ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਫ਼ਾਜ਼ਿਲਕਾ, 2 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾਵਾਇਰਸ ਨੂੰ ਲੈ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸਿਹਤ ਵਿਭਾਗ ਵੱਲੋਂ ਪਟਿਆਲਾ ਲੈਬ ਵਿਚ ਭੇਜੇ ਗਏ 10 ਦੇ ਕਰੀਬ ਸ਼ੱਕੀ ਲੋਕਾਂ ਦੇ ਨਮੂਨਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਸੁਰਿੰਦਰ ਸਿੰਘ...
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 2 hours ago
ਊਨਾ, 2 ਅਪ੍ਰੈਲ (ਹਰਪਾਲ ਸਿੰਘ ਕੋਟਲਾ) - ਊਨਾ ਵਿਚ ਤਿੰਨ ਕੋਰੋਨਾ ਦੇ ੩ ਮਾਮਲਿਆਂ ਦੇ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਹੈ। ਇਸ ਤੋਂ ਸਮੁੱਚੇ ਸੂਬੇ ਵਿਚ ਹੜਕੰਪ ਮੱਚ ਗਿਆ ਹੈ । ਜਾਣਕਾਰੀ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿਚ ਊਨਾ ਜ਼ਿਲ੍ਹੇ ਵਿਚੋਂ 6 ਸ਼ੱਕੀਆਂ...
ਫ਼ੌਜ ਚ ਤਾਇਨਾਤ ਡਾਕਟਰ ਨੂੰ ਰੱਖਿਆ ਇਕਾਂਤਵਾਸ 'ਚ
. . .  about 2 hours ago
ਪਠਾਨਕੋਟ, 2 ਅਪ੍ਰੈਲ (ਸੰਧੂ) - ਫ਼ੌਜ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਫ਼ੌਜ ਚ ਤਾਇਨਾਤ ਡਾਕਟਰ ਦੇ ਕਰੋੜਾਂ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਦੇਣ ਲਈ ਲਿਆਂਦਾ...
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਰੱਖਿਆ ਇਕਾਂਤਵਾਸ 'ਚ
. . .  about 3 hours ago
ਕਪੂਰਥਲਾ, 2 ਅਪ੍ਰੈਲ (ਅਮਰਜੀਤ ਸਿੰਘ ਕੋਮਲ, ਹੈਪੀ, ਥਿੰਦ) - ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਕਾਂਤਵਾਸ 'ਚ ਰੱਖਿਆ ਹੈ। ਇਸ ਦੀ...
ਪਦਮਸ੍ਰੀ ਭਾਈ ਖ਼ਾਲਸਾ ਦੇ ਸੇਵਦਾਰ, ਸਾਥੀ ਰਾਗੀ ਤੇ ਰਿਸ਼ਤੇਦਾਰ ਔਰਤ ਦੀ ਰਿਪੋਰਟ ਵੀ ਪਾਜ਼ੀਟਿਵ
. . .  about 3 hours ago
ਅੰਮ੍ਰਿਤਸਰ, 2 ਅਪ੍ਰੈਲ (ਰੇਸ਼ਮ ਸਿੰਘ) - ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਕਾਰਨ ਪਾਜਟਿਵ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨਿਆਂ 'ਚੋਂ ਤਿੰਨ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ । ਇਨ੍ਹਾਂ 'ਚ ਸੇਵਾਦਾਰ ਬਲਬੀਰ ਸਿੰਘ...
ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਾਈ ਨਿਰਮਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ
. . .  about 3 hours ago
ਵੇਰਕਾ, 2 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੋ ਕਿ ਕੋਰੋਨਾ ਦੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ...
ਭਾਈ ਨਿਰਮਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ 38 ਲੋਕ ਹੋਮ ਕੁਆਰੰਟਾਇਨ
. . .  about 3 hours ago
ਸੁਲਤਾਨਪੁਰ ਲੋਧੀ, 2 ਅਪ੍ਰੈਲ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਵਿਚ ਆਉਣ ਵਾਲੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਸੋਧਾ, ਫਰੀਦ ਸਰਾਏ, ਮਹੀਜੀਤਪੁਰ...
ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਮੌਤਾਂ
. . .  about 4 hours ago
ਲੰਡਨ, 2 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਲੋਕਾਂ ਦੀ ਮੌਤ ਹੋ ਚੁੱਕੀ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਲਈ ਜਗ੍ਹਾ ਨਾ ਦੇਣ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਨੇ ਜਤਾਈ ਨਾਰਾਜ਼ਗੀ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਦਾ ਉਨ੍ਹਾਂ...
ਜਗ੍ਹਾ ਨਾ ਮਿਲੀ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਐੱਸ.ਜੀ.ਪੀ.ਸੀ ਦੇਵੇਗੀ ਜਗ੍ਹਾ - ਭਾਈ ਲੌਂਗੋਵਾਲ
. . .  about 4 hours ago
ਅੰਮ੍ਰਿਤਸਰ, 2 ਅਪ੍ਰੈਲ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਕਿਹਾ ਕਿ ਜੇਕਰ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਜਗ੍ਹਾ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਹੂ-ਰੰਗ ਅੱਖੀਆਂ ਦਾ ਮੰਜ਼ਰਨਾਮਾ

ਮੇਰਾ ਪੁੱਤਰ ਚਿੱਟਾ ਕਫ਼ਨ ਲਪੇਟ ਕੇ ਸੁੱਤਾ ਪਿਐ। ਉਹਦੀਆਂ ਘਣੀਆਂ ਪਲਕਾਂ ਪੱਖੇ ਦੀ ਹਵਾ ਨਾਲ ਹਿਲਦੀਆਂ ਨੇ ਤਾਂ ਲਗਦੈ ਹੁਣੇ ਅੱਖੀਆਂ ਖੋਲ੍ਹ ਕੇ ਹੱਸਦਾ-ਹੱਸਦਾ ਉੱਠ ਪਵੇਗਾ।
ਪੂਰੇ ਘਰ ਵਿਚ ਅਗਰਬੱਤੀਆਂ ਕਰਕੇ ਗੁਲਾਬ ਦੀ ਖ਼ੁਸ਼ਬੂ ਪਈ ਫਿਰਦੀ ਏ। ਮੇਰੇ ਪੁੱਤਰ ਦੇ ਮੁੱਖ ਦੁਆਲੇ ਗੁਲਾਬ ਦੇ ਫੁੱਲਾਂ ਦਾ ਘੇਰਾ ਏ ਤੇ ਏਸ ਘੇਰੇ ਵਿਚੋਂ ਉਹਦਾ ਮੁਹਾਂਦਰਾ ਵੀ ਕਿਸੇ ਫੁੱਲ ਵਰਗਾ ਜਾਪਦਾ ਏ। ਸੋਹਣੀ ਜਿਹੀ ਤਿੱਖੀ ਨੱਕ, ਠਲੀਆਂ-ਠਲੀਆਂ ਅੱਖੀਆਂ ਬੰਦ ਨੇ ਤੇ ਘਣੀਆਂ ਪਲਕਾਂ ਉਹਦੀਆਂ ਗੱਲਾਂ ਉਤੇ ਸਾਇਆ ਕੀਤਾ ਹੋਇਐ। ਸੋਹਣੇ ਘੜਵੇਂ ਬੁੱਲਾਂ ਉਤੇ ਨਿੰਮ੍ਹਾ ਜਿਹਾ ਹਾਸੇ ਦਾ ਪਰਛਾਵਾਂ ਰਹਿ ਗਿਆ ਏ। ਭੂਰੇ ਰੇਸ਼ਮ ਵਰਗੇ ਵਾਲਾਂ ਦੀ ਇਕ ਲਿਟ ਮੱਥੇ 'ਤੇ ਆ ਪਈ ਏ। ਹਮੇਸ਼ ਵਾਂਗੂੰ ਮੈਂ ਉਹਦੇ ਵਾਲ ਪਿੱਛੇ ਹਟਾਉਨੀ ਆਂ ਤਾਂ ਇਕ ਨਿੱਕਾ ਜਿਹਾ ਕੀੜਾ ਮੈਨੂੰ ਉਹਦੇ ਮੱਥੇ 'ਤੇ ਟੁਰਦਾ ਦਿਸਦਾ ਏ। ਮੈਂ ਤ੍ਰਬਕ ਕੇ ਉਹਨੂੰ ਪਰ੍ਹਾਂ ਛੰਡ ਦੇਨੀ ਆਂ ਤੇ ਇਹ ਸੋਚ ਕੇ ਮੇਰਾ ਸਰੀਰ ਕੰਬ ਜਾਂਦਾ ਏ, 'ਕਿਤੇ ਇਹ ਮੇਰੇ ਪੁੱਤਰ ਨੂੰ ਲੜ ਜਾਂਦਾ ਫੇਰ...।'
ਮੈਂ ਉਹਦੇ ਮੱਥੇ ਉਤੇ ਹੱਥ ਫੇਰਨੀ ਆਂ ਤੇ ਨਾਲ ਈ ਮੇਰੇ ਉਤੇ ਬਰਫ਼ ਦੀ ਤਰਾੜ ਡਿੱਗ ਪੈਂਦੀ ਏ। ਮੌਤ ਕਦੋਂ ਦੀ ਉਹਦੇ ਮੱਥੇ ਹੇਠਾਂ ਬਲਦੀ ਹਯਾਤੀ ਦੀ ਲਾਟ ਨੂੰ ਬੁਝਾ ਗਈ ਹੋਈ ਏ ਪਰ ਮੈਂ ਤਤੜੀ ਮੰਨਾਂ ਕਿਵੇਂ? ਮੇਰੇ ਤ੍ਰੇੜਾਂ ਪਏ ਵਜੂਦ ਦੇ ਇਕ-ਇਕ ਟੋਟੇ ਵਿਚ ਉਹ ਸਾਰੀਆਂ ਮਾਵਾਂ ਆਣ ਵਸੀਆਂ ਨੇ ਜਿਹੜੀਆਂ ਆਪਣਿਆਂ ਲਾਲਾਂ ਨੂੰ ਹਾਰ-ਫੁੱਲ ਪਾ ਕੇ ਨਾ ਟੋਰ ਸਕੀਆਂ। ਹਾਏ! ਉਹ ਸਾਰੇ ਮੇਰੇ ਪੁੱਤਰ ਸਨ, ਅਣਡਿੱਠੇ ਹੱਥਾਂ ਦਿਆਂ ਜ਼ੁਲਮਾਂ ਦਾ ਸ਼ਿਕਾਰ। ਮੈਂ ਇਕ ਇਕੱਲੀ ਆਂ, ਮੈਂ ਕੀਹਦਾ-ਕੀਹਦਾ ਸੋਗ ਮਨਾਵਾਂ? ਮੈਂ ਕੀਹਨੂੰ-ਕੀਹਨੂੰ ਰੋਵਾਂ? ਮੇਰੇ ਚ੍ਹੌਵੀਂ ਪਾਸੇ ਬਰੂਦ ਦੀ ਬੋ ਏ। ਮੇਰੇ ਜੁੱਸੇ ਵਿਚ ਧਮਾਕੇ। ਮੇਰੇ ਸਾਰਿਆਂ ਸ਼ਹਿਰਾਂ ਵਿਚ ਗਵਾਚੇ ਲਾਲ ਤੇ ਮੈਂ ਇਕੱਲੀ ਆਂ।
ਅੱਜ ਇਕ ਵਾਰੀ ਫੇਰ ਮੇਰਾ ਪੁੱਤਰ ਚਿੱਟਾ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੇਰੀਆਂ ਲਹੂ ਰੋਂਦੀਆਂ ਅੱਖੀਆਂ ਗਵਾਚੇ ਲਾਲਾਂ ਨੂੰ ਪਈਆਂ ਲੱਭਦੀਆਂ ਨੇ।
ਉਹ ਸਾਰੇ ਵੀ ਤਾਂ ਮੇਰੇ ਪੁੱਤਰ ਸਨ ਜਿਹੜੇ ਫੁੱਲਾਂ ਵਰਗੇ ਧੋਤੇ-ਧਾਤੇ ਯੂਨੀਫਾਰਮ ਪਾ ਕੇ ਚਾਈਂ ਚਾਈਂ ਸਕੂਲ ਵਲ ਟੁਰੇ। ਉਸ ਦਿਹਾੜੇ ਅੱਲ੍ਹਾ ਵਲੋਂ ਐਨੀ ਗਰਮੀ ਪੈ ਰਹੀ ਸੀ, ਜੋ ਕਾਵਾਂ ਦੀ ਅੱਖ ਨਿਕਲੇ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ। ਹੱਸਦੇ-ਖੇਡਦੇ ਸਕੂਲੇ ਅੱਪੜੇ। ਹਾਲੇ ਉਸਤਾਨੀਆਂ ਕਿਸੇ ਨੂੰ ਚੰਗਾ ਸ਼ਬਦ ਸੁਣਾਉਣ 'ਤੇ ਸ਼ਾਬਾਸ਼ ਦੇ ਰਹੀਆਂ ਸਨ ਤੇ ਕਿਸੇ ਨੂੰ ਸਕੂਲ ਦਾ ਕੰਮ ਨਾ ਕਰਨ ਪਾਰੋਂ ਆਖਿਆ ਜਾ ਰਿਹਾ ਸੀ, 'ਤੂੰ ਵੱਡਿਆਂ ਹੋ ਕੇ ਵੀ ਜੇ ਇੰਜ ਦੇ ਈ ਕੰਮ ਕੀਤੇ ਤਾਂ ਪਈਆਂ ਪੂਰੀਆਂ... ਏਨੇ ਜ਼ੋਰ ਦਾ ਧਮਾਕਾ ਹੋਇਆ ਜੀਹਨੇ ਸਕੂਲ ਦੀ ਸਾਰੀ ਬਿਲਡਿੰਗ ਨੂੰ ਨੀਹਾਂ ਤੋਂ ਲੈ ਕੇ ਛੱਤਾਂ ਤੀਕਰ ਚੀਨੇ-ਚੀਨੇ ਕਰ ਦਿੱਤਾ। ਤੱਤੀ ਹਵਾ ਵਿਚ ਬਾਰੂਦ ਤੇ ਮਾਸ ਸੜਨ ਦੀ ਬੋ ਰਲ ਗਈ।
ਉਸ ਦਿਹਾੜੇ ਮੈਂ ਡੇਢ ਸੌ ਘਰਾਂ ਵਿਚੋਂ ਆਪਣਿਆਂ ਬਾਲਾਂ ਲਈ ਠੰਢਾ ਪਾਣੀ ਲੈ ਕੇ ਬੈਠੀ ਰਹੀ। ਪਰ ਉਹ ਪਾਣੀ ਪੀਣ ਵਾਲੇ ਤ੍ਰਿਹਾਏ ਈ ਟੁਰ ਗਏ ਸਨ। ਮੈਂ ਸ਼ਹਿਰ ਦੀਆਂ ਗੁੱਠਾਂ ਵਿਚੋਂ ਵੈਣ ਪਾਉਂਦੀ ਪੈਰੋਂ ਵਾਹਣੀ ਤੇ ਸਿਰੋਂ ਨੰਗੀ ਦੌੜੀ ਪਰ ਉਥੇ ਕੀ ਪਿਆ ਸੀ... ਪਾਟੇ ਹੋਏ ਬਸਤੇ, ਲੀਰੋ-ਲੀਰ ਕਿਤਾਬਾਂ ਤੇ ਉਨ੍ਹਾਂ ਨਾਲ ਚਿੰਬੜਿਆ ਹੋਇਆ ਮਾਸ ਤੇ ਲਹੂ। ਉਹ ਸਾਰੇ ਟੋਟੇ-ਭੋਰੇ ਕੱਠੀ ਕਬਰ ਵਿਚ ਦੱਬ ਦਿੱਤੇ ਗਏ ਤੇ ਮੈਂ ਲੇਖਾਂ ਸੜੀ ਏਨਾ ਵੱਡਾ ਕਫ਼ਨ ਕਿਥੋਂ ਲਿਆਉਂਦੀ? ਕਿਥੋਂ ਫੁੱਲਾਂ ਦੇ ਹਾਰ ਪਵਾਉਂਦੀ। ਮੈਂ ਉਨ੍ਹਾਂ 'ਤੇ ਜ਼ੁਲਮ ਦੀ ਹਨ੍ਹੇਰੀ ਝੁਲਾਣ ਵਾਲੇ ਹੱਥ ਈ ਲੱਭਦੀ ਰਹਿ ਗਈ ਤੇ ਮੇਰੇ ਹੱਥ ਸੱਖਣੇ ਹੀ ਰਹੇ।
ਅੱਜ ਮੇਰਾ ਪੁੱਤਰ ਚਿੱਟਾ ਦੁੱਧ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੈਂ ਉਹਦੇ ਆਲੇ-ਦੁਆਲੇ ਉਨ੍ਹਾਂ ਪੁੱਤਰਾਂ ਦੇ ਹਿੱਸੇ ਦੇ ਫੁੱਲ ਵੀ ਖਿਲਾਰੀ ਜਾ ਰਹੀ ਆਂ ਜਿਹੜੇ ਖਿਡੌਣੇ ਲੈਣ ਗਏ ਸਨ। ਬਾਜ਼ਾਰ ਵਿਚ ਅੰਤਾਂ ਦੀ ਭੀੜ ਸੀ। ਖ਼ਲਕਤ ਇਕ ਦੂਜੇ ਨਾਲ ਖਹਿ ਰਹੀ ਸੀ। ਸਾਈਕਲਾਂ ਤੇ ਸਾਈਕਲਾਂ ਭੱਜਦੀਆਂ ਫਿਰਦੀਆਂ ਸਨ। ਦੁਕਾਨਦਾਰ ਇਹ ਰੌਣਕਾਂ ਵੇਖ-ਵੇਖ ਕੇ ਖੁਸ਼ ਹੋ ਰਹੇ ਸਨ। ਜਿੰਨੀ ਵਾਧੂ ਖਲਕਤ ਬਾਜ਼ਾਰ ਵਿਚ ਢੁੱਕੇਗੀ ਓਨੀ ਹੀ ਵਿਕਰੀ ਹੋਏਗੀ। ਖਿਡੌਣੇ ਖ਼ਰੀਦਣ ਲਈ ਆਏ ਬਾਲ ਅਜੇ ਗੱਡੀ ਵਿਚੋਂ ਲੱਥੇ ਨਹੀਂ ਸਨ ਜੋ ਧਾੜ ਕਰਕੇ ਤਿੰਨ ਚਾਰ ਗੱਡੀਆਂ ਖਿਡੌਣਿਆਂ ਵਾਂਗੂੰ ਵਾਅ ਵਿਚੋਂ ਉੱਛਲ ਪਈਆਂ। ਨਾਲ ਈ ਬਾਜ਼ਾਰ ਦੀਆਂ ਗਲੀਆਂ ਵਿਚ ਦੋ ਧਮਾਕੇ ਹੋਏ ਤੇ ਉਥੇ ਕਿਆਮਤ ਦਾ ਪਰਛਾਵਾਂ ਪੈ ਗਿਆ। ਗੱਡੀ ਵਿਚ ਬੈਠੇ ਬਾਲਾਂ ਦੇ ਬੂਹੇ ਵੱਲ ਵਧੇ ਹੱਥ ਉਥੇ ਈ ਰਹਿ ਗਏ। ਕਾਰ ਨੂੰ ਲੱਗੀ ਅੱਗ ਉਨ੍ਹਾਂ ਨੂੰ ਸਾੜ ਕੇ ਕੋਇਲਾ ਕਰ ਗਈ ਤੇ ਮੇਰਾ ਲੂੰ ਲੂੰ ਵਿੰਨ੍ਹਿਆ ਗਿਆ।
ਹਾਲੀ ਤਾਂ ਮੇਰੇ ਦਿਲ ਦੇ ਜ਼ਖ਼ਮ ਨਹੀਂ ਭਰੇ। ਹਾਲੀ ਤੇ ਮੈਂ ਉਨ੍ਹਾਂ ਪੁੱਤਰਾਂ ਨੂੰ ਈ ਪਈ ਰੋਂਦੀ ਸਾਂ ਜੋ ਅੱਜ ਫੇਰ...ਮੇਰਾ ਪੁੱਤਰ ਸੁੱਖ ਨਾਲ ਸੁੱਤਾ ਹੋਇਆ ਜਾਪਦਾ ਏ। ਇਹ ਸੁੱਖ ਏ? ਹੋਏਗਾ ਪਰ ਇਹ ਕਿਹੋ ਜਿਹਾ ਸੁੱਖ ਏ ਜੀਹਨੇ ਸੱਧਰਾਂ ਤੇ ਖ਼ਾਬਾਂ ਭਰੀਆਂ ਅੱਖੀਆਂ ਵਿਚ ਕਾਲੀ ਮੌਤ ਦਾ ਰੰਗ ਭਰ ਦਿੱਤਾ ਏ।
ਇਹ ਕਾਲਾ ਰੰਗ ਮੇਰਿਆਂ ਸ਼ਹਿਰਾਂ 'ਤੇ ਖਿੱਲਰ ਗਿਆ ਏ, ਮੇਰੀ ਸਾੜੀ 'ਤੇ ਡੁੱਲ੍ਹ ਗਿਆ ਏ। ਮੇਰੇ ਉਸ ਪੁੱਤਰ ਨੂੰ ਖੌਰੇ ਕੀ ਸ਼ੌਕ ਸੀ। ਟੇਸ਼ਨ 'ਤੇ ਆਉਂਦੀਆਂ-ਜਾਂਦੀਆਂ ਗੱਡੀਆਂ ਵੇਖਣ ਦਾ। ਉਹਦਾ ਜਿਸ ਵੇਲੇ ਦਾਅ ਲਗਦਾ ਟੇਸ਼ਨ 'ਤੇ ਜਾ ਖਲੋਂਦਾ...। ਉਸ ਦਿਹਾੜੇ ਵੀ ਟੇਸ਼ਨ 'ਤੇ ਖਲੋਤਾ ਖੁਸ਼ ਹੋ ਰਿਹਾ ਸੀ। ਉਹਦਿਆਂ ਹੋਠਾਂ 'ਤੇ ਗੁਲਾਬ ਖਿੜੇ ਸਨ ਤੇ ਅੱਖਾਂ ਵਿਚ ਮਸ਼ਾਲਾਂ ਪਈਆਂ ਬਲਦੀਆਂ ਸਨ। ਅਚਨਚੇਤ ਮੌਤ ਦੀ ਕਾਲੀ ਹਨ੍ਹੇਰੀ ਆਈ ਤੇ ਫੇਰ ਉਥੇ ਕੁਝ ਵੀ ਨਾ ਰਿਹਾ। ਮੈਂ ਆਪਣੇ ਲਾਲ ਨੂੰ ਲੱਭਦੀ ਈ ਰਹਿ ਗਈ। ਕਿੰਨੀਆਂ ਮਾਵਾਂ ਆਪਣਿਆਂ ਲਾਲਾਂ ਨੂੰ ਲੱਭਦੀਆਂ ਈ ਰਹਿ ਗਈਆਂ।
ਮੇਰੀਆਂ ਅੱਖਾਂ ਵਿਚੋਂ ਡੁਲ੍ਹਦਿਆਂ ਅੱਥਰੂਆਂ ਵਿਚ ਤੇ ਹਾਲੀ ਉਨ੍ਹਾਂ ਬਾਲਾਂ ਦੀਆਂ ਤਸਵੀਰਾਂ ਸਨ ਪਰ ਅੱਜ...'ਭੈਣੇ ਸਬਰ ਕਰ...ਹੋਣੀ ਕੀਹਦੇ ਆਖੇ ਮੁੜੀ ਏ।' ਅਚਨਚੇਤ ਕਿਸੇ ਮੇਰੇ ਮੋਢੇ 'ਤੇ ਹੱਥ ਰੱਖਦਿਆਂ ਆਖਿਆ ਏ। ਸਬਰ...ਤੇ ਹੋਣੀ...ਮੈਂ ਕਿਵੇਂ ਕਰਾਂ ਸਬਰ...ਮੈਂ ਹੋਣੀ ਕਿਉਂ ਹੋਣ ਦੇਵਾਂ...ਮੈਂ ਏਸ ਹੋਣੀ ਦਾ ਰਸਤਾ ਡੱਕਣ ਜੋਗੀ ਕਿਉਂ ਨਹੀਂ ਜੀਹਨੇ ਮੇਰਿਆਂ ਲਾਲਾਂ ਦੇ ਟੋਟੇ ਹਰ ਪਾਸੇ ਛੱਡੇ ਨੇ...ਇਹ ਖੇਹ...ਹਾਲੀ ਤੇ ਮੇਰਾ ਪੁੱਤਰ ਕਫ਼ਨ ਵਲ੍ਹੇਟ ਕੇ ਸੁੱਤਾ ਪਿਆ ਏ ਤੇ ਮੇਰੇ ਕਲੇਜੇ ਦੇ ਜ਼ਖਮ ਅੱਲੇ ਨੇ।


-ਸਟੇਟ ਐਵਾਰਡੀ ਅਤੇ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।ਮੋਬਾਈਲ : 8567886223


ਖ਼ਬਰ ਸ਼ੇਅਰ ਕਰੋ

ਦੋ ਗ਼ਜ਼ਲਾਂ

ਡਾ: ਸਰਬਜੀਤ ਕੌਰ ਸੰਧਾਵਾਲੀਆ

ਹੋਈਆਂ ਉਦਾਸ ਦਿਲ ਦੀਆਂ ਗਲੀਆਂ ਤੇਰੇ ਬਿਨਾ
ਰਾਹਾਂ ਤੇਰੇ ਫ਼ਿਰਾਕ ਨੇ ਮੱਲੀਆਂ ਤੇਰੇ ਬਿਨਾ।
ਤੇਰਾ ਖਿਆਲ ਹੀ ਰਿਹੈ ਤੇਰਾ ਧਿਆਨ ਹੀ,
ਸ਼ਾਮਾਂ ਕਿਵੇਂ ਬੇਰੰਗ ਹੋ ਢਲੀਆਂ ਤੇਰੇ ਬਿਨਾ।
ਜੀਣਾ ਮੁਹਾਲ ਹੋ ਗਿਆ ਨੀਂਦਾਂ ਨੇ ਰੁੱਸੀਆਂ,
ਮਲਦੇ ਨੇ ਸਾਡੇ ਵਲਵਲੇ ਤਲੀਆਂ ਤੇਰੇ ਬਿਨਾ।
ਲੂੰ ਲੂੰ 'ਚ ਤੇਰਾ ਜ਼ਿਕਰ ਹੈ ਨਜ਼ਰਾਂ ਬੇਤਾਬ ਨੇ,
ਨਾੜਾਂ ਜਿਵੇਂ ਨੇ ਹੋ ਗਈਆਂ ਝੱਲੀਆਂ ਤੇਰੇ ਬਿਨਾ।
ਆਕਾਸ਼ ਨੇ ਹੈ ਭੇਜਿਆ ਬੱਦਲਾਂ ਦਾ ਕਾਫ਼ਲਾ,
ਕਣੀਆਂ ਜਿਵੇਂ ਨੇ ਅੱਗ ਦੀਆਂ ਡਲੀਆਂ ਤੇਰੇ ਬਿਨਾ।
ਤੇਰੇ ਬਗ਼ੈਰ ਕੀ ਕਰਾਂ ਮੈਂ ਇਸ ਬਹਾਰ ਨੂੰ,
ਸੂਲਾਂ ਦੇ ਵਾਂਗ ਚੁਭਦੀਆਂ ਕਲੀਆਂ ਤੇਰੇ ਬਿਨਾ।
ਦਿਲਬਰ ਤੇਰੀ ਰਜ਼ਾ ਰਹੇ ਤੇ ਤੂੰ ਹੀਂ ਤੂੰ ਰਹੇ,
ਕੀ ਕੀ ਸੁਗਾਤਾਂ ਇਸ਼ਕ ਨੇ ਘੱਲੀਆਂ ਤੇਰੇ ਬਿਨਾ।
ਦਿਨ ਰਾਤ ਤੇਰੀ ਯਾਦ ਵਿਚ ਨੈਣਾਂ ਦੇ ਖੂਹ ਗਿੜੇ,
ਕੀ ਕੀ ਮੁਸੀਬਤਾਂ ਨਹੀਂ ਝੱਲੀਆਂ ਤੇਰੇ ਬਿਨਾ।
ਧੁੱਪਾਂ ਪਿਆਸੀਆਂ ਅਤੇ ਛਾਵਾਂ ਉਦਾਸੀਆਂ,
ਰੀਝਾਂ ਉਮੰਗਾਂ ਹਸਰਤਾਂ ਜਲੀਆਂ ਤੇਰੇ ਬਿਨਾ।
-0-
ਨਾਮ ਤੇਰੇ ਦਾ ਮੁੱਖੜਾ ਚੁੰਮਿਆ, ਸ਼ਬਦ ਤੇਰੇ ਨੂੰ ਸੀਸ ਝੁਕਾਇਆ
ਇਸ਼ਕ ਤੇਰੇ ਦਾ ਸੁਰਮਾ ਪੀਹ ਕੇ, ਰੰਗ ਰੱਤੜੇ ਨੈਣਾਂ ਵਿਚ ਪਾਇਆ।
ਕੇਸਾਂ ਵਿਚ ਤਾਰੇ ਗੁੰਦਾਏ, ਚੰਨ ਦਾ ਟਿੱਕਾ ਮੱਥੇ ਲਾਇਆ,
ਆਤਮ ਰਸ ਵਿਚ ਭਿੱਜੀ ਰੂਹ ਨੇ, ਬੱਦਲਾਂ ਨੂੰ ਹੈ ਫ਼ਰਸ਼ ਬਣਾਇਆ।
ਤਖ਼ਤੇ ਤੋਂ ਹਾਂ ਤਖ਼ਤ ਹੋ ਗਈ, ਜਦ ਤੂੰ ਆਪਣਾ ਚਰਨ ਟਿਕਾਇਆ,
ਸਹੀਉ ਨੀ ਮੈਨੂੰ ਦਿਉ ਵਧਾਈਆਂ, ਤੁਪਕੇ ਨੇ ਸ਼ਹੁ ਸਾਗਰ ਪਾਇਆ।
ਅੱਖਾਂ ਦੀ ਬੱਦਲਵਾਈ ਨੇ ਰੱਖਿਆ ਹੁਣ ਤੱਕ ਚੰਨ ਲੁਕਾਇਆ,
ਤੱਕ ਕੇ ਤੇਰਾ ਨੂਰੀ ਮੁੱਖੜਾ ਹੁਣ ਮੇਰਾ ਅੰਦਰ ਚੁੰਧਿਆਇਆ।
ਬੇਖ਼ੁਦੀਆਂ ਦੀ ਚੜ੍ਹੀ ਖੁਮਾਰੀ ਝੂਟਾ ਇਕ ਅਰਸ਼ ਦਾ ਆਇਆ,
ਲਰਜ਼ ਲਰਜ਼ ਥਰਕੰਬਣੀਆਂ ਨੇ ਆਪਣਾ ਸੋਹਣਾ ਕੰਤ ਰੀਝਾਇਆ।
ਅੱਖੀਆਂ ਦਾ ਖੂਹ ਗੇੜ ਗੇੜ ਕੇ ਮੈਂ ਰੂਹ ਦਾ ਇਸ਼ਨਾਨ ਕਰਾਇਆ,
ਯਾਦ ਤੇਰੀ ਦੀ ਮਹਿੰਦੀ ਲਾਈ, ਪਿਆਰ ਤੇਰੇ ਦਾ ਵਟਣਾ ਲਾਇਆ।
ਕੁਝ ਛੋਹਾਂ ਕੁਝ ਚਿਣਗਾਂ ਦੇ ਕੇ, ਤੂੰ ਮਿਹਰਾਂ ਦਾ ਮੀਂਹ ਬਰਸਾਇਆ,
ਕੈਸੇ ਅਦਭੁੱਤ ਅਨੁਭਵ ਬਖ਼ਸ਼ੇ, ਸਾਰਾ ਅੰਦਰ ਹੈ ਨਸ਼ਿਆਇਆ।
ਹੁਣ ਮੈਂ ਕੱਤਾਂ ਗੀਤ ਇਸ਼ਕ ਦੇ, ਵਿਸਮਾਦਾਂ ਦਾ ਚਰਖਾ ਡਾਹਿਆ।
ਦਿਲ ਕਿਰਨਾਂ ਦੀਆਂ ਤੰਦਾਂ ਪਾਏ, ਮੇਰਾ ਸਾਜਨੜਾ ਘਰ ਆਇਆ।
ਹਿਜਰ ਤੇਰੇ ਸੀ ਬੱਚਿਆਂ ਵਰਗੇ, ਮੈਂ ਉਨ੍ਹਾਂ ਨੂੰ ਗੋਦ ਖਿਡਾਇਆ,
ਸਾਰੇ ਹੰਝੂ ਬਣ ਗਏ ਮੋਤੀ, ਤੂੰ ਰੂਹਾਨੀ ਲਾਡ ਲਡਾਇਆ।

ਗੁੱਸਾ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਜਦੋਂ ਨਹੁੰ ਵਧਦਾ ਹੈ ਤਾਂ ਅਸੀਂ ਨਹੁੰ ਨੂੰ ਕੱਟਦੇ ਹਾਂ, ਉਂਗਲੀ ਨੂੰ ਨਹੀਂ। ਜਦੋਂ ਵਾਲ ਵਧਦੇ ਹਨ ਤਾਂ ਅਸੀਂ ਵਾਲ ਕੱਟਦੇ ਹਾਂ, ਸਿਰ ਨੂੰ ਨਹੀਂ। ਇਸ ਤਰ੍ਹਾਂ ਜਦੋਂ ਅਸੀਂ ਗੁੱਸੇ ਵਿਚ ਹੁੰਦੇ ਹਾਂ ਸਾਨੂੰ ਗੁੱਸੇ ਨੂੰ ਕੱਟਣਾ ਜਾਂ ਖ਼ਤਮ ਕਰਨਾ ਚਾਹੀਦਾ ਹੈ, ਰਿਲੇਸ਼ਨ ਨੂੰ ਨਹੀਂ।
* ਦੋ ਪਾਸੀਂ ਗੁੱਸਾ ਤਬਾਹੀ ਹੀ ਕਰਦਾ ਹੈ।
* ਗੁੱਸੇ ਨੂੰ ਸਾਂਭੀ ਰੱਖਣ ਦਾ ਮਤਲਬ ਹੈ ਕਿ ਮਘਦੇ ਹੋਏ ਕੋਲੇ ਨੂੰ ਹੱਥ ਵਿਚ ਫੜ ਕੇ ਦੂਜੇ ਉਤੇ ਸੁੱਟਣਾ। ਇਸ ਲਈ ਯਕੀਨਨ ਆਪਣਾ ਹੱਥ ਵੀ ਸੜੇਗਾ।
* ਉਹ ਵਿਅਕਤੀ ਕਦੇ ਖੁਸ਼ ਨਹੀਂ ਹੁੰਦਾ ਜਿਸ ਦੇ ਦਿਲ ਵਿਚ ਗੁੱਸਾ ਹੁੰਦਾ ਹੈ। ਵਧੇਰੇ ਗੁੱਸਾ ਆਉਣਾ, ਚਿੰਤਾ ਅਤੇ ਮਾਨਸਿਕ ਤਣਾਅ ਕਬਜ਼ ਦਾ ਕਾਰਨ ਵੀ ਹੋ ਸਕਦੇ ਹਨ।
* ਗੁੱਸਾ, ਬਦਚਲਣੀ ਅਤੇ ਲਾਲਚ ਅਜਿਹੀਆਂ ਤਿੰਨ ਚੀਜ਼ਾਂ ਹਨ, ਜੋ ਮਨੁੱਖ ਨੂੰ ਅਸਲ ਉਦੇਸ਼ ਤੋਂ ਰੋਕਦੀਆਂ ਹਨ।
* ਗੁੱਸਾ (ਕ੍ਰੋਧ) ਇਕ ਅਜਿਹੀ ਬਿਮਾਰੀ ਹੈ, ਜਿਹੜੀ ਮਨ ਨੂੰ ਤਾਂ ਦੁਖੀ ਕਰਦੀ ਹੀ ਹੈ, ਸਗੋਂ ਸਰੀਰ ਨੂੰ ਵੀ ਨੁਕਸਾਨ, ਦੁੱਖ ਪਹੁੰਚਾਉਂਦੀ ਹੈ। ਗੁਰਬਾਣੀ ਵਿਚ ਵੀ ਆਉਂਦਾ ਹੈ ਕਿ:
ਕਾਮੁ ਕ੍ਰੋਧ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥
* ਜਿਨ੍ਹਾਂ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਬੀ.ਪੀ. ਅਤੇ ਦਿਲ ਦੇ ਮਰੀਜ਼ ਹੁੰਦੇ ਹਨ। ਮਿੱਠਾ ਬੋਲਣ ਵਿਚ ਕੋਈ ਖਰਚ ਵੀ ਨਹੀਂ ਆਉਂਦਾ।
* ਗੁੱਸੇ ਵਿਚ ਮਨੁੱਖ ਦੀ ਹਾਲਤ ਮਾਚਿਸ ਦੀ ਤੀਲੀ ਵਰਗੀ ਹੋ ਜਾਂਦੀ ਹੈ, ਜਿਸ ਦਾ ਸਿਰ ਤਾਂ ਹੁੰਦਾ ਹੈ ਪਰ ਦਿਮਾਗ ਨਹੀਂ ਹੁੰਦਾ।
* ਤੁਹਾਡੇ ਮੂੰਹ ਵਿਚੋਂ ਗੁੱਸੇ ਨਾਲ ਨਿਕਲੇ ਹੋਏ ਇਕ ਸ਼ਬਦ ਦੀ ਕੁੜੱਤਣ ਤੁਹਾਡੀ ਜ਼ੁਬਾਨ ਵਿਚੋਂ ਨਿਕਲੇ ਹੋਏ ਲੱਖਾਂ ਮਿੱਠੇ ਸ਼ਬਦਾਂ ਦੀ ਮਿਠਾਸ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ।
* ਬੇਅਕਲੀ ਅਤੇ ਗੁੱਸੇ ਨੂੰ ਕਮਜ਼ੋਰੀ ਦੇ ਚਿੰਨ੍ਹ ਸਮਝਣਾ ਚਾਹੀਦਾ ਹੈ।
* ਗੁੱਸਾ ਇਸ ਸੰਸਾਰ ਦੀ ਸਭ ਤੋਂ ਭਿਆਨਕ ਅੱਗ ਦਾ ਦੂਜਾ ਰੂਪ ਹੈ। ਇਹ ਇਨਸਾਨ ਦਾ ਵਿਨਾਸ਼ ਕਰਦਾ ਹੈ।
* ਦਸ ਮਿੰਟ ਦਾ ਗੁੱਸਾ ਸਰੀਰ ਦੀ ਏਨੀ ਤਾਕਤ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਤਾਕਤ ਨਾਲ ਸਾਰਾ ਦਿਨ ਕੰਮ ਕੀਤਾ ਜਾ ਸਕਦਾ ਹੈ।
* ਇਕ ਵਾਰ ਗੁੱਸਾ ਕਰਨ 'ਤੇ ਸਰੀਰ ਵਿਚ ਖ਼ੂਨ ਦੀਆਂ 8 ਬੂੰਦਾਂ ਘੱਟ ਹੋ ਜਾਂਦੀਆਂ ਹਨ, ਜਦੋਂ ਕਿ 8 ਬੂੰਦਾਂ ਖੂਨ ਬਣਨ ਦੇ ਲਈ ਪੰਜ ਦਿਨ ਲਗਦੇ ਹਨ।
* ਗੁੱਸਾ ਆਪਣੀ ਸਾਥਣ ਤਬਾਹੀ ਨੂੰ ਤਿਆਗ ਨਹੀਂ ਸਕਦਾ ਪਰ ਖੁਸ਼ੀ ਇਸ ਦੀ ਦੁਸ਼ਮਣ ਹੈ।
* ਗੁੱਸੇ ਵਿਚ ਮਨੁੱਖ ਨੂੰ ਸੋਹਣਾ ਲੱਗਣ ਦੀ ਆਸ ਤਾਂ ਲਾਹ ਹੀ ਦੇਣੀ ਚਾਹੀਦੀ ਹੈ।
* ਗੁੱਸੇ ਵਿਚ ਆਇਆ ਵਿਅਕਤੀ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਜੋ ਕੰਮ ਉਹ ਕਰਨ ਲੱਗਾ ਹੈ ਉਸ ਦੇ ਨਤੀਜੇ ਕੀ ਹੋਣਗੇ?
* ਗੁੱਸੇ ਦੇ ਪਲਾਂ ਵਿਚ ਕਦੇ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ।
* ਗੁੱਸਾ ਮਿੰਟਾਂ ਵਿਚ ਹੀ ਖ਼ੁਸ਼ੀ ਨੂੰ ਗਮੀ ਵਿਚ ਬਦਲ ਦਿੰਦਾ ਹੈ। ਰੰਗ ਵਿਚ ਭੰਗ ਪਾ ਦਿੰਦਾ ਹੈ। ਚੌਕੀਆਂ-ਥਾਣਿਆਂ ਦੇ ਬੂਹੇ ਖੜਕਾ ਦਿੰਦਾ ਹੈ। ਹਸਪਤਾਲ ਵਿਚ ਪਹੁੰਚਾ ਦਿੰਦਾ ਹੈ। ਕਚਹਿਰੀਆਂ ਦੇ ਗੇੜੇ ਲਵਾ ਦਿੰਦਾ ਹੈ। ਭਾਈ ਤੋਂ ਭਾਈ ਮਰਵਾ ਦਿੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਤੁੜਵਾ ਦਿੰਦਾ ਹੈ ਤੇ ਸਵਰਗ ਤੋਂ ਨਰਕ ਦਿਖਾ ਦਿੰਦਾ ਹੈ। ਗੁੱਸੇ ਵਿਚ ਆ ਕੇ ਹੀ ਕਤਲ ਹੁੰਦੇ ਹਨ। ਫਿਰ ਜੇਲ੍ਹਾਂ ਦੀਆਂ ਸੀਖਾਂ ਥਾਣੀਂ ਵੇਖਣਾ ਪੈਂਦਾ ਹੈ ਤੇ ਜੇਲ੍ਹ ਵਿਚ ਕੁੱਕੜਾਂ ਦੇ ਖੁੱਡੇ ਵਾਂਗ ਰਹਿਣਾ ਪੈਂਦਾ ਹੈ।
* ਗੁੱਸੇ ਵਿਚ ਆ ਕੇ ਲੜਾਈ-ਝਗੜਾ ਕਰਨਾ ਅਨਪੜ੍ਹ ਲੋਕਾਂ ਦਾ ਕੰਮ ਸਮਝਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਗੁੱਸਾ ਅਤੇ ਮੂਰਖਤਾ ਦੋਵੇਂ ਇਕੱਠੇ ਹੀ ਤੁਰਦੇ ਹਨ।
* ਜਿਸ ਦੇ ਪਾਸ ਮੁਸਕਰਾਹਟ ਨਹੀਂ ਹੈ, ਗੁੱਸਾ ਹੀ ਗੁੱਸਾ ਹੈ, ਉਸ ਨੂੰ ਕਦੇ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ।
* ਹਰ ਸਮੇਂ ਗੁੱਸੇ ਵਿਚ ਰਹਿਣ ਨਾਲ ਬਿਮਾਰੀਆਂ ਚੰਬੜਦੀਆਂ ਹਨ ਪਰ ਖੁਸ਼ ਰਹਿਣ ਨਾਲ ਕਈ ਬਿਮਾਰੀਆਂ ਪਰ੍ਹਾਂ ਧੱਕੀਆਂ ਜਾਂਦੀਆਂ ਹਨ।
* ਗੁੱਸਾ ਮਨੁੱਖ ਦੀ ਤਰੱਕੀ ਵਿਚ ਰੋੜਾ ਹੁੰਦਾ ਹੈ।
* ਗੁਸੈਲੇ ਬੰਦੇ ਆਪਣੀ ਆਦਤ ਦੇ ਕਾਰਨ ਕਈ ਵਾਰੀ ਬਣਦਾ ਹੋਇਆ ਕੰਮ ਵੀ ਵਿਗਾੜ ਲੈਂਦੇ ਹਨ।
* ਗੁੱਸਾ ਬੰਦੇ ਦੇ ਤਨ ਤੇ ਮਨ ਦੋਵਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ।
* ਗੁੱਸੇ ਨਾਲ ਹਮੇਸ਼ਾ ਨੁਕਸਾਨ ਮਿਲਦਾ ਹੈ, ਲਾਭ ਨਹੀਂ ਮਿਲਦਾ।
* ਜੇਕਰ ਮਨੁੱਖ ਮਾਨਸਿਕ ਪੀੜਾ ਤੇ ਗੁੱਸੇ ਵਿਚ ਸੰਤਾਪ ਗ੍ਰਸਤ ਹੈ ਤਾਂ ਉਹ ਜਿੰਨੀ ਮਰਜ਼ੀ ਵਧੀਆ ਖੁਰਾਕ ਖਾਵੇ, ਉਹ ਵਿਅਰਥ ਹੀ ਹੋਵੇਗੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਹਾਸ ਵਿਅੰਗ

ਸਹੁਰਿਆਂ ਦਾ ਕੁੱਤਾ

ਸਿਆਣਿਆਂ ਦਾ ਕਥਨ ਹੈ 'ਬਹੁਤੀ ਪ੍ਰਸੰਸਾ ਕਰਨੀ ਵੀ ਮਾੜੀ ਤੇ ਬਹੁਤੀ ਪ੍ਰਸੰਸਾ ਸੁਣਨੀ ਤਾਂ ਉਸ ਤੋਂ ਵੀ ਮਾੜੀ ਹੁੰਦੀ ਹੈ।'
ਸਿਆਣੇ ਭਾਵੇਂ ਕੁਝ ਆਖੀ ਜਾਣ ਪਰ ਸਾਡੇ ਹਰਮਨ ਪਿਆਰੇ, ਰਾਜ-ਦੁਲਾਰੇ ਤੇ ਅੱਖਾਂ ਦੇ ਤਾਰੇ ਛਾਂਗਾ ਰਾਮ ਜੀ ਇਸ ਗੱਲੋਂ ਆਪਣੇ ਸਹੁਰਿਆਂ ਤੇ ਉਨ੍ਹਾਂ ਦੇ ਟੱਬਰ ਨੂੰ ਇਸ ਕਥਨ ਤੋਂ ਛੋਟ ਦਿੰਦੇ ਹਨ। ਛੋਟ ਵੀ ਇਕ ਦੋ ਪ੍ਰਤੀਸ਼ਤ ਹੀ ਨਹੀਂ, ਸਗੋਂ ਪੂਰੀ ਹੰਡਰਡ ਪਰਸੈਂਟ। ਜਿਥੋਂ ਤੱਕ ਉਨ੍ਹਾਂ ਦਾ ਦਾਅ ਲੱਗੇ, ਜਿਥੋਂ ਤੱਕ ਉਨ੍ਹਾਂ ਦੀਆਂ ਆਂਦਰਾਂ ਕਰ ਸਕਣ, ਆਪਣੇ ਸਹੁਰਿਆਂ ਦੀ ਦੱਬ ਕੇ ਪ੍ਰਸੰਸਾ ਕਰਦੇ ਹਨ। ਲਓ ਸਭ ਤੋਂ ਪਹਿਲਾਂ ਸੱਸ ਸਹੁਰੇ ਦਾ ਕੇਸ ਹੀ ਲੈ ਲਓ। ਇਸ ਦੀ ਸ਼ੁਰੂਆਤ ਤਾਂ ਉਨ੍ਹਾਂ ਨੇ ਆਪਣੇ ਵਿਆਹ ਵੇਲੇ, ਸਹੁਰਿਆਂ ਦੀ ਦਹਿਲੀਜ਼ ਟੱਪਦਿਆਂ ਹੀ ਸ਼ੁਰੂ ਕਰ ਦਿੱਤੀ ਸੀ। ਵਿਆਹ ਵੇਲੇ ਫੇਰਿਆਂ ਤੋਂ ਬਾਅਦ ਕੁੜੀਆਂ ਕੱਤਰੀਆਂ ਉਨ੍ਹਾਂ ਨੂੰ ਛੰਦ ਸੁਣਾਉਣ ਦੀ ਜ਼ਿੱਦ ਕਰਨ ਲੱਗੀਆਂ, ਜਦੋਂ ਬਹੁਤਾ ਹੀ ਖਹਿੜੇ ਪੈ ਗਈਆਂ ਤਾਂ ਉਨ੍ਹਾਂ ਇਹ ਛੰਦ ਸੁਣਾਇਆ:
ਛੰਦ ਪਰਾਗਾ, ਛੰਦ ਪਰਾਗਾ, ਛੰਦ ਪਰਾਗਾ ਕੇਸਰ,
ਸੱਸ ਮੇਰੀ ਪਾਰਬਤੀ ਤੇ ਸਹੁਰਾ ਮੇਰਾ ਪ੍ਰਮੇਸ਼ਰ।
ਛੰਦ ਸੁਣਦਿਆਂ ਹੀ ਸਹੁਰਾ ਪਰਿਵਾਰ ਧੰਨ-ਧੰਨ ਹੋ ਗਿਆ ਸੀ। ਇਸ ਛੰਦ 'ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਲਈ ਉਨ੍ਹਾਂ ਕੋਲ ਸੈਂਕੜੇ ਜਵਾਬ ਸਨ। ਹੱਸ ਕੇ ਕਹਿਣ ਲੱਗੇ, 'ਯਾਰ, ਜਿਹੜੇ ਮਾਪਿਆਂ ਨੇ ਆਪਣੇ ਜਿਗਰ ਦਾ ਟੋਟਾ, ਚੰਦ ਸੂਰਜ ਜਿਹੀ ਲਾਡਲੀ ਸਾਡੇ ਹਵਾਲੇ ਕਰ ਦਿੱਤੀ ਹੋਵੇ, ਇਕੱਲੀ ਲਾਡਲੀ ਹੀ ਨਹੀਂ, ਲੱਖਾਂ ਰੁਪਏ ਦਾ ਸਾਜੋ-ਸਾਮਾਨ ਵੀ ਨਾਲ ਦਿੱਤਾ ਹੋਵੇ, ਉਹ ਸਾਡੇ ਲਈ ਪ੍ਰਮੇਸ਼ਰ ਤੋਂ ਕਿਵੇਂ ਘੱਟ ਹੋਏ। ਨਾ ਘੱਟ ਕਿਵੇਂ ਹੋਏ? ਤੁਸੀਂ ਆਪ ਹੀ ਦੱਸੋ? ਸਾਡੇ ਲਈ ਤਾਂ ਸੱਸ ਸਹੁਰਾ ਰੱਬ ਤੋਂ ਵੀ ਪਹਿਲਾਂ ਨੇ। ਲੜਕੀ ਦੇਣ ਲੱਗਿਆਂ ਭੋਰਾ ਦਰੇਗ ਨੀ ਕੀਤਾ, ਸੀਂ ਨੀ ਨੀ ਵੱਡੀ। ਧੀ ਦੇਣ ਲੱਗਿਆਂ ਜਿਗਰਾ ਵੱਡਾ ਕਰਨਾ ਪੈਂਦਾ ਭਰਾ ਜੀ। ਕੀ ਸਮਝੇ?' ਉਹ ਤਾਂ ਰੋਟੀ ਦਾ ਸੱਦਾ ਆ ਗਿਆ ਸੀ, ਨਹੀਂ ਤਾਂ ਉਨ੍ਹਾਂ ਉਥੇ ਖੜ੍ਹੇ-ਖੜ੍ਹੋਤੇ ਹੀ ਸੱਸ-ਸਹੁਰੇ ਦੀ ਪ੍ਰਸੰਸਾ ਦੇ ਉਹ ਪੁਲ ਬੰਨ੍ਹਣੇ ਸੀ, ਉਹ ਪੁਲ ਬੰਨ੍ਹਣੇ ਸੀ ਕਿ ਪੱਕੇ ਪੁਲ ਬਣਾਉਣ ਵਾਲੇ ਅੰਗਰੇਜ਼ ਵੀ ਸ਼ਰਮਿੰਦਾ ਹੋ ਜਾਣੇ ਸਨ।
ਸਹੁਰੇ ਘਰ 'ਚ ਇਕ ਅੱਧ ਸਾਲੀ ਵੀ ਜ਼ਰੂਰ ਹੁੰਦੀ ਹੈ। ਜੇ ਪ੍ਰਾਹੁਣਾ ਭਾਗਾਂ ਵਾਲਾ ਹੋਵੇ ਤਾਂ ਕਈ ਕਈ ਸਾਲੀਆਂ ਵੀ ਹੁੰਦੀਆਂ ਹਨ। ਕਿਸੇ ਕਿਸੇ ਖੁਸ਼ਕਿਸਮਤ ਜੀਜੇ ਨੂੰ ਤਾਂ ਅੱਧੀ ਅੱਧੀ ਦਰਜਨ ਸਾਲੀਆਂ ਨਸੀਬ ਹੋ ਜਾਂਦੀਆਂ ਹਨ। ਮਾਰ ਸਹੁਰੇ ਘਰ ਪੀ ਜੀਜਾ ਜੀਜਾ ਹੁੰਦੀ ਰਹਿੰਦੀ ਹੈ। ਉਨ੍ਹਾਂ ਇਹ ਅਖਾਣ ਵੀ ਸੁਣੀ ਹੋਈ ਸੀ, 'ਸਾਲੀ ਅੱਧੀ ਘਰ ਵਾਲੀ', ਉਨ੍ਹਾਂ ਨੂੰ ਇਸ ਅਖਾਣ ਦੀ ਸਮਝ ਨਹੀਂ ਸੀ ਪਈ। ਉਹ ਤਾਂ ਅੱਜਕਲ੍ਹ ਦੇ ਮਾਲਜ਼ ਜਾਂ ਈਜ਼ੀ ਸਟੋਰਾਂ ਵਾਂਗ ਸਮਝੀ ਬੈਠੇ ਸਨ ਜਿਵੇਂ ਸੇਲ ਦੇ ਦਿਨਾਂ 'ਚ ਉਨ੍ਹਾਂ ਆਪਣੀਆਂ ਵਸਤਾਂ 'ਤੇ ਇਸ਼ਤਿਹਾਰ ਦਿੱਤਾ ਹੁੰਦਾ ਹੈ, 'ਬਾਈ ਵੰਨ ਗੈੱਟ ਵਨ ਫਰੀ' ਉਹ ਤਾਂ ਵਿਆਹ ਵੇਲੇ ਇਹੋ ਸਮਝੀ ਬੈਠੇ ਸਨ, 'ਮੈਰੀ ਵਨ ਗੈੱਟ ਹਾਫ਼ ਫ੍ਰੀ' ਪਰ ਸਾਲੀ ਅੱਧੀ ਘਰ ਵਾਲੀ ਭਾਵੇਂ ਹੋਵੇ ਜਾਂ ਨਾ ਪਰ ਉਸ ਦੀ ਪ੍ਰਸੰਸਾ ਕਰਨ ਵਲੋਂ ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੇ। ਉਹ ਉਸ ਨੂੰ ਦੁਨੀਆ ਦੀ ਸਭ ਤੋਂ ਸੁੰਦਰ ਕੁੜੀ ਦੱਸਦੇ ਹਨ। ਮੋਸਟ ਇੰਟੈਲੀਜੈਂਟ ਕਹਿਣ 'ਚ ਵੀ ਦਰੇਗ ਨਹੀਂ ਕਰਦੇ, ਸੁਚੱਜੀ ਸਚਿਆਰੀ ਤੇ ਸਦਾਚਾਰੀ ਤਾਂ ਉਹ ਹੋਵੇਗੀ ਹੀ। ਮੂੰਹ ਭਾਵੇਂ ਸੁੱਕ ਜਾਵੇ, ਬੁੱਲ੍ਹਾਂ 'ਤੇ ਥੁੱਕ ਲਾ ਲਾ ਕੇ ਉਸ ਦੀ ਪ੍ਰਸੰਸਾ ਦੀ ਪਤੰਗ ਉੱਚੀ ਤੋਂ ਉੱਚੀ ਉਡਾ ਦਿੰਦੇ ਹਨ।
ਸਹੁਰੇ ਘਰ 'ਚ ਇਕ ਸਾਲਾ ਵੀ ਜ਼ਰੂਰ ਪਰ ਜ਼ਰੂਰ ਹੁੰਦਾ ਹੈ। ਕਿਸੇ ਬਦਨਸੀਬ ਜੀਜੇ ਨੂੰ ਹੀ ਭਾਵੇਂ ਸਾਲੇ ਦਾ ਵਰਦਾਨ ਜਾਂ ਫਲ ਨਾ ਪ੍ਰਾਪਤ ਹੁੰਦਾ ਹੋਵੇ ਪਰ ਛਾਂਗਾ ਰਾਮ ਏਡਾ ਬਦਨਸੀਬ ਨਹੀਂ। ਉਸ ਬਾਰੇ ਉਨ੍ਹਾਂ ਇਹ ਕਹੌਤ ਵੀ ਸੁਣੀ ਹੋਈ ਸੀ।
'ਜ਼ੋਰੂ ਕਾ ਭਾਈ ਏਕ ਤਰਫ਼, ਸਾਰੀ ਖੁਦਾਈ ਏਕ ਤਰਫ਼।'
ਭਾਵ ਸਾਰੀ ਦੁਨੀਆ ਭਾਵੇਂ ਇਕ ਪਾਸੇ ਹੋ ਜਾਵੇ ਤੇ 'ਜ਼ੋਰੂ ਕਾ ਭਾਈ' ਭਾਵ ਤੁਹਾਡਾ ਸਾਲਾ ਦੂਜੇ ਪਾਸੇ ਖਲੋਤਾ ਹੋਵੇ ਤਾਂ ਤੁਸੀਂ ਝੱਟ ਹੀ ਛਲਾਂਗ ਜਾਂ ਟਪੂਸੀ ਮਾਰ ਕੇ ਝੱਟ ਆਪਣੇ ਪਰਮ-ਪਿਆਰੇ ਸਾਲੇ ਦੇ ਪਾਲੇ ਵਿਚ ਜਾ ਖਲ੍ਹੋੋਵੋਗੇ। ਸਾਲੇ ਸਾਹਵੇਂ ਤੁਸੀਂ ਸਾਰੀ ਦੁਨੀਆ ਨੂੰ, ਸਾਰੀ ਖ਼ਲਕਤ ਨੂੰ ਹੇਚ ਸਮਝਦੇ ਹੋ। ਛਾਂਗਾ ਰਾਮ ਵੀ ਆਪਣੀ ਵੀਹ ਇੰਚ ਛਾਤੀ ਤਾਣ ਕੇ ਆਖ ਦਿੰਦੇ ਹਨ:
'ਦੁਸ਼ਮਣ ਹੋ ਜਾਏ ਬੇਸ਼ੱਕ ਸਾਰੀ ਖ਼ੁਦਾਈ,
ਹਮ ਖੜ੍ਹੇਗਾ ਸਾਥ ਜ਼ੋਰੂ ਕੇ ਭਾਈ।'
ਵਿਆਹ ਤੋਂ ਬਾਅਦ ਭਾਵੇਂ ਬੂਰ ਦੇ ਲੱਡੂ ਹੀ ਸਾਬਤ ਹੋਇਆ ਹੋਵੇ ਪਰ ਛਾਂਗਾ ਰਾਮ ਦਾ ਸਹੁਰਾ ਘਰ ਪ੍ਰੇਮ ਬਾਦਸਤੂਰ ਜਾਰੀ ਹੈ। ਜੀਆਂ ਦੀ ਤਾਂ ਗੱਲ ਹੀ ਛੱਡੋ ਜੇ ਸਹੁਰਿਆਂ ਦਾ ਕੁੱਤਾ ਵੀ ਉਨ੍ਹਾਂ ਦੇ ਗੇੜ 'ਚ ਆ ਜਾਵੇ ਤਾਂ ਉਸ ਦੀ ਪ੍ਰਸੰਸਾ ਕਰਨੋਂ ਵੀ ਉਹ ਬਾਜ਼ ਨਹੀਂ ਆਉਂਦੇ। ਉਨ੍ਹਾਂ ਲਈ ਉਹ ਕੁੱਤਾ ਨਾ ਰਹਿ ਕੇ ਮਹਾਭਾਰਤ ਵਾਲੇ ਯੁਧਿਸ਼ਟਰ ਦਾ ਕੁੱਤਾ ਬਣ ਜਾਂਦਾ ਹੈ। ਗਰਾਮਰ 'ਚ ਜਿੰਨੇ ਵੀ ਵਿਸ਼ੇਸ਼ਣ ਲੱਭਦੇ ਨੇ, ਉਹ ਸਾਰੇ ਉਹ ਸਹੁਰਿਆਂ ਦੇ ਕੁੱਤੇ 'ਤੇ ਨਿਛਾਵਰ ਕਰ ਦਿੰਦੇ ਹਨ। ਇਹਨੂੰ ਕੁੱਤਾ ਨਾ ਸਮਝੋ ਜੀ, ਇਹ ਤਾਂ ਬੰਦਿਆਂ ਨਾਲੋਂ ਵੀ ਵੱਧ ਸਿਆਣਾ ਹੈ। ਬੰਦਿਆਂ ਨਾਲੋਂ ਵੀ ਵੱਧ ਵਫ਼ਾਦਾਰ ਹੈ। ਇਹ ਤਾਂ ਅਲਸ਼ੈਸ਼ਨ ਹੈ। ਇਹ ਤਾਂ ਇਟਲੀ ਦੇ ਇਕ ਮਸ਼ਾਹੂਰ ਘੁਰਾਣੇ 'ਚੋਂ ਸਾਡੇ ਸਹੁਰਿਆਂ ਕੋਲ ਡਾਇਰੈਕਟ ਪਹੁੰਚਿਆ ਹੈ। ਤੁਸੀਂ ਇਸ ਦੀ ਜੱਤ ਦੇਖੋ। ਕਿੰਨੀ ਮੁਲਾਇਮ ਤੇ ਚਮਕਦਾਰ, ਇਹੋ ਜਿਹਾ ਕੁੱਤਾ ਤਾਂ ਕਿਸੇ ਵੱਡੇ ਨਾਢੂ ਖਾਂ ਨਵਾਬ ਕੋਲ ਵੀ ਨਹੀਂ ਹੋਣਾ। ਸਹੁਰਿਆਂ ਦਾ ਇਹ ਕੁੱਤਾ... ਸਹੁਰਿਆਂ ਦਾ ਇਹ ਕੁੱਤਾ... ਕੁੱਤਾ ਕਹਿੰਦਿਆਂ-ਕਹਿੰਦਿਆਂ ਉਨ੍ਹਾਂ ਦੀ ਜ਼ਬਾਨ ਬੇਸ਼ੱਕ ਥਿੜਕ ਜਾਵੇ ਪਰ ਉਹ ਆਪਣਾ ਪ੍ਰਯਤਨ ਜਾਰੀ ਰੱਖਦੇ ਹਨ।
ਸਹੁਰਿਆਂ ਦੇ ਕੁੱਤੇ ਦੀ ਬਹੁਤੀ ਹੀ ਪ੍ਰਸੰਸਾ ਕਰਦਿਆਂ ਸੁਣ ਕੇ ਉਨ੍ਹਾਂ ਦਾ ਇਕ ਦੋਖੀ ਆਖ ਦਿੰਦਾ ਹੈ, 'ਛਾਂਗਾ ਰਾਮ ਜੀ, ਤੁਸੀਂ ਇਹ ਅਖਾਣ ਤਾਂ ਸੁਣੀ ਹੀ ਹੋਵੇਗੀ, 'ਅਖੇ, 'ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ।'
ਛਾਂਗਾ ਰਾਮ ਕੋਲ ਇਹੋ ਜਿਹੇ ਦੋਖੀਆਂ ਲਈ ਜਵਾਬ ਵੀ ਰੈਡੀਮੇਡ ਹਨ। ਹੱਸ ਕੇ ਕਹਿਣ ਲੱਗੇ, 'ਭਰਾਤਾ ਜੀ, ਜੇ ਸਹੁਰਿਉਂ ਆਈ ਕੰਨਿਆ ਨੂੰ ਤੁਸੀਂ ਆਪਣੇ ਘਰ ਬੇਗਮ ਬਣਾ ਕੇ ਰੱਖਦੇ ਹੋ, ਮਹਾਰਾਣੀ ਸਮਝਦੇ ਹੋ, ਘਰ ਦੀ ਮਾਲਕਮ ਦਾ ਦਰਜਾ ਦਿੰਦੇ ਹ ਤਾਂ ਫੇਰ ਸਹੁਰੇ ਘਰ ਜਮਾਈ ਕਿਵੇਂ ਕੁੱਤਾ ਹੋਇਆ? ਐਵੇਂ ਨਾ-ਸਮਝੀ ਦੀਆਂ ਗੱਲਾਂ ਨੇ', ਕਈ ਵਾਰ ਤਾਂ ਉਹ ਇਹੋ ਜਿਹੀਆਂ ਕਹੌਤਾਂ ਨੂੰ ਇਸ ਕੰਨੋਂ ਸੁਣ ਕੇ ਦੂਸਰੇ ਕੰਨੋਂ ਕੱਢ ਛੱਡਦੇ ਹਨ। ਛਾਂਗਾ ਰਾਮ ਜਿਹੇ ਸਹੁਰਾ ਭਗਤ ਜੀਵ ਤਿਵੇਂ ਹੀ ਕਰਿਆ ਕਰਦੇ ਹਨ।


ਮੋਬਾਈਲ : 94635-37050.

ਕਹਾਣੀ

ਬੇਵਸੀ

ਅਵਤਾਰ ਸਿੰਘ ਨੇ 25-26 ਸਾਲ ਬੜੀ ਮਿਹਨਤ ਨਾਲ ਖੇਤੀਬਾੜੀ ਕੀਤੀ। ਉਸ ਦੇ ਦੋ ਲੜਕੇ ਸਨ। ਉਸ ਦਾ ਇਕ ਲੜਕਾ ਇੰਜੀਨੀਅਰਿੰਗ ਕਰ ਕੇ ਕੈਨੇਡਾ ਚਲਾ ਗਿਆ ਅਤੇ ਦੂਸਰੇ ਲੜਕੇ ਨੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਅਵਤਾਰ ਦਾ ਖੁੱਲ੍ਹਾ ਮਕਾਨ ਬਣਿਆ ਸੀ ਤੇ ਵਿਹੜੇ ਵਿਚ ਕਈ ਦਰੱਖਤ ਲੱਗੇ ਹੋਏ ਸਨ, ਜਿਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ ਬੈਠਦੇ ਸਨ। ਅਵਤਾਰ ਸਿੰਘ ਨੂੰ ਪੰਛੀਆਂ ਦੀ ਆਵਾਜ਼ ਚੰਗੀ ਲਗਦੀ ਸੀ ਅਤੇ ਉਹ ਉਨ੍ਹਾਂ ਨੂੰ ਦਾਣਾ-ਫੱਕਾ ਰੋਜ਼ਾਨਾ ਪਾਉਂਦਾ ਸੀ। ਜਦੋਂ ਵੀ ਉਹ ਤਾੜੀਆਂ ਮਾਰਦਾ ਤਾਂ ਪੰਛੀ ਆਪਣੇ-ਆਪ ਹੀ ਹੇਠਾਂ ਆ ਜਾਂਦੇ ਸਨ। ਅਵਤਾਰ ਸਿੰਘ ਦੇ ਦੋਵੇਂ ਲੜਕਿਆਂ ਨੇ ਪੁਰਾਣਾ ਮਕਾਨ ਢਾਹ ਕੇ ਕਈ ਵਾਰ ਨਵਾਂ ਬਣਾਉਣ ਨੂੰ ਕਿਹਾ ਪ੍ਰੰਤੂ ਅਵਤਾਰ ਸਿੰਘ ਨੂੰ ਆਪਣੇ ਪਿਤਾ ਪੁਰਖੀਘਰ ਨਾਲ ਬਹੁਤ ਮੋਹ ਸੀ, ਇਸ ਕਰਕੇ ਉਸ ਨੇ ਹਮੇਸ਼ਾ ਨਾਂਹ ਕੀਤੀ। ਅਖੀਰ ਉਸ ਨੇ ਦੋਵੇਂ ਲੜਕਿਆਂ ਨੇ ਇਕ ਵਿਉਂਤ ਬਣਾ ਕੇ ਅਵਤਾਰ ਸਿੰਘ ਨੂੰ ਕੈਨੇਡਾ ਬੁਲਾ ਲਿਆ। ਭਾਵੇਂ ਅਵਤਾਰ ਸਿੰਘ ਦਾ ਦਿਲ ਕੈਨੇਡਾ ਜਾਣ ਨੂੰ ਨਹੀਂ ਸੀ ਕਰਦਾ ਪ੍ਰੰਤੂ ਸਾਰਿਆਂ ਦੇ ਕਹਿਣ 'ਤੇ ਉਹ ਕੈਨੇਡਾ ਚਲਾ ਗਿਆ ਅਤੇ ਉਥੇ 10-12 ਦਿਨਾਂ ਬਾਅਦ ਉਹ ਘਰ ਦੇ ਮੋਹ ਨੇ ਤੰਗ ਕਰ ਦਿੱਤਾ ਅਤੇ ਦੂਸਰਾ ਉਸ ਦਾ ਲੜਕਾ ਅਤੇ ਉਸ ਦੀ ਵਹੁਟੀ ਘਰੋਂ ਬਾਹਰ ਨੌਕਰੀ 'ਤੇ ਚਲੇ ਜਾਂਦੇ ਸਨ ਅਤੇ ਅਵਤਾਰ ਸਿੰਘ ਇਕੱਲਾ ਹੀ ਘਰ ਰਹਿ ਜਾਂਦਾ ਸੀ। ਉਧਰ ਅਵਤਾਰ ਸਿੰਘ ਦੇ ਲੜਕੇ ਨੇ ਪਿੰਡ ਵਾਲਾ ਮਕਾਨ ਤੋੜ ਕੇ ਨਵਾਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਅਵਤਾਰ ਸਿੰਘ ਨੇ ਔਖੇ-ਸੌਖੇ ਹੋ ਕੇ ਇਕ ਮਹੀਨਾ ਕਿਵੇਂ ਨਾ ਕਿਵੇਂ ਕੱਢਿਆ ਤੇ ਘਰ ਆਉਣ ਦੀ ਦੁਹਾਈ ਪਾ ਦਿੱਤੀ। ਕੈਨੇਡਾ ਵਿਚ ਲੜਕੇ ਨੇ ਬਹੁਤ ਜ਼ੋਰ ਲਗਾਇਆ ਕਿ ਇੰਨੀ ਦੂਰ ਆਏ ਹੀ ਹੋ ਘੱਟੋ-ਘੱਟ 5-6 ਮਹੀਨੇ ਤਾਂ ਰਹਿਣਾ ਚਾਹੀਦਾ ਹੈ। ਪ੍ਰੰਤੂ ਅਵਤਾਰ ਸਿੰਘ ਨੇ ਜਿੱਦ ਹੀ ਵਾਪਸ ਜਾਣ ਦੀ ਫੜ ਲਈ ਅਤੇ ਉਸ ਦੇ ਲੜਕੇ ਨੇ ਬੇਵੱਸ ਹੋ ਕੇ ਵਾਪਸੀ ਦੀ ਟਿਕਟ ਕਟਾ ਕੇ ਜਹਾਜ਼ ਚੜ੍ਹਾ ਦਿੱਤਾ।
ਅਵਤਾਰ ਸਿੰਘ ਜਿਵੇਂ ਹੀ ਆਪਣੇ ਪਿੰਡ ਘਰ ਪੁੱਜਿਆ ਤਾਂ ਜਿਵੇਂ ਹੀ ਉਸ ਨੇ ਆਪਣਾ ਟੁੱਟਾ ਘਰ ਵੇਖਿਆ ਤੇ ਦੂਸਰੇ ਪਾਸੇ ਕੱਟੇ ਦਰੱਖਤ ਦੇਖੇ ਤਾਂ ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਹ ਆਪਣਾ ਮੱਥਾ ਫੜ ਕੇ ਬੈਠ ਗਿਆ। ਉਸ ਨੇ ਚੁੱਪ ਧਾਰ ਲਈ ਅਤੇ ਪੰਛੀਆਂ ਨੂੰ ਏਧਰ-ਉਧਰ ਦੇਖਿਆ ਪਰ ਨਜ਼ਰ ਨਾ ਆਏ। ਅਵਤਾਰ ਸਿੰਘ ਨੂੰ ਬਹੁਤ ਹੀ ਦੁੱਖ ਲੱਗਿਆ ਅਤੇ ਇਹੀ ਆਪਣੇ ਮਨ ਅੰਦਰ ਫ਼ੈਸਲਾ ਕੀਤਾ ਕਿ ਬੱਚਿਆਂ ਦੀ ਮਰਜ਼ੀ ਹੈ ਜੇਕਰ ਉਹ ਬੋਲਿਆ ਤਾਂ ਘਰ ਵਿਚ ਲੜਾਈ ਹੋਵੇਗੀ। ਉਸ ਨੇ ਦਾਣਾ-ਫੱਕਾ ਲਿਆ ਕੇ ਪੰਛੀਆਂ ਨੂੰ ਪਾਉਣ ਦੀ ਸੋਚੀ ਪਰ ਕੋਈ ਪੰਛੀ ਨਜ਼ਰ ਨਾ ਆਇਆ ਅਤੇ ਜਿਵੇਂ ਹੀ ਅਵਤਾਰ ਸਿੰਘ ਨੇ ਤਾੜੀਆਂ ਮਾਰੀਆਂ ਤੇ ਪੰਛੀ ਉਸ ਦੇ ਕੋਲ ਆ ਗਏ ਤੇ ਦਾਣਾ-ਫੱਕਾ ਖਾਣ ਲੱਗ ਪਏ। ਉਨ੍ਹਾਂ ਨੂੰ ਵੇਖ ਕੇ ਅਵਤਾਰ ਸਿੰਘ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਆ ਗਏ ਪਰ ਪੰਛੀਆਂ ਦੇ ਚਿਹਰਿਆਂ ਦੀ ਖ਼ੁਸ਼ੀ ਵੇਖ ਕੇ ਉਸ ਨੇ ਆਪਣੇ ਹੰਝੂਆਂ ਨੂੰ ਸਾਫ਼ ਕਰ ਲਿਆ।


-ਮੀਰਹੇੜੀ, 551/2, ਰਿਸ਼ੀ ਨਗਰ, ਸ਼ਕੂਰ ਬਸਤੀ, ਨਵੀਂ ਦਿੱਲੀ। ਮੋਬਾਈਲ : 92105-88990.

ਮੁਹੱਬਤ ਹਿਜਰਤ ਨਹੀਂ ਕਰਦੀ

ਹਿੰਦ-ਪਾਕਿ ਤਕਸੀਮ ਬਾਰੇ ਲੋਕਾਂ ਦੇ ਮਨਾਂ ਵਿਚ ਪਹਿਲਾਂ ਭਾਵੇਂ ਭੁਲੇਖਾ ਸੀ ਪਰ ਹੁਣ ਯਕੀਨ ਹੋ ਗਿਆ ਸੀ ਕਿ ਮਜ਼੍ਹਬੀ ਆਧਾਰ 'ਤੇ ਹਰ ਕਿਸੇ ਨੂੰ ਘਰ ਬਾਹਰ ਛੱਡ ਕੇ ਜਾਣਾ ਹੀ ਪਵੇਗਾ।
ਇਸ ਫਿਰਕੂ-ਫਸਾਦਾਂ ਦੇ ਤਪਸ਼ ਭਰੇ ਮਾਹੌਲ ਵਿਚ ਲਹਿੰਦੇ ਪੰਜਾਬ ਦੇ ਇਕ ਪਿੰਡੋਂ ਕਾਫ਼ਲਾ ਹਿੰਦੁਸਤਾਨ ਆਉਣ ਲਈ ਤੁਰ ਪਿਆ ਸੀ ਪਰ ਕਰਤਾਰ ਤੇ ਕਰੀਮ ਇਕ-ਦੂਸਰੇ ਨਾਲ ਘੁੱਟ ਕੇ ਬਗਲਗੀਰ ਹੋਏ ਖੜ੍ਹੇ ਸਨ ਤੇ ਦੋਵੇਂ ਰੋ ਰਹੇ ਸਨ। ਦਿਨ ਦਾ ਸੂਰਜ ਅੱਥਰੂ ਪੂੰਝਦਾ ਹੋਇਆ ਕਰਤਾਰ ਕਰੀਮ ਤੋਂ ਵਿਛੜ ਕੇ ਦੋ ਕੁ ਕਦਮ ਗਿਆ ਸੀ ਕਿ ਕਰੀਮ ਨੇ ਆਪਣੇ ਗੁਆਂਢੀ ਪੱਗ-ਵੱਟ ਯਾਰ ਭਰਾ ਨੂੰ ਆਵਾਜ਼ ਮਾਰੀ, 'ਖਾਲੀ ਹੱਥ ਹੀ ਭੱਜਿਆ ਜਾਨੈ, ਆਹ ਲੈ ਨੇਜਾ ਲੈ ਜਾ।' ਤੇ ਅਗਾਂਹ ਹੋ ਕੇ ਆਪਣੇ ਹੱਥ ਵਿਚ ਫੜਿਆ ਨੇਜਾ ਕਰੀਮ ਨੇ ਕਰਤਾਰ ਨੂੰ ਫੜਾ ਦਿੱਤਾ। ਕਰਤਾਰ ਫਿਰ ਜ਼ੋਰ ਦੀ ਰੋ ਪਿਆ ਤੇ ਕਰੀਮ ਨਾਲ ਚੰਬੜ ਗਿਆ ਤੇ ਕਹਿਣ ਲੱਗਾ, 'ਯਾਰ ਕਰੀਮ ਤੂੰ ਮੇਰਾ ਕੇਡਾ ਖੈਰ-ਖਵਾਹ ਏਂ? ਜਿਨ੍ਹਾਂ ਲਈ ਤੂੰ ਨੇਜਾ ਪਿਆ ਫੜਾਨੈ, ਉਹ ਵੀ ਤੇ ਤੇਰੇ ਮਜ਼੍ਹਬ ਦੇ ਹੀ ਹੋਣਗੇ।' ਕਰੀਮ ਨੇ ਗਲ ਵਿਚ ਪਾਇਆ ਮਜ਼੍ਹਬੀ-ਸਾਵਾ ਪਰਨਾ ਸੰਵਾਰਦਿਆਂ ਕਿਹਾ, 'ਨਹੀਂ ਕਰਤਾਰ ਮੁਹੱਬਤ ਆਪਣੀ ਥਾਂ ਤੇ ਮਜ਼੍ਹਬ ਆਪਣੀ ਥਾਂ, ਜਿਥੇ ਮੁਹੱਬਤ ਆ ਜਾਂਦੀ ਏ ਨਾ ਉਥੇ ਮਜ਼੍ਹਬ ਆਪ ਹੀ ਵੱਡੇ ਜੀਅ ਵਾਂਗੂੰ ਲਾਹਮ ਕਰ ਜਾਂਦੈ।' ਕਰਤਾਰ ਨੇਜਾ ਲੈ ਕੇ ਤੇਜ਼-ਕਦਮੀ ਹਨੇਰੇ ਵਿਚ ਗੁਆਚ ਗਿਆ ਕਿਉਂਕਿ ਸ਼ਾਮ ਦੇ ਘੁਸਮੁਸੇ ਤੋਂ ਬਾਅਦ ਰਾਤ ਪਸਰ ਰਹੀ ਸੀ। ਕਰੀਮ ਨੇ ਵੀ ਵਾਪਸ ਪਿੰਡ ਵੱਲ ਜਾਣ ਲਈ ਅਜੇ ਦੋ-ਚਾਰ ਪੁਲਾਂਘਾਂ ਹੀ ਪੁੱਟੀਆਂ ਸਨ ਕਿ ਉਸ ਨੂੰ ਫਿਰਕੂ ਫਸਾਦੀਆਂ ਦੀਆਂ ਦਨ-ਦਨਾਉਂਦੀਆਂ ਮਾਰੂ ਆਵਾਜ਼ਾਂ ਕਰਤਾਰ ਵਾਲੇ ਪਾਸਿਉਂ ਸੁਣਾਈ ਦਿੱਤੀਆਂ ਤੇ ਫਿਰ ਉਸ ਨੂੰ ਹਨੇਰੇ ਵਿਚ ਘਾਵ ਖਾ ਕੇ ਗਿਰੇ ਕਿਸੇ ਸ਼ਖ਼ਸ ਦੀ ਇਸ ਤਰ੍ਹਾਂ ਆਵਾਜ਼ ਆਈ, 'ਯਾ ਅੱਲ੍ਹਾ' ਤੇ ਫਿਰ ਉਸ ਨੂੰ ਡਿਗਦੀ ਤੇ ਸੁਣੀ ਹੋਈ ਆਵਾਜ਼ ਆਈ, 'ਹੇ ਵਾਹਿਗੁਰੂ।'
ਕਰੀਮ ਘਰ ਵੱਲ ਨੂੰਤੁਰਦਾ ਜਾ ਰਿਹਾ ਸੀ। ਕਾਲੀ ਬੋਲੀ ਰਾਤ ਵਿਚ ਫਿਰਕੂ ਤਪਸ਼ ਦੀ ਭੇਟ ਚੜ੍ਹ ਗਏ ਦੋ ਮਜ਼੍ਹਬੀ ਵਜੂਦਾਂ ਵਿਚੋਂ ਦੋ ਰੂਹਾਂ ਅੰਬਰਾਂ ਵੱਲ ਜਾ ਰਹੀਆਂ ਸਨ ਪਰ ਮੁਹੱਬਤ (ਕਰੀਮ) ਧਰਤੀ 'ਤੇ ਤੁਰੀ ਜਾ ਰਹੀ ਸੀ ਜੋ ਅੱਜ ਤੱਕ ਇਧਰਲੀ ਤੇ ਉਧਰਲੀ ਧਰਤੀ ਪਰ ਕਾਇਮ-ਦਾਇਮ ਹੈ। ਵਕਤ ਨੇ ਭਾਵੇਂ ਮੁਲਕ ਨੂੰ ਤਕਸੀਮ ਕਰ ਦਿੱਤਾ ਸੀ, ਲੋਕ ਇਧਰੋਂ-ਉਧਰ ਤੇ ਉਧਰੋਂ-ਇਧਰ ਹਿਜ਼ਰਤ ਕਰਦੇ ਆ-ਜਾ ਰਹੇ ਸਨ। ਇਸ ਤਕੀਮ ਵਿਚ ਜ਼ਮੀਨ, ਜਾਇਦਾਦ ਤੇ ਇਨਸਾਨ ਭਾਵੇਂ ਹਿਜਰਤ ਕਰਕੇ ਤਕਸੀਮ ਹੋ ਰਹੇ ਸਨ ਪਰ ਮੁਹੱਬਤ ਨਾ ਹੀ ਤਕਸੀਮ ਹੋ ਰਹੀ ਸੀ ਤੇ ਨਾ ਹੀ ਹਿਜ਼ਰਤ ਕਰ ਰਹੀ ਸੀ।


-ਲਹਿਲ, ਪਟਿਆਲਾ। ਮੋਬਾ : 97798-82050.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX