ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  42 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  43 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  48 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਿਵੇਂ ਕੀਤੀ ਜਾਵੇ?

ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ | ਪੰਜਾਬ ਵਿਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫਸਲੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ | ਵਸੋਂ ਵਿਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ | ਪੰਜਾਬ ਵਿਚ ਦਾਲਾਂ ਹੇਠ ਰਕਬਾ ਸਾਲ 2015-16 ਦੌਰਾਨ 30 ਹਜ਼ਾਰ ਹੈਕਟੇਅਰ ਰਕਬਾ ਸੀ, ਜਿਸ ਦਾ ਮੁੱਖ ਕਾਰਨ ਝੋਨੇ ਦੀ ਅਗੇਤੀ ਲਵਾਈ ਕਾਰਨ ਕਿਸਾਨ ਆਮ ਕਰਕੇ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਵਿਚ ਘੱਟ ਦਿਲਚਸਪੀ ਲੈਂਦੇ ਸਨ | ਸਾਲ 2011-12 ਦੌਰਾਨ ਪੰਜਾਬ ਵਿਚ ਝੋਨੇ ਲਵਾਈ 10 ਜੂਨ ਤੋਂ ਪਹਿਲਾਂ ਕਰਨ ਦੀ ਮਨਾਹੀ ਕਾਰਨ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ 7800 ਹੈਕਟੇਅਰ ਰਕਬੇ ਵਿਚ ਕੀਤੀ ਗਈ | ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਕੌਮੀ ਅੰਨ ਸੁਰੱਖਿਆ ਮਿਸ਼ਨ ਵਿਚ ਦਾਲਾਂ ਦੀ ਕਾਸਤ ਹੇਠਾਂ ਰਕਬਾ ਅਤੇ ਪੈਦਾਵਾਰ ਵਿਚ ਵਾਧਾ ਕਰਨ ਲਈ 25/- ਪ੍ਰਤੀ ਕਿਲੋ ਮੂੰਗੀ ਦੇ ਬੀਜ 'ਤੇ ਸਬਸਿਡੀ ਦਿੱਤੀ ਜਾਵੇਗੀ | ਇਹ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਜਾਵੇਗੀ | ਕਿਸਾਨ ਪਨਸੀਡ, ਪੀ.ਏ.ਯੂ. ਜਾਂ ਕਿਸੇ ਹੋਰ ਏਜੰਸੀਆਂ ਤੋਂ ਮੂੰਗੀ ਦਾ ਬੀਜ ਖਰੀਦ ਸਕਦਾ ਹੈ | ਮੂੰਗੀ ਦੀ ਕਾਸ਼ਤ ਕਮਾਦ ਦੀ ਫ਼ਸਲ ਵਿਚ ਅੰਤਰ ਫ਼ਸਲ ਵਜੋਂ ਵੀ ਕੀਤੀ ਜਾ ਸਕਦੀ ਹੈ | ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ | ਗਰਮੀ ਰੁੱਤ ਦੀ ਮੂੰਗੀ ਤੋਂ ਵਧੇਰੇ ਪੈਦਾਵਾਰ ਲੈਣ ਲਈ ਹੇਠ ਲਿਖੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ:
ਮੂੰਗੀ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੈ | ਇਸ ਦੀ ਕਾਸ਼ਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ | ਮੂੰਗੀ ਦੀ ਕਾਸ਼ਤ ਲਈ ਦੋ ਕਿਸਮਾਂ ਐਸ. ਐਮ. ਐਲ. 832 ਅਤੇ ਐਸ. ਐਮ. ਐਲ. 668 ਦੀ ਸਿਫਾਰਸ਼ ਕੀਤੀ ਗਈ ਹੈ | ਐਸ. ਐਮ. ਐਲ. 832 ਕਿਸਮ ਨੂੰ ਫਲੀਆਂ ਗੁੱਛਿਆਂ ਵਿਚ ਲੱਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 61 ਦਿਨਾਂ ਵਿਚ ਪੱਕ ਜਾਂਦੀ ਹੈ | ਇਸ ਦੀ ਔਸਤਨ ਪੈਦਾਵਾਰ 4.6 ਕੁਇੰਟਲ ਪ੍ਰਤੀ ਏਕੜ ਹੈ | ਐਸ. ਐਮ. ਐਲ. 668 ਕਿਸਮ ਤਕਰੀਬਨ 60 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ | ਇਹ ਕਿਸਮ ਥਰਿੱਪ ਕੀੜੇ ਅਤੇ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰ ਸਕਦੀ ਹੈ |
ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ | ਐਸ. ਐਮ. ਐਲ. 832 ਕਿਸਮ ਲਈ 12 ਕਿਲੋ ਅਤੇ ਐਸ. ਐਮ. ਐਲ. 668 ਲਈ 15 ਕਿਲੋ ਬੀਜ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ | ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥਿਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਜੇਕਰ ਕਣਕ ਦੀ ਕਟਾਈ ਕੰਬਾਈਨ ਨਾਲ ਕੀਤੀ ਗਈ ਹੋਵੇ ਤਾਂ ਮੂੰਗੀ ਦੀ ਕਾਸਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ | ਇਸ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ 22.5 ਸੈ.ਮੀ. ਚੌੜੀਆਂ ਕਤਾਰਾਂ ਵਿਚ ਅਤੇ 4 ਤੋਂ 6 ਸੈ.ਮੀ. ਡੂੰਘਾਈ 'ਤੇ ਕਰਨੀ ਚਾਹੀਦੀ ਹੈ | ਬੂਟੇ ਤੋਂ ਬੂਟੇ ਦਾ ਫਾਸਲਾ 7 ਸੈ.ਮੀ. ਰੱਖਣਾ ਚਾਹੀਦਾ ਹੈ | ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ | ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ |
ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮੂੰਗੀ ਦੀ ਫ਼ਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ | ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਅਤੇ ਆਖਰੀ ਪਾਣੀ 55 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ | ਫ਼ਸਲ ਦੀ ਕਟਾਈ ਜੇਕਰ ਕੰਬਾਈਨ ਨਾਲ ਕਰਨੀ ਹੋਵੇ ਤਾਂ 80 ਫੀਸਦੀ ਫਲੀਆਂ ਪੱਕਣ ਤੋਂ ਬਾਅਦ 800 ਮਿਲੀਲਿਟਰ ਗਰਾਮਾਕਸੋਨ (ਪੈਰਾਕੁਇਟ) ਪ੍ਰਤੀ ਏਕੜ 150-200 ਲਿਟਰ ਪਾਣੀ ਦੇ ਘੋਲ ਵਿਚ ਛਿੜਕਾਅ ਕਰਨਾ ਚਾਹੀਦਾ ਹੈ | ਅਜਿਹਾ ਕਰਨ ਨਾਲ ਪੱਤੇ ਅਤੇ ਤਣੇ ਜਲਦੀ ਸੁੱਕ ਜਾਦੇ ਹਨ ਅਤੇ ਕਟਾਈ ਸੌਖੀ ਹੋ ਜਾਂਦੀ ਹੈ | ਅਗੇਤੀ ਬਰਸਾਤ ਨਾਲ ਫ਼ਸਲ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ |

-ਬਲਾਕ ਖੇਤੀਬਾੜੀ ਅਫਸਰ, ਪਠਾਨਕੋਟ |
ਮੋਬਾਈਲ : 94630-71919.


ਖ਼ਬਰ ਸ਼ੇਅਰ ਕਰੋ

ਕਿਸਾਨ ਮੇਲੇ ਅਤੇ ਪੇਂਡੂ ਸੁਆਣੀਆਂ

ਕਿਸਾਨ ਮੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਕ ਅਟੁੱਟ ਹਿੱਸਾ ਹਨ ਜਿਹੜੇ ਕਿ ਕਿਸਾਨਾਂ ਅਤੇ ਸਾਇੰਸਦਾਨਾਂ ਨੂੰ ਵਿਚਾਰ ਵਟਾਂਦਰਾ ਕਰਨ ਦਾ ਸਹੀ ਮੰਚ ਪ੍ਰਦਾਨ ਕਰਦੇ ਹਨ | ਕਿਸਾਨ ਵੀਰਾਂ ਨੂੰ ਤਾਂ ਵੱਖ-ਵੱਖ ਵਿਭਾਗਾਂ ਦੁਆਰਾ ਸਜਾਏ ਗਏ ਸਟਾਲਾਂ ਦੀਆਂ ਪ੍ਰਦਰਸ਼ਨੀਆਂ ਵੇਖਦੇ ਲੰਮੀਆਂ-ਲੰਮੀਆਂ ਲਾਈਨਾਂ ਵਿਚ ਖੜ੍ਹੇ ਵੇਖਿਆ ਜਾਂਦਾ ਹੈ, ਪਰ ਬੀਬੀਆਂ ਦੀ ਗਿਣਤੀ ਕਿਸਾਨਾਂ ਦੇ ਮੁਕਾਬਲੇ ਵਿਚ ਬਹੁਤ ਹੀ ਘੱਟ ਦੇਖੀ ਜਾਂਦੀ ਹੈ | ਪੇਂਡੂ ਸੁਆਣੀਆਂ, ਹਰ ਖੇਤਰ ਵਿਚ ਆਪਣਾ ਭਰਪੂਰ ਯੋਗਦਾਨ ਦਿੰਦੀਆਂ ਹਨ ਭਾਵੇਂ ਉਹ ਕੰਮ ਘਰੇਲੂ ਪੱਧਰ 'ਤੇ ਹੋਵੇ ਜਾਂ ਖੇਤੀਬਾੜੀ ਨਾਲ ਸੰਬੰਧਿਤ ਹੋਵੇ, ਫਿਰ ਉਹ ਮੇਲਿਆਂ ਵਿਚ ਹਿੱਸਾ ਲੈਣ ਕਿਉਂ ਨਾ ਆਉਣ | ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋ ਕੇ ਬਹੁਤ ਕੱੁਝ ਸਿੱਖਣ ਦਾ ਮੌਕਾ ਮਿਲਦਾ ਹੈ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਮੇਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ |
ਮੇਲੇ ਵਿਚ ਭਾਗ ਲੈਣ ਦੇ ਫਾਇਦੇ
1. ਪੁਰਾਣੀਆਂ ਛੁਪੀਆਂ ਕਲਾਵਾਂ ਅਤੇ ਹੁਨਰ ਨੂੰ ਜਾਗਰੂਕ ਕਰਨਾ: ਕਿਸਾਨ ਮੇਲੇ ਵਿਚ ਕਾਲਜ ਆਫ ਹੋਮ ਸਾਇੰਸ ਵਲੋਂ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਕਿ ਕਢਾਈ, ਕਰੋਸ਼ੀਆ, ਉਣਾਈ, ਬੁਣਾਈ, ਖਾਣਾ ਬਣਾਉਣਾ ਅਤੇ ਸਜਾਵਟੀ ਸਮਾਨ ਆਦਿ | ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਅਤੇ ਖਾਸ ਕਰਕੇ ਜਦੋਂ ਉਹ ਕੋਈ ਇਨਾਮ ਵੀ ਜਿੱਤ ਲੈਂਦੀਆਂ ਹਨ ਤਾਂ ਉਨ੍ਹਾਂ ਦਾ ਮਨੋਬਲ ਬਹੁਤ ਵਧਦਾ ਹੈ ਅਤੇ ਉਹ ਹੋਰ ਉਤਸ਼ਾਹਿਤ ਹੋ ਕੇ ਅਗਾਂਹ ਵਧਣ ਬਾਰੇ ਸੋਚਦੀਆਂ ਹਨ |
2. ਘਰੇਲੂ ਵਸਤਾਂ ਦੀਆਂ ਪ੍ਰਦਰਸ਼ਨੀਆਂ ਅਤੇ ਸੇਲ: ਅਜੋਕੇ ਸਮੇਂ ਵਿਚ ਬਹੁਤ ਸਾਰੀਆਂ ਸੁਆਣੀਆਂ ਇਕੱਲੇ ਜਾਂ ਸੈਲਫ ਹੈਲਪ ਗੁਰੱਪ ਬਣਾ ਕੇ ਕੋਈ ਨਾ ਕੋਈ ਕਿੱਤਾ ਅਪਣਾ ਰਹੀਆਂ ਹਨ ਤਾਂ ਕਿ ਉਹ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਣ ਅਤੇ ਰਹਿਣ-ਸਹਿਣ ਦੇ ਪੱਧਰ ਨੂੰ ਵੀ ਉੱਚਾ ਚੱੁਕ ਸਕਣ | ਇਨ੍ਹਾਂ ਕਿੱਤਿਆਂ ਵਿਚੋਂ ਕੁਝ ਇਸ ਤਰ੍ਹਾਂ ਹਨ ਜਿਵੇਂ ਕਿ:- ਕਢਾਈਆਂ ਵਾਲੇ ਸੂਟ, ਦੱੁਪਟੇ, ਚਾਦਰਾਂ, ਬੈਗ ਬਣਾਉਣਾ, ਸਵੈਟਰ ਅਤੇ ਨਕਲੀ ਗਹਿਣੇ ਤਿਆਰ ਕਰਨਾ | ਇਹ ਵਸਤਾਂ ਉਹ ਮੇਲੇ ਵਿਚ ਸਟਾਲ ਲਗਾ ਕੇ ਵੇਚਦੀਆਂ ਹਨ ਜਿਨ੍ਹਾਂ ਦਾ ਮੁੱਲ ਬਹੁਤ ਹੀ ਸਹੀ ਹੁੰਦਾ ਹੈ | ਵਧੇਰੇ ਤੌਰ 'ਤੇ ਮੁਨਾਫਾ ਵਿਚੋਲੇ ਹੀ ਕਮਾ ਜਾਂਦੇ ਹਨ ਪਰ ਕਿਉਂਕਿ ਮੇਲਿਆਂ ਵਿਚ ਇਹ ਸਿੱਧੇ ਤੌਰ 'ਤੇ ਆਪ ਹੀ ਵਸਤਾਂ ਵੇਚ ਲੈਂਦੀਆਂ ਹਨ ਤਾਂ ਖਰੀਦਣ ਵਾਲਿਆਂ ਨੂੰ ਵੀ ਵਸਤਾਂ ਠੀਕ ਮੁੱਲ ਵਿਚ ਮਿਲ ਜਾਂਦੀਆਂ ਹਨ |
3. ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦਾ ਮੌਕਾ: ਕਿਸਾਨ ਮੇਲਿਆਂ ਵਿਚ ਸਟਾਲਾਂ ਉਪਰ ਸਜਾਈਆਂ ਗਈਆਂ ਵਸਤਾਂ ਅਤੇ ਖਾਣੇ ਵਿਚੋਂ ਪੰਜਾਬੀ ਵਿਰਸੇ ਦੀ ਝਲਕ ਸਾਫ ਦਿਖਾਈ ਦਿੰਦੀ ਹੈ ਜਿਹੜੀ ਕਿ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਇਕ ਵਧੀਆ ਉਪਰਾਲਾ ਹੈ | ਖਾਸ ਕਰਕੇ ਮਾਵਾਂ ਜਦੋਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਜਾਣਕਾਰੀ ਹਾਸਿਲ ਹੁੰਦੀ ਹੈ | ਕਾਲਜ ਆਫ ਹੋਮ ਸਾਇੰਸ ਦੇ ਨੇੜੇ ਬਣਿਆ ਅਜਾਇਬ ਘਰ ਵੀ ਲੋਕ ਮੇਲੇ ਵਿਚ ਵੇਖ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦਿਹਾਤੀ ਜ਼ਿੰਦਗੀ ਦੀ ਝਾਤ ਮਾਰਨ ਦਾ ਮੌਕਾ ਮਿਲਦਾ ਹੈ |
4. ਨਵੇਂ ਕਿੱਤਿਆਂ ਬਾਰੇ ਜਾਣਕਾਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਪੇਂਡੂ ਬੀਬੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਕਿਸੇ ਕਿੱਤੇ ਨੂੰ ਖੋਲ੍ਹਣ ਦੇ ਯੋਗ ਬਣਾ ਦੇਣ ਤਾਂ ਕਿ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਣ | ਵਸਤਰ ਵਿਭਾਗ ਸੁਆਣੀਆਂ ਨੂੰ ਕਈ ਤਰ੍ਹਾਂ ਦੇ ਕਿੱਤੇ ਖੋਲ੍ਹਣ ਬਾਰੇ ਜਾਣਕਾਰੀ ਦਿੰਦਾ ਹੈ ਜਿਵੇਂ ਕਿ ਸਿਲਾਈ, ਕਢਾਈ, ਰੰਗਾਈ, ਛਪਾਈ, ਕਰੋਸ਼ੀਆ ਅਤੇ ਮੈਕਰਮੇ ਆਦਿ | ਵਿਸ਼ੇ ਦੇ ਮਾਹਿਰ ਇਨ੍ਹਾਂ ਕਿੱਤਿਆਂ ਨਾਲ ਸਬੰਧਿਤ ਲੋੜੀਂਦੇ ਪ੍ਰਬੰਧਾਂ ਬਾਰੇ ਵੀ ਸਿਖਲਾਈ ਦਿੰਦੇ ਹਨ |
5. ਨਵੇਂ ਪ੍ਰੋਗਰਾਮਾਂ ਅਤੇ ਟ੍ਰੇਨਿੰਗ ਸਬੰਧੀ ਜਾਣਕਾਰੀ: ਬੀਬੀਆਂ ਜਦੋਂ ਕਿਸਾਨ ਮੇਲਿਆਂ ਵਿਚ ਪਹੁੰਚਦੀਆਂ ਹਨ ਤਾਂ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਡਿਗਰੀ ਅਤੇ ਸਰਟੀਫਿਕੇਟ ਕੋਰਸਾਂ ਬਾਰੇ ਵੀ ਪਤਾ ਲੱਗ ਜਾਂਦਾ ਹੈ | ਜੇਕਰ ਉਹ ਚਾਹੁਣ ਤਾਂ ਆਪਣੇ ਬੱਚਿਆਂ ਨੂੰ ਇੱਥੇ ਦਾਖਲਾ ਦਿਵਾ ਸਕਦੀਆਂ ਹਨ | ਇਸ ਤੋਂ ਇਲਾਵਾ ਬੀਬੀਆਂ ਲਈ ਵੀ ਸਮੇਂ-ਸਮੇਂ 'ਤੇ ਟ੍ਰੇਨਿੰਗ ਕੋਰਸ ਕਰਵਾਏ ਜਾਂਦੇ ਹਨ |
6. ਸਮਾਜਿਕ ਮੇਲ ਜੋਲ ਅਤੇ ਵਿਚਾਰ ਵਟਾਂਦਰਾ: ਵੱਖ-ਵੱਖ ਪਿੰਡਾਂ ਤੋਂ ਮੇਲੇ ਵਿਚ ਪਹੁੰਚੀਆਂ ਬੀਬੀਆਂ ਨੂੰ ਆਪਸ ਵਿਚ ਮਿਲਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ | ਇਸ ਦੇ ਨਾਲ ਹੀ ਉਹ ਵਿਸ਼ਿਆਂ ਦੇ ਮਾਹਿਰਾਂ ਅਤੇ ਸਾਇੰਸਦਾਨਾਂ ਪਾਸੋਂ ਆਪਣੇ ਸਵਾਲਾਂ ਦੇ ਜਵਾਬ ਹਾਸਿਲ ਕਰ ਸਕਦੀਆਂ ਹਨ | ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਿਲਾਂ ਅਤੇ ਤਜਰਬੇ ਸਾਂਝੇ ਕਰ ਸਕਦੀਆਂ ਹਨ ਅਤੇ ਪਰਿਵਾਰ ਸਬੰਧੀ ਅਤੇ ਸਿਹਤ ਸਬੰਧੀ ਵਿਸ਼ਿਆਂ 'ਤੇ ਵੀ ਵਿਚਾਰ ਵਟਾਂਦਰਾ ਕਰਦੀਆਂ ਹਨ |
ਪੇਂਡੂ ਸੁਆਣੀਆਂ ਬਹੁਤ ਹੀ ਮਿਹਨਤੀ ਅਤੇ ਹੌਾਸਲੇ ਵਾਲੀਆਂ ਹੁੰਦੀਆਂ ਹਨ ਅਤੇ ਕਿਸੇ ਵੀ ਕੰਮ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਕਰਦੀਆਂ ਹਨ | ਇਨ੍ਹਾਂ ਨੂੰ ਆਪਣੀ ਕਾਬਲੀਅਤ ਬਾਰੇ ਹਿੰਮਤ ਦਿਖਾ ਕੇ ਜਾਗਰੂਕ ਕਰਨਾ ਬਹੁਤ ਹੀ ਜ਼ਰੂਰੀ ਹੈ | ਕਿਸਾਨ ਮੇਲਿਆਂ ਵਿਚ ਹਿੱਸਾ ਲੈਣ ਨਾਲ ਇਨ੍ਹਾਂ ਵਿਚ ਪੜ੍ਹਾਈ ਸਬੰਧੀ, ਸਵੈ-ਰੁਜ਼ਗਾਰ ਖੋਲ੍ਹਣ ਸਬੰਧੀ ਅਤੇ ਹੁਨਰ ਵਿਕਾਸ ਸਬੰਧੀ ਜਾਗਰੂਕਤਾ ਆਉਂਦੀ ਹੈ | ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਕਿਸਾਨ ਮੇਲੇ ਵਿਚ ਆਉਣ ਤਾਂ ਆਪਣੇ ਪਰਿਵਾਰ ਦੀਆਂ ਬੀਬੀਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਉਹ ਮੇਲੇ ਦਾ ਵੀ ਭਰਪੂਰ ਅਨੰਦ ਲੈ ਕੇ ਜਾਣ ਤੇ ਕੁਝ ਨਾ ਕੁਝ ਨਵੀਆਂ ਜਾਣਕਾਰੀਆਂ ਵੀ ਹਾਸਿਲ ਕਰ ਕੇ ਜਾਣ |

-ਵੰਦਨਾ ਗੰਡੋਤਰਾ ਅਤੇ ਸੁਰਭੀ ਮਹਾਜਨ
ਵਸਤਰ ਵਿਭਾਗ | ਵੰਦਨਾ ਗੰਡੋਤਰਾ : 82832-19591.

ਖੇਤੀ ਉਤਪਾਦਨ 'ਚ ਬੀਜ ਤਕਨਾਲੋਜੀ ਦੀ ਮਹੱਤਤਾ

ਆਜ਼ਾਦੀ ਤੋਂ ਬਾਅਦ ਪਿਛਲੀ ਸ਼ਤਾਬਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਭਾਰਤ ਨੇ ਖੇਤੀ ਖੇਤਰ 'ਚ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ | ਅੱਜ ਖੇਤੀ ਉਤਪਾਦਨ 'ਚ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਨ ਕਰਨ ਵਾਲਾ ਦੇਸ਼ ਹੈ | ਭਾਰਤ ਦੀ ਭੌਾ, ਧੁੱਪ ਤੇ ਮੌਸਮ , ਪਾਣੀ ਤੇ ਕਾਮਿਆਂ ਸਭ ਨੇ ਹੀ ਇਸ ਕ੍ਰਾਂਤੀ 'ਚ ਯੋਗਦਾਨ ਪਾਇਆ ਹੈ | ਅੱਜ ਭਾਰਤ ਦੀਆਂ ਖੇਤੀ ਆਧਾਰਤ ਪਦਾਰਥਾਂ ਦੀਆਂ ਨਿਰਮਾਤਾ ਕੰਪਨੀਆਂ ਇਸ ਖੇਤਰ ਲਈ ਬੀਜ, ਖਾਦ, ਕੀਟਨਾਸ਼ਕ, ਖੇਤੀ ਮਸ਼ੀਨਰੀ, ਤਕਨਾਲੋਜੀ ਸਭ ਕੁਝ ਹੀ ਕਿਸਾਨੀ ਨੂੰ ਮੁਹੱਈਆ ਕਰ ਰਹੀਆਂ ਹਨ | ਸੇਵਾਵਾਂ ਦੇ ਖੇਤਰ 'ਚ ਭਾਰਤ ਵਿਸ਼ਵ 'ਚ ਗਿਆਰ੍ਹਵੇਂ ਸਥਾਨ 'ਤੇ ਆਉਂਦਾ ਹੈ ਅਤੇ ਉਦਯੋਗ 'ਚ ਬਾਰ੍ਹਵੇਂ ਤੇ ਜਦੋਂ ਕਿ ਖੇਤੀ ਖੇਤਰ 'ਚ ਇਸ ਦਾ ਸਥਾਨ ਦੂਜਾ ਹੈ | ਵਿਸ਼ਵ ਦੀ ਜੀ. ਡੀ. ਪੀ. 'ਚ ਭਾਰਤ ਦਾ ਹਿੱਸਾ 8 ਫ਼ੀਸਦੀ ਹੈ, ਜਦੋਂ ਕਿ ਸੇਵਾਵਾਂ ਤੇ ਉਦਯੋਗ ਦੇ ਖੇਤਰ ਵਿਚ 2 ਫ਼ੀਸਦੀ ਹੈ | ਸੁਤੰਤਰਤਾ ਤੋਂ ਬਾਅਦ ਅਨਾਜ ਲਈ ਜਿਸ ਵਿਚ ਕਣਕ ਤੇ ਚੌਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ, ਭਾਰਤ ਅਮਰੀਕਾ ਤੇ ਦੂਜੇ ਦੇਸ਼ਾਂ 'ਤੇ ਨਿਰਭਰ ਸੀ, ਜੋ ਅੱਜ ਆਤਮ-ਨਿਰਭਰ ਹੀ ਨਹੀਂ ਵਿਸ਼ਵ ਦੇ ਨਿਰਯਾਤ ਨਕਸ਼ੇ 'ਤੇ ਹੈ |
ਸ਼ੁਰੂਆਤ ਕਣਕ ਤੇ ਝੋਨੇ ਦੇ ਵਧੇਰੇ ਝਾੜ ਦੇਣ ਵਾਲੀਆਂ ਮਧਰੀਆਂ ਕਿਸਮਾਂ ਦੇ ਬੀਜਾਂ ਦੇ ਮੈਕਸੀਕੋ ਤੇ ਤਾਇਵਾਨ ਤੋਂ ਆਉਣ ਨਾਲ ਛੇਵੇਂ ਦਹਾਕੇ 'ਚ ਹੋਈ, ਜਿਸ ਉਪਰੰਤ ਸਬਜ਼ ਇਨਕਲਾਬ ਸ਼ੁਰੂ ਹੋਇਆ | ਖੇਤੀ ਵਿਗਿਆਨੀਆਂ ਨੇ ਇਥੋਂ ਦੇ ਵਾਤਾਵਰਨ ਅਤੇ ਭੌਾ ਅਨੁਸਾਰ ਇਨ੍ਹਾਂ ਮਧਰੀਆਂ ਕਿਸਮਾਂ ਤੋਂ ਕਣਕ ਦੀਆਂ ਸੋਨਾਲੀਕਾ, ਕਲਿਆਣਸੋਣਾ, ਅਰਜੁਨ ਜਿਹੀਆਂ ਕਿਸਮਾਂ ਅਤੇ ਝੋਨੇ ਦੀਆਂ ਆਈ ਆਰ-8, ਜੇ., ਪੀ. ਆਰ.- 106, ਪੀ. ਆਰ.-103 ਅਤੇ ਫਿਰ ਪੂਸਾ-44 ਕਿਸਮਾਂ ਤਿਆਰ ਕਰਕੇ ਉਨ੍ਹਾਂ ਦੇ ਸ਼ੁੱਧ ਬੀਜ ਕਿਸਾਨਾਂ ਤੱਕ ਪਹੰੁਚਾਏ, ਜਿਸ ਨਾਲ ਉਤਪਾਦਕਤਾ 'ਚ ਨੁਮਾਇਆਂ ਵਾਧਾ ਹੋਇਆ | ਉਤਪਾਦਕਤਾ 'ਚ ਵਾਧਾ ਹੋਣ ਨਾਲ ਕਿਸਾਨਾਂ ਦੀ ਵੱਟਤ ਤੇ ਆਮਦਨ ਵਧੀ, ਜਿਸ ਉਪਰੰਤ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਥੱਲੇ ਰਕਬਾ ਵਧਦਾ ਗਿਆ | ਇਸ ਤੋਂ ਬਾਅਦ ਖੇਤੀ ਉਤਪਾਦਨ ਵਿਚ ਐਚ. ਡੀ.- 2329, ਐਚ. ਡੀ.-2687, ਕਣਕ ਅਤੇ ਪੀ. ਬੀ.-1 ਆਦਿ ਜਿਹੀਆਂ ਬਾਸਮਤੀ ਦੀਆਂ ਕਿਸਮਾਂ ਵਿਕਸਿਤ ਹੋਣ ਨਾਲ ਹੋਰ ਵਾਧਾ ਹੋਇਆ | ਇਸ ਤਰ੍ਹਾਂ ਉਤਪਾਦਨ ਵਧਣ 'ਚ ਅਤੇ ਖੇਤੀ ਖੇਤਰ 'ਚ ਵਰਤਮਾਨ ਦਰਜਾ ਪ੍ਰਾਪਤ ਕਰਨ ਲਈ ਬੀਜ ਤਕਨਾਲੋਜੀ ਦਾ ਬੜਾ ਅਹਿਮ ਰੋਲ ਹੈ | ਅੱਜ ਵੀ ਭਾਵੇਂ ਕੁਝ ਹੱਦ ਤੱਕ ਉਤਪਾਦਕਤਾ 'ਚ ਖੜੋ੍ਹਤ ਆ ਗਈ ਹੈ, ਪਰੰਤੂ ਕਿਸਾਨ ਸਭ ਤੋਂ ਵੱਧ ਅਹਿਮੀਅਤ ਸਫ਼ਲ ਕਿਸਮਾਂ ਦੇ ਸ਼ੁੱਧ ਬੀਜਾਂ ਨੂੰ ਦਿੰਦੇ ਹਨ | ਕਈ ਵਾਰ ਬੀਜਾਂ ਬਾਰੇ ਯੋਗ ਜਾਣਕਾਰੀ ਨਾ ਹੋਣ ਕਾਰਨ ਕਿਸਾਨ ਲੁੱਟ ਦਾ ਸ਼ਿਕਾਰ ਵੀ ਹੋ ਜਾਂਦੇ ਹਨ |
ਕਿਸਾਨਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਭਾਰਤ ਦੇ ਬੀਜ ਉਤਪਾਦਨ ਪ੍ਰੋਗਰਾਮ 'ਚ ਚਾਰ ਸ਼੍ਰੇਣੀਆਂ ਦੇ ਬੀਜ ਆਉਂਦੇ ਹਨ | ਪਹਿਲੀ ਸ਼੍ਰੇਣੀ 'ਚ ਨਿਊਕਲੀਅਸ, ਦੂਜੀ 'ਚ ਬਰੀਡਰ, ਤੀਜੀ 'ਚ ਫਾਊਾਡੇਸ਼ਨ ਅਤੇ ਚੌਥੀ 'ਚ ਸਰਟੀਫਾਈਡ ਬੀਜ ਹਨ | ਹਰੇਕ ਸ਼੍ਰੇਣੀ ਦੇ ਬੀਜਾਂ ਦੀ ਆਪਣੀ ਵੰਸ਼ ਪਰੰਪਰਾਗਤਾ ਦੀ ਸ਼ੁੱਧਤਾ ਹੈ | ਇਹ ਹਰ ਸ਼ੇ੍ਰੇਣੀ ਦੇ ਬੀਜ ਦੀ ਗੁਣਵੱਤਾ, ਉਤਪਾਦਨ ਤੇ ਸੁਰੱਖਿਆ ਸਬੰਧੀ ਪ੍ਰਬੰਧਾਂ 'ਤੇ ਨਿਰਭਰ ਹੈ | ਨਿਊਕਲੀਅਰਸ ਸ਼ੇ੍ਰੇਣੀ 'ਚ ਉਹ ਥੋੜ੍ਹੇ ਜਿਹੇ ਬੀਜ ਆਉਂਦੇ ਹਨ, ਜੋ ਬਰੀਡਰ ਉਸ ਕਿਸਮ ਦੇ ਚੋਣ ਕੀਤੇ ਹੋਏ ਪੌਦਿਆਂ ਤੋਂ ਹਾਸਲ ਕਰਦਾ ਹੈ | ਇਹ ਵੰਸ਼ ਸਬੰਧੀ 100 ਫ਼ੀਸਦੀ ਖਾਲਿਸ ਹੁੰਦੇ ਹਨ | ਅਗਲੀ ਸ਼ੇ੍ਰੇਣੀ ਦਾ ਬਰੀਡਰ ਬੀਜ ਪੈਦਾ ਕਰਨ ਲਈ ਇਸ ਸ਼ੇ੍ਰਣੀ ਦੇ ਬੀਜ ਬੁਨਿਆਦੀ ਤੌਰ 'ਤੇ ਸੋਮੇ ਦਾ ਕੰਮ ਦਿੰਦੇ ਹਨ | ਨਿਊਕਲੀਅਰਸ ਸ਼੍ਰੇਣੀ ਦੇ ਬੀਜ ਵਪਾਰਕ ਵਿਕਰੀ ਲਈ ਨਹੀਂ ਹੁੰਦੇ | ਇਹ ਬੀਜ ਬਰੀਡਰ ਦੀ ਪੂਰੀ ਨਿਗਰਾਨੀ 'ਚ ਪੈਦਾ ਕੀਤਾ ਜਾਂਦਾ ਹੈ | ਬਰੀਡਰ ਨੂੰ ਇਸ ਕਿਸਮ ਦੇ ਬੀਜ ਸਬੰਧੀ ਉੱਗਣ ਤੋਂ ਲੈ ਕੇ ਫ਼ਸਲ ਦੇ ਕੱਟਣ ਤੱਕ ਸਾਰੀਆਂ ਹਾਲਤਾਂ ਦਾ ਪੂਰਨ ਗਿਆਨ ਹੁੰਦਾ ਹੈ | ਦੂਜੀ ਸ਼੍ਰੇਣੀ 'ਚ ਬਰੀਡਰ ਕਿਸਮ ਦਾ ਬੀਜ ਆਉਂਦਾ ਹੈ, ਜੋ ਉਹ ਵਿਗਿਆਨੀ ਜਿਸ ਨੇ ਇਹ ਕਿਸਮ ਵਿਕਸਿਤ ਕੀਤੀ ਹੋਵੇ ਜਾਂ ਫਿਰ ਉਸ ਦੀ ਗ਼ੈਰ-ਹਾਜ਼ਰੀ ਵਿਚ ਉਸ ਵਿਗਿਆਨੀ ਦੀ ਸੰਸਥਾ ਵੱਲੋਂ ਬਣਾਇਆ ਜਾਂਦਾ ਹੈ | ਭਾਰਤ 'ਚ ਬਰੀਡਰ ਸ਼ੇ੍ਰਣੀ ਦਾ ਬੀਜ ਹੋਰ ਅਧਿਕਾਰਤ ਸੰਸਥਾਵਾਂ ਵੀ ਤਿਆਰ ਕਰਦੀਆਂ ਹਨ | ਇਨ੍ਹਾਂ ਦੀ ਮੰਗ ਵਧੇਰੇ ਹੋਣ ਕਾਰਨ ਇਸ ਕਿਸਮ ਦਾ ਬਰੀਡਰ ਜਾਂ ਉਸ ਦੀ ਸੰਸਥਾ ਲੋੜ ਅਨੁਸਾਰ ਮਾਤਰਾ 'ਚ ਬੀਜ ਤਿਆਰ ਨਹੀਂ ਕਰ ਸਕਦੇ | ਬਰੀਡਰ ਸ਼ੇ੍ਰਣੀ ਦਾ ਬੀਜ ਵੰਸ਼ ਪਰੰਪਰਾਗਤਾ ਵਜੋਂ ਬਿਲਕੁਲ ਖਾਲਿਸ ਹੁੰਦਾ ਹੈ ਅਤੇ ਇਸ ਤੋਂ ਫਾਊਾਡੇਸ਼ਨ ਸ਼੍ਰੇਣੀ ਦਾ ਬੀਜ ਪੈਦਾ ਕੀਤਾ ਜਾ ਸਕਦਾ ਹੈ | ਜਿਸ ਖੇਤ ਜਾਂ ਪਲਾਟ 'ਚ ਬਰੀਡਰ ਸੀਡ ਤਿਆਰ ਕੀਤਾ ਜਾਂਦਾ ਹੈ ਉਹ ਜੰਮਣ ਤੋਂ ਲੈ ਕੇ ਕੱਟਣ ਤੇ ਪੈਕਿੰਗ ਤੱਕ ਬਰੀਡਰ ਦੀ ਨਿਗਰਾਨੀ 'ਚ ਰਹਿੰਦਾ ਹੈ | ਬਰੀਡਰ ਨੂੰ ਤਸੱਲੀ ਕਰਨੀ ਪੈਂਦੀ ਹੈ ਕਿ ਆਫ-ਟਾਈਪ ਦੂਜੀਆਂ ਕਿਸਮਾਂ ਦੇ ਪੌਦੇ ਫੌਰਨ ਕੱਢ ਦਿੱਤੇ ਜਾਣ ਅਤੇ ਬਾਹਰੋਂ ਕਿਸੇ ਹੋਰ ਕਿਸਮ ਦੇ ਨਾਲ ਇਸ ਖੇਤ ਜਾਂ ਪਲਾਟ 'ਚ ਬੀਜੇ ਬੀਜ ਦੀ ਕਰਾਸਿੰਗ ਨਾ ਹੋਵੇ | ਤੀਜੀ ਸ਼੍ਰੇਣੀ ਫਾਊਾਡੇਸ਼ਨ ਕਿਸਮ ਦੇ ਬੀਜਾਂ ਦੀ ਹੈ | ਫਾਊੁਾਡੇਸ਼ਨ ਸ਼੍ਰੇਣੀ ਦਾ ਬੀਜ ਵੀ ਪ੍ਰਜਣਨ ਸਬੰਧੀ ਬਿਲਕੁਲ ਸ਼ੁੱਧ ਹੁੰਦਾ ਹੈ | ਇਸ ਸ਼੍ਰੇਣੀ ਦੇ ਬੀਜ ਤਸਦੀਕ ਸ਼ੁਦਾ (ਸਰਟੀਫਾਈਡ) ਸ਼੍ਰੇਣੀ ਦੇ ਬੀਜ ਪੈਦਾ ਕਰਨ ਲਈ ਵਰਤੇ ਜਾਂਦੇ ਹਨ | ਫਾਊਾਡੇਸ਼ਨ ਬੀਜ ਨਿਗਮਾਂ, ਸਰਕਾਰੀ ਫਾਰਮਾਂ, ਪ੍ਰਮਾਣਿਤ ਸੰਸਥਾਵਾਂ ਅਤੇ ਤਜਰਬੇਕਾਰ ਉਤਪਾਦਕਾਂ ਵੱਲੋਂ ਮਾਹਿਰਾਂ ਦੀ ਨਿਗਰਾਨੀ 'ਚ ਪੈਦਾ ਕੀਤੇ ਜਾਂਦੇ ਹਨ ਅਤੇ ਰਾਜ ਦੀ ਬੀਜ ਪ੍ਰਮਾਣਨ ਸੰਸਥਾ ਵੱਲੋਂ ਸਰਟੀਫਾਈ ਕੀਤੇ ਜਾਂਦੇ ਹਨ | ਫਾਊਾਡੇਸ਼ਨ ਬੀਜ ਆਮ ਤੌਰ 'ਤੇ ਉਸ ਇਲਾਕੇ 'ਚ ਪੈਦਾ ਕੀਤਾ ਜਾਂਦਾ ਹੈ, ਜਿਥੇ ਫ਼ਸਲ ਦੀ ਉਹ ਕਿਸਮ ਪ੍ਰਚਲਿਤ ਹੋ ਜਾਵੇ | ਉਤਪਾਦਕ ਨੂੰ ਉਸ ਕਿਸਮ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ | ਆਮ ਤੌਰ 'ਤੇ ਫਾਊਾਡੇਸ਼ਨ ਸ਼੍ਰੇਣੀ ਦੇ ਬੀਜ ਸਰਟੀਫਾਈਡ ਸ਼੍ਰੇਣੀ ਦੇ ਬੀਜ ਪੈਦਾ ਕਰਨ ਲਈ ਵਰਤੇ ਜਾਂਦੇ ਹਨ | ਭਾਵੇਂ ਕਿਸਾਨ ਵਧੇਰੇ ਉਤਪਾਦਕਤਾ ਲਈ ਇਸ ਸ਼੍ਰੇਣੀ ਦੇ ਬੀਜਾਂ ਨੂੰ ਫ਼ਸਲ ਦੀ ਪੈਦਾਵਾਰ ਲਈ ਵੀ ਵਰਤਣ ਲੱਗ ਪਏ ਹਨ | ਚੌਥੀ ਸ਼੍ਰੇਣੀ 'ਚ ਸਰਟੀਫਾਈਡ (ਤਸਦੀਕਸ਼ੁਦਾ) ਬੀਜ ਆਉਂਦੇ ਹਨ | ਇਹ ਫਾਊਾਡੇਸ਼ਨ ਸ਼੍ਰੇਣੀ ਦੇ ਬੀਜਾਂ ਤੋਂ ਤਿਆਰ ਕੀਤੇ ਜਾਂਦੇ ਹਨ | ਰਾਜ ਸਰਕਾਰ ਅਤੇ ਸੰਸਥਾਵਾਂ ਦੇ ਫਾਰਮਾਂ ਤੇ ਆਮ ਤੌਰ 'ਤੇ ਪੈਦਾ ਕੀਤੇ ਜਾਂਦੇ ਹਨ | ਭਾਵੇਂ ਹੁਣ ਉਤਪਾਦਕ ਵੀ ਇਨ੍ਹਾਂ ਨੂੰ ਪੈਦਾ ਕਰਕੇ ਤਸਦੀਕ ਕਰਵਾਉਣ ਉਪਰੰਤ ਕਿਸਾਨਾਂ ਨੂੁੰ ਮੁਹੱਈਆ ਕਰਨ ਲੱਗ ਪਏ ਹਨ | ਅੰਨ ਸੁਰੱਖਿਆ ਮਿਸ਼ਨ ਥੱਲੇ ਸਰਕਾਰ ਇਸ ਕਿਸਮ ਦੇ ਬੀਜ 'ਤੇ ਹੀ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ | ਫਾਊਾਡੇਸ਼ਨ ਅਤੇ ਸਰਟੀਫਾਈਡ ਸ਼੍ਰੇਣੀ ਦੇ ਬੀਜਾਂ ਦਾ ਉਤਪਾਦਨ ਰਾਜ ਦੀ ਬੀਜ ਪ੍ਰਮਾਣਨ ਸੰਸਥਾ ਦੇ ਮਾਹਿਰਾਂ ਦੀ ਨਿਗਰਾਨੀ 'ਚ ਕੀਤਾ ਜਾਂਦਾ ਹੈ ਅਤੇ ਇਹ ਸੰਸਥਾ ਇਨ੍ਹਾਂ ਕਿਸਮਾਂ ਨੂੰ ਤਸਦੀਕ ਕਰਕੇ ਟੈੱਗ ਲਗਾਉਂਦੀ ਹੈ | ਜਿਸ ਲਈ ਇਹ ਆਪਣੀ ਫੀਸ ਚਾਰਜ ਕਰਦੀ ਹੈ |
ਬੀਜਾਂ ਦੀ ਇਨ੍ਹਾਂ ਸ਼੍ਰੇਣੀਆਂ 'ਚ ਵੰਡ ਅਤੇ ਤਸਦੀਕ ਕਰਨ ਦੇ ਮਾਧਿਅਮ ਇਸ ਲਈ ਨੀਯਤ ਕੀਤੇ ਗਏ ਹਨ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਖਾਲਸ ਜਣਨ ਦੇ ਬੀਜ ਮੁਹੱਈਆ ਕੀਤੇ ਜਾ ਸਕਣ ਅਤੇ ਇਨ੍ਹਾਂ ਦੇ ਉਤਪਾਦਨ ਦਾ ਇਸ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਕਿ ਇਨ੍ਹਾਂ ਦੀ ਉਪਲੱਧਬਤਾ ਕਿਸਾਨਾਂ ਨੁੰੂ ਮੁਨਾਸਿਬ ਕੀਮਤ 'ਤੇ ਕੀਤੀ ਜਾ ਸਕੇ | ਪੰਜਾਬ 'ਚ ਜੋ ਹੁਣ ਉਤਪਾਦਕਾਂ ਤੇ ਕਿਸਾਨਾਂ ਲਈ ਫਾਊਾਡੇਸ਼ਨ ਤੇ ਸਰਟੀਫਾਈਡ ਕਿਸਮਾਂ ਦੇ ਬੀਜ ਤਿਆਰ ਕੀਤੇ ਜਾਂਦੇ ਹਨ, ਉਨ੍ਹਾਂ ਦੀ ਸਰਟੀਫਿਕੇਸ਼ਨ ਸਬੰਧੀ ਕਾਰਵਾਈ ਕਰਨ ਲਈ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਕੋਲ ਟੈਕਨੀਕਲ ਮਾਹਿਰਾਂ ਦੀ ਬੜੀ ਕਮੀ ਹੈ | ਜ਼ਿਆਦਾ ਇਨਹਿਸਾਰ ਪ੍ਰਯੋਗਸ਼ਾਲਾਵਾਂ ਅਤੇ ਬਿੱਲਾਂ 'ਤੇ ਹੈ | ਖੇਤਾਂ 'ਚ ਜਾ ਕੇ ਨਿਗਰਾਨੀ ਤੇ ਉਤਪਾਦਕਾਂ ਨੂੰ ਰਹਿਨੁਮਾਈ ਐਵੇਂ ਨਾ ਮਾਤਰ ਹੈ |
ਉਪਰੋਕਤ ਚਾਰ ਸ਼੍ਰੇਣੀਆਂ ਤੋਂ ਇਲਾਵਾ ਵਪਾਰਕ ਪੱਧਰ 'ਤੇ ਵਰਤਣ ਲਈ ਟੀ. ਐਲ. (ਟਰੁੱਥਫੁੱਲੀ ਲੇਬਲਡ) ਸ਼੍ਰੇਣੀ 'ਚ ਵੀ ਬੀਜ ਪੈਦਾ ਕੀਤੇ ਜਾਂਦੇ ਹਨ | ਇਸ ਸ਼੍ਰੇਣੀ ਦੇ ਬੀਜ ਉਤਪਾਦਕਾਂ, ਸਰਕਾਰੀ ਫਾਰਮਾਂ ਅਤੇ ਪ੍ਰਮਾਣਤ ਸੰਸਥਾਵਾਂ ਵੱਲੋਂ ਪੈਦਾ ਕੀਤੇ ਜਾਂਦੇ ਹਨ ਅਤੇ ਉਹ ਆਪਣੀ ਜ਼ਿੰਮੇਵਾਰੀ ਤੇ ਤਸੱਲੀ 'ਤੇ ਹੀ ਇਸ ਦੀ ਜੰਮਣ ਸ਼ਕਤੀ ਅਤੇ ਵੰਸ਼ ਦੀ ਸ਼ੁੱਧਤਾ ਆਦਿ ਦੇ ਟੈੱਗ ਲਾਉਂਦੇ ਹਨ | ਜਿਸ ਅਨੁਸਾਰ ਇਸ ਕਿਸਮ ਦੇ ਬੀਜਾਂ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੁੰਦੀ ਹੈ | ਬੀਜ ਦੀ ਸਰਟੀਫਿਕੇਸ਼ਨ ਦੀ ਪ੍ਰਣਾਲੀ ਕਾਨੂੰਨੀ ਤੌਰ 'ਤੇ ਗੁਣਵੱਤਾ ਬਾਰੇ ਪੂਰੀ ਜੰਮਣ ਸ਼ਕਤੀ ਅਤੇ ਖਾਲਸਪਣ ਵਿਸ਼ੇਸ਼ਤਾਵਾਂ ਵਾਲੇ ਬੀਜ ਕਿਸਾਨਾਂ ਨੂੰ ਉਪਲੱਬਧ ਕਰਨ ਵਜੋਂ ਬਣਾਈ ਗਈ ਹੈ | ਇਹ ਪ੍ਰਣਾਲੀ ਵਧੀਆ ਕਿਸਮਾਂ ਦੇ ਬੀਜਾਂ ਦਾ ਬੜਾਵਾ, ਗੁਣਵੱਤਾ, ਉਤਪਾਦਨ, ਪ੍ਰੋਸੈਸਿੰਗ ਤੇ ਪੈਕਿੰਗ ਦੀ ਤਸੱਲੀ ਅਤੇ ਮੰਗ ਅਨੁਸਾਰ ਹਰ ਕਿਸਮ ਦੇ ਬੀਜ ਦੀ ਕਿਸਾਨਾਂ ਨੂੰ ਉਪਲੱਬਧਤਾ ਕਰਨ ਲਈ ਜ਼ਿੰਮੇਵਾਰ ਹੈ | ਇਸ ਸਬੰਧੀ ਜ਼ਮੀਨ ਦੀ ਗੁਣਵੱਤਾ ਅਤੇ ਫ਼ਸਲ ਦੇ ਨਿਰਖਣ, ਆਫ-ਟਾਈਪ ਪੌਦਿਆਂ ਅਤੇ ਨਦੀਨਾਂ ਤੋਂ ਮੁਕਤੀ ਆਦਿ ਦੇ ਕਾਨੂੰਨ ਵਿਚ ਦਿੱਤੇ ਗਏ ਮਿਆਰ, ਰਾਜ ਦੀ ਬੀਜ ਪ੍ਰਮਾਣਨ ਸੰਸਥਾ ਨੇ ਸਰਟੀਫਿਕੇਸ਼ਨ ਤੋਂ ਪਹਿਲਾਂ ਯਕੀਨੀ ਬਣਾਉਣੇ ਹੁੰਦੇ ਹਨ | ਬੀਜ ਪ੍ਰਮਾਨਣ ਸੰਸਥਾ ਕੇੇਂਦਰ ਦੀ ਬੀਜਾਂ ਅਤੇ ਉਨ੍ਹਾਂ ਦੇ ਮਿਆਰ ਸਬੰਧੀ ਬਣੀ ਹੋਈ ਕਮੇਟੀ ਵੱਲੋਂ ਨੋਟੀਫਾਈ ਕੀਤੀਆਂ ਗਈਆਂ ਕਿਸਮਾਂ ਦੇ ਬੀਜਾਂ ਦੀ ਹੀ ਸਰਟੀਫਿਕੇਸ਼ਨ ਕਰਦੀ ਹੈ | ਪਰ ਕਈ ਅਣਪ੍ਰਮਾਣਤ ਕਿਸਮਾਂ ਦੇ ਬੀਜ ਵੀ ਸਰਕਾਰੀ ਸੰਸਥਾਵਾਂ ਵੱਲੋਂ ਵੰਡੇ ਜਾਂਦੇ ਹਨ, ਜੋ ਨਿੱਜੀ ਖੇਤਰ ਦੇ ਵਪਾਰੀਆਂ ਨੂੰ ਅਜਿਹੀਆਂ ਕਿਸਮਾਂ ਦੇ ਬੀਜਾਂ ਰਾਹੀਂ ਕਿਸਾਨਾਂ ਦੀ ਲੁੱਟ ਦਾ ਕਾਰਨ ਬਣਦਾ ਹੈ |
ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਾਊਾਡੇਸ਼ਨ ਜਾਂ ਸਰਟੀਫਾਈਡ ਸ਼੍ਰੇਣੀਆਂ ਦੇ ਬੀਜ ਹੀ ਪ੍ਰਮਾਣਤ ਸੰਸਥਾਵਾਂ ਅਤੇ ਨਿੱਜੀ ਖੇਤਰ ਦੇ ਅਧਿਕਾਰਿਤ ਵਪਾਰੀਆਂ ਤੋਂ ਖਰੀਦ ਕੇ ਵਰਤਣ | ਉਹ ਆਪਣੀ ਬੀਜਾਂ ਦੀ ਲੋੜ ਪ੍ਰਮਾਣਿਤ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕਿਸਾਨ ਮੇਲਿਆਂ ਤੋਂ ਖਰੀਦ ਕੇ ਵੀ ਪੂਰੀ ਕਰ ਸਕਦੇ ਹਨ |

ਮੋਬਾ: 98152-36307

ਵਿਰਸੇ ਦੀਆਂ ਬਾਤਾਂ: ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਸੰਤ ਰਾਮ ਉਦਾਸੀ ਮਹਾਨ ਸ਼ਾਇਰ ਸੀ | ਉਸ ਦਾ ਲਿਖਣਾ, 'ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਕਿੰਨੇ ਹੀ ਅਰਥਾਂ ਦੀ ਪੇਸ਼ਕਾਰੀ ਕਰਦਾ ਹੈ | ਸਮਾਜ ਭਾਵੇਂ ਨਿੱਤ ਰੋਜ਼ ਬਦਲ ਰਿਹੈ, ਪਰ ਮਿਹਨਤਕਸ਼ ਲੋਕਾਂ ਦਾ ਹਾਲੇ ਮੁਕਾਅ ਨਹੀਂ ਹੋਇਆ | ਮਿਹਨਤ ਮਜ਼ਦੂਰੀ ਕਰਨ ਵਾਲੇ ਹੱਥ ਅੱਜ ਵੀ ਤੜਕਸਾਰ ਕੰਮ 'ਚ ਜੁਟ ਜਾਂਦੇ ਹਨ ਤੇ ਦਿਨ ਢਲਣ ਨਾਲ ਰੁਕਦੇ ਹਨ | ਹੱਥਾਂ ਦਾ ਟੁੱਟਦਾ, ਭੁਰਦਾ ਮਾਸ ਉਨ੍ਹਾਂ ਦੀ ਸੱਚੀ ਕਿਰਤ ਦਾ ਗਵਾਹ ਹੈ | ਸਮਝਿਆ ਜਾਵੇ ਤਾਂ ਉਹ ਕਿਰਤੀ ਵਿਹਲੜਾਂ ਦੇ ਮਾਰਗ ਦਰਸ਼ਕ ਹਨ | ਜਿਹੜੇ ਲੋਕ ਲੰਮੀਆਂ ਤਾਣ ਕੇ ਕਿਸਮਤ ਨੂੰ ਝੂਰਦੇ ਹਨ, ਉਹ ਸਿਖਰ ਦੁਪਹਿਰੇ ਇੱਟਾਂ ਪੱਥਣ ਵਾਲਿਆਂ ਜਾਂ ਪੈਰਾਂ ਤੱਕ ਮੁੜ੍ਹਕਾ ਚੋਣ ਲਾਉਂਦਾ ਕੋਈ ਵੀ ਕੰਮ ਕਰਦੇ ਮਿਹਨਤਕਸ਼ਾਂ ਨੂੰ ਧਿਆਨ ਨਾਲ ਦੇਖਣ, ਸ਼ਾਇਦ ਉਨ੍ਹਾਂ ਨੂੰ ਆਪਣੇ ਵਿਹਲੜਪੁਣੇ 'ਤੇ ਸ਼ਰਮ ਆਵੇਗੀ |
ਇਸ ਤਸਵੀਰ ਨੂੰ ਦੇਖ ਮਨ ਮਿਹਨਤਕਸ਼ ਔਰਤਾਂ ਨੂੰ ਸਲਾਮ ਕਰਨ ਲਈ ਮਜਬੂਰ ਹੋ ਗਿਆ | ਬਹੁਤੇ ਪਿੰਡਾਂ ਵਿਚ ਹਾਲੇ ਵੀ ਇਹੋ ਜਿਹੀਆਂ ਮਿਹਨਤਕਸ਼ ਔਰਤਾਂ ਹਨ | ਉਨ੍ਹਾਂ ਨੂੰ ਆਪਣਾ ਤੇ ਡੰਗਰ ਵੱਛੇ ਦਾ ਢਿੱਡ ਭਰਨ ਲਈ ਖੇਤਾਂ ਵੱਲ ਜਾਣਾ ਪੈਂਦਾ ਹੈ | ਕਈ-ਕਈ ਘੰਟੇ ਲਗਾਤਾਰ ਮਿਹਨਤ ਕਰਨ ਕਰਨ ਮਗਰੋਂ ਇੱਕ ਪੰਡ ਉਹ ਪੱਠਿਆਂ ਦੀ ਤਿਆਰ ਕਰਦੀਆਂ ਹਨ ਤੇ ਨਾਲ ਆਪਣੀ ਰੋਟੀ ਦਾ ਪ੍ਰਬੰਧ | ਭਾਰੀ ਪੰਡ ਨੂੰ ਸਿਰ 'ਤੇ ਚੁੱਕ ਉਹ ਕਈ ਕਈ ਮੀਲ ਤੁਰਦੀਆਂ ਹਨ | ਘਰ ਪਹੁੰਚ ਹੋਰ ਕੰਮ 'ਚ ਜੁਟ ਜਾਂਦੀਆਂ ਹਨ | ਜਿਵੇਂ ਉਨ੍ਹਾਂ ਲਈ ਅਰਾਮ ਨਾਂ ਦੀ ਕੋਈ ਚੀਜ਼ ਹੀ ਨਾ ਹੋਵੇ |
ਜਦੋਂ ਨਰਮਿਆਂ ਦਾ ਕੱਦ ਚੰਗਾ ਹੁੰਦਾ ਸੀ, ਉਦੋਂ ਖੇਤਾਂ ਵਿਚੋਂ ਘਾਹ ਖੋਤਦੇ ਮਿਹਨਤੀ ਲੋਕ ਆਮ ਦਿਸ ਪੈਂਦੇ ਸਨ | ਉਹ ਲੋਕ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ, ਪਰ ਪਸ਼ੂ ਹਨ, ਉਨ੍ਹਾਂ ਕੋਲ ਪਸ਼ੂਆਂ ਦਾ ਢਿੱਡ ਭਰਨ ਲਈ ਦੋ ਸਾਧਨ ਹੁੰਦੇ ਹਨ | ਪਹਿਲਾ ਇਹ ਕਿ ਪਸ਼ੂਆਂ ਨੂੰ ਚਾਰਨ ਲੈ ਜਾਓ ਜਾਂ ਫਿਰ ਉਨ੍ਹਾਂ ਲਈ ਪੱਠਿਆਂ ਦਾ ਪ੍ਰਬੰਧ ਕਰਕੇ ਘਰ ਲਿਆਓ | ਨਰਮੇ ਵਿਚ ਉੱਗੇ ਜਾਂ ਵੱਟਾਂ 'ਤੇ ਖੜ੍ਹੇ ਘਾਹ, ਬੂਟੀ ਨੂੰ ਦਾਤੀ ਨਾਲ ਵੱਢਿਆ ਜਾਂਦਾ ਸੀ |
ਅੱਜ ਜਦੋਂ ਸਾਡੀ ਨੌਜਵਾਨ ਦਾ ਵੱਡਾ ਹਿੱਸਾ ਕੰਮ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ, ਤਾਂ ਇਨ੍ਹਾਂ ਤਸਵੀਰਾਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ | ਜੇ ਇਹ ਔਰਤਾਂ ਕੰਮ ਵਿਚ ਲੀਨ ਹੋ ਸਕਦੀਆਂ ਹਨ ਤਾਂ ਸਾਨੂੰ ਕੀ ਹੋਇਆ? ਮੈਨੂੰ ਬੇਹੱਦ ਦੁੱਖ ਹੁੰਦਾ ਹੈ, ਜਦੋਂ ਬਾਪੂ ਖੇਤਾਂ ਵਿਚ ਮੁੜ੍ਹਕੋ-ਮੁੜ੍ਹਕੀ ਹੁੰਦਾ ਹੈ ਤੇ ਪੁੱਤ ਮੋਟਰਸਾਈਕਲਾਂ 'ਤੇ ਗੇੜੇ ਕੱਢਦਾ ਹੈ ਜਾਂ ਮੋਬਾਈਲਾਂ 'ਤੇ ਵਕਤ ਜ਼ਾਇਆ ਕਰਦਾ ਹੈ |
ਮਿਹਨਤ ਨਾਲ ਹਾਸਲ ਕੀਤੀ ਰੋਟੀ ਰੂਹ ਨੂੰ ਸਰਸ਼ਾਰ ਕਰਦੀ ਹੈ | ਆਓ, ਇਨ੍ਹਾਂ ਮਿਹਨਤਕਸ਼ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰੀਏ | ਇਨ੍ਹਾਂ ਨੂੰ ਆਪਣੀਆਂ ਮਾਰਗ ਦਰਸ਼ਕ ਮੰਨੀਏ |

37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ |
ਮੋਬਾਈਲ : 98141-78883

ਗਰਮੀ ਦੀਆਂ ਫ਼ਸਲਾਂ ਸਬੰਧੀ ਵੀ ਕਿਸਾਨ ਹੋਏ ਚਿੰਤਤ

ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਡਾਵਾਂਡੋਲ ਹੁੰਦੀ ਜਾ ਰਹੀ ਹੈ | ਹਰ ਰੋਜ਼ ਅਖ਼ਬਾਰਾਂ ਵਿਚ ਕਿਸੇ ਨਾ ਕਿਸੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਸਬੰਧੀ ਖ਼ਬਰ ਛਪੀ ਹੁੰਦੀ ਹੈ | ਇਸ ਦਾ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਖੇਤਰ ਵਿਚ ਫਾਇਦੇ ਦੀ ਬਜਾਏ ਨੁਕਸਾਨ ਝੱਲਣਾ ਹੈ | ਸਰਕਾਰ ਵੱਲੋਂ ਹਮੇਸ਼ਾ ਇਹੀ ਦੁਹਾਈ ਦਿੱਤੀ ਜਾਂਦੀ ਰਹੀ ਕਿ ਕਿਸਾਨ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਫ਼ਸਲੀ ਵਿਭਿੰਨਤਾ ਅਪਨਾਉਣ | ਕਿਸਾਨਾਂ ਨੇ ਇਹੀ ਵੀ ਕਰਕੇ ਵੇਖ ਲਿਆ, ਭਾਵ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਖਮਿਆਜ਼ਾ ਅੱਜ ਉਸ ਨੂੰ ਭੁਗਤਣਾ ਪੈ ਰਿਹਾ ਹੈ | ਅੱਜ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਕੌਡੀਆਂ ਦੇ ਭਾਅ ਵਿਕ ਰਹੀ ਹੈ | ਕਮਾਈ ਨਾ ਹੁੰਦੀ ਵੇਖ ਕਈ ਕਿਸਾਨਾਂ ਨੇ ਇਨ੍ਹਾਂ ਫ਼ਸਲਾਂ ਨੂੰ ਖੇਤਾਂ ਵਿਚ ਹੀ ਛੱਡ ਦਿੱਤਾ ਹੈ | ਵਧਦੀ ਮਹਿੰਗਾਈ ਦੇ ਮੱਦੇਨਜ਼ਰ ਫ਼ਸਲ ਦਾ ਭਾਅ ਉਨ੍ਹਾਂ ਨੂੰ ਉਮੀਦ ਮੁਤਾਬਿਕ ਨਹੀਂ ਮਿਲ ਰਿਹਾ | ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਧੰਦੇ 'ਚ ਫਸੇ ਕਿਸਾਨਾਂ ਦੀ ਹਾਲਤ ਇਸ ਹੱਦ ਤੱਕ ਕਮਜ਼ੋਰ ਹੁੰਦੀ ਜਾ ਰਹੀ ਹੈ ਕਿ ਅਗਲੇ ਕੁਝ ਸਾਲਾਂ ਤੱਕ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧ ਸਕਦੀ ਹੈ | ਸਬਜ਼ੀਆਂ ਜੋ ਕਿ ਨਰਮ ਸੁਭਾਅ ਵਜੋਂ ਜਾਣੀਆਂ ਜਾਂਦੀਆਂ ਹਨ, ਜ਼ਿਆਦਾ ਦੇਰ ਸੰਭਾਲ ਕੇ ਨਹੀਂ ਰੱਖੀਆਂ ਜਾ ਸਕਦੀਆਂ | ਜਦੋਂਕਿ ਕਣਕ-ਝੋਨਾ ਲੰਬੇ ਸਮੇਂ ਤੱਕ ਸਾਂਭੇ ਜਾ ਸਕਦੇ ਹਨ |
ਫ਼ਸਲੀ ਵਿਭਿੰਨਤਾ 'ਚ ਕਿਸਾਨਾਂ ਨੇ ਸਬਜ਼ੀਆਂ, ਤੇਲ ਬੀਜ, ਮੱਕੀ ਆਦਿ ਅਪਣਾਉਣੇ ਸ਼ੁਰੂ ਕੀਤੇ | ਕੁਝ ਇਕ ਸਬਜ਼ੀ ਨੂੰ ਛੱਡ ਕੇ ਸਾਰੀਆਂ ਸਬਜ਼ੀਆਂ ਅਤੇ ਤੇਲ ਬੀਜ ਕਿਸਾਨਾਂ ਲਈ ਘਾਟੇ ਦਾ ਕਾਰਨ ਬਣਦੇ ਜਾ ਰਹੇ ਹਨ | ਤੇਲ ਬੀਜ ਸੂਰਜਮੁਖੀ ਜੋ ਕਿ ਤਿੰਨ ਮਹੀਨਿਆਂ ਦੀ ਫ਼ਸਲ ਹੈ, ਆਪਣੇ ਰਾਜ ਵਿਚ ਨਹੀਂ ਸਗੋਂ ਗੁਆਂਢੀ ਰਾਜਾਂ ਵਿਚ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ | ਪਿਛਲੇ ਕੁਝ ਸਮੇਂ ਤੋਂ ਮੰਡੀਆਂ ਵਿਚ ਸਬਜ਼ੀਆਂ ਦਾ ਜੋ ਬੁਰਾ ਹਾਲ ਹੋ ਰਿਹਾ ਹੈ, ਉਸ ਸਬੰਧੀ ਸਰਕਾਰਾਂ ਵੱਲੋਂ ਚੁੱਪਧਾਰੀ ਹੋਈ ਹੈ | ਕੋਈ ਇਸ ਨੂੰ ਨੋਟਬੰਦੀ ਦਾ ਕਾਰਨ ਦੱਸ ਰਿਹਾ ਹੈ ਤੇ ਕੋਈ ਕੁਝ, ਪਰ ਜੋ ਘਾਟਾ ਕਿਸਾਨ ਨੂੰ ਸਹਿਣਾ ਪੈ ਰਿਹਾ ਹੈ ਉਹ ਉਸ ਦੇ ਵਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਪਿਛਲੇ ਸਾਲ ਵੀ ਕਿਸਾਨਾਂ ਨੂੰ ਸਬਜ਼ੀਆਂ ਦਾ ਮੁੱਲ ਨਹੀਂ ਮਿਲਿਆ, ਪਰ ਫਿਰ ਵੀ ਕਿਸਾਨਾਂ ਨੇ ਆਸ ਰੱਖੀ ਕਿ ਸ਼ਾਇਦ ਅਗਲੇ ਸਾਲ ਸਬਜ਼ੀਆਂ ਦੇ ਕੁਝ ਭਾਅ 'ਚ ਤੇਜ਼ੀ ਰਹੇਗੀ, ਇਸੇ ਗੱਲ ਨੂੰ ਚੇਤੇ ਰੱਖਦਿਆਂ ਕਿਸਾਨਾਂ ਨੇ ਇਸ ਵਾਰ ਫਿਰ ਫ਼ਸਲੀ ਵਿਭਿੰਨਤਾ ਹੇਠ ਖੇਤਰ ਨੂੰ ਵਧਾਇਆ, ਪਰ ਉਨ੍ਹਾਂ ਦੀ ਇਹ ਆਸ ਉਲਟੀ ਹੀ ਪੈ ਗਈ ਤੇ ਹੁਣ ਫਿਰ ਸਬਜ਼ੀਆਂ ਦੇ ਭਾਅ ਉਪਰ ਨਹੀਂ ਉਠ ਸਕੇ | ਮਟਰ ਜੋ ਹਰ ਇਕ ਦੀ ਪਸੰਦੀ ਦੀ ਸਬਜ਼ੀ ਹੈ, ਦੀ ਤੁੜਾਈ 4 ਰੁਪਏ ਕਿੱਲੋ ਪੈਂਦੀ ਹੈ, ਇਸ ਤੋਂ ਇਲਾਵਾ ਬੀਜ, ਲੇਬਰ, ਬਾਰਦਾਨਾ ਅਤੇ ਹੋਰ ਲਦਾਈ ਚੁਕਾਈ ਵਿਚ ਹੁੰਦਾ ਖਰਚ | ਪਰ ਇਸ ਮਟਰ ਦਾ ਮੰਡੀ ਵਿਚ ਮੁੱਲ ਸਿਰਫ 6-7 ਰੁਪਏ ਰਿਹਾ | ਇਸ ਤੋਂ ਇਲਾਵਾ ਗੋਭੀ, ਟਮਾਟਰ, ਬੰਦੀ ਗੋਭੀ, ਮੂਲੀ ਦਾ ਚੰਗਾ ਭਾਅ ਨਾ ਮਿਲਣ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਖੇਤਾਂ ਵਿਚ ਹੀ ਇਹ ਸਬਜ਼ੀਆਂ ਵਾਹ ਦਿੱਤੀਆਂ | ਆਲੂ ਜੋ ਹਰ ਸਬਜ਼ੀ ਦਾ ਸ਼ਿੰਗਾਰ ਹੈ, ਵੀ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ | ਪਿਛਲੇ ਸਾਲ ਵੀ ਆਲੂ ਘਾਟੇ ਵਿਚ ਗਿਆ, ਇਸ ਵਾਰ ਵੀ ਇਸ ਦੇ ਭਾਅ ਵਧਣ ਦੇ ਆਸਾਰ ਨਜ਼ਰ ਨਹੀਂ ਆ ਰਹੇ | ਪੰਜਾਬ ਵਿਚ ਆਲੂ ਦੀ ਕਾਸ਼ਤ ਵੱਡੇ ਪੱਧਰ 'ਤੇ ਹੁੰਦੀ ਹੈ |
ਜਿਵੇਂ ਇਸ ਵਾਰ ਕਣਕ ਨੂੰ ਛੱਡ ਕੇ ਦੂਜੀਆਂ ਫ਼ਸਲਾਂ ਦੀ ਜ਼ਿਆਦਾ ਕਾਸ਼ਤ ਹੋਈ, ਉਨੇ ਹੀ ਰਕਬੇ ਵਿਚ ਹੁਣ ਸਾਉਣੀ ਦੀਆਂ ਫ਼ਸਲਾਂ ਲੱਗੀਆਂ ਹਨ, ਇਸ ਲਈ ਕਿਸਾਨਾਂ ਨੂੰ ਹੁਣ ਗਰਮੀਆਂ ਦੀਆਂ ਸਬਜ਼ੀਆਂ, ਤੇਲ ਬੀਜ ਆਦਿ 'ਚ ਵੀ ਘਾਟਾ ਨਜ਼ਰ ਆ ਰਿਹਾ ਹੈ | ਸਬਜ਼ੀਆਂ ਦੀ ਕਾਸ਼ਤ 'ਚ ਮੋਹਰੀ ਮੰਨੇ ਜਾਂਦੇ ਸਨੌਰ ਅਤੇ ਮਾਲੇਰਕੋਟਲਾ ਖੇਤਰ ਹੀ ਸਾਰੇ ਪੰਜਾਬ ਨੂੰ ਸਬਜ਼ੀਆਂ ਨਾਲ ਰਜ਼ਾ ਦੇਣਗੇ | ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫ਼ਸਲੀ ਵਿਭਿੰਨਤਾ ਅਜੇ ਪੰਜਾਬ ਦੇ ਕੁਝ ਹੀ ਖੇਤਰਾਂ ਵਿਚ ਅਪਣਾਈ ਜਾਣ ਲੱਗੀ ਹੈ, ਜੇਕਰ ਸਾਰਾ ਪੰਜਾਬ ਹੀ ਇਹ ਅਪਣਾ ਲਵੇਗਾ ਤਾਂ ਫਿਰ ਕੀ ਹੋਵੇਗਾ |
ਕਿਸਾਨ ਖੇਤੀ ਧੰਦੇ ਨੂੰ ਛੱਡ ਨਹੀਂ ਸਕਦੇ, ਪਰ ਉਹ ਇਹ ਸੋਚ ਕੇ ਥੱਕ ਚੁੱਕੇ ਹਨ ਕਿ ਉਹ ਅਜਿਹੀ ਕਿਹੜੀ ਫ਼ਸਲ ਦੀ ਬਿਜਾਈ ਕਰਨ ਜਿਸ ਤੋਂ ਉਨ੍ਹਾਂ ਨੂੰ ਵੱਧ ਕਮਾਈ ਹੋ ਸਕੇ | ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਧੰਦੇ ਨੂੰ ਛੱਡ, ਵਿਦੇਸ਼ਾਂ ਵਿਚ ਜਾਂ ਫਿਰ ਹੋਰਨਾਂ ਕੰਮਾਂ-ਕਾਰਾਂ ਵਿਚ ਲਗਾਉਣ ਦੀ ਠਾਣੀ ਬੈਠੇ ਹਨ | ਜੇਕਰ ਫ਼ਸਲੀ ਵਿਭਿੰਨਤਾ ਹੇਠ ਖੇਤਰ ਨੂੰ ਵਧਾਉਣਾ ਹੈ ਤਾਂ ਸਰਕਾਰਾਂ ਨੂੰ ਮੰਡੀਕਰਨ ਵੱਲ ਕਦਮ ਵਧਾਉਣੇ ਪੈਣਗੇ |

-ਬੋਸਰ ਰੋਡ, ਸਨੌਰ |

ਅਧਿਆਪਕਾਂ ਦੀ ਬਗੀਚੀ

ਸਾਡੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਬਹੁਤੇ ਅਧਿਆਪਕ ਸ਼ਾਮ ਨੂੰ ਵਿਹਲੇ ਹੋ ਜਾਂਦੇ ਹਨ ਤੇ ਫੇਰ ਖਾਣ-ਪੀਣ ਤੋਂ ਲੈ ਕੇ ਸਿਅਸਤ ਤੱਕ ਸਭ ਚੱਲਦਾ ਹੈ | ਨਾਲ ਦਿਆਂ ਨੂੰ ਠਿੱਬੀ ਕਿਵੇਂ ਲਾਉਣੀ ਹੈ? ਜਾਂ ਮੁੱਖੀ ਦੀ ਖੁਸ਼ਾਮਦ ਦਾ ਤਰੀਕਾ ਕੀ ਹੋਵੇ? ਆਦਿ ਸਕੀਮਾਂ ਬਣਾਈਆਂ ਜਾਂਦੀਆਂ ਹਨ | ਇਸ ਵਿਹਲੇ ਸਮੇਂ ਦਾ ਕੋਈ-ਕੋਈ ਹੀ ਸਦਉਪਯੋਗ ਕਰਦਾ ਹੈ | ਕੋਈ ਰੁਝੇਵੇਂ ਵਾਲਾ ਕੰਮ ਜੇ ਹੋਵੇ ਤਾਂ ਮਨੁੱਖ ਨਿਰਾਸ਼ਾ ਤੋਂ ਬਚ ਸਕਦਾ ਹੈ | ਅਮਰੀਕਾ ਦੀਆਂ ਬਹੁਤੀਆਂ ਸੰਸਥਾਵਾਂ ਆਪਣੇ ਅਧਿਆਪਕਾਂ ਨੂੰ ਬਹੁਤ ਘਟ ਕਿਰਾਏ ਤੇ 50-60 ਗਜ਼ ਥਾਂ ਦੇ ਦਿੰਦੀ ਹੈ | ਪਾਣੀ ਦਾ ਪ੍ਰਬੰਧ ਵੀ ਸਾਂਝਾ ਹੁੰਦਾ ਹੈ | ਪਰਿਵਾਰ ਨੇ ਸਿਰਫ ਸ਼ਾਮ ਨੂੰ ਜਾ ਕੇ ਉੱਥੇ ਸਬਜ਼ੀਆਂ ਵਗੈਰਾ ਦੀ ਖੇਤੀ ਕਰਨੀ ਹੁੰਦੀ ਹੈ | ਇਸ ਤਰ੍ਹਾਂ ਪੂਰੇ ਪਰਿਵਾਰ ਨੂੰ ਇਕ ਰੁਝੇਵਾਂ ਹੋ ਜਾਂਦਾ ਹੈ ਅਤੇ ਨਾਲ ਦੀ ਨਾਲ ਦੂਸਰੇ ਪਰਿਵਾਰਾਂ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ | ਤਾਜ਼ੀਆਂ ਕੁਦਰਤੀ ਸਬਜ਼ੀਆਂ, ਸਲਾਦ ਆਦਿ ਦਾ ਸੁਆਦ ਹੀ ਵੱਖਰਾ ਹੁੰਦਾ ਹੈ | ਬੱਚਿਆਂ ਦੇ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ | ਸਾਡੇ ਇੱਥੇ ਸ਼ਹਿਰੀ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਆਲੂ ਕਿੱਥੇ ਲੱਗਦੇ ਹਨ | ਲੋੜ ਹੈ ਸਾਡੇ ਵਿਦਿਅਕ ਅਦਾਰੇ ਆਪਣੇ ਅਧਿਆਪਕਾਂ ਵਿਚ ਇਹ ਰੁਝਾਨ ਪੈਦਾ ਕਰਨ ਲਈ ਲੋੜੀਂਦੇ ਸਾਧਨ ਪੈਦਾ ਕਰਨ | ਇਹ ਸਮਾਜ ਲਈ ਨਰੋਈ ਪਿਰਤ ਹੋਵੇਗੀ |

-ਮੋਬਾ: 98159-45018


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX