ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਲੋਕ ਮੰਚ

ਵਿਦਿਆਰਥੀ ਜੀਵਨ ਨੂੰ ਦਰਪੇਸ਼ ਚੁਣੌਤੀਆਂ ਅਤੇ ਹੱਲ

ਮਨੁੱਖ ਆਪਣੇ ਜਨਮ ਤੋਂ ਲੈ ਕੇ ਮੌਤ ਤੱਕ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ, ਜਿਸ ਵਿਚ ਉਸ ਨੂੰ ਵੱਖ-ਵੱਖ ਪੜਾਵਾਂ ਵਿਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਇਨ੍ਹਾਂ ਵਿਚ ਮੁੱਖ ਰੂਪ ਵਿਚ ਉਸ ਦਾ ਬਚਪਨ ਅਤੇ ਵਿਦਿਆਰਥੀ ਜੀਵਨ ਸਭ ਤੋਂ ਅਹਿਮ ਹਨ, ਜਿਸ ਵਿਚ ਉਹ ਬਹੁਤ ਕੁਝ ਸਿੱਖਦਾ, ਗ੍ਰਹਿਣ ਕਰਦਾ ਅਤੇ ਅਪਣਾਉਂਦਾ ਹੈ। ਇਸ ਦੇ ਆਧਾਰ 'ਤੇ ਹੀ ਉਸ ਦੀ ਅਗਲੇਰੀ ਜ਼ਿੰਦਗੀ ਦੀ ਘਾੜਤ ਘੜੀ ਜਾਂਦੀ ਹੈ। ਇਸ ਲਈ ਅਸੀਂ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਹਿ ਸਕਦੇ ਹਾਂ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਹਰ ਵਿਦਿਆਰਥੀ ਦੇ ਜੀਵਨ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ।
ਇਕ ਵਿਦਿਆਰਥੀ ਨੂੰ ਸਭ ਤੋਂ ਪਹਿਲਾਂ ਉਸ ਦੇ ਘਰ ਦਾ ਮਾਹੌਲ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਬਾਅਦ ਸਕੂਲ ਜਾਂ ਕਾਲਜ ਵਿਚਲਾ ਮਾਹੌਲ, ਜਿਸ ਦੌਰਾਨ ਸਾਡੇ ਵੱਖ-ਵੱਖ ਲੋਕਾਂ ਨਾਲ ਸਬੰਧ ਸਥਾਪਤ ਹੁੰਦੇ ਹਨ। ਪਰਿਵਾਰਕ ਰਿਸ਼ਤਿਆਂ ਨਾਲ ਅਸੀਂ ਗਹਿਰੇ ਪੱਧਰ 'ਤੇ ਜੁੜੇ ਹੁੰਦੇ ਹਾਂ, ਜਿਸ ਕਾਰਨ ਪਰਿਵਾਰ ਵਿਚਲਾ ਮਾਹੌਲ ਸਾਡੀ ਮਾਨਸਿਕ ਸਥਿਤੀ ਨੂੰ ਘੜਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਘਰ ਵਿਚ ਮਾਤਾ-ਪਿਤਾ ਦੀ ਲੜਾਈ, ਕੋਈ ਅਚਨਚੇਤੀ ਦੁਰਘਟਨਾ ਜਾਂ ਆਪਸ ਵਿਚ ਮੇਲ-ਮਿਲਾਪ ਦੀ ਘਾਟ ਸਾਡੇ ਮਨ ਦੀ ਇਕਾਂਤ ਨੂੰ ਸਾਡੇ ਤੋਂ ਖੋਹ ਲੈਂਦੀ ਹੈ ਅਤੇ ਅਸੀਂ ਘੋਰ ਨਿਰਾਸ਼ਾ ਦੇ ਘੇਰੇ ਵਿਚ ਆ ਜਾਂਦੇ ਹਾਂ। ਇਥੇ ਢੇਰੀ ਢਾਹ ਲੈਣ ਦੀ ਥਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਇਕ ਚੁਣੌਤੀ ਦੇ ਰੂਪ ਵਿਚ ਲਈਏ ਅਤੇ ਐਸੀ ਸਮੱਸਿਆ ਦਾ ਸਾਹਮਣਾ ਡਟ ਕੇ ਕਰੀਏ। ਕਿਸੇ ਨਕਾਰਾਤਮਕ ਪ੍ਰਭਾਵ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਈਏ। ਹਿੰਮਤ ਰੱਖਦੇ ਹੋਏ, ਆਪਣੀ ਜ਼ਿੰਦਗੀ ਦੇ ਨਿਸ਼ਾਨੇ ਵੱਲ ਵਧਦੇ ਰਹੀਏ। ਘਰ ਦੇ ਮਾਹੌਲ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੀਏ।
ਇਸ ਪ੍ਰਕਾਰ ਹੀ ਸਕੂਲ ਜਾਂ ਕਾਲਜ ਦੌਰਾਨ ਆਪਸੀ ਦੋਸਤਾਂ-ਮਿੱਤਰਾਂ ਨਾਲ ਵੀ ਸਾਡੀ ਖਿੱਚੋਤਾਣ ਸਦਾ ਜਾਰੀ ਰਹਿੰਦੀ ਹੈ। ਇਕ ਗੱਲ ਦਾ ਖ਼ਾਸ ਖਿਆਲ ਰੱਖੀਏ ਕਿ ਤੁਹਾਡੀ ਕੀਤੀ ਮਿਹਨਤ ਨੇ ਹੀ ਤੁਹਾਡਾ ਸਾਥ ਦੇਣਾ ਹੈ। ਹੋਰ ਕੋਈ ਵੀ ਤੁਹਾਡੇ ਨਾਲ ਨਹੀਂ ਖੜ੍ਹੇਗਾ। ਕਈ ਵਾਰ ਅਸੀਂ ਬੁਰੇ ਪ੍ਰਭਾਵ ਦਾ ਸ਼ਿਕਾਰ ਹੋ ਜਾਂਦੇ ਹਾਂ, ਇਹ ਵੀ ਇਕ ਚੁਣੌਤੀ ਹੈ ਕਿ ਅਸੀਂ ਹੰਭਲਾ ਮਾਰ ਕੇ ਬੁਰੇ ਪ੍ਰਭਾਵ ਤੋਂ ਬਾਹਰ ਨਿਕਲੀਏ। ਐਸੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਹਮੇਸ਼ਾ ਕੁਝ ਨਾ ਕੁਝ ਚੰਗਾ ਅਤੇ ਗਿਆਨ ਭਰਪੂਰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ, ਜੋ ਸਾਨੂੰ ਸਥਿਰਤਾ ਪ੍ਰਦਾਨ ਕਰੇਗਾ। ਇਸ ਨਾਲ ਵਕਤੀ ਅਤੇ ਜਜ਼ਬਾਤੀ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ, ਜੋ ਕਈ ਵਾਰ ਸਾਡੀ ਪੂਰੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਸਮਰੱਥ ਹੁੰਦੇ ਹਨ। ਕਿਤਾਬਾਂ ਸਾਡੇ ਸੱਚੇ ਸਾਥੀ ਦੀ ਤਰ੍ਹਾਂ ਹੁੰਦੀਆਂ ਹਨ, ਜਿਨ੍ਹਾਂ ਵਿਚਲਾ ਗਿਆਨ, ਤਜਰਬਾ ਅਤੇ ਅਨੁਭਵ ਸਾਨੂੰ ਸਮਾਜਿਕ ਵਰਤਾਰੇ ਨੂੰ ਸਮਝਣ ਅਤੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਖੋਲ੍ਹਣ ਦੀ ਸਮਰੱਥਾ ਦਿੰਦਾ ਹੈ। ਕੋਈ ਪਲ ਸਾਡਾ ਵਿਅਰਥ ਨਹੀਂ ਜਾਣਾ ਚਾਹੀਦਾ। ਹਰ ਇਕ ਪਲ ਚਿੰਤਨ ਕਰੀਏ ਆਪਣੀ ਸਥਿਤੀ ਦਾ, ਆਪਣੀ ਪੜ੍ਹਾਈ ਦਾ ਅਤੇ ਆਪਣੇ-ਆਪ ਦਾ। ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਆਪਣੇ-ਆਪ ਤੋਂ ਹੀ।

-ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 98555-34961


ਖ਼ਬਰ ਸ਼ੇਅਰ ਕਰੋ

ਵਹਿਸ਼ੀਆਨਾ ਘਟਨਾਵਾਂ ਦੀ ਅੱਤ

ਭਾਵੇਂ ਮਨੁੱਖ ਨੇ ਪੱਥਰ ਯੁੱਗ ਤੋਂ ਲੈ ਕੇ ਅੱਜ ਦੇ ਤਕਨਾਲੋਜੀ ਦੇ ਯੁੱਗ ਵਿਚ ਪ੍ਰਵੇਸ਼ ਪਾ ਲਿਆ ਹੈ ਪਰ ਉਸ ਵਿਚੋਂ ਵਹਿਸ਼ੀਪੁਣੇ ਦੇ ਭਾਵ ਖ਼ਤਮ ਨਹੀਂ ਹੋਏ। ਅੱਜ ਵੀ ਹਰ ਦੋ ਮਿੰਟ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ, ਜਿਸ ਵਿਚ ਇਸਤਰੀ 'ਤੇ ਢਾਏ ਜ਼ੁਲਮ ਦੀ ਹਕੀਕਤ ਉਜਾਗਰ ਹੁੰਦੀ ਹੈ। ਪਿਛਲੇ ਦਿਨੀਂ ਹੀ ਅਤੀ ਨਿੰਦਣਯੋਗ ਘਟਨਾ ਅੰਮ੍ਰਿਤਸਰ ਵਿਚ ਵਾਪਰੀ ਹੈ, ਜਿਥੇ ਇਕ ਨੌਜਵਾਨ ਲੜਕੀ 'ਤੇ ਤੇਜ਼ਾਬ ਪਾ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਘਟੀਆ ਵਰਤਾਰਾ ਦੋ ਨਕਾਬਪੋਸ਼ ਸਿਰਫਿਰੇ ਮੁੰਡਿਆਂ ਵੱਲੋਂ ਕੀਤਾ ਗਿਆ ਹੈ। ਹਮਲੇ ਦਾ ਸ਼ਿਕਾਰ ਹੋਈ ਮੁਟਿਆਰ ਦੇ ਦੱਸਣ ਅਨੁਸਾਰ ਇਨ੍ਹਾਂ ਮੁੰਡਿਆਂ ਨੇ ਪਹਿਲਾਂ ਵੀ ਇਕ ਵਾਰ ਉਸ ਨਾਲ ਜਬਰਦਸਦੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੜਕੀ ਨੇ ਆਪਣੀ ਬਹਾਦਰੀ ਅਤੇ ਸੂਝਬੂਝ ਸਦਕਾ ਇਨ੍ਹਾਂ ਮੁੰਡਿਆਂ ਦੇ ਨਾਪਾਕ ਇਰਾਦਿਆਂ ਨੂੰ ਸਫਲ ਨਹੀਂ ਸੀ ਹੋਣ ਦਿੱਤਾ। ਇਸ ਦੀ ਸ਼ਿਕਾਇਤ ਲੜਕੀ ਵੱਲੋਂ ਔਰਤਾਂ ਦੇ ਵਿਸ਼ੇਸ਼ ਪੁਲਿਸ ਥਾਣੇ ਵਿਚ ਦਰਜ ਵੀ ਕਰਵਾਈ ਗਈ ਸੀ ਪਰ ਅਪਰਾਧੀਆਂ ਅਤੇ ਪੁਲਿਸ ਦੀ ਆਪਸੀ ਗੰਢਤੁਪ ਹੋ ਜਾਣ ਕਾਰਨ ਦੋਸ਼ੀਆਂ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਦਾ ਹੀ ਨਤੀਜਾ ਹੈ ਕਿ ਦੋਸ਼ੀ ਦੂਜੀ ਵਾਰ ਅਪਰਾਧ ਕਰਨ ਦੀ ਜੁਰਅਤ ਕਰ ਸਕੇ। ਹੁਣ ਸਵਾਲ ਤਾਂ ਇਹ ਖੜ੍ਹਾ ਹੈ ਕਿ ਕੀ ਅਸੀਂ ਸੱਭਿਆ ਸਮਾਜ ਦੇ ਬਾਸ਼ਿੰਦੇ ਹਾਂ? ਕੀ ਸਾਡੀਆਂ ਧੀਆਂ-ਭੈਣਾਂ ਇਸੇ ਤਰ੍ਹਾਂ ਹੀ ਨਮੋਸ਼ੀ ਅਤੇ ਜਿੱਲਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤੀਆਂ ਜਾਂਦੀਆਂ ਰਹਿਣਗੀਆਂ? ਕੀ ਸਾਡੀ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਪੁਲਿਸ ਇਸੇ ਤਰ੍ਹਾਂ ਅਪਰਾਧੀਆਂ ਨਾਲ ਗੰਢਤੁੱਪ ਕਰਕੇ ਉਨ੍ਹਾਂ ਨੂੰ ਹੋਰ ਅਪਰਾਧ ਕਰਨ ਲਈ ਖੁੱਲ੍ਹੇ ਛੱਡਦੀ ਰਹੇਗੀ?
ਇਸ ਦੇ ਨਾਲ ਦੀ ਨਾਲ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਮਾਪਿਆਂ ਤੋਂ ਆਪਣੇ ਪੁੱਤਰਾਂ ਦੀ ਪਰਵਰਿਸ਼ ਕਰਦੇ ਸਮੇਂ ਕਿਥੇ-ਕਿਥੇ ਕਮੀ ਰਹਿ ਗਈ ਕਿ ਉਹ ਅੱਤ ਸੰਗੀਨ ਅਪਰਾਧ ਕਰਨ ਵੇਲੇ ਜ਼ਰਾ ਵੀ ਨਹੀਂ ਝਿਜਕਦੇ। ਸੱਚ ਤਾਂ ਇਹ ਹੈ ਕਿ ਜੇਕਰ ਅਜਿਹੇ ਘਿਨਾਉਣੇ ਜੁਰਮਾਂ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਰੋਕਣਾ ਹੈ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਹੀ ਹੰਭਲਾ ਮਾਰਨਾ ਹੋਵੇਗਾ। ਸਭ ਤੋਂ ਪਹਿਲਾਂ ਮਾਪਿਆਂ ਦਾ ਇਹ ਅਹਿਮ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਪੁੱਤਰਾਂ ਦਾ ਪਾਲਣ-ਪੋਸ਼ਣ ਕਰਦੇ ਹੋਏ ਉਨ੍ਹਾਂ ਨੂੰ ਇਸ ਗੱਲ ਲਈ ਦ੍ਰਿੜ੍ਹ ਕਰਨ ਕਿ ਉਹ ਸਮਾਜ ਵਿਚ ਵਿਚਰਦੇ ਹੋਏ ਦੂਜੀਆਂ ਕੁੜੀਆਂ ਅਤੇ ਔਰਤਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਨ, ਜਿਸ ਤਰ੍ਹਾਂ ਦਾ ਵਿਵਹਾਰ ਉਹ ਆਪਣੇ ਘਰ-ਪਰਿਵਾਰ ਦੀਆਂ ਔਰਤਾਂ ਨਾਲ ਦੂਜਿਆਂ ਵੱਲੋਂ ਚਾਹੁੰਦੇ ਹਨ। ਬੇਟੀਆਂ ਨੂੰ ਵੀ ਇਸ ਢੰਗ ਨਾਲ ਸਿੱਖਿਅਤ ਕਰੀਏ ਕਿ ਉਹ ਸਮਾਜ ਵਿਚ ਵਿਚਰਦੇ ਸਮੇਂ ਇਕ ਨਿਸਚਤ ਮਰਿਆਦਾ ਅੰਦਰ ਹੀ ਰਹਿਣ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਕਾਨੂੰਨ ਵੀ ਏਨੇ ਸਖ਼ਤ ਬਣਾਉਣ ਦੀ ਲੋੜ ਹੈ ਕਿ ਅਪਰਾਧ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਕਾਨੂੰਨ ਦਾ ਡਰ ਹੋਵੇ। ਜੇਕਰ ਅਜਿਹਾ ਕਰਨ ਵਿਚ ਅਸੀਂ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡਾ ਇਹੋ ਸਮਾਜ ਸਵਰਗ ਬਣ ਜਾਵੇਗਾ ਅਤੇ ਫਿਰ ਸਾਨੂੰ ਕਿਸੇ ਕਲਪਿਤ ਸਵਰਗ ਦੀ ਲੋੜ ਨਹੀਂ ਪਵੇਗੀ। ਧੀਆਂ ਮਾਪਿਆਂ ਨੂੰ ਬੋਝ ਨਹੀਂ ਜਾਪਣਗੀਆਂ।

-ਸੰਗਰੂਰ।
ਮੋਬਾ: 84276-85020

ਜ਼ਮੀਰ ਜਾਗਦੇ ਅਧਿਆਪਕਾਂ ਦਾ 'ਮਾਤਾ ਧਰਤਿ ਮਹਤੁ' 'ਚ ਕੀ ਯੋਗਦਾਨ ਹੋਵੇ

ਅਰਬਾਂ-ਖਰਬਾਂ ਕਿਸਾਨੀ ਧਰਤੀ ਦੇ ਸੂਖਮ ਜੀਵ/ਮਿੱਤਰ ਕੀੜੇ ਜੋ ਚੇਤਨਾ ਦੀ ਘਾਟ ਜਾਂ ਖਰਚੇ ਤੋਂ ਡਰਦੇ ਮਾਰੇ ਬਹੁਤ ਲੰਬੇ ਸਮੇਂ ਤੋਂ ਭੰਗ ਦੇ ਭਾੜੇ ਮਾਰੇ ਜਾ ਰਹੇ ਸਨ। ਕੀੜੇਮਾਰ ਜ਼ਹਿਰਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ ਤੇ ਖੰਘ, ਜ਼ੁਕਾਮ, ਦਮਾ, ਤਪਦਿਕ, ਐਲਰਜੀ, ਸਾਹ ਨਾਲੀ ਦਾ ਕੈਂਸਰ, ਬੁਖਾਰ, ਸਿਰਦਰਦ, ਟਾਈਫਾਈਡ ਵਰਗੀਆਂ ਬਿਮਾਰੀਆਂ ਨੂੰ ਖੁਦ ਸੱਦਾ ਦੇ ਕੇ ਡਾਕਟਰਾਂ ਦੀਆਂ ਜੇਬਾਂ ਭਰੀਆਂ ਗਈਆਂ ਭਾਵ ਹਰੇਕ ਵਰ੍ਹੇ ਹਾੜ੍ਹੀ-ਸਾਉਣੀ 'ਤੇ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਿਆ ਗਿਆ।
ਚਲੋ, ਜਦੋਂ ਜਾਗੇ ਉਦੋਂ ਹੀ ਸਵੇਰ ਹੋਈ ਸਮਝੋ। ਹੁਣ ਮਾਣਯੋਗ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਨੇ ਹੰਭਲਾ ਮਾਰਿਆ ਤੇ ਹਰ ਬਲਾਕ, ਪਿੰਡ-ਪਿੰਡ ਕਿਸਾਨਾਂ ਨੂੰ ਧਰਤੀ ਅਤੇ ਕਾਇਨਾਤ ਦੀ ਸਿਹਤ ਪ੍ਰਤੀ ਜਾਗਰੂਕਤਾ ਦਾ ਹੋਕਾ ਦਿੰਦੇ ਹੋਏ ਨਾੜ ਸਾੜਨ ਵਾਲੇ 2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 1500 ਰੁਪਏ ਅਤੇ 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ 2500 ਰੁਪਏ ਤੇ 5 ਏਕੜ ਤੋਂ ਜ਼ਿਆਦਾ ਮਾਲਕੀ ਵਾਲੇ ਕਿਸਾਨਾਂ ਨੂੰ 15000 ਰੁਪਏ ਤੱਕ ਜੁਰਮਾਨਾ ਜਾਂ ਪਰਚਾ ਦਰਜ ਹੋਣ ਦਾ ਮਨੋਵਿਗਿਆਨਕ ਦਬਾਅ ਵੀ ਬਣਾਇਆ, ਜਿਸ ਦੇ ਸਿੱਟੇ ਫਲਦਾਇਕ ਨਿਕਲਣ ਦੀ ਪੂਰੀ ਆਸ ਹੈ। 'ਨਾਸਾ' ਦੀ ਮਦਦ ਨਾਲ ਖੇਤ ਦੇ ਮਾਲਕ ਦਾ ਮਿੰਟਾਂ-ਸਕਿੰਟਾਂ ਵਿਚ ਪਤਾ ਲੱਗ ਜਾਵੇਗਾ। ਕੁਝ ਵੀ ਲੁਕੋਇਆ ਨਹੀਂ ਜਾ ਸਕੇਗਾ।
ਨਾੜ ਨੂੰ ਅੱਗ ਲਗਾਉਣ ਨਾਲ ਖੇਤਾਂ ਦੇ ਬੰਨੇ ਲੱਗੇ ਰੁੱਖ ਵੀ ਅਗਨੀ ਭੇਟ ਹੋ ਜਾਂਦੇ ਸਨ ਤੇ ਨਾਲ-ਨਾਲ ਮਾਤਾ ਧਰਤਿ ਮਹਤੁ ਦੀ ਸਿਹਤ 'ਚ ਭੌਤਿਕ, ਜੈਵਿਕ ਤੇ ਰਸਾਇਣਕ ਗੁਣਾਂ ਦਾ ਖ਼ਾਤਮਾ ਵੀ ਹੋ ਜਾਂਦਾ ਸੀ। ਖੇਤੀਬਾੜੀ ਵਿਭਾਗ ਬਲਾਕ ਤੇ ਜ਼ਿਲ੍ਹਾ ਪੱਧਰੀ ਕੈਂਪਾਂ ਰਾਹੀਂ ਕਣਕ ਵੱਢਣ ਤੋਂ ਬਾਅਦ ਜਿਥੇ ਮੂੰਗੀ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ, ਉਥੇ ਇਹ ਵੀ ਹੋਕਾ ਦੇ ਰਿਹਾ ਹੈ ਕਿ ਨਾੜ ਸਾੜਨ ਦੇ ਤਾਂਡਵ ਨਾਚ ਨਾਲ 224 ਲੱਖ ਟਨ ਜ਼ਹਿਰੀਲੀਆਂ ਗੈਸਾਂ ਸਮੁੱਚੀ ਕਾਇਨਾਤ ਸਮੇਤ ਧਰਤੀ ਦਾ ਘਾਣ ਕਰ ਰਹੀਆਂ ਹਨ। ਭਾਰਤ ਤੇ ਪੰਜਾਬ ਦੇ ਅਧਿਆਪਕਾਂ ਕੋਲ ਵਿੱਦਿਅਕ ਅਦਾਰਿਆਂ ਵਿਚ ਲੱਖਾਂ ਦੀ ਤਦਾਦ ਵਿਚ ਕਰੋ-ਮਰੋ ਵਾਲੀ ਸ਼ਕਤੀਸ਼ਾਲੀ ਫ਼ੌਜ ਹੈ। ਜ਼ਮੀਰ ਜਾਗਦੀ ਵਾਲੇ ਅਧਿਆਪਕਾਂ ਨੂੰ ਸਵੇਰੇ ਪ੍ਰਾਰਥਨਾ ਸਭਾ ਵਿਚ ਜਾਂ ਵਿਸ਼ੇਸ਼ ਸਮਾਗਮ ਤਹਿਤ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੀ ਬਾਣੀ 'ਤੇ ਅਮਲ ਕਰਨ ਲਈ ਬੱਚਿਆਂ ਨੂੰ ਪ੍ਰੇਰਨਾ ਚਾਹੀਦਾ ਹੈ। ਬੱਚੇ ਆਪਣੇ ਬਾਪ ਦੇ ਵੀ ਬਾਪੂ ਹਨ, ਜਿਵੇਂ ਪਿਛਲੇ ਸਾਲ ਹਰਿਆਣੇ ਵਿਚ ਇਕ ਸਕੂਲ ਵਿਦਿਆਰਥਣ ਨੇ ਨਾੜ ਸਾੜਨ ਵਾਲੇ ਆਪਣੇ ਪਿਤਾ ਨੂੰ ਕਹਿਣਾ ਨਾ ਮੰਨਣ 'ਤੇ ਜੁਰਮਾਨਾ ਕਰਕੇ ਇਕ ਕੌਮੀ ਆਚਰਨ ਵਾਲੀ ਸ਼ਕਤੀਸ਼ਾਲੀ ਬੱਚੀ ਹੋਣ ਦਾ ਸਬੂਤ ਦਿੱਤਾ। ਵਿੱਦਿਅਕ ਅਦਾਰਿਆਂ ਵਿਚ ਈਕੋ, ਜਾਗ੍ਰਿਤੀ ਕਲੱਬ, ਐੱਨ. ਸੀ. ਸੀ., ਐੱਨ. ਐੱਸ. ਐੱਸ., ਸਕਾਊਟਿੰਗ-ਗਰਲ ਗਾਈਡਿੰਗ, ਗਾਈਡੈਂਸ ਸੈੱਲ ਹਨ। ਵਿਭਾਗ ਇਨ੍ਹਾਂ ਨੂੰ ਸਖ਼ਤ ਸ਼ਬਦਾਂ ਵਿਚ ਨਾੜ ਨਾ ਸਾੜਨ ਦੀ ਮੁਹਿੰਮ ਵਿਚ ਜਾਗਰੂਕ ਕਦਮ ਉਠਾਉਣ ਲਈ ਪੱਤਰ ਕੱਢੇ ਤੇ ਉਸ ਦੀ ਪਾਲਣਾ ਵੀ ਕਰਾਵੇ। ਮਹਿਜ਼ ਖਾਨਾਪੂਰਤੀ ਵਾਲੇ ਅਧਿਆਪਕਾਂ 'ਤੇ ਸਖ਼ਤੀ ਵਰਤੀ ਜਾਵੇ। ਸਿੱਖਿਆ ਵਿਭਾਗ ਦੇ ਸਕੂਲਾਂ ਕੋਲ ਸੱਭਿਆਚਾਰਕ ਗਤੀਵਿਧੀਆਂ ਫੰਡ ਹੈ, ਜਿਸ ਤਹਿਤ ਹੁਣ ਖਰਚਾ ਕਿੱਥੋਂ ਕਰੀਏ, ਦਾ ਬਹਾਨਾ ਵੀ ਨਹੀਂ ਚੱਲ ਸਕਦਾ। ਅਧਿਆਪਕ ਖੁਦ ਹੀ ਰੋਲ ਮਾਡਲ ਹਨ, ਆਪਣਾ ਨੈਤਿਕ ਫ਼ਰਜ਼ ਅਦਾ ਕਰਨ ਜਾਂ ਬਾਹਰੋਂ ਖੇਤੀਬਾੜੀ ਤੇ ਪ੍ਰਦੂਸ਼ਣ ਕੰਟਰੋਲ ਮਾਹਿਰਾਂ ਦੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਦੇਣ, ਤਾਂ ਕਿ ਬਾਬੇ ਨਾਨਕ ਦੀ ਬਾਣੀ ਮਾਤਾ ਧਰਤਿ ਮਹਤੁ ਨੂੰ ਸਹੀ ਅਰਥਾਂ ਵਿਚ ਮੱਥਾ ਟੇਕ ਸਕੀਏ।

-ਰਾਸ਼ਟਰਪਤੀ ਐਵਾਰਡੀ, ਜਮਸ਼ੇਰ (ਜਲੰਧਰ)।
ਮੋਬਾ: 98724-48099

ਬਿਜਲੀ ਮੀਟਰ ਘਰਾਂ ਤੋਂ ਬਾਹਰ ਲਗਾਏ ਜਾਣ ਸਮੇਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ

ਹਰ ਰੋਜ਼ ਦੇਖਿਆ ਜਾਂਦਾ ਹੈ ਕਿ ਅਕਸਰ ਲੋਕ ਬਿਜਲੀ ਮੀਟਰ ਘਰਾਂ ਤੋਂ ਬਾਹਰ ਲਗਾਏ ਜਾਣ ਦਾ ਵਿਰੋਧ ਕਰਦੇ ਹਨ, ਜਿਸ ਨਾਲ ਜਿਥੇ ਵਿਰੋਧ ਦਾ ਮਾਹੌਲ ਬਣਦਾ ਹੈ, ਉਥੇ ਪਾਵਰਕਾਮ ਵੀ ਮੀਟਰ ਘਰਾਂ ਤੋਂ ਬਾਹਰ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਤੋਂ ਅਸਮਰਥ ਰਹਿ ਜਾਂਦੀ ਹੈ। ਸੋ, ਸਮੇਂ ਦੀ ਜ਼ਰੂਰਤ ਹੈ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਿਯਮਾਂ ਮੁਤਾਬਿਕ ਹੀ ਮੀਟਰ ਘਰਾਂ ਤੋਂ ਬਾਹਰ ਲਗਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ।
ਪਾਵਰਕਾਮ ਨੂੰ ਚਾਹੀਦਾ ਹੈ ਕਿ ਬਿਜਲੀ ਮੀਟਰ ਘਰ ਤੋਂ ਬਾਹਰ ਲਗਾਉਣ ਵੇਲੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ 29.06.2007 ਦੇ ਨਿਯਮਾਂ ਮੁਤਾਬਿਕ ਡਿਸਪਲੇ ਯੂਨਿਟ ਖ਼ਪਤਕਾਰ ਦੇ ਘਰ ਅੰਦਰ ਲਗਾਉਣਾ ਯਕੀਨੀ ਬਣਾਉਣ ਤਾਂ ਕਿ ਖ਼ਪਤਕਾਰ ਆਪਣੀ ਰੋਜ਼ਾਨਾ ਦੀ ਖ਼ਪਤ ਬਾਰੇ ਜਾਣ ਸਕੇ, ਜੋ ਕਿ ਉਸ ਦਾ ਅਧਿਕਾਰ ਵੀ ਹੈ, ਲੋੜ ਵੀ। ਇਸ ਨਾਲ ਖ਼ਪਤਕਾਰ ਅਤੇ ਪਾਵਰਕਾਮ ਨੂੰ ਇਹ ਫਾਇਦਾ ਵੀ ਹੋਵੇਗਾ ਕਿ ਖ਼ਪਤਕਾਰ ਬਿਜਲੀ ਬੱਚਤ ਕਰਨ ਵੱਲ ਪ੍ਰੇਰਿਤ ਵੀ ਹੋਵੇਗਾ, ਜੋ ਕਿ ਸਮੁੱਚੇ ਸਮਾਜ ਲਈ ਵੀ ਲਾਭਕਾਰੀ ਹੋਵੇਗਾ। ਇਸ ਦਾ ਦੂਜਾ ਫ਼ਾਇਦਾ ਇਹ ਹੋਵੇਗਾ ਕਿ ਮੀਟਰ ਚੋਰੀ ਹੋ ਜਾਣ ਦੀ ਸੂਰਤ ਵਿਚ ਡਿਸਪਲੇ ਯੂਨਿਟ ਮੁਤਾਬਿਕ ਬਿੱਲ (ਬਿਜਲੀ ਖ਼ਪਤ) ਦਾ ਨਿਰਧਾਰਨ ਹੋ ਸਕੇਗਾ। ਸੋ, ਨਿਯਮਾਂ ਮੁਤਾਬਿਕ ਡਿਸਪਲੇ ਯੂਨਿਟ ਖ਼ਪਤਕਾਰ ਦੇ ਘਰ ਅੰਦਰ ਲਗਾਉਣਾ ਬਿਨਾਂ ਦੇਰੀ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਨਿਯਮਾਂ ਮੁਤਾਬਿਕ ਹੀ ਘਰਾਂ ਤੋਂ ਬਾਹਰ ਲਗਾਏ ਬਿਜਲੀ ਮੀਟਰਾਂ ਦੀ ਪੂਰੀ ਸੁਰੱਖਿਆ ਦਾ ਪ੍ਰਬੰਧ ਵੀ ਪਾਵਰਕਾਮ ਵੱਲੋਂ ਕਰਨਾ ਚਾਹੀਦਾ ਹੈ, ਤਾਂ ਕਿ ਮੀਟਰਾਂ ਦੀ ਚੋਰੀ ਨਾ ਹੋਵੇ। ਆਮ ਵੇਖਣ ਵਿਚ ਆਉਂਦਾ ਹੈ ਕਿ ਘਰੋਂ ਬਾਹਰ ਮੀਟਰ ਚੋਰੀ ਹੋ ਜਾਣ ਜਾਂ ਸੜ ਜਾਣ ਆਦਿ ਮਾਮਲਿਆਂ ਵਿਚ ਜਿਥੇ ਖ਼ਪਤਕਾਰ ਨੂੰ ਕਾਫ਼ੀ ਝਮੇਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਪਾਵਰਕਾਮ ਅਤੇ ਖ਼ਪਤਕਾਰਾਂ ਵਿਚ ਕਾਨੂੰਨੀ ਨੁਕਤਿਆਂ ਕਾਰਨ ਬੇਵਿਸਾਹੀ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਇਸ ਤੋਂ ਬਿਨਾਂ ਕਈ ਵਾਰ ਪਾਵਰਕਾਮ ਜਾਂ ਸਬੰਧਤ ਠੇਕੇਦਾਰਾਂ ਵੱਲੋਂ ਮੀਟਰ ਘਰੋਂ ਬਾਹਰ ਕੱਢਣ ਵੇਲੇ ਨਿਯਮਾਂ ਦੀ ਪਾਲਣਾ ਨਾ ਕਰਕੇ ਅਤੇ ਖ਼ਪਤਕਾਰਾਂ ਨੂੰ ਭਰੋਸੇ ਵਿਚ ਨਾ ਲੈਣ ਕਰਕੇ ਵੀ ਖ਼ਪਤਕਾਰਾਂ ਅਤੇ ਪਾਵਰਕਾਮ ਦੇ ਸਬੰਧ ਤਣਾਅਪੂਰਨ ਬਣ ਜਾਂਦੇ ਹਨ। ਖ਼ਪਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਭਵਿੱਖ ਦੀ ਖੱਜਲ-ਖੁਆਰੀ ਤੋਂ ਬਚਣ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ 29.06.2007 ਦੇ ਨਿਯਮਾਂ ਅਨੁਸਾਰ ਆਪਣੇ ਅਧਿਕਾਰ ਲੈ ਕੇ ਜਾਗਰੂਕ ਸ਼ਹਿਰੀ ਹੋਣ ਦਾ ਆਪਣਾ ਫ਼ਰਜ਼ ਅਦਾ ਕਰਨ।

-ਬਲਰਾਜ ਸਿੰਘ ਸਰਾਂ,
ਪ੍ਰੀਤ ਨਗਰ, ਗੋਨਿਆਣਾ ਮੰਡੀ, ਬਠਿੰਡਾ। ਮੋਬਾ: 97799-35332

ਥਾਂ-ਥਾਂ ਕੂੜੇ ਦੇ ਢੇਰ

ਜਿਵੇਂ-ਜਿਵੇਂ ਮਨੁੱਖ ਅਤੇ ਮਨੁੱਖੀ ਸੱਭਿਅਤਾ ਨੇ ਵਿਕਾਸ ਕੀਤਾ ਹੈ, ਕਿਸੇ ਨਾ ਕਿਸੇ ਰੂਪ ਵਿਚ ਵਿਕਾਸ ਦੇ ਨਾਲ-ਨਾਲ ਵਿਨਾਸ਼ ਵੀ ਹੋਇਆ ਹੈ। ਵਿਕਾਸ ਕਰਨ ਲਈ ਕੁਦਰਤ ਅਤੇ ਕੁਦਰਤੀ ਸੋਮਿਆਂ ਨਾਲ ਛੇੜਛਾੜ ਕਰਨ ਦੀ ਲੋੜ ਪਈ, ਬਸ ਇਥੋਂ ਹੀ ਵਿਨਾਸ਼ ਦਾ ਵੀ ਮੁੱਢ ਬੱਝਣਾ ਸ਼ੁਰੂ ਹੋਇਆ, ਸਿੱਟੇ ਵਜੋਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਹਮਣੇ ਆ ਖੜੋ ਗਈਆਂ, ਜਿਨ੍ਹਾਂ ਵਿਚੋਂ ਇਕ ਸਮੱਸਿਆ ਹੈ ਮਨੁੱਖ ਦੀ ਆਪ ਸਹੇੜੀ ਕੂੜੇ ਦੀ ਸਮੱਸਿਆ। ਆਬਾਦੀ ਦੇ ਵਾਧੇ ਕਾਰਨ ਹਰੇਕ ਚੀਜ਼ ਦੀ ਮੰਗ ਵਿਚ ਭਾਰੀ ਵਾਧਾ ਹੋਇਆ, ਜਿਨ੍ਹਾਂ ਦੀ ਪੂਰਤੀ ਲਈ ਸਰਕਾਰੀ ਜਾਂ ਗ਼ੈਰ-ਸਰਕਾਰੀ ਪੱਧਰ 'ਤੇ ਸਾਧਨ ਜੁਟਾਏ ਗਏ। ਮਨੁੱਖੀ ਮੁਢਲੀਆਂ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ 'ਤੇ ਆਧਾਰਿਤ, ਮਕਾਨਾਂ ਦੀ ਗਿਣਤੀ 'ਚ ਭਾਰੀ ਵਾਧਾ, ਖਾਧ-ਖੁਰਾਕ ਦੀਆਂ ਵਸਤਾਂ ਦੀਆਂ ਬੇਤਹਾਸ਼ਾ ਕਿਸਮਾਂ, ਲਿਫਾਫ਼ੇਬੰਦ, ਡੱਬਾਬੰਦ, ਬੋਤਲਬੰਦ ਵਸਤਾਂ ਦਾ ਬਾਜ਼ਾਰ ਵਿਚ ਹੜ੍ਹ ਆ ਗਿਆ। ਜਿਵੇਂ-ਜਿਵੇਂ ਪਦਾਰਥਾਂ ਦਾ ਸੇਵਨ ਵੱਧ ਹੋਣ ਲੱਗਾ, ਉਸੇ ਤਰ੍ਹਾਂ ਕੂੜੇ ਦੇ ਢੇਰ ਵੀ ਥਾਂ-ਥਾਂ ਲੱਗਣ ਲੱਗੇ। ਕੀ ਪਿੰਡ, ਕੀ ਸ਼ਹਿਰ, ਜਿਧਰ ਵੀ ਜਾਈਏ, ਇਨ੍ਹਾਂ ਸਵਾਗਤੀ ਕੂੜੇ ਦੇ ਢੇਰਾਂ ਦੇ ਹੀ ਦਰਸ਼ਨ ਹੁੰਦੇ ਹਨ।
ਅਜੋਕੀ ਸੱਭਿਅਕ ਦੁਨੀਆ, ਸਾਡਾ ਸੱਭਿਅਕ ਸਮਾਜ ਲਿਫਾਫ਼ਾ ਪ੍ਰੇਮੀ ਬਣ ਚੁੱਕਾ ਹੈ। ਲਿਫਾਫ਼ਿਆਂ ਦੀ ਦੁਨੀਆ ਵਿਚ ਲਿਫਾਫ਼ੇਬਾਜ਼ੀ ਹੀ ਪ੍ਰਧਾਨ ਹੈ, ਹਰੇਕ ਚੀਜ਼ ਲਿਫਾਫ਼ੇ ਵਿਚ, ਘਿਓ ਹੋਵੇ ਜਾਂ ਤੇਲ, ਦੁੱਧ ਹੋਵੇ ਜਾਂ ਦਹੀਂ, ਚਟਣੀ ਹੋਵੇ ਜਾਂ ਭੱਲੇ, ਫਿਰ ਇਕ ਨਹੀਂ, ਲਿਫਾਫ਼ੇ ਨੂੰ ਦੂਹਰਾ ਜਾਂ ਤੀਹਰਾ ਕਰਨ ਲਈ ਦੁਕਾਨਦਾਰ ਨੂੰ ਕਿਹਾ ਜਾਂਦਾ ਹੈ। ਮੋਟਰਸਾਈਕਲ 'ਤੇ ਜਾਂਦਿਆਂ ਕਈ ਵਾਰ ਲਿਫਾਫ਼ਾ ਡਿਗ ਕੇ ਪਾਟ ਵੀ ਜਾਂਦਾ ਹੈ, ਪੈਸੇ ਵੀ ਖ਼ਰਾਬ, ਚੀਜ਼ ਵੀ ਖ਼ਰਾਬ ਪਰ ਘਰੋਂ ਤੁਰਨ ਲੱਗੇ ਕੋਈ ਭਾਂਡਾ ਜਾਂ ਥੈਲਾ ਚੁੱਕਣ ਵਿਚ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਸੱਭਿਅਕ ਜੁ ਹੋਏ। ਇਕ ਮੁਹੱਲੇ ਨੂੰ ਹੀ ਜੇ ਸਮਾਜਿਕ ਛੋਟੀ ਇਕਾਈ ਮੰਨ ਲਈਏ, ਉਥੇ ਕਿੰਨੇ ਘਰ ਹਨ ਅਤੇ ਹਰੇਕ ਘਰ ਵਿਚ ਵੱਖ-ਵੱਖ ਵਸਤਾਂ ਦੇ ਕਿੰਨੇ ਲਿਫਾਫ਼ੇ ਹਰ ਰੋਜ਼ ਆਉਂਦੇ ਹਨ ਅਤੇ ਉਹ ਵਸਤਾਂ ਵਰਤਣ ਤੋਂ ਬਾਅਦ ਉਹ ਖਾਲੀ ਲਿਫਾਫ਼ੇ ਕਿਥੇ ਜਾਂਦੇ ਹਨ? ਕੁਝ ਨਾਲੀਆਂ ਵਿਚ, ਕੁਝ ਕੂੜੇ ਦੇ ਢੇਰਾਂ 'ਤੇ, ਮੈਰਿਜ ਪੈਲੇਸਾਂ ਅਤੇ ਵੱਖ-ਵੱਖ ਲੰਗਰਾਂ ਵਿਚ ਵਰਤਿਆ ਜਾਣ ਵਾਲਾ ਡਿਸਪੋਜ਼ਲ। ਇਨ੍ਹਾਂ ਪਲਾਸਟਿਕ ਲਿਫਾਫ਼ਿਆਂ, ਡਿਸਪੋਜ਼ਲਾਂ ਅਤੇ ਕੂੜੇ ਦੇ ਢੇਰਾਂ ਦਾ ਹੱਲ ਕੀ ਹੈ? ਪਲਾਸਟਿਕ ਦੇ ਲਿਫਾਫ਼ੇ ਬੰਦ ਕਰਨ ਬਾਰੇ ਕਿੰਨੀਆਂ ਖ਼ਬਰਾਂ ਛਪੀਆਂ, ਕਿੰਨੇ ਫ਼ਰਮਾਨ ਜਾਰੀ ਹੋਏ, ਫਿਰ ਵੀ ਸਭ ਕੁਝ ਉਵੇਂ ਹੀ ਹੋ ਰਿਹਾ ਹੈ।
ਅਸੀਂ ਅੱਜ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਨੂੰ ਵੀ ਪਾਰ ਕਰਨ ਵਾਲੇ ਹਾਂ। ਜੇਕਰ ਅਸੀਂ ਸਭ ਰਲ ਕੇ ਇਮਾਨਦਾਰੀ ਨਾਲ ਕੋਸ਼ਿਸ਼ ਕਰੀਏ ਤਾਂ ਸਮਾਜ ਨੂੰ ਸਾਫ਼-ਸੁਥਰਾ ਬਣਾਉਣ ਵਿਚ ਚੰਗੀ ਭੂਮਿਕਾ ਨਿਭਾਅ ਸਕਦੇ ਹਾਂ। ਸਰਕਾਰੀ ਜਾਂ ਨਿੱਜੀ ਤੌਰ 'ਤੇ ਵੀ ਯਤਨ ਹੋਣ। ਕੂੜੇ ਦੇ ਨਿਬੇੜੇ ਲਈ ਟਰੀਟਮੈਂਟ ਪਲਾਂਟ ਹੇਠਲੇ ਪੱਧਰ 'ਤੇ ਲੱਗਣੇ ਜ਼ਰੂਰੀ ਹਨ। ਆਓ, ਸਾਰੇ ਰਲ ਕੇ ਚਿੰਤਨ ਕਰੀਏ ਅਤੇ ਅਜਿਹਾ ਹੱਲ ਲੱਭੀਏ ਕਿ ਕੂੜਾ ਪੈਦਾ ਹੀ ਨਾ ਹੋਵੇ, ਵਿਅਰਥ ਚੀਜ਼ਾਂ ਦੀ ਸੁਚੱਜੀ ਵਰਤੋਂ ਕਰੀਏ। ਕੂੜੇ ਬਾਰੇ ਕਿਸੇ ਕਵੀ ਨੇ ਸੱਚ ਹੀ ਬਿਆਨਿਆ ਹੈ-'ਥਾਂ-ਥਾਂ ਕੂੜੇ ਦੇ ਢੇਰ ਲੱਗੇ ਨੇ, ਮੇਰੇ ਪਿੰਡ ਹੌਲੀ-ਹੌਲੀ ਸ਼ਹਿਰ ਬਣਨ ਲੱਗੇ ਨੇ।'

-ਸ. ਹਾ. ਸਕੂਲ, ਵਾੜਾ ਭਾਈ (ਫ਼ਿਰੋਜ਼ਪੁਰ)।

ਵਿਆਹਾਂ 'ਚ ਹੁੰਦੀ ਨੋਟਾਂ ਦੀ ਬੇਕਦਰੀ

ਪੈਸੇ ਨੂੰ ਦੁਨੀਆ ਵਿਚ ਰੱਬ ਰੂਪ ਵਜੋਂ ਸਮਝਿਆ ਜਾਂਦਾ ਹੈ। ਹੈ ਵੀ ਠੀਕ, ਕਿਉਂਕਿ ਧਨ ਮਨੁੱਖ ਦੇ ਹਰ ਦੁਖ-ਸੁਖ ਵਿਚ ਕੰਮ ਆਉਂਦਾ ਹੈ। ਕੋਈ ਵੀ ਲੈਣ-ਦੇਣ ਬਿਨਾਂ ਨੋਟਾਂ ਤੋਂ ਨਹੀਂ ਹੁੰਦਾ। ਪੈਸਾ ਰੱਬ ਤਾਂ ਨਹੀਂ, ਪਰ ਹੈ ਵੀ ਬਹੁਤ ਕੁਝ। ਇਨ੍ਹਾਂ ਪੈਸਿਆਂ ਨੂੰ ਕਮਾਉਣ ਲਈ ਬਹੁਤ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ, ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ, ਵਿਦੇਸ਼ਾਂ ਵਿਚ ਜਾ ਕੇ ਧੱਕੇ ਵੀ ਖਾਣੇ ਪੈਂਦੇ ਹਨ ਅਤੇ ਆਪਣੇ ਅਰਮਾਨਾਂ ਦਾ ਘਾਣ ਵੀ ਕਰਨਾ ਪੈਂਦਾ ਹੈ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਆਹ, ਸੇਵਾ-ਮੁਕਤੀ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਨੱਚਦੇ-ਟੱਪਦੇ ਹੋਏ ਲੋਕ ਹੋਰ ਦੂਜੇ ਤੇ ਨਾਲ ਦੇ ਨੱਚਣ ਵਾਲੇ ਲੋਕਾਂ 'ਤੇ ਨੋਟ ਵਾਰਦੇ (ਸੁੱਟਦੇ) ਨਜ਼ਰ ਆਉਂਦੇ ਹਨ ਤੇ ਫਿਰ ਕੁਝ ਸਕਿੰਟਾਂ ਵਿਚ ਉਹੀ ਰੱਬ ਵਾਂਗ ਪੂਜੇ ਤੇ ਮਿਹਨਤ-ਮੁਸ਼ੱਕਤ ਨਾਲ ਕਮਾਏ ਨੋਟ ਭੰਗੜੇ ਪਾਉਂਦੇ ਲੋਕਾਂ ਦੇ ਪੈਰਾਂ ਹੇਠਾਂ, ਜੁੱਤੀਆਂ ਥੱਲੇ ਰੁਲਦੇ ਨਜ਼ਰੀਂ ਆਉਂਦੇ ਹਨ। ਸੋ, ਇਨ੍ਹਾਂ ਨੋਟਾਂ ਦੀ ਕਦਰ ਕਰਦੇ ਹੋਏ ਸਾਨੂੰ ਅਜਿਹੀ ਗ਼ਲਤੀ ਨਹੀਂ ਕਰਨੀ ਚਾਹੀਦੀ। ਸਖ਼ਤ ਮਿਹਨਤ ਤੇ ਘਾਲਣਾ ਘਾਲ ਕੇ ਪ੍ਰਾਪਤ ਹੋਣ ਵਾਲੀ ਵਸਤੂ ਨੂੰ ਇੱਜ਼ਤ-ਮਾਣ ਨਾਲ ਸੰਭਾਲ ਕੇ ਰੱਖਣਾ ਹੀ ਸਹੀ ਹੋ ਸਕਦਾ ਹੈ, ਉਸ ਦੀ ਬੇਕਦਰੀ ਕਰਨ ਨਾਲ ਘਰ-ਬਾਰ ਤੇ ਵਿਅਕਤਿੱਤਵ ਦੀ ਤਰੱਕੀ ਹੋਣੀ ਔਖੀ ਹੈ।

-ਸ੍ਰੀ ਅਨੰਦਪੁਰ ਸਾਹਿਬ। ਮੋਬਾ: 94785-61356

...ਦੋ ਬੂਟੇ ਤਾਂ ਲਗਾ ਦੇ ਯਾਰਾ

ਰੁੱਖ ਜੀਵਾਂ ਲਈ ਕੁਦਰਤ ਦੀ ਇਕ ਅਨਮੋਲ ਸੌਗਾਤ ਹੈ। ਰੁੱਖਾਂ ਦੇ ਸਦਕਾ ਹੀ ਇਸ ਧਰਤੀ ਉੱਪਰ ਜੀਵਨ ਸੰਭਵ ਹੋਇਆ ਹੈ। ਰੁੱਖਾਂ ਵਿਚੋਂ ਨਿਕਲਣ ਵਾਲੀ ਆਕਸੀਜਨ ਮਨੁੱਖਾਂ ਲਈ ਸਾਹ ਲੈਣ ਲਈ ਉਪਯੋਗੀ ਹੁੰਦੀ ਹੈ। ਧਰਤੀ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ। ਮਿੱਟੀ ਨੂੰ ਖੁਰਨ ਤੋਂ ਰੁੱਖ ਹੀ ਬਚਾਉਂਦੇ ਹਨ। ਇਸ ਤਰ੍ਹਾਂ ਹੋਰ ਵੀ ਅਨੇਕਾਂ ਹੀ ਅਜਿਹੇ ਫਾਇਦੇ ਹਨ, ਜਿਹੜੇ ਰੁੱਖਾਂ ਵੱਲੋਂ ਸਾਨੂੰ ਮੁਫ਼ਤ ਵਿਚ ਪ੍ਰਾਪਤ ਹੁੰਦੇ ਹਨ।
ਆਧੁਨਿਕ ਸਮੇਂ ਵਿਚ ਰੁੱਖਾਂ ਦੀ ਕਟਾਈ ਜ਼ੋਰਾਂ-ਸ਼ੋਰਾਂ 'ਤੇ ਹੋ ਰਹੀ ਹੈ। ਮਨੁੱਖ ਆਪਣੇ ਨਿੱਜੀ ਸੁਆਰਥ ਲਈ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਸਕੂਲਾਂ, ਦਫ਼ਤਰਾਂ, ਘਰਾਂ, ਫੈਕਟਰੀਆਂ ਵਿਚ ਰੁੱਖਾਂ ਦੀ ਲੱਕੜੀ ਤੋਂ ਬਣੇ ਸਮਾਨ ਦੀ ਵਰਤੋਂ ਹੋ ਰਹੀ ਹੈ। ਲੱਕੜੀ ਦੇ ਸਮਾਨ ਦੀ ਮੰਗ ਵਧਣ ਕਰਕੇ ਰੁੱਖਾਂ ਦੀ ਕਟਾਈ ਵੀ ਜ਼ੋਰਾਂ-ਸ਼ੋਰਾਂ 'ਤੇ ਹੋ ਰਹੀ ਹੈ, ਜਿਸ ਕਰਕੇ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ। ਵੱਡੇ-ਵੱਡੇ ਸ਼ਹਿਰਾਂ ਵਿਚ ਤਾਂ ਰੁੱਖ ਦੂਰ-ਦੂਰ ਤੱਕ ਵੀ ਦਿਖਾਈ ਨਹੀਂ ਦਿੰਦੇ। ਦਰੱਖਤਾਂ ਨੂੰ ਕੱਟ ਕੇ ਮਕਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਮਨੁੱਖ ਦਰੱਖਤਾਂ ਦਾ ਦੁਸ਼ਮਣ ਬਣਿਆ ਹੋਇਆ ਹੈ ਅਤੇ ਦਰੱਖਤਾਂ ਦੀ ਕਟਾਈ ਕਰ ਰਿਹਾ ਹੈ।
ਦਰੱਖਤਾਂ ਦੀ ਕਮੀ ਹੋਣ ਕਰਕੇ ਦਿਨੋ-ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਗਰਮੀ ਦੇ ਦਿਨਾਂ ਵਿਚ ਤਾਂ ਤਾਪਮਾਨ 45 ਡਿਗਰੀ ਤੋਂ ਵੀ ਵਧ ਜਾਂਦਾ ਹੈ ਜੋ ਕਿ ਜੀਵ-ਜੰਤੂਆਂ ਲਈ ਹਾਨੀਕਾਰਕ ਹੈ। ਦਰੱਖਤਾਂ ਦੀ ਕਮੀ ਕਰਕੇ ਭੌਂ-ਖੋਰ ਵਧ ਰਹੇ ਹਨ, ਰੇਗਿਸਤਾਨ ਵਿਚ ਵਾਧਾ ਹੋ ਰਿਹਾ ਹੈ ਅਤੇ ਉਪਜਾਊ ਜ਼ਮੀਨਾਂ ਸੋਕੇ ਦੀ ਮਾਰ ਹੇਠ ਆ ਰਹੀਆਂ ਹਨ। ਇਸੇ ਤਰ੍ਹਾਂ ਦੀਆਂ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਸਾਨੂੰ ਦਰੱਖਤਾਂ ਦੀ ਕਮੀ ਕਰਕੇ ਹੋ ਰਿਹਾ ਹੈ।
ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਸੈਂਕੜੇ ਹੀ ਦਰੱਖਤਾਂ ਦੀ ਵਰਤੋਂ ਕਰਦਾ ਹੈ। ਇਥੋਂ ਤੱਕ ਕਿ ਮਰਨ ਸਮੇਂ ਮਨੁੱਖ ਆਪਣੇ ਨਾਲ ਇਕ ਦਰੱਖਤ ਲੈ ਕੇ ਸੜਦਾ ਹੈ। ਪੰਜਾਬ ਦੇ ਮਸ਼ਹੂਰ ਸ਼ਾਇਰ ਡਾ: ਸੁਰਜੀਤ ਪਾਤਰ ਨੇ ਬਹੁਤ ਸੋਹਣੇ ਸ਼ਬਦਾਂ ਨਾਲ ਇਸ ਦਾ ਵਰਨਣ ਕੀਤਾ ਹੈ-
ਜਿਸ ਦਿਨ ਮਰਾਂਗੇ, ਇਕ ਪੇੜ ਵੀ ਲੈ ਕੇ ਜਲਾਂਗੇ।
ਕੁਦਰਤ ਦਾ ਇਹ ਕਰਜ਼ ਤਾਂ ਚੁਕਾ ਦੇ ਯਾਰਾ।
ਜਿਊਂਦੇ ਜੀਅ ਦੋ ਬੂਟੇ ਤਾਂ ਲਗਾ ਦੇ ਯਾਰਾ।
ਇਸ ਲਈ ਦਰੱਖਤਾਂ ਦੇ ਸਾਡੇ 'ਤੇ ਅਨੇਕਾਂ ਹੀ ਅਹਿਸਾਨ ਹਨ। ਅਸੀਂ ਉਨ੍ਹਾਂ ਦੇ ਅਹਿਸਾਨ ਤਾਂ ਨਹੀਂ ਉਤਾਰ ਸਕਦੇ ਪਰ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਦੋ ਦਰੱਖਤ ਤਾਂ ਲਗਾ ਹੀ ਸਕਦੇ ਹਾਂ। ਤੁਹਾਡੇ ਦੁਆਰਾ ਲਗਾਏ ਦਰੱਖਤ ਤੁਹਾਨੂੰ ਅਤੇ ਤੁਹਾਡੇ ਪੁੱਤ-ਪੋਤਰਿਆਂ ਨੂੰ ਵੀ ਆਪਣੀ ਸੰਘਣੀ ਛਾਂ ਵੰਡਦੇ ਰਹਿਣਗੇ। ਦਰੱਖਤ ਲਗਾਉਣਾ ਹੀ ਕਾਫੀ ਨਹੀਂ ਹੁੰਦਾ, ਦਰੱਖਤ ਲਗਾ ਕੇ ਉਸ ਦੀ ਪਾਲਣਾ ਕਰਨੀ ਵੀ ਅਤਿ ਜ਼ਰੂਰੀ ਹੈ। ਇਸ ਲਈ ਹੁਣ ਹੀ ਇਹ ਪ੍ਰਣ ਕਰੀਏ ਕਿ ਅਸੀਂ ਘੱਟੋ-ਘੱਟ ਦੋ ਦਰੱਖਤ ਲਗਾ ਕੇ ਇਨ੍ਹਾਂ ਦੀ ਪਾਲਣਾ ਕਰਾਂਗੇ ਤੇ ਹੋਰਨਾਂ ਨੂੰ ਵੀ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਾਂਗੇ। ਬਸ ਤੁਹਾਡੀ ਇਹੀ ਕੁਦਰਤ ਨੂੰ ਬਹੁਮੁੱਲੀ ਦੇਣ ਹੋਵੇਗੀ।

-ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ)।
ਮੋਬਾ: 87290-43571

ਵਧ ਰਹੀਆਂ ਲੁੱਟਾਂ-ਖੋਹਾਂ ਚਿੰਤਾ ਦਾ ਵਿਸ਼ਾ

ਪੰਜਾਬ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਨਿੱਤ ਦਿਨ ਅਖ਼ਬਾਰਾਂ ਵਿਚ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸ਼ਰਾਰਤੀ ਅਨਸਰ ਬਿਨਾਂ ਕਿਸੇ ਦੇ ਡਰ ਤੋਂ ਦਿਨ ਦਿਹਾੜੇ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਘਟਨਾਵਾਂ ਕਰਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਹੈ। ਵਧ ਰਹੀ ਬੇਰੁਜ਼ਗਾਰੀ ਤੇ ਵਧ ਰਹੇ ਨਸ਼ੇ ਨੇ ਨੌਜੁਆਨਾਂ ਨੂੰ ਅਜਿਹੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜਦੋਂ ਇਨ੍ਹਾਂ ਨੌਜੁਆਨਾਂ ਨੂੰ ਨਸ਼ੇ ਕਰਨ ਲਈ ਘਰੋਂ ਪੈਸੇ ਨਹੀਂ ਮਿਲਦੇ ਤਾਂ ਉਹ ਕਿਸੇ ਬੈਂਕ ਦਾ ਏ.ਟੀ.ਐਮ. ਨੂੰ ਤੋੜਨ, ਕਿਸੇ ਤੁਰੀ ਜਾਂਦੀ ਔਰਤ ਦਾ ਪਰਸ ਖੋਹਣ ਜਾਂ ਗਲ ਵਿਚ ਪਾਈ ਚੈਨੀ ਖਿੱਚਣ, ਕਿਸੇ ਦਾ ਮੋਟਰਸਾਈਕਲ ਚੋਰੀ ਕਰਨ, ਸਕੂਲ ਵਿਚੋਂ ਸਮਾਨ ਚੋਰੀ ਕਰਨ ਵਰਗੀਆਂ ਵਾਰਦਾਤਾਂ ਕਰਦੇ ਹਨ। ਇਨ੍ਹਾਂ ਕੰਮਾਂ ਵਿਚ ਵੱਡਿਆਂ ਘਰਾਂ ਦੇ ਕਾਕੇ ਵੀ ਲੱਗੇ ਹੋਏ ਹਨ। ਇਥੇ ਹੀ ਬਸ ਨਹੀਂ, ਕਈ ਵੱਡਿਆਂ ਘਰਾਂ ਦੀਆਂ ਕੁੜੀਆਂ ਤੇ ਕਾਲਜ ਵਿਚ ਪੜ੍ਹਦੇ ਮੁੰਡੇ-ਕੁੜੀਆਂ ਵੀ ਇਸ ਕੰਮ ਵਿਚ ਲੱਗੇ ਹੋਏ ਹਨ। ਤੁਰੀ ਜਾਂਦੀ ਔਰਤ ਨੂੰ ਰਾਹ ਪੁੱਛਣ ਦੇ ਬਹਾਨੇ ਕਾਰ ਵਿਚ ਬਿਠਾ ਲੈਣਾ ਤੇ ਫਿਰ ਲੁੱਟ ਲੈਣ ਦੀਆਂ ਵਾਰਦਾਤਾਂ ਕਰਕੇ ਕੁੜੀਆਂ ਵੀ ਪਿਛਲੇ ਦਿਨੀਂ ਸੁਰਖੀਆਂ ਵਿਚ ਆ ਚੁੱਕੀਆਂ ਹਨ।
ਰਾਤ ਨੂੰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਇਸ ਕਰਕੇ ਕੋਈ ਵਿਅਕਤੀ ਡਰਦਾ ਰਾਤ ਵੇਲੇ ਕਿਤੇ ਜਾਣ ਜਾਂ ਆਉਣ ਨੂੰ ਚੰਗਾ ਵੀ ਨਹੀਂ ਸਮਝਦਾ, ਪਰ ਹੁਣ ਚੋਰਾਂ ਨੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਮੈਰਿਜ ਪੈਲੇਸ ਜਾਂ ਬਾਜ਼ਾਰ ਵਿਚ ਖੜ੍ਹੇ ਮੋਟਰਸਾਈਕਲ ਦੇ ਚੋਰੀ ਹੋਣ ਦੀਆਂ ਖ਼ਬਰਾਂ ਅਸੀਂ ਅਖ਼ਬਾਰਾਂ ਵਿਚ ਅਕਸਰ ਹੀ ਪੜ੍ਹਦੇ ਰਹਿੰਦੇ ਹਾਂ। ਹੁਣ ਤਾਂ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਕਿਸੇ ਜਗ੍ਹਾ ਖੜ੍ਹਾ ਕਰਕੇ ਜਾਣਾ ਵੀ ਔਖਾ ਹੋ ਗਿਆ ਹੈ, ਕਿਉਂਕਿ ਚੋਰ ਹਰ ਸਮੇਂ ਚੋਰੀ ਦੀ ਤਾਕ ਵਿਚ ਫਿਰਦੇ ਰਹਿੰਦੇ ਹਨ ਤੇ ਮੌਕਾ ਮਿਲਦੇ ਹੀ ਆਪਣਾ ਕੰਮ ਪੂਰਾ ਕਰ ਦਿੰਦੇ ਹਨ। ਲੁੱਟਾਂ-ਖੋਹਾਂ ਕਰਨ ਵਾਲਾ ਵਿਅਕਤੀ ਆਪਣੀ ਔਰਤ ਨੂੰ ਵੀ ਇਸੇ ਕੰਮ ਵਿਚ ਲਗਾ ਲੈਂਦਾ ਹੈ। ਸੁਣਨ ਵਿਚ ਆਇਆ ਹੈ ਕਿ ਰਾਤ ਵੇਲੇ ਆਪਣੀ ਔਰਤ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਕਿਸੇ ਵਾਹਨ ਚਾਲਕ ਵਿਅਕਤੀ ਨੂੰ ਰੁਕਣ ਲਈ ਕਹਿਣਾ ਤੇ ਫਿਰ ਉਸ ਨੂੰ ਲੁੱਟ ਲੈਣ ਦਾ ਨਵਾਂ ਤਰੀਕਾ ਚੋਰਾਂ ਨੇ ਲੱਭਿਆ ਹੋਇਆ ਹੈ। ਪੰਜਾਬ ਵਿਚ ਕਈ ਅਜਿਹੇ ਗਰੋਹ ਵੀ ਸਰਗਰਮ ਹਨ, ਜੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵੇਲੇ ਵਿਅਕਤੀ ਦਾ ਕਤਲ ਤੱਕ ਕਰ ਦਿੰਦੇ ਹਨ।
ਸਾਡੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਇਸ ਸਮੱਸਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਜਿਸ ਇਲਾਕੇ ਵਿਚ ਚੋਰੀ ਹੁੰਦੀ ਹੈ, ਉਸ ਇਲਾਕੇ ਦੇ ਸਾਰੇ ਭਗੌੜੇ ਤੇ ਸ਼ੱਕੀ ਵਿਅਕਤੀਆਂ ਨੂੰ ਫੜ ਕੇ ਜੇਲ੍ਹ ਅੰਦਰ ਬੰਦ ਕਰਨਾ ਚਾਹੀਦਾ ਹੈ। ਸੁਣਨ ਵਿਚ ਆਇਆ ਹੈ ਕਿ ਪੁਲਿਸ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਖੁੱਲ੍ਹਾ ਘੁੰਮਣ ਦਿੰਦੀ ਹੈ, ਅਜਿਹਾ ਕਰਨ ਨਾਲ ਮੁਲਜ਼ਮ ਹੋਰ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਕਰਨ ਲੱਗ ਜਾਂਦਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਸਖ਼ਤ ਸਜ਼ਾ ਦੇਵੇੇ। ਅੱਜ ਦੇ ਕਈ ਕਲਾਕਾਰਾਂ ਵੱਲੋਂ ਸਹੀ ਸੇਧ ਦੇਣ ਦੀ ਥਾਂ ਭੜਕਾਊ ਵਿਸ਼ਿਆਂ 'ਤੇ ਗੀਤ ਪੇਸ਼ ਕਰਕੇ ਨੌਜੁਆਨਾਂ ਨੂੰ ਹਥਿਆਰਾਂ ਤੇ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਲੋੜ ਹੈ ਪੰਜਾਬ ਦੇ ਅਮਨ-ਚੈਨ ਨੂੰ ਬਣਾਈ ਰੱਖਣ ਲਈ ਵਧੀਆ ਗੀਤ ਪੇਸ਼ ਕੀਤੇ ਜਾਣ। ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਸਖ਼ਤੀ ਨਾਲ ਨਿਭਾਵੇ, ਤਾਂ ਕਿ ਸਾਡੇ ਪੰਜਾਬ ਵਿਚੋਂ ਲੁੱਟ-ਖਸੁੱਟ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਫੜਿਆ ਜਾਵੇ, ਤਾਂ ਹੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕ ਸਕਣਗੀਆਂ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾ: 98764-74671


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX