ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  53 minutes ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 5 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 5 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 5 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 5 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਫ਼ਿਲਮ ਅੰਕ

ਗੋਲਮਾਲ ਅਗੇਨ

ਪ੍ਰਣੀਤੀ ਚੋਪੜਾ

ਪਤੇ ਦੀ ਗੱਲ ਤੇ ਉਹ ਵੀ ਆਪਣੀ ਪਿਆਰੀ ਬਿੰਦੂ ਪ੍ਰਣੀਤੀ ਚੋਪੜਾ ਲਈ ਕਿ ਜਦ ਉਹ ਕਿਸੇ ਗੱਲ ਤੋਂ ਅੱਕ ਜਾਂਦੀ ਹੈ, ਦਿਲ ਉਦਾਸ ਹੁੰਦਾ ਹੈ ਤਾਂ ਫਿਰ ਉਹ ਇਸ ਸਭ ਤੋਂ ਛੁਟਕਾਰਾ ਕਿਵੇਂ ਪਾਉਂਦੀ ਹੈ। 'ਗੋਲਮਾਲ-4' ਦੀ ਸ਼ੂਟਿੰਗ ਪਰੀ ਕਰ ਰਹੀ ਹੈ। ਜਦ ਮਹਿਸੂਸ ਹੋਇਆ ਕਿ ਉਹ ਬੋਰ ਜਿਹੀ ਹੋ ਰਹੀ ਏ ਤਦ ਆਪਣੇ ਫੋਨ ਨਾਲ ਸੈੱਟ 'ਤੇ ਵੀਡੀਓ ਬਣਾਉਣ ਲੱਗ ਪਈ। 'ਮੇਰੀ ਪਿਆਰੀ ਬਿੰਦੂ' ਫ਼ਿਲਮ ਲਈ ਪਰੀ ਗਾਣਾ ਵੀ ਗਾ ਚੁੱਕੀ ਹੈ। ਪਰੀ ਇਥੋਂ ਤੱਕ ਪਹੁੰਚ ਕੇ ਖੁਸ਼ ਹੈ। ਸੁਪਨੇ ਸੱਚ ਹੋ ਰਹੇ ਹਨ। ਪ੍ਰਿਅੰਕਾ ਚੋਪੜਾ ਨੇ ਬਾਕਾਇਦਾ ਪ੍ਰਣੀਤੀ ਨੂੰ ਗਾਇਕਾ ਦੇ ਤੌਰ 'ਤੇ ਉਤਸ਼ਾਹਿਤ ਕੀਤਾ ਹੈ। 'ਗੋਲਮਾਲ ਅਗੇਨ' ਦੇ ਸੈੱਟ 'ਤੇ ਮਸਤੀ ਬਹੁਤ ਪਰੀ ਨੇ ਕੀਤੀ। ਅਸਲੀ ਗੱਲ ਇਹ ਹੈ ਕਿ ਕਾਫ਼ੀ ਸਮੇਂ ਤੋਂ ਪਰੀ ਦੀ ਗੱਲ ਨਹੀਂ ਸੀ ਬਣ ਰਹੀ। ਫ਼ਿਲਮਾਂ ਘੱਟ ਸਨ, ਕੰਮਕਾਰ ਨਾ ਦੇ ਸਾਮਾਨ ਸੀ। ਇਸ ਵਾਰ ਪਰੀ ਨੇ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਤੋਂ ਵੀ ਆਪਣੇ-ਆਪ ਨੂੰ ਦੂਰ ਹੀ ਰੱਖਿਆ ਹੈ। ਰੋਹਿਤ ਸ਼ੈਟੀ ਨਾਲ 'ਗੋਲਮਾਲ-4' ਕਰਨ ਦੀ ਖੁਸ਼ੀ ਨੇ ਉਸ ਨੂੰ ਸਭ ਗ਼ਮ ਭੁਲਾ ਦਿੱਤੇ ਹਨ। ਅਜੈ ਦੇਵਗਨ, ਤੱਬੂ, ਅਰਸ਼ਦ ਵਾਰਸੀ ਤੇ ਕੁਨਾਲ ਖੇਮੂ ਨਾਲ ਸੈੱਟ 'ਤੇ ਆ ਕੇ ਪਰੀ ਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੋਈ ਹੈ। ਉਸ ਨੂੰ ਇਹ ਨਹੀਂ ਲੱਗਦਾ ਕਿ ਉਸ ਦੀ ਕੋਈ ਖਾਸ ਸ਼ੈਲੀ ਹੈ। ਖਾਸ ਅੰਦਾਜ਼ ਹੈ। ਹਰ ਤਰ੍ਹਾਂ ਦੀਆਂ ਫ਼ਿਲਮਾਂ ਉਹ ਕਰੇਗੀ। ਵਪਾਰਕ ਫ਼ਿਲਮਾਂ ਦਾ ਰਾਜਾ ਉਹ ਰੋਹਿਤ ਸ਼ੈਟੀ ਨੂੰ ਮੰਨ ਰਹੀ ਹੈ। 'ਗੋਲਮਾਲ ਅਗੇਨ' ਇਕ ਨਵੇਂ ਅੰਦਾਜ਼ ਦੀ ਫ਼ਿਲਮ ਬਣ ਰਹੀ ਹੈ। ਪਰੀ ਨੂੰ ਤਾਂ ਇਹੀ ਮਹਿਸੂਸ ਹਰ ਪਲ ਹੋ ਰਿਹਾ ਹੈ। ਹੁਣ ਤਾਂ ਉਹ ਆਯੂਸ਼ਮਨ ਖੁਰਾਣਾ ਨੂੰ ਵੀ ਕੁਝ ਨਹੀਂ ਸਮਝ ਰਹੀ, ਜਿਸ ਨੇ ਉਦਾਸ ਦਿਨਾਂ 'ਚ ਉਸ ਦਾ ਪੂਰਾ ਸਾਥ ਦਿੱਤਾ ਸੀ। ਹਾਂ ਪਰੀ ਦੀ ਚਾਹਤ ਹੈ ਕਿ ਉਹ ਘੱਟ ਤੋਂ ਘੱਟ ਚਾਰ ਫ਼ਿਲਮਾਂ ਇਰਫ਼ਾਨ ਖ਼ਾਨ ਨਾਲ ਕਰੇ, ਫਿਰ ਉਸ ਨੂੰ ਸੰਤੁਸ਼ਟੀ ਹੋਏਗੀ। 'ਗਲੋਬਲ ਆਈਕਾਨ' ਪਰੀ ਦੀ ਨਜ਼ਰ 'ਚ ਇਰਫਾਨ ਖ਼ਾਨ ਹੈ। ਹੋਮੀ ਅਡਜਾਨੀਆ ਦੀ ਇਕ ਫ਼ਿਲਮ ਪ੍ਰਣੀਤੀ ਚੋਪੜਾ ਕਰ ਰਹੀ ਹੈ, ਜਿਸ 'ਚ ਉਸ ਨਾਲ ਪਸੰਦੀਦਾ ਕਲਾਕਾਰ ਇਰਫਾਨ ਖ਼ਾਨ ਹੈ। ਅਜੈ ਦੇਵਗਨ, ਆਯੂਸ਼ਮਨ ਖੁਰਾਣਾ ਤੇ ਇਰਫ਼ਾਨ ਖ਼ਾਨ ਨਾਲ ਫ਼ਿਲਮਾਂ, ਗਾਇਕੀ 'ਚ ਪ੍ਰਵੇਸ਼ ਨਾਲ ਪਰੀ ਫਿਰ ਚਰਚਾ ਵਿਚ ਆ ਗਈ ਹੈ। ਲੱਗਦਾ ਹੈ ਕਿ ਉਸ ਦਾ ਮਾੜਾ ਸਮਾਂ ਨਿਕਲ ਗਿਆ ਹੈ। ਪ੍ਰਣੀਤੀ ਚੋਪੜਾ ਫਿਰ ਕਈ ਹੀਰੋਇਨਾਂ ਨੂੰ ਟੱਕਰ ਦੇਣ ਲਈ ਆਪਣੇ ਵੱਲੋਂ ਪੂਰੀ ਤਿਆਰੀ ਨਾਲ ਆਈ ਹੈ।

-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਦਿਸ਼ਾ ਪਟਾਨੀ ਉਲਟਾ ਚੋਰ ਕੋਤਵਾਲ ਕੋ ਡਾਂਟੇ

'ਧੋਨੀ-ਦਾ ਅਨਟੋਲਡ ਸਟੋਰੀ' ਫ਼ਿਲਮ 'ਚ ਪਹਿਲੀ ਵਾਰ ਦਿਸ਼ਾ ਪਟਾਨੀ ਦੇ ਦਰਸ਼ਨ ਹੀਰੋਇਨ ਵਜੋਂ ਦਰਸ਼ਕਾਂ ਨੇ ਕੀਤੇ ਸਨ। ਫਿਰ 'ਕੁੰਗਫੂ ਯੋਗਾ' 'ਚ ਵੀ ਦਿਸ਼ਾ ਸਹੀ ਦਿਸ਼ਾ ਵੱਲ ਵਧਦੀ ਪ੍ਰਤੀਤ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਤੋਂ ਲੈ ਕੇ ਸੋਨੂੰ ਸੂਦ ਤੇ ਹਾਲੀਵੁੱਡ ਸੁਪਰ ਸਟਾਰ ਜੈਕੀ ਚੇਨ ਨਾਲ ਦਿਸ਼ਾ ਨੇ ਫ਼ਿਲਮ ਕੀਤੀ ਹੈ। ਇਹ ਗੱਲਾਂ ਫਿਰ ਵੀ ਲੋਕੀਂ ਘੱਟ ਯਾਦ ਕਰਦੇ ਹਨ ਪਰ ਉਹ ਤਾਂ ਦਿਸ਼ਾ ਨੂੰ ਯਾਦ ਕਰਦੇ ਹਨ ਟਾਈਗਰ ਸ਼ਰਾਫ਼ ਦੀ ਜਾਨ-ਏ-ਜਿਗਰ ਦੇ ਤੌਰ 'ਤੇ। ਟਾਈਗਰ ਨਾਲ ਦਿਸ਼ਾ ਪਟਾਨੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਦਿਸ਼ਾ ਤਾਂ ਟਾਈਗਰ ਨੂੰ ਆਪਣਾ ਦੋਸਤ ਹੀ ਕਹਿੰਦੀ ਹੈ। 'ਫ਼ਿਲਮ ਫੇਅਰ ਐਵਾਰਡ-2017' ਵਿਚ ਉਸ ਨੇ ਅਜਿਹੇ ਕੱਪੜੇ ਪਹਿਨ ਕੇ ਪ੍ਰਵੇਸ਼ ਕੀਤਾ ਕਿ ਸਾਰਿਆਂ ਨੇ ਹੀ ਉਸ ਦਾ ਮਜ਼ਾਕ ਉਡਾਇਆ। ਇਕ ਪਾਸੇ ਦਿਸ਼ਾ ਦੀ 'ਕੁੰਗਫੂ ਯੋਗਾ' ਚੀਨ 'ਚ ਅਪਾਰ ਸਫ਼ਲਤਾ ਹਾਸਿਲ ਕਰਦੀ ਹੈ ਤੇ ਦੂਸਰੇ ਪਾਸੇ ਮਾੜੇ ਪਹਿਰਾਵੇ ਨਾਲ ਦਿਸ਼ਾ ਆਪਣੀ ਦਸ਼ਾ ਹੀ ਵਿਗਾੜ ਲੈਂਦੀ ਹੈ। ਟਾਈਗਰ ਸ਼ਰਾਫ਼ ਨਾਲ ਅਕਸਰ ਗੱਡੀ 'ਚ ਘੁੰਮਦੀ, ਫੋਟੋਆਂ ਖਿਚਵਾਉਂਦੀ ਤੇ ਇੰਸਟਾਗ੍ਰਾਮ 'ਤੇ ਪਾਉਂਦੀ ਦਿਸ਼ਾ ਦਰਸਾ ਰਹੀ ਹੈ ਕਿ ਉਹ ਪ੍ਰੇਮ ਰੋਗ ਦਾ ਸ਼ਿਕਾਰ ਹੋ ਚੁੱਕੀ ਹੈ। ਸਾਰਾ ਅਲੀ ਖ਼ਾਨ ਦੀ ਥਾਂ ਇਕ ਫ਼ਿਲਮ ਦਿਸ਼ਾ ਨੂੰ ਮਿਲਦੇ-ਮਿਲਦੇ ਹੀ ਰਹਿ ਗਈ। ਇੰਦੌਰ ਵਿਖੇ ਆਈ.ਪੀ.ਐਲ. ਸਮਾਰੋਹ ਵਿਚ ਦਿਸ਼ਾ ਪਟਾਨੀ ਨੇ ਐਮ.ਐਸ. ਧੋਨੀ ਦੇ ਸਾਹਮਣੇ ਜਲਵੇਦਾਰ ਡਾਂਸ ਕੀਤਾ। ਦਿਸ਼ਾ ਇਥੇ ਵੀ ਚਰਚਾ ਦਾ ਵਿਸ਼ਾ ਰਹੀ ਕਿ ਬਿਹਤਰ ਨਾਚ, ਬਿਹਤਰ ਕਲਾ ਪਰ ਹਰਕਤਾਂ ਤੇ ਟਾਈਗਰ ਨਾਲ ਪਿਆਰ ਸਬੰਧ ਦਿਸ਼ਾ ਨੂੰ ਕਿਹੜੀ ਦਿਸ਼ਾ ਵੱਲ ਧੱਕ ਰਹੇ ਹਨ? ਪਹਿਰਾਵੇ ਨੂੰ ਦੇਖਣ ਦੀ ਥਾਂ ਲੋਕ ਸੋਚ ਬਦਲਣ, ਦਿਸ਼ਾ ਪਟਾਨੀ ਨੇ ਆਪਣੇ ਪਹਿਰਾਵੇ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਿ ਢੌਂਗ ਛੱਡੋ, ਬਹੁਰੂਪੀਏ ਨਾ ਬਣੋ, ਔਰਤ ਦੇ ਪਹਿਰਾਵੇ ਨੂੰ ਦੇਖਣਾ ਬੰਦ ਕਰੋ, ਆਪਣੇ ਦਿਮਾਗ ਦੇ ਬੰਦ ਦਰਵਾਜ਼ੇ ਖੋਲ੍ਹੋ। ਮਤਲਬ ਕਿ ਦਿਸ਼ਾ ਨਹੀਂ ਸੁਧਰੇਗੀ। ਉਹ ਊਟ-ਪਟਾਂਗ ਪਹਿਰਾਵਾ ਵੀ ਪਹਿਨੇਗੀ, ਇਸ ਦੀ ਹਮਾਇਤ ਵੀ ਕਰੇਗੀ। ਦਰਵਾਜ਼ੇ ਤਾਂ ਉਸ ਦੇ ਦਿਮਾਗ ਦੇ ਬੰਦ ਹਨ ਤੇ ਉਲਟਾ ਉਹ ਲੋਕਾਂ ਨੂੰ ਲੈਕਚਰ ਦੇ ਰਹੀ ਹੈ।

ਗੁਰਦੀਪ ਕੋਹਲੀ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦਾ ਲੜੀਵਾਰ 'ਸੇਠ ਜੀ'

ਲੜੀਵਾਰ 'ਸੰਜੀਵਨੀ' ਵਿਚ ਔਰਤ ਡਾਕਟਰ ਦੀ ਭੂਮਿਕਾ ਨਿਭਾਅ ਕੇ ਵਾਹਵਾਹੀ ਖੱਟਣ ਵਾਲੀ ਗੁਰਦੀਪ ਕੋਹਲੀ ਨੇ 'ਕਸਮ ਸੇ', 'ਸਿੰਧੂਰ ਤੇਰੇ ਨਾਮ ਕਾ', 'ਬੈੱਸਟ ਆਫ ਲੱਕ ਨਿੱਕੀ' ਆਦਿ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਸੀ ਅਤੇ ਫਿਰ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਚਲਦਿਆਂ ਅਭਿਨੈ ਤੋਂ ਦੂਰੀ ਬਣਾ ਲਈ ਸੀ। ਇਸ ਦੂਰੀ ਦੌਰਾਨ ਗੁਰਦੀਪ ਨੇ 'ਰਾਊਡੀ ਰਾਠੌਰ' ਫ਼ਿਲਮ ਕੀਤੀ ਤੇ ਨਾਲ ਹੀ ਕੁਝ ਸ਼ੋਆਂ ਵਿਚ ਛੋਟਾ-ਮੋਟਾ ਕੰਮ ਕੀਤਾ ਪਰ ਇਸ ਤਰ੍ਹਾਂ ਦਾ ਕੋਈ ਲੜੀਵਾਰ ਹੱਥ ਵਿਚ ਨਹੀਂ ਲਿਆ ਜਿਸ ਵਿਚ ਉਸ ਦੀ ਪੂਰੀ ਭੂਮਿਕਾ ਹੋਵੇ।
ਹੁਣ ਜ਼ੀ ਚੈਨਲ ਦੇ ਲੜੀਵਾਰ 'ਸੇਠ ਜੀ' ਰਾਹੀਂ ਗੁਰਦੀਪ ਨੇ ਅਭਿਨੈ ਦੀ ਦੁਨੀਆ ਵਿਚ ਆਪਣੀ ਧਮਾਕੇਦਾਰ ਵਾਪਸੀ ਕੀਤੀ ਹੈ। ਇਸ ਵਿਚ ਉਹ ਮੁੱਖ ਭੂਮਿਕਾ ਨਿਭਾਅ ਰਹੀ ਹੈ। ਉਂਝ ਗੁਰਦੀਪ ਇਸ ਵਿਚ ਟਾਈਟਲ ਭੂਮਿਕਾ ਵਿਚ ਹੈ। ਇਸ ਲਈ ਲੜੀਵਾਰ ਦਾ ਨਾਂਅ 'ਸੇਠਾਨੀ ਜੀ' ਹੋਣਾ ਚਾਹੀਦਾ ਸੀ ਪਰ 'ਸੇਠ ਜੀ' ਟਾਈਟਲ ਬਾਰੇ ਉਹ ਕਹਿੰਦੀ ਹੈ, 'ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਅਹਿਲਿਆ ਵਿਨਾਇਕ ਰਾਓ ਹੈ ਅਤੇ ਉਹ ਦੇਵਸੂ ਪਿੰਡ ਦੀ ਮੁਖੀ ਹੈ। ਅਹਿਲਿਆ ਨੂੰ ਪਿੰਡ ਦੇ ਲੋਕ ਸੇਠ ਜੀ ਕਿਉਂ ਸੰਬੋਧਿਤ ਕਰਦੇ ਹਨ, ਇਸ ਦੀ ਵੱਖਰੀ ਕਹਾਣੀ ਹੈ ਅਤੇ ਅਹਿਲਿਆ ਕਿਸ ਵਜ੍ਹਾ ਕਰਕੇ ਸੇਠ ਜੀ ਕਹਾਉਣ ਲੱਗਦੀ ਹੈ, ਇਹ ਵੀ ਇਸ ਵਿਚ ਦਿਖਾਇਆ ਜਾਵੇਗਾ।'
ਅੱਜਕਲ੍ਹ ਦੇ ਲੜੀਵਾਰਾਂ ਵਿਚ ਔਰਤਾਂ ਦੀ ਆਪਸੀ ਟੱਕਰ ਦਿਖਾਉਣ ਦੀ ਗੱਲ ਹੈ ਅਤੇ 'ਸੇਠ ਜੀ' ਵੀ ਇਸ ਤੋਂ ਅਛੂਤਾ ਨਹੀਂ ਰਹਿ ਸਕਿਆ ਹੈ। ਇਸ ਵਿਚ ਸੇਠ ਜੀ ਦੀ ਟੱਕਰ ਪ੍ਰਗਤੀ ਨਾਮੀ ਕੁੜੀ ਨਾਲ ਦਿਖਾ ਕੇ ਕਹਾਣੀ ਦਾ ਢਾਂਚਾ ਖੜ੍ਹਾ ਕੀਤਾ ਗਿਆ ਹੈ। ਪਰੰਪਰਾਵਾਦੀ ਸੇਠ ਜੀ ਨੂੰ ਆਪਣੇ ਦੇਵਸੂ ਪਿੰਡ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਪਸੰਦ ਨਹੀਂ ਹੈ ਪਰ ਪ੍ਰਗਤੀ ਚਾਹੁੰਦੀ ਹੈ ਕਿ ਪਿੰਡ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਦਾ ਲਾਭ ਮਿਲੇ ਅਤੇ ਇਸ ਵਜ੍ਹਾ ਨਾਲ ਦੋਵਾਂ ਵਿਚ ਟਕਰਾਅ ਪੈਦਾ ਹੋ ਜਾਂਦਾ ਹੈ।
ਪ੍ਰਗਤੀ ਦੀ ਭੂਮਿਕਾ ਦਿੱਲੀ ਵਾਸੀ ਰੁਮਾਨ ਅਹਿਮਦ ਨੇ ਨਿਭਾਈ ਹੈ। ਰੁਮਾਨ ਦਾ ਇਹ ਪਹਿਲਾ ਲੜੀਵਾਰ ਹੈ। ਅਵਿਨਾਸ਼ ਮਿਸ਼ਰਾ ਵੱਲੋਂ ਇਸ ਵਿਚ ਪ੍ਰਗਤੀ ਦੇ ਪ੍ਰੇਮੀ ਬਾਜੀਰਾਓ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਅਵਿਨਾਸ਼ ਦਾ ਵੀ ਇਹ ਪਹਿਲਾ ਲੜੀਵਾਰ ਹੈ। ਇਸ ਲੜੀਵਾਰ ਵਿਚ ਸੇਠ ਜੀ ਨੂੰ ਆਪਣੀ ਦੇਵਰਾਨੀ ਦੇਵੀ ਨਾਲ ਵੀ ਟਕਰਾਉਂਦੇ ਦਿਖਾਇਆ ਗਿਆ ਹੈ। ਸੇਠ ਜੀ ਨੇ ਆਪਣੇ ਦਿਉਰ ਨੂੰ ਪਿੰਡ ਤੋਂ ਕੱਢ ਦਿੱਤਾ ਹੁੰਦਾ ਹੈ। ਸੋ, ਆਪਣੇ ਪਤੀ ਦਾ ਬਦਲਾ ਲੈਣ ਲਈ ਦੇਵੀ ਸੇਠ ਜੀ ਦੇ ਖਿਲਾਫ਼ ਸਾਜ਼ਿਸ਼ਾਂ ਘੜਦੀ ਰਹਿੰਦੀ ਹੈ। ਦੇਵੀ ਦਾ ਇਹ ਕਿਰਦਾਰ ਪ੍ਰਾਚੀ ਠੱਕਰ ਵੱਲੋਂ ਨਿਭਾਇਆ ਗਿਆ ਹੈ। ਪ੍ਰਾਚੀ ਇਸ ਵਿਚ ਨਾਂਹ ਪੱਖੀ ਭੂਮਿਕਾ ਵਿਚ ਹੈ। ਇਸ ਲੜੀਵਾਰ ਦਾ ਨਿਰਮਾਣ ਦਿਵੇ ਰਤਨ ਦੀਕਿਸ਼ਤ ਵੱਲੋਂ ਕੀਤਾ ਗਿਆ ਹੈ। ਆਪਣੀ ਜ਼ਿੰਦਗੀ ਦਾ ਖਾਸਾ ਸਮਾਂ ਉਨ੍ਹਾਂ ਨੇ ਅਮਰੀਕਾ, ਜਾਪਾਨ ਤੇ ਫਰਾਂਸ ਵਿਚ ਬਿਤਾਇਆ ਹੈ ਅਤੇ ਉਥੇ ਰਹਿ ਕੇ ਉਨ੍ਹਾਂ ਨੇ ਜਾਣਿਆ ਕਿ ਭਾਰਤ ਦਾ ਪ੍ਰਾਚੀਨ ਸੱਭਿਆਚਾਰ ਕਿੰਨਾ ਮਹਾਨ ਸੀ।

-ਇੰਦਰਮੋਹਨ ਪੰਨੂੰ

ਯਾਮੀ ਗੌਤਮ : ਭਵਿੱਖ ਸੁਰੱਖਿਅਤ ਹੈ

ਉਮਰ ਤੀਹ ਦੇ ਅੰਕੜੇ ਵੱਲ ਵਧਦੀ ਜਾ ਰਹੀ ਯਾਮੀ ਗੌਤਮ ਨੂੰ ਸੰਤੁਸ਼ਟੀ ਹੈ ਕਿ ਉਸ ਦਾ ਨਾਂਅ ਬਣਦਾ ਜਾ ਰਿਹਾ ਹੈ। ਰਿਤਿਕ ਰੌਸ਼ਨ ਨਾਲ 'ਕਾਬਿਲ' ਫ਼ਿਲਮ ਕਰਨ ਨਾਲ ਉਸ ਦੀ ਕਾਬਲੀਅਤ 'ਚ ਵਾਧਾ ਹੋਇਆ ਹੈ। 'ਜਨੂੰਨੀਅਤ' ਫ਼ਿਲਮ ਸਮੇਂ ਪਛਾਣ ਲਈ ਤਰਸ ਰਹੀ ਯਾਮੀ ਗੌਤਮ ਨੂੰ ਅੱਜ ਸੁਰੱਖਿਅਤ ਭਵਿੱਖ ਨਜ਼ਰ ਆ ਰਿਹਾ ਹੈ। ਬਗੈਰ ਸਜਣ-ਫਬਣ ਦੇ ਹੀ ਉਹ ਸੋਹਣੀ ਲੱਗਦੀ ਹੈ। ਇਹ ਉਸ ਦੀ ਕੁਦਰਤੀ ਸੁੰਦਰਤਾ ਹੈ ਜੋ ਉਸ ਨੂੰ ਅੰਦਰ ਬਾਹਰ ਤੋਂ ਖੁਸ਼ ਰੱਖ ਰਹੀ ਹੈ। ਪਾਕਿਸਤਾਨੀ ਦਰਸ਼ਕ ਵੀ ਯਾਮੀ ਦੇ ਪ੍ਰਸੰਸਕ ਹਨ। ਯਾਮੀ ਨੂੰ ਜਿਥੇ 'ਕਾਬਿਲ' ਨੇ ਕਾਮਯਾਬ ਕੀਤਾ ਹੈ, ਉਥੇ ਰਾਮ ਗੋਪਾਲ ਵਰਮਾ ਦੀ 'ਸਰਕਾਰ-3' ਚਲ ਸਕਦੀ ਹੈ। ਯਾਮੀ ਵੀ ਵਾਰ-ਵਾਰ ਆਪਣੇ ਚਹੇਤਿਆਂ ਨੂੰ 'ਸਰਕਾਰ-3' ਦਾ ਟਰੇਲਰ ਦੇਖਣ ਦੀ ਅਪੀਲ ਕਰ ਰਹੀ ਹੈ। ਪੰਜਾਬੀ ਫ਼ਿਲਮਾਂ ਤੋਂ ਆ ਕੇ ਅਮਿਤਾਬ ਬੱਚਨ ਜਿਹੇ ਸੁਪਰ ਸਟਾਰ ਨਾਲ ਫ਼ਿਲਮ ਮਿਲੇ ਤਾਂ ਯਾਮੀ ਨੂੰ ਰੱਬ ਨਾਲ ਨਰਾਜ਼ ਹੋਣ ਦੀ ਲੋੜ ਹੀ ਨਹੀਂ। 'ਸਰਕਾਰ-3' ਤੋਂ ਪਹਿਲਾਂ ਅੱਜਕਲ੍ਹ ਚਲ ਰਹੇ ਆਈ.ਪੀ.ਐਲ. 'ਚ ਯਾਮੀ ਗੌਤਮ ਦੇ ਨਾਚ ਸਭ ਨੂੰ ਆਕਰਸ਼ਿਤ ਕਰ ਗਏ। 'ਰਮ ਰਮ', 'ਨਾਚੇਂਗੇ' ਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਯਾਮੀ ਗੌਤਮ ਨੇ ਅਜਿਹਾ ਨਾਚ ਦਿਖਾਇਆ ਕਿ ਸਾਰਿਆਂ ਦੇ ਪੈਰ ਥਿਰਕਣ ਲੱਗ ਪਏ। ਯਾਮੀ ਕੋਲ ਗਵਾਉਣ ਲਈ ਘੱਟ ਹੈ ਤੇ ਹਾਸਲ ਕਰਨ ਲਈ ਮੌਕੇ ਹੀ ਮੌਕੇ ਹਨ। ਸੋ, ਗੱਡੀ ਸਹੀ ਲੀਹਾਂ 'ਤੇ ਹੈ।

'ਯੇ' ਲਿਆਇਆ ਬੱਚਿਆਂ ਲਈ ਚਾਰ ਲੜੀਵਾਰ

18 ਅਪ੍ਰੈਲ ਤੋਂ ਸੋਨੀ ਨੇ ਆਪਣਾ ਨਵਾਂ ਚੈਨਲ 'ਯੇ' ਦਾ ਪ੍ਰਸਾਰਣ ਸ਼ੁਰੂ ਕੀਤਾ ਹੈ ਅਤੇ ਇਹ ਚੈਨਲ ਬੱਚਿਆਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਭਿਨੇਤਾ ਟਾਈਗਰ ਸ਼ਰਾਫ ਨੂੰ ਇਸ ਚੈਨਲ ਦੇ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਉਂਝ, ਸ਼ਰਾਫ ਪਰਿਵਾਰ ਦਾ ਸੋਨੀ ਵਾਲਿਆਂ ਨਾਲ ਪੁਰਾਣਾ ਸਬੰਧ ਰਿਹਾ ਹੈ। ਸੋਨੀ ਚੈਨਲ ਜਦੋਂ ਸ਼ੁਰੂ ਹੋਇਆ ਸੀ ਉਦੋਂ ਜੈਕੀ ਸ਼ਰਾਫ ਨੇ ਇਸ ਕੰਪਨੀ ਦੇ ਸ਼ੇਅਰ ਵੱਡੀ ਗਿਣਤੀ ਵਿਚ ਖਰੀਦੇ ਸਨ ਅਤੇ ਫਿਰ ਇਸ ਚੈਨਲ ਨੂੰ ਲੋਕਪ੍ਰਿਆ ਬਣਾਉਣ ਲਈ ਜੈਕੀ ਨੇ ਲੜੀਵਾਰ 'ਸਿੰਦਬਾਦ' ਵਿਚ ਕੰਮ ਕਰਨ ਲਈ ਹਾਮੀ ਵੀ ਭਰੀ ਸੀ। ਜੈਕੀ ਉਦੋਂ ਫ਼ਿਲਮਾਂ ਦੇ ਵੱਡੇ ਸਟਾਰ ਹੋਇਆ ਕਰਦੇ ਸਨ। ਇਸ ਚੈਨਲ ਨੂੰ ਲੈ ਕੇ ਟਾਈਗਰ ਸ਼ਰਾਫ ਕਹਿੰਦੇ ਹਨ, 'ਸਾਡੇ ਦੇਸ਼ ਵਿਚ ਬਾਲ ਦਰਸ਼ਕਾਂ ਲਈ ਜੋ ਚੈਨਲ ਚਲ ਰਹੇ ਹਨ ਉਹ ਵਿਦੇਸ਼ੀ ਹਨ ਅਤੇ ਇਨ੍ਹਾਂ ਦੇ ਕਿਰਦਾਰ ਵੀ ਵਿਦੇਸ਼ੀ ਹੁੰਦੇ ਹਨ। ਇਸ ਤਰ੍ਹਾਂ ਇਹ ਚੈਨਲ ਦੂਰ ਦਰਾਜ ਦੇ ਇਲਾਕਿਆਂ ਤੱਕ ਆਪਣੀ ਪਹੁੰਚ ਨਹੀਂ ਬਣਾ ਪਾਉਂਦੇ ਹਨ। 'ਯੇ' ਪੂਰੀ ਤਰ੍ਹਾਂ ਨਾਲ ਭਾਰਤੀ ਚੈਨਲ ਹੈ ਅਤੇ ਇਸ ਵਿਚ ਪੇਸ਼ ਕੀਤੇ ਜਾਣ ਵਾਲੇ ਕਿਰਦਾਰ ਵੀ ਭਾਰਤੀ ਹਨ। ਇਸ ਚੈਨਲ 'ਤੇ ਸ਼ੁਰੂ ਵਿਚ ਚਾਰ ਐਨੀਮੇਸ਼ਨ ਲੜੀਵਾਰ ਦਿਖਾਏ ਜਾਣਗੇ ਅਤੇ ਇਹ ਹਨ 'ਗੁਰੂ ਔਰ ਭੋਲੇ', 'ਸਭ ਝੋਲਮਾਲ ਹੈ', 'ਪ੍ਰਿੰਸ ਜੈ ਔਰ ਦਮਦਾਰ ਵੀਰੂ' ਤੇ 'ਪਾਪ-ਓ-ਮੀਟਰ'। 'ਗੁਰੂ ਔਰ ਭੋਲੇ' ਵਿਚ ਗਾਇਕ ਗੁਰੂ ਤੇ ਉਸ ਦੇ ਚੇਲੇ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਸ਼ੋਅ ਦੇ ਦੋਵੇਂ ਮੁੱਖ ਕਿਰਦਾਰ ਫ਼ਿਲਮ 'ਪੜੋਸਨ' ਦੇ ਕਿਰਦਾਰਾਂ ਤੋਂ ਪ੍ਰੇਰਿਤ ਜ਼ਰੂਰ ਨਜ਼ਰ ਆਉਂਦੇ ਹਨ ਪਰ ਇਥੇ ਇਹ ਸਮਾਨਤਾ ਸਿਰਫ ਕਿਰਦਾਰਾਂ ਤੱਕ ਹੀ ਸੀਮਿਤ ਹੈ। 'ਪੜੋਸਨ' ਵਿਚ ਕਿਸ਼ੋਰ ਕੁਮਾਰ ਸਨ ਅਤੇ ਇਕ ਸੰਯੋਗ ਇਹ ਵੀ ਹੈ ਕਿ 'ਗੁਰੂ ਔਰ ਭੋਲੇ' ਵਿਚ ਜੋ ਗੀਤ ਪੇਸ਼ ਕੀਤਾ ਗਿਆ ਹੈ ਉਹ ਕਿਸ਼ੋਰ-ਦਾ ਦੇ ਬੇਟੇ ਅਮਿਤ ਕੁਮਾਰ ਵੱਲੋਂ ਗਾਏ ਗਏ ਹਨ। 'ਸਭ ਝੋਲਮਾਲ ਹੈ' ਵਿਚ ਦੋ ਬਿੱਲੀਆਂ ਹਨੀ-ਬਨੀ, ਕੁੱਤਾ ਜ਼ੋਰਾਵਰ ਤੇ ਇਕ ਤੋਤੇ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਦੋਂ ਕਿ 'ਪ੍ਰਿੰਸ ਜੈ ਦਮਦਾਰ ਵੀਰੂ' ਵਿਚ ਦੋ ਦੋਸਤਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ ਅਤੇ ਹਾਂ, ਇਹ ਦੋਵੇਂ ਨਾਂਅ 'ਸ਼ੋਅਲੇ' ਫ਼ਿਲਮ ਦੇ ਕਿਰਦਾਰਾਂ ਤੋਂ ਜ਼ਰੂਰ ਲਏ ਗਏ ਹਨ ਪਰ ਲੜੀਵਾਰ ਦਾ 'ਸ਼ੋਅਲੇ' ਫ਼ਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 'ਪਾਪ-ਓ-ਮੀਟਰ' ਵਿਚ ਡਰਾਉਣੀ ਕਾਮੇਡੀ ਦਿਖਾਈ ਗਈ ਹੈ।

-ਮੁੰਬਈ ਪ੍ਰਤੀਨਿਧ

ਛੋਟੀ ਉਮਰੇ ਵੱਡੀਆਂ ਪੁਲਾਂਘਾਂ-ਅਨੰਨਿਆ ਵਾਡਕਰ

'ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ...' ਦੇ ਕਥਨ ਅਨੁਸਾਰ ਜਦ ਉਸ ਨੇ ਬਿਨਾਂ ਕਿਸੇ ਹਿਚਕਚਾਹਟ ਦੇ 21 ਦਸੰਬਰ 2000 ਨੂੰ ਪਹਿਲੀ ਵਾਰ ਸਟੇਜ 'ਤੇ ਰਾਗ ਭੁਪਾਲੀ ਗਾਇਆ ਤਾਂ ਹਾਜ਼ਰੀਨ ਨੇ ਦੰਦਾਂ ਹੇਠ ਉਂਗਲੀ ਦਬਾ ਲਈ। ਉਹ ਉਸ ਸਮੇਂ ਸਿਰਫ 1 ਸਾਲ 2 ਮਹੀਨੇ 'ਤੇ 9 ਦਿਨਾਂ ਦੀ ਸੀ। ਇੰਨੀ ਛੋਟੀ ਉਮਰ 'ਚ ਸਟੇਜ ਤੇ ਗਾਉਣ ਨਾਲ ਉਸ ਦੀ ਚਾਰੇ ਪਾਸੇ ਵਾਹ-ਵਾਹ ਹੋਣ ਲੱਗੀ ਸੀ। ਇਸ ਤੋਂ ਬਾਅਦ ਦੂਰਦਰਸ਼ਨ 'ਤੇ ਵੀ ਗਾਉਣ ਦਾ ਮਾਣ ਖੱਟਿਆ । 2 ਸਾਲ ਦੀ ਉਮਰ 'ਚ ਪਹਿਲੀ ਵੋਕਲ ਪ੍ਰੀਖਿਆ 'ਚ 98 ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਈ। ਗੱਲ ਕਰ ਰਹੇ ਹਾਂ ਪ੍ਰਸਿੱਧ ਫ਼ਿਲਮੀ ਗਾਇਕ ਸੁਰੇਸ਼ ਵਾਡਕਰ ਦੀ ਵੱਡੀ ਪੁੱਤਰੀ ਉੱਭਰ ਰਹੀ ਗਾਇਕਾ 'ਅਨੰਨਿਆ ਵਾਡਕਰ' ਦੀ। ਅਨੰਨਿਆ ਵਾਡਕਰ ਦਾ ਜਨਮ 12 ਅਕਤੂਬਰ 1999 ਨੂੰ ਮੁੰਬਈ ਵਿਖੇ ਪਿਤਾ ਸੁਰੇਸ਼ ਵਾਡਕਰ ਤੇ ਮਾਤਾ ਪਦਮਾ ਮੈਨਨ ਦੇ ਘਰ ਹੋਇਆ। ਹੋਰਨਾਂ ਬੱਚਿਆ ਵਾਂਗ ਜਦ ਛੋਟੀ ਉਮਰ 'ਚ ਉਹ ਰੋਂਦੀ ਤਾਂ ਉਸ ਨੂੰ ਘਰ ਦੇ ਉਸ ਕੋਨੇ 'ਚ ਲੈ ਜਾਇਆ ਜਾਂਦਾ , ਜਿੱਥੇ ਗਾਇਕ ਸੁਰੇਸ਼ ਵਾਡਕਰ ਜੀ ਰਿਆਜ਼ ਕਰਦੇ ਸਨ, ਤਾਂ ਉਸ ਦਾ ਰੋਣਾ ਇੱਕਦਮ ਬੰਦ ਹੋ ਜਾਂਦਾ ਤੇ ਉਹ ਜਿਵੇਂ ਸਰਗਮ ਦੀਆਂ ਸੁਰਾਂ 'ਚ ਖੋ ਜਾਂਦੀ ਸੀ। ਇਸ ਬੱਚੀ ਦੇ ਸੰਗੀਤ ਪ੍ਰਤੀ ਰੁਝਾਨ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਉਸ ਨੇ 7 ਮਹੀਨੇ ਦੀ ਉਮਰ ਤੋਂ ਹੀ ਮਸਤੀ ਕਰਦੇ ਹੋਏ 'ਸਾ ਰੇ ਗਾ ਮਾ ਪਾ..' ਨੂੰ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ 'ਅਚਾਰੀਆ ਜੀਆ ਲਾਲ ਵਸੰਤ ਸੰਗੀਤ ਨਿਕੇਤਨ' ਦੇ ਮੁਖੀ ਮੈਡਮ ਪ੍ਰੇਮ ਵਸੰਤ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਅੱਜ-ਕਲ੍ਹ ਉਹ ਆਪਣੇ ਪਿਤਾ ਸੁਰੇਸ਼ ਵਾਡਕਰ ਤੇ ਮਾਂ ਪਦਮਾ ਮੈਨਨ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਰਹੀ ਹੈ। ਇਸ ਤੋਂ ਬਿਨਾਂ 3 ਸਾਲ ਦੀ ਉਮਰ ਤੋਂ ਹੀ ਉਸ ਨੇ ਸਿਤਾਰ ਵਜਾਉਣ ਦੀ ਸਿੱਖਿਆ ਲਈ ਤੇ ਮੌਸੀਕੀ ਦੇੇ ਜਨੂੰਨ ਕਾਰਨ ਹੀ ਉਸ ਨੇ ਹਰਮੋਨੀਅਮ, ਤਬਲਾ, ਦਿਲਰੁਬਾ ਤੇ ਵਾਇਲਨ ਵਜਾਉਣਾ ਜਿਵੇਂ ਪਲਾਂ 'ਚ ਹੀ ਸਿੱਖ ਲਿਆ ਹੋਵੇ । ਉਸ ਦੀ ਮਿਹਨਤ ਦਾ ਫਲ਼ ਹੀ ਹੈ ਕਿ ਉਹ ਇਨ੍ਹਾਂ ਸਾਰੇ ਸਾਜਾਂ ਨੂੰ ਹੁਣ ਸਿੱਖਿਆਰਥੀਆਂ ਨੂੰ ਸਿਖਾ ਵੀ ਰਹੀ ਹੈ। ਉਸ ਦੀ ਇਸ ਪ੍ਰਤਿਭਾ ਤੋਂ ਅਭਿਨੇਤਾ 'ਆਮਿਰ ਖਾਨ' ਵੀ ਮੁਤਾਸਿਰ ਹੋਏ ਬਿਨਾਂ ਨਹੀਂ ਰਹੇ। ਉਸ ਨੇ ਆਪਣੀ ਫ਼ਿਲਮ 'ਤਾਰੇ ਜ਼ਮੀਂ ਪਰ' 'ਚ ਅਨੰਨਿਆ ਨੂੰ 'ਓ ਸਵੀਟ...' ਗਾਣਾ ਗਾਉਣ ਦਾ ਮੌਕਾ ਦਿੱਤਾ ਜੋ ਕਾਫੀ ਪ੍ਰਸਿੱਧ ਹੋਇਆ ਸੀ। 'ਅਨੰਨਿਆ' ਮਰਾਠੀ ਫ਼ਿਲਮਾਂ 'ਚ ਵੀ ਗਾ ਰਹੀ ਹੈ। 'ਅਨੰਨਿਆ' ਨੇ ਢੇਰਾਂ ਜਿੰਗਲਜ਼ 'ਚ ਵੀ ਆਪਣੀ ਮਿੱਠੀ ਆਵਾਜ਼ ਦਿੱਤੀ ਹੈ। ਜਦ 'ਅਨੰਨਿਆ' 5 ਸਾਲ ਦੀ ਸੀ ਤਾਂ ਮਰਾਠੀ ਸੰਗੀਤਕਾਰ ਅਸ਼ੋਕ ਪਾਟਕੀ ਅਤੇ ਸੰਜੇ ਧਮਾਨਕਰ ਨੇ ਉਸ ਨੂੰ ਮਰਾਠੀ ਭਾਸ਼ਾ 'ਚ ਗੀਤ ਗਵਾਉਣੇ ਸ਼ੁਰੂ ਕੀਤੇ। 'ਅਨੰਨਿਆ' ਦੀ ਗਣਪਤੀ ਦੇ ਭਜਨਾਂ ਦੀ ਪਹਿਲੀ ਸੀਡੀ 'ਸੰਜੇ ਧਮਾਨਕਰ' ਨੇ ਹੀ ਰੀਲੀਜ਼ ਕੀਤੀ ਸੀ । ਅਨੰਨਿਆ ਦੇ ਪਸੰਦੀਦਾ ਗਾਇਕ ਸੁਰੇਸ਼ ਵਾਡਕਰ, ਮੁਹੰਮਦ ਰਫੀ, ਸੋਨੂੰ ਨਿਗਮ, ਅਰਜੀਤ, ਲਤਾ ਮੰਗੇਸ਼ਕਰ, ਪਦਮਾ ਮੈਨਨ, ਆਸ਼ਾ ਭੋਂਸਲੇ ਅਤੇ ਸ਼੍ਰੇਆ ਘੋਸ਼ਾਲ ਹਨ। ਅਨੰਨਿਆ ਭਵਿੱਖ 'ਚ ਪ੍ਰਸਿੱਧ ਫ਼ਿਲਮੀ ਪਿੱਠਵਰਤੀ ਗਾਇਕਾ ਬਣਨਾ ਚਾਹੁੰਦੀ ਹੈ।

-ਸਿਮਰਨ, ਜਗਰਾਉਂ

ਗਾਇਕ ਬਣਨ ਸ਼ਿਕਾਗੋ ਤੋਂ ਆਏ ਕੇਸ਼ਵ ਰਾਜ

ਭਾਰਤੀ ਮੂਲ ਦੇ ਕੇਸ਼ਵ ਰਾਜ ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਵਸੇ ਹੋਏ ਹਨ। ਉਥੇ ਸ਼ਿਕਾਗੋ ਵਿਚ ਉਨ੍ਹਾਂ ਦਾ ਪੁਰਾਣੀਆਂ ਕਾਰਾਂ ਵੇਚਣ ਦਾ ਕਾਰੋਬਾਰ ਹੈ। ਉਹ ਗੱਡੀਆਂ ਵਿਚ ਤਾਂ ਰੁਚੀ ਰੱਖਦੇ ਹੀ ਹਨ, ਸੰਗੀਤ ਵਿਚ ਵੀ ਉਨ੍ਹਾਂ ਦੀ ਰੁਚੀ ਬਹੁਤ ਹੈ। ਉਥੇ ਇਕ ਮਿਊਜ਼ੀਕਲ ਗਰੁੱਪ ਸੁਰ ਸੰਗਮ ਪਾਰਟੀ ਦੇ ਰਾਹੀਂ ਉਹ ਸ਼ੋਅ ਪੇਸ਼ ਕਰਦੇ ਰਹਿੰਦੇ ਹਨ ਅਤੇ ਸ਼ੋਅ ਵਿਚ ਉਹ ਮੁਕੇਸ਼, ਮੰਨਾ ਡੇ, ਮਹਿੰਦਰ ਕਪੂਰ, ਕਿਸ਼ੋਰ ਕੁਮਾਰ ਤੇ ਰਫੀ ਸਾਹਿਬ ਦੇ ਗੀਤ ਪੇਸ਼ ਕਰਦੇ ਹਨ।
ਸਾਲਾਂ ਤੱਕ ਮੰਚ 'ਤੇ ਗੀਤ ਪੇਸ਼ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਕਿਉਂ ਨਾ ਆਪਣੀ ਆਵਾਜ਼ ਨਾਲ ਸਜਿਆ ਐਲਬਮ ਕੱਢਿਆ ਜਾਵੇ ਅਤੇ ਗਾਇਕ ਬਣਨ ਦੇ ਇਰਾਦੇ ਨਾਲ ਉਹ ਮੁੰਬਈ ਆ ਗਏ। ਇਥੇ ਉਹ ਆਪਣੇ ਪੁਰਾਣੇ ਮਿੱਤਰ ਰਣਛੋੜ ਵੋਰਾ ਦੇ ਬੇਟੇ ਅਨਿਲ ਨੂੰ ਮਿਲੇ ਅਤੇ ਅਨਿਲ ਬਾਲੀਵੁੱਡ ਵਿਚ ਪੋਸਟ ਪ੍ਰੋਡਕਸ਼ਨ ਤੇ ਡਿਸਟ੍ਰੀਬਿਊਸ਼ਨ ਦਾ ਕੰਮ ਕਰਦੇ ਹਨ। ਸੋ, ਫ਼ਿਲਮ ਵਾਲਿਆਂ ਵਿਚ ਉਨ੍ਹਾਂ ਦੀ ਚੰਗੀ ਪਛਾਣ ਹੈ। ਅਨਿਲ ਨੇ ਉਨ੍ਹਾਂ ਦੀ ਪਛਾਣ ਸੰਗੀਤਕਾਰ ਵੈਸ਼ਣਵ ਦੇਵਾ ਨਾਲ ਕਰਵਾਈ ਅਤੇ ਵੈਸ਼ਣਵ ਦੇਵਾ ਨੇ ਪਹਿਲੀ ਸ਼ਰਤ ਇਹ ਰੱਖੀ ਕਿ ਉਹ ਉਨ੍ਹਾਂ ਦੀ ਆਵਾਜ਼ ਪਰਖਣ ਤੋਂ ਬਾਅਦ ਹੀ ਇਹ ਨਿਰਣਾ ਲੈਣਗੇ ਕਿ ਕੰਮ ਕਰਨਾ ਹੈ ਜਾਂ ਨਹੀਂ।
ਕੇਸ਼ਵ ਰਾਜ ਨੇ ਉਨ੍ਹਾਂ ਨੂੰ ਕੁਝ ਗੀਤ ਸੁਣਾਏ ਅਤੇ ਉਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਵੈਸ਼ਣਵ ਦੇਵਾ ਉਨ੍ਹਾਂ ਨਾਲ ਕੰਮ ਕਰਨ ਨੂੰ ਰਾਜ਼ੀ ਹੋ ਗਏ। ਗੀਤਕਾਰ ਮੁਮਤਾਜ ਨਿਕਹਤ ਤੋਂ ਗੀਤ ਲਿਖਵਾਏ ਗਏ ਅਤੇ ਗਾਇਕਾ ਤਰੰਨੁਮ ਮਲਿਕ ਦੇ ਨਾਲ ਕੇਸ਼ਵ ਰਾਜ ਨੇ ਕੁਮਾਰ ਸ਼ਾਨੂੰ ਦੇ ਰਿਕਾਰਡਿੰਗ ਸਟੂਡੀਓ ਵਿਚ ਗੀਤ ਰਿਕਾਰਡ ਕਰਕੇ ਆਪਣਾ ਐਲਬਮ ਤਿਆਰ ਕੀਤਾ ਅਤੇ ਇਸ ਦਾ ਨਾਂਅ 'ਨਸ਼ਾ ਹੀ ਨਸ਼ਾ' ਰੱਖਿਆ ਗਿਆ। ਸੰਗੀਤ ਕੰਪਨੀ ਟੀ-ਸੀਰੀਜ਼ ਵੱਲੋਂ ਇਹ ਐਲਬਮ ਰਿਲੀਜ਼ ਕੀਤਾ ਜਾਵੇਗਾ। ਕਿਉਂਕਿ ਇਨ੍ਹੀਂ ਦਿਨੀਂ ਪੰਜਾਬੀ ਗੀਤ ਬਹੁਤ ਚੱਲ ਰਹੇ ਹਨ, ਸੋ, ਇਕ ਪੰਜਾਬੀ ਗੀਤ ਵੀ ਇਸ ਐਲਬਮ ਵਿਚ ਰੱਖਿਆ ਗਿਆ ਹੈ ਅਤੇ ਇਸ ਦੇ ਬੋਲ ਹਨ, 'ਆ ਨੱਚ ਕੁੜੀਏ...।'
ਇਸ ਐਲਬਮ ਦੇ ਤਿੰਨ ਗੀਤਾਂ ਦੇ ਵੀਡੀਓ ਮੁੰਬਈ ਤੇ ਗੋਆ ਵਿਚ ਸ਼ੂਟ ਕੀਤੇ ਜਾਣਗੇ ਅਤੇ ਅਭਿਨੇਤਾ ਦਿਲਜਾਨ ਵਾਡੀਆ ਇਨ੍ਹਾਂ ਤਿੰਨਾਂ ਵੀਡੀਓਜ਼ ਵਿਚ ਕੰਮ ਕਰਨਗੇ। ਹੁਣ ਕੇਸ਼ਵ ਰਾਜ ਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਅਮਰੀਕਾ ਜਾ ਕੇ ਉਹ ਮੰਚ ਤੋਂ ਆਪਣੇ ਗਾਏ ਗੀਤ ਪੇਸ਼ ਕਰਨਗੇ ਅਤੇ ਲੋਕਾਂ ਦੀ ਵਾਹਵਾਹੀ ਖੱਟਣਗੇ।

-ਮੁੰਬਈ ਪ੍ਰਤੀਨਿਧ

ਅਦਾਕਾਰੀ ਤੇ ਗਾਇਕੀ ਦਾ ਆਪ ਮੁਹਾਰੇ ਫੁੱਟਿਆ ਚਸ਼ਮਾ ਜ਼ੋਰਾਵਰ ਬਰਾੜ

ਬਹੁਤ ਸਾਰੇ ਲੋਕਾਂ ਨੂੰ ਕੁਦਰਤ ਵੱਲੋਂ ਹੀ ਕਲਾ ਦੀ ਕਿਸੇ ਨਾ ਕਿਸੇ ਵੰਨਗੀ ਦੀ ਪ੍ਰਤਿਭਾ ਬਖਸ਼ੀ ਹੋਣੀ ਹੁੰਦੀ ਹੈ ਅਤੇ ਜਿਸ ਕਾਰਨ ਉਹ ਚਸ਼ਮੇ ਵਾਂਗ ਆਪ-ਮੁਹਾਰੇ ਹੀ ਫੁੱਟ ਪੈਂਦੀ ਹੈ। ਅਜਿਹਾ ਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਖੇ ਸ: ਗੁਰਮੇਲ ਸਿੰਘ ਤੇ ਸ੍ਰੀਮਤੀ ਗੁਰਮੀਤ ਕੌਰ ਦੇ ਘਰ ਜਨਮਿਆ ਪ੍ਰਤਿਭਾਸ਼ਾਲੀ ਨੌਜਵਾਨ ਜ਼ੋਰਾਵਰ ਬਰਾੜ, ਜੋ ਬਿਨਾਂ ਕਿਸੇ ਅਗਵਾਈ ਤੇ ਹੱਲਾਸ਼ੇਰੀ ਦੇ ਹੀ ਗਾਇਕੀ ਤੇ ਅਦਾਕਾਰੀ ਦੇ ਖੇਤਰ 'ਚ ਨਿੱਤਰਿਆ ਅਤੇ ਹੌਲੀ-ਹੌਲੀ ਸਥਾਪਤੀ ਵੱਲ ਵਧ ਰਿਹਾ ਹੈ।
ਅਬੋਹਰ ਵਿਖੇ ਹੋਣ ਵਾਲੇ ਇਕ ਵੱਡੇ ਸਮਾਗਮ 'ਚ ਛੱਲਾ ਗਾ ਕੇ ਅੱਵਲ ਰਹਿਣ ਨੇ ਜ਼ੋਰਾਵਰ ਨੂੰ ਗਾਇਕੀ ਦੇ ਖੇਤਰ 'ਚ ਅੱਗੇ ਵਧਣ ਲਈ ਸਵੈ-ਵਿਸ਼ਵਾਸ ਪ੍ਰਦਾਨ ਕੀਤਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰਦਿਆਂ ਜ਼ੋਰਾਵਰ ਨੇ, ਪ੍ਰੋ: ਨਿਰਮਲ ਨੀਰ ਹੋਰਾਂ ਦੀ ਦੇਖ-ਰੇਖ 'ਚ ਸੰਗੀਤਕ ਖੇਤਰ 'ਚ ਵਿਧੀਵਤ ਤਰੀਕੇ ਨਾਲ ਅੱਗੇ ਵਧਣਾ ਸ਼ੁਰੂ ਕੀਤਾ ਜਿਸ ਤਹਿਤ ਉਸ ਨੇ ਬਤੌਰ ਗਾਇਕ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ 'ਚ ਝੂੰਮਰ ਅਤੇ ਭੰਗੜੇ ਨਾਲ ਬੋਲੀਆਂ ਪਾ ਕੇ, ਜਿੱਥੇ ਬਹੁਤ ਸਾਰੇ ਇਨਾਮ ਵੀ ਜਿੱਤੇ, ਉੱਥੇ ਕਵੀਸ਼ਰੀ 'ਚ ਪੰਜਾਬੀ ਯੂਨੀਵਰਸਿਟੀ ਦਾ ਚੈਂਪੀਅਨ ਬਣ ਕੇ ਵੱਡੇ ਮੰਚਾਂ 'ਤੇ ਸਥਾਪਤੀ ਵੱਲ ਕਦਮ ਵੀ ਵਧਾਉਣੇ ਆਰੰਭ ਕੀਤੇ। ਇਨ੍ਹਾਂ ਪ੍ਰਾਪਤੀਆਂ ਸਦਕਾ ਜ਼ੋਰਾਵਰ ਨੇ ਕਾਲਜ ਕਲਰ ਵੀ ਪ੍ਰਾਪਤ ਕੀਤੇ। ਪੰਜਾਬੀ ਯੂਨੀਵਰਸਿਟੀ ਦੇ ਮੰਚਾਂ ਤੋਂ ਮਿਲੀ ਪਹਿਚਾਣ ਸਦਕਾ ਜ਼ੋਰਾਵਰ ਨੂੰ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਰੂਸ 'ਚ ਭੰਗੜੇ ਨਾਲ ਬੋਲੀਆਂ ਪਾਉਣ ਦਾ ਅਵਸਰ ਮਿਲਿਆ। ਰਿਆਤ ਬਾਹਰਾ ਕਾਲਜ ਤੋਂ ਬੀ.ਐੱਡ. ਦੀ ਪੜ੍ਹਾਈ ਦੌਰਾਨ ਵੀ ਜ਼ੋਰਾਵਰ ਨੇ ਗਾਇਕੀ ਦੇ ਖੇਤਰ 'ਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਿਆ। ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ 'ਚ ਐਮ.ਏ. ਕਰਦਿਆਂ ਜ਼ੋਰਾਵਰ ਨੇ ਬਹੁਤ ਸਾਰੇ ਨਾਟਕਾਂ 'ਚ ਗੀਤ ਗਾਏ ਅਤੇ ਬਤੌਰ ਅਦਾਕਾਰ 'ਮੁਆਵਜ਼ੇ' ਅਤੇ 'ਖਜੂਰ 'ਤੇ ਅਟਕਿਆ' ਵਰਗੇ ਨਾਟਕਾਂ ਦੀਆਂ ਦੇਸ਼ ਦੇ ਵੱਡੇ ਸ਼ਹਿਰਾਂ 'ਚ ਪੇਸ਼ਕਾਰੀਆਂ ਕੀਤੀਆਂ। ਐਮ.ਏ. ਕਰਨ ਉਪਰੰਤ ਜ਼ੋਰਾਵਰ ਨੇ ਸੰਗੀਤ ਦੀਆਂ ਵਧੇਰੇ ਬਰੀਕੀਆਂ ਸਿੱਖਣ ਦੇ ਮਨਸੂਬੇ ਨਾਲ ਸੂਫ਼ੀ ਲੋਕ ਸੰਗੀਤ 'ਚ ਡਿਪਲੋਮਾ ਪਾਸ ਕੀਤਾ। ਉਚੇਰੀ ਵਿੱਦਿਆ ਅਤੇ ਗਾਇਕੀ ਦਾ ਤਜਰਬਾ ਹਾਸਲ ਕਰਨ ਉਪਰੰਤ ਜ਼ੋਰਵਾਰ ਨੇ 'ਪਿੰਡ ਦੀ ਮੌਜ' ਅਤੇ 'ਦੂਰ ਨਾ ਜਾਵੀਂ' ਗੀਤਾਂ ਰਾਹੀਂ ਪੇਸ਼ੇਵਰ ਗਾਇਕੀ 'ਚ ਪੈਰ ਰੱਖਿਆ। ਕੁਝ ਦਿਨ ਪਹਿਲਾਂ ਜ਼ੋਰਵਾਰ ਨੇ ਆਪਣਾ ਤੀਸਰਾ ਗੀਤ 'ਕੌੜੀ ਅੱਖ' ਦੇਸੀ ਰੂਟਸ ਦੇ ਸੰਗੀਤ 'ਚ ਅਤੇ ਜਸ਼ਨ ਨੰਨੜੇ ਦੀ ਨਿਰਦੇਸ਼ਨਾ ਵਾਲੀ ਖੂਬਸੂਰਤ ਵੀਡੀਓ ਦੇ ਰੂਪ 'ਚ ਪੇਸ਼ ਕੀਤਾ ਜਿਸ ਨੂੰ ਮਿਲੇ ਹੁੰਗਾਰੇ ਨੇ ਜ਼ੋਰਾਵਰ ਬਰਾੜ ਦਾ ਹੌਸਲਾ ਵਧਾ ਦਿੱਤਾ ਹੈ।

-ਡਾ: ਸੁਖਦਰਸ਼ਨ ਸਿੰਘ ਚਹਿਲ

ਸੰਗੀਤਕ ਸੁਰਾਂ ਦਾ ਸਾਗਰ ਅਤੇ ਅਦਾਕਾਰ : ਸਰਬਜੀਤ ਸਾਗਰ

ਗਾਇਕ ਸਰਬਜੀਤ ਸਾਗਰ ਘੱਟ ਪਰ ਚੰਗਾ ਗਾਉਣ ਵਾਲਿਆਂ ਦੀ ਕਤਾਰ ਵਿਚ ਸ਼ਾਮਿਲ ਹੈ। ਸਕੂਲ ਸਮੇਂ ਤੋਂ ਬਾਲ ਸਭਾਵਾਂ ਵਿਚ ਗਾਉਣ ਦਾ ਪਿਆ ਸ਼ੌਕ ਉਸ ਨੂੰ ਗਾਇਕੀ ਦੇ ਖੇਤਰ ਵਿਚ ਖਿੱਚ ਲੈ ਆਇਆ। ਉਸਤਾਦ ਦੀਪਕ ਵੈਦ ਅਤੇ ਭੁਪਿੰਦਰ ਕੁਮਾਰ ਪੱਪੀ ਪਹਿਲਵਾਨ ਖਰੜ ਨੇ ਆਪਣੇ ਇਸ ਸ਼ਾਗਿਰਦ ਨੂੰ ਸੰਗੀਤ ਨਾਲ ਸ਼ਿੰਗਾਰਿਆ।
ਪਹਿਲਾਂ ਉਸ ਨੂੰ ਗਾਇਕੀ ਦਾ ਰੰਗ ਚੜ੍ਹਿਆ, ਫਿਰ ਅਦਾਕਾਰੀ ਦਾ। ਗਾਇਕੀ ਦਾ ਸਫਰ ਸਾਗਰ ਨੇ ਧਾਰਮਿਕ ਟੇਪ 'ਜੋ ਹੰਸ ਬਣਾਉਂਦਾ ਕਾਗਾਂ ਤੋਂ' ਨਾਲ ਸ਼ੁਰੂ ਕੀਤਾ। ਫਿਰ ਦੋਗਾਣਿਆਂ ਦੀ ਐਲਬਮ 'ਲਹਿੰਗਾ' ਨਾਲ ਸਰੋਤਿਆਂ ਦੇ ਸਨਮੁੱਖ ਹੋਇਆ। ਇਸ ਐਲਬਮ ਵਿਚ ਉਸ ਦਾ ਸਾਥ ਦੋਗਾਣੇ ਗੀਤਾਂ ਵਿਚ ਸੁਰੀਲੀ ਆਵਾਜ਼ ਗੁਰਲੇਜ਼ ਅਖ਼ਤਰ ਨੇ ਦਿੱਤਾ। ਐਲਬਮ ਵਿਚਲਾ ਗੀਤ 'ਵਿਆਹ ਵਾਲੇ ਦਿਨ ਲਹਿੰਗਾ ਕਿਹੜੇ ਰੰਗ ਦਾ ਪਾਵਾਂ ਮੈਂ' ਰਾਹੀਂ ਉਸ ਦੀ ਗਾਇਕੀ ਦੀਆਂ ਹਰ ਪਾਸੇ ਧੁੰਮਾਂ ਪੈ ਗਈਆਂ। ਫਿਰ ਹੋਰ ਕਈ ਸੁਰੀਲੇ ਗਾਇਕਾਂ ਨਾਲ ਮਲਟੀ ਐਲਬਮ 'ਪੈੜਾਂ' ਫਿਰ 'ਪੰਜਾਬੀ ਵੇਵਜ਼' ਉਸ ਦੀ ਆਪਣੀ ਸਾਗਰ ਰਿਕਾਰਡ ਕੰਪਨੀ ਵਿਚ ਰਿਕਾਰਡ ਹੋ ਕੇ ਆਏ ਗੀਤ ਉਸ ਦੀ ਪਛਾਣ ਬਣ ਗਏ। 'ਸਾਨੂੰ ਬਾਈ ਜੀ ਬਾਈ ਜੀ ਕਹਿੰਦੇ', 'ਵੱਜੇ ਢੋਲ ਤੇ ਨਗਾਰਾ ਪਿੱਪਲੀ ਦੇ ਹੇਠ', 'ਆਪਣਾ ਮੂਲ ਪਛਾਣ', 'ਪੈੜਾਂ' ਆਦਿ ਟੀ.ਵੀ. ਚੈਨਲਾਂ 'ਤੇੇ ਭਰਵੀਂ ਹਾਜ਼ਰੀ ਲਗਾਈ।
ਗਾਇਕ ਸਰਬਜੀਤ ਸਾਗਰ ਕਲਾਤਮਿਕ ਰੁਚੀਆਂ ਕਾਰਨ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਨਗਿੰਦਰ ਕਲਾ ਮੰਚ ਅਤੇ ਗੁਰਜਸ਼ਨ ਥੀਏਟਰ ਗਰੁੱਪ ਦੀ ਸ਼ਾਨ ਬਣਿਆ ਅਤੇ ਭਰੂਣ ਹੱਤਿਆ, ਨਸ਼ਾ, ਦਾਜ ਪ੍ਰਥਾ ਅਤੇ ਹੋਰ ਸਮਾਜਿਕ ਬੁਰਾਈਆਂ ਅਤੇ ਮਨੁੱਖ ਵਲੋਂ ਆਪ ਸਹੇੜੀਆਂ ਬਿਮਾਰੀਆਂ ਪ੍ਰਤੀ ਚਿੰਤਤ ਦਰਜਨਾਂ ਹੀ ਨੁੱਕੜ ਨਾਟਕਾਂ ਅਤੇ ਸਟੇਜ ਸ਼ੋਆਂ ਰਾਹੀਂ ਆਪਣੀ ਵਿਲੱਖਣ ਅਦਾਕਾਰੀ ਨਾਲ ਕਰਾਰੀ ਚੋਟ ਮਾਰਦਾ ਹੋਇਆ ਸਮਾਜ ਨੂੰ ਜਾਗਰੂਕ ਕਰਨ ਦਾ ਹੋਕਾ ਦੇ ਰਿਹਾ ਹੈ। ਲਿਖਣਾ ਵੀ ਉਸ ਦਾ ਸ਼ੌਕ ਹੈ। ਪੰਜਾਬੀ ਦੇ ਸ਼ੁੱਧ ਸ਼ਬਦਾਂ ਨਾਲ ਬੁਣੇ ਗੀਤ ਜਿੱਥੇ ਉਸ ਨੇ ਖੁਦ ਗਾਏ ਹਨ ਉਸ ਦੇ ਨਾਲ ਹੀ ਰਚਨਾਵਾਂ ਅਨਮੋਲ ਬਚਪਨ, ਸੂਲ ਸੁਰਾਹੀ, ਕਾਵਿ ਸੁਨੇਹੇ, ਬਜ਼ੁਰਗ ਸਾਡਾ ਸਰਮਾਇਆ' ਆਦਿ ਰਚਨਾਵਾਂ ਵੱਖ-ਵੱਖ ਰਸਾਲਿਆਂ ਵਿਚ ਸਮੇਂ-ਸਮੇਂ ਸਿਰ ਛਪ ਚੁੱਕੀਆਂ ਹਨ।

-ਗੁਰਮੁਖ ਸਿੰਘ ਮਾਨ
mann1ajit@gmail.com

'ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ' ਗੀਤ ਵਾਲਾ ਗਾਇਕ ਸੰਨੀ ਸ਼ਿਵਰਾਜ

ਸੰਨੀ ਸ਼ਿਵਰਾਜ ਦੀ ਗਾਇਕੀ ਵਿਚ ਅਜਿਹਾ ਜਾਦੂ ਹੈ ਕਿ ਉਹ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦਾ ਹੈ। ਕੈਨੇਡਾ ਵਿਚ ਰਹਿੰਦਿਆਂ ਕੰਮਾਂਕਾਰਾਂ ਦੇ ਰੁਝੇਵਿਆਂ ਅਤੇ ਤੇਜ਼ ਰਫ਼ਤਾਰ ਜ਼ਿੰਦਗ਼ੀ ਵੀ ਉਸ ਦੇ ਗਾਇਕੀ ਪ੍ਰਤੀ ਮੋਹ ਨੂੰ ਫਿੱਕਾ ਨਹੀਂ ਕਰ ਸਕੀ। ਉਸ ਨੇ ਹਮੇਸ਼ਾ ਹੀ ਸਾਫ-ਸੁਥਰਾ ਅਤੇ ਚੰਗਾ ਹੀ ਗਾਇਆ ਹੈ। ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਵਿਚ ਮਾਤਾ ਸ੍ਰੀਮਤੀ ਜਗਜੀਤ ਕੌਰ ਅਤੇ ਪਿਤਾ ਸ: ਭਰਪੂਰ ਸਿੰਘ ਦੇ ਘਰ ਜਨਮੇ ਸੰਨੀ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਉਸ ਨੇ ਸਕੂਲ ਅਤੇ ਫਿਰ ਕਾਲਜ ਦੇ ਸਮਾਗਮਾਂ ਵਿਚ ਗਾਉਣਾ ਸ਼ੁਰੂ ਕੀਤਾ। ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਵਿਚ ਪੜ੍ਹਦਿਆਂ ਪੰਜਾਬੀ ਦੇ ਪ੍ਰੋਫੈਸਰ ਸ੍ਰੀ ਜਸਪਾਲ ਘਈ ਨੇ ਗਾਇਕੀ ਵੱਲ ਪ੍ਰੇਰਤ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਸ ਨੇ ਭੰਗੜੇ ਦੀਆਂ ਟੀਮਾਂ ਤਿਆਰ ਕਰਕੇ ਨਾਲ-ਨਾਲ ਬੋਲੀਆਂ ਪਾਉਣੀਆਂ ਵੀ ਸ਼ੁਰੂ ਕੀਤੀਆਂ ਅਤੇ ਉੱਥੋਂ ਹੀ ਫਿਰੋਜ਼ਪੁਰ ਦੇ ਉਦੋਂ ਦੇ ਡੀ. ਸੀ. ਨੇ ਉਸ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਉਦੋਂ ਦੇ ਡਾਇਰੈਕਟਰ ਸ੍ਰੀ ਐਸ. ਕੇ. ਆਹਲੂਵਾਲੀਆ ਨੂੰ ਸੰਨੀ ਦੀ ਸੱਭਿਆਚਾਰਕ ਗਤੀਵਿਧੀਆਂ ਵਿਚ ਨਿਯੁਕਤੀ ਬਾਰੇ ਲਿਖ ਕੇ ਭੇਜਿਆ ਜਿਨ੍ਹਾਂ ਦੀ ਰਹਿਨੁਮਈ ਹੇਠ ਉਸ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਆਪਣੀ ਗਾਇਕੀ ਪੇਸ਼ ਕੀਤੀ। ਸੰਨੀ ਸ਼ਿਵਰਾਜ ਪ੍ਰੋ: ਅਤੈ ਸਿੰਘ ਦੀ ਅਗਵਾਈ ਹੇਠ ਜਲੰਧਰ ਦੂਰਦਰਸ਼ਨ 'ਤੇ ਵੀ ਆਪਣੀ ਗਾਇਕੀ ਪੇਸ਼ ਕਰ ਚੁੱਕਾ ਹੈ। ਫਿਰ ਉਹ ਪੱਕੇ ਤੌਰ 'ਤੇ ਕੈਨੇਡਾ ਦਾ ਵਸਨੀਕ ਬਣ ਗਿਆ। ਉਹ ਪ੍ਰਸਿੱਧ ਸ਼ਾਇਰ ਸਵਰਗੀ ਹਰਦਿਆਲ ਕੇਸ਼ੀ ਦੀ ਯਾਦ ਵਿਚ ਟੋਰਾਂਟੋ ਵਿਖੇ ਹਰ ਸਾਲ ਸਾਹਿਤਕ ਸਮਾਗਮ ਵੀ ਕਰਵਾਉਂਦਾ ਹੈ ਜਦੋਂ ਕਿ ਉਹ ਦੋ ਕੈਸੇਟਾਂ ਐਸ. ਬਲਬੀਰ ਦੇ ਸੰਗੀਤ ਵਿਚ 'ਗਰੂਰ ਗੋਰੇ ਰੰਗ ਦਾ' ਅਤੇ ਰਾਜਿੰਦਰ ਰਾਜ ਦੇ ਸੰਗੀਤ ਵਿਚ 'ਤੇਰੀ ਚੁੱਪ' ਵੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਸੰਨੀ ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਲੁਧਿਆਣਾ ਦੇ ਡੀ. ਏ. ਵੀ. ਕਾਲਜ ਫਾਰ ਵੂਮਨ ਵਿਖੇ ਕਰਵਾਏ ਸੰਗੀਤਕ ਸਮਾਗਮ ਦੌਰਾਨ ਪ੍ਰਸਿੱਧ ਫ਼ਿਲਮੀ ਅਦਾਕਾਰ ਸਵਰਗੀ ਸੁਨੀਲ ਦੱਤ ਦੇ ਹੱਥੋਂ ਸਨਮਾਨ ਵੀ ਲੈ ਚੁੱਕਾ ਹੈ। ਉਹ ਗਾਇਕੀ ਦੇ ਨਾਲ-ਨਾਲ ਰੰਗਮੰਚ ਨਾਲ ਵੀ ਜੁੜਿਆ ਹੋਇਆ ਹੈ ਅਤੇ ਵੱਖ-ਵੱਖ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਹੇਠ ਅਨੇਕਾਂ ਹੀ ਨਾਟਕ ਵੀ ਖੇਡ ਚੁੱਕਾ ਹੈ। ਉਸ ਦੇ ਦੋ ਗੀਤ 'ਗੱਲ ਕਰੀਏ ਕੋਈ ਕਿਸ ਤਰ੍ਹਾਂ ਦੋਸਤਾ, ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ' ਅਤੇ 'ਪਿੰਡ ਮੇਰੇ ਦੀਆਂ ਮਾਵਾਂ' ਇੱਥੇ ਕਾਫੀ ਮਕਬੂਲ ਹੋਏ ਹਨ ਜਿਨ੍ਹਾਂ ਦੀ ਵੀਡੀਓ ਵੇਖਣ ਯੋਗ ਹੈ।

-ਹਰਜੀਤ ਸਿੰਘ ਬਾਜਵਾ
ਪੱਤਰਕਾਰ ਟੋਰਾਂਟੋ (ਕੈਨੇਡਾ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX