ਤਾਜਾ ਖ਼ਬਰਾਂ


ਕਿਗਾਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪੁੱਜੇ ਰਵਾਂਡਾ
. . .  about 1 hour ago
ਖੂਹ 'ਚੋਂ ਮਿਲੀ ਔਰਤ ਦੀ ਲਾਸ਼
. . .  about 3 hours ago
ਗੁਰਾਇਆ, 23 ਜੁਲਾਈ (ਬਲਵਿੰਦਰ ਸਿੰਘ) - ਪਿੰਡ ਮਾਹਲ ਵਿਖੇ ਇਕ ਬੇਆਬਾਦ ਖੂਹ 'ਚੋਂ ਇਕ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਇਸ ਘਟਨਾ ਬਾਰੇ ਲੋਕਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਪਿੰਡ ਦੇ ਖੂਹ ਕੋਲ ਕੁੱਤੇ ਭੌਂਕ ਰਹੇ...
200 ਤੋਂ ਵੱਧ ਲੋਕ ਹੈਜ਼ਾ-ਡਾਇਰੀਆ ਨਾਲ ਹੋਏ ਬਿਮਾਰ, 3 ਮੌਤਾਂ
. . .  about 3 hours ago
ਹੁਸ਼ਿਆਰਪੁਰ, 23 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਸ਼ਹਿਰ 'ਚ ਹੈਜ਼ਾ ਤੇ ਡਾਇਰੀਆ ਦਾ ਪ੍ਰਕੋਪ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪਿਛਲੇ 3 ਦਿਨਾਂ ਦੌਰਾਨ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਣ ਵਾਲੇ ਉਕਤ ਬਿਮਾਰੀ ਦੇ ਮਰੀਜ਼ਾਂ ਦੀ...
ਓ.ਬੀ.ਸੀ. ਬੈਂਕ ਵੱਲੋਂ ਡਿਫਾਲਟਰ ਵਪਾਰੀ ਦੀਆਂ 10 ਦੁਕਾਨਾਂ ਅਤੇ ਇਕ ਪਲਾਂਟ ਸੀਲ
. . .  about 3 hours ago
ਤਪਾ ਮੰਡੀ, 23 ਜੁਲਾਈ (ਪ੍ਰਵੀਨ ਗਰਗ) - ਸਥਾਨਕ ਓ.ਬੀ.ਸੀ. ਬੈਂਕ ਵੱਲੋਂ ਸ਼ਹਿਰ ਦੇ ਇਕ ਵਪਾਰੀ ਦੀਆਂ ਦੱਸ ਦੁਕਾਨਾਂ ਤੇ ਇਕ ਪਲਾਂਟ ਸੀਲ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਬੈਂਕ ਅਧਿਕਾਰੀਆਂ ਨੇ ਦਸਿਆ ਕਿ ਵਪਾਰੀ ਰਾਕੇਸ਼ ਕੁਮਾਰ ਨੇ ਬੈਂਕ ਤੋਂ ਕਰੀਬ....
ਭਾਰੀ ਮਾਤਰਾ 'ਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇਕ ਕਾਬੂ
. . .  about 4 hours ago
ਡੇਰਾਬੱਸੀ, 23 ਜੁਲਾਈ (ਸ਼ਾਮ ਸਿੰਘ ਸੰਧੂ/ ਪੱਤਰ ਪ੍ਰੇਰਕ)- ਡੇਰਾਬੱਸੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ਤੇ ਨੇੜਲੇ ਪਿੰਡ ਜਨੇਤਪੁਰ ਨੇੜੇ ਕੀਤੀ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 2568 ਕੈਪਸੂਲ ਅਤੇ 1650 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਦੋਸ਼ੀ ਨੂੰ ਭਲਕੇ....
ਅਫ਼ਗ਼ਾਨਿਸਤਾਨ ਹਮਲੇ 'ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
. . .  about 4 hours ago
ਕੀਰਤਪੁਰ ਸਾਹਿਬ, 23 ਜੁਲਾਈ (ਬੀਰਅੰਮ੍ਰਿਤਪਾਲ ਸਿੰਘ ਸੰਨੀ) - ਬੀਤੀ 1 ਜੁਲਾਈ ਨੂੰ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਸ਼ਹਿਰ 'ਚ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ 'ਤੇ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ 12 ਸਿੱਖਾਂ ਅਤੇ 1 ਹਿੰਦੂ...
ਨਸ਼ੇ ਦੇ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
. . .  about 4 hours ago
ਸੁਭਾਨਪੁਰ, 23 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹਮੀਰਾ ਨਸ਼ਿਆਂ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਤੇ ਪਿੰਡ ਵਾਸੀਆਂ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਬਾਵਜੂਦ ਵੀ ਅੱਜ ਇੱਥੇ 40 ਸਾਲਾ ਅਣਪਛਾਤੇ ਵਿਅਕਤੀ ਦੀ ਨਸ਼ੇ ਦੇ...
ਗੌਰੀ ਲੰਕੇਸ਼ ਹੱਤਿਆ ਮਾਮਲੇ 'ਚ ਦੋ ਹੋਰ ਵਿਅਕਤੀ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 23 ਜੁਲਾਈ- ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਨੇ ਮਾਮਲੇ 'ਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੀ ਗ੍ਰਿਫ਼ਤਾਰੀ ਕੱਲ੍ਹ ਹੋਈ ਸੀ ਅਤੇ ਉਨ੍ਹਾਂ ਨੂੰ ਬੈਂਗਲੁਰੂ...
ਸਵਿਸ ਦੂਤਾਵਾਸ ਨੇ ਰੱਦ ਕੀਤਾ ਭਾਰਤੀ ਸਾਈਕਲਿੰਗ ਟੀਮ ਦਾ ਵੀਜ਼ਾ
. . .  about 5 hours ago
ਨਵੀਂ ਦਿੱਲੀ, 23 ਜੁਲਾਈ- ਸਵਿਸ ਦੂਤਾਵਾਸ ਨੇ ਜੂਨੀਅਰ ਭਾਰਤੀ ਸਾਈਕਲਿੰਗ ਟੀਮ ਦੇ ਵੀਜ਼ੇ ਨੂੰ ਰੱਦ ਕਰ ਦਿੱਤਾ ਹੈ। ਇਸ ਟੀਮ 'ਚ ਅਮਰ ਸਿੰਘ, ਬਿਲਾਲ ਅਹਿਮਦ ਡਾਰ, ਗੁਰਪ੍ਰੀਤ ਸਿੰਘ, ਮਨੋਜ ਸਾਹੂ, ਨਮਨ ਕਪਿਲ ਅਤੇ ਵੈਂਕੱਪਾ ਸ਼ਿਵਪੱਪਾ ਸ਼ਾਮਲ ਹਨ, ਜਿਹੜੇ ਕਿ 15-19...
ਕਾਰਤੀ ਚਿਦੰਬਰਮ ਨੂੰ ਮਿਲੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਵਿਦੇਸ਼ ਜਾਣ ਦੀ ਆਗਿਆ
. . .  about 5 hours ago
ਨਵੀਂ ਦਿੱਲੀ, 23 ਜੁਲਾਈ- ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਦੋਸ਼ੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਨੇ 23 ਤੋਂ 31 ਜੁਲਾਈ ਤੱਕ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੇ ਬੈਂਚ...
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਕੁਦਰਤੀ ਗੈਸ ਕੀ ਹੁੰਦੀ ਹੈ?

ਬੱਚਿਓ, ਸਮੁੰਦਰ ਦੇ ਥੱਲੇ ਜਿਥੇ ਵੀ ਤੇਲ ਦੇ ਭੰਡਾਰ ਮੌਜੂਦ ਹਨ, ਉਥੇ ਕੁਦਰਤੀ ਗੈਸ ਵੀ ਅਕਸਰ ਪਾਈ ਜਾਂਦੀ ਹੈ। ਇਹ ਗੈਸ ਸਮੁੰਦਰੀ ਜੀਵ-ਜੰਤੂਆਂ ਅਤੇ ਕੁਦਰਤੀ ਬਨਸਪਤੀ ਦੇ ਗਲਣ-ਸੜਨ ਨਾਲ ਪੈਦਾ ਹੁੰਦੀ ਹੈ। ਇਸ ਨੂੰ ਲੱਖਾਂ ਹੀ ਸਾਲ ਪਹਿਲਾਂ ਸਮੁੰਦਰਾਂ ਦੇ ਹੇਠੋਂ ਲੱਭ ਲਿਆ ਗਿਆ ਸੀ। ਕੱਚੇ ਤੇਲ ਦੀ ਤਰ੍ਹਾਂ ਇਹ ਵੀ ਹਾਈਡਰੋਕਾਰਬਨਜ਼ ਦਾ ਇਕ ਸਮੂਹ ਹੈ, ਜਿਸ ਵਿਚ ਮੀਥੇਨ, ਬੁਟੇਨ, ਪ੍ਰੋਪੇਨ ਅਤੇ ਈਥੇਨ ਆਦਿ ਗੈਸਾਂ ਵੀ ਹੁੰਦੀਆਂ ਹਨ। ਕਈ ਵਾਰ ਇਸ ਵਿਚ ਮਿਲਾਵਟੀ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਸਲਫਰ ਅਤੇ ਹੀਲੀਅਮ ਵੀ ਆ ਮਿਲਦੀਆਂ ਹਨ। ਇਨ੍ਹਾਂ ਮਿਲਾਵਟੀ ਗੈਸਾਂ ਦੀ ਵੀ ਕਾਰਖਾਨਿਆਂ ਵਿਚ ਸੁਚੱਜੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਗੰਧਕ ਦਾ ਤੇਜ਼ਾਬ ਬਣਾਉਣ ਲਈ ਸਲਫਰ ਦਾ ਅਤੇ ਵੱਡੇ-ਵੱਡੇ ਗੁਬਾਰਿਆਂ ਅਤੇ ਛੋਟੇ ਹਵਾਈ ਜਹਾਜ਼ਾਂ ਵਿਚ ਹੀਲੀਅਮ ਦਾ ਪ੍ਰਯੋਗ ਹੁੰਦਾ ਹੈ। ਕੁਦਰਤੀ ਗੈਸ ਰੂਸ, ਅਮਰੀਕਾ, ਕੈਨੇਡਾ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿਚ ਜ਼ਿਆਦਾ ਕੱਢੀ ਜਾਂਦੀ ਹੈ।
ਤਰਲ ਗੈਸ : ਜਦੋਂ ਕੁਦਰਤੀ ਗੈਸ 'ਤੇ ਦਬਾਅ ਪਾਇਆ ਜਾਂਦਾ ਹੈ ਤਾਂ ਬੁਟੇਨ ਅਤੇ ਪ੍ਰੋਪੇਨ ਗੈਸਾਂ ਤਰਲ ਰੂਪ ਵਿਚ ਅਸਾਨੀ ਨਾਲ ਅਲੱਗ ਹੋ ਜਾਂਦੀਆਂ ਹਨ ਅਤੇ ਇਸ ਨੂੰ ਬੋਤਲਾਂ ਵਿਚ ਬੰਦ ਕਰਕੇ ਵੇਚਿਆ ਜਾਂਦਾ ਹੈ, ਜਿਸ ਦੀ ਵਿਆਹ-ਸ਼ਾਦੀਆਂ ਸਮੇਂ ਵਰਤੇ ਜਾਂਦੇ ਸਟੋਵਾਂ ਅਤੇ ਸਿਗਰਟ ਦੇ ਲਾਈਟਰਾਂ ਵਿਚ ਵਰਤੋਂ ਕੀਤੀ ਜਾਂਦੀ ਹੈ। ਤਰਲ ਰੂਪ ਵਿਚ ਗੈਸ ਘੱਟ ਸਥਾਨ ਘੇਰਦੀ ਹੈ ਅਤੇ ਜ਼ਿਆਦਾ ਮਾਤਰਾ ਵਿਚ ਇਸ ਦੀ ਢੋਆ-ਢੁਆਈ ਕੀਤੀ ਜਾ ਸਕਦੀ ਹੈ।

-8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਆਲਸੀ ਚਿੜੀਆਂ ਦੀ ਦਾਸਤਾਨ

ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਦਰਿਆ ਦੇ ਕਿਨਾਰੇ ਇਕ ਬਹੁਤ ਸੁੰਦਰ ਵਣ ਸੀ। ਉਸ ਵਣ 'ਚ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਵਸਦੇ ਸਨ। ਸਾਰੇ ਜੀਵ ਆਪੋ-ਆਪਣੇ ਭੋਜਨ ਦੀ ਭਾਲ 'ਚ ਸਾਰਾ ਦਿਨ ਸੰਘਰਸ਼ ਕਰਦੇ ਅਤੇ ਰਾਤ ਨੂੰ ਆਰਾਮ ਦੀ ਨੀਂਦ ਸੌਂਦੇ।
ਕੁਝ ਸਮੇਂ ਬਾਅਦ ਉਸ ਦਰਿਆ 'ਤੇ ਇਕ ਦੀਨਾ ਰਾਮ ਨਾਂਅ ਦੇ ਮਲਾਹ ਨੇ ਬੇੜਾ ਠੇਲ੍ਹ ਲਿਆ। ਉਹ ਦਿਨ ਭਰ ਦਰਿਆ ਪਾਰ ਜਾਣ ਵਾਲੇ ਮੁਸਾਫਰਾਂ ਦੀ ਉਡੀਕ ਕਰਦਾ ਅਤੇ ਫੁਰਸਤ ਦਾ ਸਮਾਂ ਪੰਛੀਆਂ ਨਾਲ ਗੱਲਾਂ ਕਰਦਿਆਂ ਬਿਤਾਉਂਦਾ।
ਉਹ ਬਹੁਤ ਭਲਾ ਪੁਰਸ਼ ਸੀ। ਹੁਣ ਉਹ ਘਰੋਂ ਚਿੜੀਆਂ ਵਾਸਤੇ ਦਾਣੇ ਲੈ ਆਉਂਦਾ। ਉਹ ਚਿੜੀਆਂ ਨੂੰ ਚੋਗ ਖਿਲਾਰਦਾ ਤਾਂ ਚਿੜੀਆਂ ਉਸ ਦੇ ਦੁਆਲੇ ਮੰਡਰਾਉਂਦੀਆਂ ਗੀਤ ਗਾਉਂਦੀਆਂ।
ਸਮਾਂ ਲੰਘਦਾ ਗਿਆ। ਮਲਾਹ ਨਾਲ ਚਿੜੀਆਂ ਇੰਨਾ ਰਚ-ਮਿਚ ਗਈਆਂ ਕਿ ਉਹ ਉਸ ਦੇ ਮੋਢੇ 'ਤੇ ਬੈਠ ਜਾਂਦੀਆਂ, ਦੀਨਾ ਰਾਮ ਉਨ੍ਹਾਂ ਨੂੰ ਤਲੀ 'ਤੇ ਰੱਖ ਕੇ ਚੋਗ ਖਿਲਾਉਂਦਾ, ਦੁਲਾਰਦਾ-ਪਿਆਰਦਾ ਤਾਂ ਚਿੜੀਆਂ ਖੁਸ਼ੀ 'ਚ ਚਚੋਲ੍ਹੜ ਪਾਉਂਦੀਆਂ। ਦੀਨਾ ਰਾਮ ਚਿੜੀਆਂ ਦੇ ਕੱਖ-ਕਾਨ ਦੇ ਆਲ੍ਹਣੇ ਹਟਾ ਕੇ ਬਰੀਕ ਨਰਮ ਘਾਹ ਦੇ ਅਰਾਮਦਾਇਕ ਆਲ੍ਹਣੇ ਬਣਾ ਦਿੰਦਾ।
ਸਮਾਂ ਆਪਣੀ ਚਾਲ ਚੱਲਦਾ ਗਿਆ। ਦੀਨਾ ਰਾਮ ਬੁੱਢਾ ਹੋ ਗਿਆ। ਇਧਰ ਚਿੜੀਆਂ ਦੀਆਂ ਤਿੰਨ ਪੀੜ੍ਹੀਆਂ ਗੁਜ਼ਰ ਗਈਆਂ। ਚਿੜੀਆਂ ਦੀ ਤੀਜੀ ਪੀੜ੍ਹੀ ਇੰਨੀ ਆਲਸੀ ਹੋ ਗਈ ਕਿ ਉਹ ਦੀਨਾ ਰਾਮ ਮਲਾਹ ਦੁਆਰਾ ਖਿਲਾਰਿਆ ਚੋਗ ਚੁਗ ਕੇ ਆਲ੍ਹਣੇ 'ਚ ਆਰਾਮ ਕਰਨ ਜੋਗੀ ਰਹਿ ਗਈ। ਥੋੜ੍ਹਾ ਜਿਹਾ ਉਡਣ ਨਾਲ ਉਨ੍ਹਾਂ ਦੇ ਪਰਾਂ 'ਚ ਦਰਦ ਹੋਣ ਲੱਗ ਪੈਂਦਾ, ਜੰਗਲ ਦੇ ਕਿਸੇ ਰਾਹ ਦੀ ਸਮਝ ਨਾ ਲੱਗਦੀ, ਧੁੱਪ 'ਚ ਅੱਖਾਂ ਨਾ ਖੁੱਲ੍ਹਦੀਆਂ।
ਇਕ ਦਿਨ ਮਲਾਹ ਦੀਨਾ ਰਾਮ ਰੱਬ ਨੂੰ ਪਿਆਰਾ ਹੋ ਗਿਆ। ਚਿੜੀਆਂ 'ਤੇ ਮੁਸੀਬਤ ਦੇ ਪਹਾੜ ਟੁੱਟ ਗਏ। ਕੁਝ ਦਿਨ ਉਹ ਦੀਨਾ ਰਾਮ ਦਾ ਚੋਗ ਉਡੀਕਦੀਆਂ ਰਹੀਆਂ। ਜਦੋਂ ਭੁੱਖੀਆਂ ਮਰਨ ਲੱਗੀਆਂ ਤਾਂ ਕੋਈ ਸਮਝ ਨਾ ਲੱਗੇ ਕੇ ਕਿਧਰ ਜਾਣ। ਉਡਦਿਆਂ ਹੀ ਸਾਹ ਫੁੱਲਣ ਲੱਗ ਪੈਂਦਾ। ਚਿੜੀਆਂ ਦੀ ਹਾਲਤ ਬਦਤਰ ਹੋ ਗਈ। ਕੁਝ ਚਿੜੀਆਂ ਤਾਂ ਮਰਨ ਕਿਨਾਰੇ ਪਹੁੰਚ ਗਈਆਂ।
ਇਕ ਬੁੱਢੇ ਚਿੜੇ ਨੇ ਸਾਰੀਆਂ ਚਿੜੀਆਂ ਨੂੰ ਇਕੱਤਰ ਕੀਤਾ। ਆਪਣੇ ਸੰਬੋਧਨ 'ਚ ਚਿੜੇ ਨੇ ਕਿਹਾ ਕਿ ਦੀਨਾ ਰਾਮ ਨੇ ਸਾਨੂੰ ਪਿਆਰ ਕੀਤਾ ਪਰ ਅਸੀਂ ਉਸ 'ਤੇ ਇੰਨਾ ਨਿਰਭਰ ਹੋ ਗਏ ਕਿ ਸਾਨੂੰ ਜੀਵਨ ਜਾਚ ਭੁੱਲ ਗਈ। ਉਸ ਨੇ ਆਪਣੇ ਪਿਤਾ ਵੱਲੋਂ ਦੱਸੇ ਚੋਗ ਚੁਗਣ ਦੇ ਅਤੇ ਆਲ੍ਹਣੇ ਬਣਾਉਣ ਦੇ ਗੁਰ ਸਾਂਝੇ ਕੀਤੇ।
ਉਸ ਨੇ ਭੁੱਖ ਨਾਲ ਵਿਲਕ ਰਹੀਆਂ ਚਿੜੀਆਂ ਨੂੰ ਦੀਨਾ ਰਾਮ ਦੇ ਬੇੜੇ ਦੇ ਦੁਆਲੇ ਖਿੱਲਰੇ ਦਾਣਿਆਂ ਦੀ ਭਾਲ ਕਰਨ ਦਾ ਸੁਝਾਅ ਦਿੱਤਾ। ਸਾਰੀਆਂ ਚਿੜੀਆਂ ਨੂੰ ਸਲਾਹ ਪਸੰਦ ਆਈ। ਭਾਲ ਕਰਨ 'ਤੇ ਬੇੜੇ ਦੁਆਲੇ ਖਿਲਰੇ ਕਾਫੀ ਦਾਣੇ ਮਿਲ ਗਏ। ਅਗਲੇ ਦਿਨ ਬੁੱਢੇ ਚਿੜੇ ਨੇ ਸਾਰੀਆਂ ਚਿੜੀਆਂ ਨੂੰ ਕਸਰਤ ਕਰਵਾਈ। ਸਿਆਣੀ ਉਮਰ ਦੀਆਂ ਚਿੜੀਆਂ ਨੇ ਨਵਜਾਤ ਚਿੜੀਆਂ ਨੂੰ ਆਲ੍ਹਣੇ ਬਣਾਉਣੇ ਸਿਖਾਏ।
ਕੁਝ ਦਿਨ ਬੀਤ ਗਏ। ਹੁਣ ਚਿੜੀਆਂ 'ਚ ਉਤਸ਼ਾਹ ਪਰਤ ਆਇਆ। ਸਾਰੀਆਂ ਚਿੜੀਆਂ ਬੁੱਢੇ ਚਿੜੇ ਦੀ ਅਗਵਾਈ ਹੇਠ ਦਰਿਆ 'ਤੇ ਉਡਾਨ ਭਰਦੀਆਂ। ਉਨ੍ਹਾਂ ਦੇ ਪਰਾਂ 'ਚ ਹਿੰਮਤ ਦਾ ਸੰਚਾਰ ਹੋ ਗਿਆ। ਉਨ੍ਹਾਂ ਦੀਆਂ ਅੱਖਾਂ 'ਚ ਉਤਸ਼ਾਹ ਪਰਤਣ ਲੱਗ ਪਿਆ। ਹੁਣ ਬੇੜੇ ਦੇ ਦੁਆਲੇ ਵਾਲੇ ਬਚੇ-ਖੁਚੇ ਦਾਣੇ ਮੁੱਕ ਚੁੱਕੇ ਸਨ। ਬੁੱਢੇ ਚਿੜੇ ਦੀ ਮਿਹਨਤ ਰੰਗ ਲਿਆਈ। ਉਹ ਚੋਗ ਦੀ ਭਾਲ 'ਚ ਵੱਖ-ਵੱਖ ਦਿਸ਼ਾਵਾਂ ਨੂੰ ਉੱਡ ਗਈਆਂ ਅਤੇ ਚੋਗਾ ਲੈ ਕੇ ਪਰਤ ਆਈਆਂ।
ਸੋ ਬੱਚਿਓ, ਆਪਣੀ ਜ਼ਿੰਦਗੀ ਨੂੰ ਕਿਸੇ 'ਤੇ ਨਿਰਭਰ ਨਾ ਹੋਣ ਦਿਓ।

-ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ-143110. ਮੋਬਾ: 98552-74305

ਕਿਤਾਬਾਂ ਦੇ ਬੋਝ ਥੱਲੇ ਦੱਬਿਆ ਬਚਪਨ

ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ, ਕਿਉਂਕਿ ਇਸੇ ਸਮੇਂ ਹੀ ਉਹ ਆਪਣਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਦਾ ਹੈ। ਬੱਚਾ ਇਕ ਕੋਰੇ ਕਾਗਜ਼ ਵਰਗਾ ਹੁੰਦਾ ਹੈ। ਜਿਹੋ ਜਿਹੇ ਗੁਣ ਉਸ ਨੂੰ ਬਚਪਨ ਵਿਚ ਸਿਖਾ ਦਿੱਤੇ ਜਾਣ, ਉਹ ਉਹੋ ਜਿਹਾ ਹੀ ਬਣ ਜਾਂਦਾ ਹੈ। ਬੱਚੇ ਦੇ ਦਿਮਾਗ 'ਤੇ ਬਚਪਨ ਤੋਂ ਹੀ ਬੋਝ ਪਾ ਦੇਣ ਨਾਲ ਉਸ ਦਾ ਮਾਨਸਿਕ ਨੁਕਸਾਨ ਹੁੰਦਾ ਹੈ। ਭਾਰਤ ਦੇ ਵਿਦਿਆਰਥੀ ਦੀ ਜੇਕਰ ਗੱਲ ਕਰੀਏ ਤਾਂ ਉਹ ਕਿਤਾਬਾਂ ਦੇ ਬੋਝ ਥੱਲੇ ਦੱਬੇ ਹੋਏ ਹਨ। 7-8 ਸਾਲ ਦੇ ਬੱਚੇ ਦੇ ਮੋਢਿਆਂ 'ਤੇ ਭਾਰਾ ਬੈਗ ਟੰਗਿਆ ਹੁੰਦਾ ਹੈ। ਓਨਾ ਵਿਦਿਆਰਥੀ ਦਾ ਭਾਰ ਨਹੀਂ ਹੁੰਦਾ, ਜਿੰਨਾ ਭਾਰਾ ਬੈਗ ਉਸ ਦੇ ਮੋਢਿਆਂ 'ਤੇ ਟੰਗਿਆ ਹੁੰਦਾ ਹੈ। ਡਾ: ਸੁਰਜੀਤ ਪਾਤਰ ਵੀ ਆਪਣੀ ਕਵਿਤਾ ਵਿਚ ਵਿਦਿਆਰਥੀਆਂ ਦੀ ਇਸ ਹਾਲਤ ਦਾ ਵਰਣਨ ਕਰਦੇ ਹਨ :
ਭਾਰੇ ਭਾਰੇ ਬਸਤੇ, ਲੰਮੇ ਲੰਮੇ ਰਸਤੇ।
ਥੱਕ ਗਏ ਨੇ ਗੋਡੇ, ਦੁਖਣ ਲੱਗ ਪਏ ਮੋਢੇ।
ਐਨਾ ਭਾਰ ਚੁਕਾਇਆ, ਅਸੀਂ ਕੋਈ ਖੋਤੇ ਆਂ।
ਅੱਜਕਲ੍ਹ ਦੇ ਵਿਦਿਆਰਥੀਆਂ ਉੱਤੇ ਪੜ੍ਹਾਈ ਦਾ ਏਨਾ ਬੋਝ ਹੈ ਕਿ ਉਨ੍ਹਾਂ ਦੇ ਕੋਲ ਖੇਡਣ ਲਈ ਸਮਾਂ ਹੀ ਨਹੀਂ ਬਚਿਆ ਹੈ, ਜਿਸ ਕਰਕੇ ਉਹ ਸਰੀਰਕ ਪੱਖੋਂ ਕਮਜ਼ੋਰ ਰਹਿ ਜਾਂਦੇ ਹਨ। ਸਵੇਰ ਦਾ ਸਕੂਲ ਗਿਆ ਵਿਦਿਆਰਥੀ ਪਹਿਲਾਂ ਤਾਂ 7-8 ਘੰਟੇ ਸਕੂਲ ਵਿਚ ਪੜ੍ਹਾਈ ਕਰਦਾ ਹੈ ਅਤੇ ਸਕੂਲ ਦੇ ਬਾਅਦ 2-3 ਘੰਟੇ ਟਿਊਸ਼ਨ 'ਤੇ ਜਾ ਕੇ ਪੜ੍ਹਦਾ ਹੈ। ਦੇਰ ਸ਼ਾਮ ਘਰ ਆ ਕੇ ਉਹ ਫਿਰ ਸਕੂਲ ਦਾ ਕੰਮ ਕਰਨ ਲੱਗ ਜਾਂਦਾ ਹੈ। ਕਈ ਵਿਦਿਆਰਥੀ ਤਾਂ ਸਵੇਰੇ-ਸ਼ਾਮ ਟਿਊਸ਼ਨ ਜਾਂਦੇ ਹਨ। ਐਤਵਾਰ ਜਾਂ ਹੋਰਨਾਂ ਛੁੱਟੀਆਂ ਦੇ ਦਿਨਾਂ ਵਿਚ ਤਾਂ ਉਹ ਸਕੂਲ ਦਾ ਕੰਮ ਪੂਰਾ ਕਰਦੇ ਹੀ ਦਿਖਾਈ ਦਿੰਦੇ ਹਨ। ਉਨ੍ਹਾਂ ਕੋਲ ਤਾਂ ਜਿਵੇਂ ਖੇਡਣ ਲਈ ਸਮਾਂ ਹੀ ਨਹੀਂ ਬਚਿਆ ਹੈ। ਇਹ ਸਭ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੜ੍ਹਾਈ ਬੱਚਿਆਂ ਲਈ ਨਹੀਂ, ਸਗੋਂ ਬੱਚੇ ਪੜ੍ਹਾਈ ਲਈ ਬਣੇ ਹਨ। ਸਕੂਲੀ ਸਿਲੇਬਸ ਜ਼ਿਆਦਾ ਹੋਣ ਕਰਕੇ ਵਿਦਿਆਰਥੀ ਲਾਇਬ੍ਰੇਰੀ ਦੀਆਂ ਕਿਤਾਬਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਉਹ ਸਾਹਿਤ ਬਾਰੇ ਜ਼ਿਆਦਾ ਕੁਝ ਜਾਣ ਨਹੀਂ ਪਾਉਂਦੇ।
ਵਿਦਿਆਰਥੀਆਂ ਕੋਲ ਤਾਂ ਪਰਿਵਾਰ ਕੋਲ ਬੈਠਣ ਦਾ ਸਮਾਂ ਹੀ ਨਹੀਂ ਬਚਿਆ ਹੈ। ਪਹਿਲਾਂ ਸਕੂਲ, ਸਕੂਲ ਤੋਂ ਟਿਊਸ਼ਨ, ਟਿਊਸ਼ਨ ਤੋਂ ਘਰ ਆ ਕੇ ਫਿਰ ਪੜ੍ਹਾਈ। ਸਕੂਲੀ ਸਿਲੇਬਸ ਏਨਾ ਲੰਬਾ-ਚੌੜਾ ਹੈ ਕਿ ਅਧਿਆਪਕ ਵੀ ਸਾਰੇ ਸਾਲ ਵਿਚ ਮਸਾਂ ਹੀ ਸਿਲੇਬਸ ਪੂਰਾ ਕਰਵਾਉਂਦੇ ਹਨ।
ਇਸ ਲਈ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਹੋਰਨਾਂ ਦੇਸ਼ਾਂ ਦੇ ਵਿੱਦਿਅਕ ਢਾਂਚੇ ਦੀ ਤਰ੍ਹਾਂ ਸਾਡੇ ਦੇਸ਼ ਵਿਚ ਵੀ ਵਿੱਦਿਅਕ ਢਾਂਚੇ ਦਾ ਸੁਧਾਰ ਕੀਤਾ ਜਾਵੇ। ਵਿਦਿਆਰਥੀਆਂ ਦੇ ਸਿਰਾਂ ਤੋਂ ਪੜ੍ਹਾਈ ਦਾ ਬੋਝ ਘਟਾਇਆ ਜਾਵੇ। ਥਿਊਰੀ ਨਾਲੋਂ ਪ੍ਰੈਕਟੀਕਲ 'ਤੇ ਜ਼ੋਰ ਦਿੱਤਾ ਜਾਵੇ, ਜਿਸ ਨਾਲ ਜਲਦੀ ਨਾਲ ਗਿਆਨ ਵਿਚ ਵਾਧਾ ਹੋਵੇਗਾ ਅਤੇ ਵਿਦਿਆਰਥੀਆਂ ਕੋਲ ਪੜ੍ਹਾਈ ਦੇ ਨਾਲ-ਨਾਲ ਖੇਡਣ ਲਈ ਸਮਾਂ ਵੀ ਬਚ ਜਾਵੇਗਾ। ਇਸ ਕਰਕੇ ਵਿੱਦਿਅਕ ਢਾਂਚੇ ਵਿਚ ਅਜਿਹੇ ਸੁਧਾਰ ਕੀਤੇ ਜਾਣ, ਜਿਸ ਨਾਲ ਵਿਦਿਆਰਥੀਆਂ ਦੇ ਸਿਰਾਂ ਤੋਂ ਪੜ੍ਹਾਈ ਦਾ ਬੋਝ ਘਟ ਜਾਵੇ ਅਤੇ ਉਹ ਆਪਣਾ ਸਰੀਰਕ ਅਤੇ ਮਾਨਸਿਕ ਵਿਕਾਸ ਕਰ ਸਕਣ।

-ਸਤਵਿੰਦਰ ਸਿੰਘ,
ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ)। ਮੋਬਾ: 87290-43571

ਬੁਝਾਰਤਾਂ

1. ਭਾਵੇਂ ਰੱਖੋ ਗਿੱਲੀ ਤੇ ਭਾਵੇਂ ਸੁੱਕੀ ਰੱਖੋ ਥਾਂ।
ਭਾਵੇਂ ਰੱਖੋ ਕਲੀਆਂ ਜੜਕੇ, ਭਾਵੇਂ ਵਿਚ ਚੱਕਾਂ।
ਬਿਨ ਮੇਰੇ ਨਾ ਰੌਣਕ ਬਣਦੀ, ਪਿੰਡ ਨਾ ਵਧੇ ਅਗਾਂਹ।
2. ਲੱਖਾਂ ਦੀ ਫੌਜ ਏ ਸਾਡੀ, ਸਾਰੇ ਅਸੀਂ ਲੰਮੇ ਜਵਾਨ,
ਵਰਦੀ ਸਾਡੀ ਹਰੀ ਤੇ ਕਾਲੀ, ਮਿੱਠੀ ਕਰੀਏ ਕੌੜ ਜ਼ਬਾਨ।
3. ਧੁੱਪ ਮੈਂ ਡੱਕਾਂ, ਠੰਢ ਮੈਂ ਡੱਕਾਂ, ਸਾਉਣ ਲਈ ਉੱਚੀ ਥਾਂ।
ਹਾਰ ਕੇ ਮੈਂ ਧੁੱਪੇ ਸੌਵਾਂ ਚੰਗੀ ਨਾ ਲੱਗੇ ਛਾਂ।
4. ਇਕੋ ਵਿਹੜਾ, ਸੌ ਜਣਾ ਰਹਿੰਦਾ।
ਹਰ ਕੋਈ ਇਕ-ਦੂਜੇ ਤੋਂ ਵਧ ਕੇ ਬਹਿੰਦਾ।
5. ਨਿੱਕੀ ਜਿਹੀ ਰਜਾਈ, ਵਿਚ ਸਵਾ ਸੌ ਫੌਜ ਸਵਾਈ।
6. ਮੀਂਹ-ਝੱਖੜਾਂ ਤੋਂ ਡਰਦੀ ਰਹਿੰਦੀ, ਮੂੰਹੋਂ ਫਿਰ ਵੀ ਸੀ ਨਾ ਕਹਿੰਦੀ।
ਪੁੱਤ ਦਲੇਰ ਨੇ ਨਿਕਲੇ ਮੇਰੇ, ਉਨ੍ਹਾਂ ਲਾਲ ਬੱਦਲਾਂ ਵਿਚ ਲਾਏ ਡੇਰੇ।
ਉੱਤਰ : (1) ਇੱਟ, (2) ਗੰਨਾ, (3) ਤੌਲੀਆ, (4) ਝਾੜੂ ਤੀਲ੍ਹਿਆਂ ਵਾਲਾ, 5 ਸੰਤਰੇ ਦੀ ਫਾੜੀ, 6 ਹਦਵਾਣੇ ਦੇ ਬੀਜ।

-ਗਗਨਦੀਪ ਸਿੰਘ
ਪਿੰਡ ਚੋਗਾਵਾਂ (ਅੰਮ੍ਰਿਤਸਰ)। ਮੋਬਾ: 98552-50365

ਬਾਲ ਨਾਵਲ-12:ਖੱਟੀਆਂ-ਮਿੱਠੀਆਂ ਗੋਲੀਆਂ

ਗ਼ਮ, ਫਿਕਰ-ਫਾਕੇ ਅਤੇ ਸਾਥੀ ਦੀ ਅਣਹੋਂਦ ਇਨਸਾਨ ਨੂੰ ਸਮੇਂ ਤੋਂ ਬਹੁਤ ਪਹਿਲਾਂ ਬੁੱਢਿਆਂ ਕਰ ਦਿੰਦੇ ਹਨ। ਸੁਮਨ ਵੀ ਇਨ੍ਹਾਂ ਹਾਲਾਤ 'ਚੋਂ ਨਿਕਲੀ ਕੁਝ ਸਾਲਾਂ ਵਿਚ ਹੀ ਬੜੀ ਵੱਡੀ-ਵੱਡੀ ਲੱਗਣ ਲੱਗ ਪਈ। ਵੈਸੇ ਵੀ ਉਹ ਕੁਝ ਢਿੱਲੀ-ਮੱਠੀ ਰਹਿਣ ਲੱਗੀ। ਉਹ ਸਿਰਫ ਹਰੀਸ਼ ਨੂੰ ਦੇਖ-ਦੇਖ ਹੀ ਜਿਉ ਰਹੀ ਸੀ। ਉਹ ਚਾਹੁੰਦੀ ਸੀ ਕਿ ਉਹਦੇ ਹੁੰਦਿਆਂ-ਹੁੰਦਿਆਂ ਹਰੀਸ਼ ਬਹੁਤ ਸਾਰੀ ਪੜ੍ਹਾਈ ਕਰਕੇ ਵੱਡਾ ਅਫਸਰ ਬਣ ਜਾਵੇ।
ਹਰੀਸ਼ ਨੂੰ ਪੜ੍ਹਾਈ ਦਾ ਸ਼ੁਰੂ ਤੋਂ ਹੀ ਸ਼ੌਕ ਸੀ। ਉਹ ਪਹਿਲੀ ਕਲਾਸ ਤੋਂ ਦੂਜੀ ਕਲਾਸ ਵਿਚ ਅਤੇ ਦੂਜੀ ਤੋਂ ਤੀਜੀ ਕਲਾਸ ਵਿਚ ਹੋ ਗਿਆ। ਉਸ ਨੇ ਸਕੂਲੋਂ ਆਉਂਦਿਆਂ ਹੀ ਪਹਿਲਾਂ 'ਹੋਮ ਵਰਕ' ਕਰਨ ਦੀ ਆਦਤ ਨਾ ਛੱਡੀ। ਉਹ ਹੁਣ ਆਪਣੀ ਕਲਾਸ ਵਿਚੋਂ ਪਹਿਲੇ ਨੰਬਰ 'ਤੇ ਆਉਣ ਲੱਗਾ।
ਚੌਥੀ ਕਲਾਸ ਵਿਚ ਪਹੁੰਚਦਿਆਂ ਹਰੀਸ਼ ਆਪਣੀ ਬੀਜੀ ਦੇ ਬਾਜ਼ਾਰ ਦੇ ਕੰਮ ਵੀ ਕਰਨ ਲੱਗ ਪਿਆ। ਹੁਣ ਉਹ ਵੇਚਣ ਵਾਲਾ ਸਮਾਨ ਵੀ ਉਨ੍ਹਾਂ ਨੂੰ ਲਿਆ ਦਿੰਦਾ। ਉਸ ਦੇ ਮਨ ਵਿਚ ਵਿਚਾਰ ਆਉਣਾ ਸ਼ੁਰੂ ਹੋ ਗਿਆ ਕਿ ਵਿਹਲੇ ਵਕਤ ਉਹ ਵੀ ਕੋਈ ਕੰਮ ਕਰਕੇ ਆਪਣੇ ਬੀਜੀ ਦਾ ਹੱਥ ਵਟਾਇਆ ਕਰੇ।
ਹੁਣ ਹਰੀਸ਼ ਪੰਜਵੀਂ ਵਿਚ ਹੋ ਗਿਆ ਸੀ। ਇਕ ਦਿਨ ਉਹ ਬੀਜੀ ਵਾਸਤੇ ਬਾਜ਼ਾਰ ਸਮਾਨ ਲੈਣ ਗਿਆ ਤਾਂ ਉਹ ਇਕ ਵੱਡਾ ਸਾਰਾ ਪੈਕਟ ਖੱਟੀਆਂ-ਮਿੱਠੀਆਂ ਗੋਲੀਆਂ ਦਾ ਅਤੇ ਇਕ ਵੱਡਾ ਪੈਕਟ ਟਾਫੀਆਂ ਦਾ ਲੈ ਆਇਆ। ਇਸ ਦੇ ਨਾਲ ਹੀ ਉਹ ਪਲਾਸਟਿਕ ਦੇ ਛੋਟੇ-ਛੋਟੇ ਲਿਫਾਫੇ ਅਤੇ ਇਕ ਸਟੈਪਲਰ (ਪਿੰਨ ਲਾਉਣ ਵਾਲੀ ਮਸ਼ੀਨ) ਵੀ ਲੈ ਆਇਆ। ਉਸ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਸੀ ਕਿ ਵਿਹਲੇ ਵਕਤ ਉਹ ਹੋਰ ਗਲੀਆਂ ਵਿਚ ਜਾ ਕੇ ਗੋਲੀਆਂ-ਟਾਫੀਆਂ ਵੇਚਿਆ ਕਰੇਗਾ।
ਘਰ ਆ ਕੇ ਉਸ ਨੇ ਖੱਟੀਆਂ-ਮਿੱਠੀਆਂ ਗੋਲੀਆਂ ਦਾ ਪੈਕਟ ਖੋਲ੍ਹਿਆ ਅਤੇ ਸਾਰੀਆਂ ਗੋਲੀਆਂ ਦੀ ਗਿਣਤੀ ਕੀਤੀ। ਗਿਣਤੀ ਕਰਕੇ ਉਸ ਨੇ ਹਿਸਾਬ ਲਗਾਇਆ ਅਤੇ ਫਿਰ ਚਾਰ-ਚਾਰ ਗੋਲੀਆਂ ਉਸ ਨੇ ਛੋਟੇ ਲਿਫਾਫਿਆਂ ਵਿਚ ਪਾ ਕੇ ਸਟੈਪਲਰ ਨਾਲ ਬੰਦ ਕਰਨੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹੀ ਟਾਫੀਆਂ ਵਾਲੇ ਪੈਕਟ ਦੀ ਗਿਣਤੀ ਕਰਕੇ ਉਸ ਨੇ ਦੋ-ਦੋ ਟਾਫੀਆਂ ਛੋਟੇ ਲਿਫਾਫਿਆਂ ਵਿਚ ਪਾ ਕੇ ਪੈਕਿੰਗ ਕਰ ਲਈ।
ਸੁਮਨ ਨੇ ਜਦੋਂ ਹਰੀਸ਼ ਨੂੰ ਗੋਲੀਆਂ-ਟਾਫੀਆਂ ਦੀ ਛੋਟੀ ਪੈਕਿੰਗ ਕਰਦਿਆਂ ਦੇਖਿਆ ਤਾਂ ਉਸ ਨੇ ਸਮਝਿਆ ਕਿ ਸ਼ਾਇਦ ਮੇਰੇ ਛਾਬੇ ਵਾਸਤੇ ਨਵੀਂ ਪੈਕਿੰਗ ਕਰ ਰਿਹੈ, 'ਬੇਟਾ, ਐਨੀ ਸੋਹਣੀ ਪੈਕਿੰਗ ਕਰਨ ਦੀ ਕੀ ਲੋੜ ਸੀ? ਅੱਗੇ ਵੀ ਤਾਂ ਮੈਂ ਖੁੱਲ੍ਹੀਆਂ ਗੋਲੀਆਂ-ਟਾਫੀਆਂ ਹੀ ਵੇਚਦੀ ਹਾਂ।'
'ਇਹ ਪੈਕਿੰਗ ਮੈਂ ਤੁਹਾਡੇ ਵਾਸਤੇ ਨਹੀਂ, ਆਪਣੇ ਵਾਸਤੇ ਕਰ ਰਿਹਾਂ', ਹਰੀਸ਼ ਨੇ ਬੀਜੀ ਵੱਲ ਤੱਕਦਿਆਂ ਕਿਹਾ।
'ਆਪਣੇ ਵਾਸਤੇ? ਮੈਂ ਕੁਝ ਸਮਝੀ ਨਹੀਂ?' ਸੁਮਨ ਨੇ ਹੈਰਾਨ ਹੁੰਦਿਆਂ ਪੁੱਛਿਆ।
'ਕੱਲ੍ਹ ਤੋਂ ਮੈਂ ਸਕੂਲੋਂ ਆਉਣ ਤੋਂ ਬਾਅਦ ਸ਼ਾਮ ਨੂੰ ਇਕ-ਦੋ ਗਲੀਆਂ ਵਿਚ ਇਹ ਗੋਲੀਆਂ-ਟਾਫੀਆਂ ਵੇਚਣ ਜਾਇਆ ਕਰਾਂਗਾ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

* ਅਧਿਆਪਕ (ਜੈਪਾਲ ਨੂੰ)-ਬਾਬਰ ਕਦੋਂ ਭਾਰਤ ਆਏ?
ਜੈਪਾਲ-ਪਤਾ ਨਹੀਂ ਸਰ।
ਅਧਿਆਪਕ-ਬੋਰਡ 'ਤੇ ਲਿਖਿਆ ਦੇਖ ਨਹੀਂ ਸਕਦੇ? ਨਾਂਅ ਦੇ ਨਾਲ ਵੀ ਲਿਖਿਆ ਹੈ।
ਜੈਪਾਲ-ਸਰ, ਮੈਂ ਸੋਚਿਆ ਸ਼ਾਇਦ ਇਹ ਉਨ੍ਹਾਂ ਦਾ ਫੋਨ ਨੰਬਰ ਹੈ।
* ਦੁਕਾਨਦਾਰ (ਨੌਕਰ ਨੂੰ)-ਗਾਹਕ ਜੋ ਵੀ ਕਹੇ, ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ, ਵੈਸੇ ਉਹ ਤੁਹਾਡੇ ਨਾਲ ਬਹਿਸ ਕਿਉਂ ਕਰ ਰਿਹਾ ਸੀ?
ਨੌਕਰ-ਉਹ ਕਹਿ ਰਿਹਾ ਸੀ ਕਿ ਤੁਹਾਡਾ ਮਾਲਕ ਚੋਰ ਹੈ।
* ਰੇਖਾ ਗਣਿਤ ਦੇ ਅਧਿਆਪਕ ਨੇ ਬੱਚਿਆਂ ਨੂੰ ਪੁੱਛਿਆ ਕਿ, 'ਰੇਖਾ ਅਤੇ ਬਿੰਦੂ ਵਿਚ ਕੀ ਫਰਕ ਹੈ?'
ਇਕ ਬੱਚਾ-'ਰੇਖਾ ਨਾਇਕਾ ਹੈ ਅਤੇ ਬਿੰਦੂ ਖਲਨਾਇਕਾ।'

-ਗੋਬਿੰਦ ਸੁਖੀਜਾ,
ਢਿੱਲਵਾਂ (ਕਪੂਰਥਲਾ)।
ਮੋਬਾ: 98786-05929

ਬਾਲ ਕਵਿਤਾ: ਚੰਗੀਆਂ ਗੱਲਾਂ

ਸਾਡੇ ਸਰ ਵਿਦੇਸ਼ ਜਾ ਕੇ ਆਏ।
ਚੰਗੀਆਂ ਗੱਲਾਂ ਨਾਲ ਲਿਆਏ।
ਬਾਹਰ ਕਹਿੰਦੇ ਬੜੀ ਸਫ਼ਾਈ।
ਕੂੜਾ ਨਾ ਕਿਤੇ ਦੇਵੇ ਦਿਖਾਈ।
ਬਾਲਾਂ ਵਾਂਗੂੰ ਰੁੱਖਾਂ ਨੂੰ ਪਾਲਣ।
ਵਾਤਾਵਰਨ ਨੂੰ ਬੜਾ ਸੰਭਾਲਣ।
ਪਾਣੀ ਦੀ ਬੜੀ ਕਦਰ ਕਰਦੇ।
ਦੁਰਵਰਤੋਂ ਨਾ ਜ਼ਰਾ ਵੀ ਜਰਦੇ।
ਟ੍ਰੈਫਿਕ ਨਿਯਮ ਕੋਈ ਨਾ ਤੋੜੇ।
ਹਾਦਸੇ ਹੁੰਦੇ ਨੇ ਬੜੇ ਹੀ ਥੋੜ੍ਹੇ।
ਅਨੁਸ਼ਾਸਨ ਵਿਚ ਸਦਾ ਰਹਿੰਦੇ।
ਕਿਸੇ ਨੂੰ ਵੀ ਕੁਝ ਨਾ ਕਹਿੰਦੇ।
ਸਾਰੇ ਆਪਣੇ ਫਰਜ਼ ਨਿਭਾਉਂਦੇ।
ਕਿਸੇ ਦੇ ਕੋਲੋਂ ਕੁਝ ਨ੍ਹੀਂ ਚਾਹੁੰਦੇ।
ਭ੍ਰਿਸ਼ਟਾਚਾਰ ਦਾ ਨਾਂਅ ਨਹੀਂ ਹੈ।
ਸਿਫ਼ਾਰਸ਼ ਨੂੰ ਵੀ ਥਾਂ ਨਹੀਂ ਹੈ।
'ਤਲਵੰਡੀ' ਸਰ ਰਹਿ ਗਏ ਦੰਗ।
ਦੇਸ਼ ਭਗਤੀ ਦਾ ਦੇਖ ਕੇ ਰੰਗ।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਬਾਲ ਗੀਤ: ਧੁੱਪ ਤੋਂ ਬਚਾਅ

ਧੁੱਪ ਤੋਂ ਬਚਾਅ ਹੁਣ ਕਰੋ ਬੱਚਿਓ,
ਸਾਵਧਾਨੀ ਰੱਖੋ ਨਾ ਕਿ ਡਰੋ ਬੱਚਿਓ।
ਉੱਠ ਕੇ ਸਵੇਰੇ ਕਰੋ ਇਸ਼ਨਾਨ,
ਕਰੂ ਫਿਰ ਧੁੱਪ ਘੱਟ ਨੁਕਸਾਨ।
ਧੁੱਪ ਵੱਲ ਚਿਹਰਾ ਘੱਟ ਕਰੋ ਬੱਚਿਓ।
ਪੀ ਜਿੰਨਾ ਹੋਵੇ ਪਾਣੀ ਪੀ ਲਵੋ,
ਧੁੱਪ ਵਿਚ ਵੀ ਖੁਸ਼ੀ ਨਾਲ ਜੀਅ ਲਵੋ।
ਧਿਆਨ ਕਾਲੇ ਪਹਿਰਾਵੇ ਦਾ ਨਾ ਧਰੋ ਬੱਚਿਓ।
ਰਸ ਵੀ ਫਲਾਂ ਦਾ ਹੀ ਗੁਣਕਾਰੀ,
ਚੁੱਕ ਦੇਵੇ ਅੰਦਰੋਂ ਗਰਮੀ ਇਹ ਸਾਰੀ।
ਨਾਲ ਤਾਂ ਸਵਾਦ ਘੁੱਟਾਂ ਭਰੋ ਬੱਚਿਓ।
ਉੱਠ ਕੇ ਸਵੇਰੇ ਤੱਕੋ ਹਰਿਆਈ,
ਹਰਿਆਈ ਨੇ ਹਮੇਸ਼ਾ ਠੰਡਕ ਪਹੁੰਚਾਈ।
'ਜੱਸੀ' ਕਹੇ ਚੰਗਾ ਛਾਵੇਂ ਖੜ੍ਹੋ ਬੱਚਿਓ।

-ਪ੍ਰਿੰ: ਮੇਜਰ ਸਿੰਘ ਜੱਸੀ,
ਪਿੰਡ ਭਗਤੂਪੁਰ, ਡਾਕ: ਖੁਸ਼ਹਾਲਪੁਰ (ਹੁਸ਼ਿਆਰਪੁਰ)। ਮੋਬਾ: 98158-59752

ਸਵੱਛ ਭਾਰਤ ਅਭਿਆਨ

* ਸਵੱਛ ਭਾਰਤ ਮਿਸ਼ਨ ਦਾ ਲੋਗੋ ਕਿਹੜਾ ਹੈ-ਏਕ ਕਦਮ ਸਵੱਛਤਾ ਕੀ ਔਰ।
* ਸਵੱਛ ਭਾਰਤ ਦਾ ਮੁੱਖ ਉਦੇਸ਼ ਕੀ ਹੈ-ਸਾਫ਼ ਭਾਰਤ।
* ਸਵੱਛ ਭਾਰਤ ਦੀ ਸ਼ੁਰੂਆਤ ਕਿਸ ਸਥਾਨ ਤੋਂ ਹੋਈ-ਲਾਲ ਕਿਲ੍ਹੇ ਤੋਂ (ਦਿੱਲੀ ਵਿਚ)।
* ਸਵੱਛ ਭਾਰਤ ਦੀ ਸ਼ੁਰੂਆਤ ਕਦੋਂ ਹੋਈ-2 ਅਕਤੂਬਰ, 2014 ਨੂੰ।
* ਸਵੱਛ ਭਾਰਤ ਦੀ ਸ਼ੁਰੂਆਤ ਕਿਸ ਨੇ ਕੀਤੀ-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ।
* ਕਿਸ ਮਹਾਨ ਨੇਤਾ ਦੇ ਜਨਮ ਦਿਨ 'ਤੇ ਸਵੱਛ ਭਾਰਤ ਦੀ ਸ਼ੁਰੂਆਤ ਹੋਈ-ਮਹਾਤਮਾ ਗਾਂਧੀ।
* ਦੁਨੀਆ ਦਾ ਸਭ ਤੋਂ ਸਾਫ਼ ਦੇਸ਼ ਕਿਹੜਾ ਮੰਨਿਆ ਗਿਆ ਹੈ-ਸਿੰਘਾਪੁਰ।
* ਸਵੱਛ ਭਾਰਤ ਦਾ ਆਖਰੀ ਕਿੰਨਾ ਸਮਾਂ ਤੈਅ ਕੀਤਾ ਗਿਆ ਹੈ-ਅਕਤੂਬਰ 2019।
* 'ਬਾਲ ਸਵੱਛਤਾ ਹਫ਼ਤਾ' ਹਰ ਸਾਲ ਕਦੋਂ ਮਨਾਇਆ ਜਾਂਦਾ ਹੈ-14 ਨਵੰਬਰ ਤੋਂ 19 ਨਵੰਬਰ ਤੱਕ।
* ਸਵੱਛ ਭਾਰਤ ਦੀ ਟੈਗ ਲਾਈਨ ਕਿਸ ਨੇ ਦਿੱਤੀ-ਸ੍ਰੀਮਤੀ ਭਾਗਿਆ ਸ਼੍ਰੀ (ਗੁਜਰਾਤ ਤੋਂ)।
* ਸਵੱਛ ਭਾਰਤ ਅਭਿਆਨ ਦਾ ਲੋਗੋ ਕਿਸ ਨੇ ਡਿਜ਼ਾਈਨ ਕੀਤਾ-ਸ੍ਰੀ ਅਨੰਤ।
* 'ਸਵੱਛ ਭਾਰਤ ਦਾ ਇਰਾਦਾ ਕਰ ਲੀਆ ਹਮਨੇ' ਆਡੀਓ ਟਰੈਕ ਕਿਸ ਦੀ ਰਚਨਾ ਹੈ-ਪਰਸੂਨ ਜੋਸ਼ੀ।
* ਭਾਰਤ ਵਿਚ ਪਿੰਡਾਂ ਤੇ ਸ਼ਹਿਰਾਂ ਲਈ ਸਫ਼ਾਈ ਸਬੰਧੀ ਕਿਹੜਾ ਐਵਾਰਡ ਦਿੱਤਾ ਜਾਂਦਾ ਹੈ-ਨਿਰਮਲ ਪੁਰਸਕਾਰ।

-ਪਰਮਜੀਤ ਸਿੰਘ (ਮਾਸਟਰ),
ਸ: ਸੀ: ਸੈ: ਸਕੂਲ, ਵਡਾਲੀ ਗੁਰੂ (ਅੰਮ੍ਰਿਤਸਰ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX