ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਫ਼ਿਲਮ ਅੰਕ

ਝਗੜੇ ਨਹੀਂ ਕਰੀਦੇ

ਪ੍ਰਣੀਤੀ ਚੋਪੜਾ

ਗਾਇਕ ਤਾਂ ਕੋਮਲ ਦਿਲ ਹੁੰਦੇ ਹਨ ਪਰ ਪ੍ਰਣੀਤੀ ਚੋਪੜਾ ਤਾਂ ਗਾਇਕਾ ਬਣ ਕੇ ਮਿਠਾਸ ਦੀ ਥਾਂ ਕੌੜੇ ਬੋਲ ਬੋਲਣਾ ਸਿੱਖ ਗਈ ਹੈ। ਜਸਟਿਨ ਬੀਬਰ ਭਾਰਤ ਕੀ ਆਇਆ ਹੀਰੋਇਨਾਂ 'ਚ ਦੌੜ ਲੱਗ ਗਈ ਕਿ ਕਿਹੜੀ ਇਸ ਗਾਇਕ ਨੂੰ ਪ੍ਰਭਾਵਿਤ ਕਰਦੀ ਹੈ। ਪ੍ਰਣੀਤੀ ਨੇ ਸੋਚਿਆ ਕਿ 'ਮੇਰੀ ਪਿਆਰੀ ਬਿੰਦੂ' ਵਾਲਾ ਗੀਤ ਸੁਣ ਕੇ ਉਹ ਜਸਟਿਨ ਦੀਆਂ ਨਜ਼ਰਾਂ ਵਿਚ ਨੰਬਰ ਬਣਾਏਗੀ ਤੇ ਉਧਰ ਸ਼ਰਧਾ ਕਪੂਰ ਦੀ ਸੋਚ ਕਿ 'ਹਾਫ਼ ਗਰਲ ਫਰੈਂਡ' ਦੇ ਗੀਤ ਨਾਲ ਉਹ ਮੇਲਾ ਲੁੱਟ ਲਏਗੀ। ਉਧਰ ਮਜ਼ੇਦਾਰ ਗੱਲ ਇਹ ਹੈ ਕਿ ਜਸਟਿਨ ਬੀਬਰ ਦੇ ਸ਼ੋਅ ਵਿਚ ਪ੍ਰਵੇਸ਼ ਇਕ ਹੀ ਅਭਿਨੇਤਰੀ ਗਾਇਕਾ ਨੂੰ ਮਿਲਣਾ ਸੀ। ਇਸ ਗੱਲ ਨੂੰ ਲੈ ਕੇ ਪ੍ਰਣੀਤੀ ਨੇ ਹਾਏ ਤੌਬਾ ਮਚਾ ਦਿੱਤੀ ਤੇ ਉਹ ਸ਼ਰਧਾ ਕਪੂਰ ਨਾਲ ਲੜ ਪਈ। ਇਸ ਤੋਂ ਪਹਿਲਾਂ 'ਅਫੀਮੀ ਪਿਆਰ' ਗਾਣੇ ਕਾਰਨ ਪ੍ਰਣੀਤੀ ਦੀ ਇਕ ਪੱਤਰਕਾਰ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ। ਅਸਲੀ ਗੱਲ ਇਹ ਹੈ ਕਿ ਪ੍ਰਣੀਤੀ ਚੋਪੜਾ ਦੀ ਫ਼ਿਲਮ 'ਮੇਰੀ ਪਿਆਰੀ ਬਿੰਦੂ' ਬੁਰੀ ਤਰ੍ਹਾਂ ਫਲਾਪ ਰਹੀ ਹੈ ਤੇ ਸਾਰਾ ਮੇਲਾ 'ਬਾਹੂਬਲੀ-2' ਨੇ ਲੁੱਟ ਲਿਆ ਹੈ। ਉਹੀ ਗੁੱਸਾ ਪ੍ਰਣੀਤੀ ਜਿਸ 'ਤੇ ਮਰਜ਼ੀ ਕੱਢ ਰਹੀ ਹੈ। ਸਾਨੀਆ ਮਿਰਜ਼ਾ ਨਾਲ ਪਰੀ ਦਾ ਕਾਫ਼ੀ ਪਿਆਰ ਹੈ ਤੇ ਸਾਨੀਆ ਨੇ ਪਰੀ ਨੂੰ ਸਮਝਾਇਆ ਹੈ ਕਿ ਗੁੱਸਾ ਸਿਹਤ ਲਈ ਚੰਗਾ ਨਹੀਂ ਹੁੰਦਾ ਪਰ ਪਰੀ ਅਜੇ ਤੱਕ ਇਹ ਗੱਲ ਸਮਝ ਨਹੀਂ ਸਕੀ। ਇਕ ਪਾਸੇ ਪਰੀ ਬ੍ਰਾਇਨ ਲਾਰਾ ਜਿਹੇ ਕ੍ਰਿਕਟਰ ਬੱਲੇਬਾਜ਼ ਨੂੰ ਮਿਲਦੀ ਹੈ, ਸ਼ਾਂਤ ਸੁਭਾਅ ਦੀਆਂ ਗੱਲਾਂ ਕਰਦੀ ਹੈ, ਹਰਿਆਣਾ ਸਰਕਾਰ ਦੀ 'ਬੇਟੀ ਬਚਾਓ' ਮੁਹਿੰਮ ਦਾ ਹਿੱਸਾ ਬਣਦੀ ਹੈ ਤੇ ਦੂਸਰੇ ਪਾਸੇ ਰਾਹ ਜਾਂਦੀ ਲੜਾਈ ਮੁੱਲ ਲੈਂਦੀ ਹੈ। ਇਸ ਤਰ੍ਹਾਂ ਪ੍ਰਣੀਤੀ ਨੂੰ ਨਿਰਮਾਤਾ ਸਾਈਨ ਨਹੀਂ ਕਰਨਗੇ। ਪ੍ਰਣੀਤੀ ਚੋਪੜਾ ਤੇ ਪ੍ਰਿਅੰਕਾ ਚੋਪੜਾ ਦੀ ਨਸੀਹਤ ਦਾ ਅਸਰ ਨਹੀਂ।


ਖ਼ਬਰ ਸ਼ੇਅਰ ਕਰੋ

ਨਰਗਿਸ ਫਾਖਰੀ

ਅਕਸ ਸਾਫ਼ ਕਰਨ ਲਈ ਯਤਨ

ਵਿਦੇਸ਼ਣ ਨਰਗਿਸ ਫਾਖਰੀ ਹਮੇਸ਼ਾ ਮਹਿਸੂਸ ਕਰਦੀ ਹੈ ਕਿ ਡਾਇਰੈਕਟਰ ਕਦੇ ਮਾੜੇ-ਚੰਗੇ ਨਹੀਂ ਹੁੰਦੇ, ਬਲਕਿ ਉਹ ਸਦਾ ਹੀ ਚੰਗੇ ਹੁੰਦੇ ਹਨ। ਨਰਗਿਸ ਨੂੰ ਉਤਰਾਅ-ਚੜ੍ਹਾਅ ਭਰੀ ਜ਼ਿੰਦਗੀ 'ਚ ਹਮੇਸ਼ਾ ਹੀ ਮਾਂ ਦਾ ਸਾਥ ਮਿਲਿਆ ਹੈ ਤੇ ਉਸ ਸਾਥ ਨੇ ਹੀ ਉਸ ਨੂੰ ਸ਼ਕਤੀਸ਼ਾਲੀ ਬਣਾਇਆ ਹੈ। ਮਿਸ ਫਾਖਰੀ ਨੂੰ ਇੰਟਰਨੈੱਟ ਨਾਲ ਬਹੁਤ ਹੀ ਲਗਾਓ ਹੈ, ਉਸ ਨੇ ਆਪਣੀ ਇਕ 'ਮੋਬਾਈਲ ਐਪ' ਸ਼ੁਰੂ ਕਰਵਾਈ ਹੈ। ਨਰਗਿਸ ਆਪਣੀ ਇਸ ਐਪਲੀਕੇਸ਼ਨ ਦੁਆਰਾ ਟਵਿੱਟਰ ਤੋਂ ਇਲਾਵਾ ਫੇਸਬੁੱਕ ਇੰਸਟਾਗ੍ਰਾਮ 'ਤੇ ਆਪਣੀਆਂ ਸਮਾਜਿਕ ਸਰਗਰਮੀਆਂ ਆਪਣੇ ਪ੍ਰਸੰਸਕਾਂ ਤੱਕ ਪਹੁੰਚਾ ਰਹੀ ਹੈ। ਬਹੁਤ ਸਾਰੇ ਪ੍ਰਸੰਸਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਇਹ ਨਵੀਂ ਮੋਬਾਈਲ ਐਪ ਉਸ ਨੂੰ ਸਹਾਇਤਾ ਦੇ ਰਹੀ ਹੈ। ਸ਼ੁਰੂ ਤੋਂ ਹੀ ਉਸ ਦੀ ਇਹੀ ਖਾਹਿਸ਼ ਰਹੀ ਹੈ ਕਿ ਉਹ ਇਕ ਚੰਗੀ ਇਨਸਾਨ ਬਣੇ। ਇਕ ਵਿਅਕਤੀ ਬਣ ਹਮੇਸ਼ਾ ਹੀ ਜੀਵਨ ਦਾ ਆਤਮ-ਵਿਸ਼ਲੇਸ਼ਣ 'ਰਾਕਸਟਾਰ' ਫਾਖਰੀ ਕਰਦੀ ਰਹਿੰਦੀ ਹੈ। ਫਰਹਾਨ ਅਖ਼ਤਰ ਨਾਲ ਸਬੰਧਾਂ ਨੂੰ ਲੈ ਕੇ ਲੋਕਾਂ ਤੋਂ ਬੁਰਾ-ਭਲਾ ਅਖਵਾਉਣ ਵਾਲੀ ਨਰਗਿਸ ਫਾਖਰੀ ਨੇ ਪਾਕਿਸਤਾਨ ਦੀ ਇਕ ਫ਼ਿਲਮ ਵੀ ਕੀਤੀ ਹੈ ਤੇ ਉਸ ਦੇ ਕਈ ਚਰਚਿਤ ਵੀਡੀਓ ਵੀ ਵਾਇਰਲ ਹੋਏ ਹਨ। ਹੁਣ ਉਸ ਨੂੰ ਉਮੀਦ ਹੈ ਕਿ ਅੱਗੇ ਵਧਣ ਤੋਂ ਕੋਈ ਵੀ ਉਸ ਨੂੰ ਰੋਕ ਨਹੀਂ ਸਕੇਗਾ। ਮੋਬਾਈਲ ਐਪ ਸ਼ੁਰੂ ਕਰਨ ਦਾ ਅਰਥ ਹੀ ਇਹੀ ਹੈ ਕਿ ਨਰਗਿਸ ਫਾਖਰੀ ਆਪਣੇ ਗੁਆਚ ਰਹੇ ਫ਼ਿਲਮੀ ਅਕਸ ਨੂੰ ਬਹਾਲ ਕਰਨ ਦੇ ਯਤਨਾਂ ਵਿਚ ਹੈ। ਆਪਣੀ ਮਸ਼ਹੂਰੀ ਕਰਨ ਦੇ ਚੱਕਰਾਂ ਵਿਚ ਹੈ। ਫਰਹਾਨ ਤੇ ਵਾਇਰਲ ਵੀਡੀਓਜ਼ ਕਾਰਨ ਹੋਈ ਬਦਨਾਮੀ ਨੂੰ ਢਕਣ ਦੇ ਚੱਕਰਾਂ ਵਿਚ ਹੈ।

ਜੈਕਲਿਨ ਫਰਨਾਂਡਿਜ਼

ਐਵੇਂ ਨਾ ਜਿੰਦੇ ਮਾਣ ਕਰੀਂ

'ਜੁੜਵਾਂ-2' ਦੀ ਸ਼ੂਟਿੰਗ 'ਤੇ ਜੈਕਲਿਨ ਫਰਨਾਂਡਿਜ਼ ਨੇ ਤਾਪਸੀ ਪੰਨੂੰ ਨੂੰ ਭੈਣਾਂ ਜਿਹਾ ਪਿਆਰ ਦੇ ਕੇ ਸਾਬਤ ਕਰ ਦਿਖਾਇਆ ਕਿ ਕੀ ਹੋਇਆ ਜੇ ਉਹ ਵਿਦੇਸ਼ਣ ਹੈ ਪਰ ਰਿਸ਼ਤੇ ਨਿਭਾਉਣ 'ਚ ਉਹ ਭਾਰਤੀਆਂ ਤੋਂ ਵੀ ਅਗਾਂਹ ਹੈ। 'ਡਰਾਈਵ' ਦੀਆਂ ਤਸਵੀਰਾਂ ਵੀ ਜੈਕਲਿਨ ਨੇ ਟਵਿੱਟਰ 'ਤੇ ਜਾਰੀ ਕੀਤੀਆਂ ਹਨ। ਜੈਕੀ ਨੇ 'ਗਰਲ ਪਾਵਰ' ਸਮਾਰੋਹ 'ਚ ਵੀ ਹਿੱਸਾ ਲਿਆ। ਜਸਟਿਨ ਬੀਬਰ ਕੈਨੇਡਾ ਦੇ ਗਾਇਕ ਲਈ ਜੈਕੀ ਨੇ ਖਾਸ ਪਾਰਟੀ ਵੀ ਦਿੱਤੀ ਹੈ। ਜਸਟਿਨ ਬੀਬਰ ਦੇ ਭਾਰਤ ਦੌਰੇ ਦੌਰਾਨ ਜੈਕਲਿਨ ਨੂੰ ਖਾਸ ਜ਼ਿੰਮੇਵਾਰੀ ਬੀਬਰ ਨੇ ਹੀ ਦਿੱਤੀ ਸੀ। ਜੈਕੀ ਨੇ ਮਾਰਲਿਨ ਮੁਨਰੋ ਦੇ ਅੰਦਾਜ਼ 'ਚ ਤਸਵੀਰਾਂ ਖਿਚਵਾਈਆਂ ਹਨ। ਸਲਮਾਨ ਦਾ ਸਾਥ ਹੈ ਤਾਂ ਕੀ ਪ੍ਰਵਾਹ। ਮਾਰਲਿਨ ਮੁਨਰੋ ਬਣਨ ਜਾ ਰਹੀ ਜੈਕਲਿਨ ਫਰਨਾਂਡਿਜ਼ ਦੇ ਪਿਆਰੇ ਸੁਭਾਅ, ਮਿੱਤਰਾਂ ਨਾਲ ਮੋਹ, ਜਸਟਿਨ ਬੀਬਰ ਨਾਲ ਭਾਰਤ ਦੌਰੇ 'ਚ ਹਰ ਤਰ੍ਹਾਂ ਦਾ ਸਹਿਯੋਗ 'ਡਰਾਈਵ', 'ਜੁੜਵਾਂ-2' ਦੀ ਲਗਾਤਾਰ ਸ਼ੂਟਿੰਗ, ਤਾਪਸੀ ਪੰਨੂੰ ਨਾਲ ਪੱਕੀ ਦੋਸਤੀ, ਸਲਮਾਨ ਖਾਨ ਦਾ ਅਸ਼ੀਰਵਾਦ ਗੱਲ ਕੀ, ਹਰ ਤਰਫ਼ ਇਹੀ ਅਫ਼ਸਾਨੇ ਹਨ ਕਿ ਸਭ ਜੈਕਲਿਨ ਦੇ ਦੀਵਾਨੇ ਹਨ। ਸ੍ਰੀਲੰਕਨ ਸੁੰਦਰੀ ਨੇ ਭਾਰਤੀ ਮਨੋਰੰਜਨ ਸਨਅਤ 'ਤੇ ਕਬਜ਼ਾ ਤਾਂ ਕੀਤਾ ਹੀ ਹੈ ਭਾਰਤੀ ਦਿਲਾਂ 'ਤੇ ਵੀ ਲਗਦੈ ਕਬਜ਼ਾ ਕਰ ਲਿਆ ਹੈ।


-ਸੁਖਜੀਤ ਕੌਰ

'ਠੱਗਸ ਆਫ ਹਿੰਦੁਸਤਾਨ' ਵਿਚ ਫਾਤਿਮਾ ਸਨਾ ਸ਼ੇਖ

ਫ਼ਿਲਮ 'ਦੰਗਲ' ਵਿਚ ਆਮਿਰ ਖਾਨ ਦੀ ਪਹਿਲਵਾਨ ਬੇਟੀ ਦੀ ਭੂਮਿਕਾ ਨਿਭਾਅ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਫਾਤਿਮਾ ਸਨਾ ਸ਼ੇਖ ਹੁਣ ਫਿਰ ਇਕ ਵਾਰ ਆਮਿਰ ਖਾਨ ਦੇ ਨਾਲ 'ਠੱਗਸ ਆਫ ਹਿੰਦੁਸਤਾਨ' ਵਿਚ ਵੱਡੇ ਪਰਦੇ 'ਤੇ ਦਿਸੇਗੀ। ਇਸ ਫ਼ਿਲਮ ਦਾ ਨਿਰਮਾਣ ਯਸ਼ ਰਾਜ ਬੈਨਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਵਿਜੇ ਕ੍ਰਿਸ਼ਣਾ ਅਚਾਰਿਆ ਜਿਨ੍ਹਾਂ ਨੇ ਆਮਿਰ ਨੂੰ 'ਧੂਮ-3' ਵਿਚ ਵੀ ਨਿਰਦੇਸ਼ਤ ਕੀਤਾ ਸੀ।
'ਠੱਗਸ ਆਫ ਹਿੰਦੁਸਤਾਨ' ਦੀ ਖ਼ਾਸ ਗੱਲ ਇਹ ਹੈ ਕਿ ਇਸ ਰਾਹੀਂ ਪਹਿਲੀ ਵਾਰ ਆਮਿਰ ਖਾਨ ਅਤੇ ਅਮਿਤਾਭ ਬੱਚਨ ਇਕੱਠੇ ਕੰਮ ਕਰ ਰਹੇ ਹਨ। ਇਹ ਫ਼ਿਲਮ ਅਠ੍ਹਾਰਵੀਂ ਸਦੀ ਦੇ ਭਾਰਤ ਦੀ ਪਿੱਠਭੂਮੀ 'ਤੇ ਆਧਾਰਿਤ ਹੈ।
ਫ਼ਿਲਮ ਵਿਚ ਫਾਤਿਮਾ ਦੀ ਅਹਿਮ ਭੂਮਿਕਾ ਹੈ ਅਤੇ ਇਸ ਕਿਰਦਾਰ ਲਈ ਵਿਜੇ ਕ੍ਰਿਸ਼ਨਾ ਕਈ ਕੁੜੀਆਂ ਦਾ ਸਕਰੀਨ ਟੈਸਟ ਲੈ ਚੁੱਕੇ ਸਨ ਪਰ ਉਨ੍ਹਾਂ ਨੂੰ ਉਸ ਤਰ੍ਹਾਂ ਦੀ ਕੁੜੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਭਾਲ ਕਰ ਰਹੇ ਸਨ। ਆਖਿਰ ਆਮਿਰ ਵੱਲੋਂ ਫਾਤਿਮਾ ਦਾ ਨਾਂਅ ਸੁਝਾਇਆ ਗਿਆ ਅਤੇ ਉਸ ਦਾ ਸਕਰੀਨ ਟੈਸਟ ਲੈ ਕੇ ਫ਼ਿਲਮ ਲਈ ਫਾਈਨਲ ਕਰ ਲਿਆ ਗਿਆ।
ਇਸ ਦੀ ਸ਼ੂਟਿੰਗ ਜੂਨ ਮਹੀਨੇ ਵਿਚ ਸ਼ੁਰੂ ਹੋਵੇਗੀ ਅਤੇ ਇਹ ਦੀਵਾਲੀ 2018 ਦੇ ਸਮੇਂ ਪ੍ਰਦਰਸ਼ਿਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਜੋਸ਼ ਜਵਾਨੀ ਦਾ ਗੌਹਰ ਖ਼ਾਨ

ਚਪੇੜ ਕਾਂਡ ਤੋਂ ਬਾਅਦ ਧਾਰਮਿਕ ਵਿਵਾਦ ਤੇ ਫਿਰ 'ਬਿੱਗ ਬੌਸ-10' ਨੇ ਗੌਹਰ ਖ਼ਾਨ ਨੂੰ ਲਗਾਤਾਰ ਸੁਰਖੀਆਂ ਵਿਚ ਰੱਖਿਆ ਹੈ। ਬਿੱਗ ਬੌਸ-10 'ਤੇ 'ਬਾਨੀ' 'ਚ ਨਵਾਂ ਉਤਸ਼ਾਹ ਹੀ ਗੌਹਰ ਖ਼ਾਨ ਨੇ ਭਰਿਆ ਹੈ। ਇਸ ਵਾਸਤੇ ਇੰਸਟਾਗ੍ਰਾਮ 'ਤੇ ਗੌਹਰ ਨੇ 'ਬਾਨੀ' ਦੀ ਹਿੰਮਤ ਵਧਾਈ ਤੇ ਉਸ ਦੇ ਸਾਥੀ ਰੋਹਨ ਦੀ ਵੀ ਤਾਰੀਫ਼ ਕੀਤੀ ਹੈ। ਸ਼ਾਇਦ ਇਸ ਦਾ ਹੀ ਅਸਰ ਹੈ ਕਿ ਅਨੁਰਾਗ ਕਸ਼ਯਪ ਵੀ ਗੌਹਰ ਤੋਂ ਪ੍ਰਭਾਵਿਤ ਹੋ ਗਿਆ ਹੈ। ਫ਼ਿਲਮ 'ਹਰਾਮਖੋਰ' ਦੀ ਖਾਸ ਘੁੰਡ ਚੁਕਾਈ ਵਿਚ ਅਨੁਰਾਗ ਨੇ ਖਾਸ ਤੌਰ 'ਤੇ ਗੌਹਰ ਖਾਨ ਨੂੰ ਬੁਲਾਇਆ। ਗੌਹਰ ਦੇ ਦਿਨ ਵਧੀਆ ਹਨ। 'ਫੀਵਰ' ਫ਼ਿਲਮ ਤੋਂ ਬਾਅਦ ਵਿਹਲੀ ਗੌਹਰ ਨੇ ਪੈਸੇ ਦੇ ਜ਼ੋਰ 'ਤੇ ਹੀ ਸਹੀ, ਪ੍ਰਚਾਰ ਲਈ ਹਰ ਹੱਥਕੰਡਾ ਅਪਣਾਇਆ ਹੈ। ਕੁਸ਼ਲ ਟੰਡਨ ਨਾਲ ਵੀ ਗੌਹਰ ਖ਼ਾਨ ਦਾ ਪੰਗਾ ਪਿਆ ਹੈ। ਗੌਹਰ ਇਸ ਗੱਲ ਤੋਂ ਪ੍ਰੇਸ਼ਾਨ ਨਹੀਂ, ਗੌਹਰ ਨੂੰ ਅੰਦਰਖਾਤੇ ਇਕ ਵੱਡੇ ਰਾਜਨੀਤਕ ਦਲ ਦਾ ਸਮਰਥਨ ਹਾਸਿਲ ਹੈ। ਯਾਦ ਰਹੇ ਕਿ ਗੌਹਰ ਖਾਨ ਨੇ ਨੋਟਬੰਦੀ ਦੀ ਜ਼ੋਰਦਾਰ ਹਮਾਇਤ ਕੀਤੀ ਸੀ। ਇਸ ਕਾਰਨ ਗੌਹਰ ਨਿੱਕੀ-ਮੋਟੀ ਗੱਲ ਦੀ ਚਿੰਤਾ ਨਹੀਂ ਕਰਦੀ। ਕਦੇ 'ਲਵ ਜੇਹਾਦ' ਕਦੇ ਛੋਟੇ ਕੱਪੜੇ ਪਾਉਣ ਲਈ ਫ਼ਤਵੇ, ਕਦੇ ਚਪੇੜ ਖਾਣੀ ਤੇ ਕਦੇ ਪਿਆਰ ਦੇ ਪੁਰਾਣੇ ਕਿੱਸੇ ਉਭਰਨੇ ਗੌਹਰ ਖਾਨ ਨਾਲ ਲਈ ਆਮ ਜਿਹੀ ਗੱਲ ਰਹੀ ਹੈ। ਗੌਹਰ ਨੇ ਇਨ੍ਹਾਂ ਗੱਲਾਂ ਦੀ ਪ੍ਰਵਾਹ ਕੀਤੇ ਬਗ਼ੈਰ 'ਬਿੱਗ ਬੌਸ-10' 'ਚ 'ਬਾਨੀ' ਦੀ ਹਮਾਇਤ ਕਰਕੇ ਬਾਲੀਵੁੱਡ ਨੂੰ ਸਾਰੇ ਗਿਲੇ-ਸ਼ਿਕਵੇ ਭੁਲਾ ਦਿੱਤੇ ਹਨ। ਗੌਹਰ ਹੋ ਸਕਦਾ ਹੈ ਕਿ ਅਨੁਰਾਗ ਕਸ਼ਯਪ ਦੀ ਨਵੀਂ ਫ਼ਿਲਮ ਕਰੇ। 'ਇੰਡੀਅਨਜ਼ ਸਟਾਰ' ਤੋਂ ਬਾਅਦ 'ਬਿੱਗ ਬੌਸ' ਉਸ ਲਈ ਭਾਗਾਂਵਾਲਾ ਟੀ. ਵੀ. ਸ਼ੋਅ ਰਿਹਾ ਹੈ। ਇਸ ਸ਼ੋਅ ਨੇ ਜੇਤੂ ਦੀ ਕੁਰਸੀ, ਖੂਬ ਪੈਸੇ ਤੇ ਪ੍ਰਚਾਰ ਗੌਹਰ ਨੂੰ ਦਿੱਤਾ ਹੈ। ਸਭ ਠੀਕ ਹੈ ਪਰ 'ਕੂਲ ਹੈਂ ਹਮ-3' ਦੇ ਗੀਤ 'ਜਵਾਨੀ ਲੈ ਡੁੱਬੀ' ਦੀ ਤਰ੍ਹਾਂ ਹੀ ਗੌਹਰ ਦੀ ਜ਼ਿੰਦਗੀ ਹੈ। ਆਪਣੀਆਂ ਹੀ ਗ਼ਲਤੀਆਂ ਤੇ ਜਵਾਨੀ ਦੇ ਜੋਸ਼ ਨੇ ਉਸ ਤੋਂ ਕਈ ਭੁੱਲਾਂ ਕਰਵਾਈਆਂ ਹਨ। ਹੋ ਸਕਦਾ ਹੈ ਗੌਹਰ ਇਸ ਜੋਸ਼ ਕਾਰਨ ਹੀ 'ਬਾਨੀ' ਦੀ ਹਮਾਇਤ 'ਤੇ ਆਈ ਹੈ ਪਰ...।

ਅੱਜ ਹੀਰੋ ਦੇ ਹੱਥ ਵਿਚ ਗਿਟਾਰ ਨਹੀਂ ਹੁੰਦੀ-ਸੰਦੀਪ ਠਾਕੁਰ

ਵਾਇਲਨ ਵਾਦਕ ਸੰਦੀਪ ਠਾਕੁਰ ਦਾ ਫ਼ਿਲਮ ਸੰਗੀਤ ਨਾਲ ਪੁਰਾਣਾ ਸਬੰਧ ਰਿਹਾ ਹੈ। ਉਨ੍ਹਾਂ ਦੇ ਪਿਤਾ ਸੂਰਜ ਸਿੰਘ ਠਾਕੁਰ ਇਕ ਜ਼ਮਾਨੇ ਵਿਚ ਲਕਸ਼ਮੀ ਕਾਂਤ-ਪਿਆਰੇ ਲਾਲ, ਸ਼ੰਕਰ-ਜੈਕਿਸ਼ਨ ਵਰਗੇ ਨਾਮੀ ਫ਼ਿਲਮ ਸੰਗੀਤਕਾਰਾਂ ਲਈ ਵਾਇਲਨ ਵਾਦਨ ਦਾ ਕੰਮ ਕਰਿਆ ਕਰਦੇ ਸਨ ਤੇ ਪੁੱਤਰ ਸੰਦੀਪ ਵੀ ਨਦੀਮ-ਸ਼ਰਵਣ, ਇਸਮਾਈਲ-ਦਰਬਾਰ, ਸਲੀਮ-ਸੁਲੇਮਾਨ, ਮੌਂਟੀ ਸ਼ਰਮਾ ਤੋਂ ਲੈ ਕੇ ਮਿਠੁਨ ਤੇ ਅਮਾਲ ਮਲਿਕ ਲਈ ਵਾਇਲਨ ਵਾਦਨ ਦਾ ਕੰਮ ਕਰ ਚੁੱਕੇ ਹਨ। ਪਿਤਾ ਨੇ ਸਾਰੀ ਉਮਰ ਕੋਰਸ ਸੰਗੀਤਕਾਰ ਦੇ ਤੌਰ 'ਤੇ ਕੰਮ ਕੀਤਾ। ਇਸ ਤਰ੍ਹਾਂ ਦੇ ਸੰਗੀਤਕਾਰਾਂ ਦੀ ਕਮਨਸੀਬੀ ਇਹ ਹੁੰਦੀ ਹੈ ਕਿ ਉਹ ਪ੍ਰਤਿਭਾਵਾਨ ਤਾਂ ਹੁੰਦੇ ਹਨ ਪਰ ਗੁੰਮਨਾਮ ਰਹਿ ਜਾਂਦੇ ਹਨ। ਬਾਲੀਵੁੱਡ ਦੇ ਸੰਗੀਤਕ ਹਲਕਿਆਂ ਤੋਂ ਬਾਹਰ ਉਨ੍ਹਾਂ ਨੂੰ ਕੋਈ ਪਛਾਣਦਾ ਨਹੀਂ ਹੁੰਦਾ। ਪਿਤਾ ਦੀ ਜ਼ਿੰਦਗੀ ਤੋਂ ਸਬਕ ਸਿੱਖ ਕੇ ਹੁਣ ਸੰਦੀਪ ਸੰਗੀਤ ਜਗਤ ਵਿਚ ਆਪਣੀ ਪਛਾਣ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾ ਰਹੇ ਹਨ।
ਆਪਣੇ ਇਸ ਨਿਰਣੇ ਬਾਰੇ ਉਹ ਕਹਿੰਦੇ ਹਨ, 'ਮੈਂ', 'ਰਾਜ਼', 'ਕੁਛ ਕੁਛ ਹੋਤਾ ਹੈ', 'ਮੁਹੱਬਤੇਂ', 'ਏਕ ਵਿਲੇਨ', 'ਦੰਗਲ', 'ਧੋਨੀ' ਸਮੇਤ ਆਮ ਤੌਰ 'ਤੇ ਹਰ ਦੂਜੀ ਫ਼ਿਲਮ ਦੇ ਸੰਗੀਤ ਵਿਚ ਆਪਣਾ ਯੋਗਦਾਨ ਦਿੱਤਾ ਹੈ। ਮੈਂ ਵਾਇਲਨ ਵਾਦਕ ਹਾਂ ਅਤੇ ਫ਼ਿਲਮ ਦੇ ਭਾਵੁਕ ਦ੍ਰਿਸ਼ਾਂ ਵਿਚ ਵਾਇਲਨ ਦੀ ਵਰਤੋਂ ਨੂੰ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ। ਫ਼ਿਲਮ ਸੰਗੀਤ ਲਈ ਮੈਂ ਕੰਮ ਤਾਂ ਬਹੁਤ ਕੀਤਾ ਪਰ ਹੁਣ ਮੈਂ ਸੁਤੰਤਰ ਸੰਗੀਤਕਾਰ ਦੇ ਤੌਰ 'ਤੇ ਆਪਣੀ ਪਛਾਣ ਬਣਾਉਣਾ ਚਾਹੁੰਦਾ ਹਾਂ।'
ਉਹ ਖ਼ੁਦ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਰਾਹ ਸੌਖੀ ਨਹੀਂ ਹੈ। ਇਸ ਬਾਰੇ ਉਹ ਕਹਿੰਦੇ ਹਨ, 'ਇਕ ਜ਼ਮਾਨੇ ਵਿਚ ਫ਼ਿਲਮ ਦੀ ਨਾਮਾਵਲੀ ਵਿਚ ਮਿਊਜ਼ਿਕ ਡਾਇਰੈਕਟਰ ਪੜ੍ਹਨ ਨੂੰ ਮਿਲਦਾ ਸੀ। ਅੱਜ ਮਿਊਜ਼ਿਕ ਡਿਜ਼ਾਈਨਰ ਤੇ ਇਸ ਤਰ੍ਹਾਂ ਦੇ ਕੁਝ ਹੋਰ ਨਾਂਅ ਪੜ੍ਹਨ ਨੂੰ ਮਿਲਦੇ ਹਨ। ਅੱਜ ਇਕ ਫ਼ਿਲਮ ਵਿਚ ਤਿੰਨ-ਚਾਰ ਸੰਗੀਤਕਾਰਾਂ ਦਾ ਹੋਣਾ ਆਮ ਗੱਲ ਹੈ। ਇਸ ਤਰ੍ਹਾਂ ਕਿਸੇ ਸੰਗੀਤਕਾਰ ਦੀ ਆਪਣੀ ਵੱਖਰੀ ਪਛਾਣ ਬਣ ਸਕਣੀ ਬਹੁਤ ਮੁਸ਼ਕਿਲ ਹੈ। ਪਰ ਮੈਨੂੰ ਆਪਣੀ ਪ੍ਰਤਿਭਾ 'ਤੇ ਵਿਸ਼ਵਾਸ ਹੈ। ਅੱਜ ਹਿੰਦੀ ਫ਼ਿਲਮਾਂ ਵਿਚ ਨਵੇਂ-ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਮਿਊਜ਼ੀਕਲ ਫ਼ਿਲਮਾਂ ਦਾ ਦੌਰ ਨਹੀਂ ਰਿਹਾ। ਅੱਜ ਹੀਰੋ ਦੇ ਹੱਥ ਵਿਚ ਗਿਟਾਰ ਨਹੀਂ ਹੁੰਦੀ। ਇਸ ਤਰ੍ਹਾਂ ਸੰਗੀਤ ਦੀਆਂ ਸੰਭਾਵਨਾਵਾਂ ਘੱਟ ਰਹਿ ਜਾਂਦੀਆਂ ਹਨ। ਪਰ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਕਦੀ ਮੈਨੂੰ ਮੌਕਾ ਮਿਲੇਗਾ ਮੈਂ ਕੰਨਾਂ ਨੂੰ ਮਧੁਰ ਲੱਗਣ ਵਾਲੀਆਂ ਤੇ ਯਾਦਗਾਰ ਧੁਨਾਂ ਦੇਵਾਂਗਾ।
ਸੰਦੀਪ ਅਨੁਸਾਰ ਅੱਜ ਯੂ-ਟਿਊਬ ਨੇ ਵੀ ਸੰਗੀਤ ਦੇ ਮਾਹੌਲ ਨੂੰ ਵਿਗਾੜ ਦਿੱਤਾ ਹੈ। ਹਰ ਦੂਜਾ ਆਦਮੀ ਗਾਇਕ ਜਾਂ ਸੰਗੀਤਕਾਰ ਬਣ ਗਿਆ ਹੈ ਅਤੇ ਆਪਣੀਆਂ ਰਚਨਾਵਾਂ ਅਪਲੋਡ ਕਰ ਰਿਹਾ ਹੈ। ਲੋਕਾਂ ਨੂੰ ਚੰਗਾ ਸੰਗੀਤ ਦੇਣ ਲਈ ਸੰਦੀਪ ਨੇ ਯੂ-ਟਿਊਬ 'ਤੇ ਆਪਣਾ ਚੈਨਲ ਸ਼ੁਰੂ ਕੀਤਾ ਹੈ ਅਤੇ ਉਹ ਦੇਸ਼-ਵਿਦੇਸ਼ ਵਿਚ ਸ਼ੋਅ ਵੀ ਪੇਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਚੈਨਲ 'ਤੇ ਉਨ੍ਹਾਂ ਦਾ ਹੁਨਰ ਦੇਖ ਕੇ ਹੁਣ ਨਿਰਮਾਤਾ ਸੰਦੀਪ ਦੇ ਕੋਲ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਲੈ ਕੇ ਆਉਣ ਲੱਗੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਉਹ ਵਾਇਲਨ ਵਾਦਕ ਦੇ ਤੌਰ 'ਤੇ ਨਹੀਂ ਸਗੋਂ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਪਛਾਣੇ ਜਾਣਗੇ।


-ਮੁੰਬਈ ਪ੍ਰਤੀਨਿਧ

ਸਚਿਨ ਤੇਂਦੁਲਕਰ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਸਚਿਨ ਏ ਬਿਲੀਅਨ ਡ੍ਰੀਮਜ਼'

ਬਾਇਓਪਿਕ ਦੇ ਹਾਲੀਆ ਦੌਰ ਵਿਚ ਹੁਣ ਜਦੋਂ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਤੇ ਅਜ਼ਹਰ 'ਤੇ ਫ਼ਿਲਮਾਂ ਬਣ ਗਈਆਂ ਹਨ ਤੇ ਭਲਾ ਸਚਿਨ ਤੇਂਦੁਲਕਰ ਕਿਉਂ ਪਿੱਛੇ ਰਹੇ। ਆਖਿਰ ਉਹ ਤਾਂ ਕ੍ਰਿਕਟ ਦੇ ਭਗਵਾਨ ਮੰਨੇ ਜਾਂਦੇ ਰਹੇ ਹਨ। ਕ੍ਰਿਕਟ ਰਿਕਾਰਡ ਦੇ ਸ਼ਹਿਨਸ਼ਾਹ ਸਚਿਨ ਦੀ ਜ਼ਿੰਦਗੀ 'ਤੇ ਹੁਣ ਨਿਰਦੇਸ਼ਕ ਜੈਮਸ ਅਰਸਕਿਨ ਨੇ 'ਸਚਿਨ-ਏ ਬਿਲੀਅਨ ਡ੍ਰੀਮਜ਼' ਬਣਾਈ ਹੈ। ਇਸ ਨੂੰ ਫੀਚਰ ਫ਼ਿਲਮ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਇਥੇ ਸਚਿਨ ਦੇ ਜੀਵਨ ਪ੍ਰਸੰਗਾਂ ਨੂੰ ਕਹਾਣੀ ਵਿਚ ਪਿਰੋ ਕੇ ਪੇਸ਼ ਕੀਤਾ ਗਿਆ ਹੈ। ਇਥੇ ਖ਼ੁਦ ਸਚਿਨ ਨੇ ਆਪਣੇ ਮੂੰਹ ਤੋਂ ਆਪਣੀ ਜ਼ਿੰਦਗੀ ਦੀਆਂ ਕਈ ਗੱਲਾਂ ਕਹੀਆਂ ਹਨ। ਨਾਲ ਹੀ ਨਾਮੀ ਹਸਤੀਆਂ ਦੇ ਇੰਟਰਵਿਊ ਵੀ ਇਸ ਵਿਚ ਸ਼ਾਮਿਲ ਹਨ। ਸਚਿਨ ਦੀ ਪਤਨੀ ਅੰਜਲੀ ਨੇ ਇਸ ਵਿਚ ਸਚਿਨ ਦੇ ਕ੍ਰਿਕਟ ਪ੍ਰੇਮ ਦੀਆਂ ਗੱਲਾਂ ਕੀਤੀਆਂ ਹਨ ਤੇ ਐਮ. ਐਸ. ਧੋਨੀ ਤੇ ਵਰਿੰਦਰ ਸਹਿਵਾਗ ਨੇ ਵੀ ਸਚਿਨ ਬਾਰੇ ਆਪਣੀਆਂ ਗੱਲਾਂ ਕਹੀਆਂ ਹਨ। ਫ਼ਿਲਮ ਵਿਚ ਸਚਿਨ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ਕਿ ਜਦੋਂ ਭਾਰਤ ਨੇ 1983 ਵਿਚ ਵਿਸ਼ਵ ਕੱਪ ਜਿੱਤਿਆ ਸੀ, ਉਦੋਂ ਉਹ ਦਸ ਸਾਲ ਦੇ ਸਨ ਅਤੇ ਉਦੋਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਵੱਡੇ ਹੋ ਕੇ ਜਦੋਂ ਉਹ ਕ੍ਰਿਕਟ ਖਿਡਾਰੀ ਬਣੇਗਾ ਤਾਂ ਭਾਰਤ ਨੂੰ ਜ਼ਰੂਰ ਵਿਸ਼ਵ ਕੱਪ ਜਿਤਾਏਗਾ। ਉਨ੍ਹਾਂ ਦਾ ਇਹ ਸੁਪਨਾ ਬਾਅਦ ਵਿਚ ਪੂਰਾ ਵੀ ਹੋਇਆ।
ਆਪਣੀ ਇਸ ਫ਼ਿਲਮ ਬਾਰੇ ਸਚਿਨ ਕਹਿੰਦੇ ਹਨ, 'ਮੇਰੀ ਇਮੇਜ ਪ੍ਰਾਈਵੇਟ ਪਰਸਨ ਦੀ ਰਹੀ ਹੈ। ਮੇਰੇ ਬਾਰੇ ਇਹ ਮਸ਼ਹੂਰ ਹੈ ਕਿ ਮੈਂ ਆਪਣੀਆਂ ਨਿੱਜੀ ਗੱਲਾਂ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਪਸੰਦ ਨਹੀਂ ਕਰਦਾ। ਮੈਨੂੰ ਕਈ ਮਿੱਤਰਾਂ ਨੇ ਕਿਹਾ ਕਿ ਲੋਕ ਮੇਰੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਨ। ਲੋਕਾਂ ਦੀ ਇੱਛਾ ਦਾ ਸਨਮਾਨ ਕਰਨ ਲਈ ਇਹ ਫ਼ਿਲਮ ਬਣਾਈ ਗਈ ਹੈ ਅਤੇ ਉਮੀਦ ਹੈ ਕਿ ਇਹ ਫ਼ਿਲਮ ਦੇਸ਼ ਦੇ ਨੌਜਵਾਨਾਂ ਨੂੰ ਨਵੀਂ ਪ੍ਰੇਰਣਾ ਦੇਵੇਗੀ। ਮੈਨੂੰ ਲਗਦਾ ਹੈ ਕਿ ਇਸ ਫ਼ਿਲਮ ਜ਼ਰੀਏ ਮੈਂ ਆਪਣੇ ਚਾਹੁਣ ਵਾਲਿਆਂ ਦੇ ਹੋਰ ਨੇੜੇ ਆ ਜਾਵਾਂਗਾ।

'ਲਖਨਊ ਸੈਂਟਰਲ' ਰਾਹੀਂ ਬਾਲੀਵੁੱਡ 'ਚ ਵਾਪਸੀ ਕਰੇਗਾ ਗਿੱਪੀ ਗਰੇਵਾਲ

ਕੈਰੀ ਆਨ ਜੱਟਾ ਰਾਹੀਂ ਆਪਣਾ ਅਦਾਕਾਰੀ ਦਾ ਸਫ਼ਰ ਆਰੰਭ ਕਰਨ ਵਾਲੇ ਗਿੱਪੀ ਗਰੇਵਾਲ ਨੇ ਹਿੰਦੀ ਫ਼ਿਲਮ 'ਸੈਕਿੰਡ ਹੈਂਡ ਹਸਬੈਂਡ' ਰਾਹੀਂ ਬਾਲੀਵੁੱਡ ਵਿਚ ਪੈਰ ਧਰਿਆ ਸੀ, ਪਰ ਉਸ ਦੀ ਪਹਿਲੀ ਹਿੰਦੀ ਫ਼ਿਲਮ ਪੰਜਾਬੀ ਫ਼ਿਲਮਾਂ ਵਾਂਗ ਕਾਮਯਾਬੀ ਦੇ ਝੰਡੇ ਨਾ ਗੱਡ ਸਕੀ ਸੀ। ਗਿੱਪੀ ਗਰੇਵਾਲ ਹਿੰਦੀ ਫ਼ਿਲਮ 'ਲਖਨਊ ਸੈਂਟਰਲ' ਰਾਹੀਂ ਬਾਲੀਵੁੱਡ ਵਿਚ ਮੁੜ ਵਾਪਸੀ ਕਰਨ ਜਾ ਰਿਹਾ ਹੈ।
ਗਿੱਪੀ ਨੇ ਕਿਹਾ ਕਿ ਫ਼ਿਲਮ 'ਲਖਨਊ ਸੈਂਟਰਲ' 5 ਕੈਦੀਆਂ ਦੀ ਕਹਾਣੀ ਹੈ, ਜਿਸ ਵਿਚ 5 ਅਦਾਕਾਰ ਤੇ ਇਕ ਅਦਾਕਾਰ ਲੜਕੀ ਹੈ, ਪਰ ਅਦਾਕਾਰ ਲੜਕੀ ਦਾ 5 ਕੈਦੀਆਂ ਦੇ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ। ਗਿੱਪੀ ਨੇ ਕਿਹਾ ਕਿ ਇਹ ਫ਼ਿਲਮ 15 ਸਤੰਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਹਿੰਦੀ ਫ਼ਿਲਮ ਤੋਂ ਇਲਾਵਾ ਉਸ ਨੇ ਦੱਸਿਆ ਕਿ 'ਕੈਰੀ ਆਨ ਜੱਟਾ 2', 'ਜੱਟ ਦੀ ਪਸੰਦ' ਦੀ ਸ਼ੂਟਿੰਗ ਲਗਪਗ ਹੋ ਚੁੱਕੀ ਹੈ, ਜਦਕਿ ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਗਿੱਪੀ ਨੇ ਕਿਹਾ ਕਿ ਉਸ ਨੇ ਪਹਿਲਾਂ ਗਾਇਕੀ, ਫ਼ਿਰ ਅਦਾਕਾਰੀ, ਉਸ ਤੋਂ ਬਾਅਦ ਨਿਰਦੇਸ਼ਕ, ਨਿਰਮਾਤਾ ਤੇ ਹੁਣ ਲੇਖਕ ਵਜੋਂ ਪੰਜਾਬੀ ਫ਼ਿਲਮ ਉਦਯੋਗ ਵਿਚ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਭਾਵੇਂ ਸਾਰੇ ਕਿਰਦਾਰ ਨਿਭਾਉਣੇ ਚੰਗੇ ਲਗਦੇ ਹਨ, ਪਰ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਨਿਭਾਉਣ ਨਾਲ ਉਸ ਨੂੰ ਵੱਖਰਾ ਸਕੂਨ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਆਪਣੇ ਸਿਹਤ, ਆਪਣੇ ਪਹਿਰਾਵੇ ਤੇ ਆਪਣੇ ਖਾਣ ਪੀਣ 'ਤੇ ਮਾਣ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਹ ਸਮੇਂ-ਸਮੇਂ ਸਿਰ ਵਪਾਰਕ ਫ਼ਿਲਮ ਬਣਾਉਣ ਦੇ ਨਾਲ-ਨਾਲ ਅਰਦਾਸ ਵਰਗੀਆਂ ਸਮਾਜਿਕ ਸਮੱਸਿਆਵਾਂ ਨੂੰ ਬਿਆਨ ਕਰਨ ਵਾਲੀਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਫ਼ਿਲਮਾਂ ਵੀ ਬਣਾਉਂਦੇ ਰਹਿਣਗੇ।
-ਪੁਨੀਤ ਬਾਵਾ,
ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।

ਕਾਮੇਡੀ ਰਾਹੀਂ ਦਰਸ਼ਕਾਂ ਨੂੰ ਮੋਹਿਤ ਕਰਨ ਵਾਲੀ-ਜੈਮੀ ਲੀਵਰ

ਲੰਦਨ ਤੋਂ ਪੜ੍ਹ ਕੇ ਆਈ 'ਜੈਮੀ' ਨੇ ਆਪਣੇ ਪਿਤਾ 'ਜੌਨੀ ਲੀਵਰ' ਨੂੰ ਜਦ ਕਿਹਾ ਕਿ ਉਹ ਭਾਰਤ ਆ ਕੇ ਫ਼ਿਲਮ ਇੰਡਸਟਰੀ 'ਚ ਕਾਮੇਡੀਅਨ ਅਦਾਕਾਰਾ ਦੇ ਤੌਰ 'ਤੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ ਤਾਂ ਜੌਨੀ ਲੀਵਰ ਨੇ ਹਾਂ-ਪੱਖੀ ਸੰਕੇਤ ਦੇ ਦਿੱਤਾ। 'ਜੈਮੀ' ਦੀ ਮਾਂ 'ਸੁਜਾਤਾ' ਨੇ ਉਸ ਨੂੰ ਕਿਹਾ ਕਿ ਇਕ ਕਾਮੇਡੀਅਨ ਜਾਂ ਤਾਂ ਆਪਣੀ ਅਦਾਕਾਰੀ ਰਾਹੀਂ ਅਤੇ ਜਾਂ ਆਪਣੇ ਸਰੀਰਿਕ ਢਾਂਚੇ ਰਾਹੀਂ ਦਰਸ਼ਕਾਂ ਨੂੰ ਹਸਾਉਣ ਦਾ ਯਤਨ ਕਰਦਾ ਹੈ। ਉਹ ਕਿਹੜੀ ਕਾਮੇਡੀ ਕਰਨਾ ਚਾਹੁੰਦੀ ਹੈ? 'ਜੈਮੀ' ਨੂੰ ਇਹ ਗਵਾਰਾ ਨਹੀਂ ਸੀ ਕਿ ਕੋਈ ਉਸ ਦੇ ਸਰੀਰ 'ਤੇ ਹੱਸੇ ਜਦ ਕਿ ਉਹ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਸੀ। ਉਸ ਨੇ ਆਪਣਾ ਭਾਰ ਘਟਾਉਣ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਮਿਹਨਤ ਉਸ ਸਮੇਂ ਰੰਗ ਲਿਆਈ ਜਦ ਉਸ ਨੇ ਆਪਣਾ ਭਾਰ 55 ਕਿੱਲੋ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ । ਇਸ ਤੋਂ ਬਾਅਦ ਜਦ 'ਜੈਮੀ' ਨੇ ਮੁੰਬਈ ਵਿਖੇ ਵੱਖ-ਵੱਖ ਕਲੱਬਾਂ ਰਾਹੀਂ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਤੂਤੀ ਵੱਜਣ ਲੱਗ ਪਈ। ਜਲਦੀ ਹੀ ਉਸ ਦੀ ਐਂਟਰੀ ਸੋਨੀ ਟੀ.ਵੀ. ਦੇ 'ਕਾਮੇਡੀ ਸਰਕਸ' ਸ਼ੋਅ 'ਚ ਹੋ ਗਈ। ਇਸ ਸ਼ੋਅ 'ਚ ਉਸ ਨੇ ਗਾਇਕਾ 'ਆਸ਼ਾ ਭੌਂਸਲੇ' ਦੀ ਮਿਸਕਰੀ ਕੀਤੀ ਤਾਂ ਉਹ ਦਰਸ਼ਕਾਂ ਦੀ ਚਹੇਤੀ ਬਣ ਗਈ। ਬਹੁਤ ਘੱਟ ਲੋਕ ਜਾਣਦੇ ਹਨ ਕਿ 'ਜੈਮੀ' ਗਾਇਕਾ 'ਆਸ਼ਾ ਭੌਂਸਲੇ ' ਦੀ ਫੈਨ ਹੈ ਤੇ ਉਸ ਨੇ ਗੁਰੂ 'ਬੋਰੇ ਖਾਨ' ਤੋਂ ਸੰਗੀਤ ਦੀ ਸਿੱਖਿਆ ਵੀ ਲਈ ਹੈ। 'ਜੈਮੀ' 'ਚ ਇਕ ਚੰਗੀ ਗਾਇਕਾ ਬਣਨ ਦੇ ਸਾਰੇ ਗੁਣ ਹਨ ਪਰ ਉਹ ਕੇਵਲ ਸ਼ੌਕ ਲਈ ਹੀ ਗਾਉਂਦੀ ਹੈ। 'ਜੈਮੀ' 'ਸਟਾਰ ਗਿਲਡ', ਬਿੱਗ ਸਟਾਰ ਇੰਟਰਨੈਸ਼ਨਲ', 'ਸਟਾਰ ਸਕਰੀਨ' ਤੇ ਹੋਰ ਐਵਾਰਡਾਂ ਦੇ ਸਮਾਗਮ ਵੀ ਹੋਸਟ ਕਰ ਚੁੱਕੀ ਹੈ। ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾ ਨਿਰਦੇਸ਼ਕ ਅੱਬਾਸ ਖ਼ਾਨ, ਜਿਨ੍ਹਾਂ ਕਾਮੇਡੀਅਨ 'ਕਪਿਲ ਸ਼ਰਮਾ' ਨੂੰ ਲੈ ਕੇ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਬਣਾਈ, ਨੇ ਉਸ ਨੂੰ ਫ਼ਿਲਮ 'ਚ ਇਕ ਬਾਈ ਦੀ ਭੂਮਿਕਾ ਦਿੱਤੀ। ਇਹ ਕਿਰਦਾਰ 'ਜੈਮੀ' ਲਈ ਵਿਸ਼ੇਸ਼ ਤੌਰ 'ਤੇ ਲਿਖਿਆ ਗਿਆ ਸੀ। 'ਜੈਮੀ' ਭਵਿੱਖ 'ਚ ਫ਼ਿਲਮੀ ਹੀਰੋਇਨ ਬਣਨ ਦੀ ਚਾਹਵਾਨ ਹੈ।


-ਸਿਮਰਨ, ਜਗਰਾਉਂ

ਸ਼ਬਨਮ ਮੌਸੀ 'ਤੇ ਫ਼ਿਲਮਾਇਆ ਗਿਆ ਵਧਾਈ ਗੀਤ

ਉਂਝ ਤਾਂ ਕਿੰਨਰ ਸ਼ਬਨਮ ਮੌਸੀ ਨੇ 'ਅਮਰ ਅਕਬਰ ਐਂਥਨੀ', 'ਜਨਤਾ ਹਵਾਲਦਾਰ', 'ਕੁੰਵਾਰਾ ਬਾਪ' ਸਮੇਤ ਕਈ ਫ਼ਿਲਮਾਂ ਦੇ ਗੀਤਾਂ ਵਿਚ ਠੁਮਕੇ ਲਗਾਏ ਪਰ ਉਨ੍ਹਾਂ ਦੀ ਚਰਚਾ ਉਦੋਂ ਹੋਈ ਜਦੋਂ ਉਹ ਮੱਧ ਪ੍ਰਦੇਸ਼ ਦੇ ਸ਼ਾਹਡੋਲ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੀ। ਬਾਅਦ ਵਿਚ ਉਹ ਫਿਰ ਉਦੋਂ ਚਰਚਾ ਵਿਚ ਆਈ ਜਦੋਂ ਨਿਰਦੇਸ਼ਕ ਯੋਗੇਸ਼ ਭਾਰਦਵਾਜ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਫ਼ਿਲਮ 'ਸ਼ਬਨਮ ਮੌਸੀ' ਬਣਾਈ ਜਿਸ ਵਿਚ ਆਸ਼ੂਤੋਸ਼ ਰਾਣਾ ਨੇ ਮੁੱਖ ਭੂਮਿਕਾ ਨਿਭਾਈ ਸੀ। ਖ਼ੁਦ ਸ਼ਬਨਮ ਮੌਸੀ ਨੇ ਇਸ ਫ਼ਿਲਮ ਦੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਸਾਲ 2005 ਵਿਚ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਤੋਂ ਬਾਅਦ ਮੌਸੀ ਨੇ ਫ਼ਿਲਮਾਂ ਤੋਂ ਦੂਰੀ ਬਣਾ ਰੱਖੀ ਸੀ ਅਤੇ ਖ਼ੁਦ ਨੂੰ ਲੋਕ ਸੇਵਾ ਦੇ ਕੰਮਾਂ ਵਿਚ ਰੁਝਾਅ ਲਿਆ ਸੀ।
ਹੁਣ ਇਕ ਲੰਬੇ ਅਰਸੇ ਬਾਅਦ ਸ਼ਬਨਮ ਮੌਸੀ ਨੇ ਫ਼ਿਲਮ 'ਹੰਸਾ-ਏਕ ਸੰਯੋਗ' ਦੇ ਵਧਾਈ ਗੀਤ ਰਾਹੀਂ ਬਾਲੀਵੁੱਡ ਵਿਚ ਕੈਮਰੇ ਦਾ ਸਾਹਮਣਾ ਕੀਤਾ ਹੈ। ਸ਼ਬਨਮ ਮੌਸੀ ਦੇ ਨਾਲ-ਨਾਲ ਇਸ ਵਧਾਈ ਗੀਤ ਦੀ ਸ਼ੂਟਿੰਗ ਵਿਚ ਸਇਆਜੀ ਸ਼ਿੰਦੇ, ਸ਼ਰਤ ਸਕਸੈਨਾ, ਅਖਿਲੇਂਦਰ ਮਿਸ਼ਰਾ, ਮੰਤਰਾ ਪਟੇਲ ਤੇ ਆਯੂਬ ਸ੍ਰੀਵਾਸਤਵ ਨੇ ਹਿੱਸਾ ਲਿਆ ਹੈ ਅਤੇ ਕਹਿਣਾ ਨਾ ਹੋਵੇਗਾ ਕਿ ਆਪਣੀ ਵਧਦੀ ਉਮਰ ਤੇ ਭਾਰੀ ਸਰੀਰ ਨੂੰ ਭੁੱਲ ਕੇ ਸ਼ਬਨਮ ਮੌਸੀ ਨੇ ਕੈਮਰੇ ਸਾਹਮਣੇ ਆਪਣਾ ਉਹ ਨ੍ਰਿਤ ਕੌਸ਼ਲ ਪੇਸ਼ ਕੀਤਾ ਜਿਸ ਲਈ ਉਹ ਜਾਣੀ ਜਾਂਦੀ ਰਹੀ ਹੈ। ਸ਼ਬਨਮ ਮੌਸੀ 'ਤੇ ਇਹ ਗੀਤ ਫ਼ਿਲਮਾਉਣ ਬਾਰੇ ਫ਼ਿਲਮ ਦੇ ਨਿਰਮਾਤਾ ਸੁਰੇਸ਼ ਸ਼ਰਮਾ ਕਹਿੰਦੇ ਹਨ, 'ਮੇਰਾ ਦਿੱਲੀ ਤੇ ਮੱਧ ਪ੍ਰਦੇਸ਼ ਵਿਚ ਕਾਰੋਬਾਰ ਫੈਲਿਆ ਹੋਇਆ ਹੈ। ਇਸ ਲਈ ਮੇਰਾ ਐਮ. ਪੀ. ਆਉਣਾ-ਜਾਣਾ ਰਹਿੰਦਾ ਹੈ। ਉਥੇ ਮੈਂ ਸ਼ਬਨਮ ਮੌਸੀ ਦੀ ਪਛਾਣ ਵਿਚ ਆਇਆ ਅਤੇ ਜਦੋਂ ਇਸ ਫ਼ਿਲਮ ਵਿਚ ਇਕ ਵਧਾਈ ਗੀਤ ਦਾ ਮਾਹੌਲ ਆਇਆ ਤਾਂ ਸੋਚਿਆ ਕਿ ਕਿਉਂ ਨਾ ਇਹ ਗੀਤ ਮੌਸੀ 'ਤੇ ਫ਼ਿਲਮਾਇਆ ਜਾਵੇ। ਮੇਰੇ ਫੋਨ ਕਰਨ 'ਤੇ ਉਹ ਅਨੂਪਪੁਰ (ਮੱਧ ਪ੍ਰਦੇਸ਼) ਤੋਂ ਮੁੰਬਈ ਆ ਗਈ।
ਇਸ ਗੀਤ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਬਾਰੇ ਸ਼ਬਨਮ ਮੌਸੀ ਦਾ ਕਹਿਣਾ ਹੈ ਕਿ ਕਿਉਂਕਿ ਇਹ ਫ਼ਿਲਮ ਇਕ ਕਿੰਨਰ ਦੀ ਜ਼ਿੰਦਗੀ 'ਤੇ ਬਣ ਰਹੀ ਹੈ ਇਸ ਲਈ ਉਹ ਇਸ ਵਿਚ ਆਪਣਾ ਸਹਿਯੋਗ ਦੇ ਰਹੀ ਹੈ।


-ਮੁੰਬਈ ਪ੍ਰਤੀਨਿਧ

ਰੰਗਮੰਚ ਦੀ ਦੁਨੀਆ ਵਿਚ ਅੰਜਨ ਦੇ ਪੰਜਾਹ ਸਾਲ

ਉਂਜ ਤਾਂ ਅਦਾਕਾਰ ਅੰਜਨ ਸ੍ਰੀਵਾਸਤਵ ਦਾ ਨਾਂਅ ਲੜੀਵਾਰ 'ਵਾਗਲੇ ਕੀ ਦੁਨੀਆ' ਵਿਚ ਉਨ੍ਹਾਂ ਵੱਲੋਂ ਨਿਭਾਈ ਗਈ ਵਾਗਲੇ ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਰੰਗਮੰਚ ਦੀ ਦੁਨੀਆ ਵਿਚ ਵੀ ਇਸ ਅਦਾਕਾਰ ਨੇ ਵੱਡੇ ਤੀਰ ਮਾਰੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹ ਹੈ ਕਿ ਉਨ੍ਹਾਂ ਨੇ ਰੰਗਮੰਚ ਦੀ ਦੁਨੀਆ ਵਿਚ ਪੰਜਾਹ ਸਾਲ ਦਾ ਸਫਰ ਪੂਰਾ ਕਰ ਲਿਆ ਹੈ।
ਪੰਜਾਹ ਸਾਲ ਦਾ ਸਮਾਂ ਆਪਣੇ-ਆਪ ਵਿਚ ਵੱਡਾ ਹੁੰਦਾ ਹੈ। ਏਨੇ ਲੰਬੇ ਸਮੇਂ ਤੱਕ ਰੰਗਮੰਚ ਪ੍ਰਤੀ ਆਪਣਾ ਯੋਗਦਾਨ ਦੇਣ ਬਾਰੇ ਉਹ ਕਹਿੰਦੇ ਹਨ, 'ਮੈਂ ਲੜੀਵਾਰਾਂ ਤੇ ਫ਼ਿਲਮਾਂ ਵਿਚ ਬਹੁਤ ਅਭਿਨੈ ਕੀਤਾ ਹੈ ਪਰ ਰੰਗਮੰਚ ਮੇਰਾ ਪਹਿਲਾ ਪਿਆਰ ਰਿਹਾ ਹੈ। ਮੈਨੂੰ ਅਦਾਕਾਰ ਦੇ ਤੌਰ 'ਤੇ ਨਿਖਾਰਨ ਵਿਚ ਰੰਗਮੰਚ ਦਾ ਵੱਡਾ ਹੱਥ ਰਿਹਾ ਹੈ।' ਨਾਟ ਜਗਤ ਦੇ ਨਾਲ ਆਪਣੇ ਲੰਬੇ ਸਫਰ ਬਾਰੇ ਉਹ ਕਹਿੰਦੇ ਹਨ, 'ਉਦੋਂ ਮੈਂ ਵੀਹ ਸਾਲ ਦਾ ਸੀ ਜਦੋਂ ਮੇਰੀ ਪਛਾਣ ਨਾਟ ਸ੍ਰਿਸ਼ਟੀ ਦੇ ਨਾਲ ਹੋਈ। ਉਹ 1968 ਦਾ ਸਾਲ ਸੀ, ਜਦੋਂ ਮੈਂ ਪਹਿਲੀ ਵਾਰ ਸਟੇਜ 'ਤੇ ਆਇਆ ਤਾਂ ਲੱਗਿਆ ਕਿ ਇਹੀ ਉਹ ਥਾਂ ਹੈ ਜਿਹੜੀ ਮੈਂ ਲੱਭ ਰਿਹਾ ਸੀ।
ਰੰਗਮੰਚ ਦੀ ਦੁਨੀਆ ਵਿਚ ਨਾਟ ਸੰਸਥਾ ਇਪਟਾ ਦਾ ਵੱਡਾ ਨਾਂਅ ਹੈ। ਅੰਜਨ ਇਕ ਅਦਾਕਾਰ ਦੇ ਤੌਰ 'ਤੇ ਖ਼ੁਦ ਨੂੰ ਨਿਖਾਰ ਪਾਏ ਇਸ ਦੇ ਪਿੱਛੇ ਇਪਟਾ ਦਾ ਵੱਡਾ ਯੋਗਦਾਨ ਹੈ। ਕਈ ਕਲਾਕਾਰਾਂ ਦੀ ਜਨਮ ਭੂਮੀ ਰਹੀ ਇਪਟਾ ਬਾਰੇ ਅੰਜਨ ਕਹਿੰਦੇ ਹਨ, 'ਜਦੋਂ ਮੈਂ ਕੋਲਕਾਤਾ ਤੋਂ ਮੁੰਬਈ ਆਇਆ ਉਦੋਂ ਮੈਨੂੰ ਇਸ ਸੰਸਥਾ ਬਾਰੇ ਪਤਾ ਲੱਗਿਆ। ਸਾਲ 1978 ਵਿਚ ਮੇਰਾ ਇਪਟਾ ਵਿਚ ਆਗਮਨ ਹੋਇਆ। ਇਪਟਾ ਵਿਚ ਆਪਣੇ ਆਗਮਨ ਨੂੰ ਮੈਂ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਮੋੜ ਮੰਨਦਾ ਹਾਂ। ਇਪਟਾ ਦੀ ਬਦੌਲਤ ਮੈਨੂੰ ਐਮ. ਐਸ. ਸਥਿਊ, ਬਾਸੂ ਭੱਟਾਚਾਰਿਆ, ਰਮੇਸ਼ ਤਲਵਾੜ, ਵਾਮਨ ਕੇਂਦਰੇ, ਰਮਨ ਕੁਮਾਰ, ਜੈਦੇਵ ਆਦਿ ਨਿਰਦੇਸ਼ਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅਭਿਨੈ ਦੀਆਂ ਬਾਰੀਕੀਆਂ ਬਾਰੇ ਕਾਫੀ ਕੁਝ ਸਿੱਖਿਆ। ਇਪਟਾ ਰਾਹੀਂ ਮੈਂ 'ਬਕਰੀ', 'ਆਖਰੀ ਸ਼ਮ੍ਹਾਂ', 'ਕਸ਼ਮਕਸ਼', 'ਮੋਟੇਰਾਮ ਕਾ ਸਤਿਆਗ੍ਰਹਿ', 'ਤਾਜਮਹਲ ਕਾ ਟੈਂਡਰ', 'ਦਰਿੰਦੇ-ਦਿ ਵਿਲੇਨਜ਼', 'ਏਕ ਔਰ ਦ੍ਰੋਣਾਚਾਰਿਆ' ਤੇ ਹੋਰ ਕਈ ਨਾਟਕਾਂ ਵਿਚ ਅਭਿਨੈ ਕੀਤਾ ਅਤੇ ਇਹ ਸਾਰੇ ਨਾਟਕ ਅੱਜ ਆਪਣੇ ਆਪ ਵਿਚ ਮਿਸਾਲ ਬਣ ਗਏ ਹਨ। ਇਨ੍ਹਾਂ ਵਿਚੋਂ 'ਬਕਰੀ' ਨਾਟਕ ਮੇਰੇ ਦਿਲ ਦੇ ਨੇੜੇ ਹੈ। 'ਬਕਰੀ' ਦੀ ਖਾਸ ਗੱਲ ਇਹ ਹੈ ਕਿ ਨਿਰਦੇਸ਼ਕ ਸਥਿਊ ਸਾਹਿਬ ਇਸ ਦੇ ਸੰਵਾਦਾਂ ਵਿਚ ਤਾਜ਼ੀਆਂ ਘਟਨਾਵਾਂ ਨੂੰ ਜੋੜ ਦਿੰਦੇ ਸਨ ਅਤੇ ਇਸ ਵਜ੍ਹਾ ਕਰਕੇ ਇਹ ਪੂਰੀ ਤਰ੍ਹਾਂ ਨਾਲ ਸਾਮਜਕ ਬਣ ਜਾਂਦਾ ਸੀ।


-ਇੰਦਰਮੋਹਨ ਪੰਨੂੰ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX