ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  about 4 hours ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ੍ਰੀ ਹਰਿਮੰਦਰ ਸਾਹਿਬ 'ਚ ਚਿੱਤਰਕਾਰੀ ਤੇ ਸੋਨੇ ਦੀ ਸੇਵਾ ਦਾ ਇਤਿਹਾਸ

ਸਿੱਖੀ ਸ਼ਰਧਾ, ਸੇਵਾ-ਸਿਮਰਨ, ਮਾਨਸਿਕ ਤਿ੍ਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਬਾਰੇ ਗੁਰਬਾਣੀ ਵਿਚ ਅੰਕਿਤ ਹੈ, 'ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ' ਦੇ ਦਰਬਾਰ ਵਿਚ ਸੁਨਹਿਰੀ ਪੱਤਰੇ ਜਾਂ ਹੋਏ ਮੀਨਾਕਾਰੀ ਆਦਿ ਦੇ ਕੰਮ ਨੂੰ ਸੁਰਜੀਤ ਰੱਖਣ ਲਈ ਸ਼੍ਰੋਮਣੀ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਰ ਸਿੱਖ, ਗ਼ੈਰ-ਸਿੱਖ ਯਾਤਰੂ ਸ਼ਰਧਾਲੂ ਦੇ ਮਨ ਉੱਪਰ ਜਿਥੇ ਇਥੋਂ ਦੇ ਸ਼ਾਂਤ ਤੇ ਅਧਿਆਤਮਿਕ ਵਾਤਾਵਰਨ ਅਤੇ ਅੱਠੇ ਪਹਿਰ ਦੇ ਇਲਾਹੀ ਕੀਰਤਨ ਦਾ ਦੈਵੀ ਪ੍ਰਭਾਵ ਪੈਂਦਾ ਹੈ, ਉਥੇ ਸ੍ਰੀ ਹਰਿਮੰਦਰ ਸਾਹਿਬ ਦੀ ਕਲਾ ਸੁੰਦਰਤਾ ਵੀ ਹਰ ਸੰਗਤਾਂ ਦੀ ਨਿਗ੍ਹਾ ਨੂੰ ਆਪਣੇ ਵੱਲ ਬਦੋਬਦੀ ਖਿੱਚਦੀ ਹੈ | ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਕਲਾ ਦੁਨੀਆ ਭਰ ਦੀਆਂ ਹੋਰ ਭਵਨ-ਕਲਾਵਾਂ ਤੋਂ ਭਿੰਨ, ਅਨੁਪਮ ਤੇ ਵਿਲੱਖਣ ਹੈ, ਇਸੇ ਤਰ੍ਹਾਂ ਇਸ ਦੇ ਅੰਦਰ ਤੇ ਬਾਹਰ ਜੋ ਚਿਤਰਕਲਾ ਦਾ ਨਿਰਮਾਣ ਹੋਇਆ ਹੈ, ਉਹ ਕਲਾ-ਪਾਰਖੂਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ |
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੱਚਖੰਡ ਵਿਖੇ ਹਾਲ ਦੀ ਛੱਤ, ਕੰਧਾਂ ਅਤੇ ਦਰਵਾਜ਼ਿਆਂ ਦੀਆਂ ਡਾਟਾਂ ਉਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨਕਾਸ਼ੀ ਤੇ ਜੜ੍ਹਤਕਾਰੀ ਦੇ ਕੰਮ ਵਿਚ ਆ ਰਹੀ ਢਿੱਲਮੱਠ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਰੰਮਤ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਅੰਦਰਲੇ ਹਿੱਸੇ ਵਿਚ ਲੱਗੇ ਹੋਏ ਸੋਨੇ ਦੇ ਪੱਤਰੇ ਕਈ ਥਾਵਾਂ ਤੋਂ ਘਸਮੈਲੇੇ ਹੋ ਗਏ ਹਨ ਅਤੇ ਕਈ ਥਾਵਾਂ ਤੋਂ ਪੱਤਰੇ ਉੱਖੜ ਗਏ ਹਨ | ਇਸੇ ਤਰ੍ਹਾਂ ਨਕਾਸ਼ੀ ਦਾ ਕੰਮ ਵੀ ਖਰਾਬ ਹੋ ਰਿਹਾ ਹੈ | ਕਈ ਥਾਵਾਂ ਤੋਂ ਸੰਗਤ ਦੇ ਹੱਥ ਲੱਗਣ ਕਾਰਨ ਨਕਾਸ਼ੀ ਘਸ ਕੇ ਮੱਧਮ ਤੇ ਖਤਮ ਹੋ ਗਈ ਹੈ | ਪ੍ਰਬੰਧਕਾਂ ਵੱਲੋਂ ਕਈ ਸਾਲ ਪਹਿਲਾਂ ਇਸ 'ਤੇ ਸ਼ੀਸ਼ਾ ਲਾ ਕੇ ਬਚਾਉਣ ਦਾ ਯਤਨ ਕੀਤਾ ਗਿਆ ਸੀ |
ਸੱਚਖੰਡ ਵਿਖੇ ਕੁਝ ਪੱਤਰੇ ਆਪਣੀ ਚਮਕ ਛੱਡ ਕੇ ਉੱਖੜ ਗਏ ਹਨ | ਸਿਰਫ ਉਹੀ ਪੱਤਰੇ ਨਵੇਂ ਲਾਏ ਜਾਣਗੇ, ਜੋ ਬਿਲਕੁਲ ਖਰਾਬ ਹੋ ਚੁੱਕੇ ਹਨ | ਅਜਿਹੇ ਪੱਤਰੇ ਸਿਰਫ 15 ਕੁ ਫੀਸਦੀ ਹਨ ਅਤੇ 85 ਫੀਸਦੀ ਪੱਤਰੇ ਠੀਕ ਹਨ | ਇਸੇ ਤਰ੍ਹਾਂ ਨਕਾਸ਼ੀ ਦਾ ਵੀ ਸਿਰਫ ਉਹੀ ਕੰੰਮ ਨਵੇਂ ਸਿਰਿਉਂ ਕੀਤਾ ਗਿਆ, ਜੋ ਚਿੱਤਰ, ਮੀਨਾਕਾਰੀ ਆਦਿ ਬਿਲਕੁਲ ਮੱਧਮ ਪੈ ਚੁੱਕੀ ਹੈ ਉਸ ਦੀ ਪੁਰਾਤਨਤਾ ਨੂੰ ਕਾਇਮ ਰੱਖਦਿਆਂ ਉਸ ਉਪਰ ਹੀ ਦੁਬਾਰਾ ਨਕਾਸ਼ੀ ਕੀਤੀ ਗਈ ਹੈ | ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਮੁਕੰਮਲ ਵੀਡੀਓ ਤੇ ਫੋਟੋਗ੍ਰਾਫੀ ਕੀਤੀ ਗਈ ਹੈ ਤਾਂ ਜੋ ਉਸੇ ਅਨੁਸਾਰ ਹੀ ਦੁਬਾਰਾ ਨਵੇਂ ਸੋਨੇ ਦੇ ਪੱਤਰੇ ਅਤੇ ਨਕਾਸ਼ੀ ਦਾ ਕੰੰਮ ਹੋ ਸਕੇ | ਇਸ ਕਾਰਜ ਲਈ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਦੀ ਨਿਗਰਾਨੀ ਲਈ ਵੀ ਸ੍ਰੀ ਦਰਬਾਰ ਸਾਹਿਬ ਵੱਲੋਂ ਮਾਹਿਰ ਨਿਯੁਕਤ ਕੀਤੇ ਗਏ ਹਨ |
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰਲੇ ਪਾਸੇ ਲੱਗੇ ਸੋਨੇ ਦੀ ਕਾਰ ਸੇਵਾ 1995 ਵਿਚ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ ਅਤੇ ਇਹ ਕਾਰ ਸੇਵਾ ਖਾਲਸੇ ਦੀ ਸਿਰਜਨਾ ਵਰ੍ਹੇ ਦੀ ਤੀਸਰੀ ਸ਼ਤਾਬਦੀ ਮੌਕੇ 1999 ਈ: ਵਿਚ ਮੁਕੰਮਲ ਹੋਈ ਸੀ | ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਇਮਾਰਤ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਕਾਰ ਸੇਵਾ ਕਰਾਉਣ ਦਾ ਫੈਸਲਾ ਕੀਤਾ ਸੀ ਪਰ ਸਿਰਫ ਬਾਹਰਲੇ ਪਾਸੇ ਦੀ ਕਾਰ ਸੇਵਾ ਹੀ ਮੁਕੰਮਲ ਹੋਈ ਸੀ ਅਤੇ ਇਮਾਰਤ ਦੇ ਅੰਦਰਲੇ ਹਿੱਸੇ ਦੇ ਰਹਿ ਗਏ ਕੰਮਾਂ ਨੂੰ ਹੁਣ ਮਾਹਿਰਾਂ ਰਾਹੀਂ ਕੀਤਾ ਕਰਾਇਆ ਜਾ ਰਿਹਾ ਹੈ | ਹੁਣ ਅਗਸਤ 2016 ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੋਨ ਪੱਤਰਿਆਂ ਦੀ ਸੇਵਾ ਕਰਵਾਈ ਗਈ ਹੈ | ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਗੁੰਬਦਾਂ ਦੀ ਸੇਵਾ ਵਿਚਾਰ ਅਧੀਨ ਹੈ |
ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਸੰਭਾਲਣ ਉਪਰੰਤ ਜਦ 1860 ਬਿ: ਵਿਚ ਸ੍ਰੀ ਅੰਮਿ੍ਤਸਰ ਦਾ ਇਲਾਕਾ ਆਪਣੇ ਰਾਜ ਵਿਚ ਸ਼ਾਮਿਲ ਕਰ ਲਿਆ ਤਾਂ ਉਨ੍ਹਾਂ ਦੀ ਸਿੱਖੀ ਸ਼ਰਧਾ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਮਲ ਹੁਨਰਾਂ ਨਾਲ ਵੱਧ ਤੋਂ ਵੱਧ ਸਜਾਉਣ ਦਾ ਸੰਕਲਪ ਲਿਆ, ਜਿਸ ਨੂੰ ਮੂਰਤੀਮਾਨ ਕਰਨ ਲਈ ਉਨ੍ਹਾਂ ਨੇ ਉਸ ਸਮੇਂ ਦੇ ਪ੍ਰਸਿੱਧ ਸਿੱਖ ਵਿਦਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦੇ ਕਥਾ-ਵਾਚਕ, ਕੋਮਲ ਕਲਾਵਾਂ ਦੇ ਪਾਰਖੂ ਭਾਈ ਸਾਹਿਬ ਗਿਆਨੀ ਸੰਤ ਸਿੰਘ ਜੀ ਦੇ ਪੰਜ ਲੱਖ ਰੁਪਇਆ ਸਪੁਰਦ ਕੀਤਾ | ਉਨ੍ਹਾਂ ਨੇ ਕੋਮਲ ਹੁਨਰਾਂ ਦੇ ਮਾਹਿਰ ਮਿਸਤਰੀ ਮੰਗਵਾਏ, ਜਿਨ੍ਹਾਂ 'ਚੋਂ ਮੁਹੰਮਦ ਖਾਨ ਮਿਸਤਰੀ ਸੋਨੇ ਦਾ ਪਾਣੀ ਤੇ ਸੋਨੇ ਦੇ ਵਰਕ ਚੜ੍ਹਾਉਣ ਦੇ ਕੰਮ ਵਿਚ ਬਹੁਤ ਮਾਹਿਰ ਸੀ |
ਸ੍ਰੀ ਕੇ.ਸੀ. ਆਰੀਅਨ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨਕਾਸ਼ੀ ਚਨਯੋਟ ਤੋਂ ਆਏ ਮੁਸਲਮਾਨ ਕਾਰੀਗਰਾਂ ਕੀਤੀ, ਜਿਨ੍ਹਾਂ ਦਾ ਨਿਗਰਾਨ ਬਦਰੂ ਮੋਹੀਉਦੀਨ ਨੂੰ ਥਾਪਿਆ ਗਿਆ ਸੀ | ਲਿਖਤੀ ਵੇਰਵਿਆਂ ਅਨੁਸਾਰ ਸਿੱਖ, ਹਿੰਦੂ ਤੇ ਮੁਸਲਮਾਨ ਸਾਰੇ ਕਲਾਕਾਰਾਂ ਉੱਪਰ ਸਭ ਤੋਂ ਵੱਡੇ ਪ੍ਰਮੁੱਖ ਨਿਗਰਾਨ ਭਾਈ ਸੰਤ ਸਿੰਘ ਜੀ ਗਿਆਨੀ ਸਨ, ਜੋ ਖੁਦ ਆਪ ਵੀ ਇਹ ਕੋਮਲ ਹੁਨਰੀ ਕੰਮ ਕਰਦੇ ਸਨ ਤੇ ਨਾਲ-ਨਾਲ ਦੂਜੇ ਕਲਾਕਾਰਾਂ ਨੂੰ ਜੜਤਕਾਰੀ ਗੱਚ, ਟੁਕੜੀ, ਨਕਾਸ਼ੀ ਤੇ ਮੋਹਰਾਕਸ਼ੀ ਆਦਿ ਲਈ ਪੁਰਾਣੇ ਤਰੀਕਿਆਂ ਵਿਚ ਨਵੇਂ ਰੰਗ ਭਰਨ ਦੀ ਜਾਚ ਵੀ ਸਿਖਾਲਦੇ ਸਨ |
ਮਹਾਰਾਜਾ ਰਣਜੀਤ ਸਿੰਘ ਦੀ ਇਹ ਪ੍ਰਬਲ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਮਲ ਹੁਨਰਾਂ ਦਾ ਜੋ ਵੀ ਕੰਮ ਕੀਤਾ ਜਾਵੇ, ਉਹ ਮੁਗਲ ਕਲਾ ਜਾਂ ਰਾਜਪੁਤਾਨਾ ਕਲਾ ਦੀ ਨਕਲ ਨਾ ਹੋਵੇ, ਸਗੋਂ ਉਪਰੋਕਤ ਕਲਾਵਾਂ ਤੋਂ ਵੱਖਰਾ ਤੇ ਉਨ੍ਹਾਂ ਤੋਂ ਵੱਧ ਚੰਗਾ ਹੋਵੇ, ਜਿਸ ਨੂੰ ਵੇਖ ਕੇ ਕਲਾ-ਪਾਰਖੂ ਅਸ਼-ਅਸ਼ ਕਰ ਉਠਣ | ਉਨ੍ਹਾਂ ਦੀ ਇਹ ਵੀ ਚਾਹਨਾ ਸੀ ਕਿ ਇਥੋਂ ਦੇ ਕਲਾ ਦੇ ਕੰਮ ਵਿਚ ਸੁਹਜ-ਸੁਆਦ ਤੇ ਸੁੰਦਰਤਾ ਦੇ ਨਾਲ-ਨਾਲ ਇਥੋਂ ਦੇ ਆਤਮਕ-ਰਸ ਦੀ ਵੀ ਝਲਕ ਹੋਵੇ ਅਤੇ ਉਹ ਇਥੋਂ ਦੇ ਸ਼ਾਂਤ ਤੇ ਸੰਗੀਤਮਈ ਵਾਤਾਵਰਨ ਨਾਲ ਇਕਸੁਰਤਾ ਵੀ ਰੱਖਦੀ ਹੋਵੇ | ਇਹ ਤਾਂ ਸਪੱਸ਼ਟ ਹੀ ਹੈ ਕਿ ਜਿਤਨੇ ਪ੍ਰਕਾਰ ਦੇ ਹੁਨਰਾਂ ਦਾ ਕੰਮ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਇਆ ਦਿਸਦਾ ਹੈ, ਇਹ ਸਭ ਮਹਾਰਾਜਾ ਰਣਜੀਤ ਸਿੰਘ ਦੀ ਹੀ ਦੇਣ ਹੈ | ਇਹੋ ਹੀ ਸਮਾਂ ਸਿੱਖ ਕਲਾ ਦੇ ਵਿਕਾਸ ਦਾ ਸਮਾਂ ਕਿਹਾ ਜਾ ਸਕਦਾ ਹੈ |
ਸਵਰਗੀ ਸਿੰਘ ਸਾਹਿਬ ਗਿਆਨੀ ਕਿ੍ਪਾਲ ਸਿੰਘ ਨੇ ਆਪਣੀ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਕੋਮਲ ਕਲਾਕਿ੍ਤਾਂ ਦਾ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ | ਇਹ ਹੁਨਰ ਮੁਗਲ ਤੇ ਰਾਜਪੁਤਾਨਾਂ ਕਲਾਵਾਂ ਤੋਂ ਵੱਖਰਾ ਅਤੇ ਗੁਲੇਰ, ਕਾਂਗੜਾ ਤੇ ਲਾਹੌਰ ਕਲਾਵਾਂ ਦੇ ਸੰਗਮ ਤੋਂ ਨਵੀਆਂ ਵਿਸ਼ੇਸ਼ਤਾਵਾਂ ਸਮੇਤ ਨਵੇਂ ਹੁਨਰ ਦੇ ਰੂਪ ਵਿਚ ਪ੍ਰਗਟ ਹੋਇਆ, ਜਿਸ ਨੂੰ ਸਿੱਖ ਕਲਾ ਦਾ ਨਾਂਅ ਦਿੱਤਾ ਗਿਆ ਹੈ | ਸਿੱਖ ਪ੍ਰੰਪਰਾ ਦੀ ਚਿਤਰਕਾਰੀ ਦੇ ਬਹੁਤ ਸਾਰੇ ਚਿਤਰ ਹੱਥ ਲਿਖਤ ਜਨਮ ਸਾਖੀਆਂ ਵਿਚ ਮਿਲਦੇ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਦਿੱਤੀਆਂ ਮਿਲਦੀਆਂ ਹਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਮਿਲਦੀਆਂ ਹਨ, ਜਿਨ੍ਹਾਂ ਦੇ ਹਾਸ਼ੀਏ ਸੁੰਦਰ ਵੇਲ ਬੂਟਿਆਂ ਨਾਲ ਸੋਹਣੇ ਰੰਗਾਂ ਵਿਚ ਚਿਤਰੇ ਹੋਏ ਹਨ | ਕੁਝ ਬੀੜਾਂ ਦੇ ਹਰ ਰਾਗ ਦੇ ਆਰੰਭਕ ਪੱਤਰੇ ਉੱਪਰ ਵੱਖ-ਵੱਖ ਤੇ ਉਸ ਰਾਗ ਦੇ ਭਾਵ ਨਾਲ ਢੁੱਕਦੇ ਚਿਤਰ ਬਣਾਏ ਹੋਏ ਹਨ | ਜਿਵੇਂ ਬਸੰਤ ਰਾਗ ਦੇ ਆਰੰਭਕ ਪੰਨੇ ਨੂੰ ਬਸੰਤੀ ਰੰਗ ਤੇ ਉਸ ਰੁੱਤ ਦੇ ਫੁੱਲ ਬਣਾ ਕੇ ਸਜਾਇਆ ਹੋਇਆ ਹੈ, ਇਵੇਂ ਮਲਾਰ ਰਾਗੁ ਦੇ ਆਰੰਭਕ ਪੰਨੇ ਉੱਪਰ ਵਰਖਾ ਰੁੱਤ ਦਾ ਚਿੱਤਰ ਬਣਾਇਆ ਹੋਇਆ ਹੈ | ਹਰ ਸਫੇ 'ਤੇ ਵੱਖਰਾ-ਵੱਖਰਾ ਹਾਸ਼ੀਆ ਹੈ | ਵੱਖ-ਵੱਖ ਥਾਵਾਂ 'ਤੇ ਗੁਰੂ ਸਾਹਿਬਾਨ, ਰਾਜਿਆਂ ਮਹਾਰਾਜਿਆਂ, ਸਿੱਖ ਸਰਦਾਰਾਂ ਦੇ ਵੀ ਚਿਤਰ ਮਿਲਦੇ ਹਨ, ਜਿਨ੍ਹਾਂ 'ਚੋਂ ਸਿੱਖ ਕਲਾ ਦੀ ਪਹਿਲੀਆਂ ਪ੍ਰਚਲਿਤ ਤੇ ਪ੍ਰਸਿੱਧ ਕਲਾਵਾਂ ਤੋਂ ਭਿੰਨਤਾ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ |
ਪਹਿਲੇ ਸਿੱਖ ਕਲਾਕਾਰ ਦਾ ਨਾਮ ਬਾਬਾ ਕੇਹਰ ਸਿੰਘ ਹੈ ਉਨ੍ਹਾਂ ਦੇ ਕੋਮਲ ਹੁਨਰ ਦੇ ਨਮੂਨੇ ਸ੍ਰੀ ਹਰਿਮੰਦਰ ਸਾਹਿਬ, 1984 ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਸ਼ਨੀ ਡਿਉਢੀ ਵਿਚ ਵੇਖੇ ਜਾ ਸਕਦੇ ਹਨ | ਉਹ ਆਪਣੇ ਸਮੇਂ ਦੇ ਚੋਟੀ ਦੇ ਕਲਾਕਾਰ ਸਨ, ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਚਿਤਰਕਾਰੀ ਨੂੰ ਚਾਰ ਚੰਨ ਲਾ ਦਿੱਤੇ | ਮਹੰਤ ਈਸ਼ਰ ਸਿੰਘ, ਬਾਬਾ ਕੇਹਰ ਸਿੰਘ ਦੇ ਨਾਲ ਸਾਰੇ ਕੰਮਾਂ ਵਿਚ ਬਰਾਬਰ ਦਾ ਹਿੱਸਾ ਪਾਉਂਦੇ ਰਹੇ | ਇਹ ਵੀ ਆਪਣੇ ਸਮੇਂ ਦੇ ਪ੍ਰਸਿੱਧ ਚਿਤਰਕਾਰ ਸਨ | ਭਾਈ ਬਿਸ਼ਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੋਹਰਾਕਸ਼ੀ ਦੇ ਹੁਨਰ ਨੂੰ ਨਵਾਂ ਰੂਪ ਦਿੱਤਾ | ਉਨ੍ਹਾਂ ਨੇ ਵਧੇਰੇ ਕਰ ਕੇ ਪਰੀਆਂ, ਸੱਪਾਂ ਤੇ ਹਾਥੀਆਂ ਦੀਆਂ ਤਸਵੀਰਾਂ ਬਣਾਈਆਂ | ਆਪ ਨੇ ਈਰਾਨੀ ਤੇ ਪੰਜਾਬੀ ਹੁਨਰਾਂ ਦੇ ਸੁਮੇਲ ਤੋਂ ਇਕ ਨਵਾਂ ਹੁਨਰ ਪੈਦਾ ਕੀਤਾ, ਜੋ ਕੋਈ ਸੁਘੜ ਚਿੱਤਰਕਾਰ ਹੀ ਪੈਦਾ ਕਰ ਸਕਦਾ ਹੈ | ਉਨ੍ਹਾਂ ਚੜ੍ਹਦੇ ਪਾਸੇ ਦੀ ਬਾਰੀ ਵਿਚ ਆਪਣਾ ਨਾਂਅ ਵੀ ਲਿਖਿਆ ਹੈ ਤੇ ਸੰਮਤ 1941 ਬਿ: ਦਿੱਤਾ ਹੈ | ਭਾਈ ਬਿਸ਼ਨ ਸਿੰਘ ਤੋਂ ਬਾਅਦ ਉਨ੍ਹਾਂ ਦੇ ਦੋ ਸਪੁੱਤਰ ਨਿਹਾਲ ਸਿੰਘ ਤੇ ਜਵਾਹਰ ਸਿੰਘ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਉੱਪਰ ਹੀ ਚਲਦੇ ਰਹੇ | ਭਾਈ ਨਿਹਾਲ ਸਿੰਘ ਦੇ ਸ਼ਾਗਿਰਦ ਭਾਈ ਗਿਆਨ ਸਿੰਘ ਨਕਾਸ਼ ਨੇ ਵੀ ਬੜਾ ਮਨੋਹਰ ਕੰਮ ਕੀਤਾ ਹੈ | ਇਨ੍ਹਾਂ ਨੇ ਅਸਰਾਲਾਂ ਤੇ ਸ਼ੇਰਾਂ ਦੇ ਭੇੜ ਦਿਖਾਏ ਹਨ | ਉਨ੍ਹਾਂ ਨੇ ਕੁਝ ਅਕਾਲੀ ਨਿਸ਼ਾਨ ਵੀ ਚਿੱਤਰੇ ਹਨ, ਜਿਨ੍ਹਾਂ ਵਿਚ ਪੁਰਾਣੇ ਨਿਸ਼ਾਨ ਖੰਡਾ ਤੇ ਕਟਾਰ ਦੀ ਥਾਂ ਖੰਡਾ ਚੱਕਰ ਤੇ ਕਿ੍ਪਾਨ ਦਾ ਨਿਸ਼ਾਨ ਚਿਤਰਿਆ ਹੈ, ਜਿਸ ਨੂੰ ਪੰਥ ਵਿਚ ਵਧੇਰੇ ਮਾਨਤਾ ਪ੍ਰਾਪਤ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਅੰਮਿ੍ਤਸਰ |


ਖ਼ਬਰ ਸ਼ੇਅਰ ਕਰੋ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ?

ਫੁਲਕਾਰੀ ਪੰਜਾਬੀ ਸੱਭਿਆਚਾਰ ਦੀ ਇਕ ਅਦੁੱਤੀ ਦੇਣ ਹੈ | ਇਹ ਪੰਜਾਬੀ ਸੱਭਿਆਚਾਰ ਦਾ ਇਕ ਅਟੁੱਟ ਅੰਗ ਰਹੀ ਹੈ | ਕਦੇ ਸਮਾਂ ਸੀ ਜਦੋਂ ਸ਼ਗਨਾਂ ਦੇ ਸਾਰੇ ਕਾਰਜ ਫੁਲਕਾਰੀ ਨਾਲ ਹੀ ਨਿਭਾਏ ਜਾਂਦੇ ਸਨ | ਸਮੇਂ ਦੇ ਬਦਲਾਅ ਤੇ ਮਸ਼ੀਨੀ ਯੁੱਗ ਦੀ ਆਮਦ ਕਾਰਨ ਭਾਵੇਂ ਫੁਲਕਾਰੀ ਦੀ ਗੱਲ ਹੁਣ ਘੱਟ ਹੀ ਸੁਣਨ ਤੇ ਦੇਖਣ ਨੂੰ ਮਿਲਦੀ ਹੈ, ਪਰ ਸਾਡੇ ਸੱਭਿਆਚਾਰ ਦਾ ਇਹ ਅਜੇ ਵੀ ਅਨਿੱਖੜਵਾਂ ਅੰਗ ਬਣ ਕੇ ਵਿਚਰ ਰਹੀ ਹੈ | ਕਦੇ ਨਾ ਕਦੇ, ਕਿਤੇ ਨਾ ਕਿਤੇ, ਇਸ ਦੇ ਦਰਸ਼ਨ ਹੋ ਹੀ ਜਾਂਦੇ ਹਨ | ਹੋਰ ਨਹੀਂ ਤਾਂ ਕਿਸੇ ਸਰਦੇ-ਪੁੱਜਦੇ ਮਾਪਿਆਂ ਵੱਲੋਂ ਆਪਣੀ ਧੀ ਧਿਆਣੀ ਨੂੰ , ਸ਼ਾਦੀ ਸਮੇਂ, ਜਦੋਂ ਕੋਈ ਕਾਰ ਭੇਟ ਕਰਦਾ ਹੈ ਤਾਂ ਉਸ ਉੱਪਰ ਪਾਈ ਫੁਲਕਾਰੀ ਅੱਜ ਵੀ ਆਪਣੀ ਹੋਂਦ ਤੇ ਨਾਂਅ ਦਾ ਚੇਤਾ ਕਰਵਾਉਂਦੀ ਹੈ |
ਸੂਹਜ ਤੇ ਸੁਹੱਪਣ ਨੂੰ ਮੂਰਤੀਮਾਨ ਕਰਦਿਆਂ, ਸੂਈ ਵਿਚ ਪਾਏ ਰੇਸ਼ਮੀ ਧਾਗੇ ਨਾਲ, ਜਦੋਂ ਖੱਦਰ ਦੇ ਕੱਪੜੇ 'ਤੇ ਫੁੱਲ ਬਣਦੇ ਹਨ ਤਾਂ ਉਹ ਫੁਲਕਾਰੀ ਦਾ ਰੂਪ ਧਾਰਦੇ ਹਨ | ਫੁੱਲ ਕੱਢਣੇ ਹੀ ਫੁਲਕਾਰੀ ਨੂੰ ਜਨਮ ਦੇਣਾ ਹੈ | ਇਹਦਾ ਜਨਮ ਸਦੀਆਂ ਤੋਂ ਬੜੇ ਰੌਚਿਕ ਢੰਗ ਨਾਲ ਹੁੰਦਾ ਰਿਹਾ ਹੈ | ਘਰ ਦਾ ਜਾਂ ਮੁੱਲ ਲਿਆ ਖੱਡੀ ਦਾ ਖੱਦਰ ਜਦੋਂ ਕਿੱਕਰ ਦੇ ਸੱਕ ਨਾਲ, ਪਾਣੀ ਵਿਚ ਉਬਾਲ ਕੇ ਰੰਗਿਆ ਜਾਂਦਾ ਹੈ ਤਾਂ ਉਸ ਰੰਗੇ ਹੋਏ ਖੱਦਰ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ ਹੈ | ਰੰਗੇ ਹੋਏ ਇਸ ਖੱਦਰ ਦੇ ਕੱਪੜੇ ਤੋਂ ਹੀ ਇਸ ਦੇ ਜਨਮ ਧਾਰਨ ਦੀ ਗੱਲ ਛਿੜਦੀ ਹੈ |
ਲੋਕ ਕਲਾਵਾਂ ਵਿਚ, ਹੱਥ-ਕਲਾ ਦਾ ਇਕ ਵਿਸ਼ੇਸ਼ ਮਹੱਤਵ ਰਿਹਾ ਹੈ | ਸੁਆਣੀਆਂ, ਵਿਸ਼ੇਸ਼ ਕਰਕੇ ਕੁੜੀਆਂ, ਮੁਟਿਆਰਾਂ ਦਾ ਇਨ੍ਹਾਂ ਕਲਾਵਾਂ ਨੂੰ ਜਿਊਾਦਾ ਰੱਖਣ ਵਿਚ ਭਰਵਾਂ ਯੋਗਦਾਨ ਰਿਹਾ ਹੈ | ਦਰੀਆਂ ਬੁਣਨਾ, ਕਸੀਦੇ ਕੱਢਣਾ, ਤਿ੍ੰਝਣ ਕੱਤਣਾ, ਨਾਲੇ ਬੁਣਨਾ, ਫੁਲਕਾਰੀ ਕੱਢਣਾ, ਹੱਥ-ਕਲਾ ਦਾ ਹੀ ਸੰੁਦਰ ਰੂਪ ਰਿਹਾ ਹੈ | ਹਰ ਕਲਾ ਬਾਰੇ, ਕੋਈ ਨਾ ਕੋਈ ਲੋਕ-ਗੀਤ ਸੁਣਨ ਨੂੰ ਮਿਲਦਾ ਹੈ | ਪਟਿਆਲੇ ਦੇ ਰੇਸ਼ਮੀ ਨਾਲੇ, ਕਿਸੇ ਸਮੇਂ ਬਹੁਤ ਹੀ ਪ੍ਰਚਲਿਤ ਰਹੇ ਹਨ | ਲੋਕ ਗੀਤ ਹੈ:
ਜੇ ਚੱਲਿਐਾ ਪਟਿਆਲੇ, ਸਾਨੂੰ ਲਿਆਵੀਂ ਰੇਸ਼ਮੀ ਨਾਲੇ |
ਪਰ ਅੱਜ ਤਾਂ ਉਹ ਰੇਸ਼ਮੀ ਨਾਲੇ ਜਿਵੇਂ ਸੁਪਨਾ ਹੀ ਬਣ ਗਏ ਹੋਣ | ਕੌਣ ਪਾਉਂਦਾ ਹੈ ਸਲਵਾਰਾਂ ਤੇ ਪੁਜਾਮਿਆਂ ਵਿਚ ਰੇਸ਼ਮੀ ਨਾਲੇ? ਨਵੀਂ ਸੱਭਿਅਤਾ ਨੇ ਜਿਵੇਂ ਹੁਣ ਇਹ ਸਭ ਕੁਝ ਸੱਪਣੀ ਬਣ ਕੇ ਡਸ ਲਿਆ ਹੋਵੇ | ਖੁਰ ਰਹੇ ਇਸ ਅਮੀਰ ਵਿਰਸੇ ਬਾਰੇ ਜਾਣ ਕੇ, ਜਿਵੇਂ ਅੰਦਰ ਹੀ ਅੰਦਰ ਦਿਲ ਰੋ ਰਿਹਾ ਹੋਵੇ |
ਅੱਜ ਬੁਣੀਆਂ ਦਰੀਆਂ ਮੰਜਿਆਂ 'ਤੇ ਕੌਣ ਵਿਛਾਉਂਦਾ ਹੈ? ਕਸੀਦੇ ਕੱਢਣੇ ਜਿਵੇਂ ਕੁੜੀਆਂ ਭੁੱਲ ਗਈਆਂ ਹੋਣ | ਤਿ੍ੰਝਣ ਕੌਣ ਕੱਤਦਾ ਹੈ? ਕੋਈ ਗਾਉਂਦਾ ਹੈ:
ਛਣਕ ਛਣਕ ਨਾ ਕਦੇ ਛਣਕਿਆ,
ਤਿ੍ੰਝਣੀਂ ਮੇਰਾ ਚੂੜਾ |
ਰਾਤੀਂ ਬਹਿ ਬਹਿ ਪਈ ਉਡੀਕਾਂ,
ਭਿੱਜ ਜਾਏ ਲਾਲ ਪੰਘੂੜਾ |
ਕਦਰਾਂ ਪੈਣ ਕਿਵੇਂ?
ਜਦ ਤੂੰ ਨਾ ਹੋਇਉਂ ਪਾਸ,
ਆ ਜਾ ਵਤਨਾ ਨੂੰ ,
ਮੇਰੀ ਮਹਿੰਦੀ ਦਾ ਰੰਗ ਉਦਾਸ | (ਸ. ਸ. ਮ.)
ਅੱਜ ਤਾਂ ਮਹਿੰਦੀਆਂ ਉਦਾਸ ਹਨ | ਕਦਰਦਾਨ ਜਿਵੇਂ ਕਿਤੇ ਦੂਰ ਚਲੇ ਗਏ ਹੋਣ | ਫੁਲਕਾਰੀਆਂ ਕੱਢਣੀਆਂ ਤੇ ਉਨ੍ਹਾਂ ਨਾਲ ਸ਼ਗਨਾਂ ਦੀਆਂ ਰਸਮਾਂ ਨਿਭਾਉਣੀਆਂ ਜਿਵੇਂ ਬੀਤੇ ਦੀ ਗੱਲ ਬਣ ਕੇ ਰਹਿ ਗਈ ਹੋਵੇ | ਅੱਜ ਤਾਂ ਟੀ. ਵੀ. ਦੇ ਵੰਨ-ਸੁਵੰਨੇ ਚੈਨਲਾਂ, ਉਨ੍ਹਾਂ ਤੋਂ ਟੈਲੀਕਾਸਟ ਹੋ ਰਹੇ ਲੜੀਵਾਰਾਂ, ਇੰਟਰਨੈੱਟਾਂ, ਫੇਸ-ਬੁੱਕਾਂ ਲੈਪਟੋਪਾਂ ਵਿਚ ਹੀ ਸਭ ਕੁਝ ਜਿਵੇਂ ਗੁਆਚ ਗਿਆ ਹੋਵੇ |
ਗੱਲ ਫੁਲਕਾਰੀ ਦੀ ਹੋ ਰਹੀ ਸੀ | ਰੰਗੇ ਹੋਏ ਖੱਦਰ 'ਤੇ ਕੁੜੀਆਂ ਜਦੋਂ ਫੁਲਕਾਰੀ ਕੱਢਣ ਲਈ ਜੁੜਦੀਆਂ ਸਨ ਤਾਂ ਉਹ ਪੀੜ੍ਹੀ ਜਾਂ ਮੂੜ੍ਹੇ 'ਤੇ ਬੈਠ ਕੇ, ਸੱਜੇ ਗੋਡੇ 'ਤੇ ਰੰਗੇ ਹੋਏ ਕੱਪੜੇ ਨੂੰ ਰੱਖ ਕੇ, ਦੂਜੇ ਗੋਡੇ ਦੀ ਸਹਾਇਤਾ ਨਾਲ ਘੁੱਟ ਕੇ, ਸੂਈ ਵਿਚ ਰੇਸ਼ਮੀ ਰੰਗੀਨ ਧਾਗੇ ਨਾਲ ਇਸ ਨੂੰ ਕੱਢਣਾ ਸ਼ੁਰੂ ਕਰਦੀਆਂ ਸਨ ਤੇ ਤੋਪੇ ਭਰਦੀਆਂ ਸਨ | ਅਗਲਾ ਤੋਪਾ ਪਹਿਲੇ ਤੋਪੇ ਤੋਂ ਹੀ ਸ਼ੁਰੂ ਹੁੰਦਾ ਸੀ | ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ | ਧਾਗਿਆਂ ਵਿਚ ਆਮ ਤੌਰ 'ਤੇ ਨੀਲਾ ਅਸਮਾਨੀ, ਪੀਲਾ, ਸਰ੍ਹੋਂ ਫੁੱਲਾ, ਨਾਭੀ, ਚਿੱਟਾ ਜਾਂ ਕੇਸਰੀ ਰੰਗ ਦਾ ਸੁਮੇਲ ਬਣਾ ਕੇ ਉਹ ਫੁੱਲਾਂ ਦਾ ਆਕਾਰ ਸਿਰਜਦੀਆਂ ਸਨ | ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਤਰੰਗੀ ਪੀਂਘ ਦੇ ਸਾਰੇ ਰੰਗ, ਟੁੱਟ ਕੇ ਫੁਲਕਾਰੀ ਵਿਚ ਹੀ ਸਮੋ ਗਏ ਹੋਣ | ਰੇਸ਼ਮੀ ਧਾਗਿਆਂ ਨਾਲ, ਫੁੱਲਾਂ ਦੇ ਇਹ ਰੂਪ ਹੀ ਅੰਤ ਨੂੰ ਫੁਲਕਾਰੀ ਦਾ ਰੂਪ ਧਾਰਦੇ ਸਨ | ਇਸ ਤਰ੍ਹਾਂ ਉਹ ਸ਼ਗਨਾਂ ਦੇ ਪ੍ਰਤੀਕ ਬਣਦੇ ਸਨ |
ਸਰ੍ਹੋਂ ਫੁੱਲੇ ਰੰਗ ਦੀ ਵਰਤੋਂ ਫੁਲਕਾਰੀ ਵਿਚ ਵਧੇਰੇ ਹੁੰਦੀ ਸੀ, ਜੋ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹੈ | ਅਸਮਾਨੀ ਨੀਲਾ ਰੰਗ ਪਿਆਰ ਲਈ ਤੇ ਕੇਸਰੀ ਰੰਗ ਕੁਰਬਾਨੀ ਲਈ ਦਰਸਾਇਆ ਜਾਂਦਾ ਸੀ | ਚਿੱਟਾ ਰੰਗ ਅੱਜ ਵੀ ਸ਼ਾਂਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ |
ਪੰਜਾਬ ਦੀ ਲੋਕ ਕਲਾ ਦੇ ਇਤਿਹਾਸਕਾਰ ਡਾ: ਕੰਵਰਜੀਤ ਸਿੰਘ ਕੰਗ, ਆਪਣੀ ਇਕ ਰਚਨਾ ਵਿਚ ਦੱਸਦੇ ਹਨ ਕਿ ਰਾਜ ਸ੍ਰੀ ਦੇ ਵਿਆਹ ਦਾ ਜ਼ਿਕਰ ਕਰਦਿਆਂ ਬਾਣ ਭੱਟ ਲਿਖਦਾ ਹੈ, 'ਕਈ ਵਿਅਕਤੀ ਕੱਪੜਿਆਂ ਦੇ ਪੁੱਠੇ ਪਾਸਿਉਂ ਫੁੱਲਾਂ ਦੀ ਕਢਾਈ ਕਰ ਰਹੇ ਸਨ |' ਸਪੱਸ਼ਟ ਹੈ ਕਿ ਪੁੱਠੇ ਪਾਸਿਉਂ ਕੇਵਲ ਫੁਲਕਾਰੀ ਹੀ ਕੱਢੀ ਜਾਂਦੀ ਹੈ | ਇਹ ਹਵਾਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਫੁਲਕਾਰੀ ਦੀ ਕਲਾ, ਪੰਜਾਬ ਵਿਚ ਪੁਰਾਣੇ ਸਮੇਂ ਤੋਂ ਹੀ ਵਿਕਸਤ ਸੀ |
ਸ੍ਰੀਮਤੀ ਰੰਪਾਪਾਲ ਨੇ ਵੀ ਫੁਲਕਾਰੀ ਬਾਰੇ ਇਕ ਪੁਸਤਕ 'ਫੁਲਕਾਰੀ ਏ ਲੌਸਟ ਕਰਾਫਟ' (Phulkari : 1 lost 3raft) ਰਚੀ ਹੈ | ਪੁਸਤਕ ਵਿਚ ਫੁਲਕਾਰੀ ਦੀਆਂ ਕਿਸਮਾਂ ਦਾ ਜ਼ਿਕਰ ਆਉਂਦਾ ਹੈ | ਇਨ੍ਹਾਂ ਵਿਚੋਂ ਚੋਪ, ਸੁੱਭਰ, ਤਿਲ ਪੱਤਰਾ, ਨੀਲਕ, ਘੰੂਗਟ ਬਾਗ਼ ਤੇ ਛਮਾਸ ਬਹੁਤ ਪ੍ਰਸਿੱਧ ਰਹੇ ਹਨ |
ਵਿਆਹ ਦੀ ਫੁਲਕਾਰੀ ਚੋਪ, ਨਾਨਕਿਆਂ ਵੱਲੋਂ ਦਿੱਤੀ ਜਾਂਦੀ ਸੀ | ਇਸ ਦੀ ਕਢਾਈ ਪੀਲੇ ਜਾਂ ਕੇਸਰੀ ਧਾਗੇ ਨਾਲ ਹੁੰਦੀ ਸੀ | ਮਾਮੇ ਵੱਲੋਂ ਕੁੜੀ ਨੂੰ ਵਿਆਹ ਵੇਲੇ ਚੂੜਾ ਚੜ੍ਹਾਉਣ ਸਮੇਂ, ਤੋਪ ਫੁਲਕਾਰੀ ਹੀ ਦਿੱਤੀ ਜਾਂਦੀ ਸੀ |
ਫੁਲਕਾਰੀ ਕੱਢਦੀਆਂ ਕੁੜੀਆਂ ਨਾਲੋ-ਨਾਲ ਗੀਤਾਂ ਦੀਆਂ ਕੂਲ੍ਹਾਂ ਵੀ ਵਗਾਉਂਦੀਆਂ ਸਨ ਤੇ ਨਾਲੋ-ਨਾਲ ਠੱਠੇ ਮਖੌਲ ਵੀ ਕਰਦੀਆਂ ਸਨ | ਉਹ ਗਾਉਂਦੀਆਂ ਸਨ:
ਮੈਂਡੇ ਸਿਰ ਫੁਲਕਾਰੀ ਆ
ਮਾਹੀ ਪ੍ਰਦੇਸ ਗਿਆ
ਜੋਬਨ ਕਿਸ ਕਾਰੀ ਆ?
ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ
ਰੇਸ਼ਮ ਮੰੂਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ
ਇਸ਼ਕ ਹੁਸਨ ਸੰਗ ਤੋਲਦਾ
ਸ਼ਗਨਾਂ ਦੀ ਫੁਲਕਾਰੀ,
ਵੱਟਣਾ ਕੌਣ ਮਲੇ?
ਰੰਗਾਂ ਦੀ ਫੁਲਕਾਰੀ,
ਸਭ ਦਾ ਮਨ ਛਲੇ |
ਗਾਉਣ ਗਾਉਂਦੀਆਂ ਉਹ ਹਲਕੀਆਂ-ਫੁਲਕੀਆਂ ਰਹਿੰਦੀਆਂ ਸਨ ਤੇ ਕਥਾਰਸਿਸ ਰਾਹੀਂ ਕਈ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਬਚੀਆਂ ਵੀ ਰਹਿੰਦੀਆਂ ਸਨ | ਫੁਲਕਾਰੀ ਕੱਢਣਾ ਕੋਈ ਸੌਖਾ ਕਾਰਜ ਨਹੀਂ ਸੀ ਹੁੰਦਾ | ਕੁੜੀਆਂ ਨੂੰ , ਮਾਵਾਂ, ਚਾਚੀਆਂ, ਤਾਈਆਂ, ਫੁਫੀਆਂ, ਮਾਸੀਆਂ ਦੀ ਸਲਾਹ ਤੇ ਅਗਵਾਈ ਸਦਕਾ, ਫੁਲਕਾਰੀ ਦਾ ਕਾਰਜ ਨੇਪਰੇ ਚਾੜ੍ਹਨਾ ਪੈਂਦਾ ਸੀ | ਕਦੇ-ਕਦੇ, ਇਕ-ਦੂਜੀ ਦੇ ਭਰੇ ਤੋਪਿਆਂ ਨੂੰ , ਆਪਸੀ ਸਲਾਹ ਮਸ਼ਵਰੇ ਨਾਲ, ਇਕ-ਦੂਜੇ ਨੂੰ ਦਿਖਾ-ਦਿਖਾ, ਉਹ ਅੱਗੇ ਤੋਂ ਅੱਗੇ ਵਧਦੀਆਂ ਸਨ ਤੇ ਆਪਣਾ ਕਾਰਜ ਸੰਪੂਰਨ ਕਰਦੀਆਂ ਸਨ |
ਚਾਦਰ-ਨੁਮਾ ਫੁਲਕਾਰੀ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਤਾਂ ਕੁੜੀਆਂ ਉਸ ਦੀ ਨੁਮਾਇਸ਼ ਵੀ ਕਰਦੀਆਂ ਸਨ ਤੇ ਉਸ ਦੇ ਗੁਣਾਂ-ਔਗੁਣਾਂ 'ਤੇ ਵੀ ਚਰਚਾ ਕਰਦੀਆਂ ਸਨ | ਅਭਿਆਸ ਕਰਦਿਆਂ-ਕਰਦਿਆਂ ਫੁਲਕਾਰੀਆਂ ਅੰਤ ਨੂੰ ਆਪਣੇ ਪਿਆਰੇ ਦੇ ਲਿਬਾਸ ਦਾ ਸ਼ਿੰਗਾਰ ਬਣਦੀਆਂ ਸਨ |
ਸਾਡੇ ਸ਼ਹਿਰ, ਮੰਡੀ ਗੋਬਿੰਦਗੜ੍ਹ ਵਿਖੇ ਕਿਸੇ ਵੇਲੇ ਇਕ ਸੰਤ ਰਹਿੰਦੇ ਸਨ | ਉਨ੍ਹਾਂ ਦਾ ਡੇਰਾ ਵੀ ਸੀ | ਉਹ ਵੀ ਆਪਣੇ ਚਿਹਰੇ 'ਤੇ ਉਹ ਕਾਲਖ ਮਲ ਕੇ ਰੱਖਦੇ ਸਨ | ਉਹ ਜਦੋਂ ਵੀ ਆਪਣੇ ਆਸਣ 'ਤੇ ਬੈਠਦੇ ਸਨ ਜਾਂ ਬਾਹਰ ਵਿਚਰਦੇ ਸਨ ਤਾਂ ਫੁਲਕਾਰੀ ਓਡ ਕੇ ਹੀ ਰੱਖਦੇ ਸਨ | ਸ਼ਾਇਦ ਇਹ ਫੁਲਕਾਰੀਆਂ ਉਨ੍ਹਾਂ ਦੇ ਸ਼ਰਧਾਲੂ ਹੀ ਉਨ੍ਹਾਂ ਨੂੰ ਭੇਟ ਕਰਦੇ ਸਨ |
ਕਈ ਵਾਰ ਪਿੰਡਾਂ ਤੇ ਸ਼ਹਿਰਾਂ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੰਦੋਆ ਫੁਲਕਾਰੀ ਦਾ ਹੀ ਹੁੰਦਾ ਹੈ, ਜਿਸ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ | ਕਈ ਥਾੲੀਂ ਮੰਦਿਰਾਂ ਵਿਚ ਵੀ ਫੁਲਕਾਰੀਆਂ ਨਾਲ ਕੰਧਾਂ ਸਜਾਈਆਂ ਜਾਂਦੀਆਂ ਸਨ | ਇਸ ਤਰ੍ਹਾਂ ਫੁਲਕਾਰੀ ਧਾਰਮਿਕ ਵਿਅਕਤੀਆਂ ਤੇ ਸਮਾਗਮਾਂ ਦਾ ਸ਼ਿੰਗਾਰ ਵੀ ਰਹੀ ਹੈ |
ਸਮਾਜਿਕ ਸਮਾਗਮਾਂ ਸਮੇਂ ਤਾਂ ਫੁਲਕਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਕੁੜੀਆਂ-ਮੰੁਡਿਆਂ ਦੇ ਵਿਆਹਾਂ ਸਮੇਂ, ਅਨੰਦ ਕਾਰਜਾਂ ਤੇ ਫੇਰਿਆਂ ਵੇਲੇ, ਫੁਲਕਾਰੀ ਦੁਆਰਾ ਹੀ, ਸਾਰੀਆਂ ਰਸਮਾਂ ਵਿਚ ਪ੍ਰਵੇਸ਼ ਕਰਾਇਆ ਜਾਂਦਾ ਸੀ | ਵੱਟਣਾ ਮੱਲਣ ਸਮੇਂ, ਕੁੜੀ ਤੇ ਮੰੁਡੇ ਵਾਲਿਆਂ ਵੱਲੋਂ ਆਪੋ-ਆਪਣੇ ਘਰਾਂ ਵਿਚ, ਸ਼ਾਦੀ ਤੋਂ ਪਹਿਲਾਂ, ਫੁਲਕਾਰੀ ਨਾਲ ਹੀ ਇਹ ਰਸਮ ਪੂਰੀ ਕੀਤੀ ਜਾਂਦੀ ਸੀ |
ਜੇਕਰ ਹੋਰ ਪਿੱਛੇ ਜਾਈਏ ਤਾਂ ਅਤੀਤ ਵਿਚ ਲਾਵਾਂ ਤੋਂ ਪਿਛੋਂ, ਨਵੀਂ ਵਿਆਹੀ ਜੋੜੀ ਨੂੰ ਵਿਦਾਇਗੀ ਸਮੇਂ ਜਿਸ ਰੱਥ ਵਿਚ ਬਿਠਾਇਆ ਜਾਂਦਾ ਸੀ, ਉਹ ਰੱਥ ਵੀ ਫੁਲਕਾਰੀ ਨਾਲ ਹੀ ਸਜਾਇਆ ਜਾਂਦਾ ਸੀ |
ਅੱਗੋਂ ਨਵੇਂ ਵਿਆਹੇ ਜੋੜੇ ਨੂੰ ਘਰ ਪੁੱਜਣ 'ਤੇ ਫੁਲਕਾਰੀ ਲੈਣ ਮਗਰੋਂ ਹੀ, ਪਾਣੀ ਵਾਰ ਕੇ ਪੀਣ ਦੀ ਰਸਮ ਨਿਭਾਈ ਜਾਂਦੀ ਸੀ | ਇਥੋਂ ਤੱਕ ਕਿ ਜਦੋਂ ਨਵੀਂ ਵਿਆਹੀ ਜੋੜੀ ਨੂੰ , ਛਟੀਆਂ ਖੇਡਣ ਲਈ ਬਾਹਰ ਲਿਜਾਇਆ ਜਾਂਦਾ ਸੀ ਤਾਂ ਉਥੇ ਵੀ ਨਵੀਂ ਦੁਲਹਨ ਨੂੰ ਫੁਲਕਾਰੀ ਓਢ ਕੇ ਲੈ ਜਾਣ ਵਿਚ ਸ਼ਾਨ ਸਮਝੀ ਜਾਂਦੀ ਸੀ |
ਕਦੇ-ਕਦਾੲੀਂ ਸ਼ੋਭਾ ਯਾਤਰਾਵਾਂ ਸਮੇਂ ਊਠਾਂ ਤੇ ਘੋੜਿਆਂ ਨੂੰ ਫੁਲਕਾਰੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ, ਜਿਸ ਸਦਕਾ ਊਠ ਤੇ ਘੋੜੇ ਫਬ-ਫਬ ਪੈਂਦੇ ਸਨ ਤੇ ਦੇਖਣ ਵਾਲਿਆਂ ਦੀਆਂ ਅੱਖਾਂ ਚੰੁਧਿਆ ਜਾਂਦੀਆਂ ਸਨ |
ਸਪੱਸ਼ਟ ਹੈ ਕਿ ਫੁਲਕਾਰੀ ਧਾਰਮਿਕ ਤੇ ਸਮਾਜਿਕ ਖੇਤਰ ਵਿਚ, ਆਪਣੀ ਪੂਰੀ ਸ਼ਾਨ ਨਾਲ ਵਿਚਰਦੀ ਰਹੀ ਹੈ | ਨਵੇਂ-ਨਵੇਂ ਫੈਸ਼ਨਾਂ ਨੇ, ਭਾਵੇਂ ਅੱਜ ਵੀ ਫੁਲਕਾਰੀ ਦੀ ਦਿੱਖ ਤੇ ਹੋਂਦ ਨੂੰ ਭਾਰੀ ਢਾਅ ਲਾਈ ਹੈ ਪਰ ਉਹਦਾ ਵਜੂਦ ਖਤਮ ਕਰਨ ਵਿਚ ਸਫ਼ਲ ਨਹੀਂ ਹੋਏ | ਕਾਰਨ ਸਾਫ਼ ਹੈ ਕਿ ਫੁਲਕਾਰੀ ਦਾ ਵਿਰਸਾ ਐਡਾ ਮਹਾਨ ਤੇ ਨਰੋਆ ਹੈ ਕਿ ਉਸ ਦੀ ਹਸਤੀ ਨੂੰ ਮਿਟਾ ਸਕਣਾ ਸੰਭਵ ਨਹੀਂ | ਵਟਣਾ ਮਲਣ ਤੋਂ ਲੈ ਕੇ, ਛਟੀਆਂ ਖੇਡਣ ਤੱਕ ਕਦੇ ਉਹਦੀ ਪੂਰੀ ਸਰਦਾਰੀ ਰਹੀ ਹੈ ਜੋ ਅੱਜ ਵੀ ਕਿਸੇ ਹੱਦ ਤੱਕ ਸਰਦਾਰਾਂ ਦੀ ਸਰਦਾਰੀ ਵਾਂਗ ਕਾਇਮ ਹੈ |
ਇਹ ਖ਼ੁਸ਼ੀ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਇਸ ਪੱਖੋਂ ਜਾਗਰੂਕ ਹਨ | ਕਈ ਸਮਾਜਿਕ ਜਥੇਬੰਦੀਆਂ ਵੀ ਫੁਲਕਾਰੀ ਨੂੰ ਜਿਊਾਦਾ ਰੱਖਣ ਵਿਚ, ਸਮੇਂ-ਸਮੇਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ | ਫੁਲਕਾਰੀ ਹਾਊਸ, ਫੁਲਕਾਰੀ ਨੁਮਾਇਸ਼ਾਂ, ਉਹਨੂੰ ਜਿਊਾਦਾ ਰੱਖਣ ਵਿਚ ਬਹੁਤ ਸਹਾਇਕ ਸਿੱਧ ਹੋ ਰਹੀਆਂ ਹਨ |
ਇਸ ਪੱਖੋਂ ਫੁਲਕਾਰੀ ਦਾ ਭਰਾ ਬਾਗ ਵੀ ਪਿੱਛੇ ਨਹੀਂ | ਬਾਗ ਫੁਲਕਾਰੀ ਵਾਂਗ ਹੀ ਕੱਢਿਆ ਜਾਂਦਾ ਹੈ, ਪਰ ਉਹ ਸਾਰੇ ਦਾ ਸਾਰਾ ਹੀ ਕੱਢਿਆ ਹੋਇਆ ਹੁੰਦਾ ਹੈ | ਉਸ ਦਾ ਕੋਈ ਥਾਂ ਖਾਲੀ ਨਹੀਂ ਛੱਡਿਆ ਜਾਂਦਾ ਜਦਕਿ ਫੁਲਕਾਰੀ ਨੂੰ , ਕੁਝ ਕੁਝ ਥਾਵਾਂ 'ਤੇ ਹੀ ਕੱਢ ਕੇ ਰੂਪਮਾਨ ਕੀਤਾ ਜਾਂਦਾ ਹੈ | ਫੁਲਕਾਰੀ ਤੇ ਬਾਗ਼, ਪੰਜਾਬੀ ਸੱਭਿਆਚਾਰ ਵਿਚ, ਭੈਣ-ਭਰਾ ਵਾਂਗ ਹੀ ਵਿਚਰਦੇ ਰਹੇ ਹਨ |
ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਸ੍ਰੀਮਤੀ ਅੰਮਿ੍ਤਾ ਪ੍ਰੀਤਮ ਦੇ ਇਕ ਗੀਤ ਦੇ ਕੁਝ ਬੋਲ ਅੱਜ ਵੀ ਕੰਨਾਂ ਵਿਚ ਗੰੂਜਦੇ ਸੁਣਾਈ ਦਿੰਦੇ ਹਨ:
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ?
ਲੋੜ ਹੈ, ਅਸੀਂ ਪੁਰਾਣੇ ਵਿਰਸੇ ਨੂੰ ਘੋਖੀਏ ਤੇ ਉਸ ਦਾ ਨਿੱਠ ਕੇ ਅਧਿਐਨ ਕਰੀਏ | ਫੁਲਕਾਰੀ, ਨਿਸ਼ਚੇ ਹੀ ਸਹਿਯੋਗ, ਮੁਹੱਬਤ, ਸਾਂਝ, ਸਹਿਜ ਤੇ ਸਿਦਕਦਿਲੀ ਦਾ ਇਕ ਅਨੂਠਾ ਸੁਮੇਲ ਹੈ, ਜਿਸ ਨੂੰ ਸੰਭਾਲਣਾ, ਸਾਡਾ ਸਭ ਦਾ ਪਹਿਲਾ ਫ਼ਰਜ਼ ਹੈ |

ਫੋਨ : 01765-257059.

ਗਰਮ ਰੁੱਤ ਦੇ ਫੁੱਲਾਂ ਦੀ ਵਿਉਂਤਬੰਦੀਅਸੀਂ ਬੜੇ ਖ਼ੁਸ਼ਕਿਸਮਤ ਹਾਂ ਕਿ ਅਸੀਂ ਧਰਤ ਦੇ ਜਿਸ ਟੁਕੜੇ ਯਾਨੀ ਪੰਜਾਬ ਵਿਚ ਜਨਮ ਲਿਆ ਹੈ, ਇਥੇ ਹੋਰਨਾਂ ਕਈ ਦੇਸ਼ਾਂ ਵਾਂਗ ਸਾਰਾ ਸਾਲ ਬਰਫ਼ ਹੀ ਨਹੀਂ ਜੰਮੀ ਰਹਿੰਦੀ, ਸਗੋਂ ਅਸੀਂ ਤਾਂ ਰੱਬ ਦੀਆਂ ਬਖ਼ਸ਼ੀਆਂ ਹੋਈਆਂ ਰੁੱਤਾਂ ਦੇ ਨਜ਼ਾਰੇ ਲੁੱਟਦੇ ਹਾਂ | ਕਦੇ ਗਰਮੀ, ਸਰਦੀ, ਪਤਝੜ ਤੇ ਬਹਾਰ, ਬਦਲਦੇ ਮੌਸਮਾਂ ਨੇ ਸਾਨੂੰ ਅਨੇਕਾਂ ਫੁੱਲ-ਬੂਟਿਆਂ ਦਾ ਆਨੰਦ ਲੈਣ ਦਾ ਮਾਣ ਬਖਸ਼ਿਆ ਹੈ | ਮੌਸਮੀ ਫੁੱਲ ਸਾਡੀਆਂ ਬਗੀਚੀਆਂ ਵਿਚ ਖਾਸ ਤੌਰ 'ਤੇ ਰੰਗ ਬਿਖੇਰਦੇ ਹਨ ਤੇ ਇਨ੍ਹਾਂ ਫੁੱਲਾਂ ਦੇ ਰੰਗਾਂ ਅੱਗੇ ਬਨਾਵਟੀ ਰੰਗ ਬਿਲਕੁਲ ਫਿੱਕੇ ਜਾਪਦੇ ਹਨ | ਅੱਜਕਲ੍ਹ ਮਾਰਚ ਦੇ ਮਹੀਨੇ ਸਰਦ ਰੁੱਤ ਦੇ ਮੌਸਮੀ ਫੁੱਲਾਂ ਨੇ ਬਗੀਚੀਆਂ ਵਿਚ ਪੂਰੀ ਛਹਿਬਰ ਲਾਈ ਹੋਈ ਹੈ | ਕੁਦਰਤ ਨੇ ਆਪਣੇ ਹੁਸੀਨ ਰੰਗਾਂ ਨਾਲ ਧਰਤ ਨੂੰ ਦੁਲਹਨ ਵਾਂਗ ਸ਼ਿੰਗਾਰਿਆ ਹੋਇਆ ਹੈ |
ਬਦਲਦੇ ਮੌਸਮ ਦੇ ਮਿਜਾਜ ਸਦਕਾ ਅੱਜਕਲ੍ਹ ਗਰਮੀ ਦੇ ਮੌਸਮ ਨੇ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ | ਫੁੱਲਾਂ ਦੇ ਸ਼ੌਕੀਨਾਂ ਨੇ ਗਰਮੀ ਰੁੱਤ ਦੇ ਫੁੱਲਾਂ ਬਾਰੇ ਸੋਚਣਾ ਤਾਂ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰਦ ਰੁੱਤ ਵਿਚ ਹੋਣ ਵਾਲੀ ਮੌਸਮੀ ਫੁੱਲਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪੰ੍ਰਤੂ ਗਰਮ ਰੁੱਤ ਦੇ ਫੁੱਲਾਂ ਪ੍ਰਤੀ ਆਮ ਲੋਕਾਂ ਦਾ ਧਿਆਨ ਤੇ ਰੁਝਾਨ ਅਕਸਰ ਘੱਟ ਵੇਖਣ ਨੂੰ ਮਿਲਦਾ ਹੈ | ਗਰਮੀ ਦੇ ਦਿਨੀਂ ਲੋਕਾਂ ਦੀਆਂ ਬਗੀਚੀਆਂ ਫੁੱਲਾਂ ਤੋਂ ਵਾਂਝੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਬਹੁਰੰਗਾਂ ਵਿਚ ਆਸਾਨੀ ਨਾਲ ਭਰ ਸਕਦੇ ਹੁੰਦੇ ਹਾਂ | ਚਾਹੇ ਗਰਮ ਰੁੱਤ ਦੇ ਫੁੱਲਾਂ ਦੀ ਗਿਣਤੀ ਘੱਟ ਹੀ ਹੈ ਪੰ੍ਰਤੂ ਫਿਰ ਵੀ ਇਹ ਆਪਣੇ ਖੂਬਸੂਰਤ ਰੰਗਾਂ ਨਾਲ ਸਾਡੀਆਂ ਬਗੀਚੀਆਂ ਨੂੰ ਸਜਾਉਣ ਦੀ ਸਮਰੱਥਾ ਰੱਖਦੇ ਹਨ | ਸਭ ਤੋਂ ਪਹਿਲਾਂ ਤਾਂ ਸਾਨੂੰ ਫੁੱਲਾਂ ਦੇ ਸ਼ੌਕੀਨ ਹੋਣ ਦੇ ਨਾਤੇ ਇਹ ਗੱਲ ਭਲੀ-ਭਾਂਤ ਜਾਣਨੀ ਚਾਹੀਦੀ ਹੈ ਕਿ ਸਰਦ, ਗਰਮ ਅਤੇ ਗਰਮ ਰੁੱਤ ਵਿਚ ਹੋਣ ਵਾਲੇ ਮੌਸਮੀ ਫੁੱਲ ਕਿਹੜੇ-ਕਿਹੜੇ ਹਨ | ਉਨ੍ਹਾਂ ਦੀ ਪਨੀਰੀ ਕਿਹੜੇ ਮਹੀਨੇ ਲਾਉਣੀ ਚਾਹੀਦੀ ਹੈ ਅਤੇ ਉਸ ਨੂੰ ਲਾਉਣ ਦੇ ਢੰਗ-ਤਰੀਕੇ ਕੀ ਹਨ? ਨਹੀਂ ਤਾਂ ਅਕਸਰ ਲੋਕਾਂ ਨੂੰ ਫੁੱਲਾਂ ਦੀ ਯਾਦ ਤਦ ਆਉਂਦੀ ਹੈ ਜਦ ਉਹ ਹੋਰਨਾਂ ਲੋਕਾਂ ਦੇ ਘਰਾਂ ਅੰਦਰ ਖਿੜ ਚੁੱਕੇ ਹੁੰਦੇ ਹਨ |
ਗਰਮ ਰੁੱਤ ਦੇ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਬੀਜਾਂ ਦੀ ਬਿਜਾਈ ਫਰਵਰੀ ਮਹੀਨੇ ਤੋਂ ਸ਼ੁਰੂ ਕਰਕੇ ਅਸੀਂ ਮਾਰਚ ਮਹੀਨੇ ਤੱਕ ਲਾ ਸਕਦੇ ਹਾਂ | ਮੌਸਮ ਹਾਲਤਾਂ ਅਨੁਸਾਰ ਬਿਜਾਈ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਵਿਚ ਕੀਤੀ ਜਾ ਸਕਦੀ ਹੈ | ਬਿਜਾਈ ਕਰਨ ਤੋਂ ਪਹਿਲਾਂ ਕਿਆਰੀਆਂ ਜਾਂ ਗਮਲੇ ਆਦਿ ਚੰਗੀ ਤਰ੍ਹਾਂ ਤਿਆਰ ਕਰ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਵਿਚ ਮਿੱਟੀ, ਰੂੜੀ ਦੀ ਖਾਦ (ਗਲੀ ਹੋਈ) ਪੱਤਿਆਂ ਦੀ ਖਾਦ ਅਤੇ ਕਿਸਾਨ ਖਾਦ ਆਦਿ ਦਾ ਮਿਸ਼ਰਣ ਮਿਲਾ ਦੇਣਾ ਚਾਹੀਦਾ ਹੈ | ਪੂਰਨ ਰੂਪ ਵਿਚ ਤਿਆਰ ਬੈੱਡ ਜਾਂ ਕਿਆਰੀਆਂ ਉਪਰ ਬੀਜ ਖਿਲਾਰਨ ਉਪਰੰਤ ਉਨ੍ਹਾਂ ਨੂੰ ਢਕਣਾ ਨਹੀਂ ਭੁੱਲਣਾ ਚਾਹੀਦਾ ਅਤੇ ਬਾਅਦ ਵਿਚ ਪਾਣੀ ਫੁਹਾਰੇ ਨਾਲ ਦੇਣਾ ਚਾਹੀਦਾ ਹੈ | ਪਾਣੀ ਜਾਂ ਕਿਸੇ ਹੋਰ ਵਜ੍ਹਾ ਨਾਲ ਨੰਗੇ ਹੋਏ ਬੀਜਾਂ ਨੂੰ ਖਾਦਾਂ ਵਾਲੇ ਮਿਸ਼ਰਣ ਨਾਲ ਢਕ ਦੇਣਾ ਚਾਹੀਦਾ ਹੈ | ਕੋਸ਼ਿਸ ਕਰੋ ਕਿ ਹਮੇਸ਼ਾ ਕਿਆਰੀਆਂ ਵਿਚ ਸਿੱਲ ਬਣੀ ਰਹੇ | ਸਿੱਲ ਬਣਾਉਣ ਖਾਤਰ ਪਹਿਲੇ ਦਿਨਾਂ ਵਿਚ ਬੈੱਡਾਂ ਉਪਰ ਅਖ਼ਬਾਰ ਵੀ ਵਿਛਾਇਆ ਜਾ ਸਕਦਾ ਹੈ | ਅੰਦਾਜ਼ਨ ਇਕ, ਡੇਢ ਮਹੀਨੇ ਵਿਚ ਪਨੀਰੀ ਤਿਆਰ ਹੋ ਜਾਂਦੀ ਹੈ, ਜਿਸ ਨੂੰ ਬਾਅਦ ਵਿਚ ਅਸੀਂ ਢੁਕਵੇਂ ਸਥਾਨਾਂ 'ਤੇ ਕਿਆਰੀਆਂ ਜਾਂ ਗਮਲਿਆਂ ਵਿਚ ਲਾ ਦਿੰਦੇ ਹਾਂ |
ਕਿਆਰੀਆਂ ਦੀ ਤਿਆਰੀ ਦੋ ਕੁ ਹਫ਼ਤੇ ਪਹਿਲਾਂ ਕਰ ਦੇਣੀ ਚਾਹੀਦੀ ਹੈ, ਜਿਸ ਤਹਿਤ ਉਨ੍ਹਾਂ ਨੂੰ ਡੰੂਘਾ ਪੁੱਟ ਕੇ ਧੁੱਪ ਲਵਾਉਣ ਉਪਰੰਤ ਉਸ ਵਿਚ ਗਲੀ ਹੋਈ ਰੂੜੀ ਦੀ ਖਾਦ ਜਾਂ ਹੋਰ ਲੋੜੀਂਦੀਆਂ ਖਾਦਾਂ ਜ਼ਮੀਨ ਦੀ ਉਪਰਲੀ ਤਹਿ ਵਿਚ ਮਿਲਾ ਦੇਣੀਆਂ ਚਾਹੀਦੀਆਂ ਹਨ | ਪੌਦੇ ਲਾਉਣ ਤੋਂ ਪਹਿਲਾਂ ਹਲਕਾ ਪਾਣੀ ਲਾਉਣਾ ਚਾਹੀਦਾ ਹੈ ਤਾਂ ਜੋ ਪੌਦੇ ਜੜ੍ਹ ਜਲਦੀ ਫੜ ਜਾਣ | ਪਨੀਰੀ ਹਮੇਸ਼ਾ ਦੁਪਹਿਰ ਤੋਂ ਬਾਅਦ ਲਾਉਣੀ ਚਾਹੀਦੀ ਹੈ ਅਤੇ ਪੌਦੇ ਲਾਉਣ ਤੋਂ ਤੁਰੰਤ ਬਾਅਦ ਪਾਣੀ ਦੇਣਾ ਨਹੀਂ ਭੁੱਲਣਾ ਚਾਹੀਦਾ | ਗਮਲੇ ਵਿਚ ਫੁੱਲ ਲਾਉਣ ਖਾਤਰ ਮਿੱਟੀ ਤਕਰੀਬਨ ਦੋ ਹਿੱਸਾ, ਇਕ ਹਿੱਸਾ ਰੂੜੀ ਦੀ ਗਲੀ ਹੋਈ ਖਾਦ ਅਤੇ ਹੋ ਸਕੇ ਤਾਂ ਇਕ ਹਿੱਸਾ ਗਲੀ ਹੋਈ ਪੱਤਿਆਂ ਆਦਿ ਦੀ ਖਾਦ ਪਾਉਣੀ ਚਾਹੀਦੀ ਹੈ | ਗਮਲਿਆਂ ਵਿਚ ਪਾਣੀ ਦੇ ਨਿਕਾਸ ਵਾਲੀ ਮੋਰੀ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ |
ਗਰਮ ਰੁੱਤ ਵਿਚ ਹੋਣ ਵਾਲੇ ਫੁੱਲਾਂ ਦੀ ਗੱਲ ਕਰੀਏ ਤਾਂ ਕੋਲੀਅਸ, ਕੋਚੀਆ, ਸੂਰਜਮੁਖੀ, ਜ਼ੀਨੀਆ, ਪੋਰਚੁਲੋਕਾ (ਦੁਪਹਿਰ ਖਿੜੀ), ਗੇਲਾਰਡੀਆ, ਗੈਫਰੀਨਾ ਆਦਿ ਮੁੱਖ ਰੂਪ ਵਿਚ ਹਨ | ਜੇਕਰ ਤੁਸੀਂ ਕਿਸੇ ਵਜ੍ਹਾ ਕਾਰਨ ਬੀਜ, ਬੀਜ ਕੇ ਪਨੀਰੀ ਨਹੀਂ ਤਿਆਰ ਕਰ ਸਕੇ ਤਾਂ ਨਰਸਰੀਆਂ ਤੋਂ ਤਿਆਰ ਕੀਤੀਆਂ ਪਨੀਰੀਆਂ ਖਰੀਦੀਆਂ ਜਾ ਸਕਦੀਆਂ ਹਨ | ਪਨੀਰੀਆਂ ਹਮੇਸ਼ਾ ਕਿਸੇ ਚੰਗੀ ਨਰਸਰੀਆਂ ਤੋਂ ਹੀ ਖਰੀਦਣੀਆਂ ਚਾਹੀਦੀਆਂ ਹਨ | ਬਗੀਚੀ ਵਿਚ ਪੂਰੇ ਸਾਲ ਫੁੱਲ ਪ੍ਰਾਪਤ ਕਰਨ ਲਈ ਵਿਉਂਤਬੰਦੀ ਦੀ ਬਹੁਤ ਅਹਿਮੀਅਤ ਹੁੰਦੀ ਹੈ | ਵੱਡਆਕਾਰੀ ਬਗੀਚੀਆਂ ਵਿਚ ਕੁਝ ਨਾ ਸਮਝ ਆਉਣ 'ਤੇ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ | ਸਿਰਫ਼ ਮੌਸਮੀ ਫੁੱਲ ਲਾਉਣ ਦੀ ਗੱਲ ਹੀ ਨਹੀਂ ਸਗੋਂ ਪੂਰੀ ਬਗੀਚੀ ਨੂੰ ਤਕਨੀਕੀ ਪੱਖਾਂ ਨੂੰ ਵਿਚਾਰਦੇ ਹੋਏ ਬਣਾਉਣੀ ਚਾਹੀਦੀ ਹੈ, ਤਾਂ ਜੋ ਸਮਾਂ ਪਾ ਤੁਸੀਂ ਆਪਣੀ ਬਗੀਚੀ ਦਾ ਆਨੰਦ ਪੂਰਨ ਰੂਪ ਵਿਚ ਲੈ ਸਕੋ ਅਤੇ ਕੁਦਰਤੀ ਰੰਗ ਤੁਹਾਡੀ ਜ਼ਿੰਦਗੀ ਵਿਚ ਵੀ ਰੰਗ ਭਰ ਦੇਣ |

-ਮੋਬਾਈਲ : 98142-39041.
landscapingpeople@rediffmail.com

ਪੱਥਰਾਂ 'ਚ ਉਕਰੀ ਸ਼ਿਵਾਲਿਕ ਦੀ ਗਾਥਾ

ਇਹ 90ਵਿਆਂ ਦੇ ਸ਼ੁਰੂ ਦੀ ਗੱਲ ਹੈ | ਨੰਗਲ ਕੋਲੋਂ ਸਮਤੈਣੀ ਖੱਡ ਦੇ ਨਾਲ-ਨਾਲ ਚੱਲਦਿਆਂ ਅਸੀਂ ਸ਼ਿਵਾਲਿਕ ਪਹਾੜੀਆਂ ਵਿਚ ਕੋਈ ਤਿੰਨ ਕੁ ਸੌ ਫੁੱਟ ਉੱਪਰ ਚੜ੍ਹ ਗਏ | ਉੱਪਰ ਸਾਨੂੰ ਪਹਾੜੀ ਦੇ ਨਾਲ-ਨਾਲ ਜਾਂਦੀ ਹੋਈ ਇਕ ਸੜਕ ਨਜ਼ਰ ਆਈ | ਉਦੋਂ ਨੰਗਲ ਤੋਂ ਗੋਆਲਥਈ ਰਸਤੇ ਹੁੰਦੀ ਹੋਈ ਗੁਰੂ ਕਾ ਲਾਹੌਰ ਨੂੰ ਜਾਣ ਵਾਲੀ ਇਹ ਸੜਕ ਕੱਚੀ ਹੁੰਦੀ ਸੀ | ਸੜਕ ਟੱਪ ਕੇ ਅਸੀਂ ਇਕ ਉੱਚੀ ਥਾਂ 'ਤੇ ਬੈਠ ਗਏ ਤੇ ਦੂਰ ਪੱਛਮ ਵੱਲ ਸਤਲੁਜ ਦੀ ਵਾਦੀ ਨੂੰ ਦੇਖਣ ਲੱਗੇ | ਮੀਂਹ ਵਰ੍ਹ ਕੇ ਹਟੇ ਸਨ, ਮੌਸਮ ਬੜਾ ਸਾਫ ਸੀ, ਸੱਜੇ ਪਾਸੇ ਹੇਠਾਂ ਨੰਗਲ ਕੋਲ ਬਣੀ ਸਤਲੁਜ ਦਰਿਆ ਦੀ ਨੀਲੀ-ਨੀਲੀ ਝੀਲ ਨਜ਼ਰ ਆ ਰਹੀ ਸੀ, ਤੇ ਸਾਹਮਣੇ ਦਰਿਆ ਤੋਂ ਪਾਰ ਹਾਥੀ ਦੀ ਪਿੱਠ ਵਾਂਗ ਲਗਭਗ ਪੱਧਰੀ ਜਾਪਦੀ ਸ਼ਿਵਾਲਿਕ ਪਹਾੜੀ ਦੀ ਮੂਹਰਲੀ ਰੇਂਜ ਦਿਸ ਰਹੀ ਸੀ | ਅਸੀਂ ਕੁਝ ਦੇਰ ਉੱਥੇ ਬੈਠੇ ਤੇ ਫਿਰ ਉੱਪਰ ਚੜ੍ਹਣ ਲੱਗ ਪਏ | ਖੱਬੇ ਪਾਸੇ ਮੁੜ ਕੇ ਦੇਖਿਆ ਤਾਂ ਚੱਟਾਨ ਵਿਚ ਫਸਿਆ ਹੋਇਆ ਇਕ ਪਥਰਾਟ ਨਜ਼ਰ ਆਇਆ | ਅਸੀਂ ਉਸ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ | ਜਾਪ ਰਿਹਾ ਸੀ ਕਿ ਇਹ ਇਕ ਹਾਥੀ-ਦੰਦ (ਟਸਕ) ਹੈ, ਚੱਟਾਨ ਦੀ ਬਣਤਰ (ਲਿੱਥੋਲੋਜੀ) ਦੱਸਦੀ ਸੀ ਕਿ ਇਹ ਚੱਟਾਨ ਕੋਈ 60 ਕੁ ਲੱਖ ਸਾਲ ਪੁਰਾਣੀ ਹੈ ਤੇ ਇਹੋ ਉਮਰ ਉਸ ਪਥਰਾਟ ਟਸਕ ਦੀ ਸੀ | ਉਦੋਂ ਇਸ ਟਸਕ ਵਾਲਾ ਹਾਥੀ ਇੱਥੇ ਫਿਰਿਆ ਕਰਦਾ ਸੀ | ਤਿ੍ਕਾਲਾਂ ਪੈ ਗਈਆਂ, ਪਰ ਉਹ ਪਥਰਾਟ ਪੁੱਟਣਾ ਅਜੇ ਬਾਕੀ ਸੀ | ਅਸੀਂ ਇਹ ਕੰਮ ਅਗਲੇ ਦਿਨ 'ਤੇ ਛੱਡ ਕੇ ਆਪਣੇ ਠਹਿਰ ਸਥਾਨ ਵੱਲ ਮੁੜ ਪਏ | ਅਗਲੇ ਦਿਨ ਉੱਥੇ ਪੁੱਜ ਕੇ ਜਦੋਂ ਅਸੀਂ ਇਹ ਪੁਟਾਈ ਖ਼ਤਮ ਕੀਤੀ ਤਾਂ ਵਿਚੋਂ ਇਕ ਤਿੱਖੀਆਂ ਨੋਕਾਂ ਵਾਲਾ ਹਾਥੀ-ਦੰਦ ਜੋੜਾ ਨਿਕਲਿਆ | ਇਕ ਦੰਦ ਪੂਰਾ ਸਾਢੇ ਛੇ ਫੁੱਟ ਲੰਬਾ ਸੀ ਤੇ ਦੂਜੇ ਦਾ ਮੁਢਲਾ ਅੱਧਾ ਭਾਗ ਟੁੱਟਾ ਹੋਇਆ ਸੀ | ਨਾਲ ਹੀ ਸਾਨੂੰ ਮਿਲਿਆ ਇਸ ਹਾਥੀ ਦੀ ਦਾੜ੍ਹ ਦਾ ਇਕ ਟੁਕੜਾ | ਦਾੜ੍ਹ ਤੋਂ ਪਛਾਣ ਕੀਤੀ ਗਈ ਕਿ ਇਹ ਚਿਰਾਂ ਤੋਂ ਲੁਪਤ ਹੋ ਚੁੱਕੀ ਇਕ ਹਾਥੀ ਜਾਤੀ 'ਸਟੀਗੋਲੋਫੋਡੋਨ' ਦੇ ਪਥਰਾਟ ਹਨ | ਇਸ ਦੀਆਂ ਟਸਕਾਂ ਤਿੱਖੀਆਂ ਤੇ ਨੋਕਦਾਰ ਹੁੰਦੀਆਂ ਸਨ, ਜਿਨ੍ਹਾਂ ਦੀ ਸਤ੍ਹਾ ਚਮਕੀਲੀ ਹੁੰਦੀ ਸੀ (ਜਿਵੇਂ ਕਿ ਇਨ੍ਹਾਂ ਟਸਕਾਂ ਦੀ ਸੀ) | ਟਸਕਾਂ ਦੀਆਂ ਤਿੱਖੀਆਂ ਨੋਕਾਂ ਤਾਂ ਸ਼ਾਇਦ ਹਮਲਾਵਰਾਂ ਦਾ ਮੁਕਾਬਲਾ ਕਰਨ ਦੇ ਕੰਮ ਆਉਂਦੀਆਂ ਹੋਣਗੀਆਂ!
(ਚਿੱਤਰ-1) ਭੂ-ਵਿਗਿਆਨ (ਜਿਆਲੋਜੀ) ਤੇ ਪਥਰਾਟ ਵਿਗਿਆਨ (ਪੇਲਿਐਾਟੋਲੋਜੀ) ਦੇ ਅਧਿਐਨ ਦਾ ਸ਼ੌਕ ਮੈਨੂੰ ਉਦੋਂ ਪਿਆ ਜਦੋਂ ਸੰਨ 1973-74 ਵਿਚ ਮੈਂ ਸਰਕਾਰੀ ਕਾਲਜ ਟਾਂਡਾ ਵਿਖੇ ਫਿਜ਼ਿਕਸ ਪੜ੍ਹਾਉਂਦਾ ਸੀ | ਉਨ੍ਹਾਂ ਦਿਨਾਂ ਵਿਚ ਕਦੀ ਕਦੀ ਮੈਨੂੰ ਨਾਲ ਲੱਗਦੀਆਂ ਪਹਾੜੀਆਂ ਵਿਚ ਜਾਣ ਦਾ ਮੌਕਾ ਵੀ ਮਿਲ ਜਾਂਦਾ | ਪਠਾਣਕੋਟ ਤੋਂ ਕਾਂਗੜੇ ਵੱਲ ਜਾਂਦਿਆਂ ਰਾਹ ਵਿਚ ਸ਼ਿਵਾਲਿਕ ਪਹਾੜੀਆਂ ਦੀਆਂ ਚੱਟਾਨਾਂ ਦੀ ਅਜੀਬ ਬਣਤਰ ਤੇ ਨਦੀਆਂ ਕਿਨਾਰੇ ਸਿੱਧੀਆਂ ਖੜ੍ਹੀਆਂ ਚੱਟਾਨਾਂ ਵਿਚ ਅਨੇਕਾਂ ਰੰਗ ਬਦਲਦੀਆਂ ਪਰਤਾਂ, ਜਗਿਆਸੂ ਖਿੱਚ ਪਾਉਂਦੀਆਂ ਕਿ ਇਹ ਸਭ ਕਿਵੇਂ ਤੇ ਕਿਉਂ ਹੈ? ਟਾਂਡੇ ਦੇ ਨੇੜਲੇ ਪਿੰਡ ਢੋਲਬਾਹਾ ਗਏ ਤਾਂ ਉਥੇ ਹੋਰ ਵੀ ਅਜੀਬ ਦਿ੍ਸ਼ ਵੇਖਿਆ, ਉੱਤੇ ਵਗਦੀ ਇਕ ਨਦੀ ਦੇ ਨਾਲ-ਨਾਲ ਪਹਾੜਾਂ ਵੱਲ ਨੂੰ ਟੁਰਦਿਆਂ ਅੱਗੇ ਜਾ ਕੇ ਵੇਖਿਆ ਕਿ ਇਕ ਮੰਦਿਰ ਵਿਚ ਪੁਜਾਰੀਆਂ ਨੇ ਅਲੱਗ ਬਣਾਏ ਇਕ ਸਾਧਾਰਨ ਕਮਰੇ ਵਿਚ ਪੱਥਰ ਹੋ ਚੁੱਕੇ ਹਾਥੀਆਂ ਦੇ ਜਬਾੜ੍ਹੇ ਰੱਖੇ ਹੋਏ ਹਨ | ਉਹ ਕਹਿੰਦੇ ਕਿ ਇਹ ਦੈਂਤਾਂ ਰਾਖਸ਼ਾਂ ਤੇ ਹਾਥੀਆਂ ਦੇ ਹੱਡ ਹਨ, ਜੋ ਮਹਾਂਭਾਰਤ ਦੀ ਜੰਗ ਵੇਲੇ ਆਕਾਸ਼ਾਂ ਵੱਲ ਸੁੱਟੇ ਗਏ ਸਨ | ਪਰ ਉਹ ਹੈ ਸਨ ਹਾਥੀਆਂ ਤੇ ਹੋਰ ਜਾਨਵਰਾਂ ਦੇ ਪਥਰਾਟ (ਫੌਸਿੱਲ) | ਇਸ ਘਟਨਾ ਨੇ ਮੈਨੂੰ ਇਸ ਵਿਸ਼ੇ ਦੇ ਅਧਿਐਨ ਵੱਲ ਪ੍ਰੇਰਿਤ ਕੀਤਾ | ਇਸ ਬਾਰੇ ਪੜਿ੍ਹਆ, ਥਾਂ-ਥਾਂ 'ਤੇ ਫਿਰ ਕੇ ਬਹੁਤ ਪਥਰਾਟ ਢੂੰਡੇ ਜੋ ਕਈ ਥਾਵਾਂ 'ਤੇ ਪ੍ਰਦਰਸ਼ਿਤ ਵੀ ਕੀਤੇ | ਧਰਤੀ ਦੇ ਅੱਡ-ਅੱਡ ਸਮਿਆਂ ਦੇ ਮੌਸਮਾਂ ਅਨੁਸਾਰ ਵਿਚਰਦੇ ਜੀਵਾਂ ਦੇ ਪਥਰਾਟ ਧਰਤੀ ਦੀ ਅਜੀਬ ਕਹਾਣੀ ਦੱਸਦੇ ਵੇਖੇ | ਅੰਧ-ਵਿਸ਼ਵਾਸ ਜਾਂ ਮਿਥਿਹਾਸ ਤੋਂ ਬਿਲਕੁਲ ਅਡਰੀ ਕਹਾਣੀ |
ਪਥਰਾਟ ਵੱਖ-ਵੱਖ ਸਮਿਆਂ 'ਤੇ ਹੋ ਚੁੱਕੇ ਜੀਵਾਂ ਦੇ ਵਿਗਸਣ ਦੀ ਕਹਾਣੀ ਦੱਸਦੇ ਹਨ ਅਤੇ ਚੱਟਾਨਾਂ ਦੱਸਦੀਆਂ ਹਨ ਕਿ ਉਨ੍ਹਾਂ ਦੀ ਪੁਰਾਤਨਤਾ ਕਿੰਨੀ ਕੁ ਹੈ | ਦੁਨੀਆ ਵਿਚ ਅਨੇਕਾਂ ਪਰਬਤ ਹਨ ਅਤੇ ਬਹੁਤ ਥਾਈਾ ਚੱਟਾਨਾਂ ਵਿਚ ਰੇਡੀਓਐਕਟਿਵ ਖਣਿਜ ਵੀ ਹੈਨ | ਰੇਡੀਓਐਕਟਿਵ ਖਣਿਜਾਂ ਦੀ ਖੈ-ਪ੍ਰਕਿਰਿਆ ਤੋਂ ਉਨ੍ਹਾਂ ਚੱਟਾਨਾਂ ਦੀ ਉਮਰ ਦਾ ਪਤਾ ਲੱਗਦਾ ਹੈ ਕਿ ਉਹ ਕਿੰਨੀਆਂ ਪੁਰਾਣੀਆਂ ਹਨ | ਉਨ੍ਹਾਂ ਚੱਟਾਨਾਂ ਵਿਚ ਜੇ ਕੋਈ ਪਥਰਾਟ ਬਣ ਚੁੱਕੀ ਹੱਡੀ ਫਸੀ ਹੋਵੇ ਤਾਂ ਉਸ ਦੀ ਉਮਰ ਵੀ ਉਨ੍ਹਾਂ ਚੱਟਾਨਾਂ ਜਿੰਨੀ ਹੀ ਹੋਵੇਗੀ | ਜਿਨ੍ਹਾਂ ਚੱਟਾਨਾਂ ਵਿਚ ਰੇਡੀਓਐਕਟਿਵ ਖਣਿਜ ਨਹੀਂ ਹੁੰਦੇ ਉਨ੍ਹਾਂ ਚੱਟਾਨਾਂ ਦੀ ਉਮਰ ਉਨ੍ਹਾਂ ਵਿਚ ਫਸੇ 'ਗਿਆਤ ਆਯ'ੂ ਵਾਲੇ ਪਥਰਾਟਾਂ ਦੀ ਉਮਰ ਨਾਲ ਮੇਲ ਕੇ ਮਾਲੂਮ ਕੀਤੀ ਜਾਂਦੀ ਹੈ |
ਪਰ ਇਹ ਪਥਰਾਟ ਕਿੰਜ ਉਪਜਦੇ ਹਨ ਤੇ ਇਨ੍ਹਾਂ ਦਾ ਧਾਰਕ ਚੱਟਾਨਾਂ ਨਾਲ ਕੀ ਸਬੰਧ ਹੈ? ਇਹ ਜਾਨਣਾ ਵੀ ਜ਼ਰੂਰੀ ਹੈ | ਬਹੁਤ ਪੁਰਾਣੇ ਸਮਿਆਂ ਵਿਚ ਜੋ ਕੋਈ ਜੀਵ ਧਰਤੀ 'ਤੇ ਮੌਜੂਦ ਸਨ, ਵੱਡੇ ਹੜ੍ਹਾਂ ਦੌਰਾਨ ਉਹ ਤਲਛਟਾਂ ਹੇਠ ਦੱਬ ਗਏ | ਲੱਖਾਂ ਸਾਲਾਂ ਤੱਕ ਤਲਛਟਾਂ ਦੇ ਅੰਬਾਰ ਜੰਮਦੇ ਗਏ ਤੇ ਸਮੇਂ-ਸਮੇਂ ਦੇ ਜੀਵ ਜੰਤੂ ਤੇ ਪੌਦੇ ਉਨ੍ਹਾਂ ਹੇਠ ਦਬਦੇ ਗਏ, ਉਤਲੇ ਭਾਰ ਹੇਠਾਂ ਤਲਛਟ ਸਖ਼ਤ ਚੱਟਾਨਾਂ ਬਣ ਗਏ ਤੇ ਉਨ੍ਹਾਂ 'ਚ ਫਸੇ ਜੀਵ ਵੀ ਪੱਥਰ ਹੋ ਗਏ | ਜੀਵਾਂ ਦੀਆਂ ਸਖ਼ਤ ਹੱਡੀਆਂ ਦੇ ਪੋਰਾਂ ਨੇ ਖਣਿਜਾਂ ਦੇ ਕਣ ਜਜ਼ਬ ਕਰ ਲਏ ਤੇ ਹੌਲੀ-ਹੌਲੀ ਉਹ ਪੱਥਰ ਹੋ ਗਈਆਂ/ਪਥਰਾਟ ਬਣ ਗਈਆਂ, ਪਰ ਹੱਡੀ ਦਾ ਪਦਾਰਥ ਤੇ ਰੂਪ (ਖਾਸ ਕਰਕੇ ਦੰਦਾਂ ਦਾ) ਜਿਉਂ ਦਾ ਤਿਉਂ ਰਿਹਾ, ਜਿਸ ਤੋਂ ਹੁਣ ਜੀਵਾਂ ਦੀ ਪਛਾਣ ਹੋ ਜਾਂਦੀ ਹੈ | ਲੱਕੜਾਂ ਦੇ ਪਥਰਾਟ ਇਨ੍ਹਾਂ ਨਾਲੋਂ ਕੁਝ ਵੱਖਰੇ ਢੰਗ ਨਾਲ ਬਣੇ ਸਨ | ਜਦੋਂ ਜੰਗਲ ਤਬਾਹ ਹੋ ਕੇ ਤਲਛਟਾਂ ਹੇਠ ਦਬ ਗਏ ਤਾਂ ਸਮੇਂ ਨਾਲ ਲੱਕੜੀ ਤਾਂ ਖ਼ਤਮ ਹੋ ਗਈ, ਲੱਕੜੀ ਵਿਚਲੇ ਕਾਰਬਨੀ ਅੰਸ਼ ਗਲ ਸੜ ਗਏ, ਪਰ ਖਣਿਜਾਂ ਨੇ ਉਨ੍ਹਾਂ ਦੀ ਸਥਾਨ ਪੂਰਤੀ ਕਰਕੇ ਉਨ੍ਹਾਂ ਦੇ ਸੈੱਲਾਂ ਦਾ ਹੀ ਰੂਪ ਧਾਰਨ ਕਰ ਲਿਆ | ਇਸ ਕਿਰਿਆ ਨੂੰ 'ਪੈਟਰੀਫਿਕੇਸ਼ਨ' ਕਹਿੰਦੇ ਹਨ | ਇੰਜ ਪੈਟ੍ਰੀਫਿਕੇਸ਼ਨ ਕਰਕੇ ਲੱਕੜ-ਪਥਰਾਟ ਹੋਂਦ ਵਿਚ ਆ ਗਏ | ਖਣਿਜਾਂ ਤੋਂ ਬਣੇ ਸੈੱਲਾਂ ਦਾ ਖੁਰਦਬੀਨ ਨਾਲ ਅਧਿਐਨ ਕਰਕੇ ਪਥਰਾਟ ਬਣੀ ਲੱਕੜੀ ਦੀ ਕਿਸਮ ਦੀ ਪਛਾਣ ਹੋ ਜਾਂਦੀ ਹੈ |
ਧਰਤੀ ਦੀਆਂ ਪਟਲ-ਪਲੇਟਾਂ ਦੀ ਟੈਕਟਾਨੀ ਕਿਰਿਆ ਕਾਰਨ ਉਹ ਚੱਟਾਨਾਂ ਨਪੀੜਦੀਆਂ ਗਈਆਂ ਤੇ ਉੱਪਰ ਉੱਠਦੀਆਂ ਹੋਈਆਂ ਸ਼ਿਵਾਲਿਕ ਪਹਾੜੀਆਂ ਦਾ ਰੂਪ ਧਾਰਨ ਕਰ ਗਈਆਂ | ਹੁਣ ਉਹ ਦੋਵੇਂ ਤਰ੍ਹਾਂ ਦੇ ਪਥਰਾਟ ਉਨ੍ਹਾਂ ਚੱਟਾਨਾਂ 'ਚੋਂ ਨਿਕਲਦੇ ਹਨ ਤੇ ਸਾਨੂੰ ਭੂਤਕਾਲ ਦਾ ਗਿਆਨ ਕਰਾਉਂਦੇ ਹਨ; ਪਹਾੜੀਆਂ ਦਾ ਤੇ ਉਨ੍ਹਾਂ ਵਿਚ ਸਮਾਏ ਜੀਵ-ਅੰਸ਼ਾਂ ਦਾ |
ਉੱਤਰੀ ਭਾਰਤ ਵਿਚ ਇਹ ਤਲਛਟ ਟੈਥਿਸ ਸਾਗਰ 'ਚੋਂ ਉੱਠ ਰਹੇ ਹਿਮਾਲਾ ਪਰਬਤ ਤੋਂ ਰੁੜ੍ਹ ਕੇ ਆਏ ਸਨ, ਜੋ ਪਰਬਤ ਦੇ ਦੱਖਣੀ ਭਾਗ ਵਿਚ ਬਣੀ ਇਕ ਵਿਸ਼ਾਲ ਖਾਈ ਵਿਚ ਸਮਾਉਂਦੇ ਰਹੇ | ਹਿਮਾਲਾ ਹੋਰ ਤੇ ਹੋਰ ਉੱਚਾ ਉੱਠਦਾ ਰਿਹਾ ਤੇ ਉਹ ਚੌੜੀ ਖਾਈ ਵੱਖ-ਵੱਖ ਸਮਿਆਂ ਦੇ ਤਲਛਟਾਂ ਨਾਲ ਭਰਦੀ ਰਹੀ | ਭਾਰਤੀ ਪਟਲ-ਪਲੇਟ ਹੁਣ ਵੀ ਕਰੀਬ 2 ਸੈਂ:ਮੀ: ਪ੍ਰਤੀ ਸਾਲ ਦੀ ਦਰ ਨਾਲ ਉੱਤਰ ਵੱਲ ਸਰਕ ਰਹੀ ਹੈ ਅਤੇ ਹਿਮਾਲਾ (ਵਿਸ਼ੇਸ਼ ਕਰਕੇ ਨਾਂਗਾ ਪਰਬਤ) ਲਗਪਗ 1 ਸੈਂ:ਮੀ: ਪ੍ਰਤੀ ਸਾਲ ਤੋਂ ਵੱਧ ਦੀ ਦਰ ਨਾਲ ਉੱਪਰ ਉੱਠ ਰਿਹਾ ਹੈ |
ਉੱਚੇ ਹਿਮਾਲਾ ਤੋਂ ਰੁੜ੍ਹ ਕੇ ਆਏ ਤਲਛਟ ਪਿਛਲੇ ਕੋਈ ਸਵਾ ਦੋ ਕਰੋੜ ਸਾਲ ਤੋਂ 4-ਕੁ ਲੱਖ ਸਾਲ ਪੂਰਵ ਤੱਕ ਵਿਸ਼ਾਲ ਖਾਈ ਵਿਚ ਜੰਮਦੇ ਰਹੇ | ਇਨ੍ਹਾਂ ਤਲਛਟਾਂ ਤੋਂ ਲਗਾਤਾਰ ਚੱਲਦੀ ਟੈਕਟਾਨੀ ਕਿਰਿਆ ਕਾਰਨ ਨਪੀੜ ਕੇ ਉੱਪਰ ਉੱਠੀਆਂ ਵੱਖ ਵੱਖ ਪਰਤਾਂ ਵਾਲੀਆਂ ਸ਼ਿਵਾਲਿਕ ਪਹਾੜੀਆਂ ਬਣ ਗਈਆਂ | ਸਭ ਤਾੋ ਪਹਿਲਾਂ ਜੋ ਤਲਛਟ ਜੰਮੇ ਉਨ੍ਹਾਂ ਤੋਂ ਉਪਜੀਆਂ ਪਹਾੜੀਆਂ ਨੂੰ ਹੇਠਲਾ (ਲੋਅਰ) ਸ਼ਿਵਾਲਿਕ ਕਿਹਾ ਜਾਂਦਾ ਹੈ | ਵਰਿ੍ਹਆਂ ਦੇ ਰੂਪ ਵਿਚ ਲੋਅਰ-ਸ਼ਿਵਾਲਿਕ ਦੀਆਂ ਚੱਟਾਨਾਂ ਦੀ ਆਯੂ 1.83 ਕਰੋੜ ਸਾਲ ਤੋਂ ਕਰੀਬ 1ਕਰੋੜ ਸਾਲ ਪੂਰਵ ਤੱਕ ਹੈ | ਬਾਅਦ ਵਿਚ 1 ਕਰੋੜ ਸਾਲ ਤੋਂ 56 ਲੱਖ ਸਾਲ ਪੂਰਵ ਤੱਕ ਜੰਮੇ ਤਲਛਟਾਂ ਤੋਂ ਮਧਲਾ-ਸ਼ਿਵਾਲਿਕ (ਵਿਚਕਾਰਲਾ ਸ਼ਿਵਾਲਿਕ) ਉਪਜਿਆ ਤੇ ਅੰਤ ਵਿਚ 56 ਲੱਖ ਸਾਲ ਤੋਂ ਕਰੀਬ 2 ਲੱਖ ਸਾਲ ਪੂਰਵ ਤੱਕ ਦੇ ਤਲਛਟਾਂ ਨੇ ਉਤਲਾ-ਸ਼ਿਵਾਲਿਕ (ਅੱਪਰ ਸ਼ਿਵਾਲਿਕ) ਉਪਜਾਇਆ | ਇੱਥੇ ਲੋਅਰ (ਹੇਠਲੇ) ਦਾ ਅਰਥ ਉਚਾਈ ਵਿਚ ਨੀਵਾਂ ਨਹੀਂ ਬਲਕਿ ਸਮਾਂ ਸਾਰਣੀ ਵਿਚ ਹੇਠਲਾ ਹੈ, ਪੁਰਾਣਾ ਹੈ | ਉਚਾਈ ਵਜੋਂ 'ਮਿਡਲ-ਸ਼ਿਵਾਲਿਕ' 'ਲੋਅਰ ਸ਼ਿਵਾਲਿਕ' ਨਾਲੋਂ ਨੀਵਾਂ ਹੈ ਤੇ 'ਅੱਪਰ-ਸ਼ਿਵਾਲਿਕ' ਅੱਗੋਂ 'ਮਿਡਲ-ਸ਼ਿਵਾਲਿਕ' ਨਾਲੋਂ (ਔਸਤਨ) ਹੋਰ ਨੀਵਾਂ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-444/1, ਅਰਬਨ ਅਸਟੇਟ ਪਟਿਆਲਾ |
ਮੋ: 9814348697

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-111 ਦੁਨੀਆ ਮੇਂ ਹਮ ਆਏਾ ਹੈਾ ਤੋ ਜੀਨਾ ਹੀ ਪੜੇਗਾ... ਸ਼ਕੀਲ ਬਦਾਯੰੂਨੀ

(ਲੜੀ ਜੋੜਣ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਸਾਂਝ ਏਨੀ ਮਜ਼ਬੂਤ ਸੀ ਕਿ ਇਹ ਦੋਵੇਂ ਸਦਾ ਹੀ ਇਕ-ਦੂਜੇ ਦੀ ਨਿੱਜੀ ਪੱਧਰ 'ਤੇ ਵੀ ਮਦਦ ਕਰਦੇ ਹੁੰਦੇ ਸਨ | ਮਿਸਾਲ ਦੇ ਤੌਰ 'ਤੇ ਜਦੋਂ ਵਿਜੈ ਭੱਟ ਨੇ 'ਬੈਜੂ ਬਾਵਰਾ' ਬਣਾਉਣ ਦਾ ਐਲਾਨ ਕੀਤਾ ਸੀ ਤਾਂ ਇਸ ਦੇ ਸੰਗੀਤ ਦੀ ਜ਼ਿੰਮੇਵਾਰੀ ਉਸ ਨੇ ਨੌਸ਼ਾਦ ਨੂੰ ਸੌਾਪੀ ਸੀ | ਪਰ ਗੀਤਕਾਰ ਦੇ ਰੂਪ 'ਚ ਵਿਜੈ ਭੱਟ ਪ੍ਰਦੀਪ ਨੂੰ ਲੈਣਾ ਚਾਹੁੰਦਾ ਸੀ | ਵਿਜੈ ਭੱਟ ਦੀ ਇਸ ਸੋਚ ਦਾ ਆਧਾਰ ਇਹ ਸੀ ਕਿ ਉਸ ਦੀ ਫ਼ਿਲਮ ਭਾਰਤੀ ਸੰਗੀਤ ਸੰਸਕ੍ਰਿਤੀ ਨਾਲ ਜੁੜੀ ਹੋਈ ਹੋਣ ਕਰਕੇ ਸ਼ਕੀਲ ਉਸ ਨਾਲ ਇਨਸਾਫ਼ ਨਹੀਂ ਸੀ ਕਰ ਸਕਦਾ ਪਰ ਨੌਸ਼ਾਦ ਨੇ ਵਿਜੈ ਭੱਟ ਨੂੰ ਸੁਝਾਅ ਦਿੱਤਾ ਕਿ ਇਕ ਵਾਰ ਉਹ ਸ਼ਕੀਲ ਦੀ ਲਿਖਤ ਦਾ ਨਮੂਨਾ ਤਾਂ ਦੇਖ ਲਵੇ | ਸ਼ਕੀਲ ਨੇ ਥੋੜ੍ਹੇ ਹੀ ਦਿਨਾਂ 'ਚ ਇਸ ਫ਼ਿਲਮ ਦੇ ਸਾਰੇ ਹੀ ਗੀਤ ਵਿਜੈ ਭੱਟ ਨੂੰ ਸੁਣਾ ਦਿੱਤੇ | ਬਾਕੀ ਜੋ ਕੁਝ ਹੋਇਆ, ਉਹ ਇਕ ਇਤਿਹਾਸ ਹੈ | 'ਓ ਦੁਨੀਆ ਕੇ ਰਖਵਾਲੇ', 'ਤੂੰ ਗੰਗਾ ਕੀ ਮੌਜ', 'ਮੈਂ ਯਮਨਾ ਕਾ ਕਿਨਾਰਾ' ਅਤੇ 'ਮਨ ਤੜਪਤ ਹਰੀ ਦਰਸ਼ਨ ਕੋ ਆਜ' ਵਰਗੇ ਸਦਾਬਹਾਰ ਗੀਤ 'ਬੈਜੂ ਬਾਵਰਾ' ਦੀ ਵੱਡੀ ਕਾਮਯਾਬੀ ਦਾ ਆਧਾਰ ਬਣੇ ਸਨ | ਇਸੇ ਹੀ ਤਰ੍ਹਾਂ ਸ਼ਕੀਲ ਇਕ ਵਾਰੀ ਟੀ. ਬੀ. ਦਾ ਮਰੀਜ਼ ਘੋਸ਼ਿਤ ਕੀਤਾ ਗਿਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਪੰਚਗਨੀ ਦੇ ਸੈਨੀਟੋਰੀਅਮ ਵਿਚ ਰਹਿ ਕੇ ਇਲਾਜ ਕਰਾਉਣ ਦੀ ਸਲਾਹ ਦਿੱਤੀ ਸੀ | ਸ਼ਕੀਲ ਦੀ ਆਰਥਿਕ ਹਾਲਤ ਉਸ ਵੇਲੇ ਬੜੀ ਪਤਲੀ ਸੀ | ਅਜਿਹੇ ਹਾਲਾਤਾਂ 'ਚ ਨੌਸ਼ਾਦ ਨੇ ਉਸ ਦੀ ਮਦਦ ਕੀਤੀ ਅਤੇ ਤਿੰਨ ਫ਼ਿਲਮਾਂ ਦੇ ਗੀਤ ਲਿਖਣ ਦਾ ਕੰਮ ਉਸ ਨੂੰ ਦੁਆਇਆ | ਨੌਸ਼ਾਦ ਨੇ ਇਨ੍ਹਾਂ ਫ਼ਿਲਮਾਂ ਦਾ ਮੁਆਵਜ਼ਾ ਵੀ ਸ਼ਕੀਲ ਨੂੰ ਦਸ ਗੁਣਾ ਵੱਧ ਦੁਆਇਆ ਅਤੇ ਕੇ. ਆਸਿਫ਼ (ਮੁਗ਼ਲ-ਏ-ਆਜ਼ਮ) ਤੋਂ ਨਵੀਂ ਕਾਰ ਦਾ ਇਕ ਮਹਿੰਗਾ ਤੋਹਫ਼ਾ ਵੀ ਉਸ ਤੱਕ ਪਹੁੰਚਾਇਆ ਸੀ |
ਦੂਜੇ ਪਾਸੇ, ਸ਼ਕੀਲ ਨੇ ਵੀ ਸਦਾ ਹੀ ਨੌਸ਼ਾਦ ਨੂੰ ਉਸ ਦੀ ਮੰਗ ਦੇ ਅਨੁਸਾਰ ਗੀਤ ਲਿਖ ਕੇ ਦਿੱਤੇ ਸਨ | 'ਮੁਗ਼ਲ-ਏ-ਆਜ਼ਮ' ਦਾ ਇਕ ਗੀਤ 'ਜਬ ਪਿਆਰ ਕੀਆ ਤੋ ਡਰਨਾ ਕਿਆ' ਸ਼ਕੀਲ ਨੇ ਦਸ ਵਾਰ ਤੋਂ ਵੀ ਵੱਧ ਕੱਟ-ਵੱਢ ਕੇ ਲਿਖਿਆ ਸੀ ਅਤੇ ਜਦੋਂ ਨੌਸ਼ਾਦ ਦੀ ਸੰਤੁਸ਼ਟੀ ਹੋਈ ਤਾਂ ਹੀ ਉਸ ਨੇ ਸੱੁਖ ਦਾ ਸਾਹ ਲਿਆ ਸੀ |
ਇਸੇ ਹੀ ਤਰ੍ਹਾਂ 'ਗੰਗਾ ਯਮਨਾ' ਦਲੀਪ ਕੁਮਾਰ ਨੇ ਭੋਜਪੁਰੀ 'ਚ ਬਣਾਈ ਸੀ | ਨੌਸ਼ਾਦ ਦੇ ਕਹਿਣ 'ਤੇ ਹੀ ਸ਼ਕੀਲ ਨੇ ਇਸ ਦੇ ਗੀਤ ਭੋਜਪੁਰੀ ਭਾਸ਼ਾ 'ਚ ਹੀ ਲਿਖੇ ਸਨ | ਫਿਰ ਵੀ, ਇਹ ਗੀਤ ਬੜੇ ਚੱਲੇ ਸਨ | 'ਦੋ ਹੰਸੋ ਕਾ ਜੋੜਾ ਬਿਛੁੜ ਗਇਓ ਰੇ', 'ਨੈਣ ਲੜ ਗਈ ਹੈਾ' ਵਰਗੇ ਭੋਜਪੁਰੀ ਗੀਤ ਭਾਰਤ ਦੇ ਕੋਨੇ-ਕੋਨੇ 'ਚ ਗੰੂਜੇ ਸਨ |
ਕਈ ਵਾਰ ਇੰਜ ਵੀ ਹੋਇਆ ਕਿ ਅੱਧੀ ਰਾਤ ਨੂੰ ਵੀ ਜੇਕਰ ਨੌਸ਼ਾਦ ਨੇ ਕੋਈ ਧੁਨ ਤਿਆਰ ਕੀਤੀ ਤਾਂ ਉਹ ਸ਼ਕੀਲ ਨੂੰ ਉਸੇ ਵੇਲੇ ਹੀ ਉਸ 'ਤੇ ਗੀਤ ਲਿਖਣ ਲਈ ਘਰ ਸੱਦ ਲਿਆ ਕਰਦਾ ਸੀ | 'ਲੀਡਰ' ਦਾ 'ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ' ਅਤੇ 'ਮਦਰ ਇੰਡੀਆ' ਦਾ ਅਮਰ ਗੀਤ 'ਦੁਨੀਆ ਮੇਂ ਹਮ ਆਏ ਹੈਾ ਤੋ ਜੀਨਾ ਹੀ ਪੜੇਗਾ' ਕੁਝ ਅਜਿਹੇ ਗੀਤ ਸਨ, ਜਿਹੜੇ ਕਿ ਇਸ ਜੋੜੀ ਦੇ ਆਪਸੀ ਤਾਲਮੇਲ ਕਰਕੇ ਹੀ ਸੰਭਵ ਹੋ ਸਕੇ ਸਨ |
ਵੈਸੇ ਜਿਥੋਂ ਤੱਕ ਸਹਿਯੋਗ ਦੇਣ ਦਾ ਸਬੰਧ ਹੈ ਤਾਂ ਸ਼ਕੀਲ ਬਾਕੀ ਦੇ ਦੂਜੇ ਸੰਗੀਤਕਾਰਾਂ ਨਾਲ ਵੀ ਬਹੁਤ ਮਦਦਗਾਰ ਸਿੱਧ ਹੋਇਆ ਕਰਦਾ ਸੀ | ਸੰਗੀਤਕਾਰ ਰਵੀ ਦੀ ਵੀ ਉਸ ਨੇ ਅਨੇਕਾਂ ਸਮੇਂ ਮਦਦ ਕੀਤੀ ਸੀ | 'ਚੌਦਵੀਂ ਕਾ ਚਾਂਦ' ਦੇ ਲਈ ਮੁਸਲਿਮ ਸੱਭਿਆਚਾਰ ਤੋਂ ਪ੍ਰੇਰਿਤ ਗੀਤ ਕਰਨ ਲਈ ਗੁਰੂ ਦੱਤ ਨੇ ਪਹਿਲਾਂ ਰਵੀ ਦੇ ਨਾਲ ਸਾਹਿਰ ਨੂੰ ਕਿਹਾ ਸੀ ਪਰ ਸਾਹਿਰ ਕੁਝ ਨਖਰੇ ਦਿਖਾ ਰਿਹਾ ਸੀ | ਉਹ ਸਮਝਦਾ ਸੀ ਕਿ ਉਸ ਤੋਂ ਬਗੈਰ ਰਵੀ ਕੋਈ ਵੀ ਧੁਨ ਤਿਆਰ ਨਹੀਂ ਕਰ ਸਕਦਾ ਸੀ | ਦੂਜੇ ਪਾਸੇ ਵਿਤਰਕਾਂ ਦਾ ਦਬਾਅ ਗੁਰੂ ਦੱਤ 'ਤੇ ਪੈ ਰਿਹਾ ਸੀ ਕਿ ਉਹ ਗੀਤਾਂ ਦਾ ਨਮੂਨਾ ਉਨ੍ਹਾਂ ਦੇ ਅੱਗੇ ਪੇਸ਼ ਕਰੇ | ਅਜਿਹੇ ਵੇਲੇ ਸ਼ਕੀਲ ਨੇ ਰਵੀ ਦੇ ਨਾਲ ਦਿਨ-ਰਾਤ ਇਕ ਕਰਕੇ 'ਚੌਦਵੀਂ ਕਾ ਚਾਂਦ' ਦੇ ਗੀਤ ਰਿਕਾਰਡ ਕਰਵਾਏ, ਜਿਹੜੇ ਕਿ ਹਿੱਟ ਸਿੱਧ ਹੋਏ ਸਨ | 'ਸਾਕੀਆ ਆਜ ਤੁਝੇ ਨੀਂਦ ਨਹੀਂ ਆਏਗੀ', 'ਮੇਰਾ ਯਾਰ ਬਨਾ ਹੈ ਦੁਲਹਾ', 'ਮਿਲੀ ਖਾਕ ਮੇਂ ਮੁਹੱਬਤ' ਅਤੇ 'ਚੌਦਵੀਂ ਕਾ ਚਾਂਦ ਹੋ' ਵਰਗੇ ਲਖਨਵੀ ਅੰਦਾਜ਼ ਦੇ ਗੀਤਾਂ ਨਾਲ ਬਾਲੀਵੁੱਡ ਗੰੂਜ ਉਠਿਆ ਸੀ | ਇਸ ਤੋਂ ਬਾਅਦ ਰਵੀ ਨੇ ਸ਼ਕੀਲ ਦੇ ਨਾਲ 'ਭਰੋਸਾ', 'ਦੋ ਬਦਨ' ਅਤੇ 'ਘਰਾਣਾ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਗੀਤ ਵੀ ਲਿਖੇ ਸਨ | ਇਨ੍ਹਾਂ ਫ਼ਿਲਮਾਂ ਦੇ ਗੀਤ ਵੀ ਕਾਫ਼ੀ ਪਸੰਦ ਕੀਤੇ ਗਏ ਸਨ |
ਇਸੇ ਹੀ ਤਰ੍ਹਾਂ ਹੇਮੰਤ ਕੁਮਾਰ ਦੇ ਨਾਲ ਰਲ ਕੇ ਉਸ ਨੇ 'ਸਪਨੇ ਸੁਹਾਣੇ ਲੜਕਪਨ ਕੇ', 'ਕਹੀਂ ਦੀਪ ਜਲੇ ਕਹੀਂ ਦਿਲ' ਅਤੇ 'ਬੇਕਰਾਰ ਕਰਕੇ ਹਮੇਂ ਯੰੂ ਨਾ ਜਾਈਏ' ਵਰਗੀਆਂ ਮੈਥੋਡੀਜ਼ 'ਬੀਸ ਸਾਲ ਬਾਅਦ' ਫ਼ਿਲਮ ਲਈ ਰਚੀਆਂ ਸਨ | 'ਬਿਨ ਬਾਦਲ ਬਰਸਾਤ ਨਾ ਹੋਗੀ' ਦੇ ਲਈ ਵੀ ਦੋਵਾਂ ਦੇ ਸੁਰੀਲੇ ਸੰਗੀਤ ਨੂੰ ਤਿਆਰ ਕੀਤਾ ਸੀ |
ਸੀ. ਰਾਮਾਚੰਦਨ ਨੇ 'ਜ਼ਿੰਦਗੀ ਔਰ ਮੌਤ' ਦੇ ਲਈ ਸ਼ਕੀਲ ਦੀ ਇਸੇ ਸਿਰਲੇਖ ਵਾਲੀ ਗ਼ਜ਼ਲ ਨੂੰ ਆਧੁਨਿਕ ਰੂਪ 'ਚ ਪੇਸ਼ ਕੀਤਾ ਸੀ |
ਸ਼ਕੀਲ ਨੂੰ ਸਾਰੀ ਉਮਰ ਡਾਇਬਟੀਜ਼ ਤੰਗ ਕਰਦੀ ਰਹੀ ਸੀ | ਟੀ. ਬੀ. ਤੋਂ ਤਾਂ ਉਸ ਨੂੰ ਰਾਹਤ ਮਿਲ ਗਈ ਸੀ ਪਰ ਬਾਅਦ 'ਚ ਉਸ ਨੂੰ ਕਿਡਨੀ ਦੀ ਸਮੱਸਿਆ ਵੀ ਹੋ ਗਈ ਸੀ | ਗੁਰਦਿਆਂ ਦੇ ਇਲਾਜ ਲਈ ਉਹ ਬੜਾ ਭਟਕਿਆ ਪਰ ਠੀਕ ਨਹੀਂ ਹੋ ਸਕਿਆ ਸੀ | ਜ਼ਿੰਦਗੀ ਔਰ ਮੌਤ ਦੀ ਇਸ ਲੜਾਈ 'ਚ ਜੂਝਦਿਆਂ ਹੋਇਆਂ ਉਸ ਦੀ ਬਾਂਬੇ ਹਾਸਪਿਟਲ 'ਚ 20 ਅਪ੍ਰੈਲ, 1970 ਨੂੰ ਹਾਰ ਹੋ ਗਈ ਸੀ |
ਇਸ ਮਹਾਨ ਗੀਤਕਾਰ ਦੀ ਯਾਦ 'ਚ ਭਾਰਤ ਸਰਕਾਰ ਨੇ 3 ਮਈ, 2013 ਨੂੰ ਵਿਸ਼ੇਸ਼ ਡਾਕ ਟਿਕਟ ਰਿਲੀਜ਼ ਕੀਤੀ ਸੀ | ਉਸ ਦੇ ਸ਼ਹਿਰ ਬਦਾਯੰੂ ਨੇ ਇਕ ਸੜਕ ਦਾ ਨਾਂਅ ਸ਼ਕੀਲ ਰੋਡ ਰੱਖਿਆ ਹੋਇਆ ਸੀ | ਕੁਝ ਮਿੱਤਰਾਂ (ਅਹਿਮਦ ਜ਼ਕਾਰੀਆ, ਰੰਗੂਨਵਾਲਾ) ਨੇ ਰਲ ਕੇ ਇਕ ਸ਼ਕੀਲ ਟਰੱਸਟ ਦੀ ਸਥਾਪਨਾ ਵੀ ਕੀਤੀ ਹੋਈ ਹੈ | ਇਹ ਟਰੱਸਟ ਹਰ ਸਾਲ ਇਕ ਫੰਕਸ਼ਨ ਵੀ ਕਰਵਾਉਂਦਾ ਹੈ, ਜਿਸ ਦੀ ਕਮਾਈ ਸ਼ਕੀਲ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ | ਇਸ ਸਮਾਰੋਹ 'ਚ ਇਹ ਗੀਤ ਜ਼ਰੂਰ ਹੀ ਪੇਸ਼ ਕੀਤਾ ਜਾਂਦਾ ਹੈ:
ਓ ਦੁਨੀਆ ਕੇ ਰਖਵਾਲੇ,
ਸੁਨ ਦਰਦ ਭਰੇ ਮੇਰੇ ਨਾਲੇ | (ਬੈਜੂ ਬਾਵਰਾ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਹੱਸਣ-ਹਸਾਉਣ ਦਾ ਦਿਨ ਹੈ 'ਅਪ੍ਰੈਲ ਫੂਲ'

ਤਕਰੀਬਨ ਸਾਡੇ ਦੇਸ਼ 'ਚ ਮਨਾਏ ਜਾਣ ਵਾਲੇ ਸਾਰੇ ਉਤਸਵ ਮੌਸਮ ਜਾਂ ਜੀਵਨ ਦੀਆਂ ਘਟਨਾਵਾਂ ਨਾਲ ਜੁੜੇ ਹੁੰਦੇ ਹਨ | ਇਨ੍ਹਾਂ ਨੂੰ ਮਨਾਉਣ ਦੇ ਰਵਾਇਤੀ ਢੰਗਾਂ ਵਿਚ ਸਲੀਕਾ, ਸਮਾਜਿਕ ਸੁਹਿਰਦਤਾ ਛਿਪੀ ਹੁੰਦੀ ਹੈ ਅਤੇ ਇਥੋਂ ਦੇ ਵਸਨੀਕ ਇਨ੍ਹਾਂ ਨੂੰ ਆਪੋ-ਆਪਣੇ ਢੰਗਾਂ ਨਾਲ ਮਨਾਉਂਦੇ ਹਨ | ਪਰ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਲੋਕਾਂ ਵੱਲੋਂ ਰੁਜ਼ਗਾਰ ਦੀ ਭਾਲ 'ਚ ਪੱਛਮੀ ਦੇਸ਼ਾਂ 'ਚ ਜਾਣ, ਦੂਰਸੰਚਾਰ ਦੀਆਂ ਨਵੀਆਂ ਕਾਢਾਂ ਜਿਵੇਂ ਫੇਸਬੁੱਕ, ਵਟਸਐਪ ਆਦਿ ਸਦਕਾ ਸਾਡੇ ਸੱਭਿਆਚਾਰ ਨੇ ਉਨ੍ਹਾਂ ਦਾ ਅਸਰ ਕਬੂਲਦਿਆਂ, ਅਜਿਹੀ ਕਰਵਟ ਬਦਲੀ ਕਿ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਪੱਛਮਵਾਦ ਸਾਡੇ ਦਿਨਾਂ, ਤਿਉਹਾਰਾਂ ਅਤੇ ਸਰਗਰਮੀਆਂ ਵਿਚ ਵੀ ਘੁਸਪੈਠ ਕਰ ਗਿਆ ਹੈ | ਫਲਸਰੂਪ ਅਸੀਂ ਹੁਣ ਇਕ ਅਪ੍ਰੈਲ ਦਾ ਦਿਨ ਅਪ੍ਰੈਲ ਫੂਲ ਵਜੋਂ ਇਕ-ਦੂਜੇ ਨੂੰ ਮੂਰਖ ਬਣਾਉਣ ਅਤੇ ਹੱਸਣ-ਹਸਾਉਣ, ਮਸ਼ਕਰੀਆਂ ਕਰਨ ਦੇ ਦਿਨ ਵਜੋਂ ਮਨਾਉਣ ਲੱਗੇ ਹਾਂ |
ਜੇ ਤੁਸੀਂ ਅਪ੍ਰੈਲ ਫੂਲ ਮਨਾਇਆ ਹੈ ਤਾਂ ਇਸ ਤੋਂ ਉਪਜੇ ਹਾਸਿਆਂ ਦੇ ਫੁਆਰਿਆਂ ਦਾ ਆਨੰਦ ਵੀ ਜ਼ਰੂਰ ਲਿਆ ਹੋਵੇਗਾ | ਇਹ ਸੱਚ ਹੈ ਕਿ ਇਹ ਦਿਨ ਬੜਾ ਯਾਦਗਿਰੀ ਅਤੇ ਮਜ਼ੇਦਾਰ ਹੋ ਨਿੱਬੜਦਾ ਹੈ | ਭਾਵੇਂ ਇਕ ਦਿਨ ਲਈ ਹੀ ਸਹੀ ਇਨਸਾਨ ਨੂੰ ਖੁਸ਼ੀਆਂ ਭਰੇ ਮਾਹੌਲ 'ਚ ਜਿਊਣ ਦਾ ਮੌਕਾ ਤਾਂ ਮਿਲਦਾ ਹੈ ਪਰ ਇਸ ਦੇ ਨਾਲ-ਨਾਲ ਧਿਆਨ ਗੋਚਰੇ ਰੱਖਣ ਦੀ ਲੋੜ ਹੁੰਦੀ ਹੈ ਕਿ ਇਸ ਸਮੇਂ ਕਿਸੇ ਨੂੰ ਸੱਭਿਆਚਾਰਕ ਦਾਇਰੇ ਅੰਦਰ ਰਹਿ ਕੇ ਮਜ਼ਾਕ ਕਰਕੇ ਕੁਝ ਸਮੇਂ ਲਈ ਮਨੋਰੰਜਨ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਨਾ ਕਿ ਕਿਸੇ ਨਾਲ ਦੁਸ਼ਮਣੀ ਕੱਢਦਿਆਂ ਉਸ ਦੀ ਬੇਇੱਜ਼ਤੀ ਕੀਤੀ ਜਾਵੇ |
ਅਪ੍ਰੈਲ ਫੂਲ ਮਨਾਉਣ ਦੀ ਪੰ੍ਰਪਰਾ ਬਹੁਤ ਪੁਰਾਣੀ ਹੈ | ਸੈਂਕੜੇ ਸਾਲ ਪਹਿਲਾਂ ਤੋਂ ਇੰਗਲੈਂਡ 'ਚ ਹਰ ਸਾਲ ਇਕ ਅਪ੍ਰੈਲ ਨੂੰ ਨਿਰਆਧਾਰ ਖ਼ਬਰਾਂ ਛਪਦੀਆਂ ਆ ਰਹੀਆਂ ਹਨ ਜੋ ਕਿ ਪੜ੍ਹੇ-ਲਿਖੇ ਲੋਕਾਂ ਨੂੰ ਵੀ ਭੰਬਲਭੂਸੇ 'ਚ ਪਾ ਦਿੰਦੀਆਂ ਹਨ | ਭਾਰਤ ਵਿਚ ਵੀ ਇਕ ਅਪ੍ਰੈਲ, 1967 'ਚ ਲੋਕਾਂ ਨੂੰ ਫੂਲ ਬਣਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੋਈ, ਜਿਸ ਵਿਚ ਇਕ ਅਖ਼ਬਾਰ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਕਿ ਕਾਲੀਕਟ ਦੇ ਇਕ ਕਿਸਾਨ ਨੂੰ ਖੂਹ ਪੁਟਦੇ ਸਮੇਂ ਸੋਨੇ ਦੀ ਖਾਣ ਮਿਲੀ ਹੈ | ਮਾਹਿਰਾਂ ਦੀ ਖੋਜ ਮੁਤਾਬਿਕ ਇਹ ਖਾਣ ਕੁਲਾਰ ਦੀਆਂ ਸੋਨ ਖਾਣਾਂ ਤੋਂ ਵੀ ਵੱਡੀ ਹੈ | ਖ਼ਬਰ ਪੜ੍ਹਦਿਆਂ ਹੀ ਲੋਕਾਂ ਦਾ ਹਜੂਮ ਖਾਣ ਵੇਖਣ ਲਈ ਦੱਸੀ ਥਾਂ 'ਤੇ ਉਮੜ ਗਿਆ ਪਰ ਉਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਸਿਰਫ਼ ਅਪ੍ਰੈਲ ਫੂਲ ਦਾ ਸ਼ਿਕਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ 1973 ਦੀ ਪਹਿਲੀ ਅਪ੍ਰੈਲ ਨੂੰ ਮੰੁਬਈ 'ਚ ਬੜੀ ਰੌਚਿਕ ਘਟਨਾ ਵਾਪਰੀ | ਪਤਾ ਨਹੀਂ ਕਿਸ ਨੇ ਖ਼ਬਰ ਉਡਾਈ ਕਿ ਫਲਾਣੀ ਮਸ਼ਹੂਰ ਵਿਦੇਸ਼ੀ ਹੀਰੋਇਨ 9 ਵਜੇ ਵਾਲੀ ਫਲਾਈਟ 'ਤੇ ਭਾਰਤ ਪਹੁੰਚ ਰਹੀ ਹੈ | ਸੁਣਦਿਆਂ ਹੀ ਹਜ਼ਾਰਾਂ ਦੀਵਾਨੇ ਹੱਥਾਂ 'ਚ ਫੁੱਲਾਂ ਦੇ ਗੁਲਦਸਤੇ, ਹਾਰ ਲੈ ਕੇ ਉਸ ਦੇ ਸਵਾਗਤ ਲਈ ਸ਼ਾਂਤਾ ਕਰੂਜ਼ ਹਵਾਈ ਅੱਡੇ 'ਤੇ ਜਾ ਪੁੱਜੇ | ਜਦ ਜਹਾਜ਼ ਉਤਰਿਆ ਤਾਂ ਲੋਕਾਂ ਨੇ ਬਿਨਾਂ ਪੁੱਛੇ ਦੱਸੇ ਕਿਸੇ ਹੋਰ ਹੀ ਸੰੁਦਰ ਇਸਤਰੀ ਜੋ ਕਿ ਮੰੁਬਈ ਆਪਣੇ ਪਤੀ ਨੂੰ ਮਿਲਣ ਆਈ ਸੀ, ਨੂੰ ਅਭਿਨੇਤਰੀ ਸਮਝ ਹਾਰਾਂ ਨਾਲ ਲੱਦ ਦਿੱਤਾ | ਬਾਅਦ 'ਚ ਪਤਾ ਲੱਗਾ ਕਿ ਅਸਲੀਅਤ ਤਾਂ ਕੁਝ ਹੋਰ ਹੀ ਹੈ | ਉਨ੍ਹਾਂ ਨੂੰ ਤਾਂ ਅਪ੍ਰੈਲ ਫੂਲ ਬਣਾਇਆ ਗਿਆ ਹੈ |
ਇਕ ਅਪ੍ਰੈਲ ਦਾ ਦਿਨ ਦੂਸਰਿਆਂ ਨੂੰ ਬਿਨਾਂ ਕੋਈ ਹਾਨੀ ਪਹੁੰਚਾਏ ਕਲਪਨਾਵਾਂ ਨੂੰ ਸੱਚ ਦੱਸਦਿਆਂ ਇਕ-ਦੂਜੇ ਨੂੰ ਮੂਰਖ ਬਣਾ ਹੱਸਣ-ਹਸਾਉਣ ਦਾ ਦਿਨ ਹੈ | ਇਸ ਦੀ ਸ਼ੁਰੂਆਤ ਕਦੋਂ ਤੋਂ ਕਿੱਥੇ ਹੋਈ? ਸਹੀ-ਸਹੀ ਤਾਂ ਦੱਸਣਾ ਮੁਸ਼ਕਿਲ ਹੈ | ਬਹੁਤ ਸਾਰੇ ਲੋਕ ਤਾਂ ਇਸ ਦਿਨ ਦੀ ਸ਼ੁਰੂਆਤ ਯੂਨਾਨ ਦੇਸ਼ 'ਚ ਵਾਪਰੀ ਇਕ ਘਟਨਾ ਨਾਲ ਜੋੜਦੇ ਹਨ | ਜਿਸ ਅਨੁਸਾਰ ਯੂਨਾਨ ਦੀ ਦੇਵੀ ਸੀਰੀਜ਼ ਦੀ ਬੇਟੀ ਪ੍ਰੋਸੇਰਪੀਨਾ ਦਾ ਜੰਗਲ 'ਚੋਂ ਫੁੱਲ, ਫਲ ਤੋੜਦਿਆਂ ਪਤਾਲ ਦੇ ਦੇਵਤਾ ਪਲੂਟੋ ਨੇ ਅਪਹਰਣ ਕਰ ਲਿਆ | ਪ੍ਰੋਸੇਰਪੀਨਾ ਦੀਆਂ ਚੀਕਾਂ ਨਾਲ ਆਲਾ-ਦੁਆਲਾ, ਪਹਾੜ ਗੰੂਜ ਉਠੇ ਸੀ | ਸੀਰੀਜ਼ ਉਸੇ ਆਵਾਜ਼ ਦੇ ਆਧਾਰ 'ਤੇ ਗ਼ਲਤ ਦਿਸ਼ਾ ਵੱਲ ਦੌੜਦੀ, ਭਟਕਦੀ ਰਹੀ ਅਤੇ ਅਸਫ਼ਲ ਹੋ ਗਈ | ਪਹਾੜੀ ਇਲਾਕੇ ਵਿਚ ਕੇਵਲ ਚੀਕਾਂ ਦੀ ਗੰੂਜ 'ਤੇ ਆਧਾਰਿਤ ਸੀਰੀਜ਼ ਦੁਆਰਾ ਆਪਣੀ ਬੇਟੀ ਦੀ ਖੋਜ ਕਰਨ ਨੂੰ ਮੂਰਖਾਂ ਦੇ ਦਿਨ ਵਜੋਂ ਮਨਾਇਆ ਜਾਣ ਲੱਗਾ |
ਅਪ੍ਰੈਲ ਫੂਲ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਨਾ ਭੁੱਲਣਯੋਗ ਘਟਨਾਵਾਂ ਹਨ | ਪਹਿਲੀ ਅਪ੍ਰੈਲ ਵਾਲੇ ਦਿਨ ਅਮਰੀਕਾ ਦੇ ਪ੍ਰਸਿੱਧ ਪ੍ਰਚਾਰਕ ਹੈਨਰੀ ਵਾਰਡ ਬੀਚਰ ਨੂੰ ਇਕ ਸਭਾ 'ਚ ਭਾਸ਼ਣ ਦਿੰਦੇ ਸਮੇਂ ਇਕ ਲਿਫ਼ਾਫ਼ਾ ਮਿਲਿਆ, ਲਿਫ਼ਾਫ਼ੇ ਅੰਦਰ ਰੱਖੇ ਇਕ ਖਾਲੀ ਕਾਗਜ਼ 'ਤੇ ਸਿਰਫ਼ ਮੋਟਾ ਸਾਰਾ ਇਕ ਹੀ ਸ਼ਬਦ ਲਿਖਿਆ ਹੋਇਆ ਸੀ, 'ਫੂਲ', ਭਾਵੇਂ ਪਤਾ ਤਾਂ ਬੀਚਰ ਨੂੰ ਉਸੇ ਵੇਲੇ ਹੀ ਲੱਗ ਗਿਆ ਸੀ ਕਿ ਉਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਆਪਣੀ ਤੀਖਣ ਬੁੱਧੀ ਸਦਕਾ ਉਸ ਮੌਕਾ ਸੰਭਾਲਦਿਆਂ ਉਸੇ ਵਿਅਕਤੀ ਨੂੰ ਹੀ ਮੂਰਖ ਬਣਾ ਦਿੱਤਾ | ਬੀਚਰ ਨੇ ਉਸੇ ਵੇਲੇ ਹੀ ਜਨਤਕ ਐਲਾਨ ਕਰ ਦਿੱਤਾ ਕਿ ਉਸ ਨੂੰ ਹਰ ਰੋਜ਼ ਅਣਗਿਣਤ ਪੱਤਰ ਮਿਲਦੇ ਹਨ, ਜਿਸ 'ਤੇ ਪੱਤਰ ਲਿਖਣ ਵਾਲੇ ਆਪਣਾ ਨਾਂਅ ਲਿਖਣਾ ਭੁੱਲ ਜਾਂਦੇ ਹਨ ਪਰ ਅੱਜ ਪਹਿਲੀ ਵਾਰ ਇਸ ਤਰ੍ਹਾਂ ਦਾ ਪੱਤਰ ਮਿਲਿਆ ਹੈ, ਜਿਸ 'ਤੇ ਖਤ ਲਿਖਣ ਵਾਲੇ ਨੇ ਆਪਣਾ ਨਾਂਅ ਵੀ ਲਿਖਿਆ ਹੈ |
ਲੰਦਨ 'ਚ ਵਾਪਰੀ ਇਸ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇਕੋ ਦਿਨ ਡਾਕ ਰਾਹੀਂ ਸੱਦਾ-ਪੱਤਰ ਪ੍ਰਾਪਤ ਹੋਏ, ਜਿਨ੍ਹਾਂ ਵਿਚ ਲਿਖਿਆ ਸੀ, 'ਇਕ ਅਪ੍ਰੈਲ ਨੂੰ ਸ਼ਾਮੀਂ ਤੁਸੀਂ 'ਟਾਵਰ ਆਫ਼ ਲੰਦਨ' ਵਿਖੇ ਪਹੁੰਚੋ, ਉਥੇ ਇਕ ਚਿੱਟੇ ਰੰਗ ਦੇ ਗਧੇ ਨੂੰ ਜਨਤਕ ਰੂਪ ਵਿਚ ਇਸ਼ਨਾਨ ਕਰਵਾਇਆ ਜਾਵੇਗਾ ਅਤੇ ਬਾਅਦ 'ਚ ਸਭ ਨੂੰ ਬੀਅਰ ਪੀਣ ਨੂੰ ਦਿੱਤੀ ਜਾਵੇਗੀ | ਬਸ ਫਿਰ ਕੀ ਸੀ, ਹਜ਼ਾਰਾਂ ਦੀ ਗਿਣਤੀ 'ਚ ਲੋਕ ਦੱਸੀ ਥਾਂ 'ਤੇ ਇਹ ਦਿਲਚਸਪ ਨਜ਼ਾਰਾ ਵੇਖਣ ਅਤੇ ਬੀਅਰ ਪੀਣ ਦੇ ਲਾਲਚ ਸਦਕਾ ਪਹੁੰਚ ਗਏ | ਉਥੇ ਜਾ ਕੇ ਪਤਾ ਲੱਗ ਕਿ ਨਾ ਤਾਂ ਉਥੇ ਕੋਈ ਗਧਾ ਇਸ਼ਨਾਨ ਸਮਾਗਮ ਸੀ ਅਤੇ ਨਾ ਹੀ ਕੋਈ ਬੀਅਰ ਪ੍ਰੋਗਰਾਮ | ਜਦ ਲੋਕਾਂ ਨੂੰ ਪਤਾ ਲੱਗਾ ਕਿ ਉਹ ਅੱਜ ਅਪ੍ਰੈਲ ਫੂਲ ਵਾਲੇ ਦਿਨ ਮੂਰਖ ਬਣਾਏ ਜਾ ਚੁੱਕੇ ਹਨ ਤਾਂ ਸਭ ਹੱਸ-ਹੱਸ ਕੇ ਲੋਟ-ਪੋਟ ਹੋ ਗਏ |
ਸੋ, ਇਸ ਦਿਨ ਕਿਸੇ ਨੂੰ ਅਪ੍ਰੈਲ ਫੂਲ ਬਣਾ ਕੇ ਹੱਸਣਾ-ਹਸਾਉਣਾ ਗ਼ਲਤ ਨਹੀਂ ਹੈ | ਪਰ ਇਹੋ ਜਿਹੇ ਢੰਗ-ਤਰੀਕੇ ਅਪਨਾਉਣੇ ਚਾਹੀਦੇ ਹਨ, ਜਿਸ ਨਾਲ ਕਿਸੇ ਦਾ ਨਾ ਹੀ ਕੋਈ ਨੁਕਸਾਨ, ਨਿਰਾਦਰ ਹੋਵੇ ਅਤੇ ਨਾ ਹੀ ਅਗਲੇ ਨੂੰ ਹੀਣ-ਭਾਵਨਾ ਦਾ ਸ਼ਿਕਾਰ ਹੋਣਾ ਪਵੇ | ਸਿਰਫ਼ ਬਣਦੇ-ਫਬਦੇ ਤੇ ਜਾਇਜ਼ ਢੰਗ-ਤਰੀਕੇ ਵਰਤ ਕੇ ਹੱਸਣ-ਹਸਾਉਣ ਅਤੇ ਮਨਪ੍ਰਚਾਵੇ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) |
ਮੋਬਾਈਲ : 70870-48140.

ਕਹਾਣੀ ਕੰਬਲ ਹੀ ਨਹੀਂ ਛੱਡਦਾ...

ਰੀਟਾ ਅੱਜ ਬਹੁਤ ਪ੍ਰਸੰਨ ਸੀ | ਕਾਲਜ ਵਿਚ ਰਿਜਨਲ ਯੂਥ ਫੈਸਟੀਵਲ ਦੇ ਪ੍ਰੋਗਰਾਮਾਂ ਦੀ ਲੜੀ 'ਚ ਅੱਜ ਨਸ਼ਿਆਂ ਦੇ ਪ੍ਰਸਾਰ ਦੇ ਖਿਲਾਫ਼ ਵਿਸ਼ੇ 'ਤੇ ਸੈਮੀਨਾਰ ਸੀ ਜਿਸ ਵਿਚ ਆਪਣੇ ਕਾਲਜ ਵੱਲੋਂ ਰੀਟਾ ਨੇ ਸ਼ਮੂਲੀਅਤ ਕੀਤੀ ਸੀ ਤੇ ਅੱਵਲ ਆਈ ਸੀ | ਉਸ ਨੂੰ ਇਕ ਸਰਟੀਫਿਕੇਟ, ਇਕ ਟਰਾਫੀ ਤੇ ਨਕਦ ਇਨਾਮ ਮਿਲਿਆ ਸੀ | ਉਹਨੇ ਪਹਿਲਾਂ ਕਾਲਜ ਕੈਫੇ ਵਿਚ ਆਪਣੀਆਂ ਸਹੇਲੀਆਂ ਨੂੰ ਕੋਲਡ ਡਰਿੰਕ ਪਾਰਟੀ ਦਿੱਤੀ, ਫਿਰ ਸਕੂਟਰ 'ਚ ਸਮਾਨ ਰੱਖਿਆ ਤੇ ਘਰ ਨੂੰ ਚਲ ਪਈ |
ਉਹਦੇ ਮੰਮੀ-ਪਾਪਾ ਕਿੰਨੇ ਜ਼ਿਆਦਾ ਖੁਸ਼ ਹੋਣਗੇ, ਉਹ ਸਕੂਟਰ ਚਲਾਉਂਦਿਆਂ ਕਲਪਨਾ ਕਰਦਿਆਂ ਕਦੇ ਕੁਝ ਕਦੇ ਕੁਝ ਸੋਚ ਕੇ ਖੂਬ ਆਨੰਦਿਤ ਹੋ ਰਹੀ ਸੀ | ਫਿਰ ਕਿਸੇ ਵੇਲੇ ਇਹ ਸੋਚ ਕੇ ਕਿ ਉਸ ਵੱਲੋਂ ਨਸ਼ਿਆਂ ਖਿਲਾਫ਼ ਦਿੱਤੀਆਂ ਦਲੀਲਾਂ, ਸਟੇਜ ਸੰਭਾਲ ਰਹੇ ਮੈਡਮ ਨੂੰ ਵੀ ਪਸੰਦ ਆਈਆਂ ਤੇ ਫਿਰ ਨਤੀਜਾ ਸੁਣਾਉਣ ਵੇਲੇ ਪ੍ਰਧਾਨਗੀ ਮੰਡਲ ਵੱਲੋਂ ਜੱਜ ਸਾਹਿਬਾਂ ਨੇ ਵੀ ਵਿਸ਼ੇਸ਼ ਕਰਕੇ ਨਸ਼ਿਆਂ ਨੂੰ ਤਿਆਗਣ ਲਈ ਰੀਟਾ ਵੱਲੋਂ ਦਿੱਤੀਆਂ ਦਲੀਲਾਂ ਨੂੰ ਕਾਰਗਾਰ ਤੇ ਅਮਲ 'ਚ ਲਿਆਉਣ ਲਈ ਬਿਲਕੁਲ ਅਨੁਰੂਪ ਕਰਾਰ ਦਿੱਤਾ, ਉਹ ਮਨ ਹੀ ਮਨ ਬਹੁਤ ਪ੍ਰਸੰਨਚਿਤ ਸੀ |
ਆਪਣੀ ਅੱਜ ਦੀ ਕਾਰਗੁਜ਼ਾਰੀ ਨੂੰ ਆਪਣੇ ਹੀ ਮਨ 'ਚ ਨਿਹਾਰਦਿਆਂ, ਰੀਟਾ ਘਰ ਪਹੁੰਚੀ | ਤੇਜ਼ੀ ਨਾਲ ਸਕੂਟਰ ਖੜ੍ਹਾ ਕੀਤਾ ਤੇ ਮੋਮੈਂਟੋ ਵਗੈਰਾ ਚੁੱਕਿਆ | ਬੈੱਲ ਕਰਨ 'ਤੇ ਉਸ ਦੀ ਮਾਂ ਨੇ ਦਰਵਾਜ਼ਾ ਖੋਲਿ੍ਹਆ |
'ਇਹ ਲਓ ਮੰਮੀ, ਮੈਂ ਸੈਮੀਨਾਰ 'ਚ ਸਭ ਤੋਂ ਅੱਵਲ ਆਈ | ਸਾਡੇ ਕਾਲਜ ਦੀ ਟੀਮ ਜੇਤੂ ਕਰਾਰ ਦਿੱਤੀ ਗਈ ਤੇ ਮੈਨੂੰ, ਮੈਨੂੰ ਇੰਡੀਵਿਜ਼ੂਅਲ ਫਸਟ ਪ੍ਰਾਈਜ਼, ਸਰਟੀਫਿਕੇਟ, ਮੋਮੈਂਟੋ ਤੇ ਨਕਦ ਇਨਾਮ 1100 ਰੁਪਏ ਦਾ ਮਿਲਿਆ ਹੈ | ਰੀਟਾ ਨੇ ਮੋਮੈਂਟੋ ਤੇ ਨਕਦ ਇਨਾਮ ਵਾਲਾ ਲਿਫ਼ਾਫ਼ਾ ਆਪਣੀ ਮਾਂ ਨੂੰ ਫੜਾਉਂਦਿਆਂ ਕਿਹਾ |
'ਓ! ਵੈਰੀ ਗੁੱਡ, ਲੈ ਬਈ ਖੁਸ਼ ਕਰ ਦਿੱਤਾ, ਮੇਰੀ ਬੇਟੀ ਤਾਂ ਹੈ ਹੀ ਬੈਸਟ, ਆਈ ਐਮ ਪਰਾਊਡ ਆਫ਼ ਯੂ (ਮੈਨੂੰ ਆਪਣੀ ਬੇਟੀ 'ਤੇ ਗਰਵ ਹੈ) |' ਮੰਮੀ ਨੇ ਕਹਿੰਦਿਆਂ-ਕਹਿੰਦਿਆਂ ਮੋਮੈਂਟੋ ਨੂੰ ਲਾਬੀ 'ਚ ਬਹੁਤ ਸੋਹਣੀ ਥਾਏਾ ਰੱਖਦਿਆਂ, ਘਰ 'ਚ ਪਏ ਕਿਸੇ ਦੇ ਵਿਆਹ ਕਾਰਡ ਨਾਲ ਆਏ ਮਿਠਾਈ ਦੇ ਡੱਬੇ ਨੂੰ ਖੋਲਿ੍ਹਆ ਤੇ 'ਲੈ ਬਈ, ਮੰੂਹ ਮਿੱਠਾ ਕਰ ਤੇ ਇਥੇ ਹੀ ਬੈਠ ਕੇ ਮੈਨੂੰ ਦੱਸ ਕਿ ਕੀ ਪਸੰਦ ਆਇਆ ਜੱਜਾਂ ਨੂੰ ਤੇਰੀ ਸਪੀਚ ਵਿਚ', ਮਾਂ ਨੇ ਕਿਹਾ ਤੇ ਰੀਟਾ ਆਪਣੀ ਮੰਮੀ ਨੂੰ ਆਪਣੀ ਸਪੀਚ 'ਚ ਦਿੱਤੀਆਂ ਨਸ਼ੇ ਛੱਡਣ ਲਈ ਅਹਿਮ ਦਲੀਲਾਂ ਵਾਲੇ ਹਿੱਸੇ ਸੁਣਾਉਣ ਲੱਗ ਪਈ |
'ਓ! ਸੱਚੀਂ, ਪਾਪਾ ਅਜੇ ਤੱਕ ਨਹੀਂ ਆਏ?' ਵਿਚੇ ਗੱਲ ਛੱਡ ਕੇ ਰੀਟਾ ਨੇ ਮਾਂ ਨੂੰ ਪੁੱਛਿਆ |
'ਨਹੀਂ, ਨਹੀਂ ਬੇਟਾ ਉਨ੍ਹਾਂ ਨੂੰ ਆਇਆਂ ਤੇ ਘੰਟਾ ਕੁ ਹੋ ਗਿਐ, ਪਰ ਉਨ੍ਹਾਂ ਦਾ ਸਕੂਟਰ ਸਲਿੱਪ ਕਰ ਗਿਆ ਤੇ ਡਿੱਗੇ ਨੇ, ਕੋਈ ਐਸੀ ਗੱਲ ਨਹੀਂ ਮਾੜੀ ਜਿਹੀ ਪੈਰ 'ਤੇ ਸੱਟ ਲੱਗੀ ਸੀ, ਹਲਦੀ ਵਾਲਾ ਦੁੱਧ ਤੇ ਦਵਾਈ ਲੈ ਕੇ ਲੇਟੇ ਨੇ, ਥੋੜ੍ਹਾ ਆਰਾਮ ਕਰ ਰਹੇ ਨੇ |'
'ਓਹ ਹੋ!ਮੈਂ ਪਾਪਾ ਨੂੰ ਦੇਖਦੀ ਆਂ ਤੇ ਨਾਲੇ ਜਿਹੜੀਆਂ ਦਲੀਲਾਂ ਮੈਂ ਦਿੱਤੀਆਂ ਤੇ ਜੱਜ ਸਾਹਿਬਾਨ ਨੇ ਨਤੀਜਾ ਸੁਣਾਉਂਦਿਆਂ ਵੀ ਉਨ੍ਹਾਂ ਦਾ ਜ਼ਿਕਰ ਮੈਨੂੰ ਅੱਵਲ ਐਲਾਨਣ ਵੇਲੇ ਕੀਤਾ, ਪਾਪਾ ਨੂੰ ਦੱਸਦੀ ਆਂ, ਕਿੰਨੇ ਖੁਸ਼ ਹੋਣਗੇ |'
'ਨਹੀਂ ਬੇਟਾ, ਅਜੇ ਰਹਿਣ ਦੇ, ਕੁਝ ਦੇਰ ਡਿਸਟਰਬ ਨਾ ਕਰ, ਜੇ ਉਠੇ ਤੇ ਦੱਸ ਦੇੲੀਂ ਨਹੀਂ ਤੇ ਸਵੇਰੇ ਸਹੀ, ਕੱਲ੍ਹ ਐਤਵਾਰ ਹੀ ਹੈ |'
ਮਾਂ ਨੇ ਰੋਕ ਦਿੱਤਾ, ਉਹ ਆਪਣੀ ਬੇਟੀ ਨੂੰ ਇਕਦਮ ਦੱਸਣਾ ਨਹੀਂ ਚਾਹੁੰਦੀ ਸੀ ਕਿ ਸਕੂਟਰ ਸਲਿੱਪ ਇਸ ਲਈ ਕੀਤਾ ਕਿਉਂਕਿ ਤੇਰੇ ਪਾਪਾ ਖੂਬ ਸ਼ਰਾਬ ਪੀ ਕੇ ਸਕੂਟਰ ਚਲਾ ਕੇ ਘਰ ਆ ਰਹੇ ਸਨ |
ਉਧਰ ਪਾਪਾ ਜੀ ਵੀ, ਲਾਬੀ ਦੇ ਨਾਲ ਹੀ ਲੱਗਦੇ ਬੈੱਡ ਰੂਮ 'ਚ ਸੁੱਤੇ ਨਹੀਂ ਸੀ, ਨਾ ਹੀ ਉਨ੍ਹਾਂ ਨੇ ਕੋਈ ਹਲਦੀ ਵਾਲਾ ਦੁੱਧ ਪੀਤਾ ਸੀ | ਉਹ ਤਾਂ ਲੇਟੇ-ਲੇਟੇ ਬੇਟੀ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸਨ ਤੇ ਅਸੀਮ ਲੱਜਿਤ ਹੋ ਰਹੇ ਹਨ | ਆਪਣੇ-ਆਪ ਨਾਲ, ਪਹਿਲਾਂ ਕਈ ਵੇਰਾਂ ਕਰਕੇ ਤੋੜਿਆ ਵਾਅਦਾ, ਮੁੜ-ਮੁੜ ਮਨ 'ਚ ਕਰ ਰਹੇ ਸਨ ਕਿ ਸ਼ਰਾਬ ਬਿਲਕੁਲ ਘਟਾ ਦੇਣਗੇ, ਇਸ ਹੱਦ ਤੱਕ ਕਿ ਤਮਾਸ਼ਾ ਨਹੀਂ ਬਣਨਗੇ ਕਿਉਂਕਿ ਬੱਚੇ ਵੱਡੇ ਹੋ ਗਏ ਹਨ |
ਜਿਉਂ-ਜਿਉਂ ਲਾਬੀ 'ਚ ਬੈਠਿਆਂ, ਬੇਟੀ ਮਾਂ ਨੂੰ ਆਪਣੀ ਸਪੀਚ ਬਾਰੇ ਹੋਰ ਗੱਲ ਸੁਣਾਉਂਦੀ, ਅੰਦਰ ਬੈੱਡ ਰੂਮ 'ਚ ਲੇਟੇ ਉਹਦੇ ਪਾਪਾ ਅੱਖਾਂ ਹੋਰ ਪੱਕੀਆਂ ਮੀਚਦੇ ਕਿ ਕਿਤੇ ਰੀਟਾ ਅੰਦਰ ਨਾ ਆ ਜਾਵੇ | ਜ਼ਬਰੀ ਮੀਚੀਆਂ ਅੱਖਾਂ 'ਚੋਂ ਲੱਜਾ ਨਾਲ ਵਹਿੰਦੇ ਅੱਥਰੂ ਜਿਵੇਂ ਗੱਲ੍ਹਾਂ ਤੋਂ ਗਲੇ ਤੱਕ ਦਾ ਸਫ਼ਰ ਤਹਿ ਕਰਦਿਆਂ ਇਲਤਜਾਈ ਰੌਾ 'ਚ ਬੇਟੀ ਨੂੰ ਕਹਿ ਰਹੇ ਸਨ, 'ਬੇਟਾ, ਆਦਤ ਇੰਨੀ ਪੱਕੀ ਹੋ ਗਈ ਹੈ ਕਿ ਮੈਂ ਤੇ ਕੰਬਲ ਨੂੰ ਛੱਡਦਾਂ, ਕੰਬਲ ਹੀ ਨਹੀਂ ਛੱਡਦਾ ਹੁਣ ਮੈਨੂੰ... ਕੋਸ਼ਿਸ਼ ਕਰਾਂਗਾ |'
••

ਕੀ ਤੁਹਾਡੇ ਬੱਚੇ ਦੀ ਪੜ੍ਹਨ ਦੀ ਰੁਚੀ ਘਟ ਤਾਂ ਨਹੀਂ ਰਹੀ?

ਅਕਸਰ ਇਹ ਵੇਖਿਆ ਗਿਆ ਹੈ ਕਿ ਕਈ ਬੱਚੇ ਪੜ੍ਹਨ ਵਿਚ ਚੰਗੇ-ਭਲੇ ਹੁੰਦੇ ਹਨ ਪਰ ਇਕਦਮ ਉਨ੍ਹਾਂ ਦੀ ਪੜ੍ਹਨ ਦੀ ਪ੍ਰਵਿਰਤੀ ਬਦਲ ਜਾਂਦੀ ਹੈ ਤੇ ਉਹ ਨਿਘਾਰ ਵੱਲ ਨੂੰ ਚੱਲ ਪੈਂਦੇ ਹਨ | ਮਾਂ-ਬਾਪ ਉਸ ਬੱਚੇ ਦੀ ਬਦਲ ਰਹੀ ਪ੍ਰਵਿਰਤੀ ਨੂੰ ਸਮਝਣ ਦੀ ਬਜਾਏ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਨ ਤੇ ਉਸ ਵਿਚ ਨੁਕਸ ਕੱਢਣ ਲੱਗ ਪੈਂਦੇ ਹਨ | ਇੰਜ ਕੇਸ ਹੋਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤੇ ਬੱਚਾ ਠੀਕ ਹੋਣ ਦੀ ਬਜਾਏ ਨਿਘਾਰ ਵੱਲ ਨੂੰ ਹੋਰ ਵੀ ਤੇਜ਼ ਗਤੀ ਨਾਲ ਚੱਲ ਪੈਂਦਾ ਹੈ | ਜ਼ਰੂਰਤ ਹੈ ਅਜਿਹੇ ਵਕਤ 'ਤੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਤੇ ਉਸ ਦੀ ਠੀਕ ਢੰਗ ਨਾਲ ਮਦਦ ਕਰਨ ਦੀ |
ਮੇਰੇ ਕੋਲ ਅਜਿਹੇ ਕੇਸ ਅਕਸਰ ਹੀ ਆਉਂਦੇ ਹਨ | ਪਰ ਕਈ ਕੇਸ ਏਨੇ ਪੇਚੀਦਾ ਹੋ ਜਾਂਦੇ ਹਨ ਕਿ ਜਦੋਂ ਬੱਚੇ ਮਾਂ-ਬਾਪ ਤੋਂ ਡਰਦੇ ਮਾਰੇ ਅਸਲੀਅਤ ਦੱਸਣ ਤੋਂ ਕੰਨੀ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਮਾਂ-ਬਾਪ ਦਾ ਹਊਆ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਣ ਨਹੀਂ ਦਿੰਦਾ ਤੇ ਜਦੋਂ ਉਹ ਬੋਲਣ ਲਗਦੇ ਹਨ ਤਾਂ ਇਹੀ ਹਊਆ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ | ਇਸ ਚੀਜ਼ ਦਾ ਇਲਾਜ ਵੀ ਉਨ੍ਹਾਂ ਬੱਚਿਆਂ ਦੀ ਮਦਦ ਨਾਲ ਤੇ ਉਨ੍ਹਾਂ ਦੇ ਮਾਂ-ਬਾਪ ਦੇ ਸਹਿਯੋਗ ਨਾਲ ਹੀ ਹੁੰਦਾ ਹੈ |
ਗੱਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਕਿਸੇ ਵਿਅਕਤੀ ਨੂੰ ਡਿਪ੍ਰੈਸ਼ਨ ਹੋ ਜਾਵੇ ਤਾਂ ਉਸ ਦਾ ਇਲਾਜ ਹੋਣ ਤੋਂ ਬਾਅਦ ਵੀ ਇਹ ਦੁਬਾਰਾ ਪਨਪਣ ਲੱਗ ਪੈਂਦਾ ਹੈ | ਉਵੇਂ ਹੀ ਜਿਵੇਂ ਕਿ ਬੱਚੇ ਉਚਾਈ ਵੱਲ ਵਧ ਰਹੇ ਨਿਘਾਰ ਵੱਲ ਨੂੰ ਨਾ ਚੱਲ ਪੈਣ | ਕਈ ਵਾਰੀ ਪੜ੍ਹਾਈ ਵਿਚੋਂ ਕਮਜ਼ੋਰ ਬੱਚੇ 'ਰੋਲ ਬੈਕ ਐਪੀਸੋਡ' ਦਾ ਸ਼ਿਕਾਰ ਹੋ ਜਾਣ ਤੇ ਉਹ ਚੰਗੀ ਤਰ੍ਹਾਂ ਪੜ੍ਹਨ ਲੱਗ ਪੈਣ ਤੇ ਮੱਲ ਮਾਰਨ ਲੱਗ ਪੈਣ ਤਾਂ ਸਮਝ ਲਵੋ ਕਿ ਸੋਨੇ 'ਤੇ ਸੁਹਾਗਾ ਹੈ | ਪਰ ਅਜਿਹੀ ਹਾਲਤ ਵਿਚ ਅਕਸਰ ਜਾਂ ਕਈ ਵਾਰੀ ਉਨ੍ਹਾਂ ਦੇ ਮਾਂ-ਬਾਪ ਜਾਂ ਵੱਡੇ ਕਹਿਣ ਲੱਗ ਪੈਂਦੇ ਹਨ ਕਿ ਇਹ ਕਿਧਰ ਦਾ ਪੜ੍ਹਾਕੂ ਆ ਗਿਆ ਤਾਂ ਸਮਝ ਲਵੋ ਕੇ ਤੁਸੀਂ ਉਸ ਦੀ ਸੁਧਰ ਰਹੀ ਗਤੀ ਵਿਧੀ ਨੂੰ ਚੋਟ ਮਾਰੀ ਹੈ | ਅਜਿਹੀ ਗੱਲ ਕਹਿਣ ਤੋਂ ਹਮੇਸ਼ਾ ਗੁਰੇਜ਼ ਕਰੋ |
ਜੇਕਰ ਕਿਸੇ ਬੱਚੇ ਨੂੰ 'ਰੋਲ ਬੈਕ ਐਪੀਸੋਡ' ਦੀ ਸ਼ਿਕਾਇਤ ਆ ਜਾਵੇ ਤਾਂ ਘਬਰਾਉਣ ਵਾਲੀ ਗੱਲ ਨਹੀਂ ਹੈ | ਪਰ ਮਾਪਿਆਂ ਦਾ ਸਹਿਯੋਗ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ | ਅਜਿਹੇ ਬੱਚੇ ਨਕਾਰਾਤਮਕ ਵਿਚਾਰਾਂ ਵਾਲੇ ਲੋਕਾਂ ਦੀ ਸੰਗਤ ਨਾ ਕਰਨ ਸਗੋਂ ਸਕਾਰਾਤਮਕ ਵਿਚਾਰ ਰੱਖਣ ਵਾਲੇ ਦੀ ਸੰਗਤ ਕਰਨ | ਆਪਣੀ ਸਿਹਤ ਪ੍ਰਤੀ ਸਾਵਧਾਨ ਰਹਿਣ | ਖਾਣਾ-ਪੀਣਾ ਤੇ ਵਰਜਿਸ਼ ਕਰਨ ਦੀ ਢਿੱਲ ਨਾ ਕਰਨ ਸਗੋਂ ਲੰਮੇ ਸਾਹ ਲੈ ਕੇ ਆਪਣੇ-ਆਪ ਨੂੰ ਤਰੋਤਾਜ਼ਾ ਰੱਖਣ | ਤਾਜ਼ਾ ਪਾਣੀ ਵੱਧ ਤੋਂ ਵੱਧ ਪ੍ਰਯੋਗ ਕਰਨ ਤੇ ਚਾਹ ਜਾਂ ਕਾਫੀ ਦੀ ਵਰਤੋਂ ਦੋ ਵਾਰੀ ਤੋਂ ਵੱਧ ਦਿਨ ਵਿਚ ਨਾ ਕਰਨ | ਦੁੱਧ, ਦਹੀਂ, ਲੱਸੀ ਤੇ ਮੱਖਣ ਦੇ ਪ੍ਰਯੋਗ ਦੇ ਨਾਲ-ਨਾਲ ਸਲਾਦ ਤੇ ਤਾਜ਼ੇ ਫਲਾਂ ਦੀ ਵਰਤੋਂ ਵੱਧ ਤੋਂ ਵੱਧ ਕਰਨ |
ਮੈਨੂੰ ਕੁਝ ਦਿਨਾਂ ਤੋਂ ਮੇਰੇ ਪੰਜਾਬ ਦੇ ਬੱਚਿਆਂ ਦੀਆਂ ਗਿਲੇ-ਸ਼ਿਕਵੇ ਵਾਲੀਆਂ ਮੇਲ ਤੇ ਚਿੱਠੀਆਂ ਆ ਰਹੀਆਂ ਹਨ | ਉਨ੍ਹਾਂ ਦਾ ਇਤਰਾਜ਼ ਹੈ ਕਿ ਮੈਂ ਉਨ੍ਹਾਂ ਦੀਆਂ ਚਿੱਠੀਆਂ ਲੈਣਾ ਨਹੀਂ ਚਾਹੁੰਦਾ | ਪਾਠਕਾਂ ਦਾ ਇਹ ਗਿਲਾ ਵੀ ਦੂਰ ਕੀਤਾ ਜਾ ਰਿਹਾ ਹੈ |

-ਮਨੋਵਿਗਿਆਨੀ ਤੇ ਕੈਰੀਅਰ ਮਾਹਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX