮਹੀਨਿਆਂ ਵਿਚ ਹੀ ਕਰੋ। ਹੀਟਰ ਦੇ ਏਲੀਮੈਂਟ ਅਤੇ ਸਾਈਟ ਪਲੇਟ 'ਤੇ ਜੰਗਾਲ ਆਦਿ ਨਾ ਲੱਗੇ, ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਹੀਟ ਕਨਵੈਕਟਰ ਦੀ ਵਰਤੋਂ ਬੰਦ ਕਮਰੇ ਵਿਚ ਕੀਤੀ ਜਾਵੇ ਤਾਂ ਚੰਗਾ ਹੈ।
* ਏਅਰ ਕੰਡੀਸ਼ਨਰ (ਏ. ਸੀ.) ਨੂੰ ਆਮ ਤੌਰ 'ਤੇ ਬਾਹਰ ਖੁੱਲ੍ਹੇ ਵਿਚ ਲਗਾ ਦਿੱਤਾ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਇਸ ਨੂੰ ਧੁੱਪ ਆਦਿ ਤੋਂ ਬਚਾਉਣ ਦਾ ਯਤਨ ਕੀਤਾ ਜਾਵੇ। ਇਸ ਦੇ ਸਹੀ ਰੱਖ-ਰਖਾਅ ਨਾਲ, ਖਾਸ ਕਰਕੇ ਇਸ ਦੇ ਕੰਡੈਂਸਰ 'ਤੇ ਪਾਣੀ ਦੀਆਂ ਬੂੰਦਾਂ ਡਿਗਦੀਆਂ ਰਹਿਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਬਿਜਲੀ ਦੀ ਖਪਤ ਘਟੇਗੀ।
* ਵਾਸ਼ਿੰਗ ਮਸ਼ੀਨ ਦੀ ਵਰਤੋਂ ਸਿਰਫ ਇਕ-ਦੋ ਕੱਪੜੇ ਧੋਣ ਲਈ ਨਾ ਕਰੋ। ਇਹ ਤਾਂ ਬਿਲਕੁਲ ਹੀ ਬਿਜਲੀ ਦੀ ਫਜ਼ੂਲ ਖਰਚੀ ਹੈ। ਇਸੇ ਤਰ੍ਹਾਂ ਕਾਫੀ ਸਾਰੇ ਕੱਪੜੇ ਇਕੱਠੇ ਹੀ ਪ੍ਰੈੱਸ ਕਰ ਲਓ, ਜਿਸ ਨਾਲ ਘੱਟ ਗਰਮ ਪ੍ਰੈੱਸ ਜ਼ਿਆਦਾ ਗਰਮ ਪ੍ਰੈੱਸ ਦੀ ਸਹੂਲਤ ਮੁਤਾਬਿਕ ਵਰਤੋਂ ਕੀਤੀ ਜਾ ਸਕਦੀ ਹੈ। ਥੋੜ੍ਹੇ-ਥੋੜ੍ਹੇ ਕੱਪੜੇ ਪ੍ਰੈੱਸ ਕਰਨ ਨਾਲ ਬਿਜਲੀ ਵਧੇਰੇ ਖਰਚ ਹੁੰਦੀ ਹੈ।
* ਬਹੁਤ ਸਾਰੇ ਘਰਾਂ ਵਿਚ ਟੈਲੀਵਿਜ਼ਨ ਬਿਨਾਂ ਲੋੜ ਤੋਂ ਹੀ ਚਲਦਾ ਰਹਿੰਦਾ ਹੈ। ਬਸ, ਇਸ ਦੀ ਆਵਾਜ਼ ਘੱਟ ਜਾਂ ਬੰਦ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕੀ ਬਿਜਲੀ ਖਰਚ ਨਹੀਂ ਹੁੰਦੀ? ਚੰਗਾ ਤਾਂ ਇਹ ਹੈ ਕਿ ਸਿਰਫ ਕੰਮ ਅਤੇ ਪਸੰਦ ਦੇ ਪ੍ਰੋਗਰਾਮ ਹੀ ਦੇਖੇ ਜਾਣ।
* ਆਮ ਤੌਰ 'ਤੇ ਘਰਾਂ ਅੰਦਰ ਅਤੇ ਬਾਹਰ ਹਰ ਜਗ੍ਹਾ ਬਲਬ ਲਗਾਏ ਜਾਂਦੇ ਹਨ। ਜਿਥੇ ਘੱਟ ਰੌਸ਼ਨੀ ਦੀ ਲੋੜ ਹੋਵੇ, ਉਥੇ ਘੱਟ ਪਾਵਰ ਦਾ ਬਲਬ ਲਗਾਇਆ ਜਾ ਸਕਦਾ ਹੈ। ਟਿਊਬ ਬਲਬ ਲਗਾਉਣ ਨਾਲ ਬਿਜਲੀ ਦੀ ਕਾਫੀ ਬੱਚਤ ਹੁੰਦੀ ਹੈ।
* ਅੱਜਕਲ੍ਹ ਵੱਡੇ-ਵੱਡੇ ਬੰਗਲਿਆਂ ਅਤੇ ਕੋਠੀਆਂ ਵਿਚ ਬੇਰੀਕੇਟਸ ਅਤੇ ਅੰਦਰ ਫਲੋਰੇਂਸ ਟਿਊਬ ਅਤੇ ਬਲਬ ਲਗਾਏ ਜਾਣ ਲੱਗ ਪਏ ਹਨ, ਭਾਵੇਂ ਕਿ ਇਨ੍ਹਾਂ ਦੀ ਰੌਸ਼ਨੀ ਕਾਫੀ ਘੱਟ ਹੁੰਦੀ ਹੈ ਪਰ ਹੈ ਤਾਂ ਇਹ ਬਿਜਲੀ ਦੀ ਫਜ਼ੂਲ ਖਰਚੀ। ਇਨ੍ਹਾਂ ਦੀ ਵਰਤੋਂ ਤੋਂ ਜਿਥੋਂ ਤੱਕ ਸੰਭਵ ਹੋਵੇ, ਬਚਣਾ ਚਾਹੀਦਾ ਹੈ।
* ਘਰ ਦੇ ਸਾਰੇ ਮੈਂਬਰਾਂ ਨੂੰ ਇਹ ਸਿਖਾਇਆ ਜਾਵੇ ਕਿ ਜਦੋਂ ਉਹ ਕਮਰੇ ਤੋਂ ਬਾਹਰ ਜਾਣ ਤਾਂ ਪੱਖੇ-ਲਾਈਟਾਂ ਆਦਿ ਬੰਦ ਕਰਨ ਤਾਂ ਕਿ ਬਿਨਾਂ ਜ਼ਰੂਰਤ ਤੋਂ ਬਿਜਲੀ ਖਪਤ ਨਾ ਹੋਵੇ। ਇਸ ਤਰ੍ਹਾਂ ਕਈ ਲੋਕ ਪ੍ਰੈੱਸ, ਗੀਜਰ, ਐਗਜਾਸਟ ਫੈਨ ਆਦਿ ਚਲਾ ਕੇ ਭੁੱਲ ਜਾਂਦੇ ਹਨ ਤੇ ਬਿਜਲੀ ਬੇਕਾਰ ਬਲਦੀ ਰਹਿੰਦੀ ਹੈ।
* ਕਦੇ-ਕਦੇ ਬਿਜਲੀ ਲੀਕ ਵੀ ਹੁੰਦੀ ਰਹਿੰਦੀ ਹੈ। ਇਸ ਲਈ ਸਾਰੇ ਘਰ ਦੀ ਬਿਜਲੀ ਬੰਦ ਕਰਕੇ ਦੇਖੋ। ਜੇਕਰ ਮੀਟਰ ਫਿਰ ਵੀ ਚੱਲ ਰਿਹਾ ਤਾਂ ਜ਼ਰੂਰ ਕੋਈ ਖਰਾਬੀ ਹੈ। ਇਸ ਦਾ ਪਤਾ ਲਗਾ ਕੇ ਇਸ ਨੂੰ ਠੀਕ ਕਰਾਓ।
ਇਸ ਤਰ੍ਹਾਂ ਬਿਜਲੀ ਨੂੰ ਜਾਇਆ ਨਾ ਹੋਣ ਦਿਓ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇ ਕੇ ਸੱਚਮੁੱਚ ਅਸੀਂ ਬਿਜਲੀ ਦੀ ਕਾਫੀ ਬੱਚਤ ਕਰ ਸਕਦੇ ਹਾਂ।

-ਸ.ਸ. ਤੂਰ,


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX