ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਕੌਮ ਦਾ ਮਾਣਮੱਤਾ ਇਤਿਹਾਸ

(ਵਿਰੋਧੀਆਂ ਦੀ ਨਜ਼ਰ ਵਿਚ)

ਕਿਸੇ ਵੀ ਧਰਮ ਦੀ ਸਾਰਥਿਕਤਾ ਤੇ ਸਮਾਜ ਨੂੰ ਦੇਣ, ਉਸ ਦੇ ਫਲਸਫੇ, ਕਰਮ ਕਾਂਡ, ਪੈਗੰਬਰਾਂ ਤੇ ਪੈਰੋਕਾਰ ਦੀਆਂ ਜੀਵੰਤ ਉਦਾਹਰਣਾਂ ਰਾਹੀਂ ਸਪੱਸ਼ਟ ਹੋ ਜਾਂਦੀ ਹੈ। ਹਰ ਧਰਮ ਦੇ ਪੈਰੋਕਾਰ ਆਪਣੇ ਪੈਗੰਬਰਾਂ ਤੇ ਆਗੂਆਂ ਨੂੰ ਸਭ ਤੋਂ ਉੱਤਮ ਪੇਸ਼ ਕਰਦੇ, ਦੂਜਿਆਂ ਨੂੰ ਨੀਵਾਂ ਵਿਖਾਉਂਦੇ, ਅਨੇਕਾਂ ਝਗੜੇ ਖੜ੍ਹੇ ਕਰਦੇ, ਸੰਸਾਰ ਵਿਚ ਅਮਨ ਦੀ ਥਾਂ ਅਸ਼ਾਂਤੀ ਪੈਦਾ ਕਰ ਦਿੰਦੇ ਹਨ। ਲੇਕਿਨ, ਧਰਮ ਨੂੰ ਨਾ ਮੰਨਣ ਵਾਲੇ ਜਾਂ ਸਮਕਾਲੀ ਵਿਰੋਧੀ, ਜੋ ਲਿਖਦੇ ਹਨ, ਉਸ ਦਾ ਤੁਲਨਾਤਮਕ ਅਧਿਐਨ ਕਰਨ ਨਾਲ ਸਚਾਈ ਲੱਭਣ 'ਚ ਮਦਦ ਮਿਲਦੀ ਹੈ। ਸਿੱਖ ਗੁਰੂ ਸਾਹਿਬਾਨ ਤੇ ਸਿੰਘਾਂ ਬਾਰੇ ਸਿੱਖ ਧਰਮ ਨੂੰ ਨਾ ਮੰਨਣ ਵਾਲੇ ਵਿਰੋਧੀਆਂ ਦੀਆਂ ਇਤਿਹਾਸਕ ਟਿੱਪਣੀਆਂ ਕੀ ਦੱਸਦੀਆਂ ਹਨ? ਕੀ ਇਹ ਅੱਜ ਦੀਆਂ ਪੰਥਕ ਸਮੱਸਿਆਵਾਂ ਦੇ ਹੱਲ ਵੱਲ ਵੀ ਇਸ਼ਾਰਾ ਕਰ ਸਕਦੀਆਂ ਹਨ?
ਸਵਾਨੇ ਉਮਰੀ ਦੇ ਲੇਖਕ ਲਾਲ ਦੌਲਤ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ ਬਾਰੇ ਘੋਖ ਕਰਦੇ ਹੋਏ ਲਿਖਦੇ ਹਨ। ਸਾਫ਼ ਸਪੱਸ਼ਟ ਹੈ ਕਿ ਕਮਜ਼ੋਰ ਤੇ ਗਰੀਬ ਹਮੇਸ਼ਾ ਜਬਰਜੰਗ ਤੇ ਤਾਕਤ ਦੇ ਮਾਲਕ ਦਾ ਸਦਾ ਗੋਲਾ ਹੀ ਹੁੰਦਾ ਹੈ। ਇਸੇ ਕਰਕੇ ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੁਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ ਨਿਕਲਿਆ, ਜਿਸ ਦੀ ਅਜਿਹੇ ਹਾਲਾਤ ਵਿਚ ਆਸ ਹੁੰਦੀ ਹੈ।
ਹਿੰਦੂਆਂ ਦੀ ਬੇਹਿੰਮਤੀ, ਬੇਇੱਜ਼ਤੀ, ਖੁਦਗਰਜ਼ੀ, ਬੇਸਮਝੀ ਤੇ ਕਮਅਕਲੀ ਦੇ ਕਾਰਨ ਲੱਭਿਆਂ, ਇਹੋ ਹੀ ਦਿਸਦਾ ਹੈ ਕਿ ਉਹ ਵਾਰ-ਵਾਰ ਤੇ ਹਰ ਰੋਜ਼ ਇਹ ਵੇਖਦੇ ਸਨ ਕਿ ਉਹ ਇਕ-ਇਕ ਕਰਕੇ ਸਾਰੇ ਤਬਾਹ, ਬਰਬਾਦ ਤੇ ਨਾਸ਼ ਹੋ ਰਹੇ ਸਨ, ਲੱਖਾਂ ਕਤਲ ਹੁੰਦੇ ਤੇ ਗੁਲਾਮ ਬਣਦੇ ਸਨ, ਮੰਦਰ ਤੇ ਮੂਰਤੀਆਂ ਟੁੱਟ ਰਹੀਆਂ ਸਨ। ਫਿਰ ਵੀ ਇਕ-ਦੂਜੇ ਦਾ ਤਮਾਸ਼ਾ ਵੇਖਣਾ ਉਨ੍ਹਾਂ ਦੀ ਰੁਚੀ ਸੀ। ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਵਿਚੋਂ ਇਨ੍ਹਾਂ ਸਾਰੇ ਕਾਰਨਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹਿਆ। ਗੁਰੂ ਨਾਨਕ ਦੇਵ ਜੀ ਬੜੇ ਹੀ ਸੋਝੀਵਾਨ ਤੇ ਦੂਰਦਰਸ਼ੀ ਸਨ। ਉਨ੍ਹਾਂ ਇਹ ਕਾਰਜ ਐਸੀ ਜੁਗਤੀ ਨਾਲ ਆਰੰਭਿਆ ਤੇ ਨਿਭਾਇਆ, ਜੋ ਕੇਵਲ ਉਹੀ ਨਿਭਾਅ ਸਕਦੇ ਸਨ। ਉਨ੍ਹਾਂ ਦੀ ਸਾਂਝੀਵਾਲਤਾ ਦੀ ਨੀਤੀ ਦਾ ਅਮਲ ਬੜਾ ਹੀ ਕਾਰਗਰ ਸਾਬਤ ਹੋਇਆ। ਉਨ੍ਹਾਂ ਦੀ ਇਸ ਸੁਲਹਕੁਨ ਨੀਤੀ ਕਾਰਨ ਹੀ ਹਿੰਦੂ ਤੇ ਮੁਸਲਮਾਨ ਦੋਵੇਂ ਉਨ੍ਹਾਂ ਦਾ ਸਨਮਾਨ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਤੇ ਦੇਸ਼ ਦੀਆਂ ਲੱਖਾਂ ਇਸਤਰੀਆਂ ਦੀ ਪੱਤ ਲੁੱਟੇ ਜਾਣ ਦੇ ਜ਼ੁਲਮਾਂ ਨੂੰ ਮਿਟਾਉਣ ਲਈ ਤੇ ਨਿਰੋਲ ਦੁਨੀਆ ਦੇ ਭਲੇ ਲਈ ਰਣ ਭੂਮੀ ਵਿਚ ਨਿੱਤਰੇ ਅਤੇ ਬੜੇ ਔਖੇ ਸਮੇਂ, ਅਜਿਹੇ ਕਠਿਨ ਕੰਮ ਨੂੰ ਹੱਥ ਪਾਇਆ। ਅਰਬ ਤੇ ਪੈਗੰਬਰ ਮੁਹੰਮਦ ਸਾਹਿਬ ਦਾ ਟਾਕਰਾ ਤਾਂ ਕੁਰੇਸ਼ ਕੌਮ ਦੇ ਥੋੜ੍ਹੇ ਜਿਹੇ ਕਬੀਲੇ ਤੇ ਟੋਲਿਆਂ ਨਾਲ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਪਦਵੀ ਇਨ੍ਹਾਂ ਸਾਰਿਆਂ ਕੋਲੋਂ ਅਦੁੱਤੀ, ਨਿਰਾਲੀ, ਨਾਜ਼ੁਕ ਅਤੇ ਬਹੁਤ ਜ਼ਿਆਦਾ ਤਾਕਤ ਦੀ ਮੁਥਾਜ ਸੀ। ਇਕ ਪਾਸੇ ਆਪਣੇ ਹਿੰਦੂ ਵੀਰ ਹੀ ਉਨ੍ਹਾਂ ਦੇ ਵਿਰੋਧੀ ਸਨ, ਦੂਜੇ ਪਾਸੇ ਉਹ ਕੇਵਲ ਇਕ ਨੁਕਰੇ ਬੈਠਾ ਫਕੀਰ, ਨਾ ਮੁਲਕ, ਨਾ ਜਗੀਰ ਤੇ ਨਾ ਕੋਈ ਰਾਜ-ਕਾਜ ਹੀ ਸੀ। ਜੇ ਅੱਖਾਂ 'ਤੇ ਤਅੱਸਬ ਦੀ ਪੱਟੀ ਨਾ ਬੱਝੀ ਹੋਵੇ ਤੇ ਦਿਲ ਪੱਖਪਾਤ ਤੋਂ ਪਾਕ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਸਾਰੇ ਮਜ਼੍ਹਬਾਂ ਦੇ ਪੈਗੰਬਰਾਂ ਦੇ ਸਾਰੇ ਧਰਮਾਂ ਦੇ ਬਾਨੀਆਂ ਦੇ ਸਿਰਤਾਜ ਸਿਰ ਮੋਹਰੀ ਹਨ। ਜੇ ਕਿਤੇ ਬੇਲਾਗ, ਸਵਾਰਥ ਰਹਿਤ ਤੇ ਕਾਮਨਾ ਰਹਿਤ ਜ਼ਜ਼ਬਾ ਪ੍ਰਗਟ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਹੋਇਆ। ਜੋ ਧਰਮ ਦੇ ਤਿਆਗ ਲਈ ਬਹਾਨੇ ਲੱਭ ਰਹੇ ਸਨ, ਉਨ੍ਹਾਂ ਵਿਚ ਅਜਿਹੀ ਰੂਹ ਫੂਕ ਦਿੱਤੀ ਕਿ ਬਲੀਦਾਨ ਕਰਨਾ, ਧਰਮ ਦੀ ਖਾਤਰ ਜਾਨ ਵਾਰ ਦੇਣਾ ਉਨ੍ਹਾਂ ਲਈ ਖੇਡ ਬਣ ਗਈ। ਉਨ੍ਹਾਂ ਨੇ ਅਜਿਹੇ ਧਰਮੀ ਯੋਧੇ ਬਣਾ ਦਿੱਤੇ, ਜਿਨ੍ਹਾਂ ਦੀ ਵੀਰਤਾ ਤੇ ਬਹਾਦਰੀ ਦੀਆਂ ਪ੍ਰਾਪਤੀਆਂ ਅੱਜ ਤੱਕ ਸੰਸਾਰ ਨੂੰ ਹੈਰਾਨ ਕਰ ਰਹੀਆਂ ਹਨ।
ਮੌਲਵੀ ਗੁਲਾਮ ਅਲੀ ਜੋ ਬਾਦਸ਼ਾਹ ਫਰੁਖਸ਼ੀਅਰ ਦਾ ਮੁਨਸ਼ੀ ਸੀ ਤਵਾਰੀਖ ਮੁਹੱਯਤ ਆਜਮ ਵਿਚ ਸਿੰਘਾਂ ਦੇ ਚਰਿੱਤਰ ਤੇ ਬਹਾਦਰੀ ਬਾਰੇ ਲਿਖਦਾ ਹੈ 'ਸਿੰਘਾਂ ਦੇ ਪੰਥ ਤੇ ਬੰਦਾ ਬਹਾਦਰ ਵਿਚ ਅੱਲਹ ਦੀ ਕੁਦਰਤ ਨੇ ਐਸੀ ਲਾਸਾਨੀ ਤਾਕਤ ਬਖਸ਼ੀ ਹੈ, ਜੋ ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਈ, ਇਨ੍ਹਾਂ ਲੁਟੇਰਿਆਂ (ਸਿੰਘਾਂ) ਨੇ ਸੂਬੇ ਸਰਹੰਦ ਤੇ ਲਾਹੌਰ ਨੂੰ ਬਰਬਾਦ ਕਰ ਛੱਡਿਆ, ਅਨੇਕ ਵਾਰ ਇਨ੍ਹਾਂ ਪਰ ਬਾਦਸ਼ਾਹੀ ਲਸ਼ਕਰ ਗਿਆ, ਪਰ ਇਹ ਕਾਬੂ ਨਾ ਆਏ, ਇਨ੍ਹਾਂ ਨੇ ਐਸੇ-ਐਸੇ ਚਾਲੇ ਫੰਧ ਫਰੇਬ ਕੀਤੇ ਤੇ ਸ਼ਾਹੀ ਅਫ਼ਸਰਾਂ ਨੂੰ ਹੱਥ ਦਿਖਾਏ, ਜੇ ਮੈਂ ਸਾਰੇ ਲਿਖਾਂ ਤਾਂ ਪੜ੍ਹਨ ਵਾਲੇ ਝੂਠ ਸਮਝਣਗੇ, ਇਸ ਕਰਕੇ ਮੈਂ ਨਹੀਂ ਲਿਖਦਾ। ਅੰਤ ਵਿਚ ਬਾਦਸ਼ਾਹ ਨੇ ਇਨ੍ਹਾਂ ਵਿਚ ਫੁੱਟ ਪਾ ਕੇ ਕੁਝ ਸਿੰਘਾਂ ਸਮੇਤ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਦਿੱਲੀ ਮੰਗਵਾ ਕੇ ਮਰਵਾਇਆ। ਉਹ ਵੀ ਧੋਖੇ ਵਿਚ ਆ ਕੇ ਫੜਿਆ ਗਿਆ, ਨਹੀਂ ਤਾਂ ਉਸ ਨੂੰ ਕਿਸ ਮਾਂ ਦੇ ਪੁੱਤ ਨੇ ਫੜਨਾ ਸੀ। ਇਨ੍ਹਾਂ ਸਿੱਖਾਂ ਵਿਚ ਅਸਲੀ ਪਿਆਰ, ਮੁਹੱਬਤ ਤੇ ਹਿੰਮਤ ਹੈ, ਜੋ ਦੂਸਰੇ ਕਿਸੇ ਵਿਚ ਨਹੀਂ।
ਇਹ ਸਭ ਹਥਿਆਰ ਨਾਲ ਬਹੁਤ ਪਿਆਰ ਕਰਦੇ ਹਨ, ਬਹੁਤ ਲੜਾਕੇ, ਤਾਕਤਵਰ, ਕਸਰਤ ਕਰਨ ਵਾਲੇ, ਨਿਰਭੈ, ਸੂਰਬੀਰ ਜਵਾਨ ਤੇ ਮਰਦ, ਸੁਖਨ ਦੇ ਸੱਚੇ ਤੇ ਗਰੀਬ ਰੱਖਿਅਕ ਹਨ। ਇਨ੍ਹਾਂ ਦਾ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੀ ਦਸਮੀ ਪੁਸ਼ਤ, ਆਪਣੇ ਸਮੇਂ ਦਾ ਰੁਸਤਮ ਸਿਕੰਦਰ ਹੋਇਆ ਹੈ। ਇਸ ਗੁਰੂ ਤੱਕ ਗੁਰੂ ਨਾਨਕ ਆਪਣੇ ਘਰਾਣੇ ਦਾ ਚਲਨ ਬੰਦਗੀ ਵਾਲੇ ਸੂਫੀ ਫਕੀਰਾਂ ਜੈਸਾ ਰਿਹਾ ਹੈ ਤੇ ਮਜ਼੍ਹਬ ਵੀ ਇਨ੍ਹਾਂ ਦਾ ਸਾਧਾਰਨ ਹੈ, ਕੋਈ ਪੱਖਪਾਤ ਨਹੀਂ ਰੱਖਿਆ। ਗੁਰੂ ਨਾਨਕ ਸਾਹਿਬ ਬਾਬਰ ਸ਼ਾਹ ਦੇ ਵਕਤ ਬੜੇ ਸਦੀਆਂ ਤੱਕ ਪ੍ਰਭਾਵਸ਼ਾਲੀ ਕਲਾਮ ਵਾਲੇ ਐਸੇ ਹੋਏ, ਜਿਨ੍ਹਾਂ ਦੇ ਉਪਦੇਸ਼ ਨਾਲ ਪੱਥਰ ਵੀ ਮੋਮ ਹੋ ਜਾਂਦੇ ਸਨ, ਉਨ੍ਹਾਂ ਦੇ ਪਾਕ ਕਲਾਮ ਨੇ ਇਕ ਆਲਮ ਪਵਿੱਤਰ ਕਰ ਦਿੱਤਾ ਸੀ। ਸੱਯਦ ਪੀਰ ਹੁਸੈਨ ਜੋ ਉਸ ਸਮੇਂ ਚਿਰਾਗਦੀਨੀ ਨਾਲ ਮੰਨਿਆ ਜਾਂਦਾ ਸੀ, ਉਹ ਆਪ ਗੁਰੂ ਨਾਨਕ ਸਾਹਿਬ ਦੀ ਬਹੁਤ ਤਾਰੀਫ਼ ਕਰਦਾ ਹੁੰਦਾ ਸੀ। ਜੋ ਕੁਝ ਇਲਮ ਹੁਨਰ ਤੇ ਚੰਗੇ ਤਰੀਕੇ ਹਨ, ਜਿਨ੍ਹਾਂ ਦੇ ਕਮਾਉਣੇ ਕਰਕੇ ਪੈਗੰਬਰੀ ਦਰਜੇ ਨੂੰ ਪਹੁੰਚ ਸਕੀਦਾ ਹੈ, ਉਹ ਅਲੌਕਿਕ ਗੁਣ ਸਵਾਏ ਬਾਬਾ ਨਾਨਕ ਤੋਂ ਹੋਰ ਕਿਸੇ ਨੂੰ ਰੱਬ ਨੇ ਨਹੀਂ ਦਿੱਤੇ।
ਗੁਰੂ ਨਾਨਕ ਜੀ ਨਿਹਾਯਤ ਸੁੰਦਰ, ਮਿੱਠ ਬੋਲੇ, ਮੋਹਣੀ ਮੂਰਤ ਹਸੂ-ਹਸੂ ਕਰਨ ਵਾਲੇ ਸਨ, ਜੋ ਕੋਈ ਉਨ੍ਹਾਂ ਦੇ ਬਚਨ ਸੁਣਦਾ, ਮੁਰੀਦ ਬਣ ਜਾਂਦਾ। ਸਿੱਖਾਂ ਦਾ ਫਿਰਕਾ ਹਿੰਦੂ ਮੁਸਲਮਾਨ ਦੋਵਾਂ ਤੋਂ ਨਿਆਰਾ ਹੈ। ਦੋਵਾਂ ਦੀਨਾਂ ਵਿਚ ਜੋ ਚੰਗੇ ਤਰੀਕੇ ਹਨ, ਉਹ ਸਭ ਇਨ੍ਹਾਂ ਨੇ ਚੁਣ ਕੇ ਰੱਖ ਲਏ ਹਨ। ਬਾਬਾ ਨਾਨਕ ਨੇ ਦੋਵਾਂ ਦੀਨਾਂ ਨੂੰ ਇਕ ਕਰਨ ਦਾ ਚੰਗਾ ਤਰੀਕਾ ਲੱਭਿਆ ਹੈ।
ਜਿਸ ਨੂੰ ਦੋਨੋਂ ਦੀਨ ਚੰਗਾ ਸਮਝਦੇ ਹਨ, ਲੱਗਦਾ ਹੈ ਕਿ ਦੋਹਾਂ ਦੀਨਾਂ ਤੋਂ ਦ੍ਵੈਤ ਦੂਰ ਹੋ ਕੇ ਇਕ ਮਜ਼੍ਹਬ ਹੀ ਹੋ ਜਾਵੇਗਾ, ਕਿਉਕਿ ਨਮਾਜ਼, ਰੋਜ਼ਾ, ਸੁੰਨਤ, ਕਾਬਾ, ਬੁਤਪ੍ਰਸਤੀ, ਛੂਆ-ਛਾਤ, ਜਨੇਓ ਪਾਉਣਾ, ਕਿਸੇ ਜਾਤ ਦੀ ਵਡਿਆਈ ਜਾਂ ਛੁਟਾਈ ਇਨ੍ਹਾਂ ਵਿਚ ਨਹੀਂ, ਇਸੇ ਵਾਸਤੇ ਇਹ ਫਿਰਕਾ ਸਭ ਨੂੰ ਪਸੰਦ ਹੈ। ਇਬਰਤਨਾਮੇ ਦਾ ਲੇਖਕ ਖਫੀ ਖਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਦਾ ਜ਼ਿਕਰ ਕਰਦਾ ਲਿਖਦਾ ਹੈ, 'ਸਿੰਘਾਂ ਦੇ ਸਿਦਕ ਭਰੋਸੇ ਹਠ ਵੇਖ, ਖਲਕਤ ਕੁਰਬਾਨ ਹੁੰਦੀ ਕਹਿ ਰਹੀ ਸੀ, ਵੇਖੋ ਇਨ੍ਹਾਂ ਸੂਰਬੀਰ ਸਿੰਘਾਂ ਨੂੰ ਬਾਦਸ਼ਾਹ ਅਮੀਰ ਵਜ਼ੀਰ, ਜਗੀਰਾਂ ਅਤੇ ਨਾਤੇ ਦੇਣ ਲਈ ਸੌਹਾਂ ਖਾਂਦੇ ਹਨ, ਇਹ ਅਜਿਹੇ ਹਠੀ ਹਨ, ਜਾਨਾਂ ਦਿੰਦੇ ਹਨ, ਕਸ਼ਟ ਪਾਉਂਦੇ ਹਨ, ਪਰ ਮੁਸਲਮਾਨ ਹੋ ਕੇ ਆਰਾਮ ਦੇ ਦਿਨ ਕੱਟਣ ਦੀ ਥਾਂ, ਵੱਡੀ ਖੁਸ਼ੀ ਨਾਲ, ਇਕ ਤੋਂ ਅੱਗੇ ਇਕ ਵਧ-ਵਧ ਕੇ (ਗੁਰਬਾਣੀ) ਕਲਮਾਂ ਪੜ੍ਹਦੇ ਹੋਏ ਸ਼ਹੀਦੀ ਲੈਂਦੇ ਹਨ।
ਬਾਦਸ਼ਾਹ ਮੁਹੰਮਦ ਸ਼ਾਹ ਨੂੰ ਲਾਹੌਰ ਦੇ ਨਾਜਮ ਖਾਨ ਬਹਾਦਰ ਨੇ ਸਿੰਘਾਂ ਦੇ ਪੰਜਾਬ ਵਿਚ ਬੰਦੋਬਸਤ ਬਾਰੇ ਰਿਪੋਰਟ ਵਿਚ ਲਿਖਿਆ ਕਿ, 'ਅਸੀਂ ਤਾਂ ਸਿੱਖਾਂ ਦਾ ਨਾਮੋ ਨਿਸ਼ਾਨ ਖੋਹਣ ਵਾਸਤੇ ਕੋਈ ਕਸਰ ਨਹੀਂ ਛੱਡੀ, ਸਾਰੀ ਵਾਹ ਲਾ ਚੁੱਕੇ ਹਾਂ, ਪਰ ਇਹ ਐਸੀ ਕਰੜੀ ਕੌਮ ਹੈ ਕਦੇ ਹਾਰਦੇ ਨਹੀਂ, ਉਲਟਾ ਇਨ੍ਹਾਂ ਨੇ ਸਾਨੂੰ ਹਰਾ ਛੱਡਿਆ, ਫੇਰ ਇਨ੍ਹਾਂ ਦਾ ਕੋਈ ਦੇਸ਼, ਪਿੰਡ ਕਿਲ੍ਹਾ ਕੋਟ ਖਜ਼ਾਨਾ ਨਹੀਂ, ਇਨ੍ਹਾਂ ਦੇ ਪੈਗੰਬਰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦਾ ਦੇ ਹੁਕਮ ਨਾਲ ਅਜਿਹੀ ਡਾਢੀ ਕਲਾ ਇਨ੍ਹਾਂ ਵਿਚ ਪਾਈ ਹੈ, ਜੋ ਦੁੱਖ-ਭੁੱਖ ਨੂੰ ਕੁਛ ਸਮਝਦੇ ਨਹੀਂ, ਇਕ ਹਜ਼ਾਰ ਮਾਰੀਦਾ ਹੈ, ਚਾਰ ਹਜ਼ਾਰ ਹੋਰ ਪੈਦਾ ਹੋ ਜਾਂਦਾ ਹੈ। ਲੋਕ ਆਖਦੇ ਹਨ ਕਿ ਸਿੱਖਾਂ ਦਾ ਗੁਰੂ ਇਨ੍ਹਾਂ ਨੂੰ ਆਬੇਹੱਯਾਤ (ਅੰਮ੍ਰਿਤ) ਬਨਾਵਣ ਦੀ ਜੁਗਤਿ ਦੱਸ ਗਿਆ ਹੈ, ਉਸ ਕਰਕੇ ਵੀ ਇਹ ਨਹੀਂ ਮਰਦੇ, ਸੋ ਜੇਕਰ ਇਹ ਹਾਲ ਰਿਹਾ ਤਾਂ ਥੋੜ੍ਹੇ ਹੀ ਚਿਰ ਨੂੰ ਸਾਨੂੰ ਮਾਰ ਕੇ ਦਿੱਲੀ ਪਹੁੰਚੇ ਜਾਣੋ, ਫੇਰ ਆਪ ਨੂੰ ਵੀ ਇਸ ਡੂੰਮਣੇ ਮਖੀਰ ਤੋਂ ਪਿੰਡਾ ਛੁਡਾਉਣਾ ਮੁਸ਼ਕਿਲ ਹੋ ਜਾਊ, ਇਸ ਲਈ ਪਹਿਲਾਂ ਵਾਗੂੰ ਜਗੀਰ ਦੇ ਕੇ ਇਨ੍ਹਾਂ ਨੂੰ ਟਿਕਾਇਆ ਜਾਵੇ ਤਾਂ ਅਮਨ ਹੋ ਸਕਦਾ ਹੈ। ਹੋਰ ਕੋਈ ਅਮਨ ਦੀ ਸੂਰਤ ਨਹੀਂ, ਇਸ ਲਈ ਸੁਲ੍ਹਾ ਸਫ਼ਾਈ ਨਾਲ ਇਨ੍ਹਾਂ ਨੂੰ ਆਪਣੇ ਬਣਾਈ ਰੱਖੋ, ਕਿਉਂਕਿ ਉਧਰ ਨਾਦਰਸ਼ਾਹ ਵੱਲੋਂ ਚੜ੍ਹਾਈ ਦੀ ਖ਼ਬਰ ਲੱਗ ਰਹੀ ਹੈ। ਜੇ ਉਹ ਆਇਆ ਤਾਂ ਵੈਰੀ ਦੀ ਛਾਤੀ ਨਾਲ ਸੱਪ ਮਾਰਨ ਵਾਂਗੂੰ ਉਸ ਦੇ ਅੱਗੇ ਇਨ੍ਹਾਂ ਨੂੰ ਝੋਕ ਦਿਆਂਗੇ, ਇਸ ਲਈ ਬਹਾਦਰ ਕੌਮ ਨੂੰ ਹੱਥ ਹੇਠ ਰੱਖਣਾ ਹੀ ਚੰਗਾ ਹੈ। ਬਾਦਸ਼ਾਹ ਨੇ ਸਿੰਘਾਂ ਦੀ ਬਹਾਦਰੀ ਦਾ ਹਾਲ ਸੁਣਿਆ ਤਾਂ ਇਕ ਲੱਖ ਰੁਪਏ ਦੀ ਜਗੀਰ, ਕੀਮਤੀ ਖਿਲਤ ਤੇ ਨਵਾਬੀ ਖਿਤਾਬ ਪੰਥ ਖ਼ਾਲਸੇ ਨੂੰ ਭੇਜਿਆ, ਇਹ ਨਵਾਬੀ ਸਰਦਾਰ ਕਪੂਰ ਸਿੰਘ ਨੂੰ ਮਿਲੀ।
ਨਾਦਰਸ਼ਾਹ ਦੀ ਫ਼ੌਜ ਉੱਤੇ ਸਿੰਘਾਂ ਨੇ ਅਨੇਕ ਹਮਲੇ ਕੀਤੇ ਅਤੇ ਉਸ ਦਾ ਖਜ਼ਾਨਾ ਲੁੱਟਦੇ ਰਹੇ। ਜਦੋਂ ਨਾਦਰਸ਼ਾਹ ਨੂੰ ਖਜ਼ਾਨਾ ਲੁੱਟਣ ਦੀ ਖ਼ਬਰ ਮਿਲੀ ਤਾਂ ਫ਼ੌਜ ਕਈ ਵਾਰ ਸਿੰਘਾਂ ਦਾ ਖੁਰਾ-ਖੋਜ ਖ਼ਤਮ ਕਰਨ ਲਈ ਭੇਜੀ, ਪਰ ਸਿੰਘ ਕਾਬੂ ਨਹੀਂ ਆਏ।
ਫੇਰ ਲਾਹੌਰ ਦੇ ਸੂਬੇਦਾਰ ਨੂੰ ਪੁੱਛਿਆ ਕਿ ਜਿਨ੍ਹਾਂ ਨੇ ਮੇਰਾ ਡਰ ਨਹੀਂ ਮੰਨਿਆ ਤੇ ਮੇਰੀ ਦੌਲਤ ਲੁੱਟ ਲਈ ਹੈ, ਉਨ੍ਹਾਂ ਦਾ ਥਾਂ-ਪਤਾ ਤੇ ਦੇਸ਼ ਮੈਨੂੰ ਦੱਸ, ਮੈਂ ਉਨ੍ਹਾਂ ਦਾ ਨਿਸ਼ਾਨ ਮਿਟਾ ਦੇਵਾਂ, ਮੇਰਾ ਨਾਉਂ ਨਾਦਰਸ਼ਾਹ ਹੈ, ਲੋਕ ਮੈਨੂੰ ਜ਼ਾਲਮ ਆਖਦੇ ਹਨ, ਮੈਂ ਬੜੇ-ਬੜੇ ਰਾਖਸ਼ਸ਼ ਸਿੱਧੇ ਕਰ ਦਿੱਤੇ ਹਨ, ਬੱਬਰ ਸ਼ੇਰ ਦੀ ਦਾੜ੍ਹ ਵਿਚੋਂ ਮਾਸ ਕੱਢ ਲੈਣ ਵਾਲੇ ਉਹ ਕੌਣ ਹਨ? (ਚਲਦਾ)


ਮੋਬਾ: 97800-03333
iqbalsingh_73@yahoo.co.in


ਖ਼ਬਰ ਸ਼ੇਅਰ ਕਰੋ

ਜਿਨ੍ਹਾਂ ਰੁੱਖਾਂ ਦੀਆਂ ਨਿਸ਼ਾਨੀਆਂ ਅੱਜ ਤੱਕ ਵੀ ਸਾਂਭੀਆਂ ਹੋਈਆਂ ਹਨ

ਗੁਰੂ ਪਾਤਸ਼ਾਹਾਂ ਦੀਆਂ ਯਾਦਾਂ ਜਿਥੇ ਅਸੀਂ ਆਪਣੇ ਮਨ ਮੰਦਿਰਾਂ ਵਿਚ ਸਾਂਭੀਆਂ ਹੋਈਆਂ ਹਨ, ਉਥੇ ਹੀ ਉਨ੍ਹਾਂ ਤੋਂ ਵਰੋਸਾਏ ਰੁੱਖਾਂ ਦੀਆਂ ਨਿਸ਼ਾਨੀਆਂ ਵੀ ਗੁਰਦੁਆਰਿਆਂ ਵਿਚ ਸੁਸ਼ੋਭਿਤ ਹਨ। ਆਓ ਇਹੋ ਜਿਹੀਆਂ ਅਣਮੋਲ ਨਿਸ਼ਾਨੀਆਂ ਦੇ ਦਰਸ਼ਨ ਕਰੀਏ।
ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਬੇਰੀ ਦੀ ਤੋਪ : ਜਦੋਂ ਛੇਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਰੱਖਦੇ ਸਨ ਅਤੇ ਆਪ ਜੀ ਦੀ ਸਾਹਿਬਜ਼ਾਦੀ ਬੀਬੀ ਵੀਰੋ ਦਾ ਵਿਆਹ ਧਰਿਆ ਹੋਇਆ ਸੀ, ਅਚਾਨਕ ਮੁਗਲਾਂ ਨੇ ਹੱਲਾ ਬੋਲ ਦਿੱਤਾ। ਮਹਾਰਾਜ ਜੀ ਨੇ ਇਸ ਅਸਥਾਨ 'ਤੇ ਸ਼ਾਹੀ ਸੈਨਾ ਦਾ ਮੁਕਾਬਲਾ ਕੀਤਾ ਸੀ। ਉਸ ਸਮੇਂ ਇਕ ਖੋਖਲੀ ਹੋਈ ਬੇਰੀ ਵਿਚ ਬਾਰੂਦ ਭਰ ਕੇ ਤੋਪ ਵਾਂਗ ਚਲਾਇਆ ਗਿਆ ਸੀ। ਇਸ ਦਾ ਮੁੱਢ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੈ ਅਤੇ ਮੀਰੀ ਪੀਰੀ ਦੇ ਮਾਲਕ ਦੀ ਕਮਾਲ ਦੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ।
ਕਰ੍ਹਾ ਸਾਹਿਬ : ਹਰਿਆਣੇ ਦੇ ਇਸ ਪਵਿੱਤਰ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਇਮਲੀ ਦੇ ਦਰੱਖਤ ਹੇਠਾਂ ਸ੍ਰੀ ਦਸਮੇਸ਼ ਪਾਤਸ਼ਾਹ ਜੀ ਰੁਕੇ ਸਨ ਅਤੇ ਪਹਿਲੇ ਤਿੰਨ ਪਾਤਸ਼ਾਹਾਂ ਦੀ ਨਿਵਾਜੀ ਧਰਤੀ ਦੀ ਪਰਿਕਰਮਾ ਕਰਕੇ ਗਏ ਸਨ, ਉਹ ਦਰੱਖਤ ਸੁੱਕ ਗਿਆ ਸੀ ਪਰ ਇਸ ਦੀ ਲੱਕੜ ਪਿੰਡ ਵਾਸੀਆਂ ਨੇ ਇਕ ਸ਼ੀਸ਼ਿਆਂ ਦੇ ਗੁੰਬਦ ਵਿਚ ਸਾਂਭ ਕੇ ਰੱਖੀ ਹੋਈ ਹੈ।
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ : ਚਾਂਦਨੀ ਚੌਕ ਵਿਖੇ ਜਿਸ ਦਰੱਖਤ ਹੇਠਾਂ ਨੌਵੇਂ ਪਾਤਸ਼ਾਹ ਜੀ ਨੇ ਬਾਕਮਾਲ ਸ਼ਹਾਦਤ ਦਿੱਤੀ ਸੀ, ਉਸ ਦੇ ਮੋਛੇ ਨੂੰ ਸਾਂਭ ਕੇ ਗੁਰਦੁਆਰਾ ਸਾਹਿਬ ਵਿਚ ਰੱਖਿਆ ਹੋਇਆ ਹੈ।
ਫ਼ਰੀਦਕੋਟ : ਜਦੋਂ ਇਥੇ ਸ਼ਾਹੀ ਕਿਲ੍ਹਾ ਬਣ ਰਿਹਾ ਸੀ ਤਾਂ ਬਾਬਾ ਫਰੀਦ ਜੀ ਨੂੰ ਵੀ ਤੁਰੇ ਜਾਂਦਿਆਂ ਨੂੰ ਸਰਕਾਰੀ ਵਗਾਰ ਵਿਚ ਫੜ ਲਿਆ ਗਿਆ ਸੀ। ਫਿਰ ਉਨ੍ਹਾਂ ਦੀ ਅਸਲੀਅਤ ਜਾਣ ਕੇ ਛੱਡ ਦਿੱਤਾ ਗਿਆ ਸੀ। ਜਿਸ ਲੱਕੜੀ ਨਾਲ ਬਾਬਾ ਫਰੀਦ ਜੀ ਨੇ ਗਾਰੇ ਵਾਲੇ ਹੱਥ ਪੂੰਝੇ ਸਨ, ਉਹ ਲੱਕੜੀ ਹਾਲੇ ਤੱਕ ਸਾਂਭੀ ਹੋਈ ਹੈ।
ਪਾਡਲ ਸਾਹਿਬ : ਰਿਆਸਤ ਮੰਡੀ ਵਿਖੇ ਰਾਜੇ ਸੁਧਰਸੈਣ ਦੀ ਬੇਨਤੀ 'ਤੇ ਸ੍ਰੀ ਦਸਮੇਸ਼ ਜੀ ਨੇ ਚਰਨ ਪਾਏ ਸਨ। ਆਪ ਜੀ ਦੀਆਂ ਪਵਿੱਤਰ ਲੱਕੜੀ ਦੀਆਂ ਨਿਸ਼ਾਨੀਆਂ-ਪਲੰਘ, ਰਬਾਬ ਅਤੇ ਬੰਦੂਕਾਂ ਹਾਲੇ ਵੀ ਉਥੇ ਸੁਸ਼ੋਭਿਤ ਹਨ।
ਮੱਕਾ : ਪਹਿਲੇ ਪਾਤਸ਼ਾਹ ਜੀ ਦੀ ਇਕ ਪਾਵਨ ਖੜਾਂਵ ਕਾਹਬੇ ਅੰਦਰ ਜ਼ਿਆਰਤ ਵਾਸਤੇ ਰੱਖੀ ਹੋਈ ਹੈ। ਇਥੇ ਮਹਾਰਾਜ ਜੀ ਦੇ ਚਰਨਾਂ ਵੱਲ ਮੱਕਾ ਫਿਰਦਾ ਨਜ਼ਰ ਆਇਆ ਸੀ। ਇਥੇ ਮਹਾਰਾਜ ਜੀ ਦਾ ਇਕ ਗੁਰਦੁਆਰਾ ਹੈ, ਜੋ ਵਲੀ ਹਿੰਦ ਦੇ ਨਾਂਅ ਨਾਲ ਮਸ਼ਹੂਰ ਹੈ।
ਪਾਉਂਟਾ ਸਾਹਿਬ : ਸ੍ਰੀ ਦਸਮੇਸ਼ ਜੀ ਦੁਆਰਾ ਵਰਤੀਆਂ ਗਈਆਂ ਲੱਕੜ ਦੀਆਂ ਕਲਮਾਂ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ।
ਗੁਰਦੁਆਰਾ ਬੜੀ ਸੰਗਤ ਗਊ ਘਾਤ ਬਿਸ਼ੰਭਰਪੁਰ : ਇਹ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਢਾਈ ਕੁ ਮੀਲ ਦੂਰ ਗੰਗਾ ਦੇ ਕਿਨਾਰੇ 'ਤੇ ਸਥਿਤ ਹੈ। ਇਥੇ ਪਹਿਲੇ ਅਤੇ ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾਏ ਸਨ। ਇਥੇ ਭਾਈ ਜੈਤਾ ਸੇਠ ਜੀ ਦੀ ਪ੍ਰੀਤ ਡੋਰ ਦੇ ਖਿੱਚੇ ਨੌਵੇਂ ਪਾਤਸ਼ਾਹ ਜੀ ਆਏ ਤਾਂ ਬਹੁਤ ਅੰਤਰਮੁਖੀ ਹੋਣ ਕਾਰਨ ਭਾਈ ਜੈਤਾ ਜੀ ਨੇ ਸਾਰੇ ਦਰਵਾਜ਼ੇ ਬੰਦ ਕੀਤੇ ਹੋਏ ਸਨ। ਸਿਰਫ ਇਕ ਖਿੜਕੀ ਖੁੱਲ੍ਹੀ ਸੀ, ਜਿਸ ਰਾਹੀਂ ਮਹਾਰਾਜ ਜੀ ਨੇ ਅੰਦਰ ਪ੍ਰਵੇਸ਼ ਕੀਤਾ। ਜੈਤ ਮੱਲ ਕੋਲ ਮਹਾਰਾਜ ਜੀ ਮਾਤਾ ਗੁਜਰੀ ਜੀ ਸਮੇਤ ਠਹਿਰੇ ਸਨ। ਆਪ ਜੀ ਦੀ ਛੋਹ ਪ੍ਰਾਪਤ ਕਈ ਲੱਕੜਾਂ ਦੀਆਂ ਨਿਸ਼ਾਨੀਆਂ ਇਥੇ ਸਾਂਭੀਆਂ ਹੋਈਆਂ ਹਨ, ਜੋ ਇਸ ਪ੍ਰਕਾਰ ਹਨ-
ੲ ਜੈਤ ਮੱਲ ਦੇ ਘਰ ਦੀ ਲੱਕੜੀ ਦੀ ਚੁਗਾਠ, ਜਿਸ ਉੱਪਰ ਮੂਲ ਮੰਤਰ ਸਾਹਿਬ ਲਿਖੇ ਹੋਏ ਹਨ।
ੲ ਤਾਕੀ ਸਾਹਿਬ।
ੲ ਥੰਮ੍ਹ ਸਾਹਿਬ-ਕਾਲੇ ਰੰਗ ਦੀਆਂ ਦੋ ਲੱਕੜਾਂ ਸ਼ੀਸ਼ੇ ਦੀ ਅਲਮਾਰੀ ਵਿਚ ਸਜਾਈਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਪਾਤਸ਼ਾਹ ਜੀ ਨੇ ਇਥੇ ਮਕਾਨ ਬਣਾਉਣ ਲਈ ਇਹ ਲੱਕੜਾਂ ਮੰਗਵਾਈਆਂ ਸਨ, ਜੋ ਕਿਸੇ ਕਾਰੀਗਰ ਤੋਂ ਛੋਟੀਆਂ ਕੱਟੀਆਂ ਗਈਆਂ ਪਰ ਮਹਾਰਾਜ ਜੀ ਦੇ ਬਚਨਾਂ ਨਾਲ ਇਹ ਵੱਡੀਆਂ ਨਿਕਲੀਆਂ।
ੲ ਪਹਿਲੇ ਪਾਤਸ਼ਾਹ ਜੀ ਇਥੇ ਨਿਸ਼ਾਨੀ ਵਜੋਂ ਭਾਈ ਮਰਦਾਨਾ ਜੀ ਦੀ ਰਬਾਬ ਬਖਸ਼ ਗਏ ਸਨ, ਜੋ 1984 ਦੇ ਦੰਗਿਆਂ ਵਿਚ ਗੁਆਚ ਗਈ।
ਗੁਰਦੁਆਰਾ ਚਰਨ ਪਾਦੁਕਾ ਸਾਹਿਬ, ਨਿਜ਼ਾਮਾਬਾਦ : ਗੋਮਤੀ ਨਦੀ ਦੇ ਕਿਨਾਰੇ ਸੁਸ਼ੋਭਿਤ ਇਸ ਅਸਥਾਨ 'ਤੇ ਪਹਿਲੇ ਪਾਤਸ਼ਾਹ ਜੀ ਦੀਆਂ ਪਾਵਨ ਖੜਾਵਾਂ ਸੁਭਾਇਮਾਨ ਹਨ।
ਇਹ ਸਾਰੀਆਂ ਨਿਸ਼ਾਨੀਆਂ ਸਾਡੀ ਕੀਮਤੀ ਧਰੋਹਰ ਹਨ। ਇਹ ਸਾਡਾ ਗੌਰਵਮਈ ਵਿਰਸਾ ਹੈ। ਇਸੇ ਲਈ ਪੀਰ ਬੁੱਧੂ ਸ਼ਾਹ ਨੇ ਆਪਣੇ ਸਪੁੱਤਰਾਂ ਅਤੇ ਮੁਰੀਦਾਂ ਦੀ ਕੁਰਬਾਨੀ ਦੇ ਕੇ ਵੀ ਸ੍ਰੀ ਦਸਮੇਸ਼ ਜੀ ਤੋਂ ਪਾਵਨ ਕੇਸਾਂ ਸਮੇਤ ਕੰਘਾ ਮੰਗਿਆ ਸੀ, ਜੋ ਅੱਜ ਵੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ। ਉੱਚ ਸ਼ਰੀਫ਼ ਵਿਖੇ ਪਹਿਲੇ ਪਾਤਸ਼ਾਹ ਜੀ ਦੀਆਂ ਖੜਾਵਾਂ, ਬੈਰਾਗਨ ਅਤੇ ਇਕ ਕਿਸ਼ਤੀ ਸੰਭਾਲੀ ਹੋਈ ਹੈ।

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਸਨ ਮਹੰਤ ਗੁਲਾਬ ਸਿੰਘ ਤੇ ਸੰਤ ਭੁਪਿੰਦਰ ਸਿੰਘ 'ਸੇਵਾਪੰਥੀ'

ਮਹੰਤ ਗੁਲਾਬ ਸਿੰਘ : ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਦੀ ਨਾਦੀ ਬੰਸਾਵਲੀ 'ਚ ਦਸਵੇਂ ਸਥਾਨ 'ਤੇ ਮਹਾਂਪੁਰਖ ਮਹੰਤ ਗੁਲਾਬ ਸਿੰਘ ਦਾ ਜਨਮ ਪਿੰਡ ਫ਼ਾਜ਼ਲ, ਜ਼ਿਲ੍ਹਾ ਮੀਆਂਵਾਲੀ (ਹੁਣ ਪਾਕਿਸਤਾਨ) ਵਿਖੇ ਪਿਤਾ ਭਾਈ ਖ਼ਜ਼ਾਨ ਸਿੰਘ ਦੇ ਘਰ ਮਾਤਾ ਸੇਵਾ ਬਾਈ ਦੀ ਕੁੱਖੋਂ 1871 ਈ: ਸੰਮਤ 1928 ਬਿਕਰਮੀ ਵਿਚ ਹੋਇਆ। 12 ਸਾਲ ਦੀ ਉਮਰ ਵਿਚ ਮਾਤਾ-ਪਿਤਾ ਨੇ ਪੱਕੇ ਤੌਰ 'ਤੇ ਨੂਰਪੁਰ ਥਲ ਮਹੰਤ ਲਖਮੀ ਦਾਸ ਕੋਲ ਟਿਕਾਣੇ 'ਤੇ ਸੌਂਪ ਦਿੱਤਾ। ਭਾਈ ਗੁਲਾਬ ਸਿੰਘ ਨੇ ਰੋਜ਼ਾਨਾ ਟਿਕਾਣੇ ਵਿਚ ਦੋ-ਤਿੰਨ ਸੌ ਪਸ਼ੂਆਂ ਦਾ ਗੋਹਾ ਇਕੱਠਾ ਕਰਨਾ, ਥੱਪਣਾ ਅਤੇ ਲੰਗਰ ਲਈ ਬਾਲਣ ਦੇ ਪ੍ਰਬੰਧ ਤੇ ਪਾਣੀ ਆਦਿ ਦੀ ਸੇਵਾ ਵਿਚ ਸਾਰਾ ਦਿਨ ਮਸਤ ਰਹਿਣਾ। ਇਸ਼ਨਾਨ ਕਰਵਾ ਕੇ, ਸਾਫ਼-ਸੁਥਰੇ ਬਸਤਰ ਪੁਆ ਕੇ, ਦਸਤਾਰਬੰਦੀ ਦੀ ਰਸਮ ਸਮੇਂ ਝਾੜੂ ਤੇ ਬਾਟਾ ਹੱਥ ਵਿਚ ਫੜਾ ਕੇ ਭਾਈ ਲਖਮੀ ਦਾਸ ਨੇ 1908 ਈ: ਵਿਚ ਟਿਕਾਣੇ ਦੀ ਸੇਵਾ-ਸੰਭਾਲ ਮਹੰਤ ਗੁਲਾਬ ਸਿੰਘ ਨੂੰ ਸੌਂਪ ਦਿੱਤੀ।
ਆਪ ਨੇ ਦੇਸ਼ ਵੰਡ ਪਿੱਛੋਂ ਅੰਬਾਲਾ, ਫਿਰ ਮਲੋਟ ਤੇ ਉਸ ਤੋਂ ਬਾਅਦ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਆ ਡੇਰਾ ਆਬਾਦ ਕੀਤਾ। ਆਪ ਨੇ ਪੰਜ ਹਜ਼ਾਰ ਪ੍ਰਾਣੀਆਂ ਨੂੰ ਸਹੀ ਸਲਾਮਤ ਭਾਰਤ ਪਹੁੰਚਾਇਆ। ਮਹੰਤ ਗੁਲਾਬ ਸਿੰਘ ਧੁਰੋਂ ਸੱਦਾ ਆਉਣ 'ਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ 20 ਅਪ੍ਰੈਲ, 1950 ਈ: ਨੂੰ 79 ਸਾਲ ਦੀ ਉਮਰ ਬਤੀਤ ਕਰਕੇ ਸੱਚਖੰਡ ਜਾ ਬਿਰਾਜੇ।
ਸੰਤ ਭੁਪਿੰਦਰ ਸਿੰਘ : ਸੰਤ ਭੁਪਿੰਦਰ ਸਿੰਘ ਦਾ ਜਨਮ 3 ਜੁਲਾਈ, 1979 ਈ: ਸੰਮਤ 2036 (ਬਿਕਰਮੀ) ਨੂੰ ਸ: ਮੋਹਨ ਸਿੰਘ ਦੇ ਗ੍ਰਹਿ ਮਾਤਾ ਸਤਨਾਮ ਕੌਰ ਦੀ ਕੁੱਖੋਂ ਪਿੰਡ ਪਵਾਤ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਚਪਨ ਤੋਂ ਹੀ ਆਪ ਨੂੰ ਬਾਣੀ ਦੀ ਲਗਨ ਸੇਵਾ ਤੇ ਕੀਰਤਨ ਦਾ ਸ਼ੌਕ ਸੀ। ਆਪ ਬਚਪਨ ਵਿਚ ਹੀ ਆਪਣੇ ਚਾਚਾ ਸ੍ਰੀਮਾਨ ਮਹੰਤ ਤੀਰਥ ਸਿੰਘ ਸੇਵਾਪੰਥੀ ਜੋ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੇ ਪ੍ਰਧਾਨ ਤੇ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ ਦੀ ਨਾਦੀ ਬੰਸਾਵਲੀ ਦੇ 12ਵੇਂ ਮੁੱਖ ਸਰਪ੍ਰਸਤ ਸਨ, ਦੀ ਸ਼ਰਨ ਵਿਚ ਆ ਗਏ ਸਨ। ਮਹੰਤ ਤੀਰਥ ਸਿੰਘ ਨੇ ਹੀ ਇਨ੍ਹਾਂ ਨੂੰ ਪੜ੍ਹਾਇਆ-ਲਿਖਾਇਆ।
ਸੇਵਾਪੰਥੀਆਂ ਦੇ ਅਨਮੋਲ ਰਤਨ ਸੰਤ ਭੁਪਿੰਦਰ ਸਿੰਘ ਸੇਵਾਪੰਥੀ 24 ਸਾਲ ਦੀ ਉਮਰ ਭੋਗ ਕੇ 17 ਅਪ੍ਰੈਲ, 2003 ਈ: ਦਿਨ ਵੀਰਵਾਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਸ੍ਰੀਮਾਨ ਮਹੰਤ ਕਾਹਨ ਸਿੰਘ ਸੇਵਾਪੰਥੀ ਦੀ ਸਰਪ੍ਰਸਤੀ ਹੇਠ ਮਹੰਤ ਗੁਲਾਬ ਸਿੰਘ ਸੇਵਾਪੰਥੀ ਦੀ 67ਵੀਂ ਬਰਸੀ ਤੇ ਸੰਤ ਭੁਪਿੰਦਰ ਸਿੰਘ ਸੇਵਾਪੰਥੀ ਦੀ 14ਵੀਂ ਪਾਵਨ ਯਾਦ ਵਿਚ ਸਾਲਾਨਾ ਗੁਰਮਤਿ ਸੰਤ-ਸਮਾਗਮ 18, 19 ਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਸੰਤ-ਮਹਾਂਪੁਰਸ਼ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।


-1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ (ਲੁਧਿਆਣਾ)।

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਨਾਂਦੇੜ

ਰਿਆਸਤ ਨਾਂਦੇੜ ਅੱਜਕਲ੍ਹ ਹਜ਼ੂਰ ਸਾਹਿਬ ਦੇ ਨਾਂਅ ਨਾਲ ਵੀ ਪ੍ਰਸਿੱਧ ਹੈ। ਰਿਆਸਤ ਨਾਂਦੇੜ ਨੂੰ ਪਹਿਲਾਂ ਨੰਦੀ ਗ੍ਰਾਮ ਕਿਹਾ ਜਾਂਦਾ ਸੀ। ਨਾਂਦੇੜ ਸ਼ਹਿਰ ਮੁੰਬਈ ਤੋਂ 650 ਕਿਲੋਮੀਟਰ ਅਤੇ ਹੈਦਰਾਬਾਦ ਤੋਂ 270 ਕਿਲੋਮੀਟਰ ਦੂਰ ਸਥਿਤ ਹੈ। ਦੱਖਣ ਦੇ ਪਹਾੜ ਉੱਪਰ ਗੋਦਾਵਰੀ ਨਦੀ ਨੇ ਕਿਨਾਰੇ ਵਸੇ ਇਸ ਸ਼ਹਿਰ ਦਾ ਨਾਂਅ ਨੰਦਾ ਤੱਟ ਕਾਰਨ ਪਿਆ। ਨੰਦਾ ਵੰਸ਼ ਦੇ ਰਾਜਿਆਂ ਨੇ 4ਵੀਂ ਅਤੇ 5ਵੀਂ ਸਦੀ ਈਸਾ ਪੂਰਬ ਪੀੜ੍ਹੀ-ਦਰ-ਪੀੜ੍ਹੀ ਇਸ ਰਿਆਸਤ ਉੱਪਰ ਸ਼ਾਸਨ ਕੀਤਾ। ਸੱਤਵੀਂ ਸਦੀ ਈਸਾ ਪੂਰਬ ਵਿਚ ਨੰਦਾ ਤਟ ਮਗਧ ਰਾਜ ਦੀ ਰਾਜਧਾਨੀ ਸੀ। ਨਾਂਦੇੜ ਰਿਆਸਤ ਉੱਪਰ ਸਾਤਵਾਹਨ, ਬਾਦਾਮੀ, ਚਾਲੂਕਯੋ, ਰਾਸ਼ਟਰਕੂਟ ਅਤੇ ਦੇਵਗਿਰੀ ਦੇ ਯਾਦਵਾਂ ਦਾ ਸ਼ਾਸਨ ਰਿਹਾ। ਮੱਧ ਕਾਲ ਵਿਚ ਨਾਂਦੇੜ ਰਿਆਸਤ ਉੱਪਰ ਬਹਮਨੀ, ਨਿਜਾਮਸ਼ਾਹੀ, ਮੁਗਲ ਅਤੇ ਮਰਾਠਾ ਸ਼ਾਸਕਾਂ ਨੇ ਰਾਜ ਕੀਤਾ। ਆਧੁਨਿਕ ਕਾਲ ਵਿਚ ਨਾਂਦੇੜ ਰਿਆਸਤ ਉੱਪਰ ਹੈਦਰਾਬਾਦ ਦੇ ਨਿਜ਼ਾਮਾਂ ਅਤੇ ਅੰਗਰੇਜ਼ਾਂ ਦਾ ਸ਼ਾਸਨ ਰਿਹਾ।
ਇਤਿਹਾਸ ਵਿਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਕਿਸੇ ਸਮੇਂ ਨਾਂਦੇੜ ਅਸ਼ੋਕ ਦੇ ਮੋਰਿਆ ਰਾਜ ਦਾ ਵੀ ਇਕ ਹਿੱਸਾ ਰਿਹਾ ਸੀ। ਪੂਰੇ ਵਿਸ਼ਵ ਵਿਚ ਹੀ ਰੂਹਾਨੀ ਚਾਨਣ ਵੰਡਣ ਵਾਲਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸ਼ਹਿਰ ਭਾਰਤ ਦੇ ਦੱਖਣੀ ਹਿੱਸੇ (ਮਹਾਂਰਾਸ਼ਟਰ ਸੂਬੇ) ਵਿਚ ਵਸਿਆ ਇਕ ਅਜਿਹਾ ਕੇਂਦਰ ਬਿੰਦੂ ਹੈ, ਜਿਥੇ ਸਿੱਖ ਧਰਮ, ਪੰਜਾਬੀ ਬੋਲੀ, ਪੰਜਾਬੀ ਸੰਸਕ੍ਰਿਤੀ ਦਾ ਹਰ ਪਾਸੇ ਹੀ ਪ੍ਰਤੱਖ ਪ੍ਰਭਾਵ ਅਤੇ ਬੋਲਬਾਲਾ ਹੈ। ਇਸ ਇਲਾਕੇ ਨੂੰ ਭਾਰਤ ਦਾ ਦੱਖਣ ਦੇਸ਼, ਦੱਖਣੀ ਭਾਗ, ਦੱਖਣ-ਪੱਛਮੀ ਇਲਾਕਾ ਵੀ ਕਿਹਾ ਜਾਂਦਾ ਹੈ, ਜਿਥੇ ਕਿ ਰੂਹਾਨੀਅਤ ਦਾ ਭਰ ਵਗਦਾ ਦਰਿਆ ਵਹਿੰਦਾ ਹੈ। ਇਸ ਰੂਹਾਨੀਅਤ ਨਾਲ ਭਰਪੂਰ ਦਰਿਆ ਵਿਚੋਂ ਕੁਝ ਕੁ ਅੰਮ੍ਰਿਤ ਬੂੰਦਾਂ ਪੀਣ ਤੇ ਗੁਰੂ-ਘਰ ਦੇ ਦਰਸ਼ਨ ਦੀਦਾਰੇ ਕਰਨ ਦੀ ਇੱਛਾ ਹਰ ਇਕ ਸਿੱਖ ਨੂੰ ਰਹਿੰਦੀ ਹੈ। ਇਹ ਭਾਰਤ ਦਾ ਉਹ ਇਲਾਕਾ ਹੈ, ਜਿਥੇ ਸਿੱਖੀ ਸਰੂਪ ਵਾਲੇ ਅਤੇ ਪੰਜਾਬੀ ਬੋਲਦੇ ਵਿਅਕਤੀ ਏਨੀ ਜ਼ਿਆਦਾ ਗਿਣਤੀ ਵਿਚ ਦਿਖਾਈ ਦਿੰਦੇ ਹਨ ਕਿ ਇਹ ਪੰਜਾਬ ਦਾ ਹੀ ਕੋਈ ਸ਼ਹਿਰ ਹੋਣ ਦਾ ਭੁਲੇਖਾ ਪਾਉਂਦਾ ਹੈ। ਇਸ ਇਲਾਕੇ ਵਿਚ ਹਰ ਪਾਸੇ ਹੀ ਨਜ਼ਰ ਆਉਂਦੇ ਆਲੀਸ਼ਾਨ ਇਮਾਰਤਾਂ ਵਾਲੇ ਪਵਿੱਤਰ ਗੁਰਧਾਮ ਅਤੇ ਵੱਡੀ ਗਿਣਤੀ ਵਿਚ ਝੂਲਦੇ ਕੇਸਰੀ ਨਿਸ਼ਾਨ ਸਾਹਿਬ ਅਲੌਕਿਕ ਦ੍ਰਿਸ਼ ਪੇਸ਼ ਕਰਦੇ ਹਨ।
ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਿਮ ਸਮਾਂ (1708 ਈ: ਦੌਰਾਨ ਕੁਝ ਮਹੀਨੇ) ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਵਿੱਤਰ ਧਰਤੀ ਉੱਪਰ ਬਤੀਤ ਕੀਤਾ। ਇਹ ਉਹ ਪਵਿੱਤਰ ਅਤੇ ਕਰਮਾਂ ਵਾਲੀ ਧਰਤੀ ਹੈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖ਼ਸ਼ੀ ਅਤੇ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ। ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੀ ਧਰਤੀ ਉੱਪਰ ਕਈ ਯੁੱਧ ਲੜਨ ਉੱਪਰੰਤ ਤਲਵੰਡੀ ਸਾਬੋ (ਪੰਜਾਬ) ਵਿਖੇ ਕੁਝ ਸਮਾਂ ਰਹਿ ਕੇ ਪੁਸ਼ਕਰ, ਆਗਰਾ, ਉਜੈਨ, ਬੁਰਹਾਨਪੁਰ, ਨਾਗਪੁਰ, ਅਮਰਾਵਤੀ, ਅਕੋਲਾ, ਹਿੰਗੋਲੀ ਬਸਮਤ ਨਗਰ ਹੁੰਦੇ ਹੋਏ ਨਾਂਦੇੜ ਸ਼ਹਿਰ ਵਿਖੇ ਪਹੁੰਚੇ ਸਨ। ਅਸਲ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜੀਵਨ ਸਫਰ ਪਟਨੇ ਦੀ ਧਰਤੀ ਤੋਂ ਸ਼ੂਰੂ ਕੀਤਾ ਸੀ, ਪੰਜਾਬ ਵਿਚ ਵਿਚਰਨ ਤੋਂ ਬਾਅਦ ਹਜ਼ੂਰ ਸਾਹਿਬ ਵਿਖੇ ਉਸ ਜੀਵਨ ਸਫਰ ਦੀ ਸੰਪੂਰਨਤਾ ਹੋਈ ਸੀ। ਜਿਥੇ 'ਸੂਰਜ ਕਿਰਣਿ ਮਿਲੇ-ਜਲ ਕਾ ਜਲੁ ਹੂਆ ਰਾਮ' ਦੇ ਮਹਾਂਵਾਕ ਅਨੁਸਾਰ ਗੂਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾ ਗਏ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ 'ਤੇ ਬਿਰਾਜਮਾਨ ਕਰਕੇ ਸ਼ਬਦ ਗੁਰੂ ਦਾ ਪ੍ਰਕਾਸ਼ ਹਮੇਸ਼ਾ ਲਈ ਕੀਤਾ। (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਮੋਬਾ: 94638-19174

65ਵੀਂ ਬਰਸੀ 'ਤੇ ਵਿਸ਼ੇਸ਼

ਸੰਤ ਪ੍ਰੀਤਮ ਸਿੰਘ ਜੌਹਲਾਂ ਵਾਲੇ

ੰਜਾਬ ਦੀਆਂ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਵਿਚੋਂ ਬ੍ਰਹਮਗਿਆਨ ਦੀ ਪ੍ਰਾਪਤੀ ਕਰਨ ਵਾਲੇ, ਪ੍ਰਭੂ ਰੰਗ ਵਿਚ ਰੰਗੀ ਆਤਮਾ ਦੇ ਮਾਲਕ ਪਰਉਪਕਾਰੀ ਸੰਤ ਬਾਬਾ ਪ੍ਰੀਤਮ ਸਿੰਘ (ਚਾਹ ਵਾਲੇ) ਜੌਹਲਾਂ (ਜਲੰਧਰ) ਵਿਲੱਖਣ ਹਸਤੀ ਦੇ ਮਾਲਕ ਸਨ। ਬਾਬਾ ਜੀ ਦਾ ਜਨਮ ਖਮਾਣੋਂ ਦੇ ਨਜ਼ਦੀਕ ਪਿੰਡ ਬਿਲਾਸਪੁਰ (ਲੁਧਿਆਣਾ-ਚੰਡੀਗੜ੍ਹ ਰੋਡ) ਵਿਚ ਉੱਨੀਵੀਂ ਸਦੀ ਦੇ ਦੂਜੇ ਅੱਧ ਵਿਚ ਸ: ਸੇਡਾ ਸਿੰਘ ਦੇ ਘਰ ਹੋਇਆ। ਬਚਪਨ ਤੋਂ ਇਕਾਂਤ ਵਿਚ ਰਹਿਣਾ, ਘੱਟ ਬੋਲਣਾ ਅਤੇ ਪ੍ਰਕਿਰਤੀ ਨੂੰ ਨਿਹਾਰਦੇ ਰਹਿਣਾ ਉਨ੍ਹਾਂ ਦੇ ਵੱਡੇ ਗੁਣ ਸਨ।
ਫੌਜ ਵਿਚ ਨੌਕਰੀ ਦੌਰਾਨ ਨਾਮਰਸੀਏ ਮਹਾਂਪੁਰਸ਼ਾਂ ਦਾ ਮੇਲ-ਮਿਲਾਪ ਆਪ ਜੀ ਨੂੰ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਪਾਸ ਲੈ ਗਿਆ। ਆਪ ਜੀ ਦੀ ਪਲਟਨ ਪਿਸ਼ਾਵਰ (ਪਾਕਿਸਤਾਨ) ਵਿਚ ਨੌਸ਼ਹਿਰਾ ਵਿਖੇ ਤਾਇਨਾਤ ਸੀ। ਉਥੋਂ ਹੀ ਆਪ ਆਪਣੇ ਸਾਥੀ ਭਾਈ ਸੁੰਦਰ ਸਿੰਘ (ਘੜੂੰਆ ਨਿਵਾਸੀ) ਨੂੰ ਨਾਲ ਲੈ ਕੇ ਅਕੋੜਾ ਖਟਕ (ਅਕਾਲੀ ਬਾਬਾ ਫੂਲਾ ਸਿੰਘ ਦੀ ਸਮਾਧ) ਜੋ ਲੁੰਡੇ ਦਰਿਆ (ਜਿਸ ਨੂੰ ਕਾਬਲ ਦਰਿਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਕਿਨਾਰੇ ਉੱਤੇ ਸਥਿਤ ਹੈ, ਬਾਬਾ ਨਿਰਬਾਣ ਜੀ ਨਾਲ ਗੁਰਮਤਿ ਗਿਆਨ ਅਤੇ ਜੀਵਨ ਦੇ ਸੱਚ ਨੂੰ ਜਾਣਨ ਦੀ ਜਗਿਆਸਾ ਦੀ ਪ੍ਰਾਪਤੀ ਲਈ ਅਕਸਰ ਜਾਣ-ਆਉਣ ਲੱਗ ਪਏ।
ਹੁਣ ਫੌਜੀ ਨੌਕਰੀ ਤੋਂ ਮਨ ਪੂਰੀ ਤਰ੍ਹਾਂ ਉਚਾਟ ਹੋ ਗਿਆ, ਆਪਣੇ ਸਾਥੀ ਬਾਬਾ ਸੁੰਦਰ ਸਿੰਘ ਨਾਲ ਫੌਜ ਦੀ ਨੌਕਰੀ ਛੱਡ ਕੇ ਪ੍ਰਭੂ ਭਗਤੀ ਅਤੇ ਪਰਉਪਕਾਰੀ ਕਾਰਜਾਂ 'ਚ ਲੱਗ ਗਏ। ਜਦੋਂ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ 1916 ਈ: ਵਿਚ ਬਾਬਾ ਨਿਰਬਾਣ ਕੌਂਚ ਬੇਲੀ ਬਹਿਰਾਲ (ਪਾਉਂਟਾ ਸਾਹਿਬ) ਦੇ ਸਥਾਨ 'ਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੁੱਜੇ ਹੋਏ ਸਨ ਤਾਂ ਇਕ ਦਿਨ ਬਾਬਾ ਨਿਰਬਾਣ ਇਸੇ ਪੜਾਅ ਉੱਤੇ ਯਮੁਨਾ ਦਰਿਆ ਦੇ ਕਿਨਾਰੇ ਸੱਚਖੰਡ ਪਿਆਨਾ ਕਰ ਗਏ। ਉਸ ਸਮੇਂ ਸਿੱਖ ਸੰਗਤਾਂ ਨੇ ਸੰਤ ਬਾਬਾ ਪ੍ਰੀਤਮ ਸਿੰਘ ਨੂੰ ਡੇਰਾ ਗੁਰਦੁਆਰਾ ਸੰਤ ਸਾਗਰ (ਚਾਹ ਵਾਲਾ) ਜੌਹਲ (ਜਲੰਧਰ) ਅਤੇ ਸਬੰਧਤ ਅਸਥਾਨਾਂ ਦੀ ਸੇਵਾ ਸੌਂਪ ਦਿੱਤੀ।
ਸੰਤ ਬਾਬਾ ਪ੍ਰੀਤਮ ਸਿੰਘ ਨੇ ਸਮਕਾਲੀ ਮਹਾਂਪੁਰਸ਼ਾਂ ਸੰਤ ਬਾਬਾ ਅਤਰ ਸਿੰਘ ਮਸਤੂਆਣਾ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ, ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨਾਲ ਮਿਲ ਕੇ ਸਿੱਖ ਕੌਮ ਨੂੰ ਬਿਖੜੇ ਸਮੇਂ ਵਿਚ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਭਰਪੂਰ ਉਪਰਾਲੇ ਕੀਤੇ।
ਅਸਲ ਵਿਚ ਬਾਬਾ ਨਿਰਬਾਣ ਦੀ ਮਿਕਨਾਤੀਸੀ ਸ਼ਖ਼ਸੀਅਤ ਨੇ ਉਨ੍ਹਾਂ ਨੂੰ ਸਿਪਾਹੀ ਤੋਂ ਸੰਤ ਬਣਾ ਦਿੱਤਾ। ਆਪ 1916 ਈ: ਤੋਂ ਲੈ ਕੇ 1952 ਈ: ਤੱਕ ਅਕੋੜਾ ਖਟਕ (ਪਾਕਿਸਤਾਨ) ਤੋਂ ਗੁ: ਕੌਂਚ ਬੇਲੀ ਬਹਿਰਾਲ (ਪਾਉਂਟਾ ਸਾਹਿਬ) ਤੱਕ ਸਾਂਝੇ ਪੰਜਾਬ ਦੇ ਵੱਡੇ ਖੇਤਰ ਵਿਚ ਸ਼ਬਦ-ਗੁਰੂ ਸਿਧਾਂਤ ਦੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਰਹੇ। ਉਨ੍ਹਾਂ ਦੀ ਯਾਦ ਵਿਚ 22 ਤੋਂ 24 ਅਪ੍ਰੈਲ ਨੂੰ ਗੁਰਦੁਆਰਾ ਡੇਰਾ ਸੰਤ ਸਾਗਰ ਪਿੰਡ ਜੌਹਲ (ਜਲੰਧਰ-ਹੁਸ਼ਿਆਰਪੁਰ ਰੋਡ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ (ਚਾਹ ਵਾਲਿਆਂ) ਦੀ ਅਗਵਾਈ ਵਿਚ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ।


-bhagwansinghjohal@ gmail.com

ਮੁਬਾਰਕ ਹਵੇਲੀ, ਜਿਥੇ ਕੋਹੇਨੂਰ ਹੀਰਾ ਬਣਿਆ ਖ਼ਾਲਸਾ ਦਰਬਾਰ ਦੀ ਸ਼ਾਨ

(ਲੜੀ ਜੋੜਨ ਲਈ 4 ਅਪ੍ਰੈਲ ਦਾ ਅੰਕ ਦੇਖੋ)
ਕੁਝ ਸਮੇਂ ਬਾਅਦ ਸ਼ਾਹ ਮਹਮੂਤ ਨੇ ਸ਼ਾਹ ਜ਼ਮਾਨ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰਕੇ ਉਸ ਨੂੰ ਅਤੇ ਬਾਕੀ ਲੋਕਾਂ ਨੂੰ ਛੱਡ ਦਿੱਤਾ। ਜਦੋਂ ਸ਼ਾਹ ਜ਼ਮਾਨ ਆਪਣੇ ਹਰਮ ਦੀਆਂ ਸਾਰੀਆਂ ਰਾਣੀਆਂ, ਬੱਚਿਆਂ, ਵਫ਼ਾਦਾਰ ਕਰਮਚਾਰੀਆਂ ਅਤੇ ਸ਼ਾਹ ਸ਼ੁਜਾ ਦੀ ਪਤਨੀ ਵਫ਼ਾ ਬੇਗਮ ਸਹਿਤ ਲਾਹੌਰ ਪਹੁੰਚਿਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ 'ਤੇ ਉਨ੍ਹਾਂ ਸਭ ਦੀ ਰਿਹਾਇਸ਼ ਦਾ ਪ੍ਰਬੰਧ ਮੁਬਾਰਕ ਹਵੇਲੀ ਵਿਚ ਕੀਤਾ ਗਿਆ। ਇਨ੍ਹਾਂ ਦੀ ਖ਼ਾਤਰਦਾਰੀ ਦੀ ਜ਼ਿੰਮੇਵਾਰੀ ਫ਼ਕੀਰ ਅਜ਼ੀਜ਼ੂਦੀਨ ਨੂੰ ਸੌਂਪੀ ਗਈ। ਕੁਝ ਦਿਨਾਂ ਬਾਅਦ ਵਫ਼ਾ ਬੇਗਮ ਨੇ ਆਪਣੇ ਕਰਮਚਾਰੀਆਂ ਮੀਰ ਅਬਦਲ ਹੁਸੈਨ, ਮੌਲਾ ਜਾਫ਼ਰ ਅਤੇ ਸ਼ੇਰ ਮੁਹੰਮਦ ਦੀ ਮੌਜੂਦਗੀ ਵਿਚ ਫ਼ਕੀਰ ਅਜ਼ੀਜ਼ੂਦੀਨ, ਦੀਵਾਨ ਭਵਾਨੀ ਦਾਸ ਅਤੇ ਮੋਹਕਮ ਚੰਦ ਨਾਲ ਇਹ ਵਾਅਦਾ ਕੀਤਾ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਉਸ ਦੇ ਪਤੀ ਸ਼ਾਹ ਸ਼ੁਜਾ ਨੂੰ ਕਸ਼ਮੀਰ ਦੇ ਹਾਕਮ ਮੁਹੰਮਦ ਖ਼ਾਂ ਦੀ ਕੈਦ ਵਿਚੋਂ ਆਜ਼ਾਦ ਕਰਵਾ ਦਏ ਤਾਂ ਉਹ ਬਹੁਕੀਮਤੀ ਕੋਹੇਨੂਰ ਹੀਰਾ ਮਹਾਰਾਜੇ ਨੂੰ ਤੋਹਫ਼ੇ ਦੇ ਰੂਪ ਵਿਚ ਭੇਟ ਕਰੇਗੀ।
ਮਹਾਰਾਜਾ ਦੇ ਜਰਨੈਲਾਂ ਨੇ ਜਦੋਂ ਉਨ੍ਹਾਂ ਨੂੰ ਵਫ਼ਾ ਬੇਗਮ ਦੁਆਰਾ ਕੋਹੇਨੂਰ ਹੀਰਾ ਭੇਟ ਕਰਨ ਦੇ ਬਦਲੇ ਸ਼ਾਹ ਸ਼ੁਜਾ ਦੀ ਰਿਹਾਈ ਦੀ ਗੱਲ ਦੱਸੀ ਤਾਂ ਮਹਾਰਾਜਾ ਨੇ ਤੁਰੰਤ ਉਸ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਮਹਾਰਾਜਾ ਅਜੇ ਕਸ਼ਮੀਰ 'ਤੇ ਚੜ੍ਹਾਈ ਕਰਨ ਦੀਆਂ ਯੋਜਨਾਵਾਂ ਬਣਾ ਹੀ ਰਿਹਾ ਸੀ ਕਿ ਕਸ਼ਮੀਰ ਦੇ ਗਵਰਨਰ ਦੇ ਵਜ਼ੀਰ ਫਤਹਿ ਖ਼ਾਂ ਅਤੇ ਉਸ ਦੇ ਏਲਚੀ ਦੀਵਾਨ ਗੋਦੜ ਮਲ ਨੇ ਮਹਾਰਾਜਾ ਦੇ ਦਰਬਾਰ ਵਿਚ ਪੇਸ਼ ਹੋ ਕੇ ਉਨ੍ਹਾਂ ਨੂੰ ਕਸ਼ਮੀਰ ਦੇ ਗਵਰਨਰ ਦੁਆਰਾ ਕਾਬਲ ਦੇ ਹਾਕਮ ਦੇ ਵਿਰੁੱਧ ਸ਼ੁਰੂ ਕੀਤੀ ਗਈ ਬਗ਼ਾਵਤ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਗਵਰਨਰ ਨਾਲ ਮੁਕਾਬਲਾ ਕਰਨ ਲਈ ਮਦਦ ਵੀ ਮੰਗੀ।
ਮਹਾਰਾਜਾ ਨੇ ਉਨ੍ਹਾਂ ਨਾਲ ਇਸ ਯੁੱਧ 'ਤੇ ਆਉਣ ਵਾਲੇ ਖਰਚ ਸਬੰਧੀ ਸਪੱਸ਼ਟ ਗੱਲਬਾਤ ਕਰਕੇ ਦੀਵਾਨ ਮੋਹਕਮ ਚੰਦ, ਨਿਹਾਲ ਸਿੰਘ ਅਟਾਰੀਵਾਲਾ ਅਤੇ ਜੋਧ ਸਿੰਘ ਕਲਸੀਆਂ ਦੇ ਅਧੀਨ ਭਾਰੀ ਫੌਜ ਲਾਹੌਰ ਤੋਂ ਰਵਾਨਾ ਕਰ ਦਿੱਤੀ। ਕਸ਼ਮੀਰ ਦੇ ਪਾਸ ਸ਼ੇਰਪੁਰ ਅਤੇ ਹਰੀ ਪਰਬਤ ਦੇ ਮੁਕਾਮ 'ਤੇ ਦੋਵੇਂ ਪਾਸੇ ਦੀਆਂ ਫੌਜਾਂ ਵਿਚ ਭਿਅੰਕਰ ਲੜਾਈ ਹੋਈ। ਅੰਤ ਲਾਹੌਰ ਦਰਬਾਰ ਦੀਆਂ ਫੌਜਾਂ ਗਵਰਨਰ ਦੀ ਫੌਜ ਨੂੰ ਉਥੋਂ ਖਦੇੜਨ ਵਿਚ ਕਾਮਯਾਬ ਹੋ ਗਈਆਂ। ਹਾਲਾਂਕਿ ਵਜ਼ੀਰ ਫਤਹਿ ਖ਼ਾਂ ਅਤੇ ਉਸ ਦੀ ਫੌਜ ਨੇ ਯੁੱਧ ਸਮਾਪਤੀ ਦੇ ਬਾਅਦ ਦੀਵਾਨ ਮੋਹਕਮ ਚੰਦ ਅਤੇ ਨਿਹਾਲ ਸਿੰਘ ਨੂੰ ਸ਼ਾਹ ਸ਼ੁਜਾ ਨੂੰ ਲਾਹੌਰ ਲੈ ਕੇ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ 4 ਅਪ੍ਰੈਲ ਦਾ ਅੰਕ ਦੇਖੋ)
ਇਹ ਉਹ ਸੁਪਨਦ੍ਰਿਸ਼ਟਾ ਸੀ, ਜਿਸ ਨੇ ਜ਼ਿੰਦਗੀ ਦੀ ਸਰਬ ਵਿਆਪੀ ਏਕਤਾ ਦੀ ਅਨੁਭੂਤੀ ਕਰ ਲਈ ਸੀ। ਉਹ ਆਪਣੇ ਸਵੈ ਨੂੰ ਸਰਬਵਿਆਪੀ ਹੋਂਦ ਨਾਲ ਇਕਮਿਕ ਕਰਕੇ ਆਪਣੇ ਹਉਮੈ ਨੂੰ ਤਿਆਗ ਚੁੱਕਾ ਸੀ।
ਮੈਂ ਇਹ ਚਿੱਤਰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਪਰ ਛੇਤੀ ਹੀ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਜਿਬਰਾਨ ਦੀ ਕਲਾ ਦਾ ਸਿਖਰ ਨਹੀਂ ਸੀ। ਫਿਰ ਉਸ ਨੇ ਮੈਨੂੰ 'ਧਰਮ', 'ਨਿਆਂ' ਅਤੇ 'ਸੁਤੰਤਰਤਾ' ਸਬੰਧੀ ਬਣਾਏ ਆਪਣੇ ਚਿੱਤਰ ਦਿਖਾਏ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ। 'ਸੁਤੰਤਰਤਾ' ਵਾਲੀ ਤਸਵੀਰ ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ। ਇਹ ਬਹੁਤ ਹੀ ਸਾਦੀ ਪਰ ਬੇਹੱਦ ਅਰਥ-ਭਰਪੂਰ ਕਲਾਕ੍ਰਿਤੀ ਸੀ। ਇਹ ਇਕ ਤਕੜੇ ਨੌਜਵਾਨ ਦਾ ਚਿੱਤਰ ਹੈ, ਜਿਸ ਦੇ ਹੱਥਾਂ ਦੀ ਥਾਂ ਖੰਭ ਹਨ। ਉਹ ਲੱਤਾਂ ਪਸਾਰ ਕੇ ਖਲੋਤਾ ਹੈ ਤੇ ਉਸ ਦੀ ਨਜ਼ਰ ਆਪਣੇ ਨਿਸ਼ਾਨੇ 'ਤੇ ਟਿਕੀ ਹੋਈ ਹੈ। ਉਹ ਉਡਾਰੀ ਮਾਰਨ ਲਈ ਬੇਤਾਬ ਹੈ ਪਰ ਉਹ ਉਡਣ ਤੋਂ ਅਸਮਰੱਥ ਹੈ। ਉਸ ਦੇ ਪੈਰਾਂ ਵਿਚ ਜ਼ੰਜੀਰ ਹੈ। ਇਹ ਜ਼ੰਜੀਰ ਹੈ-ਮੋਹ, ਮਾਇਆ, ਮਮਤਾ, ਲਾਲਚ ਤੇ ਵਾਸ਼ਨਾ ਦੀ। ਮੈਨੂੰ ਜਾਪਿਆ ਜਿਵੇਂ ਇਹ ਜਿਬਰਾਨ ਦਾ ਜਾਤੀ 'ਸੈਲਫ ਪ੍ਰੋਟਰੇਟ' ਹੈ। ਜਦੋਂ ਮੈਂ ਉਸ ਦੇ ਚਿੱਤਰ ਨੂੰ ਉਸ ਦੀ ਇਕ ਕਵਿਤਾ ਦੀਆਂ ਇਨ੍ਹਾਂ ਲਾਈਨਾਂ ਨਾਲ ਜੋੜ ਕੇ ਦੇਖਿਆ ਤਾਂ ਇਹ ਮੈਨੂੰ ਜਿਬਰਾਨ ਦਾ 'ਇਕਬਾਲਨਾਮਾ' ਜਾਪਿਆ-
'ਆਦਮੀ ਆਜ਼ਾਦ ਹਨ... ਪਰ
ਉਹ ਆਪਣੀਆਂ ਇੱਛਾਵਾਂ ਅਤੇ ਵਾਸ਼ਨਾਵਾਂ ਕਾਰਨ
ਆਪਣੀਆਂ-ਆਪਣੀਆਂ ਜੇਲ੍ਹਾਂ ਦੀ ਤਾਮੀਰ
ਕਰ ਲੈਂਦੇ ਹਨ।'
ਕੁਝ ਦਿਨਾਂ ਬਾਅਦ ਮੈਂ ਜਿਬਰਾਨ ਅਤੇ ਆਪਣੇ ਹੋਰ ਦੋਸਤਾਂ ਨੂੰ ਅਲਵਿਦਾ ਕਿਹਾ। ਫੌਜੀ ਵਰਦੀ 'ਚ ਲੈਸ ਹੋ ਕੇ ਮੈਂ ਅਮਰੀਕਾ ਦੀ ਇਕ ਫੌਜੀ ਟੁਕੜੀ ਨਾਲ ਫਰਾਂਸ ਚਲਾ ਗਿਆ।
ਇਕ ਸਾਲ ਤੇ ਦੋ ਮਹੀਨੇ ਬਾਅਦ ਜਦੋਂ ਮੈਂ ਲੜਾਈ ਦੇ ਖੌਫ਼ਨਾਕ ਮੰਜਰ ਨੂੰ ਦੇਖ ਕੇ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਜਿਬਰਾਨ ਦਾ ਇਕ ਹੋਰ ਕਵਿਤਾ-ਸੰਗ੍ਰਹਿ 'ਦ ਪ੍ਰੋਸੇਸ਼ਨਸ' ਛਪ ਚੁੱਕਾ ਹੈ। ਇਸ ਸ਼ਾਨਦਾਰ ਪੁਸਤਕ ਨਾਲ ਅਰਬੀ ਸਾਹਿਤ ਹੋਰ ਵਧੇਰੇ ਅਮੀਰ ਬਣਿਆ। ਉਸ ਦੀ ਅੰਗਰੇਜ਼ੀ 'ਚ ਛਪੀ ਪੁਸਤਕ 'ਦ ਮੈਡਮੈਨ' ਨੇ ਪਹਿਲਾਂ ਹੀ ਅਮਰੀਕਾ 'ਚ ਤਹਿਲਕਾ ਮਚਾ ਦਿੱਤਾ ਸੀ। ਜਿਬਰਾਨ ਦੀ ਪ੍ਰਸਿੱਧੀ ਨੂੰ ਹੁਣ ਚਾਰ ਚੰਨ ਲੱਗ ਗਏ ਸਨ।
ਅਰਬੀਤਾਹ
ਪਹਿਲੇ ਵਿਸ਼ਵ ਯੁੱਧ (1914-1918) ਦਾ ਇਕ ਸ਼ਿਕਾਰ 'ਐਲ ਫੁਨੂਨ' ਵੀ ਸੀ। 1919 ਦੇ ਮੱਧ ਵਿਚ ਜਦੋਂ ਮੈਨੂੰ ਫ਼ੌਜ 'ਚੋਂ ਰਿਹਾਈ ਮਿਲੀ ਤਾਂ ਮੈਂ ਫਰਾਂਸ ਤੋਂ ਸਿੱਧਾ ਵਾਸ਼ਿੰਗਟਨ ਆ ਗਿਆ। ਮੈਂ ਕੁਝ ਦੇਰ ਆਰਾਮ ਕਰਨਾ ਚਾਹੁੰਦਾ ਸੀ ਤੇ ਯੁੱਧ ਦੇ ਖੌਫਨਾਕ ਹਾਦਸਿਆਂ ਨੂੰ ਭੁੱਲ ਜਾਣਾ ਚਾਹੁੰਦਾ ਸੀ। ਜਿਬਰਾਨ ਨੂੰ ਸ਼ੱਕ ਸੀ ਕਿ ਵਾਸ਼ਿੰਗਟਨ ਵਿਖੇ ਮੇਰਾ ਪ੍ਰਵਾਸ ਲੰਮਾ ਨਾ ਹੋ ਜਾਵੇ, ਇਸ ਲਈ ਉਸ ਨੇ ਮੈਨੂੰ ਜਲਦੀ ਹੀ ਨਿਊਯਾਰਕ ਆਉਣ ਲਈ ਖਤ ਲਿਖਿਆ। ਉਸ ਦੀ ਦਿਲੀ ਇੱਛਾ ਸੀ ਕਿ 'ਐਲ ਫੁਨੂਨ' ਨੂੰ ਮੁੜ ਸੁਰਜੀਤ ਕਰਨ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਮੈਂ ਨਿਊਯਾਰਕ ਚਲਾ ਗਿਆ ਪਰ 'ਐਲ ਫੁਨੂਨ' ਨੂੰ ਪੁਨਰਸੁਰਜੀਤ ਨਹੀਂ ਕੀਤਾ ਜਾ ਸਕਿਆ। ਸਾਡੇ ਦਿਲਾਂ ਵਿਚ ਵੱਡੇ-ਵੱਡੇ ਸਾਹਿਤਕ ਸੁਪਨੇ ਸਨ ਪਰ ਸਾਡੀਆਂ ਜੇਬਾਂ ਖਾਲੀ ਸਨ। ਸਾਡੇ ਇਰਦ-ਗਿਰਦ ਕੁਝ ਅਜਿਹੇ ਲੋਕ ਵੀ ਸਨ, ਜਿਨ੍ਹਾਂ ਦੀਆਂ ਜੇਬਾਂ ਭਰੀਆਂ ਹੋਈਆਂ ਸਨ ਪਰ ਸਾਹਿਤ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਸੀ।
ਸਾਡੇ ਦੋਸਤ ਅਬਦੁਲ ਮਸੀਹ ਹੱਦਾਦ ਨੇ ਛੇ ਵਰ੍ਹੇ ਪਹਿਲਾਂ ਇਹ ਸਪਤਾਹਿਕ ਰਸਾਲਾ 'ਅਸ-ਸਹਯ' (ਪਾਂਧੀ) ਕੱਢਣਾ ਸ਼ੁਰੂ ਕੀਤਾ ਸੀ। ਹੁਣ ਉਸ ਦਾ ਦਫ਼ਤਰ ਹੀ ਸਾਡਾ ਮੱਕਾ ਬਣ ਗਿਆ। ਅਸੀਂ ਆਪਣਾ ਵਿਹਲਾ ਸਮਾਂ ਉਥੇ ਹੀ ਬਤੀਤ ਕਰਦੇ। ਗੱਪ-ਸ਼ੱਪ ਦੇ ਨਾਲ-ਨਾਲ ਸਾਹਿਤਕ ਅਤੇ ਦਾਰਸ਼ਨਿਕ ਵਿਸ਼ਿਆਂ 'ਤੇ ਗੰਭੀਰ ਚਰਚਾ ਵੀ ਕਰਦੇ। 20 ਅਪ੍ਰੈਲ, 1920 ਨੂੰ ਇਕ ਅਜਿਹੀ ਹੀ ਗੱਲਬਾਤ ਦੇ ਦੌਰਾਨ ਇਕ ਸੁਝਾਅ ਸਾਹਮਣੇ ਆਇਆ ਕਿ ਕੋਈ ਅਜਿਹੀ ਸੰਸਥਾ ਬਣਾਈ ਜਾਵੇ, ਜੋ ਅਰਬੀ ਸਾਹਿਤ, ਭਾਸ਼ਾ ਅਤੇ ਸੱਭਿਅਤਾ ਦੇ ਵਿਕਾਸ ਕਾਰਜ 'ਚ ਜੁਟ ਕੇ ਅਰਬੀ ਭਾਸ਼ੀ ਅਦੀਬਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰ ਸਕੇ। 28 ਅਪ੍ਰੈਲ, 1920 ਨੂੰ ਜਿਬਰਾਨ ਦੇ ਸਟੂਡੀਓ 'ਚ ਹੋਈ ਇਕ ਮੀਟਿੰਗ ਦੌਰਾਨ 'ਅਰਬੀਤਾਹ' (ਕਲਮ ਦੀ ਸਾਂਝ) ਨਾਮੀ ਸੰਸਥਾ ਦੀ ਸਥਾਪਨਾ ਹੋਈ। ਸਰਬਸੰਮਤੀ ਨਾਲ ਜਿਬਰਾਨ ਨੂੰ ਸੰਸਥਾ ਦਾ ਪ੍ਰਧਾਨ ਤੇ ਮੈਨੂੰ ਸਕੱਤਰ ਥਾਪਿਆ ਗਿਆ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਾਬਕਾ ਕਮਿਸ਼ਨਰ, ਜਲੰਧਰ, ਮੋਬਾਈਲ : 98551-23499

ਪੰਥਕ ਹਿਤ ਵਿਚ ਨਹੀਂ ਹੈ ਸਿੱਖਾਂ ਦਾ ਆਪਸੀ ਟਕਰਾਅ

(ਲੜੀ ਜੋੜਨ ਲਈ 4 ਅਪ੍ਰੈਲ ਦਾ ਅੰਕ ਦੇਖੋ)
ਵਿਚਾਰਧਾਰਕ ਮਤਭੇਦ ਹਰੇਕ ਧਰਮ ਅਤੇ ਮਤ ਵਿਚ ਹੁੰਦੇ ਆਏ ਹਨ। ਹਿੰਦੂ ਧਰਮ ਦੇ ਅਨੇਕਾਂ ਧਾਰਮਿਕ ਗ੍ਰੰਥ ਹਨ ਜਿਵੇਂ ਕਿ; 4 ਵੇਦ, 6 ਸ਼ਾਸਤ੍ਰ, 18 ਪੁਰਾਨ, 27 ਸਿਮ੍ਰਿਤੀਆਂ, 52 ਉਪਨਿਸ਼ਦ, ਰਮਾਇਣ ਅਤੇ ਪਵਿੱਤਰ ਗੀਤਾ ਆਦਿ। ਇਨ੍ਹਾਂ ਗ੍ਰੰਥਾਂ ਨੂੰ ਮੰਨਣ ਵਾਲੇ ਅਨੇਕਾਂ ਫ਼ਿਰਕੇ ਹਨ ਜਿਵੇਂ ਕਿ ਸ਼ਿਵ ਨੂੰ ਮੰਨਣ ਵਾਲੇ ਸ਼ੈਵ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਅਤੇ ਮੂਰਤੀ ਪੂਜਾ ਨੂੰ ਨਾ ਮੰਨਣ ਵਾਲੇ ਆਰੀਆ ਸਮਾਜੀ ਆਦਿ। ਇਨ੍ਹਾਂ ਫ਼ਿਰਕਿਆਂ ਦੀ ਮਰਿਆਦਾ ਅਤੇ ਰਹਿਤ ਵਿਚ ਬਹੁਤ ਫ਼ਰਕ ਹਨ ਪਰ ਫਿਰ ਵੀ ਇਹ ਸਾਰੇ ਹੀ 4 ਵੇਦਾਂ ਦੀ ਸਰਬਉੱਚਤਾ ਨੂੰ ਮੰਨਦੇ ਹਨ। ਇਸਾਈ ਮਤ ਦੇ ਸੰਨ 1900 ਵਿਚ 1600 ਫ਼ਿਰਕੇ ਸਨ ਪਰ ਹੁਣ ਦੇ ਅੰਦਾਜ਼ੇ ਮੁਤਾਬਕ 20,000 ਤੋਂ ਵੱਧ ਫ਼ਿਰਕੇ ਹਨ। ਇਨ੍ਹਾਂ ਵਿਚ ਅਨੇਕਾਂ ਛੋਟੇ-ਵੱਡੇ ਫ਼ਰਕ ਹਨ ਪਰ ਇਹ ਸਭ ਈਸਾ ਮਸੀਹ ਨੂੰ ਆਪਣਾ ਮਸੀਹਾ (ਸੇਵੀਅਰ) ਮੰਨਦੇ ਹਨ ਅਤੇ ਬਾਈਬਲ ਦੀ ਮਾਨਤਾ 'ਤੇ ਇਹ ਕਿੰਤੂ ਨਹੀਂ ਕਰਦੇ, ਹਾਲਾਂਕਿ ਬਾਈਬਲ ਦੇ ਅਰਥਾਂ ਬਾਰੇ ਮਤਭੇਦ ਜ਼ਰੂਰ ਹਨ। ਆਪਣੇ ਧਰਮ ਦੇ ਦਿਨ-ਦਿਹਾੜੇ ਮਨਾਉਣ ਨੂੰ ਲੈ ਕੇ ਇਸਾਈਆਂ 'ਚ ਵੀ ਮਤਭੇਦ ਹਨ, ਜਿਵੇਂ ਕਿ ਬਹੁਤੇ ਇਸਾਈ 25 ਦਸੰਬਰ ਨੂੰ ਕ੍ਰਿਸਮਿਸ ਮਨਾਉਂਦੇ ਹਨ ਪਰ ਕਰੋੜਾਂ ਇਸਾਈ ਜੋ ਕਿ ਰੂਸ, ਯੂਕਰੇਨ, ਇਥੋਪੀਆ ਆਦਿ ਦੇਸ਼ਾਂ ਦੇ ਵਾਸੀ ਹਨ, ਇਹ ਦਿਨ 7 ਜਨਵਰੀ ਨੂੰ ਮਨਾਉਂਦੇ ਹਨ, ਕਿਉਂਕਿ ਉਹ ਹਾਲੇ ਵੀ ਜੂਲੀਅਨ ਕੈਲੰਡਰ ਨੂੰ ਮੰਨਦੇ ਹਨ ਅਤੇ ਗਰੈਗੋਰੀਅਨ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ। ਪਰ ਕਦੇ ਇਸਾਈ ਧਰਮ 'ਚ ਕ੍ਰਿਸਮਿਸ ਦਿਹਾੜਾ ਮਨਾਉਣ ਨੂੰ ਲੈ ਕੇ ਵਾਦ-ਵਿਵਾਦ ਜਗ-ਹਸਾਈ ਦਾ ਕਾਰਨ ਬਣਦਾ ਨਹੀਂ ਦੇਖਿਆ-ਸੁਣਿਆ। ਫਿਰ ਸਾਡੇ ਸਿੱਖਾਂ ਅੰਦਰ ਹੀ ਨਾਨਕਸ਼ਾਹੀ ਕੈਲੰਡਰ ਤੇ ਬਿਕ੍ਰਮੀ ਕੈਲੰਡਰ ਨੂੰ ਲੈ ਕੇ ਆਪਸੀ ਵਾਦ-ਵਿਵਾਦ ਅਤੇ ਖਾਨਾਜੰਗੀ ਕਿਉਂ ਹੁੰਦੀ ਹੈ? ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ ਆਪਸੀ ਖਾਨਾਜੰਗੀ ਕਰਨ ਲੱਗਿਆਂ ਸਾਨੂੰ ਇਹ ਕਿਉਂ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਭਾਈ ਘਨੱਈਆ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਫੱਟੜ ਦੁਸ਼ਮਣ ਸਿਪਾਹੀਆਂ ਨੂੰ ਵੀ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਇਆ ਅਤੇ ਮਲ੍ਹਮ-ਪੱਟੀ ਕੀਤੀ ਸੀ।
ਅਜੋਕੇ ਸਿੱਖ ਪੰਥ ਦੇ ਹਾਲਾਤ ਦੇ ਮੱਦੇਨਜ਼ਰ ਇੱਥੇ ਮੁੜ 'ਦਿਸਹੱਦਿਆਂ ਤੋਂ ਪਾਰ ਵੇਖਣ ਵਾਲੇ' ਗਿਆਨੀ ਦਿੱਤ ਸਿੰਘ ਦੀ ਨਸੀਹਤ ਯਾਦ ਆਉਂਦੀ ਹੈ, ਜਿਸ ਵਿਚ ਉਹ 'ਜ਼ਾਤੀ ਦੇ ਵੈਰ ਦਾ ਫਲ' ਸਿਰਲੇਖ ਵਾਲੀ ਸੰਪਾਦਕੀ ਵਿਚ ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਜ਼ਿਕਰ ਇਕ ਲੋਕ ਕਹਾਣੀ ਜ਼ਰੀਏ ਕਰਦੇ ਹਨ, 'ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ, ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ, ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, 'ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਵਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ, ਸੋ ਹੁਣ ਅਸੀਂ ਨਹੀਂ ਬਚਾਂਗੇ।' (ਸਮਾਪਤ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਸ਼ਬਦ ਵਿਚਾਰ

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥

ੴ ਸਤਿਗੁਰ ਪ੍ਰਸਾਦਿ॥
ਬਾਰਹ ਮਾਹਾ ਮਾਂਝ ਮਹਲਾ ੫ ਘਰ ੪
ਵੈਸਾਖਿ ਧੀਰਨਿ ਕਿਉ ਵਾਢੀਆ
ਜਿਨਾ ਪ੍ਰੇਮ ਬਿਛੋਹੁ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ
ਲਗੀ ਮਾਇਆ ਧੋਹੁ॥
ਪੁਤ੍ਰ ਕਲਤ੍ਰ ਨ ਸੰਗਿ ਧਨਾ
ਹਰਿ ਅਵਿਨਾਸੀ ਓਹੁ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥
ਇਕਸੁ ਹਰਿ ਕੇ ਨਾਮ ਬਿਨੁ
ਅਗੈ ਲਈਅਹਿ ਖੋਹਿ॥
ਦਯੁ ਵਿਸਾਰਿ ਵਿਗੁਚਣਾ ਪ੍ਰਭ
ਬਿਨੁ ਅਵਰੁ ਨ ਕੋਇ॥
ਪ੍ਰੀਤਮ ਚਰਣੀ ਜੋ ਲਗੇ
ਤਿਨ ਕੀ ਨਿਰਮਲ ਸੋਇ॥
ਨਾਨਕ ਕੀ ਪ੍ਰਭ ਬੇਨਤੀ
ਪ੍ਰਭ ਮਿਲਹੁ ਪਰਾਪਤਿ ਹੋਇ॥
ਵੈਸਾਖੁ ਸੁਹਾਵਾ ਤਾ ਲਗੈ ਜਾ
ਸੰਤੁ ਭੇਟੈ ਹਰਿ ਸੋਇ॥
(ਅੰਗ 133-34)
ਪਦ ਅਰਥ : ਧੀਰਨਿ ਕਿਉ-ਧੀਰਜ ਕਿਵੇਂ ਆ ਸਕਦਾ ਹੈ। ਵਾਢੀਆ-ਪ੍ਰਭੂ ਤੋਂ ਵਿਛੜੀਆਂ ਹੋਈਆਂ। ਬਿਛੋਹੁ-ਵਿਛੋੜਾ। ਪ੍ਰੇਮ ਬਿਛੋਹੁ-ਪ੍ਰਭੂ ਪ੍ਰੇਮ ਨਾਲੋਂ ਵਿਛੜੀਆਂ ਹੋਈਆਂ ਨੂੰ। ਮਾਇਆ ਧੋਹੁ-ਮਨਮੋਹਣੀ ਮਾਇਆ। ਕਲਤ੍ਰ-ਇਸਤਰੀ। ਧਨਾ-ਧਨ ਦੌਲਤ। ਨ ਸੰਗਿ-ਨਾਲ ਨਹੀਂ ਨਿਭਦੇ। ਪਲਚਿ ਪਲਚਿ-ਖਪ ਖਪ ਕੇ। ਸਗਲੀ ਮੁਈ-ਸਾਰੀ ਲੋਕਾਈ ਮਰ ਰਹੀ ਹੈ। ਝੂਠੈ ਧੰਧੈ ਮੋਹੁ-ਇਨ੍ਹਾਂ ਝੂਠੇ ਧੰਦਿਆਂ ਦੇ ਮੋਹ ਵਿਚ। ਅਗੈ-ਅਗੈ ਪ੍ਰਭੂ ਦੇ ਦਰਬਾਰ ਵਿਚ। ਲਈਅਹਿ ਖੋਹਿ-ਖੋਹ ਲਏ ਜਾਂਦੇ ਹਨ, ਅਞਾਈਂ ਜਾਂਦੇ ਹਨ। ਦਯੁ-ਪਰਮੇਸ਼ਰ। ਵਿਗੁਚਣਾ-ਖੁਆਰ ਹੀ ਹੁੰਦਾ ਹੈ। ਅਵਰੁ-ਹੋਰ। ਨਿਰਮਲ-ਪਵਿੱਤਰ, ਸੋਭਾ ਹੁੰਦੀ ਹੈ। ਮਿਲਹੁ-ਦਰਸ਼ਨ ਦਿਓ। ਪਰਾਪਤਿ ਹੋਇ-ਪ੍ਰਤੱਖ ਰੂਪ ਵਿਚ। ਸਹਾਵਾ-ਸੁਹਾਵਣਾ, ਸੋਹਣਾ ਲਗਦਾ ਹੈ। ਭੇਟੈ-ਮਿਲਾ ਦੇਣ। ਸੋਇ-ਉਸ ਨੂੰ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹ ਮਾਹਾਂ ਅੰਕਿਤ ਹਨ। ਇਕ ਰਾਗੁ ਤੁਖਾਰੀ ਵਿਚ ਗੁਰੂ ਨਾਨਕ ਜੀ ਦਾ ਉਚਾਰਿਆ ਹੋਇਆ ਅਤੇ ਦੂਜਾ ਬਾਰਹਮਾਹਾ ਰਾਗੁ ਮਾਝ ਵਿਚ ਗੁਰੂ ਅਰਜਨ ਦੇਵ ਜੀ ਦਾ। ਇਨ੍ਹਾਂ ਦੋਵਾਂ ਬਾਰਹਮਾਹਾਂ ਵਿਚ ਚੇਤ ਮਹੀਨੇ ਤੋਂ ਲੈ ਕੇ ਫੱਗਣ ਦੇ ਮਹੀਨੇ ਤੱਕ ਬਿਕਰਮੀ ਮਹੀਨਿਆਂ ਦੀਆਂ ਬਦਲਦੀਆਂ ਕੁਦਰਤੀ ਰੁੱਤਾਂ ਨੂੰ ਪਿਛੋਕੜ ਵਿਚ ਰੱਖ ਕੇ ਪ੍ਰਭੂ ਨਾਲੋਂ ਵਿਛੜੀ ਹੋਈ ਜੀਵ-ਇਸਤਰੀ ਦੀ ਬਿਹਬਲਤਾ ਨੂੰ ਦਰਸਾਇਆ ਗਿਆ ਹੈ। ਰਾਗੁ ਮਾਂਝ ਬਾਰਹ ਮਾਹਾ ਦੇ ਕੁੱਲ 14 ਸ਼ਬਦ ਹਨ, ਜਿਸ ਵਿਚ ਪਹਿਲਾ ਸ਼ਬਦ ਮੰਗਲਾਚਰਣ ਵਜੋਂ ਉਚਾਰਿਆ ਗਿਆ ਹੈ। 14ਵੇਂ ਸ਼ਬਦ ਵਿਚ ਇਸ ਗੱਲ ਦਾ ਨਿਸਤਾਰਾ ਕੀਤਾ ਗਿਆ ਹੈ ਕਿ ਜਿਨ੍ਹਾਂ-ਜਿਨ੍ਹਾਂ ਨੇ ਮਾਲਕ ਪ੍ਰਭੂ ਨੂੰ ਸਿਮਰਿਆ ਹੈ, ਉਹ ਸੁਰਖਰੂ ਹੋ ਕੇ ਸੱਚੇ ਦੇ ਦਰਬਾਰ ਵਿਚ ਜਾਂਦੇ ਹਨ-
ਜਿਨਿ ਜਿਨਿ ਨਾਮੁ ਧਿਆਇਆ
ਤਿਨ ਕੇ ਕਾਜ ਸਰੇ॥
ਹਰਿ ਗੁਰੂ ਪੂਰਾ ਆਰਾਧਿਆ
ਦਰਗਹ ਸਚਿ ਖਰੇ॥ (ਅੰਗ 136)
ਇਸੇ ਵਿਚਾਰ ਨੂੰ ਗੁਰੂ ਨਾਨਕ ਦੇਵ ਜੀ ਨੇ 'ਜਪਿ' ਜੀ ਦੇ ਅੰਤਲੇ ਸਲੋਕ ਵਿਚ ਪ੍ਰਗਟ ਕੀਤਾ ਹੈ-
ਜਿਨੀ ਨਾਮੁ ਧਿਆਇਆ ਗਏ
ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲਿ॥
(ਅੰਗ 8)
14ਵੇਂ ਸ਼ਬਦ ਦੇ ਅੰਤ ਵਿਚ ਪ੍ਰਚਲਤ ਭਰਮ-ਭੁਲੇਖਿਆਂ, ਧਾਰਮਿਕ ਕਰਮ ਕਾਂਡਾਂ ਤੋਂ ਸੁਚੇਤ ਕਰਕੇ ਪ੍ਰਾਣੀ ਨੂੰ ਨਵੀਂ ਸੇਧ ਬਖਸ਼ੀ ਹੈ ਕਿ ਸਾਰੇ ਦਿਨ-ਦਿਹਾੜੇ, ਮਹੀਨੇ, ਮਹੂਰਤ ਆਦਿ ਸ਼ੁੱਭ-ਸੁਲੱਖਣੇ ਹਨ। ਇਨ੍ਹਾਂ ਵਿਚ ਪੈ ਕੇ ਕਿਸੇ ਤਰ੍ਹਾਂ ਦਾ ਵਹਿਮ-ਭਰਮ ਨਹੀਂ ਕਰਨਾ ਚਾਹੀਦਾ। ਮਾਲਕ ਪ੍ਰਭੂ ਅੱਗੇ ਮਿਹਰ ਰੱਖਣ ਬਾਰੇ ਹਰ ਵੇਲੇ ਇਹੋ ਅਰਦਾਸ ਕਰਨੀ ਚਾਹੀਦੀ ਹੈ-
ਮਾਹ ਦਿਵਸ ਮੂਰਤ ਭਲੇ
ਜਿਸ ਕਉ ਨਦਰਿ ਕਰੇ॥
ਨਾਨਕ ਮੰਗੈ ਦਰਸ ਦਾਨ
ਕਿਰਪਾ ਕਰਹੁ ਹਰੇ॥ (ਅੰਗ 136)
ਰਾਗੁ ਤੁਖਾਰੀ ਬਾਰਹ ਮਾਹਾ ਦੇ 17 ਸ਼ਬਦ ਹਨ। ਇਸ ਦੇ ਅੰਤਲੇ ਸ਼ਬਦ (17ਵੇਂ) ਵਿਚ ਵੀ ਜਗਤ ਗੁਰੂ ਬਾਬੇ ਨੇ ਇਹੋ ਪ੍ਰੇਰਨਾ ਕੀਤੀ ਹੈ ਕਿ ਜਿਸ ਜੀਵ-ਇਸਤਰੀ ਦੇ ਹਿਰਦੇ ਘਰ ਵਿਚ ਸੱਚੇ-ਸੁੱਚੇ ਮਾਲਕ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ, ਉਸ ਨੂੰ ਬਾਰਾਂ ਮਹੀਨੇ, ਸਾਰੀਆਂ ਰੁੱਤਾਂ, ਥਿੱਤ, ਦਿਨ-ਦਿਹਾੜੇ, ਸਾਰੇ ਮਹੂਰਤ ਅਤੇ ਪਲ ਸਭ ਭਲੇ (ਚੰਗੇ) ਜਾਪਦੇ ਹਨ-
ਬੇ ਦਸ ਮਹਾ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਾਲ ਸਚੇ ਆਏ ਸਹਿਜ ਮਿਲੇ॥
(ਅੰਗ 1109)
ਬੇ ਦਸ-ਦੋ ਅਤੇ ਦਸ ਭਾਵ ਬਾਰਾਂ।
ਰਾਗੁ ਤੁਖਾਰੀ ਬਾਰਹ ਮਾਹਾ ਵਿਚ ਵੈਸਾਖ ਮਹੀਨੇ ਦਾ ਪਾਠ ਇਸ ਪ੍ਰਕਾਰ ਹੈ-
ਵੈਸਾਖੁ ਭਲਾ ਸਾਖਾ ਵੇਸ ਕਰੇ।
ਧਨ ਦੇਖੈ ਹਰਿ ਦੁਆਰਿ
ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ,
ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ
ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ
ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀ ਪ੍ਰਭੁ ਪਾਵੈ
ਸੁਰਤਿ ਸਬਦਿ ਮਨੁ ਮਾਨਾ॥
(ਅੰਗ 1108)
ਸਾਖ-(ਨਵੀਆਂ ਫੁੱਟੀਆਂ) ਟਾਹਣੀਆਂ। ਵੇਸ ਕਰੇ-ਸੋਹਣੇ ਕੱਪੜੇ ਪਾਏ ਹੋਏ ਹਨ, ਨਰਮ-ਨਰਮ ਕੂਲੇ ਪੱਤੇ ਨਿਕਲੇ ਹੋਏ ਹਨ। ਧਨ-ਇਸਤਰੀ। ਦੁਆਰਿ-ਬੂਹੇ 'ਤੇ। ਦੁਤਰ-ਜਿਸ ਤੋਂ ਤਰ ਕੇ ਪਾਰ ਲੰਘਣਾ ਔਖਾ ਹੈ। ਅਢ-ਅੱਧੀ ਕੌਡੀ। ਮੋਲੋ-ਮੁਲ। ਤੁਧ ਭਾਵਾਂ-ਤੈਨੂੰ ਚੰਗੀ ਲੱਗਾਂ। ਢੋਲੋ-ਢੋਲੇ ਦਾ, ਪਤੀ ਦਾ।
ਜਗਤ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਵਿਸਾਖ ਦਾ ਮਹੀਨਾ ਤਾਂ ਹੀ ਸੁਹਾਵਣਾ ਹੈ ਜੇਕਰ ਅਜਿਹੇ ਸੋਹਜ ਸ਼ਿੰਗਾਰ ਵਾਲੀ ਬਨਸਪਤੀ ਵਿਚ ਜੀਵ ਇਸਤਰੀ ਦੀ ਸੁਰਤ ਸ਼ਬਦ ਵਿਚ ਜੁੜ ਕੇ ਪਤੀਜ ਜਾਵੇ, ਜਿਸ ਨਾਲ ਫਿਰ ਪ੍ਰਭੂ ਪਤੀ ਚੰਗਾ ਲੱਗਣ ਲੱਗ ਪੈਂਦਾ ਹੈ।
ਭਾਵੇਂ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਵੈਸਾਖੀ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਮਨਾਈ ਜਾਂਦੀ ਹੈ ਪਰ ਆਰਥਿਕ ਪੱਖ ਤੋਂ ਕਿਸਾਨ ਦੀ ਕੀਤੀ ਘਾਲ ਕਮਾਈ ਵੈਸਾਖ ਦੇ ਮਹੀਨੇ ਵਿਚ ਸਿਰੇ ਚੜ੍ਹਦੀ ਹੈ, ਜਦੋਂ ਮਿੱਟੀ 'ਚੋਂ ਕਣਕ ਦੇ ਨਿਕਲੇ ਸਿੱਟੇ ਸੁਨਹਿਰੀ ਰੰਗ ਵਿਚ ਬਦਲ ਕੇ ਉਸ ਦੀ ਖੁਸ਼ਹਾਲੀ ਦਾ ਕਾਰਨ ਬਣਦੇ ਹਨ। ਤਾਂ ਫਿਰ ਉਸ ਲਈ ਵੈਸਾਖੀ ਤੋਂ ਚੰਗਾ ਮਹੀਨਾ ਹੋਰ ਕਿਹੜਾ ਹੋ ਸਕਦਾ ਹੈ? ਦੂਜੇ ਸਿੱਖ ਕੌਮ ਲਈ ਵੈਸਾਖ ਦਾ ਮਹੀਨਾ ਬੜਾ ਗੌਰਵਮਈ ਹੈ।
ਰਾਗੁ ਮਾਂਝ ਬਾਰਹ ਮਾਹਾ ਦੇ ਅੱਖਰੀਂ ਅਰਥ : ਵੈਸਾਖ ਦੇ ਮਹੀਨੇ ਵਿਚ ਬਨਸਪਤੀ ਵਿਚ ਖਿੜਾਓ ਆਉਣ ਦੇ ਬਾਵਜੂਦ ਅਜਿਹੀਆਂ ਜੀਵ-ਇਸਤਰੀਆਂ ਦੇ ਮਨਾਂ ਅੰਦਰ ਧੀਰਜ ਕਿਵੇਂ ਆ ਸਕਦਾ ਹੈ ਜੋ ਪ੍ਰਭੂ ਪਤੀ ਨਾਲੋਂ ਵਿਛੜੀਆਂ ਹੋਈਆਂ ਹਨ ਅਤੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਮੋਹਣੀ ਦੇ ਜੰਜਾਲ ਵਿਚ ਫਸੀਆਂ ਰਹਿੰਦੀਆਂ ਹਨ। ਇਹ ਮਾਇਆ-ਪੁੱਤਰ, ਇਸਤਰੀ ਜਾਂ ਧਨ-ਪ੍ਰਾਣੀ ਦੇ ਨਾਲ ਨਿਭਣ ਵਾਲੇ ਨਹੀਂ। ਕੇਵਲ ਪ੍ਰਭੂ ਦੇ ਨਾਮ ਨੇ ਹੀ ਅੰਤ ਵੇਲੇ ਸਹਾਈ ਹੋਣਾ ਹੈ। ਇਨ੍ਹਾਂ ਝੂਠਿਆਂ ਧੰਦਿਆਂ ਵਿਚ ਫਸ ਕੇ ਸਾਰੀ ਲੋਕਾਈ ਖਪ-ਖਪ ਕੇ ਮਰ ਰਹੀ ਹੈ। ਇਕ ਪ੍ਰਭੂ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਕਰੀਦੇ ਹਨ, ਉਹ ਸਭ ਬੇਅਰਥ ਜਾਂਦੇ ਹਨ ਭਾਵ ਦਰਗਾਹੇ ਉਨ੍ਹਾਂ ਦਾ ਕੋਈ ਮੁੱਲ ਨਹੀਂ ਪੈਂਦਾ। ਪ੍ਰਭੂ ਨੂੰ ਵਿਸਾਰ ਕੇ ਜੀਵ ਖੁਆਰ ਹੀ ਹੁੰਦਾ ਹੈ, ਕਿਉਂਕਿ ਅੰਤ ਵੇਲੇ ਇਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੋਵੇਗਾ। ਜੋ ਉਸ ਮਾਲਕ ਦਾ ਓਟ ਆਸਰਾ ਲੈਂਦੇ ਹਨ ਅਰਥਾਤ ਇਕ ਪ੍ਰਭੂ 'ਤੇ ਹੀ ਭਰੋਸਾ ਰੱਖਦੇ ਹਨ, ਉਨ੍ਹਾਂ ਦੀ ਲੋਕ ਪ੍ਰਲੋਕ ਵਿਚ ਸੋਭਾ ਹੁੰਦੀ ਹੈ।
ਪੰਚਮ ਗੁਰਦੇਵ ਪ੍ਰਭੂ ਅੱਗੇ ਅਰਜੋਈ ਕਰ ਰਹੇ ਹਨ ਕਿ ਪ੍ਰਭੂ, ਮੈਨੂੰ ਪ੍ਰਗਟ ਹੋ ਕੇ ਮਿਲੋ ਭਾਵ ਮੈਨੂੰ ਖੁੱਲ੍ਹੇ ਦਰਸ਼ਨ ਦਿਓ।
ਅੰਤ ਵਿਚ ਆਪ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਰੁੱਤ ਬਦਲਣ ਨਾਲ ਭਾਵੇਂ ਸਾਰੀ ਬਨਸਪਤੀ ਸੁਹਾਵਣੀ ਹੋ ਜਾਂਦੀ ਹੈ ਪਰ ਜੀਵ ਨੂੰ ਵੈਸਾਖ ਦਾ ਮਹੀਨਾ ਤਾਂ ਹੀ ਸ਼ੋਭਨੀਕ ਹੈ, ਜੇਕਰ ਹਰੀ ਸੰਤ ਜਨਾਂ ਅਰਥਾਤ ਭਲੇ ਪੁਰਖ ਦੀ ਸੰਗਤ ਨਸੀਬ ਹੋਵੇ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਗਿਆਨ ਬਾਹਰ ਨਹੀਂ, ਤੁਹਾਡੇ ਅੰਦਰ ਹੈ

ਮਨੁੱਖ ਜੋ ਕੁਝ ਵੀ ਸਿੱਖਦਾ ਹੈ, ਉਹ ਕਿਸੇ ਖੋਜ ਜਾਂ ਕਾਢ ਦੇ ਸਮਾਨ ਹੈ। ਵਿਗਿਆਨੀਆਂ ਨੇ ਜਿੰਨੀਆਂ ਵੀ ਖੋਜਾਂ ਕੀਤੀਆਂ ਜਾਂ ਕਾਢਾਂ ਕੱਢੀਆਂ, ਉਸ ਲਈ ਉਨ੍ਹਾਂ ਨੇ ਉਸ ਗਿਆਨ ਦੀ ਵਰਤੋਂ ਕੀਤੀ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਗਿਆਨ ਬਾਹਰ ਤੋਂ ਨਹੀਂ ਆਉਂਦਾ, ਇਹ ਤਾਂ ਮਨੁੱਖ ਦੇ ਅੰਦਰ ਹੀ ਮੌਜੂਦ ਹੁੰਦਾ ਹੈ। ਜਦ ਅਸੀਂ ਕਹਿੰਦੇ ਹਾਂ ਕਿ ਮਨੁੱਖ ਜਾਣਦਾ ਹੈ ਤਾਂ ਉਸ ਨੂੰ ਜੇ ਅਸੀਂ ਮਨੋਵਿਗਿਆਨਕ ਭਾਸ਼ਾ ਵਿਚ ਕਹੀਏ ਤਾਂ ਇਹ ਖੋਜ ਜਾਂ ਕਾਢ ਹੈ। ਕਾਢ ਜਾਂ ਅਵਿਸ਼ਕਾਰ ਦਾ ਅਰਥ ਹੈ ਕਿ ਮਨੁੱਖ ਆਪਣੀ ਗਿਆਨ ਸਰੂਪ ਆਤਮਾ ਉੱਪਰੋਂ ਪਰਦੇ ਨੂੰ ਹਟਾਉਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਨਿਊਟਨ ਨੇ ਖੋਜ ਕੀਤੀ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਹ ਖੋਜ ਨਿਊਟਨ ਦਾ ਇੰਤਜ਼ਾਰ ਕਰ ਰਹੀ ਸੀ। ਅਜਿਹਾ ਨਹੀਂ, ਖੋਜ ਦਾ ਵਿਚਾਰ ਤਾਂ ਨਿਊਟਨ ਦੇ ਅੰਦਰ ਹੀ ਸੀ। ਸੰਸਾਰ ਨੂੰ ਜੋ ਵੀ ਗਿਆਨ-ਲਾਭ ਪ੍ਰਾਪਤ ਹੋਇਆ ਹੈ, ਉਹ ਮਨ ਤੋਂ ਹੀ ਨਿਕਲਿਆ ਹੈ, ਬਾਹਰੋਂ ਨਹੀਂ ਆਇਆ। ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਤਾਂ ਤੁਹਾਡੇ ਅੰਦਰ ਹੈ। ਬਾਹਰੀ ਜਗਤ ਤਾਂ ਤੁਹਾਡੇ ਅੰਦਰ ਦੇ ਗਿਆਨ ਲਈ ਪ੍ਰੇਰਕ ਮਾਤਰ ਹਨ। ਹਰ ਸਮੇਂ ਤੁਹਾਡੇ ਅਧਿਐਨ ਦਾ ਵਿਸ਼ਾ ਤੁਹਾਡਾ ਮਨ ਹੀ ਹੈ। ਸੇਬ ਦਾ ਡਿਗਣਾ ਤਾਂ ਨਿਊਟਨ ਲਈ ਇਕ ਕਾਰਨ ਮਾਤਰ ਸੀ। ਉਸ ਨੇ ਆਪਣੇ ਮਨ ਅੰਦਰ ਗਿਆਨ ਦੀਆਂ ਕੜੀਆਂ ਨੂੰ ਜੋੜ ਕੇ ਗੁਰੂਤਾ ਦੇ ਨਿਯਮ ਦੀ ਵਿਆਖਿਆ ਕੀਤੀ। ਇਸ ਲਈ ਸਾਰਾ ਗਿਆਨ, ਭਾਵੇਂ ਉਹ ਵਿਵਹਾਰਕ ਹੋਵੇ ਜਾਂ ਰਵਾਇਤੀ, ਮਨੁੱਖ ਦੇ ਮਨ ਅੰਦਰ ਹੀ ਮੌਜੂਦ ਹੁੰਦਾ ਹੈ। ਜਿੰਨਾ ਉਸ ਤੋਂ ਪਰਦਾ ਉੱਠਦਾ ਹੈ, ਗਿਆਨ ਵਿਚ ਵਾਧਾ ਹੁੰਦਾ ਜਾਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਪਰਮ ਪਾਰਸ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ

ਸਤਿਗੁਰੂ ਰਵਿਦਾਸ ਜੀ ਮੱਧਕਾਲੀਨ ਭਗਤੀ ਯੁੱਗ ਦੇ ਉਹ ਮਹਾਨ ਕ੍ਰਾਂਤੀਕਾਰੀ ਮਹਾਂਪੁਰਖ ਹੋਏ ਹਨ, ਜਿਹੜੇ ਸਮਾਜਿਕ ਬਰਾਬਰੀ, ਨਿਆਂ ਤੇ ਸੱਚ ਦੇ ਪ੍ਰਤੀਕ ਵਜੋਂ ਸਦੈਵ ਕਾਲ ਲਈ ਜਾਣੇ ਜਾਂਦੇ ਰਹਿਣਗੇ। ਉਨ੍ਹਾਂ ਮਨੁੱਖੀ ਹੱਕ-ਹਕੂਕ ਦੀ ਰਾਖੀ ਲਈ ਪ੍ਰਚੰਡ ਆਵਾਜ਼ ਬੁਲੰਦ ਕੀਤੀ। ਵਿਚਾਰ ਗੋਚਰੀ ਪੁਸਤਕ ਉਨ੍ਹਾਂ ਦੇ ਮਹਾਨ ਜੀਵਨ/ਦੇਣ ਤੇ ਸਿੱਖਿਆਵਾਂ ਨੂੰ ਪਾਠਕਾਂ ਦੇ ਸਨਮੁਖ ਕਰਦੀ ਹੈ। ਲੇਖਕ ਨੇ ਇਸ ਮੰਤਵ ਲਈ ਬੜੀ ਮਿਹਨਤ ਕੀਤੀ ਹੈ। ਪੁਸਤਕ ਨੂੰ 17 ਭਾਗਾਂ ਵਿਚ ਵੰਡਿਆ ਗਿਆ ਹੈ। ਪ੍ਰਥਮ ਲੇਖ ਹੈ-'ਸੱਚ ਦਾ ਉਪਦੇਸ਼'। 'ਪਰਮ ਪਾਰਸ-ਸਤਿਗੁਰੂ ਰਵਿਦਾਸ ਜੀ ਮਹਾਰਾਜ' ਪੁਸਤਕ ਦਾ ਅਹਿਮ ਲੇਖ ਹੈ। ਵਿਸ਼ਵ ਨੂੰ ਆਪ ਜੀ ਨੇ ਨਾਮ ਜਪਣ ਦਾ ਰੱਬੀ ਸੰਦੇਸ਼ ਦਿੱਤਾ। ਕਿਰਤ ਦਾ ਉਪਦੇਸ਼ ਹੀ ਨਹੀਂ ਦਿੱਤਾ, ਖੁਦ ਹੱਥੀਂ ਕਿਰਤ ਕੀਤੀ। 'ਸਤਿਸੰਗਤ ਦਾ ਮਹੱਤਵ' ਲੇਖ ਰਾਹੀਂ ਸਾਧ ਸੰਗਤ ਦੀ ਮਹਾਨਤਾ ਨੂੰ ਉਜਾਗਰ ਕੀਤਾ ਗਿਆ ਹੈ। 'ਪਾਰਸ ਗੁਰੂ ਦੀ ਅੱਜ ਲੋੜ', 'ਸੰਤਾਂ ਦੇ ਬਚਨਾਂ ਵਿਚ ਰਹੱਸ ਹੁੰਦਾ ਹੈ', 'ਧਰਮ', 'ਧਰਮ ਤੇ ਰਵਿਦਾਸੀਆ ਧਰਮ', 'ਜੈ ਗੁਰਦੇਵ-ਧੰਨ ਗੁਰਦੇਵ', 'ਆਤਮਾ ਅਤੇ ਪਰਮਾਤਮਾ', 'ਸਤਿਗੁਰ ਰਵਿਦਾਸ ਜੀ ਦੀ ਸਮਾਜ ਨੂੰ ਦੇਣ', 'ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ', 'ਸਤਿਗੁਰ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਤੇ ਮੰਦਿਰ', 'ਸਵਰਗ ਤੇ ਨਰਕ', 'ਆਰਤੀ ਦਾ ਮਹੱਤਵ' ਪੁਸਤਕ ਦੇ ਬਾਕੀ ਅਧਿਆਇ ਹਨ, ਜਿਨ੍ਹਾਂ ਵਿਚ ਵਡਮੁੱਲੀ ਜਾਣਕਾਰੀ ਹੈ। 'ਹਰਿ ਬਾਰੇ ਜਾਣਕਾਰੀ ਅਤੇ ਹਰਿ ਦਾ ਮਹੱਤਵ' ਮਹੱਤਵਪੂਰਨ ਲੇਖ ਹੈ। ਲੇਖਕ ਲਿਖਦਾ ਹੈ-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਨੂੰ 36 ਨਾਵਾਂ ਨਾਲ ਪੁਕਾਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚ 8344 ਵਾਰ ਪਰਮਾਤਮਾ ਦੇ ਨਾਂਅ ਨੂੰ 'ਹਰਿ' ਵਜੋਂ ਪ੍ਰਯੋਗ ਕੀਤਾ ਗਿਆ ਹੈ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ॥
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ॥ (ਸੁਖਮਨੀ ਸਾਹਿਬ)
ਗੁਰੂ ਰਵਿਦਾਸ ਜੀ ਵੱਲੋਂ ਉਚਾਰਨ 5 ਆਰਤੀਆਂ ਵੀ ਦਰਜ ਹਨ। ਪੁਸਤਕ ਦੇ ਲੇਖਕ ਬਾਰੇ ਜਾਣਕਾਰੀ ਵੀ ਦਰਜ ਹੈ। ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਦੀ ਰੰਗੀਨ ਤਸਵੀਰ ਸਮੇਤ 17 ਰੰਗੀਨ ਤਸਵੀਰਾਂ ਅਤੇ ਤਤਕਾਲੀ ਰਾਸ਼ਟਰਪਤੀ ਵੈਂਕਟਾਰਮਨ ਸਮੇਤ ਤਿੰਨ ਸੰਦੇਸ਼ ਅੰਤ ਵਿਚ ਦਰਜ ਹਨ। ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣਾਂ ਤੇ ਇਕ ਸੱਚੀ ਸਾਖੀ ਵਾਲੀ ਇਹ ਪੁਸਤਕ 'ਕੁੱਜੇ ਵਿਚ ਸਮੁੰਦਰ' ਵਾਂਗ ਹੈ।

ਲੇਖਕ : ਜੋਗਿੰਦਰ 'ਬੇਗਮ' ਮੰਡ (ਐੱਮ. ਏ.)
ਪ੍ਰਕਾਸ਼ਕ : ਲੇਖਕ ਆਪ, ਪੰਨੇ : 92, ਕੀਮਤ : 120 ਰੁਪਏ
ਸੰਪਰਕ : 98720-89408


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਜਨਮ ਦਿਨ 'ਤੇ ਵਿਸ਼ੇਸ਼

ਕਵੀ ਅਤੇ ਸ਼੍ਰੋਮਣੀ ਭਗਤ ਧੰਨਾ ਜੱਟ

ਸ਼੍ਰੋਮਣੀ ਭਗਤ ਧੰਨਾ ਜੱਟ ਰਾਜਸਥਾਨ ਟਾਂਕ ਇਲਾਕੇ ਦੇ ਧੂਆਨ ਪਿੰਡ ਵਿਖੇ 1415 ਈ: ਨੂੰ ਜੱਟ ਵੰਸ਼ ਵਿਚ ਪੈਦਾ ਹੋਏ। ਉਹ ਆਪਣੇ ਸਮੇਂ ਦੇ ਪ੍ਰਸਿੱਧ ਕਵੀ, ਸਮਾਜ ਸੇਵੀ, ਸਮਾਜ ਸੁਧਾਰਕ ਅਤੇ ਕਈ ਭਾਸ਼ਾਵਾਂ ਦੇ ਗਿਆਤਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ ਚਾਰ ਸ਼ਬਦ ਅੰਕਿਤ ਹਨ। ਇਨ੍ਹਾਂ ਸ਼ਬਦਾਂ ਵਿਚ ਉਨ੍ਹਾਂ ਨੇ ਇਨਸਾਨੀ ਕਦਰਾਂ-ਕੀਮਤਾਂ ਦੇ ਮੱਦੇਨਜ਼ਰ ਬਹੁਤ ਹੀ ਖੂਬਸੂਰਤ ਤੇ ਪ੍ਰਭਾਵਸ਼ਾਲੀ ਅਲੰਕਾਰ, ਪ੍ਰਤੀਕ ਅਤੇ ਬਿੰਬ (ਤਸ਼ਬੀਹਾਂ) ਦਾ ਇਸਤੇਮਾਲ ਕੀਤਾ ਹੈ।
ਸ਼੍ਰੋਮਣੀ ਭਗਤ ਧੰਨਾ ਜੀ ਜ਼ਿਮੀਂਦਾਰ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਸੀ। ਉਹ ਆਪਣੇ ਘਰ ਦਾ ਗੁਜ਼ਾਰਾ ਖੇਤੀਬਾੜੀ ਦੀ ਆਮਦਨ ਤੋਂ ਕਰਦੇ ਸਨ। ਬਚਪਨ ਤੋਂ ਹੀ ਉਹ ਦਿਆਲੂ, ਸੱਚ ਦੇ ਪੁਜਾਰੀ, ਇਮਾਨਦਾਰੀ ਦੇ ਪੰਚ, ਸਿੱਧੇ-ਸਾਦੇ ਅਤੇ ਸਰਲ ਸੁਭਾਅ ਦੇ ਮਾਲਕ ਸਨ। ਉਹ ਇਕ ਜਾਣਕਾਰ ਸ਼ਖ਼ਸੀਅਤ, ਭਗਤ ਤ੍ਰਿਲੋਚਨ, ਜੋ ਸਾਲਗਰਾਮ ਠਾਕੁਰ ਦੀ ਪੂਜਾ ਕਰਦੇ ਸਨ, ਉਨ੍ਹਾਂ ਦੇ ਸੰਪਰਕ ਵਿਚ ਆਏ ਤਾਂ ਭਗਤ ਧੰਨਾ ਜੀ ਨੇ ਤ੍ਰਿਲੋਚਨ ਜੀ ਨੂੰ ਕਿਹਾ ਕਿ ਉਹ ਵੀ ਠਾਕਰ ਦੀ ਪੂਜਾ ਕਰਨਾ ਚਾਹੁੰਦੇ ਹਨ। ਭਗਤ ਤ੍ਰਿਲੋਚਨ ਨੇ ਪੱਥਰ ਰੂਪੀ ਠਾਕੁਰ ਦੇਣ ਦੇ ਬਦਲੇ ਇਕ ਗਊ ਦੀ ਮੰਗ ਕੀਤੀ। ਉਨ੍ਹਾਂ ਨੇ ਤ੍ਰਿਲੋਚਨ ਨੂੰ ਗਾਂ ਦੇ ਦਿੱਤੀ ਅਤੇ ਪੱਥਰ ਰੂਪੀ ਠਾਕੁਰ ਲੈ ਗਏ। ਭਗਤ ਧੰਨਾ ਜੱਟ ਭੋਲੇ-ਭਾਲੇ ਅਤੇ ਸੱਚੇ ਇਨਸਾਨ ਸਨ। ਭਗਤ ਧੰਨਾ ਜੱਟ ਨੇ ਇਕਾਗਰਚਿੱਤ ਹੋ ਕੇ ਭਗਤੀ ਕੀਤੀ। ਉਨ੍ਹਾਂ ਵਿਚ ਮਾਨਵਤਾ ਰੂਪੀ ਜੋਤ ਜਗ ਚੁੱਕੀ ਸੀ, ਜਿਸ ਨਾਲ ਸੱਚਖੰਡ ਦੇ ਦਰਵਾਜ਼ੇ ਖੁੱਲ੍ਹਦੇ ਗਏ। ਇਹ ਵੀ ਪ੍ਰਸੰਗ ਆਉਂਦਾ ਹੈ ਕਿ ਲੱਸੀ ਅਤੇ ਰੋਟੀ ਦਾ ਭੋਗ ਲਗਾ ਕੇ ਪ੍ਰਭੂ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਆਪਣੇ ਮਨ-ਮੰਦਿਰ 'ਚੋਂ ਇਕ ਅਲੌਕਿਕ ਸ਼ਕਤੀ ਦੇ ਦਰਸ਼ਨ ਹੋਏ, ਜਿਸ ਨਾਲ ਉਨ੍ਹਾਂ 'ਤੇ ਭਗਤੀ ਦਾ ਭਾਵ ਗੂੜ੍ਹਾ ਰੰਗ ਚੜ੍ਹ ਗਿਆ।
ਉਹ ਤਨ, ਮਨ, ਰੂਹ ਤੋਂ ਸ਼ੁੱਧ ਅਤੇ ਬਾਹਰੀ ਵਿਕਾਰਾਂ ਤੋਂ ਮੁਕਤ ਹੋ ਚੁੱਕੇ ਸਨ। ਉਹ ਲੋਕਾਂ ਦੀ ਸੇਵਾ ਵਿਚ ਜੁਟ ਗਏ ਅਤੇ ਇਲਾਕੇ ਵਿਚ ਭਗਤ ਧੰਨਾ ਜੱਟ ਦੇ ਭਗਤੀ-ਭਾਵ ਦੀ ਪ੍ਰਸੰਸਾ ਅਤੇ ਉਸਤਤ ਦੂਰ-ਦੂਰ ਤੱਕ ਹੋਣ ਲੱਗੀ। ਉਨ੍ਹਾਂ ਦੇ ਦਵਾਰ 'ਤੇ ਦੂਰ-ਦੂਰ ਤੋਂ ਬੁੱਧੀਜੀਵੀ, ਵਿਦਵਾਨ, ਸਾਧੂ-ਸੰਤ, ਮਹਾਤਮਾ ਧਰਮ ਚਰਚਾ ਲਈ ਆਉਣ ਲੱਗੇ। ਉਨ੍ਹਾਂ ਨੇ ਪ੍ਰਭੂ ਭਗਤੀ ਦੇ ਅਸ਼ੀਰਵਾਦ ਸਦਕਾ ਬਾਣੀ ਵੀ ਰਚੀ ਅਤੇ ਆਪਣੇ ਗਿਆਨ ਲੇਖਨ ਨੂੰ ਹੋਰ ਮਾਨਵਤਾਵਾਦੀ ਬਣਾਉਣ ਲਈ ਸਵਾਮੀ ਰਾਮਾਨੰਦ ਜੀ ਨੂੰ ਕਾਸ਼ੀ ਵਿਖੇ ਜਾ ਕੇ ਗੁਰੂ ਧਾਰ ਲਿਆ। ਰਾਮਾਨੰਦ ਤੋਂ ਕਈ ਸਾਲ ਸਿੱਖਿਆ ਲੈ ਕੇ ਬ੍ਰਹਮਗਿਆਨ ਨੂੰ ਪ੍ਰਾਪਤ ਹੋਏ। ਉਨ੍ਹਾਂ ਵੱਲੋਂ ਰਚਿਤ ਰਾਗਾਂ ਵਿਚ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਏਮਾਨ ਹਨ, ਜਿਨ੍ਹਾਂ ਦੀ ਬਦੌਲਤ ਉਹ ਸੰਸਾਰ ਵਿਚ ਅਮਰ ਹਨ।
ਸ਼੍ਰੋਮਣੀ ਭਗਤ ਧੰਨਾ ਜੱਟ ਦੀ ਬਾਣੀ ਵਿਚ ਸਿਮਰਨ, ਭਗਤੀ, ਸਾਦਾ ਜੀਵਨ, ਪ੍ਰਭੂ ਕਿਰਪਾ, ਮਨ, ਨਿਰੰਕਾਰ ਦੀ ਭਗਤੀ, ਸ਼ਰਧਾ ਆਦਿ ਤੱਤਾਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਦੇ ਚਾਰੇ ਸ਼ਬਦ 29 ਤੋਂ 32 ਮਾਤਰਾ ਦੀ ਬਹਿਰ ਵਿਚ ਸੰਪੂਰਨ ਹੁੰਦੇ ਹਨ।


-ਉਂਕਾਰ ਨਗਰ, ਗੁਰਦਾਸਪੁਰ।
ਮੋਬਾ: 98156-25409

ਇਤਿਹਾਸ 'ਤੇ ਇਕ ਝਾਤ

ਮਹਾਰਾਜਾ ਰਣਜੀਤ ਸਿੰਘ ਲਾਹੌਰ 'ਤੇ ਕਿਵੇਂ ਕਾਬਜ਼ ਹੋਏ?

(ਲੜੀ ਜੋੜਨ 4 ਅਪ੍ਰੈਲ ਦਾ ਅੰਕ ਦੇਖੋ)
ਕਰੀਬ ਪੂਰੀ ਸਦੀ ਲੰਬੀ ਜਦੋ-ਜਹਿਦ ਉਪਰੰਤ ਆਜ਼ਾਦੀ ਦੀ ਪ੍ਰਾਪਤੀ ਸਮੇਂ 1947 ਦੀ ਚੰਦਰੀ ਭਾਰਤ-ਪਾਕਿਸਤਾਨ ਵੰਡ ਦੇ ਨਾਲ ਹੀ ਘੁੱਗ ਵੱਸਦਾ ਪੰਜਾਬ ਤੇ ਪੰਜਾਬੀ ਚੜ੍ਹਦੇ, ਭਾਰਤੀ ਪੰਜਾਬ ਅਤੇ ਲਹਿੰਦੇ ਪਾਕਿਸਤਾਨੀ ਪੰਜਾਬ 'ਚ ਵੰਡ ਹੋ ਗਏ। ਸ਼ੇਰ-ਏ-ਪੰਜਾਬ ਦੇ ਸੁਫਨਿਆਂ ਦਾ ਪੰਜਾਬ ਦੋਫਾੜ ਹੋਣ ਦੇ ਨਾਲ-ਨਾਲ ਏਧਰਲੇ (ਪਾਕਿਸਤਾਨੀ) ਪੰਜਾਬ ਤੇ ਉਧਰਲੇ (ਭਾਰਤੀ) ਪੰਜਾਬ ਦੀਆਂ ਹਕੂਮਤੀ ਨੀਤੀਆਂ ਨੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹੋਰ ਬੌਣਾ (ਛੋਟਾ) ਕਰ ਛੱਡਿਆ-ਏ, ਏਧਰ ਸਾਡੇ ਲਹਿੰਦੇ ਪੰਜਾਬ 'ਚ ਸਿੱਖ ਮਹਾਰਾਜਾ ਰਣਜੀਤ ਸਿੰਘ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵੀ ਦੱਸਿਆ ਜਾਂ ਪੜ੍ਹਾਇਆ ਨਹੀਂ ਜਾ ਰਿਹਾ ਅਤੇ ਚੜ੍ਹਦੇ ਪੰਜਾਬ ਭਾਰਤ ਵਾਲੇ ਪਾਸੇ ਮਹਾਰਾਜਾ ਸਾਹਿਬ ਦੇ ਰਾਜ ਭਾਗ 'ਚ ਮੁਸਲਮਾਨਾਂ ਦੀ ਅਹਿਮ ਭੂਮਿਕਾ ਨੂੰ ਭੁਲਾਇਆ ਜਾ ਰਿਹਾ ਹੈ। ਇਹੋ ਹਾਲ ਸਾਡੀ ਸਭ ਦੀ ਸਾਂਝੀ ਮਾਂ-ਬੋਲੀ ਪੰਜਾਬੀ ਦਾ ਹੋਇਆ ਹੈ। ਇਹ ਵੀ ਸਾਡੇ ਪਾਸੇ ਲਿਖਣ 'ਚ ਸ਼ਾਹਮੁਖੀ ਤੇ ਭਾਰਤੀ ਪੰਜਾਬ ਅੰਦਰ ਗੁਰਮੁਖੀ 'ਚ ਵੰਡ ਹੋ ਗਈ।
ਮਹਾਰਾਜਾ ਸਾਹਿਬ ਨੇ ਕਰੀਬ 19 ਸਾਲ ਦੀ ਚੜ੍ਹਦੀ ਉਮਰੇ ਰਾਜ ਪ੍ਰਾਪਤੀ ਦੇ ਸ਼ੁਰੂ-ਸ਼ੁਰੂ ਵਿਚ ਜਿਸਮਾਨੀ ਤਾਕਤਵਾਰ ਫੌਜ ਅਤੇ ਯੁੱਧ ਕਲਾ ਦੀ ਤਕਨੀਕ ਨਾਲ ਗੁਜਰਾਂਵਾਲਾ ਤੱਕ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ। ਐਪਰ ਲਾਹੌਰ ਅਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਾਬਜ਼ ਹੋਣ ਤੋਂ ਬਿਨਾਂ ਸਮੁੱਚੇ ਪੰਜਾਬ 'ਚ ਸਿੱਖ ਫ਼ੌਜਾਂ ਦਾ ਰਾਜ ਕਾਇਮ ਕਰ ਸਕਣਾ ਅਸੰਭਵ ਸੀ ਤੇ ਇਸ ਲਾਹੌਰ ਨੂੰ ਕਬਜ਼ੇ 'ਚ ਲੈਣ ਬਾਅਦ ਹੀ ਸਿੱਖ ਫੌਜਾਂ ਹੋਰ ਅੱਗੇ ਵੱਧ ਸਕਦੀਆਂ ਸਨ, ਏਸ ਲਈ ਸਮੇਂ-ਸਮੇਂ ਵੱਡੇ-ਵੱਡੇ ਮੁਗ਼ਲ ਰਾਜਿਆਂ ਦੀ ਸਲਤਨਤ 'ਚ ਅਹਿਮ ਸਥਾਨ ਰੱਖਣ ਵਾਲੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਤੇ ਕਬਜ਼ਾ ਕਰਵਾਉਣ 'ਚ ਮੁਸਲਮਾਨਾਂ ਦਾ ਵੀ ਅਹਿਮ ਯੋਗਦਾਨ ਸੀ। ਲਾਹੌਰ ਕਬਜ਼ੇ ਹੇਠ ਆਉਣ ਨਾਲ ਸਿੱਖ ਫੌਜ ਦਾ ਰਾਜ ਹੋਰ ਮਜ਼ਬੂਤ ਹੋ ਜਾਣਾ ਸੀ।
ਉਸ ਵਕਤ ਲਾਹੌਰ ਉੱਤੇ ਤਿੰਨ ਤੇਜ਼ਤਰਾਰ ਸਿੱਖਾਂ ਲਹਿਣਾ ਸਿੰਘ, ਗੁਜਰ ਸਿੰਘ ਤੇ ਸੋਭਾ ਸਿੰਘ ਕਾਬਜ਼ ਸਨ। ਲੋਕ ਉਨ੍ਹਾਂ ਦੇ ਪ੍ਰਬੰਧ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਨੇ ਲਾਹੌਰ ਵਾਸੀਆਂ ਨੂੰ ਆਰਥਿਕ ਤੌਰ 'ਤੇ ਵੀ ਡਾਹਢਾ ਪ੍ਰੇਸ਼ਾਨ ਕਰ ਰੱਖਿਆ ਸੀ। ਉਹ ਭੋਲੀ-ਭਾਲੀ ਜਨਤਾ ਤੋਂ ਸ਼ਾਦੀ ਟੈਕਸ, ਚੁੱਲ੍ਹਾ ਟੈਕਸ, ਸ਼ਹਿਰ 'ਚ ਹਰੇਕ ਬੱਚਾ ਪੈਦਾ ਹੋਣ 'ਤੇ ਮਾਪਿਆਂ ਨੂੰ ਟੈਕਸ ਅਤੇ 500 ਰੁਪਏ ਤੋਂ ਵੱਧ ਵਿਕਰੀ ਹੋਣ 'ਤੇ ਵਪਾਰੀਆਂ ਨੂੰ ਟੈਕਸ ਆਦਿ ਸਮੇਤ ਹੋਰ ਛੋਟੇ-ਛੋਟੇ 17 ਤਰ੍ਹਾਂ ਦੇ ਟੈਕਸਾਂ ਦੀ ਉਗਰਾਹੀ ਕਰਦੇ ਸਨ, ਇਸ ਸਭ ਕਾਸੇ ਤੋਂ ਪ੍ਰੇਸ਼ਾਨ ਹੋਏ ਲੋਕ ਲਾਹੌਰ ਨੂੰ ਛੱਡ ਕੇ ਹੋਰਨੀ ਥਾਂ ਜਾਣ ਲੱਗ ਪਏ, ਤਾਂ ਉਨ੍ਹਾਂ ਨੇ ਲਾਹੌਰ ਸ਼ਹਿਰ ਦੇ ਮੁੱਖ 10 ਦਰਵਾਜ਼ੇ ਬੰਦ ਕਰਨ ਦਾ ਹੁਕਮ ਚਾੜ੍ਹ ਦਿੱਤਾ, ਕੇਵਲ ਦੋ ਦਿੱਲੀ ਦਰਵਾਜ਼ਾ ਤੇ ਲਾਹੌਰੀ ਦਰਵਾਜ਼ੇ ਹੀ ਖੁੱਲ੍ਹੇ ਰੱਖੇ। ਇਨ੍ਹਾਂ ਰਾਹੀਂ ਜਿਹੜਾ ਸ਼ਹਿਰ ਛੱਡ ਕੇ ਜਾਂਦਾ ਸੀ ਉਸ ਤੋਂ ਵੀ ਜਬਰੀ ਰਕਮ ਵਸੂਲੀ ਜਾਂਦੀ ਸੀ। ਉਸ ਸਮੇਂ ਲਾਹੌਰ ਸ਼ਹਿਰ 'ਚ ਜ਼ਿਆਦਾ ਵਸੋਂ ਮੁਸਲਮਾਨਾਂ ਦੀ ਹੀ ਸੀ। ਜੋ ਇਨ੍ਹਾਂ ਸਿੱਖ ਸਰਦਾਰਾਂ ਦੀ ਹਕੂਮਤ ਤੋਂ ਡਾਢੇ ਪ੍ਰੇਸ਼ਾਨ ਸਨ। ਲਾਹੌਰ ਸ਼ਹਿਰ ਵਾਸੀ ਮੁਸਲਮਾਨਾਂ ਸਮੇਤ ਹੋਰ ਵੱਸਦੇ ਮਜ਼੍ਹਬਾਂ ਦੇ ਲੋਕ ਵੀ ਉਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ।
ਲਾਹੌਰ ਦੇ ਮੁਸਲਮਾਨ ਹੀ ਨਹੀਂ, ਸਗੋਂ ਲਾਹੌਰ ਵਾਸੀ ਹੋਰ ਸਿੱਖ ਤੇ ਹਿੰਦੂ ਪਰਿਵਾਰ ਵੀ ਹਾਕਮ ਚੇਤ ਸਿੰਘ, ਲਹਿਣਾ ਸਿੰਘ ਅਤੇ ਮੋਹਰ ਸਿੰਘ ਦੀ ਜ਼ਾਲਮ ਹਕੂਮਤ ਤੋਂ ਖਫਾ ਸਨ। ਉਨ੍ਹਾਂ ਸਾਰਿਆਂ ਮੋਹਤਬਰਾਂ ਨੇ ਸਲਾਹ ਕਰਕੇ ਉਸ ਸਮੇਂ ਗੁਜਰਾਂਵਾਲਾ ਦੇ ਸ਼ਾਸ਼ਕ ਤੇ ਸ਼ੁਕਰਚੱਕੀਆ ਮਿਸਲ ਦੇ ਨੌਜਵਾਨ ਆਗੂ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਖ਼ਤ ਲਿਖਿਆ, ਜਿਸ ਉੱਤੇ ਮੀਆਂ ਮੁਹੰਮਦ ਆਸ਼ਿਕ, ਚੌਧਰੀ ਮੋਹਕਮਦੀਨ ਮੁਹੰਮਦ ਤਾਹਿਰ, ਮੁਫਤੀ ਮੁਹੰਮਦ, ਮੁਹੰਮਦ ਬਜੀਰ, ਮੁਕੱਰਮ ਮੀਰ ਸਾਦੀ, ਹਿੰਦੂ ਹਕੀਮ ਰਾਏ ਅਤੇ ਸਿੱਖ ਗੁਰਬਖ਼ਸ਼ ਸਿੰਘ ਆਦਿ ਨੇ ਦਸਤਖਤ ਕੀਤੇ ਅਤੇ ਬੜੀ ਸਿਆਣਪ ਨਾਲ ਮਹਾਰਾਜਾ ਤੱਕ ਗੁਪਤ ਰੂਪ 'ਚ ਪੁੱਜਦਾ ਕੀਤਾ। ਭੇਜੇ ਦਸਤੀ ਖ਼ਤ 'ਚ ਉਨ੍ਹਾਂ ਲਿਖਿਆ ਕਿ ਸਾਡੇ ਲਾਹੌਰ ਦੇ ਮੌਜੂਦਾ ਹਾਕਮ ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਬ ਸਿੰਘ ਅਯਾਸ਼ ਨੇ, ਉਹ ਬੜਾ ਜ਼ੁਲਮ ਕਰਦੇ ਨੇ ਅਤੇ ਇਨ੍ਹਾਂ ਦੀ ਹਕੂਮਤ ਤੋਂ ਸਾਰੇ ਦੁਖੀ ਹੋਏ ਪਏ ਨੇ। ਗੁਪਤ ਸੂਚਨਾ ਦਿੰਦਿਆਂ ਉਨ੍ਹਾਂ ਲਿਖਿਆ ਕਿ ਇਨ੍ਹਾਂ ਕੋਲ ਕੋਈ ਬਹੁਤੀ ਤੇਜ਼-ਤਰਾਰ ਤੇ ਜੰਗੀ ਫੌਜ ਨਾ-ਮਾਤਰ ਹੀ ਏ। ਜੇਕਰ ਤੁਸੀਂ ਹਿੰਮਤ ਕਰੋ ਤਾਂ ਸਹਿਜੇ ਹੀ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਾਬਜ਼ ਹੋ ਸਕਦੇ ਹੋ।
ਇਨ੍ਹਾਂ ਲਾਹੌਰ ਵਾਸੀਆਂ ਨੇ ਇਸ ਤਰ੍ਹਾਂ ਦਾ ਹੀ ਇਕ ਹੋਰ ਖ਼ਤ ਲਿਖ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੂੰ ਵੀ ਭਿਜਵਾ ਦਿੱਤਾ ਕਿ ਤੁਸੀਂ ਲਾਹੌਰ ਨੂੰ ਆਪਣੇ ਕਬਜ਼ੇ ਹੇਠ ਲੈ ਕੇ ਹਾਕਮਾਂ ਹੱਥੋਂ ਦੁਖੀ ਹੋਈ ਪਈ ਜਨਤਾ ਨੂੰ ਸੁੱਖ ਦਾ ਸਾਹ ਲੈਣ ਦਾ ਮੌਕਾ ਦਿਉ। ਇਹ ਲਾਹੌਰ ਨੂੰ ਕਬਜ਼ੇ 'ਚ ਲੈਣ ਦੀ ਦਾਅਵਤ ਵਾਲਾ ਖ਼ਤ ਜਦੋਂ ਮਹਾਰਾਜਾ ਸਾਹਿਬ ਨੂੰ ਮਿਲਿਆ, ਉਸ ਵਕਤ ਉਹ ਗੁਜਰਾਂਵਾਲੇ ਨੇੜਲੇ ਪਿੰਡ ਰਸੂਲ ਨਗਰ ਠਹਿਰੇ ਹੋਏ ਸਨ। (ਇਸ ਰਸੂਲ ਨਗਰ ਦਾ ਨਾਂਅ ਸਿੱਖਾਂ ਨੇ ਬਦਲ ਕੇ ਬਾਅਦ 'ਚ ਰਾਮਗੜ੍ਹ ਰੱਖ ਦਿੱਤਾ ਸੀ) ਖ਼ਤ ਪੜ੍ਹ ਕੇ ਮਹਾਰਾਜਾ ਖੁਸ਼ ਹੋਇਆ ਤੇ ਲਿਖੀ ਆਈ ਸਾਰੀ ਗੁਪਤ ਸੂਚਨਾ ਦੀ ਪੜਤਾਲ ਕਰਨ ਅਤੇ ਹੋਰ ਸਭ ਹਾਲਾਤ ਦਾ ਥਹੁ-ਪਤਾ ਕਰਨ ਲਈ ਆਪਣੇ ਨੁਮਾਇੰਦੇ ਕਾਜ਼ੀ ਅਬਦੁਲ ਰਹਿਮਾਨ ਨੂੰ ਖ਼ਤ ਦੇ ਕੇ ਲਾਹੌਰ ਭੇਜਿਆ ਅਤੇ ਤਾਕੀਦ ਕੀਤੀ ਕਿ ਲਾਹੌਰ ਜਾ ਕੇ ਚੌਧਰੀ ਮੀਆਂ ਮੁਹੰਮਦ ਆਸ਼ਿਕ, ਚੌਧਰੀ ਮੀਆਂ ਮੋਹਕਮਦੀਨ ਸਮੇਤ ਹੋਰਨਾਂ ਮੋਹਤਬਰਾਂ ਨੂੰ ਖੁਦ ਮਿਲ ਕੇ ਸਾਰੀ ਜਾਣਕਾਰੀ ਲੈ ਕੇ ਆਵੇ। ਲਾਹੌਰ ਪੁੱਜਦੇ ਹੀ ਕਾਜ਼ੀ ਅਬਦੁਲ ਰਹਿਮਾਨ ਨੇ ਮੁਸਲਮਾਨ ਚੌਧਰੀਆਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਤੇ ਮੌਜੂਦਾ ਹਾਕਮਾਂ ਤੋਂ ਦੁਖੀ ਹੋਏ ਲੋਕਾਂ ਦੀ ਹਾਲਤ ਜਾਣ ਲਈ। ਆਖਰ ਤੈਅ ਹੋਇਆ ਕਿ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਫੌਜ ਲੈ ਕੇ ਹਮਲਾ ਕਰਨ ਆਉਣ ਤਾਂ ਫ਼ੌਜ ਦੀ ਸਹੂਲਤ ਲਈ ਲਾਹੌਰ ਦੇ ਮੁਸਲਮਾਨ ਸ਼ਹਿਰ ਦੀ ਕਿਲ੍ਹਾਬੰਦੀ ਦਾ ਇਕ ਦਰਵਾਜ਼ਾ ਹਿੰਮਤ ਕਰਕੇ ਖੋਲ੍ਹ ਦੇਣਗੇ।
ਸਾਰੀ ਗੁਪਤ ਸੂਚਨਾ ਪ੍ਰਾਪਤ ਹੋਣ 'ਤੇ ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲਾ ਨੇੜਲੇ ਰਸੂਲ ਨਗਰ ਤੋਂ ਸਿੱਧਾ ਆਪਣੀ ਦਲੇਰ ਤੇ ਸਿਆਸੀ ਸੂਝਵਾਨ ਸੱਸ ਸਦਾ ਕੌਰ ਕੋਲ ਬਟਾਲਾ (ਹੁਣ ਜ਼ਿਲ੍ਹਾ ਗੁਰਦਾਸਪੁਰ) ਪੁੱਜਿਆ। ਸਾਰੇ ਹਾਲਾਤ ਸਬੰਧੀ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਾਹੌਰ ਉੱਤੇ ਹਮਲੇ ਸਬੰਧੀ ਵਿਉਂਤਬੰਦੀ ਤੈਅ ਕਰਕੇ ਮਹਾਰਾਜਾ ਸਾਹਿਬ ਤੇ ਉਨ੍ਹਾਂ ਦੀ ਸੱਸ ਸਰਦਾਰਨੀ ਸਦਾ ਕੌਰ ਫੌਜਾਂ ਸਮੇਤ ਅੰਮ੍ਰਿਤਸਰ ਵੱਲ ਨੂੰ ਚੱਲ ਪਏ। ਗੁਪਤ ਰੂਪ 'ਚ ਲਾਹੌਰ ਉੱਤੇ ਕਬਜ਼ਾ ਕਰਨ ਜਾ ਰਹੀ ਇਸ ਫੌਜ 'ਚ ਮਹਾਰਾਜਾ ਸਾਹਿਬ ਦੇ ਨਾਲ ਅੰਮ੍ਰਿਤਸਰ ਤੋਂ ਅੱਗੇ ਹੋਰ ਰਲਦੇ ਗਏ ਤੇ ਕਰੀਬ 5 ਹਜ਼ਾਰ ਦੀ ਨਫਰੀ 'ਚ ਇਸ ਸ਼ਾਹੀ ਫੌਜ ਨੇ ਲਾਹੌਰ ਦੀ ਬਾਰਾਂਦਰੀ ਵਜ਼ੀਰ ਖਾਂ ਵਿਖੇ ਆ ਕੇ ਡੇਰਾ ਲਗਾਇਆ। ਇਹ ਅਨਾਰਕਲੀ ਬਾਜ਼ਾਰ ਦੇ ਐਨ ਲਾਗੇ ਹੈ, ਅੱਜਕਲ੍ਹ ਇਸ ਥਾਂ ਪੰਜਾਬ ਪਬਲਿਕ ਲਾਇਬ੍ਰੇਰੀ ਬਣੀ ਹੋਈ ਹੈ। ਇਹ ਦੋਵੇਂ ਥਾਵਾਂ ਉਸ ਵਕਤ ਲਾਹੌਰ ਤੋਂ ਬਾਹਰਵਾਰ ਸਨ। ਪਰ ਹੁਣ ਇਹ ਲਾਹੌਰ ਦਾ ਕੇਂਦਰ ਸਥਾਨ ਹੋ ਚੁੱਕੇ ਨੇ। ਉਧਰ ਪਤਾ ਲੱਗਣ 'ਤੇ ਲਾਹੌਰ ਦੇ ਹਾਕਮ ਤਿੰਨਾਂ ਸਰਦਾਰਾਂ ਨੇ ਵੀ ਮਹਾਰਾਜਾ ਸਾਹਿਬ ਦੀ ਫੌਜ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਲਈ। ਉਨ੍ਹਾਂ ਸ਼ਾਹੀ ਕਿਲ੍ਹੇ ਤੱਕ ਪੁੱਜਣ ਲਈ ਸ਼ਹਿਰ ਦੇ ਮੁੱਖ ਵੱਡ ਅਕਾਰੀ ਲਾਹੌਰੀ ਦਰਵਾਜ਼ਾ ਅਤੇ ਰੁਸ਼ਨਾਈ ਦਰਵਾਜ਼ਿਆਂ ਨੂੰ ਤੁਰੰਤ ਤਾਲੇ ਲਗਵਾ ਕੇ ਬੰਦ ਕਰਵਾ ਦਿੱਤਾ।
ਉਧਰ ਚੌਧਰੀ ਮੀਆਂ ਮੁਹੰਮਦ ਆਸ਼ਿਕ ਤੇ ਚੌਧਰੀ ਮੀਆਂ ਮੋਹਕਮ ਦੀਨ ਨੇ ਅੰਦਰੋਂ ਸੁਨੇਹਾ ਭੇਜਿਆ ਕਿ ਅਸੀਂ ਹਿੰਮਤ ਕਰਕੇ ਸ਼ਹਿਰ ਦੇ ਹਿੱਜਰੀ ਤੇ ਯੱਕੀ ਦਰਵਾਜ਼ਿਆਂ ਦੀ ਵਿਚਕਾਰਲੀ ਕੰਧ ਪਾੜ ਕੇ ਰਾਹ ਬਣਾ ਦਿੱਤੈ, ਤੁਸੀਂ ਅੰਦਰ ਆ ਕੇ ਸ਼ਾਹੀ ਕਿਲ੍ਹਾ ਹਥਿਆ ਲਵੋ। ਮਹਾਰਾਜਾ ਸਾਹਿਬ ਨੂੰ ਖਦਸ਼ਾ ਸੀ ਕਿ ਕਿਤੇ ਅਜਿਹਾ ਨਾ ਹੋ ਜਾਏ ਕਿ ਸਿੱਖ ਫੌਜ ਅੰਦਰ ਵੜੇ ਤੇ ਨੁਕਸਾਨ ਜਾਂ ਕੋਈ ਹੋਰ ਧੋਖਾ ਹੋ ਜਾਏ। ਉਧਰ ਲਾਹੌਰ ਦੇ ਹਾਕਮ ਤਿੰਨ ਸਰਦਾਰਾਂ ਚੇਤ ਸਿੰਘ, ਲਹਿਣਾ ਸਿੰਘ ਅਤੇ ਮੋਹਰ ਸਿੰਘ ਨੇ ਆਪਣੇ 200 ਬੰਦਿਆਂ ਦਾ ਇਕ ਗਰੁੱਪ ਬਾਹਰ ਮਹਾਰਾਜਾ ਸਾਹਿਬ ਦੀ ਫੌਜ ਨਾਲ ਲੜਨ ਲਈ ਭੇਜਿਆ। ਇਹ ਸਾਰੀ ਘਟਨਾ 1799 ਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਅਨੁਵਾਦ : ਤਰਸੇਮ ਸਿੰਘ ਤਰਾਨਾ
ਪਿੰਡ ਤੇ ਡਾਕ: ਨੌਸ਼ਹਿਰਾ ਮੱਝਾ ਸਿੰਘ, ਜ਼ਿਲ੍ਹਾ ਗੁਰਦਾਸਪੁਰ।
ਮੋਬਾ: 94173-43431


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX