ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਾਪਿਆਂ ਦੀਆਂ ਜੇਬਾਂ ਤੇ ਮੁਲਕ ਦੀਆਂ ਜੜ੍ਹਾਂ 'ਚ ਤੇਲ ਨਾ ਦਿਓ

ਮੇਰੇ ਇਕ ਹਲਵਾਈ ਮਿੱਤਰ ਰਮਾਕ੍ਰਿਸ਼ਨ ਪ੍ਰੇਮੀ ਬਹੁਤ ਸਵਾਦ ਬੇਸਣ ਬਣਾਉਂਦੇ ਹਨ | ਇਕ ਦਿਨ ਉਨ੍ਹਾਂ ਨੇ ਮੇੇਰੇ ਮੰੂਹ 'ਚ 'ਮਿੱਠਾ ਬੇਸਣ' ਅਤੇ ਕੰਨ 'ਚ 'ਬਹੁਤ ਕੌੜੀ ਗੱਲ' ਪਾ ਦਿੱਤੀ | 'ਰਾਧਾ ਰੋਟੀਆਂ ਪਕਾ ਰਹੀ ਐ ਐਮ. ਟੈੱਕ ਕਰਕੇ |' ਪ੍ਰੇਮੀ ਜੀ ਨੇ ਆਪਣੀ ਲਾਡਲੀ ਧੀ ਰਾਧਾ ਨੂੰ ਬੜੇ ਹੀ ਚਾਅ ਨਾਲ ਐਮ. ਟੈੱਕ ਕਰਵਾਈ ਸੀ | ਪਿਛਲੇ ਦਿਨੀਂ ਮੇਰੇ ਇਕ ਜਾਣਕਾਰ ਕੱਚੇ ਲੈਕਚਰਾਰ ਸ੍ਰੀ ਟੁਟਦੀ ਹਿੰਮਤ ਨੇ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ | ਇਹ ਖ਼ੂਬਸੂਰਤ ਮੁੰਡਾ ਐਮ. ਟੈੱਕ ਸੀ | ਤਨਖ਼ਾਹ ਘੱਟ ਸੀ ਤੇ ਖਰਚ ਵੱਧ | ਅੰਤ ਮਾਨਸਿਕ ਪ੍ਰੇਸ਼ਾਨੀ ਨੇ ਹਿੰਮਤ ਨੂੰ ਤੋੜ ਦਿੱਤਾ | ਇਕ ਲੂਣਾ, ਮਿੱਠਾ ਪਰ ਸੱਚਾ ਚੁਟਕਲਾ ਸੁਣਾਵਾਂ | ਮੇਰੇ ਇਕ ਜਾਣਕਾਰ ਡਾਕਟਰ ਨੇ ਆਪਣੇ ਹਸਪਤਾਲ 'ਚ ਨਵੀਂ ਰਿਸੈਪਸ਼ਨਿਸਟ ਰੱਖੀ ਹੈ | ਤਨਖਾਹ 5000 ਰੁਪਏ ਅਤੇ ਯੋਗਤਾ ਬੀ. ਟੈੱਕ | ਬੀ. ਟੈੱਕ ਵੀ ਹੁਣ ਬੀ. ਐਡ, ਈ.ਟੀ.ਟੀ. ਵਰਗੀ ਹੋ ਗਈ ਹੈ | ਧੜਾਧੜ ਖੁੱਲ੍ਹੇ ਨਿੱਜੀ ਕਾਲਜਾਂ ਨੇ ਸਥਿਤੀ ਬੜੀ ਹੀ ਵਿਸਫੋਟਕ ਬਣਾ ਦਿੱਤੀ ਹੈ | ਸਾਡੇ ਕੋਲ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਬਹੁਤ ਵੱਡੀ ਫ਼ੌਜ ਹੈ ਪਰ ਨੌਕਰੀਆਂ ਸੀਮਤ ਹਨ | ਵੱਡੀ ਗਿਣਤੀ 'ਚ ਵਿੱਦਿਅਕ ਅਦਾਰਿਆਂ ਦਾ ਖ਼ਤਰਨਾਕ ਲੁਕਵਾਂ ਏਜੰਡਾ 'ਮਾਪਿਆਂ ਦੀਆਂ ਜੇਬਾਂ ਅਤੇ ਮੁਲਕ ਦੀਆਂ ਜੜ੍ਹਾਂ 'ਚ ਤੇਲ' ਦੇ ਰਿਹਾ ਹੈ |
ਇਹ ਅਦਾਰੇ ਦੁਕਾਨ ਵਾਂਗ ਹਨ, ਜਿੱਥੇ ਵਿਦਿਆਰਥੀ ਗਾਹਕ ਅਤੇ ਟੀਚਰ ਏਜੰਟ ਹਨ | ਸਬਜ਼ਬਾਗ਼ ਵਿਖਾ ਕੇ, ਗੱਲਾਂ ਦਾ ਕੜਾਹ ਬਣਾ ਕੇ, ਵਿਦਿਆਰਥੀ ਭਰਤੀ ਕੀਤੇ ਜਾਂਦੇ ਹਨ ਅਤੇ ਗਾਰੰਟੀ ਨਾਲ ਪਾਸ ਵੀ | ਡਿਗਰੀਆਂ ਕਰ ਕੇ ਬਹੁਤੇ ਸੜਕਾਂ 'ਤੇ ਆ ਜਾਂਦੇ ਹਨ ਕਿਉਂਕਿ ਉਹ 'ਵੱਡੀ ਸਮਰੱਥਾ' ਦਾ ਨਹੀਂ ਸਗੋਂ 'ਵੱਡੀ ਸੰਖਿਆ' ਦਾ ਹਿੱਸਾ ਹੁੰਦੇ ਹਨ | +1 ਅਤੇ +2 ਦੇ ਵਿਦਿਆਰਥੀ ਕੋਲ ਸਮਾਂ ਹੁੰਦਾ ਹੈ ਪਰ ਸਮਝ ਨਹੀਂ | ਉਹ ਦੋਸਤਾਂ ਦੀਆਂ ਗੱਲਾਂ, ਪ੍ਰਚਾਰ, ਸੈਮੀਨਾਰ ਦੇ ਚੱਕਰ 'ਚ ਫਸ ਕੇ ਕਈ ਵਾਰੀ ਅਜਿਹੇ ਵਿੱਦਿਅਕ ਅਦਾਰਿਆਂ 'ਚ ਦਾਖਲਾ ਲੈ ਲੈਂਦੇ ਹਨ ਜਿੱਥੇ ਨਾ ਤਾਂ ਯੋਗ ਟੀਚਰ ਹੁੰਦੇ ਹਨ ਅਤੇ ਨਾ ਹੀ ਸਹੂਲਤਾਂ | ਸਕੂਲਾਂ ਦੇ ਮੁਖੀ ਚਾਰ ਪੱਖੇ, 6 ਗਰੀਨ ਬੋਰਡ, 8 ਕੁਰਸੀਆਂ ਗਿਫ਼ਟ, ਸ਼ਗਨ ਲਿਫ਼ਾਫ਼ਾ, ਉਤੋਂ-ਥੱਲਿਉਂ ਆਏ ਫੋਨ, ਮੋਬਾਈਲਜ਼ ਕਰਨ ਦੇ ਰਿਵਾਜ ਆਦਿ ਕਾਰਨ +1 ਅਤੇ +2 ਦੇ ਵਿਦਿਆਰਥੀਆਂ ਦੀ ਲਿਸਟ | ਮੋਬਾਈਲ ਨੰਬਰ ਕਾਲਜਾਂ ਨੂੰ ਸਪਲਾਈ ਕਰ ਦਿੰਦੇ ਹਨ | ਇਨ੍ਹਾਂ ਕਾਲਜਾਂ ਦੇ ਪ੍ਰਬੰਧਕਾਂ ਨੇ ਸਿਰਫ਼ ਦਾਖ਼ਲੇ ਕਰਨ ਦੇ ਮੰਤਵ ਨਾਲ ਬੜੇ ਹੀ ਤੇਜ਼ਤਰਾਰ ਐਮ. ਬੀ.ਏ. ਮੁੰਡੇ-ਕੁੜੀਆਂ ਰੱਖੇ ਹੁੰਦੇ ਹਨ ਜਿਨ੍ਹਾਂ ਕੋਲ 'ਟਰੈਵਲ ਏਜੰਟ ਬਾਰੀਕ ਜਾਲ' ਹੁੰਦਾ ਹੈ | ਜਿਵੇਂ ਟਰੈਵਲ ਏਜੰਟ ਪਿੰਡ ਦੇ ਜੱਟ ਤੋਂ 10 ਲੱਖ ਦੀ ਪਹਿਲੀ ਕਿਸ਼ਤ ਫੜ ਕੇ ਫਟਾਫਟ 'ਗਰੀਨ ਕਾਰਡ' ਬਣਾ ਦਿੰਦਾ ਹੈ, 'ਰੈੱਡ ਕਾਰਪੈੱਟ' ਵਿਛਾ ਦਿੰਦਾ ਹੈ, ਤਿਵੇਂ ਹੀ ਇਹ ਐਮ.ਬੀ.ਏ. ਸਟਾਫ਼ ਗੰਜੇ ਨੂੰ ਕੰਘੀ ਵੇਚ ਦਿੰਦਾ ਹੈ | ਗ਼ਰੀਬ ਅਤੇ ਮੱਧ ਵਰਗ ਦੇ ਲੋਕ ਮਹਿੰਗੀ ਸਿੱਖਿਆ ਕਾਰਨ ਅੰਤਾਂ ਦੇ ਦੁਖੀ ਹਨ | +2 ਮਗਰੋਂ ਵਿਦਿਆਰਥੀ ਹੀ ਨਹੀਂ ਮਾਪੇ ਵੀ ਇਮਤਿਹਾਨ ਦਿੰਦੇ ਹਨ | ਸਿੱਖਿਆ ਲਈ ਕਰਜ਼ਾ ਲੈਣ ਲਈ 36 ਖਲਜਗਣ ਕਰਨੇ ਪੈਂਦੇ ਹਨ | ਮੱਧ ਵਰਗ ਦੇ ਬੱਚਿਆਂ ਦੇ ਮਾਪਿਆਂ ਲਈ ਮੈਡੀਕਲ ਦੀ ਪੜ੍ਹਾਈ 'ਤਪਦਾ ਥਲ ਨੰਗੇ ਪੈਰ' ਵਾਲੇ ਹਾਲਾਤ ਸਿਰਜ ਦਿੰਦੀ ਹੈ | ਇਕ ਸਰਕਾਰੀ ਕਾਲਜ ਦੇ ਪਿੰ੍ਰਸੀਪਲ ਸਾਹਿਬ ਆਪਣੀਆਂ ਦੋ ਧੀਆਂ ਦਾ ਸਿਰ ਖਾ ਗਏ 'ਬੇਟਾ +1, +2' 'ਚ ਸਾਧੂ ਬਣ ਕੇ ਤਪੱਸਿਆ ਕਰੋ, ਫੇਰ ਐਸ਼ ਹੀ ਐਸ਼ |' ਹੁਣ ਦੋਵੇਂ ਧੀਆਂ ਨੇ ਐਮ.ਬੀ.ਬੀ.ਐਸ. ਕਰ ਲਈ ਹੈ | ਹੁਣ ਸਰਕਾਰ ਆਖਦੀ ਹੈ 'ਆ ਜਾਓ 15500 'ਤੇ' | ਮੇਰੇ ਇਕ ਵਕੀਲ ਮਿੱਤਰ ਨੇ 25 ਲੱਖ ਰੁਪਏ ਦੇ ਕੇ ਆਪਣਾ ਸਪੁੱਤਰ ਐਮ.ਬੀ.ਬੀ.ਐਸ. 'ਚ ਦਾਖ਼ਲ ਕਰਵਾਇਆ ਹੈ | ਇਕ ਜਾਣਕਾਰ ਕਵਿੱਤਰੀ ਨੇ ਚੰਗੇ ਪੈਸੇ ਲਾ ਕੇ ਆਪਣੀ ਸਪੁੱਤਰੀ ਨੂੰ ਐਮ.ਬੀ.ਬੀ.ਐਸ. ਕਰਨ ਯੂਕਰੇਨ ਭੇਜਿਆ ਹੈ | ਕੁੜੀ ਬਹੁਤ ਹੁਸ਼ਿਆਰ ਸੀ ਪਰ ਸਾਡੇ ਸਿਸਟਮ 'ਚ ਬੜੀਆਂ ਕਮੀਆਂ ਹਨ | ਮੈਡੀਕਲ 'ਚ ਤੁਹਾਡਾ ਸਿੱਕਾ ਤਾਂ ਚੱਲਦਾ ਹੈ ਜੇ ਪੋਸਟ ਗਰੈਜੂਏਸ਼ਨ ਕਰੋ ਪਰ ਪੀ.ਜੀ. ਕਰਨਾ ਸੱਪ ਦੀ ਸਿਰੀ ਤੋਂ ਪੈਸਾ ਚੁੱਕਣ ਵਾਲੀ ਗੱਲ ਹੈ | ਸੀਟਾਂ ਬਹੁਤ ਘੱਟ ਹਨ | ਕੇਂਦਰ ਤੇ ਰਾਜ ਸਰਕਾਰਾਂ ਨੇ ਮੈਡੀਕਲ ਸਿੱਖਿਆ ਵੱਲ ਯੋਗ ਧਿਆਨ ਹੀ ਨਹੀਂ ਦਿੱਤਾ | ਕਈ ਮੈਡੀਕਲ ਕਾਲਜ ਅਜਿਹੇ ਖੁੱਲ੍ਹ ਗਏ ਹਨ ਜਿੱਥੇ ਵਿਦਿਆਰਥੀਆਂ ਨੂੰ ਦੂਜੇ-ਤੀਜੇ ਵਰ੍ਹੇ 'ਚ ਜਾ ਕੇ ਪਤਾ ਲੱਗਾ ਕਿ ਕਾਲਜ ਕੋਲ ਤਾਂ ਮਾਨਤਾ ਹੀ ਨਹੀਂ |
ਸਰਕਾਰ ਨੂੰ ਸਿੱਖਿਆ ਸੰਸਾਰ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਨਾਅਰਿਆਂ ਨਾਲ ਅਸੀਂ ਸਮੇਂ ਦੇ ਹਾਣੀ ਨਹੀਂ ਬਣ ਸਕਦੇ | ਗੰਭੀਰਤਾ ਨਾਲ ਸੋਚਣਾ ਪਵੇਗਾ | ਸਾਡੇ ਕੋਲ ਜਨਸੰਖਿਆ ਦਾ ਵਿਸਫ਼ੋਟ ਤਾਂ ਹੈ ਪਰ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲੇ ਸਿਰਫ਼ ਚਾਰ ਹੀਰੇ ਹੀ ਹਨ, ਗੁਰੂਦੇਵ ਰਬਿੰਦਰ ਨਾਥ ਟੈਗੋਰ, ਸੀ.ਵੀ. ਰਮਨ, ਹਰਗੋਬਿੰਦ ਖੁਰਾਣਾ, ਅਤੇ ਅਮਰਤਿਆ ਸੇਨ |

-ਭਾਖੜਾ ਰੋਡ, ਨੰਗਲ-140124. ਮੋਬਾਈਲ : 98156-24927.
grewal.dam@gmail.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ ਲਾਈਨ 'ਚ ਲੱਗੇ ਲੋਕ

ਨਵੇਂ ਆਏ ਥਾਣੇਦਾਰ ਨੇ ਬੜੇ ਜ਼ੋਰ-ਸ਼ੋਰ ਨਾਲ ਇਹ ਪ੍ਰਚਾਰ ਕੀਤਾ ਕਿ ਹੁਣ ਮੈਂ ਆ ਗਿਆ ਹਾਂ ਹੁਣ ਚੋਰਾਂ ਦੀ ਖੈਰ ਨਹੀਂ | ਉਹ ਜਿੱਥੇ ਵੀ ਜਾਂਦਾ ਬਾਹਵਾਂ ਉੱਚੀਆਂ ਕਰ ਕਰ ਕੇ ਲੋਕਾਂ ਨੂੰ ਕਹਿੰਦਾ ਕਿ ਮੈਂ ਜਾਣਦਾ ਹਾਂ ਕੌਣ-ਕੌਣ ਚੋਰ ਹਨ ਅਤੇ ਚੋਰੀ ਦਾ ਮਾਲ ਕਿੱਥੇ-ਕਿੱਥੇ ਪਿਆ ਹੈ | ਨਵੇਂ ਥਾਣੇਦਾਰ ਦੇ ਆਉਣ 'ਤੇ ਲੋਕ ਬੜੇ ਖੁਸ਼ ਸਨ | ਹੱਟੀ ਭੱਠੀ ਹਰ ਪਾਸੇ ਲੋਕ ਨਵੇਂ ਥਾਣੇਦਾਰ ਦੀ ਚਰਚਾ ਕਰਦੇ | ਕਈ ਥਾਈਾ ਲੋਕ ਉਸ ਦੇ ਆਉਣ 'ਤੇ ਉਹਦੇ ਸਵਾਗਤ ਲਈ ਉੱਚੀ-ਉੱਚੀ ਨਾਅਰੇ ਵੀ ਲਾਉਣ ਲੱਗ ਜਾਂਦੇ | ਥਾਣੇਦਾਰ ਵੀ ਇਹ ਸਮਝਦਾ ਸੀ ਕਿ ਉਹ ਪਹਿਲਾਂ ਵਾਲੇ ਸਾਰੇ ਥਾਣੇਦਾਰਾਂ ਨਾਲੋਂ ਵਿਲੱਖਣ ਹੈ |
ਥਾਣੇਦਾਰ ਦੇ ਇਲਾਕੇ ਵਿਚ ਇਕ ਪਿੰਡ ਅਜਿਹਾ ਸੀ ਜਿੱਥੇ ਲਗਾਤਾਰ ਚੋਰੀਆਂ ਹੋ ਰਹੀਆਂ ਸਨ | ਇਕ ਦਿਨ ਥਾਣੇਦਾਰ ਪੁਲਿਸ ਦੀ ਧਾੜ ਲੈ ਕੇ ਪਿੰਡ ਆਇਆ ਅਤੇ ਸਾਰਾ ਪਿੰਡ ਸੱਥ ਵਿਚ ਇਕੱਠਾ ਕਰ ਲਿਆ | ਉਸ ਨੇ ਪਿੰਡ ਨੂੰ ਸੰਬੋਧਨ ਕਰਦਿਆਂ ਕਿਹਾ, 'ਪਿੰਡ ਵਾਲਿਓ ਮੈਂ ਜਾਣਦਾ ਹਾਂ ਚੋਰ ਕੌਣ ਹੈ? ਪਰ ਇਸ ਦੇ ਬਾਵਜੂਦ ਵੀ ਮੈਂ ਸਾਰੇ ਪਿੰਡ ਨੂੰ ਇਕ ਵਾਰ ਸੂਈ ਦੇ ਨੱਕੇ 'ਚੋਂ ਕੱਢਣਾ ਏ ਤੇ ਤੁਸੀਂ ਸਾਰੇ ਚੁੱਪ-ਚਾਪ ਸਿੱਧੇ ਹੋ ਕੇ ਮੇਰੇ ਅੱਗੇ ਲੱਗੋ ਤੇ ਥਾਣੇ ਚੱਲੋ |'
ਥਾਣੇ ਲਿਜਾ ਕੇ ਉਸ ਨੇ ਸਾਰੇ ਪਿੰਡ ਨੂੰ ਲਾਈਨ 'ਚ ਖੜ੍ਹੇ ਕਰ ਲਿਆ | ਲੋਕਾਂ ਨੂੰ ਲਾਈਨ 'ਚ ਖੜ੍ਹੇ ਕਰਕੇ ਥਾਣੇਦਾਰ ਸਾਹਿਬ ਆਪ ਕਿਸੇ ਦੂਜੇ ਸ਼ਹਿਰ ਆਪਣੇ ਰਿਸ਼ਤੇਦਾਰ ਦੀ ਪਾਰਟੀ 'ਤੇ ਚਲੇ ਗਏ | ਲਾਈਨ 'ਚ ਲੱਗੇ ਲੋਕਾਂ 'ਚੋਂ ਕੁਝ ਤਾਂ ਬੁੜ-ਬੁੜ ਕਰਦੇ ਮੂੰਹ ਵਿਚ ਥਾਣੇਦਾਰ ਨੂੰ ਬੁਰਾ ਭਲਾ ਕਹਿ ਰਹੇ ਸਨ ਪਰ ਕੁਝ ਕੁ ਵੱਡੇ ਜਿਗਰੇ ਵਾਲੇ ਅਜੇ ਵੀ ਥਾਣੇਦਾਰ ਦੇ ਹੱਕ ਵਿਚ ਉੱਚੀ-ਉੱਚੀ ਨਾਅਰੇ ਮਾਰ ਰਹੇ ਸਨ |
ਜਿਨ੍ਹਾਂ ਚੋਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ ਉਹ ਸ਼ਰੇਆਮ ਬੁੱਲ੍ਹੇ ਲੁੱਟ ਰਹੇ ਸਨ |

ਮੋਬਾਈਲ : 98550-51099.

ਕਾਵਿ-ਮਹਿਫ਼ਲ

* ਰਾਜਿੰਦਰ ਪਰਦੇਸੀ *
ਮੈਨਾ ਦੀ ਪ੍ਰੀਤ ਜੇਹਾ ਤੋਤੇ ਦੇ ਪਿਆਰ ਵਰਗਾ
ਸਾਡਾ ਤਾਂ ਹੈ ਉਲਾਂਭਾ ਮਹਿਕਾਂ ਦੇ ਭਾਰ ਵਰਗਾ।
ਮੋਤੀ ਉਹ ਜਿਸਨੂੰ ਪੱਥਰ ਕਹਿ ਕੇ ਤੂੰ ਤੋੜ ਦਿੱਤਾ
ਹੰਝੂ ਦੀ ਜੂਨ ਭੋਗੇ ਹੀਰੇ ਦੀ ਧਾਰ ਵਰਗਾ।
ਨਗ਼ਮੇ ਤੂੰ ਮੇਰੇ ਆਪਣੇ ਹੋਠਾਂ 'ਚੋਂ ਕੇਰ ਕੇਰਾਂ
ਹੋ ਜਾਇਗਾ ਇਹ ਤੇਰਾ ਜੀਵਨ ਸਿਤਾਰ ਵਰਗਾ।
ਐਵੇਂ ਤੂੰ ਪੰਛੀਆਂ 'ਤੇ ਬੰਦਿਸ਼ ਲਗਾ ਨਾ ਦੇਵੀਂ,
ਹਉਕਾ ਇਨ੍ਹਾਂ ਦਾ ਇਕ ਇਕ ਹੁੰਦੈ ਕਟਾਰ ਵਰਗਾ।
ਹਰ ਆਦਮੀ ਨੇ ਸਿਰ 'ਤੇ ਖ਼ਬਰਾਂ ਦੀ ਪੰਡ ਚੁੱਕੀ
ਹਰ ਸਖ਼ਸ਼ ਜਾਪਦਾ ਹੈ ਨਾਮਾ ਨਿਗਾਰ ਵਰਗਾ।
ਐੜਾ ਰੁਆ ਨਾ ਸਾਨੂੰ ਹੜ੍ਹ ਜਾਇਗਾ ਚਮਨ ਇਹ
ਹੜ੍ਹ ਦੀਦਿਆਂ 'ਚ ਸਾਡੇ ਰਾਵੀ ਦੀ ਮਾਰ ਵਰਗਾ।
'ਪਰਦੇਸੀ' ਉਮਰ ਸਾਰੀ ਲਿਖ ਲਿਖ ਕੇ ਗਾਲ ਦਿੱਤੀ,
ਪਰ ਕੁਝ ਵੀ ਲਿਖ ਨਾ ਸਕਿਆ 'ਚੰਡੀ ਦੀ ਵਾਰ' ਵਰਗਾ।

-35-ਬੀ/168, ਦਸਮੇਸ਼ ਨਗਰ, ਡਾਕ: ਦਕੋਹਾ, ਜਲੰਧਰ।
ਮੋਬਾਈਲ : 93576-41552.
rajinder.pardesi7@gmail.com


* ਅਮਰ 'ਸੂਫ਼ੀ' *

ਜ਼ਾਲਿਮ ਤੇ ਮਜ਼ਲੂਮ ਵਿਚਾਰੇ, ਏਧਰ ਵੀ ਤੇ ਓਧਰ ਵੀ ਨੇ।
ਦਰਦਾਂ, ਪੀੜਾਂ, ਹਿਜ਼ਰਾਂ ਮਾਰੇ, ਏਧਰ ਵੀ ਤੇ ਓਧਰ ਵੀ ਨੇ।
ਧਨ ਨੂੰ ਜਿਨ੍ਹਾਂ ਧਰਮ ਬਣਾਇਆ, ਰੋਲੀ ਜਾਣ ਜਵਾਨੀ ਘੱਟੇ,
ਭੈੜੇ, ਘਟੀਆ ਕਰਦੇ ਕਾਰੇ, ਏਧਰ ਵੀ ਤੇ ਓਧਰ ਵੀ ਨੇ।
ਗੁੱਲੀ ਡੰਡਾ, ਪੀਂਘ ਪਲਾਂਗਾ, ਬਾਂਦਰ ਕਿੱਲਾ ਖੇਡਣ ਬੱਚੇ,
ਬੇਫ਼ਿਕਰੀ ਦੇ ਸੁਰਗ ਨਜ਼ਾਰੇ, ਏਧਰ ਵੀ ਤੇ ਓਧਰ ਵੀ ਨੇ।
ਉਹ ਆਖੇ, 'ਆ', ਕਿੱਦਾਂ ਜਾਵਾਂ, ਕੀਕਣ ਉਸ ਦੀ ਰੀਝ ਪੁਗਾਵਾਂ,
ਉਹ ਕੀ ਜਾਣੇਂ, ਪਹਿਰੇ ਭਾਰੇ, ਏਧਰ ਵੀ ਤੇ ਓਧਰ ਵੀ ਨੇ।
ਕੁਝ ਨੈਣਾਂ 'ਚੋਂ ਰੰਗ ਬਰੰਗੇ, ਸੁਪਨੇ ਤਿੜਕੀ, ਟੁੱਟੀ ਜਾਂਦੇ,
ਬੇਬੇ ਬਾਪੂ ਫਿਕਰਾਂ ਮਾਰੇ, ਏਧਰ ਵੀ ਤੇ ਓਧਰ ਵੀ ਨੇ।
ਜਿਗਰੀ ਯਾਰਾਂ ਦੇ ਸਿਰ ਉੱਤੇ, ਖੌਫ਼ ਕਿਸੇ ਤੋਂ ਵੀ ਨਾ ਖਾਧਾ,
ਐਪਰ ਭੈਣ-ਭਰਾਵਾਂ ਮਾਰੇ, ਏਧਰ ਵੀ ਤੇ ਓਧਰ ਵੀ ਨੇ।
ਹੱਦਾਂ ਤੇ ਸਰਹੱਦਾਂ ਟੁੱਟਣ, ਲੋਕੀਂ ਨਿੱਘੀ ਜੱਫੀ ਲੋਚਣ,
ਪਰ ਡਾਢੇ ਮਜਬੂਰ ਵਿਚਾਰੇ, ਏਧਰ ਵੀ ਤੇ ਓਧਰ ਵੀ ਨੇ।
ਮਾਂ ਬੋਲੀ ਪੰਜਾਬੀ ਨੂੰ ਜੋ, ਮਾਂ ਤੋਂ ਵੱਧ ਮੁਹੱਬਤ ਕਰਦੇ,
'ਸੂਫ਼ੀ' ਪਿਆਰੇ ਤੇ ਸਤਿਕਾਰੇ, ਏਧਰ ਵੀ ਤੇ ਓਧਰ ਵੀ ਨੇ।

-ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 098555-43660.

ਲਾਲਚ : ਬੁਰੀ ਬਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਰਿੱਛ ਨਾਲ ਸ਼ਹਿਦ ਵੰਡ ਕੇ ਖਾਣ ਵਾਲੇ ਦੇ ਆਪਣੇ ਪੱਲੇ ਸ਼ਹਿਦ ਘੱਟ ਹੀ ਪੈਂਦਾ ਹੈ |
• ਸਵਾਰਥ ਅਤੇ ਪਦਾਰਥ ਦੀ ਅੰਨ੍ਹੀ ਭੁੱਖ ਚੰਗੇ ਗੁਣ ਵੀ ਡਕਾਰ ਜਾਂਦੀ ਹੈ |
• ਰੌਸ਼ਨੀ ਵੀ ਅਗਰ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਇਹ ਇਨਸਾਨ ਨੂੰ ਅੰਨਾ ਬਣਾ ਦਿੰਦੀ ਹੈ |
• ਮਨ ਵਿਚ ਨਿਤ ਰਹਿਣ ਵਾਲੇ ਦੁਸ਼ਮਣਾਂ ਜਿਵੇਂ ਲਾਲਚ, ਕਾਮ, ਗੁੱਸਾ ਤੇ ਮੋਹ ਨੂੰ ਜੋ ਵਸ ਵਿਚ ਕਰ ਲੈਂਦਾ ਹੈ, ਉਹ ਪਾਪਾਂ ਦੇ ਚੱਕਰ ਵਿਚ ਨਹੀਂ ਪੈਂਦਾ |
• ਪੰਜਾਬੀ ਦੇ ਕਿਸੇ ਪ੍ਰਸਿੱਧ ਸ਼ਾਇਰ ਨੇ ਇਮਾਨਦਾਰ ਵਿਅਕਤੀ ਬਾਰੇ ਲਿਖਿਆ ਹੈ ਕਿ:
ਸੱਚ, ਸੱਚ ਹੁੰਦੈ ਤੇ ਝੂਠ, ਝੂਠ ਹੁੰਦੈ,
ਝੂਠ-ਸੱਚ ਦਾ ਮੇਲ ਨਹੀਂ ਹੋ ਸਕਦਾ |
ਜੋ ਇਰਾਦੇ ਦਾ ਪੂਰਾ ਮਜ਼ਬੂਤ ਹੋਵੇ,
ਉਸ ਨੂੰ ਕੋਈ ਵੀ ਲਾਲਚ ਨਹੀਂ ਮੋਹ ਸਕਦਾ |
ਬੰਦਾ ਨਰਮ ਤੇ ਕੋਮਲ, ਜੇ ਹੋਵੇ ਦਿਲ ਦਾ,
ਉਹ ਹਰ ਕਿਸੇ ਦੇ ਦਿਲ 'ਚ ਸਮੋਅ ਸਕਦਾ |
• ਕਿਸੇ ਵਿਦਵਾਨ ਨੇ ਮਨ ਦੀ ਵੱਖਰੀ-ਵੱਖਰੀ ਸਥਿਤੀ ਬਾਰੇ ਇੰਝ ਲਿਖਿਆ ਹੈ:
ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮੰਨ ਚੋਰ |
ਮਨ ਕੀ ਬਾਤ ਨਾ ਮਾਨੀਏ, ਪਲਕ ਪਲਕ ਮੇਂ ਔਰ |
• ਪ੍ਰਸੰਸਾ ਦਾ ਲਾਲਚ ਕਦੇ ਬੁੱਢਾ ਨਹੀਂ ਹੁੰਦਾ |
• ਲੋੜਾਂ ਤਾਂ ਸੌਖਿਆਂ ਹੀ ਪੂਰੀਆਂ ਹੋ ਜਾਂਦੀਆਂ ਹਨ ਪਰ ਲਾਲਸਾਵਾਂ ਦਾ ਕੋਈ ਅੰਤ ਨਹੀਂ ਹੁੰਦਾ | ਅੱਜ ਦਾ ਬਾਜ਼ਾਰ ਲਾਲਸਾਵਾਂ ਨੂੰ ਲੋੜਾਂ ਬਣਾ ਕੇ ਪੇਸ਼ ਕਰ ਰਿਹਾ ਹੈ |
• ਜੋ ਬਾਪ ਦਾ ਨਹੀਂ, ਉਹ ਆਪ ਦਾ ਨਹੀਂ ਕਹਾਵਤ ਮੁਤਾਬਿਕ ਜੋ ਲਾਲਚੀ ਹੋ ਗਿਆ, ਉਸ ਦਾ ਲਾਲਚ ਕਦੇ ਨਹੀਂ ਥੰਮਦਾ |
• ਬੰਦਾ ਖਾਲੀ ਹੱਥ ਆਇਆ ਅਤੇ ਖਾਲੀ ਹੱਥ ਹੀ ਜਾਣਾ ਹੈ ਪਰ ਫਿਰ ਵੀ ਪੰਡਾਂ ਬੰਨ੍ਹਣ ਦਾ ਲਾਲਚ ਸਾਡੇ ਵਿਚ ਕੁੱਟ-ਕੁੱਟ ਭਰਿਆ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਖੋਤਿਆ, ਤੇਰੀ ਜੂਨ ਬੁਰੀ


ਮਨੂੰ ਮਹਾਰਾਜ ਨੇ ਮਨੁੱਖਾਂ ਨੂੰ ਚਾਰ ਵਰਣਾਂ 'ਚ ਵੰਡ ਦਿੱਤਾ
ਮੰਨੋ ਨਾ ਮੰਨੋ, ਕਿਸੇ ਨੇ ਜਾਨਵਰਾਂ ਨੂੰ ਵੀ ਵਰਣਾਂ 'ਚ ਵੰਡਿਆ ਹੈ | ਵਰਗੀਕਰਨ ਇਉਂ ਹੈ:
* ਸ਼ੇਰ
* ਰਿੱਛ, ਬਘਿਆੜ
* ਘੋੜੇ
* ਖੋਤੇ
ਸ਼ੇਰ ਦੀਆਂ ਮੌਜਾਂ ਹੀ ਮੌਜਾਂ | ਚੀਰ-ਫਾੜ ਕੇ ਸਭਨਾਂ ਨੂੰ ਖਾ-ਖੂ ਕੇ ਮਜ਼ੇ ਨਾਲ ਆਰਾਮ ਕਰਨ ਵਾਲਾ, ਸਭ ਤੋਂ ਆਲਸੀ ਪਰ ਸਭ ਤੋਂ ਪ੍ਰਸਿੱਧ, ਹਰ ਬੰਦਾ ਵੀ ਆਪਣੇ-ਆਪ ਨੂੰ ਸ਼ੇਰ ਅਖਵਾ ਕੇ ਮਾਣਮੱਤਾ ਮਹਿਸੂਸ ਕਰਦਾ ਹੈ | ਇਸ ਮਗਰੋਂ ਘੋੜਿਆਂ ਦਾ ਇੱਜ਼ਤਮਾਣ ਹੈ | ਰਾਜੇ-ਮਹਾਰਾਜੇ ਘੋੜੇ ਰੱਖ ਕੇ ਖੁਸ਼ ਪ੍ਰਸੰਨ, ਫ਼ੌਜਾਂ 'ਚ ਘੋੜਸਵਾਰ ਦਸਤੇ, ਬਘੀਆਂ ਖਿਚਣ ਲਈ ਘੋੜੇ, ਪੋਲੋ ਖੇਡਣ ਲਈ ਘੋੜੇ, ਪਹਿਲਾਂ ਤਾਂ ਟਾਮਾਂ ਵੀ ਘੋੜੇ ਖਿਚਦੇ ਸਨ, ਸਭ ਤੋਂ ਕੀਮਤੀ ਦੌੜਾਂ ਘੋੜ ਦੌੜਾਂ | ਘੋੜੇ ਦੌੜਦੇ ਹਨ, ਹਾਰਸ ਰੇਸਾਂ 'ਚ, ਜਿਨ੍ਹਾਂ 'ਤੇ ਲੱਖਾਂ-ਕਰੋੜਾਂ ਦੇ ਦਾਅ ਲੱਗਦੇ ਹਨ | ਕਾਰਾਂ ਦੀ ਤਾਕਤ (ਹਾਰਸ ਪਾਵਰ) ਵੀ ਘੋੜਿਆਂ ਦੀ ਤਾਕਤ ਵੀ ਘੋੜਿਆਂ ਦੀ ਖਿਚਣ ਸ਼ਕਤੀ ਨਾਲ ਸੁਸ਼ੋਭਿਤ ਹੈ | ਜਿੰਨੀ ਹਾਰਸ ਪਾਵਰ ਵੱਧ ਓਨੀ ਹੀ ਕੀਮਤ ਜ਼ਿਆਦਾ |
ਬੈਲਾਂ, ਢੱਗਿਆਂ ਦੀਆਂ ਵੀ ਦੌੜਾਂ, ਕੱੁਕੜਾਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ ਵੀ ਕਰਾਈਆਂ ਜਾਂਦੀਆਂ ਹਨ | ਪਰ ਹਾਏ ਵਿਚਾਰਾ ਖੋਤਾ! ਇਹਦੀਆਂ ਦੌੜਾਂ ਅੱਜ ਤਾੲੀਂ ਨਾ ਕਿਸੇ ਨੇ ਕਰਾਈਆਂ ਨੇ, ਨਾ ਹੀ ਕੋਈ ਕਰਾਏਗਾ |
ਜਾਨਵਰਾਂ 'ਚ ਸ਼ੂਦਰ, ਮਨੁੱਖੀ ਤਿ੍ਸਕਾਰ ਵਾਲਾ ਜਾਨਵਰ ਹਾਲਾਂ ਕਿ ਮਨੁੱਖ ਦੀ ਸੇਵਾ ਸਭ ਤੋਂ ਵਧੇਰੇ ਇਹੀਓ ਕਰਦਾ ਹੈ |
ਘੋੜਾ ਰਾਜਿਆਂ, ਮਹਾਰਾਜਿਆਂ, ਅਮੀਰਾਂ, ਨਵਾਬਾਂ ਲਈ ਪਰ ਖੋਤਾ ਧੋਬੀਆਂ ਤੇ ਘੁਮਿਆਰਾਂ ਲਈ | ਉਹ ਰੱਜ ਕੇ, ਇਸ ਤੋਂ ਕੰਮ ਲੈਂਦੇ ਰਹੇ ਹਨ | ਘੋੜਿਆਂ ਵਾਂਗ, ਮਾਲਸ਼ਾਂ ਤਾਂ ਦੂਰ, ਇਨ੍ਹਾਂ ਨੂੰ ਖਾਣ-ਪੀਣ ਲਈ ਹਰਾ ਭਰਾ ਘਾਹ ਵੀ ਨਹੀਂ ਮਿਲਦਾ, ਖਾਣ ਲਈ ਡੰਡੇ ਤੇ ਗਾਲ੍ਹਾਂ | ਚਰ ਜਿਥੇ ਮਰਜ਼ੀ ਲੈਣ |
ਇਕ ਆਮ ਰਾਇ ਹੈ ਕਿ ਖੋਤਿਆਂ ਨੂੰ ਅਕਲ ਨਹੀਂ ਹੁੰਦੀ | ਇਹ 'ਮੂਰਖ' ਹੁੰਦੇ ਹਨ | ਇਸ ਲਈ ਜਿਹੜਾ ਵੀ ਮਨੁੱਖ ਅਕਲੋਂ ਰਤਾ ਕਮਜ਼ੋਰ ਹੋਵੇ ਜਾਂ ਕੋਰਾ ਹੋਵੇ ਜਾਂ ਜਿਹੜਾ ਦਿਮਾਗੀ ਤੌਰ 'ਤੇ ਕਮਜ਼ੋਰ ਹੋਵੇ, ਉਹਨੂੰ ਸਿੱਧਾ 'ਖੋਤਾ' ਆਖਿਆ ਜਾਂਦਾ ਹੈ | ਕਿੱਦਾਂ ਕਮ-ਅਕਲ ਜਾਂ ਸਿੱਧੇ-ਸਾਦੇ ਬੰਦੇ ਨੂੰ ਲੋਕੀਂ ਆਪਣੀ ਸਿਆਣਪ ਦਾ ਮੁਜ਼ਾਹਰਾ ਕਰਦੇ ਆਖਦੇ ਹਨ, 'ਉਹ ਤਾਂ ਨਿਰਾ ਖੋਤਾ ਹੈ |'
ਕਿਸੇ ਚੰਗੇ-ਭਲੇ ਸਿਆਣੇ, ਪੜ੍ਹੇ-ਲਿਖੇ ਦੀ ਦੁਰਗਤ ਕਰਨੀ ਹੋਵੇ ਤਾਂ ਸਿੱਧਾ ਆਖ ਦਿਓ, ਇਹ ਤਾਂ ਖੋਤਾ ਹੈ | ਵਿਚਾਰਾ ਖੋਤਾ ਵੀ ਇਹ ਸਮਝ ਹੀ ਨਹੀਂ ਸਕਦਾ ਕਿ ਚੰਗੇ-ਭਲੇ ਪੜ੍ਹੇ-ਲਿਖੇ ਸਿਆਣੇ ਨੂੰ ਲੋਕੀਂ ਖੋਤੇ ਦੀ ਊਜ ਕਿਉਂ ਲਾ ਦਿੰਦੇ ਹਨ |
ਅਖਾਣ ਹੈ ਕਿ 'ਹਰ ਕੁੱਤੇ ਦੇ ਦਿਨ ਬਦਲਦੇ ਹਨ', ਪਰ ਇਹ ਸੱਚ ਹੈ ਕਿ 'ਖੋਤੇ' ਦੇ ਦਿਨ ਕਦੇ ਨਹੀਂ ਬਦਲਦੇ | ਹਾਂ, ਭਾਰਤ ਵਿਚ ਇਕ ਥਾਂ ਅਜਿਹੀ ਹੈ ਜਿਥੇ ਖੋਤੇ ਸਿਰਫ਼ ਧੋਬੀਆਂ, ਘੁਮਿਆਰਾਂ ਦੇ ਘਰ ਰੱਸਿਆਂ ਨਾਲ ਨਹੀਂ ਬੰਨ੍ਹੇ ਹੁੰਦੇ, ਸਗੋਂ ਬੜੇ ਮਾਣ ਨਾਲ ਖੁੱਲ੍ਹੇ ਘੰੁਮਦੇ ਹਨ | ਸੱਠ-ਅੱਸੀ ਮੀਲ ਦੀ ਸਪੀਡ ਨਾਲ ਦੌੜਦੇ ਹਨ | ਇਹ ਥਾਂ ਹੈ ਗੁਜਰਾਤ ਪ੍ਰਾਂਤ 'ਚ, ਪਾਕਿਸਤਾਨ ਨਾਲ ਲੱਗਦੀ ਹੱਦ ਵਾਲੇ ਕੱਛ ਦੇ ਰਣ ਇਲਾਕੇ 'ਚ | ਜਿਥੇ ਪੂਰੇ ਤੌਰ 'ਤੇ ਖੋਤਿਆਂ ਦਾ ਰਾਜ ਹੈ | ਮੀਲਾਂ ਹੀ ਮੀਲਾਂ 'ਚ ਖੋਤੇ ਫੈਲੇ ਹੋਏ ਹਨ | ਇਥੇ ਹੀ ਕਲੋਲਾਂ ਕਰਦੇ ਹਨ, ਇਥੇ ਹੀ ਕਦੇ ਵੀ ਰੱਬ ਨੂੰ ਇਹ ਉਲ੍ਹਾਮਾਂ ਨਹੀਂ ਦਿੰਦੇ ਕਿ 'ਹੇ ਰੱਬਾ, ਮੈਨੂੰ ਖੋਤਾ ਕਿਉਂ ਬਣਾਇਆ ਈ?' ਵੇਖਣ 'ਚ ਵੀ ਖੋਤੇ ਸੋਹਣੇ ਹਨ | ਕਈ ਥਾੲੀਂ—
ਜਿਧਰ ਵੇਖੋ ਤੋਤੇ ਹੀ ਤੋਤੇ
ਰਣ ਆਫ਼ ਕੱਛ ਵਿਚ
ਜਿਧਰ ਵੇਖੋ ਖੋਤੇ ਹੀ ਖੋਤੇ |
ਰਣ ਆਫ਼ ਕੱਛ ਦੇ ਇਨ੍ਹਾਂ ਖੋਤਿਆਂ ਤੇ ਗੁਜਰਾਤ ਸਰਕਾਰ ਵੱਲੋਂ ਇਕ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ ਕਿਉਂਕਿ ਗੁਜਰਾਤ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਇਸ ਸਦੀ ਦਾ ਮਹਾਂਨਾਇਕ ਅਮਿਤਾਬ ਬੱਚਨ ਹੈ, ਇਸ ਲਈ ਉਹ ਆਪ ਹੀ ਦਰਸ਼ਕਾਂ ਨੂੰ ਇਨ੍ਹਾਂ ਖੋਤਿਆਂ ਦੇ ਦਰਸ਼ਨ ਕਰਨ ਲਈ ਕੁਝ ਦਿਨ ਗੁਜਰਾਤ 'ਚ ਆ ਕੇ ਬਿਤਾਉਣ ਦਾ ਸੱਦਾ ਦਿੰਦਾ ਹੈ | ਯੂ. ਪੀ. ਦੇ ਮੁੱਖ ਮੰਤਰੀ ਰਹੇ ਅਖਿਲੇਸ਼ ਯਾਦਵ ਨੇ ਇਸੇ ਨੂੰ ਬਹਾਨਾ ਬਣਾ ਕੇ ਚੋਣਾਂ ਵਿਚ ਖੋਤਿਆਂ ਬਾਰੇ ਬਿਆਨ ਦੇ ਕੇ ਚਰਚਾ ਛੇੜ ਦਿੱਤੀ ਸੀ |
ਆਹੋ ਜੀ ਭਲਾ ਯੂ. ਪੀ. 'ਚ ਖੋਤਿਆਂ ਦੀ ਕਮੀ ਹੈ?
ਖੋਤੇ ਹੈਨ ਤਾਂ ਖੋਤੇ ਦੇ ਪੁੱਤਰ ਵੀ ਹੈਨ |
ਕਿੰਨੀ ਦੁਰਗਤ, ਤ੍ਰਾਸਦੀ ਹੈ ਖੋਤਾ ਨਸਲ ਦੀ ਪੁੱਤਰ ਭਾਵੇਂ ਸ਼ੇਰ ਦੇ ਹੋਣ, ਭਾਵੇਂ ਰਿਛ ਦੇ, ਘੋੜ ੇਦੇ ਭਾਵੇਂ ਇਨਸਾਨ ਦੇ ਸਭੇ ਹਰੇਕ ਨੂੰ ਕਿੰਨੇ ਪਿਆਰੇ ਲਗਦੇ ਹਨ, ਪਰ 'ਖੋਤੇ ਦੇ ਪੁੱਤ' ਲਈ ਹੈ, ਉਹੀਓ ਖੋਤੇ ਦੇ ਪੁੱਤਰ ਲਈ ਵੀ ਹੈ, ਕਿਵੇਂ ਹਰ ਭਾਸ਼ਾ 'ਚ ਖੋਤੇ ਵਾਲਾ ਤਿ੍ਸਕਾਰ ਉਹਦੇ ਆਪਣੇ ਨਿਆਣਿਆਂ ਨੂੰ ਵੀ ਦਿੱਤਾ ਜਾਂਦਾ ਹੈ:
'ਓਏ ਖੋਤੇ ਦਿਆ ਪੁੱਤਰਾ... |'
'ਅਬੇ ਗਧੇ ਕੇ ਬੱਚੇ |'
'ਯੂ... ਸਨ ਆਫ਼ ਏ ਡੌਾਕੀ |'
ਖੋਤਿਆਂ ਦੀ ਖਸਲਤ ਹੈ ਕਿ ਉਹ ਕਿੰਨਾ ਵੀ ਪੜ੍ਹ-ਲਿਖ ਜਾਣ ਉਹ ਖੋਤੇ ਹੀ ਰਹਿੰਦੇ ਹਨ | ਵੱਡੇ-ਵੱਡੇ, ਪੜ੍ਹੇ-ਲਿਖੇ ਅਫਸਰਾਂ ਨੂੰ ਵੀ ਲੋਕੀਂ 'ਖੋਤੇ' ਦਾ ਖਿਤਾਬ ਹੀ ਦਿੰਦੇ ਹਨ | ਅਖੇ, ਰਿਸ਼ਵਤ ਦੇ ਕੇ ਬਣ ਗਿਐ, ਐਨਾ ਵੱਡਾ ਅਫਸਰ, ਉਂਜ ਤਾਂ ਪੂਰਾ ਖੋਤਾ ਹੈ | ਕਈ ਵਾਰ ਆਮ ਜ਼ਿੰਦਗੀ ਵਿਚ ਵੀ ਲੋਕੀਂ ਆਪਣੇ ਨਿਆਣੇ ਪੁੱਤਾਂ ਨੂੰ , ਖੋਤਾ ਆਖ ਕੇ ਹੀ ਬੁਲਾਉਂਦੇ ਹਨ |
ਇਕ ਪੰਜਾਬੀ ਪਿਤਾ ਦਾ ਬਾਲਕ ਪੁੱਤਰ ਜਦ ਪਿਓ ਵਾਰ-ਵਾਰ ਉਹਨੂੰ ਬੁਲਾਉਂਦਾ, 'ਖੋਤੇ ਦਿਆ ਪੁੱਤਰਾ' ਬੜਾ ਤੰਗ ਆ ਗਿਆ ਸੀ | ਇਕ ਦਿਨ ਪਿਓ ਨਾਲ ਬਾਜ਼ਾਰ 'ਚ ਗਿਆ ਤਾਂ ਉਥੇ ਇਕ ਖੋਤਾ ਖੜ੍ਹਾ ਸੀ | ਪੁੱਤ ਨੇ ਪਿਓ ਨੂੰ ਕਿਹਾ, 'ਡੈਡੀ ਡੈਡੀ... ਔਹ ਵੇਖੋ ਖੋਤਾ ਖੜਾ ਜੇ |' ਡੈਡੀ ਨੇ ਖੋਤੇ ਨੂੰ ਵੇਖਿਆ, ਫੇਰ ਆਖਿਆ, 'ਆਹੋ, ਫੇਰ ਕੀ?'
'ਹੁਣ ਤਾਂ ਵੇਖ ਲਿਆ ਜੇ ਨਾ, ਮੁੜ ਕੇ ਮੈਨੂੰ ਨਾ ਆਖਣਾ 'ਖੋਤੇ ਦਿਆ ਪੁੱਤਰਾ |'
ਡੈਡੀ ਦਾ ਰੰਗ ਉੱਡ ਗਿਆ | ਸੱਚੀਂ, ਜੇਕਰ ਖੋਤਾ ਉਨ੍ਹਾਂ ਦੀ ਬੋਲੀ ਸਮਝ ਸਕਦਾ ਤਾਂ ਖੁਸ਼ ਹੋ ਕੇ ਉਥੇ ਹੀ ਹੱਸ ਕੇ 'ਹੈਾਚੂ... ਹੈਾਚੂ...' ਸ਼ੁਰੂ ਕਰ ਦਿੰਦਾ |
ਧਰਮ ਨਾਲ ਆਪਣੇ ਨਿੱਕੇ ਨਿਆਣਿਆਂ ਨੂੰ ਵੇਖੋ, ਨਿੱਕੀ ਉਮਰੇ ਹੀ ਸਕੂਲਾਂ 'ਚ ਭਰਤੀ ਕਰਾ ਦਿੱਤੇ ਜਾਂਦੇ ਹਨ ਤੇ ਜਿਹੜਾ ਪਿੱਠ 'ਤੇ ਬਸਤਾ ਉਨ੍ਹਾਂ ਨੇ ਲੱਦਿਆ ਹੁੰਦਾ ਹੈ, ਇਹ ਤਾਂ ਕੋਈ ਖੋਤੇ ਦਾ ਪੁੱਤਰ ਹੀ ਸਹਾਰ ਸਕਦਾ ਹੈ | ਇਕੋ ਇਕ ਪ੍ਰਾਣੀ ਖੋਤਾ ਹੀ ਹੈ, ਜਿਹੜਾ ਪਿੱਠ 'ਤੇ ਜਿੰਨਾ ਮਰਜ਼ੀ ਐ ਭਾਰ ਲੱਦ ਦਿਓ, ਬਿਨਾਂ ਰੋਇਓਾ ਜਾਂ ਚੀਂ-ਚੜ੍ਹਾਂ ਕੀਤਿਉਂ ਚੁੱਪ-ਚਾਪ ਤੁਰੀ ਜਾਂਦਾ ਹੈ, ਤੁਰੀ ਜਾਂਦਾ ਹੈ... |
ਸਾਡੇ ਸਕੂਲ ਮਾਸਟਰ, ਟੀਚਰ ਕਿਵੇਂ ਮਾਣ ਨਾਲ ਕਹਿੰਦੇ ਹਨ, 'ਸਾਡੇ ਕੋਲ ਖੋਤੇ ਆਉਂਦੇ ਹਨ, ਅਸੀਂ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਬੰਦੇ ਬਣਾ ਦਿੰਦੇ ਹਾਂ |'
ਧੰਨ ਖੋਤਾ... ਜਿਥੇ ਕੋਈ ਨਾ ਪਹੁੰਚ ਸਕੇ, ਹੈਲੀਕਾਪਟਰ ਵੀ ਨਾ ਪਹੁੰਚ ਸਕਣ, ਉਥੇ ਭੀੜੇ ਤੋਂ ਭੀੜੇ, ਖਤਰਨਾਕ ਤੋਂ ਖਤਰਨਾਕ ਰਸਤੇ 'ਤੇ, ਖੋਤਾ ਮਾਲ ਪਹੁੰਚਾ ਦਿੰਦਾ ਹੈ | ਮਿਲਟਰੀ ਵਾਲਿਆਂ ਨੂੰ ਵੀ ਇਨ੍ਹਾਂ ਥਾਵਾਂ 'ਤੇ ਹਰ ਤਰ੍ਹਾਂ ਦੇ ਮਾਲ ਦੀ ਸਪਲਾਈ ਖੋਤਿਆਂ ਰਾਹੀਂ ਹੁੰਦੀ ਹੈ | ਇਨ੍ਹਾਂ ਦੀ ਇਕ ਜਾਤ ਖੱਚਰ ਵੀ ਹਨ | ਇਹ ਦੋਵੇਂ ਹੀ ਅਤਿ ਸ਼ਰੀਫ਼ ਹੁੰਦੇ ਹਨ, ਖਚਰੇ ਨਹੀਂ ਹੁੰਦੇ |
ਖੋਤਾ, ਸਭ ਤੋਂ ਵੱਡਾ ਆਗਿਆਕਾਰ, ਸਭ ਤੋਂ ਵੱਡਾ ਸੇਵਾਦਾਰ, ਫਿਰ ਵੀ ਇਸ ਲਈ ਸਭ ਤੋਂ ਵੱਡਾ ਤਿ੍ਸਕਾਰ...? ਕਿਸੇ ਮੰਦ-ਬੁੱਧੀ, ਬੇਅਕਲ ਨੂੰ ਪੰਜਾਬੀ 'ਚ ਤਿ੍ਸਕਾਰਿਤ ਕਰਦੇ ਹਨ:
'ਓਏ ਖੋਤਿਆ... |'
ਹਿੰਦੀ 'ਚ ਤਿ੍ਸਕਾਰ ਇਉਂ ਹੈ, 'ਗਧਾ ਕਹੀਂ ਕਾਂ |'
ਅੰਗਰੇਜ਼ੀ 'ਚ ਵੀ ਇਹੋ ਹਾਲ ਹੈ, 'ਯੂ ਡੌਾਕੀ' |
ਖੋਤਾ ਵਿਚਾਰਾ, ਚੁੱਪ ਕਰਕੇ ਸਹਿੰਦਾ ਹੈ, ਕਦੇ ਕਦਾੲੀਂ ਥੋੜ੍ਹੀ ਦੇਰ ਹੈਾਚੂ-ਹੈਾਚੂ ਕਰਕੇ ਆਪਣਾ ਦੁੱਖ ਪ੍ਰਗਟ ਕਰਦਾ ਹੈ, ਫਿਰ ਹੀਂਗਣਾ ਬੰਦ ਕਰ ਦਿੰਦਾ ਹੈ, 'ਖੋਤਿਆ, ਤੇਰੀ ਜੂਨ ਬੁਰੀ |'
••

ਕਹਾਣੀ ਸ਼ੋਰ 'ਚ ਗੁਆਚੀ ਭੁੱਬ

ਦੀਵਾਲੀ ਦਾ ਦਿਨ ਸੀ | ਘੁੱਕਰ ਅੱਜ ਵੀ ਇਹ ਸੋਚ ਕੇ ਦਿਹਾੜੀ ਲਾਉਣ ਸ਼ਹਿਰ ਨੂੰ ਚਲਾ ਗਿਆ ਸੀ ਕਿ ਹੋਰ ਨਹੀਂ ਤਾਂ ਆਥਣ ਨੂੰ ਜੁਆਕਾਂ ਵਾਸਤੇ ਕੁਝ ਖਾਣ ਨੂੰ ਮਿਠਾਈ ਤੇ ਮੋਮਬੱਤੀਆਂ, ਫੁੱਲਝੜੀਆਂ ਹੀ ਲੈ ਆਵੇਗਾ | ਚੌਕ ਵਿਚ ਅੱਜ ਕੋਈ ਟਾਵਾਂ-ਟਾਵਾਂ ਹੀ ਮਜ਼ਦੂਰ, ਮਿਸਤਰੀ ਆਇਆ ਸੀ | ਕੰਮ ਦੇਣ ਵਾਲਾ ਵੀ ਕੋਈ ਨਹੀਂ ਸੀ ਆ ਰਿਹਾ | ਮਜ਼ਦੂਰ ਤੇ ਮਿਸਤਰੀ ਹਰ ਲੰਘਦੇ ਬੰਦੇ ਵੱਲ ਬੜੀ ਆਸ ਨਾਲ ਝਾਕਦੇ ਪਰ ਅਉਣ ਵਾਲਾ ਬੰਦਾ ਜਦੋਂ ਬਿਨਾਂ ਉਨ੍ਹਾਂ ਵੱਲ ਦੇਖੇ ਹੀ ਲੰਘ ਜਾਂਦਾ ਤਾਂ ਉਹ ਫੇਰ ਅਣਮੰਨੇ ਜਿਹੇ ਮਨ ਨਾਲ ਆਪੋ ਵਿਚੀਂ ਗੱਲੀਂ ਲੱਗ ਜਾਂਦੇ | ਹਰੇਕ ਜਣਾ ਬਿੰਦੇ ਝੱਟੇ ਇਕ ਦੂਜੇ ਤੋਂ ਚੋਰੀ ਜਿਹੇ ਚੌਕ ਵੱਲ ਆਉਂਦੀਆਂ ਚਾਰਾਂ ਸੜਕਾਂ ਵੱਲ ਦੂਰ ਤੱਕ ਨਿਗਾਹ ਮਾਰ ਲੈਂਦਾ | ਪਰ ਪੱਲੇ ਨਿਰਾਸ਼ਾ ਹੀ ਪੈ ਰਹੀ ਸੀ | ਅਚਾਨਕ ਘੁੱਕਰ ਦੀ ਨਿਗਾਹ ਇਕ ਪਾਸੇ ਤੋਂ ਆਉਂਦੇ ਲਾਲਾ ਕਿਸ਼ੋਰੀ ਮੱਲ 'ਤੇ ਪਈ | ਉਹ ਪਹਿਲਾਂ ਵੀ ਲਾਲਾ ਜੀ ਦੇ ਘਰ ਕੰਮ ਕਰ ਚੁੱਕਿਆ ਸੀ | ਉਹ ਹੌਲੀ ਦੇਣੇ ਖਿਸਕ ਕੇ ਮੂਹਰੇ ਜਿਹੇ ਨੂੰ ਹੋ ਗਿਆ | ਲਾਲਾ ਜੀ ਦੀ ਨਿਗਾਹ ਸਿੱਧੀ ਉਸੇ 'ਤੇ ਪਈ ਤਾਂ ਉਨ੍ਹਾਂ ਨੇ ਇਸ਼ਾਰੇ ਨਾਲ ਹੀ ਘੁੱਕਰ ਨੂੰ ਬੁਲਾਇਆ ਤੇ ਆਪਣੇ ਨਾਲ ਲੈ ਤੁਰੇ | ਘੁੱਕਰ ਦਾ ਮਨ ਖਿੜ ਗਿਆ | ਉਸ ਨੇ ਆਪਣਾ ਸਾਈਕਲ ਲਾਲਾ ਜੀ ਦੇ ਸਕੂਟਰ ਮਗਰ ਲਾ ਲਿਆ | ਲਾਲਾ ਜੀ ਨੇ ਨਵੀਂ ਕੋਠੀ ਪਾਈ ਸੀ ਤੇ ਇੱਟ ਵੱਟਾ ਖਿੰਡਿਆ ਪਿਆ ਸੀ ਬਸ ਉਸ ਨੂੰ ਪਾਸੇ ਕਰਕੇ ਸਫ਼ਾਈ ਕਰਨੀ ਸੀ | ਕੰਮ ਸਮਝਾ ਕੇ ਲਾਲਾ ਜੀ ਇਹ ਕਹਿੰਦੇ ਹੋਏ ਚਲੇ ਗਏ, 'ਲੈ ਬਈ ਘੁੱਕਰਾ, ਆਹ ਕੰਮ ਮੁਕਾਉਣੈ ਅੱਜ |'
'ਤੁਸੀਂ ਫਿਕਰ ਨਾ ਕਰੋ ਸੇਠ ਜੀ, ਮੁੱਕਿਆ ਲਓ |' ਆਖਦਾ ਹੋਇਆ ਘੁੱਕਰ ਸਾਈਕਲ ਨੂੰ ਸਟੈਂਡ 'ਤੇ ਲਾਉਂਦਾ ਹੋਇਆ ਇਕਦਮ ਕੰਮ ਵਿਚ ਜੁਟ ਗਿਆ | ਉਹ ਸੇਠ ਦੇ ਸੁਭਾਅ ਬਾਰੇ ਜਾਣਦਾ ਸੀ | ਉਸ ਨੂੰ ਪਤਾ ਸੀ ਕਿ ਇਹ ਕੰਮ ਮੁੱਕਣ 'ਤੇ ਉਸ ਨੂੰ ਹੋਰ ਕੰਮ ਕਰਨ ਲਈ ਨਹੀਂ ਕਿਹਾ ਜਾਵੇਗਾ, ਜਿਵੇਂ ਕਿ ਅਕਸਰ ਲੋਕ ਸ਼ਾਮ ਵੇਲੇ ਘੜੀ ਦੇਖਦੇ ਹੋਏ ਮਜ਼ਦੂਰ ਨੂੰ ਹੋਰ ਕੰਮ ਗਿਣਾ ਦਿੰਦੇ ਨੇ | ਉਹ ਤੇਜ਼ੀ ਨਾਲ ਕੰਮ ਨੂੰ ਹੱਥ ਮਾਰਨ ਲੱਗਿਆ | ਸੇਠ ਦਾ ਨੌਕਰ ਚਾਹ ਦਾ ਗਲਾਸ ਲੈ ਆਇਆ | ਘੁੱਕਰ ਨੇ ਉਹਨੂੰ ਵੀ ਕਹਿ ਦਿੱਤਾ, 'ਐਥੇ ਰੱਖ ਦੇ ਯਾਰ, ਥੋੜ੍ਹੀ ਠੰਡੀ ਹੋਈ ਤੋਂ ਪੀ ਲੂੰ | '
'ਓਏ ਪੀ ਲੈ, ਪਹਿਲਾਂ ਕਿਹੜਾ ਇਹ ਉੱਬਲੀ ਜਾਂਦੀ ਐ |' ਨੌਕਰ ਦਾ ਨਹੋਰੇ ਵਾਲਾ ਜਵਾਬ ਸੁਣ ਕੇ ਘੁੱਕਰ ਉਸ ਵੱਲ ਦੇਖਦਾ ਹੋਇਆ ਮੁਸਕੜੀਏਾ ਹੱਸ ਪਿਆ |
'ਲੈ ਤੂੰ ਵੀ ਲੈ ਲੈ ਘੁੱਟ' ਗਲਾਸ ਫੜਦੇ ਹੋਏ ਉਸ ਨੇ ਨੌਕਰ ਨੂੰ ਸੁਲਾਹ ਮਾਰੀ |
'ਜਿਉਂਦਾ ਰਹਿ ਓਏ ਭਰਾਵਾ, ਡੱਕੇ ਫਿਰਦੇ ਆਂ |' ਕਹਿੰਦਾ ਹੋਇਆ ਨੌਕਰ ਚਲਾ ਗਿਆ |
ਚਾਹ ਦੀਆਂ ਘੁੱਟਾਂ ਭਰਦਾ ਹੋਇਆ ਘੁੱਕਰ ਨੌਕਰ ਬਾਰੇ ਸੋਚਣ ਲੱਗਿਆ | ਉਸ ਦਾ ਮਨ ਬੋਲਿਆ, 'ਇਹ ਤਾਂ ਮੌਜ਼ਾਂ ਕਰਦੇ ਨੇ ਯਾਰ | '
ਦੋ ਤਿੰਨ ਘੁੱਟਾਂ ਵਿਚ ਹੀ ਗਲਾਸ ਖਾਲੀ ਕਰਕੇ ਉਸ ਨੇ ਬਾਹਰਲੀ ਟੂਟੀ 'ਤੇ ਧੋ ਕੇ ਮੂਧਾ ਮਾਰ ਦਿੱਤਾ ਅਤੇ ਕੰਮ ਨੂੰ ਜੁਟ ਗਿਆ | ਉਸਦੇ ਦਿਮਾਗ ਵਿਚ ਸ਼ਾਮ ਦੀਆ ਸਕੀਮਾਂ ਘੁੰਮਣ ਲੱਗੀਆਂ | ...ਨਿਆਣਿਆਂ ਵਾਸਤੇ ਕੀ ਲਿਆ ਜਾਵੇ?... ਉਹ ਕਿੰਨੇ ਕੁ ਦਾ ਆਵੇਗਾ? ...ਮੋਮਬੱਤੀਆਂ ਲਈਆਂ ਜਾਣ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਨਾਲ ਸਾਰ ਲਿਆ ਜਾਵੇ?... ਤੇਲ ਤਾਂ ਬਹੁਤਾ ਮਹਿੰਗੈ, ਫੇਰ ਕੀ ਕੀਤਾ ਜਾਵੇ?... ਅੱਜ ਘੁੱਟ ਲਾ ਈ ਨਾ ਲਈਏ?... ਨਾ ਨਾ ਯਾਰ ਉਨ੍ਹਾਂ ਪੈਸਿਆਂ ਦੇ ਜੁਆਕਾਂ ਨੂੰ ਪਟਾਕੇ ਤੇ ਜਲੇਬੀਆਂ ਈ ਲੈ ਚੱਲੀਏ | ...ਜੁਆਕ ਤਾਂ ਲੱਜ਼ਤ ਲੈਣ, ਕਿਹੜਾ ਨਿੱਤ ਦੀਵਾਲੀ ਆਉਣੀ ਐ? ਆਪਣੇ ਆਪ ਨਾਲ ਗੱਲਾਂ ਕਰਦੇ , ਭੰਨਾਂ ਘੜਤਾਂ 'ਚ ਪਏ ਘੁੱਕਰ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦੁਪਹਿਰਾ ਹੋ ਗਿਆ | ਨਾਲ ਲਿਆਂਦਾ ਰੋਟੀਆਂ ਵਾਲਾ ਲਿਫਾਫ਼ਾ ਸਾਈਕਲ ਦੇ ਹੈਂਡਲ ਨਾਲੋਂ ਖੋਲ੍ਹ ਕੇ ਪਾਣੀ ਦਾ ਗਲਾਸ ਟੂਟੀ ਤੋਂ ਭਰ ਲਿਆ | ਅੱਜ ਉਹਨੂੰ ਅੰਬ ਦੇ ਅਚਾਰ ਨਾਲ ਸੁੱਕੀਆਂ ਰੋਟੀਆਂ ਵਿਚੋਂ ਵੀ ਅਨੰਦ ਆ ਰਿਹਾ ਸੀ | ਫਟਾਫਟ ਰੋਟੀਆਂ ਵਾਲਾ ਕੰਮ ਮੁਕਾ ਕੇ ਉਹ ਬਿਨਾਂ ਅਰਾਮ ਕੀਤੇ ਫੇਰ ਕੰਮ 'ਤੇ ਲੱਗ ਗਿਆ | ਦਿਮਾਗ ਦੀ ਸੂਈ ਫੇਰ ਓਥੇ ਹੀ ਜਾ ਟਿਕੀ | ...ਕਿਹੜੀ ਦੁਕਾਨ ਤੋਂ ਕੀ ਲੈ ਕੇ ਜਾਣੈ?... ਜਲੇਬੀਆਂ ਤਾਂ ਅਖੀਰ 'ਤੇ ਜਾਂਦੇ ਹੋਏ ਈ ਲਈਆਂ ਜਾਣ, ਤੱਤੀਆਂ ਤੱਤੀਆਂ | ...ਭਾਨੋ ਜਿੱਦਣ ਦੀ ਮੇਰੇ ਲੜ ਲੱਗੀ ਐ ਰੁਲ਼ੀ ਪਈ ਐ ਵਿਚਾਰੀ | ...ਚੱਲ ਅੱਜ ਉਹ ਵੀ ਤੱਤੀਆਂ ਜਲੇਬੀਆਂ ਦਾ ਸੁਆਦ ਦੇਖ ਲੂ | ਖਿਆਲ ਆਉਂਦੇ ਹੀ ਉਹ ਮਨੋਮਨੀ ਹੱਸ ਪਿਆ | ਏਸ ਉਧੇੜ ਬੁਣ ਵਿਚ ਹੀ ਤੀਜਾ ਪਹਿਰ ਹੋ ਗਿਆ | ਬਸ ਕੰਮ ਵੀ ਉਹਨੇ ਲਵੇ ਲਾ ਲਿਆ ਸੀ |
ਸੇਠ ਗੇੜਾ ਮਾਰਨ ਆਇਆ ਤਾਂ ਕੰਮ ਮੁੱਕਿਆ ਵੇਖ ਕੇ ਨਿਹਾਲ ਹੋ ਗਿਆ |
'ਵਾਹ ਓਏ ਤੇਰੇ ਘੁੱਕਰਾ ਤੂੰ ਤਾਂ ਕਮਾਲ ਹੀ ਕਰ ਤੀ | ਚੱਲ ਬਸ ਕਰ ਹੁਣ, ਤਿਹਾਰ ਦਾ ਦਿਨ ਐ | ਹੱਥ ਮੂੰਹ ਧੋ ਲੈ, ਤੇ ਜਾਹ ਹੁਣ ਘਰ ਨੂੰ ਜੁਆਕ ਵੀ ਝਾਕਦੇ ਹੋਣਗੇ |' ਇਹ ਕਹਿੰਦੇ ਹੋਏ ਸੇਠ ਨੇ ਉਸ ਨੂੰ ਦਿਹਾੜੀ ਦੇ ਪੈਸਿਆਂ ਨਾਲ ਵੀਹ ਰੁਪਏ ਹੋਰ ਫੜਾਉਦੇ ਹੋਏ ਫੇਰ ਕਿਹਾ, 'ਲੈ ਆਹ ਹੋਰ ਲੈ ਲਾ, ਜੁਆਕਾਂ ਨੂੰ ਕੁਝ ਲੈ ਜਾਈਾ |'
ਘੁੱਕਰ ਨੇ ਪੈਸੇ ਫੜ ਕੇ ਮੱਥੇ ਨੂੰ ਲਾਉਂਦੇ ਹੋਏ ਗੀਝੇ ਵਿਚ ਪਾ ਲਏ | ਹੱਥ ਮੂੰਹ ਧੋ ਕੇ ਸਾਈਕਲ ਚੁੱਕਿਆ ਅਤੇ ਜਲਦੀ-ਜਲਦੀ ਬਜ਼ਾਰ ਨੂੰ ਹੋ ਤੁਰਿਆ | ਥੋੜ੍ਹੀਆਂ ਜਿਹੀਆਂ ਫੁੱਲਝੜੀਆਂ ਤੇ ਮੋਮਬੱਤੀਆਂ ਖਰੀਦ ਕੇ ਇਕ ਲਿਫ਼ਾਫ਼ੇ ਵਿਚ ਪਾ ਲਈਆਂ ਅਤੇ ਦੂਜੇ ਲਿਫ਼ਾਫ਼ੇ ਵਿਚ ਗਰਮ-ਗਰਮ ਜਲੇਬੀਆਂ ਪਵਾ ਕੇ ਸਾਈਕਲ ਦੇ ਹੈਂਡਲ ਨਾਲ ਲਟਕਾ ਲਈਆਂ | ਮਨ ਵਿਚ ਘਰ ਪਹੁੰਚਣ ਦੀ ਕਾਹਲੀ ਸੀ, ਸਾਈਕਲ ਪਿੰਡ ਵਾਲੀ ਸੜਕ ਪਾ ਕੇ ਦਵੱਲ ਦਿੱਤਾ | ਮਨ ਹੀ ਮਨ ਵਿਚ ਭਾਨੋ ਅਤੇ ਬੱਚਿਆਂ ਦੀ ਖੁਸ਼ੀ ਨੂੰ ਚਿਤਵਦਾ ਹੋਇਆ ਉਹ ਪਲਾਂ ਵਿਚ ਹੀ ਘਰ ਪਹੁੰਚ ਜਾਣਾ ਚਾਹੁੰਦਾ ਸੀ | ਅਚਾਨਕ ਸਾਹਮਣੇ ਤੋਂ ਇਕ ਖੁੱਲ੍ਹੀ ਜੀਪ ਵਿਚ ਸਵਾਰ ਕੁਝ ਖਰੂਦੀ ਕਿਸਮ ਦੇ 'ਕਾਕੇ' ਲਲਕਾਰੇ ਮਾਰਦੇ ਹੋਏ ਬੜੀ ਤੇਜ਼ੀ ਨਾਲ ਉਸ ਵੱਲ ਨੂੰ ਕੱਟ ਮਾਰ ਕੇ ਜੇਤੂ ਅੰਦਾਜ਼ ਵਿਚ ਹੋ... ਹੋ ਕਰਦੇ ਲੰਘ ਗਏ, ਪਰ ਘੁੱਕਰ ਦਾ ਸਾਈਕਲ ਕੱਚੇ ਵਿਚ ਜਾ ਡਿੱਗਿਆ | ਸਭ ਕੁਝ ਖਿੰਡ ਗਿਆ | ਜਲੇਬੀਆਂ, ਮੋਮਬੱਤੀਆਂ, ਫੁੱਲਝੜੀਆਂ ਰੇਤੇ ਵਿਚ ਰਲ਼ ਗਈਆਂ | ਘੁੱਕਰ ਕੌੜ ਅੱਖ ਨਾਲ ਭੱਜੀ ਜਾਂਦੀ ਜੀਪ ਵੱਲ ਝਾਕਿਆ ਪਰ ਉਹ ਤਾਂ ਪਲਾਂ ਵਿਚ ਹੀ ਅੱਖੋਂ ਓਹਲੇ ਹੋ ਗਈ | ਦੂਜੇ ਹੀ ਪਲ ਉਹ ਉੱਠ ਕੇ ਲਿਫ਼ਾਫ਼ਿਆਂ ਵੱਲ ਨੂੰ ਅਹੁਲਿਆ | ਆਪਣਾ ਸਾਰਾ ਚਾਅ ਮਿੱਟੀ ਵਿਚ ਰੁਲ਼ਿਆ ਦੇਖ ਕੇ ਇਕ ਵਾਰੀ ਤਾਂ ਉਸ ਦੀ ਥਾਹ ਨਿਕਲ ਗਈ | ਹੌਲੀ-ਹੌਲੀ ਖਿੰਡੇ ਹੋਏ ਸਮਾਨ ਨੂੰ ਇਕੱਠਾ ਕਰਕੇ ਉਸੇ ਤਰ੍ਹਾਂ ਹੀ ਫਟੇ ਲਿਫ਼ਾਫ਼ਿਆਂ ਵਿਚ ਫੇਰ ਪਾ ਲਿਆ | ਮੂੰਹ ਸਿਰ ਝਾੜਦੇ ਹੋਏ ਪਰਨਾਂ ਦੁਬਾਰਾ ਸਿਰ 'ਤੇ ਬੰਨ੍ਹ ਕੇ, ਖੱਬੀ ਬਾਂਹ 'ਤੇ ਲੱਗੀ ਸੱਟ ਨੂੰ ਪਲੋਸਦੇ ਹੋਏ ਉਸਨੇ ਸਾਈਕਲ ਖੜ੍ਹਾ ਕੀਤਾ ਤੇ ਲਿਫਾਫੇ ਫੇਰ ਵਿੰਗੇ ਹੋਏ ਹੈਂਡਲ ਨਾਲ ਟੰਗ ਲਏ | ਸਾਈਕਲ ਨੂੰ ਰੋੜ੍ਹ ਕੇ ਉਹ ਘਰ ਵੱਲ ਨੂੰ ਤੁਰ ਪਿਆ |
ਭਾਨੋ ਅਤੇ ਦੋਵੇਂ ਜੁਆਕ ਘਰ ਦੇ ਬਾਰ ਵਿਚ ਬੈਠੇ ਉਸ ਨੂੰ ਉਡੀਕ ਰਹੇ ਸਨ | ਘੁੱਕਰ ਨੂੰ ਸਾਈਕਲ ਧੂਹੀਂ ਆਉਂਦੇ ਨੂੰ ਦੇਖ ਕੇ ਭਾਨੋ ਘਬਰਾ ਗਈ ਅਤੇ ਨਿਆਣੇ ਉਸ ਵੱਲ ਨੂੰ ਭੱਜ ਪਏ | ਉਹ ਲਿਫਾਫਿਆਂ ਵੱਲ ਨੂੰ ਅਹੁਲੇ ਤਾਂ ਘੁੱਕਰ ਨੇ ਉਨ੍ਹਾਂ ਨੂੰ ਰੋਕਦੇ ਹੋਏ ਮਸਾਂ ਆਖਿਆ, 'ਓਏ ਖੜ੍ਹ ਜੋ ਚਲੋ ਅੰਦਰ ਚੱਲ ਕੇ....' ਘੁੱਕਰ ਦਾ ਮਨ ਭਰ ਆਇਆ | ਧੱਕੇ ਜਿਹੇ ਨਾਲ ਉਸਨੇ ਸਾਈਕਲ ਅੰਦਰ ਕਰ ਕੇ ਕੰਧ ਨਾਲ ਲਾ ਦਿੱਤਾ | ਭਾਨੋ ਭੱਜ ਕੇ ਪਾਣੀ ਦਾ ਗਲਾਸ ਲੈ ਆਈ |
'ਹਾਏ, ਹਾਏ ਇਹ ਕੀ ਹੋ ਗਿਆ? ਤੇਰਾ ਮੂੰਹ ਮੱਥਾ ਲਿੱਬੜਿਆ ਪਿਐ ਨਾਲੇ ਸੈਕਲ ਟੁੱਟਿਆ ਪਿਐ | ' ਪਾਣੀ ਦਾ ਗਲਾਸ ਫੜਾਉਂਦੇ ਹੋਏ ਉਸ ਨੇ ਘੁੱਕਰ ਨੂੰ ਕੰਬਦੀ ਜਿਹੀ ਅਵਾਜ਼ ਨਾਲ ਪੁੱਛਿਆ |
'ਕੋਈ ਨਾ ਦੱਸ ਦੂੰ ਸਾਰਾ ਕੁਸ, ....ਥੋੜ੍ਹਾ ਜਿਹਾ ਸਬਰ ਰੱਖ |' ਘੁੱਕਰ ਨੇ ਪਾਣੀ ਦੀ ਘੁੱਟ ਅੰਦਰ ਲੰਘਾਉਂਦੇ ਹੋਏ ਜਵਾਬ ਦਿੱਤਾ |
ਭਾਨੋ ਡੌਰ-ਭੌਰ ਜਿਹੀ ਹੋਈ ਉਸ ਵੱਲ ਝਾਕੀ ਜਾਂਦੀ ਸੀ | ਨਿਆਣਿਆਂ ਨੇ ਦੋਵੇਂ ਲਫਾਫੇ ਸਾਈਕਲ ਦੇ ਹੈਂਡਲ ਨਾਲੋਂ ਖੋਲ੍ਹ ਲਿਆਂਦੇ |
'ਓਏ ਆਹ ਤਾਂ ਰੇਤਾ ਲੱਗਿਆ ਪਿਐ ਜਲੇਬੀਆਂ ਨੂੰ |' ਇਕ ਲਿਫ਼ਾਫ਼ਾ ਖੋਲ੍ਹਦੇ ਹੋਏ ਪਹਿਲਾਂ ਬੋਲਿਆ |
'ਓਏ ਐਸ ਲਿਫ਼ਾਫ਼ੇ 'ਚ ਵੀ ਰੇਤਾ ਰਲਿਆ ਪਿਐ, ਭਾਪਾ ਤੂੰ ਦੇਖ ਕੇ ਨੀ ਲਿਆਇਆ?' ਦੂਜੇ ਨੇ ਘੁੱਕਰ ਨੂੰ ਸਵਾਲ ਖੜ੍ਹਾ ਕਰ ਦਿੱਤਾ |
'ਓਏ ਦੇਖ ਕੇ ਈ ਲਿਆਇਆਂ | ਸਾਰਾ ਕੁਸ ਖ਼ਤਮ ਹੋ ਗਿਆ ਸੀ, ਬਸ ਆਹੀ ਬਚਿਆ ਸੀ | ਸ਼ੁਕਰ ਕਰੋ ਇਹ ਬਚਿਆ ਰਹਿ ਗਿਆ |' ਘੁੱਕਰ ਨੇ ਨਿਆਣਿਆਂ ਨੂੰ ਤਾਂ ਟਾਲ ਦਿੱਤਾ ਪਰ ਭਾਨੋ ਦੀ ਚਿੰਤਾ ਹੋਰ ਵੀ ਵਧ ਗਈ |
'ਜਾਓ ਓਏ ਤੁਸੀਂ ਆਹ ਫੁੱਲਝੜੀਆਂ ਚਲਾ ਲੋ ਹਾਲੇ, ਫੇਰ ਦੇਖਦੇ ਆਂ | ' ਘੁੱਕਰ ਨੇ ਜੁਆਕਾਂ ਨੂੰ ਟਾਲ ਕੇ ਫਿਕਰ ਵਿਚ ਬੈਠੀ ਭਾਨੋ ਨੂੰ ਸਾਰੀ ਗੱਲ ਦੱਸ ਦਿੱਤੀ |
'ਚੱਲ ਜੈ ਨੂੰ ਖਾਵੇ ਸਾਰਾ ਕੁਸ | ਸੁੱਖ ਸਾਂਦ ਰਹਿਗੀ ਇਹੀ ਬਥੇਰੈ | ਬਾਂਹ ਤਾਂ ਨੀ ਬਹੁਤੀ ਦੁਖਦੀ? ਤੇਲ ਮਲ਼ ਦਿਆਂ?' ਭਾਨੋ ਨੇ ਘੁੱਕਰ ਨੂੰ ਧਰਵਾਸ ਬੰਨ੍ਹਾਇਆ |
'ਤੇਲ ਮਲਣ ਨੂੰ ਤਾਂ ਕੀ ਐ ?... ਨਾ ਹੁਣ ਆਹ ਜਲੇਬੀਆਂ ਦਾ ਕੀ ਕਰਾਂਗੇ?' ਘੁੱਕਰ ਨੂੰ ਜੁਆਕਾਂ ਦੀ ਚਿੰਤਾ ਸੀ |
'ਤੂੰ ਨਾ ਫਿਕਰ ਕਰ ਮੈਂ ਆਪੇ ਸਾਰਾ ਕੁਸ ਕਰ ਦੂੰ |' ਭਾਨੋ ਨੇ ਤਸੱਲੀ ਦਵਾਈ |
'ਕੀ ਕਰ ਦੇਂਗੀ ਤੂੰ?' ਘੁੱਕਰ ਨੂੰ ਭਾਨੋ ਦੀ ਗੱਲ 'ਤੇ ਯਕੀਨ ਜਿਹਾ ਨਹੀਂ ਸੀ ਆਇਆ |
'ਮੈਂ ਇਉਂ ਕਰੂੰ | ਜਲੇਬੀਆਂ ਤੋਂ ਥੋੜ੍ਹਾ ਬਹੁਤਾ ਗਰਦਾ ਪੋਣੇ ਨਾਲ ਪੂੰਝ ਕੇ ਲਾਹ ਦੂੰ ਤੇ ਫੇਰ ਉਨ੍ਹਾਂ 'ਤੇ ਪਾਣੀ ਮਾਰ ਦੂੰ | ਤਵੇ 'ਤੇ ਰੱਖ ਕੇ ਭੋਰਾ ਤੱਤੀਆਂ ਕਰਕੇ ਦੇ ਦੂੰ ਉਨ੍ਹਾਂ ਨੂੰ | ਥੋੜ੍ਹੀ ਬਹੁਤੀ ਕਿਰਕ ਤਾਂ ਉਨ੍ਹਾਂ ਨੇ ਚਾਉ 'ਚ ਈ ਭੁੱਲ ਜਾਣੀ ਐਾ |' ਬੋਲਦੀ ਬੋਲਦੀ ਭਾਨੋ ਜਦ ਭਰੀਆਂ ਅੱਖਾਂ ਨਾਲ ਘੁੱਕਰ ਵੱਲ ਝਾਕੀ ਤਾਂ ਘੁੱਕਰ ਦੀ ਭੁੱਬ ਨਿਕਲ ਗਈ, ਜੋ ਬਾਹਰ ਚਲਦੇ ਪਟਾਕਿਆਂ ਦੇ ਸ਼ੋਰ ਵਿਚ ਹੀ ਗੁਆਚ ਗਈ |

-ਪਿੰਡ ਤੇ ਡਾਕ: ਕਲਾਹੜ, ਜ਼ਿਲ੍ਹਾ ਲੁਧਿਆਣਾ-141117.
ਫੋਨ : 98783-37222.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX