ਤਾਜਾ ਖ਼ਬਰਾਂ


ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  28 minutes ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  48 minutes ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 1 hour ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 1 hour ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  1 minute ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 2 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 3 hours ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 3 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
ਹੋਰ ਖ਼ਬਰਾਂ..

ਦਿਲਚਸਪੀਆਂ

ਝੁਲਸ ਰਹੇ ਫੁੱਲ

ਸ਼ਾਮੀਂ ਮੂੰਹ ਕੌੜਾ ਕਰਕੇ ਛੁਪਾਉਣ ਦੀ ਆਦਤ ਤੋਂ ਮਜਬੂਰ ਪਿੱਪਲ ਸਿੰਘ ਆਪਣੀ ਵਾਸਕਟ ਦੀ ਜੇਬ ਵਿਚ ਛੋਟੀਆਂ ਲਾਚੀਆਂ ਤੇ ਟੌਫੀਆਂ ਤਾਂ ਆਮ ਹੀ ਰੱਖਦਾ ਸੀ ਪਰ ਅਜਿਹਾ ਕੋਈ ਮੌਕਾ ਹੀ ਲੰਘਿਆ ਹੋਊ ਜਦੋਂ ਉਹ ਘਰੇ ਆਉਂਦਾ ਹੀ ਫੜਿਆ ਨਾ ਜਾਂਦਾ, ਕਿਉਂਕਿ ਮੂੰਹ ਨੂੰ ਮਗਰੋਂ ਲੱਗਦੀ ਸੀ ਕਿ ਆਪਮੁਹਾਰੇ ਹੀ ਉਹਦੇ ਬੋਲਚਾਲ ਦਾ ਅੰਦਾਜ਼ ਬਦਲਦੇ ਹੀ ਘਰ ਵਾਲੇ ਜਾਣ ਜਾਂਦੇ। ਕਿਸੇ ਤਕਲੀਫ਼ ਕਰਕੇ ਡਾਕਟਰ ਪਿੱਪਲ ਸਿੰਘ ਨੂੰ ਪੀਣੋਂ ਵਰਜਦੇ ਸਨ ਜਿਸ ਕਰਕੇ ਘਰਦਿਆਂ ਦੀ ਨਿਗ੍ਹਾ ਉਸ 'ਤੇ ਰਹਿੰਦੀ ਸੀ। 'ਅੱਜ ਨਹੀਂ ਕਿਸੇ ਨੂੰ ਪਤਾ ਲੱਗਣ ਦੇਣਾ, ਨਾ ਹੀ ਮੈਂ ਅੱਜ ਗੱਲਬਾਤ ਵਿਚ ਕੋਈ ਫਰਕ ਪੈਣ ਦੇਣੈ', ਸ਼ਾਮੀਂ ਮੰਡੀਓਂ ਘਰੇ ਆਉਂਦਾ ਉਹ ਸਾਰੇ ਰਾਹ ਸੋਚਦਾ ਆਇਆ ਤੇ ਚੁੱਪ-ਚਪੀਤਾ ਆ ਕੇ ਵਿਹੜੇ ਵਿਚ ਡੱਠੇ ਮੰਜੇ 'ਤੇ ਬਹਿ ਗਿਆ। ਸ਼ਾਮੀਂ ਸਹੁਰਿਆਂ ਤੋਂ ਆਈ ਤਾਰੋ ਨੂੰ ਆਪਣੇ ਵੱਲ ਮਿਲਣ ਆਉਂਦੀ ਵੇਖ ਖੁਸ਼ੀ ਵਿਚ ਫਿਰ ਉਹਦੇ ਮੂੰਹੋਂ ਉਸੇ ਸੁਰ 'ਚ ਨਿਕਲਿਆ ਕੋਈ ਸ਼ਬਦ ਸੁਣਦਿਆਂ ਹੀ ਤਾਰੋ ਹਕੀਕਤ ਜਾਣ ਗਈ। 'ਬਾਪੂ ਤੈਨੂੰ ਡਾਕਟਰਾਂ ਨੇ ਕਿੰਨਾ ਰੋਕਿਆ ਏ ਤੂੰ ਫਿਰ...।' 'ਤੂੰ ਆਪਣੀ ਸੁੱਖ-ਸਾਂਦ ਬਾਰੇ ਦੱਸਣ ਤੋਂ ਪਹਿਲਾਂ ਹੀ ਮੇਰੀ ਤਫਤੀਸ਼ ਸ਼ੁਰੂ ਕਰ 'ਤੀ। ਆ ਬਹਿ ਜਾ ਮੰਜੇ 'ਤੇ, ਦੱਸ ਕਦੋਂ ਕੂ ਆਈ ਏਂ ਧੀਏ, ਉਥੇ ਸਭ ਸੁੱਖ-ਸਾਂਦ ਏ, ਬੂਟਾ ਸਿਹੁੰ ਵੀ ਆਇਆ ਕਿ ਨਹੀਂ, ਹੁਣ ਤਾਂ ਚੜ੍ਹਦੀ ਕਲਾ 'ਚ ਏ ਨਾ, ਵਿਚਾਰਾ ਬੜਾ ਢਿੱਲਾ ਰਿਹੈ?' ਕਈ ਸਵਾਲ ਪਿੱਪਲ ਸਿੰਘ ਨੇ ਇਕੋ ਸਾਹੇ ਕਰ ਦਿੱਤੇ। 'ਕਾਹਦਾ ਠੀਕ ਏ ਬਾਪੂ, ਜਿਵੇਂ ਕਹਿੰਦੇ ਨੇ ਕਦੇ ਤੁੜਕੇ ਤੇ ਕਦੇ ਲੁੜਕੇ ਵਾਲਾ ਹਾਲ ਏ। ਬੜਾ ਸਮਝਾਉਂਦੇ ਆਂ ਕੁਝ ਨਹੀਂ ਖਾਨੇ ਪੈਂਦੀ।' 'ਅੱਛਾ, ਡਾਕਟਰ ਭਲਾ ਕੀ ਕਹਿੰਦੇ ਨੇ?' 'ਉਹੀ ਜੋ ਤੈਨੂੰ ਕਹਿੰਦੇ ਨੇ।' ਤਾਰੋ ਦਾ ਜਵਾਬ ਸੁਣ ਕੇ ਕੇਰਾਂ ਤਾਂ ਪਿੱਪਲ ਸਿੰਘ ਸੋਚੀਂ ਪੈ ਗਿਆ, ਫਿਰ ਬੋਲਿਆ, 'ਮੈਂ ਆਊਂ ਤੇਰੇ ਕੋਲ ਸਮਝਾਊਂ ਉਹਨੂੰ ਪਈ ਭਲਿਆ ਲੋਕਾ ਦੁੱਧ, ਦਹੀਂ, ਲੱਸੀ ਤੇ ਹੋਰ ਰੱਬ ਦੀਆਂ ਦਿੱਤੀਆਂ ਨਿਆਮਤਾਂ ਛੱਡ ਕੇ ਜ਼ਹਿਰ 'ਚ ਕੀ ਰੱਖਿਆ ਏ।' 'ਠੀਕ ਏ ਬਾਪੂ' ਕਹਿੰਦੀ ਹੋਈ ਤਾਰੋ ਕਿਸੇ ਡੂੰਘੀ ਸੋਚ ਵਿਚ ਗੁਆਚ ਗਈ, 'ਤੈਂ ਕੀ ਸਮਝਾਉਣਾ ਏਂ ਬਾਪੂ, ਤੂੰ ਤਾਂ ਆਥਣੇ ਆਪ ਭਾਲਣ ਲੱਗ ਪੈਨਾ ਏਂ। ਮੇਰੀ ਤਾਂ ਉਸ ਸੱਚੇ ਪਾਤਸ਼ਾਹ ਅੱਗੇ ਸਾਹ-ਸਾਹ ਏਹੀ ਅਰਦਾਸ ਏ, 'ਰੱਬ ਜੀ ਸਮੱਤ ਬਖਸ਼ੋ ਕਿਤੇ ਸੰਭਲ ਜਾਵੇ ਨਸ਼ਿਆਂ 'ਚ ਗਰਕਦੀ ਜਾ ਰਹੀ ਜਵਾਨੀ, ਬਚ ਜਾਣ ਭਲਾ ਜੇ ਬਜ਼ੁਰਗਾਂ ਦੀਆਂ ਡੰਗੋਰੀਆਂ, ਨਹੀਂ ਤਾਂ ਉਹ ਵਿਚਾਰੇ ਕਾਹਦੇ ਸਹਾਰੇ ਦਿਨ-ਕਟੀ ਕਰਨਗੇ?'

-ਹਰਜੀਤ ਸਿੰਘ ਢਿੱਲੋਂ,
ਸਾਹਨੇਵਾਲ। ਮੋਬਾਈਲ : 98144-51558.


ਖ਼ਬਰ ਸ਼ੇਅਰ ਕਰੋ

ਚੇਤੇ ਦੀ ਚੰਗੇਰ ਲਾਜਵਾਬ ਪਕਵਾਨ -ਐਮ. ਐਲ. ਨਾਗਪਾਲ

ਐਤਵਾਰ ਦਾ ਦਿਨ ਸੀ | ਮੈਂ ਆਪਣੀ ਕਾਲੋਨੀ ਦੇ ਪਾਰਕ ਵਿਚ ਹਲਕਾ-ਫੁਲਕਾ ਯੋਗ ਕਰ ਰਿਹਾ ਸੀ | ਮਿਸਟਰ ਲਾਲ, ਜਿਹੜੇ ਕੁਝ ਦਿਨ ਹੋਏ ਸਾਡੇ ਗੁਆਂਢ ਆਏ ਸਨ ਅਤੇ ਬੈਂਕ ਵਿਚ ਮੈਨੇਜਰ ਹਨ, ਆ ਗਏ | ਫਤਹਿ ਬੁਲਾਈ ਗਈ ਅਤੇ ਰਸਮੀ ਗੱਲਬਾਤ ਸ਼ੁਰੂ ਹੋ ਗਈ | ਉਨ੍ਹਾਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਹਨ, ਉਨ੍ਹਾਂ ਦੀ ਇਸ ਗੱਲ ਨੇ ਮੇਰੇ ਮਨ ਵਿਚ ਪੁਰਾਣੀਆਂ ਯਾਦਾਂ ਦੀ ਉਥਲ-ਪੁਥਲ ਪੈਦਾ ਕਰ ਦਿੱਤੀ | ਮੈਂ ਵੀ, ਪੰਜਾਬ ਦੀ 1966 ਦੀ ਪੁਨਰ ਵੰਡ ਤੋਂ ਪਹਿਲਾਂ ਕਾਂਗੜੇ ਜ਼ਿਲ੍ਹੇ ਵਿਚ, ਜਿਹੜਾ ਉਸ ਸਮੇਂ ਪੰਜਾਬ ਦਾ ਭਾਗ ਹੁੰਦਾ ਸੀ, ਲਗਪਗ ਪੰਜ ਸਾਲ ਨੌਕਰੀ ਕੀਤੀ ਸੀ | ਪੁਰਾਣੇ ਸਾਥੀ, ਹਿਮਾਚਲੀ ਪਕਵਾਨ ਅਤੇ ਕੁਝ ਅਭੁੱਲ ਯਾਦਾਂ, ਗਲਵਕੜੀ ਪਾ ਕੇ ਮੇਰੇ ਸਾਹਮਣੇ ਆ ਕੇ ਖੜ੍ਹੀਆਂ ਹੋ ਗਈਆਂ | ਖਾਸ ਸਮਾਗਮਾਂ 'ਤੇ ਉਨ੍ਹਾਂ ਦੇ ਜਿਹੜੇ ਪਕਵਾਨ ਬਣਦੇ ਹਨ, ਉਨ੍ਹਾਂ ਵਿਚੋਂ ਮਾਹਣੀ, ਪਲਦਾ, ਮਿੱਠਾ ਤੇ ਮਦਿਰਾ (ਸਫੇਦ ਚਨੇ, ਮੇਵੇ ਅਤੇ ਦੇਸੀ ਘਿਓ ਤੋਂ ਤਿਆਰ ਕੀਤਾ) ਵਿਸ਼ੇਸ਼ ਸਥਾਨ ਰੱਖਦੇ ਹਨ | ਮੈਂ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ ਮੇਰੀ ਸਭ ਤੋਂ ਮਨ ਭਾਉਂਦੀ ਡਿਸ਼ ਮਦਿਰਾ ਹੈ |
ਇਸ ਮਿਲਣ ਤੋਂ ਲਗਪਗ ਇਕ ਹਫ਼ਤੇ ਬਾਅਦ, ਕਾਲ ਬੈਲ ਹੋਣ 'ਤੇ ਜਦੋਂ ਮੈਂ ਬੂਹਾ ਖੋਲਿ੍ਹਆ ਤਾਂ ਮਿਸਟਰ ਲਾਲ ਮੇਰੇ ਸਾਹਮਣੇ ਖੜ੍ਹੇ ਸਨ | ਮੈਂ ਉਨ੍ਹਾਂ ਨੂੰ ਅੰਦਰ ਤਸ਼ਰੀਫ਼ ਲਿਆਉਣ ਲਈ ਆਖਿਆ | ਉਨ੍ਹਾਂ ਆਖਿਆ, 'ਬੈਂਕ ਦਾ ਸਮਾਂ ਹੋ ਗਿਆ ਹੈ | ਮੈਂ ਇਹ ਬੇਨਤੀ ਕਰਨ ਆਇਆ ਹਾਂ ਕਿ ਤੁਸੀਂ ਦੋਵਾਂ ਨੇ ਅੱਜ ਡਿਨਰ ਸਾਡੇ ਕਰਨਾ ਹੈ |' ਜਦੋਂ ਇਹ ਆਖ ਕੇ ਉਹ ਮੁੜੇ ਤਾਂ ਮੈਂ ਆਖਿਆ, 'ਮਦਿਰਾ, ਜ਼ਰੂਰ ਸ਼ਾਮਿਲ ਕਰ ਲੈਣਾ |' ਸ਼ਾਮ ਨੂੰ ਜਦੋਂ ਉਹ ਬੈਂਕ ਤੋਂ ਆਏ ਤਾਂ ਫੇਰ ਪੱਕਾ ਕਰ ਗਏ ਅਤੇ ਨਾਲ ਹੀ ਅੱਠ ਵਜੇ ਦੇ ਕਰੀਬ ਪੁੱਜਣ ਲਈ ਆਖ ਗਏ | ਦੱਸੇ ਸਮੇਂ ਅਨੁਸਾਰ ਅਸੀਂ ਉਨ੍ਹਾਂ ਦੀ ਕਾਲ ਬੈਲ ਦਬਾ ਦਿੱਤੀ | ਦਾਅਵਤ ਦਾ ਮਾਹੌਲ ਭਰਪੂਰ ਖੁਸ਼ਗਵਾਰ ਸੀ | ਮੇਜ਼ 'ਤੇ ਰੱਖੇ ਫੁੱਲਾਂ ਦੇ ਗੁਲਦਸਤੇ 'ਚੋਂ ਫੁੱਲਾਂ ਦੀ ਮਹਿਕ ਅਤੇ ਇਤਰ ਦੀ ਮੰਦ ਖੁਸ਼ਬੂ ਵਾਤਾਵਰਨ ਨੂੰ ਦਿਲਕਸ਼ ਬਣਾ ਰਹੀ ਸੀ | ਅਜਿਹੇ ਮਾਹੌਲ ਵਿਚ ਗੱਲਬਾਤ ਦਾ ਦਿਲਸ਼ਾਦ ਹੋਣਾ ਲਾਜ਼ਮੀ ਬਣ ਜਾਂਦਾ ਹੈ | ਜਲਦੀ ਹੀ ਸੂਪ ਆ ਗਿਆ ਤੇ ਫਿਰ ਖਾਣਾ ਮੇਜ਼ 'ਤੇ ਲੱਗ ਗਿਆ | ਸਭ ਤੋਂ ਪਹਿਲਾਂ ਮਿਸਿਜ਼ ਲਾਲ ਨੇ ਇਕ ਡਿਸ਼ ਨੂੰ ਪਰੋਸਦਿਆਂ ਆਖਿਆ, 'ਇਹ ਸਾਡੀ ਸਪੈਸ਼ਲ ਡਿਸ਼ ਹੈ | ਫਿਰ ਬਾਕੀ ਦੀਆਂ ਡਿਸ਼ਜ਼ ਵੀ ਪਰੋਸੀਆਂ ਗਈਆਂ | ਸਪੈਸ਼ਲ ਡਿਸ਼ ਦਾ ਪਹਿਲਾ ਚਮਚਾ ਖਾਂਦਿਆਂ ਸਾਰ ਹੀ, ਮੈਂ ਇਹ ਕਹਿਣ ਤੋਂ ਨਾ ਰਹਿ ਸਕਿਆ, 'ਲਾਜਵਾਬ ਪਕਵਾਨ' | ਮੇਰੀ ਸ੍ਰੀਮਤੀ ਦੇ ਹਾਵ-ਭਾਵ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਸਨ | ਨਾਲ ਹੀ ਨਾਲ ਮੈਂ ਸੋਚ ਰਿਹਾ ਸੀ ਕਿ ਇਹ ਕਿਸ ਵਸਤੂ ਦੀ ਡਿਸ਼ ਹੋ ਸਕਦੀ ਹੈ | ਬਾਕੀ ਦੇ ਸਾਰੇ ਪਕਵਾਨ ਫਿੱਕੇ ਪੈ ਗਏ | 'ਮਦਿਰਾ' ਜਿਹੜੀ ਮੇਰੀ ਮਨ ਭਾਉਂਦੀ ਡਿਸ਼ ਹੈ, ਉਸ ਦੀ ਹਾਲਤ ਤਾਂ 'ਨਾ ਤਿੰਨਾਂ 'ਚ ਨਾ ਤੇਰਾਂ ਵਿਚ' ਵਰਗੀ ਹੋ ਗਈ | ਅਸੀਂ ਦੋਵੇਂ ਵਾਰ-ਵਾਰ ਉਹੀ ਪਕਵਾਨ ਲੈ ਰਹੇ ਸੀ | ਸ੍ਰੀਮਤੀ ਲਾਲ, ਸਪੈਸ਼ਲ ਡਿਸ਼ ਦੀ ਪਸੰਦਗੀ ਦੇਖ ਕੇ ਬੜੀ ਖੁਸ਼ੀ ਹੋ ਰਹੀ ਸੀ | ਮਿਸਟਰ ਲਾਲ, ਕਦੇ ਸਾਡੇ ਵੱਲ ਦੇਖ ਲੈਂਦੇ ਅਤੇ ਕਦੇ ਮਿਸਿਜ਼ ਲਾਲ ਵੱਲ | ਮੈਂ ਪੁੱਛ ਹੀ ਲਿਆ ਕਿ ਇਹ ਸਪੈਸ਼ਲ ਡਿਸ਼ ਕਿਸ ਚੀਜ਼ ਦੀ ਹੈ? ਇਹ ਤਾਂ ਲਾਜਵਾਬ ਹੈ |' ਮਿਸਟਰ ਲਾਲ ਤਾਂ ਝਟ-ਪਟ ਬੋਲ ਪਏ ਜਿਵੇਂ ਬਟਨ ਦਬਾਉਂਦਿਆਂ ਹੀ ਬਿਜਲੀ ਦਾ ਬਲਬ ਜਗ ਪੈਂਦਾ ਹੈ | ਮੰਦ-ਮੰਦ ਮੁਸਕਰਾਉਂਦੇ ਉਨ੍ਹਾਂ ਆਖਿਆ, 'ਆਲੂ' | ਪਰ ਇਸ ਸਪੈਸ਼ਲ ਡਿਸ਼ ਦੇ ਨਾਲ ਮੇਰੇ ਜੀਵਨ ਦੀ ਇਕ ਬਹੁਤ ਹੀ ਹੁਸੀਨ ਘਟਨਾ ਜੁੜੀ ਹੋਈ ਹੈ | ਇਸ ਤੋਂ ਪਹਿਲਾਂ, ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਆਖਦਾ, ਸ੍ਰੀਮਤੀ ਲਾਲ ਕਰਾਰੀ ਆਵਾਜ਼ ਵਿਚ ਆਖਣ ਲੱਗੀ ਕਿ ਤੁਸੀਂ ਦੱਸਣ ਤੋਂ ਬਗੈਰ ਨਹੀਂ ਰਹਿ ਸਕਦੇ, ਉਨ੍ਹਾਂ ਦੀ ਉਤਸੁਕਤਾ ਨੂੰ ਲੰਬਾ ਨਾ ਕਰੋ |
ਮਿਸਟਰ ਲਾਲ ਅਤੀਤ ਦੇ ਝਰੋਖੇ ਵਿਚੋਂ ਵੇਖਦਿਆਂ ਘਟਨਾ ਨੂੰ ਇੰਜ ਬਿਆਨ ਕਰਨ ਲੱਗੇ 'ਇਹ ਘਟਨਾ ਅੱਜ ਤੋਂ ਤੀਹ ਸਾਲ ਪਹਿਲਾਂ ਦੀ ਹੈ | ਸ਼ਾਦੀ ਤੋਂ ਬਾਅਦ ਜਦ ਮੈਂ ਆਪਣੀ ਪਤਨੀ, ਰਮਣੀਕ ਨੂੰ ਆਪਣੇ ਨੌਕਰੀ ਵਾਲੇ ਸਟੇਸ਼ਨ 'ਤੇ ਲੈ ਕੇ ਗਿਆ ਤਾਂ ਪਹਿਲੇ ਦਿਨ ਬੈਂਕ ਜਾਣ ਤੋਂ ਪਹਿਲਾਂ ਇਸ ਨੂੰ ਆਖਿਆ, 'ਰਮਣੀਕ, ਅੱਜ ਮੈਂ ਲੰਚ ਘਰ ਆ ਕੇ ਹੀ ਕਰਾਂਗਾ | ਲੰਚ ਕਰਨ ਲਈ ਜਦ ਮੈਂ ਘਰ ਆਇਆ ਤਾਂ ਮੇਜ 'ਤੇ ਦੋ ਡੰੂਗੇ ਲੱਗੇ ਹੋਏ ਸਨ | ਜਦੋਂ ਅਸੀਂ ਦੋਵੇਂ ਲੰਚ ਕਰਨ ਲਈ ਬੈਠ ਗਏ | ਜਦੋਂ ਮੈਂ ਪਹਿਲੇ ਡੰੂਗੇ ਦਾ ਢੱਕਣ ਚੱਕਿਆ ਤਾਂ ਪਕਵਾਨ ਬਹੁਤ ਅਜੀਭ ਲੱਗਿਆ | ਗੰਧ ਭੀ ਬੜੀ ਭੈੜੀ ਆ ਰਹੀ ਸੀ | ਮੈਂ ਪੁੱਛਿਆ, 'ਰਮਣੀਕ, ਇਹ ਕੀ ਬਣਾਇਆ ਹੈ?' ਉਹ ਹੜਬੜਾਹਟ ਵਿਚ ਬੋਲੀ, 'ਆਲੂ |' ਮੈਂ ਪੁੱਛਿਆ ਕਿ ਇਹ ਕਿਹੋ ਜਿਹੇ ਆਲੂ ਹਨ | ਉਹ ਆਖਣ ਲੱਗੀ, 'ਇਨ੍ਹਾਂ ਨੂੰ ਕੁਝ ਜ਼ਿਆਦਾ ਸੇਕ ਲੱਗ ਗਿਆ ਸੀ | ਮੇਰੀ ਮੰਮੀ, ਸਰੀਰ ਦੇ ਜਦ ਕਿਸੇ ਅੰਗ ਨੂੰ ਸੇਕ ਲੱਗ ਜਾਂਦਾ ਸੀ ਤਾਂ ਉਹ ਉਸ ਥਾਂ 'ਤੇ ਬਰਨੌਲ ਦੀ ਮਲ੍ਹਮ ਲਾ ਦਿੰਦੀ ਸੀ | ਮੈਂ ਇਨ੍ਹਾਂ 'ਤੇ ਬਰਨੌਲ ਦਾ ਲੇਪ ਕਰ ਦਿੱਤਾ ਸੀ | ਹੁਣ ਤੱਕ ਇਹ ਠੀਕ ਹੋ ਗਏ ਹੋਣਗੇ |' ਇਹ ਸੁਣਦਿਆਂ ਹੀ ਮੇਰੀਆਂ ਅੱਗੇ ਹਨੇਰਾ ਆ ਗਿਆ | ਇਸ ਹਨੇਰੇ ਵਿਚ ਮੈਨੂੰ ਉਹ ਕੁਝ ਨਜ਼ਰ ਆ ਗਿਆ ਜਿਹੜਾ ਸ਼ਾਇਦ ਮੈਂ ਪ੍ਰਕਾਸ਼ ਵਿਚ ਵੀ ਨਾ ਦੇਖ ਸਕਦਾ | ਮੈਂ ਸਮਝ ਗਿਆ ਕਿ ਇਸ ਨੂੰ ਰਸੋਈ ਦਾ ਕੋਈ ਗਿਆਨ ਨਹੀਂ | ਪਹਿਲਾਂ ਗੁੱਸਾ ਆਇਆ, ਫੇਰ ਸ਼ਾਦੀ ਦੀ ਰੁਮਾਂਟਿਕ ਬਿਰਤੀ | ਮੈਂ ਇਸ ਨੂੰ ਗੱਲਵਕੜੀ ਵਿਚ ਲਿਆ ਅਤੇ ਪਿਆਰ ਨਾਲ ਆਖਿਆ, 'ਰਮਣੀਕ, ਤੇਰੇ ਬਣਾਏ ਆਲੂ ਵੀ ਬਹੁਤ ਰਮਣੀਕ ਹਨ | ਇਨ੍ਹਾਂ ਨੂੰ ਠੀਕ ਹੋਣ ਵਿਚ ਸਮਾਂ ਲੱਗਣਾ ਹੈ ਤੇ ਭੁੱਖ ਏਨਾ ਇੰਤਜ਼ਾਰ ਨਹੀਂ ਕਰ ਸਕਦੀ | ਘਰ ਦੇ ਨੇੜੇ ਇਕ ਢਾਬੇ 'ਤੇ ਅਸੀਂ ਲੰਚ ਕੀਤਾ | ਰਾਤ ਨੂੰ ਅਸੀਂ ਰਲ-ਮਿਲ ਕੇ ਘਰ ਵਿਚ ਦਾਲ-ਫੁਲਕਾ ਬਣਾ ਲਿਆ | ਪਰ ਇਸ ਨੇ ਉਸ ਦਿਨ ਤੋਂ ਧਾਰ ਲਿਆ ਸੀ ਕਿ ਉਹ ਆਲੂਆਂ ਦੀ ਡਿਸ਼ ਵਿਚ ਵਿਸ਼ੇਸ਼ ਮੁਹਾਰਤ ਪ੍ਰਾਪਤ ਕਰਕੇ ਇਹ ਕਲੰਕ ਲਾਹ ਦੇਵੇਗੀ | ਇਸ ਨੇ ਅਣਥੱਕ ਯਤਨ ਕੀਤਾ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ |' ਉਨ੍ਹਾਂ ਦੁਆਰਾ ਇਸ ਘਟਨਾ ਦਾ ਜ਼ਿਕਰ ਮੈਨੂੰ ਕਈ ਖੇਤਰਾਂ ਵਿਚ ਉੱਚੀ ਸਮਝ ਦੇ ਗਿਆ | ਸਾਡੇ ਅੰਦਰ ਫੁੱਟੇ ਹਾਸੇ ਦੇ ਫੁਹਾਰੇ, ਭੋਜਨ ਨੂੰ ਖੂਬ ਪਚਾ ਰਹੇ ਸਨ |
ਅੱਜ ਵੀ ਜਦ ਆਲੂਆਂ ਦੀ ਸਬਜ਼ੀ, ਡਿਸ਼ ਦੇ ਰੂਪ ਵਿਚ ਮੇਰੇ ਸਾਹਮਣੇ ਆਉਂਦੀ ਹੈ ਤਾਂ ਸ੍ਰੀਮਤੀ ਲਾਲ, ਮੇਰੀਆਂ ਅੱਖਾਂ ਅੱਗੇ ਆ ਜਾਂਦੇ ਹਨ ਅਤੇ ਨਾਲ ਹੀ ਉਸ ਰਾਤ ਨੂੰ ਖਾਧਾ ਲਾਜਵਾਬ ਪਕਵਾਨ ਅਤੇ ਉਹ ਦਿ੍ਸ਼ ਜਦੋਂ ਅਸੀਂ ਉਂਗਲਾਂ ਚੱਟ-ਚੱਟ ਕੇ ਉਸ ਪਕਵਾਨ ਦਾ ਮਜ਼ਾ ਲਿਆ ਸੀ |

-ਰਿਟਾਇਰਡ ਲੈਕਚਰਾਰ, ਕਰਤਾਰਪੁਰ (ਜਲੰਧਰ) |
ਮੋਬਾਈਲ : 98726-10035.

ਮੇਰਾ ਕਾਂ ਬਣਨ ਨੂੰ ਜੀ ਕਰਦੈ

ਅੱਸੀਆਂ ਨੂੰ ਢੁੱਕਿਆ ਅਮਰੂ ਅੱਜ ਪਹਿਲੀਵਾਰ ਵਾਹਗਾ ਬਾਰਡਰ ਵੇਖਣ ਆਇਆ ਸੀ | ਉਸ ਦੇ ਸਾਹਮਣੇ ਪਾਕਿਸਤਾਨ ਸੀ, ਉਸ ਦੇ ਪੁਰਖਿਆਂ ਦੀ ਧਰਤੀ ਜਿਥੇ ਉਹ ਛੋਟਾ ਹੁੰਦਾ ਖੇਡਦਾ ਹੁੰਦਾ ਸੀ | ਉਸ ਦੇ ਮਨ ਵਿਚ ਉਥੇ ਜਾਣ ਦੀ ਲਾਲਸਾ ਪੈਦਾ ਹੋਈ ਅਤੇ ਉਹ ਹੌਲੀ-ਹੌਲੀ ਉਧਰ ਨੂੰ ਤੁਰ ਪਿਆ | 'ਕਿਧਰ ਨੂੰ ਚੱਲਿਆਂ ਬਾਬਾ? ਉਧਰ ਤਾਂ ਪਾਕਿਸਤਾਨ ਐ', ਬੀ.ਐਸ.ਐਫ. ਦੇ ਇਕ ਜਵਾਨ ਨੇ ਉਸ ਨੂੰ ਰੋਕਦਿਆਂ ਆਖਿਆ | ਰੁਕ ਕੇ ਉਹ ਅਸਮਾਨ ਵੱਲ ਵੇਖਣ ਲੱਗਿਆ | ਕੁਝ ਕਾਂ ਇਧਰ-ਉਧਰ ਉਡਦੇ ਫਿਰ ਰਹੇ ਸਨ | 'ਕਿੰਨੀ ਮੌਜ ਐ ਇਨ੍ਹਾਂ ਨੂੰ ਜਿਹੜੇ ਬਿਨਾਂ ਰੋਕ-ਟੋਕ ਬਾਰਡਰ 'ਤੇ ਆਉਂਦੇ-ਜਾਂਦੇ ਨੇ, ਮੇਰਾ ਕਾਂ ਬਣਨ ਨੂੰ ਜੀ ਕਰਦੈ |' ਉਸ ਨੇ ਆਪਣੇ ਦਿਲ ਵਿਚ ਆਖਿਆ |

-ਡਾ: ਹਰਨੇਕ ਸਿੰਘ ਕੈਲੇ
ਮੁਹੱਲਾ, ਪ੍ਰਤਾਪ ਨਗਰ, ਗੁਰੂਸਰ ਸਧਾਰ (ਲੁਧਿਆਣਾ) |
ਮੋਬਾਈਲ : 99145-94867.

ਹਾਸ-ਵਿਅੰਗ: ਝੂਠ ਬੋਲਣ 'ਤੇ ਫੜਨ ਵਾਲੀ ਮਸ਼ੀਨ

ਇਕ ਵਾਰ ਇਕ ਕੰਪਨੀ ਨੇ ਅਜਿਹੀ ਮਸ਼ੀਨ ਬਣਾਈ ਕਿ ਮਸ਼ੀਨ ਦੇ ਵਿਚ ਪਤੀ ਦਾ ਨਾਂਅ, ਜਨਮ ਮਿਤੀ ਤੇ ਪਤਾ ਟਾਈਪ ਕਰਨ ਤੇ ਪਤੀ ਦੁਆਰਾ ਬੋਲੇ ਝੂਠ ਦਾ ਪਤਾ ਲਗਾਇਆ ਜਾ ਸਕੇਗਾ | ਇਸ ਮਸ਼ੀਨ ਨੂੰ ਭਾਰਤ ਤੋਂ ਇਲਾਵਾ ਬਾਹਰਲੇ ਦੇਸ਼ਾਂ ਨੇ ਖਰੀਦ ਕੇ ਲਗਾ ਦਿੱਤਾ | ਇਨ੍ਹਾਂ ਮਸ਼ੀਨਾਂ ਦੇ ਲਗਾਉਣ ਤੋਂ ਬਾਅਦ:
ਜਾਪਾਨ ਵਿਚ ਇਕ ਦਿਨ ਵਿਚ ਇਕ ਪਤੀ ਫੜਿਆ ਗਿਆ |
ਅਮਰੀਕਾ ਵਿਚ ਇਕ ਦਿਨ ਅੰਦਰ 2 ਪਤੀ ਫੜੇ ਗਏ |
ਪਾਕਿਸਤਾਨ ਵਿਚ ਇਕ ਦਿਨ ਵਿਚ 5 ਪਤੀ ਫੜੇ ਗਏ |
ਕੈਨੇਡਾ ਵਿਚ ਇਕ ਦਿਨ ਵਿਚ 2 ਪਤੀ ਫੜੇ ਗਏ |
ਭਾਰਤ ਵਿਚ ਕੋਈ ਨਹੀਂ (ਕਿਉਂਕਿ ਇਹ ਮਸ਼ੀਨ ਹੀ ਲਗਾਉਣ ਤੋਂ 10 ਮਿੰਟ ਬਾਅਦ ਚੋਰੀ ਹੋ ਗਈ) |

-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋਬਾਈਲ : 092105-88990.

ਧਰਮ-ਭੈਣ


ਇਕ ਜਾਤ ਦੇ ਬੰਦਿਆਂ ਵਿਚ ਕਿਸੇ ਹੋਰ ਜਾਤ ਦੀ ਕੁੜੀ ਨੂੰ ਆਪਣੀ ਧੀ-ਭੈਣ ਬਣਾ ਲੈਣਾ ਇਕ ਆਮ ਰਿਵਾਜ ਸੀ | ਉਨ੍ਹਾਂ ਦੇ ਧਰਮ ਦੀ ਧੀ ਜਾਂ ਭੈਣ ਨੂੰ ਆਪਣੀ ਸਕੀ ਧੀ-ਭੈਣ ਵਰਗਾ ਪਿਆਰ, ਸਤਿਕਾਰ ਅਤੇ ਮਾਣ ਦਿੰਦੇ ਸਨ | ਉਨ੍ਹਾਂ ਦੀ ਇਸ ਰਵਾਇਤ ਨੂੰ ਸਾਰੇ ਧਰਮਾਂ ਦੇ ਲੋਕ ਸਲਾਹੁੰਦੇ ਸਨ |
ਪਿੰਡ ਮਾਨਾਂਵਾਲਾ ਦੇ ਦੋ ਨੌਜਵਾਨ ਭਰਾ ਰਾਤ ਨੂੰ ਚੋਰੀ ਕਰਨ ਨਿਕਲੇ | ਕਾਫ਼ੀ ਦੌੜ-ਭੱਜ ਤੋਂ ਬਾਅਦ ਵੀ ਉਨ੍ਹਾਂ ਦਾ ਕੰਮ ਨਾ ਬਣਿਆ ਤਾਂ ਉਨ੍ਹਾਂ ਪ੍ਰਭਾਤ ਹੁੰਦੀ ਵੇਖ ਵਾਪਸ ਪਿੰਡ ਆਉਣ ਦਾ ਮਨ ਬਣਾ ਲਿਆ ਅਤੇ ਉਹ ਵਾਪਸ ਤੁਰ ਪਏ | ਰਾਹ ਵਿਚ ਇਕ ਪਿੰਡ ਚੰਦੂ ਆਇਆ ਤਾਂ ਉਨ੍ਹਾਂ ਦੀ ਨਜ਼ਰ ਨੀਵੇਂ ਜਿਹੇ ਕੱਚੇ ਕੋਠੇ 'ਤੇ ਪਈ, ਜਦੋਂ ਉਸ ਕੱਚੇ ਕੋਠੇ 'ਤੇ ਮੰਜੇ 'ਤੇ ਪਈ ਇਕ ਜਵਾਨ ਜਿਹੀ ਜ਼ਨਾਨੀ ਨੇ ਪਾਸਾ ਪਰਤਿਆ ਤਾਂ ਉਨ੍ਹਾਂ ਨੇ ਉਸ ਦੀਆਂ ਵੀਣੀ ਵਿਚ ਪਾਈਆਂ ਸੋਨੇ ਦੀਆਂ ਵੰਗਾਂ ਵੇਖ ਕੇ ਵੰਗਾਂ ਖੋਹਣ ਦਾ ਮਨ ਬਣਾ ਲਿਆ | ਉਸ ਨੀਵੇਂ ਜਿਹੇ ਕੋਠੇ ਦੀ ਕੰਧ ਕੋਲ ਇਕ ਨੀਵਾਂ ਹੋ ਕੇ ਖਲੋ ਗਿਆ ਅਤੇ ਦੂਜਾ ਉਹਦੇ ਮੋਢੇ ਦਾ ਸਹਾਰਾ ਲੈ ਕੇ ਕੋਠੇ 'ਤੇ ਚੜ੍ਹ ਗਿਆ | ਉਸ ਨੇ ਹੱਥ ਦੀ ਤਾਕਤ ਨਾਲ ਦੂਜੇ ਨੂੰ ਉਪਰ ਚੜ੍ਹਾ ਲਿਆ | ਉਨ੍ਹਾਂ ਦੋਵਾਂ ਨੇ ਉਸ ਸੌਾ ਰਹੀ ਔਰਤ ਦੀਆਂ ਵੰਗਾਂ ਲਾਹੁਣ ਲਈ ਉਹਦੇ ਹੱਥ ਫੜ ਲਏ | ਉਹ ਔਰਤ ਜਾਗ ਪਈ ਸੀ | ਉਸ ਨੇ ਉਨ੍ਹਾਂ ਦੇ ਦੋਵੇਂ ਹੱਥ ਫੜ ਲਏ ਅਤੇ ਆਖਿਆ, 'ਜਿੰਨਾ ਮਾਂ ਦਾ ਦੁੱਧ ਪੀਤਾ ਜੇ ਜ਼ੋਰ ਲਾ ਲਵੋ ਪਰ ਤੁਸੀਂ ਮੇਰੀਆਂ ਵੰਗਾਂ ਲੈ ਕੇ ਜਾ ਨਹੀਂ ਸਕੋਗੇ | ਮੈਂ ਹੁਣੇ ਰੌਲਾ ਪਾਇਆ ਤਾਂ ਸਾਰਾ ਪਿੰਡ ਤੁਹਾਡੇ ਪਿੱਛੇ ਪੈ ਜਾਊਗਾ, ਤੁਹਾਡੇ ਡੱਕਰੇ ਕੀਤੇ ਜਾਣਗੇ | ਇਸ ਲਈ ਚੁੱਪ ਕਰਕੇ ਇਸ ਪੌੜੀ ਰਾਹੀਂ ਮੇਰੇ ਘਰ ਦੇ ਵਿਹੜੇ ਵਿਚ ਉੱਤਰ ਜਾਓ |'
ਇੰਨੇ ਵਿਚ ਜਿਧਰੋਂ ਉਹ ਚੜ੍ਹੇ ਸਨ, ਉਧਰ ਲੋਕ ਆਉਣ ਜਾਣ ਲੱਗ ਪਏ ਸਨ | ਉਹ ਡਰ ਗਏ ਹੁਣ ਉਨ੍ਹਾਂ ਕੋਲ ਉਹਦੀ ਗੱਲ ਮੰਨਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ |
ਉਸ ਔਰਤ ਨੇ ਗਰਮੀ ਕਰਕੇ ਆਪਣੇ ਤਨ 'ਤੇ ਘੱਟ ਕੱਪੜੇ ਪਾਏ ਸਨ, ਜਿਸ ਕਰਕੇ ਉਹ ਉਠ ਕੇ ਉਨ੍ਹਾਂ ਦਾ ਮੁਕਾਬਲਾ ਨਹੀਂ ਸੀ ਕਰ ਰਹੀ | ਉਹਨੇ ਕੱਪੜੇ ਪਾ ਲਏ ਅਤੇ ਪੌੜੀ ਥਾਣੀਂ ਥੱਲੇ ਉੱਤਰ ਆਈ | ਏਨੇ ਉਹਦਾ ਘਰ ਵਾਲਾ ਜੋ ਰਾਤ ਨੂੰ ਆਪਣੇ ਖੇਤਾਂ ਨੂੰ ਨਹਿਰ ਦੀ ਵਾਰੀ ਦਾ ਪਾਣੀ ਲਾਉਣ ਗਿਆ ਸੀ, ਉਸ ਨੇ ਦਰਵਾਜ਼ਾ ਖਟਖਟਾਇਆ ਤਾਂ ਔਰਤ ਨੇ ਦਰਵਾਜ਼ਾ ਖੋਲ੍ਹ ਦਿੱਤਾ | ਉਹਦਾ ਘਰ ਵਾਲਾ ਦੋ ਜਵਾਨਾਂ ਨੂੰ ਵੇਖ ਕੇ ਪੁੱਛਣ ਲੱਗਾ, 'ਇਹ ਕੌਣ ਨੇ ਬਾਨੋ?' ਉਸ ਔਰਤ ਨੇ ਆਖਿਆ, 'ਇਹ ਮੇਰੇ ਭਰਾ ਲੱਗਦੇ ਨੇ, ਮੇਰੇ ਪੇਕਿਉਂ ਆਏ ਨੇ |' ਉਹਦੇ ਘਰ ਵਾਲੇ ਨੇ ਉਨ੍ਹਾਂ ਨਾਲ ਹੱਥ ਮਿਲਾਏ | ਉਹ ਰਾਜ਼ੀ-ਖੁਸ਼ੀ ਪਿੰਡ ਮੁੜ ਆਏ | ਉਹ ਮਹੀਨੇ, ਦੋ ਮਹੀਨੇ ਬਾਅਦ ਆਪਣੀ ਧਰਮ ਭੈਣ ਨੂੰ ਮਿਲਣ ਜਾਇਆ ਕਰਦੇ ਸਨ | ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਧਰਮ ਭੈਣ ਬਾਨੋ ਦੇ ਪੁੱਤਰ ਹੋਇਆ ਹੈ ਤਾਂ ਉਹ ਆਪਣੇ ਨਵੇਂ ਜੰਮੇ ਭਾਣਜੇ ਦੇ ਸੋਹਣੇ-ਸੋਹਣੇ ਕੱਪੜੇ, ਭੈਣ ਦਾ ਸੂਟ ਲੈ ਕੇ ਗਏ | ਉਸ ਔਰਤ ਨੇ ਸੂਟ ਅਤੇ ਬਾਲ ਦੇ ਕੱਪੜੇ ਲੈਣ ਤੋਂ ਨਾਂਹ ਕਰਦੇ ਹੋਏ ਆਖਿਆ, 'ਮੈਂ ਚੋਰੀ ਦੇ ਪੈਸਿਆਂ ਦੇ ਕੱਪੜੇ ਨਹੀਂ ਲੈਣੇ | ਹਾਂ, ਜੇਕਰ ਤੁਸੀਂ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰੋਗੇ ਤਾਂ ਮੈਂ ਕੱਪੜੇ ਲੈ ਲਵਾਂਗੀ |' ਦੋਵਾਂ ਨੇ ਆਪਣੀ ਧਰਮ-ਭੈਣ ਦੀ ਸ਼ਰਤ ਮੰਨ ਲਈ ਅਤੇ ਚੋਰੀ ਕਰਨਾ ਛੱਡ ਦਿੱਤਾ |

-ਜੇਠੀ ਨਗਰ, ਮਾਲੋਰਕੋਟਲਾ ਰੋਡ, ਖੰਨਾ-141401. (ਪੰਜਾਬ) |
ਮੋਬਾਈਲ: 94170-91668.

ਕਾਵਿ-ਵਿਅੰਗ

ਲਖ਼ਸ਼
• ਨਵਰਾਹੀ ਘੁਗਿਆਣਵੀ *
ਓਹੀ, ਦਾਜ ਦਹੇਜ ਦੀ ਮੰਗ ਕਰਦੇ,
ਦੌਲਤ ਜਿਨ੍ਹਾਂ ਨਾਜਾਇਜ਼ ਬਣਾਈ ਹੋਵੇ |
ਬਹੁਤੇ ਲੋਕਾਂ ਨੂੰ ਰੋਟੀ ਵੀ ਨਹੀਂ ਜੁੜਦੀ,
ਕੁਝ ਇਕ, ਜਿਨ੍ਹਾਂ ਨੂੰ ਅੰਧ-ਕਮਾਈ ਹੋਵੇ |
ਠਾਣੇ ਅਤੇ ਅਦਾਲਤਾਂ ਹੈਨ ਭਾਵੇਂ,
ਕਿਸੇ ਕਿਸੇ ਥਾਂ ਠੀਕ ਸੁਣਵਾਈ ਹੋਵੇ |
ਆਗੂ ਓਹੀ ਜੋ ਜਨਤਾ ਦਾ ਹਿਤੂ ਹੋਵੇ,
ਜਿਸ ਦਾ 'ਲਖ਼ਸ਼' ਹੀ ਲੋਕ-ਭਲਾਈ ਹੋਵੇ |

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਕਸੂਤਾ ਜੱਭ
• ਹਰਦੀਪ ਢਿੱਲੋਂ *
ਪਿੱਤਲ ਮਾਰਦਾ ਸੋਨੇ ਦੀ ਦਮਕ ਫਿਰਦਾ,
ਪਾਏ ਖੋਟ ਪਛਾਣੇ ਨਾ ਜਾਣ ਸੌਖੇ |
ਪਹੁੰਚੇ ਨਕਲਚੀ ਘੁੱਗੀਆਂ ਮੇਲ ਦਿੰਦੇ,
ਝੂਠੇ ਪਰਨੋਟ ਪਛਾਣੇ ਨਾ ਜਾਣ ਸੌਖੇ |
ਘਾਟਾ ਪੰਛੀ ਵਪਾਰ ਨੂੰ ਪਵੇ ਡਾਢਾ,
ਨਸਲੀ ਬੋਟ ਪਛਾਣੇ ਨਾ ਜਾਣ ਸੌਖੇ |
'ਮੁਰਾਦਵਾਲਿਆ' ਕਸੂਤਾ ਜੱਭ ਪੈਂਦਾ,
ਨਕਲੀ ਨੋਟ ਪਛਾਣੇ ਨਾ ਜਾਣ ਸੌਖੇ |

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਵਕਤ 'ਚ ਘਿਰੀ ਸੋਚ

ਬਾਪੂ ਜੀ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਪਿੰਡ ਦੇ ਡਾਕਟਰ ਤੋਂ ਹੀ ਇਲਾਜ ਚੱਲ ਰਿਹਾ ਸੀ | ਸ਼ਹਿਰ ਹਸਪਤਾਲ ਜਾ ਹੀ ਨੀ ਹੋਇਆ, ਕਤਕ-ਵਾੜਾ ਚਲ ਰਿਹਾ ਸੀ, ਕਿਤੇ ਰੋਣੀ, ਕਿਤੇ ਬਹਾਈ ਬਿਜਾਈ | 'ਕੱਲਾ ਬੰਦਾ ਕਿੱਥੇ-ਕਿੱਥੇ, ਕੀ-ਕੀ ਕਰੇ | ਪਰ ਅੱਜ ਤਾਂ ਹਾਲਾਤ ਠੀਕ ਨਹੀਂ ਸਨ ਲੱਗਦੈ, ਬਾਪੂ ਜੀ ਨੂੰ ਹਸਪਤਾਲ ਲੈ ਕੇ ਜਾਣਾ ਹੀ ਪੈਣਾ |
'ਬਾਪੂ ਜੀ ਦੀ ਸਿਹਤ ਜ਼ਿਆਦਾ ਢਿੱਲੀ ਲੱਗਦੀ ਏ, ਸੋਚਦਾ ਹਾਂ ਕਿ ਕੱਲ੍ਹ ਹਸਪਤਾਲ ਲੈ ਹੀ ਜਾਵਾਂ', ਮੈਂ ਪਤਨੀ ਨੂੰ ਖੇਤੋਂ ਆ ਕੇ ਕਿਹਾ |
'ਹਾਂ ਜੀ, ਅੱਜ ਤਾਂ ਠੀਕ ਢੰਗ ਨਾਲ ਕੁਝ ਖਾਧਾ-ਪੀਤਾ ਵੀ ਨੀਂ, ਚੰਗੇ ਡਾਕਟਰ ਨੂੰ ਦਿਖਾਓ, ਕੁਝ ਟੈਮ ਹੋਰ ਕੱਢ ਜਾਣ, ਵਧੇ ਹੋਏ ਪੈਨਸ਼ਨ ਦੇ ਪੈਸੇ ਹੀ ਮਿਲ ਜਾਣ |'
'ਤੈਨੂੰ ਪੈਸਿਆਂ ਦੀ ਪਈ ਏ', ਮੈਨੂੰ ਗੁੱਸਾ ਆ ਗਿਆ, 'ਤੈਨੂੰ ਸ਼ਰਮ ਨੀ ਆਉਂਦੀ ਏਹ ਸੋਚਦਿਆਂ' |
'ਜੀ ਮੈਥੋਂ ਸਹਿਜ ਸੁਭਾਅ ਨਿਕਲ ਗਿਆ, ਮੇਰਾ 'ਹੋਰ' ਮਤਲਬ ਨੀ ਸੀ', ਪਤਨੀ ਡਰ ਕੇ ਬੋਲੀ | ਤੇ ਮੈਂ ਗੁੱਸੇ ਵਿਚ ਘਰੋਂ ਬਾਹਰ ਨਿਕਲ ਗਿਆ, ਰਸਤੇ ਵਿਚ ਘਰ ਦੇ ਹਾਲਾਤਾਂ ਬਾਰੇ ਸੋਚਦਾ ਰਿਹਾ | ਮੈਂ ਐਵੇੇਂ ਘਰ ਵਾਲੀ ਨੂੰ ਗੁੱਸੇ ਹੋਇਆ, ਪਰਸੋਂ ਮੈਂ ਵੀ ਤਾਂ ਏਹੀ ਸੋਚਦਾ ਸੀ ਜਦੋਂ ਬੈਂਕ ਮੈਨੇਜਰ ਨੇ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਬਾਰੇ ਮੈਨੂੰ ਗੁੱਸੇ ਵਿਚ ਕਿਹਾ ਸੀ |

-ਚਰਨਜੀਤ ਸਿੰਘ ਕਤਰਾ
ਮੋਬਾਈਲ : 98769-31529.

ਮੰਡੀਹਰ

ਟਰੱਕ ਡਰਾਇਵਰੀ ਕਰਕੇ ਨੱਥਾ ਸਿਓਾ ਨੇ ਜੁਆਕ ਪਾਲੇ-ਪੜ੍ਹਾਏ, ਚੰਗੀਆਂ ਨੌਕਰੀਆਂ 'ਤੇ ਲਗਵਾਏ, ਹੁਣ ਉਹ ਦੋਹਤਿਆਂ-ਪੋਤਿਆਂ ਵਾਲਾ ਰੰਗਾਂ 'ਚ ਵਸਦਾ ਮੌਜਾਂ-ਮਾਣਦਾ ਕਦੇ ਚੰਡੀਗੜ੍ਹ-ਕਦੇ ਆਪਣੇ ਪਿੰਡ ਆ ਜਾਂਦਾ | ਅੱਜ ਉਹ ਪਿੰਡ ਦੀ ਸੱਥ 'ਚ ਤਾਸ਼ ਖੇਡਦੇ ਮੁੰਡਿਆਂ ਕੋਲ ਜਾ ਬੈਠਾ | ਕੋਈ ਉਸ ਨੂੰ ਬਾਬਾ, ਕੋਈ ਤਾਇਆ ਕਹਿੰਦਾ ਸਤਿ ਸ੍ਰੀ ਅਕਾਲ ਬੁਲਾ ਰਿਹਾ ਸੀ | ਵਿਚੋਂ ਦੀ ਜ਼ੋਰਾ ਸਿੰਘ ਮਸ਼ਕਰੀ ਕਰਦਾ ਬੋਲਿਆ, 'ਅੰਕਲ ਜੀਅ ਨਹੀਂ ਲੱਗਿਆ, ਚੰਡੀਗੜ੍ਹ 'ਚ?' ਨਾਂਹ 'ਚ ਸਿਰ ਹਲਾੳਾੁਦਾ ਨੱਥਾ ਸਿਓਾ ਬੋਲਿਆ, 'ਮੈਨੂੰ ਤਾਂ ਪਿੰਡ ਈ ਚੰਗਾ ਲੱਗਦੈ, ਐਥੇ ਤਾਂ ਖੁੱਲ੍ਹਾ ਮਾਹੌਲ, ਉੱਥੇ ਡੱਬੀਆਂ ਵਰਗੇ ਘਰ ਨੇ, ਕੀ ਦੱਸਾਂ ਦਮ ਘੁੱਟਦੈ ਮੇਰਾ, ਜੁਆਕ ਜ਼ੋਰ ਪਾਉਂਦੇ ਨੇ ਬਈ ਉੱਥੇ ਰਹਾਂ ਪਰ... |'
'ਇਕੱਲਾ ਹੀ ਆਇਆਂ?' ਵਿਚੋਂ ਈ ਕਿਸੇ ਨੇ ਪੁੱਛਿਆ | ਹੈਂਅ...ਕੱਲਾ ਨੀ ਜ਼ੋਰੇ ਦੀ ਅੰਕਲੀ ਵੀ ਨਾਲ ਲਿਆਂਦੀ ਆ |' 'ਤਾਹੀਓਾ ਤੇਰੀ ਖ਼ਬਰ ਲੈਣ ਆ ਰਹੀਆਂ... ਵੇਖ ਪਿੱਛੇ ਮੁੜ ਕੇ' ਜ਼ੋਰਾ ਮੁੜ ਮਸ਼ਕਰੀ ਅੰਦਾਜ਼ 'ਚ ਬੋਲਿਆ | ਐਨੇ ਨੂੰ ਨੱਥਾ ਸਿੰਘ ਦੀ ਜੀਵਨ ਸਾਥਣ ਆ ਪਹੁੰਚੀ, ਘੰਟੀ ਵੱਜਦੇ ਸੈਲ ਫੋਨ ਨੂੰ ਫੜਾਉਂਦੀ ਬੋਲੀ, 'ਆਹ ਫੂਨ ਘਰ ਛੱਡ ਆਏ, ਦੋ-ਤਿੰਨ ਵਾਰੀ ਘੰਟੀਆਂ ਵੱਜ ਚੁੱਕੀਆਂ ਨੇ, ਇਹਨੂੰ ਜੇਬ 'ਚ ਰੱਖਿਆ ਕਰੋ |'
ਹੈਲੋ... 'ਕਿਹੜਾ ਏਾ ਭਾਈ...' ਸਿਗਨਲ ਕਮਜ਼ੋਰ ਹੋਣ ਕਾਰਨ ਆਵਾਜ਼ ਰੁਕਦੀ-ਕੱਟਦੀ ਆਉਂਦੀ-ਜਾਂਦੀ ਸੀ | 'ਬਾਪੂ ਜੀ, ਮੈਂ ਚੰਡੀਗੜ੍ਹ ਤੋਂ ਹਰਮਨ ਬੋਲਦਾਂ |' ਹਾਂ ਦੱਸ ਕੀ ਹਾਲ ਕਾਕਾ ਤੇਰਾ, ਘਰੇ ਸਾਰੇ ਠੀਕ ਨੇ', ਨੱਥਾ ਸਿਓਾ ਨੇ ਸੁੱਖ-ਸਾਂਦ ਪੁੱਛੀ | 'ਹਾਂ ਜੀ ਠੀਕ ਨੇ ਸਾਰੇ, ਬਾਪੂ ਮੈਂ 'ਟੀਵਰ' ਲਿਆਂਦੀ' ਅੱਛਾ-ਅੱਛਾ...ਇਹਦੇ 'ਚ ਵੀ ਪਹਿਲਾਂ ਵਾਲੀ ਗੱਡੀ ਜਿੰਨੇ ਹੀ ਬੈਠਦੇ ਹੋਣਗੇ? ਬਾਪੂ ਨੇ ਸਮਝਿਆ ਪੋਤਰੇ ਨੇ ਨਵੀਂ ਗੱਡੀ ਲਈ ਹੈ, ਪਰ ਗੱਲਬਾਤ ਵਿਚਾਲਿਓਾ ਟੁੱਟ ਗਈ | ਖੁਸ਼ੀ ਦੇ ਆਲਮ 'ਚ ਨੱਥਾ ਸਿੰਘ ਨੇ ਫੋਨ ਖੀਸੇ 'ਚ ਪਾ ਲਿਆ, ਚਿਹਰੇ 'ਤੇ ਆਈ ਖੁਸ਼ੀ ਵੇਖ ਸੱਥ 'ਚ ਬੈਠੇ ਬੰਦਿਆਂ ਨੇ ਪੁੱਛਿਆ 'ਕੀ ਗੱਲ ਚਿਹਰਾ ਖਿੜ ਪਿਆ'? ਫੇਰ ਤਾਂ ਪਾਰਟੀ ਹੋਊ... |' ਸਭਨਾਂ ਨੇ ਇਕ ਸੁਰ ਗੱਲ ਕੀਤੀ | ਨੱਥਾ ਸਿੰਘ ਮੰਨ ਗਿਆ | ਕਿਸੇ ਨੇ ਅੰਬਰਸਰ ਨਹਾਉਣ ਦੀ ਗੱਲ ਕੀਤੀ, ਕਿਸੇ ਕਿਸੇ ਹੋਰ ਤੀਰਥ ਦੀ, ਪਰ ਜ਼ੋਰੇ ਨੇ ਤਾਂ ਅੰਕਲ ਨੂੰ ਵਡਿਆ ਕੇ ਠੇਕੇ ਤੋਂ ਅੰਗਰੇਜ਼ੀ ਦੀ ਬੋਤਲ ਮੰਗਵਾ ਲਈ, ਚਾਰ ਜਣੇ ਰਲ ਕੇ ਪੀਣ ਲੱਗੇ | ਬੋਤਲ ਮੁੱਕ ਗਈ, ਚਾਰੋ ਘਰਾਂ ਨੂੰ ਤੁਰਨ ਲੱਗੇ, ਜ਼ੋਰੇ ਨੇ ਨੱਥਾ ਸਿਓਾ ਨੂੰ ਸੁਝਾਅ ਦਿੰਦਿਆਂ ਕਿਹਾ, 'ਅੰਕਲ ਸਾਨੂੰ ਤਾਂ ਪਾਰਟੀ ਕਰਤੀ, ਪਰ ਦੂਜਿਆਂ ਨੂੰ ਕੱਲ੍ਹ ਯਾਤਰਾ ਕਰਵਾ ਦੇਈਾ |' ਨੱਥਾ ਸਿਓਾ ਹਾਮੀ ਭਰਦਾ ਬੋਲਿਆ, 'ਠੀਕ ਆ ਭਤੀਜਿਆ... |' ਏਨੇ ਨੂੰ ਫੋਨ ਦੀ ਘੰਟੀ ਮੁੜ ਵੱਜੀ, ਆਵਾਜ਼ ਉਹੀ ਸੀ | 'ਬਾਪੂ ਮੈਂ ਹਰਮਨ ਬੋਲਦਾਂ, ਪਹਿਲਾਂ ਸ਼ਾਇਦ ਸਿਗਨਲ ਵੀਕ ਹੋਣ ਕਰਕੇ ਲਾਈਨ ਟੁੱਟ ਗਈ ਸੀ, ਮੈਂ ਸੋਚਿਆ ਮੁੜ ਗੱਲ ਕਰਾਂ' | ਮੂਲ ਤੋਂ ਵਿਆਜ ਪਿਆਰਾ ਪੋਤਰੇ ਦੇ ਮੋਹ 'ਚ ਖਿੜਿਆ ਨੱਥਾ ਸਿਓਾ ਬੋਲਿਆ, 'ਹਰਮਨਾ ਤੈਂ ਤਾਂ ਰੂਹ ਖੁਸ਼ ਕਰਤੀ ਕਾਕੇ, ਮੈਂ ਤਾਂ ਡੰਡਾ ਮਰਸਰੀ ਚਲਾਉਂਦੇ ਉਮਰ ਹੰਢਾਅ ਲਈ, ਰੱਬ ਨੇ ਭਾਗ ਲਾ ਦਿੱਤੇ, ਥੋਨੂੰ ਮੌਜਾਂ ਲੱਗ ਗਈਆਂ, ਦੋ-ਦੋ ਗੱਡੀਆਂ ਵਾਲੇ ਬਣ ਗਏ' | ਪੋਤਰਾ ਕੁਝ ਕਹਿਣਾ ਚਾਹੁੰਦਾ ਸੀ ਪਰ ਨੱਥਾ ਸਿਓਾ ਨੇ ਅੰਗਰੇਜ਼ੀ ਦੇ ਨਸ਼ੇ 'ਚ ਬਿਨਾਂ ਸੁਣੇ ਆਪਣੀ ਗੱਲ ਬੇਰੋਕ ਬੋਲਦਿਆਂ ਕਿਹਾ, 'ਜ਼ੋਰੇ ਹੋਰਾਂ ਨੂੰ ਅੰਗਰੇਜ਼ੀ ਦੀ ਬੋਤਲ ਦੀ ਪਾਰਟੀ ਕਰਤੀ, ਬਾਕੀ ਕੱਲ੍ਹ ਨੂੰ ਅੰਬਰਸਰ ਦਾ ਤੀਰਥ ਕਰਵਾ ਕੇ ਸੋਫੀਆਂ ਦੀ ਪਾਰਟੀ ਕਰਨੀ ਆ ਪੁੱਤ' | ਦਾਦੇ ਦੇ ਬਦਲੇ ਆਪ-ਮੁਹਾਰੇ ਸੁਰ ਸਮਝਦਿਆਂ ਪੋਤਰੇ ਨੇ ਵਿਚੋਂ ਟੋਕਦਿਆਂ ਪੁੱਛਿਆ, 'ਬਾਪੂ ਪਾਰਟੀ ਕਾਹਦੀ ਕਰਨ ਲੱਗਿਆਂ...ਸਾਨੂੰ ਵੀ ਦੱਸ ਦੇ... |'
'ਓਹੋ ਪੁੱਤ, ਤੈਂ ਨਵੀਂ ਗੱਡੀ ਲਈ ਆ, ਖੁਸ਼ੀ ਤਾਂ ਹੋਣੀ ਹੀ ਸੀ, ਉਸੇ ਦੀ ਪਾਰਟੀ', ਨੱਥਾ ਸਿਓਾ ਖੁਸ਼ੀ 'ਚ ਬੋਲਿਆ | ਅੱਗੋਂ ਹੈਰਾਨ ਹੁੰਦਿਆਂ ਹਰਮਨ ਨੇ ਪੁੱਛਿਆ, 'ਕਿਹੜੀ ਨਵੀਂ ਗੱਡੀ? 'ਜਿਹੜੀ ਤੂੰ ਘੰਟਾ ਪਹਿਲਾਂ ਗੱਲ ਕਰਦੇ ਨੇ ਦੱਸੀ ਆ ਪੁੱਤ...', ਨੱਥਾ ਸਿਓਾ ਨੇ ਜਵਾਬ ਦਿੰਦਿਆਂ ਕਿਹਾ | 'ਉਹ ਗੱਡੀ ਥੋੜਾ, ਉਹ ਤਾਂ ਵਿਦੇਸ਼ੀ ਨਸਲ ਦੀ ਕੁੱਤੀ ਲਈ ਆ...' ਤੂੰ ਵੀ ਬੱਸ ਹੋਰ ਈ ਕੁਝ ਸਮਝ ਲੈਂਦਾ ਹੈਂ |' ਗੱਡੀ ਦੀ ਥਾਂ ਕੁੱਤੀ ਸੁਣ ਨੱਥਾ ਸਿਓਾ ਦੀ ਪੀਤੀ ਦਾ ਨਸ਼ਾ ਉੱਤਰ ਗਿਆ | ਧੜੀ-ਧੜੀ ਦੀਆਂ ਗਾਲ੍ਹਾਂ ਕੱਢਦਾ ਬੋਲਿਆ, 'ਥੋਡਾ ਈ ਪਤਾ ਨੀ ਲੱਗਦਾ 'ਮੰਡੀਹਰ ਦੀ ਕੁਤੀੜ ਦਾ... |'

-ਬਲਜੀਤ ਸਿੰਘ ਢਿੱਲੋਂ
ਪਿੰਡ ਤੇ ਡਾਕ: ਘਵੱਦੀ, ਲੁਧਿਆਣਾ-141206,
ਮੋਬਾਈਲ : 94178-70492.

ਮੋਰ ਅਤੇ ਸਾਰਸ

ਇਕ ਮੋਰ ਅਤੇ ਸਾਰਸ ਵਿਚ ਬਹਿਸ ਹੋ ਗਈ ਕਿ ਉਨ੍ਹਾਂ 'ਚੋਂ ਕਿਹੜਾ ਜ਼ਿਆਦਾ ਮਹੱਤਵਪੂਰਨ ਹੈ | ਮੋਰ ਬੋਲਿਆ, 'ਮੈਂ ਸਾਰੇ ਪੰਛੀਆਂ ਨਾਲੋਂ ਜ਼ਿਆਦਾ ਸੰੁਦਰ ਹਾਂ | ਮੇਰੀ ਪੂਛ ਵਿਚ ਇੰਦਰਧਨੁਸ਼ ਦੇ ਸਾਰੇ ਰੰਗ ਚਮਕਦੇ ਹਨ, ਜਦਕਿ ਤੂੰ ਭੂਰਾ-ਭੂਰਾ ਅਤੇ ਭੱਦਾ ਹੈਾ |'
ਸਾਰਸ ਨੇ ਜਵਾਬ ਦਿੱਤਾ, 'ਪਰ ਮੈਂ ਉੱਚੇ ਆਕਾਸ਼ ਵਿਚ ਉੱਡਦਾ ਹਾਂ ਅਤੇ ਤੰੂ ਗੰਦੇ ਅਹਾਤੇ ਵਿਚ ਘੰੁਮਦਾ ਹੈਾ |'

-ਲਿਓ ਟਾਲਸਟਾਏ
ਅਨੁ: ਮਾ: ਜਰਨੈਲ ਸਿੰਘ
ਮਕਾਨ ਨੰ: ਈ-11/158, ਗਲੀ ਨੰ: 2, ਬਹਾਦਰਕੇ ਰੋਡ, ਭਾਰਤੀ ਕਾਲੋਨੀ, ਲੁਧਿਆਣਾ |
ਮੋਬਾਈਲ : 94173-91167.

ਕਿੱਸੇ ਚਾਪਲੂਸੀ ਦੇ

ਚਾਪਲੂਸੀ ਕਰਨਾ ਜਾਂ ਕਰਾਉਣਾ ਸਾਡੀ ਸਭ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ | ਜੇ ਇਹ ਇਕ ਦੀ ਕਮਜ਼ੋਰੀ ਹੈ ਤਾਂ ਦੂਸਰੇ ਦੀ ਹੁਸ਼ਿਆਰੀ ਹੈ | ਘਰਾਂ ਵਿਚ, ਸਕੂਲਾਂ ਤੇ ਕਾਲਜਾਂ ਵਿਚ, ਦਫਤਰਾਂ ਵਿਚ ਤੇ ਰਾਜਨੀਤਕ ਅਦਾਰਿਆ ਵਿਚ ਬਿਨਾਂ ਚਾਪਲੂਸੀ ਦੇ ਸ਼ਾਇਦ ਸਰਦਾ ਹੀ ਨਹੀਂਾ | ਇਹ ਚਾਪਲੂਸੀ ਕੀ ਹੈ? ਕਿਸੇ ਵੀ ਇਨਸਾਨ ਦੀ ਬੇਲੋੜੀ ਜਾਂ ਹੱਦੋਂ ਵੱਧ ਤਾਰੀਫ ਕਰਨ ਨੂੰ 'ਚਾਪਲੂਸੀ' ਕਿਹਾ ਜਾ ਸਕਦਾ ਹੈ | ਕਿਸੇ ਕੋਲੋਂ ਫਾਇਦਾ ਲੈਣ ਲਈ, ਕੰਮ ਕਰਾਉਣ ਲਈ ਜਾਂ ਫਿਰ ਉਸ ਨੂੰ ਖੁਸ਼ ਕਰਨ ਲਈ ਉਸ ਦੀ ਖਾਹਮਖਾਹ ਚਮਚਾਗਿਰੀ ਹੀ ਤਾਂ ਚਾਪਲੂਸੀ ਹੈ |
ਦਫਤਰਾਂ ਵਿਚ ਚੰਗੀ ਰਿਪੋਰਟ ਤੇ ਤਰੱਕੀ ਲੈਣ ਲਈ ਜਾਂ ਫਿਰ ਆਪਣੀ ਮਨਪਸੰਦ ਜਗ੍ਹਾ 'ਤੇ ਬਦਲੀ ਕਰਾਉਣ ਲਈ ਕਈ ਕੰਮ ਦਾ ਘੱਟ ਤੇ ਚਾਪਲੂਸੀ ਦਾ ਵੱਧ ਸਹਾਰਾ ਲੈਂਦੇ ਹਨ | ਕਈ ਵਾਰੀ ਉਹ ਕਾਮਯਾਬ ਵੀ ਹੋ ਜਾਂਦੇ ਹਨ | ਰਾਜਨੀਤਕ ਖੇਤਰਾਂ ਵਿਚ ਮੰਤਰੀਆਂ ਦੀ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਦੀ ਚਾਪਲੂਸੀ ਕਰਨ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ | ਇਥੋਂ ਤੱਕ ਕਿ ਕਈ ਵਾਰੀ ਮੀਡੀਆ ਵੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ | ਕਈ ਅਖ਼ਬਾਰਾਂ ਤੇ ਟੀ.ਵੀ. ਚੈਨਲ ਵੀ ਚਾਪਲੂਸੀ ਕਰਨ ਦੇ ਸਿੱਧੇ ਜਾਂ ਅਸਿੱਧੇ ਤਰੀਕੇ ਅਪਣਾਉਂਦੇ ਹਨ |
ਮੈਂ ਚਾਪਲੂਸੀ ਕਰਨ ਵਾਲਿਆਂ ਦੀ ਦੁਨੀਆ ਵਿਚ ਇਕ ਖਾਸ ਗੱਲ ਵੇਖੀ ਹੈ | ਜਿਹੜੇ ਜ਼ਿਆਦਾ ਚਾਪਲੂਸ ਹੁੰਦੇ ਹਨ, ਉਹ ਸੀਨੀਅਰ ਅਫਸਰ ਦੀ ਬਦਲੀ ਜਾਂ ਸੇਵਾਮੁਕਤੀ ਤੋਂ ਬਾਅਦ ਸਭ ਤੋਂ ਪਹਿਲਾਂ ਬਦਲਦੇ ਹਨ | ਇਹੋ ਹਾਲ ਰਾਜਨੀਤੀ ਵਿਚ ਹੈ | ਪਾਰਟੀ ਹਾਰੀ ਨਹੀਂ ਜਾਂ ਨੇਤਾ ਦੇ ਹੱਥੋਂ ਸੱਤਾ ਗਈ ਨਹੀਂ ਤੇ ਚਾਪਲੂਸਾਂ ਨੇ ਆਪਣੀ ਚਾਪਲੂਸੀ ਦਾ ਠਿਕਾਣਾ ਤੇ ਨਿਸ਼ਾਨਾ ਬਦਲ ਲਿਆ | ਲੱਗਦਾ ਹੈ ਜ਼ਿਆਦਾ ਝੁਕਣ ਕਾਰਨ ਉਨ੍ਹਾਂ ਦੀ ਪਿੱਠ ਦਰਦ ਕਰਨ ਲੱਗ ਜਾਂਦੀ ਹੈ ਤੇ ਉਹ ਸਿੱਧੇ ਆਕੜ ਕੇ ਖੜ੍ਹੇ ਹੋ ਜਾਂਦੇ ਹਨ | ਪਰ ਇਹ ਆਕੜ ਤੇ ਰਾਹਤ ਕਦੋਂ ਤੱਕ! ਫਿਰ ਦੂਜੇ ਅਫਸਰ ਤੇ ਨੇਤਾ ਦੇ ਸਾਹਮਣੇ ਝੁਕਣਾ ਪੈਂਦਾ ਹੈ | ਚਾਪਲੂਸ ਦੀ ਜ਼ਿੰਦਗੀ ਏਨੀ ਸੌਖੀ ਤਾਂ ਨਹੀਂ ਹੈ |
ਚਾਪਲੂਸੀ ਤਾਂ ਹਰ ਯੁੱਗ ਤੇ ਹਰ ਮਾਹੌਲ ਵਿਚ ਵਧਦੀ-ਫੁਲਦੀ ਹੀ ਰਹੀ ਹੈ | ਅਕਬਰ ਤੇ ਉਸ ਦੇ ਮੰਤਰੀ ਬੀਰਬਲ ਦੀ ਸਿਆਣਪ ਤੇ ਹਾਜ਼ਰ-ਜੁਆਬੀ ਦੇ ਕਿੱਸੇ ਤਾਂ ਅਸੀਂ ਬਹੁਤ ਸੁਣਦੇ ਆਏ ਹਾਂ | ਉਸ ਦੀ ਚਾਪਲੂਸੀ ਦਾ ਵੀ ਇਕ ਕਿੱਸਾ ਸੁਣ ਲਵੋ | ਇਕ ਦਿਨ ਅਕਬਰ ਦੇ ਸ਼ਾਹੀ ਬਵਰਚੀਖਾਨੇ ਵਿਚ ਬੈਂਗਣ ਦੀ ਸਬਜ਼ੀ ਬਣੀ ਤੇ ਅਕਬਰ ਨੂੰ ਬਹੁਤ ਹੀ ਸੁਆਦਲੀ ਤੇ ਚੰਗੀ ਲੱਗੀ | ਉਸ ਨੇ ਬੀਰਬਲ ਦੇ ਸਾਹਮਣੇ ਇਸ ਦੀ ਬਹੁਤ ਤਾਰੀਫ਼ ਕੀਤੀ | 'ਸ਼ਹਿਨਸ਼ਾਹ, ਬੈਂਗਣ ਹੈ ਹੀ ਤਾਰੀਫ਼ ਦੇ ਕਾਬਲ | ਸਿਰਫ ਸੁਆਦੀ ਹੀ ਨਹੀਂ, ਸੋਹਣਾ ਵੀ ਬਹੁਤ ਹੈ | ਸ਼ਾਮ ਰੰਗ ਤੇ ਸਿਰ ਤੇ ਮੁਕਟ ਲੈ ਕੇ ਪੈਦਾ ਹੁੰਦਾ ਹੈ | ਕਿਆ ਬਾਤ ਹੈ', ਬੀਰਬਲ ਨੇ ਹਾਮੀ ਭਰੀ | ਉਸੇ ਦਿਨ ਅਕਬਰ ਦੇ ਪੇਟ ਵਿਚ ਗੜਬੜ ਹੋ ਗਈ | ਉਹ ਗੁੱਸੇ 'ਚ ਬੋਲਿਆ, 'ਇਹ ਕਿਹੋ ਜਿਹੀ ਘਟੀਆ ਤੇ ਨਾਮੁਰਾਦ ਸਬਜ਼ੀ ਸੀ ਜੋ ਮੈਂ ਖਾ ਲਈ' | 'ਸ਼ਹਿਨਸ਼ਾਹ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ | ਬੈਂਗਣ ਵੀ ਕੋਈ ਖਾਣ ਵਾਲੀ ਚੀਜ਼ ਹੈ! ਸਿਹਤ ਲਈ ਹਾਨੀਕਾਰਕ ਤੇ ਦੇਖਣ ਵਿਚ ਵੀ ਕੋਝੀ | ਵੇਖੋ, ਨਾ ਲਾਲ, ਨਾ ਪੀਲਾ, ਨਾ ਹਰਾ, ਸਗੋਂ ਕਾਲਾ ਕਲੂਟਾ ਰੰਗ ਤੇ ਸਿਰ 'ਤੇ ਕੰਡੇ | ਇਸ ਨੂੰ ਖਾਣਾ ਤਾਂ ਇਕ ਪਾਸੇ ਰਿਹਾ, ਹੱਥ ਵੀ ਨਹੀਂ ਲਗਾਉਣਾ ਚਾਹੀਦਾ, ਬੀਰਬਲ ਨੇ ਜੰਮ ਕੇ ਬੈਂਗਣ ਦੀ ਨਿਖੇਧੀ ਕੀਤੀ | ਇਕ ਹੋਰ ਮੰਤਰੀ ਸਾਰੀ ਗੱਲਬਾਤ ਸੁਣ ਰਿਹਾ ਸੀ | ਉਸ ਨੇ ਬੀਰਬਲ ਨੂੰ ਪੁੱਛਿਆ, 'ਜਨਾਬ ਸਵੇਰੇ ਤਾਂ ਬੈਂਗਣ ਦੀ ਤਾਰੀਫ਼ ਦੇ ਪੁਲ ਬੰਨ੍ਹ ਰਹੇ ਸੀ ਤੇ ਹੁਣ ਕੀ ਹੋ ਗਿਆ | ਇਹ ਬਦਲਿਆ ਪੈਂਤੜਾ ਕਿਓਾ?'
'ਮੈਂ ਬੈਂਗਣ ਦਾ ਨਹੀਂ ਬਾਦਸ਼ਾਹ ਅਕਬਰ ਦਾ ਮੰਤਰੀ ਹਾਂ', ਬੀਰਬਲ ਦਾ ਸਿੱਧਾ ਜਿਹਾ ਜੁਆਬ ਸੀ |
ਚਲੋ, ਜੇਕਰ ਮੰਨ ਕੇ ਚਲੀਏ ਕਿ ਚਾਪਲੂਸੀ ਹਰ ਸਮੇਂ 'ਤੇ ਹਰ ਯੁੱਗ ਦੀ ਜ਼ਰੂਰਤ ਹੈ ਤੇ ਇਹ ਹਮੇਸ਼ਾ ਵਧਦੀ ਤੇ ਫੁਲਦੀ ਰਹੀ ਹੈ, ਫਿਰ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਚਾਪਲੂਸੀ ਇਕ ਕਲਾ ਹੈ ਤੇ ਚਾਪਲੂਸ ਇਕ ਕਲਾਕਾਰ, ਜੋ ਇਕ ਘੁਲਾਟੀਏ ਦੀ ਤਰ੍ਹਾਂ ਪੈਂਤੜੇ ਤੇ ਗਿਰਗਟ ਦੀ ਤਰ੍ਹਾਂ ਰੰਗ ਬਦਲਦਾ ਹੈ | ਪਰ ਕਈ ਲੋਕਾਂ ਨੂੰ ਚਾਪਲੂਸਾਂ ਦੇ ਚਰਿੱਤਰ ਤੇ ਚਾਪਲੂਸੀ ਬਾਰੇ ਸਮਝ ਨਹੀਂ ਆਉਂਦੀ | ਇਹ ਹਰ ਕਿਸੇ ਦੇ ਵਸ ਦਾ ਰੋਗ ਨਹੀਂ | ਚਾਪਲੂਸੀ ਬੜੀ ਸੋਚ-ਸਮਝ ਕੇ ਕਰਨੀ ਪੈਂਦੀ ਹੈ, ਨਹੀਂ ਤਾ ਮਾਮਲਾ ਉਲਟਾ ਵੀ ਪੈ ਸਕਦਾ ਹੈ | ਮਿਸਾਲ ਦੇ ਤੌਰ 'ਤੇ ਸਾਂਵਲੇ ਬੰਦੇ ਦੀ ਉਸ ਨੂੰ ਗੋਰਾ ਚਿੱਟਾ ਕਹਿ ਕਿ ਚਾਪਲੂਸੀ ਕਰਨਾ ਜਾਂ ਕਿਸੇ ਦੀ ਪਤਨੀ ਦੇ ਸੁਹੱਪਣ ਦੀ ਬਹੁਤੀ ਤਾਰੀਫ਼ ਕਰਨਾ ਚਾਪਲੂਸੀ ਨਹੀਂ ਸਗੋਂ ਬੇਵਕੂਫ਼ੀ ਹੀ ਹੋਵੇਗੀ ਤੇ ਇਹ ਉਲਟੀ ਵੀ ਪੈ ਸਕਦੀ ਹੈ | ਚਾਪਲੂਸੀ ਜਿੰਨੇ ਗੁੱਝੇ ਤੇ ਅਪ੍ਰਤੱਖ ਤਰੀਕੇ ਨਾਲ ਕੀਤੀ ਜਾਵੇ, ਓਨਾ ਹੀ ਜ਼ਿਆਦਾ ਰੰਗ ਲਿਆਉਂਦੀ ਹੈ | | ਮੈਨੂੰ ਸ਼ੈਕਸਪੀਅਰ ਦੇ ਨਾਟਕ 'ਜੂਲੀਅਸ ਸੀਜ਼ਰ' ਦੀ ਗੱਲ ਯਾਦ ਆਉਂਦੀ ਹੈ | ਜਦੋਂ ਇਕ ਮੰਝੇ ਹੋਏ ਤੇ ਹੁਸ਼ਿਆਰ ਸੈਨੇਟਰ ਨੇ ਜਾਣ ਬੁੱਝ ਕੇ ਰੋਮਨ ਸਮਰਾਟ ਸੀਜ਼ਰ ਦੀ ਹਾਜ਼ਰੀ ਵਿਚ ਕਿਹਾ, 'ਸਮਰਾਟ ਨੂੰ ਚਾਪਲੂਸੀ ਤੋਂ ਸਖ਼ਤ ਨਫ਼ਰਤ ਹੈ |' ਇਹ ਸੁਣ ਕੇ ਸੀਜ਼ਰ ਬਹੁਤ ਖੁਸ਼ ਹੋਇਆ | ਇਸ ਤਰ੍ਹਾਂ ਸੀਜ਼ਰ ਜਿਹੜਾ ਚਾਪਲੂਸੀ ਦੇ ਸਖ਼ਤ ਖਿਲਾਫ਼ ਸੀ, ਇਸ ਦਾ ਸ਼ਿਕਾਰ ਹੋ ਗਿਆ | ਕਿਆ ਵਧੀਆ ਮਿਸਾਲ ਹੈ ਗੁੱਝੀ ਚਾਪਲੂਸੀ ਦੀ | ਸੋ, ਜੇਕਰ ਕਿਸੇ ਦੀ ਚਾਪਲੂਸੀ ਕਰਨੀ ਹੋਵੇ ਤਾਂ ਉਸ ਦੀ ਕੋਈ ਕਮਜ਼ੋਰੀ ਲੱਭ ਲਵੋ | ਭਾਵੇਂ ਉਸ ਦੀ ਕੋਈ ਖਾਸ ਵਿਚਾਰਧਾਰਾ ਜਾਂ ਉਸ ਦੀ ਕਾਰ, ਕੋਠੀ, ਬੱਚਾ ਜਾਂ ਉਸ ਦਾ ਕੁੱਤਾ ਹੀ ਹੋਵੇ, ਬਸ ਉਸ ਦੀ ਤਾਰੀਫ਼ ਕਰ ਦਿਓ | ਤੀਰ ਨਿਸ਼ਾਨੇ 'ਤੇ ਲੱਗੇਗਾ |
ਅਫਸਰਸ਼ਾਹੀ ਵਿਚ ਚਾਪਲੂਸੀ ਆਮ ਹੈ | ਇਸ ਦਾ ਇਕ ਮਜ਼ੇਦਾਰ ਕਿੱਸਾ ਸਾਂਝਾ ਕਰਦੀ ਹਾਂ | ਇਕ ਜ਼ਿਲ੍ਹੇ ਦੇ ਐਸ.ਐਸ.ਪੀ. ਸਾਹਿਬ ਨੂੰ ਸ਼ਿਕਾਰ ਦਾ ਬਹੁਤ ਸ਼ੌਕ ਸੀ, ਉਹ ਵੀ ਤਿੱਤਰਾਂ ਦਾ | ਇਕ ਦਿਨ ਸ਼ਿਕਾਰ ਦਾ ਪ੍ਰੋਗਰਾਮ ਬਣਾ ਲਿਆ | ਹਲਕੇ ਦੇ ਥਾਣੇਦਾਰ ਨੇ ਸ਼ਿਕਾਰ ਦਾ ਪੂਰਾ ਬੰਦੋਬਸਤ ਕੀਤਾ | ਚਾਰ-ਪੰਜ ਮਰੇ ਤਿੱਤਰਾਂ ਦਾ ਵੀ ਕਿਉਂਕਿ ਸਾਹਬ ਬਹਾਦਰ ਸ਼ਿਕਾਰ ਲਈ ਉਸ ਦੇ ਹਲਕੇ ਵਿਚ ਆ ਰਹੇ ਸਨ ਤੇ ਉਹ ਖਾਲੀ ਹੱਥ ਤਾਂ ਵਾਪਸ ਨਹੀਂ ਜਾ ਸਕਦੇ ਸੀ | ਜੰਗਲ ਵਿਚ ਕੁਝ ਸਮੇਂ ਦੀ ਭਾਲ ਤੋਂ ਬਾਅਦ ਇਕ ਤਿੱਤਰ ਉਡਿਆ ਤੇ ਐਸ. ਐਸ. ਪੀ. ਸਾਹਬ ਨੇ ਆਪਣੀ ਦੋਨਾਲੀ ਬੰਦੂਕ ਨਾਲ ਨਿਸ਼ਾਨਾ ਸਾਧ ਦਿੱਤਾ | ਤਿੱਤਰ ਥੋੜ੍ਹੀ ਦੂਰ ਜਾ ਕੇ ਡਿੱਗ ਗਿਆ | ਥਾਣੇਦਾਰ ਤੇ ਸਿਪਾਹੀ ਸ਼ਿਕਾਰ ਹੋਏੇ ਤਿੱਤਰ ਨੂੰ ਲੱਭਣ ਦੌੜੇ ਤੇ ਥੋੜ੍ਹੀ ਦੇਰ ਬਾਅਦ ਪੰਜ ਮਰੇ ਤਿੱਤਰ ਲੈ ਕੇ ਹਾਜ਼ਰ ਹੋ ਗਏ | ਐਸ. ਐਸ. ਪੀ. ਸਾਹਿਬ ਬੋਲੇ, 'ਓਏ, ਤਿੱਤਰ ਤਾਂ ਇਕ ਉਡਿਆ ਸੀ ਤੇ ਤੁਸੀਂ ਤਾਂ ਪੰਜ ਲੈ ਆਏ |'
'ਹਜ਼ੂਰ ਗੋਲੀ ਸਾਹਬ ਬਹਾਦਰ ਨੇ ਚਲਾਈ ਸੀ ਇਕ ਤਿੱਤਰ ਤਾਂ ਗੋਲੀ ਦਾ ਨਿਸ਼ਾਨਾ ਹੋ ਗਿਆ ਤੇ ਬਾਕੀ ਚਾਰ ਹਜ਼ੂਰ ਦੀ ਦਹਿਸ਼ਤ ਦਾ ਸ਼ਿਕਾਰ ਹੋ ਗਏ', ਥਾਣੇਦਾਰ ਦਾ ਜਵਾਬ ਸੀ |
'ਕਿਆ ਬਾਤ ਹੈ ਚਾਪਲੂਸੀ ਦੀ!'

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.

ਕਹਾਣੀ ਅਜਨਬੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅੱਗੋਂ ਆਵਾਜ਼ ਆਈ ਉਹ ਪਤਲਾ ਜਿਹਾ ਬਾਊ, ਉਹ ਤਾਂ ਆਈ. ਸੀ. ਯੂ. ਵਿਚ ਏ | ਬਹੁਤ ਸੀਰੀਅਸ ਏ, ਡਾਕਟਰ ਸਾਹਿਬ ਕਹਿੰਦੇ ਨੇ ਬਚਣ ਦੀ ਘੱਟ ਹੀ ਉਮੀਦ ਹੈ | ਖ਼ੂਨ ਕਾਫ਼ੀ ਵਗ ਚੁੱਕਾ ਹੈ, ਤੇ ਹੁਣ ਕੋਮਾ ਵਿਚ ਹੈ | ਪ੍ਰੀਤ ਆਈ. ਸੀ. ਯੂ. ਵੱਲ ਭੱਜ ਤੁਰੀ ਸੀ | ਆਈ. ਸੀ. ਯੂ. ਦਾ ਬੂਹਾ ਖੋਲਦਿਆਂ ਹੀ ਅੰਮਿ੍ਤ 'ਤੇ ਜਿਵੇਂ ਬਿਜਲੀ ਟੁੱਟ ਪਈ | ਜਸਮੀਤ ਜਿਵੇਂ ਆਖ਼ਰੀ ਸਾਹਾਂ 'ਤੇ ਸੀ | ਉਹ ਤੇਜ਼ੀ ਨਾਲ ਭੱਜ ਕੇ ਉਸ ਕੋਲ ਗਈ, ਤੇ ਆਪਣਾ ਸਿਰ ਉਸ ਦੀ ਛਾਤੀ ਤੇ ਰੱਖ ਕੇ ਜ਼ੋਰ-ਜ਼ੋਰ ਦੀ ਰੋਣ ਲੱਗ ਪਈ | ਬੋਲਣ ਦੀ ਹਿੰਮਤ ਉਸ ਕੋਲੋਂ ਸ਼ਾਇਦ ਖ਼ਤਮ ਹੋ ਚੁੱਕੀ ਸੀ | ਬੜੀ ਦੇਰ ਬਾਅਦ ਉਹ ਆਪਣੇ ਆਪ 'ਤੇ ਕਾਬੂ ਪਾ ਕੇ ਉੱਪਰ ਉੱਠੀ ਤੇ ਜਸਮੀਤ ਦਾ ਚਿਹਰਾ ਆਪਣੇ ਹੱਥਾਂ ਵਿਚ ਲੈ ਲਿਆ | ਕੁਝ ਸ਼ਬਦ ਹੀ ਉਸ ਦੇ ਮੂੰਹੋ ਨਿਕਲੇ | ਜਸਮੀਤ ਦੇਖ ਤੇਰੀ ਅੰਮਿ੍ਤ ਆਈ ਏ, ਤੇਰੀ ਅੰਮਿ੍ਤ | ਕੀ ਤੂੰ ਮੇਰੇ ਨਾਲ ਗੱਲ ਨਹੀਂ ਕਰੇਂਗਾ | ਪਰ ਜਸਮੀਤ 'ਤੇ ਸ਼ਾਇਦ ਉਸ ਦੇ ਤਰਲਿਆਂ ਦਾ ਅਸਰ ਨਹੀਂ ਸੀ ਹੋ ਰਿਹਾ | ਇਵੇਂ ਲੱਗ ਰਿਹਾ ਸੀ ਜਿਵੇਂ ਉਸ ਨੇ ਸਦਾ ਲਈ ਮੋਨ ਵਰਤ ਧਾਰ ਲਿਆ ਹੋਵੇ | ਸਾਹਮਣੇ ਈ. ਸੀ. ਜੀ. ਲਈ ਲੱਗੀ ਮਸ਼ੀਨ ਤੋਂ ਧੜਕਨ ਚੱਲਣ ਵਾਲੀ ਲਕੀਰ ਹੁਣ ਸਪਾਟ ਹੁੰਦੀ ਜਾ ਰਹੀ ਸੀ | ਪ੍ਰੀਤ ਇਕਦਮ ਬਾਹਰ ਵੱਲ ਦੌੜੀ | ਇਕ ਹੀ ਸ਼ਬਦ ਉਸ ਦੇ ਮੂੰਹੋਂ ਬਾਰ ਬਾਰ ਨਿਕਲ ਰਿਹਾ ਸੀ | ਮੇਰੇ ਜਸਮੀਤ ਨੂੰ ਕੁਝ ਨਹੀਂ ਹੋ ਸਕਦਾ, ਕੁਝ ਨਹੀਂ ਹੋ ਸਕਦਾ | ਪਰ ਹੋਣੀ ਆਪਣਾ ਕਾਰਾ ਕਰ ਗਈ ਸੀ | ਜਦ ਪ੍ਰੀਤ ਦੁਬਾਰਾ ਡਾਕਟਰ ਨੂੰ ਆਈ. ਸੀ. ਯੂ. ਵਿਚ ਲੈ ਕੇ ਆਈ, ਤੱਦ ਤੱਕ ਜਸਮੀਤ ਬਹੁਤ ਦੂਰ ਜਾ ਚੁੱਕਾ ਸੀ | ਡਾਕਟਰ ਦੇ ਮੂੰਹੋਂ ਸੌਰੀ ਸੁਣ ਕੇ ਉਹ ਪੱਥਰ ਹੋ ਗਈ | ਉਸ ਦੇ ਅੱਥਰੂ ਜਿਵੇਂ ਸੁੱਕ ਗਏ ਸਨ | ਇਵੇਂ ਲੱਗ ਰਿਹਾ ਸੀ, ਜਿਵੇਂ ਕੋਈ ਨਵ-ਵਿਆਹੀ ਪਹਿਲੀ ਰਾਤ ਹੀ ਵਿਧਵਾ ਹੋ ਜਾਵੇ | ਸਭ ਕੁਝ ਉਸ ਕੋਲੋਂ ਖੁੱਸ ਗਿਆ | ਡਾਕਟਰ ਉਸ ਨੂੰ ਪੁੱਛ ਰਿਹਾ ਸੀ ਕਿ ਇਹ ਤੇਰਾ ਕੀ ਲੱਗਦਾ ਹੈ | ਪਰ ਉਹ ਚੁੱਪ ਸੀ | ਪੱਥਰ ਬਣ ਚੁੱਕੀ ਸੀ | ਕੁਝ ਦੇਰ ਪੁੱਛਣ ਤੋਂ ਬਾਅਦ ਡਾਕਟਰ ਨੇ ਬਾਹਰੋਂ ਵਾਰਡ ਬੁਆਏ ਨੂੰ ਬੁਲਾਇਆ | ਡਾਕਟਰ ਕਹਿ ਰਿਹਾ ਸੀ ਕਿ ਇਹ ਲਾਸ਼ ਪਤਾ ਨਹੀਂ ਕਿਸ ਦੀ ਹੈ, ਕੋਈ ਅਜਨਬੀ ਏ, ਇਸ ਨੂੰ ਪੋਸਟ ਮਾਰਟਮ ਲਈ ਲੈ ਜਾਉ, ਜਾਂ ਮੁਰਦਾਖਾਨਾ ਵਿਚ ਰੱਖ ਦਿਉ | ਅਜਨਬੀ ਸ਼ਬਦ ਸੁਣ ਕੇ ਇਕਦਮ ਅੰਮਿ੍ਤ ਨੂੰ ਇਵੇਂ ਲੱਗਾ ਜਿਵੇਂ ਕਿਸੇ ਨੇ ਉਸ ਦੇ ਦਿਲ 'ਤੇ ਕੋਈ ਤੇਜ਼ਧਾਰ ਵਾਲਾ ਹਥਿਆਰ ਖੋਭ ਦਿੱਤਾ ਹੋਵੇ | ਇਕਦਮ ਉਸ ਦੇ ਮੂੰਹੋਂ ਬੋਲ ਫੁੱਟ ਪਏ | ਨਹੀਂ ਡਾਕਟਰ ਸਾਹਬ ਇਹ ਅਜਨਬੀ ਨਹੀਂ, ਇਹ ਮੇਰਾ ਜਸਮੀਤ ਏ | ਇਹ ਸਭ ਕੁਝ ਉਹ ਵਾਰ-ਵਾਰ ਕਹਿ ਰਹੀ ਸੀ | ਉਹ ਉੱਚੀ-ਉੱਚੀ ਰੋ ਰਹੀ ਸੀ | ਜਿਵੇ ਉਸ ਦੀਆਂ ਅੱਖਾਂ ਵਿਚੋਂ ਪਾਣੀ ਦੇ ਚਸ਼ਮੇ ਫੁਟ ਪਏ ਹੋਣ | ਡਾਕਟਰ ਉਸ ਵੱਲ ਹੈਰਾਨੀ ਨਾਲ ਤੱਕ ਰਿਹਾ ਸੀ | ਪਰ ਉਹ ਉੱਚੀ-ਉੱਚੀ ਬੋਲੀ ਜਾ ਰਹੀ ਸੀ | ਸੱਚਮੁੱਚ ਅੱਜ ਉਹ ਅਜਨਬੀ ਨਹੀਂ ਸੀ | (ਸਮਾਪਤ)

-ਜਤਿੰਦਰ ਸਿੰਘ ਨਾਗੀ
-ਮੋਬਾਈਲ : 98552-50502.

ਕਵਿਤਾ ਇਹ ਦੁਨੀਆ...

-ਕੰੁਦਨ ਲਾਲ ਭੱਟੀ-
ਇਹ ਦੁਨੀਆ ਕੂੜ ਤੇ ਸੱਚੇ ਦੀ,
ਕੁਝ ਕੱਚੇ ਤੇ ਕੁਝ ਪੱਕੇ ਦੀ |
ਇਹ ਦੁਨੀਆ ਖ਼ੁਸ਼ੀ ਤੇ ਖੇੜੇ ਦੀ,
ਇਹ ਦੁਨੀਆ ਵਸਦੇ ਵੇੜੇ ਵੇੜ੍ਹੇ ਦੀ |
ਇਹ ਦੁਨੀਆ ਮਿੱਠੜੇ ਬੋਲਾਂ ਦੀ,
ਇਹ ਦੁਨੀਆ ਕੀਤੇ ਕੌਲਾਂ ਦੀ |
ਇਹ ਦੁਨੀਆ ਖ਼ੁਦਮੁਖਤਿਆਰਾਂ ਦੀ,
ਕੁਝ ਜਿੱਤਾਂ ਤੇ ਕੁਝ ਹਾਰਾਂ ਦੀ |
ਇਹ ਦੁਨੀਆ ਭਾਰੇ ਪਲੜੇ ਦੀ,
ਸੱਚ ਆਖਾਂ ਨਹੀਂ ਹੈ ਝਲੜੇ ਦੀ |
ਇਹ ਦੁਨੀਆ ਰੱਬ ਦੇ ਬੰਦਿਆਂ ਦੀ,
ਮਜ਼ਬੂਤ ਚੌੜੇ ਜਿਹੇ ਕੰਧਿਆਂ ਦੀ |
ਇਹ ਦੁਨੀਆ ਸੁਹਜ ਸਿਆਣੇ ਦੀ,
ਇਹ ਦੁਨੀਆ ਰੱਬ ਦੇ ਭਾਣੇ ਦੀ |
ਇਹ ਦੁਨੀਆ ਰੰਗੀਂ ਸ਼ਕਲਾਂ ਦੀ,
ਇਹ ਦੁਨੀਆ ਮਿੱਤਰੋ ਅਕਲਾਂ ਦੀ |
ਇਹ ਦੁਨੀਆ ਫੁੱਲਾਂ ਵਰਗੇ ਦੀ,
ਇਹ ਦੁਨੀਆ ਵੇਲੇ ਸਰਘੇ ਦੀ |
ਇਹ ਦੁਨੀਆ 'ਭੱਟੀ' ਸ਼ਾਇਰਾਂ ਦੀ,
ਇਹ ਦੁਨੀਆ ਨਹੀਂ ਹੈ ਕਾਇਰਾਂ ਦੀ |

-ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ) |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX