ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਹੋਰ ਖ਼ਬਰਾਂ..

ਖੇਡ ਜਗਤ

ਲਿਖਿਆ ਨਵਾਂ ਇਤਿਹਾਸ

ਝੂਲਨ ਗੋਸਵਾਮੀ ਬਣੀ ਨੰਬਰ ਇਕ ਗੇਂਦਬਾਜ਼

ਹਾਲਾਂਕਿ ਭਾਰਤ 'ਚ ਮਰਦ ਕ੍ਰਿਕਟ ਹਮੇਸ਼ਾ ਚਰਚਾ 'ਚ ਰਹੀ ਹੈ ਪਰ ਕਦੇ ਕੁ ਤਾਈਂ ਗੁੰਮਨਾਮੀ ਦਾ ਦਰਦ ਹੰਢਾਉਂਦੀ ਮਹਿਲਾ ਕ੍ਰਿਕਟ 'ਚ ਕੋਈ ਖਿਡਾਰਨ ਸਿਖਰ ਦੀਆਂ ਸੁਰਖੀਆਂ ਬਟੋਰਨ 'ਚ ਕਾਮਯਾਬੀ ਹਾਸਲ ਕਰਦਾ ਹੈ, ਤਾਂ 24 ਘੰਟੇ ਪੁਰਸ਼ ਖਿਡਾਰੀਆਂ ਦੇ ਕਸੀਦੇ ਕੱਢਦਾ ਮੀਡੀਆ ਉਸ ਨੂੰ ਇਕ ਆਮ ਖ਼ਬਰ ਜਿੰਨੀ ਵੀ ਮਹੱਤਤਾ ਨਹੀਂ ਦਿੰਦਾ। ਇਸੇ ਸੰਦਰਭ 'ਚ ਅੱਜ ਜ਼ਿਕਰ ਕਰਦੇ ਹਾਂ ਸਟਾਰ ਮਹਿਲਾ ਕ੍ਰਿਕਟ ਖਿਡਾਰੀ ਝੂਲਨ ਗੋਸਵਾਮੀ ਦੀ, ਜਿਸ ਨੇ ਪਿਛਲੇ ਦਿਨੀਂ ਆਸਟ੍ਰੇਲੀਆ ਦੀ ਕੈਥਰੀਨ ਫਿਟਜਪੈਟ੍ਰਿਕ ਦੇ ਇਕ ਦਹਾਕੇ ਪੁਰਾਣੇ ਰਿਕਾਰਡ ਨੂੰ ਤੋੜਦੇ ਹੋਏ ਇਕ-ਦਿਨਾ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਦਾ ਰਿਕਾਰਡ ਆਪਣੇ ਨਾਂਅ ਨਾਲ ਜੋੜ ਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ। 34 ਵਰ੍ਹਿਆਂ ਦੀ ਗੋਸਵਾਮੀ ਨੇ ਆਪਣੇ 153ਵੇਂ ਮੈਚ 'ਚ ਦੱਖਣੀ ਅਫਰੀਕਾ ਦੀ ਰੇਸੀਬੋ ਨਟੋਜਾਖੇ ਨੂੰ ਵੰਨ ਡੇ ਕ੍ਰਿਕਟ 'ਚ ਆਪਣਾ 181ਵਾਂ ਸ਼ਿਕਾਰ ਬਣਾ ਕੇ ਕੈਥਰੀਨ ਦੇ 180 ਵਿਕਟਾਂ ਦੇ ਰਿਕਾਰਡ ਨੂੰ ਤੋੜ ਦਿੱਤਾ।
ਝੂਲਨ ਭਾਰਤੀ ਮਹਿਲਾ ਕ੍ਰਿਕਟ ਦੀ ਸਟਰਾਈਕ ਗੇਂਦਬਾਜ਼ ਹੈ। ਉਸ ਦੀ ਗੇਂਦਬਾਜ਼ੀ ਦੀ ਗਤੀ 120 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ। ਲਗਪਗ 10 ਕੁ ਵਰ੍ਹਿਆਂ ਦੇ ਆਪਣੇ ਅੰਤਰਰਾਸ਼ਟਰੀ ਕੈਰੀਅਰ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਫਲਸਰੂਪ ਕਪਤਾਨ ਝੂਲਨ ਗੋਸਵਾਮੀ ਅੱਜ ਵਿਸ਼ਵ ਮਹਿਲਾ ਕ੍ਰਿਕਟ ਦੇ ਸਿਖਰਲੇ ਪਾਏਦਾਨ 'ਤੇ ਪਹੁੰਚ ਗਈ। ਝੂਲਨ ਗੋਸਵਾਮੀ ਕੋਲਕਾਤਾ ਤੋਂ 60 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਚਾਕਦਾ ਪਿੰਡ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਨਿਸ਼ਿਤ ਗੋਸਵਾਮੀ ਇੰਡੀਅਨ ਏਅਰ ਲਾਈਨਜ਼ 'ਚ ਨੌਕਰੀ ਕਰਦੇ ਹਨ। ਝੂਲਨ ਦਾ ਕ੍ਰਿਕਟ ਨਾਲ ਜੁੜਨਾ ਇਕ ਸਬੱਬ ਹੀ ਕਿਹਾ ਜਾ ਸਕਦਾ ਹੈ। ਸੰਨ 1997 'ਚ ਉਹ ਪ੍ਰਸਿੱਧ ਮੈਦਾਨ ਈਡਨ ਗਾਰਡਨ ਕੋਲਕਾਤਾ 'ਚ ਵਿਸ਼ਵ ਕੱਪ (ਮਹਿਲਾ) ਦਾ ਫਾਈਨਲ ਮੈਚ ਦੇਖਣ ਗਈ ਜੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਉਸ ਤੋਂ ਪ੍ਰਭਾਵਿਤ ਹੋ ਕੇ ਗੰਭੀਰਤਾ ਨਾਲ ਕ੍ਰਿਕਟ ਨਾਲ ਜੁੜਨ ਦਾ ਫੈਸਲਾ ਲੈ ਲਿਆ।
ਕਦਮ-ਦਰ-ਕਦਮ ਬੁਲੰਦੀਆਂ ਨੂੰ ਛੂੰਹਦੀ ਤੇਜ਼ ਗੇਂਦਬਾਜ਼ੀ ਦਾ ਸਿਰਨਾਵਾਂ ਬਣੀ ਇਸ ਕੁੜੀ ਨੇ ਸੰਨ 2002 'ਚ ਇੰਗਲੈਂਡ ਵਿਰੁੱਧ ਚੇਨਈ 'ਚ ਅਤੇ ਫਿਰ 8 ਦਿਨ ਬਾਅਦ ਲਖਨਊ 'ਚ ਆਪਣਾ ਪਹਿਲਾ ਟੈਸਟ ਮੈਚ 14-17 ਜਨਵਰੀ ਨੂੰ ਖੇਡਿਆ। ਉਸ ਵੇਲੇ ਉਹ ਸਿਰਫ 18 ਵਰ੍ਹਿਆਂ ਦੀ ਸੀ। ਉਸ ਨੇ ਆਪਣੇ ਪਹਿਲੇ ਵੰਨ-ਡੇ-ਮੈਚ 'ਚ 7 ਓਵਰਾਂ ਦੀ ਗੇਂਦਬਾਜ਼ੀ 'ਚ 15 ਰੱਨ ਦੇ ਕੇ 2 ਵਿਕਟਾਂ ਝਟਕਾ ਕੇ ਆਪਣੀ ਚੋਣ ਨੂੰ ਸਹੀ ਸਾਬਤ ਕਰ ਦਿਖਾਇਆ। ਸੰਨ 2005 'ਚ ਪੰਜ ਮੈਚਾਂ ਦੀ ਲੜੀ 'ਚ ਇੰਗਲੈਂਡ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 11 ਵਿਕਟਾਂ ਉਡਾਈਆਂ।
ਪ੍ਰਾਪਤੀਆਂ ਦੀ ਲੜੀ 'ਚ ਝੂਲਨ ਗੋਸਵਾਮੀ ਟੈਸਟ ਕ੍ਰਿਕਟ 'ਚ ਬੱਲੇਬਾਜ਼ੀ ਦੇ ਇਕ ਵਿਸ਼ਵ ਕੀਰਤੀਮਾਨ ਨਾਲ ਵੀ ਜੁੜੀ। ਸੰਨ 2002 'ਚ ਇੰਗਲੈਂਡ ਦੌਰੇ 'ਤੇ ਮਿਤਾਲੀ ਰਾਜ ਨਾਲ 7ਵੀਂ ਵਿਕਟ ਲਈ 157 ਦੌੜਾਂ ਦੀ ਸਾਂਝੇਦਾਰੀ ਵਾਲੀ ਪਾਰੀ ਖੇਡੀ ਜੋ ਮਹਿਲਾ ਕ੍ਰਿਕਟ ਦੀ ਦੁਨੀਆ ਵਿਚ ਵਿਸ਼ਵ ਰਿਕਾਰਡ ਹੈ। ਸੰਨ 2006 ਇੰਗਲੈਂਡ ਦੌਰੇ 'ਤੇ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਖੂਬ ਚਰਚਾ ਹੋਈ। ਸੰਨ 2007 ਝੂਲਨ ਲਈ ਯਾਦਗਾਰੀ ਵਰ੍ਹਾ ਬਣਿਆ, ਜਦੋਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਉਸ ਨੂੰ ਸਾਲ ਦੀ ਸਰਬਸ੍ਰੇਸ਼ਟ ਖਿਡਾਰੀ ਦੇ ਖਿਤਾਬ ਨਾਲ ਨਿਵਾਜਿਆ। ਸੰਨ 2008 ਏਸ਼ੀਆ ਕੱਪ 'ਚ ਉਸ ਨੇ 100 ਵਿਕਟਾਂ ਪੂਰੀਆਂ ਕਰਕੇ ਨੀਤੂ ਡੇਵਿਡ ਦੀ ਬਰਾਬਰੀ ਕੀਤੀ। ਸੰਨ 2015 'ਚ ਭਾਰਤ ਦੀ ਇਸ ਸਟਾਰ ਗੇਂਦਬਾਜ਼ ਨੇ ਨਿਊਜ਼ੀਲੈਂਡ ਵਿਰੁੱਧ ਸ਼ਾਨਦਾਰ ਖੇਡ ਦਿਖਾ ਕੇ ਵਾਹ-ਵਾਹ ਲੁੱਟੀ ਤੇ ਸੰਨ 2016 'ਚ ਨਵੀਂ ਦਿੱਲੀ 'ਚ ਹੋਏ ਏਸ਼ੀਆ ਕੱਪ 'ਚ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਖਿਤਾਬ ਭਾਰਤ ਦੀ ਝੋਲੀ ਪਾਉਣ 'ਚ ਅਹਿਮ ਭੂਮਿਕਾ ਨਿਭਾਈ। ਅੰਕੜਿਆਂ ਮੁਤਾਬਿਕ ਗੋਸਵਾਮੀ ਨੇ 10 ਟੈਸਟ ਮੈਚਾਂ 'ਚ 40 ਅਤੇ 60 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 50 ਵਿਕਟਾਂ ਹਾਸਲ ਕੀਤੀਆਂ। ਝੂਲਨ ਦੇਵੀ ਨੂੰ ਭਾਰਤ ਸਰਕਾਰ ਨੇ 2010 'ਚ ਅਰਜਨ ਐਵਾਰਡ ਅਤੇ 2012 'ਚ ਪਦਮਸ੍ਰੀ ਨਾਲ ਸਨਮਾਨਿਆ।
ਖੈਰ, ਕੁੱਲ ਮਿਲਾ ਕੇ ਝੂਲਨ ਗੋਸਵਾਮੀ ਦਾ ਗੇਂਦਬਾਜ਼ੀ ਰੈਂਕਿੰਗ 'ਚ ਨੰਬਰ ਵੰਨ ਦਾ ਤਾਜ ਪਹਿਨਣਾ ਭਾਰਤ ਸਮੇਤ ਵਿਸ਼ੇਸ਼ ਕਰਕੇ ਉਸ ਦੇ ਪਿੰਡ ਚਾਕਦਾ ਅਤੇ ਪੱਛਮੀ ਬੰਗਾਲ ਲਈ ਕ੍ਰਿਕਟ ਦੀ ਦ੍ਰਿਸ਼ਟੀ 'ਚ ਇਕ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


ਖ਼ਬਰ ਸ਼ੇਅਰ ਕਰੋ

15 ਮਹੀਨੇ ਦੀ ਮੁਅੱਤਲੀ ਤੋਂ ਬਾਅਦ

ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਦੀ ਵਾਪਸੀ

ਵਿਸ਼ਵ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਦੀ ਆਖਰਕਾਰ ਲੰਮੇ ਵਕਫੇ ਮਗਰੋਂ ਟੈਨਿਸ ਵਿਚ ਵਾਪਸੀ ਹੋ ਗਈ ਹੈ। ਪਿਛਲੇ ਦਿਨੀਂ ਮਾਰੀਆ ਸ਼ਾਰਾਪੋਵਾ ਨੇ ਸਪੇਨ ਅਤੇ ਜਰਮਨੀ ਵਿਚ ਦੋ ਪ੍ਰਮੁੱਖ ਟੂਰਨਾਮੈਂਟ ਖੇਡੇ ਹਨ ਅਤੇ ਆਪਣੀ ਖੇਡ ਮੁੜ ਲੀਹਾਂ ਉੱਤੇ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸੇ ਦਾ ਸਬੂਤ ਸੀ ਕਿ ਲੰਮੇ ਅਰਸੇ ਬਾਅਦ ਖੇਡ ਰਹੀ ਹੋਣ ਦੇ ਬਾਵਜੂਦ ਸ਼ਾਰਾਪੋਵਾ ਨੇ ਇਨ੍ਹਾਂ ਵਿਚੋਂ ਇਕ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਵੀ ਜਗ੍ਹਾ ਬਣਾਈ। ਵਾਪਸੀ ਦੇ ਇਸ ਰਾਹ ਉੱਤੇ ਸ਼ਾਰਾਪੋਵਾ ਲਈ ਅਗਲੇਰਾ ਮਹੀਨਾ ਕਾਫੀ ਅਹਿਮ ਹੋਵੇਗਾ। ਲਾਅਨ ਟੈਨਿਸ ਐਸੋਸੀਏਸ਼ਨ (ਐੱਲ.ਟੀ.ਏ.) ਨੇ ਅਗਲੇ ਮਹੀਨੇ ਬਰਮਿੰਘਮ ਵਿਚ ਹੋਣ ਵਾਲੇ ਐਗੋਨ ਕਲਾਸਿਕ ਟੈਨਿਸ ਟੂਰਨਾਮੈਂਟ ਲਈ ਸ਼ਾਰਾਪੋਵਾ ਨੂੰ ਵਾਈਲਡ ਕਾਰਡ ਐਂਟਰੀ ਦਿੱਤੀ ਹੈ। ਦਰਅਸਲ, ਮੁਅੱਤਲੀ ਕਾਰਨ ਉਹ ਰੈਂਕਿੰਗ ਵਿਚ ਖਿਸਕ ਕੇ 258ਵੇਂ ਨੰਬਰ ਉੱਤੇ ਪਹੁੰਚ ਗਈ ਹੈ ਅਤੇ ਕਿਸੇ ਗ੍ਰਾਸ-ਕੋਰਟ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਉਸ ਦੀ ਰੈਂਕਿੰਗ ਕਾਫੀ ਹੇਠਾਂ ਹੈ। ਆਯੋਜਕਾਂ ਨੇ ਉਸ ਨੂੰ ਇਸ ਟੂਰਨਾਮੈਂਟ ਲਈ ਚਾਰ ਉਪਲਬਧ ਵਾਈਲਡ ਕਾਰਡ ਵਿਚੋਂ ਇਕ ਦਿੱਤਾ ਹੈ, ਕਿਉਂਕਿ ਹਰ ਕੋਈ ਇਸ ਸਟਾਰ ਖਿਡਾਰਨ ਦੀ ਅਹਿਮੀਅਤ ਨੂੰ ਜਾਣਦਾ ਅਤੇ ਮੰਨਦਾ ਹੈ।
ਸ਼ਾਰਾਪੋਵਾ ਦੇ ਟੈਨਿਸ ਭਵਿੱਖ ਲਈ ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਸ਼ਾਰਾਪੋਵਾ ਦਾ ਇਸ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਚੈਂਪੀਅਨਸ਼ਿਪ ਵਿਚ ਖੇਡਣ ਦਾ ਫੈਸਲਾ 20 ਜੂਨ ਨੂੰ ਹੋਵੇਗਾ। 3 ਤੋਂ 16 ਜੁਲਾਈ ਤੱਕ ਹੋਣ ਵਾਲੇ ਵਿੰਬਲਡਨ ਦੇ ਲਈ ਆਯੋਜਕ 20 ਜੂਨ ਨੂੰ ਆਪਣੀ ਮੀਟਿੰਗ ਵਿਚ ਸ਼ਾਰਾਪੋਵਾ ਦੇ ਖੇਡਣ ਨੂੰ ਲੈ ਕੇ ਫੈਸਲਾ ਕਰਨਗੇ। ਯਾਦ ਰਹੇ ਕਿ ਇਤਿਹਾਸਕ ਵਿੰਬਲਡਨ ਗ੍ਰੈਂਡ ਸਲੈਮ ਟੂਰਨਾਮੈਂਟ ਉਹ ਮੁਕਾਬਲਾ ਹੈ, ਜਿਸ ਵਿਚ ਸ਼ਾਰਾਪੋਵਾ ਦਾ ਰਿਕਾਰਡ ਹਮੇਸ਼ਾ ਹੀ ਵਧੀਆ ਰਿਹਾ ਹੈ ਅਤੇ ਉਸ ਦੀ ਵਾਪਸੀ ਲਈ ਇਹ ਮੁਕਾਬਲਾ ਕਾਫੀ ਹੋਵੇਗਾ। ਡੋਪਿੰਗ ਦਾ ਡੰਗ ਝੱਲਣ ਦੇ 15 ਮਹੀਨਿਆਂ ਬਾਅਦ ਫਿਰ ਤੋਂ ਕੋਰਟ ਉੱਤੇ ਵਾਪਸੀ ਕਰ ਰਹੀ ਸ਼ਾਰਾਪੋਵਾ ਨੂੰ ਵਿੰਬਲਡਨ ਟੂਰਨਾਮੈਂਟ ਵਿਚ ਵਾਈਲ ਡਕਾਰਡ, ਮੁੱਖ ਡਰਾਅ ਜਾਂ ਫਿਰ ਕੁਆਲੀਫਾਇੰਗ ਦੇ ਜ਼ਰੀਏ ਟੂਰਨਾਮੈਂਟ ਵਿਚ ਪ੍ਰਵੇਸ਼ ਦਿੱਤਾ ਜਾ ਸਕਦਾ ਹੈ। ਵਿੰਬਲਡਨ ਵਿਚ ਪ੍ਰਵੇਸ਼ ਕਰਨ ਲਈ ਆਖਰੀ ਤਰੀਕ 22 ਮਈ ਹੈ। ਵਿੰਬਲਡਨ ਦੇ ਪ੍ਰਬੰਧਕ ਇਸ ਗੱਲ ਦੀ ਤਸਦੀਕ ਕਰ ਚੁੱਕੇ ਹਨ ਕਿ ਸ਼ਾਰਾਪੋਵਾ ਨੂੰ ਵਾਈਲਡ ਕਾਰਡ ਦੇਣ ਦੇ ਫੈਸਲੇ ਉੱਤੇ ਉਨ੍ਹਾਂ ਕਾਫੀ ਸੋਚ-ਵਿਚਾਰ ਕੀਤਾ ਹੈ। ਜੇਕਰ ਉਹ ਵਾਈਲਡ ਕਾਰਡ ਲਈ ਬੇਨਤੀ ਕਰਦੀ ਹੈ ਤਾਂ ਉਹ ਉਸ ਦੀ ਬੇਨਤੀ ਉੱਤੇ ਵਿਚਾਰ ਕਰਨਗੇ ਅਤੇ 20 ਜੂਨ ਨੂੰ ਹੋਣ ਵਾਲੀ ਬੈਠਕ ਵਿਚ ਇਸ ਉੱਤੇ ਫੈਸਲਾ ਕੀਤਾ ਜਾਵੇਗਾ।
ਸ਼ਾਰਾਪੋਵਾ ਨੂੰ 2016 ਆਸਟ੍ਰੇਲੀਅਨ ਓਪਨ ਦੌਰਾਨ 'ਮੈਲਡੋਨੀਅਮ' ਨਾਂਅ ਦੀ ਇਕ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਲਈ ਉਸ ਉੱਤੇ ਦੋ ਸਾਲਾਂ ਦੀ ਪਾਬੰਦੀ ਲਾਈ ਗਈ ਸੀ, ਜਦਕਿ ਸ਼ਾਰਾਪੋਵਾ ਨੇ ਮੈਲਡੋਨੀਅਮ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਸ਼੍ਰੇਣੀ ਵਿਚ ਪਾਏ ਜਾਣ ਤੋਂ ਪਹਿਲਾਂ ਜਾਣਕਾਰੀ ਨਾ ਦੇਣ ਲਈ ਕੌਮਾਂਤਰੀ ਟੈਨਿਸ ਮਹਾਸੰਘ (ਆਈ.ਟੀ.ਐੱਫ.) ਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਸ ਦੀ ਮੁਅੱਤਲੀ ਨੂੰ ਘਟਾ ਕੇ 15 ਮਹੀਨੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਹ ਇਸ ਸਾਲ ਕੋਰਟ ਉੱਤੇ ਵਾਪਸ ਆਈ ਹੈ। ਆਸ ਕਰਨੀ ਬਣਦੀ ਹੈ ਕਿ ਇਸ ਪੂਰੇ ਮੰਦਭਾਗੇ ਮਾਮਲੇ ਵਿਚੋਂ ਸਫਲਤਾਪੂਰਬਕ ਨਿਕਲ ਆਉਣ ਤੋਂ ਬਾਅਦ ਮਾਰੀਆ ਸ਼ਾਰਾਪੋਵਾ ਮੁੜ ਟੈਨਿਸ ਕੋਰਟ ਉੱਤੇ ਰਾਜ ਕਰੇਗੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
sudeepsdhillon@ymail.com

ਅਜਲਾਨ ਸ਼ਾਹ ਹਾਕੀ ਕੱਪ ਦਾ ਲੇਖਾ-ਜੋਖਾ

ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ

ਭਾਰਤ ਨੂੰ ਆਸ ਸੀ ਕਿ ਉਹ 26ਵੇਂ ਅਜ਼ਲਾਨ ਸ਼ਾਹ ਹਾਕੀ ਕੱਪ, ਜਿਹੜਾ ਕਿ ਮਲੇਸ਼ੀਆ ਵਿਚ ਖੇਡਿਆ ਗਿਆ, ਵਿਚ ਪਿਛਲੀ ਵਾਰ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਏਗਾ ਤੇ ਇਸ ਵਾਰ ਪਿਛਲੀ ਵਾਰ ਨਾਲੋਂ ਦੂਜੀ ਤੋਂ ਪਹਿਲੀ ਸਥਿਤੀ ਵਿਚ ਆ ਕੇ ਭਾਰਤ ਵਾਸੀਆਂ ਨੂੰ ਇਕ ਤੋਹਫਾ ਦੇਵੇਗਾ। ਬਦਕਿਸਮਤੀ ਨਾਲ ਭਾਰਤ ਆਪਣੀ ਉੱਤਮ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ ਤੇ ਭਾਰਤ ਦੂਜੀ ਤੋਂ ਵੀ ਥੱਲੇ ਤੀਸਰੀ ਸਥਿਤੀ ਵਿਚ ਆ ਗਿਆ ਹੈ। ਪਿਛਲੇ ਚੈਂਪੀਅਨ ਆਸਟ੍ਰੇਲੀਆ ਨੂੰ ਵੀ ਕਰਾਰਾ ਝਟਕਾ ਲੱਗਾ ਹੈ ਤੇ ਉਹ ਨੰਬਰ ਦੋ 'ਤੇ ਆ ਗਿਆ ਹੈ ਤੇ ਬ੍ਰਿਟੇਨ ਪਹਿਲੀ ਵਾਰ ਅਜ਼ਲਾਨ ਸ਼ਾਹ ਕੱਪ ਦਾ ਜੇਤੂ ਬਣਿਆ ਹੈ। ਇਸ ਟੂਰਨਾਮੈਂਟ ਵਿਚ ਸਭ ਤੋਂ ਵੱਡਾ ਉਲਟਫੇਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿਛਲਾ ਜੇਤੂ ਆਸਟ੍ਰੇਲੀਆ ਟੂਰਨਾਮੈਂਟ ਵਿਚ ਸਭ ਤੋਂ ਪਿਛਲੇਰੀ 6 ਨੰਬਰ ਦੀ ਟੀਮ ਜਾਪਾਨ ਕੋਲੋਂ ਹਾਰ ਗਿਆ।
ਖੇਡ ਪ੍ਰੇਮੀਆਂ ਨੇ ਇਸ ਕੱਪ ਵਿਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਦੇ ਹੋਏ ਜੋ ਮੁੱਖ ਕਾਰਨ ਬਿਆਨ ਕੀਤੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਬਣਦਾ ਹੈ। ਭਾਰਤ ਦਾ ਹਾਕੀ ਦਾ ਕਪਤਾਨ ਗੋਲਕੀਪਰ ਸ੍ਰੀਜੇਸ਼ ਜਦ ਇਕ ਲੀਗ ਮੈਚ ਵਿਚ ਫੱਟੜ ਹੋ ਕੇ ਖੇਡ ਸਕਣ ਦੇ ਕਾਬਲ ਨਹੀਂ ਸਮਝਿਆ ਗਿਆ ਤਾਂ ਖੇਡ ਪਾਰਖੂਆਂ ਅਨੁਸਾਰ ਇਸ ਗੱਲ ਦਾ ਟੀਮ ਦੇ ਮਨੋਬਲ 'ਤੇ ਗਹਿਰਾ ਅਸਰ ਹੋਇਆ। ਸ੍ਰੀਜੇਸ਼ ਜੋ ਕਪਤਾਨੀ ਦੇ ਨਾਲ-ਨਾਲ ਗੋਲਕੀਪਰ ਦੀ ਭੂਮਿਕਾ ਵੀ ਅਦਾ ਕਰ ਰਿਹਾ ਸੀ, ਇਕ ਬਹੁਤ ਹੀ ਚੇਤੰਨ ਗੋਲਕੀਪਰ ਹੈ ਤੇ ਕਈ ਸਾਲ ਦਾ ਤਜਰਬਾ ਰੱਖਦਾ ਹੈ।
ਸ੍ਰੀਜੇਸ਼ ਦੀ ਖੇਡ ਨੂੰ ਨੇੜਿਓਂ ਦੇਖਣ ਵਾਲੇ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਸ੍ਰੀਜੇਸ਼ ਹਰ ਵੇਲੇ ਗੋਲ ਵਿਚ ਖਲੋਤੇ ਹੀ ਹਦਾਇਤਾਂ ਦਿੰਦਾ ਬੋਲਦਾ ਤੇ ਸਰਗਰਮ ਰਹਿੰਦਾ ਹੈ। ਜੇ ਇਸ ਤਰ੍ਹਾਂ ਦਾ ਖਿਡਾਰੀ ਸੱਟ ਕਾਰਨ ਬਾਹਰ ਬੈਠ ਜਾਵੇ ਤਾਂ ਟੀਮ ਦੇ ਪ੍ਰਦਰਸ਼ਨ ਵਿਚ ਫਰਕ ਆਉਣਾ ਜ਼ਰੂਰੀ ਹੋ ਜਾਂਦਾ ਹੈ। ਦੂਸਰਾ ਮੁੱਖ ਕਾਰਨ ਜਿਹੜਾ ਬਿਆਨ ਕੀਤਾ ਜਾ ਰਿਹਾ ਹੈ ਕਿ ਇਹ ਟੂਰਨਾਮੈਂਟ ਮਲੇਸ਼ੀਆ ਵਿਚ ਆਪਣੇ ਲੋਕਾਂ ਦੇ ਸਾਹਮਣੇ ਖੇਡਿਆ ਜਾ ਰਿਹਾ ਸੀ, ਸੁਭਾਵਿਕ ਹੈ ਇਹ ਉਥੋਂ ਦੇ ਲੋਕਾਂ ਲਈ ਇਕ ਵਧੀਆ ਅਵਸਰ ਸੀ ਕਿ ਉਹ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਕਰਨ, ਹੋਇਆ ਵੀ ਇਸ ਤਰ੍ਹਾਂ ਜਦੋਂ ਭਾਰਤ ਤੇ ਮਲੇਸ਼ੀਆ ਦਾ ਲੀਗ ਦਾ ਆਖਰੀ ਮੈਚ ਸ਼ੁਰੂ ਹੋਇਆ ਤਾਂ ਸਥਾਨਕ ਲੋਕਾਂ ਨੇ ਆਪਣੀ ਟੀਮ ਨੂੰ ਢੋਲ ਵਜਾ-ਵਜਾ ਕੇ ਹੌਸਲਾ ਦਿੱਤਾ ਤੇ ਖਿਡਾਰੀ ਨੂੰ ਹਰ ਪਲ 'ਤੇ ਸ਼ਾਬਾਸ਼ ਦੇ ਕੇ ਵਾਹ-ਵਾਹ ਕੀਤੀ।
ਦੂਸਰੇ ਪਾਸੇ ਭਾਰਤੀ ਇਸ ਮੈਚ ਨੂੰ ਦੇਖਣ ਲਈ ਨਾ-ਮਾਤਰ ਹੀ ਟੀਮ ਦਾ ਹੌਸਲਾ ਵਧਾ ਰਹੇ ਸਨ, ਜਦ ਕਿ ਬਾਕੀ ਦੇ ਮੈਚਾਂ ਵਿਚ ਉਨ੍ਹਾਂ ਸਥਾਨਕ ਲੋਕਾਂ ਨੇ ਭਾਰਤ ਦੀ ਖੂਬ ਹਾਜ਼ਰੀ ਲੁਆ ਕੇ ਦਾਦ ਦਿੱਤੀ ਸੀ। ਭਾਰਤ ਨੂੰ ਕਈ ਮੌਕੇ ਪੈਨਲਟੀ ਕਾਰਨਰ ਦੇ ਵੀ ਮਿਲੇ ਪਰ ਭਾਰਤ ਆਪਣੀ ਪੂਰੀ ਲੈਅ ਵਿਚ ਨਹੀਂ ਸੀ। ਪਰ ਜਦੋਂ ਮਲੇਸ਼ੀਆ ਨੂੰ ਮੈਚ ਦੇ ਚੌਥੇ ਭਾਗ ਵਿਚ ਇਕ ਸੁਨਹਿਰੀ ਪੈਨਲਟੀ ਕਾਰਨਰ ਦਾ ਮੌਕਾ ਮਿਲਿਆ ਤਾਂ ਮੈਚ ਦੇ ਅੰਤ 'ਤੇ ਆ ਕੇ ਉਸ ਨੇ ਕੋਈ ਗਲਤੀ ਨਹੀਂ ਕੀਤੀ ਤੇ ਫੱਟਾ ਖੜਕਾ ਕੇ ਮੈਚ ਆਪਣੀ ਝੋਲੀ ਵਿਚ ਪਾ ਲਿਆ। ਫਿਰ ਆਖਰੀ ਸਮਾਂ ਖਤਮ ਹੋਣ ਦਾ ਅਹਿਸਾਸ ਭਾਰਤ ਨੂੰ ਲੈ ਬੈਠਾ।
ਭਾਰਤ ਨੇ ਲੀਗ ਦੇ ਸਾਰੇ ਮੈਚਾਂ ਵਿਚ 7 ਅੰਕ ਬਟੋਰੇ, ਦੋ ਮੈਚ ਆਸਟ੍ਰੇਲੀਆ ਤੇ ਮਲੇਸ਼ੀਆ ਤੋਂ ਹਾਰੇ ਤੇ ਦੋ ਜਾਪਾਨ ਤੇ ਨਿਊਜ਼ੀਲੈਂਡ ਤੋਂ ਜਿੱਤੇ, ਇਕ ਬ੍ਰਿਟੇਨ ਨਾਲ ਬਰਾਬਰੀ 'ਤੇ ਰਹੇ। ਇਸ ਨਾਲ ਬ੍ਰਿਟੇਨ ਨੂੰ ਗੋਲ ਔਸਤ ਦੇ ਆਧਾਰ 'ਤੇ ਫਾਈਨਲ ਵਿਚ ਪਿਛਲੇ ਸਾਲ ਦੇ ਜੇਤੂ ਆਸਟ੍ਰੇਲੀਆ ਨਾਲ ਜਾਣ ਦਾ ਮੌਕਾ ਮਿਲ ਗਿਆ। ਭਾਰਤ ਚਾਹੇ ਕੱਪ ਜਿੱਤਣ ਤੋਂ ਵਾਂਝਾ ਰਹਿ ਗਿਆ ਪਰ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਹੋ ਗਿਆ। ਇਸ ਦਾ ਇਕ ਵੱਡਾ ਕਾਰਨ ਪਾਰਖੂਆਂ ਅਨੁਸਾਰ ਇਹ ਸੀ ਕਿ ਅਸੀਂ ਪਹਿਲਾਂ ਲੀਗ ਦੇ ਮੈਚਾਂ ਵਿਚ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਚੁੱਕੇ ਸੀ ਤੇ ਨਾਲ ਭਾਰਤ ਆਪਣੀ ਇੱਜ਼ਤ ਨੂੰ ਇਸ ਟੂਰਨਾਮੈਂਟ ਵਿਚ ਬਚਾਉਣਾ ਚਾਹੁੰਦਾ ਸੀ।
ਇਹ ਮੈਚ ਭਾਰਤ ਨੇ 4-0 ਦੇ ਫਰਕ ਨਾਲ ਜਿੱਤਿਆ। ਦਿਲਚਸਪ ਗੱਲ ਇਹ ਹੈ ਕਿ ਇਸ ਮੈਚ ਵਿਚ ਮਲੇਸ਼ੀਆ ਦੇ ਲੋਕਾਂ ਨੇ ਇੰਡੀਆ-ਇੰਡੀਆ ਪੁਕਾਰ ਕੇ ਬਹੁਤ ਮਦਦ ਕੀਤੀ। ਅਜ਼ਲਾਨ ਸ਼ਾਹ ਦੇ ਇਸ ਟੂਰਨਾਮੈਂਟ ਵਿਚ ਪਹਿਲੇ ਨੰਬਰ 'ਤੇ ਬ੍ਰਿਟੇਨ, ਦੂਜਾ ਸਥਾਨ ਆਸਟ੍ਰੇਲੀਆ, ਤੀਸਰਾ ਭਾਰਤ, ਚੌਥਾ ਨਿਊਜ਼ੀਲੈਂਡ, ਪੰਜਵਾਂ ਮਲੇਸ਼ੀਆ ਤੇ ਆਖਰੀ ਸਥਾਨ ਜਾਪਾਨ ਨੂੰ ਮਿਲਿਆ। ਹਾਕੀ ਦੇ ਪ੍ਰੇਮੀਆਂ ਦਾ ਇਹ ਕਹਿਣਾ ਹੈ ਕਿ ਇਹ ਟੂਰਨਾਮੈਂਟ ਭਾਰਤ ਲਈ ਇਕ ਚੰਗਾ ਸਬਕ ਬਣ ਸਕਦਾ ਹੈ, ਭਾਰਤ ਦਾ ਸੁਪਨਾ ਆਪਣੇ ਪੁਰਾਣੇ ਗੌਰਵ ਨੂੰ ਉਲੰਪਿਕ ਵਿਚ ਸੋਨੇ ਦਾ ਤਗਮਾ ਲੈ ਕੇ ਪੂਰਾ ਕਰਨਾ ਹੈ, ਜਿਸ ਦੀ ਪ੍ਰਾਪਤੀ ਵਿਚ ਅਸੀਂ ਇਕ ਕਦਮ ਅੱਗੇ ਨਹੀਂ ਪੁੱਟਿਆ, ਪਿੱਛੇ ਆਏ ਹਾਂ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਸਰਕਾਰ ਨੇ ਕੀਤੀ ਮਾਕਾ ਟਰਾਫੀ ਦੇ ਨਿਯਮਾਂ ਨੂੰ ਬਦਲਣ ਦੀ ਤਿਆਰੀ...

ਦੇਸ਼ ਭਰ ਦੀਆਂ ਖੇਡ ਖੇਤਰ ਵਿਚ ਕੀਤੀਆਂ ਕਾਰਗੁਜ਼ਾਰੀਆਂ ਲਈ ਦਿੱਤੀ ਜਾਣ ਵਾਲੀ ਸਰਬੋਤਮ ਯੂਨੀਵਰਸਿਟੀ ਨੂੰ ਮਾਕਾ ਟਰਾਫੀ ਦੇ ਨਿਯਮਾਂ 'ਚ ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤੇ ਹੁਣ ਇਨ੍ਹਾਂ ਦੇ ਆਧਾਰ 'ਤੇ ਭਾਰਤ ਦੀਆਂ ਯੂਨੀਵਰਸਿਟੀਆਂ ਦਾ ਖੇਡ ਖੇਤਰ ਵਿਚ ਮੁਲਅੰਕਣ ਹੋਵੇਗਾ। ਭਾਰਤ ਸਕਰਾਰ ਨੇ ਇਨ੍ਹਾਂ ਨਿਯਮਾਂ ਨੂੰ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ ਨੂੰ ਭੇਜਿਆ ਹੈ ਤੇ ਜੇ ਇਸ 'ਤੇ ਸਹਿਮਤੀ ਬਣ ਜਾਂਦੀ ਹੈ ਤਾਂ ਇਸ ਸਾਲ ਤੋਂ ਇਹ ਸਾਰੇ ਨਿਯਮ ਲਾਗੂ ਕਰ ਦਿੱਤੇ ਜਾਣਗੇ ਤੇ ਯੂਨੀਵਰਸਿਟੀਆਂ ਦੇ ਖੇਡ ਢਾਂਚੇ 'ਚ ਭਾਰੀ ਬਦਲਾਅ ਵੇਖਣ ਨੂੰ ਮਿਲੇਗਾ। ਮਾਕਾ ਟਰਾਫੀ ਲਈ ਬਣੇ ਨਿਯਮ, ਜਿਸ ਵਿਚ ਜੇਤੂ ਯੂਨੀਵਰਸਿਟੀ ਨੂੰ ਟਰਾਫੀ ਸਹਿਤ 20 ਲੱਖ, ਉਪ-ਜੇਤੂ ਨੂੰ 15, ਤੀਜੇ ਸਥਾਨ 'ਤੇ 10 ਤੇ ਚੌਥੇ ਸਥਾਨ 'ਤੇ ਰਹਿਣ ਵਾਲੇ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।
ਇਸ ਵਾਰੀ ਈ. ਸਪੋਰਟਸ, ਅਮਰੀਕਨ ਫੁੱਟਬਾਲ, ਸਰਕਲ ਸਟਾਈਲ ਕਬੱਡੀ, ਗਤਕਾ, ਹਾਕੀ 5 ਏ ਸਾਈਡ ਤੇ ਕੋਰਫਬਾਲ ਖੇਡਾਂ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਿਲ ਕੀਤਾ ਜਾਵੇਗਾ ਤੇ ਕਿਸੇ ਨਵੀਂ ਖੇਡ ਨੂੰ ਸ਼ਾਮਿਲ ਕਰਨਾ ਹੈ ਤਾਂ ਉਸ ਨੂੰ 3 ਸਾਲ ਤੱਕ ਵੇਖਿਆ ਜਾਵੇਗਾ, ਤਾਂ ਹੀ ਉਸ ਖੇਡ ਨੂੰ ਫਿਰ ਸ਼ਾਮਿਲ ਕੀਤਾ ਜਾਵੇਗਾ। ਟੀਮ ਖੇਡ ਵਿਚ 16 ਯੂਨੀਵਰਸਿਟੀਆਂ ਤੇ ਵਿਅਕਤੀਗਤ ਖੇਡ ਵਿਚ 20 ਯੂਨੀਵਰਸਿਟੀਆਂ ਦੇ ਹਿੱਸਾ ਲੈਣ ਲਈ ਨੰਬਰ ਦਿੱਤੇ ਜਾਣਗੇ। ਏ.ਆਈ.ਯੂ. ਵੱਲੋਂ 80 ਫੀਸਦੀ ਨੰਬਰ ਪਰਫਾਰਮੈਂਸ ਦੇ ਆਧਾਰ 'ਤੇ 20 ਫੀਸਦੀ ਨੰਬਰ ਚੋਣ ਕਮੇਟੀ ਵੱਲੋਂ ਖੇਡ ਢਾਂਚੇ ਦੀ ਸਾਂਭ-ਸੰਭਾਲ, ਕਲੀਨ ਸਪੋਰਟਸ ਤੇ ਸਪੋਰਟਸ ਸਪਿਰਟ ਦੇ ਆਧਾਰ 'ਤੇ ਅਲਾਟ ਕੀਤੇ ਜਾਣਗੇ। ਇਸ ਵਾਰੀ ਯੂਨੀਵਰਸਿਟੀਆਂ ਨੂੰ ਕੈਸ਼ ਪ੍ਰਾਈਜ਼ 3 ਤੋਂ ਵਧਾ ਕੇ 6 ਕਰਨ ਦੀ ਤਜਵੀਜ਼ ਪਾਸ ਕੀਤੀ ਗਈ ਹੈ। ਇਕ ਹੋਰ ਸਖ਼ਤ ਨਿਯਮ ਨੂੰ ਪਾਸ ਕੀਤਾ ਗਿਆ ਹੈ। ਜੇ ਕਿਸੇ ਯੂਨੀਵਰਸਿਟੀ ਦਾ ਖਿਡਾਰੀ ਡੋਪਿੰਗ ਵਿਚ ਫੜਿਆ ਜਾਂਦਾ ਹੈ ਤਾਂ ਉਸ ਯੂਨੀਵਰਸਿਟੀ ਦੇ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਨਾਲ ਯੂਨੀਵਰਸਿਟੀ ਦੇ ਖੇਡ ਢਾਂਚੇ ਨੂੰ ਨੁਕਸਾਨ ਹੋਣ ਦਾ ਵੀ ਅਨੁਮਾਨ ਤੇ ਇਕ ਦੋਸ਼ੀ ਵਿਅਕਤੀ ਦੀ ਸਜ਼ਾ ਸਾਰੀ ਯੂਨੀਵਰਸਿਟੀ ਕਿਉਂ ਭੁਗਤੇ?
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਵੱਲੋਂ ਮੁਕਾਬਲੇ ਤੋਂ ਬਾਅਦ ਖਿਡਾਰੀਆਂ ਦੇ ਡੋਪ ਦੇ ਸੈਂਪਲ ਇਕੱਠੇ ਕਰਕੇ ਨਾਡਾ ਨੂੰ ਦਿੱਤੇ ਜਾਣਗੇ। ਇਸ ਵਾਰੀ ਮਾਕਾ ਟਰਾਫੀ ਵਿਚ ਸਿਰਫ ਕੌਮਾਂਤਰੀ ਟੂਰਨਾਮੈਂਟਾਂ ਤੇ ਅੰਤਰ 'ਵਰਸਿਟੀ ਦੇ ਖੇਡ ਮੁਕਾਬਲਿਆਂ ਦੇ ਹੀ ਨੰਬਰ ਜੁੜਨਗੇ ਤੇ ਬਾਕੀ ਟੂਰਨਾਮੈਂਟਾਂ ਦੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖੇਡ ਸੈਸ਼ਨ 1 ਅਪ੍ਰੈਲ ਤੋਂ 31 ਮਾਰਚ ਵੀ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਉਲੰਪਿਕ ਤੇ ਪੈਰਾ ਉਲੰਪਿਕ 'ਚ ਜੇਤੂ ਲਈ 500, 475, 450 ਅੰਕ, ਵਿਸ਼ਵ ਚੈਂਪੀਅਨਸ਼ਿਪ 'ਚੋਂ ਜੇਤੂ ਲਈ 475, 450 ਤੇ 425 ਅੰਕ, ਜੂਨੀਅਰ ਵਿਸ਼ਵ ਕੱਪ 'ਚੋਂ ਜੇਤੂ ਲਈ 425, 400 ਤੇ 375 ਅੰਕ, ਏਸ਼ੀਅਨ ਖੇਡਾਂ, ਯੂਥ ਉਲੰਪਿਕ ਖੇਡਾਂ ਜੇਤੂ ਲਈ 280, 260 ਤੇ 220 ਅੰਕ, ਰਾਸ਼ਟਰ ਮੰਡਲ ਖੇਡਾਂ ਜੇਤੂ ਲਈ 220, 200 ਤੇ 185 ਅੰਕ, ਉਲੰਪਿਕ ਤੇ ਪੈਰਾ ਉਲੰਪਿਕ 'ਚ ਹਿੱਸਾ ਲੈਣ ਲਈ 300 ਅੰਕ, ਏਸ਼ੀਆ ਕੱਪ ਟੈਸਟ ਸੀਰੀਜ਼ ਜੇਤੂ ਲਈ 175, 165 ਤੇ 155 ਅੰਕ, ਵਿਸ਼ਵ ਯੂਨੀਵਰਸਿਟੀ ਜੇਤੂ ਨੂੰ 155, 150 ਤੇ 145 ਅੰਕ, ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ 145 ਅੰਕ, ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ 140 ਅੰਕ, ਏਸ਼ੀਅਨ ਖੇਡਾਂ ਲਈ 135 ਅੰਕ, ਰਾਸ਼ਟਰ ਮੰਡਲ ਖੇਡਾਂ ਲਈ 125 ਅੰਕ, ਵਿਸ਼ਵ ਯੂਨੀਵਰਸਿਟੀ ਲਈ 120 ਅੰਕ, ਸਰਬ ਭਾਰਤੀ ਅੰਤਰ 'ਵਰਸਿਟੀ ਵਿਅਕਤੀਗਤ ਈਵੈਂਟਸ ਜੇਤੂ ਲਈ 120, 115, 110 ਤੇ 100 ਅੰਕ ਰੱਖੇ ਗਏ ਹਨ। ਇਸ ਤੋਂ ਇਲਾਵਾ ਅੰਤਰ 'ਵਰਸਿਟੀ ਟੀਮ ਮੁਕਾਬਲੇ 'ਚੋਂ ਜੇਤੂ ਲਈ 500, 400, 300, 200 ਅੰਕ ਤੇ ਜ਼ੋਨਲ ਟੂਰਨਾਮੈਂਟ ਮੁਕਾਬਲੇ 'ਚੋਂ ਜੇਤੂ ਲਈ 100, 75, 50, 25 ਅੰਕ ਰੱਖੇ ਗਏ ਹਨ। ਇਸ ਦੀ ਚੋਣ ਕਮੇਟੀ ਵਿਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਸਾਬਕਾ ਜੱਜ ਚੇਅਰਮੈਨ, ਯੂ.ਜੀ.ਸੀ. ਦਾ ਚੇਅਰਮੈਨ ਜਾਂ ਸਕੱਤਰ, ਰਾਜੀਵ ਗਾਂਧੀ ਖੇਡ ਰਤਨ ਐਵਾਰਡੀ, ਅਰਜਨ ਐਵਾਰਡੀ ਇਕ ਮਰਦ ਤੇ ਇਕ ਔਰਤ, ਦੋ ਯੂਨੀਵਰਸਿਟੀਆਂ ਦੇ ਮੈਂਬਰ, ਖੇਡ ਪੱਤਰਕਾਰ ਜਾਂ ਕੁਮੈਂਟੇਟਰ, ਖੇਡ ਪ੍ਰਬੰਧਕ ਤੇ ਡਿਪਟੀ ਡਾਇਰੈਕਟਰ ਕੇਂਦਰੀ ਖੇਡ ਮੰਤਰਾਲੇ ਨੂੰ ਇਸ ਦੀ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਸਾਰੀਆਂ ਯੂਨੀਵਰਸਿਟੀਆਂ ਦੇ ਕੋਲੋਂ ਰਾਇ ਮੰਗੀ ਗਈ ਹੈ। ਜੇ ਇਸ 'ਤੇ ਸਹਿਮਤੀ ਬਣ ਜਾਂਦੀ ਹੈ ਤਾਂ ਇਸ ਵਾਰੀ ਇਹ ਨਵੇਂ ਨਿਯਮ ਮਾਕਾ ਟਰਾਫੀ ਲਈ ਲਾਗੂ ਕਰ ਦਿੱਤੇ ਜਾਣਗੇ।


-ਮੋਬਾ: 98729-78781

ਸਿੱਖ ਖਿਡਾਰੀ ਭਾਰਤੀ ਹਾਕੀ ਟੀਮ ਦੀ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
1972 ਵਿਚ ਮਿਊਨਿਖ ਦੀਆਂ ਉਲੰਪਿਕ ਖੇਡਾਂ 'ਚ ਸਿੱਖ ਹਾਕੀ ਖਿਡਾਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਹਰਮੀਕ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ, ਅਵਤਾਰ ਸਿੰਘ ਕੀਨੀਆ ਦੀ ਟੀਮ ਦਾ ਤੇ ਰਾਜਿੰਦਰ ਸਿੰਘ ਸੰਧੂ ਯੁਗਾਂਡਾ ਦੀ ਟੀਮ ਦਾ ਕਪਤਾਨ। 3 ਮੁਲਕਾਂ ਦੇ ਸਿੱਖ ਕਪਤਾਨ! ਉਥੇ ਸਿੱਖ ਖਿਡਾਰੀਆਂ ਨੇ 35 ਗੋਲ ਦਾਗ਼ੇ। ਭਾਰਤੀ ਟੀਮ ਵਿਚ ਹਰਮੀਕ ਸਿੰਘ ਦੇ ਨਾਲ ਅਜੀਤਪਾਲ ਸਿੰਘ, ਮੁਖਬੈਨ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ ਤੇ ਹਰਚਰਨ ਸਿੰਘ ਖੇਡੇ। 1971 ਵਿਚ ਸ਼ੁਰੂ ਹੋਏ ਪਹਿਲੇ ਵਿਸ਼ਵ ਹਾਕੀ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਅਜੀਤਪਾਲ ਸਿੰਘ ਨੇ ਕੀਤੀ। ਅਜੀਤਪਾਲ ਸਿੰਘ ਨੇ ਵਿਸ਼ਵ ਕੱਪਾਂ, ਏਸ਼ੀਆਈ ਖੇਡਾਂ ਤੇ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਸਭ ਤੋਂ ਵੱਧ ਕਪਤਾਨੀਆਂ ਕੀਤੀਆਂ। ਅਵਤਾਰ ਸਿੰਘ ਤਾਰੀ ਉਲੰਪਿਕ ਖੇਡਾਂ 'ਚ 3 ਵਾਰ ਕੀਨੀਆ ਦੀ ਟੀਮ ਦਾ ਕਪਤਾਨ ਬਣਿਆ।
1976 ਵਿਚ ਮੌਂਟਰੀਅਲ ਦੀਆਂ ਉਲੰਪਿਕ ਖੇਡਾਂ 'ਚ ਕਪਤਾਨ ਅਜੀਤਪਾਲ ਦੇ ਨਾਲ 8 ਸਿੱਖ ਖਿਡਾਰੀ ਸਨ। ਟੀਮ ਦਾ ਕੋਚ ਗੁਰਬਖ਼ਸ਼ ਸਿੰਘ ਸੀ। ਅਜੀਤ ਸਿੰਘ ਪਹਿਲਾ ਖਿਡਾਰੀ ਹੈ, ਜਿਸ ਨੇ ਪਹਿਲਾ ਗੋਲ ਮੈਚ ਦੇ 15ਵੇਂ ਸਕਿੰਟ ਵਿਚ ਕੀਤਾ। ਕੈਨੇਡਾ ਦੀ ਹਾਕੀ ਟੀਮ ਵਿਚ 3 ਸਿੱਖ ਖਿਡਾਰੀ ਸਰਬਜੀਤ ਸਿੰਘ ਦੁਸਾਂਝ, ਬੱਬਲੀ ਚੌਹਾਨ ਤੇ ਕੁਲਦੀਪ ਸਿੰਘ ਖੇਡੇ। ਮਾਸਕੋ ਉਲੰਪਿਕ-1980 ਵਿਚ ਭਾਰਤੀ ਟੀਮ ਵਿਚ 5 ਸਿੱਖ ਖਿਡਾਰੀ ਸਨ ਤੇ ਕੋਚ ਬਾਲਕ੍ਰਿਸ਼ਨ ਸਿੰਘ ਸੀ। ਮਾਸਕੋ ਵਿਚ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਬਹੁਤੇ ਗੋਲ ਕੀਤੇ ਤੇ ਭਾਰਤੀ ਟੀਮ ਨੇ ਅੱਠਵੀਂ ਵਾਰ ਸੋਨ ਤਗਮਾ ਜਿੱਤਿਆ। ਉਥੇ ਤਨਜ਼ਾਨੀਆ ਦੀ ਟੀਮ ਵਿਚ ਜਸਬੀਰ ਸਿੰਘ ਤੇ ਜੈਪਾਲ ਸਿੰਘ ਖੇਡੇ।
1984 ਵਿਚ ਲਾਸ ਏਂਜਲਸ ਦੀਆਂ ਉਲੰਪਿਕ ਖੇਡਾਂ 'ਚੋਂ ਗ੍ਰੇਟ ਬਰਤਾਨੀਆ ਦੀ ਟੀਮ ਨੇ ਤਾਂਬੇ ਦਾ ਤਗਮਾ ਜਿੱਤਿਆ, ਜਿਸ ਵਿਚ ਕੁਲਬੀਰ ਸਿੰਘ ਭੌਰਾ ਖੇਡਿਆ। ਗ੍ਰੇਟ ਬਰਤਾਨੀਆ ਨੇ 1988 ਵਿਚ ਸਿਓਲ ਤੋਂ ਸੋਨੇ ਦਾ ਤਗਮਾ ਜਿੱਤਿਆ। ਉਸ ਸਮੇਂ ਕੁਲਬੀਰ ਸਿੰਘ ਸੋਨ ਤਗਮਾ ਜੇਤੂ ਟੀਮ ਦਾ ਮੈਂਬਰ ਸੀ।
1992 ਵਿਚ ਬਾਰਸੀਲੋਨਾ ਤੇ 1996 ਵਿਚ ਐਟਲਾਂਟਾ ਵਿਖੇ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਸਿਡਨੀ ਉਲੰਪਿਕ-2000 ਵਿਚ ਰਮਨਦੀਪ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 2004 ਦੀਆਂ ਉਲੰਪਿਕ ਖੇਡਾਂ ਵਿਚ ਏਥਨਜ਼ ਵਿਖੇ ਵੀ ਸਿੱਖ ਖਿਡਾਰੀ ਖੇਡੇ ਜਦ ਕਿ 2008 ਵਿਚ ਬੀਜਿੰਗ ਦੀਆਂ ਉਲੰਪਿਕ ਖੇਡਾਂ ਲਈ ਭਾਰਤੀ ਟੀਮ ਕੁਆਲੀਫਾਈ ਹੀ ਨਹੀਂ ਸੀ ਕਰ ਸਕੀ। ਬੀਜਿੰਗ ਲਈ ਕੈਨੇਡਾ ਦੀ ਟੀਮ ਕੁਆਲੀਫਾਈ ਕਰ ਗਈ ਸੀ, ਜਿਸ ਵਿਚ 4 ਸਿੱਖ ਖਿਡਾਰੀ ਰੰਜੀਵ ਸਿੰਘ ਦਿਓਲ, ਰਵਿੰਦਰ ਸਿੰਘ ਕਾਹਲੋਂ, ਬਿੰਦੀ ਸਿੰਘ ਕੁਲਾਰ ਤੇ ਸੁਖਵਿੰਦਰ ਸਿੰਘ ਗੱਬਰ ਖੇਡੇ। ਉਹ ਪੱਗਾਂ ਬੰਨ੍ਹ ਕੇ ਮਾਰਚ ਪਾਸਟ ਵਿਚ ਸ਼ਾਮਿਲ ਹੋਏ ਅਤੇ ਭਾਰਤੀ ਹਾਕੀ ਟੀਮ ਦੇ ਉਲੰਪਿਕ ਖੇਡਾਂ ਵਿਚੋਂ ਬਾਹਰ ਹੋ ਜਾਣ ਦੇ ਬਾਵਜੂਦ ਹਾਕੀ ਵਿਚ ਸਿੱਖ ਖਿਡਾਰੀਆਂ ਦੀ ਹਾਜ਼ਰੀ ਲੁਆ ਗਏ।
ਕੈਨੇਡਾ ਦੀ ਹਾਕੀ ਟੀਮ ਨੇ 6 ਵਾਰ ਉਲੰਪਿਕ ਖੇਡਾਂ ਵਿਚ ਭਾਗ ਲਿਆ ਹੈ। 1964 ਵਿਚ ਕੋਈ ਸਿੱਖ ਖਿਡਾਰੀ ਨਹੀਂ ਸੀ ਪਰ ਬਾਅਦ ਵਿਚ ਹਰ ਵਾਰ ਸਿੱਖ ਖਿਡਾਰੀ ਕੈਨੇਡਾ ਦੀਆਂ ਕੌਮੀ ਟੀਮਾਂ ਵਿਚ ਸ਼ਾਮਿਲ ਹੁੰਦੇ ਰਹੇ। ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ, ਮਲੇਸ਼ੀਆ, ਨਿਊਜ਼ੀਲੈਂਡ, ਕੀਨੀਆ ਤੇ ਕੁਝ ਹੋਰ ਮੁਲਕ ਹਨ ਜਿਥੇ ਸਿੱਖ ਕਾਫੀ ਗਿਣਤੀ ਵਿਚ ਵਸਦੇ ਹਨ। ਉਥੋਂ ਦੀਆਂ ਸਿੱਖ ਸੰਸਥਾਵਾਂ ਖਿਡਾਰੀਆਂ ਨੂੰ ਕੋਚਿੰਗ ਦੇ-ਦੁਆ ਕੇ ਉਨ੍ਹਾਂ ਮੁਲਕਾਂ ਦੀਆਂ ਟੀਮਾਂ ਵਿਚ ਸਿੱਖ ਖਿਡਾਰੀਆਂ ਨੂੰ ਸ਼ਾਮਿਲ ਕਰਵਾ ਸਕਦੀਆਂ ਹਨ। ਭਾਰਤੀ ਟੀਮ ਵਿਚ ਤਾਂ ਸਿੱਖ ਖਿਡਾਰੀਆਂ ਨੇ ਖੇਡਣਾ ਹੀ ਹੈ। ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਉਹ ਅਨੇਕਾਂ ਮੁਲਕਾਂ ਦੀਆਂ ਹਾਕੀ ਟੀਮਾਂ ਵਿਚ ਖੇਡ ਰਹੇ ਹਨ। ਸਿੱਖ ਸੰਸਥਾਵਾਂ ਨੂੰ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਨਾ ਚਾਹੀਦੈ। (ਸਮਾਪਤ)

ਸੋਨ ਤਗਮੇ ਲੈਣ ਦਾ ਜਾਦੂਗਰ ਹੈ ਅੰਤਰਰਾਸ਼ਟਰੀ ਸਾਈਕਲਿਸਟ

ਹਰਪ੍ਰੀਤ ਸਿੰਘ ਮੋਹੀ

ਜੇਕਰ ਹਰਪ੍ਰੀਤ ਸਿੰਘ ਮੋਹੀ ਨੂੰ ਤਗਮੇ ਜਿੱਤਣ ਦਾ ਜਾਦੂਗਰ ਆਖ ਦਿੱਤਾ ਜਾਵੇ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਹਰਪ੍ਰੀਤ ਸਿੰਘ ਇਕ ਸਾਈਕਲਿਸਟ ਖਿਡਾਰੀ ਹੁੰਦਿਆਂ ਐਨੇ ਕੁ ਤਗਮੇ ਜਿੱਤ ਚੁੱਕਾ ਹੈ ਕਿ ਉਨ੍ਹਾਂ ਦੀ ਗਿਣਤੀ ਕਰ ਸਕਣੀ ਵੀ ਮੁਸ਼ਕਿਲ ਜਾਪਦੀ ਹੈ। ਸਾਈਕਲਿਸਟ ਖਿਡਾਰੀ ਹਰਪ੍ਰੀਤ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੋਹੀ ਵਿਖੇ ਪਿਤਾ ਸੂਬੇਦਾਰ ਕੁਲਦੀਪ ਸਿੰਘ ਦੇ ਘਰ 25 ਅਗਸਤ, 1985 ਵਿਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਹਰਪ੍ਰੀਤ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਐਸ. ਡੀ. ਕਾਲਜ ਬਰਨਾਲਾ ਵਿਚ ਪੜ੍ਹਦਿਆਂ ਇੰਟਰ ਯੂਨੀਵਰਸਿਟੀ ਪਟਿਆਲਾ ਵਿਚ ਅੰਤਰਰਾਸ਼ਟਰੀ ਸਾਈਕਲਿਸਟ ਕੋਚ ਨੇਤਰਪਾਲ ਸਿੰਘ ਦੀ ਅਗਵਾਈ ਵਿਚ ਇਕ ਸਾਈਕਲਿਸਟ ਵਜੋਂ ਖੇਡਣ ਲੱਗਿਆ ਅਤੇ ਉਹ ਹੁਣ ਤੱਕ ਇੰਟਰ ਯੂਨੀਵਰਸਿਟੀ ਵਿਚ 6 ਸੋਨ ਤਗਮੇ ਜਿੱਤ ਚੁੱਕਾ ਹੈ।
ਸੰਨ 2004 ਵਿਚ ਹੀ ਪਟਿਆਲਾ ਵਿਖੇ ਹੋਈਆਂ ਇੰਡੋ-ਪਾਕਿ ਪੰਜਾਬ ਖੇਡਾਂ ਵਿਚ ਹਿੱਸਾ ਲਿਆ ਅਤੇ ਇਕ ਸੋਨ ਤਗਮਾ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਹੋਇਆ। ਉਸ ਤੋਂ ਪਹਿਲਾਂ 2003 ਵਿਚ ਕਲਕੱਤਾ ਵਿਖੇ ਹੋਈ ਨੈਸ਼ਨਲ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2004 ਵਿਚ ਹੀ ਹੈਦਰਾਬਾਦ ਨੈਸ਼ਨਲ ਚੈਂਪੀਅਨਸ਼ਿਪ ਅਤੇ ਮਾਉਂਟਨ ਬਾਈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਵੀ ਜੇਤੂ ਰਿਹਾ। ਸੰਨ 2006 ਵਿਚ ਸ੍ਰੀਲੰਕਾ ਵਿਖੇ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿਚ ਭਾਗ ਲਿਆ ਤੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਹਰਪ੍ਰੀਤ ਸਿੰਘ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ 10 ਜਨਵਰੀ, 2007 ਵਿਚ ਰੇਲਵੇ ਵਿਭਾਗ ਸੈਂਟਰਲ ਰੇਲਵੇ ਨੇ ਉਸ ਨੂੰ ਇਕ ਖਿਡਾਰੀ ਵਜੋਂ ਟਿਕਟ ਕੁਲੈਕਟਰ ਭਰਤੀ ਕਰ ਲਿਆ ਅਤੇ ਉਸ ਤੋਂ ਬਾਅਦ ਉਹ ਰੇਲਵੇ ਵਿਭਾਗ ਵੱਲੋਂ ਖੇਡ ਕੇ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ।
ਖੇਡ ਵਿਭਾਗ ਪੰਜਾਬ ਉਸ ਨੂੰ ਬਹੁਤ ਹੀ ਵਕਾਰੀ ਐਵਾਰਡ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ਵੀ ਸਨਮਾਨਿਤ ਕਰ ਚੁੱਕਾ ਹੈ। ਹਰਪ੍ਰੀਤ ਸਿੰਘ ਨੇ ਸੰਨ 2008 ਵਿਚ ਪੀਟਰਸਬਰਗ ਰੂਸ ਵਿਚ ਹੋਈ ਰੇਲਵੇ ਵਰਲਡ ਸਾਈਕਲ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਸੰਨ 2012 ਵਿਚ ਦੇਸ਼ ਚੈਕੋਸਲੋਵਾਕੀਆ ਵਿਚ ਭਾਗ ਲਿਆ ਅਤੇ ਤੀਸਰੇ ਸਥਾਨ 'ਤੇ ਰਿਹਾ। ਹਰਪ੍ਰੀਤ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਹ ਰੇਲਵੇ ਵਿਭਾਗ ਦਾ ਇਕੋ-ਇਕ ਸਾਈਕਲ ਦੌੜਾਕ ਹੈ, ਜਿਸ ਨੇ 2010 ਵਿਚ 155 ਕਿਲੋਮੀਟਰ ਦੀ ਸਾਈਕਲ ਦੌੜ 3 ਘੰਟੇ 43 ਮਿੰਟ ਵਿਚ ਪੂਰੀ ਕਰਕੇ ਰਿਕਾਰਡ ਕਾਇਮ ਕੀਤਾ ਅਤੇ ਇਸ ਤੋਂ ਇਲਾਵਾ ਉਹ ਭਾਰਤ ਭਰ ਵਿਚ ਹੋਣ ਵਾਲੀਆਂ ਖੇਡਾਂ ਵਿਚ ਲਗਾਤਾਰ ਜਿੱਤਾਂ ਦਰਜ ਕਰਕੇ ਰੇਲਵੇ ਵਿਭਾਗ ਦਾ ਨਾਂਅ ਹੀ ਨਹੀਂ, ਸਗੋਂ ਪੰਜਾਬ ਦਾ ਨਾਂਅ ਵੀ ਰੌਸ਼ਨ ਕਰ ਰਿਹਾ ਹੈ। ਰੇਲਵੇ ਵਿਭਾਗ ਵੀ ਆਪਣੇ ਇਸ ਖਿਡਾਰੀ 'ਤੇ ਮਾਣ ਕਰਦਾ ਹੋਇਆ ਉਸ ਨੂੰ ਤਰੱਕੀ ਦੇ ਕੇ ਚੀਫ ਟਿਕਟ ਕੁਲੈਕਟਰ ਦੇ ਅਹੁਦੇ 'ਤੇ ਬਿਰਾਜ ਚੁੱਕਾ ਹੈ। ਹਰਪ੍ਰੀਤ ਆਖਦਾ ਹੈ ਕਿ ਉਹ ਸੈਂਟਰਲ ਰੇਲਵੇ ਵਿਭਾਗ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਨੇ ਉਸ ਨੂੰ ਬਹੁਤ ਮਾਣ ਬਖਸ਼ਿਆ ਅਤੇ ਉਸ ਨੂੰ ਆਪਣੇ ਭਾਰਤ 'ਤੇ ਵੀ ਮਾਣ ਹੈ, ਇਸੇ ਲਈ ਤਾਂ ਉਹ ਵਿਦੇਸ਼ਾਂ ਵਿਚ ਭਾਰਤ ਦਾ ਨਾਂਅ ਵੀ ਉੱਚਾ ਕਰ ਰਿਹਾ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX