ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  23 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  41 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  42 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  47 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  49 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸੰਭਾਵਨਾਵਾਂ ਭਰਪੂਰ ਕਿੱਤਾ ਹੈ ਪਸ਼ੂ ਪਾਲਣ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਬੀ. ਵੀ. ਐੱਸ. ਸੀ. ਅਤੇ ਏ. ਐੱਚ ਦੀ ਡਿਗਰੀ ਦੀ ਸਫਲਤਾ ਪੂਰਵਕ ਸਮਾਪਤੀ ਦੇ ਨਾਲ ਇਨ੍ਹਾਂ ਡਾਕਟਰਾਂ ਨੂੰ ਪੰਜਾਬ ਵੈਟਰਨਰੀ ਕੌਂਸਲ/ਵੈਟਰਨਰੀ ਕੌਂਸਲ ਆੱਫ ਇੰਡੀਆ ਦੇ ਨਾਲ ਰਜਿਸਟ੍ਰੇਸ਼ਨ ਕਰਵਾ ਕੇ ਰਜਿਸਟਰਡ ਵੈਟਰਨਰੀ ਡਾਕਟਰਾਂ ਦਾ ਦਰਜਾ ਦਿੱਤਾ ਜਾਂਦਾ ਹੈ। ਜਿਹੜੇ ਵਿਦਿਆਰਥੀ ਅੱਗੇ ਪੜ੍ਹਨ ਦੇ ਵਿਚ ਰੁਚੀ ਰਖਦੇ ਹੋਣ ਉਨ੍ਹਾਂ ਲਈ ਮਾਸਟਰ ਆਫ ਵੈਟਰਨਰੀ ਸਾਇੰਸ ਅਤੇ ਪੀ. ਐੱਚ. ਡੀ. ਕਰਨ ਲਈ 16 ਵਿਸ਼ੇ ਉਪਲਬਧ ਹਨ।
ਯੋਗਤਾ:- ਮੈਡੀਕਲ (ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਅੰਗਰੇਜ਼ੀ) ਦੇ ਵਿਸ਼ਿਆਂ ਵਿਚ 12ਵੀਂ ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਵੇ (40% ਐੱਸ. ਸੀ, ਐੱਸ. ਟੀ. ਅਤੇ ਬੀ. ਸੀ. ਸ਼੍ਰੇਣੀ ਲਈ)।
ਕਾਲਜ ਆਫ ਫਿਸ਼ਰੀਜ਼
ਮੱਛੀ ਪਾਲਣ ਵੱਲ ਵਧ ਰਹੇ ਰੁਝਾਨ ਨੂੰ ਦੇਖਦਿਆਂ ਕਾਲਜ ਆਫ ਫਿਸ਼ਰੀਜ਼ ਦੇ ਵਿਚ ਪ੍ਰਯੋਗਸ਼ਾਲਾ/ਖੋਜ ਅਤੇ ਫੀਲਡ ਸੁਵਿਧਾਵਾਂ ਉਪਲਬਧ ਹਨ। ਜਿਸ ਨਾਲ ਖੋਜ, ਸਿੱਖਿਆ ਅਤੇ ਸਿਖਲਾਈ ਦੇ ਨਾਲ ਵਿੱਦਿਅਕ ਅਤੇ ਤਕਨੀਕੀ ਮਾਹਿਰ ਤਿਆਰ ਕੀਤੇ ਜਾਂਦੇ ਹਨ। ਬੈਚੁਲਰ ਆਫ ਫਿਸ਼ਰੀਜ਼ ਸਾਇੰਸ ਦਾ ਪਾਠਕ੍ਰਮ ਚਾਰ ਸਾਲ ਦਾ ਹੈ, ਜਿਸ ਵਿਚ 8 ਸਮੈਸਟਰ ਹੁੰਦੇ ਹਨ। ਪਹਿਲੇ 6 ਸਮੈਸਟਰਾਂ ਵਿਚ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਦੀਆਂ ਹਨ। ਸੱਤਵੇਂ ਅਤੇ ਅੱਠਵੇਂ ਸਮੈਸਟਰ ਵਿਚ ਵਿਦਿਆਰਥੀ ਤਜਰਬੇਕਾਰ ਸਿੱਖਿਆ ਅਤੇ ਪਲਾਂਟ ਦੇ ਵਿਚ ਸਿਖਲਾਈ ਹਾਸਲ ਕਰਦੇ ਹਨ। ਬੈਚੁਲਰ ਆਫ ਫਿਸ਼ਰੀਜ਼ ਸਾਇੰਸ (ਬੀ. ਐਫ. ਐਸ. ਸੀ) ਅਤੇ ਮਾਸਟਰ ਆਫ ਫਿਸ਼ਰੀਜ਼ ਸਾਇੰਸ (ਐਮ. ਐਫ. ਐਸ. ਸੀ) ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਦੇਸ਼ ਭਰ ਵਿਚ ਨੌਕਰੀ ਦੇ ਰਸਤੇ ਖੁੱਲ੍ਹ ਜਾਂਦੇ ਹਨ (ਸਟੇਟ ਫਿਸ਼ਰੀਜ਼ ਡਿਪਾਰਟਮੈਂਟ, ਯੂਨੀਵਰਸਿਟੀ, ਫਿਸ਼ਰੀਜ਼ ਇੰਸਟੀਟਿਊਟ, ਪ੍ਰਾਈਵੇਟ ਫਿਸ਼ਰੀਜ਼, ਹੈਚਰੀਜ਼, ਪ੍ਰੋਸੈਸਿੰਗ ਇੰਡਸਟਰੀਜ਼ ਅਤੇ ਵਿਦੇਸ਼) ਜਾਂ ਫਿਰ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।
ਯੋਗਤਾ: ਮੈਡੀਕਲ (ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਅੰਗਰੇਜ਼ੀ) ਵਿਸ਼ਿਆਂ ਵਿਚ 12ਵੀਂ ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਵੇ (40% ਐੱਸ. ਸੀ, ਐੱਸ. ਟੀ. ਅਤੇ ਬੀ. ਸੀ. ਸ਼੍ਰੇਣੀ ਲਈ)।
ਕਾਲਜ ਆਫ ਡੇਅਰੀ ਸਾਇੰਸ ਟੈਕਨਾਲੌਜੀ
ਡੇਅਰੀ ਟੈਕਨਾਲੌਜੀ ਦੇ ਵਿਚ ਦੁੱਧ ਦੇ ਉਤਪਾਦਨ ਤੋਂ ਲੈ ਕੇ ਖਪਤ ਤੱਕ ਸਾਰਾ ਪ੍ਰਬੰਧ ਸ਼ਾਮਿਲ ਹੁੰਦਾ ਹੈ, ਜਿਵੇਂ ਕਿ ਪ੍ਰੋਸੈਸਿੰਗ, ਪੈਕੇਜਿੰਗ, ਸਟੋਰੇਜ ਅਤੇ ਆਵਾਜਾਈ। ਬਾਇਓਕੈਮਿਸਟਰੀ ਅਤੇ ਜੀਵਾਣੂ ਦੇ ਆਧਾਰ ਤੇ ਡੇਅਰੀ ਟੈਕਨਾਲੌਜੀ ਅਤੇ ਇੰਜੀਨੀਅਰਿੰਗ ਨਿਰਭਰ ਕਰਦੀ ਹੈ। ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣਾ, ਗੁਣਵੱਤਾ ਵਧਾਉਣਾ ਅਤੇ ਦੁੱਧ ਨੂੰ ਪੀਣ ਵਾਸਤੇ ਸੁਰੱਖਿਅਤ ਰੱਖਣਾ ਡੇਅਰੀ ਇੰਜੀਨੀਅਰਿੰਗ ਦੇ ਮੁੱਖ ਉਦੇਸ਼ ਹਨ : ਅਮੂਲ ਦੀ ਸਥਾਪਨਾ 1946 ਵਿਚ ਕੀਤੀ ਗਈ ਸੀ, ਜਿਸ ਦੇ ਨਾਲ ਡੇਅਰੀ ਦਾ ਉਦਯੋਗ ਵਿਕਸਿਤ ਹੋਇਆ ਅਤੇ ਡੇਅਰੀ ਦੀ ਸਿੱਖਿਆ ਨੂੰ ਵੀ ਰਫਤਾਰ ਮਿਲੀ। ਪਿਛਲੀਆਂ ਦੋ ਸਦੀਆਂ ਦੇ ਵਿਚ ਡੇਅਰੀ ਉਦਯੋਗ ਨੇ ਬਹੁਤ ਤਰ੍ਹਾਂ ਦੀਆਂ ਨਵੀਆਂ ਮੰਗਾਂ ਨੂੰ ਪੇਸ਼ ਕੀਤਾ ਹੈ। ਜਿਵੇਂ ਕਿ ਡੇਅਰੀ ਦੇ ਸਾਜੋ ਸਮਾਨ ਦਾ ਦੇਸੀ ਉਤਪਾਦਨ, ਕੁਆਲਟੀ ਨੂੰ ਵਧਾਉਣਾ ਅਤੇ ਦੁੱਧ ਤੋਂ ਪਦਾਰਥ ਬਣਾਉਣਾ। ਇਸ ਦੇ ਨਾਲ ਡੇਅਰੀ ਦੀਆਂ ਸਾਜੋ ਸਮਾਨ ਦੀ ਮੈਨੂਫੈਕਚਰਿੰਗ ਇੰਡਸਟਰੀ ਅਤੇ ਤਕਨੀਕੀ ਸਲਾਹ ਸੰਸਥਾਵਾਂ ਦਾ ਵਿਕਾਸ ਹੋਇਆ। ਡੇਅਰੀ ਦੀ ਇੰਡਸਟਰੀ ਦੇ ਵਿਚ ਇਸ ਵਾਧੇ ਦੇ ਨਾਲ ਵਿਦਿਆਰਥੀਆਂ ਦੇ ਲਈ ਕੈਰੀਅਰ ਬਣਾਉਣ ਦੇ ਲਈ ਬਹੁਤ ਜ਼ਿਆਦਾ ਮੌਕੇ ਬਣ ਗਏ।
ਯੋਗਤਾ:- 12ਵੀਂ (ਫਿਜਿਕਸ, ਕੈਮਿਸਟਰੀ, ਗਣਿਤ ਅਤੇ ਅੰਗਰੇਜ਼ੀ) ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਵੇ (40% ਐੱਸ. ਸੀ, ਐੱਸ. ਟੀ. ਅਤੇ ਬੀ. ਸੀ. ਸ਼੍ਰੇਣੀ ਲਈ)।
ਸਕੂਲ ਆਫ ਐਨੀਮਲ ਬਾਇਓਟੈਕਨਾਲੌਜੀ
ਵੈਟਰਨਰੀ ਯੂਨੀਵਰਸਿਟੀ ਨੇ ਚਾਰ ਸਾਲ ਦੀ ਅੰਡਰਗ੍ਰੈਜੂਏਟ ਡਿਗਰੀ, ਬੀ. ਟੈੱਕ (ਬਾਇਓਟੈਕਨਾਲੌਜੀ) ਅਕੈਡਮਿਕ ਸੈਸ਼ਨ 2017-18 ਤੋਂ ਸ਼ੁਰੂ ਕੀਤੀ ਹੈ। ਬਾਇਓਟੈਕਨਾਲੌਜੀ ਉਹ ਸਾਇੰਸ ਹੈ ਜੋ ਕੋਸ਼ਾਣੂ, ਜੀਵ ਵਿਗਿਆਨ ਦੇ ਅਸੂਲਾਂ ਨੂੰ ਰਹਿੰਦੇ ਜੀਵਾਂ 'ਤੇ ਅਪਣਾ ਕੇ ਮੈਡੀਕਲ, ਵੈਟਰਨਰੀ, ਖੇਤੀਬਾੜੀ ਅਤੇ ਵਾਤਾਵਰਨ ਮੁਤਾਬਿਕ ਤਬਦੀਲ ਕਰਦੀ ਹੈ। ਸਕੂਲ ਆਫ ਐਨੀਮਲ ਬਾਇਓਟੈਕਨਾਲੌਜੀ ਪਹਿਲਾਂ ਤੋਂ ਹੀ ਮਾਸਟਰ ਅਤੇ ਪੀਐੱਚ.ਡੀ. ਦੀ ਡਿਗਰੀ ਪ੍ਰਦਾਨ ਕਰ ਰਿਹਾ ਹੈ। ਇਸ ਸੰਸਥਾ ਦੇ ਵਿਚ ਸਮਰਪਿਤ ਸਟਾਫ ਨੂੰ ਅੰਤਰਰਾਸ਼ਟਰੀ ਅਭਿਆਸ ਹਾਸਿਲ ਹੈ। ਸਕੂਲ ਆਫ ਐਨੀਮਲ ਬਾਇਓਟੈਕਨਾਲੌਜੀ ਦੇ ਵਿਚ ਬਹੁਤ ਤਰ੍ਹਾਂ ਦੀ ਉੱਚ ਪੱਧਰੀ ਖੋਜ ਜ਼ੀਨੋਮਿਕਸ, ਮੌਲੀਕੁਲਰ ਡਾਇਗਨੋਸਟਿਕਸ, ਵੈਕਸੀਨਾਲੌਜੀ, ਸਟੈਮ ਅਤੇ ਸੈੱਲ ਬਾਇਓਲੌਜੀ, ਕੈਂਸਰ ਬਾਇਓਲੋਜੀ, ਪ੍ਰੋਟਿਉਮਿਕਸ ਅਤੇ ਬਾਇਓ ਇਨਫੋਰਮੈਟਿਕਸ ਵਿਚ ਚੱਲ ਰਹੀ ਹੈ। ਇਸ ਵੇਲੇ ਯੂਨੀਵਰਸਿਟੀ ਕੀਟਾਣੂਆਂ ਅਤੇ ਵਿਸ਼ਾਣੂਆਂ ਦੇ ਜੈਨੇਟਿਕਸ ਸਮੱਗਰੀ ਦੀ ਅਦਲਾ-ਬਦਲੀ ਕਰ ਕੇ ਟੀਕਾਕਰਨ, ਦੁੱਧ ਅਤੇ ਮੀਟ ਦੀ ਪੈਦਾਵਾਰ ਨੂੰ ਵਧਾਉਣ ਦਾ ਵਿਕਾਸ ਕਰ ਰਹੀ ਹੈ। ਬਾਇਓਟੈਕਨਾਲਜੀ ਦੀ ਡਿਗਰੀ ਦੇ ਪਹਿਲੇ ਤਿੰਨ ਸਾਲ ਵਿਦਿਆਰਥੀਆਂ ਨੂੰ ਬਾਇਓਟੈਕਨਾਲੌਜੀ, ਇਮਿਉਨਾਲੌਜੀ, ਮਾਈਕ੍ਰੋਬਾਇਓਲੌਜੀ, ਜਿਨੋਮਿਕਸ, ਬਾਇਓ ਇਨਫੋਰਮੈਟਿਕਸ ਬਾਰੇ ਗਿਆਨ ਦਿੱਤਾ ਜਾਂਦਾ ਹੈ। ਚੌਥੇ ਸਾਲ ਪ੍ਰੈਕਟੀਕਲ ਸਿਖਲਾਈ ਕਰਵਾਈ ਜਾਂਦੀ ਹੈ। ਜਿਸ ਵਿਚ ਸਕਿੱਲ ਡਿਵੈਲਪਮੈਂਟ, ਪ੍ਰੋਜੈਕਟ ਨੂੰ ਬਣਾਉਣਾ, ਚਲਾਉਣਾ ਅਤੇ ਪੇਸ਼ ਕਰਨਾ ਅਤੇ ਉਦਯੋਗਪਤੀ ਵਿਕਾਸ ਪ੍ਰੋਗਰਾਮ। ਵੱਖ-ਵੱਖ ਅਦਾਰੇ ਜਿਵੇਂ ਕਿ ਡੀ. ਬੀ. ਟੀ. , ਆਈ. ਸੀ. ਏ. ਆਰ. , ਡੀ. ਐੱਸ. ਟੀ. ,ਯੂ. ਜੀ. ਸੀ. ਅਤੇ ਆਈ. ਸੀ. ਐੱਮ. ਏ. ਵਿਦਿਆਰਥੀਆਂ ਨੂੰ ਪੜ੍ਹਾਈ ਲਈ ਫੰਡਿੰਗ ਕਰਦੀ ਹੈ। ਡਿਗਰੀ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਟੀਕਾਕਰਨ ਸੰਸਥਾਵਾਂ, ਦਵਾਈ ਦੀਆਂ ਕੰਪਨੀਆਂ, ਖੋਜ ਸੰਸਥਾਵਾਂ ਅਤੇ ਵਿਦੇਸ਼ਾਂ ਦੇ ਵਿਚ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ।
ਯੋਗਤਾ:- 12ਵੀਂ (ਫਿਜ਼ਿਕਸ, ਕੈਮਿਸਟਰੀ, ਮੈਥ/ਬਾਇਓਲੌਜੀ ਅਤੇ ਅੰਗਰੇਜ਼ੀ) ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਵੇ (40% ਐੱਸ. ਸੀ, ਐੱਸ. ਟੀ. ਅਤੇ ਬੀ. ਸੀ. ਸ਼੍ਰੇਣੀ ਲਈ)। (ਸਮਾਪਤ)


ਖ਼ਬਰ ਸ਼ੇਅਰ ਕਰੋ

ਝੋਨੇ ਹੇਠੋਂ ਕੁਝ ਰਕਬਾ ਕੱਢ ਕੇ ਲਿਆਂਦਾ ਜਾਏ ਦਾਲਾਂ ਹੇਠ

ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਵਾਹੀ ਹੇਠਲੀ ਲਗਪਗ ਸਾਰੀ ਧਰਤੀ ਦੀ ਸਿੰਜਾਈ ਕੀਤੀ ਜਾ ਸਕਦੀ ਹੈ। ਸਾਲ ਵਿਚ ਘੱਟੋ-ਘੱਟ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੋਵਾਂ ਪ੍ਰਮੁੱਖ ਫ਼ਸਲੀ ਚੱਕਰਾਂ ਨੂੰ ਹਾੜ੍ਹੀ ਤੇ ਸਾਉਣੀ ਦਾ ਨਾਂਅ ਦਿੱਤਾ ਗਿਆ ਹੈ। ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ-ਨਵੰਬਰ ਵਿਚ ਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਮਈ-ਜੂਨ ਵਿਚ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਹੈ ਜਦੋਂ ਕਿ ਝੋਨਾ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਪੰਜਾਬ ਵਿਚ ਲਗਪਗ 28 ਲੱਖ ਹੈਕਟੇਅਰ ਵਿਚ ਝੋਨੇ ਦੀ ਲੁਆਈ ਕੀਤੀ ਜਾਂਦੀ ਹੈ। ਅਗੇਤਾ ਝੋਨਾ ਲਗਾਉਣ ਦੀ ਦੌੜ ਵਿਚ ਪਾਣੀ ਦੀ ਬਹੁਤ ਵਰਤੋਂ ਹੋਈ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਦੀ ਪੱਧਰ ਹੇਠਾਂ ਤੋਂ ਹੇਠਾਂ ਹੁੰਦੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਝੋਨੇ ਹੇਠੋਂ ਕੁਝ ਰਕਬਾ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਵਿਚ ਕੋਈ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ। ਕਿਸਾਨਾਂ ਨੂੰ ਆਪ ਹੀ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ ਤੇ ਉੱਚੀਆਂ ਅਤੇ ਰੇਤਲੀਆਂ ਥਾਵਾਂ ਵਿਚ ਝੋਨੇ ਦੀ ਥਾਂ ਮੱਕੀ ਅਤੇ ਦਾਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਝੋਨੇ ਦੀ ਅਗੇਤੀ ਲਗਾਈ ਤੋਂ ਗੁਰੇਜ਼ ਕੀਤਾ ਜਾਵੇ ਇਸ ਕਰਕੇ ਇਸ ਦੀ ਪਨੀਰੀ ਦੀ ਬਿਜਾਈ 14-15 ਮਈ (ਜੇਠ ਦੀ ਸੰਗਰਾਂਦ) ਤੋਂ ਬੀਜਣੀ ਸ਼ੁਰੂ ਕੀਤੀ ਜਾਵੇ, ਅਤੇ ਇਸ ਨੂੰ ਪੁੱਟ ਕੇ ਖੇਤ ਵਿਚ ਲਗਾਉਣਾ 15 ਜੂਨ (ਹਾੜ੍ਹ ਦੀ ਸੰਗਰਾਂਦ) ਤੋਂ ਸ਼ੁਰੂ ਕੀਤਾ ਜਾਵੇ। ਝੋਨੇ ਦੀ ਨਵੀਂ ਕਿਸਮ ਪੀ.ਆਈ.ਆਰ. 126 ਹੈ। ਇਸ ਦਾ 30 ਕੁਇੰਟਲ ਝਾੜ ਹੈ ਤੇ ਇਹ ਕੇਵਲ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਵੀ ਮੁਕਾਬਲਾ ਕਰ ਸਕਦੀ ਹੈ। ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 115 ਤੇ ਪੀ ਆਰ 113 ਪਹਿਲਾਂ ਤੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅਗੇਤੀ ਬਿਜਾਈ ਨਾਲ ਜਿਥੇ ਪਾਣੀ ਦਾ ਨੁਕਸਾਨ ਹੁੰਦਾ ਹੈ, ਉਥੇ ਬਿਮਾਰੀਆਂ ਵੀ ਲਗਦੀਆਂ ਹਨ ਤੇ ਪੱਕਣ ਸਮੇਂ ਮੀਂਹ ਦਾ ਡਰ ਰਹਿੰਦਾ ਹੈ।
ਬਾਸਮਤੀ ਦੀ ਪਨੀਰੀ 15 ਜੂਨ ਤੋਂ ਬੀਜਣੀ ਸ਼ਰੂ ਕਰ ਦਿੱਤੀ ਜਾਵੇ ਤੇ ਇਸ ਨੂੰ ਪੁੱਟ ਕੇ ਖੇਤ ਵਿਚ 10 ਜੁਲਾਈ ਤੋਂ ਲਗਾਉਣਾ ਸ਼ੁਰੂ ਕੀਤਾ ਜਾਵੇ। ਇਸ ਵਾਰ ਤਿੰਨ ਨਵੀਆਂ ਵੱਧ ਝਾੜ ਦੇਣ ਵਾਲਿਆਂ ਕਿਸਮਾਂ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4 ਤੇ ਸੀ ਐਸ ਆਰ 30 ਦੀ ਸਿਫ਼ਾਰਸ਼ ਕੀਤੀ ਗਈ ਹੈ।
ਮਾਂਹ ਅਤੇ ਮੂੰਗੀ ਦੀਆਂ ਦਾਲਾਂ ਪੰਜਾਬੀ ਸਭ ਤੋਂ ਵੱਧ ਵਰਤਦੇ ਹਨ। ਮਾਹਾਂ ਦੀ ਦਾਲ ਬਗੈਰ ਤਾਂ ਪੰਜਾਬੀਆਂ ਦਾ ਕੋਈ ਵੀ ਵਿਸ਼ੇਸ਼ ਖਾਣਾ ਸੰਪੂਰਨ ਨਹੀਂ ਸਮਝਿਆ ਜਾਂਦਾ। ਮਾਂਹ ਅਤੇ ਮੂੰਗੀ ਦੋਵਾਂ ਦੀ ਕਾਸ਼ਤ ਸਾਉਣੀ ਵਿਚ ਕੀਤੀ ਜਾਂਦੀ ਹੈ ਤੇ ਜੂਨ ਦਾ ਅਖ਼ੀਰ ਇਨ੍ਹਾਂ ਦੀ ਕਾਸ਼ਤ ਲਈ ਢੁਕਵਾਂ ਸਮਾਂ ਹੈ। ਐਮ ਐਲ 2056 ਅਤੇ ਐਮ ਐਲ 818, ਮੂੰਗੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ ਜਦੋਂ ਕਿ ਮਾਸ਼ 114 ਤੇ ਮਾਸ਼ 338 ਮਾਹਾਂ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਵਿਚ ਰੋਗ ਰਹਿਤ ਨਰੋਏ ਦਾਣਿਆਂ ਦਾ ਅੱਠ ਕਿੱਲੋ ਬੀਜ ਪਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਸੈਂ. ਮੀਟਰ ਫ਼ਾਸਲਾ ਰੱਖਿਆ ਜਾਵੇ। ਇਹ ਦੋਵੇਂ ਦਾਲਾਂ ਧਰਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ਪਰ ਫਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਇਕ ਜਾਂ ਦੋ ਗੋਡਾਈਆਂ ਕਰੋ। ਫ਼ਸਲ ਨੂੰ ਪਾਣੀ ਉਦੋਂ ਹੀ ਦਿੱਤਾ ਜਾਵੇ ਜਦੋਂ ਲੋੜ ਹੋਵੇ। ਮੂੰਗੀ ਦੇ ਬੀਜ ਨੂੰ ਬੀਜਣ ਸਮੇਂ ਰਾਈਜੋਬੀਅਮ ਦਾ ਟੀਕਾ ਲਗਾ ਲੈਣਾ ਚਾਹੀਦਾ ਹੈ।
ਉੱਚੀਆਂ ਤੇ ਰੇਤਲੀਆਂ ਜ਼ਮੀਨਾਂ ਵਿਚ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ ਜੂਨ ਦੇ ਮਹੀਨੇ ਵਿਚ ਪੂਰੀ ਕਰ ਲੈਣੀ ਚਾਹੀਦੀ ਹੈ। ਪੀ ਐਮ ਐਚ-1 ਦੋਗਲੀ ਕਿਸਮ ਹੈ। ਇਹ ਪੱਕਣ ਵਿਚ 95 ਦਿਨ ਲੈਂਦੀ ਹੈ ਪਰ ਇਸ ਦਾ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। ਪੀ ਐਮ ਐਚ-2 ਪੱਕਣ ਵਿਚ 83 ਦਿਨ ਲੈਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ਹੈ। ਜੇਕਰ ਹਰੀਆਂ ਛੱਲੀਆਂ ਵੇਚਣੀਆਂ ਹਨ ਤਾਂ ਪੰਜਾਬ ਸਵੀਟ ਕਾਰਨ-1 ਕਿਸਮ ਬੀਜੀ ਜਾਵੇ। ਇਸ ਦੀਆਂ ਛੱਲੀਆਂ ਮਿੱਠੀਆਂ ਹੁੰਦੀਆਂ ਹਨ। ਪੋਪਕਾਰਨ ਬਣਾਉਣ ਲਈ ਇਕ ਵੱਖਰੀ ਕਿਸਮ ਹੈ ਇਸ ਦਾ ਨਾਂਅ ਪਰਲ ਪੌਪਕਾਰਨ ਹੈ। ਕੁਝ ਰਕਬੇ ਵਿਚ ਇਹ ਦੋਵੇਂ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਬਿਜਾਈ ਕਰਨੀ ਚਾਹੀਦੀ ਹੈ। ਪਰਲ ਪੌਪਕਾਰਨ ਦਾ ਸੱਤ ਤੇ ਬਾਕੀ ਕਿਸਮਾਂ ਦਾ ਅੱਠ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫ਼ਾਸਲਾ 60 ਸੈ. ਮੀ. ਰੱਖਿਆ ਜਾਵੇ। ਖੇਤ ਤਿਆਰ ਕਰਦੇ ਸਮੇਂ ਦੇਸੀ ਰੂੜੀ ਜ਼ਰੂਰ ਪਾਵੋ। ਰਸਾਇਣਕ ਖਾਦਾਂ ਦੀ ਵਰਤੋਂ ਖੇਤ ਦੀ ਮਿੱਟੀ ਦੀ ਪਰਖ ਦੇ ਆਧਾਰ 'ਤੇ ਕੀਤੀ ਜਾਵੇ। ਜੇਕਰ ਵਿਕਰੀ ਦਾ ਪ੍ਰਬੰਧ ਹੋ ਸਕੇ ਤਾਂ ਕੁਝ ਰਕਬਾ ਬੇਬੀਕਾਰਨ ਹੇਠ ਬੀਜਿਆ ਜਾ ਸਕਦਾ ਹੈ। ਇਸ ਲਈ ਪ੍ਰਕਾਸ਼ ਕਿਸਮ ਬੀਜੋ। ਬੇਬੀਕਾਰਨ ਤੋਂ ਭਾਵ ਹੈ ਕਿ ਸੂਤ ਕੱਤਣਾ ਸ਼ੁਰੂ ਹੁੰਦਿਆਂ ਹੀ ਛੱਲੀ ਨੂੰ ਤੋੜ ਲਿਆ ਜਾਂਦਾ ਹੈ। ਇਨ੍ਹਾਂ ਬਿਨਾਂ ਦਾਣੇ ਬਣੀਆਂ ਛੱਲੀਆਂ ਦੀ ਵਰਤੋਂ ਸਲਾਦ, ਸੂਪ, ਪਕੌੜੇ, ਅਚਾਰ ਆਦਿ ਲਈ ਕੀਤੀ ਜਾਂਦੀ ਹੈ। ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰੋ।

ਬਾਸਮਤੀ 'ਤੇ ਜ਼ਹਿਰਾਂ ਦੇ ਵਧ ਰਹੇ ਛਿੜਕਾਅ ਨੇ ਛੇੜੀ ਨਵੀਂ ਚਰਚਾ

ਜਦੋਂ ਬਾਸਮਤੀ ਦੀ ਬਰਾਮਦ ਦਾ ਭਵਿੱਖ ਵਧੇਰੇ ਨਿਰਯਾਤ ਦੀ ਸੰਭਾਵਨਾ ਹੋਣ ਕਾਰਨ ਰੌਸ਼ਨ ਹੋਵੇ, ਨੀਦਰਲੈਂਡ ਦੇ ਇਕ ਪੱਤਰਕਾਰ ਵੱਲੋਂ ਭਾਰਤ ਦੀ ਕਿਸੇ ਗ਼ੈਰ-ਸਰਕਾਰੀ ਸੰਸਥਾ (ਐਨ. ਜੀ. ਓ.) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ 10 ਮਿੰਟ ਦੇ ਸਮੇਂ ਦੀ 'ਦੀ ਪਰਾਈਸ ਆਫ ਬਾਸਮਤੀ' ਫ਼ਿਲਮ ਭਾਰਤ ਦੇ ਵਧ ਰਹੇ ਖੇਤੀ ਪਦਾਰਥਾਂ ਦੇ ਨਿਰਯਾਤ ਨੂੰ ਪ੍ਰਭਾਵਿਤ ਕਰਦੀ ਹੈ। ਭਾਰਤ ਦਾ ਇਸ ਵੇਲੇ ਖੇਤੀ ਉਤਪਾਦਨ 'ਚ ਵਿਸ਼ਵ ਵਿਚ ਦੂਜਾ ਸਥਾਨ ਹੈ ਅਤੇ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ। ਇਸ ਫ਼ਿਲਮ ਵਿਚ ਦਰਸਾਇਆ ਗਿਆ ਹੈ ਕਿ ਪੰਜਾਬ ਵਿਚ ਬਾਸਮਤੀ ਦੀ ਫ਼ਸਲ ਥੱਲੇ ਰਕਬਾ ਵਧਣ ਨਾਲ ਰਾਜ 'ਚ ਕੈਂਸਰ ਦਾ ਰੋਗ ਵਧ ਰਿਹਾ ਹੈ ਕਿਉਂਕਿ ਬਾਸਮਤੀ ਵਿਚ ਜ਼ਹਿਰਾਂ ਦਾ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ। ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ (ਸੀ. ਸੀ. ਐਫ. ਆਈ.), ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ, ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ (ਅਪੀਡਾ), ਬਾਸਮਤੀ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਤੇ ਬਰਾਮਦ ਕੀਤੀਆਂ ਜਾ ਰਹੀਆਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਤੇ ਪੀ ਬੀ- 6 (ਪੂਸਾ ਬਾਸਮਤੀ-1401) ਜਿਹੀਆਂ ਕਿਸਮਾਂ ਵਿਕਸਤ ਕਰਨ ਵਾਲੀ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ. ਏ. ਆਰ. ਆਈ.), ਪੈਸਟੀਸਾਈਡਜ਼ ਉਦਯੋਗ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਨੇ ਇਸ ਫ਼ਿਲਮ ਦਾ ਗੰਭੀਰ ਨੋਟਿਸ ਲਿਆ ਹੈ। ਇਹ ਫ਼ਿਲਮ ਅਸਲੀਅਤ ਦੇ ਵਿਰੁੱਧ, ਗ਼ਲਤ ਅੰਕੜਿਆਂ 'ਤੇ ਆਧਾਰਿਤ, ਭਾਰਤ ਦੇ ਨਿਰਯਾਤ ਦੇ ਭਵਿੱਖ ਨੂੰ ਧੁੰਦਲਾ ਕਰਦੀ ਹੈ। ਭਾਰਤ ਬਾਸਮਤੀ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਵਿਸ਼ਵ ਵਿਚ ਕੁੱਲ ਬਾਸਮਤੀ ਨਿਰਯਾਤ ਵਿਚ 85 ਪ੍ਰਤੀਸ਼ਤ ਤੱਕ ਯੋਗਦਾਨ ਪਾ ਰਿਹਾ ਹੈ। ਦੂਜਾ ਬਾਸਮਤੀ ਬਰਾਮਦ ਕਰਨ ਵਾਲਾ ਦੇਸ਼ ਪਾਕਿਸਤਾਨ ਹੈ ਜੋ ਭਾਰਤ ਦੇ ਮੁਕਾਬਲੇ 'ਤੇ ਹੈ।
ਭਾਰਤ ਤੋਂ ਸੰਨ 2016-17 ਵਿਚ 40 ਲੱਖ ਟਨ ਬਾਸਮਤੀ ਚੌਲ ਨਿਰਯਾਤ ਕੀਤਾ ਗਿਆ ਅਤੇ 21605 ਕਰੋੜ ਰੁਪਏ ਦੀਆਂ ਵਿਦੇਸ਼ੀ ਮੁਦਰਾ ਭਾਰਤ ਨੇ ਕਮਾਈ। ਨਿਰਯਾਤ ਕੀਤੀ ਜਾ ਰਹੀ ਕੁੱਲ ਖੇਤੀ ਉਪਜ ਦਾ 20 ਪ੍ਰਤੀਸ਼ਤ ਹਿੱਸਾ ਬਾਸਮਤੀ ਦਾ ਹੈ ਅਤੇ ਦੂਜੀ ਸਾਰੀ ਉਪਜ ਜਿਨ੍ਹਾਂ ਵਿਚ ਗ਼ੈਰ -ਬਾਸਮਤੀ ਚਾਵਲ, ਦਾਲਾਂ, ਕਣਕ ਤੇ ਹੋਰ ਦੂਜਾ ਅਨਾਜ ਸ਼ਾਮਿਲ ਹਨ, ਦੀ ਨਿਰਯਾਤ ਤੋਂ ਹੋ ਰਹੀ ਵੱਟਤ ਤੋਂ ਵੱਧ ਬਾਸਮਤੀ ਦੀ ਵੱਟਤ ਹੈ। ਬਾਸਮਤੀ ਦੀ ਕਾਸ਼ਤ ਥੱਲੇ ਝੋਨੇ ਦੀ ਕਾਸ਼ਤ ਦੇ ਕੁੱਲ ਰਕਬੇ ਦਾ 25 ਪ੍ਰਤੀਸ਼ਤ ਤੋਂ ਵੀ ਵੱਧ ਰਕਬਾ ਹੈ। ਪੰਜਾਬ ਬਾਸਮਤੀ ਦੇ ਜੀ ਆਈ ਜ਼ੋਨ 'ਚ ਹੈ। ਈਰਾਨ ਵੱਲੋਂ ਬਾਸਮਤੀ ਦੀ ਦਰਾਮਦ ਵਧਾਉਣ ਦੇ ਫ਼ੈਸਲੇ ਨਾਲ ਇਸ ਸਾਲ ਬਾਸਮਤੀ ਦੀ ਮਾਤਰਾ ਤੇ ਕੀਮਤ 'ਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਈਰਾਨ ਨੇ 850 ਅਮਰੀਕਨ ਡਾਲਰ ਪ੍ਰਤੀ ਟਨ ਤੇ ਬਾਸਮਤੀ ਲੈਣ ਦੀ ਸੀਮਾ ਬੰਨ੍ਹ ਦਿੱਤੀ ਸੀ, ਜਿਸ ਕਾਰਨ ਵਪਾਰੀਆਂ ਨੇ ਬਹੁਤ ਘੱਟ ਮਾਤਰਾ ਨਿਰਯਾਤ ਕੀਤੀ। ਅਪੀਡਾ ਅਤੇ ਸੀ. ਸੀ. ਐਫ. ਆਈ. ਨੇ ਵਿਦੇਸ਼ ਮੰਤਰਾਲਿਆਂ ਨੂੰ ਲਿਖਿਆ ਹੈ। ਇਸ ਸਬੰਧ 'ਚ ਕਾਨੂੰਨੀ ਕਾਰਵਾਈ ਕੀਤੀ ਜਾਏ।
ਪਿਛਲੇ ਹਫ਼ਤੇ ਦਿੱਲੀ ਵਿਖੇ ਸੀ. ਸੀ. ਐਫ. ਆਈ. ਤੇ ਯੂ. ਪੀ. ਐਲ. ਦੇ ਚੇਅਰਮੈਨ ਰਾਜੂ ਸ਼ਰੌਫ ਵੱਲੋਂ ਇਸ ਸਬੰਧੀ ਖੇਤੀ ਮਾਹਰਾਂ, ਪੈਸਟੀਸਾਈਡਜ਼ ਉਦਯੋਗ, ਬਾਸਮਤੀ ਰਾਈਸ ਐਕਸਪੋਰਟਰਜ਼ ਦੀ ਸ੍ਰੀ ਹੁਕਮਦੇਵ ਨਰਾਇਣ ਯਾਦਵ ਚੇਅਰਮੈਨ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਐਗਰੀਕਲਚਰ ਦੀ ਪ੍ਰਧਾਨਗੀ ਵਿਚ ਕੀਤੀ ਮੀਟਿੰਗ ਵਿਚ ਇਸ ਫਿਲਮ ਦੇ ਅੰਕੜਿਆਂ ਨੂੰ ਵੀ ਚੁਣੌਤੀ ਦਿੱਤੀ। ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਵਿਅਕਤੀਆਂ ਪਿੱਛੇ 88 ਦੀ ਹੈ ਜੋ ਭਾਰਤ ਦੀ 92.4 ਵਿਅਕਤੀ ਪ੍ਰਤੀ ਲੱਖ ਦੀ ਔਸਤ ਨਾਲੋਂ ਘੱਟ ਹੈ। ਭਾਰਤ ਦੀ ਔਸਤ ਵਿਸ਼ਵ ਦੀ 204.9 ਵਿਅਕਤੀ ਪ੍ਰਤੀ ਲੱਖ ਦੀ ਔਸਤ ਨਾਲੋਂ ਘੱਟ ਹੈ। ਇਹੋ ਨਹੀਂ, ਨੀਦਰਲੈਂਡ ਦੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਭਾਰਤ ਦੇ ਕੈਂਸਰ ਦੇ ਪ੍ਰਤੀ ਲੱਖ ਮਰੀਜ਼ਾਂ ਦੀ ਔਸਤ ਨਾਲੋਂ ਤਿੱਗਣੀ ਹੈ। ਟਾਟਾ ਮੈਮੋਰੀਅਲ ਹਾਸਪਤਾਲ ਫਾਰ ਕੈਂਸਰ ਤੇ ਵਿਸ਼ਵ ਸਿਹਤ ਸੰਸਥਾ (ਡਬਲਿਊ. ਐਚ. ਓ.) ਦੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਅਨੁਸਾਰ ਵਿਗਿਆਨਕ ਅੰਕੜਿਆਂ ਅਨੁਸਾਰ ਵੀ ਖੇਤੀ ਲਈ ਵਰਤੀਆਂ ਜਾ ਰਹੀਆਂ ਜ਼ਹਿਰਾਂ ਕੈਂਸਰ ਦਾ ਕਾਰਨ ਨਹੀਂ ਅਤੇ ਪੰਜਾਬ ਕੈਂਸਰ ਦੀ ਬੈਲਟ 'ਚ ਵੀ ਨਹੀਂ ਆਉਂਦਾ। ਸੀ. ਸੀ. ਐਫ. ਆਈ. ਦੇ ਚੇਅਰਮੈਨ ਰਾਜੂ ਸ਼ਰੌਫ ਨੇ ਨੀਦਰਲੈਂਡ ਦੂਤਵਾਸ ਦੇ ਰਾਜਦੂਤ ਐਲਫਾਂਸਸ ਸਟੋਲੀਂਗਾ ਨੂੰ ਉਨ੍ਹਾਂ ਦੇ ਦੇਸ਼ ਵੱਲੋਂ ਗ਼ਲਤ ਅੰਕੜਿਆਂ ਦੇ ਆਧਾਰ 'ਤੇ ਫਿਲਮ ਬਣਾਉਣ ਸਬੰਧੀ ਇਤਰਾਜ਼ ਭਰਿਆ ਪੱਤਰ ਲਿਖਿਆ ਹੈ। ਜ਼ਹਿਰਾਂ ਦੀ ਵਰਤੋਂ ਗ਼ੈਰ-ਬਾਸਮਤੀ ਝੋਨੇ 'ਤੇ ਵੀ ਹੈ, ਜੋ ਪੰਜਾਬ ਦੇ 70 ਪ੍ਰਤੀਸ਼ਤ ਰਕਬੇ 'ਤੇ ਲਾਇਆ ਜਾਂਦਾ ਹੈ। ਬਾਸਮਤੀ 'ਤੇ ਝੁਲਸ ਰੋਗ, ਉੱਲੀ ਤੇ ਭੁਰੜ ਰੋਗਾਂ 'ਤੇ ਜ਼ਹਿਰਾਂ ਦੇ ਛਿੜਕਾਅ ਕੀਤੇ ਜਾਂਦੇ ਹਨ ਪ੍ਰੰਤੂ ਅਜਿਹਾ ਕਿਤੇ ਵੀ ਨਹੀਂ ਪਾਇਆ ਗਿਆ ਕਿ ਇਨ੍ਹਾਂ ਕਾਰਨ ਕਿਸੇ ਨੁੂੰ ਕੈਂਸਰ ਹੋਇਆ ਹੋਵੇ। ਫਿਰ ਗ਼ੈਰ-ਪੰਜਾਬੀ ਖੇਤ ਮਜ਼ਦੂਰਾਂ ਨੂੰ ਤਾਂ ਕੈਂਸਰ ਤੋਂ ਪੀੜਤ ਨਹੀਂ ਦੱਸਿਆ ਗਿਆ।
ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਐਗਰੀਕਲਚਰ ਦੇ ਚੇਅਰਮੈਨ ਸ੍ਰੀ ਯਾਦਵ ਨੇ ਕਿਹਾ ਕਿ ਇਸ ਫਿਲਮ ਦਾ ਮੁੱਦਾ ਕੇਵਲ ਭਾਰਤ ਤੋਂ ਬਰਾਮਦ ਕੀਤੇ ਜਾ ਰਹੇ ਪੈਸਟੀਸਾਈਡਜ਼ ਤੇ ਬਾਸਮਤੀ ਨੂੰ ਦੂਜੇ ਮੁਲਕਾਂ ਦੀਆਂ ਨਜ਼ਰਾਂ 'ਚ ਡੇਗਣਾ ਹੈ ਤਾਂ ਜੋ ਇਸ ਖੇਤਰ 'ਚ ਦੂਜੇ ਹੋਰ ਦੇਸ਼ ਜੋ ਅਜਿਹੀਆਂ ਐਨ. ਜੀ. ਓਜ਼ ਨੂੰ ਮਾਲੀ ਮਦਦ ਦੇ ਰਹੇ ਹਨ, ਵਪਾਰ 'ਚ ਲਾਭ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਹਾਲ ਵਿਚ ਹੀ ਅਜਿਹੀਆਂ ਸੈਂਕੜੇ ਸੰਸਥਾਵਾਂ ਨੂੰ ਰੱਦ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾ ਦੀ ਜਾਂਚ ਕਰ ਕੇ ਵੀ ਯੋਗ ਕਾਰਵਾਈ ਕੀਤੀ ਜਾਏਗੀ।


ਮੋਬਾ: 98152-36307

ਅਲੋਪ ਹੋ ਰਹੀਆਂ ਪਿੰਡਾਂ ਦੀਆਂ 'ਝੀਲਾਂ'

ਕਦੇ ਸਮਾਂ ਸੀ ਜਦੋਂ ਛੱਪੜਾਂ ਬਿਨਾਂ ਪਿੰਡਾਂ ਦੀ ਹੋਂਦ ਅਧੂਰੀ ਜਾਪਦੀ ਸੀ। ਉਨ੍ਹਾਂ ਸਮਿਆਂ ਵਿਚ ਛੱਪੜਾਂ ਦਾ ਪਾਣੀ ਝੀਲਾਂ ਵਾਂਗ ਸਾਫ-ਸੁਥਰਾ ਹੁੰਦਾ ਸੀ। ਸਾਉਣ ਮਹੀਨੇ ਬਰਸਾਤ ਦੀ ਰੁੱਤ ਵਿਚ ਛੱਪੜ ਨੱਕੋ-ਨੱਕ ਭਰ ਜਾਂਦੇ ਸਨ ਤੇ ਫਿਰ ਇਹ ਪਾਣੀ ਸਾਰਾ ਸਾਲ, ਸਾਰਾ ਪਿੰਡ ਵਰਤਦਾ ਹੁੰਦਾ ਸੀ। ਜਦੋਂ ਅਤੇ ਨਲਕੇ ਪਿੰਡਾਂ ਵਿਚ ਨਹੀਂ ਸੀ ਲੱਗੇ ਅਤੇ ਪਾਣੀ ਦਾ ਮੁੱਖ ਸੋਮਾ ਸਿਰਫ ਖੂਹ ਹੀ ਹੁੰਦੇ ਸਨ ਤਾਂ ਉਦੋਂ ਖੂਹਾਂ ਦਾ ਪਾਣੀ ਪੀਣ ਅਤੇ ਖਾਣਾ ਬਣਾਉਣ ਵਾਸਤੇ ਹੀ ਵਰਤਿਆ ਜਾਂਦਾ ਸੀ ਜਾਂ ਸਿਰਫ ਔਰਤਾਂ ਨਹਾਉਣ ਵਾਸਤੇ ਹੀ ਵਰਤਦੀਆਂ ਸਨ, ਬਾਕੀ ਸਾਰੇ ਕੰਮ ਛੱਪੜਾਂ ਦੇ ਪਾਣੀ ਨਾਲ ਹੀ ਕੀਤੇ ਜਾਂਦੇ ਸਨ ਜਿਵੇਂ ਮਰਦਾਂ ਦੇ ਨਹਾਉਣ ਲਈ, ਪਸ਼ੂਆਂ ਨੂੰ ਪਾਣੀ ਪਿਲਾਉਣ ਅਤੇ ਨਹਾਉਣ ਵਾਸਤੇ ਅਤੇ ਕੱਪੜੇ ਆਦਿ ਧੋਣ ਵਾਸਤੇ।
ਪੰਜਾਬ ਵਿਚ ਝੋਨੇ ਦੀ ਖੇਤੀ ਸ਼ੁਰੂ ਹੋਣ ਪਿੱਛੋਂ ਪਾਣੀ ਦੀ ਲੋੜ ਵਧ ਗਈ ਜੋ ਕਿ ਸਿਰਫ ਨਹਿਰੀ ਪਾਣੀ ਰਾਹੀਂ ਪੂਰੀ ਨਹੀਂ ਹੋ ਸਕਦੀ ਸੀ। ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਖੇਤਾਂ ਵਿਚ ਟਿਊਬਵੈੱਲ ਲਗਾਏ ਜਾਣ ਲੱਗੇ, ਰੁੱਖਾਂ ਦੇ ਘਟਣ ਕਰਕੇ ਬਾਰਿਸ਼ ਵੀ ਘੱਟ ਹੋਣ ਲੱਗੀ। ਖੇਤੀ ਲਈ ਪਾਣੀ ਦੀ ਲੋੜ ਪੂਰੀ ਕਰਨ ਲਈ ਟਿਊਬਵੈੱਲਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਜੋ ਕਿ ਅੱਜ ਤੱਕ ਜਾਰੀ ਹੈ। ਇਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਗਿਆ ਅਤੇ ਇਹ ਨਲਕਿਆਂ ਦੀ ਪਹੁੰਚ ਤੋਂ ਬਾਹਰ ਹੋ ਗਿਆ। ਫਿਰ ਘਰਾਂ ਵਿਚ ਵੀ ਸਬਮਰਸੀਬਲ ਪੰਪ (ਮੱਛੀ ਮੋਟਰਾਂ) ਲੱਗਣ ਲੱਗੇ। ਇਸ ਨਾਲ ਪਿੰਡਾਂ ਦੇ ਲੋਕਾਂ ਦੀ ਪਾਣੀ ਦੀ ਲੋੜ ਘਰਾਂ ਵਿਚ ਹੀ ਪੂਰੀ ਹੋਣ ਲੱਗੀ ਅਤੇ ਲੋਕ ਆਮ-ਮੁਹਾਰੇ ਹੀ ਪਾਣੀ ਦੀ ਵਰਤੋਂ ਕਰਨ ਲੱਗੇ ਜਿਵੇਂ ਕਿ ਪਸ਼ੂਆਂ ਨੂੰ ਨਹਾਉਣਾ, ਫਰਸ਼ਾਂ ਅਤੇ ਮਸ਼ੀਨਰੀ ਨੂੰ ਧੋਣਾ, ਹੋਰ ਵੀ ਬੇਲੋੜੇ ਕੰਮਾਂਕਾਜਾਂ ਵਿਚ ਪਾਣੀ ਦੀ ਨਜਾਇਜ਼ ਵਰਤੋਂ ਹੋਣ ਲੱਗੀ। ਜਿਸ ਦੇ ਕਾਰਨ ਇਹ ਗੰਦਾ ਪਾਣੀ ਛੱਪੜਾਂ ਵਿਚ ਇਕੱਠਾ ਹੋਣ ਲੱਗਾ ਅਤੇ ਪਾਣੀ ਵਿਚ ਬੁਦਬੂ ਫੈਲਣੀ ਸ਼ੁਰੂ ਹੋਣ ਲੱਗੀ। ਤਾਂ ਪਿੰਡਾਂ ਦੇ ਲੋਕਾਂ ਨੇ ਬਹਾਨਾ ਬਣਾ ਕੇ ਜਾਂ ਫਿਰ ਲਾਲਚ ਵੱਸ ਹੋ ਕੇ ਇਨ੍ਹਾਂ ਛੱਪੜਾਂ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਵੱਡੇ ਵੱਡੇ ਛੱਪੜ ਟੋਭਿਆਂ ਦੇ ਰੂਪ ਵਿਚ ਆ ਗਏ ਅਤੇ ਬਹੁਤੇ ਪਿੰਡਾਂ ਵਿਚ ਇਨ੍ਹਾਂ ਦੀ ਹੋਂਦ ਹੀ ਖਤਮ ਹੋ ਗਈ।
ਅੱਜ ਜਦੋਂ ਵੱਡੇ ਪੱਧਰ 'ਤੇ ਪਾਣੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਮਨੁੱਖ ਵੱਲੋਂ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਖਿੱਚੋਤਾਣ ਸ਼ੁਰੂ ਹੋ ਚੁੱਕੀ ਹੈ ਅਜਿਹੇ ਸਮੇਂ ਛੱਪੜਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਕਿਉਂਕਿ ਜੇਕਰ ਪਹਿਲਾਂ ਵਾਂਗ ਵੱਡੇ ਛੱਪੜ ਹੋਣਗੇ ਤਾਂ ਬਾਰਸ਼ਾਂ ਦਾ ਪਾਣੀ ਜ਼ਿਆਦਾ ਜਮ੍ਹਾਂ ਕੀਤਾ ਜਾ ਸਕਦਾ ਹੈ ਅਤੇ ਇਹ ਪਾਣੀ ਧਰਤੀ ਵਿਚ ਜ਼ੀਰ ਕੇ ਇਸ ਦੇ ਪੱਧਰ ਨੂੰ ਵੀ ਵਧਾ ਸਕਦਾ ਹੈ। ਇਸ ਦੇ ਨਾਲ ਨਾਲ ਖੇਤਾਂ ਵਿਚ ਵੀ ਬਾਰਸ਼ ਦੇ ਪਾਣੀ ਨੂੰ ਜਮਾਂ ਕਰਨ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਤੀਸਰੀ ਸੰਸਾਰ ਜੰਗ ਪਾਣੀ ਬਦਲੇ ਹੋਣ ਦੇ ਅਸਾਰ ਪੱਕੇ ਹਨ। ਜੇਕਰ ਅੱਜ ਅਸੀਂ ਬਾਰਸ਼ ਦੇ ਪਾਣੀ ਨੂੰ ਛੱਪੜਾਂ ਦੇ ਰੂਪ ਵਿਚ ਇਕੱਠਾ ਕਰਦੇ ਹਾਂ ਤਾਂ ਇਹ ਸਾਡੇ ਲਈ ਆਮਦਨੀ ਦਾ ਸਾਧਨ ਵੀ ਬਣ ਸਕਦਾ ਹੈ। ਇਸ ਵਿਚ ਮੱਛੀਆਂ ਪਾਲੀਆਂ ਜਾ ਸਕਦੀ ਹਨ ਇਸ ਦੇ ਕਿਨਾਰਿਆਂ ਤੇ ਸਬਜ਼ੀ ਆਦਿ ਲਗਾਈ ਜਾ ਸਕਦੀ ਹੈ। ਪਾਣੀ ਵਾਲੀਆਂ ਖੇਡਾਂ ਵੀ ਕਰਵਾਈਆਂ ਜਾ ਸਕਦੀਆਂ ਹਨ। ਮਨੋਰੰਜਨ ਵਾਸਤੇ ਕਿਸ਼ਤੀਆਂ ਆਦਿ ਪਾਣੀ ਵਿਚ ਛੱਡੀਆਂ ਜਾ ਸਕਦੀਆਂ ਹਨ। ਸੋ ਅੱਜ ਸਾਨੂੰ ਲੋੜ ਹੈ ਇਸ ਪਾਸੇ ਉਚੇਚਾ ਧਿਆਨ ਦੇਣ ਦੀ।


-ਜਸਵੀਰ ਭਲੂਰੀਆ
ਪਿੰਡ ਤੇ ਡਾਕ-ਭਲੂਰ, ਤਹਿਸੀਲ ਬਾਘਾਪੁਰਾਣਾ (ਮੋਗਾ)
ਮੋਬਾਈਲ: 99159-95505

ਕਿੱਥੇ ਗਿਆ ਜਹਾਜ਼?

ਇਸ ਨੂੰ ਜਾਣਿਆ ਜਾਂਦਾ ਹੈ ਮਾਰੂਥਲ ਦੇ ਜਹਾਜ਼ ਦੇ ਤੌਰ 'ਤੇ। ਪੰਜਾਬ ਵਿਚ ਇਹ 4-5 ਦਹਾਕੇ ਪਹਿਲਾਂ ਆਮ ਪਾਇਆ ਜਾਂਦਾ ਸੀ। ਖੋਪੇ ਲਾ ਕਿ ਹਲਟਾਂ 'ਤੇ ਜੁਤਿਆ ਹੁੰਦਾ ਸੀ। ਰੇੜੀ ਖਿੱਚਣ ਵੀ ਲੱਗਾ ਹੁੰਦਾ ਸੀ। ਅੱਜਕਲ੍ਹ ਇਹ ਪੰਜਾਬੋਂ ਤਾਂ ਤਕਰੀਬਨ ਬਾਹਰ ਹੀ ਚਲੇ ਗਿਆ ਹੈ। ਬੜਾ ਹੀ ਕਮਾਲ ਦਾ ਜੀਵ ਹੈ ਇਹ। ਕਈ-ਕਈ ਦਿਨ ਬਿਨਾਂ ਪਾਣੀ ਤੇ ਖਾਣੇ ਤੋਂ ਰਹਿ ਸਕਦਾ ਹੈ। ਇਸ ਦੀ ਢੁੱਠ ਵਿਚ ਫੈਟ ਜਮ੍ਹਾਂ ਹੁੰਦੀ ਹੈ ਜੋ ਲੋੜ ਪੈਣ ਤੇ ਖੁਰ ਜਾਂਦੀ ਹੈ। ਰੇਤੇ ਤੋਂ ਬਚਣ ਲਈ ਇਸ ਦੇ ਭਰਵੱਟੇ ਦੂਹਰੇ ਹੁੰਦੇ ਹਨ। ਪਾਣੀ ਦੀ ਐਨੀ ਬੱਚਤ ਕਰਦਾ ਹੈ ਕਿ ਸਾਹ ਰਾਹੀਂ ਜੋ ਨਮੀ ਬਾਹਰ ਨਿਕਲਦੀ ਹੈ, ਉਹ ਵੀ ਵਾਪਸ ਮੂੰਹ ਵਿਚ ਚਲੇ ਜਾਂਦੀ ਹੈ। ਮੂੰਹ ਤੇ ਬੁੱਲ੍ਹ ਰਬੜ ਵਰਗੇ ਹੁੰਦੇ ਹਨ ਤਾਂ ਕਿ ਝਾੜੀਆਂ ਦੇ ਕੰਢੇ ਨਾ ਚੁੱਭਣ । ਕੁਦਰਤ ਨੇ ਹੋਰ ਵੀ ਕਈ ਗੁਣ ਦੇ ਕੇ ਮਾਰੂਥਲ ਵਿਚ ਜੀਣ ਜੋਗਾ ਬਣਾਇਆ ਸੀ। ਪਰ ਮਸ਼ੀਨਰੀ ਦੀ ਕਾਢ ਤੇ ਧਰਤੀ 'ਤੇ ਕਬਜ਼ੇ ਨੇ ਇਸ ਨੂੰ ਬੇਕਾਰ ਕਰ ਦਿੱਤਾ ਹੈ। ਹਰਿਆਣਾ-ਰਾਜਸਥਾਨ ਬਾਰਡਰ ਇਲਾਕੇ ਵਿਚ ਹਾਲੇ ਵੀ ਇਹ ਬਰਾਨੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਊਠ ਸਿਰਫ ਚਿੜੀਆ ਘਰਾਂ ਵਿਚ ਹੀ ਮਿਲਿਆ ਕਰਨਗੇ। ਕੁਦਰਤ ਦੇ ਇਸ ਕ੍ਰਿਸ਼ਮੇ ਨੂੰ ਸਿਜਦਾ ਹੈ।


ਮੋਬਾ: 98159-45018

ਮਸ਼ੀਨੀ ਯੁੱਗ ਵਿਚ ਅਲੋਪ ਹੋ ਕੇ ਰਹਿ ਗਏ ਵਣਜਾਰਿਆਂ ਦੇ ਹੋਕੇ

ਸਮੇਂ ਨੇ ਕਰਵਟ ਲਈ ਅਤੇ ਹੌਲੀ-ਹੌਲੀ ਸਭ ਕੁਝ ਬਦਲ ਗਿਆ ਮਸ਼ੀਨੀਯੁੱਗ ਦਾ ਬੋਲਬਾਲਾ ਇਸ ਕਦਰ ਵਧ ਗਿਆ ਕਿ ਸੂਈ ਤੋਂ ਲੈ ਕੇ ਹਾਥੀ ਤੱਕ ਵਿਚ ਤਬਦੀਲੀ ਆ ਗਈ। ਇਸ ਮਸ਼ੀਨੀਯੁੱਗ ਵਿਚ ਹੀ ਗੁਆਚ ਗਏ ਗੱਡੀ ਲੁਹਾਰਾਂ ਭਾਵ ਵਣਜਾਰਿਆਂ ਦੇ 'ਹੋਕੇ' ਕਿ ਲੈ 'ਲਊ ਤੱਕਲੇ ਖੁਰਚਣੇ ਜਾਂ ਕੋਈ ਤਸਲਿਆਂ ਦੇ ਥੱਲੇ ਲਵਾ ਲਉ' 'ਪੀਪਿਆਂ ਦੇ ਢੱਕਣ ਲਵਾ ਲਉ' ਆਦਿ। ਇਹ ਗੱਡੀਆਂ ਵਾਲੇ ਲੋਕਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ। ਇਹ ਪਿੰਡ-ਪਿੰਡ ਘੁੰਮਦੇ ਰਹਿੰਦੇ ਹਨ ਕੋਈ ਖਾਲੀ ਥਾਂ ਵੇਖ ਕੇ ਆਪਣਾ ਅੱਡਾ ਜਮਾ ਲੈਂਦੇ ਹਨ। ਮੁੱਦਤਾਂ ਬਾਅਦ ਅੱਜ ਇਨ੍ਹਾਂ ਵਣਜਾਰੇ (ਗੱਡੀ ਲੁਹਾਰਾਂ) ਦੇ ਦਰਸ਼ਨ ਹੋਏ। ਇਨ੍ਹਾਂ ਦੀਆਂ ਔਰਤਾਂ ਆਪਣੇ ਉਹੀ ਰਵਾਇਤੀ ਪਹਿਰਾਵੇ ਵਿਚ ਸਨ। ਬੜੀਆਂ ਨਿਡਰ ਅਤੇ ਦਲੇਰ ਔਰਤਾਂ ਅੱਜ ਵੀ ਚਾਂਦੀ ਦੇ ਗਹਿਣਿਆਂ ਨਾਲ ਲੱਦੀਆਂ ਪਈਆਂ ਸਨ। ਇਸ ਕਬੀਲੇ ਦੇ ਮੋਢੀ ਸੰਗਰਾਮ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆਂ ਕਿ ਉਝ ਤਾਂ ਉਹ ਰਾਜਸਥਾਨ ਦੇ ਝੁਨਝੂਨੂ ਜ਼ਿਲ੍ਹੇ ਨਾਲ ਸਬੰਧਤ ਹਨ ਪ੍ਰੰਤੂ ਉਨ੍ਹਾਂ ਦਾ ਕੋਈ ਘਰ ਜਾਂ ਜ਼ਮੀਨ ਜਾਇਦਾਦ ਨਹੀਂ ਹੈ। ਉਨ੍ਹਾਂ ਦੀ ਸਾਰੀ ਜ਼ਿੰਦਗੀ ਬਸ ਇਸੇ ਗੱਡੀ ਰੇਹੜੀ ਨਾਲ ਹੀ ਗੁਜ਼ਰ ਜਾਂਦੀ ਹੈ। ਉਹ ਸਾਰੀ ਉਮਰ ਥਾਂ-ਥਾਂ ਘੁੰਮਦੇ ਹਨ। ਪ੍ਰੰਤੂ ਹੁਣ ਮਸ਼ੀਨੀਕਰਨ ਨੇ ਉਨ੍ਹਾਂ ਦੇ ਧੰਦੇ ਨੂੰ ਸੱਟ ਮਾਰੀ ਹੈ। ਸੰਗਰਾਮ ਨੇ ਦੱਸਿਆ ਕਿ ਜਦੋਂ ਉਹ ਅੱਜ ਤੋਂ 20 ਵਰ੍ਹੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਆ ਕੇ ਡੇਰਾ ਲਾਉਂਦੇ ਸਨ ਤਾਂ ਪਿੰਡ ਵਾਸੀ ਉਨ੍ਹਾਂ ਦੀ ਬੜੀ ਆਉ ਭਗਤ ਕਰਦੇ। ਉਨ੍ਹਾਂ ਦੇ ਬਲਦਾਂ ਲਈ ਤੂੜੀ ਪੱਠੇ, ਕੋਈ ਚਾਹ ਗੁੜ ਜਾਂ ਜੋ ਘਰੇਲੂ ਸਮਾਨ ਦੇ ਜਾਂਦੇ ਸਨ ਅਤੇ ਇਹ ਲੋਕ ਤੱਕਲੇ, ਖੁਰਚਣੇ, ਕੁੰਡੀਆਂ, ਖਿਡਾਉਣੇ, ਝਰਨੇ, ਛੱਜ ਚਾਕੂ ਟਾਕੂਏ ਗਦਾਲੇ ਆਦਿ ਆਪ ਤਿਆਰ ਕਰਕੇ ਗਲੀ-ਗਲੀ ਹੋਕਾ ਦਿੰਦੇ ਸਨ ਅਤੇ ਜ਼ਰੂਰਤ ਨਾ ਹੋਣ ਦੀ ਸੂਰਤ ਵਿਚ ਵੀ ਲੋਕ ਉਨ੍ਹਾਂ ਤੋਂ ਸਮਾਨ ਖਰੀਦ ਲੈਂਦੇ ਸਨ ਅਤੇ ਬਦਲੇ ਵਿਚ ਕਣਕ ਅਨਾਜ ਆਟਾ, ਹਰਾ ਚਾਰਾ ਜਾਂ ਨਗਦੀ ਦੇ ਰੂਪ ਵਿਚ ਕੁਝ ਨਾ ਕੁਝ ਦੇ ਦਿੰਦੇ। ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚਲਦਾ ਰਹਿੰਦਾ ਸੀ। ਪ੍ਰੰਤੂ ਹੁਣ ਜ਼ਮਾਨਾ ਬਦਲ ਗਿਆ ਹੈ। ਉਨ੍ਹਾਂ ਦੁਆਰਾ ਤਿਆਰ ਕੀਤਾ ਸਮਾਨ ਕੋਈ ਵੀ ਨਹੀਂ ਖਰੀਦਦਾ ਕਿਉਂਕਿ ਹੁਣ ਕੋਈ ਚਰਖੇ ਦੀ ਤੰਦ ਹੀ ਨਹੀਂ ਪਾਉਂਦਾ ਤਾਂ ਤੱਕਲੇ ਕਿਸ ਕੰਮ। ਸਟੀਲ ਦੇ ਖੁਰਚਣੇ ਮੂਹਰੇ ਉਨ੍ਹਾਂ ਦੇ ਖੁਰਚਣੇ ਬੇਅਰਥ। ਸਾਰਾ ਕੁਝ ਬਾਜ਼ਾਰਾਂ ਵਿਚ ਮਸ਼ੀਨਾਂ ਨਾਲ ਬਣ ਕੇ ਸਫਾਈ ਨਾਲ ਤਿਆਰ ਹੋ ਕੇ ਆਉਂਦਾ ਹੈ। ਕੋਈ ਪੀਪੇ ਹੀ ਨਹੀਂ ਵਰਤਦਾ ਤਾਂ ਫਿਰ ਢੱਕਣ ਕੌਣ ਲਵਾਊ।
ਨਾਲ ਹੀ ਉਮੇਰਾ ਨਾਮੀ ਗੱਡਰੀਏ ਨੇ ਬੜੀ ਉਦਾਸੀ ਭਰੇ ਲਹਿਜੇ ਵਿਚ ਦੱਸਿਆ ਕਿ ਹੁਣ ਤਾਂ ਉਨ੍ਹਾਂ ਦੀਆਂ ਔਰਤਾਂ ਪੰਜਾਬ ਆਉਣ ਤੋਂ ਕੰਨੀ ਕਤਰਾਉਂਦੀਆ ਹਨ। ਉਨ੍ਹਾਂ ਆਪਣਾ ਇਹ ਕੰਮ ਛੱਡ ਕੇ ਪਸ਼ੂ ਪਾਲਣੇ ਸੁਰੂ ਕਰ ਦਿੱਤੇ ਹਨ। ਮਿਹਨਤ ਅਤੇ ਅਣਖ ਦੀ ਰੋਟੀ ਖਾਣ ਵਾਲੀ ਇਹ ਕੌਮ ਅੱਜ ਬੇਵੱਸ ਹੋ ਗਈ ਹੈ। ਮਸ਼ੀਨੀ ਯੁੱਗ ਨੇ ਇਨ੍ਹਾਂ ਦੇ ਹਰ ਰੰਗ ਫਿੱਕੇ ਪਾ ਦਿੱਤੇ ਹਨ। ਨਾਲ ਇਹ ਵੀ ਹੈ ਕਿ ਇਨ੍ਹਾਂ ਵਣਜਾਰਿਆਂ ਨੂੰ ਕਦੇ ਕਿਸੇ ਸਰਕਾਰ ਜਾਂ ਸੰਸਥਾ ਨੇ ਪੜ੍ਹਾਈ ਕਰਨ ਲਈ ਵੀ ਨਹੀਂ ਪ੍ਰੇਰਿਆ। ਜਿਸ ਕਾਰਨ ਇਨ੍ਹਾਂ ਦੀ ਔਲਾਦ ਬਿਲਕੁਲ ਅਨਪੜ੍ਹ ਹੀ ਹੈ ਕੋਈ ਪੱਕਾ ਟਿਕਾਣਾ ਨਾ ਹੋਣ ਕਾਰਨ ਇਹ ਪੜ੍ਹਾਈ ਲਿਖਾਈ ਕਰਨ ਤੋਂ ਵੀ ਅਸਮਰੱਥ ਹਨ ਅੱਜ ਇਹ ਲੋਕ ਵਕਤ ਤੋਂ ਬਹੁਤ ਪਿੱਛੇ ਰਹਿ ਗਏ ਹਨ। ਇਨ੍ਹਾਂ ਨੂੰ ਤੇਜ਼ ਰਫ਼ਤਾਰ ਸਮੇਂ ਨਾਲ ਰਲਣਾ ਬਹੁਤ ਮੁਸ਼ਕਿਲ ਹੈ ਇਹ ਤਾਂ ਤਦ ਹੀ ਸੰਭਵ ਹੈ ਜੇ ਕਰ ਸਾਡੀਆਂ ਸਰਕਾਰਾਂ ਇਨ੍ਹਾਂ ਦੇ ਪੱਕੇ ਰਹਿਣ ਬਸੇਰੇ ਦਾ ਪ੍ਰਬੰਧ ਕਰੇ ਅਤੇ ਇਨ੍ਹਾਂ ਦੀ ਪੜ੍ਹਾਈ ਅਤੇ ਰੁਜ਼ਗਾਰ ਨੂੰ ਪਹਿਲ ਦੇਵੇ।


-ਲਹਿਰਾਗਾਗਾ ਤੋਂ ਅਜੀਤ ਪ੍ਰਤੀਨਿਧੀ
ਮੋਬਾਈਲ : 9915394945


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX