ਤਾਜਾ ਖ਼ਬਰਾਂ


ਫ਼ਿਰੋਜ਼ਪੁਰ 'ਚ ਕੋਰੋਨਾ ਦੇ 6 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  3 minutes ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ...
ਸੀ.ਬੀ.ਐੱਸ.ਈ ਦਾ ਸਰਵਰ ਡਾਊਨ ਹੋਣ ਕਾਰਨ ਵਿਦਿਆਰਥੀਆਂ ਨੂੰ ਹੋਈ ਪਰੇਸ਼ਾਨੀ
. . .  8 minutes ago
ਨਵੀਂ ਦਿੱਲੀ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ...
ਜਲੰਧਰ 'ਚ ਕੋਰੋਨਾ ਦੇ 8 ਹੋਰ ਮਰੀਜ਼ ਆਏ ਸਾਹਮਣੇ
. . .  37 minutes ago
ਜਲੰਧਰ, 13 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 8 ਕੋਰੋਨਾ ਪਾਜ਼ੀਟਿਵ...
ਮੰਤਰੀ ਸਿੱਧੂ ਅਤੇ ਬਾਜਵਾ ਵੱਲੋਂ ਫ਼ਤਿਹਗੜ੍ਹ ਚੂੜੀਆਂ ਵਿਖੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ
. . .  47 minutes ago
ਫ਼ਤਿਹਗੜ੍ਹ ਚੂੜੀਆਂ, 13 ਜੁਲਾਈ (ਧਰਮਿੰਦਰ ਸਿੰਘ ਬਾਠ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ...
ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਲਗਾਇਆ ਧਰਨਾ
. . .  50 minutes ago
ਤਪਾ ਮੰਡੀ, 13 ਜੁਲਾਈ (ਪ੍ਰਵੀਨ ਗਰਗ)- ਪੰਜਾਬ ਕਿਸਾਨ ਯੂਨੀਅਨ ਅਤੇ ਸੀ.ਪੀ.ਆਈ ਐਮ....
ਕੋਰੋਨਾ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਲੋਕਾਂ ਦਾ ਦਾਖ਼ਲਾ ਬੰਦ
. . .  53 minutes ago
ਲੁਧਿਆਣਾ, 13 ਜੁਲਾਈ (ਪੁਨੀਤ ਬਾਵਾ)- ਕੋਰੋਨਾ ਮਹਾਂਮਾਰੀ ਕਰ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਬੰਧਕੀ...
ਕੇਂਦਰ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਤੁਰੰਤ ਕਰੇ ਰੱਦ
. . .  about 1 hour ago
ਜੰਡਿਆਲਾ ਗੁਰੂ, 13 ਜੁਲਾਈ-(ਰਣਜੀਤ ਸਿੰਘ ਜੋਸਨ)- ਅਕਾਲੀ-ਭਾਜਪਾ ਗੱਠਜੋੜ ਦੀ ਕੇਂਦਰ ਸਰਕਾਰ...
ਮੁਹਾਲੀ ਅੰਦਰ ਕੋਰੋਨਾ ਦੇ 31 ਨਵੇਂ ਮਰੀਜ਼ਾਂ ਦੀ ਪੁਸ਼ਟੀ
. . .  about 1 hour ago
ਐੱਸ. ਏ. ਐੱਸ. ਨਗਰ, 13 ਜੁਲਾਈ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ 31 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ...
ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  about 1 hour ago
ਸੁਲਤਾਨਪੁਰ ਲੋਧੀ, 13 ਜੁਲਾਈ (ਲਾਡੀ, ਹੈਪੀ, ਥਿੰਦ) - ਸਥਾਨਕ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ...
ਸ੍ਰੀ ਮੁਕਤਸਰ ਸਾਹਿਬ 'ਚ ਡਾਕਟਰ ਸਮੇਤ ਕੋਰੋਨਾ ਦੇ 5 ਮਾਮਲਿਆਂ ਦੀ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, ਮਲੋਟ, 13 ਜੁਲਾਈ (ਰਣਜੀਤ ਸਿੰਘ ਢਿੱਲੋਂ, ਪਾਟਿਲ)- ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 5 ਹੋਰ ਕੋਰੋਨਾ ਮਰੀਜ਼ਾਂ ...
ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਕੌਂਸਲ ਦਫ਼ਤਰ ਨੂੰ ਲਾਇਆ ਜਿੰਦਾ
. . .  about 1 hour ago
ਸੰਗਰੂਰ, 13 ਜੁਲਾਈ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਫ਼ੰਡ ਨਗਰ ਸੁਧਾਰ ਟਰੱਸਟ ਨੂੰ ਤਬਦੀਲ...
ਬੀ.ਐੱਸ.ਐਫ ਦੇ ਦੋ ਜਵਾਨਾਂ ਸਮੇਤ 3 ਜਣਿਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਸ਼ਕੀਆਂ ...
ਕੈਪਟਨ ਸਰਕਾਰ ਡੇਰਾ ਪ੍ਰੇਮੀਆਂ ਨੂੰ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਡੇਰਾ ਪ੍ਰੇਮੀ
. . .  about 1 hour ago
ਕੋਰੋਨਾ ਦਾ ਕਹਿਰ : ਪਟਿਆਲਾ 'ਚ 59 ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੋੜ)- ਪਟਿਆਲਾ ਜ਼ਿਲ੍ਹੇ 'ਚ 59 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਫਾਰਮਾਸਿਸਟਾਂ ਵੱਲੋਂ ਕੈਪਟਨ ਦਾ ਫੂਕਿਆ ਗਿਆ ਪੁਤਲਾ
. . .  about 2 hours ago
ਸੰਗਰੂਰ, 13 ਜੁਲਾਈ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 25 ਦਿਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ....
ਸੀ.ਬੀ.ਐੱਸ.ਈ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਲੜਕੀਆਂ ਨੇ ਮਾਰੀ ਬਾਜ਼ੀ
. . .  about 2 hours ago
ਨਵੀਂ ਦਿੱਲੀ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜਿਸ 'ਚ ਲੜਕਿਆਂ ਦੇ...
ਚੀਫ਼ ਖ਼ਾਲਸਾ ਦੀਵਾਨ ਵੱਲੋਂ ਗੁਰਪੁਰਬ ਮੌਕੇ ਆਨਲਾਈਨ ਅਲੌਕਿਕ ਕੀਰਤਨ ਦਰਬਾਰ ਕੱਲ੍ਹ
. . .  about 2 hours ago
ਐੱਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਭਾਰਤ ਪਹੁੰਚਣਗੇ 177 ਪੰਜਾਬੀ
. . .  about 2 hours ago
ਰਾਜਾਸਾਂਸੀ, 13 ਜੁਲਾਈ (ਹੇਰ) - ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੁਬਈ ਵਿਖੇ ਆਪਣੇ ਕੰਮਾਂ ਕਾਜਾਂ ਤੋਂ ਆਤਰ ....
ਪਠਾਨਕੋਟ 'ਚ 16 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 2 hours ago
ਪਠਾਨਕੋਟ, 13 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ 16 ਲੋਕਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ...
ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਖਮਾਣੋਂ, 13 ਜੁਲਾਈ (ਪਰਮਵੀਰ ਸਿੰਘ) - ਖੇਤਰ 'ਚ ਦੋ ਕੋਰੋਨਾ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ...
ਸੀ.ਬੀ.ਐੱਸ.ਈ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ
. . .  about 2 hours ago
ਸੀ.ਬੀ.ਐੱਸ.ਈ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ...
ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰਿਆ ਗਿਆ ਦੂਸਰਾ ਅੱਤਵਾਦੀ
. . .  about 3 hours ago
ਸ੍ਰੀਨਗਰ, 13 ਜੁਲਾਈ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਇਕ ...
ਗੁੱਗੂ ਦੇ ਹੱਕ 'ਚ ਨਿੱਤਰੀਆਂ ਵੱਖ-ਵੱਖ ਜਥੇਬੰਦੀਆਂ, ਗੁਰਦਾਸਪੁਰ ਰੋਡ 'ਤੇ ਲਾਇਆ ਧਰਨਾ
. . .  about 3 hours ago
ਬਟਾਲਾ, 13 ਜੁਲਾਈ (ਕਾਹਲੋਂ)- ਨਵਤੇਜ ਹਿਊਮੈਨਿਟੀ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਦੇ ਹੱਕ 'ਚ ਅੱਜ ਵੱਖ-ਵੱਖ ਜਥੇਬੰਦੀਆਂ...
ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 13 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ...
ਖਾਲ 'ਚੋ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਮਲੋਟ, 13 ਜੁਲਾਈ (ਪਾਟਿਲ )- ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਢਾਣੀ ਮਾਈ ਭਾਗੋ ਨੂੰ ਜਾਂਦੇ ਰਾਹ 'ਤੇ ਖਾਲ 'ਚੋਂ ....
ਹੋਰ ਖ਼ਬਰਾਂ..

ਦਿਲਚਸਪੀਆਂ

ਕਹਾਣੀ

ਕਾਗਜ਼ੀ ਰਿਸ਼ਤੇ

ਫੋਨ ਦੀ ਘੰਟੀ ਅੱਜ ਫਿਰ ਖੜਕੀ। ਹੈਲੋ! ਜੀ ਕੌਣ? ਜੀ...ਮੈਂ ਬਲਦੇਵ, ਅਵਨੀਤ ਨਾਲ ਗੱਲ ਕਰਨੀ ਹੈ। ਹੱਦ ਆ ਵੀਰ ਜੀ। ਇਥੇ ਕੋਈ ਅਵਨੀਤ ਨਹੀਂ ਰਹਿੰਦੀ। ਫੋਨ ਰੱਖਦੀ ਹੋਈ ਪ੍ਰੀਤੀ ਗੁੱਸੇ ਨਾਲ ਬੋਲੀ, 'ਮੰਮੀ ਕੋਈ ਪਾਗਲ, ਜੋ ਆਪਣਾ ਨਾਂਅ ਬਲਦੇਵ ਦੱਸਦਾ, ਅੱਜ ਫਿਰ ਤੀਸਰੀ ਵਾਰ ਤੁਹਾਡਾ ਨਾਂਅ ਲੈ ਕੇ ਫੋਨ ਕਰ ਰਿਹਾ ਸੀ। ਜਦ ਆਪਾਂ ਉਸ ਨੂੰ ਜਾਣਦੇ ਹੀ ਨਹੀਂ ਤਾਂ ਕੀ ਮਤਲਬ ਹੈ ਵਾਰ-ਵਾਰ ਫੋਨ ਕਰਨ ਦਾ। ' 'ਓਹੋ ਸਵੀਟ ਹਾਰਟ ਐਵੇਂ ਨੀਂ ਗੁੱਸਾ ਕਰੀ ਦਾ ਕਿਸੇ ਦਾ' ਅਵਨੀਤ ਪਿਆਰ ਨਾਲ ਆਪਣੀ ਧੀ ਨੂੰ ਬੋਲੀ।
ਹਸਪਤਾਲ ਵਿਚ ਕੈਂਸਰ ਨਾਲ ਆਪਣੇ ਅਖੀਰਲੇ ਸਾਹ ਗਿਣ ਰਹੇ ਆਨੰਦਪਾਲ ਨੂੰ ਝੂਠਾ ਦਿਲਾਸਾ ਦਿੰਦੇ ਹੋਏ ਡਾਕਟਰ ਬਲਦੇਵ ਬੋਲਿਆ, 'ਸ੍ਰੀਮਾਨ! ਅੱਜ ਫਿਰ ਨੰਬਰ ਨਹੀਂ ਮਿਲਿਆ। ' ਡਾਕਟਰ ਸਾਹਿਬ ਇਕ ਵਾਰ ਫਿਰ ਤੋਂ ਨੰਬਰ ਦੀ ਜਾਂਚ ਕਰ ਲਓ। ਆਨੰਦਪਾਲ ਨੇ ਤਰਲਾ ਕੀਤਾ। ਠੀਕ ਹੈ ਸ੍ਰੀਮਾਨ। ਪਰ ਪਹਿਲਾਂ ਕੁਝ ਮਰੀਜ਼ ਦੇਖਣੇ ਨੇ, ਦੇਖ ਆਵਾਂ। ਉਸ ਦੇ ਜਾਣ ਤੋਂ ਬਾਅਦ ਆਨੰਦਪਾਲ ਇਕੱਲਾ ਹੀ ਆਪਣੇ-ਆਪ ਨਾਲ ਗੱਲਾਂ ਕਰਨ ਲੱਗਾ। ਮਰੀਜ਼ ਦੇਖ ਕੇ ਜਦ ਬਲਦੇਵ ਵਾਪਸ ਆਨੰਦ ਕੋਲ ਆਇਆ ਤਾਂ ਬੋਲਿਆ, 'ਸ੍ਰੀਮਾਨ ਮੇਰੀ ਗੱਲ ਹੋ ਗਈ ਹੈ, ਅਵਨੀਤ ਨਾਲ। ਪਰ ਜਦ ਮੈਂ ਤੁਹਾਡਾ ਨਾਂਅ ਲਿਆ ਤਾਂ ਉਸ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੇਰਾ ਆਨੰਦ ਜੀ ਨਾਲ ਕੋਈ ਰਿਸ਼ਤਾ ਨਹੀਂ। ਸ੍ਰੀਮਾਨ ਉਹ ਏਦਾਂ ਕਿਉਂ ਬੋਲੀ? ਤੁਹਾਡਾ ਕੀ ਰਿਸ਼ਤਾ ਹੈ ਉਸ ਨਾਲ?' ਇਸ 'ਤੇ ਆਨੰਦਪਾਲ ਨੇ ਡਾਕਟਰ ਬਲਦੇਵ ਨੂੰ ਦੱਸਿਆ ਕਿ ਉਹ ਇਸ ਬਦਨੀਬ ਦੇ ਘਰ ਦੀ ਨੂੰਹ ਹੈ। ਮੇਰਾ ਇਕਲੌਤਾ ਪੁੱਤਰ ਭਰੀ ਜਵਾਨੀ ਵਿਚ ਆਪਣੇ ਵਿਆਹ ਤੋਂ 5 ਮਹੀਨੇ ਬਾਅਦ ਸਾਨੂੰ ਛੱਡ ਗਿਆ ਸੀ। ਉਸ ਤੋਂ ਬਾਅਦ ਅਵਨੀਤ ਦੇ ਮਾਪੇ ਉਸ ਨਾਲ ਲੈ ਗਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਉਸ ਦਾ ਵਿਆਹ ਕਿਸੇ ਪ੍ਰਦੇਸੀ ਮੁੰਡੇ ਨਾਲ ਕਰ 'ਤਾ। ਹਾਲਾਂਕਿ ਉਸ ਦੇ ਪੇਟ 'ਚ ਸਾਡਾ ਖ਼ੂਨ ਵੀ ਸੀ। ਮੇਰੀ ਧਰਮਪਤਨੀ ਇਹ ਗ਼ਮ ਨਾ ਸਹਾਰ ਸਕੀ ਅਤੇ ਸੰਸਾਰ ਨੂੰ ਅਲਵਿਦਾ ਕਹਿ ਗਈ।
'ਪਰ ਸ੍ਰੀਮਾਨ ਤੁਹਾਨੂੰ ਅਵਨੀਤ ਦਾ ਨੰਬਰ ਕਿਥੋਂ ਮਿਲਿਆ', ਬਲਦੇਵ ਨੇ ਕਿਹਾ। ਇਸ 'ਤੇ ਆਨੰਦ ਬੋਲਿਆ ਕਿ 'ਇਹ ਨੰਬਰ ਮੈਨੂੰ ਮੇਰੀ ਮੂੰਹ ਬੋਲੀ ਭੈਣ ਅਮਰਵੀਰ ਦੇ ਪੁੱਤ ਤੋਂ ਮਿਲਿਆ ਸੀ, ਜੋ ਅਵਨੀਤ ਵਾਲੇ ਪ੍ਰਦੇਸ 'ਚ ਹੀ ਹੈ। ' ਚਲੋ ਸ੍ਰੀਮਾਨ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ ਹੈ। ਖਾ ਲਓ ਅਤੇ ਆਰਾਮ ਕਰੋ। ਆਨੰਦ ਨੂੰ ਦਵਾਈ ਦੇਣ ਤੋਂ ਬਾਅਦ ਬਲਦੇਵ ਅਵਨੀਤ ਬਾਰੇ ਸੋਚਣ ਲੱਗਾ, 'ਹੱਦ ਆ ਯਾਰ। ਮੈਂ ਦੱਸਿਆ ਵੀ ਸੀ ਕਿ ਆਨੰਦ ਜੀ ਅਖੀਰਲੇ ਸਾਹਾਂ 'ਤੇ ਹਨ। ਜੇ ਇਕ ਵਾਰ ਗੱਲ ਕਰ ਲੈਂਦੀ ਤਾਂ ਸ਼ਾਇਦ ਆਨੰਦ ਜੀ ਖ਼ੁਸ਼ੀ ਦੇ ਮਾਰੇ ਮਹੀਨਾ ਕੱਢ ਜਾਂਦੇ। ਸੱਚੀਂ ਇਨਸਾਨੀਅਤ ਮਰ ਗਈ ਹੈ ਸੰਸਾਰ ਦੀ। '
ਦਵਾਈ ਦਾ ਨਸ਼ਾ ਉਤਰਨ 'ਤੇ ਜਦ ਆਨੰਦ ਜਾਗਿਆ ਤਾਂ ਬਲਦੇਵ ਨੇ ਉਸ ਨੂੰ ਉਸ ਦੀ ਮੂੰਹ ਬੋਲੀ ਭੈਣ ਬਾਰੇ ਪੁੱਛਿਆ। ਆਨੰਦ ਨੇ ਜਵਾਬ ਦਿੱਤਾ ਕਿ ਆਪਣੇ ਪੁੱਤਰ ਵਾਂਗ ਉਹ ਵੀ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਹੈ, ਜਿਸ ਕਰਕੇ ਅਮਰਵੀਰ ਸਕੂਲੀ ਦਿਨਾਂ ਤੋਂ ਉਸ ਨੂੰ ਰੱਖੜੀ ਬੰਨ੍ਹ੍ਹਦੀ ਅਤੇ ਭਰਾ ਬੋਲਦੀ ਹੈ। ਇਹ ਸੁਣ ਕੇ ਬਲਦੇਵ ਨੇ ਆਨੰਦ ਨੂੰ ਭੈਣ ਨਾਲ ਮਿਲਣ ਲਈ ਕਿਹਾ। ਡਾਕਟਰ ਨੇ ਸੋਚਿਆ ਕਿ ਸ਼ਾਇਦ ਇਸ ਨਾਲ ਹੀ ਆਨੰਦ ਦੀ ਸਿਹਤ 'ਚ ਕੋਈ ਸੁਧਾਰ ਆ ਜਾਵੇ। ਪਰ ਆਨੰਦ ਕੋਲ ਅਮਰਵੀਰ ਦਾ ਨੰਬਰ ਨਾ ਹੋਣ ਕਰਕੇ ਬਲਦੇਵ ਨੇ ਉਸ ਨੂੰ ਚਿੱਠੀ ਲਿਖਣ ਲਈ ਕਿਹਾ। ਆਨੰਦਪਾਲ ਦੇ ਚਿੱਠੀ ਲਿਖਣ 'ਤੇ ਬਲਦੇਵ ਖੁਦ ਆਪ ਚਿੱਠੀ ਲੈ ਕੇ ਅਮਰਵੀਰ ਕੋਲ ਗਿਆ ਪਰ ਚਿੱਠੀ ਪੜ੍ਹ ਕੇ ਅਮਰਵੀਰ ਬੋਲੀ ਕਿ ਕੁਝ ਨਵੀਂ ਜ਼ਮੀਨ ਲੈਣ ਕਰਕੇ ਅਜੇ 2-3 ਦਿਨ ਉਸ ਦੀ ਕੋਈ ਵਿਹਲ ਨਹੀਂ ਪਰ ਜੇ ਵਿਹਲ ਮਿਲੀ ਤਾਂ ਉਹ ਜਲਦ ਤੋਂ ਜਲਦ ਵੀਰ ਨੂੰ ਆ ਕੇ ਮਿਲੇਗੀ।
ਇਹ ਸੁਣ ਕੇ ਬਲਦੇਵ ਦਾ ਮਨ ਖੱਟਾ ਹੋ ਗਿਆ ਅਤੇ ਫ਼ਤਹਿ ਸਾਂਝੀ ਕਰਦਾ ਹੋਇਆ ਉਹ ਵਾਪਸ ਹਸਪਤਾਲ ਵੱਲ ਚੱਲ ਪਿਆ। ਜਦ ਹਸਪਤਾਲ ਪੁੱਜਾ ਤਾਂ ਇਕ ਨਰਸ ਨੇ ਪਹਿਲਾਂ ਹੀ ਰਿਪੋਰਟ ਦੇ ਦਿੱਤੀ ਕਿ ਆਨੰਦਪਾਲ ਜੀ ਪੂਰੇ ਹੋ ਗਏ ਹਨ। ਸੋ, ਆਪ ਦੇ ਹੁਕਮ ਨਾਲ ਉਸ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਦੇ ਹਵਾਲੇ ਕਰਨੀ ਹੈ। ਆਨੰਦਪਾਲ ਦੇ ਪਰਿਵਾਰ ਬਾਰੇ ਪੁੱਛਣ 'ਤੇ ਬਲਦੇਵ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਆਪ ਹੀ ਆਨੰਦਪਾਲ ਦੀ ਮ੍ਰਿਤਕ ਦੇਹ ਨਾਲ ਐਂਬੂਲੈਂਸ ਵਿਚ ਜਾ ਬੈਠਾ। ਲਾਲ ਬੱਤੀ ਜਗਾਉਂਦੀ ਅਤੇ ਡਾਢਾਂ ਮਾਰਦੀ ਹੋਈ ਐਂਬੂਲੈਂਸ ਆਨੰਦਪਾਲ ਦੇ ਪਿੰਡ ਦੀਆਂ ਮੜ੍ਹੀਆਂ ਵੱਲ ਤੁਰ ਪਈ।


-ਥਰੀਏਵਾਲ, ਡਾਕ: ਧੰਦੋਈ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 82890-51214.


ਖ਼ਬਰ ਸ਼ੇਅਰ ਕਰੋ

ਖ਼ੁਸ਼ੀਆਂ ਦਾ ਭਰਮ

ਬੜੀ ਖੂਬਸੂਰਤ ਗੱਲ ਕਹੀ ਜਾਂਦੀ ਹੈ ਕਿ ਜ਼ਿੰਦਗੀ ਨੂੰ ਹਸਦੇ ਖੇਡਦੇ ਹੋਏ ਗੁਜ਼ਾਰਨਾ ਚਾਹੀਦਾ ਹੈ। ਪਰ ਇਸਦੇ ਨਾਲ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੋ ਸਾਡੀਆਂ ਖੁਸ਼ੀਆਂ ਦੇ ਸਰੋਤ ਹਨ, ਜਿਹੜੇ ਕੰਮਾਂ ਨਾਲ ਸਾਨੂੰ ਖੁਸ਼ੀ ਮਿਲਦੀ ਹੈ ਉਨ੍ਹਾਂ ਦਾ ਵਧੀਆ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਜਿਹੀ ਖੁਸ਼ੀ ਜੋ ਦੂਜਿਆਂ ਨੂੰ ਦੁੱਖ ਦੇਵੇ ਉਸਨੂੰ ਖੁਸ਼ੀ ਕਿਵੇਂ ਕਿਹਾ ਜਾ ਸਕਦਾ ਹੈ। ਇਕ ਚੋਰ ਜਦੋਂ ਚੋਰੀ ਕਰਨ ਵਿਚ ਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ। ਕਈ ਨੌਜਵਾਨਾਂ ਨੂੰ ਬੁਲਟ ਦੇ ਪਟਾਕੇ ਪਵਾਉਣੇ ਬਹੁਤ ਵਧੀਆ ਲਗਦੇ ਹਨ। ਕਈ ਨੌਜਵਾਨਾਂ ਨੂੰ ਮਿਹਨਤ ਨਾਲ ਕਮਾਈ ਰੋਟੀ ਵਿਚ ਖੁਸ਼ੀ ਨਜ਼ਰ ਨਹੀਂ ਆਉਂਦੀ ਅਤੇ ਮਿਹਨਤ ਦੇ ਰਸਤੇ ਛੱਡ ਗ਼ਲਤ ਰਸਤੇ ਅਪਣਾ ਲੈਂਦੇ ਹਨ, ਅਜਿਹੇ ਨੌਜਵਾਨ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਸ਼ਰਾਫ਼ਤ ਦੇ ਨਾਲ ਜਿਊਣ ਦਾ ਜ਼ਮਾਨਾ ਨਹੀਂ। ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਮਿਲ ਜਾਵੇ ਤਾਂ ਇਹ ਉਸ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਇਹੋ ਜਿਹੀਆਂ ਖੁਸ਼ੀਆਂ ਦਾ ਭਰਮ ਮਨੁੱਖ ਨੂੰ ਦੁੱਖਾਂ ਦੀ ਗਹਿਰੀ ਦਲਦਲ ਵਿਚ ਸੁੱਟ ਦਿੰਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਰਸਤਾ ਅਸੀਂ ਚੁਣਦੇ ਹਾਂ ਉਸੇ ਤਰ੍ਹਾਂ ਦੀ ਮੰਜ਼ਿਲ ਬਹੁਤ ਬੇਸਬਰੀ ਨਾਲ ਸਾਡਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਇਕ ਸਮਾਜ ਸੇਵਕ ਨੂੰ ਸਮਾਜ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਅਜਿਹੀਆਂ ਖੁਸ਼ੀਆਂ ਜੋ ਵਧੀਆ ਕੰਮਾਂ ਨਾਲ ਜੁੜੀਆਂ ਹੁੰਦੀਆਂ ਹਨ, ਉਹ ਕਦੀ ਖਤਮ ਨਹੀਂ ਹੁੰਦੀਆਂ, ਉਨ੍ਹਾਂ ਦਾ ਅਹਿਸਾਸ ਵਿਅਕਤੀ ਦੇ ਅੰਤ ਸਮੇਂ ਤੱਕ ਉਸ ਦੇ ਨਾਲ ਰਹਿੰਦਾ ਹੈ। ਸੱਚੀ ਖੁਸ਼ੀ ਦੇ ਰਾਹ 'ਤੇ ਤੁਰਨਾ ਉਸ ਰੱਬ ਦੀ ਇਬਾਦਤ ਕਰਨ ਦੇ ਬਰਾਬਰ ਹੈ।


-ਸਾਇੰਸ ਮਾਸਟਰ
Email: inderok@yahoo.com

ਨਖਰੇ

ਹਰਜੀਤ ਨਵਾਂ-ਨਵਾਂ ਸਰਕਾਰੀ ਮਾਸਟਰ ਬਣਿਆ ਸੀ। ਸਕੂਲ ਹੈੱਡਮਾਸਟਰ ਨੂੰ ਕਹਿ ਕੇ ਉਹ ਦੋ-ਤਿਨ ਅਧਿਆਪਕਾਂ ਨੂੰ ਨਾਲ ਲੈ ਕੇ ਨੇੜੇ ਪਿੰਡਾਂ ਵਿਚ ਘਰ-ਘਰ ਕਈ ਵਾਰੀ ਗਿਆ ਤਾਂ ਕਿ ਸਰਕਾਰੀ ਸਕੂਲਾਂ ਵਿਚ ਦਾਖਲੇ ਲਈ ਮਾਪਿਆਂ ਨੂੰ ਪ੍ਰੇਰਿਆ ਜਾ ਸਕੇ ਅਤੇ ਸਕੂਲ ਵਿਚ ਬੱਚਿਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਉਸ ਨੇ ਸਰਕਾਰੀ ਸਕੂਲਾਂ ਵਲੋਂ ਨਾਮਾਤਰ ਫੀਸ, ਮੁਫ਼ਤ ਖਾਣਾ, ਮੁਫ਼ਤ ਵਰਦੀ ਅਤੇ ਮੁਫ਼ਤ ਕਿਤਾਬਾਂ ਦੀ ਸਹੂਲਤ ਬਾਰੇ ਵੀ ਦੱਸਿਆ। ਉਸ ਨੇ ਤਾਂ ਇਹ ਵੀ ਕਿਹਾ ਕਿ ਤੁਸੀਂ ਬੱਚਿਆਂ ਨੂੰ ਸਾਡੇ ਸਕੂਲ ਵਿਚ ਦਾਖਲ ਕਰਵਾਓ, ਇਨ੍ਹਾਂ ਦੇ ਸਕੂਲ ਜਾਣ ਲਈ ਆਟੋ ਜਾਂ ਵੈਨ ਦਾ ਪ੍ਰਬੰਧ ਅਸੀਂ ਆਪਣੇ ਪੱਲਿਓਂ ਪੈਸੇ ਲਾ ਕੇ ਆਪ ਹੀ ਕਰ ਲਵਾਂਗੇ। ' ਏਨੀ ਗੱਲ ਸੁਣ ਕੇ ਪੜ੍ਹਨ ਵਾਲਾ ਮੁੰਡਾ ਕੰਧ ਟੱਪ ਕੇ ਭੱਜਣ ਲੱਗਿਆ। ਹਰਜੀਤ ਨੇ ਉਸ ਨੂੰ ਫੜ ਕੇ ਬੜੇ ਪਿਆਰ ਨਾਲ ਪੜ੍ਹਾਈ ਦੇ ਫਾਇਦੇ ਸਮਝਾਏ।
ਹੁਣ ਹਰਜੀਤ ਨੂੰ ਆਪਣੇ ਪੜ੍ਹਾਈ ਦੇ ਦਿਨ ਯਾਦ ਆ ਗਏ। ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ ਉਸ ਨੇ ਕਿਸੇ ਕਾਰਨ ਵੱਸ ਆਪਣੇ ਨਾਨਕਿਆਂ ਵਾਲੇ ਸਕੂਲ ਵਿਚੋਂ ਹਟ ਕੇ ਆਪਣੇ ਨੇੜੇ ਦੇ ਪਿੰਡ ਦੇ ਸਕੂਲ ਵਿਚ ਦਾਖਲਾ ਲੈਣਾ ਸੀ। ਦਸ-ਪੰਦਰਾਂ ਕੋਹ ਤੱਕ ਉਹ ਕਿਹੜਾ ਸਕੂਲ ਸੀ, ਜਿਥੇ ਹਰਜੀਤ ਦਾ ਪਿਤਾ ਉਸ ਨੂੰ ਨਾਲ ਲੈ ਕੇ ਨਾ ਗਿਆ ਹੋਵੇ। ਦੋਵੇਂ ਪਿਓ-ਪੁੱਤ ਦਾਖਲਾ ਲੈਣ ਲਈ ਮਾਰੇ-ਮਾਰੇ ਫਿਰਦੇ ਰਹੇ। ਮਾਸਟਰ ਉਨ੍ਹਾਂ ਨੂੰ ਦੂਰੋਂ ਹੀ ਇਹ ਕਹਿ ਕੇ ਮੋੜ ਦਿੰਦੇ, 'ਨਾ ਜੀ ਨਾ, ਇਹਨੂੰ ਉਥੇ ਹੀ ਪੜ੍ਹਾਓ, ਜਿਥੋਂ ਲੈ ਕੇ ਆਏ ਹੋ। ਅਸੀਂ ਇਸ ਨੂੰ ਦਾਖਲ ਨਹੀਂ ਕਰਦੇ। ' ਅਖੀਰ ਜਿਸ ਅਧਿਆਪਕ ਨੇ ਉਸ ਨੂੰ ਦਾਖਲਾ ਦਿਵਾਇਆ, ਉਸ ਦਾ ਉਹ ਸਾਰੀ ਉਮਰ ਅਹਿਸਾਨਮੰਦ ਰਿਹਾ।
ਸਮੇਂ ਦੇ ਬਦਲਦੇ ਰੰਗ ਦੇਖ ਕੇ, ਉਹ ਆਪਣੇ ਸਮੇਂ ਦਾ ਅਧਿਆਪਕਾਂ ਦਾ ਰੋਹਬ ਅਤੇ ਅੱਜ ਦੇ ਸਮੇਂ ਦੇ ਬੱਚਿਆਂ ਦੇ ਨਖਰਿਆਂ ਦੀ ਤੁਲਨਾ ਕਰ ਕੇ ਮਨ ਹੀ ਮਨ ਮੁਸਕਰਾ ਪਿਆ ਕਿ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਇਹ ਤਾਂ ਚਲਦਾ ਹੀ ਰਹੇਗਾ।


-ਪਟਿਆਲਾ। ਮੋ: 94642-24314. E-mail: rajkaurkamalpur@gmail.com

ਕਾਵਿ-ਵਿਅੰਗ

ਮਾਹੌਲ

* ਨਵਰਾਹੀ ਘੁਗਿਆਣਵੀ *
ਦੁੱਧ ਘੀ ਪਾਇਆ ਵਿਚ ਸ਼ੀਸ਼ੀਆਂ ਦੇ,
ਰੇਤਾ ਪੁੜੀਆਂ ਦੇ ਵਿਚ ਲਿਆਉਣ ਲੱਗੇ।
ਠੱਗ, ਚੋਰ, ਤਸਕਰ, ਸ਼ਰ੍ਹੇਆਮ ਘੁੰਮਣ,
ਇਕ-ਦੂਜੇ ਨੂੰ ਖੂਬ ਵਡਿਆਉਣ ਲੱਗੇ।
ਰਾਜਨੀਤੀ ਦਾ ਰਿਹਾ ਨਾ ਹੱਜ ਕੋਈ,
ਕੁਰਸੀ ਵਾਸਤੇ ਕੁਫ਼ਰ ਕਮਾਉਣ ਲੱਗੇ।
ਇਹੋ ਜਿਹੇ ਮਾਹੌਲ ਨੂੰ ਕੀ ਆਖਾਂ,
ਸਾਧ, ਡਾਕੂਆਂ ਨੂੰ ਮਾਤ ਪਾਉਣ ਲੱਗੇ।
ਮੱਕਾਰ
ਨਹੀਂ ਕਿਸੇ ਮੱਕਾਰ ਦੀ ਮਦਦ ਕਰਨੀ,
ਮਤਲਬ ਲੈ ਕੇ ਪੱਤਰਾ ਵਾਚ ਜਾਂਦੇ।
ਗੁਣ ਨਹੀਂ ਪਾਂਵਦੇ, ਬੜੇ ਖ਼ੁਦਗਰਜ਼ ਮਿੱਤਰ,
ਕਈ ਬੋਲ-ਕਬੋਲ ਵੀ ਆਖ ਜਾਂਦੇ।
ਅੱਖ, ਅੱਖ ਦੇ ਨਾਲ ਮਿਲਾਂਵਦੇ ਨਹੀਂ,
ਸਗੋਂ ਝੀਥਾਂ ਦੇ ਵਿਚ ਦੀ ਝਾਕ ਜਾਂਦੇ।
ਤੰਗ ਆ ਕੇ ਜੱਗ ਦੀ ਸੋਚ ਕੋਲੋਂ,
ਬਾਗ਼ੀ, ਸੂਰਮੇ ਹੋ ਬੇਬਾਕ ਜਾਂਦੇ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਤੀਰ ਤੁੱਕਾ

ਤੁਹਾਡਾ ਨਾਂਅ ਨੀ ਬੋਲਦਾ

ਕੈਨੇਡਾ ਜਾਣ ਦਾ ਕਿਹਰ ਸਿੰਘ ਨੂੰ ਚਾਅ ਹੀ ਏਨਾ ਸੀ ਕਿ ਪੈਰ ਭੁੰਜੇ ਨਹੀਂ ਸਨ ਲਗਦੇ। ਜਾਣਾ ਬੇਸ਼ੱਕ ਫਰਵਰੀ ਵਿਚ ਸੀ ਪਰ ਦਸੰਬਰ ਮਹੀਨੇ ਤੋਂ ਹੀ ਉਸ ਨੇ ਕੈਨੇਡਾ ਜਾਣ ਦੀ ਆਪਣੀ ਅਤੇ ਘਰ ਵਾਲੀ ਦੀ ਅਗਾੳਂੂ ਟਿਕਟ ਬੁੱਕ ਕਰਵਾ ਲਈ ਸੀ। ਪਹਿਲੀ ਵਾਰ ਹਵਾਈ ਯਾਤਰਾ ਕਰਨ ਦੇ ਸੁਪਨੇ ਉਹ ਮਨ ਹੀ ਮਨ ਲੈਂਦਾ ਰਹਿੰਦਾ। ਚਾਅ ਹੁੰਦਾ ਵੀ ਕਿਉਂ ਨਾ ਪਹਿਲੀ ਵਾਰ ਜਿਉਂ ਵਿਦੇਸ਼ ਜਾਣਾ ਸੀ।
ਕੈਨੇਡਾ ਜਾਣ ਲਈ ਨਵੇਂ ਕੱਪੜੇ ਸਿਵਾਏ ਗਏ। ਢੇਰ ਸਾਰੀ ਖ਼ਰੀਦਦਾਰੀ ਕੀਤੀ। ਅਖੀਰ ਫਰਵਰੀ ਦੇ ਅਖੀਰ ਦਾ ਉਹ ਦਿਨ ਵੀ ਆ ਗਿਆ ਜਿਸ ਦਿਨ ਉਡਾਣ ਹੋਣੀ ਸੀ। ਬੇਸ਼ੱਕ ਪੰਦਰਾਂ ਦਿਨ ਲਈ ਕੈਨੇਡਾ ਜਾਣਾ ਸੀ ਪਰ ਘਰਦਿਆਂ ਨੇ ਉਦਾਸ ਹੋ ਕੇ ਵਿਦਾ ਕੀਤਾ। ਸਰੋਂ੍ਹ ਦੇ ਫੁੱਲਾਂ ਰੰਗਾ ਸੂਟ ਪਾਈ ਕਿਹਰ ਸਿੰਘ ਦੀ ਘਰਵਾਲੀ ਨੇ ਘਰ ਤੋਂ ਦਿੱਲੀ ਤੱਕ ਦਾ ਸਫ਼ਰ ਬੜੀ ਹੀ ਖ਼ੁਸ਼ੀ ਨਾਲ ਕੀਤਾ। ਅੱਧੀ ਰਾਤ ਤੋਂ ਬਾਅਦ ਦੀ ਉਡਾਣ ਸੀ। ਦਿੱਲੀ ਏਅਰਪੋਰਟ ਤੇ ਰੌਸ਼ਨੀਆਂ ਦੀ ਚਕਾਚੌਂਧ ਨੇ ਕਿਹਰ ਸਿੰਘ ਨੂੰ ਅੱਧੀ ਰਾਤੀਂ ਵੀ ਦਿਨ ਦੀ ਦੁਪਹਿਰ ਵਰਗਾ ਅਹਿਸਾਸ ਕਰਵਾਇਆ ਸੀ।
ਟਰਮੀਨਲ ਵੱਲ ਦਾਖਲ ਹੁੰਦੇ ਹੀ ਕਿਹਰ ਸਿੰਘ ਦੀ ਘਰਵਾਲੀ ਨੇ ਅਟੈਚੀ ਟਰਾਲੀ 'ਤੇ ਰੱਖ ਕੇ ਖਿੱਚੀ ਸੈਲਫੀ ਸੋਸ਼ਲ ਮੀਡੀਏ 'ਤੇ ਪਾ ਦਿੱਤੀ ਸੀ। ਪਾਉਂਦੇ ਹੀ ਵਧਾਈਆਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ। ਉਹ ਖ਼ੁਸ਼ੀ-ਖ਼ੁਸ਼ੀ ਸਾਮਾਨ ਜਮ੍ਹਾਂ ਕਰਵਾਉਣ ਲਈ ਲੰਬੀ ਕਤਾਰ ਵਿਚ ਖੜ੍ਹੇ ਵੀ ਥੱਕੇ ਨਹੀਂ ਸਨ। ਬੱਸ ਚਾਅ ਹੀ ਏਨਾ ਸੀ ਕਿ ਥਕਾਵਟ ਹੋਈ ਹੀ ਨਹੀਂ। ਕਾਫ਼ੀ ਸਮੇਂ ਦੇ ਇੰਤਜ਼ਾਰ ਦੇ ਬਾਅਦ ਜਦੋਂ ਸਾਮਾਨ ਜਮ੍ਹਾਂ ਕਰਵਾਉਣ ਦੀ ਵਾਰੀ ਆਈ ਤਾਂ ਜਹਾਜ਼ ਕੰਪਨੀ ਦੀ ਕੁੜੀ ਕਿਹਰ ਸਿੰਘ ਦੀ ਟਿਕਟ ਨੂੰ ਜਾਂਚੀ ਜਾਵੇ ਕਦੇ ਕੰਪਿਊਟਰ ਵਿਚ ਦੇਖੇ ਕਦੇ ਕਿਹਰ ਸਿੰਘ ਵੱਲ। ਅਖੀਰ ਦਸ ਮਿੰਟਾਂ ਬਾਅਦ ਉਸ ਕੁੜੀ ਨੇ ਜਮਾਂ ਹੀ ਕੋਰਾ ਜਵਾਬ ਦਿੰਦਿਆਂ ਕਿਹਾ, 'ਸਰ, ਤੁਹਾਡਾ ਟਿਕਟ ਕਨਫਰਮ ਨਹੀਂ ਹੈ,' ਕਿਹਰ ਸਿੰਘ ਹੈਰਾਨ ਪ੍ਰੇਸ਼ਾਨ ਹੋ ਗਿਆ। ਉਸ ਦੀ ਘਰਵਾਲੀ ਨੇ ਮੱਥੇ 'ਤੇ ਤਿਊੜੀਆਂ ਪਾ ਕੇ ਕੁੜੀ ਨੂੰ ਕਿਹਾ, 'ਏਦਾਂ ਕਿੱਦਾਂ ਹੋ ਜਾਊ, ਦੋ ਲੱਖ ਦੀ ਸਾਡੀ ਟਿਕਟ ਬਣੀ ਹੈ।' ਕੁੜੀ ਵੀ ਪੰਜਾਬਣ ਸੀ, ਉਸ ਝੱਟ ਜਵਾਬ ਦਿੱਤਾ, 'ਆਂਟੀ ਜੀ, ਤੁਹਾਡਾ ਨਾਮ ਨਹੀਂ ਬੋਲਦਾ ਸਾਡੇ ਕੋਲ, ਏਜੰਟ ਨਾਲ ਗੱਲ ਕਰੋ।' ਏਜੰਟ ਨਾਲ ਗੱਲ ਕੀਤੀ, ਟਿਕਟ ਤਾਂ ਸੱਚਮੁੱਚ ਹੀ ਕਨਫਰਮ ਨਹੀਂ ਸੀ। ਚਾਅ ਧਰੇ ਧਰਾਏ ਰਹਿ ਗਏ।
ਏਅਰ ਲਾਈਨ ਦੀ ਕੁੜੀ ਨੇ ਕਿਹਰ ਸਿੰਘ ਨੂੰ ਕਿਹਾ ਸੀ,'ਅੰਕਲ ਜੀ, ਜਦੋਂ ਵੀ ਟਿਕਟ ਬਣਾਓ ਟਿਕਟ ਆਨਲਾਈਨ ਚੈੱਕ ਕਰਕੇ ਘਰੋਂ ਤੁਰੋ। ਹੁਣ ਤਾਂ ਇੰਟਰਨੈੱਟ ਦੀ ਸਹੂਲਤ ਹੈ, ਜੇਕਰ ਹੁਣ ਵੀ ਧੋਖੇ ਹੀ ਖਾਣੇ ਹਨ ਤਾਂ ਕੀ ਫ਼ਾਇਦਾ ਪੜ੍ਹੇ-ਲਿਖੇ ਹੋਣ ਦਾ।' ਤੇ ਕਿਹਰ ਸਿੰਘ ਅਤੇ ਉਸ ਦੀ ਘਰਵਾਲੀ ਟਰਾਲੀਆਂ 'ਤੇ ਸਾਮਾਨ ਲੱਦੀ, ਨਿਰਾਸ਼ ਮਨ ਨਾਲ ਵੱਖਰੇ ਦਰਵਾਜ਼ੇ ਰਾਹੀਂ ਬਾਹਰ ਆ ਗਏ ।


-ਗੁਰਾਇਆ ਜ਼ਿਲ੍ਹਾ ਜਲੰਧਰ। ਫ਼ੋਨ : 94170-58020

ਜਦੋਂ ਬਾਪੂ ਜੇ.ਈ. ਦਾ ਸਬਰ ਅਤੇ ਕਾਰਜਸ਼ੀਲਤਾ ਵੇਖ ਹੈਰਾਨ ਹੋਇਆ...

ਬਾਪੂ ਦੇ ਖੇਤ 'ਚ ਲੱਗਿਆ ਬਿਜਲੀ ਟਰਾਂਸਫਾਰਮਰ ਸੜ ਗਿਆ। ਝੋਨਾ ਸੁੱਕਣ ਦੇ ਡਰੋਂ ਉਹ ਬਿਜਲੀ ਵਿਭਾਗ ਦੇ ਦਫਤਰ ਗਿਆ ਅਤੇ ਟਰਾਂਸਫਾਰਮਰ ਬਦਲੀ ਕਰਨ ਦੀ ਦਰਖਾਸਤ ਦਿੱਤੀ। ਸਬੱਬ ਨਾਲ ਉਸ ਦਾ ਮੇਲ ਸੱਜਰੇ-ਸੱਜਰੇ ਭਰਤੀ ਹੋਏ ਉਸੇ ਖੇਤਰ ਦੇ ਜੂਨੀਅਰ ਇੰਜੀਨੀਅਰ ਨਾਲ ਹੋਇਆ। ਬਾਪੂ ਨੇ ਜੇ.ਈ. ਨੂੰ ਸਾਰੀ ਵਿਥਿਆ ਦੱਸੀ, ਜੋ ਕਿ ਵਿਭਾਗ ਦੇ ਕਿਸੇ ਕੰਮ ਲਈ ਸਟੋਰ ਵੱਲ ਜਾਣ ਲਈ ਤਿਆਰ ਖਲੋਤਾ ਸੀ। ਬਾਪੂ ਦੀ ਦਰਖਾਸਤ ਵੇਖ, ਉਹ ਰੁਕਿਆ ਅਤੇ ਆਪਣੇ ਲਾਈਨਮੈਨ ਨੂੰ ਤੁਰੰਤ ਟਰਾਂਸਫਾਰਮਰ ਸਬੰਧੀ ਕਾਗਜ਼ਾਤ ਤਿਆਰ ਕਰਨ ਲਈ ਕਹਿ ਕੇ, ਨਾਲ ਹੀ ਬਾਪੂ ਨੂੰ ਸੜੇ ਟਰਾਂਸਫਾਰਮਰ ਕੋਲ ਟਰਾਲੀ ਲਿਜਾਣ ਲਈ ਕਿਹਾ। ਜੇ. ਈ. ਦੀ ਗੱਲ ਸੁਣ ਕੇ ਬਾਪੂ ਹੈਰਾਨ ਹੋਇਆ ਸੋਚਣ ਲੱਗਾ ਕਿ ਇਹ ਮੈਨੂੰ ਟਾਲਾ ਲਾ ਰਿਹਾ ਹੈ ਜਾਂ ਸੱਚ 'ਚ ਹੀ ਝਟਾਪਟੀ ਟਰਾਂਸਫਾਰਮਰ ਬਦਲਿਆ ਜਾਊ!
ਬਾਪੂ ਟਰੈਕਟਰ-ਟਰਾਲੀ ਲੈ ਕੇ ਖੇਤ 'ਚ ਖ਼ਰਾਬ ਟਰਾਂਸਫਾਰਮਰ ਕੋਲ ਪੁੱਜਿਆ ਹੀ ਸੀ ਕਿ ਜੇ.ਈ. ਵੀ ਆਪਣੇ ਕਰਮਚਾਰੀ ਲੈ ਕੇ ਉੱਥੇ ਪੱਜ ਗਿਆ। ਉਨ੍ਹਾਂ ਟਰਾਂਸਫਾਰਮਰ ਉਤਾਰਿਆ ਅਤੇ ਸਟੋਰ 'ਚ ਲੈ ਗਏ। ਮੁੱਕਦੀ ਗੱਲ ਸ਼ਾਮ ਸੂਰਜ ਢਲਣ ਤੋਂ ਪਹਿਲਾਂ-ਪਹਿਲਾਂ ਸੜਿਆ ਟਰਾਂਸਫਾਰਮਰ ਬਦਲਿਆ ਗਿਆ। ਟਰਾਂਸਫਾਰਮਰ ਬਦਲੀ ਹੋਣ ਉਪਰੰਤ ਜੇ.ਈ. ਅਤੇ ਵਿਭਾਗ ਦੇ ਕਰਮਚਾਰੀਆਂ ਨੇ ਹੱਥ ਧੋਤੇ ਤੇ ਬਾਪੂ ਤੋਂ ਰਵਾਨਗੀ ਦੀ ਇਜਾਜ਼ਤ ਮੰਗੀ। ਬਾਪੂ ਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਬਿਜਲੀ ਵਿਭਾਗ ਵਲੋਂ ਫੁਰਤੀ ਨਾਲ ਹੋਏ ਕੰਮ ਨੂੰ ਵੇਖਿਆ ਸੀ, ਇਸੇ ਲਈ ਅੰਦਰੋ-ਅੰਦਰੀ ਖੁਸ਼ ਸੀ। ਉਸ ਨੇ ਜੇ. ਈ. ਨੂੰ ਜਾਣ ਲੱਗਿਆਂ ਦੋ ਹਜ਼ਾਰ ਦਾ ਨੋਟ ਫੜਾਉਂਦਿਆਂ ਕਿਹਾ, 'ਧੰਨਵਾਦ ਸਾਬ੍ਹ ਜੀ, ਆਪਣੇ ਮਲਾਜ਼ਮਾਂ ਦੀ ਥਕਾਵਟ ਲਹਾ ਦਿਓ, ਵਿਚਾਰਿਆਂ ਨੇ ਗਰਮੀ 'ਚ ਕੰਮ ਕੀਤਾ'। ਜੇ. ਈ. ਨੇ ਗਲਾਬੀ ਨੋਟ ਬਾਪੂ ਦੇ ਹੱਥ 'ਚ ਮੋੜਦਿਆਂ ਕਿਹਾ, 'ਬਾਪੂ ਜੀ ਸਾਨੂੰ ਸਰਕਾਰ ਕੰਮ ਕਰਨ ਦੀ ਤਨਖਾਹ ਦਿੰਦੀ ਹੈ, ਕੰਮ ਤਾਂ ਕਰਨਾ ਹੀ ਹੁੰਦਾ ਹੈ, ਲਟਕਾ ਕੇ ਕਰੀਏ ਭਾਵੇਂ ਤੁਰੰਤ ਕਰੀਏ। ਜੇ ਸਾਡੇ ਤੁਰੰਤ ਕੰਮ ਕਰਨ ਨਾਲ ਤੁਹਾਡਾ ਫਾਇਦਾ ਹੋਇਆ ਹੈ, ਤਾਂ ਇਹ ਸਾਡਾ ਫਰਜ਼ ਸੀ'। ਬਾਪੂ ਨੇ ਕਿਹਾ, 'ਨਹੀਂ ਸਾਬ੍ਹ ਜੀ, ਇਹ ਤਾਂ ਵਿਹਾਰ ਈ ਬਣਿਆ ਹੋਇਆ'। ਬਾਪੂ ਦੀ ਗੱਲ ਸੁਣ ਜੇ.ਈ. ਨੇ ਕਿਹਾ, 'ਤੁਸੀ ਸਾਨੂੰ ਬੁਰੀਆਂ ਆਦਤਾਂ ਨਾ ਪਾਓ, ਰਹੀ ਗੱਲ ਮੇਰੀ ਮੈਂ ਬੀ.ਟੈਕ. ਕਰਕੇ ਜੇ.ਈ. ਲੱਗਿਆਂ, ਮੇਰੇ ਤੋਂ ਘੱਟ ਨੰਬਰਾਂ ਵਾਲੇ ਕੋਈ ਅਮਰੀਕਾ, ਕੋਈ ਕੈਨੇਡਾ, ਕੋਈ ਆਸਟਰੇਲੀਆ ਡਾਲਰਾਂ ਦੀ ਦੌੜ 'ਚ ਲੱਧੇ ਹੋਏ ਹਨ, ਕੋਈ ਦੇਸ਼ ਵਿਚਲੀ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਵੱਡੇ ਪੈਕੇਜ ਨਾਲ ਮੌਜਾਂ ਮਾਣਦਾ ਹੈ ਪਰ ਬਾਪੂ ਸਬਰ-ਸੰਤੋਖ ਦੀ ਵੀ ਆਪਣੀ ਅਹਿਮੀਅਤ ਹੁੰਦੀ ਹੈ। ਮੈਂ ਸਬਰ-ਸੰਤੋਖ ਨੂੰ ਆਧਾਰ ਬਣਾ ਕੇ ਇਕ ਮਿਸ਼ਨ ਵਜੋਂ ਲਿਆ ਹੈ।' ਇਹ ਆਖਦਾ ਜੇ.ਈ. ਆਪਣੇ ਕਰਮਚਾਰੀਆਂ ਨੂੰ ਨਾਲ ਲੈ ਖੇਤ ਤੋਂ ਤੁਰ ਪਿਆ। ਪਰ ਬਾਪੂ ਜੇ.ਈ. ਦੇ ਕਹੇ ਬੋਲਾਂ 'ਚ ਗਵਾਚਦਾ ਸੋਚਣ ਲੱਗਿਆ ਕਿ ਸਾਡਾ ਪੰਚ ਤਾਂ ਕਹਿੰਦਾ ਸੀ ਕਿ ਟਰਾਂਸਫਾਰਮਸਰ ਦੇ ਏਨੇ ਹਜ਼ਾਰ ਲੱਗਣਗੇ, ਪਰ ਇਹ ਸਾਬ੍ਹ ਤਾਂ ਮੁਫ਼ਤ 'ਚ ਹੀ ਸਾਰ ਗਿਆ। ਬਾਪੂ ਸੋਚਣ ਲੱਗਿਆ ਕਿ ਕੀ ਹੇਠਾਂ ਤੋਂ ਉੱਪਰ ਤੱਕ ਦਾ ਤਾਣਾ-ਬਾਣਾ ਉਲਝਿਆ ਹੋਇਆ ਹੈ? ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਕਿਸੇ ਨੂੰ ਦਾਰੂ, ਕਿਸੇ ਨੂੰ ਭੁੱਕੀ, ਪੈਸੇ ਮੰਗਣ ਵਾਲਿਆਂ ਨੂੰ ਪੈਸੇ ਦਿੰਦੇ ਨੇ। ਕਾਸ਼! ਇਹ ਇਸ ਜੇ.ਈ. ਸਾਬ੍ਹ ਤੋਂ ਹੀ ਕੁਝ ਸਿੱਖ ਲੈਣ ਕਿ ਅਸੀਂ ਲੋਕਾਂ ਦੇ ਸੇਵਾਦਾਰ ਹਾਂ, ਅਹੁਦੇਦਾਰੀਆਂ ਕਮਾਈ ਲਈ ਨਹੀਂ, ਸੇਵਾ ਲਈ ਨਸੀਬ ਹੁੰਦੀਆਂ ਨੇ। ਬਾਪੂ ਇਕ ਪਾਸੇ ਪੰਚ ਬਾਰੇ ਸੋਚਦਾ ਦੂਜੇ ਪਾਸੇ ਜੇ.ਈ. ਵੱਲ ਕਿ ਸਬਰ-ਸੰਤੋਖ ਵਾਲਾ ਕਿਹੜਾ ਹੈ।


-ਪਿੰਡ ਤੇ ਡਾਕ: ਘਵੱਦੀ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 94178-70492

ਰੁੱਖਾਂ ਦੀ ਮਹੱਤਤਾ

ਰੁੱਖ ਲਗਾਓ ਐਵੇਂ ਫੋਟੋਆਂ ਖਿਚਾਉਣ ਦੇ ਕਰੋ ਨਾ ਅਡੰਬਰ
ਸੋਚੋ ਨਹੀਂ ਤਾਂ ਫਿਰ ਮੋਢਿਆਂ 'ਤੇ ਉਠਾਉਂਗੇ ਆਕਸੀਜਨ ਦੇ ਸਿਲੰਡਰ।
ਸ਼ੁੱਭ ਮੌਕਿਆਂ 'ਤੇ ਇਕ ਦੂਜੇ ਨੂੰ ਤੁਸੀਂ ਦਿਓ ਪੌਦੇ,
ਲੋਕੋ, ਇਹੋ ਜਿਹੇ ਲੱਭਣੇ ਨੀ ਵੇਖੋ ਖਰੇ ਸੌਦੇ।
ਰੁੱਖ ਪਾਲੋ ਜਿਵੇਂ ਬੱਚਿਆਂ ਨੂੰ ਪਾਲਦੀਆਂ ਨੇ ਮਾਵਾਂ
ਭਰਾਵੋ ਰੁੱਖਾਂ ਬਿਨਾਂ ਮਿਲਦੀਆਂ ਨੀ ਵੇਖੋ ਠੰਢੀਆਂ ਛਾਵਾਂ।
ਮਸਾਲਿਆਂ ਨਾਲ ਪੱਕੇ ਫਲ ਖਾਣ ਤੋਂ ਕਰੋ ਪ੍ਰਹੇਜ਼,
ਹੁਣ ਫਲਾਂ ਦੇ ਰੰਗ ਰੂਪ ਤੋਂ ਕਰੋ ਤੁਸੀਂ ਗੁਰੇਜ਼।
ਬੇਮੌਸਮੀ ਫਲਾਂ ਤੇ ਸਬਜ਼ੀਆਂ ਤੋਂ ਹਟਾਓ ਤੁਸੀਂ ਧਿਆਨ
ਲੋਕੋ, ਸੁਆਦਾਂ ਨੂੰ ਛੱਡੋ ਤੁਸੀਂ ਲੈ ਲਵੋ ਕਿਤਾਬੀ ਗਿਆਨ।


-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
551/2, ਰਿਸ਼ੀ ਨਗਰ, ਸ਼ਕੂਰ ਬਸਤੀ, ਨਵੀਂ ਦਿੱਲੀ-110034.
ਮੋਬਾਈਲ : 092105-88990

ਹੰਕਾਰੀ

ਬਹੁਤ ਸਾਲ ਪਹਿਲਾਂ ਮੈਂ ਲਿਖਣਾ ਸ਼ੁਰੂ ਕੀਤਾ ਸੀ। ਮੈਂ ਬਹੁਤ ਪੜ੍ਹਦਾ ਸੀ। ਅਖ਼ਬਾਰਾਂ, ਕਵਿਤਾ, ਕਹਾਣੀਆਂ ਅਤੇ ਵਾਰਤਕ ਦੀਆਂ ਕਿਤਾਬਾਂ ਅਣਗਿਣਤ ਪੜ੍ਹੀਆਂ। ਜਦੋਂ ਕੋਈ ਲੇਖਕ ਕਿਤਾਬ ਭੇਟ ਕਰਦਾ ਤਾਂ ਮੈਂ ਕਿਤਾਬ ਪੜ੍ਹ ਕੇ, ਚਿੱਠੀ ਜ਼ਰੂਰ ਲਿਖਣੀ, ਕਿਤਾਬ ਵਿਚਲੀਆਂ ਖੂਬੀਆਂ ਬਾਰੇ ਲਿਖਣਾ। ਬਹੁਤ ਸਾਰੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਦਾ ਸਾਂ। ਜੋ ਹੁਣ ਮੇਰੀ ਨਿੱਜੀ ਲਾਇਬ੍ਰੇਰੀ ਵਿੱਚ ਹੱਕ ਨਾਲ ਬੈਠੀਆਂ ਹਨ।
ਸਮਾਂ ਆਪਣੀ ਤੋਰ ਤੁਰਦਾ ਰਿਹਾ। ਮੇਰੀਆਂ ਰਚਨਾਵਾਂ ਅਖ਼ਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ। ਹੁਣ ਮੇਰੀਆਂ ਵੀ 7-8 ਕਿਤਾਬਾਂ ਛਪ ਚੁੱਕੀਆਂ ਹਨ। ਅੱਜਕਲ੍ਹ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਲੇਖਕਾਂ ਵਲੋਂ ਸਤਿਕਾਰ ਸਹਿਤ ਭੇਟ ਕੀਤੀਆਂ ਜਾਂਦੀਆਂ ਹਨ। ਨਵ ਪ੍ਰਕਾਸ਼ਿਤ ਕਿਤਾਬਾਂ ਵੀ ਆ ਜਾਂਦੀਆਂ ਹਨ। ਹੁਣ ਕਦੇ-ਕਦਾਈਂ ਹੀ ਕਿਤਾਬ ਖ਼ਰੀਦ ਕੇ ਪੜ੍ਹਦਾ ਹਾਂ ।
ਹੁਣ ਮੈਂ ਆਪਣੇ ਆਪ ਨੂੰ ਵੱਡਾ ਲੇਖਕ ਸਮਝਣ ਲੱਗ ਪਿਆ ਹਾਂ। ਨਵੇਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਨੀਆਂ, ਮੈਂ ਆਪਣੀ ਹੱਤਕ ਸਮਝਦਾ ਹਾਂ, ਜਿਸ ਨਾਲ ਮੇਰਾ ਸਮਾਂ ਖਰਾਬ ਹੁੰਦਾ ਹੈ। ਜਦੋਂ ਨਵੇਂ ਲੇਖਕ ਫੋਨ ਕਰਕੇ ਪੁੱਛਦੇ ਹਨ, ਸਰ ਜੀ, ਮੇਰੀ ਕਿਤਾਬ ਪੜ੍ਹ ਲਈ? ਮੈਂ ਹਰ ਵਾਰ ਇਕੋ ਜਵਾਬ ਦਿੰਦਾ ਹਾਂ। ਸਮਾਂ ਨਹੀਂ ਮਿਲਿਆ, ਮੈਂ ਬਿਜ਼ੀ ਹਾਂ, ਸਮਾਂ ਕੱਢ ਕੇ ਫੋਨ ਕਰਾਂਗਾ, ਕਿਤਾਬ ਪੜ੍ਹ ਕੇ। ਪਰ ਉਹ ਦਿਨ ਕਦੇ ਨਹੀਂ ਆਇਆ। ਮੈਨੂੰ ਲਗਦਾ ਹੈ, ਹੁਣ ਮੈਂ ਹੰਕਾਰੀ ਹੋ ਗਿਆ ਹਾਂ ।


-ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 85280-26566.

ਆਟੋਗ੍ਰਾਫ ਤੋਂ ਸੈਲਫੀ ਤੱਕ

ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਇਹ ਚਾਹੇ ਉਨ੍ਹਾਂ ਦੇ ਕੱਪੜੇ-ਲੀੜੇ (ਪਹਿਰਾਵਾ) ਹੋਵੇ, ਰੀਤੀ-ਰਿਵਾਜ ਹੋਣ ਜਾਂ ਫਿਰ ਜ਼ਿੰਦਗੀ ਜਿਊਣ ਦੇ ਹੋਰ ਤੌਰ-ਤਰੀਕੇ ਹੋਣ। ਬਹੁਤ ਫ਼ਰਕ ਹੈ ਅਤੀਤ ਅਤੇ ਵਰਤਮਾਨ ਦਾ।
ਪਹਿਲਾਂ ਜਦੋਂ ਕੋਈ ਖਾਸ ਇਨਸਾਨ ਜਿਵੇਂ ਕਿ ਫਿਲਮੀ ਸਿਤਾਰੇ, ਲੀਡਰ, ਖਿਡਾਰੀ ਆਦਿ ਲੋਕਾਂ ਵਿਚ ਵਿਚਰਦੇ ਸੀ ਜਾਂ ਕਦੇ ਲੋਕ ਉਨ੍ਹਾਂ ਕੋਲ ਜਾਂਦੇ ਸੀ ਤਾਂ ਅਕਸਰ ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਤੋਂ ਆਟੋਗ੍ਰਾਫ ਦੀ ਮੰਗ ਕਰਦੇ ਸੀ। ਕਈ ਵਾਰ ਤਾਂ ਕਿਸੇ ਪ੍ਰਸੰਸਕ ਕੋਲ ਕਾਗਜ਼ ਜਾਂ ਕਾਪੀ ਆਦਿ ਨਾ ਹੁੰਦੀ ਤਾਂ ਉਹ ਆਪਣਾ ਹੱਥ ਆਟੋਗ੍ਰਾਫ਼ ਲਈ ਅੱਗੇ ਕਰ ਦਿੰਦੇ ਸੀ।
ਪਰ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਜੀ। ਅੱਜ ਕਲ੍ਹ ਇਸ ਦਾ ਰਿਵਾਜ ਕਾਫ਼ੀ ਹੱਦ ਤੱਕ ਘਟ ਗਿਆ ਹੈ। ਤਕਰੀਬਨ (ਲਗਪਗ) ਖਤਮ ਹੀ ਹੁੰਦਾ ਜਾਪਦਾ ਹੈ। ਆਟੋਗ੍ਰਾਫ਼ ਦੀ ਥਾਂ ਸੈਲਫ਼ੀ ਨੇ ਲੈ ਲਈ ਹੈ। ਇਸ ਦਾ ਮੁੱਖ ਕਾਰਨ ਸਮਾਰਟ ਫੋਨ ਦਾ ਹਰ ਇਕ ਦੀ ਪਹੁੰਚ ਵਿਚ ਹੋ ਜਾਣਾ ਹੈ। ਕੈਮਰੇ ਵਾਲਾ ਫ਼ੋਨ ਹਰ ਇਕ ਦੀ ਜੇਬ ਵਿਚ ਹੈ, ਜਿਸ ਕਰਕੇ ਸੈਲਫੀ ਦਾ ਟਰੈਂਡ ਸਿਖਰ 'ਤੇ ਹੈ। ਹੁਣ ਮਨੁੱਖ ਆਪਣੇ ਸਾਹਮਣੇ ਕਿਸੇ ਸੈਲੀਬਰਿਟੀ ਨੂੰ ਦੇਖਦੇ ਸਾਰ ਹੀ ਉਸ ਦੇ ਮਨ ਵਿਚ ਉਸ ਨਾਲ ਸੈਲਫੀ ਲੈਣ ਦਾ ਖਿਆਲ ਆ ਜਾਂਦਾ ਹੈ। ਆਟੋਗ੍ਰਾਫ਼ ਵਾਲਾ ਕੰਮ ਹੁਣ ਸੈਲਫੀ ਕਰਦੀ ਹੈ। ਕਹਿਣ ਦਾ ਭਾਵ ਸੈਲਫੀ ਆਟੋਗ੍ਰਾਫ਼ ਨੂੰ ਲੈ ਬੈਠੀ ਹੈ।


-ਪਿੰਡ ਅੱਬੂਵਾਲ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 95011-00211.

ਸ਼ਿਮਲਾ ਮਿਰਚਾਂ

ਕੋਰੋਨਾ ਕਹਿਰ ਕਰਕੇ ਇਕਦਮ ਲਾਕਡਾਊਨ ਹੋ ਗਿਆ। ਆਵਾਜਾਈ ਦੇ ਸਾਧਨ ਬੰਦ ਹੋਣ ਕਰਕੇ ਸਬਜ਼ੀਆਂ ਦੀ ਢੋਆ-ਢੁਆਈ ਬੰਦ ਹੋ ਗਈ। ਸੜਕ 'ਤੇ ਥੋਕ 'ਚ ਖਿੱਲਰੀਆਂ ਹੋਈਆਂ ਸ਼ਿਮਲਾਂ ਮਿਰਚਾਂ ਵੇਖ ਕੇ ਤੁਰੇ ਆਉਂਦੇ ਰਾਹਗੀਰ ਨੇ ਵੱਟ 'ਤੇ ਖੜ੍ਹੇ ਕਿਸਾਨ ਨੂੰ ਕਿਹਾ, ਸਿੱਟਣੀਆਂ ਕਾਹਨੂੰ ਸੀ, ਪਿੰਡ ਵਿਚ ਮੁਫ਼ਤ ਵੰਡ ਦਿੰਦੇ ਕਿਸੇ ਗਰੀਬ-ਗੁਰਬੇ ਦੇ ਮੂੰਹ ਵਿਚ ਪੈ ਜਾਂਦੀਆਂ। ਇਹ ਮਿਰਚਾਂ ਤਾਂ ਵੱਡੇ ਹੋਟਲਾਂ 'ਚ ਚਿੱਲੀ ਚਿਕਨ ਅਤੇ ਪੀਜ਼ੇ ਬਰਗਰ ਲਈ ਹਨ। ਪਿੰਡ ਆਲੇ ਖਾਣਾ ਤਾਂ ਦੂਰ ਦੀ ਗੱਲ, ਝਾਕਦੇ ਵੀ ਨਹੀਂ ਇਨ੍ਹਾਂ ਵੱਲ ਕਿਉਂਕਿ ਰੋਜ਼ ਦੀ ਤੇਜ਼ ਸਪਰੇਅ ਤੇ ਕਿੱਲੇ ਵਿਚ ਪਾਏ ਜਾਂਦੇ ਯੂਰੀਆ ਦੇ ਪੰਦਰਾਂ ਗੱਟਿਆਂ ਬਾਰੇ ਸਭ ਨੂੰ ਪਤਾ ਹੈ।
ਕਿਸਾਨ ਦਾ ਉੱਤਰ ਸੁਣ ਕੇ ਰਾਹਗੀਰ ਚੱਕਵੇਂ ਪੈਰੀਂ ਹੋ ਗਿਆ ਮਤੇ ਕੋਈ ਬਿਮਾਰੀ ਹੀ ਨਾ ਚਿੰਬੜ ਜਾਵੇ।


-ਤਲਵੰਡੀ ਸਾਬੋ। ਮੋਬਾਈਲ : 94630-24575.

ਫਲਾਇੰਗ ਮੇਲ

ਬਚਪਨ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ। ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਸੀ। ਇਕ ਹੀ ਗੱਡੀ ਜੋ ਕਿ ਮੇਰੇ ਨਾਨਕੇ ਕੁਰੂਕਸ਼ੇਤਰ ਰੁਕਦੀ ਸੀ, ਉਹ ਸੀ 'ਫਲਾਇੰਗ ਮੇਲ'। 12:30 ਵਜੇ ਉਹ ਅੰਮ੍ਰਿਤਸਰ ਤੋਂ ਚਲਦੀ ਸੀ। ਜੇਕਰ ਲੇਟ ਨਾ ਹੋਵੇ ਤਾਂ 7 ਕੁ ਵਜੇ ਨਾਨਕੇ ਪਹੁੰਚਾ ਦਿੰਦੀ ਸੀ। ਇੰਜਣ ਦੀ ਛੁਕ-ਛੁਕ ਤੇ ਟ੍ਰੇਨ ਦੇ ਪਹੀਆਂ ਦੀ ਆਵਾਜ਼ ਇਕ ਅਜੀਬ ਜਿਹਾ ਸੁਪਨਈ ਸੰਸਾਰ ਸਿਰਜਦੀ ਸੀ। ਟ੍ਰੇਨ ਦੀ ਖਿੜਕੀ ਵਿਚੋਂ ਪਿੱਛੇ ਨੂੰ ਜਾਂਦੇ ਨਦੀਆਂ ਨਾਲੇ ਤੇ ਦਰਿਆਂ ਇਕ ਅਜੀਬ ਜਿਹਾ ਖੁਸ਼ੀਆਂ ਭਰਿਆਂ ਅਹਿਸਾਸ ਕਰਵਾਉਂਦੇ ਸਨ। ਖਾਸ ਕਰ ਚੀਜ਼ਾਂ ਵੇਚਣ ਵਾਲੇ, ਕੋਈ ਚਾਹ ਵਾਲਾ, ਪੂੜੀਆਂ ਵਾਲਾ, ਨਿੰਬੂ ਦਾਲ ਵਾਲਾ ਜਾਂ ਫਿਰ ਕੋਈ ਮੰਗਤਾ ਹਰ ਕੋਈ ਆਪਣੀ ਖਾਸ ਆਵਾਜ਼ ਵਿਚ ਹੋਕਾ ਦਿੰਦਾ ਸੀ। ਜ਼ਿਆਦਾਤਰ ਲੋਕ ਜਨਰਲ ਡੱਬੇ ਵਿਚ ਹੀ ਸਫਰ ਕਰਦੇ ਸਨ। ਅਸੀਂ ਕਦੇ ਵੀ ਰਿਜ਼ਸਵੇਸ਼ਨ ਨਹੀਂ ਸੀ ਕਰਵਾਈ। ਪਹਿਲਾਂ ਜਾ ਕੇ ਸੀਟਾਂ ਮੱਲ ਲਈਦੀਆਂ ਸਨ। ਸੀਟਾਂ ਲਕੜੀ ਦੇ ਫੱਟੇ ਵਾਲੀਆਂ ਹੁੰਦੀਆਂ ਸਨ ਪਰ ਉਨ੍ਹਾਂ ਉੱਪਰ ਬੈਠਣ ਦਾ ਵੱਖਰਾ ਹੀ ਮਜ਼ਾ ਸੀ ਤੇ ਠੰਢੀ-ਠੰਢੀ ਹਵਾ ਦੇ ਬੁੱਲੇ ਜੋ ਚਲਦੀ ਟ੍ਰੇਨ ਵਿਚੋਂ ਅੱਜ ਦੇ ਕਿਸੇ ਏ.ਸੀ. ਡੱਬੇ ਤੋਂ ਵੀ ਵਧੀਆਂ ਨਜ਼ਾਰਾ ਦਿੰਦੇ ਸਨ। ਕਈ ਵਾਰ ਨਾਲ ਦੀ ਸੀਟ 'ਤੇ ਬੈਠਾ ਪਰਿਵਾਰ ਜੋ ਕਿ ਆਪ ਵੀ ਛੁੱਟੀਆਂ ਕੱਟਣ ਜਾ ਰਿਹਾ ਹੁੰਦਾ ਸੀ, ਵਾਕਫ ਬਣ ਜਾਂਦਾ ਸੀ ਤੇ ਫਿਰ ਇਕੱਠਿਆਂ ਬੈਠ ਕੇ ਘਰੋਂ ਬਣਾ ਕੇ ਲਿਆਂਦਾ ਖਾਣਾ ਖਾਣ ਦਾ ਆਪਣਾ ਵੱਖਰਾ ਹੀ ਅਨੰਦ ਸੀ। ਮੈਨੂੰ ਅੱਜ ਵੀ ਉਹ ਪੋਣੇ ਵਿਚ ਲਪੇਟੀਆਂ ਪਰੌਂਠੀਆਂ ਅਤੇ ਅਚਾਰ ਦੀ ਖੁਸ਼ਬੂ ਨਹੀਂ ਭੁੱਲਦੀ ਤੇ ਉਸ ਤੋਂ ਬਾਅਦ ਚਾਹ ਵਾਲੇ ਕੋਲੋਂ ਇਲਾੲਚੀ ਵਾਲੀ ਚਾਹ ਲੈ ਕੇ ਪੀਣੀ। ਪਤਾ ਹੀ ਨਹੀਂ ਸੀ ਲਗਦਾ ਬਈ ਸਫਰ ਕਦੋਂ ਖਤਮ ਹੋ ਗਿਆ ਤੇ ਫਿਰ ਨਾਨਕੇ ਸਟੇਸ਼ਨ ਉੱਤਰ ਕੇ ਰਿਕਸ਼ਾ ਲੈ ਕੇ ਘਰ ਲਈ ਚੱਲ ਪੈਣਾ। ਘਰ ਇੰਜੀਨੀਅਰਿੰਗ ਕਾਲਜ ਕੈਂਪਸ ਵਿਚ ਸੀ। ਮਾਮਾ ਜੀ ਇੰਜੀਨੀਅਰਿੰਗ ਕਾਲਜ ਵਿਚ ਨੌਕਰੀ ਕਰਦੇ ਸਨ ਤੇ ਇੰਜੀਨੀਅਰਿੰਗ ਕਾਲਜ ਦਾ ਹਰਿਆ-ਭਰਿਆ ਮਾਹੌਲ ਸਭ ਕੁਝ ਇਕ ਸੁਪਨੇ ਵਾਂਗ ਹੁੰਦਾ ਸੀ ਪਰ ਫਿਰ ਜਦ ਘਰ ਪਹੁੰਚਣਾ ਤਾਂ ਨਾਨਾ ਜੀ, ਨਾਨੀ ਜੀ, ਮਾਮਾ ਜੀ, ਮਾਮਾ ਜੀ, ਭਾਅ ਜੀ ਤੇ ਦੀਦੀ ਨੂੰ ਚਾਅ ਚੜ੍ਹ ਜਾਂਦਾ ਸੀ। ਦੋ-ਤਿੰਨ ਦਿਨ ਤਾਂ ਇਵੇਂ ਲੰਘਣੇ ਜਿਵੇਂ ਸੁਪਨਾ ਹੀ ਚੱਲ ਰਿਹਾ ਹੋਵੇ। ਵਾਰ-ਵਾਰ ਵੱਖ-ਵੱਖ ਕਮਰਿਆਂ ਵਿਚ ਜਾ ਕੇ ਕਿਸੇ ਨਵੇਂ ਲੱਗੇ ਸ਼ੋਅ ਪੀਸ ਜਾਂ ਤਸਵੀਰ ਨੂੰ ਕਿੰਨੀ ਵਾਰ ਦੇਖਣਾ ਤੇ ਜਾਂ ਫਿਰ ਅਮਰੂਦ ਜਾਂ ਅਨਾਰ ਦੇ ਦਰੱਖਤ 'ਤੇ ਲੱਗੇ ਫਲਾਂ ਨੂੰ ਤੋੜ ਕੇ ਖਾਣਾ। ਕਈ ਵਾਰ ਨਾਨਾ ਜੀ ਕੋਲੋਂ ਕੱਚੇ ਫਲ ਤੋੜ ਕੇ ਖਾਣ 'ਤੇ ਝਿੜਕਾਂ ਵੀ ਪੈਂਦੀਆਂ ਸਨ। ਘਰ ਦਾ ਨੰਬਰ ਮੈਨੂੰ ਅੱਜ ਵੀ ਯਾਦ ਹੈ ਈ-3, ਘਰ ਦੇ ਸਾਹਮਣੇ ਛੋਟੀ ਜਿਹੀ ਵਾੜੀ ਸੀ, ਜਿੱਥੇ ਨਾਨਾ ਜੀ ਸਬਜ਼ੀਆਂ ਉਗਾਉਂਦੇ ਸਨ। ਕਈ ਵਾਰ ਨਾਨਾ ਜੀ ਨਾਲ ਜਾ ਕੇ ਸਬਜ਼ੀਆਂ ਤੋੜ ਕੇ ਲਿਆਉਣਾ। ਇੰਦਰਜਾਲ, ਅਮਰਚਿੱਤਰ ਕਥਾ, ਮੋਟੂ ਪਤਲੂ, ਨੰਦਨ ਚੰਪਕ ਜਿਹੀਆਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨੀਆਂ ਤੇ ਖਾਸ ਕਰ ਦੁਪਹਿਰ ਦੀ ਚਾਹ ਨਾਲ ਮਾਮੀ ਜੀ ਹਰ ਰੋਜ਼ ਕੁਝ ਨਵਾਂ ਬਣਾ ਕੇ ਖਵਾਉਂਦੇ ਕਦੇ ਉਪਮਾ ਕਦੇ ਚਿੜਵਾ। ਮਾਮੀ ਜੀ ਬਹੁਤ ਸਵਾਦੀ ਖਾਣਾ ਬਣਾਉਂਦੇ ਸਨ। ਉਨ੍ਹਾਂ ਦੀ ਰਸੋਈ ਤੋਂ ਆਉਣ ਵਾਲੀ ਮਿੱਠੀ-ਮਿੱਠੀ ਖੁਸ਼ਬੂ ਅਜੇ ਵੀ ਮੇਰੇ ਅੰਦਰ ਸਮਾਈ ਹੋਈ ਹੈ। ਭਾਅ ਜੀ ਤੇ ਦੀਦੀ ਨਾਲ ਨਿੱਕੀਆਂ-ਨਿੱਕੀਆਂ ਖੇਡਾਂ ਖੇਡਦੇ ਪਤਾ ਹੀ ਨਹੀਂ ਲਗਦਾ ਕਿ ਬਈ ਘਰ ਵਾਪਸ ਜਾਣ ਦਾ ਸਮਾਂ ਆ ਗਿਆ ਹੈ ਤੇ ਫਿਰ ਵਾਪਸ ਜਾਣ ਵਾਲੇ ਦਿਨ ਕਿੰਨੇ ਸਾਰੇ ਤੋਹਫਿਆਂ, ਅਚਾਰ ਤੇ ਚਟਣੀਆਂ ਨਾਲ ਅੱਖਾਂ ਭਰ ਕੇ ਸਾਰੇ ਸਾਨੂੰ ਵਿਦਾ ਕਰਦੇ ਸਨ ਤੇ ਫਿਰ ਉਹੀ ਫਲਾਇੰਗ ਮੇਲ ਵਿਚ ਘਰ ਵਾਪਸੀ ਹੁੰਦੀ ਸੀ। ਹੁਣ ਜਵਾਨੀ ਵੇਲੇ ਕਈ ਵਾਰ ਮੌਕਾ ਮਿਲਿਆ ਨਾਨਕੇ ਜਾਣ ਦਾ। ਨਾਨਾ-ਨਾਨੀ ਤਾਂ ਗੁਜ਼ਰ ਗਏ ਸਨ। ਮਾਮਾ ਜੀ ਨੇ ਰਿਟਾਇਰਮੈਂਟ ਤੋਂ ਬਾਅਦ ਕੁਰੂਕਸ਼ੇਤਰ ਵਿਚ ਹੀ ਘਰ ਬਣਾ ਲਿਆ ਹੈ, ਕੈਂਪਸ ਛੱਡਣਾ ਪਿਆ। ਭਾਅ ਜੀ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਬਾਹਰਲੇ ਦੇਸ਼ ਜਾ ਕੇ ਵਸ ਗਏ। ਦੀਦੀ ਦਾ ਵਿਆਹ ਹੋ ਗਿਆ। ਹੁਣ ਘਰ ਖਾਲੀ-ਖਾਲੀ ਜਾਪਦਾ ਹੈ। ਸਫਰ ਵਿਚ ਵੀ ਉਹ ਮਜ਼ਾ ਨਹੀਂ ਰਿਹਾ। ਭਾਵੇਂ ਫਲਾਇੰਗ ਮੇਲ ਦੀ ਥਾਂ 'ਤੇ ਬਹੁਤ ਹੀ ਹੋਰ ਗੱਡੀਆਂ ਚੱਲ ਪਈਆਂ ਹਨ, ਪਰ ਜੋ ਫਲਾਇੰਗ ਮੇਲ ਦੇ ਜਨਰਲ ਡੱਬੇ ਵਿਚ ਸਫਰ ਕਰਨ ਦਾ ਮਜ਼ਾ ਸੀ, ਉਹ ਹੁਣ ਕਦੇ ਨਹੀਂ ਆਇਆ। ਲਗਦਾ ਫਲਾਇੰਗ ਮੇਲ ਆਪਣੇ ਨਾਂਅ ਵਾਂਗ ਹੀ ਰਿਸ਼ਤਿਆਂ ਨੂੰ ਜਿਵੇਂ ਉੱਡਕੇ ਮਿਲਾਉਂਦੀ ਸੀ, ਪਤਾ ਨਹੀਂ ਹੁਣ ਉਹ ਗੱਡੀ ਚਲਦੀ ਹੈ ਜਾਂ ਨਹੀਂ। ਪਰ ਸਫਰ ਦਾ ਉਹ ਸੁਨਹਿਰੀ ਅਹਿਸਾਸ ਜੋ ਫਲਾਇੰਗ ਮੇਲ ਵਿਚ ਆਉਂਦਾ ਸੀ, ਉਹ ਫਿਰ ਕਦੇ ਨਹੀਂ ਆਇਆ।


-2974, ਹਰਿਗੋਬਿੰਦਪੁਰਾ, ਵਡਾਲੀ ਰੋਡ, ਛੇਹਰਟਾ, ਅੰਮ੍ਰਿਤਸਰ-143105.
ਮੋਬਾਈਲ : 98552-50502Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX