ਤਾਜਾ ਖ਼ਬਰਾਂ


ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  0 minutes ago
ਲਖਨਊ, 10 ਦਸੰਬਰ- ਆਈਸਲੈਂਡ ਦੇ ਵਿਦੇਸ਼ ਮੰਤਰੀ ਗੁਡਲੁਗੁਰ ਥੋਰ ਨੇ ਅੱਜ ਸਵੇਰੇ ਆਗਰਾ ਵਿਖੇ ਤਾਜ ਮਹਿਲ ਦਾ ਦੌਰਾ ਕੀਤਾ। ਥੋਰ ਭਾਰਤ ਦੇ ਅੱਠ ਦਿਨਾਂ ਦੌਰੇ 'ਤੇ ਆਏ...
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  14 minutes ago
ਨਵੀਂ ਦਿੱਲੀ, 10 ਦਸੰਬਰ- 9000 ਕਰੋੜ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਹੋ ਸਕਦੀ ਹੈ। ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਐੱਸ. ਸਾਈ ਮਨੋਹਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇੱਕ ਟੀਮ ਵਿਜੇ...
ਅੱਜ ਦਾ ਵਿਚਾਰ
. . .  52 minutes ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਟੈਨਿਸ ਵਿਚ ਫਿਰ ਪਿਆ ਪੇਸ-ਭੂਪਤੀ ਰੇੜਕਾ

ਭਾਰਤ ਹਾਲੇ ਟੈਨਿਸ ਦੇ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਸਕਣ ਜੋਗਾ ਤਾਂ ਨਹੀਂ ਹੋਇਆ ਪਰ ਹਾਲ ਦੀ ਘੜੀ ਡੇਵਿਸ ਕੱਪ ਵਰਗੇ ਟੂਰਨਾਮੈਂਟ ਰਾਹੀਂ ਟੈਨਿਸ ਦੀਆਂ ਪੌੜੀਆਂ ਚੜ੍ਹ ਰਿਹਾ ਹੈ ਪਰ ਕਿਸੇ ਚੰਗੀ ਖ਼ਬਰ ਦੇ ਨਾਲ ਹੀ ਭਾਰਤੀ ਟੈਨਿਸ ਨੂੰ ਝਟਕਾ ਵੀ ਲੱਗ ਜਾਂਦਾ ਹੈ। ਝਟਕੇ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਗੀ ਖ਼ਬਰ ਦੀ। ਇਸ ਵਿਚ ਅਗਾਂਹ ਵਧਣ ਵਾਲੀ ਗੱਲ ਇਹ ਹੋਈ ਹੈ ਕਿ ਹੁਣ ਇਕ ਕਦਮ ਅੱਗੇ ਵਧਦੇ ਹੋਏ ਭਾਰਤ ਆਪਣੀ ਧਰਤੀ ਤੋਂ ਬਾਹਰ ਨਿਕਲਦੇ ਹੋਏ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ-ਆਫ ਵਿਚ 15 ਤੋਂ 17 ਸਤੰਬਰ ਦੇ ਵਿਚਾਲੇ ਕੈਨੇਡਾ ਨਾਲ ਉਸ ਦੀ ਸਰਜ਼ਮੀਂ ਉੱਤੇ ਭਿੜੇਗਾ। ਭਾਰਤ ਨੇ ਪਿਛਲੇ ਦਿਨੀਂ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾ ਕੇ ਪਲੇਅ-ਆਫ ਦੇ ਲਈ ਕੁਆਲੀਫਾਈ ਕੀਤਾ ਸੀ। ਭਾਰਤ ਦੀ ਇਹ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਦੀ ਅਗਵਾਈ ਵਿਚ ਪਹਿਲੀ ਜਿੱਤ ਸੀ। ਉਸ ਨੇ ਇਹ ਜਿੱਤ ਲੀਏਂਡਰ ਪੇਸ ਦੀ ਗ਼ੈਰ-ਹਾਜ਼ਰੀ ਵਿਚ ਦਰਜ ਕੀਤੀ, ਜਿਨ੍ਹਾਂ ਨੂੰ ਉਪਲਬਧ ਹੋਣ ਦੇ ਬਾਵਜੂਦ 1990 ਦੇ ਬਾਅਦ ਪਹਿਲੀ ਵਾਰ ਬਾਹਰ ਕੀਤਾ ਗਿਆ ਸੀ। ਕੈਨੇਡਾ ਦੂਜੇ ਪਾਸੇ ਫਰਵਰੀ ਵਿਚ ਵਿਸ਼ਵ ਗਰੁੱਪ ਦੇ ਪਹਿਲੇ ਦੌਰ ਵਿਚ ਗ੍ਰੇਟ ਬ੍ਰਿਟੇਨ ਤੋਂ 2-3 ਨਾਲ ਹਾਰ ਗਿਆ ਸੀ। ਇਸ ਦੌਰਾਨ ਨੌਜਵਾਨ ਖਿਡਾਰੀ ਰਾਮ ਕੁਮਾਰ ਰਾਮਨਾਥਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਭਾਰਤ ਨੂੰ ਉਜ਼ਬੇਕਿਸਤਾਨ ਵਿਰੁੱਧ ਡੇਵਿਸ ਕੱਪ ਏਸ਼ੀਆ-ਓਸ਼ੀਨੀਆ ਜ਼ੋਨ ਗਰੱਪ-1 ਦੇ ਦੂਜੇ ਦੌਰ ਦੇ ਮੁਕਾਬਲੇ ਵਿਚ ਅਗੇਤ ਦੁਆਈ ਸੀ ਦਿੱਤੀ। ਇਸੇ ਤਰ੍ਹਾਂ ਖੱਬੇ ਹੱਥ ਦੇ ਖਿਡਾਰੀ ਪ੍ਰਜਨੇਸ਼ ਅਤੇ ਸ੍ਰੀਰਾਮ ਬਾਲਾਜੀ ਵੀ ਠੀਕ ਖੇਡ ਰਹੇ ਹਨ ਅਤੇ ਉਨ੍ਹਾਂ ਵਾਂਗ ਕਈ ਹੋਰ ਨਵੇਂ ਖਿਡਾਰੀ ਵੀ ਅੱਗੇ ਆ ਰਹੇ ਹਨ।
ਨੌਜਵਾਨ ਖਿਡਾਰੀਆਂ ਦੀ ਇਸ ਚੰਗੀ ਹਲਚਲ ਦੌਰਾਨ ਇਕੋ ਮਾੜੀ ਗੱਲ ਹੋਈ ਹੈ ਕਿ ਭਾਰਤ ਦੇ ਡੇਵਿਸ ਕੱਪ ਦੇ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਅਤੇ ਲੀਏਂਡਰ ਪੇਸ ਦਰਮਿਆਨ ਇਕ ਵਾਰ ਫਿਰ ਤਣਾਅ ਬਣ ਗਿਆ ਹੈ, ਕਿਉਂਕਿ ਭੂਪਤੀ ਨੇ ਰੋਹਨ ਬੋਪੰਨਾ ਨੂੰ ਤਰਜੀਹ ਦਿੰਦੇ ਹੋਏ ਲਿਏਂਡਰ ਪੇਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ। ਭਾਰਤੀ ਡੇਵਿਸ ਕੱਪ ਟੀਮ ਵਿਚ ਪਿਛਲੇ ਕੁਝ ਦਿਨਾਂ ਤੋਂ ਜੋੜੀ ਟੀਮ ਦੀ ਚੋਣ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਅਤੇ ਭੂਪਤੀ ਨੇ ਬੋਪੰਨਾ ਅਤੇ ਪੇਸ ਦੋਵਾਂ ਨੂੰ ਹੀ ਰਿਜ਼ਰਵ ਵਿਚ ਰੱਖਿਆ ਹੋਇਆ ਸੀ, ਪਰ ਉਨ੍ਹਾਂ ਨੇ ਬੋਪੰਨਾ ਨੂੰ ਤਰਜੀਹ ਦਿੰਦੇ ਹੋਏ ਟੀਮ 'ਚੋਂ ਪੇਸ ਨੂੰ ਬਾਹਰ ਕਰ ਦਿੱਤਾ ਸੀ। ਦੇਸ਼ ਦੇ ਸਭ ਤੋਂ ਤਜਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਇਸ ਮਾਮਲੇ ਵਿਚ ਨਵਾਂ ਮੋੜ ਲਿਆਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਕਦੀ ਨਹੀਂ ਕਿਹਾ ਗਿਆ ਸੀ ਕਿ ਉਹ ਉਜ਼ਬੇਕਿਸਤਾਨ ਦੇ ਖਿਲਾਫ਼ ਮੁਕਾਬਲੇ ਵਿਚ ਨਹੀਂ ਖੇਡਣਗੇ। ਇਸ ਮੁਕਾਬਲੇ ਦੀ ਟੀਮ ਦੇ ਲਈ ਪੇਸ ਅਤੇ ਭੂਪਤੀ ਦੇ ਵਿਚਾਲੇ ਵਟਸਐਪ ਉੱਤੇ ਜੋ ਗੱਲਬਾਤ ਹੋਈ ਸੀ, ਉਹ ਮੀਡੀਆ ਵਿਚ ਲੀਕ ਹੋ ਗਈ ਸੀ ਅਤੇ ਇਸ ਨੂੰ ਲੈ ਕੇ ਪੇਸ ਨੇ ਡੂੰਘੀ ਨਾਰਾਜ਼ਗੀ ਵਿਖਾਈ ਸੀ। ਖੈਰ, ਜੋ ਵਿਵਾਦ ਹੋਣਾ ਸੀ, ਉਹ ਤਾਂ ਹੁਣ ਹੋ ਗਿਆ ਹੈ ਪਰ ਹੁਣ ਇਹ ਜ਼ਰੂਰ ਆਸ ਕਰਨੀ ਬਣਦੀ ਹੈ ਕਿ ਦੋਵੇਂ ਤਜਰਬੇਕਾਰ ਖਿਡਾਰੀ ਆਪਣੇ ਮਤਭੇਦ ਸੁਲਝਾ ਕੇ ਭਾਰਤ ਦੇ ਟੈਨਿਸ ਦੇ ਭਵਿੱਖ ਲਈ ਚੰਗਾ ਮੈਦਾਨ ਤਿਆਰ ਕਰਨਗੇ, ਕਿਉਂਕਿ ਦੋਵਾਂ ਦਾ ਤਜਰਬਾ ਨੌਜਵਾਨ ਖਿਡਾਰੀਆਂ ਲਈ ਕਾਫੀ ਅਹਿਮ ਹੋਵੇਗਾ। ਪਹਿਲਾਂ ਵੀ ਇਕ ਵਾਰ ਇਨ੍ਹਾਂ ਦੋਵਾਂ ਦਰਮਿਆਨ ਅਜਿਹਾ ਹੋ ਚੁੱਕਾ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਪਿਛਲੀ ਵਾਰ ਭਾਰਤੀ ਟੈਨਿਸ ਦੇ ਇਨ੍ਹਾਂ ਦੋ ਸਟਾਰ ਖਿਡਾਰੀਆਂ ਦਾ ਰੇੜਕਾ ਕਾਫੀ ਲੰਮਾ ਖਿੱਚਿਆ ਗਿਆ ਸੀ, ਜਿਸ ਦੌਰਾਨ ਭਾਰਤੀ ਟੈਨਿਸ ਦਾ ਕਾਫੀ ਨੁਕਸਾਨ ਹੋਇਆ ਸੀ।


ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਹਾਕੀ ਆਲੋਚਕਾਂ ਦੀ ਜ਼ਬਾਨ ਬੰਦ ਕਰਨ 'ਚ ਸਫਲ ਰਹੀ

ਭਾਰਤੀ ਹਾਕੀ ਦੇ ਸੁਨਹਿਰੀ ਕਾਲ ਯਾਨੀ 1930 ਅਤੇ 1970 ਦੇ ਨੇੜੇ-ਤੇੜੇ ਦੇ ਸਾਲ ਮੇਜਰ ਧਿਆਨ ਚੰਦ, ਰੂਪ ਸਿੰਘ, ਕੰਵਰ ਦਿਗਵਿਜੈ ਸਿੰਘ, ਲੈਸਲੇ ਕਲੌਡੀਅਮ, ਬਲਬੀਰ ਸਿੰਘ, ਇਨਾਮ ਰਹਿਮਾਨ, ਬੀ. ਪੀ. ਗੋਵਿੰਦਾ, ਸੁਰਜੀਤ ਸਿੰਘ, ਅਜੀਤਪਾਲ ਸਿੰਘ ਆਦਿ ਤੋਂ ਲੈ ਕੇ ਆਧੁਨਿਕ ਕਾਲ ਤੱਕ, ਮੌਜੂਦਾ ਸਮੇਂ ਤੱਕ ਜਿਸ ਵਿਚ ਸੁਨੀਲ, ਅਕਾਸ਼ਦੀਪ, ਸ੍ਰੀਜੇਸ਼, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ ਆਦਿ ਖਿਡਾਰੀ ਖੇਡ ਰਹੇ ਹਨ। ਖੇਡ ਦੇ ਮੈਦਾਨ ਵਿਚ ਵੇਲੇ ਦੇ ਹਾਕੀ ਪ੍ਰੇਮੀਆਂ, ਦਰਸ਼ਕਾਂ, ਹਾਕੀ ਆਲੋਚਕਾਂ ਨੇ ਜਦੋਂ ਵੀ ਇਨ੍ਹਾਂ ਨੂੰ ਖੇਡਦਿਆਂ ਦੇਖਿਆ ਹੈ, ਤਿੰਨ ਦ੍ਰਿਸ਼ਟੀਆਂ ਤੋਂ ਇਨ੍ਹਾਂ ਦੀ ਪ੍ਰਸੰਸਾ ਕੀਤੀ ਹੈ, ਆਲੋਚਨਾ ਕੀਤੀ ਹੈ ਅਤੇ ਇਨ੍ਹਾਂ ਨੂੰ ਯਾਦ ਕੀਤਾ ਹੈ। ਇਹ ਤਿੰਨ ਦ੍ਰਿਸ਼ਟੀਆਂ ਹਨ ਖੇਡ ਕਲਾ, ਸਟੈਮਿਨਾ ਅਤੇ ਮਨੋਵਿਗਿਆਨਕ ਦ੍ਰਿਸ਼ਟੀ। ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਦੇ ਆਧਾਰ 'ਤੇ ਹੀ ਖਿਡਾਰੀਆਂ ਨੇ ਹਾਕੀ ਜਗਤ 'ਚ ਆਪਣੀ ਥਾਂ ਬਣਾਈ ਹੈ।
ਜਿਥੋਂ ਤੱਕ ਖੇਡ ਕਲਾ ਦਾ ਸਬੰਧ ਹੈ, ਭਾਰਤੀ ਹਾਕੀ ਖਿਡਾਰੀਆਂ ਨੂੰ ਹਾਕੀ ਜਾਦੂਗਰ ਦਾ ਰੁਤਬਾ ਤੱਕ ਵੀ ਮਿਲਿਆ ਹੈ। ਖੇਡ ਦੇ ਮੈਦਾਨ ਬਦਲਣ ਨਾਲ, ਘਾਹ ਦੇ ਮੈਦਾਨ ਤੋਂ ਬਣਾਉਟੀ ਘਾਹ ਦੇ ਮੈਦਾਨਾਂ ਤੱਕ ਦੇ ਸਫਰ ਨੇ ਵੱਖੋ-ਵੱਖਰੀ ਤਰ੍ਹਾਂ ਸਾਡੇ ਹਾਕੀ ਖਿਡਾਰੀਆਂ ਦੇ ਹੁਨਰ ਨੂੰ ਪ੍ਰਭਾਵਿਤ ਕੀਤਾ ਤੇਜ਼ ਗਤੀ ਦੀ ਅੱਜ ਦੀ ਹਾਕੀ 'ਚ। ਐਸਟਰੋਟਰਫ 'ਤੇ ਅੱਜ ਜਦੋਂ ਸਾਡੇ ਖਿਡਾਰੀ ਡਰਿੱਬਲਿੰਗ ਕਰਦੇ ਹਨ ਤਾਂ ਅਸੀਂ ਕਈ ਵਾਰੀ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਾਂ, ਕਿਉਂਕਿ ਹਿੱਟ, ਪੁਸ਼ ਅਤੇ ਤੇਜ਼ ਗਤੀ ਦੇ ਪਾਸਿੰਗ ਦੇ ਜ਼ਮਾਨੇ 'ਚ ਸਾਨੂੰ ਲਗਦੈ ਕਿ ਖਿਡਾਰੀ ਵਿਅਕਤੀਗਤ ਤੌਰ 'ਤੇ ਆਪਣਾ ਹੀ ਨਿੱਜੀ ਦਿਖਾਵਾ ਪ੍ਰਦਰਸ਼ਨ ਕਰ ਰਿਹਾ ਹੈ, ਜਦੋਂ ਕਿ ਸਾਡੀ ਇਸ ਡਰਬਿਲਿੰਗ ਦੇ ਹਾਕੀ ਹੁਨਰ 'ਤੇ ਹੀ ਕਦੇ ਦੁਨੀਆ ਮਰਦੀ ਸੀ। ਯੂਰਪੀਨ ਮਹਾਂਦੀਪ ਦੇ ਖਿਡਾਰੀਆਂ ਨੇ ਐਸਟਰੋਟਰਫ 'ਤੇ ਬਿਲਕੁਲ ਨਵੀਂ ਤਕਨੀਕ ਦਾ ਮੁਜ਼ਾਹਰਾ ਕੀਤਾ ਹੈ।
ਦੂਜੀ ਦ੍ਰਿਸ਼ਟੀ ਹੈ ਸਰੀਰਕ ਸ਼ਕਤੀ ਅਤੇ ਸਟੈਮਿਨਾ ਦੀ। ਇਸ ਦ੍ਰਿਸ਼ਟੀ ਤੋਂ ਸਾਡੇ ਹਾਕੀ ਖਿਡਾਰੀ ਜ਼ਿਆਦਾਤਰ ਆਲੋਚਨਾ ਦਾ ਹੀ ਸ਼ਿਕਾਰ ਰਹੇ ਹਨ। ਸਾਨੂੰ ਪਿਛਲੇ ਕੁਝ ਦਹਾਕਿਆਂ ਤੋਂ ਜ਼ਿਆਦਾ ਹਾਰਾਂ ਹੀ ਨਸੀਬ ਹੋਈਆਂ। ਅਸੀਂ ਭਾਰਤੀ ਹਾਕੀ ਟੀਮ ਦੀ ਹਰ ਹਾਰ ਦਾ ਕਾਰਨ ਇਸ ਦੀ ਘੱਟ ਸਰੀਰਕ ਸ਼ਕਤੀ ਅਤੇ ਘੱਟ ਸਟੈਮਿਨਾ ਦੱਸਿਆ, ਵਿਦੇਸ਼ੀ ਖਿਡਾਰੀਆਂ ਦੇ ਮੁਕਾਬਲੇ। ਇਹ ਹਕੀਕਤ ਹੈ ਕਿ ਮੈਚ ਦੇ ਆਖਰੀ ਪਲਾਂ 'ਚ ਸਾਨੂੰ ਸਾਡੇ ਖਿਡਾਰੀ ਹਮੇਸ਼ਾ ਹੰਭੇ ਹੋਏ, ਥੱਕੇ-ਟੁੱਟੇ ਹੀ ਦਿਖਾਈ ਦਿੱਤੇ, ਜਿਸ ਨੇ ਭਾਰਤੀ ਹਾਕੀ ਹੁਨਰ ਨੂੰ ਉੱਭਰਨ ਨਹੀਂ ਦਿੱਤਾ। ਮੈਚ ਦਾ ਅਸਲੀ ਨਤੀਜਾ ਤਾਂ ਆਖਰੀ ਪਲਾਂ 'ਚ ਹੀ ਨਿਰਧਾਰਤ ਹੋਣਾ ਹੁੰਦਾ, ਜਿਸ ਵਿਚ ਸਾਡੇ ਖਿਡਾਰੀ ਮਾਤ ਹੀ ਖਾਂਦੇ ਰਹੇ। ਸਰੀਰਕ ਸ਼ਕਤੀ ਅਤੇ ਸਟੈਮਿਨਾ ਪੱਖੋਂ ਭਾਰਤੀ ਹਾਕੀ ਖਿਡਾਰੀਆਂ ਦੀ ਹਮੇਸ਼ਾ ਆਲੋਚਨਾ ਹੀ ਹੁੰਦੀ ਰਹੀ ਹੈ। ਵਿਦੇਸ਼ੀ ਫਿਜ਼ੀਕਲ ਟਰੇਨਰ ਨੂੰ ਟੀਮਾਂ ਨਾਲ ਜੋੜਨ ਦਾ ਰੁਝਾਨ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅਜੇ ਤੱਕ ਜਾਰੀ ਹੈ।
ਤੀਜੀ ਦ੍ਰਿਸ਼ਟੀ, ਜਿਸ ਨਾਲ ਅਸੀਂ ਹਮੇਸ਼ਾ ਭਾਰਤੀ ਹਾਕੀ ਖਿਡਾਰੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦਿਆਂ ਸਭ ਤੋਂ ਜ਼ਿਆਦਾ ਆਲੋਚਨਾ ਕੀਤੀ ਹੈ, ਉਹ ਹੈ ਮਨੋਵਿਗਿਆਨਕ ਪੱਖ ਤੋਂ ਖੇਡ ਦੇ ਮੈਦਾਨਾਂ 'ਚ ਭਾਰਤੀ ਹਾਕੀ ਖਿਡਾਰੀਆਂ ਦਾ ਪ੍ਰਦਰਸ਼ਨ। ਮੈਚ ਦੇ ਆਖਰੀ ਪਲਾਂ 'ਚ ਸਾਡੇ ਖਿਡਾਰੀਆਂ ਦੀ ਲੜਖੜਾਉਣ ਦੀ ਆਦਤ ਪਿੱਛੇ ਕਿਤੇ ਨਾ ਕਿਤੇ ਮਨੋਵਿਗਿਆਨਕ ਪੱਖ ਤੋਂ ਕੁਝ ਕਮਜ਼ੋਰੀਆਂ ਦੇ ਰੂਬਰੂ ਸਾਡੇ ਹਾਕੀ ਖਿਡਾਰੀ ਅਕਸਰ ਰਹਿੰਦੇ ਹਨ। ਸਾਡੇ ਕੋਚ, ਸਾਡੇ ਕਪਤਾਨ ਅਤੇ ਸਾਡੇ ਖਿਡਾਰੀ ਅਕਸਰ ਇਕ ਟੂਰਨਾਮੈਂਟ ਦੀ ਹਾਰ ਪਿੱਛੋਂ ਜਾਂ ਮੈਚ ਦੀ ਹਾਰ ਬਾਅਦ ਅਕਸਰ ਇਹ ਬਿਆਨ ਦਿੰਦੇ ਹਨ ਕਿ ਆਖਰੀ ਪਲਾਂ 'ਚ ਲੜਖੜਾਉਣ ਦੀ ਕਮਜ਼ੋਰੀ 'ਤੇ ਕਾਬੂ ਪਾ ਲਿਆ ਹੈ। ਇਸ ਹਾਸੋਹੀਣੇ ਬਿਆਨ 'ਤੇ ਦਹਾਕਿਆਂ ਤੋਂ ਅਸੀਂ ਹੈਰਾਨ ਵੀ ਹੁੰਦੇ ਆਏ ਹਾਂ। ਕਿਉਂਕਿ ਅਗਲੇ ਟੂਰਨਾਮੈਂਟਾਂ 'ਚ ਫਿਰ ਅਸੀਂ ਇਸ ਕਮਜ਼ੋਰੀ ਦਾ ਸ਼ਿਕਾਰ ਹੀ ਦੇਖੇ ਗਏ। ਹਕੀਕਤ ਇਹ ਹੈ ਕਿ ਇਹ ਉਹ ਪੱਖ ਹੈ, ਜਿਸ ਬਾਰੇ ਸਾਡਾ ਮਹਾਂਦੀਪ ਬਹੁਤ ਸੁਚੇਤ ਹੀ ਨਹੀਂ ਹੈ। ਮਾਨਸਿਕ ਕਰੜਾਈ ਯੂਰਪੀਨ ਖਿਡਾਰੀਆਂ 'ਚ ਜ਼ਿਆਦਾ ਹੈ। ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਇਸ ਸਭ ਕਾਸੇ ਦਾ ਪਤਾ ਲਗਦਾ ਹੈ। ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮਲੇਸ਼ੀਆ ਦੇ ਸ਼ਹਿਰ ਇਪੋਹ 'ਚ ਕੁਝ ਦਿਨਾਂ ਬਾਅਦ ਸ਼ੁਰੂ ਹੋ ਰਹੀ ਹੈ। ਹੁਣ ਅਸੀਂ ਦੇਖਣਾ ਕਿ ਭਾਰਤੀ ਹਾਕੀ ਟੀਮ ਇਹ ਟੂਰਨਾਮੈਂਟ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਦੀ ਕਿ ਨਹੀਂ? ਸੁਲਤਾਨ ਅਜਲਾਨ ਸ਼ਾਹ ਕੱਪ ਤਾਂ ਪਹਿਲਾਂ ਵੀ ਹੋਏ ਹਨ, ਫਿਰ ਇਸ ਵਾਰ ਦਾ ਇਹ ਟੂਰਨਾਮੈਂਟ ਭਾਰਤੀ ਹਾਕੀ ਦੇ ਮੌਜੂਦਾ ਮਿਆਰ ਦੀ ਸਹੀ ਤਸਵੀਰ ਪੇਸ਼ ਕਰੇਗਾ, ਖੇਡ ਹੁਨਰ, ਸਟੈਮਿਨਾ ਅਤੇ ਮਨੋਵਿਗਿਆਨਕ ਕਰੜਾਈ ਦੀ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਪੰਜਾਬੀਆਂ ਲਈ ਮਾਣ ਵਾਲੀ ਗੱਲ

ਹਰਭਜਨ ਸਿੰਘ ਬਣੇ ਚੈਂਪੀਅਨਜ਼ ਟਰਾਫੀ ਦੇ ਬਰਾਂਡ ਅੰਬੈਸਡਰ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੂੰ ਆਈ.ਸੀ.ਸੀ. ਨੇ ਸਾਲ 2017 ਦੀ ਚੈਂਪੀਅਨਜ਼ ਟਰਾਫੀ ਲਈ ਬਰਾਂਡ ਅੰਬੈਸਡਰ ਚੁਣਿਆ ਹੈ। ਪੰਜਾਬੀਆਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸ਼ਹਿਰ ਜਲੰਧਰ ਦੀਆਂ ਗਲੀਆਂ 'ਚ ਖੇਡਣ ਵਾਲਾ ਇਹ ਕ੍ਰਿਕਟਰ ਅੱਜ ਉਸ ਮੁਕਾਮ 'ਤੇ ਪੁੱਜ ਗਿਆ ਹੈ, ਜਿਥੇ ਉਸ ਦੇ ਪ੍ਰਦਰਸ਼ਨ ਨੂੰ ਸਲਾਮ ਕਰਦਿਆਂ ਏਨਾ ਮਾਣ ਬਖਸ਼ਿਆ ਗਿਆ ਹੈ।
ਇਸ ਚੈਂਪੀਅਨਜ਼ ਟਰਾਫੀ 'ਚ 8 ਮੁਲਕਾਂ ਦੀਆਂ ਟੀਮਾਂ ਖੇਡ ਰਹੀਆਂ ਹਨ। ਹਰ ਮੁਲਕ ਤੋਂ ਇਕ ਅਜਿਹੇ ਖਿਡਾਰੀ ਨੂੰ ਚੁਣਿਆ ਗਿਆ ਹੈ, ਜਿਸ ਨੇ ਪਿਛਲੀਆਂ ਚੈਂਪੀਅਨਜ਼ ਟਰਾਫੀਆਂ 'ਚ ਆਪਣੀ ਟੀਮ ਲਈ ਕੁਝ ਕਰ ਦਿਖਾਇਆ ਹੋਵੇ। ਭਾਵੇਂ ਕਿ ਕਈ ਹੋਰ ਖਿਡਾਰੀਆਂ ਨੇ ਵੀ ਭਾਰਤੀ ਟੀਮ 'ਚ ਵਧੀਆ ਪ੍ਰਦਰਸ਼ਨ ਦਿਖਾਇਆ ਹੋਵੇਗਾ ਪਰ ਚੋਣ ਕਿਸੇ ਇਕ ਦੀ ਹੋਣੀ ਸੀ ਅਤੇ ਇਸ ਦੇ ਲਈ ਹਰਭਜਨ ਸਿੰਘ ਨੂੰ ਤਰਜੀਹ ਦੇਣਾ ਇਸ ਖਿਡਾਰੀ ਲਈ ਵੀ ਵੱਡੀ ਪ੍ਰਾਪਤੀ ਹੈ। ਉਂਜ ਤਾਂ ਗੇਂਦ ਤੇ ਬੱਲੇ ਨਾਲ ਹਰਭਜਨ ਨੇ ਬੜੀ ਵਾਰ ਚੈਂਪੀਅਨ ਟਰਾਫੀ 'ਚ ਆਪਣੀ ਟੀਮ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਪਰ ਆਈ.ਸੀ.ਸੀ. ਨੇ 2002 'ਚ ਇਕ ਮੈਚ ਦੌਰਾਨ 10 ਓਵਰਾਂ 'ਚ 37 ਦੌੜਾਂ ਦੇ ਕੇ 2 ਵਿਕਟਾਂ ਲੈਣ ਅਤੇ ਫਿਰ ਫਾਈਨਲ 'ਚ ਸ੍ਰੀਲੰਕਾ ਦੇ ਤਿੰਨ ਧਾਕੜ ਬੱਲੇਬਾਜ਼ਾਂ ਅੱਟਾਪੱਟੂ, ਸੰਗਾਕਾਰਾ ਤੇ ਅਰਵਿੰਦਰ ਡੀਸਿਲਵਾ ਦਾ ਵਿਕਟਾਂ ਝਾੜਨ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਹੈ।
ਹਰਭਜਨ ਸਿੰਘ ਤੋਂ ਇਲਾਵਾ ਪਾਕਿਸਤਾਨ ਤੋਂ ਸ਼ਾਹਿਦ ਅਫਰੀਦੀ, ਬੰਗਲਾਦੇਸ਼ ਤੋਂ ਹਬੀਬੁਲ ਬਸ਼ਰ, ਇੰਗਲੈਂਡ ਤੋਂ ਇਆਨ ਬੈੱਲ, ਨਿਊਜ਼ੀਲੈਂਡ ਤੋਂ ਸ਼ੰਨ ਬਾਂਡ, ਆਸਟ੍ਰੇਲੀਆ ਤੋਂ ਮਾਈਕ ਹੱਸੀ, ਸ੍ਰੀਲੰਕਾ ਤੋਂ ਕੁਮਾਰ ਸੰਗਾਕਾਰਾ ਤੇ ਦੱਖਣੀ ਅਫਰੀਕਾ ਤੋਂ ਗ੍ਰੀਮ ਸਮਿਥ ਨੂੰ ਵੀ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਹ ਬਰਾਂਡ ਅੰਬੈਸਡਰ ਨਵੀਂ ਪੀੜ੍ਹੀ ਦੇ ਦਰਸ਼ਕਾਂ ਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਨਗੇ ਅਤੇ ਟਰਾਫੀ ਦੇ ਸਫ਼ਰ ਦੇ ਸਾਥੀ ਬਣਨਗੇ। ਇਹ ਸਾਰੇ ਖਿਡਾਰੀ ਟਰਾਫੀ ਦੇ ਮੈਚਾਂ 'ਤੇ, ਨਿਯਮਾਂ 'ਤੇ, ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਟਿੱਪਣੀਆਂ ਲਿਖਣਗੇ, ਜਿਨ੍ਹਾਂ ਨੂੰ ਆਈ.ਸੀ.ਸੀ. ਆਪਣੀ ਵੈੱਬਸਾਈਟ 'ਤੇ ਕ੍ਰਿਕਟ ਪ੍ਰੇਮੀਆਂ ਲਈ ਜਾਰੀ ਕਰਨਗੇ।
ਹਰਭਜਨ ਸਿੰਘ ਨੂੰ ਇਸ ਵੱਕਾਰੀ ਪ੍ਰਾਪਤੀ 'ਤੇ ਵਧਾਈ। ਵਿਸ਼ਵਾਸ ਹੈ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਏਗਾ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਕ੍ਰਿਕਟਰਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।


-ਮੋਬਾ: 98141-32420

ਕਬੱਡੀ ਦਾ ਨਿਡਰ ਬੁਲਾਰਾ-ਅਮਨ ਲੋਪੋ

ਸੁਭਾਅ ਦਾ ਸਾਊ, ਮਿੱਠਬੋਲੜਾ, ਮਿਲਣਸਾਰ ਤਾਸੀਰ ਦਾ ਮਾਲਕ, ਪ੍ਰਸਿੱਧ ਕਬੱਡੀ ਕੁਮੈਂਟੇਟਰ ਅਮਨ ਲੋਪੋ ਕਬੱਡੀ ਖੇਡ ਜਗਤ 'ਚ ਜਾਣਿਆ ਪਹਿਚਾਣਿਆ ਨਾਂਅ ਹੈ। ਪੇਂਡੂ ਖੇਡ ਮੇਲਿਆਂ ਵਿਚ ਉਸ ਦੀ ਤੂਤੀ ਖੂਬ ਬੋਲਦੀ ਹੈ। ਪੰਜਾਬ ਭਰ ਦੇ ਕਬੱਡੀ ਖੇਡ ਮੇਲਿਆਂ ਵਿਚ ਉਸ ਦੀ ਹਾਜ਼ਰੀ ਯਕੀਨੀ ਹੈ, ਖਾਸ ਕਰ ਮਾਲਵੇ ਦੇ ਕਬੱਡੀ ਟੂਰਨਾਮੈਂਟ ਉਸ ਦੀ ਹਾਜ਼ਰੀ ਬਿਨਾਂ ਅਧੂਰੇ ਜਾਪਦੇ ਹਨ, ਕਿਉਂਕਿ ਮਾਲਵੇ ਖਿੱਤੇ ਦੇ ਲੋਕ ਅਮਨ ਲੋਪੋ ਦੇ ਬੋਲਾਂ ਨੂੰ ਸੁਦਾਈਆਂ ਵਾਂਗ ਪਿਆਰ ਕਰਦੇ ਹਨ। ਜ਼ਿਆਦਾਤਰ ਲੋਕ ਕਬੱਡੀ ਮੈਚਾਂ ਦੀ ਬਜਾਏ ਅਮਨ ਲੋਪੋ ਦੇ ਸੱਚੇ ਤੇ ਸਾਹਿਤਕ ਬੋਲਾਂ ਨੂੰ ਸੁਣਨ ਲਈ ਕਬੱਡੀ ਦੇ ਮੈਦਾਨਾਂ ਵਿਚ ਆਉਂਦੇ ਹਨ। ਕਾਮਰੇਡੀ ਖਿਆਲਾਂ ਵਾਲਾ ਤੇ ਬੱਬੂ ਮਾਨ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਿਤ ਅਮਨ ਲੋਪੋ ਬੇਝਿਜਕ, ਨਿਡਰ-ਨਿਧੜਕ ਹੋ ਕੇ ਖੇਡ ਮੈਦਾਨਾਂ 'ਚ ਕੁਮੈਂਟਰੀ ਦੌਰਾਨ ਸੱਚੀਆਂ ਤੇ ਖਰੀਆਂ-ਖਰੀਆਂ ਗੱਲਾਂ ਖਿਡਾਰੀਆਂ, ਖੇਡ ਪ੍ਰਬੰਧਕਾਂ, ਪ੍ਰਮੋਟਰਾਂ ਤੇ ਸਰਕਾਰਾਂ ਨੂੰ ਕਹਿ ਜਾਂਦਾ ਹੈ। ਖੇਡ ਕਬੱਡੀ ਵਿਚ ਨਸ਼ਿਆਂ ਦੇ ਹੋਏ ਪ੍ਰਵੇਸ਼ ਨੂੰ ਉਹ ਮਾਂ-ਖੇਡ ਕਬੱਡੀ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਸਰਾਪ ਸਮਝਦਾ ਹੈ। ਇਮਾਨਦਾਰੀ ਨਾਲ ਪੰਜਾਬੀ ਗੱਭਰੂਆਂ ਨੂੰ ਆਪਣੀ ਸੱਚੀ-ਸੁੱਚੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਤਾਕੀਦ ਕਰਦਾ ਹੈ, ਗਰਾਊਂਡ 'ਚ ਆਪਣੀ ਕੁਮੈਂਟਰੀ ਦੌਰਾਨ ਹਮੇਸ਼ਾ ਸੱਚ ਬੋਲਣ ਵਾਲਾ ਅਮਨ ਇਕ ਸੰਜੀਦਾ ਵਾਰਤਕ ਲੇਖਕ ਤੇ ਗੀਤਕਾਰ ਵੀ ਹੈ, ਜੋ ਆਪਣੇ ਲਿਖੇ ਮਿਆਰੀ ਤੇ ਸਾਹਿਤਕ ਗੀਤਾਂ ਰਾਹੀਂ ਸਮਾਜਿਕ ਅਲਾਮਤਾਂ ਖਿਲਾਫ਼ ਕਟਾਸ਼ ਕਰਦਾ ਰਹਿੰਦਾ ਹੈ।
ਮੋਗਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਲੋਪੋ ਦੀ ਜਰਖੇਜ਼ ਧਰਤੀ 'ਤੇ ਕਰੀਬ ਢਾਈ ਕੁ ਦਹਾਕੇ ਪਹਿਲਾਂ ਪਿਤਾ ਸ: ਅਵਤਾਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੀ ਸੁਭਾਗੀ ਕੁੱਖੋਂ ਪੈਦਾ ਹੋਇਆ ਅਮਨਦੀਪ ਸਿੰਘ ਧਾਲੀਵਾਲ ਜੋ ਕਬੱਡੀ ਖੇਡ ਮੈਦਾਨਾਂ 'ਚ ਅਮਨ ਲੋਪੋ ਨਾਂਅ ਨਾਲ ਬਹੁਚਰਚਿਤ ਹੈ, ਨੇ ਮੁੱਢਲੀ ਪੜ੍ਹਾਈ ਦੌਰਾਨ ਹੀ ਆਪਣੇ ਪਿੰਡ ਤੇ ਲਾਗਲੇ ਪਿੰਡਾਂ 'ਚ ਹੁੰਦੇ ਕਬੱਡੀ ਟੂਰਨਾਮੈਟਾਂ ਤੋਂ ਆਪਣੀ ਇਸ ਕਲਾ ਦੀ ਸ਼ੁਰੂਆਤ ਕੀਤੀ ਤੇ ਅੱਜ ਇਕ ਸਫਲ ਕਬੱਡੀ ਕੁਮੈਂਟੇਟਰ ਵਜੋਂ ਇਸ ਗੱਭਰੂ ਦਾ ਕਬੱਡੀ ਜਗਤ ਵਿਚ ਵੱਡਾ ਨਾਂਅ ਹੈ। ਪ੍ਰੋਫੈਸਰ ਮੱਖਣ ਸਿੰਘ, ਰਿੰਪੀ ਬਰਾੜ ਤੇ ਰੁਪਿੰਦਰ ਜਲਾਲ ਦੀ ਕੁਮੈਂਟਰੀ ਦਾ ਆਸ਼ਕ ਇਨ੍ਹਾਂ ਨੂੰ ਆਪਣਾ ਉਸਤਾਦ ਮੰਨਦਾ ਹੈ। ਅਮਨ ਲੋਪੋ ਤੇ ਰੁਪਿੰਦਰ ਜਲਾਲ ਜਦ ਮਿਲ ਕੇ ਕੁਮੈਂਟਰੀ ਕਰਦੇ ਹਨ ਤਾਂ ਦਰਸ਼ਕ ਕਬੱਡੀ ਮੈਚ ਦੇਖਣ ਦੀ ਬਜਾਏ ਸਾਹ ਰੋਕ ਕੇ ਇਨ੍ਹਾਂ ਦੇ ਠੇਠ ਪੰਜਾਬੀ ਵਿਚ ਬੋਲੇ ਟੋਟਕਿਆਂ ਦਾ ਨਜ਼ਾਰਾ ਲੈਂਦੇ ਹਨ। ਇਸ ਖੇਤਰ ਵਿਚ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ ਤੇ ਦੇ ਰਹੇ ਹਨ, ਨੂੰ ਉਹ ਕਦੇ ਦਿਲੋਂ ਨਹੀਂ ਵਿਸਾਰਦਾ। ਮਿੱਤਰ ਮੰਡਲੀ ਵਿਸ਼ਾਲ ਹੋਣ ਕਰਕੇ ਪ੍ਰਵਾਸੀ ਦੋਸਤਾਂ ਦੀ ਮਦਦ ਨਾਲ ਅਨੇਕਾਂ ਵਾਰ ਵਿਦੇਸ਼ਾ 'ਚ ਜਾ ਕੇ ਆਪਣੀ ਕਲਾ ਦੇ ਜੌਹਰ ਦਿਖਾਏ।


-ਬੱਬੀ ਪੱਤੋ,
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ{(ਮੋਗਾ)। ਮੋਬਾ: 98147-45867

ਬਹੁਪੱਖੀ ਕਲਾਵਾਂ ਦੀ ਸੁਮੇਲ ਨੇਤਰਹੀਣ ਖਿਡਾਰਨ ਸੰਦੀਪ ਕੌਰ

'ਕੌਨ ਕਹਤਾ ਹੈ ਕਿ ਨੇਤਰਹੀਣੋਂ ਮੇਂ ਦਮ ਨਹੀਂ, ਹਮ ਨੇਤਰਹੀਣ ਹੂਏ ਤੋ ਕਿਆ ਹੁਆ, ਹਮ ਬੀ ਕਿਸੀ ਸੇ ਕਮ ਨਹੀਂ' ਦੀਆਂ ਸਤਰਾਂ ਨੂੰ ਸੱਚ ਸਾਬਤ ਕਰ ਰਹੀ ਹੈ ਨੇਤਰਹੀਣ ਖਿਡਾਰਨ ਸੰਦੀਪ ਕੌਰ, ਜੋ ਇਕ ਖਿਡਾਰਨ ਹੋਣ ਦੇ ਨਾਲ-ਨਾਲ ਬਹੁਪੱਖੀ ਕਲਾਵਾਂ ਦਾ ਸੁਮੇਲ ਹੈ। ਸੰਦੀਪ ਕੌਰ ਦਾ ਜਨਮ 13 ਮਾਰਚ, 1991 ਨੂੰ ਗੁਰਦਾਸਪੁਰ ਵਿਚ ਪਿਤਾ ਜੋਗਿੰਦਰ ਸਿੰਘ ਦੇ ਘਰ ਮਾਤਾ ਮਨਮਿੰਦਰ ਕੌਰ ਦੀ ਕੁੱਖੋਂ ਹੋਇਆ, ਪਰ ਅੱਜਕਲ੍ਹ ਇਹ ਸਮੁੱਚਾ ਪਰਿਵਾਰ ਲੁਧਿਆਣਾ ਵਿਖੇ ਸਮਰਾਲਾ ਚੌਕ ਟਿੱਬਾ ਰੋਡ ਵਿਚ ਰਹਿ ਰਿਹਾ ਹੈ। ਸੰਦੀਪ ਕੌਰ ਚਾਰ ਭੈਣ-ਭਰਾਵਾਂ ਵਿਚੋਂ ਇਕ ਹੈ। ਸੰਦੀਪ ਨੇ ਮਾਂ ਦੀ ਬੁੱਕਲ ਵਿਚੋਂ ਉਤਰ ਜਦ ਪਹਿਲਾ ਪੈਰ ਜ਼ਮੀਨ 'ਤੇ ਧਰਿਆ ਤਾਂ ਮਾਂ-ਬਾਪ ਦੇ ਧਰਤੀ 'ਤੇ ਪੈਰ ਨਹੀਂ ਸੀ ਲਗਦੇ। ਖੁਸ਼ੀ ਵਿਚ ਖੀਵੇ ਹੋਏ ਜਦ ਚਾਅ ਨਾਲ ਆਪਣੀ ਪਿਆਰੀ ਬੱਚੀ ਨੂੰ ਤੋਰਨ ਲੱਗੇ ਤਾਂ ਬੱਚੀ ਅੜ ਕੇ ਡਿੱਗ ਪਈ। ਪਰਖ ਦੀ ਘੜੀ ਆਖ ਲਵੋ ਜਾਂ ਫਿਰ ਇਹ ਸਾਬਤ ਕਰਨ ਲਈ ਕਿ ਬੱਚੀ ਦਾ ਵਾਰ-ਵਾਰ ਡਿਗਣਾ ਇਹ ਸਾਬਤ ਹੀ ਕਰ ਰਿਹਾ ਸੀ ਕਿ ਬੱਚੀ ਦੀ ਨਿਗ੍ਹਾ ਕਮਜ਼ੋਰ ਹੈ। ਅੱਖਾਂ ਦੇ ਮਾਹਿਰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਟੈਸਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਸੰਦੀਪ ਸੱਜੀ ਅੱਖ ਤੋਂ ਸਿਰਫ 15 ਫੀਸਦੀ ਹੀ ਵੇਖ ਸਕੇਗੀ ਅਤੇ ਉਸ ਦੀ ਖੱਬੀ ਅੱਖ ਨਜ਼ਰ ਪੱਖੋਂ ਬਿਲਕੁਲ ਹੀ ਬੰਦ ਹੈ।
ਸਾਰੇ ਪਰਿਵਾਰ ਵਿਚ ਨਿਰਾਸ਼ਾ ਦਾ ਆਲਮ ਛਾ ਗਿਆ ਪਰ ਕੋਈ ਚਾਰਾ ਵੀ ਤਾਂ ਨਹੀਂ ਸੀ। ਆਖਰ ਰੱਬ ਦਾ ਭਾਣਾ ਮੰਨ, ਉਸ ਦੇ ਸੱਚ ਨੂੰ ਪ੍ਰਵਾਨ ਕਰ ਸੰਦੀਪ ਨੂੰ ਮੁੱਢਲੀ ਵਿੱਦਿਆ ਲਈ ਲੁਧਿਆਣਾ ਹੈਬੋਵਾਲ ਵਿਖੇ ਬਣੇ ਨੇਤਰਹੀਣਾਂ ਦੇ ਸਕੂਲ ਵਿਚ ਦਾਖਲ ਕਰਵਾ ਦਿੱਤਾ ਅਤੇ ਉਥੇ ਸੰਦੀਪ ਨੇ ਨੇਤਰਹੀਣਾਂ ਦੀ ਬਰੇਲ ਲਿੱਪੀ ਰਾਹੀਂ ਆਪਣਾ ਵਿੱਦਿਅਕ ਸਫਰ ਸ਼ੁਰੂ ਕੀਤਾ। ਸੰਨ 2006 ਵਿਚ ਲੁਧਿਆਣਾ ਵਿਖੇ ਹੋਈਆਂ ਅਪਾਹਜ ਅਤੇ ਨੇਤਰਹੀਣਾਂ ਦੀਆਂ ਖੇਡਾਂ ਵਿਚ ਸੰਦੀਪ ਨੇ ਇਕ ਦੌੜਾਕ ਵਜੋਂ ਹਿੱਸਾ ਲਿਆ ਅਤੇ ਉਸ ਨੇ 100 ਮੀਟਰ ਦੌੜ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਂਅ ਕਰ ਲਿਆ। ਸੰਨ 2007 ਵਿਚ ਬੰਗਲੌਰ ਵਿਖੇ ਹੋਈਆਂ ਖੇਡਾਂ ਵਿਚ ਭਾਗ ਲਿਆ ਅਤੇ 100 ਮੀਟਰ ਦੌੜ ਵਿਚ ਫਿਰ ਸੋਨ ਤਗਮੇ 'ਤੇ ਕਬਜ਼ਾ ਜਮਾ ਲਿਆ ਤੇ 200 ਮੀਟਰ ਵਿਚ ਤੀਸਰੇ ਸਥਾਨ 'ਤੇ ਰਹੀ। ਸੰਨ 2008 ਵਿਚ ਦਿੱਲੀ ਵਿਖੇ ਨੇਤਰਹੀਣਾਂ ਦੀਆਂ ਖੇਡਾਂ ਵਿਚ ਭਾਗ ਲੈ ਕੇ 400 ਮੀਟਰ ਵਿਚ ਤੀਸਰੇ ਸਥਾਨ 'ਤੇ ਰਹਿ ਕੇ ਕਾਂਸੀ ਤਗਮਾ ਵਿਜੇਤਾ ਬਣੀ। ਸੰਨ 2009 ਵਿਚ ਫਰੀਦਾਬਾਦ ਵਿਖੇ ਹੋਈਆਂ ਖੇਡਾਂ ਵਿਚ 100 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਫਿਰ ਸੋਨ ਤਗਮਾ ਵਿਜੇਤਾ ਬਣੀ ਅਤੇ 400 ਮੀਟਰ ਵਿਚ ਦੂਸਰੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਗਮਾ ਲੈਣ ਵਿਚ ਕਾਮਯਾਬ ਰਹੀ। ਸੰਦੀਪ ਨੇ ਖੇਡਾਂ ਵਿਚ ਮੱਲਾਂ ਮਾਰਨ ਦੇ ਨਾਲ-ਨਾਲ ਉਚ ਤਾਲੀਮ ਵੀ ਨਾਲੋ-ਨਾਲ ਲਈ ਅਤੇ ਉਹ ਐਮ.ਏ., ਬੀ.ਈ.ਐੱਡ. ਕਰ ਗਈ।
ਸੰਦੀਪ ਨੇ ਬੀ.ਏ. ਮਿਊਜ਼ਿਕ ਵਿਚ ਕੀਤੀ ਹੋਣ ਕਰਕੇ ਪੰਜਾਬ ਸਰਕਾਰ ਨੇ ਉਸ ਨੂੰ ਮਿਊਜ਼ਿਕ ਅਧਿਆਪਕਾ ਵਜੋਂ ਨੌਕਰੀ ਦੇ ਦਿੱਤੀ ਅਤੇ ਸੰਦੀਪ ਅੱਜਕਲ੍ਹ ਮਾਛੀਵਾੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਚ ਮਿਊਜ਼ਿਕ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਇਥੇ ਹੀ ਬਸ ਨਹੀਂ, ਸੰਦੀਪ ਸਕੂਲੀ ਪੱਧਰ ਤੋਂ ਲੈ ਕੇ ਕਾਲਜ ਪੱਧਰ ਤੱਕ ਇਕ ਚੰਗੀ ਗਾਇਕਾ ਵਜੋਂ ਵੀ ਜਾਣੀ ਜਾਂਦੀ ਰਹੀ। ਇਸੇ ਲਈ ਤਾਂ ਉਹ ਆਖਦੀ ਹੈ ਕਿ ਸੰਗੀਤ ਉਸ ਦੇ ਰੋਮ-ਰੋਮ ਵਿਚ ਵਸਦਾ ਹੈ। ਸੰਦੀਪ ਦੀ ਇਕ ਹੋਰ ਪ੍ਰਾਪਤੀ ਦੀ ਗੱਲ ਨਾ ਕਰਾਂ ਤਾਂ ਇਸ ਮਾਣਮੱਤੀ ਖਿਡਾਰਨ ਦੀਆਂ ਪ੍ਰਾਪਤੀਆਂ ਅਧੂਰੀਆਂ ਜਾਪਣਗੀਆਂ, ਕਿਉਂਕਿ ਹੈਰਾਨਗੀ ਹੋਵੇਗੀ ਕਿ ਪਰਮਾਤਮਾ ਨੇ ਭਾਵੇਂ ਸੰਦੀਪ ਨੂੰ ਨਜ਼ਰ ਵਿਹੂਣੀ ਰੱਖਿਆ ਹੈ, ਪਰ ਉਸ ਨੂੰ ਸੋਹਣੀ ਸ਼ਕਲ ਦੇਣ ਵਿਚ ਕਸਰ ਬਾਕੀ ਨਹੀਂ ਛੱਡੀ ਅਤੇ ਉਹ ਨੇਤਰਹੀਣ ਇਕ ਚੰਗੀ ਮਾਡਲ ਵੀ ਹੈ। ਉਹ ਨੇਤਰਹੀਣ ਗਰਲਜ਼ ਮਾਡਲ ਮੁਕਾਬਲਿਆਂ ਵਿਚ ਵੀ ਅਕਸਰ ਹਿੱਸਾ ਲੈਂਦੀ ਆ ਰਹੀ ਹੈ, ਉਸ ਨੇ ਹੁਣੇ-ਹੁਣੇ ਮੁੰਬਈ ਵਿਖੇ ਹੋਏ ਨੇਤਰਹੀਣ ਗਰਲਜ਼ ਮਾਡਲ ਮੁਕਾਬਲੇ ਵਿਚ ਵੀ ਹਿੱਸਾ ਲੈ ਕੇ ਪੰਜਾਬ ਦੇ ਮਾਣ ਵਿਚ ਹੋਰ ਵਾਧਾ ਕੀਤਾ ਹੈ ਅਤੇ ਸੰਦੀਪ ਦਾ ਪ੍ਰਾਪਤੀਆਂ ਦਾ ਸਫਰ ਲਗਾਤਾਰ ਜਾਰੀ ਹੈ। ਸੰਦੀਪ ਕੌਰ ਆਪਣੇ ਮਾਂ-ਬਾਪ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਮਾਣ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਰੈਸਲਮੇਨੀਆ ਦੇ ਜਾਦੂਗਰ ਅੰਡਰਟੇਕਰ ਨੇ ਕੁਸ਼ਤੀ ਤੋਂ ਲਿਆ ਸੰਨਿਆਸ

(ਲੜੀ ਜੋੜਨ ਲਈ ਪਿਛਲੇ 13 ਅਪ੍ਰੈਲ ਦਾ ਅੰਕ ਦੇਖੋ)
ਅੰਡਰਟੇਕਰ ਦਾ ਅਸਲੀ ਨਾਂਅ ਮਾਰਕ ਵਿਲੀਅਮ ਕੈਲਵੇ ਹੈ। ਸੰਨ 1984 ਵਿਚ ਵਰਲਡ ਕਲਾਸ ਚੈਂਪੀਅਨਸ਼ਿਪ ਰੈਸਲਿੰਗ ਨਾਲ ਜੁੜੇ ਕੈਲਵੇ 1989 ਵਿਚ 'ਮੀਨ ਮਾਰਕ' ਦੇ ਰੂਪ ਵਿਚ ਵਰਲਡ ਚੈਂਪੀਅਨਸ਼ਿਪ ਰੈਸਲਿੰਗ ਵਿਚ ਪਹੁੰਚੇ ਅਤੇ ਉਥੋਂ ਉਸ ਦਾ ਸਫ਼ਰ 1990 ਵਿਚ ਵਰਲਡ ਰੈਸਲਿੰਗ ਫੈਡਰੇਸ਼ਨ ਪਹੁੰਚਿਆ। 27 ਸਾਲ ਬੀਤਣ ਤੋਂ ਬਾਅਦ ਜਦੋਂ ਅੰਡਰਟੇਕਰ ਵਿਦਾ ਹੋਇਆ ਸੋਸ਼ਲ ਮੀਡੀਆ 'ਤੇ ਲੋਕ ਦੁੱਖ ਪ੍ਰਗਟ ਕਰ ਰਹੇ ਹਨ ਅਤੇ ਦਸ ਰਹੇ ਹਨ ਕਿ ਉਸ ਦਾ ਰਿੰਗ ਤੋਂ ਜਾਣਾ ਕਿੰਨੀ ਵੱਡੀ ਗੱਲ ਹੈ।
ਉਸ ਦੇ ਪ੍ਰਸੰਸਕਾਂ ਨੇ ਲਿਖਿਆ ਕਿ ਆਖਿਰ ਇੰਝ ਹੀ ਉਨ੍ਹਾਂ ਨੂੰ ਸਰਬਉੱਤਮ ਰੈਸਲਰ ਨਹੀਂ ਮੰਨਿਆ ਜਾਂਦਾ। 'ਉਸ ਵਰਗਾ ਦੂਜਾ ਕੋਈ ਨਹੀਂ।' ਇਕ ਹੋਰ ਦੀ ਟਿੱਪਣੀ ਹੈ, 'ਤੁਸੀਂ ਇਨ੍ਹਾਂ ਵਰਗਾ ਦੂਜਾ ਕੋਈ ਨਹੀਂ ਦੇਖ ਸਕੋਗੇ। ਡੇਕਨ ਪੋਸਟਿੰਗ ਹੈਂਡਲ ਵਿਚ ਲਿਖਿਆ ਹੈ, ਰੈਸਲਿੰਗ ਭਾਵੇਂ ਨਕਲੀ ਹੁੰਦੀ ਹੈ, ਪਰ ਉਸ ਦੀਆਂ ਕਿੰਨੀਆਂ ਹੀ ਲੜਾਈਆਂ ਵਿਚ ਤੁਹਾਨੂੰ ਰੋਂਦੇ ਹੋਏ ਲੋਕ ਮਿਲਣਗੇ? ਰੈਸਟ ਇਨ ਪੀਸ ਅੰਡਰਟੇਕਰ।' ਇਕ ਹੋਰ ਪ੍ਰਸੰਸਕ ਨੇ ਲਿਖਿਆ ਹੈ, 'ਦ ਅੰਡਰਟੇਕਰ ਰੈਸਲਿੰਗ ਵਿਚਾਲੇ ਇਕਲੌਤੀ ਚੰਗੀ ਚੀਜ਼ ਸਨ।' ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰਸਕਾਂ ਨੇ ਲਿਖਿਆ ਹੈ, ਅੰਡਰਟੇਕਰ ਮੇਰੇ ਬਚਪਨ ਦਾ ਵੱਡਾ ਹਿੱਸਾ ਸੀ। ਰੈਸਲਿੰਗ ਸਭ ਕੁਝ ਸੀ, ਚੰਗੀਆਂ ਯਾਦਾਂ ਲਈ ਸ਼ੁਕਰੀਆ। ਅਸਲ ਵਿਚ ਦ ਅੰਡਰਟੇਕਰ ਬਣੇ ਕੈਲਵੇ ਦਾ ਪੂਰਾ ਪ੍ਰੋਫਾਈਲ ਡਰ 'ਤੇ ਅਧਾਰਿਤ ਸੀ। ਸੰਨ 2000 ਦੀ ਸ਼ੁਰੂਆਤ ਵਿਚ ਉਸ ਦੇ ਕਿਰਦਾਰ ਵਿਚ ਜ਼ਰਾ ਜਿੰਨਾ ਬਦਲਾਅ ਆਇਆ, ਜਿਸ ਵਿਚ ਮੋਟਰਸਾਈਕਲ (ਬਾਈਕ) ਦੀ ਐਂਟਰੀ ਹੋਈ। ਉਹ ਬਾਈਕ 'ਤੇ ਸਵਾਰ ਹੋ ਕੇ ਰਿੰਗ ਤੱਕ ਆਉਣ ਲੱਗਿਆ। ਪਰ ਬਹੁਤ ਦਿਨਾਂ ਤੱਕ ਉਨ੍ਹਾਂ ਨੂੰ ਇਹ ਨਵਾਂ ਸਟਾਈਲ ਚੰਗਾ ਨਹੀਂ ਲੱਗਿਆ, ਉਹ ਸਾਲ 2004 ਵਿਚ ਫਿਰ ਤੋਂ ਤਾਬੂਤ ਵਾਲਾ ਹੋ ਗਿਆ। ਅੰਡਰਟੇਕਰ ਦਾ ਜਲਵਾ ਫ਼ਿਲਮਾਂ ਵਿਚ ਵੀ ਦਿਸਿਆ। ਅਕਸ਼ੈ ਕੁਮਾਰ ਦੀ ਫ਼ਿਲਮ 'ਖਿਲਾੜੀਓਂ ਕਾ ਖਿਲਾੜੀ' ਵਿਚ ਉਹ ਹੀਰੋ ਨਾਲ ਲੜਦੇ ਨਜ਼ਰ ਆਏ ਸਨ। ਉਂਝ ਤਾਂ ਅੰਡਰਟੇਕਰ ਨੂੰ ਰੈਸਲਮੇਨੀਆ ਵਿਚ ਲਗਾਤਾਰ 21 ਜਿੱਤਾਂ ਲਈ ਯਾਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਪ੍ਰੋਫੈਸ਼ਨਲ ਰੈਸਲਿੰਗ ਦੇ ਦੀਵਾਨਿਆਂ ਦੇ ਦਿਲਾਂ ਨੂੰ ਜਿੱਤਣਾ ਹੈ। ਰਿੰਗ ਨੂੰ ਅੰਡਰਟੇਕਰ ਦੀ ਕਾਫੀ ਯਾਦ ਆਏਗੀ। ਡਬਲਿਊ ਡਬਲਿਊ ਈ ਵਿਚ ਭਾਰਤੀ ਰੈਸਲਰ 'ਦ ਗ੍ਰੇਟ ਖਲੀ' ਵੀ ਸੰਨਿਆਸ ਲੈ ਚੁੱਕਿਆ ਹੈ। ਉਨ੍ਹਾਂ ਨੇ ਡੈਡਮੈਨ ਅੰਡਰਟੇਕਰ ਨੂੰ ਰਿੰਗ ਵਿਚ ਹਰਾਇਆ ਸੀ। ਇਸ ਵਜ੍ਹਾ ਨਾਲ ਵੀ ਖਲੀ ਨੂੰ ਸੰਸਾਰ ਭਰ ਵਿਚ ਪਛਾਣ ਮਿਲੀ, ਕਿਉਂਕਿ ਖਲੀ ਨੇ ਡੈਡਮੈਨ ਅੰਡਰਟੇਕਰ ਨੂੰ 5 ਸਾਲ ਪਹਿਲਾਂ ਹਰਾਇਆ ਸੀ।
ਅੰਡਰਟੇਕਰ ਦਾ ਜਨਮ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸਥਿਤ ਹਿਊਸਟਨ ਵਿਚ 24 ਮਾਰਚ, 1965 ਨੂੰ ਹੋਇਆ ਸੀ। ਉਨ੍ਹਾਂ ਨੇ 1984 ਵਿਚ ਆਪਣੇ ਰੈਸਲਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਜੀਵਨ ਅਤੇ ਰੈਸਲਿੰਗ ਕੈਰੀਅਰ ਨਾਲ ਜੁੜੇ ਕੁਝ ਹੈਰਾਨ ਕਰ ਦੇਣ ਵਾਲੇ ਪ੍ਰਭਾਵ ਵੀ ਹਨ। ਜਿਵੇਂ ਜਦੋਂ ਅੰਡਰਟੇਕਰ ਨੇ ਸੰਨ 1990 ਵਿਚ ਰੈਸਲਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਤਾਂ ਉਹ ਆਪਣੀ ਪਹਿਲੀ ਹੀ ਫਾਈਟ ਬਰੂਸਰ ਬਾਡੀ ਤੋਂ ਹਾਰ ਗਏ ਸਨ। ਪਰ ਇਸ ਦੇ ਬਾਅਦ ਫਿਰ ਕਦੀ ਬਰੂਸਰ ਅੰਡਰਟੇਕਰ ਨੂੰ ਨਹੀਂ ਹਰਾ ਸਕਿਆ। ਅੰਡਰਟੇਕਰ ਨੂੰ ਡਬਿਲਊ ਡਬਲਿਊ ਈ ਵਿਚ ਰਿਕਾਰਡ ਤੋੜ ਜਿੱਤ ਅਤੇ ਉਨ੍ਹਾਂ ਦੇ ਖ਼ਤਰਨਾਕ ਮੂਵਸ ਕਾਰਨ 'ਡੈਡਮੈਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ 'ਦ ਅਮਰੀਕਨ ਐਸ' ਵੀ ਕਹਿੰਦੇ ਹਨ। ਅੰਡਰਟੇਕਰ ਇਕਲੌਤੇ ਇਸ ਤਰ੍ਹਾਂ ਦੇ ਪਹਿਲਵਾਨ ਹਨ, ਜਿਨ੍ਹਾਂ ਨੇ ਦਸੰਬਰ 1991 ਤੋਂ ਸਤੰਬਰ 1993 ਤੱਕ ਬਿਨਾਂ ਮੈਚ ਹਾਰੇ 3 ਵਾਰ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ, ਜੋ ਕਿ ਇਕ ਵਰਲਡ ਰਿਕਾਰਡ ਹੈ। ਪਰ ਆਖਰੀ ਮੈਚ ਭਾਵ ਅਲਵਿਦਾ ਮੈਚ ਉਹ ਨਹੀਂ ਜਿੱਤ ਸਕੇ ਸਿਰਫ਼ 9 ਮਿੰਟ ਵਿਚ ਹਾਰ ਗਏ।
ਅੰਡਰਟੇਕਰ ਨੇ ਤਿੰਨ ਵਿਆਹ ਵੀ ਕੀਤੇ, ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਜੂਡੀ ਨਾਲ ਉਨ੍ਹਾਂ ਦਾ ਵਿਆਹ 1989 ਵਿਚ ਹੋਇਆ ਅਤੇ 1999 ਵਿਚ ਤਲਾਕ ਹੋ ਗਿਆ। ਜੂਡੀ ਤੋਂ ਉਨ੍ਹਾਂ ਦਾ ਗੁਨਰ ਵਿਸੇਂਟ ਨਾਂਅ ਦਾ ਬੇਟਾ ਹੋਇਆ। ਉਨ੍ਹਾਂ ਦਾ ਦੂਜਾ ਵਿਆਹ ਸਾਰਾ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਚਾਸੇ ਅਤੇ ਗ੍ਰੈਸੀ ਹੋਈਆਂ। ਇਹ ਵਿਆਹ ਸੰਨ 2000 ਤੋਂ 2007 ਤੱਕ ਚੱਲਿਆ। ਉਨ੍ਹਾਂ ਦਾ ਤੀਜਾ ਵਿਆਹ ਮਿਸ਼ੇਲ ਨਾਲ ਸੰਨ 2010 ਵਿਚ ਹੋਇਆ ਜੋ ਹੁਣ ਤੱਕ ਕਾਇਮ ਹੈ। ਮਿਸ਼ੇਲ ਤੋਂ ਉਨ੍ਹਾਂ ਦੀ ਬੇਟੀ ਕੀਆ ਫੈਥ ਹੈ। ਅੰਡਰਟੇਕਰ ਆਪਣੇ ਕੈਰੀਅਰ ਵਿਚ 100 ਤੋਂ ਵੱਧ ਇਨਾਮ ਜਿੱਤ ਚੁੱਕੇ ਹਨ। ਉਨ੍ਹਾਂ ਨੇ ਰਿੰਗ ਵਿਚ ਡੈੱਡਮੈਨ, ਕੇਨ ਦ ਅੰਡਰਟੇਕਰ, ਮਾਰਕ ਕੈਲਾਸ, ਮਾਸਟਰ ਆਫ ਪੇਨ, ਪਨੀਸ਼ਰ ਡਾਈਸ ਮਾਰਗਨ ਅਤੇ ਦ ਪਨਿਸ਼ਰ ਦੇ ਨਾਂਅ ਨਾਲ ਵੀ ਜਾਣਿਆ ਗਿਆ। (ਸਮਾਪਤ)


-ਸਾਸ਼ਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX