ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੈਰ-ਸਪਾਟੇ ਦਾ ਕੇਂਦਰ ਕਿਵੇਂ ਬਣੇ ਪੰਜਾਬ?

ਆਧੁਨਿਕ ਸੱਭਿਅਤਾ ਨੇ ਸੰਸਾਰ ਭਰ ਵਿਚ ਜੋ ਚੰਗੀਆਂ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ, ਉਨ੍ਹਾਂ ਵਿਚੋਂ ਇਕ ਘਰ-ਪਰਿਵਾਰ ਛੱਡ ਕੇ ਦੇਸ਼-ਪ੍ਰਦੇਸ਼ ਵਿਚ ਦੇਖਣਯੋਗ ਤੇ ਮਾਨਣਯੋਗ ਥਾਵਾਂ ਦੀ ਸੈਰ ਲਈ ਜਾਣਾ ਵੀ ਹੈ | ਇਸ ਨਾਲ ਸੋਚ ਦਾ ਘੇਰਾ ਮੋਕਲਾ ਹੁੰਦਾ ਹੈ, ਗਿਆਨ ਵਧਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਕਿ ਮਨ ਕੋਮਲ ਬਣਦਾ ਹੈ | ਇਹ ਵੀ ਯਾਦ ਰੱਖਣ ਵਾਲੀ ਗੱਲ ਹੈ, ਸੈਰ-ਸਪਾਟੇ ਦਾ ਸ਼ੌਕ ਪੈਦਾ ਕਰਨ ਲਈ ਕਿਸੇ ਦੇਸ਼ ਜਾਂ ਖਿੱਤੇ ਦੀ ਖ਼ੁਸ਼ਹਾਲੀ ਦਾ ਉੱਚਾ ਮਿਆਰ ਹੋਣਾ ਵੀ ਜ਼ਰੂਰੀ ਹੈ | ਗ਼ਰੀਬ ਤੇ ਪਛੜੇ ਇਲਾਕੇ ਦੇ ਲੋਕ ਤਾਂ ਰੋਟੀ ਕਮਾਉਣ ਦੇ ਝੰਜਟ ਤੋਂ ਹੀ ਮੁਕਤ ਨਹੀਂ ਹੁੰਦੇ | ਸੈਰ ਲਈ ਨਿਕਲਣ ਲਈ ਸਾਧਨ ਕਿਥੋਂ ਹਾਸਲ ਕਰਨਗੇ?
ਪੰਜਾਬ ਨੇ ਪਿਛਲੇ ਇਕ ਸੌ ਸਾਲ ਵਿਚ ਕਾਫੀ ਤਰੱਕੀ ਕੀਤੀ ਹੈ | ਕੁਝ ਪੱਖਾਂ ਤੋਂ ਪੰਜਾਬ ਭਾਰਤ ਦੇ ਅਨੇਕ ਹੋਰ ਸੂਬਿਆਂ ਤੋਂ ਬਿਹਤਰ ਹਾਲਤ ਵਿਚ ਹੈ | ਉਦਾਹਰਨ ਦੇ ਤੌਰ 'ਤੇ ਪੰਜਾਬ ਦੇ ਲੋਕ ਨਾ ਬਹੁਤੇ ਗ਼ਰੀਬ ਹਨ ਨਾ ਬਹੁਤੇ ਅਮੀਰ | ਮੱਧ ਵਰਗ ਦੀ ਗਿਣਤੀ ਜ਼ਿਆਦਾ ਹੈ | ਮੱਧ ਵਰਗ ਹੀ ਸੈਰ-ਸਪਾਟੇ ਲਈ ਵਧੇਰੇ ਘਰੋਂ ਨਿਕਲਦਾ ਹੈ | ਪੰਜਾਬੀ ਮੱਧ-ਵਰਗੀ ਲੋਕ ਜਦੋਂ ਮੌਕਾ ਮਿਲੇ, ਕੁਝ ਦਿਨਾਂ ਦੇ ਆਰਾਮ ਅਤੇ ਸੈਰ ਲਈ ਸ਼ਿਮਲਾ, ਡਲਹੌਜ਼ੀ, ਧਰਮਸ਼ਾਲਾ ਆਦਿ ਸੈਰਗਾਹਾਂ ਨੂੰ ਜਾਂਦੇ ਹਨ | ਜਦੋਂ ਕਸ਼ਮੀਰ ਵਿਚ ਅਮਨ-ਚੈਨ ਹੁੰਦਾ ਸੀ, ਸ੍ਰੀਨਗਰ, ਪਹਿਲਗਾਮ ਤੇ ਗੁਲਮਰਗ ਪੰਜਾਬੀ ਘੁਮੱਕੜਾਂ ਦੀਆਂ ਮਨ-ਭਾਉਂਦੀਆਂ ਮੰਜ਼ਿਲਾਂ ਹੁੰਦੀਆਂ ਸਨ |
ਉਂਜ ਪੰਜਾਬੀਆਂ ਵਿਚ ਸੈਰ-ਸਪਾਟੇ ਦੀ ਰੁਚੀ ਉਸ ਹੱਦ ਤੱਕ ਨਹੀਂ ਪਨਪੀ, ਜਿੰਨੀ ਪਨਪਣੀ ਚਾਹੀਦੀ ਹੈ | ਬਹੁਤੇ ਪੰਜਾਬੀ ਸ਼ਰਧਾ ਦੀ ਪੂਰਤੀ ਲਈ ਧਰਮ-ਅਸਥਾਨਾਂ ਉਤੇ ਹੀ ਜਾਂਦੇ ਹਨ | ਇਸ ਦੀ ਇਕ ਉਦਾਹਰਨ ਹੋਲੇ-ਮਹੱਲੇ ਉੱਤੇ ਲੱਖਾਂ ਦੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਜਾਣਾ ਹੈ | ਭਰੀਆਂ ਹੋਈਆਂ ਟਰਾਲੀਆਂ ਸੰਗਤਾਂ ਦੀਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਸਫ਼ਰ ਕਰਦੀਆਂ ਹਨ | ਇਨ੍ਹਾਂ ਸ਼ਰਧਾਵਾਨਾਂ ਲਈ ਸੜਕਾਂ ਉਤੇ ਥਾਂ-ਥਾਂ ਲੰਗਰ ਲੱਗਦੇ ਹਨ | ਇਹ ਸ਼ਰਧਾਲੂ ਯਾਤਰਾ ਵੀ ਸ਼ਲਾਘਾਯੋਗ ਹੈ | ਪਰ ਇਕ ਘਾਟ ਹੈ | ਗਿਆਨ ਨਹੀਂ ਵਧ ਰਿਹਾ | ਕੋਮਲਤਾ ਨਹੀਂ ਪੈਦਾ ਹੋ ਰਹੀ | ਸ਼ਰਧਾਲੂਆਂ ਦੀ ਬਹੁਗਿਣਤੀ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਜਾਨਣ ਦਾ ਯਤਨ ਨਹੀਂ ਕਰਦੀ | ਦੇਖਣਯੋਗ ਸਥਾਨ ਵੀ ਨਹੀਂ ਦੇਖਦੀ | ਖ਼ਾਲਸਾ ਹੈਰੀਟੇਜ ਕੰਪਲੈਕਸ ਦੀ ਯਾਤਰਾ ਬਹੁਤ ਕੁਝ ਸਿਖਾ ਸਕਦੀ ਹੈ | ਪਰ ਬਹੁਗਿਣਤੀ ਯਾਤਰੀ ਇਸ ਵਿਚ ਜਾਣ ਲਈ ਵਿਹਲ ਹੀ ਨਹੀਂ ਕੱਢਦੇ |
1990 ਈ: ਵਿਚ ਸਾਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਤਾਂ ਸਾਡੇ ਮੇਜ਼ਬਾਨ ਉਥੇ ਰਹਿੰਦੇ ਪੰਜਾਬੀ ਲੇਖਕ ਸਨ | ਸਾਡੀ ਮੰਗ ਉਤੇ ਉਹ ਸਾਡੇ ਨਾਲ ਸ਼ੈਕਸਪੀਅਰ ਦਾ ਪਿੰਡ ਸਟਰੈਟਫੋਰਡ ਔਨ ਏਵਨ (ਏਵਨ ਨਦੀ ਕਿਨਾਰੇ ਵਸਿਆ ਸਟਰੈਟਫੋਰਡ) ਦੇਖਣ ਗਏ | ਸ਼ੈਕਸਪੀਅਰ ਦਾ ਘਰ ਦੇਖਿਆ | ਸੰਭਾਲੀਆਂ ਉਸ ਦੀਆਂ ਕਿਤਾਬਾਂ ਅਤੇ ਘਰ ਦੀਆਂ ਹੋਰ ਵਸਤਾਂ ਦੇਖੀਆਂ | ਸ਼ੈਕਸਪੀਅਰ ਨੇ ਲਗਪਗ ਤਿੰਨ ਦਰਜਨ ਨਾਟਕ ਲਿਖੇ | ਸ਼ੈਕਸਪੀਅਰ (1564-1616 ਈ:) ਦੇ ਜਿਊਾਦੇ-ਜੀਅ ਉਸ ਦੇ ਸੰਗ੍ਰਹਿਤ ਨਾਟਕਾਂ ਦੀਆਂ ਦੋ ਐਡੀਸ਼ਨਾਂ ਛਪੀਆਂ | ਇਕ 1608 ਵਿਚ, ਦੂਜੀ 1616 ਵਿਚ, ਜਦੋਂ ਉਹ ਪੂਰਾ ਹੋ ਗਿਆ | ਉਸ ਦੀ ਯਾਦ ਨੂੰ ਸੰਭਾਲਣ ਵਾਲਿਆਂ ਨੇ ਇਨ੍ਹਾਂ ਐਡੀਸ਼ਨਾਂ ਦੀਆਂ ਪ੍ਰਾਪਤ ਪ੍ਰਤੀਆਂ ਲੱਕੜੀਆਂ ਦੇ ਬੈਂਚਾਂ ਉਤੇ ਟਿਕਾਈਆਂ ਹੋਈਆਂ ਹਨ | ਬਾਹਰ ਵਿਹੜੇ ਵਿਚ ਆਦਮ ਕੱਦ ਮੂਰਤੀਆਂ ਹਨ, ਜੋ ਨਾਟਕਾਂ ਦੇ ਪਾਤਰਾਂ ਤੇ ਉਨ੍ਹਾਂ ਦੇ ਐਕਟਰਾਂ ਨੂੰ ਸਾਕਾਰ ਕਰਦੀਆਂ ਹਨ | 2006 ਵਿਚ ਇਕ ਵਾਰ ਫਿਰ ਜਾਣ ਦਾ ਮੌਕਾ ਮਿਲਿਆ, ਤਾਂ ਅਸੀਂ ਸ਼ੈਕਸਪੀਅਰ ਦਾ ਸਥਾਨ ਦੇਖਿਆ | ਦੋਵੇਂ ਵਾਰ ਯਾਤਰੀਆਂ ਵਿਚ ਬਹੁਗਿਣਤੀ ਜਾਪਾਨੀਆਂ ਅਤੇ ਅਮਰੀਕਨਾਂ ਦੀ ਸੀ | ਜ਼ਾਹਰ ਸੀ ਜਾਪਾਨ ਤੇ ਯੂ.ਐਸ.ਏ. ਖੁਸ਼ਹਾਲੀ ਦਾ ਉੱਚਾ ਮਿਆਰ ਪ੍ਰਾਪਤ ਕਰ ਚੁੱਕੇ ਹਨ | ਇਸ ਲਈ ਹੁਣ ਦੁਨੀਆ ਭਰ ਦੀ ਸੈਰ ਲਈ ਨਿਕਲਦੇ ਹਨ |
ਭਾਰਤੀਆਂ ਵਿਚ ਵੀ ਸੈਰ-ਸਪਾਟੇ ਦੀ ਰੁਚੀ ਵਧਾਉਣ ਦੀ ਸਖ਼ਤ ਜ਼ਰੂਰਤ ਹੈ | ਇਸ ਵੇਲੇ ਤਾਂ ਮਜ਼੍ਹਬੀ ਜਨੂੰਨ ਹੀ ਵਧ ਰਿਹਾ ਹੈ, ਜੋ ਬਹੁਤ ਖ਼ਤਰਨਾਕ ਹੈ | ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਸੈਰ-ਸਪਾਟਾ ਵਿਭਾਗ ਹਨ | ਯੋਜਨਾਵਾਂ ਬਣਦੀਆਂ ਹਨ ਪਰ ਬਹੁਤੀ ਵਾਰ ਦਿਸ਼ਾ ਠੀਕ ਨਹੀਂ ਬਣਦੀ | ਸਾਨੂੰ ਯਾਦ ਹੈ, ਬਹੁਤ ਸਾਲ ਪਹਿਲਾਂ ਭਾਰਤ ਸਰਕਾਰ ਨੇ ਸਾਰੇ ਭਾਰਤ ਲਈ ਸੈਰ-ਸਪਾਟਾ ਯੋਜਨਾ ਬਣਾਈ, ਤੇ ਰਾਜਾਂ ਨੂੰ ਫੰਡ ਅਲਾਟ ਕੀਤੇ | ਪੰਜਾਬ ਵਿਚ ਵੱਡੀਆਂ ਸੜਕਾਂ ਕਿਨਾਰੇ ਸੈਰ-ਸਪਾਟਾ ਸਥਾਨ ਸਰਕਾਰੀ ਤੌਰ 'ਤੇ ਉਸਾਰੇ ਗਏ ਤੇ ਉਨ੍ਹਾਂ ਨੂੰ ਚਲਦਾ ਰੱਖਣ ਲਈ ਸਰਕਾਰੀ ਮੁਲਾਜ਼ਮ ਭਰਤੀ ਕੀਤੇ ਗਏ | ਅਸੀਂ ਆਪ ਲੁਧਿਆਣਾ, ਫਗਵਾੜਾ ਤੇ ਕਰਤਾਰਪੁਰ ਦੇ ਕੰਪਲੈਕਸ ਕਈ ਵਾਰ ਦੇਖੇ | ਇਨ੍ਹਾਂ ਵਿਚ ਇਨ੍ਹਾਂ ਸ਼ਹਿਰਾਂ ਦੇ ਲੋਕ ਹੀ ਬਹੁਤ ਘਟ ਗਏ | ਫਗਵਾੜੇ ਦਾ ਕੰਪਲੈਕਸ ਬੰਦ ਹੈ | ਬਾਕੀਆਂ ਨੇ ਵੀ ਸੈਰ ਦਾ ਸ਼ੌਕ ਵਧਾਇਆ ਨਹੀਂ | ਭਾਰਤ ਸਰਕਾਰ ਦੇ ਯੋਜਨਾਕਾਰ ਇਹ ਭੁੱਲ ਗਏ ਕਿ ਪੰਜਾਬ ਵਰਗੇ ਮੈਦਾਨੀ ਰਾਜ ਲਈ ਯੋਜਨਾ ਉਹ ਨਹੀਂ ਚਾਹੀਦੀ ਜੋ ਪਹਾੜੀ ਰਾਜਾਂ ਲਈ ਢੁਕਵੀਂ ਹੋਵੇ | ਪੰਜਾਬ ਦੇ ਸ਼ਹਿਰਾਂ ਵਿਚ ਰੈਸਤੋਰਾਨ ਤੇ ਹੋਟਲ ਨਿੱਜੀ ਪ੍ਰਬੰਧ ਵਿਚ ਹੀ ਬਹੁਤ ਚੱਲ ਰਹੇ ਹਨ, ਪਰ ਐਤਵਾਰ ਦੀ ਛੁੱਟੀ ਜਾਂ ਕਿਸੇ ਹੋਰ ਛੁੱਟੀ ਉਤੇ ਬੀਵੀ-ਬੱਚਿਆਂ ਨੂੰ ਲੈ ਕੇ ਪਿਕਨਿਕ ਮਨਾਉਣ ਲਈ ਬਾਗ਼-ਬਗ਼ੀਚੇ ਅਤੇ ਹਰਿਆਵਲ ਭਰਪੂਰ ਠੰਢੇ ਯਾਦਗਾਰ ਮੈਦਾਨ ਨਹੀਂ ਹਨ | ਪੰਦਰਾਂ-ਵੀਹ ਲੱਖ ਦੀ ਆਬਾਦੀ ਵਾਲੇ ਜਲੰਧਰ ਸ਼ਹਿਰ ਦੇ ਕਈ ਹਜ਼ਾਰ ਟੱਬਰ ਐਤਵਾਰ ਨੂੰ ਜੇ ਗਰਮੀਆਂ ਦੀ ਧੁੱਪ ਵਿਚ, ਸਿਆਲ ਦੀ ਠੰਢ ਵਿਚ ਕੁਝ ਘੰਟੇ ਤਫਰੀਹ ਕਰਨਾ ਚਾਹੁੰਣ, ਕਿਥੇ ਜਾਣ? ਇਕ ਕੰਪਨੀ ਬਾਗ਼ ਹੁੰਦਾ ਸੀ, ਉਸ ਵਿਚ ਵੀ ਹੁਣ ਇਮਾਰਤਾਂ ਵੱਧ ਹਨ, ਦਰੱਖਤ ਘੱਟ | ਇਹੋ ਜਿਹੇ ਸ਼ਹਿਰ ਵਿਚ ਚੁਫੇਰੇ ਬਾਗ਼, ਬਗੀਚੇ ਅਤੇ ਸੁਰੱਖਿਅਤ ਤੇ ਸਾਂਭੇ ਹੋਏ ਫੁੱਲਦਾਰ ਅਤੇ ਹਰੇ-ਹਰੇ ਘਾਹਦਾਰ ਮੈਦਾਨ ਚਾਹੀਦੇ ਹਨ | ਇਥੇ ਸਸਤੀਆਂ ਖਾਣ-ਪੀਣ ਦਾ ਸਾਮਾਨ ਵੇਚਦੀਆਂ ਦੁਕਾਨਾਂ ਹੋਣ, ਬਜ਼ੁਰਗਾਂ ਦੇ ਬੈਠਣ ਲਈ ਬੈਂਚ ਅਤੇ ਕੁਰਸੀਆਂ ਹੋਣ | ਸੁਸਤਾਉਣ ਲਈ ਸਾਫ਼-ਸੁਥਰਾ ਘਾਹ ਵਾਲਾ ਮੈਦਾਨ ਹੋਵੇ | ਬੱਚਿਆਂ ਲਈ ਝੂਲੇ ਹੋਣ, ਸਾਫ਼-ਸਫਾਈ ਦਾ ਪ੍ਰਬੰਧ ਪੱਕਾ ਹੋਵੇ |
ਪੰਜਾਬ ਵਿਚ ਸੈਰ-ਸਪਾਟਾ ਵਧਾਉਣ ਲਈ ਧਰਮ ਅਤੇ ਸੱਭਿਆਚਾਰ ਨੂੰ ਨਾਲ-ਨਾਲ ਰੱਖਣ ਦੀ ਲੋੜ ਹੈ | ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ, ਸ੍ਰੀ ਮੁਕਤਸਰ ਅਤੇ ਤਲਵੰਡੀ ਸਾਬੋ ਵੱਡੇ ਤੀਰਥ ਹਨ | ਅੰਮਿ੍ਤਸਰ ਤਾਂ ਯਾਤਰੀ ਸਾਰਾ ਸਾਲ ਹੀ ਜਾਂਦੇ ਹਨ, ਬਾਕੀ ਸ਼ਹਿਰਾਂ ਵਿਚ ਸਿਰਫ਼ ਤਿਉਹਾਰਾਂ ਉਤੇ ਜਾਂਦੇ ਹਨ | ਇਨ੍ਹਾਂ ਸਭ ਸ਼ਹਿਰਾਂ ਵਿਚ ਪੂਰਾ ਸਾਲ ਕਾਰਜਸ਼ੀਲ ਰਹਿਣ ਵਾਲੇ ਯਾਤਰਾ ਕੇਂਦਰ ਬਣਾਏ ਜਾ ਸਕਦੇ ਹਨ | ਸ੍ਰੀ ਖਡੂਰ ਸਾਹਿਬ ਜਾ ਕੇ ਅਸੀਂ ਆਪ ਦੇਖਿਆ ਹੈ, ਬਹੁਤ ਹਰਿਆਵਲ ਭਰਪੂਰ ਨਗਰ ਹੈ | ਵਿੱਦਿਆ ਦਾ ਵੱਡਾ ਕੇਂਦਰ ਹੈ | ਇਥੇ ਪੜ੍ਹਨ ਲਈ ਬੱਚੇ ਵਡੇਰੀ ਗਿਣਤੀ ਵਿਚ ਜਾ ਸਕਦੇ ਹਨ | ਪਰ ਵਡੇਰੀ ਲੋੜ ਹੈ, ਇਸ ਨਗਰ ਨੂੰ ਸੈਰਗਾਹ ਦੇ ਤੌਰ 'ਤੇ ਵਿਕਸਤ ਕਰਨ ਦੀ | ਲੋਕ ਹਫ਼ਤਾ-ਦਸ ਦਿਨ ਦੀ ਛੁੱਟੀ ਕੱਟਣ ਇਥੇ ਜਾਣ | ਇਥੇ ਰਹਿਣ ਲਈ ਸਰਾਵਾਂ ਬਣਨ, ਹੋਟਲ ਬਣਨ, ਰੈਸਤੋਰਾਨ ਬਣਨ, ਖੁੱਲ੍ਹੇ ਬਾਗ਼-ਬਗੀਚੇ ਅਤੇ ਖਿੱਚ-ਭਰਪੂਰ ਪਾਰਕ ਹੋਣ, ਹੋਟਲ ਤੇ ਰੈਸਤੋਰਾਨ ਨਿੱਜੀ ਪ੍ਰਬੰਧ ਵਿਚ ਚੱਲਣ, ਪਰ ਸਰਾਵਾਂ ਬਾਗ਼-ਬਗੀਚੇ ਤੇ ਘਾਹ ਵਾਲੇ ਫੁੱਲਦਾਰ ਪਾਰਕ ਧਾਰਮਿਕ ਸੰਸਥਾਵਾਂ ਵਿਕਸਤ ਕਰਨ | ਸ੍ਰੀ ਆਨੰਦਪਰੁ ਸਾਹਿਬ ਨੂੰ ਵੀ ਪੰਜਾਬ ਦੀ ਉੱਘੀ ਸੈਰਗਾਹ ਬਣਾਉਣ ਦੀ ਬਹੁਤ ਗੰੁਜਾਇਸ਼ ਹੈ | ਇਥੇ ਦੇਖਣ ਨੂੰ ਬਹੁਤ ਸਥਾਨ ਹਨ, ਕੁਝ ਸਰਾਵਾਂ ਵੀ ਹਨ | ਖ਼ਾਲਸੇ ਦੇ ਤਿੰਨ ਸੌ ਸਾਲਾ ਜਨਮ ਦਿਨ ਮੌਕੇ ਇਸ ਨੂੰ ਸੈਰਗਾਹ ਬਣਾਉਣ ਦੀ ਵੀ ਯੋਜਨਾ ਸੀ | ਪਰ ਉਹ ਯੋਜਨਾ ਠੱਪ ਹੋ ਗਈ | ਸ੍ਰੀ ਅਨੰਦਪੁਰ ਸਾਹਿਬ ਵਿਚ ਆਬਾਦੀ ਬਹੁਤ ਘੱਟ ਹੈ | ਖਾਲੀ ਥਾਂ ਬਹੁਤ ਹੈ | ਲੋੜ ਹੈ ਹਰੀ ਛਤਰੀ ਵਧਾਉਣ ਦੀ | ਕਾਫੀ ਵੱਡਾ ਰਕਬਾ ਜੰਗਲ ਹੇਠ ਆਵੇ, ਵਿਉਂਤੇ ਹੋਏ ਬਾਗ਼-ਬਗੀਚੇ ਵੀ ਸਥਾਪਤ ਹੋਣ | ਫੁੱਲਦਾਰ ਅਤੇ ਹਰਿਆਵਲ ਭਰਪੂਰ ਪਾਰਕ ਤਾਂ ਸਭ ਪਾਸੇ ਨਜ਼ਰ ਆਉਣ | ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਸੜਕਾਂ ਹਰੇ-ਭਰੇ ਦਰੱਖਤਾਂ ਦੀ ਛਾਂ ਨਾਲ ਢਕੀਆਂ ਹੋਣ | ਜੇ ਪੰਜਾਬ ਸਰਕਾਰ ਦਾ ਸੈਰ-ਸਪਾਟਾ ਮਹਿਕਮਾ ਸ੍ਰੀ ਅਨੰਦਪੁਰ ਸਾਹਿਬ ਵਿਚ ਯਾਤਰੀ ਸਾਰਾ ਸਾਲ ਖਿੱਚ ਸਕੇ, ਜਿਵੇਂ ਅੰਮਿ੍ਤਸਰ ਵਿਚ ਜਾਂਦੇ ਹਨ ਤਾਂ ਇਥੇ ਨਿੱਜੀ ਖੇਤਰ ਦੇ ਨਿਵੇਸ਼ਕਾਰ ਹੋਟਲ ਤੇ ਰੈਸਤੋਰਾਨ ਆਪ ਹੀ ਕਾਇਮ ਕਰ ਲੈਣਗੇ | ਪੰਜਾਬ ਵਿਚ ਕੋਈ ਪਹਾੜੀ ਸ਼ਹਿਰ (ਹਿਲ ਸਟੇਸ਼ਨ) ਨਹੀਂ | ਸ੍ਰੀ ਅਨੰਦਪੁਰ ਸਾਹਿਬ ਨੀਮ ਹਿਲ ਸਟੇਸ਼ਨ ਬਣ ਸਕਦਾ ਹੈ | ਸਿਰਫ਼ ਕਾਫੀ ਵੱਡੇ ਰਕਬੇ ਵਿਚ ਜੰਗਲ ਵਿਕਸਤ ਕਰਨ ਦੀ ਲੋੜ ਹੈ | ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਸ੍ਰੀ ਅਨੰਦਪੁਰ ਸਾਹਿਬ ਦੀ ਸੂਰਤ ਤੇ ਸੀਰਤ ਬਦਲ ਸਕਦੀ ਹੈ | ਇਥੇ ਪਹੁੰਚੇ ਯਾਤਰੀ ਨੂੰ ਦਰੱਖਤਾਂ ਦੀ ਠੰਢੀ ਛਾਂ ਠੰਡਕ ਬਖ਼ਸ਼ੇਗੀ | ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਤੇ ਕੀਰਤਪੁਰ ਵਸਾਏ ਸਨ, ਤਾਂ ਉਦੋੋਂ ਇਥੇ ਸੱਚਮੁੱਚ ਜੰਗਲ ਹੋਵੇਗਾ | ਜੰਗਲ ਅਤੇ ਪਹਾੜੀ ਉਚਾਈ 'ਤੇ ਗੁਰੂ ਸਾਹਿਬ ਨੂੰ ਇਸ ਇਲਾਕੇ ਵਿਚ ਸੁਰੱਖਿਆ ਬਖ਼ਸ਼ਣ ਵਾਲੇ ਗੁਣ ਪ੍ਰਤੀਤ ਹੋਏ ਹੋਣਗੇ | ਹੁਣ ਸੁਰੱਖਿਆ ਦੀ ਨਹੀਂ, ਸੁਹਜ ਤੇ ਠੰਡਕ ਦੀ ਲੋੜ ਹੈ | ਦਰੱਖਤਾਂ ਦੀ ਤਾਣੀ ਛਤਰੀ ਇਸ ਨਗਰ ਨੂੰ ਸੁਹਜ-ਭਰਪੂਰ ਤੇ ਠੰਢੇ-ਠਾਰ ਸ਼ਹਿਰ ਦਾ ਪ੍ਰਭਾਵ ਦੇਵੇਗੀ |
ਜੇ ਇਹ ਸੱਚ ਹੈ ਕਿ ਸੈਰ-ਸਪਾਟੇ ਦੀ ਰੁਚੀ ਦਾ ਸਬੰਧ ਖ਼ੁਸ਼ਹਾਲੀ ਨਾਲ ਹੈ ਤਾਂ ਇਹ ਵੀ ਹਕੀਕਤ ਹੈ ਕਿ ਸਫ਼ਰ ਉੱਤੇ ਨਿਕਲਣ ਦੀ ਹਿੰਮਤ ਦਿਖਾਏ ਬਿਨਾਂ ਖ਼ੁਸ਼ਹਾਲੀ ਪ੍ਰਾਪਤ ਨਹੀਂ ਹੁੰਦੀ | ਪਿਛਲੇ 100 ਸਾਲਾਂ ਵਿਚ ਪੰਜਾਬੀ ਲੋਕ ਪਿੰਡਾਂ ਤੇ ਸ਼ਹਿਰਾਂ ਨੂੰ ਛੱਡ ਕੇ ਸੰਸਾਰ ਦੇ ਲਗਪਗ ਹਰ ਦੇਸ਼ ਵਿਚ ਪਹੁੰਚੇ ਹਨ | ਇਉਂ ਪੰਜਾਬ ਵਿਚ ਬੇਅੰਤ ਧਨ ਆਇਆ ਪਰ ਇਹ ਖ਼ੁਸ਼ਹਾਲੀ ਪਦਾਰਥਕ ਹੈ | ਗਿਆਨ ਦਾ ਪਸਾਰ ਘੱਟ ਹੋਇਆ, ਕੋਮਲਤਾ ਹੋਰ ਵੀ ਘੱਟ ਪੈਦਾ ਹੋਈ | ਗੁਰਬਾਣੀ ਬਹੁਤ ਗਾਈ-ਸੁਣੀ ਗਈ, ਪਰ ਗੁਰਬਾਣੀ ਨੇ ਜੋ ਮਾਨਸਿਕ ਤਬਦੀਲੀ ਮੱਧ ਕਾਲ ਵਿਚ ਲਿਆਂਦੀ ਸੀ, ਉਹ ਆਧੁਨਿਕ ਪੰਜਾਬੀ ਸਮਾਜ ਵਿਚ ਨਹੀਂ ਪੈਦਾ ਹੋਈ | ਇਸੇ ਕਰਕੇ ਅਸੀਂ ਵਾਰ-ਵਾਰ ਲਿਖਿਆ ਹੈ ਕਿ ਧਾਰਮਿਕ ਯਾਤਰਾ ਦੇ ਨਾਲ-ਨਾਲ ਸੱਭਿਆਚਾਰਕ ਯਾਤਰਾ ਵੀ ਸ਼ੁਰੂ ਹੋਵੇ | ਮਨ ਵਿਸ਼ਾਲ ਹੋਣ, ਉੱਚੀ ਸੋਚ ਪੈਦਾ ਹੋਵੇ | ਹੋਲਾ-ਮਹੱਲਾ ਮਨਾਉਣ ਗਈ ਸੰਗਤ ਸ੍ਰੀ ਅਨੰਦਪੁਰ ਸਾਹਿਬ ਤੋਂ ਇਤਿਹਾਸ ਦੀ ਭੁੱਲੀ-ਵਿਸਰੀ ਯਾਦ ਤਾਜ਼ੀ ਕਰਕੇ ਮੁੜੇ | ਸੰਗਤ ਸਰੀਰ ਵੱਲੋਂ ਤਾਂ ਸਾਬਤ-ਸੂਰਤ ਹੋਵੇ ਹੀ, ਮਨ ਵਿਚ ਵੀ ਗੁਰਮਤਿ ਦੀ ਡੰੂਘੀ ਸਮਝ ਲੈ ਕੇ ਮੁੜੇ |
ਪੰਜਾਬ ਵਿਚ ਸੈਰ-ਸਪਾਟੇ ਦਾ ਸੱਭਿਆਚਾਰ ਵਧਾਉਣਾ ਬਹੁਤ ਜ਼ਰੂਰੀ ਹੈ | ਇਸ ਲਈ ਸਰਕਾਰ ਨੀਤੀ ਜ਼ਰੂਰ ਬਣਾਏ | ਪਰ ਇਹ ਨੀਤੀ ਬਹੁ-ਦਿਸ਼ਾਵੀ ਹੋਵੇ | ਆਰਥਿਕ ਤੇ ਪਦਾਰਥਕ ਤਰੱਕੀ ਤਾਂ ਹੋਵੇਗੀ, ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਵੀ ਵਧਣ, ਆਵਾਜਾਈ ਦੇ ਸਾਧਨ ਸੁਖਾਲੇ ਹੋਣ | ਪਰ ਸਭ ਤੋਂ ਵੱਡੀ ਗੱਲ ਹੈ, ਸੈਰ-ਸਪਾਟਾ ਕਰਨ ਦਾ ਸ਼ੌਕ ਮਨਾਂ ਨੂੰ ਰੌਸ਼ਨ ਕਰੇ |


ਖ਼ਬਰ ਸ਼ੇਅਰ ਕਰੋ

23 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ 'ਤੇ ਵਿਸ਼ੇਸ਼

ਬੌਧਿਕ ਵਿਕਾਸ ਲਈ ਜ਼ਰੂਰੀ ਹੈ ਪੁਸਤਕ ਸੱਭਿਆਚਾਰ

ਹੱਥੀਂ ਲਿਖਣਾ ਤੇ ਪੁਸਤਕਾਂ ਨਾਲ ਪ੍ਰੇਮ ਕਰਨ ਦੀ ਪ੍ਰਥਾ ਗੁਰੂ ਸਾਹਿਬਾਨ ਨੇ ਸਾਨੂੰ ਵਿਰਸੇ ਵਿਚ ਦਿੱਤੀ ਹੈ | ਪੰਜ ਪਾਣੀਆਂ ਦੀ ਧਰਤੀ 'ਤੇ ਕਲਮ ਦਾ ਹਲ ਚਲਾ ਕੇ ਸ਼ਬਦਾਂ ਦਾ ਬੀਜ ਬੀਜਿਆ ਤੇ ਉਹ ਬੀਜ ਰੂਪੀ 'ਸ਼ਬਦਾਂ ਦਾ ਬੋਹਲ' ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਰੂਪ 'ਚ ਬਿਰਾਜਮਾਨ ਹੈ | ਉਨ੍ਹਾਂ ਵਿਚੋਂ ਫੁੱਟੇ ਝਰਨਿਆਂ ਦੇ ਰੂਪ 'ਚ ਸਾਡੇ ਕੋਲ ਪੁਸਤਕਾਂ ਹਨ | ਪੁਸਤਕਾਂ ਸਾਡੀ ਆਤਮਾ ਨੂੰ ਰੌਸ਼ਨ ਕਰਦੀਆਂ ਹੋਈਆਂ ਸਾਡੀ ਬੌਧਿਕ ਤੇ ਮਾਨਸਿਕ ਸਮਰੱਥਾ ਵਿਚ ਵਾਧਾ ਕਰਦੀਆਂ ਹਨ | ਪੁਸਤਕਾਂ ਵਿਚ ਕਿਸੇ ਵੀ ਇਨਸਾਨ ਨੂੰ ਬਦਲਣ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ | ਮਨੁੱਖੀ ਜੀਵਨ ਨੂੰ ਉੱਤਮ ਤੇ ਉਸਾਰੂ ਬਣਾਉਣ ਵਿਚ ਚੰਗੀਆਂ ਪੁਸਤਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਅਕਾਦਮਿਕ ਪੁਸਤਕਾਂ ਦਾ ਗਿਆਨ ਸਾਡੀ ਰੋਜ਼ੀ-ਰੋਟੀ ਦਾ ਆਧਾਰ ਬਣਦਾ ਹੈ ਅਤੇ ਸਾਹਿਤਕ ਪੁਸਤਕਾਂ ਦਾ ਗਿਆਨ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਸਾਡਾ ਅੰਤਰਮੁਖੀ ਵਿਕਾਸ ਕਰਨ ਵਿਚ ਸਹਾਈ ਹੁੰਦਾ ਹੈ | ਇਸ ਲਈ ਸਾਨੂੰ ਪੁਸਤਕਾਂ ਦਾ ਦਿਲੋਂ ਸਤਿਕਾਰ ਕਰਦੇ ਹੋਏ ਪੁਸਤਕਾਂ ਪੜ੍ਹਨ-ਲਿਖਣ ਦੀ ਪ੍ਰਥਾ ਨੂੰ ਵੱਧ ਤੋਂ ਵੱਧ ਪ੍ਰਫੁਲਿੱਤ ਕਰਨਾ ਚਾਹੀਦਾ ਹੈ |
ਪੂਰੇ ਵਿਸ਼ਵ ਵਿਚ ਹਰ ਵਰ੍ਹੇ 23 ਅਪ੍ਰੈਲ ਨੂੰ ਅੰਤਰਰਾਸ਼ਟਰੀ ਪੱਧਰ ਦੇ ਪੁਸਤਕ ਅਤੇ ਕਾਪੀਰਾਇਟ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਇਹ ਦਿਨ ਪੁਸਤਕਾਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਕਾਸ਼ਨ ਅਧਿਕਾਰ ਰਾਹੀਂ ਬੌਧਿਕ ਸੰਪਤੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ | ਇਸ ਦਿਵਸ ਦੀ ਸ਼ੁਰੂਆਤ ਕੈਟਾਲੋਨੀਆ (ਸਪੇਨ) ਤੋਂ ਪ੍ਰੇਰਨਾ ਲੈਂਦੇ ਹੋਏ 23 ਅਪ੍ਰੈਲ, 1995 ਈਸਵੀ ਨੂੰ ਸੰਯੁਕਤ ਰਾਸ਼ਟਰ ਸਿ ੱਖਿਆ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵੱਲੋਂ ਹੋਈ ਸੀ | ਸੰਨ 1923 ਤੋਂ ਪਹਿਲਾਂ ਸਪੇਨ ਵਿਚ ਇਹ ਦਿਨ ਗੁਲਾਬ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਸੀ | ਇਸ ਦਿਨ ਸਪੇਨ ਵਾਸੀ ਇਕ-ਦੂਸਰੇ ਨੂੰ ਗੁਲਾਬ ਦਾ ਫੁੱਲ ਭੇਟ ਕਰਦੇ ਸਨ | ਪ੍ਰੰਤੂ 23 ਅਪ੍ਰੈਲ ਨੂੰ ਸਪੇਨ ਦੇ ਮਹਾਨ ਲੇਖਕ 'ਮਿਗੇਲ ਦੇ ਸਰਵਾਂਤੇਸ' ਦੀ ਮੌਤ ਹੌਣ ਕਾਰਨ ਸਪੇਨ ਵਾਸੀਆਂ ਨੇ ਉਸ ਨੂੰ ਪਿਆਰ ਸਹਿਤ ਸ਼ਰਧਾਂਜਲੀ ਭੇਟ ਕਰਨ ਲਈ ਰਵਾਇਤੀ ਗੁਲਾਬ ਦੇ ਫੁੱਲਾਂ ਦੀ ਜਗ੍ਹਾ ਪੁਸਤਕਾਂ ਭੇਟ ਕੀਤੀਆਂ | ਇਸ ਤਰ੍ਹਾਂ ਇਹ ਘਟਨਾ ਵਿਸ਼ਵ ਪੁਸਤਕ ਦਿਵਸ ਮਨਾਉਣ ਦਾ ਆਧਾਰ ਬਣੀ |
23 ਅਪ੍ਰੈਲ ਨੂੰ ਹੀ ਇੰਗਲੈਂਡ ਦੇ ਮਹਾਨ ਲੇਖਕ 'ਵਿਲੀਅਮ ਸ਼ੈਕਸਪੀਅਰ', ਫਰਾਂਸ ਦੇ 'ਟਰੈਸਾ ਡੀ ਲਾ ਪਾਰਾ', ਸਪੇਨ ਦੇ 'ਜੋਸੇਪ ਪਲਾ' ਦਾ ਦਿਹਾਂਤ ਹੋਇਆ ਸੀ | ਇਸੇ ਤਰ੍ਹਾਂ 23 ਅਪ੍ਰੈਲ ਨੂੰ ਰੂਸੀ-ਅਮਰੀਕੀ ਮਹਾਨ ਲੇਖਕ 'ਵਲਾਦੀਮੀਰ ਨੇਬੋਕਾਵ', ਆਈਸਲੈਂਡ ਦੇ 'ਹਾਲਦਾਰ ਲੇਕਸਨੈਸ', ਫਰਾਂਸ ਦੇ 'ਮਾਹਿਸੇ ਡੁਆਨ', ਅਮਰੀਕਾ ਦੇ 'ਅਵਰਮ ਡੇਵਿਡਸਨ', 'ਮੈਨੁਏਲ ਮੀਜਾਂ' ਅਤੇ ਕਈ ਹੋਰ ਮਹਾਨ ਲੇਖਕਾਂ ਦਾ ਜਨਮ ਦਿਨ ਵੀ ਹੈ | ਇਨ੍ਹਾਂ ਸਾਰੇ ਮਹਾਨ ਸਾਹਿਤਕ ਲੇਖਕਾਂ ਨੂੰ ਯਾਦ ਕਰਨ ਲਈ ਯੂਨੈਸਕੋ ਨੇ 'ਵਿਸ਼ਵ ਪੁਸਤਕ ਅਤੇ ਕਾਪੀ ਰਾਇਟ ਦਿਵਸ' ਮਨਾਉਣ ਦੀ ਸ਼ੁਰੂਆਤ ਕੀਤੀ | ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਵਿਸ਼ਵ ਪੁਸਤਕ ਰਾਜਧਾਨੀ' (ਵਰਲਡ ਬੁੱਕ ਕੈਪੀਟਲ) ਦਾ ਦਰਜਾ ਪ੍ਰਦਾਨ ਕਰਦਾ ਹੈ | ਉਹ ਵਿਸ਼ੇਸ਼ ਸਾਲ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ | ਪਿਛਲੇ ਵਰ੍ਹੇ 'ਵਿਸ਼ਵ ਪੁਸਤਕ ਰਾਜਧਾਨੀ-2016' ਦੇ ਤੌਰ 'ਤੇ ਪੋਲੈਂਡ ਦੇਸ਼ ਦੇ ਸ਼ਹਿਰ ਵਰੋਕਲਾ ਨੂੰ ਚੁਣਿਆ ਗਿਆ ਸੀ | ਇਸ ਸਾਲ ਗੁਇਨੀਆ ਦੀ ਰਾਜਧਾਨੀ 'ਕੋਨਾਕਰੀ' ਨੂੰ ਵਿਸ਼ਵ ਪੁਸਤਕ ਰਾਜਧਾਨੀ-2017 (ਵਰਲਡ ਬੁੱਕ ਕੈਪੀਟਲ) ਦਾ ਦਰਜਾ ਪ੍ਰਦਾਨ ਹੋਇਆ ਹੈ | ਭਾਰਤ ਦੀ ਰਾਜਧਾਨੀ ਦਿੱਲੀ ਸ਼ਹਿਰ ਨੂੰ 2003 ਵਿਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ |
ਅੰਤਰਰਾਸ਼ਟਰੀ ਪੁਸਤਕ ਦਿਵਸ ਤੋਂ ਬਾਅਦ ਰਾਜ ਪੱਧਰੀ ਪੁਸਤਕ ਦਿਵਸ ਮਨਾਉਣਾ ਵੀ ਇਕ ਰਾਜ ਲਈ ਸਿਰ ਕੱਢਵਾਂ/ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਸਾਲ 2011 ਦੌਰਾਨ ਪੰਜਾਬ ਰਾਜ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦੌਰਾਨ ਮਹਾਨ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ 'ਭਾਈ ਕਾਨ੍ਹ ਸਿੰਘ ਨਾਭਾ' ਜੀ ਦੇ ਜਨਮ ਦਿਹਾੜੇ 30 ਅਗਸਤ ਨੂੰ ਹਰ ਵਰ੍ਹੇ 'ਪੰਜਾਬੀ ਪੁਸਤਕ ਦਿਵਸ' ਵਜੋਂ ਮਨਾਏ ਜਾਣ ਦਾ ਫ਼ੈਸਲਾ ਲਿਆ ਗਿਆ | ਭਾਈ ਕਾਨ੍ਹ ਸਿੰਘ ਨਾਭਾ ਉ ੱਘੇ ਕੋਸ਼ਾਕਾਰ, ਸਿੱਖ ਚਿੰਤਕ, ਪ੍ਰਤਿਭਾਸ਼ਾਲੀ ਅਨੁਵਾਦਕ, ਨਿਪੁੰਨ ਪ੍ਰਬੰਧਕ ਅਤੇ ਸਿੱਖ ਬੌਧਿਕ ਵਿਅਕਤੀ ਹੋਏ ਹਨ | ਸਿੱਖ ਧਰਮ ਅਤੇ ਸਿੱਖ ਪਰੰਪਰਾ ਦੇ ਹਵਾਲੇ ਨਾਲ ਜੇ ਕੋਈ ਸਾਹਿਤਕ ਰਚਨਾ ਕਰਨੀ ਹੋਵੇ, ਤਾਂ ਇਹ ਕੰਮ ਉਦੋਂ ਤੱਕ ਮੁਕੰਮਲ ਨਹੀਂ ਹੋ ਸਕਦਾ, ਜਦੋਂ ਤੱਕ ਉਨ੍ਹਾਂ ਦੇ ਮਹਾਨ ਕੋਸ਼ ਤੋਂ ਸੇਧ ਨਾ ਲੈ ਲਈ ਜਾਵੇ |
ਤੇਜ਼ੀ ਨਾਲ ਬਦਲਦੇ ਇਸ ਤਕਨੀਕੀ ਯੁੱਗ ਵਿਚ ਬੇਸ਼ੱਕ ਈ-ਬੁੱਕਸ, ਕੰਪਿਊਟਰਾਂ/ਲੈਪਟਾਪ ਆਦਿ ਨੇ ਕਿਤਾਬਾਂ ਦੀ ਥਾਂ ਮੱਲ ਲਈ ਹੈ, ਪ੍ਰੰਤੂ ਇਹ ਧਾਰਨਾ ਸਾਲ 2015 ਦੇ ਸਾਹਿਤਕ ਮੇਲੇ ਨੇ ਉਸ ਵੇਲੇ ਗਲਤ ਸਾਬਿਤ ਕਰ ਦਿੱਤੀ, ਜਦੋਂ ਮੇਲੇ ਵਿਚ ਪੁਸਤਕ ਪ੍ਰੇਮੀ ਪਾਠਕਾਂ ਨੇ ਨਾ ਕੇਵਲ ਸਾਹਿਤਕ ਪੋਥੀਆਂ ਅਤੇ ਨਵ-ਪ੍ਰਕਾਸ਼ਿਤ ਪੁਸਤਕਾਂ ਦੇ ਦਰਸ਼ਨ ਹੀ ਕੀਤੇ, ਬਲਕਿ ਝੋਲੇੇ ਭਰ-ਭਰ ਕੇ ਪੁਸਤਕਾਂ ਵੀ ਖ੍ਰੀਦੀਆਂ | ਅੱਜ ਤਕਨੀਕੀ ਯੁੱਗ ਵਿਚ ਵੀ ਪੁਸਤਕਾਂ ਦੀ ਮਹੱਤਤਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ | ਦਰਅਸਲ, ਪੁਸਤਕਾਂ ਰਾਹੀਂ ਤੁਸੀਂ ਮਹਾਨ ਵਿਅਕਤੀਆਂ ਦੇ ਸੰਪਰਕ ਵਿਚ ਆਉਂਦੇ ਹੋ | ਇਸ ਸਬੰਧ ਵਿਚ ਆਰ. ਡੇਸਕਰਟੇਜ਼ ਦਾ ਕਥਨ ਹੈ, 'ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲ ਕਰਨ ਦੇ ਬਰਾਬਰ ਹੈ |' ਅਜੋਕਾ ਮਨੁੱਖੀ ਸਮਾਜ, ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਦੇ ਨਾਲ-ਨਾਲ ਜੇ ਪੁਸਤਕਾਂ ਪੜ੍ਹਨ ਦੀ ਰੁਚੀ ਤੇ ਚਾਅ ਪੈਦਾ ਕਰ ਲਏ ਤਾਂ ਉਹ ਇਨ੍ਹਾਂ ਸਹਾਰੇ ਜੀਵਨ ਵਿਚ ਚੰਗੀਆਂ ਪ੍ਰਾਪਤੀਆਂ ਕਰ ਸਕਦਾ ਹੈ | ਲਾਰਡ ਬਾਇਰਨ ਦਾ ਕਥਨ ਹੈ ਕਿ 'ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ | ਚੰਗੀ ਬੋਲ-ਚਾਲ ਤੇ ਉੱਠਣ-ਬੈਠਣ ਦਾ ਸਲੀਕਾ, ਢੁਕਵੇਂ ਸ਼ਬਦਾਂ ਦੇ ਗਿਆਨ ਦੀ ਮੰਗ ਕਰਦਾ ਹੈ, ਪੁਸਤਕਾਂ ਸਾਨੂੰ ਲੋੜੀਂਦੇ ਸ਼ਬਦਾਂ ਨਾਲ ਭਰਪੂਰ ਕਰਦੀਆਂ ਹਨ ਅਤੇ ਸਾਡੀ ਸ਼ਖ਼ਸੀਅਤ ਨੂੰ ਸ਼ਿੰਗਾਰ ਕੇੇ ਉਭਾਰਦੀਆਂ ਹਨ | ਇਸੇ ਲਈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੁਸਤਕ ਵਿਕਾਸਵਾਦ ਸਿਧਾਂਤ ਦੀ ਪਾਲਣਾ ਕਰਦੀ ਹੋਈ ਭਵਿੱਖ ਦਾ ਪ੍ਰੋਗਰਾਮ ਹੁੰਦੀ ਹੈ |
ਅਜੋਕੇ ਸਮੇਂ ਬੱਚਿਆਂ ਦੀ ਜ਼ਿੰਦਗੀ ਨੂੰ ਉੱਤਮ ਤੇ ਰੌਸ਼ਨ ਬਣਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਅਜਿਹਾ ਉਸਾਰੂ ਤੇ ਢੁਕਵਾਂ ਮਾਹੌਲ ਸਿਰਜਣ ਦੀ ਲੋੜ ਹੈ, ਜਿਸ ਵਿਚ ਬੱਚੇ ਬਚਪਨ ਤੋਂ ਹੀ ਸਾਹਿਤਕ ਪੁਸਤਕਾਂ ਨਾਲ ਅਪਣੱਤ ਪੈਦਾ ਕਰ ਸਕਣ ਤੇ ਵਿਹਲੇ ਸਮੇਂ ਵਿਚ ਪੁਸਤਕਾਂ ਪੜ੍ਹ ਕੇ ਉਚੇਰਾ ਗਿਆਨ ਪ੍ਰਾਪਤ ਕਰ ਸਕਣ | ਸਕੂਲ ਪੱਧਰ 'ਤੇ ਬੱਚਿਆਂ ਨੂੰ ਅਕਾਦਮਿਕ ਵਿ ੱਦਿਆ ਦੇ ਨਾਲ-ਨਾਲ ਲਾਇਬ੍ਰੇਰੀ ਪੁਸਤਕਾਂ, ਰਸਾਲੇ, ਅਖ਼ਬਾਰ ਆਦਿ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ | ਇਸ ਤੋਂ ਇਲਾਵਾ ਪਿੰਡਾਂ, ਸ਼ਹਿਰਾਂ ਵਿਚ ਵੀ ਲਾਇਬ੍ਰੇਰੀਆਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ | ਸਰਕਾਰਾਂ ਤੇ ਸਾਹਿਤ ਸਭਾਵਾਂ ਨੂੰ ਵੀ ਨੌਜਵਾਨ ਵਰਗ ਵਿਚ ਪੁਸਤਕਾਂ ਪੜ੍ਹਨ ਦਾ ਚਾਅ ਤੇ ਰੁਝਾਨ ਪੈਦਾ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ ਹੈ, ਕਿਉਂਕਿ ਕਿਤਾਬ ਹਮੇਸ਼ਾ ਜਾਗਦੀ ਰਹਿੰਦੀ ਹੈ ਤੇ ਕਦੇ ਨਾ ਕਦੇ ਕਿਸੇ ਪਾਠਕ ਦੀ ਜ਼ਿੰਦਗੀ ਨੂੰ ਜ਼ਰੂਰ ਰੁਸ਼ਨਾਉਂਦੀ ਹੈ | ਇਸੇ ਲਈ ਇਕ ਕਵੀ ਕਹਿੰਦਾ ਹੈ:
ਕਿਤਾਬ ਜਾਗਦੀ ਹੈ,
ਖ਼ਰੀਦੋ - ਰੱਖੋ, ਪੜੋ੍ਹ ਨਾ ਪੜੋ੍ਹ,
ਘਰ ਦੇ ਰੈਕ 'ਚ ਰੱਖੋ ਤੇ ਭੁੱਲ ਜਾਓ..
ਜੇ ਤੁਸੀਂ ਨਹੀਂ ਪੜ੍ਹ ਸਕਦੇ,
ਯਾਦ ਨਹੀਂ ਰੱਖ ਸਕਦੇ,
ਸੌਣ ਦਿਓ ਕਿਤਾਬ ਨੂੰ ,
ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ.
ਉਡੀਕ ਕਰੋ, ਜਾਗੇਗੀ ਕਿਤਾਬ,
ਕਿਸੇ ਦਿਨ, ਕਿਸੇ ਸਾਲ, ਪੜ੍ਹੇਗਾ ਕੋਈ,
ਜਿਸ ਨੇ ਖਰੀਦਣੀ ਨਹੀਂ ਸੀ ਇਹ ਕਿਤਾਬ.......

-ਵੱਡਾ-ਘਰ, (ਮੋਗਾ) |

ਸਾਹ-ਸਾਰੰਗੀ

ਸਾਹ, ਜੀਵਨ ਦਾ ਆਧਾਰ, ਜਿਉਂਦੇ ਹੋਣ ਦੀ ਨਿਸ਼ਾਨੀ, ਧੜਕਦੀ ਜ਼ਿੰਦਗੀ ਦਾ ਅਹਿਸਾਸ, ਚੱਲਦੇ ਰਹਿਣ ਦੀ ਆਸ ਅਤੇ ਕੁਝ ਚੰਗੇਰਾ ਕਰ ਗੁਜ਼ਰਨ ਦਾ ਧਰਵਾਸ |
ਸਾਹ-ਸੁਰਤਾਲ ਸੁਣਾਈ ਦਿੰਦੀ ਤਾਂ ਅੰਗਾਂ ਵਿਚ ਹਰਕਤ, ਜਿੰਦਾ ਹੋਣ ਦਾ ਅਭਾਸ ਜਦ ਕਿ ਸਾਹਾਂ ਦਾ ਰੁਕਣਾ, ਮਿੱਟੀ ਦੀ ਢੇਰੀ |
ਸਾਹ, ਸਮੁੱਚੀ ਕਾਇਨਾਤ ਦੀ ਆਧਾਰਸ਼ਿਲਾ | ਬਨਸਪਤੀ, ਜੀਵ-ਸੰਸਾਰ ਅਤੇ ਮਾਨਵ-ਜਾਤੀ ਸਾਹਾਂ ਦੀ ਨੀਂਹ 'ਤੇ ਜੀਵਨੀ ਗੁੰਬਦ ਉਸਾਰਦੀ, ਸਫ਼ਲਤਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਚਮ ਲਹਿਰਾਉਂਦੀ ਅਤੇ ਆਪਣੀ ਹੋਂਦ ਦਾ ਜਲਵਾ ਦਿਖਾਉਂਦੀ |
ਸਾਹਾਂ ਨਾਲ ਦਿਲ ਧੜਕਦਾ | ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਖ਼ੂਨ ਰੂਪੀ ਊਰਜਾ ਪਹੁੰਚਦੀ | ਹਰ ਅੰਗ ਵਿਚ ਜਿਉਂਦੇ ਹੋਣ ਦਾ ਅਸਰ ਅਤੇ ਅਹਿਦ ਉਪਜਾਉਂਦਾ | ਇਹ ਅਹਿਦ ਹੀ ਹੁੰਦਾ ਜੋ ਅਸੀਂ ਆਪਣੇ ਅੰਗਾਂ ਨਾਲ ਕੁਝ ਕਰਨ ਦੀ ਆਸ ਅਤੇ ਉਮੀਦ ਮਨ ਵਿਚ ਪਾਲਦੇ |
ਸਾਹ ਚਲਦੇ ਤਾਂ ਜੱਗ ਚਲਦਾ | ਜਗਤ ਤਮਾਸ਼ੇ ਦੌਰਾਨ ਰੰਗ-ਬਿਰੰਗੀਆਂ ਤਸਵੀਰਾਂ ਉਘੜਦੀਆਂ ਜੋ ਸਾਹਧਾਰਾ ਦੀ ਨਿਰੰਤਰਤਾ ਦਾ ਸਬੱਬ ਬਣਦੀਆਂ |
ਸਾਹਾਂ ਦੀ ਰਵਾਨਗੀ ਹੀ ਹੁੰਦੀ ਜਦ ਜਿਉਣਾ ਚੰਗਾ ਲੱਗਦਾ, ਰਿਸ਼ਤਿਆਂ ਵਿਚ ਮੋਹ ਦਾ ਫੁਹਾਰਾ ਫੁੱਟਦਾ ਅਤੇ ਸਬੰਧਾਂ ਵਿਚ ਪਕਿਆਈ ਅਤੇ ਨੇੜਤਾ ਦੀ ਗੰਢ ਹੋਰ ਪਕੇਰੀ ਹੁੰਦੀ |
ਸਾਹ-ਸਰਗ਼ਮ ਵਿਚ ਖ਼ੁਦ ਨੂੰ ਲੀਨ ਕਰਨ ਅਤੇ ਇਸ ਦੇ ਵਜਦ ਨੂੰ ਜੀਵਨ-ਸ਼ੈਲੀ ਬਣਾਉਣ ਵਾਲੇ ਜੀਵਨਧਾਰਾ ਦਾ ਵਹਾਅ ਹੁੰਦੇ |
ਸਾਹਾਂ ਦਾ ਸਾਜ਼ ਵੱਜਦਾ ਤਾਂ ਇਸ ਵਿਚ ਸੰਗੀਤਕ ਸੁਰਾਂ ਪੈਦਾ ਹੁੰਦੀਆਂ | ਸੂਖ਼ਮ, ਸਹਿਜ-ਭਾਵੀ ਅਤੇ ਸੁਖ਼ਦ-ਅਨੰਦੀ ਮਾਹੌਲ ਪੈਦਾ ਹੁੰਦਾ ਅਤੇ ਇਸ ਮਹਿਕੀਲੀ ਫ਼ਿਜ਼ਾ ਵਿਚ ਹੀ ਯੁੱਗ ਜਿਉਣ ਅਤੇ ਵਧੀਆ ਜੀਵਨ-ਜਾਚ ਦਾ ਪਹਿਲਾ ਸਬਕ ਪੜਿ੍ਹਆ ਜਾਂਦਾ |
ਸਾਹਾਂ ਦੀ ਧੜਕਣ ਨਾਲ ਜਦ ਆਵਾਜ ਪੈਦਾ ਹੁੰਦੀ ਤਾਂ ਇਸਦਾ ਅੰਦਾਜ਼, ਰਵਾਨਗੀ ਅਤੇ ਗਤੀਸ਼ੀਲਤਾ ਵਿਚੋਂ ਹੀ ਕਿਸੇ ਸ਼ਖ਼ਸ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਨੂੰ ਕਿਆਸ ਕੀਤਾ ਜਾ ਸਕਦਾ | ਅਚਨਚੇਤੀ ਖੁਸ਼ੀ, ਖੁਸ਼ਖਬਰੀ, ਮਿੱਤਰ ਪਿਆਰੇ ਦਾ ਮਿਲਣਾ ਜਾਂ ਮਾਨਸਿਕ ਉਤੇਜਨਾ ਕਾਰਨ ਸਾਹਾਂ ਦੀ ਗਤੀ ਤੇਜ ਹੋ ਜਾਂਦੀ ਜਦ ਕਿ ਗ਼ਮੀ, ਉਦਾਸੀ ਜਾਂ ਪੀੜਾ ਵਿਚ ਸਾਹ ਧੀਮੇ ਹੋ ਜਾਂਦੇ | ਕਈ ਵਾਰ ਤਾਂ ਰੁਕ-ਰੁਕ ਕੇ ਆਉਂਦੇ ਸਾਹ, ਵਿਅਕਤੀ ਨੂੰ ਜੀਵਨ ਅਤੇ ਮੌਤ ਦਰਮਿਆਨ ਲਟਕਾਅ ਵੀ ਜਾਂਦੇ |
ਸਾਹ ਸੰਦਲੀ ਹੋਣ ਤਾਂ ਮਹਿਕਾਂ ਦੀ ਹੱਟ ਨੂੰ ਆਪਣੇ ਨਾਂਅ ਕਰਨ ਲਈ, ਦਰਾਂ 'ਤੇ ਦਸਤਕਾਂ ਦਾ ਹਜ਼ੂਮ ਉਮੜਦਾ | ਜਦ ਇਹ ਦਸਤਕ ਜੀਵਨੀ ਕਦਰਾਂ-ਕੀਮਤਾਂ ਨਾਲ ਲਬਰੇਜ ਹੁੰਦੀ ਤਾਂ ਜੀਵਨ ਨੂੰ ਜੀਵਨ ਮੁੱਲਾਂ ਦਾ ਵਰਦਾਨ ਮਿਲਦਾ |
ਸਾਹ-ਸਾਰੰਗੀ ਦੀਆਂ ਤਾਰਾਂ ਇੰਨੀਆਂ ਵੀ ਨਾ ਕੱਸੋ ਕਿ ਉਹ ਟੁੱਟ ਜਾਣ | ਪਰ ਇੰਨੀਆਂ ਵੀ ਢਿੱਲੀਆਂ ਨਾ ਕਰੋ ਕਿ ਉਨ੍ਹਾਂ ਵਿਚੋਂ ਸੰਗੀਤ ਦੀ ਬਜਾਏ ਬੇਸੁਰਾਪਣ ਭਾਰੂ ਹੋਵੇ | ਸਗੋਂ ਇੰਨੀਆਂ ਕੁ ਕੱਸੋ ਕਿ ਉਨ੍ਹਾਂ ਵਿਚ ਪੈਦਾ ਹੋਈ ਟੁਣਕਾਰ, ਰੂਹਾਨੀ ਨਾਦ ਬਣ ਕੇ ਚੌਗਿਰਦੇ ਵਿਚ ਅਲਹਾਮੀ ਵਜਦ ਪੈਦਾ ਕਰੇ | ਇਸਦੀ ਉਚੇਰੀ ਵਿਚਾਰ-ਪ੍ਰਵਾਜ਼ ਤੇ ਜੀਵਨ-ਰੰਗਤ, ਮਾਣਮੱਤਾ ਹਾਸਲ |
ਸਾਹਾਂ ਵਰਗੇ ਸੱਜਣ ਹੀ ਹੁੰਦੇ ਜੋ ਪੈਰਾਂ 'ਚ ਪੁੜੇ ਕੰਡੇ ਚੁੱਗਦੇ, ਹਨੇਰ ਨਾਲ ਓਤਪੋਤ ਰਾਹਾਂ 'ਚ ਸੂਰਜ ਉਗਾਉਂਦੇ ਅਤੇ ਮੱਸਿਆ ਦੀਆਂ ਰਾਤਾਂ ਵਿਚ ਪੁੰਨਿਆਂ ਦਾ ਚੰਨ ਬਣਦੇ | ਸਭ ਤੋਂ ਚੰਗਾ ਇਹ ਵੀ ਹੁੰਦਾ ਏ ਕਿ ਉਹ ਸਭ ਕੁਝ ਕਰਦਿਆਂ ਅਹਿਸਾਨ ਨਹੀਂ ਜਿਤਾਉਂਦੇ | ਅਛੋਪਲੇ ਜਿਹੇ ਤੁਹਾਨੂੰ ਸੁਪਨ-ਪ੍ਰਾਪਤੀ ਦੇ ਰਾਹ ਪਾ, ਖੁਦ ਪਾਸੇ ਹੋ ਜਾਂਦੇ |
ਮੰਗਵੇਂ ਸਾਹਾਂ ਨਾਲ ਜਿਉਣ ਵਾਲੇ ਲੋਕ ਆਪਣੀ ਕੰਮਜ਼ੋਰੀ, ਨਾ-ਅਹਿਲੀਅਤ ਅਤੇ ਖਾਮੀਆਂ ਦੀ ਧੁੱਖਦੀ ਧੂਣੀ ਹੁੰਦੇ ਜੋ ਸਮਾਜ ਦੇ ਨੈਣਾਂ ਵਿਚ ਕੁੱਕਰੇ ਪਾ, ਰਾਹਾਂ 'ਚ ਧੁੰਦਲਕਾ ਫੈਲਾਉਂਦੇ |
ਜਦ ਕੋਈ ਉਧਾਰੇ ਸਾਹਾਂ ਨਾਲ, ਜਿਉਣ ਮਾਰਗ ਨੂੰ ਆਪਣੇ ਨਾਂਅ ਕਰਦਾ ਤਾਂ ਉਸਦੀ ਸੋਚ ਵਿਚ ਉਧਾਰ ਦੇਣ ਵਾਲੇ ਦਾ ਅਹਿਸਾਨ ਅਤੇ ਇਸ ਉਧਾਰ ਨੂੰ ਬਿਹਤਰੀਨ ਰੂਪ ਵਿਚ ਮੋੜਨ ਦਾ ਨਿਸਚਾ ਹੁੰਦਾ | ਅਜਿਹੇ ਲੋਕ ਸਾਰੀ ਉਮਰ ਹੀ ਸ਼ੁਕਰਗੁਜ਼ਾਰੀ ਵਿਚੋਂ ਆਪਣੇ ਆਪ ਨੂਾੰ ਵਿਸਥਾਰਦੇ, ਜੀਵਨੀ ਮਾਰਗ ਦਾ ਅਜਿਹਾ ਮੀਲ ਪੱਥਰ ਨਿਸਚਿਤ ਕਰ ਜਾਂਦੇ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ 'ਤੇ ਨਾਜ਼ ਕਰਦੀਆਂ | ਨਾ-ਸ਼ੁਕਰੇ ਲੋਕ ਸਿਰਫ਼ ਜਿਉਣ ਦਾ ਭਾਰ ਹੀ ਢੋਂਦੇ |
ਸਾਹ-ਸੰਗੀਤ ਵਿਚ ਜਦ ਸੁਰ, ਸ਼ਬਦ ਅਤੇ ਸਮਰਪਣ ਦਾ ਸੰਤੁਲਨ ਹੋਵੇ ਤਾਂ ਸਾਹਾਂ ਨੂੰ ਸਾਹ ਕਹਿੰਦਿਆਂ ਹਿੱਕ ਚੌੜੀ ਹੋ ਜਾਂਦੀ | ਕਹਿਣੀ ਤੇ ਕਥਨੀ ਦੇ ਪੂਰੇ ਸਾਹ ਸਾਨੂੰ ਸਦੀਵਤਾ ਬਖਸ਼ਦੇ |
ਸਾਹਾਂ ਵਿਚ ਸ਼ਿਕਵੇ ਉਗਦੇ ਤਾਂ ਜਿਉਣ ਤੋਂ ਅਤੁੱਰ ਹੋਈ ਜ਼ਿੰਦਗੀ, ਜਿਉਣ ਤੋਂ ਮੁਨਕਰੀ ਭਾਲਦੀ ਅਤੇ ਉਸਦੀ ਤੋਰ ਵਿਚ ਨਿੰਮੋਝੂਣਤਾ ਦਾ ਵਾਸਾ |
ਸਾਹ ਜਦ ਕਿਸੇ ਬਿਰਖ਼ ਦੇ ਪਿੰਡੇ ਤੋਂ ਪ੍ਰਵਾਸ ਕਰ ਜਾਣ ਤਾਂ ਕੜੰਗ ਹੋਇਆ ਬਿਰਖ਼-ਬੋਧ, ਪੱਤਿਆਂ, ਟਾਹਣੀਆਂ, ਕਰੂੰਬਲਾਂ, ਫੁੱਲ ਤੇ ਫ਼ਲ ਦੇ ਗ਼ਮ ਵਿਚ ਮੂਕ-ਹੋਕਰਾ ਬਣ ਜਾਂਦਾ | ਪਰਿੰਦਿਆਂ ਦੇ ਆਲ੍ਹਣਿਆਂ 'ਚ ਸੋਗ ਪੈਦਾ ਹੁੰਦਾ | ਅੱਜਕਲ੍ਹ ਲੋਕ ਇਸ ਮੂਕ ਹੂਕ ਨੂੰ ਸੁਣਨ ਤੋਂ ਆਕੀ | ਤਾਹੀਂ ਤਾਂ ਨਸੀਬਾਂ ਵਿਚ ਹਰਿਆਵਲ ਦੀ ਥਾਂ ਉਜਾੜ ਵਸਦੀ ਏ | ਜਦ ਕੋਈ ਨਦੀ/ਦਰਿਆ ਸਾਹ ਦੀ ਵਿਲਕਣੀ ਬਣ ਜਾਵੇ ਤਾਂ ਇਸਦੀ ਹਿੱਕ ਵਿਚ ਬਰੇਤੇ ਉਗਦੇ, ਕੰਢਿਆਂ 'ਤੇ ਮੌਲਦੀ ਸਭਿਅਤਾ ਸਿਉਂਕੀ ਜਾਂਦੀ, ਪੱਤਣਾਂ 'ਤੇ ਲੱਗਦੇ ਮੇਲਿਆਂ ਨੂੰ ਨਜ਼ਰ ਲੱਗਦੀ ਅਤੇ ਭਰ ਵਗਦੇ ਦਰਿਆ, ਰੁੱਦਨ ਬਣ ਕੇ ਮਨੁੱਖ ਦੀ ਵੱਖੀ ਵਿਚ ਚੀਸ ਧਰ ਜਾਂਦੇ | ਪਰ ਮਨੁੱਖ ਨੂੰ ਇਸਦਾ ਅਹਿਸਾਸ ਹੀ ਨਹੀਂ | ਜਦ ਸਾਹ-ਸੰਪਤੀ ਵਰਗੀ ਹਵਾ ਵਿਚ ਸਿੱਸਕੀ ਉਗਦੀ ਤਾਂ ਸਾਹਾਂ ਦੀ ਨਿਰੰਤਰਤਾ ਨੂੰ ਕਿਵੇਂ ਕਿਆਸੋਗੇ? ਹਵਾ ਦੀ ਹਿੱਕ ਵਿਚ ਪੈਦਾ ਕੀਤਾ ਗੰਧਲਾਪਣ ਜਦ ਆਪਣੇ ਅੰਤਰੀਵ ਵਿਚ ਉਤਾਰੋਗੇ ਤਾਂ ਆਪ ਵੀ ਮਰੋਗੇ ਅਤੇ ਆਉਣ ਵਾਲੀਆਂ ਨਸਲਾਂ ਵੀ ਮਾਰੋਗੇ |
ਸਾਹ ਸੰਜੋਗੀ ਹੁੰਦੇ ਤਾਂ ਕਦਮ ਦਰ ਕਦਮ ਤੁਰਨ ਵਿਚ ਇਕ ਸਹਿਜ ਤੇ ਸਕੂਨ ਹੁੰਦਾ ਜੋ ਸਮਾਜਿਕ ਸੰਤੁਲਨ, ਆਰਥਿਕ ਆਧਾਰ ਅਤੇ ਧਾਰਮਿਕ ਪਾਕੀਜ਼ਗੀ ਦਾ ਪਲੇਠਾ ਪਾਠਕ੍ਰਮ ਬਣ ਕੇ, ਸਮੁੱਚੀ ਕੁਦਰਤ ਦੇ ਨੈਣਾਂ ਦਾ ਨਾਜ਼ ਬਣਦੇ |
ਸਾਹਾਂ ਵਰਗੀ ਸੱਜਣਤਾ ਹੀ ਹੁੰਦੀ ਜੋ ਸਾਨੂੰ ਸੁਪਨਿਆਂ ਦਾ ਸਿਰਲੇਖ, ਤਦਬੀਰਾਂ ਦੀ ਘਾੜਤ ਅਤੇ ਸਥਾਪਤੀਆਂ ਦੀ ਆਧਾਰਸ਼ਿਲਾ ਦਾ ਸਿਰਨਾਵਾਂ ਬਖਸ਼ਦੀ | ਇਨ੍ਹਾਂ ਦੇ ਪੌਡਿਆਂ 'ਤੇ ਪੈਰ ਧਰ ਕੇ ਉੱਚੀਆਂ ਟੀਸੀਆਂ ਸਾਡਾ ਹਾਸਲ ਬਣਦੀਆਂ |
ਸਾਹ ਸੰਘਣੇ ਹੋਣ ਤਾਂ ਇਨ੍ਹਾਂ ਦੀ ਘਣਤਾ ਵਿਚ ਬਹੁਤ ਕੁਝ ਅਜਿਹਾ ਸਮਾਇਆ ਹੁੰਦਾ ਜੋ ਸੋਚ ਨੂੰ ਸੂਰਜ, ਪੈਰਾਂ ਨੂੰ ਪੈੜਚਾਲ, ਕਦਮਾਂ ਨੂੰ ਕਰਮਯੋਗਤਾ ਅਤੇ ਮਸਤਕ ਨੂੰ ਮਾਨਵਤਾ ਦਾ ਵਰ ਦਿੰਦਾ |
ਸਾਹਾਂ ਦਾ ਸਫ਼ਰ ਪਹਿਲੇ ਸਾਹ ਤੋਂ ਸ਼ੁਰੂ ਹੁੰਦਾ ਜੋ ਨਵੀਂ ਜ਼ਿੰਦਗੀ ਦਾ ਅਰਥ ਹੁੰਦਾ ਅਤੇ ਇਸਦੀ ਪੂਰਨਤਾ ਆਖਰੀ ਸਾਹ ਨਾਲ ਹੁੰਦੀ ਜਦ ਮਨੁੱਖ ਤੋਂ ਮਿੱਟੀ ਤੀਕ ਦਾ ਸਫ਼ਰ ਪੂਰਨ ਹੁੰਦਾ | ਪਰ ਇਸ ਸਫ਼ਰ ਦੌਰਾਨ ਤੁਸੀਂ ਸਾਹਾਂ ਦੀ ਸਾਰਥਿਕਤਾ, ਸੀਮਾਵਾਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਦੀ ਕਿੰਨੀ ਕੁ ਸੁਯੋਗ ਵਰਤੋਂ ਕੀਤੀ ਹੈ, ਕਿੰਨਿਆਂ ਸਾਹਾਂ ਨੂੰ ਚੰਗੇਰੇ ਲੇਖੇ ਲਾਇਆ ਹੈ, ਕਿੰਨਿਆਂ ਨੂੰ ਵਿਅਰਥ ਗਵਾਇਆ ਹੈ, ਕਿੰਨੇ ਸਾਹਾਂ ਨੂੰ ਮੰਗਵੇਂ ਦੇ ਕੇ ਲੰਗੜੇ ਕਦਮਾਂ ਨੂੰ ਸਾਵੀਂ ਤੋਰ ਬਖਸ਼ੀ ਏ ਅਤੇ ਕਿੰਨੇ ਸਾਹਾਂ ਨੂੰ ਉਧਾਰ ਦੇ ਕੇ ਜੀਵਨ ਪੰਧ 'ਤੇ ਤੋਰਿਆ? ਇਹ ਸਫ਼ਰ ਹੀ ਹੁੰਦਾ ਜੋ ਸਦੀਵੀ ਯਾਦ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤੇ ਵਿਚ ਸਾਂਭਣ ਦਾ ਸਬੱਬ ਬਣਦਾ | ਵਰਨਾ ਰੁਤਬਿਆਂ ਤੇ ਮਹਿਲਾਂ ਵਾਲੇ, ਅਹਿਲਕਾਰ ਅਤੇ ਧਨੀ ਲੋਕ ਸਮੇਂ ਦੀ ਗਰਦਿਸ਼ ਵਿਚ ਅਜਿਹੇ ਅਲੋਪ ਹੋ ਗਏ ਕਿ ਕੋਈ ਵੀ ਉਨ੍ਹਾਂ ਨੂੰ ਚੇਤੇ ਨਹੀਂ ਕਰਦਾ | ਕੁਝ ਤਾਂ ਅਜਿਹਾ ਕੀਤਾ ਜਾਵੇ ਕਿ ਸਮੇਂ ਦੇ ਵਰਕੇ 'ਤੇ ਤੁਹਾਡੇ ਨਕਸ਼ ਉਘੜਵੇਂ ਰੂਪ ਵਿਚ ਚਮਕਦੇ ਰਹਿਣ |
ਕਸਰਤ ਜਾਂ ਹੱਥੀਂ ਕਾਰਜ ਕਰਦਿਆਂ ਜਾਂ ਕਿਸੇ ਨਾਲ ਹੱਥ ਵਟਾਉਂਦੇ ਸਮੇਂ ਜਦ ਸਾਹਾਂ ਵਿਚ ਗਰਮਜੋਸ਼ੀ ਅਤੇ ਧੜਕਣ ਵਿਚ ਤੇਜੀ ਆਉਂਦੀ ਤਾਂ ਇਹ ਸਾਡੀ ਸਮਾਜਿਕ ਅਤੇ ਸਰੀਰਕ ਸਿਹਤ ਲਈ ਸਭ ਤੋਂ ਜ਼ਿਆਦਾ ਮੁਫੀਕ ਹੁੰਦੀ | ਤਾਹੀਂ ਤਾਂ 'ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ' ਦੇ ਮੂਲ ਮੰਤਰ ਨੂੰ ਮਨ-ਸਾਰ ਬਣਾਉਣ ਵਾਲੇ ਸੰਪੂਰਨ, ਸੰਜੀਦਾ ਅਤੇ ਸਫ਼ਲ ਜੀਵਨੀ-ਮਾਰਗ ਦਾ ਅਹਿਦਨਾਮਾ ਹੁੰਦੇ |
ਸਾਹ ਸਵੱਲੇ ਹੋਣ ਤਾਂ ਜੀਵਨ ਵਿਚ ਰੰਗੇ ਭਰੇ ਜਾਂਦੇ | ਜੂਹਾਂ ਵਿਚ ਮਿੱਠੜੇ ਬੋਲ ਗੂੰਜਦੇ | ਪੱਤਿਆਂ ਦੀ ਰੁਮਕਣੀ ਇਲਾਹੀ ਨਾਦ ਪੈਦਾ ਕਰਦੀ | ਚਿੜੀਆਂ ਦਾ ਚਹਿਕਣਾ ਜੀਣ ਦੀ ਸਨਦ ਹੁੰਦੀ | ਚੌਗਿਰਦੇ ਵਿਚ ਮੌਲਦਾ ਜੀਵ-ਸੰਸਾਰ ਇਕ-ਦੂਜੇ ਲਈ ਜਿਉਣ-ਸਰੋਤ ਬਣਦਾ |
ਸਾਹ ਆਉਂਦੇ ਜਾਂਦੇ ਰਹਿਣ ਇਸ ਲਈ ਜ਼ਰੂਰੀ ਹੈ ਕਿ ਵਾਤਾਵਰਨੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖ਼ੁਦ ਨੂੰ ਵਿਸਥਾਰਿਆ ਜਾਵੇ | ਇਨ੍ਹਾਂ ਦੀ ਅਵੱਗਿਆ ਤੇ ਅਣਗਹਿਲੀ, ਸਾਡੀ ਤਲੀ 'ਤੇ ਮੌਤ ਦਾ ਪੈਗਾਮ ਖੁਣਨ ਲਈ ਕਾਹਲੀ |
ਜਦ ਆਪਣੇ ਪਿਆਰੇ ਦੇ ਸਿਰਹਾਣੇ ਬੈਠ ਕੇ, ਸਾਹਾਂ ਦੀ ਪਲ ਪਲ ਟੁੱਟਦੀ ਡੋਰ ਦੇ ਚਸ਼ਮਦੀਦ ਗਵਾਹ ਹੋਈਏ ਅਤੇ ਉਹ ਤੁਹਾਡੇ ਹੱਥਾਂ ਵਿਚੋਂ ਤਿਲਕਣ ਲਈ ਕਾਹਲਾ ਹੋਵੇ ਤਾਂ ਅਜਿਹੇ ਪਲਾਂ 'ਚ ਖ਼ੁਦ ਨੂੰ ਨਿਹਾਰੋ ਜਦ ਅਸੀਂ ਵੀ ਖੁਦ ਨੂੰ ਅਲਵਿਦਾ ਕਹਿਣੀ ਹੈ | ਇਸ ਲਈ ਜ਼ਰੂਰੀ ਹੈ ਕਿ ਸਾਹਾਂ ਤੋਂ ਨਿਰਾਸ਼ ਹੋਣ ਦੀ ਬਜਾਏ ਇਸਦੀ ਝੋਲੀ ਵਿਚ ਚਾਵਾਂ ਤੇ ਆਸਾਂ ਦੀ ਚੋਗ ਪਾਉਂਦੇ ਰਹੀਏ ਅਤੇ ਖ਼ੁਦ ਵਿਚੋਂ ਖੁਦ ਨੂੰ ਪ੍ਰਗਟਾਉਂਦੇ ਰਹੀਏ |
ਸਾਹ ਚੱਲਦੇ ਹੋਣ ਤਾਂ ਨਵਾਂ ਉਦਮ, ਉੱਚਾ ਸੁਪਨਾ ਤੇ ਨਵੇਂ ਦਿਸਹੱਦਿਆਂ ਨੂੰ ਮਨ ਵਿਚ ਵਸਾਉਣ ਅਤੇ ਇਨ੍ਹਾਂ ਲਈ ਉਦਮ ਕਰਨਾ, ਸੁਚਾਰੂ ਕਾਰਜ ਹੁੰਦਾ | ਜ਼ਿੰਦਗੀ ਨੂੰ ਚੰਗੇਰਾ ਬਣਾਉਣ ਲਈ ਜੀਵਨ ਦੇ ਕਿਸੇ ਵੀ ਮੋੜ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਏ | ਸਿਰਫ਼ ਸਾਹ ਦਾ ਸਦੀਵੀ ਰੁਕ ਜਾਣਾ ਹੀ ਸਭ ਕੁਝ ਖਤਮ ਕਰ ਸਕਦਾ ਏ |
ਸਾਹ ਦਾ ਬਿਰਖ਼ ਅਤੇ ਮਨੁੱਖ ਨਾਲ ਗੂੜਾ ਸਬੰਧ | ਮਨੁੱਖ ਸਾਹ ਰਾਹੀਂ ਆਕਸੀਜ਼ਨ ਸਰੀਰ ਦੇ ਅੰਦਰ ਲੈ ਕੇ ਜਾਂਦਾ ਅਤੇ ਕਾਰਬਨ ਡਾਇਆਕਸਾਈਡ ਬਾਹਰ ਕੱਢਦਾ ਜਦ ਕਿ ਬਿਰਖ਼, ਮਨੁੱਖ ਦੁਆਰਾ ਛੱਡੀ ਹੋਈ ਕਾਰਬਨ ਡਾਇਆਕਸਾਈਡ ਨੂੰ ਜੀਵਨੀ ਤੱਤ ਬਣਾਉਂਦਾ ਅਤੇ ਬਿਰਖ਼ ਦੁਆਰਾ ਛੱਡੀ ਹੋਈ ਆਕਸੀਜਨ ਮਨੁੱਖ ਲਈ ਜੀਵਨ ਜੋਤ ਬਣਦੀ | ਇਸ ਕਰਕੇ ਰੁੱਖ ਅਤੇ ਮਨੁੱਖ ਵਿਚ ਸੰਤੁਲਨ ਅਤੇ ਸਾਂਝ, ਦੋਵਾਂ ਦੀ ਸਦੀਵਤਾ ਲਈ ਬਹੁਤ ਜ਼ਰੂਰੀ |
ਸਵਾਸ-ਸਵਾਸ ਸਿਮਰਨ ਵਾਲੇ ਜਦੋਂ ਸਵਾਸ ਦਾ ਤੱਤ ਜਾਣ ਲੈਂਦੇ ਤਾਂ ਉਨ੍ਹਾਂ ਵਿੱਚ ਉੱਕਰਦੇ ਨਾਨਕ ਜਾਂ ਬੁੱਧ ਜਿਹੀਆਂ ਰੱਬੀ ਰੂਹਾਂ ਦੇ ਨਕਸ਼ | ਅੱਜ ਮਨੁੱਖਤਾ ਦਾ ਦਰਦ ਹੀ ਇਹ ਹੈ ਕਿ ਬੰਦਾ ਸਾਰਾ ਕੁਝ ਕਰਦਾ ਲੇਕਿਨ ਸਾਹ ਨਾਲ ਸਾਹ ਹੋ ਕੇ ਸਾਹ ਨਹੀਂ ਲੈਂਦੇ |
ਸਾਹ, ਸਾਹਾਂ ਦੀ ਕਰਨ ਇਬਾਦਤ, ਸਾਹ, ਸਾਹਾਂ ਦੇ ਜਾਏ | ਸਾਹਾਂ ਦੇ ਨਗਰ ਵਸੇਂਦੇ, ਸਾਹਾਂ ਦੇ ਹਮਸਾਏ | ਸਾਹਾਂ ਵਰਗੀਆਂ ਸੋਚਾਂ ਵਿਹੜੇ, ਸਾਹ ਦੇ ਬੂਟੇ ਲਾਈਏ ਅਤੇ ਸਾਹਾਂ ਵਿਚਲੀ ਮਰਨ ਮਿੱਟੀ ਨੂੰ , ਕਬਰਾਂ ਵਿਚ ਦਫ਼ਨਾਈਏ | ਸਾਹ ਸਮੇਂ ਦਾ ਸੁੱਚਾ ਨਗ਼ਮਾ, ਹੋਠੀਂ ਗੁਣਗਣਾਈਏ ਅਤੇ ਇਸਦੀ ਸੱਖਣੀ ਝੋਲੀ ਦੇ ਵਿਚ, ਜੀਵਨ-ਨਾਦ ਹੀ ਪਾਈਏ | ਜੋ ਵੀ ਸੋਗ, ਵਿਗੋਚਾ, ਪੀੜਾ, ਸਾਹਾਂ ਦੇ ਵਿਚ ਧਰਦਾ | ਹਰ ਪਲ ਉਹ ਸਾਹ ਦੀ ਸੂਲੀ, ਆਪਣੇ ਆਪ ਹੀ ਚੜ੍ਹਦਾ | ਸਾਹ, ਸਾਹਾਂ ਦੀ ਸੱਜੀ ਬਾਂਹ, ਬਣਦੀ ਤੂਤ-ਹਿਲੋਰਾ | ਸਾਹਾਂ ਦੇ ਨਾਲ ਸਗਵੀਂ ਜਿੰਦ ਨੂੰ , ਮਿਲਦਾ ਚਾਅ ਕਟੋਰਾ | ਸਾਹਾਂ ਦੇ ਪਿੰਡੇ ਨਾ ਖੁਣਿਓ, ਕਦੇ ਵੀ ਬਦ-ਦੁਆਵਾਂ | ਸਾਹਾਂ ਨੂੰ ਸਾਹ ਬਖਸ਼ਣ ਵਾਲੀਆਂ, ਵਿਲਕਣ ਲੱਗਦੀਆਂ 'ਵਾਵਾਂ | ਸਾਹ-ਸਬੂਰੀ, ਸਾਹ-ਸਬੂਤੀ, ਸਾਹ-ਧੜਕਣੀ ਜੀਵੇ | ਕਾਇਨਾਤ ਦੀ ਕੁੱਖ ਦੇ ਵਿਚ, ਧੜਕਣ ਸਦਾ ਵਸੀਵੇ | ਸਾਹਾਂ ਵਰਗੇ ਅੱਖਰ ਹੋਣ ਤਾਂ, ਵਰਕੀਂ ਜਗਦੇ ਦੀਵੇ | ਅਰਥਾਂ ਦੀ ਸਰਗ਼ਮ 'ਤੇ ਨੱਚਦੇ, ਲੋਕ ਸਦੀਂਦੇ ਖੀਵੇ | ਸਾਹ ਨੂੰ ਸੋਚ ਵਿਚ ਟਿਕਾ ਕੇ, ਸਾਹਾਂ ਦੇ ਸੰਗ ਜੀਵੋ | ਸਾਹ ਸ਼ਰਬਤ ਨੂੰ ਘੁੱਟਾਂ-ਬਾਂਟੀ, ਪਿਆਰ-ਪਿਆਲੇ ਪੀਵੋ | ਸਾਹਾਂ ਦੀ ਸੁੱਚਤਾ ਤੇ ਉਚਤਾ, ਸਾਹਾਂ ਲੇਖੇ ਲਾਈਏ | ਸਦਾ ਸੰਦੀਲੇ ਸਾਹ ਦੇ ਮੁੱਢੀਂ, ਸਾਹ ਦੀਆਂ ਕਲਮਾਂ ਲਾਈਏ |
ਸਾਹ ਲੈਣ ਦੀ ਚੇਤਨਾ ਅਤੇ ਸੋਝੀ ਹੋਵੇ ਤਾਂ ਸਿਹਤਯਾਬੀ, ਸਿਆਣਪ ਤੇ ਸਬੰਧ ਦਾ ਸੁਮੇਲ, ਝੋਲੀ ਦੀ ਅਮਾਨਤ ਬਣਦਾ | ਸਾਹ ਲੈਣਾ ਅਤੇ ਸੋਚਣਾ, ਦੋ ਕਿਰਿਆਵਾਂ ਹੀ ਮਨੁੱਖ ਲਈ ਸਭ ਤੋਂ ਅਹਿਮ ਜੋ ਜ਼ਿੰਦਗੀ ਨੂੰ ਨਵੇਂ ਅਰਥ ਦਿੰਦੀਆਂ |
ਸਾਹ, ਮਨ ਤੇ ਸਰੀਰ, ਜੀਵਨ ਤੇ ਮੌਤ, ਮਨੁੱਖ ਤੇ ਮਿੱਟੀ, ਸਦੀਵੀ ਸੱਚ ਤੇ ਕਪਟੀ ਝੂਠ ਅਤੇ ਬੋਲ ਤੇ ਸਦੀਵੀ ਚੁੱਪ ਦਰਮਿਆਨ ਨਿੱਘਾ ਤੇ ਪੀਢਾ ਸਬੰਧ |
ਸਾਹ ਬੰਦਗੀ ਤੇ ਸਾਹ ਅਰਦਾਸ | ਸਾਹ ਉਮੀਦ ਤੇ ਸਾਹ ਹੀ ਆਸ | ਸਾਹਾਂ ਦੇ ਪਿੰਡੇ 'ਤੇ ਲਿਖੀਏ ਸਾਹਾਂ ਦਾ ਧਰਵਾਸ ਕਿਉਂਕਿ ਸਾਹਾਂ ਦੀ ਡੋਰ ਕਦੇ ਵੀ ਟੁੱਟ ਸਕਦੀ ਏ | ਪਰ ਇਸਦੇ ਟੁੱਟਣ ਤੋਂ ਪਹਿਲਾਂ ਸਾਹਾਂ ਦੀ ਕਰਮਸ਼ੀਲ਼ਤਾ ਤੇ ਸਦ-ਉਪਯੋਗਤਾ ਹੀ ਜੀਵਨ-ਜੁਗਤ ਦਾ ਮੂਲ ਆਧਾਰ ਏ |

-ਫੋਨ : 001-216-556-2080

ਕੀ ਕੱਛੂ ਕੁੰਮਿਆਂ ਦੀ ਜਾਨ ਖ਼ਤਰੇ ਵਿਚ ਹੈ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਿਛਲੇ ਲੇਖ ਵਿਚ ਅਸੀਂ ਕੱਛੂਆਂ ਬਾਰੇ ਕੁਝ ਰੌਚਕ ਤੱਥਾਂ ਦੀ ਜਾਣਕਾਰੀ ਦਿੱਤੀ ਸੀ | ਜਿਵੇਂ ਕਿ ਕੱਛੂਆਂ ਦੀ ਘੱਟਦੀ ਗਿਣਤੀ, ਜਾਲਾਂ ਨਾਲ ਬੜੀ ਬੇਰਹਿਮੀ ਨਾਲ ਫੜਨ ਤੇ ਕੱਛੂਆਂ ਦੇ ਚੋਰੀ ਛੁਪੇ ਵਪਾਰ ਬਾਰੇ ਤੁਸੀਂ ਪੜਿ੍ਹਆ ਸੀ | ਹੁਣ ਆਪਾਂ ਪੰਜਾਬ ਰਾਜ ਵਿਚ ਕੱਛੂਆਂ ਦੀਆਂ ਪਾਈਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਬਾਰੇ ਵਿਚਾਰ ਕਰਾਂਗੇ | ਪੰਜਾਬ ਵਿਚ ਕੱਛੂਆਂ ਬਾਰੇ ਜ਼ਿਆਦਾ ਖੁੱਲ੍ਹ ਕੇ ਵਿਸਥਾਰ ਵਿਚ ਵਿਗਿਆਨਕ ਖੋਜ ਦਾ ਕੰਮ ਨਹੀਂ ਕੀਤਾ ਗਿਆ ਤੇ ਇਸ ਵੱਲ ਕਦੇ ਕਿਸੇ ਨੇ ਵਿਸ਼ੇਸ਼ ਰੁਚੀ ਵੀ ਨਹੀਂ ਦਿਖਾਈ | ਪੰਜਾਬ ਦੀਆਂ ਵੱਖ -ਵੱਖ ਵੈਟਲੈਂਡ, ਛੱਪੜਾਂ, ਟੋਬਿਆਂ ਵਿਚ ਕੱਛੂਆਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਮਿਲਦੀਆਂ ਹਨ | ਹਰੀਕੇ ਝੀਲ ਵਿਚ ਹੀ ਹੁਣ ਤੱਕ ਅੱਠ ਕਿਸਮਾਂ ਦੇ ਕੱਛੂਆਂ ਬਾਰੇ ਜਾਣਕਾਰੀ ਮਿਲੀ ਹੈ | ਇਹ ਕੱਛੂ ਹਨ ਬ੍ਰਾਹਮਣੀ ਰਿਵਰ ਟਰਟਲ, ਬ੍ਰਾਊਨ ਰੂਫਡ ਟਰਟਲ, ਇੰਡੀਅਨ ਰੂਫਡ ਟਰਟਲ, ਕਾਲਾ ਜਾਂ ਚਿਤਰਾ ਟਰਟਲ, ਨੈਰੋ ਹੈਡਡ ਸੌਫਟ ਸ਼ੈੱਲ ਟਰਟਲ, ਇੰਡੀਅਨ ਸੋਫਟ ਸ਼ੈੱਲ ਟਰਟਲ, ਇੰਡੋ-ਗੰਗੈਟੀਕਸ ਫਲੈਪਸ਼ੈਲ ਟਰਟਲ ਤੇ ਭਾਰਤੀ ਸਟਾਰ ਕੱਛੂ-ਕੁੰਮਾ |
ਆਓ ਇਨ੍ਹਾਂ ਬਾਰੇ ਜਾਣੀਏ
ਬ੍ਰਾਹਮਣੀ ਰਿਵਰ ਟਰਟਲ : ਇਸ ਨੂੰ ਕ੍ਰਾਊਨ ਰਿਵਰ ਟਰਟਲ ਵੀ ਕਹਿੰਦੇ ਨੇ ਤੇ ਇਸ ਦਾ ਵਿਗਿਆਨਿਕ ਨਾਂਅ 'ਹਰਦਿਲਾ ਥੁਰਜੀ' ਵੀ ਹੈ | ਇਹ ਪਾਕਿਸਤਾਨ ਬੰਗਲਾਦੇਸ਼ ਦੇ ਪਾਣੀ ਦੇ ਸਰੋਤਾਂ ਵਿਚ, ਸਾਡੇ ਦੇਸ਼ ਵਿਚ ਗੰਗਾ ਨਦੀ, ਬ੍ਰਹਮਪੁੱਤਰ ਤੇ ਇੰਡਸ ਨਦੀ, ਪੰਜਾਬ ਵਿਚ ਹਰੀਕੇ ਝੀਲ ਵਿਚ ਮਿਲਦਾ ਹੈ | ਇਸ ਦੇ ਉਪਰਲੇ ਖੋਲ ਉਤੇ ਭੂਰੇ ਕਾਲੇ ਨਿਸ਼ਾਨ ਹੁੰਦੇ ਹਨ ਤੇ ਹੇਠਲੇ ਪਾਸੇ ਪੀਲੇ ਤੇ ਕਾਲੇ ਨਿਸ਼ਾਨ ਹੁੰਦੇ ਹਨ | ਇਸ ਦੀ ਮਾਦਾ 18 ਇੰਚ ਤੱਕ ਲੰਮੀ ਹੁੰਦੀ ਹੈ ਤੇ ਨਰ ਸਾਈਜ਼ ਵਿਚ ਛੋਟਾ ਹੁੰਦਾ ਹੈ | ਹੇਠਲੇ ਜਬਾੜੇ 'ਤੇ ਚਿੱਬ ਵਰਗਾ ਨਿਸ਼ਾਨ ਪਿਆ ਹੁੰਦਾ ਹੈ | ਇਸ ਵਿਚ ਖਾਸ ਗੱਲ ਇਹ ਹੁੰਦੀ ਹੈ ਕਿ ਮਾਦਾ ਕੱਛੂ ਪਾਣੀ ਦੇ ਥੱਲੇ ਆਂਡੇ ਦਿੰਦੀ ਹੈ, ਜਿਸ ਵੇਲੇ ਪਾਣੀ ਦਾ ਵਹਾਓ ਜ਼ਿਆਦਾ ਹੁੰਦਾ ਹੈ ਤਾਂ ਆਂਡੇ ਉੱਪਰ ਆ ਜਾਂਦੇ ਹਨ, ਤੇ ਕੁਝ ਦਿਨਾਂ ਦੇ ਅੰਦਰ ਆਂਡਿਆਂ ਵਿਚੋਂ ਬੱਚੇ ਬਾਹਰ ਨਿਕਲ ਆਉਂਦੇ ਹਨ | ਦਿਨੋਂ-ਦਿਨ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਸੰਸਾਰ ਪੱਧਰ 'ਤੇ ਇਸ ਨੂੰ ਘੱਟ ਨਸਲ ਵਿਚ (ਵਲਨਰੇਬਲ ਜਿਣਸ) ਵਿਚ ਸ਼ਾਮਿਲ ਕਰ ਲਿਆ ਗਿਆ ਹੈ |
2. ਬਰਾਉਨ ਰੂਫ਼ਡ ਟਰਟਲ : ਇਹ ਕੱਛੂ ਪੰਜਾਬ ਦੇ ਸਤਲੁਜ, ਬਿਆਸ ਦਰਿਆ ਅਤੇ ਕਈ ਪਿੰਡਾਂ ਦੇ ਛੱਪੜਾਂ ਤੇ ਨਹਿਰਾਂ ਵਿਚ ਵੇਖਣ ਨੂੰ ਮਿਲਦਾ ਹੈ | ਇਸ ਦੀ ਉਮਰ 13 ਸਾਲ ਦੇ ਲਗਪਗ ਹੁੰਦੀ ਹੈ | ਇਹ ਘਾਹ-ਫੂਸ ਤੇ ਕੀੜੇ-ਮਕੌੜੇ ਖਾਂਦਾ ਹੈ | ਇਨ੍ਹਾਂ ਦੀ ਗਿਣਤੀ ਬ੍ਰਾਹਮਿਣੀ ਰਿਵਰ ਟਰਟਲ ਨਾਲੋਂ ਜ਼ਿਆਦਾ ਹੈ |
3. ਭਾਰਤੀ ਰੂਫ਼ਡ ਟਰਟਲ : ਇਹ ਕਿਸਮ ਪੰਜਾਬ ਦੀ ਹਰੀਕੇ ਝੀਲ ਵਿਚ ਆਮ ਕਰਕੇ ਮਿਲਦੀ ਹੈ | ਇਸ ਦੀ ਪਿੱਠ ਦਾ ਉਪਰਲਾ ਪਾਸਾ ਉਭਰਿਆ ਹੋਇਆ ਹੁੰਦਾ ਹੈ, ਇਸ ਲਈ ਇਸ ਨੂੰ ਰੂਫ਼ਡ ਟਰਟਲ ਕਹਿੰਦੇ ਹਨ | ਨਰ ਕੱਛੂ, ਮਾਦਾ ਕੱਛੂ ਨਾਲੋਂ ਜ਼ਿਆਦਾ ਚਮਕਦਾਰ ਹੁੰਦਾ ਹੈ | ਮਾਦਾ ਕੱਛੂ ਨਰ ਨਾਲੋਂ ਸਾਈਜ਼ ਵਿਚ ਵੱਡੀ ਹੁੰਦੀ ਹੈ | ਇਸ ਦੀ ਗਿਣਤੀ ਲੋੜ ਮੁਤਾਬਿਕ ਠੀਕ ਹੈ |
4. ਸਪੋਟਡ ਪੌਾਡ ਟਰਟਲ : ਇਸ ਦਾ ਉਪਰੋਂ ਰੰਗ ਕਾਲਾ ਜਾਂ ਭੂਰਾ ਹੁੰਦਾ ਹੈ ਤੇ ਇਸ ਲਈ ਇਸ ਨੂੰ ਕਾਲਾ ਪੌਾਡ ਕੱਛੂ ਵੀ ਕਹਿੰਦੇ ਹਨ | ਇਸ ਦੇ ਉੱਪਰਲੇ ਹਿੱਸੇ 'ਤੇ ਚਿੱਟੇ ਤੇ ਪੀਲੇ ਨਿਸ਼ਾਨ ਹੁੰਦੇ ਹਨ | ਵੱਡਾ ਹੋ ਕੇ ਇਸ ਦਾ ਘੇਰਾ 14 ਇੰਚ ਤਕ ਹੋ ਜਾਂਦਾ ਹੈ | ਛੋਟੇ ਘੋਗੇ ਕੀੜੇ-ਮਕੌੜੇ, ਮੱਕੜੀਆਂ, ਛੋਟੀਆਂ ਮੱਛੀਆਂ ਇਸ ਦੀ ਖੁਰਾਕ ਹਨ | ਇਸ ਨੂੰ ਅੰਤਰ-ਰਾਸ਼ਟਰੀ ਨੇਚਰ ਕੰਜ਼ਰਵੇਸ਼ਨ ਵਲੋਂ ਘੱਟ ਮਿਲਣ ਵਾਲੀ ਕਿਸਮ (ਵਲਨਰੇਵਲ) ਦੀ ਲਿਸਟ ਵਿਚ ਰੱਖਿਆ ਹੈ | ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਸ਼ਡਿਊਲ-1 ਵਿਚ ਰੱਖਿਆ ਗਿਆ ਹੈ |
5.ਪਤਲੇ ਸਿਰ ਤੇ ਨਰਮ ਸ਼ੈੱਲ ਵਾਲਾ ਕੱਛੂ : ਕੱਛੂ ਦੀ ਇਹ ਕਿਸਮ ਬਹੁਤ ਘੱਟ ਮਿਲਣ ਵਾਲੀਆਂ ਕਿਸਮਾਂ ਵਿਚ ਆਉਂਦੀ ਹੈ | ਇਹ ਪੰਜਾਬ ਵਿਚ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਵੇਖਣ ਨੂੰ ਮਿਲਦਾ ਹੈ | ਘੱਟ ਮਿਲਣ ਦਾ ਇਕ ਕਾਰਨ ਤਾਂ ਇਹ ਹੈ ਕਿ ਲੋਕ ਇਸ ਦਾ ਸ਼ਿਕਾਰ ਕਰਦੇ ਹਨ ਤੇ ਮੀਟ ਖਾਂਦੇ ਹਨ | ਇਹ ਆਮ ਤੌਰ 'ਤੇ ਪਾਣੀ ਦੇ ਥੱਲੇ ਰੇਤਾ ਵਿਚ ਛੁਪਿਆ ਰਹਿੰਦਾ ਹੈ ਤੇ ਵਧੇਰੇ ਸਮਾਂ ਰੇਤ ਥੱਲੇ ਲੁੱਕ ਕੇ ਕੱਢਦਾ ਹੈ | ਛੋਟੇ ਘੋਗੇ ਕੀੜੇ-ਮਕੌੜੇ, ਮੱਕੜੀਆਂ, ਛੋਟੀਆਂ ਮੱਛੀਆਂ ਇਸ ਦੀ ਖੁਰਾਕ ਹਨ | ਇਸ ਕਿਸਮ ਨੂੰ ਅੰਤਰ-ਰਾਸ਼ਟਰੀ ਨੇਚਰ ਕੰਜ਼ਰਵੇਸ਼ਨ ਵਲੋਂ ਘੱਟ ਮਿਲਣ ਵਾਲੀ ਕਿਸਮ ਦੀ (ਐਨਡੇਂਜ਼ਰ) ਲਿਸਟ ਵਿਚ ਰੱਖਿਆ ਹੈ |
6. ਇੰਡੀਅਨ ਸੌਫਟ ਸ਼ੈੱਲ ਕੱਛੂ : ਇਹ ਪੰਜਾਬ ਵਿਚ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਵੇਖਣ ਨੂੰ ਮਿਲਦਾ ਹੈ | ਵੱਡਾ ਹੋ ਕੇ ਇਸ ਦਾ ਘੇਰਾ 37 ਇੰਚ ਤਕ ਹੋ ਜਾਂਦਾ ਹੈ | ਇਹ ਦਰਿਆ ਵਿਚ ਮਰੇ ਹੋਏ ਜਾਨਵਰਾਂ ਜਾਂ ਲਾਸ਼ ਨੂੰ ਖਾ ਜਾਂਦਾ ਹੈ ਇਸ ਨੂੰ ਅੰਤਰ-ਰਾਸ਼ਟਰੀ ਨੇਚਰ ਕੰਜ਼ਰਵੇਸ਼ਨ ਵਲੋਂ ਘੱਟ ਮਿਲਣ ਵਾਲੀ ਕਿਸਮ (ਵਲਨਰੇਵਲ) ਸੂਚੀ ਵਿਚ ਰੱਖਿਆ ਹੈ |
7. ਭਾਰਤੀ ਫ਼ਲੈਪ ਸ਼ੈਲ ਕੱਛੂ : ਇਹ ਕਿਸਮ ਪੰਜਾਬ ਦੀ ਹਰੀਕੇ ਝੀਲ ਵਿਚ ਆਮ ਕਰਕੇ ਮਿਲਦੀ ਹੈ | ਕਈ ਥਾਵਾਂ 'ਤੇ ਖੜ੍ਹੇ ਪਾਣੀ, ਛੱਪੜਾਂ, ਟੋਭਿਆਂ ਵਿਚ ਵੀ ਵੇਖਣ ਨੂੰ ਮਿਲਦੇ ਹਨ | ਇਹ ਆਪਣੇ ਪੈਰ ਤੇ ਸਿਰ ਨੂੰ ਆਪਣੇ ਫ਼ਲੈਪ ਸ਼ੈਲ ਵਿਚ ਲੋੜ ਪੈਣ 'ਤੇ ਲੁਕੋ ਕੇ ਰੱਖਦਾ ਹੈ | ਇਹ ਰਾਜਸਥਾਨ ਦੇ ਸੋਕੇ ਵਾਲੇ ਏਰੀਆ ਵਿਚ ਰਹਿਣ ਦੀ ਸਮਰੱਥਾ ਰੱਖਦਾ ਹੈ | ਛੋਟੇ ਘੋਗੇ ਕੀੜੇ-ਮਕੌੜੇ, ਮੱਕੜੀਆਂ, ਛੋਟੀਆਂ ਮੱਛੀਆਂ ਇਸ ਦੀ ਖੁਰਾਕ ਹਨ | ਪੱਤੇ ਤੇ ਛੋਟੇ ਬੂਟਿਆਂ ਨੂੰ ਵੀ ਖਾਂਦਾ ਹੈ | ਇਸ ਦੇ ਉਪਰ ਦੇ ਖੋਲ ਦੀ ਭਾਰਤ ਤੇ ਚੀਨ ਵਿਚ ਦਵਾਈ ਬਣਾਈ ਜਾਂਦੀ ਹੈ | ਇਸ ਤਰ੍ਹਾਂ ਨਾਜਾਇਜ਼ ਵਪਾਰ ਕਰਕੇ ਇਸ ਦੀ ਗਿਣਤੀ ਦਿਨ ਬ-ਦਿਨ ਘਟਦੀ ਜਾਂਦੀ ਹੈ | ਮੀਟ ਮਾਰਕੀਟ ਵਿਚ ਇਸ ਦੇ ਅੰਡੇ ਤੇ ਮੀਟ ਦੀ ਹਮੇਸ਼ਾ ਬਹੁਤ ਡਿਮਾਂਡ ਰਹਿੰਦੀ ਹੈ ਬੇਸ਼ੱਕ ਇਸ ਨੂੰ ਫੜਨ, ਰੱਖਣ ਤੇ ਵੇਚਣ 'ਤੇ ਸਖ਼ਤ ਪਾਬੰਦੀ ਹੈ | ਅੰਤਰ -ਰਾਸ਼ਟਰੀ ਨੇਚਰ ਕੰਜ਼ਰਵੇਸ਼ਨ ਸੁਸਾਇਟੀ ਵਲੋਂ ਘੱਟ ਮਿਲਣ ਵਾਲੀ ਕਿਸਮ (ਵਲਨਰੇਵਲ) ਲਿਸਟ ਵਿਚ ਰੱਖਿਆ ਹੈ |
8. ਭਾਰਤੀ ਤਾਰਾ ਕੱਛੂ : ਇਸ ਦੇ ਉਪਰਲੇ ਖੋਲ ਦਾ ਰੰਗ ਕਾਲਾ ਹੁੰਦਾ ਹੈ ਤੇ ਉਸ ਉੱਤੇ ਪੀਲੇ ਰੰਗ ਦੇ ਤਾਰੇ ਦੀ ਤਰ੍ਹਾਂ ਨਿਸ਼ਾਨ ਬਣੇ ਹੁੰਦੇ ਹਨ | ਇਸ ਕੱਛੂ ਕੰੁਮੇ ਦੀ ਨਸਲ ਬਹੁਤ ਸਾਰੇ ਕੱਛੂ ਕੁੰਮਿਆਂ ਵਿਚੋਂ ਸੋਹਣੀ ਹੁੰਦੀ ਹੈ ਤੇ ਇਹੋ ਕਾਰਨ ਹੈ ਕਿ ਜ਼ਿਆਦਾ ਲੋਕ ਇਸ ਨੂੰ ਪਾਲਤੂ ਰੱਖਣ ਵਿਚ ਸ਼ੌਕ ਰੱਖਦੇ ਹਨ | ਇਹ ਸਾਡੇ ਦੇਸ਼ ਤੋਂ ਇਲਾਵਾ ਪਾਕਿਸਤਾਨ ਤੇ ਸ੍ਰੀਲੰਕਾ ਵਿਚ ਮਿਲਦਾ ਹੈ | ਵਰਲਡ ਵਾਈਲਡ ਲਾਈਫ ਫੰਡ -ਇੰਡੀਆ ਦੇ ਖੋਜ ਵਿਗਿਆਨੀਆਂ ਨੇ ਇਸ ਦੀ ਹਰੀਕੇ ਝੀਲ ਵਿਚ ਹੋਣ ਬਾਰੇ ਵੀ ਪੁਸ਼ਟੀ ਕੀਤੀ | ਇਸ ਦੀ ਮਦੀਨ ਦਾ ਸਾਈਜ਼ 12 ਇੰਚ ਤੱਕ ਹੋ ਜਾਂਦਾ ਹੈ ਤੇ ਨਰ ਦਾ ਸਾਈਜ਼ 8 ਇੰਚ ਤੱਕ ਹੁੰਦਾ ਹੈ | ਇਸ ਦੀ ਉਮਰ 30 ਤੋਂ 80 ਸਾਲ ਤਕ ਹੁੰਦੀ ਹੈ | ਇਹ ਘਾਹ-ਫੂਸ, ਫਲ, ਫਰੂਟ ਤੇ ਸਬਜ਼ੀਆਂ ਖਾ ਸਕਦਾ ਹੈ | ਕਈ ਲੋਕ ਇਸ ਨੂੰ ਪਾਲਤੂ ਰੱਖਦੇ ਹਨ ਤੇ ਚੋਰੀ- ਛੁਪੇ ਫੜ ਕੇ ਬਾਹਰ ਭੇਜਦੇ ਹਨ | ਭਾਰਤੀ ਤਾਰਾ ਕੱਛੂ ਦੀ ਇਸ ਕਿਸਮ ਨੂੰ ਬਹੁਤ ਸਾਰੇ ਪਾਸਿਓਾ ਖ਼ਤਰਾ ਹੈ, ਇਸ ਵੇਲੇ ਕੱਛੂ ਕੁੰਮਿਆਂ ਦੀ ਨਸਲ ਖ਼ਤਰੇ ਵਿਚੋਂ ਲੰਘ ਰਹੀ ਹੈ | ਭਾਰਤੀ ਸ਼ੇਰ, ਗੈਂਡਾ ਤੇ ਹਾਥੀ ਇਸ ਵੇਲੇ ਘੱਟ ਮਿਲਣ ਵਾਲੀਆਂ ਨਸਲਾਂ (ਐਨਡੇਂਜਰ) ਵਿਚ ਆਉਂਦੀਆਂ ਹਨ ਤੇ ਇਨ੍ਹਾਂ ਨੂੰ ਬਚਾਉਣ ਲਈ ਬਹੁਤ ਸਕੀਮਾਂ ਲਾਗੂ ਕੀਤੀਆਂ ਹਨ ਪਰ ਪੰਜਾਬ ਵਿਚ ਕੱਛੂਕੁੰਮਿਆਂ ਨੂੰ ਅੰਤਰ-ਰਾਸ਼ਟਰੀ ਨੇਚਰ ਕੰਜ਼ਰਵੇਸ਼ਨ ਵਲੋਂ ਘੱਟ ਮਿਲਣ ਵਾਲੀ ਕਿਸਮ (ਐਨਡੇਂਜਰਡ) ਡਿਕਲੇਅਰ ਕੀਤਾ ਹੋਇਆ ਹੈ, ਫਿਰ ਵੀ ਇਨ੍ਹਾਂ ਵਾਸਤੇ ਅੱਜ ਤਕ ਕੋਈ ਪ੍ਰੋਜੈਕਟ ਨਹੀਂ ਬਣਾਇਆ ਗਿਆ | ਆਓ! ਰਲਮਿਲ ਕੇ ਇਨ੍ਹਾਂ ਦੁਰਲੱਭ ਕਿਸਮਾਂ ਨੂੰ ਬਚਾਉਣ ਦਾ ਉਪਰਾਲਾ ਕਰੀਏ |

(ਸਮਾਪਤ)
-ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਮੋਬਾਈਲ:-9888456910

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-115 ਓ ਮੇਰੇ ਦਿਲ ਕੇ ਚੈਨ... ਆਨੰਦ ਬਖ਼ਸ਼ੀ

ਆਨੰਦ ਬਖ਼ਸ਼ੀ (1930-2002) ਨੇ ਫ਼ਿਲਮ ਜਗਤ 'ਚ ਉਸ ਵੇਲੇ ਪ੍ਰਵੇਸ਼ ਕੀਤਾ ਜਦੋਂ ਸਾਹਿਰ, ਸ਼ਕੀਲ ਅਤੇ ਮਜਰੂਹ ਵਰਗੇ ਗੀਤਕਾਰ ਆਪਣੀ ਕਲਮ ਦਾ ਜਾਦੂ ਚਲਾ ਰਹੇ ਸਨ | ਇਹ ਗੀਤਕਾਰ, ਸਾਹਿਤਕ ਅਦਾਰਿਆਂ ਦੇ ਨਾਲ ਜੁੜੇ ਹੋਏ ਸਨ | ਇਸ ਲਈ ਇਨ੍ਹਾਂ ਦੀ ਸ਼ਾਇਰੀ ਦੀ ਰਚਨਾਤਮਿਕ ਉਡਾਣ ਬਹੁਤ ਉੱਚੀ ਅਤੇ ਸਦੀਵੀ ਸੀ | ਅਜਿਹੇ ਸਮੇਂ ਦੌਰਾਨ ਆਨੰਦ ਬਖ਼ਸ਼ੀ ਨੇ ਆ ਕੇ ਭਾਰਤੀ ਫ਼ਿਲਮ ਸੰਗੀਤ ਨੂੰ ਨਵੀਂ ਸਰਲਤਾ ਅਤੇ ਸਾਦਗੀ ਵੱਲ ਪ੍ਰੇਰਿਤ ਕੀਤਾ |
ਜਦੋਂ ਉਹ ਬੰਬਈ ਆਇਆ ਸੀ ਤਾਂ ਲੋਕ ਉਸ ਨੂੰ 'ਗਲੇਬਾਜ਼' ਅਰਥਾਤ ਆਪਣੀਆਂ ਰਚਨਾਵਾਂ ਨੂੰ ਗਾ ਕੇ ਸੁਣਾਉਣ ਵਾਲ ਵਿਅਕਤੀ ਕਹਿ ਕੇ ਉਸ ਦੀ ਆਲੋਚਨਾ ਕਰਦੇ ਹੁੰਦੇ ਸਨ | ਪਰ ਸੰਗੀਤਕਾਰਾਂ ਨੂੰ ਆਨੰਦ ਬਖ਼ਸ਼ੀ ਦਾ ਇਹੀ ਗੁਣ ਬੜਾ ਚੰਗਾ ਲਗਦਾ ਸੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਧੁਨਾਂ ਬਣਾਉਣ 'ਚ ਕੋਈ ਕਠਿਨਾਈ ਨਹੀਂ ਆਉਂਦੀ ਸੀ | ਇਹ ਸਚਾਈ ਹੈ ਕਿ ਬਹੁਤ ਸਾਰੇ ਸੰਗੀਤਕਾਰਾਂ ਨੇ ਉਹੀ ਧੁਨਾਂ ਨੂੰ ਵਰਤਿਆ ਜਿਹੜੀਆਂ ਕਿ ਆਨੰਦ ਬਖ਼ਸ਼ੀ ਨੇ ਉਨ੍ਹਾਂ ਨੂੰ ਖੁਦ ਗਾ ਕੇ ਸੁਣਾਈਆਂ ਸਨ | ਹੱਦ ਤਾਂ ਉਸ ਵੇਲੇ ਹੋਈ ਜਦੋਂ ਸੰਗੀਤਕਾਰਾਂ ਨੇ ਉਸ ਨੂੰ ਗਾਇਕ ਵੀ ਬਣਾ ਦਿੱਤਾ ਸੀ | ਮਿਸਾਲ ਦੇ ਤੌਰ 'ਤੇ ਨਿਰਮਾਤਾ ਮੋਹਨ ਕੁਮਾਰ ਦੀ ਫ਼ਿਲਮ 'ਮੋਮ ਕੀ ਗੁੜੀਆ' (1971) ਵਿਚ ਲਤਾ ਮੰਗੇਸ਼ਕਰ ਦੇ ਨਾਲ 'ਬਾਗੋਂ ਮੇਂ ਬਹਾਰ ਆਈ, ਰੁਤ ਬੇਕਰਾਰ ਆਈ' ਵਾਲਾ ਡਿਊਟ ਖੁਦ ਉਸ ਨੇ ਆਪ ਨਾਲ ਹੋ ਕੇ ਗਾਇਆ ਸੀ |
ਪਰ ਆਨੰਦ ਬਖ਼ਸ਼ੀ ਛੇਤੀ ਹੀ ਸੰਭਲ ਗਿਆ | ਉਸ ਨੂੰ ਪਤਾ ਸੀ ਬਤੌਰ ਗਾਇਕ ਉਸ ਦੀਆਂ ਕੁਝ ਸੀਮਾਵਾਂ ਹਨ | ਇਸ ਲਈ ਉਸ ਨੇ ਆਪਣਾ ਸਾਰਾ ਹੀ ਧਿਆਨ ਆਪਣੀ ਗੀਤਕਾਰੀ ਵੱਲ ਲਗਾ ਦਿੱਤਾ ਸੀ | ਇਸ ਖੇਤਰ 'ਚ ਉਸ ਨੂੰ ਅਸੀਮਤ ਸਫਲਤਾ ਵੀ ਮਿਲੀ | ਉਸ ਨੇ ਅਨੇਕਾਂ ਹੀ ਫ਼ਿਲਮਾਂ ਦੇ ਗੀਤ ਲਿਖੇ ਅਤੇ ਬਹੁਗਿਣਤੀ ਫ਼ਿਲਮਾਂ ਨੂੰ ਬਾਕਸ ਆਫਿਸ 'ਤੇ ਸਫ਼ਲਤਾ ਵੀ ਦੁਆਈ |
ਆਨੰਦ ਬਖ਼ਸ਼ੀ ਦਾ ਪੂਰਾ ਨਾਂਅ ਆਨੰਦ ਪ੍ਰਕਾਸ਼ ਬਖ਼ਸ਼ੀ ਸੀ | ਘਰ ਵਾਲੇ ਉਸ ਨੂੰ ਪਿਆਰ ਦੇ ਨਾਲ ਨੰਦ ਕਿਹਾ ਕਰਦੇ ਸਨ | ਆਨੰਦ ਅਜੇ 9 ਸਾਲ ਦਾ ਹੀ ਸੀ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ | ਉਸ ਦੀ ਮਾਂ ਉਸ ਵੇਲੇ ਰਾਵਲਪਿੰਡੀ (ਪਾਕਿਸਤਾਨ) ਵਿਚ ਰਹਿ ਰਹੀ ਸੀ | ਮਾਂ ਸੁਮਿੱਤਰਾ ਨੇ ਆਨੰਦ ਨੂੰ ਸਥਾਨਕ ਸਕੂਲ 'ਚ ਹੀ ਸਿੱਖਿਆ ਦੁਆਈ | ਇਸ ਕਰਕੇ ਉਸ ਦਾ ਉਰਦੂ ਭਾਸ਼ਾ ਦਾ ਗਿਆਨ ਕਾਫ਼ੀ ਸੰਤੋਸ਼ਜਨਕ ਸੀ | ਬਾਅਦ 'ਚ ਇਹੀ ਗਿਆਨ ਉਸ ਦੀ ਸ਼ਾਇਰੀ ਦਾ ਅਟੁੱਟ ਭਾਗ ਬਣਿਆ |
ਆਨੰਦ ਬਖ਼ਸ਼ੀ ਉਸ ਵੇਲੇ ਸਿਰਫ਼ 17 ਸਾਲ ਦਾ ਸੀ ਜਦੋਂ ਦੇਸ਼ ਦੀ ਵੰਡ ਹੋ ਗਈ ਸੀ | ਇਸ ਲਈ ਉਸ ਦਾ ਪਰਿਵਾਰ ਕੁਝ ਚਿਰ ਲਖਨਊ ਠਹਿਰਨ ਤੋਂ ਬਾਅਦ ਦਿੱਲੀ ਆ ਕੇ ਸਥਾਈ ਤੌਰ 'ਤੇ ਰਹਿਣ ਲੱਗ ਪਿਆ | ਬਖ਼ਸ਼ੀ ਅਤੇ ਉਸ ਦੀ ਮਾਂ ਦੇ ਲਈ ਜੀਵਨ ਚਲਾਉਣਾ ਬੜਾ ਕਠਿਨ ਸੀ | ਇਸ ਲਈ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਫ਼ੌਜ 'ਚ ਭਰਤੀ ਹੋ ਗਿਆ | ਫ਼ੌਜ ਦੀ ਕਠਿਨ ਜ਼ਿੰਦਗੀ ਨੇ ਉਸ ਦੇ ਸੰਵੇਦਨਸ਼ੀਲ ਮਨ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਇਸ ਲਈ, ਆਪਣੇ ਮਨ ਦਾ ਗੁਬਾਰ ਕੱਢਣ ਲਈ ਉਸ ਨੇ ਕਵਿਤਾ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ |
ਮਾਂ ਸੁਮਿੱਤਰਾ ਦੀ ਖਾਹਿਸ਼ ਸੀ ਕਿ ਉਹ ਪੋਤੇ-ਪੋਤੀਆਂ ਵਾਲੀ ਬਣੇ | ਇਸ ਲਈ ਉਸ ਨੇ ਆਨੰਦ ਬਖ਼ਸ਼ੀ ਦੀ ਸ਼ਾਦੀ ਆਪਣੇ ਜਾਣ-ਪਛਾਣ ਵਾਲੇ ਰਿਸ਼ਤੇਦਾਰਾਂ 'ਚ ਕਰ ਦਿੱਤੀ | ਇਸ ਸ਼ਾਦੀ ਦੇ ਨਾਲ ਆਨੰਦ ਦੇ ਜੀਵਨ 'ਚ ਕੁਝ ਚਿਰ ਤਾਂ ਸਥਿਰਤਾ ਆ ਗਈ ਪਰ ਛੇਤੀ ਹੀ ਉਸ ਦਾ ਸ਼ਾਇਰ ਮਨ ਇਧਰ-ਉਧਰ ਭਟਕਣ ਲੱਗ ਪਿਆ | ਉਹ ਉਸ ਵੇਲੇ ਜਬਲਪੁਰ 'ਚ ਬਤੌਰ ਸਿਪਾਹੀ ਨੌਕਰੀ ਕਰ ਰਿਹਾ ਸੀ | ਇਕ ਦਿਨ ਪਤਾ ਨਹੀਂ ਉਸ ਦੇ ਕਵੀ ਮਨ 'ਚ ਕੀ ਆਇਆ ਕਿ ਉਸ ਨੇ ਫ਼ੌਜ ਦੀ ਇਹ ਨੌਕਰੀ ਛੱਡ ਦਿੱਤੀ ਅਤੇ ਬੰਬਈ ਆ ਕੇ ਆਪਣੀ ਕਿਸਮਤ ਅਜ਼ਮਾਉਣ ਲਈ ਆ ਗਿਆ | ਬਰਿਜ ਮੋਹਨ ਨੇ ਸਭ ਤੋਂ ਪਹਿਲਾਂ ਉਸ ਨੂੰ 'ਭਲਾ ਆਦਮੀ' ਦੇ ਲਈ ਗੀਤ ਲਿਖਣ ਦਾ ਮੌਕਾ ਦਿੱਤਾ ਸੀ | ਉਸ ਦਾ ਪਹਿਲਾ 'ਧਰਤੀ ਕੇ ਲਾਲ ਨਾ ਕਰ ਤੰੂ ਮਲਾਲ' 9 ਨਵੰਬਰ, 1956 ਨੂੰ ਰਿਕਾਰਡ ਹੋਇਆ ਸੀ | ਇਸ ਫ਼ਿਲਮ 'ਚ ਭਗਵਾਨ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ | ਆਨੰਦ ਬਖ਼ਸ਼ੀ ਨੇ 4 ਹੋਰ ਗੀਤ ਵੀ ਇਸ ਫ਼ਿਲਮ ਲਈ ਲਿਖੇ ਸਨ, ਪਰ ਇਹ ਗੀਤ ਕੋਈ ਖਾਸ ਨਹੀਂ ਚੱਲੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਚੀਜ਼ਾਂ ਨੂੰ ਛੂਹੋ ਟੱਚ ਸਕਰੀਨ 'ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਭਵਿੱਖ ਦੇ ਸਮਾਰਟ ਫ਼ੋਨ
ਤਕਨੀਕ ਦਿਨੋ-ਦਿਨ ਤਰੱਕੀ ਕਰ ਰਹੀ ਹੈ¢ ਭਵਿੱਖ ਵਿਚ ਬਹੁਤ ਕੁਝ ਨਵਾਂ ਵਾਪਰਨ ਜਾ ਰਿਹਾ ਹੈ¢ ਗੱਲ ਸਮਾਰਟ ਫ਼ੋਨ ਦੀ ਹੋਵੇ, ਰੋਬੋਟ ਦੀ ਦੁਨੀਆਾ ਹੋਵੇ ਜਾਂ ਫਿਰ ਸਾਫ਼ਟਵੇਅਰਾਂ ਦੀ, ਹਰੇਕ ਖੇਤਰ ਵਿਚ ਨਵੀਂਆਾ ਕਾਢਾਂ ਕੱਢੀਆਾ ਜਾ ਰਹੀਆਾ ਨੇ¢
ਮੋਬਾਈਲ ਫ਼ੋਨ ਦੇ ਵੱਖ-ਵੱਖ ਹਿੱਸਿਆਾ ਨੂੰ ਅਲੱਗ ਕਰਨ 'ਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਜੋੜਨ ਦੀ ਖੋਜ ਹੋ ਰਹੀ ਹੈ¢ ਭਵਿੱਖ ਦੇ ਫੋਨਾਂ ਵਿਚ ਉਸ ਦੇ ਵੱਖ-ਵੱਖ ਹਿੱਸਿਆਾ ਨੂੰ ਬਦਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਵੇਂ ਲਗਾਏ ਜਾ ਸਕਦੇ ਹਨ¢
ਵਿਗਿਆਨੀਆਾ ਨੇ ਅਜਿਹੇ ਵਿਲੱਖਣ ਫੋਨਾਂ ਨੂੰ ਮਾਡਿਊਲਰ (Moduler) ਫ਼ੋਨ ਦਾ ਨਾਂ ਦਿੱਤਾ ਹੈ¢ ਆਓ ਹੁਣ ਅਜਿਹੇ ਫੋਨਾਂ ਦੀ ਬਣਤਰ ਨੂੰ ਸਮਝਣ ਦਾ ਯਤਨ ਕਰੀਏ¢ ਇਸ ਵਿਚ ਇਕ ਮੁੱਢਲਾ ਢਾਂਚਾ ਹੁੰਦਾ ਹੈ ਜਿਸ ਨੂੰ ਮੇਨ ਬੋਰਡ ਕਿਹਾ ਜਾਂਦਾ ਹੈ¢ ਇਹ ਬੋਰਡ ਇਕ ਸਾਧਾਰਨ ਸਮਾਰਟ ਫ਼ੋਨ ਦਾ ਕੰਮ ਕਰਦਾ ਹੈ¢ ਇਸ ਬੋਰਡ ਉੱਤੇ 6 ਵੱਖ-ਵੱਖ ਹਿੱਸੇ ਫਿੱਟ ਕੀਤੇ ਜਾ ਸਕਦੇ ਹਨ¢ ਇਹ ਹਿੱਸੇ 6 ਵੱਖ-ਵੱਖ ਲਚਕਦਾਰ ਫਰੇਮਾਂ ਵਿਚ ਬੜੀ ਆਸਾਨੀ ਨਾਲ ਫਿੱਟ ਹੋ ਜਾਂਦੇ ਹਨ¢ ਇਨ੍ਹਾਂ ਨੂੰ ਸੌਖਿਆਾ ਹੀ ਇੱਧਰ-ਉੱਧਰ ਖਿਸਕਾ ਕੇ ਬਾਹਰ ਕੱਢਿਆ ਜਾ ਸਕਦਾ ਹੈ¢ ਇਨ੍ਹਾਂ ਹਿੱਸਿਆਾ ਨੂੰ ਮਾਡਿਊਲ ਕਿਹਾ ਜਾਂਦਾ ਹੈ¢ ਇਨ੍ਹਾਂ ਮਾਡਿਊਲਾਂ ਦਾ ਆਪਸੀ ਬਿਜਲੀ ਸਬੰਧ ਲਾਉਣ ਸਾਰ ਹੀ ਜੁੜ ਜਾਂਦਾ ਹੈ¢ ਇਨ੍ਹਾਂ ਨੂੰ ਆਪਸ ਵਿਚ ਜੋੜਨ ਲਈ ਤਾਰਾਂ ਦਾ ਜੋੜ ਲਾਉਣ ਜਾਂ ਟਾਂਕਾ ਲਾਉਣ ਦੀ ਲੋੜ ਨਹੀਂ ਪੈਂਦੀ¢ ਨਵੇਂ ਫੋਨਾਂ ਵਿਚ ਸਕਰੀਨ ਦੀ ਤਸਵੀਰ ਦਿਖਾਉਣ ਦੀ ਗੁਣਵੱਤਾ ਅਰਥਾਤ ਰੈਜ਼ੂਲੇਸ਼ਨ (Resolution), ਕੈਮਰੇ ਤੇ ਬੈਟਰੀ ਦੀ ਸਮਰੱਥਾ ਵੀ ਵੱਧ ਹੈ¢
ਹੁਣ ਮਾਡਿਊਲਰ ਫੋਨਾਂ ਦੀ ਖੋਜ ਨਾਲ ਤੁਹਾਨੂੰ ਫ਼ੋਨ ਬਦਲਣ ਦੀ ਲੋੜ ਨਹੀਂ ਸਗੋਂ ਉਸ ਦੇ ਸਿਰਫ਼ ਕੁਝ ਹਿੱਸੇ ਜਿਵੇਂ ਕਿ ਬੈਟਰੀ, ਕੈਮਰਾ, ਸਪੀਕਰ ਆਦਿ ਨੂੰ ਮੁੱਖ ਬੋਰਡ ਨਾਲੋਂ ਖਿਸਕਾ ਕੇ ਬਦਲਿਆ ਜਾ ਸਕੇਗਾ¢ ਇਸ ਤਕਨੀਕ ਵਾਲੇ ਫੋਨਾਂ ਵਿਚ ਵੱਖ-ਵੱਖ ਭਾਗਾਂ ਨੂੰ ਅੱਪਗ੍ਰੇਡ (Upgrade) ਕਰਨ ਦੀ ਸੁਵਿਧਾ ਤਾਂ ਹੈ ਈ ਨਾਲ ਇਕ ਰੀਤ ਜਾਂ ਰਿਵਾਜ ਵੀ ਬਣਨ ਦੀ ਪੂਰੀ ਆਸ ਹੈ¢ ਜੇ ਅਜਿਹੇ ਫੋਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾ ਮਾਡਿਊਲਰ ਫ਼ੋਨ ਸਾਲ 2012 ਵਿਚ ਆਇਆ ਜਿਸ ਦਾ ਨਾਂ ਫੋਨ ਬਲੌਕਸ (Phone 2locks) ਸੀ¢ ਇਸ ਮਗਰੋਂ ਅਲੱਗ-ਅਲੱਗ ਕੰਪਨੀਆਾ ਦੇ ਕਈ ਫ਼ੋਨ ਆਏ¢ ਗੂਗਲ ਜਲਦੀ ਹੀ ਅਜਿਹੇ ਵਿਲੱਖਣ ਫੋਨਾਂ ਦੀ ਲੜੀ ਪੇਸ਼ ਕਰਨ ਜਾ ਰਹੀ ਹੈ¢ ਸੋਚਣਾ ਬਣਦਾ ਹੈ ਕਿ ਆਖ਼ਰ ਕਿਉਂ ਅਜਿਹੇ ਫੋਨਾਂ ਦੀ ਲੋੜ ਪਈ? ਮਾਹਿਰ ਕਿਉਂ ਇਸ ਪਾਸੇ ਵੱਡੇ ਪੱਧਰ 'ਤੇ ਖੋਜਾਂ ਕਰ ਰਹੇ ਹਨ?
ਮਾਡਿਊਲਰ ਫ਼ੋਨ ਬਣਾਉਣ ਦਾ ਪਹਿਲਾ ਲਾਭ ਹੈ- ਇਲੈਕਟ੍ਰੋਨਿਕ ਕਚਰੇ ਨੂੰ ਘਟਾਉਣ¢ ਕਿਉਂਕਿ ਪੁਰਾਣੇ ਮਾਡਲ ਦੇ ਫੋਨਾਂ ਦਾ ਬਾਜ਼ਾਰ ਚੋਂ ਕੁਝ ਨਹੀਂ ਵੱਟੀ ਦਾ ਤੇ ਲੋਕ ਉਨ੍ਹਾਂ ਨੂੰ ਬੇਕਾਰ ਕਰਕੇ ਕਚਰੇ ਵਿਚ ਸੁੱਟ ਦਿੰਦੇ ਹਨ ਤੇ ਉਸ ਦੀ ਥਾਂ 'ਤੇ ਨਵਾਂ ਫ਼ੋਨ ਲੈ ਲੈਂਦੇ ਹਨ¢ ਇਸ ਨਵੀਂ ਤਕਨੀਕ ਨਾਲ ਪੁਰਾਣੇ ਫ਼ੋਨ ਨੂੰ ਨਕਾਰਾ ਕਰਨ ਦੀ ਥਾਂ 'ਤੇ ਉਸੇ ਨੂੰ ਨਵੀਂ ਦਿੱਖ ਅਤੇ ਤਾਕਤ ਦਿੱਤੀ ਜਾ ਸਕਦੀ ਹੈ¢ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਫੋਨਾਂ ਦੀ ਮੁਰੰਮਤ ਦਾ ਖ਼ਰਚ ਘੱਟ ਹੋਵੇਗਾ ਅਤੇ ਵਰਤੋਂਕਾਰਾਂ ਲਈ ਜੇਬ ਵਿਚ ਰੱਖਣੇ ਸੌਖੇ ਹੋਣਗੇ¢ ਇਨ੍ਹਾਂ ਤਮਾਮ ਫ਼ਾਇਦਿਆਾ ਦੇ ਨਾਲ-ਨਾਲ ਇਸ ਦੀਆਾ ਕੁਝ ਖ਼ਾਮੀਆਾ ਜਾਂ ਊਣਤਾਈਆਾ ਵੀ ਹੋ ਸਕਦੀਆਾ ਹਨ¢
ਇਨ੍ਹਾਂ ਨੂੰ ਜੇਬ ਵਿਚ ਸੁਰੱਖਿਅਤ ਰੱਖਣਾ ਇਕ ਵੱਡੀ ਵੰਗਾਰ ਹੋਵੇਗੀ¢ ਹਾਲਾਂਕਿ ਮੁੱਖ ਬੋਰਡ ਦੇ ਵੱਖ-ਵੱਖ ਫਰੇਮਾਂ ਵਿਚ ਉਸ ਦੇ ਮਾਡਿਊਲਾਂ ਨੂੰ ਫਸਾਉਣ ਜਾਂ ਫਿੱਟ ਕਰਨ ਲਈ ਚੁੰਬਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਫਿਰ ਵੀ ਇਨ੍ਹਾਂ ਦੇ ਡਿੱਗਣ 'ਤੇ ਵੱਖ-ਵੱਖ ਹਿੱਸਿਆ ਦੇ ਖਿੱਲਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ¢ ਇਹ ਵੀ ਗੱਲ ਪੱਕੀ ਹੈ ਕਿ ਸ਼ੁਰੂ ਵਿਚ ਇਨ੍ਹਾਂ ਦੀ ਕੀਮਤ ਜ਼ਿਆਦਾ ਹੋਵੇਗੀ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ¢ ਇਨ੍ਹਾਂ ਦੇ ਮਾਡਿੳਲ ਜਾਂ ਭਾਗ ਆਮ ਫੋਨਾਂ ਵਾਲੀਆਾ ਦੁਕਾਨਾਂ ਤੋਂ ਮਿਲ ਸਕਣਗੇ ਜਾਂ ਨਹੀਂ, ਇਹ ਵੀ ਇਕ ਵੱਡਾ ਸਵਾਲ ਹੈ¢ ਮਾਡਿਊਲਰ ਫੋਨਾਂ ਦੇ ਬਹੁਤ ਜ਼ਿਆਦਾ ਵਿਕਲਪਾਂ ਵਿਚ ਉਲਝਣ ਦੀ ਬਜਾਏ ਲੋਕ ਰਵਾਇਤੀ ਸਮਾਰਟ ਫ਼ੋਨ ਨੂੰ ਤਰਜੀਹ ਦੇਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ?

www.cpkamboj.com
ਫੋਨ : 0175-3046566 (ਦਫ਼ਤਰ)

ਫ਼ਸਲੀ ਬਟੇਰੇ

ਜਦੋਂ ਵੋਟਾਂ ਦਾ ਬਿਗਲ ਵੱਜਿਆ ਤਾਂ ਕਈ ਲੀਡਰ ਜਿਹੜੇ ਪਿਛਲੀਆਂ ਚੋਣਾਂ ਪਿਛੋਂ ਦਿਸਣੇ ਬਹੁਤ ਮੁਸ਼ਕਿਲ ਹੋ ਗਏ ਸਨ, ਉਹ ਹੁਣ ਆਪਣੇ ਘੁਰਨਿਆਂ ਵਿਚੋਂ ਨਿਕਲਣੇ ਸ਼ੁਰੂ ਹੋ ਗਏ ਤੇ ਲੋਕਾਂ ਦੇ ਘਰੀਂ ਜਾ-ਜਾ ਕੇ ਉਨ੍ਹਾਂ ਦਾ ਹਾਲ ਪੁੱਛਣ ਲੱਗੇ |
'ਕੀ ਹਾਲ ਹੈ ਬਾਪੂ ਜੀ, ਸਾਡੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸਣਾ', ਬੜੀ ਨਿਮਰਤਾ ਨਾਲ ਪੁੱਛਿਆ |
'ਮਾਰਾਜ, ਸਾਡੇ 'ਤੇ ਤਾਂ ਰੱਬ ਦੀ ਬੜੀ ਕਿਰਪਾ ਹੈ, ਪਰ ਆਹ ਦੇਖੋ ਦਰਾਂ ਮੋਹਰੇ ਕਮੇਟੀ ਦੀ ਨਾਲੀ ਦਾ ਪਾਣੀ ਕਿਵੇਂ ਰੌਣਕ ਲਾਈ ਬੈਠਾ | ਕਈ ਵਾਰ ਤੁਹਾਡੇ ਘਰ ਜਾ ਕੇ ਕਹਿ ਚੁੱਕੇ ਹਾਂ, ਪਰ ਕੋਈ ਸੁਣਦਾ ਹੀ ਨਹੀਂ | ਆਹ ਤਾਂ ਅੱਜ ਪਤਾ ਨਹੀਂ ਕਿਵੇਂ ਤੁਸੀਂ ਦਰਸ਼ਨ ਦੇਣ ਦੀ ਕਿਰਪਾ ਕਰ ਦਿੱਤੀ ਤੇ ਪੁੱਛ ਲਿਆ ਤਾਂ ਮੈਂ ਵੀ ਅਰਜ਼ ਕਰ ਦਿੱਤੀ ਹੈ, ਅੱਗੇ ਤੁਹਾਡੀ ਮਰਜ਼ੀ ਹੈ |'
'ਨੲੀਂ ਨੲੀਂ, ਏਦਾਂ ਨਾ ਕਹੋ, ਅਸੀਂ ਤਾਂ ਨੌਕਰ ਹਾਂ ਤੁਹਾਡੇ | ਏਦਾਂ ਕਰੋ ਇਕ ਅਰਜ਼ੀ ਲਿਖ ਕੇ ਦੇ ਦਿਓ, ਉਸੇ ਵੇਲੇ ਕੰਮ ਹੋ ਜਾਊਗਾ', ਇਹ ਕਹਿੰਦੇ ਹੋਏ ਲੀਡਰ ਆਪਣੇ ਕਾਫਲੇ ਨਾਲ ਅੱਗੇ ਨਿਕਲ ਗਏ | ਉਨ੍ਹਾਂ ਬਾਬੇ ਦਾ ਜੁਆਬ ਨਹੀਂ ਉਡੀਕਿਆ |
ਅੱਗੇ ਜਾ ਕੇ ਉਨ੍ਹਾਂ ਦੇ ਚਮਚੇ ਨੇ, ਉਨ੍ਹਾਂ ਦੇ ਇਸ਼ਾਰੇ 'ਤੇ ਲਾਲਾ ਫਿਰਕੂ ਮੱਲ ਦੇ ਬੰਗਲੇ ਦੀ ਡੋਰ ਬੈੱਲ ਖੜ੍ਹਕਾ ਕਰ ਦਿੱਤੀ | ਲਾਲੇ ਦਾ ਨੌਕਰ ਗੇਟ ਖੋਲ੍ਹ ਕੇ ਬਾਹਰ ਆਇਆ ਤਾਂ ਸ਼ਹਿਰ ਦੇ ਲੀਡਰ ਪਕੌੜਾ ਮੱਲ ਨੂੰ ਦੇਖਦਿਆਂ ਹੀ 'ਮੈਂ ਲਾਲਾ ਜੀ ਨੂੰ ਦੱਸਾਂ', ਕਹਿ ਕੇ ਪਿਛੇ ਮੁੜ ਗਿਆ | ਪਕੌੜਾ ਮੱਲ ਨੇ ਲਾਲੇ ਦੀ ਉਡੀਕ ਨਹੀਂ ਕੀਤੀ ਤੇ ਗੇਟੋਂ ਅੰਦਰ ਲੰਘ ਗਿਆ | ਜਦ ਨੂੰ ਲਾਲਾ ਵੀ ਕਮਰਿਉਂ ਬਾਹਰ ਆ ਗਿਆ | 'ਧੰਨ ਭਾਗ! ਧੰਨ ਭਾਗ!! ਤੁਹਾਡੇ ਦਰਸ਼ਨ ਹੋਏ | ਆਓ ਆਓ' ਕਹਿੰਦਾ ਹੋਇਆ ਤੇ ਪਕੌੜਾ ਮੱਲ ਨਾਲ ਹੱਥ ਮਿਲਾਉਂਦਾ ਹੋਇਆ ਉਸ ਨੂੰ ਡਰਾਇੰਗ ਰੂਮ ਵਿਚ ਲੈ ਗਿਆ |
'ਲਾਲਾ ਜੀ, ਪਹਿਲਾਂ ਤਾਂ ਵੋਟਾਂ ਹਨ, ਸਾਡੇ 'ਤੇ ਆਪਣੇ ਅਤੇ ਆਪਣੇ ਸਾਥੀਆਂ ਸਣੇ ਕਿਰਪਾ ਕਰਿਓ | ਦੂਜਾ ਤੁਹਾਡੇ ਭਤੀਜੇ ਦਾ ਵਿਆਹ ਹੈ, ਵੋਟਾਂ ਤੋਂ ਠੀਕ ਇਕ ਮਹੀਨੇ ਪਿਛੋਂ, ਸਣੇ ਪਰਿਵਾਰ ਬੱਚੇ ਨੂੰ ਅਸੀਸ ਦੇਣ ਆਉਣਾ, ਇਹ ਮੇਰੀ ਬੇਨਤੀ ਹੈ | ਮਠਿਆਈ ਦਾ ਡੱਬਾ ਵੀ ਜਲਦੀ ਭਿਜਵਾ ਦਿਆਂਗਾ', ਇਹ ਕਹਿੰਦਿਆਂ ਪਕੌੜਾ ਮੱਲ ਜਾਣ ਲਈ ਉਠ ਖੜ੍ਹਾ ਹੋਇਆ |
'ਬੈਠੋ ਤਾਂ ਸਹੀ, ਨਾ ਕੁਝ ਠੰਢਾ, ਨਾ ਕੁਝ ਗਰਮ, ਏਦਾਂ ਈ ਚਲੇ ਚੱਲੇ', ਲਾਲਾ ਫਿਰਕੂ ਮੱਲ ਨੇ ਬਾਹਰਲੇ ਬੂਹੇ ਵੱਲ ਨੂੰ ਹੁੰਦਿਆਂ ਕਿਹਾ |
ਹਫ਼ਤਾ ਰਹਿ ਗਿਆ ਸੀ ਵੋਟਾਂ ਪੈਣ ਵਿਚ, ਪਕੌੜਾ ਮੱਲ ਦਾ ਖਾਸ ਨੌਕਰ ਮਠਿਆਈ ਦਾ ਡੱਬਾ ਲਾਲਾ ਫਿਰਕੂ ਮੱਲ ਨੂੰ ਦੇ ਕੇ ਖੜ੍ਹਾ ਖਲੋਤਾ ਹੀ ਮੁੜ ਗਿਆ | ਪਰ ਜਾਂਦਾ-ਜਾਂਦਾ ਉਹ ਪਕੌੜਾ ਮੱਲ ਲਈ ਸਾਰੀਆਂ ਵੋਟਾਂ ਪੌਣ ਲਈ ਜ਼ਰੂਰ ਕਹਿ ਗਿਆ |
ਲਾਲੇ ਨੇ ਡੱਬੇ ਨੂੰ ਪੈਕਿੰਗ ਵਿਚੋਂ ਕੱਢ ਕੇ ਖੋਲਿ੍ਹਆ ਤਾਂ ਕੀ ਦੇਖਦਾ ਹੈ ਅੱਧੇ ਡੱਬੇ ਵਿਚ ਵਧੀਆ ਮਠਿਆਈ ਸੀ ਤੇ ਅੱਧੇ ਡੱਬੇ ਵਿਚ ਨੋਟਾਂ ਦੀਆਂ ਥੱਦੀਆਂ ਸਨ | ਲਾਲਾ ਆਪੇ ਮੁਸਕਰਾ ਪਿਆ ਤੇ ਉਠ ਕੇ ਨੋਟ ਸੰਭਾਲ ਲਏ | ਅਜੇ ਉਹ ਬੈਠਾ ਹੀ ਸੀ ਕਿ ਇਕ ਹੋਰ ਲੀਡਰ ਚਲਤ ਰਾਮ ਆਪਣੇ ਨੌਕਰ ਨਾਲ ਵਧੀਆ ਸ਼ਰਾਬ ਦੀ ਪੇਟੀ ਚੁੱਕੀ ਬੂਹੇ 'ਤੇ ਆ ਖੜ੍ਹਾ ਹੋਇਆ | ਫਿਰਕੂ ਮੱਲ ਦਾ ਨੌਕਰ ਉਸ ਨੂੰ ਵੀ ਲਾਲਾ ਜੀ ਕੋਲ ਲੈ ਆਇਆ | ਆਉਣ ਵਾਲੇ ਲੀਡਰ ਨੇ ਹੱਥ ਜੋੜ ਕੇ ਅਰਜ਼ ਕੀਤੀ, 'ਲਾਲਾ ਜੀ, ਤੁਹਾਨੂੰ ਪਤਾ ਵੋਟਾਂ ਸਿਰ 'ਤੇ ਆ ਗਈਆਂ ਹਨ, ਵਲੈਤੀ ਪੀ ਕੇ ਵੋਟ ਪਾਉਣ ਦਾ ਆਨੰਦ ਹੀ ਕੁਝ ਵੱਖਰਾ ਹੈ | ਇਹ ਖਾਸ ਤੌਰ 'ਤੇ ਤੁਹਾਡੇ ਲਈ ਫਰਾਂਸ ਤੋਂ ਲੈ ਕੇ ਆਇਆ ਸੀ | ਇਹ ਕਹਿੰਦਿਆਂ ਉਸ ਨੇ ਨੌਕਰ ਨੂੰ ਇਸ਼ਾਰੇ ਨਾਲ ਸ਼ਰਾਬ ਦੀ ਪੇਟੀ ਲਾਲਾ ਜੀ ਅੱਗੇ ਮੇਜ਼ ਉਤੇ ਰੱਖਣ ਲਈ ਕਿਹਾ |
'ਮਿਹਰਬਾਨ! ਇਹ ਕੀ ਪਏ ਕਰਦੇ ਹੋ? ਇਸ ਦੀ ਕੀ ਲੋੜ ਹੈ? ਮੈਂ ਇਸ ਦਾ ਬਹੁਤਾ ਸ਼ੌਕੀਨ ਨਹੀਂ | ਇਹ ਕਿਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਤਾਂ ਨਹੀਂ ਲੈ ਕੇ ਆਏ? ਵੋਟਾਂ ਦੀ ਚਿੰਤਾ ਨਾ ਕਰੋ, ਉਹ ਤਾਂ ਅਸੀਂ ਬਿਨਾਂ ਪੀਤਿਆਂ ਹੀ ਪਾ ਦੇਣੀਆਂ ਹਨ, ਅੱਗੇ ਵੀ ਤਾਂ ਤੁਹਾਨੂੰ ਹੀ ਪਾਈ ਦੀਆਂ ਹਨ |' ਲਾਲੇ ਨੇ ਲਲਚਾਈਆਂ ਨਜ਼ਰਾਂ ਨਾਲ ਸ਼ਰਾਬ ਦੀ ਪੇਟੀ ਵੱਲ ਵੇਖਦਿਆਂ ਕਿਹਾ ਤੇ ਮਨ ਵਿਚ ਸੋਚਣ ਲੱਗਾ ਕਿ ਕਿਤੇ ਪੇਟੀ ਚੁੱਕ ਕੇ ਹੀ ਨਾ ਲੈ ਜਾਏ | ਉਸ ਨੇ ਪੇਟੀ ਨੂੰ ਹੋਰ ਆਪਣੇ ਵੱਲ ਖਿੱਚ ਲਿਆ |
'ਨਹੀਂ ਨਹੀਂ ਜਨਾਬ, ਇਹ ਤੁਸੀਂ ਕੀ ਕਹਿ ਰਹੇ ਹੋ, ਵੋਟਾਂ ਦੀ ਗੱਲ ਤਾਂ ਮੈਂ ਵੈਸੇ ਹੀ ਕੀਤੀ ਹੈ, ਇਹ ਤਾਂ ਮੈਂ ਤੁਹਾਡੇ ਲਈ ਤੋਹਫ਼ੇ ਵਜੋਂ ਖਾਸ ਕਰਕੇ ਫਰਾਂਸ ਤੋਂ ਲੈ ਕੇ ਆਇਆ ਸੀ, ਬਹੁਤ ਦਿਨ ਹੋ ਗਏ ਔਣ ਦਾ ਸਮਾਂ ਹੀ ਨਹੀਂ ਮਿਲਿਆ | ਪੀ ਕੇ ਦੇਖਿਓ ਬੜੀ ਮਜ਼ੇਦਾਰ ਚੀਜ਼ ਹੈ |'
'ਅੱਛਾ ਜੇ ਤੁਸੀਂ ਜ਼ਿੱਦ ਕਰ ਰਹੇ ਹੋ ਤਾਂ ਇਸ ਦਾ ਸੁਆਦ ਵੀ ਦੇਖ ਲਵਾਂਗੇ, ਤੁਹਾਡਾ ਨਾਂਅ ਲੈ ਕੇ |'
ਚਲਤ ਰਾਮ ਨੇ ਹੱਥ ਜੋੜ ਕੇ ਨਮਸਤੇ ਕੀਤੀ ਤੇ ਚਲੇ ਗਏ | ਫਿਰਕੂ ਮੱਲ ਪੇਟੀ ਖੋਲ੍ਹਦਿਆਂ ਬੁੜਬੜਾਇਆ, 'ਇਨ੍ਹਾਂ ਫਸਲੀ ਬਟੇਰਿਆਂ ਨੇ ਕਿਹੜਾ ਰੋਜ਼-ਰੋਜ਼ ਪਿਲਾਉਣੀ ਹੈ, ਆਹੀ ਤਾਂ ਚਾਰ ਦਿਨ ਹਨ, ਖਾਣ ਪੀਣ ਦੇ, ਜੋ ਮਿਲਦਾ ਛਕੀ ਜਾਓ', ਵੋਟ ਦਾ ਤਾਂ ਕਿਸੇ ਨੂੰ ਪਾ ਵੀ ਹੋਣੀ ਹੈ ਕਿ ਨਹੀਂ?' ਇਹ ਸੋਚਦਿਆਂ ਉਸ ਨੇ ਇਕ ਬੋਤਲ ਖੋਲ੍ਹੀ, ਗਿਲਾਸ ਵਿਚ ਲੰੁਡਰ ਜਿਹਾ ਪੈੱਗ ਪਾਇਆ ਤੇ ਗਲੇ ਤੋਂ ਹੇਠਾਂ ਸੁੱਟ ਦਿੱਤਾ |

ਮੋਬਾਈਲ : 98762-08542.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX