ਤਾਜਾ ਖ਼ਬਰਾਂ


ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  11 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  27 minutes ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  32 minutes ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  40 minutes ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  46 minutes ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 1 hour ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 1 hour ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  53 minutes ago
ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੌਰਾਨ ਬੋਲਦਿਆਂ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਜਿੱਥੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਵੀਜ਼ਾ ਦੀ ....
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 1 hour ago
ਨਵੀਂ ਦਿੱਲੀ, 20 ਫਰਵਰੀ - ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਪਾਕਿਸਤਾਨ ਦੇ ਭਾਰਤ 'ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਹਿੱਸਾ ਲੈਣ ਸਬੰਧੀ ਬੋਲਦਿਆਂ...
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  about 1 hour ago
ਚੰਡੀਗੜ੍ਹ, 20 ਫਰਵਰੀ (ਸੁਰਜੀਤ ਸੱਤੀ)- ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ ਮਜੀਠੀਆ ਵਿਰੁੱਧ ਕਮਿਸ਼ਨ ਦੀ ਰਿਪੋਰਟ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਸ਼ਾਨ ਵਿਰੋਧੀ ਬਿਆਨ ਬਾਜ਼ੀ ਕਾਰਨ ....
ਹੋਰ ਖ਼ਬਰਾਂ..

ਲੋਕ ਮੰਚ

ਨਵੀਂ-ਪੁਰਾਣੀ ਪੀੜ੍ਹੀ ਵਿਚ ਨੇੜਤਾ ਕਿਵੇਂ ਆਵੇ?

ਸਭ ਤੋਂ ਪਹਿਲਾਂ ਨਵੀਂ ਪੀੜ੍ਹੀ ਨਾਲ ਨੇੜਤਾ ਕਾਇਮ ਕਰਨ ਲਈ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਸਦੀ ਵਿਚ ਉਨ੍ਹਾਂ ਨੇ ਜਨਮ ਲਿਆ ਹੈ, ਉਸ ਸਦੀ ਦੀਆਂ ਪ੍ਰਾਪਤੀਆਂ, ਸੀਮਾਵਾਂ ਅਤੇ ਸੰਭਾਵਨਾਵਾਂ ਦੇ ਸੰਦਰਭ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਸਤਿਕਾਰ ਦੇਣਾ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਨਵੀਂ ਤੇ ਪੁਰਾਣੀ ਪੀੜ੍ਹੀ ਵਿਚ ਨੇੜਤਾ ਲਿਆਉਣ ਵਿਚ ਕਾਮਯਾਬ ਹੋ ਸਕੀਏ।
ਅਸੀਂ ਆਪਣੇ ਸਮੇਂ ਵਿਚ ਜੋ ਕੁਝ ਦੇਖਿਆ ਜਾਂ ਸੁਣਿਆ ਹੈ, ਉਸ ਤੋਂ ਨਵੀਂ ਪੀੜ੍ਹੀ ਬਿਲਕੁਲ ਅਣਜਾਣ ਹੈ। ਉਨ੍ਹਾਂ ਨੂੰ ਚੰਗਾ-ਮਾੜਾ ਕਹਿਣ ਦੀ ਥਾਂ ਆਪਣੇ ਅਨੁਭਵਾਂ ਤੋਂ ਵਾਕਿਫ ਕਰਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਪ੍ਰਤੀ ਜਾਣਕਾਰੀ ਦੇਣੀ ਚਾਹੀਦੀ ਹੈ। ਸਾਨੂੰ ਇਸ ਗੱਲ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਸਾਡੀ ਪੀੜ੍ਹੀ ਉਮਰ ਵਿਚ ਵੱਡੀ ਹੈ ਤੇ ਸਾਡੇ ਰਹਿਣ-ਸਹਿਣ ਦੇ ਤਰੀਕੇ ਵੀ ਅਲੱਗ ਹਨ। ਨਵੀਂ ਪੀੜ੍ਹੀ ਨੂੰ ਪੁਰਾਣੇ ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਤੋਂ ਜਾਣੂ ਕਰਵਾ ਕੇ ਸਹੀ ਸੇਧ ਦੇਣੀ ਚਾਹੀਦੀ ਹੈ।
ਨਵੀਂ ਪੀੜ੍ਹੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਆਧੁਨਿਕ ਤਕਨੀਕਾਂ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਵਿਚ ਆਤਮਵਿਸ਼ਵਾਸ ਦੀ ਭਾਵਨਾ ਵਧੇਗੀ ਅਤੇ ਉਹ ਸਾਡੇ ਹੋਰ ਵੀ ਨੇੜੇ ਆ ਜਾਣਗੇ। ਸਾਨੂੰ ਨਵੀਂ ਪੀੜ੍ਹੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ, ਤਾਂ ਜੋ ਪੀੜ੍ਹੀ ਪਾੜਾ ਖਤਮ ਹੋ ਜਾਵੇ।
ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਹੈ। ਦੁਰਕਾਰਨ ਜਾਂ ਫਿਟਕਾਰਨ ਨਾਲੋਂ ਪਿਆਰ ਨਾਲ ਮਸਲੇ ਹੱਲ ਕਰਨੇ ਚਾਹੀਦੇ ਹਨ। ਆਪਸੀ ਨੇੜਤਾ ਵਧਾਉਣ ਲਈ ਇੰਟਰਨੈੱਟ 'ਤੇ ਸਮਾਂ ਬਿਤਾਉਣ ਨਾਲੋਂ ਪਰਿਵਾਰ ਵਿਚ ਇਕੱਠੇ ਬੈਠ ਕੇ ਵਿਚਾਰ ਸਾਂਝੇ ਕਰਨ ਦੀ ਰੀਤ ਪਾਉਣੀ ਚਾਹੀਦੀ ਹੈ। ਇਕ-ਦੂਜੇ ਦਾ ਸਤਿਕਾਰ ਕਰਕੇ, ਹਰ ਮੁਸ਼ਕਿਲ ਸਮੇਂ ਵਿਚ ਉਨ੍ਹਾਂ ਦੀ ਸਹਾਇਤਾ ਕਰੋ। ਹਰ ਮੁਸ਼ਕਿਲ ਦਾ ਹੱਲ ਇੰਟਰਨੈੱਟ 'ਤੇ ਲੱਭਣ ਦੀ ਥਾਂ 'ਤੇ ਆਪਸੀ ਸਲਾਹ-ਮਸ਼ਵਰੇ ਕਰੋ।

-ਪਿੰਡ ਭੂਦਨ (ਮਲੇਰਕੋਟਲਾ)-148023. ਮੋਬਾ: 98145-82669


ਖ਼ਬਰ ਸ਼ੇਅਰ ਕਰੋ

ਦੂਸ਼ਿਤ ਫਲ-ਸਬਜ਼ੀਆਂ ਮਤਲਬ-ਬਿਮਾਰੀਆਂ ਨੂੰ ਸੱਦਾ

ਫਲ ਤੇ ਸਬਜ਼ੀਆਂ ਦੀ ਖੇਤੀ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਕੀਟਨਾਸ਼ਕ ਤੇ ਇਸ ਉਪਰੰਤ ਸਾਫ਼ ਕਰਨ ਦੇ ਤੌਰ-ਤਰੀਕਿਆਂ ਦੇ ਕਾਰਨਾਂ ਕਰਕੇ ਮਨੁੱਖ ਜਾਤੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਫਲ ਤੇ ਸਬਜ਼ੀ ਉਤਪਾਦਕਾਂ ਵੱਲੋਂ ਵਾਧੂ ਝਾੜ ਲੈਣ ਖਾਤਰ ਧੜਾਧੜ ਅਸੀਮਤ ਮਾਤਰਾ ਵਿਚ ਕੀਟਨਾਸ਼ਕ ਵਰਤੇ ਜਾ ਰਹੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਛੱਪੜਾਂ-ਨਹਿਰਾਂ, ਖੂਹ-ਟੋਭਿਆਂ ਦੇ ਬਦਬੂ ਮਾਰਦੇ ਤੇ ਗੰਦੇ ਖਲੋਤੇੇ ਪਾਣੀ ਵਿਚ ਧੋ ਕੇ ਉਨ੍ਹਾਂ ਤੋਂ ਖੇਤੀ ਮਿੱਟੀ ਦੀ ਤਹਿ ਉਤਾਰ ਦਿੱਤੀ ਜਾਂਦੀ ਹੈ ਤੇ ਮੰਡੀ ਵਿਚ ਵਿਕਣ ਲਈ ਭੇਜ ਦਿੱਤਾ ਜਾਂਦਾ ਹੈ। ਇਨ੍ਹਾਂ ਫਲ-ਸਬਜ਼ੀਆਂ ਵਿਚ ਮੌਜੂਦ ਕੀਟਾਣੂ ਮਨੁੱਖ ਨੂੰ ਨਿਪੁੰਸਕ ਬਣਾਉਣ ਵਿਚ ਜ਼ਿਆਦਾ ਰੋਲ ਅਦਾ ਕਰ ਰਹੇ ਹਨ। ਅਮਰੀਕਾ ਸਥਿਤ ਹਾਰਵਰਡ ਟੀ. ਐਚ. ਚੈਨ ਸਕੂਲ ਆਫ ਪਬਲਿਕ ਹੈਲਥ ਦੇ ਖੋਜੀਆਂ ਨੇ ਆਪਣੇ ਹਾਲ ਹੀ ਵਿਚ ਅਧਿਐਨ ਦੇ ਆਧਾਰ 'ਤੇ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾ ਕੀਟਨਾਸ਼ਕਾਂ ਨਾਲ ਦੂਸ਼ਿਤ ਫਲ-ਸਬਜ਼ੀਆਂ ਸੇਵਨ ਕਰਨ ਵਾਲੇ ਪੁਰਸ਼ਾਂ ਵਿਚ ਸ਼ੁਕਰਾਣੂਆਂ ਦਾ ਉਤਪਾਦਨ 49 ਫੀਸਦੀ ਤੱਕ ਘਟਾ ਸਕਦਾ ਹੈ।
ਪਰ ਖੋਜੀਆਂ ਨੇ ਕਿਹਾ ਹੈ ਕਿ ਭਾਵੇਂ ਕਿ ਇਨ੍ਹਾਂ ਔਗਣਾਂ ਦੇ ਮੌਜੂਦ ਹੋਣ ਕਰਕੇ ਤੇ ਪੌਸ਼ਕ ਤੱਤਾਂ ਦੀ ਕਮੀ ਦੂਰ ਕਰਨ 'ਤੇ ਜਾਨਲੇਵਾ ਬਿਮਾਰੀਆਂ ਦਾ ਖਤਰਾ ਘਟਾਉਣ ਲਈ ਸਬਜ਼ੀਆਂ ਦਾ ਖਾਧਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਗੁਣਗੁਣੇ ਪਾਣੀ ਨਾਲ ਹੀ ਧੋਣ ਤੋਂ ਬਾਅਦ ਸਬਜ਼ੀਆਂ ਦੀ ਵਰਤੋਂ ਨੂੰ ਜ਼ਰੂਰੀ ਠਹਿਰਾਇਆ ਹੈ।
ਇੰਜ ਕਰੋ ਸਾਫ ਸਬਜ਼ੀਆਂ-ਫਲ
ਵੱਡੇ ਬਰਤਨ ਵਿਚ ਸਾਫ਼ ਪਾਣੀ ਪਾ ਕੇ ਉਸ ਨੂੰ ਇਕ-ਅੱਧੇ ਘੰਟੇ ਲਈ ਭਿਉਂ ਕੇ ਰੱਖੋ। ਕੋਸੇ ਪਾਣੀ ਵਿਚ ਫਲ-ਸਬਜ਼ੀ ਪਾਉਣਾ ਜਾਂ ਫਿਰ ਸਾਫ਼ ਪਾਣੀ ਨਾਲ ਤਿੰਨ-ਚਾਰ ਵਾਰ ਸਬਜ਼ੀ ਨੂੰ ਧੋ ਕੇ ਵਰਤਿਆ ਜਾ ਸਕਦਾ ਹੈ। ਇਕ ਕੱਪ ਪਾਣੀ ਵਿਚ ਇਕ ਚਮਚ ਨਿੰਬੂ ਦਾ ਰਸ ਤੇ ਦੋ ਚਮਚ ਬੇਕਿੰਗ ਸੋਢਾ ਮਿਲਾ ਕੇ ਸਬਜ਼ੀ 'ਤੇ ਛਿੜਕਾਅ ਕਰਨ ਦੇ ਇਕ-ਅੱਧੇ ਘੰਟੇ ਤੋਂ ਬਾਅਦ ਸਬਜ਼ੀ ਨੂੰ ਧੋ ਲਿਆ ਜਾਣਾ ਚਾਹੀਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੁਣ ਜੈਵਿਕ ਖੇਤੀ ਨੂੰ ਤਰਜੀਹ ਦੇਣੀ ਬੇਹੱਦ ਜ਼ਰੂਰੀ ਸਮਝੀ ਜਾਣ ਲੱਗ ਪਈ ਹੈ।

-ਪਿੰਡ ਬੁਤਾਲਾ, ਤਹਿ: ਬਾਬਾ ਬਕਾਲਾ (ਅੰਮ੍ਰਿਤਸਰ)।
ਮੋਬਾ: 98154-95496

ਮਰੀਜ਼ਾਂ ਦੀ ਸਪੁਰਦਗੀ ਦਾ ਵਧਦਾ ਰੁਝਾਨ

ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹਸਪਤਾਲਾਂ ਦਾ ਜਾਲ ਸਰਕਾਰ ਵੱਲੋਂ ਵਿਛਾਇਆ ਗਿਆ ਹੈ, ਜੋ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਕਿਹਾ ਜਾਂਦਾ ਹੈ। ਆਮ ਤੌਰ 'ਤੇ ਹਸਪਤਾਲ ਦੇ ਪੱਧਰ ਹੁੰਦੇ ਹਨ। ਪਹਿਲਾ ਪੱਧਰ ਸਮੂਹਿਕ ਜਾਂਚ ਕੇਂਦਰ ਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਤੇ ਉਸ ਤੋਂ ਉਪਰਲਾ ਪੱਧਰ ਜ਼ਿਲ੍ਹਾ ਹਸਪਤਾਲ ਤੇ ਸਭ ਤੋਂ ਉਪਰਲਾ ਪੱਧਰ ਮੈਡੀਕਲ ਕਾਲਜ ਹੁੰਦਾ ਹੈ। ਜਦ ਮਰੀਜ਼ ਕਿਸੇ ਹਸਪਤਾਲ (ਸਰਕਾਰੀ) 'ਚ ਆਉਂਦਾ ਹੈ, ਡਾਕਟਰ ਸਟਾਫ ਉਸ ਨੂੰ ਜ਼ਿਆਦਾ ਤੌਰ 'ਤੇ ਕੁਝ ਨਾ ਕੁਝ ਬਹਾਨਾ ਦੱਸ ਕੇ ਅਗਲੇ ਹਸਪਤਾਲ ਲਈ ਰੈਫਰ ਕਰ ਦਿੰਦੇ ਹਨ। ਸਿਵਲ ਹਸਪਤਾਲ ਤੋਂ ਜ਼ਿਲ੍ਹਾ ਹਸਪਤਾਲ ਭੇਜ ਦਿੰਦੇ ਹਨ। ਉਥੇ ਵੀ ਬਹੁਤੀ ਵਾਰ ਇਹੀ ਹੁੰਦਾ ਕਿ ਕੋਈ ਸਕੈਨ ਜਾਂ ਟੈਸਟ ਦਾ ਬਹਾਨਾ ਕਰਕੇ ਉਸ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੰਦੇ ਹਨ। ਸਿੱਟੇ ਵਜੋਂ ਮਰੀਜ਼ ਨੂੰ ਓਨੀ ਇਲਾਜ ਦੀ ਸਹੂਲਤ ਨਹੀਂ ਮਿਲਦੀ, ਜਿੰਨਾ ਸਫ਼ਰ ਤੇ ਸਮੇਂ ਦੀ ਖਪਤ ਹੁੰਦੀ ਹੈ। ਆਮ ਤੌਰ 'ਤੇ 108 ਐਂਬੂਲੈਂਸ ਦੀ ਸੇਵਾ ਨਿਸ਼ੁਲਕ ਹੋਣ ਕਰਕੇ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਹਸਪਤਾਲ ਵਿਚ ਉਪਲਬਧ ਸਹੂਲਤਾਂ ਅਨੁਸਾਰ ਇਲਾਜ ਹੋਵੇ। ਜ਼ਿਆਦਾ ਤੌਰ 'ਤੇ ਗਰੀਬ ਲੋਕ ਹੀ ਸਰਕਾਰੀ ਹਸਪਤਾਲ ਦਾ ਸਹਾਰਾ ਲੈਂਦੇ ਹਨ। ਸਰਕਾਰੀ ਹਸਪਤਾਲ 'ਚ ਦਾਖਲ ਹੋਣ ਵਾਲੇ ਮਰੀਜ਼ਾਂ 'ਚ ਅੱਧ ਤੋਂ ਜ਼ਿਆਦਾ ਨੂੰ ਰੈਫਰ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ। ਜਨਤਾ ਨੂੰ ਦੇਣ ਵਾਲੀਆਂ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਸਟਾਫ, ਡਾਕਟਰ ਆਦਿ ਦੀ ਕਮੀ ਨੂੰ ਪੂਰਾ ਕੀਤਾ ਜਾਵੇ।

-ਪਿੰਡ ਤੇ ਡਾਕ: ਲੌਹਕਾ (ਤਰਨ ਤਾਰਨ)। ਮੋਬਾ: 98784-91984

ਕਿਵੇਂ ਰੁਕਣ ਖ਼ੂਨੀ ਸੜਕ ਹਾਦਸੇ?

ਪੰਜਾਬ ਰਾਜ ਦੀਆਂ ਸੜਕਾਂ 'ਤੇ ਹਰ ਰੋਜ਼ 5-7 ਬੰਦੇ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਜਾਣੇ ਰਾਜ ਦੇ ਮਾੜੇ ਸੜਕੀ ਪ੍ਰਬੰਧ ਦੀ ਭੈੜੀ ਤਸਵੀਰ ਹੈ। ਹਰ ਰੋਜ਼ ਕਿਸੇ ਨਾ ਕਿਸੇ ਥਾਂ ਸੜਕ ਹਾਦਸਿਆਂ ਰਾਹੀਂ ਮਰ ਗਏ ਲੋਕਾਂ ਦੀਆਂ ਤਸਵੀਰਾਂ ਤੇ ਖ਼ਬਰਾਂ ਦਿਨ ਚੜ੍ਹਦਿਆਂ ਹੀ ਘਰੋਂ ਤੁਰਨ ਵਾਲੇ ਨੂੰ ਰਾਜ ਦੀਆਂ ਸੜਕਾਂ 'ਤੇ ਨੱਚਦੀ ਮੌਤ ਦੀ ਕਹਾਣੀ ਸੁਣਾ ਦਿੰਦੀਆਂ ਹਨ। ਸੂਬੇ 'ਚ ਸੜਕੀ ਹਾਦਸਿਆਂ 'ਚ ਰੋਜ਼ਾਨਾ ਮਰਨ ਵਾਲੇ ਲੋਕਾਂ ਦੀ ਗਿਣਤੀ 8 ਤੋਂ 13 ਤੱਕ ਪਹੁੰਚਣਾ ਸੂਬੇ ਦੀ ਸੜਕੀ ਆਵਾਜਾਈ ਦੀ ਵਿਵਸਥਾ ਲਈ ਵੱਡਾ ਸੁਆਲ ਹੈ, ਜਿਸ ਦਾ ਜਵਾਬ ਲੱਭਣ ਲਈ ਸਰਕਾਰਾਂ ਤੇ ਆਮ ਲੋਕਾਂ ਨੂੰ ਵਧੇਰੇ ਗੰਭੀਰ ਹੋਣ ਦੀ ਲੋੜ ਹੈ। ਪੰਜਾਬ ਦੀਆਂ ਸੜਕਾਂ 'ਤੇ ਰੋਜ਼ਾਨਾ ਵਾਪਰਦੇ ਹਾਦਸਿਆਂ ਨਾਲ ਵਾਪਰਦੇ ਦੁਖਾਂਤ ਨੂੰ ਵੇਖ ਕੇ ਪ੍ਰਤੀਤ ਹੋਣ ਲੱਗਾ ਹੈ ਕਿ ਸੂਬੇ ਦੀਆਂ ਸੜਕਾਂ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਾਉਣ ਦਾ ਜ਼ਰੀਆ ਨਾ ਹੋ ਕੇ ਮੌਤ ਦੇ ਖੂਨੀ ਖੂਹ ਵੱਲ ਧੱਕਣ ਦਾ ਸਬੱਬ ਜ਼ਿਆਦਾ ਬਣ ਰਹੀਆਂ ਹਨ ਤੇ ਇਸ ਅਣਕਿਆਸੀ ਹੋਣੀ ਬਾਰੇ ਸੋਚ ਕੇ ਹਰ ਬੰਦਾ ਪ੍ਰੇਸ਼ਾਨ ਜ਼ਰੂਰ ਹੈ। ਸਾਧਾਰਨ ਬੰਦੇ ਦੀ ਮਜਬੂਰੀ ਇਹ ਹੈ ਿਕ ਉਸ ਨੂੰ ਆਪਣੇ ਨਿੱਤਮਰ੍ਹਾ ਦੇ ਕੰਮਕਾਰਾਂ ਤੇ ਨੌਕਰੀ ਪੇਸ਼ੇ ਸਬੰਧੀ ਜ਼ਿੰਮੇਵਾਰੀਆਂ ਨਿਭਾਉਣ ਲਈ ਸੜਕਾਂ 'ਚ ਬਣ ਰਹੀਆਂ ਖੂਨੀ ਘਾਟੀਆਂ 'ਚੋਂ ਗੁਜ਼ਰ ਕੇ ਜਾਣਾ ਮਜਬੂਰੀ ਵੀ ਹੈ ਤੇ ਜ਼ਿੰਦਗੀ ਦੀ ਨਿਰੰਤਰਤਾ ਦੀ ਵੱਡੀ ਲੋੜ ਵੀ। ਸੜਕਾਂ 'ਤੇ ਵਾਪਰ ਰਹੀਆਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਦਾ ਸ਼ਿਕਾਰ ਭਾਵੇਂ ਕੋਈ ਵੀ ਵਿਅਕਤੀ, ਚਾਹੇ ਉਹ ਅਮੀਰ ਹੈ ਚਾਹੇ ਗਰੀਬ, ਪਿੱਛੇ ਰਹਿਣ ਵਾਲੇ ਸਕੇ-ਸਬੰਧੀਆਂ ਲਈ ਡੂੰਘੇ ਜ਼ਖ਼ਮ ਤੇ ਗਹਿਰਾ ਸਦਮਾ ਦੇ ਕੇ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ, ਜਿਨ੍ਹਾਂ 'ਚੋਂ ਸਹਿਜੇ ਬਾਹਰ ਨਿਕਲਣਾ ਬੜਾ ਕਠਿਨ ਹੁੰਦਾ ਹੈ।
ਦੁੱਖ ਇਸ ਗੱਲ ਦਾ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਨਾਲ ਜੁੜਿਆ ਇਹ ਖੂਨੀ ਵਰਤਾਰਾ ਘਟਣ ਦੀ ਬਜਾਏ ਦਿਨ-ਬਦਿਨ ਵਧ ਰਿਹਾ ਹੈ। ਭਾਵੇਂ ਸੜਕ 'ਤੇ ਵਾਪਰਨ ਵਾਲੇ ਹਾਦਸੇ ਆਮ ਤੌਰ 'ਤੇ ਵਾਹਨ ਚਾਲਕ ਦੀ ਲਾਪ੍ਰਵਾਹੀ, ਓਵਰਟੇਕ ਕਰਨ ਦੀ ਕਾਹਲ, ਆਵਾਜਾਈ ਨਿਯਮਾਂ ਦੀ ਉਲੰਘਣਾ, ਮੋਬਾਈਲ ਫੋਨ ਦੀ ਵਰਤੋਂ, ਨਸ਼ੇ ਦੀ ਵਰਤੋਂ, ਡਰਾਈਵਰ ਦੇ ਉਨੀਂਦਰੇ ਹੋਣ, ਮੌਸਮ ਦੀ ਖਰਾਬੀ, ਮਸ਼ੀਨਰੀ ਜਾਂ ਸੜਕ ਦਾ ਨੁਕਸਦਾਰ ਹੋਣ ਕਰਕੇ ਵਾਪਰਦੇ ਹਨ। ਜਦ ਕਿ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਾਬੂ ਕਰਨ ਲਈ ਦੇਸ਼ ਕੋਲ ਇਕ ਪੂਰਾ ਆਵਾਜਾਈ ਪ੍ਰਬੰਧ ਮੌਜੂਦ ਹੈ। ਇਸ ਦੇ ਬਾਵਜੂਦ ਦੇਸ਼ 'ਚ ਸੜਕ ਸੁਰੱਖਿਆ ਨਾਲ ਜੁੜੇ ਨਿਯਮ ਪੂਰੀ ਤਰ੍ਹਾਂ ਨਹੀਂ ਲਾਗੂ ਹੋ ਸਕੇ ਹਨ। ਵਾਹਨ ਚਲਾਉਣ ਲਈ ਜਾਰੀ ਹੁੰਦੇ ਡਰਾਈਵਿੰਗ ਲਾਇਸੈਂਸਾਂ, ਵਾਹਨ ਚਲਾਉਣ ਸਬੰਧੀ ਜ਼ਰੂਰੀ ਨਿਯਮਾਂ ਦੀ ਉਲੰਘਣਾ, ਵਾਹਨਾਂ ਦੀ ਰਫਤਾਰ ਤੇ ਸੜਕ 'ਤੇ ਚੱਲਣ ਲਈ ਵਰਤੇ ਜਾਂਦੇ ਇਸ਼ਾਰਿਆਂ ਤੇ ਸੰਕੇਤਾਂ ਪ੍ਰਤੀ ਜਾਗਰੂਕਤਾ ਦੀ ਕਮੀ ਨਾਲ ਆਮ ਲੋਕ ਰੋਜ਼ਾਨਾ ਮੌਤ ਦੇ ਮੂੰਹ 'ਚ ਜਾਣ ਲਈ ਮਜਬੂਰ ਹੋ ਰਹੇ ਹਨ। ਅੱਜ ਪੰਜਾਬ ਵਰਗੇ ਖੁਸ਼ਹਾਲ ਸੂਬੇ 'ਚ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਰੋਜ਼ਾਨਾ ਨਵੇਂ ਵਾਹਨ ਸੜਕਾਂ 'ਤੇ ਚੱਲਣ ਲਈ ਵੱਖ-ਵੱਖ ਵਪਾਰਕ ਏਜੰਸੀਆਂ ਰਾਹੀਂ ਬਾਹਰ ਆ ਰਹੇ ਹਨ, ਪਰ ਸੂਬੇ 'ਚ ਅਜੇ ਵੀ ਕਈ ਮੁੱਖ ਸੜਕਾਂ ਨੂੰ ਸਮੇਂ ਮੁਤਾਬਿਕ ਨਵਿਆਉਣ ਦੀ ਸਖ਼ਤ ਲੋੜ ਹੈ। ਕਈ ਤੰਗ ਪੁਲੀਆਂ, ਪੁਲ, ਕੂਹਣੀ ਮੋੜ, ਵਾਹਨਾਂ ਦਾ ਸੰਤੁਲਨ ਖਰਾਬ ਕਰਨ ਲਈ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ। ਦੇਸ਼ 'ਚ ਕਈ ਥਾਵਾਂ 'ਤੇ ਫਾਟਕ ਰਹਿਤ ਰੇਲ ਲਾਈਨਾਂ 'ਤੇ ਲਾਂਘੇ, ਫਾਟਕ ਲੱਗਣ 'ਤੇ ਵੀ ਲੋਕਾਂ ਦਾ ਸੜਕ ਪਾਰ ਕਰੀ ਜਾਣ ਦਾ ਸਿਲਸਿਲਾ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦਾ ਹੈ, ਪਰ ਇਸ ਦੇ ਬਾਵਜੂਦ ਇਨ੍ਹਾਂ ਊਣਤਾਈਆਂ ਨੂੰ ਦੂਰ ਕਰਨ ਲਈ ਉਚੇਚ ਨਹੀਂ ਹੁੰਦੀ। ਸੂਬੇ 'ਚ ਪ੍ਰਾਈਵੇਟ ਸਕੂਲ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਸਕੂਲ ਬੱਸ ਸਹੂਲਤ 'ਚ ਪਾਈਆਂ ਜਾ ਰਹੀਆਂ ਖਾਮੀਆਂ ਕਈ ਤਰ੍ਹਾਂ ਦੇ ਹਾਦਸਿਆਂ ਦਾ ਕਾਰਨ ਬਣ ਚੁੱਕੀਆਂ ਹਨ। ਬੱਸਾਂ ਦੀ ਵਿਵਸਥਾ ਨੂੰ ਸੰਭਾਲਣ ਵਾਲੇ ਡਰਾਈਵਰ-ਕੰਡਕਟਰ ਨੂੰ ਵਾਹਨਾਂ ਦੀ ਰਫਤਾਰ, ਮੋਬਾਈਲ ਦੀ ਵਰਤੋਂ ਤੇ ਨਸ਼ਾ ਕਰਕੇ ਵਾਹਨ ਨਾ ਚਲਾਉਣ ਪ੍ਰਤੀ ਲਾਪ੍ਰਵਾਹੀ ਬੱਚਿਆਂ ਦੇ ਮਾਪਿਆਂ ਲਈ ਵੱਡੀ ਚਿੰਤਾ ਬਣੀ ਹੋੲਂੀ ਹੈ। ਕਿੰਨਾ ਚੰਗਾ ਹੋਵੇ ਜੇਕਰ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਰੋਜ਼ਾਨਾ ਡੰਗ ਮਾਰਨ ਵਾਲੇ ਅਜਿਹੇ ਜ਼ਹਿਰੀਲੇ ਨਾਗਾਂ ਨੂੰ ਕੀਲਣ ਲਈ ਕੋਈ ਸਖ਼ਤ ਕਾਨੂੰਨ ਬਣਾਉਣ ਤੇ ਬਣਾਏ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਹਿਲਕਦਮੀ ਕੀਤੀ ਜਾਵੇ।

ਤਾਜਪੁਰ ਕਲਾਂ, ਡਾਕ: ਹਰਿਆਣਾ (ਹੁਸ਼ਿਆਰਪੁਰ)।
ਈਮੇਲ : nimana727@gmail.com

ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਤਿਆਰ ਕਰੋ ਲੜਕੀਆਂ ਨੂੰ

ਅੱਜ ਹਰ ਇਕ ਮਾਂ-ਪਿਉ ਆਪਣੇ ਬੱਚੇ ਨੂੰ ਚੰਗੀ ਵਿੱਦਿਆ ਹਾਸਲ ਕਰਵਾਉਣੀ ਚਾਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿਚ ਦਾਖ਼ਲ ਕਰਵਾਉਂਦੇ ਹਨ, ਤਾਂ ਜੋ ਉਨ੍ਹਾਂ ਦੇ ਬੱਚੇ ਨੂੰ ਚੰਗੀ ਵਿੱਦਿਆ ਹਾਸਲ ਹੋ ਸਕੇ ਅਤੇ ਉਸ ਦਾ ਭਵਿੱਖ ਸੰਵਰ ਸਕੇ। ਪਰ ਸ਼ਾਇਦ ਅੱਜ ਜੋ ਇਕ ਮਾਪਾ ਇਹ ਸਭ ਸੋਚ ਰਿਹਾ ਹੈ, ਸਮਝੋ ਕਿਸੇ ਵੱਡੇ ਵਹਿਮ ਦਾ ਸ਼ਿਕਾਰ ਹੋ ਚੁੱਕਾ ਹੈ। ਉਹ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ ਵਿਚ ਦਾਖ਼ਲ ਕਰਵਾਉਣ ਵਿਚ ਤਾਂ ਕਾਮਯਾਬੀ ਹਾਸਲ ਕਰ ਲੈਂਦੇ ਹਨ, ਪਰ ਉਹ ਆਪਣੇ ਬੱਚੇ ਨੂੰ ਇਕ ਚੰਗਾ ਗਿਆਨ ਦੇਣ ਤੋਂ ਖੁੱਸ ਜਾਂਦੇ ਹਨ।
ਬਹੁਤੇ ਮਾਪਿਆਂ ਦਾ ਅੱਜ ਇਹੀ ਚਿੰਤਾ ਦਾ ਵਿਸ਼ਾ ਹੈ ਕਿ ਉਨ੍ਹਾਂ ਦੇ ਇੰਨਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਉਨ੍ਹਾਂ ਦਾ ਬੱਚਾ ਜਾਂ ਬੱਚੀ ਪੜ੍ਹਾਈ ਵਿਚ ਚੰਗੇ ਨੰਬਰ ਹਾਸਲ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਸਾਡੇ ਬੱਚੇ ਦੇ ਗੁਆਂਢੀਆਂ ਦੇ ਬੱਚੇ ਨਾਲੋਂ ਜ਼ਿਆਦਾ ਨੰਬਰ ਆਉਣੇ ਚਾਹੀਦੇ ਹਨ, ਤਾਂ ਹੀ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਮਾਪਿਆਂ ਨੇ ਸਾਰਾ ਜ਼ੋਰ ਆਪਣੀਆਂ ਬੱਚੀਆਂ ਨੂੰ ਜ਼ਬਰੀ ਪੜ੍ਹਾਉਣ ਉੱਤੇ ਹੀ ਲਗਾ ਦਿੱਤਾ ਹੈ। ਜੇਕਰ ਇਹੀ ਜ਼ੋਰ ਕਿਤੇ ਉਹ ਆਪਣੇ ਬੱਚੇ ਨੂੰ ਕਿਸੇ ਇਕ ਵਿਅਕਤੀਗਤ ਖੇਡ ਵਿਚ ਪਾਉਣ ਉੱਤੇ ਲਗਾ ਦੇਣ ਤਾਂ ਪਤਾ ਨਹੀਂ ਕਿੰਨੀਆਂ ਕੁ ਪੀ.ਵੀ. ਸਿੰਧੂ, ਸਾਇਨਾ ਨੇਹਵਾਲ, ਮੈਰੀ ਕਾਮ, ਸਾਨੀਆ ਮਿਰਜ਼ਾ, ਮਿਥਾਲੀ ਰਾਜ ਅਤੇ ਹੋਰ ਕਿੰਨੀਆਂ ਕੁ ਅਜਿਹੀਆਂ ਮਹਾਨ ਖਿਡਾਰਨਾਂ ਬਣ ਸਕਦੀਆਂ ਹਨ, ਜੋ ਪੂਰੇ ਭਾਰਤ ਦਾ ਨਾਂਅ ਸਮੁੱਚੇ ਵਿਸ਼ਵ ਵਿਚ ਰੌਸ਼ਨ ਕਰ ਸਕਦੀਆਂ ਹਨ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਮਹਿਜ਼ ਪੜ੍ਹਾਈ ਤੱਕ ਹੀ ਸੀਮਤ ਰਹਿ ਚੁੱਕੀ ਹੈ। ਸਾਡੇ ਲੋਕ ਆਪਣੀਆਂ ਬੱਚੀਆਂ ਨੂੰ ਡਾਕਟਰ ਜਾਂ ਫਿਰ ਇਕ ਅਧਿਆਪਕਾ ਦੇ ਤੌਰ 'ਤੇ ਹੀ ਵੇੇਖਣਾ ਚਾਹੁੰਦੇ ਹਨ। ਪਰ ਕੋਈ ਉਨ੍ਹਾਂ ਬੱਚੀਆਂ ਲਈ ਇਕ ਚੰਗੇ ਕੋਚ ਦੀ ਟਰੇਨਿੰਗ ਨਹੀਂ ਉਪਲਬਧ ਕਰਵਾ ਸਕਦਾ। ਹਾਲਾਂਕਿ ਖੇਡ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਇਨਸਾਨ ਤੰਦਰੁਸਤ ਰਹਿਣ ਦੇ ਨਾਲ-ਨਾਲ ਆਪਣੀ ਚੰਗੀ ਰੋਟੀ ਵੀ ਕਮਾ ਸਕਦਾ ਹੈ। ਇਸ ਦੇ ਨਾਲ ਹੀ ਪੂਰੇ ਵਿਸ਼ਵ ਵਿਚ ਆਪਣੇ ਨਾਂਅ ਦਾ ਡੰਕਾ ਵਜਾ ਸਕਦਾ ਹੈ। ਅੱਜਕਲ੍ਹ ਅਸੀਂ ਆਮ ਤੌਰ 'ਤੇ ਟੀ.ਵੀ. ਜਾਂ ਖ਼ਬਰਾਂ ਉੱਤੇ ਮਹਿਲਾ ਖਿਡਾਰਨਾਂ ਨੂੰ ਵੇਖਦੇ ਹਾਂ, ਜਿਨ੍ਹਾਂ ਵਿਚ ਸਾਇਨਾ ਨੇਹਵਾਲ, ਸਾਨੀਆ ਮਿਰਜ਼ਾ, ਪੀ.ਵੀ. ਸਿੰਧੂ, ਗੀਤਾ ਫੋਗਟ ਅਤੇ ਪੰਜਾਬ ਦਾ ਮਾਣ ਉਲੰਪੀਅਨ ਮਨਦੀਪ ਕੌਰ ਸ਼ਾਮਿਲ ਹਨ। ਇਨ੍ਹਾਂ ਖਿਡਾਰਨਾਂ ਦੀ ਜੇਕਰ ਜ਼ਿੰਦਗੀ ਉੱਤੇ ਝਾਤ ਪਾਈ ਜਾਵੇ ਤਾਂ ਇਨ੍ਹਾਂ ਦੇ ਮਾਪਿਆਂ ਦਾ ਇਨ੍ਹਾਂ ਦੀ ਇਸ ਮਹਾਨ ਸਫ਼ਲਤਾ ਵਿਚ ਇਕ ਅਹਿਮ ਯੋਗਦਾਨ ਰਿਹਾ ਹੈ। ਜਿਸ ਵਿਚ ਹੁਣੇ-ਹੁਣੇ ਆਈ ਬਾਲੀਵੁੱਡ ਫ਼ਿਲਮ ਦੰਗਲ ਵੀ ਸ਼ਾਮਿਲ ਹੈ।
ਬੱਚੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਨਿਪੁੰਨ ਕਰਨਾ ਚਾਹੀਦਾ ਹੈ। ਹੁਣ ਦਾ ਸਮਾਂ ਬਹੁਤ ਹੀ ਅਗਾਂਹਵਧੂ ਸੋਚ ਰੱਖਣ ਵਾਲਾ ਸਮਾਂ ਹੈ। ਇਸ ਵਿਚ ਕਿੰਤੂ-ਪਰੰਤੂ ਦਾ ਕੋਈ ਸਥਾਨ ਨਹੀਂ ਰਹਿ ਜਾਂਦਾ। ਪੜ੍ਹਾਈ ਵਿਚ ਕਰੋੜਾਂ ਹੀ ਬੱਚੀਆਂ ਸਫ਼ਲਤਾ ਪ੍ਰਾਪਤ ਕਰ ਚੁੱਕੀਆਂ ਹਨ, ਪਰ ਜੋ ਨਾਮਣਾ ਇਨ੍ਹਾਂ ਖਿਡਾਰਨਾਂ ਨੇ ਪੂਰੇ ਵਿਸ਼ਵ ਵਿਚ ਖੱਟਿਆ ਹੈ, ਉਹ ਨਾਮਣਾ ਉਨ੍ਹਾਂ ਪੜ੍ਹਨ ਵਾਲੀਆਂ ਬੱਚੀਆਂ ਨੇ ਸ਼ਾਇਦ ਨਾ ਖੱਟਿਆ ਹੋਵੇ।
ਸੋ, ਹਰ ਇਕ ਮਾਂ-ਪਿਓ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ 8-10 ਸਾਲ ਦੀ ਉਮਰ ਤੋਂ ਹੀ ਕਿਸੇ ਨਾ ਕਿਸੇ ਵਿਅਕਤੀਗਤ ਖੇਡ ਵਿਚ ਭਾਗ ਜ਼ਰੂਰ ਦਿਵਾਉਣ ਕਿਉਂਕਿ ਇਹੀ ਉਮਰ ਹੁੰਦੀ ਹੈ, ਜਦੋਂ ਬੱਚੇ ਦੀ ਕਿਸੇ ਇਕ ਖੇਡ ਵਿਚ ਰੁਚੀ ਪੈਦਾ ਹੋ ਜਾਂਦੀ ਹੈ ਅਤੇ ਜਿਸ ਨਾਲ ਬੱਚੇ ਦਾ ਧਿਆਨ ਕਿਸੇ ਗਲਤ ਪਾਸੇ ਵੀ ਨਹੀਂ ਭਟਕਦਾ। ਖੇਡਾਂ ਵਿਚ ਜੇਕਰ ਰੁਚੀ ਬਣੇਗੀ ਤਾਂ ਹੀ ਬੱਚੇ ਅੰਦਰ ਆਤਮ-ਵਿਸ਼ਵਾਸ ਪੈਦਾ ਹੋ ਸਕੇਗਾ ਅਤੇ ਉਸ ਵਿਚ ਕਿਸੇ ਵੀ ਸਥਿਤੀ ਨਾਲ ਲੜਨ ਦੀ ਹਿੰਮਤ ਪੈਦਾ ਹੋ ਸਕੇਗੀ।

-ਬਰਮਾਲੀਪੁਰ। ਮੋਬਾ: 9501582626

ਸੜਕਾਂ ਦੀ ਉਸਾਰੀ ਲਈ ਰੁੱਖਾਂ ਦਾ ਉਜਾੜਾ ਰੁਕੇ

ਅਜੋਕੇ ਸਮੇਂ ਦੀਆਂ ਕੁਦਰਤੀ ਅਲਾਮਤਾਂ ਦਾ ਜ਼ਿਕਰ ਕਰਦਿਆਂ ਆਲਮੀ ਤਪਸ਼ ਅਤੇ ਪ੍ਰਦੂਸ਼ਣ ਵਿਚ ਵਾਧੇ ਦਾ ਜ਼ਿਕਰ ਪ੍ਰਮੁੱਖ ਰੂਪ ਵਿਚ ਆਉਂਦਾ ਹੈ। ਅਸਾਵੇਂਪਨ ਨੂੰ ਦੂਰ ਕਰਨ ਲਈ ਰੁੱਖ ਹੀ ਸਭ ਤੋਂ ਸਾਰਥਿਕ ਭੂਮਿਕਾ ਨਿਭਾਅ ਸਕਦੇ ਹਨ। ਰੁੱਖ ਪ੍ਰਦੂਸ਼ਣ ਦੇ ਖਾਤਮੇ ਤੋਂ ਲੈ ਕੇ ਆਲਮੀ ਤਪਸ਼ ਦੇ ਖਾਤਮੇ ਤੱਕ ਦੀ ਸਮਰੱਥਾ ਰੱਖਦੇ ਹਨ।
ਪਰ ਇਨਸਾਨਾਂ ਵੱਲੋਂ ਕੀਤੀ ਜਾ ਰਹੀ ਰੁੱਖਾਂ ਦੀ ਬੇਕਦਰੀ ਦਾ ਆਲਮ ਵੀ ਸਭ ਦੇ ਸਾਹਮਣੇ ਹੈ। ਰੁੱਖ ਲਗਾਉਣ ਦੇ ਤਕਰੀਬਨ ਸਾਰੇ ਹੀ ਹੰਭਲੇ ਅਤੇ ਕੋਸ਼ਿਸ਼ਾਂ ਕੋਈ ਕ੍ਰਿਸ਼ਮਾ ਨਹੀਂ ਕਰ ਸਕੇ। ਸਾਰੀਆਂ ਹੀ ਮੁਹਿੰੰਮਾਂ ਵਿਖਾਵੇ ਤੋਂ ਅੱਗੇ ਨਹੀਂ ਵਧ ਸਕੀਆਂ। ਹਾਂ, ਰੁੱਖਾਂ ਉੱਪਰ ਕੁਹਾੜਾ ਚਲਾਉਣ ਦਾ ਆਲਮ ਜ਼ਰੂਰ ਬੜੀ ਤੇਜ਼ੀ ਅਤੇ ਅਮਲੀ ਰੂਪ ਨਾਲ ਅੱਗੇ ਵਧ ਕੇ ਕ੍ਰਿਸ਼ਮਾ ਕਰ ਰਿਹਾ ਹੈ। ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਹੈ ਕਿ ਪਹਿਲਾਂ ਤੋਂ ਹੀ ਵਣਾਂ ਦੀ ਘਾਟ ਨਾਲ ਜੂਝ ਰਹੇ ਪੰਜਾਬ ਵਿਚ ਪਿਛਲੇ ਦਿਨੀਂ ਰਾਸ਼ਟਰੀ ਮਾਰਗਾਂ ਦੀ ਉਸਾਰੀ ਲਈ ਬੜੇ ਵੱਡੇ ਪੱਧਰ 'ਤੇ ਰੁੱਖਾਂ ਉੱਪਰ ਕੁਹਾੜਾ ਚਲਾਇਆ ਗਿਆ ਅਤੇ ਚਲਾਇਆ ਜਾ ਰਿਹਾ ਹੈ। ਬਹੁਮਾਰਗੀ ਸੜਕਾਂ ਦੇ ਵਿਛਾਏ ਜਾ ਰਹੇ ਜਾਲ ਲਈ ਧੜਾਧੜ ਰੁੱਖ ਕਤਲ ਕੀਤੇ ਜਾ ਰਹੇ ਹਨ। ਸੜਕਾਂ ਦਾ ਹਰਿਆ-ਭਰਿਆ ਦੁਆਲਾ ਰੁੰਢ-ਮਰੁੰਢ ਕੀਤਾ ਜਾ ਰਿਹਾ ਹੈ। ਵਰ੍ਹਿਆਂ ਦੌਰਾਨ ਵਧੇ ਰੁੱਖਾਂ ਨੂੰ ਪਲ ਛਲ ਵਿਚ ਢਹਿ-ਢੇਰੀ ਕਰਕੇ ਪੱਥਰ ਵਿਛਾਏ ਜਾ ਰਹੇ ਹਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੜਕਾਂ ਵੀ ਵਿਕਾਸ ਦਾ ਧੁਰਾ ਹਨ। ਪਰ ਪਹਿਲੀ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਸਮੇਂ ਦੀ ਮੰਗ ਅਨੁਸਾਰ ਸਾਡੀ ਪਹਿਲ ਰੁੱਖ ਹੋਣ ਜਾਂ ਸੜਕਾਂ। ਜ਼ਰਾ ਸੋਚੋ, ਰੁੱਖਾਂ ਦੀ ਕੀਮਤ 'ਤੇ ਕੀਤਾ ਇਹ ਵਿਕਾਸ ਸਾਨੂੰ ਕਿੱਥੇ ਲਿਜਾ ਕੇ ਖੜ੍ਹਾ ਕਰ ਦੇਵੇਗਾ। ਦੂਜੀ ਗੱਲ ਕੀ ਇੰਨੀ ਵੱਡੀ ਪੱਧਰ 'ਤੇ ਕੀਤੇ ਰੁੱਖਾਂ ਦੇ ਉਜਾੜੇ ਦੀ ਪੂਰਤੀ ਲਈ ਕੋਈ ਯੋਜਨਾ ਹੈ ਜਾਂ ਨਹੀਂ? ਜਿੱਥੋਂ ਤੱਕ ਮੈਂ ਵੇਖਿਆ ਹੈ, ਉਸਾਰੀਆਂ ਜਾ ਰਹੀਆਂ ਇਨ੍ਹਾਂ ਬਹੁਮਾਰਗੀ ਸੜਕਾਂ ਦੇ ਦੁਆਲੇ ਪਹਿਲਾਂ ਵਾਂਗ ਰੁੱਖ ਲਗਾਉਣ ਦੀ ਯੋਜਨਾ ਕਿਤੇ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਹਾਂ, ਇਨ੍ਹਾਂ ਮਾਰਗਾਂ ਦੀ ਸੁੰਦਰਤਾ ਵਧਾਉਣ ਲਈ ਵਿਚਕਾਰ ਫੁੱਲਦਾਰ ਰੁੱਖ ਜ਼ਰੂਰ ਲਗਾਏ ਜਾ ਰਹੇ ਹਨ, ਜੋ ਕਿ ਉਜਾੜੇ ਗਏ ਰੁੱਖਾਂ ਦੀ ਗਿਣਤੀ ਦੇ ਤਿਲ ਮਾਤਰ ਵੀ ਨਹੀਂ ਹਨ। ਸੜਕਾਂ ਲਈ ਜ਼ਮੀਨ ਪ੍ਰਾਪਤ ਕਰਨ ਸਮੇਂ ਜੇਕਰ ਸਿਰਫ ਤੇ ਸਿਰਫ ਇਕ ਸਾਈਡ ਤੋਂ ਜ਼ਮੀਨ ਪ੍ਰਾਪਤ ਕੀਤੀ ਜਾਂਦੀ ਤਾਂ ਘੱਟੋ-ਘੱਟ ਇਕ ਸਾਈਡ ਦੇ ਰੁੱਖਾਂ ਦਾ ਤਾਂ ਬਚਾਅ ਹੋ ਜਾਂਦਾ। ਸਰਕਾਰ ਨੂੰ ਚਾਹੀਦਾ ਹੈ ਕਿ ਨਵੀਆਂ ਸੜਕਾਂ ਦੇ ਆਲੇ-ਦੁਆਲੇ ਰੁੱਖ ਲਗਾਉਣ ਦੀ ਵਿਆਪਕ ਯੋਜਨਾ ਸਖਤੀ ਨਾਲ ਲਾਗੂ ਕਰੇ।

-ਖੁੱਡੀ ਕਲਾਂ (ਬਰਨਾਲਾ)। ਮੋਬਾ: 98786-05965

ਮੁਢਲੀ ਸਹਾਇਤਾ ਦਾ ਕੋਰਸ ਅਧਿਆਪਕ, ਕੋਚ, ਟਰੇਨਰ ਲਈ ਲਾਜ਼ਮੀ ਹੋਵੇ

ਮੁਸੀਬਤ ਕਦੇ ਦੱਸ ਕੇ ਨਹੀਂ ਆਉਂਦੀ। ਬਸ ਅਚਾਨਕ ਆ ਜਾਂਦੀ ਹੈ। ਉਸ ਮੁਸੀਬਤ ਨੂੰ ਜੇਕਰ ਸੂਝ-ਬੂਝ ਅਤੇ ਅਨੁਭਵੀ ਹੱਥਾਂ ਅਤੇ ਦਿਮਾਗ ਦੁਆਰਾ ਸੁਲਝਾਇਆ ਜਾਵੇ ਤਾਂ ਉਹ ਸਮਾਂ ਰਹਿੰਦੇ ਬਿਨਾਂ ਕਿਸੇ ਨੁਕਸਾਨ ਨੂੰ ਝੱਲੇ ਹੱਲ ਹੋ ਜਾਂਦੀ ਹੈ।
ਤਾਂ ਮੈਂ ਗੱਲ ਕਰਾਂਗਾ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆ ਸਕਣ ਵਾਲੀ ਕੋਈ ਵੀ ਮੁਸੀਬਤ, ਜਿਵੇਂ ਕਿ ਬੇਹੋਸ਼ ਹੋਣਾ, ਸੱਟ ਲੱਗਣੀ ਆਦਿ ਦੀ, ਜਿਸ ਨਾਲ ਅਧਿਆਪਕ ਨੂੰ ਰੂਬਰੂ ਹੋਣਾ ਪੈਂਦਾ ਹੈ। ਜਿੰਨਾ ਕੁ ਗਿਆਨ ਉਨ੍ਹਾਂ ਨੂੰ ਹੁੰਦਾ ਹੈ, ਉਹ ਉਸ ਮੁਤਾਬਿਕ ਉਸ ਨੂੰ ਸਾਂਭਦੇ ਹਨ ਪਰ ਕਈ ਵਾਰ ਉਹ ਗਿਆਨ ਅਤੇ ਟੋਟਕਾ ਉਸ ਮੁਸੀਬਤ ਲਈ ਪੂਰੀ ਤਰ੍ਹਾਂ ਯੋਗ ਨਹੀਂ ਹੁੰਦਾ, ਜਿਸ ਕਰਕੇ ਵਿਦਿਆਰਥੀ ਨੂੰ ਦਰਦ, ਅਧਿਆਪਕ ਨੂੰ ਲਾਚਾਰੀ ਅਤੇ ਮਾਪਿਆਂ ਨੂੰ ਖੇਚਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਅਧਿਆਪਕਾਂ ਨੂੰ ਬਚਾਓ ਬਾਰੇ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਹਰ ਅਧਿਆਪਕ ਨੂੰ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਘਟਨਾ ਵਾਲੀ ਥਾਂ 'ਤੇ ਮੌਜੂਦ ਅਧਿਆਪਕ ਕਿਸੇ ਵੀ ਵਿਸ਼ੇ ਦਾ ਹੋ ਸਕਦਾ ਹੈ ਅਤੇ ਜੇਕਰ ਕੇਵਲ ਇਕ-ਦੋ ਅਧਿਆਪਕਾਂ ਨੂੰ ਜਾਣਕਾਰੀ ਹੋਵੇਗੀ, ਉਹ ਉਸ ਵੇਲੇ ਉਸ ਥਾਂ ਹਾਜ਼ਰ ਨਾ ਹੋਣ ਤਾਂ ਫਿਰ ਕੀ ਕੀਤਾ ਜਾਵੇਗਾ? ਹਰ ਵਿਦਿਆਰਥੀ ਦੀ ਜ਼ਿੰਦਗੀ ਬੇਹੱਦ ਕੀਮਤੀ ਹੈ।
ਇਸ ਲਈ ਇਸ ਦੀ ਸਿੱਖਿਆ ਵਿਚ ਫਸਟ ਏਡ, ਸੀ. ਪੀ. ਆਰ., ਏ. ਈ. ਡੀ. ਦੇ ਕਰੈਸ਼ ਕੋਰਸ ਹਰ ਅਧਿਆਪਕ ਨੂੰ ਕਰਵਾਉਣੇ ਚਾਹੀਦੇ ਹਨ ਅਤੇ ਇਸ ਨੂੰ ਹਰ ਦੋ ਸਾਲ ਬਾਅਦ ਰਿਨਿਊ ਕਰਵਾਉਣਾ ਵੀ ਜ਼ਰੂਰੀ ਹੈ, ਕਿਉਂਕਿ ਨਵੀਆਂ ਹੋਰ ਵਧੀਆ ਤਕਨੀਕਾਂ ਆਉਂਦੀਆਂ ਰਹਿੰਦੀਆਂ ਹਨ।
ਜਿਵੇਂ ਅੱਜਕਲ੍ਹ ਗਰਮੀਆਂ ਵਿਚ ਬੱਚਿਆਂ ਨੂੰ ਹੀਟ ਸਟ੍ਰੋਕ ਹੋ ਰਹੇ ਹਨ ਪਰ ਬਿਨਾਂ ਕਾਰਨ ਜਾਣੇ ਕਿ ਇਹ ਬੱਚਿਆਂ ਨੂੰ ਕਿਉਂ ਹੋਇਆ ਹੈ, ਜੇਕਰ ਬੱਚਿਆਂ ਨੂੰ ਲਿਮਕਾ ਜਾਂ ਗੁਲੂਕੋਜ਼ ਦੇ ਦਈਏ ਤਾਂ ਇਹ ਸਹੀ ਨਹੀਂ ਹੈ। ਕਿਉਂਕਿ ਬਿਨਾਂ ਕਾਰਨ ਜਾਣੇ ਇਲਾਜ ਨੁਕਸਾਨਦੇਹ ਹੋ ਸਕਦਾ ਹੈ। ਜਿਵੇਂ ਕਿ ਕਿਸੇ ਦੀ ਸ਼ੂਗਰ ਵਧੀ ਹੋਵੇ ਤਾਂ ਉਸ ਨੂੰ ਹੋਰ ਸ਼ੂਗਰ ਪਦਾਰਥ ਦੇ ਦਈਏ ਤਾਂ ਉਸ ਲਈ ਮੁਸ਼ਕਿਲ ਬਣ ਜਾਵੇਗੀ ਤੇ ਸਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕੀ ਹੋ ਗਿਆ ਹੈ? ਸੋ, ਇਹ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਫਾਰਮੂਲਾ ਹਰ ਇਕ ਵਿਦਿਆਰਥੀ 'ਤੇ ਸੇਮ ਨਹੀਂ ਚਲਦਾ। ਜੇਕਰ ਕਾਰਨ ਅਲੱਗ ਹੈ ਤਾਂ ਇਲਾਜ ਵੀ ਉਸ ਅਨੁਸਾਰ ਹੋਵੇਗਾ, ਜੋ ਕਿ ਸਾਨੂੰ ਫਸਟ ਏਡ, ਸੀ. ਪੀ. ਆਰ., ਏ. ਈ. ਡੀ. ਬਾਰੇ ਜਾਣਕਾਰੀ ਹੋਣ 'ਤੇ ਸਾਨੂੰ ਪਤਾ ਲੱਗੇਗਾ। ਤਾਂ ਹੀ ਅਸੀਂ ਸਹੀ ਸਮੇਂ 'ਤੇ ਬੱਚੇ ਨੂੰ ਸਹੀ ਸਹਾਇਤਾ ਦੇ ਪਾਵਾਂਗੇ ਤੇ ਜ਼ਰੂਰਤ ਅਨੁਸਾਰ ਡਾਕਟਰ ਕੋਲ ਰੈਫਰ ਕਰਾਂਗੇ, ਤਾਂ ਜੋ ਉਸ ਦਾ ਜੀਵਨ ਬਚ ਜਾਵੇ। ਅੰਤ ਵਿਚ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਇਕ ਅਧਿਆਪਕ ਜਿਮ ਟਰੇਨਰ ਕੋਚ ਆਦਿ ਨੂੰ ਇਹ ਕੋਰਸ ਜ਼ਰੂਰ ਕਰਨੇ ਚਾਹੀਦੇ ਹਨ ਜਾਂ ਸਰਕਾਰ ਨੂੰ ਇਨ੍ਹਾਂ ਲਈ ਇਹ ਕੋਰਸ ਲਾਜ਼ਮੀ ਕਰਨੇ ਚਾਹੀਦੇ ਹਨ, ਕਿਉਂਕਿ 'ਨੀਮ ਹਕੀਮ ਖ਼ਤਰਾ-ਏ-ਜਾਨ।'

-ਪੀ. ਐੱਚ. ਡੀ., ਸਕਾਲਰ, ਸਹਾਇਕ ਪ੍ਰੋਫੈਸਰ, ਭੁੱਟਾ ਕਾਲਜ। ਮੋਬਾ: 99152-44137

ਦੋਸਤੀ ਵਿਚ ਨੇੜਤਾ ਕਿੰਨੀ ਕੁ ਜਾਇਜ਼?

'ਇਨਸਾਨ ਇਨਸਾਨ ਦਾ ਦਾਰੂ ਹੈ', ਇਹ ਬਹੁਤ ਪੁਰਾਣੀ ਕਹਾਵਤ ਹੈ। ਇਸ ਦਾ ਮਤਲਬ ਇਹ ਹੈ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ। ਦੋਸਤ ਬਣਾਉਣਾ ਮਨੁੱਖੀ ਸੁਭਾਅ ਹੈ ਪਰ ਕਈ ਵਾਰ ਅਸੀਂ ਆਪਣੀ ਦੋਸਤੀ ਨੂੰ ਏਨੀ ਵਧਾ ਲੈਂਦੇ ਹਾਂ ਕਿ ਦੋਸਤੀ ਵਧਾਉਂਦੇ-ਵਧਾਉਂਦੇ ਬਹੁਤ ਕਰੀਬੀ ਦੋਸਤ ਬਣ ਜਾਂਦੇ ਹਾਂ। ਇਹ ਅੱਜਕਲ੍ਹ ਆਮ ਹੀ ਗੱਲਾਂ ਹਨ। ਇਸ ਵਿਚ ਤਾਂ ਕਿਸੇ ਉਮਰ ਦੀ ਲਿਹਾਜ਼ ਨੂੰ ਵੀ ਨਹੀਂ ਦੇਖਿਆ ਜਾ ਰਿਹਾ। ਇਹ ਨੇੜਤਾ ਕਿੰਨੀ ਕੁ ਜਾਇਜ਼ ਹੈ, ਸਮਝਣ ਦੀ ਲੋੜ ਹੁੰਦੀ ਹੈ। ਕਿਸੇ ਨਾਲ ਵੀ ਨੇੜਤਾ ਵਧਾਉਂਦੇ ਸਮੇਂ ਦਿਮਾਗ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ ਕਿ ਦੂਜਾ ਇਨਸਾਨ ਇਸ ਨੇੜਤਾ ਦੇ ਕਾਬਲ ਵੀ ਹੈ ਕਿ ਨਹੀਂ? ਕੀ ਉਹ ਸ਼ੋਸ਼ਣ ਤਾਂ ਨਹੀਂ ਕਰਨਾ ਚਾਹੁੰਦਾ? ਕੀ ਉਸ ਦੇ ਮਨਸੂਬੇ ਹੋਰ ਤਾਂ ਨਹੀਂ ਹਨ? ਉਸ ਦਾ ਸੁਭਾਅ ਕੀ ਹੈ ਤੇ ਉਹ ਕਿੰਨੀ ਕੁ ਅਕਲਮੰਦੀ ਦਾ ਮਾਲਕ ਹੈ? ਕੁਝ ਸਮਾਂ ਪਾ ਕੇ ਸਵਾਰਥੀ ਮਿੱਤਰਾਂ ਦੀ ਨੇੜਤਾ ਘਟਣੀ ਸ਼ੁਰੂ ਹੋ ਜਾਂਦੀ ਹੈ। ਨੇੜਤਾ ਘਟਦੀ-ਘਟਦੀ ਫਿਰ ਦੂਰੀਆਂ ਵਿਚ ਬਦਲ ਜਾਂਦੀ ਹੈ। ਦੂਰੀਆਂ ਵਿਚ ਬਦਲਦੇ-ਬਦਲਦੇ ਦੋਸਤੀ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਸਾਨੂੰ ਓਨੀ ਹੀ ਸਾਂਝ ਪਾਉਣ ਦੀ ਲੋੜ ਹੈ, ਜਿੰਨੀ ਅਸੀਂ ਨਿਭਾਅ ਸਕੀਏ। ਕਈ ਦੋਸਤ ਬਿਨਾਂ ਕਿਸੇ ਸੁਆਰਥ ਉਮਰਾਂ ਭਰ ਦਾ ਸਾਥ ਨਿਭਾਅ ਜਾਂਦੇ ਹਨ। ਸੁਆਰਥੀ ਮਿੱਤਰਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਬਾਅਦ ਵਿਚ ਪਛਤਾਉਣਾ ਨਾ ਪਵੇ।

-ਹਦੀਆਬਾਦ ਰੋਡ, ਫਗਵਾੜਾ। ਮੋਬਾ: 85289-44488

ਚੇਤਿਆਂ 'ਚੋਂ ਖੁਰ ਗਏ ਪੇਂਡੂ ਜੰਝ-ਘਰ

ਜਿਹੜੇ ਮੇਰੀ ਉਮਰ ਦੇ ਭਾਵ 60 ਤੋਂ 70 ਦੇ ਦਰਮਿਆਨ ਹੋਣਗੇ, ਉਨ੍ਹਾਂ ਦੇ ਚੇਤਿਆਂ ਵਿਚੋਂ ਅਜੇ ਉਸ ਵੇਲੇ ਦੇ ਪੇਂਡੂ ਵਿਆਹਾਂ ਦੇ ਚਿੱਤਰ ਦਿਮਾਗ ਦੀ ਸਕਰੀਨ ਤੋਂ ਧੁੰਦਲੇ ਨਹੀਂ ਹੋਏ ਹੋਣਗੇ। ਪਿੰਡਾਂ ਦੇ ਜੰਝ-ਘਰ ਪਿੰਡਾਂ ਦੀ ਸ਼ਾਨ ਹੁੰਦੇ ਸਨ। ਵਿਆਹ ਤੋਂ ਪਹਿਲਾਂ ਜੰਝ-ਘਰ ਦੀ ਸਫ਼ਾਈ ਕਲੀ ਵਗੈਰਾ ਕਰਕੇ ਖੂਬ ਸ਼ਿੰਗਾਰਿਆ ਜਾਂਦਾ ਸੀ। ਵਿਆਹ ਇਕ ਘਰ ਹੁੰਦਾ ਸੀ ਪਰ ਚਾਅ ਸਾਰੇ ਪਿੰਡ ਨੂੰ ਹੁੰਦਾ ਸੀ। ਪਿੰਡ ਦੀ ਧੀ ਦੀ ਜੰਝ ਜੁ ਆਉਣੀ ਹੁੰਦੀ ਸੀ। ਜੰਝ ਦੇ ਆਉਣ 'ਤੇ ਸਵਾਗਤ ਲਈ ਸਾਰਾ ਪਿੰਡ ਜੰਝ-ਘਰ ਪਹੁੰਚ ਜਾਂਦਾ ਸੀ। ਪਿੰਡ ਵਾਲੇ ਬੜੇ ਆਦਰ ਸਹਿਤ ਜੰਝ ਦੀ ਆਓ ਭਗਤ ਕਰਦੇ ਸਨ। ਕਿਥੇ ਗਿਆ ਸਮਾਂ ਜਦੋਂ ਪਿੱਤਲ ਦੀਆਂ ਕਲੀ ਕੀਤੀਆਂ ਗਾਗਰਾਂ 'ਚ ਗਰਮ ਉਬਾਲੇ ਮਾਰਦੀ ਚਾਹ ਤੇ ਉੱਤੇ ਤੈਰਦੀਆਂ ਮੋਟੀਆਂ ਇਲਾਇਚੀਆਂ ਦੀ ਖੁਸ਼ਬੋ, ਤਾਜ਼ੀ ਕੱਢੀ ਮੋਤੀਚੂਰ ਦੀ ਬੂੰਦੀ ਤੇ ਜ਼ਾਇਕੇਦਾਰ ਨਮਕੀਨ ਮੱਠੀਆਂ ਨਾਲ ਪਿੰਡ ਵਾਲੇ ਚਾਈਂ-ਚਾਈਂ ਜੰਝ ਦੀ ਸੇਵਾ ਕਰਦੇ ਸਨ। ਸਾਰੇ ਪਿੰਡ ਦਾ ਦੁੱਧ ਲੜਕੀ ਵਾਲਿਆਂ ਦੇ ਘਰ ਪਹੁੰਚ ਜਾਂਦਾ ਸੀ। ਸਿਵਾਏ ਲੂਣ ਤੋਂ ਕੋਈ ਚੀਜ਼ ਮੁੱਲ ਨਹੀਂ ਸੀ ਲਿਆਈ ਜਾਂਦੀ।
ਵਿਆਹ ਵਾਲੇ ਘਰ ਭੱਜ-ਭੱਜ ਕੇ ਕੰਮ ਕਰਦੇ ਲਾਗੀ ਤੇ ਨੌਜਵਾਨ ਮੁੰਡੇ ਜੰਝ ਲਈ ਬਿਸਤਰੇ-ਮੰਜੇ ਇਕੱਠੇ ਕਰਦੇ। ਪੰਗਤਾਂ ਲੁਆ ਮੇਲੀਆਂ ਤੇ ਜਾਂਝੀਆਂ ਨੂੰ ਰੋਟੀ-ਪਾਣੀ ਛਕਾਉਂਦੇ। ਜੰਝ ਲਈ ਨਵੀਆਂ ਚਤਈਆਂ, ਖੇਸ, ਦਰੀਆਂ, ਸਿਰਹਾਣੇ, ਰੁੱਤ ਅਨੁਸਾਰ ਰਜਾਈਆਂ-ਤਲਾਈਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਜੰਝ-ਘਰ ਵਿਚ ਮੰਜਿਆਂ 'ਤੇ ਸਲੀਕੇ ਨਾਲ ਵਿਛੀਆਂ ਮੋਰਾਂ, ਘੁੱਗੀਆਂ ਵਾਲੀਆਂ ਦਰੀਆਂ, ਚਾਦਰਾਂ ਤੇ ਸਿਰਹਾਣਿਆਂ 'ਤੇ ਕਢਾਈ ਕੀਤੇ ਫੁੱਲ-ਬੂਟੇ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਦੇ ਹੱਥਾਂ ਦੀ ਨਿਪੁੰਨਤਾ ਦੀ ਗਵਾਹੀ ਭਰਦੀਆਂ।
ਵਿਆਹ ਤੋਂ ਪਹਿਲਾਂ ਮਹੀਨਾ ਪਹਿਲਾਂ ਚੌਲ ਛੱਟਣੇ, ਦਾਲਾਂ ਚੁਗਣੀਆਂ, ਮਸਾਲੇ ਪੀਸਣੇ, ਕੁੜੀ ਦੇ ਦਾਜ ਦਾ ਸਮਾਨ ਤਿਆਰ ਕਰਨਾ ਆਦਿ ਸਾਰੇ ਕੰਮ ਪਿੰਡ ਦੀਆਂ ਸੁਆਣੀਆਂ ਰਲ ਕੇ ਕਰਦੀਆਂ। ਵਿਆਹ ਤੋਂ ਪਹਿਲਾਂ ਵਿਆਹ ਵਾਲੇ ਘਰੋਂ 'ਸੁਹਾਗ' ਦੀਆਂ ਹੇਕਾਂ ਦੀ ਗੂੰਜ ਪਿੰਡ ਦੇ ਵਾਤਾਵਰਨ ਨੂੰ ਸੰਗੀਤਮਈ ਬਣਾ ਦਿੰਦੀ।
ਅੱਜ ਦੇ ਪੈਲੇਸ ਕਲਚਰ ਵਿਚ ਸਭ ਕੁਝ ਗੁਆਚ ਗਿਆ ਹੈ। ਕੋਈ ਮੋਹ-ਪਿਆਰ ਦੀ ਗੱਲ ਨਹੀਂ ਕਰਦਾ। ਪੈਲੇਸ ਵਿਚ ਵੱਜਦੇ ਉੱਚੀ ਡੀ.ਜੇ. ਕਮਜ਼ੋਰ ਦਿਲਾਂ ਦੀ ਜਾਨ ਕੱਢ ਕੇ ਰੱਖ ਦਿੰਦੇ ਨੇ। ਕੋਈ ਇਕ-ਦੂਜੇ ਨਾਲ ਦੁੱਖ-ਸੁੱਖ ਨਹੀਂ ਫੋਲ ਸਕਦਾ। ਵਿਆਹ 'ਚ ਆਏ ਲੋਕ ਸ਼ਗਨ ਦੇ ਕੇ ਤੂੜੀ ਵਾਂਗ ਢਿੱਡਾਂ ਨੂੰ ਤੂਸ ਕੇ ਚਲਦੇ ਬਣਦੇ ਹਨ। ਕਈ ਤਾਂ 200 ਦੇ ਕੇ 400 ਦਾ ਖਾ ਕੇ ਅਗਲੇ ਦਿਨ 500 ਡਾਕਟਰਾਂ ਨੂੰ ਦੇ ਆਉਂਦੇ ਹਨ। ਪੈਲੇਸਾਂ ਵਿਚ ਦੋ-ਢਾਈ ਸੌ ਬੰਦਾ ਬਿਨਾਂ ਜਾਣੂ ਹੋਣ ਤੋਂ ਰਾਸ਼ਨ ਦੀ ਬਰਬਾਦੀ ਕਰ ਜਾਂਦਾ ਹੈ। ਸਮੇਂ ਨੂੰ ਪਿੱਛੇ ਤਾਂ ਨਹੀਂ ਮੋੜਿਆ ਜਾ ਸਕਦਾ ਪਰ ਹੁਣ ਸੋਚਣਾ ਪਵੇਗਾ। ਪਿੰਡਾਂ ਵਿਚ ਵੀ ਜੰਝ-ਘਰਾਂ ਦੀ ਥਾਂ ਸਾਂਝੇ ਤੌਰ 'ਤੇ ਪੈਲੇਸ ਬਣ ਸਕਦੇ ਹਨ। ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਅੱਗੇ ਹੀ ਫਜ਼ੂਲ ਖਰਚਿਆਂ ਕਰਕੇ ਕਰਜ਼ਾਈ ਹੋਏ ਪਏ ਹਾਂ। 'ਨੱਕ ਨਮੂਜ' ਦੀ ਗੱਲ ਛੱਡਣੀ ਪਵੇਗੀ। ਗੱਲ ਸ਼ੁਰੂ ਕਰਨ ਦੀ ਲੋੜ ਹੈ। ਸਿਆਣੇ ਲੋਕ ਤੁਹਾਡੇ ਕਾਫ਼ਲੇ ਨਾਲ ਆਪੇ ਰਲਦੇ ਜਾਣਗੇ। ਫਿਰ ਪਰਤ ਆਉਣਗੀਆਂ ਪਿੰਡਾਂ 'ਚ ਪੁਰਾਣੀਆਂ ਰੌਣਕਾਂ।

-ਬੱਲ ਸਚੰਦਰ, ਡਾਕ: ਹੇਰ (ਅੰਮ੍ਰਿਤਸਰ)।
ਮੋਬਾ: 94647-80299


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX