ਤਾਜਾ ਖ਼ਬਰਾਂ


ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  8 minutes ago
ਬਠਿੰਡਾ, 19 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਅੱਜ ਇੱਕ ਕੈਦੀ ਦੇ ਜੇਲ੍ਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਬਠਿੰਡਾ 'ਚੋਂ 7 ਕੈਦੀਆ ਨੂੰ ਬਠਿੰਡਾ...
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  18 minutes ago
ਨਵੀਂ ਦਿੱਲੀ, 19 ਫਰਵਰੀ- ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੇ ਹਨ। ਇਸ ਮੌਕੇ ਸਾਧਨਾ...
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  23 minutes ago
ਲੌਂਗੋਵਾਲ, 19 ਫਰਵਰੀ (ਸ. ਸ. ਖੰਨਾ, ਵਿਨੋਦ)- ਬੀਤੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ ਅਤੇ ਸਿਮਰਜੀਤ ਸਿੰਘ ਦੇ ਪਰਿਵਾਰਾਂ...
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  52 minutes ago
ਚੰਡੀਗੜ੍ਹ, 19 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸੈਕਟਰ 1 'ਚ ਸਥਿਤ ਪੰਜਾਬ ਵਿਧਾਨ ਭਵਨ....
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ) - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਨੂੰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਜਦਕਿ ਇਸੇ ਦਿਨ...
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਬਜਟ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  about 1 hour ago
ਅਟਾਰੀ, 19 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋ ਰਹੇ ਸਮਾਗਮ 'ਚ ਸ਼ਾਮਲ ਹੋਣ ਲਈ ਸ੍ਰੀ...
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  1 minute ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਆਗਾਮੀ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ...
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  about 2 hours ago
ਨਾਭਾ, 19 ਫਰਵਰੀ (ਕਰਮਜੀਤ ਸਿੰਘ)- ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਦੇ 2 ਨੰਬਰ ਸੈੱਲ ਅਤੇ 3 ਨੰਬਰ ਸੈੱਲ 'ਚੋਂ ਦੋ ਮੋਬਾਇਲ...
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  about 2 hours ago
ਲੁਧਿਆਣਾ, 19 ਫਰਵਰੀ (ਰੁਪੇਸ਼ ਕੁਮਾਰ)- ਬੀਤੇ ਕਈ ਦਿਨਾਂ ਤੋਂ ਦਿਨ ਵੇਲੇ ਵੱਧ ਰਹੇ ਪਾਰੇ 'ਚ ਹੁਣ ਆਉਂਦੇ ਦਿਨਾਂ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਿਹੜੀ ਤਪਸ਼ ਮਹਿਸੂਸ ਹੋਣ ਲੱਗੀ ਸੀ, ਉਹ ਮੁੜ ਤੋਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਹਿਣਸ਼ੀਲਤਾ ਬਿਨਾਂ ਸੁਖੀ ਪਰਿਵਾਰਕ ਜੀਵਨ ਜਿਊਣਾ ਅਸੰਭਵ

ਅੱਜ ਦਾ ਮਨੁੱਖ ਅਖੌਤੀ ਵਿਸ਼ਵ ਪਰਿਵਾਰ ਦੇ ਸੁਪਨਿਆਂ 'ਤੇ ਆਧਾਰਿਤ ਸਿਰਜੇ ਮਾਹੌਲ ਵਿਚ ਜੀਅ ਕੇ ਆਪਣੇ ਆਪ ਨੂੰ ਖ਼ੁਸ਼ ਅਤੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਪਦਾਰਥਵਾਦ ਦੀ ਚੱਲ ਰਹੀ ਹਨੇਰੀ ਵਿਚ ਤਾਂ ਭਾਰਤ ਦੀ ਸ਼ਾਨ ਸਮਝੇ ਜਾਂਦੇ ਪਰਿਵਾਰ ਹੀ ਟੁੱਟ ਕੇ ਖੇਰੂੰ-ਖੇਰੂੰ ਹੋ ਚੁੱਕੇ ਹਨ।
ਮਾਪਿਆਂ ਤੋਂ ਬੱਚਿਆਂ ਦੇ, ਭੈਣਾਂ ਤੇ ਭਰਾਵਾਂ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਖ਼ਬਰਾਂ ਨਿੱਤ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਨਜ਼ਰ ਆਉਂਦੀਆਂ ਹਨ। ਪਤੀ-ਪਤਨੀ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਇਕ ਦੂਜੇ ਤੋਂ ਤਲਾਕ ਲੈ ਕੇ ਅਲੱਗ ਰਹਿਣ ਨੂੰ ਪਹਿਲ ਦਿੰਦੇ ਹਨ। ਪਵਿੱਤਰ ਸਮਝੇ ਜਾਂਦੇ ਇਸ ਰਿਸ਼ਤੇ ਤੋਂ ਛੁਟਕਾਰਾ ਪਾਉਣ ਲਈ ਕੋਰਟ ਕਚਹਿਰੀਆਂ ਦੇ ਚੱਕਰ ਲਾ ਕੇ ਜ਼ਲੀਲ ਹੋ ਰਹੇ ਹਨ। ਮਾਪਿਆਂ ਅਤੇ ਬਜ਼ੁਰਗਾਂ ਦੀ ਗੱਲ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਸਗੋਂ ਉਨ੍ਹਾਂ ਦੀ ਸਲਾਹ ਨੂੰ ਧਿਆਨ ਨਾਲ ਸੁਣਨ ਦੀ ਖੇਚਲ ਹੀ ਨਹੀਂ ਕੀਤੀ ਜਾਂਦੀ। ਮਾਪਿਆਂ ਨਾਲ ਗੱਲ ਕਰਦੇ ਸਮੇਂ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ 'ਚ ਉਲਝੀ ਨਜ਼ਰ ਆਉਂਦੀ ਹੈ। ਇਹ ਸਾਡੇ ਸਮਾਜ ਵਿਚ ਆਈ ਇਖਲਾਕੀ ਗਿਰਾਵਟ ਨਹੀਂ ਤਾਂ ਹੋਰ ਕੀ ਹੈ? ਜਦੋਂ ਕਿ ਕੁਝ ਸਮਾਂ ਪਹਿਲਾਂ ਸਾਂਝੇ ਪਰਿਵਾਰਾਂ ਵਿਚ ਜਦੋਂ ਕੋਈ ਪਰਿਵਾਰ ਦਾ ਬਜ਼ੁਰਗ ਜਾਂ ਵੱਡਾ ਕੋਈ ਗੱਲ ਕਰਦਾ ਸੀ ਤਾਂ ਬਾਕੀ ਪਰਿਵਾਰਕ ਮੈਂਬਰ ਚੁੱਪ-ਚਾਪ ਸੁਣਦੇ ਸਨ ਤੇ ਸੁਣੀ ਹੋਈ ਗੱਲ 'ਤੇ ਅਮਲ ਕਰਦੇ ਸਨ। ਕਦੇ ਕੋਈ ਪਰਿਵਾਰਕ ਮੈਂਬਰ ਉਨ੍ਹਾਂ ਦੀ ਗੱਲ ਕੱਟਣ ਦੀ ਕੋਸ਼ਿਸ਼ ਨਹੀਂ ਕਰਦਾ ਸੀ।
ਸਹਿਣਸ਼ੀਲਤਾ, ਪਿਆਰ, ਵੱਡਿਆਂ ਦਾ ਸਤਿਕਾਰ, ਇਮਾਨਦਾਰੀ, ਦਿਆਨਤਦਾਰੀ, ਮਿਹਨਤ, ਸਾਕਰਾਤਮਕ ਸੋਚ, ਸੰਜਮ, ਆਸ਼ਾਵਾਦ ਆਦਿ ਗੁਣ ਸਿੱਖਣ ਲਈ ਪਰਿਵਾਰ ਬੱਚੇ ਲਈ ਪਹਿਲਾ ਸਕੂਲ ਹੁੰਦਾ ਹੈ। ਇਸ ਲਈ ਸੁੱਖਦਾਇਕ ਪਰਿਵਾਰਕ ਅਤੇ ਸਮਾਜਿਕ ਜੀਵਨ ਲਈ ਤੇ ਦੇਸ਼ ਵਿਚ ਸ਼ਾਂਤੀ ਬਣਾ ਕੇ ਰੱਖਣ ਲਈ ਘਰ ਵਿਚ ਪਤੀ-ਪਤਨੀ ਦਾ ਰਿਸ਼ਤਾ ਬਹੁਤ ਨਿੱਘਾ, ਆਪਸੀ ਵਿਸ਼ਵਾਸ ਅਤੇ ਪਿਆਰ ਵਾਲਾ ਹੋਣਾ ਚਾਹੀਦਾ ਹੈ। ਜਦੋਂ ਪਤੀ-ਪਤਨੀ ਦੇ ਪਰਸਪਰ ਸੰਬੰਧਾਂ ਵਿਚ ਆਪਸੀ ਸਹਿਯੋਗ, ਪਿਆਰ, ਸਤਿਕਾਰ, ਵਿਸ਼ਵਾਸ ਅਤੇ ਇਕ ਦੂਜੇ ਦੀ ਖੁਸ਼ੀ ਲਈ ਆਪਾ ਵਾਰਨ ਦੀ ਭਾਵਨਾ ਵਿਚ ਤਰੇੜ ਪੈਣੀ ਸ਼ੁਰੂ ਹੁੰਦੀ ਹੈ ਤਦ ਤੋਂ ਹੀ ਦੁੱਖ-ਦਾਈ ਪਰਿਵਾਰਕ ਜੀਵਨ ਦਾ ਆਰੰਭ ਹੁੰਦਾ ਹੈ। ਜਿਸ ਦਾ ਅਸਰ ਅੱਗੇ ਜਾ ਕੇ ਮਨੁੱਖੀ ਨਸਲ, ਸਮਾਜ ਅਤੇ ਦੇਸ਼ 'ਤੇ ਪੈਂਦਾ ਹੈ ਕਿਉਂਕਿ ਇਸ ਮਾਹੌਲ ਵਿਚ ਪਾਲਣ-ਪੋਸ਼ਣ ਪਾ ਰਹੇ ਬੱਚਿਆਂ 'ਤੇ ਜੋ ਕਿ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਉਲਟ ਅਸਰ ਪੈਣਾ ਕੁਦਰਤੀ ਹੈ।
ਸਾਡੇ ਲਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ 'ਚ ਪਰਿਵਾਰਾਂ ਦੀ ਸਥਿਤੀ ਬਹੁਤ ਖਰਾਬ ਨਜ਼ਰ ਆ ਰਹੀ ਹੈ। ਹਰ ਰਿਸ਼ਤੇ ਵਿਚ ਆਪਾ-ਧਾਪੀ ਪਈ ਨਜ਼ਰ ਆ ਰਹੀ ਹੈ। ਅੱਜ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਪਹਿਲਾਂ ਵਾਲੀ ਉਹ ਸਾਂਝ ਅਤੇ ਮਿਠਾਸ, ਜਿਸ ਦੇ ਕਾਰਨ ਇਸ ਰਿਸ਼ਤੇ ਨੂੰ ਪ੍ਰਮਾਤਮਾ ਦੁਆਰਾ ਜਨਮਾਂ-ਜਮਾਂਤਰਾਂ ਦੇ ਲਈ ਬਣਾਇਆ ਰਿਸ਼ਤਾ ਮੰਨ ਕੇ ਇਸ ਨੂੰ ਹਰ ਹੀਲੇ ਨਿਭਾਉਣ ਦੀ ਕੋਸ਼ਿਸ਼ ਕਰੀਤੀ ਜਾਂਦੀ ਸੀ, ਆਮ ਤੌਰ 'ਤੇ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇਸ ਰਿਸ਼ਤੇ ਦੇ ਵਿਚ ਆਈ ਖਟਾਸ ਦਾ ਅਸਰ ਬਾਕੀ ਰਿਸ਼ਤਿਆਂ 'ਤੇ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ। ਇਸੇ ਕਾਰਨ ਅੱਜ ਪਰਿਵਾਰਾਂ ਵਿਚ ਪਹਿਲਾਂ ਵਾਲਾ ਪਿਆਰ, ਰਿਸ਼ਤਿਆਂ ਦਾ ਨਿੱਘ, ਮਾਪਿਆਂ ਦੇ ਪ੍ਰਤੀ ਸਤਿਕਾਰ ਆਦਿ ਦੇਖਣ ਨੂੰ ਨਹੀਂ ਮਿਲਦਾ। ਇਸ ਦਾ ਸਭ ਤੋਂ ਵੱਡਾ ਕਾਰਨ ਜੋ ਨਜ਼ਰ ਆ ਰਿਹਾ ਹੈ, ਉਹ ਇਹ ਹੈ ਕਿ ਅੱਜ ਹਰ ਖੇਤਰ ਵਿਚ ਸਮੂਹਿਕ ਵਾਦ ਦੀ ਥਾਂ ਨਿੱਜਵਾਦ ਭਾਰੂ ਹੋ ਗਿਆ ਹੈ। ਅੱਜ ਆਮ ਤੌਰ 'ਤੇ ਪਰਿਵਾਰਕ ਮੈਂਬਰ ਆਪਣੇ ਹਿਤਾਂ ਦੀ ਪੂਰਤੀ ਲਈ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਨਹੀਂ ਝਿਜਕਦੇ। ਪਰਿਵਾਰ ਵਿਚ ਹਰੇਕ ਵਿਅਕਤੀ ਆਪਣੇ ਅਧਿਕਾਰਾਂ ਪ੍ਰਤੀ ਤਾਂ ਪੂਰਨ ਰੂਪ ਵਿਚ ਜਾਗਰੂਕ ਹੈ ਪਰ ਆਪਣੇ ਫ਼ਰਜ਼ਾਂ ਪ੍ਰਤੀ ਅਵੇਸਲਾ ਹੋਇਆ ਜਾਪਦਾ ਹੈ। ਜਦੋਂ ਕਿ ਰਿਸ਼ਤਿਆਂ ਵਿਚ ਮਿਠਾਸ ਪੈਦਾ ਕਰਨ ਲਈ ਅਧਿਕਾਰਾਂ ਦੇ ਨਾਲੋਂ ਕਰਤੱਵਾਂ ਵੱਲ ਧਿਆਨ ਦੇਣਾ ਵੱਧ ਜ਼ਰੂਰੀ ਹੈ। ਅੱਜ ਅਕਸਰ ਘਰਾਂ ਵਿਚ ਸੱਸ ਨੂੰਹ ਨੂੰ ਸੱਸ ਬਣ ਕੇ ਦਿਖਾਉਣ ਦੇ ਮੌਕੇ ਲੱਭਦੀ ਰਹਿੰਦੀ ਹੈ। ਮਾਂ ਬਣਨ ਦੀ ਕਦੇ ਕੋਸ਼ਿਸ਼ ਨਹੀਂ ਕਰਦੀ, ਤੇ ਨੂੰਹ ਸੱਸ ਨੂੰ ਨੂੰਹ ਬਣ ਕੇ ਹੀ ਦਿਖਾਉਂਦੀ ਹੈ ਤੇ ਧੀ ਬਣਨ ਨੂੰ ਕਦੇ ਨਹੀਂ ਲੋਚਦੀ। ਇਸੇ ਕਾਰਨ ਤਾਂ ਅਜੋਕੇ ਬਹੁਤੇ ਘਰ ਭਾਵੇਂ ਮਹਿਲਾਂ ਵਰਗੇ ਸੁੰਦਰ ਹਨ ਪਰ ਫਿਰ ਵੀ ਉਨ੍ਹਾਂ ਵਿਚ ਰਹਿਣ ਵਾਲਿਆਂ ਨੂੰ ਉਹ ਖੰਡਰ ਹੀ ਜਾਪਦੇ ਹਨ।
ਦੇਸ਼ ਅਤੇ ਸਮਾਜ ਦੇ ਵਡੇਰੇ ਹਿਤਾਂ ਲਈ ਪਤੀ-ਪਤਨੀ ਅਤੇ ਸੱਸ-ਨੂੰਹ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਮਿਠਾਸ ਪੈਦਾ ਕਰਨ ਲਈ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰਿਵਾਰਕ ਰਿਸ਼ਤਿਆਂ ਦੇ ਨਿੱਘ ਤੇ ਪਿਆਰ ਲਈ ਆਪਣੇ ਹਉਮੈ ਦਾ ਤਿਆਗ ਕਰ ਕੇ ਪਤੀ-ਪਤਨੀ ਅਤੇ ਸੱਸ-ਨੂੰਹ ਨੂੰ ਸਾਂਝੇ ਰੂਪ ਵਿਚ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਪਹਿਲਾਂ ਵਾਲੇ ਸੁਖਦਾਈ ਪਰਿਵਾਰਕ ਸਬੰਧਾਂ ਦਾ ਨਿੱਘ ਮਾਣ ਸਕਦੇ ਹਾਂ।
ਇਸ ਲਈ ਜੇਕਰ ਅਸੀਂ ਸਮਾਜ ਵਿਚ ਫੈਲੀ ਨਫ਼ਰਤ, ਨੈਤਿਕ ਗਿਰਾਵਟ, ਲੜਾਈ-ਝਗੜੇ ਆਦਿ ਅਸੱਭਿਅਕ ਗੁਣਾਂ ਨੂੰ ਖ਼ਤਮ ਕਰਕੇ ਪਹਿਲਾਂ ਵਾਲੇ ਖੁਸ਼ੀਆਂ ਭਰੇ ਅਤੇ ਸ਼ਾਂਤ-ਮਈ ਵਾਤਾਵਰਨ ਵਾਲੇ ਸਾਂਝੇ ਪਰਿਵਾਰਾਂ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਸਿ ਦੇ ਲਈ ਅੱਜ ਦੀ ਔਰਤ ਨੂੰ ਆਪਣੀ ਕੁੱਖ ਨੂੰ ਠੀਕ ਕਰਨਾ ਪਵੇਗਾ। ਇਸ ਲਈ ਪਰਿਵਾਰ ਅਤੇ ਸਮਾਜ ਨੂੰ ਵੀ ਜੱਗ ਜਨਨੀ ਨੂੰ ਸ਼ਾਂਤਮਈ ਵਾਤਾਵਰਨ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।


=ਮਲੇਰਕੋਟਲਾ।
ਮੋਬਾਈਲ : 94171-58300.


ਖ਼ਬਰ ਸ਼ੇਅਰ ਕਰੋ

ਗ੍ਰੀਨ ਟੀ ਨਾਲ ਪਾਓ ਚਮਕਦੀ ਚਮੜੀ

ਗ੍ਰੀਨ ਟੀ ਵਿਚ ਐਂਟੀ ਆਕਸੀਡੈਂਟ ਸਮੇਤ ਸਿਹਤਵਰਧਕ ਗੁਣ ਮੌਜੂਦ ਹੁੰਦੇ ਹਨ ਜੋ ਮਨੁੱਖੀ ਸਰੀਰ ਵਿਚ ਅਨੇਕਾਂ ਰੋਗਾਂ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਫ੍ਰੀ ਰੈਡੀਕਲਜ਼ ਨਾਲ ਪ੍ਰਭਾਵੀ ਤੌਰ 'ਤੇ ਲੜਨ ਵਿਚ ਸਹਾਇਕ ਹੁੰਦੇ ਹਨ। ਇਹ ਹਰਮਨਪਿਆਰਾ ਪੀਣ ਵਾਲਾ ਪਦਾਰਥ ਚਮੜੀ ਦੀ ਜਲਣ ਨੂੰ ਸ਼ਾਂਤ ਕਰਦਾ ਹੈ ਅਤੇ ਚਮੜੀ 'ਤੇ ਝੁਰੜੀਆਂ, ਦਾਗ, ਧੱਬੇ ਅਤੇ ਹੋਰ ਚਮੜੀ ਰੋਗਾਂ ਨੂੰ ਰੋਕਣ ਵਿਚ ਸਹਾਇਕ ਸਿੱਧ ਹੁੰਦਾ ਹੈ। ਦਰਅਸਲ ਕੁਦਰਤੀ ਸੁੰਦਰਤਾ ਪਾਉਣ ਲਈ ਗ੍ਰੀਨ ਟੀ ਕਾਫ਼ੀ ਸਹਾਇਕ ਮੰਨੀ ਜਾਂਦੀ ਹੈ ਅਤੇ ਇਸ ਦੇ ਨਿਯਮਤ ਸੇਵਨ ਨਾਲ ਤੁਹਾਨੂੰ ਕਿਸੇ ਸਿਰਪ ਜਾਂ ਮਹਿੰਗੇ ਸੁੰਦਰਤਾ ਪਾਉਣ ਵਾਲੇ ਸਾਧਨਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ।
ਗ੍ਰੀਨ ਟੀ ਦੇ ਨਿਯਮਤ ਸੇਵਨ ਨਾਲ ਕਿੱਲ, ਮੁਹਾਂਸੇ, ਕਾਲੇ ਦਾਗ਼, ਸਫੇਦ ਦਾਗ਼ ਅਤੇ ਬੰਦ ਕੋਸ਼ਿਕਾਵਾਂ ਦੇ ਇਲਾਜ ਵਿਚ ਵੀ ਮਦਦ ਮਿਲਦੀ ਹੈ। ਗ੍ਰੀਨ ਟੀ ਸਰੀਰ ਦੇ ਖੁੱਲ੍ਹੇ ਮੁਸਾਮਾਂ ਤੋਂ ਗੰਦਗੀ ਅਤੇ ਕਾਲਖ ਮੈਲ ਆਦਿ ਨੂੰ ਹਟਾ ਕੇ ਚਮੜੀ ਦੇ ਮੁਸਾਮਾਂ ਨੂੰ ਕੱਸ ਕੇ ਚਮੜੀ ਵਿਚ ਪ੍ਰਦੂਸ਼ਣ ਆਦਿ ਦੇ ਦਾਖਲੇ ਨੂੰ ਰੋਕਦੀ ਹੈ।
ਇਕ ਮਿੱਟੀ ਦੀ ਕਟੋਰੀ ਵਿਚ ਅੱਧਾ ਕੱਪ ਪਾਣੀ ਉਬਾਲ ਕੇ ਇਸ ਵਿਚ ਚਾਹ ਦੀਆਂ ਪੱਤੀਆਂ ਨੂੰ ਪਾ ਕੇ ਇਸ ਵਿਚ ਦੋ ਮਿੰਟ ਤੱਕ ਰਹਿਣ ਦਿਓ। ਉਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਪੱਤੀਆਂ ਨੂੰ ਠੰਢਾ ਹੋਣ ਦਿਓ। ਬਚੇ ਹੋਏ ਮਿਸ਼ਰਣ ਨੂੰ ਰੂੰਅ ਦੀ ਮਦਦ ਨਾਲ ਚਿਹਰੇ 'ਤੇ ਲਗਾ ਕੇ ਚਮੜੀ ਨੂੰ ਸਾਫ਼ ਕਰੋ। ਬਦਲ ਦੇ ਰੂਪ ਵਿਚ ਤੁਸੀਂ ਗਰਮ ਪਾਣੀ ਦੇ ਕੱਪ ਵਿਚ ਗ੍ਰੀਨ ਟੀ ਬੈਗ ਨੂੰ ਡੁਬੋ ਕੇ ਇਸ ਨੂੰ ਠੰਢਾ ਹੋਣ ਦਿਓ ਅਤੇ ਇਸ ਨੂੰ ਚਮੜੀ ਟੋਨਰ ਦੀ ਤਰ੍ਹਾਂ ਵਰਤੋਂ ਕਰੋ। ਤੁਸੀਂ ਗ੍ਰੀਨ ਟੀ ਨੂੰ ਗਰਮ ਪਾਣੀ ਵਿਚ ਡੁਬੋ ਕੇ ਚਾਹ ਦੇ ਪਾਣੀ ਨੂੰ ਏਅਰ ਟਾਈਟ ਮਰਤਬਾਨ ਵਿਚ ਵਿਚ ਰੱਖ ਕੇ ਫਰਿੱਜ ਵਿਚ ਰੱਖ ਲਓ ਅਤੇ ਤਾਜ਼ਗੀ ਲਈ ਵਰਤੋਂ ਵਿਚ ਲਿਆਓ। ਗ੍ਰੀਨ ਟੀ ਵਿਚ ਵਿਟਾਮਿਨ ਬੀ ਅਤੇ ਵਿਟਾਮਿਨ ਈ ਦੇ ਗੁਣ ਮੌਜੂਦ ਹੁੰਦੇ ਹਨ ਜੋ ਕਿ ਚਮੜੀ ਦੀ ਕੁਦਰਤੀ ਸੁੰਦਰਤਾ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ। ਵਿਟਾਮਿਨ ਈ ਚਮੜੀ ਵਿਚ ਨਵੀਆਂ ਕੋਸ਼ਿਕਾਵਾਂ ਦੇ ਵਿਕਾਸ ਅਤੇ ਚਮੜੀ ਦੀ ਨਮੀ ਪ੍ਰਦਾਨ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਜਿਸ ਨਾਲ ਚਮੜੀ ਵਿਚ ਨਮੀ, ਮੁਲਾਇਮ ਅਤੇ ਕੁਦਰਤੀ ਸੁੰਦਰਤਾ ਦਾ ਸੰਚਾਰ ਹੁੰਦਾ ਹੈ।
ਤਿੰਨ ਕੱਪ ਗਰਮ ਪਾਣੀ ਵਿਚ 2 ਗ੍ਰੀਨ ਟੀ ਬੈਗ ਰੱਖ ਕੇ ਇਸ ਨੂੰ ਕੁਝ ਸਮੇਂ ਤੱਕ ਭਿਉਂ ਕੇ ਰੱਖੋ ਬਾਅਦ ਵਿਚ ਠੰਢੇ ਹੋਣ 'ਤੇ ਇਸ ਨੂੰ ਰੂੰਅ ਪੈਡ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਤੁਸੀਂ ਇਸ ਵਿਚ ਹਲਕਾ ਜਿਹਾ ਸ਼ਹਿਦ ਪਾ ਵੀ ਸਕਦੇ ਹੋ ਅਤੇ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਉਣ ਦੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਗ੍ਰੀਨ ਟੀ ਨੂੰ ਸੁੰਦਰਤਾ ਨਿਖਾਰਨ ਵਿਚ ਕਈ ਹੋਰ ਤਰ੍ਹਾਂ ਨਾਲ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਪੀਸੇ ਬਾਦਾਮ, ਗ੍ਰੀਨ ਟੀ ਦੀ ਪੱਤੀਆਂ ਅਤੇ ਸ਼ਹਿਦ ਦਾ ਮਿਸ਼ਰਣ ਇਕ ਬਿਹਤਰੀਨ ਫ਼ੇਸ਼ੀਅਲ ਅਤੇ ਬਾਡੀ ਸਕਰੱਬ ਦਾ ਕੰਮ ਕਰਦਾ ਹੈ। ਗ੍ਰੀਨ ਟੀ ਦੀ ਪੱਤੀਆਂ ਦਾ ਪਾਊਡਰ ਬਣਾ ਕੇ ਇਸ ਵਿਚ ਨਿੰਬੂ ਦਾ ਰਸ ਅਤੇ ਥੋੜ੍ਹੀ ਜਿਹੀ ਦਾਲਚੀਨੀ ਮਿਲਾ ਕੇ ਬਣੇ ਮਿਸ਼ਰਣ ਨੂੰ ਚਿਹਰੇ 'ਤੇ ਲਗਾਉਣ ਤੋਂ 20 ਮਿੰਟ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਦਿਓ।

ਬੇਕਾਰ ਚੀਜ਼ਾਂ ਦੀ ਕਈ ਤਰ੍ਹਾਂ ਨਾਲ ਵਰਤੋਂ

ਕੀ ਤੁਸੀਂ ਜਾਣਦੇ ਹੋ ਕਿ ਜੋ ਵਸਤੂਆਂ ਤੁਸੀਂ ਬੇਕਾਰ ਸਮਝਦੇ ਕੇ ਸੁੱਟ ਦਿੰਦੇ ਹੋ, ਉਨ੍ਹਾਂ ਦੀ ਵੀ ਕਿੰਨੀ ਵਰਤੋਂ ਹੋ ਸਕਦੀ ਹੈ? ਇਸ ਲਈ ਰੁਕੋ, ਕੁਝ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਦੀ ਸਹੀ ਵਰਤੋਂ ਕਰ ਸਕਦੇ ਹੋ।
ਜਦੋਂ ਤੁਸੀਂ ਨਿੰਬੂ ਪਾਣੀ ਬਣਾਉਂਦੇ ਹੋ ਜਾਂ ਸਬਜ਼ੀ ਅਤੇ ਸਲਾਦ ਵਿਚ ਨਿੰਬੂ ਨਿਚੋੜ ਕੇ ਪਾਉਂਦੇ ਹੋ ਤਾਂ ਤੁਸੀਂ ਇਸ ਦਾ ਛਿਲਕਾ ਸੁੱਟ ਦਿੰਦੇ ਹੋਵੋਗੇ। ਇਸ ਤਰ੍ਹਾਂ ਨਾ ਕਰੋ। ਇਕ ਸਾਫ਼ ਸੁੱਕੀ ਸ਼ੀਸ਼ੀ ਲਓ। ਇਸ ਵਿਚ ਇਹ ਛਿਲਕੇ ਧੋ ਕੇ, ਪੂੰਝ ਕੇ ਪਾ ਦਿਓ। ਇਸ ਵਿਚ ਥੋੜ੍ਹਾ ਜਿਹਾ ਨਮਕ, ਲਾਲ ਮਿਰਚ ਅਤੇ ਅਜਵਾਇਨ ਮਿਲਾ ਦਿਓ ਅਤੇ ਰੋਜ਼ ਧੁੱਪ ਵਿਚ ਰੱਖੋ। ਤਿੰਨ ਜਾਂ ਚਾਰ ਦਿਨਾਂ ਬਾਅਦ ਇਹ ਵਧੀਆ ਨਿੰਬੂ ਦਾ ਅਚਾਰ ਬਣ ਜਾਵੇਗਾ ਅਤੇ ਇਸ ਨੂੰ ਖਿਚੜੀ ਜਾਂ ਪਰੌਂਠਿਆਂ ਨਾਲ ਖਾਧਾ ਜਾ ਸਕਦਾ ਹੈ।
ਜੇਕਰ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਤਾਂ ਇਨ੍ਹਾਂ ਛਿਲਕਿਆਂ ਦਾ ਸੁੰਦਰਤਾ ਵਧਾਉਣ ਵਿਚ ਵੀ ਯੋਗਦਾਨ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬਾਹਾਂ ਦੀ ਚਮੜੀ ਦਾ ਰੰਗ, ਸਰੀਰ ਦੇ ਬਾਕੀ ਹਿੱਸੇ ਤੋਂ ਗਹਿਰਾ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇਨ੍ਹਾਂ 'ਤੇ ਨਿੰਬੂ ਦਾ ਛਿਲਕਾ ਰਗੜ ਕੇ ਮਲ ਦਿਓ ਅਤੇ ਕੁਝ ਦੇਰ ਬਾਅਦ ਸਾਫ਼ ਪਾਣੀ ਨਾਲ ਧੋ ਲਓ ਤਾਂ ਤੁਸੀਂ ਦੇਖੋਗੇ ਕਿ ਤੁਹਾਡੀਆਂ ਬਾਹਾਂ ਦੀ ਚਮੜੀ ਨਾ ਸਿਰਫ਼ ਨਰਮ ਮਹਿਸੂਸ ਹੋਵੇਗੀ ਸਗੋਂ ਉਸ ਦਾ ਰੰਗ ਵੀ ਸਾਫ਼ ਹੋ ਜਾਵੇਗਾ।
ਜਦੋਂ ਤੁਸੀਂ ਕੇਤਲੀ ਵਿਚ ਚਾਹ ਬਣਾਉਂਦੇ ਹੋ। (ਬਿਨਾਂ ਦੁੱਧ ਪਾਏ) ਤਾਂ ਜੋ ਵੀ ਚਾਹ ਪੱਤੀ ਕੇਤਲੀ ਵਿਚ ਰਹਿ ਜਾਂਦੀ ਹੈ, ਉਹ ਸੁੱਟ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਨਾ ਕਰੋ। ਇਸ ਚਾਹ ਪੱਤੀ ਨੂੰ ਕਿਸੇ ਵੀ ਹਰੇ ਪੱਤਿਆਂ ਵਾਲੇ ਪੌਦਿਆਂ ਵਿਚ ਪਾ ਕੇ, ਮਿੱਟੀ ਵਿਚ ਮਿਲਾ ਦਿਓ। ਇਹ ਚਾਹ ਦੀਆਂ ਪੱਤੀਆਂ ਖਾਦ ਦਾ ਕੰਮ ਕਰਦੀਆਂ ਹਨ ਅਤੇ ਪੱਤਿਆਂ ਦਾ ਰੰਗ ਗਹਿਰਾ ਕਰਨ ਵਿਚ ਵੀ ਮਦਦ ਕਰਦੀਆਂ ਹਨ।
ਇਸੇ ਤਰ੍ਹਾਂ ਇਹ ਚਾਹ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਛਾਣ ਕੇ ਠੰਢਾ ਕਰਕੇ ਸ਼ੈਂਪੂ ਕਰਨ ਤੋਂ ਬਾਅਦ, ਪੰਜ ਜਾਂ ਦਸ ਮਿੰਟ ਲਈ ਵਾਲਾਂ ਵਿਚ ਲਗਾਓ ਅਤੇ ਫਿਰ ਚੰਗੀ ਤਰ੍ਹਾਂ ਧੋ ਲਓ। ਜੇਕਰ ਤੁਸੀਂ ਇਹ ਕਰਦੇ ਰਹੋ ਤਾਂ ਤੁਹਾਡੇ ਵਾਲਾਂ ਵਿਚ ਇਕ ਚੰਗੀ ਚਮਕ ਆਵੇਗੀ ਅਤੇ ਇਨ੍ਹਾਂ ਦਾ ਰੰਗ ਵੀ ਗਹਿਰਾ ਤੇ ਸੁੰਦਰ ਲੱਗੇਗਾ। ਤੁਸੀਂ ਇਸ ਚਾਹ ਦੀਆਂ ਪੱਤੀਆਂ ਦੇ ਪਾਣੀ ਨੂੰ ਮਹਿੰਦੀ ਵਿਚ ਘੋਲ ਕੇ ਵਾਲਾਂ ਵਿਚ ਵੀ ਲਗਾ ਸਕਦੇ ਹੋ।
ਅੰਡੇ ਦੇ ਛਿਲਕੇ ਨਾ ਸੁੱਟੋ। ਇਨ੍ਹਾਂ ਨੂੰ ਚੂਰਾ ਕਰ ਕੇ ਬੂਟਿਆਂ ਵਿਚ ਮਿੱਟੀ ਵਿਚ ਚੰਗੀ ਤਰ੍ਹਾਂ ਖਾਦ ਦੀ ਤਰ੍ਹਾਂ ਮਿਲਾ ਦਿਓ। ਇਨ੍ਹਾਂ ਛਿਲਕਿਆਂ ਵਿਚ ਬਹੁਤ ਤਾਕਤ ਹੁੰਦੀ ਹੈ ਅਤੇ ਖਣਿਜ ਹੁੰਦੇ ਹਨ ਅਤੇ ਇਹ ਤੁਹਾਡੇ ਬੂਟਿਆਂ ਲਈ ਖਾਦ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਕਰੋ ਤਾਂ ਤੁਹਾਡੇ ਬੂਟੇ ਤੰਦਰੁਸਤ ਨਜ਼ਰ ਆਉਣਗੇ।
ਸੰਤਰੇ ਦੇ ਛਿਲਕੇ ਵੀ ਬਹੁਤ ਉਪਯੋਗੀ ਹੁੰਦੇ ਹਨ। ਇਹ ਚਮੜੀ 'ਤੇ ਕਿੱਲ, ਮੁਹਾਂਸੇ ਅਤੇ ਝੁਰੜੀਆਂ ਦੂਰ ਕਰਨ ਵਿਚ ਬਹੁਤ ਉਪਯੋਗੀ ਹਨ ਅਤੇ ਤੁਹਾਡੇ ਚਿਹਰੇ ਦਾ ਰੰਗ ਵੀ ਸਾਫ਼ ਕਰਦੇ ਹਨ। ਸੰਤਰੇ ਦੇ ਛਿਲਕੇ ਧੁੱਪ ਵਿਚ ਸੁਕਾ ਲਓ। ਹੁਣ ਇਨ੍ਹਾਂ ਨੂੰ ਪੀਸ ਕੇ ਬਾਰੀਕ ਚੂਰਾ ਬਣਾ ਦਿਓ। ਇਸ ਨੂੰ ਸ਼ੀਸ਼ੀ ਵਿਚ ਬੰਦ ਕਰ ਕੇ ਰੱਖ ਲਓ। ਜਦੋਂ ਚਮੜੀ ਰੁਖੀ ਹੋਵੇ ਜਾਂ ਮੁਰਝਾਈ ਹੋਈ ਹੋਵੇ, ਥੋੜ੍ਹਾ ਜਿਹਾ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਇਕ ਕੌਲੀ ਵਿਚ ਪਾ ਲਓ। ਇਸ ਵਿਚ ਥੋੜ੍ਹਾ ਦੁੱਧ ਤੇ ਸ਼ਹਿਦ ਮਿਲਾ ਕੇ ਲੇਪ ਬਣਾ ਲਓ। ਇਹ ਲੇਪ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਲੱਗਾ ਰਹਿਣ ਦਿਓ। ਜਦੋਂ ਇਹ ਲੇਪ ਸੁੱਕਣ ਲੱਗੇ ਤਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਦੇਖੋਗੇ ਕਿ ਤੁਹਾਡੀ ਚਮੜੀ ਨਰਮ ਤੇ ਚਮਕਦਾਰ ਦਿਖਾਈ ਦਿੰਦੀ ਹੈ।
ਹੋਰ ਵੀ ਕਈ ਬੇਕਾਰ ਚੀਜ਼ਾਂ ਹਨ ਜਿਨ੍ਹਾਂ ਦਾ ਤੁਸੀਂ ਕਈ ਢੰਗਾਂ ਨਾਲ ਵਰਤੋਂ ਕਰ ਸਕਦੇ ਹੋ। ਮੂਲੀ ਦੇ ਪੱਤਿਆਂ ਨੂੰ ਬਾਰੀਕ ਕੱਟ ਕੇ ਸਬਜ਼ੀ ਬਣਾ ਕੇ ਖਾਓ। ਇਹ ਬਹੁਤ ਸਵਾਦੀ ਹੁੰਦੀ ਹੈ।
ਇਸੇ ਤਰ੍ਹਾਂ ਗੋਭੀ ਦੇ ਟੰਡਲ ਨਾ ਸੁੱਟੋ। ਇਨ੍ਹਾਂ ਨੂੰ ਇਕੱਠੇ ਕਰ ਲਓ ਅਤੇ ਫਿਰ ਇਨ੍ਹਾਂ ਦੀ ਸਬਜ਼ੀ ਬਣਾਓ। ਇਨ੍ਹਾਂ ਨੂੰ ਲੰਮਾ ਕੱਟ ਕੇ ਤੇਲ ਵਿਚ ਭੁੰਨ ਲਓ। ਗੁਲਾਬੀ ਹੋਣ 'ਤੇ ਕੱਢ ਲਓ ਅਤੇ ਫਿਰ ਹੋਰ ਭੁੰਨੇ ਹੋਏ ਪਿਆਜ਼, ਅਦਰਕ, ਲਸਣ ਤੇ ਟਮਾਟਰ ਦੇ ਮਸਾਲੇ ਵਿਚ ਮਿਲਾ ਕੇ ਪਕਾ ਲਓ। ਬਹੁਤ ਸਵਾਦੀ ਸਬਜ਼ੀ ਬਣਦੀ ਹੈ। ਜੇਕਰ ਤੁਹਾਡੇ ਘਰ ਵਿਚ ਜ਼ਿਆਦਾ ਬ੍ਰੈੱਡ ਬਚੀ ਹੈ ਅਤੇ ਉਸ ਦੇ ਖਰਾਬ ਹੋਣ ਦਾ ਸ਼ੱਕ ਹੈ ਤਾਂ ਤੁਸੀਂ ਇਸ ਦੇ ਕਈ ਤਰ੍ਹਾਂ ਦੇ ਸਵਾਦੀ ਪਕਵਾਨ ਬਣਾ ਸਕਦੇ ਹੋ। ਤੁਸੀਂ ਹਰ ਬ੍ਰੈੱਡ ਦੇ ਟੁਕੜੇ ਨੂੰ ਪਾਣੀ ਵਿਚ ਭਿਉਂ ਕੇ ਅਤੇ ਉਸ ਨੂੰ ਤੁਰੰਤ ਕੱਢ ਕੇ ਉਸ ਦਾ ਗੋਲਾ ਬਣਾ ਕੇ ਉਸ ਨੂੰ ਤਲ ਲਓ। ਦਾਲ ਦੇ ਵੜੇ ਦੀ ਤਰ੍ਹਾਂ ਤੁਸੀਂ ਚਟਨੀ ਜਾਂ ਸਾਸ ਨਾਲ ਖਾ ਸਕਦੇ ਹੋ ਜਾਂ ਫਿਰ ਇਸ ਨੂੰ ਦਹੀਂ ਵਿਚ ਪਾ ਕੇ ਦਹੀਂ ਵੜੇ ਦੀ ਤਰ੍ਹਾਂ ਵੀ ਖਾ ਸਕਦੇ ਹੋ। ਬ੍ਰੈੱਡ ਨੂੰ ਸੁਕਾ ਕੇ, ਚੂਰਾ ਕਰਕੇ ਵੀ ਰੱਖ ਸਕਦੇ ਹੋ। ਫਿਰ ਇਹ ਅਨੇਕ ਤਰ੍ਹਾਂ ਦੇ ਪਕਵਾਨ ਬਣਾਉਣ ਵਿਚ ਕੰਮ ਆ ਸਕਦੀ ਹੈ।
ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਥੋੜ੍ਹਾ ਜਿਹਾ ਦਿਮਾਗ਼ ਨਾਲ ਕੰਮ ਲੈਣ ਤੋਂ ਤੁਸੀਂ ਬੇਕਾਰ ਚੀਜ਼ਾਂ ਨੂੰ ਅਨੋਖੇ ਢੰਗ ਨਾਲ ਵਰਤੋਂ ਕਰ ਸਕਦੇ ਹੋ।

ਪਰਿਵਾਰ ਦੀ ਸਿਹਤ ਦੀ ਜ਼ਾਮਨ... ਸਾਫ਼-ਸੁਥਰੀ ਰਸੋਈ

ਰਸੋਈ ਦੀ ਗੱਲ ਕਰੀਏ ਤਾਂ ਇਹ ਘਰ ਦਾ ਸਭ ਤੋਂ ਮਹੱਤਵਪੂਰਨ ਕਮਰਾ ਹੈ। ਕਈ ਵਾਰੀ ਇਹ ਕਮਰਾ ਸਭ ਕਮਰਿਆਂ ਤੋਂ ਛੋਟਾ ਬਣਾਇਆ ਜਾਂਦਾ ਹੈ। ਰਸੋਈ ਦਾ ਸਭ ਤੋਂ ਮਹੱਤਵਪੂਰਨ ਖਾਧ ਪਦਾਰਥ ਆਟਾ ਹੁੰਦਾ ਹੈ। ਅਸੀਂ ਹਮੇਸ਼ਾ ਬਰੀਕ ਪੀਸਿਆ ਆਟਾ ਪਸੰਦ ਕਰਦੇ ਹਾਂ ਅਤੇ ਛਾਣ ਕੇ ਖਾਂਦੇ ਹਾਂ। ਆਟਾ ਛਾਣੋ ਜ਼ਰੂਰ ਪਰ ਛਾਣ ਨੂੰ ਸੁੱਟੋ ਨਾ। ਇਸ ਨੂੰ ਸਾਫ਼ ਕਰ ਕੇ ਫਿਰ ਆਟੇ ਵਿਚ ਹੀ ਮਿਲਾ ਦਿਓ। ਛਾਣ ਨਿਰ੍ਹਾ ਫਾਈਬਰ ਹੁੰਦਾ ਹੈ, ਜੋ ਸਾਡੀ ਖੁਰਾਕ ਦਾ ਜ਼ਰੂਰੀ ਅੰਗ ਹੈ। ਆਟਾ ਹਮੇਸ਼ਾ ਤਾਜ਼ਾ ਗੁੰਨ੍ਹਣਾ ਚਾਹੀਦਾ ਹੈ। ਕਈ ਵਾਰ ਅਸੀਂ ਆਪਣੀ ਸਹੂਲਤ ਲਈ ਜ਼ਿਆਦਾ ਆਟਾ ਗੁੰਨ੍ਹ ਕੇ ਫਰਿੱਜ ਵਿਚ ਰੱਖ ਲੈਂਦੇ ਹਾਂ ਇਹ ਚੰਗੀ ਆਦਤ ਨਹੀਂ। ਸਵੇਰ ਦਾ ਗੁੰਨ੍ਹਿਆ ਆਟਾ ਸ਼ਾਮ ਤੱਕ ਜ਼ਰੂਰ ਵਰਤ ਲਵੋ। ਇਸੇ ਤਰ੍ਹਾਂ ਸਬਜ਼ੀਆਂ ਵੀ ਜ਼ਿਆਦਾ ਦਿਨ ਫਰਿੱਜ ਵਿਚ ਨਹੀਂ ਰੱਖਣੀਆਂ ਚਾਹੀਦੀਆਂ। ਰਸੋਈ ਦੀ ਹਰ ਚੀਜ਼ ਡੱਬੇ 'ਚ ਬੰਦ ਜਾਂ ਢਕੀ ਹੋਣੀ ਚਾਹੀਦੀ ਹੈ। ਦਾਲਾਂ ਅਤੇ ਚਾਵਲ ਆਦਿ ਨੂੰ ਵੀ ਸੁਸਰੀ ਅਤੇ ਢੋਰੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਅਗਰ ਇਹ ਸਾਮਾਨ ਜ਼ਿਆਦਾ ਮਾਤਰਾ ਵਿਚ ਹੈ ਤਾਂ ਧੁੱਪ ਲਗਵਾ ਲੈਣੀ ਚਾਹੀਦੀ ਹੈ। ਚਾਵਲ ਆਦਿ ਨੂੰ ਸੁੰਡੀ ਵੀ ਲੱਗ ਜਾਂਦੀ ਹੈ। ਇਨ੍ਹਾਂ ਚੀਜ਼ਾਂ ਨੂੰ ਸੁੰਡੀ ਤੋਂ ਬਚਾ ਕੇ ਰੱਖਣਾ ਜ਼ਰੂਰੀ ਹੈ। ਬਰਤਨ ਸਾਫ਼ ਕਰਦਿਆਂ ਗੰਦੇ ਪਾਣੀ ਦਾ ਨਿਕਾਸ ਚੰਗਾ ਹੋਣਾ ਚਾਹੀਦਾ ਹੈ। ਫ਼ਰਸ਼ ਜੇਕਰ ਪੱਥਰ ਜਾਂ ਸਲੇਟਾਂ ਦਾ ਹੋਵੇ ਤਾਂ ਪੋਚਾ ਵਧੀਆ ਫਿਰਦਾ ਹੈ। ਰਸੋਈ ਦੇ ਫ਼ਰਸ਼ ਨੂੰ ਸਿੱਲ੍ਹ ਜਾਂ ਗਿੱਲੇਪਨ ਤੋਂ ਬਚਾਅ ਕੇ ਰੱਖੋ। ਸਾਰੇ ਖਾਧ ਪਦਾਰਥ ਫ਼ਰਸ਼ ਤੋਂ ਕੁਝ ਉੱਚੇ ਰੱਖਣ ਦਾ ਯਤਨ ਕਰੋ ਤਾਂ ਜੋ ਚੂਹੇ ਅਤੇ ਕਾਕਰੋਚ ਆਦਿ ਨੂੰ ਲੁਕਣ ਲਈ ਥਾਂ ਨਾ ਮਿਲੇ। ਰਸੋਈ ਵਿਚ ਸੂਰਜ ਦੀ ਰੌਸ਼ਨੀ ਅਤੇ ਹਵਾ ਦਾ ਆਰ-ਪਾਰ ਜਾਣਾ ਬਹੁਤ ਜ਼ਰੂਰੀ ਹੈ। ਰਸੋਈ ਵਿਚ ਪਕੌੜੇ, ਪਰੌਂਠੇ ਅਤੇ ਸਮੋਸੇ ਵਗੈਰਾ ਵੀ ਬਣਾਏ ਜਾਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਐਗਜ਼ਾਸਟ ਫ਼ੈਨ ਲਗਵਾਈਏ ਤਾਂ ਜੋ ਗੰਦੇ ਧੂੰਏ ਵਾਲੀ ਹਵਾ ਨੂੰ ਬਾਹਰ ਕੱਢਿਆ ਜਾ ਸਕੇ। ਇਹ ਹਵਾ ਸਾਡੀ ਸਿਹਤ ਲਈ ਹਾਨੀਕਾਰਕ ਹੈ। ਘਰ ਪਰਿਵਾਰ ਨੂੰ ਸਾਫ਼ ਸੁਥਰਾ ਅਤੇ ਤਾਜ਼ਾ ਭੋਜਨ ਤਿਆਰ ਕਰ ਕੇ ਦਿਓ। ਖ਼ਾਸ ਕਰ ਮੈਦੇ ਤੋਂ ਬਣੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੁਝ-ਇਕ ਲੜਕੀਆਂ ਜਾਂ ਔਰਤਾਂ ਇਕ ਹੱਥ ਦੇ ਨਾਖ਼ੁਨ ਨਹੀਂ ਕੱਟਦੀਆਂ। ਜੇਕਰ ਤੁਸੀਂ ਰਸੋਈ ਦਾ ਕੰਮ ਸਫ਼ਾਈ ਨਾਲ ਕਰਨਾ ਹੈ ਤਾਂ ਨਹੁੰ ਕੱਟਣੇ ਬਹੁਤ ਜ਼ਰੂਰੀ ਹਨ। ਪਰਿਵਾਰ ਲਈ ਭੋਜਨ ਖੁਸ਼ੀ-ਖੁਸ਼ੀ ਅਤੇ ਖਿੜੇ-ਮੱਥੇ ਤਿਆਰ ਕਰਨਾ ਚਾਹੀਦਾ ਹੈ। ਗੁੱਸੇ ਨਾਲ ਅਤੇ ਲੜਾਈ ਝਗੜੇ ਸਮੇਂ ਭੋਜਨ ਤਿਆਰ ਨਹੀਂ ਕਰਨਾ ਚਾਹੀਦਾ।


-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 99157-31345.

ਓ ਹੋ ਹੋ... ਮੰਮੀ ਦੇ ਪੇਪਰਾਂ ਦੇ ਦਿਨ!

ਫਰਵਰੀ ਆਪਣੇ ਅਖੀਰ ਵਲ ਵਧ ਰਹੀ ਹੈ। ਫਰਵਰੀ ਤੋਂ ਬਾਅਦ ਜਿਵੇਂ ਹੀ ਮਾਰਚ ਮਹੀਨਾ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਉਨ੍ਹਾਂ ਘਰਾਂ ਵਿਚ ਜਿਥੇ 10ਵੀਂ ਅਤੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਬੱਚੇ ਹਨ, ਸਮਝੋ ਇਕ ਕਿਸਮ ਦਾ ਅਣਐਲਾਨਿਆ ਕਰਿਫਊ ਲਗ ਜਾਵੇਗਾ। ਖਾਣਾ ਏਨੇ ਵਜੇ ਖਾਣਾ, ਸੌਣਾ ਏਨੇ ਵਜੇ, ਕਦੋਂ ਪੜ੍ਹਨਾ ਹੈ, ਕਦੋਂ ਖੇਡਣਾ ਹੈ, ਦੋਸਤਾਂ ਨਾਲ ਕਦੋਂ ਅਤੇ ਕਿੰਨਾ ਮਿਲਣਾ ਹੈ। ਘਰ ਛਾਉਣੀ ਵਿਚ ਤਬਦੀਲ ਹੋ ਜਾਂਦਾ ਹੈ ਅਤੇ ਮਾਹੌਲ ਬਿਲਕੁਲ ਜਿਵੇਂ ਐਮਰਜੈਂਸੀ ਲਗ ਗਈ ਹੋਵੇ। ਜ਼ਾਹਿਰ ਹੈ ਤਣਾਅ ਵੀ ਪੂਰਾ ਘਰ ਝੱਲਦਾ ਹੈ। ਸਵਾਲ ਹੈ ਇਸ ਤੋਂ ਬਚਣ ਲਈ ਕੀ ਕੀਤਾ ਜਾਵੇ? ਜ਼ਾਹਿਰ ਹੈ ਕਿ ਇਸ ਤੋਂ ਪੂਰੀ ਤਰ੍ਹਾਂ ਨਾਲ ਬਚ ਨਹੀਂ ਸਕਦੇ, ਹਾਂ ਕੁਝ ਤਰਕੀਬਾਂ ਨਾਲ ਇਸ ਤਣਾਅ ਨੂੰ ਘੱਟ ਜ਼ਰੂਰ ਕਰ ਸਕਦੇ ਹੋ। ਆਓ ਦੇਖੀਏ ਉਹ ਤਰਕੀਬਾਂ ਕੀ ਹਨ?
ਇਹ ਗੱਲ ਅਨੋਖੀ ਲੱਗ ਸਕਦੀ ਹੈ ਪਰ ਸੱਚਾਈ ਇਹੀ ਹੈ ਕਿ ਸਾਡੇ ਇਥੇ ਵਿਦਿਆਰਥੀਆਂ ਤੋਂ ਜ਼ਿਆਦਾ ਪ੍ਰੀਖਿਆ ਸਮੇਂ ਵਿਦਿਆਰਥੀਆਂ ਦੇ ਘਰ ਵਾਲੇ ਤਣਾਅ ਵਿਚ ਰਹਿੰਦੇ ਹਨ। ਜੇਕਰ ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਵਿਦਿਆਰਥੀ ਦੇ ਘਰ ਵਾਲੇ ਜੇਕਰ ਤਣਾਅ ਵਿਚ ਨਾ ਰਹਿਣ ਤਾਂ ਵਿਦਿਆਰਥੀ ਵੀ ਇਸ ਤਣਾਅ ਤੋਂ ਬਚੇੇ ਰਹਿੰਦੇ ਹਨ। ਜੇਕਰ ਪੂਰੀ ਤਰ੍ਹਾਂ ਨਾਲ ਇਸ ਤਰ੍ਹਾਂ ਨਾ ਹੋਵੇ ਉਦੋਂ ਵੀ 70-80 ਫ਼ੀਸਦੀ ਤਣਾਅ ਘੱਟ ਹੋ ਸਕਦਾ ਹੈ। ਮਨੋਵਿਗਿਆਨੀ ਵੀ ਇਹੀ ਮੰਨਦੇ ਹਨ ਕਿ ਜੇਕਰ ਘਰ ਵਾਲੇ ਲੋਕ ਸਹਿਜ ਰਹਿਣ ਤਾਂ ਵਿਦਿਆਰਥੀ ਵੀ ਸਹਿਜ ਰਹਿ ਕੇ ਪ੍ਰੀਖਿਆਵਾਂ ਦੇਣਗੇ। ਜੇਕਰ ਪ੍ਰੀਖਿਆ ਸਮੇਂ ਵਿਦਿਆਰਥੀਆਂ ਦੇ ਘਰ ਵਾਲੇ ਘੱਟ ਤਣਾਅ ਵਿਚ ਰਹਿਣਗੇ ਤਾਂ ਵਿਦਿਆਰਥੀ ਅਤੇ ਘਰਵਾਲੇ ਭਾਵ ਦੋਵਾਂ ਨੂੰ ਫਾਇਦਾ ਹੋਵੇਗਾ।
ਪਰ ਬੁਨਿਆਦੀ ਗੱਲ ਇਹ ਹੈ ਕਿ ਇਹ ਸਭ ਹੋਵੇ ਕਿਵੇਂ? ਇਸ ਦਾ ਜਵਾਬ ਇਹ ਹੈ ਕਿ ਪ੍ਰੀਖਿਆ ਦੌਰਾਨ ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕਰੋ ਜਿਵੇਂ ਇਹ ਕੋਈ ਬਹੁਤ ਹੀ ਖ਼ਾਸ ਸਮਾਂ ਹੋਵੇ। ਜੇਕਰ ਮਨ ਵਿਚ ਇਸ ਤਰ੍ਹਾਂ ਦਾ ਮੰਨੀਏ ਵੀ ਤਾਂ ਵੀ ਇਸ ਨੂੰ ਮਨ ਵਿਚ ਹੀ ਰੱਖੋ। ਇਸ ਲਈ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਆਮ ਤੌਰ 'ਤੇ ਹਰ ਮਾਂ ਪ੍ਰੀਖਿਆ ਸਮੇਂ ਕੁਝ ਜ਼ਿਆਦਾ ਸਹੀ ਚੌਕੰਨੀ ਅਤੇ ਮਮਤਾ ਨਾਲ ਭਰ ਜਾਂਦੀ ਹੈ, ਨਤੀਜੇ ਵਜੋਂ ਉਹ ਆਪਣੇ ਬੱਚੇ ਲਈ ਚੰਗੇ ਤੋਂ ਚੰਗੇ ਪੌਸ਼ਟਿਕ ਖਾਣੇ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ ਇਹ ਉਸ ਵਲੋਂ ਪਿਆਰ ਅਤੇ ਚੌਕੰਨਤਾ ਦੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਸਾਬਤ ਕਰਦਾ ਹੈ। ਪਰ ਇਸ ਨਾਲ ਹੁੰਦਾ ਇਹ ਹੈ ਕਿ ਬੱਚੇ 'ਤੇ 'ਖ਼ਾਸ ਸਮਾਂ' ਹੋਣ ਦਾ ਦਬਾਅ ਬਣ ਜਾਂਦਾ ਹੈ। ਇਹ ਦਬਾਅ ਬਿਨਾਂ ਕੁਝ ਕਹੇ ਚੰਗਾ ਕਾਰਗੁਜ਼ਾਰੀ ਕਰਨ ਦੀ ਉਮੀਦ ਨਾਲ ਜੁੜਿਆ ਹੁੰਦਾ ਹੈ। ਪ੍ਰੀਖਿਆ ਸਮੇਂ ਜੇਕਰ ਕੋਈ ਚੀਜ਼ ਵਾਧੂ ਰੂਪ ਨਾਲ ਕਰੋ ਵੀ ਤਾਂ ਇਸ ਨੂੰ ਕਿਸੇ 'ਤੇ ਜ਼ਾਹਿਰ ਨਾ ਹੋਣ ਦਿਓ। ਜਿਵੇਂ ਇਨ੍ਹਾਂ ਦਿਨਾਂ ਵਿਚ ਪ੍ਰੀਖਿਆ ਦੇਣ ਵਾਲੇ ਬੱਚਿਆਂ ਦੀ ਖੁਰਾਕ ਵਿਚ ਅੰਡੇ, ਦੁੱਧ, ਦਹੀਂ ਦਾ ਹੋਣਾ ਸਹੀ ਹੁੰਦਾ ਹੈ। ਪਰ ਸਿਰਫ਼ ਪ੍ਰੀਖਿਆਵਾਂ ਦੇ ਸਮੇਂ ਹੀ ਕਿਉਂ? ਬਾਕੀ ਸਮੇਂ ਵੀ ਕਿਉਂ ਨਾ ਇਹੀ ਸਭ ਦਈਏ ਜੇਕਰ ਦੇ ਪਾਉਣਾ ਸੰਭਵ ਹੋਵੇ। ਫਿਲਹਾਲ ਇਹ ਬਹਿਸ ਦਾ ਸਮਾਂ ਨਹੀਂ ਹੈ। ਇਸ ਲਈ ਜੇਕਰ ਇਸੇ ਨੂੰ ਪ੍ਰੀਖਿਆਵਾਂ ਦੇ ਸਮੇਂ ਹੀ ਖ਼ਾਸ ਤੌਰ 'ਤੇ ਦੇ ਰਹੇ ਹੋ ਤਾਂ ਵਾਧੂ ਰੂਪ ਨਾਲ ਬਿਨਾਂ ਧਿਆਨ ਖਿੱਚੇ ਹੋਏ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਪੌਸ਼ਟਕਿਤਾ ਦੇ ਨਾਂਅ 'ਤੇ ਬਹੁਤ ਤਲਿਆ ਭੋਜਨ ਨਾ ਦਿਓ। ਹਾਂ, ਖਾਣ ਵਿਚ ਸਲਾਦ ਇਨ੍ਹੀਂ ਦਿਨੀਂ ਜ਼ਰੂਰ ਦਿਓ। ਜੇਕਰ ਬੱਚੇ ਨੂੰ ਸਲਾਦ ਖਾਣ ਦੀ ਆਦਤ ਨਹੀਂ ਹੈ ਤਾਂ ਇਹ ਕਲਪਨਾ ਸ਼ਕਤੀ ਨਾਲ ਉਸ ਦੀ ਕਿਸੇ ਪਸੰਦੀਦਾ ਚੀਜ਼ ਦੇ ਨਾਲ ਮਿਕਸ ਕਰ ਕੇ ਦਿਓ। ਬਿਹਤਰ ਹੈ ਕੁਝ ਮਹੀਨੇ ਪਹਿਲਾਂ ਤੋਂ ਹੀ ਇਸ ਸਭ ਨੂੰ ਖਾਣੇ ਦੀ ਆਦਤ ਪਾ ਦਿਓ।
ਸਲਾਦ ਇਨ੍ਹੀਂ ਦਿਨੀਂ ਇਸ ਲਈ ਚੰਗਾ ਹੁੰਦਾ ਹੈ ਤਾਂ ਕਿ ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚਾ ਕਬਜ਼ ਦਾ ਸ਼ਿਕਾਰ ਨਾ ਹੋਵੇ। ਇਨ੍ਹੀਂ ਦਿਨੀਂ ਬੱਚੇ ਦਾ ਪੇਟ ਸਾਫ਼ ਰਹੇ। ਪਰ ਇਹ ਸਭ ਚੁੱਪਚਾਪ ਬੱਚੇ ਨੂੰ ਬਿਨਾਂ ਜ਼ਾਹਿਰ ਹੋਏ ਦਿੱਤਾ ਜਾਵੇ। ਇਨ੍ਹੀਂ ਦਿਨੀਂ ਬੱਚੇ ਨੂੰ ਖਾਣੇ ਵਿਚ ਕਾਰਬੋਹਾਈਡ੍ਰੇਟ ਦੀ ਸਹੀ ਮਾਤਰਾ ਦਿਓ ਇਹ ਬਿਨਾਂ ਥੱਕੇ ਕਾਫ਼ੀ ਦੇਰ ਤੱਕ ਦਿਮਾਗ਼ੀ ਸਰਗਰਮਤਾ ਲਈ ਜ਼ਰੂਰੀ ਹੈ। ਇਨ੍ਹੀਂ ਦਿਨੀਂ ਬੱਚੇ ਨੂੰ ਸੀਜ਼ਨ ਦੇ ਫਲ ਵੀ ਖਾਣ ਨੂੰ ਦਿਓ। ਇਨ੍ਹੀਂ ਦਿਨੀਂ ਪੌਸ਼ਟਿਕ ਖਾਣੇ ਦੇ ਨਾਲ-ਨਾਲ ਸਹੀ ਸਮੇਂ 'ਤੇ ਖਾਣਾ ਖਵਾ ਦੇਣਾ ਵੀ ਜ਼ਰੂਰੀ ਹੁੰਦਾ ਹੈ, ਤਾਂ ਕਿ ਹਜ਼ਮ ਕਰਨ ਵਿਚ ਮੁਸ਼ਕਿਲ ਨਾ ਹੋਵੇ। ਪੜ੍ਹਾਈ ਦੇ ਸਮੇਂ ਦੀ ਸਭ ਤੋਂ ਖਰਾਬ ਆਦਤ ਹੈ ਪੂਰੀ ਰਾਤ ਜਾਗ ਕੇ ਪੜ੍ਹਨਾ। ਇਸ ਨਾਲ ਪ੍ਰੀਖਿਆ ਹਾਲ ਵਿਚ ਥਕਾਨ ਮਹਿਸੂਸ ਹੁੰਦੀ ਹੈ। ਪ੍ਰੀਖਿਆ ਦਿੰਦੇ ਸਮੇਂ ਤੇਜ਼ ਨੀਂਦ ਆ ਜਾਣ ਦਾ ਡਰ ਬਣਿਆ ਰਹਿੰਦਾ ਹੈ। ਪ੍ਰੀਖਿਆਵਾਂ ਦੇ ਸਮੇਂ ਬੱਚਿਆਂ ਨੂੰ ਖੇਡਣ ਤੋਂ ਬਿਲਕੁਲ ਨਹੀਂ ਰੋਕਣਾ ਚਾਹੀਦਾ। ਜੇਕਰ ਪਹਿਲਾਂ ਤੋਂ ਉਹ ਕਸਰਤ ਕਰਦੇ ਹਨ ਤਾਂ ਉਸ ਨੂੰ ਵੀ ਰੋਜ਼ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ। ਲਗਾਤਾਰ ਪੜ੍ਹਾਈ ਖ਼ਤਰਨਾਕ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਤਰੋਤਾਜ਼ਾ ਕਰਨ ਲਈ ਮਨੋਰੰਜਨ ਦੀ ਛੂਟ ਵੀ ਦੇਣੀ ਚਾਹੀਦੀ।

ਜੁੱਤੀਆਂ ਖਰੀਦਦੇ ਸਮੇਂ ਸੰਭਲ ਕੇ, ਧਿਆਨ ਰੱਖੋ...

* ਸਿਰਫ਼ ਸਾਈਜ਼ ਦਾ ਨੰਬਰ ਦੱਸ ਕੇ ਬਿਨਾਂ ਪਾਏ ਜੁੱਤੀਆਂ ਨਾ ਖਰੀਦੋ ਕਿਉਂਕਿ ਵੱਖ-ਵੱਖ ਕੰਪਨੀਆਂ ਵਿਚ ਇਕ ਹੀ ਸਾਈਜ਼ ਲਈ ਨੰਬਰ ਵੀ ਵੱਖ-ਵੱਖ ਹੋਇਆ ਕਰਦੇ ਹਨ। * ਚੰਗੀਆਂ ਜੁੱਤੀਆਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਪੰਜੇ ਵਿਚ ਫਿਟ ਬੈਠਣ। ਪੰਜਿਆਂ ਵਿਚ ਏਨੀ ਗੁੰਜ਼ਾਇਸ਼ ਜ਼ਰੂਰ ਹੋਣੀ ਚਾਹੀਦੀ ਕਿ ਜੁੱਤੀ ਪਾਏ-ਪਾਏ ਅੰਦਰ ਦੀਆਂ ਉਂਗਲੀਆਂ ਨੂੰ ਘੁਮਾ ਕੇ ਕਸਰਤ ਕਰਾਈ ਜਾ ਸਕੇ।
* ਜਦੋਂ ਤੁਸੀਂ ਜੁੱਤੀਆਂ ਨਹੀਂ ਪਾਏ ਹੁੰਦੇ ਤਾਂ ਤੁਹਾਡੀਆਂ ਉਂਗਲੀਆਂ ਸਾਹਮਣੇ ਤੋਂ ਚੌਰਸ ਅਤੇ ਇਕ-ਦੂਜੇ ਤੋਂ ਕੁਝ ਦੂਰ ਰਹਿੰਦੀਆਂ ਹਨ ਪਰ ਤੰਗ ਪੰਜੇ ਵਾਲੀਆਂ ਜੁੱਤੀਆਂ ਵਿਚ ਉਂਗਲੀਆਂ ਮਿੱਧ ਜਾਂਦੀਆਂ ਹਨ ਅਤੇ ਇਕ-ਦੂਜੇ ਵਿਚ ਰਗੜ ਖਾ-ਖਾ ਕੇ ਉਨ੍ਹਾਂ ਵਿਚ ਜ਼ਖ਼ਮ ਪੈ ਜਾਂਦੇ ਹਨ। ਜੇਕਰ ਜੁੱਤੀ ਸਾਹਮਣੇ ਤੋਂ ਚੌੜੀ ਅਤੇ ਗੋਲਾਈ ਵਿਚ ਹੈ ਤਾਂ ਉਂਗਲੀਆਂ ਨੂੰ ਅਰਾਮ ਨਾਲ ਬੈਠ ਜਾਂਦੀਆਂ ਹਨ ਅਤੇ ਉਨ੍ਹਾਂ 'ਤੇ ਦਬਾਅ ਵੀ ਨਹੀਂ ਪੈਂਦਾ।
* ਜੁੱਤੀ ਜਾਂ ਚੱਪਣ ਖਰੀਦਦੇ ਸਮੇਂ ਉਸ ਨੂੰ ਸਿਰਫ਼ ਇਕ ਪੈਰ ਵਿਚ ਹੀ ਨਾ ਪਾ ਕੇ ਦੇਖੋ। ਦੋਵਾਂ ਪੈਰਾਂ ਦੀਆਂ ਇਕ ਦੂਜੇ ਤੋਂ ਫਰਕ ਵਾਲੀਆਂ ਜੁੱਤੀਆਂ ਹੁੰਦੀਆਂ ਹਨ, ਇਸ ਲਈ ਦੋਵੇਂ ਪੈਰਾਂ ਨੂੰ ਪਾ ਕੇ ਦੇਖ ਕੇ ਖਰੀਦਣਾ ਚਾਹੀਦਾ।
* ਜੁੱਤੀਆਂ ਦੇ ਅੰਦਰ ਹੱਥ ਪਾ ਕੇ ਦੇਖ ਲਓ ਕਿ ਲਾਈਨਿੰਗ ਖੁਰਦਰੀ ਜਾਂ ਉੱਭਰ-ਖਾਬੜ ਵਾਲੀ ਤਾਂ ਨਹੀਂ ਹੈ। ਜੇਕਰ ਇਸ ਤਰ੍ਹਾਂ ਹੋਵੇਗਾ ਤਾਂ ਪਾਉਣ 'ਤੇ ਬੁਰੀ ਤਰ੍ਹਾਂ ਨਾਲ ਚੁੱਭਣਗੇ।
* ਖੁੱਲ੍ਹੇ ਪੰਜੇ ਦੀ ਸੈਂਡਲ ਹੋਵੇ ਤਾਂ ਧਿਆਨ ਰਹੇ ਕਿ ਤੁਹਾਡੀ ਅੱਡੀ ਅਤੇ ਪੰਜਾ ਜੁੱਤੀ ਤੋਂ ਬਾਹਰ ਨਾ ਨਿਕਲੇ। ਇਸ ਤਰ੍ਹਾਂ ਰਹਿਣ 'ਤੇ ਤੁਹਾਡੀ ਅੱਡੀ ਵਿਚ ਇਕ ਟੋਇਆ ਜਿਹਾ ਪੈ ਸਕਦਾ ਹੈ ਜੋ ਬਾਅਦ ਵਿਚ ਮੁਸ਼ਕਿਲ ਦੇ ਸਕਦਾ ਹੈ।
* ਜੁੱਤੀਆਂ ਕਦੀ ਵੀ ਇਕਦਮ ਸਵੇਰੇ-ਸਵੇਰੇ ਨਾ ਖਰੀਦੋ ਅਤੇ ਨਾ ਹੀ ਬਹੁਤ ਦੇਰ ਤੱਕ ਖੜ੍ਹੇ ਹੋ ਕੇ ਕੰਮ ਕਰਨ ਤੋਂ ਬਾਅਦ ਖਰੀਦੋ। ਸਵੇਰੇ ਪੈਰ ਦਾ ਅਕਾਰ ਛੋਟਾ ਹੁੰਦਾ ਹੈ ਅਤੇ ਹੌਲੀ-ਹੌਲੀ ਖੁੱਲ੍ਹਦਾ ਹੈ। ਜੁੱਤੀਆਂ ਹਮੇਸ਼ਾ ਦੁਪਹਿਰ ਸਮੇਂ ਹੀ ਖਰੀਦਣੀਆਂ ਚਾਹੀਦੀਆਂ ਹਨ।
* ਕੱਪੜਿਆਂ ਨਾਲ ਮੇਲ ਖਾਂਦੇ ਜੁੱਤੀਆਂ, ਚੱਪਲਾਂ ਤੇ ਸੈਂਡਲਾਂ ਨੂੰ ਪਾਉਣ ਨਾਲ ਵੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ। ਜੁੱਤੀਆਂ-ਚੱਪਲਾਂ ਖਰੀਦਣ ਤੋਂ ਪਹਿਲਾਂ ਇਸ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।
* ਲੰਮਾ ਕੱਦ ਹੋਣ 'ਤੇ ਸਾੜ੍ਹੀ ਦੇ ਨਾਲ ਲੱਗਦੀ ਅੱਡੀ ਵਾਲੀਆਂ ਚੱਪਲਾਂ, ਸੈਂਡਲ, ਅੱਡੀ 'ਤੇ ਚੜ੍ਹਾ ਦਿੱਤੀਆਂ ਜਾਣ ਵਾਲੀਆਂ ਇਲਾਸਟਿਕਦਾਰ ਸਟ੍ਰੈੱਪ ਸੈਂਡਲ ਨੂੰ ਪਾਓ।
* ਸਲਵਾਰ-ਕਮੀਜ਼ ਜਾਂ ਚੂੜੀਦਾਰ ਸੈੱਟ 'ਤੇ ਘੱਟ ਸਟ੍ਰੈੱਪ ਵਾਲੀਆਂ ਜੁੱਤੀਆਂ ਵੀ ਪਾਈਆਂ ਜਾ ਸਕਦੀਆਂ ਹਨ। ਜੁੱਤੀਆਂ ਦੇ ਰੰਗ, ਕੱਪੜਿਆਂ ਦੇ ਰੰਗ ਨਾਲ ਮੈਚ ਕਰਦੇ ਹੋਏ ਹੀ ਪਾਉਣ ਨਾਲ ਸ਼ਖ਼ਸੀਅਤ ਵਿਚ ਨਿਖਾਰ ਵਧ ਜਾਂਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX