ਤਾਜਾ ਖ਼ਬਰਾਂ


ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  2 minutes ago
ਨਵੀਂ ਦਿੱਲੀ, 20 ਮਾਰਚ- ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਵੱਡੀ ਪਹਿਲ ਕੀਤੀ ਹੈ। ਡਿਪਲੋਮੈਟਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਮਨੀ, ਯੂਰਪੀ ਯੂਨੀਅਨ (ਈ. ਯੂ.) 'ਚ ਮਸੂਦ ਅਜ਼ਹਰ ਨੂੰ...
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  31 minutes ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  51 minutes ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 1 hour ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 1 hour ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  about 2 hours ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 2 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 3 hours ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 3 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਣਕ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਜ਼ਰੂਰੀ

ਦੇਸ਼ ਦੀ ਕਿਸਾਨੀਂ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੈ। ਜਿਸ ਦਾ ਦਾ ਮੁੱਖ ਕਾਰਨ ਉਤਪਾਦਨ ਲਾਗਤਾਂ ਵਿਚ ਵਾਧਾ, ਫ਼ਸਲਾਂ ਦਾ ਪੁਰਾ ਮੁੱਲ ਨਾ ਮਿਲਣਾ ਹੈ। ਖੇਤੀ ਘਾਟੇ ਦਾ ਸੌਦਾ ਬਣਨ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਇਸ ਤੋਂ ਬਿਨਾਂ ਕੁਝ ਆਫਤਾਂ ਵੀ ਹਨ ਜੋ ਕਿਸਾਨੀਂ ਲਈ ਮੁਸ਼ਕਿਲਾਂ ਦਾ ਪਹਾੜ ਲੈ ਕੇ ਆਉਂਦੀਆਂ ਹਨ । ਹਾੜ੍ਹੀ , ਸਾਉਣੀ ਦੇ ਮੌਸਮ ਵਿਚ ਪੰਜਾਬ ਵਿਚ ਹਜ਼ਾਰਾਂ ਏਕੜ ਪੱਕੀਆਂ ਫ਼ਸਲਾਂ ਅੱਗ ਦੀ ਭੇਟ ਚੜ੍ਹ ਜਾਂਦੀਆਂ ਹਨ । ਹਾੜ੍ਹੀ ਦੀ ਫ਼ਸਲ ਪੱਕੀ ਕਣਕ ਉੱਤੇ ਅੱਗ ਦਾ ਕਹਿਰ ਗਰਮੀ ਦਾ ਮੌਸਮ ਹੋਣ ਕਰਕੇ ਬਹੁਤ ਜ਼ਿਆਦਾ ਵਾਪਰਦਾ ਹੈ। ਮਿਹਨਤਕਸ਼ ਕਿਸਾਨਾਂ ਦੀ ਕਿਰਤ ਕਮਾਈ ਮਿੰਟਾਂ-ਸਕਿੰਟਾਂ ਵਿਚ ਸੜ ਕੇ ਸੁਆਹ ਹੋ ਜਾਂਦੀ ਹੈ। ਕੇਵਲ ਕਣਕ ਹੀ ਨਹੀਂ ਖੇਤੀ ਦੇ ਸੰਦ ਟਰੈਕਟਰ, ਮਸ਼ੀਨਾਂ , ਦਰੱਖਤ ਹੋਰ ਸੰਪਤੀ ਦੇ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਦਾ ਹੈ। ਪੁੱਤਾਂ ਵਾਂਗ ਪਾਲੀ ਫ਼ਸਲ ਦਾ ਅੱਖਾਂ ਸਾਹਮਣੇ ਨੁਕਸਾਨ ਹੋ ਜਾਣਾ ਕਿਸਾਨ ਲਈ ਕਿਸੇ ਸਿਤਮ ਤੋਂ ਘੱਟ ਨਹੀਂ ਹੁੰਦਾ । ਜਿਹੜਾ ਹਰ ਸਾਲ ਪੰਜਾਬ ਦੇ ਅਨੇਕਾਂ ਕਿਸਾਨਾ ਨੂੰ ਝੱਲਣਾ ਪੈਂਦਾ ਹੈ । ਅੱਗ ਦੇ ਇਸ ਕਹਿਰ ਤੋਂ ਬਚਣ ਲਈ ਲੋਕਾਂ ਨੂੰ ਅੱਗ ਦੇ ਮਾਮਲੇ ਵਿਚ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਇਹ ਅਣਗਹਿਲੀ ਆਰਥਿਕ ਨੁਕਸਾਨ ਦੇ ਨਾਲ-ਨਾਲ ਆਪਸੀ ਝਗੜੇ ਦਾ ਕਾਰਨ ਵੀ ਬਣਦੀ ਹੈ ।
ਫ਼ਸਲਾਂ ਲਈ ਅੱਗ ਦਾ ਵੱਡਾ ਕਾਰਨ ਬਿਜਲੀ ਤਾਰਾਂ ਦੀ ਸਪਾਰਕਿੰਗ ਹੈ। ਪੰਜਾਬ ਦਾ ਬਿਜਲੀ ਪ੍ਰਬੰਧ ਰੱਬ ਆਸਰੇ ਚੱਲ ਰਿਹਾ ਹੈ। ਬਿਜਲੀ ਸਿਸਟਮ ਓਵਰਲੋਡ ਚੱਲ ਰਿਹਾ ਹੈ। ਬਿਜਲੀ ਮਸ਼ੀਨਰੀ ਆਪਣੀ ਮਿਆਦ ਪੁਗਾ ਚੁੱਕੀ ਹੈ। ਬਿਜਲੀ ਤਾਰਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਜੋ ਬਹੁਤ ਪੁਰਾਣੀਆਂ ਹੋਣ ਕਰਕੇ ਅੱਜ ਦੇ ਸਮੇਂ ਦਾ ਲੋਢ ਚੁੱਕਣ ਤੋਂ ਅਸਮਰੱਥ ਹਨ। ਇਸ ਤੋਂ ਬਿਨਾਂ ਢਿੱਲੀਆ ਤਾਰਾਂ ਦੀ ਸਪਾਰਕਿੰਗ ਅੱਗ ਦੇ ਹਾਦਸਿਆਂ ਦਾ ਕਾਰਣ ਬਣਦੀ ਹੈ। ਕਣਕ ਦੀ ਵਾਢੀ ਦੇ ਸਮੇਂ ਖੇਤਾਂ ਦੇ ਟਰਾਂਸਫਾਰਮ ਅਤੇ ਮੋਟਰਾਂ ਦੀਆਂ ਸਵਿਚਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਪਾਰਕਿੰਗ ਨਾ ਹੋਵੇ। ਇਸ ਤੋਂ ਇਲਾਵਾ ਅਣਗਹਿਲੀ ਵੀ ਅੱਗ ਦਾ ਕਾਰਨ ਬਣਦੀ ਹੈ ਗਿੱਲੀ ਕਣਕ ਦੀ ਵਾਢੀ ਕਰਨ ਸਮੇਂ ਮਸ਼ੀਨਰੀ ਦੇ ਪੁਰਜ਼ੇ ਗਰਮ ਹੋ ਕੇ ਅੱਗ ਲਾਉਣ ਦਾ ਕੰਮ ਕਰਦੇ ਹਨ । ਕੁਝ ਲੋਕ ਬੀੜ੍ਹੀ ਜਾਂ ਖੇਤਾਂ ਵਿਚ ਚਾਹ ਆਦਿ ਕਰਨ ਸਮੇਂ ਅੱਗ ਨੂੰ ਚੰਗੀ ਤਰਾਂ ਬੁਝਾਉਂਦੇ ਨਹੀਂ ਇਹ ਅੱਗ ਧੁਖ ਕੇ ਤਬਾਹੀ ਦਾ ਕਾਰਨ ਬਣਦੀ ਹੈ। ਇਸ ਲਈ ਕਣਕ ਦੇ ਸੀਜ਼ਨ ਵਿਚ ਅੱਗ ਤੋਂ ਬਚਾਅ ਦੇ ਲਈ ਬਹੁਤ ਧਿਆਨ ਦੀ ਜ਼ਰੂਰਤ ਹੈ। ਅੱਗ ਬਾਲਣ ਸਮੇਂ ਕੋਈ ਅਣਗਹਿਲੀ ਨਹੀਂ ਕਰਨੀ ਚਾਹੀਦੀ। ਕੁਝ ਕਿਸਾਨ ਜਲਦੀ ਖੇਤ ਨੂੰ ਵਿਹਲਾ ਕਰਨ ਦੇ ਮਕਸਦ ਨਾਲ ਅੱਗ ਲਾ ਦਿੰਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਜਿੰਨਾ ਚਿਰ ਆਲੇ ਦੁਆਲੇ ਕਣਕਾਂ ਜਾਂ ਤੂੜੀ ਬਣਾਉਣ ਵਾਲੀ ਰਹਿੰਦੀ ਕੋਈ ਜਲਦਬਾਜ਼ੀ ਨਾ ਕਰਨ। ਕਣਕ ਦੀ ਕਟਾਈ ਅਤੇ ਤੂੜੀ ਉਦੋਂ ਹੀ ਕਰਨੀ ਚਾਹੀਦੀ ਹੈ, ਜਦ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਕਿ ਅੱਗ ਦੇ ਨੁਕਸਾਨ ਤੋਂ ਬਚਾਅ ਹੋ ਸਕੇ। ਵਿਭਾਗ ਵੱਲੋਂ ਇਸ ਵਾਰ ਕਣਕ ਦੀ ਪਰਾਲੀ ਸਾੜ੍ਹਨ 'ਤੇ ਪਾਬੰਦੀ ਜਾਰੀ ਕੀਤੀ ਹੈ ਅੱਗ ਲਾਉਣ ਤੇ ਬਾਰੀ ਜੁਰਮਾਨਾ ਹੋ ਸਕਦਾ ਹੈ, ਇਹ ਤਾਂ ਸਮਾਂ ਦੱਸੇਗਾ ਕਿ ਸਰਕਾਰ ਇਸ ਪ੍ਰਤੀ ਕਿੰਨੀ ਗੰਭੀਰ ਹੈ।
ਦੂਜੇ ਪਾਸੇ ਕਿਸਾਨਾਂ ਦੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਮੁਆਵਜ਼ਾ ਜਾਂ ਬੀਮਾ ਨੀਤੀ ਨਹੀਂ ਹੈ, ਜਿਸ ਨਾਲ ਨੁਕਸਾਨ ਦੀ ਕੁਝ ਆਰਥਿਕ ਭਰਪਾਈ ਹੋ ਸਕੇ। ਜੇ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਵੀ ਜਾਂਦਾ ਹੈ ਉਹ ਨੁਕਸਾਨ ਦੇ ਤਿਣਕੇ ਸਮਾਨ ਵੀ ਨਹੀਂ ਹੁੰਦਾ। ਫ਼ਸਲੀ ਬੀਮਾ ਯੋਜਨਾਂਵਾ ਦੀ ਲੋੜ ਹੈ। ਇਸ ਤੋਂ ਬਿਨਾਂ ਅੱਗ ਦੀਆ ਘਟਨਾਵਾ ਨੂੰ ਰੋਕਣ ਲਈ ਬਿਜ਼ਲੀ ਪ੍ਰਬੰਧ ਵਿਚ ਸੁਧਾਰ ਦੀ ਜ਼ਰੂਰਤ ਹੈ। ਜਿਸ ਨਾਲ ਜਿੱਥੇ ਅੱਗ ਦੀਆਂ ਘਟਨਾਵਾ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਬਿਜਲੀ ਦਾ ਫਾਲਤੂ ਨੁਕਸਾਨ ਵੀ ਘਟੇਗਾ। ਇਸ ਖੇਤਰ ਵਿਚ ਸਰਕਾਰ ਦੇ ਫੋਰੀ ਧਿਆਨ ਦੀ ਜ਼ਰੂਰਤ ਹੈ ।


-ਪਿੰਡ: ਭੋਤਨਾ (ਬਰਨਾਲਾ) ਫੋਨ : 94635-12720.


ਖ਼ਬਰ ਸ਼ੇਅਰ ਕਰੋ

ਮਸ਼ੀਨਰੀ ਦੀ ਬਹੁਤਾਤ ਨੇ ਭਾਈਚਾਰਕ ਸਾਂਝ ਨੂੰ ਲਗਾਈ ਢਾਅ

'ਜੱਟਾ ਆਈ ਵਿਸਾਖੀ ਮੁੱਕ ਗਈ ਖੇਤਾਂ ਦੀ ਰਾਖੀ' ਅਤੇ 'ਲੰਘ ਗਿਆ ਚੇਤ, ਕੱਚੀ-ਪੱਕੀ ਨਾ ਦੇਖ' ਵਰਗੀਆਂ ਕਹਾਵਤਾਂ ਭਾਵੇਂ ਅੱਜ ਵੀ ਹਾੜ੍ਹੀ ਦੀ ਫ਼ਸਲ ਦੀ ਆਮਦ ਦਾ ਸੰਕੇਤ ਕਰਦੀਆਂ ਹਨ ਪਰ ਜੋ ਤਿਆਰੀਆਂ ਤੇ ਚਾਅ ਅੱਜ ਤੋਂ ਤਿੰਨ ਕੁ ਦਹਾਕੇ ਹਾੜ੍ਹੀ ਦੀ ਫ਼ਸਲ ਦੀ ਆਮਦ ਨਾਲ ਜੁੜੇ ਹੁੰਦੇ ਸਨ, ਉਹ ਅੱਜਕਲ੍ਹ ਨਜ਼ਰ ਨਹੀਂ ਆਉਂਦੇ। ਇਸ ਰੁੱਤ ਦੀਆਂ ਫ਼ਸਲਾਂ ਨਾਲ ਸਬੰਧਤ ਬਹੁਤ ਸਾਰੀਆਂ ਰਵਾਇਤਾਂ ਕਿਸਾਨੀ ਜੀਵਨ 'ਚੋਂ ਅਲੋਪ ਹੋ ਗਈਆਂ ਹਨ। ਖਾਸ ਤੌਰ 'ਤੇ ਕਣਕ ਦੀ ਫ਼ਸਲ ਦੀ ਵਾਢੀ, ਕਢਾਈ ਅਤੇ ਸਾਂਭ-ਸੰਭਾਲ ਨਾਲ ਸਬੰਧਤ ਕਈ ਰਵਾਇਤਾਂ ਪੰਜਾਬੀ ਖਿੱਤੇ 'ਚ ਪ੍ਰਚੱਲਤ ਸਨ। ਇਨ੍ਹਾਂ ਰਵਾਇਤਾਂ ਦੀ ਬਹੁਤ ਵੱਡੀ ਸਮਾਜਿਕ ਅਹਿਮੀਅਤ ਸੀ। ਹਾੜ੍ਹੀ ਦੀ ਫ਼ਸਲ ਦੀ ਸਭ ਜਾਤਾਂ-ਧਰਮਾਂ ਦੇ ਲੋਕਾਂ ਨੂੰ ਉਡੀਕ ਰਹਿੰਦੀ ਸੀ। ਮਸ਼ੀਨੀ ਯੁੱਗ ਦੀ ਆਮਦ ਨਾਲ ਕਿਸਾਨੀ ਜੀਵਨ 'ਚੋਂ ਇਹ ਪ੍ਰੰਪਰਾਵਾਂ ਹੌਲੀ-ਹੌਲੀ ਆਲੋਪ ਹੋ ਗਈਆਂ ਹਨ। ਇਨ੍ਹਾਂ ਰਵਾਇਤਾਂ ਤੇ ਸਾਂਝਾਂ ਨੂੰ ਅੱਖੀਂ ਦੇਖਣ ਵਾਲੇ ਵਡੇਰੇ ਉਮਰ ਦੇ ਕਿਸਾਨ ਅੱਜ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਹਨ।
ਫ਼ਸਲ ਦੀ ਵਾਢੀ ਦੀ ਤਿਆਰੀ : ਕਣਕ ਦੀ ਫ਼ਸਲ ਦੀ ਵਾਢੀ ਦੀ ਤਿਆਰੀ ਮਾਰਚ ਮਹੀਨੇ ਦੇ ਆਖਰੀ ਹਫਤੇ ਆਰੰਭ ਹੋ ਜਾਂਦੀ ਸੀ। ਕਿਸਾਨ ਆਪਣੇ ਅਪ੍ਰੈਲ ਮਹੀਨੇ ਦੇ ਸਮਾਜਿਕ ਰੁਝੇਵੇਂ ਮਾਰਚ ਦੇ ਅਖੀਰ 'ਚ ਹੀ ਨਿਪਟਾ ਲੈਂਦੇ ਸਨ ਅਤੇ ਫ਼ਸਲ ਸੰਭਾਲਣ ਲਈ ਤਿਆਰੀਆਂ ਵਿੱਢ ਲੈਂਦੇ ਸਨ। ਲੁਹਾਰਾਂ ਤੇ ਮਿਸਤਰੀਆਂ ਦੇ ਘਰਾਂ 'ਚ ਵਾਢੀ ਲਈ ਵਰਤੇ ਜਾਣ ਵਾਲੇ ਸੰਦਾਂ ਦੀ ਮੁਰੰਮਤ ਅਤੇ ਤਿੱਖੇ ਕਰਨ ਲਈ ਭੀੜਾਂ ਜੁਟਣੀਆਂ ਸ਼ੁਰੂ ਹੋ ਜਾਂਦੀਆਂ ਸਨ। ਹਾਸੇ-ਠੱਠੇ ਵਾਲੇ ਮਾਹੌਲ 'ਚ ਲੁਹਾਰ ਦਾਤੀਆਂ ਅਤੇ ਡਰੰਮੀਆਂ (ਕਣਕ ਕੱਢਣ ਵਾਲ਼ੀਆਂ ਪੁਰਾਣੀਆਂ ਮਸ਼ੀਨਾਂ) ਦੇ ਟੋਕਿਆਂ (ਦਾਤਾਂ) ਨੂੰ ਤਿੱਖੇ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਇਸ ਤਰ੍ਹਾਂ ਸੰਦ ਤਿੱਖੇ ਕਰਨ ਮੌਕੇ ਲੁਹਾਰਾਂ-ਮਿਸਤਰੀਆਂ ਦੇ ਘਰਾਂ 'ਚ ਲੱਗਣ ਵਾਲੀਆਂ ਭੀੜਾਂ 'ਚ ਹੋਣ ਵਾਲਾ ਹਾਸਾ-ਠੱਠਾ ਭਾਈਚਾਰਕ ਸਾਂਝ ਪੈਦਾ ਕਰਨ ਵਾਲਾ ਮਾਹੌਲ ਸਿਰਜਦਾ ਸੀ। ਪਰ ਅਜੋਕੇ ਦੌਰ 'ਚ ਕੰਬਾਈਨਾਂ, ਰੀਪਰਾਂ ਤੇ ਤੂੜੀਆਂ ਵਾਲੀਆਂ ਮਸ਼ੀਨਾਂ ਨੇ ਜਿੱਥੇ ਕੰਮ ਸੁਖਾਲਾ ਕਰ ਦਿੱਤਾ ਹੈ, ਉੱਥੇ ਆਪਣੀ ਮੋਹ ਦੀਆਂ ਤੰਦਾਂ ਨੂੰ ਵੀ ਖਾ ਲਿਆ ਹੈ।
ਫ਼ਸਲ ਦੀ ਗਹਾਈ : ਛੋਟੇ ਕਿਸਾਨਾਂ ਕੋਲ ਮਸ਼ੀਨਰੀ ਦੀ ਘਾਟ ਹੋਣ ਕਰਕੇ, ਉਹ ਵੱਡੇ ਕਿਸਾਨਾਂ ਦੀਆਂ ਡਰੰਮੀਆਂ ਨਾਲ ਕਣਕ ਦੀ ਗਹਾਈ (ਕਢਾਈ) ਕਰਦੇ ਸਨ। ਡਰੰਮੀਆਂ ਨੂੰ ਕਿਸੇ ਇਕ ਕਿਸਾਨ ਦੇ ਖੇਤ 'ਚ ਰੱਖਿਆ ਜਾਂਦਾ ਸੀ ਅਤੇ ਵਾਰੋ-ਵਾਰੀ ਵੱਡੀ ਗਿਣਤੀ 'ਚ ਕਿਸਾਨ ਮਿਲ-ਜੁਲ ਕੇ ਕਣਕ ਦੀ ਫ਼ਸਲ ਇਕ ਥਾਂ ਬੈਲ ਗੱਡੀਆਂ ਰਾਹੀਂ ਇਕੱਠੀ ਕਰਦੇ ਸਨ ਅਤੇ ਫਿਰ ਵਾਰੋ-ਵਾਰੀ ਕੱਢ ਲੈਂਦੇ ਸਨ। ਕਿਸਾਨ ਇਕ-ਦੂਜੇ ਦਾ ਹੱਥ ਵਟਾਉਂਦੇ ਸਨ। ਇਹ ਸਿਲਸਿਲਾ ਦੋ-ਤਿੰਨ ਹਫ਼ਤੇ ਚਲਦਾ ਸੀ ਅਤੇ ਖੇਤਾਂ 'ਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ।
ਕਣਕ ਤੇ ਤੂੜੀ ਦੀ ਵੰਡ : ਕਣਕ ਦੀ ਗਹਾਈ ਦੌਰਾਨ ਕਈ ਧਰਮਾਂ ਅਤੇ ਜਾਤਾਂ ਨਾਲ ਜੁੜੇ ਲੋਕਾਂ ਨੂੰ ਕਿਸਾਨਾਂ ਵੱਲੋਂ ਕਣਕ ਅਤੇ ਤੂੜੀ ਪ੍ਰਦਾਨ ਕੀਤੀ ਜਾਂਦੀ ਸੀ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਸਾਰਾ ਸਾਲ ਕਿਸਾਨ ਪਰਿਵਾਰਾਂ ਨੂੰ ਲੋੜੀਦੇ ਭਾਂਡੇ ਮੁਹੱਈਆ ਕਰਦੇ ਸਨ। ਜਿਸ ਦੇ ਬਦਲ ਵਜੋਂ ਹਾੜ੍ਹੀ ਦੇ ਦਿਨਾਂ 'ਚ ਖੇਤਾਂ 'ਚ ਜਾ ਕੇ ਕਿਸਾਨਾਂ ਤੋਂ ਤੂੜੀ ਅਤੇ ਕਣਕ ਇਕੱਠੀ ਕਰਦੇ ਸਨ ਅਤੇ ਸਾਰਾ ਸਾਲ ਇਸ ਨਾਲ ਗੁਜਾਰਾ ਕਰਦੇ ਸਨ। ਇਸੇ ਤਰ੍ਹਾਂ ਕਿਸਾਨਾਂ ਦੇ ਸੰਦਾਂ ਦਾ ਕੰਮ ਕਰਨ ਵਾਲੇ ਲੁਹਾਰਾਂ ਨੂੰ ਵੀ ਕਿਸਾਨ ਸਾਰੇ ਸਾਲ ਦੇ ਗੁਜ਼ਾਰੇ ਲਈ ਕਣਕ ਅਤੇ ਤੂੜੀ ਪ੍ਰਦਾਨ ਕਰਦੇ ਸਨ। ਵਾਲ ਅਤੇ ਦਾੜ੍ਹੀ ਕੱਟਣ ਦਾ ਕੰਮ (ਹਜ਼ਾਮਤ) ਕਰਨ ਵਾਲੇ ਨਾਈ ਜਾਤ ਦੇ ਲੋਕਾਂ ਨੂੰ ਵੀ ਕਿਸਾਨ ਤੂੜੀ ਤੇ ਕਣਕ ਮੁਹੱਈਆ ਕਰਦੇ ਸਨ। ਦੁਕਾਨਦਾਰ (ਮਹਾਜਨ) ਲੋਕਾਂ ਨੂੰ ਵੀ ਕਿਸਾਨ ਤੂੜੀ ਦਿੰਦੇ ਸਨ। ਇਸ ਤਰ੍ਹਾਂ ਬਹੁਤ ਸਾਰੇ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਹਾੜ੍ਹੀ ਦੀ ਫ਼ਸਲ ਤੋਂ ਉਮੀਦਾਂ ਹੁੰਦੀਆਂ ਸਨ, ਜਿਸ ਕਰਕੇ ਉਹ ਵਿਸਾਖ ਮਹੀਨੇ ਦੀ ਚਾਅ ਨਾਲ ਉਡੀਕ ਕਰਦੇ ਸਨ। ਅਜੋਕੇ ਦੌਰ 'ਚ ਸਭ ਕਿੱਤੇ ਪੇਸ਼ੇਵਰ ਰੂਪ ਧਾਰਨ ਕਰ ਚੁੱਕੇ ਹਨ, ਜਿਵੇਂ ਕਿ ਵਾਲ ਕੱਟਣੇ, ਮਿੱਟੀ ਦੇ ਭਾਂਡੇ ਵੇਚਣੇ, ਸੰਦਾਂ ਦੀ ਮੁਰੰਮਤ ਆਦਿ।
ਪਿੜ-ਪਾਕੀ ਅਤੇ ਰਿੜੀ : ਕਣਕ ਦੀ ਫ਼ਸਲ ਦੀ ਆਮਦ ਦੀ ਖੁਸ਼ੀ 'ਚ ਕਿਸਾਨ ਜਿੱਥੇ ਸਮਾਜ ਦੇ ਹੋਰਨਾਂ ਲੋਕਾਂ ਨੂੰ ਕਣਕ ਤੇ ਤੂੜੀ ਪ੍ਰਦਾਨ ਕਰਦੇ ਸਨ, ਉੱਥੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਖੁਸ਼ੀ 'ਚ ਕਣਕ ਦਿੰਦੇ ਸਨ। ਜਿਸ ਤਹਿਤ ਪਰਿਵਾਰ ਦੇ ਬੱਚਿਆਂ ਅਤੇ ਧੀਆਂ ਨੂੰ ਕਣਕ ਦਿੱਤੀ ਜਾਂਦੀ ਹੈ। ਜਿਸ ਨੂੰ ਮਾਲਵੇ 'ਚ ਰਿੜੀ ਕਿਹਾ ਜਾਂਦਾ ਸੀ। ਇਸ ਦੇ ਨਾਲ ਹੀ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਖ਼ਤਮ ਹੋਣ 'ਤੇ ਆਖਰੀ ਦਿਨ ਕਿਸਾਨ ਅਤੇ ਖੇਤ ਮਜ਼ਦੂਰ (ਸੀਰੀ-ਸਾਂਝੀ) ਮਿਲ ਕੇ ਜਸ਼ਨ ਮਨਾਉਂਦੇ ਸਨ ਅਤੇ ਘਰ 'ਚ ਸੁਆਣੀਆਂ ਕੋਈ ਮਿੱਠਾ ਪਕਵਾਨ ਬਣਾਉਂਦੀਆਂ ਸਨ। ਇਸ ਤਰ੍ਹਾਂ ਘਰ ਦਾ ਹਰੇਕ ਜੀਅ ਕਣਕ ਦੀ ਆਮਦ ਦੀ ਖੁਸ਼ੀ 'ਚ ਸ਼ਰੀਕ ਹੋ ਜਾਂਦਾ ਸੀ।
ਅਜੋਕਾ ਦੌਰ : ਆਧੁਨਿਕ ਦੌਰ 'ਚ ਖੇਤੀਬਾੜੀ ਦੀ ਮਸ਼ੀਨਰੀ ਦੀ ਬਹੁਤਾਤ ਨੇ ਜਿੱਥੇ ਕਿਸਾਨੀ ਜੀਵਨ ਨੂੰ ਸੁਖਾਲਾ ਅਤੇ ਤੇਜ਼ ਬਣਾ ਦਿੱਤਾ ਹੈ, ਉੱਥੇ ਇਸ ਨੇ ਭਾਈਚਾਰਕ ਸਾਂਝ ਵਾਲਾ ਮਾਹੌਲ ਸਿਰਜਣ ਦੇ ਮੌਕੇ ਵੀ ਖੋਹ ਲਏ ਹਨ। ਅਜੋਕੇ ਦੌਰ 'ਚ ਹਾੜ੍ਹੀ ਦੀ ਫ਼ਸਲ ਦੀ ਕਟਾਈ-ਗਹਾਈ ਦਾ ਕੰਮ ਤਕਰੀਬਨ ਇਕ ਹਫਤੇ ਤੋਂ 10 ਦਿਨਾਂ 'ਚ ਖ਼ਤਮ ਹੋ ਜਾਂਦਾ ਹੈ। ਮਸ਼ੀਨੀ ਯੁੱਗ ਹੋਣ ਕਰਕੇ ਮਨੁੱਖੀ ਸ਼ਕਤੀ ਦੀ ਲੋੜ ਬਹੁਤ ਘੱਟ ਗਈ ਹੈ। ਕਿਸਾਨ ਸਿੱਧੀ ਕੰਬਾਈਨ ਨਾਲ ਕਣਕ ਕੱਢਦੇ ਹਨ ਅਤੇ ਨਾਲੋ-ਨਾਲ ਹੀ ਟਰਾਲੀਆਂ 'ਚ ਪਾ ਕੇ, ਮੰਡੀਆਂ ਅਤੇ ਘਰਾਂ 'ਚ ਪਹੁੰਚਾ ਦਿੰਦੇ ਹਨ। ਇਸ ਦੌਰਾਨ ਸਿਰਫ ਮਸ਼ੀਨਰੀ ਦਾ ਅਦਾਨ-ਪ੍ਰਦਾਨ ਕਿਸਾਨਾਂ 'ਚ ਜ਼ਰੂਰ ਹੁੰਦਾ ਹੈ ਪਰ ਪਹਿਲਾ ਵਾਲਾ ਮਾਹੌਲ ਨਹੀਂ ਸਿਰਜਿਆ ਜਾਂਦਾ।


-ਪਟਿਆਲਾ। ਮੋਬਾਈਲ : 94784-70575.

ਕਣਕ ਦੀ ਵਾਢੀ ਤੇ ਝੋਨੇ ਦੀ ਬਿਜਾਈ ਲਈ ਯੋਜਨਾਬੰਦੀ

ਕਣਕ ਭਾਰਤ ਦੀ ਅਹਿਮ ਅਨਾਜ ਫ਼ਸਲ ਹੈ ਜੋ ਉੱਤਰੀ ਅਤੇ ਉੱਤਰ ਪੱਛਮੀ ਇਲਾਕਿਆਂ ਦੇ ਕਰੋੜਾਂ ਵਿਅਕਤੀਆਂ ਲਈ ਖੁਰਾਕ ਦਾ ਸਾਧਨ ਹੈ। ਇਹ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ। ਰੂਸ, ਅਮਰੀਕਾ ਤੇ ਚੀਨ ਨੂੰ ਛੱਡ ਕੇ ਭਾਰਤ ਵਿਸ਼ਵ 'ਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਹੈ। ਵਿਸ਼ਵ ਦੀ ਕੁੱਲ ਕਣਕ ਦਾ 9-10 ਪ੍ਰਤੀਸ਼ਤ ਉਤਪਾਦਨ ਭਾਰਤ 'ਚ ਹੀ ਹੁੰਦਾ ਹੈ। ਦੂਜੀਆਂ ਫ਼ਸਲਾਂ ਦੇ ਮੁਕਾਬਲੇ ਕਣਕ ਬੜੀ ਸੁਰੱਖਿਅਤ ਫ਼ਸਲ ਹੈ ਜਿਸ ਦੇ ਉਤਪਾਦਨ ਵਿਚ ਬੜਾ ਘੱਟ ਉਤਰਾਅ -ਚੜ੍ਹਾਅ ਆਉਂਦਾ ਹੈ। ਇਹ ਇਕ ਯਕੀਨੀ ਫਸਲ ਹੈ। ਇਸ ਲਈ ਇਸ ਜ਼ੋਨ 'ਚ ਹਰ ਛੋਟਾ-ਵੱਡਾ ਕਿਸਾਨ ਹਾੜ੍ਹੀ ਦੀ ਇਹ ਫ਼ਸਲ ਬੀਜਦਾ ਹੈ। ਕਣਕ ਨੂੰ ਪਾਣੀ ਦੀ ਵੀ ਘੱਟ ਲੋੜ ਹੈ।
ਅੱਜਕਲ੍ਹ ਕਣਕ ਦੀ ਵਾਢੀ ਪੂਰੇ ਜੋਬਨ 'ਤੇ ਹੈ। ਇਸ ਸਾਲ ਕਣਕ ਦੀ ਫ਼ਸਲ ਲਈ ਵਾਤਾਵਰਨ ਬੜਾ ਅਨੁਕੂਲ ਰਿਹਾ ਅਤੇ ਬਿਮਾਰੀ ਜਾਂ ਪੀਲੀ ਕੁੰਗੀ ਦਾ ਹਮਲਾ ਵੀ ਬਹੁਤ ਘੱਟ ਹੋਇਆ ਹੈ। ਭਾਰਤ ਸਰਕਾਰ ਦੇ ਕਣਕ ਤੇ ਜੌਂ ਬਾਰੇ ਖੋਜ ਸੰਸਥਾਨ ਦੇ ਡਾਇਰੈਕਟਰ ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਸ ਸਾਲ ਕਣਕ ਦਾ 98 ਮਿਲੀਅਨ ਟਨ ਉਤਪਾਦਨ ਹੋਣ ਦਾ ਅਨੁਮਾਨ ਹੈ। ਇਹ ਹੁਣ ਤੱਕ ਦਾ ਰਿਕਾਰਡ ਉਤਪਦਾਨ ਹੋਵੇਗਾ। ਇਸ ਤੋਂ ਪਹਿਲਾਂ ਸਭ ਸਾਲਾਂ ਨਾਲੋਂ ਵੱਧ ਉਤਪਾਦਨ ਸੰਨ 2012-13 ਵਿਚ 95.6 ਮਿਲੀਅਨ ਟਨ ਹੋਇਆ ਸੀ। ਪਿਛਲੇ ਸਾਲ ਉਤਪਾਦਨ 93.6 ਮਿਲੀਅਨ ਟਨ ਸੀ। ਡਾ: ਸਿੰਘ ਕਹਿੰਦੇ ਹਨ ਕਿ ਲੰਮੇ ਸਮੇਂ ਲਈ ਖੁਰਾਕ ਦੀ ਸੁਰੱਖਿਆ ਯਕੀਨੀ ਕਰਨ ਪੱਖੋਂ ਕਣਕ ਦੀ ਫ਼ਸਲ ਨੂੰ ਹੰਡਣਸਾਰ ਬਣਾਉਣਾ ਜ਼ਰੂਰੀ ਹੈ। ਖੇਤੀ ਵਿਗਿਆਨੀਆਂ ਨੇ ਵੱਖੋ-ਵੱਖ ਸਮੇਂ ਲੋੜ ਅਨੁਸਾਰ ਡਬਲਿਯੂ ਐਲ 711, ਐਚ ਡੀ - 2329, ਪੀ ਬੀ ਡਬਲਿਯੂ -343, ਐਚ ਡੀ - 2967, ਐਚ ਡੀ -3086 ਅਤੇ ਪਿੱਛੇ ਜਿਹੇ ਕਿਸਮਾਂ ਦੀ ਵਿਭਿੰਨਤਾ ਲਈ ਪੀ ਬੀ ਡਬਲਿਊ - 725 ਤੇ ਡਬਲਿਊ ਬੀ -02 ਅਤੇ ਪਰਾਲੀ ਨੂੰ ਅੱਗ ਲਗਾਏ ਬਿਨਾਂ ਜ਼ੀਰੋ ਡਰਿਲ ਤਕਨੀਕ ਨਾਲ ਬੀਜਣ ਲਈ ਐਚ ਡੀ ਸੀ ਐਸ ਡਬਲਿਯੂ -18 ਤੇ ਐਚ ਡੀ - 3117 ਜਿਹੀਆਂ ਕਿਸਮਾਂ ਵਿਕਸਿਤ ਕਰਕੇ ਕਣਕ ਦੀ ਆਰਥਿਕਤਾ ਦਾ ਵਿਕਾਸ ਕਰਦਿਆਂ ਹੋਇਆਂ ਵਧ ਰਹੀ ਖੁਰਾਕ ਦੀ ਲੋੜ ਨੂੰ ਪੂਰਾ ਕੀਤਾ ਅਤੇ ਸਬਜ਼ ਇਨਕਲਾਬ ਦੇ ਕਾਰਜ - ਕਰਤਾ ਪੰਜਾਬ ਦੇ ਮਿਹਨਤੀ ਅਤੇ ਅਗਾਂਹਵਧੂ ਕਿਸਾਨਾਂ ਨੇ ਇਨ੍ਹਾਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਨੂੰ ਅਪਣਾ ਕੇ 51 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਦੀ ਉਤਪਾਦਕਤਾ ਦੀ ਪ੍ਰਾਪਤੀ ਕੀਤੀ।
ਪੰਜਾਬ 'ਚ ਇਸ ਵਾਰ 3.5 ਮਿਲੀਅਨ ਹੈਕਟੇਅਰ ਰਕਬੇ 'ਤੇ ਵਾਢੀ ਹੋ ਰਹੀ ਹੈ। ਬਹੁਤ ਵੱਡੇ ਰਕਬੇ ਤੇ ਕੰਬਾਈਨ ਹਾਰਵੈਸਟਰਾਂ ਨਾਲ ਫ਼ਸਲ ਦੀ ਕਟਾਈ ਹੋਵੇਗੀ। ਕੰਬਾਈਨਾਂ ਵਾਲੇ 1100 ਰੁਪਏ ਪ੍ਰਤੀ ਏਕੜ ਕਿਰਾਇਆ ਲੈ ਰਹੇ ਹਨ। ਐਵੇਂ ਨਾ-ਮਾਤਰ ਰਕਬਾ ਹੀ ਹੱਥੀਂ ਵੱਢਿਆ ਜਾਵੇਗਾ। ਹੱਥੀਂ ਵਢਾਈ ਕੰਬਾਈਨ ਹਾਰਵੈਸਟਰ ਨਾਲੋਂ ਮਹਿੰਗੀ ਪੈਂਦੀ ਹੈ। ਫੇਰ ਹੁਣ ਕੰਬਾਈਨ ਨਾਲ ਵੱਡੇ ਖੇਤਾਂ ਚੋਂ ਤੂੜੀ ਬਣਾਉਣ ਲਈ ਮਸ਼ੀਨਾਂ ਵੀ ਉਪਲੱਬਧ ਹਨ। ਇਸੇ ਲਈ ਇਸ ਸਾਲ ਖੇਤ ਮਜ਼ਦੂਰਾਂ ਦੀ ਘਾਟ ਮਹਿਸੂਸ ਨਹੀਂ ਕੀਤੀ ਜਾ ਰਹੀ, ਜਦੋਂ ਕਿ ਪਿਛਲੇ ਸਾਲਾਂ 'ਚ ਖੇਤ ਮਜ਼ਦੂਰ ਘੱਟ ਹੋਣ ਕਾਰਨ ਦਿਹਾੜੀ ਵੀ ਸਿਖਰਾਂ 'ਤੇ ਪਹੁੰਚਦੀ ਰਹੀ ਹੈ। ਕਣਕ ਦਾ ਝਾੜ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਆ ਰਿਹਾ ਹੈ। ਐਚ ਡੀ -3086 ਕਿਸਮ ਦਾ ਝਾੜ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਆਉਣ ਦੀਆਂ ਰਿਪੋਰਟਾਂ ਹਨ। ਅਗਾਂਹਵਧੂ ਕਿਸਾਨ ਸੰਦੀਪ ਸਿੰਘ ਭੱਦਲਵੱਡ, ਬਲਬੀਰ ਸਿੰਘ ਜੜ੍ਹੀਆ ਧਰਮਗੜ੍ਹ ਅਤੇ ਹਰਜਿੰਦਰ ਪਾਲ ਸਿੰਘ ਲਾਡੋਵਾਲ ਦੇ ਖੇਤਾਂ 'ਚ ਐਚ ਡੀ 3086 ਕਿਸਮ ਦੀ ਉਤਪਾਦਕਤਾ 26 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਗਈ। ਆਮ ਕਿਸਾਨਾਂ ਨੇ ਤਾਂ ਐਤਕੀਂ ਐਚ ਡੀ - 2967 ਕਿਸਮ ਲਾਈ ਸੀ ਕਿਉਂਕਿ ਪਿਛਲੇ ਸਾਲ ਇਸ ਦੀ ਉਤਪਾਦਕਤਾ ਸਭ ਕਿਸਮਾਂ ਨਾਲੋਂ ਵੱਧ ਸੀ। ਪਰ ਇਸ ਸਾਲ ਇਸ ਕਿਸਮ ਦਾ ਝਾੜ 22-25 ਕੁਇੰਟਲ ਪ੍ਰਤੀ ਏਕੜ ਆ ਰਿਹਾ ਹੈ। ਵਿਗਿਆਨੀ ਇਸ ਦਾ ਕਾਰਨ ਮਾਰਚ ਦੇ ਤੀਜੇ ਚੌਥੇ ਹਫ਼ਤੇ ਦੌਰਾਨ ਤਾਪਮਾਨ ਦਾ ਵਧਣਾ ਦੱਸਦੇ ਹਨ। ਉਸ ਤੋਂ ਬਾਅਦ ਪਈ ਠੰਢ ਨੇ ਐਚ ਡੀ 3086 ਕਿਸਮ ਨੂੰ ਲਾਭ ਪਹੁੰਚਾਇਆ ਅਤੇ ਵਧੇ ਤਾਪਮਾਨ ਨੇ ਇਸ ਕਿਸਮ ਦੀ ਫ਼ਸਲ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ। ਫਿਰ ਬਾਰਿਸ਼ਾਂ ਤੇ ਹਨੇਰੀਆਂ ਦੌਰਾਨ ਐਚ ਡੀ - 3086 ਕਿਸਮ ਡਿੱਗੀ ਨਹੀਂ। ਦੂਜੀਆਂ ਕਿਸਮਾਂ ਜਿਵੇਂ ਕਿ ਡਬਲਿਯੂ ਐਚ - 1105 ਅਤੇ ਪੀ ਬੀ ਡਬਲਿਯੂ -725 ਕਿਸਮਾਂ ਦਾ ਝਾੜ ਤੀਜੇ ਨੰਬਰ ਤੇ 20-22 ਕੁਇੰਟਲ ਦੇ ਦਰਮਿਆਨ ਰਿਹਾ। ਸਟੇਟ ਐਵਾਰਡੀ ਤੇ ਆਈ ਸੀ ਏ ਆਰ -ਆਈ ਏ ਆਰ ਆਈ ਤੋਂ ਸਨਮਾਨਿਤ ਰਾਜ ਮੋਹਨ ਸਿੰਘ ਕਾਲੇਕਾ ਅਤੇ ਪ੍ਰੀਤਮ ਸਿੰਘ ਅਲਾਣਾ ਖੁਰਦ ਨੇ ਅੱਧੇ -ਅੱਧੇ ਰਕਬੇ ਤੇ ਐਚ ਡੀ - 3086 ਅਤੇ ਐਚ ਡੀ - 2967 ਕਿਸਮਾਂ ਬੀਜ ਕੇ ਔਸਤ 25 ਕੁਇੰਟਲ ਪ੍ਰਤੀ ਏਕੜ ਦੀ ਪ੍ਰਾਪਤ ਕੀਤੀ। ਪੂਸਾ ਦੇ ਪ੍ਰਮੁੱਖ ਵਿਗਿਆਨੀ ਅਤੇ ਕਣਕ ਦੇ ਬਰੀਡਰ ਡਾ: ਰਾਜਬੀਰ ਯਾਦਵ ਅਨੁਸਾਰ ਜ਼ੀਰੋ ਡਰਿਲ ਤਕਨੀਕ ਨਾਲ ਬੀਜੀ ਐਚ ਡੀ ਸੀ ਐਸ ਡਬਲਿਯੂ-18 ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਆ ਰਿਹਾ ਹੈ। ਭਾਵੇਂ ਇਸ ਕਿਸਮ ਦੀ ਕਾਸ਼ਤ ਬਹੁਤ ਸੀਮਿਤ ਰਕਬੇ 'ਤੇ ਕੀਤੀ ਗਈ ਹੈ।
ਇਸ ਸਾਲ ਕਣਕ ਦੇ ਮੰਡੀਕਰਨ 'ਚ ਕਿਸਾਨਾਂ ਨੂੰ ਕੋਈ ਵਿਸ਼ੇਸ਼ ਸਮੱਸਿਆ ਨਹੀਂ ਆ ਰਹੀ। ਮੌਸਮ ਠੀਕ ਹੋਣ ਕਾਰਨ ਮੰਡੀ 'ਚ ਪਹੁੰਚੀ ਕਣਕ ਦੀ ਨਮੀ 11-12 ਪ੍ਰਤੀਸ਼ਤ ਤੋਂ ਵੱਧ ਨਾ ਹੋਣ ਕਾਰਨ ਸਰਕਾਰੀ ਏਜੰਸੀਆਂ 1625 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ 'ਤੇ ਖਰੀਦ ਰਹੀਆਂ ਹਨ। ਬਹੁਤ ਸਾਰੀਆਂ ਮੰਡੀਆਂ ਵਿਚ ਸ਼ਹਿਰਾਂ ਦੇ ਖਪਤਕਾਰਾਂ ਤੇ ਚੱਕੀਆਂ ਵਾਲਿਆਂ ਨੂੰ ਕਣਕ ਆੜ੍ਹਤੀਆਂ ਰਾਹੀਂ 1750 ਰੁਪਏ ਪ੍ਰਤੀ ਕੁਇੰਟਲ ਤੇ ਉਪਲੱਬਧ ਹੋ ਰਹੀ ਹੈ। ਮਾਰਕੀਟ ਕਮੇਟੀਆਂ ਦੀ ਮਿਲੀ ਭੁਗਤ ਨਾਲ ਆੜ੍ਹਤੀਏ ਕਿਸਾਨਾਂ ਦੀ ਕਣਕ ਮੰਡੀ 'ਚ ਆਉਣ ਉਪਰੰਤ ਹੀ ਸ਼ਹਿਰ ਦੇ ਖਪਤਕਾਰਾਂ ਨੁੂੰ 125 ਰੁਪਏ ਕੁਇੰਟਲ ਦਾ ਮੁਨਾਫਾ ਲੈ ਕੇ ਵੇਚ ਦਿੰਦੇ ਹਨ।
ਇਸ ਨਾਲ ਕਿਸਾਨਾਂ ਨੂੰ ਵੱਟਤ ਦੀ ਅਦਾਇਗੀ ਤੁਰੰਤ ਹੋ ਜਾਣ ਕਾਰਨ ਉਹ ਸਾਉਣੀ ਦੀ ਬਿਜਾਈ ਲਈ ਵੀ ਨਾਲ ਦੀ ਨਾਲ ਤਿਆਰੀ ਕਰ ਰਹੇ ਹਨ। ਬਹੁਤੇ ਕਿਸਾਨ ਬਾਸਮਤੀ ਦੀਆਂ ਨਵੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਣ ਵਾਲੀਆਂ ਪੀ ਬੀ - 1728, ਪੀ ਬੀ -1637 ਅਤੇ ਸਭ ਤੋਂ ਵਧੀਆ ਗੁਣਵੱਤਾ ਵਾਲੇ ਚੌਲਾਂ ਦੀ ਪੀ ਬੀ -6 ਕਿਸਮਾਂ ਬੀਜਣ ਨੂੰ ਤਰਜੀਹ ਦਿੰਦੇ ਹਨ। ਝੋਨੇ ਦੀਆਂ ਪੂਸਾ -44 ਤੇ ਪੀ ਆਰ - 126 ਕਿਸਮਾਂ ਤੋਂ ਇਲਾਵਾ ਨਿੱਜੀ ਖੇਤਰ 'ਚ ਵਿਕਸਿਤ 901 ਕਿਸਮ ਵੀ ਕਿਸਾਨ ਬੀਜਣਾ ਪਸੰਦ ਕਰਦੇ ਹਨ। ਖੇਤੀਬਾੜੀ ਵਿਭਾਗ ਵੱਲੋਂ ਚੋਣਵੇਂ ਪਿੰਡਾਂ 'ਚ ਕਿਸਾਨ ਸਿਖਲਾਈ ਕੈਂਪ ਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਪਿਛਲੇ ਸਾਲਾਂ ਦੀ ਰਵਾਇਤ ਨੂੰ ਤਿਲਾਂਜਲੀ ਦੇ ਕੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਊਬਨਲ ਵੱਲੋਂ ਵਾਤਾਵਰਨ ਨੂੰ ਧੂੰਆਂ-ਰਹਿਤ, ਸ਼ੁੱਧ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ 'ਚ ਪਟਿਆਲਾ ਜ਼ਿਲ੍ਹਾ ਅਤੇ ਹਰਿਆਣਾ 'ਚ ਕਰਨਾਲ ਜ਼ਿਲ੍ਹਾ ਨੂੰ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਉੱਕਾ ਹੀ ਅੱਗ ਨਾ ਲਾ ਕੇ ਪ੍ਰਦੂਸ਼ਣ ਰਹਿਤ ਮਾਡਲ ਬਣਾਉਣ ਦਾ ਨਿਸ਼ਾਨਾ ਰੱਖਿਆ ਗਿਆ ਹੈ। ਛੋਟੇ ਕਿਸਾਨਾਂ ਜਿਨ੍ਹਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਉਪਰੰਤ ਵੱਧ ਵਾਹੀ ਕਰ ਕੇ ਵਧੀਕ ਖਰਚਾ ਕਰਨਾ ਪੈਂਦਾ ਹੈ, ਸਰਕਾਰ ਵੱਲੋਂ ਉਸ ਲਈ ਵੀ ਅਜਿਹੇ ਕਿਸਾਨਾਂ ਨੂੰ ਮਾਲੀ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ। ਵਾਹੀ ਤੋਂ ਬਾਅਦ ਨਾੜ ਦੇ ਕਤਰਿਆਂ ਨੂੰ ਗਾਲਣ ਲਈ ਟਿਊਬਵੈੱਲਾਂ ਦਾ ਪਾਣੀ ਲੋੜੀਂਦਾ ਹੈ ਜਿਸ ਲਈ ਕਿਸਾਨਾਂ ਨੂੰ ਬਿਜਲੀ ਦੀ ਉਪਲੱਬਧਤਾ ਹੋਣੀ ਚਾਹੀਦੀ ਹੈ।
ਸਾਉਣੀ 'ਚ ਪਾਣੀ ਦੀ ਬੱਚਤ ਪੱਖੋਂ ਫ਼ਸਲੀ ਵਿਭਿੰਨਤਾ ਲਿਆਉਣ ਦੀ ਲੋੜ ਹੈ ਜੋ ਘੱਟੋ-ਘੱਟ ਝੋਨੇ ਦੇ ਕਾਸ਼ਤ ਥੱਲਿਉਂ 25-30 ਪ੍ਰਤੀਸ਼ਤ ਰਕਬਾ ਕੱਢ ਕੇ ਬਾਸਮਤੀ ਕਿਸਮਾਂ ਦੀ ਕਾਸ਼ਤ ਥੱਲੇ ਲਿਆਂਦਾ ਜਾਵੇ। ਸਰਕਾਰ ਬਾਸਮਤੀ ਦਾ ਘੱਟੋ -ਘੱਟ ਸਮਰਥਨ ਮੁੱਲ ਦਿਵਾਉਣ ਲਈ ਕਿਸਾਨਾਂ ਨੂੰ ਯਕੀਨ ਦਿਵਾਏ ਤਾਂ ਹੀ ਇਸ ਖੇਤਰ 'ਚ ਸਫਲਤਾ ਮਿਲਣੀ ਸੰਭਾਵਕ ਹੋਵੇਗੀ।


-ਮੋਬਾ: 98152-36307

ਕਦੇ ਮੇਲਿਆਂ ਦੇ ਅੰਤ 'ਚ ਹੁੰਦੇ ਸਨ ਕੁੱਕੜ ਮੁਕਾਬਲੇ

ਕਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਹੀ ਖੇਡਾਂ ਹੁੰਦੀਆਂ ਸਨ ਤੇ ਕਈ ਸ਼ੌਕ ਵੀ ਸਨ, ਜੋ ਅੱਜ ਕਿਧਰੇ ਵਿਖਾਈ ਨਹੀਂ ਦਿੰਦੇ। ਇਨ੍ਹਾਂ 'ਚੋਂ ਇਕ ਸੀ ਕੁੱਕੜ ਮੁਕਾਬਲੇ ਦਾ ਸ਼ੌਕ। ਪਹਿਲਾਂ ਦੇ ਵੇਲਿਆਂ 'ਚ ਲੋਕ ਕੁੱਕੜਾਂ ਨੂੰ ਚੰਗਾ ਦਾਣਾ-ਪਾਣੀ, ਖ਼ੁਰਾਕ ਤੇ ਹੋਰ ਪੋਸ਼ਟਿਕ ਆਹਾਰ ਦੇ ਕੇ ਸ਼ੌਕ ਨਾਲ ਪਾਲਦੇ ਸਨ ਤੇ ਇਨ੍ਹਾਂ ਦੇ ਮੁਕਾਬਲਿਆਂ 'ਚ ਆਪਣਾ ਨਾਂਅ ਚਮਕਾਉਂਦੇ ਸਨ। ਆਪਣੇ ਬਚਪਨ 'ਚ ਮੈਂ ਪਿੰਡ ਦੀ ਸਾਂਝੀ ਜਗ੍ਹਾ 'ਚ ਕੁੱਕੜਾਂ ਦੇ ਮੁਕਾਬਲੇ ਵੇਖਿਆ ਕਰਦਾ ਸੀ। ਮੇਰੇ ਵੇਖਣ ਅਨੁਸਾਰ ਜਦੋਂ ਕੁੱਕੜ ਆਪਸ 'ਚ ਲੜਨਾ ਸ਼ੁਰੂ ਕਰ ਦਿੰਦੇ ਸਨ ਤਾਂ ਲਹੂ-ਲੁਹਾਣ ਹੋ ਜਾਂਦੇ ਸਨ ਤੇ ਦੇਖਦੇ ਹੀ ਦੇਖਦੇ ਮੁਕਾਬਲੇ ਪੂਰੇ ਭਖ ਜਾਂਦੇ ਸਨ ਤੇ ਅੰਤ ਇਕ ਕੁੱਕੜ ਹਾਰ ਮੰਨ ਜਾਂਦਾ ਸੀ। ਕਈ ਵਾਰ ਤਾਂ ਇਹ ਮੁਕਾਬਲੇ ਕਈ-ਕਈ ਘੰਟੇ ਤੱਕ ਵੀ ਚਲਦੇ ਰਹਿੰਦੇ ਸਨ। ਮੁਕਾਬਲਿਆਂ 'ਚ ਜੇਤੂ ਕੁੱਕੜ ਦੇ ਮਾਲਕ ਨੂੰ ਬਿਹਤਰੀਨ ਇਨਾਮ ਵੀ ਦਿੱਤੇ ਜਾਂਦੇ ਸਨ। ਪਰ ਅੱਜ ਲੋਕਾਂ ਵਿਚ ਇਨ੍ਹਾਂ ਸ਼ੌਕਾਂ ਪ੍ਰਤੀ ਕੋਈ ਖ਼ਾਸ ਰੁਚੀ ਨਹੀਂ ਰਹੀ। ਲੋਕਾਂ ਵਿਚ ਵਧਦੀ ਪੈਸੇ ਦੀ ਲੋੜ ਤੇ ਸਮੇਂ ਦੀ ਘਾਟ ਨੇ ਮਨੁੱਖ ਨੂੰ ਏਨਾ ਵਿਅਸਤ ਕਰ ਦਿੱਤਾ ਹੈ ਕਿ ਸ਼ੌਕ ਪਾਲਣਾ ਅੱਜ ਕਿਸੇ ਮਾੜੇ-ਮੋਟੇ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਅੱਜ ਦੇ ਬਦਲਦੇ ਸਮਾਜ ਵਿਚ ਇਹ ਮੁਕਾਬਲੇ ਹੋਣੇ ਬੰਦ ਹੋ ਗਏ ਹਨ। ਅੱਜ ਦੇ ਸਮੇਂ ਵਿਚ ਲੋਕਾਂ 'ਚ ਆਪਸੀ ਤਕਰਾਰ ਵਧ ਰਹੀ ਹੈ, ਜਿਸ ਦੇ ਚਲਦਿਆਂ ਅਜਿਹੇ ਸ਼ੌਕ ਘਰਾਂ ਤੱਕ ਹੀ ਸੀਮਤ ਰਹਿ ਗਏ ਹਨ।
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਤੇ ਕੋਈ ਸਾਂਝਾ ਸਮਾਗਮ ਹੁੰਦਾ ਹੈ ਤਾਂ ਲੋਕਾਂ ਦਾ ਝਗੜਾ ਹੋ ਜਾਂਦਾ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹੋ ਜਿਹੇ ਮਾਹੌਲ ਵਿਚ ਕੁੱਕੜਾਂ ਦੇ ਮੁਕਾਬਲੇ ਬੇਹੱਦ ਲੜਾਈ ਦਾ ਰੂਪ ਧਾਰਨ ਕਰ ਲੈਂਦੇ ਹਨ, ਜਿਨ੍ਹਾਂ ਕਰਕੇ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਜ਼ਿਆਦਾ ਮਨਜ਼ੂਰੀ ਨਹੀਂ ਮਿਲ ਰਹੀ। ਪਹਿਲਾਂ ਦੇ ਸਮੇਂ ਵਿਚ ਲੋਕਾਂ ਦਾ ਇਨ੍ਹਾਂ ਮੁਕਾਬਲਿਆਂ ਨੂੰ ਵੇਖਣ ਲਈ ਭਾਰੀ ਇਕੱਠ ਹੋ ਜਾਂਦਾ ਸੀ ਤੇ ਇਹ ਮੁਕਾਬਲੇ ਕਿਸੇ ਵੀ ਮੇਲੇ ਜਾਂ ਸਮਾਗਮ ਦਾ ਪ੍ਰਮੁੱਖ ਹਿੱਸਾ ਮੰਨੇ ਜਾਂਦੇ ਸਨ। ਪਰ ਅੱਜ ਲੋਕਾਂ ਦਾ ਇਸ ਖੇਡ ਨੂੰ ਵੇਖਣ ਦਾ ਨਜ਼ਰੀਆ ਵੀ ਬਦਲ ਗਿਆ ਹੈ। ਅੱਜ ਦੇ ਲੋਕ ਇਸ ਖੇਡ ਨੂੰ ਆਪਣੇ ਮਨੋਰੰਜਨ ਲਈ ਨਹੀਂ, ਸਗੋਂ ਆਪਣੀ ਰੰਜਸ਼ ਕੱਢਣ ਲਈ ਵਰਤ ਰਹੇ ਹਨ। ਇਹੋ ਜਿਹੇ ਮਾਹੌਲ 'ਚ ਜ਼ਰੂਰੀ ਹੈ ਕਿ ਸਾਨੂੰ ਆਪਸੀ ਵੈਰ-ਵਿਰੋਧ ਭੁੱਲ ਕੇ ਇਸ ਖੇਡ ਨੂੰ ਮੋਹ-ਪਿਆਰ ਨਾਲ ਵੇਖਦਿਆਂ ਹੋਰ ਅੱਗੇ ਵਧਾਉਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀਆਂ ਹੋਰਨਾਂ ਖੇਡਾਂ ਵਾਂਗ ਕੁੱਕੜ ਮੁਕਾਬਲੇ ਵੀ ਬਿਲਕੁਲ ਅਲੋਪ ਨਾ ਹੋ ਸਕਣ।


-ਪਿੰਡ ਤੇ ਡਾਕ: ਭੰਗਚੜੀ (ਸ੍ਰੀ ਮੁਕਤਸਰ ਸਾਹਿਬ)। ਮੋਬਾ: 95015-08202

ਨਰਮੇ-ਕਪਾਹ ਦੇ ਵਧੇਰੇ ਝਾੜ ਲਈ ਖੇਤੀ ਸਰੋਤਾਂ ਦੀ ਸੁਚੱਜੀ ਵਰਤੋਂ

(ਲੜੀ ਜੋੜਨ ਲਈ ਪਿਛਲੇ ਵੀਰਵਾਰ ਦਾ ਅੰਕ ਦੇਖੋ)
ਪਨੀਰੀ ਰਾਹੀਂ ਬਿਜਾਈ
ਖੇਤ ਵਿਚ ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਮਿੱਟੀ ਅਤੇ ਰੂੜੀ ਬਰਾਬਰ ਅਨੁਪਾਤ ਦੇ ਮਿਸ਼ਰਣ ਨਾਲ ਭਰ ਕੇ ਪਨੀਰੀ ਉਗਾਓ। ਇਸ ਤਕਨੀਕ ਨਾਲ ਜ਼ਿਆਦਾ ਗਰਮੀ ਪੈਣ ਕਾਰਨ ਸੜੇ ਹੋਏ ਬੂਟਿਆਂ ਦੀ ਥਾਂ ਪਨੀਰੀ ਨਾਲ ਨਵੇਂ ਪੌਦੇ ਭਰ ਦੇਣ ਨਾਲ ਝਾੜ ਵਿਚ ਵਾਧਾ ਕੀਤਾ ਜਾ ਸਕਦਾ ਹੈ। ਪਨੀਰੀ ਲਈ ਲਿਫ਼ਾਫ਼ੇ ਉਥੇ ਭਰੋ ਜਿਥੇ ਦਿਨ ਦੌਰਾਨ ਘੱਟੋ-ਘੱਟ 3-4 ਘੰਟੇ ਲਈ ਧੁੱਪ ਜ਼ਰੂਰ ਆਉਂਦੀ ਹੋਵੇ, ਨਹੀਂ ਤਾਂ ਛਾਂ ਵਿਚ ਪੈਦਾ ਕੀਤੀ ਨਰਸਰੀ ਨੂੰ ਖੇਤ ਵਿਚ ਸਫ਼ਲਤਾਪੂਰਵਕ ਵਧਣ-ਫੁਲਣ ਵਿਚ ਮੁਸ਼ਕਿਲ ਆਉਂਦੀ ਹੈ। ਪਨੀਰੀ ਨੂੰ ਅਸਲ ਬਿਜਾਈ ਤੋਂ 1-2 ਦਿਨਾਂ ਦੀ ਅਗੇਤ-ਪਿਛੇਤ ਨਾਲ ਹੀ ਬੀਜ ਲੈਣਾ ਚਾਹੀਦਾ ਹੈ ਤਾਂ ਜੋ ਬੂਟੇ ਆਮ ਫਸਲ ਦੇ ਨਾਲ ਰਲ ਸਕਣ।
ਖਾਦਾਂ ਦੀ ਮਾਤਰਾ ਤੇ ਪਾਉਣ ਦਾ ਸਮਾਂ
ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਖਾਦਾਂ ਨੂੰ ਸਹੀ ਮਾਤਰਾ ਅਤੇ ਸਹੀ ਸਮੇਂ 'ਤੇ ਪਾਉਣਾ ਬਹੁਤ ਜ਼ਰੂਰੀ ਹੈ। ਨਰਮੇ ਅਤੇ ਕਪਾਹ ਦੀਆਂ ਸਾਰੀਆਂ ਕਿਸਮਾਂ ਲਈ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਦੀ ਵਰਤੋਂ ਕਰੋ। ਦੋਗਲੀਆਂ ਕਿਸਮਾਂ ਨੂੰ 60 ਕਿਲੋ ਨਾਈਟ੍ਰੋਜਨ (130 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀ.ਏ.ਪੀ.) ਪ੍ਰਤੀ ਏਕੜ ਪਾਓ। ਨਰਮੇ ਦੀਆਂ ਬੀ.ਟੀ. ਕਿਸਮਾਂ ਲਈ ਵੀ ਦੋਗਲੀਆਂ ਕਿਸਮਾਂ ਵਾਂਗ 60 ਕਿਲੋ ਨਾਈਟ੍ਰੋਜਨ ਅਤੇ 12 ਕਿਲੋ ਫਾਸਫੋਰਸ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਨਰਮਾ ਅਤੇ ਕਪਾਹ, ਕਣਕ ਮਗਰੋਂ ਬੀਜਣੇ ਹੋਣ ਜਿਸ ਨੂੰ ਸਿਫਾਰਸ਼ ਕੀਤੀ ਫਾਸਫੋਰਸ ਪਾਈ ਗਈ ਹੈ ਤਾਂ ਨਰਮੇ ਨੂੰ ਫਾਸਫੋਰਸ ਤੱਤ ਪਾਉਣ ਦੀ ਜ਼ਰੂਰਤ ਨਹੀਂ। ਹਲਕੀਆਂ ਅਤੇ ਰੇਤਲੀਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਅਤੇ 10 ਕਿਲੋ ਜਿੰਕ ਸਲਫੇਟ (21 ਪ੍ਰਤੀਸ਼ਤ) ਪ੍ਰਤੀ ਏਕੜ ਦੀ ਵਰਤੋਂ ਜ਼ਰੂਰ ਕਰੋ। ਸਾਰੀ ਫਾਸਫੋਰਸ, ਪੋਟਾਸ਼ ਅਤੇ ਜਿੰਕ ਸਲਫੇਟ ਬਿਜਾਈ ਵੇਲੇ ਹੀ ਪਾ ਦਿਓ। ਸਾਰੀਆਂ ਕਿਸਮਾਂ ਨੂੰ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਆਉਣ 'ਤੇ ਪਾਓ। ਨਰਮੇ-ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (2 ਕਿਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 100 ਲਿਟਰ ਪਾਣੀ ਵਿਚ ਘੋਲ ਕੇ) ਦੇ 4 ਛਿੜਕਾਅ ਇਕ ਹਫ਼ਤੇ ਦੇ ਵਕਫ਼ੇ 'ਤੇ ਕਰੋ। ਪਹਿਲਾ ਛਿੜਕਾਅ ਫੁੱਲ ਡੋਡੀ ਆਉਣ 'ਤੇ ਕਰੋ। ਕਿਸਾਨ ਵੀਰ ਨਰਮੇ ਦੀ ਫਸਲ ਦੇ ਉਗਣ ਉਪਰੰਤ ਡੀ.ਏ.ਪੀ. ਖਾਦ ਦਾ ਛੱਟਾ ਦਿੰਦੇ ਹਨ। ਖਾਦਾਂ ਦੇ ਭਾਅ ਆਸਮਾਨੀਂ ਚੜ੍ਹੇ ਹੋਣ ਕਾਰਨ ਉਲਟਾ ਸਾਡਾ ਖਰਚਾ ਬਹੁਤ ਵਧਾ ਦਿੰਦਾ ਹੈ। ਸੋ, ਇਸ ਤਰ੍ਹਾਂ ਦੇ ਕੰਮ ਤੋਂ ਗੁਰੇਜ਼ ਕਰੋ। ਬੀ.ਟੀ. ਨਰਮੇ ਵਿਚ ਪੱਤਿਆਂ ਦੀ ਲਾਲੀ ਦੀ ਰੋਕਥਾਮ। ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿਚ ਘੋਲਣ ਉਪਰੰਤ) ਦੇ ਦੋ ਸਪਰੇਅ 15 ਦਿਨ ਦੇ ਵਕਫੇ 'ਤੇ ਫੁੱਲ ਡੋਡੀ ਪੈਣ ਅਤੇ ਟੀਂਡੇ ਬਨਣ ਵੇਲੇ ਕਰਕੇ ਕੀਤੀ ਜਾ ਸਕਦੀ ਹੈ।
ਸਿੰਚਾਈ ਅਤੇ ਜਲ ਨਿਕਾਸ
ਨਰਮੇ ਅਤੇ ਕਪਾਹ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 4-6 ਹਫਤੇ ਬਾਅਦ ਅਤੇ ਆਖਰੀ ਪਾਣੀ ਸਤੰਬਰ ਦੇ ਅਖੀਰ ਵਿਚ ਲਾਓ। ਵਿਚਕਾਰਲੇ ਪਾਣੀ ਬਾਰਿਸ਼ ਅਤੇ ਮੌਸਮ ਦੀ ਲੋੜ ਅਨੁਸਾਰ 15-20 ਦਿਨ ਦੇ ਵਕਫੇ 'ਤੇ ਦਿੰਦੇ ਰਹੋ। ਪਰ ਫੁੱਲ ਡੋਡੀ ਆਉਣ ਤੋਂ ਲੈ ਕੇ ਟੀਂਡੇ ਬਣਨ ਤੱਕ ਔੜ ਜਾਂ ਸੋਕਾ ਨਾ ਲੱਗਣ ਦਿਓ ਨਹੀਂ ਤਾਂ ਸਾਰਾ ਫਲ ਝੜ ਜਾਵੇਗਾ। ਜ਼ਿਆਦਾ ਬਾਰਿਸ਼ਾਂ ਦੌਰਾਨ ਵਾਧੂ ਪਾਣੀ ਕੱਢਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। (ਸਮਾਪਤ)


-ਮੋਬਾਈਲ : 94177-83052.

ਗੁਣਕਾਰੀ ਗਿਲੋਅ

ਸਿਆਣੇ ਕਹਿੰਦੇ ਹਨ ਕਿ ਜਿਸ ਵੀ ਵਸਤੂ ਵਿਚ ਗੁਣ ਹੋਵੇਗਾ, ਉਹ ਆਮ ਥਾਵਾਂ 'ਤੇ ਰੁਲਦੀ ਮਿਲੇਗੀ। ਇਹ ਅਸੂਲ ਤਕਰੀਬਨ ਹਰ ਵਸਤੂ 'ਤੇ ਲਾਗੂ ਹੁੰਦਾ ਹੈ। ਇੱਥੋਂ ਤੱਕ ਕਿ ਨੇਕ ਇਨਸਾਨ ਵੀ ਰੁਲਿਆ-ਖੁਲਿਆ ਮਿਲੇਗਾ। ਇਹੋ ਹਾਲ ਜੰਗਲ ਬੇਲਿਆਂ, ਰਾਵਾਂ, ਕੁਥਾਵਾਂ 'ਤੇ ਉੱਗਦੀ ਵੇਲ ਗਿਲੋਅ ਦਾ ਹੈ। ਆਮ ਧਾਰਨਾ ਹੈ ਕਿ ਇਸਦਾ ਰਸ, ਬੁਖਾਰ ਦੀ ਹਰ ਕਿਸਮ ਨੂੰ ਤੋੜ ਦਿੰਦਾ ਹੈ। ਖ਼ੂਨ ਵਿਚ ਪਲੈਟਲਸ ਵੀ ਵਧਾਅ ਦਿੰਦਾ ਹੈ। ਕੋਈ ਵੀ ਹਕੀਮ ਇਸ ਦੇ ਸੈਂਕੜੇ ਗੁਣ ਗਿਣਾ ਸਕਦਾ ਹੈ। ਇਸ ਦੇ ਫਲ ਬੜੇ ਹੀ ਖ਼ੂਬਸੂਰਤ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਜੀਭ ਦੇ ਮਰੇ ਹੋਏ ਸੁਆਦ ਸੈੱਲਾਂ ਨੂੰ ਠੀਕ ਕਰ ਸਕਦੇ ਹਨ। ਪਰ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਇਹ ਹਰੇਕ ਮਨੁੱਖ ਲਈ ਗੁਣਕਾਰੀ ਨਹੀਂ ਹੈ। ਇਸ ਦੀ ਵਰਤੋਂ ਥੋੜ੍ਹੀ ਤੇ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਕੁਦਰਤ ਵਲੋਂ ਇਨਸਾਨ ਨੂੰ ਮਿਲੇ ਅਨੇਕਾਂ ਤੋਹਫਿਆਂ 'ਚੋਂ ਇਹ ਸਿਰਮੌਰ ਹੈ। ਇਹ ਬੜੀ ਹੀ ਧਕੜ ਵੇਲ ਹੈ। ਇਸ ਦੀ ਤਾਂ ਕੱਟੀ ਹੋਈ ਟਾਹਣੀ ਵੀ ਸੁਰੀਜਤ (ਹਰੀ) ਹੋ ਜਾਂਦੀ ਹੈ। ਵਾਹ ਰੇ ਕੁਦਰਤ।


ਮੋਬਾ: 98159-45018


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX