ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ

ਆਪਣੇ ਧਰਮ ਅਸਥਾਨਾਂ ਦੀ ਨਿਸ਼ਾਨਦੇਹੀ ਕਰਨਾ, ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਅਤੇ ਉਥੋਂ ਉਜਾਗਰ ਹੁੰਦੇ ਨਾਯਾਬ ਸਿਧਾਂਤਾਂ ਅਤੇ ਸੰਕਲਪਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਸਾਡਾ ਕੌਮੀ ਫਰਜ਼ ਹੈ।
ਇਤਿਹਾਸ ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ 'ਉਦਾਸੀਆਂ' ਰਾਹੀਂ ਸਾਰੀ ਦੁਨੀਆ ਦਾ ਭਰਮਣ ਕਰਕੇ ਲੋਕਾਂ ਨੂੰ ਰੂਹਾਨੀਅਤ ਦਾ ਨਵਾਂ ਰਾਹ ਦਿਖਾਇਆ ਸੀ। ਭਰਮ-ਭੁਲੇਖਿਆਂ ਵਿਚ ਫਸੀ ਲੋਕਾਈ ਨੂੰ ਰੱਬੀ ਰਾਹ 'ਤੇ ਤੋਰਿਆ ਸੀ।
ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਪਾਤਸ਼ਾਹ ਕੁਰੂਕਸ਼ੇਤਰ ਹੁੰਦੇ ਹੋਏ ਹਰਿਦੁਆਰ ਵਿਖੇ 'ਹਰਿ ਕੀ ਪੌੜੀ' ਵਾਲੀ ਥਾਂ 'ਤੇ ਪਹੁੰਚ ਗਏ ਸਨ ਅਤੇ ਗੰਗਾ ਨਦੀ ਵਿਚ ਉਤਰ ਕੇ ਇਕ ਅਜਿਹਾ ਕ੍ਰਿਸ਼ਮਈ ਕੌਤਕ ਵਰਤਾਇਆ ਸੀ, ਜਿਸ ਨੇ ਹਾਜ਼ਰ ਹਜ਼ਾਰਾਂ-ਲੱਖਾਂ ਲੋਕਾਂ ਨੂੰ ਭਰਮਾਂ-ਵਹਿਮਾਂ ਤੋਂ ਮੁਕਤ ਕਰਕੇ ਇਕ ਨਵੀਂ ਰੌਸ਼ਨੀ ਦਿੱਤੀ ਸੀ ਅਤੇ ਉਨ੍ਹਾਂ ਦੀ ਧਾਰਮਿਕ ਸੋਚ ਦੀ ਨੁਹਾਰ ਬਦਲ ਦਿੱਤੀ ਸੀ।
ਪਰ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ 'ਹਰਿ ਕੀ ਪੌੜੀ' ਹਰਿਦੁਆਰ ਵਾਲਾ ਇਤਿਹਾਸਕ ਯਾਦਗਾਰੀ ਅਸਥਾਨ, ਜਿਸ ਨੂੰ 'ਗੁਰਦੁਆਰਾ ਗਿਆਨ ਗੋਦੜੀ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਆਪਣੀ ਹੋਂਦ ਗੁਆ ਚੁੱਕਾ ਹੈ। ਲੋੜ ਹੈ ਵੱਡੇ ਇਤਿਹਾਸਕ ਮਹੱਤਵ ਵਾਲੇ ਇਸ ਧਰਮ ਅਸਥਾਨ ਦੀ ਨਿਸ਼ਾਨਦੇਹੀ ਕਰਨ ਦੀ ਅਤੇ ਉਸ ਨੂੰ ਮੁੜ ਸਥਾਪਤ ਕਰਨ ਦੀ।
ਬਹੁਤ ਸਾਰੀਆਂ ਇਤਿਹਾਸਕ ਲਿਖਤਾਂ ਵਿਚ ਪ੍ਰਮੁੱਖਤਾ ਨਾਲ ਗੁਰੂ ਨਾਨਕ ਸਾਹਿਬ ਦੀ ਹਰਿਦੁਆਰ ਫੇਰੀ ਦਾ ਵਿਸਥਾਰ ਸਾਂਭਿਆ ਪਿਆ ਹੈ। ਕੁਝ ਕੁ ਲਿਖਤਾਂ ਵਿਚੋਂ ਪ੍ਰਾਪਤ ਜਾਣਕਾਰੀ ਇਥੇ ਸਾਂਝੀ ਕਰ ਰਿਹਾ ਹਾਂ। ਜਨਮ-ਸਾਖੀਆਂ ਵਿਚ ਹਰਿਦੁਆਰ ਦੀ ਯਾਤਰਾ ਵੇਲੇ ਵਾਪਰਿਆ ਘਟਨਾਕ੍ਰਮ ਬਾਖੂਬੀ ਦਰਜ ਹੈ। ਪ੍ਰਸਿੱਧ ਇਤਿਹਾਸਕਾਰ ਡਾ: ਕਿਰਪਾਲ ਸਿੰਘ ਨੇ ਮਿਹਰਬਾਨ ਵਾਲੀ ਜਨਮ-ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ ਇਸ ਸਾਖੀ ਦਾ ਵੇਰਵਾ ਇਸ ਤਰ੍ਹਾਂ ਅੰਕਿਤ ਕੀਤਾ ਹੈ-'ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ, ਵਿਸਾਖੀ ਦੇ ਮੇਲੇ ਕਰਕੇ ਯਾਤਰੂਆਂ ਦੀ ਬਹੁਤ ਭੀੜ ਸੀ। ਗੁਰੂ ਜੀ ਗੰਗਾ ਵਿਚ ਖਲੋ ਗਏ। ਸਾਰੇ ਇਸ਼ਨਾਨ ਕਰਨ ਵਾਲੇ ਯਾਤਰੂ ਸੂਰਜ ਨੂੰ ਪਾਣੀ ਦਿੰਦੇ ਸਨ ਪਰ ਗੁਰੂ ਜੀ ਨੇ ਗੰਗਾ ਵਿਚ ਖਲੋ ਕੇ ਪੱਛਮ ਵੱਲ ਪਾਣੀ ਦੇਣਾ ਅਰੰਭ ਕਰ ਦਿੱਤਾ। ਸਭ ਪਾਸੇ ਰੌਲਾ ਪੈ ਗਿਆ। ਸਭ ਕਹਿਣ ਲੱਗੇ ਇਹ ਪੱਛਮ ਵੱਲ ਪਾਣੀ ਦੇਣ ਵਾਲਾ ਕੌਣ ਹੈ? ਕਿਸੇ ਕਿਹਾ ਇਹ ਤਾਂ ਕੋਈ ਦੀਵਾਨਾ ਹੈ। ਕਿਸੇ ਕਿਹਾ ਇਹ ਕੋਈ ਤੁਰਕ ਹੈ। ਕਿਸੇ ਹੋਰ ਨੇ ਕਿਹਾ ਕਿ ਇਸ ਕੋਲੋਂ ਪੁੱਛੋ ਕਿ ਪਾਣੀ ਪੱਛਮ ਨੂੰ ਕਿਉਂ ਦਿੰਦਾ ਹੈ। ਸੋ, ਕੁਝ ਲੋਕ ਗੁਰੂ ਜੀ ਕੋਲ ਆਏ ਤੇ ਉਨ੍ਹਾਂ ਨੂੰ ਪੁੱਛਿਆ, 'ਰਾਮ ਦੇ ਪਿਆਰੇ, ਤੂੰ ਪੱਛਮ ਵੱਲ ਪਾਣੀ ਕਿਉਂ ਦਿੰਦਾ ਹੈਂ?' ਤਾਂ ਗੁਰੂ ਜੀ ਨੇ ਕਿਹਾ, 'ਤੁਸੀਂ ਸੂਰਜ ਵੱਲ ਪਾਣੀ ਕਿਉਂ ਦਿੰਦੇ ਹੋ?' ਯਾਤਰੂਆਂ ਨੇ ਕਿਹਾ, 'ਅਸੀਂ ਤਾਂ ਆਪਣੇ ਪਿਤਰਾਂ ਨੂੰ ਦਿੰਦੇ ਹਾਂ।' ਗੁਰੂ ਜੀ ਨੇ ਕਿਹਾ ਕਿ 'ਪਿਤਰ ਕਿਥੇ ਹਨ?' ਤੇ ਯਾਤਰੂਆਂ ਨੇ ਕਿਹਾ ਕਿ 'ਦੇਵ ਲੋਕ ਵਿਚ, ਉਨਵੰਜਾ ਕਰੋੜ ਕੋਹ।' ਗੁਰੂ ਜੀ ਨੇ ਕਿਹਾ, 'ਪਾਣੀ ਉਥੇ ਪੁੱਜਦਾ ਹੈ?' ਤਾਂ ਉਨ੍ਹਾਂ ਕਿਹਾ, 'ਹਾਂ, ਪੁੱਜਦਾ ਹੈ।' ਤਾਂ ਗੁਰੂ ਜੀ ਨੇ ਕਿਹਾ ਕਿ 'ਲਾਹੌਰ ਦੇ ਨੇੜੇ ਸਾਡੀ ਖੇਤੀ ਹੈ, ਉਥੇ ਅਸੀਂ ਪਾਣੀ ਦਿੰਦੇ ਹਾਂ।' ਤਾਂ ਉਹ ਲੋਕ ਸਾਰੇ ਹੱਸ ਪਏ ਤੇ ਕਿਹਾ, 'ਕਿਥੇ ਲਾਹੌਰ ਦੀ ਧਰਤੀ ਤੇ ਕਿਥੇ ਇਹ ਪਾਣੀ! ਇਹ ਪਾਣੀ ਲਾਹੌਰ ਦੀ ਧਰਤੀ 'ਤੇ ਕਿਵੇਂ ਪੁੱਜ ਸਕਦਾ ਹੈ?' ਤਾਂ ਗੁਰੂ ਜੀ ਨੇ ਉੱਤਰ ਦਿੱਤਾ, 'ਜਿਵੇਂ ਤੁਹਾਡਾ ਪਾਣੀ ਪਿਤਰਾਂ ਨੂੰ ਪੁੱਜੇਗਾ, ਉਸੇ ਤਰ੍ਹਾਂ ਇਹ ਪਾਣੀ ਲਾਹੌਰ ਦੀ ਧਰਤੀ 'ਤੇ ਵੀ ਪੁੱਜ ਜਾਵੇਗਾ।' ਯਾਤਰੂ ਗੱਲਬਾਤ ਸਮਝ ਗਏ ਤੇ ਉਨ੍ਹਾਂ ਨੂੰ ਆਪਣੇ ਫੋਕਟ ਕਰਮ ਦੀ ਸਮਝ ਆ ਗਈ।'
ਭਾਈ ਸਾਹਿਬ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਦਾ ਵਿਸਥਾਰ ਬੜੇ ਰੌਚਕ ਢੰਗ ਨਾਲ ਦਰਜ ਕੀਤਾ ਹੈ। ਉਨ੍ਹਾਂ ਮੁਤਾਬਿਕ ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਪਹੁੰਚੇ ਤਾਂ ਮੇਲੇ ਦੀ ਖੂਬ ਗਹਿਮਾ-ਗਹਿਮੀ ਸੀ। ਪਾਂਡੇ ਦਾਨ ਮੰਗ ਰਹੇ ਸਨ, ਸ਼ਾਮ ਨੂੰ ਡੂਨਿਆਂ ਵਿਚ ਰੱਖ ਕੇ ਦੀਵੇ ਤਾਰੇ ਜਾ ਰਹੇ ਸਨ, ਆਰਤੀ ਹੋ ਰਹੀ ਸੀ। ਫਿਰ ਸਵੇਰੇ ਫੁੱਲ ਤਾਰੇ ਜਾ ਰਹੇ ਸਨ, ਇਸ਼ਨਾਨ ਹੋ ਰਹੇ ਸਨ ਅਤੇ ਪਿਤਰਾਂ ਨੂੰ ਜਲ ਦਿੱਤਾ ਜਾ ਰਿਹਾ ਸੀ। ਭਾਈ ਵੀਰ ਸਿੰਘ ਲਿਖਦੇ ਹਨ, 'ਇਹ ਅਗਯਾਨ, ਦਿਲਾਂ ਦਾ ਅੰਧਕਾਰ ਤੇ ਮਨਾਂ ਦੀ ਅਧੋਗਤੀ ਦੇਖ ਕੇ ਕੌਤਕਹਾਰ ਜੀ ਆਪ ਵੀ ਇਕ ਦਿਨ ਜਲ ਵਿਚ ਜਾ ਖਲੋਤੇ। ਪੁਰੇ ਵੱਲੋਂ ਸੂਰਜ ਚੜ੍ਹਿਆ ਸੀ, ਉਸ ਵੱਲ ਪਿੱਠ ਕਰ ਦਿੱਤੀ, ਮੂੰਹ ਪਿੱਛੇ ਵੱਲ ਕੁਝ ਉੱਤਰ ਦਾ ਰੁਖ਼ ਲੈ ਕੇ ਕਰ ਲਿਆ ਤੇ ਪਾਣੀ ਦੇਣ ਲੱਗ ਪਏ। ਪੱਛੋਂ ਨੂੰ ਪਾਣੀ ਦਿੰਦੇ ਦੇਖ ਕੇ ਲੋਕੀਂ ਹਰਿਆਨ ਹੋ ਦੁਆਲੇ ਖੜੋਨ ਲੱਗ ਪਏ। ਪਹਿਲਾਂ ਤਾਂ ਲੋਕੀਂ ਆਪੋ ਵਿਚ ਗੱਲਾਂ ਕਰਦੇ ਸਨ ਪਰ ਜਦ ਖਾਸੀ ਭੀੜ ਹੋ ਗਈ ਤਾਂ ਲੋਕੀਂ ਲੱਗੇ ਆਪ ਤੋਂ ਹੀ ਘੂਰ-ਘੂਰ ਪੁੱਛਣ, 'ਤੂੰ ਕੌਣ ਹੈਂ? ਹਿੰਦੂ ਹੈਂ? ਪੱਛੋਂ ਨੂੰ ਪਾਣੀ ਕਿਉਂ ਦੇਂਦਾ ਹੈਂ? ਪੱਛੋਂ ਨੂੰ ਤਾਂ ਮੱਕਾ ਹੈ। ਦੱਸ ਤੂੰ ਹਿੰਦੂ ਹੈਂ ਤਾਂ ਪਿਤਰਾਂ ਨੂੰ ਪਾਣੀ ਦੇਹ, ਦੇਖ ਪੁਰੇ ਵੱਲੋਂ ਸੂਰਜ ਚੜ੍ਹ ਰਿਹਾ ਹੈ, ਦੱਸ ਤੂੰ ਕੌਣ ਹੈਂ?'
ਭਾਈ ਸਾਹਿਬ ਦੱਸਦੇ ਹਨ, 'ਗੁਰੂ ਸਾਹਿਬ ਨੇ ਪੁੱਛਿਆ, ਦੱਸੋ ਤੁਹਾਡੇ ਪਿਤ੍ਰ ਕਿੰਨੀ ਕੁ ਦੂਰ ਹੈਨ? ਸੂਰਜ ਕਿਥੇ ਕੁ ਹੈ?' ਲੋਕਾਂ ਨੇ ਕਿਹਾ, 'ਪਿਤ੍ਰ ਲੋਕ ਵਿਚ, ਲੱਖਾਂ ਹਜ਼ਾਰਾਂ ਕਰੋੜਾਂ ਕੋਹਾਂ 'ਤੇ। ਸੂਰਜ ਵੀ ਦੂਰ ਹੈ।'
ਇਹ ਸੁਣ ਕੇ ਗੁਰੂ ਜੀ ਬੋਲੇ, 'ਬਈ ਸੱਜਣੋ! ਮੇਰਾ ਏਸ ਰੁਖ਼ ਨੂੰ ਗਿਰਾਂ ਹੈ, ਘਰ ਦਾ ਪੈਲੀ ਬੰਨਾ ਹੈ। ਸਾਡੇ ਦੇਸ਼ ਮੀਂਹ ਨਹੀਂ ਪਿਆ। ਤੁਹਾਨੂੰ ਦੇਖ ਕੇ ਮੈਂ ਕਿਹਾ ਚਲੋ ਏਥੋਂ ਹੀ ਪਾਣੀ ਪੁਚਾ ਵੇਖੀਏ, ਭਲਾ ਜੇ ਖੇਤੀ ਸੋਕਿਓਂ ਬਚ ਰਹੇ।'
ਇਹ ਸੁਣ ਕੇ ਸਾਰੇ ਹੱਸ ਪਏ। 'ਪਾਣੀ ਗੰਗਾ ਦਾ ਗੰਗਾ ਵਿਚ ਪਿਆ ਡਿਗਦਾ ਹੈ ਤੇ ਇਸ ਦੇ ਭਾਣੇ ਖੇਤਾਂ ਨੂੰ ਪਿਆ ਅੱਪੜਦਾ ਹੈ।' ਇਕ ਸਿਆਣਾ-'ਭਲੇ ਸੱਜਣਾ! ਆਪਣੇ ਹੱਥ ਕਿਉਂ ਥਕਾ ਰਿਹਾ ਹੈਂ? ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ। ਖੇਤ ਤੇਰੇ ਦੂਰ ਹਨ, ਦੂਰ ਲਹਿੰਦੇ ਨੂੰ, ਗੰਗਾ ਜਾ ਰਹੀ ਹੈ ਪੂਰਬ ਨੂੰ।'
ਗੁਰੂ ਜੀ-'ਅੱਛਾ ਜੀ! ਇਸ ਧਰਤੀ ਉੱਤੇ ਮੇਰੇ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਨਹੀਂ ਅੱਪੜੇਗਾ ਤੇ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿਚ ਕਿ ਕਿਸੇ ਦੂਜੇ ਲੋਕ ਵਿਚ ਕਰੋੜਾਂ ਕੋਹਾਂ 'ਤੇ ਜਾ ਅੱਪੜੇਗਾ ਹੈਂ ਜੀਓ? ਸਾਰੇ ਸੋਚੀਂ ਪੈ ਗਏ। ਲੱਗੇ ਭੂਤਭੀਤੀਆਂ ਬੋਲਣ : ਇਕ-'ਆਖਦਾ ਤਾਂ ਸੱਚ ਹੈ।' ਦੂਜਾ-'ਭੁੱਲੇ ਹੀ ਰਹੇ, ਕੇਡੀ ਖਰੀ ਗੱਲ ਹੈ? ਸੌ ਦੋ ਸੌ ਕੋਹਾਂ 'ਤੇ ਪਾਣੀ ਅਰਪਿਆ ਨਹੀਂ ਪਹੁੰਚਦਾ, ਲੱਖਾਂ ਕੋਹਾਂ 'ਤੇ ਕੀਕੂੰ ਜਾਂਦਾ ਹੋਊ!' ਤੀਜਾ-'ਕਲੇਜਾ ਕੱਢ ਲਿਆ ਸੂ। ਸਾਨੂੰ ਪਾਂਡਿਆਂ ਨੇ ਮੂਰਖ ਬਣਾ ਛੱਡਿਆ ਏ।' ਚੌਥਾ-'ਆਹ ਲੈ ਬਈ, ਕੱਢੀ ਸੂ ਨਾ ਗੱਲ, ਸੁਆਦ ਆ ਗਿਆ। ਅਸਾਂ ਕਿਹਾ ਸੀ ਕੋਈ ਕੌਤਕੀ ਹੈ।' ਪੰਜਵਾਂ (ਗੁਰੂ ਜੀ ਵੱਲ ਤੱਕ ਕੇ)-'ਬਈ ਭਲੇ ਸੱਜਣ ਜੀ! ਗੱਲ ਤਾਂ ਤੁਸੀਂ ਚੋਖੀ ਆਖੀ ਏ, ਦਿਲ ਨੂੰ ਘਾ ਪਾ ਗਈ ਏ ਪਰ ਇਹ ਤਾਂ ਸੰਕਲਪ ਦੀ ਗੱਲ ਏ ਨਾ।' ਗੁਰੂ ਜੀ-'ਸੰਕਲਪ ਤੁਹਾਡੇ ਹੀ ਤੁਹਾਨੂੰ ਨਰਕ ਨੂੰ ਲਿਜਾ ਰਹੇ ਹਨ।'
ਮਹਾਂਕਵੀ ਭਾਈ ਸੰਤੋਖ ਸਿੰਘ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਹਰਿਦੁਆਰ ਵਾਲੀ ਇਤਿਹਾਸਕ ਸਾਖੀ ਦਾ ਵੇਰਵਾ ਬੜੇ ਨਿਵੇਕਲੇ ਢੰਗ ਨਾਲ ਕਲਮਬੰਦ ਕੀਤਾ ਹੈ। ਭਾਈ ਸਾਹਿਬ ਕਹਿੰਦੇ ਹਨ-ਸ੍ਰੀ ਗੰਗਾ ਜੀ ਦੇ ਮੇਲੇ ਦਾ ਸਮਾਂ ਆ ਗਿਆ। ਪੂਰਬ, ਪੱਛਮ, ਉੱਤਰ, ਦੱਖਣ ਤੋਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਲੱਖਾਂ ਲੋਕੀਂ ਗੰਗਾ ਜੀ ਇਸ਼ਨਾਨ ਕਰ ਰਹੇ ਸਨ, ਸੂਰਜ ਨੂੰ ਪਾਣੀ ਦੇ ਰਹੇ ਸਨ। ਇਨ੍ਹਾਂ ਲੋਕਾਂ ਦੇ ਵਿਚਕਾਰ ਗੁਰੂ ਸਤਿਗੁਰ ਨਾਨਕ ਪਹੁੰਚ ਗਏ ਅਤੇ ਪੱਛਮ ਦਿਸ਼ਾ ਨੂੰ ਮੁੱਖ ਕਰਕੇ ਪਾਣੀ ਦੇਣ ਪੈ ਗਏ-
ਆਯੋ ਸ਼੍ਰੀ ਗੰਗਾ ਕੋ ਮੇਲਾ।
ਭੀਰ ਭੂਰ ਤਹਿਂ ਭਈ ਸਕੇਲਾ॥
ਪੂਰਬ ਪਸ਼ਚਮ ਉੱਤਰ ਕੇਰੇ।
ਨਰ ਦੱਖਣ ਕੇ ਆਇ ਘਨੇਰੇ॥
ਕਈ ਲੱਛ ਮੱਜਨ ਨਰ ਕਰਿਹੀਂ।
ਭਾਉ ਭੁਗਤਿ ਕੋ ਉਰ ਮਹਿਂ ਧਰਿਹੀਂ॥
ਦੇ ਸੂਰਜ ਕੋ ਨੀਰ ਘਨੇਰਾ।
ਧਿਰ ਨਹਿਂ ਮਨ ਛਿਨ ਚਹੁੰਦਿਸ਼ ਫੇਰਾ॥
ਤਿਨ ਕੇ ਬੀਜ ਪਹੂੰਚੇ ਜਬਹੀ।
ਨ੍ਹਾਨ ਕੀਨ ਸ੍ਰੀ ਸਤਿਗੁਰ ਤਬਹੀ॥
ਪਸ਼ਚਮ ਦਿਸ਼ ਮੁਖ ਕਰਿ ਗੁਨਖਾਨੀ।
ਕਰ ਅੰਜੁਲ ਸੋਂ ਸੀਂਚਤਿ ਪਾਨੀ॥
ਜਦੋਂ ਲੋਕਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਉਹ ਪੱਛਮ ਦਿਸ਼ਾ ਵੱਲ ਪਾਣੀ ਕਿਉਂ ਦੇ ਰਹੇ ਹਨ ਤਾਂ ਗੁਰੂ ਜੀ ਨੇ ਜਵਾਬ ਦਿੱਤਾ, ਉਹ ਆਪਣੇ ਖੇਤ ਨੂੰ ਪਾਣੀ ਦੇ ਰਹੇ ਹਨ। ਕੋਈ ਪਾਣੀ ਦੇਣ ਵਾਲਾ ਨਹੀਂ, ਇਸ ਲਈ ਉਹ ਇਥੋਂ ਹੀ ਪਾਣੀ ਦੇ ਰਹੇ ਹਨ-
ਸੁਨਿਕੈ ਬੋਲੇ ਬਚਨ ਕੋ ਸ਼੍ਰੀ ਬੇਦੀ ਕੁਲਕੇਤ। ਜਬ ਸੁਰਸਰਿ ਨ੍ਹਾਵਨ ਅਯੋ ਪੁਰਿ ਨਿਜ ਬੋਯੋ ਖੇਤ॥ ਚੌਪਈ॥
ਨਹਿਂ ਜਲ ਦੇਨ ਹਾਰ ਕੋ ਪਾਛੇ।
ਤਿਹਕੋ ਨੀਰ ਦੇਉਂ ਮੈਂ ਆਛੇ॥
ਜਾਇ ਨ ਸੂਕ, ਰਹੇ ਹਰਿਆਈ।
ਨਿਤ ਪਾਨੀ ਕੋ ਦੇਤਿ ਪੁਚਾਈ॥
ਲੋਕਾਂ ਨੇ ਕਿਹਾ ਕਿ ਇਥੋਂ ਕਿਸ ਤਰ੍ਹਾਂ ਪਾਣੀ ਖੇਤ ਵਿਚ ਪਹੁੰਚ ਸਕਦਾ ਹੈ। ਤੁਸੀਂ ਕਿਥੇ ਖੜ੍ਹੇ ਹੋ ਅਤੇ ਖੇਤ ਕਿਥੇ ਹਨ-
ਖੇਤ ਮਾਂਹਿ ਨਹਿਂ ਜਾਵਹਿ ਕੈਸੇ।
ਖਰੋ ਇਹਾਂ ਪਾਨੀ ਦੇਂ ਜੈਸੇ॥
ਕਹਾਂਖੇਤ, ਠਾਂਢੋ ਤੂੰ ਕਹਾਂ।
ਕਿਉਂ ਪ੍ਰਾਪਤਿ ਪਾਨੀ ਹ੍ਵੈਂ ਤਹਾਂ। ਦੋਹਰਾ॥
ਗੁਰੂ ਸਾਹਿਬ ਦਾ ਜੁਆਬ ਸੀ-ਮੇਰਾ ਖੇਤ ਬਹੁਤ ਨੇੜੇ ਹੈ। ਜੇ ਮੇਰਾ ਪਾਣੀ ਮੇਰੇ ਖੇਤ ਤੱਕ ਨਹੀਂ ਪਹੁੰਚ ਸਕਦਾ, ਤਾਂ ਤੁਹਾਡਾ ਪਾਣੀ ਪਿਤਰਾਂ ਤੱਕ ਕਿੱਦਾਂ ਪਹੁੰਚ ਸਕਦਾ ਹੈ। ਤੁਸੀਂ ਕਿੰਨੇ ਅਣਜਾਣ ਹੋ-
'ਸ੍ਰੀ ਪਰਮੇਸ਼ੁਰ ਤੁਮਹਿ ਭੁਲਾਯੋ।
ਭਾਉ ਭਗਤਿ ਬਿਨ ਮਨ ਭਰਮਾਯੋ॥
ਮੇਰੋ ਅਹੈ ਸਮੀਪ ਕਿਦਾਰਾ।
ਤਾਂ ਕੋ ਪਹਂੁਚ ਨ ਸਕਈ ਬਾਰਾ॥
ਤੁਮਰੇ ਪਿਤਰ ਦੂਰ ਅਧਿਕਾਈ।
ਸੋ ਜਲ ਲੈ ਕੈਸੇ ਤ੍ਰਿਪਤਾਈ॥
ਮੁਝੈ ਅਜਾਨ ਭਨਤਿ ਹੋ ਕੈਸੇ।
ਬਡੇ ਅਜਾਨ ਭਏ ਤੁਮ ਐਸੇ॥'
ਲੇਖ ਨੂੰ ਸਮਾਪਤ ਕਰਦਿਆਂ ਫਿਰ ਇਸ ਹਕੀਕਤ ਵੱਲ ਧਿਆਨ ਦੁਆਉਣਾ ਚਾਹੁੰਦਾ ਹਾਂ ਕਿ ਪਰਮ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ 'ਉਦਾਸੀਆਂ' ਕਰਕੇ, ਦੁਨੀਆ ਦੇ ਵੱਖ-ਵੱਖ ਧਰਮ ਅਸਥਾਨਾਂ 'ਤੇ ਜਾ ਕੇ, ਧਰਮ ਆਗੂਆਂ ਨਾਲ ਸੰਪਰਕ ਸਥਾਪਿਤ ਕਰਕੇ, ਕਰਮਕਾਂਡੀ ਰੀਤਾਂ ਵਿਚ ਖਚਤ ਲੋਕਾਂ ਨੂੰ ਸਿਰਫ ਤੇ ਸਿਰਫ ਸਰਬ ਸ਼ਕਤੀਮਾਨ, ਪਰਮ ਪਿਤਾ ਪਰਮਾਤਮਾ ਦੇ ਗੀਤ ਗਾਉਣ ਅਤੇ ਰੱਬ ਦੀ ਸਿਫ਼ਤ-ਸਲਾਹ ਵਿਚ ਜੁੜ ਜਾਣ ਦਾ ਸੰਦੇਸ਼ ਦਿੱਤਾ ਸੀ। ਵੰਡਾਂ ਤੇ ਵਿਤਕਰਿਆਂ ਦੀਆਂ ਦੀਵਾਰਾਂ ਤੋੜ ਕੇ, ਆਪਸੀ ਸੰਵਾਦ ਦੀ ਪ੍ਰਕਿਰਿਆ ਦਾ ਆਗਾਜ਼ ਕਰਕੇ, ਸਾਰੀ ਦੁਨੀਆ ਨੂੰ ਏਕਤਾ ਦੇ ਸੂਤਰ ਵਿਚ ਪਰੋ ਦਿੱਤਾ ਸੀ।
ਸਾਡੀ ਖੁਸ਼ਕਿਸਮਤੀ ਹੈ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਆਓ, ਇਸ ਮੌਕੇ ਗੁਰੂ ਸਾਹਿਬ ਦੇ ਯਾਦਗਾਰੀ ਧਰਮ ਅਸਥਾਨਾਂ ਦੀ ਸਾਂਭ-ਸੰਭਾਲ ਦਾ ਅਹਿਦ ਕਰੀਏ ਅਤੇ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ ਨੂੰ ਸਾਰੀ ਦੁਨੀਆ ਵਿਚ ਪਹੁੰਚਾਉਣ ਦਾ ਸੰਕਲਪ ਲਈਏ।


ਖ਼ਬਰ ਸ਼ੇਅਰ ਕਰੋ

ਰੁੱਖਾਂ ਦੀ ਸੇਵਾ ਅਤੇ ਕੁਰਬਾਨੀ

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਠਾਰ੍ਹਵੀਂ ਸਦੀ ਵਿਚ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਪਰ ਧਿਆਨ ਨਾਲ ਦੇਖੀਏ ਤਾਂ ਪੱਤਾ-ਪੱਤਾ ਹੀ ਸਿੰਘਾਂ ਦਾ ਦੋਸਤ ਸੀ। ਜਦੋਂ ਪਿੰਡ ਅਤੇ ਸ਼ਹਿਰ ਇਨ੍ਹਾਂ ਨੂੰ ਝੱਲਦੇ ਨਹੀਂ ਸਨ, ਸਿੰਘਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ, ਇਨ੍ਹਾਂ ਦਾ ਜਾਨਵਰਾਂ ਵਾਂਗੂੰ ਸ਼ਿਕਾਰ ਕੀਤਾ ਜਾਂਦਾ ਸੀ, ਇਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਸੀ, ਉਦੋਂ ਸਿਰਫ ਜੰਗਲ, ਪਹਾੜ ਅਤੇ ਮਾਰੂਥਲ ਹੀ ਇਨ੍ਹਾਂ ਨੂੰ 'ਜੀ ਆਇਆਂ' ਆਖ ਕੇ ਕਲਾਵੇ ਵਿਚ ਲੈਂਦੇ ਰਹੇ। ਇਹ ਵੀ ਰੁੱਖਾਂ ਵਾਂਗ ਹੀ ਇਕੱਲੇ, ਉਨੀਂਦਰੇ ਅਤੇ ਸਹਿਣਸ਼ੀਲ ਸਨ। ਆਪ ਦੁੱਖ ਅਤੇ ਭੁੱਖ ਸਹਿ ਕੇ ਇਹ ਰੁੱਖਾਂ ਵਾਂਗ ਪਰਉਪਕਾਰ ਕਰਦੇ ਰਹੇ, ਵਿਦੇਸ਼ੀ ਜਰਵਾਣਿਆਂ ਤੋਂ ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਬਚਾਉਂਦੇ ਰਹੇ ਅਤੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਦੇ ਰਹੇ। ਸੰਘਣੇ ਜੰਗਲਾਂ ਦੇ ਕੰਡਿਆਂ ਨੇ ਵੀ ਇਨ੍ਹਾਂ ਵਿਚ ਮੁਸੀਬਤਾਂ ਝੱਲਣ ਦਾ ਦਮ ਅਤੇ ਚੜ੍ਹਦੀ ਕਲਾ ਭਰੀ ਰੱਖੀ। ਇਨ੍ਹਾਂ ਦੇ ਅੰਦਰ ਨਾਮ ਦਾ ਅਦਭੁੱਤ ਪ੍ਰਕਾਸ਼ ਸੀ, ਜ਼ਿੰਦਗੀ ਨੂੰ ਆਜ਼ਾਦੀ ਦੇ ਦਾਅ 'ਤੇ ਲਾਉਣ ਦੀ ਖਾਹਿਸ਼ ਸੀ ਅਤੇ ਸੱਚ ਧਰਮ ਦੇ ਮਾਰਗ 'ਤੇ ਜੂਝ ਮਰਨ ਦਾ ਚਾਉ ਸੀ।
ਹਕੂਮਤ ਵੱਲੋਂ ਖ਼ਾਲਸੇ ਦਾ ਜ਼ਿੰਦਗੀ ਜਿਊਣ ਦਾ ਹੱਕ ਖੋਹ ਲਿਆ ਗਿਆ ਸੀ। ਅਜਿਹੇ ਸਮੇਂ ਜੰਗਲਾਂ, ਰੁੱਖਾਂ, ਬਿਰਖਾਂ, ਜੜ੍ਹੀਆਂ ਬੂਟੀਆਂ ਅਤੇ ਫੁੱਲਾਂ-ਫਲਾਂ ਦੀ ਸੇਵਾ ਬੇਮਿਸਾਲ ਸੀ। ਲੱਖੀ ਜੰਗਲ, ਕਾਹਨੂੰਵਾਨ ਦੇ ਜੰਗਲ, ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਦੇ ਨਾਲ ਲਗਦੇ ਜੰਗਲ ਬੇਲੇ ਇਨ੍ਹਾਂ ਦੇ ਸੱਚੇ ਹਮਦਰਦ ਅਤੇ ਦੋਸਤ ਬਣ ਗਏ। ਇਨ੍ਹਾਂ ਭਿਆਨਕ ਜੰਗਲਾਂ ਤੱਕ ਵਿਦੇਸ਼ੀ ਜਰਵਾਣਿਆਂ ਅਤੇ ਸੁਖ ਆਰਾਮ ਭੋਗਦੇ ਹਾਕਮਾਂ ਦੀ ਪਹੁੰਚ ਨਹੀਂ ਸੀ। ਇਨ੍ਹਾਂ ਵਿਚ ਭਿਆਨਕ ਜੰਗਲੀ ਜਾਨਵਰ ਅਤੇ ਵਿਹੁਲੇ ਸੱਪ ਰਹਿੰਦੇ ਸਨ। ਇਹ ਏਨੇ ਸੰਘਣੇ ਸਨ ਕਿ ਦਿਨ ਨੂੰ ਵੀ ਹਨੇਰਾ ਰਹਿੰਦਾ ਸੀ ਪਰ ਇਹ ਖ਼ਾਲਸੇ ਦੀ ਠਾਹਰ ਬਣੇ। ਇਨ੍ਹਾਂ ਦੇ ਪੱਤਿਆਂ ਦਾ ਸਾਗ ਹੀ ਸਿੰਘਾਂ ਲਈ ਸਬਜ਼ ਪੁਲਾਓ ਬਣ ਗਿਆ। ਜੰਗਲੀ ਪੀਲੂ ਇਨ੍ਹਾਂ ਲਈ ਅੰਗੂਰ, ਗੰਢੇ ਚਾਂਦੀ ਦੇ ਪੱਤਰੇ ਅਤੇ ਛੋਲੇ ਬਦਾਮ ਬਣ ਗਏ। ਜੜ੍ਹੀਆਂ ਬੂਟੀਆਂ, ਅੱਕ ਦੇ ਪੱਤੇ ਆਦਿ ਬੰਨ੍ਹ ਕੇ ਇਹ ਆਪਣੇ ਜ਼ਖ਼ਮਾਂ ਨੂੰ ਆਰਾਮ ਦਿੰਦੇ ਸਨ। ਜ਼ਕਰੀਆ ਖਾਨ ਨੇ ਇਕ ਵਾਰ ਕਿਹਾ ਸੀ ਕਿ 'ਖਾਣਾ ਘਾਹ ਤੇ ਸੁਪਨੇ ਬਾਦਸ਼ਾਹੀਆਂ ਦੇ।' ਪਰ ਜੰਗਲੀ ਪੌਦੇ, ਫਲ, ਫੁੱਲ ਤੇ ਪੱਤੇ ਛਕ ਕੇ ਹੀ ਇਹ ਕੌਮ ਇਕ ਦਿਨ ਵਿਸ਼ਾਲ ਰਾਜ ਦੀ ਮਾਲਕ ਬਣ ਗਈ।
ਜਦੋਂ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਤਰਾਵੜੀ ਵਿਖੇ ਇਕ ਰਾਤ ਰੁਕੇ ਸਨ ਤਾਂ ਭਾਈ ਦੇਵਾ ਰਾਮ ਧੋਬੀ ਨੇ ਨਿੰਮ ਦੀਆਂ ਟਾਹਣੀਆਂ ਦਾ ਚੌਰ ਬਣਾ ਕੇ ਸੀਸ ਦੀ ਸੇਵਾ ਕੀਤੀ ਸੀ। ਫ਼ਕੀਰ ਦਰਗਾਹੀ ਸ਼ਾਹ ਦੀ ਕੁਟੀਆ ਵੀ ਜੰਗਲ ਵਿਚ ਸੀ, ਜਿਸ ਨੇ ਮਹਾਰਾਜ ਜੀ ਦੇ ਸੀਸ ਦੀ ਸੇਵਾ ਕਰਕੇ ਕੁਝ ਦੇਰ ਲਈ ਭਾਈ ਜੈਤਾ ਜੀ ਨੂੰ ਆਰਾਮ ਦਿੱਤਾ ਸੀ। ਚਮਕੌਰ ਸਾਹਿਬ ਤੋਂ ਨੰਗੇ ਚਰਨੀਂ ਜਾਂਦੇ ਹੋਏ ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਝਾੜਾਂ ਅਤੇ ਜੰਡਾਂ ਹੇਠ ਹੀ ਕੁਝ ਵਿਸ਼ਰਾਮ ਕੀਤਾ ਸੀ ਅਤੇ ਅੱਕ ਦੀਆਂ ਕਰੂੰਬਲਾਂ ਛਕੀਆਂ ਸਨ। ਧੰਨ ਹਨ ਇਹ ਰੁੱਖ-ਬੂਟੇ, ਜਿਨ੍ਹਾਂ ਦੇ ਹਿੱਸੇ ਵੱਡੀਆਂ ਸੇਵਾਵਾਂ ਆਈਆਂ। ਨਨਕਾਣਾ ਸਾਹਿਬ ਦਾ ਦਿਲ-ਕੰਬਾਊ ਸਾਕਾ ਦੇਖਣ ਵਾਲਾ ਜੰਡ ਅੱਜ ਵੀ ਉਨ੍ਹਾਂ ਕੰਬਣੀਆਂ ਨੂੰ ਸਾਂਭੀ ਖੜ੍ਹਾ ਹੈ। ਵਡਭਾਗੇ ਹਨ ਉਹ ਰੁੱਖ, ਜਿਨ੍ਹਾਂ ਦੀ ਲੱਕੜੀ ਨੇ ਗੁਰੂ ਜੀ ਦੀਆਂ ਖੜਾਵਾਂ, ਕੰਘੇ, ਪਲੰਘ ਅਤੇ ਸ਼ਸਤਰ ਬਣਾਉਣ ਦੀ ਸੇਵਾ ਮਾਣੀ।

...ਤੇ ਹੁਣ ਮਰਨਾ ਵੀ ਹੋਇਆ ਮਹਿੰਗਾ

ਕੋਈ ਫ਼ਰਕ ਨਹੀਂ ਰਹਿ ਗਿਆ ਮ੍ਰਿਤਕ ਦੇ ਭੋਗ ਅਤੇ ਵਿਆਹ ਵਾਲੀ ਰੋਟੀ ਵਿਚ

ਜਿਉਂ-ਜਿਉਂ ਸਿੱਖ ਧਨਾਢ ਹੋ ਰਹੇ ਹਨ, ਸਿੱਖੀ ਕਮਜ਼ੋਰ ਹੋ ਰਹੀ ਹੈ, ਰਹਿਤ ਮਰਿਆਦਾ ਕੀ ਹੈ, ਸਿੱਖੀ ਦੇ ਸਿਧਾਂਤ ਕੀ ਹਨ, ਕਿਸੇ ਨੂੰ ਯਾਦ ਨਹੀਂ। ਨਾ ਇਨ੍ਹਾਂ ਉੱਪਰ ਕੋਈ ਅਮਲ ਕਰਨ ਲਈ ਤਿਆਰ ਹੈ। ਜਿਉਂ-ਜਿਉਂ ਲੋਕਾਂ 'ਤੇ ਪੈਸੇ ਦੀ ਵਰਖਾ ਹੋ ਰਹੀ ਹੈ, ਤਿਉਂ-ਤਿਉਂ ਲੋਕ ਦੁੱਖ ਦਾ ਦਰਦ ਘੱਟ ਤੇ ਸੁਖ ਦਾ ਅਨੰਦ ਵਧੇਰੇ ਮਾਣਨ ਵਿਚ ਲੱਗੇ ਹੋਏ ਹਨ।
ਆਮ ਦੇਖਣ ਵਿਚ ਆਇਆ ਹੈ ਕਿ ਅੱਜਕਲ੍ਹ ਗੁਰਦੁਆਰਿਆਂ ਵਿਚ ਕਿਸੇ ਮ੍ਰਿਤਕ ਪ੍ਰਾਣੀ ਦੇ ਭੋਗ ਸਮੇਂ ਜੋ ਰੋਟੀ ਕੀਤੀ ਜਾਂਦੀ ਹੈ, ਉਹ ਕਿਸੇ ਵਿਆਹ ਵਾਲੀ ਰੋਟੀ ਤੋਂ ਘੱਟ ਨਹੀਂ ਹੁੰਦੀ। ਜਦੋਂ ਭੋਗ ਵੇਲੇ ਅਰਦਾਸ ਕੀਤੀ ਜਾਂਦੀ ਹੈ ਤਾਂ ਪਰਿਵਾਰ ਵੱਲੋਂ ਸੰਗਤਾਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 'ਗੁਰੂ ਕਾ ਲੰਗਰ' ਛਕ ਕੇ ਜਾਣ। ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜਕਲ੍ਹ 'ਗੁਰੂ ਕਾ ਲੰਗਰ' ਸ਼ਬਦ ਦੀ ਵਰਤੋਂ ਗ਼ਲਤ ਕੀਤੀ ਜਾ ਰਹੀ ਹੈ। ਇਹ ਗੱਲ ਸਮਝ ਲਓ ਕਿ ਆਮ ਰੋਟੀ ਅਤੇ ਗੁਰੂ ਕੇ ਲੰਗਰ ਵਿਚ ਬਹੁਤ ਫ਼ਰਕ ਹੈ। ਲੰਗਰ ਉਹ ਹੁੰਦਾ ਹੈ ਜੋ ਸੰਗਤਾਂ ਜਾਂ ਸੇਵਾਦਾਰ ਮਿਲ ਕੇ ਹੱਥੀਂ ਸੇਵਾ ਕਰਕੇ ਤਿਆਰ ਕਰਨ, ਲੰਗਰ ਦੀ ਤਿਆਰੀ ਵੇਲੇ ਗੁਰਮਰਿਆਦਾ ਦਾ ਪੂਰਾ ਪਾਲਣ ਕੀਤਾ ਜਾਵੇ। ਉਸ ਲਈ ਜ਼ਰੂਰੀ ਹੈ ਕਿ ਬੀਬੀਆਂ ਲੋਹਾਂ 'ਤੇ ਪ੍ਰਸ਼ਾਦੇ ਤਿਆਰ ਕਰਨ ਤੇ ਮਰਦ ਲਾਂਗਰੀ ਸਬਜ਼ੀ ਤੇ ਦਾਲਾਂ ਆਦਿ ਬਣਾਉਣ। ਲੰਗਰ ਦੀ ਤਿਆਰੀ ਵੇਲੇ ਪਾਠ ਕੀਤਾ ਜਾਵੇ ਜਾਂ ਸ਼ਬਦ ਪੜ੍ਹੇ ਜਾਣ। ਸਾਰਿਆਂ ਦੇ ਸਿਰ ਢਕੇ ਹੋਣ। ਪਰ ਆਮ ਦੇਖਣ ਵਿਚ ਆਇਆ ਹੈ ਕਿ ਅੱਜਕਲ੍ਹ ਰੋਟੀ, ਜਿਸ ਨੂੰ ਅਸੀਂ ਲੰਗਰ ਦਾ ਨਾਂਅ ਦਿੰਦੇ ਹਾਂ, ਉਹ ਕੈਟਰਿੰਗ ਵਾਲੇ ਹਲਵਾਈ ਜਾਂ ਫਿਰ ਭਾੜੇ 'ਤੇ ਲਿਆਂਦੇ ਹੋਏ ਕਰਿੰਦੇ ਤਿਆਰ ਕਰਦੇ ਹਨ। ਲੰਗਰ ਵਿਚ ਰੁਮਾਲੀ ਰੋਟੀ ਤਿਆਰ ਕਰਨੀ ਇਕ ਪਿਰਤ ਬਣ ਗਈ ਹੈ। ਲੰਗਰ ਵਾਲੀ ਸੁੱਚਮਤਾ ਜਾਂ ਗੁਰਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ।
ਲੰਗਰ ਛਕਣ ਵੇਲੇ ਆਮ ਕਰਕੇ ਕੁਰਸੀਆਂ ਦੀ ਵਰਤੋਂ ਹੋਣ ਲੱਗ ਪਈ ਹੈ। ਜੋੜੇ ਵੀ ਉਤਾਰੇ ਨਹੀਂ ਜਾਂਦੇ। ਪੁਰਾਤਨ ਪਰੰਪਰਾ ਅਨੁਸਾਰ ਗੁਰੂ ਕਾ ਲੰਗਰ ਸਾਦਾ ਹੁੰਦਾ ਸੀ, ਜਿਸ ਵਿਚ ਪ੍ਰਸ਼ਾਦੇ, ਦਾਲ, ਸਬਜ਼ੀ ਜਾਂ ਖੀਰ ਬਣਾਈ ਜਾਂਦੀ ਸੀ। ਸਾਰੇ ਪੱਤਲਾਂ ਉੱਪਰ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਸਨ। ਅਕਸਰ ਦੇਖਣ ਵਿਚ ਆਇਆ ਹੈ ਕਿ ਮ੍ਰਿਤਕ ਦੇ ਭੋਗ ਵੇਲੇ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ, ਉਸ ਲਈ ਪੰਗਤ ਦੀ ਬਜਾਏ ਕੁਰਸੀਆਂ ਤੇ ਮੇਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਿਆਹ ਵਾਂਗ ਵੱਖੋ-ਵੱਖਰੇ ਪਕਵਾਨਾਂ ਦੇ ਸਟਾਲ ਲਗਾਏ ਜਾਂਦੇ ਹਨ। ਮਿੱਸੀਆਂ ਰੋਟੀਆਂ, ਚੌਲ, ਦਹੀਂ-ਭੱਲੇ, ਦਾਲ ਮੱਖਣੀ, ਪਨੀਰ ਪਾਲਕ, ਸੁੱਕੇ ਛੋਲੇ, ਮਿਕਸ ਸਬਜ਼ੀ, ਆਈਸ ਕ੍ਰੀਮ, ਰਬੜੀ ਜਲੇਬੀ, ਹਲਵਾ, ਕੋਲਡ ਡਰਿੰਕ ਤੇ ਕੌਫੀ ਆਦਿ ਸੰਗਤ ਵਾਸਤੇ ਤਿਆਰ ਕੀਤੀ ਜਾਂਦੀ ਹੈ। ਸੋਗ ਵਾਲਾ ਲੰਗਰ ਛਕਣ ਵੇਲੇ ਇਹ ਮਹਿਸੂਸ ਹੁੰਦਾ ਕਿ ਅਸੀਂ ਮ੍ਰਿਤਕ ਦੇ ਭੋਗ ਵਿਚ ਨਹੀਂ, ਬਲਕਿ ਕਿਸੇ ਵਿਆਹ ਵਿਚ ਸ਼ਾਮਿਲ ਹੋਣ ਲਈ ਆਏ ਹਾਂ। ਇਹ ਦੇਖ ਕੇ ਇੰਜ ਲਗਦਾ ਹੈ ਕਿ ਗੁਰਮਰਿਆਦਾ ਉਡ-ਪੁਡ ਗਈ ਹੈ। ਗੁਰਦੁਆਰਾ ਕਮੇਟੀਆਂ ਵੀ ਚੁੱਪ ਹਨ। ਉਹ ਵੀ ਸਭ ਕੁਝ ਦੇਖ ਕੇ ਅਣਡਿੱਠ ਕਰ ਰਹੀਆਂ ਹਨ। ਪਤਾ ਨਹੀਂ ਗੁਰਦੁਆਰਾ ਕਮੇਟੀਆਂ ਕਿਉਂ ਚੁੱਪ ਹਨ? ਭੋਗ ਵੇਲੇ ਸ਼ਰਧਾਂਜਲੀਆਂ ਦੇਣੀਆਂ ਸਿੱਖ ਧਰਮ ਵਿਚ ਮਨ੍ਹਾ ਹਨ ਪਰ ਅਸੀਂ ਰੋਕ ਨਹੀਂ ਸਕਦੇ, ਕਿਉਂਕਿ ਉਸ ਵੇਲੇ ਮ੍ਰਿਤਕ ਪ੍ਰਾਣੀ ਦੀ ਤਾਰੀਫ਼ ਘੱਟ ਤੇ ਘਰ-ਪਰਿਵਾਰ ਦੇ ਮੈਂਬਰਾਂ ਦੀ ਜ਼ਿਆਦਾ ਹੋ ਰਹੀ ਹੁੰਦੀ ਹੈ। ਇਸ ਚੱਕਰ ਵਿਚ ਭੋਗ ਵੀ ਘੰਟਾ-ਡੇਢ ਘੰਟਾ ਲੇਟ ਹੋ ਜਾਂਦਾ ਹੈ। ਉਦੋਂ ਬੈਠੇ ਘੁਸਰ-ਮੁਸਰ ਤਾਂ ਸਾਰੇ ਕਰਦੇ ਹਨ, ਫ਼ੈਸਲਾ ਕੋਈ ਨਹੀਂ ਕਰਦੇ।
ਖ਼ਾਲਸਾ ਜੀ, ਸੰਭਲੋ। ਗੁਰੂ ਦੀ ਗੱਲ ਕਰੋ ਅਤੇ ਮੰਨੋ। ਝੂਠੇ ਵਿਖਾਵੇ ਛੱਡੋ। ਇਸ ਵੇਲੇ ਹਾਲਤ ਇਹ ਹੋ ਗਈ ਹੈ ਕਿ ਗ਼ਰੀਬ ਲਈ ਮਰਨਾ ਵੀ ਔਖਾ ਹੋ ਗਿਆ ਹੈ, ਕਿਉਂਕਿ ਖਰਚਿਆਂ ਨੂੰ ਘੱਟ ਕਰਨ ਵੱਲ ਕੋਈ ਨਹੀਂ ਚੱਲ ਰਿਹਾ। ਗੁਰੂ-ਘਰ ਵਿਚ ਵੀ ਸਾਦਗੀ ਨਾਂਅ ਦੀ ਕੋਈ ਗੱਲ ਨਹੀਂ ਰਹਿ ਗਈ। ਅੱਗੇ ਜਦੋਂ ਕਿਸੇ ਦੇ ਘਰ ਕੋਈ ਪ੍ਰਾਣੀ ਮਰਦਾ ਸੀ ਤਾਂ ਹਫ਼ਤਾ-ਦਸ ਦਿਨ ਸੋਗ ਰਹਿੰਦਾ ਸੀ। ਚੁੱਲ੍ਹੇ 'ਤੇ ਰੋਟੀ ਨਹੀਂ ਸੀ ਪੱਕਦੀ। ਗੁਆਂਢੀ ਜਾਂ ਰਿਸ਼ਤੇਦਾਰ ਰੋਟੀ ਦੀ ਸੇਵਾ ਕਰਦੇ ਸਨ। ਭੋਗ ਵਾਲੇ ਦਿਨ ਸਿਰਫ ਘਰ ਦੇ ਰਿਸ਼ਤੇਦਾਰ ਰੋਟੀ ਖਾਂਦੇ ਸਨ। ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਅੰਤਿਮ ਸੰਸਕਾਰ ਤੋਂ ਬਾਅਦ ਘਰ ਵਿਚ ਸਾਰੇ ਕਾਰਜ ਹੋਣੇ ਸ਼ੁਰੂ ਹੋ ਜਾਂਦੇ ਹਨ।
ਅਸੀਂ ਚਾਹੁੰਦੇ ਹਾਂ ਕਿ ਵਿਆਹ ਵੀ ਸਾਦੇ, ਗੁਰਮਰਿਆਦਾ ਅਨੁਸਾਰ, ਮੈਰਿਜ ਪੈਲੇਸਾਂ ਦੀ ਬਜਾਏ ਗੁਰਦੁਆਰਿਆਂ ਵਿਚ ਕੀਤੇ ਜਾਣ। ਵਿਆਹਾਂ 'ਤੇ ਖਰਚ ਕਰਨ ਦੀ ਬਜਾਏ ਉਹ ਮਾਇਆ ਲੋੜਵੰਦ ਸੰਸਥਾਵਾਂ ਨੂੰ ਦਾਨ ਵਜੋਂ ਦਿੱਤੀ ਜਾ ਸਕਦੀ ਹੈ।


-ਜਲੰਧਰ। ਮੋਬਾ: 98722-16005

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਨਾਂਦੇੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਿੱਖ ਇਤਿਹਾਸ ਅਨੁਸਾਰ ਰਾਮਥੰਮਣ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਸੀ ਦੇ ਪੁੱਤਰ ਸਨ ਤੇ ਕਾਫੀ ਪ੍ਰਤਾਪੀ ਸਾਧੂ ਹੋਏ ਹਨ। ਰਾਮਥੰਮਣ ਜੀ ਦੇ ਡੇਰੇ ਵਿਚ ਰਾਮਦਾਸ ਬੈਰਾਗੀ ਨਿਵਾਸ ਕਰਦੇ ਸਨ। ਬੰਦਾ ਬਹਾਦਰ ਦਾ ਜਦੋਂ ਰਾਮ ਦਾਸ ਬੈਰਾਗੀ ਨਾਲ ਮੇਲ ਹੋਇਆ ਤਾਂ ਉਸ ਨੇ ਸਾਧੂ ਰਾਮਦਾਸ ਬੈਰਾਗੀ ਨੂੰ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਦੀ ਸੇਵਾ ਕਰਦਾ-ਕਰਦਾ ਉਨ੍ਹਾਂ ਦੇ ਉਪਦੇਸ਼ ਵੀ ਸੁਣਦਾ ਰਿਹਾ। ਰਾਮਦਾਸ ਬੈਰਾਗੀ ਦੀ ਮੰਡਲੀ ਨਾਲ ਮਿਲ ਕੇ ਮਾਧੋ ਦਾਸ ਹਿੰਦੁਸਤਾਨ ਦੇ ਤੀਰਥਾਂ ਦਾ ਭਰਮਨ ਕਰਨ ਲੱਗਾ। ਜਦੋਂ ਮਾਧੋ ਦਾਸ ਪੰਚਵਟੀ ਤੇ ਨਾਸਿਕ ਸਥਾਨਾਂ ਉੱਪਰ ਪਹੁੰਚਿਆ ਤਾਂ ਇਹ ਸਥਾਨ ਉਸ ਨੂੰ ਕਾਫੀ ਸੁੰਦਰ ਲੱਗੇ। ਨਾਸਿਕ ਵਿਖੇ ਹੀ ਮਾਧੋ ਦਾਸ ਦਾ ਮੇਲ ਇਕ ਤੰਤਰ-ਮੰਤਰ ਦੇ ਸਾਧਕ ਜੋਗੀ ਔਘੜ ਨਾਥ ਨਾਲ ਹੋਇਆ, ਜਿਸ ਦੀ ਤਨ-ਮਨ ਨਾਲ ਸੇਵਾ ਕਰਕੇ ਮਾਧੋ ਦਾਸ ਵੀ ਸਭ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਵਿਚ ਪ੍ਰਬੀਨ ਹੋ ਗਿਆ। ਬੰਦਾ ਬਹਾਦਰ ਨੇ 1692 ਈਸਵੀ ਵਿਚ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕਿਨਾਰੇ ਇਕ ਕੁਟੀਆ ਬਣਵਾਈ ਅਤੇ ਇਲਾਕੇ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਭਰਮਾਉਣ ਲੱਗਾ। ਦੂਰ-ਦੂਰ ਤੋਂ ਸ਼ਰਧਾਲੂ ਬੈਰਾਗੀ ਮਾਧੋ ਦਾਸ ਦੀਆਂ ਮੰਨਤਾਂ ਮੰਨਦੇ ਇਥੇ ਆਉਂਦੇ ਅਤੇ ਦਰਸ਼ਨ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਦੇ ਇਸ ਡੇਰੇ ਦੇ ਚਰਿੱਤਰਾਂ ਬਾਰੇ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਪਾਸੋਂ ਕਾਫੀ ਕੁਝ ਸੁਣ ਰੱਖਿਆ ਸੀ। 1708 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਇਸ ਡੇਰੇ ਵਿਚ ਆਏ ਤਾਂ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਸ਼ਕਤੀ ਦਿਖਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਮਾਧੋ ਦਾਸ ਦੀ ਕੋਈ ਪੇਸ਼ ਨਾ ਚੱਲੀ ਤਾਂ ਉਹ ਆਪਣੇ ਸੇਵਕਾਂ ਸਣੇ ਗੁਰੂ ਜੀ ਦੇ ਚਰਨੀਂ ਪੈ ਗਿਆ ਅਤੇ ਇਸ ਮੌਕੇ ਮਾਧੋ ਦਾਸ ਨੇ ਆਪਣੇ ਗੁਨਾਹਾਂ ਦਾ ਪਸ਼ਤਾਚਾਪ ਕੀਤਾ।
'ਹਾਥ ਜੋਰ ਬਿਨੈ ਸਾਥ, ਪ੍ਰੇਮ ਪਾਥ ਨਾਇ ਮਾਥ,
ਕਹਯੋ ਮੈਂ ਤੋ ਆਪਕਾ ਹੂੰ ਬੰਦਾ ਸੁਨ ਲੀਜੀਏ।
ਕਰੇ ਅਪਰਾਧ ਜੋਊ ਪੂਰਬ ਅਗਾਧ ਮੈਨੇ,
ਸਾਧ ਹੈ ਦੁਖਾਏ ਛਿਮਾ ਆਪ ਸੋ ਕਰੀਜੀਏ।
ਮਿਲੇ ਆਪ ਰਘੁਨਾਥ ਆਇ ਆਜ ਮੁਝੈ ਨਾਥੁ,
ਕੀਜੀਏ ਸੁਨਾਥ ਹਾਥ ਮਾਥ ਪੈ ਧਰੀਜੀਏ।
ਦੇਹੁ ਉਪਦੇਸ ਹਾਰਕੇ ਕਲੇਸ ਸੇਸ,
ਕੀਜੈ ਨਿਜ ਸਿੱਖ ਮੋਹਿ ਸਿਖਿਆ ਸੁ ਦੀਜੀਏ।' (ਪੰਥ ਪ੍ਰਕਾਸ਼)
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਣ-ਮੱਤੇ ਮਾਧੋ ਦਾਸ ਦੀਆਂ ਸਾਰੀਆਂ ਭੁੱਲਾਂ ਬਖਸ਼ੀਆਂ ਅਤੇ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਂਅ ਰੱਖਿਆ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ। ਬੰਦੇ ਬਹਾਦਰ ਨੇ ਜਿਵੇਂ-ਜਿਵੇਂ ਸਿੱਖ ਇਤਿਹਾਸ 'ਚੋਂ ਸ਼ਹੀਦੀ ਸਾਕੇ, ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਗੁਰੂ ਤੇਗ ਬਹਾਦਰ ਜੀ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਮੁਕਤਸਰ ਆਦਿ ਜੰਗਾਂ ਦਾ ਹਾਲ ਸੁਣਿਆ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਨਿੱਕੀਆਂ ਜਿੰਦਾਂ ਉੱਪਰ ਢਾਏ ਗਏ ਖੂਨੀ ਅੱਤਿਆਚਾਰਾਂ ਦੀ ਵਿਥਿਆ ਤੋਂ ਜਾਣੂ ਹੋਇਆ ਤਾਂ ਬੰਦਾ ਬਹਾਦਰ ਦਾ ਬੀਰਤਾ ਵਿਚ ਆ ਕੇ ਖੂਨ ਖੌਲਣ ਲੱਗਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਭੱਥੇ ਵਿਚੋਂ ਪੰਜ ਸੁਨਹਿਰੀ ਤੀਰ, ਇਕ ਨਗਾਰਾ, ਇਕ ਨਿਸ਼ਾਨ ਸਾਹਿਬ, ਵੀਹ ਸਿੰਘ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ। ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਕਰਨਾਲ, ਸਮਾਣਾ, ਘੁੜਾਮ, ਠਸਕਾ, ਮੁਸਤਫਾਬਾਦ, ਕੁੰਜਪੁਰਾ, ਕਪੂਰੀ, ਸਢੋਰੇ ਆਦਿ ਮੁਗਲਈ ਗੜ੍ਹਾਂ ਨੂੰ ਤੋੜਿਆ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਪੰਜਾਬ ਵਿਚ ਖਾਲਸਾ ਰਾਜ ਕਾਇਮ ਕੀਤਾ ਅਤੇ ਖਾਲਸਾਈ ਝੰਡਾ ਝੁਲਾਇਆ। ਇਸ ਉਪਰੰਤ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦੇ ਸਿੱਕੇ ਜਾਰੀ ਕੀਤੇ। ਪਵਿੱਤਰ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਦੇ ਦਰਸ਼ਨ ਕਰਕੇ ਬੰਦਾ ਸਿੰਘ ਬਹਾਦਰ ਦੀਆਂ ਬੀਰ ਗਾਥਾਵਾਂ ਵੀ ਯਾਦ ਆ ਜਾਂਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਇਸ ਸਮੇਂ ਕਾਫੀ ਸੁੰਦਰ ਹੈ। ਇਸ ਗੁਰਧਾਮ ਦੇ ਬਾਹਰ ਹੀ ਹਰ ਦਿਨ ਵਾਂਗ ਹੀ ਨਾਰੀਅਲ ਪਾਣੀ ਤੇ ਨਿੰਬੂ ਪਾਣੀ ਦੀਆਂ ਰੇਹੜੀਆਂ ਖੜ੍ਹੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਸਿੱਖ ਸ਼ਰਧਾਲੂ ਨਾਰੀਅਲ ਪਾਣੀ ਤੇ ਨਿੰਬੂ ਪਾਣੀ ਪੀਂਦੇ ਵੀ ਨਜ਼ਰ ਆ ਜਾਂਦੇ ਹਨ। (ਚਲਦਾ)

-ਮੋਬਾ: 94638-19174

22 ਮਈ ਦੇ ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਪਤਾ ਲੱਗਾ ਤਾਂ ਉਨ੍ਹਾਂ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਫੋਰਸ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਪ੍ਰੀਤਮ ਸਿੰਘ ਫਤਹਿਪੁਰ ਕੋਠੀ (ਹੁਸ਼ਿਆਰਪੁਰ), ਮੰਗਲ ਸਿੰਘ ਬਜਰੌਰ, ਹਰਭਜਨ ਸਿੰਘ ਚੌਹੜਾ, ਦਲੀਪ ਸਿੰਘ, ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਸੰਤੋਖ ਸਿੰਘ ਅੰਮ੍ਰਿਤਸਰ, ਲਾਲ ਸਿੰਘ ਫਿਰੋਜ਼ਪੁਰ, ਧੰਨਾ ਸਿੰਘ ਭਦੌੜ (ਸੰਗਰੂਰ), ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਅਤੇ ਇਕ ਯਾਤਰੀ ਸਿੰਘ ਸ਼ਾਮਿਲ ਸਨ। ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਜੋ ਗੰਭੀਰ ਰੂਪ ਵਿਚ ਜ਼ਖਮੀ ਹੋਏ, ਉਨ੍ਹਾਂ ਵਿਚ ਖੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਬਾਬਾ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਿਲ ਸਨ। ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਸੋਮਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।


-ਚੱਬੇਵਾਲ (ਹੁਸ਼ਿਆਰਪੁਰ)।

ਪੰਜਾਬ ਦੀਆਂ 'ਬਾਰਾਂ' ਦੀ ਹੋਂਦ ਬਣ ਗਈ ਬੁਝਾਰਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਰਾਨਾ ਜਾਂ ਕਰਾਨਾ ਬਾਰ : ਦਰਿਆ ਚਨਾਬ ਅਤੇ ਜਿਹਲਮ ਦੇ ਜੰਗਲੀ ਖੇਤਰ ਨੂੰ ਕਿਰਾਨਾ ਜਾਂ ਕਰਾਨਾ ਬਾਰ ਕਿਹਾ ਜਾਂਦਾ ਹੈ। ਸੰਨ 1909 ਵਿਚ ਕਿਰਾਨਾ ਬਾਰ ਦਾ ਕਰੀਬ ਸਾਰਾ ਇਲਾਕਾ ਜੋ ਪਹਿਲਾਂ ਚਨਿਊਟ ਤਹਿਸੀਲ ਤੱਕ ਸੀ, ਜ਼ਿਲ੍ਹਾ ਸ਼ਾਹਪੁਰ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਸ਼ਹਿਰ ਦੇ ਵੱਡੇ ਜੰਗਲੀ ਹਿੱਸੇ ਨੂੰ ਮੌਜੂਦਾ ਸਮੇਂ ਨੱਕਾ ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਡਿਸਟ੍ਰਿਕਟ ਗਜ਼ਟੀਅਰ ਚਨਾਬ ਕਾਲੋਨੀ, ਸੰਨ 1904, ਸਫ਼ਾ 7 ਦੇ ਅਨੁਸਾਰ ਭਾਰਤ ਅਤੇ ਸਾਈਲੋਨ (ਸ੍ਰੀਲੰਕਾ) ਵਿਚਕਾਰ ਦਰਿਆ 'ਤੇ ਪੁਲ ਬਣਾਉਣ ਲਈ ਹਨੂਮਾਨ ਕਿਰਾਨਾ ਚੋਟੀਆਂ ਤੋਂ ਪੱਥਰ ਲੈ ਕੇ ਗਏ ਸਨ, ਜਿਸ ਕਾਰਨ ਇਨ੍ਹਾਂ ਚੋਟੀਆਂ ਨੂੰ ਹਿੰਦੂ ਪਵਿੱਤਰ ਮੰਨਦੇ ਸਨ। ਬਾਬਰੀ ਮਸਜਿਦ ਵਿਵਾਦ ਤੋਂ ਪਹਿਲਾਂ ਤੱਕ ਕਿਰਾਨਾ ਹਿੱਲ 'ਤੇ ਹਨੂਮਾਨ ਜੀ ਦਾ ਪ੍ਰਾਚੀਨ ਮੰਦਰ ਚੰਗੀ ਹਾਲਤ ਵਿਚ ਮੌਜੂਦ ਸੀ, ਪਰ ਸੰਨ 1992 'ਚ ਉਪਰੋਕਤ ਵਿਵਾਦ ਦੇ ਚਲਦਿਆਂ ਇਲਾਕੇ ਦੇ ਮੁਸਲਿਮ ਫਸਾਦੀਆਂ ਨੇ ਉਹ ਮੰਦਰ ਗਿਰਾ ਦਿੱਤਾ।
ਗਾਂਜੀ ਬਾਰ : ਦਰਿਆ ਸਤਲੁਜ ਤੋਂ ਬਿਆਸ ਅਤੇ ਦਰਿਆ ਹਕਰਾ ਤੋਂ ਰਾਵੀ ਦੇ ਵਿਚਕਾਰਲੇ ਜੰਗਲੀ ਖੇਤਰ ਨੂੰ ਗ਼ਾਂਜੀ ਬਾਰ ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਜ਼ਿਲ੍ਹਾ ਬਹਾਵਲਪੁਰ ਤੋਂ ਚਿਸ਼ਤੀਆਂ ਤੱਕ ਦਾ ਸਾਰਾ ਇਲਾਕਾ ਇਸੇ ਬਾਰ ਦੇ ਅਧੀਨ ਆਉਂਦਾ ਹੈ। ਪੰਜਾਬੀ ਸਾਹਿਤਕ ਪਰੰਪਰਾ ਦੇ ਮੋਢੀ ਬਾਬਾ ਫਰੀਦ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਸੇ ਬਾਰ ਦੀ ਭੂਮੀ 'ਤੇ ਬਿਤਾਇਆ। ਦੱਸਿਆ ਜਾਂਦਾ ਹੈ ਕਿ ਸਿਕੰਦਰ (ਅਲੈਗਜ਼ੈਂਡਰ) ਨੂੰ ਸਾਂਦਲ ਤੇ ਗ਼ਾਂਜੀ ਬਾਰ ਦੇ ਸੂਰਬੀਰ ਮਲੀਆਂ ਨੇ ਮਾਤ ਦਿੱਤੀ ਸੀ ਅਤੇ ਮੁਲਤਾਨ ਦੇ ਨਜ਼ਦੀਕ ਉਹ ਇਥੋਂ ਦੇ ਮਲੀਆਂ ਦੇ ਘਾਤਕ ਤੀਰ ਨਾਲ ਮਾਰਿਆ ਗਿਆ ਸੀ। ਸੰਨ 1857 ਦੇ ਗ਼ਦਰ ਸਮੇਂ ਈਸਟ ਇੰਡੀਆ ਕੰਪਨੀ ਨਾਲ ਲੋਹਾ ਲੈਣ ਵਾਲਾ ਸ਼ਹੀਦ ਰਾਇ ਅਹਿਮਦ ਨਵਾਜ਼ ਖਰਲ ਖ਼ਾਂ ਵੀ ਇਸੇ ਬਾਰ ਦਾ ਜਾਇਆ ਸੀ।
ਨੀਲੀ ਬਾਰ : ਦਰਿਆ ਰਾਵੀ ਤੇ ਸਤਲੁਜ ਵਿਚਲੇ ਜੰਗਲੀ ਖੇਤਰ ਨੂੰ ਨੀਲੀ ਬਾਰ ਕਿਹਾ ਜਾਂਦਾ ਹੈ। ਇਸ ਬਾਰ ਦਾ ਨਾਂਅ ਸਤਲੁਜ ਦਰਿਆ ਦੇ ਇਥੇ ਵਹਿਣ ਵਾਲੇ ਨੀਲੇ ਰੰਗ ਦੇ ਪਾਣੀ ਤੋਂ ਪਿਆ। ਇਸ ਬਾਰ ਦੀਆਂ ਨੀਲੇ ਰੰਗ ਦੀਆਂ ਮੱਝਾਂ ਪੂਰੇ ਪਾਕਿਸਤਾਨ ਵਿਚ ਮਸ਼ਹੂਰ ਹਨ। ਜ਼ਿਲ੍ਹਾ ਸਾਹਿਵਾਲ, ਓਕਾੜਾ, ਚੀਚਾਵਤਨੀ, ਆਰਿਫ਼ਵਾਲਾ, ਮੁਲਤਾਨ, ਲੋਡਰਾਂ ਤੇ ਜ਼ਿਲ੍ਹਾ ਕਸੂਰ ਦਾ ਇਲਾਕਾ ਇਸੇ ਬਾਰ ਦੀ ਭੂਮੀ 'ਤੇ ਆਬਾਦ ਹੈ। ਇਸ ਬਾਰ ਦੀ ਭੂਮੀ ਬਹੁਤ ਉਪਜਾਊ ਹੈ।
ਜਦੋਂ ਅੰਗਰੇਜ਼ੀ ਹਕੂਮਤ ਸਮੇਂ ਜ਼ਿਲ੍ਹਾ ਮੀਆਂਵਾਲੀ ਵਿਚ ਨਹਿਰਾਂ ਦਾ ਜਾਲ ਵਿਛਾਇਆ ਗਿਆ ਤਾਂ ਝੰਗ, ਸਰਗੋਧਾ, ਮੰਡੀ ਬਹਾਉੱਦੀਨ ਅਤੇ ਮੀਆਂਵਾਲੀ ਦੇ ਨਾਲ ਲਗਦੇ ਜਿਸ ਜੰਗਲੀ ਇਲਾਕਿਆਂ ਵਿਚ ਗੋਂਦਲ ਜਾਤਿ ਦੇ ਜੱਟਾਂ ਨੇ ਕਬਜ਼ਾ ਕਰਕੇ ਆਪਣੀ ਮਲਕੀਅਤ ਅਤੇ ਅਧਿਕਾਰ ਕਾਇਮ ਕੀਤਾ, ਉਸ ਨੂੰ ਗੋਂਦਲ ਬਾਰ ਕਿਹਾ ਜਾਂਦਾ ਹੈ। ਉਪਰੋਕਤ ਬਾਰਾਂ ਤੋਂ ਇਲਾਵਾ ਮੌਜੂਦਾ ਸਮੇਂ ਪਾਕਿਸਤਾਨ ਵਿਚ ਦਰਿਆਵਾਂ ਦੇ ਨਜ਼ਦੀਕ ਕੁਝ ਇਲਾਕੇ ਬਿਆਸ ਬਾਰ, ਜੰਗਲ ਬਾਰ, ਖ਼ਜ਼ਾਨੇ ਦੀ ਬਾਰ, ਰਾਵੀ ਬਾਰ ਅਤੇ ਮੰਨਣ ਦੀ ਬਾਰ ਨਾਂਅ ਨਾਲ ਵੀ ਜਾਣੇ ਜਾਂਦੇ ਹਨ।


-ਅੰਮ੍ਰਿਤਸਰ।
ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
'ਪੈਗੰਬਰ' ਮੇਰੀ ਆਤਮਾ ਵਿਚ ਆਪਣਾ ਆਕਾਰ ਗ੍ਰਹਿਣ ਕਰ ਰਿਹਾ ਹੈ। ਜਦੋਂ ਤੱਕ ਮੈਂ ਉਸ ਨੂੰ ਜਨਮ ਨਹੀਂ ਦੇ ਦਿੰਦਾ, ਉਦੋਂ ਤੱਕ ਮੈਂ ਚੈਨ ਨਾਲ ਜੀਅ ਨਹੀਂ ਸਕਦਾ। ਇਹ ਮੇਰੀ ਸਰਬਉੱਤਮ ਰਚਨਾ ਹੈ। ਇਸ ਨੂੰ ਜਨਮ ਦਿੰਦਿਆਂ-ਦਿੰਦਿਆਂ ਮੈਨੂੰ ਮਰਨਾ ਪ੍ਰਵਾਨ ਹੈ। ਮੀਸ਼ਾ! ਅੱਜ ਤੂੰ ਮੇਰੀ ਸਿਹਤ ਨੂੰ ਲੈ ਕੇ ਏਨਾ ਪ੍ਰੇਸ਼ਾਨ ਕਿਉਂ ਹੈਂ?'
ਮੈਂ ਉਸ ਨੂੰ ਆਪਣੇ ਸੁਪਨੇ ਬਾਰੇ ਦੱਸਿਆ। ਸੁਪਨੇ ਦੀ ਗੱਲ ਸੁਣ ਕੇ ਉਹ ਸੁਪਨਿਆਂ ਬਾਰੇ ਗੱਲਾਂ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਸੁਪਨੇ ਅਤੀਤ, ਵਰਤਮਾਨ ਅਤੇ ਭਵਿੱਖ ਦੀ ਧੁੰਦਲੀ ਜਿਹੀ ਤਸਵੀਰ ਹੀ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਪ੍ਰਗਟ ਕਰਦੇ ਹਨ, ਜਿਨ੍ਹਾਂ ਦੇ ਸਪੱਸ਼ਟ ਅਰਥ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ।
ਮੈਂ ਜਿਬਰਾਨ ਨੂੰ ਆਪਣੇ ਇਕ ਅਜਿਹੇ ਸੁਪਨੇ ਬਾਰੇ ਵਿਸਥਾਰ ਵਿਚ ਦੱਸਿਆ, ਜਿਹੜਾ ਮੈਨੂੰ ਰੂਸ 'ਚ ਆਇਆ ਸੀ। ਇਸ ਸੁਪਨੇ ਨੇ ਮੇਰੀ ਪੂਰੀ ਜ਼ਿੰਦਗੀ ਦੀ ਤਸਵੀਰ ਹੀ ਪੇਸ਼ ਕਰ ਦਿੱਤੀ ਸੀ। ਜਿਬਰਾਨ ਨੇ ਵੀ ਆਪਣਾ ਇਕ ਸੁਪਨਾ ਸੁਣਾਇਆ। ਉਸ ਨੇ ਇਕ ਵਾਰ ਸੁਪਨੇ 'ਚ ਦੇਖਿਆ ਕਿ ਉਹ ਤੇਜ਼-ਤੇਜ਼ ਵਹਿੰਦੇ ਦਰਿਆ ਦੀ ਮੰਝਧਾਰ ਵਿਚ ਫਸ ਗਿਆ ਤੇ ਬੜੀ ਮੁਸ਼ਕਿਲ ਨਾਲ ਦਰਿਆ ਵਿਚਕਾਰ ਇਕ ਚਟਾਨ 'ਤੇ ਚੜ੍ਹ ਕੇ ਉਸ ਨੇ ਆਪਣੀ ਜਾਨ ਬਚਾਈ। ਪਰ ਉਸ ਨੇ ਇਕ ਸੱਪ ਨੂੰ ਜਦੋਂ ਚਟਾਨ 'ਤੇ ਚੜ੍ਹਦਿਆਂ ਦੇਖਿਆ ਤਾਂ ਉਹ ਡਰ ਗਿਆ। ਆਖਰ ਸੱਪ ਚਟਾਨ 'ਤੇ ਖੜ੍ਹ ਗਿਆ ਤੇ ਆਉਂਦਿਆਂ ਹੀ ਉਸ ਨੇ ਜਿਬਰਾਨ ਦੇ ਸਾਰੇ ਸਰੀਰ ਨੂੰ ਜਕੜ ਲਿਆ। ਉਸ ਵੇਲੇ ਜਿਬਰਾਨ ਦੀ ਜਾਗ ਖੁੱਲ੍ਹ ਗਈ।
ਉਸ ਵੇਲੇ ਮੈਂ ਜਿਬਰਾਨ ਦੇ ਇਸ ਸੁਪਨੇ ਨੂੰ ਉਸ ਦੀ ਜ਼ਿੰਦਗੀ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਉਸ ਦੇ ਦਿਹਾਂਤ ਤੋਂ ਬਾਅਦ ਮੈਂ ਉਸ ਦੀ ਜ਼ਿੰਦਗੀ ਨੂੰ ਉਸ ਖੌਫਨਾਕ ਸੁਪਨੇ ਤੋਂ ਨਿਖੇੜ ਕੇ ਦੇਖ ਹੀ ਨਹੀਂ ਸਕਦਾ। ਜਿਬਰਾਨ ਨੇ ਸੱਚਮੁੱਚ ਦੁਨੀਆ ਦੇ ਭਵਸਾਗਰ ਨੂੰ ਪਾਰ ਕਰ ਲਿਆ ਸੀ ਤੇ ਉਹ ਕਿਸੇ ਸਿੱਧ ਪੁਰਖ ਵਾਂਗ ਚਟਾਨ 'ਤੇ ਬੈਠਾ ਸੀ ਪਰ ਉਹ ਵਾਸ਼ਨਾ ਅਤੇ ਪ੍ਰਸਿੱਧੀ ਅਤੇ ਮਾਇਆ ਰੂਪੀ ਸੱਪ ਦੇ ਚੁੰਗਲ ਵਿਚ ਫੇਰ ਵੀ ਜਕੜਿਆ ਰਿਹਾ।
ਉਸੇ ਸਾਲ ਗਰਮੀ ਦੇ ਮੌਸਮ ਵਿਚ ਜਿਬਰਾਨ, ਅਰੀਦਾ, ਅਬਦੁਲ ਹਦਾਦ ਅਤੇ ਮੈਂ ਇਕ ਰਮਣੀਕ ਸਥਾਨ 'ਤੇ ਸੈਰ ਕਰਨ ਲਈ ਗਏ। ਝਰਨਾ ਸੀ, ਰੁੱਖਾਂ ਦੇ ਝੁੰਡ ਤੇ ਪੰਛੀਆਂ ਦੇ ਗੀਤ ਸਨ। ਠੁਮਕ-ਠੁਮਕ ਹਵਾ ਨ੍ਰਿਤ ਕਰ ਰਹੀ ਸੀ। ਇਕ ਨਿੱਕੀ ਪਹਾੜੀ 'ਤੇ ਬਹਿ ਕੇ ਅਸੀਂ ਅੰਗੂਰਾਂ ਦਾ ਅਰਕ ਪੀਤਾ ਤੇ ਖੂਬ ਮੌਜਮਸਤੀ ਕੀਤੀ।
ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਅਰੀਦਾ ਅਤੇ ਹਦਾਦ ਸਾਡੇ ਨਾਲੋਂ ਅੱਗੇ-ਅੱਗੇ ਤੁਰ ਰਹੇ ਸਨ। ਅਚਾਨਕ ਜਿਬਰਾਨ ਤੁਰਦਾ-ਤੁਰਦਾ ਰੁਕ ਗਿਆ ਤੇ ਮੇਰੀ ਬਾਂਹ ਫੜ ਕੇ ਕਹਿਣ ਲੱਗਾ, 'ਮੀਸ਼ਾ! ਮੈਂ ਝੂਠਾ ਅਲਾਰਮ ਹਾਂ।'
15 ਵਰ੍ਹਿਆਂ ਦੌਰਾਨ ਮੈਂ ਜਿਬਰਾਨ ਦੇ ਕਿੰਨੇ ਹੀ ਸੰਵੇਦਨਸ਼ੀਲ ਅਤੇ ਨਾਟਕੀ ਪਲਾਂ ਦਾ ਗਵਾਹ ਰਿਹਾ ਹਾਂ ਪਰ ਇਹ ਸਭ ਤੋਂ ਵੱਧ ਦਿਲ-ਟੁੰਬਵਾਂ ਪਲ ਸੀ। ਅਜਿਹੇ ਸੰਜੀਦਾ ਸ਼ਬਦ ਮੈਂ ਪਹਿਲਾਂ ਉਸ ਦੇ ਮੂੰਹੋਂ ਕਦੇ ਨਹੀਂ ਸਨ ਸੁਣੇ।
ਜਿਬਰਾਨ ਨੇ ਇਹ ਸ਼ਬਦ ਕਿਉਂ ਕਹੇ? ਕੀ ਇਹ ਕੁਦਰਤ ਦੀ ਅਸੀਮ ਪਵਿੱਤਰਤਾ ਸਨਮੁਖ ਉਸ ਦਾ ਇਕਬਾਲਨਾਮਾ ਸੀ? ਸ਼ਾਇਦ ਉਹ ਪਾਕ-ਪਵਿੱਤਰ ਕੁਦਰਤ-ਮਾਂ ਸਾਹਮਣੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਨਹੀਂ ਸਕਿਆ। ਜ਼ਿੰਦਗੀ ਭਰ ਜਿਬਰਾਨ ਨੇ ਆਪਣੀਆਂ ਕਮਜ਼ੋਰੀਆਂ ਨੂੰ ਰੇਸ਼ਮੀ ਲਬਾਦੇ ਵਿਚ ਲੁਕੋ ਕੇ ਰੱਖਿਆ। ਹਰ ਬਦਸੂਰਤੀ ਨੂੰ ਖੂਬਸੂਰਤੀ ਦੇ ਰੰਗਾਂ ਵਿਚ ਚਿਤਰਨ ਕੀਤਾ, ਵਾਸ਼ਨਾ ਦੇ ਆਵੇਸ਼ ਨੂੰ ਪਵਿੱਤਰਤਾ ਦਾ ਜਾਮਾ ਪਹਿਨਾਇਆ। ਸ਼ਾਇਦ ਇਸੇ ਲਈ ਉਸ ਨੇ ਆਪਣੇ-ਆਪ ਨੂੰ 'ਫਾਲਸ ਅਲਾਰਮ' ਕਿਹਾ। ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੀ ਹਿੰਮਤ ਵੀ ਤਾਂ ਜਿਬਰਾਨ ਵਰਗਾ ਮਹਾਂਪੁਰਖ ਹੀ ਕਰ ਸਕਦਾ ਸੀ। ਅਸੀਂ ਸਭ 'ਫਾਲਸ ਅਲਾਰਮ' ਹਾਂ।
ਅਸੀਂ ਜਦੋਂ ਸੜਕ 'ਤੇ ਅੱਪੜੇ ਤਾਂ ਹਨੇਰਾ ਪੈ ਗਿਆ ਸੀ। ਸਾਡੀਆਂ ਗੱਲਾਂ ਦੀ ਰਫ਼ਤਾਰ ਵੀ ਸਾਡੀ ਤੋਰ ਵਾਂਗ ਹੀ ਤੇਜ਼ ਸੀ। ਅਸੀਂ ਗੱਲਾਂ ਕਰ ਰਹੇ ਸੀ, ਉੱਚੀ-ਉੱਚੀ ਹੱਸ ਰਹੇ ਸੀ ਤੇ ਮਸਤੀ ਵਿਚ ਤੁਕਬੰਦੀ ਵੀ ਕਰ ਰਹੇ ਸੀ।
ਵਾਪਸ ਆ ਕੇ ਅਸੀਂ ਫਿਰ ਆਪਣੇ-ਆਪਣੇ ਕੰਮ ਵਿਚ ਰੁੱਝ ਗਏ। ਜਿਬਰਾਨ ਆਪਣੀ ਭੈਣ ਮਾਰਿਆਨਾ ਨੂੰ ਮਿਲਣ ਲਈ ਬੋਸਟਨ ਚਲਾ ਗਿਆ। ਉਹ ਹਰ ਵਰ੍ਹੇ ਗਰਮੀਆਂ ਦੀ ਰੁੱਤ ਵਿਚ ਆਪਣੀ ਭੈਣ ਨੂੰ ਮਿਲਣ ਲਈ ਜ਼ਰੂਰ ਜਾਂਦਾ ਸੀ। ਅਲਵਿਦਾ ਕਹਿੰਦਿਆਂ ਜੋ ਆਖ਼ਰੀ ਗੱਲ ਮੈਂ ਉਸ ਨੂੰ ਕਹੀ ਸੀ, ਉਹ ਇਹ ਸੀ-'ਜਿਬਰਾਨ! ਆਪਣੇ ਦਿਲ ਦਾ ਖਿਆਲ ਰੱਖੀਂ।' (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਾਬਕਾ ਕਮਿਸ਼ਨਰ, ਜਲੰਧਰ। ਮੋਬਾਈਲ : 98551-23499

ਵਿਦੇਸ਼ਾਂ ਵਿਚ ਇਕ ਸਦੀ ਤੋਂ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਹਨ ਸਿੱਖ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕੈਲੇਫੋਰਨੀਆ ਵਿਚ ਸਾਨਫਰਾਂਸਿਸਕੋ ਵਿਖੇ ਗ਼ਦਰ ਪਾਰਟੀ ਦੀ ਹੋਂਦ ਅਤੇ ਇਸ ਦੇ ਸਿੱਖ ਮੈਂਬਰਾਂ ਵੱਲੋਂ ਨੇੜੇ ਹੀ ਸਟਾਕਟਨ ਵਿਖੇ ਪਹਿਲਾ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੋਂ ਹੁਣ ਸੈਕਰਾਮੈਂਟੋ, ਫਰੀਮੌਂਟ, ਫਰਿਜ਼ਨੋ ਅਤੇ ਯੂਬਾ ਸਿਟੀ ਵਿਚ ਝੂਲਦੇ ਕੇਸਰੀ ਨਿਸ਼ਾਨਾਂ ਦੇ ਨਾਲ-ਨਾਲ ਸਪਤਾਹਿਕ ਦੀਵਾਨਾਂ ਵੇਲੇ ਕੇਸਰੀ ਦਸਤਾਰਾਂ ਦੇ ਠਾਠਾਂ ਮਾਰਦੇ ਇਕੱਠ ਅਨੇਕਾਂ ਅਮਰੀਕੀ ਗੋਰੇ ਨਾਗਰਿਕਾਂ ਦੇ ਸਿਰਾਂ ਵਿਚ ਖਲਬਲੀ ਮਚਾਉਂਦੇ ਵੇਖੇ ਜਾਂਦੇ ਹਨ। ਬੀਤੇ ਦਿਨੀਂ ਦਹਿਸ਼ਤਵਾਦ ਵਿਰੋਧੀ ਪ੍ਰਚਾਰ ਦੇ ਨਾਲ-ਨਾਲ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਪਿਛਲੇ ਵਰ੍ਹਿਆਂ ਦੌਰਾਨ ਲੱਖਾਂ ਵਿਦੇਸ਼ੀ ਪ੍ਰਵਾਸੀਆਂ ਦੀ ਆਮਦ ਦੇ ਅੰਕੜਿਆਂ ਨੂੰ ਹਵਾ ਲਵਾ ਕੇ ਆਵਾਸ-ਵਿਰੋਧੀ ਸੋਚ ਵਾਲੇ ਗੋਰਿਆਂ ਦੇ ਵਿਹੜਿਆਂ ਵਿਚ ਬਲਦੀ 'ਤੇ ਤੇਲ ਪਾਇਆ ਗਿਆ ਹੈ, ਜਿਸ ਦਾ ਪ੍ਰਭਾਵ ਅਮਰੀਕਾ ਦੇ ਏਸ਼ੀਆਈ ਆਵਾਸੀਆਂ ਦੇ ਨਾਲ-ਨਾਲ ਘੁੱਗ ਵੱਸਦੇ ਸਿੱਖ ਵਰਗ ਲਈ ਵੀ ਮਾਰੂ ਅਤੇ ਖ਼ਤਰਨਾਕ ਹੋ ਸਕਦਾ ਹੈ।
ਕਤਲ ਅਤੇ ਕਾਤਲਾਨਾ ਵਾਰਦਾਤਾਂ
ਯੂਗਾਂਡਾ ਵਿਚ ਡਿਕਟੇਟਰ ਈਦੀ ਅਮੀਨ ਦੇ ਸਤਾਏ ਭਾਰਤੀ ਪ੍ਰਵਾਸੀ ਜਦੋਂ ਯੁਗਾਂਡਾ, ਕੀਨੀਆ, ਤਨਜ਼ਾਨੀਆ ਆਦਿ ਦੇਸ਼ਾਂ ਵਿਚੋਂ ਆਪਣੇ ਘਰ ਅਤੇ ਕਾਰੋਬਾਰ ਛੱਡ ਕੇ ਹਜ਼ਾਰਾਂ ਦੀ ਗਿਣਤੀ ਵਿਚ ਬਰਤਾਨੀਆ ਪੁੱਜਣ ਲੱਗੇ ਤਾਂ ਇੱਥੇ ਹਾਹਾਕਾਰ ਮੱਚ ਗਈ ਅਤੇ ਨਸਲੀ ਘ੍ਰਿਣਾ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਦੌਰ ਵਿਚ ਪ੍ਰਵਾਸੀ-ਵਿਰੋਧੀ ਨਸਲਵਾਦੀ ਸੋਚ ਨੂੰ ਰਾਜਨੀਤਕ ਟੌਰੀ ਪਾਰਟੀ ਦੀ ਸੱਜੇ-ਪੱਖੀ ਲੀਡਰਸ਼ਿਪ ਨੇ ਆਪਣੇ ਭੜਕਾਊ ਭਾਸ਼ਣਾਂ ਰਾਹੀਂ ਕੌਮੀ ਪੱਧਰ 'ਤੇ ਉਭਾਰਿਆ, ਜਿਸ ਕਾਰਨ ਅਨੇਕਾਂ ਗੁਜਰਾਤੀ, ਪੰਜਾਬੀ ਅਤੇ ਹੋਰ ਆਵਾਸੀਆਂ 'ਤੇ ਨਸਲਵਾਦੀ ਹਮਲੇ ਹੋਣਾ ਆਮ ਜਿਹੀ ਗੱਲ ਬਣ ਗਈ।
2. 1975 ਵਿਚ ਇਕ ਸਿੱਖ ਵਿਦਿਆਰਥੀ ਗੁਰਦੀਪ ਸਿੰਘ ਚੱਘਰ ਦਾ ਸਾਊਥਾਲ ਵਿਚ ਕਤਲ ਹੋਇਆ। ਏਸ਼ੀਆਈ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਪੈਟਰੋਲ ਵਾਲੀਆਂ ਲੀਰਾਂ ਸੁੱਟ ਕੇ ਜਾਂ ਹੋਰ ਢੰਗਾਂ ਨਾਲ ਲੰਡਨ, ਲੈਸਟਰ, ਬਰਮਿੰਘਮ ਅਤੇ ਬਰੈਡਫੋਰਡ ਆਦਿ ਸ਼ਹਿਰਾਂ ਵਿਚ ਅੱਗਾਂ ਲਾਈਆਂ ਗਈਆਂ। ਜੇ 1974 ਤੋਂ 1980 ਤੱਕ ਦੇ ਬਰਤਾਨਵੀ ਅਖ਼ਬਾਰ ਫਰੋਲੇ ਜਾਣ ਤਾਂ ਸੈਂਕੜੇ ਨਸਲੀ ਵਿਤਕਰੇ ਅਤੇ ਵਾਰਦਾਤਾਂ ਗੋਰਾਸ਼ਾਹੀ ਬਰਤਾਨਵੀ ਸਥਾਪਤੀ ਅਤੇ ਸਰਕਾਰ ਵਿਰੁੱਧ ਭੁਗਤ ਰਹੀਆਂ ਹਨ।
2. ਸਲੋਹ ਵਿਖੇ 15 ਸਾਲਾ ਸਿੱਖ ਨੌਜਵਾਨ ਨੂੰ ਤਿੰਨ ਮੁੰਡਿਆਂ ਵੱਲੋਂ ਸਕੂਲ ਦੇ ਨੇੜੇ ਹੀ ਪਾਰਕ ਵਿਚ ਧੂਹ ਕੇ ਲੈ ਜਾਇਆ ਗਿਆ, ਜਿੱਥੇ ਉਸ ਦੀ ਪਗੜੀ ਲਾਹ ਕੇ ਕੇਸ ਕਤਲ ਕੀਤੇ ਗਏ। ਸਥਾਨਕ ਥਾਣੇ ਵਿਚ ਕੇਸ ਦਰਜ ਹੈ।
3. ਮਿਡਲਲੈਂਡ ਵਿਚ ਇਕ ਸਿੱਖ ਵਿਦਿਆਰਥੀ ਹਰ ਰੋਜ਼ ਹਮਜਮਾਤੀਆਂ ਤੋਂ ਨਸਲੀ ਘ੍ਰਿਣਾ ਅਤੇ ਹੱਤਕ-ਭਰਪੂਰ ਤਾਅਨਿਆਂ ਦਾ ਸ਼ਿਕਾਰ ਹੁੰਦਾ ਰਿਹਾ, ਜਿਨ੍ਹਾਂ ਨੂੰ ਉਹ ਹਰ ਰੋਜ਼ ਘਰ ਜਾ ਕੇ ਲਗਾਤਾਰ ਡਾਇਰੀ 'ਤੇ ਦਰਜ ਕਰਦਾ ਰਿਹਾ। ਅਖੀਰ ਇਕ ਦਿਨ ਤੰਗ ਆ ਕੇ ਉਸ ਨੇ ਘਰ ਵਿਚ ਹੀ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਸਾਰੀ ਵਿਥਿਆ ਉਸੇ ਡਾਇਰੀ ਵਿਚ ਲਿਖ ਦਿੱਤੀ ਸੀ।
ਅਮਰੀਕਾ ਵਿਚ ਕੈਲੇਫੋਰਨੀਆ ਦੇ ਯੂਨੀਅਨ ਸਿਟੀ ਹਾਈ ਸਕੂਲ ਦੇ ਇਕ ਸਿੱਖ ਵਿਦਿਆਰਥੀ ਨੂੰ ਉਸ ਦੇ ਹਮਜਮਾਤੀਆਂ ਵੱਲੋਂ ਪਹਿਲਾਂ ਕੁੱਟਿਆ ਗਿਆ ਤੇ ਫਿਰ ਚਿੜਾਅ ਕੇ ਉਸ ਦੀ ਪਗੜੀ ਨੂੰ ਠੁੱਡਿਆਂ ਨਾਲ ਉਛਾਲਿਆ, ਅਤੇ ਉਸੇ ਤਰ੍ਹਾਂ ਵਿਦਿਆਰਥੀ ਦੇ ਠੁੱਡੇ ਮਾਰੇ ਗਏ। ਨਸਲੀ ਘ੍ਰਿਣਾ ਦੇ ਸ਼ਿਕਾਰ ਇਸ ਵਿਦਿਆਰਥੀ ਨੇ ਹੁਣ ਕੇਸ ਕਟਾ ਦਿੱਤੇ ਹਨ ਅਤੇ ਪਗੜੀ ਨੂੰ ਸਦਾ-ਸਦਾ ਲਈ ਤਿਆਗ ਦਿੱਤਾ ਹੈ।
11 ਸਤੰਬਰ 2001 ਦੀਆਂ ਇਸਲਾਮੀ ਹਵਾਈ ਦਹਿਸ਼ਤਵਾਦੀ ਘਟਨਾਵਾਂ ਤੋਂ ਤੁਰੰਤ ਬਾਅਦ ਇਕ ਸਿੱਖ ਬਲਜੀਤ ਸਿੰਘ ਦਾ ਈਰਖਾ ਭਰਪੂਰ ਨਸਲਵਾਦੀ ਕਤਲ ਕੀਤਾ ਗਿਆ।
ਕੈਨੇਡਾ ਵਿਚ ਸਿੱਖ ਵਿਦਿਆਰਥੀ ਆਪਣੀਆਂ ਪੱਗਾਂ ਕਾਰਨ ਲਗਪਗ ਇਕ ਸਦੀ ਪਹਿਲਾਂ ਤੋਂ ਨਸਲਵਾਦੀ ਤਾਅਨੇ ਸਹਿੰਦੇ ਆ ਰਹੇ ਹਨ।
ਇਟਲੀ ਵਿਚ ਗੋਲਫ ਖੇਡ ਦੇ ਪ੍ਰਸਿੱਧ ਅੰਤਰਰਾਸ਼ਟਰੀ ਕੋਚ ਸ: ਅੰਮ੍ਰਿਤਇੰਦਰ ਸਿੰਘ ਨੂੰ ਮਿਲਾਨ ਦੇ ਹਵਾਈ ਅੱਡੇ 'ਤੇ ਦੋ ਵਾਰ ਰੋਕ ਕੇ ਅਤੇ ਕਥਿਤ ਤੌਰ 'ਤੇ ਪਗੜੀ ਲਾਹ ਕੇ ਪ੍ਰੇਸ਼ਾਨ ਅਤੇ ਬੇਇੱਜ਼ਤ ਕੀਤਾ ਗਿਆ ਹੈ।
ਇਸੇ ਤਰਾਂ ਅਮਰੀਕਾ ਅਤੇ ਯੂਰਪ ਵਿਚ ਅਣਗਿਣਤ ਥਾਵਾਂ 'ਤੇ ਨਾਮਵਰ ਸਿੱਖਾਂ ਨੂੰ ਮੁਸਲਮਾਨਾਂ ਅਤੇ ਮੌਲਵੀਆਂ ਵਾਂਗ ਰੋਕਿਆ ਅਤੇ ਟੋਕਿਆ ਜਾਂਦਾ ਹੈ। ਉਨ੍ਹਾਂ ਦੀਆਂ ਪਗੜੀਆਂ ਅਤੇ ਬੂਟ ਲਾਹ ਕੇ ਤਲਾਸ਼ੀ ਲਈ ਜਾਂਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਟੈਲੀਫ਼ੋਨ : 07903-190 838
Email : shergill@journalist.com

ਸ਼ਬਦ ਵਿਚਾਰ

ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ॥

ਸਿਰੀਰਾਗੁ ਮਹਲਾ ੩
ਕਿਰਪਾ ਕਰੇ ਗੁਰੁ ਪਾਈਐ
ਹਰਿ ਨਾਮੋ ਦੇਇ ਦ੍ਰਿੜਾਇ॥
ਬਿਨੁ ਗੁਰ ਕਿਨੈ ਨ ਪਾਇਓ
ਬਿਰਥਾ ਜਨਮੁ ਗਵਾਇ॥
ਮਨਮੁਖ ਕਰਮ ਕਮਾਵਣੇ
ਦਰਗਹ ਮਿਲੈ ਸਜਾਇ॥ ੧॥
ਮਨ ਰੇ ਦੂਜਾ ਭਾਉ ਚੁਕਾਇ॥
ਅੰਤਰਿ ਤੇਰੈ ਹਰਿ ਵਸੈ
ਗੁਰ ਸੇਵਾ ਸੁਖੁ ਪਾਇ॥ ੧॥ ਰਹਾਉ॥
ਸਚੁ ਬਾਣੀ ਸਚੁ ਸਬਦੁ ਹੈ
ਜਾ ਸਚਿ ਧਰੇ ਪਿਆਰੁ॥
ਹਰਿ ਕਾ ਨਾਮੁ ਮਨਿ ਵਸੈ
ਹਉਮੈ ਕ੍ਰੋਧੁ ਨਿਵਾਰਿ॥
ਮਨਿ ਨਿਰਮਲ ਨਾਮੁ ਧਿਆਈਐ
ਤਾ ਪਾਏ ਮੋਖ ਦੁਆਰੁ॥ ੨॥
ਹਉਮੈ ਵਿਚਿ ਜਗੁ ਬਿਨਸਦਾ
ਮਰਿ ਜੰਮੈ ਆਵੈ ਜਾਇ॥
ਮਨਮੁਖ ਸਬਦੁ ਨ ਜਾਣਨੀ
ਜਾਸਨਿ ਪਤਿ ਗਵਾਇ॥
ਗੁਰ ਸੇਵਾ ਨਾਉ ਪਾਈਐ
ਸਚੇ ਰਹੈ ਸਮਾਇ॥ ੩॥
ਸਬਦਿ ਮੰਨਿਐ ਗੁਰੁ ਪਾਈਐ
ਵਿਚਹੁ ਆਪੁ ਗਵਾਇ॥
ਅਨਦਿਨੁ ਭਗਤਿ ਕਰੇ ਸਦਾ
ਸਾਚੇ ਕੀ ਲਿਵ ਲਾਇ॥
ਨਾਮੁ ਪਦਾਰਥੁ ਮਨਿ ਵਸਿਆ
ਨਾਨਕ ਸਹਜਿ ਸਮਾਇ॥ ੪॥ ੧੯॥ ੫੨॥
(ਅੰਗ 33-34)
ਪਦ ਅਰਥ : ਕਿਰਪਾ ਕਰੇ-ਜੇਕਰ ਪ੍ਰਭੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੁ ਪਾਈਐ-ਗੁਰੂ ਮਿਲ ਪੈਂਦਾ ਹੈ। ਹਰਿ ਨਾਮੋ-ਪ੍ਰਭੂ ਦੇ ਨਾਮ ਨੂੰ। ਦੇਇ ਦ੍ਰਿੜਾਇ-ਦ੍ਰਿੜਾ ਦਿੰਦਾ ਹੈ, ਪੱਕਾ ਕਰ ਦਿੰਦਾ ਹੈ। ਦਰਗਹ-ਪ੍ਰਭੂ ਦੀ ਦਰਗਾਹ ਵਿਚ। ਦੂਜਾ ਭਾਉ-ਇਕ ਪ੍ਰਭੂ ਤੋਂ ਬਿਨਾਂ ਮਾਇਆ ਨਾਲ ਪਿਆਰ। ਚੁਕਾਇ-ਦੂਰ ਕਰ। ਅੰਤਰਿ ਤੇਰੈ-ਤੇਰੇ ਅੰਦਰ। ਨਿਵਾਰਿ-ਦੂਰ ਕਰਕੇ। ਮੋਖ ਦੁਆਰੁ-ਮੁਕਤੀ ਦਾ ਦਰ।
ਬਿਨਸਦਾ-ਆਤਮਿਕ ਮੌਤੇ ਮਰਦਾ ਰਹਿੰਦਾ ਹੈ। ਮਰਿ ਜੰਮੈ-ਮਰਦਾ ਤੇ ਜੰਮਦਾ ਰਹਿੰਦਾ ਹੈ। ਆਵੈ ਜਾਇ-ਮਰਨ ਜਨਮ ਅਰਥਾਤ ਚੌਰਾਸੀ ਦੇ ਗੇੜ ਵਿਚ ਪਿਆ ਰਹਿੰਦਾ ਹੈ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਬਦੁ ਨ ਜਾਣਨੀ-ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਹੁੰਦੀ, ਕਦਰ ਨਹੀਂ ਕਰਦੇ। ਜਾਸਨਿ-ਜਾਣਗੇ। ਪਤਿ-ਇੱਜ਼ਤ ਆਬਰੂ। ਸਮਾਇ-ਸਮਾਇਆ ਰਹਿੰਦਾ ਹੈ, ਲੀਨ ਰਹਿੰਦਾ ਹੈ।
ਆਪਿ ਗਵਾਇ-ਆਪ ਭਾਵ (ਹਉਮੈ) ਗਵਾ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਅਨਦਿਨੁ-ਦਿਨ ਰਾਤ, ਹਰ ਵੇਲੇ। ਭਗਤਿ-ਭਗਤੀ। ਸਹਜਿ ਸਮਾਇ-ਸਹਿਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਗੁਰ ਸ਼ਬਦ ਦਾ ਸਿਧਾਂਤ ਤਾਂ ਪਹਿਲੇ ਜਾਮੇ ਵਿਚ ਹੀ ਪ੍ਰਚਲਤ ਹੋ ਗਿਆ ਸੀ, ਜਦੋਂ ਗੁਰੂ ਬਾਬੇ ਨੂੰ ਸਿੱਧਾਂ ਵੱਲੋਂ ਪ੍ਰਸ਼ਨ ਕੀਤਾ ਗਿਆ ਸੀ ਕਿ ਤੁਸੀਂ ਕਿਸ ਦੇ ਚੇਲੇ ਹੋ?
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥
(ਰਾਮਕਲੀ ਮਹਲਾ ੧, ਸਿਧ ਗੋਸਟਿ) ਅੰਗ 942
ਤਾਂ ਗੁਰਦੇਵ ਨੇ ਅੱਗੋਂ ਉੱਤਰ ਦਿੱਤਾ ਸੀ-
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਅੰਗ 943)
ਭਾਵ ਸ਼ਬਦ ਮੇਰਾ ਗੁਰੂ ਹੈ ਅਤੇ ਮੇਰੀ ਸੁਰਤ ਦਾ ਟਿਕਾਉ ਉਸ ਗੁਰੂ ਦਾ ਚੇਲਾ (ਸਿੱਖ) ਹੈ।
ਇਸੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਦੇ ਇਸ ਗਾਡੀ ਰਾਹ 'ਤੇ ਲੋਕਾਈ ਨੂੰ ਤੋਰਨ ਲਈ ਗੁਰੂ ਸਾਹਿਬਾਨ ਨੇ ਗੁਰਬਾਣੀ ਦੁਆਰਾ ਮਨੁੱਖ ਨੂੰ ਆਪੇ ਦਾ ਅਹਿਸਾਸ ਕਰਵਾਇਆ ਕਿ ਗੁਰੂ ਦੀ ਬਾਣੀ ਜੋ ਜੀਵਨ ਮਾਰਗ ਵਿਚ ਚਾਨਣ ਦਾ ਕੰਮ ਕਰਦੀ ਹੈ, ਪਰਮਾਤਮਾ ਦੀ ਮਿਹਰ ਸਦਕਾ ਪ੍ਰਾਣੀ ਦੇ ਮਨ ਵਿਚ ਆ ਵਸਦੀ ਹੈ-
ਗੁਰਬਾਣੀ ਇਸੁ ਜਗ ਮਹਿ ਚਾਨਣੁ
ਕਰਮਿ ਵਸੈ ਮਨਿ ਆਏ॥
(ਸਿਰੀਰਾਗੁ ਮਹਲਾ ੩, ਅੰਗ 67)
ਆਪ ਜੀ ਦੇ ਹੋਰ ਬਚਨ ਹਨ ਕਿ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਪੂਰੇ ਗੁਰੂ ਨੂੰ ਸਾਲਾਹੁਣ ਨਾਲ ਸਹਿਜੇ ਹੀ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ-
ਮਨ ਰੇ ਨਾਮੁ ਜਪਹੁ ਸੁਖੁ ਹੋਇ॥
ਗੁਰੁ ਪੂਰਾ ਸਾਲਾਹੀਐ
ਸਹਜਿ ਮਿਲੈ ਪ੍ਰਭੁ ਸੋਇ॥ ੧॥ ਰਹਾਉ॥
(ਅੰਗ 67)
ਸਹਜਿ-ਸਹਜੇ ਹੀ,
ਆਤਮਿਕ ਅਡੋਲਤਾ।
ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬੇ ਦਾ ਸਲੋਕ ਅੰਕਤ ਹੈ, ਜਿਸ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਸਚੇ (ਪ੍ਰਭੂ) ਦੇ ਗੁਣਾਂ ਬਾਰੇ ਉਸ ਜੀਵ ਨੂੰ ਸੋਝੀ ਪੈਂਦੀ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਵਸ ਜਾਂਦਾ ਹੈ-
ਸਚੁ ਤਾ ਪਰੁ ਜਾਣੀਐ
ਜਾ ਰਿਦੈ ਸਚਾ ਹੋਇ॥
(ਅੰਗ 468)
ਰਿਦੈ-ਹਿਰਦੇ ਵਿਚ।
ਹੁਣ ਮਨ ਅੰਦਰੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਸਰੀਰ ਵੀ ਧੁਲ ਕੇ ਸਵੱਛ ਤੇ ਸਾਫ਼-ਸੁਥਰਾ (ਨਵਾਂ ਨਰੋਆ) ਹੋ ਜਾਂਦਾ ਹੈ-
ਕੂੜੁ ਕੀ ਮਲੁ ਉਤਰੈ
ਤਨੁ ਕਰੇ ਹਛਾ ਧੋਇ॥
(ਅੰਗ 468)
ਆਪ ਜੀ ਦੇ ਹੋਰ ਬਚਨ ਹਨ ਕਿ ਸੱਚੇ ਪ੍ਰਭੂ ਦੀ ਸਮਝ ਉਦੋਂ ਪੈਂਦੀ ਹੈ, ਜਦੋਂ ਮਨੁੱਖ ਸੱਚੇ ਵਿਚ ਪਿਆਰ ਪਾ ਲੈਂਦਾ ਹੈ। ਉਸ ਦੇ ਨਾਮ ਨੂੰ ਸੁਣ ਕੇ ਉਸ ਦੇ ਅੰਦਰਲਾ ਖਿੜਦਾ ਹੈ ਅਤੇ ਪ੍ਰਾਣੀ ਮੁਕਤ ਦੁਆਰ ਨੂੰ ਪ੍ਰਾਪਤ ਹੁੰਦਾ ਹੈ-
ਸਚੁ ਤਾ ਪਰੁ ਜਾਣੀਐ
ਜਾ ਸਚਿ ਧਰੇ ਪਿਆਰੁ॥
ਨਾਉ ਸੁਣਿ ਮਨੁ ਰਹਸੀਐ
ਤਾ ਪਾਏ ਮੋਖ ਦੁਆਰੁ॥ (ਅੰਗ 468)
ਰਹਸੀਐ-ਖਿੜਦਾ ਹੈ।
ਸ਼ਬਦ ਦੇ ਅੱਖਰੀਂ ਅਰਥ : ਪ੍ਰਭੂ ਦੀ ਕਿਰਪਾ ਸਦਕਾ ਗੁਰੂ ਨੂੰ ਪਾਈਦਾ ਹੈ, ਜੋ ਜਗਿਆਸੂ ਦੇ ਮਨ ਅੰਦਰ ਪ੍ਰਭੂ ਦਾ ਨਾਮ ਟਿਕਾਅ ਅਥਵਾ ਪੱਕਾ ਕਰ ਦਿੰਦਾ ਹੈ। ਗੁਰੂ ਤੋਂ ਬਿਨਾਂ ਕਿਸੇ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋਇਆ ਅਤੇ ਜਗਿਆਸੂ ਆਪਣਾ ਮਨੁੱਖਾ ਜਨਮ ਵਿਅਰਥ ਹੀ ਗੁਆ ਲੈਂਦਾ ਹੈ। ਜੋ ਪ੍ਰਾਣੀ ਮਨਮੁਖਾਂ ਵਾਲੇ ਕਰਮ ਕਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਮਿਲਦੀ ਹੈ।
ਹੇ ਭਾਈ (ਆਪਣੇ ਮਨ ਵਿਚੋਂ ਇਕ ਪਰਮਾਤਮਾ ਤੋਂ ਬਿਨਾਂ) ਹੋਰ ਦੂਜੀ ਭਾਵ ਮਾਇਆ ਦਾ ਮੋਹ ਕੱਢ ਦੇ। ਫਿਰ ਤੈਨੂੰ ਇਸ ਗੱਲ ਦੀ ਸੋਝੀ ਪੈ ਜਾਵੇਗੀ ਕਿ ਪਰਮਾਤਮਾ ਤੇਰੇ ਅੰਦਰ ਹੀ ਵਸਦਾ ਹੈ। ਇਸ ਤਰ੍ਹਾਂ ਗੁਰੂ ਦੀ ਸੇਵਾ ਦੁਆਰਾ ਤੈਨੂੰ ਸੁਖ ਪ੍ਰਾਪਤ ਹੋ ਜਾਵੇਗਾ।
ਜਦੋਂ ਮਨੁੱਖ ਸੱਚ ਭਾਵ ਪਰਮਾਤਮਾ ਵਿਚ ਪਿਆਰ ਪਾ ਲੈਂਦਾ ਹੈ ਤਾਂ ਉਸ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਗੁਰੂ ਦੀ ਬਾਣੀ ਅਤੇ ਸ਼ਬਦ ਸਦਾ ਕਾਇਮ ਰਹਿਣ ਵਾਲੇ ਹਨ। ਜਦੋਂ ਪ੍ਰਾਣੀ ਆਪਣੇ ਮਨ ਅੰਦਰਲੀ ਹਉਮੈ ਨੂੰ ਮਾਰ ਲੈਂਦਾ ਹੈ ਤਾਂ ਮਨ ਅੰਦਰ ਨਾਮ ਆ ਵਸਦਾ ਹੈ। ਇਸ ਪ੍ਰਕਾਰ ਮਨ ਨੂੰ ਪਵਿੱਤਰ ਕਰਕੇ ਜੇਕਰ ਨਾਮ ਦਾ ਸਿਮਰਨ ਕਰੀਏ ਤਾਂ ਮੁਕਤ ਦੁਆਰ ਪਾ ਲਈਦਾ ਹੈ, ਭਾਵ ਵਿਕਾਰਾਂ ਤੋਂ ਮੁਕਤ ਹੋ ਜਾਈਦਾ।
ਮੈਂ-ਮੇਰੀ ਵਿਚ ਫਸ ਕੇ ਸੰਸਾਰ ਆਤਮਿਕ ਮੌਤੇ ਮਰਦਾ ਰਹਿੰਦਾ ਹੈ ਅਤੇ ਜਨਮ-ਮਰਨ ਅਰਥਾਤ ਚੌਰਾਸੀ (ਆਵਾਗਵਣ) ਦੇ ਗੇੜ ਵਿਚ ਪਿਆ ਰਹਿੰਦਾ ਹੈ। ਜਿਨ੍ਹਾਂ ਮਨਮੁਖਾਂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ, ਉਹ ਆਪਣੀ ਇੱਜ਼ਤ ਆਬਰੂ ਗੁਆ ਕੇ ਇਥੋਂ ਜਾਂਦੇ ਹਨ ਪਰ ਜਿਨ੍ਹਾਂ ਨੂੰ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਸੱਚੇ (ਪ੍ਰਭੂ) ਵਿਚ ਸਮਾ ਜਾਂਦੇ ਹਨ-
ਆਪਾ ਭਾਵ ਗੁਆ ਕੇ ਅਤੇ ਗੁਰੂ ਦੇ ਸ਼ਬਦ ਵਿਚ ਸ਼ਰਧਾ ਬਣਾਉਣ ਨਾਲ ਹੀ ਸਭਨਾਂ ਦਾ ਗੁਰੂ (ਪਰਮਾਤਮਾ) ਪਾਈਦਾ ਹੈ। ਅਜਿਹੇ ਸਾਧਕ ਹਰ ਵੇਲੇ ਉਸ ਵਿਚ ਲਿਵ ਲਾ ਕੇ ਸਦਾ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ। ਉਨ੍ਹਾਂ ਭਗਤ ਜਨਾਂ ਦੇ ਮਨ ਅੰਦਰ ਫਿਰ ਪਰਮਾਤਮਾ ਦਾ ਅਨਮੋਲ ਨਾਮ ਆ ਵਸਦਾ ਹੈ ਅਤੇ ਉਹ ਆਤਮਿਕ ਅਵਸਥਾ ਵਿਚ ਟਿਕੇ ਰਹਿੰਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਸਿੱਖ ਕੌਮ ਦਾ ਮਾਣਮੱਤਾ ਇਤਿਹਾਸ

(ਵਿਰੋਧੀਆਂ ਦੀ ਨਜ਼ਰ ਵਿਚ)
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ, ਮੁਸਲਮਾਨਾਂ,
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਨਾਲ ਮਹਾਸਤਾ ਈ।
ਸ਼ਾਹ ਮੁਹੰਮਦ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ।
ਮਹਾਰਾਜ ਰਣਜੀਤ ਸਿੰਘ ਤੇ ਪਰਿਵਾਰ ਨੇ ਕਰੀਬ 50 ਸਾਲ ਭਾਰਤ ਦੇ ਵੱਡੇ ਹਿੱਸੇ 'ਤੇ ਰਾਜ ਕੀਤਾ। ਕਵੀ ਲਿਖਦਾ ਹੈ-
'ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ,
ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇਆ ਗਿਆ।
ਸ਼ਾਹ ਮੁਹੰਮਦ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਟਾਮਸ ਮੈਲਕਸ ਅੰਗਰੇਜ਼ ਫੌਜੀ ਜਿਸ ਨੇ ਖ਼ਾਲਸਾ ਫ਼ੌਜ ਵਿਰੁੱਧ 1846 ਈ: ਦੀ ਲੜਾਈ ਵਿਚ ਹਿੱਸਾ ਲਿਆ, ਲਿਖਦਾ ਹੈ ਕਿ ਭਾਰਤੀ ਧਰਮਾਂ ਨਾਲੋਂ ਖ਼ਾਲਸਾ ਭਾਈਚਾਰਾ, ਜਾਤ-ਪਾਤ ਰਹਿਤ ਹੈ ਤੇ ਇਹ ਵੰਡ ਨੂੰ ਕੋਈ ਮਾਨਤਾ ਨਹੀਂ ਦਿੰਦਾ। ਉੱਨੀਵੀਂ ਸਦੀ ਵਿਚ ਵੀ ਸਾਰਾਗੜ੍ਹੀ ਦੀ ਲੜਾਈ 1897 ਈ: ਨੂੰ ਸਿੱਖ ਰੈਜੀਮੈਂਟ ਦੇ ਕੇਵਲ 21 ਜਵਾਨਾਂ ਨੇ 12000 ਅਫ਼ਗਾਨ ਫ਼ੌਜ ਦਾ ਮੁਕਾਬਲਾ ਹੀ ਨਹੀਂ ਕੀਤਾ, ਉਨ੍ਹਾਂ ਨੂੰ ਹਰਾਇਆ ਵੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ 1469 ਈ: ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ-ਜੋਤਿ ਸਮਾਉਣ 1708 ਈ: ਤੱਕ ਦੇ 239 ਸਾਲਾਂ ਦੇ ਸਮੇਂ ਦੌਰਾਨ ਗੁਰੂ ਸਾਹਿਬਾਨ ਵੱਲੋਂ ਫਲਸਫੇ ਤੇ ਜੀਵਤ ਉਦਾਹਰਨਾਂ ਰਾਹੀਂ ਪੇਸ਼ ਕੀਤੇ ਇਤਿਹਾਸ ਦੀ ਗਵਾਹੀ ਉਪਰੰਤ 18ਵੀਂ ਤੇ 19ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਮਹਾਰਾਜ ਰਣਜੀਤ ਸਿੰਘ ਤੱਕ ਦਾ ਇਤਿਹਾਸ ਸਿੱਖ ਧਰਮ ਤੇ ਖ਼ਾਲਸਾ ਪੰਥ ਦੇ ਸੰਤ ਸਿਪਾਹੀ ਆਪਸੀ ਪ੍ਰੇਮ, ਦੂਰਅੰਦੇਸ਼, ਇਕ ਅਕਾਲ ਦੀ ਪੂਜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਵਿਸ਼ਵਾਸ, ਬਹਾਦਰੀ, ਜਾਤ-ਪਾਤ ਰਹਿਤ ਭਾਈਚਾਰੇ, ਸੇਵਾ ਤੇ ਅਨੰਦ ਭਰਪੂਰ, ਕਰਮ ਕਾਂਡ ਰਹਿਤ ਤੇ ਚੜ੍ਹਦੀ ਕਲਾ ਵਾਲੇ ਜੀਵਨ ਦੀ ਕਹਾਣੀ ਹੈ, ਫੇਰ ਕਿਉਂ ਨਾ ਆਪਣੇ ਮੂਲ ਸਿਧਾਂਤਾਂ ਨਾਲ ਜੁੜ ਕੇ, ਆਪਣਾ ਤੇ ਕੌਮ ਦਾ ਭਵਿੱਖ ਉੱਜਲ ਕਰੀਏ। (ਸਮਾਪਤ)


ਮੋਬਾ: 97800-03333
iqbalsingh_73@yahoo.co.in

ਬਰਸੀ 'ਤੇ ਵਿਸ਼ੇਸ਼

ਸੰਤ ਪ੍ਰੀਤਮ ਦਾਸ (ਬਾਬੇ ਜੌੜੇ)

ਪਰਉਪਕਾਰੀ, ਮਹਾਨ ਤਪੱਸਵੀ, ਸ਼ਾਂਤੀ ਦੇ ਪੁੰਜ ਸੰਤ ਪ੍ਰੀਤਮ ਦਾਸ ਦਾ ਜਨਮ ਪਿੰਡ ਭੁੰਗਰਨੀ ਵਿਖੇ ਹੋਇਆ। ਆਪ ਸਾਧੂ ਸੁਭਾਅ ਦੇ ਮਾਲਕ ਸਨ। ਪੰਜਾਬ ਦੇ ਵੱਖ-ਵੱਖ ਗੁਰੂ-ਘਰਾਂ ਵਿਖੇ ਸੰਗਤ ਦੀ ਸੇਵਾ ਕਰਨ ਉਪਰੰਤ ਪੱਕੇ ਤੌਰ 'ਤੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਡੇਰਾ ਬਣਾ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਰਹੇ। ਆਪ 1989 ਵਿਚ ਗੁਰਪਿਆਨਾ ਕਰ ਗਏ। ਸੰਤ ਪ੍ਰੀਤਮ ਦਾਸ ਨੇ ਆਪਣਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਨੂੰ ਬਣਾਇਆ, ਜੋ ਕਿ ਅੱਜਕਲ੍ਹ ਡੇਰੇ ਦੀ ਸਾਂਭ-ਸੰਭਾਲ ਤੋਂ ਇਲਾਵਾ ਸੰਤ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ (ਰਾਏਪੁਰ) ਤੇ ਸ੍ਰੀ ਗੁਰੂ ਰਵਿਦਾਸ ਨੈਸ਼ਨਲ ਪਬਲਿਕ ਸਕੂਲ (ਚੂਹੜਵਾਲੀ) ਵੀ ਚਲਾ ਰਹੇ ਹਨ। ਸੰਤ ਨਿਰਮਲ ਦਾਸ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ:) ਪੰਜਾਬ ਦੇ ਵੀ ਪ੍ਰਧਾਨ ਹਨ। ਹਰੇਕ ਸਾਲ ਹਰਿਦੁਆਰ ਲਈ ਦਮੜੀ ਸ਼ੋਭਾ ਯਾਤਰਾ ਵੀ ਕੱਢਦੇ ਹਨ। ਉਹ ਗ਼ਰੀਬ ਤੇ ਲੋੜਵੰਦਾਂ ਲਈ ਮੁਫ਼ਤ ਅੱਖਾਂ ਦੇ ਕੈਂਪ ਤੇ ਮੁਫ਼ਤ ਡਾਕਟਰੀ ਸਹਾਇਤਾ ਕੈਂਪ ਲਗਾ ਕੇ ਲੋਕਾਂ ਦੀ ਮਦਦ ਕਰਦੇ ਹਨ। ਡੇਰੇ 'ਚ 24 ਘੰਟੇ ਗੁਰਬਾਣੀ ਦੇ ਪ੍ਰਵਾਹ ਤੇ ਸੰਗਤ ਲਈ ਲੰਗਰ ਚਲਦੇ ਹਨ। ਸੰਤ ਨਿਰਮਲ ਦਾਸ ਤੇ ਸੰਗਤ ਦੇ ਸਹਿਯੋਗ ਨਾਲ ਸੰਤ ਪ੍ਰੀਤਮ ਦਾਸ ਦੀ ਬਰਸੀ ਡੇਰਾ ਰਾਏਪੁਰ ਰਸੂਲਪੁਰ (ਬਾਬੇ ਜੌੜੇ) ਵਿਖੇ 16 ਮਈ, ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ।


-ਬੀਰ ਚੰਦ ਸੁਰੀਲਾ,
ਪਿੰਡ ਰੰਧਾਵਾ ਮਸੰਦਾਂ (ਜਲੰਧਰ)। ਮੋਬਾ: 98149-27630

ਇਤਿਹਾਸ 'ਤੇ ਇਕ ਝਾਤ

ਮਹਾਰਾਜਾ ਰਣਜੀਤ ਸਿੰਘ ਲਾਹੌਰ 'ਤੇ ਕਿਵੇਂ ਕਾਬਜ਼ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਹ ਵੀ ਜ਼ਿਕਰਯੋਗ ਹੈ ਕਿ ਇਹ ਕਾਇਮ ਅਲੀ ਜਿਥੋਂ ਦਾ ਬਸ਼ਿੰਦਾ ਸੀ ਉਹ ਪਿੰਡ ਦਾਤੇਵਾਲ ਭਿੰਡਰ ਜੱਟਾਂ ਦਾ ਪਿੰਡ ਸੀ। ਇਥੇ ਭਿੰਡਰ ਜੱਟ ਮੁਸਲਮਾਨ ਵੀ ਸਨ ਤੇ ਸਿੱਖ ਵੀ ਸਨ। ਇਸ ਤੋਂ ਇਲਾਵਾ ਨਾਲ ਲਗਦੇ 15-16 ਪਿੰਡ ਵੀ ਭਿੰਡਰ ਜੱਟਾਂ ਦੇ ਹੀ ਸਨ, ਜਿਨ੍ਹਾਂ ਵਿਚ ਲਾਲਾ ਸੈਦਾਂ, ਕੰਗ, ਭੱਟੀ, ਹਰੋਲੇ ਤੇ ਹੱਲੋਵਾਲ ਆਦਿ (ਇਸ ਪਿੰਡ ਦੀ ਇਕ ਕਹਾਵਤ ਵੀ ਬਣੀ ਏ ਕਿ ਖੁਸਰਾ ਹੱਲੋਵਾਲ ਦਾ ਤੇ ਏਹੋ ਗੱਲ ਭਾਲਦਾ), ਜੀਵਨ ਭਿੰਡਰਾਂ, ਜੀਜੇਵਾਲੀ, ਬਾਠਾਂਵਾਲੀ ਆਦਿ ਸਨ।
ਇਸੇ ਪਿੰਡ ਜੀਜੇਵਾਲੀ ਦਾ ਵਸਨੀਕ ਜਨਾਬ ਸ਼ੌਕਤ ਅਜ਼ੀਜ਼, ਰਾਸ਼ਟਰਪਤੀ ਜਰਨਲ ਮੁਸ਼ੱਰਫ ਰਾਜ ਸਮੇਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ ਅਤੇ ਇਸੇ ਜਨਾਬ ਸ਼ੌਕਤ ਅਲੀ ਦੇ ਵੱਡਕਿਆਂ ਨੇ ਹੀ ਨਾਰੋਵਾਲ ਵਿਚ ਇਕ ਡਿਗਰੀ ਕਾਲਜ ਬਣਾਇਆ ਸੀ ਜਿਸ ਨੂੰ ਜਨਾਬ ਭੁੱਟੋ ਦੀ ਸਰਕਾਰ ਵਲੋਂ ਸਰਕਾਰੀ ਬਣਾ ਦਿੱਤਾ ਗਿਆ ਸੀ ਅਤੇ ਜੀਜੇਵਾਲੀ ਦੇ ਹੀ ਨਾਲ ਲੱਗਦੇ ਇਕ ਹੋਰ ਪਿੰਡ ਕੋਟਲੀ ਮਮੋਲਾ ਦਾ ਮੋਇਨ ਕੁਰੈਸ਼ੀ ਵੀ ਕੁਝ ਸਮਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੀਆਂ 26 ਰਾਣੀਆਂ ਸਨ ਜਿਨ੍ਹਾਂ 'ਚੋਂ 6 ਮੁਸਲਮਾਨ ਸਨ : ਇਹ ਵੀ ਜੱਗ ਜ਼ਾਹਿਰ ਹੈ ਕਿ ਰਾਜੇ ਮਹਾਰਾਜਿਆਂ ਦੀ ਭੁੱਖ ਦੌਲਤਾਂ ਦੇ ਭੰਡਾਰਾਂ ਅਤੇ ਸੁੰਦਰ ਔਰਤਾਂ ਨਾਲ ਸ਼ਾਦੀਆਂ ਕਰਕੇ ਕਦੇ ਪੂਰੀ ਨਹੀਂ ਹੋ ਸਕੀ। ਇਸੇ ਤਰ੍ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਕੁੱਲ 26 ਰਾਣੀਆਂ ਵਿਚੋਂ 6 ਮੁਸਲਮਾਨ ਔਰਤਾਂ ਸਨ। ਜਿਨ੍ਹਾਂ ਵਿਚ ਇਕ ਕੰਜਰੀ ਗੁਲਬਦਨ ਬੇਗ਼ਮ ਸੀ। ਦੱਸਦੇ ਨੇ ਪਈ ਅੰਮ੍ਰਿਤਸਰ ਦੇ ਨੇੜੇ ਰਹਿਣ ਵਾਲੀ ਇਹ ਮੁਸਲਮਾਨ ਔਰਤ ਬਹੁਤ ਸੁੰਦਰ ਨੈਣ-ਨਕਸ਼ਾਂ ਵਾਲੀ ਤੁਆਇਫ ਔਰਤ ਸੀ। ਮਹਾਰਾਜਾ ਸਾਹਿਬ ਨੂੰ ਮੁਜਰਾ (ਨਾਚ ) ਦਿਖਾਉਣ ਆਈ ਪੰਸਦ ਆ ਗਈ ਤੇ ਮਹਾਰਾਜਾ ਸਾਹਿਬ ਨੇ ਉਸ ਨਾਲ ਵੀ ਵਿਆਹ ਕਰਾ ਲਿਆ। ਇਕ ਹੋਰ ਸੀ ਲਾਹੌਰ ਦੇ ਰਹਿਣ ਵਾਲੀ ਮੋਰਾਂ ਰਾਣੀ ਇਸ ਨਾਲ ਵੀ ਮਹਾਰਾਜੇ ਨੇ ਸ਼ਾਦੀ ਕੀਤੀ। ਅੰਮ੍ਰਿਤਸਰ-ਲਾਹੌਰ ਜਰਨੈਲੀ ਸੜਕ ਦੇ ਨਜ਼ਦੀਕ ਅੰਮ੍ਰਿਤਸਰ ਤੋਂ ਕੁਝ ਦੂਰੀ 'ਤੇ ਜਿਹੜਾ ਪੁਲ ਕੰਜਰੀ ਹੈ, ਮਹਾਰਾਜਾ ਸਾਹਿਬ ਦੀ ਇਸ ਰਾਣੀ ਕੰਜਰੀ ਮੋਰਾਂ ਨੇ ਬਣਵਾਇਆ ਸੀ। ਇਨ੍ਹਾਂ ਤੋਂ ਇਲਾਵਾ ਹੋਰ ਸਨ ਤਪੋ ਬੀਬੀ, ਜੰਨਤ ਬੀਬੀ ਤੇ ਗੋਪੇ ਬੀਬੀ ਆਦਿ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਅਨੁਵਾਦ : ਤਰਸੇਮ ਸਿੰਘ ਤਰਾਨਾ
ਪਿੰਡ ਤੇ ਡਾਕ: ਨੌਸ਼ਹਿਰਾ ਮੱਝਾ ਸਿੰਘ, ਜ਼ਿਲ੍ਹਾ ਗੁਰਦਾਸਪੁਰ। ਮੋਬਾ: 94173-43431

1857 ਦੇ ਵਿਦਰੋਹ ਦਾ ਅਧਿਆਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਭਾਰਤੀ ਫੌਜਾਂ ਦਾ ਇਹ ਲਾਮ-ਲਸ਼ਕਰ ਯਮਨਾ ਨਦੀ ਪਾਰ ਕਰਕੇ 11 ਮਈ ਨੂੰ ਦਿੱਲੀ ਪਹੁੰਚ ਗਿਆ। ਅੰਗਰੇਜ਼ ਹਾਕਮਾਂ ਨੇ ਦਿੱਲੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਹਿੰਦੁਸਤਾਨੀ ਫੌਜਾਂ ਦੇ ਨਾਲ ਦਿੱਲੀ ਦੀ ਆਮ ਜਨਤਾ ਵੀ ਵਿਦਰੋਹ ਵਿਚ ਸ਼ਾਮਿਲ ਹੋ ਗਈ। ਹਿੰਦੁਸਤਾਨੀ ਫੌਜਾਂ ਦੇ ਜ਼ਬਰਦਸਤ ਵਿਦਰੋਹ ਅੱਗੇ ਦਿੱਲੀ ਸ਼ਹਿਰ ਦੀ ਫਸੀਲ ਵੀ ਅੜਿੱਕਾ ਨਾ ਬਣ ਸਕੀ। ਹਿੰਦੀ ਫੌਜਾਂ ਨੇ ਲਾਲ ਕਿਲ੍ਹਾ ਘੇਰ ਲਿਆ। ਫੌਜਾਂ ਨੇ ਗੋਰੇ ਅਫਸਰਾਂ ਤੇ ਸਿਪਾਹੀਆਂ ਨੂੰ ਮਾਰ ਕੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਮੁਗਲ ਸਲਤਨਤ ਦੇ ਬਾਦਸ਼ਾਹ 'ਬਹਾਦਰ ਸ਼ਾਹ ਦੂਜੇ' ਨੂੰ ਅੱਧੀ ਰਾਤ ਨੂੰ 21 ਤੋਪਾਂ ਦੀ ਸਲਾਮੀ ਦੇ ਕੇ ਹਿੰਦੁਸਤਾਨ ਦੀ ਰਾਜਗੱਦੀ 'ਤੇ ਬਿਠਾ ਦਿੱਤਾ ਗਿਆ। ਬਾਦਸ਼ਾਹ ਨੇ ਹਾਥੀ 'ਤੇ ਸਵਾਰ ਹੋ ਕੇ ਇਕ ਵੱਡੀ ਬ੍ਰਿਗੇਡ ਦੇ ਨਾਲ ਸ਼ਹਿਰ ਵਿਚ ਸ਼ਾਹੀ ਮਾਰਚ ਕੀਤਾ ਅਤੇ ਢੰਡੋਰਾ ਪਿੱਟ ਕੇ ਲੋਕਾਂ ਨੂੰ ਦੱਸ ਦਿੱਤਾ ਕਿ ਅੰਗਰੇਜ਼ਾਂ ਦਾ ਰਾਜ ਖ਼ਤਮ ਹੋ ਗਿਆ ਹੈ ਤੇ ਹੁਣ ਸਾਡੇ ਦੇਸ਼ 'ਤੇ ਹਿੰਦੁਸਤਾਨੀ ਲੋਕਾਂ ਦਾ ਰਾਜ ਹੈ।
ਦਿੱਲੀ ਦੇ ਸਿੰਘਾਸਨ 'ਤੇ ਬਾਦਸ਼ਾਹ ਨੂੰ ਬਿਠਾਉਣ ਤੋਂ ਬਾਅਦ ਹਿੰਦੁਸਤਾਨੀ ਫੌਜਾਂ ਨੇ ਦੇਸ਼ ਦੇ ਵੱਡੇ ਹਿੱਸੇ 'ਤੇ ਆਪਣੀ ਹਕੂਮਤ ਕਾਇਮ ਕਰ ਲਈ। ਹਿੰਦੁਸਤਾਨੀ ਹਕੂਮਤ ਵਾਲੇ ਇਲਾਕੇ ਸਨ-ਅਲਾਹਾਬਾਦ, ਬਨਾਰਸ, ਪਟਨਾ, ਮੁਜ਼ੱਫਰ ਨਗਰ, ਬੁਲੰਦ ਸ਼ਹਿਰ, ਅਲੀਗੜ੍ਹ, ਸਹਾਰਨਪੁਰ, ਡੇਹਰਾਦੂਨ, ਕਾਨਪੁਰ, ਫਤਹਿਪੁਰ, ਬਾਂਦਾ, ਮੈਨਪੁਰੀ, ਫਾਰੁਖਾਬਾਦ, ਇਟਾਵਾ, ਮਥੁਰਾ, ਆਗਰਾ, ਰਾਹੌਲਖੰਡ, ਆਜ਼ਮਗੜ੍ਹ, ਜੌਨਪੁਰ, ਬਸਤੀ, ਗੋਰਖਪੁਰ, ਫੈਜ਼ਾਬਾਦ, ਸੁਲਤਾਨਪੁਰ, ਰਾਏਬਰੇਲੀ, ਲਖਨਊ, ਗਵਾਲੀਅਰ, ਝਾਂਸੀ, ਇੰਦੌਰ, ਬੁੰਦੇਲਖੰਡ, ਰੇਵਾ, ਮਾਲਵਾ, ਸਾਗਰ, ਨਰਬਦਾ, ਮਹੂ, ਨਸੀਰਾਬਾਦ, ਅਜਮੇਰ, ਮਾਊਂਟਆਬੂ, ਜੱਬਲਪੁਰ, ਕੋਟਾ, ਨਾਗਪੁਰ, ਕੋਹਲਾਪੁਰ, ਧਰਵਾਰ, ਬੈਲਗਾਮ, ਚੰਪਾਰਨ, ਸੰਗੋਲੀ, ਰਾਂਚੀ, ਦਾਨਾਪੁਰ, ਗੋਆ, ਸ਼ਾਹਬਾਦ, ਭਾਗਲਪੁਰ ਆਦਿ।
ਹਿੰਦੁਸਤਾਨੀ ਫੌਜ ਇਕ ਵਾਰ ਤਾਂ ਹਕੂਮਤ ਕਾਇਮ ਕਰਨ ਵਿਚ ਕਾਮਯਾਬ ਹੋ ਗਈ ਪਰ ਬਾਦਸ਼ਾਹ ਦੂਜੇ, ਭਵਿੱਖ ਦਾ ਪ੍ਰੋਗਰਾਮ ਬਣਾਉਣ ਵਿਚ ਅਸਫਲ ਰਹੇ, ਜਿਸ ਕਰਕੇ ਹਿੰਦੁਸਤਾਨੀ ਫੌਜਾਂ ਵਿਚ ਨਿਰਾਸ਼ਾ ਫੈਲਣੀ ਸ਼ੁਰੂ ਹੋ ਗਈ। ਇਸ ਕਮਜ਼ੋਰੀ ਨੂੰ ਅੰਗਰੇਜ਼ਾਂ ਨੇ ਭਾਂਪ ਲਿਆ। ਅੰਗਰੇਜ਼ਾਂ ਨੇ ਸਾਰੇ ਦੇਸ਼ ਵਿਚੋਂ ਤੇ ਖਾਸ ਕਰਕੇ ਪੰਜਾਬ ਦੇ ਰਾਜਿਆਂ ਕੋਲੋਂ ਫੌਜੀ ਮਦਦ ਲੈ ਕੇ 4 ਮਹੀਨੇ ਤੋਂ ਬਾਅਦ ਫਿਰ ਆਪਣੀ ਹਕੂਮਤ ਕਾਇਮ ਕਰ ਲਈ। ਦਿੱਲੀ 'ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ 'ਕੱਲੇ-'ਕੱਲੇ ਰਾਜੇ ਨੂੰ ਹਰਾ ਕੇ ਦੋ ਸਾਲ ਦੇ ਅਰਸੇ ਬਾਅਦ ਸਾਰੇ ਦੇਸ਼ ਨੂੰ ਆਪਣੀ ਗ੍ਰਿਫਤ ਵਿਚ ਮੁੜ ਲੈ ਲਿਆ।
ਦਿੱਲੀ ਦੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਕੇ ਅੰਗਰੇਜ਼ ਹਾਕਮਾਂ ਨੇ ਦਿੱਲੀ ਸ਼ਹਿਰ ਦੇ ਆਮ ਲੋਕਾਂ ਦੀ ਬੇਤਹਾਸ਼ਾ ਲੁੱਟਮਾਰ ਤੇ ਵੁੱਢ-ਟੁੱਕ ਕੀਤੀ। ਇਕੱਲੇ ਦਿੱਲੀ ਸ਼ਹਿਰ ਵਿਚ 27 ਹਜ਼ਾਰ ਤੋਂ ਉੱਪਰ ਮਰਦ, ਔਰਤਾਂ ਅਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਮੌਤ ਦੇ ਘਾਟ ਉਤਾਰਿਆ ਸੀ। ਇਕ ਵਾਰ ਦਿੱਲੀ ਮਨੁੱਖਾਂ ਤੋਂ ਵਾਂਝੀ ਹੋ ਗਈ ਸੀ। ਇਸ ਤੋਂ ਇਲਾਵਾ ਵਿਦਰੋਹ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੇ ਪਿੰਡ ਸਾੜ ਦਿੱਤੇ ਗਏ। ਵਿਦਰੋਹੀ ਸਿਪਾਹੀਆਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਲਿਜਾ ਕੇ ਲੋਕਾਂ ਦੇ ਸਾਹਮਣੇ ਫਾਹੇ ਲਾਇਆ ਗਿਆ। ਔਰਤਾਂ ਨੂੰ ਬੇਪਰਦ ਕਰਕੇ ਸ਼ਰ੍ਹੇਆਮ ਜ਼ਲੀਲ ਕੀਤਾ ਗਿਆ।
1857 ਦੇ ਵਿਦਰੋਹ ਮੌਕੇ ਅੰਗਰੇਜ਼ ਹਾਕਮਾਂ ਨੇ ਪੰਜਾਬ ਦੇ ਅਜਨਾਲਾ ਕਸਬੇ ਵਿਚ ਹਿੰਦੁਸਤਾਨੀ ਸਿਪਾਹੀਆਂ ਨੂੰ ਲੋਕਾਂ ਦੇ ਸਾਹਮਣੇ ਮੌਤ ਦੇ ਘਾਟ ਉਤਾਰਿਆ ਸੀ। ਅੰਗਰੇਜ਼ਾਂ ਨੇ 500 ਦੇ ਕਰੀਬ ਵਿਦਰੋਹੀ ਸਿਪਾਹੀ ਫੜੇ ਅਤੇ 10-10 ਦੀਆਂ ਟੋਲੀਆਂ ਬਣਾ ਕੇ ਲੋਕਾਂ ਦੇ ਸਾਹਮਣੇ ਸਾਰੇ ਸਿਪਾਹੀ ਗੋਲੀਆਂ ਨਾਲ ਭੁੰਨ ਦਿੱਤੇ। ਅੰਗਰੇਜ਼ ਹਾਕਮ ਹਿੰਦੁਸਤਾਨੀ ਸਿਪਾਹੀਆਂ ਦੀਆਂ ਅਧਮੋਈਆਂ ਲਾਸ਼ਾਂ ਨੂੰ ਧੂ-ਧੂ ਕੇ ਇਕ ਖੂਹ ਵਿਚ ਸੁੱਟੀ ਗਏ। ਉੱਤੋਂ ਮਿੱਟੀ ਨਾਲ ਖੂਹ ਪੂਰ ਦਿੱਤਾ ਗਿਆ। ਇਤਿਹਾਸ ਵਿਚ ਉਹ ਥਾਂ 'ਕਾਲਿਆਂ ਵਾਲੇ ਖੂਹ' ਦੇ ਨਾਂਅ ਨਾਲ ਪ੍ਰਸਿੱਧ ਹੈ।
ਗਦਰ ਪਾਰਟੀ ਦੇ ਸੂਰਬੀਰਾਂ ਨੇ 1857 ਦੇ ਗਦਰ ਨੂੰ ਆਪਣਾ ਆਧਾਰ ਮੰਨਿਆ ਅਤੇ ਆਜ਼ਾਦੀ ਦੇ ਸੰਘਰਸ਼ ਦੀ ਲਾਟ ਨੂੰ ਬਲਦਾ ਰੱਖਿਆ। ਨੌਜਵਾਨ ਭਾਰਤ ਸਭਾ, ਹਿੰਦੁਸਤਾਨੀ ਸਮਾਜਵਾਦੀ ਪਰਜਾਤੰਤਰ ਸੰਘ, ਕਿਰਤੀ ਕਿਸਾਨ ਪਾਰਟੀ, ਬੱਬਰ ਅਕਾਲੀ, ਕਮਿਊਨਿਸਟ, ਕਾਂਗਰਸ ਆਦਿ ਜਥੇਬੰਦੀਆਂ ਦੀ ਅਗਵਾਈ ਹੇਠ ਨਿਧੜਕ ਹੋ ਕੇ ਲੋਕਾਂ ਨੇ ਆਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲਿਆ ਅਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਭਾਰਤ ਦੇ ਲੋਕਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਸੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀਆਂ ਹਕੂਮਤਾਂ ਨੇ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਅਤੇ ਸੋਚ ਨੂੰ ਵਿਸਾਰ ਦਿੱਤਾ ਹੈ। ਸ਼ਹਾਦਤਾਂ ਦੇ ਜਾਮ ਪੀਣ ਵਾਲੇ ਦੇਸ਼ ਭਗਤਾਂ ਦੇ ਸੁਪਨੇ ਸਨ ਕਿ ਆਜ਼ਾਦ ਭਾਰਤ ਵਿਚ ਹਰੇਕ ਮਨੁੱਖ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਮਿਲੇਗੀ ਪਰ ਅਫਸੋਸ ਹੈ ਕਿ ਅੱਜ ਸਾਡੇ ਦੇਸ਼ ਦੀ ਵਧੇਰੇ ਵਸੋਂ ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਸੰਤਾਪ ਹੰਢਾਅ ਰਹੀ ਹੈ।
(ਸਮਾਪਤ)


-ਬਾਬਾ ਸੋਹਨ ਸਿੰਘ ਭਕਨਾ ਭਵਨ, 40 ਕੋਰਟ ਰੋਡ, ਅੰਮ੍ਰਿਤਸਰ। ਮੋਬਾ: 98760-78731


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX